Sochan De Sathar : Noor Muhammad Noor
ਸੋਚਾਂ ਦੇ ਸੱਥਰ : ਨੂਰ ਮੁਹੰਮਦ ਨੂਰ
1. ਸਾਡੇ ਪੱਲੇ ਕਿੱਥੇ ਧੁੱਪ ਦੁਪਹਿਰਾਂ ਦੀ
ਸਾਡੇ ਪੱਲੇ ਕਿੱਥੇ ਧੁੱਪ ਦੁਪਹਿਰਾਂ ਦੀ। ਪਿੰਡਾਂ ਦੇ ਭਾਗਾਂ ਵਿਚ ਰੌਣਕ ਸ਼ਹਿਰਾਂ ਦੀ। ਕੋਲ ਖਲੋ ਕੇ ਹਾਲ ਕਿਸੇ ਨੂੰ ਕਹਿ ਦੇਵਣ, ਐਨੀ ਚੰਗੀ ਕਿਸਮਤ ਕਿੱਥੇ ਨਹਿਰਾਂ ਦੀ। ਸਾਗਰ ਦੇ ਦੁੱਖ-ਦਰਦ ਫ਼ਰੋਲਣ ਬਹਿ ਗਈਆਂ, ਬਾਤ ਜਦੋਂ ਮੇਰੇ ਸੰਗ ਹੋਈ ਲਹਿਰਾਂ ਦੀ। ਫੇਰ ਕਿਵੇਂ ਹੁਣ ਮੰਨਾਂ ਗੱਲ ਵਿਚੋਲੇ ਦੀ, ਰਕਮ ਖੜ੍ਹੀ ਹੈ ਸਿਰ 'ਤੇ ਪਹਿਲੇ ਮਹਿਰਾਂ ਦੀ। ਉਸ ਦੀ 'ਹਾਂ' 'ਤੇ ਨਿਰਭਰ ਹੈ ਰੁਕਣਾ-ਜਾਣਾ, ਹਿੰਮਤ ਕਿੱਥੇ ਬਿਨਾ ਇਜਾਜ਼ਤ ਠਹਿਰਾਂ ਦੀ। ਨਾਜ਼ੁਕ, ਨਰਮ, ਮਲੂਕ ਪਿੰਡੇ ਨੂੰ ਢਕ ਕੇ ਤੁਰ, ਧੁੱਪ ਬੜੀ ਤਿੱਖੀ ਪੈਂਦੀ ਹੈ, ਕਹਿਰਾਂ ਦੀ। ਹੌਕੇ, ਹਾਵੇ, 'ਤੇ ਧੱਬੇ ਬਦਨਾਮੀ ਦੇ, ਕੋਲ ਮੇਰੇ ਹੈ ਖੱਟੀ ਪਿਛਲੇ ਪਹਿਰਾਂ ਦੀ। 'ਸੋਚਾਂ ਦੇ ਸੱਥਰ' ਨੇ ਗ਼ਜ਼ਲਾਂ 'ਨੂਰ' ਦੀਆਂ, ਭਾਵੇਂ ਘਾਟ ਅਜੇ ਹੈ ਲੱਗਦੀ ਬਹਿਰਾਂ ਦੀ।
2. ਕੁੱਝ ਸ਼ਬਦਾਂ ਦੇ ਉਲਟੇ-ਸਿੱਧੇ ਫੇਰਾਂ ਨਾਲ
ਕੁੱਝ ਸ਼ਬਦਾਂ ਦੇ ਉਲਟੇ-ਸਿੱਧੇ ਫੇਰਾਂ ਨਾਲ। ਕੁਝ ਤੋਂ ਕੁਝ ਬਣ ਜਾਂਦੈ ਜਬਰਾਂ-ਜ਼ੇਰਾਂ ਨਾਲ। ਜਾਂਦਾ-ਜਾਂਦਾ ਗੂੜ੍ਹੇ ਧੂਏਂ ਛੱਡ ਗਿਆ, ਨ੍ਹੇਰ ਜਦੋਂ ਟਕਰਾਇਆ ਸੀਤ-ਸਵੇਰਾਂ ਨਾਲ। ਇੱਜ਼ਤ ਮਿੱਟੀ ਰੋਲਣ ਸੁੱਚੀਆਂ ਰਾਤਾਂ ਦੀ, ਚੋਰ-ਉਚੱਕੇ ਰਲ ਕੇ ਘੁੱਪ ਹਨੇਰਾਂ ਨਾਲ। ਮੋਮ ਬਣਾ ਨਾ ਹੋਇਆ ਹਿਰਦਾ ਤਕੜੇ ਦਾ, ਭੁੱਖੇ ਦੇ ਢਿੱਡ ਵਿੱਚੋਂ ਨਿਕਲੀਆਂ ਲੇਰਾਂ ਨਾਲ। ਸੁੱਖ ਸੰਭਾਲਣ ਵਾਲੇ ਸੁੱਖਾਂ ਮਾਣ ਗਏ, ਬੈਠਾ ਕੰਬਾਂ ਮੈਂ ਦੁੱਖਾਂ ਦੇ ਢੇਰਾਂ ਨਾਲ। ਗੱਦਿਆਂ 'ਤੇ ਵੀ ਸੋਣ ਨਾ ਦਿੱਤਾ ਸੋਚਾਂ ਨੇ, ਸੁੱਤੇ ਦੇਖੇ ਲੋਕ ਮਿੱਟੀ ਦੇ ਢੇਰਾਂ ਨਾਲ। ਜੰਗਲ, ਬੇਲੇ, ਰੋਹੀਆਂ 'ਤੇ ਬਾਜ਼ਾਰਾਂ ਵਿਚ, ਹਰ ਥਾਂ ਸ਼ਿਕਰੇ ਖੇਡਣ ਤਿੱਤਰ-ਬਟੇਰਾਂ ਨਾਲ। ਮੰਨ ਲੈਂਦਾ ਹੈ ਕਾਫ਼ਰ ਹੋਂਦ ਖ਼ੁਦਾ ਦੀ 'ਨੂਰ', ਆਫ਼ਤ ਤੋਂ ਬਚ ਜਾਂਦੈ ਜਦ ਉਹ ਮੇਹਰਾਂ ਨਾਲ।
3. ਝਾਕਣ ਥੰਮਾਂ ਵਰਗੇ ਨ੍ਹੇਰੇ, ਕੋਲ ਖਲੋਤੇ ਬਾਬੇ ਦੇ
ਝਾਕਣ ਥੰਮਾਂ ਵਰਗੇ ਨ੍ਹੇਰੇ, ਕੋਲ ਖਲੋਤੇ ਬਾਬੇ ਦੇ। ਇਕ-ਇਕ ਕਰਕੇ ਮੁੱਕਦੇ ਜਾਂਦੇ, ਪੁੱਤ-ਪੜੋਤੇ ਬਾਬੇ ਦੇ। ਬਚਿਆ ਨਾ ਕੋਈ ਆਖਣ ਵਾਲਾ, ਤੱਤਾ-ਤੱਤਾ ਬਲਦਾਂ ਨੂੰ, ਮਿਰਗਾਂ ਵਰਗੇ ਬਹਿੜੇ ਰੰਭਣ, ਹਲ ਨੂੰ ਜੋਤੇ ਬਾਬੇ ਦੇ। ਦਿਸਦਾ ਨਾ ਕੋਈ ਦਾਣਾ-ਪਾਣੀ ਪਾਵਣ ਵਾਲਾ ਪਸੂਆਂ ਨੂੰ, ਖੁਰਲੀ ਉੱਤੇ ਭੁੱਖਣ-ਭਾਣੇ ਹੀਂਗਣ ਖੋਤੇ ਬਾਬੇ ਦੇ। ਸੰਝ-ਸਵੇਰੇ ਖ਼ਬਰਾਂ ਛਪੀਆਂ, ਅਖ਼ਬਾਰਾਂ ਵਿਚ ਭੋਗ ਦੀਆਂ, ਕੰਮਾਂ ਤੋਂ ਨਾ ਮੁੜ ਕੇ ਆਏ, ਗੱਭਰੂ ਪੋਤੇ ਬਾਬੇ ਦੇ। ਰਸਤੇ ਦੇ ਵਿਚ ਲੁੱਟੀ ਡੋਲੀ, ਰਲ ਕੇ ਆਪ ਕਹਾਰਾਂ ਨੇ, ਸੁੱਕ ਗਏ ਪੜ-ਨੂੰਹਾਂ ਖ਼ਾਤਰ, ਹਾਰ ਪਰੋਤੇ ਬਾਬੇ ਦੇ। ਭਖ ਕੇ ਖੇਰੂੰ-ਖੇਰੂੰ ਹੋਇਆ, ਸਾਂਝਾਂ ਚੁੱਲ੍ਹਾ ਟੱਬਰ ਦਾ, ਬੈਠੇ ਵੱਢੂੰ-ਖਾਊਂ ਕਰਦੇ, ਪੋਤੇ-ਦੋਹਤੇ ਬਾਬੇ ਦੇ। ਮਿੱਟੀ ਦੇ ਵਿਚ ਮਿੱਟੀ ਹੁੰਦਾ, ਦੇਖ ਭਵਿੱਖ ਜਵਾਨਾਂ ਦਾ, ਸੋਚਾਂ ਦੇ ਸਾਗਰ ਵਿਚ ਲਗਦੇ, ਰਹਿੰਦੇ ਗੋਤੇ ਬਾਬੇ ਦੇ। ਬਚਦੇ-ਖੁਚਦੇ ਅੱਲੜ੍ਹ ਚੂਚੇ, ਖੁੱਡਿਉਂ ਕੱਢੇ ਇੱਲ੍ਹਾਂ ਨੇ, ਕੱਠੇ ਕਰਕੇ ਬੁੱਢੇ ਫੰਘਾਂ, ਹੇਠ ਲਕੋਤੇ ਬਾਬੇ ਦੇ। ਕੌਣ ਧਰੂ ਹੁਣ ਮੋਢੇ ਉੱਤੇ, ਡੰਡਾ ਮੇਰੀ ਅਰਥੀ ਦਾ, ਸੋਚਦਿਆਂ ਹੀ ਉੱਡ ਜਾਣੇ ਨੇ, ਇਕ ਦਿਨ ਤੋਤੇ ਬਾਬੇ ਦੇ। ਸੱਥ ਦੀ ਬੋਹੜ ਥੱਲੇ ਲਾਏ ਡੇਰੇ ਭੂਤ-ਚੁੜੇਲਾਂ ਨੇ, ਕਿਧਰੋਂ ਹੀਰ ਸੁਣਨ ਨਾ ਆਏ, ਰਾਤ ਸਰੋਤੇ ਬਾਬੇ ਦੇ। ਸੁਣ ਕੇ ਬੰਬ-ਬਲਾਸਟ ਹੁੰਦੇ, ਬੱਚੇ ਰੋਏ ਪਿੰਡਾਂ ਦੇ, ਬੀਂਡੀ ਖੋਪੇ ਲੈ ਭੱਜੇ ਖੂਹ ਚਲਦੇ ਬੋਤੇ ਬਾਬੇ ਦੇ। ਯਾਦ ਜਦੋਂ ਟੱਬਰ ਦੀ ਆਈ, ਅੱਥਰੂ ਚੋਏ ਦਾੜ੍ਹੀ ਤੋਂ, 'ਨੂਰ ਮੁਹੰਮਦ' ਨੇ ਤਦ ਜਾ ਕੇ, ਅੱਥਰੂ ਧੋਤੇ ਬਾਬੇ ਦੇ।
4. ਕਦ ਤੱਕ ਹੋਰ ਚੁਗੋਗੇ ਮੋਤੀ, ਹੰਝੂਆਂ ਦੀਆਂ ਕਤਾਰਾਂ ਦੇ
ਕਦ ਤੱਕ ਹੋਰ ਚੁਗੋਗੇ ਮੋਤੀ, ਹੰਝੂਆਂ ਦੀਆਂ ਕਤਾਰਾਂ ਦੇ। ਮਾਨਸਰੋਵਰ ਵਰਗੇ ਦੀਦੇ, ਪੁੱਛਣ ਮੇਰੇ ਯਾਰਾਂ ਦੇ। ਕਦ ਤੱਕ ਰਸਤਾ ਰੋਕ ਸਕੇਗੀ, ਕੰਧ ਬਣਾਈ ਲੋਕਾਂ ਦੀ, 'ਬਰਲਨ' ਵਾਂਗੂੰ ਖਿੰਡ ਜਾਣੇ ਨੇ, ਪੱਥਰ ਸਭ ਦੀਵਾਰਾਂ ਦੇ। ਭਾਵੇਂ ਰਾਜ ਨਹੀਂ ਧਰਤੀ 'ਤੇ, ਕਿਧਰੇ ਅੱਜ ਯਜ਼ੀਦਾਂ ਦਾ, ਜਿਉਂਦੇ ਨੇ ਦਿਲ ਵਾਲੇ ਫਿਰ ਵੀ, ਸਾਏ ਵਿਚ ਤਲਵਾਰਾਂ ਦੇ। ਲਾ ਜਾਂਦੇ ਨੇ 'ਬੱਦਲ' ਵਾਂਗੂੰ, ਲਾਰਾ ਅੱਜ ਦੇ ਬੱਦਲ ਵੀ, ਸੁੱਕ ਜਾਂਦੇ ਨੇ ਔੜਾਂ ਦੇ ਵਿਚ, ਬੂਟੇ ਸੁਰਖ਼-ਚਨਾਰਾਂ ਦੇ। ਕਿਸ ਦੇ ਕੋਲ ਸਮਾਂ ਹੈ ਯਾਰਾ, ਤੇਰੇ ਦੁੱਖ ਵੰਡਾਵਣ ਦਾ, ਐਵੇਂ ਕਾਹਨੂੰ ਦੇਖ ਰਿਹਾ ਏਂ, ਸੁਫ਼ਨੇ ਜਾਨ-ਨਿਸਾਰਾਂ ਦੇ। ਚਾਨਣੀਆਂ ਰਾਤਾਂ ਦੇ ਸਾਰੇ, ਹੱਦਾਂ-ਬੰਨੇ ਲੰਘ ਗਏ, ਲੱਸ-ਲੱਸ ਕਰਦੇ ਨੈਂਣ-ਪਟੋਲੇ, ਵਰਗੇ ਮੇਰੇ ਯਾਰਾਂ ਦੇ। ਦਿਲ ਵਿਚ ਲੈ ਕੇ ਮਿੱਠੀਆਂ ਯਾਦਾਂ, ਤੋਰ ਲਵੋ ਰਥ ਆਸਾਂ ਦੀ, ਲੋਕ ਬਣਾ ਲੈਂਦੇ ਨੇ ਕੋਠੇ, ਕੰਧਾਂ ਦੀਆਂ ਉਡਾਰਾਂ ਦੇ। ਯੋਰਪ ਤੱਕ ਗੱਡੇ ਨੇ ਝੰਡੇ, ਮਿੱਲਤ ਦਿਆਂ ਜਵਾਨਾਂ ਨੇ, ਸੌ ਵਾਰੀ ਆਏ ਨੇ ਵੇਲੇ, ਚੜ੍ਹਤਾਂ ਅਤੇ ਉਤਾਰਾਂ ਦੇ। ਲੋੜ ਕਦੇ ਨਾ ਪੈਂਦੀ ਜੱਗ 'ਤੇ ਇਤਰ-ਫੁਲੇਲ, ਗੁਲਾਬਾਂ ਦੀ, ਸਾਂਭ-ਸਜਾ ਕੇ ਰੱਖੇ ਹੁੰਦੇ, ਦੇਸੀ ਮੁਖੜੇ ਨਾਰਾਂ ਦੇ। ਸੌ-ਸੌ ਪੱਜ ਬਣਾਉਂਦੇ ਢੋਂਗੀ, ਚੱਜ ਛੁਪਾ ਕੇ ਰੱਖਣ ਨੂੰ, ਕਰ ਦਿੰਦੇ ਪਰ ਜੱਗ 'ਤੇ ਜ਼ਾਹਰ, ਵਰਕੇ ਕੁੱਝ ਅਖ਼ਬਾਰਾਂ ਦੇ। ਕਾਹਨੂੰ ਵਿੰਗ-ਵਲੇਵੇਂ ਖਾ ਕੇ, ਤੁਰਦੀ ਤੋਰ ਜ਼ਮਾਨੇ ਦੀ, ਜੇ ਕਾਰੇ ਵੀ ਸੁੰਦਰ ਹੁੰਦੇ, ਸੁੰਦਰ ਨਕਸ਼-ਨਿਗਾਰਾਂ ਦੇ। ਦੱਬ ਦਵੇਂ ਕਬਰਾਂ ਵਿਚ ਜਾ ਕੇ, ਆਦਤ ਸੁਫ਼ਨੇ ਦੇਖਣ ਦੀ, ਜਾਣ ਲਵੇਂ ਅੰਦਰ ਦੇ ਕਾਰੇ, ਜੇ ਤੂੰ ਸੁੰਦਰ ਕਾਰਾਂ ਦੇ। ਬੱਚੇ ਵੇਚਣ ਤੀਕ ਪੁਚਾ ਦਿੱਤਾ ਭੁੱਖਾਂ ਨੇ ਮਾਵਾਂ ਨੂੰ, ਹਾਲੇ ਤੂੰ ਤੱਕਣੇ ਨੇ ਵੇਲੇ, ਚੀਕਾਂ ਅਤੇ ਪੁਕਾਰਾਂ ਦੇ। ਇੱਜ਼ਤ 'ਤੇ ਜ਼ਿੱਲਤ ਦਾ ਮਿਲਣਾ ਹੱਥ ਖ਼ੁਦਾ ਦੇ ਹੁੰਦੈ 'ਨੂਰ', ਭਟਕ ਲਵੋ ਜਿੰਨਾਂ ਦਿਲ ਚਾਹਵੇ, ਬੂਹੇ-ਬੂਹੇ ਯਾਰਾਂ ਦੇ।
5. ਬਿਰਹਾ ਦੇ ਝਟਕਿਆਂ ਦੀ ਦੇ ਕੇ ਸਲੀਬ ਮੈਨੂੰ
ਬਿਰਹਾ ਦੇ ਝਟਕਿਆਂ ਦੀ ਦੇ ਕੇ ਸਲੀਬ ਮੈਨੂੰ। ਛੱਡਦਾ, ਨਾ ਮਾਰਦਾ ਹੈ ਮੇਰਾ ਤਬੀਬ ਮੈਨੂੰ। ਪੁੱਛਾਂ ਤਾਂ ਕੁੱਝ ਨਾ ਦੱਸਣ, ਸੋਚਾਂ ਨਾ ਸਮਝ ਆਵੇ, ਕਿੱਥੇ ਲਿਜਾ ਰਹੇ ਨੇ ਮੇਰੇ ਨਸੀਬ ਮੈਨੂੰ। ਸਾਂਝਾ ਕਰਾਂ ਕਿਨ੍ਹਾਂ ਦੇ ਸੰਗ ਬੈਠ ਕੇ ਗ਼ਮਾਂ ਨੂੰ, ਬੈਠਣ ਦਵੇ ਨਾ ਦੁਨੀਆਂ ਮੇਰੇ ਕਰੀਬ ਮੈਨੂੰ। ਲੁੱਟੀ ਬਿਗਾਨਿਆਂ ਨੇ ਦੌਲਤ ਭਰੋਸਿਆਂ ਦੀ, ਤਾਹੀਉਂ ਤਾਂ ਸਮਝਦਾ ਹਾਂ ਮੈਂ ਖ਼ੁਦ ਗ਼ਰੀਬ ਮੈਨੂੰ। ਸੋਵਾਂਗੇ ਮੇਲ ਪਿੱਛੋਂ ਵਸਲਾਂ ਦੀ ਸੇਜ ਉੱਤੇ- ਇਕ ਆਸ ਦੇ ਗਿਆ ਹੈ ਮੇਰਾ ਹਬੀਬ ਮੈਨੂੰ। ਦੌਲਤ ਵੀ ਹਾਸਿਆਂ ਦੀ ਵੰਡੇ ਕੰਜੂਸ ਹੋ ਕੇ, ਹਰ ਬਾਤ ਉਸ ਦੀ ਲੱਗੇ ਅੱਜ-ਕੱਲ੍ਹ ਅਜੀਬ ਮੈਨੂੰ। ਏਦਾਂ ਬਚਾ ਰਿਹਾ ਹੈ ਆਪੇ ਨੂੰ ਯਾਰ ਮੈਥੋਂ, ਜਿਉਂਕਰ ਉਹ ਸਮਝਦਾ ਹੈ ਦਿਲ ਦਾ ਨਕੀਬ ਮੈਨੂੰ। 'ਮਿਣਦਾ ਰਹੀਂ ਤੂੰ ਆਪੇ ਹਿਜਰਾਂ ਦੇ ਪੈਂਡਿਆਂ ਨੂੰ'- ਤੁਰਦੇ ਬਣੇ ਉਹ ਦੇ ਕੇ ਬੋਝਲ ਜ਼ਰੀਬ ਮੈਨੂੰ । ਫਿਰਦਾ ਹਾਂ 'ਨੂਰ' ਵੰਡਦਾ ਸਾਹਿਤ ਦੇ ਨ੍ਹੇਰਿਆਂ ਨੂੰ, ਕਹਿੰਦਾ ਨਹੀਂ ਕਿਸੇ ਨੂੰ ਆਖੋ ਅਦੀਬ ਮੈਨੂੰ।
6. ਜੀਵਨ ਦੀ ਹਰ ਤਮੰਨਾ ਕਰਕੇ ਨੀਲਾਮ ਮੇਰੀ
ਜੀਵਨ ਦੀ ਹਰ ਤਮੰਨਾ ਕਰਕੇ ਨੀਲਾਮ ਮੇਰੀ। ਫਿਰਦੀ ਹੈ ਘਰ ਕਿਸੇ ਦੇ ਹਰ ਰੋਜ਼ ਸ਼ਾਮ ਮੇਰੀ। ਐਨਾ ਕੁ ਰਹਿ ਗਿਆ ਹੈ ਅਖ਼ਤਿਆਰ ਜ਼ਿੰਦਗੀ 'ਤੇ, ਤੁਰਦਾ ਹੈ ਹੋਰ ਕੋਈ ਫੜ ਕੇ ਲਗਾਮ ਮੇਰੀ। ਇਕ ਦਿਨ ਮੈਂ ਭਟਕਦਾ ਸਾਂ ਰੋਟੀ ਦੇ ਟੁਕੜਿਆਂ ਨੂੰ, ਦਿਨ ਫਿਰਦਿਆਂ ਹੀ ਭੁੱਲੀ 'ਹਸਤੀ' ਮੁਕਾਮ ਮੇਰੀ । ਪੈ ਕੇ ਪੰਘੂੜਿਆਂ 'ਤੇ ਸੁੱਤੇ ਨੇ ਲੋਕ ਸਾਰੇ, ਕਰ ਕੇ ਗਏ ਨੇ ਜਿਹੜੇ ਨੀਂਦਰ ਹਰਾਮ ਮੇਰੀ। ਇੰਜ ਬਣ ਗਿਆ ਹੈ ਮੌਸਮ ਗ਼ਮਗੀਨ ਜ਼ਿੰਦਗੀ ਦਾ, ਠਰਦੀ ਦੁਪਹਿਰ ਮੇਰੀ, ਭਖਦੀ ਹੈ ਸ਼ਾਮ ਮੇਰੀ। ਸੌ ਵਾਰ ਦੇਖਿਆ ਹੈ ਸਮਝਾ-ਬੁਝਾ ਕੇ ਇਸ ਨੂੰ, ਤਕੜੇ ਨੂੰ ਕਦ ਹੈ ਕਰਦੀ ਆਦਤ ਸਲਾਮ ਮੇਰੀ। ਗੱਡੀ ਮੁਹੱਬਤਾਂ ਦੀ ਜਦ ਵੀ ਕਿਤੇ ਚਲਾਈ, ਮੌਕੇ ਤੇ ਹੋ ਗਈ ਬਸ ਕਿਸਮਤ ਹੀ ਜਾਮ ਮੇਰੀ। ਲਗਦੀ ਹੈ ਆਸ ਹੋਈ ਤਕਦੀਰ ਦਾ ਖਿਡੌਣਾ, ਆਈ ਹੈ ਮੁੜ ਕੇ ਚਿੱਠੀ ਮੇਰੇ ਹੀ ਨਾਮ ਮੇਰੀ। ਚਸ਼ਕਾ ਹੈ ਸ਼ਾਇਰੀ ਦਾ ਜਿਸ ਨੂੰ ਉਹ 'ਨੂਰ' ਹਾਂ ਮੈਂ, ਅੱਜ-ਕਲ੍ਹ ਦੇ ਸ਼ਾਇਰਾਂ ਵਿਚ ਚਰਚਾ ਹੈ ਆਮ ਮੇਰੀ।
7. ਵਾਂਝਾ ਹਾਂ ਹਾਸਿਆਂ ਤੋਂ ਸੱਜਣਾਂ ਦੇ ਪਾਸ ਹੋ ਕੇ
ਵਾਂਝਾ ਹਾਂ ਹਾਸਿਆਂ ਤੋਂ ਸੱਜਣਾਂ ਦੇ ਪਾਸ ਹੋ ਕੇ। ਲੰਘਦੀ ਹੈ ਸ਼ਾਮ ਮੇਰੀ ਅੱਜ-ਕੱਲ੍ਹ ਉਦਾਸ ਹੋ ਕੇ। ਤੱਕਦਾ ਸਾਂ ਬਣ ਕੇ ਬੱਦਲ ਬਰਸਣਗੇ ਯਾਰ ਇਕ ਦਿਨ, ਐਪਰ ਜਦੋਂ ਉਹ ਆਏ, ਆਏ ਪਿਆਸ ਹੋ ਕੇ। ਪੁੱਜੇ ਨਾ ਕਿਰਨ ਕੋਈ ਨ੍ਹੇਰੇ ਦੇ ਬੂਹਿਆਂ ਤੱਕ, ਧੁੱਪਾਂ ਨੂੰ ਤਰਸਦਾ ਹਾਂ ਸੂਰਜ ਦਾ ਖ਼ਾਸ ਹੋ ਕੇ। ਡਿੱਠੀ ਹੈ ਝੂਠ ਹੁੰਦੀ ਦੋ-ਪਲ ਦੇ ਵਿਚ ਕਹਾਵਤ, ਤੱਕਿਆ ਹੈ ਦੂਰ ਬੈਠਾ ਨੌਹਾਂ ਤੋਂ ਮਾਸ ਹੋ ਕੇ। ਨੇੜੇ ਸੀ ਘਰ ਦਾ ਪੈਂਡਾ ਨਜ਼ਰਾਂ ਦੀ ਮਾਰ ਜਿੰਨਾਂ, ਤਾਂ ਵੀ ਜਦੋਂ ਉਹ ਪੁੱਜੇ, ਪੁੱਜੇ ਉਦਾਸ ਹੋ ਕੇ। ਆਏ ਹੋ ਸੋਚ ਕੇ ਕੀ ਮਨ ਦੀ ਭੜਾਸ ਕੱਢੋ, ਬੈਠੇ ਹੋ ਸਾਮ੍ਹਣੇ ਕਿਉਂ ਇੰਜ ਬਦ-ਹਵਾਸ ਹੋ ਕੇ। ਉੱਠੋ, ਸਵਾਰ ਹੋਵੋ, ਹਿੰਮਤ ਦੇ ਘੋੜਿਆਂ 'ਤੇ, ਕਦ ਤੱਕ ਰਹੋਗੇ ਬੈਠੇ ਕਿਸਮਤ ਦੇ ਦਾਸ ਹੋ ਕੇ। ਪੂਰਾ ਹਿਸਾਬ ਲਾ ਕੇ ਚੱਲੇ ਸਾਂ ਮੰਜ਼ਿਲਾਂ ਵਲ, ਹਿੰਮਤ ਹੀ ਰਹਿ ਗਈ ਪਰ ਝੂਠਾ ਕਿਆਸ ਹੋ ਕੇ। ਹਰ ਦੇਸ ਵਿਚ ਨੇ ਬੈਠੇ 'ਨਮਰੂਦ' ਇਸ ਸਮੇਂ ਵੀ, ਸੂਲੀ 'ਤੇ ਹੁਣ ਵੀ ਲਟਕਣ 'ਈਸਾ' ਕਰਾਸ ਹੋ ਕੇ। ਬਰਸੇ ਸੀ ਕਦ 'ਤੇ ਕਾਹਤੋਂ ਪੱਥਰ 'ਸੰਘੋਲ' ਉੱਤੇ, ਆਵੇਗਾ ਸਮਝ ਸਭ ਕੁਝ ਆਉ 'ਬਰਾਸ' ਹੋ ਕੇ । ਚੁੱਕਿਆ ਸੀ ਮੋਢਿਆਂ 'ਤੇ ਤਹਿਜ਼ੀਬ ਦਾ ਜਨਾਜ਼ਾ, ਲੋਕੀ ਘਰਾਂ ਚੋਂ ਨਿਲਕੇ ਜਦ ਬੇ-ਲਿਬਾਸ ਹੋ ਕੇ। ਹਰ ਵਾਰ ਹਾਰਿਆ ਹਾਂ ਮੈਂ ਦਿਲ-ਲਗੀ ਦੀ ਬਾਜ਼ੀ, ਮੈਨੂੰ ਨਾ ਰਾਸ ਆਈ ਲੋਕਾਂ ਨੂੰ ਰਾਸ ਹੋ ਕੇ। ਬਖ਼ਸ਼ਿਸ ਹੈ ਸਭ ਖ਼ੁਦਾ ਦੀ ਦਿਲ ਦੇ ਸਕੂਨ ਬਾਝੋਂ, ਦੋਜ਼ਖ਼ ਦੀ ਜੂਨ ਭੁਗਤਾਂ ਜੰਨਤ 'ਚ ਵਾਸ ਹੋ ਕੇ। ਪੁੱਛਦਾ ਹੈ 'ਨੂਰ' ਬੈਠਾ ਅਪਣੀ ਹੀ ਸੋਚਣੀ ਤੋਂ, ਮਿਲਦੀ ਹੈ ਜ਼ਹਿਰ ਕਾਹਤੋਂ ਅੱਜ-ਕਲ੍ਹ ਮਿਠਾਸ ਹੋ ਕੇ।
8. ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ
ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ। ਜਿਹੜਾ ਬੂਟਾ ਛਾਵਾਂ ਦੇਵੇ ਗ਼ੈਰਾਂ ਨੂੰ। ਪਾਣੀ ਦੇ ਵਿਚ ਡੁੱਬੀ ਬੇੜੀ ਸੋਚਾਂ ਦੀ, ਕੰਢੇ ਬੈਠਾ ਪਰਖ ਰਿਹਾ ਸਾਂ ਲਹਿਰਾਂ ਨੂੰ। ਕਲਮ ਨਿਮਾਣੀ ਕੱਲੀ-ਕਾਰੀ ਕੀ ਕਰਦੀ, ਭਾਈਆਂ ਭਾਈਆਂ ਦੇ ਵਿਚ ਵਧਦੇ ਵੈਰਾਂ ਨੂੰ। ਹਾਸੇ ਦੀ ਚਿੰਗਾੜੀ ਲਾ ਕੇ ਦੇਖ ਲਵੋ, ਡੁਸਕ-ਡੁਸਕ ਕੇ ਰੋਂਦੇ ਗ਼ਮ ਦੇ ਸ਼ਹਿਰਾਂ ਨੂੰ। ਨਾ ਜਾਣੇ ਕਦ ਔੜ ਨਿਮਾਣੀ ਆ ਪੁੱਜੇ, ਸੋਚ-ਸਮਝ ਕੇ ਵਰਤ ਸਮੇਂ ਦੀਆਂ ਲਹਿਰਾਂ ਨੂੰ। ਰੋਕਾਂ ਦੀ ਜ਼ੰਜੀਰ ਬਣਾ ਕੇ ਪਾਉਂਦਾ ਹਾਂ, ਯਾਦ ਤੇਰੀ ਵਲ ਨੱਸਦੇ ਦਿਲ ਦੇ ਪੈਰਾਂ ਨੂੰ। ਅੰਨ ਪਕਾਉਣ ਲਈ ਕੁੱਝ ਡੱਕੇ ਚੁਗਣ ਤੁਰੇ, ਕਾਰਾਂ ਉੱਤੇ ਨਿਕਲ ਤੁਰੇ ਕੁੱਝ ਸੈਰਾਂ ਨੂੰ। ਜੀਅ ਭਰ ਕੇ ਦੀਦਾਰ ਕਰਾਂਗੇ ਦੇਖ ਲਵੀਂ, ਪਾਸੇ ਕਰ ਕੇ ਸਭ ਰੋਕਾਂ 'ਤੇ ਗਹਿਰਾਂ ਨੂੰ, 'ਨੂਰ' ਅਜੇ ਵੀ ਤੇਰੀਆਂ ਨਵੀਆਂ ਗ਼ਜ਼ਲਾਂ ਵਿਚ, ਘਾਟ ਵਿਚਾਰਾਂ ਦੀ ਲਗਦੀ ਹੈ ਬਹਿਰਾਂ ਨੂੰ।
9. ਚੋਰੀ-ਚੋਰੀ ਇੰਜ ਨਾ ਝਾਕੋ, ਬਹਿ ਕੇ ਰੋਜ਼ ਬਨੇਰੇ ਕੋਲ
ਚੋਰੀ-ਚੋਰੀ ਇੰਜ ਨਾ ਝਾਕੋ, ਬਹਿ ਕੇ ਰੋਜ਼ ਬਨੇਰੇ ਕੋਲ। ਦਿਲ ਦਾ ਚੈਨ ਗਵਾ ਬੈਠੋਗੇ, ਫਸ ਕੇ ਰੂਪ-ਲੁਟੇਰੇ ਕੋਲ। ਕਿਉਂ ਨਾ ਮੈਂ ਉਸ ਦੇ ਗੁਣ ਗਾਵਾਂ, ਜਾ ਕੇ ਰੋਜ਼ ਸਵੇਰੇ ਕੋਲ, ਚਾਨਣ ਵਰਗੇ ਦੀਪ ਜਲਾ ਕੇ, ਰੱਖ ਗਿਆ ਜੋ ਮੇਰੇ ਕੋਲ। ਸ਼ਾਮ-ਸਵੇਰੇ ਕਿਉਂ ਨਾ ਆਵਣ, ਯਾਦਾਂ ਉਸ ਦਿਲਦਾਰ ਦੀਆਂ, ਸੋਹਣੇ-ਸੋਹਣੇ ਫੁੱਲ ਸਜਾ ਕੇ, ਰੱਖ ਗਿਆ ਜੋ ਮੇਰੇ ਕੋਲ। ਘਰ ਦਾ ਭਾਂਡਾ-ਟੀਂਡਾ ਕੀਤਾ, ਖੇਰੂੰ-ਖੇਰੂੰ ਵੇਲੇ ਨੇ, ਬੈਠਾ ਝਾਕਾਂ ਇਕ ਨਾ ਬਹੁੜੇ, ਮੱਦਦਗਾਰ ਖਲੇਰੇ ਕੋਲ। ਕਰਮ ਕਦੇ ਨਾ ਹੋਇਆ ਉਸ ਤੋਂ, ਕਿਧਰੇ ਸ਼ੋਖ਼ ਅਦਾਵਾਂ ਦਾ, ਠੂਠਾ ਫੜ ਕੇ ਮੰਗਦਾ ਦੇਖਾਂ, ਉਸ ਨੂੰ ਚਾਰ-ਚੁਫ਼ੇਰੇ ਕੋਲ। ਤੁਰ ਜਾ ਲੈ ਕੇ ਹੋਰ ਕਿਤੇ ਅਕੜੇਵਾਂ ਰੂਪ ਸ਼ਿੰਗਾਰੇ ਦਾ, ਫੜਕ ਨਹੀਂ ਪੰਛੀ ਵੀ ਸਕਦੇ, ਦਿਲ-ਜਲਿਆਂ ਦੇ ਡੇਰੇ ਕੋਲ। ਤੇਰੇ ਨੈਣਾਂ ਨਾਲ ਮਿਲੀ ਨਾ, ਮਟਕ ਕਿਸੇ ਦੇ ਨੈਣਾਂ ਦੀ, ਭਾਵੇਂ ਅੱਖਾਂ ਨਿੱਤ ਮਟਕਾਉਂਦੇ, ਬਹਿ ਕੇ ਲੋਕ ਬਥੇਰੇ ਕੋਲ। ਬੂੰਦ ਕਦੇ ਵੀ ਔੜਾਂ ਮਾਰੇ, ਭੁੱਜਦੇ ਦਿਲ ਤੇ ਪਾਈ ਨਾ, ਭਾਵੇਂ ਲੋਕਾਂ ਨੂੰ ਦਿਸਦੇ ਨੇ, ਬੱਦਲ ਬਹੁਤ ਘਨੇਰੇ ਕੋਲ। ਇਹ ਵੀ ਵੇਲਾ ਆ ਜਾਣਾ ਹੈ, ਇਕ ਦਿਨ 'ਨੂਰ' ਹਿਆਤੀ 'ਤੇ, ਆਖੇਂਗਾ ਬੈਠੇ ਨਹੀਂ ਦਿਸਦੇ ਉਹ ਨਜ਼ਰਾਂ ਦੇ ਘੇਰੇ ਕੋਲ।
10. ਰੰਗਾਂ ਦੇ ਵਿਚ ਮੱਚੀ ਹਾਲ-ਦੁਹਾਈ ਹੈ
ਰੰਗਾਂ ਦੇ ਵਿਚ ਮੱਚੀ ਹਾਲ-ਦੁਹਾਈ ਹੈ। ਸੱਜਣਾਂ ਨੇ ਹੱਥਾਂ 'ਤੇ ਮਹਿੰਦੀ ਲਾਈ ਹੈ। ਮੇਰੀ ਬਾਤ, ਬਤੰਗੜ ਬਣ ਕੇ ਫ਼ੈਲ ਗਈ, ਏਸ ਤਰ੍ਹਾਂ ਗ਼ੈਰਾਂ ਨੇ ਲੂਤੀ ਲਾਈ ਹੈ। ਹੁਕਮ-ਅਦੂਲੀ ਕਰਿਆਂ ਮਹਿਰਮ ਰੁੱਸਦਾ ਹੈ, ਕਹਿਣਾ ਮੰਨਾਂ ਤਾਂ ਹੁੰਦੀ ਰੁਸਵਾਈ ਹੈ। ਪੀੜ ਅਤੇ ਦੁਖ ਮੇਰੇ ਸਕੇ ਸਬੰਧੀ ਨੇ, ਉਹ ਮੇਰੀ ਭਾਬੀ ਉਹ ਮੇਰਾ ਭਾਈ ਹੈ। ਚੂਸ ਰਹੀ ਹੈ ਖ਼ੂਨ ਉਦੋਂ ਤੋਂ ਸੋਚਾਂ ਦਾ, ਗ਼ਜ਼ਲ ਕਹਿਣ ਦੀ ਆਦਤ ਜਦ ਤੋਂ ਪਾਈ ਹੈ। ਭੂਤ ਜਦੋਂ ਸਿਰ ਚੜ੍ਹ ਜਾਵੇ ਖ਼ੁਦਗ਼ਰਜ਼ੀ ਦਾ, ਦੁਸ਼ਮਣ ਦਿਸਦਾ ਭਾਈ ਨੂੰ ਵੀ ਭਾਈ ਹੈ। ਮੇਰਾ ਸਾਥ ਨਹੀਂ ਉਹ ਦਿੰਦਾ ਨਾ ਦੇਵੇ, ਇਸ ਵਿਚ ਵੀ ਮੇਰੀ ਹੀ ਹੋਰ ਭਲਾਈ ਹੈ। ਹਰ ਥਾਂ ਸੋਕੇ ਲਾਏ ਔੜ ਲਮੇਰੀ ਨੇ, ਸੁੱਕੇ ਛੱਪੜ ਦੇ ਵਿਚ ਜੰਮੀ ਕਾਈ ਹੈ। ਕਿੱਧਰ ਜਾਵੇ ਦੋਵੇਂ ਪਾਸੇ ਮੌਤ ਦਿਸੇ, ਜਿਸ ਦੇ ਅੱਗੇ ਨਾਲਾ ਪਿੱਛੇ ਖਾਈ ਹੈ। ਤਕੜੀ ਮਿਹਨਤ ਨਾਲ ਇਕੱਠੀ ਕੀਤੀ ਸੀ, ਜਿਹੜੀ ਦੌਲਤ ਵੇਲੜ੍ਹ ਪੁੱਤ ਉਡਾਈ ਹੈ। ਚਾਤਰ ਲੋਕਾਂ ਦੇ ਨੈਣਾਂ ਨੇ ਸੁੰਘ ਲਈ, ਵਾਸ ਇਸ਼ਕ ਦੀ ਦਿਲ ਵਿਚ ਬਹੁਤ ਲੁਕਾਈ ਹੈ। ਰੋਕਣ 'ਤੇ ਵੀ ਚੁਗ਼ਲੀ ਕਰਨੋ ਰੁਕਿਆ ਨਾ, ਜਿਸ ਦੀ ਹਰ ਥਾਂ ਮੈਂ ਕੀਤੀ ਵਡਿਆਈ ਹੈ। ਝੁਕਦੀ ਝੁਕਦੀ ਇਹ ਕੁੱਬੀ ਹੋ ਜਾਵੇਗੀ, ਆਵਣ ਲੱਗੀ ਢੂੰਹੀ ਵਿੱਚ ਗੁਲਾਈ ਹੈ। ਮੁੜ-ਮੁੜ ਝਾਤਾਂ ਮਾਰੇ ਵਾਪਸ ਆਉਣ ਲਈ, ਮੁਸ਼ਕਿਲ ਨਾਲ ਗ਼ੁਲਾਮੀ ਘਰੋਂ ਨਠਾਈ ਹੈ। ਸ਼ਾਇਦ ਉੱਗ ਪਵੇ ਇਕ ਪੇੜ ਵਫ਼ਾਵਾਂ ਦਾ, ਮਿੱਤਰਤਾ ਦੀ ਮਨ ਵਿਚ ਪੌਦ ਉਗਾਈ ਹੈ। ਚਾਤਰ ਲੋਕਾਂ ਦੇ ਨੈਣਾਂ ਨੇ ਸੁੰਘ ਲਈ, ਵਾਸ ਇਸ਼ਕ ਦੀ ਦਿਲ ਵਿਚ ਬਹੁਤ ਲੁਕਾਈ ਹੈ। ਜਦ ਵੀ ਹੱਸੇ ਗੱਲਾਂ ਸੁਣ ਕੇ ਯਾਰ ਦੀਆਂ, ਵੇਖਣ ਵਾਲੇ ਸਮਝਣ 'ਨੂਰ' ਸ਼ੁਦਾਈ ਹੈ।
11. ਕਾਹਤੋਂ ਨਾ ਮੁੱਖੜਾ ਚੁੰਮਾਂ, ਕਿਉਂ ਨਾ ਗਲੇ ਲਗਾਵਾਂ
ਕਾਹਤੋਂ ਨਾ ਮੁੱਖੜਾ ਚੁੰਮਾਂ, ਕਿਉਂ ਨਾ ਗਲੇ ਲਗਾਵਾਂ। ਮਹਿਰਮ ਦੇ ਦਰ ਤੇ ਹੋ ਕੇ, ਆਈਆਂ ਨੇ ਅੱਜ ਹਵਾਵਾਂ। ਕਿਸ ਨਾਲ ਦਿਲ ਲਗਾ ਕੇ, ਬੈਠੇ ਹੋ ਦੂਰ ਜਾ ਕੇ, ਸੱਜਣਾਂ ਦੇ ਕੋਲ ਜਾ ਕੇ, ਪੁੱਛੀਂ ਇਹ ਬਾਤ ਕਾਵਾਂ। ਸ਼ੀਸ਼ੇ ਦੇ ਵਾਂਗ ਖਿਲਰੇ, ਜੋ ਚੂਰ-ਚੂਰ ਹੋ ਕੇ, ਦਿਲ ਦੇ ਹਜ਼ਾਰ ਟੁਕੜੇ, ਉਸ ਨੂੰ ਕਿਵੇਂ ਦਿਖਾਵਾਂ। ਸੁੱਖਾਂ ਦੇ ਸੁਫ਼ਨਿਆਂ ਨੂੰ, ਕਿੱਧਰ ਤੋਂ ਲੈ ਕੇ ਲੰਘਾਂ, ਪਰਦੂਸ਼ਣਾਂ ਨੇ ਹਰ ਥਾਂ, ਕਰੀਆਂ ਭਰਿਸ਼ਟ ਰਾਹਵਾਂ। ਦਿੰਦੇ ਨੇ ਦੇਣ ਦੇਵੋ, ਗ਼ੈਰਾਂ 'ਤੇ ਦੋਸ਼ ਕਾਹਦਾ, ਧੋਖੇ ਮੈਂ ਅਪਣਿਆਂ ਤੋਂ, ਏਦਾਂ ਦੇ ਰੋਜ਼ ਖਾਵਾਂ। ਉਹਲੇ ਜੋ ਹੋ ਗਿਆ ਹੈ, ਨਜ਼ਰਾਂ ਦੇ ਨਾਲ ਖਹਿ ਕੇ, ਉਸ ਰੂਪ ਦੀ ਤਮੰਨਾ, ਦਿਲ 'ਚੋਂ ਕਿਵੇਂ ਭੁਲਾਵਾਂ। ਲਗਦਾ ਸੀ ਦੂਰ ਉਸ ਤੋਂ, ਰਹਿ ਕੇ ਵੀ ਜੀਅ ਲਵਾਂਗੇ, ਜਿਸ ਦਿਨ ਵੀ ਦੂਰ ਹੋਏ, ਆਇਆ ਨਾ ਸਾਹ ਸੁਖਾਵਾਂ। ਵੀਰਾਨ ਰਸਤਿਆਂ 'ਤੇ, ਹੁਣ ਸਾਥ ਕੌਣ ਦੇਵੇ? ਲਈਆਂ ਨੇ ਜਾਣ ਕੇ ਮੈਂ, ਬਿਰਹਾ ਦੇ ਨਾਲ ਲਾਵਾਂ। ਜਿਹੜੀ 'ਤੇ ਅਮਲ ਕਰੀਏ ਆਸਾਂ ਦੇ ਉਲਟ ਜਾਵੇ, ਦਿੰਦੇ ਨੇ ਲੋਕ ਭਾਵੇਂ ਨਿੱਤ 'ਨੂਰ' ਨੂੰ ਸਲਾਹਵਾਂ।
12. ਭਾਵੇਂ ਖ਼ਫ਼ਾ ਉਹ ਹੋਵੇ, ਭਾਵੇਂ ਬੁਰਾ ਕਹਾਵਾਂ
ਭਾਵੇਂ ਖ਼ਫ਼ਾ ਉਹ ਹੋਵੇ, ਭਾਵੇਂ ਬੁਰਾ ਕਹਾਵਾਂ, ਝਾਤੀ ਮਾਸੂਮੀਅਤ 'ਤੇ ਦੱਸੇ ਬਿਨਾ ਹੀ ਪਾਵਾਂ। ਦੱਸਾਂ ਕੀ ਬੇਵਸੀ ਦੀ ਪੀੜਾਂ ਭਰੀ ਕਹਾਣੀ, ਝਿੜਕਾਂ ਬਿਗਾਨਿਆਂ ਤੋਂ ਘਰ ਵਿਚ ਬੁਲਾ ਕੇ ਖਾਵਾਂ। ਝੂਠਾਂ ਤੋਂ, ਵਾਅਦਿਆਂ ਤੋਂ, ਤੇਰੇ ਇਰਾਦਿਆਂ ਤੋਂ, ਸਤਿਆ ਹਾਂ ਜਿਸ ਤਰ੍ਹਾਂ ਮੈਂ ਤੈਨੂੰ ਕਿਵੇਂ ਸਤਾਵਾਂ। ਲਿੱਖੇ ਨੇ ਵਰਕਿਆਂ 'ਤੇ ਕੁਝ ਗੀਤ ਮੈਂ ਖ਼ੁਸ਼ੀ ਦੇ, ਗ਼ਮਗੀਨ ਜ਼ਿੰਦਗੀ ਹੈ, ਕਿਹੜੇ ਪੜਾਅ 'ਤੇ ਗਾਵਾਂ। ਡਰਦਾ ਹਾਂ ਲਾਉਣ ਤੋਂ ਹੁਣ ਔਲਾਦ ਵਾਂਗ ਪੌਦੇ, ਦਿੱਤੀਆਂ ਨਾ ਜੇ ਇਨ੍ਹਾਂ ਨੇ ਬੁੱਢੇ ਪਲਾਂ 'ਚ ਛਾਵਾਂ। ਤੁਰਦਾ ਹਾਂ, ਜਦ ਤੋਂ ਸਿੱਖਿਐ, ਪੈਰਾਂ 'ਤੇ ਮੈਂ ਖਲੋਣਾ, ਲੰਬੀਆਂ ਨੇ ਜ਼ਿੰਦਗੀ ਦੇ ਪੈਂਡੇ ਤੋਂ ਵਧ ਕੇ ਰਾਹਵਾਂ। ਮਨ ਨੇ ਤਾਂ ਸੋਚਿਆ ਸੀ ਹੋਇਆ ਨਾ ਹੌਸਲਾ, ਪਰ- ਇਕ ਝਾਤ ਹੁਸਨ ਉੱਤੇ ਅਜ ਫੇਰ ਪਾਉਣ ਜਾਵਾਂ। ਹੈ 'ਨੂਰ' ਦੀ ਤਮੰਨਾ ਨਜ਼ਰਾਂ ਤੋਂ ਦੂਰ ਰਹਿ ਕੇ, ਸੌ-ਸਾਲ ਯਾਰ ਜੀਵੇ, ਦੇਵਾਂ ਏਹੋ ਦੁਆਵਾਂ।
13. ਹਫੜਾ-ਦਫੜੀ ਪਾ ਕੇ ਘਰ ਜਾ ਵੜੀਆਂ ਨੇ
ਹਫੜਾ-ਦਫੜੀ ਪਾ ਕੇ ਘਰ ਜਾ ਵੜੀਆਂ ਨੇ। ਮੇਰੇ ਨਾਲ ਜਦੋਂ ਵੀ ਪੌਣਾਂ ਲੜੀਆਂ ਨੇ। ਤੇਰੇ ਨੈਣਾਂ ਵਿੱਚੋਂ ਆਪਾ ਦੇਖ ਲਵਾਂ, ਬਹਿਜਾ, ਮੁਸ਼ਕਿਲ ਨਾਲ ਤਾਂ ਮਿਲੀਆਂ ਘੜੀਆਂ ਨੇ। ਖ਼ਾਲੀ ਹੱਥ ਇਛਾਵਾਂ ਮੁੜੀਆਂ ਜਿਸ ਦਿਨ ਤੋਂ, ਦਿਲ ਦੇ ਵਿਹੜੇ ਤਦ ਤੋਂ ਸੂਹਣਾਂ ਖੜ੍ਹੀਆਂ ਨੇ। ਲੋਥ ਲਿਆ ਕੇ ਪਰਖਾਂਗੇ ਹਰ ਸੁਫ਼ਨੇ ਦੀ, ਕਿੰਨੇ ਜ਼ਖ਼ਮ ਦਿੱਤੇ ਸੱਜਣਾਂ ਦੀਆਂ ਤੜੀਆਂ ਨੇ। ਗੁੱਝੀਆਂ ਰਮਜ਼ਾਂ ਨੇ ਸ਼ੁਧਰੀ ਤਹਿਜ਼ੀਬ ਦੀਆਂ, ਲੋਕ ਜਿਨ੍ਹਾਂ ਨੂੰ ਸਮਝਣ ਲਿੱਖੀਆਂ-ਪੜ੍ਹੀਆਂ ਨੇ। ਚਲਦਾ ਰਹਿਣੈਂ ਕਾਰੋਬਾਰ ਜ਼ਮਾਨੇ ਦਾ, ਵਕਤ ਦੀਆਂ ਸੂਈਆਂ ਕਿਸ ਖ਼ਾਤਰ ਖੜ੍ਹੀਆਂ ਨੇ। ਤੱਕਦੇ ਹੋ ਘਟਨਾਵਾਂ ਜੋ ਸੰਸਾਰ ਦੀਆਂ, ਮੇਰੇ ਜੀਵਨ ਦੇ ਨਾਟਕ ਦੀਆਂ ਕੜੀਆਂ ਨੇ। ਭੁੱਖ ਦੇ ਮਾਰੇ ਕਿੰਨੇ ਬੱਚੇ ਮਰ ਗਏ ਨੇ, ਵਿੱਚ ਗੁਦਾਮਾਂ ਕਿੰਨੀਆਂ ਕਣਕਾਂ ਸੜੀਆਂ ਨੇ। ਦੱਸਾਂ ਕਿੰਜ ਹਕੀਕਤ ਊੱਚੇ ਮਹਿਲਾਂ ਦੀ, ਮਾੜੇ ਲੋਕਾਂ ਦੇ ਸੁਫ਼ਨੇ ਦੀਆਂ ਮੜੀ੍ਹਆਂ ਨੇ। ਨਿਕਲੀ ਸੁੱਘ ਨਹੀਂ ਮੁੜ ਬਾਹਰ ਰੀਝਾਂ ਦੀ, ਜਿਸ ਦਿਨ ਤੋਂ ਤਕੜੇ ਦੇ ਘਰ ਜਾ ਵੜੀਆਂ ਨੇ। ਕੱਲ੍ਹ ਨਿਤਾਣੇ ਦਿਲ ਦੀ ਗੁੱਠ ਵਸਾਈ ਸੀ, ਅੱਜ ਤਵੇਲੇ ਸ਼ਾਹਾਂ ਦੇ ਜਾ ਖੜੀਆਂ ਨੇ। ਨਿੱਤ ਨਵਾਂ ਘਰ ਲੱਭਣ ਦਿਲ ਦੇ ਚੈਨ ਲਈ, ਸੱਜਣੀਆਂ ਨੇ ਜਾਂ ਹੁੱਕੇ ਦੀਆਂ ਨੜੀਆਂ ਨੇ। ਸ਼ਾਇਦ ਛਾਂ ਦੇ ਦੇਵੇ ਛੱਤ ਉਮੀਦਾਂ ਦੀ, ਨਾਲ ਜੁਗਾੜਾਂ ਦੇ ਕੁੱਝ ਇੱਟਾਂ ਘੜ੍ਹੀਆਂ ਨੇ। ਉਸ ਥਾਂ ਪੌਦੇ ਕੀ ਹਰਿਆਲੀ ਦੇਵਣਗੇ, ਜਿਸ ਥਾਂ 'ਤੇ ਮੁੱਢੋਂ ਹੀ ਜੜਾਂ ਉਖੜੀਆਂ ਨੇ। ਮਹਿਲਾਂ ਦੀ ਛੱਤ 'ਤੇ ਹੀ ਚੜ੍ਹ ਕੇ ਦੇਖ ਲਵੋ, ਵਿੱਚ ਹੜ੍ਹਾਂ ਦੇ ਕਿੰਨੀਆਂ ਝੁੱਗੀਆਂ ਹੜ੍ਹੀਆਂ ਨੇ। ਤਦ ਤੱਕ ਲੁਤਫ਼ ਉਠਾਉ 'ਨੂਰ' ਅਦਾਵਾਂ ਦਾ, ਯਾਰ ਜਦੋਂ ਤੱਕ ਕਰਦੇ ਨਖ਼ਰੇ-ਅੜੀਆਂ ਨੇ।
14. ਜਿਉਂ ਹਾਲੀ ਬਿਨ ਹਲ ਦਾ ਮੁੰਨਾ ਲਗਦਾ ਹੈ
ਜਿਉਂ ਹਾਲੀ ਬਿਨ ਹਲ ਦਾ ਮੁੰਨਾ ਲਗਦਾ ਹੈ। ਤੇਰੇ ਬਾਝੋਂ ਜੀਵਨ ਸੁੰਨਾ ਲਗਦਾ ਹੈ। ਮੰਦੇ ਹਾਲੀਂ, ਫਿਰਦੈ ਹੁਸਨ-ਬਜ਼ਾਰਾਂ ਵਿਚ, ਇਹ ਵੀ ਕੋਈ ਇਸ਼ਕ-ਵਿਛੁੰਨਾ ਲਗਦਾ ਹੈ। ਆਸ –ਕੜਾਹੀ ਦੇ ਰੇਤੇ ਚੋਂ ਤਿੜਕ ਕੇ ਉਹ, ਗ਼ਮ ਦੀ ਭੱਠੀ ਵਿਚ ਅੱਧ-ਭੁੰਨਾ ਲਗਦਾ ਹੈ। ਕੱਲਾ ਬਹਿ ਕੇ ਜਦ ਆਪੇ ਵੱਲ ਤੱਕਦਾ ਹਾਂ, ਸਾਰਾ ਜੀਵਨ ਹੀ ਅੱਕ-ਥੁੰਨਾ ਲਗਦਾ ਹੈ। ਪਲ ਵਿਚ ਪਲਟੀ ਕਾਇਆ ਖਾਵਣ ਵਾਲੇ ਦੀ, ਜ਼ਹਿਰ ਮਿਲਾ ਕੇ ਆਟਾ ਗੁੰਨ੍ਹਾ ਲਗਦਾ ਹੈ। ਦੋਸ਼ ਦਵਾਂ ਕਿਉਂ ਗ਼ੈਰਾਂ ਨੂੰ ਬਦਨਾਮੀ ਦਾ, ਭੰਨਿਆ ਆਪਣਿਆਂ ਨੇ ਠੁੰਨਾ ਲਗਦਾ ਹੈ। ਭੀੜ ਬੜੀ ਹੈ ਐਪਰ 'ਨੂਰ ਮੁਹੰਮਦ' ਨੂੰ, ਯਾਰ ਬਿਨਾਂ ਜੱਗ ਸੁੰਨਮ-ਸੁੰਨਾ ਲਗਦਾ ਹੈ।
15. ਦੇਖਣ ਨੂੰ ਇਹ ਕੰਮ ਤਾਂ ਕੋਈ ਖ਼ਾਸ ਨਹੀਂ
ਦੇਖਣ ਨੂੰ ਇਹ ਕੰਮ ਤਾਂ ਕੋਈ ਖ਼ਾਸ ਨਹੀਂ। ਐਪਰ ਐਸਾ ਜੀਵਨ ਮੈਨੂੰ ਰਾਸ ਨਹੀਂ। ਫੇਰ ਕਦੇ ਮਿਲ ਕੇ ਬੈਠਾਂਗੇ ਸੋਚ ਲਵਾਂ, ਪਰ ਇਹ ਸਭ ਕੁਝ ਹੋਵਣ ਦੀ ਵੀ ਆਸ ਨਹੀਂ। ਬੰਦਾ ਹਫੜਾ-ਦਫ਼ੜੀ ਵਿਚ ਘਿਰ ਬੈਠਾ ਹੈ, ਹਾਲੇ ਇਸ ਦੇ ਕਾਇਮ ਹੋਸ਼-ਹਵਾਸ ਨਹੀਂ। ਅਪਣਾ-ਆਪ ਛੁਪਾ ਕੇ ਲੰਘੇ ਮੇਰੇ ਤੋਂ, ਇਹ ਕੀ ਹੈ, ਜੇ ਅਰਮਾਨਾਂ ਦਾ ਨਾਸ਼ ਨਹੀਂ। ਖੋ ਬੈਠੇ ਹਾਂ ਕਿਧਰੇ ਦੌਲਤ ਮਿੱਤਰਾਂ ਦੀ, 'ਕੱਲਾਂ ਤੋਂ ਵੱਧ ਬਚਿਆ ਕੁਝ ਵੀ ਪਾਸ ਨਹੀਂ। ਗੁੱਸੇ ਵਿਚ ਵੰਡੋ ਨਾ ਚੁੱਲ੍ਹਾ ਟੱਬਰ ਦਾ, ਨੌਹਾਂ ਤੋਂ ਵੱਖ ਹੁੰਦਾ ਡਿੱਠਾ ਮਾਸ ਨਹੀਂ। ਲੁੱਟ ਲਿਆ ਘਰ-ਬਾਰ ਜਿਦ੍ਹਾ ਮੁਸਕਾਨਾਂ ਨੇ, ਉਸ ਬੰਦੇ ਨੂੰ ਕਰਨਾ ਹੋਰ ਹਰਾਸ ਨਹੀਂ। ਅੱਲੜ੍ਹ ਸੁਫ਼ਨੇ ਲੈ ਕੇ ਐਥੋਂ ਨੱਸ ਜਾਵੋ, ਉਲਝ ਗਿਆ ਦਿਲ ਕਿਧਰੇ, ਮਿਲਣੀ ਲਾਸ਼ ਨਹੀਂ। 'ਨੂਰ' ਸਮਝ ਕੇ ਚੱਲੀਂ ਚਾਲਾਂ ਇਸ਼ਕ ਦੀਆਂ, ਖੇਡ ਦਿਲਾਂ ਦੀ ਹੈ ਇਹ ਕੋਈ ਤਾਸ਼ ਨਹੀਂ।
16. ਤੈਨੂੰ ਅਪਣਾ ਮਹਿਰਮ ਸਮਝਾਂ, ਜਾਂ ਘਰ ਦਾ ਮਹਿਮਾਨ ਲਿਖਾਂ
ਤੈਨੂੰ ਅਪਣਾ ਮਹਿਰਮ ਸਮਝਾਂ, ਜਾਂ ਘਰ ਦਾ ਮਹਿਮਾਨ ਲਿਖਾਂ? ਏਸ ਕਹਾਣੀ ਦੇ ਮੁੱਖ ਉੱਤੇ, ਜੋ ਆਖੇਂ ਉਨਵਾਨ ਲਿਖਾਂ। ਅਪਣੇ ਦਿਲ ਦੀ ਧੜਕਣ ਕੋਲੋਂ, ਤੈਨੂੰ ਕੁੱਝ ਅਨਜਾਣ ਲਿਖਾਂ, ਜਾਂ ਫਿਰ ਹੋਰ ਕਿਸੇ ਤੇ ਹੋਇਆ, ਮੈਂ ਤੈਨੂੰ ਕੁਰਬਾਨ ਲਿਖਾਂ? ਮਸਤ ਬਹਾਰਾਂ ਦੇ ਮੌਸਮ ਵਿਚ, ਆ ਕੇ ਮੇਰੇ ਨਾਲ ਬਹੇਂ, ਦਿਲ ਨੂੰ ਜ਼ੁਲਫ਼ਾਂ ਹੇਠ ਲੁਕਾ ਕੇ, ਉਲਫ਼ਤ ਦਾ ਦੀਵਾਨ ਲਿਖਾਂ। ਕਲਮ ਫੜੀਂ ਬੈਠੇ ਹੱਥਾਂ ਨੂੰ, ਖੁੱਲ੍ਹ ਦਵੇਂ ਮਨ-ਮਰਜ਼ੀ ਦੀ, ਕਿੰਨਾਂ ਸੱਚਾ? ਕਿੰਨਾਂ ਝੂਠਾ? ਤੇਰਾ ਦੀਨ-ਈਮਾਨ ਲਿਖਾਂ। ਸਾਰੇ ਬੰਦੇ ਇੱਕੋ ਰੰਗੇ ਹਾਲ ਨਿਰਾਲਾ ਸਭਨਾਂ ਦਾ, ਕਿਹੜੇ ਨੂੰ ਸ਼ੈਤਾਨ ਲਿਖਾਂ 'ਤੇ, ਕਿਹੜੇ ਨੂੰ ਭਗਵਾਨ ਲਿਖਾਂ? ਹਰ ਇਕ ਲੇਖਕ ਅਪਣੀ-ਅਪਣੀ, ਡੱਫ਼ਲੀ ਚੁੱਕੀ ਫਿਰਦਾ ਹੈ, ਕੀਹਨੂੰ ਕਿਹੜੀ ਲਿਖਣੀ ਬਾਰੇ, ਇਕ ਵਧੀਆ ਵਿਦਵਾਨ ਲਿਖਾਂ। ਮੁੱਦਤ ਹੋਈ ਬੀਜੀ, ਸਿੰਜੀ, ਗੁੱਡੀ, ਵੱਢੀ, ਗਾਹੀ ਨੂੰ, ਹਾਲੇ ਵੀ ਮੈਂ ਅਪਣੇ-ਆਪੇ ਨੂੰ ਚੰਗਾ ਕਿਰਸਾਨ ਲਿਖਾਂ। ਤੇਰੇ ਬਾਝੋਂ ਹਾਲ ਹੈ ਕਿੰਨਾਂ ਭੈੜਾ ਤੇਰੀ ਬਸਤੀ ਦਾ, ਦਿਲ ਕਰਦੈ ਪੱਤਰ ਵਿਚ ਤੈਨੂੰ, ਇਸ ਦਾ ਨਾਂ ਸ਼ਮਸ਼ਾਨ ਲਿਖਾਂ। ਚੰਨ ਦੇ ਟੁਕੜੇ ਆਖ ਬੁਲਾਵਾਂ ਅਪਣੇ ਧੀਆਂ-ਪੁੱਤਾਂ ਨੂੰ, ਟੱਬਰ ਦੇ ਜੀਆਂ ਦੀ ਕਿੰਨੀ ਊਚੀ ਹੋਰ ਉਚਾਨ ਲਿਖਾਂ। ਵੱਟਾਂ ਉੱਤੇ ਤੱਪੜ ਰੁਲਦੇ ਕੁੱਲੀਆਂ, ਝੁੱਗੀਆਂ, ਝਾਨਾਂ ਦੇ, ਕਿਸ ਜ਼ਾਲਮ ਦੀ ਸਹਿ 'ਤੇ ਆਇਆ ਹੋਇਆ ਇਹ ਤੂਫ਼ਾਨ ਲਿਖਾਂ। ਹਰ ਪਾਸੇ ਪ੍ਰਸੰਸਾ ਹੋਵੇ, ਮੇਰੀ ਨੇਕ-ਦਲੀਲੀ ਦੀ, ਮੇਲ-ਮਿਲਾਪ ਵਧਾਵਣ ਵਾਲੇ, ਜਿਸਮਾਂ ਨੂੰ ਇਕ-ਜਾਨ ਲਿਖਾਂ। ਕਾਲਖ਼ ਦੇ ਵਿਚ ਵਾਲ ਛੁਪਾ ਕੇ, ਆਪਾ ਬਦਲੀਂ ਫ਼ਿਰਦਾ ਹਾਂ, ਕਿੰਜ ਬਨਾਉਟੀ ਦਿਖ ਦੀ ਸਹਿ 'ਤੇ ਅਪਣਾ ਆਪ ਜਵਾਨ ਲਿਖਾਂ। ਜਗ ਦੀ ਹੋਂਦ ਕੜੱਕੀ ਦੇ ਵਿਚ ਪਾਈ ਨੀਮ-ਹਕੀਮਾਂ ਨੇ, ਕਿਸ ਰੋਗੀ ਦੀ ਦਾਰੂ ਬਦਲੇ ਕਿਸ ਨੂੰ ਮੈਂ 'ਲੁਕਮਾਨ' ਲਿਖਾਂ। ਜਿੰਨਾਂ ਵੀ ਹੈ ਹੱਕ ਪਛਾਣੀ, ਤੂੰ ਵੀ 'ਨੂਰ ਮੁਹੰਮਦ' ਦਾ, ਇਹ ਨਾ ਹੋਵੇ ਓੜਕ ਨੂੰ ਮੈਂ, ਤੈਨੂੰ ਬੇਈਮਾਨ ਲਿਖਾਂ।
17. ਕੀਤਾ ਕਦੇ ਤੂੰ ਦਿਲ ਵਿਚ ਮੇਰਾ ਖ਼ਿਆਲ ਹੁੰਦਾ
ਕੀਤਾ ਕਦੇ ਤੂੰ ਦਿਲ ਵਿਚ ਮੇਰਾ ਖ਼ਿਆਲ ਹੁੰਦਾ। ਇੰਜ ਦੂਰ ਬੈਠ ਕੇ ਨਾ ਆਪਾ ਸੰਭਾਲ ਹੁੰਦਾ। ਪਾਉਂਦਾ ਨਾ ਮੂੰਹ ਭਵਾ ਕੇ ਮੱਥੇ 'ਤੇ ਤਿਉੜੀਆਂ ਉਹ, ਹੋਇਐ ਜੋ ਹਾਲ ਮੇਰਾ, ਉਸ ਦਾ ਵੀ ਹਾਲ ਹੁੰਦਾ। ਭੁੱਜਦਾ ਨਾ ਔਤ-ਹਿਰਦਾ ਬ੍ਰਿਹਾ ਦੇ ਕੋਲਿਆਂ 'ਤੇ, ਇਕ ਨੇਕ-ਬਖ਼ਤ ਸੱਖਣੀ ਗੋਦੀ 'ਚ ਲਾਲ ਹੁੰਦਾ। ਆਦਤ ਹੈ ਮਹਿਰਮਾਂ ਦੀ ਦੂਰੀ ਬਣਾ ਕੇ ਰਹੀਏ, ਇੰਜ, ਕੀਮਤੀ ਸਮਾਂ ਨਾ ਮੈਥੋਂ ਹਲਾਲ ਹੁੰਦਾ। ਪੈਂਦੀ ਨਾ ਧੁੱਪ ਤਿੱਖੀ ਬੂਟੇ ਦੀ ਲਗ਼ਰ ਉੱਤੇ, ਜੰਮਦਾ ਹੀ ਸਾਵਾ ਪੱਤਰ ਕਾਹਤੋਂ ਨਿਢਾਲ ਹੁੰਦਾ। ਰਾਹਾਂ ਬਿਗਾਨਿਆਂ 'ਤੇ ਤੁਰਦੇ ਤਾਂ ਜਾਣ ਜਾਂਦੇ, ਰਹਿਬਰ ਬਿਨਾਂ ਹੈ ਤੁਰਨਾ ਕਿੰਨਾਂ ਮੁਹਾਲ ਹੁੰਦਾ। ਸੋਚਾਂ ਨੂੰ ਸ਼ੋਧ ਕੇ ਤੁਰ ਐਵੇਂ ਨਾ ਸੋਚ ਬੰਦੇ, ਹੇਠਾਂ ਅਕਾਸ਼ ਹੁੰਦਾ, ਉੱਤੇ ਪਤਾਲ ਹੁੰਦਾ। ਫਸਦੀ ਨਾ ਭੰਵਰਾਂ ਵਿਚ ਕਿਸਤੀ ਉਮੀਦ ਵਾਲੀ, ਆਉਂਦੀ ਜਦੋਂ ਮੁਸੀਬਤ ਤੂੰ ਨਾਲ-ਨਾਲ ਹੁੰਦਾ। ਕੱਟੀ ਹੈ ਉਮਰ ਸਾਰੀ ਤੇਰੀ ਰਜ਼ਾ ਮੁਤਾਬਿਕ, ਹੁਣ ਦਿਨ ਕਟੀ ਨੂੰ ਦੂਜਾ ਠੀਹਾ ਨਾ ਭਾਲ ਹੁੰਦਾ। ਛਿਪਦੇ ਦੇ ਵਾਂਗ ਫੈਲੀ ਲਾਲੀ ਹੀ ਨਜ਼ਰ ਆਉਂਦੀ, ਗੱਲ੍ਹਾਂ ਦੇ ਤੋਦਿਆਂ 'ਤੇ ਲੱਗਿਆ ਗੁਲਾਲ ਹੁੰਦਾ। ਆਪਾ ਬਚਾ ਕੇ ਲੰਘਦੀ ਦੁਨੀਆਂ ਦੀ ਹਰ ਸਿਆਣਪ, ਨਖ਼ਰੇ ਦੇ ਮੋਢਿਆਂ 'ਤੇ ਜ਼ੁਲਫ਼ਾਂ ਦਾ ਜਾਲ ਹੁੰਦਾ। ਰੀਝਾਂ ਦੀ ਫ਼ਸਲ ਉੱਗੀ, ਮਰਦੀ ਨਾ ਔੜ ਮਾਰੀ, ਲੰਘਣ ਨੂੰ ਪਾਣੀਆਂ ਦੇ ਕਿੱਡਾ ਵੀ ਖਾਲ ਹੁੰਦਾ। ਕਿਸ ਹੌਸਲੇ ਕਿਸੇ ਦੇ ਚੇਤੇ ਦੀ ਪਰਖ ਕਰੀਏ, ਅਪਣਾ ਮਿਜ਼ਾਜ਼ ਵੀ ਨਾ ਹੁਣ ਤਾਂ ਸੰਭਾਲ ਹੁੰਦਾ । ਲੁੱਟੀ ਹੈ ਕਿਹੜਿਆਂ ਨੇ ਅਜ ਇਸ਼ਕ ਦੀ ਸਿਆਣਪ, ਤੇਰਾ ਵੀ ਵਾਂਗ ਹੋਰਾਂ ਅੱਜ ਇਹ ਸਵਾਲ ਹੁੰਦਾ। ਕਰਦਾ ਨਾ 'ਨੂਰ' ਜੇ ਕਰ ਹੋਰਾਂ 'ਤੇ ਤੂੰ ਭਰੋਸਾ, ਤੇਰਾ ਵੀ ਅਪਣਿਆਂ ਵਿਚ ਰੁਤਬਾ ਬਹਾਲ ਹੁੰਦਾ।
18. ਸ਼ੋਧੋ ਉਸ ਨੂੰ ਹੇਠਾਂ ਧਰ ਕੇ ਰੰਦੇ ਦੇ
ਸ਼ੋਧੋ ਉਸ ਨੂੰ ਹੇਠਾਂ ਧਰ ਕੇ ਰੰਦੇ ਦੇ। ਬੰਦਾ ਕੰਮ ਨਹੀਂ ਜੋ ਆਉਂਦਾ ਬੰਦੇ ਦੇ। ਢਿੱਡ ਭਰਨ ਨੂੰ ਜਿਹੜਾ ਰੋਟੀ ਦੇਵੇ ਨਾ, ਗੋਲੀ ਮਾਰੋ ਐਸੇ ਲੰਗੜੇ ਧੰਦੇ ਦੇ। ਇਕ ਮੁੱਦਤ ਮਹਿਫ਼ਲ ਵਿਚ ਹੇਕਾਂ ਲਾਈਆਂ ਨੇ, ਕੀ ਹੋਇਆ ਦਿਨ ਆ ਪਹੁੰਚੇ ਨੇ ਮੰਦੇ ਦੇ। ਉਲਟ-ਪੁਲਟ ਕੇ ਦੇਖ ਲਵੋ ਇਸ ਨੂੰ ਸ਼ਾਇਦ, ਸੱਜਣਾਂ ਦਾ ਖ਼ਤ ਹੋਵੇ ਵਿਚ ਪਲੰਦੇ ਦੇ। ਖੁੱਲ੍ਹ ਜਾਵੇਗਾ ਆਪੇ ਤਾਲਾ ਚੁੱਪਾਂ ਦਾ, ਚਾਬੀ ਮੇਚ ਜਦੋਂ ਵੀ ਆਈ ਜੰਦੇ ਦੇ। ਜਾਲ ਵਿਛਾ ਕੇ ਜ਼ੁਲਫ਼ਾਂ ਦਾ ਜੋ ਤੁਰਿਆ ਸੀ, ਆਪੇ ਉਲਝ ਗਿਆ ਵਿਚ ਅਪਣੇ ਫੰਦੇ ਦੇ। ਅਪਣੀ ਇੱਜ਼ਤ ਅਪਣੇ ਹੱਥੀਂ ਸਾਂਭੋ 'ਨੂਰ' ਛੇੜ ਕਰਨ 'ਤੇ ਛਿੱਟੇ ਪੈਂਦੇ ਗੰਦੇ ਦੇ।
19. ਜਾਵੋ ਨਾ ਦਿਲ ਚੁਰਾ ਕੇ, ਮੈਨੂੰ ਵੀ ਲੈ ਚਲੋ
ਜਾਵੋ ਨਾ ਦਿਲ ਚੁਰਾ ਕੇ, ਮੈਨੂੰ ਵੀ ਲੈ ਚਲੋ। ਬੁੱਲ੍ਹਾਂ ਚੋਂ ਮੁਸਕਰਾ ਕੇ, ਮੈਨੂੰ ਵੀ ਲੈ ਚਲੋ। ਕਰਦੇ ਰਹਾਂਗੇ ਰਾਹ ਵਿਚ ਮੰਜ਼ਿਲ ਦਾ ਫ਼ੈਸਲਾ, ਪਲਕਾਂ ਉਤਾਂਹ ਹਿਲਾ ਕੇ, ਮੈਨੂੰ ਵੀ ਲੈ ਚਲੋ। ਹੁੰਦਾ ਨਾ ਅਪਣਿਆ ਵਿਚ ਦੂਰੀ ਦਾ ਰੇੜ੍ਹਕਾ, ਇਹ ਦੂਰੀਆਂ ਘਟਾ ਕੇ, ਮੈਨੂੰ ਵੀ ਲੈ ਚਲੋ। ਆ ਜਾਣ ਤੱਕਦਿਆਂ ਹੀ ਚਿਹਰੇ 'ਤੇ ਰੌਣਕਾਂ, ਪਰਦਾ ਪਿਛਾਂਹ ਹਟਾ ਕੇ, ਮੈਨੂੰ ਵੀ ਲੈ ਚਲੋ। ਲਗਦੈ ਕਿਸੇ ਤੋਂ ਡਰਦੇ ਤੁਰਦੇ ਨਹੀਂ ਤੁਸੀਂ, ਕੁਝ ਫ਼ਾਸਲਾ ਬਣਾ ਕੇ, ਮੈਨੂੰ ਵੀ ਲੈ ਚਲੋ। ਕੰਡਿਆਂ ਦੇ ਨਾਲ ਲੱਦੇ ਰਸਤੇ ਜਹਾਨ ਦੇ, ਪੱਲੂ ਜ਼ਰਾ ਬਚਾ ਕੇ, ਮੈਨੂੰ ਵੀ ਲੈ ਚਲੋ। ਛੁਪ ਜਾਣ ਜਿਸ ਦੇ ਅੰਦਰ ਹਾਸੇ ਤੇ ਰੌਣਕਾਂ, ਚੋਲਾ ਉਹੋ ਪਵਾਕੇ ਮੈਨੂੰ ਵੀ ਲੈ ਚਲੋ। ਮੰਜ਼ਿਲ ਵੀ ਦੂਰ ਦੀ ਹੈ ਰਸਤਾ ਵੀ ਓਪਰਾ, ਬੁੱਕਲ ਦੇ ਵਿਚ ਛੁਪਾ ਕੇ, ਮੈਨੂੰ ਵੀ ਲੈ ਚਲੋ। ਕਰਦਾ ਰਹੂਗਾ ਕਦ ਤੱਕ ਇੰਜ 'ਨੂਰ' ਬੇਨਤੀ, ਆਹਾਂ 'ਤੇ ਤਰਸ਼ ਖਾ ਕੇ, ਮੈਨੂੰ ਵੀ ਲੈ ਚਲੋ।
20. ਸਾਥ ਦਵੇਂ ਤਾਂ ਐਧਰ-ਉਧਰ ਜਾਵਾਂ ਕਾਹਤੋਂ
ਸਾਥ ਦਵੇਂ ਤਾਂ ਐਧਰ-ਉਧਰ ਜਾਵਾਂ ਕਾਹਤੋਂ? ਹੋਰ ਕਿਸੇ ਦੇ ਅੱਗੇ ਸ਼ੀਸ਼ ਨਿਵਾਵਾਂ ਕਾਹਤੋਂ? ਫ਼ੱਟੜ ਦਿਲ ਦੇ ਸੁੰਨੇ ਯਾਦ-ਬਨੇਰੇ ਉੱਤੇ, ਨਿੱਤ ਦਿਨ ਆ ਕੇ ਬਹਿੰਦਾ ਏਂ ਤੂੰ ਕਾਵਾਂ ਕਾਹਤੋਂ? ਆਪ ਪਤਾ ਨਹੀਂ ਪੁੱਜਾਂਗਾ ਕਦ ਮੰਜ਼ਿਲ ਉੱਤੇ, ਹੋਰ ਕਿਸੇ ਨੂੰ ਦੇਵਾਂ ਮੈਂ ਸਿਰਨਾਵਾਂ ਕਾਹਤੋਂ? ਕੀ ਕੀ ਕਾਰੇ ਹੋਏ ਅੱਲੜ੍ਹ ਪੁੱਤਰਾਂ ਕੋਲੋਂ, ਜਾਣਦਿਆਂ ਵੀ ਰੋਂਵਦੀਆਂ ਨੇ ਮਾਵਾਂ ਕਾਹਤੋਂ? ਅਕਸ ਜਿਦ੍ਹੇ ਸ਼ਬਦਾਂ ਵਿਚ ਝਾਕੇ ਮਹਿਬੂਬਾ ਦਾ, ਲੋਕਾਂ ਨੂੰ ਮੈਂ ਐਸੀ ਗ਼ਜ਼ਲ ਸੁਣਾਵਾਂ ਕਾਹਤੋਂ? ਲੰਘ ਗਈ ਕੁਝ, ਬਾਕੀ ਹੈ ਜੋ ਲੰਘ ਜਾਵੇਗੀ, ਜੀਵਨ-ਧਾਰਾ ਗੁੰਝਲਦਾਰ ਬਣਾਵਾਂ ਕਾਹਤੋਂ? 'ਆਵੇ' ਵਾਂਗੂੰ ਧੁਖਦੇ ਦਿਲ ਦੇ ਬੂਹੇ ਉੱਤੇ, ਰੁਮਕਦੀਆਂ ਨੇ ਠੰਢੀਆਂ-ਠਾਰ ਹਵਾਵਾਂ ਕਾਹਤੋਂ? ਨਾਲ ਉਨ੍ਹਾਂ ਦੇ ਤੁਰ ਕੇ ਜਿੱਥੇ ਪੈਰ ਧਰੇ ਸਨ, ਭੁੱਲਣ ਨਾ ਉਹ ਅੱਜ ਅਨੋਭੜ ਥਾਵਾਂ ਕਾਹਤੋਂ? ਜਿਹੜੇ ਘਰ ਦੇ ਵਿਚ ਵੱਡਿਆਂ ਦੀ ਬਾਤ ਨਾ ਪੁੱਗੇ, ਬਾਗ਼ੀ ਬੱਚਿਆਂ ਉੱਤੇ ਹੁਕਮ ਚਲਾਵਾਂ ਕਾਹਤੋਂ? ਪਹਿਲਾਂ ਤਾਂ ਹੁੰਦੇ ਸਨ ਖਿਲਰੇ ਇੱਟਾਂ-ਵੱਟੇ, ਰਸਤਾ ਦੇਵਣ ਲੱਗੀਆਂ ਨੇ ਅੱਜ ਰਾਹਵਾਂ ਕਾਹਤੋਂ? ਹੋਵਣ ਨਾ ਜਿਸ ਘਰ ਵਿਚ ਦੋਸਤ, ਸੰਗੀ-ਸਾਥੀ, ਬਹਿ ਜਾਂਦੇ ਨੇ ਲੋਕ ਉਤਾਰ-ਖੜਾਵਾਂ ਕਾਹਤੋਂ? ਨਾ ਰਿਸ਼ਤਾ ਨਾ ਨਾਤਾ ਮੇਰੇ ਨਾਲ ਜਿਨ੍ਹਾਂ ਦਾ, ਪੁੱਛਦੇ ਨੇ ਹਰ ਵਾਰ ਮੇਰਾ ਸਿਰਨਾਵਾਂ ਕਾਹਤੋਂ? ਰੀਝਾਂ ਨਾਲ ਉਗਾਏ ਬੂਟੇ ਪੁੱਤ-ਧੀਆਂ ਦੇ, ਦੇਵਣ ਨਾ ਵਧ-ਫੁੱਲ ਕੇ ਠੰਢੀਆਂ ਛਾਵਾਂ ਕਾਹਤੋਂ? ਇਸ਼ਕ –ਸਵਾਰੀ ਜੀਵਨ-ਮੰਜ਼ਿਲ 'ਤੇ ਨਾ ਪੁੱਜੇ, ਜਾਣਦਿਆਂ ਵੀ ਆਸ਼ਿਕ ਲੈਂਦੇ ਲਾਵਾਂ ਕਾਹਤੋਂ? ਸੋਚ-ਉਡਾਰੀ ਨੇ ਆਖੀ ਸੀ ਬਾਤ-ਭਲੇ ਦੀ, ਪੁੱਠੀਆਂ-ਸਿੱਧੀਆਂ ਵਾਪਰੀਆਂ ਘਟਨਾਵਾਂ ਕਾਹਤੋਂ? ਮੁੱਦਤਾਂ ਪੀੜ ਹੰਢਾ ਕੇ ਹੈ ਪਹਿਚਾਣ ਬਣਾਈ, ਨਾਲ ਉਨ੍ਹਾਂ ਦੇ ਤੁਰ ਕੇ ਅਕਸ ਗਵਾਵਾਂ ਕਾਹਤੋਂ? ਬੇ-ਦਰਦਾਂ ਦੇ ਪੱਥਰ ਵਰਗੇ ਸੀਨੇ ਵਿੱਚੋਂ, ਹਾਲ ਮੇਰੇ 'ਤੇ ਨਿਕਲਦੀਆਂ ਨੇ ਆਹਵਾਂ ਕਾਹਤੋਂ? ਫੇਰ ਉਦ੍ਹੇ ਬੂਹੇ ਵੱਲ ਕਿਉਂ ਉੱਠ ਚੱਲਿਐਂ 'ਨੂਰ', ਆਖ ਰਿਹਾ ਸੈਂ, 'ਰੁੱਠਿਆ ਯਾਰ ਮਨਾਵਾਂ ਕਾਹਤੋਂ'?
21. ਬਿਰਹਾ ਦੇ ਘਰ ਕੱਲਮ-ਕੱਲਾ ਬੈਠਾ ਹਾਂ
ਬਿਰਹਾ ਦੇ ਘਰ ਕੱਲਮ-ਕੱਲਾ ਬੈਠਾ ਹਾਂ। ਤੇਰੇ ਬਾਝੋਂ ਹੋਇਆ ਝੱਲਾ ਬੈਠਾ ਹਾਂ। ਮਰਹਮ ਮੁੱਕਿਆ ਹੈ ਜਦ ਤੋਂ ਮੁਸਕਾਨਾਂ ਦਾ, ਦਿਲ ਨੂੰ ਲਾ ਕੇ ਰੋਗ ਅਵੱਲਾ ਬੈਠਾ ਹਾਂ। ਗਾਹਕ ਮਿਲੇ ਨਾ ਭਾਵੇਂ, ਫੱਟੀ 'ਤੇ ਲਿਖ ਕੇ, ਗੁਣਵਾਨਾਂ ਦਾ ਮੁੱਲ ਸਵੱਲਾ ਬੈਠਾ ਹਾਂ। ਗੂੰਜ ਸੁਣੇ ਹਾਸੇ ਦੀ ਵਿੱਚ ਖ਼ਲਾਵਾਂ ਦੇ, ਚੁੱਪ-ਚੁਪੀਤਾ ਮੈਂ ਹੀ ਕੱਲਾ ਬੈਠਾ ਹਾਂ। ਕਸਰ ਨਹੀਂ ਉਸ ਨੇ ਵੀ ਛੱਡੀ ਬੋਲਣ ਦੀ, ਮੈਂ ਵੀ ਅੱਡੀਂ ਅਪਣਾ ਪੱਲਾ ਬੈਠਾ ਹਾਂ। ਕਿੰਜ ਭਲਾਂ ਉਹ ਡੋਬੂ ਮੇਰੀ ਕਿਸ਼ਤੀ ਨੂੰ, ਅੱਜ ਮੈਂ ਪੜ੍ਹ ਕੇ 'ਕੁਲ ਹੋ ਵੱਲ੍ਹਾ' ਬੈਠਾ ਹਾਂ। ਚੌਕਾ, ਛੱਕਾ ਇਕ ਦਿਨ ਲੱਗ ਹੀ ਜਾਵੇਗਾ, ਮੈਂ ਆਸਾਂ ਦਾ ਫੜ ਕੇ ਬੱਲਾ ਬੈਠਾ ਹਾਂ। ਦੇਖਾਂਗੇ ਕਿੰਜ ਜਿੱਤ ਅਸਾਡੀ ਨਹੀਂ ਹੁੰਦੀ, ਗੁੱਲੀ ਨੂੰ ਲਾ ਲੰਬਾ ਟੱਲਾ ਬੈਠਾ ਹਾਂ। ਬਖ਼ਸ਼ ਦਵੇਂਗਾ ਇਕ ਦਿਨ 'ਨੂਰ ਮੁਹੰਮਦ, ਨੂੰ, ਏਸੇ ਆਸ ਸਹਾਰੇ ਅੱਲਾ੍ਹ ਬੈਠਾ ਹਾਂ।
22. ਦੇਖ ਰਿਹਾ ਹਾਂ ਕਿਸ ਦੀ ਕਿਸਮਤ, ਜਾਗੀ ਹੈ ਜਾਂ ਸੁੱਤੀ ਹੈ
ਦੇਖ ਰਿਹਾ ਹਾਂ ਕਿਸ ਦੀ ਕਿਸਮਤ, ਜਾਗੀ ਹੈ ਜਾਂ ਸੁੱਤੀ ਹੈ? ਇਸ ਧਰਤੀ 'ਤੇ ਕਿੰਨੀ ਦੁਨੀਆ, ਔਤੀ ਅਤੇ ਨਿਪੁੱਤੀ ਹੈ। ਐਸੀ ਸ਼ੈ ਨੂੰ ਸ਼ਾਮ-ਸਵੇਰੇ, ਸਿਰ 'ਤੇ ਚੁੱਕੀ ਫਿਰਦਾ ਹਾਂ, ਮੇਰੇ ਦਾਦਾ ਜੀ ਕਹਿੰਦੇ ਸਨ, ਜੋ ਪੈਰਾਂ ਦੀ ਜੁੱਤੀ ਹੈ। ਬਾਜ਼ ਨਹੀਂ ਹਾਲੇ ਤੱਕ ਆਈ, ਸੋਹਣੇ ਮੁੱਖੜੇ ਤੱਕਣ ਤੋਂ, ਸੁੰਦਰਤਾ ਦੀ ਸ਼ੌਂਕੀ-ਅੱਖ, ਹੁਸਨਾਂ ਦੇ ਦਰ ਦੀ ਕੁੱਤੀ ਹੈ। ਸਾਰਾ ਸਾਵਣ ਲੰਘ ਗਿਆ, ਬਰਸਾਤ ਅਜੇ ਵੀ ਹੋਈ ਨਾ, ਉਸ ਮੌਸਮ ਵਿਚ ਕਿਹੜਾ ਨੱਚੇ, ਜੋ ਖ਼ੁਦ ਹੀ ਬੇ-ਰੁੱਤੀ ਹੈ। ਫੇਰ ਤੁਹਾਡੇ ਦਰ 'ਤੇ ਆ ਕੇ, ਇਹ ਝੋਲੀ ਫ਼ੈਲਾਵੇਗਾ, ਬਚ ਕੇ ਰਹੀਉ ਇਸ ਨੇਤਾ ਤੋਂ, ਇਹ ਤਾਂ ਬਹੁਤ ਘਤੁੱਤੀ ਹੈ। 'ਐਵੇਂ ਨਾ ਕਰਿਆ ਕਰ ਤੁਲਨਾ', ਰੋਜ਼ ਕਹਾਂ ਮੈਂ ਬਾਬੇ ਨੂੰ, ਤੇਰੇ ਯੁੱਗ ਤੋਂ ਮੇਰੇ ਯੁੱਗ ਦੀ, ਹਰ ਇਕ ਚੀਜ਼ ਅਦੁੱਤੀ ਹੈ। ਇੱਕੋ ਵਿਹੜੇ ਦੇ ਵਿਚ ਰਹਿ ਕੇ, ਕਿਸਮਤ ਦੇਖੋ ਦੋਹਾਂ ਦੀ, ਛੋਟੀ ਸ਼ੌਕਣ ਵੱਢੀ ਸ਼ੌਕਣ, ਨਾਲੋਂ ਵੱਧ ਸਕੁੱਤੀ ਹੈ। ਇਸ ਮੌਸਮ ਨੂੰ ਵਸ ਵਿਚ ਕਰਨਾ, ਤੇਰੇ ਵਸ ਦਾ ਰੋਗ ਨਹੀਂ, ਇਹ ਤਾਂ ਮਰਜ਼ੀ ਦੀ ਮਾਲਕ ਹੈ, ਵਾਲ-ਕਟੀ, ਦੋ ਗੁੱਤੀ ਹੈ। ਭਾਵੇਂ ਅੱਜ-ਕੱਲ੍ਹ ਖੇਡ ਬਣੀ ਹੈ, ਜੀਵਨ 'ਨੂਰ ਮੁਹੰਮਦ' ਦਾ, ਐਪਰ ਲੋਕੋ ਇਹ ਨਾ ਸਮਝੋ, ਹਰ ਮੇਚੇ ਦੀ ਘੁੱਤੀ ਹੈ।
23. ਇਕ ਡਰ ਗਿਆ 'ਤੇ ਇਕ ਨੇ ਵੱਟੀਆਂ ਨੇ ਘੂਰੀਆਂ
ਇਕ ਡਰ ਗਿਆ 'ਤੇ ਇਕ ਨੇ ਵੱਟੀਆਂ ਨੇ ਘੂਰੀਆਂ। ਤਾਹੀਉਂ ਤਾਂ ਦੋ ਦਿਲਾਂ ਵਿਚ ਪਈਆਂ ਨੇ ਦੂਰੀਆਂ। ਸਾਨੂੰ ਤਾਂ ਭਾਲਿਆਂ ਵੀ ਉਹ ਯਾਰ ਨਾ ਮਿਲੇ, ਦਿੰਦੇ ਸੀ ਕੁੱਟ ਕੇ ਜੋ ਮਹਿਰਮ ਨੂੰ ਚੂਰੀਆਂ। ਬਣੀਆਂ ਸੀ ਜੋ ਬਹਾਨਾ ਸੱਜਣਾਂ ਦੇ ਮੇਲ ਦਾ, ਹੁਣ ਚਰਦੀਆਂ ਨੇ ਕਿੱਥੇ ਮੱਝਾਂ ਉਹ ਬੂਰੀਆਂ। ਚਾੜ੍ਹਣਗੇ ਸੁਫ਼ਨਿਆਂ ਨੂੰ ਇਕ ਦਿਨ ਉਹ ਨੇਪਰੇ, ਇਸ ਆਸਰੇ ਨੇ ਸੋਈਆਂ ਆਸਾਂ ਅਧੂਰੀਆਂ। ਆਉਣਾ ਹੈ ਮੁੜ ਕੇ ਕਿਸ ਨੇ ਹਸ ਕੇ ਵਿਦਾ ਕਰੋ, ਵਿਛੜਨ ਦੇ ਵਕਤ ਹੱਸੋ, ਵੱਟੋ ਨਾ ਘੂਰੀਆਂ। ਸੀਨੇ 'ਚ ਦਬ ਗਈ ਹੈ ਬੋਲਣ ਦੀ ਆਰਜ਼ੂ, ਮੁਸਕਾਨ ਨੂੰ ਉਡੀਕਣ ਆਸਾਂ ਅਧੂਰੀਆਂ। ਫ਼ਿਕਰਾਂ ਨੇ ਖ਼ੂਨ ਪੀ ਕੇ ਪਾਈਆਂ ਨੇ ਝੁਰੜੀਆਂ, ਕਦ ਆਉਣੀਆਂ ਨੇ ਮੁੜ ਕੇ ਚਿਹਰੇ 'ਤੇ ਨੂਰੀਆਂ। ਹੱਦਾਂ ਤੋਂ ਪਾਰ ਕਿੰਨੇ ਬੈਠੇ ਨੇ ਮਿਲਣ ਨੂੰ, ਕਿੰਨੇ ਹੀ ਲੋਕ ਐਧਰ ਲੈਂਦੇ ਨੇ ਲੂਹਰੀਆਂ। ਚੰਗਾ ਹੀ ਹੈ ਮੁਕੱਦਰ ਦੇਖਣ ਨੂੰ 'ਨੂਰ' ਦਾ, ਕਰੀਆਂ ਨੇ ਸਭ ਮੁਰਾਦਾਂ ਮੌਲਾ ਨੇ ਪੂਰੀਆਂ।
24. ਦਿਸਦਾ ਹਾਂ ਤੁਰਦਾ ਫਿਰਦਾ ਸੱਧਰਾਂ ਦੀ ਲਾਸ਼ ਹੋ ਕੇ
ਦਿਸਦਾ ਹਾਂ ਤੁਰਦਾ ਫਿਰਦਾ ਸੱਧਰਾਂ ਦੀ ਲਾਸ਼ ਹੋ ਕੇ। ਬਿਖਰੇ ਨੇ ਦਿਲ ਦੇ ਟੁਕੜੇ ਇੰਜ ਪਾਸ਼-ਪਾਸ਼ ਹੋ ਕੇ। ਵਿਛੀਆਂ ਨੇ ਰਸਤਿਆਂ ਵਿਚ ਕੰਡਿਆਂ ਦੇ ਵਾਂਗ ਨਜ਼ਰਾਂ, ਲੰਘੇ ਕਿਵੇਂ ਨਾ ਕੋਈ ਹੁਣ ਦਿਲ-ਖ਼ਰਾਸ਼ ਹੋ ਕੇ। ਨੈਣਾਂ ਦੇ ਪੱਤਿਆਂ ਦੀ ਹਰ ਖੇਡ ਖੇਡਦੇ ਨੇ, ਕਰਦਾ ਹਾਂ ਪੇਸ਼ ਆਪਾ ਉਸ ਨੂੰ ਜੋ ਤਾਸ਼ ਹੋ ਕੇ। ਬਣਿਆ ਹਾਂ ਅਪਣਿਆਂ ਵਿਚ ਤਕਦੀਰ ਦਾ ਖਿਡੌਣਾ, ਧਰਤੀ 'ਤੇ ਰੁਲ ਰਿਹਾ ਹਾਂ, ਉੱਚਾ ਆਕਾਸ਼ ਹੋ ਕੇ। ਪਈਆਂ ਨੇ ਇੰਜ ਤਰੇੜਾਂ ਦਿਲ ਦੀ ਦੀਵਾਰ ਉੱਤੇ, ਲਗਦਾ ਹੈ ਦੋਸਤੀ ਦਾ ਰਹਿਣਾ ਹੈ ਨਾਸ਼ ਹੋ ਕੇ। ਤੱਕਣ ਗਿਆ ਸਾਂ ਚਾਨਣ ਕੁੱਝ ਦਿਨ-ਕਟੀ ਦੀ ਖ਼ਾਤਰ, ਕਿਰਨਾਂ ਚੁਭੋ ਕੇ ਸੂਰਜ, ਮਿਲਿਆ ਅੱਯਾਸ਼ ਹੋ ਕੇ। ਪੁੱਛਣ ਜੇ ਆ ਕੇ ਔੜਾਂ, ਅੰਦਰ ਦੀ ਬਾਤ ਦੱਸਾਂ, ਮੁੜਿਆ ਹੈ ਅਣ-ਵੱਸੇ ਕਿਉਂ ਬੱਦਲ ਨਿਰਾਸ਼ ਹੋ ਕੇ। ਉੱਠ 'ਨੂਰ' ਕਰ ਵਜ਼ੂ ਤੂੰ ਮੌਲਾ ਦਾ ਸ਼ੁਕਰ ਕਰੀਏ, ਇੱਜ਼ਤ ਰਹੀ ਸਲਾਮਤ ਪਰਦਾ ਵੀ ਫ਼ਾਸ਼ ਹੋ ਕੇ।
25. ਅਪਣੇ-ਪਣ ਦੀ ਬਾਤ ਕਰੇਂ ਜੇ ਮੇਰੇ ਨਾਲ
ਅਪਣੇ-ਪਣ ਦੀ ਬਾਤ ਕਰੇਂ ਜੇ ਮੇਰੇ ਨਾਲ। ਹੱਸਾਂ-ਖੇਡਾਂ, ਨੱਚਾਂ-ਗਾਵਾਂ ਤੇਰੇ ਨਾਲ। ਚੰਦ ਚੜ੍ਹਨ ਨੂੰ ਹਾਲੇ ਕੁਝ ਚਿਰ ਲੱਗਣਾ ਹੈ, ਚੁੱਪ-ਚੁਪੀਤੇ ਰਲ ਕੇ ਆਜਾ 'ਨ੍ਹੇਰੇ ਨਾਲ। ਰੋਜ਼ ਹਨੇਰਾ ਤੇਰੇ ਘਰ ਵਿਚ ਆਉਂਦਾ ਹੈ, ਕੀ ਘਟਦਾ ਹੈ ਮੇਰੇ ਰੈਣ-ਬਸੇਰੇ ਨਾਲ? ਰਾਤੀਂ ਚਾਨਣ ਕਰਦਾ ਸੀ ਜੋ ਰਾਹਾਂ ਨੂੰ, ਤੜਕੀਂ ਡਿੱਠਾ ਜੁਗਨੂੰ ਖੜ੍ਹਾ ਸਵੇਰੇ ਨਾਲ। ਇਕ ਝਟਕੇ ਵਿਚ ਵਿਹਲੜ ਪੁੱਤਰ ਚੱਟ ਗਿਆ, ਪਿਉ ਦੀ ਦੌਲਤ ਜੋੜੀ, ਕਸ਼ਟ-ਲਮੇਰੇ ਨਾਲ। ਵਿਗੜੇ-ਤਿਗੜੇ ਮਨ ਨੂੰ ਨਿੱਗਰ ਸੋਚਾਂ ਨੇ, ਪਿੰਜਰੇ ਪਾ ਦਿੱਤਾ ਅਕਲਾਂ ਦੇ ਘੇਰੇ ਨਾਲ। ਤੂੰ ਟੀਸੀ ਵਲ ਜਾਂਦੇ ਰਾਹ 'ਤੇ ਤੋਰੇ ਪਾ, ਰਲ ਜਾਵਣਗੇ ਚੰਗੇ ਲੋਕ ਵਧੇਰੇ ਨਾਲ। ਸੋਚ-ਸਮਝ ਕੇ ਸਾਥ ਬਣਾਈਂ ਚੱਲਣ ਦਾ, ਦੇਖੀਂ ਰਲ ਨਾ ਜਾਵਣ ਚੋਰ ਹਨੇਰੇ ਨਾਲ। ਉੱਪਰ ਘੁੰਮਦਾ-ਫਿਰਦਾ ਤੱਕ ਕੇ ਸ਼ਿਕਰੇ ਨੂੰ, ਦੜ ਵੱਟ ਬੈਠਾ ਕਾਂ ਵੀ, ਲੱਗ ਬਨੇਰੇ ਨਾਲ। ਚੰਗਾ ਸਾਥ ਉਡੀਕਾਂ ਅਗਲੇ ਪੰਧ ਲਈ, ਟੱਪ ਲਈ ਹੈ ਪਹਿਲੀ ਮੰਜ਼ਿਲ ਜੇਰੇ ਨਾਲ। ਝੁੱਗੀ ਦੀ ਊਚੀ ਪਹਿਚਾਨ ਬਣਾ ਦਿੱਤੀ, ਉਸ ਨੇ ਮਹਿਲ ਬਣਾ ਕੇ ਮੇਰੇ ਡੇਰੇ ਨਾਲ। ਹੱਕ ਮੰਗਣ ਨੂੰ ਨਾਲ ਤੁਰਣ ਤੋਂ ਕਿਉਂ ਸੰਗਾਂ, ਐਰੇ, ਗ਼ੈਰੇ, ਨੱਥੂ, ਖ਼ੈਰੇ, ਸ਼ੇਰੇ ਨਾਲ। ਗੂੰਂਦ ਮਿਲਾਪਾਂ ਵਾਲੀ ਲੈ ਕੇ ਆਇਆ ਹਾਂ, ਟੁੱਟੀ ਬਾਤ–ਬਣਾਵੇਂ ਜੇ ਅੱਜ ਮੇਰੇ ਨਾਲ। ਟੁਕੜੇ-ਟੁਕੜੇ ਹੋ ਕੇ ਜੋ ਖਿੰਡ ਗਈਆਂ ਨੇ, ਬੈਠਾ ਹਾਂ ਰੀਝਾਂ ਦੇ ਓਸ ਖਲੇਰੇ ਨਾਲ। ਮੇਲ੍ਹਣ ਦੀ ਰੁੱਤ ਆਵਣ 'ਤੇ ਜੋ ਛੱਡ ਗਿਆ, ਕਦ ਤੱਕ ਨਾਤਾ ਰਹਿੰਦਾ ਓਸ ਸਪੇਰੇ ਨਾਲ। ਨੀਵੀਂ ਲੱਗੀ ਅਪਣੀ ਹੋਂਦ ਮਿਲਾਪ ਸਮੇਂ, ਆ ਕੇ ਬੈਠ ਗਏ ਜਦ ਲੋਕ ਉਚੇਰੇ ਨਾਲ। ਥੱਕੀਆਂ ਨਜ਼ਰਾਂ 'ਨੂਰ' ਦੀਆਂ ਪਰ ਮਿਲਿਆ ਨਾ, ਹੋਰ ਕਿਸੇ ਦਾ ਚੇਹਰਾ ਤੇਰੇ ਚੇਹਰੇ ਨਾਲ।
26. ਐਸੀ ਗਰਮੀ ਲੱਗੀ ਨਰਮ ਕਲਾਵੇ ਨੂੰ
ਐਸੀ ਗਰਮੀ ਲੱਗੀ ਨਰਮ ਕਲਾਵੇ ਨੂੰ। ਜਿਉਂਕਰ ਜੱਫ਼ੀ ਪਾ ਬੈਠਾ ਮੈਂ ਆਵੇ ਨੂੰ। ਹੱਥ ਬਿਗਾਨੇ ਦੇ ਕੇ ਖ਼ੁਸ਼ੀਆਂ ਘਰ ਵਾਲੇ, ਲੈ ਆਏ ਪਰਣਾ ਕੇ ਹੌਕੇ ਹਾਵੇ ਨੂੰ। ਮਿੱਤਰ ਕੀ ਜੋ ਧਰ ਕੇ ਬਰਫ਼ ਦੁਲਾਰਾਂ ਦੀ, ਠਾਰ ਸਕੇ ਨਾ ਹਿਜਰ ਭਖਾਏ ਲਾਵੇ ਨੂੰ। ਵੱਢੂੰ-ਖਾਊਂ ਕਰਦਾ ਹਰ ਪਲ ਬਿਰਹਾ ਦਾ, ਕਿੱਥੋਂ ਲੱਭਣ ਜਾਵਾਂ ਦਿਲ-ਬਹਿਲਾਵੇ ਨੂੰ। ਠੰਢਾ-ਠਾਰ ਪਿਆ ਚੁੱਲ੍ਹਾ ਮੁਸਕਾਨਾਂ ਦਾ, ਲੱਭਣ ਜਾਈਏ ਕਿੱਥੋਂ ਨਿੱਘ ਦਲਾਵੇ ਨੂੰ। ਧੁੱਪਾਂ ਵਾਂਗ ਤਪੇ ਹਰ ਇਕ ਸਾਹ ਬੁੱਲ੍ਹਾਂ ਦਾ, ਕੀ ਫੂਕਾਂ ਮੈਂ ਸਾਵਣ ਦੇ ਮੁਕਲਾਵੇ ਨੂੰ। ਐਨਾ ਕਿਹੜਾ ਬੋਝ ਹੈ ਖ਼ਾਲੀ ਪਿੰਜਰ ਦਾ, ਚੁੱਕ ਲਵੋ ਰਲ-ਮਿਲ ਕੇ ਇਕ-ਇਕ ਪਾਵੇ ਨੂੰ। ਪਗਡੰਡੀਆਂ 'ਤੇ ਮੱਤ ਤੁਹਾਡੀ ਮਾਰੇ ਨਾ, ਜੋੜ ਲਵੀਂ ਤਲਿਆਂ ਦੇ ਨਾਲ ਪਤਾਵੇ ਨੂੰ। ਪੀੜਾਂ ਸਮਝਣ ਲੱਗ ਪਵੇਗਾ ਕੌਮ ਦੀਆਂ, ਠੇਸ ਜਦੋਂ ਖ਼ੁਦ ਲੱਗੀ ਦਿਲ-ਦਿਖਲਾਵੇ ਨੂੰ। ਜਿਹੜਾ ਅਮਨ ਕਰੇ ਧਰਤੀ ਦੇ ਸੀਨੇ 'ਤੇ, ਅਮਨ-ਨਿਸ਼ਾਨੀ ਦੇਵਾਂ ਜੰਗ-ਹਟਾਵੇ ਨੂੰ। ਐਡਾ ਤੰਬੂ ਤਾਣਾਂ ਕਿੰਜ ਅਸਮਾਨਾਂ 'ਤੇ, ਧੁੱਪਾਂ ਤੋਂ ਸਾਂਭਣ ਨੂੰ ਪੱਤਰ ਸਾਵੇ ਨੂੰ। ਛੱਡ ਦਿੱਤੀ ਹੋਣੀ-ਅਣਹੋਣੀ ਮੁਨਸਫ਼ 'ਤੇ, ਵਾਪਸ ਕਿਉਂ ਲਈਏ ਹੁਣ ਕੀਤੇ ਦਾਅਵੇ ਨੂੰ। ਅਸਰ ਜ਼ਰਾ ਨਾ ਹੋਇਆ ਮੇਰੇ ਸਾਹਾਂ 'ਤੇ, ਜ਼ਹਿਰ ਵੀ ਨਕਲੀ ਮਿਲਿਆ ਜ਼ਹਿਰ ਖਲਾਵੇ ਨੂੰ। ਸ਼ੌਕ ਨਹੀਂ ਜਦ ਊਚਾ ਤੁਰਲਾ ਛੱਡਣ ਦਾ, ਕਿਉਂ ਚਿਪਕਾਵਾਂ ਪੱਗ ਦੇ ਉੱਤੇ ਮਾਵੇ ਨੂੰ। ਅਪਣੀ ਚਾਦਰ ਦੇ ਵਿਚ ਪੈਰ ਪਸਾਰੋ 'ਨੂਰ' ਬੈਠ ਗਿਉਂ ਕਿਉਂ ਲੈ ਕੇ ਲੋਕ ਦਿਖਾਵੇ ਨੂੰ।
27. ਮੌਸਮ ਜੋ ਹੋ ਗਿਆ ਹੈ ਝੱਲਾ 'ਤੇ ਖ਼ੂਬਸੂਰਤ
ਮੌਸਮ ਜੋ ਹੋ ਗਿਆ ਹੈ ਝੱਲਾ 'ਤੇ ਖ਼ੂਬਸੂਰਤ। ਮਹਿਸੂਸ ਹੋ ਰਹੀ ਹੈ ਸੱਜਣਾਂ ਦੀ ਹੁਣ ਜ਼ਰੂਰਤ। ਰਹਿੰਦੀ ਹੈ ਜ਼ਿੰਦਗੀ ਨੂੰ ਹਰ ਪਲ ਨਵੀਂ ਜ਼ਰੂਰਤ ਮੂਰਤ ਦੇ ਕੋਲ ਬਹਿ ਕੇ ਲੱਭਦੀ ਹੈ ਹੋਰ ਮੂਰਤ। ਯਾਦਾਂ 'ਚ ਖੋ ਗਿਆ ਹਾਂ ਉਸ ਮੁਖ ਨੂੰ ਦੇਖਦਾ ਹੀ, ਸੱਜਣਾਂ ਦੇ ਨਾਲ ਜਿਸ ਦੀ ਮਿਲਦੀ ਹੈ ਸ਼ਕਲ-ਸੂਰਤ। ਭਗਵਾਨ ਬਣਦਿਆਂ ਹੀ ਮਗ਼ਰੂਰ ਹੋ ਗਈ ਉਹ, ਪੱਥਰ ਨੂੰ ਘੜ੍ਹ ਕੇ ਜਿਹੜੀ ਹੱਥੀਂ ਬਣਾਈ ਮੂਰਤ। ਲੋਕਾਂ 'ਚ ਆ ਵੜੀ ਜੋ ਧਰਮਾਂ ਦੀ ਆੜ ਲੈ ਕੇ, 'ਨਫ਼ਰਤ' ਘਟਾਉਣ ਦੀ ਹੁਣ ਕਿਹੜਾ ਕਰੇ ਮਹੂਰਤ। ਬੈਠੀਂ ਨਾ 'ਨੂਰ' ਐਵੇਂ ਖ਼ੁਸ਼-ਫ਼ਹਿਮੀਆਂ ਨੂੰ ਲੈ ਕੇ, ਅਮਨਾਂ ਦਾ ਖ਼ੁਆਬ ਏਦਾਂ ਹੋਣਾ ਨਹੀਂ ਹੈ ਪੂਰਤ।
28. ਨਰਮ ਕਲਾਈਆਂ ਨੇ ਐਸਾ ਝਟਕਾ ਦਿੱਤਾ
ਨਰਮ ਕਲਾਈਆਂ ਨੇ ਐਸਾ ਝਟਕਾ ਦਿੱਤਾ। ਬੁੱਕਲ ਵਿੱਚੋਂ ਧਰਤੀ 'ਤੇ ਪਟਕਾ ਦਿੱਤਾ। ਪਲ ਵਿਚ ਪੁੱਠਾ ਹੋਇਆ ਰੁਸਤਮ ਦੰਗਲ ਦਾ, ਕਿਸਮਤ ਨੇ ਐਸਾ ਧੋਬੀ-ਪਟਕਾ ਦਿੱਤਾ। ਪਾਸੇ ਕਰ ਕੇ ਚਾਟੀ ਮਿੱਠੇ ਬੋਲਾਂ ਦੀ, ਸਿਰ ਉੱਤੇ ਧਰ ਝਿੜਕਾਂ ਦਾ ਮਟਕਾ ਦਿੱਤਾ। ਪਾਰ ਕਰਨ ਨੂੰ ਕਹਿ ਕੇ ਠੇਲਣ੍ਹ ਵਾਲੇ ਨੇ, ਭੰਵਰ ਦੇ ਵਿਚ ਬੇੜੀ ਨੂੰ ਅਟਕਾ ਦਿੱਤਾ। ਖ਼ੁਦ-ਗ਼ਰਜ਼ੀ ਵਿਚ ਆ ਕੇ ਮੇਰੀ ਮਰਜ਼ੀ ਨੇ, ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ। ਮੇਰੀ ਹੌਂਦ ਪਰਾਈ ਕਹਿ ਕੇ ਉੱਠ ਗਿਆ, ਬੱਕਰਾ ਜਿਵੇਂ ਕਸਾਈ ਨੇ ਝਟਕਾ ਦਿੱਤਾ। ਖ਼ੁਸ਼ੀਆਂ 'ਤੇ ਗ਼ਮੀਆਂ ਦੇ ਗੱਭੇ ਆਸਾਂ ਨੇ, 'ਨੂਰ ਮੁਹੰਮਦ' ਨੂੰ ਪੁੱਠਾ ਲਟਕਾ ਦਿੱਤਾ।
29. ਦੁਨੀਆਂ ਵਾਲੇ ਜੋ ਕਹਿੰਦੇ ਨੇ, ਖੁੱਲ੍ਹਮ-ਖੁੱਲ੍ਹਾ ਕਹਿਣ ਦਿਉ
ਦੁਨੀਆਂ ਵਾਲੇ ਜੋ ਕਹਿੰਦੇ ਨੇ, ਖੁੱਲ੍ਹਮ-ਖੁੱਲ੍ਹਾ ਕਹਿਣ ਦਿਉ। ਹਾਲੇ ਮੇਰੇ ਬੁੱਲ੍ਹਾਂ ਉੱਤੇ, ਚੁੱਪ ਦਾ ਜ਼ਿੰਦਾ ਰਹਿਣ ਦਿਉ। ਯਾਰ ਦੁਰਾਡੇ ਕਿੰਜ ਵਸਦੇ ਨੇ, ਮੈਨੂੰ ਆ ਕੇ ਦੱਸੋ ਨਾ, ਕੁਝ ਦਿਨ ਦੁੱਖ ਜੁਦਾਈ ਵਾਲਾ, ਉਨ੍ਹਾਂ ਨੂੰ ਵੀ ਸਹਿਣ ਦਿਉ। ਸੇਕ ਪਿਆ ਜਦ ਇਕਲਾਪੇ ਦਾ, ਪਰਤਣ ਬਾਰੇ ਸੋਚਣਗੇ, ਹਾਲੇ ਬ੍ਰਿਹਾ ਦੀ ਭੱਠੀ ਵਿਚ, ਹੋਰ ਉਨ੍ਹਾਂ ਨੂੰ ਡਹਿਣ ਦਿਉ। ਕਿਹੜੇ ਸਾਗਰ ਵਿਚ ਮਿਲਦੀ ਹੈ, ਜਾ ਕੇ ਮੌਜ ਅਸਾਨੂੰ ਕੀ, ਵਿੰਗ-ਵਲੇਵੇਂ ਖਾਂਦਾ ਦਰਿਆ, ਜਿੱਧਰ ਵਹਿੰਦੈ ਵਹਿਣ ਦਿਉ। ਸੋਚ-ਸਮਝ ਕੇ ਅੱਗੇ ਤੋਰੋ, ਗੱਡੀ ਦੁਨੀਆਂ-ਦਾਰੀ ਦੀ, ਇਕ-ਦੂਜੇ ਨੂੰ ਆਪਸ ਦੇ ਵਿਚ, ਬਹੁਤਾ ਨਾ ਹੁਣ ਖਹਿਣ ਦਿਉ। ਮੁੜ ਆਵੇਗੀ ਜਦ ਵੀ ਆਇਆ, ਚੇਤਾ ਸੀਤ ਹਵਾਵਾਂ ਦਾ, ਵਿੱਚ ਪੁਰੇ ਦੇ ਉਡਦੀ ਦਿਲ ਦੀ, ਗੁੱਡੀ ਉਡਦੀ ਰਹਿਣ ਦਿਉ। ਅਪਣਾ-ਆਪ ਬਚਾ ਕੇ ਰੱਖੋ, ਬਹੁਤੇ ਚੁਸ਼ਤ-ਚਲਾਕਾਂ ਤੋਂ, ਸਾਊ ਬਹਿਣਾ ਚਾਹੁੰਦੇ ਨੇ ਤਾਂ, ਨੇੜੇ ਤੇੜੇ ਬਹਿਣ ਦਿਉ। ਮਹਿੰਗਾਈ ਦੇ ਏਸ ਜ਼ਮਾਨੇ, ਅੰਦਰ ਬਹੁਤਾ ਸੋਚੋ ਨਾ, ਜੋ ਕੁਝ ਮਿਲਦੈ ਨੰਗ ਢਕਣ ਨੂੰ, ਉਹ ਬੱਚਿਆਂ ਦੇ ਪਹਿਣ ਦਿਉ। ਦੁਨੀਆ ਦੇ ਵਿਚ ਐਸਾ ਹੁੰਦਾ, 'ਨੂਰ' ਕਦੇ ਵੀ ਡਿੱਠਾ ਨਹੀਂ, ਜੇਕਰ ਕਾਵਾਂ ਨਾਲ ਬਨੇਰੇ, ਢਹਿੰਦੇ ਨੇ ਤਾਂ ਢਹਿਣ ਦਿਉ।
30. ਬਾਤ ਜਦੋਂ ਉਹ ਉਰਲੀ-ਪਰਲੀ ਕਰਦੇ ਨੇ
ਬਾਤ ਜਦੋਂ ਉਹ ਉਰਲੀ-ਪਰਲੀ ਕਰਦੇ ਨੇ। ਲਗਦੈ ਮੇਰੀ ਛਾਤੀ 'ਤੇ ਪੱਬ ਧਰਦੇ ਨੇ। ਕਿਸ ਨੂੰ ਦੋਸ਼ ਦਵਾਂ ਮੇਰੀ ਬਰਬਾਦੀ ਦਾ, ਲੁੱਟਣ ਵਾਲੇ ਸਾਰੇ ਮੇਰੇ ਘਰਦੇ ਨੇ। ਜਾਨਣ ਕੀ ਡੂੰਘਾਈ ਦਿਲ ਦੇ ਸਾਗਰ ਦੀ, ਜੋ ਲਹਿਰਾਂ ਦੇ ਉੱਤੇ-ਉੱਤੇ ਤਰਦੇ ਨੇ। ਉਸ ਵਾਦੀ ਦੇ ਅੰਦਰ ਧੂਆਂ-ਧਾਰ ਦਿਸੇ, ਜਿਸ ਦੇ ਲੋਕ ਘਰਾਂ ਦੇ ਅੰਦਰ ਠਰਦੇ ਨੇ। ਦੀਦ ਕਰਨ ਨੂੰ ਸਾਂਭੇ ਪੋਟੇ ਅੱਖਾਂ ਦੇ, ਖਾਰੇ ਹੰਝੂਆਂ ਦੇ ਵਿਚ ਜਾਂਦੇ ਖਰਦੇ ਨੇ। ਰੋਜ਼ ਚਲਾਵਾਂ ਨਵੀਆਂ ਚਾਲਾਂ ਜਿੱਤਣ ਨੂੰ, ਐਪਰ ਨਾ ਮੈਂ ਜਿੱਤਾਂ ਨਾ ਉਹ ਹਰਦੇ ਨੇ। ਉਹ ਕੀ ਜਾਨਣ ਰੂਪ ਵਟਾ ਕੇ ਵਾੜਾਂ ਦਾ, ਖੇਤਾਂ ਦੇ ਰਾਖੇ ਹੀ ਫ਼ਸਲਾਂ ਚਰਦੇ ਨੇ। ਮੇਰਾ ਜੇਰਾ ਤੱਕ, ਮੇਰੀ ਸੂਰਤ ਨਾ ਦੇਖ, ਇਸ ਦਾ ਚੰਗੇ-ਚੰਗੇ ਪਾਣੀ ਭਰਦੇ ਨੇ। ਠਿੱਲ ਪੈਂਦੇ ਨੇ ਨਾਲ ਭਰੋਸੇ ਜਿਹੜੇ 'ਨੂਰ', ਉਹ ਬੰਦੇ ਹੀ ਨਦੀਉਂ ਪਾਰ ਉਤਰਦੇ ਨੇ।
31. ਮੰਦਾ ਹਾਲ ਕਹੇ ਅੱਖੀਆਂ ਪਥਰਾਈਆਂ ਦਾ
ਮੰਦਾ ਹਾਲ ਕਹੇ ਅੱਖੀਆਂ ਪਥਰਾਈਆਂ ਦਾ। ਕਹਿਰ ਕਿਤੋਂ ਟੁੱਟਿਆ ਹੈ ਨਰਮ ਕਲਾਈਆਂ ਦਾ। ਬ੍ਰਿਹਾ ਵਿਚ ਧੁਖਦਾ ਦਿਲ ਕਿਸ ਨੇ ਡਿੱਠਾ ਹੈ, ਪਾਣੀ ਵਿਚ ਜਾ ਕੇ ਮੱਛੀਆਂ ਤਿਰਹਾਈਆਂ ਦਾ। ਪਹੁੰਚ ਗਿਆ ਜੋਬਨ ਰੁੱਤੇ ਅੰਗਿਆਰਾਂ ਤੀਕ, ਉਮਰਾਂ ਨਾਲੋਂ ਵੱਡਾ ਵਕਤ ਜੁਦਾਈਆਂ ਦਾ। ਹੋਇਆ ਜਦ ਅਹਿਸਾਸ ਉਨ੍ਹਾਂ ਤੋਂ ਵਿਛੜਣ ਦਾ, ਦਿਲ ਵਿਚ ਮੱਚਿਆ ਭਾਂਬੜ ਹਾਲ-ਦੁਹਾਈਆਂ ਦਾ। ਸੁੰਦਰ ਹਾਰ ਪਰੋ ਕੇ ਘਰ ਵਿਚ ਰੱਖੇ ਨੇ, ਕਹਿਣ ਲਈ, 'ਜੀ ਆਇਆਂ ਨੂੰ' ਕਠਨਾਈਆਂ ਦਾ। ਢਿੱਡ ਭੜੋਲੇ ਕਰ ਲੈਂਦੇ ਸਾਂ ਖਾ-ਖਾ ਕੇ, ਜਦ ਆਟਾ ਮਿਲਦਾ ਸੀ ਕਿਲੋ ਢਾਈਆਂ ਦਾ। ਆ ਬੈਠਾ ਨੌਕਰ-ਸ਼ਾਹੀ ਦੇ ਬੁੱਲ੍ਹਾਂ 'ਤੇ, ਮੰਗਾਂ ਬਣ ਕੇ ਨਾਅਰਾ ਹਾਲ-ਦੁਹਾਈਆਂ ਦਾ। ਸੀਸਾਂ ਉੱਤੇ ਸੀਸਾਂ ਚੜ੍ਹ-ਚੜ੍ਹ ਬਹਿਣਗੀਆਂ, ਸਾਥ ਨਿਭਾ ਕੇ ਦੇਖ ਕਦੇ ਦੁਖਦਾਈਆਂ ਦਾ। ਕੁੱਕੜ-ਛਿੱਦੀਆਂ ਪੱਕ ਕੇ ਜਦ ਸੁੱਕ ਜਾਂਦੀਆਂ ਨੇ, ਰੂਈ ਵਾਂਗੂੰ ਉਡਦੈ ਪਿੰਜਰ ਮਾਈਆਂ ਦਾ। ਰਿਸ਼ਤੇ ਲੱਭ ਨਿਕਾਹ ਦਿੰਦੇ ਸਨ ਧੀਆਂ ਨੂੰ, ਪਿੰਡ ਵਿਚ ਰੁਤਬਾ ਊਚਾ ਸੀ ਜਦ ਨਾਈਆਂ ਦਾ। ਤੱਕ ਕੇ ਦਰਿਸ਼ ਬੜੇ ਬੇ-ਵਸ ਬਹਿ ਜਾਂਦੇ ਨੇ, ਨੂੰਹਾਂ ਨੇ ਸਿਰ ਤੋਂ ਚੁੰਨੀਆਂ ਖਿਸਕਾਈਆਂ ਦਾ। ਪੜ੍ਹਨਾ ਸੀ ਪਹਿਲਾਂ ਹੀ ਪੜ੍ਹਦੇ ਜੀਵਨ ਨੂੰ, ਬੁੱਢ ਸਮੇਂ ਕੀ ਮਿਲਣੈਂ ਵਕਤ ਪੜ੍ਹਾਈਆਂ ਦਾ। ਹੁਣ ਤਾਂ ਰਾਕਟ ਉੱਤੋਂ ਸੁੱਟੇ ਜਾਂਦੇ ਨੇ, ਲਾਭ ਭਲਾ ਕੀ ਪੁੱਟੇ ਖਾਲੇ-ਖਾਈਆਂ ਦਾ। ਖੂੰਡੇ ਵਾਲਾ ਹੱਥ ਹਵਾ ਵਿਚ ਝੂਮ ਗਿਆ, ਸ਼ੋਰ ਪਿਆ ਜਦ ਕੰਨਾਂ ਵਿਚ ਸ਼ਹਿਨਾਈਆਂ ਦਾ। ਹਮਦਰਦਾਂ ਦੀ ਭੀੜ ਕਦੋਂ ਤੱਕ ਬੈਠੇਗੀ, ਕੱਢਣਾ ਪੈਣੈਂ ਕੱਲਿਆਂ ਵਕਤ ਜੁਦਾਈਆਂ ਦਾ। ਡੈਣ ਕਲਾਵਾ ਪਾ ਬੈਠੀ ਇਕਲਾਪੇ ਦੀ, ਰੰਗ ਅਜੇ ਫਿੱਟਿਆ ਨਹੀਂ ਸੱਜ-ਵਿਆਹੀਆਂ ਦਾ। ਨਾ ਗਿੱਧਾ, ਨਾ ਤੀਆਂ ਹੇਠ ਬਰੋਟੇ ਦੇ, ਨਾ ਹੁਣ ਚੱਕੀਆਂ ਗੇੜੇ ਝੁਰਮਟ ਤਾਈਆਂ ਦਾ। ਜਾਨ ਤਲੀ 'ਤੇ ਧਰ ਕੇ ਹੀ ਹੁਣ ਸਰਣੈਂ 'ਨੂਰ', ਯਾਰ ਕਰਨ ਲੱਗੇ ਨੇ ਕੰਮ ਕਸਾਈਆਂ ਦਾ।
32. ਮੈਂ ਰਾਹਬਰ ਹਾਂ ਐਸਾ ਜੋ ਇਹ ਵੀ ਨਾ ਜਾਣਾ
ਮੈਂ ਰਾਹਬਰ ਹਾਂ ਐਸਾ ਜੋ ਇਹ ਵੀ ਨਾ ਜਾਣਾ। ਕਿ ਇਸ ਕਾਫ਼ਲੇ ਨੂੰ ਹੈ ਕਿੱਥੇ ਲਿਜਾਣਾ? ਵਿਛਾਇਆ ਹੈ ਉਸ ਨੇ ਇਉਂ ਜ਼ੁਲਫ਼ਾਂ ਦਾ ਤਾਣਾ, ਸਲਾਮਤ ਨਾ ਲੰਘੇ ਜੋ ਬੰਦਾ ਨਿਮਾਣਾ। ਬੜੀ ਖ਼ੂਬਸੂਰਤ ਹੈ ਹਾਸੇ ਦੀ ਬਣਤਰ, ਕਿਤੇ ਫਸ ਨਾ ਜਾਵੇ ਮੇਰਾ ਦਿਲ ਨਿਤਾਣਾ। ਨਾ ਦਿੱਤੀ ਗ੍ਰਿਹਸਤ ਦੀ ਸਿੱਖਿਆ ਕਿਸੇ ਨੇ, ਨਾ ਪੈਸੇ ਤੋਂ ਪੈਸਾ ਮੈਂ ਸਿੱਖਿਆ ਕਮਾਣਾ। ਕਿਵੇਂ ਕੰਮ ਹੁੰਦੈ ਬੜੇ ਦਫ਼ਤਰਾਂ ਵਿਚ, ਮੈਂ ਸਿੱਖਿਆ ਨਾ ਫ਼ਾਇਲਾਂ ਨੂੰ ਪਹੀਆ ਲਗਾਣਾ। ਮੇਰੇ ਦੋਸਤਾਂ ਨੂੰ ਹੈ ਸ਼ਿਕਵਾ ਕਿ ਮੈਨੂੰ, ਮੁਹੱਬਤ ਦਾ ਚੋਲਾ ਨਾ ਆਇਆ ਹੰਢਾਣਾ। ਮੈਂ ਡਲਿਆਂ 'ਤੇ ਇਹ ਸੋਚ ਕੇ ਸੌਂ ਗਿਆ ਸਾਂ, ਕਿ ਸੇਜਾਂ 'ਤੇ ਮੈਨੂੰ ਕਿਸੇ ਨਾ ਸੁਲਾਣਾ। ਮੇਰੀ ਸੋਚ ਤੋਂ ਵੀ ਉਹ ਥੱਲੇ ਰਿਹਾ ਹੈ, ਜ੍ਹਿਨੂੰ ਸਮਝਦਾ ਸਾਂ ਮੈਂ ਬਹੁਤਾ ਸਿਆਣਾ। ਸੁਖੀ ਕਹਿਣ ਆਪੇ ਨੂੰ ਮਾਪੇ ਜਦੋਂ ਤੋਂ, ਨਸ਼ਾ ਦੇ ਕੇ ਬੱਚਿਆਂ ਨੂੰ ਆਇਐ ਸੁਲਾਣਾ। ਇਹ ਲੋਕਾਂ ਨੂੰ ਲਗਦਾ ਹੈ ਕਿੰਨਾ ਸੁਹਾਣਾ, ਕਦੇ ਦੀਪ ਨ੍ਹੇਰੀ ਗਲੀ ਵਿਚ ਜਲਾਣਾ। ਕਿਵੇਂ ਆਬੇ-ਜਮਜਮ ਨੂੰ ਗੰਗਾ ਦਿਖਾਵਾਂ, ਨਾ ਪੰਡਿਤ ਹੀ ਮੰਨੇ, ਨਾ ਮੰਨੇ ਮੁਲਾਣਾ। ਕਦੇ ਇਸ 'ਤੇ ਕਬਜ਼ਾ ਕੰਬੋਆਂ ਦਾ ਹੈਸੀ, ਬਣੀ ਬਾਅਦ ਵਿਚ ਹੈ 'ਬਸੀ' ਇਹ 'ਪਠਾਣਾਂ'। ਹੈ ਉਸਤਾਦ 'ਬਾਕਰ' ਅਜੇ ਤਾਂ ਸਲਾਮਤ, ਤੂੰ ਸਿੱਖਲੈ ਜੇ ਸਿੱਖਣਾ ਹੈ ਗਾਣਾ-ਬਜਾਣਾ। ਕਿਵੇਂ ਦੂਜਿਆਂ ਤੋਂ ਲੁਕਾਵਾਂ ਸੱਚਾਈ, ਸ਼ਰੇਆਮ ਹੀ ਵਰਤਿਆ ਹੈ ਇਹ ਭਾਣਾ। ਮੁਹੱਬਤ ਦੀ ਸੂਹ ਮਿਲ ਗਈ ਦੁਸ਼ਮਣਾਂ ਨੂੰ, ਅਸੀਂ ਜਾਣਦੇ, ਬਦਲ ਲੈਂਦੇ ਠਿਕਾਣਾ। ਕਿਤੇ 'ਨੂਰ' ਲਾ ਕੇ ਤੂੰ ਵਿਛੜੇਂ ਤਾਂ ਜਾਣੇਂ, ਹੈ ਕਿੰਨਾਂ ਕੁ ਔਖਾ ਕਿਸੇ ਨੂੰ ਭੁਲਾਣਾ।
33. ਉਸ ਦੇ ਨਾਲ ਜਦੋਂ ਲੋਕਾਂ ਨੇ, ਗੱਲਾਂ ਕਰੀਆਂ ਹੋਣਗੀਆਂ
ਉਸ ਦੇ ਨਾਲ ਜਦੋਂ ਲੋਕਾਂ ਨੇ, ਗੱਲਾਂ ਕਰੀਆਂ ਹੋਣਗੀਆਂ। ਮੇਰਾ ਜ਼ਿਕਰ ਛਿੜਣ 'ਤੇ ਕਹੀਆਂ, ਖਰੀਆਂ-ਖਰੀਆਂ ਹੋਣਗੀਆਂ। ਜਿਸ ਧਰਤੀ 'ਤੇ ਔੜ ਰਹੀ ਹੈ, ਜਨਮਾਂ ਤੀਕ ਮੁਹੱਬਤ ਦੀ, ਸਾਂਝ ਦੀਆਂ ਵੇਲਾਂ ਉਸ ਉੱਤੇ, ਕਿੱਥੋਂ ਹਰੀਆਂ ਹੋਣਗੀਆਂ। ਘਰ ਦੀ ਛੱਤ ਨੂੰ ਸਾੜ ਰਹੀ ਸੀ, ਜਿਸ ਦਿਨ ਗਰਮੀ ਸੂਰਜ ਦੀ, ਛੱਤ ਦੇ ਹੇਠਾਂ ਵੀ ਕੁੱਝ ਰੀਝਾਂ, ਉਸ ਦਿਨ ਠਰੀਆਂ ਹੋਣਗੀਆਂ। ਐਵੇਂ ਤਾਂ ਨਹੀਂ ਖ਼ਾਲੀ ਹੋਏ, ਰਸਤੇ ਸੁੰਦਰ ਲੋਕਾਂ ਤੋਂ, ਇਸ਼ਕ ਦਿਆਂ ਰਾਹਾਂ ਅੰਦਰ ਕੁਝ, ਰੀਝਾਂ ਮਰੀਆਂ ਹੋਣਗੀਆਂ। ਥੱਕੇ-ਹਾਰੇ ਜੀਵਨ ਵਾਲਾ, ਲੰਬਾ ਪੰਧ ਮੁਕਾਉਣ ਲਈ, ਪਲ ਸਸਤਾਉਣ ਲਈ ਕਿਧਰੇ, ਕੂੰਜਾਂ ਉਤਰੀਆਂ ਹੋਣਗੀਆਂ। ਐਵੇਂ ਤਾਂ ਨਹੀਂ ਗਈਆਂ ਉਹ, ਠੁਕਰਾ ਕੇ ਸੁੰਦਰ ਮਹਿਲਾਂ ਨੂੰ, ਤੁਰਣੋਂ ਪਹਿਲਾਂ ਏ. ਸੀ. ਨਾਲ, ਭਰਿੰਡਾਂ ਠਰੀਆਂ ਹੋਣਗੀਆਂ। ਪੰਧ ਜੁਦਾਈ ਵਾਲਾ ਤੁਰ ਕੇ, ਅਣਖ ਝੁਕੀ ਨਾ ਪੀੜਾਂ ਦੀ, ਸੋਚ ਰਹੇ ਸਾਂ ਦੁਖ ਵਿਚ ਖ਼ਾਸਾ, ਸ਼ੁਧਰ ਗਈਆਂ ਹੋਣਗੀਆਂ। ਐਵੇਂ ਤਾਂ ਨਹੀਂ ਢੇਰੀ ਹੋਈ, ਬੋਰੀ ਮੇਲ-ਮਿਲਾਪਾਂ ਦੀ, ਹਰਖ਼ਾਂ ਦੇ ਚੂਹੇ ਨੇ ਗੁੱਠਾਂ, ਫੇਰ ਕੁਤਰੀਆਂ ਹੋਣਗੀਆਂ। ਇਕ ਨਾ ਇੱਕ ਦਿਨ ਮੁੱਕ ਹੀ ਜਾਣੈਂ, ਆਖ਼ਰ ਮੌਸਮ ਔੜਾਂ ਦਾ, ਧਰਤੀ ਦੀ ਛਾਤੀ 'ਤੇ ਫ਼ਸਲਾਂ, ਹਰੀਆਂ-ਭਰੀਆਂ ਹੋਣਗੀਆਂ। ਮੇਲ-ਮਿਲਾਪਾਂ ਦੇ ਰਾਹਾਂ ਵਿਚ, ਹੋਰ ਅੜਿੱਕੇ ਡਾਹੁਣ ਲਈ, ਛਾਤਰ ਨੇਤਾਵਾਂ ਨੇ ਕੰਧਾਂ, ਫੇਰ ਉਸਰੀਆਂ ਹੋਣਗੀਆਂ। ਆਪੇ ਤਾਂ ਨਹੀਂ ਨੰਗਾ ਕੀਤਾ, ਫੇਫੜਿਆਂ ਨੂੰ ਮੱਛੀਆਂ ਨੇ, ਪਾਣੀ ਨੇ ਵੀ ਹੱਥਾਂ ਦੇ ਵਿਚ, ਫੜੀਆਂ ਛੁਰੀਆਂ ਹੋਣਗੀਆਂ। ਖ਼ਬਰ ਤੁਰਨ ਤੋਂ ਪਹਿਲਾਂ ਹੁੰਦੀ, ਦਿਲ 'ਤੇ ਕਾਬੂ ਪਾ ਲੈਂਦੇ, ਭੀੜ-ਭੜੱਕੇ ਨਾਲ ਖ਼ਚਾ-ਖਚ, ਭਰੀਆਂ ਗਲੀਆਂ ਹੋਣਗੀਆਂ। ਉਹ ਕੀ ਜਾਨਣ ਪਿੱਛਾ ਕਰਕੇ, ਬੇਦਰਦੇ ਦਿਲਦਾਰਾਂ ਦਾ, ਤਪਦੇ ਥਲ ਵਿਚ ਸੜ ਕੇ ਛਾਲੇ-ਛਾਲੇ ਤਲੀਆਂ ਹੋਣਗੀਆਂ। ਮੁੱਲਾਂ ਵਾਂਗੂੰ ਸਿਜਦਾ ਕਰ ਲੈ, ਤੂੰ ਵੀ ਰੱਬ ਦੇ ਅੱਗੇ 'ਨੂਰ' ਤੇਰੇ ਹਿੱਸੇ ਵੀ ਜੰਨਤ ਵਿਚ, ਹੂਰਾਂ-ਪਰੀਆਂ ਹੋਣਗੀਆਂ।
34. ਬਿੰਬਾਂ ਦੇ ਨਾਲ ਉਸ ਦਾ ਮੁੱਖੜਾ ਸਜਾ ਕੇ ਦੇਵਾਂ
ਬਿੰਬਾਂ ਦੇ ਨਾਲ ਉਸ ਦਾ ਮੁੱਖੜਾ ਸਜਾ ਕੇ ਦੇਵਾਂ। ਚਾਹੁੰਦੇ ਨੇ ਯਾਰ ਨਵੀਆਂ ਗ਼ਜ਼ਲਾਂ ਬਣਾ ਕੇ ਦੇਵਾਂ। ਦਿਲ ਨੂੰ ਦੁਖਾਉਣ ਵਾਲੇ ਉਸ ਦੇ ਸਵਾਲ ਦਾ ਮੈਂ, ਉੱਤਰ ਜਦੋਂ ਵੀ ਦੇਵਾਂ, ਬਸ, ਮੁਸਕਰਾ ਕੇ ਦੇਵਾਂ। ਡਰਦਾ ਹਾਂ ਸ਼ਹਿਰ ਜਾਂਦਾ ਕਤਲਾਂ ਦੇ ਸਿਲਸਲੇ ਤੋਂ, ਬਿੰਦੀ ਸੰਧੂਰ ਤੈਨੂੰ ਕਿੱਥੋਂ ਲਿਆ ਕੇ ਦੇਵਾਂ। ਸਖ਼ਤੀ ਦੇ ਨਾਲ ਜੇਕਰ ਅਮਨਾਂ ਦੀ ਆਸ ਹੋਵੇ, ਹਰ ਚੌਕ ਵਿਚ ਨਗਰ ਦੇ, ਪਹਿਰਾ ਬਿਠਾ ਕੇ ਦੇਵਾਂ। ਦਿੰਦੇ ਜੇ ਉਹ ਭਰੋਸਾ ਆਸਾਂ ਦੀ ਪੂਰਤੀ ਦਾ, ਫਿਰ ਤਾਂ ਮੈਂ ਆਖ ਦਿੰਦਾ ਤਾਰੇ ਲਿਆ ਕੇ ਦੇਵਾਂ। ਆਉਣਾ ਤਾਂ ਲੋਚਦੇ ਨੇ ਇਸ ਸ਼ਰਤ 'ਤੇ ਉਹ ਸਾਰੇ, ਸਭਨਾਂ ਨੂੰ ਰਸਤਿਆਂ ਵਿਚ ਦੀਵੇ ਜਲਾ ਕੇ ਦੇਵਾਂ। ਵਿਹਲਾਂ ਨੇ ਚੱਟ ਖਾਧੀ ਬਿਲ ਭਰਨ ਦੀ ਗੁੰਜਾਇਸ਼, ਬੱਚਿਆਂ ਨੂੰ ਘਰ ਦੇ ਕਮਰੇ ਕਿੱਥੋਂ ਭਖਾ ਕੇ ਦੇਵਾਂ। ਸ਼ਹਿਰਾਂ 'ਚ ਵਸ ਰਹੇ ਨੇ ਪਰਵਾਸ ਕਰਕੇ ਪੰਛੀ, ਸਭਨਾਂ ਨੂੰ ਕਿਸ ਤਰ੍ਹਾਂ ਹੁਣ ਮੈਂ ਘਰ ਬਣਾ ਕੇ ਦੇਵਾਂ। ਉਡਦੇ ਨੇ 'ਨੂਰ' ਤੇਰੇ ਵਰਗੇ ਅਕਾਸ਼ ਉੱਤੇ, ਤੂੰ ਆਖਦਾ ਏਂ ਤੈਨੂੰ ਗੁੱਡੀ ਉਡਾ ਕੇ ਦੇਵਾਂ।
35. ਹਾਸੇ ਦੇ ਫੁੱਲ ਖਿਲਾਰੋ, ਮਾਲਾ ਪਰੋ ਲਵਾਂ ਮੈਂ
ਹਾਸੇ ਦੇ ਫੁੱਲ ਖਿਲਾਰੋ, ਮਾਲਾ ਪਰੋ ਲਵਾਂ ਮੈਂ। ਐਸਾ ਮਿਲੋ ਕਿ ਮਿਲ ਕੇ, ਵਿਛੜੋ ਤਾਂ ਰੋ ਲਵਾਂ ਮੈਂ। ਮੌਸਮ ਰੰਗੀਨ ਹੁੰਦਾ ਜਾਂਦਾ ਹੈ, ਸਾਜ਼ ਛੇੜੋ, ਨੈਣਾਂ 'ਚ ਨੈਣ ਪਾਉ, ਮਦ-ਮਸਤ ਹੋ ਲਵਾਂ ਮੈਂ। ਕੱਟੀ ਹੈ ਰਾਤ ਸਾਰੀ ਗਿਣ-ਗਿਣ ਕੇ ਤਾਰਿਆਂ ਨੂੰ, ਕਾਵੋਂ ਨਾ ਡੰਡ ਪਾਉ, ਨੀਂਦਾ ਹਾਂ ਸੌਂ ਲਵਾਂ ਮੈਂ। ਆਉਣਾ ਹੈ ਕਦ ਕਿਸੇ ਦੇ, ਭਾਗਾਂ ਚ ਇਸ ਘੜੀ ਨੇ, ਚਾਹੁੰਦਾ ਹਾਂ ਨਾਲ ਤੇਰੇ ਕੁਝ ਪਲ ਖਲੋ ਲਵਾਂ ਮੈਂ। ਯਾਦਾਂ ਦੇ ਸ਼ਹਿਰ ਅੰਦਰ ਕੁਝ ਹੋਰ ਸਾਥ ਦੇਵੋ, ਮਹਿਰਮ ਦੀ ਭਾਲ ਅੰਦਰ ਆਪਾ ਨਾ ਖੋ ਲਵਾਂ ਮੈਂ। ਗ਼ਮ ਦੀ ਪਰਾਤ ਅੰਦਰ, ਹੰਝੂਆਂ ਦਾ ਪਾ ਕੇ ਪਾਣੀ, ਪੀੜਾਂ ਪਕਾਉਣ ਜੋਗਾ, ਆਟਾ ਭਿਗੋ ਲਵਾਂ ਮੈਂ। ਘਰ ਦੇ ਬਨੇਰਿਆਂ ਨੂੰ, ਰੱਖੋ ਸੁਚੇਤ ਕਰ ਕੇ, ਆਵਣ ਨਾ ਕਾਂ ਤਾਂ ਬੂਹਾ, ਯਾਦਾਂ ਦਾ ਢੋਅ ਲਵਾਂ ਮੈਂ। ਬਾਕੀ ਹੈ ਰਾਤ ਕਿੰਨੀ, ਪੁੱਛੋ ਹਨੇਰਿਆਂ ਤੋਂ, ਸੂਰਜ ਦਿਸਣ ਤੋਂ ਪਹਿਲਾਂ, ਮੁਖੜੇ ਨੂੰ ਧੋ ਲਵਾਂ ਮੈਂ। ਚਾਹੁੰਦਾ ਹਾਂ 'ਨੂਰ' ਮੈਂ ਵੀ ਰੱਤੀ ਕੁ ਦਿਲ ਦੇ ਅੰਦਰ, ਸੱਜਣਾਂ ਦੇ ਦਿੱਤੇ ਹੋਏ ਸਭ ਗ਼ਮ ਲਕੋ ਲਵਾਂ ਮੈਂ।
36. ਮੈਂ ਵੀ ਸਾਗਰ ਸਾਂ ਉਹ ਵੀ ਤ੍ਰਿਹਾਇਆ ਸੀ
ਮੈਂ ਵੀ ਸਾਗਰ ਸਾਂ ਉਹ ਵੀ ਤ੍ਰਿਹਾਇਆ ਸੀ। ਤਾਹੀਉਂ ਤਾਂ ਉਹ ਪਿਆਸ ਬੁਝਾਵਣ ਆਇਆ ਸੀ। ਪੱਥਰ ਵਰਗਾ ਜੇਰਾ ਕਰਕੇ ਉੱਠ ਗਿਆ, ਸ਼ੀਸ਼ੇ ਵਰਗਾ ਦਿਲ ਲੈ ਕੇ ਜੋ ਆਇਆ ਸੀ। ਸਾੜ ਦਿੱਤਾ ਔੜਾਂ ਨੇ ਨਰਮਾਂ ਆਸਾਂ ਦਾ, ਸਾਵਣ ਨੇ ਸਹਿ ਦੇ ਕੇ ਜੋ ਬਿਜਵਾਇਆ ਦੀ। ਅੱਖਾਂ ਵਿਚ ਜਿਸ ਦੇ ਸੀ ਸ਼ਾਮ ਮੁਹੱਬਤ ਦੀ, ਉੱਠ ਸਵੇਰੇ ਉਸ ਨੇ ਰੰਗ ਵਟਾਇਆ ਸੀ। ਕਿੱਦਾਂ ਪੱਤ ਬਚਾਉਂਦਾ ਉਹ ਬਦਨਾਮੀ ਤੋਂ, ਮੁਨਸਫ਼ ਉਸ ਦਾ ਮਾਮਾ ਸੀ ਨਾ ਤਾਇਆ ਸੀ। ਹਰ ਵੇਲੇ ਉਹ ਮੌਕਾ ਭਾਲੇ ਡੰਗਣ ਦਾ, ਜਿਸ ਸੱਪਣੀ ਨੂੰ ਸੱਜਰਾ ਦੁੱਧ ਪਿਲਾਇਆ ਸੀ। ਕੌੜਾ ਹੀ ਸੀ ਭਾਵੇਂ ਘੁੱਟ ਦਵਾਈ ਦਾ, ਐਪਰ ਉਸ ਨੇ ਜੜ੍ਹ ਤੋਂ ਰੋਗ ਮੁਕਾਇਆ ਸੀ। ਮੌਕਾ ਸਾਂਭ ਲਿਆ ਹੁੰਦਾ ਤਾਂ ਠਰਦੇ ਨਾ, ਜਦ ਲੂਆਂ ਨੇ ਹਿੱਕ ਦੇ ਨਾਲ ਲਗਾਇਆ ਸੀ। ਛੱਡ ਗਿਆ ਉਹ ਉਲਝਣ ਦੇ ਚੌਰਾਹੇ 'ਤੇ ਜਿਸ ਨੇ ਅਪਣੇ-ਪਣ ਦਾ ਭੇਸ ਵਟਾਇਆ ਸੀ। ਨੌਬਤ ਜਦ ਆਈ ਅੱਗਾਂ ਚੋਂ ਲੰਘਣ ਦੀ, ਸਰਦ-ਹਵਾ ਦਾ ਬੁੱਲਾ ਵੀ ਪਛਤਾਇਆ ਸੀ। ਉਹ ਧੱਕਾ ਸੀ ਵੇਲੇ ਦੇ ਸਰਦਾਰਾਂ ਦਾ, 'ਸਰਮਦ' ਨੇ ਕਦ ਖੱਲ ਨੂੰ ਆਪ ਲੁਹਾਇਆ ਸੀ। ਜਦ ਬਾਪੂ ਗੱਭਰੂ ਸੀ 'ਤੇ ਮੈਂ ਬੱਚਾ ਸਾਂ, ਉਂਗਲ ਫੜ ਕੇ ਮੈਂ ਵੀ ਲਾਂਗਾ ਗਾਇ੍ਹਆ ਸੀ। ਕੜਕਦੀਆਂ ਧੁੱਪਾਂ ਵਿਚ ਨਿੱਘੇ ਚਾਵਾਂ ਨਾਲ- ਗਾਧੀ ਉੱਤੇ ਬਹਿ ਕੇ ਹਲਟ ਚਲਾਇਆ ਸੀ। ਫ਼ਿਕਰ ਕਦੋਂ ਸੀ ਕੁੱਲੀ, ਗੁੱਲੀ, ਜੁੱਲੀ ਦਾ, ਸਿਰ ਉਤੇ ਬਾਪੂ ਦਾ ਸੰਘਣਾ ਛਾਇਆ ਸੀ। ਪੰਜ ਪੁੱਤਰਾਂ ਦੀ ਸਹਿ 'ਤੇ ਵਾਰੀ ਖੋਹਣ ਲਈ, ਲੜਿਆ ਕਿੰਨੀ ਵਾਰ ਘੁਮੰਡੀ ਤਾਇਆ ਸੀ। ਭਰ ਕੇ ਘੜੇ ਦਬਾਇਆ ਪੈਸਾ ਲੋਕਾਂ ਨੇ, ਸਾਡੇ ਘਰ ਨਾ ਆਈ ਕਿਧਰੋਂ ਮਾਇਆ ਸੀ। ਛੱਡ ਗਿਆ ਅਧਵਾਟੇ ਸਾਥ ਮੁਹੱਬਤ ਦਾ, 'ਨੂਰ ਮੁਹੰਮਦ' ਨੂੰ ਜਿਸ ਨੇ ਭਰਮਾਇਆ ਸੀ।
37. ਸਰਿਆ ਨਾ ਮਹਿਰਮਾਂ ਦਾ ਪੜ੍ਹ ਕੇ ਦੋ-ਚਾਰ ਗ਼ਜ਼ਲਾਂ
ਸਰਿਆ ਨਾ ਮਹਿਰਮਾਂ ਦਾ ਪੜ੍ਹ ਕੇ ਦੋ-ਚਾਰ ਗ਼ਜ਼ਲਾਂ। ਲਿਖੀਆਂ ਨੇ ਤਦ ਹੀ ਯਾਰੋ ਮੈਂ ਬੇਸ਼ੁਮਾਰ ਗ਼ਜ਼ਲਾਂ। ਰੋਂਦਾ ਹਾਂ ਕਤਲ ਕੀਤੇ ਕੁੱਝ ਕੀਮਤੀ ਪਲਾਂ ਨੂੰ, ਇਕ-ਬੇਵਫ਼ਾ ਦੀ ਖ਼ਾਤਰ ਲਿਖ ਕੇ ਹਜ਼ਾਰ ਗ਼ਜ਼ਲਾਂ। ਲੱਗੇ ਨੇ ਗ਼ਮ ਦੇ ਜੰਦੇ ਦਿਲ ਦੇ ਚੁਬਾਰਿਆਂ ਨੂੰ, ਕਿਹੜੀ ਜਗਾ 'ਤੇ ਰੱਖਾਂ ਕਰਕੇ ਤਿਆਰ ਗ਼ਜ਼ਲਾਂ। ਕੱਲ੍ਹ ਤੱਕ ਜੋ ਹਸਦੀਆਂ ਸਨ ਵਸਲਾਂ ਦੀ ਸੇਜ ਉੱਤੇ, ਹੁਣ ਕਰਦੀਆਂ ਸਵੇਰੇ ਗ਼ਮ ਦਾ ਦੀਦਾਰ ਗ਼ਜ਼ਲਾਂ। ਚਿਰ ਤੋਂ ਪਿਲਾ ਰਿਹਾ ਹਾਂ ਦਿਲ ਦਾ ਲਹੂ ਇਨ੍ਹਾਂ ਨੂੰ, ਤਾਹੀਉਂ ਤਾਂ ਲਗਦੀਆਂ ਨੇ ਇੰਜ ਹੋਸ਼ਿਆਰ ਗ਼ਜ਼ਲਾਂ। ਚਾਹੁੰਦਾ ਸਾਂ ਕੁੱਝ ਨਾ ਲਿੱਖਾਂ ਉਸ ਦੀ ਵਿਸ਼ੇਸ਼ਤਾ ਵਿਚ, ਕਰ ਦਿੰਦੀਆਂ ਨੇ ਐਪਰ ਬੇ-ਅਖ਼ਤਿਆਰ ਗ਼ਜ਼ਲਾਂ। ਹਰ ਭੇਤ ਚਾਹਤਾਂ ਦਾ ਲੋਕਾਂ ਨੂੰ ਕਹਿਣ ਖ਼ਾਤਰ, ਬਣੀਆਂ ਨੇ ਦਿਲ ਮੇਰੇ ਦਾ ਨਾਮਾਨਿਗਾਰ ਗ਼ਜ਼ਲਾਂ। ਸ਼ਾਹੀ ਘਰਾਣਿਆਂ ਦੇ ਮਹਿਲਾਂ 'ਚ ਜਨਮ ਲੈ ਕੇ, ਕਦ ਖੋਂਦੀਆਂ ਨੇ ਕਿਧਰੇ ਅਪਣਾ ਵੱਕਾਰ ਗ਼ਜ਼ਲਾਂ। ਬਚਪਨ ਤੋਂ ਲੈ ਜਵਾਨੀ ਤਕ ਜ਼ਿੰਦਗੀ ਕੁਰੇਦਣ, ਚੜ੍ਹਦੇ ਸੀ ਜਦ ਘਨੇੜੇ ਬਣ-ਠਣ ਕੇ ਯਾਰ ਗ਼ਜ਼ਲਾਂ। ਨੈਣਾਂ ਦੇ ਮਟਕਿਆਂ ਚੋ ਪੀਵਣ ਦੀ ਲਾਲਸਾ ਵਿਚ, ਲੈ ਜਾਣ ਨਾ ਮੈਖ਼ਾਨੇ ਫੜ ਕੇ ਮੁਹਾਰ ਗ਼ਜ਼ਲਾਂ। ਜੀਵਨ ਦੇ ਵਰਕਿਆਂ ਵਿਚ ਭਰਦੀ ਹੈ ਜਦ ਕੁੜੱਤਣ, ਲੈ ਜਾਂਦੀਆਂ ਨੇ ਸਿਰ ਤੋਂ ਬੋਝਾ ਉਤਾਰ ਗ਼ਜ਼ਲਾਂ। ਸਿੰਜਦੇ ਨੇ ਬਹੁਤ ਸ਼ਾਇਰ ਭਾਵੇਂ ਲਹੂ ਪਿਲਾਕੇ, ਪਰ ਉਗਦੀਆਂ ਨੇ ਉੱਥੇ ਸਭ ਤੋਂ ਬੇਕਾਰ ਗ਼ਜ਼ਲਾਂ। ਸ਼ਾਹਾਂ 'ਚ ਨੇੜਤਾ ਦਾ ਰਿਸ਼ਤਾ ਬਣਾਉਣ ਖ਼ਾਤਰ, ਕਿੰਨੀ ਹੀ ਵਾਰ ਬਣ ਕੇ ਆਈਆਂ ਨੇ ਨਾਰ ਗ਼ਜ਼ਲਾਂ। ਬਣ ਕੇ ਦੀਵਾਨ ਵਾਲਾ ਵਿਚਰਨ ਨੂੰ ਸ਼ਾਇਰਾਂ ਵਿਚ, ਮੰਗਦੇ ਨੇ ਯਾਰ ਆ ਕੇ ਮੈਥੋਂ ਉਧਾਰ ਗ਼ਜ਼ਲਾਂ। ਕਿਉਂ ਬਦਲਦੇ ਹੋ ਤੋਰਾ-ਬੋਰਾ ਨੂੰ ਖੰਡਰਾਂ ਵਿਚ, ਤੁਰੀਆਂ ਨੇ ਉੱਠ ਪੁੱਛਣ ਸਾਗਰ ਤੋਂ ਪਾਰ ਗ਼ਜ਼ਲਾਂ । ਸ਼ਾਹਿਤ ਦੇ ਖੇਤਰਾਂ ਵਿਚ ਰੱਖਣ ਨੂੰ ਹੋਂਦ ਸਾਬਤ, ਹਰ ਵਾਰ ਲੈਂਦੀਆਂ ਨੇ ਮੈਨੂੰ ਪੁਕਾਰ ਗ਼ਜ਼ਲਾਂ। ਹੰਕਾਰੀਆਂ 'ਚ ਲੱਦੇ ਦੁਨੀਆਂ ਦੇ ਚਾਲਿਆਂ 'ਚੋਂ, ਹਰ ਰੋਜ਼ ਕਰਦੀਆਂ ਨੇ ਕੁੱਝ ਗਿਰਫ਼ਤਾਰ ਗ਼ਜ਼ਲਾਂ। ਮਹਫ਼ਿਲ 'ਚ ਮਹਿਕ ਵੰਡਦੇ ਫਿਰਦੇ ਨੇ ਯਾਰ ਤੇਰੇ, ਉੱਠ 'ਨੂਰ' ਸ਼ਬਦ ਚੁਣ ਕੇ ਤੂੰ ਵੀ ਸ਼ਿੰਗਾਰ ਗ਼ਜ਼ਲਾਂ।
38. ਬੈਠਾ ਕੋਸਾਂ ਕਿਸਮਤ ਕਰਮ-ਵਿਹੂਣੀ ਨੂੰ
ਬੈਠਾ ਕੋਸਾਂ ਕਿਸਮਤ ਕਰਮ-ਵਿਹੂਣੀ ਨੂੰ। ਲੋਕ ਬਿਗਾਨੇ ਸੇਕਣ ਮੇਰੀ ਧੂਣੀ ਨੂੰ। ਉਹ ਵੀ ਬੈਠਾ ਚਰਖ਼ਾ ਕੱਤੇ ਚਾਹਤ ਦਾ, ਹੱਥ ਕਦੇ ਨਹੀਂ ਲਾਇਆ ਜਿਸ ਨੇ ਪੂਣੀ ਨੂੰ। ਨੱਸ ਗਏ, ਖੋਹ ਕੇ, ਬੰਦੇ ਧਨਵਾਨਾਂ ਦੇ, ਮੇਰੇ ਹੱਥੋਂ ਮੇਰੀ ਰੋਟੀ ਲੂਣੀ ਨੂੰ। ਕਿੰਜ ਹਟਾਵਾਂ ਬੇਸਬਰੀ ਵਿਚ ਛਲਕਣ ਤੋਂ, ਮੈਂ ਆਸਾਂ ਦੀ ਗਾਗਰ ਕੰਢਿਉਂ ਊਣੀ ਨੂੰ। ਬੁੜ-ਬੁੜ ਕਰਦੇ ਘਰ ਨੂੰ ਖ਼ਾਲੀ ਹੱਥ ਮੁੜੇ, ਰਾਹ ਕੱਟਣ ਵਾਲੀ ਬਿੱਲੀ ਕਲਮੂਹਣੀ ਨੂੰ। ਏਕੇ ਬਾਰੇ ਸੋਚਣ ਨਾ ਜੀਅ ਟੱਬਰ ਦੇ, ਕਰ ਕੇ ਰੱਖਣ ਖੜ੍ਹੀ ਹਮੇਸ਼ਾ ਸੂਹਣੀ ਨੂੰ। ਮੇਰੇ ਦਿਲ ਦਾ ਚੈਨ ਚੁਰਾ ਕੇ ਮੇਰੇ ਯਾਰ, ਮੈਨੂੰ ਹੀ ਆ ਵੇਚਣ ਕੀਮਤ ਦੂਣੀ ਨੂੰ। ਭੀੜ-ਭੜੱਕੇ ਵਿੱਚੋਂ ਸਾਬਤ ਲੰਘ ਗਿਆ, ਜਿਸ ਨੇ ਕਾਬੂ ਕਰ ਕੇ ਰੱਖਿਆ ਕੂਹਣੀ ਨੂੰ। ਮੁੱਦਤਾਂ ਜ਼ਾਇਕਾ ਚੱਖਿਆ ਜਿਸ ਦਾ ਅੱਖਾਂ ਨੇ, 'ਨੂਰ' ਕਿਵੇ ਭੁੱਲਾਂ ਉਸ ਸ਼ਕਲ ਸਲੂਣੀ ਨੂੰ।
39. ਆ ਬੈਠੀ ਘਰ ਮੇਰੇ ਸਾਰੀ ਲੋਕਾਂ ਦੀ
ਆ ਬੈਠੀ ਘਰ ਮੇਰੇ ਸਾਰੀ ਲੋਕਾਂ ਦੀ। ਕੱਠੀ ਹੋ ਕੇ ਖੱਜਲ-ਖ਼ੁਆਰੀ ਲੋਕਾਂ ਦੀ। ਕੱਲੀ-ਕਾਰੀ ਹੁੰਦੀ, ਦਾਰੂ ਦੇ ਦਿੰਦਾ, ਮੈਂ ਕੱਲਾ ਹਾਂ ਲੱਖ ਬਿਮਾਰੀ ਲੋਕਾਂ ਦੀ। ਹਾਕਮ 'ਤੇ ਹੋਇਆ ਨਾ ਅਸਰ ਬਗ਼ਾਵਤ ਦਾ, ਲੋਕਾਂ ਨੇ ਹੀ ਛਿੱਲ ਉਤਾਰੀ ਲੋਕਾਂ ਦੀ। ਚੋਣਾਂ ਪਿੱਛੋਂ ਸ਼ਕਲ ਦਿਸੀ ਨਾ ਨੇਤਾ ਦੀ, ਬੈਠੀ ਝਾਕੇ ਆਸ-ਕੁਆਰੀ ਲੋਕਾਂ ਦੀ। 'ਬਰਲਨ' ਦੀ ਦੀਵਾਰ ਗਿਰਾਕੇ ਲੰਘ ਗਈ, ਇੱਕੋ ਸਾਹ ਵਿਚ ਸੋਚ-ਉਡਾਰੀ ਲੋਕਾਂ ਦੀ। ਜਿਹੜੇ ਬੂਟੇ ਲਾਏ ਛਾਵਾਂ ਦੇਣ ਲਈ, ਉਹਨਾਂ 'ਤੇ ਹੀ ਚੱਲੀ ਆਰੀ ਲੋਕਾਂ ਦੀ। ਮਹਿੰਗਾਈ ਨੇ ਸ਼ੌਕ ਪਟਾਰੀ ਪਾ ਦਿੱਤੇ, ਕੰਮ ਨਾ ਆਈ ਸ਼ਕਲ ਸੰਵਾਰੀ ਲੋਕਾਂ ਦੀ। ਏਸ ਸਰਾਫ਼ਤ ਦਾ ਕੀ ਹੋਰ ਸਬੂਤ ਦਵਾਂ, ਮੇਰੇ ਘਰ ਠਹਿਰੇ ਹਰ ਨਾਰੀ ਲੋਕਾਂ ਦੀ। ਹੁਣ ਉਹ ਹੋਟਲ ਦੇ ਕਮਰੇ ਵਿਚ ਰਹਿੰਦੇ ਨੇ, ਬਦਲ ਗਈ ਔਕਾਤ ਭਿਖਾਰੀ ਲੋਕਾਂ ਦੀ। ਭੁੱਲਦੇ ਜਾਣ ਭੁਲੱਕੜ ਯਾਰੀ ਲੋਕਾਂ ਦੀ। ਖਾ ਕੇ ਰੋਟੀ-ਦਾਲ ਕਰਾਰੀ ਲੋਕਾਂ ਦੀ। ਮਸਤੀ ਮਾਰ ਲਵਾਂਗੇ ਜਿਸ ਦਿਨ ਲੋੜ ਪਈ, ਦੇਖਣ-ਪਰਖਣ ਨੂੰ ਹੁਸ਼ਿਆਰੀ ਲੋਕਾਂ ਦੀ। ਲੱਗ ਗਈ ਪਾਬੰਦੀ ਜਨਤੂ ਮਾਰਨ 'ਤੇ, ਮੌਜ 'ਤੇ ਮਸਤੀ ਗਈ ਸ਼ਿਕਾਰੀ ਲੋਕਾਂ ਦੀ। ਸਾਨੂੰ ਤਾਂ ਸੱਚ ਕਹਿਣਾ ਔਖਾ ਲੱਗਦਾ ਹੈ, ਕਿੱਥੋਂ ਆਉਂਦੀ ਹੈ ਮੱਕਾਰੀ ਲੋਕਾਂ ਦੀ। ਕੀਚੜ ਕਿਵੇਂ ਗਿਰਾਈਏ ਭਲਿਆਂ ਲੋਕਾਂ ਤੇ? ਪੱਕੀ ਆਦਤ ਹੈ ਅਖ਼ਬਾਰੀ ਲੋਕਾਂ ਦੀ। ਚੰਨ ਤੋਂ ਅੱਗੇ ਵੀ ਇਕ ਚੰਨ ਚੜ੍ਹਾਵੇਗੀ ਦੱਸਦੀ ਹੈ ਇਹ ਤੇਜ਼-ਤਰਾਰੀ ਲੋਕਾਂ ਦੀ। ਬਣਦਾ ਹੱਕ ਇਨ੍ਹਾਂ ਦਾ ਦੇ ਕੇ ਵਿਦਾ ਕਰੋ, ਭਰ ਨਾ ਜਾਵੇ ਸਬਰ-ਕਿਆਰੀ ਲੋਕਾਂ ਦੀ। ਅੱਧ ਵਿਚਾਲੇ ਡੋਬੂ ਬੇੜੀ ਚਾਤਰ ਦੀ, 'ਨੂਰ' ਜਦੋਂ ਚੱਲੀ ਹੁਸ਼ਿਆਰੀ ਲੋਕਾਂ ਦੀ।
40. ਪਤਝੜ ਦੇ ਵਾਂਗ ਹੋਇਆ, ਆਬਾਦੀਆਂ ਦਾ ਮੌਸਮ
ਪਤਝੜ ਦੇ ਵਾਂਗ ਹੋਇਆ, ਆਬਾਦੀਆਂ ਦਾ ਮੌਸਮ। ਮੁੜ ਕੇ ਹੈ ਫੇਰ ਆਇਆ, ਬਰਬਾਦੀਆਂ ਦਾ ਮੌਸਮ। ਲੱਭਦਾ ਹੈ ਦਿਲ ਸਹਾਰਾ ਕੁਝ ਦਿਨ ਤੋਂ ਦਿਨ-ਕਟੀ ਦਾ, ਸੋਚਾਂਗੇ ਜਦ ਵੀ ਆਇਆ, ਹੁਣ ਸ਼ਾਦੀਆਂ ਦਾ ਮੌਸਮ। ਹਮਦਰਦੀਆਂ ਦੀ ਮਰਹਮ ਲਾ ਕੇ ਨਾ ਜ਼ਖ਼ਮ ਛੇੜੋ, ਪੀੜਾਂ ਵਧਾ ਰਿਹਾ ਹੈ, ਹਮਦਰਦੀਆਂ ਦਾ ਮੌਸਮ। ਚਾਹੁੰਦਾ ਹੈ ਦਿਲ ਜਿਵੇਂ ਵੀ ਖ਼ਰਮਸਤੀਆਂ ਕਰੋ ਹੁਣ, ਆਇਆ ਹੈ ਫੇਰ ਮੁੜ ਕੇ, ਆਜ਼ਾਦੀਆਂ ਦਾ ਮੌਸਮ। ਕਰਜ਼ਾ ਚੁਕਾਉਣ ਜੋਗਾ ਪੈਸਾ ਬਚਾ ਕੇ ਰੱਖਿਉ, ਬੈਂਕਾਂ ਨੇ ਖੋਲ੍ਹ ਦਿੱਤਾ, ਮੁਨਿਆਦੀਆਂ ਦਾ ਮੌਸਮ। ਦੋ-ਚਾਰ ਅਣਖੀਆਂ ਨੂੰ ਅਪਣਾ ਬਣਾ ਕੇ ਰੱਖੀਂ, ਦੁਨੀਆਂ ਤੇ ਛਾ ਰਿਹਾ ਹੈ, ਇਤਿਹਾਦੀਆਂ ਦਾ ਮੌਸਮ। ਜੇਲਾਂ 'ਚ ਵਿਕ ਰਿਹਾ ਹੈ ਗਾਂਜਾ, ਅਫ਼ੀਮ, ਭੁੱਕੀ, ਤਾਹੀਉਂ ਤਾਂ ਵਧ ਰਿਹਾ ਹੈ, ਅਪਰਾਧੀਆਂ ਦਾ ਮੌਸਮ। ਆਇਆ ਨਾ ਯਾਰ ਬਹਿ ਕੇ, ਸਰਦੀ ਦੀ ਰੇਲ ਉੱਤੇ, ਹਰ ਸਾਲ ਵਾਂਗ ਆਇਆ, ਗੁਰਗਾਬੀਆਂ ਦਾ ਮੌਸਮ। ਬਚਣਾ ਹੈ 'ਨੂਰ' ਜੇਕਰ ਆਪਾ ਬਚਾ ਕੇ ਚੱਲੋ, ਦੁਨੀਆ 'ਤੇ ਛਾ ਰਿਹਾ ਹੈ, ਉਸਤਾਦੀਆਂ ਦਾ ਮੌਸਮ।
41. ਖ਼ਾਲੀ ਮੇਰਾ ਅੱਲ੍ਹਾ-ਪੱਲਾ੍ਹ ਰਹਿਣ ਦਿਉ
ਖ਼ਾਲੀ ਮੇਰਾ ਅੱਲ੍ਹਾ-ਪੱਲਾ੍ਹ ਰਹਿਣ ਦਿਉ। ਦੁਨੀਆਂ ਦੇ ਵਿਚ ਕੱਲਮ-ਕੱਲਾ ਰਹਿਣ ਦਿਉ। ਬਾਤ ਉਨ੍ਹਾਂ ਦੀ ਮੈਨੂੰ ਆ ਕੇ ਦੱਸੋ ਨਾ, ਝੱਲਾ ਕਹਿੰਦੇ ਨੇ ਤਾਂ ਝੱਲਾ ਕਹਿਣ ਦਿਉ। ਸੱਚੇ ਦਿਲ ਤੋਂ ਉਸ ਨੂੰ ਸਿਜਦਾ ਕਰਨਾ ਹੈ, ਲੋਟਾ, ਤਸਬੀ ਅਤੇ ਮਸੱਲਾ ਰਹਿਣ ਦਿਉ। ਬਾਤ ਅਜੇ ਜਾਰੀ ਹੈ ਪਰਦਾ-ਦਾਰੀ ਦੀ, ਬੰਦ ਅਜੇ ਕਮਰੇ ਦਾ ਝੱਲਾ ਰਹਿਣ ਦਿਉ। ਇਕ ਵੀ ਅੰਕ ਬਣੇ ਨਾ ਭਾਵੇਂ ਉਲਫ਼ਤ ਦਾ, ਹੱਥਾਂ ਵਿਚ ਚਾਹਤ ਦਾ ਬੱਲਾ ਰਹਿਣ ਦਿਉ। ਕੁੱਝ ਦਿਨ ਸਾਹਸ ਦੇਖੋ ਹੋਰ ਅਦਾਵਾਂ ਦਾ, ਉਸ ਨੂੰ ਲਾਉਂਦੇ ਰੋਜ਼ ਟਪੱਲਾ ਰਹਿਣ ਦਿਉ। ਸੋਚ-ਸਮਝ ਕੇ ਗੱਡੀ ਤੋਰੋ ਅਕਲਾਂ ਦੀ, ਭਾਵੇਂ ਮਨ ਵਿਚ ਸ਼ੌਕ-ਕਵੱਲਾ ਰਹਿਣ ਦਿਉ। ਫੇਰ ਬੁਣਾਂਗੇ ਬਹਿ ਕੇ ਪਲੰਘ ਦਲੀਲਾਂ ਦਾ, ਚੌਖਟ ਵਿਚ ਸੋਚਾਂ ਦਾ ਮੱਲ੍ਹਾ ਰਹਿਣ ਦਿਉ। ਚਾਹਤ ਤੋਂ ਨਾ ਰੋਕੋ 'ਨੂਰ ਮੁਹੰਮਦ' ਨੂੰ, ਉਸ ਨੂੰ ਲੱਗਿਆ ਸ਼ੌਕ ਅਵੱਲਾ ਰਹਿਣ ਦਿਉ।
42. ਭੈਣ-ਭੁਲੱਪਣ-ਵਾਦ ਹੈ ਮੋਇਆ, ਰਿਸ਼ਤੇ ਸਹਿਕਣ ਸਾਹਵਾਂ ਦੇ
ਭੈਣ-ਭੁਲੱਪਣ-ਵਾਦ ਹੈ ਮੋਇਆ, ਰਿਸ਼ਤੇ ਸਹਿਕਣ ਸਾਹਵਾਂ ਦੇ। ਆਪਸ ਦੇ ਵਿਚ ਲੜ-ਲੜ ਮਰਦੇ, ਪੁੱਤਰ ਸਕੀਆਂ ਮਾਵਾਂ ਦੇ। ਆਲ੍ਹਣਿਆਂ ਵਿਚ ਲੁਕ ਕੇ ਬਹਿਣਾ, ਸਾਡੇ ਵਸ ਦਾ ਰੋਗ ਨਹੀਂ, ਝੁੰਡ ਦਿਸਣ ਅਸਮਾਨਾਂ ਉੱਤੇ, ਉੱਡਦੇ ਗਿਰਝਾਂ-ਕਾਵਾਂ ਦੇ। ਨਾਲ ਇਨ੍ਹਾਂ ਦੇ ਨਾਤਾ ਤਾਂ ਨਹੀਂ, ਕੋਈ ਇੱਲ੍ਹ-ਬਲਾਵਾਂ ਦਾ, ਸ਼ੱਕ ਦਰਖਤਾਂ ਉੱਤੇ ਕਰੀਏ, ਹੇਠ ਖਲੋ ਕੇ ਛਾਵਾਂ ਦੇ। ਕਰ ਨਾ ਸਕਿਆ ਫਿਰ ਵੀ ਮੋਹਿਤ, ਮੈਨੂੰ ਨਕਸ਼-ਨਿਗਾਰਾਂ 'ਤੇ, ਭਾਵੇਂ ਉਸ ਨੇ ਬਹੁਤ ਫਸਾਇਆ, ਪਾ ਕੇ ਜਾਲ ਅਦਾਵਾਂ ਦੇ। ਵਧਦੀ-ਵਧਦੀ ਨਸਲ-ਪਰਸਤੀ, ਫੈਲ ਗਈ ਸਭ ਥਾਵਾਂ 'ਤੇ, ਬਣਦੇ-ਬਣਦੇ ਬਣ ਗਏ ਝੱਖੜ, ਠੰਢੀਆਂ-ਠਾਰ ਹਵਾਵਾਂ ਦੇ। ਸੋਚ ਰਹੇ ਸਾਂ ਸੁੱਖੀ-ਸਾਂਦੀ, ਧਰਤੀ ਉੱਤੇ ਬੈਠਾਂਗੇ, ਐਪਰ ਲੋਕੀ ਕਰਨ ਤਿਆਰੀ, ਜੰਗ ਦੀ ਵਿੱਚ ਖ਼ਲਾਵਾਂ ਦੇ। ਦਿਲ ਦੀ ਤਪਦੀ ਧਰਤੀ ਉੱਤੇ, ਬੂੰਦ ਪਈ ਨਾ ਪਾਣੀ ਦੀ, ਭਾਵੇਂ ਉਸ ਨੇ ਵਾਲ ਖਿਲਾਰੇ, ਵਾਂਗੂੰ ਘੋਰ-ਘਟਾਵਾਂ ਦੇ। ਆਜ਼ਾਦੀ ਲੈ ਕੇ ਵੀ ਕੱਢਾਂ, ਵੇਲਾ ਵਾਂਗ ਗ਼ੁਲਾਮਾਂ ਦੇ, ਬੇੜੀ ਬਣ ਕੇ ਪੈਰੀਂ ਛਣਕਣ, ਦੋ-ਤਿਨ ਫੇਰੇ ਲਾਵਾਂ ਦੇ। ਸੋਚ ਮੇਰੀ ਦੇ ਦੀਦੇ ਪਰਖਣ, ਹਰ ਬੰਦੇ ਦੀ ਹਰਕਤ ਨੂੰ, ਬੈਠਾ ਸਾਰੀ ਦੁਨੀਆਂ ਦੇਖਾਂ, ਰਹਿ ਕੇ ਵਿਚ ਸੀਮਾਵਾਂ ਦੇ। ਪੈੜਾਂ ਲੱਭਦੇ ਫਿਰੀਏ, ਲੰਘੇ ਵਕਤ ਦੀਆਂ, ਪਰ ਲੱਭਣ ਨਾ, ਆਥਣ-ਤੜਕੇ ਦਿੰਦੀਆਂ ਸਨ ਜਦ, ਮਾਵਾਂ ਢੇਰ ਦੁਆਵਾਂ ਦੇ। ਟਿੱਚ ਸਮਝ ਕੇ ਤੁਰ ਜਾਂਦੇ ਸਾਂ, ਹਰ ਇਕ ਬਾਤ ਨਸੀਹਤ ਦੀ, ਚੇਤੇ ਆਉਂਦੇ ਨੇ ਹੁਣ ਆਖੇ, ਬੋਲ ਸੁਚੱਜੇ ਮਾਵਾਂ ਦੇ। ਕਪੜਾ-ਲੱਤਾ ਸਾਂਭਣ ਦੀ ਵੀ, ਹੁਣ ਤਾਂ ਸੁਰਤ-ਸੰਭਾਲ ਨਹੀਂ, ਉਮਰ-ਕੁਆਰੀ ਦੇ ਵਿਚ ਕਿੰਨੇ, ਸੁਫ਼ਨੇ ਦੇਖੇ ਲਾਵਾਂ ਦੇ। ਨਾ ਚਿੱਕੜ, ਨਾ ਟਿੱਬੇ-ਟੋਏ, ਹਰ ਥਾਂ ਸੜਕਾਂ ਬਣ ਗਈਆਂ, ਹੁਣ ਤਾਂ ਆਜਾ, ਇੱਟਾਂ-ਵੱਟੇ, ਮੁੱਕ ਗਏ ਨੇ ਰਾਹਵਾਂ ਦੇ। ਪੁੱਜ ਗਈ ਹੈ ਬੀਆ-ਬਾਨਾਂ ਤੀਕ ਅਬਾਦੀ ਸ਼ਹਿਰਾਂ ਦੀ, ਚੱਕ ਦਿੱਤੇ ਡਰ ਭੂਤ-ਚੁੜੇਲਾਂ, ਵਾਲੇ ਸੁੰਨੀਆਂ ਥਾਵਾਂ ਦੇ। ਬਹਿਜਾ ਕਿਧਰੇ ਸਬਰ-ਸ਼ੁਕਰ ਦੇ ਨਾਲ ਬਣਾ ਕੇ ਝੁੱਗੀ 'ਨੂਰ', ਥੱਕ ਜਾਵੇਂਗਾ ਤੱਕਦਾ-ਤੱਕਦਾ, ਨਕਸ਼ੇ ਮਹਿਲ-ਸਰਾਵਾਂ ਦੇ।
43. ਵੱਖ-ਹੋਣ ਦਾ ਇਰਾਦਾ ਕਰਕੇ ਹਾਂ ਬੈਠਿਆ ਮੈਂ
ਵੱਖ-ਹੋਣ ਦਾ ਇਰਾਦਾ ਕਰਕੇ ਹਾਂ ਬੈਠਿਆ ਮੈਂ। ਘੁੱਟ ਸਬਰ ਦਾ ਕਸੈਲਾ ਭਰ ਕੇ ਹਾਂ ਬੈਠਿਆ ਮੈਂ। ਕੁਝ ਲੋਕ ਸਮਝਦੇ ਨੇ, ਮੇਰੇ ਨਸੀਬ ਚੰਗੇ, ਪਰ ਦੂਰ ਹੋ ਕੇ ਉਸ ਤੋਂ, ਮਰ ਕੇ ਹਾਂ ਬੈਠਿਆ ਮੈਂ। ਰੋਕਾਂਗਾ ਪਾਰ ਜਾਣੋ ਕਿੱਦਾਂ ਇਰਾਦਿਆਂ ਨੂੰ, ਸੋਚਾਂ ਦੇ ਪਾਣੀਆਂ 'ਤੇ ਤਰ ਕੇ ਹਾਂ ਬੈਠਿਆ ਮੈਂ। ਅੱਜ ਆ ਕੇ ਪੁੱਛ ਰਹੇ ਨੇ ਮੇਰੇ ਹੀ ਯਾਰ ਮੈਨੂੰ, ਬ੍ਰਿਹਾ ਨੂੰ ਕਿਸ ਲਈ ਹੁਣ ਵਰ ਕੇ ਹਾਂ ਬੈਠਿਆ ਮੈਂ। ਸੀਮਤ ਨਹੀਂ ਹੈ ਜਿੱਤਣ ਤੱਕ ਜ਼ਿੰਦਗੀ ਦੀ ਬਾਜ਼ੀ, ਸੌ-ਵਾਰ ਜ਼ਿੰਦਗੀ ਨੂੰ ਹਰ ਕੇ ਹਾਂ ਬੈਠਿਆ ਮੈਂ। ਦਿੰਦਾ ਰਿਹਾਂ ਸਹਾਰਾ ਮੈਂ ਆਖ਼ਰੀ ਦਮਾਂ ਤੱਕ, ਆਖ਼ਰ ਨੂੰ ਸਾਂ ਤਾਂ ਕੱਚਾ ਖਰ ਕੇ ਹਾਂ ਬੈਠਿਆ ਮੈਂ। ਚਾਹੁੰਦਾ ਸਾਂ ਬਾਤ ਦਿਲ ਦੀ ਬੇਝਿਜਕ ਆਖ ਦੇਵਾਂ, ਐਪਰ ਸਮਾਂ ਜੋ ਆਇਆ ਠਰ ਕੇ ਹਾਂ ਬੈਠਿਆ ਮੈਂ। ਅੱਗਾਂ ਤੋਂ ਬਚ ਕੇ ਰਹੀਉ, ਲੋਕਾਂ ਨੂੰ ਸਬਕ ਦਿੰਦਾ, ਪੱਲਾ ਚਿੰਗਾੜੀਆਂ ਦਾ ਭਰ ਕੇ ਹਾਂ ਬੈਠਿਆ ਮੈਂ। ਹੁੰਦੇ ਨਹੀਂ ਸਾਂ ਜਿਸ ਦੇ ਸਾਹਾਂ ਤੋਂ 'ਨੂਰ' ਪਾਸੇ, ਨਜ਼ਰਾਂ ਤੋਂ ਦੂਰ ਹੋਣਾ ਜਰ ਕੇ ਹਾਂ ਬੈਠਿਆ ਮੈਂ।
44. ਵਿਰਲਾਂ ਚੋਂ ਝਾਤੀਆਂ ਨਾ ਮਹਿਬੂਬ ਮਾਰਦਾ
ਵਿਰਲਾਂ ਚੋਂ ਝਾਤੀਆਂ ਨਾ ਮਹਿਬੂਬ ਮਾਰਦਾ। ਕਿਸ ਆਸਰੇ ਮੈਂ ਵਿਹਲਾ ਵੇਲਾ ਗੁਜ਼ਾਰਦਾ। ਸੋਹਣੀ ਦੇ ਵਾਰਸਾਂ ਨੇ ਮੁੜ ਕੇ ਨਾ ਦੇਖਿਆ, ਕੀ ਹਾਲ ਹੈ ਝਨਾਂ ਦੇ ਕੰਢੇ ਤੋਂ ਪਾਰ ਦਾ। ਰੇਤੇ ਦੇ ਟਿੱਬਿਆਂ 'ਤੇ, ਝੱਖੜ ਦੇ ਦੌਰ ਵਿਚ, ਲੱਭੇ ਨਿਸ਼ਾਨ ਕਿੱਥੋਂ ਕੂੰਜਾਂ ਦੀ ਡਾਰ ਦਾ। ਕੰਡਿਆਂ ਦੇ ਆਸਰੇ ਕਦ ਖਿੜਦਾ ਗੁਲਾਬ ਹੈ, ਉਹ ਟਾਹਣੀਆਂ ਦੇ ਸਿਰ 'ਤੇ ਮੌਜਾਂ ਹੈ ਮਾਰਦਾ। ਮਿਲਣਾ ਹੈ ਮਿਲ ਲਵੋ ਪਰ, ਅੰਜਾਮ ਸੋਚ ਕੇ, ਕਰਦੇ ਨਾ ਲੋਕ ਸੌਦਾ ਅੱਜ-ਕਲ ਉਧਾਰ ਦਾ। ਕੱਚਿਆਂ 'ਤੇ ਕਰ ਭਰੋਸਾ ਡੋਬੀ ਹੈ ਜ਼ਿੰਦਗੀ, ਪੱਕਾ ਜੇ ਕੋਲ ਹੁੰਦਾ ਪਾਣੀ ਨਾ ਖਾਰਦਾ। ਪੜਦਾਦਿਆਂ ਦੇ ਵਾਂਗੂੰ ਦਾਦੇ ਵੀ ਜਾਣਗੇ, ਕਦ ਤੱਕ ਰਹੂਗਾ ਸਾਇਆ ਸਿਰ 'ਤੇ ਚਨਾਰ ਦਾ। ਧਰਦਾ ਹੈ 'ਨੂਰ' ਅਪਣੇ ਪੈਰਾਂ ਨੂੰ ਬੋਚ ਕੇ, ਬੜ੍ਹਕਾਂ ਕਿਸੇ ਦੀ ਸਹਿ 'ਤੇ ਐੇਵੇਂ ਨਹੀਂ ਮਾਰਦਾ।
45. ਜਿਉਂਦੇ ਰਹਿਣੈ? ਜਾਂ ਮਰਨਾ ਹੈ? ਸੋਚ ਲਵੋ
ਜਿਉਂਦੇ ਰਹਿਣੈ? ਜਾਂ ਮਰਨਾ ਹੈ? ਸੋਚ ਲਵੋ। ਕਿਸ ਬੰਦੇ ਨੇ ਕੀ ਕਰਨਾ ਹੈ? ਸੋਚ ਲਵੋ। ਪੈਰੀਂ ਬੇੜੀ ਪਾਉਣੀ ਹੈ ਤੂਫ਼ਾਨਾਂ ਦੇ? ਜਾਂ ਝੱਖੜ ਤੋਂ ਹੀ ਡਰਨਾ ਹੈ? ਸੋਚ ਲਵੋ। ਲਹਿਰਾਂ ਤੋਂ ਡਰਨਾ ਹੈ ਬੇੜੀ ਵਿਚ ਬਹਿ ਕੇ, ਜਾਂ ਲਹਿਰਾਂ ਉੱਤੇ ਤਰਨਾ ਹੈ? ਸੋਚ ਲਵੋ। ਭਾਈ-ਵਾਲੀ ਕਰਨੀ ਹੈ ਵਿਚ ਸੁੱਖਾਂ ਦੇ? ਜਾਂ ਕੱਲਿਆਂ ਹੀ ਦੁੱਖ ਜਰਨਾ ਹੈ? ਸੋਚ ਲਵੋ। ਲੂਣ ਲਗਾਉਣਾ ਹੈ ਨਫ਼ਰਤ ਦਾ ਜ਼ਖਮਾਂ 'ਤੇ, ਜਾਂ ਮਰਹਮ ਲਾ ਕੇ ਭਰਨਾ ਹੈ? ਸੋਚ ਲਵੋ। ਪਿਆਰ, ਮੁਹੱਬਤ, ਨਫ਼ਰਤ 'ਤੇ ਹਸਰਤ ਵਿੱਚੋਂ- ਕਿਹੜੀ ਨੂੰ ਕਿਸ ਥਾਂ ਧਰਨਾ ਹੈ? ਸੋਚ ਲਵੋ। ਲੈ ਜਾਣਾ ਹੈ ਚੁੱਕ ਕੇ ਪਾਰ ਉਮੀਦਾਂ ਨੂੰ, ਜਾਂ ਕੱਚਿਆਂ ਵਾਂਗੂੰ ਖਰਨਾ ਹੈ? ਸੋਚ ਲਵੋ। ਭੁੱਬਲ ਵਾਂਗੂੰ ਆਪਾ ਤਪਦਾ ਰੱਖਣਾ ਹੈ, ਜਾਂ ਬਰਫ਼ਾਂ ਵਾਂਗੂੰ ਠਰਨਾ ਹੈ? ਸੋਚ ਲਵੋ। ਕੁੱਝ ਨਾ ਕੁੱਝ ਕਰਨਾ ਪੈਣਾ ਹੈ ਹੱਕ ਲਈ, ਚੁੱਪ-ਚੁਪੀਤੇ ਨਾ ਸਰਨਾ ਹੈ? ਸੋਚ ਲਵੋ। ਹਿੰਮਤ ਦੀ ਪਗਡੰਡੀ ਪਕੜ ਪਹਾੜਾਂ 'ਤੇ, ਚੜ੍ਹਨਾਂ ਹੈ ਜਾਂ ਉੱਤਰਨਾ ਹੈ? ਸੋਚ ਲਵੋ। ਪਾਉਣਾ ਹੈ ਛੁਟਕਾਰਾ ਬੋਝਲ ਕਰਜ਼ੇ ਤੋਂ? ਸੂਦ ਅਜੇ ਇੰਜ ਹੀ ਭਰਨਾ ਹੈ? ਸੋਚ ਲਵੋ। ਕਰਨੀ ਹੈ ਰਖਵਾਲੀ ਖੜੀਆਂ ਫ਼ਸਲਾਂ ਦੀ, ਜਾਂ ਵਾੜਾਂ ਬਣ ਕੇ ਚਰਨਾ ਹੈ? ਸੋਚ ਲਵੋ। ਸੋਚ-ਸਮਝ ਕੇ ਦੱਸੋ 'ਨੂਰ ਮੁਹੰਮਦ' ਨੂੰ, ਜਿੱਤਣਾ ਹੈ ਜਾਂ ਕਿ ਮਰਨਾ ਹੈ? ਸੋਚ ਲਵੋ।
46. ਜੀਵਨ ਅਮੁੱਲਾ ਜਾਊ ਬੇਕਾਰ ਦੋਸਤੋ
ਜੀਵਨ ਅਮੁੱਲਾ ਜਾਊ ਬੇਕਾਰ ਦੋਸਤੋ। ਚੁੱਕੇ ਨਾ ਹੱਕ ਖ਼ਾਤਰ ਹਥਿਆਰ ਦੋਸਤੋ। ਕੀਤਾ ਹੈ ਵੈਰੀਆਂ ਨੇ ਘੂਰਣ ਦਾ ਹੌਸਲਾ, ਤਿੱਖੇ ਕਰੋ ਤੁਸੀਂ ਵੀ ਹਥਿਆਰ ਦੋਸਤੋ। ਧੁੰਦਾਂ 'ਚ ਖੋ ਗਿਆ ਹੈ ਅਮਨਾਂ ਦਾ ਰਾਸਤਾ, ਕੁੱਝ ਲੋਕ ਬਣ ਗਏ ਨੇ ਦੀਵਾਰ ਦੋਸਤੋ। ਬੁੱਕਲ 'ਚ ਰੱਖਦੇ ਨੇ ਛੁਰੀਆਂ ਲਕੋ ਕੇ ਉਹ, ਕਿਸ ਕਿਸ ਤੋਂ ਹੋ ਕੇ ਰਹੀਏ ਹੁਸ਼ਿਆਰ ਦੋਸਤੋ। ਖ਼ਤਰੇ 'ਚ ਪੈ ਗਈ ਹੈ ਜੱਗ ਦੀ ਸਲਾਮਤੀ, ਵਧਿਆ ਹੈ ਵੈਰੀਆਂ ਵਿਚ ਹੁਣ ਪਿਆਰ ਦੋਸਤੋ। ਜੜ ਤੋਂ ਮੁਕਾ ਕੇ ਰੋਕੋ ਕਣਕਾਂ ਦੇ ਨਾਸ਼ ਨੂੰ, ਖੁੱਡਾਂ 'ਚੋਂ ਜੌਂਧਰਾਂ ਦੀ ਮਿਕਦਾਰ ਦੋਸਤੋ। ਹੋਇਆ ਹੈ ਘਰ ਕੀ ਉਸ ਦੇ, ਤੜਕੇ ਨੂੰ ਦੇਖੀਉ, ਆਵੇਗਾ ਜਦ ਸਵੇਰੇ ਅਖ਼ਬਾਰ ਦੋਸਤੋ। ਦੁੱਖਾਂ 'ਚ ਜੂਝਦੇ ਨੂੰ ਦੇਖੇ ਇਹ ਦੂਰ ਤੋਂ, ਮਿੱਤਰ ਨਹੀਂ ਕਿਸੇ ਦਾ ਸੰਸਾਰ ਦੋਸਤੋ। ਹਰ ਦੌਰ ਵਿਚ ਪਿਆ ਹੈ ਲੋਕਾਂ ਨੂੰ ਜੂਝਣਾ, ਸੁਣਦੀ ਹੈ ਕਦ ਕਿਸੇ ਦੀ ਸਰਕਾਰ ਦੋਸਤੋ। ਖਾਣੀ ਹੈ ਕਿਰਤ ਕਰਕੇ ਰੋਟੀ ਜੇ ਹੱਕ ਦੀ, ਝੱਲੋ ਨਾ ਤਕੜਿਆਂ ਦੀ ਵੰਗਾਰ ਦੋਸਤੋ। ਇਕ ਦਿਨ ਜ਼ਰੂਰ ਜਿੱਤ ਦੇ ਜਸ਼ਨਾਂ ਨੇ ਜੰਮਣਾ, ਐਵੇਂ ਨਾ ਸੁੱਟ ਦਈਉ ਤਲਵਾਰ ਦੋਸਤੋ। ਆਉਂਦੇ 'ਤੇ ਆ ਕੇ ਲੰਘਦੇ ਰਹਿੰਦੇ ਨੇ ਉੱਪਰੋਂ, ਤੂਫ਼ਾਨ ਇਸ ਤਰ੍ਹਾਂ ਦੇ ਹਰ ਵਾਰ ਦੋਸਤੋ। ਸਿਦਕਾਂ ਦੀ ਆੜ ਲੈ ਕੇ ਦਿੰਦੇ ਨੇ ਜਾਨ ਕਿਉਂ, ਕੱਚੇ ਘੜੇ 'ਤੇ ਤਰ ਕੇ ਘੁਮਿਆਰ ਦੋਸਤੋ। ਉੱਤਰ 'ਚੋਂ ਦੂਰ ਧੱਕੋ ਦੁਸ਼ਮਣ ਦੇ ਕੱਠ ਨੂੰ, ਉੱਠੋ ਤੁਸੀਂ ਵੀ ਖਾ ਕੇ ਅੱਜ ਖਾਰ ਦੋਸਤੋ। ਲੈਂਦੇ ਰਹੋਗੇ ਕਦ ਤੱਕ ਸਿਰਦਰਦੀਆਂ ਤੁਸੀਂ, ਸਾਂਭੇ ਉਹ ਆਪ ਜਿਸ ਦੀ ਹੈ ਨਾਰ ਦੋਸਤੋ। ਜਿਸ ਦਿਨ ਵੀ ਮੇਲ ਹੋਇਆ ਆਖਾਂਗੇ 'ਨੂਰ' ਨੂੰ, ਨੰਗਾ ਕਰੇ ਬੁਰੇ ਦਾ ਕਿਰਦਾਰ ਦੋਸਤੋ।
47. ਸੋਹਣੇ ਫੁੱਲ ਸਜਾਏ ਉਸ ਨੇ, ਹੁਸਨ ਦੀਆਂ ਦੀਵਾਰਾਂ 'ਤੇ
ਸੋਹਣੇ ਫੁੱਲ ਸਜਾਏ ਉਸ ਨੇ, ਹੁਸਨ ਦੀਆਂ ਦੀਵਾਰਾਂ 'ਤੇ। ਐਪਰ ਮੋਹਿਤ ਕਰ ਨਾ ਸਕਿਆ, ਮੈਨੂੰ ਨਕਸ਼-ਨਿਗਾਰਾਂ 'ਤੇ। ਦੇਖ ਲਿਆ ਹੈ, ਹੋਰ ਕਿਸੇ ਵਲ, ਮੁੜਿਆ ਮੁੱਖ ਤਰੇਲਾਂ ਦਾ, ਸੋਗ ਨਹੀਂ ਐਵੇਂ ਹੀ ਛਾਇਆ, ਰਹਿੰਦਾ ਰੋਜ਼ ਬਹਾਰਾਂ 'ਤੇ। ਮੂੰਹ 'ਚੋਂ ਨਿਕਲੀ ਬਾਤ ਮੇਰੀ, ਲੋਕਾਂ ਨੇ ਸੁਣ ਹੀ ਲੈਣੀ ਹੈ, ਰੋਕ ਸਕੋ ਤਾਂ ਰੋਕ ਲਵੋ, ਸੈਂਸਰ ਲਾ ਕੇ ਅਖ਼ਬਾਰਾਂ 'ਤੇ। ਹਰ ਬੰਦਾ ਹੈ ਚੁੱਕੀ ਫਿਰਦਾ, ਮਨ ਵਿਚ ਪੰਡ ਹੰਕਾਰਾਂ ਦੀ, ਕਿਸ ਤੋਂ ਲੈ ਕੇ ਟਾਕੀ ਲਾਵਾਂ, ਨਫ਼ਰਤ ਦੇ ਲੰਗਾਰਾਂ 'ਤੇ। ਚੋਣਾਂ ਦੇ ਵਿਚ ਹੱਕ ਜਿਨ੍ਹਾਂ ਨੂੰ, ਦਿੱਤਾ ਕੰਮ ਸੰਵਾਰਣ ਦਾ, ਜੱਫਾ ਲਾ ਕੇ ਬੈਠ ਗਏ ਉਹ, ਸਾਡੇ ਹੀ ਅਧਿਕਾਰਾਂ 'ਤੇ। ਦੇਖ ਰਿਹਾ ਹਾਂ ਅਮਨਾਂ 'ਤੇ ਅੱਗਾਂ ਦੀ ਯਾਰੀ ਕਦ ਤਾਈਂ, ਘੁੱਗੀ ਜਦ ਤੋਂ ਬੈਠੀ ਹੈ , ਮੂਰਤ ਦੇ ਹਿੱਕ-ਉਭਾਰਾਂ 'ਤੇ। ਸੁੰਦਰਤਾ ਦੇ ਹੱਦਾਂ-ਬੰਨੇ, ਇੱਕੋ ਸਾਹ ਵਿਚ ਲੰਘ ਗਿਆ, ਐਸਾ ਰੂਪ ਪਟੋਲੇ ਵਰਗਾ ਚੜ੍ਹਿਆ ਮੇਰੇ ਯਾਰਾਂ 'ਤੇ। ਦਿਲ ਵਿਚ ਲੈ ਕੇ ਮਿੱਠੇ ਸੁਫ਼ਨੇ, ਤੋਰ ਲਵੋ ਰਥ ਯਾਦਾਂ ਦਾ, ਏਥੇ ਲੋਕ ਸਵਾਰੀ ਕਰਦੇ, ਖੰਭਾਂ ਦੀਆਂ ਉਡਾਰਾਂ 'ਤੇ। ਆਥਣ-ਤੜਕੇ ਸੁਫ਼ਨੇ ਫੁਰਦੇ, ਨਿੱਤ ਨਵੀਆਂ ਤਹਿਰੀਰਾਂ ਦੇ, ਮੇਰੀ ਸੋਚ-ਉਡਾਰੀ ਪੁੱਜੀ, ਫਿਰਦੀ ਐਨ ਨਿਖਾਰਾਂ 'ਤੇ। ਆਖ਼ਰ ਨੂੰ ਇਕ ਦਿਨ ਇੱਕੋ ਥਾਂ, ਸਭ ਕੱਠੇ ਹੋ ਜਾਵਾਂਗੇ, ਪੈਦਲ ਜਾ ਕੇ ਦੇਖ ਲਵੋ ਜਾਂ, ਚੱਲ ਕੇ ਦੇਖੋ ਕਾਰਾਂ 'ਤੇ। ਸੁਥਰੇ ਲੀੜੇ ਜੁੜ ਸਕਦੇ ਨੇ, ਨੰਗ ਢਕਣ ਨੂੰ ਮਾੜੇ ਨੂੰ, ਜਿੰਨਾਂ ਪੈਸਾ ਲਾ ਦਿੰਦੇ ਨੇ, ਤਕੜੇ ਹਾਰ-ਸ਼ਿੰਗਾਰਾਂ 'ਤੇ। ਨਿੱਤ ਦਿਹਾੜੇ ਵਧਦੇ ਜਾਵਣ ਵੈਰ-ਵਿਰੋਧ ਜ਼ਮਾਨੇ ਦੇ, ਜੰਗ ਕਦੋਂ ਜੰਮੂਗੀ ਰੱਬਾ, ਨਫ਼ਰਤ ਦੇ ਔਜ਼ਾਰਾਂ 'ਤੇ। ਅਪਣੀ ਖ਼ਾਤਰ ਨਿੱਤ ਨਵੀਂ ਤਕਨੀਕ ਉਭਾਰੀ ਜਾਂਦੇ ਨੇ, ਪਰ, ਪਾਬੰਦੀ ਲਾਵਣ ਛੋਟੇ, ਦੇਸਾਂ ਦੇ ਹਥਿਆਰਾਂ 'ਤੇ। ਸੋਹਲੇ ਗਾ ਕੇ ਦੇਖ ਲਵਾਂ ਮੈਂ ਵੀ ਤੇਰੀ ਵਡਿਆਈ ਦੇ, ਦੇਦੇ ਰੱਬਾ! ਜੀਵਨ ਨੂੰ ਸਾਹ, ਕੁਝ ਪਲ ਹੋਰ ਉਧਾਰਾਂ 'ਤੇ। 'ਨੂਰ' ਕਦੇ ਦੁਨੀਆਂ-ਦਾਰੀ ਤੋਂ, ਵਿਹਲਾ ਹੋ ਕੇ ਸੋਚ ਜ਼ਰਾ, ਹੋਰ ਕਦੋਂ ਤੱਕ ਲਿਟਦੇ ਰਹਿਣੈ, ਬ੍ਰਿਹਾ ਦੇ ਅੰਗਿਆਰਾਂ 'ਤੇ।
48. ਨੇੜੇ ਵਸਣਾ ਚਾਹੁੰਦਾ ਮੇਰਾ ਯਾਰ ਨਹੀਂ
ਨੇੜੇ ਵਸਣਾ ਚਾਹੁੰਦਾ ਮੇਰਾ ਯਾਰ ਨਹੀਂ। ਸਾਂਝੀ ਕਰਨੀ ਗ਼ੈਰਾਂ ਨਾਲ ਦੀਵਾਰ ਨਹੀਂ। ਉਹ ਕੀ ਜਾ ਕੇ ਮੰਜ਼ਿਲ ਦਾ ਮੂੰਹ ਚੁੰਮੇਗਾ, ਜਿਸ ਨੂੰ ਅਪਣੀ ਹਿੰਮਤ 'ਤੇ ਇਤਬਾਰ ਨਹੀਂ। ਦਿਲ ਤਾਂ ਚਾਹਵੇ ਦੇਖ ਲਵਾਂ ਮੁੱਖ ਸੂਰਜ ਦਾ, ਐਪਰ ਨਜ਼ਰਾਂ ਦੀ ਉੱਥੇ ਤੱਕ ਮਾਰ ਨਹੀਂ। ਗੱਲਾਂ ਸੋਚੇ ਰਸਮਾਂ ਪਿੱਛੇ ਤੁਰਣ ਦੀਆਂ, ਬੰਦਾ ਅੱਜ-ਕਲ ਦਾ ਐਨਾ ਬੇਕਾਰ ਨਹੀਂ। ਗ਼ਲਤ-ਬਿਆਨੀ ਕਰਦੇ ਨੂੰ ਕੁੱਝ ਕਹੀਉ ਨਾ, ਬੰਦਾ ਆਖ਼ਰ ਬੰਦਾ ਹੈ, ਅਵਤਾਰ ਨਹੀਂ। ਬਹੁਤ ਪਰ੍ਹਾਂ ਨੇ ਹੱਦਾਂ ਇਸ ਦਿਸ-ਹੱਦੇ ਤੋਂ, ਤੇਰੀਆਂ ਸੋਚਾਂ ਤੱਕ ਸੀਮਤ ਸੰਸਾਰ ਨਹੀਂ। ਇਕ ਦਿਨ ਮੈਂ ਵੀ ਇੰਜ ਬੁੱਢਾ ਹੋ ਜਾਵਾਂਗਾ, ਭਾਵੇਂ ਸੱਚ ਹੈ, ਪਰ ਆਉਂਦਾ ਇਤਬਾਰ ਨਹੀਂ। ਹਾਸੇ ਬਦਲੇ ਤੋਹਫ਼ੇ ਵਿਚ ਕਿੰਜ ਦੇ ਦੇਵਾਂ, ਮੇਰਾ ਜੀਵਨ ਇਕ ਸਸਤਾ ਉਪਕਾਰ ਨਹੀਂ। ਚੁੰਮ ਲਵਾਂ ਹੱਥ ਮਹਿੰਦੀ-ਰੰਗੇ ਧੁੱਪਾਂ ਦੇ, ਹੁਣ ਅਪਣੇ 'ਤੇ ਐਨਾ ਵੀ ਅਖ਼ਤਿਆਰ ਨਹੀਂ। ਭਾਵੇਂ ਮਿੱਟੀ ਉਹਲੇ ਹੈ, ਪਰ ਨੇੜੇ ਹੈ, ਉਹ ਨਜ਼ਰਾਂ ਦੇ ਦਿਸ-ਹੱਦੇ ਤੋਂ ਪਾਰ ਨਹੀਂ। ਸ਼ਫ਼ਕਤ ਨਾਲ ਬੁਲਾਵਾਂ ਛੋਟੇ ਵੀਰਾਂ ਨੂੰ, ਭਾਵੇਂ ਉਹ ਕਰਦੇ ਮੇਰਾ ਸਤਿਕਾਰ ਨਹੀਂ। ਲਾਭ ਇਹੋ ਹੈ ਸਮਝੋ ਛੋਟੇ ਟੱਬਰ ਦਾ, ਨਾਲ ਸਕੂਟਰ ਸਾਰਾਂ ਜਦ ਤੱਕ ਕਾਰ ਨਹੀਂ। ਨਿੱਤ-ਦਿਨ ਅੱਖ-ਮਟੱਕਾ ਲਾਵੇ ਗ਼ੈਰਾਂ ਨਾਲ, ਮੈਂ ਕੀ ਲੈਣੈਂ ਜਦ ਉਹ ਮੇਰੀ ਨਾਰ ਨਹੀਂ। ਕਿਉਂ ਨਾ ਰੋਜ਼ ਲੜਾਈ ਹੋਵੇ ਲੋਕਾਂ ਦੀ, ਏਸ ਵਤਨ ਵਿਚ ਕੋਈ ਵੀ ਸਰਕਾਰ ਨਹੀਂ। ਮੁੱਖ-ਮੁਰਝਾਏ ਕਹਿਣ ਕਹਾਣੀ ਅੰਦਰ ਦੀ, ਕੌਣ ਜ਼ਮਾਨੇ ਦੇ ਅੰਦਰ ਦੁਖਿਆਰ ਨਹੀਂ। ਅਪਣਾ ਅਕਸ ਸੁਧਾਰੋ ਪੰਚੋ ਕੌਮ ਦਿਉ, ਤਰਲੈ! 'ਨੂਰ ਮੁਹੰਮਦ' ਦਾ, ਵੰਗਾਰ ਨਹੀਂ।
49. ਭਾਵੇਂ ਕਿੰਨੀ ਵਾਰੀ ਸਭ ਕੁਝ ਖੋਇਆ ਹੈ
ਭਾਵੇਂ ਕਿੰਨੀ ਵਾਰੀ ਸਭ ਕੁਝ ਖੋਇਆ ਹੈ। ਐਪਰ ਆਪਾ ਸਾਬਤ ਰੱਖਿਆ ਹੋਇਆ ਹੈ। ਉਸ ਦਾ ਮਨ ਲੋਚੇ ਆਕਾਸ਼ੀਂ ਉੱਡਣ ਨੂੰ, ਜਿਸ ਨੇ ਪੁਸ਼ਤੋ-ਪੁਸ਼ਤੀ ਬੋਝਾ ਢੋਇਆ ਹੈ। ਬਹੁਤ ਸੁਖਾਇਆ ਪਾਉਡਰ ਪਾ-ਪਾ ਸਬਰਾਂ ਦਾ, ਤਾਂ ਵੀ ਅੱਥਰੂ ਅੱਖ ਦੇ ਵਿੱਚੋਂ ਚੋਇਆ ਹੈ। ਨੀਂਦ ਅਜੇ ਕੱਚੀ ਹੈ ਇਸ ਨੂੰ ਛੇੜੋ ਨਾ, ਮੁਸ਼ਕਿਲ ਨਾਲ ਦਿਲਾਂ ਦਾ ਦਿਲਬਰ ਸੋਇਆ ਹੈ। ਲ਼ੈਦਾ ਫਿਰੇ ਤਲਾਸ਼ੀ ਦੂਜੇ ਲੋਕਾਂ ਦੀ, ਜਿਸ ਨੇ ਮੁਜਰਮ ਬੁੱਕਲ ਵਿੱਚ ਲਕੋਇਆ ਹੈ। ਕਿੰਝ ਵਧੇਗੀ ਪੀੜ੍ਹੀ ਐਸੇ ਟੱਬਰ ਦੀ, ਜਨਮ ਸਮੇਂ ਜਿਸ ਦਾ ਹਰ ਬੱਚਾ ਮੋਇਆ ਹੈ। ਲੀੜਾ-ਲੱਤਾ ਕਿੰਜ ਬਚਾਉਂਦਾ ਭਿੱਜਣ ਤੋਂ, ਕੁੱਲੀ ਦੀ ਛੱਤ ਦਾ ਹਰ ਕੋਨਾ ਚੋਇਆ ਹੈ। ਲਗਦੈ ਉਸ ਦੇ ਸੇਜਲ ਨੈਣ ਨਹੀਂ ਡੁੱਲ੍ਹੇ, ਡੁਸਕ-ਡੁਸਕ ਕੇ ਹਰ ਇਕ ਤਾਰਾ ਰੋਇਆ ਹੈ। ਜੂਝ ਰਿਹਾ ਹਾਂ ਕੱਲਾ ਨਾਲ ਮੁਸੀਬਤ ਦੇ, ਜੱਗ ਸਾਰਾ ਹੀ ਸੁੱਖਾਂ ਪਾਸ ਖਲੋਇਆ ਹੈ। ਉਹ ਕਿਉਂ ਖ਼ੁਸ਼ੀ ਮਨਾਵੇ, ਰੋਵੇ ਜਾਂ ਸੋਵੇ, ਜਿਸ ਨੇ ਨਾ ਕੁਝ ਪਾਇਆ 'ਤੇ ਨਾ ਖੋਇਆ ਹੈ। ਅੱਚਨ-ਚੇਤੇ ਜਦੋਂ ਮੁਸੀਬਤ ਆਈ ਹੈ, ਬੰਦਾ ਹੋ ਕੇ ਉੱਠਿਆ ਨਵਾਂ-ਨਰੋਇਆ ਹੈ। ਉੱਥੇ ਖੜ੍ਹ ਕੇ ਪਰਖਾਂ ਰਿਸ਼ਤੇਦਾਰਾਂ ਨੂੰ, ਜਿੱਥੇ ਅੱਗੇ ਖਾਈ ਪਿੱਛੇ ਟੋਇਆ ਹੈ। ਪੈੜ ਮਿਰੀ ਨੂੰ ਨੱਪ ਕੇ ਕੱਲ੍ਹ ਤੁਰਦਾ ਸੀ ਜੋ- ਅੱਜ ਮੇਰੀ ਹਿੰਮਤ ਨੂੰ ਉਸ ਨੇ ਜ੍ਹੋਇਆ ਹੈ। ਇਲਜ਼ਾਮਾਂ ਦਾ ਕੀਚੜ ਪਾ ਕੇ ਮੱਧੋ ਨਾ, ਹੰਝੂਆਂ ਨਾਲ ਹੁਣੇ ਮੈਂ ਪੱਲੂ ਧੋਇਆ ਹੈ। ਸਿੱਲ੍ਹੇ ਪੱਲੂ ਦੀ 'ਵਾ ਤੋਂ ਅਹਿਸਾਸ ਕਰਾਂ, ਉਹ ਤਾਂ ਵਿਛੜਣ ਤੋਂ ਪਹਿਲਾਂ ਹੀ ਰੋਇਆ ਹੈ। ਅਪਣਾ ਕਹਿ ਕੇ ਕਾਹਨੂੰ ਧੋਖਾ ਖਾਵੇਂ 'ਨੂਰ', 'ਉਹ' ਉਸ ਦਾ ਹੈ, ਜਿਸ ਦੇ ਨਾਲ ਖਲੋਇਆ ਹੈ।
50. ਮਹਿੰਗੀ ਹੈ, ਪਰ ਹੈ ਨੇੜੇ ਮੇਰੇ ਮਕਾਨ ਤੋਂ
ਮਹਿੰਗੀ ਹੈ, ਪਰ ਹੈ ਨੇੜੇ ਮੇਰੇ ਮਕਾਨ ਤੋਂ। ਲੈਂਦਾ ਹਾਂ ਘਰ ਦਾ ਸੌਦਾ ਜਿਹੜੀ ਦੁਕਾਨ ਤੋਂ। ਇਕ ਜ਼ਿੰਦਗੀ 'ਚ ਭਾਵੇਂ ਇਕ ਵਾਰ ਹੀ ਉੜੋ, ਊਚੀ ਭਰੋ ਉਡਾਰੀ ਹਰ ਇਕ ਉਡਾਨ ਤੋਂ। ਰੁਝਿਆ ਹੈ ਦਿਲ ਅਜੇ ਤਕ ਉਸ ਦੀ ਤਲਾਸ਼ ਵਿਚ, ਪਾਸੇ ਜੋ ਰਹਿ ਗਿਆ ਹੈ ਜੱਗ ਦੇ ਧਿਆਨ ਤੋਂ। ਆਇਆ ਨਾ ਚੱਜ ਜਿਸ ਨੂੰ ਕੱਤਣ ਦਾ ਜ਼ਿੰਦਗੀ, ਕੀ ਆਸ ਉਸ ਕੁਚੱਜੀ ਫੂਹੜ 'ਰਕਾਨ' ਤੋਂ। ਮਨ ਦੀ ਭੜਾਸ ਕੱਢੋ ਐਪਰ ਇਹ ਸੋਚ ਕੇ, ਨਿਕਲੇਗਾ ਕੀ ਨਤੀਜਾ ਥੋਥੇ ਬਿਆਨ ਤੋਂ। ਕਠਨਾਈਆਂ ਦੇ ਅੱਗੇ ਗੋਡੇ ਨਹੀਂ ਟੇਕਦਾ, ਸਿੱਖਿਆ ਹੈ ਸਬਕ ਜਿਸ ਨੇ 'ਪੋਰਸ' ਮਹਾਨ ਤੋਂ। ਹੌਕੇ 'ਤੇ ਹਾਵਿਆਂ ਦੀ ਦਿੰਦਾ ਹੈ ਚਾਸ਼ਣੀ, ਚਾਹੁੰਦੇ ਹੋ ਹੋਰ ਇਸ ਤੋਂ ਵੱਧ ਕੀ ਜਹਾਨ ਤੋਂ। ਮੁੜ ਕੇ ਨਹੀਂ ਉਹ ਅਪਣੇ ਘਰ ਪਰਤਦਾ ਕਦੇ, ਬੋਲਾਂ ਦਾ ਤੀਰ ਛੁੱਟੇ ਜਿਹੜਾ ਕਮਾਨ ਤੋਂ। ਦੇਖਾਂਗੇ ਭੂਤਕਾਲ ਦੇ ਪੰਨੇ ਫ਼ਰੋਲ ਕੇ, ਬਣਿਆ ਹੈ ਹਿੰਦ ਸ਼ਾਇਦ ਹਿੰਦੂਸਤਾਨ ਤੋਂ। ਦਿੰਦੈ ਨਾ-ਸ਼ੁਕਰਿਆਂ ਨੂੰ ਰੋਟੀ 'ਤੇ ਦਾਲ ਉਹ, ਕੁਰਬਾਨ ਕਿਉਂ ਨਾ ਹੋਵਾਂ ਮੌਲਾ ਦੀ ਸ਼ਾਨ ਤੋਂ। ਸੱਧਰਾਂ ਦਾ ਖ਼ੂਨ ਕਰਕੇ ਫਿਰਦਾ ਹੈ ਆਖਦਾ, ਬੁੱਲ੍ਹਾਂ ਨੂੰ ਰੰਗ ਲੱਗਿਆ ਹੋਇਆ ਹੈ ਪਾਨ ਤੋਂ। ਪੈਰਾਂ ਦੀ ਪਹੁੰਚ ਰੱਖੀਂ ਚਾਦਰ ਦੇ ਨਾਪ ਦੀ, ਅੱਗੇ ਨਾ ਲੰਘ ਬਹੁਤਾ ਵਰਜਿਤ ਨਿਸ਼ਾਨ ਤੋਂ। ਉਲਝਣ 'ਚ ਪਾ ਨਾ ਬਹੁਤਾ ਮਨ ਦੀ ਉਡਾਨ ਨੂੰ, ਲੈਣਾ ਹੈ ਪਰਖ ਕੇ ਕੀ? ਤੂੰ ਆਸਮਾਨ ਤੋਂ। ਮੋਢੇ ਦੇ ਨਾਲ ਮੋਢਾ ਲਾ ਕੇ ਤੁਰੇ ਚਲੋ, ਕੁੱਝ ਲਾਭ ਤਾਂ ਉਠਾਉ ਜਗ ਦੇ ਗਿਆਨ ਤੋਂ। 'ਮੌਲਾ' ਵੀ ਸਾਥ ਦਿੰਦਾ ਹੈ 'ਨੂਰ' ਓਸ ਦਾ, ਤੁਰਦਾ ਹੈ ਸੇਧ ਲੈ ਕੇ ਜਿਹੜਾ 'ਕੁਰਆਨ' ਤੋਂ।
51. ਅਰਸ਼ਾਂ ਉੱਤੋਂ ਹੇਠ ਵਿਚਾਰੇ, ਉਤਰੇ ਨੇ
ਅਰਸ਼ਾਂ ਉੱਤੋਂ ਹੇਠ ਵਿਚਾਰੇ, ਉਤਰੇ ਨੇ। ਮੇਰਾ ਹਾਲ ਪੁੱਛਣ ਨੂੰ ਤਾਰੇ, ਉਤਰੇ ਨੇ। ਸ਼ੌਕ ਉਨ੍ਹਾਂ ਨੂੰ ਏਥੇ ਲੈ ਕੇ ਆਇਆ ਨਹੀ, ਜੰਨਤ ਦੇ ਵਿੱਚੋਂ ਦੁਰਕਾਰੇ, ਉਤਰੇ ਨੇ। ਕੱਲ੍ਹ ਤੱਕ ਮੁਸਕਾਨਾਂ ਦਾ ਦਰਿਆ ਵਗਦਾ ਸੀ, ਅੱਜ ਅੱਖਾਂ ਵਿੱਚੋਂ ਅੰਗਿਆਰੇ, ਉਤਰੇ ਨੇ। ਲੱਗੀ ਹੈ ਪੱਲੂ 'ਤੇ ਰੌਣਕ ਫੁੱਲਾਂ ਦੀ, ਚੁੰਨੀ ਉੱਤੇ ਚੰਦ-ਸਿਤਾਰੇ, ਉਤਰੇ ਨੇ। ਸੌਂਹਾਂ ਖਾਵੇ ਉਹ ਵੀ ਰੱਬ-ਰਸੂਲ ਦੀਆਂ, ਜਿਸ ਦੇ ਬੁੱਲ੍ਹਾਂ ਉੱਤੇ ਲਾਰੇ, ਉਤਰੇ ਨੇ। ਦੇਖਣ ਨੂੰ ਜੋ ਲੱਗਣ ਵਾਂਗ ਸੱਚਾਈ ਦੇ, ਪਰਖਣ ਉੱਤੇ ਬੇਇਤਬਾਰੇ, ਉਤਰੇ ਨੇ। ਵਾਹੇ, ਬੀਜੇ, ਗੁੱਡੇ, ਸਿੰਜੇ ਆਸਾਂ ਨੇ, ਐਪਰ ਫਲ ਕੌੜੇ 'ਤੇ ਖਾਰੇ, ਉਤਰੇ ਨੇ। ਤਰਸ ਕਰੋ ਨਾ ਉਸ ਦੇ ਸੇਜਲ ਨੈਣਾਂ 'ਤੇ, ਨਾ ਜਾਣੇ ਕੀ ਕਰਕੇ ਕਾਰੇ, ਉਤਰੇ ਨੇ। ਧਰਤੀ ਉੱਤੇ ਖੋਇਆ ਚਾਨਣ ਲੱਭਣ ਨੂੰ, ਸੁਣਿਐ ਚੰਨ ਤੋਂ ਕੁੱਝ ਲਿਸ਼ਕਾਰੇ, ਉਤਰੇ ਨੇ। ਲੱਭ ਰਿਹਾ ਸਾਂ ਉਸ ਨੂੰ ਪੈਦਲ ਲੋਕਾਂ ਚੋਂ, ਉਹ ਗੱਡੀ ਚੋਂ ਥੱਕੇ-ਹਾਰੇ, ਉਤਰੇ ਨੇ। ਚੜ੍ਹ ਬੈਠੇ ਸਨ ਜੋ ਟੈਂਕੀ ਦੀ ਟੀਸੀ 'ਤੇ, ਲੋਕੀ ਮਿੰਨਤਾਂ ਨਾਲ ਉਤਾਰੇ, ਉਤਰੇ ਨੇ। ਨਰਮ-ਮਲੂਕ ਪਿੰਡੇ 'ਤੇ ਸੱਟਾਂ ਖਾ ਕੇ ਉਹ, ਬੇਰੀ ਉੱਤੋਂ ਵੱਟੇ ਮਾਰੇ, ਉਤਰੇ ਨੇ। ਢਿੱਡਾਂ ਖ਼ਾਤਰ ਡਾਂਗਾਂ ਖਾਂਦੇ ਲੋਕਾਂ ਦੇ, ਮੂੰਹੋਂ ਨਵੇਂ-ਨਵੇਲੇ ਨਾਅਰੇ, ਉਤਰੇ ਨੇ। ਸ਼ੇਅਰ ਐਵੇਂ ਨਹੀਂ ਉਤਰੇ ਗ਼ਜ਼ਲ ਉਲੀਕਣ ਨੂੰ, ਨਿੱਗਰ ਚੇਤੇ ਨਾਲ ਉਤਾਰੇ, ਉਤਰੇ ਨੇ। ਮੈਂ ਇਸ ਪਾਸੇ ਕਰਾਂ ਉਡੀਕਾਂ ਆਉਣ ਦੀਆਂ, ਉਹ ਦਰਿਆ ਦੇ ਓਸ ਕਿਨਾਰੇ, ਉਤਰੇ ਨੇ। ਹਸ ਕੇ ਭੁੰਨਣ ਰੋਜ਼ ਪਰਾਗਾ ਸੱਧਰਾਂ ਦਾ, ਹਮਦਰਦਾਂ ਵਰਗੇ ਭਠਿਆਰੇ, ਉਤਰੇ ਨੇ। ਦੇਖਣ ਦੀ ਕਰ ਹਿੰਮਤ 'ਨੂਰ' ਜ਼ਮਾਨੇ ਨੂੰ, ਵਧ ਕੇ ਇਕ ਤੋਂ ਇੱਕ ਨਜ਼ਾਰੇ, ਉਤਰੇ ਨੇ।
52. ਤੁਰਨਾ ਹੈ, ਕਰ ਕੇ ਤੁਰਿਉ ਪਹਿਲਾਂ ਇਹ ਫ਼ੈਸਲਾ
ਤੁਰਨਾ ਹੈ, ਕਰ ਕੇ ਤੁਰਿਉ ਪਹਿਲਾਂ ਇਹ ਫ਼ੈਸਲਾ। ਜਾਣਾ ਹੈ ਲੈ ਕੇ ਕਿੱਥੇ ਲੋਕਾਂ ਦਾ ਕਾਫ਼ਲਾ। ਦੇਵੇ ਨਾ ਜਨਮ ਗੋਡੇ ਗਿੱਟੇ ਦੀ ਮੋਚ ਨੂੰ, ਵੱਟਾਂ ਬੇਗਾਨੀਆਂ 'ਤੇ ਚੱਲਣ ਦਾ ਹੌਸਲਾ। ਕੁਝ ਦੂਰ ਹੋ ਕੇ ਦੇਖੋ ਇਸ ਸ਼ਹਿਰ ਤੋਂ ਪਰੇ, ਦੇਖੀ ਨਹੀਂ ਹੈ ਜਿਸ ਨੇ ਜੀਵਨ ਚ ਕਰਬਲਾ। ਹਸਦੀ ਹੈ ਕਤਲ ਹੋ ਕੇ ਹਰ ਰੋਜ਼ ਜ਼ਿੰਦਗੀ, ਬੇਰੋਕ ਚੱਲ ਰਿਹਾ ਹੈ ਕਤਲਾਂ ਦਾ ਸਿਲਸਲਾ। ਰਾਵਣ ਦਾ ਬੁੱਤ ਹੈ ਇਹ, ਕੁੱਝ ਦੂਰ ਹੀ ਰਹੋ, ਅੰਦਰ ਤੋਂ ਹੁਣ ਨਹੀਂ ਹੈ ਇਨਸਾਨ ਖੋਖਲਾ। ਜਿੱਤਕੇ ਵੀ ਹਾਰਿਆ ਹੈ ਬੰਦਾ ਉਹ ਜ਼ਿੰਦਗੀ, ਲੱਗਿਆ ਹੈ ਜਿਸ ਦੇ ਦਿਲ ਨੂੰ ਹਾਰਨ ਦਾ ਤੌਖਲਾ। ਹੁਣ ਤੱਕ ਉਹ ਪੀ ਰਿਹਾ ਹੈ ਸੋਚਾਂ ਦੇ ਸੀਰਮੇ, ਉੱਠਿਆ ਸੀ ਦਿਲ 'ਚ ਗ਼ਜ਼ਲਾਂ ਲਿੱਖਣ ਦਾ ਵਲਵਲਾ। ਪਾਉਂਦਾ ਨਾ ਸਾਂਝ ਜੇ ਮੈਂ ਅੰਜਾਮ ਜਾਣਦਾ, ਐਨੀ ਗੰਭੀਰਤਾ ਤੱਕ ਪੁੱਜੇਗਾ ਮਾਮਲਾ। ਸਾਨੂੰ ਵੀ ਲੈ ਕੇ ਚੱਲੇ ਆਖਾਂਗੇ 'ਨੂਰ' ਨੂੰ, ਰਾਹ ਮੰਜ਼ਿਲਾਂ ਦਾ ਹੋਇਆ ਜਿਸ ਦਿਨ ਵੀ ਮੋਕਲਾ।
53. ਗੱਲਾਂ-ਗੱਲਾਂ ਦੇ ਵਿਚ ਐਸਾ, ਘੱਲੂ-ਘਾਰਾ ਕਰ ਦਿੱਤਾ
ਗੱਲਾਂ-ਗੱਲਾਂ ਦੇ ਵਿਚ ਐਸਾ, ਘੱਲੂ-ਘਾਰਾ ਕਰ ਦਿੱਤਾ। ਰਾਮ-ਕਹਾਣੀ ਕਹਿ ਕੇ ਦਿਲ ਨੂੰ, ਰੋਵਣ ਵਾਲਾ ਕਰ ਦਿੱਤਾ। ਰਲ ਕੇ ਬੈਠੇ ਰਿੰਦਾਂ ਦਾ ਅੱਡੋ-ਅੱਡ ਪਿਆਲਾ ਕਰ ਦਿੱਤਾ, ਆਪਸ ਦੇ ਵਿਚ ਝਗੜਣ ਦਾ ਸਭ, ਕੰਮ ਸੁਖਾਲਾ ਕਰ ਦਿੱਤਾ। ਕਾਹਤੋਂ ਨਾ ਉਸ ਭੋਲੀ-ਭਾਲੀ ਸੂਰਤ ਦਾ ਸਤਿਕਾਰ ਕਰਾਂ, ਮੇਰੀ ਖੱਜਲ-ਖ਼ੁਆਰੀ ਦਾ ਜਿਸ ਨੇ ਉਪਰਾਲਾ ਕਰ ਦਿੱਤਾ। ਕੁਝ ਪਲ ਮਹਿਫ਼ਲ ਦੇ ਵਿਚ ਆ ਕੇ ਰੂਪ-ਸ਼ਿੰਗਾਰੇ ਹੋਏ ਨੇ, ਹੌਕੇ-ਹਾਵੇ ਭਰਦਾ ਸਾਰਾ, ਆਲ-ਦੁਆਲਾ ਕਰ ਦਿੱਤਾ। ਲੋਕ-ਨਿਗਾਹਾਂ ਦੇ ਭਾਂਬੜ ਨੇ, ਰਾਖ ਬਣਾ ਕੇ ਸੱਧਰਾਂ ਦੀ, ਹੰਝੂਆਂ ਵਿੱਚ ਰਲਾ ਕੇ ਮੇਰਾ ਹੀ ਮੂੰਹ ਕਾਲਾ ਕਰ ਦਿੱਤਾ। ਚੰਨ ਦੇ ਉੱਤੇ ਛੱਡ ਕੇ ਤੁਰਿਆ ਜਦ ਮੈਂ ਸੋਚ-ਉਡਾਰੀ ਨੂੰ, ਲੋਕੀ ਪੁੱਛਣ ਤੂੰ ਇਹ ਕਾਹਤੋਂ ਕੰਮ-ਨਿਰਾਲਾ ਕਰ ਦਿੱਤਾ। ਸਿੱਖ ਲਿਆ ਹੈ ਜਦ ਤੋਂ ਧੰਦਾ ਉਸ ਨੇ ਗਊਆਂ ਪਾਲਣ ਦਾ, ਮੈਂ ਵੀ ਅਪਣੇ ਜੀਵਨ ਦਾ ਹਰ ਰੂਪ-ਗਵਾਲਾ ਕਰ ਦਿੱਤਾ। ਚੈਨ ਮਿਲਣ ਦਾ ਦਾਰੂ ਲੱਭੇ ਉਸ ਦੇ ਬੋਲਾਂ ਵਿੱਚੋਂ 'ਨੂਰ', ਜਿਸ ਨੇ ਘਰ ਤੋਂ ਬਾਹਰ ਅਪਣਾ ਹੀ ਘਰ ਵਾਲਾ ਕਰ ਦਿੱਤਾ।
54. ਮੇਰੀਆਂ ਸੋਚਾਂ ਮੇਰੀ ਖ਼ਾਤਰ ਖ਼ਰੀਆਂ ਨੇ
ਮੇਰੀਆਂ ਸੋਚਾਂ ਮੇਰੀ ਖ਼ਾਤਰ ਖ਼ਰੀਆਂ ਨੇ। ਕੁੱਝ ਲੋਕਾਂ ਨੇ ਐਵੇਂ ਗੱਲਾਂ ਕਰੀਆਂ ਨੇ। ਜਦ ਵੀ ਉਸ ਨੇ ਬੁਰੀਆਂ-ਭਲੀਆਂ ਕਹੀਆਂ ਨੇ, ਸਬਰ-ਸ਼ੁਕਰ ਦੇ ਨਾਲ ਅਸੀਂ ਸਭ ਜਰੀਆਂ ਨੇ। ਸੋਚਾਂ ਦੇ ਮਹਿਲਾਂ ਵਿਚ ਜੰਮੀਆਂ ਪਲੀਆਂ ਨੇ, ਗ਼ਜ਼ਲਾਂ, ਜੋ ਸਾਹਿਤ ਵਿਚ ਉੱਡਣ ਪਰੀਆਂ ਨੇ। ਉਹ ਕੀ ਸਾਗਰ ਦੀ ਡੂੰਘਾਈ ਮਿਣਨਗੀਆਂ, ਜੋ ਲਹਿਰਾਂ ਦੇ ਖੜਕੇ ਤੋਂ ਹੀ ਡਰੀਆਂ ਨੇ। ਭੜਕ ਰਹੇ ਨੇ ਸ਼ੋਅਲੇ ਭਾਵੇਂ ਨਫ਼ਰਤ ਦੇ, ਸਾਂਝ ਦੀਆਂ ਕੁੱਝ ਵੇਲਾਂ ਫਿਰ ਵੀ ਹਰੀਆਂ ਨੇ। ਬਹੁਤਾ ਕੁਝ ਆਖਣ ਨੂੰ ਹੁਣ ਮਜਬੂਰ ਨਾ ਕਰ, ਕਹਿ ਲਈਆਂ ਜੋ ਗੱਲਾਂ ਮੈਥੋਂ ਸਰੀਆਂ ਨੇ। ਰੋਣ ਕੋਈ ਨਾ ਆਇਆ ਮਰੀਆਂ- ਰੀਝਾਂ ਦੇ, ਵਰ੍ਹਿਆਂ ਤੋਂ ਵਿਹੜੇ ਵਿਚ ਵਿਛੀਆਂ ਦਰੀਆਂ ਨੇ। ਹੱਕੀ ਮੰਗਾਂ ਦੱਬਣ ਦੀ ਗ਼ਲਤੀ ਨਾ ਕਰ, ਸੌ ਵਾਰੀ ਇਹ ਦਬ ਕੇ ਫੇਰ ਉਭਰੀਆਂ ਨੇ। ਦਾਰੂ ਉਸ ਦਾ ਕਿੱਦਾਂ ਦਰਦ ਹਟਾਵੇਗੀ, ਜਿਸ ਦੇ ਗੁਰਦੇ ਵਿੱਚ ਅਜੇ ਪੱਥਰੀਆਂ ਨੇ। ਕਿਸ ਤੋਂ ਯਾਦ ਪਟਾਰੀ ਮੰਗਾਂ ਸਾਂਭਣ ਨੂੰ, ਸੋਚਾਂ ਨੇ ਲਾ ਦਿੱਤੀਆਂ ਫੇਰ ਸੱਥਰੀਆਂ ਨੇ। ਕਾਲੇ ਕੱਪੜੇ ਪਾ ਕੇ ਸੋਚਾਂ, ਸੋਚ ਦੀਆਂ, ਕਿਸ ਦੀ ਮੱਯਤ ਉੱਤੇ ਅੱਜ ਉਤਰੀਆਂ ਨੇ। ਵੱਤਰ ਵੇਲੇ ਉੱਗੀਆਂ ਫ਼ਸਲਾਂ ਆਸ ਦੀਆਂ, ਬਾਲ-ਵਰੇਸੇ ਵਿਚ ਹੀ ਪਸੂਆਂ ਚਰੀਆਂ ਨੇ। ਬੁਣ ਦਿੰਦੇ ਹਾਂ ਪਲ ਵਿਚ ਜਾਲ ਖ਼ੁਆਬਾਂ ਦੇ, ਸਾਡੇ ਹੱਥ ਵੀ ਕੁੱਝ ਤਾਂ ਕਾਰੀਗਰੀਆਂ ਨੇ। ਭਾਵੇਂ ਅੱਤ ਮਚਾਈ ਸਦਾ ਤੂਫ਼ਾਨਾਂ ਨੇ, ਕੰਧਾਂ ਜਦ ਵੀ ਢਹੀਆਂ ਫੇਰ ਉਸਰੀਆਂ ਨੇ। ਮੰਜ਼ਿਲ ਨੇੜੇ-ਤੇੜੇ ਜਾ ਕੇ 'ਸੋਚ' ਦੀਆਂ, ਡਿੰਘਾਂ ਕਿੰਨੀ ਵਾਰ ਪਹੇ ਵਿਚ ਮਰੀਆਂ ਨੇ। ਚੱਜ ਅਵੱਲੇ ਕਰ ਕੇ ਵਿੱਚ ਜਵਾਨੀ ਦੇ, ਰੀਝਾਂ ਖ਼ੌਫ਼-ਖ਼ੁਦਾ ਦਾ ਖਾ ਕੇ ਡਰੀਆਂ ਨੇ। ਸ਼ਗਨਾਂ ਵੇਲੇ ਸਈਆਂ ਪੁੱਛਣ ਦੁਲਹਨ ਨੂੰ, ਵਿੱਚ ਨਿਕਾਹ ਦੇ ਤੈਨੂੰ ਕਿੰਨੀਆਂ ਵਰੀਆਂ ਨੇ। ਲੋੜ ਮੁਤਾਬਕ ਸੀਤ-ਸੁਭਾਅ ਨਾ ਮਿਲਿਆ 'ਨੂਰ', ਹਰ ਚਿਹਰੇ ਦਾ ਸਾਗਰ ਨਜ਼ਰਾਂ ਤਰੀਆਂ ਨੇ।
55. ਦੇਖ ਕੇ ਚੱਲੋ ਹਵਾ ਮੁਤਵਾਲਿਉ
ਦੇਖ ਕੇ ਚੱਲੋ ਹਵਾ ਮੁਤਵਾਲਿਉ। ਜ਼ਿੰਦਗੀ ਐਵੇਂ ਲੁਟਾਵਣ ਵਾਲਿਉ। ਆਉਣ ਦੇਵੋ ਮੌਸਮਾਂ ਫਿਰ ਬੀਜਿਉ, ਬੀਜ ਨਾ ਐਵੇਂ ਗੰਵਾਉ ਕਾਹਲਿਉ। ਲਾਉਣ ਨੂੰ ਹਾਲੇ ਨਹੀਂ ਮਰਹਮ ਬਣੀ, ਕੌਮ ਦੇ ਮੁੱਖੜੇ 'ਤੇ ਉਭਰੇ ਛਾਲਿਉ। ਵੀਰਿਆਂ ਨੂੰ ਘਰ ਲਿਆਵਣ ਤਾਂ ਦਿਉ, ਭਾਬੀਆਂ ਛੇੜਾਂਗੇ ਫਿਰ ਸਰਵਾਲਿਉ। ਦੇਣਗੇ ਛਾਵਾਂ ਇਹ ਇਕ ਦਿਨ ਧੁੱਪ ਤੋਂ, ਹਿੰਮਤਾਂ ਦੇ ਘਰ ਬਣਾਵਣ ਵਾਲਿਉ। ਜਿਉਂਦਿਆਂ ਨੂੰ ਭਾਲ ਦੇਵੋ ਰੋਸ਼ਨੀ, ਕਬਰ 'ਤੇ ਭਾਵੇਂ ਨਾ ਦੀਵਾ ਬਾਲਿਉ। ਰਹਿਣ ਦੇਵੋ ਜੁੱਸਿਆਂ ਵਿਚ ਆਤਮਾ, ਮਰਨ ਪਿੱਛੋਂ ਕਫ਼ਨ ਭਾਵੇਂ ਲਾਹ ਲਿਉ। 'ਨੂਰ' ਹੁਣ ਹੁਸ਼ਿਆਰ ਹੋ ਕੇ ਜੀਅ ਲਵੋ, ਸੱਪ ਨਾ ਬੁੱਕਲ 'ਚ ਬਹੁਤੇ ਪਾਲਿਉ।
56. ਇਸ਼ਕ ਦਿਆਂ ਵਣਜਾਂ ਵਿਚ ਲੱਭਦੀ ਖੱਟੀ ਸੀ
ਇਸ਼ਕ ਦਿਆਂ ਵਣਜਾਂ ਵਿਚ ਲੱਭਦੀ ਖੱਟੀ ਸੀ। ਜਦ ਤੱਕ ਤੇਰੇ ਸ਼ਹਿਰ ਵਫ਼ਾ ਦੀ ਹੱਟੀ ਸੀ। ਜਿਸ ਪਲ ਤੇਰੇ ਨੈਣ ਸਿਤਾਰੇ ਗਿਣਦੇ ਸਨ, ਮੈਂ ਵੀ ਬਹਿ ਕੇ ਰਾਤ ਹਿਜਰ ਵਿਚ ਕੱਟੀ ਸੀ। ਧੂੜ ਪਈ ਸੀ ਜਿਹੜੀ ਉਸ ਦਿਨ ਮੁੱਖੜੇ 'ਤੇ, ਇਸ਼ਕ ਤੇਰੇ ਨੇ ਮੇਰੀ ਮਿੱਟੀ ਪੱਟੀ ਸੀ। ਮੁੱਲ ਜਦੋਂ ਪੈਂਦਾ ਸੀ ਉੱਥੇ 'ਯੂਸਫ਼' ਦਾ, ਅਸ਼ਰਫ਼ੀਆਂ ਤੁਲ ਟੱਕਰ ਲੈਂਦੀ ਅੱਟੀ ਸੀ। ਗੰਦਲ ਵਰਗੇ ਦਿਲ ਨੂੰ ਪਲ ਵਿਚ ਤੋੜ ਗਈ, ਦਿਲ 'ਤੇ ਫਿਰਦੀ ਜੋ ਯਾਦਾਂ ਦੀ ਜੱਟੀ ਸੀ। ਹੱਕ ਕਿਵੇਂ ਮਿਲਦਾ ਹੱਥਾਂ ਵਿਚ ਮੁਨਸਫ਼ ਦੇ, ਪਾਂਸਕ ਵਾਲੀ ਤੱਕੜੀ, ਖੋਟੀ ਵੱਟੀ ਸੀ। ਯਾਦ ਜਦੋਂ ਆਉਂਦੀ ਹੈ, ਰੋ ਲੈਂਦਾ ਹੈ 'ਨੂਰ', ਵਰ੍ਹਿਆਂ ਪਹਿਲਾਂ ਚਾਟ ਇਸ਼ਕ ਦੀ ਚੱਟੀ ਸੀ।
57. ਵੰਡਾਂ ਦੇ ਜੋ ਕਾਰੇ ਕੀਤੇ ਹੋਏ ਨੇ
ਵੰਡਾਂ ਦੇ ਜੋ ਕਾਰੇ ਕੀਤੇ ਹੋਏ ਨੇ। ਆਪ ਅਸੀਂ ਇਹ ਸਾਰੇ ਕੀਤੇ ਹੋਏ ਨੇ। ਬੇਸਮਝਾਂ ਨੇ ਬਸਤੇ ਅਪਣੇ ਜੀਵਨ ਦੇ, ਅਪਣੇ ਹੱਥੀਂ ਭਾਰੇ ਕੀਤੇ ਹੋਏ ਨੇ। ਕੁੱਝ ਲੋਕਾਂ ਨੇ ਬਸਤੀ ਸੁੰਦਰ ਰੱਖਣ ਨੂੰ, ਪਾਸੇ ਸਾਡੇ ਢਾਰੇ ਕੀਤੇ ਹੋਏ ਨੇ। ਅੱਗ ਮਿਲਣ ਦੀ ਲਾ ਕੇ ਸੱਦਣ ਵਾਲੇ ਨੇ, ਨਦੀਉਂ ਪਾਰ ਉਤਾਰੇ ਕੀਤੇ ਹੋਏ ਨੇ। ਜ਼ੁਲਮ ਦੀਆਂ ਹੱਦਾਂ ਨੇ ਚੜ੍ਹਦੇ ਤੋਂ ਲੈ ਕੇ, ਛਿਪਦੇ ਤੀਕ ਪਸਾਰੇ ਕੀਤੇ ਹੋਏ ਨੇ। ਮਸਲ-ਮਸਲ ਕੇ ਦੇਖਣ ਨਾਜ਼ੁਕ ਫੁੱਲਾਂ ਨੂੰ, ਕੱਠੇ ਜੋ ਹਤਿਆਰੇ ਕੀਤੇ ਹੋਏ ਨੇ। ਪਾਸੇ ਕਰਕੇ ਬੂੰਦਾਂ ਅਪਣੇ ਖ਼ੂਨ ਦੀਆਂ, ਦੁਸ਼ਮਣ ਵੱਧ ਪਿਆਰੇ ਕੀਤੇ ਹੋਏ ਨੇ। ਕਿੱਥੇ ਜਾਵਾਂ? ਯਾਦਾਂ ਦੇ ਹਰ ਕਿਣਕੇ ਨੇ, ਵਾਯੂ ਵਿਚ ਖਿਲਾਰੇ ਕੀਤੇ ਹੋਏ ਨੇ। ਭੁਗਤਾਂ ਰੋਜ਼ ਸਜ਼ਾਵਾਂ ਸੋਹਲ ਹਿਆਤੀ 'ਤੇ, ਐਸੇ ਜ਼ੁਲਮ ਨਿਆਰੇ ਕੀਤੇ ਹੋਏ ਨੇ। ਹਾਰਨ-ਵਾਲੇ ਖੇਡਣ ਵਿੱਚ ਮੈਦਾਨਾਂ ਦੇ, ਜਿੱਤਣ-ਵਾਲੇ ਬਾਹਰੇ ਕੀਤੇ ਹੋਏ ਨੇ। ਦਿਲ 'ਤੇ ਅੱਜ ਕਿਆਮਤ ਆਵਣ ਵਾਲੀ ਹੈ, ਉਸ ਨੇ ਰੂਪ-ਸ਼ਿੰਗਾਰੇ ਕੀਤੇ ਹੋਏ ਨੇ। ਉਹ ਕੀ ਸਮਝਣ ਮਹਿੰਗਾਈ ਨੂੰ, ਜਿਨ੍ਹਾਂ ਨੇ, ਭੁੱਖਾਂ ਨਾਲ ਗੁਜ਼ਾਰੇ ਕੀਤੇ ਹੋਏ ਨੇ। ਤਾਂਹੀਉਂ ਕੋਈ ਦੇਣ ਜ਼ਮਾਨਤ ਜਾਵੇ ਨਾ, ਕੰਮ ਜਹਾਨੋਂ ਬਾਹਰੇ ਕੀਤੇ ਹੋਏ ਨੇ। ਇਹ ਵਾਹਣ ਸਰਕਾਰੀ ਵਾਹਣ ਹੋਵਣਗੇ, ਸਾਂਭਣ ਬਾਝ ਖਟਾਰੇ ਕੀਤੇ ਹੋਏ ਨੇ। ਮੁੱਖ 'ਤੇ ਘੁੰਡ ਗਿਰਾ ਕੇ ਮੋਟੇ ਪੱਲੂ ਦਾ, ਉਹਲੇ ਚੰਦ ਸਿਤਾਰੇ ਕੀਤੇ ਹੋਏ ਨੇ। ਪਾਸੇ ਧਰ ਕੇ ਮੇਹਰਾਂ ਉਸ ਨੇ 'ਨੂਰ' ਦੀਆਂ, ਦੁਸ਼ਮਣ ਵੱਧ ਪਿਆਰੇ ਕੀਤੇ ਹੋਏ ਨੇ।
58. ਕੀਤਾ ਨਹੀਂ ਭਰੋਸਾ ਮੁੜ ਕੇ ਸ਼ਬਾਬ ਨੇ
ਕੀਤਾ ਨਹੀਂ ਭਰੋਸਾ ਮੁੜ ਕੇ ਸ਼ਬਾਬ ਨੇ। 'ਸੋਹਣੀ' ਨੂੰ ਡੋਬਿਆ ਹੈ ਜਦ ਤੋਂ 'ਚਨਾਬ' ਨੇ। ਆਥਣ ਤਾਂ ਹੋਣ ਦੇਵੋ, ਦੇਖੋ ਉਹ ਕੀ ਕਰੇ, ਰਾਤੀਂ ਸੀ ਹੱਥ ਦਿਖਾਏ ਜਿਸ ਨੂੰ ਸ਼ਰਾਬ ਨੇ। ਸੱਜਣਾਂ ਦੇ ਵਾਂਗ ਉਹ ਵੀ ਖ਼ੁਦ-ਗ਼ਰਜ਼ ਹੋ ਗਿਆ, ਦਿੱਤੀ ਕਦੇ ਨਾ ਖ਼ੁਸ਼ਬੂ ਮੈਨੂੰ ਗੁਲਾਬ ਨੇ। ਦੋ-ਪਲ ਦੀ ਪਿਆਸ ਸਹਿ ਕੇ ਮਹਿਸੂਸ ਹੋ ਗਿਆ, ਕਿੰਨੇ ਗੁਣਾਂ ਦੇ ਮਾਲਕ ਡੂੰਘੇ ਤਲਾਬ ਨੇ। ਮਹਿਰਮ ਦੀਆਂ ਲਿਟਾਂ ਨੂੰ ਉਹ ਛੇੜਦੇ ਰਹੇ, ਠੰਢੀ-ਹਵਾ ਦੇ ਬੁੱਲੇ ਕਿੰਨੇ ਖ਼ਰਾਬ ਨੇ। ਫੜ ਕੇ ਲਗਾਮ ਚੱਲਣ ਵਾਲਾ ਹੀ ਜਾਣਦੈ, ਜਾਣਾ ਹੈ ਲੈ ਕੇ ਮੈਨੂੰ ਕਿੱਥੇ ਜਨਾਬ ਨੇ। ਮੂੰਹ ਦਾ ਸੁਆਦ ਆਖ਼ਰ ਤੱਕ ਕਿਰਕਰਾ ਰਿਹਾ, ਸੱਧਰਾਂ ਦੇ ਜਦ ਵੀ ਉਸ ਨੇ ਭੁੰਨੇ ਕਬਾਬ ਨੇ। ਗਾਧੀ 'ਤੇ ਬੈਠ ਕੇ ਹੈ ਬਚਪਨ ਗੁਜ਼ਾਰਿਆ, ਜੰਮਦੇ ਹੀ ਪੁੱਤ-ਧੀਆਂ ਅੱਜ ਦੇ ਨਵਾਬ ਨੇ। ਸਭ ਜਾਣਦੇ ਨੇ, ਆਕੜ ਰੱਖਦਾ ਹਾਂ ਫੇਰ ਵੀ, ਮੈਨੂੰ ਜਵਾਨ ਕੀਤਾ ਹੋਇਐ ਖ਼ਜ਼ਾਬ ਨੇ। ਚੁੱਕਿਆ ਗਿਆ ਨਾ ਸਾਥੋਂ ਸੋਚਾਂ ਦੀ ਸੋਚ ਨੂੰ, ਸੱਜਣਾਂ ਦੇ ਬਹੁਤ ਊਚੇ-ਊਚੇ ਖ਼ੁਆਬ ਨੇ। ਚੜ੍ਹਦੇ ਸੀ ਪੈਰ ਧਰ ਕੇ ਕੁਰਸੀ ਦੀ ਧੌਣ 'ਤੇ, ਅੱਜ ਹਾਕਮਾਂ ਦੇ ਹੋਏ ਖ਼ਾਨੇ-ਖ਼ਰਾਬ ਨੇ। ਤੁਰਿਆ ਸਾਂ ਜਦ ਤਾਂ ਮਨ ਵਿਚ ਕਿੰਨੇ ਸਵਾਲ ਸਨ, ਚੁੱਪ-ਚਾਪ ਮੋੜ ਦਿੱਤਾ ਉਸ ਦੇ ਜਵਾਬ ਨੇ। ਕਰਦੇ ਨੇ ਮੌਜ-ਮਸਤੀ ਵਿਹਲੜ ਖ਼ੁਸ਼ਾਮਦੀ, ਅੱਜ-ਕਲ ਦੇ ਦਫ਼ਤਰਾਂ ਦੇ ਵੱਖਰੇ ਨਿਸਾਬ ਨੇ। ਬਸਤੀ ਦੇ ਨਾਲਿਆਂ ਵਿਚ ਫਿਰਦੀ ਹੈ ਭਟਕਦੀ, ਮੱਛੀ ਨੂੰ ਥਾਂ ਨਾ ਦਿੱਤੀ ਭੋਰਾ ਤਲਾਬ ਨੇ। ਕਰਦੇ ਹੋ ਸਾਜ਼ਸ਼ਾਂ ਕਿਉਂ ਦੁਨੀਆਂ ਦੇ ਵਾਸੀਉ, ਕੀ ਖੋਹ ਲਿਆ ਤੁਹਾਡਾ ਮੇਰੇ ਪੰਜਾਬ ਨੇ। ਸੌ ਵਾਰ ਮੰਗਿਆਂ ਵੀ ਮੋੜੇ ਨਾ 'ਨੂਰ' ਉਹ, ਉਸ ਆਦਮੀ ਦੇ ਕਿੰੰਨੇ ਕੱਚੇ ਹਿਸਾਬ ਨੇ।
59. ਮਹਿਬੂਬ ਦਾ ਇਸ਼ਾਰਾ, ਕਿਸ ਨੇ ਹੈ ਦੇਖਣਾ
ਮਹਿਬੂਬ ਦਾ ਇਸ਼ਾਰਾ, ਕਿਸ ਨੇ ਹੈ ਦੇਖਣਾ? ਡੁੱਬੇ ਤਾਂ ਮੁੜ ਕਿਨਾਰਾ, ਕਿਸ ਨੇ ਹੈ ਦੇਖਣਾ? ਦੁਨੀਆਂ ਤੋਂ ਦਿਲ ਹਟਾ ਕੇ, ਕੁਝ ਦੂਰ ਲੈ ਚਲੋ, ਮੁੜ ਸਾਥ ਦਾ ਨਜ਼ਾਰਾ, ਕਿਸ ਨੇ ਹੈ ਦੇਖਣਾ? ਤੱਕਣ ਦੇ ਹਾਲ ਉਸ ਦਾ, ਬਹਿ ਕੇ ਮੰਡੇਰ 'ਤੇ, ਫਿਰ ਚਾਂਦਨੀ ਦਾ ਦੁਆਰਾ, ਕਿਸ ਨੇ ਹੈ ਦੇਖਣਾ? ਮੁੜ ਜਾਣਗੇ ਥਲਾਂ ਤੋਂ, ਪੈੜਾਂ ਨੂੰ ਦੇਖ ਕੇ, ਤਲੀਆਂ ਦਾ ਹਾਲ ਸਾਰਾ, ਕਿਸ ਨੇ ਹੈ ਦੇਖਣਾ? ਖੇਡਣ ਦੇ ਮਨ ਲਗਾ ਕੇ, ਨੈਣਾਂ ਦੀ ਖੇਡ ਨੂੰ, ਮੁੜ ਹੁਸਨ ਬੇਮੁਹਾਰਾ ਕਿਸ ਨੇ ਹੈ ਦੇਖਣਾ? ਟੱਪਣ ਦੇ ਚਾਹਤਾਂ ਨੂੰ, ਵਸਲਾਂ ਦੀ ਸੇਜ 'ਤੇ, ਬਿਰਹਾ 'ਚ ਇਹ ਹੁਲਾਰਾ, ਕਿਸ ਨੇ ਹੈ ਦੇਖਣਾ? ਵੱਤਰ ਹੈ ਬੀਜ ਦੇਵੋ, ਬੂਟਾ ਮਿਲਾਪ ਦਾ, ਮੌਸਮ ਗਿਆ ਦੁਬਾਰਾ, ਕਿਸ ਨੇ ਹੈ ਦੇਖਣਾ? ਆਵੇਗਾ ਯਾਦ ਉਸ, ਨੂੰ ਮਹਿਲਾਂ 'ਚ ਪੁੱਜ ਕੇ, ਦਿਲਕਸ਼ ਹੁਸੀਨ ਢਾਰਾ, ਕਿਸ ਨੇ ਹੈ ਦੇਖਣਾ? ਜਿਹੜੇ ਨੂੰ ਡੇਗਿਆ ਹੈ, ਮਿੱਤਰ ਵਿਯੋਗ ਨੇ, ਕਿਸਮਤ ਦਾ ਉਹ ਸਿਤਾਰਾ, ਕਿਸ ਨੇ ਹੈ ਦੇਖਣਾ? ਕਰਨੀ ਹੈ ਮੂੰਹ ਦਿਖਾਈ, ਮਿਤਰਾਂ ਦੀ ਭੀੜ ਨੇ, ਐਬਾਂ ਦਾ ਬੋਝ ਭਾਰਾ, ਕਿਸ ਨੇ ਹੈ ਦੇਖਣਾ? ਕਰਦੇ ਨੇ ਕੱਠ ਲੋਕੀ, ਕੁਰਸੀ ਨੂੰ ਦੇਖ ਕੇ, ਚੰਗਾ-ਬੁਰਾ ਬੁਲਾਰਾ, ਕਿਸ ਨੇ ਹੈ ਦੇਖਣਾ? ਚੜ੍ਹਦੇ ਨੂੰ ਲੋਕ ਸਾਰੇ, ਕਰਦੇ ਸਲਾਮ ਨੇ, ਸੂਰਜ ਦਾ ਹੁਣ ਉਤਾਰਾ, ਕਿਸ ਨੇ ਹੈ ਦੇਖਣਾ? ਮਜਬੂਰੀਆਂ 'ਚ ਚਲਦਾ ਰਹਿੰਦਾ ਹੈ ਰੋਜ਼ ਜੋ, ਸੱਧਰਾਂ ਦੀ ਦਿਖ 'ਤੇ ਆਰਾ ਕਿਸ ਨੇ ਹੈ ਦੇਖਣਾ? 'ਏਹੋ ਹਮਾਰਾ ਜੀਵਨ' ਵਿਚ ਝਾਕਦਾ ਸੀ ਜੋ, ਵਸਦਾ ਉਹ ਪਿੰਡ ਗੁਆਰਾ, ਕਿਸ ਨੇ ਹੈ ਦੇਖਣਾ? ਤੁਰ ਜਾਣਗੇ ਨਿਗਾਹਾਂ, ਚਿਹਰੇ 'ਤੇ ਫੇਰ ਕੇ, ਧੁਖਦਾ ਇਹ ਦਿਲ ਦਾ ਹਾਰਾ, ਕਿਸ ਨੇ ਹੈ ਦੇਖਣਾ। ਤੱਕਿਆ ਨਾ 'ਨੂਰ' ਜਿਸ ਨੂੰ ਨਜ਼ਰਾਂ ਦੇ ਸਾਮ੍ਹਣੇ, ਉਸ ਸ਼ਹਿਰ ਦਾ ਮੁਨਾਰਾ, ਕਿਸ ਨੇ ਹੈ ਦੇਖਣਾ?
60. ਉਸ ਨਾਲ ਦਿਲ ਨੂੰ ਭੋਰਾ ਨਫ਼ਰਤ ਨਹੀਂ ਰਹੀ
ਉਸ ਨਾਲ ਦਿਲ ਨੂੰ ਭੋਰਾ ਨਫ਼ਰਤ ਨਹੀਂ ਰਹੀ। ਪਰ ਜੀਣ ਦੀ ਹੀ ਮੈਨੂੰ ਹਸਰਤ ਨਹੀਂ ਰਹੀ। ਦੁਨੀਆ ਦਾ ਹਰ ਪਰਿੰਦਾ ਬਣਿਆ ਹੈ ਧਾੜਵੀ, ਬਾਜ਼ਾਂ ਦੀ ਹੁਣ ਪੁਰਾਣੀ ਸ਼ੋਹਰਤ ਨਹੀਂ ਰਹੀ। ਖਿੰਡਰੇ ਨੇ ਰਸਤਿਆਂ ਵਿਚ ਕੰਡੇ, ਹੈਰਾਨ ਹਾਂ, ਪੁੱਜਣ ਦੀ ਪਾਸ ਉਸ ਦੇ ਹਿੰਮਤ ਨਹੀਂ ਰਹੀ। ਤਾਹੀਉਂ ਬਿਗਾਨਿਆਂ ਨੇ ਪਾਈਆਂ ਨੇ ਵੰਡੀਆਂ, ਹੱਥਾਂ 'ਚ ਅਪਣਿਆਂ ਦੇ ਤਾਕਤ ਨਹੀਂ ਰਹੀ। ਤੱਕਦਾ ਹਾਂ ਮੁੱਦਤਾਂ ਤੋਂ ਨੀਂਦਰ ਦੀ ਵਾਟ ਨੂੰ, ਪਹੁੰਚਣ ਦੀ ਸੁਪਨਿਆਂ ਤੱਕ ਮੁਹਲਤ ਨਹੀਂ ਰਹੀ। ਕਿੱਥੇ ਕਰਾਂ ਠਿਕਾਣਾ ਪਿੰਡਾਂ ਨੂੰ ਛੱਡ ਕੇ, ਸ਼ਹਿਰਾਂ ਦੀ ਵੀ ਤਾਂ ਚੰਗੀ ਹਾਲਤ ਨਹੀਂ ਰਹੀ। ਕਿਉਂ ਫੇਰਦੇ ਹੋ ਆਰਾ ਘਰ ਦੀ ਲਟੈਣ 'ਤੇ, ਪੁੱਛਣ ਦੀ ਅਪਣਿਆਂ ਨੂੰ ਹਿੰਮਤ ਨਹੀਂ ਰਹੀ। ਚਿੰਬੜੀ ਹੈ ਦਿਲ ਨੂੰ ਐਸੀ ਪੀੜਾ ਪਰੇਮ ਦੀ, ਦਾਰੂ ਵੀ ਕਰਨ ਉੱਤੇ ਰਾਹਤ ਨਹੀਂ ਰਹੀ। ਤੁਰਦਾ ਹੈ 'ਨੂਰ' ਅਪਣੇ ਰਾਹਾਂ ਨੂੰ ਠੋਰ ਕੇ, ਚੱਲਣ ਦੀ ਗ਼ੈਰ ਪਿੱਛੇ ਆਦਤ ਨਹੀਂ ਰਹੀ।
61. ਅਪਣੇ ਵਰਗਾ ਕਰ ਲੈਂਦੇ ਨੇ, ਅਪਣੇ ਨਾਲ ਰਲਾ ਕੇ ਮੈਨੂੰ
ਅਪਣੇ ਵਰਗਾ ਕਰ ਲੈਂਦੇ ਨੇ, ਅਪਣੇ ਨਾਲ ਰਲਾ ਕੇ ਮੈਨੂੰ। ਨਾ ਜਾਣੇ ਕੀ ਕਰ ਦਿੰਦੇ ਨੇ, ਘਰ ਵਿਚ ਲੋਕ ਬੁਲਾ ਕੇ ਮੈਨੂੰ। ਮੈਂ ਉਨ੍ਹਾਂ ਦੇ ਕੋਝੇ-ਕੋਝੇ, ਚਿਹਰੇ ਤੱਕਦਾ ਰਹਿ ਜਾਂਦਾ ਹਾਂ, ਖਿੜ-ਖਿੜ ਕਰ ਕੇ ਹਸ ਪੈਂਦੇ ਨੇ, ਜਦ ਉਹ ਲੋਕ ਰੁਆ ਕੇ ਮੈਨੂੰ। ਚਾਵਾਂ ਨਾਲ ਲਿਆਵਣ ਜਾ ਕੇ, ਲੋੜ ਦਿਆਂ ਬਾਜ਼ਾਰਾਂ ਵਿੱਚੋਂ, ਲੀਰਾਂ ਹੋਏ ਕੱਪੜੇ ਵਾਂਗੂੰ, ਸੁੱਟਣ ਦੂਰ ਹੰਢਾ ਕੇ ਮੈਨੂੰ। ਦਿਲ ਭਾਵੇਂ ਮੰਨੇ ਨਾ ਮੰਨੇ, ਪਰ ਜੱਗ ਦਾ ਦਸਤੂਰ ਏਹੋ ਹੈ, ਲੱਭ ਲਿਆਵਣਗੇ ਹੋਰਾਂ ਨੂੰ, ਇਕ ਦਿਨ ਯਾਰ ਭੁਲਾ ਕੇ ਮੈਨੂੰ। ਝਪਟ ਰਹੇ ਨੇ ਗਿਰਝਾਂ ਵਾਂਗੂੰ, ਲੋਕੀ ਮਾਲ ਪਰਾਇਆ ਕਹਿ ਕੇ, ਰੱਖ ਲਵੋ ਜੇ ਚਾਹਵੋ ਯਾਰੋ, ਬੁੱਕਲ ਵਿਚ ਛੁਪਾ ਕੇ ਮੈਨੂੰ। ਲੈ ਜਾਂਦੇ ਨੇ ਝੋਲੀ ਦੇ ਵਿਚ, ਹਾਸੇ ਦੇ ਸਭ ਦਾਣੇ ਪਾ ਕੇ, ਸੁੱਟ ਜਾਂਦੇ ਨੇ ਪੈਰਾਂ ਦੇ ਵਿਚ, ਤੂੜੀ ਵਾਂਗੂੰ ਗਾਹ ਕੇ ਮੈਨੂੰ। ਭਟਕ ਰਿਹਾ ਹੈ ਮੇਰੇ ਵਾਂਗੂੰ, ਜਿਹੜਾ ਆਪ ਕੁਰਾਹਾਂ ਦੇ ਵਿਚ, ਉਹ ਵੀ ਕਿੰਨਾ ਖ਼ੁਸ਼ ਹੋਵੇਗਾ, ਖੋਵਣ ਪਿੱਛੋਂ ਪਾ ਕੇ ਮੈਨੂੰ। ਖੋ ਜਾਂਦਾ ਹਾਂ ਤੱਕਦਾ-ਤੱਕਦਾ, ਭੀੜ-ਭੜੱਕਾ ਦੁਨੀਆਂ ਦਾ ਮੈਂ, ਲੈ ਜਾਂਦੇ ਨੇ ਹੁਸਨਾ ਵਾਲੇ, ਮੈਥੋਂ ਹੀ ਹਥਿਆ ਕੇ ਮੈਨੂੰ। ਯਾਦ ਜਦੋਂ ਆਵੇਗਾ ਉਸ ਨੂੰ, ਕਹਿਣਾ 'ਨੂਰ ਮੁਹੰਮਦ' ਵਾਲਾ, ਮੇਰੇ ਵਾਂਗੂੰ ਹੀ ਰੋਵੇਗਾ ਮੇਰਾ ਯਾਰ ਗੰਵਾਕੇ ਮੈਨੂੰ।
62. ਚੇਤਾ ਧਰਮਾਂ ਦੀ ਖ਼ਸਲਤ ਬਹੁ-ਰੰਗੀ ਦਾ
ਚੇਤਾ ਧਰਮਾਂ ਦੀ ਖ਼ਸਲਤ ਬਹੁ-ਰੰਗੀ ਦਾ। ਨਿੱਤ ਅਹਿਸਾਸ ਦਿਲਾਵੇ ਖ਼ਾਨਾ-ਜੰਗੀ ਦਾ। ਸਾਰੇ ਮੂੰਹ ਵਿਚ ਉਂਗਲਾਂ ਪਾ ਕੇ ਬੈਠ ਗਏ, ਭੇਤ ਜਦੋਂ ਖੁੱਲਿਆ ਸੂਰਤ ਦੋ-ਰੰਗੀ ਦਾ। ਭੁੱਲ ਗਏ ਉਹ ਚੇਤਾ ਵਕਤਾਂ ਦੀ ਮਾਰੀ, ਫਿੱਟ ਗਈ ਮੇਰੀ ਸੂਰਤ ਅਧ-ਰੰਗੀ ਦਾ। ਮਿਲਦਾ ਨਹੀਂ ਤਾਂ ਖੋਹਵੋ ਨਾਲ ਚਲਾਕੀ ਦੇ, ਹੱਕ ਕਦੇ ਨਹੀਂ ਹੱਥ ਵਧਾ ਕੇ ਮੰਗੀ ਦਾ। ਆਂਚ ਪਵੇ ਤੇਰੇ ਵੀ ਹਿਰਦਾ ਜੋਹ ਕੇ ਦੇਖ, ਸ਼ੌਕ-ਪਰਾਇਆ ਸੂਲੀ 'ਤੇ ਨਹੀਂ ਟੰਗੀ ਦਾ। ਤੰਗ-ਖ਼ਿਆਲੀ ਦੀ ਨਾ ਮੈਨੂੰ ਬੋਲੀ ਮਾਰ, ਕੀ ਹੋਇਆ ਜੇ ਵੇਲਾ ਹੈ ਹੱਥ-ਤੰਗੀ ਦਾ। ਅਮਲ ਨਾ ਉਸ ਨੇ ਕੀਤਾ ਏਸ ਨਸੀਹਤ 'ਤੇ, ਦੁੱਧ ਪਿਲਾਵਣ ਵਾਲੇ ਨੂੰ ਨਹੀਂ ਡੰਗੀ ਦਾ। ਕੀ ਅੰਦਾਜ਼ਾ ਲਾਵਾਂ ਓਸ ਸਰਾਫ਼ਤ ਤੋਂ, ਮੁੱਖੜਾ ਢਕਿਐ ਜਿਸ ਮੂਰਤ ਅਧ-ਨੰਗੀ ਦਾ। ਭਾਵੇਂ ਜਾਨ ਤਲੀ 'ਤੇ ਰੱਖੀਂ ਫਿਰਦੇ ਨੇ, ਤਾਂ ਵੀ ਫ਼ਿਕਰ ਕਰਨ ਉਹ ਸਾਥੀ-ਸੰਗੀ ਦਾ। ਇਸ ਚਾਤਰ ਦੇ ਸਾਏ ਤੋਂ ਕੁੱਝ ਦੂਰ ਰਵ੍ਹੀਂ, ਜਿਹੜਾ ਕਰ ਕੇ ਫਿਰਦੈ ਸਾਂਗ ਮਲੰਗੀ ਦਾ। ਅਪਣੀ ਹਰਕਤ ਉੱਤੇ ਆਪੇ ਹੱਸਿਆ ਸਾਂ, ਲਿਖਿਆ ਪੜ੍ਹ ਕੇ ਮੈਂ ਚਿੱਠੀ-ਬੈਰੰਗੀ ਦਾ। 'ਗੰਗੂ' ਦੀ ਹਰਕਤ 'ਤੇ ਹਿਰਦਾ ਕੰਬ ਗਿਆ, 'ਗੰਗੂ ਬਾਹਮਣ' ਦੇ ਘਰ ਬੈਠੀ 'ਗੰਗੀ' ਦਾ। ਉਹ ਮਸਤੀ ਵਿਚ ਸਾਰਾ ਜੀਵਨ ਕੱਟ ਗਿਆ, ਹਾਲ ਬੁਰਾ ਸੀ ਦਿਸਦਾ ਭਾਵੇਂ ਭੰਗੀ ਦਾ। ਸਮਝ ਜਦੋਂ ਨਾ ਆਈ ਥੱਕ ਕੇ ਬੈਠ ਗਏ, ਹਰ ਅੰਦਾਜ਼ ਨਵਾਂ ਸੀ ਚਾਲ ਤਿਲੰਗੀ ਦਾ। ਯਾਰਾਂ ਤੋਂ ਯਾਰੀ ਦਾ ਤੋਹਫ਼ਾ ਲੈਣ ਲਈ, 'ਨੂਰ' ਕਦੇ ਨਹੀਂ ਲੋਕਾਂ ਕੋਲੋਂ ਸੰਗੀ ਦਾ।
63. ਆਪੇ ਤੋਂ ਪਹਿਲਾਂ ਮਿਲ ਕੇ ਆਇਆ ਹਾਂ ਹੋਰ ਨੂੰ
ਆਪੇ ਤੋਂ ਪਹਿਲਾਂ ਮਿਲ ਕੇ ਆਇਆ ਹਾਂ ਹੋਰ ਨੂੰ। ਹੁਣ ਪਰਖਦਾ ਹਾਂ ਬੈਠਾ ਦੋਹਾਂ ਦੀ ਤੋਰ ਨੂੰ। ਉੱਡਿਆ ਹੈ ਜਿਹੜਾ ਅਪਣੀ ਮੰਜ਼ਿਲ ਨੂੰ ਮਿੱਥ ਕੇ, ਪੈਣਾ ਹੈ ਕੀ ਅੜਿੱਕਾ ਐਸੇ ਚਕੋਰ ਨੂੰ। ਕੱਟੀ ਹੈ ਜਦ ਤੋਂ ਗੁੱਡੀ ਸੁੰਦਰ ਫ਼ਰੇਬ ਨੇ, ਬੈਠਾ ਹਾਂ ਗੋਦ ਲੈ ਕੇ ਆਸਾਂ ਦੀ ਡੋਰ ਨੂੰ। ਰੋਂਦਾ ਸੀ ਉਹ ਤਾਂ ਅਪਣੇ ਪੈਰਾਂ ਨੂੰ ਦੇਖ ਕੇ, ਤੱਕਦਾ ਸੀ ਜਦ ਜ਼ਮਾਨਾ ਹਸ-ਹਸ ਕੇ ਮੋਰ ਨੂੰ। ਉਸ ਨਾਲ ਕੀ ਨਿਭੇਗੀ ਨਵਿਆਂ ਦੀ ਦੋਸਤੀ, ਕਹਿੰਦਾ ਹੈ ਜੋ ਪੁਰਾਣੀ ਹਰ ਸ਼ੈ ਨਕੋਰ ਨੂੰ। ਕਰਦਾ ਹੈ ਰੋਜ਼ ਹਰਕਤ ਆਦਤ ਦਾ ਮਾਰਿਆ, ਫੜ੍ਹ ਕੇ ਵੀ ਕੀ ਕਰਾਂਗੇ ਚੋਰਾਂ ਦੇ ਚੋਰ ਨੂੰ। ਆਪੇ ਨੂੰ ਉਸ ਦੇ ਪੈਰਾਂ ਵਿਚ ਰੋਲਿਆ ਵੀ, ਪਰ- ਕੱਢਿਆ ਨਾ ਉਸ ਨੇ ਦਿਲ ਚੋਂ ਨਫ਼ਰਤ ਦੇ ਖ਼ੋਰ ਨੂੰ। ਦੁਨੀਆਂ ਦੇ ਹਰ ਕਿਨਾਰੇ ਅਮਨਾਂ ਦੀ ਗਲ ਕਰੇ, ਵਿਗੜਣ ਤੋਂ ਰੋਕ ਬੰਦੇ ਸਿੱਧੇ-ਸਤੋਰ ਨੂੰ। ਹਾਕਮ ਨੂੰ ਕੌਣ ਆਖੇ ਸਮਝਣ ਦੀ ਬਾਤ ਕਰ, ਗਲੀਆਂ 'ਚ ਰੋਜ਼ ਉਠਦੇ ਲੋਕਾਂ ਦੇ ਸ਼ੋਰ ਨੂੰ। ਹਾਲੇ ਤਾਂ ਚੁੱਪ ਬੈਠਾ ਤਕਦੈ ਤੂਫ਼ਾਨ ਨੂੰ, ਕੱਲ੍ਹ ਕੀ ਕਹੂ ਜ਼ਮਾਨਾ ਟੁਟ-ਭੱਜ ਦੇ ਦੌਰ ਨੂੰ? ਪਾਈ ਨਾ ਨੱਥ ਜੇ ਕਰ ਕੀਮਤ ਦੇ ਜਿੰਨ ਨੂੰ, ਚੀਨੀ ਦੀ ਥਾਂ ਤੇ ਲੋਕੀ ਵਰਤਣਗੇ ਥ੍ਹੋਰ ਨੂੰ। ਥਾਂ-ਥਾਂ ਨਵੇਂ ਅੜਿੱਕੇ ਰਾਹਾਂ 'ਚ ਲੱਗ ਗਏ, ਹੱਦਾਂ ਨੂੰ ਟੱਪ ਕੇ ਕਿਵੇਂ ਜਾਈਏ ਲਹੌਰ ਨੂੰ। ਹਾਕਮ ਨੂੰ ਕੌਣ ਆਖੇ ਸਮਝਣ ਦੀ ਬਾਤ ਕਰ, ਗਲੀਆਂ-ਮੁਹੱਲਿਆਂ ਵਿਚ ਨਿਤ ਉਠਦੇ ਸ਼ੋਰ ਨੂੰ। ਡਿੱਗੇਗਾ ਫੜ-ਫੜਾ ਕੇ ਪੈਰਾਂ 'ਚ 'ਨੂਰ' ਦੇ, ਮਾਰਾਂਗੇ ਜਦ ਗੁਲੇਲਾ ਉਡਦੇ ਜਨੌਰ ਨੂੰ।
64. ਉਹ ਬਣਿਆ ਕਿੰਨਾ ਹਥਿਆਰਾ ਤੱਕਦਾ ਹਾਂ
ਉਹ ਬਣਿਆ ਕਿੰਨਾ ਹਥਿਆਰਾ ਤੱਕਦਾ ਹਾਂ। ਜੀਵਨ ਦਾ ਇਕ ਖ਼ਾਸ ਨਜ਼ਾਰਾ ਤੱਕਦਾ ਹਾਂ। ਦਿਲ ਉੱਪਰ ਜੋ ਪੈੜਾਂ ਪਾ ਕੇ ਲੰਘ ਜਾਵੇ, ਰੋਜ਼ ਨਵਾਂ ਇਕ ਉਸ ਦਾ ਲਾਰਾ ਤੱਕਦਾ ਹਾਂ। ਨਾਜ਼ੁਕ, ਨਰਮ, ਮਲੂਕ, ਉਮੀਦ ਕੁਆਰੀ ਦੇ- ਸਿਰ ਪਰ ਧਰਿਆ ਪੱਥਰ ਭਾਰਾ ਤੱਕਦਾ ਹਾਂ। ਬਿਰਹਣ ਰਾਤਾਂ ਨੂੰ ਜਦ ਕੋਠੇ ਚੜ੍ਹਦਾ ਹਾਂ, ਰੋਂਦਾ ਕਿਸਮਤ ਦਾ ਹਰ ਤਾਰਾ ਤੱਕਦਾ ਹਾਂ। ਜੋਬਨ ਰੁੱਤੇ ਤੱਕਿਆ ਜੋ ਮੁਸਕਾਨਾਂ ਚੋਂ, ਹੁਣ ਤਕ ਤੇਰਾ ਰੂਪ ਕੁਆਰਾ ਤੱਕਦਾ ਹਾਂ। ਏਅਰ-ਕੰਡੀਸ਼ਡ ਮਹਿਲਾਂ ਦੇ ਪਰਲੇ ਪਾਸੇ, ਧੁੱਪੇ ਸੜਦਾ ਅਪਣਾ ਢਾਰਾ ਤੱਕਦਾ ਹਾਂ। ਘੂਰਦੀਆਂ ਅੱਖਾਂ ਨਾਲ ਜਦ ਉਹ ਤੱਕਦਾ ਹੈ, ਜੀਵਨ ਦੇ ਹਰ ਸਾਹ ਨੂੰ ਖਾਰਾ ਤੱਕਦਾ ਹਾਂ। ਭੇਤ ਕਹੇਂ ਤਾਂ ਦਾਰੂ ਦੇਵਾਂ ਦੁੱਖਾਂ ਦਾ, ਦੁਖੀਆਂ ਨੂੰ ਹੀ ਮੈਂ ਦੁਖਦਾਰਾ ਤੱਕਦਾ ਹਾਂ। ਰੀਝਾਂ ਦੀ ਸੰਘੀ 'ਤੇ ਬਹਿ ਕੇ 'ਨੂਰ' ਲਈ, ਭਾਈਆਂ ਦਾ ਕੀਤਾ ਨਿਪਟਾਰਾ ਤੱਕਦਾ ਹਾਂ।
65. ਚੇਲਾ ਹਾਂ ਤਖ਼ਤ ਸਿੰਘ ਦਾ, ਅੰਜੁਮ ਦਾ ਵੀਰ ਹਾਂ ਮੈਂ
ਚੇਲਾ ਹਾਂ ਤਖ਼ਤ ਸਿੰਘ ਦਾ, ਅੰਜੁਮ ਦਾ ਵੀਰ ਹਾਂ ਮੈਂ। ਦੋਹਾਂ ਦੇ ਸੁਫ਼ਨਿਆਂ ਦਾ, ਸਾਂਝਾ ਸਫ਼ੀਰ ਹਾਂ ਮੈਂ। ਸਾਹਿਤ 'ਤੇ ਕਲਮ ਜਿਸ ਦੀ, ਤਲਵਾਰ ਬਣ ਕੇ ਚੱਲੀ, ਬੇਤਾਜ-ਬਾਦਸ਼ਾਹ ਦਾ, ਵੱਡਾ ਵਜ਼ੀਰ ਹਾਂ ਮੈਂ। ਇਕ ਬੂੰਦ ਮੇਲ ਦੀ ਨੂੰ, ਜਿਸ ਦੀ ਪਿਆਸ ਤੜਫ਼ੇ, ਬਿਰਹਾ ਦੇ ਕੱਲਰਾਂ ਵਿਚ, ਉੱਗਿਆ ਕਰੀਰ ਹਾਂ ਮੈਂ। ਝੁਕਿਆ ਹਾਂ ਯਾਰ ਖ਼ਾਤਰ, ਜੀਵਨ ਦੇ ਹਰ ਪੜਾਅ 'ਤੇ, ਉੱਚੇ ਇਰਾਦਿਆਂ ਦਾ, ਨਾਜ਼ੁਕ ਸਰੀਰ ਹਾਂ ਮੈਂ। ਮਾਯੂਸ ਹੋ ਕੇ ਪਰਤੇ, ਜਿਸ ਨੂੰ ਮਿਟਾਉਣ ਵਾਲੇ, ਮਹਿਰਮ ਦੇ ਦਿਲ 'ਤੇ ਉਕਰੀ ਐਸੀ ਲਕੀਰ ਹਾਂ ਮੈਂ। ਐਸਾ ਹਾਂ, ਬੜ੍ਹਕ ਮਾਰਾਂ, ਹਰ ਸ਼ੈ ਹਿਲਾ ਕੇ ਰੱਖਾਂ, ਪਰ ਅਪਣੀ ਸੋਚਣੀ ਵਿਚ, ਸਭ ਤੋਂ ਹਕੀਰ ਹਾਂ ਮੈਂ। ਮੰਗੇ ਬਿਨਾ ਹੈ ਮਿਲਦੀ, ਖ਼ੈਰਾਤ ਜਿਸ ਸਖ਼ੀ ਤੋਂ, ਐ ਯਾਰ! ਉਸ ਸਖ਼ੀ ਦੇ, ਦਰ ਦਾ ਫ਼ਕੀਰ ਹਾਂ ਮੈਂ। ਹੱਕਾਂ ਦੀ ਮੰਗ ਖ਼ਾਤਰ, ਦੇ ਕੇ ਦਰਾਂ 'ਤੇ ਧਰਨੇ, ਪੈਰਾਂ 'ਚ ਤਕੜਿਆਂ ਦੇ ਬੰਨ੍ਹੀ ਜੰਜੀਰ ਹਾਂ ਮੈਂ। ਹਰ ਰੋਜ਼ ਜਿਸ ਦੀ ਖ਼ਾਤਰ ਲਿਖਦਾ ਹੈ 'ਨੂਰ' ਗ਼ਜ਼ਲਾਂ, ਉਸ ਬੇ-ਵਫ਼ਾ ਦੇ ਸੇਜਲ, ਨੈਣਾਂ ਦਾ ਨੀਰ ਹਾਂ ਮੈਂ।