Sabaz Rutt : Subhash Kalakar

ਸਬਜ਼ ਰੁੱਤ : ਸੁਭਾਸ਼ ਕਲਾਕਾਰ



ਅੰਦਰ ਬਾਹਰ ਦੀਵਾ

ਅੰਦਰ ਬਾਹਰ ਦੀਵਾ ਬਾਲ ਪੰਜਾਬੀ ਦਾ ਰੌਸ਼ਨ ਹੋਵੇ ਘਰ ਖੁਸ਼ਹਾਲ ਪੰਜਾਬੀ ਦਾ ਦੁੱਲਾ ਭੱਟੀ ਜਿਸ ਦੀ ਪਿੱਠ 'ਤੇ ਹੱਥ ਧਰੇ ਕੌਣ ਕਰੇਗਾ ਵਿੰਗਾ ਵਾਲ ਪੰਜਾਬੀ ਦਾ ਰੱਬਾ ਮੇਰਾ ਦਾਣਾ ਪਾਣੀ ਮੁਕ ਜਾਏ ਜੇ ਨਾ ਹੋਵਾਂ ਨਮਕ ਹਲਾਲ ਪੰਜਾਬੀ ਦਾ ਚੰਨ ਰਾਤ ਦਾ ਦਿਨ ਦਾ ਸੂਰਜ ਹੋਵੇਗਾ ਦੂਣਾ ਹੋਵੇਗਾ ਇਕਬਾਲ ਪੰਜਾਬੀ ਦਾ ਰਹਿਜ਼ਨ ਕੋਲੋਂ ਰਸਤਾ ਪੁੱਛਦੇ ਆਏ ਹਾਂ ਝੰਡਾ ਚੁੱਕ ਕੇ ਨਾਲੋ ਨਾਲ ਪੰਜਾਬੀ ਦਾ ਸ਼ਾਲਾ ਮੇਰੀ ਉਮਰ ਉਹਨਾਂ ਨੂੰ ਲੱਗ ਜਾਏ ਜਿੱਥੇ ਕਿੱਥੇ ਵੀ ਹੈ ਲਾਲ ਪੰਜਾਬੀ ਦਾ ਪੈਂਤੀ ਅੱਖਰਾਂ ਵਿਚ ਸਮੁੰਦਰ ਸੋਚਾਂ ਦਾ ਸੋਚਾਂ ਦੀ ਤਹਿ ਹੇਠ ਉਛਾਲ ਪੰਜਾਬੀ ਦਾ ਵਾਰਸ, ਬੁੱਲ੍ਹਾ, ਨੂਰਪੁਰੀ ਤੇ ਸ਼ਿਵ ਕੁਮਾਰ ਹੁਣ ਉਹ ਕਿੱਥੇ ਹੁਸਨ ਜਮਾਲ ਪੰਜਾਬੀ ਦਾ ਤਾਂਬਾਤਾਸ ਜਮੀਨ ਤੇ ਨੀਲਾ ਕੱਚ ਅਸਮਾਨ ਇੱਕ ਤੋਂ ਦੂਜਾ ਭਾਈਵਾਲ ਪੰਜਾਬੀ ਦਾ

ਆਪਣੇ ਹੋਠਾਂ ਤੇ

ਆਪਣੇ ਹੋਠਾਂ ਤੇ ਮੇਰੇ ਬੋਲ ਰੱਖ। ਇਹ ਮੁਹੱਬਤ ਦੀ ਨਿਸ਼ਾਨੀ ਕੋਲ ਰੱਖ। ਐ ਮੁਹਾਜਰ! ਜਾ ਨਵੀਂ ਦੁਨੀਆਂ ਵਸਾ, ਐ ਹੁਮਾ! ਤੂੰ ਆਪਣੇ ਪਰ ਤੋਲ ਰੱਖ। ਐ ਜ਼ਮਾਨਾ ਸਾਜ ਪਿਆਰੇ ਬੁੱਤ ਸ਼ਿਕਨ, ਨਾਲ ਇਕ ਮੇਰੇ ਜਿਹਾ ਅਨਭੋਲ ਰੱਖ। ਬਾਹਰਲੇ ਦਰਵਾਜ਼ਿਆਂ ਨੂੰ ਭੇੜ ਪਰ, ਅੰਦਰਲੇ ਦਰਵਾਜ਼ਿਆਂ ਨੂੰ ਖੋਲ ਰੱਖ। ਸ਼ਹਿਰ ਦੇ ਪਤਵੰਤਿਆਂ ਨੂੰ ਭੰਡ ਫਿਰ, ਸ਼ਹਿਰ ਵਿੱਚੋਂ ਬਿਸਤਰਾ ਵੀ ਗੋਲ ਰੱਖ। ਐ ਦਿਲਾ ਕੁਝ ਹੋਰ ਖ਼ੁਦਮੁਖ਼ਤਾਰ ਹੋ, ਖੂਹ ਲੁਆਇਆ ਏ ਤੇ ਲਾਗੇ ਡੋਲ ਰੱਖ। ਹੋ ਸਕੇ ਤਾਂ ਦੂਜਿਆਂ ਦਾ ਜ਼ਹਿਰ ਚੂਸ, ਆਪਣੇ ਲਫਜ਼ਾਂ 'ਚ ਅੰਮ੍ਰਿਤ ਘੋਲ ਰੱਖ। ਜਾ ਕਿਸੇ ਮਜ਼ਬੂਰ ਦੀ ਤੂੰ ਸੁਣ ਪੁਕਾਰ, ਜਾ ਕਿਸੇ ਦਾ ਤਖਤ ਡਾਵਾਂਡੋਲ ਰੱਖ।

ਦਿਨ ਤੇ ਰਾਤ

ਦਿਨ ਤੇ ਰਾਤ ਬਰਾਬਰ ਵੇਖਾਂ। ਦੋਹਾਂ ਨੂੰ ਹਮਬਿਸਤਰ ਵੇਖਾਂ। ਜੇ ਤੂੰ ਦੋ ਹੱਥ ਦੂਰ ਖਲੋਵੇਂ , ਤੇਰਾ ਚਿਹਰਾ ਬਿਹਤਰ ਵੇਖਾਂ। ਦੁਨੀਆਂ ਭਰ ਦੇ ਦੁਖਾਂ ਨੂੰ ਮੈਂ, ਦੁਨੀਆਂ ਭਰ ਦੇ ਅਜਗਰ ਵੇਖਾਂ। ਮੈਂ ਹਾਂ ਆਪ ਸਲੀਮ ਜਿਹਾ ਤੇ , ਆਸੇ ਪਾਸੇ ਅਕਬਰ ਵੇਖਾਂ। ਦੁਨੀਆਂ ਭਰ ਦੇ ਲੋਕ ਸਿਆਣੇ , ਇਕ ਦੂਜੇ ਤੋਂ ਨਾਬਰ ਵੇਖਾਂ। ਯਾਦ ਬਜ਼ੁਰਗਾਂ ਦੀ ਆਉਦੀ ਏ , ਜਦੋ ਕਿਤੇ ਕੁਝ ਖੰਡਰ ਵੇਖਾਂ। ਤੇਰੀ ਯਾਦ ਅਨਾਰਕਲੀ ਮੈਂ, ਖੁਸ਼ਬੂ ਨਾਲ ਮੁਅੱਤਰ ਵੇਖਾਂ। ਸੁਫ਼ਨੇ ਵਿਚ ਇਕ ਸਾਵੀ ਧਰਤੀ, ਜਾਗਾਂ ਤੇ ਉਹ ਬੰਜਰ ਵੇਖਾਂ।

ਅੱਜ ਵੀ ਸ਼ਾਮ ਸੁਹਾਣੀ

ਅੱਜ ਵੀ ਸ਼ਾਮ ਸੁਹਾਣੀ ਨਹੀਂਓ। ਤਾਂ ਕੀ ਰਾਤ ਬਿਤਾਣੀ ਨਹੀਂਓ । ਸ਼ੀਸ਼ਾ ਮੈਨੂੰ ਘੂਰੀ ਵੱਟੇ , ਅਪਣੀ ਸ਼ਕਲ ਪਛਾਣੀ ਨਹੀਂਓ। ਰੀਝਾਂ ਤੇ ਮੁਟਿਆਰਾਂ ਨੇ ਪਰ, ਦਿਲ ਮੁੰਡਿਆਂ ਦੀ ਢਾਣੀ ਨਹੀਂਓ। ਅੱਜ ਦੀ ਨਾਰ ਖੁਦ-ਮੁਖ਼ਤਾਰ, ਅੱਜ ਏ ਕੂੰਜ ਨਿਮਾਣੀ ਨਹੀਂਓ। ਅੱਜ ਵੀ ਜਾਪੇ ਹੁਣ ਦੀ ਗੱਲ ਏ , ਤੇਰੀ ਯਾਦ ਪੁਰਾਣੀ ਨਹੀਂਓ । ਮਰਦੇ ਦਮ ਤਕ ਯਾਦ ਰਹੇਗਾ, ਲਹੂ ਲਹੂ ਹੈ , ਪਾਣੀ ਨਹੀਂਓ। ਤੇਰੀ ਮੇਰੀ ਪ੍ਰੇਮ ਕਹਾਣੀ, ਪਾਣੀ ਵਿਚ ਮਧਾਣੀ ਨਹੀਂਓ। ਐ ਮੁਹਾਜਿਰ! ਉੱਠ ਚੱਲ ਯਾਰ, ਦੁਨੀਆਂ ਨਵੀਂ ਵਸਾਣੀ ਨਹੀਂਓ।

ਝੂਮ ਕੇ ਅਪਣਾ ਪਤਾ

ਝੂਮ ਕੇ ਅਪਣਾ ਪਤਾ ਦੇ, ਜ਼ਿੰਦਗੀ ਐ ਜ਼ਿੰਦਗੀ। ਦੱਸ ਤੇਰੇ ਕੀ ਇਰਾਦੇ , ਜ਼ਿੰਦਗੀ ਐ ਜ਼ਿੰਦਗੀ। ਰੋਂਦ ਮਾਰਨ ਵਾਲਿਆਂ ਨੂੰ ਰੋਣ ਦੇ, ਖੁਸ਼ ਹੋਣ ਦੇ, ਮੁਸਕਰਾ ਦੇ, ਮੁਸਕੁਰਾ ਦੇ, ਜ਼ਿੰਦਗੀ ਐ ਜ਼ਿੰਦਗੀ। ਜ਼ਰਦ ਰੁੱਤ ਨੂੰ ਸਬਜ਼ ਰੁੱਤ ਦੇ ਅੰਗ ਵਿਚ ਢਲ ਜਾਣ ਦੇ, ਆਸ ਦੇ ਗੁੰਚੇ ਖਿੜਾ ਦੇ, ਜ਼ਿੰਦਗੀ ਐ ਜ਼ਿੰਦਗੀ। ਮੈਂ ਜੋ ਤਨਹਾ ਤਨ ਖੜਾ ਹਾਂ ਦੇਰ ਤੋਂ ਇਸ ਮੋੜ ਤੇ, ਹਮ ਸਫ਼ਰ ਕੋਈ ਮਿਲਾ ਦੇ, ਜ਼ਿੰਦਗੀ ਐ ਜ਼ਿੰਦਗੀ। ਵੇਖ ਉਹ ਹਮਜ਼ਾਦ ਮੇਰਾ ਜਾ ਰਿਹਾ ਸ਼ਮਸ਼ਾਨ ਨੂੰ, ਓਸ ਨੂੰ ਦੁਲਹਾ ਸਜਾ ਦੇ, ਜ਼ਿੰਦਗੀ ਐ ਜ਼ਿੰਦਗੀ। ਮੈਂ ਤੇ ਅਪਣੇ ਸ਼ਹਿਰ ਵਿਚ ਵੀ ਅਜਨਬੀ ਹਾਂ ਅਜਨਬੀ, ਇਸ ਤਰਾਂ ਨਾ ਬਦਦੁਆ ਦੇ, ਜ਼ਿੰਦਗੀ ਐ ਜ਼ਿੰਦਗੀ। ਆਸ ਦਾ ਇਹ ਬੋਟ ਮੇਰਾ ਆਲ੍ਹਣੇ ’ਚੋਂ ਡਿਗ ਰਿਹਾ, ਬੋਟ ਨੂੰ ਉੱਡਣਾ ਸਿਖਾ ਦੇ, ਜ਼ਿੰਦਗੀ ਐ ਜ਼ਿੰਦਗੀ।

ਹੁਸਨ ਮਾਸੂਮ ਹੈ

ਹੁਸਨ ਮਾਸੂਮ ਹੈ ਮਾਸੂਮ ਨੂੰ ਕਾਤਿਲ ਨਾ ਬਨਾ। ਰਾਹ ਮੁਸ਼ਕਿਲ ਹੈ ਤਾਂ ਇਸ ਰਾਹ ਨੂੰ ਮੰਜ਼ਿਲ ਨਾ ਬਨਾ। ਯਾਦ ਤੇਰੀ ਇਹ ਗ਼ਜ਼ਲ ਪਿਛਲੇ ਪਹਿਰ ਆਏ ਗੀ, ਬੇ ਬਹਿਰ ਮਤਲਾ ਗ਼ਜ਼ਲ ਦਾ ਐ ਮੇਰੇ ਦਿਲ ਨਾ ਬਨਾ। ਤੂੰ ਸਮੁੰਦਰ ਹੈਂ, ਸਮੁੰਦਰ ਹੈ ਸਮੁੰਦਰ ਦਾ ਬਦਲ, ਬੇਕਿਨਾਰਾ ਹੀ ਰਹੋ ਸਿਮਟ ਕੇ ਸਾਹਿਲ ਨਾ ਬਨਾ। ਰੋਜ ਇਕ ਤਾਜ ਮਹਿਲ ਦਿਲ ਦਾ ਫ਼ਨਾ ਹੋ ਜਾਏ, ਸ਼ੌਕ ਨੂੰ ਸ਼ੌਕ ਸਮਝ ਸ਼ੋਖ਼ ਨੂੰ ਬਿਸਮਿਲ ਨਾ ਬਨਾ। ਇਹ ਮੁਲਾਕਾਤ ਇਹ ਦਰਿਆ ਦਾ ਕਿਨਾਰਾ, ਇਹ ਹਵਾ, ਖ਼ਾਬ ਤਾਂ ਖ਼ਾਬ ਹੈ ਇਸ ਖ਼ਾਬ ਨੂੰ ਹਾਸਿਲ ਨਾ ਬਨਾ। ਵਕ਼ਤ ਮੁਸ਼ਕਿਲ ਹੀ ਸਹੀ ਵਕਤ ਗੁਜ਼ਰ ਜਾਏਗਾ, ਇਹ ਹੁਨਰ ਹੈ, ਇਹ ਹੁਨਰ ਐਬ ਦੇ ਕਾਬਿਲ ਨਾ ਬਨਾ। ਰਾਤ ਆਏ ਤਾਂ ਸਿਤਾਰੇ ਵੀ ਚਮਕ ਉਠਦੇ ਨੇ , ਖੇਡ ਆਸਾਨ ਹੈ ਇਸ ਖੇਡ ਨੂੰ ਮੁਸ਼ਕਿਲ ਨਾ ਬਨਾ।

ਸੋਚਣ ਨੂੰ ਦਿਲ ਕਰਦਾ

ਉਸ ਦੇ ਬਾਰੇ ਸੋਚਣ ਨੂੰ ਦਿਲ ਕਰਦਾ ਏ । ਜਿਸ ਦਾ ਚਿਹਰਾ ਪਾਣੀ ਤੇ ਚੰਨ ਤਰਦਾ ਏ । ਸੁਫ਼ਨਾ ਕੀ ਏ ! ਬੜੀ ਪੁਰਾਣੀ ਬਾਸਮਤੀ, ਖੁਸ਼ਬੂ ਕੀ ਏ ! ਯਾਦ ਕਿਸੇ ਦਾ ਪਰਦਾ ਏ । ਜਿਸਮ ਕਿ ਸੂਰਜ ਬਲਦਾ ਜਾਏ ਹਾੜ ਸਿਆਲ, ਰੂਹ ਕਿ ਸੂਰਜ ਅੰਦਰੋ ਅੰਦਰ ਠਰਦਾ ਏ । ਨਫ਼ਰਤ ਦੇ ਸ਼ਮਸ਼ਾਨ ਅਬਾਦ ਕਰੀ ਜਾਂਦਾ, ਬੰਦਾ ਅਸਲੋਂ ਵਾਸੀ ਪ੍ਰੇਮ ਨਗਰ ਦਾ ਏ । ਜਾਵਾਂ ਮੈਂ ਲਾਹੌਰ ਤੇ ਕਹਿੰਦਾ ਹਾਂ ਦਿੱਲੀ, ਸੱਚੀ ਗੱਲ ਵੀ ਦੱਸਣ ਤੋਂ ਜੀ ਡਰਦਾ ਏ । ਸਾਵੀ ਧਰਤੀ ਬੇਵਾ ਇਕ ਮੁਟਿਆਰ ਜਿਹੀ, ਚੰਨ ਵੱਲ ਉੱਡਣ ਵਾਲੇ ਦਾ ਕਿੰਜ ਸਰਦਾ ਏ । ਦੌਲਤ ਵੀ ਹੈ , ਇੱਜ਼ਤ ਵੀ ਹੈ ਸ਼ੁਹਰਤ ਵੀ ਵੇਖ ਹਮਾਤੜ ਤਾਂ ਵੀ ਹੌਕੇ ਭਰਦਾ ਏ ।

ਤੂੰ ਘਟਾ ਹੈਂ

ਤੂੰ ਘਟਾ ਹੈਂ! ਜਾ ਕਿਤੇ ਵੀ ਬਰਸ ਜਾ। ਮੋਰ ਹੈਂ ਤਾਂ ਝੂਰ ਭਾਵੇਂ ਪੈਲ ਪਾ। ਹੰਸ ਹੈਂ ਤਾਂ! ਦੁੱਧ ’ਚੋਂ ਪਾਣੀ ਨਿਤਾਰ, ਕਾਗ ਹੈਂ ਤਾਂ! ਕੋਇਲਾਂ ਦੇ ਬੋਟ ਚਾ। ਜਾਮ ਹੈਂ ਤਾਂ! ਜਾ ਕਿਸੇ ਦੀ ਪਿਆਸ ਬਣ, ਦੀਪ ਹੈਂ ਤਾਂ ਰਾਤ ਦੀਵਾਲੀ ਬਣਾ। ਰਾਗ ਹੈਂ ਤਾਂ! ਤੂੰ ਕਿਸੇ ਦੀ ਬਣ ਪੁਕਾਰ, ਖ਼ਾਬ ਹੈਂ ਤਾਂ! ਆਪਣੀ ਤਾਬੀਰ ਪਾ। ਦਰਦ ਹੈਂ ਤਾਂ! ਜ਼ਿੰਦਗੀ ਦੀ ਰਾਸ ਬਣ, ਕਸਕ ਹੈਂ ਤਾਂ! ਜ਼ਿੰਦਗੀ ਦੇ ਗੀਤ ਗਾ। ਐ ਮਸੀਹਾ! ਜ਼ਿੰਦਗੀ ਦਾ ਜ਼ਹਿਰ ਪੀ, ਜ਼ਹਿਰ ਪੀ ਤੇ ਮੁਸਕੁਰਾ ਕੇ ਝੂਮ ਜਾ। ਤੂੰ ਅਜੇ ਮੁਟਿਆਰ ਹੈਂ, ਐ ਜ਼ਿੰਦਗੀ! ਆ ਕਿ ਮੇਰੇ ਬਾਜੂਆਂ ਵਿਚ ਝੂਲ ਜਾ। ਤੂੰ ਅਜੇ ਮਾਸੂਮ ਹੈਂ, ਨਾਦਨ ਹੈਂ, ਦਸ ਭਲਾ ਕਿੰਜ ਕਹਿਦਿਆਂ ਮੈਂ ਬੇਵਫਾ। ਵੇਖ ਉਹ ਸੂਰਜਮੁਖੀ ਦੇ ਖੇਤ ਵੇਖ, ਕਹਿ ਰਹੇ ਐ ਦੋਸਤ! ਮੇਰੇ ਮੁਸਕੁਰਾ

ਕੁਝ ਨਾ ਕੁਝ ਕਰ

ਜ਼ਿੰਦਗੀ ਵਿਚ ਕੁਝ ਨਾ ਕੁਝ ਕਰ ਜਾਈਏ। ਜ਼ਿੰਦਾ ਰਹੀਏ ਯਾਰ ਜਾਂ ਮਰ ਜਾਈਏ। ਯਾਰ ਹੈ ਸੂਰਜ ਤੇ ਮੈਂ ਸੂਰਜ-ਮੁਖੀ, ਜਿਸ ਤਰਫ਼ ਲੈ ਜਾਏ ਰਹਬਰ ਜਾਈਏ। ਜਾਨ ਹੈ ਕਿ ਜਿਸਮ ਵਿਚ ਤੂਫਾਨ ਹੈ, ਆਪਣੀ ਤਾਸੀਰ ਤੋਂ ਡਰ ਜਾਈਏ । ਦਿਨ ਸਵਾ ਨੇਜ਼ੇ ਤੇ ਸੂਰਜ ਹੈ ਖੜਾ, ਏਸ ਵਿਚ ਕੁਝ ਸ਼ਾਮ ਰੰਗ ਭਰ ਜਾਈਏ। ਦੂਰ ਇਕ ਸਹਰਾ ਪੁਕਾਰੇ ਦੋਸਤੋ , ਦੂਰ ਤਕ ਬਣ ਕੇ ਸਮੁੰਦਰ ਜਾਈਏ । ਇਸ ਸ਼ਹਿਰ ਵਿਚ ਜੀਣ ਦੀ ਇਹ ਰਸਮ ਹੈ, ਸਿਰ ਕਿਸੇ ਦਹਲੀਜ਼ ਤੇ ਧਰ ਜਾਈਏ। ਹਰ ਤਰਫ ਅੱਗ ਦੀ ਨਦੀ ਰਸਤੇ 'ਚ ਹੈ, ਜਾਈਏ ਤਾਂ ਕਿਸ ਤਰ੍ਹਾਂ ਘਰ ਜਾਈਏ। ਐਬ ਅਪਣਾ ਇਕ ਹੁਨਰ ਬਣ ਜਾਏਗਾ, ਜੀਣ ਖ਼ਾਤਿਰ ਮੌਤ ਨੂੰ ਵਰ ਜਾਈਏ।

ਖ਼ੁਦਾ ਖੈਰ ਕਰੇ

ਦੀਵਿਆਂ ਹੇਠ ਹਨੇਰਾ ਹੈ ਖ਼ੁਦਾ ਖੈਰ ਕਰੇ । ਬਾਗ ਦਾ ਰਾਖਾ ਫੁਲੇਰਾ ਹੈ ਖ਼ੁਦਾ ਖੈਰ ਕਰੇ । ਰਾਤ ਨੂੰ ਰਾਤ ਦਾ ਆਸੇਬ ਨਿਗਲ ਜਾਏਗਾ, ਰਾਤ ਜੰਗਲ ਦਾ ਬਸੇਰਾ ਹੈ ਖ਼ੁਦਾ ਖੈਰ ਕਰੇ । ਵੇਖ ਉਹ ਜਵਾਲਾ ਮੁਖੀ ਉਡ ਰਹੇ ਦੋ ਪੰਛੀ, ਹਾਲ ਇਹ ਤੇਰਾ ਤੇ ਮੇਰਾ ਹੈ ਖ਼ੁਦਾ ਖੈਰ ਕਰੇ । ਰਾਤ ਆਈ ਹੈ ਤੇ ਇਸ ਰਾਤ ਦਾ ਸਨਮਾਨ ਕਰੋ, ਰਾਤ ਦੇ ਪਿੱਛੇ ਸਵੇਰਾ ਹੈ ਖ਼ੁਦਾ ਖੈਰ ਕਰੇ । ਐ ਲੁਹਾਰੋ ਮੈਂ ਸਰਾਫਾਂ ਦਾ ਚਲਨ ਵੇਖ ਲਿਆ ਹਰ ਇਕ ਸ਼ਖ਼ਸ ਠਠੇਰਾ ਹੈ ਖ਼ੁਦਾ ਖੈਰ ਕਰੇ । ਨਾਗ ਪੂਜੋ ਗੇ , ਖਿਡਾਓ ਗੇ ਤੇ ਪਛਤਾਓ ਗੇ , ਨਾਗ ਤੋਂ ਜ਼ਹਿਰੀ ਸਪੇਰਾ ਹੈ ਖ਼ੁਦਾ ਖੈਰ ਕਰੇ । ਮੈਂ ਨਹੀਂ ਜਾਣਦਾ ਇਸ ਸਾਥ ਦੀ ਨਿਸਬਤ ਕੀ ਹੈ, ਹਮ ਸਫ਼ਰ ਹੈ ਕਿ ਲੁਟੇਰਾ ਹੈ ਖ਼ੁਦਾ ਖੈਰ ਕਰੇ।

ਆਪਣਾ ਜੀਵਨ

ਆਪਣਾ ਜੀਵਨ ਜੀਵਨ ਬੇਤਰਤੀਬ ਜਿਹਾ। ਸ਼ਾਇਦ ਅਪਣਾ ਦਿਲ ਹੈ ਕਿਸੇ ਅਦੀਬ ਜਿਹਾ। ਮੈਨੂੰ ਅਪਣੇ ਮੋਢੇ ਲਾਈ ਫਿਰਦਾ ਏ , ਵੇਖੋ ਕੈਸਾ ਆਇਆ ਵਕਤ ਸਲੀਬ ਜਿਹਾ। ਅਪਣੇ ਹੀ ਅੱਯਾਰਾਂ ਹੱਥੋਂ ਮਰਿਆ ਜੋ , ਅਪਣਾ ਹਾਲ ਨਸੀਬ ਹੈ ਸੇਖ਼ ਮੁਜੀਬ ਜਿਹਾ। ਮੇਰੀ ਦੁਨੀਆਂ ਹਿੱਸਿਆਂ ਵਿਚ ਵਟ ਜਾਏਗੀ, ਮੇਰੇ ਸਿਰ ਤੇ ਉਸ ਦਾ ਹੱਥ ਜਰੀਬ ਜਿਹਾ। ਇਕ ਚੁਮਾਸਾ ਭਾਦਰੋਂ ਦਾ ਜ਼ਿੰਦਗੀ, ਸ਼ਾਲਾ ! ਕੋਈ ਨਾ ਹੋਵੇ ਹੋਰ ਗਰੀਬ ਜਿਹਾ। ਹਸਦਾ ਹਸਦਾ ਮਿਲਿਆ ਰੋਂਦਾ ਵਿਛੜ ਗਿਆ, ਮੇਰੇ ਵਰਗਾ ਸੀ ਇਕ ਸਖ਼ਸ ਅਜੀਬ ਜਿਹਾ। ਤੇਰੀ ਯਾਦ! ਕਿ ਸਹਰਾ ਵਿਚ ਇਕ ਨਖ਼ਲਿਸਤਾਨ, ਅਪਣਾ ਹਾਲ ਕਿ ਸਹਰਾ ਖੁਸ਼ਕ ਨਸੀਬ ਜਿਹਾ।

ਭੋਲੇ ਪੰਛੀ

ਭੋਲੇ ਪੰਛੀ ਬੇ ਪਰ ਹੁੰਦੇ ਜਾਂਦੇ ਨੇ । ਬਸਤੀ ਵਾਲੇ ਬੇ ਘਰ ਹੁੰਦੇ ਜਾਂਦੇ ਨੇ। ਮੈਂ ਨਾ ਅਪਣੇ ਸ਼ਿਅਰਾਂ ਤੇ ਇਤਬਾਰ ਕਰਾਂ, ਮੇਰੇ ਕੋਲੋਂ ਮੁਨਕਰ ਹੁੰਦੇ ਜਾਂਦੇ ਨੇ । ਯਾਦਾਂ ਕੀ! ਦੋ ਚਾਰ ਮੁਰੱਸਾ ਗ਼ਜ਼ਲਾਂ ਦੇ, ਸਾਵੇ ਪੀਲੇ ਪੱਤਰ ਹੁੰਦੇ ਜਾਂਦੇ ਨੇ । ਸੁਫ਼ਨੇ ਵਿਚ ਕੀ ਚੜਦਾ ਸੂਰਜ ਵੇਖ ਲਿਆ, ਸਾਰੇ ਖ਼ਾਬ ਉਜਾਗਰ ਹੁੰਦੇ ਜਾਂਦੇ ਨੇ । ਤਾਂਬਾ-ਤਾਸ ਜ਼ਮੀਨ ਇਹ ਨੀਲਾ ਕੱਚ ਅਸਮਾਨ, ਇਕ ਦੂਜੇ ਤੋਂ ਨਾਬਰ ਹੁੰਦੇ ਜਾਂਦੇ ਨੇ। ਏਸ ਵਰੇ ਵੀ ਹੋਈ ਨਾ ਬਰਸਾਤ ਅਜੇ, ਖੇਤ ਖੁਸ਼ੀ ਦੇ ਬੰਜਰ ਹੁੰਦੇ ਜਾਂਦੇ ਨੇ। ਆ ਵੀ ਜਾ ਕਿ ਤੇਰੇ ਖ਼ਾਬ ਖ਼ਿਆਲਾਂ ਦੇ, ਸਾਰੇ ਗੁੰਚੇ ਪੱਥਰ ਹੁੰਦੇ ਜਾਂਦੇ ਨੇ । ਅਪਣਾ ਅਸਲ ਪਛਾਨਣ ਤਾਂ ਇਕ ਦੂਜੇ ਤੋਂ, ਸਾਰੇ ਲੋਕ ਨਿਛਾਵਰ ਹੁੰਦੇ ਜਾਂਦੇ ਨੇ

ਅਪਣੀ ਅਪਣੀ ਨਿਸਬਤ

ਅਪਣੀ ਅਪਣੀ ਨਿਸਬਤ ਸ਼ਾਮ ਸਵੇਰੇ ਨਾਲ। ਸੂਰਜ, ਚੰਦ, ਸਿਤਾਰੇ ਨਾਲ ਹਨੇਰੇ ਨਾਲ। ਘਰ ਦੀ ਰੌਣਕ ਜੀਆਂ ਨਾਲ ਪ੍ਰਾਹੁਣੇ ਨਾਲ, ਦਹਿਲੀਜ਼ਾਂ, ਮਹਿਰਾਬਾਂ, ਨਾਲ ਬਨੇਰੇ ਨਾਲ। ਸੂਰਜ ਤੋਂ ਇਹ ਕਾਲੀ ਘਟ ਲਹਿ ਜਾਏ , ਬਹਿਸ ਰਿਹਾ ਹੈ ਇਕ ਮਜ਼ਦੂਰ ਵਡੇਰੇ ਨਾਲ। ਨਾਗ ਸਮੇਂ ਦਾ ਵਿਸ ਘੋਲਦਾ ਰਹਿੰਦਾ ਏ, ਜ਼ਾਹਿਰ ਹਾਲ ਨਾ ਕਰਦਾ ਜ਼ੋਰ ਸਪੇਰੇ ਨਾਲ। ਕੁਝ ਸੁਨਿਆਰੇ, ਨਗ਼ਮਾਗਰ, ਕੁਝ ਸਾਹਿਬ ਲੋਕ, ਵੇਖੋ ਕਿੰਨਾ ਪਿਆਰ ਜਤਾਏ ਕਸੇਰੇ ਨਾਲ। ਇੱਕ ਤਾਂ ਸਾਡੀ ਬਰਕਤ ਇਹ ਹਰਿਆਲੇ ਖੇਤ, ਦੂਜੇ ਸਾਡੀ ਅਜ਼ਮਤ ਲਾਲ ਫਰੇਰੇ ਨਾਲ। ਵੱਡ ਵਡੇਰਿਆਂ ਕੀਤੀ ਰਸਤੇ ਵਿਚ ਦੀਵਾਰ, ਏਹੋ ਕੁਝ ਹੋਣਾ ਸੀ ਤੇਰੇ ਮੇਰੇ ਨਾਲ।

ਜਿਸਮ ਰੌਸ਼ਨ ਹੈ

ਜਿਸਮ ਰੌਸ਼ਨ ਹੈ ਕਿ ਸਾਇਆ ਹੈ ਮੁਨੱਵਰ ਮੇਰਾ। ਹੈ ਕਦੇ ਨੂਰ ਕਦੇ ਨਾਰ ਇਹ ਬਿਸਤਰ ਮੇਰਾ। ਇਹ ਸ਼ਹਿਰ ਮੇਰਾ ਸ਼ਹਿਰ ਹੈ ਨਾ ਇਹ ਘਰ ਘਰ ਮੇਰਾ। ਰਾਤ ਦਿਨ ਭਟਕਦੇ ਰਹਿਣਾ ਹੈ ਮੁਕੱਦਰ ਮੇਰਾ। ਉਹ ਮੇਰਾ ਦੋਸਤ ਮੇਰੀ ਜਾਨ ਦਾ ਦੁਸ਼ਮਨ ਕਿਓਂ ਹੈ ਕਿਸ ਜਗਹ ਆ ਕੇ ਜੁਦਾ ਹੋ ਗਿਆ ਲਸ਼ਕਰ ਮੇਰਾ। ਸਾਥ ਦੇਣਾ ਹੈ ਤਾਂ ਇਸ ਸਾਥ ਦੀ ਨਿਸਬਤ ਵੀ ਸਮਝ, ਸਾਥ ਪਾਰਸ ਹੈ ਤੇਰਾ ਸਾਥ ਹੈ ਪੱਥਰ ਮੇਰਾ। ਦਸ਼ਤ ਹੈ ਬਾਗ ਹੈ ਜੰਨਤ ਹੈ ਜਹੰਨੁਮ ਵੀ ਹੈ, ਇਸ ਤਰਾਂ ਹੁੰਦਾ ਹੈ ਦਿਨ ਰਾਤ ਬਰਾਬਰ ਮੇਰਾ। ਰੋਕ ਸਕਦਾ ਹੈ ਭਲਾ ਕੌਣ ਕਿਸੇ ਦਾ ਰਸਤਾ, ਸ਼ੌਕ ਰਹਜ਼ਨ ਹੈ ਮੇਰਾ ਸ਼ੌਕ ਹੀ ਰਹਬਰ ਮੇਰਾ। ਹਰ ਸਿਤਾਰੇ ਨੂੰ ਸੂਰਜ ਨੇ ਚਮਕ ਬਖ਼ਸ਼ੀ ਹੈ, ਬੂੰਦ ਬੂੰਦ ਵਿਚ ਹੀ ਸਮਾਇਆ ਹੈ ਸਮੁੰਦਰ ਮੇਰਾ।

ਕੋਈ ਮੰਜ਼ਿਲ ਨਾ

ਕੋਈ ਮੰਜ਼ਿਲ ਨਾ ਰਹਗੁਜ਼ਰ ਹੋਵੇ। ਜ਼ਿੰਦਗੀ ਕਿਸ ਤਰਾਂ ਬਸਰ ਹੋਵੇ। ਢਲ ਗਿਆ ਦਿਨ ਵੀ ਸ਼ਾਮ ਤੋਂ ਪਹਿਲਾਂ, ਕੀ ਪਤਾ ਹੁਣ ਕੀ ਰਾਤ ਭਰ ਹੋਵੇ। ਜ਼ਿੰਦਗੀ ਦਾ ਜ਼ਮੂਦ ਤੋੜ ਦਿਓ, ਰਾਤ ਹੋਵੇ ਕਿ ਦੋਪਹਿਰ ਹੋਵੇ । ਲੋਕ ਪੈਰਾਂ 'ਚ ਰੋਲ ਜਾਂਦੇ ਨੇ , ਹੋਰ ਕਿੰਨਾ ਕੋਈ ਨਿਮਰ ਹੋਵੇ । ਮੈਂ ਸਮੁੰਦਰ ਉਛਾਲਣਾ ਚਾਹੁਨਾਂ, ਕਾਸ਼! ਏਸਾ ਕੋਈ ਹੁਨਰ ਹੋਵੇ । ਵੇਖ! ਕਿੰਨੀ ਹੁਸੀਨ ਹੈ ਦੁਨੀਆਂ, ਕਾਸ਼! ਇਕ ਬਿਹਤਰੀਨ ਘਰ ਹੋਵੇ। ਕਹਿ ਦਿਓ ਰਾਤ ਦੇ ਹਨੇਰੇ ਨੂੰ, ਰਾਤ ਦੀ ਰਾਤ ਮੁਖਤਸਰ ਹੋਵੇ।

ਨਾ ਇੰਤਜ਼ਾਰ ਦੀ

ਨਾ ਇੰਤਜ਼ਾਰ ਦੀ ਲਿੱਜ਼ਤ ਨਾ ਗ਼ਮ ਜੁਦਾਈ ਦਾ। ਅਜੀਬ ਹਾਲ ਹੈ ਐ ਦੋਸਤ ਆਸ਼ਨਾਈ ਦਾ। ਰੁਲਾ ਰੁਲਾ ਹੈਂ ਗਿਆ ਐ ਹਸਾਉਣ ਵਾਲੇ ਤੂੰ , ਹਸਾ ਹਸਾ ਕੇ ਨਹੀਂ ਇਸ ਤਰਾਂ ਰੁਲਾਈ ਦਾ। ਕਰੀਬ ਆ ਕਿ ਸਮਾਂ ਫਿਰ ਕਦੇ ਮਿਲੇ, ਨ ਮਿਲੇ, ਕਰੀਬ ਆ ਕਿ ਨਹੀਂ ਦੂਰ ਦੂਰ ਜਾਈ ਦਾ। ਕਿਸੇ ਖ਼ਲੂਸ ਦੀ ਹੱਦ 'ਚੋਂ ਜ਼ਰਾ ਕੁ ਦੂਰ ਨਿਕਲ, ਕਿਸੇ ਖ਼ਲੂਸ ਦਾ ਰਸਤਾ ਹੈ ਭੁੱਲ ਭੁਲਾਈ ਦਾ। ਹਜ਼ਾਰ ਦਾਸ਼ਤਾ ਇਹ ਜ਼ਿੰਦਗੀ ਪਰਾਈ ਹੈ , ਮੈਂ ਜਾਣਦਾ ਹਾਂ ਮਗਰ ਲੁਤਫ ਹੈ ਪਰਾਈ ਦਾ। ਹਜ਼ਾਰ ਜ਼ਖ਼ਮ ਹੈ ਦਿਲ ਚਾਕ ਚਾਕ ਹੈ ਯਾਰੋ , ਹਜ਼ਾਰ ਜ਼ਖ਼ਮ ਹੈ ਇਕ ਜ਼ਖ਼ਮ ਬੇ ਵਫਾਈ ਦਾ।

ਚੁੱਪ ਕਿਉਂ ਹੈਂ

ਚੁੱਪ ਕਿਉਂ ਹੈਂ! ਗੰਢ ਦਿਲ ਦੀ ਖੋਲ੍ਹ ਦੇ। ਪਿਆਰ ਦੇ ਦੋ ਬੋਲ ਹਸ ਕੇ ਬੋਲ ਦੇ। ਅੱਜ ਮੇਰਾ ਦਮ ਨਿਕਲਦਾ ਜਾ ਰਿਹਾ, ਜਾ ਰਹੇ ਨੇ ਦੂਰ ਸਾਥੀ ਕੋਲ ਦੇ । ਇਹ ਸਖ਼ਾਵਤ ਹੈ ਤੇਰੀ ਐ ਦਾਤਿਆ। ਤੂੰ ਕਿਸੇ ਨੂੰ ਤਾਜ ਦੇ! ਯਾ ਰੋਲ ਦੇ । ਜਾ ਕਿਸੇ ਦੇ ਰੂਪ ਦਾ ਸ਼ਿੰਗਾਰ ਕਰ, ਜਾ ਕਿਸੇ ਪੈਰਾਂ ਦੀ ਮਹਿੰਦੀ ਘੋਲ ਦੇ। ਹੱਕ-ਬਜ਼ਾਨਿਬ ਸਾਰਿਆਂ ਦਾ ਮਾਣ ਰੱਖ, ਹੱਕ ਬਰਾਬਰ ਸਾਰਿਆਂ ਨੂੰ ਤੋਲ ਦੇ । ਯਾਦ ਆਏ ਮਨਚਲੀ ਕਿਸ ਨਾਰ ਦੀ, ਮੈਂ ਨਿਛਾਵਰ ਦੂਰ ਦੇ ਇਸ ਢੋਲ ਦੇ। ਆਉਣ ਵਾਲਾ ਹੈ ਸੁਨਹਿਰਾ ਇੰਨਕਲਾਬ, ਵੇਖ ਲੈ ਸੁਫ਼ਨੇ ਜਮਾਤੀ ਘੋਲ ਦੇ। ਦਿਲ ਨਿਤਾਣੇ ਪੰਛੀਆਂ ਦਾ ਡੋਲਦਾ, ਬਿਰਖ ਜਦ ਵੀ ਝੂਮਦੇ ਜਾਂ ਡੋਲਦੇ ।

ਨੀਲਾ ਅੰਬਰ

ਨੀਲਾ ਅੰਬਰ ਸਾਵੀ ਧਰਤੀ ਡੋਲ ਰਹੇ । ਵੇਲੇ ਦੇ ਆਸਾਰ ਬੜਾ ਕੁਝ ਬੋਲ ਰਹੇ । ਭਾਵੇਂ ਸਾਰੇ ਇਸ ਮਿੱਟੀ ਦੇ ਜਾਏ ਹਾਂ , ਫਿਰ ਵੀ ਇਸ ਵਿਚ ਜ਼ਹਰੀਲਾ ਪਨ ਘੋਲ ਰਹੇ। ਅਪਣੇ ਲੋਕਾਂ ਖ਼ਾਤਿਰ ਸਭ ਕੁਝ ਬੰਦ ਜਿਹਾ, ਹੋਰਾਂ ਖ਼ਾਤਿਰ ਸਭ ਦਰਵਾਜੇ ਖੋਲ ਰਹੇ । ਕੋਲ ਕਿਸੇ ਦੇ ਬਹੀਏ, ਕੁਝ ਕਹੀਏ ਸੁਣੀਏ , ਦੂਰ ਕਿਸੇ ਦੇ ਵਜਦੇ ਸੁਣਦੇ ਢੋਲ ਰਹੇ । ਕਿਸ ਦੀ ਖ਼ਾਤਿਰ ਛੱਤ ਬਣੀ ਹੈ ਇਕ ਪਿੰਜਰਾ, ਕਿਸ ਦੀ ਖ਼ਾਤਿਰ ਪਿਆਰੀ ਧਰਤੀ ਗੋਲ ਰਹੇ । ਧਰਤੀ ਦਾ ਧੰਨ ਇਕ ਬੇਵਾ ਮੁਟਿਆਰ ਜਿਹਾ, ਅਲ੍ਹੜ ਜਿਸ ਦੀ ਅਸਮਤ ਆਪਣੇ ਰੋਲ ਰਹੇ। ਭਾਵੇ ਸਿਰ ਤੇ ਸ਼ਿਕਰਾ ਉਡਦਾ ਫਿਰਦਾ ਏ , ਫਿਰ ਵੀ ਬੋਟ ਹੁਮਾ ਦੇ ਨੇ ਪਰ ਤੋਲ ਰਹੇ ।

ਰੋ ਰਹੀ ਹੈ ਮੌਤ

ਰੋ ਰਹੀ ਹੈ ਮੌਤ ਮੇਰੀ ਗਾ ਰਹੀ ਹੈ ਜ਼ਿੰਦਗੀ। ਇਕ ਤਰਾਨਾ ਪਿਆਰ ਦਾ ਦੁਹਰਾ ਰਹੀ ਹੈ ਜ਼ਿੰਦਗੀ। ਵੇਖ ਲੈ ਉਹ ਮੋਮਬੱਤੀ ਹੈ ਪਿਘਲਦੀ ਜਾ ਰਹੀ, ਜਿਸ ਤਰਾਂ ਕਿ ਹੱਥ ਚੰਨ ਨੂੰ ਲਾ ਰਹੀ ਹੈ ਜ਼ਿੰਦਗੀ। ਜਿਸ ਤਰਾਂ ਕਿ ਇਕ ਨਦੀ ਸਿੰਜ ਰਹੀ ਰੇਗ਼ਸਤਾਨ, ਫਿਰ ਸਮੁੰਦਰ ਦੀ ਤਰਫ਼ ਕਿਉਂ ਜਾ ਰਹੀ ਹੈ ਜ਼ਿੰਦਗੀ। ਜਿਸ ਤਰ੍ਹਾਂ ਕਿ ਸ਼ੀਸ਼ਿਆਂ 'ਚੋਂ ਅਕਸ ਇਹ ਬਾਹਰ ਦਿਸਨ, ਇਸ ਤਰਾਂ ਦੇ ਪੂਰਨੇ ਕੁਝ ਪਾ ਰਹੀ ਹੈ ਜ਼ਿੰਦਗੀ। ਜਿਸ ਤਰਾਂ ਕਿ ਬਰਫ਼ ਵਿੱਚੋਂ ਫੁਟ ਪਏ ਬੂਟਾ ਕੋਈ, ਇਸ ਤਰਾਂ ਮੈਨੂੰ ਧੰਗਾੜੇ ਚਾ ਰਹੀ ਹੈ ਜ਼ਿੰਦਗੀ।

ਨਹੀਂ ਜ਼ਿੰਦਗੀ ਗੁਜ਼ਾਰੀ

ਨਹੀਂ ਜ਼ਿੰਦਗੀ ਗੁਜ਼ਾਰੀ, ਕਦੇ ਸੱਚਿਆਂ 'ਚ ਚਲ ਕੇ। ਪਰੇਸ਼ਾਨ ਹੋ ਗਏ ਹਾਂ ਕਰਵਟ ਬਦਲ ਬਦਲ ਕੇ। ਹੱਥ ਲਾਕੇ ਮੰਜ਼ਿਲਾਂ, ਫਿਰ ਮੁੜ ਪਏ ਪਿਛ੍ਹਾਂ ਨੂੰ ਬੇਇਖ਼ਤਿਆਰ ਚਲਕੇ, ਕਦੀ ਕਾਫ਼ਿਲੇ 'ਚ ਰਲ ਕੇ। ਜਾ ਬੁਲਾ ਸਮੁੰਦਰਾਂ ਨੂੰ ਜਾਂ ਖਬਰ ਕਰੋ ਥਲਾਂ ਨੂੰ, ਇਹ ਨਦੀ ਪੁਕਾਰਦੀ ਹੈ ਕਿਸ ਨੂੰ ਉਛਲ ਉਛਲ ਕੇ। ਨਾ ਉਧਾਲਦੇ ਨੇ ਮੈਨੂੰ ਨਾ ਸੰਭਾਲਦੇ ਇਹ ਮੈਨੂੰ, ਕਿਸੇ ਸੁਬਹ ਦੇ ਉਜਾਲੇ ਕਿਸੇ ਸ਼ਾਮ ਦੇ ਧੁੰਧਲਕੇ। ਆਵਾਰਗੀ ਨਹੀਂ ਇਹ ਇਕ ਭਟਕਣਾ ਹੈ ਪਿਆਰੇ, ਸਹਰਾ 'ਚ ਆ ਗਏ ਹਾਂ ਕਿਸੇ ਦਸ਼ਤ 'ਚੋਂ ਨਿਕਲ ਕੇ।

ਆਈ ਹੈ ਔੜ ਬਾਦ

ਆਈ ਹੈ ਔੜ ਬਾਦ ਉਹ ਬਰਸਾਤ ਕਿ ਤੌਬਾ। ਸੂਰਜ-ਬ-ਨਾਮ ਰਾਤ ਹੈ ਇਹ ਰਾਤ ਕਿ ਤੌਬਾ। ਜੀਣਾ ਤਾਂ ਬਹਰ ਹਾਲ ਹੈ ਮਰਨਾ ਵੀ ਬਹਰਹਾਲ, ਉਫ਼! ਜ਼ਿੰਦਗੀ ਤੇ ਮੌਤ ਦੇ ਹਾਲਾਤ ਕਿ ਤੌਬਾ। ਤਾਰੇ ਇਹ ਸਿਆਹ ਰਾਤ ਦੇ ਲਸ਼ਕਰ ਦੇ ਸਿਪਾਹੀ, ਬੈਠੇ ਨੇ ਕਮੀਗਾਹ ਵਿਚ ਇਹ ਘਾਤ ਕਿ ਤੌਬਾ। ਦੂਲਹਾ ਹੈ ਕਿਤੇ ਹੋਰ ਤੇ ਦੁਲਹਨ ਹੈ ਕਿਤੇ ਹੋਰ, ਦੂਲਹਾ ਕਿਤੇ ਦੁਲਹਨ ਕਿਤੇ ਬਾਰਾਤ ਕਿ ਤੌਬਾ। ਰਾਤਾਂ ਕਿ ਆਬਨੂਸ ਹੈ ਇਹ ਦਿਨ ਕਿ ਜਾਫ਼ਰਾਨ, ਬੇ ਵਕਤ ਬੇ ਲਿਹਾਜ਼ ਇਹ ਖ਼ੈਰਾਤ ਕਿ ਤੌਬਾ। ਇਹ ਕੌਣ ਯਾਦ ਆ ਗਿਆ ਅਹਸਾਨ ਫਰਾਮੋਸ਼, ਅਹਸਾਨ ਫਰਾਮੋਸ਼ ਦੀ ਇਹ ਜ਼ਾਤ ਕਿ ਤੌਬਾ। ਸੂਰਜ ਦੀ ਕਸ਼ਿਸ਼ ਨਾਲ ਹੈ ਧਰਤੀ ਇਹ ਚੰਦਰਮਾ, ਇਹ ਨੂਰ ਹੈ ਕਿ ਨਾਰ ਹੈ ਇਹ ਦਾਤ ਕਿ ਤੌਬਾ।

ਰੁੱਤ ਜੀਵਨ ਦੀ

ਰੁੱਤ ਜੀਵਨ ਦੀ ਬਦਲਦੀ ਜਾ ਰਹੀ। ਜਾਲ ਚੋਂ ਮੱਛਲੀ ਨਿਕਲਦੀ ਜਾ ਰਹੀ। ਚੰਨ ਤਾਰੇ ਹੋ ਰਹੇ ਨੇ ਬਦਹਵਾਸ, ਜਿਸ ਤਰਾਂ ਕਿ ਰਾਤ ਢਲਦੀ ਜਾ ਰਹੀ। ਵੇਖ ਲੈ ਸਹਿਰਾ ਕਿਸੇ ਦੀ ਬੇਬਸੀ, ਇਕ ਨਦੀ ਸਾਗਰ ’ਚ ਰਲਦੀ ਜਾ ਰਹੀ। ਆਪ ਅਪਣੇ ਜਿਸਮ ਦੀ ਹੀ ਆਂਚ ਨਾਲ, ਬਰਫ਼ ਪਰਬਤ ਦੀ ਪਿਘਲਦੀ ਜਾ ਰਹੀ। ਕੀ ਪਤਾ! ਇਹ ਫੁੱਲ ਹੈ ਕਿ ਖ਼ਾਰ ਹੈ। ਇਕ ਤਮੰਨਾ ਦਿਲ ’ਚ ਪਲਦੀ ਜਾ ਰਹੀ। ਦੇਗਚੀ ਤਕ ਸੇਕ ਵੀ ਨਾ ਪਹੁੰਚਦਾ , ਅੱਗ ਵੀ ਹੈ ਤੇਜ ਬਲਦੀ ਜਾ ਰਹੀ।

ਦੂਰ ਦੇ ਢੋਲ

ਦੂਰ ਦੇ ਢੋਲ ਵੀ ਨਾ ਸੁਹਾਣੇ ਰਹੇ। ਦੋਸਤ ਦੁਸ਼ਮਣ ਕਈ ਬੇ-ਪਛਾਣੇ ਰਹੇ। ਰਾਤ ਪੁੰਨਿਆਂ ਕਦੀ ਰਾਤ ਮੱਸਿਆ ਦੀ, ਪੌਂ ਬਾਰਾ ਕਦੇ , ਤਿੰਨ ਕਾਣੇ ਰਹੇ । ਐ ਲੁਹਾਰਾਂ ਸ਼ਹਿਰ, ਐ ਸਰਾਫ਼ਾਂ ਗਲੀ, ਜਾਂ ਨਿਸਾਰ ਤੇਰੇ ਕਿਉਂ ਨਿਮਾਣੇ ਰਹੇ। ਖ਼ੁਦ ਫਰਾਮੋਸ਼ ਮੈਂ ਖ਼ੁਦ ਫਰਾਮੋਸ਼ ਤੂੰ , ਹੋਸ਼ ਅਪਣੇ ਕਦੇ ਨਾ ਟਿਕਾਣੇ ਰਹੇ । ਲੋਕ ਸੂਰਜਮੁਖੀ ਲੋਕ ਚੰਦਰ ਮੁਖੀ, ਯਾਦ ਸਭ ਨੂੰ ਹਮੇਸ਼ਾ ਘਰਾਣੇ ਰਹੇ । ਜ਼ਿੰਦਗੀ ਦਾ ਸਫਰ ਹੈ ਇਹ ਕੈਸਾ ਸਫਰ, ਹਮਸਫਰ ਹਮਸਫਰ, ਨਾ ਪੁਰਾਣੇ ਰਹੇ। ਵਕਤ ਮਛਲੀ ਤਰਾਂ ਉਲਟ ਚਲਦਾ ਰਿਹਾ, ਯਾਦ ਤੇਰੀ ਨਦੀ ਦੇ ਮੁਹਾਣੇ ਰਹੇ । ਜ਼ਾਬਤੇ ਤੋਂ ਪਰਾਂ ਤੇਜ਼ ਤੂਫਾਨ ਹੈ , ਜ਼ਾਬਤੇ ਵਿਚ ਹਮੇਸ਼ਾ ਨਿਤਾਣੇ ਰਹੇ ।

ਸ਼ੌਕ ਦਾ ਹਾਥੀ

ਸ਼ੌਕ ਦਾ ਹਾਥੀ ਮਰਾਤਿਬ ਖ਼ੋਰ ਹੈ । ਦਿਲ ਮਹਾਵਤ ਹੈ ਮਗਰ ਕਮਜ਼ੋਰ ਹੈ। ਇਹ ਧੁੰਧਲਕਾ ਸ਼ਾਮ ਦਾ ਹੈ ਬਦਹਵਾਸ, ਆ ਰਿਹਾ ਹੈ ਕੌਣ ਕਿਸ ਦਾ ਸ਼ੋਰ ਹੈ। ਜ਼ਿੰਦਗੀ ਹੈ ਯਾ ਕਿ ਬਾਬੁਲ ਦੇ ਮੀਨਾਰ, ਇਹ ਬਲਾ ਕਿਸ ਮਨਚਲੇ ਦੀ ਗੋਰ ਹੈ। ਜ਼ਿੰਦਗੀ ਨੇ ਜੋ ਵਿਖਾਏ ਸਬਜ਼ ਬਾਗ, ਉਹ ਹਨੇਰਾ ਉਹ ਉਜਾਲਾ ਹੋਰ ਹੈ। ਇਕ ਭੁਲੇਖਾ ਨੂਰ ਦਾ ਤੇ ਨਾਰ ਦਾ, ਨਾ ਕੋਈ ਦਰਵੇਸ਼ ਹੈ ਨਾ ਚੋਰ ਹੈ । ਝੂਮਦਾ ਤੇ ਮੇਲਦਾ ਇਕ ਨਾਗ ਵੀ ਪੈਲ ਪਾਂਦਾ ਝੂਰਦਾ ਇਕ ਮੋਰ ਹੈ । ਮੇਰਿਆਂ ਹੱਥਾਂ 'ਚ ਹੈ ਕਿਸ ਦਾ ਸਿਰਾ, ਕਿਸ ਦਿਆਂ ਹੱਥਾਂ 'ਚ ਮੇਰੀ ਡੋਰ ਹੈ।

ਰਾਤ ਦਾ ਰੰਗ

ਰਾਤ ਦਾ ਰੰਗ ਉਤਰਦਾ ਵੇਖਾਂ, ਮੈਂ ਜਦੋਂ ਚੰਨ ਉਭਰਦਾ ਵੇਖਾਂ। ਮੌਤ ਦੇ ਸਾਹਮਣੇ ਖੜਾ ਹਾਂ ਮੈਂ, ਨਾਗ ਜ਼ਖ਼ਮੀ ਉਮਰ ਦਾ ਵੇਖਾਂ। ਹੋ ਰਹੇ ਦਿਨ-ਬ-ਦਿਨ ਹਰੇ ਬੂਟੇ , ਦਰਦ ਇਕ ਬਾਗ ਪੁੰਗਰਦਾ ਵੇਖਾਂ। ਸ਼ਹਿਰ ਦਾ ਸ਼ਹਿਰ ਬਦ-ਹਵਾਸ ਹੈ ਕਿਉਂ, ਆਪਣਾ ਘਰ ਜੇ ਉਸਰ ਦਾ ਵੇਖਾਂ। ਮਿਲ ਰਹੀ ਜ਼ਿੰਦਗੀ ਨੂੰ ਮੌਤ ਗਲੇ , ਹਾਲ ਆਪਣਾ ਵੀ ਸੁਧਰਦਾ ਵੇਖਾਂ । ਰੋਜ ਮਛਲੀ ਨੂੰ ਖਾ ਰਹੀ ਮਛਲੀ, ਰੋਜ ਹੀ ਵਕਤ ਗੁਜ਼ਰਦਾ ਵੇਖਾਂ। ਉਹ ਹੁਮਾ ਹੈ ਕਿ ਹੈ ਉਕਾਬ ਕਿ ਜੋ, ਆਪਣੇ ਖੰਭ ਕੁਤਰਦਾ ਵੇਖਾਂ।

ਹਿਜਰ ਵਸਲ ਦੀ

ਹਿਜਰ ਵਸਲ ਦੀ ਉਹੋ ਪਹਿਲੀ ਚਾਲ ਅਜੇ। ਅਪਣੀ ਹਾਲਤ ਉਹੋ ਸਾਲੋ ਸਾਲ ਅਜੇ। ਸੂਰਜ ਅੱਗੇ ਕਿਸੇ ਰਾਤ ਦਾ ਜ਼ੋਰ ਨਹੀਂ, ਸੂਰਜ ਨੂੰ ਹੈ ਕਿਸੇ ਰਾਤ ਦੀ ਭਾਲ ਅਜੇ। ਸੁਫ਼ਨੇ ਵਿਚ ਮੈਂ ਡੁੱਬਦਾ ਸੂਰਜ ਵੇਖ ਲਿਆ, ਜਾ ਨੀ ਰਾਤੇ! ਤੇਰਾ ਹੈ ਇਕਬਾਲ ਅਜੇ। ਦੁਨੀਆਂ ਭਰਮ ਭੁਲੇਖੇ ਨਾਲ ਜਿਊਂਦੀ ਏ, ਜੀਣਾ ਏ ਤਾਂ ਭਰਮ ਭੁਲੇਖੇ ਪਾਲ ਅਜੇ। ਮੇਰੇ ਔਗੁਣ ਲਿਸ਼ਕ ਰਹੀ ਤਲਵਾਰ ਜਿਹੇ, ਤੇਰੇ ਸਦਗੁਣ ਤੇਰੇ ਹੱਥ ਵਿਚ ਢਾਲ ਅਜੇ। ਕੁਝ ਸੱਧਰਾਂ, ਮਹਿਰੂਮੀਆਂ, ਤੇ ਕੁਝ ਕਸਕਾਂ, ਤੇਰੀ ਮੇਰੀ ਦੁਨੀਆਂ ਹੈ ਖੁਸ਼ਹਾਲ ਅਜੇ। ਇਹ ਵੀ ਰਸਤਾ ਦੱਸਣ ਵਾਲੇ ਤਾਰੇ ਨੇ, ਮੇਰੇ ਵੱਲ ਕੁਝ ਪੱਥਰ ਹੋਰ ਉਛਾਲ ਅਜੇ।

ਰਸਤਾ ਹੈ ਕਿਤੇ

ਰਸਤਾ ਹੈ ਕਿਤੇ, ਮੰਜਿਲ ਹੈ ਕਿਤੇ, ਕੁਝ ਵਕਤ ਅਜੇ ਹਮਵਾਰ ਨਹੀਂ। ਐ ਕਾਸ਼! ਕਿ ਵਕਤ ਗੁਜ਼ਰ ਜਾਏ, ਗੁਜ਼ਰੇਗਾ ਮਗਰ ਆਸਾਰ ਨਹੀਂ। ਇਹ ਦੇਸ਼ ਹੈ ਹਾਕਿਮ ਲੋਕਾਂ ਦਾ, ਮਹਿਕੂਮ ਨੇ ਕੁਝ ਮਾਸੂਮ ਅਜੇ, ਇਹ ਦੇਸ਼ ਹੈ ਕੁਝ ਅੱਯਾਰਾਂ ਦਾ, ਅੱਯਾਰ ਕਿਸੇ ਦੇ ਯਾਰ ਨਹੀਂ। ਅਪਨਾਪਨ ਬੇਗਾਨਾ ਪਨ, ਇਕ ਸਿੱਕੇ ਦੇ ਦੋ ਪਹਿਲੂ ਨੇ, ਦਿਲ ਸਾਬਿਤ ਸਾਲਿਮ ਕਸ਼ਤੀ ਹੈ, ਕਸ਼ਤੀ ਹੈ ਮਗਰ ਪਤਵਾਰ ਨਹੀਂ। ਇਹ ਦੁਨੀਆਂ ਦੁਨੀਆਦਾਰਾਂ ਦੀ, ਮਛਲੀ ਮਛਲੀ ਨੂੰ ਖਾ ਜਾਏ, ਇਹ ਰਸਤਾ ਹੀ ਖ਼ੁਦ ਮੰਜ਼ਿਲ ਹੈ, ਰਸਤਾ ਹੈ ਮਗਰ ਦੀਵਾਰ ਨਹੀਂ। ਦਿਲ ਤਾਂਬਾ ਤਾਸ ਜ਼ਮੀਨ ਜਿਹਾ, ਦਿਲ ਸਬਜ਼ ਪਰੀ ਗੁਲਜ਼ਾਰ ਜਿਹਾ, ਦਿਲ ਸੂਰਜ ਦਾ ਸਰਮਾਇਆ ਹੈ ਦਿਲ ਸੂਰਜ ਹੈ ਦਿਲ ਨਾਰ ਨਹੀਂ।

ਆਪਣੇ ਪੈਰਾਂ 'ਚ

ਆਪਣੇ ਪੈਰਾਂ 'ਚ ਪਈ ਬੇੜੀ ਹਿਲਾਂਦੇ ਜਾਂਦੇ। ਵਕਤ ਆਇਆ ਹੈ ਕਿ ਮੰਜਲ ਵਲ ਜਾਂਦੇ ਜਾਂਦੇ। ਵਕਤ ਦਾ ਕੀ ਹੈ ਕਿਸੇ ਹਾਲ ਗੁਜਰ ਜਾਏਗਾ, ਕੁਝ ਨਾ ਕੁਝ ਅਪਣੀ ਤਰਫ਼ ਤੋਂ ਵੀ ਨਿਭਾਂਦੇ ਜਾਂਦੇ। ਮੈਂ ਮੁਨੱਵਰ ਹਾਂ ਤੇ ਸਾਇਆ ਹੈ ਮੁਕੱਦਰ ਮੇਰਾ, ਅਪਣੀ ਤਸਵੀਰ ਜ਼ਰਾ ਖ਼ੁਦ ਨੂੰ ਵਿਖਾਂਦੇ ਜਾਂਦੇ। ਅਪਣੀ ਬੇੜੀ ਵੀ ਬਹਰਹਾਲ ਫ਼ਨਾ ਹੋਣੀ ਹੈ, ਅਪਣੀ ਬੇੜੀ ਦਾ ਕੁਝ ਬੋਝ ਹਟਾਂਦੇ ਜਾਂਦੇ। ਦਿਨ ਦੁਸਹਿਰਾ ਹੈ ਨਾ ਇਹ ਰਾਤ ਹੀ ਦੀਵਾਲੀ ਹੈ, ਰੋਣ ਦਾ ਕੀ ਹੈ ਚਲੋ ਦੁਨੀਆਂ ਹਸਾਂਦੇ ਜਾਂਦੇ। ਖ਼ਾਬ ਤਾਂ ਖ਼ਾਬ ਹੈ ਇਸ ਖ਼ਾਬ ਦੀ ਤਾਬੀਰ ਹੈ ਕੀ। ਖ਼ਾਬ ਨੂੰ ਖ਼ਾਬ ਦੀ ਤਾਬੀਰ ਬਣਾਂਦੇ ਬਣਾਂਦੇ ਜਾਂਦੇ।

ਜ਼ਿੰਦਗੀ ਸਬਰ

ਜ਼ਿੰਦਗੀ ਸਬਰ ਹੈ ਕਰਾਰ ਨਹੀਂ। ਬਾਗ ਕਾਹਦਾ। ਅਗਰ ਬਹਾਰ ਨਹੀਂ। ਵਾਰ ਐਸਾ ਕਿ ਉਫ਼ ਨਹੀਂ ਕੀਤੀ। ਹਾਲ ਐਸਾ ਕਿ ਗੁਮ ਗੁਸਾਰ ਨਹੀਂ। ਜਾਣ ਵਾਲੇ ਤੇਰਾ ਖ਼ੁਦਾ ਹਾਫ਼ਿਜ਼ ਫਿਰ ਮਿਲਾਂਗੇ ਮਗਰ ਅਸਾਰ ਨਹੀਂ। ਬੰਦ ਕਰ ਲੈ ਉਡੀਕ ਦੇ ਬੂਹੇ, ਹੁਣ ਕਿਸੇ ਦਾ ਵੀ ਇੰਤਜ਼ਾਰ ਨਹੀਂ। ਮਿਲ ਰਹੀ ਜ਼ਿੰਦਗੀ ਨੂੰ ਮੌਤ ਗਲੇ, ਮੈਂ ਕਿਸੇ ਦਾ ਵੀ ਤਰਫ਼ਦਾਰ ਨਹੀਂ। ਖ਼ੂਬ-ਸੂਰਤ ਬਲਾ ਹੈ ਇਹ ਦੁਨੀਆਂ, ਕਿਸ ਤਰ੍ਹਾਂ ਕਹਿ ਦਿਆਂ ਕਿ ਪਿਆਰ ਨਹੀਂ।

ਜ਼ਿੰਦਗੀ ਖ਼ਾਮ ਹੋ ਗਈ

ਜ਼ਿੰਦਗੀ ਖ਼ਾਮ ਹੋ ਗਈ ਯਾਰੋ। ਮੌਤ ਅੰਜਾਮ ਹੋ ਗਈ ਯਾਰੋ। ਸੁਬਹ ਆਇਆ ਖ਼ਿਆਲ ਜ਼ੁਲਫ਼ਾਂ ਦਾ ਸੁਬਹ ਤੋਂ ਸ਼ਾਮ ਹੋ ਗਈ ਯਾਰੋ। ਕਿਸ ਮਿਹਰਬਾਨ ਦੀ ਖ਼ੁਸ਼ੀ ਖ਼ਾਤਿਰ, ਦੁਸ਼ਮਨੀ ਆਮ ਹੋ ਗਈ ਯਾਰੋ। ਜੋਸ਼ ਖਾਨਾ-ਬ-ਦੋਸ਼ ਆਵਾਰਾ, ਹੋਸ਼ ਨਾਕਾਮ ਹੋ ਗਈ ਯਾਰੋ। ਮੌਤ ਚੰਗੀ ਕਿ ਜ਼ਿੰਦਗੀ ਚੰਗੀ ਸੋਚ ਸਰਸਾਮ ਹੋ ਗਈ ਯਾਰੋ। ਖੁਸ਼ ਜਮਾਲਾਂ ਦੀ ਯਾਦ ਕੀ ਆਈ, ਛਲਕਦਾ ਜਾਮ ਹੋ ਗਈ ਯਾਰੋ। ਜ਼ਿੰਦਗੀ ਨੇ ਜਦੋਂ ਵਫ਼ਾ ਕੀਤੀ, ਮੌਤ ਬਦਨਾਮ ਹੋ ਗਈ ਯਾਰੋ।

ਦਿਨ ਰੁਪਹਿਲਾ

ਦਿਨ ਰੁਪਹਿਲਾ ਰਾਤ ਕਾਲੀ ਰਾਤ ਹੈ ਰਾਤ ਦੇ ਪਿੱਛੇ ਖੜੀ ਪ੍ਰਭਾਤ ਹੈ। ਸੋਚ ਮੇਰੀ ਇਕ ਚੁਨੌਤੀ ਵਕਤ ਨੂੰ, ਯਾਦ ਤੇਰੀ ਯਾਦ ਪੰਛੀ ਝਾਤ ਹੈ। ਹਾਸਿਆਂ ਦੇ ਦਿਨ ਬਸੰਤੀ ਅਉਣਗੇ, ਹੰਝੂਆਂ ਦੀ ਹੋ ਰਹੀ ਬਰਸਾਤ ਹੈ। ਦਰਦ ਹੈ ਇਕ ਸਬਜ਼ ਰਿਸ਼ਤਾ ਪਿਆਰ ਦਾ, ਪਿਆਰ ਦਾ ਗ਼ਮ ਇਹ ਤੁਹਾਡੀ ਦਾਤ ਹੈ। ਜਾ ਰਿਹਾ ਹੈ ਇਕ ਜਨਾਜ਼ਾ, ਜਾਣ ਦੇ, ਆਉਣ ਦੇ, ਜੋ ਆ ਰਹੀ ਹੈ ਬਾਰਾਤ ਹੈ।

ਦਰਦ ਹੋਵੇ ਤਾਂ ਫਿਰ

ਦਰਦ ਹੋਵੇ ਤਾਂ ਫਿਰ ਦੁਆ ਕਰਨਾ। ਐ ਮੇਰੇ ਦੋਸਤ! ਖੁਸ਼ ਰਿਹਾ ਕਰਨਾ। ਰਾਤ ਵੀ ਇਕ ਹੁਸੀਨ ਜਾਦੂ ਹੈ, ਇਹ ਕਰਾਮਾਤ ਵੇਖਿਆ ਕਰਨਾ। ਕੌਣ ਉਸ ਦੇ ਕਰੀਬ ਹੋਵੇਗਾ, ਯਾਦ ਆਏ ਤਾਂ ਸੋਚਿਆ ਕਰਨਾ। ਦਿਨ ਕਿਸੇ ਹਾਲ ਬੀਤ ਜਾਏ ਤਾਂ, ਸ਼ਾਮ ਦੀ ਸ਼ਾਮ ਝੂਮਿਆ ਕਰਨਾ। ਜ਼ਿੰਦਗੀ ਦੇ ਮਕਰ ਫ਼ਰੇਬ ਤੋਂ ਡਰ, ਇਸ ਰਿਆਕਾਰ ਤੋਂ ਬਚਾ ਕਰਨਾ। ਜ਼ਿੰਦਗੀ ਦਾ ਸਵਾਲ ਆਏ ਤਾਂ, ਕਹਿ ਦਿਓ ਮੌਤ ਨੂੰ ਖਿਮਾ ਕਰਨਾ। ਸਿਰਫ਼ ਇਕ ਦੂਸਰੇ ਦੀ ਖ਼ਾਤਿਰ ਹੀ, ਪਿਆਰ ਦਾ ਨਾਂ ਹੈ ਤੜਪਿਆ ਕਰਨਾ। ਦਿਲ 'ਚ ਨਾਕਾਮ ਹਸਰਤਾਂ ਲੈ ਕੇ, ਰੀਝ ਅਪਣੀ ਤੇ ਹਸ ਲਿਆ ਕਰਨਾ।

ਮੌਤ ਹੱਥਾਂ ਤੇ

ਮੌਤ ਹੱਥਾਂ ਤੇ ਜਦ ਨਚਾਂਦੀ ਏ। ਜ਼ਿੰਦਗੀ ਝੂਮ ਝੂਮ ਜਾਂਦੀ ਏ। ਰਾਤ ਦੇ ਮਾਰਿਓ! ਯਕੀਨ ਕਰੋ, ਰਾਤ ਵੀ ਨੌਜਵਾਨ ਬਾਂਦੀ ਏ। ਜ਼ਿੰਦਗੀ ਮੌਤ ਦਾ ਇਹ ਨਾਤਾ ਏ, ਇਕ ਬਲਾ ਦੂਸਰੇ ਨੂੰ ਖਾਂਦੀ ਏ। ਖੁਸ਼ਕ ਸਾਹਿਲ ਦਾ ਇਹ ਮੁਕੱਦਰ ਹੈ, ਅੱਧ 'ਚੋਂ ਲਹਿਰ ਪਰਤ ਜਾਂਦੀ ਏ। ਕਾਸ਼! ਇਹ ਜੂਏ ਸ਼ੀਰ ਹੀ ਹੋਵੇ, ਜੋ ਤਮੰਨਾ ਲਹੂ ਰੁਲਾਂਦੀ ਏ। ਬੂੰਦ ਉਹੋ ਹੀ ਬਣ ਗਈ ਮੋਤੀ, ਬੂੰਦ ਜੋ ਸਿੱਪ ਵਿਚ ਸਮਾਂਦੀ ਹੈ। ਝੂਠ ਬੋਲਾਂ ਕਿ ਜਾਨ ਬਚ ਜਾਏ, ਸੱਚ ਬੋਲਾਂ ਤੇ ਜਾਨ ਜਾਂਦੀ ਏ। ਮੈਂ ਹੀ ਫਰਹਾਦ ਬਣ ਨਹੀਂ ਸਕਦਾ, ਇਕ ਨਦੀ ਦੂਰ ਤੋਂ ਬੁਲਾਂਦੀ ਏ।

ਗੁਮ ਗਿਆ ਸੋਨਾ

ਗੁਮ ਗਿਆ ਸੋਨਾ ਕਦੇ ਚਾਂਦੀ ਮਿਲੀ। ਜ਼ਿੰਦਗੀ ਰੋਂਦੀ ਮਿਲੀ ਗਾਂਦੀ ਮਿਲੀ। ਫਿਰ ਕਿਤੇ ਕੁਝ ਹੋ ਰਿਹਾ ਹੈ ਸਿਆਹ ਸਫੇਦ, ਫਿਰ ਕਿਤੇ ਇਕ ਕੂੰਜ ਕੁਰਲਾਂਦੀ ਮਿਲੀ। ਜਿੰਦਗੀ ਦੀ ਜ਼ਰਦ ਰੂ ਦੋਪਹਿਰ ਤੇ, ਯਾਦ ਤੇਰੀ ਜ਼ੁਲਫ ਲਹਿਰਾਂਦੀ ਮਿਲੀ। ਬੁੱਤ ਸੀ ਉਹ ਵੀ ਕਿਸੇ ਬੁੱਤ ਸ਼ਿਕਨ ਦਾ, ਭੀੜ ਜਿਸ ਤੇ ਫੁੱਲ ਬਰਸਾਂਦੀ ਮਿਲੀ। ਵਾਲ ਖੋਲੇ ਰੋ ਰਹੀ ਸੀ ਮੌਤ ਜਦ, ਜ਼ਿੰਦਗੀ ਪਾਜੇਬ ਛਣਕਾਂਦੀ ਮਿਲੀ। ਨਾਜ਼ ਬਰਦਾਰੀ ਕਿਸੇ ਦੀ ਕੀ ਕਹਾਂ, ਜ਼ਿੰਦਗੀ ਨੂੰ ਮੌਤ ਉਕਸਾਂਦੀ ਮਿਲੀ। ਫਿਰ ਕਿਸੇ ਦੀ ਯਾਦ ਆਏ ਚੁਲਬਲੀ, ਵੇਲ ਰੁੱਖ ਨੂੰ ਨਾਗਵਲ ਪਾਂਦੀ ਮਿਲੀ। ਚੀਰ ਕੇ ਪਰਬਤ ਕਿਨਾਰੇ ਤੋੜ ਕੇ, ਨਿੱਤ ਸਮੁੰਦਰ ਵੱਲ ਨਦੀ ਜਾਂਦੀ ਮਿਲੀ। ਕੰਧ ਉਹਲੇ ਹੋਰ ਨੇ ਕੰਧਾਂ ਕਈ, ਰਾਤ ਕਿੰਨੇ ਭੇਦ ਸਮਝਾਂਦੀ ਮਿਲੀ।

ਹੋਰ ਸੁਣਿਆ ਨਾ ਕੁਝ

ਹੋਰ ਸੁਣਿਆ ਨਾ ਕੁਝ ਕਿਹਾ ਜਾਏ। ਐ ਕਲਾਕਾਰ ਚੁੱਪ ਰਿਹਾ ਜਾਏ। ਉਹ ਪਰਿੰਦਾ ਜ਼ਰੂਰ ਪਰਤੇਗਾ, ਓਸ ਬਾਰੇ ਨਾ ਸੋਚਿਆ ਜਾਏ। ਰਾਤ ਦੇ ਨਾਂ ਕਰਾ ਦਿਓ ਸੂਰਜ, ਰਾਤ ਨੂੰ ਦਿਨ ਵੀ ਸੌਂਪਿਆ ਜਾਏ। ਇਸ ਨਵੇਂ ਸਾਲ ਦਾ ਨਵਾਂ ਕੀ ਹੈ! ਕਿਸ ਨਜ਼ੂਮੀ ਤੋਂ ਪੁੱਛਿਆ ਜਾਏ। ਖੁਸ਼ਕ ਸਹਿਰਾ ਪੁਕਾਰਦਾ ਮੈਂਨੂੰ ਕਾਸ਼ ਸਹਿਰਾ ਤੇ ਬਰਸਿਆ ਜਾਏ। ਕਹਿ ਰਿਹਾ ਹੈ ਉਛਾਲ ਲਹਿਰਾਂ ਦਾ, ਹੋਰ ਕੁਝ ਦੇਰ ਤੜਪਿਆ ਜਾਏ। ਮੈਂ ਬੜੀ ਦੇਰ ਤੋਂ ਹਾਂ ਸੋਚ ਰਿਹਾ, ਅੱਜ ਕਿਸ ਕੋਲ ਪਹੁੰਚਿਆ ਜਾਏ।

ਇਹ ਸਫ਼ਰ ਦੀ ਰੁੱਤ

ਇਹ ਸਫ਼ਰ ਦੀ ਰੁੱਤ ਹੈ ਤਾਂ ਇਕ ਨਵਾਂ ਰਹਬਰ ਮਿਲੇ। ਨਿਤ ਨਵੀਂ ਧਰਤੀ ਮਿਲੇ ਤੇ ਨਿਤ ਨਵਾਂ ਅੰਬਰ ਮਿਲੇ। ਪੱਥਰਾਂ ਤੋਂ ਦੇਵਤਾ ਤੇ ਦੇਵਤਾ ਤੋਂ ਆਦਮੀ, ਮੈਂ ਸਜਾਏ ਜਿਸ ਤਰਾਂ ਵੀ ਰਾਹ ਦੇ ਪੱਥਰ ਮਿਲੇ। ਮੈਂ ਹਮੇਸ਼ਾ ਸਿੰਜਣਾ ਚਾਹੁੰਦਾ ਹਾਂ ਬੂਟੇ ਬਾਗ ਦੇ, ਮੈਂ ਤੇ ਤੂੰ ਐ ਦੋਸਤ ਮੇਰੇ ਜਿਸ ਜਗਹ ਅਕਸਰ ਮਿਲੇ। ਬੋਚ ਲੈਂਦੀ ਹੈ ਹਮੇਸ਼ਾ ਮੌਤ ਕੋਲੋਂ ਜ਼ਿੰਦਗੀ ਇਕ ਹੁਲਾਰਾ ਮਿਲਦਿਆਂ ਹੀ ਇਕ ਨਵੀਂ ਠੋਕਰ ਮਿਲੇ। ਜ਼ਿੰਦਗੀ ਲੋਹਾ ਕਦੀ, ਚਾਂਦੀ ਕਦੀ, ਸੋਨਾ ਕਦੀ, ਹਰ ਕਦਮ ਤੇ ਜ਼ਿੰਦਗੀ ਦੇ ਨਿਤ ਨਵੇਂ ਜ਼ੇਵਰ ਮਿਲੇ। ਕਿਉਂ ਨਾ ਮੈਂ ਨੇਕੀ ਬਦੀ ਦੇ ਸਭ ਸਮੁੰਦਰ ਤਰ ਲਵਾਂ, ਕੌਣ ਜਾਵੇ ਕਿਸ ਕਿਨਾਰੇ ਜ਼ਿੰਦਗੀ ਬਿਹਤਰ ਮਿਲੇ, ਵਧ ਰਹੀ ਤੇਰੀ ਇਨਾਇਤ ਦਾ ਭਰੋਸਾ ਹੋ ਗਿਆ, ਦੁਸ਼ਮਣਾਂ ਦੇ ਭੇਸ ਵਿਚ ਵੀ ਨਿੱਤ ਨਵੇਂ ਮਿੱਤਰ ਮਿਲੇ।

ਯਾਦ ਆਏ ਨੇ ਕਈ ਦੋਸਤ

ਯਾਦ ਆਏ ਨੇ ਕਈ ਦੋਸਤ ਵੀ ਦੁਸ਼ਮਨ ਦੀ ਤਰ੍ਹਾਂ। ਦਿਨ ਜਵਾਨੀ ਦੇ ਗੁਜ਼ਰ ਜਾਣਗੇ ਬਚਪਨ ਦੀ ਤਰ੍ਹਾਂ। ਝੂਠ ਤਾਂ ਝੂਠ ਹੈ, ਇਸ ਝੂਠ ਦਾ ਤਿਲਸਿਮ ਤੋੜੋ, ਸੱਚ ਸੋਨਾ ਹੈ ਕੁਠਾਲੀ 'ਚ ਹੈ ਕੁੰਦਨ ਦੀ ਤਰ੍ਹਾਂ। ਦੋਸਤ ਮਿਲਦੇ ਨੇ ਗਲੇ ਮਿਲ ਕੇ ਵਿੱਛੜ ਜਾਂਦੇ ਨੇ, ਤੂੰ ਮੇਰੀ ਜ਼ਾਤ ਚ ਸ਼ਾਮਿਲ ਨਾ ਹੋ ਬੰਦਨ ਦੀ ਤਰ੍ਹਾਂ। ਤੂੰ ਅਗਰ ਚਾਹੇ ਜਹਨੁੰਮ ਨੂੰ ਬਣਾ ਦੇ ਜੱਨਤ, ਮੌਤ ਸੱਜ ਧੱਜ ਕੇ ਚਲੀ ਆਏ ਗੀ ਦੁਲਹਨ ਦੀ ਤਰ੍ਹਾਂ। ਕੀ ਪਤਾ ਹੈ ਕਿ ਉਹ ਕਿਸ ਭੇਸ ਚ ਮਿਲ ਜਾਏਗਾ, ਉਹ ਮੇਰਾ ਦੋਸਤ ਹੈ ਰਹਬਰ ਕਦੇ ਰਹਜ਼ਨ ਦੀ ਤਰ੍ਹਾਂ। ਮੋਮਬੱਤੀ ਦੀ ਤਰ੍ਹਾਂ ਜਿਸਮ ਪਿਘਲ ਜਾਏਗਾ, ਯਾਦ ਰਹ ਜਾਏਗੀ ਇਕ ਆਂਚ ਦੇ ਚੁੰਬਨ ਦੀ ਤਰ੍ਹਾਂ।

ਭਟਕ ਰਿਹਾ ਹਾਂ ਮੈਂ

ਭਟਕ ਰਿਹਾ ਹਾਂ ਮੈਂ ਮੁੱਦਤ ਤੋਂ ਦਰਬਦਰ ਕੈਸਾ। ਹੈ ਐਬ, ਐਬ ਇਹ ਕੈਸਾ ਹੁਨਰ, ਹੁਨਰ ਕੈਸਾ। ਮੇਰੇ ਖ਼ਿਲਾਫ ਮੇਰੇ ਦੋਸਤ ਦੀ ਗਵਾਹੀ ਹੈ, ਮੇਰੇ ਖ਼ਿਲਾਫ ਸ਼ਹਿਰ, ਇਹ ਸ਼ਹਿਰ, ਸ਼ਹਿਰ ਕੈਸਾ। ਕਿਸੇ ਗ਼ਰੀਬ ਦੀ ਬੇਵਾ ਹੈ ਜ਼ਿੰਦਗੀ ਅਪਣੀ, ਬਿਨਾ ਸਹਾਰੇ ਕਿਸੇ ਦੇ ਗੁਜ਼ਰ ਬਸਰ ਕੈਸਾ। ਤੇਰੇ ਬਗ਼ੈਰ ਨਾ ਪੂਰਬ ਕਿਤੇ ਨਾ ਪੱਛਮ ਹੈ, ਤੇਰੇ ਬਗ਼ੈਰ ਮੇਰਾ ਇਹ ਸਫ਼ਰ, ਸਫ਼ਰ ਕੈਸਾ। ਮੈਂ ਕੋਈ ਖ਼ਾਬ ਨਾ ਵੇਖਾਂ ਤੇਰੇ ਵਜੂਦ ਬਿਨ, ਮੇਰਾ ਵਜੂਦ ਵੀ ਹੋਇਆ ਸਿਫਰ, ਸਿਫਰ ਕੈਸਾ। ਜਮੂਦ ਤੋੜ ਸਕੋ ਤਾਂ ਜਮੂਦ ਤੋੜ ਦਿਓ, ਜਵਾਰ ਭਾਟਾ ਏ ਹੁੰਦਾ ਲਹਿਰ, ਲਹਿਰ ਕੈਸਾ। ਲਹੂ ਲਹੂ ਹੈ ਲਹੂ, ਨੂਰ ਹੈ ਤੇ ਨਾਰ ਵੀ ਹੈ, ਰਗਾਂ 'ਚ ਦੌੜਦਾ ਫਿਰਦਾ ਜ਼ਹਿਰ, ਜ਼ਹਿਰ ਕੈਸਾ।

ਮੇਰੀ ਸ਼ਾਮ ਹੋ ਰਹੀ ਹੈ

ਮੇਰੀ ਸ਼ਾਮ ਹੋ ਰਹੀ ਹੈ ਤੇਰਾ ਨੂਰ ਹੋ ਰਿਹਾ ਹੈ। ਇਹ ਕਰਮ ਕਿ ਯਾ ਸਿਤਮ ਹੈ ਮੰਜੂਰ ਹੋ ਰਿਹਾ ਹੈ। ਓ ਆਬਸ਼ਾਰ ਵੇਖੋ ਗਲੇ ਇਕ ਦੂਸਰੇ ਨੂੰ ਮਿਲਕੇ ਮਿਲ ਰਿਹਾ ਨਦੀ ਦੇ, ਭਰਪੂਰ ਹੋ ਰਿਹਾ ਹੈ। ਕਿਤੇ ਦੂਰ ਦਾ ਮੁਸਾਫ਼ਿਰ, ਕਿਸੇ ਦੇਸ ਦਾ ਮੁਹਾਜਿਰ, ਅਪਣੀ ਤਲਾਸ਼ ਅੰਦਰ ਕਿਉਂ ਚੂਰ ਹੋ ਰਿਹਾ ਹੈ। ਕਿਸੇ ਸ਼ਾਮ ਦਾ ਸਿਤਾਰਾ, ਕਿਸੇ ਰਾਤ ਦਾ ਸਵੇਰਾ, ਜ਼ਰਾ ਰੌਸ਼ਨੀ ਵਿਖਾ ਕੇ ਸਗੋਂ ਦੂਰ ਹੋ ਰਿਹਾ ਹੈ। ਕਿਸੇ ਅਜਨਬੀ ਸਫ਼ਰ ਤੇ ਮੇਰੀ ਜ਼ਿੰਦਗੀ ਰਵਾਂ ਹੈ, ਜੋ ਮੁਕਾਮ ਆ ਰਿਹਾ ਹੈ, ਉਹ ਤੂਰ ਹੋ ਰਿਹਾ ਹੈ।

ਫਿਰ ਨਜ਼ਰ ਤੇ ਛਾ ਗਿਆ ਦਿਲ

ਫਿਰ ਨਜ਼ਰ ਤੇ ਛਾ ਗਿਆ ਦਿਲ ਤੋਂ ਉਤਰਦਾ ਹੀ ਨਹੀਂ। ਵਕਤ ਹੈ ਕਿ ਯਾਰ ਬਿਨ ਇਕ ਪਲ ਗੁਜ਼ਰਦਾ ਹੀ ਨਹੀਂ। ਯਾਦ ਤੇਰੀ ਦੇ ਹੁਮਾ ਸਿਰ ਤੋਂ ਉਡਾਵਾਂ ਰਾਤ ਦਿਨ, ਮੈਂ ਕਿਸੇ ਦੇ ਲਾਰਿਆਂ ਦੇ ਪਰ ਕੁਤਰਦਾ ਹੀ ਨਹੀਂ। ਐ ਮਲਾਹੋ ! ਲੈ ਚਲੋ ਬੇੜਾ ਮੇਰਾ ਮੰਝਧਾਰ ਨੂੰ ਗਰਕ ਹੋ ਜਾਏ ਉਹ ਬੇੜਾ ਜੋ ਉਭਰਦਾ ਹੀ ਨਹੀਂ। ਐ ਸਰਾਫੋ! ਐ ਲੁਹਾਰੋ! ਐ ਸ਼ਹਿਰ! ਐ ਸਹਿਰਯਾਰ, ਰਾਤ ਦੇ ਮੱਥੇ ਕੋਈ ਸੂਰਜ ਉਕਰਦਾ ਹੀ ਨਹੀਂ। ਦੂਜਿਆਂ ਦੇ ਵਾਸਤੇ ਜੋ ਘਰ ਬਨਾਉਂਦੇ ਨੇ ਸਦਾ, ਬੇਘਰਾਂ ਦਾ ਜ਼ਿੰਦਗੀ ਭਰ ਘਰ ਉਸਰਦਾ ਹੀ ਨਹੀਂ। ਵਕਤ ਨੂੰ ਵਾਲਾਂ ਤੋਂ ਫੜ ਕੇ ਸੁੱਟ ਲੈਂਦਾ ਹੇਠ ਜੋ, ਵਕਤ ਕਾਹਿਲ ਤਾਂ ਓਸ ਉੱਥੇ ਹੱਥ ਉਠਾਰਦਾ ਹੀ ਨਹੀਂ। ਰਾਤ ਮੱਸਿਆ, ਰਾਤ ਪੁੰਨਿਆ, ਆ ਰਹੀ ਇਕ ਜਾ ਰਹੀ, ਸਾਬਕਾ ਮਾਸ਼ੂਕ ਤਾਂ ਮੇਰੀ ਉਮਰ ਦਾ ਹੀ ਨਹੀਂ।

ਗਲੀ ਚੰਗੀ ਨਹੀਂ ਲਗਦੀ

ਗਲੀ ਚੰਗੀ ਨਹੀਂ ਲਗਦੀ ਸ਼ਹਿਰ, ਚੰਗਾ ਨਹੀਂ ਲੱਗਦਾ। ਗ਼ਜ਼ਲ ਹੋਵੇ ਤਾਂ ਹੋਵੇ ਬੇ ਬਹਿਰ, ਚੰਗਾ ਨਹੀਂ ਲੱਗਦਾ। ਬਨਾਇਆ ਦੁਸ਼ਮਨਾਂ ਮੈਨੂੰ ਸਦਾ ਦੁਸ਼ਮਨ ਜਮਾਨੇ ਦਾ, ਮੁਹੱਜ਼ਬ ਦੋਸਤਾਂ ਦਾ ਇਹ ਕਹਿਰ, ਚੰਗਾ ਨਹੀਂ ਲਗਦਾ। ਮੇਰੀ ਬੁਨਿਆਦ ਵਿਚ ਦੋਸਤ ਕੁਝ ਸ਼ਾਮਿਲ ਹੈ ਬਰਬਾਦੀ, ਸੁਬਹ ਤੇ ਸ਼ਾਮ ਦੀ ਹੋਵੇ ਗਹਿਰ, ਚੰਗਾ ਨਹੀਂ ਲੱਗਦਾ। ਸ਼ਹਰ ਦੇ ਦੁਸ਼ਮਨਾਂ ਨੂੰ ਦੂਰ ਤੱਕ ਦੇਖੋ, ਸ਼ਹਰ ਯਾਰੋ, ਕਿਨਾਰੇ ਤੋੜ ਜਾਏ ਇਕ ਲਹਿਰ, ਚੰਗਾ ਨਹੀਂ ਲੱਗਦਾ। ਪਪੀਹੇ ਵਾਸਤੇ ਐ ਦੋਸਤ ਮੇਰੇ ਬੂੰਦ ਅੰਮ੍ਰਿਤ ਹੈ, ਭਲਾ ਕਿਸ ਨੂੰ ਮੁਹੱਬਤ ਦਾ ਜ਼ਹਿਰ, ਚੰਗਾ ਨਹੀਂ ਲਗਦਾ। ਭਲਾ ਹੋਵੇ ਕਿ ਸੂਰਜ ਰਾਤ ਭਰ ਸੁੱਤਾ ਰਹੇ ਯਾਰੋ, ਉਨੀਂਦੇ ਸ਼ਖਸ ਨੂੰ ਵੇਲਾ ਸ਼ਹਿਰ, ਚੰਗਾ ਨਹੀਂ ਲੱਗਦਾ।

ਹਰਫ਼ਾਂ ਨੂੰ ਇਸਤਿਆਰੇ

ਹਰਫ਼ਾਂ ਨੂੰ ਇਸਤਿਆਰੇ ਲਿਖ। ਦੁਸ਼ਮਨ ਨੂੰ ਵੀ ਪਿਆਰੇ ਲਿਖ। ਰਾਤਾਂ ਦੇ ਕਾਲੇ ਸਫਿਆਂ 'ਤੇ ਹਰਫ ਸੁਨਹਿਰੀ ਤਾਰੇ ਲਿਖ। ਜੋ ਸੂਰਜ ਨੂੰ ਰਾਤ ਕਹੇ ਉਸ ਜ਼ਾਲਮ ਦੇ ਬਾਰੇ ਲਿਖ। ਆਤਿਸ਼ ਨੂੰ ਲਿਖ ਆਤਸ਼ਬਾਜ਼ੀ ਸ਼ਬਨਮ ਨੂੰ ਅੰਗਾਰੇ ਲਿਖ। ਹਰਿਆਂ ਬਾਗਾਂ ਦੀ ਨਾ ਪੁੱਛ ਮਾਲੀ ਲੱਕੜਹਾਰੇ ਲਿਖ ਪਿਆਸੀ ਧਰਤੀ ਨੂੰ ਛੱਡ ਰਹੇ ਉਹ ਬੱਦਲ ਸਨ ਖਾਰੇ ਲਿਖ ਤਿਤਲੀ ਸੂਲਾਂ ਨਾਲ ਪਰੋ ਫੁੱਲਾਂ ਉਤੇ ਨਾਅਰੇ ਲਿਖ ਦੁਨੀਆਂ ਤੇ ਦੁਨੀਆਂ ਦੇ ਲੋਕ ਦਰਿਆ, ਮੌਜ ਕਿਨਾਰੇ ਲਿਖ ਤੇਰੇ ਮੇਰੇ ਘਰ ਜੋ ਆਉਂਦੇ ਉਹ ਪੰਛੀ ਹਰਕਾਰੇ ਲਿਖ।

ਜ਼ੁਲਮ ਕੀ ਹੈ

ਜ਼ੁਲਮ ਕੀ ਹੈ ਪਿਆਰ ਕੀ ਹੈ ਵੇਖੀਏ ਤਖਤ ਕੀ ਹੈ ਦਾਰ ਕੀ ਹੇ ਵੇਖੀਏ। ਜ਼ਿੰਦਗੀ ਜੋ ਮਿਸਰ ਦਾ ਬਾਜਾਰ ਹੈ ਮਿਸਰ ਦਾ ਬਾਜਾਰ ਕੀ ਹੈ ਵੇਖੀਏ। ਐ ਹਵਾਏ! ਤੇਜ ਸਾਡੇ ਨਾਲ ਚੱਲ ਆਪਣੀ ਰਫ਼ਤਾਰ ਕੀ ਹੈ ਵੇਖੀਏ। ਮੁੱਦਤਾਂ ਤੋਂ ਰਾਹ ਜੋ ਰੋਕੇ ਖੜ੍ਹੀ ਸਾਮਣੀ ਦੀਵਾਰ ਕੀ ਹੈ ਵੇਖੀਏ। ਸੱਚ ਨੇ ਭਾਵੇਂ ਸ਼ਹਾਦਤ ਪਾ ਲਈ, ਝੂਠ ਦਾ ਮੁਰਦਾਰ ਕੀ ਹੈ ਵੇਖੀਏ। ਲੰਘ ਆਏ ਥਲ ਸਮੁੰਦਰ ਤੇ ਪਹਾੜ ਹੋਰ ਆਖਿਰ ਕਾਰ ਕੀ ਹੈ ਵੇਖੀਏ। ਝੜ ਰਹੇ ਪੱਤੇ ਪੁਰਾਨੇ ਰੁੱਤ ਦੇ ਆ! ਨਵੀਂ ਗੁਲਜ਼ਾਰ ਕੀ ਹੈ ਵੇਖੀਏ।

ਖ਼ਾਬ ਜਲਵਾਗਰ ਨਹੀਂ

ਖ਼ਾਬ ਜਲਵਾਗਰ ਨਹੀਂ ਤਾਂ ਕੁਝ ਨਹੀਂ ਸ਼ੌਕ ਜੋਰਾਵਰ ਨਹੀਂ ਤਾਂ ਕੁਝ ਨਹੀਂ। ਤੇਰਿਆਂ ਪੈਰਾਂ 'ਚ ਜੋ ਜੰਜ਼ੀਰ ਹੈ ਇਹ ਅਗਰ ਝਾਂਜਰ ਨਹੀਂ ਤਾਂ ਕੁਝ ਨਹੀਂ। ਰਾਤ ਹੈ ਤਾਂ ਰਾਤ ਦਾ ਮਾਹੌਲ ਇਹ ਸ਼ਾਮ ਤੋਂ ਬਿਹਤਰ ਨਹੀਂ ਤਾਂ ਕੁਝ ਨਹੀਂ। ਹਰ ਤਰਫ਼ ਜੋ ਬੇਬਸਾਂ ਦੀ ਭੀੜ ਹੈ ਇਹ ਅਗਰ ਲਸ਼ਕਰ ਨਹੀਂ ਤਾਂ ਕੁਝ ਨਹੀਂ ਜੀਣ ਦਾ ਵੀ ਆਪਣਾ ਅੰਦਾਜ ਹੈ ਜਿੰਦਗੀ ਖੁਦਸਰ ਨਹੀਂ ਤਾਂ ਕੁਝ ਨਹੀਂ। ਧਰਤੀ ਭਾਵੇਂ ਆਪਣੀ ਹੈ ਦੋਸਤੋ ਆਪਣਾ ਅੰਬਰ ਨਹੀਂ ਤਾਂ ਕੁਝ ਨਹੀਂ। ਐ ਜ਼ਮਾਨਾਸਾਜ਼! ਸਾਲਾਂ ਸਾਲ ਜੀ ਆਪਣਾ ਜੇ ਘਰ ਨਹੀਂ ਤਾਂ ਕੁਝ ਨਹੀਂ। ਦਿਨ ਸਵਾ ਨੇਜ਼ੇ ਤੇ ਸੂਰਜ ਹੈ ਖੜਾ ਜੇ ਹੁਮਾਂ ਦੇ ਪਰ ਨਹੀਂ ਤਾਂ ਕੁਝ ਨਹੀਂ ਮੰਜ਼ਿਲਾਂ ਨਜਦੀਕ ਭਾਵੇਂ ਦੂਰ ਹੋਣ ਵਕਤ ਜੇ ਰਹਿਬਰ ਨਹੀਂ ਤਾਂ ਕੁਝ ਨਹੀਂ

ਇਹ ਪਤੰਗ ਹੈ

ਇਹ ਪਤੰਗ ਹੈ ਏਸ ਤੇ ਨਾ ਜ਼ੋਰ ਕੁਝ ਉਲਝਦੀ ਜਾਏ ਹਮੇਸ਼ਾ ਡੋਰ ਕੁਝ। ਵੇਖਣਾ ਚਾਹੁੰਦਾ ਹਾਂ ਮੈਂ ਤੇ ਹੋਰ ਕੁਝ। ਜ਼ਿੰਦਗੀ ਜਾਪੇ ਵਿਖਾਂਦੀ ਹੋਰ ਕੁਝ। ਕਿਸ ਤਰ੍ਹਾਂ ਦਾ ਸ਼ਹਿਰ ਹੈ ਇਹ ਦੋਸਤੋ। ਸਾਧੂਆਂ ਦੇ ਭੇਸ ਵਿਚ ਨੇ ਚੋਰ ਕੁਝ। ਕਿਸ ਤਰਫ਼ ਜਾਏ ਪਿਆਸੀ ਇਹ ਨਦੀ, ਹੈ ਵਹਾਓ ਤੇਜ਼ ਕੰਢੇ ਖ਼ੋਰ ਕੁਝ । ਮੈਂ ਉਜਾਲੇ ਵੱਲ ਕਾਹਦਾ ਪਰਤਿਆ, ਦੂਰ ਹੁੰਦੀ ਜਾ ਰਹੀ ਲਿਸ਼ਕੋਰ ਕੁਝ। ਬਾਗ ਜਿੱਥੇ ਨਾਗਿਣਾਂ ਦਾ ਵਾਸ ਹੈ, ਪੈਲ ਪਾਉਂਦੇ ਦਿਸ ਰਹੇ ਨੇ ਮੋਰ ਕੁਝ। ਕਿਸ ਤਰਫ ਲੈ ਜਾ ਰਹੀ ਹੈ ਜ਼ਿੰਦਗੀ, ਤੇਜ ਹੁੰਦੀ ਜਾ ਰਹੀ ਹੈ ਤੋਰ ਕੁਝ।

ਉੱਚੇ ਹੁੰਦੇ ਜਾਣ

ਉੱਚੇ ਹੁੰਦੇ ਜਾਣ, ਚੁਬਾਰੇ ਇਕ ਇਕ ਕਰਕੇ। ਨੀਵੇਂ ਹੁੰਦੇ ਜਾਂਦੇ ਢਾਰੇ, ਇਕ ਇਕ ਕਰਕੇ। ਇਸ ਧਰਤੀ ਦਾ ਤਨ, ਮਨ, ਧਨ ਸਭ ਵੇਚ ਰਹੇ, ਇਸ ਧਰਤੀ ਦੇ ਸਭ ਵਣਜਾਰੇ, ਇਕ ਇਕ ਕਰ ਕੇ। ਕੰਧਾਂ ਉੱਤੋਂ ਧੁੱਪ ਢਲੇ ਤਾਂ ਯਾਦ ਆਉਂਦੇ, ਪੰਛੀ ਤੇ ਪਰਦੇਸੀ ਪਿਆਰੇ, ਇਕ ਇਕ ਕਰ ਕੇ। ਮੈਂ ਸਾਗਰ 'ਚੋਂ ਸੁੱਚੇ ਮੋਤੀ ਭਾਲ ਰਿਹਾਂ, ਦਿਨ ਜੋ ਤੇਰੇ ਨਾਲ ਗੁਜ਼ਾਰੇ, ਇਕ ਇਕ ਕਰ ਕੇ। ਸਬਜ਼ ਹਨੇਰੇ, ਜ਼ਰਦ ਉਜਾਲੇ, ਖਾਬਾਂ ਦੇ, ਆਉਂਦੇ ਜਾਂਦੇ ਨਿੱਤ ਹਰਕਾਰੇ, ਇਕ ਇਕ ਕਰ ਕੇ। ਜੰਗਲ, ਪਰਬਤ, ਮਾਰੂਥਲ ਤੇ ਬੰਜਰ ਧਰਤੀ, ਕਿਸ ਨੇ ਮੇਰੇ ਐਬ ਚਿਤਾਰੇ, ਇਕ ਇਕ ਕਰ ਕੇ। ਮਾਲੀ ਤੇ ਅੱਯਾਲੀ ਖੁੱਲ ਕੇ ਖੇਡ ਰਹੇ, ਬਣ ਬੈਠੇ ਨੇ ਮਾਲਿਕ ਸਾਰੇ, ਇਕ ਇਕ ਕਰ ਕੇ। ਇਹ ਵੀ ਰਸਤਾ ਦੱਸਣ ਵਾਲੇ ਤਾਰੇ ਨੇ, ਤੂੰ ਜੇ ਮੈਨੂੰ ਪੱਥਰ ਮਾਰੇ, ਇਕ ਇਕ ਕਰ ਕੇ। ਏਸ ਵਰ੍ਹੇ ਬਰਸਾਤ ਅਨੋਖੀ ਆਈ ਹੈ, ਵਰ੍ਹਦੇ ਜਾਂਦੇ ਬੱਦਲ ਖ਼ਾਰੇ ਇਕ ਇਕ ਕਰ ਕੇ।

ਯਾਦਾਂ ਸਨ

ਯਾਦਾਂ ਸਨ ਤੇ ਦਿਲ ਦਫ਼ਤਰ ਸੀ। ਸੋਚਾਂ ਸਲ ਤੇ ਸੱਪ ਦਾ ਘਰ ਸੀ। ਲਹੂ ਲੁਹਾਨ ਤੇ ਮੈਂ ਹੋਇਆ ਸਾਂ, ਤੇਰਾ ਦਾਮਨ ਕਾਹਤੋਂ ਤਰ ਸੀ। ਚੰਗਾ ਹੁੰਦਾ ਜੇ ਮਰ ਜਾਂਦੇ, ਜ਼ਿੱਲਤ ਨਾਲੋਂ ਕੁਝ ਬਿਹਤਰ ਸੀ। ਮੇਰੇ ਲਹੂ ਨਹਾ ਕੇ ਨਿਕਲੀ, ਹਰ ਇਕ ਹਸਰਤ ਜ਼ੋਰਾਵਰ ਸੀ। ਸਿਰ ਤੇ ਰਾਤ ਹਿਜਰ ਦੀ ਲੈ ਕੇ, ਚੰਨ ਦਾ ਸੂਰਜ ਤੀਕ ਸਫਰ ਸੀ। ਅੱਜ ਮਿਲੇ ਤਾਂ ਮਿਲ ਕੇ ਰੋਏ, ਇਹ ਘਟ ਪਹਿਲੇ ਕਿਉਂ ਨਾ ਬਰਸੀ। ਤੇਰੇ ਨਾਲ ਜ਼ਮਾਨੇ ਬੀਤੇ, ਅਪਣਾ ਹਰ ਇਕ ਐਬ ਹੁਨਰ ਸੀ। ਸ਼ਹਿਰ-ਬਦਰ ਤੇ ਮੈਂ ਹੋਇਆ ਸੀ, ਮੇਰੇ ਕੋਲੋਂ ਕਾਹਦਾ ਡਰ ਸੀ।

ਦਰੀਦਾ ਜਿਸਮ

ਦਰੀਦਾ ਜਿਸਮ ਖੰਡਰ ਹੋ ਗਿਆ ਹੈ। ਸ਼ਹਿਰ ਦਾ ਸ਼ਹਿਰ ਬੇਘਰ ਹੋ ਗਿਆ ਹੈ। ਭਲਾ ਇਹ ਨੂਰ ਹੈ ਕਿ ਨਾਰ ਹੈ ਇਹ, ਮੇਰਾ ਸਾਇਆ ਮੁਨੱਵਰ ਹੋ ਗਿਆ ਹੈ। ਇਹ ਮੇਰੇ ਦਰਦ ਦੀ ਆਸੂਦਗੀ ਹੈ, ਕਿ ਮੇਰਾ ਹਾਲ ਬਿਹਤਰ ਹੋ ਗਿਆ ਹੈ। ਗ਼ਮਾਂ ਦੀ ਤੇਜ ਬਾਰਿਸ਼ ਦਾ ਅਸਰ ਹੈ, ਚਮਨ ਦਿਲ ਦਾ ਮੁਅੱਤਰ ਹੋ ਗਿਆ ਹੈ। ਸਿਤਾਰੇ ਜ਼ਰਦ ਹੁੰਦੇ ਜਾ ਰਹੇ ਨੇ, ਹਨੇਰਾ ਸਬਜ਼ ਚਾਦਰ ਹੋ ਗਿਆ ਹੈ। ਕਈ ਇਲਜ਼ਾਮ ਧਿਰ ਤੇ ਆ ਗਏ ਤਾਂ ਚੰਨ ਸੂਰਜ ਬਰਾਬਰ ਹੋ ਗਿਆ ਹੈ। ਬਹੁਤ ਮੁਸ਼ਕਿਲ ਹੈ ਗਿਰ ਗਿਰ ਕੇ ਸੰਭਲਣਾ, ਮਗਰ ਦਿਲ ਗੋਲ ਪੱਥਰ ਹੋ ਗਿਆ ਹੈ।

ਜਿਸਮ ਪੁਰਾਣੀ

ਜਿਸਮ ਪੁਰਾਣੀ ਇਕ ਚਾਦਰ ਹੈ। ਜਾਨ ਜਿਸਮ 'ਚੋਂ ਸ਼ਹਿਰ ਬ-ਦਰ ਹੈ। ਜਿਸ ਨੇ ਲਿਖਣ ਸਿਖਾਇਆ ਮੈਨੂੰ, ਤੇਰੇ ਨਾਂ ਪਹਿਲਾ ਅੱਖਰ। ਐ ਆਵਾਰਾ-ਗ਼ਰਦ ਹਵਾਏ ! ਤੇਰਾ ਘਰ ਹੁਣ ਮੇਰਾ ਘਰ ਹੈ। ਕਬਰਾਂ ਦੀ ਖਾਮੋਸ਼ੀ ਬੋਲੇ, ਬੋਲਣ ਨਾਲੋਂ ਚੁੱਪ ਬਿਹਤਰ ਹੈ। ਕਲ ਦਾ ਸੂਰਜ ਮੇਰਾ ਸੀ, ਚੰਨ ਹੁਮਾ ਦਾ ਟੁੱਟਿਆ ਪਰ ਹੈ। ਓ ਦੁਨੀਆਂ ਦੇ ਭਟਕਣ-ਹਾਰੇ, ਤੇਰਾ ਘਰ ਤੇ ਅਮ੍ਰਿਤਸਰ ਹੈ। ਮਿੱਟੀ ਵਿੱਚ ਮਿੱਟੀ ਦੀ ਰਚਨਾ, ਮਿੱਟੀ ਨੂੰ ਮਿੱਟੀ ਦਾ ਵਰ ਹੈ। ਰਾਤਾਂ 'ਚੋਂ ਬੇਖ਼ਾਬ ਗੁਜ਼ਰਨਾ, ਸਾਵਨ ਰੁੱਤ ਦਾ ਖੁਸ਼ਕ ਸਫਰ ਹੈ। ਜਿਸ ਦਾ ਹੁਨਰ ਪਸੰਦ ਨ ਆਏ, ਦਿਲ ਵੀ ਕੈਸਾ ਕਾਰੀਗਰ ਹੈ।

ਜਮਾਨੇ ਦੀ ਰਿਆਕਾਰੀ

ਜਮਾਨੇ ਦੀ ਰਿਆਕਾਰੀ ਬਹੁਤ ਹੈ। ਮੁਹੱਬਤ ਵਿਚ ਅਦਾਕਾਰੀ ਬਹੁਤ ਹੈ। ਹਿਜਰ ਦੀ ਰਾਤ ਹੈ ਭਾਰੀ ਬਹੁਤ ਹੈ। ਮਗਰ ਇਕ ਜ਼ਖ਼ਮ ਵੀ ਕਾਰੀ ਬਹੁਤ ਹੈ। ਖ਼ਲਕ ਦਾ ਗ਼ਮ ਹੈ ਯਾ ਫਿਰ ਕੁਝ ਆਪਣਾ ਗ਼ਮ, ਇਹ ਗ਼ਮ ਹੈ ਤਾਂ ਰਵਾਦਾਰੀ ਬਹੁਤ ਹੈ। ਜ਼ਰੂਰਤ ਦਾ ਬਦਲ ਹੁਣ ਦੋਸਤੀ ਹੈ, ਨਹੀਂ ਤਾਂ ਨਾਜ਼ ਬਰਦਾਰੀ ਬਹੁਤ ਹੈ। ਪਰਿੰਦੇ ਜਾਲ ਫਾਂਸੀ ਦਾ ਉਡਾਂਦੇ, ਸੁਲਗ ਉੱਠੇ ਤਾਂ ਚਿੰਗਾਰੀ ਬਹੁਤ ਹੈ। ਮੇਰੀ ਬੁਨਿਆਦ ਹੈ ਮੇਰੀ ਖਰਾਬੀ, ਬਲਾ ਇਹ ਜਾਨ ਤੋਂ ਪਿਆਰੀ ਬਹੁਤ ਹੈ। ਪਰਾਏ ਹੋ ਕੇ ਵੀ ਕੁਝ ਆਪਣੇ ਹੋ, ਚਲੋ ਏਨੀ ਤਰਫਦਾਰੀ ਬਹੁਤ ਹੈ।

ਯਾਰਾਂ ਨੂੰ ਸੰਸਾਰ

ਯਾਰਾਂ ਨੂੰ ਸੰਸਾਰ ਕਹੋ, ਗ਼ੈਰਾਂ ਨੂੰ ਅੱਯਾਰ ਕਹੋ। ਰਾਤਾਂ ਨੂੰ ਕਹਿ ਮੁਜ਼ਰਿਮ ਪੇਸ਼ਾ, ਸੂਰਜ ਨੂੰ ਦਰਬਾਰ ਕਹੋ। ਰੁੱਤ ਸਲੀਬਾਂ ਦੀ ਆਈ ਹੈ, ਇਸ ਰੁੱਤ ਨੂੰ ਗੁਲਜ਼ਾਰ ਕਹੋ। ਹਿੰਮਤ ਹੈ ਤਾਂ ਜਾਨ ਬਚਾ ਕੇ, ਨੂਰ ਕਹੋ ਯਾ ਨਾਰ ਕਹੋ। ਰਾਤ ਹਿਜਰ ਦੀ ਜਾਗਣ ਤਾਰੇ, ਊਂਘਣ ਤਾਂ ਬੀਮਾਰ ਕਹੋ। ਜੋ ਹਸਰਤ ਨਾ ਪੂਰੀ ਹੋਵੇ, ਉਸ ਨੂੰ ਖੁਦ-ਮੁਖਤਾਰ ਕਹੋ। ਦੁਨੀਆਂ ਦਾ ਦਸਤੂਰ ਹੈ ਪਿਆਰੇ, ਹਿਰਸ ਹਵਸ ਨੂੰ ਪਿਆਰ ਕਹੋ।

ਚਲੋ ਇੱਕ ਵਾਰ

ਚਲੋ ਇੱਕ ਵਾਰ ਫਿਰ ਤੋਂ ਪਿਆਰ ਕਰ ਕੇ ਵੇਖ ਲੈਂਦੇ ਹਾਂ। ਅਗਰ ਮੰਝਧਾਰ ਹੈ ਤਾਂ ਪਾਰ ਕਰ ਕੇ ਵੇਖ ਲੈਂਦੇ ਹਾਂ। ਮੁਹੱਬਤ ਜ਼ਿੰਦਗੀ ਹੈ ਤਾਂ ਘੜੀ ਪਲ ਜ਼ਿੰਦਗੀ ਖ਼ਾਤਿਰ, ਤਮਾਸ਼ਾ ਇਹ ਵੀ ਆਖਿਰਕਾਰ ਕਰ ਕੇ ਵੇਖ ਲੈਂਦੇ ਹਾਂ। ਦਿਲਾਂ ਦੇ ਸ਼ੀਸ਼ਿਆਂ ਦੇ ਵਾਸਤੇ ਪੱਥਰ ਨਹੀਂ ਮਿਲਦਾ, ਮਸੀਹਾ ਹੈ ਤਾਂ ਫਿਰ ਦੀਦਾਰ ਕਰਕੇ ਵੇਖ ਲੈਂਦੇ ਹਾਂ। ਜ਼ਮਾਨਾ ਸਾਜ਼ ਹੈ ਤਾਂ ਸਾਮਣੇ ਆਏ ਜ਼ਮਾਨੇ ਦੇ, ਜ਼ਰਾ ਉਸ ਨਾਲ ਵੀ ਦੋ ਚਾਰ ਕਰਕੇ ਵੇਖ ਲੈਂਦੇ ਹਾਂ। ਬਖੂਬੀ ਜਾਣਦੇ ਹਾਂ ਉਸ ਦੀ ਝੂਠੀ ਕਹਾਣੀ ਵੀ, ਮਗਰ ਫਿਰ ਉਸ ਤੇ ਇਤਬਾਰ ਕਰ ਕੇ ਵੇਖ ਲੈਂਦੇ ਹਾਂ। ਅਗਰ ਇਹ ਨਾਗ ਹੈ ਤਾਂ ਨਾਗ ਵੀ ਤਾਂ ਦੇਵਤਾ ਹੀ ਹੈ, ਮੁਸੀਬਤ ਨੂੰ ਗਲੇ ਦਾ ਹਾਰ ਕਰ ਕੇ ਵੇਖ ਲੈਂਦੇ ਹਾਂ। ਭਲਾ ਪਾਣੀ ਤੇ ਸੋਟਾ ਮਾਰਿਆਂ ਪਾਣੀ ਜੁਦਾ ਹੁੰਦੈ! ਅਗਰ ਇਹ ਸੱਚ ਹੈ ਤਾਂ ਵਾਰ ਕਰ ਕੇ ਵੇਖ ਲੈਂਦੇ ਹਾਂ। ਕਹੋ ਤਾਂ ਸਾਬਕਾ ਮਾਸ਼ੂਕ ਨੂੰ ਇਕ ਇਲਤਿਜ਼ਾ ਕਰੀਏ, ਕਹੋ ਤਾਂ ਪਿਆਰ ਦਾ ਇਜ਼ਹਾਰ ਕਰਕੇ ਵੇਖ ਲੈਦੇ ਹਾਂ।

ਜਿੰਦਗੀ ਹਮਵਾਰ ਹੈ

ਜਿੰਦਗੀ ਹਮਵਾਰ ਹੈ ਤਾਂ ਠੀਕ ਹੈ। ਆਪਣਾ ਸੰਸਾਰ ਹੈ ਤਾਂ ਠੀਕ ਹੈ। ਫਿਕਰ ਨੇ ਸਿਰ ਤੇ ਮੜਾਸਾ ਕਰ ਲਿਆ, ਇਹ ਅਗਰ ਦਸਤਾਰ ਹੈ ਤਾਂ ਠੀਕ ਹੈ। ਹਰ ਕਿਸੇ ਨੂੰ ਕੁਝ ਨਾ ਕੁਝ ਤਾਂ ਹੈ ਅਜੀਜ਼, ਇਹ ਬਲਾ ਜੇ ਪਿਆਰ ਹੈ ਤਾਂ ਠੀਕ ਹੈ। ਸੂਲ ਤੇ ਬੈਠੀ ਹੈ ਤਿੱਤਲੀ ਪਿਆਰ ਦੀ, ਪਿਆਰ ਜੇ ਵੰਗਾਰ ਹੈ ਤਾਂ ਠੀਕ ਹੈ। ਇਸ ਲੁਹਾਰਾਂ ਸ਼ਹਿਰ ਵਿਚ ਐ ਦੋਸਤੋ ! ਇਕ ਸਰਾਫਾ ਯਾਰ ਹੈ ਤਾਂ ਠੀਕ ਹੈ। ਬੇਹਿਸੀ ਯਾਰੋ ਸਰਾਸਰ ਮੌਤ ਹੈ, ਨੂਰ ਹੀ ਜੇ ਨਾਰ ਹੈ ਤਾਂ ਠੀਕ ਹੈ। ਜਿਸਮ ਦੀਪਕ ਰਾਗ ਭਾਵੇਂ ਗਾ ਰਿਹਾ, ਰੂਹ ਜੇ ਮਲਹਾਰ ਹੈ ਤਾਂ ਠੀਕ ਹੈ। ਐ ਮੁਹਿੰਮ ਬਾਜ਼ੋ ! ਜ਼ਰਾ ਹੁਸ਼ਿਆਰ ਹੁਣ ਜ਼ਿੰਦਗੀ ਦਰਕਾਰ ਹੈ ਤਾਂ ਠੀਕ ਹੈ।

ਸ਼ਹਿਰ ਸ਼ਹਿਰ 'ਚ

ਸ਼ਹਿਰ ਸ਼ਹਿਰ 'ਚ ਉਹ ਅਕਸਰ ਤਲਾਸ਼ ਕਰਦਾ ਹੈ। ਅਜੀਬ ਸ਼ਖਸ ਹੈ ਜੋ ਘਰ ਤਲਾਸ਼ ਕਰਦਾ ਹੈ। ਹੈ ਵਕਤ ਬਾਬਰੀ ਮਸਜਿਦ ਕਦੇ ਉਹ ਮੰਦਿਰ ਹੈ, ਇਹ ਕੌਣ ਵਕਤ ਦੇ ਖੰਡਰ ਤਲਾਸ਼ ਕਰਦਾ ਹੈ। ਹਰੇਕ ਸ਼ਖਸ 'ਚੋਂ ਇਕ ਦੂਸਰਾ ਹੀ ਸ਼ਖਸ ਮਿਲੇ, ਜ਼ਮੀਨ ਹੋ ਕੇ ਵੀ ਅੰਬਰ ਤਲਾਸ਼ ਕਰਦਾ ਹੈ। ਇਹ ਜ਼ਿੰਦਗੀ ਹੈ ਕਿ ਸਾਦਾ ਪਿਆਦਾ ਚਾਲ ਹੈ ਇਹ, ਕਿ ਬਾਦਸ਼ਾਹ ਨੂੰ ਲਸ਼ਕਰ ਤਲਾਸ਼ ਕਰਦਾ ਹੈ। ਇਹ ਵਕਤ ਵਕਤ ਹੈ ਇਸ ਨਾਲ ਬੇਲਿਹਾਜ਼ ਨ ਹੋ, ਇਹ ਪੱਥਰਾਂ 'ਚੋਂ ਜਵਾਹਰ ਤਲਾਸ਼ ਕਰਦਾ ਹੈ। ਤਲਾਸ਼ ਆਪਣੀ ਇਕ ਦੂਸਰੇ 'ਚੋਂ ਬਿਹਤਰ ਹੈ, ਕੋਈ ਸਲੀਮ 'ਚੋਂ ਅਕਬਰ ਤਲਾਸ਼ ਕਰਦਾ ਹੈ। ਖ਼ੁਦਾ ਕਦੇ ਕਿ ਇਹ ਕੋਈ ਜ਼ਮੂਦ ਤੋੜ ਸਕੇ, ਇਹ ਬੁੱਤਸ਼ਿਕਨ ਹੈ ਕਿ ਬੁੱਤਗਰ ਤਲਾਸ਼ ਕਰਦਾ ਹੈ।

ਉਦਾਸ ਦਿਲ ਨੇ

ਉਦਾਸ ਦਿਲ ਨੇ ਬਹੁਤ ਹੀ ਉਦਾਸ ਦੀਵਾਨੇ, ਨਾ ਆਪਣੇ ਹੀ ਰਹੇ ਆਪਣੇ ਨਾ ਬੇਗਾਨੇ । ਤੇਰੇ ਬਗ਼ੈਰ ਮੈਂ ਜਿੰਦਾ ਰਿਹਾ ਮਗਰ ਕੈਸਾ, ਮੇਰਾ ਵਜੂਦ ਨਾ ਕੀਤਾ ਕਬੂਲ ਦੁਨੀਆਂ ਨੇ। ਜੇ ਸੁਰਖ਼ਬਾਗ ਹੈ ਦਿਲ ਤਾਂ ਬਹਾਰ ਆਏਗੀ, ਐ ਸਬਜ਼ਬਾਗ ਮਹਿਕ ਜਾਣਗੇ ਇਹ ਵੀਰਾਨੇ। ਮੇਰਾ ਵਜੂਦ ਇਹ ਮੰਦਿਰ ਕਦੇ ਇਹ ਮਸਜਿਦ ਹੈ, ਮੇਰਾ ਵਜੂਦ ਕਿ ਤਹਿਖਾਨਿਆਂ 'ਚ ਤਹਿਖਾਨੇ ਹੈ। ਲਹੂ ਲਹੂ ਹੈ ਲਹੂ ਨੂੰ ਲਹੂ ਪੁਕਾਰੇਗਾ, ਜਦੋਂ ਬੁਲਾਓ ਗੇ ਆ ਜਾਣ ਗੇ ਫਿਰ ਮਸਤਾਨੇ। ਸ਼ਮ੍ਹਾਂ ਸ਼ਮ੍ਹਾਂ ਹੈ ਇਹ ਰੌਸ਼ਨ ਜਰੂਰ ਹੋਵੇਗੀ, ਬੇਇਖਤਿਆਰ ਹੀ ਸੜ ਜਾਣਗੇ ਇਹ ਪਰਵਾਨੇ। ਵਤਨਪ੍ਰਸਤ ਦੁਨੀਆਂ ਵਤਨਪ੍ਰਸਤ ਹੈਂ ਤੂੰ, ਪਰਤ ਵੀ ਆ ਐ ਮੁਹਾਜਿਰ, ਅਦੀਬ ਐ ਦਾਨੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਭਾਸ਼ ਕਲਾਕਾਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ