Gurbhajan Singh Gill
ਗੁਰਭਜਨ ਸਿੰਘ ਗਿੱਲ

Punjabi Kavita
  

Sooraj Tikka Gurbhajan Singh Gill

ਸੂਰਜ ਟਿੱਕਾ: ਗੁਰਭਜਨ ਗਿੱਲਕਿਤੇ ਨਹੀਂ ਜਾਵੇਗਾ ਖੱਯਾਮ

ਮਿੱਟੀ ਕਿਰੀ ਹੈ ਕਬਰ ਵੱਲ ਖਿਸਕੀ ਹੈ ਕਿਤੇ ਨਹੀਂ ਜਾਵੇਗਾ ਖੱਯਾਮ। ਸੁਰਾਂ ਤਰੰਗਾਂ ਜ਼ਿੰਦਗੀ ਦੇ ਸਗਲ ਰੰਗਾਂ ਨੂੰ ਕੁਰਤੇ ਦੀ ਵੱਖੀ ਵਾਲੀ ਜੇਬ ਚ ਪਾ ਇੱਥੇ ਹੀ ਕਿਤੇ ਅੱਗੇ ਪਿੱਛੇ ਹੋ ਗਿਆ ਹੋਵੇਗਾ। ਕਿਤੇ ਨਹੀਂ ਜਾਂਦਾ ਸੁਰਾਂਗਲਾ ਅੰਬਰ। ਕਦੀ ਅਲਵਿਦਾ ਨਾ ਆਖਿਉ! ਸਾਜ਼ਾਂ ਨੂੰ ਆਵਾਜ਼ਾਂ ਵਿੱਚ ਘੋਲ ਰਿਹਾ ਹੋਵੇਗਾ ਕਿਤੇ ਇਕਾਂਤ ਚ ਪੌਣਾਂ ਨੂੰ ਕਹਿ ਰਿਹਾ ਹੋਵੇਗਾ ਮੇਰਾ ਗੀਤ ਬਣ ਜਾਉ! ਸਾਹਿਰ ਦੀਆਂ ਦਰਦੀਲੀਆਂ ਗ਼ਜ਼ਲਾਂ, ਗੀਤਾਂ ਨੂੰ ਸ੍ਵਰ ਬੱਧ ਕਰ ਰਿਹਾ ਹੋਵੇਗਾ। ਕਿਤੇ ਨਹੀਂ ਗਿਆ ਖੱਯਾਮ। ਇਥੇ ਹੀ ਕਿਤੇ ਮੌਤ ਨੂੰ ਕਹਿ ਰਿਹਾ ਹੋਵੇਗਾ ਜਾਹ ਕਿਤੇ ਹੋਰ ਮੈਂ ਤੇਰਾ ਸ਼ਿਕਾਰ ਨਹੀਂ ਹੋਣਾ। ਵਿਸ਼ਾਲ ਸਾਗਰ ਦੀ ਤਲਾਸ਼ੀ ਲੈਣੀ ਪਵੇਗੀ ਧੁਰ ਤੀਕ ਅੰਬਰ ਗਾਹੁਣਾ ਪਵੇਗਾ ਤਾਰਾ ਦਰ ਤਾਰਾ ਚੰਦਰਮਾ ਸਮੇਤ ਸੂਰਜ ਨੂੰ ਫ਼ੋਲਣਾ ਪਵੇਗਾ ਸਮੂਲਚਾ ਪੌਣਾਂ ਕਸ਼ੀਦ ਸਕਦੀ ਹੈਂ ਤਾਂ ਮੈਨੂੰ ਵੀ ਲੱਭ ਸਕਦੀ ਹੈਂ? ਮੈਂ ਤਾਂ ਫ਼ੈਜ਼ ਦੀ ਕਵਿਤਾ ਵਾਂਗ ਬੰਧਨ ਮੁਕਤ ਹਾਂ ਵਕਤ ਦੇ ਹਰ ਸੰਗ ਸੰਗਲ ਤੋਂ ਚਾਰ ਦੀਵਾਰੀ ਚ ਘਿਰਿਆ ਮੈਂ ਨਹੀਂ ਹਾਂ ਕਿਸੇ ਮਕਾਨ ਵਾਂਗ। ਮੈਂ ਤਾਂ ਘਰ ਹਾਂ ਬਿਨ ਦੀਵਾਰ ਰੰਗ . ਜ਼ਾਤ , ਨਸਲ, ਵਤਨੋਂ ਬੇਵਤਨ ਸ਼ਰਬਤ ਚ ਘੁਲਿਆ ਸਵਾਦ ਹਾਂ ਨਾ ਮੈਂ ਅੰਤ ਨਾ ਆਦਿ ਹਾਂ ਅਨੰਤ ਵਿਸਮਾਦ ਹਾਂ ਸੁਣ ਸਕੇਂ ਤਾਂ ਅਨਹਦ ਨਾਦ ਹਾਂ ਕਿਤੇ ਨਹੀਂ ਜਾਵਾਂਗਾ ਤੇਰੇ ਨਾਲ। ਸਾਹਾਂ ਦੀ ਸਰਗਮ ਚ ਰਹਾਂਗਾ ਜਿੱਥੇ ਮੇਰਾ ਪੱਕਾ ਕਿਆਮ ਹੈ ਭੁੱਲੀਂ ਨਾ ਕਦੇ ਮੇਰਾ ਨਾਮ ਖੱਯਾਮ ਹੈ। ਰਿਸ਼ਤਿਆਂ ਨਾਤਿਆਂ ਦੀ ਜੂਹੋਂ ਪਾਰ ਮੇਰਾ ਬਹੁਤ ਵਚਿੱਤਰ ਅਜਬ ਸੰਸਾਰ ਦਰਵੇਸ਼ਾਂ ਵਾਂਗ ਦਰਦ ਕਹਿੰਦਾ ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹਾ ਮੇਰਾ ਯਾਰ। ਅੰਬਰ ਦੇ ਸਤਰੰਗੇ ਮੇਲੇ ਚ ਅਠਵਾਂ ਰੰਗ ਮੈਂ ਬਣਾਂਗਾ। ਕਹਿ ਗਿਆ ਹੈ ਜਾਣ ਲੱਗਾ ਖੱਯਾਮ। ਰਤਾ ਕੁ ਸੁਸਤਾਵਾਂਗਾ ਲੱਕ ਸਿੱਧਾ ਕਰਕੇ ਪਰਤ ਆਵਾਂਗਾ ਪਰ ਮੇਰੇ ਜੋਗੀ ਜ਼ੀਨ ਸਲਾਮਤ ਰੱਖਿਓ ਮੈਂ ਸਰਦਾਰਨੀ ਜਗਜੀਤ ਕੌਰ ਨਾਲ ਉਮਰ ਗੁਜ਼ਾਰੀ ਹੈ ਫੁੱਲ ਚ ਖ਼ੁਸ਼ਬੋਈ ਵਾਂਗ! ਮੈਨੂੰ ਵੱਖ ਨਾ ਕਰਿਉ। ਫ਼ਰੀਦ, ਕਬੀਰ ਤੇ ਨਾਮਦੇਵ ਵਾਂਗ ਮੈਂ ਤੁਹਾਨੂੰ ਮਿਲਣ ਆਵਾਂਗਾ ਬਾਰ ਬਾਰ ਓਨੀ ਵਾਰ ਜਦ ਤੀਕ ਤੁਹਾਨੂੰ ਜਿਸਮਾਂ ਚੋਂ ਇਨਸਾਨ ਲੱਭਣ ਦੀ ਜਾਚ ਨਹੀਂ ਆਉਂਦੀ। ਕਿਤੇ ਨਹੀਂ ਗਿਆ ਖੱਯਾਮ। ਇਥੇ ਹੀ ਕਿਤੇ ਗੁਲਜ਼ਾਰ ਜਾਂ ਜਾਵੇਦ ਅਖ਼ਤਰ ਦੇ ਸ਼ਬਦਾਂ ਚੋਂ ਸੁਰਵੰਤੇ ਅਰਥਾਂ ਦੀ ਤਲਾਸ਼ ਕਰ ਰਿਹਾ ਹੋਵੇਗਾ ਕਿਤੇ ਨਹੀਂ ਗਿਆ ਖੱਯਾਮ।

ਪਤਾ ਰੱਖਿਆ ਕਰੋ

ਸੂਰਜ ਕਿੱਧਰੋਂ ਚੜ੍ਹਦਾ ਹੈ, ਕਿੱਧਰ ਨੂੰ ਡੁੱਬਣ ਜਾਂਦਾ ਹੈ, ਪਤਾ ਰੱਖਿਆ ਕਰੋ। ਰੰਗ ਦੀਆਂ ਡੱਬੀਆਂ ਲੈ ਕੇ ਸਿਰਫ਼ ਮਹਿਲਾਂ ਦੀਆਂ ਕੰਧਾਂ ਹੀ ਪੋਚਦਾ ਵੱਡਿਆਂ ਘਰਾਂ ਦੇ ਵਿਹੜੇ ਚ ਸੁਰਖ਼, ਪੀਲੇ , ਨੀਲੇ, ਤੇ ਹੋਰ ਰੰਗਾਂ ਦੇ ਗੁਲਾਬ ਖਿੜਾਉਂਦਾ ਹੈ। ਕੱਚੇ ਘਰਾਂ ਕੁੱਲੀਆਂ ਦਾ ਮੂੰਹ ਚਿੜਾਉਂਦਾ ਹੈ। ਕਦੇ ਕੱਚੇ ਵਿਹੜੇ ਪੈਰ ਕਿਉਂ ਨਹੀਂ ਪਾਉਂਦਾ। ਪਤਾ ਰੱਖਿਆ ਕਰੋ। ਤਿੱਖੜ ਦੁਪਹਿਰੇ ਤਾਂਬੇ ਵਾਂਗ ਤਪਦਾ ਜਿੱਥੇ ਜਿਸਮ ਸੁੱਕਦੀ ਹੈ ਅੰਦਰ ਬਚੀ ਹੋਈ ਥੋੜੀ ਬਹੁਤੀ ਰੱਤ ਮੁੜ੍ਹਕਾ ਪੂੰਝਦਿਆਂ ਮਾਰੀ ਜਾਂਦੀ ਹੈ ਮੱਤ ਤੇਜ਼ ਤਰਾਰ ਕਿਰਨਾਂ ਮਜ਼ਾਕ ਕਰਦੀਆਂ ਆਸਾਂ ਉਮੀਦਾ ਤੜਪ ਤੜਪ ਮਰਦੀਆਂ ਕੁੰਗੜ ਜਾਂਦਾ ਹੈ ਜਿੱਥੇ ਵਜੂਦ ਜਦ ਆਉਣ ਸਰਦੀਆਂ ਨੰਗ ਧੜੰਗਿਆਂ ਤੇ ਕੀ ਬੀਤਦੀ ਹੈ। ਪਤਾ ਰੱਖਿਆ ਕਰੋ। ਸਾਡੇ ਹੁੰਦਿਆਂ ਏ ਬੀ ਸੀ ਖਾ ਚੱਲੀ ਹੈ ਸਿਖਰ ਦੁਪਹਿਰੇ ਊੜੇ ਤੇ ਜੂੜੇ। ਪਾਠਸ਼ਾਲਾ ਦੀਆਂ ਛੱਤਾਂ ਨੂੰ ਉਡਾ ਕੇ ਲੈ ਚੱਲਿਐ ਟਾਈ ਬੈਲਟ ਵਾਲਾ ਤੂਫ਼ਾਨ ਜੁਗਾਲੀ ਕਰਦਾ ਚਿੰਗਮ -ਗਿਆਨ ਹਸਪਤਾਲਾਂ ਚੋਂ ਇਲਾਜ ਨਹੀਂ, ਮਰਨ ਦੇ ਪਰਮਾਣ ਪੱਤਰ ਮਿਲਦੇ ਨੇ। ਕੌਣ ਲੈ ਗਿਆ ਸਾਡੇ ਨੈਣ ਪਰਾਣ। ਪਤਾ ਰੱਖਿਆ ਕਰੋ। ਗੀਤ ਸੰਗੀਤ ਵਿੱਚ ਕਾਂਜੀ ਕੌਣ ਘੋਲਦਾ ਸੁਰਾਂ ਨੂੰ ਸੂਰਾਂ ਵਾਂਗ ਕੌਣ ਮਧੋਲਦਾ। ਸ਼ਬਦ ਸਭਿਆਚਾਰ ਚੋਂ ਆਚਾਰ ਜ਼ਿੰਦਗੀ ਦੇ ਹਰ ਟੋਟੇ ਚੋਂ ਕਿਰਦਾਰ ਸਾਂਝੇ ਜੀਣ ਮਰਨ ਦਾ ਵਿਹਾਰ ਕਿਸ ਅਜਗਰ ਦੀ ਫੂਕ ਨਾਲ ਸਵਾਹ ਹੋਇਆ, ਪਤਾ ਰੱਖਿਆ ਕਰੋ। ਫੁਲਕਾਰੀਆਂ ਨੂੰ ਪਾੜ ਕੇ ਚੜ੍ਹਦੇ ਸਿਆਲ ਡੰਗਰਾਂ ਦੀਆਂ ਝੁੱਲਾਂ ਬਣ ਚੱਲੀਆਂ ਹਨ। ਨਿੱਕੀ ਸੂਈ ਨਾਲ ਵੱਟਵਾਂ ਧਾਗਾ ਪਾਉਂਦੀ ਗੁੱਡੋ ਦੇ ਹੱਥ ਕੈਂਚੀ? ਕੌਣ ਫੜਾ ਗਿਆ ? ਵਿਆਹ ਸ਼ਾਦੀ ਦੇ ਮੰਡਪ ਵਿੱਚ ਬਾਰਾਤ ਦੀਆਂ ਰੰਗ ਬਰੰਗੀਆਂ ਦਸਤਾਰਾਂ ਕੌਣ ਕਹਿੰਦਾ ਹੈ ਹੁਣ ਫੌਜੀ ਪਰੇਡ ਵਰਗੀਆਂ ਕਰੋ। ਬਹੁਤ ਹੋ ਗਿਆ ਤੁਹਾਡਾ ਰੰਗ ਰੰਗ ਖੇਡਣਾ। ਗੁਲਾਬ ਚੋਂ ਸੁਰਖ ਰੰਗ ਖ਼ਾਰਜ ਕਰੋ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੀਕ ਕਿਵੇਂ ਭਾਰਤ ਏਕ ਹੋਣ ਵਾਲਾ ਹੈ? ਪਤਾ ਰੱਖਿਆ ਕਰੋ। ਇੱਕ ਵਿਧਾਨ ਇੱਕ ਜ਼ਬਾਨ ਇੱਕ ਨਿਸ਼ਾਨ ਇੱਕ ਕਮਾਨ ਸਮਝੇ ਹੁਣ ਇਨਸਾਨ ਹਵਾਵਾਂ ਬਦਲ ਗਈਆਂ ਨੇ ! ਜੀਭ ਨੂੰ ਹੁਣ ਪਤਾ ਲੱਗੂ ਕਿ ਬੱਤੀ ਦੰਦਾਂ ਵਿੱਚ ਕਿਵੇਂ ਰਹੀਦੈ। ਬਹੁਤ ਹੋ ਗਿਆ ਮਨ ਮਰਜ਼ੀ ਦੇ ਬੋਲਾਂ ਦਾ ਨਾਚ। ਸਾਡਾ ਹੀ ਲਿਖਿਆ ਪੜ੍ਹਨਾ ਪਵੇਗਾ। ਸਾਰਾ ਸਿਲੇਬਸ ਬਦਲ ਗਿਆ ਹੈ ਪਤਾ ਰੱਖਿਆ ਕਰੋ। ਲਾਲ ਕਿਲ੍ਹੇ ਦੀ ਫ਼ਸੀਲ ਤੋਂ ਹੰਕਾਰ ਸਿਰ ਚੜ੍ਹ ਕਿਉਂ ਬੋਲਦਾ ਹੈ। ਸਾਬਤ ਕਦਮਾਂ ਦਾ ਈਮਾਨ ਕਿਉਂ ਡੋਲਦਾ ਹੈ? ਕੌਣ ਦੱਸਦੈ ਕਿ ਭੁੱਲ ਜਾਉ! ਕਿ ਮੁਲਕ ਸਿਰਫ਼ ਜਮੈਟਰੀ ਬਕਸ ‘ਚੋਂ ਕੱਢੀ ਪਰਕਾਰ ਦਾ ਵਾਹਿਆ ਨਕਸ਼ਾ ਹੀ ਹੁੰਦਾ ਹੈ। ਬਦਲ ਸਕਦੀਆਂ ਹਨ ਗਲੋਬ ਦੀਆਂ ਫਾੜੀਆਂ । ਮੁਲਕ ਵਿੱਚ ਹੋਰ ਬਹੁਤ ਕੁਝ ਹੁੰਦਾ ਹੈ। ਜਿਵੇਂ ਫੁੱਲਾਂ ਚ ਰੰਗ ਤੇ ਮਹਿਕ ਅਨਾਰ ਦਾਣਿਆਂ ਚ ਰਸ ਜੀਆ ਜੰਤ ਚ ਵਿਸਾਹ ਵਿਸ਼ਵਾਸ ਹੱਦਾਂ ਸਰਹੱਦਾਂ ਚ ਰਹਿ ਕੇ ਵੀ ਵਰਤੋਂ ਭਾਜੀ ਦਾ ਵਿਸਥਾਰ। ਕਦੋਂ ਤੇ ਕਿਉਂ ਜੰਗ ਚ ਬਦਲਦਾ ਹੈ, ਪਤਾ ਰੱਖਿਆ ਕਰੋ। ਧੀਮੀ ਰਫ਼ਤਾਰ ਚ ਧੜਕਦਾ ਦਿਲ ਛਲਣੀ ਫੇਫੜਿਆਂ ਚ ਜੰਮਿਆ ਗਰਦ ਗੁਬਾਰ ਗੁਰਦਿਆਂ ਚ ਜਮ੍ਹਾਂ ਹੋਇਆ ਕਚਰਾ ਤੇ ਹੋਰ ਬਹੁਤ ਕੁਝ ਐਸਾ ਹੁੰਦਿਆਂ ਜੇ ਕੋਈ ਤੁਹਾਨੂੰ ਚਮੜੀ ਵਾਲੇ ਵੈਦ ਵੱਲ ਤੋਰਦਾ ਹੈ ਤਾਂ ਉਸ ਦੀ ਅੱਖ ਵਿਚਲੇ ਟੀਰ ਨੂੰ ਜਾਣੋ ਤੇ ਪਛਾਣੋ। ਰਾਹੋਂ ਕੁਰਾਹੇ ਕਿਉਂ ਪਾਉਂਦਾ ਹੈ, ਪਤਾ ਰੱਖਿਆ ਕਰੋ। ਮੌਸਮ ਦਾ ਹਾਲ ਦੱਸਣ ਵਾਲਿਆਂ ਨੂੰ ਪੁੱਛੋ ਤਾਂ ਸਹੀ ਸਮੁੰਦਰ ਵਾਂਗ ਜਵਾਰਭਾਟਾ ਕਦੋਂ ਆਏਗਾ ਸਾਡੇ ਮਨਾਂ ‘ਚ। ਕਦੋਂ ਪਵੇਗਾ ਆਸਾਂ ਦੇ ਬੂਟੇ ਨੂੰ ਬੂਰ ਕੁਝ ਤਾਂ ਦੱਸੋ ਹਜ਼ੂਰ ਸੂਤ ਕੱਤਦੀ ਮੱਕੀ ਦੀਆਂ ਛੱਲੀਆਂ ਝੋਨੇ ਦੀਆਂ ਮੁੰਜਰਾਂ ਤੇ ਕਣਕ ਦੀਆਂ ਬੱਲੀਆਂ ਕਦੋਂ ਤੀਕ ਸ਼ਾਹੂਕਾਰ ਦੀ ਵਹੀ ਦਾ ਗੁਲੰਮ ਕੱਟਣਗੀਆਂ। ਵਹੀ ਖਾਤੇ ਦੇ ਵਰਕਿਆਂ ਤੋਂ ਸਾਡਾ ਨਾਂ ਕਦ ਤੀਕ ਮਿਟੇਗਾ? ਪਤਾ ਰੱਖਿਆ ਕਰੋ। ਕਿੰਨਾ ਕੁ ਚਿਰ ਹੋਰ ਪਤਾ ਰੱਖਿਆ ਕਰੋ।

ਦੁਸਹਿਰਾ

(ਯੁੱਧ ਦਾ ਆਖਰੀ ਦਿਨ ਨਹੀਂ ਹੁੰਦਾ) ਦੁਸਹਿਰਾ ਯੁੱਧ ਦਾ ਆਖਰੀ ਦਿਨ ਨਹੀਂ , ਦਸਵਾਂ ਦਿਨ ਹੁੰਦਾ ਹੈ। ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ। ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ ਜਿਸ ਚ ਸਦੀਆਂ ਤੋਂ ਰਾਵਣ ਡੇਰਾ ਲਾਈ ਬੈਠਾ ਹੈ। ਤ੍ਰਿਸ਼ਨਾ ਦਾ ਸੋਨ ਮਿਰਗਛੱਡ ਦੇਂਦਾ ਹੈ ਰੋਜ਼ ਸਵੇਰੇ ਸਾਨੂੰ ਛਲਾਵੇ ਚ ਲੈਂਦਾ ਹੈ। ਸਾਦਗੀ ਦੀ ਸੀਤਾ ਮੱਈਆ ਰੋਜ਼ ਛਲਦਾ ਹੈ ਫਿਰ ਵੀ ਧਰਮੀ ਅਖਵਾਉਂਦਾ ਹੈ। ਸੋਨੇ ਦੀ ਲੰਕਾ ਵਿੱਚ ਵੱਸਦਿਆਂ ਉਹ ਜਾਣ ਗਿਆ ਹੈ ਕੂਟਨੀਤੀ। ਹਰ ਬੰਦੇ ਦਾ ਮੁੱਲ ਪਾਉਂਦਾ ਹੈ। ਆਪਣੇ ਦਰਬਾਰ ਚ ਨਚਾਉਂਦਾ ਹੈ। ਔਕਾਤ ਮੁਤਾਬਕ ਕਦੇ ਕਿਸੇ ਨੂੰ, ਕਦੇ ਕਿਸੇ ਨੂੰ ਬਾਂਦਰ ਬਣਾਉਂਦਾ ਹੈ ਬਰਾਬਰ ਦੀ ਕੁਰਸੀ ਤੇ ਬਿਠਾਉਂਦਾ ਹੈ। ਭਰਮ ਪਾਉਂਦਾ ਹੈ। ਕਾਨਿਆਂ ਦੇ ਤੀਰਾਂ ਨਾਲ ਕਿੱਥੇ ਮਰਦਾ ਹੈ ਰਾਵਣ? ਜ਼ੈੱਡ ਪਲੱਸ ਸੁਰੱਖਿਆ ਛਤਰੀਧਾਰੀ। ਅਵਾ ਤਵਾ ਬੋਲਦਾ ਹੈ ਘਰ ਨਹੀਂ ਵੇਖਦਾ, ਬਾਹਰ ਨਹੀਂ ਵੇਖਦਾ ਅਗਨ ਅੰਗਿਆਰੇ ਮੂੰਹੋਂ ਕੱਢਦਾ ਸਾਡੇ ਪੁੱਤਰਾਂ ਧੀਆਂ ਨੂੰ ਯੁੱਧ ਲਈ ਬਾਲਣ ਦੀ ਥਾਂ ਵਰਤਦਾ। ਦੁਸਹਿਰਾ ਯੁੱਧ ਦਾ ਆਖਰੀ ਨਹੀਂ ਦਸਵਾਂ ਦਿਨ ਹੁੰਦਾ ਹੈ। ਰਾਵਣ ਨੂੰ ਤਿੰਨ ਸੌ ਪੈਂਠ ਦਿਨਾਂ ਵਿੱਚੋਂ ਸਿਰਫ਼ ਦਸ ਦਿਨ ਹੀ ਦੁਸ਼ਮਣ ਨਾ ਸਮਝਣਾ ਪਲ ਪਲ ਜਾਨਣਾ ਤੇ ਪਛਾਨਣਾ। ਕਿਵੇਂ ਚੂਸ ਜਾਂਦਾ ਹੈ ਸਾਡੀ ਰੱਤ ਸੁੱਤਿਆਂ ਸੁੱਤਿਆਂ। ਖ਼ੋਰ ਕੇ ਪੀ ਜਾਂਦਾ ਹੈ ਸਾਡਾ ਸ੍ਵੈਮਾਣ ਅਣਖ਼ ਤੇ ਹੋਰ ਬਹੁਤ ਕੁਝ। ਆਰੀਆ ਦਰਾਵੜਾਂ ਨੂੰ ਧੜਿਆਂ ਚ ਵੰਡ ਕੇ ਆਪਣੀ ਪੁਗਾਉਂਦਾ ਹੈ। ਯੁੱਧ ਵਾਲੇ ਨੁਕਤੇ ਵੀ ਐਸੇ ਸਮਝਾਉਂਦਾ ਹੈ। ਬਾਤਨ ਕਾ ਬਾਦਸ਼ਾਹ ਪੱਲੇ ਕੱਖ ਨਾ ਪਾਉਂਦਾ ਹੈ। ਰਾਖਾ ਬਣ ਕੇ ਜੇਬਾਂ ਫ਼ਰੋਲਦਾ ਹੈ। ਵਤਨਪ੍ਰਸਤੀ ਦੇ ਭਰਮ ਜਾਲ ਵਿੱਚ ਭੋਲੀਆਂ ਮੱਛੀਆਂ ਫਸਾਉਂਦਾ ਹੈ ਤਰਜ਼ ਤਾਂ ਕੋਈ ਹੋਰ ਬਣਾਉਂਦਾ ਹੈ ਪਰ ਧੁਨ ਦਾ ਬਹੁਤ ਪੱਕੈ ਹਰ ਵੇਲੇ ਇੱਕੋ ਗੀਤ ਅਲਾਪਦਾ ਕੁਰਸੀ ਰਾਗ ਗਾਉਂਦਾ ਹੈ। ਪੂਰਾ ਸੰਧੀਰਾਮ ਹੈ ਭਗਵਾਨ ਨੂੰ ਵੀ ਗੱਲੀਂ ਬਾਤੀਂ ਭਰਮਾਉਂਦਾ ਹੈ। ਐਸਾ ਉਲਝਾਉਂਦਾ ਹੈ ਪੱਥਰ ਬਣਾ ਕੇ ਉਹਨੂੰ ਮੂਰਤੀ ਵਾਂਰ ਸਜਾਉਂਦਾ ਹੈ। ਬਗਲਾ ਭਗਤ ਪੂਰਾ ਮਨਚਾਹਿਆ ਫ਼ਲ ਪਾਉਂਦਾ ਹੈ। ਦੁਸਹਿਰਾ ਯੁੱਧ ਦਾ ਆਖਰੀ ਨਹੀਂ ਦਸਵਾਂ ਦਿਨ ਹੁੰਦਾ ਹੈ।

ਨੰਦੋ ਬਾਜ਼ੀਗਰਨੀ

ਸੂਈਆਂ , ਕੰਧੂਈਆਂ, ਚਰਮਖ਼ਾਂ ਦਾ ਹੋਕਾ ਦਿੰਦੀ ਬਾਜ਼ੀਗਰਨੀ ਨੰਦੋ ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ ਕਦੇ ਨਹੀਂ ਆਉਂਦੀ। ਸ਼ਾਇਦ ਮਰ ਖਪ ਗਈ ਹੈ। ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ੍ਹਦੀ ਵਿੱਚ ਬਹੁਕਰ ਦੀ ਸੁੱਚੀ ਤੀਲ੍ਹ ਪਰੋ ਦਿੰਦੀ। ਆਖਦੀ, ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ ਲਾਈ ਜਾਇਉ। ਅਗਲੀ ਵਾਰ ਆਉਂਦੀ ਤਾਂ ਪਿੱਤਲ ਦੇ ਕੋਕੇ, ਮੁਰਕੀਆਂ ਕੰਨੀਂ ਪਾ ਆਖਦੀ ਚਲੋ ਬਈ, ਧੀ ਮੁਟਿਆਰ ਹੋ ਗਈ। ਨੰਦੋ ਔਰਤਾਂ ਦੀ ਅੱਧੀ ਵੈਦ ਸੀ। ਪੇਟ ਦੁਖਦੇ ਤੋਂ ਚੂਰਨ ਅੱਖ ਆਈ ਤੇ ਸੁਰਮਚੂ ਫੇਰਦੀ। ਖਰਲ ਚ ਸੁਰਮਾ ਪੀਸਦੀ ਸਭ ਦੇ ਸਾਹਮਣੇ ਡਲੀ ਨੂੰ ਰੜਕਣ ਜੋਗਾ ਨਾ ਛੱਡਦੀ। ਧਰਨ ਪਈ ਤੇ ਢਿੱਡ ਮਲਦਿਆਂ ਆਖਦੀ ਕੌਡੀ ਹਿੱਲ ਗਈ ਆ ਬੀਬੀ ਭਾਰ ਨਾ ਚੁੱਕੀਂ ਪੱਬਾਂ ਭਾਰ ਬਹਿ ਕੇ ਧਾਰ ਨਾ ਕੱਢੀਂ। ਬਹੁਤ ਕੁਝ ਜਾਣਦੀ ਸੀ ਨੰਦੋ ਅੱਧ ਪਚੱਧੀ ਧਨੰਤਰ ਵੈਦ ਸੀ। ਨੰਦੋ ਚਲੰਤ ਰੇਡੀਉ ਸੀ ਬਿਨ ਬੈਟਰੀ ਤੁਰਦੀ ਫਿਰਦੀ ਅਖ਼ਬਾਰ ਸੀ ਬਿਨ ਅੱਖਰੋਂ ਸਥਾਨਕ ਖ਼ਬਰਾਂ ਵਾਲੀ। ਵੀਹ ਤੀਹ ਪਿੰਡਾਂ ਦੀ ਸਾਂਝੀ ਬੁੱਕਲ ਸੀ ਨੰਦੋ। ਦੁਖ ਸੁਖ ਪੁੱਛਦੀ, ਕਦੇ ਆਪਣਾ ਨਾ ਦੱਸਦੀ। ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ ਬੁਰੇ ਭਲੇ ਦਾ ਨਿਖੇੜ ਕਰਦੀ ਪੂਰੇ ਪਿੰਡ ਨੂੰ ਦੱਸਦੀ ਨੀਤੋਂ ਬਦਨੀਤਾਂ ਤੇ ਸ਼ੁਭਨੀਤਾਂ ਬਾਰੇ। ਨੰਦੋ ਨਾ ਹੁੰਦੀ ਤਾਂ ਕਿੰਨੀਆਂ ਧੀਆਂ ਭੈਣਾਂ ਨੂੰ, ਦਸੂਤੀ ਚਾਦਰ ਤੇ ਮੋਰ ਘੁੱਗੀਆਂ ਦੀ ਪੈੜ ਪਾਉਣੀ ਨਹੀਂ ਸੀ ਆਉਣੀ। ਉਹ ਅੱਟੀਆਂ ਲਿਆਉਂਦੀ ਧਿਆਨਪੁਰੋਂ ਮਜ਼ਬੂਤ , ਪੱਕੇ ਰੰਗ ਦੀਆਂ। ਮੇਰੀ ਮਾਂ ਕੋਲੋਂ ਲੱਸੀ ਦਾ ਗਿਲਾਸ ਫੜਦਿਆਂ ਰਾਤ ਦੀ ਬਚੀ ਬੇਹੀ ਰੋਟੀ ਮੰਗਦੀ ਸੱਜਰੀ ਪੱਕਦੀ ਰੋਟੀ ਕਦੇ ਨਾ ਖਾਂਦੀ ਅਖੇ! ਆਦਤ ਵਿਗੜ ਜਾਂਦੀ ਐ ਭੈਣ ਤੇਜ ਕੁਰੇ! ਸਾਰੇ ਪਿੰਡਾਂ ਚ ਤੇ ਨਹੀਂ ਨਾ ਤੇਰੇ ਵਰਗੀਆਂ। ਚੌਂਕੇ ਚ ਮਾਂ ਮੁੱਢ ਬੈਠੇ ਨਿਆਣਿਆਂ ਦਾ ਮੱਥਾ ਦੂਰੋਂ ਤਾੜਦੀ ਤੇ ਕਹਿੰਦੀ ਸਕੂਲ ਨਹੀਂ ਗਿਆ? ਬੁਖ਼ਾਰ ਈ। ਚਰਖ਼ੇ ਦੀ ਚਰਮਖ਼ ਤੋਂ ਕਾਲਖ ਉਤਾਰਦੀ ਤੇ ਮੇਰੇ ਵਰਗਿਆਂ ਦੇ ਕੰਨ ਪਿੱਛੇ ਲਾ ਕੇ ਕਹਿੰਦੀ ਬੁਖ਼ਾਰ ਦੀ ਐਸੀ ਕੀ ਤੈਸੀ ਰਾਹ ਭੁੱਲ ਜੂ ਪੁੱਤ ਤਾਪ! ਸਵੇਰ ਨੂੰ ਸਰੀਰ ਹੌਲਾ ਫੁੱਲ ਹੋ ਮੈਂ ਸਕੂਲੇ ਤੁਰ ਪੈਂਦਾ ਬਸਤਾ ਚੁੱਕੀ। ਨੰਦੋ ਦੀ ਮੋਟੇ ਤਰੋਪਿਆਂ ਨਾਲ ਨਿਗੰਦੀ ਬਗਲੀ ‘ਚ ਪੂਰਾ ਸੰਸਾਰ ਸੀ। ਹਰ ਕਿਸੇ ਲਈ ਕੁਝ ਨਾ ਕੁਝ ਵੱਖਰਾ। ਪਿੱਤਲ ਦੇ ਛਾਪਾਂ ਛੱਲੇ ਮੁਹੱਬਤੀਆਂ ਲਈ ਨਿੱਕੇ ਨਿਆਣਿਆਂ ਲਈ ਕਾਨਿਆਂ ਦੇ ਛਣਕਣੇ ,ਪੀਪਨੀਆਂ, ਵਾਜੇ। ਨੰਦੋ ਕੰਨ ਤੇ ਹੱਥ ਧਰ ਲੰਮੀ ਹੇਕ ਲਾ ਪੁੱਤਾਂ ਦੀਆਂ ਘੋੜੀਆਂ ਗਾਉਂਦੀ ਤਾਂ ਲੱਗਦਾ ਪੌਣਾਂ ਸਾਹ ਰੋਕ ਸੁਣਦੀਆਂ। ਸੁਹਾਗ ਗਾਉਂਦੀ ਤਾਂ ਮਾਵਾਂ ਦੇ ਹੰਝੂਆਂ ਨਾਲ ਕੰਧਾਂ ਸਿੱਲ੍ਹੀਆਂ ਹੁੰਦੀਆਂ। ਧਰੇਕਾਂ ਡੋਲਦੀਆਂ ਪੱਤਿਆਂ ਸਣੇ। ਘਰ ਦੀਆਂ ਚਾਰੇ ਕੰਧਾ ਹਿੱਲਦੀਆਂ। ਲੱਗਦਾ ਜੀਕੂੰ ਡੋਲੀ ਤੁਰ ਰਹੀ ਹੈ। ਸਿਰ ਤੋਂ ਪੈਰਾਂ ਤੀਕ ਵਿਯੋਗ ‘ਚ ਮਨ ਝੁਣਝੁਣੀ ਚ ਕੰਬਦਾ। ਕੰਧਾਂ ਦੇ ਪਰਛਾਵੇਂ ਲਮਕਦੇ ਤਾਂ ਬਗਲੀ ਸਿਰ ਧਰ ਆਪਣੇ ਡੇਰੇ ਨੂੰ ਵਾਹੋਦਾਹੀ ਦੌੜ ਜਾਂਦੀ। ਨੰਦੋ ਖ਼ਾਨਗਾਹ ਵਾਲੇ ਤਲਾਅ ਚੋਂ ਕੰਮੀਆਂ ਲਿਆਉਂਦੀ ਡੰਡੀਆਂ ਦੀਆਂ ਗੰਦਲਾਂ ਦੇ ਹਾਰ ਪਰੋਂਦੀ ਸਾਡੇ ਜਹੇ ਨਿੱਕੇ ਨਿਆਣਿਆਂ ਦੇ ਸਿਰ ਪਲੋਸ ਕੇ ਗਲੀਂ ਪਾਉਂਦੀ। ਖਿੜ ਉੱਠਦਾ ਮਨ ਦਾ ਬਾਗ। ਮਾਵਾਂ ਤੋਂ ਆਟੇ ਦੀ ਕੌਲੀ ਲੈ ਅਸੀਂ ਨੰਦੋ ਦੀ ਬਗਲੀ ਭਰ ਦਿੰਦੇ। ਕਿੰਨਾ ਸਵੱਲਾ ਸੀ ਖ਼ੁਸ਼ੀਆਂ ਦਾ ਬਗੀਚਾ। ਵੱਡੇ ਹੋਇਆਂ ਸ਼ਹਿਰ ਆ ਕੇ ਜਾਣਿਆਂ ਇਨ੍ਹਾਂ ਕੰਮੀਆਂ ਨੂੰ ਹੀ ਕੰਵਲ ਫੁੱਲ ਆਖਦੇ ਨੇ। ਚਿੱਕੜ ਚ ਉੱਗੀਆਂ ਕੰਮੀਆਂ ਤੇ ਕੰਮ ਕਰਦੇ ਕਾਮੇ ਕੰਮੀਆਂ ਲਈ ਕਦਰਦਾਨ ਨੇਤਰ ਕਦੋਂ ਖੁੱਲਣਗੇ? ਨੰਦੋ ਨੇ ਨਹੀਂ, ਕਿਤਾਬਾ ਦੇ ਖੋਲ੍ਹੇ ਤੀਜੇ ਨੇਤਰ ਨੇ ਹੁਣ ਮੈਨੂੰ ਬਹੁਤ ਵਾਰ ਪੁੱਛਿਆ ਹੈ। ਸ਼ੁਕਰ ਹੈ! ਅਨਪੜ੍ਹ ਨੰਦੋ ਨੇ ਸਾਨੂੰ ਕਦੇ ਨਹੀਂ ਸੀ ਪੁੱਛਿਆ। ਦੀਨ ਸ਼ਾਹ ਦੀ ਕੁੱਲੀ ਵਾਲੇ ਬਾਗ ‘ਚੋਂ ਲਿਆਂਦੇ ਸੁੱਚੇ ਮੋਤੀਏ ਦੇ ਹਾਰ। ਮੇਰੀ ਮਾਂ ਨੂੰ ਦਿੰਦੀ ਤੇ ਕਹਿੰਦੀ ਮਹਿਕਦਾ ਰਹੇ ਤੇਰਾ ਪਰਿਵਾਰ ਗੁਲਜ਼ਾਰ ਅਸੀਸਾਂ ਵੰਡਦੀ ਬੇ ਦਾਮ। ਆਟੇ ਦੀ ਲੱਪ ਲੱਪ ਨਾਲ ਆਪਣੀ ਬਗਲੀ ਭਰਦੀ, ਵੰਡਦੀ ਕਿੰਨਾ ਕੁਝ। ਘਾਹ ਦੀਆਂ ਤਿੜਾਂ ਤੋਂ ਅੰਗੂਠੀ ਬੁਣਨੀ ਉਸ ਨੇ ਹੀ ਮੈਨੂੰ ਸਿਖਾਈ ਸੀ। ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ ਪਰ ਹੁਣ ਮੈਂ ਸ਼ਬਦ ਬੁਣਦਾ ਹਾਂ। ਅੱਖਰ ਅੱਖਰ ਘਾਹ ਦੀਆਂ ਤਿੜਾਂ ਜਹੇ। ਨੰਦੋ ਦਾ ਕੋਈ ਪਿੰਡ ਨਹੀਂ ਸੀ ਬੇ ਨਾਮ ਟੱਪਰੀਆਂ ਸਨ। ਸਿਰਨਾਵਾਂ ਨਹੀਂ ਸੀ ਕੋਈ, ਪਰ ਨੰਦੋ ਬਾਜ਼ੀਗਰਨੀ ਘਰ ਘਰ ਦੀ ਕਹਾਣੀ ਸੀ। ਸਾਡੇ ਸਕੂਲ ਦੇ ਨੇੜ ਹੀ ਸਨ ਨੰਦੋ ਕੀਆਂ ਟੱਪਰੀਆਂ ਪਰ ਇੱਕ ਵੀ ਬਾਲ ਸਕੂਲੇ ਨਾ ਆਉਂਦਾ। ਸਦਾ ਆਖਦੀ, ਇਹ ਸਾਡੀਆਂ ਕੁੱਲੀਆਂ ਢਾਹ ਕੇ ਬਣਿਐ ਸਾਡੀ ਨਿਸ਼ਾਨੀ ਬੋਹੜ ਹੀ ਹੈ ਇਕੱਲਾ ਬਾਕੀ ਸਾਰਾ ਕੁਝ ਪੈਸੇ ਵਾਲਿਆਂ ਦਾ। ਗਿਆਨ ਦੇ ਨਾਂ ਤੇ ਹੱਟੀਆਂ ਗਰੀਬਾਂ ਲਈ ਖੁਆਰੀਆਂ ਤੇ ਚੱਟੀਆਂ। ਸਾਡੇ ਜੀਅ ਤਾਂ ਇਹਦੇ ਨਲਕਿਉਂ ਪਾਣੀ ਵੀ ਨਹੀਂ ਭਰਦੇ। ਛੱਪੜੀ ਦਾ ਪਾਣੀ ਮਨਜ਼ੂਰ , ਇਹ ਜ਼ਹਿਰ ਜਿਹਾ ਲੱਗਦੈ ਸਾਨੂੰ। ਸਾਡੀ ਆਪਣੀ ਜ਼ਬਾਨ ਹੈ ਵੇ ਲੋਕਾ ਇਹ ਸਕੂਲ ਸਾਡੀ ਬੋਲੀ ਵਿਗਾੜ ਦੇਵੇਗਾ। ਨਿਆਣਿਆਂ ਨੂੰ ਬਾਜ਼ੀ ਪਾਉਣੀ ਭੁਲਾਵੇਗਾ। ਕੋਹੜੀ ਕਰੇਗਾ ਸੁਡੌਲ ਜਿਸਮ ਤੇ ਸੁਪਨੇ। ਟਾਂਗੇ ਵਾਲਾ ਘੋੜਾ ਬਣਾਵੇਗਾ। ਚੁਫ਼ੇਰੇ ਵੇਖਣ ਤੋਂ ਵਰਜੇਗਾ। ਨੰਦੋ ਦੇ ਮੱਥੇ ਤੇ ਚੰਦ ਸੀ ਜੋ ਸਾਰੀ ਉਮਰ ਚੌਧਵੀਂ ਰਾਤ ਤੀਕ ਪੂਰਾ ਨਾ ਚਮਕ ਸਕਿਆ। ਮਰੀਅਲ ਫਾਂਕ ਜਿਹਾ ਏਕਮ ਦਾ ਚੰਦ ਠੋਡੀ ਤੇ ਖੁਣਿਆ ਪੰਜ ਦਾਣਾ ਬੜੇ ਜਨੌਰਾਂ ਨੇ ਚੁਗਣਾ ਚਾਹਿਆ ਪਰ ਨੰਦੋ .... ਪੂਰੀ ਮਰਦ ਬੱਚੀ ਚਿੜੀ ਨਾ ਫਟਕਣ ਦਿੰਦੀ। ਉਸ ਦੀਆਂ ਬਾਹਾਂ ‘ਚ ਘਸੇ ਹੋਏ ਚਾਂਦੀ ਦੇ ਗੋਖੜੂ ਵੀ ਫੱਬ ਫੱਬ ਪੈਂਦੇ। ਕੰਨੀਂ ਕੋਕਲੇ ਚਾਂਦਨੀ ਰੰਗੇ। ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ ਕਿਸੇ ਪੁੱਛਣਾ ਨੰਦੋ! ਡਾਂਗ ਚੁੱਕੀ ਫਿਰਦੀ ਹੈਂ, ਸਾਡੇ ਪਿੰਡ ਦੇ ਕੁੱਤੇ ਤਾਂ ਤੈਨੂੰ ਪਛਾਣਦੇ ਨੇ ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ? ਆਖਦੀ! ਵੇ ਸਰਦਾਰੋ ! ਸਾਰੇ ਕੁੱਤੇ ਹੀ ਚਹੁੰ ਲੱਤਾਂ ਵਾਲੇ ਨਹੀਂ ਹੁੰਦੇ। ਇਹ ਸੋਟਾ ਦੋ ਲੱਤਾਂ ਵਾਲਿਆਂ ਵਾਸਤੇ। ਨੰਦੋ ਦੱਸਦੀ ਬਈ ਸਾਡੀ ਬਾਜ਼ੀਗਰਾਂ ਦੀ ਆਪਣੀ ਪੰਚਾਇਤ ਹੈ ਸਰਦਾਰੋ। ਅਸੀਂ ਤੁਹਾਡੀਆਂ ਕਚਹਿਰੀਆਂ ਚ ਨਹੀਂ ਵੜਦੇ, ਚੜ੍ਹਦੇ। ਸਾਡੇ ਵਡੇਰੇ ਇਨਸਾਫ਼ ਕਰਦੇ ਨੇ, ਫ਼ੈਸਲੇ ਨਹੀਂ। ਤੁਹਾਡੀਆਂ ਅਦਾਲਤਾਂ ਚ ਇਨਸਾਫ਼ ਨਹੀਂ,ਫ਼ੈਸਲੇ ਹੁੰਦੇ ਨੇ। ਸੂਰਜ ਗਵਾਹ ਹੈ ਹਨ੍ਹੇਰਾ ਉੱਤਰਨੋਂ ਪਹਿਲਾਂ ਸਾਡਾ ਟੱਪਰੀਆਂ ਚ ਪਹੁੰਚਣਾ ਲਾਜ਼ਮੀ ਹੁੰਦਾ ਹੈ। ਰਾਤ ਪਈ ਤੇ ਗੱਲ ਗਈ, ਅਕਸਰ ਏਨਾ ਕੁ ਕਹਿ ਉਹ ਬਹੁਤ ਕੁਝ ਸਮਝਾਉਂਦੀ। ਪਰ ਸਾਨੂੰ ਬਿਲਕੁਲ ਸਮਝ ਨਾ ਆਉਂਦੀ। ਸਾਡੀਆਂ ਧੀਆਂ ਮੰਗਣ ਨਹੀਂ ਚੜ੍ਹਦੀਆਂ ਤੇ ਨੂੰਹਾਂ ਵਿਹਲੀਆਂ ਨਹੀਂ ਖਾਂਦੀਆਂ। ਨੰਦੋ ਜਦ ਵੀ ਜਵਾਨ ਉਮਰੇ ਬਾਜ਼ੀ ਪਾਉਂਦੇ ਮੋਏ ਪੁੱਤ ਦੀ ਗੱਲ ਕਰਦੀ ਤਾਂ ਹਾਉਕੇ ਵੀ ਸਾਹ ਰੋਕ ਸੁਣਦੇ। ਪਿੱਪਲ ਪੱਤਿਆਂ ਦੀ ਅੱਖੋਂ ਨੀਰ ਕਿਰਦਾ ਬੋਹੜ ਜੜ੍ਹੋਂ ਡੋਲ ਜਾਂਦਾ ਪੂਰੇ ਵਜੂਦ ਸਣੇ। ਕਹਿੰਦੀ ਤਰੇੜ੍ਹੀ ਛਾਲ ਲਾਉਂਦਿਆਂ ਧੌਣ ਦਾ ਮਣਕਾ ਟੁੱਟ ਗਿਆ ਮੁੜ ਨਹੀਂ ਉੱਠਿਆ ਸਿਵਿਆਂ ਤੀਕ। ਮੋਈ ਮਿੱਟੀ ਮੈਨੂੰ ਵੀ ਨਾਲ ਲੈ ਜਾਂਦਾ ਕੋਈ ਹੱਜ ਨਹੀਂ ਭੈਣੇ ਤੁਹਾਡੇ ਆਸਰੇ ਤੁਰੀ ਫਿਰਦੀ ਆਂ। ਸਾਹ ਵਰੋਲਦੀ , ਜਿੰਦ ਘਸੀਟਦੀ। ਨੰਦੋ ਹੁਬਕੀਂ ਰੋਂਦੀ ਧਰਤੀ ਅੰਬਰ ਨੂੰ ਲੇਰ ਸੁਣਦੀ ਸੁੱਕੇ ਨੇਤਰੀਂ ਮੁੱਕੇ ਅੱਥਰੂ, ਖੂਹ ‘ਚੋਂ ਟਿੰਡਾਂ ਖਾਲੀ ਆਉਂਦੀਆਂ। ਪਰਨਾਲੇ ਚ ਦਰਦ ਵਹਿੰਦੇ, ਮੈਂ ਵੱਡਾ ਹੋਇਆ ਤਾਂ ਜਦ ਕਦੇ ਮਾਲ੍ਹੇ ਵਾਲੇ ਖੂਹ ਤੇ ਔਲੂ ‘ਚ ਟੁੱਟੀਆਂ ਠੀਕਰੀਆਂ ਵੇਖਦਾ ਤਾਂ ਮੈਨੂੰ ਲੱਗਦਾ, ਨੰਦੋ ਦੇ ਤਿੜਕੇ ਸੁਪਨੇ ਨੇ ਕੰਕਰ ਕੰਕਰ, ਠੀਕਰ ਠੀਕਰ। ਨੰਦੋ ਕੀਆਂ ਟੱਪਰੀਆਂ, ਝੁੱਗੀਆਂ ਦਾ ਹੁਣ ਸਰਕਾਰ ਨੇ ਪੰਚਾਇਤੀ ਨਾਮ ਲਾਲਪੁਰਾ ਰੱਖਿਆ ਦੱਸਦੇ ਨੇ। ਪਰ ਬਾਜ਼ੀਗਰ ਅਜੇ ਵੀ ਬਾਜ਼ੀਗਰ ਬਸਤੀ ਕਹਿ ਕੇ ਬੁਲਾਉਂਦੇ ਨੇ। ਨੰਦੋ ਚਿਰੋਕਣੀ ਗੁਜ਼ਰ ਗਈ ਹੈ, ਪਰ ਬਾਕੀ ਧੀਆਂ ਪੁੱਤਰ ਤਾਂ ਜੀਉਂਦੇ ਨੇ।

ਜਿੰਨ੍ਹਾਂ ਕੋਲ ਹਥਿਆਰ ਹਨ

ਜਿੰਨ੍ਹਾਂ ਕੋਲ ਹਥਿਆਰ ਹਨ ਉਹ ਜਿਊਣਾ ਨਹੀਂ ਜਾਣਦੇ ਸਿਰਫ਼ ਮਰਨਾ ਤੇ ਮਾਰਨਾ ਜਾਣਦੇ ਹਨ। ਖੇਡਣਾ ਨਹੀਂ ਜਾਣਦੇ ਖੇਡ ਵਿਗਾੜਨੀ ਜਾਣਦੇ ਹਨ। ਸ਼ਿਕਾਰ ਖੇਡਦੇ ਖੇਡਦੇ ਖ਼ੂੰਖ਼ਾਰ ਸ਼ਿਕਾਰੀ। ਹਰ ਪਲ ਸ਼ਿਕਾਰ ਲੱਭਦੇ। ਜਿੰਨ੍ਹਾਂ ਕੋਲ ਹਥਿਆਰ ਹਨ ਉਨ੍ਹਾਂ ਕੋਲ ਬਹੁਤ ਕੁਝ ਹੈ ਖੁਸ਼ੀਆਂ ਖੇੜਿਆਂ ਚਾਵਾਂ ਤੋਂ ਸਿਵਾ। ਹਥਿਆਰਾਂ ਵਾਲਿਆਂ ਕੋਲ ਪੰਡਾਂ ਦੀਆਂ ਪੰਡਾਂ ਹੈਂਕੜ ਹੈ ਹੰਕਾਰ ਹੈ ਬੇਮੁਹਾਰ। ਜਾਂਗਲੀ ਵਿਹਾਰ ਹੈ। ਜਾਨ ਲੈਣਾ ਕਿਰਦਾਰ ਹੈ। ਰਹਿਮ ਤੋਂ ਸਿਵਾ। ਉਹ ਨਹੀਂ ਜਾਣਦੇ ਹਥਿਆਰ ਦਾ ਮੂੰਹ ਕਾਲ਼ਾ ਹੁੰਦੈ। ਤੇ ਮੌਤ ਤੋਂ ਸਿਵਾ ਉਹ ਕੁਝ ਵੀ ਵੰਡਣ ਦੇ ਕਾਬਲ ਨਹੀਂ ਹੁੰਦੇ। ਬੇਰਹਿਮ ਦਰਿੰਦੇ ਜਹੇ। ਹਥਿਆਰਾਂ ਦੇ ਵਣਜਾਰੇ। ਅੰਤਰ ਰਾਸ਼ਟਰੀ ਹਤਿਆਰੇ। ਆਦਮਖ਼ੋਰ ਵਰਤਾਰੇ। ਜ਼ਿੰਦਗੀ ਤੋਂ ਕੋਹਾਂ ਦੂਰ। ਹਥਿਆਰਾਂ ਵਾਲਿਆਂ ਕੋਲ ਸ਼ਬਦ ਨਹੀਂ ਹੁੰਦੇ। ਧਮਕੀਆਂ ਹੁੰਦੀਆਂ ਹਨ। ਮਰਨ ਮਾਰਨ ਦੀਆਂ। ਹੌਂਕਦੀਆਂ ਜੀਭਾਂ ਹੁੰਦੀਆਂ ਹਨ। ਉਨ੍ਹਾਂ ਕੋਲ ਝਾਂਜਰਾਂ ਨਹੀਂ ਹੁੰਦੀਆਂ ਚਾਵਾਂ ਦੇ ਪੈਰੀਂ ਪਾਕੇ ਨੱਚਣ ਲਈ। ਛਣਕਾਰ ਉਨ੍ਹਾਂ ਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਬਣਦਾ ਕਦੇ। ਧਰਤੀ ਤੇ ਵਿਛੀ ਵਿਛਾਈ ਰਹਿ ਜਾਂਦੀ ਹੈ, ਫੁੱਲਾਂ ਕੱਢੀ ਚਾਦਰ। ਬਹੁਤ ਕੁਝ ਨਹੀਂ ਹੁੰਦਾ ਉਨ੍ਹਾਂ ਕੋਲ ਜਿੰਨ੍ਹਾਂ ਕੋਲ ਹਥਿਆਰ ਹੁੰਦਾ ਹੈ।

ਸੱਥਾਂ ਚੌਂਕ ਚੁਰਸਤੇ ਚੁੱਪ ਨੇ

ਸੱਥਾਂ ਚੌਂਕ ਚੁਰਸਤੇ ਚੁੱਪ ਨੇ। ਬਿਰਖ਼ ਉਦਾਸ ਹਵਾ ਨਾ ਰੁਮਕੇ ਟਾਹਣੀਏਂ ਬੈਠੇ ਪੰਛੀ ਝੁਰਦੇ, ਆਪਸ ਦੇ ਵਿੱਚ ਗੱਲਾਂ ਕਰਦੇ ਏਸ ਗਿਰਾਂ ਨੂੰ ਕੀ ਹੋਇਆ ਹੈ? ਪਤਾ ਨਹੀਂ ਕਦ ‘ਨ੍ਹੇਰੀ ਥੰਮੇ। ਹੋਈ ਜਾਂਦੇ ਰੋਜ਼ ਦਿਹਾੜੀ ਫ਼ਿਕਰਾਂ ਦੇ ਪਰਛਾਵੇਂ ਲੰਮੇ। ਏਸ ਗਿਰਾਂ ਵਿੱਚ ਆਪਾਂ ਅੱਜ ਤੱਕ ਏਨੀ ਸੰਘਣੀ ਚੁੱਪ ਨਾ ਵੇਖੀ। ਸੂਰਜ ਵੀ ਜੀਅ ਲੱਭਦਾ ਫਿਰਦਾ, ਸੋਚ ਰਿਹਾ ਏ, ਕਈ ਦਿਨ ਹੋਏ ਮੇਰੇ ਪੁੱਤਰ ਧੀਆਂ ਮੇਰੀ ਧੁੱਪ ਨਾ ਵੇਖੀ। ਹਰ ਜੀਅ ਘਰ ਦੇ ਅੰਦਰ ਬੰਦ ਹੈ। ਬਾਹਰ ਝਾਕਦਾ ਚੋਰੀ ਚੋਰੀ। ਸ਼ਾਇਦ ਬੜਾ ਘਬਰਾਇਆ ਹੋਇਆ, ਪੈੜ ਗੁਆਚੀ ਲੱਭ ਰਿਹਾ ਹੈ। ਵਾਢੀਆਂ ਦੀ ਰੁੱਤ ਏਨੀ ਕਦੇ ਉਦਾਸ ਨਾ ਵੇਖੀ। ਫ਼ਸਲਾਂ ਖੇਤੀਂ ਕੱਲ ਮੁ ਕੱਲ੍ਹੀਆਂ। ਕਣਕਾਂ ਦੇ ਮੂੰਹ ਪੀਲੇ ਹੋਏ। ਉਮਰੋਂ ਲੰਘੀ ਧੀ ਦੇ ਵਾਂਗੂੰ ਚਿੰਤਾ ਚਿਹਰੇ ਚੱਟ ਗਈ ਹੈ। ਫ਼ਸਲਾਂ ਪੱਕੀਆਂ ਫਿਰਨ ਮਸ਼ੀਨਾਂ ਹੌਲੀ ਹੌਲੀ ਥੱਕੀਆਂ ਥੱਕੀਆਂ। ਦਾਣਾ ਫੱਕਾ ਕੁਝ ਮੰਡੀ,ਕੁਝ ਪਿਆ ਭੜੋਲੇ। ਘਰ ਦੀਆਂ ਗਰਜ਼ਾਂ ਜੋਗੇ ਛੋਲੇ ਲੁਕ ਛਿਪ ਜਾਪਣ ਨੁੱਕਰੀਂ ਲੱਗੇ, ਚਾਵਾਂ ਨੂੰ ਕਿਸ ਚੂਸ ਲਿਆ ਹੈ? ਬੋਹਲ਼ਾਂ ਰੁੱਤੇ, ਏਸ ਤਰ੍ਹਾਂ ਦੀ ਮੁਰਦੇਹਾਣੀ। ਸਹਿਮ ਫਿਰੇ ਖੁਸ਼ੀਆਂ ਨੂੰ ਚੱਟਦਾ, ਕਹਿਰ ਕਰੋਨਾ ਧੂੜਾਂ ਪੱਟਦਾ। ਕਰਜ਼ ਦੈਂਤ ਦਾ ਮੂੰਹ ਖੁੱਲ੍ਹਾ ਹੈ, ਅੱਗੇ ਅੱਗ ਤੇ ਪਿੱਛੇ ਪਾਣੀ, ਕਿੱਧਰ ਭੱਜੇ ਪੁੱਤਰ ਜੱਟ ਦਾ। ਚੁੱਪ ਗੜੁੱਪ ਨੇ ਕਿਰਤੀ ਕਾਮੇ, ਸ਼ਹਿਰ ਦਿਹਾੜੀ ਕਰਦੇ ਕਰਦੇ ਪਿੰਡ ਵਾਲਾ ਕੰਮ ਭੁੱਲ ਗਏ ਨੇ। ਹਿੰਮਤੀ ਪਿੰਡ ਦਾ ਤਾਣਾ ਬਾਣਾ ਤੰਦਾ ਤੀਰੀ, ਤਿੜਕ ਗਿਆ ਹੈ। ਵਕਤ ਕੁਲਹਿਣਾ ਕੈਸਾ ਢੁਕਿਆ, ਰੇਤਲਿਆਂ ਟਿੱਬਿਆਂ ਵਿੱਚ ਜੀਕੂੰ ਸਾਡਾ ਘਿਉ ਦਾ ਪੀਪਾ ਸਗਵਾਂ ਡੁੱਲ੍ਹ ਗਿਆ ਹੈ। ਪਰ ਹੇ! ਕਹਿਰ ਕਰੋਨਾ! ਤੇਰਾ ਇੱਕ ਗੱਲੋਂ ਤਾਂ ਲੱਖ ਸ਼ੁਕਰਾਨਾ। ਧਰਤੀ ਉੱਤੇ ਤੁਰਦੇ ਫਿਰਦੇ ਹਰ ਬੰਦੇ ਨੂੰ ਹਰ ਪਹੀਏ ਨੂੰ, ਕੰਮ ਧੰਦੇ ਨੂੰ ਸਬਕ ਸਿਖਾਇਆ ਤੇ ਸਮਝਾਇਆ ਤੇਜ਼ ਤੁਰਦਿਆਂ ਜੋ ਕੁਝ ਖੱਟਿਆ ਅਤੇ ਗੁਆਇਆ। ਸਭ ਕੁਝ ਸਾਡੇ ਅੱਗੇ ਆਇਆ। ਆਪੇ ਬਣੇ ਬਣਾਏ ਰੱਬ ਨੂੰ, ਇੱਕ ਝਟਕੇ ਦੇ ਨਾਲ ਗਲੋਬ ਨੂੰ ਪੜ੍ਹਨੇ ਪਾਇਆ। ਪਰ ਸਾਡਾ ਵੀ ਪੱਕਾ ਨਿਸ਼ਚਾ ਸੱਥਾਂ, ਚੌਂਕ,ਚੁਰਸਤਿਆਂ ਦੀ ਚੁੱਪ ਤੋੜ ਦਿਆਂਗੇ। ਜ਼ਿੰਦਗੀ ਤੇਰਾ ਸਹਿਜ ਸਲੀਕਾ ਸੁਹਜ ਸਮਰਪਣ ਸਾਹੀਂ ਭਰ ਕੇ, ਤੁਧ ਸੰਗ ਟੁੱਟਿਆ ਰਿਸ਼ਤਾ ਮੁੜ ਕੇ ਨਵੇਂ ਰੰਗ ਵਿੱਚ ਜੋੜ ਦਿਆਂਗੇ। ਵਾਢੀਆਂ ਮਗਰੋਂ ਨਵੇਂ ਸਿਆੜੀਂ ਨਵੀਂ ਫ਼ਸਲ ਦੇ ਸੁਪਨ ਬੀਜ ਕੇ, ਆਸ ਉਮੀਦ ਨਾ ਸੁੱਕਣ ਦੇਣੀ। ਜਦ ਤੀਕਰ ਵੀ ਤਨ ਵਿੱਚ ਦਮ ਹੈ, ਹਰ ਮਾਣਸ, ਹਰ ਜੰਤ ਪਰਿੰਦੇ, ਜਲ ਚਰ ਦੀ ਵੀ ਆਸ ਉਮੀਦ ਨਾ ਮੁੱਕਣ ਦੇਣੀ।

ਰੰਗੋਲੀ ਵਿੱਚ ਰੰਗ ਭਰਦੇ ਬੱਚੇ

ਰੰਗੋਲੀ ਵਿੱਚ ਰੰਗ ਭਰਦੇ ਬੱਚੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਰੱਬ ਵਰਗੇ ਸਿਰਜਣਹਾਰੇ। ਬਦਰੰਗ ਲਕੀਰਾਂ ਚ ਜਾਨ ਪਾਉਂਦੇ ਜਿੰਦ ਧੜਕਾਉਂਦੇ ਰੀਸ ਬ ਰੀਸੀ ਨਾਲ ਨਾਲ ਗੀਤ ਗਾਉਂਦੇ ਰੰਗਾਂ ਨੂੰ ਧੜਕਣ ਸਿਖਾਉਂਦੇ। ਰੰਗੋਲੀ ਵਿੱਚ ਰੰਗ ਭਰਦੇ ਬੱਚਿਆਂ ਨੂੰ ਵੇਖਣਾ। ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦਾ ਰੱਬ ਦਿਸੇਗਾ ਮਾਸੂਮ ਜਿਹਾ ਗੋਲ ਮਟੋਲ ਅੱਖੀਆਂ ਵਾਲਾ। ਬੇਪਰਵਾਹ, ਨਿਰਛਲ, ਨਿਰਕਪਟ, ਨਿਰਵਿਕਾਰ। ਸਿਰ ਤੋਂ ਪੈਰਾਂ ਤੀਕ ਹਰਕਤ ਇਸੇ ਨਾਲ ਬਰਕਤ। ਮੈਂ ਵੀ ਨਿੱਕੇ ਹੁੰਦਿਆਂ ਰੱਬ ਹੁੰਦਾ ਸੀ। ਰੰਗੋਲੀ ਚ ਰੰਗ ਤਾਂ ਨਹੀਂ ਭਰੇ ਪਰ ਸੁਪਨੇ ਕੁਝ ਇਹੋ ਜਹੇ ਹੀ ਸਨ। ਚੀਕਨੀ ਮਿੱਟੀ ਨਾਲ ਖੇਡਦਾ। ਘੁੱਗੂ ਘੋੜੇ ਬਣਾਉਂਦਾ। ਜ਼ੋਰ ਜ਼ੋਰ ਨਾਲ ਧਰਤੀ ਤੇ ਪਟਕਾਉਂਦਾ ਪਟਾਕੇ ਪਾਉਂਦਾ। ਕਦੇ ਉਸੇ ਮਿੱਟੀ ਨੂੰ ਹੋਰ ਗੁੰਨ੍ਹਦਾ। ਬਲਦਾਂ ਦੀ ਜੋਗ ਬਣਾਉਂਦਾ। ਗਲ਼ ਵਿੱਚ ਪੰਜਾਲੀ ਪਾਉਂਦਾ। ਪਿੱਛੇ ਦੁਸਾਂਘੜ ਲੱਕੜੀ ਦੀ ਹੱਲ ਪਾਉਂਦਾ। ਸੁਪਨੀਲੀ ਧਰਤੀ ਤੇ ਸਿਆੜ ਕੱਢਦਾ ਬੀਜ ਪੋਰਦਾ ਨੜੇ ਦੇ ਪੋਰੇ ਨਾਲ। ਸੁਹਾਗਦਾ ਤੇ ਬੀਜੀ ਫ਼ਸਲ ਦੇ ਉੱਗਣ ਨੂੰ ਉਡੀਕਦਾ। ਹੁਣ ਮੈਂ ਮਿੱਟੀ ਚ ਨਹੀਂ ਕੋਰੇ ਵਰਕਿਆਂ ਤੇ ਸੁਪਨੇ ਬੀਜਦਾ ਹਾਂ। ਉਮਰੋਂ ਵੱਡਾ ਹੋ ਕੇ ਵੀ ਓਡੇ ਦਾ ਓਡਾ ਹਾਂ। ਤਾਂਹੀਓਂ ਸੁਪਨੇ ਉੱਗਣ ਦੀ ਉਡੀਕ ਕਰਦਾ ਹਾਂ। ਰੰਗੋਲੀ ਚ ਰੰਗ ਭਰਦੇ ਬੱਚਿਆਂ ਵਾਂਗ ਮੈਂ ਵੀ ਕੁਝ ਨਾ ਕੁਝ ਤਾਂ ਕਰਦਾ ਹਾਂ। ਕੋਰੇ ਵਰਕਿਆਂ ਖ਼ਿਲਾਫ਼ ਯੁੱਧ ਨਾ ਸਹੀ, ਤਿਆਰੀ ਤਾਂ ਕਰਦਾ ਹਾਂ।

ਆਖ ਰਿਹਾ ਇਤਿਹਾਸ

ਪੋਹ ਦੀ ਰਾਤ ਠਰੀ ਕਕਰੀਲੀ। ਠੰਡਾ ਠਾਰ ਬੁਰਜ ਸਰਹੰਦੀ। ਦੋ ਫੁੱਲਾਂ ਦੀ ਰਾਤ ਅਖ਼ੀਰੀ। ਨੀਹਾਂ ਵਿੱਚ ਖਲੋ ਕੇ ਹੱਸੀਆਂ ਜਦੋਂ ਗੁਲਾਬ ਦੀਆਂ ਦੋ ਪੱਤੀਆਂ। ਜਬਰ ਜ਼ੁਲਮ ਦਾ ਕਹਿਰ ਕਮੀਨਾ। ਡਾਹਿਆ ਦੋਹਾਂ ਬੱਚਿਆਂ ਸੀਨਾ। ਤੀਰਾਂ ਤੇ ਤਲਵਾਰਾਂ ਅੱਗੇ, ਨਾ ਮੁਰਝਾਈਆਂ ਰੀਝਾਂ ਰੱਤੀਆਂ। ਦੀਵਾਰਾਂ ਅੱਜ ਸ਼ਰਮਸਾਰ ਨੇ। ਹੁਕਮ ਹਕੂਮਤ ਧਰਤਿ ਭਾਰ ਨੇ। ਸਮਝ ਲਇਓ ਫਿਰ ਆਪੇ ਇਹ ਗੱਲ, ਕਿਉਂ ਨਾ ਬੁਝੀਆਂ ਚਾਨਣ ਬੱਤੀਆਂ। ਸੁਣੋ ਸੁਣੋ ਓਇ ਬਰਖੁਰਦਾਰੋ। ਆਪਣੇ ਅੰਦਰ ਝਾਤੀ ਮਾਰੋ। ਜਿਸਮ ਨਹੀਂ, ਰੂਹ ਸੀਸ ਝੁਕਾਓ, ਆਉਣ ਬਹਾਰਾਂ ਅਣਖ਼ਾਂ ਮੱਤੀਆਂ। ਤੇਹਾਂ ਪੋਹ ਦਾ ਧਿਆਨ ਧਾਰਿਓ। ਮੇਰੇ ਵੱਲ ਵੀ ਝਾਤ ਮਾਰਿਓ, ਜੋ ਬਾਲਾਂ ਨੇ ਚਰਖ਼ਾ ਗੇੜਿਆ, ਸਾਂਭੋ ਉਹ ਸਭ ਪੂਣੀਆਂ ਕੱਤੀਆਂ।

ਬੱਚੇ ਨਹੀਂ ਜਾਣਦੇ

ਰੇਤ ਬੱਜਰੀ ਦੇ ਵਣਜਾਰਿਆਂ ਬਦਲ ਦਿੱਤੇ ਨੇ ਬਾਲਾਂ ਦੇ ਖਿਡੌਣੇ। ਹੁਣ ਉਹ ਮਿੱਟੀ ਦੇ ਘਰ ਨਹੀਂ ਬਣਾਉਂਦੇ ਬੋਹੜ ਜਾਂ ਪਿੱਪਲ ਦੇ ਪੱਤਿਆਂ ਦੀ ਬਲਦਾਂ ਦੀ ਜੋਗ ਟਾਹਣੀਆਂ ਦੀ ਹਲ਼ ਪੰਜਾਲੀ ਸਨੁਕੜੇ ਦੀ ਰੱਸੀ ਵੱਟ ਕੇ ਹੱਲ ਨਹੀਂ ਨੇਣ੍ਹਦੇ ਤਿੱਖੀਆਂ ਸੂਲਾਂ ਦੀਆਂ ਅਰਲੀਆਂ ਨਹੀਂ ਬਣਾਉਂਦੇ। ਉਹ ਜਾਣ ਗਏ ਨੇ ਕਿ ਖੇਤ ਖਾ ਜਾਂਦੇ ਨੇ ਬਾਪੂ ਨੂੰ ਸਮੂਲਚਾ। ਸਿਆੜਾਂ ਚ ਅੱਵਲ ਤਾਂ ਭੁੱਖ ਉੱਗਦੀ ਹੈ ਜੇ ਕਿਤੇ ਫ਼ਸਲ ਹੋ ਜਾਵੇ ਤਾਂ ਸਾਨੂੰ ਨਹੀਂ ਸੌਜਲਦੀ ਆੜ੍ਹਤੀਏ ਦੇ ਹੱਕ ਚ ਹੀ ਭੁਗਤਦੀ ਹੈ ਸਾਲੋ ਸਾਲ। ਹੁਣ ਉਹ ਬਾਜ਼ਾਰ ਚੋਂ ਲੱਕੜੀ ਦੇ ਬਣੇ ਟਰੱਕ ਟਿੱਪਰ ਲੈ ਆਏ ਨੇ। ਨੰਗ ਧੜੰਗਿਆਂ ਨੇ ਰੇਤ ਦੀ ਢੇਰੀ ਇਕੱਠੀ ਕਰ ਲਈ ਹੈ। ਬਹਿ ਗਏ ਨੇ ਕੋਲ ਗਾਹਕ ਉਡੀਕਦੇ। ਬੱਚੇ ਨਹੀਂ ਜਾਣਦੇ ਕਿ ਸਾਨੂੰ ਮਿਲਦਾ ਸਬਕ ਕੱਚੀ ਲੱਸੀ ਹੈ ਜਿਸ ਚੋਂ ਕਦੇ ਵੀ ਮੱਖਣ ਦਾ ਪਿੰਨਾ ਨਹੀਂ ਨਿਕਲਣਾ। ਉਹ ਤਾਂ ਹੋਰ ਸਕੂਲ ਨੇ ਜਿੱਥੇ ਮਲਾਈ ਰਿੜਕਦੇ ਨੇ ਮੱਖਣ ਘਿਓ ਦੇ ਵਣਜਾਰੇ। ਬੱਚੇ ਬੜੇ ਭਰਮ ਚ ਸੋਚਦੇ ਨੇ ਰੇਤਾ ਬੱਜਰੀ ਵੇਚ ਕੇ ਅਸੀਂ ਵੀ ਅਮੀਰ ਹੋਵਾਂਗੇ ਘੁੰਮਦੀ ਕੁਰਸੀ ਤੇ ਬਹਾਂਗੇ। ਹੁਕਮ ਚਲਾਵਾਂਗੇ ਲੋਕ ਡਰਾਵਾਂਗੇ। ਪਰ ਬੱਚੇ ਨਹੀਂ ਜਾਣਦੇ ਕਿ ਤੁਹਾਡੇ ਟਰੱਕ ਖਿਡੌਣੇ ਹਨ ਅਸਲੀ ਟਿੱਪਰਾਂ ਟਰੱਕਾਂ ਦੇ ਟਾਇਰਾਂ ਹੇਠ ਮਿੱਧੇ ਜਾਣਗੇ ਤੁਹਾਡੇ ਸੁਪਨਿਆਂ ਵਾਂਗ। ਇਸ ਮਾਰਗ ਤੇ ਤੁਰਨ ਲਈ ਬਾਹੂਬਲੀ ਚਾਹੀਦੇ ਨੇ ਤੁਸੀਂ ਅਜੇ ਬਹੁਤ ਨਿੱਕੇ ਹੋ।

ਬੰਦ ਬੂਹਿਆਂ ਨੂੰ ਖੋਲ੍ਹ ਕੇ ਵੇਖੋ

ਕੀ ਹੋਇਆ ਜੇ ਕੰਧਾਂ ਅੰਦਰ ਚਿਣੇ ਹੋਏ ਦਰਵਾਜ਼ੇ ਬੰਦ ਨੇ, ਮਨ ਦੀ ਖਿੜਕੀ, ਬੰਦ ਬੂਹਿਆਂ ਨੂੰ ਖੋਲ੍ਹ ਕੇ ਵੇਖੋ। ਚਾਰ ਚੁਫ਼ੇਰਾ ਦਿੱਲੀ ਦੱਖਣ ਆਪ ਨਿਹਾਰੋ। ਸ਼ਹਿਰ ਖ਼ਾਮੋਸ਼ਾਂ ਦੀ ਚੁੱਪ ਅੰਦਰ ਉੱਬਲਦਾ ਜੋ ਬਰਖ਼ੁਰਦਾਰੋ। ਖੁੱਲ੍ਹਾ ਕੋਈ ਬਾਜ਼ਾਰ ਨਹੀਂ ਹੈ। ਘਰ ਕੈਦੀ, ਕੰਮ-ਕਾਰ ਨਹੀਂ ਹੈ। ਧੂੰਆਂਧਾਰ ਸੜਕ ਤੇ ਘੁੰਮਦੀ ਪਹਿਲਾਂ ਵਾਂਗੂੰ ਇੱਕ ਦੂਜੇ ਤੋਂ ਅੱਗੇ ਲੰਘਦੀ ਇੱਕ ਵੀ ਮੋਟਰ ਕਾਰ ਨਹੀਂ ਹੈ। ਚੌਂਕ ਚੁਰਸਤੇ ਲੁਕ ਛਿਪ ਬੈਠੀ ਵਰਦੀ ਧਾਰੀ ਜੇਬਾਂ ਕੱਟਦੀ ਸਹਿਮ ਸਿਰਜਦੀ ਡਾਰ ਨਹੀਂ ਹੈ। ਭਾਵੇਂ ਸੁੰਨਮ ਸੁੰਨੀਆਂ ਗਲੀਆਂ, ਵਿੱਚ ਕੋਈ ਮਿਰਜ਼ਾ ਯਾਰ ਨਹੀਂ ਹੈ। ਜ਼ਿੰਦਗੀ ਸਾਹਿਬਾਂ ਵਾਂਗ ਇਕੱਲ੍ਹੀ। ਖ਼ੌਫ਼ ਸੂਰਮੇ ਹੱਥਲ ਕੀਤੇ, ਸੌਂ ਸੌਂ ਥੱਕੇ ਤੇ ਅਧਮੋਏ। ਉਹ ਹੀ ਬੰਦੇ ਉਹ ਹੀ ਚਿਹਰੇ ਦਿਨੇ ਰਾਤ ਤੱਕ ਅੱਕ ਗਈਆਂ ਨੇ। ਕਈ ਵਾਰੀ ਤਾਂ ਏਦਾਂ ਲੱਗਦਾ, ਦੀਵਾਰਾਂ ਵੀ ਥੱਕ ਗਈਆਂ ਨੇ। ਜ਼ਿੰਦਗੀ ਤਾਂ ਤੁਰਦਾ ਦਰਿਆ ਹੈ। ਸੱਚ ਪੁੱਛੋ ਤਾਂ ਮੈਨੂੰ ਅੱਜ ਕੱਲ੍ਹ ਏਦਾਂ ਲੱਗਦਾ, ਖੜ੍ਹਾ ਖਲੋਤਾ ਪਾਣੀ ਇੱਕ ਥਾਂ ਮੁਸ਼ਕ ਗਿਆ ਹੈ। ਕਾਰਖ਼ਾਨਿਆਂ, ਕਾਰੋਬਾਰਾਂ ਦੇ ਪਹੀਏ ਵੀ ਜਾਮ ਪਏ ਨੇ। ਖ਼ਬਰ ਨਹੀਂ ਇਹ ਕਦ ਘੁੰਮਣਗੇ? ਕਿਰਤੀ ਦੇ ਹੱਥਾਂ ਨੂੰ ਮੁੜ ਕੇ ਫਿਰ ਚੁੰਮਣਗੇ। ਕਿਉਂ ਛੱਡਾਂ ਮੈਂ ਆਸ ਦੀ ਕੰਨੀ, ਰੌਣਕ ਮੁੜੂ ਬਾਜ਼ਾਰਾਂ ਅੰਦਰ। ਅੰਬਾਂ ਦੀ ਝੰਗੀ ਵਿੱਚ ਕੋਇਲ, ਮੁੜ ਗਾਊ ਗੁਲਜ਼ਾਰਾਂ ਅੰਦਰ। ਜੇਕਰ ਅੱਜ ਦੇ ਦਿਨ ਦੇ ਪੱਲੇ ਰਾਤਾਂ ਵਰਗਾ ਗੂੜ੍ਹ ਹਨੇਰਾ। ਮੇਰਾ ਨਿਸ਼ਚਾ ਇਹ ਦੱਸਦਾ ਹੈ, ਜੀਕੂੰ ਮੇਰਾ ਬੀਤਿਆ ਕੱਲ੍ਹ ਸੀ, ਅੱਜ ਤੋਂ ਅਗਲਾ ਰੌਸ਼ਨ ਰੌਸ਼ਨ, ਕੱਲ੍ਹ ਹੈ ਮੇਰਾ। ਦਿਨ ਤੋਂ ਚਿੱਟਾ ਚਾਨਣ ਚਾਨਣ। ਮੈਨੂੰ ਮੇਰਾ ਮਨ ਕਹਿੰਦਾ ਹੈ ਇਹ ਸੰਕਟ ਵੀ ਤਦ ਆਇਆ ਹੈ, ਧਰਤੀ ਦੇ ਵਸਨੀਕ ਜੰਤ ਦੋ ਪੈਰਾਂ ਵਾਲੇ, ਹੁਣ ਤੱਕ ਜੋ ਕੁਝ ਕੀਤਾ, ਸ਼ੀਸ਼ੇ ਅੰਦਰ ਵੇਖਣ ਆਪਣਾ ਚਿਹਰਾ। ਆਪਣਾ ਕੀਤਾ ਆਪ ਪਛਾਨਣ। ਆਦਮ ਖ਼ੋਰ ਬਿਰਤੀਆਂ ਸਾਨੂੰ ਕਿੱਥੋਂ ਕਿੱਥੇ ਲੈ ਆਈਆਂ ਨੇ? ਕੁੱਲ ਆਲਮ ਵਿੱਚ ਸੋਗ ਪਿਆ ਹੈ। ਮੈਨੂੰ ਤਾਂ ਕੁਝ ਏਦਾਂ ਲੱਗਦੈ, ਨਵੀਂ ਜੰਗ ਹਥਿਆਰ ਬਦਲ ਗਏ, ਐਟਮ ਵਾਲਾ ਭੋਗ ਪਿਆ ਹੈ।

ਕੇਸ਼ਰੀ/ਉਨ੍ਹਾਂ ਨੂੰ ਕਹੋ

ਉਨ੍ਹਾਂ ਨੂੰ ਕਹੋ ਸਾਨੂੰ ਨਾ ਵੇਚਣ ਸਾਰਾਗੜੀ ਦਾ ਮੈਦਾਨ ਯੁੱਧ ਕਹਿ ਕੇ ਗੁਲਾਮੀ ਦਾ ਸਾਮਾਨ। ਕੇਸਰੀ ਪੁੜੀ ਵਿੱਚ ਬੰਨ੍ਹਿਆ ਚੋਣ ਨਿਸ਼ਾਨ ਸਾਨੂੰ ਸਭ ਪਤਾ ਹੈ ਕਿਲ੍ਹੇ ਕਦੇ ਲੋਕਾਂ ਦੇ ਨਹੀਂ ਹੁੰਦੇ ਕਿਲ੍ਹਿਆਂ ਵਿੱਚ ਕੌਣ ਬਹਿੰਦਾ ਹੈ ਤਖ਼ਤ ਨਸ਼ੀਨ ਹੋ ਕੇ। ਇਹ ਸੱਚ ਹੈ ਸੂਰਜ ਜਿੱਡਾ ਕਿਲ੍ਹੇ ਦੇ ਰਖ਼ਵਾਲੇ ਯੋਧੇ ਪੁੱਤਰ ਸਾਡੇ ਸਨ। ਝੋਰੜਾਂ ਦਾ ਈਸ਼ਰ ਸਿੰਘ ਹੋਵੇ ਜਾਂ ਕਿਸੇ ਹੋਰ ਪਿੰਡੋਂ ਲਿੱਸੇ ਘਰ ਦਾ ਜਾਇਆ। ਫੌਜ ਵਿੱਚ ਰੋਟੀ ਕਮਾਉਣ ਆਇਆ। ਫਰੰਗੀ ਰਾਜ ਦਾ ਤਾਬਿਆਦਾਰ ਬੰਦੂਕਧਾਰੀ ਤਿਆਰ ਬਰ ਤਿਆਰ। ਸਾਰਾਗੜ੍ਹੀ ਕਿਲ੍ਹਾ ਸਾਡਾ ਨਹੀਂ ਸੀ। ਉਹ ਤਾਂ ਨਾਗਾਂ ਦੀ ਵਰਮੀ ਸੀ। ਸਾਡੇ ਤਾਂ ਸਿਰਫ਼ ਉਹ ਪਠਾਣ ਭਾਈਬੰਦ ਸਨ, ਜਿੰਨ੍ਹਾ ਨੂੰ ਖੜੱਪੇ ਨਾਗ ਰਾਤ ਦਿਨ ਡੰਗਦੇ। ਅਣਖ਼ਾਂ ਦੇ ਜਾਇਆਂ ਨੂੰ ਰੋਜ਼ ਸੂਲੀ ਟੰਗਦੇ। ਬਾਗੀਆਂ ਦੇ ਬੱਚੇ ਮੂੰਹੋਂ ਪਾਣੀ ਪਾਣੀ ਮੰਗਦੇ। ਅਣਖ਼ੀ ਦਲੇਰ ਨੂੰ ਹੱਕ ਤੇ ਇਨਸਾਫ਼ ਮੰਗਦੇ ਧਰਤ ਪੁੱਤਰ ਸ਼ੇਰ ਨੂੰ ਤਾਜ ਦੇ ਰਖਵਾਲੇ ਬਣ ਘੇਰ ਘੇਰ ਮਾਰਨਾ। ਸਿੱਖ ਦਾ ਵਿਹਾਰ ਨਾ। ਕੁਹਾੜੀ ਰਾਜਭਾਗ ਦੀ ਅਸੀਂ ਵਿੱਚ ਦਸਤਾ ਸੀ। ਆਪਣੇ ਭਰਾਵਾਂ ਨੂੰ, ਧਰਤੀ ਦੇ ਚਾਵਾਂ ਨੂੰ ਮਾਰਨਾ ਹੈ ਦੱਸੋ ਕਿੱਥੇ ਲਿਖਿਆ ਬਹਾਦਰੀ।

ਆਸ ਉਮੀਦ ਤੇ ਜੱਗ ਜੀਂਦਾ ਹੈ

ਆਸ ਉਮੀਦ ਤੇ ਜੱਗ ਜੀਂਦਾ ਹੈ। ਆਸ ਮਰਨ ਤੇ ਕਾਹਦਾ ਜੀਣਾ। ਜ਼ਿੰਦਗੀ ਦੀ ਪਟੜੀ ਤੇ ਪਹੀਏ, ਘੁੰਮਦੇ ਰੱਖਣਾ ਜ਼ੁੰਮੇਵਾਰੀ। ਖੂਹ ਦੀਆਂ ਟਿੰਡਾਂ ਜੇ ਰੁਕ ਜਾਵਣ, ਸੁੱਕ ਜਾਂਦੀ ਏ ਆਸ ਕਿਆਰੀ। ਤੇਜ਼ ਗਤੀ ਵਿੱਚ ਘੁੰਮਦਾ ਪਹੀਆ, ਰੁਕਿਆ ਤਾਂ ਫਿਰ ਸਮਝ ਪਿਆ ਹੈ। ਹਾਦਸਿਆਂ ਦਾ ਕੋਝਾ ਜੰਗਲ ਸਗਲ ਧਰਤ ਤੇ ਉੱਗ ਪਿਆ ਹੈ। ਸੂਲਾਂ ਕੰਡੇ ਥਾਂ ਥਾਂ ਖਿੱਲਰੇ। ਹੁਕਮ ਹਕੂਮਤ ਇੰਜ ਕੀਤਾ ਹੈ, ਆਪੋ ਆਪਣੇ ਅੰਦਰ ਵੜ ਜਾਉ। ਘਾਬਰਨਾ ਨਾ, ਤੇਜ਼ ਹਨ੍ਹੇਰੀ, ਅੱਖਾਂ ਵਿੱਚ ਕੱਖ ਪੈ ਸਕਦੇ ਨੇ, ਮੌਤ ਜਿਹਾ ਕੋਈ ਜਰਮ ਜੀਵਾਣੂੰ, ਸਾਹੀਂ ਮੌਤ ਪਰੋ ਸਕਦਾ ਹੈ। ਨਾ ਰਾਜਾ ਨਾ ਰੰਕ ਵੇਖਦਾ, ਇਹ ਜਰਵਾਣਾ, ਕਿਸੇ ਮੋੜ ਤੇ, ਮੈਨੂੰ ਤੈਨੂੰ , ਕਿਤੇ ਵੀ ਕੁਝ ਵੀ ਹੋ ਸਕਦਾ ਹੈ। ਸੱਜਣਾਂ ਦੀ ਬੁੱਕਲ ਚੋਂ ਦੁਸ਼ਮਣ ਡੰਗ ਸਕਦਾ ਹੈ। ਆਪਣੀ ਅਗਨ ਬੁਝਾਉਣ ਲਈ ਉਹ, ਸਾਥੋਂ ਜਾਨ ਵੀ ਮੰਗ ਸਕਦਾ ਹੈ। ਸਭ ਨੂੰ ਸੂਲੀ ਟੰਗ ਸਕਦਾ ਹੈ। ਰੇਲ ਪਟੜੀਆਂ ਠਰ ਚੱਲੀਆਂ ਨੇ। ਬਿਨ ਸੰਗਤ ਤੋਂ ਮਰ ਚੱਲੀਆਂ ਨੇ। ਨਾਲ ਨਾਲ ਪਈਆਂ ਜੋ ਲੀਹਾਂ ਹਰ ਥਾਂ ਇੱਕੋ ਜਿਹਾ ਫ਼ਾਸਲਾ। ਅੱਜ ਤੀਕਰ ਇਹ ਕਿਸੇ ਪੜਾਅ ਤੇ, ਇੱਕ ਦੂਜੇ ਗੱਲ ਲੱਗ ਨਾ ਮਿਲੀਆਂ। ਏਦਾਂ ਨਿੱਖੜੇ ਮਰ ਨਾ ਜਾਈਏ, ਡਰ ਲੱਗਦਾ ਹੈ। ਏਸੇ ਕਰਕੇ ਜੇਲ੍ਹ ਵਾਂਗਰਾਂ ਘਰ ਲੱਗਦਾ ਹੈ। ਪਰ ਮੈਨੂੰ ਵਿਸ਼ਵਾਸ ਪੁਰਾਣਾ। ਨਹੀਂ ਰੁਕਣੇ ਇਹ ਰਾਤ ਦਿਵਸ ਦੇ ਘੁੰਮਦੇ ਪਹੀਏ। ਕਿਹੜੀ ਗੱਲੋਂ ਸਹਿਮ ਹੰਢਾਈਏ, ਮੌਤੋਂ ਪਹਿਲਾਂ ਮਰਦੇ ਰਹੀਏ। ਫਿਰ ਪਟੜੀ ਤੇ ਘੁੰਮਣਾ ਪਹੀਆ। ਇਹ ਕਿਹੜਾ ਇਸ ਧਰਤੀ ਨੇ ਵੀ, ਪਹਿਲੀ ਵਾਰੀ ਮਾਰ ਸਹੀ ਆ।

ਸ਼ਬਦ ਅਬੋਲ

ਦਿਨ ਚੜ੍ਹਿਆ ਹੈ। ਦਰਦਾਂ ਦਾ ਦਰਿਆ ਹੜ੍ਹਿਆ ਹੈ। ਕੰਢੇ ਖ਼ੋਰ ਖ਼ੋਰ ਕੇ ਮੇਰੇ ਮਨ ਵੜਿਆ ਹੈ। ਗਿੱਟੇ ਗਿੱਟੇ, ਗੋਡੇ ਗੋਡੇ, ਗਲ ਗਲ ਪਾਣੀ। ਹੁਣ ਤਾਂ ਸਿਰ ਤੋਂ ਲੰਘ ਗਿਆ ਹੈ। ਰੱਤਾ ਸੁਰਖ਼ ਸਰੋਵਰ ਮਨ ਦਾ। ਲਾਚੀ ਬੇਰ ਉਦਾਸ ਖੜ੍ਹੀ ਹੈ ਦੁੱਖ ਭੰਜਨੀ ਵੀ ਅੱਥਰੂ ਅੱਥਰੂ ਸਭ ਬਿਰਖ਼ਾਂ ਤੋਂ ਚਿੜੀਆਂ ਉੱਡੀਆਂ ਅੱਧੀ ਰਾਤੇ ਧਾੜ ਪਈ ਹੈ ਟਾਹਣੀ ਟਾਹਣੀ ਪੱਤਾ ਪੱਤਾ ਕਾਗਾਂ ਕੁਰਗਾਂ ਬਾਜ਼ਾਂ ਰਲ਼ ਕੇ ਹਰ ਰੁੱਖੜਾ ਹੀ ਛਾਣ ਮਾਰਿਆ। ਲੱਭਦੇ ਫਿਰਦੇ, ਟਾਹਣੀਆਂ ਪੱਤੇ ਕੌਣ ਹਿਲਾਵੇ? ਗੁਰੂ ਨਾਨਕ ਦੇ ਬੋਲ ਸੁਣਦਿਆਂ ਆਹ ਕੀ ਹੋਇਆ ? ਅੰਬਰ ਦੇ ਵਿੱਚ ਸਾਰੇ ਤਾਰੇ ਨੀਲੇ ਰੰਗ ਦੇ ਅਸਲੀ ਰੰਗ ਗੁਆਚ ਗਿਆ ਹੈ! ਕੀ ਹੋਇਆ ਹੈ ਅੰਮ੍ਰਿਤ ਵੇਲੇ ਚਹੁੰ ਵਰਣਾਂ ਦੇ ਸਾਂਝੇ ਘਰ ਦੇ ਅੰਦਰ ਵੜ ਕੇ ਗੋਲਾਬਾਰੀ ਅੰਨ੍ਹੀ ਬੋਲ਼ੀ ਸ਼ਬਦਾਂ ਦੀ ਹਿੱਕ ਚੀਰ ਗਈ ਹੈ। ਤਬਲਾ ਲਹੂ ਲੁਹਾਣ ਪਿਆ ਹੈ। ਤਾਨਪੂਰਿਆਂ ਤਾਰਾਂ ਟੁੱਟੀਆਂ ਕੰਨਾਂ ਵਿੱਚ ਗੜਗੜ ਦਾ ਹਮਲਾ ਕੰਠ ਦੇ ਅੰਦਰ ਜ਼ਹਿਰੀਂ ਧੂੰਆਂ ਫੇਫੜਿਆਂ ਤੱਕ ਪਹੁੰਚ ਗਿਆ ਹੈ। ਏਸ ਜਨਮ ਵਿੱਚ ਆਪਣਿਆਂ ਦੀ ਕਿਰਪਾ ਸਦਕਾ ਮਨ ਮੰਦਰ ਨੂੰ ਘੇਰਾ ਪਹਿਲੀ ਵਾਰ ਪਿਆ ਸੀ।

ਹੁਣ ਦੁਸ਼ਮਣ ਨੇ ਭੇਸ ਬਦਲਿਆ

ਸਰਹੱਦਾਂ ਦੀ ਰਾਖੀ ਕਰਦੇ ਹੱਥ ਅਤੇ ਹਥਿਆਰ ਵੀ ਹੱਥਲ ਹੋ ਕੇ ਬਹਿ ਗਏ। ਨਵੇਂ ਨਵੇਲੇ ਦੁਸ਼ਮਣ ਤੋਂ ਮੁਕਤੀ ਦੀ ਖ਼ਾਤਰ, ਕੁੱਲ ਦੁਨੀਆਂ ਦੇ ਲੋਕੀਂ ਫ਼ਿਕਰਾਂ ਦੇ ਵਿੱਚ ਵਹਿ ਗਏ। ਕੁੱਲ ਆਲਮ ਨੇ ਦੋ ਜੰਗਾਂ ਤਾਂ ਅੱਖੀਂ ਤੱਕੀਆਂ ਇਹ ਤੀਜੀ ਜੰਗ ਆਦਮਖਾਣੀ। ਕੌਣ ਕਿਸੇ ਸੰਗ ਕਿੱਦਾਂ ਟੱਕਰੇ। ਬਣ ਗਏ ਸਭ ਬੱਲੀ ਦੇ ਬੱਕਰੇ। ਹੁਣ ਦੁਸ਼ਮਣ ਨੇ ਭੇਸ ਬਦਲਿਆ। ਅਸੀਂ ਤਾਂ ਇਸ ਹੰਕਾਰ ਚ ਹੁਣ ਤੱਕ ਰਹੇ ਗਵਾਚੇ। ਸਾਡੀ ਬੁੱਕਲ ਵਿੱਚ ਪਰਮਾਣੂੰ। ਇਹ ਰਖਵਾਲਾ ਬਣ ਸਿਰ ਸਾਡੇ, ਜੰਗ ਯੁੱਧ ਅੰਦਰ ਛਤਰੀ ਤਾਣੂੰ। ਪਰ ਇਹ ਕਿੱਥੋਂ ਕਿਹੜਾ ਦੁਸ਼ਮਣ, ਨਾਮ ਕਰੋਨਾ ਰੋਗ ਜੀਵਾਣੂੰ। ਘਰ ਦੇ ਅੰਦਰ ਸਭ ਧਰਤੀ ਤੇ, ਅੰਦਰ ਬਹਿ ਕੇ ਸੋਚ ਵਿਚਾਰੋ। ਆਪਣੇ ਅੰਦਰ ਝਾਤੀ ਮਾਰੋ। ਹੁਣ ਹੱਦਾਂ ਸਰਹੱਦਾਂ ਤੋਂ ਵੀ ਬਿਨਾ ਬੁਲਾਏ ਲੰਘਦਾ ਦੁਸ਼ਮਣ। ਰੰਗ ਨਸਲ ਇਹ ਦੇਸ਼ ਨਾ ਵੇਖੇ। ਰੁਤਬੇ, ਕੁਰਸੀ ਭੇਸ ਨਾ ਵੇਖੇ। ਦੱਬ ਲੈਂਦਾ ਹੈ ਜਾਗੇ ਸੁੱਤੇ। ਇਸ ਦੁਸ਼ਮਣ ਦੀ ਨਸਲ ਪਛਾਣੋ। ਆਦਮ ਜ਼ਾਤ ਦੀ ਪੀੜ ਪਛਾਣੋ। ਕੁੱਲ ਦੁਨੀਆ ਦੀ ਖ਼ੈਰ ਮਨਾਈਏ। ਗਿਆਨ ਅਤੇ ਵਿਗਿਆਨ ਸਹਾਰੇ, ਇਸ ਵੈਰੀ ਨੂੰ ਮਾਰ ਮੁਕਾਈਏ। ਨਫ਼ਰਤ ਦੀ ਅੱਗ ਖੇਡ ਖੇਡ ਕੇ ਅੱਜ ਤੀਕਰ ਕਿਸ ਕੀ ਖੱਟਿਆ ਹੈ?

ਮੇਰੇ ਨਾਲ ਅਵਾਜ਼ ਮਿਲਾਉ

ਮੈਨੂੰ ਹੁਣ ਤੱਕ ਭਰਮ ਜਿਹਾ ਸੀ ਸਮੇਂ ਦੀਆਂ ਘੜੀਆਂ ਨੂੰ ਚਾਬੀ ਮੈਂ ਦਿੰਦਾ ਹਾਂ। ਮੈਂ ਚਾਹਾਂ ਤਾਂ ਅੱਗੇ ਤੋਰਾ। ਜੇ ਚਾਹਾਂ ਤਾਂ ਪਿੱਛੇ ਮੋੜਾਂ। ਹੁਣ ਮੇਰਾ ਇਹ ਭਰਮ ਤਿੜਕਿਆ। ਵਕਤ ਬੜਾ ਕੁਝ ਮੁੱਠੀ ਅੰਦਰ ਬੰਦ ਰੱਖਦਾ ਹੈ। ਹੁਣ ਮੈਂ ਕਮਰੇ ਅੰਦਰ ਬੰਦ ਹਾਂ। ਆਪਣੇ ਘਰ ਵਿੱਚ ਆਪੇ ਕੈਦੀ। ਨਿਰਦੋਸ਼ਾ ਪਰ ਸਜਾਂ ਭੁਗਤ ਦਾ ਅਣਕੀਤੇ ਦੀ। ਬਾਹਰ ਨਿਕਲਣਾ ਸੁਪਨਾ ਹੋਇਆ। ਸੜਕਾਂ ਰਾਹਗੀਰਾਂ ਨੂੰ ਤਰਸਣ, ਗਲੀਆਂ ਚੌਂਕ ਚੁੱਪ ਨੇ। ਮਨ ਦੇ ਵਿੱਚ ਹਨ੍ਹੇਰੇ ਘੁੱਪ ਨੇ। ਮੈਲ ਕੁਚੈਲੇ ਸ਼ਹਿਰ ਨੇ ਨੀਲਾ ਅੰਬਰ ਤੱਕਿਆ ਮੁੱਦਤ ਮਗਰੋਂ। ਧਰਤੀ ਨੂੰ ਵੀ ਸਾਹ ਆਇਆ ਹੈ। ਤਪਦੀਆਂ ਸ਼ੜਕਾਂ ਠਰ ਗਈਆਂ ਨੇ। ਲੱਗਦੈ ਇਹ ਵੀ ਡਰ ਗਈਆਂ ਨੇ। ਬੰਦਾ ਬੈਠਾ ਹੈ, ਕੰਕਰੀਟ ਦੇ ਆਲ੍ਹਣਿਆਂ ਵਿੱਚ ਚਾਰ ਚੁਫ਼ੇਰੇ ਕੰਧਾਂ ਨਾ ਕੋਈ ਜੰਤ ਪਰਿੰਦਾ। ਕੋਈ ਨਾ ਕਿਤੇ ਵਿਖਾਈ ਦਿੰਦਾ। ਸਹਿਮ ਦਿਆਂ ਪਰਛਾਵਿਆਂ ਥੱਲੇ ਦਮ ਘੁੱਟਦਾ ਹੈ। ਚਹਿਲ ਪਹਿਲ ਸ਼ਹਿਰਾਂ ਦੀ ਲੱਗਦੈ ਖ਼ਬਰੇ ਗੁੰਮ ਗੁਆਚ ਗਈ ਹੈ। ਦਹਿਸ਼ਤ ਵਹਿਸ਼ਤ ਕਹਿਰ ਕਰੋਨਾ ਕੁੱਲ ਆਲਮ ਦੀ ਜਾਨ ਸੁਕਾਈ। ਘੰਟਾ ਘਰ ਦੀਆਂ ਸੂਈਆਂ ਰੁਕੀਆਂ ਥਰਮਲ ਦਾ ਘੁੱਗੂ ਨਾ ਬੋਲੇ। ਬਿਰਖ਼ ਉਦਾਸ ਲਹਿਰਨਾ ਭੁੱਲੇ। ਤੰਦੂਰਾਂ ਵਿੱਚ ਅੱਗ ਨਾ ਬਲ਼ਦੀ। ਮਾਂਹ ਦੀ ਦਾਲ ਕਿਤੇ ਨਾ ਤੜਕੇ। ਸਹਿਮ ਦਾ ਬੱਦਲ ਮੁੜ ਮੁੜ ਗੜ੍ਹਕੇ ਸੱਜੇ ਹੱਥ ਲਈ ਖੱਬਾ ਸ਼ੱਕੀ। ਗਲਵੱਕੜੀ ਤੋਂ ਡਰ ਲੱਗਦਾ ਹੈ। ਪਰ ਜ਼ਿੰਦਗੀ ਦੇ ਆਸ਼ਕ ਲੋਕੋ। ਗ਼ਮ ਦੀ ਕਬਰ ’ਚੋਂ ਬਾਹਰ ਆਉ। ਦਿਲ ਨੂੰ ਸੁੱਚੜਾ ਗੀਤ ਸੁਣਾਉ। ਸ਼ਬਦ ਸੁਰਿਤ ਸੁਰਮੇਲ ਕਰਾਉ। ਮਨ ਦਾ ਅਨਹਦ ਨਾਦ ਵਜਾਉ। ਦਰਦਮੰਦ ਹਸਤੀ ਨੂੰ ਆਖੋ, ਇਸ ਧਰਤੀ ਦੀ ਪੀੜ ਘਟਾਉ। ਅਣਆਈ ਮੌਤੇ ਕਿਉਂ ਮਰਦੇ, ਬੂਹੇ ਮੁੱਢ ਚੰਬੇ ਦੀ ਬੂਟੀ ਰਾਤ ਦੀ ਰਾਣੀ ਵਿਹੜੇ ਲਾਉ। ਕਣ ਕਣ ਧਰਤੀ ਦਾ ਮਹਿਕਾਉ। ਵਕਤ ਦਾ ਪਹੀਆ ਸਹਿਜ਼ ਘੁਮਾਉ। ਮੇਰੇ ਨਾਲ ਅਵਾਜ਼ ਮਿਲਾਉ।

ਅਸੀਸ

ਕਲਮਾਂ ਨਾਲ ਖੇਡਦੀ ਕਿਤਾਬਾਂ ਤੀਕ ਪੌੜੀ ਦਰ ਪੌੜੀ ਚੜ੍ਹਦੀ ਬਹੁਤ ਗੱਲਾਂ ਕਰਦੀ ਹੈ। ਮੇਰੀ ਪੋਤਰੀ ਅਸੀਸ ਮੈਂ ਉਸਦੀ ਭਾਸ਼ਾ ਨਹੀਂ ਜਾਣਦਾ! ਮੇਰੀ ਸੀਮਾ ਉਹ ਨਹੀਂ ਜਾਣਦੀ। ਬਹੁਤ ਗੱਲਾਂ ਕਰਦੀ ਹੈ ਕਲਮਾਂ ਨਾਲ। ਨਿੱਕੇ ਨਿੱਕੇ ਹੱਥਾਂ ਨਾਲ ਕਲਮਦਾਨ ਪਲੋਸਦੀ ਬਹੁਤ ਕੁੱਝ ਅਣਕਿਹਾ ਕਹਿੰਦੀ ਨਿਰੋਲ ਕਵਿਤਾ ਹੈ ਇਹੀ ਅਣਕਿਹਾ।

ਜੇ ਬੱਚਾ ਬੋਲਦਾ ਤਾਂ

ਜੇ ਬੱਚਾ ਬੋਲਦਾ ਤਾਂ ਆਖਦਾ! ਤੁਹਾਡੇ ਕੋਲ ਕੀ ਹੈ? ਮੇਰੇ ਕੋਲ ਖਾਬ ਨੇ ਵੰਨ ਸੁਵੰਨੇ। ਫੁੱਟ ਪਾਥ ਤੋਂ ਘਰ ਤੀਕ। ਦਿਲ ਵਿਚਲੇ ਅਰਮਾਨਾਂ ਦੇ ਨਕਸਾਂ ਜਹੇ ਨਕਸ਼ੇ ਬਣਾਵਾਂਗਾ ਕੋਰੇ ਵਰਕਿਆਂ ਤੇ। ਮੈਂ ਇਹਨਾਂ 'ਚ ਰੰਗ ਭਰਾਂਗਾ। ਸਿਆਦ ਸਫ਼ੈਦ ਰੰਗਾਂ 'ਚੌਂ ਹੀ ਸਤਰੰਗੀ ਪੀਂਘ ਉਭਾਰਾਂਗਾ। ਮੇਰੇ ਬਾਬਲ ਜਿਵੇਂ ਬੇਗਾਨੀ ਜੁੱਤੀ ਲਿਸ਼ਕਾਉਂਦੈ, ਮੈਂ ਆਪਣਾ ਮਸਤਕ ਚਮਕਾਵਾਂਗਾ। ਵਕਤ ਆ ਲੈਣ ਦਿਉ, ਕੁਝ ਕਰਕੇ ਵਿਖਾਵਾਂਗਾ। ਪਰ ਬੱਚਾ ਬੜਾ ਭੋਲ਼ਾ ਹੈ, ਨਹੀਂ ਜਾਣਦਾ, ਏਕਲਵਯ ਦਾ ਅੰਗੂਰਾ ਕੱਟੜ ਦੀ ਰੀਤ ਬਹੁਤ ਪੁਰਾਣੀ ਹੈ। ਸਾਵਧਾਨ, ਬੱਚਿਆ! ਜੰਗ ਏਨੀ ਸੌਖੀ ਨਹੀਂ। ਦੁਸ਼ਮਣ ਪਹਿਲਾਂ ਨਾਲੋਂ ਹੋਰ ਸ਼ੈਤਾਨ ਹੋ ਗਿਆ। ਵਕਤ ਨਾਲ ਲੜ

ਮਜ਼ਦੂਰ ਦਿਹਾੜਾ

ਮਜ਼ਦੂਰ ਦਾ ਕੋਈ ਦਿਹਾੜਾ ਨਹੀਂ ਹੁੰਦਾ ਸਿਰਫ਼ ਦਿਹਾੜੀ ਹੁੰਦੀ ਹੈ। ਦਿਹਾੜੀ ਟੁੱਟਿਆਂ ਮਜ਼ਦੂਰ ਟੁੱਟਦਾ ਹੈ ਘਰ ਬਾਰ ਪਰਿਵਾਰ ਟੁੱਟਦਾ ਹੈ। ਸਬੂਤਾ ਨਹੀਂ ਹੁੰਦਾ ਕਦੇ ਤਿੜਕਿਆ ਕੜਾ ਨਿਰੰਤਰ ਰਿਸਦਾ ਅੱਖੋਂ ਨੀਰ ਫੁੱਟਦਾ ਹੈ। ਕਤਰਾ ਕਤਰਾ ਰਿਸਦਿਆਂ ਬੀਤ ਜਾਂਦੀ ਹੈ ਉਮਰ ਗੁਆਚ ਜਾਂਦੀ ਹੈ ਸਰਵੋਤਮ ਜੂਨ ਗੋਲ ਪਹੀਏ ਦੇ ਹੇਠ ਉਤੇ ਹੁੰਦੇ ਆਂ। ਅੱਜ ਘਰਾਂ 'ਚ ਬੰਦ ਹਨ ਸਖਣੇ ਪੀਪੇ, ਉਦਾਸ ਨਜ਼ਰਾਂ ਪਾਣੀ ਤੋਂ ਬਾਹਰ ਤੜਫਦੀਆਂ ਮੱਛੀਆਂ ਪਾਟੀਆਂ ਨਜ਼ਰਾਂ ਖੰਭਾਂ ਦੀਆਂ ਡਾਰਾਂ। ਕਿਸਨੂੰ ਵਾਜ਼ਾਂ ਮਾਰਾ। ਸ਼ਿਕਾਗੋ ਤਾਂ ਆਪ ਮਰ ਰਿਹਾ ਹੈ। ਆਸ ਦਿਆ ਸੂਰਜਾ ਕਿਸੇ ਬਨੇਰੇ ਚੜ੍ਹ ਸਾਡੀਆਂ ਅੱਖੀਆਂ ਪੜ੍ਹ। ਸਾਨੂੰ ਘਰ ਬੈਠਿਆ ਆਟਾ ਨਹੀਂ ਰੁਜ਼ਗਾਰ ਚਾਹੀਦੈ। ਬਹਾਨੇ ਨਹੀਂ ਵਿਵਸਥਾ ਘੜ। ਵਕਤ ਨਾਲ ਲੜ।

ਕੰਕਰੀਟ ਦਾ ਜੰਗਲਬੇਲਾ

ਧਰਤੀ ਗੀਤ ਸੁਣਾਵੇ। ਆਪੇ ਲਿਖਦੀ, ਤਰਜ਼ ਬਣਾਉਦੀ, ਬਿਨ ਸਾਜ਼ਾਂ ਤੋਂ ਗਾਵੇ। ਸੁਣ ਸਕਦੈ ਫੁੱਲਾਂ ਦੇ ਕੋਲੋਂ, ਜੇਕਰ ਬੰਦਾ ਚਾਹੇ। ਅੱਗ ਦਾ ਗੋਲ਼ਾ ਚੌਵੀ ਘੰਟੇ ਮਘਦੇ ਬੋਲ ਅਲਾਵੇ। ਸੂਰਜ ਤਪੀਆ ਤਪ ਕਰਕੇ ਵੀ, ਰੌਸ਼ਨੀਆਂ ਵਰਤਾਵੇ। ਚੰਦਰਮਾ ਦੀ ਮਧੁਰ ਚਾਨਣੀ, ਕੀ ਕੀ ਰੂਪ ਵਟਾਵੇ। ਏਕਮ ਦਾ ਚੰਨ ਫਾੜੀ ਜਿੱਡਾ, ਪੂਰਾ ਹੋ, ਖੁਰ ਜਾਵੇ। ਤਾਰਿਆਂ ਨਾਲ ਗੁਫ਼ਤਗੂ ਕਰਕੇ, ਲੱਖਾਂ ਬਾਤਾਂ ਪਾਵੇ। ਸਾਗਰ ਕੋਲੋਂ ਲੈ ਕੇ ਜਲ ਕਣ, ਅੰਬਰ ਪਿਆਸ ਮਿਟਾਵੇ। ਧਰਤ ਤਰੇੜੀ, ਵੇਖ ਬੰਬੀਹਾ, ਖਵਰੇ ਕੀ ਕੁਝ ਗਾਵੇ। ਮੇਘ ਦੂਤ ਬਣ ਧਰਤੀ ਉੱਤੇ, ਬਣ ਬੱਦਲ ਵਰ੍ਹ ਜਾਵੇ। ਕੁਦਰਤ ਹਰ ਪਲ ਕਣ ਕਣ ਨੱਚਦੀ, ਸੁਰ ਸੰਗ ਤਾਲ ਮਿਲਾਵੇ। ਕੱਥਕ ਕਥਾ ਸੁਣਾਉਂਦੇ ਪੱਤੇ, ਸਾਨੂੰ ਸਮਝ ਨਾ ਆਵੇ। ਬੇਕਦਰਾਂ ਦੇ ਵਿਹੜੇ ਅੰਦਰ, ਖੁਸ਼ਬੋ ਕਿੱਦਾ ਆਵੇ। ਕੰਕਰੀਟ ਦਾ ਜੰਗਲ-ਬੇਲਾ, ਅੱਜਕੱਲ੍ਹ ਸ਼ਹਿਰ ਕਹਾਵੇ।

ਬੱਚੇ ਹੁਣ

ਬੱਚੇ ਹੁਣ ਸਾਖੀਆਂ ਨਹੀਂ ਸੁਣਦੇ ਸਾਨੂੰ ਦੇਖਦੇ ਹਨ ਦਿਨ ਰਾਤ ਕੂੜ ਦੀ ਮਾਲਾ ਫੇਰਦਿਆਂ ਸਿਰ ਫੇਰਦੇ ਹਨ ਸਾਖੀਆਂ ਨਹੀਂ ਸੁਣਦੇ

ਖੇਡ ਮੈਦਾਨ ਉਦਾਸ ਨਾ ਰਹਿਣੇ

ਕਿਹੜਾ ਏਥੋਂ ਖੁੱਗ ਕੇ ਲੈ ਗਿਆ ਸ਼ਾਮ ਸਵੇਰੇ। ਹਰਕਤ ਬਰਕਤ ਕਸਰਤ ਕਰਦੇ ਪੁੱਤਰ ਮੇਰੇ। ਕਈ ਦਿਨ ਹੋ ਗਏ, ਮੇਰੀ ਮਿੱਟੀ ਨੇ ਨਾ ਮੁੜ੍ਹਕਾ ਡੁੱਲ੍ਹਦਾ ਤੱਕਿਆ। ਖੇਡ ਮੈਦਾਨ ਉਦਾਸ ਪਏ ਨੇ। ਕੱਚੇ ਰਾਹੀਂ ਘਾਹ ਉੱਗਿਆ ਹੈ। ਪੱਕੇ ਭਵਨੀਂ ਸਹਿਮ ਪਿਆ ਹੈ। ਵਿੱਚ ਟਰੈਕ ਦੇ ਪੰਛੀ ਫਿਰਦੇ ਅਸਲੀ ਸਾਈਂ ਲੱਭਦੇ ਫਿਰਦੇ। ਕਿੱਥੇ ਤੁਰ ਗਏ ਉੱਡਣੇ ਪੁੱਡਣੇ ਧੀਆਂ ਪੁੱਤਰ। ਵੇ ਲੋਕੋ ਵੇ ਧਰਤੀ ਵਾਲਿਓ! ਮੇਰੇ ਏਸ ਫ਼ਿਕਰ ਦਾ ਕੋਈ ਤਾਂ ਮੋੜੋ ਉੱਤਰ। ਡਰ ਲੱਗਦਾ ਹੈ ਵਕਤ ਜਿਵੇਂ ਬਿਰਖ਼ਾਂ ਤੋਂ ਛਾਵਾਂ ਛਾਂਗ ਰਿਹਾ ਹੈ। ਬਾਗ ਬਗ਼ੀਚਿਆਂ ਵਿੱਚੋਂ ਫੁੱਲ ਕਸ਼ੀਦ ਰਿਹਾ ਹੈ। ਖੇਡ ਮੈਦਾਨੋਂ ਚੌੜੀਆਂ ਹਿੱਕਾਂ, ਤਰਨ ਤਲਾਬ ਨੂੰ ਤਰਸਣ ਡੌਲਿਆਂ ਅੰਦਰ ਮੱਛੀਆਂ। ਸਹਿਮ ਜਹੇ ਨੇ ਰੂਹਾਂ ਪੱਛੀਆਂ। ਖੇਤ ਖਲੋਤੀਆਂ ਪੱਕੀਆਂ ਫ਼ਸਲਾਂ, ਵਰ੍ਹਿਆ ਬੱਦਲ ਚੜ੍ਹ ਕੇ ਆਇਆ। ਸੁਣਿਆ ਸੀ ਤੂੰ ਰਹਿਮਤ ਵੰਡਦੈਂ, ਦਾਤਾ ਇਹ ਕੀ ਕਹਿਰ ਕਮਾਇਆ। ਖੇਡ ਮੈਦਾਨ ਵੀ ਖੇਤਾਂ ਵਰਗਾ। ਏਥੇ ਵੀ ਮਿਹਨਤ ਦੀਆਂ ਫ਼ਸਲਾਂ ਬੀਜਣ , ਪਾਲਣ ਅਤੇ ਸੰਭਾਲਣ, ਇਸ ਧਰਤੀ ਦੇ ਸੁੱਚੜੇ ਜਾਏ। ਮੁੜ੍ਹਕੇ ਦੇ ਮੋਤੀ ਬਣ ਚਮਕਣ ਹੀਰੇ ਹਿਰਨ ਭਰਨ ਜਦ ਚੁੰਗੀਆਂ। ਧਰਤੀ ਧੱਕ ਬਣਨ ਤੇ ਸਾਡਾ ਮਾਣ ਵਧਾਉਂਦੇ। ਹੁਣ ਕੀਤੇ ਨੇ ਘਰਾਂ ਦੇ ਅੰਦਰ ਕੈਦ ਕਰੋਨਾ। ਘਰ ਘਰ ਸੁਪਨੇ ਸਹਿਕ ਰਹੇ ਨੇ। ਪੱਕੀਆਂ ਫ਼ਸਲਾਂ ਤੇ ਜਿਉਂ ਬੱਦਲ ਚੜ੍ਹ ਚੜ੍ਹ ਆਵੇ। ਦਰਦ ਨਾ ਆਵੇ ਡਾਢਿਆ ਤੈਨੂੰ, ਕਣਕ ਦੀਆਂ ਬੱਲੀਆਂ ਨੂੰ ਝਾੜੇਂ, ਵੇਖ ਕਿਵੇਂ ਰੁੱਖ ਅੱਥਰੂ ਕੇਰਨ, ਇਹਨਾਂ ਦਾ ਵੀ ਮਨ ਭਰ ਆਇਆ। ਮੈਂ ਖੇਤਾਂ ਤੋਂ ਖੇਡ ਮੈਦਾਨੀਂ ਹਰ ਥਾਂ ਘੁੰਮਿਆਂ। ਏਸੇ ਕਰਕੇ ਮਨ ਭਰਦਾ ਹੈ। ਪਰ ਨਾ ਮੇਰਾ ਮਨ ਡਰਦਾ ਹੈ। ਖੇਤਾਂ ਦੀ ਲਾਲੀ ਹਰਿਆਲੀ ਮੋਤੀਆਂ ਦੇ ਵਿੱਚ ਜੀਕੂੰ ਢਲਦੀ। ਖੇਡ ਪਿੜਾਂ ਵਿੱਚ ਡੁੱਲ੍ਹਿਆ ਜਿਹੜਾ ਖ਼ੂਨ ਪਸੀਨਾ, ਅੱਜ ਤੱਕ ਕਦੇ ਨਾ ਗਿਆ ਅਜਾਈਂ। ਰੱਖ ਦਿਲ ਮੇਰੇ ਰੱਖ ਹੌਸਲਾ, ਸੂਰਜ ਛਿਪੇ ਹਨ੍ਹੇਰ ਜੇ ਹੋਇਆ, ਰਾਤ ਕਦੇ ਨਾ ਰਹੇ ਸਦੀਵੀ, ਸੂਰਜ ਦੀ ਟਿੱਕੀ ਦੇ ਅੱਗੇ, ਦੱਸ ਹਨ੍ਹੇਰਾ ਕਦੋਂ ਖਲੋਇਆ। ਸੁਣ ਓ ਲੋਕਾ ਮੇਰੇ ਕਹਿਣੇ ਰੌਣਕ ਨੇ ਮੁੜਨਾ ਹੀ ਮੁੜਨਾ ਖੇਤਾਂ ਵਿੱਚ ਮੁੜ ਫ਼ਸਲਾਂ ਜੀਕੂੰ ਖੇਡ ਮੈਦਾਨ ਉਦਾਸ ਨਾ ਰਹਿਣੇ।

ਜਗਦੇਵ ਸਿੰਘ ਜੱਸੋਵਾਲ

(85ਵਾਂ ਜਨਮ ਦਿਨ ਸੀ ਅੱਜ ਜਿੰਨ੍ਹਾ ਦਾ) ਹੁਣੇ ਆਏਗਾ ਪੌੜੀਆਂ ਚੜ੍ਹਦਾ ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ਹੱਥਾਂ ਨਾਲ ਹਵਾ ’ਚ ਨਕਸ਼ੇ ਬਣਾਵੇਗਾ। ਅਨੇਕਾਂ ਸ਼ਬਦ ਚਿਤਰ ਉਲੀਕੇਗਾ ਬਿਨ ਕਾਗ਼ਜਾਂ ਤੋਂ। ਧਰਤੀ ’ਚ ਰੰਗ ਭਰੇਗਾ ਖਿੜੇਗਾ ਸੂਰਜਮੁਖੀ ਦਾ ਖੇਤ ਵਾਂਗ। ਸੁਰ ਅਲਾਪੇਗਾ ਤੇ ਕਹੇਗਾ ਉੱਠ ਕੇ ਪਹਿਰਦੇ ਤੜਕੇ ਬਦਨਾਮੀ ਲੈ ਲਈ। ਪਰ ਰੋਜ਼ ਤੜਕੇ ਉੱਠਗਾ ਤੇ ਕਹੇਗਾ ਚਲੋ ਬਾਈ ਚਲੋ ਨਿਰਮਲਾ, ਨਿੰਦਰਾ, ਰਵਿੰਦਰਾ ਚਲੋ ਕੋਟਲਾ ਸ਼ਾਹੀਆ ਖੇਡਾਂ ਨੇ। ਪਿਰਥੀਪਾਲ ਉਡੀਕਦੈ ਖਤਰਾਵੀਂ ਦਿਲਬਾਗ ਨਾਲ ਮੇਲੇ ਦੀ ਵਿਉਂਤ ਬਣਾਉਣੀ ਹੈ। ਰਾਹ ’ਚ ਮਿਲਣੀ ਹੈ ਜਥੇਦਾਰ...ਨੂੰ ਮੇਰਾ ਜੇਲ੍ਹ ਸਾਥੀ ਹੈ ਮੋਰਚਿਆਂ ਦਾ ਕਾਮਰੇਡ ਆਨਦ ਵੀ ਢਿੱਲਾ ਹੈ। ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੈ। ਬਰਕਤ ਸਿੱਧੂ ਵੀ ਬੀਮਾਰ ਹੈ। ਚਲੋ! ਚਲੋ! ਚਲੋ! ਭਾਈ! ਪਰ ਹੁਣ ਕੋਈ ਨਹੀਂ ਪੌੜੀਆਂ ਚੜ੍ਹਦਾ ਮੇਰੇ ਘਰ ਦੀਆਂ ਏਨੇ ਫ਼ਿਕਰਾਂ ਵਿੰਨ੍ਹੇ ਮੱਥੇ ਵਾਲਾ ਹਸਪਤਾਲ ’ਚ ਪਿਆ ਵੀ ਕਹੇ ਜੋ! ਚਰਨਜੀਤ! ਮੇਰਾ ਬੀਬਾ ਵੀਰ ਮੁਲਖਸਗੜ੍ਹ ਯਾਦਗਾਰ ਬਣਵਾ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ। ਬਸੀਆਂ ਕੋਠੀ ਤਾਂ ਬਣਵਾ ਲਈ ਇਸ ਮੁੰਡੇ ਨੇ ਤੁਹਾਡੇ ਬਾਦਲ ਤੋਂ। ਚੱਲ! ਹਰਭਜਨ ਹੀਰ ਸੁਣਾ! ਮਨ ਦਾ ਰਾਂਝਾ ਰਾਜ਼ੀ ਕਰੀਏ! ਹੁਣ ਸਭ ਪਾਸੇ ਚੁੱਪ ਹੈ। ਉਹ ਵੱਡੀ ਸਾਰੀ ਧਰਤੀ ਸੀ ਕਿਸੇ ਲਈ ਨੀਲਾ ਆਸਮਾਨ ਸਿਰ ਤੇ ਧਰਿਆ ਬਾਬਲ ਦਾ ਹੱਥ ਸੀ ਕਿਸੇ ਵਾਸਤੇ ਸੁਪਨਿਆਂ ਦਾ ਥਾਲ ਬਹੁਤਿਆਂ ਲਈ ਵੱਡੀ ਸਾਰੀ ਬੁੱਕਲ ਸੀ ਅਨੇਕ ਰੱਖਣਿਆਂ ਵਾਲਾ ਬੈਂਕ ਲਾਕਰ ਬੜਿਆਂ ਲਈ ਰੁਜ਼ਗਾਰ ਦੀ ਪੌੜੀ ਪਰ ਵਿਰਲਿਆਂ ਲਈ ਆਸਥਾ ਕੇਂਦਰ। ਖ਼ਾਨਗਾਹੇ ਬਲਦਾ ਮੱਧਮ ਚਿਰਾਗ। ਉਹ ਕਿਸੇ ਲਈ ਵੀ ਓਪਰਾ ਨਹੀਂ ਸੀ। ਵੱਡੀ ਸਾਰੀ ਪੋਟਲੀ ’ਚੋਂ ਸੁਪਨੇ ਕੱਢਦਾ ਤੇ ਪੂਰੇ ਕਰਨ ਲਈ ਬਲ ਬੁੱਧ ਮੁਤਾਬਕ ਵੰਡਦਾ। ਰਿਸ਼ਤਿਆਂ ਦੀਆਂ ਤੰਦਾਂ ਜੋੜਦਾ। ਅਮਰੀਕਾ ’ਚ ਵਾਜ਼ ਮਾਰਦਾ ਉਇ ਰਿਆੜ ਹਰਵਿੰਦਰਾ ਜਗਦੇਆਂ ਵਾਲਿਆ ਕੁਲਦੀਪ ਸਿੰਹਾਂ ਉਦਾਸੀ ਦੀਏ ਧੀਏ ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ ਮੇਰਾ ਹੁਣ ਕੀ ਏ। ਤੇ ਅਗਲੇ ਦਿਨ ਟਿਕਟ ਕਟਾ ਅਮਰੀਕਾ ਚੜ੍ਹ ਜਾਂਦਾ ਸਾਥੋਂ ਚੋਰੀ ਚੋਰੀ ਹਸਨਪੁਰੀਏ ਸੂਰਤ ਸਿੰਘ ਖ਼ਾਲਸਾ ਨਾਲ। ਉੱਤਰਨ ਸਾਰ ਦੁੱਖ ਸੁੱਖ ਭੁਗਤਾਉਂਦਾ ਆਖ਼ਰੀ ਰਾਤਾਂ ਰਿਆੜ ਕੋਲੋਂ ਸੁੱਜੇ ਪੈਰੀਂ ਮਾਲਸ਼ਾਂ ਕਰਵਾਉਂਦਾ ਅਸੀਸਾਂ ਵੰਡਦਾ ਫ਼ਤਹਿ ਬੁਲਾਉਂਦਾ। ਮਲਕੀਤ ਸਿੰਘ ਦਾਖਾ ਸਹਾਰੇ ਵਤਨੀਂ ਪਰਤਦਾ। ਆਉਂਦਿਆ ਹਸਪਤਾਲ ਦਾ ਮੰਜਾ ਸੀ। ਉੱਥੋਂ ਹੀ ਗਾਉਂਦਾ ਵਜਾਉਂਦਾ ਰੇਤ ਵਾਂਗ ਹੱਥੋਂ ਕਿਰ ਗਿਆ। ਲੋਕ ਸੰਗੀਤ ਦੀ ਪਨੀਰੀ ਬੀਜਦਾ ਲਗਾਤਾਰ ਜਲ ਤਰੌਂਕਦਾ ਉਡਾਰ ਕਰਦਾ ਤੇ ਫੁਰਰਰਰਰ ਆਖ ਅੰਬਰਾਂ ਨੂੰ ਸੌਂਪਦਾ ਪਾਰਸ ਛੋਹ ਬਖ਼ਸ਼ ਕੇ। ਜਹਾਨੋਂ ਜਾਣ ਵੇਲੇ ਵੀ ਇਤਿਹਾਸ ਦੀ ਚਿੰਤਾ ਸੀ। ਬੂਹਾ ਕਰ ਬੰਦ ਮੇਰਾ ਪੁੱਤਰ ਚੰਦ ਚੱਲ ਬਈ ਨਿੰਦਰਾ ਖੋਲ੍ਹ ਦੇ ਜਿੰਦਰਾ। ਜੰਗਾਲੀਆਂ ਯਾਦਾਂ ਨੂੰ ਹਵਾ ਲੁਆਈਏ।

ਜਦੋਂ ਬਹੁਤ ਕੁਝ ਗੁਆਚਦੈ ਮਾਂ ਸਣੇ

ਫ਼ੋਨ ਆਇਆ ਤਾਂ ਮੈਂ ਪੁੱਛਿਆ? ਕੀ ਕਰਦੈਂ ਜਸਬੀਰ! ਉਸ ਕਿਹਾ, ਰਿਆਜ਼ ਕਰ ਕੇ ਹਟਿਆਂ। ਘੁੱਗੀ ਨੂੰ ਹੀਰ ਸੁਣਾਈ ਹੈ। ਹੁਣੇ ਮੰਜੇ ਨੂੰ ਸੁਰ ਕਰਕੇ ਹਟਿਆਂ। ਬੇਸੁਰੇ ਸਾਜ਼ ਵਾਂਗ ਢਿਲਕਿਆ ਮੰਜਾ ਵੀ ਮੈਨੂੰ ਨਹੀਂ ਪੁੱਗਦਾ। ਪੈਂਦ ਕੱਸਦਿਆਂ ਲੱਗਦੈ ਮੈਂ ਜ਼ਿੰਦਗੀ ਦਾ ਸਾਜ਼ਿੰਦਾ ਹਾਂ ਸਾਰੰਗੀ ਦੀਆਂ ਤਾਰਾਂ ਵਾਂਗਰਾਂ ਤਬਲੇ ਦੀਆਂ ਤਣੀਆਂ ਵਾਂਗ ਬਹੁਤ ਜ਼ਰੂਰੀ ਹੈ ਇਨਸਾਨ ਲਈ ਤਿਆਰ ਬਰ ਤਿਆਰ ਮੰਜਾ। ਢਿੱਲੇ ਸਾਜ਼ ਵਾਂਗ ਆਦਮੀ ਨੂੰ ਉਮਰ ਭਰ ਲਈ ਬੇ ਸੁਰਾ ਕਰ ਦਿੰਦਾ ਹੈ ਇਹ ਵਿਹਾਰ। ਵੱਡੇ ਸ਼ਹਿਰ ਦੇ ਵੱਡੇ ਘਰ ਚ ਰਹਿੰਦਿਆਂ ਮੰਜਾ ਮੈਨੂੰ ਬਹੁਤ ਵਾਰ ਪਿੰਡ ਲੈ ਜਾਂਦਾ ਹੈ ਤੂਤ ਦੀ ਛਾਵੇਂ ਵਿਛ ਜਾਂਦਾ ਹੈ। ਬਹੁਤ ਵਾਰ ਮਾਂ ਚੇਤੇ ਕਰਵਾਉਂਦਾ ਹੈ। ਇਸ ਤੇ ਪਿਆਂ ਮਾਂ ਸਵੇਰ ਸਾਰ ਜਗਾਉਂਦੀ ਕੁਝ ਇਸ ਤਰ੍ਹਾਂ ਸਿਰ ਪਲੋਸਦੀ ਪੋਲਾ ਪੋਲਾ ਕੁਝ ਪਲਾਂ ਬਾਦ ਆਖਦੀ ਉੱਠ ਮੇਰਾ ਪੁੱਤ! ਸੂਰਜ ਕੀ ਸੋਚੇਗਾ? ਮੇਰੇ ਚੰਨ ਨੂੰ ਸੁੱਤਿਆਂ ਵੇਖ ਕੇ। ਅੱਧਾ ਘੰਟਾ ਲਗਾਤਾਰ ਵਿਸਮਾਦ ਮੇਰੇ ਸਿਰ੍ਹਾਣੇ ਬਹਿੰਦਾ। ਉਹੀ ਹੁਣ ਮਗਰੋਂ ਨਹੀਂ ਲਹਿੰਦਾ। ਮਾਂ ਦੇ ਜਾਣ ਮਗਰੋਂ। ਇਹ ਮੰਜਾ ਬੜੀ ਸ਼ੈ ਹੈ ਭਾ ਜੀ ਨਿੱਕਾ ਜਿਹਾ ਰੱਬ ਬਹੁਤ ਕੁਝ ਦਿੰਦਾ ਹੈ। ਸਕੂਨ, ਸੋਚਣ ਲਈ ਵਕਤ, ਸੁਪਨੇ ਤੇ ਹੋਰ ਬਹੁਤ ਕੁਝ ਅਣਕਿਹਾ। ਦਿਨ ਫਿਰ ਲੈਣ ਦਿਉ ਮੈਂ ਇਸ ਦੇ ਪਾਵੇ ਬਦਲਾਂਗਾ। ਕਰਤਾਰਪੁਰੋਂ ਲਿਆਵਾਂਗਾ ਕਾਲੀ ਟਾਹਲੀ ਦੇ ਲੋਹੇ ਵਰਗੇ। ਚੰਦਨ ਦੀ ਗੇਲੀ ਦਾ ਸੇਰੂ ਪੁਆਵਾਂਗਾ ਮਹਿਕੰਦੜਾ, ਹੁਸੀਨ ਸੁਪਨਿਆਂ ਲਈ। ਸਣ ਦਾ ਵਾਣ ਗੁਰਦਾਸਪੁਰੋਂ ਮੰਗਾਵਾਂਗਾ ਆਪ ਬੁਣਾਂਗਾ ਇਕੱਲੀ ਇਕੱਲੀ ਰੱਸੀ। ਭਾ ਜੀ! ਤੁਹਾਨੂੰ ਪਤੈ? ਮੈਂ ਸਾਰਾ ਮੰਜਾ ਇਕੱਲਿਆਂ ਉਣ ਸਕਦਾਂ। ਸੁਪਨੇ ਉਣਨ ਨਾਲੋਂ ਕਿਤੇ ਸੌਖਾ ਹੈ ਪਿੜੀਆਂ ਵਾਲਾ ਮੰਜਾ ਉਣਨਾ। ਸੂਤਰੀ ਮੰਜਾ ਉਣਨਾ ਨਹੀਂ ਆਉਂਦਾ। ਬਹੁਤ ਬਾਰੀਕੀ ਦਾ ਕੰਮ ਹੈ ਸਾਰੰਗੀ ਵਾਦਨ ਵਾਂਗ। ਉਬਾਸੀ ਲੈ ਕੇ ਬੋਲਿਆ! ਭਾਜੀ! ਕਦੇ ਮੁੰਜ ਵਾਲੇ ਅਲਾਣੇ ਮੰਜੇ ਤੇ ਨੰਗੇ ਪਿੰਡੇ ਸੁੱਤੇ ਹੋ? ਪਿੱਤ ਮਰ ਜਾਂਦੀ ਹੈ! ਚੰਗਾ! ਬਾਕੀ ਗੱਲਾਂ ਫਿਰ ਕਰਾਂਗੇ। ਇਸ ਸ਼ਹਿਰ ਵਿੱਚ ਮੇਰੀਆਂ ਸੁਣਨ ਸਮਝਣ ਵਾਲੇ ਲੋਕ ਨਹੀਂ। ਤਾਂ ਹੀ ਤੁਹਾਨੂੰ ਦੱਸਿਆ ਹੈ! ਹੁਣ ਮੇਰਾ ਮਨ ਹਲਕਾ ਹੋ ਗਿਐ ਰਾਤੀਂ ਨਹੀਂ ਸੌਂ ਸਕਿਆ। ਹੁਣ ਰੱਜ ਕੇ ਸੌਵਾਂਗਾ।

ਸ਼ੀਸ਼ਾ ਸਵਾਲ ਕਰਦਾ ਹੈ

ਲਾਹੌਰ ਸ਼ਹਿਰ ‘ਚ ਸ਼ਾਹੀ ਕਿਲ੍ਹੇ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਵਿੱਚ ਵੱਡਾ ਸਾਰਾ ਅੰਬਰ ਜੇਡਾ ਸ਼ੀਸ਼ਾ ਲੱਗਾ ਹੈ। ਜਿਸ ‘ ਚ ਜਹਾਂਗੀਰ ਹਰ ਰੋਜ਼ ਆਪਣਾ ਚਿਹਰਾ ਨਿਹਾਰਦਾ ਖ਼ੁਦ ਨੂੰ ਫਿਟਕਾਰਦਾ ਕੁਝ ਏਦਾਂ ਮੂੰਹੋਂ ਉਚਾਰਦਾ ਹੈ। ਜਿਸ ਸ਼ਬਦ ਨੂੰ ਮੈਂ ਤੱਤੀ ਤਵੀ ਤੇ ਬਿਠਾਇਆ ਹਰ ਜ਼ੁਲਮ ਕਮਾਇਆ ਉਹ ਅੱਜ ਵੀ ਸਹਿਜਮਤੇ ਠੰਢ ਵਰਤਾਵੇ। ਦੁਹਾਈ ਓ ਮੇਰੇ ਅੱਲ੍ਹਾ ਦੀ ਦੁਹਾਈ, ਮੈਨੂੰ ਇਹ ਗੱਲ ਸਮਝ ਨਾ ਆਵੇ। ਸ਼ਹਿਰ ਲਾਹੌਰੋਂ ਬਰਫ਼ ਦੇ ਘਰ ਕਸ਼ਮੀਰ ‘ਚ ਜਾ ਕੇ ਵੀ ਅੱਗ ਮੇਰੇ ਨਾਲ ਨਾਲ ਤੁਰੀ ਆਈ। ਹਿੱਕ ਚ ਬਲਦੀ ਹੈ ਉਦੋਂ ਦੀ ਚਵਾਤੀ ਲਾਈ। ਏਨੀਆਂ ਸਦੀਆਂ ਬਾਅਦ ਪੁਸ਼ਤ ਦਰ ਪੁਸ਼ਤ ਇਹੀ ਅੱਗ ਮੇਰਾ ਅੱਜ ਵੀ ਪਿੱਛਾ ਕਰਦੀ ਜਬਰ ਜ਼ੁਲਮ ਤੋਂ ਭੋਰਾ ਵੀ ਨਾ ਡਰਦੀ। ਭਾਣਾ ਮਿੱਠਾ ਕਰ ਮੰਨਦੀ ਸਵਾਸ ਸਵਾਸ ਹਰ ਹਰ ਕਰਦੀ ਇਹੀ ਆਖਦੀ ਹੈ, ਜਹਾਂਗੀਰ! ਸੱਤਾ ਨਾਲ ਬਗਲਗੀਰ! ਭੁੱਲੀਂ ਨਾ ! ਬਾਦਸ਼ਾਹਾਂ ਦੀ ਬਦੀ ਚੂਸਦੀ ਹੈ ਰੱਤ ਪਰ ਪਾਤਿਸ਼ਾਹ ਸਾਂਭਦੇ ਨੇ ਅਣਖ਼ੀਲੀ ਪੱਤ। ਵਕਤ! ਮੈਨੂੰ ਮੁਆਫ਼ ਕਰੀਂ, ਮੈਂ ਤੱਤੀ ਤਵੀ, ਬਲ਼ਦੀ ਰੇਤ ਤੇ ਵਗਦੀ ਰਾਵੀ 'ਚ ਹਰ ਰੋਜ਼ ਤਪਦਾ, ਸੜਦਾ ਤੇ ਡੁੱਬਦਾ ਹਾਂ। ਕਿਲ੍ਹੇ 'ਚੋਂ ਹਰ ਰੋਜ਼ ਨਿਕਲਦਿਆਂ ਸ਼ੀਸ਼ਾ ਮੈਨੂੰ ਅਨੇਕਾਂ ਸੁਆਲ ਕਰਦਾ ਹੈ। ਹਾਲੋਂ ਬੇਹਾਲ ਕਰਦਾ ਹੈ ਸਾਰਾ ਦਿਨ ਪਿੱਛਾ ਨਹੀਂ ਛੱਡਦਾ ਬੇਹੱਦ ਨਿਢਾਲ ਕਰਦਾ ਹੈ। ਸਵਾਲ ਦਰ ਸਵਾਲ ਕਰਦਾ ਸ਼ੀਸ਼ਾ ਬੇਜਿਸਮ ਹੈ, ਮੈਥੋਂ ਟੁੱਟਦਾ ਨਹੀਂ, ਨਿਰਾਕਾਰ ਹੈ, ਭੋਰਾ ਵੀ ਫੁੱਟਦਾ ਨਹੀਂ, ਇਹ ਮੈਨੂੰ ਸ਼ੀਸ਼ਾ ਸੌਣ ਨਹੀਂ ਦਿੰਦਾ।

ਜਾਗਦੀ ਹੈ ਮਾਂ ਅਜੇ

(ਮਾਂਵਾਂ ਦੇ ਵਿਸ਼ਵ ਦਿਹਾੜੇ ਨੂੰ ਸਮਰਪਿਤ) ਸੌ ਗਈ ਹੈ ਧਰਤ ਸਾਰੀ ਰੁਕ ਗਏ ਦਰਿਆ ਦੇ ਪਾਣੀ ਬਾਤ ਹੋ ਗਈ ਬੇ ਹੁੰਗਾਰਾ। ਦੂਰ ਜਹੇ ਕਿਧਰੇ ਟਟੀਹਰੀ ਬੋਲਦੀ ਹੈ। ਚੁੱਪ ਹੈ ਗਲੀਆਂ ਚ ਪਸਰੀ ਬੰਦਿਆਂ ਦੀ ਪੈਰ ਚਾਪ। ਜਾਗਦੀ ਹੈ ਮਾਂ ਅਜੇ। ਭਾਂਡਾ ਟੀਂਡਾ ਸਾਂਭ ਸੁੰਬਰ ਕੇ ਦੁੱਧ ਨੂੰ ਜਾਗ ਲਾ ਕੇ ਛਿਕਾਲੇ ਹੇਠ ਧਰ ਆਈ ਹੈ ਬਿੱਲੀ ਕੁੱਤੇ ਤੋਂ ਡਰਦੀ ਮਾਰੀ। ਪੀ ਨਾ ਜਾਣ ਕਿਤੇ ਇਹ ਜਾਨਵਰ। ਲਾਲਟੈਣ ਦੇ ਚਾਨਣੇ ਚ ਪਤਾ ਨਹੀਂ ਕੀ ਵੇਖਦੀ ਹੈ ਕਿਤਾਬ ਦੇ ਪੰਨਿਆਂ ਚੋਂ। ਸ਼ਾਇਦ ਪੁੱਤਰ ਦੀ ਭਾਗ ਰੇਖਾ ਧੀ ਦੇ ਅਗਲੇ ਘਰ ਦਾ ਨਕਸ਼ਾ ਪੇਕਿਆਂ ਦੀ ਸੁਖ ਸਾਂਦ ਸਹੁਰੇ ਘਰ ਦੀ ਖੁਸ਼ਹਾਲੀ ਦੇ ਵੇਰਵੇ। ਅਨਪੜ੍ਹ ਹੋ ਕੇ ਵੀ ਕਿੰਨਾ ਕੁਝ ਪੜ੍ਹੀ ਜਾਂਦੀ ਹੈ। ਐਨਕ ਵਿੱਚੋਂ ਦੀ ਸਗਲ ਸੰਸਾਰ ਨਾਲ ਰਿਸ਼ਤਾ ਜੋੜਦੀ ਪੈਨਸਿਲ ਨਾਲ ਲੱਗੇ ਨਿਸ਼ਾਨਾਂ ਨੂੰ ਗਹੁ ਨਾਲ ਵਾਚਦੀ ਪੜ੍ਹੇ ਹੋਏ ਨੂੰ ਪੁਣਦੀ ਛਾਣਦੀ। ਜਾਗਦੀ ਹੈ ਮਾਂ ਅਜੇ ਦਾਦੀ ਬਣ ਕੇ ਵੀ ਜਾਗਦੀ ਹੈ ਹਾਲੇ ਅੰਬਰ ਚ ਨਹੀਂ ਵੇਖਦੀ ਤਾਰੇ ਅੱਖਰਾਂ ਚੋਂ ਅੱਖ ਦੇ ਤਾਰਿਆਂ ਦੇ ਸਿਤਾਰੇ ਪਛਾਣਦੀ ਹੈ ਮਾਂ ਜਾਗਦੀ ਹੈ ਅਜੇ। ਜਿਹੜੇ ਘਰੀਂ ਮਾਵਾਂ ਸੌ ਜਾਂਦੀਆਂ ਓਥੇ ਘਰਾਂ ਨੂੰ ਜਗਾਉਣ ਵਾਲਾ ਕੋਈ ਨਹੀਂ ਹੁੰਦਾ। ਰੱਬ ਵੀ ਨਹੀਂ। ਮਾਂ ਵੱਡਾ ਸਾਰਾ ਰੱਬ ਹੈ। ਧਰਤੀ ਜਿੱਡਾ ਜੇਰਾ ਅੰਬਰ ਜਿੱਡੀ ਅੱਖ ਸਮੁੰਦਰ ਤੋਂ ਡੂੰਘੀ ਨੀਝ ਪੌਣਾਂ ਤੋਂ ਤੇਜ਼ ਉਡਾਰੀ ਬਾਗ ਹੈ ਚੰਦਨ ਰੁੱਖਾਂ ਦਾ ਮਹਿਕਵੰਤੀ ਬਹਾਰ। ਬਾਬਲ ਤਾਂ ਰਾਜਾ ਹੈ। ਘਰ ਦੀਆਂ ਨਿੱਕੀਆਂ ਵੱਡੀਆਂ ਲੋੜਾਂ ਤੋਂ ਬੇਖ਼ਬਰ। ਖ਼ੁਦ ਨੂੰ ਹਾਕਮ ਸਮਝਦਾ ਓਨਾ ਹੀ ਲਾ ਪ੍ਰਵਾਹ। ਪੁੱਤਰ ਧੀਆਂ ਦੇ ਬਸਤੇ ਤੋਂ ਬੇਖ਼ਬਰ ਸ਼ਹਿਨਸ਼ਾਹਿ ਹਿੰਦ। ਦੇਸ਼ ਵਿਦੇਸ਼ ਦਾ ਫ਼ਿਕਰ ਕਰਦਾ ਮਰ ਚੱਲਿਆ ਹੈ। ਕੌਡੀਆਂ ਨਾਲ ਖੇਡਦਿਆਂ ਪੁੱਠੀਆਂ ਸਿੱਧੀਆਂ ਚਾਲਾਂ ਚੱਲੀ ਜਾਂਦਾ ਤਿਕੜਮਬਾਜ਼। ਬੰਦੇ ਨੂੰ ਪਹਿਲਾਂ ਪਹਿਲਾਂ ਅੰਕੜਿਆਂ ਚ ਤਬਦੀਲ ਕਰਕੇ ਸ਼ਤਰੰਜ ਵਾਂਗ ਖੇਡਦਾ। ਚਤੁਰਾਈ ਨਾਲ ਦਿਨ ਰਾਤ ਨੂੰ ਗੇੜੇ ਦੇਈ ਜਾਂਦਾ ਹੈ। ਇਹ ਤਾਂ ਮਾਂ ਹੀ ਹੈ ਧਰਤ ਵਾਂਗ ਸਭ ਦੇ ਪਰਦੇ ਕੱਜਦੀ ਰੋਂਦੇ ਨੂੰ ਚੁੱਪ ਕਰਵਾਉਂਦੀ ਥਾਂ ਸਿਰ ਬਿਠਾਉਂਦੀ ਕੁਝ ਨਹੀਂ ਮੰਗਦੀ ਮੂੰਹੋਂ ਆਪਣੇ ਆਪ ਲਈ। ਮਾਂ ਜਦ ਤੀਕ ਜਾਗਦੀ ਹੈ। ਲਾਲਟੈਣ ਵੀ ਨਹੀਂ ਬੁਝਣ ਦਿੰਦੀ। ਪੁੱਤਰ ਧੀਆਂ ਤੇ ਸਗਲ ਸੰਸਾਰ ਲਈ ਮਾਂ ਜਾਗਦੀ ਹੈ ਅਜੇ।

ਪਾਠਸਾਲ ਵਿੱਚ

ਗਿਆਨ ਦੇ ਮੰਦਰ ਬਹੁਤ ਉਦਾਸੇ। ਨਾ ਕਿਧਰੇ ਕਿਲਕਾਰੀ ਤੇ ਨਾ ਗੂੰਜਣ ਹਾਸੇ। ਸੱਖਣੇ ਬਾਗ ਬਗੀਚੇ ਗੱਭਰੂ ਨਾ ਮੁਟਿਆਰਾਂ। ਸੁੰਨ ਮ ਸੁੰਨੇ ਅੰਬਰ ਨਾ ਕੂੰਜਾਂ ਦੀਆਂ ਡਾਰਾਂ। ਰੋਜ਼ ਸਵੇਰੇ ਉੱਤਰਦੇ ਸੀ ਸੁਪਨ ਪਰਾਗੇ। ਰਲ ਮਿਲ ਬਹਿੰਦੀ ਪਿਆਰ ਮੁਹੱਬਤ ਪਾਰਕ ਵਿੱਚ ਹੋ ਲਾਗੇ ਲਾਗੇ। ਹੁਣ ਤਾਂ ਬਿਰਖ਼ ਉਦਾਸ ਉਡੀਕਣ ਉਹ ਮੋਹਵੰਤੇ ਪਲ ਵਡਭਾਗੇ। ਮਾਲਾ ਮਣਕੇ ਖਿੱਲਰੇ, ਟੁੱਟ ਗਏ ਵਿਚਲੇ ਧਾਗੇ। ਇਸ ਧਰਤੀ ਨੂੰ ਕੀ ਹੋਇਆ ਹੈ? ਪਾਠਸਾਲ ਵਿੱਚ ਵੱਜਦੀ ਨਾ ਪੂਰਾ ਦਿਨ ਟੱਲੀ। ਜ਼ਿੰਦਗੀ ਵੀ ਹੁਣ ਓਦਰ ਚੱਲੀ। ਪਾਠ ਪੁਸਤਕਾਂ ਵਿੱਚ ਅਲਮਾਰੀ ਤੀਜਾ ਨੇਤਰ ਬਣਕੇ ਜੋ ਕੱਲ੍ਹ ਮਨ ਮਸਤਕ ਵਿੱਚ ਮਹਿਕਦੀਆਂ ਸੀ। ਕੁੰਡੇ ਜੰਦਰੇ ਅੰਦਰ ਫਸੀਆਂ ਸਹਿਕਦੀਆਂ ਸੀ। ਪੜ੍ਹਦੇ ਅਤੇ ਪੜ੍ਹਾਉਂਦੇ ਸੱਜਣ ਕਿੱਧਰ ਤੁਰ ਗਏ? ਏਸ ਤਰ੍ਹਾਂ ਦੀ ਰਾਤ ਕਦੇ ਨਾ ਵੇਖੀ ਪਹਿਲਾਂ। ਭਰੇ ਹੁੰਗਾਰਾ ਕੋਈ ਨਾ ਵੇਖੀ ਬਾਤ ਕਦੇ ਨਾ। ਸਭ ਦੇ ਹੋਠੀਂ ਚੁੱਪ ਦੇ ਜੰਦਰੇ। ਸ਼ਬਦ ਗੁਆਚੇ, ਹੇਕਾਂ ਰੁੱਸੀਆਂ ਖੇਡ ਮੈਦਾਨੀਂ ਕਿਉਂ ਬੇਰੌਣਕ? ਕਾਲਿਜ ਦੀ ਕੈਨਟੀਨ ਚ ਕੋਈ ਨਾ ਤਲ਼ੇ ਸਮੋਸੇ। ਠੰਢੀ ਭੱਠੀ ਡੁਸਕੇ, ਚੁੱਲ੍ਹੇ ਪਏ ਮਸੋਸੇ। ਪਾਰਕ ਦੇ ਵਿੱਚ ਚਿੜੀਆਂ ਦੀ ਸਰਦਾਰੀ ਵੇਖੀ। ਮੋਰ ਮੋਰਨੀ ਦੋਹਾਂ ਦੀ ਕਿਲਕਾਰੀ ਸੁਣ ਕੇ ਸੱਤ ਰੰਗੀ ਅਸਮਾਨ ਦੀ ਲੀਲ੍ਹਾ ਵਰਗੀ ਸੂਰਤ ਪਿਆਰੀ ਵੇਖੀ। ਘੁੱਗੀਆਂ ਅਤੇ ਕਬੂਤਰ ਜੀਕੂੰ ਫਿਰਨ ਟਹਿਲਦੇ। ਜਾਪਣ ਜਿਉਂ ਮਹਾਰਾਜੇ ਫਿਰਦੇ ਬਿਨਾ ਖ਼ੌਫ਼ ਤੋਂ ਵਿੱਚ ਮਹਿਲ ਦੇ। ਪੰਛੀਆਂ ਜੰਤ ਜਨੌਰਾਂ ਮੈਨੂੰ ਕੋਲ ਬੁਲਾਇਆ ਤੇ ਸਮਝਾਇਆ! ਦੁਨੀਆਂ ਭਰ ਦੇ ਗਿਆਨ ਅਤੇ ਵਿਗਿਆਨਾਂ ਤੈਨੂੰ ਕੀਹ ਦਿੱਤਾ ਹੈ। ਆਪਣੇ ਆਪ ਤੋਂ ਲੁਕਿਆ ਫਿਰਦੈਂ। ਸਾਥੋਂ ਕਰਕੇ ਤੋੜ ਵਿਛੋੜਾ ਕੀਹ ਖੱਟਿਆ ਹੈ। ਚਿੰਤਾ ਰੋਗ ਗਲੋਬ ਨੂੰ ਲੱਗਾ, ਹਰ ਬੰਦੇ ਨੂੰ ਕਿਸ ਚੱਟਿਆ ਹੈ। ਕਹਿ ਆਪਣੇ ਵਿਗਿਆਨੀ ਅਤੇ ਗਿਆਨੀ ਤਾਈਂ। ਛੱਡ ਦੇਵੇ ਖ਼ੁਦਗ਼ਰਜ਼ੀ ਸਭ ਦੀ ਖ਼ੈਰ ਮਨਾਵੇ। ਸਹਿਮ ਦਿਆਂ ਪਰਛਾਵਿਆਂ ਹੇਠੋਂ ਜ਼ਿੰਦਗੀ ਕੱਢੀਏ। ਬਿਰਖ਼ ਬਰੂਟੇ, ਜੰਤ ਪਰਿੰਦੇ ਨਾਲ ਵੀਰਿਆ ਵੈਰ ਨੂੰ ਛੱਡੀਏ। ਹੱਦਾਂ ਸਰਹੱਦਾਂ ਤੇ ਮੁੜ ਨਾ ਤਾਰਾਂ ਲਾਈਏ। ਮੌਲਸਰੀ ਦੇ ਸੰਘਣੇ ਸੋਹਣੇ ਰੁੱਖੜੇ ਲਾਈਏ। ਸੱਤ ਸਮੁੰਦਰ ਪਾਰ ਇਹੀ ਸੰਦੇਸ਼ ਪੁਚਾਈਏ। ਐਟਮ ਉੱਤੇ ਮਾਣ ਕਰਦਿਆਂ ਨੂੰ ਸਮਝਾਈਏ। ਬੰਦਾ ਬੰਦੇ ਦਾ ਹੀ ਦਾਰੂ। ਬੇਵਿਸ਼ਵਾਸੀ ਕਿੱਥੋਂ ਤੀਕਰ ਲੈ ਆਈ ਹੈ, ਜੇ ਨਾ ਸੰਭਲੇ ਏਹੀ ਸਾਨੂੰ ਕੋਹ ਕੇ ਮਾਰੂ। ਪਾਠਸਾਲ ਵਿੱਚ ਭਾਵੇ ਕੋਈ ਅਧਿਆਪਕ ਨਹੀਂ ਸੀ, ਪਰ ਜੋ ਜੰਤ ਪਰਿੰਦਿਆਂ ਮੈਨੂੰ ਸਬਕ ਪੜ੍ਹਾਇਆ, ਮਨ ਨੂੰ ਭਾਇਆ। ਬਿਨ ਲਗ, ਕੰਨਾ, ਬਿੰਦੀ ਬਦਲੇ, ਅੱਖਰ ਅੱਖਰ ਅੱਗੋਂ ਸਭ ਆਖ ਸੁਣਾਇਆ।

ਕਿੱਧਰ ਗਏ ਅਸਵਾਰ

ਜਿੰਨ੍ਹਾ ਨੂੰ ਸੀ ਭਰਮ ਭੁਲੇਖਾ, ਅਸੀਂ ਹਾਂ ਵਕਤ ਸਵਾਰ। ਵਕਤ ਅਸਾਨੂੰ ਪੁੱਛ ਕੇ ਚੱਲਦਾ, ਵਗਦੀ ਦਰਿਆ ਧਾਰ। ਕਿੱਧਰ ਗਏ ਅਸਵਾਰ ? ਰੁੱਖਾਂ ਦੇ ਪੱਤ ਅਸੀਂ ਹਿਲਾਈਏ। ਭਰਮ ਸਿਰਜਦੇ,ਵੱਡੇ ਦਾਈਏ। ਕਹਿੰਦੇ ਸੀ ਜੋ ਬੰਨ੍ਹ ਬਿਠਾਈਏ, ਧਰਤੀ, ਸੂਰਜ, ਅੱਗ ਤੇ ਪਾਣੀ, ਪੌਣਾਂ ਨੂੰ ਗੰਢ ਮਾਰ। ਸੁੰਨੇ ਸਭ ਰਾਹ ,ਸੜਕਾਂ ਹੋਈਆਂ। ਬੀਂਡੇ ਬੋਲਣ, ਜੰਗਲ ਰੋਹੀਆਂ। ਪੀੜਾਂ ਸਿਰ ਤੋਂ ਉੱਪਰ ਹੋਈਆਂ। ਕੌਣ ਉਧਾਲ ਕੇ ਲੈ ਗਿਆ ਸਾਡੇ, ਦਿਲ ਦੇ ਕੌਲ ਕਰਾਰ। ਕਿੱਥੇ ਤੁਰ ਗਿਆ ਰੌਣਕ ਮੇਲਾ। ਸਫ਼ਰ ਸਵਾਰੀ ਜਗਤ ਝਮੇਲਾ। ਇੱਕੋ ਭਾਅ ਉਸਤਾਦ ਤੇ ਚੇਲਾ। ਘੁਰਨਿਆਂ ਅੰਦਰ ਦੜ ਗਏ ਸਾਰੇ, ਅੰਦਰੋਂ ਲਾ ਕੇ ਬਾਰ। ਬੱਸ ਨੂੰ ਪੁੱਛਦੇ ਚਾਰੇ ਪਹੀਏ। ਬਿਨ ਘੁੰਮਿਆਂ ਕਿੰਜ ਵਿਹਲੇ ਰਹੀਏ। ਇਸ ਮੌਸਮ ਨੂੰ ਦੱਸ ਕੀ ਕਹੀਏ। ਕਹਿਰ ਕਰੋਨੇ ਸ਼ਾਹ ਨੇ ਸੂਤੇ, ਕਿਵੇਂ ਬਰੇਕਾਂ ਮਾਰ। ਇਹ ਗੱਲ ਮੇਰੀ ਪੱਲੇ ਬੰਨਿਉ। ਬਾਕੀ ਭਾਵੇਂ ਇੱਕ ਨਾ ਮੰਨਿਉ। ਸਬਰ ਨਾਲ ਸੰਕਟ ਨੂੰ ਭੰਨਿਉ। ਕਸ਼ਟ ਘੜੀ ਭਾਵੇਂ ਧਰਤੀ ‘ਤੇ, ਦਿਲ ਨਾ ਜਾਵੇ ਹਾਰ। ਕਸ਼ਟ ਪਰਖ਼ਦਾ ਸਦਾ ਸੂਰਮੇ, ਸਿਰ ਤੇ ਰੱਖ ਤਲਵਾਰ।

ਭੱਠੇ 'ਚ ਤਪਦੀ ਮਾਂ

ਇੱਟਾਂ ਨਹੀਂ, ਭੱਠੇ 'ਚ ਮਾਂ ਤਪਦੀ ਹੈ ਦਿਨ ਰਾਤ ਸਿਰ ਤੇ ਟੱਬਰ ਦਾ ਭਾਰ ਢੋਂਦੀ ਬਾਲ ਨਹੀਂ, ਪਿੱਠ ਤੇ ਪੂਰੇ ਵਤਨ ਦਾ ਭਾਰ ਵਰਤਮਾਨ ਤੇ ਭਵਿੱਖ ਬੰਨ੍ਹ ਕੇ ਪੈਰੀਂ ਬੰਨ੍ਹ ਸਵੇਰ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ। ਉਸ ਲਈ ਕੋਈ ਸੜਕ ਕਿਤੇ ਨਹੀਂ ਜਾਂਦੀ। ਸਿਰਫ਼ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ। ਤੇ ਪਥੇਰ ਤੋਂ ਆਵੇ ਤੀਕ। ਵਿਚਕਾਰ ਕੋਈ ਮੀਲ ਪੱਥਰ ਨਹੀਂ ਸਿਰਫ਼ ਟੋਏ ਹਨ, ਅੜਿੱਕੇ ਹਨ ਜਾਂ ਖਿੰਘਰ ਵੱਟੇ ਕਿਰਕ ਹੈ ਮਣਾਂ ਮੂੰਹੀਂ ਬੇਓੜਕ , ਉੱਡ ਕੇ ਗੁੰਨ੍ਹੇ ਹੋਏ ਆਟੇ 'ਚ ਪੈਂਦੀ ਹੈ। ਭੱਠੇ ਦੀਆਂ ਚਿਮਨੀਆਂ ਚੋਂ ਧੂੰਆਂ ਨਹੀਂ ਨਿਕਲਦਾ ਦਰਦਮੰਦਾਂ ਦੀਆਂ ਆਹਾਂ ਹਨ। ਹਾਉਕੇ, ਸੁਪਨੇ, ਉਮੰਗਾਂ ਤੇ ਤਰੰਗਾਂ ਹਨ। ਨਿੱਤ ਭੁੱਜਦੀਆਂ ਬਾਲਣ ਬਣ ਕੇ। ਬੜਾ ਔਖਾ ਹੈ ਜ਼ਿੰਦਗੀ ਦਾ ਵਰਕਾ ਵਰਕਾ ਪਲਟਣਾ। ਕਿਤੇ ਨੇੜੇ ਤੇੜੇ ਨਹੀਂ ਹਨ ਕਿਤਾਬਾਂ ਪੁਸ਼ਤ ਦਰ ਪੁਸ਼ਤ ਦਰਦਨਾਮਾ ਹੈ, ਇੱਕੋ ਜਹੇ ਭੁਲਾਵੇਂ ਅੱਖਰ ਪੜ੍ਹਨਾ ਪੜ੍ਹਾਉਣਾ ਘਰ ਜੰਮੇ ਬਾਲਾਂ ਨੂੰ। ਕਿਸੇ ਸ਼ਬਦਕੋਸ਼ ਨੇ ਕਦੇ ਨਹੀਂ ਦੱਸਣਾ ਸਿਰ ਤੇ ਇੱਟਾਂ ਢੋਂਦੀ ਔਰਤ ਵੀ ਮਾਂ ਹੈ। ਝਲੂੰਘੀ ਚ ਲਮਕਦਾ ਬਾਲ ਚੰਦਰਯਾਨ ਨਹੀਂ, ਧਰਤੀ ਹੈ। ਇਸ ਦੀਆਂ ਦਰਦਾਂ ਦਾ ਪਾਰਾਵਾਰ ਕਿਉਂ ਨਹੀਂ। ਸੁਪਨਸਾਜ਼ੋ। ਭਰਮ ਸੀ ਕਿ ਤੁਸੀਂ ਮੁਕਤੀਦਾਤਾ ਹੋ। ਟੋਏ ਚੋਂ ਕੱਢੋਗੇ ਖੁੱਭਿਆ ਪਹੀਆ ਪਰ ਤੁਸੀਂ ਵੀ ਜ਼ਿੰਦਾਬਾਦ ਮੁਰਦਾਬਾਦ ਦੀ ਜਿੱਲ੍ਹਣ ਚ ਫਸੇ ਹੋਏ ਹੋ। ਬਾਈ ਮੰਜੀਆਂ ਵਾਲੇ ਵੰਨ ਸੁਵੰਨੇ ਧੜੇਬਾਜ਼ੋ। ਇੱਕ ਬੱਸ ਚ ਕਦੇ ਨਹੀਂ ਬੈਠਦੇ ਸਾਰੇ ਦਿੱਲੀ ਦੇ ਸਵਾਰੋ। ਆਪੋ ਆਪਣਾ ਘੋੜਾ ਭਜਾਉਂਦੇ ਮਰ ਚੱਲੇ। ਕਿੱਲੇ ਨਾਲ ਬੱਧੇ ਸ਼ਾਹਸਵਾਰੋ । ਪਰ ਸਾਡੇ ਸਿਰ ਤੇ ਓਹੀ ਭਾਰ ਬੇਸ਼ੁਮਾਰ। ਪੌਣੀ ਸਦੀ ਗੁਜ਼ਾਰ ਕੇ ਏਥੇ ਪਹੁੰਚੇ ਹਾਰ ਕੇ ਮਜ਼ਦੂਰ ਦਾ ਕੋਈ ਦਿਹਾੜਾ ਨਹੀਂ, ਦਿਹਾੜੀ ਹੁੰਦੀ ਹੈ। ਟੁੱਟ ਜਾਵੇ ਤਾਂ ਸੱਖਣਾ ਪੀਪਾ ਰੋਂਦਾ ਹੈ ਪਰਾਤ ਵਿਲਕਦੀ ਹੈ। ਤਵਾ ਠਰਦਾ ਹੌਕੇ ਭਰਦਾ ਹੈ। ਦਿਹਾੜੀ ਟੁੱਟਿਆਂ ਬੰਦਾ ਟੁੱਟ ਜਾਂਦਾ ਹੈ। ਸੱਖਣੇ ਪੇਟ ਨੀਂਦ ਨੂੰ ਅੱਖਾਂ ਪੁੱਛਦੀਆਂ ਨੇ ਕਦੋਂ ਆਵੇਂਗੀ? ਜਲਦੀ ਆ। ਸਵੇਰੇ ਫਿਰ ,ਦਿਹਾੜੀ ਤੇ ਜਾਣਾ ਹੈ। ਦਿਹਾੜੀ ਨਹੀਂ ,ਮਜ਼ਦੂਰ ਦਾ ਸੁਪਨਾ ਟੁੱਟਦਾ ਹੈ ਜਨਾਬ! ਕਵੀ ਜੀ ਮਹਾਰਾਜ! ਮਿੱਤਰ ਪਿਆਰਿਆਂ ਨੂੰ ਦਰਦ ਰੰਝਾਣਿਆਂ ਦਾ ਹਾਲ ਦੱਸਣਾ ਕਿਤੇ ਕਵਿਤਾ ਲਿਖ ਕੇ ਨਾ ਬਹਿ ਜਾਣਾ। ਉਦੋਂ ਕੀ ਦੱਸੋਗੇ? ਜਦ ਵਕਤ ਨੇ ਮੰਗਿਆ ਹਿਸਾਬ।

ਲੰਮੀ ਉਮਰ ਇਕੱਠਿਆਂ

ਤੂੰ ਪੁੱਛਿਆ ਹੈ ਮੇਰੇ ਪੁੱਤਰਾ ਮਾਂ ਨੀ ਮਾਂ ਸਾਰੀ ਉਮਰ ਇਕੱਠਿਆਂ ਰਹਿਣਾ। ਕਿੱਦਾਂ ਘੜਿਆ ਰੂਹ ਦਾ ਗਹਿਣਾ। ਗੱਲ ਤਾਂ ਬੜੀ ਆਸਾਨ ਜਹੀ ਹੈ। ਪਰ ਤੈਨੂੰ ਇਹ ਸਮਝ ਨਹੀਂ ਆਉਣੀ। ਮੈਂ ਤੇ ਤੇਰਾ ਬਾਬਲ ਦੋਵੇਂ ਓਸ ਵਕਤ ਦੇ ਜੰਮੇ ਜਾਏ। ਰਾਹ ਵਿੱਚ ਜਿਹੜੇ ਕੰਡੇ ਆਏ। ਰਲ ਕੇ ਦੋਹਾਂ ਅਸਾਂ ਹਟਾਏ। ਮੇਰਾ ਕਮਰਾ ਤੇਰਾ ਕਮਰਾ ਓਦੋਂ ਹਾਲੇ ਰੋਗ ਨਹੀਂ ਸੀ। ਤੇਰੀ ਨਾਨੀ ਤੇਰੀ ਦਾਦੀ ਦੋਵੇਂ ਸੀ ਇਸ ਘਰ ਦੀਆਂ ਮਾਵਾਂ। ਸਿਖ਼ਰ ਦੁਪਹਿਰੇ ਸਿਰ ਤੇ ਛਾਵਾਂ। ਜੋ ਵੀ ਟੁੱਟਦਾ ਗੰਢ ਲੈਂਦੇ ਸਾਂ। ਪਿਆਰ ਮੁਹੱਬਤ ਵੰਡ ਲੈਂਦੇ ਸਾਂ। ਰੁੱਸਦਾ ਇੱਕ ਮਨਾਉਂਦਾ ਦੂਜਾ। ਘਰ ਮੰਦਰ ਇੰਜ ਕਰਦੇ ਪੂਜਾ। ਟੁੱਟਿਆ ਜੋੜਨ ਵਿੱਚ ਹੀ ਉਮਰ ਗੁਜ਼ਾਰੀ ਸਾਰੀ। ਹੁਣ ਵੀ ਸਫ਼ਰ ਕਦੇ ਨਹੀਂ ਲੱਗਿਆ ਰੂਹ ਨੂੰ ਭਾਰੀ। ਕੱਪੜੇ ਨੂੰ ਜੇ ਖੁੰਘੀ ਲੱਗਦੀ ਮੈਂ ਸਿਉਂ ਲੈਂਦੀ। ਘਰ ਵਿੱਚ ਭਾਂਡੇ ਖੜਕਦਿਆਂ ਨੂੰ ਦੂਸਰਿਆਂ ਨੇ ਸੁਣਿਆ ਨਹੀਂ ਸੀ। ਮੇਰੀ ਮੰਮੀ ਤੇਰੀ ਮੰਮੀ ਮੇਰਾ ਡੈਡੀ ਤੇਰਾ ਡੈਡੀ ਇਹ ਤਾਂ ਵਾਇਰਸ ਨਵਾਂ ਨਵਾਂ ਹੈ। ਏਸੇ ਨੇ ਹੀ ਘਰ ਨੂੰ ਸਿਰਫ਼ ਮਕਾਨ ਬਣਾਇਆ। ਉਸ ਵੇਲੇ ਤਾਂ ਇੱਕ ਸੀ ਧਰਤੀ ਇੱਕੋ ਇੱਕ ਸੀ ਸਿਰ ਤੇ ਅੰਬਰ। ਹੁਣ ਤਾਂ ਭਾਂਡੇ ਬਿਨਾ ਖੜਕਿਆਂ ਟੁੱਟ ਜਾਂਦੇ ਨੇ। ਇੱਕ ਦੂਜੇ ਖਹਿਣਾ ਰੂਹੋਂ ਵੱਖ ਵੱਖ ਰਹਿਣਾ। ਟੁੱਟ ਜਾਣਾ ਤੇ ਮਗਰੋਂ ਟੁਕੜੇ ਚੁਗਦੇ ਰਹਿਣਾ। ਏਸ ਰੋਗ ਦਾ ਨਾਮ ਨਾ ਕੋਈ। ਅੱਧੀ ਸਦੀ ਗੁਜ਼ਾਰਨ ਮਗਰੋਂ ਇਹ ਮੰਤਰ ਹੀ ਅਰਕ ਜਿਹਾ ਹੈ। ਸਾਂਭ ਲਇਓ ਪੁੱਤ ਸਾਰੀ ਜ਼ਿੰਦਗੀ ਸਭਨਾਂ ਦੇ ਹੀ ਕੰਮ ਆਵੇਗਾ। ਆਪਣੇ ਮਨ ਵਿੱਚ ਜੇ ਰਸ ਹੋਵੇ ਰਿਸ਼ਤਿਆਂ ਵਿੱਚ ਖ਼ੁਸ਼ਬੋਈ ਹੋਵੇ। ਇੱਕ ਸੁਪਨੇ ਵਿੱਚ ਰੰਗ ਜੇ ਭਰੀਏ। ਇਹ ਜੀਵਨ ਤਾਂ ਮਹਿਕ ਦਾ ਮੇਲਾ। ਭਵਸਾਗਰ ਮੋਹਸਾਗਰ ਬਣ ਜੇ, ਫਿਰ ਨਹੀਂ ਲੱਗਦਾ ਤਰਣ ਦੁਹੇਲਾ।

ਇਕਬਾਲਨਾਮਾ

ਖ਼ੁਸ਼ੀਆਂ ਨਾਲ ਭਰੀਆਂ ਝੋਲੀਆਂ ਨੇ, ਪਰ ਪਰ ਹੱਸਣ ਦਾ ਹੀ ਵਕਤ ਨਹੀਂ, ਦਿਨ ਰਾਤ ਦੌੜਦੀ ਦੁਨੀਆਂ ਵਿੱਚ, ਬੱਸ ਆਪਣੇ ਲਈ ਹੀ ਵਕਤ ਨਹੀਂ। ਅੱਖੀਆਂ ਵਿੱਚ ਨੀਂਦਰ ਕਹਿਰਾਂ ਦੀ, ਬੇਚੈਨ ਹੈ ਤਨ ਮਨ ਸਾਰਾ ਹੀ, ਘਰ ਸੇਜ਼ ਮਖ਼ਮਲੀ ਸੁ ੰਨੀ ਹੈ, ਬੱਸ ਸੌਣ ਲਈ ਹੀ ਵਕਤ ਨਹੀਂ। ਗ਼ਮਗੀਨ ਜਿਹਾ ਦਿਲ ਭਾਰੀ ਹੈ, ਬਣ ਚੱਲਿਆ ਨਿਰੀ ਮਸ਼ੀਨ ਜਿਹਾ, ਦਿਨ ਰਾਤ ਚਰਖੜੀ ਘੁੰਮੇ ਪਈ, ਹੁਣ ਰੋਣ ਲਈ ਹੀ ਵਕਤ ਨਹੀਂ। ਅਸੀਂ ਸਾਰੇ ਰਿਸ਼ਤੇ ਮਰ ਲਏ, ਉਨ੍ਹਾਂ ਦੇ ਅਸਥ ਵੀ ਤਾਰ ਲਏ, ਇਸ ਤਨ ਦੇ ਲੀਰਾਂ ਚੋਲ਼ੇ ਦਫ਼ਨਾਉਣ ਲਈ ਹੀ ਵਕਤ ਨਹੀਂ। ਪੈਸੇ ਦੀ ਹੌੜ 'ਚ ਦੌੜ ਰਹੇ, ਕਰ ਆਪਣਾ ਆਪਾ ਚੌੜ ਰਹੇ, ਰਾਹਾਂ ਵਿੱਚ ਅਸੀਂ ਗੁਆਚ ਗਏ, ਬੱਸ ਥੱਕਣ ਲਈ ਹੀ ਵਕਤ ਨਹੀਂ। ਸਭ ਇੱਕ ਦੂਜੇ ਤੋਂ ਡਰੇ ਹੋਏ, ਲੱਗਦਾ ਏ ਬੁੱਤ ਜਿਓ ਮਰੇ ਹੋਏ, ਹੁਣ ਫ਼ੋਨ ਸੁਨੇਹੇ ਦੇਂਦਾ ਹੈ, ਪਰ ਦੋਸਤੀ ਲਈ ਹੀ ਵਕਤ ਨਹੀਂ। ਦਿਨ ਰਾਤ ਸਰਕਦੇ ਸਭ ਪਹੀਏ, ਹੁਣ ਹੋਰ ਕਿਸੇ ਨੂੰ ਕੀ ਕਹੀਏ, ਆਪਣੀ ਜ਼ਿੰਦਗੀ ਜਿਊਣ ਲਈ, ਬੱਸ ਆਪਣੇ ਕੋਲ ਹੀ ਵਕਤ ਨਹੀਂ। ਆਪਣੀ ਕਦਰ ਕਿਸੇ ਦੀ ਕੀ ਕਰੀਏ, ਕਿਸ ਖ਼ਾਤਰ ਕਿੱਦਾਂ ਕਿਉਂ ਮਰੀਏ, ਅੱਖੀਆਂ ਵਿੱਚ ਰੜਕ ਬਰਾਬਰ ਹੈ, ਤੇ ਸੁਪਨਿਆਂ ਲਈ ਹੀ ਵਕਤ ਨਹੀਂ। ਹੁਣ ਤੂੰ ਹੀ ਦੱਸ ਦੇ ਜਿੰਦੜੀਏ, ਇਸ ਬੰਦੇ ਦਾ ਕੀ ਬਣਨਾ ਹੈ, ਜਿਸ ਕੋਲ ਮਰਨ ਦੀ ਵਿਹਲ ਨਹੀਂ, ਤੇ ਜੀਣ ਲਈ ਹੀ ਵਕਤ ਨਹੀਂ।

ਮੇਰੀ ਮਾਂ ਤਾਂ ਰੱਬ ਦੀ ਕਵਿਤਾ

ਮੇਰੀ ਮਾਂ ਤਾਂ ਰੱਬ ਦੀ ਕਵਿਤਾ ਸਤਰ ਸਤਰ ਸਰਸਬਜ਼ ਬਗੀਚਾ। ਨੂਰੀ ਚਸ਼ਮਾ ਮੋਹ ਮਮਤਾ ਦਾ। ਬਾਜ਼ ਨਜ਼ਰ ਸੂਰਜ ਤੋਂ ਅੱਗੇ। ਮੇਰੇ ਦਿਲ ਦੀ ਧੜਕਣ ਵਿੱਚੋਂ ਮੇਰੇ ਹਾਉਕੇ ਪੁਣ ਲੈਂਦੀ ਹੈ। ਮੱਥੇ ਅੰਦਰ ਖੁਭ ਗਏ ਕੰਡੇ, ਬਿਨ ਦੱਸਿਆਂ ਹੀ ਚੁਣ ਲੈਂਦੀ ਹੈ। ਮਾਂ ਦੇ ਪਿਆਰ ਤਰੌਂਕੇ ਸਦਕਾ ਹਰ ਪਰਬਤ ਤੇ ਚੜ੍ਹ ਲੈਂਦਾ ਹਾਂ। ਸੂਰਜ ਤੀਕ ਪਹੁੰਚਦੀ ਪੌੜੀ, ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ। ਵਕਤ ਦੀਵਾਰ ਤੇ ਜੋ ਵੀ ਲਿਖਦੈ, ਅੱਖਰ ਅੱਖਰ ਪੜ੍ਹ ਲੈਂਦਾ ਹਾਂ। ਹਿੱਕੜੀ ਅੰਦਰ ਜੜ ਲੈਂਦਾ ਹਾਂ। ਮੇਰੀ ਮਾਂ ਦੇ ਨੈਣਾਂ ਵਿੱਚ ਸੀ ਅਜਬ ਕੈਮਰਾ ਆਰ ਪਾਰ ਦੀ ਜਾਨਣਹਾਰਾ। ਘਰ ਵੜਦੇ ਹੀ ਬੁੱਝ ਲੈਂਦੀ ਸੀ, ਅੱਜ ਤੇਰਾ ਮਨ ਠੀਕ ਨਹੀਂ ਲੱਗਦਾ। ਬੁਝਿਆ ਬੁਝਿਐਂ ਕੀ ਹੋਇਆ ਈ? ਲੜ ਕੇ ਆਇਐਂ, ਜਾਂ ਫਿਰ ਤੈਨੂੰ ਕਿਸੇ ਝਿੜਕਿਆ? ਮੈਨੂੰ ਦੱਸ ਤੂੰ, ਮੈਂ ਵੇਂਹਦੀ ਆਂ, ਕਿਹੜਾ ਮੇਰੇ ਲਾਲ ਬਰਾਬਰ। ਇਹ ਹੀ ਭਰਮ ਅਜੇ ਤੱਕ ਜੀਂਦਾ। ਨਾਲ ਬਰਾਬਰ ਤੁਰਦਾ ਮੇਰੇ। ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ। ਹੌਸਲਿਆਂ ਦੀ ਭਰੀ ਪੋਟਲੀ। ਇਉਂ ਲੱਗਦਾ ਹੈ ਮੇਰੀ ਬੀਬੀ ਮੇਰੀ ਮਾਤਾ ਅੰਗ ਸੰਗ ਮੇਰੇ। ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ। ਬਣ ਜਾਂਦੀ ਹੈ ਕਵਿਤਾ ਆਪੇ। ਸ਼ਬਦਾਂ ਅੰਦਰ ਰਸਦੀ ਵੱਸਦੀ ਮੇਰੀ ਸੁਣਦੀ, ਆਪਣੀ ਦੱਸਦੀ, ਜੀਆਂ ਦੀ ਸੁਖਸਾਂਦ ਜਾਣਦੀ। ਧਰਤੀ ਵਾਂਗਰ ਦਰਦ ਜਾਣਦੀ। ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ। ਮੱਥਾ ਚੁੰਮਦੀ, ਲਾਡ ਲਡਾਉਂਦੀ ਖ਼ੁਦ ਨਾ ਉਹ ਸੁਪਨੇ ਵਿੱਚ ਆਉਂਦੀ। ਹਰ ਸਾਹ ਹਰ ਪਲ ਨਾਲ ਤੁਰਦਿਆਂ, ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ। ਕਿੱਦਾਂ ਕਿੱਥੇ ਕੀ ਕਰਨਾ ਹੈ, ਅੱਜ ਤੀਕਰ ਸਭ ਕੁਝ ਸਮਝਾਉਂਦੀ। ਬਿੜਕਾਂ ਰੱਖਦੀ, ਕਿੱਥੋਂ ਆਇਆਂ ਕਿੱਥੇ ਚੱਲਿਆ, ਦੱਸ ਵੇ ਬੱਲਿਆ? ਬਹੁਤ ਵਾਰ ਮੈਂ ਤੱਕਿਆ ਅੱਖੀਂ, ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ। ਰੂਪ ਅਨੂਪ ਸਰੂਪ ਵਿਹੂਣੀ, ਕਾਲਮੁਕਤ ਹਸਤੀ ਦੇ ਵਾਂਗੂੰ , ਗੁਰਘਰ, ਮਸਜਿਦ ਬਣਦੀ ਮੰਦਰ। ਅੱਜ ਤਾਂ ਉਸਦੀ ਮਨ ਪਰਿਕਰਮਾ ਕਰਦੇ ਕਰਦੇ, ਰੂਹ ਵਿੱਚ ਜੀਕਣ ਚੰਬਾ ਖਿੜਿਆ। ਰੋਮ ਰੋਮ ਝਰਨਾਟ ਛਿੜੀ ਹੈ। ਤਰਬ ਤਰੰਗਾਂ ਕਣ ਕਣ ਅੰਦਰ, ਸੂਰਜ ਪਹਿਲਾਂ ਨਾਲੋਂ ਰੌਸ਼ਨ। ਪੌਣ ਵਜਦ ਵਿੱਚ ਗੀਤ ਸੁਣਾਵੇ। ਜਿਉਂ ਸ਼ਬਦਾਂ ਤੋਂ ਬਿਨਾ ਬਿਨਾ ਹੀ, ਮੇਰੀ ਬਹੁਤ ਮਾਸੂਮ ਪੋਤਰੀ, ਸਰਗਮ ਜਹੀ ਅਸੀਸ ਪਿਆਰੀ, ਤਰਜ਼ਾਂ ਘੜਦੀ, ਆਪੇ ਗਾਉਂਦੀ। ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ ਤਨ ਮਨ ਵਿੱਚ ਵਿਸਮਾਦ ਭਰ ਗਿਆ। ਮੇਰੀ ਮਾਂ ਦੀ ਸੱਜਰੀ ਟਾਹਣੀ ਪੜਪੋਤੀ ਦਾ ਇੱਕ ਝਲਕਾਰਾ, ਮਾਰੂਥਲ ਆਬਾਦ ਕਰ ਗਿਆ।

ਕਵਿਤਾ ਲਿਖਿਆ ਕਰੋ

ਕਵਿਤਾ ਲਿਖਿਆ ਕਰੋ ਦਰਦਾਂ ਨੂੰ ਧਰਤ ਮਿਲਦੀ ਹੈ। ਕੋਰੇ ਵਰਕਿਆਂ ਨੂੰ ਸੌਪਿਆ ਕਰੋ ਰੂਹ ਦਾ ਸਗਲ ਭਾਰ। ਇਹ ਲਿਖਣ ਨਾਲ ਨੀਂਦ ’ਚ ਖਲਲ ਨਹੀਂ ਪੈਂਦਾ। ਤੁਹਾਡੇ ਕੋਲ ਬਹੁਤ ਕੁਝ ਹੈ ਕਵਿਤਾ ਜਿਹਾ ਸਿਰਫ਼ ਖ਼ੁਦ ਨੂੰ ਅਨੁਵਾਦ ਕਰੋ ਪਿਘਲ ਜਾਉ ਸਿਰ ਤੋਂ ਪੈਰਾਂ ਤੀਕ ਹੌਕਿਆਂ ਨੂੰ ਸ਼ਬਦਾਂ ਦੇ ਵਸਤਰ ਪਾਉ। ਹੋਰ ਕੁਝ ਨਹੀਂ ਕਰਨਾ ਝਾਂਜਰਾਂ ਨੂੰ ਅੱਜ ਤੋਂ ਬੇੜੀਆਂ ਮੰਨਣਾ ਹੈ ਗਹਿਣਾ ਗੱਟਾ ਸੁਨਹਿਰੀ ਚੋਗ ਜਿਹਾ। ਮਿੱਟੀ ਦਾ ਬੁੱਤ ਨਹੀਂ ਧੀ ਜਾਂ ਪੁੱਤ ਬਣਨਾ ਹੈ ਕਵਿਤਾ ਲਿਖਿਆ ਕਰੋ। ਕਵਿਤਾ ਲਿਖਣ ਨਾਲ ਪੱਥਰ ਹੋਣੋਂ ਬਚਿਆ ਜਾ ਸਕਦਾ ਹੈ ਅੱਖਾਂ ਵਿੱਚ ਅੱਥਰੂ ਆਉਣ ਵੀ ਤਾਂ ਸਮੁੰਦਰ ਬਣ ਜਾਂਦੇ ਨੇ। ਚੰਦਰਮਾ ਮਾਮਾ ਬਣ ਬਣ ਜਾਂਦੈ ਤੇ ਸਾਰੇ ਅੰਬਰ ਦੇ ਤਾਰੇ ਨਾਨਕਾ ਮੇਲ। ਝੀਥਾਂ ਵਿੱਚ ਦੀ ਲੰਘਦੀ ਤੇਜ਼ ਹਵਾ ਦਾ ਨਾਦ ਸੁਣਦਾ ਹੈ ਕਵਿਤਾ ਲਿਖਣ ਨਾਲ। ਕਿਆਰੀ ’ਚ ਖਿੜੇ ਫੁੱਲ, ਵੇਲ ਬੂਟੇ ਕਵਿਤਾ ਦੀਆਂ ਸਤਰਾਂ ਬਣ ਜਾਂਦੇ ਹਨ। ਬਹੁਤ ਕੁਝ ਬਦਲਦਾ ਹੈ ਕਵਿਤਾ ਲਿਖਣ ਨਾਲ। ਫੱਗਣ ਚੇਤਰ ਮਹੀਨਿਆਂ ਦੀ ਉਡੀਕ ਬਣੀ ਰਹਿੰਦੀ ਹੈ। ਪੰਜਵਾਂ ਮੌਸਮ ਪਿਆਰ ਕਿਵੇਂ ਬਣਦੈ ਕਵਿਤਾ ਸਮਝਾਉਂਦੀ ਕੋਲ ਬਿਠਾ ਕੇ। ਤਪਦੀ ਧਰਤੀ ਉੱਤੇ ਪਈਆਂ ਪਹਿਲੀਆਂ ਕਣੀਆਂ ਓਨਾ ਚਿਰ ਕਵਿਤਾ ਵਰਗੀਆਂ ਨਹੀਂ ਲੱਗਦੀਆਂ ਜਦ ਤੀਕ ਤੁਸੀਂ ਕਵਿਤਾ ਨਹੀਂ ਹੋ ਜਾਂਦੇ। ਕੁੜੀਆਂ ਨੂੰ ਧੀਆਂ ਸਮਝਣ ਸਮਝਾਉਣ ਦਾ ਨੁਸਖਾ ਹੈ ਕਵਿਤਾ ਕਵਿਤਾ ਲਿਖਿਆ ਕਰੋ। ਰੰਗਾਂ ਨਾਲ ਨੇੜਤਾ ਵਧਦੀ ਹੈ। ਸਭ ਰੰਗਾਂ ਦੇ ਸੁਭਾਅ ਜਾਣ ਲੈਂਦਾ ਹੈ ਮਨ। ਕਵਿਤਾ ਲਿਖਿਆ ਕਰੋ। ਆਪਣੇ ਆਪ ਨਾਲ ਲੜਨ ਸਿਖਾਉਂਦੀ ਹੈ ਕਵਿਤਾ ਸਾਨੂੰ ਦੱਸਦੀ ਹੈ ਕਿ ਸੁਹਜ ਦਾ ਘਰ ਸਹਿਜ ਦੇ ਬਹੁਤ ਨੇੜੇ ਹੁੰਦਾ ਹੈ। ਸਬਰ ਨਾਲ ਜਬਰ ਦਾ ਕੀ ਰਿਸ਼ਤਾ ਹੈ। ਤਪਦੀ ਤਵੀ ਕਿਵੇਂ ਠਰਦੀ ਹੈ ਤਪੀ ਤਪੀਸ਼ਰ ਸਿਦਕਵਾਨ ਸ਼ਬਦ ਸਿਰਜਕ ਦੇ ਬਹਿਣ ਸਾਰ। ਰਾਵੀ ਕਿਵੇਂ ਬੁੱਕਲ ਬਣਦੀ ਹੈ। ਅੱਖਰ ਤੋਂ ਸ਼ਬਦ ਤੇ ਉਸ ਤੋਂ ਅੱਗੇ ਵਾਕ ਤੀਕ ਤੁਰਨਾ ਸਿਖਾਉਂਦੀ ਹੈ ਕਵਿਤਾ ਸ਼ਬਦਾਂ ਦਾ ਵੇਸ ਪਹਿਨਦੀ ਠੁਮਕ ਠੁਮਕ ਤੁਰਦੀ ਆਪ ਹੀ ਮੁੱਲ ਬਹਿੰਦੀ ਹੈ ਮਨ ਦੇ ਬੂਹੇ ਇਤਰ ਫੁਲੇਲ ਫੰਬਾ ਬਣ ਜਾਂਦੀ ਰੋਮ ਰੋਮ ਮਹਿਕਾਉਂਦੀ ਹੈ ਸ਼ਬਦਾਂ ਦੀ ਮਹਾਰਾਣੀ। ਕਵਿਤਾ ਲਿਖਿਆ ਕਰੋ। ਹਾਸੇ ਦੀ ਟੁਣਕਾਰ ’ਚ ਘੁੰਗਰੂ ਕਿਵੇਂ ਛਣਕਦੇ ਨੇ ਲਗਾਤਾਰ ਵਜਦ ਵਿੱਚ ਆਈ ਰੂਹ ਗਾਉਂਦੀ ਹੈ ਗੀਤ ਬੇਸ਼ੁਮਾਰ। ਕਿਵੇਂ ਮਨ ਦਾ ਚੰਬਾ ਖਿੜਦਾ ਹੈ ਰਾਗ ਇਲਾਹੀ ਕਿਵੇਂ ਛਿੜਦਾ ਹੈ ਸਮਝਣ ਲਈ ਬਹੁਤ ਜ਼ਰੂਰੀ ਹੈ ਕਵਿਤਾ ਲਿਖਣਾ। ਕਵਿਤਾ ਲਿਖਣ ਨਾਲ ਪੜ੍ਹਨ ਦੀ ਜਾਚ ਆ ਜਾਂਦੀ ਹੈ। ਸਮਝਣ ਸਮਝਾਉਣ ਤੋਂ ਅੱਗੇ ਮਹਿਸੂਸ ਕਰਨ ਨਾਲ ਬਹੁਤ ਕੁਝ ਬਦਲਦਾ ਹੈ ਕਵਿਤਾ ਖਿੜੇ ਫੁੱਲਾਂ ਦੇ ਰੰਗਾਂ ’ਚੋਂ ਕਵਿਤਾ ਕਸ਼ੀਦਣਾ ਸਿਖਾਉਂਦੀ ਹੈ। ਖ਼ਾਲੀ ਥਾਵਾਂ ਪੁਰ ਕਰਨ ਲਈ ਕਵਿਤਾ ਰੰਗ ਬਣਦੀ ਹੈ ਬਦਰੰਗ ਪੰਨਿਆਂ ਤੇ ਕਵਿਤਾ ਲਿਖਿਆ ਕਰੋ। ਕਵਿਤਾ ਲਿਖਣ ਨਾਲ ਕਾਲੇ ਬੱਦਲ ਮੇਘਦੂਤ ਬਣ ਜਾਂਦੇ ਨੇ ਸ਼ਕੁੰਤਲਾ ਦੀ ਦੁਸ਼ਿਅੰਤ ਲਈ ਤਾਂਘ ਮਹਾਂਕਾਵਿ ਬਣ ਜਾਂਦੀ ਹੈ। ਦਰਦਾਂ ਦਾ ਅੰਦਰ ਵੱਲ ਵਹਿੰਦਾ ਖ਼ਾਰਾ ਦਰਿਆ ਪੀੜ ਪੀੜ ਕਰ ਦੇਂਦਾ ਹੈ ਕਵਿਤਾ ਲਿਖਣ ਨਾਲ। ਕੋਈ ਵੀ ਪੀੜ ਪਰਾਈ ਨਹੀਂ ਰਹਿੰਦੀ ਗਲੋਬ ਤੇ ਵੱਸਿਆ ਕੁੱਲ ਆਲਮ ਕੀੜਿਆਂ ਦਾ ਭੌਣ ਲੱਗਦਾ ਹੈ ਕੁਰਬਲ ਕੁਰਬਲ ਕਰਦਾ। ਸਿਕੰਦਰ ਖ਼ਾਲੀ ਹੱਥ ਪਿਆ ਕਵੀਆਂ ਨਾਲ ਹੀ ਗੱਲਾਂ ਕਰਦਾ ਹੈ ਤਾਜਦਾਰ ਨੂੰ ਕਵਿਤਾ ਹੀ ਆਖ ਸਕਦੀ ਬਾਬਰਾ ਤੂੰ ਜਾਬਰ ਹੈਂ ਰਾਜਿਆ ਤੂੰ ਸ਼ੀਂਹ ਹੈਂ ਮੁਕੱਦਮਾ ਤੂੰ ਕੁੱਤਾ ਹੈਂ। ਰੱਬਾ ਤੂੰ ਬੇਰਹਿਮ ਹੈਂ। ਕਵਿਤਾ ਲਿਖਿਆ ਕਰੋ। ਸੀਸ ਦੀ ਫ਼ੀਸ ਦੇ ਕੇ ਲਿਖੀ ਕਵਿਤਾ ਵਕਤ ਸਾਹਾਂ ’ਚ ਰਮਾ ਲੈਂਦਾ ਹੈ ਭੋਰਾ ਭੋਰਾ ਵੰਡਦਾ ਹੈ ਸਰਬਕਾਲ ਨਿਰੰਤਰ ਜਿਵੇਂ ਤਰੇਲ ਪੈਂਦੀ ਹੈ ਸਵੇਰਸਾਰ। ਕਵਿਤਾ ਲਿਖਿਆ ਕਰੋ। ਕਵਿਤਾ ਨਾਲ ਨਾਲ ਤੁਰਦੀ ਹੈ ਅੱਗੇ ਅੱਗੇ ਲਾਲਟੈਣ ਬਣ ਕੇ ਕਦੇ ਹਮ੍ਹੇਰੀ ਰਾਤ ’ਚ ਜੁਗਨੂੰ ਬਣ ਜਾਂਦੀ ਹੈ ਆਸ ਦਾ ਜਗਦਾ ਮਘਦਾ ਚੌਮੁਖੀਆ ਚਿਰਾਗ। ਸ਼ਬਦਾਂ ਸਹਾਰੇ ਦਰਿਆ, ਪਹਾੜ, ਨਦੀਆਂ ਨਾਲੇ ਟੱਪ ਸਕਦੇ ਹੋ ਇੱਕੋ ਛੜੱਪੇ ਨਾਲ। ਵਿਗਿਆਨੀਆਂ ਤੋਂ ਪਹਿਲਾਂ ਚੰਨ ਤੇ ਸੁਪਨਿਆਂ ਦੀ ਖੇਤੀ ਕਰ ਸਕਦੇ ਹੋ ਬੜੇ ਸਹਿਜ ਨਾਲ। ਸੂਰਜ ਤੋਂ ਪਾਰ ਵੱਸਦੇ ਯਾਰ ਨੂੰ ਮਿਲ ਕੇ ਦਿਨ ਚੜ੍ਹਨ ਤੋਂ ਪਰਤ ਸਕਦੇ ਹੋ। ਕਵਿਤਾ ਲਿਖਿਆ ਕਰੋ। ਬੱਚਾ ਹੱਸਦਾ ਹੈ ਤਾਂ ਖੁੱਲ੍ਹ ਜਾਂਦੇ ਨੇ ਹਜ਼ਾਰਾਂ ਪਵਿੱਤਰ ਪੁਸਤਕਾਂ ਦੇ ਪੰਨੇ ਅਰਥਾਂ ਤੋਂ ਪਾਰ ਲਿਖੀ ਇਬਾਦਤ ਜਹੀ ਕਿਲਕਾਰੀ ’ਚ ਹੀ ਲੁਕੀ ਹੁੰਦੀ ਹੈ ਕਵਿਤਾ। ਜੇ ਤੁਸੀਂ ਧੀ ਹੋ ਤਾਂ ਬਾਬਲ ਦੇ ਨੇਤਰਾਂ ’ਚੋਂ ਕਵਿਤਾ ਪੜ੍ਹੋ ਲਿਖੀ ਲਿਖਾਈ ਅਨੰਤ ਸਫ਼ਿਆਂ ਵਾਲੀ ਵਿਸ਼ਾਲ ਕਿਤਾਬ ਜੇ ਤੁਸੀਂ ਪੁੱਤਰ ਹੋ ਤਾਂ ਮਾਂ ਦਆ ਲੋਰੀਆਂ ਤੋਂ ਔਂਸੀਆ ਤੀਕ ਕਵਿਤਾ ਹੀ ਕਵਿਤਾ ਹੈ ਹੜ੍ਹ ਦੇ ਪਾਣੀ ਵਾਂਗ ਮੀਲਾਂ ਤੀਕ ਆਸਰੇ ਨਾਲ ਨਿੱਕੇ ਨਿੱਕੇ ਕਦਮ ਪੁੱਟਦੀ ਮੇਰੀ ਪੋਤਰੀ ਅਸੀਸ ਵਾਂਗ ਤੁਸੀਂ ਵੀ ਕਵਿਤਾ ਦੇ ਵਿਹੜੇ ਤੁਰਿਆ ਕਰੋ। ਮਕਾਨ ਘਰ ਏਦਾਂ ਹੀ ਬਣਦੇ ਨੇ। ਕਵਿਤਾ ਲਿਖਿਆ ਕਰੋ।

ਮਿਲ ਜਾਇਆ ਕਰ

ਏਸੇ ਤਰ੍ਹਾਂ ਹੀ ਮਿਲ ਜਾਇਆ ਕਰ ਜਿਉਂਦੇ ਹੋਣ ਦਾ ਭਰਮ ਬਣਿਆ ਰਹਿੰਦਾ ਹੈ। ਫ਼ਿਕਰਾਂ ਦਾ ਚੱਕਰਵਿਊਹ ਟੁੱਟ ਜਾਂਦਾ ਹੈ ਕੁਝ ਦਿਨ ਚੰਗੇ ਲੰਘ ਜਾਂਦੇ ਨੇ ਰਾਤਾਂ ਨੂੰ ਨੀਂਦ ਨਹੀਂ ਉਟਕਦੀ ਮਿਲ ਜਾਇਆ ਕਰ। ਸ਼ਾਮਾਂ ਸਵੇਰਾਂ ਦਾ ਗਿੜਦਾ ਹੈ ਖੂਹ ਚੰਗੀ ਲੱਗਦੀ ਹੈ ਭਰੀਆਂ ਟਿੰਡਾਂ ਦੀ ਝਲਾਰ। ਸਵੇਰ ਸਾਰ ਵਿੱਚੋਂ ਦੀ ਬਚਪਨ ਵੇਲੇ ਸੂਰਜ ਵੇਖਣਾ ਯਾਦ ਆਉਂਦਾ ਹੈ। ਮਿਲ ਜਾਇਆ ਕਰ। ਤੈਨੂੰ ਚੇਤੇ ਕਰਕੇ ਇਸ ਰੁੱਤੇ ਬਹੁਤ ਕੁਝ ਜਾਗਦਾ ਹੈ ਧੁਰ ਅੰਦਰ ਸੋਂਧੀ ਮਿੱਟੀ ਦੀ ਮਹਿਕ ਜਾਗਦੀ ਹੈ ਚਾਰ ਚੁਫ਼ੇਰ ਬੀਂਡੇ ਬੋਲਦੇ ਡੱਡੂਆਂ ਦੇ ਫੁੱਲੇ ਹੋਏ ਚਿਹਰੇ ਪਿੱਪਲ ਪੱਤਿਆਂ ਤੇ ਲਮਕਦੇ ਜਲ ਕਣ ਬੋਹੜ ਦੇ ਪੱਤਿਆਂ ਸਹਾਰੇ ਪੱਕਦੇ ਪੂੜੇ ਰਿੱਝਦੀਆਂ ਖੀਰਾਂ ‘ਵਾਜਾਂ ਮਾਰਦੀਆਂ ਨਿਰਵਸਤਰੀ ਰੂਹ ਲੈ ਕੇ ਮੀਂਹ ਵਿੱਚ ਭਿੱਜਣਾ ਚਾਹੁੰਦਾ ਹਾਂ ਮਿਲ ਜਾਇਆ ਕਰ। ਤੈਨੂੰ ਮਿਲਿਆਂ ਸੁਪਨੇ ਵੀ ਦਸਤਕ ਦੇਣ ਆ ਜਾਂਦੇ ਨੇ। ਇਹੀ ਸੁਪਨੇ ਤਾਂ ਮੈਨੂੰ ਤੋਰੀ ਫਿਰਦੇ ਨੇ। ਰੰਗਾਂ ਦੀਆਂ ਡੱਬੀਆਂ ਲੱਭਣ ਤੁਰ ਪੈਂਦਾ ਹਾਂ ਜਾਗਣ ਸਾਰ। ਸੁਪਨਿਆਂ ਚ ਰੰਗ ਭਰਨ ਲਈ। ਨੱਕੋ ਨੱਕ ਭਰੇ ਆਫ਼ਰੇ ਬਾਜ਼ਾਰ ਚੋਂ ਖ਼ਾਲੀ ਹੱਥ ਪਰਤਦਾਂ ਹਰ ਵਾਰ। ਆਪਣੀ ਹੀ ਰੱਤ ਕੰਮ ਆਉਂਦੀ ਹੈ ਤੇਰੇ ਸੁਪਨਿਆਂ ਚ ਰੰਗ ਭਰਨ ਲਈ ਉਂਗਲਾਂ ਬੁਰਸ਼ ਬਣ ਜਾਂਦੀਆਂ ਨੇ। ਨਕਸ਼ ਉੱਘੜਦੇ ਨੇ ਦੋ ਚਾਰ ਲੀਕਾਂ ਨਾਲ। ਮਿਲ ਜਾਇਆ ਕਰ। ਚੌਗਿਰਦੇ ਚ ਮਸ਼ੀਨੀ ਜਹੇ ਰਿਸ਼ਤੇ ਸੇਵੀਆਂ ਵੱਟਣ ਵਾਲੀ ਜੰਦਰੀ ਜਹੇ। ਮੈਦਾ ਤੁੰਨੀ ਜਾਉ, ਸੇਵੀਆਂ ਲਾਹੀ ਜਾਉ। ਦਰਿਆ ਦੀ ਲਹਿਰ ਜਿਹਾ ਅਲੌਕਿਕ ਨਾਚ ਦਿਸਦਾ ਹੈ ਭਲਿਆ ਤੇਰੇ ਆਉਣ ਨਾਲ ਮਿਲ ਜਾਇਆ ਕਰ। ਬੂਹਾ ਖੜਕਦਾ ਹੈ ਤਾਂ ਮਨ ਜਾਗਦਾ ਗੂੜ੍ਹੀ ਨੀਂਦ ਟੁੱਟਦੀ ਹੈ। ਨੀਂਦਰ ਦਾ ਟੁੱਟਣਾ ਬਹੁਤ ਜ਼ਰੂਰੀ ਹੈ ਮਨ ਦੀ ਰਖਵਾਲੀ ਲਈ ਮਿਲ ਜਾਇਆ ਕਰ। ਸ਼ਬਦ ਪੁੰਗਰਦੇ ਨੇ ਕਵਿਤਾ ਜਹੇ ਤਰਬਾਂ ਛਿੜਦੀਆਂ ਹਨ ਸਰਗਮ ਵਾਂਗ ਸਾਜ਼ ਵੱਜਦੇ ਹਨ ਬਿਨ ਵਜਾਇਆਂ ਅਨਹਦ ਨਾਦ ਗੂੰਜਦਾ ਹੈ। ਮਰਦਾਨੇ ਦੀ ਰਬਾਬ ਚੇਤੇ ਆਉਂਦੀ ਹੈ। ਸੱਚੀਂ ਯਾਰ! ਮਿਲ ਜਾਇਆ ਕਰ। ਵਗਦੇ ਪਾਣੀ ਚ ਤਾਜ਼ਗੀ ਬਣੀ ਰਹਿੰਦੀ ਹੈ। ਇਸ਼ਨਾਨ ਨੂੰ ਚਿੱਤ ਕਰਦਾ ਹੈ। ਬੁੱਸੇ ਪਾਣੀਆਂ ਚ ਕੌਣ ਵੜਦਾ ਹੈ? ਮਿਲ ਜਾਇਆ ਕਰ।

ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ

ਉਹ ਪੁੱਛਦੇ ਨੇ ਇਹ ਅੱਥਰਾ ਘੋੜਾ ਕੀ ਹੁੰਦਾ ਹੈ? ਮੈਂ ਕਿਹਾ, ਜਿਸਨੂੰ ਪੰਜੀਂ ਸਾਲੀਂ ਵੋਟਾਂ ਪਾਉਂਦੇ ਹੋ। ਬਦਾਮ ਛੋਲੇ ਤੇ ਕਿੰਨਾ ਕੁਝ ਹੋਰ ਹੋਰ ਚਾਰਦੇ ਹੋ। ਏਸ ਭਰਮ ਨਾਲ ਕਿ ਉਹ ਸਾਡਾ ਖੁੱਭਿਆ ਪਹੀਆ ਗਾਰੇ ਚੋਂ ਕੱਢੇਗਾ ਕਦੇ ਨਾ ਕਦੇ। ਪਰ ਉਹ ਲਾਰਿਆਂ ਨਾਲ ਸਾਨੂੰ ਹੀ ਚਾਰੀ ਜਾਂਦਾ ਹੈ। ਸਵਾਲ ਕਰਦੇ ਹਾਂ ਤਾਂ ਨਾਸਾਂ ਫੁਲਾਉਂਦਾ ਹੈ। ਚਪੇੜਾਂ ਮਾਰਦਾ ਹੈ। ਉਹ ਸ਼ੀਸ਼ਾ ਨਹੀਂ ਵੇਖਦਾ ਅਵਾ ਤਵਾ ਬੋਲਦਾ ਹੈ ਬੇ ਨਸਲਾ। ਜੋ ਉਸ ਨੂੰ ਮੂੰਹ ਚਿੜਾਉਂਦਾ ਹੈ ਉਸ ਨਾਲ ਅੱਖਾਂ ਨਹੀਂ ਮਿਲਾਉਂਦਾ ਅੱਖਾਂ ਦਿਖਾਉਂਦਾ ਹੈ। ਨੂਰੀ ਕੁਸ਼ਤੀ ਰਲ ਕੇ ਖੇਡਦਾ ਹੈ ਵੱਡਾ ਦਰਸ਼ਨੀ ਭਲਵਾਨ ਨਾਮ ਬੜੇ ਪਰ ਦਰਸ਼ਨ ਛੋਟੇ ਸਾਨ੍ਹ ਬਣਦੈ ਪਰ ਹਰ ਦੇਸ਼ ਚ ਗਿੱਠ ਕੁ ਸੁਰਖ਼ ਕੱਪੜੇ ਤੋਂ ਡਰਦੈ। ਤੁਹਾਨੂੰ ਹੀ ਪੁੱਛਦਾ ਹੈ ਕੌਣ ਲੈ ਗਿਆ ਤੁਹਾਡੇ ਸਕੂਲ ਹਸਪਤਾਲ ਤੇ ਹੋਰ ਲੋੜੀਂਦਾ ਸਮਾਨ। ਕੌਣ ਲੈ ਗਿਆ ਚੁੱਲ੍ਹਿਆਂ ਦੀ ਅੱਗ? ਚੰਗੇਰ ਪਰਾਤ ਚ ਕਰਜ਼ ਦਾ ਆਟਾ ਕਿਉਂ ਗੁੱਝਦਾ ਹਾ। ਕਿੱਧਰ ਗਿਆ ਨਿਰਮਲ ਨੀਰ? ਫਿਰ ਤੁਰ ਕੇ ਮੇਲਾ ਦੇਖਣ ਵਾਲੇ ਆਇਆ ਰਾਮ ਗਇਆ ਰਾਮ ਰਾਤੋ ਰਾਤ ਜੀਭ ਬਦਲ ਲੈਂਦੇ ਨੇ। ਮੈਨੂੰ ਬਹੁਤ ਚੇਤੇ ਆ ਰਹੇ ਨੇ ਇਸ ਵੇਲੇ ਪ੍ਰੋਫੈਸਰ ਰਤਨ ਸਿੰਘ ਇਸ ਨਸਲ ਬਾਰੇ ਅਕਸਰ ਕਹਿੰਦੇ ਹਰਾਮਜ਼ਾਦੇ ਈਮਾਨ ਦੇ ਬੜੇ ਪੱਕੇ ਹੁੰਦੇ ਨੇ। ਈਮਾਨ ਛੱਡ ਸਕਦੇ ਹਨ ਹਰਾਮਜ਼ਦਗੀ ਨਹੀਂ। ਜਵਾਬ ਤਾਂ ਸਾਰੇ ਨੇ ਸਾਡੇ ਕੋਲ ਜਵਾਬ ਸਿੱਧਾ ਹੈ ਕਿ ਆਹ ਜੋ ਨਾਲ ਲਈ ਫਿਰਦੇ ਹੋ ਆਪਣੇ ਕੂੜ ਕੁਸੱਤ ਦੀ ਰਖਵਾਲੀ ਬਾਰਾਤ ਇਸ ਦੀਆਂ ਫੀਸਾਂ ਅਸੀਂ ਤਾਰਦੇ ਹਾਂ। ਚੰਗੇ ਮੁਲਕਾਂ ਦੇ ਸਿਆਣੇ ਹਾਕਮ ਇਹੀ ਦਮੜੇ ਹਸਪਤਾਲਾਂ ਦੀਆਂ ਛੱਤਾਂ ਚ ਬਦਲਦੇ ਅੱਖੀਆਂ ਦਾ ਦਾਰੂ ਦਰਮਲ ਬਣਾਉਂਦੇ ਏਸੇ ਨਾਲ ਜਲ ਪਵਿੱਤਰ ਰੱਖਦੇ। ਇਨ੍ਹਾਂ ਦਾ ਮੂੰਹ ਕਹਿੰਦਾ ਤਾਂ ਹੈ ਹਰ ਹਰ ਗੰਗੇ ਪਰ ਉਹ ਅਸਲ ਚ ਸਾਥੋਂ ਵੋਟਾਂ ਮੰਗੇ। ਅਸੀਂ ਫਿਰ ਨੰਗੇ ਦੇ ਨੰਗੇ, ਮੁਰਗੇ ਵਾਂਗ ਸੀਖੀਂ ਟੰਗੇ। ਫੇਰ ਨਾਅਰੇ ਲਾਰੇ ਰੰਗਦਾਰ ਜੇ ਸਵਾਲ ਕਰੋ ਤਾਂ ਦੌੜ ਜਾਂਦਾ ਹੈ ਬਦਕਾਰ ਕਰਕੇ ਸਾਨੂੰ ਅਵਾਜ਼ਾਰ। ਕਹੇ, ਸੁਣਨ ਦਾ ਵਕਤ ਨਹੀਂ ਚੋਣਾਂ ਦਾ ਵੇਲਾ ਹੈ ਅਜੇ ਕਿੰਨੇ ਪਿੰਡ ਗਾਹੁਣੇ ਨੇ। ਕੁਨਬਾ ਪਰਵਰੀ ਦੇ ਖ਼ਿਲਾਫ਼ ਬੋਲਦਾ ਸਾਰਾ ਕੁਨਬਾ ਨਾਲ ਲਈ ਫਿਰਦਾ ਬੰਦੂਕਾਂ ਦੀ ਛਾਵੇਂ ਆਟੇ ਦਾ ਦੀਵਾ ਤੁਰਦਾ ਫਿਰਦਾ ਗਲੀਉ ਗਲੀ ਸਾਨੂੰ ਤੁਹਾਨੂੰ ਮਿੱਧਦਾ। ਅਜੇ ਪੁੱਛਦੇ ਹੋ ਇਹ ਅੱਥਰਾ ਘੋੜਾ ਕੌਣ ਹੁੰਦਾ ਹੈ? ਕੀਰਤਨੀਏ ਗਾਉਂਦੇ ਬੇੜਾ ਬੰਧਿ ਨਾ ਸਕਿਉ ਬੰਧਨ ਕੀ ਬੇਲਾ। ਭਰ ਸਰਵਰ ਜਬ ਉੱਛਲੇ ਤਬ ਤਰਣ ਦੁਹੇਲਾ। ਏਸੇ ਨੂੰ ਵਕਤ ਸੰਭਾਲਣਾ ਆਖਦੇ ਨੇ। ਏਸ ਤੋਂ ਪਹਿਲਾਂ ਇਹ ਘੋੜਾ ਮਿੱਧ ਜਾਵੇ ਇਸ ਨੂੰ ਨੱਥ ਪਾਉ ਤੇ ਪੁੱਛੋ ਤੇਰਾ ਮੂੰਹ ਅਠਾਰਵੀਂ ਸਦੀ ਵੱਸ ਕਿਉਂ ਹੈ?

ਦਿਨ ਚੜ੍ਹਿਆ ਹੈ

ਦਿਨ ਚੜ੍ਹਿਆ ਹੈ ਵੇਖੋ ਲੋਕ ਦਿਹਾੜੀ ਚੱਲੇ। ਪਰਨੇ ਬੰਨ੍ਹ ਸਿਰਾਂ ਦੇ ਉੱਤੇ ਚੌਂਕ ’ਚ ਭੀੜ ਬਣੇ ਕੁਝ ਲੋਕੀਂ ਅੰਦਰੋਂ ਧੁਖ਼ਦੇ ਕੱਲ ਮੁ ਕੱਲ੍ਹੇ। ਏਸ ਸ਼ਹਿਰ ਵਿਚ ਕਾਰਾਂ ਵਾਲੇ ਕੱਲ੍ਹੇ ਕੱਲ੍ਹੇ ਕਾਹਲੀ ਕਾਹਲੀ ਕਿੱਧਰ ਚੱਲੇ? ਟਾਈਆਂ ਵਾਲੇ ਬਾਬੂਆਂ ਨੂੰ ਇਹ ਖ਼ਬਰ ਨਹੀਂ ਹੈ ਕਵਨ ਮੁਹਾਜ਼ ਤੇ ਕਿਉਂ ਨੇ ਚੱਲੇ। ਰੂਹ ਦੇ ਕੈਦੀ ਹੱਥੀਂ ਪਾ ਕੇ ਛਾਪਾਂ ਛੱਲੇ। ਇੱਕ ਵਤਨ ਵਿੱਚ ਇਹ ਦੋਅਮਲੀ ਦੋਹਰਾ ਇਹ ਕਿਰਦਾਰ ਕਿਉਂ ਹੈ? ਸਭ ਕੁਝ ਹੁੰਦਿਆਂ ਸੁੰਦਿਆਂ ਏਥੇ ਪੱਕੇ ਘਰ ਦੀ ਰੂਹ ਤੇ ਦੱਸਿਓ ਅਣਮਿਣਵਾਂ ਇਹ ਭਾਰ ਕਿਉ ਹੈ? ਚੌਂਕ ਚ ਭੀੜ ਦੀ ਖ਼ੜ੍ਹੀਆਂ ਜ਼ਖ਼ਮੀ ਆਸ ਉਮੀਦਾਂ। ਕੱਚ ਕੁਆਰੇ ਸੁਪਨਿਆਂ ਦੇ ਕੁਝ ਟੁੱਟੇ ਕੰਕਰ। ਮੇਰੀ ਕਵਿਤਾ ਚੁਗਦੀ ਚੁਗਦੀ ਥੱਕ ਜਾਂਦੀ ਹੈ, ਪਰ ਨਹੀਂ ਅੱਕਦੀ। ਸ਼ਾਮ ਪਈ ਹੈ ਤੇਜ਼ ਤਰਾਰ ਸਵਾਰੀਆਂ ਤੇ ਚੜ੍ਹ ਜਿਹੜੇ ਲੋਕੀਂ ਪਰਤ ਰਹੇ ਨੇ ਮੈਨੂੰ ਲੱਗਦੇ ਜੰਗੀ ਕੈਦੀ ਪਰ ਇਹ ਮੈਨੂੰ ਸਮਝ ਪਵੇ ਨਾ ਇਨ੍ਹਾਂ ਕਿਹੜੀ ਜੰਗ ਲੜੀ ਹੈ? ਇਹ ਤਾਂ ਨਕਲੀ ਅਣਖਾਂ ਵਾਲੇ ਲਾ ਬੈਠੇ ਅਕਲਾਂ ਨੂੰ ਤਾਲੇ ਵਿਰਲੇ ਵਿਰਲੇ ਖੋਲ੍ਹ ਖਿੜਕੀਆਂ ਬਾਹਰ ਵੇਖਦੇ ਰੂਹ ਦਾ ਮੇਲਾ। ਇਨ੍ਹਾਂ ਵਿੱਚੋਂ ਬਹੁਤੇ ਮਿੱਟੀ ਦੇ ਵਣਜਾਰੇ ਭਗਤੂ ਬਣ ਕੇ ਭਗਤ ਰਾਮ ਹੁਣ ਰਹਿੰਦੀ ਉਮਰਾ ਰੋਟੀ ਉੱਤੇ ਬੋਟੀ ਖਾਤਰ ਘਸ ਚੱਲੇ ਨੇ।

ਦਰਦਨਾਮਾ

ਬੀਤਿਆ ਦਿਵਸ ਮੁਬਾਰਕ ਨਹੀਂ ਸੀ। ਰੱਤ ਭਿੱਜਿਆ ਸੀ ਟੁਕੜੇ ਟੁਕੜੇ ਬੋਟੀ ਬੋਟੀ ਫ਼ਰਜ਼ ਪਏ ਸੀ ਸੜਕ ਵਿਚਾਲੇ। ਟੁੱਟੇ ਦੀਵੇ ਖਿੱਲਰੇ ਆਸ ਉਮੀਦਾਂ ਵਾਲੇ। ਗਰਜਾਂ ਖ਼ਾਤਰ ਕੱਚਿਆਂ ਵਿਹੜਿਆਂ ਪੁੱਤਰ ਘੱਲੇ ਕਰਨ ਕਮਾਈਆਂ। ਇਹ ਕਿਉਂ ਘਰ ਨੂੰ ਲਾਸ਼ਾਂ ਆਈਆਂ। ਚਿੱਟੀਆਂ ਚੁੰਨੀਆਂ ਦੇਣ ਦੁਹਾਈਆਂ। ਮੇਰੇ ਹੱਥ ਵਿੱਚ ਅਮਨ ਦਾ ਪਰਚਮ ਸੱਚ ਪੁੱਛੋ ਤਾਂ ਡੋਲ ਰਿਹਾ ਹੈ। ਜ਼ਹਿਰੀ ਨਾਗ ਖੜੱਪਾ ਜਾਗਿਆ ਰੂਹ ਅੰਦਰ ਸੀ ਬੈਠਾ ਜਿਹੜਾ ਮਸਾਂ ਸੰਵਾਇਆ ਸੀ ਮੈਂ ਇਸ ਨੂੰ ਜਾਗ ਪਿਆ ਵਿੱਸ ਘੋਲ ਰਿਹਾ ਹੈ। ਇਹ ਜ਼ਹਿਰੀ ਕਿਉਂ ਮਰਦਾ ਨਹੀਂ ਹੈ। ਹੱਦਾਂ ਤੇ ਸਰਹੱਦਾਂ ਆਦਮਖਾਣੀਆਂ ਡੈਣਾਂ। ਜਿੱਸਰਾਂ ਜੰਗ ਤੇ ਗੁਰਬਤ ਦੋਵੇਂ ਸਕੀਆਂ ਭੈਣਾਂ। ਵਾਰ ਵਾਰ ਇਹ ਖੇਡਣ ਹੋਲੀ। ਕੁਰਸੀ ਤੇ ਕਲਜੋਗਣ ਬੋਲਣ ਇੱਕ ਹੀ ਬੋਲੀ। ਸਿੱਧੇ ਮੂੰਹ ਨਾ ਦੇਂਦੀਆਂ ਉੱਤਰ। ਖਾ ਚੱਲੀਆਂ ਨੇ ਸਾਡੇ ਪੁੱਤਰ। ਲਾਸ਼ ਲਪੇਟਣ ਦੇ ਕੰਮ ਲੱਗੇ ਕੌਮੀ ਝੰਡੇ। ਹੁਕਮ ਹਕੂਮਤ ਖਾਣ ’ਚ ਰੁੱਝੇ ਹਲਵੇ ਮੰਡੇ। ਹੇ ਧਰਤੀ ਦੇ ਪੁੱਤਰੋ ਧੀਓ ਆਦਮ ਜਾਇਓ! ਕੁੱਲ ਆਲਮ ਨੂੰ ਵੈਣਾਂ ਵਿਚਲਾ ਦਰਦ ਸੁਣਾਇਓ ਤੇ ਸਮਝਾਇਓ। ਰਾਵੀ ਤੇ ਜੇਹਲਮ ਦਾ ਪਾਣੀ ਅੱਕ ਚੁੱਕਿਆ ਸੁਣ ਦਰਦ ਕਹਾਣੀ। ਏਧਰ ਓਧਰ ਲਾਸ਼ਾਂ ਦੇ ਅੰਬਾਰ ਨਾ ਲਾਉ। ਨਫ਼ਰਤ ਦੀ ਅੱਗ ਸਦਾ ਫ਼ੂਕਦੀ ਸੁਪਨੇ ਸੂਹੇ। ਚੁੱਲ੍ਹਿਆਂ ਅੰਦਰ ਬੀਜੇ ਘਾਹ ਕਰਦੀ ਬੰਦ ਬੂਹੇ। ਇਹ ਮਾਰੂ ਹਥਿਆਰ ਪਾੜਦੇ ਸਾਡੇ ਬਸਤੇ। ਬੰਬ ਬੰਦੂਕਾਂ ਖਾ ਚੱਲੀਆਂ ਨੇ ਪਿਆਰ ਚੁਰਸਤੇ। ਮਿੱਧਣ ਸੁਰਖ਼ ਗੁਲਾਬ ਨਾ ਸਮਝਣ ਹਾਥੀ ਮਸਤੇ। ਹੇ ਵਣਜਾਰਿਓ ! ਲਾਸ਼ਾਂ ਵਾਲਿਓ ਅੱਖੋਂ ਕਾਲੀ ਐਨਕ ਲਾਹੋ। ਕਿਵੇਂ ਦੁਹੱਥੜੀਂ ਪਿੱਟਣ ਮਾਵਾਂ, ਭੈਣਾਂ, ਧੀਆਂ। ਸੁੱਕਣੇ ਪਾਇਆ ਸਭਨਾਂ ਜੀਆਂ। ਤਿੜਕ ਰਹੇ ਰੰਗ ਰੱਤੜੇ ਚੂੜੇ ਸਣੇ ਕਲ੍ਹੀਰੇ। ਕਿਵੇਂ ਤਿਰੰਗੇ ਦੇ ਵਿੱਚ ਲਿਪਟੇ ਸੁੱਤੇ ਨੀਂਦ ਸਦੀਵੀ ਜਿਹੜੀ ਭੈਣ ਦੇ ਵੀਰੇ। ਸਰਹੱਦਾਂ ਉਰਵਾਰ ਪਾਰ ਇਹ ਹੋਕਾ ਲਾਉ। ਧਰਮ, ਜ਼ਾਤ ਦੇ ਪਟੇ ਉਤਾਰੋ। ਬਰਖ਼ੁਰਦਾਰੋ, ਆਪਣੀ ਹੋਣੀ ਆਪ ਸੰਵਾਰੋ। ਅੰਨ੍ਹੇ ਬੋਲ਼ੇ ਤਖ਼ਤ ਤਾਜ ਨੂੰ ਆਖ ਸੁਣਾਉ। ਸ਼ਮਸ਼ਾਨਾਂ ਦੀ ਬਲਦੀ ਮਿੱਟੀ ਕੂਕ ਪੁਕਾਰੇ। ਧਰਤੀ ਨੂੰ ਨਾ ਲੰਮ ਸਲੰਮੀ ਕਬਰ ਬਣਾਉ। ਹੋਸ਼ ’ਚ ਆਉ! ਬਾਗ ਉਜਾੜਨ ਵਾਲਿਓ ਸੋਚੋ! ਬੱਚਿਆਂ ਦੇ ਮੂੰਹ ਚੂਰੀ ਦੀ ਥਾਂ ਬਲ਼ਦੇ ਸੁਰਖ਼ ਅੰਗਾਰ ਨਾ ਪਾਉ।

ਕਰੋਸ਼ੀਏ ਨਾਲ ਮਾਂ

ਕਰੋਸ਼ੀਏ ਨਾਲ ਮਾਂ ਧਾਗੇ ਇੱਕ ਦੂਸਰੇ ਚ ਪਾ ਰੁਮਾਲ ਨਹੀਂ ਬੁਣਦੀ ਕਵਿਤਾਵਾਂ ਲਿਖਦੀ ਹੈ। ਰੀਝਾਂ ਦੇ ਮੇਜ਼ਪੋਸ਼ ਮੂੰਹੋਂ ਬੋਲਦੇ ਦਸਤਰ ਖ੍ਵਾਨ। ਹੋਰ ਬਹੁਤ ਕੁਝ ਗੀਤਾਂ ਗ਼ਜ਼ਲਾਂ ਜਿਹਾ। ਸੌਖਾ ਨਹੀਂ ਹੁੰਦਾ ਇੱਕੋ ਰੰਗ ਦੇ ਧਾਗਿਆਂ ਨਾਲ ਘੁਲਣਾ। ਤੇ ਆਕਾਰ ਬਣਾ ਧਰਨਾ। ਖਿੜੇ ਕੰਵਲ ਫੁੱਲ ਬਿਨ ਪਾਣੀਓਂ ਸਜੀਵ ਕਰਨਾ। ਚਿਤਵਣਾ ਤੇ ਇਸ ਦੀਆਂ , ਤੰਦਾਂ ਦੇ ਨਾਲ ਨਾਲ ਤੁਰਨਾ। ਬੁਲਬੁਲਿਆਂ ਦੇ ਪਹਾੜ ਬਣਾਉਣਾ। ਤੇ ਕਦਮ ਕਦਮ ਚੜ੍ਹਾਈ ਚੜ੍ਹਨਾ। ਉਮਰ ਦੇ ਅਠਵੇਂ ਪਹਿਰ ਦੇ ਲੌਢੇ ਵੇਲੇ ਹਯਾਤੀ ਨੂੰ ਕੁਝ ਨਾ ਕੁਝ ਜੋੜੀ ਜਾਣ ਵਿੱਚ ਪਾਈ ਰੱਖਣਾ। ਟੁੱਟਿਆਂ ਨੂੰ ਜੋੜਦੇ ਰਹਿਣਾ ਗਾਂਢੇ ਦਾ ਪਤਾ ਵੀ ਨਾ ਲੱਗਣ ਦੇਣਾ। ਇਹ ਕਰਾਮਾਤ ਸਿਰਫ਼ ਮਾਂ ਹੀ ਕਰਦੀ ਹੈ। ਪੁੱਤਰਾਂ ਧੀਆਂ ਤੋਂ ਅੱਗੇ ਪੋਤਰੇ ਪੋਤਰੀਆਂ ਦੋਹਤਰੇ ਦੋਹਤਰੀਆਂ ਤੀਕ ਸੋਚਦੀ ਸੋਚਦੀ ਲੱਗੀ ਰਹਿੰਦੀ ਹੈ ਹਰ ਪਲ। ਕਰੋਸ਼ੀਏ ਨਾਲ ਆਕਾਰ ਸਾਕਾਰ ਕਰਦਿਆਂ ਮਨ ਵਿੱਚ ਬਹੁਤ ਕੁਝ ਤੁਰਦਾ ਹੈ ਉਡਾਰੀ ਭਰਦੀ ਹੈ ਬਿਨ ਖੰਭਾਂ ਤੋਂ ਅੰਬਰ ਗਾਹੁੰਦੀ ਹੈ। ਗੋਡੇ ਮੋਢੇ ਦੁਖਣ ਦੇ ਬਾਵਜੂਦ ਬੈਠੀ ਬੈਠੀ ਬਹੁਤ ਦੂਰ ਤੁਰ ਜਾਂਦੀ ਹੈ। ਪੋਤਰੀਆਂ ਪੜਪੋਤਰੀਆਂ ਨਾਲ ਖੇਡ ਲੈਂਦੀ ਹੈ ਇਨ੍ਹਾਂ ਤੰਦਾਂ ਸਹਾਰੇ। ਕਰੋਸ਼ੀਆ ਉਸ ਲਈ ਉਸ ਸਿਦਕ ਦਾ ਨਾਮ ਹੈ ਜੋ ਸਾਡੇ ਰਿਸ਼ਤਿਆਂ ਨੂੰ ਹਰ ਪਲ ਅੱਗੇ ਤੋਰਦਾ ਹੈ ਦਿਨ ਰਾਤ ਦੇ ਆਪਸ ਚ ਫਸੇ ਕੁੰਡਿਆਂ ਵਾਂਗ ਅੰਤਰ ਗਾਂਢਾ ਜਿਹਾ। ਮਾਂ ਸਭ ਤੋਂ ਸੁਚਿਆਰੀ ਹੁੰਦੀ ਹੈ ਕਰੋਸ਼ੀਆ ਬੁਂਣਦਿਆਂ। ਬੋਲਦੀ ਨਹੀਂ , ਪਰ ਤੰਦਾਂ ਨਾਲ ਲਗਾਤਾਰ ਵਾਰਤਾਲਾਪ ਕਰਦੀ। ਕਿਰਤ ਦਾ ਨਿੱਤਨੇਮ ਕਰਦੀ ਮਾਂ ਤੋਂ ਵੱਡਾ ਮੈਨੂੰ ਕੋਈ ਹੋਰ ਧਰਮਾਤਮਾ ਨਹੀਂ ਦਿਸਿਆ। ਐਨਕ ਦੇ ਸਹਾਰੇ ਬਾਰੀਕ ਤੰਦਾਂ ਜੋੜਦੀ ਮਾਂ ਮੇਰੀ ਧਰਤੀ ਬਣ ਜਾਂਦੀ ਹੈ ਤੇ ਅਗਲੇ ਪਲ ਅੰਬਰ। ਮਾਂ ਠੰਢੀ ਮਿੱਠੀ ਪੌਣ ਬਣ ਜਾਂਦੀ ਹੈ। ਹਰਿਆਲੀ ਛਤਰੀ ਧੁੱਪੇ ਸਾਡੇ ਸਿਰਾਂ ਤੇ ਤਣਦੀ। ਮਾਂ ਦੂਸਰਾ ਬਲਿਹਾਰੀ ਜੋ ਜਣਦੀ ਪਾਲਦੀ ਸੰਭਾਲਦੀ ਆਪਣਾ ਆਪ ਮਿੱਟੀ ਚ ਮਿਟਾ ਦਿੰਦੀ ਹੈ। ਆਖ਼ਰੀ ਸਵਾਸਾਂ ਤੀਕ ਕਣ ਕਣ ਟੁੱਟਦੀ ਜੁੜਦੀ ਚੇਤਿਆਂ ਚ ਸਦੀਵ ਕਾਲ ਵਾਸਤੇ ਬਹਿ ਜਾਂਦੀ ਹੈ।

ਕੋਰੀ ਸਲੇਟ ਨਹੀਂ ਹੁੰਦੇ ਬੱਚੇ

ਬੱਚੇ ਕੋਰੀ ਸਲੇਟ ਨਹੀਂ ਹੁੰਦੇ। ਹੋਰ ਬਹੁਤ ਕੁਝ ਹੁੰਦੇ ਹਨ। ਉਨ੍ਹਾਂ ਦੇ ਮਨ ਮਸਤਕ ਵਿਚਲੀ ਗੂੜ੍ਹੀ ਇਬਾਰਤ ਤੇ ਹੋਰ ਬਹੁਤ ਕੁਝ ਲਿਖਿਆ ਲਿਖਾਇਆ ਸਿਰਫ਼ ਅਸੀਂ ਹੀ ਉਸਨੂੰ ਪੜ੍ਹਨਾ ਨਹੀਂ ਜਾਣਦੇ। ਬੱਚੇ ਦਿਆਂ ਨੇਤਰਾਂ ਵਿੱਚ ਸੈਆਂ ਸਮੁੰਦਰ ਤਰਦੇ ਸੁਪਨਿਆਂ ਚ ਘੁੰਮਦੇ ਜਿਮੀਂ ਅਸਮਾਨ ਖੰਡ ਬ੍ਰਹਿਮੰਡ ,ਨਛੱਤਰ ਕਿੰਨੇ ਸਾਰੇ ਤੇਜ਼ ਰਫ਼ਤਾਰੀ ਬਿਜਲੀ ਭਰੇ , ਨਿੱਕੇ ਨਿੱਕੇ ਪੈਰ ਖ੍ਵਾਬਾਂ ਜਹੇ। ਬੱਚਿਆਂ ਤੋਂ ਹੀ ਸਿੱਖਿਆ ਹੈ ਨਰਮੇ ਕਪਾਹਾਂ ਨੇ ਖਿੜਨਾ। ਪਰਿੰਦਿਆਂ ਨੇ ਪੰਖ ਪਸਾਰਨੇ। ਪੌਣਾਂ ਨੇ ਕਰਨੀਆਂ ਅਠਖੇਲੀਆਂ, ਤੇ ਦਿਨ ਰਾਤ ਮਹਿਕਣਾ ਸਿੱਖਿਆ ਹੈ। ਬੱਚਿਆਂ ਨੇ ਹੀ ਸਿਖਾਇਆ ਹੈ ਸ਼ਰੀਂਹ ਦੇ ਫੁੱਲਾਂ ਤੋਂ ਲੈ ਕੇ ਰਾਤ ਦੀ ਰਾਣੀ ਤੀਕ ਮਹਿਕਣਾ। ਘੁੰਮਰਾਂ ਪਾਉਂਦੀ ਵੰਗਾਂ ਛਣਕਾਉਂਦੀ ਸੱਜ ਵਿਆਹੀ ਨੂੰ ਟਹਿਕਣਾ। ਕਦਮ ਕਦਮ ਤਾਲ ਤਾਲ ਦਰਿਆ ਵਾਂਗ ਵਹਿਣਾ ਚੁੱਪ ਚਾਪ ਤੁਰਨਾ ਮੂੰਹੋਂ ਕੁਝ ਵੀ ਨਾ ਕਹਿਣਾ। ਬੱਚੇ ਹੀ ਸਿਖਾਉਂਦੇ ਨੇ ਬਾਤਾਂ ਪਾਉਣੀਆਂ। ਪੀੜ੍ਹੀ ਦਰ ਪੀੜ੍ਹੀ ਪੁਸ਼ਤ ਦਰ ਪੁਸ਼ਤ ਨਹੀਂ ਤਾਂ ਚਿਰੋਕਣਾ ਭੁਲ ਭੁਲਾ ਜਾਂਦੇ ਜੰਗਲ ਚ ਗੁਆਚੇ ਰੂਪ ਬਸੰਤ ਦੀ ਕਥਾ ਕਥੌਲੀ। ਨਹੀਂ ਮਰਨ ਦਿੰਦੇ ਸਾਡੀ ਅਨੰਤ ਸਫ਼ਰ ਤੇ ਤੁਰਨ ਦੀ ਤਾਂਘ। ਲਗਾਤਾਰ ਭਰਦੇ ਨੇ ਮਾਂ ਬਾਪ ਦੇ ਖੰਭਾਂ ਚ ਪਰਵਾਜ਼। ਉੱਡਣੇ ਪੁੱਡਣੇ ਪੌਣ ਸਵਾਰ। ਪੰਘੂੜੇ ਚ ਪਏ ਬੱਚੇ ਵੀ ਸਾਨੂੰ ਊਰਜਾ ਬਖ਼ਸ਼ਦੇ। ਨਿੱਕੇ ਨਿੱਕੇ ਸੂਰਜ। ਨੇਤਰ ਜਗਦੇ ਜੁਗਨੂੰਆਂ ਦਾ ਜੋੜਾ। ਕੋਲ ਬੁਲਾਉਂਦੇ ਤੇ ਸਮਝਾਉਂਦੇ ਸਾਡੇ ਕੋਲ ਬਹੁਤ ਕੁਝ ਹੈ ਤੁਹਾਡੇ ਲਈ। ਜੀਕੂੰ ਮਾਸੂਮੀਅਤ ਹੈ ਗੁਲਾਬ ਦੀਆਂ ਪੱਤੀਆਂ ਜਹੀ ਰਵੇਲ ਦੀਆਂ ਸਫ਼ੈਦ ਕਲੀਆਂ ਜਹੀ। ਤਾਰ ਤੇ ਲਮਕਦੀਆਂ ਅੰਬਰੀ ਤਰੇਲ ਬੂੰਦਾਂ ਜਹੀ। ਜਲਕਣ ਜਲਕਣ। ਤਰਲਤਾ ਹੈ ਪਾਰੇ ਜਹੀ। ਨਿਰਮਲ ਨਦੀ ਦੇ ਜਲ ਚ ਤਰਦੇ ਜਲ ਬੁਲਬੁਲੇ ਜਹੀ। ਥੋੜ ਚਿਰੀ ਹੀ ਸਹੀ ਸਾਹਾਂ ਚ ਘੁਲਣਹਾਰੀ ਮਿਸ਼ਰੀਓਂ ਮਿੱਠੀ ਮੁਸਕਾਨ। ਸਵਾਸਾਂ ਚ ਉਮਰ ਭਰ ਤੁਰੇਗੀ ਨਾਲ ਨਾਲ। ਬੱਚੇ ਬਹੁਤ ਕੁਝ ਕਹਿ ਜਾਂਦੇ ਨੇ ਬਿਨ ਬੋਲਿਆਂ। ਤੁਹਾਡੀਆਂ ਅੱਖਾਂ ਚੋਂ ਮੁਹੱਬਤ ਦੀ ਮੁਹਾਰਨੀ ਪੜ੍ਹਦੇ ਅਲੂੰਏਂ ਬਾਲ। ਮਾਸੂਮ ਰੱਬ ਨਿੱਕੇ ਜਿਹੇ। ਬੱਚਾ ਤਾਂ ਬੱਚਾ ਹੁੰਦਾ ਹੈ। ਮੁੰਡਾ ਜਾਂ ਕੁੜੀ ਨਹੀਂ ਹੁੰਦਾ। ਮਾਪਿਓ! ਤੁਸੀਂ ਕਿਓ ਂ ਦਰੇਗ ਕਰਦੇ ਹੋ। ਗ਼ਰਜ਼ਾਂ ਬੱਧੇ ਫ਼ਰਜ਼ ਭੁੱਲ ਜਾਂਦੇ ਹੋ। ਰਿਸ਼ਤਿਆਂ ਨਾਲ ਬੇਈਮਾਨ ਦੋਹੀਂ ਜਹਾਨੀਂ ਰੁਲਦੇ ਨੇ। ਕੋਮਲ ਤੰਦਾਂ ਰੋਲ ਕੇ ਕਿਹੜਾ ਧਰਮ ਪਾਲਦੇ ਹੋ ਧਰਮੀ ਬਾਬਲੋ। ਕੁੱਖਾਂ ਦੀਆਂ ਤਲਾਸ਼ੀਆਂ ਲੈਂਦੇ ਭੁੱਲ ਜਾਂਦੇ ਹੋ ਜਣਨਹਾਰੀ ਮਾਂ ਨਿੱਕੀ ਜਹੀ ਰੱਖੜੀ ਘੋੜੀ ਦੀਆਂ ਵਾਗਾਂ ਗੁੰਦਦੀ ਪਰਦੇਸਣ ਭੈਣ ਕੁਨਬੇ ਦੀ ਸੁਖ ਮੰਗਦੀ ਸਵੇਰ ਸ਼ਾਮ ਬਾਬਲ ਦਾ ਵੱਸਦਾ ਰਹੇ ਵਿਹੜਾ। ਵੱਸਦਾ ਰਹੇ ਮੇਰਾ ਨਗਰ ਖੇੜਾ। ਖ਼ੁਦ ਲਈ ਕਦੇ ਕੱਖ ਨਾ ਮੰਗਦੀ, ਦਰਿਆ ਦਿਲ ਧੀ ਧਿਆਣੀ। ਇਸ ਦੀ ਵੀ ਅਲਖ ਮਿਟਾਉਂਦੇ ਹੋ ਵੱਡੀਆਂ ਅਕਲਾਂ ਵਾਲਿਓ। ਬੇਬਸ ਅੱਖਾਂ ਵਿਚਲੀ ਇਬਾਰਤ ਪੜ੍ਹੋ ਗਹੁ ਨਾਲ। ਅਣਲਿਖੇ ਕਿੰਨੇ ਹੀ ਇਕਰਾਰਨਾਮੇ ਹਰਫ਼ ਹਰਫ਼ ਸ਼ਬਦ ਬਣਦੇ ਘੋੜੀਆਂ, ਸੁਹਾਗ, ਸਿੱਠਣੀਆਂ , ਵੈਣ ਬਣਦੇ ਕਦੇ ਲੋਰੀਆਂ, ਤੋਤਲੇ ਮਾਸੂਮ ਬੋਲ। ਬੱਚਿਆਂ ਦੀਆਂ ਇਨ੍ਹਾਂ ਸਲੇਟਾਂ ਤੇ ਅਣਲਿਖਿਆ ਪੜ੍ਹੋ। ਬਹੁਤ ਸਾਰੇ ਪੂਰਨੇ ਉੱਘੜ ਆਉਣਗੇ ਟਿਮਟਿਮਾਉਂਦੇ। ਇਹੀ ਤੇ ਸੂਰਜ ਚੰਨ ਸਿਤਾਰੇ ਨੇ ਤੁਹਾਡੀ ਬੁੱਕਲ ਚ ਖੇਡਦੇ। ਬੁੱਕਲ ਸੰਭਾਲੋ।

ਕੋਲੋਂ ਲੰਘਦੇ ਹਾਣੀਓਂ

ਸਾਡੀਆਂ ਕਿਤਾਬਾਂ ਕਿਤੇ ਹੋਰ ਨੇ ਵਰਕਾ ਵਰਕਾ ਖਿੱਲਰੀਆਂ ਰੂੜੀਆਂ ਤੇ ਪਈਆਂ ਸ਼ਬਦ ਸ਼ਬਦ ਵਾਕ ਵਾਕ ਸਾਨੂੰ ਉਡੀਕਦੀਆਂ। ਸਾਡੇ ਬਸਤੇ ਹੋਰ ਨੇ। ਤੁਹਾਨੂੰ ਮਾਵਾਂ ਨੇ ਤੋਰਿਆ ਮੱਥੇ ਚੁੰਮ ਕੇ, ਦਹੀਂ ਦੀਆਂ ਫੁੱਟੀ ਖੁਆ ਕੇ। ਦੁਪਹਿਰ ਦਾ ਟਿਫਨ ਨਾਲ ਬੰਨ੍ਹਿਆ। ਸਾਨੂੰ ਕੱਢਿਆ ਝਿੜਕ ਕੇ ਕਿਹਾ ਕਿ ਜਾਓ ਕਮਾਓ ਤੇ ਖਾਉ। ਰੂੜੀਆਂ ਫੋਲ ਕੇ ਕਮਾਉਣ ਚੱਲੇ ਹਾਂ ਤੇ ਧੱਕੇ ਖਾਂਦੇ ਖਾਂਦੇ ਜਵਾਨ ਹੋ ਜਾਵਾਂਗੇ। ਸਾਨੂੰ ਵੀ ਸੁਪਨੇ ਆਉਂਦੇ ਨੇ ਅੰਬਰੀਂ ਉੱਡਣ ਦੇ ਸੂਰਜ ਤੇ ਤਾਰਿਆਂ ਨਾਲ ਲੁਕਣਮੀਟੀ ਖੇਡਣ ਦੇ। ਛੜਿਆਂ ਦੇ ਅੰਬਰੀ ਰਾਹ ਤੇ ਚੁਗਦੀਆਂ ਗਊਆਂ ਦੇ ਥਣ ਚੁੰਘਣ ਦੇ। ਸਾਡੀਆਂ ਜਟੂਰੀਆਂ ਚ ਜਦ ਕਦੇ ਕੰਘੀ ਫਿਰਦੀ ਹੈ ਸੱਚ ਜਾਣਿਓਂ ਮਾਂ ਵਿਹੁ ਵਰਗੀ ਲੱਗਦੀ ਹੈ। ਅੜਕਾਂ, ਗੁੰਝਲਾਂ ਚ ਜੰਮੀ ਮੈਲ ਹੁਣ ਚਮੜੀ ਦਾ ਹਿੱਸਾ ਬਣ ਗਈ ਹੈ। ਸਾਨੂੰ ਵੀ ਰਿਬਨ ਚ ਗੁੰਦੇ ਵਾਲ ਬੜੇ ਹੁਸੀਨ ਲੱਗਦੇ ਨੇ ਪਰ ਸਾਡੇ ਘਰੀਂ ਤਾਂ ਪੂਰਾ ਸ਼ੀਸ਼ਾ ਵੀ ਨਾ ਮੂੰਹ ਵੇਖਣ ਲਈ। ਟੁੱਟੇ ਸ਼ੀਸ਼ੇ ਦਾ ਇੱਕ ਟੋਟਾ ਵਿੰਗ ਤੜਿੰਗੇ ਮੂੰਹ ਵਿਖਾਉਂਦਾ ਦੰਦੀਆਂ ਚਿੜਾਉਂਦਾ ਲੱਗਦਾ ਹੈ। ਰੂੜੀਆਂ ਤੋਂ ਚੁਗੇ ਮੋਮਜਾਮੇ ਧੋਵਾਂਗੇ ਸੁਕਾਵਾਂਗੇ। ਬਾਣੀਏ ਨੂੰ ਵੇਚ ਕਿਸੇ ਹੱਟੀ ਉੱਤੇ ਜਾਵਾਂਗੇ। ਆਟਾ ਲੂਣ ਤੇਲ ਲੈ ਕੇ ਡੰਗ ਤਾਂ ਟਪਾਵਾਂਗੇ ਹੌਲੀ ਹੌਲੀ ਹੌਲੀ ਹੌਲੀ ਵੱਡੇ ਵੀ ਹੋ ਜਾਵਾਂਗੇ। ਉਮਰ ਲੰਘਾਵਾਂਗੇ। ਸਾਨੂੰ ਵੀ ਗੁਲਾਬ ਜਲ ਨਾਲ ਮੂੰਹ ਧੋਣਾ ਚੰਗਾ ਲੱਗਦਾ ਹੈ। ਲੀਰੋ ਲੀਰ ਲਿਬਾਸ ਦੀ ਥਾਂ ਸਾਨੂੰ ਵੀ ਫੁੱਲਾਂ ਵਾਲਾ ਕੁਰਤਾ ਚਾਹੀਦੈ ਅਣਲੱਗ ਤੇ ਨਵਾਂ ਨਕੋਰ ਪੁਰਾਣੇ ਉਤਾਰ ਪਾਉਂਦਿਆਂ ਹੰਢ ਚੱਲੀ ਹੈ ਕੰਚਨ ਦੇਹੀ। ਸਾਡੀ ਵੀ ਤੁਹਾਡੇ ਵਾਂਗ ਇਹੀ ਧਰਤੀ ਮਾਂ ਹੈ। ਸਾਡਾ ਬਾਬਲ ਵੀ ਤੁਹਾਡੇ ਵਾਲਾ ਅੰਬਰ ਹੈ। ਇੱਕੋ ਜਹੇ ਮੌਸਮਾਂ ਵਿੱਚ ਜੀਂਦੇ ਅਸੀਂ ਹੀ ਕਿਓਂ ਮਰਦੇ ਹਾਂ ਅਣਆਈ ਮੌਤ। ਜਵਾਨ ਉਮਰੇ ਸਾਡੀਆਂ ਛਾਤੀਆਂ ਹੀ ਕਿਓਂ ਪਿਚਕਦੀਆਂ ਨੇ। ਕਿਓਂ ਫਿਰਦੇ ਹਨ ਬੁਲਡੋਜ਼ਰ ਸਾਡੀ ਹਿੱਕ ਤੇ ਝੁੱਗੀਆਂ ਢਾਹ ਕੇ। ਸਾਡੀਆਂ ਪਤੀਲੀਆਂ ਹੀ ਕਿਓਂ ਚਿੱਬ ਖੜਿੱਬੀਆਂ ਹੁੰਦੀਆਂ ਨੇ। ਤੁਸੀਂ ਨਹੀ ਜਾਣ ਸਕੋਗੇ ਚੂਰੀਆਂ ਖਾਣਿਓਂ। ਇੱਕ ਹੋ ਕੇ ਵੀ ਧਰਤੀ ਦੇ ਦੋ ਟੁਕੜੇ ਨੇ ਅੱਧਾ ਤੁਹਾਡਾ ਤੇ ਦੂਸਰਾ ਵੀ ਸਾਡਾ ਨਹੀਂ! ਨਦੀਨ ਕੌਣ ਬੀਜਦਾ ਹੈ ਪਰ ਉੱਗ ਪਏ ਹਾਂ ਅਸੀਂ ਏਨੀ ਜਲਦੀ ਨਹੀਂ ਮਰਨ ਵਾਲੇ। ਚਲੋ! ਜਾਓ ਪੜ੍ਹੋ ਆਪਣੇ ਸਕੂਲਾਂ ਵਿੱਚ। ਬਣੋ ਬਾਬੂ ਨੁਮਾ ਪੁਰਜ਼ੇ। ਰਲ ਜਾਓ ਖ਼ਾਰੇ ਸਮੁੰਦਰ ਚ। ਸਾਡੇ ਹੰਝੂ ਵੀ ਏਥੇ ਹੀ ਦਫ਼ਨ ਹਨ।

ਬਦਲ ਗਏ ਮੰਡੀਆਂ ਦੇ ਭਾਅ

ਉਹ ਹੁਣ ਪੰਜਾਹ ਸਾਲ ਪਹਿਲਾਂ ਵਾਲਾ ਕੈਲਾ ਆੜ੍ਹਤੀਆ ਨਹੀਂ ਰਿਹਾ ਪਿੰਡੋ ਪਿੰਡ ਪੈਲੀਆਂ ’ਚੋਂ ਬੋਹਲ ਖ਼ਰੀਦਦਾ ਬੋਰੀਆਂ ਭਰ ਕੇ ਸੂਏ ਸੇਬੇ ਨਾਲ ਸਿਊਂਦਾ ਮੋਢੇ ਚੁੱਕ ਖੱਚਰ ਰੇੜ੍ਹੇ ਤੇ ਲੱਦ ਸ਼ਹਿਰ ਵਾਲੀ ਪੱਕੀ ਮੰਡੀ ’ਚ ਢੇਰੀ ਕਰਦਾ ਛਾਣਾ ਲੁਆ ਡੇਢੇ ਭਾਅ ਵੇਚਦਾ ਵੇਚਦਾ ਹੁਣ ਸਰਦਾਰ ਕਰਨੈਲ ਸਿੰਘ ਬਣ ਗਿਆ ਹੈ। ਤੇ ਖੇਤਾਂ ਦਾ ਰਾਜਾ ਸਰਦਾਰ ਜਰਨੈਲ ਸਿੰਘ ਹੁਣ ਜੈਲੂ ਬਣ ਗਿਆ ਹੈ। ਵਾਲ ਵਾਲ ਕਰਜ਼ੇ ’ਚ ਵਿੰਨ੍ਹਿਆ ਰੱਸੇ ਲੱਭਦਾ ਫਿਰਦਾ ਹੈ। ਜਦ ਤੋਂ ਖੇਤੀ ਨੂੰ ਮਸ਼ੀਨਾਂ ਸੰਭਾਲਿਐ ਘਰ ’ਚ ਰੱਸੇ ਰੱਸੀਆਂ ਮਰਨ ਨੂੰ ਵੀ ਨਹੀਂ ਲੱਭਦੇ। ਕਲਪੁਰਜ਼ੇ ਪਏ ਨੇ ਥਾਂ ਕੁ ਥਾਂ। ਅੱਡੀਆਂ ’ਚ ਖੁਭਦੇ ਕਿੱਲ ਕਾਂਟੇ ਰੂਹ ’ਚ ਬੋਲਦੀ ਹੈ ਇੰਜਨ ਦੀ ਨੋਜ਼ਲ ਸੌਣ ਨਹੀਂ ਦੇਂਦੀ ਸਰਦਾਰ ਕਰਨੈਲ ਸਿੰਘ ਆੜ੍ਹਤੀਏ ਦੀ ਖ਼ੂਨ ਪੀਣੀ ਵਹੀ। ਬਹੁਤ ਤੇਜ਼ ਸੂੰਦੀ ਹੈ ਸੂਰਨੀ ਵਾਂਗ। ਵਿਆਜ਼ ਦਰ ਵਿਆਜ਼ ਦਾ ਪਹੀਆ ਬਹੁਤ ਤੇਜ਼ ਘੁੰਮਦਾ ਹੈ ਮਸ਼ੀਨੀ ਟੋਕੇ ਵਾਂਗ ਸੁਪਨੇ ਰੀਝਾਂ ਉਮੰਗਾਂ ਕੁਤਰੀ ਜਾਂਦਾ ਹੈ। ਹੁਣ ਜੈਲੂ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਤੋਂ ਮੰਡੀਆਂ ਦੇ ਭਾਅ ਨਹੀਂ ਸੁਣਦਾ। ਮਨ ਡੁੱਬਦਾ ਹੈ ਸੁਣਦਿਆਂ ਜਦ ਵਟਾਲੇ ਮੰਡੀ ਵਿਕਦੀ ਗੋਭੀ ਬਾਜ਼ਾਰ ਨਾਲੋਂ ਚਵਾਨੀ ਭਾਅ ਵਿਕਦੀ। ਨਿਰੀ ਠੱਗੀ ਕਹਿ ਕੇ ਖੰਘੂਰਾ ਤਾਂ ਮਾਰਦੈ ਪਰ ਇਕੱਲਾ ਹੀ ਆਪਣੀ ਆਵਾਜ਼ ਸੁਣ ਵੱਡਾ ਸਾਰਾ ਹਾਉਕਾ ਭਰਦਾ ਹੈ। ਮੀਂਹ ਕਣੀ ’ਚ ਕੋਠਾ ਚੋਂਦਾ ਹੈ ਕੋਠੇ ਜਿੱਡੀ ਧੀ ਦਾ ਕੱਦ ਡਰਾਉਂਦਾ ਹੈ ਸਕੂਲੋਂ ਹਟੇ ਪੁੱਤਰ ਨੂੰ ਫੌਜ ਵੀ ਨਹੀਂ ਲੈਂਦੀ। ਅਖੇ ਛਾਤੀ ਘੱਟ ਚੌੜੀ ਹੈ! ਕੌਣ ਦੱਸੇ, ਹੋਰ ਸੁੰਗੜ ਜਾਣੀ ਹੈ ਇੰਜ ਹੀ ਪੁੜਾਂ ਹੇਠ। ਹੱਟੀ ਤੇ ਜਾ ਕੇ ਅਖ਼ਬਾਰ ਸੁਣਦਾ ਹੈ। ਮਰਨ ਰੁੱਤੇ ਕਿੱਥੇ ਕਿੱਥੇ ਕੌਣ ਗਿਆ ਹਰ ਕੇ ਦੁਆਰ। ਅੱਖੀਆਂ ਪੂੰਝਦਾ ਖ਼ੁਦ ਨੂੰ ਕਹਿੰਦਾ ਹੈ। ਓ ਜਰਨੈਲਾ! ਤੂੰ ਨਾ ਮਰੀਂ, ਇਉਂ ਨਾ ਕਰੀਂ ਜਦ ਤੀਕ ਜੀਣਾ ਹੈ, ਅੜਨਾ ਹੈ, ਖੜ੍ਹਨਾ ਹੈ। ਮਰਨੋਂ ਪਹਿਲਾਂ ਲੜਨਾ ਹੈ। ਜਵਾਨੀ ਵੇਲੇ ਸੁਣਿਆ ਨਾਅਰਾ ਉਸਨੂੰ ਹੁਣ ਵੀ ਚੇਤੇ ਹੈ ਪਰ ਸੁਣਾਉਣ ਵਾਲੇ ਖਿੱਲਰ ਪੁੱਲਰ ਗਏ ਸ਼ਾਹ ਅਸਵਾਰ। ਆਲ੍ਹਣਾ ਤੀਲੋ ਤੀਲ ਹੋਇਆ ਕਿਤੋਂ ਅੱਥਰੂ ਨਾ ਚੋਇਆ। ਖਿੰਘਰ ਵਾਂਗ ਮੱਥੇ ’ਚ ਵੱਜਦੀ ਹੈ ਧਰਮ ਸਥਾਨ ਤੇ ਲੱਗੀ ਸੰਗਮਰਮਰੀ ਸਿੱਲ ਜਿਸ ਤੇ ਲਿਖਿਆ ਹੈ ਗੁਰੂ ਪਿਆਰੇ ਗੁਰੂ ਸੰਵਾਰੇ ਕੈਲੂ ਆੜ੍ਹਤੀਏ ਦਾ ਦਾਨ ਵੇਰਵਾ। ਸਰਦਾਰ ਕਰਨੈਲ ਸਿੰਘ ਦੇ ਨਾਂ ਹੇਠ। ਪੱਖਿਆਂ ਤੇ ਲਿਖਿਆ ਉਸ ਦਾ ਨਾਂ ਤਪਦੀ ਹਵਾ ਮਾਰਦਾ ਹੈ। ਦਮ ਘੁੱਟਦਾ ਹੈ ਹੁੰਮਸ ਵਿੱਚ। ਘਰ ਦੀਆਂ ਗ਼ਰਜ਼ਾਂ ਤੇ ਫ਼ਰਜ਼ਾਂ ਪੂਰਨ ਲਈ ਪੱਲੇ ਪੂੰਜੀ ਹਰ ਵੇਲੇ ਥੁੜੀ ਰਹਿੰਦੀ ਹੈ ਸਰਕਾਰ! ਦੋ ਪੱਟੇ ਖੜ ਖੜ ਕਰਦੇ ਚਿੱਟੇ ਚਾਦਰੇ ਵਾਲਾ ਸਰਦਾਰ ਜਰਨੈਲ ਸਿੰਘ ਮੈਲੇ ਪਰਨੇ ਵਾਲਾ ਜੈਲੂ ਕਦੋਂ ਬਣਿਆ? ਦੋ ਪੱਟਾ ਚਾਦਰਾ ਸੁੰਗੜ ਕੇ ਪਰੋਲੇ ਜਿਹਾ ਪਰਨਾ ਕਦੋਂ ਬਣਿਆ? ਹੇਠ ਵਿਛੀ ਦਰੀ ਕਦੋਂ ਖਿੱਚ ਕੇ ਕੋਈ ਲੈ ਗਿਆ ਪਤਾ ਹੀ ਨਹੀਂ ਲੱਗਿਆ। ਉੱਪਰ ਓਹੜੀ ਚਾਦਰ ਲੱਕ ਬੰਨ੍ਹਦਾ ਹੈ ਤਾਂ ਸਿਰ ਨੰਗਾ ਸਿਰ ਬੰਨ੍ਹਦਾ ਹੈ ਤਾਂ ਤੇੜ ਨੰਗਾ। ਅਕਲ ਹਾਰ ਗਈ ਹੈ ਹਕੀਕਤਾਂ ਦੇ ਦਵਾਰ। ਨਵੇਂ ਬਣੇ ਸਿਆਣਿਆਂ ਦੇ ਅਣਿਆਲੇ ਤੀਰ ਹਿੱਕ ’ਚ ਵੱਜਦੇ ਨੇ ਅਖੇ ! ਫੈਲਸੂਫ਼ੀਆਂ ਬੰਦ ਕਰੇ ਵਾਹੀਵਾਨ। ਘਿਰ ਗਿਆ ਹੈ ਜਰਨੈਲ ਅਨੇਕ ਸ਼ਾਤਰ ਦੁਸ਼ਮਣਾਂ ਵਿੱਚ ਕਿੱਧਰ ਜਾਵੇ? ਅਕਲਾਂ ਵਾਲਿਓ, ਵਿਦਵਾਨੋ ਹਕੂਮਤੋ, ਬੁੱਧੀਮਾਨੋ ਪਤਾ ਲੱਗੇ ਤਾਂ ਉਸਨੂੰ ਰਾਹ ਪਾਉਣਾ। ਮੇਰੇ ਮਰਨ ਮਗਰੋਂ ਅੰਕੜੇ ਗਿਣਨ ਵਾਲੇ ਅਰਥ ਸ਼ਾਸਤਰੀਓ!

ਭੂਸ਼ਨ ਧਿਆਨਪੁਰੀ ਨੂੰ ਮਿਲਦਿਆਂ

ਬਹੁਤ ਕੁਝ ਯਾਦ ਆਉਂਦਾ ਹੈ ਭੂਸ਼ਨ ਨੂੰ ਮਿਲਦਿਆਂ ਧਿਆਨਪੁਰ ਮੇਰੇ ਸਫ਼ਰ ਦਾ ਪਹਿਲਾ ਪੜਾਅ ਮੇਰੇ ਬਸੰਤਕੋਟ ਤੇ ਉਹਦੇ ਪਿੰਡ ਵਿਚਕਾਰ ਸਿਰਫ਼ ਵੀਹ ਪੰਝੀ ਪੈਲੀਆਂ। ਕੁਝ ਆਡਾਂ ਬੰਨੇ ਪਰ ਟੱਪਣਯੋਗ। ਇੱਕੋ ਸਕੂਲ ਇੱਕੋ ਬੈਂਚ ਬੱਸ ਸਾਲਾਂ ਦਾ ਅੰਤਰ ਉਹ ਮੇਰੇ ਵੱਡੇ ਵੀਰ ਦਾ ਸਹਿਪਾਠੀ ਤੇ ਮੈਂ ਉਸਦੇ ਨਿੱਕੇ ਨਿਰਮਲ ਸਵਾਮੀ ਦਾ ਹੁਣ ਜੋ ਜਾਵੇਦ ਹੈ। ਨਾਮਧਾਰੀਆਂ ਦਾ ਬੇਨਤੀ ਸਰੂਪ ਸ਼ਰਮਾ ਸਾਹਿੱਤ ਦਾ ਭੂਸ਼ਨ ਅਮਰ ਨਾਥ ਸ਼ਾਦਾਬ ਦਾ ਸਪੁੱਤਰ ਕਲਾਨੌਰੀਆਂ ਦਾ ਦੋਹਤਰਵਾਨ। ਰੁਕ ਰੁਕ ਬੋਲਦਾ ਤੇਜ਼ ਤੇਜ਼ ਲਿਖਦਾ ਤੇ ਕਹਿੰਦਾ ਮੈਂ ਕਿਸੇ ਵਸਤਰ ਕਿਸੇ ਪੌਸ਼ਾਕ ਦਾ ਨਿੰਦਕ ਨਹੀਂ, ਮੈਂ ਸਗੋਂ ਕਹਿੰਦਾਂ ਕਿ ਵਸਤਰ ਪਹਿਨ ਕੇ ਨੰਗੇ ਰਹੋ। ਇਹ ਨਾ ਹੋਵੇ ਕਿ ਤੁਹਾਨੂੰ ਇਸ਼ਟ ਮੰਨ ਬੈਠੇ ਸਮਾਂ, ਤੇ ਤੁਸੀਂ ਸਾਰੀ ਉਮਰ ਦੀਵਾਰ ਤੇ ਟੰਗੇ ਰਹੋ। ਕਾੜ੍ਹਨੀ ਦੇ ਦੁੱਧ ਜਿਹੀ ਸ਼ਬਦ ਸ਼ਕਤੀ ਗੁੜ ਦੇ ਕੜਾਹ ਜਿਹਾ ਰਸਵੰਤਾ ਕਾਠੇ ਕਮਾਦ ਦੀ ਰਹੁ ਵਰਗੇ ਰਸੀਲੇ ਫਿਕਰਿਆਂ ਦਾ ਘਾੜਨਹਾਰਾ। ਨਾਰੋਵਾਲੀਏ ਕਣ ਵਾਲੇ ਗੁੜ ਦੀ ਡਲੀ ਜਿਹਾ। ਸਿਆਲਕੋਟੀਆ ਪੂਰਨ ਜਤੀ। ਰਸੀਂਹਵਾਲ ਜੰਮਿਆ ਧਿਆਨਪੁਰ ਉੱਗਿਆ ਬਰਾਸਤਾ ਉਹ ਰਾਜਧਾਨੀ ਰੋਪੜ ਚ ਪੁੱਗਿਆ। ਮਿਲਦਾ ਤਾਂ ਸਾਹੀਂ ਮਿਸ਼ਰੀ ਘੋਲਦਾ ਕਾਹਲੀ ਕਾਹਲੀ ਬੋਲਦਾ। ਸ਼ਬਦਾਂ ਨੂੰ ਤੱਕੜੀ ਹਜ਼ਾਰ ਵਾਰ ਤੋਲਦਾ। ਫਿਕਰਾ ਕਾਹਦਾ ਲਿਖਦਾ ਤੀਰ ਚਿੱਲੇ ਚਾੜ੍ਹਦਾ। ਉੱਡਣੇ ਪੰਖੇਰੂ ਏਦਾਂ ਧਰਤੀ ਉਤਾਰਦਾ। ਵਿਅੰਗ ਬਾਣੀ ਦਾ ਬੇਤਾਜ ਬਾਦਸ਼ਾਹ। ਯਕੀਨ ਨਹੀਂ ਤਾਂ ਜਾਂਦੀ ਵਾਰ ਦਾ ਸੱਚ ਪੜ੍ਹ ਲਵੋ। ਸਿਰਜਣਧਾਰਾ ਛਪੀ ਤਾਂ ਸਾਨੂੰ ਪੰਜਾਬੀ ਚ ਇਬਨੇ ਇਨਸ਼ਾ, ਹਰੇਸ਼ੰਕਰ ਪਾਰਸਾਈ ਤੇ ਫ਼ਿਕਰ ਤੌਂਸਵੀ ਲੱਭ ਗਿਆ। ਰਾਈਟਰਜ਼ ਕਾਲੋਨੀ ਚ ਵੱਸਦੇ ਗਾਰਗੀ ਨੂੰ ਪੁੱਛ ਲਵੋ। ਤੁਰਦੀ ਫਿਰਦੀ ਕਵਿਤਾ। ਕਵਿਤਾ ਨਹੀਂ ਪੂਰਮਪੂਰਾ ਕਾਵਿ ਸ਼ਾਸਤਰ। ਸ਼ਾਸਤਰੀ ਪਾਸ ਸੀ ਮਾਸਟਰ ਕਪਿਲਦੇਵ ਵਾਂਗ। ਗਿਆਨੀ ਸੀ ਧਿਆਨੀ ਸੀ ਧਿਆਨਪੁਰੀ। ਕਦੇ ਮੈਨੂੰ ਆਖਦਾ ਕਦੇ ਸ਼ਮਸ਼ੇਰ ਸੰਧੂ ਨੂੰ ਵਜਦ ਵਿੱਚ ਆਣ ਕੇ। ਜਿੰਨਾ ਸੂਰਜ ਚੀਰ ਲਿਆ ਤੂੰ ਤੇਰਾ ਹੈ। ਬਾਕੀ ਬਚਦਾ ਸਾਰਾ ਸੂਰਜ ਮੇਰਾ ਹੈ। ਯਾਰ ਮੇਰੀ ਤਸਵੀਰ ਬਣਾਇਓ ਕੰਧਾਂ ਤੇ, ਕਾਗ਼ਜ਼ ਨਾਲੋਂ ਮੇਰਾ ਕੱਦ ਲੰਮੇਰਾ ਹੈ। ਸ਼ਮਸ਼ੇਰ ਦੀ ਕਿਤਾਬ ਕੋਈ ਦਿਓ ਜਵਾਬ ਚ ਪਾਸ਼ ਦਾ ਮੁੱਖ ਬੰਧ ਪੜ੍ਹ ਕੇ ਬੋਲਿਆ ਮੇਰੇ ਕੋਲ ਬਰਾਸਤਾ ਤਲਵੰਡੀਸਲੇਮ ਕਿਓਂ ਆਇਐਂ। ਤੇਰੀਆਂ ਕਹਾਣੀਆਂ ਤਾਂ ਨੰਗੇ ਧੜ ਮਿਲਣ ਦੇ ਕਾਬਲ ਨੇ। ਦਿਲੀਉਂ 1983 ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸੋਂ ਪਰਤਿਆ ਤੇ ਬੋਲਿਆ ਤਿੰਨ ਚੀਜ਼ਾਂ ਦੀ ਸਰਦਾਰੀ ਵੇਖੀ ਇੰਦਰਾ ਦੀ ਸਾੜ੍ਹੀ ਡਾ: ਹਰਿਭਜਨ ਦੀ ਦਾੜ੍ਹੀ ਤੇ ਵਿਸ਼ਵ ਨਾਥ ਤਿਵਾੜੀ। ਵਿਸ਼ਵਕੋਸ਼ੀ ਵਜੂਦ ਸੀ ਉਹ ਆਦਮਜਾਮੇ ਵਿੱਚ। ਸਾਹਿੱਤ ਮੰਡੀ ਦੇ ਆੜ੍ਹਤੀਆਂ ਦਲਾਲਾਂ ਤੇ ਢੇਰੀਆਂ ਲਾਗੇ ਬੈਠੇ ਹਰ ਲਿਖਣਹਾਰੇ ਦੀ ਜਨਮ ਪੱਤਰੀ ਸੀ ਉਹ। ਸਾਂਈਂ ਲੋਕਾਂ ਵਾਗ ਬੋਲਦਾ ਤੇ ਉਚਰਦਾ ਗਲੀਏ ਗਲੀਏ ਫਿਰਦੇ ਪੰਜ ਹਜ਼ਾਰੀ ਹੁਣ। ਲੱਭਿਆਂ ਵੀ ਨਾ ਲੱਭਦੇ ਲੋਕ ਲਿਖਾਰੀ ਹੁਣ। ਯਾਨੀ ਕਿ ਨੂੰ ਜਾਣੀ ਦੀ ਜੋ ਲਿਖਦੇ ਨੇ, ਸਾਹਿੱਤ ਦੇ ਵਿੱਚ ਉਨ੍ਹਾਂ ਦੀ ਸਰਦਾਰੀ ਹੁਣ। ਉਦੋਂ ਦਿੱਲੀ ਵਾਲੀ ਵੱਡੀ ਭਾਰਤੀ ਸਾਹਿੱਤ ਅਕਾਦਮੀ ਦਾ ਸਰਵੋਤਮ ਇਨਾਮ ਪੰਜ ਹਜ਼ਾਰ ਦਾ ਸੀ। ਉਸ ਦੀ ਪਹਿਲੀ ਕਾਵਿ ਕਿਤਾਬ ਇੱਕ ਮਸੀਹਾ ਹੋਰ ਦਾ ਮੁੱਖ ਬੰਧ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ 1970 ਚ। ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ ਜਿੱਸਰਾਂ। ਉਸ ਕਿਹਾ ਇੱਕ ਮਸੀਹਾ ਹੋਰ ਚੜ੍ਹਾ ਕੇ ਸੂਲੀ ਤੇ, ਰੋਂਦੇ ਫਿਰਦੇ ਸਾਹਿੱਤ ਦੇ ਪਟਵਾਰੀ ਹੁਣ। ਉਹ ਜਿੱਧਰ ਤੁਰਦਾ ਹਰ ਮੈਦਾਨ ਫ਼ਤਹਿ ਸੀ ਬਿਨ ਘੋੜਿਓਂ। ਸ਼ਸਤਰ ਬਿਨ ਸ਼ਾਸਤਰ ਨਾਲ ਵੱਡੇ ਯੁੱਧ ਜਿੱਤਦਾ। ਮਹਾਂਰਾਣੀ ਨਾਗਮਣੀ ਨੂੰ ਤਿੱਖੇ ਤੇਜ਼ ਤੀਰਾਂ ਨਾਲ ਐਸਾ ਵਿੰਨ੍ਹਿਆ ਕਿ ਅਮਿਤੋਜ਼ ਦੀ ਮੰਮੀ ਉਸ ਦੀ ਅੰਮੀ ਬਣ ਕੇ ਬੋਲੀ। ਅਗਲਾ ਅੰਕ ਪੂਰਾ ਤੇਰਾ ਕੁਝ ਨਹੀਂ ਮੇਰਾ। ਹੁਕਮ ਸੁਣ ਕਬੀਰਾ ਹੱਸਿਆ। ਕਿਸੇ ਨੂੰ ਨਹੀਂ ਦੱਸਿਆ ਕਿ ਰਹਿਮਤ ਦਾ ਮੀਂਹ ਵੱਸਿਆ। ਬਹਿ ਗਿਆ ਹੋ ਕੇ ਅੰਤਰ ਧਿਆਨ। ਪੱਲੇ ਬੰਨ੍ਹ ਕੇ ਦੀਨ ਈਮਾਨ। ਸਫ਼ਿਆਂ ਦੇ ਸਫ਼ੇ ਹਰਫ਼ ਹਰਫ਼ ਬੋਲਦੇ। ਅੱਖਰ ਅੱਖਰ ਚਮਕਦੇ ਫਿਕਰੇ ਤਾਰ ਤੇ ਤੁਰਦੇ ਬਿਨ ਸਹਾਰੇ ਖ਼ਾਕੀ ਸਫ਼ਿਆਂ ਤੇ ਜਾ ਉਤਾਰੇ। ਪਰਚਾ ਨਾਗਮਣੀ ਛਪ ਕੇ ਆਇਆ ਤਾਂ ਫੇਰ ਦੇਖ ਕਬੀਰਾ ਹੱਸਿਆ। ਸਾਹਿਤ ਸਪਤਮੀ ਲਿਖਦਿਆਂ ਉਸ ਕਿਸੇ ਨੂੰ ਨਾ ਬਖ਼ਸਿਆ। ਨਾ ਗੁਰ ਨਾ ਚੇਲਾ ਵੇਖ ਲਵੋ ਸ਼ਬਦਾਂ ਦਾ ਮੇਲਾ। ਗਲੀ ਗਲੀ ਵਣਜਾਰਾ ਫਿਰਦਾ, ਫੜ ਪ੍ਰੀਤਾਂ ਦਾ ਜਾਲ ਓ ਯਾਰ। ਜੈ ਇੰਦਰਾ ਜੈ ਇੰਦਰਾ ਕੂਕੇ, ਹੱਥ ਵਿੱਚ ਝੰਡਾ ਲਾਲ ਓ ਯਾਰ। ਪੱਗ ਪੋਚਵੀਂ ਬੀਬੀ ਸੂਰਤ ਲੈ ਕੇ ਬਹਿ ਗਈ ਆਰਸੀਆਂ, ਚਿਹਰੇ ਤੇ ਅਭਿਨੰਦਨ ਰੇਖਾ , ਜੇਬਾਂ ਦੇ ਵਿੱਚ ਮਾਲ ਓ ਯਾਰ। ਇੱਕ ਕੁੜੀ ਨੇ ਇੱਛਿਆਧਾਰੀ ਸੱਪਣੀ ਵੱਸ ਵਿੱਚ ਕੀਤੀ ਏ, ਵਰਮੀ ਦੇ ਚੌਗਿਰਦੇ ਬੈਠੇ, ਜੋਗੀ ਪਾਲੋ ਪਾਲ ਓ ਯਾਰ। ਕਾਗ਼ਜ਼ ਉੱਤੇ ਬੰਬਾਂ ਵਾਂਗੂੰ ਪਾਏ ਧਮਾਕੇ ਸ਼ਬਦਾਂ ਦੇ ਸ਼ਬਦ ਜਦੋਂ ਲੋਹੇ ਵਿੱਚ ਢਲ ਗਏ, ਦਿੱਤੀ ਕੰਡ ਵਿਖਾਲ ਓ ਯਾਰ। ਵਿੱਚ ਲਕੀਰਾਂ ਘਿਰਿਆ ਹੋਇਆ ਇੱਕ ਨਿਮਾਜ਼ੀ ਤੱਕਿਆ ਮੈਂ, ਸਾਹਿੱਤ ਵਿੱਚ ਸ਼ਖਸੀਅਤ ਉਹਦੀ ਹੋ ਗਈ ਘਾਲਾਮਾਲ ਓ ਯਾਰ। ਬਹੁਤ ਕੋਰਾ ਸੀ ਨਾ ਲਿਹਾਜ਼ਖ਼ੋਰਾ ਗੱਲ ਗਿੱਟੇ ਮਾਰਦਾ। ਬਹੁਤੀਆਂ ਕਿਤਾਬਾਂ ਵੇਖ ਏਦਾਂ ਉਹ ਉਚਾਰਦਾ ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ। ਸਾਰਾ ਝਗੜਾ ਯਾਰ ਕਿਤਾਬਾਂ ਪਿੱਛੇ ਹੈ। ਕੋਈ ਕਿਸੇ ਤੋਂ ਚਾਰ ਕਿਤਾਬਾਂ ਅੱਗੇ ਹੈ, ਕੋਈ ਕਿਸੇ ਤੋਂ ਚਾਰ ਕਿਤਾਬਾਂ ਪਿੱਛੇ ਹੈ। ਗੁਪਤੰਗਾਂ ਦੇ ਵਾਂਗ ਲੁਕਾਉਂਦੇ ਫਿਰਦੇ ਹਾਂ, ਕਿੰਜ ਪਈ ਸਰਕਾਰ ਕਿਤਾਬਾਂ ਪਿੱਛੇ ਹੈ। ਭੂਸ਼ਨ ਬੱਸ ਭੂਸ਼ਨ ਸੀ ਖ਼ੁਦ ਕਹਿੰਦਾ ਮੈਂ ਤਾਂ ਕੇਵਲ ਦੂਸ਼ਨ ਹਾਂ। ਸਾਹਿੱਤ ਪਰਦੂ਼ਸ਼ਨ ਨਹੀਂ। ਉਸ ਦੇ ਦੋ ਸਤਰੇ ਰੀਵੀਊ ਪੜ੍ਹਦਿਆਂ ਕਿਤਾਬ ਤੇ ਲਿਖਾਰੀ ਸਗਵੇਂ ਦਿਸਦੇ। ਇੱਕ ਪਾਸੇ ਮਰਦਾਨਾ ਲਿਖਿਆ ਦੂਜੀ ਤਰਫ਼ ਜ਼ਨਾਨਾ। ਦੱਸੋ ਇਸ ਨਾਟਕ ਦੇ ਪਾਤਰ ਕਿੱਥੇ ਕਰਨ ਪਾਖ਼ਾਨਾ। ਇੱਕ ਹੋਰ ਕਿਤਾਬ ਥੱਪਦਾ ਚੱਲ ਗੰਦੇ ਪੈਰ। ਲੇਖਕ ਆਪ ਬੁੱਝੋ? ਪਾਸ਼ ਤੇ ਸੁਰਜੀਤ ਪਾਤਰ ਦੇ ਸਮਰਥਕ ਆਲੋਚਕ ਤੇਜਵੰਤ ਗਿੱਲ ਦਾ ਤਾਂ ਗੀਤ ਬਣਾ ਦਿੱਤਾ। ਅਖੇ ਸੰਤ ਸਿੰਘ ਸੇਖੋਂ ਆਖੇ ਤੇਜਵੰਤ ਨੂੰ। ਮੇਰੇ ਵਾਲਾ ਹਾਲ ਹੋਣਾ ਤੇਰਾ ਅੰਤ ਨੂੰ। ਚੰਗਾ ਸਾਂਭਿਆ ਤੇ ਭਾਵੇਂ ਮੰਦਾ ਸਾਂਭਿਆ ਮੇਰੇ ਵਾਲਾ ਪੁੱਤਰਾ ਤੂੰ ਧੰਦਾ ਸਾਂਭਿਆ। ਪਾਤਰ ਤੇ ਪਾਸ਼ ਨੂੰ ਬਿਠਾਵੀਂ ਦੋਹਾਂ ਗੋਡਿਆਂ ਤੇ, ਪੂਰਾ ਤਾਣ ਲਾ ਕੇ ਰੱਖੀਂ ਕਾਇਮ ਤੰਤ ਨੂੰ। ਖ਼ੁਦ ਲਈ ਪੂਰਾ ਬੇਲਿਹਾਜ਼ ਸੀ ਉਹ। ਆਪਣਾ ਸ਼ਬਦ ਚਿੱਤਰ ਲਿਖਿਆ ਦੋ ਸਤਰੀਆ ਭੂਸ਼ਨ ਧਿਆਨਪੁਰੀ। ਬਗਲ ਵਿੱਚ ਰਾਮ ਰਾਮ ਮੂੰਹ ਵਿੱਚ ਛੁਰੀ। ਵੱਡੇ ਵੀਰਾਂ ਦਾ ਆਗਿਆਕਾਰ ਨਿੱਕਿਆਂ ਦਾ ਘਣਛਾਵਾਂ ਬਿਰਖ਼। ਮੇਰੇ ਵਰਗੇ ਸੈਂਕੜੇ ਟਾਹਣੀਆਂ ਨਾਲ ਪਲਮਦੇ। ਉਜਰ ਨਾ ਕਰਦਾ। ਉਸਦੇ ਘਰ ਨੂੰ ਜੰਦਰਾ ਨਹੀਂ ਸੀ ਹੁੰਦਾ ਕਦੇ। ਸ਼ੌਕੀਨ ਸਿੰਘ ਵੜਦਾ ਤਾਂ ਸੂਬਾ ਸਿੰਘ ਨਿਕਲਦਾ। ਸ਼ਿਵ ਕੁਮਾਰ ਨਿਕਲਦਾ ਤਾਂ ਅਮਿਤੋਜ਼ ਤੇ ਗੁਰਦੀਪ ਗਰੇਵਾਲ ਆ ਧਮਕਦੇ ਪਤਾ ਨਹੀਂ ਕਿੱਥੋਂ? ਪਹਿਲੀ ਵਾਰ ਸਿਰਨਾਵਾਂ ਪੁੱਛਿਆ ਤਾਂ ਬੋਲਿਆ! ਭੂਸ਼ਨ ਦਾ ਸਿਰਨਾਵਾਂ ਕੀਹ। ਤੇਤੀ ਉਨਿੰਜਾ ਇੱਕੀ ਡੀ। 28ਵੇਂ ਸਾਲ ਉਹਦੇ ਹੱਥ ਪੀਲੇ ਹੋਏ ਤਾਂ ਮੈਂ ਤੇ ਸ਼ਮਸ਼ੇਰ ਅਣਸੱਦੇ ਬਾਰਾਤੀ ਸਾਂ। ਸੁਰਿੰਦਰ ਭਾਬੀ ਨੇ ਉਸਨੂੰ ਦੀਵੇ ਦੀ ਲਾਟ ਵਾਂਗੂੰ ਹਰ ਹਨ੍ਹੇਰੀ ਵੇਲੇ ਤਲੀਆਂ ਦੀ ਓਟ ਦੇ ਸਾਂਭਿਆ। ਅੰਸ਼ੂਮਨ ਤੇ ਅਲੀ ਦਾ ਬਾਬਲ ਰੰਗ ਰੰਗੀਲਾ ਅੰਬਰ ਕਿੰਨਾ ਕੁਝ ਉਸਦਾ ਪੱਕਿਆ ਪਕਾਇਆ ਪਰੋਸਦਿਆਂ ਇਹ ਵੀ ਉਸ ਦਾ ਕਿਹਾ ਬਚਨ ਸੁਣੋ! ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹ ਤਾਂ ਹੈ ਮੌਸਮ ਸਿਰ ਸਿਹਰਾ, ਜੇ ਮੇਰੇ ਗੁਲਦਸਤੇ ਵਿਚਲੇ, ਤੈਨੂੰ ਫੁੱਲ ਪਿਆਰੇ ਲੱਗੇ। ਦੋਸਤੋ! ਹੁਣੇ ਤਾਂ ਭੂਸ਼ਨ ਮੇਰੇ ਕੋਲ ਖੜ੍ਹਾ ਸੀ, ਪਤਾ ਨਹੀਂ ਕਿੱਧਰ ਗਿਆ?

ਮੇਰਾ ਬਾਬਲ

(ਅੱਜ ਸ਼ਹਾਦਤ ਦਿਵਸ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਧਿਆਨ ਧਰਦਿਆਂ।) ਹੱਕ ਸੱਚ ਦੀ ਰਖਵਾਲੀ ਵਾਲਾ ਪਰਚਮ ਹੱਥੀਂ ਆਪ ਪਕੜ ਕੇ ਆਨੰਦਪੁਰ ਤੋਂ ਡਾਂਡੇ ਮੀਂਡੇ ਵਾਹੋਦਾਹੀ ਤੁਰਿਆ ਸੂਰਾ। ਕਹਿਣੀ ਤੇ ਕਂਥਨੀ ਦਾ ਪੂਰਾ। ਸਿਰਫ਼ ਜਨੇਊ ਜਾਂ ਕਸ਼ਮੀਰੀ ਤੁਰਿਆ ਨਾ ਉਹ ਪੰਡਿਤਾਂ ਖਾਤਰ। ਮੇਰਾ ਬਾਬਲ ਤੇਗ ਬਹਾਦਰ। ਉਹ ਤਾਂ ਭੈ ਵਣਜਾਰਿਆਂ ਨੂੰ ਇਹ ਕਹਿਣ ਗਿਆ ਸੀ। ਨਾ ਭੈ ਦੇਣਾ ਨਾ ਭੈ ਮੰਨਣਾ। ਕੂੜ ਦਾ ਭਾਂਡਾ ਹੱਥੀਂ ਭੰਨਣਾ। ਆਪ ਤੁਰ ਪਿਆ ਦਿੱਲੀ ਦੇ ਵੱਲ। ਆਪ ਕਹਾਂਗਾ ਮੈਂ ਆਪਣੀ ਗੱਲ। ਤਖ਼ਤ ਨਸ਼ੀਨਾਂ ਦੇ ਘਰ ਜਾ ਕੇ ਲਾਲ ਕਿਲ੍ਹੇ ਦੇ ਦਰ ਦੀਵਾਰਾਂ ਸ਼ਬਦ ਬਾਣ ਦੇ ਨਾਲ ਠਕੋਰੂੰ। ਪੱਥਰ ਚਿੱਤ ਨੂੰ ਵੇਖਿਓ ਭੋਰੂੰ। ਦੀਨ ਬਹਾਨੇ ਈਨ ਮਨਾਉਣੀ ਨਾ ਹੈ ਮੰਨਣੀ। ਕੂੜੀ ਕੰਧ ਹੈ ਏਦਾਂ ਭੰਨਣੀ। ਤਿਲਕ ਜਨੇਊ ਤਸਬੀ ਮਣਕੇ। ਖ਼ੁਦ ਆਪਣੀ ਰਖਵਾਲੀ ਦੇ ਲਈ ਜੇ ਅੱਜ ਖੜ੍ਹੇ ਨਾ ਹੋਏ ਤਣ ਕੇ। ਰੀਂਘਣਹਾਰੇ ਬਣ ਜਾਣੇ ਇਹ ਨਾਗ ਖੜੱਪੇ। ਜ਼ੋਰ ਜਬਰ ਦਾ ਆਲਮ ਪਸਰੂ ਚੱਪੇ ਚੱਪੇ। ਮੇਰੇ ਧਰਮੀ ਬਾਬਲ ਨੇ ਇਹ ਠੀਕ ਕਿਹਾ ਸੀ। ਔਰੰਗਜ਼ੇਬ ਤੂੰ ਬਾਤ ਸਮਝ ਲੈ ਜੇਕਰ ਜਬਰ ਜਨੇਊ ਕਰਦਾ ਸੁੰਨਤਧਾਰੀ ਹੁੰਦਾ ਜ਼ੋਰ ਜ਼ੁਲਮ ਤੋਂ ਡਰਦਾ ਮੈਂ ਤਾਂ ਏਸੇ ਮਾਰਗ ਤੁਰ ਕੇ ਆ ਜਾਣਾ ਸੀ। ਤਿਲਕਧਾਰੀਆਂ ਨੂੰ ਵੀ ਇਹ ਸਮਝਾ ਜਾਣਾ ਸੀ। ਧਰਮ ਕਰਮ ਤਲਵਾਰ ਸਹਾਰੇ ਪਲਦਾ ਨਹੀਂ ਹੈ। ਜਿਸ ਬੂਟੇ ਦੀ ਜੜ੍ਹ ਦੇ ਥੱਲੇ ਕੂੜ ਕੁਫ਼ਰ ਦੀ ਢੇਰੀ ਹੋਵੇ ਸਦੀਆਂ ਤੀਕਰ ਫ਼ਲਦਾ ਨਹੀਂ ਹੈ। ਮੇਰੇ ਬਾਬਲ ਸੀਸ ਕਟਾਇਆ ਤਖ਼ਤਾ ਚੁਣਿਆ ਤਖ਼ਤ ਨਿਵਾਇਆ। ਨਾਲੇ ਇਹ ਵੀ ਸਬਕ ਪੜ੍ਹਾਇਆ ਸਦਾ ਨਹੀਂ ਥਿਰ ਰਹਿੰਦੀ ਤਾਕਤ ਭਰਮ ਜਾਲ ਹੈ ਨਿਰੀ ਪੁਰੀ ਬੱਦਲਾਂ ਦੀ ਛਾਇਆ। ਮਨ ਪੁੱਛਦਾ ਹੈ ਕਿਹੜਾ ਫੇਰ ਆਨੰਦਪੁਰੀ ਤੋਂ ਮੁੜ ਕੇ ਧਾਵੇ। ਤਖ਼ਤ ਤਾਜ ਨੂੰ ਇਹ ਸਮਝਾਵੇ। ਜਬਰ ਜ਼ੁਲਮ ਜੇ ਹੱਦ ਟੱਪ ਜਾਵੇ ਖਿਸਕ ਜਾਣ ਏਦਾਂ ਹੀ ਪਾਵੇ। ਕੁੱਲ ਧਰਤੀ ਦੇ ਵੰਨ ਸੁਵੰਨੇ ਜੇ ਨਾ ਰਹੇ ਖਿੜੇ ਫੁੱਲ ਪੱਤੀਂਆਂ। ਕਿੰਜ ਆਵੇਗੀ ਰੁੱਤ ਬਸੰਤੀ ਵਗਣਗੀਆਂ ਪੌਣਾਂ ਫਿਰ ਤੱਤੀਆਂ। ਕੂੜ ਅਮਾਵਸ ਕਾਲ਼ਾ ਅੰਬਰ ਕਿਓਂ ਤਣਦੇ ਹੋ ਏਡ ਆਡੰਬਰ। ਮੇਰਾ ਬਾਬਲ ਦਿੱਲੀ ਅੰਦਰ ਅੱਜ ਵੀ ਸਾਨੂੰ ਵੇਖ ਰਿਹਾ ਹੈ। ਜ਼ੋਰ ਨਾਲ ਹਾਂ ਜਬਰ ਨਾਲ ਹਾਂ। ਸ਼ਬਦ ਨਾਲ ਹਾਂ ਕਬਰ ਨਾਲ ਹਾਂ। ਸਿਰ ਤੇ ਸੂਰਜ ਸੱਚ ਦਾ ਚੜ੍ਹਿਆ। ਸ਼ਬਦ ਸੰਵਾਰਨਹਾਰ ਨਾ ਪੜ੍ਹਿਆ। ਸਾਡੀ ਹੀ ਅਲਗਰਜ਼ੀ ਜੇਕਰ ਅਕਲੀਂ ਕੁੰਡੇ ਜੰਦਰੇ ਮਾਰੇ। ਹਰ ਵਾਰੀ ਕਿਓਂ ਆ ਕੇ ਬਾਬਲ ਕਾਜ ਸੰਵਾਰੇ। ਦੀਨ ਧਰਮ ਦੇ ਰਾਖਿਓ ਅੰਦਰ ਝਾਤੀ ਮਾਰੋ। ਜੋ ਗੁਰ ਦੱਸੀ ਵਾਟ ਓਸ ਦੇ ਰਾਹਾਂ ਵਿੱਚ ਬੁਹਾਰੀ ਮਾਰੋ। ਆਪੇ ਪੜ੍ਹ ਕੇ ਆਪ ਵਿਚਾਰੋ। ਬਰਖ਼ੁਰਦਾਰੋ।

ਬੂਬੂ ਨੂੰ ਕੁੱਤਾ ਨਾ ਕਹੋ

ਸਾਡੇ ਬੂਬੂ ਨੂੰ ਕੁੱਤਾ ਨਾ ਕਹੋ ਬਹੁਤਿਆਂ ਨਾਲੋਂ ਸਿਆਣਾ ਹੈ ਕੁਰਸੀ ਤੇ ਬੈਠਦਾ ਹੈ ਜ਼ਰੂਰ ਪਰ ਗੰਦ ਨਹੀਂ ਪਾਉਂਦਾ। ਵਿਗੜੇ ਬੰਦਿਆਂ ਵਾਂਗ ਆਪਣੀ ਨਸਲ ਨਹੀਂ ਵਿਖਾਉਂਦਾ। ਕੁਰਸੀ ਤੋਂ ਉਤਾਰ ਦੇਵੋ ਤਾਂ ਸਹਿਜ ਸੁਭਾਅ ਦੂਸਰੇ ਲਈ ਖਾਲੀ ਕਰ ਦਿੰਦਾ ਹੈ। ਉਜਰ ਨਹੀਂ ਕਰਦਾ ਨਾ ਭੌਂਕਦਾ ਹੈ ਬੇਵਜ੍ਹਾ। ਬੂਬੂ ਨੂੰ ਕੁੱਤਾ ਨਾ ਕਹੋ। ਮਹਿਮਾਨ ਆਏ ਤੇ ਇਸਨੂੰ ਚਾਅ ਚੜ੍ਹ ਜਾਂਦੈ ਚੰਬੜ ਜਾਂਦੈ ਮੁਹੱਬਤੀਆਂ ਵਾਂਗ। ਮਟਕ ਮਟਕ ਅੱਗੇ ਅੱਗੇ ਤੁਰਦਾ। ਰਸੋਈ ਤੋਂ ਬੈਠਕ ਤੀਕ ਕਈ ਗੇੜੇ ਲਾਉਂਦਾ। ਚਾਹ ਪਾਣੀ ਤਾਂ ਨਹੀਂ ਖ਼ੁਸ਼ੀਆਂ ਵਰਤਾਉਂਦਾ ਸਾਡੇ ਬੂਬੂ ਨੂੰ ਕੁੱਤਾ ਨਾ ਕਹੋ। ਰੋਟੀ ਵੇਖ ਕੇ ਪੂਛ ਨਹੀਂ ਹਿਲਾਉਂਦਾ। ਰੁੱਸ ਜਾਵੇ ਤਾਂ ਨੈਣੋਂ ਨੀਰ ਵਹਾਉਂਦਾ ਰੁੱਸਿਆਂ ਨੂੰ ਲਾਡੀਆਂ ਕਰ ਮਨਾਉਂਦਾ। ਖਿਡੌਣਿਆਂ ਨਾਲ ਜੀਅ ਪਰਚਾਉਂਦਾ। ਇਸ ਨੂੰ ਕੁੱਤਾ ਨਾ ਕਹੋ। ਚੀਨੀ ਨਸਲ ਦਾ ਬੂਬੂ ਸਾਡੇ ਘਰ ਰਹਿ ਕੇ ਸਾਡੀ ਜ਼ਬਾਨ ਸਿੱਖ ਗਿਐ। ਬਹਿ ਜਾ ਕਹੇ ਤੇ ਬਹਿ ਜਾਂਦੈ। ਜਾਹ ਕਹੇ ਤੇ ਤੁਰ ਜਾਂਦੈ। ਕੋਈ ਅੰਗਰੇਜ਼ੀ ਜਾਂ ਹਿੰਦੀ ’ਚ ਬੁਲਾਵੇ ਤਾਂ ਨਹੀਂ ਬੋਲਦਾ ਘੂਰ ਕੇ ਵੇਖਦੈ ਓਪਰਿਆਂ ਵੱਲ ਸ਼ਾਇਦ ਪੁੱਛਦੈ ਤੁਸੀਂ ਇੱਥੇ ਪੰਜਾਬ ’ਚ ਨਹੀਂ ਰਹਿੰਦੇ। ਸਮਝਾਈਏ ਤਾਂ ਸਮਝ ਜਾਂਦੈ ਬੱਚਿਆਂ ਵਾਂਗ ਅੱਖ ਦੀ ਰਮਜ਼ ਨੂੰ ਜਾਣਦੈ। ਬੂਬੂ ਨੂੰ ਕੁੱਤਾ ਨਾ ਕਹੋ। ਮੇਰੇ ਬੱਚਿਆਂ ਦਾ ਲਾਡਲਾ ਸਾਡੇ ਬਿਸਤਰੇ ਤੇ ਨਹੀਂ ਚੜ੍ਹਦਾ ਪਰ ਬੱਚਿਆਂ ਨਾਲ ਬੱਚਾ ਬਣ ਜਦ ਸਾਡੇ ਕਮਰੇ ’ਚ ਆਉਂਦੈ ਪੂਰਾ ਹੱਕ ਜਮਾਉਂਦੈ ਛਾਲ ਮਾਰ ਬਰਾਬਰ ਥਾਂ ਵੰਡਾਉਂਦੈ ਸਾਡੇ ਬੂਬੂ ਨੂੰ ਕੁੱਤਾ ਨਾ ਕਹੋ। ਬੂਬੂ ਕੁੱਤਾ ਹੁੰਦਾ ਤਾਂ ਕੁਰਸੀ ਖੁੱਸਣ ਤੇ ਭੌਂਕਦਾ ਜਣੇ ਖਣੇ ਕੋਲ ਰੋਂਦਾ ਤੇ ਵੱਢਦਾ। ਕੋਈ ਕਸਰ ਨਾ ਛੱਡਦਾ। ਚੰਗਾ ਖਾ ਕੇ ਮੰਦਾ ਬੋਲਦਾ ਪਰ ਇਹ ਐਸਾ ਕੁਝ ਵੀ ਨਹੀਂ ਕਰਦਾ ਇਸੇ ਲਈ ਮੇਰੀ ਬੇਨਤੀ ਪਰਵਾਨ ਕਰੋ। ਬੂਬੂ ਨੂੰ ਕੁੱਤਾ ਨਾ ਕਹੋ। ਇਸ ਨੇ ਮੈਨੂੰ ਬਹੁਤ ਕੁਝ ਪੜ੍ਹਾਇਆ ਹੈ ਜੋ ਕਿਤਾਬਾਂ ’ਚੋਂ ਨਹੀਂ ਮਿਲਦਾ। ਅਬੋਲ ਬੋਲੀ ਦਾ ਗਿਆਤਾ ਹੈ ਮੇਰੇ ਕਈ ਸੁਪਨਿਆਂ ਦਾ ਨਿਰਮਾਤਾ ਹੈ। ਰੱਬ ਨਾ ਸਹੀ, ਰੀਝਾਂ ਦਾ ਵਿਧਾਤਾ ਹੈ। ਬੂਬੂ ਨੂੰ ਕੁੱਤਾ ਨਾ ਕਹੋ। ਸੁੰਨੀਆਂ ਲਕੀਰਾਂ ’ਚ ਰੰਗ ਭਰਨ ਆਇਆ ਦਰਵੇਸ਼ ਹੈ ਸਾਥੋਂ ਪਹਿਲਾਂ ਜਾਗਦਾ ਮਗਰੋਂ ਸੌਂਦਾ। ਸੁੱਤਿਆਂ ਨੂੰ ਸਵੇਰ ਸਾਰ ਬੁਲਾਉਂਦਾ ਕਮਰੇ ’ਚ ਪਹੁੰਚੇ ਮਾਰ ਬੂਹਾ ਖੜਕਾਉਂਦਾ। ਜਦ ਚਿੱਤ ਚਾਹੇ ਖਾਂਦਾ ਪੀਂਦਾ ਸੌਂਦਾ ਨਿੱਕਾ ਜਿਹਾ ਸ਼ਹਿਨਸ਼ਾਹ ਬੂਬੂ ਨੂੰ ਕੁੱਤਾ ਨਾ ਕਹੋ।

ਸੁਣ ਨੀ ਡਫ਼ਲੀ ਵਾਲੀਏ ਧੀਏ।

(ਕਨੂਪ੍ਰਿਯ ਦੇ ਨਾਂ) ਸੁਣ ਨੀ ਡਫ਼ਲੀ ਵਾਲੀਏ ਧੀਏ ਜਿਹੜਾ ਕੰਮ ਨਾ ਢੋਲ ਨੇ ਕੀਤਾ ਅੰਬਰੋਂ ਉੱਚੇ ਬੋਲ ਨਾ ਕੀਤਾ। ਉਹ ਕੁਝ ਤੂੰ ਹੈ ਕਰ ਦਿਖਲਾਇਆ। ਮਾਂ ਭਾਗੋ ਦੇ ਸ਼ਹਿਰ ’ਚ ਜਾਈਏ ਦੱਸ ਕੀ ਤੈਨੂੰ ਆਖ ਬੁਲਾਈਏ? ਡਫ਼ਲੀ ਦੀ ਧਮਕਾਰ ਦੇ ਪਿੱਛੇ। ਇੱਕ ਤੇਰੀ ਲਲਕਾਰ ਦੇ ਪਿੱਛੇ। ਭਗਤ ਸਰਾਭਾ ਨਾਇਕ ਤੇਰੇ, ਸੂਰਮਿਆਂ ਦੀ ਡਾਰ ਦੇ ਪਿੱਛੇ। ਹੂੰਝੇ ਰਾਹ ਦੇ ਕੱਖ ਤੇ ਕੰਡੜੇ, ਤੂੰ ਦਰਿਆ ਦੀ ਤੋਰ ਦੇ ਵਾਂਗੂੰ। ਮਾਰ ਬੁਹਾਰੀ, ਨ੍ਹੇਰ ਹੂੰਝਿਆ ਤੂੰ ਚਮਕੀ ਲਿਸ਼ਕੋਰ ਦੇ ਵਾਂਗੂੰ। ਡਫ਼ਲੀ ਵਾਲੀਏ ਨਿੱਕੀਏ ਚਿੜੀਏ ਤੂੰ ਸ਼ਿਕਰੇ ਵੀ ਮਾਰ ਭਜਾਏ ਜਿਨ੍ਹਾਂ ਸੀ ਸਭ ਬਿਰਖ਼ ਡਰਾਏ। ਡਫ਼ਲੀ ਨੂੰ ਹਥਿਆਰ ਬਣਾਇਆ। ਹਰ ਨੁੱਕਰ ਵਿੱਚ ਦੀਪ ਜਗਾਇਆ। ਤਾਂਹੀਓਂ ਚਾਨਣ ਹਿੱਸੇ ਆਇਆ। ਕਾਕਾਸ਼ਾਹੀ ਕਿਲ੍ਹਾ ਤੋੜਿਆ। ਵਕੜ ਦਾ ਅੱਥਰਾ ਗੇਰੂ ਘੋੜਾ ਪਕੜ ਲਗਾਮੋਂ ਪਿੱਛੇ ਮੋੜਿਆ। ਅੱਥਰੀ ਭੀੜ ਨਾ ਭੱਜਦੀ ਲੱਭੀ। ਤੂੰ ਜਦ ਬਣ ਕੇ ਚੰਡੀ ਗੱਜੀ। ਤੀਲੀ ਬਾਲ ਹਨ੍ਹੇਰ ਭਜਾਇਆ। ਏਹੀ ਹਿੰਮਤ ਹੈ ਸਰਮਾਇਆ। ਮਾਝੇ ਦੀ ਤੂੰ ਜੰਮੀ ਜਾਈ। ਹਿੰਮਤ ਜਿੱਸਰਾਂ ਤੂੰ ਦਿਖਲਾਈ। ਸੱਚ ਪੁੱਛੇਂ ਜੇ ਨਿੱਕੀਏ ਜਾਨੇਂ, ਸਾਡੇ ਵੀ ਨਾ ਹਿੱਸੇ ਆਈ। ਤੈਨੂੰ ਵੱਡੀ ਜਿੱਤ ਮੁਬਾਰਕ ਤਬਦੀਲੀ ਦੀ ਸਿੱਕ ਮੁਬਾਰਕ।

ਪਰਮਾਣੂੰ ਦੇ ਖ਼ਿਲਾਫ਼

ਇਹ ਕੋਈ ਜੰਗ ਨਹੀਂ ਸੀ ਸੁੱਤਿਆਂ ਸ਼ਹਿਰਾਂ ’ਚ ਜਾਗਦੇ ਸੁਪਨਿਆਂ ਦੇ ਖ਼ਿਲਾਫ਼ ਸਦੀਵੀ ਵੈਰ ਦਾ ਸ਼ਿਖ਼ਰ ਸੀ। ਨਸਲਕੁਸ਼ੀ ਦੀ ਗਿਣੀ ਮਿਥੀ ਸਾਜ਼ਿਸ਼ ਸੀ। ਨਾਗਾਸਾਕੀ ਨਾ ਹੀਰੋਸ਼ੀਮਾ ਮਿਟਿਆ ਲਾਸ਼ਾਂ ਤੇ ਮਲਬਾ ਲਟ ਲਟ ਬਲਿਆ ਮੁੜ ਜਗਿਆ ਜਪਾਨ ਦੈਂਤ ਦੀ ਹਿੱਕ ਤੇ ਬੈਠ ਗਿਆ ਤੇ ਗਰਜ਼ਿਆ ਹੁਣ ਬੋਲ ਅਸੀਂ ਜਿਊਂਦੇ ਅਸੀਂ ਜਾਗਦੇ। ਸਾਡੇ ਬਿਨ ਇੱਕ ਵੀ ਕਦਮ ਤੁਰ ਕੇ ਵਿਖਾ ਤੇਰੀ ਨਬਜ਼ ਹੁਣ ਸਾਡੇ ਹੱਥ ਹੈ ਵੱਡਿਆ ਹੰਕਾਰੀਆ! ਤੇਰੇ ਕੋਲ ਸਰਮਾਇਆ ਹੈ ਸਾਡੇ ਕੋਲ ਸਿਰ ਹਨ ਨਿਰੰਤਰ ਜਾਗਦੇ, ਸੋਚਦੇ ਤੁਰਦੇ ਸੁਪਨੇ ਹਨ। ਤੇਰੇ ਕੋਲ ਸਿਰਫ਼ ਮੌਤ ਦਾ ਬੇ ਇੰਤਹਾ ਸਮਾਨ ਹੈ। ਹੋਰ ਦੱਸ? ਤੇਰੇ ਪੱਲੇ ਕੀ ਹੈ ਹੈਂਕੜਬਾਜ਼ਾ! ਮੌਤ ਦੀਆਂ ਪੁੜੀਆਂ ਵੇਚਦਾ ਹੈਂ ਗਲੀ ਗਲੀ, ਮੁਹੱਲੇ ਮੁਹੱਲੇ ਸਹਿਮ ਬੱਚੇ ਲੁਕ ਜਾਂਦੇ ਹਨ ਤੇਰਾ ਕਰੂਪ ਚਿਹਰਾ ਵੇਖਦਿਆਂ। ਆਦਮਖਾਣਿਆ! ਤੈਨੂੰ ਕੋਈ ਨਹੀਂ ਉਡੀਕਦਾ। ਦੋ ਵਾਰ ਬੁਰਕ ਮਾਰਿਆ ਹੈ ਤੂੰ ਦੁੱਧ ਚੁੰਘਦੇ ਬਾਲਾਂ, ਮਾਸੂਮ ਬਾਲੜੀਆਂ ਮੁਸਕਾਨਾਂ ਤੇ ਆਤਿਸ਼ ਬਾਜ਼ਾ! ਤੂੰ ਮਾਸੂਮ ਘੁੱਗੀਆਂ ਦੇ ਆਲ੍ਹਣਿਆਂ ਨੂੰ ਅੰਡਿਆਂ, ਬੱਚਿਆਂ, ਉਡਾਰੀਆਂ ਸਣੇ ਅਗਨ ਭੇਂਟ ਕੀਤਾ ਹੈ। ਸੱਜਰੀਆਂ ਫੁੱਟੀਆਂ ਕਰੂੰਬਲਾਂ, ਤੂਈਆਂ ਦਾ ਮਲੀਆਮੇਟ ਕੀਤਾ ਹੈ? ਭਾਂਤ ਸੁਭਾਂਤੇ ਹਥਿਆਰ ਰਕਤ ਨਦੀਆਂ ਤੈਰਦੇ ਫਿਰਦੇ ਲਾਅਣਤ ਹੈ ਜ਼ਾਲਮ ਮਛੇਰਿਆ! ਜਾਲ ਵਿੱਚ ਮੁਲਕਾਂ ਦੇ ਮੁਲਕ ਫਾਹੁੰਦਾ ਆਪਣੀ ਅਗਨਾਰ ਬੋਲੀ ਪੜ੍ਹਾਉਂਦਾ ਸਿਖਾਉਂਦਾ, ਪੁੱਠੇ ਰਾਹ ਪਾਉਂਦਾ। ਪਰਮਾਣੂੰ ਦੀ ਛਾਵੇਂ ਜੰਤ ਪਰਿੰਦੇ ਨਹੀਂ ਬੈਠਦੇ ਮੌਤ ਹੀ ਤਾਂਡਵ ਨਾਚ ਨੱਚਦੀ ਹੈ। ਦੌਲਤਾਂ ਦੇ ਹੰਕਾਰੇ ਅੰਬਾਰ ਕਿਸੇ ਲਈ ਅੰਨ ਦੀ ਗਰਾਹੀ ਨਹੀਂ ਭੈ ਦਾ ਮੁਕਾਮ ਬਣਦੇ ਨੇ। ਉੱਡ ਜਾਂਦੀਆਂ ਨੇ ਸਿਰਾਂ ਤੋਂ ਛਾਵਾਂ ਧੀਆਂ ਬਿਨ ਨਿਪੁੱਤੀਆਂ ਮਾਵਾਂ ਗਾਉਂਦੀਆਂ ਨੇ ਦਰਦ ਰਾਗ ਖੰਭ ਖਿੱਲਰੇ ਨੇ ਕਾਵਾਂ ਦੇ ਜੰਗਬਾਜ਼ਾ ਬੱਸ ਕਰ ਤੂੰ ਪੁੱਤ ਮੁੱਕ ਚੱਲੇ ਮਾਵਾਂ ਦੇ। ਪਹਿਲਾਂ ਤੂੰ ਫੌਜਾਂ ਚਾੜ੍ਹਦਾ ਸੈਂ ਤਾਂ ਸਰਹੱਦਾਂ ਕੰਬਦੀਆਂ ਸਨ ਹੁਣ ਪੂਰਾ ਗਲੋਬ ਕੰਬਦਾ ਹੈ ਪਰਮਾਣੂੰ ਅੰਨ੍ਹਾ ਮਸਤਿਆ ਹਾਥੀ ਹੈਂ ਬੇਲਗਾਮ ਘੋੜਾ ਸੁਪਨੇ ਲਿਤਾੜਦਾ। ਪੌਣਾਂ ਵਿੱਚ ਭਰ ਦਿੰਦਾ ਹੈਂ ਮੌਤ ਦਾ ਜ਼ਹਿਰੀ ਸਮਾਨ। ਸੁਸਰੀ ਵਾਂਗ ਸੌਂ ਜਾਂਦੀ ਹੈ ਕਾਇਨਾਤ ਤੈਨੂੰ ਚਿਤਵਦਿਆਂ। ਤੂੰ ਹੀ ਖਿਲਾਰੇ ਸਨ ਸਵੇਰਸਾਰ ਸਕੂਲੀ ਬੱਚਿਆਂ ਦੇ ਬਸਤੇ ਕਾਮਿਆਂ ਦੇ ਦੁਪਹਿਰੀ ਰੋਟੀ ਵਾਲੇ ਡੱਬੇ। ਚੌਂਕੇ ’ਚ ਗੁੰਨੇ ਆਟੇ ’ਚ ਜ਼ਹਿਰ ਪਾਇਆ ਉਡਾਏ ਭੜੋਲੀਆਂ ਸਣੇ ਹਵਾ ’ਚ ਉਡਾਏ ਸੀ ਪਰਖਚੇ ਕਰਕੇ। ਸੂਰਜ ਨੇ ਸੁਣਿਆ ਤੇਰਾ ਰਾਵਣੀ ਹਾਸਾ ਵੇਖਿਆ ਤੇਰਾ ਜਬਰ ਧਰਤੀ ਦਾ ਸਬਰ। ਮੱਥੇ ਤੇ ਕਾਲਖ਼ ਦਾ ਟਿੱਕਾ ਸਦੀਆਂ ਤੀਕ ਨਹੀਂ ਪੈਣਾ ਫਿੱਕਾ ਲਾਹਣਤੀਆ। ਮਾਰੂ ਰਾਗ ਸੀ ਗਾਉਂਦੀਆਂ ਅੰਬਰੀਂ ਇੱਲਾਂ ਭੌਂਦੀਆਂ ਉਡਣ ਖਟੋਲਾ ਬਣ ਕੇ। ਜਪਾਨ ਨੂੰ ਛੱਡ ਪੂਰਾ ਵਿਸ਼ਵ ਨਹੀਂ ਭੁੱਲਿਆ ਅੱਜ ਤੀਕ ਮੌਤ ਦਾ ਕੁਲਹਿਣਾ ਆਂਡਾ ਫੁੱਟਿਆ ਵਿਛ ਗਈ ਫੂਹੜੀ ਪੂਰੀ ਧਰਤੀ ਤੇ ਅੰਬਰ ਕਾਲਾ ਕਾਲਾ ਦਰਦਮੰਦਾਂ ਦੀਆਂ ਆਹਾਂ ਨਾਲ। ਪਿਘਲ ਗਏ ਸਮੂਲਚੇ ਸ਼ਹਿਰ ਖਿੰਘਰ ਵੱਟੇ ਹੋ ਗਏ ਪਰ ਮੁੜ ਜਾਗੇ, ਜਗੇ ਤੇ ਰੌਸ਼ਨ ਮੀਨਾਰ ਬਣੇ। ਤੇਰੇ ਸਾਹਮਣੇ ਕਾਲੇ ਮੂੰਹ ਵਾਲਿਆ! ਤੈਨੂੰ ਭਰਮ ਸੀ ਲਾਸ਼ਾਂ ਦੇ ਅੰਬਾਰ ਤੱਕ ਡੋਲ ਜਾਣਗੇ ਪਹਾੜ ਜਿੱਡੇ ਜੇਰੇ। ਤੂੰ ਫੇਰ ਭਬਕਿਆ, ਬਰਸਿਆ ਤੇਜ਼ਾਬ ਮੌਤ ਫਿਰ ਘਰ ਘਰ ਘੁੰਮੀ ਜਿਉਂਦੇ ਜੀਅ ਲੱਭਦੀ। ਹਾਰ ਗਈ ਮੌਤ ਬੁਲੰਦ ਹੌਸਲੇ ਦੇ ਦਵਾਰ। ਲੋਹਾ ਪਿਘਲ ਕੇ ਫੌਲਾਦ ਬਣਿਆ ਲੋਹੇ ਦੇ ਮਰਦ ਸਿਰਜਣਹਾਰਾ। ਪਿਘਲੀਆਂ ਜਾਨਾਂ ਇਤਿਹਾਸ ਦੀ ਕਿਤਾਬ ਬਣੀਆਂ। ਮੂੰਹ ਮੂੰਹ ਨਾ ਰਹੇ ਨੱਕ ਉੱਘੜ ਦੁਘੜੇ ਆਕਾਰ ਖ਼ੂਨ ਨਸਾਂ ’ਚ ਤੇਜ਼ ਦੌੜਿਆ ਪਹਿਲਾਂ ਤੋਂ ਬਹੁਤ ਤੇਜ਼ ਅੱਖਾਂ ਚਮਕੀਆਂ ਮੱਥੇ ’ਚ ਤੀਜਾ ਨੇਤਰ ਪਰਚੰਡ ਹੋਇਆ। ਪਰਮਾਣੂੰ ਜੰਗ ਦੇ ਪਹਿਲੇ ਵਰਕੇ ਨੇ ਸਬਕ ਦਿੱਤਾ ਪੂਰੇ ਬ੍ਰਹਿਮੰਡ ਨੂੰ ਪਿਕਾਸੋ ਦੇ ਚਿਤਰ ਵਾਲੀ ਘੁੱਗੀ ਦੇ ਮੂੰਹ ਵਿੱਚ ਫੜੀ ਜੈਤੂਨ ਦੀ ਪੱਤੀ ਨਾ ਮੁਰਝਾਵੇ ਕਦੇ। ਉਹ ਜ਼ਾਲਮ ਮੌਤ ਦਾ ਉਡਣ ਖਟੋਲਾ ਪਰਤ ਨਾ ਆਵੇ ਕਦੇ।

ਬਹੁਤ ਯਾਦ ਆਉਂਦੀ ਹੈ ਲਾਲਟੈਣ

ਕੱਚੇ ਕੋਠਿਆਂ ਚ ਬਹੁਤ ਕੁਝ ਸੀ ਚਾਨਣ ਤੋਂ ਬਗੈਰ ਸੂਰਜ ਛਿਪਦਾ ਤਾਂ ਦੀਵਿਆਂ ਵੇਲੇ ਮਨ ਡੁੱਬਦਾ। ਚਾਨਣਾ ਤਾਂ ਖ਼ਰਚ ਲੈਂਦੇ ਸਾਂ ਸ਼ਾਮੀਂ ਖੇਡਦਿਆਂ ਮੱਲਦਿਆਂ। ਰੱਕੜੀ ਚ ਖਿੱਦੋ - ਖੂੰਡੀ ਚੱਲਦੀ ਰੂੜੀਆਂ ਚ ਖਿੱਦੋ ਗੁਆਚਦੀ ਤਾਂ ਸ਼ਿਕਾਰੀਆਂ ਵਾਂਗ ਸੁੰਘਦੇ ਫਿਰਦੇ। ਘਰ ਪਰਤਦੇ ਤਾਂ ਮਾਂ ਆਖਦੀ ਪਹਿਲਾਂ ਪਿੰਡੇ ਪਾਣੀ ਪਾ ਸਕੂਲ ਦਾ ਕੰਮ ਨਬੇੜ ਰੋਟੀ ਤਾਂ ਮਿਲੂ। ਦੀਵੇ ਦੀ ਲਾਟ ਡੋਲਦੀ ਭਮੱਕੜ ਨੱਚਦੇ ਇਰਦ ਗਿਰਦ। ਇੱਕੋ ਦੀਵਾ ਚੌਕੇ ਚ ਜਗਦਾ। ਚੁੱਲ੍ਹਾ ਚੌਕਾ ਸਮੇਟਕੇ ਹੀ ਦੀਵਾ ਮਿਲਦਾ ਕੰਬਦਾ ਕੰਬਦਾ। ਨੀਂਦਰ ਦੇ ਡੋਰੇ ਅੱਖੀਆਂ ਮੱਲ ਖਲੋਂਦੇ। ਅੱਖਰ ਅੱਗੇ ਅੱਗੇ, ਮੈਂ ਪਿੱਛੇ ਪਿੱਛੇ। ਦੀਵਾ ਦੁਸ਼ਮਣ ਜਾਪਦਾ। ਘਰ ਚ ਮੇਜ਼ ਨਹੀਂ ਸੀ ਉੱਚੀ ਬੰਨੀ ਤੇ ਜਗਦਾ ਮਘਦਾ ਗਿਆਨ ਦੂਤ ਜਮਦੂਤ ਜਾਪਦਾ ਨੀਂਦਰ ਦਾ ਵੈਰੀ। ਦੀਵਾ ਵਧਾ ਕੇ ਮਾਂ ਆਖਦੀ ਹੁਣ ਸੌ ਜਾ, ਸਵੇਰੇ ਜਾਗ ਪਵੀਂ ਧਾਰਾਂ ਵੇਲੇ। ਤੇ ਜਦ ਘਰ ਚ ਲਾਲਟੈਣ ਆਈ ਘਰ ਰੁਸ਼ਨਾ ਉੱਠਿਆ ਬਾਪੂ ਜੀ ਆਖਦੇ ਹੁਣ ਤਾਂ ਕੀੜੀ ਤੁਰਦੀ ਵੀ ਦਿਸਦੀ ਹੈ। ਚਾਨਣ ਚ ਕਿਤਾਬਾਂ ਆਖਦੀਆਂ ਆ ਜਾ ਮੇਰੇ ਨਾਲ ਗੱਲਾਂ ਕਰ ਵਰਕਾ ਵਰਕਾ ਹਰਫ਼ ਹਰਫ਼ ਪੌੜੀ ਦਰ ਪੌੜੀ। ਮਿੱਟੀ ਦਾ ਤੇਲ ਬਲਦਾ ਤਾਂ ਕਾਲਾ ਧੂੰਆਂ ਨਾਸੀਂ ਵੜਦਾ ਕੌੜ ਕੁਸੈਲਾ ਜਿਹਾ। ਚਿਮਨੀ ਅੰਦਰ ਕਾਲਖ਼ ਜੰਮਦੀ ਤਾਂ ਬੀਬੀ ਜੀ ਚੁੰਨੀ ਦੇ ਪਾਟੇ ਪੱਲੇ ਨਾਲ ਪੂੰਝਦੇ। ਧੁੰਦਲੇ ਅੱਖਰ ਜਗਮਗ ਕਰਦੇ। ਨੂਰ - ਸਰੋਵਰ ਚ ਸੁਪਨੇ ਤਰਦੇ। ਕੱਚੇ ਵਿਹੜੇ ਚ ਰੀਝਾਂ ਉੱਗਦੀਆਂ ਹਿੰਮਤ ਦਾ ਪਾਣੀ ਮਾਪੇ ਪਾਉਂਦੇ ਵੱਡੇ ਭੈਣ ਭਰਾ ਕੜ੍ਹੇ ਹੋਏ ਦੁੱਧ ਨੂੰ ਵਿਸ਼ਵਾਸ ਦੀ ਜਾਗ ਲਗਾਉਂਦੇ। ਲਾਲਟੈਣ ਨੇ ਮੇਰਾ ਸੰਸਾਰ ਬਦਲਿਆ। ਇਸ ਦੀ ਲੋਏ ਲੋਏ ਜਾਗਦਿਆਂ ਮੈਨੂੰ ਸੁੰਦਰ ਸੁਪਨੇ ਆਉਂਦੇ। ਸੁੱਤਿਆਂ ਨੂੰ ਫੇਰ ਜਗਾਉਂਦੇ। ਚਾਨਣ ਯਾਰ ਬਣ ਗਿਆ ਲਾਲਟੈਣ ਦੇ ਆਉਣ ਨਾਲ। ਬਿਜਲੀ ਆਈ ਤਾਂ ਬਾਪੂ ਜੀ ਨੇ ਦੂਰ ਖਲੋ ਕੇ ਡਾਂਗ ਨਾਲ ਜਗਾਈ ਕਿਸੇ ਕਿਹਾ ਸੀ ਬਾਪੂ ਹਰਨਾਮ ਸਿੰਹਾਂ ਨੇੜੇ ਨਾ ਜਾਈਂ ਫੜ ਲੈਂਦੀ ਹੈ ਇਹ ਡੈਣ। ਉਦੋਂ ਪਤਾ ਹੀ ਨਹੀਂ ਸੀ ਕਿ ਹਨ੍ਹੇਰਾ ਕਿੰਨਾ ਸ਼ਾਤਰ ਹੈ ਬੰਦੇ ਦੇ ਰੂਪ ਵਿੱਚ ਆਉਂਦਾ ਹੈ ਭੋਲੇ ਲੋਕ ਡਰਾਉਂਦਾ ਹੈ। ਚਾਨਣ ਨੂੰ ਨਹੀਂ ਜਰਦਾ ਭਰਮ ਜਾਲ ਫ਼ੈਲਾਉਂਦਾ ਹੈ। ਬਿਜਲੀ ਦੇ ਲਾਟੂ ਚੋਂ ਕਿੰਨਾ ਕੁਝ ਨਿਕਲਿਆ ਸਤਰ ਦਰ ਸਤਰ ਚਾਨਣ ਲੜੀਆਂ। ਇਨ੍ਹਾਂ ਨੇ ਹੀ ਸਾਡੀਆਂ ਉਂਗਲਾਂ ਫੜੀਆਂ ਮੱਥੇ ਚ ਗੂੜ੍ਹੀਆਂ ਲਕੀਰਾਂ ਜੜੀਆਂ। ਹੁਣ ਹਰ ਕਮਰੇ ਵਿੱਚ ਦੋ ਦੋ ਤਿੰਨ ਤਿੰਨ ਟਿਊਬਾਂ ਜਗਦੀਆਂ, ਬਲਬ ਰੁਸ਼ਨਾਉਂਦੇ ਪਰ ਖ੍ਵਾਬ ਨਹੀਂ ਅਉਂਦੇ। ਕੰਕਰੀਟ ਕਿੰਨਾ ਬੇਰਹਿਮ ਜੰਗਲ ਹੈ ਕਮਰਿਆਂ ਚ ਤਾੜ ਦਿੰਦਾ ਹੈ ਤਾਰਿਆਂ ਨਾਲ ਨਹੀਂ ਮਿਲਣ ਦਿੰਦਾ ਲਾਲਟੈਣ ਰਾਹੀਂ ਕਿੰਨਾ ਕੁਝ ਮਿਲਿਆ ਮਿਲਾਇਆ ਖੋਹ ਲੈਂਦਾ ਟੱਬਰ ਟੀਰ ਸਾਂਝੇ ਆਦਰਸ਼ ਤੇ ਸੁਪਨੇ। ਛੱਤਾਂ ਨਾਲ ਜੁੜੀਆਂ ਛੱਤਾਂ ਬਾਤਾਂ ਹੁੰਗਾਰੇ, ਟਿਮਟਿਮਾਉਂਦੇ ਤਾਰੇ। ਬੜਾ ਜ਼ਾਲਮ ਹੈ ਸੁਖਾਂ ਲੱਧਾ ਸੰਸਾਰ। ਕੱਚੇ ਵਿਹੜੇ, ਦੀਵੇ ਲਾਲਟੈਣਾਂ ਤੇ ਹੋਰ ਬੜਾ ਕੁਝ ਭੁਲਾ ਦਿੰਦਾ ਹੈ। ਸੁਪਨੇ ਜੜ੍ਹੋਂ ਸੁਕਾ ਦਿੰਦਾ ਹੈ। ਧਰਤ ਆਕਾਸ਼ ਭੁਲਾ ਦੇਂਦਾ ਹੈ ਖਾਲਮਖਾਲੀ ਕਰ ਦਿੰਦਾ ਹੈ, ਸਭ ਕੁਝ ਹੁੰਦਿਆਂ ਸੁੰਦਿਆਂ।

ਸੂਰਜ ਨਾਲ ਖੇਡਦਿਆਂ

ਸੂਰਜ ਨਾਲ ਖੇਡਦਿਆਂ ਧਰਤੀ ਜਿੱਡਾ ਜੇਰਾ ਅੰਬਰ ਜਿਹੀ ਵਿਸ਼ਾਲ ਬੁੱਕਲ ਤੇ ਸਮੁੰਦਰ ਜਿੰਨਾ ਡੂੰਘਾ ਦਿਲ ਚਾਹੀਦੈ। ਐਵੇਂ ਨਹੀਂ ਬਣਦਾ ਇਹ ਗਗਨ ਥਾਲ ਜਿਹਾ ਨਹੀਂ ਬਣਦੇ ਸੂਰਜ ਤੇ ਚੰਦਰਮਾ ਨਿੱਕੜੇ ਨਿੱਕੜੇ ਦੀਵੜੇ। ਤਾਰਾ ਮੰਡਲ ਨਿਹਾਰਨਾ ਇੱਕੋ ਨਜ਼ਰ ਤੇ ਆਖਣਾ ਮੋਤੀਆਂ ਦਾ ਥਾਲ ਸਾਰੀ ਕਾਇਨਾਤ ਦੇ ਫੁੱਲ ਪਤਰਾਲ ਜੜੀਆਂ ਬੂਟੀਆਂ ਮਹਿਕਦੀਆਂ ਪੌਣਾਂ ਨੂੰ ਚੌਰ ਵਿੱਚ ਬਦਲਣਾ ਏਨਾ ਸਹਿਲ ਨਹੀਂ ਹੁੰਦਾ ਜਨਾਬ। ਸੂਰਜ ਨਾਲ ਖੇਡਦਿਆਂ। ਖ਼ੁਦ ਨੂੰ ਖ਼ੁਦੀ ਦੇ ਪੁੜਾਂ ਹੇਠੋਂ ਕੱਢਣਾ ਤੇ ਕੁਲਪਾਲ ਨਹੀਂ ਲੋਕਪਾਲ ਬਣਨਾ ਆਪਣਾ ਮਿੱਟੀ ਆਪ ਪੁੱਟਣ, ਕੁੱਟਣ ,ਗੁੰਨ੍ਹਣ ਤੇ ਮੁੜ ਉੱਸਰਨ ਦੇ ਬਰਾਬਰ ਹੁੰਦਾ ਹੈ ਨਿੱਤ ਨੇਮ। ਸੂਰਜ ਨਾਲ ਖੇਡਣ ਲਈ ਉਸ ਦਾ ਹਾਣੀ ਬਣਨਾ ਪੈਂਦਾ ਹੈ ਜੋਟੀਦਾਰ ,ਬਾਲ ਸਖਾ ਯਾਰ। ਐਵੇਂ ਨਹੀਂ ਪੈਂਦੀ ਅੱਖ ਵਿੱਚ ਅੱਖ। ਹੱਥਾਂ ਦੀ ਕਰਿੰਘੜੀ ਤੇ ਪਕੜ ਪੀਡੀ ਕਰਨੀ ਪੈਂਦੀ ਹੈ ਨਿਰੰਤਰ ਨਿਭਣ ਲਈ। ਸਵਾਹ ਹੋਣ ਲਈ ਹਰ ਪਲ ਤਿਆਰ ਬਰ ਤਿਆਰ ਰਹਿਣਾ ਪੈਂਦੈ ਸਿਰ ਧਰ ਤਲੀ ਗਲੀ ਮੋਰੀ ਆਉ ਦਾ ਸਬਕ ਸਿਰਫ਼ ਕੀਰਤਨੀਆਂ ਲਈ ਹੀ ਨਹੀਂ ਖ਼ੁਦ ਆਂਦਰਾਂ ਨਾਲ ਨੱਥਣਾ ਪੈਂਦਾ ਹੈ ਇਹ ਸੰਦੇਸ਼। ਸੂਰਜ ਨਾਲ ਖੇਡਦਿਆਂ। ਸੂਰਜ ਦਾ ਗੋਲ਼ਾ ਗੇਂਦ ਬਣਾ ਕੇ ਖੇਡਣ ਲਈ ਖ਼ੁਦ ਨੂੰ ਗੈਰਹਾਜ਼ਰ ਕਰਨਾ ਪੈਂਦਾ ਹੈ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਭੁੱਲ ਹੀ ਗਏ ਹਾਂ ਵੱਡੀਆਂ ਖੇਡਾਂ ਸਭ ਧਰਤੀ ਕਾਗਦ ਬਣਾ ਕੇ ਪੂਰੇ ਸਮੁੰਦਰ ਦੀ ਸਿਆਹੀ ਘੋਲ ਸਗਲ ਬਨਸਪਤਿ ਦੀਆਂ ਕਲਮਾਂ ਨਾਲ ਇਬਾਰਤ ਲਿਖਣ ਵਰਗਾ ਬਹੁਤ ਕੁਝ। ਵਿੱਸਰ ਗਿਆ ਹੈ ਸੁਖ ਰਹਿਣੇ ਚੰਮਾਂ ਨੂੰ ਅਸਲ ਕੰਮ। ਗਊ ਗਰੀਬ ਦੀ ਰਾਖ਼ੀ ਕਰਦਿਆਂ ਆਪ ਨਹੀਂ ਭੇੜੀਏ ਬਣਨਾ। ਨਾ ਬਸੰਤਰ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣਾ ਹੈ। ਬਿਰਖ਼ਾਂ ਦੀ ਵੇਦਨ ਸੁਣਨਾ ਹੈ। ਬੋਲ ਨਹੀਂ ਸਕਦੇ ਭਾਵੇਂ ਬੰਦਿਆਂ ਦਾ ਦੁੱਖ ਸੁਣਨਾ ਸੁਨਾਉਣਾ ਜਾਣਦੇ ਨੇ ਸਰਕਾਰ। ਭੁੱਲਿਓ ਨਾ ਜਨਾਬ! ਸੂਰਜ ਨਾਲ ਖੇਡਦਿਆਂ ਤਨ ਤਪਦੀ ਲੋਹ ਤੇ ਧਰਦਿਆਂ ਤੇਰਾ ਕੀਆ ਮੀਠਾ ਲਾਗੇ ਦੀ ਸਿਖ਼ਰਲੀ ਟੀਸੀ ਤੇ ਚੜ੍ਹਨਾ ਪੈਂਦੈ। ਐਵੇਂ ਨਹੀਂ ਤਪਦੀ ਰੇਤ ਤਪੱਸਿਆ ਬਣਦੀ। ਸੂਰਜ ਨਾਲ ਖੇਡਦਿਆਂ ਤਨ ਤੰਦੂਰ ਤਪਾਉਣਾ ਪੈਂਦਾ ਹੈ ਹੱਡਾਂ ਦੇ ਬਾਲਣ ਨਾਲ ਐਲੇਂ ਨਹੀਂ ਨਸੀਬ ਹੁੰਦੀ ਲਾਲਨ ਦੀ ਲਾਲੀ। ਸ਼ਬਦ ਸਾਧਨਾ ਮਗਰੋਂ ਹੀ ਬਣਦੇ ਨੇ ਸੂਰਜਵੰਸ਼ੀ। ਸਿਰਫ਼ ਜਨਮਜ਼ਾਤੀਏ ਕੇਵਲ ਖਿੰਘਰ ਵੱਟੇ ਨਿਰੀ ਰਹਿੰਦ ਖੂੰਹਦ ਕੂੜਾ ਕਰਕਟ ਭਰਮ ਭਾਂਡਾ ਸਾਂਭਦੇ ਬਿਤਾ ਲੈਂਦੇ ਹਨ ਪੂਰੀ ਅਉਧ। ਧਰਤੀ ਤੇ ਲਕੀਰਾਂ ਵਾਹੁੰਦੇ ਵਤਨ ਵਤਨ ਖੇਡਦੇ ਰਾਖੇ ਹੋਣ ਦੇ ਭਰਮ ਚ ਖ਼ੁਦ ਲੁਕਦੇ ਫਿਰਦੇ ਸ਼ਾਹ ਦੌਲੇ ਦੇ ਚੂਹੇ ਸੱਤਾ ਵਾਨ ਬਣਦੇ ਸਿੱਖਿਆ, ਸਬਕ ਸਿਖਾਉਂਦੇ ਕੀ ਜਾਨਣ ਉਡਣ ਪੰਖੇਰੂਆਂ ਦੀ ਉਡਾਣ ਸਾਨੂੰ ਦਿਨ ਰਾਤ ਸਿਖਾਉਂਦੇ ਹਨ ਰੀਂਘਣ ਤਕਨੀਕ। ਅਠਾਰਵੀਂ ਸਦੀ ਵੱਲ ਮੂੰਹ ਕਰਵਾਉਂਦੇ ਹਨ ਚਾਬਕ ਧਾਰੀਏ। ਹੁਣ ਕੁੱਲ ਬ੍ਰਹਿਮੰਡ ਆਪਣਾ ਆਪਣਾ ਲੱਗਦਾ ਹੈ। ਸਰਬੱਤ ਦਾ ਭਲਾ ਸਿਰਫ਼ ਅਰਦਾਸ ਵੇਲੇ ਹੀ ਨਹੀਂ ਦਮ ਦਮ ਨਾਲ ਤੁਰਦਾ ਹੈ ਸੂਰਜ ਨਾਲ ਖੇਡਦਿਆਂ।

ਮਾਵਾਂ ਨਹੀਂ ਥੱਕਦੀਆਂ

ਮਾਵਾਂ ਨਹੀਂ ਥੱਕਦੀਆਂ ਕੰਮ ਨਾਲ ਰੋਟੀ ਪਕਾਉਂਦੀਆਂ ਲੀੜੇ ਧੋਂਦੀਆਂ ਨਿਚੋੜਦੀਆਂ ਸਿਆਲੂ ਕੱਪੜੇ ਟਰੰਕਾਂ ਚੋਂ ਕੱਢਦੀਆਂ ਗਰਮੀਆਂ ਆਉਣ ਤੇ ਸਾਂਭਦੀਆਂ ਸਮੇਟਦੀਆਂ ਪੇਕਿਆਂ ਸਹੁਰਿਆਂ ਦੇ ਸ਼ਿਕਵੇ ਗਿਲੇ ਗੁਜ਼ਾਰੀਆਂ। ਮਾਵਾਂ ਨਹੀਂ ਥੱਕਦੀਆਂ। ਰਾਤ ਨੂੰ ਪੜ੍ਹਦੇ ਪੁੱਤਰ ਧੀਆਂ ਦੇ ਨਾਲ ਨਾਲ ਬੈਠੀਆਂ ਬੈਠੀਆਂ ਸਵੈਟਰ ਬੁਣਦੀਆਂ ਚਾਵਾਂ ਚ ਸਾਹਾਂ ਦੇ ਕੁੰਡੇ ਪਾਉਂਦੀਆਂ ਇੱਕ ਸਿੱਧਾ ਦੋ ਪੁੱਠੇ ਨਿੱਘ ਵਰਤਾਉਂਦੀਆਂ ਮਾਵਾਂ ਨਹੀਂ ਥੱਕਦੀਆਂ। ਬੱਚਿਆਂ ਚ ਘੁਲ ਜਾਂਦੀਆਂ ਹਨ ਮਾਵਾਂ ਸਵੇਰ ਤੋਂ ਸ਼ਾਮ ਤੀਕ ਟੁੱਟ ਮਰਦੀਆਂ ਆਪਣੇ ਲਈ ਇੱਕ ਪਲ ਨਹੀਂ ਬਚਾਉਂਦੀਆਂ ਭਲੇ ਦਿਨਾਂ ਦੀ ਉਡੀਕ ਚ ਸਾਰੀ ਉਮਰ ਲੰਘਾਉਂਦੀਆਂ ਮਾਵਾਂ ਨਹੀਂ ਥੱਕਦੀਆਂ। ਲੰਮੀ ਹੇਕ ਦੇ ਗੀਤਾਂ ਵਿੱਚ ਪਿਰ ਪਰਦੇਸ ਗਏ ਨੂੰ ਚਿਤਵਦੀਆਂ ਧੂੰਏਂ ਦੇ ਪੱਜ ਰੋਂਦੀਆਂ ਵਿੱਚੇ ਵਿੱਚ ਗਾਉਂਦੀਆਂ ਰੇਲ ਗੱਡੀ ਨੂੰ ਟੁੱਟ ਜਾਣ ਦਾ ਸਰਾਪ ਦੇਂਦੀਆਂ ਬਸਰੇ ਦੀ ਲਾਮ ਟੁੱਟਣ ਤੇ ਰੰਡੀਓ ਂ ਸੁਹਾਗਣ ਹੋਣ ਦਾ ਸੁਪਨ ਪਾਲਦੀਆਂ। ਮਾਵਾਂ ਨਹੀਂ ਥੱਕਦੀਆਂ। ਗਲੀ ਗਲੀ ਫਿਰਦੇ ਵਣਜਾਰੇ ਦਾ ਚੂੜੀਆਂ ਦਾ ਹੋਕਾ ਸੁਣ ਕੇ ਕੋਲ ਬੁਲਾਉਂਦੀਆਂ ਭੀੜੀ ਵੰਗ ਬਚਾ ਕੇ ਚਾੜੀਂ ਦਾ ਸੁਖਨ ਅਲਾਉਂਦੀਆਂ ਮਾਵਾਂ ਕਦੇ ਨਹੀਂ ਥੱਕਦੀਆਂ। ਪੈਲੀਆਂ ਚ ਵਾਹੇ ਸਿਆੜਾਂ ਚ ਸੁਪਨੇ ਬੀਜਦੇ ਹਾਲੀ ਦੀ ਮਗਰੋਂ ਰੋਟੀ ਲੈ ਕੇ ਜਾਂਦੀਆਂ ਮੱਕੀ ਡੁੰਗਦੀਆਂ ਪੱਠੇ ਵੱਢਦੀਆਂ ਚੁੱਕਦੀਆਂ ਚੁਕਾਉਂਦੀਆਂ ਕੁਤਰਦੀਆਂ ਤੇ ਤੂੜੀ ਦਾ ਗੁਤਾਵਾ ਕਰਦੀਆਂ ਖੁਰਲੀ ਚ ਲਵੇਰਿਆਂ ਨੂੰ ਪਾਉਂਦੀਆਂ ਮਾਵਾਂ ਕਦੇ ਨਹੀਂ ਥੱਕਦੀਆਂ। ਮਾਵਾਂ ਉਦੋਂ ਥੱਕ ਹਾਰ ਜਾਂਦੀਆਂ ਹਨ ਜਦ ਪੁੱਤਰ ਦੀ ਜੇਬ ਚੋਂ ਅਵੱਲੀ ਜੇਹੀ ਕੋਈ ਪੁੜੀ ਦੇਖਦੀ ਹੈ। ਬਟੂਏ ਚ ਲੁਕਾਈ ਕੋਈ ਕਾਲੀ ਕਰਤੂਤ ਵੇਖਦੀ ਹੈ। ਥੱਕ ਜਾਂਦੀ ਹੈ ਮਾਂ। ਸ਼ਰਾਬੀ ਪਤੀ ਲਈ ਗੰਢੇ ਚੀਰਦੀ ਅੱਧੀ ਰਾਤ ਤੀਕ ਘਰ ਬੈਠੇ ਟੋਲੇ ਦੀ ਹਿੜ ਹਿੜ ਸੁਣਦੀ ਥੱਕ ਜਾਂਦੀ ਹੈ ਮਾਂ। ਭਲੇ ਦਿਨਾਂ ਦੀ ਆਸ ਚ ਰੁਜ਼ਗਾਰ ਲੈਣ ਗਏ ਪੁੱਤਰ ਦੇ ਖ਼ਾਲੀ ਮੁੜਨ ਤੇ ਵੀ ਨਹੀਂ ਆਸ ਦੀ ਢੇਰੀ ਢਾਹ ਕੇ ਬਹਿਣ ਨਾਲ ਮਾਂ ਥੱਕ ਜਾਂਦੀ ਹੈ। ਪੁੱਤਰ, ਪਤੀ , ਪੇਕਿਆਂ ਸਹੁਰਿਆਂ ਦੇ ਪੁੜਾਂ ਚ ਪੀਸ ਕੇ ਵੀ ਜੁੜੀ ਰਹਿੰਦੀ ਜੋੜੀ ਰੱਖਦੀ ਟੁੱਟਦੀ ਨਹੀਂ ਅਚਨਚੇਤ ਅੰਦਰੇ ਅੰਦਰ ਲੱਗੀ ਸਿਓਂਕ ਵਾਂਗ ਖਾ ਜਾਂਦੇ ਨੇ ਗ਼ਮ ਥੱਕਦੀ ਨਹੀਂ, ਮੁੱਕ ਜਾਂਦੀ ਹੈ ਮਾਂ।

ਅਜਬ ਸਰਕਸ ਵੇਖਦਿਆਂ

ਅਜਬ ਸਰਕਸ ਵੇਖ ਰਹੇ ਦੋਸਤੋ। ਸ਼ਹੀਦ ਪੁੱਛਦੇ ਹਨ ਅਸੀਂ ਕੁਰਬਾਨੀਆਂ ਇਸ ਲਈ ਦਿੱਤੀਆਂ ਸਨ ਕਿ ਫਰੰਗੀਆਂ ਦੇ ਜੁੱਤੀ ਚੱਟ ਟੱਬਰਾਂ ਦੇ ਫਰਜ਼ੰਦ ਬਾਘੀਆਂ ਪਾਉਂਦੇ ਫਿਰਨ ਤੇ ਤੁਸੀਂ ਚੁੱਪ ਰਹੋ। ਲੋਕ ਤੰਤਰ ਦੇ ਇਹ ਅਰਥ ਕਿਸ ਸ਼ਬਦਕੋਸ਼ ਚੋਂ ਲੱਭੀਏ ਕਿ ਟੈਕਸ ਦੀਆਂ ਸੁਰੱਖਿਆ ਦਸਤਿਆਂ ਲਈ ਤਨਖਾਹਾਂ ਬਣੀ ਜਾਣ, ਤੇ ਕਰੀ ਜਾਣ ਬਦਹਵਾਸ ਮਿਹਣੇਬਾਜ਼ੀਆਂ ਕਰਨ ਵਾਲਿਆਂ ਦੀ ਰਖਵਾਲੀ ਬੇ ਲਗਾਮ ਅੱਥਰੇ ਘੋੜੇ ਸਾਡੀ ਹਰੀ ਅੰਗੂਰੀ ਫ਼ਸਲ ਚਰੀ ਜਾਣ, ਜੇ ਕੋਈ ਡੱਕੇ ਵਰਜੇ ਤਾਂ ਉਸ ਨੂੰ ਹੀ ਬੁਰਕ ਭਰਨ। ਖੋਤੇ ,ਘੋੜੇ,ਹਾਥੀ ਤੇ ਲੰਗੂਰ ਕਰਤੱਬ ਵਿਖਾ ਰਹੇ ਨੇ ਜੋਕਰ ਟਪੂਸੀਆਂ ਮਾਰ ਮਾਰ ਹਾਸੋਹੀਣੀਆਂ ਹਰਕਤਾਂ ਚ ਗੁਲਤਾਨ ਹਨ ਦਿਨ ਰਾਤ। ਗਲੀਆਂ ਚ ਲੜਦੀਆਂ ਗੋਹਾ ਕੂੜਾ ਕਰਦੀਆਂ ਪੇਂਡੂ ਧੀਆਂ ਭੈਣਾਂ ਨਾਲੋਂ ਵੀ ਚੰਦਰੀ ਜ਼ਬਾਨ ਦੀਨ ਨਾ ਈਮਾਨ ਪਸ਼ੂ ਨਾ ਇਨਸਾਨ ਕੁਰਸੀਧਾਰੀ ਭਗਵਾਨ। ਦੁਖ ਸੁਖ ਦੇ ਭਾਈਵਾਲ ਸਾਥੋਂ ਕੀਮਤ ਵਸੂਲਣ ਜ਼ੋਰੀਂ ਦਾਨ ਮੰਗਦੇ ਬਾਬਰ ਕੇ ਸਾਨੂੰ ਟੋਟਿਆਂ ਧੜਿਆਂ ਚ ਡੱਕਰੇ ਕਰਕੇ। ਆਪਸ ਚ ਹੱਸ ਹੱਸ ਬੋਲਦੇ ਬੰਦ ਕਮਰਿਆਂ ਚ। ਆਪ ਕੁੜਮਾਚਾਰੀਆਂ ਤੇ ਯਾਰਾਨੇ ਪਾਲਦੇ। ਹੱਦ ਹੋ ਗਈ ਯਾਰ। ਪੜ੍ਹਨ ਲਿਖਣ ਨਾ ਜਾਨਣ ਵਾਲੇ ਸਾਨੂੰ ਦੱਸਦੇ ਨੇ ਮੱਝ ਵੱਡੀ ਹੁੰਦੀ ਹੈ ਅਕਲ ਨਾਲੋਂ। ਸਾਨੂੰ ਮੱਤਾਂ ਦੇਣ। ਉਲਟੀ ਗੰਗਾ ਵਗਦੀ ਵੇਖੋ ਕੁਰਬਾਨੀ ਦੇ ਪੁੰਜ ਬਣਦੇ ਵੰਨ ਸੁਵੰਨੇ ਦਰਸ਼ਨੀ ਘੋੜੇ। ਮਹਿੰਗੇ ਬਦਾਮ ਚਰ ਕੇ ਜੁਗਾਲੀ ਕਰਕੇ ਸਾਡੇ ਲਈ ਸੁਪਨ ਸੰਸਾਰ ਸਿਰਜਦੇ, ਅਪਹੁੰਚ ਭਰਮ ਜਲ। ਸਾਡੇ ਸਕੂਲ ਤੇ ਹਸਪਤਾਲ ਰੋਂਦੇ ਹਨ। ਦੁਹੱਥੜੀਂ ਪਿੱਟਦੇ ਕਿਰਤ ਲਈ ਤਰਸਦੇ ਮੱਥੇ। ਅਰਜ਼ੀਆਂ ਲਿਖਦੇ ਹੱਥ ਰਾਤੋ ਰਾਤ ਮੁੱਕਿਆਂ ਚ ਤਬਦੀਲ ਨਹੀਂ ਹੁੰਦੇ। ਨੌਕਰਸ਼ਾਹੀ ਬੇਲਗਾਮ, ਕਰਮਚਾਰੀ ਬਹਾਨੇਬਾਜ਼। ਲੁੱਟ ਤੰਤਰ ਚ ਭਾਈਵਾਲ ਸਰਦਾਰ ਕਾਨੂੰਨ ਝਾਕਦਾ ਹੈ ਬਿਟ ਬਿਟ। ਜੇ ਮੈਨੂੰ ਵਰਤਣਾ ਹੀ ਨਹੀਂ ਸੀ ਤਾਂ ਬਣਾਇਆ ਕਿਉਂ ਸੀ। ਸਾਰੀ ਰਾਤ ਭੰਨੀ। ਔਲਾਦ ਜੰਮੀ ਅੰਨ੍ਹੀ। ਕੈਸੀ ਰਾਸਲੀਲ੍ਹਾ ਹੈ, ਨਾਇਕ ਲੱਭਦਾ ਨਹੀਂ, ਖਲਨਾਇਕਾਂ ਦੀਆਂ ਹੇੜਾਂ ਵਿੱਚ ਵੱਜਦੀਆਂ ਫਿਰਦੀਆਂ ਹਨ। ਹੂਟਰ ਵੱਜਦੇ ਆਦਮਬੋ ਕਰਦੇ। ਰਾਜ ਕਰਦੀ ਨਿਸਚਿੰਤ ਕੌਰ ਨੂੰ ਉੱਲੂਆਂ ਦੀ ਨਿਵੇਕਲੀ ਨਸਲ ਗਵਾਚਣ ਦੀ ਚਿੰਤਾ ਹੈ। ਬੰਦੇ ਕੁੱਤਿਆਂ ਦੀ ਰਖਵਾਲੀ ਕਰ ਰਹੇ। ਹੱਡਾ ਰੋੜੀ ਤੇ ਪਹਿਰੇਦਾਰੀਆਂ ਅਜਬ ਨਿਜ਼ਾਮ ਹੈ ਆਪਣੀ ਜ਼ਿਦ ਪੁਗਾਉਂਦਾ ਸਾਨੂੰ ਕੁੱਤਿਆਂ ਤੋਂ ਪੜਵਾਉਂਦਾ ਫਿਰ ਕਿਉਂ ਸਾਨੂੰ ਸਮਝ ਨਾ ਆਉਂਦਾ। ਸਹਿਮੀਆਂ ਸਹਿਮੀਆਂ ਧੀਆਂ ਧਿਆਣੀਆਂ ਪੁੱਛਦੀਆਂ ਹਨ, ਉਹ ਪਿੜ ਕਿੱਧਰ ਗਿਆ? ਜਿੱਥੇ ਬੋਲੀਆਂ ਪੈਂਦੀਆਂ ਸਨ ਝਾਵਾਂ ਝਾਵਾਂ ਝਾਵਾਂ ਮਾਣ ਭਰਾਵਾਂ ਦੇ ਮੈਂ ਕੱਲ੍ਹੀ ਖੇਤ ਨੂੰ ਜਾਵਾਂ। ਘਰ ਘਰ ਡੂੰਘੇ ਵੈਣ ਪਾਉਂਦੀਆਂ ਕੰਧਾਂ ਪੁੱਛਦੀਆਂ ਹਨ ਇਸ ਸਰਕਸ ਨੇ ਸਾਡੇ ਪਿੰਡੋਂ ਡੇਰਾ ਕਦੋਂ ਚੁੱਕਣਾ ਹੈ। ਮੁਕਤੀ ਦਾਤਿਓ! ਜੇ ਤੁਹਾਨੂੰ ਪਤਾ ਲੱਗੇ ਤਾਂ ਦੱਸਣਾ।

ਸਾਵਧਾਨ ਦੋਸਤੋ!

ਸਾਵਧਾਨ ਦੋਸਤੋ ਯਕੀਨ ਕਰਿਓ! ਆਪਣੇ ਤਜ਼ਰਬੇ ਚੋਂ ਦੱਸ ਰਿਹਾਂ। ਸਿਰਫ਼ ਡਾਕੀਆ ਰਹਿ ਗਿਆ ਹੈ ਈਮਾਨਦਾਰ ਦੀਵਾਲੀ ਦੁਸਹਿਰੇ ਦੀ ਵਧਾਈ ਬਦਲੇ ਦੁਖ ਸੁਖ ਦੇ ਖ਼ਤ ਪੱਤਰ ਫੜਾ ਜਾਂਦਾ ਹੈ ਬਿਲਾ ਨਾਗਾ। ਟੱਬਰ ਦਾ ਹਾਲ ਚਾਲ ਪੁੱਛ ਜਾਂਦਾ ਹੈ। ਸਾਈਕਲ ਦੀ ਟੱਲੀ ਮਾਰ ਕੇ ਆਪਣੀ ਖ਼ੈਰ ਸੁਖ ਸੁਣਾ ਜਾਂਦਾ। ਪਰ ਚੌਕੀਦਾਰ ਤੇ ਯਕੀਨ ਨਾ ਕਰਿਓ! ਉਹ ਹੁਣ ਚੋਰਾਂ ਨਾਲ ਰਲ ਗਿਆ ਹੈ। ਪਾਟਿਆ ਬਾਂਸ ਬਹੁਤਾ ਖੜਕਾਉਂਦਾ ਹੈ। ਗੇਟ ਦੀਆਂ ਕੁੰਜੀਆਂ ਧਾੜਵੀਆਂ ਨੂੰ ਸੌਪ ਕੇ ਸਾਨੂੰ ਉੱਚੀ ਉੱਚੀ ਕਹਿੰਦਾ ਹੈ ! ਜਾਗਦੇ ਰਹੋ। ਯਕੀਨ ਕਰੋ! ਇਸ ਵੇਲੇ ਤਾਂ ਹੀ ਤਾਂ ਜਗਰਾਵਾਂ ਵਾਲਾ ਕਾਮਰੇਡ ਪਰੇਮ ਬਾਰ ਬਾਰ ਯਾਦ ਆ ਰਿਹੈ। ਪਾਟੇ ਬਾਂਸ ਦੇ ਖੜਕਣ ਸਾਰ ਜਾਗਦੇ ਰਹੋ ਕਹਿਣ ਵਾਲੇ ਚੌਕੀਦਾਰ ਨੂੰ ਜਿਸ ਨੇ ਧੌਣ ਮਰੋੜ ਕੇ ਪੁੱਛਿਆ ਸੀ ਸੁਣ ਉਇ ਭਲਿਆ ਮਾਣਸਾ! ਜੇ ਅਸਾਂ ਹੀ ਜਾਗਣਾ ਹੈ ਤਾਂ ਤੈਨੂੰ ਪੰਜ ਰੁਪਈਏ ਮਹੀਨਾ ਕਾਹਦਾ ਦਿੰਨੇ ਆਂ। ਬੰਦਾ ਬਣ ਕੇ ਪਹਿਰਾ ਦੇ। ਪਰ ਹੁਣ ਇਉਂ ਲੱਗਦੈ ਸਾਰੇ ਕਾਮਰੇਡ ਪ੍ਰੇਮ ਮਰ ਗਏ ਨੇ। ਚੌਕੀਦਾਰ ਚੋਰਾਂ ਨਾਲ ਤਾਂਹੀਂ ਪਰੇਮ ਪੀਂਘਾਂ ਝੂਟਦਾ।

ਆਸਿਫ਼ਾ ਤੂੰ ਨਾ ਜਗਾ

ਆਸਿਫ਼ਾ ਤੂੰ ਨਾ ਜਗਾ ਸੌਣ ਦੇ ਸਾਨੂੰ ਅਜੇ। ਖਲਲ ਨਾ ਪਾ ਨੀਂਦਰਾਂ ਵਿੱਚ। ਭੁੱਲ ਗਈ ਮਸਜਿਦ ਕਿਊਂ ਹੈ ਬਾਂਗ ਦੇਣੀ। ਗੁਰਦਵਾਰੇ ਵਾਕ ਕਿਉਂ ਸੁਣਦਾ ਨਹੀਂ। ਮੰਦਰਾਂ ਵਿੱਚ ਦੇਵਤੇ ਘੜਿਆਲ ਚੁੱਪ ਨੇ। ਜਾਪਦੈ ਤੂੰ ਬਹੁਤ ਵੱਡਾ ਧਰਮ ਸੰਕਟ ਠਾਕੀਆਂ ਜੀਭਾਂ ਦੇ ਸਨਮੁਖ। ਬਾਬਲਾ ਤੇਰਾ ਵਿਚਾਰਾ ਤੈਨੂੰ ਲੱਭਦਾ ਫਿਰ ਰਿਹਾ ਹੈ। ਧਰਮਸਾਲਾ ਦੀ ਬਰੂਹੋਂ ਪਰਤ ਆਇਐ ਉਂਥੇ ਤੂੰ ਜਾਂਦੀ ਨਹੀਂ! ਕੀ ਪਤਾ ਸੀ ਓਸ ਅੰਦਰ ਜਾ ਕੇ ਤੂੰ ਪਰਤੀ ਨਹੀਂ ਬਣ ਗਈ ਹੈਂ ਪੱਥਰਾਂ ਵਿੱਚ ਇੱਕ ਮੂਰਤ ਜਾਗਦੀ ਨਾ ਹੀ ਜਿਉਂਦੀ ਸ਼ਕਲ ਸੂਰਤ। ਜਾਹ ਨੀ ਧੀਏ! ਮਰਨ ਪਿੱਛੋਂ ਸਾਡੀਆਂ ਲੋੜਾਂ ਚ ਤੂੰ ਸ਼ਾਮਿਲ ਨਹੀਂ ਹੋਈ ਅਜੇ। ਨਾ ਤੂੰ ਭਾਰਤ ਮਾਤ ਹੈਂ? ਨਾ ਗਊ ਦੀ ਜ਼ਾਤ ਹੈਂ। ਕਿਉਂ ਬਚਾਈਏ ਤੇਰੀ ਚੁੰਨੀ? ਤੂੰ ਅਜੇ ਨਾ ਵੋਟ ਹੈਂ। ਸਾਡੀ ਸੂਚੀ ਵਿੱਚ ਹਾਲੇ ਤੂੰ ਚਿੜੀ ਨਾ ਬੋਟ ਹੈਂ। ਆਸਿਫ਼ਾ ਤੂੰ ਜਿਸਮ ਹੈਂ ਮਾਸੂਮ ਭਾਵੇਂ ਦਾਨਵਾਂ ਖ਼ਾਤਰ ਤੂੰ ਹੈਂ ਭੋਗਣ ਲਈ। ਮਰਨ ਮਗਰੋਂ ਹੰਝ ਬਣਕੇ ਤੂੰ ਕਿਸੇ ਕਵਿਤਾ ਚ ਕੁਝ ਦਿਨ ਬਹੁਤ ਚੀਕੇਂਗੀ ਜ਼ਰੂਰ। ਤੇਰੇ ਅੱਗੇ ਤੇਰੇ ਪਿੱਛੇ ਆਸਿਫ਼ਾ ਭਾਵੇਂ ਮਲਾਲਾ ਕਿਰਨਜੀਤਾਂ ਰੁਲਦੀਆਂ ਨੇ। ਹੁਕਮਰਾਨੀ ਦੇ ਨਸ਼ੇ ਵਿੱਚ ਸਾਡੀਆਂ ਇਹ ਗੂੜ੍ਹ ਨੀਂਦਾਂ ਨਾ ਕੁੜੇ ਇੰਜ ਖੁੱਲਦੀਆਂ ਨੇ। ਆਹ ਜੋ ਮੁੰਡਾ ਹੈ ਬਠਿੰਡੇ ਗੁਰਪ੍ਰੀਤ ਚਿਤਰ ਤੇਰਾ ਵਾਹ ਰਿਹਾ ਮੈਂ ਵੇਖਿਆ ਹੈ। ਸੁਰਖ਼ ਹੱਥਾਂ ਨਾਲ ਠੱਪੇ ਕੋਰੀ ਕੈਨਵਸ ਲਾ ਰਿਹਾ ਹੈ। ਅੰਨ੍ਹਿਆਂ ਦੇ ਦੇਸ਼ ਅੰਦਰ ਕੀ ਇਸ਼ਾਰੇ ਕਰ ਰਿਹਾ ਹੈ। ਗੁੰਗਿਆਂ ਦੀ ਜੀਭ ਠਾਕੀ ਬੋਲਦੇ ਨਹੀਂ ਬੇ ਜ਼ਬਾਨ ਬਹੁਤ ਕਰੜਾ ਇਮਤਿਹਾਨ। ਚੀਕ ਨਾ ਕੁਰਲਾਟ ਨਾ ਪਾ ਸੌਣ ਦੇ ਸਾਨੂੰ ਅਜੇ। ਮੰਦਰਾਂ ਦੇ ਟੱਲ ਜੇਕਰ ਸ਼ਾਂਤ ਨੇ ਦੇਵੀਆਂ ਨੂੰ ਸ਼ਰਮ ਨਾ ਦੇਵਤੇ ਅੱਖਾਂ ਤੇ ਪੱਟੀ ਬੰਨ੍ਹ ਬੈਠੇ ਸਾਨੂੰ ਵੀ ਤੂੰ ਨਾ ਬੁਲਾ ਸੁਪਨਿਆਂ ਚੋਂ ਰੋਂਦੀਏ ਮਾਸੂਮ ਧੀਏ ਪਰਤ ਜਾਹ। ਹਾਲੇ ਚੋਣਾਂ ਵਿੱਚ ਰਹਿੰਦਾ ਹੈ ਸਮਾਂ। ਓਸ ਵੇਲੇ ਤੇਰੀ ਵਿਥਿਆ ਲੋੜ ਮੂਜਬ ਮੁੜ ਘੜਾਂਗੇ। ਚੋਣ ਦੇ ਮੈਦਾਨ ਅੰਦਰ ਜਦ ਲੜਾਂਗੇ। ਤੇਰੀ ਪੀੜਾ , ਵਹਿਸ਼ੀ ਇਸ ਬੇਹੁਰਮਤੀ ਨੂੰ। ਅੱਖੀਆਂ ਵਿੱਚ ਭਰ ਗਲੇਡੂ ਮਗਰਮੱਛੀ ਹੰਝ ਕੇਰਨ ਬਾਦ ਫਿਰ ਤੋਂ ਹਿੰਦੂ ਮੁਸਲਿਮ ਰੰਗ ਵਿੱਚ ਡੋਬਾਂਗੇ ਫੇਰ। ਪਸਰ ਜਾਵੇਗੀ ਸਿਆਸਤ ਮੁੜ ਚੁਫ਼ੇਰ। ਆਸਿਫ਼ਾ ਤੂੰ ਨਾ ਜਗਾ ਸੌਣ ਦੇ ਸਾਨੂੰ ਅਜੇ। ਨੀਂਦ ਅੰਦਰ ਖਲਲ ਨਾ ਪਾ ਰਾਤ ਦੀ ਬੁੱਕਲ ਚ ਸੂਰਜ ਨਾ ਜਗਾ ਮੈਂ ਨਹੀਂ ਉੱਠਣਾ ਅਜੇ ਅੱਗ ਹਾਲੇ ਤਾਂ ਬਲੀ ਕੇਵਲ ਕਠੂਹੇ। ਸੁਰਗ ਦੇ ਬੂਹੇ ਨੂੰ ਲੂਹੇ । ਨਾ ਅਜੇ ਆਈ ਕੁੜੇ ਇਹ ਸਾਡੇ ਬੂਹੇ। ਧਰਮ ਤੇ ਇਖ਼ਲਾਕ ਨੇ ਸੁੱਤੇ ਅਜੇ। ਬੋਟੀਆਂ ਨੂੰ ਨੋਚ ਰਹੇ ਕੁੱਤੇ ਅਜੇ। ਚੋਰਾਂ ਦੇ ਹਮਰਾਜ਼ ਹੋਏ ਪਹਿਰੇਦਾਰ । ਫ਼ਰਜ਼ ਕਰਕੇ ਦਰਕਿਨਾਰ । ਹੋਸ਼ਿਆਰ, ਖ਼ਬਰਦਾਰ। ਕੱਚੀ ਨੀਂਦੇ ਸਾਨੂੰ ਬੀਬਾ ਨਾ ਜਗਾ। ਰਾਤ ਦੀ ਬੁੱਕਲ ਚ ਸੁੱਤੇ ਰਹਿਣ ਦੇ। ਮੁਲਕ ਨੂੰ ਕੁੱਤੇ ਪਿਆਰੇ ਰਹਿਣ ਦੇ। ਦਰਦ ਨੂੰ ਨਾ ਜੀਭ ਲਾ। ਨੀਂਦ ਵਿੱਚ ਖ਼ੌਰੂ ਨਾ ਪਾ। ਨਾ ਜਗਾ ਬਈ ਨਾ ਜਗਾ।

ਫ਼ਤਹਿਬੀਰ ਬੱਚਿਆ

ਸ਼ੁਭ ਸਵੇਰ ਨਹੀਂ, ਅੱਜ ਬੇਹੱਦ ਉਦਾਸ ਹੈ ਪ੍ਰਭਾਤ। ਫਿਰ ਪੈ ਗਈ ਕਾਲ ਕਲੂਟੀ ਰਾਤ। ਫ਼ਤਿਹਬੀਰ ਬੱਚਿਆ! ਅਸੀਂ ਹਾਰੀ ਹੋਈ ਲੜਾਈ ਖੇਡੀ ਪਰ ਮੰਨਦੇ ਨਹੀਂ ਸਾਂ। ਟੋਟਕਿਆਂ, ਟੂਣੇ ਟਾਮਣਾਂ ਵਾਲੇ ਦੇਸ ਵਿੱਚ ਥਾਂ ਥਾਂ ਟੋਏ ਕਿਹੜਾ ਕਿਸਨੂੰ ਕਿੱਥੇ ਬਹਿ ਕੇ ਰੋਏ? ਪੂਰਾ ਮੁਲਕ ਹੀ ਫ਼ਤਹਿਬੀਰ ਜਿਹਾ ਟੋਏ ਚ ਡਿੱਗਿਆ। ਹਵਨ ਯੱਗ, ਪਾਠ , ਅਰਦਾਸ ਨਿਮਾਜ਼ਾਂ ਤੇ ਹੋਰ ਬਹੁਤ ਕੁਝ ਸੰਚਾਰ ਤੰਤਰ ਦੀ ਤਮਾਸ਼ਬੀਨੀ ਕ੍ਰਿਸ਼ਨ ਚੰਦਰ ਦੀ ਲਿਖੀ ਕਹਾਣੀ ਟੋਆ ਚੇਤੇ ਆ ਗਈ ਹੈ। ਮੁਲਕ ਟੋਏ ਚ ਪਿਆ ਹੈ ਕੱਢਣ ਵਾਲੇ ਗੈਬੀ ਸ਼ਕਤੀ ਉਡੀਕ ਰਹੇ। ਡਿਜੀਟਲ ਇੰਡੀਆ ਦੇ ਰਾਮ ਰੌਲੇ ਵਿੱਚ ਸਮੁੰਦਰ ਅੰਦਰ ਸੁਰਾਖ਼ ਕਰਦੀਆਂ ਮਸ਼ੀਨਾਂ ਉਡੀਕਦੇ ਰਹੇ ਭੋਲੇ ਪੰਛੀ। ਵਿਗਿਆਨ ਪਿੱਟਦਾ ਰਿਹਾ ਤਿੰਨ ਮਿੰਟ ਆਕਸੀਜਨ ਬਿਨਾ ਤਿੰਨ ਦਿਨ ਜਲ ਪਾਣੀ ਬਿਨਾ ਬੰਦਾ ਮਿੱਟੀ ਹੋ ਜਾਂਦਾ ਪਰ ਅਸੀਂ ਮਿੱਟੀ ਪੁੱਟੀ ਗਏ ਗੁਆਚੇ ਲਾਲ ਨੂੰ ਲੱਭਣ ਲਈ। ਪਰ ਤੂੰ ਇਸ ਨਕੰਮੇ ਨਿਜ਼ਾਮ ਦੀ ਮਿੱਟੀ ਪੁੱਟ ਗਿਆ ਫ਼ਤਹਿਬੀਰ ਵਕਤ ਝਾਕਦਾ ਰਹਿ ਗਿਆ। ਤੂੰ ਆਪ ਭਾਵੇਂ ਤੁਰ ਗਿਆ ਪਰ ਵੱਡੇ ਸਵਾਲ ਖੜ੍ਹੇ ਕਰ ਗਿਆ। ਸੱਚੀਂ ਇਹ ਮੁਲਕ ਇੱਕੀਵੀਂ ਸਦੀ ਚ ਵੀ ਰੱਬ ਆਸਰੇ ਚੱਲ ਰਿਹਾ। ਫ਼ਤਹਿਬੀਰ! ਸਵਾਲ ਖੜ੍ਹਾ ਕਰਨ ਲਈ ਸ਼ੁਕਰੀਆ। ਤੇਰੇ ਕਤਲ ਵਿੱਚ ਪੂਰਾ ਮਹਾਨ ਭਾਰਤ ਮਾਪਿਆਂ ਸਣੇ ਸਭ ਸ਼ਾਮਿਲ ਹਾਂ ਜੋ ਸਿਰਫ਼ ਚੁੰਮਣਾ ਚੱਟਣਾ ਜਾਣਦੇ ਹਾਂ ਸੰਭਾਲਣਾ ਨਹੀਂ। ਅਲਵਿਦਾ ਨਹੀਂ ਬੱਚਿਆ! ਤੂੰ ਸ਼ੀਸ਼ਾ ਵਿਖਾਇਆ ਹੈ ਤੇ ਸਮਝਾਇਆ ਹੈ ਤੁਸੀਂ ਵੀ ਇਸੇ ਟੋਏ ਚ ਮਰੋਗੇ ਜਾਗਣ ਦੀ ਥਾਂ ਜੇ ਨੀਂਦ ਪਿਆਰੀ ਕਰੋਗੇ।

ਧਰਮ ਤਬਦੀਲੀ

ਧਰਮ ਤਬਦੀਲੀ ਏਦਾਂ ਨਹੀਂ ਹੁੰਦੀ ਮਾਂ ਮਾਂ ਨੇ 6 ਸਾਲਾਂ ਦੇ ਪੁੱਤਰ ਨੂੰ ਝਿੜਕਦਿਆਂ ਕਿਹਾ, ਨਾਲਾਇਕਾ! ਤੂੰ ਭੰਗੀਆਂ ਦੇ ਘਰ ਦੀ ਰੋਟੀ ਖਾ ਗਿਆਂ ਹੁਣ ਤੂੰ ਭੰਗੀ ਹੋ ਗਿਆ। ਤੂੰ ਅਪਣਾ ਧਰਮ ਭ੍ਰਿਸ਼ਟ ਕਰ ਲਿਆ ਤੇਰਾ ਕੀ ਕੀਤਾ ਜਾਵੇ? ਬੱਚਾ ਬੜੀ ਮਾਸੂਮੀਅਤ ਨਾਲ ਬੋਲਿਆ ਮਾਂ ਮੈਂ ਸਿਰਫ਼ ਇੱਕ ਵਾਰ ਉਨ੍ਹਾਂ ਦੇ ਘਰ ਦੀ ਰੋਟੀ ਖਾ ਲਈ ਤਾਂ ਮੈਂ ਭੰਗੀ ਹੋ ਗਿਆ ! ਪਰ ਉਹ ਤਾਂ ਸਾਡੇ ਘਰ ਦੀਆਂ ਬੇਹੀਆਂ ਰੋਟੀਆਂ ਰੋਜ਼ ਖਾਂਦੇ ਨੇ, ਉਹ ਤਾਂ ਬ੍ਰਾਹਮਣ ਹੋਏ ਨਹੀਂ। ਮਾਂ ਨੇ ਸਿਰਫ਼ ਏਨਾ ਕਿਹਾ ਤੇਰੇ ਤੀਕ ਪਹੁੰਚਣ ਲਈ ਮੈਨੂੰ ਤੇਰੇ ਘਰ ਜੰਮਣਾ ਪਵੇਗਾ ਜੀ ਵੇ ਪੁੱਤਰਾ ਜੀ।

ਡਾਰਵਿਨ ਝੂਠ ਬੋਲਦਾ ਹੈ

ਸਾਡਾ ਵਿਕਾਸ ਬਾਂਦਰ ਤੋਂ ਨਹੀਂ ਭੇਡਾਂ ਤੋਂ ਹੋਇਆ ਹੈ ਭੇਡਾਂ ਸਾਂ ਭੇਡਾਂ ਹਾਂ ਤੇ ਭੇਡਾਂ ਰਹਾਂਗੀਆਂ ਜਦ ਤੀਕ ਸਾਨੂੰ ਆਪਣੀ ਉੱਨ ਦੀ ਕੀਮਤ ਦਾ ਪਤਾ ਨਹੀਂ ਲੱਗਦਾ। ਸਾਨੂੰ ਚਾਰਨ ਵਾਲਾ ਹੀ ਸਾਨੂੰ ਮੁੰਨਦਾ ਹੈ। ਬਾਂਦਰ ਤਾਂ ਬਾਜ਼ਾਰ ਵਿੱਚ ਖ਼ਰੀਦ ਵੇਚ ਦਾ ਕਾਰੋਬਾਰੀ ਹੈ। ਬਿਨਾ ਕੁਝ ਖ਼ਰਚਿਆਂ ਮੁਨਾਫ਼ੇ ਦਾ ਅਧਿਕਾਰੀ ਹੈ। ਅਸੀਂ ਵੈਰੀ ਨਹੀਂ ਪਛਾਣਦੇ ਸਾਡੀ ਹੀ ਮੱਤ ਮਾਰੀ ਹੈ। ਡਾਰਵਿਨ ਨੂੰ ਕਹੋ! ਆਪਣੇ ਵਿਕਾਸਵਾਦੀ ਸਿੱਧਾਂਤ ਨੂੰ ਮੁੜ ਵਿਚਾਰੇ! ਵਕਤ ਬਦਲ ਗਿਆ ਹੈ।

ਸ਼ੀਸ਼ਾ

ਦਿਨ ਚੜ੍ਹਦਿਆਂ ਲੋਕ ਹੁਣ ਨਹੀਂ ਪੁੱਛਦੇ ਆਪਣੇ ਦੁਖ ਸੁਖ ਦਾ ਇਲਾਜ ਆਪਣਾ ਮੂੰਹ ਧੋਣ ਤੋਂ ਪਹਿਲਾਂ ਪੁੱਛਦੇ ਹਨ ਕਸ਼ਮੀਰ ਦਾ ਕੀ ਬਣਿਆ? ਭੁੱਲ ਭੁਲਾ ਗਏ ਨੇ ਸਭ ਸਾਡਾ ਤੁਹਾਡਾ ਕੀ ਬਣਿਆ? ਸੱਟੇਬਾਜ਼ ਤੋਂ ਦਿਹਾੜੀਦਾਰ ਤੀਕ ਰੁੱਝ ਗਏ ਨੇ ਮੰਡੀਆਂ ਦਾ ਭਾਅ ਜਾਨਣ ਲਈ। ਰਸੂਲ ਹਮਜ਼ਾਤੋਵ ਨੇ ਠੀਕ ਕਿਹਾ ਸੀ ਬੱਚੇ ਦੀ ਸੁੰਨਤ ਲਈ ਬੱਤਖ ਦਾ ਖੰਭ ਬਹੁਤ ਜ਼ਰੂਰੀ ਹੈ। ਪਰ ਤੁਸੀਂ ਬੱਤਖ ਦੇ ਖੰਭ ਨਾਲ ਸੁੰਨਤ ਨਹੀਂ ਕਰ ਸਕਦੇ। ਉਸ ਲਈ ਉਸਤਰਾ ਚਾਹੀਦੈ। ਕਿਸੇ ਪੁੱਛਿਆ ਫਿਰ ਉਸਤਰਾ ਕਿਸ ਕੰਮ ਆਵੇਗਾ? ਉਸ ਕਿਹਾ ਬੱਚੇ ਦਾ ਧਿਆਨ ਲਾਂਭੇ ਕਰਨ ਲਈ। ਪਰ ਦੋਸਤੋ ਇਸ ਨੂੰ ਕਵਿਤਾ ਨਾ ਸਮਝਣਾ। ਇਹ ਸ਼ੀਸ਼ਾ ਹੈ ਜਿਸ ਚ ਮੈਨੂੰ ਤੁਹਾਨੂੰ ਸਭ ਨੂੰ ਵੇਖਣਾ ਬਣਦਾ ਹੈ ਜਨਾਬ।

ਸਾਈਂ ਲੋਕ ਗਾਉਂਦੇ

ਸਾਈਂ ਲੋਕ ਗਾਉਂਦੇ ਮੈਨੂੰ ਬੜੇ ਹੀ ਚੰਗੇ ਲੱਗਦੇ ਨੇ। ਜਿਵੇਂ ਦਰਿਆ ਵਜਦ ਚ ਲਹਿਰ ਲਹਿਰ ਸੁਰ ਲਾਉਂਦਾ। ਸ਼ਰੀਂਹ ਦੀਆਂ ਸੁੱਕੀਆਂ ਫ਼ਲੀਆਂ ਛਣਕਦੀਆਂ ਪੱਤਝੜ ਰੁੱਤੇ। ਖ਼ਾਨਗਾਹ ਤੇ ਬਲ਼ਦਾ ਸਰ੍ਹੋਂ ਦੇ ਤੇਲ ਵਾਲਾ ਚਿਰਾਗ। ਸਾਈਂ ਲੋਕ ਗਾਉਂਦੇ ਮੈਨੂੰ ਕੀਲ ਬਿਠਾਉਂਦੇ ਨੇ ਬੇਚੈਨ ਬਿਰਤੀਆਂ ਪਾਣੀ ‘ਚ ਡੁੱਬੇ ਭਰੇ ਘੜੇ ਵਾਂਗ ਰੱਜ ਜਾਂਦੀ ਹੈ ਦੋਤਾਰਾ ਸੁਣਦਿਆਂ। ਸਵੇਰ ਸਾਰ ਪ੍ਰਭਾਤੀ ਗਾਉਂਦਾ ਜੋਗੀਆ ਲੀੜਿਆਂ ਵਾਲਾ ਬਾਬਾ ਗਿਰ ਆਉਂਦਾ ਦਿਨ ਚੜ੍ਹੇ। ਉਹਦੀ ਚਿੱਪੀ ਚ ਗੁੜ ਵਾਲੀ ਚਾਹ ਮੈਂ ਹੀ ਉਲੱਦਦਾ। ਲੱਗਦਾ ਕਿ ਸੁਰੀਲਾ ਰੱਬ ਸਾਡੇ ਬਰੂੰਹੀਂ ਬੈਠਾ ਆਣਕੇ। ਆਾਟਾ ਮੰਗਦਾ ਆਪਣੇ ਟੱਬਰ ਲਈ ਸਾਡੇ ਟੱਬਰ ਲਈ ਅਸੀਸਾਂ ਵੰਡਦਾ ਨਿੱਕਾ ਜਿਹਾ ਸੁਰਵੰਤਾ ਵਕਤ। ਅਜੇ ਵੀ ਮੇਰੇ ਨਾਲ ਨਾਲ ਤੁਰਦੀਆਂ ਨੇ ਉਹਦੀਆਂ ਪ੍ਰਭਾਤੀਆਂ ਸਾਢੇ ਤਿੰਨ ਹੱਥ ਧਰਤੀ ਬਹੁਤੀਆਂ ਜਾਗੀਰਾਂ ਵਾਲਿਆ। ਕੰਮ ਕਰ ਲੈ ਨਿਮਾਣੀਏ ਜਿੰਦੇ, ਸੁੱਤਿਆਂ ਨਾ ਦਿਨ ਚੜ੍ਹਨਾ। ਵੇਖ ਤੁਰ ਪਏ ਹਲਾਂ ਨੂੰ ਹਾਲੀ, ਜਿੰਦੇ ਤੂੰ ਘੁਰਾੜੇ ਮਾਰਦੀ। ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ। ਪਰਤਦਾ ਤਾਂ ਲੱਗਦਾ ਪਿੰਡੋਂ ਰੂਹ ਚਲੀ ਗਈ ਹੈ ਸੁਰਮੰਡਲ ਸਮੇਟ ਕੇ। ਨਾਲ ਹੀ ਲੈ ਗਿਆ ਹੈ ਬਾਵਾ ਗਿਰ ਸੁਰ ਲਹਿਰੀਆਂ। ਕਿਤਾਬਾਂ ਚ ਬੜਾ ਲੱਭਿਐ ਪੂਰੀ ਉਮਰ ਉਹ ਕੌਣ ਸੀ ਤੁਰਦੇ ਫਿਰਦੇ ਵਿਸਮਾਦ ਨਾਦ ਜਿਹਾ ਹੱਡ ਮਾਸ ਦਾ ਪੁਤਲਾ ਜਿਹਾ। ਆਟੇ ਦੀ ਲੱਪ ਬਦਲੇ ਗਲੀ ਗਲੀ ਫਿਰਦਾ ਸਮੂਲਚਾ ਰੱਬ। ਬਹੁਤ ਬਾਦ ਚ ਪਤਾ ਲੱਗਿਆ ਰੱਬ ਬੜੀ ਸ਼ੈਅ ਹੈ ਕਦੇ ਛਿਪ ਜਾਂਦਾ ਹੈ ਮਰਦਾਨੇ ਦੀ ਰਬਾਬ ‘ਚ ਬਾਣੀ ਦੇ ਅੰਗ ਸੰਗ ਤੁਰਨ ਲਈ। ਪੈਰੀਂ ਘੁੰਗਰੂ ਬੰਨ੍ਹ ਕੇ ਬਣ ਜਾਂਦਾ ਹੈ ਬੁੱਲ੍ਹਾ ਇਸ਼ਕ ਚ ਨੱਚਦਾ ਕਰਦਾ ਥੱਈਆ ਥੱਈਆ। ਤੂੰਬੇ ਦੀ ਤੂੰਬੀ ਬਣਾ ਬਣ ਜਾਂਦਾ ਹੈ ਯਮਲਾ ਜੱਟ। ਵਜਦ ਚ ਗਾਉਂਦਾ ਹੋ ਜਾਂਦਾ ਹੈ ਸਾਈਂ ਦੀਵਾਨਾ, ਸਾਈਂ ਮੁਸ਼ਤਾਕ, ਸਾਈਂ ਜ਼ਹੂਰ, ਮੇਰਾ ਹਜ਼ੂਰ। ਤੂੰਬਾ ਬੁੜ੍ਹਕਦਾ ਹੈ ਘੁਲ ਜਾਂਦਾ ਹੈ ਸਾਹਾਂ ਚ ਇਸ਼ਕ ਅੱਲ੍ਹਾ ਚੰਬੇ ਦੀ ਬੂਟੀ ਬਣ ਕਣ ਕਣ ਸਰੂਰਦਾ। ਘੜਾ ਵੱਜਦਾ, ਕਿੰਗ ਵੱਜਦੀ, ਤੂੰ ਤੂੰਬਾ ਵੱਜਦਾ ਸੁਣ ਜਿੰਦੜੀ ਇਹ ਦੁਨੀਆ ਬਾਗ ਬਹਿਸ਼ਤੀ ਏ, ਹਰ ਰੰਗ ਦੇ ਫੁੱਲ ਤੂੰ ਚੁਣ ਜਿੰਦੜੀ। ਹੁਣ ਪਤਾ ਲੱਗੈ ਕਿ ਸਾਈਂ ਲੋਕ ਮੈਨੂੰ ਕਿਉਂ ਚੰਗੇ ਲੱਗਦੇ? ਇਹ ਕਿਤਾਬਾਂ ਦੇ ਗੁਲਾਮ ਨਹੀਂ ਧਰਤੀ ਕਾਗਦੁ ਬਣਾਉਂਦੇ ਸੁਰਾਂ ਨਾਲ ਅੰਬਰ ਤੇ ਇਬਾਰਤ ਲਿਖਦੇ ਰਮਤੇ ਜੋਗੀ। ਸਾਗਰ ਜਿੱਡੇ ਜੇਰੇ ਤੋੜਨ ਬੰਧਨ ਘੇਰੇ। ਸਾਈਂ ਲੋਕ ਗਾਉਂਦੇ ਤਾਂ ਹੀ ਜਾਪਦੇ ਨੇ ਗਲੀਆਂ 'ਚ ਤੁਰਦੇ ਫਿਰਦੇ ਰੱਬ। *** ਕਦੇ ਬਣ ਜਾਂਦਾ ਹੈ ਚਿਮਟੇ ਵਾਲਾ ਆਲਮ ਲੋਹਾਰ।

ਕਾਲਾ ਟਿੱਕਾ

ਉਨ੍ਹਾਂ ਦੇ ਮੱਥਿਆਂ ਚ ਵਿਹੁ ਭਿੱਜੇ ਤ੍ਰਿਸ਼ੂਲ ਸੀ। ਹੱਥਾਂ ਵਿੱਚ ਨੇਜ਼ੇ ਚਾਕੂ ਕਿਰਚਾਂ ਤੇ ਬਰਛੇ ਦਿਲ ਵਿੱਚ ਜ਼ਹਿਰ ਦਾ ਬੂਟਾ ਸੀ। ਵਿਸ਼ਵ ਵਿਦਿਆਲੇ ਦੀਆਂ ਕੰਧਾਂ ਟੱਪ ਕੇ ਨਹੀਂ ਮਹਿਮਾਨਾਂ ਵਾਂਗ ਆਏ ਸੱਦੇ ਬੁਲਾਏ ਨਕਾਬਪੋਸ਼। ਉਹ ਪੜ੍ਹਨ ਪੜ੍ਹਾਉਣ ਵਾਲੇ ਕਿਤਾਬਾਂ ਲਿਖਣ ਲਿਖਾਉਣ ਵਾਲੇ ਦਿਸ਼ਾ ਦੱਸਣ ਦਸਾਉਣ ਵਾਲੇ ਜਗਦੇ ਚਿਰਾਗਾਂ ਤੇ ਝਪਟੇ। ਰਾਤ ਨੇ ਇਹ ਤਾਂਡਵ ਅੱਖੀਂ ਵੇਖਿਆ ਫਿਰ ਲਹੂ ਲੁਹਾਣ ਚੰਦ ਸੀ ਤਾਰਿਆਂ ਦੀ ਅੱਖ ਬੰਦ ਸੀ ਸਵੇਰ ਘਸਮੈਲੀ ਜਹੀ ਸੂਰਜ ਚੜ੍ਹਿਆ ਸ਼ਰਮਸਾਰ। ਦਿਨ ਦੇ ਮੱਥੇ ਕਾਲਾ ਟਿੱਕਾ ਵੇਖ ਕੇ। ਅੱਜ ਕਿਤਾਬਾਂ ਉਦਾਸ ਨੇ ਅੱਖਰ ਡੁਸਕਦੇ ਜ਼ਖ਼ਮੀ ਮੱਥਿਆਂ ਤੇ ਪੱਟੀਆਂ ਹਨ ਤੇ ਇਸ ਮਾਹੌਲ ਵਿੱਚ ਲੁਕਦੀ ਫਿਰਦੀ ਹੈ ਮੇਰੀ ਕਵਿਤਾ ਸ਼ਬਦਾਂ ਉਹਲੇ। ਬੇਬਸ ਪਰਿੰਦੇ ਵਾਂਗ ਖੰਭ ਫੜਫੜਾਉਂਦੀ ਲੱਭਦੀ ਫਿਰੇ ਹਮਨਸਲ ਉਡਾਰ ਪਰ ਉਹ ਆਰ ਨਾ ਪਾਰ ਕਿੱਧਰ ਤੁਰ ਗਏ ਪੌਣ ਸਵਾਰ। ਇਹ ਤਾਂ ਫਿਲਮ ਦਾ ਟਰੇਲਰ ਹੈ। ਪੂਰੀ ਫਿਲਮ ਨੇੜ ਭਵਿੱਖ 'ਚ ਦੇਖ ਸਕੋਗੇ।

ਥੋੜੇ ਜਹੇ ਪੈਸਿਆਂ ਵਿੱਚ

ਥੋੜੇ ਜਹੇ ਪੈਸਿਆਂ ਵਿੱਚ ਬਹੁਤ ਕੁਝ ਮਿਲਦਾ ਹੈ ਆਵਾਜ਼ ਪਰਵਾਜ਼ ਤੇ ਅੰਦਾਜ਼। ਪੈਰਾਂ ਤੇ ਮਿੱਟੀ ਥੱਪ ਕੇ ਕੱਚਾ ਘਰ ਬਣਾ ਸਕਦੇ ਹੋ ਨਿੱਕੀ ਜਹੀ ਸ਼ਹਿਨਸ਼ਾਹੀ ਲਈ ਕਾਨਿਆਂ ਦਾ ਦਰਬਾਨ ਖੜ੍ਹਾ ਕਰ ਸਕਦੇ ਹੋ। ਘਾਹ ਦੀਆਂ ਤਿੜਾਂ ਦੇ ਕੋਕਲੇ ਛੱਲੇ ਮੁੰਦੀਆਂ ਤੇ ਹੋਰ ਗਹਿਣਾ ਗੱਟਾ ਮਹਿਬੂਬ ਲਈ ਬਿਨਾ ਨਾਪ ਬਣਾ ਸਕਦੇ ਹੋ। ਇਸ ਉਮਰੇ ਥੁੜਾਂ ਮਾਰੇ ਘਰਾਂ ਦੇ ਧੀਆਂ ਪੁੱਤਰਾਂ ਦਾ ਨਾਪ ਕੌਣ ਜਾਣਦਾ ਹੈ। ਲੀਰਾਂ ਦੇ ਖਿੱਦੋ ਤੇ ਚਾਵਾਂ ਦੀਆਂ ਪਿੜੀਆਂ ਵੱਡੀ ਭੈਣ ਤੋਂ ਪੁਆਓ। ਵਜਦ ਵਿੱਚ ਆ ਕੇ ਹੇਕ ਲਾ ਸਕਦੇ ਹੋ। ਥਾਲੀ ਨੂੰ ਸਾਜ਼ ਬਣਾ ਸਕਦੇ ਹੋ। ਸੁਰ ਤੇ ਤਾਲ ਨਾਲ ਅੰਬਰ ਗਾਹੁੰਦਿਆਂ ਖ਼ਾਬਾਂ ਜਹੇ ਤਾਰੇ ਤੋੜ ਸਕਦੇ ਹੋ। ਸੁਪਨ ਸ਼ਹਿਜ਼ਾਦੀ ਦੇ ਵਾਲਾਂ ਚ ਟੁੰਗ ਸਕਦੇ ਹੋ ਕਹਿਕਸ਼ਾਂ। ਮੱਥੇ ਤੇ ਚੰਨ ਦਾ ਟਿੱਕਾ ਟਿਕਾ ਸਕਦੇ ਹੋ, ਥੋੜੇ ਜਹੇ ਪੈਸਿਆਂ ਵਿੱਚ। ਰਾਤ ਨੂੰ ਸੌਣ ਲੱਗਿਆਂ ਤਾਰੇ ਗਿਣ ਸਕਦੇ ਹੋ। ਰੀਝਾਂ ਨੂੰ ਕਹਿ ਸਕਦੇ ਹੋ ਜਾਗਦੀਆਂ ਰਹਿਣਾ, ਮੈਂ ਸੌਣ ਲੱਗਿਆਂ। ਸਵੇਰੇ ਫਿਰ ਮਿਲਾਂਗੇ ਸੂਰਜ ਟਿੱਕੀ ਚੜ੍ਹਦਿਆਂ। ਕਿਰਨਾਂ ਦਾ ਝੁਰਮਟ ਥੋੜੇ ਜਹੇ ਪੈਸਿਆਂ ਵਿੱਚ ਬਹੁਤ ਕੁਝ ਖ਼ਰੀਦ ਸਕਦੇ ਹੋ। ਜੇ ਕੋਲ ਕੁਝ ਵੀ ਨਹੀਂ ਤਾਂ ਕੰਧ ਤੇ ਲੀਕਾਂ ਵਾਹ ਔਂਸੀਆਂ ਪਾ ਸਕਦੇ ਹੋ ਭਲੇ ਵਕਤਾਂ ਦੀ ਉਡੀਕ ਵਿੱਚ। ਆਪਣੀ ਛਾਵੇਂ ਤੁਰ ਸਕਦੇ ਹੋ ਕਿਸੇ ਦਾ ਪਰਛਾਵਾਂ ਬਣੇ ਬਗੈਰ। ਮਨਭਾਉਂਦੀ ਤਸਵੀਰ ਨਾਲ ਗੁਫ਼ਤਗੂ ਕਰ ਸਕਦੇ ਹੋ। ਬਿਨ ਬੁਲਾਏ ਹੁੰਗਾਰਾ ਭਰ ਸਕਦੇ ਹੋ। ਵਗਦੀ ਪੌਣ ਨੂੰ ਸੁਨੇਹਾ ਦੇ ਸਕਦੇ ਹੋ। ਹਾਉਕਾ ਕਾਸਦ ਬਣਾ ਸਕਦੇ ਹੋ। ਪੌਣ ਦੇ ਲੱਕ ਨੂੰ ਤੜਾਗੀ ਬੰਨ੍ਹ ਸਕਦੇ ਹੋ। ਸੁਪਨਿਆਂ ਨੂੰ ਰੰਗਾਂ ਵਿੱਚ ਬਦਲ ਸਕਦੇ ਹੋ। ਸਿਆਲੀ ਧੁੱਪ ਨੂੰ ਮਾਣ ਸਕਦੇ ਹੋ ਸੱਖਣਾ ਪੇਟ ਵਜਾ ਸਕਦੇ ਹੋ ਸਾਜ਼ ਵਾਂਗ ਸੁਰ ਕਰ ਸਕਦੇ ਹੋ ਮਨ ਬਚਨ ਤੇ ਕਰਮ ਪੈਦਲ ਤੁਰਦਿਆਂ ਘਾਹ ਤੇ ਪਏ ਤਰੇਲ ਮੋਤੀ ਚੁਗ ਸਕਦੇ ਹੋ। ਚਿੜੀਆਂ ਦੀ ਚਹਿਚਹਾਟ ਵਿੱਚੋਂ ਭੁੱਖ ਦੇ ਗੀਤ ਦੀ ਤਰਜ਼ ਲੱਭ ਸਕਦੇ ਹੋ। ਰਾਹ ਵਿੱਚ ਕਿਸੇ ਦਾਨਵੀਰ ਵੱਲੋਂ ਲੁਆਈ ਹਲਟੀ ਗੇੜ ਸਕਦੇ ਹੋ। ਛੋਲੇ ਚੱਬਦਿਆਂ ਨਿਸਾਰ ਚੋਂ ਬੁੱਕ ਨਾਲ ਪਾਣੀ ਪੀ ਸਕਦੇ ਹੋ। ਸ਼ਰੀਂਹ ਦੀ ਛਾਵੇਂ ਸੌਣ ਦੀ ਥਾਂ ਜਾਗਦਿਆਂ ਵਿਰਲਾਂ ਥਾਣੀਂ ਰੋਟੀ ਦੇ ਗੋਲ ਪਹੀਏ ਜਿਹਾ ਰਿੜ੍ਹਦਾ ਸੂਰਜ ਵੇਖ ਸਕਦੇ ਹੋ। ਇਸ ਦੇ ਸੁਰਖ਼ ਰੰਗ ਨੂੰ ਸੁਪਨਿਆਂ ਚ ਭਰ ਸਕਦੇ ਹੋ। ਥੋੜੇ ਜਿਹੇ ਪੈਸਿਆਂ ਵਿੱਚ। ਪਿੰਡ ਚ ਕਿਸੇ ਦੇ ਵਿਆਹ ਚ ਵੱਜਦੇ ਸਪੀਕਰ ਤੋਂ ਗੀਤ ਸੁਣਦਿਆਂ ਕਲਪਿਤ ਪਰੀਲੋਕ ਵਿੱਚ ਜਾ ਸਕਦੇ ਹੋ। ਗੀਤਾਂ ਵਾਲੀ ਕੁੜੀ ਨੂੰ ਬਿਸਤਰੇ ਚ ਪਏ ਪਏ ਹੁੰਗਾਰਾ ਭਰ ਸਕਦੇ ਹੋ। ਉਸ ਨਾਲ ਗੱਲਾਂ ਕਰਦਿਆਂ ਚੂੜੇ ਦੀ ਛਣਕਾਰ ਮਹਿਸੂਸ ਕਰ ਸਕਦੇ ਹੋ। ਥੋੜੇ ਜਹੇ ਪੈਸਿਆਂ ਵਿੱਚ। ਮਹਿੰਗਾ ਹੋ ਗਿਆ ਹੈ ਬਾਜ਼ਾਰ ਆਪਣਾ ਸੰਸਾਰ ਆਪ ਘੜੋ। ਆਪਸ ਚ ਨਹੀਂ ਮਹਿੰਗੇ ਬਾਜ਼ਾਰ ਨਾਲ ਲੜੋ। ਨੰਗੇ ਧੜ ਹੋਰ ਕੁਝ ਨਹੀਂ ਤਾਂ ਕਚੀਚੀ ਵੱਟੀ ਜਾ ਸਕਦੀ ਹੈ। ਕੂੜ ਦੀ ਦੁਕਾਨ ਤੋਂ ਸੌਦਾ ਖ਼ਰੀਦਣੋਂ ਮਨ ਮੋੜਿਆ ਜਾ ਸਕਦਾ ਹੈ। ਲਾਰਿਆਂ ਤੇ ਨਾਅਰਿਆਂ ਵਿੱਚ ਖੋਟ ਪਰਖੀ ਜਾ ਸਕਦੀ ਹੈ । ਹਵਾਈ ਕਿਲਿਆਂ ਦੀਆਂ ਨੀਹਾਂ ਫੋਲੀਆਂ ਜਾ ਸਕਦੀਆਂ ਹਨ ਥੋੜੇ ਜਹੇ ਪੈਸਿਆਂ ਵਿੱਚ। ਦਰਦਾਂ ਦੇ ਸੰਗੀ ਸਾਥੀ ਨੂੰ ਗਲਵੱਕੜੀ ਪਾ ਸਕਦੇ ਹੋ। ਮੀਂਹ ਵਿੱਚ ਨਹਾਉਂਦਿਆਂ ਮੇਘ ਮਲਹਾਰ ਗਾ ਸਕਦੇ ਹੋ। ਪਾਟੀਆਂ ਬਿਆਈਆਂ ਵਾਲੇ ਪੈਰਾਂ ਚ ਚਾਵਾਂ ਦੀ ਝਾਂਜਰ ਪਾ ਮਨ ਦੇ ਬਾਗ ਵਿੱਚ ਮੋਰ ਨਚਾ ਸਕਦੇ ਹੋ। ਬਹੁਤ ਕੁਝ ਕਰ ਸਕਦੇ ਹੋ ਥੋੜੇ ਜਹੇ ਪੈਸਿਆਂ ਵਿੱਚ। ਢੇਰੀ ਢਾਹ ਕੇ ਬੈਠਿਆਂ ਰਾਤ ਖਾ ਜਾਂਦੀ ਹੈ ਸਾਲਮ ਸਬੂਤਾ ਵਜੂਦ। ਪੀ ਜਾਂਦੀ ਹੈ ਪਤਾਸਿਆਂ ਵਾਂਗ ਖ਼ੋਰ ਖ਼ੋਰ ਕੇ ਕਿਲਕਾਰੀਆਂ। ਕਰ ਦੇਂਦੀ ਹੈ ਧੁੱਪਾਂ ਘਸਮੈਲੀਆਂ। ਝਾੜ ਦੇਂਦੀ ਹੈ ਰੁੱਖਾਂ ਦਾ ਪਤਰਾਲ ਛਾਵਾਂ ਤੇਤਰੀਆਂ ਮੇਤਰੀਆਂ ਕਰ ਦਿੰਦੀ ਹੈ ਸੱਤਾਵਾਨ ਹਨ੍ਹੇਰੀ। ਆਪਣਾ ਆਪ ਇਕੱਠਾ ਕਰੋ। ਤੀਲਾ ਤੀਲਾ ਜੋੜੋ ਇਕੱਠੇ ਜੀਵੋ ਇਕੱਠੇ ਮਰੋ ਥੋੜੇ ਜਹੇ ਪੈਸਿਆਂ ਵਿਚ ਜ਼ਮੀਰ ਨਾ ਵਿਕਣ ਦਿਉ ।

ਅੱਕ ਦਾ ਫੁੱਲ ਕਹੇ

ਧਰਤੀ ਔੜ ਜਰੇ ਤਾਂ ਅੱਕ ਦਾ ਫੁੱਲ ਖਿੜਦਾ ਹੈ। ਬਿਨ ਬੋਲੇ ਤੋਂ ਪੁੱਛਦਾ ਏਦਾਂ, ਦੱਸ ਨੀ ਮਾਏ! ਜਿੰਨ੍ਹਾਂ ਨੂੰ ਤੂੰ ਨੀਰ ਚੁੰਘਾਇਆ, ਪਾਲ ਪੋਸ ਕੇ ਵੱਡਿਆਂ ਕੀਤਾ, ਹੁਣ ਕਿੱਥੇ ਨੇ? ਮੁਰਝਾਏ, ਸਿਰ ਸੁੱਟ ਕੇ ਬੈਠੇ। ਫ਼ਿਕਰ ਕਰੀਂ ਨਾ, ਤੇਰੇ ਨਾਲ ਨਿਭਾਂਗੇ, ਜਦ ਤੱਕ ਥੁੜਿਆਂ ਟੁੱਟਿਆਂ ਵਾਂਗੂੰ ਸਾਡੀ ਜੜ੍ਹ ਜੀਂਦੀ ਹੈ।

ਅੰਨ੍ਹਾ ਖ਼ੂਹ

ਹੁਣੇ ਹੁਣੇ ਇੱਕ ਮਹਿਕ ਦਾ ਬੁੱਲਾ ਮੈਨੂੰ ਖਹਿ ਕੇ ਲੰਘ ਗਿਆ ਹੈ। ਮੂੰਹ ਨੱਕ ਪੱਟੀ, ਅੱਖੀਂ ਐਨਕ ਕਿਹੜਾ ਮੌਸਮ ਘੇਰੀ ਬੈਠਾ, ਖ਼ੁਸ਼ਬੂ ਜਿਵੇ ਬੇਗਾਨੀ ਕੋਈ। ਨਾ ਮਾਨਣ ਨਾ ਜਾਨਣ ਦਾ ਅਹਿਸਾਸ ਜਾਗਦਾ। ਤਨ ਮਨ ਪੱਥਰ ਹੋ ਚੱਲਿਆ ਹੈ। ਸਹਿਮ ਦਿਆਂ ਪਰਛਾਵਿਆਂ ਥੱਲੇ ਆਉਂਦੇ ਜਾਂਦੇ ਸਾਹ ਵੀ ਡਰਦੇ ਵਾਇਰਸ ਗੁੱਝੀ ਮਾਰ ਮਾਰ ਕੇ ਸਗਲ ਸ੍ਰਿਸ਼ਟੀ ਡੱਸ ਰਿਹਾ ਹੈ। ਤਾਂਡਵ ਨਾਚ ਨਚੇਰਾ ਕਿੱਦਾਂ ਦੰਦ ਚਿੜਾ ਕੇ ਹੱਸ ਰਿਹਾ ਹੈ। ਆਖ ਰਿਹਾ ਹੈ ਜਾਹ ਉਇ ਬੰਦਿਆ! ਭਰਮ ਜਾਲ ਦੌਲਤ ਵਿੱਚ ਡੁੱਲ੍ਹਿਆ। ਤੈਨੂੰ ਸੀ ਬਲਿਹਾਰੀ ਭੁੱਲਿਆ। ਕਾਦਰ ਦੀ ਕੁਦਰਤ ਤੇ ਆਰੇ ਬਿਰਖਾਂ ਦੀ ਅੱਖ ਅੱਥਰੂ ਖਾਰੇ ਮਣ ਮਣ ਭਾਰੇ ਕਦੇ ਨਾ ਵੇਖੇ। ਰਾਤ ਦਿਨੇ ਮਾਇਆ ਵਿੱਚ ਫਾਥਾ, ਕਰਦਾ ਰਿਹਾ ਅਜਬ ਹੀ ਲੇਖੇ। ਭੁੱਲਿਆ ਇਹ ਵਿਸ਼ਵਾਸ ਕਿ ਤੇਰਾ ਮੇਰਾ ਸਭ ਦਾ ਸਾਂਝਾ ਸਾਈਂ ਸਭ ਕੁਝ ਵੇਖੇ। ਅੱਜ ਤੇਰੇ ਭਗਵਾਨ ਤੇਰੇ ਲਈ ਮੰਦਰ ਮਸਜਿਦ ਤੇ ਗੁਰਦੁਆਰੇ ਬੂਹੇ ਬੰਦ ਨੇ ਕੀਤੇ ਸਾਰੇ। ਫੜਦਾ ਫਿਰੇ ਆਪਣੇ ਪਰਛਾਵੇਂ। ਕਿੱਥੋਂ ਤੁਰ ਕੇ ਕਿੱਧਰ ਜਾਵੇ ? ਆਪੇ ਆਪਣੇ ਲੇਖ ਮਿਟਾਵੇਂ। ਤੂੰ ਸਮਝੇਂ ਨਾ ਸਮਝੇਂ ਭਾਵੇਂ, ਰੱਬ ਤੈਨੂੰ ਇਹ ਆਖ ਰਿਹਾ ਹੈ! ਜਦ ਤੀਕਰ ਬੰਦਾ ਨਹੀਂ ਬਣਦਾ ਤੂੰ ਮੇਰੇ ਮੱਥੇ ਨਾ ਲੱਗੀਂ। ਇਸ ਤੋਂ ਵੱਧ ਸਰਾਪ ਨਾ ਕੋਈ! ਬਾਬਲ ਆਖੇ! ਘਰ ਨਾ ਆਵੀਂ। ਮਾਂ ਦੀ ਬੁੱਕਲ ਬਹਿ ਨਹੀਂ ਸਕਦਾ। ਗੁਰ ਆਪਣੇ ਨੂੰ ਬੰਧਪ ਭਰਾਤਾ ਕਹਿ ਨਹੀਂ ਸਕਦਾ। ਦਰਦ ਵਿਛੋੜਾ ਸਹਿ ਨਹੀਂ ਸਕਦਾ। ਕਿਸ ਨੂੰ ਦਰਦ ਸੁਣਾਵਾਂ! ਕਿੱਥੇ? ਸੱਚ ਪੁੱਛੋ ਤਾਂ , ਸ਼ਰਮਸਾਰ ਹਾਂ। ਆਪਣੇ ਮਨ ਦੇ ਸ਼ੀਸ਼ੇ ਬਾਝੋਂ, ਹੋਰ ਕਿਸੇ ਨੂੰ ਕਹਿ ਨਹੀਂ ਸਕਦਾ! ਆਪਣਿਆਂ ਨੂੰ ਕੋਲ ਬੁਲਾ ਕੇ ਦੁਖ ਸੁਖ ਕੁਝ ਵੀ ਦੱਸ ਨਹੀਂ ਸਕਦਾ। ਰੋ ਨਹੀਂ ਸਕਦਾ,ਹੱਸ ਨਾ ਸਕਦਾ ਗਲਵੱਕੜੀ ਵਿੱਚ ਕੱਸ ਨਹੀਂ ਸਕਦਾ। ਅਜਬ ਚਰਖ਼ੜੀ ਪਿੰਜਦੀ ਰੂਹ ਹੈ। ਟਿੰਡਾਂ ਭਰ ਭਰ ਆਉਂਦੇ ਅੱਥਰੂ ਜ਼ਿੰਦਗੀ ਬਣ ਗਈ ਅੰਨ੍ਹਾ ਖੂਹ ਹੈ। ਇਸ ਦੀ ਹਾਥ ਪਵੇ ਨਾ ਮੈਥੋਂ। ਕਿੰਨਾ ਜ਼ਹਿਰੀ ਪਾਣੀ ਹਾਲੇ, ਅੱਖੀਆਂ ਅੰਦਰੋਂ ਸਿੰਮਣਾ ਬਾਕੀ। ਕਿੱਦਾਂ ,ਕਿੱਥੇ ਚੜ੍ਹ ਕੇ ,ਖੋਲ੍ਹਾਂ, ਮਨ ਮੰਦਰ ਦੀ ਕਿਹੜੀ ਤਾਕੀ। ਸਭ ਦਰਵਾਜ਼ੇ ਜਾਮ ਪਏ ਨੇ। ਆਸ ਉਮੀਦ ਦੀ ਸੂਹੀ ਕੰਨੀ ਜਗਦੀ ਮਘਦੀ ਦਏ ਸੁਨੇਹੜਾ। ਡੋਲੀਂ ਨਾ ਘਬਰਾਈਂ ਵੀਰਾ। ਚਿੰਤਾ ਚਿਖ਼ਾ ਤਬਾਹ ਕਰਦੀ ਹੈ। ਸਾਰੇ ਖ਼੍ਵਾਬ ਸੁਆਹ ਕਰਦੀ ਹੈ। ਅੰਨ੍ਹੇ ਖੂਹ ਦਾ ਖ਼ਾਰਾ ਪਾਣੀ ਰੀਝਾਂ ਦੀ ਪੈਲੀ ਨਾ ਲਾਵੀਂ ਖ਼ੁਦ ਸਮਝੀ, ਕੁੱਲ ਜੱਗ ਸਮਝਾਵੀਂ ਤੇਜ਼ ਤੁਰਦਿਆਂ ਬੰਦਾ ਅਕਸਰ ਆਪਣਾ ਅਸਲਾ ਭੁੱਲ ਜਾਂਦਾ ਹੈ। ਦੌਲਤ ,ਸ਼ੋਹਰਤ, ਕੁਰਸੀ ਨਿਕਸੁਕ ਨਿੱਕੀਆਂ ਗਰਜ਼ਾਂ ਪਿੱਛੇ ਅਕਸਰ ਵੇਖਦਿਆਂ ਹੀ ਡੁੱਲ ਜਾਂਦਾ ਹੈ। ਸਹਿਜ ਤੋਰ , ਸੰਤੋਖੀ ਜੀਵਨ ਘੁੰਮਣ ਘੇਰ ‘ਚੋਂ ਕੱਢ ਸਕਦਾ ਹੈ। ਸਭ ਧਰਤੀ ਦੇ ਜਾਏ ਜੇਕਰ ਸਰਮਾਏ ਦੀ ਚਾਲ ਸਮਝ ਕੇ ਚੂਹੇ ਦੌੜ ‘ਚੋਂ ਬਾਹਰ ਨਿਕਲ ਕੇ, ਧਰਮ ,ਜ਼ਾਤ ਗੋਤਾਂ ਦੀ ਤਖ਼ਤੀ ਗਲ਼ ‘ਚੋਂ ਲਾਹ ਕੇ ਸਰਬੱਤ ਬਣ ਕੇ ਸਰਬੱਤ ਦੇ ਲਈ ਚਿੰਤਾ ਛੱਡ ,ਚਿੰਤਨ ਦਾ ਪੱਲਾ, ਪਕੜ ਲਵੇ ਤਾਂ, ਹਰ ਇਕ ਵਾਇਰਸ ਸਾਡਾ ਪਿੱਛਾ ਛੱਡ ਸਕਦਾ ਹੈ। ਰਲ ਮਿਲ ਕੇ ਹੀ ਜੂੜ ਏਸ ਦਾ ਵੱਢ ਸਕਦਾ ਹੈ।

ਮੈਂ ਉਸਨੂੰ ਪੁੱਛਿਆ

ਮੈਂ ਉਸਨੂੰ ਪੁੱਛਿਆ? ਤੂੰ ਕਦੇ ਦਰਿਆ ਵਗਦਾ ਵੇਖਿਆ ਹੈ। ਉਸ ਸਤਲੁਜ ਦਾ ਨਾਮ ਲਿਆ ਕਿੱਥੇ ਵੇਖਿਆ? ਉਸ ਕਿਹਾ ਪਹਾੜੋਂ ਉੱਤਰਦਾ। ਮੈਂ ਕਿਹਾ! ਏਨਾ ਵੇਗਮੱਤਾ ਦਰਿਆ? ਨਾ ਵੇਖਿਆ ਕਰ! ਬੰਦਾ ਖੂੰਖ਼ਾਰ ਹੋ ਜਾਂਦਾ ਹੈ। ਕਦੇ ਰਾਵੀ ਵੇਖੀਂ ਡੇਰਾ ਬਾਬਾ ਨਾਨਕ ਕੋਲ ਲਹਿਰ ਲਹਿਰ ਤੁਰਦੀ ਸ਼ਾਂਤ ਅਡੋਲ ਛਾਹ ਵੇਲਾ ਲੈ ਕੇ ਪੈਲੀਆਂ ਨੂੰ ਜਾਂਦੀ ਮੁਟਿਆਰ ਵਾਂਗ ਠੁਮਕ ਠੁਮਕ ਤੁਰਦੀ। ਪੌਣਾਂ ਨੂੰ ਗੀਤ ਸੁਣਾਉਂਦੀ ਰੂਹ ਸਿੰਜਦੀ, ਮੁਸਕਰਾਉਂਦੀ। ਅਛੋਪਲੇ ਸਰਹੱਦ ਪਾਰ ਕਰਦੀ ਕਰਤਾਰਪੁਰ ਸਾਹਿਬ ਮੱਥਾ ਟੇਕਦੀ ਫਿਰ ਮੁੜ ਆਉਂਦੀ ਰਮਦਾਸ ਕੋਲ ਬਾਬਾ ਬੁੱਢਾ ਜੀ ਦੇ ਚਰਨ ਪਰਸ ਫਿਰ ਤੁਰ ਜਾਂਦੀ ਡੇਰਾ ਸਾਹਿਬ ਲਾਹੌਰ ਇੰਜ ਲੱਗਦਾ ਤੀਰਥ ਕਰਦੀ ਫਿਰਦੀ ਹੈ ਐਰਾਵਤੀ ਨਦੀ। ਮੈਂ ਪੁੱਛਿਆ? ਤੂੰ ਕਦੇ ਕੋਠੇ ਤੇ ਸੁਕਣੇ ਪਏ ਦਾਣਿਆਂ ਦੀ ਰਾਖੀ ਬੈਠੀ ਏਂ? ਦੁਸਾਂਘੜ ਫਸਾ ਕੇ ਮੰਜੇ ਦੀ ਛਾਵੇਂ। ਉਸ ਕਿਹਾ! ਹਾਂ! ਨਿੱਕੇ ਹੁੰਦਿਆਂ ਬਹੁਤ ਵਾਰ। ਫਿਰ ਤੂੰ ਕਣਕ ਦੇ ਦਾਣਿਆਂ ਤੇ ਜੰਜ਼ੀਰੀ ਟੁੱਕਦੀ ਘੁੱਗੀ ਵੇਖੀ ਸੀ। ਉਸ ਕਿਹਾ? ਤੈਨੂੰ ਕਿਹੋ ਜਹੀ ਲੱਗਦੀ ਸੀ? ਮੈਂ ਕਿਹਾ, ਤੇਰੇ ਵਾਂਗ ਪੋਲਾ ਪੋਲਾ ਹੱਸਦੀ। ਪੋਟਿਆਂ ਨਾਲ ਸੇਵੀਆਂ ਵੱਟਦੀ ਮਾਂ ਵਾਂਗ ਮੂੰਹ ਸਵਾਦ ਸਵਾਦ ਹੋ ਜਾਂਦੈ ਯਾਦ ਕਰਕੇ। ਮੈਂ ਉਸ ਨਾਲ ਬਹੁਤ ਗੱਲਾਂ ਕੀਤੀਆਂ। ਇਹ ਵੀ ਕਿ ਮੇਰੀ ਵੱਡੀ ਭੈਣ ਨੇ ਜਦ ਚੁੱਲ੍ਹੇ ਮੁੱਢ ਪਈ ਸਵਾਹ ਵਿਛਾ ਮੇਰੇ ਲਈ ਊੜਾ ਵਾਹਿਆ ਸੱਚੀਂ ਉਸ ਵਰਗਾ ਵਿਸਮਾਦ ਰੂਹ ਨੂੰ ਕਦੇ ਨਹੀਂ ਆਇਆ। ਉਹੀ ਊੜਾ ਤੋਰੀ ਫਿਰਦਾ ਹੈ ਹੁਣ ਤੀਕ। ਉਸ ਕਿਹਾ! ਤੂੰ ਕਿੱਥੋਂ ਲੈਂਦਾ ਹੈ ਕਵਿਤਾ ਦਾ ਨੀਲਾਂਬਰ ਫੁਲਕਾਰੀ ਵਰਗੀ ਧਰਤੀ ਨੂੰ ਕਿਵੇਂ ਗੀਤਾਂ ’ਚ ਪਰੋ ਲੈਂਦਾ ਹੈ? ਮੈਂ ਕਿਹਾ! ਸਭ ਕੁਝ ਉਧਾਰਾ ਹੈ ਏਧਰੋਂ ਓਧਰੋਂ। ਮੈਂ ਪੁੱਛਿਆ ਤੂੰ ਕਦੇ ਦਰਿਆ ਕੋਲ ਜਾ ਉਸ ਨਾਲ ਗੱਲਾਂ ਕੀਤੀਆਂ? ਉਸ ਕਿਹਾ, ਨਹੀਂ। ਹਰ ਵਾਰ, ਦਰਿਆ ਹੀ ਮੇਰੇ ਕੋਲ ਆਉਂਦਾ ਹੈ। ਬਹੁਤ ਕੁਝ ਸੁਣਾਉਂਦਾ ਹੈ, ਤੇਰੇ ਵਾਂਗ। ਮੈਂ ਧਰਤੀ ਹਾਂ। ਸਿਰਫ਼ ਸੁਣਦੀ ਹਾਂ।

ਕੰਧ ਤੋਂ ਲਿਖਿਆ ਪੜ੍ਹੋ

ਸ਼ਬਦਾਂ ਚ ਜਾਨ ਹੋਵੇ ਤਾਂ ਉਹ ਆਪ ਹੀ ਛਾਲ ਮਾਰ ਕੰਧਾਂ ਤੇ ਜਾ ਚੜ੍ਹਦੇ ਨੇ। ਬਿਨਾ ਪੌੜੀਓਂ ਂ ਜਾ ਬਹਿੰਦੇ ਨੇ ਨੰਗੇ ਧੜ। ਰਾਹਗੀਰਾਂ ਨੂੰ ਆਪੇ ਹੀ ਸੰਦੇਸ਼ੜੇ ਵੰਡੀ ਜਾਂਦੇ ਨੇ। ਅਖੇ! ਵੇ ਜਾਂਦਿਓ ਰਾਹੀਓ। ਸਾਡਾ ਸੁਨੇਹੜਾ ਦੇਣਾ ਆਪਣੇ ਆਪ ਨੂੰ। ਸੁਣਨਾ ਇਕੱਲਿਆਂ ਬਹਿ ਕੇ। ਕਿਤਾਬਾਂ ਦੀ ਗੈਰਹਾਜ਼ਰੀ ਵਿੱਚ ਕਬਰਾਂ ਬਣ ਜਾਂਦਾ ਹੈ ਮਨ। ਧੀਆਂ ਬਗੈਰ ਵੱਟੋ ਵੱਟ ਹੋ ਜਾਂਦਾ ਹੈ ਘਰ ਦਾ ਬੂਹਾ ਚੰਨਾ। ਸੱਖਣੇ ਘਰਾਂ ਵਿੱਚ ਜਾਲੇ। ਕਿਤਾਬਾਂ ਤੇ ਧੀਆਂ ਵਾਲੇ ਘਰ ਸੁਲੱਖਣੇ ਭਾਗਾਂ ਵਾਲੇ। ਸ਼ਬਦਾਂ ਦੀਆਂ ਘੁੱਗੀਆਂ ਬਗੈਰ ਮਰ ਜਾਂਦੀ ਹੈ ਮਾਸੂਮੀਅਤ। ਧੀਆਂ ਬਗੈਰ ਵਿਹੜੇ ਚ ਨਾ ਲੋਰੀਆਂ, ਘੋੜੀਆਂ ਸਿੱਠਣੀਆਂ ਤੇ ਸੁਹਾਗ। ਉੱਜੜ ਜਾਂਦਾ ਹੈ ਮਨ ਦਾ ਬਾਗ। ਬੁਝ ਜਾਂਦੇ ਨੇ ਮਨ ਮੰਦਰ ਦੇ ਚਿਰਾਗ। ਨਾ ਗਿੱਧੇ ਦੀ ਧਮਕ ਨਾ ਰਿਸ਼ਤਿਆਂ ਚ ਚਮਕ ਸਾਰਾ ਕੁਝ ਬਦਰੰਗ ਹੋ ਜਾਂਦਾ ਹੈ ਧੀਆਂ ਬਗੈਰ। ਪੀਂਘ ਤਰਸਦੀ ਹੈ ਸੂਰਜ ਨੂੰ ਹੱਥ ਲਾ ਕੇ ਪਰਤਣ ਵਾਲੀ ਚੰਚਲੋ ਨੂੰ ਬੇਕਰਾਰ। ਕਰਕੇ ਸ਼ਿੰਗਾਰ ਖੜ੍ਹੀ ਬਸੰਤ ਰੁੱਤ ਪੁੱਛਦੀ ਫਿਰਦੀ ਹੈ ਮਹਿਕ ਦਾ ਸਿਰਨਾਵਾਂ ਧੀਆਂ ਬਗੈਰ ਬਹੁਤ ਕੁਝ ਬੇਸੁਆਦਾ ਜਿਹਾ ਪਲਾਸਟਿਕ ਦੇ ਫੁੱਲਾਂ ਜਿਹਾ ਨਿਰਜਿੰਦ ਬੇਜਾਨ। ਕੰਧ ਤੇ ਬੈਠੀ ਕਵਿਤਾ ਨੂੰ ਸੁਣੋ। ਘਰਾਂ ਦਰਾਂ ਨੂੰ ਕਵਿਤਾ ਚਾਹੀਦੀ ਹੈ। ਮਹਿਕਦੇ ਸਵਾਸ ਲਈ ਸੁਰੱਖਿਅਤ ਵਿਸ਼ਵਾਸ ਲਈ। ਅੱਜ ਦੀ ਸਲਾਮਤੀ ਤੇ ਕੱਲ੍ਹ ਦੇ ਇਤਿਹਾਸ ਲਈ। ਕੰਧਾਂ ਬੋਲਦੀਆਂ ਨੇ ਜਦ ਉਦੋਂ ਸੁਣਿਆ ਕਰੋ। ਵਕਤ ਹੁਣ ਘੜੀਆਂ ਚ ਬੈਠਾ ਕਿਸੇ ਦਾ ਗੁਲਾਮ ਨਹੀਂ ਚੌਂਕ ਚ ਆਣ ਬੈਠਾ ਹੈ। ਲਲਕਾਰ ਕੇ ਬੋਲਦਾ ਹੈ ਕਿਤਾਬਾਂ ਤੇ ਕੁੜੀਆਂ ਪਿਆਰੀਏ। ਸੁਪਨੇ ਤੇ ਧੀਆਂ ਕੁੱਖਾਂ ਚ ਨਾ ਮਾਰੀਏ।

ਪੱਕਿਆ ਸੰਧੂਰੀ ਅੰਬ: ਸਾਡਾ ਜਰਨੈਲ ਸਿੰਘ ਸੇਖਾ

ਚਾਰ ਚੁਫ਼ੇਰ ਬਰੇਤਾ ਸੀ ਰਾਤਾਂ ਨੂੰ ਚਮਕਦੇ ਅਬਰਕੀ ਕਣ ਜਿੱਥੇ ਉਹ ਜਨਮਿਆ। ਪੰਜਵਾਂ ਚਿਰਾਗ ਸੀ ਘਰ ਦੇ ਸੁਪਨਿਆਂ ਦੀ ਮਮਟੀ ਤੇ। ਮੱਖਣ ਦਾ ਪਿੰਨਾ ਜਿਹਾ ਨਿਰਾ ਸੰਧੂਰੀ ਅੰਬ ਗਵਾਂਢਣਾਂ ਕਹਿੰਦੀਆਂ ਨੀ ਭੈਣੇ ਜ਼ੁਲਮ ਨਾ ਕਰ। ਇਹਦਾ ਨਾਮ ਜਰਨੈਲ ਨਾ ਰੱਖ ਰਣਭੂਮੀ ਲੱਭਦਾ ਫਿਰੇਗਾ ਨਾਮ ਦੀ ਰਖਵਾਲੀ ਲਈ। ਮਾਂ ਕਿਹਾ, ਵੱਡਾ ਮੱਲ ਹੈ, ਜਰਨੈਲ ਤੋਂ ਘੱਟ ਕੀ ਰੱਖਾਂ? ਪਿੰਡ ਦੇ ਗਿਆਨ ਮੰਦਰ ਚ ਪੰਜ ਪੌੜੀਆਂ ਛਾਲਾਂ ਮਾਰ ਚੜ੍ਹਿਆ ਚਾਚੇ ਕਵੀਸ਼ਰ ਦੇ ਬੋਲਾਂ ਜਿਹਾ ਸੁਹਜਵੰਤਾ ਸੁਰੀਲਾ ਕੰਠ ਗੁਰੂਘਰ ਚ ਸੰਗਤਾਂ ਬਾਲਾ ਜਰਨੈਲ ਉਡੀਕਦੀਆਂ। ਸਾਹਿਬਜ਼ਾਦਿਆਂ ਦਾ ਪਰਸੰਗ ਕਦੇ ਸਰਹਿੰਦ ਦੀਆਂ ਨੀਹਾਂ ਕਦੇ ਚਮਕੌਰ ਦੀ ਗੜ੍ਹੀ ਚ ਵੰਗਾਰਦਾ ਲਲਕਾਰਦਾ ਜਰਨੈਲ। ਗਿਆਨ ਦੀ ਛੇਵੀਂ,ਸਤਵੀਂ,ਅਠਵੀਂ, ਨੌਵੀਂ ਤੇ ਦਸਵੀਂ ਪੌੜੀ ਚੜ੍ਹਨ ਲਈ ਉਹ ਵਾਹੋਦਾਹੀ ਭੱਜਦਾ ਸੱਤ ਮੀਲ ਦੂਰ ਸੀ ਪਿਆਸੇ ਲਈ ਰੋਡਿਆਂ ਵਾਲਾ ਖੂਹ। ਖ਼ਾਲਸਾ ਸਕੂਲ ਨਹੀਂ ਸੀ ਇਹ, ਰੌਸ਼ਨ ਮਿਸ਼ਾਲ ਸੀ ਹੁਣ ਤੀਕ ਨਿਰੰਤਰ ਜਗਦੀ ਮਘਦੀ ਕਦੇ ਸੇਖਿਆਂ ਵਾਲੇ ਜਰਨੈਲ ਦੀ ਕਵਿਤਾ ਬਣ ਜਾਂਦੀ ਹੈ ਕਦੇ ਨਾਵਲ , ਕਦੇ ਕਹਾਣੀ। ਪੰਜ ਹਜ਼ਾਰ ਸਿਰਾਂ ਵਾਲੇ ਪਿੰਡ ਚ ਉਹ ਚੌਥਾ ਗਿਆਨ ਗੀਤ ਬਣਿਆ। ਗਿਆਨ ਦੇ ਦਸਵੇਂ ਡੰਡੇ ਤੇ ਖਲੋ ਕੇ ਉਸ ਗਿਆਨ ਭੂਮੀ ਨੂੰ ਨਮਸਕਾਰਿਆ ਮੱਥੇ ਦੇ ਤੀਜੇ ਨੇਤਰ ਨੇ ਕਿਹਾ ਤੇਰੀ ਧਰਤੀ ਗਿਆਨ ਪੱਖੋਂ ਔੜਾਂ ਮਾਰੀ ਹੈ। ਵਰ੍ਹ ਜਾ ਟਿਬਿਆਂ ਤੇ ਮੂੰਗਫ਼ਲੀ ਨੂੰ ਬਦਾਮ ਬਣਾ ਦੇ। ਮੋਗਾ ਦੇ ਮਿਸ਼ਨ ਸਕੂਲ ਨੇ ਉਸ ਨੂੰ ਸਿਖਾਇਆ ਮਿੱਟੀ ਗੁੰਨ੍ਹਣਾ ਚਿਰਾਗ ਘੜਨਾ, ਤੇਲ ਬੱਤੀ ਪਾ ਕੇ ਜਗਾਉਣਾ। ਉਹਦੇ ਹੱਥਾਂ ਦੇ ਘੜੇ ਊੜੇ ਐੜੇ ਹਰ ਮੈਦਾਨ ਫ਼ਤਹਿ ਸੁਰਗੀ ਜੀਊੜੇ ਨੇ। ਲਿਖਾਰੀਆਂ ਦੀ ਸੰਗਤ ਨੇ ਉਸਨੂੰ ਕੰਵਲ ਫੁੱਲ ਦਾ ਸਿਰਨਾਵਾਂ ਦੱਸਿਆ। ਉਸ ਜਾਣਿਆ, ਰਾਤ ਬਾਕੀ ਹੈ। ਪੂਰਨਮਾਸ਼ੀ ਤੀਕ ਜਗਣਾ ਪਵੇਗਾ। ਉਸਤਾਦਾਂ ਦੀ ਜਮਾਤ ਚ ਉਹ ਜ਼ਿੰਦਾਬਾਦ ਦਾ ਸੰਗੀ ਬਣ ਕੇ ਮੁਰਦਾਬਾਦੀ ਕਿਲ੍ਹੇ ਢਾਹੁੰਦਾ ਢਾਹੁੰਦਾ ਉਹ ਫਰਹਾਦ ਵਾਂਗ ਕਰਮਸ਼ੀਲ ਰਿਹਾ। ਅਠਵੰਜਵਾਂ ਡੰਡਾ ਪਾਰ ਕਰ ਗਿਆ ਉਮਰ ਦਾ ਪਹੀਆ। ਆਪਣੇ ਪਿੰਡ ਦੀ ਮਿੱਟੀ ਜਗਾਉਣ ਲਈ ਉਹ ਪੰਚ ਬਣ ਗਿਆ। ਪਿੰਡ ਨੇ ਸਿਰ ਮੱਥੇ ਚੁੱਕਿਆ। ਤਪਦੇ ਦਿਨਾਂ ਦਾ ਮੌਸਮ ਸੀ। ਸੇਕ ਨਿੱਕੇ ਪੁੱਤਰ ਦੇ ਪੈਰ ਲੂਹਣ ਲੱਗਾ ਤਾਂ ਉਸ ਜਨਮ ਭੂਮੀ ਨੂੰ ਮੱਥਾ ਟੇਕਿਆ ਪਰਦੇਸ ਉਸ ਨੂੰ ਉਡੀਕਦਾ ਸੀ। ਮੁੜ੍ਹਕੇ ਦੇ ਮੋਤੀ ਡਾਲਰਾਂ ਚ ਬਦਲਦੇ। ਘਰ ਚ ਪਹਿਲੀ ਕਿਲਕਾਰੀ ਗੂੰਜੀ ਤਾਂ ਅੰਬੜੀ ਬਾਬਲ ਜਹਾਜ਼ ਚੜ੍ਹੇ। ਲੋਰੀਆਂ ਨੇ ਪੱਕੀਆਂ ਕੀਤੀਆਂ ਵਿਸ਼ਵਾਸ ਦੀਆਂ ਜੀਵਨ ਡੋਰੀਆਂ। ਓਪਰੀ ਧਰਤੀ ਤੇ ਬਿਰਖ਼ ਬੂਟੇ ਬਹੁਤ ਸੋਹਣੇ ਸਨ ਪਰ ਸਿੰਬਲ ਜਹੇ ਮੈਪਲ ਦੇ ਪੱਤ ਕੰਮ ਨਾ ਆਉਂਦੇ ਗੱਤੇ ਤੇ ਪੱਤੇ ਦੀ ਧਰਤੀ ਤੇ ਪਹਿਲਾਂ ਹਰਿਆਲਾ ਗੱਤਾ ਬਣਦੈ ਫਿਰ ਪੱਤਿਆਂ ਦੀ ਕਿਆਰੀ ਮੌਲਦੀ। ਸੋਚਿਆ! ਵਤਨੀ ਗਿਆਨ ਕੰਮ ਆਵੇਗਾ ਪਰ ਗਿਆਨ ਸੋਮੇ ਦੇ ਵਲੀ ਕੰਧਾਰੀਆਂ ਕਿਹਾ, ਅਜੇ ਨਿਸ਼ਕਾਮ ਸੇਵਾ ਕਰੋ, ਪੱਤਿਆਂ ਲਈ ਜਦੋਂ ਜ਼ਰੂਰਤ ਪਈ ਬੁਲਾਵਾਂਗੇ। ਉਸ ਕਿਹਾ ਕਿ ਰੋਟੀ ਤਾਂ ਆਟੇ ਦੀ ਪੱਕਦੀ ਹੈ ਸ਼ੌਕ ਦੇ ਘੋੜੇ ਭਜਾਉਣਾ ਰੱਜੇ ਘਰਾਂ ਦੀ ਖੇਡ ਹੈ। ਉਸ ਟਿਫ਼ਨ ਬੰਨ੍ਹਿਆ ਤੇ ਬੇਰੀਆਂ ਤੋੜਨ ਜਾ ਲੱਗਾ। ਖੇਤਾਂ ਬੂਟਿਆਂ ਤੇ ਬੰਦਿਆਂ ਨੇ ਕਿਹਾ ਜਰਨੈਲ ਸਿੰਹਾਂ, ਜੇ ਸੱਚੀਂ ਜਰਨੈਲ ਹੈਂ ਤਾਂ ਕਲਮ ਨੂੰ ਸ਼ਸਤਰ ਵਾਂਗ ਚੁੱਕ ਤਹਿਤੇਗ ਕਰ ਸਾਡੀਆਂ ਦੁਸ਼ਵਾਰੀਆਂ ਕਲਮ ਅੱਗੇ ਹੀ ਨੇ ਬਦੀਆਂ ਹਾਰੀਆਂ ਮੁੜ ਫੁੱਟਿਆ ਛਾਂਗਿਆ ਬਿਰਖ਼। ਸ਼ਬਦਾਂ ਦੀ ਰਬਾਬ ਸੁਰ ਕੀਤੀ। ਪਹਿਲਾ ਨਾਵਲ ਲਿਖਿਆ ਦੁਨੀਆ ਕੈਸੀ ਹੋਈ ਰੂਹ ਨਾਲ ਇਕੱਲੀ ਇਕੱਲੀ ਤਰਬ ਪਰੋਈ। ਕੈਨੇਡਾ ਤੋਂ ਤੁਰ ਕੇ ਮਹਿਮਾ ਗਲੋਬਲ ਬਣੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੁੱਧ ਅਧਿਆਪਕ ਡਾ: ਐੱਸ ਪੀ ਸਿੰਘ ਨੇ ਇਸ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਪੜ੍ਹਿਆ ਤੇ ਪੜ੍ਹਾਇਆ। ਸੱਚਮੁੱਚ ਅਦਬੀ ਜਰਨੈਲ ਬਣਾਇਆ। ਵਿਗੋਚਾ , ਬੇਗਾਨੇ ਤੇ ਭਗੌੜੇ ਨਾਵਲਾਂ ਦਾ ਸਿਰਜਣਹਾਰਾ। ਦੁੱਲੇ ਦੀ ਬਾਰ ਤੀਕ ਦਾ ਸੁਚੇਤ ਪਾਂਧੀ। ਸਰੀ ਦੇ ਦਰਸ਼ਨ, ਨਦੀਮ, ਮੰਗਾ,ਸਾਧੂ,ਮੋਹਨ ਤੇ ਬਾਕੀ ਸ਼ਬਦ ਕਾਫ਼ਲੇ ਚ ਜਰਨੈਲ ਵਾਂਗ ਵਿਚਰਦਾ ਸੰਧੂਰੀ ਅੰਬ। ਰੰਗਾਂ ਵਾਲਾ ਜਰਨੈਲ,ਅੰਗਰੇਜ਼ ਪੱਕੇ ਸਰਬਾਲੇ ਹਨ ਇਸ ਲਾੜੇ ਦੇ। ਪੰਜਾਬ ਭਵਨ ਸਰੀ ਦੀ ਰੌਣਕ ਭਤੀਜਿਆਂ ਤੀਕ ਫੈਲ ਗਿਆ ਹੈ ਚਾਚੇ ਦਾ ਸ਼ਬਦ ਸੰਸਾਰ। ਦੇਵਿੰਦਰ ਸੇਖਾ ਤੇ ਹਰਪ੍ਰੀਤ ਸੇਖਾ ਦੋਹਾਂ ਦਾ ਲੱਖੀਂ ਲੇਖਾ। ਨਾਵਲ ਤੇ ਕਹਾਣੀ ਚ ਸਿਰਜਣਧਾਰੀ ਯੋਧੇ। ਪੁੱਤਰ ਨਵਨੀਤ ਸ਼ਬਦਾਂ ਤੇ ਰੰਗਾਂ ਨਾਲ ਖੇਡਦਾ। ਸਤਰੰਗੀ ਪੀਂਘ ਦੇ ਹੁਲਾਰੇ ਜਹੇ ਰੰਗਾਂ ਦੇ ਚਿਤੇਰੇ ਤੀਜੀ ਪੀੜ੍ਹੀ ਦੇ ਬਾਲ ਪੁੱਤਰਾਂ, ਨੂੰਹਾਂ ਪੋਤਰਿਆਂ ਪੋਤਰੀਆਂ ਚ ਮਿਸ਼ਰੀ ਦੀ ਡਲੀ ਜਹੇ ਨੇ ਸੇਖਾ ਦੰਪਤੀ। ਏਕ ਜੋਤਿ ਦੋਇ ਮੂਰਤੀ ਜਗਦਾ ਮਘਦਾ ਸਾਲਮ ਸਰੂਪ। ਕਈ ਸਾਲ ਪਹਿਲਾਂ ਕੈਨੇਡੀਅਨ ਧਰਤੀ ਤੇ ਦੰਦ ਪੀੜ ਮੇਰੇ ਨਾਲ ਹੀ ਓਥੇ ਅੱਪੜ ਗਈ। ਲੇਰਾਂ ਕਢਾ ਦਿੱਤੀਆਂ। ਸੇਖਾ ਤੇ ਮੋਹਨ ਗਿੱਲ ਘਬਰਾ ਗਏ। ਮੇਰੇ ਲਈ ਸ਼ਰਾਬ ਦਾ ਤੂੰਬਾ ਗੜੁੱਚ ਕਰਕੇ ਕਹਿਣ ਲੱਗੇ ਅੰਦਰ ਧਰ ਲੈ, ਰਾਹਤ ਮਿਲੇਗੀ। ਮੈਂ ਇਨਕਾਰੀ ਸਾਂ ਕਿਹਾ, ਜੇ ਮੈਂ ਡੋਲ ਗਿਆ ਮੇਰੇ ਸੁਰਗਵਾਸੀ ਬਾਪੂ ਹਰਨਾਮ ਸਿੰਘ ਕੀ ਕਹਿਣਗੇ? ਪੀੜ ਪਿੱਛੇ ਡੋਲ ਗਿਆ ਪੁੱਤਰਾ! ਜਰਨੈਲ ਸਿੰਘ ਸੇਖਾ ਨੇ ਰੂਪ ਬਦਲਿਆ ਮੇਰੇ ਲਈ ਬਾਬਲ ਬਣੇ ਮੱਥੇ ਹੱਥ ਰੱਖਿਆ ਪਾੜ ਕਾਫ਼ੂਰ ਹੋ ਗਈ ਬੋਲੇ, ਦੰਦਾਂ ਚ ਇਹ ਲੌਗ ਧਰ ਲੈ ਪੀੜ ਹਾਰ ਜਾਵੇਗੀ। ਸੱਚਮੁੱਚ ਪੀੜ ਹਰਨ ਹੋ ਗਈ। ਮੁਹੱਬਤ ਕਿਵੇਂ ਅਕਸੀਰ ਬਣਦੀ ਹੈ ਪਹਿਲੀ ਵਾਰ ਨੰਗੀ ਅੱਖ ਨਾਲ ਵੇਖਿਆ।

ਸਿਤਾਰ ਵਾਦਨ ਸੁਣਦਿਆਂ

ਸਿਤਾਰ ਪੋਟਿਆਂ ਨਾਲ ਨਹੀਂ ਆਂਦਰਾਂ ਦੇ ਸਾਥ ਨਾਲ ਵੱਜਦੀ ਹੈ। ਸੁਰ ਲਹਿਰੀਏ ਸਿਰਜਦੀ ਕੰਪਨ ਰੂਹ ਦਾ ਰਾਗ ਅਲਾਪਦੀ ਕਣ ਕਣ ਵਿਸਮਾਦ ਘੋਲਦੀ ਬ੍ਰਹਿਮੰਡ ਦੇ ਕੰਨ ਜਾਗਦੇ ਬਿਰਖ਼ ਝੂਮਦੇ ਸਰੋਤਿਆਂ ਹਾਰ ਨੇਤਰ ਨਮ ਹੁੰਦੇ ਵੇਖੇ ਨੇ ਮੈਂ। ਤਾਰਾਂ ਕੋਲ ਆਂਦਰਾਂ ਜਿੰਨਾ ਦਰਦ ਹੁੰਦਾ ਹੈ ਕਦੇ ਨਾ ਅੱਕਦੀਆਂ ਕਦੇ ਨਾ ਥੱਕਦੀਆਂ ਲੋਕਾਂ ਭਾਣੇ ਗਾਉਂਦੀਆਂ। ਉਹ ਤਾਂ ਦਰਦ ਸੁਣਾਉਂਦੀਆਂ। ਹੌਕਿਆਂ ਨੂੰ ਜੀਭ ਲਾਉਂਦੀਆਂ। ਅਣਕਿਹਾ ਸੁਣਾਉਂਦੀਆਂ। ਬਹੁਤ ਕੁਝ ਸਮਝਾਉਂਦੀਆਂ। ਦਿਲ ਦੇ ਬਹੁਤ ਕਰੀਬ ਹੁੰਦਾ ਹੈ ਤਰਲ ਜਿਹਾ ਦਰਦ ਨਿਵਾਸ। ਪਾਰੇ ਵਾਂਗ ਡੋਲਦਾ ਤਾਰਾਂ ਦੀ ਕੰਬਣੀ ਜਿਹਾ ਰਾਗਵੰਤਾ ਤੁਸੀਂ ਕਦੇ ਝੀਲ ਦੇ ਟਿਕੇ ਪਾਣੀਆਂ ਦੀ ਹਿੱਕ ਤੇ ਠੀਕਰੀ ਕਾਤਰੀ ਵਾਂਗ ਚਲਾਈ ਹੈ। ਸ਼ਾਇਦ ਨਹੀਂ! ਜੇ ਚਲਾਈ ਹੁੰਦੀ ਤਾਂ ਨਿੱਤਰੇ ਪਾਣੀਆਂ ਤੇ ਨੱਚਦੀਆਂ ਸ੍ਵਰ ਲਹਿਰੀਆਂ ਨੂੰ ਤੁਸੀਂ ਝੱਟ ਪਛਾਣ ਲੈਣਾ ਸੀ ਕਿ ਇਹ ਬਚਪਨ ਵੇਲੇ ਸਿਤਾਰ ਤੋਂ ਨਿੱਖੜੀਆਂ ਜੌੜੀਆਂ ਭੈਣਾਂ ਨੇ। ਇੱਕੋ ਜਹੇ ਸੁਭਾਅ ਵਾਲੀਆਂ ਤਰਲ ਚੰਚਲ ਤਰਬਜ਼ਾਦੀਆਂ। ਮੈਨੂੰ ਸਿਤਾਰ ਵਾਦਨ ਸੁਣਨਾ ਬਹੁਤ ਚੰਗਾ ਲੱਗਦਾ ਹੈ ਮੇਰੀਆਂ ਆਂਦਰਾਂ ਨਾਲ ਇਸ ਦਾ ਆਦਿ ਜੁਗਾਦੀ ਰਿਸ਼ਤਾ ਜਾਪਦਾ ਹੈ। ਮੇਰੇ ਲਈ ਸਿਤਾਰ ਸਾਜ਼ ਨਹੀਂ, ਧਰਤੀ ਦਾ ਰੂਹ ਵਾਦਨ ਹੈ ਇਸ ਚ ਸ਼ਾਮਿਲ ਨੇ ਮੇਰੀਆਂ ਤੇਰੀਆਂ ਸਭ ਦੀਆਂ ਆਂਦਰਾਂ ਦੀਆਂ ਡੋਰਾਂ। ਜੇ ਤੁਹਾਡੀ ਆਂਦਰਾਂ ਦੀ ਡੋਰ ਜਿਉਂਦੀ ਹੈ ਤਾਂ ਤੁਸੀਂ ਸਿਤਾਰ ਨੂੰ ਸੁਣਨ ਲਈ ਬੈਠ ਜਾਵੋ। ਨਹੀਂ ਤਾਂ ਵਕਤ ਜ਼ਾਇਆ ਨਾ ਕਰੋ। ਆਪਣੇ ਜਿਸਮ ਚੋਂ ਨਿਕਲੋ! ਇਹ ਸਾਜ਼ ਮੇਲੇ ਦੀ ਭੀੜ ਚ ਨਹੀਂ ਵੱਜਦਾ।

ਜਾਗ ਮੁਸਾਫ਼ਰ

ਰਾਤ ਢਲੀ ਪ੍ਰਭਾਤ ਦਾ ਵੇਲਾ ਆਸਾ ਜੀ ਦੀ ਵਾਰ ਛਿੜੀ ਹੈ ਕਾਲ ਕਲੂਟੇ ‘ਨ੍ਹੇਰੇ ਉੱਤੇ ਸੱਟ ਵਦਾਨੋਂ ਠਾਹ ਠਾਹ ਵੱਜੇ। ਜਾਗ ਪਉ ਮਨ ਗਾਫ਼ਲ ਸੁੱਤੇ। ਗਲ਼ੀਆਂ ਦੇ ਵਿੱਚ ਫਿਰਦੇ ਕੁੱਤੇ। ਮੰਦਰ ਵਿੱਚ ਪੁਜਾਰੀ ਜਾਗੇ ਟੱਲੀਆਂ ਤੇ ਘੜਿਆਲ ਖੜਕ ਪਏ। ਕਿਵੇਂ ਆਰਤੀ ਰੂਹ ਤ੍ਰਿਪਤਾਵੇ। ਦੁਰਗਾ ਮਾਤਾ ਦੇ ਮੰਦਰ ਚੋਂ, ਸੋਂਧੀ ਸੋਂਧੀ ਖ਼ੁਸ਼ਬੂ ਆਵੇ। ਨੇੜੇ ਪਿੰਡ ਸੁਨੇਤ ਮਸੀਤੋਂ, ਸੁਰਵੰਤੀ ਅਜ਼ਾਨ ਸੁਣੀ ਹੈ। ਆਪਣਾ ਇਸ਼ਟ ਧਿਆਵੇ ਮੀਆਂ। ਰਾਤ ਦਿਵਸ ਦੇ ਕੋਰੇ ਕੱਪੜੀਂ, ਵੰਨ ਸੁਵੰਨੇ ਫੁੱਲ ਤੇ ਬੂਟੇ ਕਿਰਤੀ ਕਾਮਾ ਸੂਈ ਵਾਹੁੰਦਾ ਰੱਕੜਾਂ ਅੰਦਰ ਬਾਗ ਉਗਾਉਂਦਾ। ਕਿਰਤ ਕਰੇ ਤੇ ਪਾਲ਼ੇ ਜੀਆਂ। ਪੌਣਾਂ ਦੇ ਵਿੱਚ ਸਭ ਕੁਝ ਘੁਲ਼ਿਆ। ਇੱਕ ਮਿੱਕ ਹੋਇਆ ਜਿਵੇਂ ਸਾਜ਼ਿੰਦੇ ਇੱਕ ਸੁਰ ਹੋ ਕੇ ਸਾਜ਼ ਵਜਾਉਂਦੇ, ਸਰਬੱਤ ਸਾਜ਼ੀ, ਸੁੱਤਾ ਹੋਇਆ ਨਾਦ ਜਗਾਉਂਦੇ। ਪਰ ਇਹ ਕਿੱਧਰੋਂ ਧਾੜਾਂ ਚੜ੍ਹੀਆਂ? ਹੱਥਾਂ ਵਿੱਚ ਤਲਵਾਰਾਂ ਕਿਰਚਾਂ, ਬਹੁਤਿਆਂ ਨੇ ਤਿਰਸ਼ੂਲਾਂ ਫੜੀਆਂ। ਪੌਣ ਕਸ਼ੀਦਣ ਵਾਲੇ ਕਿਹੜੇ? ਬਾਂਗ ਦੇ ਅੰਦਰੋਂ ਟੱਲੀਆਂ ਦੀ ਟੁਣਕਾਰ ਨਿਖੇੜਨ। ਸ਼ਬਦ ਸਨੇਹ ਨੂੰ ਨੱਕ ਮੂੰਹ ਚਾੜ੍ਹਨ। ਇੱਕੋ ਖਿੜੀ ਕਿਆਰੀ ਅੰਦਰ ਗੇਂਦੇ ਨਾਲ ਗੁਲਾਬ ਨਾ ਜਰਦੇ, ਤਾਕਤ ਦੇ ਨਸ਼ਿਆਏ ਅੰਨ੍ਹੇ ਕਤਰਨ ਪਏ ਫੁਲਕਾਰੀ ਦੇ ਫੁੱਲ, ਫੜ ਕੇ ਕੈਂਚੀ ਕੀ ਪਏ ਕਰਦੇ? ਜਾਗ ਮੁਸਾਫ਼ਰ ,ਜਾਗਣ ਵੇਲਾ। ਹੋ ਨਾ ਜਾਵੇ ਹੋਰ ਕੁਵੇਲਾ।

ਵਕਤਨਾਮਾ ਸੰਸਾਰ

ਵਣਜ ਕਰੋ ਵਣਜਾਰਿਉ, ਮਨ ਵਿੱਚ ਪਾ ਕੇ ਸਹਿਮ। ਮੰਡੀ ਕਰਦੀ ਕਦੇ ਨਾ, ਲੋਕਾਂ ਉੱਤੇ ਰਹਿਮ। ਇਸ ਵਾਇਰਸ ਦੀ ਦੋਸਤੀ, ਹੁਕਮ ਹਕੂਮਤ ਨਾਲ। ਭੁੱਖਿਉ ਨਾ ਕੁੱਝ ਮੰਗਿਉ, ਕੁਰਸੀ ਤੋਂ ਕੁੱਝ ਸਾਲ। ਬਹਿ ਗਈ ਧਰਤੀ ਮੱਲ ਕੇ, ਆਦਮਖਾਣੀ ਜਾਤ। ਬਿਨ ਜਾਗਿਆਂ ਮੁੱਕਣੀ ਲੰਮ ਸਲੰਮੀ ਰਾਤ। ਇੱਕੋ ਰਾਗ ਅਲਾਪਦੇ, ਕੀ ਅਮਰੀਕਾ ਕੀ ਚੀਨ। ਸਮਝਣ ਵਾਲੇ ਔਲੜੇ, ਗੁੰਝਲ ਬੜੀ ਮਹੀਨ। ਕੋਈ ਨਮਸਤੇ ਵੇਚਦਾ, ਵੇਚੇ ਮੰਤਰ ਜਾਪ। ਸਾਨੂੰ ਦੇਵੇ ਸਿੱਖਿਆ, ਲਵੇ ਦਵਾਈਆਂ ਆਪ। ਫਾਡੇਂ ਕਰ ਕਰ ਵੇਖ ਲਏ, ਮਰਦਾ ਨਹੀਉਂ ਨਾਗ। ਜੋਗੀ ਬੀਨ ਵਜਾਂਵਦੇ, ਗਾਉਣ ਬੇਵਕਤਾ ਰਾਗ। ਵਰਕਾ ਵਰਕਾ ਪਾਟ ਗਈ, ਖਿੱਲਰੀ ਫਿਰੇ ਕਿਤਾਬ। ਡਾਂਗਾਂ, ਵਾਛੜ, ਗੋਲੀਆਂ, ਚੁਗ ਲਉ ਆਪਜਨਾਬ। ਧਰਮੀ ਧਰਮ ਗੁਆ ਲਿਆ, ਧੜਿਆਂ ਪਿੱਛੇ ਲੱਗ। ਨੰਗੀ ਅੱਖ ਹੈ ਵੇਖਦੀ, ਸਿਰ ਤੋਂ ਲੱਥੀ ਪੱਗ। ਸੁਣ ਨੀ ਚਾਤਰ ਕੁਰਸੀਏ, ਅਕਲਾਂ ਨੂੰ ਹੱਥ ਮਾਰ। ਵਧਦਾ ਜਾਏ ਰੋਜ਼ ਹੀ ਸਿਵਿਆਂ ਦਾ ਵਿਸਥਾਰ। ਪੱਟੀ ਮੂੰਹ ਤੇ ਬੰਨ੍ਹ ਕੇ, ਅਕਲੀ ਜੰਦਰੇ ਮਾਰ। ਤੁਰ ਪਏ ਲੋਕ ਬਜ਼ਾਰ ਨੂੰ, ਮੱਚ ਗਈ ਹਾਹਾਕਾਰ। ਸੋਦਾ ਸੂਤ ਖ਼ਰੀਦ ਕੇ, ਬਹਿ ਗਏ ਘਰ ਵਿੱਚ ਆਣ। ਕੌਣ ਪਛਾਣੂੰ ਦੋਸਤੋ, ਨੀਤਾਂ ਵਿਚਲੀ ਕਾਣ। ਹੱਥ ਧੋ ਪਿੱਛੇ ਪੈ ਗਿਆ, ਭੂਤਰਿਆ ਇਹ ਸਾਨ੍ਹ। ਅਣਖ਼ੀ ਤੇ ਮਰਜੀਵੜੇ, ਫਿਰਨ ਬਚਾਉਂਦੇ ਜਾਨ।

ਇਸ ਵਾਰੀ ਦੀ ਅਜਬ ਵਿਸਾਖੀ

ਇਸ ਵਾਰੀ ਦੀ ਅਜਬ ਵਿਸਾਖੀ। ਖੇਤਾਂ ਦੇ ਵਿੱਚ ਕਣਕ ਉਡੀਕੇ ਬੀਜਣ, ਪਾਲ, ਸੰਭਾਲਣ ਵਾਲੇ। ਸਾਡੇ ਬੱਚੜੇ ਅਜੇ ਨਾ ਆਏ। ਕਣਕ ਦੀਆਂ ਬੱਲੀਆਂ ਦੇ ਮਨ ਤੇ ਮਣ ਮਣ ਪੱਕਾ ਭਾਰ ਪਿਆ ਹੈ। ਕਿਉਂ ਨਹੀਂ ਆਏ? ਖੇਤਾਂ ਦੇ ਪੁੱਤ ਕਿੱਧਰ ਤੁਰ ਗਏ? ਸ਼ਾਇਦ ਕਰਫਿਊ ਦਾ ਡਰ ਮਾਰੇ। ਆ ਜਾਉ ਪੁੱਤਰੋ! ਪੈਲੀ ਬੰਨੇ ਫੇਰਾ ਮਾਰੋ। ਅੰਦਰ ਬਹਿ ਕੇ ਏਦਾਂ ਕਿੱਦਾਂ ਹੋਣ ਗੁਜ਼ਾਰੇ। ਨਾ ਵੇ ਪੁੱਤਰੋ! ਰੋਵੋ ਨਾ ਵੇ, ਪੂੰਝੋ ਅੱਖੀਉਂ ਅੱਥਰੂ ਖਾਰੇ। ਮੇਰੀ ਬੁੱਕਲ ਦੇ ਵਿੱਚ ਮੋਤੀ ਕਿੰਨੇ ਸਾਰੇ। ਸਾਂਭੋ ਵੇ ਜੋ ਦਾਣੇ ਬੀਜੇ ਆਪ ਖਿਲਾਰੇ। ਕੀ ਹੋਇਆ ਜੇ ਢੋਲ ਨਹੀਂ ਵੱਜਿਆ ਡਗਾ ਉਦਾਸ , ਤਣਾਵਾਂ ਢਿੱਲੀਆਂ ਨਾ ਤੀਲੀ ਨੇ ਤਾਲ ਵਜਾਇਆ। ਨਾ ਪੱਬਾਂ ਨੇ ਭੰਗੜਾ ਪਾਇਆ। ਇਸ ਮੌਸਮ ਵਿੱਚ ਚੁੱਪ ਦਾ ਪਹਿਰਾ। ਗਲ਼ਿਆਂ ਦੇ ਵਿੱਚ ਹੇਕਾਂ ਸੁੱਤੀਆਂ ਸੱਦਾਂ ਹੋਈਆਂ ਨੇ ਅਧਮੋਈਆਂ। ਕੁੱਲ ਧਰਤੀ ਤੇ ਕਹਿਰ ਕਰੋਨਾ ਸੋਗ ਪਿਆ ਹੈ। ਅੱਜ ਨਹੀਂ ਕੱਲ੍ਹ ਟਲ਼ ਜਾਵੇਗਾ। ਆਸ ਉਮੀਦਾਂ ਤੇ ਜੱਗ ਜੀਂਦਾ। ਇਸ ਵਾਰੀ ਇਹ ਕੈਸੀ ਵਾਢੀ ਫ਼ਸਲਾਂ ਦੀ ਥਾਂ ਸੱਥਰ ਵਾਂਗੂੰ ਨਸਲਾਂ ਵਿਛੀਆਂ। ਸਿਵਿਆਂ ਦੀ ਵੀ ਲਾਮਡੋਰ ਹੈ। ਕਬਰਾਂ ਧਰਤੀ ਨਿੱਕੀ ਕੀਤੀ। ਸਦੀ ਬਾਦ ਹੁਣ ਜੱਲਿਆਂਵਾਲਾ ਚੇਤੇ ਆਇਆ। ਗੋਰੇ ਮੌਤ ਕੁਲਹਿਣੀ ਤਾਂਡਵ ਕੋਝਾ ਨੰਗਾ ਨਾਚ ਨਚਾਇਆ। ਉਹ ਹੀ ਮੌਸਮ ਫਿਰ ਕਿਉਂ ਆਇਆ? ਬੰਬ ਬੰਦੂਕਾਂ ਨਾ ਕੋਈ ਗੋਲ਼ੀ। ਖੇਡੇ ਮੌਤ ਖ਼ੂਨ ਦੀ ਹੋਲੀ। ਮੈਂ ਕਿਸ ਦੁਸ਼ਮਣ ਨਾਲ ਲੜਾਂ ਹੁਣ ਬੇਬਸ ਹਾਂ ਮੈਂ ਬੇ ਹਥਿਆਰਾ। ਹੇ ਵਿਗਿਆਨ ਤੂੰ ਕਰ ਕੋਈ ਚਾਰਾ। ਬਿਨ ਤੇਰੇ ਨਾ ਕੋਈ ਸਹਾਰਾ। ਚੜ੍ਹੇ ਵਿਸਾਖ ਕਣਕ ਦੇ ਚਿਹਰੇ ਲਾਲੀ ਤੇ ਹਰਿਆਲੀ ਰੰਗਦੀ। ਸਾਰੀ ਦੁਨੀਆਂ ਮਾਣਕ ਮੋਤੀ ਬੋਹਲ਼ਾਂ ਖ਼ਾਤਰ ਕਰ ਅਰਦਾਸਾਂ ਦਿਨੇ ਰਾਤ ਸਭ ਦੀ ਸੁੱਖ ਮੰਗਦੀ।

ਬਾਹਰ ਛਲ਼ੇਡਾ ਤੁਰਿਆ ਫਿਰਦਾ

ਨਿੱਕੇ ਹੁੰਦਿਆਂ ਸ਼ਾਮਾਂ ਵੇਲੇ ਮੇਰੀ ਮਾਂ ਇਹ ਡਰ ਦੇਂਦੀ ਸੀ। ਬਾਹਰ ਛਲ਼ੇਡਾ ਤੁਰਿਆ ਫਿਰਦਾ ਆਦਮਖਾਣਾ ਬਿਨਾ ਜਿਸਮ ਤੋਂ। ਮੈਨੂੰ ਇਹ ਗੱਲ ਸਮਝ ਨਾ ਆਉਂਦੀ ਘਰ ਬੈਠਣ ਲਈ ਮੇਰੀ ਮਾਂ ਕਿਉਂ ਕਿਉਂ ਇੰਜ ਡਰਾਉਂਦੀ। ਜਦ ਮੈਂ ਬਹੁਤਾ ਪਿੱਛੇ ਪੈਂਦਾ ਤਦ ਸਮਝਾਉਂਦੀ। ਗੂੜ੍ਹ ਹਨੇਰਾ ਨਿਰਾ ਛਲੇਡਾ ਇਹ ਕੱਲ੍ਹਾ ਚਾਨਣ ਤੋਂ ਡਰਦਾ। ਸਾਰੀ ਰਾਤ ਜਿਉਂਦਾ ਰਹਿੰਦਾ, ਸੂਰਜ ਚੜ੍ਹਦੇ ਸਾਰ ਹੀ ਮਰਦਾ। ਕਵਿਤਾ ਵਰਗੀ ਇਹ ਗੱਲ ਮੈਨੂੰ ਸਮਝ ਨਾ ਪੈਂਦੀ। ਹੁਣ ਆਇਆ ਇਹ ਕੈਸਾ ਮੌਸਮ ਘਰ ਦੇ ਨੇੜੇ ਪਾਰਕ ਕੋਲੋਂ ਡਰ ਲੱਗਦਾ ਹੈ। ਸਿਰਫ਼ ਸੁਰੱਖਿਅਤ ਘਰ ਲੱਗਦਾ ਹੈ। ਮਗਰਮੱਛ ਦੀ ਸੂਰਤ ਹੀ ਸੁਪਨੇ ਵਿੱਚ ਆਵੇ। ਮੇਰੇ ਜਿੱਡਾ ਛੇ ਫੁੱਟ ਬੰਦਾ ਥਰ ਥਰ ਕੰਬੇ,ਪਿਆ ਡਰਾਵੇ। ਖ਼ੌਫ਼ਜ਼ਦਾ ਹੋਏ ਨੇ ਬੈਠੇ ਲੁਕ ਛਿਪ ਮਾਲੀ। ਬਹੁਤ ਉਦਾਸ ਗੁਲਾਬੀ ਫੁੱਲਾਂ ਵਾਲੀ ਡਾਲੀ। ਪਾਰਕ ਵਿਚਲੇ ਬੈਂਚ ਉਦਾਸੇ ਆਦਮ ਛੋਹ ਨੂੰ ਤਰਸ ਰਹੇ ਨੇ। ਬੱਚਿਆਂ ਦੇ ਲਈ ਝੂਟੇ ਮਾਟੇ ਚਕਰ ਚੰਡੋਲ ਉਦਾਸ ਖੜ੍ਹਾ ਹੈ। ਏਦਾਂ ਲੱਗਦੈ ਬਹੁਤ ਸਵਾਲ ਮਨਾਂ ਵਿੱਚ ਲੈ ਕੇ ਧਰਤੀ ਦਾ ਇਤਿਹਾਸ ਖੜ੍ਹਾ ਹੈ। ਏਨੀ ਡੂੰਘੀ ਚੁੱਪ ਕਦੇ ਨਾ ਇਸ ਨੇ ਵੇਖੀ। ਸੱਜਾ ਹੱਥ ਖੱਬੇ ਨੂੰ ਮਿਲਣੋਂ ਇਨਕਾਰੀ ਹੈ। ਬਹੁਤਾ ਬੋਲਣ ਵਾਲਿਆਂ ਨੇ ਵੀ ਚੁੱਪ ਧਾਰੀ ਹੈ। ਪਹਿਲੀ ਵਾਰੀ ਬਿਰਖ਼ਾਂ ਸਨਮੁਖ ਮੈਂ ਵੀ ਤਾਂ ਨਿਰਸ਼ਬਦ ਖੜ੍ਹਾ ਹਾਂ। ਮਨ ਹੈ ਚੋਖਾ ਡਰਿਆ ਡਰਿਆ ਨਾਲ ਸਵਾਲਾਂ ਭਰਿਆ ਭਰਿਆ। ਹੁਣ ਜਦ ਉਮਰ ਪਕੇਰੀ ਹੋਈ ਓਹੀ ਫੇਰ ਛਲ਼ੇਡਾ ਆਇਆ। ਕੁੱਲ ਆਲਮ ਜਿਸ ਸੁੱਕਣੇ ਪਾਇਆ। ਵਿੱਚ ਹਨ੍ਹੇਰੇ ਯੁੱਧ ਛਿੜਿਆ ਹੈ। ਐਟਮ ਬੰਬ ,ਮੀਜ਼ਾਈਲਾਂਧਾਰੀ। ਸਭਨਾਂ ਦੀ ਵਾਇਰਸ ਮੱਤ ਮਾਰੀ। ਓਹੜ ਪੋਹੜ ਕਰਦੇ ਨੇ ਨੁਸਖ਼ੇ ਤਰਲੇ ਵੈਦ ਹਕੀਮਾਂ ਵਾਲੇ। ਸਾਰੇ ਯਤਨ ਯਤੀਮਾਂ ਵਾਲੇ। ਸੱਚ ਪੁੱਛੋ ਤਾਂ ਇੱਕੋ ਹੀ ਵਿਸ਼ਵਾਸ ਅਟੱਲ ਹੈ। ਰਾਮ ਕਾਰ ਚਉਗਿਰਦ ਜਦੋਂ ਤੱਕ ਬਲ਼ਦੇ ਭੱਠੇ ਦੀ ਕੰਧ ਵਿੱਚੋਂ ਸੂਹੇ ਫੁੱਲ ਵੀ ਨੇ ਖਿੜ ਪੈਂਦੇ, ਇਹ ਸੰਕਟ ਤਾਂ ਕਿਹੜੀ ਗੱਲ ਹੈ?

ਰੱਬ ਦੇ ਘਰ ਵਿੱਚ ਰੱਬ ਇਕੱਲ੍ਹਾ

ਰੱਬ ਦੇ ਘਰ ਵਿੱਚ ਰੱਬ ਇਕੱਲ੍ਹਾ। ਚਾਰੇ ਬੰਨੇ ਚੁੱਪ ਦਾ ਪਹਿਰਾ। ਸਿਰਫ਼ ਅਜ਼ਾਨ ਜਾਂ ਖੜਕਣ ਟੱਲੀਆਂ ਗੁਰ ਦੀ ਕੀਰਤ ਰਾਗੀ ਗਾਉਂਦੇ। ਰਾਗ ਨਾਦ ਸ਼ਬਦਾਂ ਨੂੰ ਸੁਣ ਕੇ ਪੌਣ, ਪੰਖੇਰੂ ਕਣ ਕਣ ਝੂਮੇ ਸੁਰ ਤੇ ਸਾਜ਼ ਵਜਦ ਵਿੱਚ ਆਉਂਦੇ। ਏਨਾ ਸਹਿਮ ਸੰਨਾਟਾ ਮੇਰੇ ਘਰ ਵਿੱਚ ਕਿਉਂ ਹੈ? ਰੱਬ ਪੁੱਛਦਾ ਹੈ। ਮੈਨੂੰ ਪੁੱਛ ਕੇ ਤੁਰਦੇ ਲੋਕੋ। ਫ਼ਿਕਰਾਂ ਦੇ ਵਿੱਚ ਭੁਰਦੇ ਲੋਕੋ। ਸਦੀਆਂ ਤੋਂ ਮੈਂ ਇਹ ਗੱਲ ਸਦਾ ਨਿਖ਼ਾਰ ਕਹੀ ਹੈ ਮੈਂ ਤਾਂ ਵੱਸਦਾ ਕਣ ਕਣ ਅੰਦਰ। ਮੇਰਾ ਵਾਸ ਤੁਹਾਡੇ ਅੰਦਰ। ਮੇਰੇ ਹੁੰਦਿਆਂ ਕਿਉਂ ਡਰਦੇ ਹੋ? ਠੰਢੇ ਹੌਕੇ ਕਿਉਂ ਭਰਦੇ ਹੋ। ਦੁੱਖ ਸੁਖ ਦੋਵੇਂ ਸਮ ਕਰ ਜਾਣੋ। ਆਪਣਾ ਕੀਤਾ ਆਪ ਪਛਾਣੋ। ਇਸ ਧਰਤੀ ਤੇ ਜੇਕਰ ਅੱਜ ਹੈ ਕਹਿਰ ਪਸਰਿਆ। ਇਸ ਤੋਂ ਮੁਕਤੀ ਖ਼ਾਤਰਆਪ ਉਸਾਰੋ ਤੰਤਰ। ਸਬਰ ਸਿਦਕ ਸੰਤੋਖ ਸਮਰਪਣ ਏਸ ਘੜੀ ਦਾ ਇੱਕੋ ਮੰਤਰ। ਜਿਸ ਦਾ ਪੀਪਾ ਸੱਖਮ ਸੱਖਣਾ ਉਸ ਲਈ ਆਟਾ ਬਣ ਕੇ ਜਾਉ। ਦੀਨ ਦੁਖੀ ਦੀ ਧਿਰ ਬਣ ਜਾਉ। ਮੈਂ ਵੀ ਅੱਜ ਕੱਲ੍ਹ ਉਨ੍ਹਾਂ ਨਾਲ ਹੀ ਰਹਿੰਨਾਂ। ਇਹ ਗੱਲ ਵੀ ਮੈਂ ਤਾਂਹੀਉਂ ਕਹਿੰਨਾਂ। ਰਾਜ ਭਾਗ ਦੇ ਪਾਵਿਆਂ ਨੂੰ ਇਹ ਗੱਲ ਸਮਝਾਉ। ਆਲਮਗੀਰ ਬਣਨ ਦੇ ਸੁਪਨੇ ਹੋਰ ਨਾ ਵੇਖੋ, ਆਦਮ ਦੀ ਨਾ ਨਸਲ ਮੁਕਾਉ। ਹੁਣ ਆਪਣੀ ਔਕਾਤ ਚ ਆਉ।

ਸੜਕਾਂ ਜਿਵੇਂ ਦੋਮੂੰਹੀਆਂ ਸੁੱਤੀਆਂ

ਕਮਰੇ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਦੀ ਥਾਂ ਬੂਹੇ ਉੱਤੋਂ ਮੁੜ ਆਵਾਂਗੇ। ਇਹ ਤਾਂ ਖ਼੍ਵਾਬ ਖ਼ਿਆਲ ਨਹੀਂ ਸੀ। ਕੋਠੇ ਉੱਤੋਂ ਬੰਦ ਕਮਰੇ ਚੋਂ ਜਦ ਸੜਕਾਂ ਨੂੰ ਦੂਰੋਂ ਵੇਖਾਂ ਇੰਜ ਲੱਗਦੈ ਦੋਮੂੰਹੀਆਂ ਸੁੱਤੀਆਂ। ਬਿਰਖ਼ ਉਦਾਸ ਵੈਰਾਗੇ ਹੋਏ। ਪੱਤਿਆਂ ਵਿੱਚ ਵੀ ਜਾਨ ਨਹੀਂ ਹੈ। ਚਿੜੀਆਂ ਚਹਿਕਣ ਪਰ ਨਾ ਮਨ ਦਾ ਮਰੂਆ ਮਹਿਕੇ। ਇਸ ਧਰਤੀ ਨੂੰ ਕੀਹ ਹੋਇਆ ਹੈ ਕੁੱਲ ਦੁਨੀਆਂ ਵਿੱਚ ਸਹਿਮ ਛਲੇਡਾ ਆਦਮ ਬੋ ਆਦਮ ਬੋ ਕਰਦਾ ਨਾ ਉੱਤਰ ਨਾ ਦੱਖਣ ਵੇਖੇ ਪੂਰਬ ਪੱਛਮ ਖ਼ੌਰੂ ਪਾਉਂਦਾ ਘਰ ਘਰ ਵਿੱਚ ਵਿਰਲਾਪ ਵਿਛਾਉਂਦਾ। ਐਟਮਜ਼ਾਦੇ ਮੁਲਕਾਂ ਵਿੱਚ ਵੀ ਸ਼ੂਕ ਰਿਹਾ ਇਹ ਨਾਗ ਕੁਲਹਿਣਾ। ਸ਼ਹਿਰ ਮੇਰੇ ਦੀਆਂ ਸੜਕਾਂ ਸੋਗੀ। ਗੁਰਨਗਰੀ ਵੀ ਸੰਗਤਾਂ ਬਿਨ ਹੈ ਜਿਵੇਂ ਵਿਯੋਗੀ। ਇਹ ਦਿਨ ਨਾ ਸੀ ਸੋਚੇ ਚਿਤਵੇ, ਬੰਦੇ ਦੀ ਹਸਤੀ ਬੱਸ ਰਹਿ ਜਾਊ ਆਪਣੇ ਜੋਗੀ। ਅੰਨ੍ਹੀ ਬੋਲ਼ੀ ਸੁਰੰਗ ‘ਚੋਂ ਲੰਘਦੇ ਅਗਲਾ ਸਿਰਾ ਨਾ ਨਜ਼ਰੀਂ ਆਵੇ। ਸਹਿਮ ਸਿਰਜਦਾ ਮਨ ਵਿੱਚ ਹੌਕੇ ਤੇ ਕੁਝ ਹਾਵੇ। ਆਪਣੀ ਹੀ ਪਰਿਕਰਮਾ ਕਰਦਾ ਕਿੱਦਾਂ ਰਹਿੰਦਾ ਸਫ਼ਰ ਮੁਕਾਵੇ। ਅਜਬ ਜਹੇ ਵਿਊਹਚੱਕਰ ਅੰਦਰ ਘੁੰਮਣ-ਘੇਰ ਝਲਾਰ ਜੇਹੀ ਹੈ। ਹਿੰਮਤ ਕਰਕੇ ਜੇ ਨਿਕਲਾਂ ਤਾਂ ਘੇਰ ਘੇਰ ਕੇ ਮਾਰ ਰਹੀ ਹੈ। ਪਰ ਮੈਨੂੰ ਤਾਂ ਸਦੀਆਂ ਪਹਿਲਾਂ ਮੇਰੇ ਗੁਰ ਨੇ ਇਹ ਸਮਝਾਇਆ। ਜੋਤ ਸਰੂਪ ਮਨਾ ਤੂੰ ਆਪਣੇ ਬੁੱਧੀ ਬਲ ਨੂੰ ਮਨੋਂ ਭੁਲਾਇਆ। ਜੇ ਤੂੰ ਹੁਣ ਵੀ ਬੰਦਿਆ ਆਪਣਾ ਮੂਲ ਪਛਾਣੇਂ। ਕੁੱਲ ਧਰਤੀ ਨੂੰ ਆਪਣੀ ਜਾਣੇਂ। ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਅੱਜ ਨਹੀਂ ਤਾਂ ਕੱਲ੍ਹ ਹੁੰਦਾ ਹੈ।

ਉਹ ਕਲਮ ਕਿੱਥੇ ਹੈ ਜਨਾਬ

ਉਹ ਕਲਮ ਕਿੱਥੇ ਹੈ ਜਨਾਬ ਜਿਸ ਨਾਲ ਸੂਰਮੇ ਨੇ ਪਹਿਲੀ ਵਾਰ ਇਨਕਲਾਬ ਜ਼ਿੰਦਾਬਾਦ ਲਿਖਿਆ ਸੀ। ਸ਼ਬਦ ਅੰਗਿਆਰ ਬਣੇ ਮਾਰੂ ਹਥਿਆਰ ਬਣੇ ਬੇਕਸਾਂ ਦੇ ਯਾਰ ਬਣੇ। ਨੌਜਵਾਨ ਮੱਥਿਆਂ ਚ ਸਦੀਵਕਾਲੀ ਲਲਕਾਰ ਬਣੇ। ਉਹ ਜਾਣਦਾ ਸੀ ਕਿ ਪਸ਼ੂ ਜਿਵੇਂ ਸੁਰਖ਼ ਕੱਪੜੇ ਤੋਂ ਡਰਦਾ ਹੈ ਹਨ੍ਹੇਰਾ ਟਟਹਿਣਿਓਂ ਹਾਕਮ ਵੀ ਸ਼ਾਸਤਰ ਤੋਂ ਘਬਰਾਉਂਦਾ ਹੈ। ਸ਼ਸਤਰ ਨੂੰ ਉਹ ਕੀ ਸਮਝਦਾ ਹੈ। ਸ਼ਸਤਰ ਦੇ ਓਹਲੇ ਚ ਤਾਂ ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ। ਆਪੇ ਬਣੋ ਮਹਾਨ। ਕਲਮ ਨੂੰ ਕਲਮ ਕਰਨਾ ਮੁਹਾਲ ਪੁੰਗਰਦੀ ਹੈ ਬਾਰ ਬਾਰ ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ ਅਖੰਡ ਪ੍ਰਵਾਹ ਸ਼ਬਦ ਸਿਰਜਣੀ ਦਾ। ਕਿੱਥੇ ਹੈ ਉਹ ਵਰਕਾ ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ ਲਿਖ ਘੱਲਿਆ ਸੀ। ਮੇਰੀ ਜਾਨ ਲਈ ਲਾਟ ਸਾਹਿਬ ਨੂੰ ਕੋਈ ਅਰਜ਼ੀ ਪੱਤਾ ਨਾ ਪਾਵੀਂ ਬਾਪੂ। ਮੈਂ ਆਪਣੀ ਗੱਲ ਆਪ ਕਰਾਂਗਾ। ਜਿਸ ਮਾਰਗ ਤੇ ਤੁਰਿਆਂ ਆਪਣੀ ਹੋਣੀ ਆਪ ਵਰਾਂਗਾ। ਵਕਾਲਤ ਜ਼ਲਾਲਤ ਹੈ ਝੁਕ ਗੋਰੇ ਦਰਬਾਰ। ਝੁਕੀਂ ਨਾ ਬਾਬਲਾ, ਟੁੱਟ ਜਾਵੀਂ ਪਰ ਲਿਫੀਂ ਨਾ ਕਦੇ। ਕਿੱਥੇ ਹੈ ਉਹ ਕਿਤਾਬ ਜਿਸ ਦਾ ਪੰਨਾ ਮੋੜ ਕੇ ਇਨਕਲਾਬੀ ਨਾਲ ਰਿਸ਼ਤਾ ਜੋੜ ਕੇ ਸੂਰਮੇ ਨੇ ਕਿਹਾ ਸੀ ਬਾਕੀ ਇਬਾਰਤ ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ ਜਦ ਤੀਕ ਨਹੀਂ ਮੁੱਕਦੀ ਗੁਰਬਤ ਤੇ ਜ਼ਹਾਲਤ ਮੈਂ ਬਾਰ ਬਾਰ ਜੰਮ ਕੇ ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ। ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼ ਲੜਦਾ ਰਹਾਂਗਾ। ਯੁੱਧ ਕਰਦਾ ਰਹਾਂਗਾ। ਕਿੱਥੇ ਹੈ ਉਹ ਦਸਤਾਰ ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ ਲਾਇਲਪੁਰੀ ਬਾਰਾਂ ਨੂੰ ਜਗਾਇਆ ਸੀ। ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ। ਧਰਤੀ ਹਲਵਾਹਕ ਦੀ ਮਾਂ ਹੈ। ਹੁਣ ਸਾਨੂੰ ਸੂਰਮੇ ਦਾ ਪਿਸਤੌਲ ਸੌਂਪ ਕੇ ਕਹਿੰਦੇ ਹੋ ਤਾੜੀਆਂ ਵਜਾਓ। ਖ਼ੁਸ਼ ਹੋਵੇ, ਮੋੜ ਦਿੱਤਾ ਹੈ ਅਸਾਂ ਸ਼ਸਤਰ। ਪਰ ਅਸੀਂ ਇੰਜ ਨਹੀਂ ਪਰਚਦੇ। ਸੂਰਮੇ ਦੀ ਉਹ ਕਲਮ ਤਾਂ ਪਰਤਾਓ ਉਹ ਵਰਕਾ ਤਾਂ ਵਿਖਾਓ ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ ਮੁਕਤੀ ਮਾਰਗ ਦਾ ਨਕਸ਼ਾ। ਜਗਦੇ ਜਾਗਦੇ ਮੱਥੇ ਕੋਲ ਪਿਸਤੌਲ ਬਹੁਤ ਮਗਰੋਂ ਆਉਂਦਾ ਹੈ। ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਹਾਰਦੇ ਜਦ ਸਭ ਉਪਾਅ। ਠੀਕ ਹਥਿਆਰਾਂ ਦਾ ਰਾਹ। ਪਰ ਸੂਰਮੇ ਨੇ ਹਰ ਇਬਾਰਤ ਕਲਮ ਨਾਲ ਲਿਖੀ। ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ ਜੋ ਤੁਹਾਨੂੰ ਪੁੱਗਦਾ ਹੈ। ਮੁਕਤੀਆਂ ਦਾ ਸੂਰਜ ਤਾਂ ਗਿਆਨ ਭੂਮੀ ਸਿੰਜ ਕੇ ਆਪਣਾ ਆਪਾ ਪਿੰਜ ਕੇ ਮੱਥਿਆਂ ਚੋਂ ਚੜ੍ਹਦਾ ਹੈ। ਹੱਕ ਇਨਸਾਫ਼ ਲਈ ਰਾਤ ਦਿਨ ਲੜਦਾ ਹੈ।

ਪਹਿਲੀ ਵਾਰ

ਮੱਥੇ ਦੀਆਂ ਤਿਊੜੀਆਂ ਸਿਆੜ ਬਣੀਆਂ ਨੇ। ਹਲ਼ ਵਾਹਕਾਂ ਨੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਕੇ ਦਰਦਾਂ ਦੀ ਵਾਹੀ ਜੋਤੀ ਕੀਤੀ ਹੈ। ਇਸ ਧਰਤੀ ਨੇ ਬਹੁਤ ਕੁਝ ਵੇਖਿਆ ਹੈ। ਨਹਿਰਾਂ ਚੋਂ ਡੱਕੇ ਮੋਘੇ ਖੋਲ੍ਹੇ ਸੀ ਗਦਰੀ ਬਾਬਿਆਂ। ਮਾਝੇ ਵਾਲਾ ਹਰਸਾ ਛੀਨਾ ਅੱਜ ਵੀ ਵੰਗਾਰਦਾ ਹੈ ਮਾਲਵੇ ‘ਚ ਬਿਸਵੇਦਾਰਾਂ ਨੂੰ ਭਜਾਏ ਸੀ ਮੁਜਾਰਿਆਂ ਕਿਸ਼ਨਗੜ੍ਹੋਂ ਸਰਦਾਰੜੇ ਕਾਕੇ। ਦਬੱਲਿਆ ਰਾਜਾਸ਼ਾਹੀ ਫੁਰਮਾਨ ਪਿੰਡ ਪਿੰਡ ਮੰਡੀ ਮੰਡੀ। ਸਫ਼ੈਦਪੋਸ਼ਾਂ ਨੂੰ ਸੁਰਖ਼ਪੋਸ਼ਾਂ ਪਾਈਆਂ ਭਾਜੜਾਂ ਇਤਿਹਾਸ ਨੇ ਅੱਖੀਂ ਵੇਖਿਆ। ਕੈਰੋਂਸ਼ਾਹੀ ਦਾ ਟਾਕਰਾ ਕਰਦੇ ਖ਼ੁਸ਼ ਹੈਸੀਅਤੀ ਟੈਕਸ ਨੂੰ ਵੰਗਾਰਦੇ ਅੱਜ ਵੀ ਚੇਤਿਆਂ ਚ ਜਾਗਦੇ। ਚਾਚਾ ਚੋਰ ਭਤੀਜਾ ਡਾਕੂ ਸੱਥਾਂ ‘ਚ ਗਾਉਂਦੇ ਸਿਰਲੱਥ ਜਾਂਬਾਜ਼। ਬੜੇ ਚਿਰਾਂ ਤੋਂ ਬੋਹਲਾਂ ਦੀ ਰਾਖੀ ਜਾਣਦੇ ਹਨ। ਤੰਗਲੀਆਂ ਸਲੰਘਾਂ ਵਾਲੇ। ਸਰਕਾਰਾਂ ਨਾਲ ਲੜਦੇ ਹਰ ਵਾਰ। ਪਰ ਐਤਕੀਂ ਤੱਕਿਆ ਪਹਿਲੀ ਵਾਰ ਵੱਖਰਾ ਸੂਰਜ ਨਵੀਆਂ ਕਿਰਨਾਂ ਸਮੇਤ ਚੜ੍ਹਿਆ। ਜਿਸ ਦੁਸ਼ਮਣ ਦੀ ਨਿਸ਼ਾਨਦੇਹੀ ਕੀਤੀ ਹੈ। ਕਾਰਪੋਰੇਟ ਘਰਾਣਿਆਂ ਦੀ ਧੁੰਨੀ ਚ ਤੀਰ ਮਾਰਿਆ ਹੈ। ਕੰਪਨੀ ਸ਼ਾਹਾਂ ਨੂੰ ਰਾਵਣ ਦੇ ਨਾਲ ਫੂਕਿਆ ਹੈ। ਦੁਸਹਿਰੇ ਦੇ ਅਰਥ ਬਦਲੇ ਹਨ। ਵਕਤ ਦੀ ਹਿੱਕ ਤੇ ਦਰਦਮੰਦਾਂ ਦੀਆਂ ਆਹਾਂ ਨੇ ਨਵੀਂ ਅਮਿਟ ਇਬਾਰਤ ਲਿਖੀ ਹੈ। ਸਾਨੂੰ ਸਦਾ ਨਚਾਉਣ ਵਾਲੇ ਖ਼ੁਦ ਨੱਚੇ ਨੇ ਹਕੀਕਤਾਂ ਦੇ ਦੁਆਰ। ਬੇਸ਼ਰਮ ਹਾਸਿਆਂ ਚ ਘਿਰ ਗਏ ਹਨ ਤਿੰਨ ਮੂੰਹੇ ਸ਼ੇਰ ਲੁਕਦੇ ਫਿਰਦੇ ਨੇ। ਤਖ਼ਤਿਆਂ ਵਾਲੇ ਤਖ਼ਤ ਵੰਗਾਰਦੇ। ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਿੱਲਾ ਆਪ ਹੀ ਪੈਰ ਧਰ ਕੇ ਆਪਣੇ ਆਪ ਫਸ ਜਾਵੇ ਬਲ਼ਦੇ ਤੰਦੂਰ ਵਿੱਚ। ਕਾੜ੍ਹਨੀ ‘ਚੋਂ ਦੁੱਧ ਪੀਂਦਾ ਕੁੱਤਾ ਧੌਣ ਫਸਾ ਬਹੇ। ਚੋਰ ਪਾੜ ਤੇ ਹੀ ਫੜਿਆ ਜਾਵੇ। ਗਿੱਦੜ ਕੁੱਟ ਖਾਂਦਾ ਫਸਿਆ ਫਸਿਆ ਬੇਸ਼ਰਮੀ ‘ਚ ਕੁਝ ਵੀ ਕਹਿਣ ਜੋਗਾ ਨਾ ਰਹੇ। ਪਹਿਲੀ ਵਾਰ ਹੋਇਆ ਹੈ ਕਿ ਖੇਤ ਅੱਗੇ ਅੱਗੇ ਤੁਰ ਰਹੇ ਨੇ ਤੇ ਕੁਰਸੀਆਂ ਮਗਰ ਮਗਰ ਤੁਰਦੀਆਂ ਬਿਨ ਬੁਲਾਏ ਬਾਰਾਤੀਆਂ ਵਾਂਗ। ਸਾਨੂੰ ਵੀ ਲੈ ਚੱਲੋ ਯਾਰ ਕਹਿੰਦੀਆਂ। ਮਨੂ ਸਿਮ੍ਰਤੀ ਤੋਂ ਬਾਅਦ ਵਕਤ ਨੇ ਨਵੇਂ ਅਛੂਤ ਐਲਾਨੇ ਹਨ ਅਣਲਿਖੀ ਕਿਤਾਬ ਵਿੱਚ। ਪਹਿਲੀ ਵਾਰ ਤੂੰਬੀਆਂ ਢੱਡਾਂ ਤੇ ਸਾਰੰਗੀਆਂ ਨੇ ਪੀੜ ਪਰੁੱਚੀਆਂ ਤਰਜ਼ਾਂ ਕੱਢੀਆਂ ਨੇ ਵਕਤ ਨੇ ਹੇਕਾਂ ਨੂੰ ਫ਼ਰਜ਼ ਸਿਖਾਇਆ ਹੈ। ਮੁੱਕੇ ਵੰਗਾਰ ਬਣੇ ਹਨ ਚੀਕਾਂ ਕੂਕਾਂ ਵਿੱਚ ਬਦਲੀਆਂ ਹਨ ਲੇਰਾਂ ਨੂੰ ਆਵਾਜ਼ ਲੱਭੀ ਹੈ। ਮੁਕਤੀ ਨੂੰ ਸਿਰਨਾਵੇਂ ਦੀ ਦੱਸ ਪਈ ਹੈ। ਅੰਦਰ ਦੀਆਂ ਪੱਕੀਆਂ ਬਾਹਰ ਆਈਆਂ ਹਨ ਸਾਜ਼ਸ਼ਾਂ,ਗੋਂਦਾਂ, ਚਾਲਾਂ, ਕੁਚਾਲਾਂ ਦੇ ਖ਼ਿਲਾਫ਼ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੀਰ ਭਾਰਤ ਇੱਕ ਹੋਇਆ ਹੈ ਲੁੱਟ ਤੰਤਰ ਹਿੱਲਿਆ ਹੈ। ਕਿਤਾਬਾਂ ਤੋਂ ਬਹੁਤ ਪਹਿਲਾਂ ਵਕਤ ਬੋਲਿਆ ਹੈ। ਨਾਗਪੁਰੀ ਸੰਤਰਿਆਂ ਦਾ ਰੰਗ ਫੱਕ ਹੋਇਆ ਹੈ ਲੋਕ ਦਰਬਾਰੇ। ਕਿੰਨੋ ਹੋ ਗਿਆ ਹੈ ਹਿੱਕ ਤੇ ਸਵਾਰ। ਮੰਡੀਆਂ ‘ਚ ਦਾਣੇ ਤੜਫ਼ੇ ਵੇਖ ਆੜ੍ਹਤੀਆਂ ਨੇ ਹਾਉਕਾ ਭਰਿਆ ਹੈ। ਪੱਲੇਦਾਰਾਂ ਨੇ ਕਮਰਕੱਸਾ ਕੀਤਾ ਹੈ। ਸੜਕਾਂ, ਰੇਲਵੇ ਟਰੈਕ ਜਾਗੇ ਨੇ ਬਾਬੇ ਪੋਤਰੇ ਇਕੱਠੇ ਦਿਸੇ ਨੇ। ਦਾਦੀਆਂ ਪੋਤਰੀਆਂ ਮਰਨੋਂ ਇਨਕਾਰੀ ਜ਼ਿੰਦਾਬਾਦ ਦੀ ਜੂਨ ਪਈਆਂ ਨੇ। ਪਹਿਲੀ ਵਾਰ ਬੰਦ ਬੂਹਿਆਂ ਦੇ ਅੰਦਰ ਲੱਗੇ ਸ਼ੀਸ਼ਿਆਂ ਨੇ ਦੱਸਿਆ ਹੈ ਅੰਦਰਲਾ ਕਿਰਦਾਰ ਕਿ ਕੁਰਸੀਆਂ ਨੇ ਨਾਚ ਨਚਾਇਆ ਨਹੀਂ ਝਾਂਜਰਾਂ ਬੰਨ੍ਹ ਖ਼ੁਦ ਨੱਚਿਆ ਹੈ। ਕਾਠ ਦੀ ਪੁਤਲੀ ਨੂੰ ਨਚਾਉਂਦੀਆ ਤਣਾਵਾਂ ਮਗਰਲੇ ਹੱਥ ਨੰਗੇ ਹੋਏ ਨੇ। ਝੋਨੇ ਦੇ ਵੱਢ ਵਿੱਚ ਕਣਕ ਜੰਮਣੋਂ ਇਨਕਾਰੀ ਹੈ। ਸਹਿਮ ਗਿਆ ਹੈ ਬੰਬੀਆਂ ਦਾ ਪਾਣੀ ਕਿੱਲੇ ਬੱਧੀਆਂ ਮਹੀਂਆਂ ਗਾਈਂਆਂ ਦੁੱਧੋਂ ਭੱਜ ਗਈਆਂ ਨੇ। ਦੁੱਧ ਪੀਣੀ ਬਿੱਲੀ ਥੈਲਿਓਂ ਬਾਹਰ ਆਈ ਹੈ। ਹਾਲ਼ੀ ਪਾਲ਼ੀ ਅਰਥ ਸ਼ਾਸਤਰ ਪੜ੍ਹੇ ਹਨ ਬਿਨਾ ਸਕੂਲਾਂ ਕਾਲਜਾਂ ਦੀਆਂ ਜਮਾਤਾਂ ‘ਚ ਗਏ ਪਟਾਕਦੇ ਹਨ ਫਰਨ ਫਰਨ ਅਰਥਾਉਂਦੇ ਹਨ ਸੱਤਾ ਦੀ ਵਿਆਕਰਣ। ਫ਼ਿਕਰੇ ਜੁੜਨ ਨਾ ਜੁੜਨ ਅਰਥ ਕਤਾਰੋ ਕਤਾਰ ਖੜ੍ਹੇ ਹਨ। ਪਹਿਲੀ ਵਾਰ ਅਰਥਾਂ ਨੇ ਸ਼ਬਦਾਂ ਨੂੰ ਕਟਹਿਰੇ ਚ ਖੜ੍ਹਾ ਕਰ ਲਾਜਵਾਬ ਕੀਤੈ। ਅੰਬਰ ਨੇ ਤਾਰਿਆਂ ਦੀ ਛਾਵੇਂ ਮੁੱਦਤ ਬਾਅਦ ਵੇਖੇ ਨੇ ਪੁੱਤਰ ਧੀਆਂ ਲੋਹ ਲੰਗਰ ਪਕਾਉਂਦੇ ਵਰਤਾਉਂਦੇ। ਸੂਰਜ ਤੇ ਚੰਦਰਮਾ ਇੱਕੋ ਜੇਹਿਆ ਬੇਰਹਿਮ ਤਾਰਾ ਮੰਡਲ ਨੇੜਿਉਂ ਤੱਕਿਆ ਹੈ। ਕੰਬਲ ਦੀ ਠੰਢ ਵਾਲੇ ਮਹੀਨੇ ਅੰਦਰ ਅੱਗ ਮੱਚਦੀ ਹੈ। ਮੁੜ੍ਹਕੇ ਨਾਲ ਭਿੱਜਿਆ ਹੈ ਪੂਰਾ ਤਨ ਬਦਨ। ਝੰਡੇ ਅੱਗੇ ਝੰਡੀਆਂ ਮੁਜਰਮ ਬਣੀਆਂ ਨੇ। ਚੌਂਕੀਦਾਰਾਂ ਨੂੰ ਸਵਾਲਾਂ ਨੇ ਵਿੰਨ੍ਹਿਆ ਹੈ ਬਿਨ ਤੀਰ ਤਲਵਾਰੋਂ। ਗੋਦੀ ਬੈਠੇ ਲਾਡਲੇ ਅੱਖਰ ਬੇਯਕੀਨੇ ਹੋਏ ਨੇ ਚੁਰਸਤਿਆਂ ‘ਚ। ਸੁਆਲਾਂ ਦਾ ਕੱਦ ਵਧ ਗਿਆ ਹੈ ਜਵਾਬਾਂ ਨਾਲੋਂ। ਪਹਿਲੀ ਵਾਰ ਤੱਥ ਸਿਰ ਚੜ੍ਹ ਬੋਲੇ ਹਨ ਬੇਬਾਕ ਹੋ ਕੇ। ਧਰਤੀ ਪੁੱਤਰਾਂ ਨੇ ਸਵਾ ਸਦੀ ਬਾਅਦ ਮੁੜ ਪਗੜੀ ਸੰਭਾਲੀ ਹੈ ਸਿਆੜਾਂ ਦੀ ਸਲਾਮਤੀ ਲਈ।

ਹੁਣ ਅਗਲੀ ਗੱਲ ਕਰੋ

ਮੰਨਿਆ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪਰ ਤੁਸੀਂ ਤਾੜੀ ਨਹੀਂ ਚਪੇੜਾਂ ਮਾਰ ਰਹੇ ਹੋ। ਵਿਧਾਨ ਦੇ ਲਾਲੋ ਲਾਲ ਕੀਤੇ ਮੂੰਹ 'ਤੇ। ਅਸੀਂ ਸਭ ਜਾਣਦੇ ਹਾਂ ਤਾੜੀ ਦਾ ਤਾਲ ਸੁਮੇਲ 'ਚੋਂ ਨਿਕਲਦਾ ਹੈ ਤੇ ਚਪੇੜ ਦਾ ਹੈਂਕੜ 'ਚੋਂ। ਸਾਡੇ ਤੋਂ ਪਹਿਲਾਂ ਕਿੰਨਿਆਂ ਨਾਲ ਤੁਸੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਤਾੜੀ ਵਜਾਈ ਹੈ! ਜਾਂ ਚਪੇੜ ਮਾਰੀ ਹੈ, ਵਕਤ ਦੀ ਵਹੀ ਤੇ ਪਾਈ ਪਾਈ ਦਾ ਹਿਸਾਬ ਲਿਖਿਆ ਪਿਐ। ਮਿਹਰਬਾਨ! ਦੋਹਾਂ ਦੇ ਖੜਾਕ ਵਿੱਚ ਵੀ ਬੁਨਿਆਦੀ ਅੰਤਰ ਹੈ। ਚਪੇੜ ਠਾਹ ਕਰਕੇ ਇੱਕੋ ਵਾਰ ਵੱਜਦੀ ਹੈ ਤੇ ਤਾੜੀ ਲਗਾਤਾਰ। ਸਾਡੀਆਂ ਲੱਤਾਂ ਬਾਹਾਂ ਨੂੜ ਕੇ ਸਾਨੂੰ ਤਾੜੀਆਂ ਮਾਰਨ ਲਈ ਨਾ ਕਹੋ। ਹੱਥ ਖੋਲ੍ਹੋ ਫਿਰ ਦੱਸਾਂਗੇ ਕੀ ਕਿਵੇਂ ਵਜਾਉਣਾ ਹੈ। ਹਾਲ ਦੀ ਘੜੀ ਤੁਸੀਂ ਬੋਲ ਰਹੇ ਹੋ ਅਸੀਂ ਸੁਣ ਰਹੇ ਹਾਂ ਵਾਰਤਾਲਾਪ ਕਿੱਥੇ ਹੈ? ਸਾਡੇ ਗੁਰੂ ਦਾ ਉਪਦੇਸ਼ ਹੈ ਜਦ ਤੀਕ ਜਿਉਂਦੇ ਹੋ, ਕੁਝ ਸੁਣੋ ਵੀ, ਨਾਲ ਕਹੋ ਵੀ ਰੋਸ ਨਾ ਕਰੋ ਉੱਤਰ ਦਿਉ। ਹੁਣ ਅਗਲੀ ਗੱਲ ਕਰੋ!

ਬੱਚੇ ਨਾਲ ਬੱਚਾ ਬਣਦਿਆਂ

ਹੁਣ ਪਤਾ ਨਹੀਂ ਕੀ ਹੋ ਗਿਐ? ਟੀ ਵੀ ਵਿੱਚ ਵੀ ਨਿੱਕਾ ਬਾਲ ਰੋਂਦਾ ਹੈ ਤਾਂ ਆਪਣੀ ਪੋਤਰੀ ਦੀ ਤਸਵੀਰ ਪੂੰਝਦਾ ਹਾਂ। ਕਿੰਨਾ ਖ਼ੁਦਗ਼ਰਜ਼ ਹੋ ਗਿਆਂ ਮੈਂ। ਖਿੜਿਆ ਗੁਲਾਬ ਚੰਬੇਲੀ ਜਾਂ ਕੋਈ ਵੀ ਫੁੱਲ ਵੇਖਦਿਆਂ ਉਸ ਚੋਂ ਕਿਲਕਾਰੀਆਂ ਸੁਣਦੀਆਂ ਨੇ ਬਿਲਕੁਲ ਸਾਡੀ ਅਸੀਸ ਦੇ ਹਾਸੇ ਜਹੀਆਂ ਫੁੱਲਝੜੀਆਂ। ਫੁੱਲਾ ਲੱਦੀ ਟਾਹਣੀ ਵਾਂਗ ਝੂਮਦੀ ਹੈ ਪਾਣੀ ਭਰੇ ਗਲਾਸ ਨੂੰ ਮੇਰੇ ਖੜਕਾਉਂਦਿਆਂ ਸੁਣਦਿਆਂ। ਸ਼ਾਇਦ ਜਲਤਰੰਗ ਸਮਝਦੀ ਹੈ ਹਰ ਬੱਚੇ ਅੰਦਰਲਾ ਸੰਗੀਤ ਸੁਣਨ ਲਈ ਬੱਚੇ ਬਣਨਾ ਪੈਂਦਾ ਹੈ, ਦਾਦਾ ਜਾਂ ਬਾਪ ਨਹੀਂ। ਪਹਿਲਾ ਸਬਕ ਪੜ੍ਹਾਇਆ ਹੈ ਬਿਨ ਫੀਸ ਤੋਂ ਮੈਨੂੰ ਅਸੀਸ ਨੇ। ਬੱਚੇ ਨਾਲ ਬੱਚਾ ਬਣਦਿਆਂ ਉਮਰ ਬੀਤ ਜਾਂਦੀ ਹੈ।

ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਲੱਭਦਿਆਂ

ਭੈਣ ਨਾਨਕੀ ਪੁੱਛਦੀ ਫਿਰਦੀ, ਏਸ ਸ਼ਹਿਰ ਵਿੱਚ ਕਿੰਨੇ ਚਿਰ ਦੀ, ਦਿਨ ਚੜ੍ਹਿਆ ਤ੍ਰਿਕਾਲਾਂ ਢਲੀਆਂ, ਵਿੱਚ ਸੁਲਤਾਨਪੁਰੇ ਦੀਆਂ ਗਲੀਆਂ, ਸੂਰਜ ਵੀ ਆਪਣੇ ਘਰ ਚੱਲਿਆ, ਬਿਰਖਾਂ ਸਾਂਭੀ ਛਾਇਆ.......। ਨਾਨਕ ਨਹੀਂ ਆਇਆ......। ਵੀਰਨ ਨਹੀਂ ਆਇਆ......। ਪੰਜ ਸਦੀਆਂ ਤੋਂ ਅੱਧੀ ਉੱਤੇ। ਬੜੇ ਜਗਾਏ ਲੋਕੀਂ ਸੁੱਤੇ। ਸ਼ਾਹਾਂ ਅਤੇ ਮੁਕੱਦਮਾਂ ਮੁੜ ਕੇ, ਸਭ ਰਾਹ ਨਾਕਾ ਲਾਇਆ। ਵੀਰਨ ਨਹੀਂ ਆਇਆ, ਨਾਨਕ ਨਹੀਂ ਆਇਆ। ਉਸ ਨੇ ਸਾਨੂੰ ਜਿੱਥੋਂ ਮੋੜਿਆ। ਭਰਮ ਦਾ ਭਾਂਡਾ ਜੋ ਜੋ ਤੋੜਿਆ। ਓਸੇ ਰਾਹ ਤੇ ਉਲਝੇ ਜਿੱਥੋਂ, ਵਰਜਿਆ ਤੇ ਸਮਝਾਇਆ। ਨਾਨਕ ਨਹੀਂ ਆਇਆ। ਬੇਈਂ ਨੂੰ ਉਸ ਪੁੱਛਿਆ ਜਾ ਕੇ। ਕਿੱਥੇ ਗਿਆ ਤੇਰੇ ਜਲ ਵਿੱਚ ਨ੍ਹਾ ਕੇ। ਇੱਕ ਓਂਕਾਰ ਸਬਕ ਦਾ ਪਾਹਰੂ, ਕਿਹੜੇ ਵਤਨ ਸਿਧਾਇਆ। ਨਾਨਕ ਨਹੀਂ ਆਇਆ........। ਪੁੱਛਦਾ ਬਾਬਲ ਕਾਲੂ ਰਾਏ। ਪੁੱਤਰਾ ਕਿਸ ਥਾਂ ਡੇਰੇ ਲਾਏ। ਮਰਦਾਨਾ ਵੀ ਦਿਸਦਾ ਨਹੀਂਉਂ, ਸੁਰਵੰਤਾ ਹਮਸਾਇਆ। ਨਾਨਕ ਨਹੀਂ ਆਇਆ......। ਧਰਤੀ ਕਾਗਦਿ ਪਈ ਉਡੀਕੇ। ਆਵੇ ਮੁੜ ਕੇ ਸ਼ਬਦ ਉਲੀਕੇ। ਨਵੇਂ ਪੂਰਨੇ ਪਾ ਜਾਵੇ ਫਿਰ, ਮਾਂ ਤ੍ਰਿਪਤਾ ਦਾ ਜਾਇਆ। ਨਾਨਕ ਨਹੀਂ ਆਇਆ.........। ਕੰਨ ਪਾੜਵੇਂ ਢੋਲ ਢਮੱਕੇ। ਪਾਪੀ ਮਨ ਵੀ ਧੁਨ ਦੇ ਪੱਕੇ। ਕਿਣਕਾ ਵੀ ਨਾ ਹਿੱਲਦੇ ਭੋਰਾ, ਬਿਰਥਾ ਜਨਮ ਗਵਾਇਆ। ਨਾਨਕ ਨਹੀਂ ਆਇਆ.......। ਥਾਂ ਥਾਂ ਤੰਬੂ ਅਤੇ ਕਨਾਤਾਂ। ਪਹਿਲਾਂ ਨਾਲ਼ੋਂ ਕਾਲੀਆਂ ਰਾਤਾਂ। ਦਿਨ ਵੀ ਜਿਉਂ ਘਸਮੈਲਾ ਵਰਕਾ, ਮਨ ਪਰਦੇਸ ਸਿਧਾਇਆ। ਨਾਨਕ ਨਹੀਂ ਆਇਆ.......। ਰਲ ਮਿਲ ਸਾਰੇ ਚੋਰਾਂ ਯਾਰਾਂ। ਮਨ ਖੋਟੇ ਦਿਆਂ ਠੇਕੇਦਾਰਾਂ। ਗਿਆਨ ਗੋਸ਼ਟਾਂ, ਵੇਚੀ ਕਵਿਤਾ, ਜਿਸ ਹੱਥ ਜੋ ਵੀ ਆਇਆ। ਨਾਨਕ ਨਹੀਂ ਆਇਆ। ਹੁਣ ਇਹ ਬਾਬਰ ਕਿੱਧਰੋਂ ਆਇਆ। ਹੁਣ ਨਾ ਫੌਜਾਂ ਨਾਲ ਲਿਆਇਆ। ਖੋਹ ਕੇ ਲੈ ਗਿਆ ਬੋਲ ਤੇ ਬਾਣੀ, ਸੋਨਾ ਰੇਤ ਰੁਲਾਇਆ। ਨਾਨਕ ਨਹੀਂ ਆਇਆ।

ਸੂਰਜ ਦੀ ਜ਼ਾਤ ਨਹੀਂ ਹੁੰਦੀ

(ਮਹਾਂਕਵੀ ਵਾਲਮੀਕਿ ਜੀ ਨੂੰ ਚਿਤਵਦਿਆਂ) ਉਸ ਦੇ ਹੱਥ ਵਿੱਚ ਮੋਰਪੰਖ ਸੀ ਕਾਗ਼ਜ਼ਾਂ ਤੇ ਨੱਚਦਾ ਸਫ਼ਿਆਂ ਤੇ ਪਾਇਲਾਂ ਪਾਉਂਦਾ ਇਤਿਹਾਸ ਰਚਦਾ ਪਹਿਲੇ ਮਹਾਂ ਕਾਵਿ ਦਾ ਸਿਰਜਣਹਾਰ। ਕਿਸੇ ਲਈ ਰਿਸ਼ੀ ਕਿਸੇ ਵਾਸਤੇ ਮਹਾਂਰਿਸ਼ੀ ਲਿਸਿਆਂ ਨਿਤਾਣਿਆਂ ਲਈ ਸਗਵਾਂ ਭਗਵਾਨ ਸੀ ਮੁਕਤੀਦਾਤਾ। ਸ੍ਵੈਮਾਣ ਦਾ ਉੱਚ ਦੋਮਾਲੜਾ ਬੁਰਜ। ਨਾ ਨੀਵਾਂ ਨਾ ਉੱਚਾ ਮਨੂ ਸੰਮ੍ਰਿਤੀ ਤੋਂ ਬਹੁਤ ਉਚੇਰਾ ਤੇ ਵੱਖਰਾ ਰੌਸ਼ਨ ਪਾਠ ਸੀ ਵਕਤ ਦੇ ਸਫ਼ੇ ਤੇ। ਤ੍ਰੈਕਾਲਦਰਸ਼ੀ ਮੱਥਾ ਸੀ ਫ਼ੈਲ ਗਿਆ ਚੌਵੀ ਹਜ਼ਾਰ ਸ਼ਲੋਕਾਂ ਚ ਘੋਲ ਕੇ ਸੰਪੂਰਨ ਆਪਾ ਇਤਿਹਾਸ ਹੋ ਗਿਆ। ਈਸਵੀ ਦੇ ਮੁਢਲੇ ਪੰਨਿਆਂ ਤੇ ਉਸ ਲਕੀਰਾਂ ਨਹੀਂ ,ਪੈੜਾਂ ਪਾਈਆਂ। ਕਾਲੇ ਅੱਖਰਾਂ ਨੇ ਪੂਰਬ ਨੂੰ ਪਹਿਲੀ ਵਾਰ ਭਗਵਾਨ ਵਿਖਾਇਆ। ਗਿਆਨ ਸਾਗਰ ਦਾ ਗੋਤਾ ਖ਼ੋਰ ਮਾਣਕ ਮੋਤੀ ਲੱਭ ਲੱਭ ਪਰੋਈ ਗਿਆ। ਅਜਬ ਰਾਹ ਦਿਸੇਰਾ। ਉਸ ਦੇ ਪਾਏ ਪੂਰਨਿਆਂ ਤੇ ਇਬਾਰਤ ਲਿਖਣੀ ਖ਼ਾਲਾ ਜੀ ਦਾ ਵਾੜਾ ਨਹੀਂ। ਸਰਬ ਧਰਤੀ ਕਾਗਦਿ ਛੋਟਾ ਪੈ ਗਿਆ ਵਰਕਾ ਆਦਿ ਕਵੀ ਸਨਮੁਖ ਸਮੁੰਦਰ ਸਿਆਹੀ ਦੀ ਦਵਾਤ। ਮੋਰਪੰਖ ਲਿਖਦਾ ਰਿਹਾ ਵਕਤ ਦੇ ਸਫ਼ਿਆਂ ਤੇ। ਅਰਥਾਂ ਦੇ ਅਰਥ ਕਰੀ ਜਾਉ ਦੋਸਤੋ! ਸੂਰਜ ਨੂੰ ਤੁਸੀਂ ਦੀਵਾ ਨਹੀਂ ਬਣਾ ਸਕਣਾ। ਵਿਸ਼ਵ ਕੀਰਤੀ ਕਾਰਨ ਹੀ ਸਰਬਦੇਸ਼ੀ ਸਬਕ ਬਣ ਗਿਐ ਸਰਬਕਾਲ ਸੂਰਜੀ ਮੱਥਾ। ਧਰਤੀ ਦੀ ਹਰ ਜ਼ਬਾਨ ਚ ਲਿਸ਼ ਲਿਸ਼ਕੰਦੜਾ ਗਰੰਥ। ਸੂਰਜ ਨੂੰ ਕਿਸੇ ਵੀ ਜ਼ਾਵੀਏ ਤੋਂ ਨਿਹਾਰੋ ਸੂਰਜ ਹੀ ਰਹਿੰਦਾ ਹੈ ਨਾ ਡੁੱਬਦਾ ਨਾ ਚੜ੍ਹਦਾ ਤੁਸੀਂ ਹੀ ਹੇਠ ਉੱਤੇ ਹੁੰਦੇ ਹੋ। ਤਪਦੇ ਖਪਦੇ ਮਰ ਚੱਲੇ ਹੋ ਜਾਣਦਿਆਂ ਇਸਦੀ ਜ਼ਾਤ। ਨਿੱਕੇ ਨਾ ਬਣੋ ਸੂਰਜ ਸੂਰਜ ਹੀ ਹੁੰਦਾ ਹੈ। ਇਸ ਦੀ ਜ਼ਾਤ ਨਹੀਂ ਝਾਤ ਹੁੰਦੀ ਹੈ। ਜਿੱਧਰ ਮੂੰਹ ਕਰਦਾ ਹੈ ਦਿਨ ਚੜ੍ਹਦਾ, ਫੁੱਲ ਖਿੜਦੇ। ਰੰਗ ਭਰਦੇ, ਰਾਗ ਛਿੜਦੇ। ਪਿੱਠ ਕਰੇ ਤਾਂ ਲੰਮ ਸਲੰਮੀ ਰਾਤ। ਇਸ ਨੂੰ ਆਪਣੇ ਜਿੱਡਾ ਨਾ ਕਰੋ ਲਗਾਤਾਰ ਛਾਂਗ ਛਾਂਗ ਇਹ ਤੁਹਾਡੀਆਂ ਲੇਥ ਮਸ਼ੀਨਾਂ ਤੋਂ ਬਹੁਤ ਵੱਡਾ ਹੈ। ਇਸ ਚ ਮਨ ਮਰਜ਼ੀ ਦੇ ਰੰਗ ਭਰਦਿਆਂ ਇਸ ਦਾ ਰੰਗ ਨਹੀਂ ਚਾਨਣਵੰਨਾ ਢੰਗ ਹੁੰਦਾ ਹੈ ਜਗਣ ਮਘਣ ਵਾਲਾ ਨੂਰ ਦੇ ਘੁੱਟ ਭਰੋ, ਧਿਆਨ ਧਰੋ। ਆਪਣੇ ਵਰਗਾ ਨਿੱਕਾ ਨਾ ਕਰੋ। ਰੰਗ ,ਜ਼ਾਤ ,ਗੋਤ ,ਧਰਮ,ਨਸਲ ਤੋਂ ਬਹੁਤ ਉਚੇਰਾ ਹੈ ਰਵੀ ਆਦਿ ਕਵੀ ਸੂਰਜ ਦੀ ਜ਼ਾਤ ਪਾਤ ਨਹੀਂ ਸਰਬ ਕਲਿਆਣੀ ਔਕਾਤ ਹੁੰਦੀ ਹੈ ਤਾਂ ਹੀ ਉਹਦੇ ਆਉਂਦਿਆਂ ਪਰਭਾਤ ਹੁੰਦੀ ਹੈ।

ਦੀਪਿਕਾ ਪਾਦੂਕੋਨ ਦੇ ਜਵਾਹਰ ਲਾਲ ਯੂਨੀਵਰਸਿਟੀ ਦੇ ਜ਼ਖ਼ਮੀਆਂ ਕੋਲ ਜਾਣ ਤੇ

ਜੇ ਤੂੰ ਸਿਨੇਮਾ ਸਕਰੀਨ ਤੋਂ ਉੱਤਰ ਹੱਕ ਸੱਚ ਇਨਸਾਫ਼ ਲਈ ਲੜਦੀ ਬੰਗਾਲ ਦੀ ਜਾਈ ਆਇਸ਼ੀ ਘੋਸ਼ ਦਾ ਯੂਨੀਵਰਸਿਟੀ ਚ ਜਾਕੇ ਜ਼ਖ਼ਮੀ ਮੱਥਾ ਨਾ ਚੁੰਮਦੀ ਤਾਂ ਮੈਨੂੰ ਭਰਮ ਰਹਿਣਾ ਸੀ ਕਿ ਮਾਪਿਆਂ ਦੇ ਰੱਖੇ ਨਾਮ ਬੇਅਰਥ ਹੁੰਦੇ ਨੇ। ਦੀਪਿਕਾ! ਜਗਦੇ ਚਿਰਾਗ ਜੇਹੀਏ! ਤੂੰ ਸੱਚਮੁੱਚ ਪ੍ਰਕਾਸ਼ ਦੀ ਧੀ ਹੈਂ। ਤੇਰਾ ਨਿਹੱਥੇ ਬੱਚਿਆਂ ਕੋਲ ਜਾਣਾ ਹਮਦਰਦ ਬਣ ਬਹਿਣਾ ਖਲੋਣਾ ਉਸ ਵਿਸ਼ਵਾਸ ਦੀ ਤਸਦੀਕ ਹੈ ਜੋ ਗੁਆਚ ਰਿਹੈ ਦਿਨ ਬਦਿਨ ਇੰਜ ਲੱਗਿਐ! ਮੰਡੀ ਵਿੱਚ ਸਭ ਕੁਝ ਵਿਕਾਊ ਨਹੀਂ। ਸਿਆਲ ਦੇ ਦਿਨ ਹਨ ਬਾਜ਼ਾਰ ਚ ਮੂੰਗਫ਼ਲੀ ਦੇ ਢੇਰ ਪਏ ਨੇ ਧੜਾਧੜ ਤੁਲ ਰਹੇ ਵਿਕ ਰਹੇ। ਮਹਿੰਗੇ ਬਦਾਮਾਂ ਜਹੀਏ ਧੀਏ! ਮੰਡੀ ਦਾ ਮਾਲ ਨਾ ਬਣਨ ਦਾ ਸ਼ੁਕਰੀਆ। ਆਇਸ਼ੀ ਘੋਸ਼ ਦੇ ਮੱਥੇ ਦੇ ਜ਼ਖ਼ਮ ਆਠਰ ਗਏ ਨੇ ਤੇਰੇ ਚੁੰਮਦਿਆਂ। ਅਣਬੋਲਿਆ ਨਾਅਰਾ ਅੰਬਰੀਂ ਚੜ੍ਹ ਗੂੰਜਿਆ ਹੈ ਚਹੁੰ ਦਿਸ਼ਾਈਂ। ਤ੍ਰਿਸ਼ੂਲਾਂ, ਕਿਰਪਾਨਾਂ, ਚਾਕੂਆਂ ਦੇ ਜਮਘਟੇ ਅੰਦਰ ਘਿਰੇ ਅਸੀਂ ਇਕੱਲੇ ਨਹੀਂ ਹਾਂ। ਬਹੁਤ ਜਣੇ ਹਾਂ। ਇਕੱਲੇ ਨਹੀਂ ਹਾਂ ਜੰਗਲ ‘ਚ।

ਮਲੇਰਕੋਟਲਾ ਦੇ 66 ਕੂਕੇ ਸ਼ਹੀਦਾਂ ਨੂੰ ਚਿਤਵਦਿਆਂ

ਅਗਨ ਤੇ ਲਗਨ ਦੀਆਂ ਛਿਆਹਠ ਮੋਮਬੱਤੀਆਂ ਬਲਦੀਆਂ ਮਲੇਰਕੋਟਲੇ ਦੇ ਰੱਕੜ ‘ਚ ਨਿਰੰਤਰ ਜਗਦੀਆਂ ਮਘਦੀਆਂ। ਫਰੰਗੀ ਹਕੂਮਤ ਨੂੰ ਵੰਗਾਰਦੀਆਂ। ਜੈਕਾਰੇ ਗੁੰਜਾਰਦੀਆਂ। ਜੋ ਬੋਲੇ ਸੋ ਨਿਹਾਲ ਬੁਲਾਉਂਦੀਆਂ ਕੂਕ ਕੂਕ ਸਮਝਾਉਂਦੀਆਂ ਤਾਜ ਦੀ ਦਾੜ੍ਹੀ ਨੂੰ ਹੱਥ ਪਾਉਂਦੀਆਂ ਤੇ ਉੱਚੀ ਉੱਚੀ ਸੁਣਾਉਂਦੀਆਂ ਝੱਖੜ ਚ ਬਲ਼ਦੀਆਂ ਮੋਮਬੱਤੀਆਂ। ਬਿੱਲਿਆ! ਇਹ ਵਤਨ ਸਾਡਾ ਹੈ। ਅਸੀਂ ਹਾਂ ਇਹਦੇ ਸਾਈਂ। ਇਸ ਤੋਂ ਤੇਰੇ ਜਹੀਆਂ ਦੂਰ ਬਲਾਈਂ। ਵੇਖਦਿਆਂ ਹੀ ਵੇਖਦਿਆਂ ਤੋਪਾਂ ਚੱਲੀ ਧਰਤ ਹੱਲੀ। ਸੰਭਲੀ ਤੇ ਬੋਲੀ, ਬੱਸ! ਏਨਾ ਹੀ ਕੰਮ ਸੀ ਤੇਰਾ। ਹੋਰ ਚਲਾ ਲੈ ਅਸਲਾ ਬਾਰੂਦ। ਮੈਂ ਇਨ੍ਹਾਂ ਦੀ ਰੱਤ ਸੰਭਾਲਾਂਗੀ। ਇਤਿਹਾਸ ਪੁੱਛੇਗਾ ਤਾਂ ਦੱਸਾਂਗੀ ਕੂਕੇ ਕੂਕ ਕੂਕ ਬੋਲੇ ਅਡੋਲ ਰਹੇ , ਕਦਮ ਨਾ ਡੋਲੇ। ਪੌਣਾਂ ਚ ਘੁਲ ਗਏ ਜੈਕਾਰੇ। ਦਸਮੇਸ਼ ਦੇ ਲਾਡਲੇ ਬਾਬਾ ਰਾਮ ਸਿੰਘ ਦੇ ਮਾਰਗਪੰਥੀ। ਗਊ ਗਰੀਬ ਰਖਵਾਲੇ ਮਸਤ ਮਸਤ ਮਤਵਾਲੇ। ਕਣ ਕਣ ਕਰੇ ਉਜਾਲੇ। ਇੱਕੋ ਥਾਂ ਨਿਰੰਤਰ ਜਗਦੀਆਂ ਮਘਦੀਆਂ ਛਿਆਹਠ ਮੋਮਬੱਤੀਆਂ। ਗੁਰੂ ਰੰਗ ਰੱਤੀਆਂ।

ਬਿਨ ਬੂਹਿਉਂ ਦਰਵਾਜ਼ੇ ਖੁੱਲ੍ਹੇ

ਬਿਨ ਬੂਹਿਉਂ ਦਰਵਾਜ਼ੇ ਪਿੰਡ ਦੇ ਕੋਈ ਨਾ ਆਏ ਜਾਏ। ਦਰਦ ਕਹਾਣੀ ਬੰਦ ਕਿਸਮਤ ਦੀ ਕੋਈ ਨਾ ਸੁਣੇ ਸੁਣਾਏ, ਹਾਏ ,ਹਾਏ। ਦੀਵਾਰਾਂ ਸਣ ਗੁੰਬਦ ਅੱਥਰੂ, ਬਿਨ ਵਗਿਆਂ ਪਥਰਾਏ। ਪੁੱਤਰ ਧੀਆਂ ਅੰਦਰੀਂ ਬਹਿ ਗਏ, ਚੜ੍ਹੇ ਹਨ੍ਹੇਰ ,ਡਰਾਏ। ਬਹਿ ਦਰਵਾਜ਼ੇ ,ਸੱਥਾਂ ਵਾਲੇ, ਬਾਪੂ ਕਿੱਧਰ ਧਾਏ। ਪਿਛਲੀ ਉਮਰੇ ਹਾਉਕੇ ਔਖੇ, ਬਿਰਧਾਂ ਸਵਾਸ ਸੁਕਾਏ। ਦੁਨੀਆਂ ਦੇ ਤਖ਼ਤਾਂ ਨੂੰ ਕੰਬਣੀ, ਮੌਤ ਕਲਾਵੇ ਪਾਏ। ਤਖ਼ਤਪੋਸ਼ ਤੇ ਸੱਪ ਚੜ੍ਹ ਆਇਆ, ਕਿਧਰੇ ਨਾ ਡੰਗ ਜਾਏ। ਡਰਦੀ ‘ਵਾਜ਼ ਨਾ ਸੰਘੋਂ ਨਿਕਲੇ, ਚੁੱਪ ਨੇ ਜੰਦਰੇ ਲਾਏ। ਜਿਹੜੇ ਘਰ ਵਿੱਚ ਪੀਪੇ ਸੱਖਣੇ, ਗੁੰਮ ਸੁੰਮ ਦਰਦਾਂ ਜਾਏ। ਕੰਮ ਕਾਰ ਨੂੰ ਵੱਜੇ ਜੰਦਰੇ, ਗ਼ਮ ਦੇ ਲੰਮੜੇ ਸਾਏ। ਦਾਨਵੀਰ ਦੇ ਹੱਥੋਂ ਲੈ ਕੇ, ਅਣਖ਼ੀ ਕਿੱਦਾਂ ਖਾਏ। ਆਮ ਸ਼ਹਿਰੀਏ ਧਰਮਾਤਮ ਨੂੰ, ਇਹ ਗੱਲ ਸਮਝ ਨਾ ਆਏ। ਤਰਸ ਰਿਹਾ ਪ੍ਰਵੇਸ਼ ਦਵਾਰਾ, ਕੋਈ ਤਾਂ ਆਏ ਜਾਏ। ਮੇਰੇ ਕੋਲ ਬਹੇ ਕੁਝ ਪਲ ਤਾਂ, ਦਿਲ ਦੀ ਸੁਣੇ ਸੁਣਾਏ। ਕੰਕਰੀਟ ਨੂੰ ਦੱਸੋ ਕਿਹੜਾ, ਵਿਚਲੀ ਗੱਲ ਸਮਝਾਏ। ਸ਼ਹਿਰ ਗਿਰਾਂ ਤੇ ਕਰਫਿਊ ਲੱਗਾ, ਸਭ ਦੀ ਜਾਨ ਸੁਕਾਏ। ਘਰ ਅੰਦਰ ਹੀ ਜਾਨ ਸਲਾਮਤ, ਹਾਕਮ ਇਹ ਸਮਝਾਏ। ਬਾਹਰ ਨਿਕਲਣਾ ਵਰਜਿਤ ਤਾਂਹੀਂਉਂ, ਵਾਇਰਸ ਨਾ ਚੜ੍ਹ ਜਾਏ। ਇਹ ਦੁਸ਼ਮਣ ਤਾਂ ਅਸਲੋਂ ਨਸਲੋਂ, ਸਭ ਨੂੰ ਮਾਰ ਮੁਕਾਏ। ਬਚ ਜਾਉ! ਲੁਕ ਛਿਪ ਕੇ ਸਾਰੇ, ਜੇਕਰ ਬਚਿਆ ਜਾਏ। ਬਿਨ ਬੂਹਿਆਂ ਤੋਂ ਦਰਵਾਜ਼ੇ ਨੂੰ, ਚਿੰਤਾ ਸਾਡੀ ਖਾਏ। ਇਸ ਦੀ ਸਾਡੀ ਸਾਂਝ ਪੁਰਾਣੀ, ਤਾਂਹੀਉਂ ਧਰਮ ਨਿਭਾਏ।

ਸੰਸਦ ਵੱਲ

ਸੰਸਦ ਵੱਲ ਕੋਈ ਸੜਕ ਨਹੀਂ ਜਾਂਦੀ ਗੋਲ ਗੋਲ ਪਹੀਏ ਜਾਂਦੇ ਹਨ ਰੇਲ ਗੱਡੀ ਦੇ ਲਗਾਤਾਰ। ਰੇਲਵੇ ਲਾਈਨ ਤੇ ਕੋਈ ਸ਼ਤੀਰੀਆਂ ਨਹੀਂ ਵਿਛੀਆਂ ਅਸੀਂ ਸੁੱਤੇ ਪਏ ਹਾਂ। ਲੋਕਤੰਤਰ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਕੰਨੀ ਗੂੰਜਦੇ ਨੇ ਨਿਰੰਤਰ ਅਸੀਂ ਨਹੀਂ ਜਾਗਦੇ। ਰੋਟੀਆਂ ਬੋਟੀਆਂ ਖਾਂਦਿਆਂ ਨੀਤਾਂ ਖੋਟੀਆਂ ਕਮਾਉਂਦਿਆਂ ਭਾਣੇ ਅੰਦਰ ਜੀ ਰਹੇ ਮੇਰੇ ਦੇਸ਼ ਤੇਰੀ ਗਠੜੀ ਕੋ ਲਾਗਾ ਚੌਕੀਦਾਰ ਖ਼ਬਰਦਾਰ ਹੋਸ਼ਿਆਰ! ਨੀਂਦਰ ਤਿਆਗ ਜਾਗ ਓ ਵਤਨਾ ਜਾਗ। ਇਕੱਤੀ ਮਾਰਚ ਹੈ ਅੱਜ ਠੇਕੇ ਟੁੱਟ ਗਏ ਨੇ ਤੂੰ ਬੋਤਲ ਤੋੜ ਦੇ। ਲਾ ਦੇ ਬੋਲ ਜੈਕਾਰਾ ਇਹ ਹੈ ਵਤਨ ਹਮਾਰਾ। ਲਾ ਨਾ ਕੂੜਾ ਲਾਰਾ ਬਾਰਮ ਬਾਰ ਦੋਬਾਰਾ। ਹਟ ਓ ਚੌਕੀਦਾਰਾ।

ਉਹ ਦਰਿਆ ਸੀ

(ਪ੍ਰੋ: ਰਾਜਪਾਲ ਸਿੰਘ ਨੂੰ ਸਮਰਪਿਤ) ਉਹ ਦਰਿਆ ਸੀ ਜਿੱਧਰ ਜਾਂਦਾ, ਧਰਤੀ ਕਹਿੰਦੀ ਲੰਘ ਜਾ ਲੰਘ ਜਾ। ਤੂੰ ਤਾਂ ਨਿਰਮਲ ਨੀਰ ਪਹਾੜੋਂ ਚੱਲ ਕੇ ਮੈਨੂੰ ਸਿੰਜਣ ਆਇਆ ਬਰਫ਼ਾਂ ਜਾਇਆ। ਤੂੰ ਆਇਐਂ ਤਾਂ ਪਿਆਸ ਮਿਟੀ ਹੈ। ਵਣ ਹਰਿਆਲ਼ੇ ਸਹਿਕ ਰਹੇ ਸੀ। ਚਿੜੀਆਂ ਜੰਤ ਜਨੌਰ ਵਿਚਾਰੇ ਜੀਭਾਂ ਕੱਢ ਕੇ ਹੌਂਕ ਰਹੇ ਸੀ। ਇਸ ਧਰਤੀ ਦੇ ਪਿੱਤਰਾਂ ਵਰਗਾ ਪੁੱਤਰਾਂ ਨੂੰ ਵੀ ਜੀਣ ਸਿਖਾ ਜਾ। ਭਟਕ ਰਹੇ ਨੇ , ਰਾਹੇ ਪਾ ਜਾ। ਆਪਣੇ ਵਰਗਾ ਤੁਰਨ ਸਿਖਾ ਜਾ। ਕਾਹਲ ਨਾ ਕਰ ਤੂੰ ਕੁਝ ਪਲ ਮੇਰੇ ਅੰਗ ਸੰਗ ਰਹਿ ਜਾ। ਮੈਥੋਂ ਮੇਰੀ ਮਿੱਟੀ ਲੈ ਜਾ ਤੂੰ ਦਰਿਆ ਹੈਂ ਜਾਵੇਂਗਾ ਤੂੰ ਜਿੱਧਰ ਕਿਧਰੇ ਕਿਣਕਾ ਕਿਣਦਾ ਵੰਡਦਾ ਜਾਈਂ । ਪਰ ਨਾ ਮੇਰਾ ਸਾਕ ਭੁਲਾਈਂ । ਤੂੰ ਤਾਂ ਮੇਰੇ ਗੀਤਾਂ ਵਰਗਾ। ਸੋਹਣੇ ਮਨ ਦੇ ਮੀਤਾਂ ਵਰਗਾ। ਤੂੰ ਆਇਐਂ ਤਾਂ ਬਾਗਾਂ ਵਿੱਚ ਵੀ ਕੋਇਲ ਬੋਲੀ, ਕਿਤੇ ਪਪੀਹੇ ਨੇ ਅੱਖ ਖੋਲ੍ਹੀ। ਦਾਤੇ ਨੂੰ ਦਿਲ ਕੂਕ ਸੁਣਾਇਆ। ਤੇ ਸਮਝਾਇਆ, ਇਹ ਜੋ ਤੂੰ ਘੱਲਿਆ ਹੈ ਤੋਹਫ਼ਾ, ਸੱਤ ਰੰਗਾਂ ਦੀ ਪੀਂਘ ਜਿਹਾ ਹੈ। ਨੱਚਦਾ, ਗਾਉਂਦਾ, ਦਿਲ ਪਰਚਾਉਂਦਾ। ਕੁੱਲ ਆਲਮ ਨੂੰ ਇਹ ਸਮਝਾਉਂਦਾ ਇਹ ਪਲ ਜ਼ਿੰਦਗੀ, ਬੰਦਗੀ ਬੰਦੇ ਕੁਝ ਪਲ ਛੱਡ ਕੇ ਕੰਮ ਤੇ ਧੰਦੇ ਆਪਣੇ ਅੰਦਰ ਝਾਤੀ ਮਾਰੋ ਵਕਤ ਵਿਚਾਰੋ, ਬਰਖੁਰਦਾਰੋ। ਜੇ ਹਿੱਕੜੀ ਵਿੱਚ ਰੀਝਾਂ ਨੇ ਤਾਂ ਰੰਗ ਭਰ ਦੇਵੋ। ਜੇਕਰ ਸਾਜ਼ ਨਵਾਜ਼ ਬਣੋਗੇ ਸਾਰੀ ਕਾਇਨਾਤ ਤੁਹਾਡੀ। ਨਾ ਧਰਤੀ ਨਾ ਅੰਬਰ ਸੀਮਾ। ਸੱਤ ਸਮੁੰਦਰ ਟੱਪ ਸਕਦੇ ਹੋ ਕਲਾ ਘੋੜਿਓ, ਕਰੋ ਸਾਧਨਾ। ਜੇਕਰ ਕੰਠ ਚ ਹੇਕਾਂ ਮਚਲਣ ਘੁੱਟ ਘੁੱਟ ਕੇ ਅੰਦਰ ਨਾ ਮਾਰੋ ਧੀਓ , ਭੈਣੋਂ ਤੇ ਮਾਤਾਉ ਅਣ ਜੰਮੀਆਂ ਸੱਧਰਾਂ ਨਾ ਮਾਰੋ। ਜੇ ਤਲੀਆਂ ਵਿੱਚ ਗਿੱਧਾ ਹੈ ਤਾਂ ਪਿੜ ਵਿੱਚ ਆਉ। ਅੱਡੀਆਂ ਐਵੇਂ ਨਾ ਤਰਸਾਉ। ਸ਼ਗਨਾਂ ਵੇਲੇ ਸ਼ਗਨ ਮਨਾਉ। ਝੁਰ ਝੁਰ ਕੇ ਨਾ ਉਮਰ ਲੰਘਾਉ। ਰਾਜਪਾਲ ਧਰਤੀ ਦਾ ਪੁੱਤਰ ਸੁਪਨੇ ਬੁਣਦਾ , ਤੋੜ ਹਕੀਕਤ ਤੱਕ ਪਹੁੰਚਾਉਂਦਾ, ਤੇ ਸਮਝਾਉਂਦਾ, ਇਹ ਜ਼ਿੰਦਗੀ ਨਾ ਮਿਲੂ ਦੁਬਾਰਾ। ਚੱਲ ਕੁਲਦੀਪ ਉਤਾਰੀਏ ਰਲ ਕੇ, ਵੱਡਾ ਕਰਜ਼ਾ ਸਿਰ ਤੇ ਭਾਰਾ। ਸਰਬ ਸਮੇਂ ਨੇ ਦਿੱਤੀ ਸਾਨੂੰ ਭਰ ਕੇ ਐਡੀ ਸ਼ਹਿਦ ਕਟੋਰੀ ਆਪਣੀ ਰੂਹ ਤੋਂ ਕਾਹਦੀ ਚੋਰੀ। ਰੰਗ ਭਰੀਏ ਨਾ ਰੱਖੀਏ ਰੂਹ ਦੀ ਚਾਦਰ ਕੋਰੀ। ਚੰਨ ਚਾਨਣੀ ਵਰਗਾ ਸੁੱਚਾ। ਆਪਣੇ ਨਿੱਜ ਤੋਂ ਵਾਹਵਾ ਉੱਚਾ। ਕਲਾਵੰਤ, ਮਿੱਠਬੋਲ, ਰਸੀਲਾ। ਮਹਿਕਵੰਤ ਰੰਗਾਂ ਦੀ ਲੀਲ੍ਹਾ। ਬਾਗੜੀਆਂ ਪਿੰਡ ਜੰਮਿਆ ਜਾਇਆ। ਦਸਮ ਪਿਤਾ ਦਾ ਜਿਸ ਦੇ ਖ਼ਾਨਦਾਨ ਸਿਰ ਸਾਇਆ। ਜੋਤ ਨਿਰੰਤਰ ਦਾ ਹਮਸਾਇਆ। ਪਰ ਉਸ ਨੇ ਖ਼ੁਦ ਵਿਧਮਾਤਾ ਤੋਂ ਫੁਲਕਾਰੀ ਜਿਹਾ ਲੇਖ ਲਿਖਾਇਆ ਗਿਆਨ ਦੇ ਪਾਂਧੀ ਨਾਲ ਤੁਰਦਿਆਂ ਕਦਮ ਕਦਮ ਤੇ ਹਰ ਪਲ ਚਾਨਣ ਰੁੱਖੜਾ ਲਾਇਆ। ਜਾਗੋ ਦੇ ਦੀਵੇ ਵਿੱਚ ਜੀਵਨ ਤੇਲ ਸੀ ਪਾਇਆ। ਰਾਜਪਾਲ ਤਾਂ ਨਾਮ ਸੀ ਜਿਸਦਾ, ਉਹ ਤਾਂ ਭਰ ਵਗਦਾ ਦਰਿਆ ਸੀ। ਜਿੰਨਾ ਵਗਿਆ, ਰੱਜ ਕੇ ਵਗਿਆ। ਸਾਡੇ ਤਨ ਤੇ ਮਨ ਦੀ ਖੇਤੀ ਸਿੰਜਦਾ ਸਿੰਜਦਾ, ਕਿਹੜੇ ਟਿੱਬਿਆਂ ਡੀਕ ਲਿਆ ਹੈ ਭੇਤ ਨਾ ਲੱਗਿਆ।

ਬਾਪੂ ਜੀ ਕਹਿੰਦੇ ਸਨ

ਬਾਪੂ ਜੀ ਕਹਿੰਦੇ ਸਨ ਦਿੱਲੀ ਆਪ ਨਹੀਂ ਉੱਜੜਦੀ ਸਿਰਫ਼ ਉਜਾੜਦੀ ਹੈ ਨਿੱਕੇ ਵੱਡੇ ਪਿੰਡ ਘਰ ਦਰ ਬੂਹੇ ਚੰਨੇ। ਕਿੱਲਿਉਂ ਖੋਲ੍ਹ ਦਿੰਦੀ ਹੈ ਡੰਗਰ ਵੱਛੇ ਆਵਾਰਾ ਸਿਆਸਤਦਾਨਾਂ ਦੇ ਚਰਨ ਲਈ ਚਰਾਂਦ ਬਣਦੀ ਹੈ। ਦਿੱਲੀ ਕਿੱਥੇ ਉੱਜੜਦੀ ਹੈ? ਦਿੱਲੀ ਸਿਰਫ਼ ਖ਼ਸਮ ਬਦਲਦੀ ਹੈ ਸਵਾਦ ਬਦਲਦੀ ਹੈ ਜਿਸਮਾਂ ਦੇ ਭਟਕਦੀ ਫਿਰਦੀ ਦਰ ਦਰ ਆਵਾਰਾ। ਤਖ਼ਤ ਤੇ ਬਹਿਣ ਦਾ ਚੋਗਾ ਪਾਕੇ ਉੱਡਣੇ ਪੁੱਡਣੇ ਸ਼ਿਕਾਰੀ ਪਿੰਜਰੇ ਪਾ ਲੈਂਦੀ ਹੈ। ਸੁਪਨਿਆਂ ਦਾ ਹੋਕਾ ਦੇਂਦੀ ਹੈ ਵੇਚਦੀ ਵੱਟਦੀ ਕੱਖ ਵੀ ਨਹੀਂ ਬੜੀ ਚੰਟ ਹੈ ਦਿੱਲੀ ਖੇਖਣਹਾਰੀ। ਉਹ ਅਕਸਰ ਆਖਦੇ ਇਸ ਦੀਆਂ ਇੱਟਾਂ ਨਾ ਵੇਖੋ ਨੀਅਤ ਪਰਖੋ ਨਜ਼ਰ ਕਿੱਥੇ ਹੈ ਤੇ ਨਿਸ਼ਾਨਾ ਕਿਤੇ ਹੋਰ। ਮਹਾਂ ਭਾਰਤ ਤੋਂ ਤੁਰਦੀ ਤੁਰਦੀ ਭਾਰਤ ਤੇ ਅੱਪੜੀ ਹੁਣ ਫੇਰ ਕੂਚੀਆਂ ਚੁੱਕੀ ਫਿਰਦੀ ਹੈ ਹਰ ਕੂਚੇ ਦੇ ਮੱਥੇ ਹਿੰਦੋਸਤਾਨ ਲਿਖਣ ਲਈ। ਪੁਰਾਣੇ ਕਿਲ੍ਹੇ ਕੋਲ ਗਵਾਚਿਆ ਫਿਰਦੈ ਸਾਡਾ ਪਿੰਡ ਇੰਦਰਪ੍ਰਸਥ। ਮਾਲਕ ਪਾਂਡਵ ਪਾਂਡੀ ਬਣ ਗਏ ਨੇ ਰੇਲਵੇ ਸਟੇਸ਼ਨ ਤੇ। ਮਰ ਚੱਲੇ ਨੇ ਪੰਡਾਂ ਢੋਂਦੇ ਢੋਂਦੇ। ਹਮਾਯੂੰ ਕਿਲ੍ਹੇਦਾਰ ਨਹੀਂ ਹੁਣ ਮਕਬਰੇ ’ਚ ਕੈਦ ਹੈ ਬਣਿਆ ਫਿਰਦਾ ਸੀ ਵੱਡਾ ਸ਼ਹਿਨਸ਼ਾਹ। ਬਾਪੂ ਜੀ ਨੇ ਦੱਸਿਆ ਹੈ ਦਿੱਲੀ ਜੇ ਆਪ ਸੱਤ ਵਾਰ ਉੱਜੜੀ ਇਸ ਨੇ ਸਾਨੂੰ ਵੀ ਸੈਂਕੜੇ ਵਾਰ ਉਜਾੜਿਐ। ਇਹ ਤਾਂ ਫੇਰ ਵੱਸ ਜਾਂਦੀ ਹੈ ਸੁਪਨ ਖਾਣੀ ਛਨਾਰ। ਲੰਗੜਾ ਤੈਮੂਰ ਹੋਵੇ ਜਾਂ ਨਾਦਰ ਫਰੰਗੀਆਂ ਤੀਕ ਲੰਮੀ ਕਤਾਰ ਅੱਥਰੇ ਘੋੜਿਆਂ ਦੀ ਮਿੱਧਦੇ ਫਿਰੇ ਜੋ ਰੀਝਾਂ ਪਰੁੱਚਾ ਫੁਲਕਾਰੀ ਜਿਹਾ ਦੇਸ। ਹੁਣ ਵੀ ਭਟਕਦੀਆਂ ਰੂਹਾਂ ਨਹੀਂ ਟਿਕਦੀਆਂ। ਔਰੰਗਜ਼ੇਬ ਕਬਰ ’ਚੋਂ ਉੱਠ ਕੇ ਅੱਧੀ ਰਾਤੀਂ ਵੀ ਹੂਟਰ ਵਜਾ ਕੇ ਲੰਘਦੈ ਸਾਡੀ ਨੀਂਦ ਦਾ ਵੈਰੀ ਪਤਾ ਨਹੀਂ ਕਾਹਦੇ ਲਈ ਗਲੀਆਂ ਕੱਛਦਾ ਫਿਰਦਾ ਹੈ? ਉੱਜੜੇ ਬਾਗਾਂ ਦਾ ਗਾਲ੍ਹੜ ਪਟਵਾਰੀ। ਬਾਪੂ ਜੀ ਠੀਕ ਕਹਿੰਦੇ ਨੇ ਲਾਲ ਕਿਲ੍ਹੇ ਦੀ ਫਸੀਲ ਕੁਫ਼ਰ ਸੁਣ ਸੁਣ ਅੱਕ ਥੱਕ ਗਈ ਹੈ ਪੁਰਾਣੀਆਂ ਕਿਤਾਬਾਂ ਓਹੀ ਸਬਕ ਸਿਰਫ਼ ਜੀਭ ਬਦਲਦੀ ਹੈ। ਝੁੱਗੀਆਂ ਵਿਕਦੀਆਂ ਹਨ ਦੋ ਮੁੱਠ ਆਟੇ ਬਦਲੇ ਜ਼ਮੀਰਾਂ ਦੀ ਮੰਡੀ ’ਚ ਨੀਲਾਮ ਕੁਰਸੀਆਂ ਆਪਣਾ ਜਿਸਮ ਨਹੀਂ ਵੇਚਦੀਆਂ ਹੁਣ ਨਵੇਂ ਖੁੱਲੇ ਸੱਤਾ ਦੇ ਜੀ. ਬੀ. ਰੋਡ ਤੇ ਇਖ਼ਲਾਕ ਵੇਚਦੀਆਂ ਹਨ। ਕੁਰਬਾਨੀਆਂ ਵਾਲੇ ਪੁੱਛਦੇ ਹਨ ਕੌਣ ਹਨ ਇਹ ਟੋਡੀ ਬੱਚੇ? ਰਾਏ ਬਹਾਦੁਰ, ਸਰਦਾਰ ਬਹਾਦੁਰ ਕਿਰਪਾਨ ਬਹਾਦਰ ਕਿੱਧਰ ਗਏ? ਜਵਾਬ ਮਿਲਦੈ ਸਾਡੇ ਦਰਬਾਨ ਹਨ ਬੂਹਿਆਂ ਤੇ। ਦਿਲ ਤੇ ਦਿੱਲੀ ਫੇਰ ਉੱਜੜਦੀ ਹੈ ਜਦ ਸੁਣਦੀ ਹੈ ਸੜਿਆ ਜਵਾਬ ਜਿੰਨ੍ਹਾਂ ਦੇ ਗਲਮੇ ’ਚ ਬਲਦੇ ਹਾਰ ਨੇ ਟਾਇਰਾਂ ਦੇ। ਰਾਜ ਬਦਲੇ ਨਹੀਂ ਹਾਲੇ ਡਾਇਰਾਂ ਦੇ ਦਿੱਲੀ ਕਦੋਂ ਉੱਜੜਦੀ ਹੈ? ਇਹ ਤਾਂ ਉਜਾੜਦੀ ਹੈ ਬਾਗਾਂ ਦੇ ਬਾਗ ਉੱਲੂ ਹਵਾਂਕਦੇ ਨੇ ਚਿਹਰੇ ਬਦਲ ਬਦਲ ਬਿਰਖ਼ ਡੋਲਦਾ ਹੈ ਧਰਤ ਕੰਬਦੀ ਹੈ ਪਰ ਉੱਜੜਦੇ ਅਸੀਂ ਹੀ ਕਿਉਂ ਹਾਂ? ਦਿੱਲੀ ਤਾਂ ਫੇਰ ਨਵਾਂ ਖ਼ਸਮ ਕਰ ਲੈਂਦੀ ਹੈ। ਬਹੁਤ ਉਦਾਸ ਨੇ ਬਾਪੂ ਜੀ ਇਹ ਵੇਖਦਿਆਂ ਕਿ ਵਿਧਵਾ ਬਸਤੀ ਇਨਸਾਫ਼ ਲਈ ਤਰੀਕਾਂ ਭੁਗਤਦੀ ਨਿਭ ਚੱਲੀ ਹੈ। ਅੱਥਰੂਆਂ ਤੇ ਹੌਕਿਆਂ ਦੇ ਵਣਜਾਰੇ ਚੋਣਾਂ ਵੇਲੇ ਵੇਚ ਲੈਂਦੇ ਹਨ ਸਿਵੇ ਫੇਰ ਤਖ਼ਤ ਤੇ ਬਹਿੰਦਿਆਂ ਭੁੱਲ ਜਾਂਦੇ ਨੇ ਬੁੱਢੀ ਮਾਂ ਦੀ ਅੱਖ ਲਈ ਦਾਰੂ ਬੀਮਾਰ ਵਿਧਵਾ ਧੀ ਲਈ ਦਵਾਈ ਬੂਟੀ। ਬਾਪੂ ਜੀ ਠੀਕ ਕਹਿੰਦੇ ਸਨ ਉੱਜੜੇ ਮਨਾਂ ਲਈ ਦਿੱਲੀ ਤਖ਼ਤ ਨਹੀਂ ਤਖ਼ਤਾ ਹੈ ਜਿੱਥੇ ਫਾਹੇ ਲੱਗਦੇ ਨੇ ਹੁਣ ਵੀ ਸੁਨਹਿਰੇ ਖ਼ਾਬ। ਦਿੱਲੀ ਨਹੀਂ ਉੱਜੜਦੀ ਸਿਰਫ਼ ਉਜਾੜਦੀ ਹੈ।

ਭਾਸ਼ੋ ਜਦ ਵੀ ਬੋਲਦੈ

ਮੇਰਾ ਕਵੀ ਮਿੱਤਰ ਭਾਸ਼ੋ ਜਦ ਵੀ ਫ਼ੋਨ ਕਰਕੇ ਬੋਲਦੈ ਇਹੀ ਆਖਦਾ ਹੈ ਸਿਰਫ਼ ਕੁਝ ਗੱਲਾਂ ਕਰਨੀਆਂ ਹਨ ਧਿਆਨ ਨਾਲ ਸੁਣਨਾ। ਫੁੱਲਾਂ ਨੂੰ ਗਮਲਿਆਂ ਚ ਨਹੀਂ ਕਿਆਰੀਆਂ 'ਚ ਲਾਇਆ ਕਰੋ। ਗੋਡਿਆਂ ਪਰਨੇ ਬਹਿ ਗੋਡੀ ਕਰਿਆ ਕਰੋ ਗੋਡੇ ਨਹੀਂ ਦੁਖਦੇ ਫੇਰ। ਪਾਣੀ ਲਾਇਆ ਕਰੋ ਫੁੱਲਾਂ ਨੂੰ ਖਿੜਦੇ ਵੇਖਿਆ ਕਰੋ। ਕਿਆਰੀਆਂ ਕਿਤਾਬਾਂ ਬਣ ਜਾਂਦੀਆਂ ਨੇ। ਪੜ੍ਹਿਆ ਕਰੋ ਵਰਕਾ ਵਰਕਾ ਅੱਖਰ ਅੱਖਰ ਬੜੇ ਸਬਕ ਮਿਲਦੇ ਨੇ। ਰਾਤ ਵੇਲੇ ਨੀਲੇ ਅੰਬਰ ਨੂੰ ਨਿਹਾਰਿਆ ਕਰੋ ਤਾਰਿਆਂ ਨਾਲ ਗੱਲਾਂ ਕਰਦਿਆਂ ਵਿੱਛੜੇ ਮਿੱਤਰ ਪਿਆਰੇ ਵੀ ਲੱਭ ਜਾਂਦੇ ਨੇ ਅਕਸਰ। ਸੁਪਨਿਆਂ ਦੀ ਬੁੱਕਲ ਮਾਰਿਆ ਕਰੋ। ਨਿੱਘ ਬਣਿਆ ਰਹਿੰਦਾ ਹੈ। ਪਛਤਾਵਿਆਂ ਦੀ ਠਾਰੀ ਮਾਰ ਦਿੰਦੀ ਹੈ। ਸਰਦ ਹਵਾਵਾਂ ਤੋਂ ਬਚ ਕੇ ਰਹਿਣਾ ਬੇਹੱਦ ਜ਼ਰੂਰੀ ਹੈ। ਚੁੱਪ ਨਾ ਬੈਠਿਆ ਕਰੋ। ਕੋਈ ਜਣਾ ਕੋਲ ਨਾ ਹੋਵੇ ਤਾਂ ਕੰਧਾਂ ਨਾਲ ਗ਼ੁਫ਼ਤਗੂ ਕਰਿਆ ਕਰੋ। ਖ਼ੁਦ ਨੂੰ ਆਪੇ ਹੁੰਗਾਰਾ ਭਰਨ ਦੀ ਜਾਚ ਸਿੱਖੋ ਆਪਣੇ ਤੋਂ ਵਧੀਆ ਹੋਰ ਕੋਈ ਸਾਥੀ ਨਹੀਂ ਸ਼ੀਸ਼ੇ ਨਾਲ ਵਾਰਤਾਲਾਪ ਕਰਿਆ ਕਰੋ ਬੰਦਾ ਚਾਹੇ ਤਾਂ ਉਮਰ ਨੂੰ ਬੰਨ੍ਹ ਕੇ ਬਿਠਾ ਸਕਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਖੇਡਦਿਆਂ ਵੇਖਿਆ ਕਰੋ। ਨਿੱਕੀ ਜੇਹੀ ਦੁਨੀਆ ਵਿੱਚ ਬਹੁਤ ਕੁਝ ਹੈ ਜਾਨਣ ਤੇ ਮਾਨਣ ਲਈ ਮਾਣਿਆ ਕਰੋ। ਰੰਗਲੇ ਗੁਬਾਰੇ ਵੇਚਦੇ ਪੈਰੋਂ ਨੰਗੇ ਗਲ਼ੀਆਂ 'ਚ ਹੋਕਾ ਦਿੰਦੇ, ਪੀਪਨੀਆਂ ਵਜਾਉਂਦੇ ਬੱਚਿਆਂ ਨੂੰ ਬੱਚੇ ਨਾ ਸਮਝੋ। ਇਨ੍ਹਾਂ ਕੋਲ ਵਿਹਲ ਨਹੀਂ ਇੱਕ ਪਲ ਵੀ ਫ਼ੈਲਸੂਫ਼ੀਆਂ ਲਈ। ਰੋਟੀ ਦਾ ਗੋਲ ਪਹੀਆ ਖਿੱਚੀ ਫਿਰਦੈ ਇਨ੍ਹਾਂ ਨੂੰ ਗਲੀਓ ਗਲੀ ਇਨ੍ਹਾਂ ਹਿੱਸੇ ਆਉਂਦੀ ਪੈਂਤੀ ਅੱਖਰੀ ਗੁਆਚ ਗਈ ਸੀ ਛਣਕਣਿਆਂ ਦੀ ਉਮਰੇ। ਆਪਣੇ ਰੋਂਦੂ ਜਹੇ ਹਾਣੀਆਂ ਤੋਂ ਸਾਵਧਾਨ! ਇਹ ਤੁਹਾਡੇ ਚਾਵਾਂ ਦੀ ਮਾਚਿਸ ਸਿੱਲ੍ਹੀ ਕਰ ਦਿੰਦੇ ਨੇ ਹੌਕਿਆਂ ਨਾਲ। ਨਾ ਅਗਨ ਨਾ ਲਗਨ ਨਿਰੀ ਨੇਸਤੀ ਜਹੇ ਪਰਛਾਵੇਂ। ਉੱਡਣੇ ਪੁੱਡਣੇ ਸੁਪਨਿਆਂ ਨੂੰ ਚਾਵਾਂ , ਸਾਹਵਾਂ 'ਚ ਪਰੋਵੋ। ਕਹੋ ਜ਼ਿੰਦਗੀ ਦੇ ਨੇੜੇ ਹੋਵੋ। ਸ਼ਬਦਾਂ ਨਾਲ ਖੇਡਦਿਆਂ ਬੰਦਾ ਬੁੱਢਾ ਨਹੀਂ ਹੁੰਦਾ। ਕਵਿਤਾ ਲਿਖਿਆ ਕਰੋ। ਵੱਡੇ ਭਾਈ ਸਾਹਿਬ! ਮੈਂ ਵੀ ਰੀਟਾਇਰ ਹੋ ਗਿਆਂ ਬੱਚੇ ਪੜ੍ਹਾਉਂਦਾ ਪੜ੍ਹਾਉਂਦਾ ਜਿਸ ਪਿੰਡ ਚ ਮੈਂ ਪੜ੍ਹਾਇਆ ਉਥੋਂ ਇਹੀ ਸਬਕ ਪਾਇਆ ਕਿ ਪਿੰਡ ਹਾਲੇ ਵਿ ਸੁੱਚੇ ਨੇ ਸਾਡੇ ਸ਼ਹਿਰਾਂ ਨਾਲੋਂ। ਇਸੇ ਕਰਕੇ ਜਦ ਕਦੇ ਓਦਰਦਾਂ ਕਿਸੇ ਨਾ ਕਿਸੇ ਪਿੰਡ ਚਲਾ ਜਾਂਦਾਂ ਫ਼ਸਲਾਂ ਨਾਲ ਗੱਲਾਂ ਕਰਦਾਂ ਸਰੋਂ ਤੋਂ ਬਸੰਤੀ ਰੁੱਤ ਮੰਗਦਾਂ ਕਵਿਤਾ ਚ ਪਰੋਣ ਜੋਗੀ ਧੁੱਪ ਸੇਕਦਾਂ ਜਜ਼ਬੇ ਪੰਘਾਰਨ ਲਈ ਸੱਥ 'ਚ ਬੈਠ ਕੇ ਰਿਸ਼ਤੇ ਗੰਢਦਾਂ ਸੂਰਜ ਛਿਪਦੇ ਪਰਤ ਆਉਂਦਾਂ। ਤੁਸੀਂ ਵੀ ਪਿੰਡ ਜਾਇਆ ਕਰੋ। ਹਰ ਪਿੰਡ ਤੁਹਾਨੂੰ ਉਡੀਕਦਾ ਹੈ। ਨੋਟ ਕਰਿਉ! ਸ਼ਹਿਰ ਕਿਸੇ ਨੂੰ ਕਦੇ ਨਹੀਂ ਉਡੀਕਦਾ ਸਿਰਫ਼ ਟਿਕਾਣਾ ਦੇਂਦਾ ਹੈ। ਸ਼ਹਿਰ ਵਿੱਚ ਰਹਿ ਕੇ ਵੀ ਮੈਂ ਆਪਣੇ 'ਚੋਂ ਪਿੰਡ ਨਹੀਂ ਮਰਨ ਦਿੱਤਾ। ਤੁਸੀਂ ਵੀ ਜ਼ਿੰਦਾ ਰੱਖਣਾ। ਕਵਿਤਾ ਲਿਖਣ ਵੇਲੇ ਸ਼ਹਿਰ ਮੇਰੇ ਹੱਥੋਂ ਤਿਲਕ ਜਾਂਦੈ ਮੱਛੀ ਵਾਂਗ। ਪਿੰਡ ਰੂਹ ਚ ਰਮ ਗਿਆ ਹੈ ਤੁਹਾਡੇ ਵਾਂਗ। ਸੁਸਤੀ ਕਮਜ਼ਾਤ ਨੂੰ ਨੇੜੇ ਨਾ ਬਹਿਣ ਦੇਣਾ ਸਿਉਂਕ ਵਾਂਗ ਚੱਟ ਜਾਂਦੀ ਹੈ ਬੰਦੇ ਅੰਦਰਲਾ ਉਤਸ਼ਾਹ। ਜਿਉਣ ਦਾ ਚਾਅ, ਉਮਾਹ ਯਾਦ ਰੱਖੋ, ਵਕਤ ਤੁਹਾਡਾ ਹੈ। ਕੁੱਤੇ ਨੂੰ ਸੈਰ ਹੀ ਤਾਂ ਨਹੀਂ ਕਰਾਈ ਜਾਂਦੇ ਬਚ ਕੇ ਰਹਿਣਾ ਸੰਗਤ ਅਸਰ ਛੱਡ ਜਾਂਦੀ ਹੈ। ਕੁੱਤੇ ਨਾਲ ਰਹਿ ਕੇ ਹੁਕਮ ਚਲਾਉਣ ਦੀ ਆਦਤ ਪੈ ਜਾਂਦੀ ਹੈ। ਬਚ ਕੇ ਰਹਿਣਾ। ਧੁੱਪ ਸੇਕਿਆ ਕਰੋ! ਸੂਰਜ ਨਾਲ ਗੱਲਾਂ ਕਰਿਆ ਕਰੋ। ਵੱਡਿਆਂ ਦੀ ਸੰਗਤ ਤੋਂ ਬੇਅੰਤ ਊਰਜਾ ਮਿਲਦੀ ਹੈ। ਸੂਰਜ ਦੀ ਪਿਚਕਾਰੀ ਨਾਲ ਫੁੱਲਾਂ 'ਚ ਰੰਗ ਭਰਨ ਦੀ ਵਿਧੀ ਸਿੱਖ ਲਵੋ। ਫ਼ਲਾਂ 'ਚ ਰਸਵੰਤਾ ਸੰਸਾਰ ਪਛਾਣੋ। ਮੇਰੀਆਂ ਗੱਲਾਂ ਤੇ ਗੌਰ ਕਰਨਾ।

ਨਿਰਮਲ ਨੀਰ

ਉਹ ਸੀ ਇੱਕ ਦਰਿਆ ਨਿਰਮਲ ਨੀਰ ਸਦੀ ਭਰ ਵਗਿਆ, ਕੰਢਿਆਂ ਤੱਕ ਭਰਿਆ। ਦੋਧੇ ਚਿੱਟੇ ਵਸਤਰਧਾਰਾ। ਸੁਰ ਤੇ ਸ਼ਬਰ ਸੰਵਾਰਨਹਾਰਾ। ਤਪੀ ਤਪੀਸ਼ਰ ਅਪਰਮਪਾਰਾ, ਰੂਹ ਦੇ ਕਸ਼ਟ ਨਿਵਾਰਨਹਾਰਾ। ਜਿਸ ਦੀ ਕਰਮ ਦ੍ਰਿਸ਼ਟੀ ਸਦਕਾ, ਕਣ ਕਣ ਸੁਰ ਭਰਿਆ। ਉਹ ਸੀ ਇੱਕ ਦਰਿਆ। ਮੋਰ ਮਟਕਦੇ ਆਉਂਦੇ ਕੋਲ। ਤਲੀਉਂ ਚੋਗਾ ਚੁਗਣ ਅਬੋਲ। ਰੂਹ ਅੰਦਰ ਵਿਸਮਾਦ ਅਤੋਲ। ਪੈਲਾਂ ਪਾਉਣ ਵਜਦ ਵਿੱਚ ਆ ਕੇ, ਨੈਣੀਂ ਜਲ ਭਰਿਆ। ਉਹ ਸੀ ਇੱਕ ਦਰਿਆ। ਖੇਡ ਮੈਦਾਨੇ ਦੇ ਦਿਲਬਰੀਆਂ। ਮਿਹਰਵੰਤ ਨੇ ਮਿਹਰਾਂ ਕਰੀਆਂ। ਨਾਲ ਮੈਡਲਾਂ ਝੋਲੀਆਂ ਭਰੀਆਂ। ਖ਼ੁਸ਼ਕ ਉਮੀਦਾਂ ਹੋਈਆਂ ਹਰੀਆਂ। ਸ਼ੁਭਕਰਮਨ ਦਾ ਪੰਥ ਦਿਸੇਰਾ, ਖਦੇ ਵੀ ਨਾ ਟਰਿਆ। ਉਹ ਸੀ ਇੱਕ ਦਰਿਆ। ਗਊਸ਼ਾਲਾ ਵਿੱਚ ਆਪ ਗੋਪਾਲਾ। ਨਾਮ ਪੁਕਾਰ ਧੀਆਂ ਪੁੱਤ ਵਾਲਾ। ਕੰਡ ਤੇ ਥਾਪੜਾ ਬਾਬਲ ਵਾਲਾ। ਵੰਡਿਆ ਸਭ ਨੂਮ ਪਿਆਰਾ ਪਿਆਲਾ। ਕਥਨੀ ਤੋਂ ਵੀ ਬਹੁਤ ਅਗੇਰੇ, ਵਾਹ ਓ ਸਰਵਰਿਆ। ਉਹ ਸੀ ਇੱਕ ਦਰਿਆ। ਸ਼ਬਦ ਸਾਧਕਾਂ ਦਾ ਦੁੱਖ ਹੰਤਾ। ਸ਼ੁਰ ਦਾ ਭੇਤੀ, ਖ਼ੁਦ ਸੁਰਵੰਤਾ। ਸਿਮਰਨ ਸੇਵਾ ਜਾਪ ਜਪੰਤਾ। ਰਸਨਾ ਤੋਂ ਰੱਜ ਕੇ ਰਸਵੰਤਾ। ਰਾਮ, ਹਰੀ, ਪਰਤਾਪੀ ਸੂਰਜ, ਉਦੈ ਹੋਣ ਤੋਂ ਅਸਤਣ ਤੀਕਰ, ਚਾਨਣ ਹੀ ਝਰਿਆ। ਉਹ ਸੀ ਇੱਕ ਦਰਿਆ। ਹਿੰਮਤ ਨਾਲ ਹਨ੍ਹੇਰੇ ਪੂੰਝੇ। ਰਾਗ ਨਾਦ ਸੰਗ ਦੁਰਮਤਿ ਹੂੰਝੇ। ਸਾਜ਼ ਆਵਾਜ਼ ਜਦੋਂ ਵੀ ਗੂੰਜੇ। ਅਨਹਦ ਨਾਦ ਸੁਣੇ ਹਰ ਖੂੰਜੇ। ਖਲਾ ਦ੍ਰਿਸ਼ਟੀਵੇਤਾ ਰਾਹਬਰ, ਜਿਸ ਥਾਂ ਹੱਥ ਧਰਿਆ। ਉਹ ਸੀ ਇੱਕ ਦਰਿਆ। ਭੁੱਲਦੀ ਨਾ ਮੈਨੂੰ ਛੋਹ ਵਿਸਮਾਦੀ। ਪਿਆਰ ਪਿਆਲਾ ਆਦਿ ਜੁਗਾਦੀ। ਪੀਤਾ ਰੱਜ ਰੱਜ ਨੂਰ ਸਵਾਦੀ। ਦਰਸ ਪਿਆਸੇ ਹੋ ਗਏ ਆਦੀ। ਸ਼ਬਦਾਂ ਦੀ ਅੰਜੂਲੀ ਹੈ ਭੇਟਾ, ਮੈਥੋਂ ਜੋ ਸਰਿਆ। ਉਹ ਸੀ ਇੱਕ ਦਰਿਆ। ਨਿਰਮਲ ਨੀਰ ਸਦੀ ਭਰ ਵਗਿਆ, ਕੰਢਿਆਂ ਤੱਕ ਭਰਿਆ।

ਪਰਵੇਜ਼ ਸੰਧੂ

ਪਰਵੇਜ਼ ਕਹਾਣੀ ਲਿਖਦੀ ਨਹੀਂ, ਪਾਉਂਦੀ ਹੈ। ਨਿੱਕੇ-ਨਿੱਕੇ ਵਾਕ ਸ਼ਬਦਾਂ ਦੇ ਸਵੈਟਰ ਬੁਣਦੀ ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜ ਜੋੜ ਨਿੱਘ ਬਖ਼ਸ਼ਦੀ। ਧੁਰ ਅੰਦਰ ਬੈਠੀ ਮਾਸੂਮ ਬਾਲੜੀ ਨੂੰ ਕਹਿੰਦੀ ਤੂੰ ਬੋਲਦੀ ਕਿਓਂ ਨਹੀਂ। ਸੱਚੋ ਸੱਚ ਦੱਸ ਦੇ ਸਾਰਾ ਕੁਝ। ਕੌੜਾ ਕੁਸੈਲਾ, ਦਮ ਘੋਟੂ ਧੂੰਏਂ ਜਿਹਾ। ਸੋਨਪਰੀ ਦੀ ਅੰਤਰ ਪੀੜ ਜੇ ਤੂੰ ਨਹੀਂ ਸੁਣਾਏਂਗੀ ਤਾਂ ਮਰ ਜਾਏਂਗੀ। ਮਰ ਨਾ, ਸੁਣਾ ਦੇ ਬੇਬਾਕੀ ਨਾਲ। ਸੁਣਨ ਵਾਲਿਆਂ ਨੂੰ ਸ਼ੀਸ਼ਾ ਵਿਖਾ। ਅਪਰਾਧ ਮੁਕਤ ਹੋ ਜਾ। ਏਨਾ ਭਾਰ ਚੁੱਕ ਕੇ ਕਿਵੇਂ ਤੁਰੇਂਗੀ। ਕਹਾਣੀ ਨਹੀਂ ਲਿਕਦੀ ਪਰਵੇਜ਼ ਪਿਘਲਦੀ ਹੈ ਤਰਲ ਲੋਹੇ ਵਾਂਗ ਮਨ ਦੀ ਕੁਠਾਲੀ ’ਚ ਇਸਪਾਤ ਡੌਲਦੀ ਹੈ। ਕਲਮਾਂ ਕਹਾਣੀਆਂ ਕਵਿਤਾਵਾਂ ਵਾਂਗ। ਸੁੱਤੀ ਲੱਗਦੀ ਹੈ ਪਰ ਦਿਨ ਰਾਤ ਜਾਗਦੀ ਜਗਤ ਤਮਾਸ਼ਾ ਵੇਖਦੀ ਵਿਖਾਉਂਦੀ ਦਰਦਾਂ ਦੀ ਦੇਵੀ ਜਹੀ। ਉਸ ਦੇ ਧੁਰ ਅੰਦਰ ਕਬਰਾਂ ਦਰ ਕਬਰਾਂ ਨੇ। ਕਤਾਰੋ ਕਤਾਰ ਚੁੱਪ ਚਾਪ। ਗੁੰਮ-ਸੁੰਗ ਰਹਿੰਦੀਆਂ ਕੋਲ ਕੋਲ ਨੇੜੇ ਨੇੜੇ ਢੁਕ ਢੁਕ ਬਹਿੰਦੀਆਂ ਚੁੱਪ ਵਾਲੇ ਕੋਰੜੇ ਦੀ ਮਾਰ ਰਹਿਣ ਸਹਿੰਦੀਆਂ। ਪਰ ਨੇ ਜਦੋਂ ਬੋਲਦੀਆਂ ਪਰਤ ਦਰ ਪਰਤ ਕੱਲ੍ਹੀ ਕੱਲ੍ਹੀ ਪੀਚ ਗੰਢ ਸਹਿਜ ਮਤੇ ਖੋਲ੍ਹਦੀਆਂ। ਪਰਵੇਜ਼ ਦੀ ਕਹਾਣੀ ਵਿਚ ਬੜੇ ਸੰਸਾਰ ਉੱਡਣੇ ਪਰਿੰਦਿਆਂ ਦੀ ਪਰ ਕਟੀ ਡਾਰ। ਓਪਰੇ ਜਹੇ ਦੇਸ ਵਿੱਚ ਸੱਜਣਾਂ ਦੇ ਭੇਸ ਵਿੱਚ ਆਪਣੇ ਹੀ ਮਾਰਦੇ ਨੇ ਜਾਨ ਲੈਣੀ ਤਿੱਖੜੀ ਕਟਾਰ। ਕੈਸੀ ਮਾਰੋ ਮਾਰ ਜਿੱਤ ਹੈ ਨਾ ਹਾਰ। ਪਰਵੇਜ਼ ਦੀ ਕਹਾਣੀ ਬਾਤ ਪਾਉਣ ਦੇ ਤਰੀਕੇ ਵਾਂਗ। ਮਿੱਠੀ ਮਿੱਠੀ ਝਾੜ ਪਾਉਣ ਦੇ ਸਲੀਕੇ ਵਾਂਗ। ਸ਼ਬਦ ਸ਼ਬਦ ਵਾਕ ਵਾਕ ਤਰਲ ਲੋਹਾ ਜਿਸਮ ਲੰਘੇ ਸੋਚ ਲੜੀਓ ਆਰ ਪਾਰ। ਨਿੱਕੇ ਨਿੱਕੇ ਕਦਮ ਤੁਰਦੀ ਭੁਰਨ ਮਗਰੋਂ ਮਘਨ ਮਿੱਟੀ ਫੇਰ ਜੁੜਦੀ। ਪੀਸਦੀ ਚੱਕੀ ’ਚ ਆਪਾ ਦਰਦ ਗੁੰਨ੍ਹਦੀ ਲੋਹ ਤਪਾਉਂਦੀ ਮੱਠੇ ਮੱਠੇ ਸੇਕ ਉੱਤੇ ਰੋਟ ਲਾਹੁੰਦੀ ਤੇ ਖੁਆਉਂਦੀ। ਤਿਤਲੀ ਜਹੀ ਧੀ ਸਵੀਨਾ ਹਰ ਸਵਾਸੇ ਨਾਲ ਤੁਰਦੀ ਗੱਲ ਕਰਦੀ ਬਾਤ ਪਾਉਂਦੀ। ਸੁਪਨਿਆਂ ਜਹੇ ਖੰਭ ਲਾ ਕੇ ਤੁਰ ਗਈ ਗਾਥਾ ਸੁਣਾਉਂਦੀ। ਮਣਕਾ ਮਣਕਾ ਮਾਲਾ ਫਿਰਦੀ ਯਾਦ ਆਉਂਦੀ। ਪਰਵੇਜ਼ ਕਹਾਣੀ ਨਹੀਂ ਲਿਖਦੀ ਪਾਉਂਦੀ ਹੈ ਚਿੱਟੀਂ ਵਾਂਗ। ਲਿਖਤੁਮ ਪਰਵੇਜ਼ ਪੜ੍ਹਤੁਮ ਸਾਰੇ ਸ਼ਬਦ ਸੰਵਾਰੇ। ਧਰਦ ਪਰਿੰਦੇ ਇਸ ਦੀ ਅਰਦਲ ਬਹਿੰਦੇ ਸਾਰੇ

ਅਸੀਸ

ਕਿੰਨਾ ਕੁਝ ਬਦਲ ਦਿੰਦੀ ਹੈ ਅਸੀਸ ਫਿੱਕਾ ਲੱਗਦਾ ਸੂਰਜ ਗੂੜ੍ਹਾ ਹੋ ਜਾਂਦੈ। ਚੰਦਰਮਾ ਅੰਬਰੋਂ ਉੱਤਰ ਕੇ ਇਕੱਲਾ ਮਾਮਾ ਨਹੀਂ, ਤਾਰਿਆਂ ਸਣੇ ਨਾਨਕਾ ਮੇਲ ਬਣ ਜਾਂਦੈ। ਮੀਂਹ ਦੀਆਂ ਕਣੀਆਂ ਅਰਥ ਦਬਲਦੀਆਂ। ਰਹਿਮਤ ਬਣ ਜਾਂਦੇ ਨੇ ਜਲ ਕਣ ਆਸਾਂ ਦਾ ਬੂਰ ਦੋਧੇ ਦਾਣਿਆਂ ’ਚ ਬਦਲ ਜਾਂਦਾ ਹੈ। ਧੀ ਮਾਂ ਬਣ ਜਾਂਦੀ ਹੈ ਤੇ ਪੁੱਤਰ ਬਾਬਲ। ਕਿੰਨਾ ਕੁਝ ਬਦਲ ਜਾਂਦਾ ਹੈ ਇੱਕ ਅਸੀਸ ਨਾਲ। ਰੁੱਤਾਂ ਸੁਰਾ ਗਲੀਆਂ ਬਹਾਰਾਂ ਮਹਿਕਦੜੀਆਂ। ਪੌਣਾਂ ਵਗਦੀਆਂ ਇਤਰ ’ਚ ਭਿੱਜੀਆਂ। ਵਕਤ ਦੀ ਰਫ਼ਤਾਰ ਬਦਲ ਜਾਂਦੀ ਹੈ। ਚੰਨ ਤੇ ਤੁਰਨ ਵਾਂਗ ਹੌਲੇ ਫੁੱਲ ਕਦਮ। ਸ਼ਹਿਦ ਕਟੋਰੀ ਨੱਕੋ ਨੱਕ ਭਰ ਜਾਂਦੀ ਹੈ। ਨਿੱਕੀ ਇਲਾਇਚੀ ਘੁਲਦੀ ਹੈ ਸਵਾਸਾਂ ਵਿੱਚ ਇੱਕ ਅਸੀਸ ਨਾਲ। ਘਰ ਦੀ ਸਾਰੀ ਵਿਆਕਰਣ ਬਦਲ ਜਾਂਦੀ ਹੈ। ਟੋਏ ਭਰਦੇ ਟਿੱਬੇ ਖੁਰਦੇ ਸਮਤਲ ਧਰਤੀ ’ਤੇ ਤੁਰਨਾ ਚੰਗਾ ਚੰਗਾ ਲੱਗਦਾ ਹੈ। ਇੱਕ ਅਸੀਸ ਨਾਲ। ਘਰ ਦੀਆਂ ਦੀਵਾਰਾਂ ’ਚੋਂ ਮੁਬਾਰਕ ਆਵਾਜ਼ਾਂ ਆਉਂਦੀਆਂ। ਸ਼ਰੀਂਹ ਦੇ ਪੱਤਿਆਂ ਦੇ ਬੰਦਨ ਬਾਰ ਸਜਦੇ। ਬੂਹੇ ਅੱਗੇ ਲਾਏ ਬਿਰਖ਼ ’ਤੇ, ਚਿੜੀਆਂ ਚੂਕਦੀਆਂ ਸਵੇਰਸਾਰ। ਸਾਡੀ ਧੀ ਨਾਲ ਖੇਡਣ ਆਈਆਂ ਸਖੀਆਂ ਸਹੇਲੀਆਂ ਲੱਗਦੀਆਂ। ਕਿੰਨਾ ਕੁਝ ਬਦਲ ਦਿੰਦੀ ਹੈ ਅਸੀਸ ਸਰਬੱਤ ਦਾ ਭਲਾ ਮੰਗਦੀ ਹੈ ਜ਼ਬਾਨ। ਕਣ ਕਣ ਸ਼ੁਕਰਾਨਾ ਕਰਦੀ ਅਸੀਸ ਕਹਿ ਦਾ ਕਹਿ ਕਰ ਦੇਂਦੀ ਹੈ।

ਤੁਸੀਂ ਕਿਸ ਨੂੰ ਉਡੀਕਦੇ ਹੋ?

ਜ਼ੁਲਮ ਤੇ ਜ਼ਾਲਿਮ ਵੀ ਚੋਲ਼ਾ ਹੀ ਬਦਲਦੇ ਨੇ ਨਾਟਕ ਦੇ ਅਦਾਕਾਰ ਵਾਂਗ। ਜ਼ਾਲਮ ਕਦੇ ਮਾਸੂਮ ਸਾਹਿਬਜ਼ਾਦੇ ਕਦੇ ਮਾਸੂਮ ਸੁਪਨੇ ਨੀਂਹਾਂ ’ਚ ਚਿਣਦੇ ਨੇ। ਜ਼ੁਲਮ ਹਕੂਮਤਾਂ ਦੀ ਲੋੜ ਹੁੰਦੀ ਹੈ। ਉਹ ਕਿਸੇ ਦੇ ਕੁਝ ਨਹੀਂ ਲੱਗਦੇ ਗ਼ਰਜ਼ਾਂ ਦੇ ਪੁੱਤਰ ਫ਼ਰਜ਼ਾਂ ਨੂੰ ਘੱਟ ਵੱਧ ਹੀ ਗੌਲ਼ਦੇ ਨੇ। ਔਰਗਜ਼ੇਬ ਵਾਂਗ ਕੁਰਾਨ ਲਿਖ ਕੇ ਰੋਜ਼ੀ ਕਮਾਉਣ ਵਾਲਾ ਨਾਟਕ ਹਰ ਯੁਗ ’ਚ ਨਿਰਤਰ ਚੱਲਦੈ। ਧਰਮ ਦੇ ਪਰਦੇ ਹੇਠ ਆਸਥਾ ਦੇ ਓਹਲੇ ਵਿੱਚ ਬਹੁਤ ਕੁਝ ਵਾਪਰਦਾ ਹੈ। ਦਿਲ ਤੇ ਹੱਥ ਰੱਖ ਕੇ ਦੱਸਿਉ ਸਰਹਦ ਪੋਹ ਦੇ ਮਹੀਨੇ ਤੁਹਾਨੂੰ ਹਰ ਸਾਲ ਇਸ ਲਈ ਹੀ ਬੁਲਾਉਂਦੈ ਕਿ ਲਗਰ ਛਕ ਜਾਉ। ਸਾਹਿਬਜ਼ਾਦੇ ਹਰ ਸਾਲ ਨੀਹਾਂ ’ਚ ਖਲੋਤੇ ਇਹੀ ਸੁਨੇਹਾ ਦਿਦੇ ਨੇ ਜਬਰ ਜ਼ੁਲਮ ਦੇ ਅੱਗੇ ਜੇ ਅਸੀਂ ਨੌਂ ਤੇ ਸੱਤ ਸਾਲ ਦੀ ਉਮਰੇ ਹਿੱਕਾਂ ਤਾਣ ਕੇ ਖਲੋ ਸਕਦੇ ਹਾਂ ਤਾਂ ਤੁਸੀਂ ਕਿਸਨੂੰ ਉਡੀਕਦੇ ਹੋ?

ਪਤਾ ਹੋਵੇ ਤਾਂ ਦੱਸਣਾ

ਉਹ ਕਵਿਤਾ ਕਿੱਧਰ ਗਈ ਜੋ ਤੂੰ ਲਿਖੀ ਸੀ ਕਦੇ। ਇਹ ਤਾਂ ਉਹ ਹੈ ਜੋ ਛਪੀ ਹੈ ਇਸ ‘ਚੋਂ ਜੋ ਕੁਝ ਤੂੰ ਕੱਟਿਐ ਉਹੀ ਤਾਂ ਕਵਿਤਾ ਸੀ ਕਵੀ ਸਾਹਿਬ! ਉਹ ਕਿੱਧਰ ਗਈ। ਚੁਆਵੇਂ ਦੁੱਧ ਵਰਗੀ ਸੀ ਉਹ ਮੱਖਣ ਦੀਆਂ ਕਣੀਆਂ ਵਾਲੀ ਪਹਾੜੀ ਗਊਆਂ ਦੇ ਦੁੱਧ ਘਿਉ ਵਰਗੀ ਇਹ ਤਾਂ ਨਿਰੀ ਕੱਚੀ ਲੱਸੀ ਹੈ ਜਨਾਬ ਕਵਿਤਾ ਕਿੱਧਰ ਗਈ। ਇਹ ਤਾਂ ਟਾਲ ਤੇ ਪਈਆਂ ਕੱਟੀਆਂ ਛਾਂਗੀਆਂ ਟਾਹਣੀਆਂ ਦੀ ਪੰਡ ਹੈ। ਨਿਰਾ ਬਾਲਣ ਸਰਕਾਰ ਮੰਜੇ ਪੀਹੜੇ ਕੁਰਸੀਆਂ ਮੇਜ਼ ਇਹਦੇ ਨਹੀਂ ਬਣਦੇ। ਇਹ ਤਾਂ ਅਸਲ ਬਿਰਖ਼ ਦੀ ਛਾਂ ਸੀ ਹੁਣ ਬਿਰਖ਼ ਕਿੱਥੇ ਹੈ? ਇਕੱਲ੍ਹਾ ਕਰ ਆਇਆ ਹੈਂ ਤਣੇ ਦੀ ਜ਼ਾਤ ਕਿੰਨੀ ਜ਼ਾਲਮ ਹੈ ਤੇਰੀ ਔਕਾਤ ਕਵੀ ਬਣਿਆ ਫਿਰਦਾ ਹੈਂ। ਜਾਹ! ਕਵਿਤਾ ਲੱਭ ਕੇ ਲਿਆ ਜਿਸ ਵਿੱਚ ਸੁਪਨੇ ਸਨ ਚੰਗਿਆੜੇ ਛੱਡਦੇ ਨਿੱਕੇ ਨਿੱਕੇ ਅਨੇਕ ਸੂਰਜ ਵੱਖ ਵੱਖ ਧਰਤੀਆਂ ਰੁਸ਼ਨਾਉਂਦੇ। ਤੂੰ ਤਾਂ ਦਰੀਆਂ ਵਾਂਗ ਲਪੇਟ ਕੇ ਸਾਂਭ ਦਿੱਤੇ ਨੇ ਪੇਟੀ ‘ਚ ਪੰਜ ਦਰਿਆ। ਇਹ ਕੀ ਕਰਿਆ? ਧਰਤ ਕੌਣ ਸਿੰਜੇਗਾ? ਸ਼ਬਦਾਂ ਦੀ ਅੱਖ ਸਿੰਮਦੀ ਹੈ ਤੇਰੀ ਕਵਿਤਾ ਪੜ੍ਹਦਿਆਂ। ਇਹ ਤਾਂ ਗੁੜ ਦੀ ਰੋੜੀ ਦਾ ਭੂਰ ਚੂਰ ਹੈ ਪੂਰੀ ਰੋੜੀ ਕਿੱਧਰ ਗਈ? ਕੁੱਟ ਕੁੱਟ ਭੋਰ ਦਿੱਤੀ ਨੇ ਤੂੰ ਮੇਰੇ ਰੋੜੀਆਂ ਵੱਟਦੇ ਮੇਰੇ ਬਾਪੂ ਦੇ ਹੱਥਾਂ ਦੇ ਨਿਸ਼ਾਨ! ਬੁਲਡੋਜ਼ਰ ਫੇਰ ਦਿੱਤਾ ਹੈ ਆਪਣੀ ਸੜਕ ਪੱਧਰੀ ਕਰਦਿਆਂ ਛਾਂਗ ਦਿੱਤੇ ਹਨ ਪਗਡੰਡੀਆਂ ਤੇ ਪੈਰੀਂ ਚੜ੍ਹੇ ਰਾਹ। ਆਪਣੀ ਕਵਿਤਾ ਸਿੱਧੀ ਕਰਦਿਆਂ। ਹੁਣ ਮੈਨੂੰ ਆਪਣੇ ਪਿੰਡ, ਘਰ ਤੇ ਪੈਲ਼ੀ ਦਾ ਰਾਹ ਭੁੱਲ ਗਿਆ ਹੈ। ਮੀਲਾਂ ਦੇ ਮੀਲ ਵਾਧੂ ਤੁਰਨਾ ਪੈਂਦਾ ਹੈ ਤੇਰੇ ਬਣਾਏ ਅੱਠ ਮਾਰਗੀ ਵਿਕਾਸ ਕਾਰਨ। ਮੈਂ ਕੀ ਕਰਨਾ ਸੀ ਫਲਾਈ ਓਵਰਾਂ ਦਾ ਜਾਲ ਜਿਸ ਤੇ ਗੱਡਾ ਨਹੀਂ ਚੜ੍ਹਦਾ? ਪੱਠਿਆਂ ਦੀ ਪੰਡ ਲਈ ਪੈਲ਼ੀਆਂ ਹੋ ਗਈਆਂ ਨੇ ਮੀਲਾਂ ਦੂਰ। ਨਾਨਕਿਆਂ ਤੋਂ ਦੂਰ ਹੋ ਗਏ ਨੇ ਦਾਦਕੇ । ਤੇਰੀ ਕਵਿਤਾ ‘ਚੋਂ ਇਹ ਸਾਰਾ ਕੁਝ ਕਿੱਧਰ ਗਿਆ? ਕੌਣ ਲੈ ਗਿਆ ਤੇਰਾ ਈਮਾਨ ਸ਼ਬਦ ਵਿਧਾਨ ਜਾਂ ਕੋਈ ਹੋਰ ਬੇਈਮਾਨ? ਤੇਰੇ ਤੋਂ ਆਸ ਨਹੀਂ ਸੀ ਸ਼ਬਦਾਂ ਚੋਂ ਪੀੜਾਂ ਕਸ਼ੀਦ ਲਵੇਂਗਾ? ਅੱਥਰੂਆਂ ਬਿਨ ਅੱਖੀਆਂ ਅੰਨ੍ਹੀਆਂ ਤੇਰੀ ਕਵਿਤਾ ਜਹੀਆਂ ਸੰਵੇਦਨਾਹੀਣ। ਤੂੰ ਕਿਤਾਬਾਂ ਲਿਖੀ ਜਾਹ! ਅਸੀਂ ਵਕਤ ਦੇ ਸਫ਼ੇ ਤੋਂ ਪੜ੍ਹ ਲਵਾਂਗੇ ਦਰਦਾਂ ਦੇ ਦਸਤਾਵੇਜ਼। ਤੂੰ ਹੀ ਤਾਂ ਸਾਂਭਣੇ ਸਨ ਕੀਰਨਿਆਂ ਦੇ ਵਾਰਤਾਲਾਪ ਅੰਬਰ ਚੀਰਵੀਂ ਧਰਤੀ ਦੀ ਹੂਕ। ਹੌਕਿਆਂ ਦੀ ਇਬਾਰਤ ਲਿਖਣੀ ਸੀ। ਉਹ ਤਾਂ ਤੂੰ ਕਵਿਤਾ ਸੋਧਦਿਆਂ ਉਵੇਂ ਹੀ ਸੋਧ ਦਿੱਤਾ ਜਿਵੇਂ ਪੁਲਿਸ ਦੀਆਂ ਧਾੜਾਂ ਸੋਧਦੀਆਂ ਸਨ ਬੋਲਦਾ ਪੰਜਾਬ ਜੈਕਾਰੇ, ਨਾਅਰੇ ਲਾਉਂਦਾ ਬੱਕਰੇ ਬੁਲਾਉਂਦਾ ਅੱਥਰੇ ਸੁਪਨਿਆਂ ਦਾ ਬੇਲਗਾਮ ਕਾਫ਼ਲਾ। ਤੇਰੀ ਕਵਿਤਾ ‘ਚ ਉਹ ਚੰਗਿਆੜੇ ਕਿੱਥੇ ਨੇ? ਜੋ ਨਿੱਘ ਵਰਤਾਉਂਦੇ ਰਾਹ ਰੁਸ਼ਨਾਉਂਦੇ ਹੁਣ ਤਾਂ ਭੁੱਬਲ ਦਾ ਢੇਰ ਹੈ ਤੇਰੀ ਰੇਸ਼ਮੀ ਵਰਕਿਆਂ ਵਾਲੀ ਕਿਤਾਬ। ਖੱਦਰ ਦੀ ਭਾਸ਼ਾ ਚ ਕੌਣ ਲਿਖੇਗਾ? ਜੁਲਾਹਿਆਂ ਦਾ ਦਰਦ। ਕੌਣ ਗੰਢੇਗਾ ਮੋਚੀ ਦੇ ਲੰਗਾਰੇ ਹੌਕੇ? ਦਰਜ਼ੀ ਦੀ ਮਸ਼ੀਨ ਖਾ ਗਏ ਕਾਰਪੋਰੇਟ ਹੱਟੀਆਂ ਨੂੰ ਉਜਾੜ ਗਏ ਮਾਲ ਭੱਠੀਆਂ ਤੋਂ ਦਾਣੇ ਪੈਕਿਟਾਂ ‘ਚ ਜਾ ਲੁਕੇ ਥੈਲੀਸ਼ਾਹਾਂ ਦੇ ਕਾਰਿੰਦੇ ਬਣ ਗਏ। ਕੁਆਰ ਗੰਦਲ ਐਲੋਵੀਰਾ ਬਣ ਕੇ ਜਾ ਬੈਠੀ ਹੈ ਮੁਨਾਫ਼ੇ ਦੀਆਂ ਡੱਬੀਆਂ ‘ਚ। ਨਰਮਾ ਰੁਲ਼ਦਾ ਹੈ ਮੰਡੀ ‘ਚ ਲੱਠਾ ਆਕੜਦਾ ਹੈ ਬਾਜ਼ਾਰ ‘ਚ। ਕੌਣ ਹੈ ਜੋ ਫ਼ਾਸਲੇ ਵਧਾ ਗਿਆ ਤੇਰੇ ਤੇ ਕਵਿਤਾ ਵਿਚਕਾਰ। ਬਾਜ਼ਾਰ? ਸਰਕਾਰ? ਵਪਾਰ? ਜਾਂ ਵਿਸ਼ਵ ਮੰਡੀ ਦਾ ਜੱਗ ਭੱਖਣਾ ਸੰਸਾਰ? ਪਤਾ ਹੋਵੇ ਤਾਂ ਦੱਸਣਾ?

ਪਰਜਾ ਪੱਤ

ਉਸ ਨੇ ਮੈਨੂੰ ਫ਼ੋਨ ਤੇ ਕਿਹਾ ਭਾ ਜੀ ਤੁਸੀਂ ਮੈਨੂੰ ਸ਼ਰਮਾ ਜੀ ਨਾ ਕਿਹਾ ਕਰੋ। ਤੁਹਾਡੇ ਏਦਾਂ ਕਹਿਣ ਨਾਲ ਸ਼ਰਮੇ ਬੁਰਾ ਮਨਾਉਂਦੇ ਨੇ। ਮੈਂ ਸ਼ਰਮਾ ਨਹੀਂ ਪਰਜਾਪੱਤ ਹਾਂ। ਜਿਸ ਨੂੰ ਇਹ ਘੁਮਿਆਰ ਕਹਿੰਦੇ ਨੇ। ਮੈਂ ਅੱਕ ਗਿਆ ਹਾਂ ਇਨ੍ਹਾਂ ਦੀਆਂ ਸੁਣਦਾ ਸਕੂਲ ਵੇਲੇ ਤੋਂ। ਕਦੇ ਕੁਝ ਕਦੇ ਕੁਝ ਵੰਨ ਸੁਵੰਨੀਆਂ। ਇਹ ਬੰਦੇ ਨੂੰ ਬੰਦਾ ਨਹੀਂ ਗਿਣਦੇ ਹਰ ਵੇਲੇ ਹੰਕਾਰ ਦੇ ਡੰਗੇ ਟੰਮਣੇ ਤੇ ਚੜ੍ਹੇ ਰਹਿੰਦੇ ਨੇ। ਜਦ ਤੋਂ ਦਿੱਲੀ ‘ਚ ਬੋਦੀ ਵਾਲਾ ਤਾਰਾ ਚੜ੍ਹਿਐ ਇਹ ਪਿੰਡ ਬੈਠੇ ਹੀ ਖ਼ੁਦ ਨੂੰ ਹਾਕਮ ਸਮਝਦੇ ਨੇ। ਹੁਣ ਹੋਰ ਵੀ ਨੀਮ ਚੜ੍ਹੇ ਕਰੇਲੇ ਵਾਂਗ ਬੋਲ ਕੇ ਮੂੰਹ ਕੁਸੈਲਾ ਕਰ ਜਾਂਦੇ ਨੇ। ਪਤਾ ਨਹੀਂ ਕਿਸ ਭੁਲੇਖੇ ‘ਚ ਹਨ? ਬੰਦੇ ਨੂੰ ਬੰਦਾ ਹੀ ਨਹੀਂ ਗਿਣਦੇ। ਭਾ ਜੀ ਕੋਈ ਪੁੱਛਣ ਵਾਲਾ ਹੀ ਨਹੀਂ ਗਿਆਨ ਗਰੰਥ ਹਨ੍ਹੇਰੇ ਚ ਲਿਖੇ ਸਨ? ਇਨ੍ਹਾਂ ਦੇ ਵਡੇਰਿਆਂ! ਦੀਵੇ ਬਿਨ ਕਿਸ ਨੇ ਚਾਨਣ ਬੀਜਿਆ? ਕਿਸ ਦੀ ਗਵਾਹੀ ਹੈ ਹਰਫ਼ ਹਰਫ਼? ਉਹ ਚਿਰਾਗ ਕਿਸ ਨੇ ਬਣਾਏ ਸਨ? ਸਾਡੇ ਹੀ ਬਜ਼ੁਰਗਾਂ ਚੀਕਨੀ ਮਿੱਟੀ ਲੱਭੀ, ਕੁੱਟੀ, ਗੁੰਨ੍ਹੀ। ਚੱਕ ਨੂੰ ਘੁੰਮਾਇਆ, ਆਕਾਰ ਬਣਾਇਆ, ਆਵੇ ‘ਚ ਪਕਾਇਆ। ਚਿਰਾਗ ‘ ਤੇਲ ਵੀ ਤਾਂ ਅਸਾਂ ਤੁਸਾਂ ਪਾਇਆ! ਜਿੰਨ੍ਹਾਂ ਨੂੰ ਇਹ ਸ਼ੂਦਰ ਦੱਸਦੇ ਨੇ। ਭਾ ਜੀ, ਤੁਹਾਨੂੰ ਪਤੈ, ਜਿਸ ਰੱਬ ਨੂੰ ਇਹ ਪੂਜਦੇ ਨੇ, ਉਸ ਦੀ ਅੰਗਲੀ ਸੰਗਲੀ ਸਾਡੇ ਨਾਲ ਬਹੁਤ ਰਲ਼ਦੀ ਹੈ। ਉਸ ਦੇ ਜ਼ਿੰਮੇ ਕਾਇਨਾਤ ਚਲਾਉਣਾ ਹੈ ਤੇ ਸਾਡੇ ਜ਼ਿੰਮੇ ਚੱਕ ਨੂੰ ਘੁਮਾਉਣਾ। ਰੱਬ ਮਿੱਟੀ ਤੋਂ ਬੰਦੇ ਘੜਦਾ ਤੇ ਅਸੀਂ ਮਿੱਟੀ ਤੋਂ ਭਾਂਡੇ। ਵਿਸ਼ਵਕਰਮਾ ਨੇ ਸਾਡੇ ਲਈ ਤਾਂ ਗੋਲ ਚੱਕ ਬਣਾਇਆ ਸੀ। ਇਨ੍ਹਾਂ ਲਈ ਕੀ ਬਣਾਇਆ? ਦੱਸਣ ਤਾਂ ਸਹੀਂ ਪੱਤਰੀਆਂ ਫੋਲ ਕੇ। ਅਸੀਂ ਤਾਂ ਮੱਘੀਆਂ, ਸੁਰਾਹੀਆਂ ਥਾਲ਼ੀਆਂ, ਕੁਨਾਲ਼ੀਆਂ ਬਣਾਈਆਂ ਖੂਹ ਚੋਂ ਪਾਣੀ ਕੱਢਦੀਆਂ ਟਿੰਡਾਂ ਵੀ ਅਸੀਂ ਹੀ ਮੁੱਦਤਾਂ ਪਹਿਲਾਂ ਬਣਾਈਆਂ ਲੋਹਾ ਤਾਂ ਬਹੁਤ ਮਗਰੋਂ ਜੰਮਿਆ ਹੈ। ਪਤਾ ਨਹੀਂ ਸਦੀਆਂ ਬਾਅਦ ਵੀ ਇਹ ਗੁਰਬਤ ਵਾਂਗ ਸਾਡਾ ਖਹਿੜਾ ਨਹੀਂ ਛੱਡਦੇ। ਹਾਂ, ਸੱਚ ਇੱਕ ਗੱਲ ਹੋਰ ਸੁਣੋ! ਗੀਤਾਂ ਚ ਜਿਸ ਨੂੰ ਇਹ ਰੰਨ ਕਹਿ ਕੇ ਬੁਲਾਉਂਦੇ ਨੇ ਜੋ ਅੱਡੀਆਂ ਕੂਚਦੀ ਮਰ ਗਈ ਸੀ, ਜਿਸ ਨੂੰ ਬਾਂਕਾਂ ਨਹੀਂ ਸਨ ਜੁੜੀਆਂ, ਉਹ ਵੀ ਸਾਡੇ ਪੁਰਖ਼ਿਆਂ ਦੀ ਦਾਦੀ ਸੀ। ਕਹਿੰਦੇ ਨੇ ਉਹ ਅਕਸਰ ਆਖਦੀ ਸੀ, ਵੇ ਪੁੱਤਰੋ! ਸਾਰੇ ਭਾਂਡੇ, ਬੁਘਨੀਆਂ, ਘੁੱਗੂ ਘੋੜੇ ਤੇ ਝਾਵੇਂ ਬਣਾ ਲੈਂਦੇ ਹੋ, ਇਨ੍ਹਾਂ ਜ਼ਾਤ ਅਭਿਮਾਨੀਆਂ ਦੇ ਮਨ ਦੀ ਮੈਲ ਲਾਹੁਣ ਲਈ ਵੀ ਕੋਈ ਯੰਤਰ ਬਣਾਉ। ਕਹਿੰਦੇ ਨੇ ਕਿ ਉਸੇ ਨੇ ਪਹਿਲੀ ਵਾਰ ਪੁੱਤਰ ਧੀਆਂ ਨੂੰ ਸਕੂਲ ਦਾ ਰਾਹ ਵਿਖਾਇਆ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਦੁਲੱਤੇ,ਟੀਟਣੇ ਮਾਰਦੇ ਹਰ ਥਾਂ ਪਹਿਲਾਂ ਹੀ ਹਾਜ਼ਰ ਨਾਜ਼ਰ। ਬੰਦਾ ਕਿੱਧਰ ਜਾਵੇ? ਕੀ ਦੱਸਾਂ ਭਾ ਜੀ, ਕਾਲਿਜ ਚ ਪ੍ਰੋਫ਼ੈਸਰੀ ਕਰਦਿਆਂ ਵੀ ਇਨ੍ਹਾਂ ਲਈ ਅਜੇ ਮੈਂ ਘੁਮਿਆਰਾਂ ਦਾ ਓਮੀ ਹੀ ਹਾਂ। ਗਧੇ ਚਾਰਾਂ ਦੀ ਛੇੜ ਨਾਲ ਵਿੰਨ੍ਹਦੇ। ਇਨ੍ਹਾਂ ਨੂੰ ਕੋਈ ਪੁੱਛੇ ਜਿਸ ਕੂੰਡੇ ਵਿੱਚ ਚਟਨੀ ਕੁੱਟਦੇ ਹੋ। ਦੇਗਚੀ ਵਿੱਚ ਦਾਲ ਰਿੰਨ੍ਹਦੇ ਹੋ ਘੜੇ ਨੂੰ ਕੁੰਭ ਕਹਿ ਕੇ ਪੂਜਾ ਵੇਲੇ ਲੱਭਦੇ ਫਿਰਦੇ ਹੋ ਉਹ ਕਿਸੇ ਮਸ਼ੀਨ ਨੇ ਨਹੀਂ ਘੜਿਆ ਸਾਡੇ ਵਡਿੱਕਿਆਂ ਨੇ ਹੀ ਬਣਾਇਆ ਹੈ। ਸਿਰਫ਼ ਅੱਖਾਂ ਬੰਦ ਕਰੋ ਅੰਤਰ ਧਿਆਨ ਹੋਵੋ ਤੇ ਸੋਚੋ, ਹਰ ਥਾਂ ਪੈੜਾਂ ਹਨ ਸਾਡੇ ਬਾਪੂਆਂ ਦੀਆਂ। ਚੱਪਣੀ ਨਾ ਹੁੰਦੀ ਤਾਂ ਬੇਸ਼ਰਮ ਕਿੱਥੇ ਡੁੱਬ ਮਰਦੇ? ਹੋਰ ਸੁਣੋ!ਚੱਪਣੀ ਵੀ ਅਸੀਂ ਬਣਾਈ ਹੈ। ਬੰਦਾ ਗਿਆਨ ਦੇ ਲੜ ਤਾਂ ਇਸ ਲਈ ਲੱਗਦਾ ਹੈ ਨਾ ਕਿ ਉਹ ਇਨਸਾਨੀਅਤ ਦਾ ਸਬਕ ਸਿੱਖੇ। ਪਰ ਇਹ ਓਥੇ ਦੇ ਓਥੇ ਖੜ੍ਹੇ ਨੇ, ਜਿੱਥੇ ਮਨੂ ਸੰਮ੍ਰਿਤੀ ਵਾਲਾ ਭਾਈ ਛੱਡ ਗਿਆ। ਨਾ ਇੱਕ ਕਦਮ ਅੱਗੇ ਨਾ ਪਿੱਛੇ! ਭਾ ਜੀ! ਇਹ ਪਿਆਰ ਦੀ ਭਾਸ਼ਾ ਕਿਉਂ ਨਹੀਂ ਸਮਝਦੇ ਨਾ ਪਿਆਰ ਲੈਂਦੇ, ਨਾ ਦੇਂਦੇ। ਹਰ ਵੇਲੇ ਆਪਣੇ ਉੱਚ - ਕੁਲੀਨ ਰੁਤਬੇ ਦੀ ਰਾਖੀ ਬੈਠ ਕੇ ਇਹੀ ਸਿੱਖਿਆ ਦਿੰਦੇ ਨੇ। ਆਹ ਕਰੋ, ਆਹ ਨਾ ਕਰੋ। ਬਿੱਲੀ ਰਾਹ ਕੱਟ ਜਾਵੇ ਤਾਂ ਸਾਨੂੰ ਪਰਤ ਜਾਉ ਕਹਿੰਦੇ। ਨਿੱਛ ਮਾਰ ਬਹੀਏ ਤਾਂ ਕਹਿਣਗੇ,ਅਸੀਂ ਭਿੱਟੇ ਗਏ! ਤੁਸੀਂ ਨਹਾ ਕੇ ਆਉ! ਪੁੱਛਣ ਵਾਲਾ ਹੀ ਕੋਈ ਨਹੀਂ, ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀਂ! ਗੋਹਾ ਕੂੜਾ ਕਰਦੀ ਕੋਈ ਧੀ ਭੈਣ ਟੋਕਰਾ ਚੁੱਕੀ ਮੱਥੇ ਲੱਗੇ ਤਾਂ ਇਹ ਬਦਸ਼ਗਨੀ ਆਖਦੇ ਨੇ। ਚਾਰ ਦਿਨ ਗਊ ਮਾਤਾ ਦਾ ਗੋਹਾ ਇਨ੍ਹਾਂ ਘਰ ਪਿਆ ਰਹੇ ਤਾਂ ਪਤਾ ਲੱਗੇ ਬਈ ਕੀ ਭਾਅ ਵਿਕਦੀ ਹੈ? ਇਨ੍ਹਾਂ ਦਾ ਕੂੜਾ ਸਮੇਟਦੇ, ਰੂੜੀਆਂ ਤੇ ਸੁੱਟਣ ਜਾਂਦੇ ਲੋਕ ਇਨ੍ਹਾਂ ਦੇ ਮਨ ਵਿੱਚ ਨਿਗੂਣੇ ਜੀਵ ਨੇ। ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ ਧੱਕਾ ਕਰਕੇ ਆਪੇ ਆਖਦੇ ਸਬੂਤ ਪੇਸ਼ ਕਰੋ! ਦਿਲ ਦੇ ਜ਼ਖ਼ਮ ਐਕਸਰੇ ਚ ਨਹੀਂ ਆਉਂਦੇ। ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ। ਰੂਹ ਤੇ ਪਈਆਂ ਲਾਸਾਂ ਦਾ ਜੁਰਮ ਨਹੀਂ ਬਣਦਾ। ਅਰਜ਼ੀ ਵਿੱਚ ਇਹ ਸਾਰਾ ਕੁਝ ਕਿਵੇਂ ਲਿਖੀਏ। ਸਬੂਤ ਤਾਂ ਨੰਗੀ ਅੱਖ ਹੀ ਵੇਖ ਸਕਦੀ ਇਹ ਜਬਰ ਜਾਨਣ ਲਈ ਤੀਸਰਾ ਨੇਤਰ ਚਾਹੀਦਾ ਹੈ। ਉਹੀ ਗ਼ੈਰ ਹਾਜ਼ਰ ਹੈ। ਭਾ ਜੀ! ਕਿਸੇ ਨਾਲ ਗੱਲ ਨਾ ਕਰਿਉ ਪਰ ਸੱਚ ਪੁੱਛਿਉ, ਇਹ ਵੇਖ ਕੇ ਵੱਟ ਬਹੁਤ ਚੜ੍ਹਦੈ।