Sirjan-Dhara (Rachnatmik Gadd) : Bhushan Dhianpuri

ਸਿਰਜਣ-ਧਾਰਾ (ਰਚਨਾਤਮਿਕ ਗੱਦ) : ਭੂਸ਼ਨ ਧਿਆਨਪੁਰੀ (ਸੰਪਾਦਕ ਸੁਰਿੰਦਰ ਭੂਸ਼ਨ ਅਤੇ ਬਲੀਜੀਤ)

ਅੰਸ਼ੂ ਅਤੇ ਅਲੀ ਬੇਟੇ ਲਈ

ਬੱਚਿਆਂ ਨੂੰ
ਜਵਾਨ ਕਰਨ ਦਾ
ਇਹੋ ਇੱਕ ਤਰੀਕਾ ਹੈ
- ਯਵਤੂਸ਼ੈਂਕੂ

ਖ਼ਤ ਤੁਹਾਡੇ ਨਾਂ

ਤੁਹਾਨੂੰ ਗਿਆਂ ਕਈ ਵਰ੍ਹੇ ਲੰਘ ਗਏ । ਪਿਛਲੇ ਇੱਕ ਵਰ੍ਹੇ ਤੋਂ ਮੁੜ ਤੁਹਾਡੇ ਸਨਮੁਖ ਹੋ ਰਹੀ ਹਾਂ । ਇਹ ਮੁੜ-ਮਿਲਣੀ ਤੁਹਾਡੇ ਸ਼ਬਦਾਂ ਰਾਹੀਂ ਹੀ ਹੋ ਰਹੀ ਹੈ । ਮੇਰੀ ਸੋਚ ਸ਼ਬਦਾਂ ਦੀ ਜਾਦੂਗਰੀ ਵਿੱਚ ਹੀ ਉਲਝ ਜਾਂਦੀ ਹੈ । ਵਿਚਾਰਾਂ ਦੀ ਗਹਿਰਾਈ ਵਿੱਚ ਮੈਥੋਂ ਉਤਰਿਆ ਨਹੀਂ ਜਾਂਦਾ । ਤੁਹਾਡੇ ਲਿਖੇ ਅੱਖਰ 'ਕੱਠੇ ਕਰਦਿਆਂ ਤੁਹਾਡੇ ਆਪਣੇ ਹੱਥੀਂ ਆਪਣੇ ਪਾਠਕਾਂ ਨੂੰ ਲਿਖੇ ਦੂਸਰੇ ਲੰਮੇ ਖ਼ਤ 'ਸਿਰਜਣਧਾਰਾ' 'ਤੇ ਆ ਪਹੁੰਚੀ । ਇਸ ਸਾਰੇ ਅਮਲ 'ਚੋਂ ਗੁਜ਼ਰਦਿਆਂ ਮੈਂ ਮੁੜ ਤੁਹਾਨੂੰ ਮਿਲ ਸਕੀ । ਮੇਰੀ 'ਭੀਤਰ ਕੇ ਪਟ ਖੋਲ਼' ਵਾਲੀ ਅਵਸਥਾ ਸੀ । ਇਹ ਕਿਤਾਬ ਪਰਤ-ਦਰ-ਪਰਤ ਮੇਰੇ ਅੰਦਰ ਨਵੀਂ ਰਮਜ਼ ਖੋਲ਼ਦੀ ਗਈ । ਕਈ ਵਾਰ ਪਾਠ ਕੀਤਾ । ਕਰ ਰਹੀ ਹਾਂ । ਹਰ ਵਾਰ ਕੁਝ ਨਵਾਂ ਲੱਭਦਾ ਰਿਹਾ ਹੈ । ਸ਼ਾਇਦ ਇਸੇ ਕਰਕੇ ਦੁਬਾਰਾ ਸਮੁੱਚੇ ਰੂਪ ਵਿੱਚ ਤੁਹਾਨੂੰ ਤੁਹਾਡੇ ਪਾਠਕਾਂ ਨਾਲ ਮਿਲਾਉਣ ਦੀ ਨਿਮਾਣੀ ਜਹੀ ਕੋਸ਼ਿਸ਼ ਕਰ ਰਹੀ ਹਾਂ । ਪਾਠਕ ਜੋ ਹਮੇਸ਼ਾ ਤੁਹਾਨੂੰ, ਤੁਹਾਡੀਆਂ ਲਿਖਤਾਂ ਨੂੰ ਉਡੀਕਦੇ ਰਹਿੰਦੇ ਸਨ । ਇਹ ਵੀ ਮੇਰਾ ਭਰਮ-ਭੁਲੇਖਾ ਹੈ ਕਿ ਮੈਂ ਕੁਝ ਕਰ ਰਹੀ ਹਾਂ । ਇਹ ਫੁੱਲ ਤੁਹਾਡੇ । ਤੇ ਤੁਹਾਡੀ ਖੁਸ਼ਬੋਈ । ਇਸੇ ਲਈ ਇਹ ਪੁਸਤਕ 'ਸਿਰਜਣਧਾਰਾ' ਤਕਰੀਬਨ ਜਿਉਂ ਦੀ ਤਿਉਂ ਰੱਖੀ ਹੈ, ਬਿਨਾਂ ਕਿਸੇ ਛੇੜਖਾਨੀ ਤੋਂ, ਤੁਹਾਡੇ ਆਪਣੇ ਹੱਥੀਂ ਬਣਾਏ ਟਾਈਟਲ ਸਮੇਤ, ਉਹੀ ਡਿਜ਼ਾਈਨ ... ਉਹੀ ਪਹਿਲਾ ਪੰਨਾ ਤੇ ਉਹੀ ਡੈਡੀਕੇਸ਼ਨ ਅੰਸ਼ੂ ਅਤੇ ਅਲੀ ਲਈ, ਬੇਟੇ ਜੋ ਦੂਰ ਬੈਠੇ ਵੀ ਮੈਨੂੰ ਜਿਊਣ ਦਾ ਹੌਸਲਾ ਦਿੰਦੇ ਰਹਿੰਦੇ ਹਨ... ਹਾਂ, ਕੁਝ ਇਸੇ ਤਰਜ਼ ਦੀਆਂ ਲਿਖਤਾਂ ਜੋ 1982 ਦੇ ਐਡੀਸ਼ਨ ਵਿੱਚੋਂ ਰਹਿ ਗਈਆਂ ਜਾਂ ਬਾਦ ਵਿੱਚ ਲਿਖੀਆਂ, ਨਵੇਂ ਸਿਰਿਓਂ ਪਾ ਦਿੱਤੀਆਂ ।

ਆਪਣੇ ਬੱਚੇ ਬਲੀਜੀਤ ਦੇ ਰੁਝੇਵਿਆਂ ਬਾਰੇ ਮੇਰੇ ਤੋਂ ਵੀ ਵੱਧ ਤੁਹਾਨੂੰ ਪਤਾ ਹੁੰਦਾ ਸੀ ।

ਇਸ ਪੁਸਤਕ ਨੂੰ ਨੇਪਰੇ ਚਾੜ੍ਹਣ ਵਿੱਚ ਉਹ ਅੰਗਸੰਗ ਰਿਹਾ । ਇਹ ਉਸ ਦੀ ਜ਼ਿੰਮੇਵਾਰੀ ਵੀ ਸੀ । ਹੱਕ ਵੀ ।

ਓਹੀ ਆਪਣੇ ਪੁਰਾਣੇ ਘਰ
3236/2, 44 ਡੀ, ਚੰਡੀਗੜ੍ਹ ਵਿੱਚ
ਤੁਹਾਡੀ
ਸੁਰਿੰਦਰ ਭੂਸ਼ਨ

ਸਿਰਜਣ–ਧਾਰਾ

ਕਾਗਜ਼ ਕਾਲਾ ਕਰਨ ਤੋਂ ਪਹਿਲਾਂ :

ਬੱਚਾ ਦੋ ਦਿਨਾਂ ਤੋਂ ਕੁਝ ਢਿੱਲਾ ਸੀ । ਡਾਕਟਰ ਦੀ ਸਲਾਹ ਮੰਨ ਕੇ ਅਸੀਂ ਉਸਨੂੰ ਸਿਰਫ਼ ਪੀਣ ਲਈ ਹੀ ਦੇ ਰਹੇ ਸਾਂ, ਖਾਣ ਲਈ ਕੁਝ ਨਹੀਂ । ਉਹ ਗੱਲ ਸਮਝ ਗਿਆ ਸੀ ਤੇ ਖਾਣ ਲਈ ਬਹੁਤੀ ਜ਼ਿਦ ਵੀ ਨਹੀਂ ਸੀ ਕਰਦਾ । .....ਮੈਂ ਰੋਟੀ ਖਾਣ ਬੈਠਾ । ਉਹ ਮੇਜ਼ ਦੇ ਆਲੇ ਦੁਆਲੇ ਘੁੰਮੀ ਗਿਆ । ਫਿਰ ਉਹਦੇ ਕੋਲੋਂ ਜਿਵੇਂ ਰਿਹਾ ਨਾ ਗਿਆ: 'ਪਾਪਾ ਰੋਟੀ ਖਾਣੀ ਐ । ਪਾਪਾ ਰੋਟੀ......' – ਮੈਂ ਝਿੜਕਿਆ । ਮੇਰੀਆਂ ਘੂਰਦੀਆਂ ਹੋਈਆਂ ਅੱਖਾਂ ਵਿੱਚ ਆਪਣੀਆਂ ਅਤਿ ਮਾਸੂਮ ਅੱਖੀਆਂ ਪਾ ਕੇ ਕਹਿਣ ਲੱਗਾ: 'ਪਾਪਾ, ਮਾਰਦੇ ਕਿਉਂ ਓ? ਮੈਂ ਕੋਈ ਰੋਟੀ ਥੋੜ੍ਹਾ ਮੰਗਦਾ ਸੀ, – ਮੈਂ ਤਾਂ ਰੋਟੀ ਦਾ ਗੀਤ ਗਾਉਂਦਾ ਸੀ ।' – ਤੇ ਫਿਰ ਉਹ ਸਿਰਹਾਣੇ 'ਤੇ ਮੂੰਹ ਭਾਰ ਲੇਟ ਕੇ ਪੂਰੇ ਲੈਅ–ਤਾਲ ਵਿੱਚ ਕਿੰਨੀ ਹੀ ਦੇਰ ਗੌਂਦਾ ਰਿਹਾ: 'ਪਾਪਾ ਰੋਟੀ ਖਾਣੀ ਐ! ਪਾਪਾ ਰੋਟੀ...... ।'

•••

ਤੇ ਮੈਂ ਇਹ ਸਮਝਦਾ ਹਾਂ ਕਿ ਜਿਹੜੀਆਂ ਗੱਲਾਂ ਨੂੰ ਸਾਨੂੰ ਝਿੜਕਾਂ ਪੈਣ ਦਾ ਡਰ ਹੁੰਦਾ ਹੈ, ਜਾਂ ਜਿਹੜੀਆਂ ਚੀਜ਼ਾਂ ਅਸੀਂ ਜ਼ਿੰਦਗੀ ਵਿੱਚ ਪ੍ਰਾਪਤ ਨਹੀਂ ਕਰ ਸਕਦੇ, ਉਨ੍ਹਾਂ ਦਾ ਇਜ਼ਹਾਰ ਕਵਿਤਾ ਰਾਹੀਂ ਕਰਦੇ ਹਾਂ । ਜਾਂ ਇਉਂ ਕਹਿ ਲਵੋ ਕਿ ਕਵਿਤਾ ਸਾਡੀ ਨਮੋਸ਼ੀ ਦਾ ਕੱਜਣ ਹੁੰਦੀ ਹੈ । ਪਰ ਮੈਨੂੰ ਨਮੋਸ਼ੀ ਇਸ ਗੱਲ ਦੀ ਹੈ ਕਿ ਜਿਹੜੀ ਗੱਲ ਦਾ ਮੈਨੂੰ ਵੀਹਾਂ ਵਰ੍ਹਿਆਂ ਦਾ ਹੋ ਕੇ ਪਤਾ ਲੱਗਿਆ, ਉਸ ਬਾਰੇ ਮੇਰਾ ਸਾਢੇ ਤਿੰਨ ਸਾਲ ਦਾ ਬੱਚਾ ਮੇਰੇ ਨਾਲੋਂ ਵੱਧ ਸਪੱਸ਼ਟ ਹੈ । ਉਹ ਕਵਿਤਾ ਅਤੇ ਵਾਰਤਕ ਵਿਚਲਾ ਅੰਤਰ ਜਾਣਦਾ ਹੈ । ਤਿੰਨ–ਚਾਰ ਸਾਲ ਪਹਿਲਾਂ ਮੈਂ ਇੱਕ ਲੇਖ ਲਿਖਿਆ ਸੀ: ਕਵਿਤਾ ਦਾ ਯੁੱਗ ਬੀਤ ਗਿਆ । ਮੈਂ ਪੂਰੀ ਸ਼ਿੱਦਤ ਨਾਲ ਮਹਿਸੂਸ ਕੀਤਾ ਸੀ ਕਿ ਅੱਜ ਦੇ ਸਮੇਂ ਵਿੱਚ ਆਪਣੀ ਗੱਲ ਦੂਜਿਆਂ ਤੱਕ ਅਸਰਦਾਰ ਢੰਗ ਨਾਲ ਪਹੁੰਚਾਉਣ ਲਈ ਕਵਿਤਾ ਕਾਰਗਰ ਹਥਿਆਰ ਨਹੀਂ ਰਿਹਾ । ਪਰ ਮੇਰਾ ਬੱਚਾ ਹੁਣ ਤੋਂ ਹੀ ਜਾਣਦਾ ਹੈ ਕਿ ਕਵਿਤਾ ਸਿਰਫ਼ ਮਾਨਣ ਵਾਲੀ ਚੀਜ਼ ਹੈ, ਸਮਝਣ ਵਾਲੀ ਨਹੀਂ । ਮੇਰੀ ਸਮਝ ਨੂੰ ਸਗੋਂ ਉਹ ਭੋਲੇ ਭਾਅ ਡਾਂਟ ਜਾਂਦਾ ਹੈ: ਤੂੰ ਸੱਚੀ ਮੁੱਚੀ ਰੋਟੀ ਸਮਝ ਗਿਐਂ? ਸ਼ੁਦਾਈਆ! ਮੈਂ ਤਾਂ ਰੋਟੀ ਦਾ ਗੀਤ ਗੌਂਦਾ ਸੀ!!

ਇੱਕੋ ਵੇਲੇ ਕਵਿਤਾ ਅਤੇ ਬੱਚੇ ਦੀ ਗੱਲ ਮੇਰੇ ਕੋਲੋਂ ਸਹਿਵਨ ਹੀ ਹੋ ਗਈ ਹੈ: ਪਰ ਸ਼ਾਇਦ ਇਹ ਕੁਦਰਤੀ ਅਮਲ ਹੈ; – ਕਿਉਂਕਿ ਦਲੀਲ ਦੀ ਤੰਦ ਵੀ ਏਥੋਂ ਹੀ ਸ਼ੁਰੂ ਹੁੰਦੀ ਹੈ । ਮੈਨੂੰ ਹੁਣ ਉਸ ਸੰਸਾਰ ਪ੍ਰਸਿੱਧ ਵਿਦਵਾਨ ਦਾ ਨਾਂ ਨਹੀਂ ਚੇਤੇ ਆ ਰਿਹਾ ਜਿਸ ਨੇ ਕਦੇ ਕਿਹਾ ਸੀ ਕਿ ਸਮੁੱਚੇ ਮਾਨਵ ਸਮਾਜ ਨੂੰ ਜੇ ਇੱਕ ਪਰਿਵਾਰ ਮੰਨ ਲਈਏ ਤਾਂ ਕਵੀ ਦੀ ਸਥਿਤੀ ਇੱਕ ਬੱਚੇ ਵਾਲੀ ਬਣਦੀ ਹੈ । ਅਰਥਾਤ ਕਿਸੇ ਕਵੀ ਦੀਆਂ ਕਵਿਤਾਵਾਂ ਸੁਣ ਕੇ ਸਾਨੂੰ ਓਵੇਂ ਹੀ ਖ਼ੁਸ਼ ਹੋਣਾ ਚਾਹੀਦਾ ਹੈ, ਜਿਵੇਂ ਆਪਣੇ ਬੱਚੇ ਦੀਆਂ ਤੋਤਲੀਆਂ ਤੇ ਬੇ–ਸਿਰ ਪੈਰ ਗੱਲਾਂ ਸੁਣ ਕੇ ਹੁੰਦੇ ਹਾਂ । ਚਲੋ, ਜੇ ਗੱਲ ਸਿਰਫ਼ ਖ਼ੁਸ਼ ਹੋਣ ਤੱਕ ਹੀ ਹੈ, ਤਾਂ ਮੰਨ ਲੈਂਦੇ ਹਾਂ । ਪਰ, ਉਨ੍ਹਾਂ 'ਤੋਤਲੀਆਂ' ਗੱਲਾਂ ਦੀ ਵਿਆਖਿਆ ਤਾਂ ਨਹੀਂ ਕੀਤੀ ਜਾਂਦੀ! ਅਲੋਚਨਾ–ਗਰੰਥ ਤਾਂ ਨਹੀਂ ਲਿਖੇ ਜਾਂਦੇ!! ਉਨ੍ਹਾਂ ਬੇ–ਸਿਰ–ਪੈਰ ਗੱਲਾਂ ਦਾ ਉਦਯੋਗੀਕਰਣ ਜਾਂ ਬਜ਼ਾਰੀਕਰਣ ਤਾਂ ਨਹੀਂ ਕੀਤਾ ਜਾਂਦਾ!! ...ਮਨ ਵਿੱਚ ਕੁਝ ਅਜਿਹੀ ਹੰਗਾਮੀ ਹਾਲਤ ਤਾਰੀ ਹੋ ਗਈ ਹੈ ਕਿ ਮੈਨੂੰ ਸਾਹਿੱਤ ਦੇ ਸਮੁੱਚੇ ਢਾਂਚੇ ਵੱਲ ਘੂਰ ਕੇ ਵੇਖਣਾ ਪੈ ਰਿਹਾ ਹੈ । ਨਜ਼ਰ ਟਿਕ ਗਈ ਹੈ । ਹੁਣ ਵਾਤਾਵਰਣ ਸਾਫ਼ ਹੈ । ਸਾਹਿੱਤ ਅਤੇ ਆਦਮੀ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆ ਰਿਹਾ । ਨਾ ਸ਼ਕਲ ਵਿੱਚ, ਨਾ ਪਰਵਰਿਸ਼ ਵਿੱਚ ਤੇ ਨਾ ਸੁਭਾਅ ਵਿੱਚ । ਸਾਹਿੱਤ ਅਤੇ ਆਦਮੀ ਇੱਕ ਦੂਜੇ ਵਿੱਚ ਅਭੇਦ ਹੋ ਗਏ ਹਨ । ਹੁਣ ਗੱਲ ਹੋ ਸਕਦੀ ਹੈ ।

ਆਦਮੀ ਦਾ ਮੁੱਢ ਬਚਪਨ ਤੋਂ ਬੱਝਦਾ ਹੈ ਤੇ ਸਾਹਿੱਤ ਦਾ ਕਵਿਤਾ ਤੋਂ । ਇਹ ਬੁਨਿਆਦੀ ਸੱਚਾਈ ਹੈ । ਕਿਸੇ ਵੀ ਭਾਸ਼ਾ ਦਾ ਸਾਹਿੱਤ ਲੈ ਲਵੋ, ਆਰੰਭ ਦੇ ਹਜ਼ਾਰਾਂ ਵਰ੍ਹੇ ਸਿਰਫ਼ ਕਵਿਤਾ ਨਾਲ ਭਰੇ ਪਏ ਦਿਸਣਗੇ । ਬੱਚੇ ਨੂੰ ਜੰਮਦਿਆਂ ਹੀ ਮਾਂ ਲੋਰੀ ਸੁਣਾਉਣੀ ਸ਼ੁਰੂ ਕਰ ਦੇਂਦੀ ਹੈ, ਕੀ ਉਸਨੂੰ ਸਮਝ ਆਉਂਦੀ ਹੈ? – ਨਹੀਂ ਆਉਂਦੀ! ਪਰ ਬੱਚੇ ਨੇ ਸਮਝ ਕੇ ਲੈਣਾ ਵੀ ਕੀ ਹੈ? ਉਸਨੂੰ ਤਾਂ ਨੀਂਦ ਆਉਣੀ ਚਾਹੀਦੀ ਹੈ – ਤੇ ਇਹ ਕੰਮ ਸਿਰਫ਼ ਸੰਗੀਤ ਨਾਲ ਹੀ ਸਰ ਜਾਂਦਾ ਹੈ । ਪਰ, ਸਾਡਾ ਦੁਖਾਂਤ ਹੈ ਕਿ ਬਹੁਤ ਵਾਰੀ ਬਚਪਨ ਦੇ ਨਸ਼ੇ ਦੀ ਘੂਕੀ ਸਾਨੂੰ ਆਖ਼ਰੀ ਦਮਾਂ ਤੱਕ ਚੜ੍ਹੀ ਰਹਿੰਦੀ ਹੈ ।

ਸਾਹਿੱਤ ਜ਼ਿੰਦਗੀ ਦੀ ਵਿੱਦਿਆ ਹੈ । ਇੱਕ ਲੰਬਾ ਕੋਰਸ । ਕਵਿਤਾ ਇਸ ਕੋਰਸ ਦੀ ਪਹਿਲੀ ਪੋਥੀ ਹੈ, 'ਬਾਲ ਉਪਦੇਸ਼' । ਦੂਜੇ ਸ਼ਬਦਾਂ ਵਿੱਚ: ਕਵਿਤਾ, ਸਾਹਿੱਤ ਦੇ ਸ਼ੀਸ਼ ਮਹਿਲ ਦਾ ਇੱਕੋ ਇੱਕ ਦੁਆਰ ਹੈ । ਜੇ ਬਿਲਕੁਲ ਸਪੱਸ਼ਟ ਕਰਨਾ ਹੋਵੇ ਤਾਂ ਕਹਾਂਗੇ: ਕਵਿਤਾ ਉਹ ਮਿੱਠੀ ਗੋਲੀ ਹੈ, ਜੋ ਬੱਚਿਆਂ ਦੀ ਦਵਾਈ ਵਜੋਂ ਉਚੇਚੇ ਤੌਰ 'ਤੇ ਤਿਆਰ ਕੀਤੀ ਜਾਂਦੀ ਹੈ । ਜਿਸ ਵਿੱਚ ਸਵਾਦ ਬਹੁਤਾ ਹੁੰਦਾ ਹੈ ਤੇ ਅਸਰ ਘੱਟ । ਪਰ, ਇਸ ਨਾਲ ਬੱਚੇ ਨੂੰ ਹੌਲੀ ਹੌਲੀ ਕੌੜੀ ਦਵਾਈ ਖਾਣ ਦੀ ਵੀ ਆਦਤ ਪੈ ਜਾਂਦੀ ਹੈ । ਬਚਪਨ ਜਿਉਂ ਜਿਉਂ ਪ੍ਰੌਢਤਾ ਵੱਲ ਵੱਧਦਾ ਹੈ, ਸੁਪਨੇ ਦਾ ਭਰਮ ਟੁੱਟਦਾ ਜਾਂਦਾ ਹੈ । ਬੱਚਾ ਤੁਰਨਾ ਸਿੱਖਦਾ ਹੈ, ਬੋਲਣਾ ਸਿੱਖਦਾ ਹੈ, ਪੜ੍ਹਨਾ ਸਿੱਖਦਾ ਹੈ । ਸੋਚਣਾ ਸਿੱਖਦਾ ਹੈ । – ਪਰ, ਇਹ ਸਿੱਧਾਂਤ ਹਰ ਬੱਚੇ 'ਤੇ ਲਾਗੂ ਨਹੀਂ ਹੁੰਦਾ । ਜਿਵੇਂ ਬਹੁਤ ਸਾਰੇ ਬੱਚੇ ਬਜ਼ੁਰਗੀ ਵੇਲੇ ਤੱਕ ਸੋਚਣਾ ਨਹੀਂ ਸਿੱਖਦੇ, ਉਵੇਂ ਹੀ ਬਹੁਤ ਸਾਰੇ ਲੇਖਕ ਸਾਰੀ ਉਮਰ ਲਿਖਣਾ ਨਹੀਂ ਸਿੱਖਦੇ ਅਤੇ ਵੱਡੀ ਗਿਣਤੀ ਵਿੱਚ ਪਾਠਕ, ਪੜ੍ਹਨਾ........ ।

ਅੱਜ ਬੁੱਧੀਜੀਵੀ ਵਰਗ ਆਪਣੇ ਦੇਸ਼ ਦੇ ਵਿਦਿਅਕ ਢਾਂਚੇ ਨੂੰ ਖੋਖਲਾ, ਬੋਦਾ ਤੇ ਬੇਅਸਰ ਕਹਿ ਕੇ ਇਸ ਵਿੱਚ ਇਨਕਲਾਬੀ ਤਬਦੀਲੀਆਂ ਦੀ ਲੋੜ ਦੇ ਨਾਅਰੇ ਲਾ ਰਿਹਾ ਹੈ ਪਰ ਕੀ ਕਦੇ ਅਸਾਂ ਜ਼ਿੰਦਗੀ ਦੇ ਵਿਸ਼ਵ–ਵਿਦਿਆਲੇ ਦੇ ਸਿਲੇਬਸ ਵਿੱਚ ਕੋਈ ਸੋਧ ਕਰਨ ਦੀ ਗਲ ਸੋਚੀ ਹੈ? ਸਾਹਿੱਤ ਨੂੰ ਜ਼ਿੰਦਗੀ ਦੀ ਵਿੱਦਿਆ ਮੰਨ ਕੇ ਇਸ ਦੇ ਅਧਿਐਨ ਦੇ ਕੋਈ ਨਿਯਮ ਬਣਾਏ ਹਨ? ਕੀ ਆਪਣੇ ਰਚੇ 'ਸਾਹਿੱਤ' ਨੂੰ ਅਸੀਂ ਆਪਣੀਆਂ ਅੱਖੀਆਂ ਤੋਂ ਪਾਰਦਰਸ਼ੀ ਸ਼ੀਸ਼ਿਆਂ ਵਾਲੀਆਂ ਐਨਕਾਂ ਲਾਹ ਕੇ ਵਾਚਣ ਦੀ ਕਦੇ ਜੁਰਅੱਤ ਕੀਤੀ ਹੈ? ਮੈਂ ਕਿਸੇ ਨੂੰ ਕੋਈ ਸੁਆਲ ਨਹੀਂ ਕਰ ਰਿਹਾ, ਸਿਰਫ਼ ਆਪਣਾ ਅੰਦਰ ਕੁਰੇਦ ਰਿਹਾ ਹਾਂ, ਤੁਹਾਡੀ ਹਾਜ਼ਰੀ ਵਿੱਚ!

ਅਗਲੀ ਗੱਲ ਕਹਿਣ ਸੁਣਨ ਤੋਂ ਪਹਿਲਾਂ:
ਕਦੇ ਤੁਸੀਂ ਪਸ਼ੂਆਂ ਨੂੰ ਬਦ–ਹਜ਼ਮੀ ਹੁੰਦੀ ਵੇਖੀ ਹੈ?

ਅਗਲੀ ਗੱਲ ਕਹਿਣ ਸੁਣਨ ਤੋਂ ਪਹਿਲਾਂ ਆਉ ਥੋੜ੍ਹੀ ਦੇਰ ਲਈ ਜੁਗਾਲੀ ਕਰ ਲਈਏ!
'ਜੁਗਾਲੀ' ਪਸ਼ੂ ਦਾ ਮਨੁੱਖ ਨੂੰ ਸਭ ਤੋਂ ਵੱਧ ਮੁਆਫ਼ਕ ਤੋਹਫ਼ਾ ਹੈ!

•••

ਲੋਰੀ ਦੀ ਉਮਰ ਟੱਪ ਕੇ ਬੱਚਾ ਜਦੋਂ ਹਾਣੀਆਂ ਨਾਲ ਖੇਡਣ ਜੋਗਾ ਹੁੰਦਾ ਹੈ ਤਾਂ ਨਾਟਕ ਦਾ ਮੁੱਢ ਬੱਝਦਾ ਹੈ । ਕਵਿਤਾ ਦੇ ਕੇਂਦਰ ਬਿੰਦੂ ਦੇ ਲਾਗਲੇ ਕਿਸੇ ਇੱਕ ਹੋਰ ਨੁਕਤੇ ਤੋਂ ਨਾਟਕ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ । ਕਵਿਤਾ ਲਈ ਸਿਰਫ਼ ਕੰਨਾਂ ਦੀ ਲੋੜ ਪੈਂਦੀ ਹੈ ਅਤੇ ਨਾਟਕ ਲਈ ਕੰਨਾਂ ਦੇ ਨਾਲ ਨਾਲ ਅੱਖਾਂ ਦੀ ਵੀ । ਇਹ ਪਰਵਰਿਸ਼ ਪਾ ਰਹੀ ਉਮਰ ਦਾ ਅਗਲਾ ਪਾਠ ਹੈ । ਕਵਿਤਾ ਸੁਪਨਾ ਹੈ ਅਤੇ ਨਾਟਕ ਉਸ ਸੁਪਨੇ ਦੀ ਨੁਮਾਇਸ਼ । ਪੁਰਾਣੇ ਸਮਿਆਂ ਵਿੱਚ ਬਹੁਤੇ ਨਾਟਕ ਵੀ ਕਵਿਤਾ ਵਿੱਚ ਹੀ ਲਿਖੇ ਜਾਂਦੇ ਸਨ; ਇਸ ਲਈ ਮੈਂ ਨਾਟਕ ਨੂੰ ਸਿਰਜਣ–ਧਾਰਾ ਦੀ ਲੜੀ ਵਿੱਚ ਕਵਿਤਾ ਤੋਂ ਅਗਲੀ ਕੜੀ ਮੰਨਦਾ ਹਾਂ । ਕਵਿਤਾ ਲਈ ਘੱਟ ਤੋਂ ਘੱਟ ਇੱਕ ਬੰਦਾ ਸੁਣਾਉਣ ਅਤੇ ਇੱਕ ਸੁਣਨ ਵਾਲਾ ਚਾਹੀਦਾ ਹੈ, ਜਦੋਂ ਕਿ ਨਾਟਕ ਖੇਡਣ ਲਈ ਤੇ ਵੇਖਣ ਲਈ ਇੱਕ ਤੋਂ ਵੱਧ ਵਿਅਕਤੀ ਲੋੜੀਂਦੇ ਹਨ । ਬੱਚਾ ਸਮਾਜ ਦਾ ਜ਼ਿੰਮੇਵਾਰ ਅੰਗ ਬਣਨ ਤੋਂ ਪਹਿਲਾਂ ਸਮਾਜ ਦਾ ਨਾਟਕ ਵੇਖਦਾ ਹੈ । ਕਿਉਂਕਿ ਉਸਨੇ ਹੋਸ਼ ਵਿੱਚ ਆਉਂਦਿਆਂ ਸਾਰ ਇੱਕ ਅਨਿਯਮਿਤ ਮੰਚ ਦਾ ਪਾਤਰ ਬਣਨਾ ਹੁੰਦਾ ਹੈ । ਜ਼ਿੰਦਗੀ ਵਿੱਚ ਜਿੰਨਾ ਸਫ਼ਲ ਉਹ ਨਾਟਕ ਰਚ ਸਕੇਗਾ, ਓਨਾ ਸਫ਼ਲ ਵਿਅਕਤੀ ਮੰਨਿਆ ਜਾਵੇਗਾ ।

ਹੱਡ ਪੈਰ ਖੋਲ੍ਹ ਰਿਹਾ ਬੱਚਾ ਲੁਕਣਮੀਚੀ ਖੇਡਦਾ ਹੈ ਜਾਂ ਚੋਰ–ਸਿਪਾਹੀ । ਨਦੀਏ ਨਹਾਉਂਦੀਆਂ ਦੇ ਬਸਤਰ ਚੁਰਾਉਂਦਾ ਹੈ, ਭਾਵੇਂ ਪਾਣੀ ਭਰਨ ਜਾਂਦੀਆਂ ਦੀਆਂ ਗਾਗਰਾਂ ਨੂੰ ਤੀਰਾਂ ਨਾਲ ਵਿੰਨ੍ਹਦਾ ਹੈ । ਇਹ ਸਾਰੇ ਚੋਜ ਨਾਟਕ ਦੀ ਭੂਮਿਕਾ ਹਨ । ਲਿਪੀ ਦੇ ਜਨਮ ਤੋਂ ਪਹਿਲਾਂ ਦੀ ਕਵਿਤਾ 'ਲੋਕ–ਕਵਿਤਾ' ਅਖਵਾਉਂਦੀ ਹੈ ਅਤੇ ਸਟੇਜ ਦੇ ਜਨਮ ਤੋਂ ਪਹਿਲਾਂ ਦੇ ਨਾਚ 'ਲੋਕ–ਨਾਚ' (ਜਾਂ ਲੋਕ–ਨਾਟ) । ਪਿੱਛੋਂ ਜਾ ਕੇ 'ਲੋਕ' ਸ਼ਬਦ ਲੱਥ ਜਾਂਦਾ ਹੈ ਅਤੇ ਇਹ 'ਕਵਿਤਾ' ਤੇ 'ਨਾਟਕ' ਬਣ ਜਾਂਦੇ ਹਨ । ਨਾਟਕ ਅਤੇ ਕਵਿਤਾ ਵਿੱਚ ਇੱਕ ਸਹਿਜ ਸਮਝੌਤਾ ਹੈ । ਇਸ ਸਮਝੌਤੇ ਦੇ ਤਹਿਤ ਬਹੁਤ ਵਾਰ ਕਵਿਤਾ 'ਸਟੇਜ' ਵਰਤ ਲੈਂਦੀ ਹੈ ਅਤੇ ਨਾਟਕ 'ਲਿਪੀ' ਵਿੱਚ ਪਨਾਹ ਲੈਂਦਾ ਹੈ ।

•••

ਸੁਣਨ ਅਤੇ ਵੇਖਣ ਤੋਂ ਪਿੱਛੋਂ ਬੱਚੇ ਦਾ ਬੋਲਣ ਨੂੰ ਜੀਅ ਕਰਦਾ ਹੈ । ਬੋਲ ਕੇ ਉਹ ਕੁਝ ਦੱਸਣਾ ਚਾਹੁੰਦਾ ਹੈ । ਉਹ ਆਪਣੇ ਘਰ ਦੀ ਕੋਈ ਗੱਲ ਕਿਸੇ ਸਾਥੀ ਨੂੰ ਦੱਸਦਾ ਹੈ ਜਾਂ ਕਿਸੇ ਦੀ ਸ਼ਿਕਾਇਤ ਆਪਣੇ ਮਾਂ ਬਾਪ ਕੋਲ ਕਰਦਾ ਹੈ । ਆਪਣੇ ਬੀਤੇ ਦਿਨਾਂ ਦੀ ਕੋਈ ਯਾਦ ਕਿਸੇ ਬਾਲ–ਸਹਿਪਾਠੀ ਨੂੰ ਸੁਣਾਉਂਦਾ ਹੈ । ਧਿਆਨ ਨਾਲ ਸੁਣੋ! ਤੁਹਾਨੂੰ ਕਵਿਤਾ ਤੇ ਨਾਟਕ ਦਾ ਰਲਿਆ ਮਿਲਿਆ ਰੂਪ ਲੱਗੇਗਾ । ਇਹ ਕਹਾਣੀ ਦਾ ਆਰੰਭ–ਬਿੰਦੂ ਹੈ । ਗੱਲ ਬੱਚਾ ਓਹੀ ਕਰੇਗਾ ਜੋ ਉਸਨੂੰ ਦਿਲਚਸਪ ਲੱਗੀ ਹੋਵੇ ਜਾਂ ਵਚਿੱਤਰ । ਕਹਾਣੀ ਸੁਣਦਾ ਸੁਣਾਉਂਦਾ ਅੰਮੜੀ ਦਾ ਵਿਹੜਾ ਜਦੋਂ ਆਪ ਕਹਾਣੀ ਹੋ ਜਾਂਦਾ ਹੈ, ਉਮਰ ਜਵਾਨੀ 'ਚ ਪੈਰ ਧਰ ਰਹੀ ਹੁੰਦੀ ਹੈ । ਸੁਪਨੇ ਜਵਾਨ ਹੋ ਜਾਂਦੇ ਹਨ । 'ਮੈਂ' ਦੀ ਸੋਝੀ ਆਉਂਦੀ ਹੈ । ਹੁਣ ਵਿਅਕਤੀ ਕਵਿਤਾ ਸੁਣਦਾ ਨਹੀਂ, ਕਵਿਤਾ ਬੁਣਦਾ ਹੈ । ਨਾਟਕ ਵੇਖਦਾ ਨਹੀਂ, ਨਾਟਕ ਰਚਦਾ ਹੈ । ਕਹਾਣੀਆਂ ਸੁਣਾਉਂਦਾ ਨਹੀਂ ਕਹਾਣੀਆਂ ਪਾਉਂਦਾ ਹੈ!

•••

ਜਵਾਨੀ, ਉਮਰ ਦੀ ਅੱਤ ਰੁਮਾਂਚਕ ਸਟੇਜ ਹੈ । ਬਚਪਨ ਦੀ ਮਾਸੂਮੀਅਤ ਸ਼ੋਖੀ ਵਿੱਚ ਬਦਲ ਜਾਂਦੀ ਹੈ । ਬਚਪਨ ਦੀ ਸਹਿਜਤਾ ਸ਼ੇਖੀ ਵਿੱਚ ਬਦਲ ਜਾਂਦੀ ਹੈ । ਸੰਸਕਾਰ ਮਨਾਹੀਆਂ ਵਰਗੇ ਲੱਗਦੇ ਹਨ । ਰਸਮਾਂ ਜ਼ਹਿਰ ਜਾਪਦੀਆਂ ਹਨ, ਰੀਤਾਂ ਕਹਿਰ । ਘਰ ਦਾ ਵਿਹੜਾ ਸੌੜਾ ਸੌੜਾ ਲੱਗਦਾ ਹੈ । ਦੁਨੀਆ ਨੂੰ ਢਾਹ ਕੇ ਆਪਣੀ ਮਰਜ਼ੀ ਮੁਤਾਬਕ ਮੁੜ–ਬਣਾਉਣ ਨੂੰ ਜੀਅ ਕਰਦਾ ਹੈ । ਇਹ ਉਮਰ ਸੁਣਨ–ਸੁਣਾਉਣ ਵੇਖਣ ਜਾਂ ਵਿਖਾਉਣ ਦੀ ਨਹੀਂ ਸਗੋਂ ਕੁਝ ਕਰ ਵਿਖਾਉਣ ਦੀ ਹੁੰਦੀ ਹੈ । ਕੁਝ ਨਵਾਂ–ਨਵਾਂ, ਵੱਡਾ–ਵੱਡਾ ਕਰ ਗੁਜ਼ਰਨ ਦੀ ਰੀਝ ਉਸਲਵੱਟੇ ਭੰਨਦੀ ਹੈ.....

ਪਰ ਇਹ ਸਭ ਕੁਝ ਬਿਲਕੁਲ ਉਵੇਂ ਹੀ ਹੁੰਦਾ ਹੈ ਜਿਵੇਂ ਕੋਈ ਆਦਮੀ ਤੈਰਨਾ ਤਾਂ ਜਾਣਦਾ ਨਾ ਹੋਵੇ, ਉਂਜ ਨੀਂਦ ਦੇ ਆਲਮ ਵਿੱਚ, ਸੱਚੀ ਮੁੱਚੀ ਦੇ ਪਾਣੀ ਵਿੱਚ, ਤੈਰ ਰਿਹਾ ਹੋਵੇ! ਨੀਂਦਰ ਟੁੱਟਦਿਆਂ ਸਾਰ ਉਹ ਗੋਤੇ ਖਾਣ ਲੱਗ ਪੈਂਦਾ ਹੈ ।......

ਸ਼ੁਰੂ ਜਵਾਨੀ ਦੇ ਸਾਲ ਲੰਘ ਜਾਣ ਪਿੱਛੋਂ ਆਦਮੀ ਨੂੰ ਆਪਣੇ 'ਲਾਵਾਰਿਸ' ਹੋਣ ਦੀ ਬੇਚਾਰਗੀ ਦਾ ਅਹਿਸਾਸ ਹੁੰਦਾ ਹੈ । ਹੁਣ ਉਸਦਾ ਸਰਮਾਇਆ ਕੁਝ ਹਾਦਸੇ ਹੁੰਦੇ ਹਨ, ਕੁਝ ਨਾਕਾਮੀਆਂ ਅਤੇ ਮ੍ਰਿਗ–ਤ੍ਰਿਸ਼ਨਾ ਵਰਗੇ ਕੁਝ ਸਬਜ਼ ਬਾਗ਼! ਵਕਤ ਦੇ ਥਪੇੜਿਆਂ ਨਾਲ ਦਿਮਾਗ਼ ਦੇ ਬੂਹੇ ਬਾਰੀਆਂ ਖੁਲ੍ਹਣ ਲੱਗਦੇ ਹਨ । ਬੰਦੇ ਨੂੰ ਭਲੇ ਬੁਰੇ ਦੀ ਪਛਾਣ ਹੋਣ ਲੱਗਦੀ ਹੈ । ਘਟਨਾਵਾਂ ਦਾ ਸਿਲਸਿਲਾ ਸਮਝ ਆਉਣ ਲੱਗ ਪੈਂਦਾ ਹੈ । ਸ਼ੇਖੀਆਂ ਅਤੇ ਸ਼ੋਖ਼ੀਆਂ ਕਹਾਣੀ ਦਾ ਤਾਣਾ-ਪੇਟਾ ਬਣ ਜਾਂਦੀਆਂ ਹਨ । ਸੱਟ ਖਾਧੇ ਸੱਪ ਵਾਂਗ ਆਦਮੀ ਬਦਲੇ ਤੇ ਨਮੋਸ਼ੀ ਦੇ ਤਾਪ ਵਿੱਚ ਵਿਸ ਘੋਲਦਾ ਹੈ । ਰੱਸੀ ਵਾਂਗੂੰ ਸੜ ਕੇ ਵੀ ਵੱਟ ਦਾ ਅਹਿਸਾਸ ਨਹੀਂ ਗੁਆਉਂਦਾ । ਆਪਣਾ ਦੁੱਖ ਉਸਨੂੰ ਆਪਣੇ ਨਾਲੋਂ ਵੱਡਾ ਲੱਗਦਾ ਹੈ । ਜਵਾਨੀ ਦੀ 'ਚੜ੍ਹਤ' ਜਾਂ 'ਚੜ੍ਹਾਈ' ਤੋਂ ਪਿੱਛੋਂ ਇਹ ਸਮਾਂ ਸਾਵੀਂ ਪੱਧਰੀ ਢਲਾਨ ਦਾ ਹੁੰਦਾ ਹੈ । ਆਦਮੀ ਆਪਣੀ 'ਹੋਣੀ' ਸਾਹਵੇਂ 'ਹੀਣਾ' ਹੋ ਜਾਂਦਾ ਹੈ । ਆਪਣੇ ਅੰਦਰਲੇ ਨੂੰ ਤਸੱਲੀ ਦੇਣ ਅਤੇ ਆਪਣੇ ਬਾਹਰਲਿਆਂ ਸਾਹਵੇਂ ਸਹੀ ਜਾਪਣ ਲਈ ਉਹ ਲੰਬੇ ਕਿੱਸੇ ਛੇੜਦਾ ਹੈ ।

ਬਚਪਨ, ਲੜਕਪਨ ਤੇ ਜਵਾਨੀ – ਕਵਿਤਾ, ਨਾਟਕ ਤੇ ਕਹਾਣੀ, ਰਲਗੱਡ ਹੋ ਜਾਂਦੇ ਹਨ । ਅੰਗ ਘੁਲਮਿਲ ਜਾਂਦੇ ਹਨ । ਨਕਸ਼ ਥਾਂ ਬਦਲ ਲੈਂਦੇ ਹਨ । ਬੰਦਾ ਨਾਕਾਮੀਆਂ ਦੀ ਵੱਡੀ ਸਿਫ਼ਰ ਵਿੱਚ ਰੰਗ ਭਰਨ ਦੀ ਕੋਸ਼ਿਸ਼ ਕਰਦਾ ਹੈ । ਨਾਵਲ ਦੀ ਜ਼ਮੀਨ ਤਿਆਰ ਹੁੰਦੀ ਹੈ ।

.....ਆਦਮੀ ਨੇ ਇਸ ਵੇਲੇ ਤੱਕ ਗੁਜ਼ਾਰੇ ਜੋਗਾ ਅਨੁਭਵ ਕਮਾ ਲਿਆ ਹੁੰਦਾ ਹੈ । ਦਿਸਹੱਦੇ ਚੁੜੇਰੇ ਹੋ ਰਹੇ ਹੁੰਦੇ ਹਨ । ਭੀੜ ਵਿੱਚ ਇਕੱਲਤਾ ਦਾ ਅਹਿਸਾਸ ਜਾਗਦਾ ਹੈ । ਆਪਣੇ ਵਰਗੇ ਕਈ ਹੋਰ ਕਿਰਦਾਰਾਂ ਨਾਲ ਵਾਹ ਪੈਂਦਾ ਹੈ । ਕੋਰਸ ਦੀਆਂ ਕਿਤਾਬਾਂ ਅਤੇ ਕਲਾਸ ਰੂਮ ਲੈਕਚਰਾਂ ਤੋਂ ਨਿਜ਼ਾਤ ਹਾਸਿਲ ਹੋ ਜਾਂਦੀ ਹੈ । ਆਦਮੀ ਆਪਣੀ ਮਰਜ਼ੀ ਮੁਤਾਬਕ ਜੀ ਤਾਂ ਨਹੀਂ ਸਕਦਾ, ਮਨਚਾਹਿਆ ਸੋਚ ਜ਼ਰੂਰ ਸਕਦਾ ਹੈ । 'ਕੀ ਹੈ' ਤੇ 'ਕੀ ਹੋਣਾ ਚਾਹੀਦਾ ਹੈ' ਵਿੱਚਕਾਰ ਮਨੁੱਖ ਇੱਕ ਯੁਗ ਸਿਰਜਦਾ ਹੈ – ਇੱਕ ਰੋਮਾਂਸ! ਇੱਕ ਮੁਕੰਮਲ ਜ਼ਿੰਦਗੀ ਨੂੰ ਕੇਵਲ ਇੱਕੋ ਕਿਰਤ ਵਿੱਚ ਸਮੇਟਣਾ ਚਾਹੁੰਦਾ ਹੈ । ਅਸਲ ਵਿੱਚ ਉਹ ਜ਼ਿੰਦਗੀ ਅਤੇ ਉਮਰ ਦੇ ਅਰਥਾਂ ਨੂੰ ਰਲਗੱਡ ਕਰ ਰਿਹਾ ਹੁੰਦਾ ਹੈ । ਅਚੇਤਨ ਤੌਰ 'ਤੇ ਉਹ ਆਪਣੇ ਹਾਣ ਦੀ ਕੋਈ ਮਿੱਥ ਲੱਭ ਰਿਹਾ ਹੁੰਦਾ ਹੈ । ਅਮਲੀ ਤੌਰ 'ਤੇ ਤਾਂ ਉਹ ਦੁਨੀਆ ਦਾ ਕੁਝ ਵੀ ਸੁਆਰ ਜਾਂ ਸੁਧਾਰ ਨਹੀਂ ਸਕਿਆ ਹੁੰਦਾ, ਇਸ ਲਈ ਅਗਲੀ ਪੀੜ੍ਹੀ ਲਈ ਕੋਈ 'ਸੰਦੇਸ਼' ਹੀ ਛੱਡ ਜਾਣਾ ਲੋਚਦਾ ਹੈ । ਜਿੱਥੋਂ ਦੀ ਉਹ ਲੰਘ ਕੇ ਆਇਆ ਹੈ, ਓਥੋਂ ਦੀ ਕਈ ਹੋਰ ਕਾਫ਼ਲੇ ਉਸ ਦੇ ਬਾਅਦ ਵੀ ਲੰਘਣੇ ਹਨ । ਇੱਕ ਅਨੁਭਵ ਵਾਲੇ ਸਾਰੇ ਵਿਅਕਤੀ ਜ਼ਰੂਰੀ ਨਹੀਂ ਕਿ ਲਿਖ ਵੀ ਸਕਦੇ ਹੋਣ । ਜੋ ਲਿਖ ਜਾਂਦੇ ਹਨ ਉਹ ਲੇਖਕ ਬਣ ਜਾਂਦੇ ਹਨ, ਜੋ ਨਹੀਂ ਲਿਖ ਸਕਦੇ ਉਹ ਪਾਠਕ । ਜਿਹੜੇ ਇਨ੍ਹਾਂ ਦੋਹਾਂ ਸ਼ਰੇਣੀਆਂ ਵਿੱਚ ਨਹੀਂ ਆਉਂਦੇ ਉਸ ਕਿਸੇ ਨਾ ਕਿਸੇ ਪਾਤਰ ਦੀ ਰੂਹ ਵਿੱਚ ਪ੍ਰਵੇਸ਼ ਕਰਕੇ ਸ਼ਾਂਤੀ ਪ੍ਰਾਪਤ ਕਰਦੇ ਹਨ । ਇਹੋ ਕਾਰਨ ਹੈ ਕਿ ਕੋਈ ਕੁਝ ਵੀ ਲਿਖ ਜਾਵੇ, ਘੱਟ ਜਾਂ ਵੱਧ ਗਿਣਤੀ ਵਿੱਚ ਉਸ ਦੀ ਲਿਖਤ ਨੂੰ ਪਾਠਕ ਮਿਲ ਹੀ ਜਾਂਦੇ ਹਨ । ਇਸ ਪੜਾਅ 'ਤੇ ਪੁੱਜ ਕੇ ਵਿਅਕਤੀ ਦੇ ਲਿਖਣ–ਮਨੋਰਥ ਕਈ ਤਰ੍ਹਾਂ ਦੇ ਹੋ ਸਕਦੇ ਹਨ: ਕੁਝ ਲੋਕ, ਕੁਝ ਲੋਕਾਂ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਲਿਖਦੇ ਹਨ । ਕੁਝ ਲੋਕ, ਕੁਝ ਲੋਕਾਂ ਨੂੰ ਸਬਕ ਸਿਖਾਉਣ ਲਈ ਲਿਖਦੇ ਹਨ ਅਤੇ ਕੁਝ ਵਿਰਲੇ ਲੋਕ ਕੇਵਲ ਆਤਮ–ਸ਼ੁੱਧੀ ਲਈ ਲਿਖਦੇ ਹਨ । ਜਿੰਨਾ ਵੱਡਾ ਮਨੋਰਥ, ਓਨੀ ਸਾਰਥਕ ਰਚਨਾ ।.....

ਜ਼ਿੰਦਗੀ ਦੇ ਸਿਰ 'ਤੇ ਕੋਈ ਧੌਲਾ ਉੱਗਦਾ ਹੈ । ਸੋਚ ਦਾ ਪੰਛੀ ਉੱਚਾ ਉੱਡ ਉੱਡ ਥੱਕ–ਹਾਰ ਜਾਂਦਾ ਹੈ । ਵਣ–ਕੰਡੇ ਤੋੜਨ ਭੰਨਣ ਵਿੱਚ ਉਸ ਨੂੰ ਕੋਈ ਤੰਤ ਨਹੀਂ ਦਿਸਦਾ । ਹੁਣ ਉਹ ਡੂੰਘਾ ਲੱਥਣ ਦੀ ਸੋਚਦਾ ਹੈ । ਸ਼ਬਦ ਉਸਨੂੰ ਸੰਤੁਸ਼ਟੀ ਨਹੀਂ ਦੇਂਦੇ । ਉਹ ਸ਼ਬਦਾਂ ਦੇ ਖੋਲ ਉਤਾਰਨਾ ਚਾਹੁੰਦਾ ਹੈ । ਉਸ ਨੂੰ ਨਵੇਂ ਤੇ ਵੱਡੇ ਅਰਥਾਂ ਦੀ ਲੋੜ ਭਾਸਦੀ ਹੈ । ਬਾਹਰ ਦਾ ਸਫ਼ਰ ਖ਼ਤਮ: ਅੰਦਰ ਵੱਲ ਯਾਤਰਾ ਸ਼ੁਰੂ!....

ਆਦਮੀ ਘਰ ਪਰਤਦਾ ਹੈ । ਸਟਪਟਾਉਂਦਾ ਹੈ । ਬੋਲ-ਚਾਲ ਦੀ ਭਾਸ਼ਾ ਉਸ ਦੇ ਚਿੰਤਨ ਪ੍ਰਗਟਾਵੇ ਦਾ ਭਾਰ ਨਹੀਂ ਸਹਾਰਦੀ । ਪ੍ਰਾਪਤ ਭਾਸ਼ਾ ਦੇ ਪ੍ਰਾਪਤ ਸ਼ਬਦਾਂ ਦਾ ਮੁਲੰਮਾ ਲਾਹ ਕੇ ਉਹ ਉਨ੍ਹਾਂ ਨੂੰ ਇੱਕ ਗਤੀਸ਼ੀਲ ਵਾਹਨ ਬਣਾਉਂਦਾ ਹੈ । ਭਾਸ਼ਾ ਦੇ ਅਨੰਤ ਵੇਗ ਨੂੰ ਇੱਕ ਕ੍ਰਮ ਦੇਂਦਾ ਹੈ । ਅਚੇਤਨਤਾ ਅਤੇ ਅਰਧ ਚੇਤਨਤਾ ਦੇ ਸਾਹਿੱਤ ਭੰਡਾਰ ਨੂੰ ਉਹ ਚੇਤਨ ਦ੍ਰਿਸ਼ਟੀ ਤੋਂ ਵਾਚਦਾ ਹੈ । ਇਹ ਬਿਖੜੇ ਪੈਂਡੇ ਵਾਲੀ ਔਖੀ ਘਾਟੀ ਹੈ ।

ਡਾਇਰੀ ਅਤੇ ਸ਼ਾਇਰੀ ਤੋਂ ਬਾਹਰਲਾ ਵਰਕਾ :

ਜੇ ਚੁੱਪ ਵਰਦਾਨ ਹੈ ਤਾਂ ਬੋਲਣਾ ਵਰਦਾਨ ਨੂੰ ਉਪਯੋਗ ਵਿੱਚ ਲਿਆਉਣ ਵਾਂਗ ਹੈ । ਚੁੱਪ ਦੀ ਆਵਾਜ਼ ਵੀ ਬੰਦੇ ਨੂੰ ਬੋਲਣ ਲਈ ਮਜਬੂਰ ਕਰਦੀ ਹੈ । ਇਹ ਕਸ਼ਟ ਤੁਹਾਨੂੰ ਮੇਰੇ ਨਾਲ ਰਲਕੇ ਸਹਾਰਨਾ ਪਵੇਗਾ ।

•••

ਉਮਰ ਦਾ ਜਿੰਨਾ ਕੁ ਹਿੱਸਾ ਜ਼ਿਕਰ ਦੇ ਕਾਬਲ ਹੁੰਦਾ ਹੈ, ਉਹ ਜ਼ਿੰਦਗੀ ਦੀ ਜ਼ਦ ਵਿੱਚ ਆਉਂਦਾ ਹੈ । ਜ਼ਿੰਦਗੀ ਦਾ ਜਿੰਨਾ ਕੁ ਹਿੱਸਾ ਵਰਨਣ ਯੋਗ ਹੁੰਦਾ ਹੈ, ਉਹਦੀ ਗੱਲ ਕੀਤੀ ਜਾਂਦੀ ਹੈ । ਗੱਲਾਂ ਦਾ ਜਿੰਨਾ ਕੁ ਹਿੱਸਾ ਮਹੱਤਵਪੂਰਨ ਹੁੰਦਾ ਹੈ, ਉਹ ਲਿਖਿਆ ਜਾਂਦਾ ਹੈ । ਅਹਿਮੀਅਤ ਵਾਲੀਆਂ ਲਿਖਤਾਂ ਸਾਹਿੱਤ ਬਣਦੀਆਂ ਹਨ । ਕਲਾ ਸਾਹਿੱਤ ਨੂੰ ਪੜ੍ਹਨ ਯੋਗ ਬਣਾਉਂਦੀ ਹੈ । ਇਹੋ ਜਿਹੇ ਸਾਹਿੱਤ ਦੀ ਕਿਤਾਬ ਮਨੁੱਖਤਾ ਦੀ ਪ੍ਰਾਪਤੀ ਹੁੰਦੀ ਹੈ । ਇਹ ਪ੍ਰਾਪਤੀ ਆਪਣੇ ਆਪ ਵਿੱਚ ਵੱਡੀ ਗੱਲ ਹੈ, ਪਰ ਇਹ ਗੱਲਾਂ ਨਾਲ ਨਹੀਂ ਹੁੰਦੀ – ਭਾਵੇਂ ਕਿ ਇਸਦਾ ਆਧਾਰ–ਬਿੰਦੂ 'ਗੱਲ' ਹੀ ਹੁੰਦਾ ਹੈ । ਬੋਲ ਚਾਲ ਦੀ ਭਾਸ਼ਾ ਨੂੰ 'ਕਿਤਾਬੀ' ਭਾਸ਼ਾ ਬਣਨ ਲਈ ਇੱਕ ਕਈ ਤਹਿਆਂ ਵਾਲੀ ਪ੍ਰਕ੍ਰਿਆ ਥਾਣੀਂ ਗੁਜ਼ਰਨਾ ਪੈਂਦਾ ਹੈ । ....ਸਾਧਾਰਣ ਬੋਲ ਚਾਲ ਦੀ ਭਾਸ਼ਾ ਅਜਿਹੇ ਦਾਇਰਿਆਂ ਵਿੱਚ ਵੰਡੀ ਹੁੰਦੀ ਹੈ, ਜਿਸਦੇ ਅਰਥ ਗੁਲਾਈਆਂ ਵਿੱਚ ਹੀ ਕੈਦ ਹੁੰਦੇ ਹਨ ਅਰਥਾਤ ਇਹ ਇੱਕ–ਪਾਸੜ ਕਿਰਿਆ ਹੈ ਜੋ ਸਿਰਫ਼ ਬੋਲਣ ਵਾਲਾ ਹੀ ਕਰਦਾ ਹੈ । ਪਰ, ਸਾਹਿੱਤ ਦੀ ਭਾਸ਼ਾ ਕੁਝ ਇੱਕ ਬਿੰਦੂਆਂ ਦੀ ਨਿਆਈਾ ਹੈ: ਸਾਹਿੱਤਕਾਰ ਦਾ ਕੰਮ ਸਿਰਫ਼ ਏਨਾ ਹੁੰਦਾ ਹੈ ਕਿ ਉਹ ਪਾਠਕ ਦੀ ਉਨ੍ਹਾਂ ਬਿੰਦੂਆਂ 'ਤੇ ਖੜ੍ਹੇ ਹੋਣ ਵਿੱਚ ਮਦਦ ਕਰੇ । ਅਗਲਾ ਕੰਮ ਪਾਠਕ ਦਾ ਹੈ । ਏਥੇ ਅਰਥਾਂ ਦਾ ਵਿਸਥਾਰ ਪਾਠਕ ਦੀ ਦ੍ਰਿਸ਼–ਸਮਰੱਥਾ 'ਤੇ ਨਿਰਭਰ ਕਰਦਾ ਹੈ । ਰਚਨਾਤਮਕ ਲੇਖਨ ਵਿੱਚ ਲੇਖਕ ਦੇ ਨਾਲ ਨਾਲ ਪਾਠਕ ਨੂੰ ਵੀ ਰਚਨਾਮੁਖੀ ਹੋਣਾ ਪੈਂਦਾ ਹੈ । .....ਇਸ ਤਰ੍ਹਾਂ ਦੀਆਂ ਲਿਖਤਾਂ ਵੱਲ ਪਾਠਕ ਘੱਟ ਵੱਧ ਹੀ ਮੂੰਹ ਕਰਦੇ ਹਨ ਅਤੇ ਪਾਠਕਾਂ ਦੇ ਮੂੰਹ ਨੂੰ ਲਿਖਣ ਵਾਲੇ ਲੇਖਕ ਸ਼ਾਇਦ ਏਸੇ ਕਰਕੇ 'ਇਸ ਤਰ੍ਹਾਂ ਦਾ' ਨਹੀਂ ਲਿਖਦੇ । ਏਥੇ ਦੋਹਾਂ ਨੂੰ ਆਮ ਨਾਲੋਂ ਉਚੇ ਪੱਧਰ 'ਤੇ ਖਲੋਣਾ ਪੈਂਦਾ ਹੈ । ਏਨਾ ਤਰੱਦਦ ਕੌਣ ਕਰੇ! ਪੰਜਾਬੀ ਵਿੱਚ ਤਾਂ ਅਜੇ ਇਹ 'ਭੀੜ' ਦਾ ਸਮਾਂ ਆਇਆ ਹੀ ਨਹੀਂ, ਪਰ ਮੈਂ ਅਗਾਊਂ ਚਿਤਾਵਨੀ ਦੇਣਾ ਆਪਣਾ ਫ਼ਰਜ਼ ਸਮਝਦਾ ਹਾਂ । ਮੁਹਾਵਰੇ ਤੇ ਅਖਾਣਾਂ ਨੂੰ ਦਲੀਲਾਂ ਵਜੋਂ ਅਸੀਂ ਕਦ ਤੱਕ ਵਰਤਦੇ ਰਹਾਂਗੇ? ਇਹ ਠੀਕ ਹੈ ਕਿ ਸਾਡੇ ਬਹੁਤ ਸਾਰੇ ਬੱਚੇ ਲੋਰੀ ਤੋਂ ਰੁਮਾਂਸ ਤੱਕ ਦੇ ਸਫ਼ਰ ਵਿੱਚ ਗੁੰਮ ਗੁਆਚ ਜਾਂਦੇ ਹਨ, ਪਰ ਸਾਡੀ ਬਦ–ਕਿਸਮਤੀ ਨੂੰ ਜੇ ਕਈ ਇਸ ਅਗਲੇ ਪੜਾਅ 'ਤੇ ਪੁੱਜ ਹੀ ਗਿਆ ਤਾਂ ਉਹ ਕਿਹੜੇ ਪੌਣ-ਪਾਣੀ ਦੇ ਆਸਰੇ ਦਿਨ ਕੱਟੇਗਾ?

ਆਮ ਆਦਮੀ ਭਾਸ਼ਾ ਕੋਲੋਂ ਆਮ ਜਿਹਾ ਕੰਮ ਲੈਂਦਾ ਹੈ ਪਰ ਸਾਹਿੱਤਕਾਰ ਆਮ ਆਦਮੀ ਹੁੰਦਾ ਹੋਇਆ ਵੀ ਇਸ ਯਤਨ ਵਿੱਚ ਰਹਿੰਦਾ ਹੈ ਘੱਟ ਤੋਂ ਘੱਟ ਸ਼ਬਦ ਵਰਤ ਕੇ ਵੱਧ ਤੋਂ ਵੱਧ ਗੱਲ ਕੀਤੀ ਜਾਵੇ । ਇਸ ਬਿਆਨ ਦੇ ਅਣ–ਯਥਾਰਥਕ ਹੋਣ ਦਾ ਭੁਲੇਖਾ ਪੈਂਦਾ ਹੈ । ਪਰ ਇਹ ਸਿਰਫ਼ ਭੁਲੇਖਾ ਹੀ ਹੈ । ਕਿਉਂਕਿ ਸਾਹਿੱਤ ਵਿੱਚ ਜ਼ਿੰਦਗੀ ਦਾ ਵੇਰਵਾ ਨਹੀਂ, ਜ਼ਿੰਦਗੀ ਦਾ ਯਥਾਰਥ ਹੁੰਦਾ ਹੈ ।....

ਬਹੁਤੀ ਵਾਰ ਇੰਜ ਹੁੰਦਾ ਹੈ ਕਿ ਇੱਕ ਪੂਰੀ ਸਦੀ ਉਮਰ ਭੋਗ ਕੇ ਮਰੇ ਮਨੁੱਖ ਬਾਰੇ ਕਹਿਣ ਨੂੰ ਜਿਊਂਦਿਆਂ ਕੋਲ ਇੱਕ ਵੀ ਫਿਕਰਾ ਨਹੀਂ ਹੁੰਦਾ । ਸਾਹਿੱਤ ਜ਼ਿੰਦਾ ਛਿਣਾਂ ਦਾ ਇਤਿਹਾਸ ਹੁੰਦਾ ਹੈ, ਮੁਰਦਿਆਂ ਦਾ ਦਾਖ਼ਲਾ ਰਜਿਸਟਰ ਨਹੀਂ ।

ਬੰਦਾ ਜਿੰਨਾ ਵੱਧ ਜਾਣਦਾ ਹੋਵੇਗਾ, ਜਿੰਨਾ ਜਿਆਦਾ ਅਨੁਭਵੀ ਹੋਵੇਗਾ, ਓਨਾ ਹੀ ਵਧੇਰੇ ਸਾਦਾ, ਸਰਲ, ਸਪੱਸ਼ਟ ਤੇ ਸੰਖੇਪ ਹੋਵੇਗਾ । ਆਪਣੀ ਗੱਲ ਸਿੱਧ ਕਰਨ ਲਈ ਨਾ ਉਸਨੂੰ ਉਦਾਹਰਣਾਂ ਦੀ ਲੋੜ ਪਵੇਗੀ, ਨਾ ਗਵਾਹੀਆਂ ਦੀ । ਇਸ ਤੋਂ ਅਗਲੀ ਗੱਲ ਇਹ ਹੈ ਕਿ ਘੱਟ ਬੋਲਣ ਵਾਲਾ ਆਦਮੀ ਹਮੇਸ਼ਾ ਹੀ ਦੂਜਿਆਂ ਦਾ ਧਿਆਨ ਖਿੱਚਦਾ ਹੈ । ਲੋਕ ਉਸ ਵਿੱਚ ਰੁਚੀ ਲੈਂਦੇ ਹਨ । ਉਸਦਾ ਬਿਆਨ ਨੀਰਸ ਨਹੀਂ ਹੁੰਦਾ । ਭਾਸ਼ਾ ਨਾਲ ਸਭ ਤੋਂ ਵੱਧ ਧੱਕਾ ਅਸੀਂ ਓਦੋਂ ਕਰਦੇ ਹਾਂ ਜਦੋਂ ਸਾਡੇ ਕੋਲ ਕਹਿਣ ਲਈ ਕੁਝ ਵੀ ਨਹੀਂ ਹੁੰਦਾ ਅਤੇ ਆਪਣੀ ਇਸ ਕਮਜ਼ੋਰੀ ਨੂੰ ਲੁਕਾਉਣ ਲਈ ਚਮਤਕਾਰੀ ਬਣਨ ਦਾ ਯਤਨ ਕਰਦੇ ਹਾਂ । ਭਾਸ਼ਾ ਨੂੰ ਅਸੀਂ ਠੱਗੀ ਠੋਰੀ ਦਾ ਵਸੀਲਾ ਬਣਾ ਲੈਂਦੇ ਹਾਂ ।....

ਸਾਹਿੱਤਕਾਰ ਦੀ ਮਹੱਤਾ ਇਸ ਗੱਲ ਵਿੱਚ ਨਹੀਂ ਕਿ ਉਸਦੇ ਪਾਠਕਾਂ ਦੀ ਗਿਣਤੀ ਕਿੰਨੀ ਹੈ, ਸਗੋਂ ਉਸਦੀ ਵਡਿਆਈ ਇਸ ਤੱਥ ਵਿੱਚ ਹੈ ਕਿ ਉਸਦੀਆਂ ਲਿਖ਼ਤਾਂ ਨੇ ਕਿੰਨੇ ਬਾਲ–ਪਾਠਕ ਜਵਾਨ ਕੀਤੇ ਹਨ ।

ਪੰਜਾਬੀ ਕਵਿਤਾ ਦਾ ਅੱਜ

ਭਾਵੇਂ ਅਸੀਂ ਕਿੰਨਾ ਹੀ ਵਰਗਹੀਨ ਸਮਾਜ ਜਾਂ ਸ਼ਰੇਣੀ–ਰਹਿਤ ਸਾਹਿੱਤ ਦਾ ਦਮ ਕਿਉਂ ਨਾ ਭਰੀਏ, ਪ੍ਰਬੁੱਧ ਪਾਠਕ ਸਾਨੂੰ ਸ਼ਰੇਣੀਆਂ ਵਿੱਚ ਸੁਤੇ ਸਿੱਧ ਹੀ ਵੰਡ ਦੇਂਦਾ ਹੈ । ਆਪਣੀ ਵੰਡ 'ਤੇ ਆਪ ਹੀ ਰੋਂਦਾ ਹੈ । ਕਵਿਤਾ ਤੋਂ ਗਲਪ ਅਤੇ ਗਲਪ ਤੋਂ ਵਾਰਤਕ ਵੱਲ ਡਾਂਡੇ ਮੀਂਡੇ ਤੁਰਿਆ ਰਹਿੰਦਾ ਹੈ । ਉਸਦਾ ਸਫ਼ਰ ਨਿਰਾਸ਼ਾ 'ਤੇ ਜਾ ਕੇ ਮੁੱਕਦਾ ਹੈ । ਮੁਸੀਬਤ ਇਹ ਹੈ ਕਿ ਅੱਜ ਸਾਡੇ ਪਾਠਕਾਂ ਨੂੰ ਪਤਾ ਲੱਗ ਗਿਆ ਹੈ ਕਿ ਕੌਣ ਉਰਦੂ 'ਚੋਂ ਨਕਲ ਮਾਰ ਕੇ ਪੰਜਾਬੀ 'ਚ ਮੌਲਿਕ ਲਿਖਦਾ ਹੈ । ਕਿਸ ਕਵੀ ਨੂੰ ਹਿੰਦੀ ਕਵਿਤਾ ਰਾਸ ਆਈ ਹੈ । ਕੌਣ ਅੰਗਰੇਜ਼ੀ ਦੀ ਸ਼ਰਨ ਵਿੱਚ ਸਾਹ ਵਰੋਲ ਰਿਹਾ ਹੈ । ਗੁਰਮੁਖੀ ਲਿਪੀ 'ਚੋਂ ਉਸਨੂੰ ਪੰਜਾਬੀ ਨਹੀਂ ਲੱਭਦੀ । ਜਿਆਦਾ ਕਵਿਤਾਵਾਂ ਉਸਨੂੰ ਸਮਝ ਨਹੀਂ ਆਉਂਦੀਆਂ, ਜਿਹੜੀਆਂ ਅੱਧ–ਪਚੱਧ ਆਉਂਦੀਆਂ ਹਨ; ਉਹ ਬੇਸਮਝੀ ਤੋਂ ਵੱਧ ਕੁਝ ਨਹੀਂ ਜਾਪਦੀਆਂ । ਦੂਜੇ ਪਾਸੇ ਲੇਖਕ ਕਵੀਆਂ ਦਾ ਗਿਲਾ ਬਰਕਰਾਰ ਹੈ ਕਿ ਲੋਕ ਬਹੁਤ ਪਿੱਛੇ ਰਹਿ ਗਏ ਹਨ, ਸਾਡੇ ਕੋਲ ਪਾਠਕ ਹੈ ਈ ਨਹੀਂ, ਸਾਡੀਆਂ ਲਿਖਤਾਂ ਦਾ ਮੁੱਲ ਇੱਕ ਸਦੀ ਬਾਅਦ ਪਵੇਗਾ । ਲੇਖਕ ਤੇ ਪਾਠਕ ਦਾ ਪਾੜਾ ਜਿਉਂ ਜਿਉਂ ਵੱਧਦਾ ਜਾ ਰਿਹਾ ਹੈ, ਆਲੋਚਕ ਤਿਉਂ ਤਿਉਂ ਚੰਮ ਦੀਆਂ ਚਲਾ ਰਿਹਾ ਹੈ । ਇਸ ਗੱਲ ਦਾ ਨਿਤਾਰਾ ਜਾਂ ਨਿਪਟਾਰਾ ਕਰਨਾ ਤਾਂ ਮੁਮਕਿਨ ਹੀ ਨਹੀਂ ਕਿਉਂਕਿ ਜਦੋਂ ਤੱਕ ਲੇਖਕ ਤੇ ਪਾਠਕ ਇੱਕ ਦੂਜੇ ਨੂੰ ਮੂਰਖ ਸਮਝਦੇ ਰਹਿਣਗੇ, ਉਦੋਂ ਤੱਕ ਸਾਹਿੱਤ ਸਿਰਫ਼ ਕੋਰਸਾਂ ਜੋਗਾ ਹੀ ਰਹੇਗਾ ਅਤੇ ਕੋਰਸੀਆਂ ਨੂੰ ਆਲੋਚਕਾਂ ਦੀ ਲੋੜ ਰਹਿੰਦੀ ਹੀ ਹੈ ਅਤੇ ਜਿੰਨਾ ਚਿਰ ਆਲੋਚਕ 'ਲੇਖਕ–ਪਾਠਕ ਸੰਘਰਸ਼' ਤੋਂ ਨਾਜਾਇਜ਼ ਫ਼ਾਇਦਾ ਉਠਾਉਂਦੇ ਰਹਿਣਗੇ ਓਨੀ ਦੇਰ ਪੰਜਾਬੀ ਭਾਸ਼ਾ ਯਤੀਮ ਰਹੇਗੀ ।

ਅੱਜ ਹਰ ਕਵੀ ਦੂਜੇ ਦਾ ਆਲੋਚਕ ਹੈ – ਜਿਸਦਾ 'ਦੂਜਾ' ਕੋਈ ਵੀ ਨਹੀਂ, ਉਹ ਆਪਣੀ ਸਿਫ਼ਤ ਆਪ ਕਰਕੇ ਦੂਜੇ ਦੇ ਨਾਂ ਮੜ੍ਹ ਦੇਂਦਾ ਹੈ । ਕੋਈ ਸਿੱਕੇਬੰਦ ਰਸਾਲੇ ਦਾ ਸੰਪਾਦਕ ਖ਼ੁਦ ਨੂੰ 'ਪਰਾ–ਮਨੁੱਖ' ਘੋਸ਼ਿਤ ਕਰ ਦੇਂਦਾ ਹੈ, ਕੋਈ ਯੂਨੀਵਰਸਿਟੀ ਲਈ ਸੰਪਾਦਿਤ ਕੀਤੇ ਸੰਗ੍ਰਹਿ ਵਿੱਚ ਆਪਣੇ ਆਪ ਨੂੰ 'ਯੁਗ ਕਵੀ' ਐਲਾਨ ਦੇਂਦਾ ਹੈ । ਕਵੀ, ਗੁੱਟ ਬਣ ਜਾਂਦੇ ਹਨ ਅਤੇ ਗੁੱਟ 'ਗੁੰਡੇ' । ਕਾਵਿਕ ਸੂਖ਼ਮਤਾ ਸ਼ਰਾਬੀ ਚਾਂਘਰਾਂ ਵਿੱਚ ਬਦਲ ਜਾਂਦੀ ਹੈ । ਰੌਲੇ-ਰੱਪੇ 'ਚ ਪਛਾਣ ਗੁਆਚ ਜਾਂਦੀ ਹੈ । ਮਾਈਕ ਨੂੰ ਮੂੰਹ ਵਿੱਚ ਪਾ ਕੇ ਚੰਘਿਆੜਾਂ ਮਾਰਨ ਵਾਲਾ 'ਲੋਕ–ਕਵੀ' ਸਿਰਫ਼ ਕੰਨ ਖਾਂਦਾ ਹੈ – ਤੇ ਕਹਿੰਦੇ ਨੇ ਭੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ ।

ਆਉ, ਹੁਣ ਥੋੜ੍ਹੀ ਜਿਹੀ ਦਿਮਾਗੀ ਕਸਰਤ ਕਰੀਏ!

– ਨੇਕੀ, ਭਗਵੰਤ, ਹਸਰਤ, ਸਤੀ ਕੁਮਾਰ, ਮਿੰਦਰ, ਤਰੈਲੋਚਨ; ਹਰਿਨਾਮ, ਗੁਲਵੰਤ, ਆਹਲੂਵਾਲੀਆ, ਰਵੀ, ਕਸੇਲ 'ਚੋਂ ਕਿਸੇ ਇੱਕ ਦੀ ਕਿਸੇ ਇੱਕ ਕਵਿਤਾ ਦੀ ਕੋਈ ਇੱਕ ਸਤਰ ਜ਼ਬਾਨੀ ਸੁਣਾਉ ਤੇ ਉਸਦੇ ਭਾਵ–ਅਰਥ ਸਮਝਾਓ ।

– ਅਮਿਤੋਜ ਦੀ ਕਵਿਤਾ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਖੜਾ ਕਰਕੇ ਅੱਖੀਂ ਡਿੱਠਾ ਹਾਲ ਬਿਆਨ ਕਰੋ ।

– ਇੱਕ ਸ਼ੇਅਰ 'ਚੋਂ ਸੱਤ ਗਲਤੀਆਂ ਕੱਢਣ ਵਾਲੇ ਗ਼ਜ਼ਲ ਦੇ ਹਮਦਰਦ ਦੇ ਕਿਸੇ ਇੱਕ ਸ਼ੇਅਰ 'ਚੋਂ ਗ਼ਜ਼ਲੀਅਤ ਲੱਭ ਕੇ ਵਿਖਾਓ ।

– ਕ੍ਰਾਂਤੀਕਾਰੀ ਕਵੀ ਪਾਸ਼ ਤੇ ਉਹਦੀਆਂ ਕਵਿਤਾਵਾਂ ਵਿਚਾਲੇ ਕੋਈ ਸੁਮੇਲ ਜਾਂ ਦੁਮੇਲ ਢੰੂਡਣ ਦਾ ਯਤਨ ਕਰੋ ।

– ਮੀਸ਼ਾ ਤੇ ਜਗਤਾਰ ਤੁਹਾਨੂੰ ਤੱਤੇ ਤਵੇ 'ਤੇ ਕਿਰਤ ਕਰਦੇ ਹੋਏ ਕਿਹੋ ਜਿਹੇ ਲੱਗਦੇ ਹਨ?

– ਸਤਿਆਰਥੀ ਦੀਆਂ ਗ਼ਜ਼ਲੀ–ਨਜ਼ਮਾਂ (?) ਨੂੰ ਨਵਯੁਗ ਦੀ ਧੁੱਪ 'ਚੋਂ ਬਾਹਰ ਰੱਖਕੇ ਕਿਸੇ ਇੱਕ ਰੰਗ ਦਾ ਨਾਂ ਲਓ ।

– ਹਰਿਭਜਨ ਦੇ ਮੁਕਤ ਹਿਰਦੇ ਦੀ ਕਵਿਤਾ ਨੂੰ ਮੁਕਤ ਕੰਠ ਨਾਲ ਗਾ ਕੇ ਵੇਖੋ, ਪ੍ਰਸ਼ੰਸਾ ਦੀ ਪ੍ਰਤਿਧੁਨੀ ਦਾ ਚਿਹਰਾ ਮੁਹਰਾ ਕਿਸ ਨਾਲ ਰਲਦਾ ਹੈ?

ਜੇ ਤੁਸੀਂ ਇਸ ਭੰਬਲਭੂਸੇ ਨਾਲ ਇੱਕਸੁਰ ਨਾ ਹੀ ਹੋ ਸਕੋ ਅਤੇ ਸੁਰਿੰਦਰ ਗਿੱਲ ਦੇ ਅਸਤਿੱਤਵ ਵਾਦ ਦੀ ਪਰਿਭਾਸ਼ਾ ਲੱਭਦੇ ਲੱਭਦੇ ਜੇ ਤੁਸੀਂ ਮੋਹਨਜੀਤ ਨੂੰ ਉਸਦੇ ਵਿਅੱਕਤੀ ਚਿੱਤਰਾਂ 'ਚੋਂ ਉਭਾਰਨ ਦੀ ਕੋਸ਼ਿਸ਼ ਵਿੱਚ ਨਾਕਾਮ ਰਹੋ ਤਾਂ ਵੀ ਪੰਜਾਬੀ ਕਵਿਤਾ 'ਚੋਂ ਭਰੋਸਾ ਚੁੱਕਣ ਦੀ ਲੋੜ ਨਹੀਂ, ਮਸਖਰਿਆਂ ਦੀ ਵਾਦੀ ਤੁਹਾਨੂੰ ਕੁਝ ਪਲ ਪਨਾਹ ਦੇ ਸਕਦੀ ਹੈ ।

ਜ਼ਾਤੀ ਮੋਰਚਾ–ਬੰਦੀ ਮੇਰਾ ਵਿਸ਼ਾ ਨਹੀਂ – ਫਿਰ ਵੀ ਪੰਜਾਬੀ ਕਵਿਤਾ ਦੇ 'ਅੱਜ' ਦੀ ਬਾਤ ਛੇੜਨ ਲਈ ਅੱਜ ਦੇ ਕਵੀਆਂ ਨੂੰ ਵੀ ਛੇੜਨਾ ਪਵੇਗਾ ।

ਲੇਖ ਦੇ ਸ਼ੁਰੂ ਵਿੱਚ ਮੈਂ 'ਦੋ ਗੱਲਾਂ' ਦੀ ਚਰਚਾ ਛੋਹੀ ਸੀ, ਪਰੰਤੂ ਇਹ ਪਹਿਲੀ ਗੱਲ ਲੋੜ ਨਾਲੋਂ ਵੱਧ ਲਮਕਦੀ ਜਾ ਰਹੀ ਹੈ । ਮੈਂ ਇਸਦਾ 'ਭੋਗ ਪਾਉਣ' ਲਈ ਤੁਹਾਥੋਂ ਵੱਧ ਕਾਹਲਾ ਹਾਂ ।


ਆਓ ਸਭ ਖ਼ੜੇ ਹੋ ਕੇ 'ਅਰਦਾਸ' ਪੜ੍ਹੀਏ:
–--ਸਫ਼ੇਦ ਦਿਸਦੀ ਕਿਰਨ ਵਿੱਚ ਸੱਤ ਰੰਗ–
ਸੱਤ ਰੰਗਾਂ ਤੇ ਚਿਤਰਕਾਰੀ ਦਾ ਹੁਨਰ ਕਾਇਮ
ਅਠਵੇਂ ਤੋਂ ਅਗਲਾ ਹਰ ਰੰਗ ਮੌਲਿਕ
–-- ਸੰਗੀਤ ਦੀਆਂ ਸੱਤ ਸੁਰਾਂ–
ਸੱਤ ਸੁਰਾਂ 'ਤੇ ਸੰਗੀਤ ਦਾ ਹੁਨਰ ਕਾਇਮ
ਅਠਵੀਂ ਤੋਂ ਪਿਛਲੀ ਹਰ ਸੁਰ ਮੌਲਿਕ
–--ਪੰਜਾਬੀ ਦੇ ਪੈਂਤੀ ਅੱਖਰ–
ਬੁੱਢ ਪੁਰਾਣੇ ਸ਼ਬਦ
ਉੱਲੀ ਲੱਗੇ ਅਰਥ–
ਨਾ ਅਕਲ–ਨਾ ਸ਼ਕਲ
ਸਿਰਫ਼ ਨਕਲ–ਬੇ–ਹੁਨਰ
ਸੁਰੱਸਤੀ! ਸੁਮੱਤ ਬਖ਼ਸ਼ੀਂ!

ਕਵਿਤਾ ਦਾ ਯੁਗ ਬੀਤ ਗਿਆ

ਕਵਿਤਾ ਨੂੰ ਸਾਹਿੱਤ ਦੇ ਖੇਤਰੀ–ਇਤਿਹਾਸ ਵਿੱਚ ਬਹੁ–ਗਿਣਤੀ ਸਰਕਾਰ ਵਾਲੀ ਸ਼ਕਤੀ ਹਾਸਿਲ ਰਹੀ ਹੈ । ਪੁਰਾਤਨ ਸਮਿਆਂ ਵਿੱਚ ਕਵਿਤਾ ਨੂੰ ਗਿਆਨ ਦੀ ਕੁੰਜੀ ਮੰਨਿਆਂ ਜਾਂਦਾ ਸੀ ਕਿਉਂਕਿ 'ਵਿੱਦਿਆ ਕੰਠ' ਵੀ 'ਮਾਇਆ ਗੰਠ' ਵਾਂਗ ਹੁੰਦੀ ਸੀ । ਅੱਜ ਵੀ ਬੋਲ ਚਾਲ ਵਿੱਚ ਜਦੋਂ ਕੋਈ ਦਲੀਲ ਦੇਣੀ ਹੁੰਦੀ ਹੈ ਜਾਂ ਆਪਣੇ ਤੁਲਨਾਤਮਿਕ ਅਧਿਐਨ ਦਾ ਰੋਅਬ ਜਮਾਉਣਾ ਹੁੰਦਾ ਹੈ ਤਾਂ ਕਵਿਤਾ ਦੀ ਸ਼ਰਨ ਲਈ ਜਾਂਦੀ ਹੈ । ਕੋਸ਼-ਕਾਰ, ਭਾਸ਼ਾ ਵਿਗਿਆਨੀ ਅਤੇ ਤਥਾ-ਕਥਿਤ ਇਤਿਹਾਸਕਾਰ ਵੀ ਕਵਿਤਾ ਦੀਆਂ ਭੁਰਭੁਰੀਆਂ ਕਿਤਾਬਾਂ ਨੂੰ ਆਪਣੇ ਤੱਥਾਂ ਤੇ ਅੰਕੜਿਆਂ ਦਾ ਆਧਾਰ ਬਣਾਉਂਦੇ ਆ ਰਹੇ ਹਨ ।

ਕਵੀ ਨੂੰ ਰੱਬ ਨਾਲ ਤੁਲਨਾ ਦਿੱਤੀ ਜਾਂਦੀ ਰਹੀ ਹੈ, ਕਿਉਂਕਿ ਇਹ ਦੋਵੇਂ 'ਕੁਝ ਨਹੀਂ' ਵਿੱਚੋਂ 'ਕੁਝ' ਦੀ ਰਚਨਾ ਕਰਦੇ ਹਨ । ਦੁਨੀਆ ਦੀਆਂ ਕੁੱਲ ਸੂਖ਼ਮ ਕਲਾਵਾਂ 'ਚੋਂ; ਕਵਿਤਾ ਨੂੰ ਸਰਵੋਪਰੀ ਮੰਨਿਆ ਜਾਂਦਾ ਰਿਹਾ ਹੈ । ਧਰਮ ਵਾਂਗ ਕਵਿਤਾ ਵੀ ਸਾਡੇ ਲੋਕਾਂ ਦੀ ਕਮਜ਼ੋਰੀ ਬਣੀ ਆ ਰਹੀ ਹੈ । ਕਵਿਤਾ ਨੂੰ ਵੀ ਧਰਮ ਵਾਂਗ ਓਹੀ ਲੋਕ ਮਾਣਦੇ ਹਨ ਜੋ ਇਸ 'ਰਿਹਾਇਸ਼ੀ ਖੂਹ' ਤੋਂ ਬਾਹਰ ਝਾਕਣ ਤੋਂ ਅਸਮੱਰਥ ਹੁੰਦੇ ਹਨ । ਇਹੀ ਕੱਟੜਤਾ ਦੀ ਦੀਵਾਰ ਹੈ, ਜਿਸ ਤੋਂ 'ਚਤੁਰ' ਲੋਕ ਫ਼ਾਇਦਾ ਉਠਾ ਰਹੇ ਹਨ । ਪੁੱਛੋ ਤਾਂ ਇਹ ਮੱਝ ਨੂੰ ਟੀਕਾ ਲਾ ਕੇ ਚੋਣ ਵਾਲੀ ਗੱਲ ਹੈ । ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਹੋਏ ।

ਹਰ ਸਾਹਿੱਤਕਾਰ ਸ਼ੁਰੂ ਸ਼ੁਰੂ ਵਿੱਚ ਸ਼ਾਇਰ ਹੁੰਦਾ ਹੈ । ਉਹ ਜਿਉਂ ਜਿਉਂ ਪਰਪੱਕ ਹੁੰਦਾ ਜਾਂਦਾ ਹੈ, ਵਾਰਤਕ ਵੱਲ ਤੁਰਨਾ ਸ਼ੁਰੂ ਕਰ ਦਿੰਦਾ ਹੈ । ਪਰੰਤੂ ਕਈ ਮਹਾਂਪੁਰਖ ਸਾਰੀ ਉਮਰ ਕਵੀ ਹੀ ਬਣੇ ਰਹਿੰਦੇ ਹਨ, ਜਿਵੇਂ ਕੋਈ ਸਾਰੀ ਉਮਰ ਸਿਰਫ਼ ਬੱਚਾ ਹੀ ਬਣਿਆ ਰਹੇ । ਹਰ ਗੱਲ ਦਾ ਕੋਈ ਮੁਕਾਮ ਹੁੰਦਾ ਹੈ । ਗੱਲ ਕਰਨ ਤੋਂ ਪਹਿਲਾਂ ਦਾੜ੍ਹੀ ਦਾ ਰੰਗ ਵੇੇਖਣਾ ਪੈਂਦਾ ਹੈ । ਜੇ ਕੋਈ ਦੁੱਧ ਚਿੱਟੀ ਉਮਰੇ ਚੰਨ ਦੀ ਗਰਾਹੀ ਮੰਗੇ ਤਾਂ ਉਹ ਦਿਲਚਸਪ ਤਾਂ ਲੱਗ ਸਕਦਾ ਹੈ, ਸਿਆਣਾ ਨਹੀਂ ਤੇ ਫਿਰ ਜੇ ਕੋਈ ਕਹਿ ਦਏ ਕਿ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਤਾਂ ਉਸਦਾ ਕੀ ਇਲਾਜ?

ਕਵਿਤਾ ਲਿਖਣ ਵਾਲਾ ਮਨੁੱਖ ਜੇ ਆਪਣੇ ਆਪ ਨੂੰ ਘਟੀਆ ਅਤੇ ਹੀਣ ਆਖਕੇ ਸੱਚ ਵੀ ਬੋਲ ਰਿਹਾ ਹੋਵੇ ਤਾਂ ਵੀ ਲੋਕ ਇਸਨੂੰ ਉਸ ਦੀ ਨਿਰਮਾਣਤਾ ਮੰਨ ਬਹਿੰਦੇ ਹਨ । ਕਵੀ ਅਤੇ ਮਨੁੱਖ ਦਾ ਪਾੜਾ ਏਨਾਂ ਵਧਾ ਦਿੱਤਾ ਗਿਆ ਹੈ ਕਿ ਸਾਧਾਰਣ ਆਦਮੀ ਖ਼ੁਦਾ ਤੋਂ ਬਾਅਦ ਸ਼ਾਇਰ ਨੂੰ , ਦਿਸਦੇ-ਜਗਤ ਦਾ ਪ੍ਰਤੀਨਿਧ ਮੰਨਕੇ ਖ਼ੁਦ ਨੂੰ ਉਸ ਤੋਂ ਅੱਤ ਹੀਣਾ ਸਮਝੀ ਬੈਠਾ ਹੈ । ਇਸ ਗੱਲ ਦਾ ਕਵੀ ਨੂੰ ਪੂਰਾ ਪੂਰਾ ਗਿਆਨ ਹੈ, ਇਸੇ ਲਈ ਤਾਂ ਉਹ ਜੰਨਤ ਦੀ ਹਕੀਕਤ ਨਾ ਜਾਣਦਾ ਬੁੱਝਦਾ ਹੋਇਆ ਵੀ ਦਿਲ ਬਹਿਲਾਈ ਜਾਂਦਾ ਹੈ ।

ਮੈਨੂੰ ਪਤਾ ਹੈ ਕਿ ਇਹ ਨਿਬੰਧ ਪੜ੍ਹਕੇ ਲੇਖਕਾਂ ਦਾ ਇੱਕ ਵੱਡਾ ਵਰਗ ਉਨਾਂ ਹੀ ਦੁਖੀ ਹੋਵੇਗਾ, ਜਿੰਨਾ ਕਿ ਪਾਠਕਾਂ ਦਾ ਇੱਕ ਵੱਡਾ ਵਰਗ ਖੁਸ਼! ਕਿਉਂਕਿ ਜਦੋਂ ਵੀ ਕੋਈ ਸੰਕਲਪ ਟੁੱਟਣ ਲੱਗਦਾ ਹੈ, ਚੀਕ ਚਿਹਾੜਾ ਪੈਂਦਾ ਹੀ ਹੈ । ਪਰੰਤੂ ਇਹ ਚੀਕ ਚਿਹਾੜਾ ਸਾਗਰ ਵਿੱਚ ਉੱਠੇ ਤੂਫ਼ਾਨ ਵਾਂਗ ਹੁੰਦਾ ਹੈ, ਸਾਗਰ ਵਾਂਗ ਨਹੀਂ । ਭਾਵੇਂ ਕੋਈ 'ਸਿਆਣਾ' ਸਦੀਆਂ ਪਹਿਲਾਂ ਕਹਿ ਗਿਆ ਸੀ ਕਿ ਕਵੀ ਲੋਕ ਮੂਰਖਾਂ ਦੇ ਸਵਰਗ ਵਿੱਚ ਵਸਦੇ ਹਨ, ਫਿਰ ਵੀ ਕਵੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਕਵਿਤਾ ਦੀ ਲਾਸ਼ ਨੂੰ ਖਿੱਚ ਧਰੂਹ ਕੇ ਵੀਹਵੀਂ ਸਦੀ ਦੇ ਢਲਦੇ ਸੂਰਜ ਤੱਕ ਲੈ ਹੀ ਆਏ ਹਨ । ਸਾਹਿੱਤ ਸਹਿਜ ਨਹੀਂ ਹੁੰਦਾ, ਸੁਹਜ ਹੁੰਦਾ ਹੈ ਅਤੇ ਸੁਹਜ ਕਦੇ ਵੀ ਸੁਭਾਵਿਕ ਨਹੀਂ ਹੁੰਦਾ । ਸਿੱਧ ਹੈ ਕਿ ਸਾਹਿੱਤ ਸੁਭਾਵਕ ਨਹੀਂ ਹੁੰਦਾ ਕਿਉਂਕਿ ਨਿਰੋਲ ਕਵਿਤਾ ਦੇ ਯੁੱਗ ਵਿੱਚ ਵੀ ਲੋਕ ਵਾਰਤਕ ਵਿੱਚ ਹੀ ਗੱਲਬਾਤ ਕਰਦੇ ਸਨ ਅਤੇ ਅੱਜ ਵਾਰਤਕ ਦੇ ਯੁੱਗ ਵਿੱਚ ਵੀ ਜੇ ਕੋਈ ਕਿਤਾਬੀ ਭਾਸ਼ਾ ਵਿੱਚ ਗੱਲ ਕਰੇ ਤਾਂ ਇਸਨੂੰ ਉਸਦਾ ਔਗੁਣ ਹੀ ਸਮਝਿਆ ਜਾਵੇਗਾ (ਨਜਮ ਹੁਸੈਨ ਸੱਯਦ ਦੀ ਗੱਲ ਹੋਰ ਹੈ ਉਸਦੀ ਤਾਂ ਬੋਲਚਾਲ ਭਾਸ਼ਾ ਵਿੱਚ ਲਿਖੀ ਗਈ ਆਲੋਚਨਾ ਨੂੰ ਵੀ ਸਾਡੇ ਪ੍ਰਬੁੱਧ ਆਲੋਚਕ ਮਾਨਤਾ ਦੇਣ ਵਿੱਚ ਆਪਣੇ ਵਡਭਾਗ ਸਮਝਦੇ ਹਨ) । ਉਂਜ ਬੋਲਚਾਲ ਅਤੇ ਸਾਹਿੱਤ ਦੀ ਭਾਸ਼ਾ ਦਾ ਆਪਣਾ ਆਪਣਾ ਖੇਤਰ ਹੈ, ਇਨ੍ਹਾਂ ਦਾ ਆਪਸੀ ਦਖ਼ਲ ਸਹਿਜ ਅਤੇ ਸੁਹਜ ਦੋਹਾਂ ਨੂੰ ਮਾਰ ਦੇਂਦਾ ਹੈ ।

ਆਓ ਜ਼ਰਾ ਸੋਚੀਏ ਕਿ ਕਵਿਤਾ ਦਾ ਜਨਮ ਕਦੋਂ ਤੇ ਕਿਉਂ ਹੋਇਆ । ਸੰਸਾਰ ਦੀ ਕਿਸੇ ਵੀ ਭਾਸ਼ਾ ਦੇ ਸਾਹਿੱਤ ਨੂੰ ਲੈ ਲਵੋ, ਕਵਿਤਾ ਮੁਢਲੇ ਦੌਰ 'ਤੇ ਅਮਰ ਵੇਲ ਵਾਂਗ ਛਾਈ ਰਹੀ ਹੈ । ਜੇ ਅਸੀਂ ਸਾਹਿੱਤ ਦੇ ਵਿਕਾਸ ਨੂੰ ਵੀ ਮਾਨਵੀ ਵਿਕਾਸ ਵਾਂਗ ਹੀ ਸੋਚੀਏ ਤਾਂ ਕਵਿਤਾ ਸਾਹਿੱਤ ਦਾ ਬਾਲਪਨ ਹੈ । ਜਦੋਂ 'ਸਭਿਅਤਾ' ਦਾ ਅਜੇ ਨਾਂ ਨਿਸ਼ਾਨ ਨਹੀਂ ਸੀ, ਕਵਿਤਾ ਉਦੋਂ ਵੀ ਸੀ ਅਤੇ ਜਦ ਤੀਕ ਲਿਖਤੀ ਭਾਸ਼ਾ ਹੋਂਦ ਵਿੱਚ ਆਈ, ਕਵਿਤਾ ਭਰ ਮੁਟਿਆਰ ਹੋ ਚੁੱਕੀ ਸੀ । ਇਹ ਵਕਤੀ ਲੋੜ ਸੀ । ਉਸ ਵੇਲੇ ਤਾਂ ਹਿਕਮਤ ਦੀਆਂ ਕਿਤਾਬਾਂ ਵੀ ਕਵਿਤਾ ਵਿੱਚ ਲਿਖੀਆਂ ਜਾਂਦੀਆਂ ਸਨ । (ਕਵੀਰਾਜ ਹਰਨਾਮ ਦਾਸ ਵੈਦ ਸ਼ਾਇਦ ਇਸੇ ਪਰੰਪਰਾ ਦਾ ਆਖ਼ਰੀ ਚਿਰਾਗ ਸੀ) ਜਦੋਂ ਲਿਖਤ ਦਾ ਮਾਧਿਅਮ ਸਾਡੇ ਕੋਲ ਨਹੀਂ ਸੀ ਓਦੋਂ ਯਾਦਾਸ਼ਤ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਕਿਸੇ ਘਟਨਾ ਜਾਂ ਵਿਚਾਰ ਨੂੰ ਯਾਦ ਰੱਖ ਸਕਣਾ ਉਦੋਂ ਵਧੇਰੇ ਆਸਾਨ ਹੁੰਦਾ ਹੈ ਜਦੋਂ ਉਹ ਛੰਦ ਵਿੱਚ ਹੋਵੇ । ਸੂਤਰਬੱਧ ਸ਼ੈਲੀ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਦੇਂਦੀ ਹੈ । ਦੁਨੀਆ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਰਿਗ ਵੇਦ ਕਾਵਿਕ ਹੈ ਪਰ ਕਵਿਤਾ ਨਹੀਂ ਅਤੇ ਓਦੂੰ ਪਿੱਛੋਂ ਰਚੀਆਂ ਗਈਆਂ ਸਿਮਰਤੀਆ ਜਾਂ ਬ੍ਰਾਹਮਣ ਗ੍ਰੰਥ ਕਾਵਿਕ ਨਹੀਂ ਅਤੇ ਓਦੂੰ ਪਿੱਛੋਂ ਰਚੀਆਂ ਗਈਆਂ ਸਿਮਰਤੀਆਂ ਜਾਂ ਬ੍ਰਾਹਮਣ ਗ੍ਰੰਥ ਕਾਵਿਕ ਗ੍ਰੰਥਾਂ ਦੀ ਵਿਆਖਿਆ ਭਰ ਹਨ, ਕਵਿਤਾ ਨਹੀਂ । ਕਹਿਣ ਦਾ ਭਾਵ ਇਹ ਕਿ ਜੇ ਉਸ ਵਕਤ ਵਾਰਤਕ ਹੋਂਦ ਵਿੱਚ ਹੁੰਦੀ ਤਾਂ ਇਹ ਮਹਾਨ ਗ੍ਰੰਥ ਜ਼ਰੂਰ ਹੀ ਵਾਰਤਕ ਵਿੱਚ ਲਿਖੇ ਗਏ ਹੁੰਦੇ ਅਤੇ ਜੇ ਕਿਧਰੇ ਇੰਜ ਹੋਇਆ ਹੁੰਦਾ ਤਾਂ ਅੱਜ ਵਧੇਰੇ ਲੋਕ ਉਨ੍ਹਾਂ ਤੋਂ ਲਾਭ ਉਠਾ ਚੁਕੇ/ਰਹੇ ਹੁੰਦੇ ।

ਭਾਰਤੀ ਕਾਵਿ ਸ਼ਾਸਤਰ ਇਸ ਤੱਥ ਦਾ ਗਵਾਹ ਹੈ ਕਿ ਸਾਡੇ ਬਜ਼ੁਰਗ (ਕਾਵਿਕ ਯੁਗ ਦੇ ਬਸ਼ਿੰਦੇ) ਸਾਹਿੱਤ ਨੂੰ ਕਵਿਤਾ ਤੱਕ ਹੀ ਸੀਮਿਤ ਮੰਨਦੇ ਸਨ ਜਾਂ ਕਵਿਤਾ ਤੋਂ ਬਿਨਾਂ ਕਿਸੇ ਸਾਹਿੱਤ ਰੂਪ ਦੀ ਕਲਪਨਾ ਵੀ ਨਹੀਂ ਸਨ ਕਰਦੇ । ਉਨ੍ਹਾਂ ਲੋਕਾਂ ਨੇ ਕਵਿਤਾ ਲਿਖੀ, ਕਵਿਤਾ ਵਿੱਚ ਕਵੀਆਂ ਦੀ ਉਸਤਤ ਕੀਤੀ, ਕਵਿਤਾ ਦੇ ਸਿਧਾਂਤ ਘੜੇ ਤੇ ਕਾਵਿ ਸੰਕਲਪ ਨੂੰ ਸਿਰੇ ਤੱਕ ਪਹੁੰਚਾ ਕੇ ਇਸ ਦਾ ਭੋਗ ਪਾ ਦਿੱਤਾ । ਮੱਕਿਉਂ ਪਰੇ ਉਜਾੜ! ਅਜੇ ਤੱਕ ਵੀ ਕਵਿਤਾ ਦਾ ਯੁਗ ਸੰਸਾਰ ਭਰ ਦੇ ਸਾਹਿੱਤ ਵਿੱਚ ਸੁਨਹਿਰੀ ਯੁੱਗ ਹੈ, ਇੱਕ ਮੁਕੰਮਲ ਯੁਗ ।

ਕਵਿਤਾ ਦਾ ਸਭ ਤੋਂ ਵੱਧ ਸਬੰਧ ਮਨੋਰੰਜਨ ਨਾਲ ਹੈ ਅਤੇ ਮਨੋਰੰਜਨ ਦਾ ਸੰਗੀਤ ਨਾਲ । ਸੰਗੀਤ ਕਿਤੇ ਵੀ ਹੋਵੇ ਜਾਂ ਕਿਸੇ ਵੀ ਰੂਪ ਵਿੱਚ ਹੋਵੇ ਮਨੋਰੰਜਨ ਹੁੰਦਾ ਹੈ । ਕਿਸੇ ਕਵਿਤਾ ਨੂੰ ਆਮ ਲਹਿਜੇ ਵਿੱਚ ਪੜ੍ਹੋ, ਅਤੇ ਫਿਰ ਗਾ ਕੇ ਪੜ੍ਹੋ, ਜ਼ਮੀਨ ਆਸਮਾਨ ਦਾ ਫ਼ਰਕ ਪੈਦਾ ਹੋ ਜਾਂਦਾ ਹੈ । ਜ਼ਾਹਿਰ ਹੈ ਕਿ ਕਵਿਤਾ ਵਿੱਚ ਦਰਅਸਲ ਉਹ ਚੀਜ਼ ਸੰਗੀਤ ਹੈ ਜਿਸ ਨੂੰ ਅਸੀਂ ਮਾਣਦੇ ਹਾਂ । ਸ਼ਬਦਾਂ ਦੀ ਗ਼ੈਰਹਾਜ਼ਰੀ ਵਿੱਚ ਵੀ ਸੰਗੀਤ ਮਧੁਰ ਹੀ ਹੁੰਦਾ ਹੈ । ਕਵਿਤਾ ਨਾਲ ਅੱਜ ਜੇ ਵੱਧ ਤੋਂ ਵੱਧ ਵੀ ਲਿਹਾਜ਼ ਕੀਤਾ ਜਾਵੇ ਤਾਂ ਏਨਾ ਹੀ ਆਖ ਸਕਦੇ ਹਾਂ ਕਿ ਕਵਿਤਾ ਦੀ ਜ਼ਿੰਦਗੀ ਵਿੱਚ ਉਨੀਂ ਕੁ ਹੀ ਥਾਂ ਹੈ ਜਿਵੇਂ ਕੋਈ ਭਾਸ਼ਣਕਾਰ ਆਪਣੇ ਲੰਮੇ ਚੌੜੇ ਭਾਸ਼ਣ ਵਿੱਚ ਸੁਆਦ ਬਦਲਣ ਲਈ ਇੱਕ ਦੋ ਸ਼ੇਅਰ ਵੀ ਬੋਲ ਲਵੇ ।

ਝਗੜਾ ਓਦੋਂ ਸ਼ੁਰੂ ਹੁੰਦਾ ਹੈ, ਜਦੋਂ ਦਲੀਲ ਮੁਕ ਜਾਵੇ । ਕਵਿਤਾ ਵਿੱਚ ਦਲੀਲ ਹੁੰਦੀ ਹੀ ਨਹੀਂ, ਦਲੀਲ ਦਾ ਤਾਅਲੁਕ ਤਾਂ ਵਾਰਤਕ ਨਾਲ ਹੈ । ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਗੱਲ ਵਾਰਤਕ ਵਿੱਚ ਬਾਦਲੀਲ ਢੰਗ ਨਾਲ ਕਹੀ ਜਾ ਸਕਦੀ ਹੈ ਉਸ ਨੂੰ ਅਸਪੱਸ਼ਟ ਜਹੀ ਕਵਿਤਾ ਵਿੱਚ ਕਿਉਂ ਕਿਹਾ ਜਾਵੇ ਅਤੇ ਜੇ ਕਿਹਾ ਵੀ ਜਾਏ ਤਾਂ ਕਵਿਤਾ ਨੂੰ ਬਾਕੀ ਸਾਹਿੱਤ ਰੂਪਾਂ ਨਾਲੋਂ ਉੱਤਮ ਕਿਉਂ ਮੰਨਿਆ ਜਾਏ? ਕਵਿਤਾ ਨੂੰ ਅਜਿਹੀ ਗੁਪਤ ਭਾਸ਼ਾ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਕਈ ਜਨੂੰ 'ਚ ਆ ਕੇ ਭਾਵੇਂ ਜੋ ਮਰਜ਼ੀ ਬਕ ਜਾਏ ਪਰ ਰੱਬ ਕਰਕੇ ਉਸਨੂੰ ਸਮਝੇ ਕੋਈ ਨਾ । ਇਹ ਤਾਂ ਜੀਭ ਹੁੰਦਿਆਂ ਸੁੰਦਿਆਂ ਗੁੰਗੇ ਬਣੇ ਰਹਿਣ ਵਾਲੀ ਗੱਲ ਹੈ ।

ਮੈਂ ਇੱਕ ਗੱਲ ਤੁਹਾਨੂੰ ਨਿਤਾਰਾ ਕਰ ਕੇ ਦੱਸਾਂ । ਹੁਸਨ ਅਤੇ ਕਵਿਤਾ ਦਾ ਜੀਵਨ ਪ੍ਰਸ਼ੰਸਾ ਨਾਲ ਹੈ, ਜਦੋਂ ਵੀ ਕਦੇ ਆਲੋਚਨਾ ਨੇ ਅਵਤਾਰ ਧਾਰਿਆ ਇਨ੍ਹਾਂ ਦੋਹਾਂ ਦੀ ਮੌਤ ਸਮਝੋ । ਜਿੰਨੀ ਦੇਰ ਆਲੋਚਕ ਮਹੋਦਯ ਪੈਦਾ ਨਹੀਂ ਸਨ ਹੋਏ, ਕਵਿਤਾ ਜਿੰਨੀ ਕੁ ਫ਼ੈਲ ਸਕਦੀ ਸੀ ਫ਼ੈਲ ਗਈ । ਵਿਆਕਰਣ ਆਈ, ਵਾਰਤਕ ਬਣੀ ਤੇ ਪ੍ਰਸ਼ੰਸਾ ਦੀ ਥਾਂ ਸਿਧਾਂਤਕ ਆਲੋਚਨਾ ਨੇ ਮੱਲ ਲਈ । ਪਹਿਲਾਂ ਕਵਿਤਾ ਅਤੇ ਪਾਠਕਾਂ ਵਿਚਾਲੇ ਆਲੋਚਨਾ ਜਾਂ ਕਾਲੇ ਲੇਖਾਂ ਦੀ ਦੀਵਾਰ ਨਹੀਂ ਸੀ । ਇਸ ਲਈ ਸਹਿਜ ਸੁਭਾਅ ਕਹੀਆਂ ਗਈਆਂ ਗੱਲਾਂ ਸਹਿਜ ਸੁਭਾਅ ਸਵੀਕਾਰ ਲਈਆਂ ਗਈਆਂ: ਸੰਤ ਬੋਲਣ ਸਹਿਜ ਸੁਭਾਅ ਸੰਤਾਂ ਦਾ ਕਹਿਆ ਬਿਰਥਾ ਨਾ ਜਾ ।

ਕਵਿਤਾ ਦੇ ਮੁੱਢਲੇ ਸਿਧਾਂਤਕਾਰ ਨੇ ਇਸ ਦਾ ਜੋ ਰੂਪ ਸੰਕਲਪਿਆ ਸੀ ਉਸਦਾ ਮੁਹਾਂਦਰਾ ਕੁਝ ਕੁਝ ਇਸ ਤਰ੍ਹਾਂ ਦਾ ਸੀ: – ਗੋਲ ਮੋਲ ਸ਼ਬਦ, ਖਿਆਲ ਉਡਾਰੀ ਜਾਂ ਕਲਪਨਾ, ਗੁੱਝੇ ਸੰਕੇਤ, ਤੁਕਾਂਤ, ਛੰਦ ਤਾਲ, ਰਸ ਅਤੇ ਲਘੂ ਗੁਰੂ ਦਾ ਸਿਲਸਿਲਾ । ਸਾਰੇ ਜਾਣਦੇ ਹਨ ਕਿ ਅੱਜ ਕਵਿਤਾ ਕਹਾਉਣ ਵਾਲੀ ਵਸਤ ਇਸ ਮੁਹਾਂਦਰੇ ਨਾਲ ਨਹੀਂ ਰਲਦੀ । ਇਸ ਵਿੱਚੋਂ ਉਹ ਸਾਰਾ ਕੁਝ ਗ਼ੈਰਹਾਜ਼ਰ ਹੈ । ਫਿਰ ਵੀ ਬਹੁਤ ਸਾਰੇ ਸੱਜਣ ਇਸ ਘਟੀਆ ਵਾਰਤਕ ਨੂੰ ਹਾਲੇ ਵੀ ਕਵਿਤਾ ਕਹਿਣ 'ਤੇ ਬਜ਼ਿਦ ਹਨ ।

ਕਵਿਤਾ ਦੇ ਮੁਦੱਈਆਂ ਨੇ ਇਹ ਵੀ ਮੰਨਿਆ ਹੈ ਕਿ ਸਭ ਤੋਂ ਵਧੀਆ ਅਤੇ ਕਾਮਯਾਬ ਸ਼ੇਅਰ ਉਹ ਹੈ ਜੋ ਵਾਰਤਕ ਦਾ ਮੁਕੰਮਲ ਫਿਕਰਾ ਜਾਪੇ ਅਰਥਾਤ ਉਹ ਵਿਆਕਰਣ ਅਤੇ ਉਚਾਰਣ ਦੇ ਲਿਹਾਜ਼ ਨਾਲ ਵੀ ਠੀਕ ਹੋਵੇ । ਇਹ ਗੱਲ ਵੀ ਵਾਰਤਕ ਦੇ ਹੱਕ ਵਿੱਚ ਹੀ ਜਾਂਦੀ ਹੈ ।

ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਵਾਰਤਕ ਨੂੰ ਇਸ ਪੜਾਅ ਤੱਕ ਪੁਚਾਉਣ ਵਿੱਚ ਕਵਿਤਾ ਦਾ ਵੱਡਾ ਯੋਗਦਾਨ ਹੈ; ਇਸੇ ਲਈ ਸਾਡਾ ਅੱਜ ਤੱਕ ਦਾ ਸਾਹਿੱਤ ਦਾ ਇਤਿਹਾਸ ਕਵਿਤਾ ਦਾ ਇਤਿਹਾਸ ਹੀ ਹੈ । ਵਾਰਤਕ ਦੇ ਆਉਣ ਨਾਲ ਕਵਿਤਾ ਖ਼ਤਮ ਨਹੀਂ ਹੋਵੇਗੀ ਸਗੋਂ ਉਸਦਾ ਵਿਕਾਸ ਲਾਜ਼ਮੀ ਤੌਰ 'ਤੇ ਬਦਲ ਜਾਵੇਗਾ । ਹੁਣ ਕਵਿਤਾ ਕੋਈ ਅਲੱਗ ਸਾਹਿੱਤਕ ਰੂਪ ਨਾ ਹੋ ਕੇ ਵਾਰਤਕ ਨੂੰ ਸੂਤਰ ਬੱਧ ਅਤੇ ਸੁਹਜਮਈ ਬਣਾਉਣ ਵਿੱਚ ਸਹਾਈ ਹੋਵੇਗੀ । ਇਹ ਸੱਚ ਹੈ ਕਿ ਰਾਕੇਟ ਦਾ ਮੂਲ ਗੱਡਾ ਸੀ ਪਰ ਹੁਣ ਦੋਹਾਂ ਦਾ ਮੁਕਾਬਲਾ ਕਰਨਾ ਜਾਂ ਰਾਕੇਟ ਦੇ ਯੁਗ ਵਿੱਚ ਗੱਡੇ ਭਜਾਈ ਫਿਰਨਾ ਕਿਹੜੀ ਦਾਨਿਸ਼ਮੰਦੀ ਹੈ । ਏਥੇ ਮੇਰੇ ਆਲੋਚਕ ਵੀਰ ਇਹ ਕਹਿ ਸਕਦੇ ਹਨ ਕਿ ਸਾਹਿੱਤ ਵਿਗਿਆਨ ਵਾਂਗ ਉਨਤੀ ਨਹੀਂ ਕਰਦਾ । ਪਰੰਤੂ ਇਸ ਗੱਲ ਨੂੰ ਕੌਣ ਕੱਟੇਗਾ ਕਿ ਭਾਸ਼ਾ ਦੇ ਵਿਕਾਸ ਦੀ ਕਹਾਣੀ ਵੀ ਵਿਗਿਆਨਕ ਵਿਕਾਸ ਤੋਂ ਵੱਖਰੀ ਨਹੀਂ । ਸਾਹਿੱਤ ਵਸਤ ਹੈ ਅਤੇ ਭਾਸ਼ਾ ਸੰਦ । ਸੰਦਾਂ ਦੇ ਵਿਕਾਸ ਦੀ ਕਹਾਣੀ ਹੈ । ਭਾਸ਼ਾ ਜਦੋਂ ਆਪਣੇ ਬਾਲਪਨ ਵਿੱਚ ਸੀ ਓਦੋਂ ਉਸ ਨਾਲ ਸਭ ਤੋਂ ਉੱਤਮ ਵਸਤ ਕਵਿਤਾ ਹੀ ਤਿਆਰ ਕੀਤੀ ਜਾ ਸਕਦੀ ਸੀ ਪਰੰਤੂ ਅੱਜ ਜਦੋਂ ਉਹ ਵਾਰਤਕ ਜੰਮਣ ਜੋਗੀ ਹੋ ਗਈ ਹੈ ਤਾਂ ਅਸੀਂ ਸੰਸਕਾਰਾਂ ਦਾ ਅੰਤਿਮ ਸੰਸਕਾਰ ਕਿਉਂ ਨਹੀਂ ਕਰਦੇ?

ਜੇ ਕੋਈ ਕਹੇ ਕਿ ਕਵਿਤਾ ਤਾਂ ਭਾਵਨਾਵਾਂ ਦੀ ਬੋਲੀ ਹੈ । ਜਦੋਂ ਤੱਕ ਮਨੁੱਖੀ ਭਾਵਨਾਵਾਂ ਰਹਿਣਗੀਆਂ, ਕਵਿਤਾ ਜ਼ਿੰਦਾ ਰਹੇਗੀ ਤਾਂ ਜੁਆਬ ਇਹ ਹੈ ਕਿ ਮੂਲ ਭਾਵਨਾਵਾਂ ਦਾ ਪ੍ਰਵਾਹ ਤਾਂ ਵਾਰਤਕ ਵਿੱਚ ਵੀ ਚੰਗੀ ਤਰ੍ਹਾਂ ਹੋ ਸਕਦਾ ਹੈ, ਮੌਤ ਸਿਰਫ਼ ਮਿੱਥ ਦੀ ਹੋਵੇਗੀ । ਬਹੁਤੇ ਤੌਖ਼ਲੇ ਦੀ ਲੋੜ ਨਹੀਂ ।

ਕੋਈ ਕਹਿ ਸਕਦਾ ਹੈ ਕਿ ਮੈਂ ਸਨਕਪੁਣੇ ਦੀ ਹੱਦ ਟੱਪ ਗਿਆ ਹਾਂ, ਪਰ ਇਹ ਗੱਲ ਕਹੇਗਾ ਕੌਣ? – ਆਲੋਚਕ । ਕਿਉਂਕਿ ਉਸਦਾ ਤਾਂ ਕਾਰੋਬਾਰ ਹੀ ਕਵਿਤਾ ਦੇ ਸਹਾਰੇ ਖੜਾ ਹੈ । ਵਾਰਿਸ ਸ਼ਾਹ ਹੀਰ ਲਿਖਦਾ ਮਰ ਗਿਆ, ਪੀ. ਐਚ. ਡੀ. ਕੋਈ ਹੋਰ ਲੈ ਗਏ । ਹਾਸ਼ਮ ਦਾ ਮਿਹਨਤਾਨਾ ਕਿਸੇ ਹੋਰ ਨੂੰ ਮਿਲਿਆ । ਸੈਂਕੜੇ 'ਬੁੱਧੀਜੀਵੀ' ਬਾਣੀ ਨੇ ਤਾਰੇ । ਕਵਿਤਾ ਦੇ ਸਹਾਰੇ ਸ਼ਤਾਬਦੀਆਂ ਬਣੀਆਂ, ਵਿਦਵਾਨਾਂ ਨੇ ਲੱਖਾਂ ਖੱਟੇ । ਹਰ ਵਾਦ ਦਾ ਜਨਮ ਕਵਿਤਾ ਦੇ ਪਰਛਾਵੇਂ ਹੇਠ ਹੋਇਆ । ਆਹਲੂਵਾਲੀਆ ਭਾਵੇਂ ਖਾਲਸਈ ਮਾਰਕਸਵਾਦੀ 'ਆਲੋਚਕ' ਹੈ ਪਰ 'ਖੱਟੀ', ਉਹ ਪ੍ਰਯੋਗਵਾਦ ਦੀ ਖਾ ਰਿਹਾ ਹੈ । ਸੌ ਹੱਥ ਰੱਸਾ ਸਿਰੇ 'ਤੇ ਗੰਢ ਇਹ ਕਿ ਸਾਰੇ ਵਾਦ ਵਿਵਾਦ ਦੀ ਜੜ੍ਹ ਕਵਿਤਾ ਹੈ । ਉਹ ਕਵਿਤਾ ਜਿਸ ਦੀ ਪਰਿਭਾਸ਼ਾ ਵੀ ਅਜੇ ਤੱਕ ਨਹੀਂ ਲੱਭੀ ਜਾ ਸਕੀ, ਰੱਬ ਵਾਂਗ । ਆਓ ਅਸੀਂ ਵੀ ਇਸਨੂੰ ਰੱਬ ਕਹਿਕੇ ਮੱਥਾ ਟੇਕੀਏ (ਦੂਰ ਤੋਂ)!

ਸਾਰੀਆਂ ਯੂਨੀਵਰਸਿਟੀਆਂ ਵਿੱਚ ਧੜਾਧੜ ਕੰਮ ਹੋ ਰਿਹਾ ਹੈ । ਇੱਕ ਇੱਕ ਟਾਪਿਕ ਨੂੰ ਕਈ ਕਈ ਸਕਾਲਰ ਚੰਬੜੇ ਹੋਏ ਹਨ । ਪੁਰਾਣਿਆਂ ਸੋਧ ਪ੍ਰਬੰਧਾਂ ਨੂੰ ਟੂਕਾਂ ਵਾਂਗ ਨਵੀਆਂ ਖੋਜਾਂ ਵਿੱਚ ਮੁੜ ਮੁੜ ਪੇਸ਼ ਕੀਤਾ ਜਾ ਰਿਹਾ ਹੈ । ਤੋਬਾ! ਏਨੀ ਭੀੜ!! ਏਨਾ ਰੌਲਾ । ਇਸ ਗੱਲ ਨਾਲੋਂ ਤਾਂ ਕਵਿਤਾ ਦਾ ਯੁਗ ਮੁੱਢੋਂ ਸੁੱਢੋਂ ਸ਼ੁਰੂ ਹੋ ਜਾਵੇ ਤਾਂ ਸੌ ਦਰਜੇ ਚੰਗਾ । ਜੇ ਨਹੀਂ ਤਾਂ ਕਵਿਤਾ ਅਤੇ 'ਕਵਿਤਾ ਦੇ ਰੌਲੇ' ਨੂੰ ਚੇਤੰਨ ਤੌਰ 'ਤੇ ਛੱਡ ਕੇ ਕਿਸੇ ਨਵੀਂ ਵਿਧਾ ਦੀ ਤਲਾਸ਼ ਕਰੀਏ ਕਿਉਂਕਿ ਕਵਿਤਾ ਦੁਆਰਾ ਖਾਲੀ ਕੀਤੀ ਥਾਂ ਜਿੰਨੀ ਦੇਰ ਆਲੋਚਨਾ ਮੱਲੀ ਰੱਖੇਗੀ ਅਸੀਂ ਇਸ ਪੱਖੋਂ ਓਨੇ ਹੀ ਪੱਛੜ ਜਾਵਾਂਗੇ ।

ਇੱਕ ਕਵਿਤਾ ਦਾ ਜਨਮ

? ''ਭੂਸ਼ਨ! ਤੂੰ ਦੋ ਵਰ੍ਹਿਆਂ ਦਾ ਬਾਲ ਸੀ, ਜਦੋਂ ਸਾਡੇ ਦੇਸ਼ ਦੀ ਸੁਤੰਤਰਤਾ ਤੇਰੀ ਨਿੱਕੀ ਭੈਣ ਵਾਂਗ ਤੇਰੇ ਨਾਲ ਖੇਡਣ ਲਈ ਆ ਗਈ । ਅੱਜ ਉਹ ਬੱਤੀਆਂ ਤੇਤੀਆਂ ਵਰ੍ਹਿਆਂ ਦੀ ਭਰ ਜਵਾਨ ਹੈ । ਨਿਜ਼ਾਮ ਦੇ ਬਾਬਲ ਕੋਲੋਂ ਇਸ ਸੁਤੰਤਰਤਾ ਨੇ ਕਿਹੋ ਜਹੀ ਤਰਬੀਅਤ ਪਾਈ ਹੈ? ਇਹਦੀ ਹੋਂਦ ਨਾਲ ਲੋਕਾਂ ਨੇ ਜੋ ਸੁਪਨੇ ਜੋੜੇ ਸਨ– ਕੀ ਉਨ੍ਹਾਂ ਸੁਪਨਿਆਂ ਦੀ ਪੂਰਤੀ ਲਈ ਇਹਨੇ ਕੋਈ ਰਾਹ ਲੱਭ ਕੇ ਦਿੱਤਾ ਹੈ? ਤੇਰੇ ਕੋਲ ਇੱਕ ਚਿੰਤਕ ਦੀ ਤਿੱਖੀ ਨਜ਼ਰ ਹੈ, ਤੇ ਇੱਕ ਵਿਅੰਗਕਾਰ ਦੇ ਤਿੱਖੇ ਬੋਲ । ਇਸ ਲਈ ਤੇਰੇ ਜਵਾਬ ਵਿੱਚ ਪਾਠਕਾਂ ਨੂੰ ਖ਼ਾਸ ਦਿਲਚਸਪੀ ਹੋਵੇ । ਜਵਾਬ ਭਾਵੇਂ ਨਜ਼ਮ ਵਿੱਚ ਦੇ, ਤੇ ਭਾਵੇਂ ਨਸਰ ਵਿੱਚ ।'' -ਅੰਮ੍ਰਿਤਾ ਪ੍ਰੀਤਮ

-ਆਜ਼ਾਦੀ, ਸਵਰਾਜ, ਸਵਾਧੀਨਤਾ, ਸਵਤੰਤਰਤਾ, ਗਣਰਾਜ, ਲੋਕਰਾਜ, ਜਨਤੰਤਰ, ਗਣਤੰਤਰ-ਅਤੇ ਇਹੋ ਜਿਹੇ ਅਨੇਕ ਹੋਰ ਸ਼ਬਦ ਦੇਸ ਦੀ ਵੰਡ ਤੋਂ ਪਹਿਲਾਂ ਵੀ ਸਾਡੇ ਕੋਲ ਮੌਜੂਦ ਸਨ । ਸਾਡੇ ਪਿਤਰਾਂ ਨੇ ਇਨ੍ਹਾਂ ਚਮਕੀਲੇ ਸ਼ਬਦਾਂ ਦੁਆਲੇ ਕੁਝ ਸੁਪਨੇ ਜ਼ਰੂਰ ਬੁਣੇ ਹੋਣਗੇ । ਬੜੀਆਂ ਉਮੀਦਾਂ ਜੋੜੀਆਂ ਹੋਣਗੀਆਂ । ਦਰਅਸਲ ਗੱਲ ਇਹ ਸੀ ਕਿ ਮੁਗ਼ਲਾਂ ਦੀਆਂ ਸੱਤਾਂ ਪੀੜ੍ਹੀਆਂ ਤੋਂ ਬਾਅਦ ਅੰਗਰੇਜ਼ ਹੁਕਮਰਾਨਾਂ ਦੀ ਅਰਦਲ ਵਿੱਚ ਬੈਠੇ ਬੈਠੇ ਸਾਡੇ ਬਜ਼ੁਰਗ ਆਜ਼ਾਦ ਹੁਕਮਰਾਨਾਂ ਦੀ ਫ਼ਿਜ਼ਾ ਵਿੱਚ ਸਾਹ ਲੈਣ ਲਈ ਸਹਿਕ ਗਏ ਹੋਣਗੇ । ਸਾਡਾ ਬੀਰ-ਰਸੀ ਸਾਹਿੱਤ ਅਤੇ ਦੇਸ਼ ਭਗਤੀ ਦੀਆਂ ਗਾਥਾਵਾਂ ਇਸ ਸਹਿਕੇਵੇਂ ਦੀ ਸ਼ਾਹਦੀ ਭਰਦੀਆਂ ਹਨ । ਸ਼ਹੀਦਾਂ ਦੇ ਖ਼ੂਨ ਨਾਲ ਤਾਰੀਖ਼ ਦੇ ਸਫ਼ੇ ਸੂਹੇ ਹੋਏ ਪਏ ਹਨ । ਗੁਲਾਮੀ ਦੀ ਜ਼ਿੰਦਗੀ ਨਾਲੋਂ ਆਜ਼ਾਦੀ ਦੀ ਮੌਤ ਨੂੰ ਤਰਜੀਹ ਦੇਣ ਵਾਲਾ ਮੁਹਾਵਰਾ ਵੀ ਇਸੇ ਅਮਲ ਦੀ ਪੈਦਾਵਾਰ ਹੈ । ਸ਼ਾਨ ਦੀ ਸਲਾਮਤੀ ਦੀ ਵਜ਼ਾਹਤ ਵੀ 'ਫ਼ੈਜ਼' ਸਾਹਿਬ ਨੇ ਸ਼ਾਇਦ ਗੁਲਾਮੀ ਦੇ ਅਕੇਵੇਂ ਕਰਕੇ ਹੀ ਕੀਤੀ ਹੋਵੇ:

'ਜਿਸ ਧਜ ਸੇ ਕੋਈ ਮਕਤਲ ਮੇਂ ਗਇਆ, ਵੋ ਸ਼ਾਨ ਸਲਾਮਤ ਰਹਿਤੀ ਹੈ-
ਯੇਹ ਜਾਂ ਤੋਂ ਆਨੀ ਜਾਨੀ ਹੈ, ਇਸ ਜਾਂ ਕੀ ਤੋ ਕੋਈ ਬਾਤ ਨਹੀਂ ।'

ਕਹਿੰਦੇ ਨੇ, ਜਦੋਂ ਅਸੀਂ ਸ਼ਰਣਾਰਥੀ ਹੋਏ, ਉਦੋਂ ਮੈਂ ਦੋ ਵਰ੍ਹਿਆਂ ਦਾ ਸਾਂ । ਸਾਡੇ ਉਜਾੜੇ ਨੂੰ ਇਤਿਹਾਸਕਾਰ ਆਜ਼ਾਦੀ ਆਖਦੇ ਨੇ । ਵੇਦਾਂ ਦੇ ਰਚਨਹਾਰਿਆਂ ਨੇ ਜਨਮਭੂਮੀ ਨੂੰ ਜਨਨੀ ਨਾਲ ਤੁਲਨਾ ਦਿੱਤੀ ਹੈ । ਪਰ, ਜੇਕਰ ਜਨਮਭੂਮੀ ਧਰਤੀ ਦੇ ਉਸ ਟੁਕੜੇ ਨੂੰ ਕਹਿੰਦੇ ਹਨ ਜਿੱਥੇ ਕੋਈ ਜੰਮਦਾ ਹੈ, ਤਾਂ ਮੇਰੀ ਜਨਨੀ ਜਨਮਭੂਮੀ ਤਾਂ ਪਾਕਿਸਤਾਨ ਵਿੱਚ ਚਲੇ ਗਈ । ਮਾਤਭੂਮੀ ਦਾ ਸੰਕਲਪ ਤੋੜਨਾ ਦੇਸ਼- ਧਰੋਹੀ ਹੋਣ ਵਾਂਗ ਹੈ । ਮੈਂ ਆਪਣੇ ਮੁਲਕ ਦੇ ਪਾਕ ਪਵਿੱਤਰ ਸੰਵਿਧਾਨ ਦਾ ਪੂਰਾ ਆਦਰ ਕਰਦਾ ਹਾਂ, ਪਰ ਉਸ ਵਿੱਚੋਂ ਵੀ ਮੈਨੂੰ ਜਨਨੀ ਦੇ ਅਸਲ ਅਰਥ ਨਹੀਂ ਲੱਭਦੇ ।

ਮੁਲਕ ਲਈ ਆਜ਼ਾਦੀ ਦੇ ਘੋਲ ਵਿੱਚ ਮੇਰੇ ਬਜ਼ੁਰਗਾਂ ਨੇ, ਕਹਿਣ ਨੂੰ ਤਾਂ, ਕੋਈ ਹਿੱਸਾ ਨਹੀਂ ਪਾਇਆ ਅਤੇ ਨਾ ਹੀ ਕਿਸੇ ਨੇ ਸੁਤੰਤਰਤਾ-ਸੰਗਰਾਮੀਆ ਬਣਕੇ ਤਾਮਰ ਪੱਤਰ ਜਿੱਤਿਆ ਹੈ ਪਰ ਇਹ ਭੁੱਖ ਲੱਗਣ ਵਰਗੀ ਸੱਚਾਈ ਹੈ ਕਿ ਇਸ ਆਜ਼ਾਦੀ ਲਈ ਜਾਨਾਂ ਤੋਂ ਇਲਾਵਾਂ ਅਸੀਂ ਸਭ ਕੁਝ ਵਾਰ ਦਿੱਤਾ । ਭਰੇ ਭਰਾਏ ਘਰ ਅਤੇ ਸਦੀਆਂ ਦੇ ਰਿਸ਼ਤੇ ਛੱਡਕੇ ਇਸ ਤਰ੍ਹਾਂ ਰਾਵੀ ਪਾਰ ਕਰ ਆਏ ਜਿਸ ਤਰ੍ਹਾਂ ਅਸੀਂ ਜਨਮ-ਜਨਮਾਂਤਰਾਂ ਦੇ ਟੱਪਰੀਵਾਸ ਹੋਈਏ । ਏਧਰ ਆ ਕੇ ਇੱਕ ਸ਼ਬਦ ਜੋ ਬਾਰ ਬਾਰ ਮੇਰੇ ਕੰਨੀ ਪੈਂਦਾ ਸੀ, ਉਹ ਸੀ 'ਕਲੇਮ' । ਮੈਨੂੰ ਇਹਦੇ ਅਰਥ ਨਹੀਂ ਸਨ ਆਉਂਦੇ । ਪਿਤਾ ਜੀ ਕਦੇ ਕਦੇ ਉਦਾਸ ਹੋ ਕੇ ਬੀਜੀ ਨਾਲ ਕਲੇਮ ਦੀਆਂ ਗੱਲਾਂ ਕਰਦੇ ਹੁੰਦੇ ਸਨ । ਪਤਾ ਲੱਗਦਾ ਸੀ ਕਿ ਉਹ ਬਹੁਤ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਕੋਈ ਕਲੇਮ ਨਹੀਂ ਸੀ ਮਿਲਿਆ । ਕਿਉਂ ਨਹੀਂ ਸੀ ਮਿਲਿਆ? ਇਸਦਾ ਉਦੋਕਾ ਕਾਰਨ ਕੋਈ ਵੀ ਹੋ ਸਕਦਾ ਹੈ ਪਰ ਅੱਜ ਮੈਨੂੰ ਲੱਗਦਾ ਹੈ ਕਿ ਪਿਤਾ ਜੀ ਨੂੰ ਕੋਸ਼ਿਸ਼ ਹੀ ਨਹੀਂ ਸੀ ਕਰਨੀ ਚਾਹੀਦੀ; ਸ਼ਰਣਾਰਥੀਆਂ ਦਾ ਭਲਾ ਆਜ਼ਾਦੀ 'ਤੇ ਕੋਈ ਕਲੇਮ ਹੁੰਦਾ ਹੈ!!

ਸਾਨੂੰ ਜ਼ਿੰਦਗੀ ਮੁੱਢ ਤੋਂ ਸ਼ੁਰੂ ਕਰਨੀ ਪਈ ਸੀ । ਪਨਾਹੀ ਜਾਂ ਪਨਾਹਗੀਰ ਸਾਡੀ ਅੱਲ ਪੈ ਗਈ ਸੀ । ਆਪਣੇ ਦੋ ਵੱਡੇ ਭਰਾਵਾਂ ਨਾਲ, ਉਨ੍ਹੀਂ ਦਿਨੀਂ, ਮੈਂ ਬਹੁਤ ਘੁੰਮਿਆ ਸਾਂ । ਨੰਗਾ ਸਿਰ, ਨੰਗੇ ਪੈਰ, ਕੜਕਦੀ ਧੁੱਪ । ਸਾਡਾ ਕੰਮ ਹੁੰਦਾ ਸੀ, ਵੱਢੇ ਹੋਏ ਰੁੱਖਾਂ ਦੇ ਮੁੱਢ ਲੱਭਣੇ । ਪਿਤਾ ਜੀ ਦੇ ਮੋਢੇ 'ਤੇ ਕੁਹਾੜਾ ਹੁੰਦਾ ਸੀ ਤੇ ਭਰਾਵਾਂ ਦੇ ਮੋਢਿਆਂ ਉੱਤੇ ਕਹੀਆਂ ਤੇ ਕੰਧਾਲੇ । ਮੁੱਢ ਦੀਆਂ ਜੜ੍ਹਾਂ ਲਾਗੋਂ ਮਿੱਟੀ ਹਟਾਉਂਦਿਆਂ ਮੇਰੇ ਨਿੱਕੇ ਨਿੱਕੇ ਹੱਥ ਕਦੇ ਨਹੀਂ ਸਨ ਥੱਕਦੇ । ਮੁੱਢ ਪੁੱਟਕੇ, ਪਾੜਕੇ ਅਸੀਂ ਘਰ ਲਿਆਕੇ ਕੋਠੇ 'ਤੇ ਸੁੱਕਣੇ ਪਾ ਦੇਂਦੇ ਸਾਂ । ਇਹ ਬਾਲਣ ਰੋਟੀਆਂ ਪਕਾਉਣ ਦੇ ਕੰਮ ਆਉਂਦਾ ਸੀ । ਰੋਟੀਆਂ ਲੋਹੇ ਦੀਆਂ ਹੁੰਦੀਆਂ ਸਨ ਜਾਂ ਪਿੱਤਲ ਦੀਆਂ । (ਮੱਢਲ ਦੀ ਕਾਲੀ ਸਿਆਹ ਅਤੇ ਸਖ਼ਤ ਰੋਟੀ ਨੂੰ ਅਸੀਂ ਲੋਹੇ ਦੀ ਕਹਿੰਦੇ ਸਾਂ ਤੇ ਬਾਜਰੇ ਦੀ ਰੋਟੀ ਨੂੰ ਪਿੱਤਲ ਦੀ ।) ਕਣਕ ਜਾਂ ਮੱਕੀ ਦੇ ਦਰਸ਼ਨ ਤਾਂ ਬਹੁਤ ਬਾਅਦ ਦੀ ਗੱਲ ਹੈ । ਵੱਡੇ ਦੋਏਂ ਭਰਾ ਸਕੂਲੇ ਦਾਿਖ਼ਲ ਹੋਏ ਸਨ ਪਰ ਉਨ੍ਹਾਂ ਦਾ ਭਵਿੱਖ ਤਾਂ ਪਹਿਲਾਂ ਹੀ ਆਜ਼ਾਦੀ ਨੇ ਗਿਰਵੀ ਰੱਖ ਲਿਆ ਸੀ । ਪਿਤਾ ਜੀ ਤੋਂ ਬਾਅਦ ਆਪਣੇ ਘਰ ਵਿੱਚ ਦਸਵੀਂ ਪਾਸ ਕਰਨ ਵਾਲਾ ਮੈਂ ਪਹਿਲਾ ਖ਼ੁਸ਼ਕਿਸਮਤ ਜੀਵ ਸਾਂ । ਸਕੂਲ ਦੇ ਦਿਨਾਂ ਵਿੱਚ ਆਜ਼ਾਦੀ ਬਾਰੇ ਬਹੁਤ ਕੁਝ ਕਿਤਾਬਾਂ ਵਿੱਚ ਪੜ੍ਹਿਆ । ਨੇਤਾਵਾਂ ਦੀ ਜੈ ਜੈ ਕਾਰ ਕੀਤੀ । ਫਿਰਨੀਆਂ 'ਤੇ ਮਿੱਟੀ ਪਾਈ । ਖੇਤਾਂ 'ਚੋਂ ਪੋਹਲੀ ਪੁੱਟੀ । ਬਿਜਲੀ ਦੇ ਖੰਭੇ ਖੜੇ ਕੀਤੇ । ਕੌਮੀ ਝੰਡੇ ਦੇ ਗੀਤ ਗਾਏ । ਪਰ ਆਜ਼ਾਦੀ ਜਾਂ ਗੁਲਾਮੀ ਬਾਰੇ ਕਦੇ ਨਹੀਂ ਸੀ ਸੋਚਿਆ । ਹੁਣ ਮੈਨੂੰ ਮੁੱਢ ਪੁੱਟਣ ਵਾਲੀ ਘਟਨਾ ਇੱਕ ਪ੍ਰਤੀਕ ਵਰਗੀ ਜਾਪਦੀ ਹੈ । ਗੁਲਾਮੀ ਦਾ ਰੁੱਖ ਤਾਂ ਵੱਢਿਆ ਜਾ ਚੁੱਕਾ ਸੀ, ਪਰ ਮੁੱਢ ਨੂੰ ਜੜ੍ਹਾਂ ਤੋਂ ਪੁੱਟਣ ਦੀ ਜ਼ਿੰਮੇਵਾਰੀ ਪਨਾਹੀਆਂ ਦੇ ਸਿਰ ਅਜੇ ਵੀ ਬਾਕੀ ਸੀ । ਅਜੇ ਵੀ ਬਾਕੀ ਹੈ! ਅਜੇ ਤੱਕ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਾਂ । ਅਜੇ ਤੱਕ ਸਾਰੇ ਮੁਲਕ ਵਿੱਚ ਸਾਡੀ ਕੋਈ ਜਾਇਦਾਦ ਨਹੀਂ । ਭਾਵੇਂ ਕਿ ਮੈਂ ਉਦੋਂ ਦੋ ਵਰ੍ਹਿਆਂ ਦਾ ਬਾਲ ਸਾਂ, ਜਦੋਂ ਸਾਡੇ ਦੇਸ਼ ਦੀ ਸੁਤੰਤਰਤਾ ਮੇਰੀ ਨਿੱਕੀ ਭੈਣ ਵਾਂਗ ਮੇਰੇ ਨਾਲ ਖੇਡਣ ਲਈ ਆ ਗਈ । ਭਾਵੇਂ ਕਿ ਉਹ ਅੱਜ ਬੱਤੀਆਂ ਤੇਤੀਆਂ ਵਰ੍ਹਿਆਂ ਦੀ ਭਰ ਜਵਾਨ ਹੈ । (ਭਾਵੇਂ ਕਿ ਮੇਰੀਆਂ ਮਾਂ-ਪਿਉ ਜਾਈਆਂ ਚਾਰ ਭੈਣਾਂ ਆਪਣੀ ਉਸ ਸਭ ਤੋਂ ਵੱਡੀ ਭੈਣ ਬਾਰੇ ਕੁਝ ਨਹੀਂ ਜਾਣਦੀਆਂ ।)

ਮੈਨੂੰ ਲੱਗਦਾ ਹੈ, ਮੈਂ ਬਹੁਤ ਨਿੱਜੀ ਗੱਲਾਂ ਕਰਨ ਲੱਗ ਪਿਆ ਹਾਂ । ਇਸ ਸਭ ਕਾਸੇ ਵਿੱਚ ਕਿਸੇ ਨੂੰ ਕੀ ਦਿਲਚਸਪੀ ਹੋ ਸਕਦੀ ਹੈ? ਉਂਜ ਵੀ ਝੱਗਾ ਚੁੱਕਣ ਨਾਲ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ । ਪਰ ਭੁੱਖੇ ਢਿੱਡ ਨੂੰ ਨੰਗੇ ਹੋਣ ਦਾ ਵੀ ਕੋਈ ਮਿਹਣਾ ਨਹੀਂ ਹੁੰਦਾ । ਸਵਾਲ ਕਰਨ ਵੇਲੇ ਮੈਨੂੰ ਜ਼ਿੰਮੇਵਾਰ ਆਦਮੀ ਸਮਝਿਆ ਗਿਆ ਹੈ । ਕਿਹਾ ਗਿਆ ਹੈ ਕਿ ਮੇਰੇ ਕੋਲ ਚਿੰਤਕ ਦੀ ਤਿੱਖੀ ਨਜ਼ਰ ਹੈ ਅਤੇ ਇੱਕ ਵਿਅੰਗਕਾਰ ਦੇ ਤਿੱਖੇ ਬੋਲ । ਏਸੇ ਲਈ ਪਾਠਕਾਂ ਨੂੰ ਮੇਰੇ ਜਵਾਬ ਵਿੱਚ ਖ਼ਾਸ ਦਿਲਚਸਪੀ ਹੋਵੇਗੀ । ਮੇਰਾ ਭਰੋਸਾ ਮੁੜ ਬੱਝਦਾ ਹੈ । ਜੇਕਰ ਸਵਾਲ ਨਿੱਜੀ ਹੈ ਤਾਂ ਜਵਾਬ ਸਮੂਹਕ ਕਿਵੇਂ ਹੋ ਸਕਦਾ ਹੈ? ਇਹ ਗੱਲ ਵੱਖਰੀ ਹੈ ਕਿ ਇਕੱਲੇ ਇਕੱਲੇ ਰੁੱਖ ਦੀ ਕਹਾਣੀ ਹੀ ਜੰਗਲ ਦੀ ਦਾਸਤਾਨ ਹੁੰਦੀ ਹੈ ।

ਕਦੀ ਕਦੀ ਇੰਜ ਲੱਗਦਾ ਹੈ ਕਿ ਮੇਰੇ ਪਿਉ ਦਾਦੇ ਅੰਗਰੇਜ਼ਾਂ ਦੇ ਗੁਲਾਮ ਸਨ ਤੇ ਮੈਂ ਆਜ਼ਾਦੀ ਦਾ ਗੁਲਾਮ ਹਾਂ । ਮੇਰੇ ਮੁਲਕ ਉੱਤੇ ਆਜ਼ਾਦੀ ਦੀ ਹਕੂਮਤ ਹੈ । ਮੈਂ ਉਸਦੀ ਰਿਆਇਆ ਹਾਂ । ਜਦੋਂ ਬੰਦਾ ਆਜ਼ਾਦੀ ਦੇ ਸੰਕਲਪ ਬਾਰੇ ਬੋਲਣ ਵੇਲੇ ਵੀ ਖ਼ੁਦ ਨੂੰ ਆਜ਼ਾਦ ਨਾ ਸਮਝ ਰਿਹਾ ਹੋਵੇ ਤਾਂ ਉਹ ਬੰਦਾ ਨਹੀਂ ਹੁੰਦਾ, ਸਰਕਾਰੀ ਮੁਲਾਜ਼ਮ ਹੁੰਦਾ ਹੈ । ਮੁਲਾਜ਼ਮ ਤੋਂ ਮੁਲਜ਼ਮ ਬਣਦਿਆਂ ਬਹੁਤੀ ਦੇਰ ਨਹੀਂ ਲੱਗਦੀ । ਸ਼ਾਇਦ ਏਸੇ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਿੱਚ ਮੈਨੂੰ ਦੇਰ ਲੱਗ ਰਹੀ ਹੈ! ਮੈਂ ਜੁ ਹੋਇਆ ਆਜ਼ਾਦ ਮੁਲਕ ਦਾ ਗੁਲਾਮ ਸ਼ਹਿਰੀ!!

ਜਦੋਂ ਤੋਂ ਮੈਂ ਅੱਖਰ ਉਠਾਉਣ ਜੋਗਾ ਹੋਇਆ ਹਾਂ, ਲਗਾਤਾਰ ਮਨਾਹੀਆਂ ਦੀ ਇਬਾਰਤ ਪੜ੍ਹਨ ਨੂੰ ਮਿਲ ਰਹੀ ਹੈ । ਸ਼ਰਾਬ ਪੀਣਾ ਮਨ੍ਹਾ ਹੈ । ਸਿਗਰਟ ਪੀਣਾ ਸਖ਼ਤ ਮਨ੍ਹਾ ਹੈ । ਫੁੱਲ ਤੋੜਨਾ ਮਨ੍ਹਾ ਹੈ, ਇਸ਼ਤਿਹਾਰ ਲਾਉਣਾ ਮਨ੍ਹਾ ਹੈ, ਪਿਸ਼ਾਬ ਕਰਨਾ ਮਨ੍ਹਾ ਹੈ । ਸਾਈਕਲ ਖੜੀ ਕਰਨਾ ਮਨ੍ਹਾ ਹੈ । ਚੱਲਦੀ ਗੱਡੀ 'ਚੋਂ ਸਰੀਰ ਦਾ ਕੋਈ ਹਿੱਸਾ ਬਾਹਰ ਨਾ ਕੱਢੋ । ਪਹਿਲੀਆਂ ਤਿੰਨ ਸੀਟਾਂ 'ਤੇ ਸੌਣਾ ਮਨ੍ਹਾ ਹੈ । ਅੰਦਰ ਆਉਣਾ ਮਨ੍ਹਾ ਹੈ । ਘਾਹ ਉੱਤੇ ਤੁਰਨਾ ਮਨ੍ਹਾ ਹੈ । ਥੁੱਕਣਾ ਮਨ੍ਹਾ ਹੈ .. ...ਨਸ਼ਾਬੰਦੀ । ਨਸਬੰਦੀ । ਤਾਲਾਬੰਦੀ । ਨਜ਼ਰਬੰਦੀ...ਸ਼ਾਇਦ ਇਸ ਸਾਰੀ ਸ਼ਬਦਾਵਲੀ ਦਾ ਸੁਤੰਤਰਤਾ ਨਾਲ ਕੋਈ ਸੰਬੰਧ ਹੁੰਦਾ ਹੀ ਹੋਵੇ!

ਵਰਜਨਾਵਾਂ ਦੇ ਦੌਰ ਵਿੱਚ ਵੀ ਸਵਾਲ ਕਰਨ ਵੇਲੇ ਮੈਨੂੰ ਏਨੀ ਖੁੱਲ੍ਹ ਮਿਲ ਗਈ ਹੈ ਕਿ ਮੈਂ ਜਵਾਬ ਨਸਰ ਦੀ ਥਾਂ ਨਜ਼ਮ ਵਿੱਚ ਵੀ ਦੇ ਸਕਦਾ ਹਾਂ । ਇਹ ਛੋਟ ਖ਼ੁਸ਼-ਗਵਾਰ ਹੈ । ਬੰਦੇ ਨੂੰ ਨਜ਼ਮ ਕਹਿਣੀ ਆਉਂਦੀ ਹੋਵੇ ਤਾਂ ਗੱਲ ਵਿੱਚੋਂ ਖਤਰਾ ਮਨਫ਼ੀ ਹੋ ਜਾਂਦਾ ਹੈ । ਨਜ਼ਮ ਵਿੱਚ ਗੱਲ ਕਰਨ ਦੀ ਕਾਢ ਸ਼ਾਇਦ ਕਿਸੇ ਮੁਲਾਜ਼ਮ ਦੀ ਮਜਬੂਰੀ ਦਾ ਹੀ ਨਤੀਜਾ ਹੋਵੇ । ਮੈਂ ਸ਼ਾਇਰ ਦਾ ਲਬਾਦਾ ਪਹਿਨ ਲਿਆ ਹੈ । ਸੌਖਾ ਹੋ ਕੇ ਬਹਿ ਗਿਆ ਹਾਂ । ਬਿੰਬਾਂ ਵਿੱਚ ਸੋਚਣ ਦੀ ਕੋਸ਼ਿਸ਼ ਕਰਦਾ ਹਾਂ ।

ਕੁਝ ਵਰ੍ਹੇ ਪਹਿਲਾਂ ਮੈਂ ਐਲਾਨ ਕੀਤਾ ਸੀ : ਕਵਿਤਾ ਦਾ ਯੁੱਗ ਬੀਤ ਗਿਆ । ਚੰਗੇ ਮਾੜੇ ਪ੍ਰਤਿਕ੍ਰਮ ਦੇ ਬਾਵਜੂਦ ਵੀ ਉਸ ਤੋਂ ਬਾਅਦ ਮੈਂ ਕੋਈ ਕਵਿਤਾ ਨਹੀਂ ਲਿਖੀ । ਹੁਣ ਬਿੰਬਾਂ ਵਿੱਚ ਸੋਚਣਾ ਅਜੀਬ ਜਿਹਾ ਲੱਗ ਰਿਹਾ ਹੈ । ਹੈ ਤਾਂ ਅੰਤਰ-ਵਿਰੋਧ, ਪਰ ਹੁਣ ਇਕਬਾਲ ਦੀ ਸਲਾਹ ਮੰਨਣ ਨੂੰ ਜੀਅ ਕਰ ਰਿਹਾ ਹੈ । ਚਾਹੁੰਦਾ ਹਾਂ ਕਿ ਦਿਲ ਥੋੜ੍ਹੀ ਦੇਰ ਲਈ ਅਕਲ ਦੀ ਗਰਿਫ਼ਤ 'ਚੋਂ ਨਿਕਲ ਜਾਏ । ਕਲਪਨਾ ਦੀਆਂ ਰੰਗੀਨੀਆਂ ਖਿੱਚ ਪਾਉਂਦੀਆਂ ਹਨ । ਘਰ ਘਰ ਵਿੱਚ ਲੋਕਰਾਜ ਦੀ ਗੱਲ ਚੇਤੇ ਆਉਂਦੀ ਹੈ । ਆਜ਼ਾਦੀ ਨੂੰ ਦਿੱਲੀ ਦੇ ਤਖ਼ਤ ਤੋਂ ਖਿੱਚ ਕੇ ਆਪਣੇ ਘਰ ਵਿੱਚ ਲੈ ਆਉਂਦਾ ਹਾਂ । ਮੇਰਾ 'ਘਰ', ਇੱਕ ਨਿੱਕੀ ਜਿਹੀ ਆਜ਼ਾਦ ਸਲਤਨਤ ਹੈ । ਮੈਂ ਹਾਕਮ ਹਾਂ । ਬੀਵੀ ਤੇ ਬੱਚਾ ਮੇਰੀ ਪਰਜਾ ਹਨ । ਮੇਰਾ ਆਪਣਾ ਰਾਜ ਹੈ!

ਮੇਰਾ ਬੱਚਾ ਮੇਰੀ ਦੇਖ-ਰੇਖ ਵਿੱਚ ਆਜ਼ਾਦ ਵਿਚਰ ਰਿਹਾ ਹੈ । ਉਸਦੀ ਆਜ਼ਾਦੀ ਮੇਰੀ ਮਰਜ਼ੀ 'ਤੇ ਮੁਨਹੱਸਰ ਹੈ । ਰਾਤ ਕਿੰਨੀ ਬੀਤ ਚੁੱਕੀ ਹੈ, ਪਰ ਉਹ ਅਜੇ ਤੱਕ ਸੌਂ ਕਿਉਂ ਨਹੀਂ ਰਿਹਾ? ਉਸਦੀਆਂ ਕਿਲਕਾਰੀਆਂ ਮੇਰੇ ਸ਼ਾਇਰ ਨੂੰ ਖ਼ਲਲ ਜਾਪਦੀਆਂ ਹਨ । ਉਸਨੂੰ ਆਪਣੇ ਕੋਲ ਬੁਲਾ ਕੇ ਜ਼ਬਰਦਸਤੀ ਸੁਲਾਉਣ ਦਾ ਯਤਨ ਕਰਦਾ ਹਾਂ । ਬਿੰਬ ਲੋਰੀ ਵਿੱਚ ਢਲ ਜਾਂਦੇ ਹਨ:


ਸੋਹਣਾ ਸੋਹਣਾ ਸੋਹਣਾ । ਲੋਕ ਰਾਜ ਸੋਹਣਾ ।
ਜਾਦੂ ਦਾ ਖਿਡੌਣਾ । ਰੋਜ਼ ਕਰਾਵੇ ਚੋਣਾਂ ।
ਵੋਟਾਂ ਦੇ ਪਲੰਘ ਉੱਤੇ, ਨੋਟਾਂ ਦਾ ਵਿਛੌਣਾ ।
ਬਾਪੂ ਗਾਂਧੀ ਵਾਜਾਂ ਮਾਰੇ, ਆ ਜਾਉ ਜੀਹਨੇ ਸੌਣਾ ।

ਬੱਚਾ ਜ਼ਿੱਦ ਕਰ ਰਿਹਾ ਹੈ । ਮੈਂ ਜਾਣਦਾ ਹਾਂ, ਉਸਨੂੰ ਨੀਂਦ ਨਹੀਂ ਆ ਰਹੀ । ਪਰ, ਮੇਰੇ ਹੱਥਾਂ ਦੀ ਪਕੜ ਹੋਰ ਮਜ਼ਬੂਤ ਹੋ ਜਾਂਦੀ ਹੈ । ਉਸਦੇ ਵਿਰੋਧੀ ਬੋਲਾਂ ਨੂੰ ਨਾ ਸੁਣਨ ਦਾ ਬਹਾਨਾ ਕਰਕੇ ਮੈਂ ਆਪਣੀ ਆਵਾਜ਼ ਨੂੰ ਥੋੜ੍ਹਾ ਹੋਰ ਉੱਚੀ ਕਰ ਦੇਂਦਾ ਹਾਂ:


ਜੀਵੇ ਬਾਪੂ ਗਾਂਧੀ । ਜਿਨ ਆਜ਼ਾਦੀ ਆਂਦੀ ।
ਹਾਰੀ ਕੌਮ ਗੋਰੀ । ਜਿੱਤ ਗਈ ਡੰਗੋਰੀ ।
ਜੀਵੇ ਰਾਮ ਰਾਜਾ । ਹੇਠ ਘੋੜਾ ਤਾਜਾ ।
ਸੋਨੇ ਦੀਆਂ ਪੌੜੀਆਂ ਤੇ ਚਾਂਦੀ ਦਾ ਦਰਵਾਜ਼ਾ ।

ਕੁੱਤੇ ਪੂਰੀ ਆਜ਼ਾਦੀ ਨਾਲ ਭੌਂਕ ਰਹੇ ਹਨ । ਬੱਚਾ ਲੋਰੀ ਦੇ ਅਸਰ ਹੇਠ ਆਉਂਦਾ ਜਾ ਰਿਹਾ ਹੈ । ਹੁਣ ਮੇਰੇ ਦੋਵੇਂ ਹੱਥ ਵਿਹਲੇ ਹਨ ਤੇ ਉਸਦੇ ਪਿੰਡੇ ਉੱਤੇ ਹੌਲੀ ਜਿਹੀ ਥਾਪ ਨਾਲ ਮੈਂ ਸੁਤੰਤਰ ਸੰਗੀਤ ਦਾ ਭਰਮ ਪੈਦਾ ਕਰ ਰਿਹਾ ਹਾਂ । ਰਾਤ, ਇਕੱਲ ਤੇ ਆਜ਼ਾਦੀ । ਪਹਿਰੇਦਾਰ ਦੀ ਆਵਾਜ਼ ਮੇਰੀ ਸੋਚ ਦੀ ਤੰਦ ਨੂੰ ਮੁੜ ਥਾਂ ਸਿਰ ਜੋੜ ਦੇਂਦੀ ਹੈ:


ਦਰਵਾਜ਼ੇ 'ਤੇ ਪਹਿਰੂ । ਲਾਲ ਜਵਾਹਰ ਨਹਿਰੂ ।
ਜੀਤ ਗਇਆ ਬਈ ਜੀਤ ਗਇਆ
ਬੈਲੋਂ ਵਾਲਾ ਜੀਤ ਗਇਆ
ਤੁਮ ਕੋ ਹਮਸੇ ਬਿਛੁੜੇ ਹੂਏ-
ਹਮ ਕੋ ਤੁਮਸੇ ਬਿਛੁੜੇ ਹੂਏ-
ਏਕ ਜ਼ਮਾਨਾ ਬੀਤ ਗਇਆ ।

ਬੱਚਾ ਘੂਕ ਸੌਂ ਚੁੱਕਾ ਹੈ । ਮੈਨੂੰ ਨੀਂਦ ਨਹੀਂ ਆ ਰਹੀ । ਮੇਰੇ ਵੱਸ ਦੀ ਗੱਲ ਨਹੀਂ ਰਹੀ । ਬੀਤੇ ਜ਼ਮਾਨੇ ਦੀ ਤਾਰੀਖ਼ ਵਰਕ-ਦਰ-ਵਰਕ ਖੁੱਲ੍ਹ ਰਹੀ ਹੈ । ਮੈਂ ਜਾਗ ਰਿਹਾ ਹਾਂ, ਪਰ ਜਾਗ ਕੇ ਵੀ ਕੀ ਕਰ ਰਿਹਾ ਹਾਂ?


ਗੱਲ ਸੁਣਾਵਾਂ ਖਰੀ ਖਰੀ । ਹੈਲੋ, ਬੇਬੀ! ਡੌਂਟ ਵਰੀ ।
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ,
ਤੁਪਕਾ ਤੁਪਕਾ ਢਾਬ ਭਰੀ ।
ਇੱਕ ਫੁੱਲ ਡਿੱਗਿਆ, ਇੱਕ ਪੱਤ ਸੁੱਕਿਆ-
ਫੇਰ ਕਿਆਰੀ ਹਰੀ ਭਰੀ ।
ਵੋਟਾਂ ਦੀ ਵੇਦੀ 'ਤੇ ਚੜ੍ਹਿਆ, ਲਾਲ ਬਹਾਦਰ ਸ਼ਾਸਤਰੀ ।
ਜੈ ਜਵਾਨ; ਜੈ ਕਿਸਾਨ!!
ਸਭ ਕਾ ਦਾਤਾ ਸਿਰੀ ਭਗਵਾਨ ।

ਹੁਣ ਮੈਂ ਚਾਹੁੰਦਾ ਹਾਂ ਕਿ ਟਿਕੀ ਹੋਈ ਰਾਤ ਵਿੱਚ ਮੈਂ ਜੋ ਮਰਜ਼ੀ ਬੋਲੀ ਜਾਵਾਂ । ਕੋਈ ਸੁਣਨ ਵਾਲਾ ਨਾ ਹੋਏ । ਮੇਰਾ ਵੱਸ ਚੱਲੇ ਤਾਂ ਕੰਧਾਂ ਦੇ ਕੰਨ ਵੀ ਬੰਦ ਕਰ ਦਿਆਂ । ਸ਼ੁਕਰ ਹੈ ਕਿ ਬੱਚਾ ਵੀ ਸੁੱਤਾ ਹੋਇਆ ਹੈ:


ਸੁਣੋ ਕਹਾਣੀ 'ਗਾਂਹ ਦੀ ।
ਇੱਕ ਬਚੜੇ ਇੱਕ ਮਾਂ ਦੀ ।
ਇੱਕ ਬਛੜੇ ਇੱਕ ਗਾਂ ਦੀ ।
ਜੈ ਜੈ ਲੱਛਮੀ! ਜੈ ਜੈ ਦੁਰਗੇ!!
ਜੈ ਜੈ ਇੰਦਰਾ ਗਾਂਧੀ!!!

ਮੈਂ ਚੁੱਪ ਹਾਂ । ਸਿਰਫ਼ ਮੇਰੇ ਕੰਨ ਬੋਲ ਰਹੇ ਹਨ । ਕਮਰੇ ਵਿੱਚ ਤੂਫ਼ਾਨ ਜਿਹਾ ਆ ਗਿਆ ਲੱਗਦਾ ਹੈ । ਮੈਂ ਆਸੇ ਪਾਸੇ ਦੇਖਦਾ ਹਾਂ । ਬੀਵੀ ਬੱਚਾ ਮੇਰੇ ਹੁਕਮ ਵਿੱਚ ਬੱਝੇ ਸੌਂ ਰਹੇ ਹਨ । ਮੇਰੀ ਸਲਤਨਤ ਮਹਿਫ਼ੂਜ਼ ਹੈ । ਨਾਅਰੇ ਬੁਲੰਦ ਹੋ ਰਹੇ ਹਨ:


ਗੂੰਜੇ ਧਰਤੀ ਔਰ ਪਾਤਾਲ । ਆਪਤਕਾਲ ਆਪਤਕਾਲ ।
ਜੇਲ੍ਹ ਜੇਲ੍ਹ 'ਚੋਂ ਆਈ ਆਵਾਜ਼ । ਆ ਕੇ ਰਹੇਗਾ ਜਨਤਾ ਰਾਜ ।
ਗੂੰਜੇ ਧਰਤੀ ਔਰ ਆਕਾਸ਼ । ਦੇਸ਼ ਕੇ ਨੇਤਾ ਜੈ ਪ੍ਰਕਾਸ਼ ।
ਗੂੰਜੇ ਧਰਤੀ ਔਰ ਪਾਤਾਲ । ਖ਼ਤਮ ਕਰੋ ਇਹ ਇੰਦਰਾ ਜਾਲ ।
ਬੋਲੋ ਬੋਲੇ ਸੋ ਨਿਹਾਲ, ਆਖੋ ਸਤਿ ਸ੍ਰੀ ਅਕਾਲ ।
ਜੈ ਜੈ ਕਾਰ, ਹਾ ਹਾ ਕਾਰ, ਰੌਲੇ ਨਾਲ ਭਰੇ ਅਖ਼ਬਾਰ ।

ਤੂਫ਼ਾਨ ਸ਼ਾਂਤ ਹੋ ਗਿਆ ਹੈ । ਹਨੇਰੀ ਲੰਘ ਚੁੱਕੀ ਹੈ । ਨਾਅਰਿਆਂ ਦੀ ਥਾਂ ਲਾਰਿਆਂ ਨੇ ਲੈ ਲਈ ਹੈ:

ਬੀਤ ਗਈ ਸਭ ਤੰਗੀ ਤੁਰਸ਼ੀ!
ਜੈ ਜੈ ਜਨਤਾ! ਜੈ ਜੈ ਕੁਰਸੀ!

47 ਵਾਲੀ 'ਆਜ਼ਾਦੀ' ਵੇਲੇ ਮੈਂ ਦੋ ਸਾਲਾਂ ਦਾ ਸਾਂ ਤੇ ਹੁਣ 77 ਦੀ 'ਆਜ਼ਾਦੀ' ਵੇਲੇ ਮੇਰਾ ਬੱਚਾ ਤਿੰਨ ਵਰ੍ਹਿਆਂ ਦਾ ਹੈ । ਮੈਂ ਆਪਣੇ ਬਚਪਨ ਨੂੰ ਜਗਾਉਣ ਦੀ ਕੋਸ਼ਿਸ਼ ਵਿੱਚ ਹਾਂ ਪਰ ਇਹ ਤਾਂ ਦੂਹਰੀ ਆਜ਼ਾਦੀ ਦਾ ਬੋਝ ਸਿਰ ਲੈ ਕੇ ਵੀ ਨਿਸ਼ਚਿੰਤ ਹੋ ਕੇ ਸੁੱਤਾ ਹੋਇਆ ਹੈ । ਸ਼ਾਇਦ ਦਾਗ਼ਿਸਤਾਨੀ ਮੁਹਾਵਰੇ ਮੁਤਾਬਕ ਵੱਡੇ ਸੁਪਨੇ ਲੈ ਰਿਹਾ ਹੋਵੇ!


ਦੂਸਰੀ ਆਜ਼ਾਦੀ ।
ਰੂਪ ਵਟਾਇਆ ਖਾਦੀ ।
ਲਾਰੇ ਲਾਰੇ ਲਾਰੇ ।
ਦਿਨੇ ਦਿਖਾਵਣ ਤਾਰੇ ।
ਰਾਜ ਬਦਲ ਜਾਂਦਾ ਏ,
ਬੰਦੇ ਉਹੀਉ ਰਹਿੰਦੇ ਸਾਰੇ ।
ਉਹੀਉ ਫੇਰ ਕਹਾਣੀ ।
ਪਾਣੀ ਵਿੱਚ ਮਧਾਣੀ ।
ਵੋਟਾਂ ਵਾਲੇ ਪਲੰਘ 'ਤੇ ਬੈਠੇ,
ਸੌ ਰਾਜਾ ਸੌ ਰਾਣੀ ।

ਲੋਰੀ ਦਾ ਅਸਰ ਮੇਰੇ 'ਤੇ ਵੀ ਹੋਣ ਲੱਗ ਪਿਆ ਹੈ, ਪਰ ਮੈਂ ਹੁਣ ਸੌਣਾ ਨਹੀਂ ਚਾਹੁੰਦਾ । ਡਰਦਾ ਹਾਂ, ਰਤਾ ਕੁ ਸੁਸਤਾਉਣ ਨਾਲ ਕਿਤੇ ਸਲਤਨਤ ਡਾਵਾਂਡੋਲ ਨਾ ਹੋ ਜਾਏ । ਸਵੇਰ ਦਾ ਚੜ੍ਹਾਅ ਹੈ । ਅਖ਼ਬਾਰ ਦੀ ਪਹਿਲੀ ਸੁਰਖ਼ੀ ਚੋਣਾਂ ਬਾਰੇ ਹੈ । ਸ਼ੁਕਰ ਕਰਦਾ ਹਾਂ, ਮੇਰੀ ਬਲਾ ਹੋਰਥੇ ਟਲ ਗਈ:


ਚੋਣਾਂ ਚੋਣਾਂ ਚੋਣਾਂ ।
ਹਰ ਵਾਰੀ ਕੁਝ ਖੋਹਣਾ ।
ਲੋਕ ਰਾਜ ਵਿੱਚ, ਰਾਮ ਰਾਜ ਵਿੱਚ,
ਹੋਰ ਬੜਾ ਕੁਝ ਹੋਣਾ ।

ਖ਼ਾਬ ਦਾ ਗੁੰਬਦ ਫ਼ਟ ਚੁੱਕਾ ਹੈ । ਮੈਂ ਸ਼ਾਇਰ ਦਾ ਲਬਾਦਾ ਉਤਾਰਦਾ ਹਾਂ । ਬੀਤੀ ਰਾਤ ਦੇ ਅਨੀਂਦਰੇ ਤੋਂ ਬਹੁਤ ਸ਼ਰਮਿੰਦਾ ਹਾਂ । ਸੂਰਜ ਚੜ੍ਹਨ ਵਾਲਾ ਹੈ । ਲੋਕ ਸਲਾਮਾਂ ਨੂੰ ਤਸ਼ਤਰੀਆਂ ਵਿੱਚ ਧਰਕੇ ਚੜ੍ਹਨ ਵਾਲੇ ਸੂਰਜ ਦੀ ਉਡੀਕ ਕਰ ਰਹੇ ਹਨ । ਪਰ ਮੈਂ ਆਪਣੇ ਬੱਚੇ ਦੇ ਜਾਗਣ ਦੀ ਉਡੀਕ ਕਰ ਰਿਹਾਂ ਹਾਂ । ਮੈਂ ਚਾਹੁੰਦਾ ਹਾਂ ਕਿ ਆਪ ਸੌਣ ਤੋਂ ਪਹਿਲਾਂ ਉਸਦੇ ਬਚਪਨ ਨੂੰ ਜਾਗ੍ਰਿਤ ਕਰ ਦਿਆਂ ।

ਕਵਿਤਾ : ਕੁਝ ਵਿਚਾਰ ਅਧੀਨ ਪੱਤਰ ਅਤੇ ਖਰੜਾ ਪ੍ਰਵਾਨਗੀ ਲਈ

1. ਵਿਸ਼ਾ : ਕਵਿਤਾ ਦਾ ਯੁੱਗ ਬੀਤ ਗਿਆ ਬਨਾਮ ਕਵਿਤਾ ਦੀ ਵਾਪਸੀ ਅਤੇ ਮੱਧ-ਮਾਰਗੀ ਸੋਚ । ਵਿਚਾਰ ਅਧੀਨ ਪੱਤਰ ਸਵੈ-ਸਪੱਸ਼ਟ ਨਹੀਂ ਹਨ । ਵਾਚਣ ਦੀ ਖੇਚਲ ਬੇਸ਼ਕ ਨਾ ਕੀਤੀ ਜਾਏ ।

2. ਹਵਾਲਿਆਂ ਲਈ ਹੁਣ ਤਕ ਛਪੀ, ਛਪ ਰਹੀ ਅਤੇ ਛਪਵਾਈ ਜਾ ਰਹੀ ਕਵਿਤਾ ਉੱਤੇ ਸਰਸਰੀ ਝਾਤ ਮਾਰ ਲਈ ਜਾਏ । ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਕਦੇ ਵੀ ਕੋਈ ਸਿੱਕੇਬੰਦ ਨਿਯਮ ਲਾਗੂ ਨਹੀਂ ਰਹੇ । ਸਮੇਂ ਸਮੇਂ ਕੁਝ ਸਾਹਿੱਤ-ਅਚਾਰੀਆਂ, ਕਾਵਿ-ਸ਼ਾਸਤਰੀਆਂ ਤੇ ਆਲੋਚਕਾਂ ਨੇ ਆਪਣੀ ਆਪਣੀ ਅਕਲ ਤੇ ਲੋੜ ਨੂੰ ਸੂਤ ਬੈਠਦੇ ਕੁਝ ਅਸੂਲ ਬਣਾਏ ਜ਼ਰੂਰ ਸਨ, ਜਿਨ੍ਹਾਂ ਦੀ ਉਪਯੋਗਤਾ ਵਿਹਾਰ ਵਿੱਚ ਆਉਣ ਤੋਂ ਪਹਿਲਾਂ ਹੀ ਬੇਹੀ-ਤ੍ਰਬੇਹੀ ਹੋ ਚੁੱਕੀ ਸੀ । ਫਿਰ ਵੀ ਇਹ ਵਾਦ- ਵਿਵਾਦੀ ਮਸਲਾ ਹੈ, ਪੂਰੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ । ਏਥੇ ਇਹ ਲਿਖਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਹ ਮਸਲਾ ਕਈ ਸਦੀਆਂ ਤੋਂ ਲਟਕ ਰਿਹਾ ਹੈ, ਸਰਕਾਰਾਂ ਆਉਂਦੀਆਂ ਹਨ ਬਦਲ ਜਾਂਦੀਆਂ ਹਨ, ਕੁਝ ਸਾਲਾਂ ਬਾਅਦ ਮਿਸਲ ਦਾ ਕਵਰ ਬਦਲਾ ਕੇ ਨਵਾਂ ਲਗਾ ਦਿੱਤਾ ਜਾਂਦਾ ਹੈ । ਮਾਮਲੇ ਨੂੰ ਹੋਰ ਲਟਕਾਉਣਾ ਲੋਕ ਹਿਤ ਵਿੱਚ ਨਹੀਂ ਹੋਵੇਗਾ । ਇਸ ਲਈ, ਸਮੇਂ ਦੀ ਮੰਗ ਨੂੰ ਮੁੱਖ ਰੱਖਕੇ, ਸਵਿਸਥਾਰ ਟਿੱਪਣੀ ਪੇਸ਼ ਕੀਤੀ ਜਾ ਰਹੀ ਹੈ ।

3. ਕੇਸ ਦੀ ਸੰਖੇਪ ਹਿਸਟਰੀ ਇਸ ਪ੍ਰਕਾਰ ਹੈ :

(ੳ) ਪੂਰਵ-ਪੱਤਰਾਂ ਤੋਂ ਸੰਕੇਤ ਮਿਲਦਾ ਹੈ ਕਿ ਜਦੋਂ ਮਨੁੱਖ ਨੇ ਅਜੇ ਬੋਲਣ ਦੀ ਜਾਚ ਵੀ ਨਹੀਂ ਸੀ ਸਿੱਖੀ, ਉਦੋਂ ਵੀ ਉਹ ਰੋਂਦੇ ਸਨ, ਹੱਸਦੇ ਸਨ, ਲੜਦੇ ਸਨ, ਨੱਚਦੇ ਸਨ, ਜੰਮਦੇ ਸਨ, ਸੰਭੋਗ ਕਰਦੇ ਸਨ, ਮਰਦੇ ਸਨ, ਖਾਂਦੇ ਸਨ, ਮਿਲਦੇ ਸਨ, ਵਿੱਛੜਦੇ ਸਨ । ਫਿਰ, ਸੁਣਿਆ ਹੈ ਕਿ, ਕੁਝ ਕੁਦਰਤੀ ਆਫ਼ਤਾਂ, ਬੀਮਾਰੀਆਂ ਜਾਂ ਲੜਾਈ ਝਗੜਿਆ ਦੌਰਾਨ ਅਪਾਹਜ ਹੋਏ ਲੋਕਾਂ ਦੀ ਇੱਕ ਜਮਾਤ ਪੈਦਾ ਹੋ ਗਈ । ਇਹਨਾਂ ਵਿੱਚ ਉਹ ਲੋਕ ਵੀ ਸਨ ਜਿਹੜੇ ਸ਼ਿਕਾਰ ਕਰਦਿਆਂ ਲੱਤਾਂ ਬਾਹਵਾਂ ਗੁਆ ਚੁੱਕੇ ਸਨ ਅਤੇ ਸ਼ਿਕਾਰ ਕਰਨ ਦੇ ਕਾਬਿਲ ਨਹੀਂ ਸਨ ਰਹੇ । ਕੁਝ ਬੁਢਾਪੇ ਕਾਰਨ ਨਕਾਰਾ ਹੋਏ ਲੋਕ ਵੀ ਇਹਨਾਂ ਵਿੱਚ ਰਲ ਗਏ ਤੇ ਕਾਫ਼ਲਾ ਬਣਦਾ ਗਿਆ । ਮਨੁੱਖ ਦੋ ਸ਼ਰੇਣੀਆਂ ਵਿੱਚ ਵੰਡਿਆ ਗਿਆ: ਇੱਕ ਬਲਵਾਨ ਸ਼ਰੇਣੀ ਤੇ ਦੂਜੀ ਨਿਰਬਲ ਸ਼ਰੇਣੀ । ਪਹਿਲੀ ਸ਼ਰੇਣੀ ਵਾਲੇ ਲੋਕ ਜੰਗਲ ਦੇ ਸ਼ਸਤਰਧਾਰੀ ਸੂਰਬੀਰ ਪਾਤਰ ਸਨ ਤੇ ਦੂਜੀ ਸ਼ਰੇਣੀ ਵਾਲੇ ਲੋਕ : ਜੂਠੀਆਂ ਹੱਡੀਆਂ ਦੀ ਉਡੀਕ ਵਿੱਚ ਕਰਾਹੁੰਦੇ ਤਰਸ ਦੇ ਪਾਤਰ । ਪਹਿਲੀ ਕਿਸਮ ਦੇ ਲੋਕ ਕੰਮ ਕਰਦੇ ਸਨ, ਰੱਜ ਕੇ ਖਾਂਦੇ ਸਨ, ਸਰੀਰ ਭੋਗਦੇ ਸਨ ਤੇ ਸੁੱਖ ਦੀ ਨੀਂਦ ਸੌਂਦੇ ਸਨ । ਦੂਜੀ ਕਿਸਮ ਦੇ ਲੋਕਾਂ ਕੋਲ ਸਿਰਫ਼ ਵਿਹਲ ਸੀ, ਵਿਹਲ 'ਚੋਂ ਉਡੀਕ ਪੈਦਾ ਹੋਈ । ਉਡੀਕ ਨੇ ਸੋਚ ਨੂੰ ਜਨਮ ਦਿੱਤਾ ਅਤੇ ਸੋਚ ਵਿੱਚੋਂ ਕਲਪਨਾ ਨਾਂ ਦੀ ਵਸਤ ਪ੍ਰਗਟ ਹੋਈ । ਦੁੱਖ – ਪੀੜ – ਰੋਗ - ਸੋਗ - ਵਿਯੋਗ - ਭੁੱਖ ਅਤੇ ਅਨੀਂਦਰੇ ਦੇ ਲਗਾਤਾਰ ਅਨੁਭਵ ਨੇ ਅੱਥਰੂਆਂ ਦੇ ਮੁੱਲ ਨੂੰ ਪਛਾਣਿਆ । 'ਹੈਵਜ਼' ਤੇ 'ਹੈਵਜ਼ਨਾਟ' ਦਾ ਨਿਕਾਸ-ਬਿੰਦੂ ਵੀ ਇਹੋ ਹੈ । ਜੇਕਰ ਆਧੁਨਿਕ ਸ਼ਬਦਾਵਲੀ ਵਿੱਚ ਕਹਿਣਾ ਹੋਵੇ ਤਾਂ ਅਸੀਂ ਕਹਾਂਗੇ ਕਿ 'ਸਿਹਤਕਾਰ' ਨਾ ਰਹਿਣ ਜਾਂ ਨਾ ਹੋਣ ਦੀ ਸੂਰਤ ਵਿੱਚ ਕੁਝ ਲੋਕ 'ਸਾਹਿੱਤਕਾਰ' ਬਣ ਗਏ ।

(ਅ) ਮਨੋਰੰਜਨ ਹਮੇਸ਼ਾ ਵੰਨਗੀ ਵਿੱਚ ਹੁੰਦਾ ਹੈ, ਇੱਕਸਾਰਤਾ ਵਿੱਚ ਨਹੀਂ । ਸਿਹਤਮੰਦ ਲੋਕਾਂ ਨੂੰ ਮਨੋਰੰਜਨ ਦਾ ਇੱਕ ਹੋਰ ਸਾਧਨ ਮਿਲ ਗਿਆ । ਪਹਿਲਾਂ ਤਾਂ ਉਹ ਸਿਰਫ਼ ਜਾਨਵਰਾਂ ਨਾਲ ਹੀ ਖੇਡਦੇ ਤੇ ਦਿਲ-ਪਰਚਾਵਾ ਕਰਦੇ ਸਨ, ਹੁਣ ਉਹ ਅਪਾਹਜਾਂ ਦੇ ਝੁੰਡ ਵਿੱਚ ਹੱਡੀ ਸੁੱਟ ਕੇ ਸਵਾਦ ਲੈਣ ਲੱਗ ਪਏ । ਉਹਨਾਂ ਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਸਵਾਦ ਖਾਣ ਵਿੱਚ ਹੀ ਨਹੀਂ, ਵੇਖਣ ਵਿੱਚ ਵੀ ਹੈ । ਲੰਗੜੇ ਆਦਮੀ ਦਾ ਤੁਰਨਾ ਜਾਂ ਭੁੱਖੇ ਦਾ ਵਾਵੇਲਾ ਕਰਨਾ ਵੀ ਉਹਨਾਂ ਨੂੰ ਚੰਗਾ ਚੰਗਾ ਲੱਗਣ ਲੱਗਾ । ਉਹ ਫ਼ਰਮਾਇਸ਼ ਕਰਨ ਲੱਗੇ । ਇਹ ਦੁਹਰਾਉਣ ਲੱਗੇ । ਉਹ ਦੇਣ ਲੱਗੇ । ਇਹ ਲੈਣ ਲੱਗੇ । ਉਹਨਾਂ ਦੀ ਆਨੰਦ-ਤ੍ਰਿਪਤੀ ਹੋਣ ਲੱਗੀ । ਇਹਨਾਂ ਦੀ ਉਦਰ-ਪੂਰਤੀ ਹੋਣ ਲੱਗੀ । (ਜਿਹੜੀ ਕਿ ਸਮਾਂ ਪਾ ਕੇ ਸਾਹਿੱਤਕ-ਪ੍ਰਾਪਤੀ ਸਮਝੀ ਜਾਣ ਲੱਗੀ ।) ਉਹਨਾਂ ਦੀ 'ਦਾਦ' ਇਹਨਾਂ ਲਈ 'ਦਾਤ' ਸੀ । ਦਾਦ ਅਤੇ ਦੁਹਰਾਉ ਨੇ ਕਦਮਾਂ ਨੂੰ ਤਾਲਬੱਧ ਨਿਰਤ ਦਿੱਤਾ, ਸਾਹਾਂ ਨੂੰ ਸੁਰਬੱਧ ਰਾਗ ਦਿੱਤਾ, ਸੁਰਾਂ ਨੂੰ ਛੰਦ-ਪ੍ਰਬੰਧ ਦਿੱਤਾ ।

(ੲ) ਵਿਹਲ ਦਾ ਫ਼ਾਇਦਾ ਉਠਾਕੇ 'ਦਲਿਤ' ਸ਼੍ਰੇਣੀ ਕਲਾਕਾਰ ਸ਼੍ਰੇਣੀ ਬਣ ਗਈ । ਇਹਨਾਂ ਲੋਕਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਗਈ । ਇੱਕ ਜਣਾ ਦੂਜੇ ਤੋਂ ਚੰਗੀ ਤਰ੍ਹਾਂ ਰੋਣ ਦੀ ਕੋਸ਼ਿਸ਼ ਕਰਨ ਲੱਗਾ । ਕੋਈ ਹੋਰ ਆਪਣੀ ਪੀੜ ਨੂੰ ਕਈ ਗੁਣਾਂ ਵਧਾ-ਚੜ੍ਹਾ ਕੇ ਪੇਸ਼ ਕਰਨ ਲੱਗਾ, ਇੰਜ ਅੱਤ- ਕਥਨੀ ਅਲੰਕਾਰ ਹੋਂਦ ਵਿੱਚ ਆਇਆ । ਸਿਹਤ-ਮੰਦ ਜਮਾਤ ਨੂੰ ਖ਼ੁਸ਼ ਕਰਨ ਦੇ ਵੱਧ ਤੋਂ ਵੱਧ ਅਤੇ ਨਵੇਂ ਤੋਂ ਨਵੇਂ ਤਰੀਕੇ ਈਜਾਦ ਹੋਣ ਲੱਗੇ । ਵਿਹਲ ਦੇ ਦੌਰਾਨ ਇਹਨਾਂ ਲੋਕਾਂ ਨੇ ਪੰਛੀਆਂ ਤੇ ਪਾਣੀਆਂ ਦਾ ਸੰਗੀਤ ਧਿਆਨ ਨਾਲ ਸੁਣਿਆ, ਰੰਗਾਂ ਤੇ ਸੁਗੰਧਾਂ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ । ਤੰਦਰੁਸਤ ਤੇ ਬੀਮਾਰ ਲੋਕਾਂ ਦੇ ਅੰਗਾਂ ਤੇ ਢੰਗਾਂ ਨੂੰ ਗਹੁ ਨਾਲ ਵੇਖਿਆ । ਫਿਰ ਇਹ ਲੋਕ ਨਕਲ ਕਰਨ ਲੱਗੇ । ਇੱਕ ਜਣਾ ਸ਼ੇਰ ਬਣ ਜਾਂਦਾ ਤੇ ਦੂਜਾ ਬੱਕਰੀ । ਕੋਈ ਹੋਰ ਕਿਸੇ ਹੋਰ ਦੀ ਆਵਾਜ਼ ਕੱਢਦਾ । ਇਹੀ ਅਨੁਕਰਣ ਸਿਧਾਂਤ ਦੀ ਸ਼ੁਰੂਆਤ ਸੀ । ਪੇਟ ਦੀ ਅੱਗ ਨੇ ਕਲਪਨਾ ਦੀ ਲਾਟ ਕਦੇ ਮੱਧਮ ਨਾ ਪੈਣ ਦਿੱਤੀ । ਇਸ ਜਮਾਤ ਵਿੱਚੋਂ ਵੀ ਕੁਝ ਇੱਕ ਦੀ ਪੁੱਛ ਪ੍ਰਤੀਤ ਹੋਣ ਲੱਗੀ । ਰੋਟੀ ਦੇ ਨਾਲ ਨਾਲ ਸ਼ੁਹਰਤ ਵੀ ਮਿਲੀ ਤੇ ਸਮਾਂ ਪਾ ਕੇ ਇੱਜ਼ਤ ਵੀ । ਇਸ ਤਰ੍ਹਾਂ ਦੇ 'ਕਲਾਕਾਰਾਂ' ਨੂੰ ਹੁਣ ਜੂਠੀਆਂ ਹੱਡੀਆਂ ਦੀ ਥਾਂ ਸ਼ਿਕਾਰ 'ਚੋਂ ਰਾਖਵਾਂ ਹਿੱਸਾ ਪ੍ਰਾਪਤ ਹੋਣ ਲੱਗਾ ।

(ਸ) ਇਹ ਸਹਿਜ-ਸਰਪ੍ਰਸਤੀ ਦਾ ਦੌਰ ਸੀ । ਹੁਣ ਕੁਝ ਸਿਹਤਮੰਦ ਲੋਕਾਂ ਨੂੰ ਵੀ ਮਹਿਸੂਸ ਹੋਇਆ ਕਿ ਇਹ ਬੜਾ ਵਧੀਆ ਕੰਮ ਹੈ ਤੇ ਸੌਖਾ ਵੀ । ਆਰਾਮ ਨਾਲ ਬੈਠੇ ਰਹੋ : ਨਾਲੇ ਰੱਜ ਕੇ ਖਾਉ, ਨਾਲੇ ਕਲਾਕਾਰ ਅਖਵਾਉ । ਉਂਜ ਅਜਿਹਾ ਕੰਮ ਵੀ ਕਿਹੜਾ ਹੈ ਜਿਹੜਾ ਬੀਮਾਰ ਆਦਮੀ ਕਰ ਸਕਦਾ ਹੈ ਤੇ ਤੰਦਰੁਸਤ ਨਹੀਂ ਕਰ ਸਕਦਾ? ਇਹ ਉਹ ਸਮਾਂ ਸੀ ਜਦੋਂ ਸਿਹਤਮੰਦ ਬੰਦਾ ਅਪਾਹਜ ਦਾ ਸਾਂਗ ਰਚਾਉਣ ਲੱਗਾ । ਉਹਨਾਂ ਨਾਲੋਂ 'ਚੰਗਾ' ਗਾਉਣ ਲੱਗਾ, ਨੱਚਣ ਲੱਗਾ । ਅਪਾਹਜ ਤਾਂ ਕੁਦਰਤ ਦੀ ਜਾਂ ਕੁਦਰਤੀ ਨਕਲ ਕਰਦੇ ਸਨ ਪਰ ਇਹ ਤੰਦਰੁਸਤ ਲੋਕ ਅੱਗੋਂ ਉਹਨਾਂ ਦੀ ਨਕਲ ਕਰਨ ਲੱਗ ਪਏ । ਕਲਾ ਹੋਰ ਵੀ ਵਿਕਸਿਤ ਹੋ ਗਈ । ਵਿਕਾਸ ਦਾ ਇਹ ਪੜਾਅ ਅੱਜ ਵੀ ਵਿਰਾਜਮਾਨ ਹੈ । ਹਸਪਤਾਲ ਦੇ ਮੰਜੇ 'ਤੇ ਪਿਆ ਕਰਾਹ ਰਿਹਾ ਮਰੀਜ਼ ਕਲਾਕਾਰ ਨਹੀਂ, ਮੰਚ ਉੱਤੇ ਉਸਦੀ ਨਕਲ ਕਰ ਰਿਹਾ ਚੰਗਾ ਭਲਾ ਬੰਦਾ ਕਲਾਕਾਰ ਹੈ । ਬਣੀ ਫੱਬੀ ਖ਼ੂਬਸੂਰਤ ਔਰਤ ਜਾਂ ਡਾਲੀ 'ਤੇ ਖਿੜਿਆ ਹੋਇਆ ਗੁਲਾਬ ਕਲਾਕਾਰੀ ਦੇ ਘੇਰੇ ਵਿੱਚ ਨਹੀਂ ਆਉਂਦਾ ਪਰ ਇਹਨਾਂ ਦੋਹਾਂ ਦੀ ਘਟੀਆ ਜਿਹੀ ਨਕਲ ਵੀ ਕਲਾ ਦਾ ਦਰਜਾ ਰੱਖਦੀ ਹੈ । ਯਥਾਰਥ ਤੋਂ ਅੱਕੇ ਹੋਏ ਲੋਕਾਂ ਨੂੰ ਕਲਪਨਾ 'ਚੋਂ ਸਕੂਨ ਮਿਲਦਾ ਸੀ । ਅਸਲ ਤੋਂ ਥੱਕੇ ਹੋਏ ਲੋਕਾਂ ਨੂੰ ਨਕਲ ਰਾਹਤ ਦੇਂਦੀ ਸੀ । ਇਹੋ ਕਲਪਨਾ ਅਤੇ ਨਕਲ ਹੁਣ ਤੀਕ ਕਲਾ ਦਾ ਆਧਾਰ ਬਣੇ ਰਹੇ ਹਨ ਅਤੇ ਵਿਸਥਾਰ ਵੀ ।

(ਹ) ਹਾਉਕਾ, ਚੀਕ ਜਾਂ ਹਾਸਾ ਕਦੋਂ ਸ਼ਬਦ ਬਣ ਗਿਆ, ਇਹ ਅਲੱਗ ਵਿਸ਼ਾ ਹੈ, ਜਿਸਨੂੰ ਅਲੱਗ ਮਿਸਲ 'ਤੇ ਡੀਲ ਕੀਤਾ ਜਾਵੇਗਾ । ਪਰ ਇੱਕ ਗੱਲ ਤਾਂ ਯਕੀਨੀ ਹੈ ਕਿ ਮਨੁੱਖ ਦੀਆਂ ਮੂਲ ਭਾਵਨਾਵਾਂ ਦੇ ਪ੍ਰਗਟਾਉ ਲਈ ਜਦੋਂ ਸ਼ਬਦ ਹੋਂਦ ਵਿੱਚ ਆ ਗਏ ਤਾਂ ਸਭ ਤੋਂ ਪਹਿਲਾਂ ਕਵਿਤਾ ਅਤੇ ਨਕਲ ਦੇ ਮੇਲ ਨਾਲ ਛੰਦ ਦਾ ਵਜੂਦ ਬਣਿਆ । ਕਵਿਤਾ ਦਾ ਸਰੀਰ ਸਿਰਜਿਆ ਗਿਆ । ਇਸ ਵਿੱਚ ਨਿਰਤ ਵੀ ਸੀ, ਰਾਗ ਵੀ ਸੀ, ਸੁਰ ਵੀ ਸੀ । ਕਵਿਤਾ ਜੰਮੀ ਤੇ ਜੰਮਦਿਆਂ ਸਾਰ ਛਾ ਗਈ, ਯੁੱਗਾਂ ਤੱਕ ਛਾਈ ਰਹੀ । ਲੋਕ ਅਤੇ ਗੀਤ ਇਕੱਠੇ ਜਵਾਨ ਹੁੰਦੇ ਰਹੇ । ਲੋਕ ਗੀਤਾਂ ਦਾ ਨਿਕਾਸ ਤੇ ਵਿਕਾਸ, ਲੋਕਾਂ ਦਾ ਵੀ ਹੈ ਤੇ ਗੀਤਾਂ ਦਾ ਵੀ । ਸੱਭਿਅਤਾ, ਸੰਸਕ੍ਰਿਤੀ, ਇਤਿਹਾਸ ਤੇ ਮਿਥਿਹਾਸ: ਜੋ ਕੁਝ ਵੀ ਲੋਕਾਂ ਨੇ ਪੈਦਾ ਕੀਤਾ, ਇਹਨਾਂ ਗੀਤਾਂ ਵਿੱਚੋ ਪਛਾਣਿਆ ਜਾ ਸਕਦਾ ਹੈ । ਵਿਕਾਸ ਹੋਇਆ, ਪਰਿਵਰਤਨ ਹੋਏ ਪਰ ਕਵਿਤਾ ਨੇ ਸਰਪ੍ਰਸਤੀ ਦਾ ਪੱਲੂ ਨਾ ਛੱਡਿਆ । ਕਵਿਤਾ ਪਹਿਲਾਂ ਤਗੜੇ ਨੂੰ ਖੁਸ਼ ਕਰਨ ਲਈ ਸੀ, ਫਿਰ ਰੱਬ ਨੂੰ ਖ਼ੁਸ਼ ਕਰਨ ਲਈ ਵਰਤੀ ਜਾਂਦੀ ਰਹੀ, ਪਿੱਛੋਂ ਜਾ ਕੇ ਰਾਜਿਆਂ-ਰਜਵਾੜਿਆਂ ਦਾ ਪਾਣੀ ਭਰਦੀ ਤੇ ਰੋਟੀ ਖਾਂਦੀ ਰਹੀ । ਇੱਕ ਬਹੁਤ ਹੀ ਲੰਬੇ ਅਰਸੇ ਤੱਕ ਕਵਿਤਾ ਨੇ ਸਰਮਾਏ ਦੀ ਸੇਵਾ ਕੀਤੀ ਹੈ, ਮੇਵਾ ਲਿਆ ਹੈ ।

4. ਕਵੀ ਦਾ ਕੁਦਰਤ ਨਾਲ, ਰੱਬ ਨਾਲ, ਰਾਜੇ ਨਾਲ, ਰਜਵਾੜਿਆਂ ਨਾਲ, ਜਗੀਰਦਾਰਾਂ ਨਾਲ ਸਭ ਤੋਂ ਨੇੜੇ ਦਾ ਰਿਸ਼ਤਾ ਰਿਹਾ ਹੈ । ਦੋਵੇਂ ਇੱਕ ਦੂਜੇ ਨੂੰ ਫੂਕ ਛਕਾਉਂਦੇ ਆਏ ਹਨ । ਰਿਸ਼ੀ, ਪੁਰੋਹਿਤ ਜਾਂ ਕਵੀ ਇੱਕੋ ਬੰਦੇ ਦੇ ਹੀ ਵੱਖ ਵੱਖ ਰੂਪ ਹਨ । ਰਾਜੇ ਦਾ ਹੁਕਮ ਤੇ ਕਵੀ ਦੀ ਸਲਾਹ ਲੋਕਾਂ 'ਤੇ ਰਾਜ ਕਰਦੀ ਸੀ । ਕਵੀ ਨੂੰ ਸਰਦਾਰੀ ਦੀ ਆਦਤ ਪੈ ਗਈ, ਖ਼ੁਦ ਨੂੰ ਦੂਜਿਆਂ ਨਾਲੋਂ ਉੱਚਾ ਤੇ ਵੱਖਰਾ ਸਮਝਣ ਲੱਗ ਪਿਆ । ਕੁਝ ਖ਼ੁਸ਼ਫ਼ਹਿਮੀਆਂ ਤੇ ਕੁਝ ਗ਼ਲਤ-ਫ਼ਹਿਮੀਆਂ ਨੇ ਰਲਕੇ ਉਹਦੇ ਧਰਤੀ ਤੋਂ ਪੈਰ ਪੁੱਟ ਦਿੱਤੇ । ਕਵੀ ਦਾ ਸਿੱਕਾ ਏਨੀ ਜਿਆਦਾ ਦੇਰ ਚੱਲਿਆ ਹੈ ਕਿ ਹੁਣ ਘਸ ਗਿਆ ਹੈ । ਕਵੀ ਨੂੰ ਵੀ ਪਤਾ ਹੈ ਪਰ ਉਹ ਮੰਨਣ ਲਈ ਤਿਆਰ ਨਹੀਂ । ਇਹੋ ਨੁਕਤਾ ਹੈ, ਜਿਹੜਾ ਲੜਾਈ ਦੀ ਜੜ੍ਹ ਹੈ । ਏਥੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ । ਇਸ ਸੰਬੰਧ ਵਿੱਚ ਨਿਮਨ-ਲਿਖਤ ਤੱਥ ਵਿਚਾਰਨ ਯੋਗ ਹਨ:

(1) ਰੱਬ ਸੁਰਗਵਾਸ ਹੋ ਚੁੱਕਾ ਹੈ, ਜਾਂ ਇਸ ਤਰ੍ਹਾਂ ਦੇ ਐਲਾਨ ਹੋ ਚੁੱਕੇ ਹਨ, ਜਾਂ ਘੱਟੋ ਘੱਟ ਰੱਬ ਬਾਰੇ ਹੁਣ ਇੱਕ ਰਾਏ ਨਹੀਂ ਰਹੀ;

(2) ਰਾਜਿਆਂ ਦਾ ਯੁੱਗ ਬੀਤ ਗਿਆ ਹੈ;

(3) ਰਜਵਾੜਾਸ਼ਾਹੀ ਦਮ ਤੋੜ ਗਈ ਹੈ ਜਾਂ ਸਾਹ ਵਰੋਲ ਰਹੀ ਹੈ ।

ਦੂਜੇ ਸ਼ਬਦਾਂ ਵਿੱਚ : ਕਵੀ ਦੀ ਸਰਪ੍ਰਸਤੀ ਵਾਲੇ ਥੰਮ੍ਹ ਡਿੱਗ ਪਏ ਹਨ ਜਾਂ ਭੁਰਭੁਰੇ ਹੋ ਗਏ ਹਨ, ਪਰ ਕਵੀ ਪੁਰਾਣੀ ਆਕੜ ਨਹੀਂ ਛੱਡ ਰਿਹਾ । ਏਥੋਂ ਤੱਕ ਕਿ ਉਹਨਾਂ ਥੰਮ੍ਹਾਂ ਦੇ ਕੂੜ-ਕਬਾੜ ਨੂੰ ਵੀ ਕਵੀ ਪ੍ਰਵਾਨਗੀ ਦਿਵਾਉਣਾ ਚਾਹੁੰਦਾ ਹੈ, ਤੇ ਇਹ ਕੰਮ ਸਿਰਫ਼ ਕਵਿਤਾ ਰਾਹੀਂ ਹੀ ਹੋ ਸਕਦਾ ਹੈ । ਹੋਰ ਸੌਖੀ ਤਰ੍ਹਾਂ ਇੰਜ ਕਿਹਾ ਜਾ ਸਕਦਾ ਹੈ ਕਿ ਕਵਿਤਾ ਖ਼ਤਮ ਹੋ ਚੁੱਕੀ ਹੈ ਪਰ ਕਵੀ ਖ਼ਤਮ ਨਹੀਂ ਹੋਏ । ਕਵਿਤਾ ਦੀ ਗ਼ੈਰਹਾਜ਼ਰੀ ਵਿੱਚ ਕਵੀ ਸਰਦਾਰੀ ਮੰਗਦੇ ਹਨ ।

5. ਕਾਵਿ ਤੋਂ ਪਿੱਛੋਂ ਸਾਹਿੱਤ ਦਾ ਵਿਸ਼ਾਲ ਸੰਕਲਪ ਹੋਂਦ ਵਿੱਚ ਆ ਚੁੱਕਾ ਹੈ । ਸਾਹਿੱਤ ਦੇ ਅਨੇਕ ਰੂਪ ਵਿਕਸਿਤ ਹੋ ਚੁੱਕੇ ਹਨ । ਗੱਲ ਕਹਿਣ ਦੇ ਵਧੀਆ ਤੇ ਕਾਰਗਰ ਤਰੀਕੇ ਸਾਡੇ ਕੋਲ ਹਨ । ਬੰਦਾ ਜਵਾਨ ਹੋ ਚੁੱਕਾ ਹੈ, ਬਚਪਨ ਜ਼ਿਦ ਕਰ ਰਿਹਾ ਹੈ । ਬੰਦੇੇ ਨੂੰ ਬੱਚਾ ਚੰਗਾ ਲੱਗਦਾ ਹੈ ਪਰ ਬੰਦੇ ਦਾ ਬਚਪਣਾ ਚੰਗਾ ਨਹੀਂ ਹੁੰਦਾ । ਬਚਪਣੇ ਦੀ ਮਿਸਾਲ ਵੇਖੋ : ਕਵੀ ਨੇ ਇੱਕ ਛੰਦ ਛੱਡ ਦਿੱਤਾ, ਅਲੰਕਾਰ ਵੀ ਕਿਸੇ ਹੱਦ ਤੱਕ ਤਿਆਗ ਦਿੱਤੇ, ਲੰਗੜੀ ਜਿਹੀ ਵਾਰਤਕ ਲਿਖਣ ਲੱਗ ਪਿਆ ਪਰ ਕਹਿੰਦਾ ਉਹਨੂੰ ਵੀ ਕਵਿਤਾ ਹੀ ਸੀ । ਸਮੱਸਿਆ ਇਹ ਹੈ ਕਿ ਕਵੀ ਕੀ ਕਰੇ? ਕਵਿਤਾ ਦਾ ਜ਼ਮਾਨਾ ਨਹੀਂ ਰਿਹਾ, ਵਾਰਤਕ ਉਹ ਲਿਖ ਨਹੀਂ ਸਕਦਾ ਜਾਂ ਲਿਖਣਾ ਨਹੀਂ ਚਾਹੁੰਦਾ । ਮਿਹਨਤ ਤੋਂ ਕਤਰਾਉਂਦਾ ਹੈ, ਮਿਹਨਤਾਨਾ ਚਾਹੁੰਦਾ ਹੈ । ਉਹ ਖੇਤਾਂ ਵਿੱਚ ਨਹੀਂ, ਹੱਥਾਂ 'ਤੇ ਸਰ੍ਹੋਂ ਜਮਾਉਣਾ ਚਾਹੁੰਦਾ ਹੈ । ਲੋਕ ਬਦਲ ਗਏ ਹਨ, ਉਹ ਬਦਲਿਆ ਨਹੀਂ । ਜਿਵੇਂ ਵਰਣ-ਆਸ਼ਰਮ ਟੁੱਟਣ ਤੋਂ ਬਾਅਦ ਵੀ (ਏਥੋਂ ਤੱਕ ਕਿ ਭੁੱਖ-ਨੰਗ ਵਿੱਚ ਵੀ) ਬ੍ਰਾਹਮਣ ਖ਼ੁਦ ਨੂੰ ਬਾਕੀਆਂ ਨਾਲੋਂ ਉੱਚਾ ਸੁੱਚਾ ਸਮਝਦੇ ਹਨ (ਪੰਜਾਬ ਵਿੱਚ ਇਹ ਗੱਲ ਜੱਟਾਂ 'ਤੇ ਵਧੇਰੇ ਢੁਕਦੀ ਹੈ । ਏਥੋਂ ਤੱਕ ਕਿ ਜੁਰਅੱਤ ਵਾਲੇ ਬ੍ਰਾਹਮਣ ਨੂੰ ਵੀ ਉਹ 'ਜੱਟ ਬਾਹਮਣ' ਕਹਿਕੇ ਆਪਣੇ ਨਾਲ ਰਲਾ ਲੈਂਦੇ ਹਨ) । ਜਾਦੂ ਦਾ ਅਸਰ ਹੁਣ ਲੋਕਾਂ ਉੱਤੇ ਨਹੀਂ, ਸਿਰਫ਼ ਜਾਦੂਗਰਾਂ 'ਤੇ ਹੈ । ਸਿਰਫ਼ ਉਹਨਾਂ ਦੇ ਸਿਰ ਚੜ੍ਹ ਬੋਲਦਾ ਹੈ ਜਿਹੜੇ ਇਹਨੂੰ ਸਿਰ ਚੜ੍ਹਾਉਂਦੇ ਹਨ ।

6. ਉਪਰਲੇ ਪੈਰਿਆਂ ਵਿੱਚ ਕੀਤੀ ਗੱਲਬਾਤ ਤੋਂ ਇਹ ਅੰਦਾਜ਼ਾ ਨਹੀਂ ਲਗਾ ਲੈਣਾ ਚਾਹੀਦਾ ਕਿ ਕਵਿਤਾ ਦਾ ਬੀਜ ਨਾਸ ਹੋ ਗਿਆ ਹੈ ਜਾਂ ਹੋ ਜਾਣਾ ਚਾਹੀਦਾ ਹੈ; ਜਾਂ ਫਿਰ ਕਰ ਦਿੱਤਾ ਜਾਣਾ ਚਾਹੀਦਾ ਹੈ । ਪੂਰੀ ਸਹਾਨੁਭੂਤੀ ਅਤੇ ਦੂਰਦ੍ਰਿਸ਼ਟੀ ਨਾਲ ਇਸ ਪੱਖ ਨੂੰ ਵਿਚਾਰ ਕੇ ਕੁਝ ਹੰਢਣਸਾਰ ਤੇ ਟਿਕਾਊ ਨਿਰਣੇ ਲੈਣੇ ਚਾਹੀਦੇ ਹਨ । ਕਵੀਆਂ ਵਿੱਚ ਵਧ ਰਹੀ ਨਿਰਾਸ਼ਾ ਹੌਲੀ ਹੌਲੀ ਕਲਾ ਦੇ ਬਾਕੀ ਵਰਗਾਂ ਵਿੱਚ ਵੀ ਫ਼ੈਲ ਸਕਦੀ ਹੈ । ਦਫ਼ਤਰ ਦੀ ਰਾਏ ਵਿੱਚ ਕਵਿਤਾ ਦਾ ਸਾਰਥਕ ਪਹਿਲੂ ਇਸ ਪ੍ਰਕਾਰ ਹੈ :

(ੳ) ਕਵਿਤਾ ਅਜਿਹਾ ਸ਼ਾਬਦਿਕ ਮਾਧਿਅਮ ਹੈ ਜਿਹੜਾ ਲਿਪੀ ਦੀ ਅਣਹੋਂਦ ਵਿੱਚ ਵੀ ਸੰਭਵ ਹੈ । ਕਿਤਾਬਾਂ ਭਾਵੇਂ ਸਾੜ ਵੀ ਦਿੱਤੀਆਂ ਜਾਣ; ਕਵਿਤਾ ਰਾਹੀਂ ਪ੍ਰਗਟਾਏ ਗਏ ਵਿਚਾਰ ਪੀੜ੍ਹੀ-ਦਰ- ਪੀੜ੍ਹੀ ਸਫ਼ਰ ਕਰ ਸਕਦੇ ਹਨ;

(ਅ) ਲੋਕਾਂ ਦੀਆਂ ਗਿਆਨ-ਇੰਦਰੀਆਂ ਨੂੰ ਸੁਹਜ ਵਾਲੇ ਪਾਸੇ ਲਾਉਣ ਲਈ ਕਵਿਤਾ ਮੁੱਢਲਾ ਕਰਤੱਵ ਨਿਭਾ ਸਕਦੀ ਹੈ । ਗਿਆਨ ਭਾਵੇਂ ਦੇ ਨਹੀਂ ਸਕਦੀ ਪਰ ਗਿਆਨ ਵਾਲੇ ਰਾਹੇ ਪਾ ਸਕਦੀ ਹੈ;

(ੲ) ਕਵਿਤਾ ਛੋਟੇ ਸ਼ਬਦਾਂ ਨਾਲ ਵੱਡੀ ਗੱਲ ਵੱਲ ਸੰਕੇਤ ਕਰ ਸਕਦੀ ਹੈ । ਗੱਲ ਭਾਵੇਂ ਕਹਿ ਨਹੀਂ ਸਕਦੀ ਪਰ ਗੱਲ ਜਾਨਣ ਲਈ ਅਗਲੇ ਨੂੰ ਪਰੇਰ ਸਕਦੀ ਹੈ;

(ਸ) ਮਾੜੇ ਦਿਨਾਂ ਤੇ ਦੁੱਖ ਦੇ ਛਿਣਾਂ ਵਿੱਚ ਜਿਊਣ ਦਾ ਲਾਰਾ ਦੇ ਸਕਦੀ ਹੈ । ਬੇਲੋੜੀ ਤੇ ਨੀਰਸ ਜ਼ਿੰਦਗੀ ਨੂੰ ਸ਼ਹਾਦਤ ਦਾ ਨਾਅਰਾ ਦੇ ਸਕਦੀ ਹੈ;

(ਹ) ਕਵਿਤਾ ਪਿਆਰ ਨੂੰ ਹੋਰ ਪਿਆਰਾ ਅਤੇ ਲੜਾਈ ਨੂੰ ਹੋਰ ਤਿਖੇਰਾ ਕਰ ਸਕਦੀ ਹੈ । ਜ਼ਾਹਿਰ ਹੈ ਕਿ ਕਵਿਤਾ ਅੱਜ ਦੇ ਜ਼ਮਾਨੇ ਵਿੱਚ ਵੀ ਉਪਯੋਗੀ ਭੂਮਿਕਾ ਨਿਭਾ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਆਪਣੀ ਭੂਮਿਕਾ ਨਿਭਾਉਣ ਤੋਂ ਬਾਅਦ ਲਾਂਭੇ ਹੋ ਜਾਏ । ਨਵਾਂ ਖੇਤਰ ਲੱਭੇ । ਬੈਠਿਆਂ ਨੂੰ ਤੋਰੇ ਪਰ ਤੁਰਿਆਂ ਨੂੰ ਤੁਰਨ ਦਏ । ਪੁਰਾਣੇ ਥੰਮ੍ਹਾਂ ਨੂੰ ਗਿਰਨ ਦਏ; ਭੁਰਨ ਦਏ । ਵਹਿਮ ਦਾ ਕੋਹੜ ਵੱਢੇ, ਆਪਣੀ ਸਰਦਾਰੀ ਛੱਡੇ । ਉਹ ਮੰਨ ਲਵੇ ਕਿ ਇਹ ਕਾਵਿ-ਯੁੱਗ ਨਹੀਂ, ਸਾਹਿੱਤ-ਯੁੱਗ ਹੈ । ਸਾਹਿੱਤ ਦਾ ਕੋਈ ਵੀ ਇੱਕ ਰੂਪ ਸਦਾ-ਪ੍ਰਧਾਨ ਨਹੀਂ । ਪ੍ਰਵਾਨ ਹੀ ਪ੍ਰਧਾਨ ਹੈ । ਜਿਸ ਖੇਤਰ ਵਿੱਚ ਵੀ ਨਵੇਂ ਤੇ ਸੁਹਣੇ, ਉਸਾਰੂ ਤੇ ਰੌਚਕ ਤਜ਼ੁਰਬੇ ਹੋਣਗੇ, ਉਹੀ ਸਾਹਿੱਤ ਰੂਪ ਪ੍ਰਵਾਨ ਹੋਵੇਗਾ । ਇੱਕ ਗੱਲ ਇਹ ਵੀ ਹੈ ਕਿ ਕਵਿਤਾ ਹੁਣ ਇੱਕ ਰੂਪ ਮਾਤਰ ਹੀ ਨਹੀਂ ਰਹੀਂ, ਸਗੋਂ ਉਹਦੇ ਤੱਤ ਵਿਕਾਸ ਕਰਕੇ ਵੱਖ ਵੱਖ ਰੂਪਾਂ ਵਿੱਚ ਪ੍ਰਗਟ ਹੋ ਗਏ ਹਨ, ਹੋ ਰਹੇ ਹਨ । ਇਹ ਸਾਰਾ ਓਸੇ ਦਾ ਹੀ ਬਾਗ ਪਰਿਵਾਰ ਹੈ । ਕਵੀ ਕਿਉਂ ਸ਼ਰਮਸਾਰ ਹੈ!

ਹੁਣ ਵਕਤ ਆ ਗਿਆ ਹੈ ਕਿ ਕਵਿਤਾ ਦੇ ਵਾਂਛਿਤ ਰੂਪ ਅਤੇ ਨਿਭਾਅ ਬਾਰੇ ਗੱਲ ਕੀਤੀ ਜਾਏ । ਮਸਲਾ ਹੈ: ਕਵਿਤਾ ਕਦੋਂ ਲਿਖੀ ਜਾਏ, ਕੋਣ ਲਿਖੇ ਤੇ ਕਿਹੋ ਜਿਹੀ ਲਿਖੇ???- ਟਿੱਪਣੀ ਹਾਜ਼ਿਰ ਹੈ:

(1) ਕਵਿਤਾ ਓਦੋਂ ਲਿਖੀ ਜਾਏ, ਜਦੋਂ ਵਕਤ ਬਹੁਤ ਘੱਟ ਹੋਵੇ, ਵੱਡੀ ਤੇ ਬਹੁਤੀ ਗੱਲ ਕਹਿਣ ਦੀ ਕਾਹਲ ਹੋਵੇ, ਸਿਰ ਉੱਤੇ ਫ਼ਾਂਸੀ ਜਾਂ ਤਲਵਾਰ ਲਟਕ ਰਹੀ ਹੋਵੇ, ਕਹਿਣ ਲਈ ਬਹੁਤ ਕੁਝ ਹੋਵੇ, ਕਲਮ ਉੱਤੇ ਪਹਿਰਾ ਹੋਵੇ, ਲਿਖਤ 'ਤੇ ਪਾਬੰਦੀ ਹੋਵੇ;

(2) ਕਵਿਤਾ ਉਹ ਸ਼ਖ਼ਸ ਲਿਖੇ ਜਿਹੜਾ ਕਿਸੇ ਬਹੁਤ ਵੱਡੇ ਕੰਮ ਵਿੱਚ ਜੁੱਟਿਆ ਹੋਵੇ, ਫੜੋ-ਫੜੀ ਹੁੰਦੀ ਹੋਵੇ । ਦੂਰਗਾਮੀ ਤੇ ਦੂਰਦਰਸ਼ੀ ਸੁਨੇਹਾ ਦੇਣ ਲਈ ਹੋਰ ਕੋਈ ਸਾਧਨ ਉਸ ਕੋਲ ਨਾ ਹੋਵੇ (ਏਥੋਂ ਤੱਕ ਕਿ ਬੰਦੇ ਨੂੰ ਚੱਜ ਦਾ ਕਾਗ਼ਜ਼ ਤੇ ਕਲਮ ਵੀ ਦਰਕਾਰ ਨਾ ਹੋਵੇ), ਜ਼ਿੰਦਗੀ ਦਾ ਤਜੁਰਬਾ ਐਨਾ ਅਮੀਰ ਹੋਵੇ ਕਿ ਲਿਖਣ ਲਈ ਕਈ ਜਨਮਾਂ ਦੀ ਲੋੜ ਜਾਪੇ, ਅਰਥਾਤ ਕਵਿਤਾ ਉਹ ਆਦਮੀ ਲਿਖੇ ਜਿਸਨੇ ਲੰਬੀ ਸਾਧਨਾ ਤੋਂ ਬਾਅਦ ਕੁਝ ਕਹਿਣਾ ਚਾਹਿਆ ਹੈ ਪਰ ਵਕਤ ਵਫ਼ਾ ਨਹੀਂ ਕਰ ਰਿਹਾ;

(3) ਕਵਿਤਾ ਤਾਰ-ਸ਼ੈਲੀ (ਟੈਲੀਗ੍ਰਾਫਿਕ ਸਟਾਈਲ) ਵਿੱਚ ਲਿਖੀ ਹੋਵੇ । ਇੱਕ ਵੀ ਫਾਲਤੂ ਸ਼ਬਦ ਨੂੰ ਫ਼ਜ਼ੂਲ ਖ਼ਰਚੀ ਸਮਝਿਆ ਜਾਵੇ ।

ਇਸ ਤਰ੍ਹਾਂ ਦੀ ਕਵਿਤਾ ਦਾ ਯੁੱਗ ਕਦੇ ਵੀ ਨਹੀਂ ਬੀਤੇਗਾ । ਮੇਰੇ ਵਰਗੇ ਕਈ ਟਿੱਪਣੀ-ਕਾਰ, ਟੀਕਾ-ਕਾਰ ਤੇ ਵਿਆਖਿਆਕਾਰ ਪੈਦਾ ਹੋ ਜਾਣਗੇ, ਜਿਹੜੇ ਇਸ ਤਰ੍ਹਾਂ ਦੀ ਕਵਿਤਾ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣਗੇ ਜਿਨ੍ਹਾਂ ਲਈ ਉਸ ਕਵਿਤਾ ਵਿੱਚ ਕੋਈ ਸੁਨੇਹਾ ਹੈ । ਜਿਸ ਸ਼ਖ਼ਸ ਨੂੰ ਉੱਪਰ-ਵਰਣਿਤ ਕੋਈ ਮਜਬੂਰੀ ਨਹੀਂ, ਉਸਨੂੰ ਨਿੱਠਕੇ ਬਹਿਣਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ । ਉਸ ਦੀ ਲਿਖਤ ਵਿੱਚ ਕਲਾ ਹੋਣੀ ਚਾਹੀਦੀ ਹੈ, ਪਰ ਨਜ਼ਰ ਨਹੀਂ ਆਉਣੀ ਚਾਹੀਦੀ ।

7. ਉਪਰੋਕਤ ਤੱਥਾਂ ਦੇ ਚਾਨਣੇ ਵਿੱਚ ਇਹ ਉਚਿਤ ਹੋਵੇਗਾ ਕਿ ਕਾਹਲੀ ਵਿੱਚ ਕੋਈ ਵੀ ਫੈਸਲਾ ਨਾ ਲਿਆ ਜਾਵੇ । ਕਾਨੂੰਨ ਵਿਭਾਗ ਵੀ ਇਸ ਮਾਮਲੇ ਵਿੱਚ ਸਲਾਹ ਦੇਣੋਂ ਅਸਮਰਥ ਹੈ । ਇਸ ਲਈ ਯੋਗ ਹੋਵੇਗਾ ਕਿ ਇਸ ਵਿਸਤ੍ਰਿਤ ਟਿੱਪਣੀ ਦਾ ਇੱਕ ਇੱਕ ਉਤਾਰਾ ਨਿਮਨ-ਲਿਖਤ ਅਧਿਕਾਰੀਆਂ ਨੂੰ ਭੇਜਕੇ ਉਹਨਾਂ ਦੀ ਰਾਏ ਪ੍ਰਾਪਤ ਕਰ ਲਈ ਜਾਏ :


ਸਰਬਸ਼੍ਰੀ:
(1) ਕਵੀ
(2) ਆਲੋਚਕ
(3) ਪਾਠਕ
(4) ਸੰਪਾਦਕ
(5) ਪ੍ਰਕਾਸ਼ਕ

ਇਹਨਾਂ ਨੂੰ ਆਪਣੀ ਰਾਏ ਭੇਜਣ ਲਈ ਇੱਕ ਜਾਂ ਵੱਧ ਤੋਂ ਵੱਧ ਦੋ ਜਨਮਾਂ ਦੀ ਮੁਹਲਤ ਦੇ ਦਿੱਤੀ ਜਾਵੇ । ਮੁਕੰਮਲ ਰਾਵਾਂ ਆਉਣ ਪਿੱਛੋਂ ਸੰਕਲਿਤ ਰੂਪ ਵਿੱਚ ਹੁਕਮਾਂ ਲਈ, ਕੇਸ ਨਾਲ, ਪੇਸ਼ ਕੀਤੀਆਂ ਜਾਣਗੀਆਂ ।

ਸਹਿਮਤੀ, ਜੇ ਹੋਈ ਤਾਂ, ਖਰੜਾ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ ।

•••

ਨੋਟ : ਪੂਰੀ ਟਿੱਪਣੀ ਖ਼ਤਮ ਕਰਨ ਪਿੱਛੋਂ ਸਮਝ ਨਹੀਂ ਆ ਰਹੀ ਕਿ ਮਾਰਕ ਕਿਸਨੂੰ ਕਰੀਏ! ਹਾਲ ਦੀ ਘੜੀ ਇਹ ਹਰ ਉਸ ਵਿਅਕਤੀ ਨੂੰ ਮਾਰਕ ਹੈ ਜਿਹੜਾ ਸਾਹਿੱਤ ਬਾਰੇ ਗੰਭੀਰ ਗੱਲ ਕਰਨ ਦਾ ਆਪਣੇ ਆਪਨੂੰ ਯੋਗ ਅਧਿਕਾਰੀ ਸਮਝਦਾ ਹੈ ।
ਸਹੀ/-
26.1.1982

ਮਿੱਠੇ ਬਚਨ

ਪ੍ਰੋ: ਪੂਰਨ ਸਿੰਘ ਪ੍ਰਮੁੱਖ ਤੌਰ 'ਤੇ ਕਵੀ ਸੀ, ਤੇ ਕਹਿੰਦੇ ਨੇ: ਉਸ ਨੇ ਕਵਿਤਾ ਨੂੰ ਨਵਾਬੀ ਜੁੱਤੀ ਦੀ ਕੈਦ ਤੋਂ ਆਜ਼ਾਦ ਕੀਤਾ । ਕਵਿਤਾ ਦੀ ਪੁਰਾਣੀ ਪਰਿਭਾਸ਼ਾ ਗਲਤ ਸਿੱਧ ਕੀਤੀ । ਕਵਿਤਾ ਨੂੰ ਨਵੀਂ ਪਰਿਭਾਸ਼ਾ ਦਿੱਤੀ । ਨਵੀਂ ਪਰਿਭਾਸ਼ਾ ਨੂੰ ਕਵਿਤਾ ਦਿੱਤੀ । ਨਵੀਂ ਕਵਿਤਾ ਨੂੰ ਪਰਿਭਾਸ਼ਾ ਦਿੱਤੀ । 'ਪੰਜਾਬੀ ਸਾਹਿੱਤ ਨੂੰ ਪ੍ਰੋ: ਪੂਰਨ ਸਿੰਘ ਦੀ ਦੇਣ' ਵਰਗੇ ਗਾਡੀ ਵਿਸ਼ੇ ਉੱਤੇ ਜੇਕਰ ਥੋਕ ਖੋਜ-ਪ੍ਰਬੰਧ ਲਿਖੇ ਜਾਣ ਤਾਂ ਕਿਤੇ ਨਾ ਕਿਤੇ 'ਪਰਿਭਾਸ਼ਾ' ਦਾ ਜ਼ਿਕਰ ਵੀ ਜ਼ਰੂਰ ਆਵੇਗਾ । ਹਾਲ ਦੀ ਘੜੀ, ਮੈਂ ਸਿਰਫ਼ ਏਸੇ ਪਰਿਭਾਸ਼ਾ ਦਾ ਹੀ ਜ਼ਿਕਰ ਕਰਨਾ ਹੈ ।

ਹਾਂ, ਤੇ ਨਵਾਬੀ ਜੁੱਤੀ ਦੀ ਕੈਦ ਤੋਂ ਅਜ਼ਾਦ ਕਵਿਤਾ ਦੀ ਪਰਿਭਾਸ਼ਾ ਹੈ: 'ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ ।' ਇਸ ਵਾਕ ਦਾ, ਸੰਰਚਨਾ ਦੇ ਹਿਸਾਬ ਨਾਲ, ਫ਼ਾਰਮੂਲਾ ਕੁਝ ਇਸ ਤਰ੍ਹਾਂ ਬਣੇਗਾ: ਮੋਏ ਹੋਏ ਬੰਦੇ
ਪਿਆਰ
ਮਿੱਠੇ ਬਚਨ=ਕਵਿਤਾ । ਅਰਥਾਤ:

- ਨਫ਼ਰਤ ਵਿੱਚ ਮੋਏ ਹੋਏ (ਜਾਂ ਜਿਊਂਦੇ) ਬੰਦਿਆਂ ਦੇ ਮਿੱਠੇ (ਜਾਂ ਕਠੋਰ) ਬਚਨਾਂ ਨੂੰ ਕਵਿਤਾ ਨਹੀਂ ਕਿਹਾ ਜਾ ਸਕਦਾ;

- ਪਿਆਰ ਵਿੱਚ ਜਿਊਂਦੇ ਬੰਦਿਆਂ ਦੇ ਕਠੋਰ ਬਚਨ ਕਵਿਤਾ ਨਹੀਂ;

- ਪਿਆਰ ਵਿੱਚ ਜਿਊਂਦੇ ਬੰਦਿਆਂ ਦੇ ਮਿੱਠੇ ਬਚਨ ਵੀ ਕਵਿਤਾ ਨਹੀਂ;

- ਪਿਆਰ ਵਿੱਚ ਜਿਊਂਦੇ ਬੰਦਿਆਂ ਦੇ ਵੀ ਕਠੋਰ ਬਚਨ ਕਵਿਤਾ ਨਹੀਂ; ਅਤੇ

- ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਵੀ ਕਠੋਰ ਬਚਨ ਕਵਿਤਾ ਨਹੀਂ ।

ਪ੍ਰੋ: ਪੂਰਨ ਸਿੰਘ ਅਨੁਸਾਰ ਬੰਦੇ ਨੂੰ ਵੀ ਕਵੀ ਬਣਨ ਲਈ ਲਾਜ਼ਮੀ ਤੌਰ 'ਤੇ ਪਿਆਰ ਕਰਨਾ ਚਾਹੀਦਾ ਹੈ; ਪਿਆਰ ਕਰਦੇ ਮਰਨਾ ਚਾਹੀਦਾ ਹੈ (ਭਾਵੇਂ ਸਰੀਰਕ ਤੌਰ 'ਤੇ ਜਹਾਨੋਂ ਨਹੀਂ ਜਾਣਾ ਚਾਹੀਦਾ); ਪਿਆਰ ਵਿੱਚ ਮਰ ਕੇ ਮਿੱਠੇ ਬਚਨ ਬੋਲਣੇ ਚਾਹੀਦੇ ਹਨ । ਇੰਜ ਤਾਂ ਬੜੀ ਕਠਿਨ ਸਮੱਸਿਆ ਖੜ੍ਹੀ ਹੋ ਜਾਵੇਗੀ । ਪਿਆਰ ਜਾਂ ਨਫ਼ਰਤ ਵਿੱਚ ਮੋਏ ਹੋਏ ਬੰਦੇ ਦੀ ਹਾਲਤ ਕੋਈ ਬਹੁਤੀ ਵੱਖਰੀ ਨਹੀਂ ਹੁੰਦੀ । ਫਿਰ ਸ਼ਰਤ ਇਹ ਰੱਖ ਦਿੱਤੀ ਗਈ ਹੈ ਕਿ ਨਾਲੇ ਉਹ 'ਮਰ ਜਾਏ' ਤੇ ਨਾਲੇ 'ਮਿੱਠੇ ਬਚਨ' ਬੋਲਣ ਦੀ ਉਸਨੂੰ ਹੋਸ਼ ਵੀ ਰਹੇ! ਘੱਟੋ ਘੱਟ ਕਲਯੁਗ ਵਿੱਚ ਤਾਂ ਇਹ ਕ੍ਰਿਸ਼ਮਾ ਸੰਭਵ ਨਹੀਂ!!

ਇਸ ਪਰਿਭਾਸ਼ਾ ਦਾ ਇੱਕ ਸਮਕਾਲੀ ਪੱਖ ਹੋਰ ਵੀ ਹੈ ਕਿ ਜੇਕਰ 'ਮੋਏ ਹੋਏ' ਵਾਲੀ ਸ਼ਰਤ ਲਾਜ਼ਮੀ ਕਰਾਰ ਦੇ ਦਿੱਤੀ ਜਾਵੇ ਤਾਂ ਪ੍ਰੋ: ਮੋਹਨ ਸਿੰਘ ਦੇ ਇਸ ਕਥਨ ਦਾ ਕੀ ਬਣੇਗਾ:

ਸੌ ਮੁਰਦਾ ਭਗਤਾਂ ਨਾਲੋਂ,
ਇੱਕ ਜਿਊਂਦਾ ਜ਼ਾਲਮ ਚੰਗਾ ।

ਤੇ ਦੂਜੇ, ਜੇਕਰ ਕੇਵਲ 'ਮਿੱਠੇ ਬਚਨਾਂ' ਨੂੰ ਹੀ ਸਾਹਿੱਤ ਕਹਿਣਾ ਹੈ ਤਾਂ ਸਾਡਾ ਸਾਰੇ ਦਾ ਸਾਰਾ ਸਾਹਿੱਤ ਸਹਿਜ-ਪ੍ਰੀਤ ਦਾ ਨੀਰਸ ਭੰਡਾਰ ਹੋ ਕੇ ਰਹਿ ਜਾਵੇਗਾ । ਕਠੋਰ ਬਚਨਾਂ ਦੀ ਗ਼ੈਰ-ਹਾਜ਼ਰੀ ਵਿੱਚ ਮਿੱਠੇ ਬਚਨਾਂ ਦਾ ਅਹਿਸਾਸ ਹੀ ਮਰ ਜਾਵੇਗਾ । ਇਨਕਲਾਬੀ ਕਵਿਤਾ ਮਿੱਠੇ ਬਚਨਾਂ ਵਿੱਚ ਕਿਵੇਂ ਰਚੀ ਜਾਏਗੀ! ਪਹਿਲਾਂ ਰਚੀ ਗਈ ਕ੍ਰਾਂਤੀਕਾਰੀ ਕਵਿਤਾ ਦਾ ਕੀ ਬਣੇਗਾ? ਮਿੱਠੇ ਬਚਨਾਂ ਤੋਂ ਇਲਾਵਾ ਜਿਹੜੇ ਕਰੋੜਾਂ ਸ਼ਬਦ ਸਾਡੀ ਸ਼ਬਦਾਵਲੀ ਵਿੱਚ ਹਨ, ਉਹ ਵਿਚਾਰੇ ਕਿੱਥੇ ਜਾਣਗੇ!! ਜੇ ਜ਼ਰਾ ਹੋਰ ਵਿਸਥਾਰ ਨਾਲ ਦੇਖੀਏ ਤਾਂ ਨਫ਼ਰਤ ਓਥੋਂ ਸ਼ੁਰੂ ਹੁੰਦੀ ਹੈ, ਜਿੱਥੇ ਪਿਆਰ ਦੀ ਹੱਦ ਖ਼ਤਮ ਹੁੰਦੀ ਹੈ । ਅਰਥਾਤ ਨਫ਼ਰਤ ਪਿਆਰ ਦਾ ਹੀ ਵਧਾਵਾਂ ਰੂਪ ਹੈ । ਇੱਕ ਬੰਦੇ ਲਈ ਜਿਹੜੇ ਤੁਸੀਂ ਮਿੱਠੇ ਬਚਨ ਬੋਲਦੇ ਹੋ, ਕਿਸੇ ਦੂਜੇ ਲਈ ਉਨ੍ਹਾਂ ਦਾ ਸਵਾਦ ਕੌੜਾ ਕਸੈਲਾ ਜਾਂ ਖਟ-ਮਿਠਾ ਵੀ ਹੋ ਸਕਦਾ ਹੈ । ਇੱਕ ਦਲੀਲ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਪਿਆਰ ਵਿੱਚ ਮੋਇਆ ਹੋਇਆ ਬੰਦਾ ਹਮੇਸ਼ਾ ਮਿੱਠੇ ਬਚਨ ਹੀ ਬੋਲਦਾ ਹੈ, ਹੋਰ ਕੁਝ ਬੋਲ ਹੀ ਨਹੀਂ ਸਕਦਾ । ਜਾਂ ਫਿਰ ਉਹ ਬੇ-ਪਰਵਾਹੀ ਵਿੱਚ ਜੋ ਕੁਝ ਵੀ ਬੋਲਦਾ ਹੈ ਉਸਦਾ ਅੰਤਿਮ ਪ੍ਰਭਾਵ ਮਿੱਠਾ ਹੀ ਹੁੰਦਾ ਹੈ । ਅਰਥਾਤ ਪਿਆਰ ਵਿੱਚ ਮੋਇਆ ਹੋਇਆ ਬੰਦਾ ਜਿਹੜਾ ਵੀ ਬਚਨ ਆਪਣੇ ਮੁਖ਼ਾਰਵਿੰਦ ਤੋਂ ਕੇਰੇ, ਉਸ ਨੂੰ ਸ਼ਰਧਾ ਨਾਲ ਮਿੱਠੇ ਬਚਨਾਂ ਦੀ ਡਿਕਸ਼ਨਰੀ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ! ਕਿਹਾ ਜਾ ਸਕਦਾ ਹੈ ਕਿ ਮੈਂ ਨਿੱਕੀ ਜਿਹੀ ਪਰਿਭਾਸ਼ਾ ਨੂੰ ਘਸੀਟ ਕੇ ਭਾਸ਼ਾ ਦਾ ਦੁਰਉਪਯੋਗ ਕਰ ਰਿਹਾ ਹਾਂ । ਚਲੋ ਕਹਿ ਲਵੋ, ਪਰ ਮੈਂ ਤਾਂ ਇਸ ਨਤੀਜੇ 'ਤੇ ਪੁੱਜਿਆ ਹਾਂ ਕਿ ਪ੍ਰੋ: ਪੂਰਨ ਸਿੰਘ ਨੇ ਕਵਿਤਾ ਨੂੰ ਨਵਾਬੀ ਜੁੱਤੀ ਦੀ ਕੈਦ 'ਚੋਂ ਕੱਢ ਕੇ ਆਪਣੀ ਜੁੱਤੀ ਵਿੱਚ ਕੈਦ ਕਰ ਦਿੱਤਾ ਸੀ । ਉਂਜ ਇਹ ਭੁਲੇਖਾ ਵੀ ਓਨੀ ਦੇਰ ਹੀ ਰਹਿੰਦਾ ਹੈ, ਜਿੰਨੀ ਦੇਰ ਅਸੀਂ ਇਸ ਪਰਿਭਾਸ਼ਾ ਦੇ ਨਾਲ ਨਾਲ ਇਸ ਕਵੀ ਦੀ ਕਵਿਤਾ ਦਾ ਪਾਠ ਨਹੀਂ ਕਰਦੇ । ਅਸਲ ਵਿੱਚ ਪ੍ਰੋ: ਪੂਰਨ ਸਿੰਘ ਨੇ ਕਵਿਤਾ ਦੀ ਨਹੀਂ, ਸਿਰਫ਼ ਆਪਣੀ ਕਵਿਤਾ ਦੀ ਪਰਿਭਾਸ਼ਾ ਦਿੱਤੀ ਸੀ । ਖੁੱਲ੍ਹੇ ਘੁੰਡ, ਖੁੱਲ੍ਹੇ ਦਰਿਆ ਤੇ ਖੁੱਲ੍ਹੇ ਲੇਖ ਲਿਖਣ ਵਾਲਾ ਖੁੱਲ੍ਹੀ ਕਵਿਤਾ ਵਰਗਾ ਕਵੀ, ਭਲਾ ਕਦੇ ਕਵਿਤਾ ਨੂੰ ਕਿਸੇ ਪਰਿਭਾਸ਼ਾ ਵਿੱਚ ਬੰਨ੍ਹਣ ਦੀ ਸਲਾਹ ਦੇ ਸਕਦਾ ਹੈ?

ਨਵੀਂ ਵਿਧਾ ਦੀ ਤਲਾਸ਼

ਆਪਣੇ ਬਾਰੇ ਲਿਖਣਾ ਸਭ ਤੋਂ ਸਹਿਲ ਹੈ, ਪਰ ਇਹ ਤਾਰ 'ਤੇ ਤੁਰਨ ਵਾਂਗ ਹੈ । ਤਾਰ ਉੱਤੇ ਤੁਰਨ ਲਈ ਅਭਿਆਸ ਅਤੇ ਸਾਵਧਾਨੀ ਦੀ ਲੋੜ ਹੈ ਪਰ ਆਪਣੇ ਬਾਰੇ ਲਿਖਣ ਲਈ ਪਰਾਈ ਅੱਖ ਵੀ ਦਰਕਾਰ ਹੈ । ਆਪੇ ਤੋਂ ਅਲੱਗ ਖੜੇ ਹੋ ਕੇ ਆਪਣੇ ਆਪ ਨੂੰ ਨਿਹਾਰਨ–ਨਰੀਖਣ ਦਾ ਹੁਨਰ ਲੁੜੀਂਦਾ ਹੈ । ਫਿਰ ਇਹ ਵੀ ਸੋਚ ਆਉਂਦੀ ਹੈ ਕਿ ਆਪਣੇ ਬਾਰੇ ਲਿਖਣ ਦੀ ਏਡੀ ਲੋੜ ਵੀ ਕੀ ਹੈ? – ਜਾਂ ਕੀ ਮੇਰਾ ਆਪਾ ਏਨਾ ਮਹਤਵਪੂਰਨ ਹੈ ਕਿ ਪਾਠਕ ਇਸ ਵਿੱਚ ਦਿਲਚਸਪੀ ਲੈਣਾ ਚਾਹੁਣਗੇ? ਕਿਸੇ ਮਹਾਂਪੁਰਖ ਦਾ ਕਿਹਾ ਯਾਦ ਆ ਰਿਹਾ ਹੈ ਕਿ ਪਾਠਕ ਕੋਲ ਅੱਖ ਹੁੰਦੀ ਹੈ, ਨਜ਼ਰ ਉਸਨੂੰ ਲੇਖਕ ਦੇਂਦਾ ਹੈ । ਮੇਰੀ ਏਨੀ ਸਮਰੱਥਾ ਕਿੱਥੇ; ਮੈਂ ਤਾਂ ਪਾਠਕ ਨਾਲ ਸਿਰਫ਼ ਨਿਰ–ਉਚੇਚ ਸੰਵਾਦ ਕਰ ਸਕਦਾ ਹਾਂ । ਉਸਨੂੰ ਖੁੱਲ੍ਹ ਹੈ ਕਿ ਜੇ ਮੇਰਾ ਬਿਆਨ ਉਸਨੂੰ ਨੀਰਸ ਤੇ ਅਕਾਊ ਲੱਗੇ ਤਾਂ ਉਹ ਬਿਨਾਂ ਦੱਸੇ ਉੱਠ ਕੇ ਜਾ ਸਕਦਾ ਹੈ । ਜੇਕਰ ਲਿਖਣ ਵੇਲੇ ਮੈਂ ਸੁਤੰਤਰਤਾ ਦੀ ਮੰਗ ਕਰਦਾ ਹਾਂ ਤਾਂ ਪੜ੍ਹਨ ਵੇਲੇ ਉਹਦੀ ਸੁਤੰਤਰਤਾ ਦੀ ਵੀ ਕਦਰ ਕਰਦਾ ਹਾਂ ।

ਮੇਰਾ ਇੱਕ ਚਿੱਤਰਕਾਰ ਮਿੱਤਰ ਹੈ, ਜੋ ਮੇਰਾ ਪਾਠਕ ਵੀ ਹੈ (ਉਂਜ ਤਾਂ ਸਾਰੇ ਪਾਠਕ ਹੀ ਮੇਰੇ ਮਿੱਤਰ ਹਨ, ਭਾਵੇਂ ਕਿ ਸਾਰੇ ਮਿੱਤਰ ਮੇਰੇ ਪਾਠਕ ਨਹੀਂ) । ਉਹ ਕਹਿੰਦਾ ਹੈ ਕਿ ਕੋਈ ਅਖ਼ਬਾਰ ਰਸਾਲਾ ਚੁੱਕਦਿਆਂ ਪਹਿਲਾਂ ਮੈਂ ਤੇਰਾ ਨਾਂ ਵੇਖਦਾ ਹਾਂ । ਜੇਕਰ ਤੇਰੀ ਕੋਈ ਚੀਜ਼ ਛਪੀ ਹੋਵੇ ਤਾਂ ਸਭ ਤੋਂ ਪਹਿਲਾਂ ਪੜ੍ਹਦਾ ਹਾਂ ਅਤੇ ਜੇਕਰ ਨਾ ਹੋਵੇ ਤਾਂ ਪੱਤ੍ਰਿਕਾ ਕਿਸੇ ਵਿਹਲੇ ਸਮੇਂ ਲਈ ਰੱਖ ਦੇਂਦਾ ਹਾਂ । ਪਰ ਉਸਨੂੰ ਇਅਤਰਾਜ਼ ਹੈ ਕਿ ਮੈਂ ਸਾਹਿੱਤ ਨਹੀਂ ਲਿਖਦਾ, ਸਾਹਿੱਤ ਬਾਰੇ ਲਿਖਦਾ ਹਾਂ । ਉਸਦੀ ਸਮੱਸਿਆ ਹੈ ਕਿ ਕਿਸੇ ਕੋਲ ਮੇਰਾ ਜ਼ਿਕਰ ਉਹ ਸਾਹਿੱਤਕਾਰ ਦੇ ਤੌਰ 'ਤੇ ਨਹੀਂ ਕਰ ਸਕਦਾ ਕਿਉਂਕਿ ਸਾਹਿੱਤਕਾਰ ਤਾਂ ਉਹ ਹੁੰਦਾ ਹੈ ਜਿਹੜਾ ਕਵਿਤਾ ਲਿਖੇ, ਕਹਾਣੀ ਲਿਖੇ, ਨਾਵਲ ਲਿਖੇ, ਨਾਟਕ ਲਿਖੇ ਜਾਂ ਫਿਰ ਆਲੋਚਨਾ ਹੀ ਲਿਖੇ । ਮੈਂ ਤਾਂ ਇਹੋ ਜਿਹਾ ਕੁਝ ਵੀ ਨਹੀਂ ਲਿਖਦਾ । ਇਸ ਲਈ ਸਾਹਿੱਤਕਾਰਾਂ ਦੀ ਕੋਟੀ ਵਿੱਚ ਨਹੀਂ ਆਉਂਦਾ । ਭਾਵੇਂ ਉਹਦੀ ਨਜ਼ਰ ਵਿੱਚ ਮੈਂ ਸਾਹਿੱਤਕਾਰ ਨਹੀਂ, ਫਿਰ ਵੀ ਉਹਨੂੰ ਮੇਰੀ ਲਿਖਤ ਚੰਗੀ ਲੱਗਦੀ ਹੈ । ਉਹ ਮੇਰਾ ਸੁਹਿਰਦ ਪਾਠਕ ਹੈ! ਲਿਖਤ ਉਡੀਕਦਾ ਰਹਿੰਦਾ ਹੈ । ਉਹਦਾ ਗਿਲਾ ਮੈਨੂੰ ਜਾਇਜ਼ ਲੱਗਦਾ ਹੈ ।

ਮੈਂ ਸੋਚਣ 'ਤੇ ਮਜਬੂਰ ਹੋ ਗਿਆ ਕਿ ਮੈਂ ਕੀ ਲਿਖਦਾ ਹਾਂ? ਪਹਿਲਾਂ ਪਹਿਲ, ਯਾਨੀ ਸ਼ੁਰੂ ਸ਼ੁਰੂ ਵਿੱਚ, ਮੈਂ ਕਵਿਤਾ ਲਿਖਦਾ ਹੁੰਦਾ ਸਾਂ । ਪਰ ਉਹ ਕਵਿਤਾ ਨਾ ਮੈਨੂੰ ਓਦੋਂ ਚੰਗੀ ਲੱਗਦੀ ਸੀ, ਨਾ ਹੁਣ । ਫਿਰ ਵੀ ਇੱਕ ਸੰਗ੍ਰਹਿ ਛਪ ਗਿਆ, ਸ਼ਿਵ ਨੇ ਭੂਮਿਕਾ ਲਿਖ ਦਿੱਤੀ । ਤਿੰਨ ਸੰਸਕਰਣ ਹੁਣ ਤੱਕ ਨਿਕਲ ਚੁੱਕੇ ਹਨ । ਕੁਝ ਲੋਕ ਉਹਨਾਂ ਕਵਿਤਾਵਾਂ ਦੇ ਪ੍ਰਸ਼ੰਸਕ ਵੀ ਹੋਣਗੇ । ਸੱਚੀ ਗੱਲ ਹੈ ਕਿ ਮੈਂ ਆਪਣੀਆਂ ਕਵਿਤਾਵਾਂ ਦਾ ਪਾਠਕ ਨਹੀਂ ਬਣ ਸਕਿਆ ।

ਕਵਿਤਾ ਛੱਡੀ ਤੇ ਕਵਿਤਾ ਦੀ ਪੈਰੋਡੀ ਕਰਨੀ ਸ਼ੁਰੂ ਕਰ ਦਿੱਤੀ । ਪੈਰੋਡੀਆਂ ਛਪੀਆਂ ਵੀ । ਲੋਕਾਂ ਵਾਹ ਵਾਹ ਵੀ ਕੀਤੀ । ਕੁਝ ਗੰਭੀਰ ਦੋਸਤਾਂ ਨੇ ਓਦੋਂ ਵੀ ਕਿਹਾ ਕਿ ਮੈਨੂੰ ਗੰਭੀਰ ਹੋਣਾ ਚਾਹੀਦਾ ਹੈ । ਪਰ ਮੈਂ ਮਖ਼ੌਲ ਮਖ਼ੌਲ ਵਿੱਚ ਕੁਝ ਲਿਖਦਾ, ਮਖ਼ੌਲ ਮਖ਼ੌਲ ਵਿੱਚ ਦਾਦ ਲੈਂਦਾ ਅਤੇ ਇਸ ਸਾਰੇ ਕੁਝ ਨੂੰ ਮਖ਼ੌਲ ਮਖ਼ੌਲ ਵਿੱਚ ਭੁੱਲ ਜਾਂਦਾ । ਇਸ ਦੌਰਾਨ ਜਿਹੜੀ 'ਰਚਨਾ' ਕੀਤੀ, ਉਸਦਾ ਕੋਈ ਰਿਕਾਰਡ ਮੇਰੇ ਕੋਲ ਨਹੀਂ । ਕੁਝ ਪਾਠਕਾਂ ਜਾਂ ਸਰੋਤਿਆਂ ਨੂੰ ਜ਼ੁਬਾਨੀ ਜ਼ਰੂਰ ਯਾਦ ਹੈ । ਹੁਣ ਮੈਂ ਇਸ ਪੱਖੋਂ ਚੇਤੰਨ ਹਾਂ ਪਰ ਫਿਰ ਵੀ ਕਦੇ ਕਦਾਈਾ ਲਹਿਰ ਆਉਂਦੀ ਹੈ ਤੇ ਮੈਨੂੰ ਆਪਣੀ ਲਪੇਟ ਵਿੱਚ ਲੈ ਕੇ ਕੁਝ ਸਤਰਾਂ ਲਿਖਵਾ ਜਾਂਦੀ ਹੈ । ਧਰਮ ਨਾਲ, ਮੈਂ ਜਾਣ ਬੁੱਝ ਕੇ ਕੁਝ ਨਹੀਂ ਲਿਖਦਾ । ਫਿਰ ਮੈਨੂੰ ਲੱਗਾ ਕਿ ਕਵਿਤਾ ਲਿਖਣਾ ਬੜਾ ਆਸਾਨ ਕਰਮ ਹੈ । ਫੋਕੀ ਵਾਹ ਵਾਹ ਹੈ । ਬਹੁਤੇ ਸਮਕਾਲੀ ਇਸ 'ਹੁਨਰ' ਤੋਂ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ । ਕਵਿਤਾ ਦੇ ਨਾਂ 'ਤੇ ਸਿਰਫ਼ ਲੰਗੜੀ ਵਾਰਤਕ ਲਿਖ ਰਹੇ ਹਨ । ਆਪਣੀ ਗੱਲ ਨੂੰ ਅਪਾਹਿਜ ਬਣਾ ਕੇ ਪੇਸ਼ ਕਰਦੇ ਹਨ । ਅੱਜ ਪਾਠਕ ਸਾਹਿੱਤ ਦੇ ਸਮੁੰਦਰ ਵਿੱਚ ਡੁੱਬਣਾ ਨਹੀਂ ਚਾਹੁੰਦਾ, ਤਰਨਾ ਚਾਹੁੰਦਾ ਹੈ । ਪਾਠਕਾਂ ਨਾਲ ਧੋਖਾ ਬਹੁਤੀ ਦੇਰ ਨਹੀਂ ਚੱਲ ਸਕਦਾ । ਮੈਂ ਐਲਾਨ ਕੀਤਾ: 'ਕਵਿਤਾ ਦਾ ਯੁਗ ਬੀਤ ਗਿਆ ।' ਇਸ ਐਲਾਨ ਪਿੱਛੇ ਕੋਈ ਫਿਲਾਸਫ਼ੀ ਨਹੀਂ ਸੀ, ਕੇਵਲ ਇੱਕ ਪ੍ਰਤਿਕ੍ਰਮ ਸੀ । ਕੁਝ ਦੋਸਤਾਂ ਨੇ ਇਸਨੂੰ ਮੇਰੀ ਹਾਰ ਮੰਨਿਆ ਅਤੇ ਕਿਹਾ ਕਿ ਇਸਦੀ ਆਪਣੀ ਕਵਿਤਾ ਦਾ ਯੁੱਗ ਬੀਤ ਗਿਆ ਹੈ । ਆਪ ਕਾਮਯਾਬ ਕਵੀ ਨਹੀਂ ਬਣ ਸਕਿਆ ਇਸ ਲਈ ਕਵਿਤਾ 'ਤੇ ਕਵੀਆਂ ਨੂੰ ਭੰਡ ਰਿਹਾ ਹੈ । ਕਈਆਂ ਨੇ ਕਿਹਾ ਕਿ ਜਦੋਂ ਤੱਕ ਫੁੱਲ ਰਹਿਣਗੇ, ਬੱਚੇ ਰਹਿਣਗੇ, ਤਾਰੇ ਰਹਿਣਗੇ – ਕਵਿਤਾ ਰਹੇਗੀ । ਬੜਾ ਕੁਝ ਕਿਹਾ ਗਿਆ ਪਰ ਮੇਰਾ ਨਿਸਚਾ ਹੋਰ ਪੱਕਾ ਹੁੰਦਾ ਗਿਆ ਕਿ ਜਿਹੜੀ ਗੱਲ ਵਾਰਤਕ ਵਿੱਚ ਬਖ਼ੂਬੀ ਕਹੀ ਜਾ ਸਕਦੀ ਹੈ ਉਹਨੂੰ ਕਵਿਤਾ ਦੀ ਧੁੰਦ ਵਿੱਚ ਲਪੇਟਣ ਦੀ ਲੋੜ ਨਹੀਂ । ਇਸ ਦੀ ਪੁਸ਼ਟੀ ਲਈ ਲੇਖ ਵੀ ਲਿਖੇ । ਹੁਣ ਤੱਕ ਮੈਂ ਇਸ ਸਟੈਂਡ 'ਤੇ ਕਾਇਮ ਹਾਂ ।

ਪਤਾ ਨਹੀਂ ਕਦੋਂ ਤੇ ਕਿਸਨੇ ਮੇਰਾ ਕਾਰਜ–ਖੇਤਰ ਨਿਸ਼ਚਿਤ ਕਰ ਦਿੱਤਾ ਕਿ ਇਸ ਦਾ ਵਿਸ਼ੇਸ਼ ਖੇਤਰ ਵਿਅੰਗ ਹੈ । ਇੱਕ ਸਥਾਪਿਤ ਹਿੰਦੀ ਕਵੀ ਨੇ ਕਿਹਾ ਕਿ ਜੇ ਮੈਂ ਮਾਰਕਸ ਦਾ ਅਧਿਐਨ ਕਰ ਲਵਾਂ ਤਾਂ ਪੰਜਾਬੀ ਦਾ ਹਰੀਸ਼ੰਕਰ ਪਰਸਾਈ ਬਣ ਸਕਦਾ ਹਾਂ । ਪਰ ਮੈਂ ਹੋਰ ਕੁਝ ਕਦੇ ਵੀ ਬਣਨਾ ਨਹੀਂ ਚਾਹਿਆ । ਮੈਂ ਜੋ ਹਾਂ, ਮੈਨੂੰ ਉਵੇਂ ਸਵੀਕਾਰ ਕਰੋ । ਪਾਰਸਾਈ ਤਾਂ ਸਾਡੇ ਕੋਲ ਪਹਿਲਾਂ ਹੀ ਹੈ । ਦੋ ਪਰਸਾਈ ਤੁਸਾਂ ਕੀ ਕਰਨੇ ਨੇ?

ਹਾਂ, ਤੇ ਮੈਂ ਲਿਖਦਾ ਕੀ ਹਾਂ? ਇਹ ਸੋਚ ਕੇ ਮੈਨੂੰ ਖ਼ੁਦ ਤਸੱਲੀ ਨਹੀਂ ਹੁੰਦੀ । ਕਦੇ ਮੈਂ ਪੰਜਾਬੀ ਟਿ੍ਬਿਊਨ ਲਈ 'ਬੋਲ ਕਬੋਲ' ਲਿਖਦਾ ਰਿਹਾ ਹਾਂ । 'ਲੋਅ' ਲਈ 'ਸਾਹਿੱਤ–ਵਾਣੀ' ਜਾਂ 'ਅਦਬੀਆਂ–ਬੇ–ਅਦਬੀਆਂ' ਲਿਖਦਾ ਆ ਰਿਹਾ ਹਾਂ । ਟੀ. ਵੀ. ਲਈ ਫ਼ੀਚਰ ਲਿਖਦਾ ਹਾਂ । 'ਸਿਰਜਣਾ' ਜਾਂ 'ਨਾਗਮਣੀ' ਲਈ ਕੋਈ ਕਾਲਮ ਜਾਂ ਲੇਖ ਲਿਖਦਾ ਹਾਂ । ਸੱਚੀਂ, ਇਹ ਸਭ ਕੁਝ ਤਾਂ ਸਾਹਿੱਤ ਬਾਰੇ ਹੀ ਹੈ । ਸਾਹਿੱਤ ਤਾਂ ਬਿਲਕੁਲ ਨਹੀਂ । ਮੇਰਾ ਚਿੱਤਰਕਾਰ ਮਿੱਤਰ ਬਿਲਕੁਲ ਠੀਕ ਕਹਿੰਦਾ ਹੈ, ਮੈਂ ਸਾਹਿੱਤਕਾਰ ਨਹੀਂ ।

ਹੁਣ ਮੈਨੂੰ ਇੱਕ ਹੋਰ ਗੱਲ ਦਾ ਡਰ ਮਾਰ ਰਿਹਾ ਹੈ । ਆਪਣੇ ਖ਼ਿਲਾਫ਼ ਲਿਖਣਾ ਵੀ ਕਈ ਲੇਖਕ ਸਸਤੀ ਸ਼ੁਹਰਤ ਦਾ ਵਸੀਲਾ ਸਮਝਦੇ ਹਨ । ਪਰ ਮੈਂ ਆਪਣੇ ਖ਼ਿਲਾਫ਼ ਨਹੀਂ, ਸਗੋਂ ਹੱਕ ਵਿੱਚ ਲਿਖ ਰਿਹਾ ਹਾਂ । ਜੇਕਰ ਸੱਚ ਮੇਰੇ ਹੱਕ ਵਿੱਚ ਜਾਂਦਾ ਹੈ ਤਾਂ ਕਸੂਰ ਮੇਰਾ ਨਹੀਂ; ਸੱਚ ਦਾ ਹੈ । ਉਂਜ ਸੱਚ ਵੀ ਸਭ ਦਾ ਆਪਣਾ ਆਪਣਾ ਹੈ । ਮੇਰਾ ਸੱਚ ਤੁਹਾਡਾ ਸਭ ਤੋਂ ਵੱਡਾ ਝੂਠ ਹੋ ਸਕਦਾ ਹੈ । ਇੰਜ ਤਾਂ ਗੱਲ ਕਿਤੇ ਵੀ ਨਹੀਂ ਮੁੱਕੇਗੀ । ਜਾਂ ਮੈਨੂੰ ਤੁਹਾਡੇ 'ਤੇ ਯਕੀਨ ਕਰਨਾ ਪਵੇਗਾ, ਜਾਂ ਤੁਹਾਨੂੰ ਮੇਰੇ 'ਤੇ । ਹਾਲ ਦੀ ਘੜੀ ਤੁਸੀਂ ਮੇਰੇ 'ਤੇ ਯਕੀਨ ਕਰੋ, ਫਿਰ ਤੁਸੀਂ ਜੋ ਕਹੋਗੇ ਮੈਂ ਯਕੀਨ ਨਾਲ ਸੁਣਾਂਗਾ, ਯਕੀਨਨ । ਜ਼ਰਾ ਸੋਚੋ, ਸਾਹਿੱਤ ਵਿੱਚ ਜੀਵਨ ਪ੍ਰਦਰਸ਼ਿਤ ਹੋਣਾ ਚਾਹੀਦਾ ਹੈ ਨਾ? ਇਸਦਾ ਮਤਲਬ ਇਹ ਹੋਇਆ ਕਿ ਸਾਹਿੱਤ ਜੀਵਨ ਨਹੀਂ ਹੁੰਦਾ, ਸਗੋਂ ਜੀਵਨ ਬਾਰੇ ਹੁੰਦਾ ਹੈ । ਮੈਂ ਥੋੜ੍ਹੀ ਜਿਹੀ ਖੁੱਲ੍ਹ ਲੈ ਕੇ ਇਸ ਨੂੰ ਇੰਜ ਵੀ ਕਹਿ ਸਕਦਾ ਹਾਂ ਕਿ ਲਿਖਤ ਵਿੱਚ ਸਾਹਿੱਤ ਨਹੀਂ ਹੁੰਦਾ, ਲਿਖਤ ਸਾਹਿੱਤ ਬਾਰੇ ਹੁੰਦੀ ਹੈ । ਸਾਹਿੱਤ ਦਾ ਸੰਕਲਪ ਤਾਂ ਤੁਹਾਡੀ ਸੋਚ ਵਿੱਚ ਹੈ । ਮੈਂ ਤਾਂ ਕੁਝ ਅੱਖਰ ਹੀ ਲਿਖ ਰਿਹਾ ਹਾਂ । ਤੁਸੀਂ ਇਹਨੂੰ ਸਾਹਿੱਤ ਸਮਝ ਲਵੋ ਤਾਂ ਠੀਕ ਹੈ, ਨਹੀਂ ਤਾਂ ਕੁਝ ਵੀ ਨਹੀਂ । ਨਾਲੇ ਤੁਹਾਨੂੰ ਜਿਵੇਂ ਪਤਾ ਨਹੀਂ ਕਿ ਸਾਹਿੱਤ ਦੇ ਨਾਂ 'ਤੇ ਕੀ ਕੁਝ ਛਪ ਰਿਹਾ ਹੈ । ਤੁਸੀਂ ਕਿਹੜਾ ਉਸ ਸਾਰੇ ਕੁਝ ਨੂੰ ਸਾਹਿੱਤ ਸਮਝਦੇ ਹੋ । ਮੈਂ ਵੀ ਨਹੀਂ ਸਮਝਦਾ । ਇਸੇ ਤਰ੍ਹਾਂ ਮੇਰੀ ਲਿਖਤ ਬਾਰੇ ਵੀ ਤੁਹਾਡੀ ਮਰਜ਼ੀ ਚੱਲੇਗੀ, ਤੁਸੀਂ ਇਸ ਨੂੰ ਸਾਹਿੱਤ ਸਮਝੋ ਭਾਵੇਂ ਕੂੜਾ ।

ਸਾਹਿੱਤ ਕੀ ਹੈ? ਮੇਰੇ ਖਿਆਲ ਮੁਤਾਬਕ ਇਹਦੀਆਂ ਚਾਰ ਤਹਿਆਂ ਹਨ । ਪਹਿਲੀ ਤਹਿ ਹੈ: ਕਿਸੇ ਤਰਤੀਬ ਵਿੱਚ ਲਿਖੇ ਕੁਝ ਸਾਰਥਕ ਸ਼ਬਦ । ਦੂਜੀ ਤਹਿ ਹੈ: ਸ਼ਬਦਾਂ ਤੇ ਅਰਥਾਂ ਦੀ ਸਾਰਥਕ ਵਿੱਥ । ਤੀਜੀ ਤਹਿ ਹੈ: ਤੁਹਾਡੀ ਤੇ ਮੇਰੀ ਹੋਂਦ ਦੀ ਕੋਈ ਸਾਰਥਕ ਸਾਂਝ ਅਤੇ ਚੌਥੀ ਤੇ ਸਭ ਤੋਂ ਜ਼ਰੂਰੀ ਤਹਿ ਹੈ ਉਹ ਰੋਸ਼ਨੀ ਜਿਹੜੀ ਤੁਸੀਂ ਇਨ੍ਹਾਂ ਤਿੰਨਾਂ ਤਹਿਆਂ ਦੀ ਇੱਕਸੁਰਤਾ ਨਾਲ ਪੈਦਾ ਕੀਤੀ । ਬੱਸ ਏਨੀ ਗੱਲ ਹੈ । ਲਿਖਤ ਪਾਠਕ ਨੂੰ ਇੱਕ ਵਿਸ਼ੇਸ਼ ਰੋਸ਼ਨੀ ਵਿੱਚ ਲਿਆ ਖਲ੍ਹਾਰਦੀ ਹੈ, ਜਿੱਥੇ ਉਹ ਆਪਣੀ ਨਜ਼ਰ ਦੀ ਸਮਰੱਥਾ 'ਤੇ ਸੀਮਾ ਅਨੁਸਾਰ ਰਚਨਾ–ਸੰਸਾਰ ਦਾ ਜਾਇਜ਼ਾ ਲੈਂਦਾ ਹੈ । ਵਾਧੂ ਸ਼ਬਦ ਤਾਂ ਅਰਥਾਂ ਦੇ ਰਾਹ ਦੇ ਰੋੜੇ ਹਨ । ਪਾਠਕ ਇੱਕ ਦੋ ਠੇਡੇ ਖਾਂਦਾ ਹੈ ਤੇ ਉਹ ਰਾਹ ਛੱਡ ਦੇਂਦਾ ਹੈ । ਸ਼ਬਦਾਂ ਦੀ ਫ਼ਜ਼ੂਲ–ਖਰਚੀ ਲੇਖਕ ਨੂੰ ਤਾਂ ਕੰਗਾਲ ਕਰ ਹੀ ਦੇਂਦੀ ਹੈ, ਪਾਠਕ ਵੀ ਬਦ–ਹਜ਼ਮੀ ਤੋਂ ਨਹੀਂ ਬਚ ਸਕਦਾ । ਸ਼ਬਦ ਤਾਂ ਉਹ ਅੱਤ ਲੁੜੀਂਦੀਆਂ ਪਰ ਸੰਖੇਪ ਰੇਖਾਵਾਂ ਹਨ ਜਿਨ੍ਹਾਂ ਦੁਆਰਾ ਲੇਖਕ, ਪਾਠਕ ਅਤੇ ਰਚਨਾ ਸੰਸਾਰ ਵਿਚਾਲੇ ਜਾਇਜ਼ ਵਿੱਥ ਸਿਰਜਦਾ ਹੈ । ਸਾਡੀ ਨਜ਼ਰ ਨੂੰ ਫ਼ੋਕਸ ਕਰਦਾ ਹੈ । ਸ਼ਬਦਾਂ ਨੂੰ ਕਦੇ ਆਪਾ–ਪ੍ਰਗਟਾਉਣ ਲਈ ਸਿਰਜਿਆ ਗਿਆ ਸੀ, ਅੱਜ ਆਪਾ ਲੁਕਾਉਣ ਲਈ ਵਰਤਿਆ ਜਾ ਰਿਹਾ ਹੈ; ਕਦੇ ਗੱਲ ਸਮਝਾਉਣ ਲਈ ਵਰਤਿਆ ਜਾਂਦਾ ਸੀ, ਅੱਜ ਗੱਲ ਉਲਝਾਉਣ ਲਈ ਵਰਤਿਆ ਜਾ ਰਿਹਾ ਹੈ । ਸ਼ਾਇਦ ਏਸੇ ਲਈ ਲੋੜ ਹੈ ਕਿ ਥੋੜ੍ਹੀ ਦੇਰ ਸਾਹਿੱਤ ਨਾ ਲਿਖ ਕੇ ਸਾਹਿੱਤ ਬਾਰੇ ਲਿਖਿਆ ਜਾਏ । ਇਸ ਵਿੱਚ ਮੇਰਾ ਹੀ ਨੁਕਸਾਨ ਹੈ ਨਾ? ਕਿਸੇ ਹੋਰ ਦਾ ਤਾਂ ਨਹੀਂ; ਪਰ ਮੇਰੇ ਸ਼ੁਭ–ਚਿੰਤਕ ਮੇਰਾ ਨੁਕਸਾਨ ਵੀ ਕਦੋਂ ਬਰਦਾਸ਼ਤ ਕਰ ਸਕਦੇ ਹਨ । ਉਹ ਚਾਹੁੰਦੇ ਹਨ ਕਿ ਮੈਂ ਸਾਹਿੱਤ ਬਾਰੇ ਲਿਖਣਾ ਛੱਡ ਕੇ ਲਿਖਾਂ! ਮੈਨੂੰ ਸੋਚਣਾ ਪੈ ਰਿਹਾ ਹੈ ।

ਅਸਲ ਵਿੱਚ ਇਹੋ ਮੇਰਾ ਸਮੱਸਿਆ–ਬਿੰਦੂ ਹੈ । ਇਹੋ ਨੁਕਤਾ ਹੈ ਜਿੱਥੇ ਆ ਕੇ ਮੈਂ ਰੁਕ ਜਾਂਦਾ ਹਾਂ । ਇਹੋ ਨੁਕਤਾ ਹੈ ਜਿੱਥੋਂ ਮੈਂ ਅੱਗੇ ਤੁਰਨਾ ਚਾਹੁੰਦਾ ਹਾਂ । ਮੈਨੂੰ ਸਮਝ ਨਹੀਂ ਆਉਂਦੀ ਕਿ ਏਥੋਂ ਅੱਗੇ ਰਸਤਾ ਕਿਧਰ ਜਾਂਦਾ ਹੈ । ਕੁਝ ਗਾਡੀ ਰਾਹ ਹਨ, ਜਿਹੜੇ ਲੋੜ ਤੋਂ ਵੱਧ ਮਿੱਧੇ ਪਏ ਹਨ । ਕੁਝ ਪੈੜਾਂ ਵੀ ਦਿਸਦੀਆਂ ਹਨ ਪਰ ਪਛਾਣੀਆਂ ਘੱਟ ਵੱਧ ਹੀ ਜਾਂਦੀਆਂ ਹਨ । ਪੈੜ 'ਤੇ ਪੈੜ ਚੜ੍ਹੀ ਪਈ ਹੈ । ਸਿਰਫ਼ ਕੁਝ ਕੁ ਪੈਰਾਂ ਦੇ ਨਿਸ਼ਾਨ ਵੱਖਰੇ ਨਜ਼ਰ ਆ ਰਹੇ ਹਨ । ਪੈੜਾਂ ਕਿਤਾਬਾਂ ਵਿੱਚ ਬਦਲ ਗਈਆਂ ਹਨ । ਕਿਤਾਬਾਂ ਦੇ ਅੰਬਾਰ ਲੱਗੇ ਹੋਏ ਹਨ । ਕਵਿਤਾ, ਕਹਾਣੀ, ਨਾਵਲ, ਨਾਟਕ; ਯੇ ਬਾਜ਼ੂ ਮੇਰੇ ਆਜ਼ਮਾਏ ਹੂਏ ਹੈਂ । ਆਲੋਚਨਾ ਮੇਰੇ ਵੱਸ ਦਾ ਰੋਗ ਨਹੀਂ । ਵਾਰਤਕ ਵਾਲੇ ਪਾਸੇ ਭੀੜ ਘੱਟ ਹੈ । ਮੈਂ ਗੱਲ ਸ਼ੁੱਧ ਵਾਰਤਕ ਦੀ ਕਰ ਰਿਹਾ ਹਾਂ ।

ਸਮੱਸਿਆ ਨੂੰ ਇੱਕ ਮੋੜ ਮਿਲਦਾ ਹੈ ਪਰ ਵਾਰਤਕ ਕਹਿਣ ਨਾਲ ਤਾਂ ਮਕਸਦ ਹੱਲ ਨਹੀਂ ਹੋ ਜਾਂਦਾ । ਸਫ਼ਰਨਾਮਾ, ਜੀਵਨੀ, ਸਵੈ–ਜੀਵਨੀ, ਸੰਸਮਰਣ, ਰਿਪੋਰਤਾਜ, ਰੇਖਾ ਚਿੱਤਰ: ਵਾਰਤਕ ਦਾ ਕਿਹੜਾ ਉਪ–ਰੂਪ ਠੀਕ ਰਹੇਗਾ । ਕੁਝ ਵੀ ਸਪੱਸ਼ਟ ਨਹੀਂ ਹੁੰਦਾ । ਦਰ–ਅਸਲ ਰਸੂਲ ਹਮਜ਼ਾਤੋਵ ਦੇ ਦਾਿਗ਼ਸਤਾਨ ਵਿੱਚ ਮੇਰੀ ਕਲਪਨਾ ਗੁਆਚ ਗਈ ਹੈ । ਉਹ ਭਲਾ ਕਿਹੜਾ ਸਾਹਿੱਤ ਰੂਪ ਹੈ? ਮੈਂ ਉਹਨੂੰ ਕਿਤੇ ਹੋਰ 'ਭੂਮਿਕਾ ਸ਼ੈਲੀ' ਕਿਹਾ ਸੀ, ਪਰ ਜਚਿਆ ਨਹੀਂ । ਪੰਜਾਬੀ ਪਾਠਕਾਂ ਨੇ ਉਸ ਨੂੰ ਅੱਖਾਂ 'ਤੇ ਚੁੱਕਿਆ ਹੈ । ਪੜ੍ਹਿਆ ਹੈ, ਪੜ੍ਹਾਇਆ ਹੈ, ਪ੍ਰਚਾਰਿਆ ਹੈ । ਸਾਡੀ ਭਾਸ਼ਾ ਦੀ ਕੋਈ ਮੌਲਿਕ ਕਿਤਾਬ ਇਹੋ ਜਹੀ ਕਿਉਂ ਨਹੀਂ? ਹੁਣ ਮਾਡਲ ਸਾਡੇ ਕੋਲ ਹੈ, ਲਿਖੀ ਜਾ ਸਕਦੀ ਹੈ ਪਰ ਪੈੜ ਵਿੱਚ ਪੈੜ ਪਾਉਣ ਦਾ ਕੀ ਲਾਭ? ਇਹੋ ਜਿਹੀ ਕਿਤਾਬ ਆਪ ਲਿਖਣ ਨਾਲੋਂ ਮੈਂ ਬਿਹਤਰ ਸਮਝਾਂਗਾ, ਪਾਠਕਾਂ ਨੂੰ ਇਹੋ ਕਿਤਾਬ ਪੜ੍ਹਨ ਦੀ ਸਿਫ਼ਾਰਸ਼ ਕਰਾਂ । ਇਹ ਕੁਝ ਮੈਂ ਕਰਦਾ ਵੀ ਆ ਰਿਹਾ ਹਾਂ । ਹਾਂ, ਤੇ ਮੇਰੀ ਸਮੱਸਿਆ ਦਾ ਨਾਂ ਹੈ: 'ਨਵੀਂ ਵਿਧਾ ਦੀ ਤਲਾਸ਼' । 'ਵਿਧਾ' ਜਿਸ ਦਾ ਪਹਿਰਾਵਾ ਵਾਰਤਕੀ ਹੋਵੇਗਾ । ਮੇਰੇ ਵਾਂਗ ਕੁਝ ਹੋਰ ਸੱਜਣ ਵੀ ਸ਼ਾਇਦ ਇਹ ਸਮੱਸਿਆ ਬਾਰੇ ਸੋਚ ਵਿਚਾਰ ਕਰਦੇ ਹੋਣ । ਤਜ਼ੁਰਬੇ ਵੀ ਕਰ ਰਹੇ ਹੋਣਗੇ । ਪਰ ਮੈਂ ਤਾਂ ਕੋਈ ਤਜ਼ੁਰਬਾ ਵੀ ਨਹੀਂ ਕਰ ਰਿਹਾ । ਸਿਰਫ਼ ਸੋਚ ਰਿਹਾ ਹਾਂ । ਸੋਚਣ ਨਾਲ ਕੀ ਹੋਵੇਗਾ? – ਸੋਚਣ ਨਾਲ ਹੀ ਸਭ ਕੁਝ ਹੋਵੇਗਾ । ਹਰ ਵਿਧਾ ਨੂੰ ਰਸਤਾ ਕਲਮ 'ਚੋਂ ਦੀ ਹੋ ਕੇ ਜਾਂਦਾ ਹੈ । ਮੈਂ ਕਲਮ ਦੇ ਰਾਹ ਦਾ ਰੋੜਾ ਨਹੀਂ ਬਣਾਂਗਾ । ਤਲਾਸ਼ ਜਾਰੀ ਰਹੇਗੀ । ਸ਼ਾਇਦ ਤਲਾਸ਼ ਦਾ ਸਫ਼ਰ ਹੀ ਨਵੀਂ ਵਿਧਾ ਦਾ ਸਰੂਪ ਬਣ ਜਾਏ; ਕਿਤਾਬ ਲਿਖਣ ਦੀ ਸਕੀਮ ਹੀ ਤਾਂ 'ਮੇਰਾ ਦਾਿਗ਼ਸਤਾਨ' ਬਣ ਗਈ ਸੀ ।

ਇੱਕ ਚੋਟੀ ਦੇ ਨਾਟਕਕਾਰ ਨੇ ਕਿਹਾ ਸੀ ਕਿ ਮੈਂ ਆਪਣਾ ਟੇਲੈਂਟ ਵੇਸਟ ਕਰ ਰਿਹਾ ਹਾਂ । ਮੈਨੂੰ ਨਿੱਕੀਆਂ ਮੋਟੀਆਂ 'ਛੁਰਲੀਆਂ' ਬੰਦ ਕਰਕੇ ਕੋਈ ਵੱਡਾ ਕੰਮ ਵਿੱਢਣਾ ਚਾਹੀਦਾ ਹੈ । ਠੀਕ ਹੈ, ਇੰਜ ਮੇਰੀ ਪ੍ਰਤਿਭਾ ਤਾਂ ਲੇਖੇ ਲੱਗ ਜਾਵੇਗੀ ਪਰ ਮੇਰੀ 'ਵਿਧਾ' ਦਾ ਕੀ ਬਣੇਗਾ? ਮੈਂ ਨਾਟਕ ਲਿਖ ਸਕਦਾ ਹਾਂ, ਜਿਹੋ ਜਿਹੇ ਲਿਖੇ ਜਾ ਰਹੇ ਹਨ । ਪਰ ਇਹ ਐਵੇਂ ਇੱਕ 'ਕੌਤਕ' ਹੀ ਹੋਵੇਗਾ, ਰਚਨਾ ਨਹੀਂ । ਕਲਮ ਨਾਲ ਜ਼ਬਰਦਸਤੀ ਮੇਰੇ ਕੋਲੋਂ ਨਹੀਂ ਹੁੰਦੀ ।

ਬਾਰ ਬਾਰ ਮੈਂ – ਮੈਂ ਲਿਖਦਿਆਂ ਵੀ ਸ਼ਰਮ ਆ ਰਹੀ ਹੈ ਪਰ ਗੱਲ ਆਪਣੇ ਬਾਰੇ ਹੈ । ਵਿਆਕਰਣ ਦੀ ਮਜਬੂਰੀ ਹੈ । ਖ਼ਿਮਾ ਕਰਨਾ ।

ਮੁਮਕਿਨ ਹੈ ਕਿਸੇ ਨੂੰ ਇਹ ਟਟੀਹਰੀ ਦੇ ਅਸਮਾਨ ਥੰਮ੍ਹਣ ਵਾਲੀ ਗੱਲ ਲੱਗੇ । ਕਈ ਵਾਰੀ ਮੈਨੂੰ ਆਪ ਵੀ ਲੱਗਦੀ ਹੈ । ਮੈਂ ਕੋਈ ਨਵੀਂ ਵਿਧਾ ਦਾ ਠੇਕੇਦਾਰ ਤਾਂ ਨਹੀਂ । ਸਾਰਿਆਂ ਦੀ ਇੱਕੋ ਜਿਹੀ ਜ਼ਿੰਮੇਵਾਰੀ ਹੈ । ਜੋ ਕੁਝ ਲਿਖਿਆ ਜਾ ਰਿਹਾ ਹੈ, ਠੀਕ ਹੈ, ਮੈਂ ਵੀ ਆਪਣੀ ਵਿੱਤ ਮੁਤਾਬਿਕ ਹਿੱਸਾ ਪਾਈ ਜਾਵਾਂ । ਪਰ ਇੱਕ ਗੱਲ ਹੋਰ ਹੈ, ਕਿ ਜੇ ਭਲਾਂ ਮੈਂ ਨਾ ਲਿਖਾਂ ਤਾਂ ਕਿਹੜਾ ਪੰਜਾਬੀ ਮਾਂ ਦੀ ਝੋਲੀ ਨੂੰ ਫ਼ਰਕ ਪੈ ਜਾਵੇਗਾ, ਜਾਂ ਸੰਸਾਰ ਸਾਹਿੱਤ ਦਾ ਨਕਸ਼ਾ ਕਿਤਿਉਂ ਊਣਾ ਰਹਿ ਜਾਏਗਾ । ਕਿਸੇ ਵਿਅਕਤੀ ਦੇ ਨਾ ਹੋਣ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ । ਪਰ ਮੇਰੀ ਗੁਜ਼ਾਰਿਸ਼ ਹੈ ਕਿ ਜੇਕਰ ਸਾਡੇ ਸਾਹਿੱਤ ਕੋਲ ਸੇਖੋਂ, ਅੰਮ੍ਰਿਤਾ, ਗਾਰਗੀ, ਸ਼ਿਵ ਕੁਮਾਰ, ਸੁਰਜੀਤ ਪਾਤਰ, ਪ੍ਰੇਮ ਪ੍ਰਕਾਸ਼ ਜਾਂ ਵਰਿਆਮ ਸੰਧੂ ਨਾ ਵੀ ਹੁੰਦੇ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ । ਪਰ ਇਨ੍ਹਾਂ ਦੇ ਹੋਣ ਨਾਲ ਫ਼ਰਕ ਪਿਆ ਹੈ । ਇਹੋ ਹੋਣ–ਨਾ–ਹੋਣ ਦਾ ਫ਼ਰਕ ਮੈਨੂੰ ਟਿਕ ਕੇ ਨਹੀਂ ਬਹਿਣ ਦੇਂਦਾ । ਅਸਮਾਨ ਥੰਮ੍ਹਣ ਵਾਲੀ ਕੋਈ ਗੱਲ ਨਹੀਂ ।

ਚਲੋ, ਜਿੰਨੀ ਦੇਰ ਸਾਹਿੱਤ ਦੀ 'ਉਹ' ਨਵੀਂ ਵਿਧਾ ਨਹੀਂ ਲੱਭਦੀ, ਜਿਸਦੀ ਤਲਾਸ਼ ਜਾਰੀ ਹੈ, ਓਨੀ ਦੇਰ ਸਾਹਿੱਤ ਬਾਰੇ ਤਾਂ ਗੱਲ ਹੋ ਹੀ ਸਕਦੀ ਹੈ । ਤੁਸੀਂ ਕਹੋਗੇ, ਸਿਰਫ਼ ਸਾਹਿੱਤ ਬਾਰੇ ਹੀ ਕਿਉਂ? ਸਿਆਸਤ ਬਾਰੇ ਕਿਉਂ ਨਹੀਂ? ਸਮਾਜ ਬਾਰੇ ਕਿਉਂ ਨਹੀਂ? ਧਰਮ ਬਾਰੇ ਕਿਉਂ ਨਹੀਂ? ਵਿਗਿਆਨ ਬਾਰੇ ਕਿਉਂ ਨਹੀਂ? ਦਰਸ਼ਨ ਬਾਰੇ ਕਿਉਂ ਨਹੀਂ? – ਨਾ ਨਾ, ਇੰਜ ਨਾ ਕਹੋ ਇੰਜ ਤਾਂ 'ਕਿਉਂ ਕਿਉਂ' ਦੀ ਲਾਈਨ ਲੱਗ ਜਾਵੇਗੀ । ਨਾਲੇ ਵਿਚਾਰੇ ਸਾਹਿੱਤ ਵਾਲੇ ਨੂੰ ਤਾਂ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ, ਕਿਸੇ ਸਿਆਸਤਦਾਨ, ਸਮਾਜ–ਸ਼ਾਸਤਰੀ, ਧਰਮਾਚਾਰੀਆ, ਵਿਗਿਆਨੀ ਜਾਂ ਦਾਰਸ਼ਨਿਕ ਨੂੰ ਕਦੇ ਇਹੋ ਜਿਹਾ ਸਵਾਲ ਪੁੱਛਿਆ ਜੇ? ਨਹੀਂ, ਤੁਸੀਂ ਪੁੱਛ ਹੀ ਨਹੀਂ ਸਕਦੇ । ਉਹ ਤੁਹਾਡੇ ਏਨਾ ਨੇੜੇ ਨਹੀਂ ਕਿ ਤੁਹਾਡਾ ਸੰਵਾਦ ਹੋ ਸਕੇ । ਉਨ੍ਹਾਂ ਦੀ ਇੱਕ–ਪਾਸੜ ਸਪੀਚ ਹੁੰਦੀ ਹੈ । ਤੁਸੀਂ ਉਹਨੂੰ ਮੰਨਣਾ, ਭੋਗਣਾ ਜਾਂ ਵਿਰੋਧ ਕਰਨਾ ਹੈ, ਉਹ ਵੀ ਇੱਕ–ਪਾਸੜ । ਪਰ ਸਾਹਿੱਤ ਅਤੇ ਸਾਹਿੱਤਕਾਰ ਉੱਤੇ ਤੁਹਾਡਾ ਹੱਕ ਹੈ । ਤੁਸੀਂ ਇਸ ਦੇ ਨੇੜੇ ਹੋ ਕੇ ਸਵਾਲ ਕਰ ਸਕਦੇ ਹੋ ਅਤੇ ਇਨ੍ਹਾਂ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ: ਸਾਹਿੱਤ ਜੀਵਨ ਦੇ ਸਭ ਤੋਂ ਨੇੜੇ ਹੈ: ਸਾਹਿੱਤ ਤੇ ਸਾਡੀ ਦੁਵੱਲੀ ਦਖ਼ਲ–ਅੰਦਾਜ਼ੀ ਹੈ । ਏਸੇ ਲਈ ਮੈਂ ਸਾਹਿੱਤ ਬਾਰੇ ਲਿਖਦਾ ਹਾਂ ਕਿ ਤੁਹਾਡੇ ਨੇੜੇ ਰਹਿ ਸਕਾਂ । ਸਾਹਿੱਤ ਦੀ ਪੈੜ 'ਚ ਸਭ ਦੀ ਪੈੜ ।

ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ । ਇਹ ਮੇਰਾ ਮਕਸਦ ਵੀ ਨਹੀਂ । ਮੇਰਾ ਮਕਸਦ ਤਾਂ ਸਿਰਫ਼ ਏਨਾ ਹੈ ਕਿ ਸਾਹਿੱਤ ਦੀ ਗੱਲ ਤੁਰੀ ਰਹਿਣੀ ਚਾਹੀਦੀ ਹੈ, ਸਾਹਿੱਤ ਤੁਰਿਆ ਰਹਿਣਾ ਚਾਹੀਦਾ ਹੈ । ਤਲਾਸ਼ ਜਾਰੀ ਰਹਿਣੀ ਚਾਹੀਦੀ ਹੈ ।

ਵਾਰਤਕ, ਪੰਜਾਬੀ ਵਾਰਤਕ ਅਤੇ ਸਿਕੰਦਰੀ ਪ੍ਰਸੰਗ

ਬਹੁਤ ਵਾਰ ਮਨ ਵਿੱਚ ਸੁਆਲ ਉੱਠਦਾ ਹੈ : ਕੀ 'ਵਾਰਤਕ' ਵੀ ਸਾਹਿੱਤ ਦੀ ਕੋਈ ਵਿਧਾ ਹੈ? 'ਵਾਰਤਕ' ਤੋਂ ਮੋਟੇ ਤੌਰ 'ਤੇ ਇਹੋ ਸਮਝਿਆ ਜਾਂਦਾ ਹੈ, ਜੋ ਕਵਿਤਾ ਨਹੀਂ । ਬਾਕੀ ਨਾਵਲ, ਕਹਾਣੀ, ਨਾਟਕ, ਜੀਵਨੀ, ਸਫ਼ਰਨਾਮਾ, ਨਿਬੰਧ ਵਗੈਰਾ ਸਭ ਸਾਹਿੱਤ-ਰੂਪ ਵਾਰਤਕ ਵਿੱਚ ਹੀ ਲਿਖੇ ਜਾਂਦੇ ਹਨ । ਅਸੀਂ ਆਪਣੀ ਸਹੂਲਤ ਲਈ ਅੱਗੋਂ ਨਿੱਕੇ ਮੋਟੇ ਫ਼ਰਕ ਨਾਲ ਵੰਨਗੀਆਂ ਵਿੱਚ ਵਿਤਕਰਾ ਪੈਦਾ ਕਰੀ ਜਾਂਦੇ ਹਾਂ । ਸਾਡੇ ਸਮਿਆਂ ਵਿੱਚ ਤਾਂ 'ਪਰੋਜ਼ਿਕ ਪੋਇਟਰੀ' ਅਤੇ 'ਪੋਇਟਿਕ ਪਰੋਜ਼' ਵੀ ਹੋਂਦ ਵਿੱਚ ਆ ਚੁੱਕੀ ਹੈ । ਉਂਜ ਵੱਡਾ ਫ਼ਰਕ ਕਰਨ ਲਈ ਅਸੀਂ ਇਸ ਵਿਧਾ ਨੂੰ 'ਨਾਨ ਫਿਕਸ਼ਨ' ਕਹਿਣ ਲੱਗ ਪਏ ਹਾਂ । ਦਰਅਸਲ ਬਾਤ ਇਹ ਹੈ ਕਿ 'ਕਵਿਤਾ' (ਛੰਦ ਸਾਹਿੱਤ ਅਥਵਾ ਛੰਦ ਰਹਿਤ) ਤੋਂ ਇਲਾਵਾ 'ਗਲਪ' ਦੇ ਖੇਤਰ ਵਿੱਚ ਵੀ ਉਡਾਰੀਆ ਲਾਉਣ ਦਾ ਬਹੁਤ ਸਕੋਪ ਹੈ । ਨਾਟਕ ਰਲੀ-ਮਿਲੀ ਵਿਧਾ ਹੈ ਅਤੇ ਇਸ ਵਿੱਚ ਵੀ ਲੇਖਕ ਮਨ-ਮਰਜ਼ੀ ਅਰਥਾਤ 'ਕਰਤਾਰੀ ਖੁਦ-ਮੁਖ਼ਤਾਰੀ' ਦਾ ਬਹੁਤ ਦਖ਼ਲ ਹੁੰਦਾ ਹੈ ।

ਦੂਜੇ ਪਾਸੇ ਗਿਆਨ ਵਿਗਿਆਨ ਦੇ ਬਾਕੀ ਅਨੇਕ ਵਿਸ਼ਿਆਂ ਤੋਂ ਲੈ ਕੇ ਕਾਹਲੀ ਕਾਹਲੀ ਲਿਖੀਆਂ ਖ਼ਬਰਾਂ (ਸਟੋਰੀਆਂ) ਤੱਕ ਭਾਸ਼ਾ ਦੇ ਲਿਖਤੀ ਮਾਧਿਅਮ ਨੂੰ ਵੀ ਤਾਂ ਵਾਰਤਕ ਹੀ ਕਿਹਾ ਜਾਏਗਾ । ਬੋਲੇ ਗਏ ਪ੍ਰਵਚਨਾਂ ਤੇ ਭਾਸ਼ਨਾਂ ਨੂੰ ਜਦੋਂ ਕਾਗ਼ਜ਼ 'ਤੇ ਉਤਾਰਿਆ ਜਾਂਦਾ ਹੈ ਤਾਂ ਆਪਣੇ ਸਰੂਪ ਦੀ ਸਾਂਝ ਕਰਕੇ ਉਹ ਲਿਖਤ ਵੀ ਵਾਰਤਕ ਵਾਲੇ ਖਾਨੇ ਵਿੱਚ ਹੀ ਰੱਖੀ ਜਾਂਦੀ ਹੈ । ਲਾਇਬ੍ਰੇਰੀਆਂ ਵਿੱਚ ਨੰਬਰ ਲਾ ਕੇ ਵਰਗੀਕਰਨ ਨਿਸ਼ਚਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਜ਼ਰੂਰੀ ਨਹੀਂ ਕਿ ਹਰ ਕਿਤਾਬ ਸਿੱਕੇ-ਬੰਦ ਪਰਿਭਾਸ਼ਾ ਵਿੱਚ ਫਿੱਟ ਹੋ ਹੀ ਜਾਏ । ਉਂਜ ਸ਼ੁੱਧ ਵਿਗਿਆਨਾਂ ਅਤੇ ਸਮਾਜਿਕ ਵਿਗਿਆਨਾਂ ਤੋਂ ਵੱਖਰੀ ਅਤੇ ਪੱਤਰਕਾਰੀ ਤੋਂ ਉੱਚੀ ਲਿਖਤ, ਜਿਸਨੂੰ 'ਸਾਹਿੱਤ' ਕਹਿ ਕੇ ਵਖਰਿਆਇਆ ਜਾਂਦਾ ਹੈ, ਦੀ ਪਛਾਣ ਕਾਇਮ ਹੋ ਚੁੱਕੀ ਹੈ ਅਤੇ ਅਸੀਂ ਸਾਰੇ ਸਾਹਿੱਤ ਦੇ ਇੱਕ ਪ੍ਰਮੁੱਖ ਅੰਗ 'ਵਾਰਤਕ' ਦੀ ਗੱਲ 'ਤੋਰਨ' ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸਦੇ ਲਿਖਣਹਾਰੇ ਨੂੰ 'ਸ਼ੈਲੀਕਾਰ' ਆਖਿਆ ਜਾਂਦਾ ਹੈ । ਪੰਜਾਬੀ ਵਿੱਚ ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ, ਨਾਟਕ-ਕਾਰਾਂ, ਪੱਤਰਕਾਰਾਂ ਆਦਿ ਦੀ ਗੱਲ ਤਾਂ ਤੁਰਦੀ ਰਹਿੰਦੀ ਹੈ ਪਰ 'ਸ਼ੈਲੀਕਾਰਾਂ' ਦਾ ਜ਼ਿਕਰ ਸਿਲੇਬਸਾਂ ਅਤੇ ਕਲਾਸਰੂਮਾਂ ਤੱਕ ਹੀ ਮਹਿਦੂਦ ਰਹਿੰਦਾ ਹੈ ਤੇ ਉਹ ਵੀ ਮਸਾਂ ਪਾਸ ਹੋਣ ਜੋਗਾ ।

ਨਵੇਂ ਪੁਰਾਣੇ ਆਚਾਰੀਆਂ, ਵਿਦਿਆਵਾਨਾਂ, ਖੋਜੀਆਂ, ਅਕਾਦਮਿਕ ਮਹੰਤਾਂ ਅਤੇ ਗਿਆਨ ਬੰਧੂਆਂ ਨੇ ਕਾਵਿ-ਸ਼ਾਸਤਰ, ਨਾਟ-ਸ਼ਾਸਤਰ ਅਤੇ ਭਾਸ਼ਾ ਸ਼ਾਸਤਰ ਉਪਰੰਤ ਬਿਰਤਾਂਤ ਸ਼ਾਸਤਰ ਅਥਵਾ ਗਲਪ ਸ਼ਾਸਤਰ ਵੀ ਈਜਾਦ ਕਰ ਲਿਆ ਹੈ ਪਰੰਤੂ 'ਸ਼ੈਲੀ-ਸ਼ਾਸਤਰ' ਦਾ ਪੰਜਾਬੀ ਵਿੱਚ ਅਜੇ ਤੱਕ ਨੀਂਹ ਪੱਥਰ ਰੱਖਣ ਦਾ ਵੀ ਕਿਸੇ ਅਲੋਚਕ ਨੂੰ ਖਿਆਲ ਨਹੀਂ ਆਇਆ ਜਾਂ ਫਿਰ ਜੇਕਰ ਅਜਿਹਾ ਕੋਈ ਯਤਨ ਹੋਇਆ ਵੀ ਹੈ ਤਾਂ ਅਜੇ ਤੱਕ ਰੌਸ਼ਨੀ ਵਿੱਚ ਨਹੀਂ ਆਇਆ । ਵਾਰਤਕ, ਗੱਦ, ਪਰੋਜ਼ ਸੰਕਲਪਾਂ ਦੀ ਵਰਤੋਂ ਆਦਤਨ ਹੀ ਹੋ ਰਹੀ ਹੈ, ਵੇਖਾ-ਵੇਖੀ । ਸਾਹਿੱਤ ਦੇ ਇਤਿਹਾਸਾਂ ਅਤੇ ਆਲੋਚਨਾ ਗ੍ਰੰਥਾਂ ਵਿੱਚ ਵੀ ਐਵੇਂ ਵੜ ਪੂਰਾ ਕਰਨ ਲਈ ਕੁਝ ਪੰਨੇ ਭਰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ । ਅਜਿਹੇ ਕਾਰਜ ਪ੍ਰਮਾਣੀਕ ਅਸਾਈਨਮੈਂਟ ਰਾਈਟਰਾਂ ਰਾਹੀਂ ਕਰਵਾਏ ਜਾਂਦੇ ਹਨ ਜਿਹੜੇ ਆਪਣੇ ਅਧੀਨ ਰਜਿਸਟਰ ਹੋਏ ਖੋਜਾਰਥੀਆਂ ਤੋਂ ਸਾਹਿੱਤਕ ਵਗਾਰ ਕਰਵਾ ਕੇ ਆਪਣੀ ਯੋਗਤਾ ਅਤੇ ਇਮਾਨਦਾਰੀ ਦਾ ਲਿਖਤੀ ਅਕਾਦਮਿਕ ਸਬੂਤ ਪੱਕੇ ਤੌਰ 'ਤੇ ਛੱਡੀ ਜਾਂਦੇ ਹਨ । ਸੌਖ-ਪਸੰਦੀ ਦੀ ਆਦਤ ਮੂਲ ਸੋਮਿਆਂ ਵੱਲ ਝਾਕਣ ਦੀ ਵੀ ਲੋੜ ਨਹੀਂ ਸਮਝਦੀ ਅਤੇ ਸੈਸ਼ਨ-ਦਰ-ਸੈਸ਼ਨ ਸਾਡਾ ਇਹ ਇਤਿਹਾਸਕ ਜਲੂਸ, ਰੂਪ ਬਦਲ ਕੇ, ਲਗਾਤਾਰ ਨਿਕਲਦਾ ਰਹਿੰਦਾ ਹੈ ।

ਵਾਰਤਕ ਬਾਕੀ ਸਾਹਿੱਤ-ਰੂਪਾਂ ਨਾਲੋਂ ਵਧੇਰੇ ਭਰੋਸੇਯੋਗ ਵਿਧਾ ਕਹੀ ਜਾ ਸਕਦੀ ਹੈ ਕਿਉਂਕਿ ਵਧੇਰੇ ਜ਼ਿੰਮੇਵਾਰੀ ਨਾਲ ਲਿਖਣੀ ਪੈਂਦੀ ਹੈ । ਲਿਖਤ ਵਿੱਚ ਪ੍ਰਗਟਾਏ ਗਏ ਵਿਚਾਰਾਂ ਨਾਲ ਸਹਿਮਤ ਹੋਣਾ ਲੇਖਕ ਲਈ ਲਾਜ਼ਮੀ ਸ਼ਰਤ ਹੁੰਦੀ ਹੈ ਕਿਉਂਕਿ ਨਾਵਾਂ, ਥਾਵਾਂ ਤੇ ਘਟਨਾਵਾਂ ਨੂੰ ਨਿਰੋਲ ਕਲਪਿਤ ਕਹਿ ਪਿੰਡ ਨਹੀਂ ਛੁਡਾਇਆ ਜਾ ਸਕਦਾ । ਵਿਚਾਰਾਂ ਦੀ ਪ੍ਰਮਾਣਿਕਤਾ, ਵੇਰਵੇ ਦੀ ਰੌਚਕਤਾ, ਭਾਵਾਂ ਦੀ ਨਿੱਗਰਤਾ ਦੇ ਨਾਲ ਨਾਲ ਵਿਆਕਰਨ ਦੀ ਪਾਬੰਦੀ ਦਾ ਵੀ ਖਿਆਲ ਰੱਖਣਾ ਪੈਂਦਾ ਹੈ । ਅਨੇਕ ਅਨੁਸ਼ਾਸਨਾਂ ਦੇ ਅੰਤਰ-ਸਬੰਧਾਂ ਨੂੰ ਸਮਝ ਕੇ, ਪਚਾ ਕੇ, ਸਹਿਜ ਹੋ ਕੇ ਸ਼ਬਦ ਸਿਰਜਣਾ ਕਰਨੀ ਪੈਂਦੀ ਹੈ । ਹਰ ਫਿਕਰਾ ਮਾਂਜ ਸੰਵਾਰ ਕੇ ਚੁਸਤ-ਦਰੁਸਤ ਕਰਨਾ ਪੈਂਦਾ ਹੈ । ਦਰ-ਅਸਲ ਇਹ ਫਿਕਰਾ-ਪ੍ਰਸਤੀ ਹੀ ਕਿਸੇ ਸ਼ੈਲੀਕਾਰ ਦੀ ਬੁਨਿਆਦੀ ਪਛਾਣ ਹੁੰਦੀ ਹੈ । ਅਜਿਹੇ ਸ਼ੈਲੀਕਾਰ ਦੀ ਆਲੋਚਨਾ ਕੀਤੀ ਜਾ ਸਕਦੀ ਹੈ, ਨਿੰਦਿਆ ਕੀਤੀ ਜਾ ਸਕਦੀ ਹੈ, ਪਰ ਨਕਲ ਨਹੀਂ ਕੀਤੀ ਜਾ ਸਕਦੀ । ਇਹ ਬਿਆਨ ਥੋੜ੍ਹੇ ਜਿਹੇ ਸਪੱਸ਼ਟੀਕਰਨ ਦੀ ਮੰਗ ਕਰਦਾ ਹੈ ।

ਵਾਰਤਕ ਵਿੱਚ ਲਿਖੀ ਹੋਈ ਜ਼ਿਆਦਾਤਰ ਸਮੱਗਰੀ ਅਜਿਹੀ ਹੁੰਦੀ ਹੈ ਜਿਸਦੇ ਪੈਰਿਆਂ ਵਿੱਚ ਪੈਰੇ, ਹੂ-ਬ-ਹੂ ਚੁੱਕ ਕੇ, ਕੋਈ ਹੋਰ 'ਲੇਖਕ' ਆਪਣੀ ਮੌਲਿਕ ਲਿਖਤ ਵਿੱਚ ਧੜੱਲੇ ਨਾਲ ਵੀ ਵਰਤ ਲਵੇ ਤਾਂ ਨਾ ਲਿਖਤ ਨੂੰ ਫ਼ਰਕ ਪੈਂਦਾ ਹੈ, ਨਾ ਪਾਠਕ ਨੂੰ ਪਤਾ ਲੱਗਦਾ ਹੈ । ਸਮਰਪਿਤ ਭਾਵਨਾ ਅਤੇ ਗਹਿਰ ਲਗਨ ਨਾਲ ਲਗਾਤਾਰ ਇਸ ਵਿਧਾ ਨਾਲ ਜੁੜੀ ਹੋਈ ਕੋਈ ਵਰੋਸਾਈ ਪ੍ਰਤਿਭਾ ਹੀ 'ਸ਼ੈਲੀਕਾਰ' ਦੇ ਰੁਤਬੇ ਤੱਕ ਪਹੁੰਚ ਸਕਦੀ ਹੈ । ਸ੍ਰ. ਗੁਰਬਖ਼ਸ਼ ਸਿੰਘ, ਸ੍ਰ. ਲਾਲ ਸਿੰਘ ਕਮਲਾ ਅਕਾਲੀ, ਸ੍ਰ. ਕਪੂਰ ਸਿੰਘ, ਪ੍ਰੋ. ਪੂਰਨ ਸਿੰਘ, ਪਿੰ੍ਰ. ਤੇਜਾ ਸਿੰਘ, ਸ੍ਰ. ਸੂਬਾ ਸਿੰਘ, ਬਲਵੰਤ ਗਾਰਗੀ ਅਜਿਹੇ ਕੁਝ ਹਸਤਾਖ਼ਰ ਹਨ, ਜਿਨ੍ਹਾਂ ਦੀ ਸ਼ੈਲੀ ਪਛਾਣੀ ਜਾ ਸਕਦੀ ਹੈ ਅਤੇ ਜਿਨ੍ਹਾਂ ਨੇ ਮਿਕਦਾਰ ਦੇ ਨਾਲ ਨਾਲ ਮਿਆਰ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ।

ਸਾਡੀ ਹੁਣ ਤੱਕ ਦੀ ਪ੍ਰਾਪਤ ਵਾਰਤਕ ਵਿੱਚ ਜਿਸ ਵੰਨਗੀ ਨੇ ਵਧੇਰੇ ਲੇਖਕਾਂ ਨੂੰ ਆਕਰਸ਼ਿਤ ਕੀਤਾ ਹੈ, ਉਹ ਹੈ 'ਆਤਮ-ਕਥਾ' ਅਥਵਾ 'ਸਵੈ-ਜੀਵਨੀ' ਜੋ ਕਿ ਜੀਵਨੀ-ਸਾਹਿੱਤ ਦੀ ਉਪਵੰਨਗੀ ਹੋਣ ਦੇ ਬਾਵਜੂਦ ਜੀਵਨੀ ਨਾਲੋਂ ਵੱਧ ਦਿਲਚਸਪ ਅਤੇ ਭਰੋਸੇਯੋਗ ਹੁੰਦੀ ਹੈ । (ਜਾਂ ਜਾਪਦੀ ਹੈ) । ਸਵੈ-ਜੀਵਨੀ ਵਿੱਚ ਬਹੁਤ ਸਾਰੀਆਂ ਜੁਗਤਾਂ ਦਾ ਸਹਾਰਾ ਲਿਆ ਜਾ ਸਕਦਾ ਹੈ । ਮਸਲਨ ਸੰਸਮਰਣ, ਹਲਫ਼ੀਆ ਬਿਆਨ, ਡਾਇਰੀ, ਯਾਤਰਾ, ਰਿਪੋਰਤਾਜ਼, ਚਲੰਤ ਟਿੱਪਣੀਆਂ, ਸਪੱਸ਼ਟੀਕਰਨ ਵਗ਼ੈਰਾ । ਇਸ ਰਾਹੀਂ ਆਪਣਾ, ਆਪਣੇ ਖ਼ਾਨਦਾਨ ਦਾ, ਆਪਣੀਆ ਲਿਖਤਾਂ ਦਾ, ਆਪਣੇ ਚਹੇਤਿਆਂ ਤੇ ਸਰਪ੍ਰਸਤਾਂ ਦਾ ਵਧਾ-ਚੜ੍ਹਾ ਕੇ ਗੁੱਡਾ ਬੰਨਿ੍ਹਆ ਜਾ ਸਕਦਾ ਹੈ ਅਤੇ ਆਪਣੇ ਵਿਰੋਧੀਆਂ ਨੂੰ ਠਿੱਠ ਕੀਤਾ ਜਾ ਸਕਦਾ ਹੈ । ਇਹ ਵਿਧਾ ਆਤਮ-ਰਤੀ ਦਾ ਸਰਬੋਤਮ ਨਮੂਨਾ ਹੈ । ਇਸ ਤੋਂ ਇਲਾਵਾ 'ਸਫ਼ਰਨਾਮਾ' ਵੀ ਆਪਣਾ ਕੱਦ ਵਧਾਉਣ ਲਈ ਵਰਤਿਆ ਜਾ ਰਿਹਾ ਹੈ । ਹਫ਼ੜਾ-ਦਫੜੀ ਮੱਚੀ ਹੋਈ ਹੈ, ਕੋਈ ਪਹਿਲਾਂ ਨਾ ਲਿਖ ਜਾਏ । ਸਫ਼ਰਨਾਮਾ ਲਿਖਣ ਦੀ ਯੋਜਨਾ ਬਣਾ ਕੇ ਹੀ ਸਫ਼ਰ ਪ੍ਰਾਯੋਜਿਤ ਕਰਵਾਇਆ ਜਾਂਦਾ ਹੈ । ਹੋਰ ਵਾਰਤਕ ਵੰਨਗੀਆਂ ਵਿੱਚੋਂ 'ਰੇਖਾ-ਚਿੱਤਰ' ਲਿਖਣ ਦੀ ਪਿਰਤ ਵਧੇਰੇ ਪ੍ਰਚਲਿਤ ਹੋਈ ਹੈ । ਕਾਰਨ ਇਸ ਦੇ ਵੀ ਸਾਹਿੱਤਕ ਘੱਟ ਤੇ ਨਿੱਜੀ ਵਧੇਰੇ ਹਨ । ਵਧੇਰੇ ਰੇਖਾ-ਚਿੱਤਰ ਖੁਸ਼ਾਮਦ ਕਰਨ ਜਾਂ ਬਦਲਾ ਲੈਣ ਲਈ ਲਿਖੇ ਜਾਂਦੇ ਹਨ ।

ਵਾਰਤਕ-ਵੰਨਗੀਆ 'ਚੋਂ ਨਿਬੰਧ ਦਾ ਖੇਤਰ ਅਤੇ ਆਧਾਰ ਸਭ ਤੋਂ ਵਿਸ਼ਾਲ ਹੈ । ਆਕਾਰ-ਪ੍ਰਕਾਰ ਦੇ ਪੱਖੋਂ ਵੀ ਇਸ ਵਿੱਚ ਨਵੇਂ ਪ੍ਰਯੋਗ ਕਰਨ ਦੀ ਅਧਿਕ ਸੰਭਾਵਨਾ ਹੈ । ਰੇਖਾ-ਚਿੱਤਰ ਅਤੇ ਸਵੈ-ਚਿੱਤਰ ਵੀ ਇੱਕ ਤਰ੍ਹਾਂ ਨਾਲ ਨਿਬੰਧਾਂ ਦੀ ਕੋਟੀ ਵਿੱਚ ਹੀ ਆ ਜਾਂਦੇ ਹਨ । ਇਹ ਨਿਬੰਧ ਹਾਸ-ਵਿਅੰਗ ਪ੍ਰਧਾਨ ਵੀ ਹੋ ਸਕਦੇ ਹਨ ਅਤੇ 'ਲਲਿਤ' ਵੀ । ਇਹਨਾਂ ਨੂੰ 'ਜਿਗਰ ਪਾਰੇ' ਵੀ ਕਿਹਾ ਜਾ ਸਕਦਾ ਹੈ ਅਤੇ 'ਇੱਕਹਾਸ਼ੀਏ' ਵੀ । ਵਿਆਪਕ ਸਕੋਪ ਵਾਲੇ ਹੋਣ ਕਾਰਨ ਜ਼ਿਆਦਾਤਰ ਨਿਬੰਧਾਂ ਨੇ ਸਾਡੇ ਕੋਲ ਕੁਝ ਲੇਖਕਾਂ ਨੂੰ 'ਸ਼ੈਲੀਕਾਰ' ਹੋਣ ਦਾ ਆਧਾਰ ਪ੍ਰਦਾਨ ਕੀਤਾ ਹੈ ।

ਨਿਬੰਧ ਕਿਤਾਬੀ ਰੂਪ ਵਿੱਚ ਛਪਣ/ਸੰਪਾਦਿਤ ਹੋਣ ਤੋਂ ਪਹਿਲਾਂ ਭੂਮਿਕਾਵਾਂ ਅਥਵਾ ਸੰਪਾਦਕੀਆਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ, ਕਈ ਨਿਬੰਧਾਂ ਦਾ ਜਨਮ ਵਧਾਈਆਂ 'ਚੋਂ ਹੁੰਦਾ ਹੈ ਤੇ ਕਈਆਂ ਦਾ ਸ਼ਰਧਾਂਜਲੀਆ 'ਚੋਂ । ਪੇਸ਼ੇ ਦੀ ਮਜਬੂਰੀ ਅਤੇ ਵਿਦਿਆਰਥੀਆਂ ਦੀ ਮੰਗ ਵੀ ਬਹੁਤੀ ਵਾਰ ਚੰਗੇ ਭਲੇ ਬੰਦੇ ਨੂੰ ਨਿਬੰਧਕਾਰ ਬਣਾ ਸਕਦੀ ਹੈ । ਰੇਡੀਉ-ਵਾਰਤਾਵਾਂ ਅਤੇ ਵਿਸ਼ੇਸ਼-ਅੰਕਾਂ ਲਈ ਲਿਖੇ ਗਏ ਸਵੈ-ਕਥਨਾਂ ਨੂੰ ਵੀ ਤਾਂ ਨਿਬੰਧ ਹੀ ਕਿਹਾ ਜਾਂਦਾ ਹੈ । ਕਾਲਮ-ਨਵੀਸੀ ਦੀ ਪੈਦਾਵਾਰ ਨਿਬੰਧਾਂ ਦੀ ਕਿਸੇ ਕਿਤਾਬ ਨੂੰ ਪੜ੍ਹਕੇ ਅਸੀਂ 'ਪਾਪੂਲਰ' ਵਰਾਇਟੀ ਦੇ ਬਖੀਏ ਉਧੇੜ ਸਕਦੇ ਹਾਂ, ਕਿਸੇ ਦੀ ਦੁਖਦੀ ਰਗ ਨੂੰ ਛੇੜ ਸਕਦੇ ਹਾਂ । ਨਿਬੰਧਾਂ ਵਰਗੇ ਆਕਾਰ-ਪ੍ਰਕਾਰ ਵਾਲੀ ਵਾਰਤਕ ਨੂੰ ਅਸੀਂ ਲਘੂ-ਗੱਦ ਕਹਿ ਕੇ ਵਕਤੀ ਤੌਰ 'ਤੇ ਸੁਰਖ਼ਰੂ ਹੋ ਸਕਦੇ ਹਾਂ । ਲਘੂ-ਗੱਦ ਨੂੰ ਉਸਦੇ ਰਚਨਾਤਮਕ ਕੱਦ ਅਨੁਸਾਰ ਅਦਬੀ ਰਜਿਸਟਰ ਵਿੱਚ/ਵਿੱਚੋਂ ਦਾਖ਼ਲ/ਖ਼ਾਰਜ ਕੀਤਾ ਜਾ ਸਕਦਾ ਹੈ । ਇਸ ਵਿਧਾ ਰਾਹੀਂ ਲੋਕ-ਪ੍ਰਲੋਕ ਦੇ ਕਿਸੇ ਵੀ ਵਿਸ਼ੇ ਅਥਵਾ ਵਿਕਾਸ ਦਾ ਸਹਾਰਾ ਲੈ ਕੇ ਕਿਸੇ ਵੀ ਖੇਤਰ ਵਿੱਚ ਅਣਅਧਿਕਾਰਤ ਪ੍ਰਵੇਸ਼ ਕਰਕੇ ਮਨ- ਮਰਜ਼ੀ ਦੀਆਂ ਘੋਸ਼ਣਾਵਾਂ ਕੀਤੀਆਂ ਜਾ ਸਕਦੀਆਂ ਹਨ । ਮਾਹੌਲ ਗਰਮਾਇਆ ਜਾ ਸਕਦਾ ਹੈ । ਚਰਚਾ ਵਿੱਚ ਆਇਆ ਜਾ ਸਕਦਾ ਹੈ । ਲੋਹਾ ਗਰਮ ਕਰਨ ਵਿੱਚ ਜੇਕਰ ਬਹੁਤਾ ਸਮਾਂ ਲੱਗ ਗਿਆ ਹੋਵੇ ਤਾਂ ਘੱਟੋ ਘੱਟ, ਸੱਟ ਮਾਰਨ ਵਿੱਚ ਤਾਂ ਦੇਰ ਨਹੀਂ ਕਰਨੀ ਚਾਹੀਦੀ ।

•••

ਪਿਛਲੇ ਦਿਨੀਂ 'ਕਿਸ ਕਿਸ ਤਰ੍ਹਾਂ ਦੇ ਸਿਕੰਦਰ' ਅਤੇ 'ਪ੍ਰਸੰਗ-ਦਰ-ਪ੍ਰਸੰਗ' ਪੁਸਤਕਾਂ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋਈਆਂ ਹਨ । ਗੁਰਬਚਨ ਨੇ 'ਸਾਹਿੱਤ ਦੇ ਸਿਕੰਦਰ' ਦੀ ਸਫ਼ਲ ਪੇਸ਼ਕਾਰੀ ਤੋਂ ਬਾਅਦ ਪੂਰੀ ਸਜ-ਧਜ ਨਾਲ ਇਹ ਦੋਵੇਂ ਕਿਤਾਬਾਂ ਮੰਡੀ ਵਿੱਚ ਉਤਾਰੀਆਂ ਹਨ । ਗੁਰਬਚਨ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਅਤੇ ਉਸਦੀ ਰਸਮੀ ਜਾਣ-ਪਛਾਣ ਕਰਵਾਉਣ ਲਈ ਏਦੂੰ ਬਿਹਤਰ ਫ਼ਿਕਰੇ ਨਹੀਂ ਜੁੜ ਸਕਦੇ ।

''ਗੁਰਬਚਨ ਸੰਸਾਰ ਸਿਨੇਮਾ, ਸੰਸਾਰ ਸਾਹਿੱਤ ਤੇ ਸਿਆਸੀ/ਸੱਭਿਆਚਾਰਕ ਪ੍ਰਸਥਿਤੀਆਂ ਦਾ ਗਿਆਤਾ ਹੈ । ਤਿੰਨ ਵੇਰ ਸੰਸਾਰ ਰਟਣ ਕਰਦਿਆਂ, ਉਸ ਨੇ ਟੋਕੀਓ, ਲੰਡਨ, ਪੈਰਿਸ, ਨਿਊਯਾਰਕ, ਵੈਨਕੂਵਰ ਆਦਿ ਸ਼ਹਿਰਾਂ 'ਚ ਘੁਮੱਕੜੀ ਕੀਤੀ ਹੈ । ਅਨੇਕ ਡਿਗਰੀਆਂ (ਦੋ ਐਮ. ਏ., ਦੋ ਐਮ. ਫ਼ਿਲ, ਤੇ ਪੀ. ਐਚ. ਡੀ.) ਹਾਸਿਲ ਕਰ ਚੁੱਕਾ ਹੈ । ਨਯਾ ਨੰਗਲ ਪੋਸਟ ਗੈ੍ਰਜੂਏਟ ਕਾਲਜ ਦੀ ਕੁਝ ਦੇਰ ਪਿੰ੍ਰਸੀਪਲੀ ਤੇ ਜ਼ਿੰਦਗੀ ਭਰ ਦਿੱਲੀ ਯੂਨੀਵਰਸਿਟੀ ਦੇ ਕਾਲਜ 'ਚ ਅੰਗੇ੍ਰਜ਼ੀ ਸਾਹਿੱਤ ਪੜ੍ਹਾਉਣ ਬਾਅਦ ਸਵੈ-ਇੱਛਾ ਨਾਲ ਸੇਵਾ-ਮੁਕਤ ਚੰਡੀਗੜ੍ਹ 'ਚ ਅਨੰਦ-ਮਸਤ ਕਾਇਮ ਹੈ । ਸਵੇਰੇ ਲਈਅਰ ਵੈਲੀ 'ਚ ਸੱਤ ਕਿਲੋਮੀਟਰ ਦੀ ਸੈਰ, ਸ਼ਾਮ ਨੂੰ ਡੇਢ ਪੈੱਗ ਵਿਸਕੀ ਤੇ ਦਿਨ ਭਰ ਪੜ੍ਹਨਾ/ਲਿਖਣਾ ਉਸਦੀ ਨਿੱਤ ਦੀ ਕਾਰਗੁਜ਼ਾਰੀ ਹੈ । ਉਹ ਕਹਿੰਦਾ ਹੈ : 'ਅੱਜ ਦੇ ਘਮਸਾਣ 'ਚ ਬੰਦੇ ਨੂੰ ਹੋਰ ਕੀ ਚਾਹੀਦਾ ਹੈ?-

(ਸਰਵਰਕ ਦੀ ਪਿੱਠ ਉੱਤੇ ਛਪੇ ਸ਼ਬਦ)

ਦੱਸੋ, ਪਾਠਕ ਦੀ ਤਸੱਲੀ ਲਈ ਅਤੇ ਲੇਖਕ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਕਿਸੇ ਦੋਸਤ ਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ । ਲੇਖਨ ਦੇ ਖੇਤਰ ਵਿੱਚ ਗੁਰਬਚਨ ਕਰੀਬ ਤਿੰਨ ਦਹਾਕਿਆਂ ਤੋਂ ਚਰਚਿਤ ਹੈ । ਉਸਦੇ ਬਹੁਤੇ ਦੋਸਤ/ਦੁਸ਼ਮਣ ਦਿੱਲੀ ਵਾਸੀ ਹਨ ਜਾਂ ਸਵਰਗਵਾਸੀ । ਦੋਸਤਾਂ 'ਚੋਂ ਬਹੁਤੇ ਸਵਰਗਵਾਸੀ ਹੀ ਹਨ, ਤਾਰਾ ਸਿੰਘ, ਹਰਿਨਾਮ, ਮਿਤ੍ਰਯੂਬੋਧ, ਕੁਮਾਰ ਵਿਕਲ । ਇਹਨਾਂ ਬਾਰੇ ਉਹ ਪੂਰੀ ਸ਼ਿੱਦਤ ਅਤੇ ਸੁਹਿਰਦਤਾ ਨਾਲ ਲਿਖਦਾ ਹੈ । ਵਿਕਲ ਚੰਡੀਗੜ੍ਹ ਰਹਿੰਦਾ ਸੀ, ਜਿੱਥੇ ਹੁਣ ਗੁਰਬਚਨ ਰਹਿੰਦਾ ਹੈ । ਇਸ ਸ਼ਹਿਰ ਨੂੰ ਵੀ ਉਹ ਦਿੱਲੀ ਵਾਲੇ ਮੁਹਾਵਰੇ ਮੁਤਾਬਕ 'ਦੂਰ ਅਸਤ' ਹੀ ਕਹਿਣਾ ਪਸੰਦ ਕਰਦਾ ਹੈ । ਉਂਜ ਉਹਨੂੰ ਕੁਲਵੰਤ ਸਿੰਘ ਵਿਰਕ ਤੇ ਪ੍ਰੇਮ ਪ੍ਰਕਾਸ਼ ਵੀ ਚੰਗੇ ਲੱਗਦੇ ਹਨ । ਪਾਸ਼, ਲਾਲ ਸਿੰਘ ਦਿਲ ਅਤੇ ਜੋਗਾ ਸਿੰਘ ਨਾਲ ਵੀ ਮੋਹ ਦਾ ਰਿਸ਼ਤਾ ਹੈ । ਅਮਰਜੀਤ ਚੰਦਨ ਦੀ ਕਰਤਾਰੀ ਪ੍ਰਤਿਭਾ ਦਾ ਵੀ ਉਹ ਪ੍ਰਸੰਸਕ ਹੈ ।

ਖ਼ੈਰ, ਇਹ ਦੋਵੇਂ ਕਿਤਾਬਾਂ ਨਿੱਠ ਕੇ ਪੜ੍ਹਨ ਤੋਂ ਬਾਅਦ ਭੇਤ ਖੁੱਲ੍ਹਦਾ ਹੈ ਕਿ ਗੁਰਬਚਨ ਨੂੰ ਚੰਗੇ ਲੇਖਕ ਚੰਗੇ ਲੱਗਦੇ ਹਨ ਪਰ ਵੱਡੇ ਲੇਖਕ ਵੱਡੇ ਨਹੀਂ ਲੱਗਦੇ । ਗੁਰਬਚਨ...... ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਹਰਭਜਨ ਸਿੰਘ, ਅਜੀਤ ਕੌਰ, ਸੁਰਜੀਤ ਪਾਤਰ ਅਤੇ ਸ਼ਿਵ ਕੁਮਾਰ ਦੇ ਸਰਬ-ਪ੍ਰਵਾਨਿਤ ਬਿੰਬ ਨੂੰ ਪੂਰੀ ਵਾਹ ਲਾ ਕੇ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਸਤਿੰਦਰ ਸਿੰਘ ਨੂਰ ਨਾਲ ਉਹਦਾ ਕੋਈ ਪਿਛਲੇ ਜਨਮ ਦਾ ਸ਼ਰੀਕਾ ਹੈ ਜਿਹੜਾ ਬੇਚੈਨ ਕਰੀ ਰੱਖਦਾ ਹੈ । ਗੁਰਬਚਨ ......ਸਾਹਿੱਤ ਨਹੀਂ, ਸਾਹਿੱਤ ਬਾਰੇ ਲਿਖਦਾ ਹੈ । ਬਾਰੇ ਤਾਂ ਉਹ ਫ਼ਿਲਮਾਂ ਦੇ ਵੀ ਲਿਖਦਾ ਹੈ ਅਤੇ ਫੁੱਟਬਾਲ ਦੇ ਵੀ । ਆਪਣੀ ਲਿਖੀ ਹਰ ਵਸਤੂ ਨੂੰ ਉਹ ਪੂਰੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਕਿਤਾਬ ਛਪਵਾਉਣ ਵੇਲੇ ਅਜਿਹੀ ਕਿਸੇ ਵੀ ਵਸਤੂ ਨਾਲ ਭੇਦ-ਭਾਵ ਨਹੀਂ ਵਰਤਦਾ । ਪੁਸਤਕ ਦੇ ਪਿੱਠ-ਕਥਨ ਅਨੁਸਾਰ : 'ਸਾਹਿੱਤ ਦੇ ਸਿਕੰਦਰ' ਛਪੀ ਤਾਂ ਇਸਨੂੰ ਪੰਜਾਬੀ ਵਾਰਤਕ ਵਿੱਚ ਵਾਪਰਨ ਵਾਲਾ ਕਾਰਨਾਮਾ ਕਿਹਾ ਗਿਆ । ਇੱਕ ਦਰਜਨ ਦੇ ਕਰੀਬ ਹੋਰ ਲੇਖ ਤਿਆਰ ਹੋ ਗਏ । 'ਕਿਸ ਕਿਸ ਤਰ੍ਹਾਂ ਦੇ ਸਿਕੰਦਰ' ਪਹਿਲੀ ਪੁਸਤਕ ਦਾ ਵਧਾਇਆ/ਨਵਾਂ ਰੂਪ ਹੈ । ਇਸੇ 'ਪਿੱਠ-ਭੂਮੀ 'ਚੋਂ ਲੇਖਕ ਦੀ ਵਿਲੱਖਣਤਾ ਸੰਬੰਧੀ ਸਵੈ-ਸੰਕਲਪਿਤ ਬਿੰਬ ਦਾ ਐਲਾਨਨਾਮਾ ਵੀ ਉੱਚੀ ਸੁਰ ਵਿੱਚ ਕੂਕਦਾ ਸੁਣਾਈ ਦੇਂਦਾ ਹੈ :

''ਇਸ ਕਿਤਾਬ 'ਚ ਦੋ ਦਰਜਨ ਤੋਂ ਵੱਧ ਸਥਾਪਿਤ/ਗ਼ੈਰ-ਸਥਾਪਿਤ ਪੰਜਾਬੀ ਲੇਖਕਾਂ ਦੇ ਸਮੁੱਚ ਨੂੰ ਨਸ਼ਤਰੀ ਨੀਝ ਨਾਲ ਦੇਖਿਆ ਗਿਆ ਹੈ । ਵੱਖਰੀ ਗੱਲ ਇਹ ਹੈ ਕਿ ਕਿਤਾਬ ਵਿਚਲੇ ਲੇਖਾਂ ਵਿੱਚ ਕੁਝ ਵੀ ਰਵਾਇਤੀ ਨਹੀਂ । ਨਾ ਫਿਕਰਾ ਬੀੜਨ ਦਾ ਕਸਬ, ਨਾ ਜੋ ਕੁਝ ਕਿਹਾ ਗਿਆ ਹੈ ਉਹ । ਲੇਖਾਂ ਵਿੱਚ ਬਹੁਤ ਕੁਝ ਗੁੱਝਾ/ਲੁਪਤ ਹੈ ਤੇ ਫ਼ਿਕਰੇ ਸੁੱਤੇ-ਸਿੱਧ ਪਾਠਕ ਦੀ ਸੁਰਤ ਵਿੱਚ ਸੁਰਾਖ਼ ਕਰੀ ਜਾਂਦੇ ਹਨ । ਇਹਨਾਂ ਦੀ ਵਾਰਤਕ ਸ਼ੈਲੀ ਆਪਣੀ ਮਿਸਾਲ ਆਪ ਹੈ । ਰੌਚਕ ਤੇ ਚਿੰਤਨੀ । ਦਲੀਲ ਡੰਗ ਵਾਂਗ ਕਾਟ ਮਾਰਦੀ ਹੈ । ਇਹ ਲੇਖ ਕਰੜੀ ਸਾਧਨਾਂ ਤੇ ਵਿਸ਼ਾਲ ਸਾਹਿੱਤਕ/ਭਾਸ਼ਕ ਅਨੁਭਵ ਦਾ ਨਤੀਜਾ ਹਨ । ਇਹ ਰੇਖਾ ਚਿੱਤਰ ਨਹੀਂ । ਇਹਨਾਂ 'ਚ ਕਿਸੇ ਨਵੀਂ ਵਿਧਾ ਦੇ ਬੀਜ ਹਨ ।''

•••

ਇਹਨਾਂ ਦੋਹਾਂ ਕਿਤਾਬਾਂ ਦੀ ਸਾਂਝੀ ਖੂਬੀ ਇਹ ਹੈ ਕਿ ਗੁਰਬਚਨ ਅੱਜ ਦੇ 'ਪੰਜਾਬੀ ਵਿਰੋਧੀ ਕੁਲੀਨ ਵਰਗ' ਅਤੇ 'ਉਪਭੋਗੀ ਸਭਿਆਚਾਰ' ਦੇ ਦੌਰ ਵਿੱਚ ਵੀ ਪੰਜਾਬ ਦੇ ਪ੍ਰਵਚਨ ਸੰਸਾਰ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਵਾਲੇ, ਪੰਜਾਬੀ ਵਿੱਚ ਲਿਖਣ ਵਾਲਿਆਂ ਨੂੰ ਹੀ ਸਮਝਦਾ ਹੈ । ਉਸ ਨੂੰ ਦੁੱਖ ਹੈ ਕਿ ਬਹੁਤੇ ਪੰਜਾਬੀ ਸ਼ਾਇਰ ਸੱਭਿਆਚਾਰਕ ਤੌਰ 'ਤੇ ਬਾਂਝ ਜਾਂ ਯਤੀਮ ਹੋ ਚੁੱਕੇ ਹਨ । ਗੁਰਬਚਨ ਖੁਸ਼ ਉਦੋਂ ਹੁੰਦਾ ਹੈ ਜਦੋਂ ਸੋਵੀਅਤ ਢਾਂਚੇ ਵਿੱਚ ਤਬਦੀਲੀ ਆਉਂਦੀ ਹੈ ਅਤੇ ਹੋਰ ਵੀ ਜਿਆਦਾ ਖੁਸ਼ ਉਦੋਂ ਹੁੰਦਾ ਹੈ ਜਦੋਂ ਸੁਕੀਰਤ ਪਾਉਂਦਾ ਹੈ : 'ਬਾਤ ਇੱਕ ਬੀਤੇ ਦੀ ।' ਇਹ ਕਿਤਾਬ ਵਾਕਈ ਦਸਤਾਵੇਜ਼ੀ ਦਰਜਾ ਰੱਖਦੀ ਹੈ ਪਰੰਤੂ ਗੁਰਬਚਨ ਨੂੰ 'ਵਾਰਤਕ ਦੇ ਇਸ ਯੁੱਗ' ਵਿੱਚ ਸੁਕੀਰਤ ਯੁੱਗ ਪੁਰਸ਼ ਜਾਪ ਰਿਹਾ ਹੈ । ਗਦ-ਗਦੀ ਮੁਦਰਾ ਵਿੱਚ ਕੀਤੀ ਗਈ ਮਨ-ਭਾਵਨ ਪ੍ਰਸ਼ੰਸਾ ਦਾ ਇੱਕ ਸੰਖੇਪ ਜਿਹਾ ਨਮੂਨਾ ਪੇਸ਼ ਹੈ :

......''ਇਸ ਕਿਤਾਬ ਦਾ ਹਰੇਕ ਫਿਕਰਾ ਵਿਵੇਕੀ ਸਪੇਸ ਦੀ ਤਲਾਸ਼ 'ਚ ਹੈ । ...ਨਿੱਕੇ ਜਿਹੇ ਆਕਾਰ ਦੀ ਇਸ ਕਿਤਾਬ ਵਿੱਚ ਬਹੁਤ ਕੁਝ ਹੈ । ਸੁਹਜ ਨਾਲ ਲੈਸ ਚਿੰਤਨੀ ਨਸਰ ਵਿੱਚ ਇਹ ਕਿਤਾਬ ਇੱਕ ਦੇਸ਼ ਦੇ ਲੋਕ ਮਾਨਸ ਦੀ ਪੀੜਾ, ਸੁਪਨਿਆਂ, ਸੰਸਿਆਂ, ਅਕਾਂਖਿਆਵਾਂ, ਖੁਸ਼ੀਆਂ, ਉਦਾਸੀਆਂ, ਵਿਗਾੜ/ਵਿਕਾਰਾਂ ਦਾ ਮੁਖ਼ਤਸਰ ਚਿੱਠਾ ਤਿਆਰ ਕਰਦੀ ਹੈ । ਪੰਜਾਬੀ ਸਾਹਿੱਤ ਦੀ ਬੌਧਿਕ ਖੜੌਤ ਦੇ ਪ੍ਰਸੰਗ 'ਚ ਅਜਿਹਾ ਹੋ ਜਾਣਾ ਮਾਅਰਕੇ ਦੀ ਗੱਲ ਹੈ ।''

'ਇਹ ਯੁੱਗ ਵਾਰਤਕ ਦਾ ਹੈ, ਪਰ ਪੰਜਾਬੀ ਵਿੱਚ ਅਜਿਹੀ ਰਚਨਾ ਮਿਲਦੀ ਕਿੱਥੇ ਹੈ?' ਇਹ ਗੱਲ ਬਿਲਕੁੱਲ ਠੀਕ ਹੈ । ਯੁੱਗ ਵੀ ਵਾਰਤਕ ਦਾ ਹੈ ਅਤੇ ਸੁਕੀਰਤ ਵਰਗੀ ਠੁੱਕਦਾਰ ਰਚਨਾ ਲਿਖਣ ਦਾ ਪੰਜਾਬੀ ਵਿੱਚ ਚਲਨ ਵੀ ਨਹੀਂ । ਏਸੇ ਤੱਥ ਨੇ ਸਾਡੇ ਇਸ ਸਮਰੱਥ ਲੇਖਕ (ਗੁਰਬਚਨ) ਨੂੰ , ਲਗਾਤਾਰ ਬੇਚੈਨ ਕੀਤਾ ਹੋਇਆ ਹੈ । ਜੋ ਨਹੀਂ ਹੈ ਉਹ ਪੈਦਾ ਕਰਨ ਦਾ ਸੁਹਿਰਦ ਯਤਨ ਕਰ ਰਿਹਾ ਹੈ । ਉਸਦੀ ਲਿਖਤ ਨੂੰ ਅਦਬੀ ਪਾਠਕ ਚਟਖਾਰੇ ਲਾ ਲਾ ਪੜ੍ਹਦੇ ਹਨ । ਮਹਿਫ਼ਿਲਾਂ ਵਿੱਚ ਪੜ੍ਹ ਕੇ ਸੁਣਾਉਂਦੇ ਹਨ । ਮੂੰਹ- ਜ਼ਬਾਨੀ ਫ਼ਿਕਰੇ ਕੋਟ ਕਰਦੇ ਹਨ । ਟੈਲੀਫ਼ੋਨ 'ਤੇ ਵਧਾਈਆਂ ਦਿੰਦੇ ਹਨ । ...ਪਰ ਲਿਖਕੇ ਪ੍ਰਤਿਕਰਮ ਨਹੀਂ ਪ੍ਰਗਟਾਉਂਦੇ । ਸ਼ਾਇਦ ਉਨ੍ਹਾਂ ਨੇ ਗੁਰਬਚਨ ਦੇ, ਪਾਤਰ ਦੇ ਸੰਦਰਭ ਵਿੱਚ ਕਹੇ ਹੋਏ, ਇਹਨਾਂ ਸ਼ਬਦਾਂ ਨੂੰ ਸੰਜੀਦਗੀ ਨਾਲ ਲੈ ਲਿਆ ਹੈ ।

''ਲਿਖਤ ਕਲਚਰ 'ਚ ਦਾਖ਼ਲ ਹੋਣਾ... ਚੋਖਾ ਵਿਪਰੀਤ ਤੇ ਅਸੁਖਾਵਾਂ ਵਿਕਲਪ ਹੈ । ਰਚਨਾ ਜਦ ਟੈਕਸਟ ਦੇ ਰੂਪ 'ਚ ਹਾਜ਼ਰ ਹੁੰਦੀ ਹੈ ਤਾਂ ਕਈ ਸਿਆਪੇ ਪੈਦਾ ਹੋ ਜਾਂਦੇ ਹਨ । ਭਾਂਤ ਭਾਂਤ ਦੀਆਂ ਰਾਵਾਂ, ਚੰਗੇ/ਮਾੜੇ ਵਿਚਾਰ ਉੱਗਣ ਲੱਗਦੇ ਹਨ । ਨਿਰਖ ਪਰਖ ਦੇ ਖਾਤੇ ਖੁੱਲ੍ਹ ਜਾਂਦੇ ਹਨ । ਵਿਪ੍ਰੀਤ ਵਿਚਾਰਾਂ ਦੀ ਸੰਭਾਵਨਾ ਬਣ ਜਾਂਦੀ ਹੈ । ਵੱਡੇ ਪ੍ਰਸੰਗਾਂ ਵਿੱਚ ਟੈਕਸਟ ਨੂੰ ਖੜ੍ਹੇ ਹੋਣਾ ਪੈਂਦਾ ਹੈ ।''

ਗੁਰਬਚਨ ਪੰਜਾਬੀ ਵਾਰਤਕ ਲਈ ਸ਼ੁਭ ਸ਼ਗਨ ਹੈ । ਉਸਦੀ ਲਫ਼ਜ਼ਕਾਰੀ ਵਿੱਚ ਜ਼ਿੰਦਾ-ਦਿਲੀ ਧੜਕਦੀ ਹੈ । ਉਸਦੇ ਲਹਿਜ਼ੇ 'ਚ ਨਵਾਂਪਨ ਹੈ । ਉਸਦੇ ਅੰਦਾਜ਼ ਵਿੱਚ ਖਿੱਚ ਹੈ । ਜਦੋਂ 'ਕੱਲਾ 'ਕੱਲਾ ਲੇਖ ਪੜ੍ਹੀਦਾ ਹੈ ਤਾਂ ਸੁਆਦ ਆ ਜਾਂਦਾ ਹੈ । ਫੇਰ ਵੀ ਅੰਤ ਵਿੱਚ ਇੱਕ ਮਸ਼ਵਰਾ ਦੇਣ ਦੀ ਗੁਸਤਾਖੀ ਹੋ ਚੱਲੀ ਹੈ, ਉਹ ਇਹ ਕਿ ਜੇਕਰ ਕਿਤਾਬਾਂ ਛਪਵਾਉਣ ਤੋਂ ਪਹਿਲਾਂ ਸੰਪਾਦਨਾ ਦਾ ਅਣ-ਸੁਖਾਵਾਂ ਕਾਰਜ ਕਿਸੇ ਹੋਰ ਕੋਲੋਂ ਕਰਵਾ ਲਿਆ ਜਾਂਦਾ ਤਾਂ ਸੋਨੇ ਵਿੱਚ ਸੁਗੰਧ ਵੀ ਸ਼ਾਮਿਲ ਹੋ ਜਾਣੀ ਸੀ ।

ਕਹਾਣੀ ਦੀ ਗੱਲ

ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਗੱਲ ਕਹਾਣੀ ਦੀ ਹੋਣ ਲੱਗੀ ਹੈ, ਕਹਾਣੀਕਾਰਾਂ ਦੀ ਨਹੀਂ । ਕਹਾਣੀਕਾਰ ਦਾ ਕਹਾਣੀ ਨਾਲ ਮੋਹ ਹੋ ਸਕਦਾ ਹੈ, ਪਰ ਕਹਾਣੀ ਕਹਾਣੀਕਾਰ ਦਾ ਲਿਹਾਜ਼ ਨਹੀਂ ਕਰਦੀ, ਖ਼ਾਸ ਕਰਕੇ ਪ੍ਰਕਾਸ਼ਿਤ ਕਹਾਣੀ । ਕਈ ਵਾਰੀ ਮਖ਼ੌਲ ਵਿੱਚ ਲਿਖੀ ਗਈ ਚੀਜ਼ ਵੀ ਗੰਭੀਰ-ਪ੍ਰਾਪਤੀ ਬਣ ਜਾਂਦੀ ਹੈ ਪਰ ਕਈ ਵਾਰੀ ਸੰਜੀਦਗੀ ਨਾਲ ਲਿਖੀ ਗਈ ਕਿਰਤ ਦਾ ਮਖ਼ੌਲ ਉੱਡ ਜਾਂਦਾ ਹੈ । ਇਨ੍ਹਾਂ ਕ੍ਰਿਆਵਾਂ-ਪ੍ਰਤਿਕ੍ਰਿਆਵਾਂ ਦੇ ਨਿਰਣੇ ਅੰਤਿਮ ਨਹੀਂ ਹੁੰਦੇ-ਉਹ ਤਾਂ ਲੇਖਕ ਦੀ ਡਾਇਰੀ ਵਿੱਚ ਹਮੇਸ਼ਾ ਹੀ ਮੌਜੂਦ ਹੁੰਦੇ ਹਨ । ਅਣਲਿਖੇ । ਫਿਰ ਵੀ ਦੂਜੇ ਦੇ ਮੂੰਹੋਂ ਆਪਣੀ ਗੱਲ ਸੁਣਨ ਦਾ ਝੱਸ ਜਮਾਂਦਰੂ ਹੈ । ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਘਟੀਆ ਚੀਜ਼ ਵੀ ਕੁਝ ਨਾ ਕੁਝ ਵਟਾ ਜਾਏ ਤਾਂ ਕੀ ਹਰਜ਼? ਸਾਹਿੱਤ ਵਿੱਚ ਅਜਿਹੀ ਬਦ- ਦਿਆਨਤੀ ਆਮ ਹੈ । ਆਮ ਐਬ ਐਬ ਨਹੀਂ ਰਹਿੰਦਾ । ਹੁਣ ਪੰਜਾਬੀ ਲੇਖਕ ਅੱਗਾ ਪਿੱਛਾ ਵੇਖਣੋਂ ਹਟ ਗਿਆ ਹੈ । ਕਈ ਪਰਚੇ ਓਹੋ ਜਿਹਾ ਮੈਟਰ ਛਾਪ ਰਹੇ ਹਨ-ਜਿਹੋ ਜਿਹਾ ਲਿਖਿਆ ਜਾ ਰਿਹਾ ਹੈ ਅਤੇ ਕਈ ਲੇਖਕ ਓਹੋ ਜਿਹਾ ਮੈਟਰ ਲਿਖ ਰਹੇ ਹਨ ਜਿਹੋ ਜਿਹਾ ਪਰਚੇ ਛਾਪ ਰਹੇ ਹਨ । ਕਸੂਰ 'ਤੇ ਸਾਰੇ ਸਹਿਮਤ ਹਨ, ਪਰ ਸਿਰ ਕੋਈ ਵੀ ਅੱਗੇ ਨਹੀਂ ਕਰਨਾ ਚਾਹੁੰਦਾ । ਨੰਗੀ ਬਦ-ਦਿਆਨਤੀ ਨੂੰ ਦੋਵੇਂ ਧਿਰਾਂ ਸਮੱਸਿਆ ਦਾ ਰੂਪ ਦੇ ਰਹੀਆਂ ਹਨ ।

ਲਿਖੇ ਜਾ ਰਹੇ ਸਮੁੱਚੇ ਪੰਜਾਬੀ ਸਾਹਿੱਤ ਦਾ ਜਾਇਜ਼ਾ ਵੀ ਮਾਯੂਸੀ ਦਾ ਹੀ ਦੂਸਰਾ ਨਾਂ ਸਮਝੋ ।

ਕਵਿਤਾ ਦਾ ਤਾਂ ਜ਼ਿਕਰ ਕਰਨਾ ਹੀ ਫ਼ਜ਼ੂਲ ਹੈ । ਨਾ ਕੋਈ ਕਵਿਤਾ ਸੁਣਦਾ ਹੈ-ਨਾ ਕੋਈ ਪੜ੍ਹਦਾ ਹੈ । ਇੱਕ ਫ਼ਿਕਰੇ 'ਚ ਕਹੀ ਜਾ ਸਕਣ ਵਾਲੀ ਗੱਲ ਕਈਆਂ ਸਫ਼ਿਆਂ ਵਿੱਚ ਫੈਲ ਜਾਂਦੀ ਹੈ । ਬੇ-ਸਿਰ ਪੈਰ ਦੀ ਸ਼ਬਦਾਵਲੀ ਕਾਵਿਕ ਕਹਾਉਂਦੀ ਹੈ । ਬੇ-ਥਵ੍ਹੀਆਂ ਤੇ ਬੇ-ਤੁਕੀਆਂ ਤੁਲਨਾਵਾਂ 'ਮੌਲਿਕਤਾ' ਵਰਗੇ ਵਿਸ਼ੇਸ਼ਣ ਚੱਟ ਜਾਂਦੀਆਂ ਹਨ । ਸਾਹਿੱਤ ਦਾ 'ਵਰਣ-ਆਸ਼ਰਮ' ਹੁਣ ਕਵਿਤਾ-ਵਾਦ ਨੂੰ ਸਹਾਰਾ ਦੇਣ ਜੋਗਾ ਨਹੀਂ ਰਿਹਾ । ਹਾਂ, ਕਦੇ ਕਦਾਈਾ ਕੋਈ ਕੋਈ ਕਵੀ ਕਿਸੇ ਰਚਨਾ ਵਿੱਚ ਕੰਮ ਦੀ ਗੱਲ ਵੀ ਕਰ ਜਾਂਦਾ ਹੈ । ਪਰ ਇਹ ਉਵੇਂ ਹੈ ਜਿਵੇਂ ਕਿਸੇ ਮੰਦਿਰ ਦਾ ਪੁਜਾਰੀ ਕਦੇ ਕਦਾਈਾ ਕਮਿਊਨਿਸਟਾਂ ਦਾ ਜਲਸਾ ਵੀ ਸੁਣ ਆਏ । ਕਵਿਤਾ ਅੱਜ ਦੀ ਗੱਲ ਕਹਿਣ ਤੋਂ ਅਸਮਰੱਥ ਹੈ । ਲੋਰੀ ਵਾਲੀ ਤਰਜ਼ 'ਤੇ ਮਾਰਚ ਦਾ ਗੀਤ ਕਿਵੇਂ ਗਾਇਆ ਜਾ ਸਕਦਾ ਹੈ!

ਨਾਟਕ ਪੰਜਾਬੀ ਵਿੱਚ ਹੈ ਹੀ ਨਹੀਂ । ਚਰਚਾ ਕੀ ਕਰੀਏ? ਕੁਝ ਅਨੁਵਾਦ ਜ਼ਰੂਰ ਹਨ । ਨਾਵਲ ਦੋ-ਚਾਰ ਪ੍ਰਾਪਤ ਹਨ, ਜਿਨ੍ਹਾਂ ਦਾ ਜ਼ਿਕਰ ਪਿਛਲੇ ਦਹਾਕੇ ਵਿੱਚ ਏਨਾ ਰਿਹਾ ਹੈ ਕਿ ਦੁਹਰਾਉਣ ਲੱਗਿਆਂ ਸ਼ਰਮ ਆਉਂਦੀ ਹੈ । ਜ਼ਿਕਰ ਨੂੰ ਪੜ੍ਹ-ਸੁਣ ਕੇ ਜ਼ਿਕਰ ਕਰੀ ਜਾਂਦੇ ਹਨ-ਨਾਵਲਾਂ ਨੂੰ ਕੋਈ ਨਹੀਂ ਪੜ੍ਹਦਾ । ਅੱਜ ਜ਼ਿੰਦਗੀ ਦਾ ਬਿਆਨ ਨਾਵਲ ਵਿੱਚ ਕਰਨਾ ਸਹੀ ਮਾਧਿਅਮ ਅਪਨਾਉਣ ਵਾਲੀ ਗੱਲ ਹੈ । ਪਰ ਨਾਵਲ ਏਨੀ ਮਿਹਨਤ ਅਤੇ ਸਿਰੜ ਮੰਗਦਾ ਹੈ ਕਿ ਪੰਜਾਬੀ ਲੇਖਕਾਂ ਦੇ ਖ਼ਮੀਰ ਤੋਂ ਬਾਹਰ ਦੀ ਗੱਲ ਹੈ । ਉਹ ਤਾਂ ਚਾਹੁੰਦੇ ਹਨ ਕਿ ਚੀਜ਼ ਝੱਟ-ਪਟ ਲਿਖੀ ਜਾਏ, ਨਾਲ ਦੀ ਨਾਲ ਛਪ ਜਾਏ ਤੇ ਪ੍ਰਤਿਕ੍ਰਿਆ (ਪ੍ਰਸ਼ੰਸਾ) ਪ੍ਰਕਾਸ਼ਿਤ ਰੂਪ ਵਿੱਚ ਪ੍ਰਾਪਤ ਹੋਵੇ । ਇਸੇ ਰਵਾਇਤ ਉੱਤੇ ਚੱਲਦੇ ਉਹ ਆਪਣੇ ਅੱਧ-ਪਚੱਧੇ ਕਾਂਡ ਵੀ 'ਲਿਖੇ ਜਾ ਰਹੇ ਨਾਵਲ ਦਾ ਫ਼ਲਾਣਾ ਕਾਂਡ' ਟਿੱਪਣੀ ਸਹਿਤ ਛਪਾਉਂਦੇ ਰਹਿੰਦੇ ਹਨ ।

ਬਾਕੀ ਰਹੀ ਕਹਾਣੀ । ਸਾਰੀਆਂ ਜ਼ਿੰਮੇਵਾਰੀਆਂ, ਵਧੀਕੀਆਂ ਅਤੇ ਇਲਜ਼ਾਮ ਵਿਚਾਰੀ ਕਹਾਣੀ ਦੇ ਸਿਰ 'ਤੇ! ਸਾਰੀਆਂ ਕਲਮਾਂ ਤੇ ਸਾਰੀਆਂ ਨਜ਼ਰਾਂ ਕਹਾਣੀ ਵੱਲ ਮੁੜ ਰਹੀਆਂ ਹਨ । ਕਵਿਤਾ, ਨਾਟਕ, ਨਾਵਲ ਲਿਖਣ ਵਾਲੇ ਲੋਕ ਤਾਂ ਕਹਾਣੀ 'ਤੇ ਕਾਠੀ ਪਾਉਣ ਦੀ ਕੋਸ਼ਿਸ਼ ਕਰਦੇ ਹੀ ਆਏ ਹਨ, ਪਰ ਪੰਜਾਬੀ ਵਿੱਚ ਆਲੋਚਕਾਂ ਨੂੰ ਵੀ ਇਹੋ ਮੈਦਾਨ ਪਸੰਦ ਆਇਆ ਹੈ । ਗਿਣਤੀ ਕਹਾਣੀ ਲੇਖਕਾਂ ਦੀ ਸਭ ਤੋਂ ਵੱਧ ਹੈ ਪਰ ਗੱਲ ਕਹਾਣੀ ਦੀ ਸਭ ਤੋਂ ਘੱਟ ਹੋਈ ਹੈ । ਕਾਰਣ ਇਹ ਵੀ ਹੋ ਸਕਦਾ ਹੈ ਕਿ 'ਰੀਜ਼ਰਵ' ਕੋਟੇ ਵਿੱਚ ਆਉਣ ਵਾਲਾ ਸਾਹਿੱਤ ਖੁੱਲ੍ਹੇ-ਮੁਕਾਬਲੇ ਨਾਲ ਬੇ-ਇਨਸਾਫ਼ੀ ਕਰਦਾ ਹੋਵੇ । ਪਰ ਇਸ ਤਰ੍ਹਾਂ 'ਵੇਗ' ਜਿਹਾ ਬਹਾਨਾ ਲਾ ਕੇ ਗੱਲ ਟਾਲ ਦੇਣੀ ਵੀ ਦਿਆਨਤਦਾਰੀ ਨਹੀਂ । ਗੱਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ-ਨਾ ਪਹੁੰਚਿਆ ਗਿਆ, ਨਾ ਸਹੀ । ਕਹਾਣੀ ਦੀ ਅੱਜ ਦੀ ਸਥਿਤੀ ਏਨੀ ਸਪੱਸ਼ਟ ਹੈ ਕਿ ਹੋਰ ਸਪੱਸ਼ਟ ਕਰਨਾ ਕਵਿਤਾ ਵਰਗਾ ਅਮਲ ਹੋਵੇਗਾ । ਸਾਫ਼ ਤਾਂ ਦਿਸ ਰਿਹਾ ਹੈ ਕਿ ਪਹਿਲੀ ਪੀੜ੍ਹੀ ਦੇ (ਉਮਰ ਦੇ ਲਿਹਾਜ਼ ਨਾਲ) ਜਿੰਦਾ ਲੋਕ ਅਜੇ ਵੀ ਇਹ ਸਮਝਦੇ ਹਨ ਕਿ ਉਮਰ ਦਾ ਸਾਰਾ ਤਜ਼ੁਰਬਾ ਕਾਗ਼ਜ਼ਾਂ ਨੂੰ ਸੌਂਪ ਕੇ ਮਰਨਾ ਹੈ । ਜ਼ਿੰਦਗੀ ਦੀ ਕਹਾਣੀ ਨੂੰ ਉਮਰ ਦੀ ਕਹਾਣੀ ਨਾਲ ਗ਼ਲਤ ਕਰੀ ਜਾ ਰਹੇ ਹਨ ਉਹ ਲੋਕ! ਇੱਕੋ ਸੈੱਟ ਪੈਟਰਨ! ਲਿਖਦੇ ਰਹਿਣਾ ਕਸਬ ਮਾੜਾ ਨਹੀਂ, ਪਰ ਆਪਣੀ ਮੋਟੀ ਕਲਮ ਨਾਲ ਕੀਤੀ ਹਰ ਚਿੱਤ-ਚਲਾਕੀ ਨੂੰ ਨੁਮਾਇਸ਼ ਵਿੱਚ ਰੱਖਣ ਲਈ ਉਮਰ ਦੀ ਲੰਬਾਈ ਨਾਲ ਸਬੰਧਿਤ ਹਰਬੇ ਵਰਤਣਾ ਭਿਣਭਿਣਾਹਟ ਨੂੰ ਸੱਦਾ ਦੇ ਸਕਦਾ ਹੈ, ਸੰਗੀਤ ਨੂੰ ਨਹੀਂ । ਹੁਨਰ ਨੂੰ ਚਮਕਾਉਣ ਲਈ ਮਿਹਨਤ ਫ਼ਾਇਦੇਮੰਦ ਹੈ, ਹੁਨਰ ਪਹਿਲੀ ਗੱਲ ਹੈ ਤੇ ਮਿਹਨਤ ਦੂਜੀ । ਮਿਹਨਤ ਆਪਣੇ ਆਪ ਵਿੱਚ ਇੱਕ ਵੱਖਰਾ ਹੁਨਰ ਹੈ । ਜਿਆਦਾ ਸਫ਼ੇ ਲਿਖਣ ਦਾ ਮਤਲਬ ਬਹੁਤੀ ਮਿਹਨਤ ਨਹੀਂ । ਤੁਸੀਂ ਪੇਸ਼ ਹੁਨਰ ਕਰ ਰਹੇ ਹੋ-ਨਜ਼ਰ ਮਿਹਨਤ ਆ ਰਹੀ ਹੈ, ਕੀ ਗੱਲ ਬਣੀ? ਹਰ ਬੋਲੀ ਦਾ ਸਾਹਿੱਤ ਇਸ ਬੀਮਾਰੀ ਦਾ ਸ਼ਿਕਾਰ ਹੁੰਦਾ ਹੈ, ਪਰ ਕਿਸੇ ਖ਼ਾਸ ਮਿਕਦਾਰ ਵਿੱਚ । ਮੇਰੇ ਇਸ ਨਜ਼ਰੀਏ ਨੂੰ ਨਾਂਹ-ਵਾਚਕ ਕਿਹਾ ਜਾ ਸਕਦਾ ਹੈ ਪਰ ਤੁਸੀਂ ਦੱਸੋ ਕਿ ਦੁਨੀਆ ਦੇ ਲੋਕ ਜਿੰਨਾ ਕੁਝ ਬੋਲਦੇ ਹਨ, ਉਹ ਸਾਰਾ ਟੇਪ ਕਰਨ ਯੋਗ ਹੁੰਦਾ ਹੈ? ਤੇ ਜੇ ਫਿਰ ਉਸ ਟੇਪ ਕੀਤੇ ਰੌਲੇ ਨੂੰ ਲਿਖ ਕੇ ਛਪਵਾ ਦਿੱਤਾ ਜਾਏ ਤਾਂ ਪਾਠਕ ਨੂੰ ਚੋਣ ਕਰਨ ਦੀ ਤਾਂ ਖੁੱਲ੍ਹ ਹੋਣੀ ਚਾਹੀਦੀ ਹੈ । ਲੇਖਕ ਆਪਣਾ ਕੰਮ ਕਰੀ ਜਾਣ, ਪਾਠਕ ਆਪਣਾ । ਇਸ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਹੈ? ਅਣਲਿਖੇ ਵਿਰਸੇ ਦੀ ਸਾਨੂੰ ਪਛਾਣ ਹੈ ਤੇ ਕਦਰ ਵੀ ।

ਇਸ ਬਿਰਧ ਪੀੜ੍ਹੀ ਤੋਂ ਬਾਅਦ ਦੇ ਲੋਕ ਵੀ ਇਨ੍ਹਾਂ ਦੇ ਮਾਰੂ ਅਸਰ ਤੋਂ ਮੂਲੋਂ ਹੀ ਨਿਰਲੇਪ ਨਹੀਂ ਰਹਿ ਸਕੇ । ਉਨ੍ਹਾਂ ਦੇ ਪੈਰ-ਚਿੰਨ੍ਹਾਂ 'ਤੇ ਭਾਵੇਂ ਨਾ ਚੱਲੇ ਹੋਣ ਪਰ ਪਰਛਾਵਿਆਂ ਦੇ ਕੋਣ ਜ਼ਰੂਰ ਨਾਪਦੇ ਰਹੇ ਹਨ । ਇਸ ਪੀੜ੍ਹੀ ਨੂੰ ਅਸੀਂ ਬਿਰਧ ਅਤੇ ਜਵਾਨ ਪੀੜ੍ਹੀ ਵਿਚਲਾ ਜੋੜ ਨਹੀਂ ਕਹਿ ਸਕਦੇ । ਦਰ ਅਸਲ ਸਾਹਿੱਤ ਦੀਆਂ ਪੀੜ੍ਹੀਆਂ ਚੁੰਬਕ ਦੇ ਟੋਟਿਆਂ ਵਾਂਗ ਹੁੰਦੀਆਂ ਹਨ ਜੋ ਆਪਸ ਵਿੱਚ ਸੰਬੰਧ ਤਾਂ ਰੱਖਦੀਆਂ ਹਨ, ਖਿੱਚ ਨਹੀਂ । ਹਰ ਪੀੜ੍ਹੀ ਦੀ ਵੱਖਰੀ ਹੋਂਦ ਹੈ ਤੇ ਸਮਾਨ ਮਹੱਤਵ । ਜੇ ਕੋਈ ਫ਼ਰਕ ਹੈ ਤਾਂ ਸਮੇਂ ਦਾ । ਕਈ ਲੇਖਕ ਵੇਖਦੇ ਪਿਛਾਂਹ ਹਨ ਤੇ ਤੁਰਦੇ ਅਗਾਂਹ ਨੂੰ ਹਨ । ਉਨ੍ਹਾਂ ਦੀ ਸੇਧ ਮਰ ਜਾਂਦੀ ਹੈ । ਕਦੇ ਕਦਾਈਾ ਖਲੋ ਕੇ ਪਿਛਾਂਹ ਵੇਖ ਲੈਣਾ ਵੱਖਰੀ ਗੱਲ ਹੈ । ਬਜ਼ੁਰਗਾਂ ਤੋਂ ਥਾਪੜਾ ਲੈਣ ਲਈ ਆਪਣੀ ਅਕਲ ਨੂੰ ਪਤਾਵੇ ਵਾਂਗ ਉਨ੍ਹ੍ਹਾਂ ਦੀ ਜੁੱਤੀ ਵਿੱਚ ਰੱਖ ਦੇਣਾ ਸਰਵਣ-ਭਗਤੀ ਹੈ, ਭਰਤ- ਪ੍ਰਾਕਰਮ ਨਹੀਂ । ਇਨ੍ਹਾਂ ਅਸ਼ੀਰਵਾਦਾਂ ਨਾਲ ਪਲੀਆਂ ਹੋਈਆਂ ਕੁਝ ਕਲਮਾਂ ਅਜੇ ਵੀ ਆਪਣੇ ਸਸਤੇ ਸਮੇਂ ਦੀ ਖਾਧੀ ਹੋਈ ਖ਼ੁਰਾਕ 'ਤੇ ਮਾਣ ਕਰ ਰਹੀਆਂ ਹਨ ।

ਤਾਜ਼ੇ ਮਾਲ ਵੱਲ ਨਿਗਾਹ ਮਾਰਨਾ ਲੋੜੀਂਦਾ ਹੈ, ਤੇ ਲਾਹੇਵੰਦਾ ਵੀ । ਇਸ ਜੈਨਰੇਸ਼ਨ ਵਿੱਚ ਵੰਨਗੀ ਜਿਆਦਾ ਹੈ । ਸਤਹ 'ਤੇ ਤਰੇੜਾਂ ਆਈਆਂ ਹਨ ਤੇ ਉਸ ਦੇ ਹੇਠਾਂ ਸਾਂਭੀ ਹੋਈ ਬਦਬੂ ਨੂੰ ਉੱਡਣ ਤੋਂ ਰੋਕਣ ਲਈ ਜੇਕਰ 'ਅਭਿਨੰਦਨ ਗ੍ਰੰਥ' ਵਾਲਾ ਫ਼ਾਰਮੂਲਾ ਵੀ ਵਰਤਣਾ ਪਵੇ ਤਾਂ ਮਹਿੰਗਾ ਨਹੀਂ । ਕਿਸੇ ਤੋਂ ਛੁਟਕਾਰਾ ਪਾਉਣ ਲਈ ਹੱਥ ਜੋੜ ਦੇਣੇ ਆਦਰ ਨਹੀਂ, ਹੁਨਰ ਹੈ । ਬੀਤੇ ਨੂੰ ਮੱਥਾ ਟੇਕ ਕੇ ਭਵਿੱਖ ਵੱਲ ਰੁਖ ਕਰੀ, ਆਸੇ ਪਾਸੇ ਵੇਖਣ ਪਿੱਛੋਂ, ਗੱਲ ਕਰਨਾ ਹੀ ਅੱਜ ਦੀ ਗੱਲ ਹੈ । ਨਵੇਂ ਅਨੁਭਵਾਂ ਨੂੰ ਨਵੇਂ ਸ਼ਬਦਾਂ ਦੀ ਹੀ ਨਹੀਂ, ਨਵੇਂ ਮਾਧਿਅਮ ਦੀ ਵੀ ਲੋੜ ਹੈ । ਸਿਰਫ਼ ਬੁਲ੍ਹ ਨਹੀਂ, ਸਾਨੂੰ ਕੰਨ ਵੀ ਬਦਲਣੇ ਪੈਣਗੇ । ਨਜ਼ਰ ਦੀਆਂ ਹੱਦਾਂ ਜਿੰਨੀਆਂ ਫੈਲ ਗਈਆਂ ਹਨ, ਧੁੰਦ ਵੀ ਉਸੇ ਹਿਸਾਬ ਨਾਲ ਵਧੀ ਹੈ । ਧੁੰਦ ਦੇ ਗੱਠੇ ਬਣਾ ਕੇ ਪਾਠਕਾਂ ਦੀ ਭੀੜ ਵਿੱਚ ਸੁੱਟੀ ਜਾਣਾ ਮਾਹੌਲ ਨੂੰ ਸੁਖਾਵਾਂ ਨਹੀਂ ਬਣਾ ਸਕਦਾ । ਪਸਾਰੇ ਦੀ ਨਿਸਬਤ ਨਾਲ ਧੁੰਦ ਦੀ ਅਨੁਪਾਤ ਕੁਦਰਤੀ ਹੈ । ਗ਼ੈਰ-ਕੁਦਰਤੀ ਗੱਲ ਦਹਿਸ਼ਤ- ਅੰਦੇਸ਼ ਤਾਂ ਹੋ ਸਕਦੀ ਹੈ, ਅਸਰਦਾਇਕ ਨਹੀਂ । ਆਪਣੇ ਮੈਦਾਨੀ ਵਿਹੜੇ ਵਿੱਚ ਚਾਹ ਦੀ ਖੇਤੀ ਕਰਨ ਦਾ ਪ੍ਰਯੋਜਨ ਮਨੋਰੰਜਕ ਹੋ ਸਕਦਾ ਹੈ, ਸਾਰਥਕ ਨਹੀਂ । ਨਵਾਂ ਨਵਾਂ ਕਹਾਣੀਕਾਰ ਆਪਣੇ ਨਿੱਜੀ ਆਲੇ ਦੁਆਲੇ ਦੀ ਕਠੋਰਤਾ ਦਾ ਜ਼ਿਕਰ ਕਰਨਾ ਘਟੀਆ ਸਮਝਦਾ ਹੈ ਤੇ ਢਿੱਲੇ ਬੁੱਲ੍ਹਾਂ ਨਾਲ ਪਰਾਈ ਕਲਰ-ਸਕੀਮ ਵੇਖ ਕੇ ਆਪਣੀ ਦਿਵਾਲੀਆ-ਬਿਰਤੀ ਦੀ ਨੁਮਾਇਸ਼ ਕਰਦਾ ਹੈ । ਹੱਥ ਪੈਰ ਮਾਰਦਾ ਹੈ, ਤਰਦਾ ਨਹੀਂ । ਫਿਰ ਵੀ ਸ਼ੁਕਰ ਹੈ ਕਿ ਸਤਹ ਤਿੜਕੀ ਹੈ ।

ਸਮੱਸਿਆ ਓਦੋਂ ਪੈਦਾ ਹੁੰਦੀ ਹੈ ਜਦੋਂ ਗੱਲ ਨਾ ਤੁਰੇ । ਗੱਲ ਨੂੰ ਤੋਰਨ ਲਈ ਸਮੱਸਿਆ ਖੜੀ ਕਰਨਾ ਬਨਾਵਟ ਹੈ । ਸਮੱਸਿਆ ਖੜੀ ਕਰਕੇ ਉਸ ਨੂੰ ਸੁਲਝਾਉਣ ਦੀਆਂ ਸਕੀਮਾਂ ਸੋਚਣੀਆਂ ਤਾਸ਼ ਦੀ ਬਾਜ਼ੀ ਤੋਂ ਵੱਧ ਅਹਿਮੀਅਤ ਨਹੀਂ ਰੱਖਦੀਆਂ । ਸਾਹਿੱਤ ਨੂੰ ਜੇ ਅਸੀਂ ਤਾਸ਼ ਦੀ ਕਸਵੱਟੀ 'ਤੇ ਪਰਖਣਾ ਚਾਹੀਏ ਤਾਂ 'ਤਾਸ਼ ਦੀ ਆਦਤ' (ਨਾਨਕ ਸਿੰਘ) ਅਤੇ 'ਤਾਸ਼' (ਪ੍ਰੇਮ ਪ੍ਰਕਾਸ਼) ਵਿਚਲੇ ਪਾੜੇ ਤੋਂ ਜਾਣੂ ਹੋਣਾ ਜ਼ਰੂਰੀ ਹੈ । ਅੱਜ ਦੀ ਸਮੱਸਿਆ ਸਿਰਫ਼ ਪੰਜਾਬੀ ਦੀ ਹੀ ਨਹੀਂ, ਮਨੁੱਖ ਦੀ ਸਮੱਸਿਆ ਹੈ । ਜੋ ਕੁਝ ਬਾਹਰ ਵਾਪਰਦਾ ਹੈ, ਇਹ ਸਭ ਕੁਝ ਸੂਖ਼ਮ ਰੂਪ ਵਿੱਚ ਸਾਡੇ ਅੰਦਰ ਮੌਜੂਦ ਹੁੰਦਾ ਹੈ । ਬਾਹਰ ਵੇਖ ਕੇ ਅੰਦਰ ਨੂੰ 'ਇਗਨੋਰ' ਕਰ ਦੇਣਾ ਕਮੀਨਗੀ ਹੈ । ਲਿਖਤ ਦਾ ਆਧਾਰ ਪ੍ਰਤਿਕ੍ਰਿਆ ਨਹੀਂ, ਪ੍ਰੇਰਣਾ ਹੁੰਦਾ ਹੈ । ਆਦਮੀ ਨੂੰ ਕਿੱਲੇ ਨਾਲ ਬੰਨ੍ਹੋ ਭਾਵੇਂ ਨਕਲੀ ਦੰਦਾਂ ਸਣੇ ਸਵਾਓ, ਸਮੱਸਿਆ ਹੱਲ ਨਹੀਂ ਹੁੰਦੀ । ਅੰਦਰ ਆਕਾਰ ਹੈ, ਬਾਹਰ ਪਰਛਾਵਾਂ ਹੈ । ਬਾਹਰ ਦੀ ਗੱਲ ਪਾਠਕ ਲੇਖਕ ਨਾਲੋਂ ਬਿਹਤਰ ਸਮਝ ਸਕਦਾ ਹੈ । ਅੰਦਰ ਦੀ ਗੱਲ ਵੀ ਉਸ ਦੇ ਅੰਦਰ ਹੁੰਦੀ ਹੈ, ਅਸੀਂ ਉਸ ਨੂੰ ਆਕਾਰ ਦੇਣਾ ਹੁੰਦਾ ਹੈ । ਅਸੀਂ ਬੱਚੇ ਨਹੀਂ ਜੰਮਦੇ, ਲੋਕਾਂ ਦੇ ਬੱਚਿਆਂ ਦੇ ਨਾਮ-ਕਰਣ ਕਰਦੇ ਹਾਂ । ਆਪਣੇ ਅੰਦਰਲੇ ਆਕਾਰ ਵੱਲ ਪਿੱਠ ਕਰ ਕੇ ਪਾਠਕਾਂ ਦੀ ਰੁਚੀ ਅੱਗੇ 'ਯਈਾ ਯਈਾ' ਕਰਦੇ ਹਾਂ । ਪਾਠਕ ਨੂੰ ਤੁਰਨ ਦੀ ਪ੍ਰੇਰਣਾ ਨਹੀਂ ਦਿੰਦੇ । ਸਾਡੇ ਵਿੱਚ ਬਹੁਤ ਸਾਰੇ ਲੇਖਕ ਇਸ ਸਮੱਸਿਆ ਨੂੰ ਸਮਝਦੇ ਹੋਏ ਵੀ ਬਹੁ-ਸੰਖਿਆ ਦੀ ਭੀੜ ਵਿੱਚ ਗੁਆਚ ਜਾਂਦੇ ਹਨ । ਪੂਰੇ ਅੰਗ ਸਲਾਮਤ ਹੋਣ ਦੇ ਬਾਵਜੂਦ ਵੀ ਲੰਗੜੇ ਲੋਕਾਂ ਦੀ ਹਮਦਰਦੀ ਜਿੱਤਣ ਲਈ ਢੀਚਕ ਮਾਰ ਕੇ ਤੁਰਦੇ ਹਨ-(ਖ਼ਲੀਲ ਜਿਬਰਾਨ ਦੇ ਧੰਨਵਾਦ ਸਾਹਿੱਤ) ਬਹੁਤ ਵਧੀਆ ਸ਼ਖ਼ਸੀਅਤਾਂ ਸਾਡੇ ਵਿੱਚ ਹਨ ਪਰ ਘਾਟ ਵੇਰਵੇ ਦੀ ਹੈ । ਕੋਈ ਨਵਾਂ ਲੇਖਕ ਇੱਕ ਕਹਾਣੀ ਲਿਖ ਕੇ ਕਹਾਣੀਕਾਰ ਬਣ ਜਾਂਦਾ ਹੈ ਤੇ ਪਿੱਛੋਂ ਉਸ ਕੋਲ ਕੁਝ ਨਹੀਂ ਰਹਿੰਦਾ 'ਮਿੱਟੀ ਦੀ ਔਰਤ' ਤੋਂ ਸਿਵਾ, ਜਿਸ ਦੇ ਲਾਗੇ ਬੈਠਾ ਉਹ ਲੌਂਗਾਂ ਵਾਲੀ ਚਾਹ ਦੀਆਂ ਚੁਸਕੀਆਂ ਭਰਦਾ ਸ਼ਿਕਾਇਤ ਕਰਦਾ ਹੈ ਕਿ ਔਰਤ ਵਿੱਚ 'ਰਿਸਪੌਂਸ' ਨਹੀਂ । 'ਖੋਇਆ ਹੋਇਆ ਚਿਹਰਾ' ਪਾਠਕਾਂ ਤੋਂ ਪਛਾਣ ਦੀ ਤਵੱਕੋ ਕਿਉਂ ਰੱਖੇ । ਵਧੀਆ ਜਾਂ ਮਨੋਰੰਜਕ ਸਟਾਈਲ ਤਾਂ ਅਭਿਆਸ ਦਾ ਨਤੀਜਾ ਹੁੰਦਾ ਹੈ । ਸਿਰਫ਼ ਬਰਤਨ 'ਮੁੱਲ' ਹੁੰਦਾ ਹੈ ਪਰ ਉਸ ਵਿੱਚ ਪਈ ਹੋਈ ਵਸਤ 'ਮਹੱਤਵ' । ਕਹਾਣੀ ਦੀ ਗੱਲ ਸਾਰੇ ਕਹਾਣੀਕਾਰ ਕਰਦੇ ਹਨ ਪਰ ਆਪਣੀ ਕਹਾਣੀ ਦੀ ਨਹੀਂ । ਗੱਲ ਦੀ ਪਛਾਣ ਅਤੇ ਪਰਖ ਕਰਨ ਵਾਲੀ ਦ੍ਰਿਸ਼ਟੀ ਹੈ, ਪਰ ਕੋਣ ਨਹੀਂ । ਅਸੀਂ ਸਾਈਡ 'ਤੇ ਬੈਠੇ ਹੋਏ ਵੀ ਫ਼ਰੰਟ ਤੋਂ ਮਾਡਲ ਵੇਖਣਾ ਚਾਹੁੰਦੇ ਹਾਂ । ਇਹ ਘਾਤਕ ਬਿਰਤੀ ਹੈ । ਗੰਨਾ ਚੂਪਣ ਲਈ ਦੰਦ ਚਾਹੀਦੇ ਹਨ, ਬੁੱਟ ਨਹੀਂ । ਗੰਨੇ ਨੂੰ ਗਲਾਸ 'ਚ ਪਾ ਕੇ ਪੀਣ ਵਾਲੇ ਲੋਕ ਘੁੱਟਾਂ ਦੀ ਗੱਲ ਕਰ ਸਕਦੇ ਹਨ, ਗੁੱਲੀਆਂ ਦੀ ਨਹੀਂ । ਸਾਨੂੰ ਆਪਣੀ ਕਿਸੇ ਘਾਟ ਤੋਂ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਸਗੋਂ ਉਸ ਨੂੰ ਅਜਿਹੀ ਜਗ੍ਹਾ 'ਤੇ ਟਿਕਾ ਦੇਣਾ ਚੰਗਾ ਹੈ ਜਿੱਥੋਂ ਲੋਕ ਉਸਨੂੰ ਸਹੀ ਕੋਣ ਤੋਂ ਵੇਖ ਸਕਣ । ਕਲਾ ਅਤੇ ਕਲਾਬਾਜ਼ੀ ਵਿੱਚ ਫ਼ਰਕ ਹੁੰਦਾ ਹੈ ।

ਕਹਾਣੀਕਾਰ ਦੀ ਸ਼ਖ਼ਸੀਅਤ ਨੂੰ ਕਹਾਣੀ 'ਚੋਂ ਮਨਫ਼ੀ ਕਰ ਦੇਣਾ, ਸਾਹਿੱਤ ਅਤੇ ਪਾਠਕਾਂ ਦੋਹਾਂ ਲਈ ਹਿਤਕਾਰ ਹੈ । ਏਥੇ ਕਹਾਣੀ ਤੋਂ ਮੇਰਾ ਭਾਵ ਹੁਣ ਇੱਕ ਵਿਸ਼ੇਸ਼ ਸਾਹਿੱਤ ਰੂਪ ਨਹੀਂ, ਸਮੁੱਚੇ ਸਾਹਿੱਤ ਦੀ ਕਹਾਣੀ ਹੈ । ਕਹਾਣੀਆਂ ਲਿਖੀਆਂ ਜਾ ਰਹੀਆਂ ਹਨ ਪਰ ਕੁਝ ਕਹਾਣੀਕਾਰ 'ਰੇਲੂ-ਕੱਟੇ' ਬਣ ਕੇ ਦੂਜਿਆਂ ਨੂੰ ਘੁਕਾਈ ਰੱਖਣ ਦੀ ਕਲਾ ਵਿੱਚ ਮਸਤ ਹਨ । ਇਸ ਤਰ੍ਹਾਂ ਕਹਾਣੀਕਾਰ ਤਾਂ ਮਰ ਸਕਦਾ ਹੈ, ਕਹਾਣੀ ਨਹੀਂ । ਪਾਣੀ ਉਬਲਦਾ ਹੈ, ਬਲਦਾ ਨਹੀਂ, ਗੱਲ 'ਨੇਚਰ' ਦੀ ਹੈ । ਜੇ ਸਤਹ 'ਤੇ ਤਰੇੜਾਂ ਆਈਆਂ ਹਨ ਤਾਂ ਪਾਣੀ ਨਿਤਰਨ ਦੀ ਸੰਭਾਵਨਾ ਹੈ । ਟੁੱਟੇ ਹੋਏ ਪੱਤੇ ਜੇ ਰੁੱਖਾਂ ਨਾਲ ਜੁੜਨਾ ਚਾਹੁਣ ਤਾਂ ਰੱਸੀਆਂ ਦੀ ਸ਼ਰਨ ਜਾਣ । ਨਵੇਂ ਪੱਤੇ ਪੁਰਾਣੇ ਪੱਤਿਆਂ ਦੀ ਪੈਦਾਵਾਰ ਨਹੀਂ, ਉਹਨਾਂ ਦੇ ਹਮਜਿਨਸ ਹਨ । ਉਨ੍ਹਾਂ ਨੂੰ ਕਿਸੇ ਦੀ ਮੁਥਾਜੀ ਨਹੀਂ । ਇਹ ਨੁਕਤਾ ਹੈ । ਜਿੱਥੇ ਪੁਰਾਣਾ ਕਹਾਣੀਕਾਰ ਗੁਆਚਿਆ ਸੀ, ਨਵਾਂ ਕਹਾਣੀਕਾਰ ਉਸ ਕਹਾਣੀਕਾਰ ਦੀ ਭਾਲ ਵਿੱਚ ਨਹੀਂ, ਕਹਾਣੀ ਲੱਭਣ ਉੱਥੇ ਆਇਆ ਸੀ । ਹੁਣ ਉਹ ਤੁਰ ਪਿਆ ਹੈ ।

ਇਹ ਸੱਚ ਜੋ ਮਖ਼ੌਲ ਮਖ਼ੌਲ ਵਿੱਚ ਸਾਨੂੰ ਲੱਭ ਰਿਹਾ ਹੈ-ਸਾਡੀ ਗੰਭੀਰ ਪ੍ਰਾਪਤੀ ਹੈ ਅਤੇ ਮਜ਼ਾ ਤਾਂ ਹੈ ਸਾਡੀ ਗੰਭੀਰਤਾ ਕਿਸੇ ਦੇ ਮਖ਼ੌਲ ਦਾ ਮੌਜੂ ਨਾ ਬਣੇ । ਪਾਗ਼ਲ ਅਤੇ ਫਿਲਾਸਫ਼ਰ ਵਿੱਚ ਬਰੀਕ ਜਿਹੀ ਨਿੱਕੀ ਲਕੀਰ ਹੁੰਦੀ ਹੈ- ਪਾਗ਼ਲ ਕਹਿੰਦਾ ਹੈ ਪਰ ਉਸ ਨੂੰ ਪਤਾ ਨਹੀਂ ਹੁੰਦਾ, ਫਿਲਾਸਫ਼ਰ ਨੂੰ ਪਤਾ ਹੁੰਦਾ ਹੈ ਤੇ ਉਹ ਕਹਿੰਦਾ ਹੈ । ਕਹਾਣੀ ਖ਼ੁਦ ਵਾਪਰਦੀ ਹੈ । ਕਹਾਣੀਕਾਰ ਸਿਰਫ਼ ਕਹਿੰਦਾ ਹੈ । ਤੇ ਇਸ ਵਾਪਰਨ ਅਤੇ ਕਹਿਣ ਦੇ ਵਿਚਲਾ ਫ਼ਾਸਲਾ ਪਾਠਕ ਨੂੰ ਤੈਅ ਕਰਨਾ ਪੈਂਦਾ ਹੈ । ਇਸ ਤੱਥ ਤੋਂ ਜਾਣੂ ਲੇਖਕ ਨੂੰ ਲੋੜ ਹੈ ਇਹ ਗੱਲ ਸਮਝਣ ਦੀ ਕਿ ਉਸ ਨੂੰ ਪ੍ਰਾਪਤ-ਸਮੱਗਰੀ 'ਚੋਂ ਕਿਸ ਨੂੰ 'ਰੁੱਖ' ਕਹਿਣਾ ਹੈ ਤੇ ਕਿਸ ਨੂੰ 'ਖਾਦ' । ਸਭ ਕੁਝ ਹੀ ਪ੍ਰਦਰਸ਼ਨ-ਯੋਗ ਨਹੀਂ ਹੁੰਦਾ ।

ਪੰਜਾਬੀ ਕਹਾਣੀ-ਇੱਕ ਆਸ਼ਾਵਾਦੀ ਪੱਖ

ਕਹਾਣੀ ਕਹਿਣ ਨੂੰ ਮੈਂ ਇੱਕ ਆਦਤ ਮੰਨਦਾ ਹਾਂ, ਕਲਾ ਨਹੀਂ । ਜੇ ਇਹ ਕਲਾ ਹੁੰਦੀ ਤਾਂ ਸਾਰੇ ਕਹਾਣੀਕਾਰ ਕਲਾਕਾਰ ਹੁੰਦੇ । ਇਹ ਇੱਕ ਅਜਿਹੀ ਆਦਤ ਹੈ ਜੋ ਥੋੜ੍ਹਾ ਥੋੜ੍ਹਾ ਲਗਾਤਾਰ ਉਤਸ਼ਾਹ ਮਿਲਦੇ ਰਹਿਣ ਨਾਲ ਐਬ ਬਣ ਜਾਂਦੀ ਹੈ । ਐਬ ਆਦਮੀ ਦੀ ਸਭ ਤੋਂ ਵੱਡੀ ਮਜਬੂਰੀ ਹੈ । ਇਸ ਮਜਬੂਰੀ ਨੂੰ ਕੁਰਬਾਨੀ ਬਣਾ ਕੇ ਪੇਸ਼ ਕਰਨਾ ਜਦੋਂ ਕਿਸੇ ਦੀ ਮਜਬੂਰੀ ਬਣ ਜਾਵੇ ਤਾਂ ਇੱਕ ਖ਼ਾਸ ਕਿਸਮ ਦੇ ਝੂਠ ਦੀ ਲੋੜ ਪੈਂਦੀ ਹੈ । ਇਹੋ ਲੋੜ ਕਲਾ ਨੂੰ ਜਨਮ ਦਿੰਦੀ ਹੈ । ਪਰ ਜਨਮ ਵੇਲੇ ਕਹਾਣੀ ਕਲਾ ਨਹੀਂ, ਇੱਕ ਆਮ ਜਿਹੀ ਆਦਤ ਹੁੰਦੀ ਹੈ, ਸਿਗਰਟਾਂ ਵਾਂਗ, ਕਿਤਾਬਾਂ ਵਾਂਗ, ਨਜ਼ਮਾਂ ਵਾਂਗ । ਕਹਿੰਦੇ ਨੇ ਸਭ ਤੋਂ ਪਹਿਲਾਂ ਕਹਾਣੀ ਉਹਨੇ ਪਾਈ ਜਿਨ੍ਹੇ ਸਭ ਤੋਂ ਪਹਿਲੀ ਗੱਲ ਕੀਤੀ ਤੇ ਸਭ ਤੋਂ ਪਹਿਲਾਂ ਜਿਨ੍ਹੇ ਗੱਲ ਲਿਖੀ ਉਸੇ ਨੇ ਸਭ ਤੋਂ ਪਹਿਲੀ ਕਹਾਣੀ ਲਿਖੀ । ਜ਼ਾਹਿਰ ਹੈ ਕਿ ਪਹਿਲਾਂ-ਪਹਿਲ ਗੱਲ ਤੇ ਕਹਾਣੀ 'ਚ ਕੋਈ ਵਖਰੇਵਾ ਨਹੀਂ ਸੀ । ਹੌਲੀ ਹੌਲੀ ਗੱਲ ਨਾਲੋਂ ਕਹਾਣੀ ਟੁੱਟਦੀ ਗਈ ਤੇ ਇੱਕ ਅਜਿਹਾ ਵਕਤ ਆਇਆ ਜਦੋਂ ਗੱਲ ਵਿੱਚ ਕਹਾਣੀ ਨਾ ਰਹੀ ਤੇ ਨਾ ਹੀ ਕਹਾਣੀ ਵਿੱਚ ਗੱਲ । ਤੇ ਉਹ ਇਹੋ ਵਕਤ ਹੈ ਜਦੋਂ ਗੱਲ 'ਚੋਂ ਗੱਲ ਕੱਢਣ ਵਾਲੇ ਨੂੰ ਕਹਾਣੀਕਾਰ ਆਖਦੇ ਨੇ ਤੇ ਕਹਾਣੀ 'ਚੋਂ ਗੱਲ ਲੱਭਣ ਵਾਲੇ ਨੂੰ ਮੂਰਖ! ਆਲੋਚਨਾ ਦੀ ਬੋਲੀ ਵਿੱਚ ਇਸ ਸਥਿਤੀ ਨੂੰ ਇਉਂ ਕਹਾਂਗੇ: 'ਗੱਲ ਵਿੱਚ ਕਹਾਣੀ ਅਜੇ ਕਾਇਮ ਹੈ ਪਰ ਕਹਾਣੀ 'ਚੋਂ ਗੱਲ ਖ਼ਤਮ ਹੁੰਦੀ ਜਾ ਰਹੀ ਹੈ ।'

ਇੱਕ ਗੱਲ ਰੁਕਦੀ ਹੈ, ਦੂਜੀ ਤੁਰਦੀ ਹੈ । ਇਸੇ ਆਸ 'ਤੇ ਦੁਨੀਆ ਖੜੀ ਹੈ । ਦੁਨੀਆ ਵਿੱਚ ਪੰਜਾਬੀ ਕਹਾਣੀ ਦੇ ਪਾਠਕ ਵੀ ਬੈਠੇ ਹਨ ਜੋ ਅਜੇ ਤੱਕ ਨਿਰਾਸ ਨਹੀਂ ਹੋਏ । ਇਹੋ ਪੰਜਾਬੀ ਕਹਾਣੀ ਦਾ ਆਸ਼ਾਵਾਦੀ ਪੱਖ ਹੈ । ਆਉ ਇਸ ਪੱਖ ਵੱਲ ਜ਼ਰਾ ਨਿਰਪੱਖ ਹੋ ਕੇ ਵੇਖੀਏ!

ਪੰਜਾਬ ਦੀ ਧਰਤੀ ਨੇ ਜਿੱਥੇ ਸ੍ਰ. ਕਿਰਪਾਲ ਸਿੰਘ ਨਾਰੰਗ ਤੇ ਸ: ਬਿਸ਼ਨ ਸਿੰਘ ਸਮੁੰਦਰੀ ਵਰਗੇ ਵਾਈਸ ਚਾਂਸਲਰ, ਗੁਰਦਿਆਲ ਸਿੰਘ ਫੁੱਲ ਤੇ ਪਾਂਧੀ ਨਨਕਾਣਵੀ ਵਰਗੇ ਨਾਟਕਕਾਰ, ... ਰੀਟਾ ਦੀਨ ਤੇ ਚਮਨ ਲਾਲ ਸ਼ੁਗਲ ਵਰਗੇ ਕਵੀ, ... ਫੂਲ ਚੰਦ ਮਾਨਵ ਅਤੇ ਫੂਲ ਚੰਦ ਮਾਨਵ ਵਰਗੇ ਅਨੁਵਾਦਕ ਪੈਦਾ ਕੀਤੇ ਹਨ ਓਥੇ ਸਰਵਸ਼੍ਰੀ ਗੁਰਬਖਸ਼ ਬਾਹਲਵੀ, ਰਾਮ ਸਰੂਪ ਅਣਖੀ, ਬਲਬੀਰ ਮੋਮੀ, ਅਜੀਤ ਸੈਣੀ, ਰਜਿੰਦਰ ਕੌਰ, ਬਲਬੀਰ ਸੈਣੀ, ਸੁਲੱਖਣ ਮੀਤ, ਸੁਰਿੰਦਰ ਪ੍ਰੀਤ, ਹਰਪਾਲਜੀਤ ਪਾਲੀ, ਪਿਆਰਾ ਸਿੰਘ ਭੋਗਲ ਅਤੇ ਜੁਗਿੰਦਰ ਅਮਰ ਵਰਗੇ ਕਹਾਣੀਕਾਰਾਂ ਨੂੰ ਵੀ ਜਨਮ ਦਿੱਤਾ ਹੈ । ਕਹਾਣੀਕਾਰਾਂ ਦੀ ਮੁਹਾਰਨੀ ਏਨੀ ਲੰਬੀ ਹੈ ਕਿ ਜ਼ੁਬਾਨੀ ਯਾਦ ਰੱਖਣੀ ਮੁਮਕਿਨ ਹੀ ਨਹੀਂ,... ਪੰਜਾਬੀ ਪਰਚੇ ਸਾਡੇ ਗਵਾਹ ਹਨ । ਇਹ ਲੇਖਕ ਤੇ ਇਹ ਪਰਚੇ ਕਦੇ ਇੱਕ ਦੂਜੇ ਤੋਂ ਨਿਰਾਸ ਨਹੀਂ ਹੋ ਸਕਦੇ । ਬੇਦੀ, ਖੁਸ਼ਵੰਤ ਸਿੰਘ, ਮੁਲਕ ਰਾਜ ਆਨੰਦ ਪੰਜਾਬੀ ਛੱਡ ਗਏ,... ਸੇਖੋਂ, ਸੁਜਾਨ ਸਿੰਘ ਤੇ ਵਿਰਕ ਲਿਖਣਾ ਛੱਡ ਗਏ,... ਨੌਰੰਗ ਸਿੰਘ ਤੇ ਸੁਰਜੀਤ ਵਿਰਦੀ ਦੁਨੀਆ ਛੱਡ ਗਏ । ਪੰਜਾਬੀ ਕਹਾਣੀ ਦੀ ਆਸ ਤਾਂ ਪਹਿਲੀ ਕਤਾਰ ਵਿੱਚ ਗਿਣੇ ਗਏ ਲੇਖਕ ਹੀ ਹਨ ਤੇ ਜਾਂ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਅਤੇ ਕਰਤਾਰ ਸਿੰਘ ਦੁੱਗਲ ਹੁਰਾਂ ਦੀਆਂ ਅਣ-ਨਿਰੋਧਤ ਕਲਮਾਂ ਕੁਝ ਆਸ ਬੰਨ੍ਹਾਂਦੀਆਂ ਹਨ । ਪੰਜਾਬੀ ਦੀ ਇਹ ਵੀ ਖ਼ੁਸ਼-ਕਿਸਮਤੀ ਸਮਝੋ ਕਿ ਉਸਨੂੰ ਈਸ਼ਰ ਸਿੰਘ ਅਟਾਰੀ, ਬਲਜੀਤ ਸਿੰਘ ਬਲੀ, ਲੇਖ ਰਾਜ ਪ੍ਰਵਾਨਾ ਅਤੇ ਪ੍ਰੀਤਮ ਸੈਣੀ ਵਰਗੇ 'ਨੌਜਵਾਨ' ਆਲੋਚਕਾਂ ਦੀਆਂ ਅਮੁੱਕ ਸੇਵਾਵਾਂ ਪ੍ਰਾਪਤ ਹਨ ।

ਇੱਕ ਸਮਾਂ ਸੀ ਜਦੋਂ ਇੱਟ ਚੁੱਕਿਆਂ ਕਵੀ ਲੱਭਦਾ ਸੀ ਪਰ ਹੁਣ ਕਵਿਤਾ ਨੂੰ 'ਬੀਤ ਗਏ ਦੀ ਵਸਤ' ਕਹਿ ਕੇ ਤਿਲਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ-ਪ੍ਰਧਾਨ ਹੈ ਕਹਾਣੀ, ਕਹਾਣੀ ਤੇ ਸਿਰਫ਼ ਕਹਾਣੀ । ਮੌਜੂਦਾ ਅਦਬੀ ਜੁਗਰਾਫ਼ੀਆ ਹੀ ਵੇਖ ਲਿਆ ਜਾਵੇ ਤਾਂ ਘੱਟੋ ਘੱਟ ਪੰਜਾਹ ਸੰਪਾਦਿਤ- ਕਹਾਣੀ-ਸੰਗ੍ਰਹਿ ਹੱਥ ਲੱਗਣਗੇ; ਜਿੰਨ੍ਹਾਂ ਵਿੱਚ ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਨਵਤੇਜ ਸਿੰਘ ਆਦਿ ਦੀਆਂ ਘਾਲਣਾਂ ਵੀ ਸ਼ਾਮਿਲ ਹਨ । ਤਕਰੀਬਨ ਹਰ ਪਰਚੇ ਦਾ ਕਹਾਣੀ ਨੰਬਰ ਨਿਕਲਿਆ ਹੈ । ਆਪੇ ਗੁਰ ਚੇਲਾ ਵਾਂਗ ਕਹਾਣੀਕਾਰ ਆਪਣੇ ਪਾਠਕ ਵੀ ਆਪ ਹੀ ਹਨ । ਕੁਝ ਪੰਜਾਬੀ ਕਹਾਣੀਆਂ ਅਨੁਵਾਦ ਹੋ ਕੇ ਛਪੀਆਂ ਅਤੇ ਇਹ ਅਨੁਵਾਦ ਕਿਤਾਬੀ ਰੂਪ ਵਿੱਚ ਵੀ ਵਿਜੈ ਚੌਹਾਨ ਵਗੈਰਾ ਨੇ ਛਪਵਾਏ । ਕੌਣ ਮੁੱਕਰ ਸਕਦਾ ਹੈ ਕਿ ਕਹਾਣੀ ਦੀ ਗੱਲ ਨਹੀਂ ਤੁਰੀ? ਕਹਾਣੀ ਆਪ ਤੁਰੀ ਹੈ ਕਿ ਨਹੀਂ- ਇਸ ਬਾਰੇ ਕੁਝ ਕਹਿਣਾ ਹਾਲ ਦੀ ਘੜੀ ਨਹੀਂ ਬਣਦਾ । ਸ਼ੁਭ ਮੌਕੇ ਤੇ ਮਾਤਮੀ ਧੁਨ ਕੌਣ ਵਜਾਏ । ਜੇ ਸੱਚੀਂ ਪੁੱਛੋ ਤਾਂ ਇਹ ਦਿਆਨਤਦਾਰੀ ਦਾ ਜ਼ਮਾਨਾ ਨਹੀਂ । ਕਹਾਣੀਕਾਰ ਵਿਚਾਰਾ ਆਪਣਾ ਖ਼ੂਨ ਪਸੀਨਾ ਇੱਕ ਕਰਦਾ ਹੈ । ਕਿਸੇ ਵਿਦੇਸ਼ੀ ਲੇਖਕ ਨੂੰ ਨਹੀਂ ਪੜ੍ਹਦਾ ਤਾਂ ਕਿ ਉਸਦੀ ਕਲਮ ਬਦੇਸ਼ੀ ਅਸਰ ਨਾ ਕਬੂਲ ਲਵੇ । ਕਿਸੇ ਦੂਜੇ ਦੀ ਕਹਾਣੀ ਨਹੀਂ ਪੜ੍ਹਦਾ । ਸਿਰਫ਼ ਲਿਖਦਾ ਹੈ । ਸੰਪਾਦਕ, ਵਿਦੇਸ਼ ਸੰਪਾਦਕ, ਸਹਿਯੋਗੀ ਸੰਪਾਦਕ ਜਾਂ 'ਇਸ ਅੰਕ ਦੇ ਸੰਪਾਦਕ' ਦੀ ਪੂਰੀ ਸ਼ਰਧਾ ਨਾਲ ਆਰਤੀ ਉਤਾਰਦਾ ਹੈ । ਭਾਸ਼ਾ ਵੱਲ ਉੱਕਾ ਧਿਆਨ ਨਹੀਂ ਦੇਂਦਾ, ਸਿਰਫ਼ 'ਹੰਢਾਇਆ ਹੋਇਆ ਅਨੁਭਵ' ਲੋਕਾਂ ਦੀ ਭੇਂਟ ਚੜ੍ਹਾਉਂਦਾ ਹੈ । ਏਨਾ ਦਿਆਨਤਦਾਰ ਹੈ ਕਿ ਆਪਣੇ ਲਿਖੇ ਹੋਏ ਅੱਖਰ ਵੀ ਦੁਬਾਰਾ ਨਹੀਂ ਪੜ੍ਹਦਾ । ਲੋਕ ਉਹਦੇ 'ਤੇ ਵੀ ਸ਼ੱਕ ਕਰਨ ਲੱਗ ਪੈਂਦੇ ਹਨ । ਉਹਦਾ ਨਾਂ ਲਿਖਣਾ ਤਾਂ ਇੱਕ ਪਾਸੇ ਰਿਹਾ, ਲੈਂਦੇ ਵੀ ਨਹੀਂ । ਏਨੀ ਬੇ-ਮੁਖਤਾ! ਏਨੀ ਬੇਇਨਸਾਫ਼ੀ!!

ਅੰਮ੍ਰਿਤਾ ਪ੍ਰੀਤਮ 'ਨਾਗਮਣੀ' ਲਈ ਲਿਖਦੀ ਹੈ, ਬਲਵੰਤ ਗਾਰਗੀ 'ਆਰਸੀ' ਲਈ । ਜਸਵੰਤ ਸਿੰਘ ਵਿਰਦੀ ਲਈ ਸਾਰੇ ਦੁਆਰੇ ਖੁੱਲ੍ਹੇ ਹਨ: 'ਤੇਰਾ ਟੀ. ਟੀ. ਨਾਲ ਯਰਾਨਾ, ਚੜ੍ਹ ਜਾ ਬਿਨ ਟਿਕਟੋਂ'-ਜਾਂ ਇਉਂ ਕਹਿ ਲਵੋ: 'ਉਹਨਾਂ ਨਾਲ ਸ਼ਰੀਕਾ ਕਾਹਦਾ, ਸਾਹਿਬ ਜਿਨ੍ਹਾਂ ਦੀਆਂ ਮੰਨੇ ।'-ਗੁਲਜ਼ਾਰ ਸੰਧੂ ਦੇ ਹੱਥ ਸੋਨੇ ਦੀ ਇੱਟ ਲੱਗ ਚੁੱਕੀ ਹੈ, ਨਵਤੇਜ ਪੁਆਧੀ 'ਮੋੜ' ਨਹੀਂ ਮੁੜ ਸਕਿਆ, ਧੀਰ ਨੂੰ 'ਸ਼ਰਾਬ ਦੇ ਗਿਲਾਸ' ਨੇ ਡੋਬ ਲਿਆ-ਪੰਜਾਬੀ ਕਹਾਣੀ ਕਿਸਦੇ ਸਹਾਰੇ ਖਲੋਤੀ ਹੈ? ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਕਹਾਣੀ ਨੂੰ ਲਮਕਾ ਕੇ ਨਾਵਲ ਬਣਾ ਲੈਂਦੇ ਹਨ । ਸੰਭਵ ਹੈ ਕਿ ਮੇਰੇ ਇਸ ਤਰ੍ਹਾਂ ਨਾਂ ਗਿਣੀ ਜਾਣ ਨੂੰ ਕੁਝ ਵਿਦਵਾਨ ਲੋਕ ਫ਼ਜ਼ੂਲ ਸਮਝਣ,-ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਆਪਣੀ ਸਿਫ਼ਤ ਤੋਂ ਸਿਵਾ ਸਭ ਕੁਝ ਫ਼ਜ਼ੂਲ ਹੈ । ਪਰ ਏਨੇ ਕੁ ਨਾਂ ਤਾਂ ਕੋਈ ਬਹੁਤੇ ਨਹੀਂ । ਸਬਰ ਦੀ ਲੋੜ ਹੈ!!

ਹੁਣ ਮੈਂ ਇੱਕ ਨਿੱਜੀ ਗੱਲ ਕਰਨ ਲੱਗਾ ਹਾਂ । ਨਾ ਕੋਈ ਵਿਰਸਾ ਲੈ ਕੇ ਜੰਮਿਆਂ ਸਾਂ ਤੇ ਨਾ ਕੋਈ ਵਿਰਾਸਤ ਦੇ ਕੇ ਮਰਨਾ ਹੈ । ਵਿਰਸੇ ਵਿੱਚ ਮੈਨੂੰ 'ਪੁੱਤ ਸਪੁੱਤ ਕਰੇਨਿ' ਵਾਲੀਆਂ ਕਹਾਣੀਆਂ ਮਿਲਣ ਦੀ ਗੱਲ ਕਹੀ ਜਾ ਸਕਦੀ ਹੈ, ਵਿਰਾਸਤ ਵਿੱਚ ਅਧੂਰੀ ਜਹੀ ਗੱਲ ਛੱਡ ਜਾਵਾਂਗਾ । ਉਹ ਲੋਕ ਜੋ ਪਲਾਟ ਸੁੰਘਦੇ ਫਿਰਦੇ ਹਨ, ਫਿਲਾਸਫ਼ੀਆਂ ਚੱਟਦੇ ਫਿਰਦੇ ਹਨ, ਬੋਲੀ ਮਾਂਜਦੇ ਫਿਰਦੇ ਹਨ-ਮੈਂ ਉਹਨਾਂ ਨੂੰ ਸਲਾਹ ਦਿਆਂਗਾ ਕਿ ਇੰਜ ਕਰਨ ਨਾਲ ਕਹਾਣੀ ਨੇ ਕਲਾ ਨਹੀਂ ਬਣ ਜਾਣਾ ਤੇ ਤੁਸੀਂ ਕਲਾਕਾਰ ਬਣਨ ਦੀ ਤਾਂਘ ਛਾਤੀ ਵਿੱਚ ਲੈ ਕੇ ਹੀ ਛੱਤੇ ਜਾਉਗੇ । ਵਿਰਦੀ ਵਾਂਗ ਪੁਲਾਂ ਬਾਰੇ ਲਿਖੋ, ਮੋਹਨ ਸਿੰਘ ਵਾਂਗ ਕੋਈ ਮਹਾਂ-ਕਾਵਿ ਰਚੋ, ਪ੍ਰੀਤਮ ਸਿੰਘ ਵਾਂਗ ਅਭਿਨੰਦਨ ਗ੍ਰੰਥ ਛਾਪ ਲਵੋ ਪਰ ਕਹਾਣੀ ਨਾ ਲਿਖੋ । ਪਰ ਫਿਰ ਵੀ ਜੇ ਇਹ ਆਦਤ ਤੁਹਾਡਾ ਐਬ ਬਣ ਚੁੱਕੀ ਹੈ ਤਾਂ ਸਤਿਆਰਥੀ ਵਾਂਗ ਸ਼ਬਦ-ਸ਼ਿਲਪੀ ਨੂੰ ਪ੍ਰਣਾਮ ਕਰੀ ਜਾਓ, ਦੁੱਗਲ ਵਾਂਗ ਭਾਖੜੇ ਦੇ ਰਾਹ ਵਿੱਚ ਇੱਕ ਹੋਰ ਭਾਖੜਾ ਖੜਾ ਕਰ ਦਿਉ, ਸੁਖਬੀਰ ਵਾਂਗ ਅਨੁਵਾਦ ਕਰਨ ਵਿੱਚ ਜੁਟ ਜਾਓ ਜਾਂ ਆਪਣੀ ਹੋਣੀ ਨੂੰ ਖਿੜੇ ਮੱਥੇ ਸਵੀਕਾਰੋ! ਇੱਕ ਗੱਲ ਮੈਂ ਬੋਰੀਅਤ ਦੀ ਹੱਦ ਤੱਕ ਦੁਹਰਾਵਾਂਗਾ ਕਿ ਪੰਜਾਬੀ ਕਹਾਣੀ ਤੋਂ ਨਿਰਾਸ਼ ਨਾ ਹੋਵੋ! ਨਿਰਾਸ਼ ਉਹ ਹੁੰਦਾ ਹੈ ਜੋ ਕੋਈ ਆਸ ਪਾਲੇ । ਓਸੇ ਦੀ ਉਮੀਦ 'ਤੇ ਪਾਣੀ ਫਿਰਦਾ ਹੈ, ਜਿਸਦੇ ਵਿਹੜੇ ਦੇ ਵਿੱਚ ਵਗਦੀ ਗੰਗਾ ਹੈ-ਜਦ ਮੈਂ ਕੋਈ ਆਸ ਹੀ ਨਹੀਂ ਰੱਖਾਂਗਾ ਤਾਂ ਨਿਰਾਸ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਅਜਿਹੇ ਸਵਾਲ ਦੀ ਥਾਂ 'ਤੇ ਕੋਈ ਕਹਾਣੀ ਪੈਦਾ ਹੋ ਸਕਦੀ ਹੈ । ਕਹਾਣੀ ਨੂੰ ਮੈਂ ਕਲਾ ਨਹੀਂ ਮੰਨਦਾ, ਕਲਾਕਾਰਾਂ ਨੂੰ ਪ੍ਰਣਾਮ ਜ਼ਰੂਰ ਕਰਦਾ ਹਾਂ । ਮੈਨੂੰ ਤਾਂ ਸਿਗਰਟਾਂ ਚਾਹੀਦੀਆਂ ਹਨ, ਕਿਤਾਬਾਂ ਚਾਹੀਦੀਆਂ ਹਨ, ਕੋਸ਼ਿਸ਼ ਕਰਾਂਗਾ ਕਿ ਇਹਨਾਂ ਆਦਤਾਂ ਨੂੰ ਐਬ ਨਾ ਬਣਨ ਦਿਆਂ ।

ਜੇ ਕਿਸੇ ਦੇ ਸਿਰਹਾਣੇ 'ਤੇ ਤੇਲ ਦਾ ਨਿਸ਼ਾਨ ਹੈ ਤਾਂ ਉਹ ਉਹਦਾ ਰੇਖਾ-ਚਿੱਤਰ ਨਹੀਂ । ਤੌਲੀਆ ਧੋਤਾ ਜਾ ਸਕਦਾ ਹੈ, ਡਾਇਰੀ ਪਾੜੀ ਜਾ ਸਕਦੀ ਹੈ ਪਰ ਛਪੇ ਹੋਏ ਕਾਗ਼ਜ਼ ਆਉਣ ਵਾਲੇ ਬੁੱਧੀ-ਜੀਵੀਆਂ ਦੀ ਜਾਇਦਾਦ ਹਨ । ਇਹਨਾਂ ਦੇ ਆਧਾਰ 'ਤੇ 'ਸ਼ੋਧ-ਪ੍ਰਬੰਧ' ਲਿਖੇ ਜਾਣਗੇ, ਸਾਡੀਆਂ ਕਬਰਾਂ ਦੀ ਮਿਣਤੀ ਕੀਤੀ ਜਾਏਗੀ । ਅੰਤਿਮ ਇਸ਼ਨਾਨ ਵੇਲੇ ਸਾਡੇ ਸਰੀਰ 'ਤੇ ਕੋਈ ਕੱਪੜਾ ਨਹੀਂ ਹੋਵੇਗਾ । ਹੋਸ਼ਿਆਰ! ਖ਼ਬਰਦਾਰ!!

ਐਬਸਰਡ ਕਹਾਣੀ ਦੀ ਭੂਮਿਕਾ

ਕਹਿੰਦੇ ਹਨ ਵਿਅਕਤਿੱਤਵ ਦੇ ਵਿਕਾਸ ਵਿੱਚ ਅਜਿਹਾ ਪੜਾਅ ਆਉਂਦਾ ਹੈ ਜਿੱਥੇ ਖੜੋ ਕੇ ਵਿਅਕਤੀ ਬ੍ਰਹਿਮੰਡ ਨੂੰ ਸੰਬੋਧਨ ਹੁੰਦਾ ਹੋਇਆ ਕੂਕ ਸਕਦਾ ਹੈ: ਬਕਵਾਸ! ਇੱਥੇ ਬਕਵਾਸ ਦਾ ਅਰਥ ਹੈ: ਆਪਣੇ ਤੋਂ ਹੀਣੀ ਹਰ ਸ਼ੈਅ ਬੇਅਰਥ ਹੈ, ਪਰ ਅਰਥਹੀਣ ਨਹੀਂ । ਤੇ ਵਿਅਰਥਤਾ ਤੇ ਅਰਥਹੀਣਤਾ ਦਾ ਮਿਲਣ-ਬਿੰਦੂ ਇੱਕ ਨਵੇਂ ਦਰਸ਼ਨ ਨੂੰ ਜਨਮ ਦਿੰਦਾ ਹੈ । ਦੁਨੀਆ ਦਾ ਕੋਈ ਵੀ ਅਜਿਹਾ ਦਰਸ਼ਨ ਨਹੀਂ ਜੋ ਜਨਮ ਤੋਂ ਪਹਿਲਾਂ ਐਬਸਰਡ ਨਾ ਹੋਵੇ ।

ਹਰ ਦਰਸ਼ਨ ਵਿਅਕਤੀ ਤੋਂ ਬਾਅਦ ਜੰਮਦਾ ਹੈ ਅਤੇ ਵਿਅਕਤੀ ਤ੍ਰੈ-ਕਾਲ ਅਤੀਤ ਨਹੀਂ ਹੁੰਦਾ । ਵਰਤਮਾਨ ਵਿਅਕਤੀ ਨੇ ਭੂਤ ਤੇ ਭਵਿੱਖ ਦੀਆਂ ਸੰਗਲੀਆਂ ਨੂੰ ਆਪਣੇ ਗਿੱਟਿਆਂ ਨਾਲ ਬੱਧਾ ਹੁੰਦਾ ਹੈ । ਇੱਕ ਤੋਂ ਬਾਅਦ ਦੂਜੀ ਸੰਗਲੀ ਭੌਂਕਦੀ ਹੈ ਜਾਂ ਚੌਂਕਦੀ ਹੈ ਤੇ ਵਿਅਕਤੀ ਦੀ ਨੀਂਦ ਹਰਾਮ ਹੋ ਜਾਂਦੀ ਹੈ ।

ਦਰਸ਼ਨ ਦਾ ਜਨਮ-ਦਾਤਾ ਵਿਅਕਤੀ ਹੈ ਅਤੇ ਕਲਾ ਦਾ ਜਨਮ ਦਾਤਾ, ਦਰਸ਼ਨ । ਅਰਥਾਤ ਕਲਾ ਵਿਅਕਤੀ ਦੀ ਪੋਤਰੀ ਹੈ (ਜਾਂ ਦੋਹਤਰੀ ਹੈ) । ਪਰ ਇਹ ਸੰਬੰਧ ਖ਼ੂਨ ਦਾ ਨਹੀਂ ਮਜ਼ਮੂਨ ਦਾ ਹੈ ਤੇ ਸਾਡਾ ਮਜ਼ਮੂਨ ਹੈ:

ਐਬਸਰਡ ਕਹਾਣੀ ਦੀ ਭੂਮਿਕਾ ।

ਕਲਾ-ਰੂਪ ਕਹਾਣੀ ਦਾ ਮੁੱਖ-ਤੱਤ ਕਹਾਣੀ, ਕਥਾ ਜਾਂ ਸਾਖੀ ਹੈ । ਇਹ ਗੱਲ ਮੈਂ ਇਸ ਲਈ ਆਖੀ ਹੈ ਕਿ ਜੀਵਨ ਨੂੰ ਅਭਿਵਿਅਕਤੀ ਦੇਣ ਲਈ ਕਹਾਣੀ ਸਭ ਤੋਂ ਵੱਧ ਲੋਹੇ-ਲਾਖੀ ਹੈ । ਮਨੁੱਖ ਸੂਲੀ ਵਾਂਗ ਦਿਨੋ ਦਿਨ ਬੌਣਾ ਹੁੰਦਾ ਜਾ ਰਿਹਾ ਹੈ । ਸਾਹਿੱਤਕ ਪਰਿਭਾਸ਼ਾਵਲੀ ਅਨੁਸਾਰ 'ਬੌਣਾ' ਦਾ ਅਰਥ ਹੈ: ਭਾਵਾਂ, ਸ਼ਬਦਾਂ ਅਤੇ ਵਾਕਾਂ ਵਿੱਚ ਸੰਖੇਪਤਾ ਪਰ ਅਰਥਾਂ ਵਿੱਚ ਅਸੀਮਤਾ । ਆਪਣੀ ਗੱਲ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿਣ ਦੀ ਉਤਾਵਲ ਨੇ ਐਬਸਰਡਿਟੀ ਨੂੰ ਜਨਮ ਦਿੱਤਾ ਹੈ । ਪ੍ਰਕ੍ਰਿਤੀ ਦੀ ਕਿਸੇ ਵੱਧ ਸਪੱਸ਼ਟ ਅਤੇ ਸਾਕਾਰ ਵਸਤ ਨੂੰ ਵੀ ਜੇ ਅਸੀਂ ਆਪਣੀ ਸੋਚ-ਦ੍ਰਿਸ਼ਟੀ ਦੀ ਵੱਧ ਤੋਂ ਵੱਧ ਡੂੰਘਾਣ ਤੱਕ ਨਿਰਖੀਏ ਤਾਂ ਜੋ ਹਾਸਲ ਬਚਦਾ ਹੈ ਉਹ ਨਿੱਕਾ ਜਿਹਾ ਕਾਲਾ ਸਿਆਹ ਬਿੰਦੂ ਹੈ, ਜੋ ਮਹਿਬੂਬ ਦੀ ਗੱਲ੍ਹ ਦਾ ਸਿਆਮ-ਬਿੰਦੂ ਵੀ ਹੋ ਸਕਦਾ ਹੈ, ਚੰਨ ਦਾ ਪਰਨਾ-ਦਾਗ ਵੀ ਅਤੇ ਐਬਸਰਡ ਕਹਾਣੀ ਵੀ ।

ਗੱਲ ਬਿੰਦੂ ਤੋਂ ਸ਼ੁਰੂ ਹੋ ਕੇ ਬਿੰਦੂ 'ਤੇ ਮੁੱਕਦੀ ਹੈ ।

ਵਿਦਵਾਨ ਮੱਛਲੀ ਨੂੰ ਅਜ਼ਲਾਂ ਤੋਂ ਪਤਾ ਹੈ ਕਿ ਉਸ ਨੂੰ ਅੰਤ ਪੱਥਰਾਂ ਨੂੰ ਚੱਟ ਕੇ ਮੁੜਨਾ ਪੈਣਾ ਹੈ ਪਰ ਉਹ ਆਪਣਾ ਪੈਂਡਾ ਗੰਦਾ ਨਹੀਂ ਕਰਦੀ (ਸਿਰਫ਼ ਪਾਣੀ ਗੰਦਾ ਕਰਦੀ ਹੈ) । ਜਿਹੜੀ ਪੀੜ੍ਹੀ ਪਾਣੀ ਵਰਗੀ ਕਿਸੇ ਸ਼ੈਅ 'ਤੇ ਤੁਰਨਾ ਚਾਹੇ ਉਸ ਉੱਤੇ ਭਾਸ਼ਾ ਵਿਗਿਆਨ, ਵਿਆਕਰਣ ਜਾਂ ਸਨਾਤਨੀ ਕਲਾ ਦੇ ਸਿਧਾਂਤ ਲਾਗੂ ਨਹੀਂ ਹੁੰਦੇ । ਉਹਨਾਂ ਦੇ ਬੋਲ ਨੂੰ ਕੋਈ ਵੀ ਸ਼ੀਰਸ਼ਕ ਆਪਣੀ ਲਪੇਟ ਵਿੱਚ ਨਹੀਂ ਲੈ ਸਕਦਾ । ਉਹ ਨਾ ਤਾਂ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਪਰੇਡ ਕਰ ਰਹੇ ਹਨ ਅਤੇ ਨਾ ਹੀ ਜੰਗਲ ਵਿੱਚ ਲਾਲਟੈਣਾਂ ਜਗਾਉਣਾ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਅਤੇ ਉਹਨਾਂ ਦੀਆਂ ਲਿਖਤਾਂ ਨੂੰ ਜੇ ਕੋਈ ਨਾਂ ਦੇਣ ਦੀ ਮਜ਼ਬੂਰੀ ਹੀ ਹੋਵੇ ਤਾਂ ਜ਼ਿੰਦਗੀ ਦਾ ਕੋਲਾਜ ਕਿਹਾ ਜਾ ਸਕਦਾ ਹੈ । ਜੇ ਮਾਧਿਅਮ ਰੰਗ ਹੋਣ ਤਾਂ ਐਬਸਰਡ ਪੇਂਟਿੰਗ ਆਖ ਲਵੋ ਤੇ ਜੇ ਮਾਧਿਅਮ ਸ਼ਬਦ ਹੋਣ ਤਾਂ ਐਬਸਰਡ ਕਹਾਣੀ ।

ਸਾਡੇ ਪੂਰਵ-ਕਾਲੀਆਂ ਅਤੇ ਸਮਕਾਲੀਆਂ ਦੀ ਇੱਕ ਵੱਡੀ ਸੰਖਿਆ ਦੀਆਂ ਗਿਆਨ ਇੰਦਰੀਆਂ ਸਿੱਕੇ-ਬੰਦ ਸੰਗੀਤ ਸੁਣਨ ਦੀਆਂ ਆਦੀ ਹੋ ਚੁੱਕੀਆਂ ਹਨ । ਅਤੇ ਬਹੁਤ ਸਾਰੇ ਕਲਾ- ਆਲੋਚਕਾਂ ਦਾ ਕੰਮ ਸਾਹਿੱਤ ਨੂੰ ਸੀਮਿਤ ਅਰਥਾਂ ਦੀ ਕੈਦ ਵਿੱਚ ਰੱਖ ਕੇ, ਸਾਹ-ਸਤ-ਹੀਨ ਬਣਾ ਕੇ ਆਪਣੀ ਰਬੜ-ਮੁਹਰ ਲਗਾ ਦੇਣਾ ਹੈ । ਉਹ ਚਾਹੁੰਦੇ ਹਨ ਕਿ ਸਾਹਿੱਤ ਦੇ ਵਿਦਿਆਰਥੀਆਂ ਦੀਆਂ ਆਉਣ ਵਾਲੀਆਂ ਨਸਲਾਂ ਸਮੇਂ ਦੇ ਖੰਡਰਾਂ ਵਿੱਚੋਂ ਉਹਨਾਂ ਦੀ ਮੂਰਖਤਾ ਤੇ ਅਨਪੜ੍ਹਤਾ ਦੇ ਨਿਸ਼ਾਨ ਹੀ ਲੱਭਦੀਆਂ ਰਹਿਣ ਪਰ ਇਸ ਪੀੜ੍ਹੀ ਨੂੰ ਇਹ ਕਦਾਚਿਤ ਪਰਵਾਨ ਨਹੀਂ । ਇਹਨਾਂ ਨੇ ਤਾਂ ਆਪਣੇ ਗਿੱਟਿਆ ਨਾਲ ਦੋ ਦੋ ਸੰਗਲੀਆਂ ਹੋਰ ਬੰਨਣੀਆਂ ਹਨ ਤੇ ਚੌਂਕਣ ਜਾਂ ਭੌਂਕਣ ਦੀ ਪਰਵਾਹ ਅਸਲੋਂ ਨਹੀਂ ਕਰਨੀ ।

ਲੋਕਲ ਬਸ-ਸਟਾਪ 'ਤੇ ਰੁਕੀ ਹੋਈ ਭੀੜ ਦੇ ਹਿਰਦੇ ਪੜ੍ਹੋ: ਐਬਸਰਡ ਕਹਾਣੀ ਦੀ ਭੂਮਿਕਾ ਲੱਭ ਪਵੇਗੀ । ਹਵਾਈ ਗੁਬਾਰੇ ਵਿੱਚ ਸਵਾਰ ਮਸ਼ੀਨੀ ਆਦਮੀ ਦੀ ਇੰਟਰਵਿਊ ਲਵੋ: ਐਬਸਰਡ ਕਹਾਣੀ ਦੀ ਭੂਮਿਕਾ ਲੱਭ ਪਵੇਗੀ । ਅਤੇ ਜੇਕਰ ਏਨਾ ਦੁੱਸਾਹਸ ਤੁਹਾਡੇ ਵਿੱਚ ਨਹੀਂ ਤਾਂ ਆਪਣੀ ਭਾਸ਼ਾ ਦੇ ਇਨਾਮ-ਯਾਫ਼ਤਾ ਲੇਖਕਾਂ ਦੇ ਨਾਂ ਉਚਾਰ ਲਵੋ : ਮਕਸਦ ਹੱਲ ਹੋ ਜਾਵੇਗਾ ।

ਪਰ ਸਾਡਾ ਮਕਸਦ ਹਾਲੇ ਹੱਲ ਨਹੀਂ ਹੋਇਆ । ਕਿਉਂਕਿ ਅਸੀਂ ਆਪਣੀ ਮੰਜ਼ਿਲ ਨੂੰ ਨਾਂ ਦੇਣੋ ਡਰਦੇ ਹਾਂ । ਇਸ ਡਰ ਦਾ ਕਾਰਨ ਗੁਰਬਖ਼ਸ਼ ਸਿੰਘ ਜਾਂ ਨਾਨਕ ਸਿੰਘ ਦੀ ਜੀਵਨ ਕਹਾਣੀ ਨਹੀਂ; ਸਗੋਂ ਸਾਡੀ ਹੋਣੀ ਹੈ । ਅਸੀਂ ਜੀਣਾ ਹੈ-ਇੱਕ ਅਨਾਮ ਜੀਵਨ । ਕਿਉਂਕਿ ਨਾਂ ਅਤੇ ਨਾਵੇਂ ਦੇ ਚੱਕਰ ਵਿੱਚ ਪੈ ਕੇ ਬਹੁਤ ਸਾਰੇ ਬਲਬ ਫਿਊਜ਼ ਹੋ ਚੁੱਕੇ ਹਨ । ਅਸੀਂ ਬਸਤੀ ਵਿੱਚ ਵਸਦੇ ਹੋਏ ਬਸਤੀ ਦੇ ਅੰਦਰ ਵੀ ਹਾਂ ਅਤੇ ਬਾਹਰ ਵੀ । ਕੋਈ ਵੀ ਸਾਹਿੱਤ ਦਾ ਨਾਮ-ਨਿਹਾਦ ਸਰਪ੍ਰਸਤ, ਅਕਾਦਮੀ, ਜਾਂ ਟ੍ਰਸਟ,ਰਚੇ ਜਾ ਰਹੇ ਸਾਹਿੱਤ ਦੀਆਂ ਲਗਾਂ-ਮਾਤਰਾਂ ਦੇ ਅਰਥ ਨਿਸਚਿਤ ਨਹੀਂ ਕਰ ਸਕਦਾ । ਧਰਮ, ਰਾਜਨੀਤੀ ਅਤੇ ਵਿਅਕਤਿੱਤਵ ਨਾਲ ਸੰਬੰਧਿਤ ਪ੍ਰਤਿਬੱਧਤਾਵਾਂ ਸਾਨੂੰ ਹੋਰ ਬੌਣਾ ਕਰ ਦੇਣਗੀਆਂ । ਟਾਈਪ ਦੀ ਟਿਪ .. ਟਿਪ... ਹਾਰਮੋਨੀਅਮ ਦੀ ਮੁਥਾਜ ਨਹੀਂ । ਧੂਪ ਅਤੇ ਸਿਗਰਟ ਦੇ ਧੂੰਏਂ ਵਿੱਚ ਅੰਤਰ ਹੈ । ਇੱਕ ਗੱਲ ਸੱਚੋ-ਸੱਚ ਦੱਸ ਦੇਈਏ: ਅਸੀਂ ਤੁਹਾਡੇ ਅਤੇ ਆਪਣੇ ਵਿੱਚਕਾਰ ਲੀਕ ਨਹੀਂ ਮਾਰਾਂਗੇ, ਸਗੋਂ ਤੁਹਾਡੇ ਉੱਤੇ ਲੀਕ ਫੇਰ ਦਿਆਂਗੇ । ਤੁਸੀਂ ਆਖੋਗੇ: ਪਾਣੀ ਅੰਦਰ ਲੀਕ ਨਹੀਂ ਫੇਰੀ ਜਾ ਸਕਦੀ ਤੇ ਅਸੀਂ ਕਹਾਂਗੇ ਲਕੀਰ ਦਾ ਫ਼ਕੀਰ ਬਣਨਾ ਸਾਨੂੰ ਪਸੰਦ ਨਹੀਂ । ਇਹ ਠੀਕ ਹੈ ਕਿ ਪੁਲੀਸ ਦਾ ਡੰਡਾ ਰਾਸ਼ਟਰੀ ਝੰਡੇ ਦੀ ਰਾਖੀ ਕਰਦਾ ਹੈ ਪਰ ਇਸ ਦੀ ਚਿੰਤਾ ਝੰਡਾ-ਬਰਦਾਰਾਂ ਨੂੰ ਹੋ ਸਕਦੀ ਹੈ । ਆਪਣੇ ਯਾਰਾਂ ਨੂੰ ਨਹੀਂ ।

ਸਰਦਾਰੀ ਲਾਲ ਦੇ ਪਹਾੜੇ ਜਾਂ ਬੇਲਾ ਸਿੰਘ ਦੀ ਮੁਹਾਰਨੀ ਵੀ ਤਾਂ ਫ਼ਕੀਰ ਸਿੰਘ ਦੀ ਡਰਿੱਲ ਵਰਗੀ ਹੀ ਹੈ । ਇੱਕ ਸਿੱਧਾਂਤ ਦੂਜੇ ਨੂੰ ਕੱਟ ਦਿੰਦਾ ਹੈ । ਇੱਕ ਕੁੱਤਾ ਉਮਰ ਕੱਟ ਲੈਂਦਾ ਹੈ । ਇਹ ਦੇਣ-ਲੈਣ ਦਾ ਚੱਕਰ ਕੀ ਹੈ? ਅਭਿਮੰਨਯੂ ਤੇ ਅਰਜਨ ਦਾ ਦੁਖਾਂਤ ਅਮਿਤਾਭ ਤੇ ਅਮਿਤੋਜ ਦਾ ਦੁਖਾਂਤ ਨਹੀਂ ਬਣ ਸਕਦਾ (ਭਾਵੇਂ ਰਾਸ਼ੀ ਇੱਕ ਹੀ ਹੈ!) ਸਾਡੇ ਨਾਲ ਬੈਕਟੀਰੀਆ ਦੀ ਗੱਲ ਕਰਦੇ ਹੋ? ਬਿਰਹੋਂ ਦੇ ਕੀੜੇ ਕਿਹੜੀ ਲੈਬਾਟਰੀ ਵਿੱਚ ਹਨ? ਲੂਣਾ ਤੋਂ ਲੂਣਾ ਤੱਕ ਕਿਹੜੀ ਲਿੰਕ-ਰੋਡ ਹੈ? ਜਿੰਦੂ ਦੀ ਗੱਡੀ ਕਿਹੜੇ ਅੰਬਰ ਦੇ ਫਾਟਕ ਅੱਗੇ ਰੁਕਦੀ ਹੈ? ਤੁਸੀਂ ਕੀ ਜਵਾਬ ਦਿਉਗੇ? ਤੁਹਾਡੇ ਝੋਲਿਆਂ ਵਿੱਚ ਜਾਂ ਤਾਂ ਕੋਹਤੂਰ ਦਾ ਮੂਸਾ ਹੈ ਜਾਂ ਮਸਰਾਂ ਦਾ ਭੂਸਾ । ਖ਼ਬਰ ਨੂੰ ਭਾਵੇਂ ਸੁਨਹਿਰੀ ਸ਼ਬਦਾਂ ਵਿੱਚ ਕੰਪੋਜ਼ ਕਰਵਾ ਲਵੋ : ਗੁਜਰਾਤ : ਸਥਿਤੀ ਨਿਯੰਤ੍ਰਣ ਮੇਂ ਹੈ!! -- ਅਤੇ ਜਾਂ ਬੀਬੀ ਸਾਹਿਬਾ ਨੂੰ ਡਾਕਟਰੇਟ, ਲੋਕ ਨਾਥ 'ਤੇ ਨਕਲ ਮਾਰਨ ਦਾ ਦੋਸ਼, ਅੰਬੈਸੀਆਂ ਦੁਆਰਾ ਠੇਕੇ 'ਤੇ ਕਰਾਏ ਜਾ ਰਹੇ ਅਨੁਵਾਦ; ਕੱਲ੍ਹ, ਅੱਜ ਤੇ ਭਲਕ ਨੂੰ ਅਕਾਦਮੀ ਪੁਰਸਕਾਰ: ਕਿੰਨੇ ਐਬਸਰਡ ਸ਼ੀਰਸ਼ਕ ਹਨ । ਟੈਲੀਵੀਯਨ, ਰੇਡੀਓ, ਸਰਕਾਰੀ ਰਸਾਲੇ ਵਿਅਰਥਤਾ ਨੂੰ ਅਰਥ ਪ੍ਰਦਾਨ ਕਰਨ ਵਿੱਚ ਰੁੱਝੇ ਹੋਏ ਹਨ । ਹੈਟ, ਟੋਪੀ ਵਿੱਚ ਬਦਲ ਜਾਂਦਾ ਹੈ ਅਤੇ ਟੋਪੀ ਪੱਗ ਵਿੱਚ । ਲੇਖਕ ਗੰਭੀਰ ਮੁਦ੍ਰਾ ਵਿੱਚ । ਜਿਅੰਤੀ ਸਮਾਰੋਹ, ਮਹਾਨ ਮਾਰਗ, ਅਭਿਨੰਦਨ ਗ੍ਰੰਥ, ਡਿੱਗਦੇ ਬਣਦੇ ਤਾਜ ਮਹੱਲ ।...

ਹਰ ਸ਼ਹਿਰ ਵਿੱਚ ਸਫ਼ੈਦੇ ਦੇ ਬਿਰਖ ਹੁੰਦੇ ਹਨ ਜਿਨ੍ਹਾਂ ਦੀ ਛਾਵੇਂ ਉੱਥੋਂ ਦਾ ਰੰਧਾਵਾ ਕੱਦ ਵਧਾਉਣ ਦੀ ਪ੍ਰੈਕਟਿਸ ਕਰਦਾ ਹੈ ।

ਅਸੀਂ ਕੀ ਲਿਖੀਏ? ਸਾਡੇ ਆਲੇ ਦੁਆਲੇ ਏਨਾ ਕੁਝ ਬੇਅਰਥ ਫੈਲਿਆ ਪਿਆ ਹੈ ਕਿ ਅਰਥ- ਵਿਗਿਆਨ ਦੀ ਹਰ ਦਿਸ਼ਾ ਨਕਾਰਾ ਹੋ ਜਾਂਦੀ ਹੈ । ਵੱਡੀਆਂ ਵੱਡੀਆਂ ਕੁਰਸੀਆਂ ਉੱਤੇ ਸਿਰਾਂ ਦੇ ਖੋਲ ਪਏ ਹੋਏ ਹਨ । ਸਾਡੇ ਅਤੇ ਤੁਹਾਡੇ ਵਿੱਚ ਫ਼ਰਕ ਸਿਰਫ਼ ਦ੍ਰਿਸ਼ਟੀਕੋਣ ਦਾ ਹੈ । ਤੁਸੀਂ ਹਾਲਾਤ 'ਤੇ ਰੋਂਦੇ ਸੀ ਤੇ ਅਸੀਂ ਹਾਲਾਤ 'ਤੇ ਹੱਸਦੇ ਹਾਂ । ਸ਼ਾਇਦ ਏਸੇ ਲਈ ਤੁਹਾਨੂੰ ਐਬਸਰਡ ਲੱਗਦੇ ਹਾਂ । ਤੁਸੀਂ ਤੱਥਾਂ ਅਤੇ ਅੰਕੜਿਆਂ ਦੇ ਜੰਗਲ ਵਿੱਚ ਆਰਾਮ ਨਾਲ ਬੈਠੇ ਅੱਗ ਲੱਗਣ ਦੀ ਪੂਰਵ-ਘੋਸ਼ਣਾ ਕਰਦੇ ਰਹੇ ਹੋ ਤੇ ਅਸੀਂ ਟਹਿਲਦੇ ਹੋਏ ਹਰੇ ਬਾਂਸ ਦੀ ਬੰਸਰੀ ਵਜਾ ਰਹੇ ਹਾਂ । ਤੁਹਾਨੂੰ ਭੁਲੇਖਾ ਸੀ ਕਿ ਲੋਕ ਤੁਹਾਡੇ ਨਾਲ ਹਨ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਲੋਕਾਂ ਦੇ ਵਿੱਚ ਹਾਂ । ਸਾਡੇ ਕੋਲ ਨਾ ਕੋਈ ਸਟੇਜ ਹੈ ਤੇ ਨਾ ਮਾਈਕ੍ਰੋਫ਼ੋਨ । 'ਮੈਂ ਜਹਾਂ ਹੂੰ ਵਹੀ ਸੇ ਬੋਲੂੰਗਾ' । ਬਾਥਰੂਮ ਵਿੱਚ ਕੈਦ ਸਿਗਰਟ ਦਾ ਧੂੰਆ ਕੈਂਸਰ ਵੀ ਕਰ ਸਕਦਾ ਹੈ ਤੇ ਫੁੱਲ ਵੀ ਉਗਾ ਸਕਦਾ ਹੈ । ਸੂਈ ਬਾਜ਼ਾਰ ਵਿੱਚੋਂ ਹਾਥੀ-ਕੰਨਾ ਸਾਹਿੱਤਕਾਰ ਆਪਣੀ ਅਰਥੀ ਸਹਿਤ ਗੁਜਰ ਸਕਦਾ ਹੈ । ਸੰਪੂਰਣ ਕੀਨੀਆ, ਬਲਗਾਰੀਆ, ਫਰਾਂਸ ਜਾਂ ਹਿੰਦੁਸਤਾਨ ਸਿਰਫ਼ ਨਕਸ਼ੇ 'ਤੇ ਵੇਖੇ ਜਾ ਸਕਦੇ ਹਨ । ਏਅਰ ਇੰਡੀਆ ਦਾ ਮਹਾਰਾਜਾ ਅਤੇ ਮਸਤੂਅਣੇ ਦਾ ਮਿੰਦਰ, ਮਾਈ ਸੇਵਾਂ ਬਜ਼ਾਰ ਦੇ ਪ੍ਰਕਾਸ਼ਕ ਤੋਂ ਰਾਇਲਟੀ ਨਹੀਂ ਮੰਗਦੇ । 'ਮੈਂ' ਵਾਲਾ ਦੇਵ ਮੈਂ ਵੀ ਹਾਂ ਤੇ ਤੁਸੀਂ ਵੀ । ਉੱਤਰ-ਦੱਖਣ, ਪੂਰਬ-ਪੱਛਮ ਸੂਰਜ ਦੇ ਰਾਹ ਦਾ ਰੋੜ੍ਹਾ ਨਹੀਂ ਬਣ ਸਕਦੇ । 'ਅਲੀਬਾਬਾ ਬਨਾਮ ਚਾਲੀ ਚੋਰ' ਦਾ ਅਨਾਇਕ ਗੁਲ ਚੌਹਾਨ, 'ਖਾਲੀ ਕੁਰਸੀਆਂ' ਨਾਲ ਠੇਡੇ ਨਹੀਂ ਖਾਂਦਾ । 'ਲਾਲ ਤੇਲ' ਦੀ ਕੀਮਤ ਵਿਰਦੀ ਜਾਣਦਾ ਹੈ । ਤੁਸੀਂ ਭਾਵੇਂ ਕਾਗ਼ਜ਼ ਦੀ ਕਿੱਲਤ ਦੇ ਕਾਰਨ ਅਨੀਂਦਰੇ ਕੱਟਦੇ ਹੋਵੇ ਪਰ ਅਸੀਂ ਤਾਂ ਨਾਨਕ ਸਿੰਘ ਦੇ ਦੇਹਾਵਸਾਨ ਦੇ ਬਾਅਦ ਵੀ ਸਟੇਸ਼ਨਰੀ ਦਾ ਸੰਕਟ ਵੇਖ ਕੇ ਹੈਰਾਨ ਹਾਂ । ਫਿਰ ਵੀ ਦੁਖੀ ਇਸ ਕਰਕੇ ਨਹੀਂ ਕਿਉਂਕਿ ਵਿਅਰਥਤਾ ਤੇ ਨਿਰ-ਅਰਥਕਤਾ ਦੇ ਭੇਤ ਨੂੰ ਪਾ ਚੁੱਕੇ ਹਾਂ । ਸਾਰੀ ਜ਼ਿੰਦਗੀ ਦੀ ਕਹਾਣੀ ਹੀ ਐਬਸਰਡ ਹੈ, ਇਸ ਲਈ ਜੇਕਰ ਪੰਜਾਬੀ ਦੀ ਕਹਾਣੀ ਵੀ ਇਸ ਪਾਸੇ ਵਧ ਰਹੀ ਹੈ ਤਾਂ ਤੌਖਲਾ ਕਾਹਦਾ! ਸਪੱਸ਼ਟਤਾ ਦੀ ਭਾਲ ਵਿੱਚ ਆਮ ਤੌਰ 'ਤੇ ਬੰਦਾ ਐਬਸਰਡ ਹੋ ਜਾਂਦਾ ਹੈ ।

ਇਹ ਕੋਈ ਕਹਾਣੀ ਨਹੀ

ਕਹਾਣੀ ਇਸ ਦੌਰ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਸਾਹਿੱਤ-ਰੂਪ ਹੈ । ਏਸੇ ਲਈ ਸਭ ਤੋਂ ਵੱਧ ਲਿਖਿਆ ਜਾਂਦਾ ਹੈ, ਸਭ ਤੋਂ ਵੱਧ ਛਾਪਿਆ ਜਾਂਦਾ ਹੈ...ਤੇ ਸਭ ਤੋਂ ਵੱਧ ਵਿਕਦਾ ਵੀ ਹੈ! ਕਾਰਨ?

-ਕਵਿਤਾ ਪੂਰੀ ਚੜ੍ਹਾਈ ਓੜ੍ਹਕੇ, ਚੜ੍ਹਾਈ ਕਰ ਚੁੱਕੀ ਹੈ । ਕਵੀ ਕੁਦਰਤ ਦੀ ਗੋਦ ਵਿੱਚ ਹੀ ਹੋਂਦ ਕਾਇਮ ਰੱਖ ਸਕਦਾ ਹੈ । ਆਦਮੀ ਕੁਦਰਤ ਤੋਂ ਦੂਰ ਤੇ ਮਸ਼ੀਨ ਦੇ ਨੇੜੇ ਹੋ ਗਿਆ ਹੈ । ਮਸ਼ੀਨੀ ਕਵਿਤਾ ਵਾਲਾ ਆਖ਼ਰੀ ਹੰਭਲਾ ਵੀ ਬਹੁਤਾ ਕਾਰਗਰ ਸਾਬਿਤ ਨਹੀਂ ਹੋ ਰਿਹਾ । ਕਵਿਤਾ ਬਿੰਦੂ ਤੋਂ ਫ਼ੈਲ ਕੇ ਬਿੰਦੂ 'ਤੇ ਸਿਮਟ ਗਈ ਹੈ । ਇਉਂ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਕਦੇ ਬੰਦਾ ਜੰਗਲ ਵਿੱਚ ਜਾਵੇਗਾ ਜਾਂ ਕੁਦਰਤ ਦੀ ਖ਼ੂਬਸੂਰਤੀ ਵਿੱਚ ਮੁੜ ਗੁਆਚਣ ਦਾ ਮਹਿੰਗਾ ਸ਼ੁਗਲ ਪਾਲਣ ਦੇ ਸਮਰੱਥ ਹੋਵੇਗਾ ਤਾਂ ਉਹਨੂੰ ਕਵਿਤਾ ਦੀ ਲੋੜ ਪਵੇਗੀ । ਤੇ ਉਹਦੀ ਲੋੜ ਜੋਗੀ ਕਵਿਤਾ ਹਰ ਥਾਂ ਮੌਜੂਦ ਹੈ । ਉਂਜ ਅਜਿਹੇ ਹਾਲਾਤ ਵਿੱਚ ਹਰ ਆਦਮੀ ਆਪਣੀ ਲੋੜ ਜੋਗੀ ਕਵਿਤਾ ਸਿਰਜ ਲੈਂਦਾ ਹੈ । ਕਵਿਤਾ ਛਾਪੇ ਦੀ ਮੁਥਾਜ ਨਹੀਂ । ਕਵਿਤਾ ਪਾਠਕ ਲਈ ਨਹੀਂ, ਸ਼ਰੋਤੇ ਲਈ ਹੁੰਦੀ ਹੈ । ਇਸ ਲਈ ਲਿਖੀ ਜਾਣ ਦੇ ਬਾਵਜੂਦ ਵੀ, ਛਪੀ ਜਾਣ ਦੇ ਬਾਵਜੂਦ ਵੀ, ਘੱਟ ਪੜ੍ਹੀ ਜਾਂਦੀ ਹੈ, ਘੱਟ ਵਿਕਦੀ ਹੈ ।

-ਨਾਟਕ ਵੀ ਪਾਠਕ ਲਈ ਨਹੀਂ ਹੁੰਦਾ । ਜਿਹੜਾ ਨਾਟਕ ਪੜ੍ਹਨ ਲਈ ਲਿਖਿਆ ਜਾਂਦਾ ਹੈ, ਸਮਰਸਟ ਮਾੱਮ ਦੇ ਸ਼ਬਦਾਂ ਵਿੱਚ ਉਹ ਨਾਟਕ ਨਹੀਂ ਹੁੰਦਾ; ਵਾਰਤਾਲਾਪ-ਸ਼ੈਲੀ ਵਿੱਚ ਲਿਖਿਆ ਘਟੀਆ ਨਾਵਲ ਹੁੰਦਾ ਹੈ । ਨਾਟਕ ਵੀ ਕਵਿਤਾ ਵਾਂਗ ਛਾਪੇ ਦਾ ਮੁਥਾਜ ਨਹੀਂ । ਹੱਥ-ਲਿਖਤ ਖਰੜਾ ਵੀ ਚੰਗੇ ਡਾਇਰੈਕਟਰ ਦੇ ਹੱਥਾਂ ਦੀ ਛੋਹ ਪਾ ਕੇ ਆਪਣੇ ਮੁਕੰਮਲ ਜੌਹਰ ਵਿਖਾ ਸਕਦਾ ਹੈ । ਅਸੀਂ ਬਿਸਤਰੇ ਵਿੱਚ ਕੋਈ ਹੋਰ ਕੰਮ ਕਰਦੇ ਹੋਏ ਵੀ ਨਾਟਕ ਦਾ ਦੂਰਦਰਸ਼ਨ ਕਰ ਸਕਦੇ ਹਾਂ ਜਾਂ 'ਕੱਲੇ 'ਕੱਲੇ ਨਾਟਕ ਪੜ੍ਹਨ ਦੀ ਥਾਂ ਸਾਰੇ ਟੱਬਰ ਨੂੰ ਥੇਟਰ ਵਿੱਚ ਲਿਜਾ ਕੇ ਇੱਕੋ ਵਾਰ ਇਹ ਫਰਜ਼ ਪੂਰਾ ਕਰ ਸਕਦੇ ਹਾਂ । ਕਵਿਤਾ ਵਾਂਗ ਨਾਟਕ ਵੀ ਲਿਖੇ ਜਾਂਦੇ ਰਹਿਣਗੇ, ਖੇਡੇ ਜਾਂਦੇ ਰਹਿਣਗੇ, ਵੇਖੇ ਜਾਂਦੇ ਰਹਿਣਗੇ, ਛਪਦੇ ਵੀ ਰਹਿਣਗੇ, ...ਪਰ ਵਿਕਣਗੇ ਬਹੁਤ ਘੱਟ । ਨਾਟਕ ਦਰਸ਼ਕ ਦੀ ਲੋੜ ਹੈ, ਪਾਠਕ ਦੀ ਨਹੀਂ । ਇਸ ਵੇਲੇ ਗੱਲ ਸਾਹਿੱਤ ਦੀ ਚੱਲ ਰਹੀ ਹੈ: ਲੇਖਕ ਅਤੇ ਪਾਠਕ ਦੇ ਸੰਦਰਭ ਵਿੱਚ ।

-ਨਾਵਲ ਲਿਖਣ ਤੇ ਪੜ੍ਹਨ ਲਈ ਦਿਲ-ਗੁਰਦਾ ਚਾਹੀਦਾ ਹੈ । ਇਸ ਦੌਰ ਦੀ ਦੌੜ ਭੱਜ ਵਿੱਚ ਨਾਵਲ ਵੀ ਟੁੱਟ ਭੱਜ ਗਿਆ ਹੈ । ਹਰ ਸਾਹਿੱਤ ਰੂਪ ਕਿਤਾਬੀ ਰੂਪ ਵਿੱਚ ਆਉਣ ਤੋਂ ਪਹਿਲਾਂ ਅਖ਼ਬਾਰਾਂ ਰਸਾਲਿਆਂ ਰਾਹੀਂ ਪਾਠਕਾਂ ਤੀਕ ਪਹੁੰਚਦਾ ਹੈ । ਲੇਖਕ ਦਾ ਬਿੰਬ ਸਿਰਜਦਾ ਹੈ । ਨਾਵਲ ਨੂੰ ਕਿਸ਼ਤਾਂ ਵਿੱਚ ਛਾਪਿਆਂ ਗੱਲ ਉਹ ਨਹੀਂ ਰਹਿੰਦੀ । ਰੋਜ਼ਾਨਾ ਅਖ਼ਬਾਰਾਂ ਦੀਆਂ ਇਤਵਾਰੀ ਐਡੀਸ਼ਨਾਂ ਵਿੱਚ ਇਹੋ ਜਿਹੇ ਕੁਝ ਪ੍ਰਯੋਗ ਹੋ ਰਹੇ ਹਨ ਪਰ ਉਨ੍ਹਾਂ ਨਾਵਲਾਂ ਦਾ ਪੱਧਰ ਕੀ ਹੈ? ਉਹ ਕਿਹੜੇ ਪਾਠਕਾਂ ਲਈ ਹਨ ਜਾਂ ਪਾਠਕਾਂ ਦਾ ਕੀ ਬਣਾ ਸਵਾਰ ਰਹੇ ਹਨ...ਮੰਨਿਆ ਕਿ ਨਾਵਲ ਵਾਰਤਕ ਦਾ ਮਹਾਂ-ਕਾਵਿ ਹੁੰਦਾ ਹੈ, ਇਸ ਦੀ ਕੈਨਵਸ 'ਤੇ ਪੂਰਾ ਯੁੱਗ ਚਿਤਰਿਆ ਜਾ ਸਕਦਾ ਪਰ ਕੀ ਕਰੀਏ! ਇਹ ਸਾਡੀ ਲੋੜ ਤਾਂ ਹੈ, ਪ੍ਰਾਪਤੀ ਕੋਈ ਨਹੀਂ । ਜਦੋਂ ਹੋਵੇਗੀ, ਓਦੋਂ ਗੱਲ ਵੀ ਹੋਏਗੀ । ਨਾਵਲ ਦੇ ਪਾਠਕ ਹਨ, ਪਰ ਲੇਖਕ ਅਜੇ ਜੰਮਣੇ ਹਨ । ਦੋ-ਚਾਰ ਵਰਨਣਯੋਗ ਲਿਖਤਾਂ ਕਿਸੇ ਸਾਹਿੱਤਕ ਵਿਧਾ ਦਾ ਮੁਹਾਂਦਰਾ ਨਹੀਂ ਬਣਦੀਆਂ ।

-ਛੋਟਾ ਨਾਵਲ, ਨਾਵਲਿਟ ਜਾਂ ਨਾਵਲਚੂ ਅਜੇ ਬਹੁਤ ਛੋਟਾ ਹੈ । ਏਕਤਾ ਤੇ ਏਰੀਅਲ, ਤੀਲ੍ਹੀ ਦਾ ਨਿਸ਼ਾਨ, ਧੁੱਪ ਦਰਿਆ ਦੀ ਦੋਸਤੀ, ਇਮਤਿਹਾਨ, ਤਿੱਤਰ ਖੰਭੀ ਜੂਹ, ਸੂਈ ਬਾਜ਼ਾਰ,... 'ਦ੍ਰਿਸ਼ਟੀ' ਵਾਲੇ ਬਰਜਿੰਦਰ ਦੀ 'ਕੁਝ ਪੱਤਰੇ' ਸਮੇਤ ਇਹ ਸਾਹਿੱਤ-ਰੂਪ ਪੰਜਾਬੀ ਵਿੱਚ ਉਤਸਾਹਿਤ ਕਰਨ ਲਈ ਮਿਹਰਬਾਨੀ! ਲੱਗਦਾ ਹੈ ਕਿ ਜਿਹੜੀ ਚੀਜ਼ ਦੀ ਮੰਡੀ ਵਿੱਚ ਪੁੱਛ ਨਾ ਹੋਵੇ, ਤਿਆਰ ਵੀ ਕੋਈ ਨਹੀਂ ਕਰਦਾ । ਅੱਜ ਕੋਈ ਚੰਗਾ ਪਰਚਾ ਨਾਵਲਿਟ ਛਾਪਣ ਲਈ ਤਿਆਰ ਹੋਵੇ, ਲੇਖਕ ਐਂਡਵਾਂਸ ਬੁਕਿੰਗ ਲਈ ਲਾਈਨ ਲਾ ਦੇਣਗੇ!

ਕਹਾਣੀ? ਹਾਂ, ਕਹਾਣੀ ਦੀ ਗੱਲ ਹੀ ਕਰਨ ਲੱਗੇ ਹਾਂ । ਸਿਰਫ਼ ਦੋ ਮਿਨਟ ਹੋਰ!

-ਵਾਰਤਕ ਬੜੀ ਅਗਾਂਹ ਦੀ ਵਸਤ ਹੈ । ਹੁਕਮਨਾਮਿਆਂ ਤੋਂ ਲੈ ਕੇ ਸਫ਼ਰਨਾਮਿਆਂ ਤੱਕ ਬਹੁਤ ਕੁਝ ਸਾਹਿੱਤ ਦੇ ਇਤਿਹਾਸ ਵਿੱਚ ਮੌਜੂਦ ਹੈ ।...ਪਰ ਜਨਮਸਾਖੀਆਂ ਨੂੰ ਗਲਪ ਵਿੱਚ ਰੱਖੀਏ ਕਿ ਵਾਰਤਕ ਵਿੱਚ? ਸ਼ਰਧਾ ਰਾਮ ਫਿਲੌਰੀ ਤੇ ਬਿਹਾਰੀ ਲਾਲ ਪੁਰੀ ਵਰਗੇ ਬੰਦੇ ਅੰਗਰੇਜ਼ਾਂ ਨੂੰ ਪੰਜਾਬੀ ਪੜ੍ਹਾਉਣ ਵਿੱਚ ਰੁੱਝੇ ਰਹੇ । ਪ੍ਰੋਫ਼ੈਸਰ ਪੂਰਨ ਸਿੰਘ ਨੇ ਵਾਰਤਕ ਵਿੱਚ ਵੀ ਕਵਿਤਾ ਹੀ ਲਿਖੀ ਹੈ । ਗੁਰਬਖਸ਼ ਸਿੰਘ ਮੁੰਡਿਆਂ ਨੂੰ ਕੁੜੀਆਂ ਵਾਲੇ ਗਹਿਣੇ ਕੱਪੜੇ ਪੁਆ ਕੇ ਧਿਆਨ ਖਿੱਚਦਾ ਰਿਹਾ ਹੈ । ਪਿ੍ੰ: ਤੇਜਾ ਸਿੰਘ ਨੇ ਭੂਮਿਕਾਵਾਂ ਤੋਂ ਇਲਾਵਾ ਕਿੰਨੀ ਕੁ ਵਾਰਤਕ ਲਿਖੀ ਹੈ? ਸਿਰਦਾਰ ਕਪੂਰ ਸਿੰਘ ਗਿਆਨ ਦੀਆਂ ਜਾਂ ਜਾਣਕਾਰੀ ਭਰਪੂਰ ਗੱਲਾਂ ਕਰਦਾ ਹੈ, ਵਾਰਤਕ ਨਹੀਂ ਲਿਖਦਾ । ਹਲਕੀ-ਫੁਲਕੀ ਵਾਰਤਕ ਵਾਲੀਆਂ ਕਿਤਾਬਾਂ ਬਹੁਤ ਹਲਕੀਆਂ ਹਨ । ਸੂਬਾ ਸਿੰਘ ਵੀ ਚਰਨ ਸਿੰਘ ਸ਼ਹੀਦ ਤੋਂ ਅਗਾਂਹ ਨਹੀਂ ਜਾ ਸਕਿਆ । ਕੇ. ਐਲ. ਗਰਗ ਮੋਗੇ ਵਾਲੇ ਕਨ੍ਹਈਆ ਲਾਲ ਕਪੂਰ ਅਤੇ ਗੁਰਨਾਮ ਸਿੰਘ ਤੀਰ ਦੇ ਪਦ-ਚਿੰਨ੍ਹਾਂ ਤੇ ਚੱਲ ਰਿਹਾ ਹੈ!

ਅੰਮ੍ਰਿਤਾ ਪ੍ਰੀਤਮ ਦੀਆਂ 'ਕਿਰਮਚੀ ਲਕੀਰਾਂ' ਤੇ ਬਲਵੰਤ ਗਾਰਗੀ ਦੇ ਰੇਖਾ ਚਿਤਰਾਂ ਦੀਆਂ ਤਿੰਨ ਕਿਤਾਬਾਂ ਹੀ ਲੈ ਦੇ ਕੇ ਸਾਹਮਣੇ ਆਉਂਦੀਆਂ ਹਨ । ਡਾ. ਹਰਿਭਜਨ ਸਿੰਘ ਦੇ ਖ਼ਤ ਅਤੇ ਇੱਕ ਦੋ ਹੋਰ ਸਿਰਨਾਵੇਂ ਵੀ ਇਸ ਸ਼ਰੇਣੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ, ਪਰ........ਇਹ ਵਿਸ਼ਾਲ ਅਤੇ ਸੰਭਾਵਨਾਵਾਂ-ਭਰਪੂਰ ਸਾਹਿੱਤ–ਰੂਪ ਏਨੀ ਧੀਮੀ ਚਾਲੇ ਕਿਉਂ ਤੁਰ ਰਿਹਾ ਹੈ? ਪੱਤਰਕਾਰੀ ਦੇ ਪੱਧਰ ਤੋਂ ਉੱਚਾ ਕਿਉਂ ਨਹੀਂ ਉਠ ਰਿਹਾ? ਇਹ ਅਲੱਗ ਸਵਾਲ ਹਨ । ਅਜੇ, ਆਪਾਂ ਕਹਾਣੀ ਦੀ ਗੱਲ ਕਰੀਏ ।

ਗੱਲ ਕਹਾਣੀ ਦੇ ਸੰਬੰਧ ਵਿੱਚ ਹੋ ਰਹੀ ਸੀ । ਇਸ ਸਥਿਤੀ ਵਿੱਚ ਕਹਾਣੀ ਦੀ ਸਥਿਤੀ ਦਿਨੋਂ ਦਿਨ ਪਕੇਰੀ ਹੁੰਦੀ ਜਾ ਰਹੀ ਹੈ । ਕਹਾਣੀ ਦਾ ਵਿਹੜਾ ਮੋਕਲਾ ਹੋ ਰਿਹਾ ਹੈ । ਮਾਲ ਵੀ ਹੈ, ਮੰਡੀ ਵੀ ਹੈ । ਉਤਪਾਦਨ ਵੀ ਹੈ, ਖਪਤ ਵੀ ਹੈ । ਮਿਆਰ ਵੀ ਹੈ, ਮਿਕਦਾਰ ਵੀ ਹੈ । ਵਪਾਰ ਵੀ ਹੈ, ਰੋਜ਼ਗਾਰ ਵੀ ਹੈ । ਗੱਲ ਜਿੱਥੋਂ ਮਰਜ਼ੀ ਸ਼ੁਰੂ ਕਰਕੇ ਜਿੱਥੇ ਮਰਜ਼ੀ ਖ਼ਤਮ ਕਰ ਦਿਉ, ਕਹਾਣੀ ਬਣ ਹੀ ਜਾਂਦੀ ਹੈ । ਇਹ ਇੱਕ ਇਹੋ ਜਿਹਾ ਹੰਢਣਸਾਰ ਤੇ ਅਜ਼ਮੂਦਾ ਨੁਸਖ਼ਾ ਹੈ ਕਿ ਸ਼ੱਕ ਦੀ ਗੁੰਜ਼ਾਇਸ਼ ਨਹੀਂ । ਪਰ ਬੁੱਲ੍ਹੇਸ਼ਾਹ ਦੀ ਸਲਾਹ ਮੰਨਕੇ ਇਹ ਅਰਸ਼ੀ ਖ਼ਜ਼ਾਨਾ ਸਾਨੂੰ ਸੰਭਲ ਸੰਭਲਕੇ ਲੁੱਟਣਾ ਚਾਹੀਦਾ ਹੈ । ਲੁੱਟ ਨਹੀਂ ਪੈਣੀ ਚਾਹੀਦੀ, ਜਿਵੇਂ ਕਿ ਪਈ ਹੋਈ ਹੈ । ਕਹਾਣੀਕਾਰ ਬਿਲਕੁਲ ਕਵੀਆਂ ਦੀ ਲੀਹ 'ਤੇ ਚੱਲ ਰਹੇ ਹਨ । ਕਹਾਣੀ-ਦਰਬਾਰ ਤੇ ਕਥਾ-ਗੋਸ਼ਟੀਆਂ ਸਾਨੂੰ ਲੈ ਬਹਿਣਗੀਆਂ । ਮੌਖਿਕ ਨੂੰ ਲਿਖਿਤ ਨਾਲੋਂ ਨਖੇੜੀਏ । ਸ਼ਰੋਤੇ ਤੇ ਪਾਠਕ ਦੇ ਭੇਤ ਨੂੰ ਸਮਝੀਏ । ਸਾਡੇ ਕੋਲੋਂ ਕਹਾਣੀ ਪਾਠਕਾਂ ਤੱਕ ਪਹੁੰਚੇ । ਪਾਠਕਾਂ ਤੋਂ ਬਾਤ ਬਣਕੇ ਕਹਾਣੀ ਸ਼ਰੋਤਿਆਂ ਕੋਲ ਜਾਏ । ਮਿੱਥ ਤੋਂ ਅਸੀਂ ਕਹਾਣੀ ਤੀਕ ਪੁੱਜੇ ਹਾਂ, ਆਉ ਕਹਾਣੀ ਨੂੰ ਮਿੱਥ ਤੀਕ ਪੁਚਾਈਏ!

ਵੇਖੋ ਸਾਡੇ ਕੋਲ ਕਹਾਣੀ ਦੀਆਂ ਕਿੰਨੀਆਂ ਕਿਸਮਾਂ ਹਨ:

ਲੋਕ-ਕਹਾਣੀ, ਨਿੱਕੀ ਕਹਾਣੀ, ਨਿੱਕੀ ਹੁਨਰੀ ਕਹਾਣੀ, ਨਵੀਂ ਕਹਾਣੀ, ਆਧੁਨਿਕ ਕਹਾਣੀ, ਸਮਾਂਤਰ ਕਹਾਣੀ, ਐਬਸਰਡ ਕਹਾਣੀ, ਫੈਂਟੈਸੀ ਕਹਾਣੀ, ਮਿੰਨੀ ਕਹਾਣੀ... ਇਹਨਾਂ ਸਾਰੀਆਂ ਕਿਸਮਾਂ ਵਿੱਚ ਕਹਾਣੀ ਸ਼ਬਦ ਸਾਂਝਾ ਹੈ, ਹੋਰ ਕੋਈ ਸਾਂਝ ਨਹੀਂ । ਨਵਾਂ ਲੇਬਲ ਲਾਉਣ ਨਾਲ ਮਾਲ ਨਵਾਂ ਨਹੀਂ ਬਣ ਜਾਂਦਾ:

ਸਰਫ਼, ਨੀਊ ਸਰਫ਼, ਸੁਪਰ ਸਰਫ਼.........
ਕਿਸਮਾਂ ਰੋਣ ਆਪਣੀ ਕਿਸਮਤ ਨੂੰ । ਅਸੀਂ ਕਹਾਣੀ ਦੀ ਗੱਲ ਅੱਗੇ ਤੋਰਦੇ ਹਾਂ!
ਕੇਵਲ ਵਿਦਿਆਰਥੀਆਂ ਲਈ :

ਕਹਾਣੀਕਾਰ, ਪੰਜਾਬੀ ਵਿੱਚ, ਦੋ ਤਰ੍ਹਾਂ ਦੇ ਹਨ । ਇੱਕ ਤਾਂ ਉਹ ਨੇ, ਜਿਹੜੇ ਜਿੰਨਾ ਮਰਜ਼ੀ ਲਿਖੀ ਜਾਣ ਕੋਈ ਨਹੀਂ ਪੁੱਛਦਾ । ਤੇ ਦੂਜੇ ਉਹ ਨੇ, ਜਿਹੜੇ ਜੋ ਮਰਜ਼ੀ ਲਿਖੀ ਜਾਣ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ । ਤੁਸੀਂ ਸਿਆਣੇ ਹੋ, ਆਪਣੇ ਅਧਿਆਪਕ ਦੀ ਸਲਾਹ ਕਦੇ ਨਾ ਮੰਨਿਉ । ਆਪ ਪੜ੍ਹਕੇ ਵਿਚਾਰ ਕਰਿਓ । ਤੁਹਾਨੂੰ ਦੋਵੇਂ ਵੰਨਗੀਆਂ ਮਿਲ ਜਾਣਗੀਆਂ । ਦੋਹਾਂ ਧੜਿਆਂ ਵਿੱਚ ਕੰਮ ਦੇ ਲੇਖਕ ਵੀ ਨੇ ਤੇ ਬੇਕਾਰ ਵੀ । ਤੁਸੀਂ ਕੰਮ ਦੇ ਲੇਖਕ ਛਾਂਟ ਲਿਉ, ਬਾਕੀਆਂ ਨੂੰ ਉਲਝੇ ਰਹਿਣ ਦਿਉ । ਜਿਹੜੇ ਸੰਪਾਦਿਤ ਜਾਂ ਸੰਪੂਰਨ ਕਹਾਣੀ ਸੰਗ੍ਰਹਿ ਤੁਹਾਡੇ ਕੋਰਸ ਵਿੱਚ ਲੱਗੇ ਹੋਏ ਨੇ, ਨਿਰਣਾ ਕਰਨ ਲਈ ਓਨੇ ਹੀ ਕਾਫੀ ਨੇ । ਜੇ ਕਿਤੇ ਸਿਲੇਬਸ ਤੋਂ ਵਿਹਲ ਮਿਲੇ ਤਾਂ ਪੁਰਾਣੀ ਵੰਨਗੀ ਚੱਖਣ ਲਈ ਨਾਨਕ ਸਿੰਘ ਦੀ ਭੂਆ, ਸੇਖੋਂ ਦੀ ਪੇਮੀ ਦੇ ਨਿਆਣੇ, ਗੁਰਬਖ਼ਸ਼ ਸਿੰਘ ਦੀ ਭਾਬੀ ਮੈਨਾ, ਸੰਤੋਖ ਸਿੰਘ ਧੀਰ ਦੀ ਸਾਂਝੀ ਕੰਧ ਜਾਂ ਕੋਈ ਇੱਕ ਸਵਾਰ, ਸੁਜਾਨ ਸਿੰਘ ਦੀ ਰਾਸ ਲੀਲਾ ਜਾਂ ਕੁਲਫ਼ੀ, ਅੰਮ੍ਰਿਤਾ ਪ੍ਰੀਤਮ ਦੀ ਪੰਜ ਵਰ੍ਹੇ ਲੰਬੀ ਸੜਕ, ਗਾਰਗੀ ਦੀ ਸੌ ਮੀਲ ਲੰਬੀ ਦੌੜ, ਦੁੱਗਲ ਦੀ ਪਾਰੇ ਮੈਰੇ, ਨੌਰੰਗ ਸਿੰਘ ਦੀ ਮੁਰਕੀਆਂ ਪੜ੍ਹ ਲੈਣਾ । ਵਿਰਕ ਤੇ ਅਜੀਤ ਕੌਰ ਦੀ ਜਿਹੜੀ ਕਹਾਣੀ ਹੱਥ ਲੱਗੇ, ਠੀਕ ਹੈ । ਵਿਦਿਆਰਥੀ ਤੋਂ ਪਾਠਕ ਦੇ ਦਰਜੇ ਤੱਕ ਪੁੱਜਣ ਲਈ ਏਨੀ ਕੁ ਸਮੱਗਰੀ ਕਾਫੀ ਹੈ ।

ਕੇਵਲ ਪਾਠਕਾਂ ਲਈ :

ਹੁਣ ਤੱਕ ਤੁਸੀਂ ਬਹੁਤ ਸਾਰੇ ਕਥਾ-ਚਿਹਰਿਆਂ ਤੋਂ ਵਾਕਿਫ਼ ਹੋ ਚੁੱਕੇ ਹੋਵੋਗੇ । ਕਿਤਾਬਾਂ? ...ਕਿਤਾਬਾਂ ਨਹੀਂ, ਪਹਿਲਾਂ ਕੁਝ ਕਹਾਣੀਕਾਰਾਂ ਦੀ ਗੱਲ ਹੋ ਲੈਣ ਦਿਉ ।

- 'ਨਲਕਾ ਗਿੜ੍ਹਦਾ ਹੈ' ਵਾਲੇ ਰਘੁਬੀਰ ਢੰਡ ਨੇ ਅਹਿਮਦ ਨਦੀਮ ਕਾਸਮੀ ਦੀਆਂ ਕਹਾਣੀਆਂ ਦਾ ਅਨੁਵਾਦ ਛਪਵਾਇਆ ਹੈ ।

- 'ਘੋਟਣਾ' ਤੇ 'ਮੈਨੂੰ ਟੈਗੋਰ ਬਣਾ ਦੇ ਮਾਂ...' ਵਾਲੇ ਮੋਹਨ ਭੰਡਾਰੀ ਨੇ ਪਾਗ਼ਲਾਂ ਦੀਆਂ ਡਾਇਰੀਆਂ ਅਨੁਵਾਦ ਕਰਕੇ 'ਸਾਰੇ ਪਾਗਲ' ਦੇ ਰੂਪ ਵਿੱਚ ਛਪਵਾਈਆਂ ਹਨ ।

- ਸੰਸਾਰ ਸਿੰਘ ਗ਼ਰੀਬ ਨੂੰ ਜਾਣਦੇ ਹੋ? ਉਹਦੀ ਇੱਕ ਕਹਾਣੀ ਦਾ ਨਾਂ ਹੈ 'ਨਾਮ੍ਹੋ' ।

- 'ਰਾਤੀਂ ਕੋਚਰੀ ਬੋਲੇ' ਦਾ ਕਹਾਣੀਕਾਰ ਸ਼ਾਇਦ ਸਿੱਧੂ ਦਮਦਮੀ ਹੈ ।

- ਕਿਰਪਾਲ ਕਜ਼ਾਕ ਦੀ ਇੱਕ ਕਹਾਣੀ ਦਾ ਨਾਂ 'ਕਾਲਾ ਇਲਮ' ਹੈ ।

- ਪ੍ਰੇਮ ਗੋਰਖੀ, ਪ੍ਰੀਤਮ, ਦਲਬੀਰ ਚੇਤਨ, ਜੋਗਿੰਦਰ ਕੈਰੋਂ, ਸਾਧੂ ਸਿੰਘ, ਗੁਰਬਚਨ ਭੁੱਲਰ, ਗੁਰਦੇਵ ਰੁਪਾਣਾ, ਸ਼ਮਸ਼ੇਰ ਸੰਧੂ, ਜਸਬੀਰ ਭੁੱਲਰ, ਗੁਲ ਚੌਹਾਨ, ਸੁਖਵੰਤ ਕੌਰ ਮਾਨ, ਜਗਜੀਤ ਬਰਾੜ, ਐੱਨ ਬਰਾੜ, ਅਤਰਜੀਤ, ਰਸ਼ਿਮ... ...ਸਭ ਨੋਟ ਕਰਨ ਵਾਲੇ ਨਾਂ ਹਨ ।

- ਮਨਿੰਦਰ ਕਾਂਗ ਅਤੇ ਅਮਰਗਿਰੀ ਜੇਕਰ ਏਸੇ ਸ਼ਿੱਦਤ ਨਾਲ ਪੜ੍ਹਦੇ ਲਿਖਦੇ ਰਹੇ ਤਾਂ ਵਰਿਆਮ ਸੰਧੂ ਅਤੇ ਪ੍ਰੇਮ ਪ੍ਰਕਾਸ਼ ਦੀ ਰੂਹ ਕਲਪੇਗੀ ਨਹੀਂ ।

ਪਤਾ ਨਹੀਂ ਇਹ ਖ਼ਬਰਾਂ ਵਰਗੀਆਂ ਗੱਲਾਂ ਦੱਸਣ ਦੀ ਕੀ ਲੋੜ ਪੈ ਗਈ ਸੀ । ਹੁਣ ਜਸਵੰਤ ਸਿੰਘ ਵਿਰਦੀ, ਦੇਵ ਭਾਰਦਵਾਜ, ਬਚਿੰਤ ਕੌਰ ਤੇ ਕੇ. ਐਲ. ਗਰਗ ਅਫ਼ਵਾਹਾਂ ਵਰਗੀਆਂ ਗੱਲਾਂ ਵੀ ਪੁੱਛਣਾ ਚਾਹੁੰਦੇ ਹਨ ਪਰ ਸਾਡੇ ਕੋਲ ਵਿਹਲ ਨਹੀਂ ।

ਗੱਲ ਤਾਂ ਕਹਾਣੀ ਦੀ ਹੋ ਰਹੀ ਸੀ ਤੇ ਅਸਾਂ ਨਾਂ ਗਿਣਨੇ ਸ਼ੁਰੂ ਕਰ ਦਿੱਤੇ । ਸ਼ਾਇਦ ਇਹ ਜਾਇਜ਼ ਵੀ ਸੀ ਕਿਉਂਕਿ ਜੇ ਕਿਸੇ ਦਾ ਨਾਂ ਕਹਾਣੀਆਂ ਲਿਖਣ ਕਰਕੇ ਹੋਇਆ ਹੈ ਤਾਂ ਜ਼ਰੂਰ ਲਿਆ ਜਾਣਾ ਚਾਹੀਦਾ ਹੈ । ਜਿਹੜਾ ਨਾਂ ਸਾਡੇ ਕੋਲੋਂ ਰਹਿ ਗਿਆ ਹੋਵੇ, ਪ੍ਰਬੁੱਧ ਪਾਠਕ ਆਪ ਜੋੜ ਲੈਣ!

ਕੇਵਲ ਲੇਖਕਾਂ ਲਈ :

ਗੁਰਦਿਆਲ ਸਿੰਘ, ਗੁਲਜ਼ਾਰ ਸੰਧੂ, ਗੁਰਵੇਲ ਪੰਨੂੰ, ਜਰਨੈਲ ਪੁਰੀ, ਨਵਤੇਜ ਪੁਆਧੀ, ਮੁਖਤਾਰ ਗਿੱਲ, ਨਵਤੇਜ ਸਿੰਘ, ਗੁਰਮੇਲ ਮਡਾਹੜ, ਕੇਵਲ ਸੂਦ, ਰਵਿੰਦਰ ਰਵੀ, ਅਣਖੀ, ਬਾਹਲਵੀ, ਜੋਸ਼ੀ, ਤਾਰਨ ਗੁਜਰਾਲ, ਸਰਨਾ, ਖੁਰਸ਼ੀਦ ... ...ਸਭ ਕਹਾਣੀਆਂ ਲਿਖਦੇ ਸਨ/ਹਨ ।

ਤੁਸੀਂ ਸਿਰਫ਼ ਏਨੇ ਕੁ ਨਾਂ ਸੁਣ ਕੇ ਹੀ ਤੰਗ ਪੈ ਗਏ ਜਾਪਦੇ ਹੋ । ਜਿਨ੍ਹਾਂ ਨੂੰ ਏਨਿਆਂ ਦੀਆਂ ਕਹਾਣੀਆਂ ਪੜ੍ਹਨੀਆਂ ਪੈਂਦੀਆਂ ਹਨ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ!

ਖ਼ੈਰ, ਤੁਸੀਂ ਲੇਖਕ ਹੋ । ਬਹੁਤ ਸਾਰੇ ਪਰਚੇ ਤੁਹਾਨੂੰ ਮੁਫ਼ਤ ਵੀ ਆਉਂਦੇ ਹੋਣਗੇ । ਤੁਸੀਂ ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਵੀ ਜ਼ਰੂਰ ਪੜ੍ਹਦੇ ਹੋਵੋਗੇ । ਆਪਣਾ ਬਰ ਵੀ ਮੇਚਦੇ ਹੋਵੋਗੇ । ਇਹ ਸਿਹਤਮੰਦ ਰੁਚੀ ਹੈ । ਅਸੀਂ ਤੁਹਾਨੂੰ ਕੀ ਦੱਸ ਸਕਦੇ ਹਾਂ । ਸਾਡੀ ਕੀ ਹਸਤੀ ਹੈ! ਗੁਸਤਾਖ਼ੀ ਮੁਆਫ਼! ਭਵਾਂ ਨਾ ਚੜਾਉ, ਗੱਲ ਮੁਕਾ ਲੈਣ ਦਿਉ । ਸਾਡਾ ਤੁਹਾਡਾ ਕੋਈ ਮੁਕਾਬਲਾ ਨਹੀਂ । ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਕੋਈ ਕਹਾਣੀ ਨਹੀਂ । ਤੁਸੀਂ ਕਾਹਲੇ ਕਿਉਂ ਪੈਂਦੇ ਹੋ? ਵਿਰਦੀ ਕਹਿੰਦਾ ਹੈ ਕਿ ਪੰਜਾਬੀ ਦੀ ਸਭ ਤੋਂ ਪਹਿਲੀ ਆਧੁਨਿਕ ਕਹਾਣੀ ਸੇਖੋਂ ਨੇ ਲਿਖੀ ਸੀ । ਸਾਡਾ ਦਾਅਵਾ ਹੈ ਕਿ ਪੰਜਾਬੀ ਦੀ ਪਹਿਲੀ ਕਹਾਣੀ ਤੁਹਾਡੇ 'ਚੋਂ ਕਿਸੇ ਨੇ ਲਿਖਣੀ ਹੈ ।...ਪਰ ਅਜੇ ਲਿਖਣੀ ਹੈ ।

ਸਿਰਫ਼ ਸੰਪਾਦਕਾਂ ਲਈ :

ਕਹਾਣੀਆਂ ਬਹੁਤ ਲਿਖੀਆਂ ਜਾ ਚੁੱਕੀਆਂ ਹਨ । ਲਿਖੀਆਂ ਜਾ ਰਹੀਆਂ ਹਨ । ਛਪ ਰਹੀਆਂ ਹਨ । ਵਿਕ ਰਹੀਆਂ ਹਨ । ਪੜ੍ਹੀਆਂ ਜਾ ਰਹੀਆਂ ਹਨ । ਤੁਸੀਂ ਹੁਣ ਕਹਾਣੀਆਂ ਘੱਟ ਤੇ ਕਹਾਣੀ ਬਾਰੇ ਵਧੇਰੇ ਛਾਪੋ । ਕਹਾਣੀਕਾਰਾਂ ਬਾਰੇ ਛਾਪੋ । ਕਹਾਣੀਕਾਰਾਂ ਕੋਲੋਂ ਉਹਨਾਂ ਦੀਆਂ ਕਹਾਣੀਆਂ ਬਾਰੇ ਲਿਖਵਾਉ । ਲਿਖਤੀ ਬਹਿਸ ਛੇੜੋ । ਜੇ ਤੁਸੀਂ ਅਣਗਹਿਲੀ ਵਰਤੀ ਤਾਂ ਸਾਹਿੱਤ ਸਭਾਵਾਂ ਵਾਲੇ ਸਾਰੀ ਕਹਾਣੀ ਵਿਗਾੜ ਦੇਣਗੇ । ਜਿਸ ਕਿਸੇ ਨੇ ਵੀ ਗੱਲ ਕਰਨੀ ਹੋਵੇ, ਲਿਖਕੇ ਕਰੇ । ਜ਼ੁਬਾਨੀ ਜਮ੍ਹਾ ਖਰਚ ਦਾ ਕੀ ਹੈ । ਕੋਈ ਰਿਕਾਰਡ ਨਹੀਂ । ਕੋਈ ਜ਼ਿੰਮੇਵਾਰੀ ਨਹੀਂ । ਕੋਈ ਜਵਾਬਦੇਹੀ ਨਹੀਂ । ਜ਼ੁਬਾਨ ਸੰਕੋਚਣੀ ਔਖੀ ਹੁੰਦੀ ਹੈ । ਕਲਮ ਨੂੰ ਲੇਖਕ ਆਪੇ ਸੈਂਸਰ ਕਰ ਲੈਂਦਾ ਹੈ । ਬੜੀ ਹੈਰਾਨੀ ਦੀ ਗੱਲ ਹੈ ਕਿ ਕਹਾਣੀ ਸਾਡੇ ਦੌਰ ਦੀ ਪ੍ਰਧਾਨ ਅਦਬੀ ਸਿਨਫ਼ ਹੈ, ਪਰ ਨਿਰੋਲ ਕਹਾਣੀ ਦਾ ਪਰਚਾ ਕੋਈ ਨਹੀਂ । ਕਹਾਣੀ ਉੱਤੇ ਕਦੇ ਕਦੇ ਕੋਈ ਪਰਚਾ ਪੜ੍ਹਿਆ ਜ਼ਰੂਰ ਜਾਂਦਾ ਹੈ ਪਰ ਕਹਾਣੀ ਓਥੇ ਹੀ ਮੁੱਕ ਜਾਂਦੀ ਹੈ । ਇਹ ਫ਼ਿਕਰ ਵਾਲੀ ਗੱਲ ਹੈ । ਫ਼ਿਕਰ ਤੁਹਾਨੂੰ ਵੀ ਘੱਟ ਨਹੀਂ ਹੋਣਾ ਪਰ ਅਸਾਂ ਤਾਂ ਆਪਣਾ ਤੌਖਲਾ ਜ਼ਾਹਿਰ ਕਰਨਾ ਸੀ, ਕਰ ਦਿੱਤਾ ।

ਮੌਸਮ ਦਾ ਹਾਲ :

ਅਦਬੀ ਫ਼ਿਜ਼ਾ ਦੇ ਨਾਪਤੋਲ ਲਈ ਅਜੇ ਤੀਕ ਕੋਈ ਬੈਰੋਮੀਟਰ ਤਾਂ ਈਜਾਦ ਨਹੀਂ ਹੋਇਆ ਪਰ ਇੱਕ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਆਉਣ ਵਾਲੇ ਦਸਾਂ ਸਾਲਾਂ ਵਿੱਚ ਪੰਜਾਬੀ ਕਹਾਣੀ ਆਪਣੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਉਜਾਗਰ ਕਰ ਲਵੇਗੀ । ਕੋਈ ਤੂਫ਼ਾਨ ਜਾਂ ਹਨੇਰੀ ਆਉਣ ਦੀ ਸੰਭਾਵਨਾ ਤਾਂ ਨਹੀਂ ਪਰ ਕੁਝ ਮਿਕਦਾਰ-ਪ੍ਰਸਤ ਕਲਮਾਂ ਪੂਰੀ ਗਰਜ ਚਮਕ ਨਾਲ ਪਾਠਕਾਂ 'ਤੇ ਬਰਸਦੀਆਂ ਰਹਿਣਗੀਆਂ ।

ਨਾਮ ਦੀ ਚਿੰਤਾ

ਕਦੀ ਕਦੀ ਇੰਜ ਹੁੰਦਾ ਹੈ ਕਿ ਢੇਰਾਂ ਦੇ ਢੇਰ ਕਿਤਾਬਾਂ ਪੜ੍ਹ ਕੇ ਅਤੇ ਸੈਂਕੜੇ ਗਿਆਨ- ਵਿਖਿਆਨ ਸੁਣ ਕੇ ਵੀ ਸਾਡੇ 'ਤੇ ਉਹ ਅਸਰ ਨਹੀਂ ਹੁੰਦਾ ਜਿਹੜਾ ਜ਼ਿੰਦਗੀ ਦੀ ਇੱਕ ਮਾਮੂਲੀ ਜਿਹੀ ਘਟਨਾ ਨਾਲ ਹੋ ਜਾਂਦਾ ਹੈ । ਇਹੋ ਜਿਹੀ ਇੱਕ ਘਟਨਾ ਮੈਨੂੰ ਇਸ ਘੜੀ ਯਾਦ ਆ ਰਹੀ ਹੈ । ਦਸਵੀਂ ਪਾਸ ਕਰਕੇ ਮੈਂ ਵਿਹਲਾ ਫਿਰ ਰਿਹਾ ਸਾਂ । ਪੰਦਰਾਂ ਵਰ੍ਹਿਆਂ ਦੀ ਉਮਰ ਸੀ । ਕਾਲਜ ਦਾਖ਼ਿਲ ਹੋਣ ਦੀ ਤੌਫ਼ੀਕ ਨਹੀਂ ਸੀ ਤੇ ਸਰਕਾਰੀ ਨੌਕਰੀ ਵਿਖੇ ਦਾਿਖ਼ਲਾ ਮਿਲਣ ਦੀ ਉਮੀਦ ਅਜੇ ਘੱਟੋ ਘੱਟ ਤਿੰਨ ਸਾਲ ਹੋਰ ਨਹੀਂ ਸੀ ਕੀਤੀ ਜਾ ਸਕਦੀ । ਮੇਰੇ ਕਈ ਜਮਾਤੀ ਬਟਾਲੇ ਲੋਹੇ ਦੇ ਕਾਰਖ਼ਾਨਿਆਂ ਵਿੱਚ ਜਾ ਲੱਗੇ ਸਨ ਪਰ ਮੇਰੇ ਘਰਦਿਆਂ ਨੇ ਮੇਰੀ ਸਰੀਰਕ ਬਣਤਰ ਨੂੰ ਧਿਆਨ ਵਿੱਚ ਰੱਖਦਿਆਂ ਉੱਥੇ ਨਹੀਂ ਸੀ ਭੇਜਿਆ । ਮੈਂ ਹੌਲਾ ਭਾਰਾ ਕੰਮ ਵੀ ਨਹੀਂ ਸਾਂ ਕਰ ਸਕਦਾ । ਇਹ ਅਸਲੋਂ ਵਿਹਲੇ ਦਿਨ ਸਨ । ਸਾਡੇ ਪਿੰਡ ਬੜਾ ਵੱਡਾ ਮੰਦਿਰ ਹੈ । ਉਸ ਦੀ ਨਵ-ਉਸਾਰੀ ਹੋ ਰਹੀ ਸੀ । ਕਈ ਪੁਰਾਣੀਆਂ ਚੀਜ਼ਾਂ ਢਾਹ ਕੇ ਨਵੀਆਂ ਬਣਾਈਆਂ ਜਾ ਰਹੀਆਂ ਸਨ । ਹੋਰ ਕਈ ਵਾਧੇ ਘਾਟੇ ਹੋ ਰਹੇ ਸਨ । ਮੈਂ ਸਾਰਾ ਦਿਨ ਓਥੇ ਮਿਸਤਰੀਆਂ ਲਾਗੇ ਬੈਠਾ ਰਹਿੰਦਾ । ਉਨ੍ਹਾਂ ਵਿੱਚ ਇੱਕ ਮਿਸਤਰੀ ਕਿਸ਼ਨ ਚੰਦ ਸੀ । ਦਿੱਲੀ ਤੋਂ ਆਇਆ ਸੀ । ਕੋਰਾ ਅਨਪੜ੍ਹ । ਇੱਕ ਅੱਖਰ ਨਹੀਂ ਸੀ ਲਿਖ ਸਕਦਾ । ਹਿੰਦੀ ਬੋਲਦਾ ਸੀ ਤੇ ਬਹੁਤ ਬੀੜੀਆਂ ਪੀਂਦਾ ਸੀ । ਉਹ ਪਹਿਲਾਂ ਕਾਗ਼ਜ਼ ਉੱਤੇ ਕੋਈ ਖ਼ਾਕਾ ਵਾਹੁੰਦਾ । ਫਿਰ ਸੂਈ ਨਾਲ ਲਾਈਨਾਂ ਉੱਤੇ ਮੋਰੀਆਂ ਕਰਦਾ । ਕਾਲੇ ਜਿਹੇ ਪਾਉਡਰ ਦੀ ਪੋਟਲੀ ਉਸ ਉੱਤੇ ਫੇਰ ਕੇ ਉਹੋ ਖ਼ਾਕਾ ਦੀਵਾਰ 'ਤੇ ਉਤਾਰ ਲੈਂਦਾ ਤੇ ਪਿੱਛੋਂ ਕਿੰਨੀ ਕਿੰਨੀ ਦੇਰ ਪੈਰਾਂ ਭਾਰ ਉਹਦੇ ਸਾਹਵੇਂ ਬੈਠਾ ਬੀੜੀਆਂ ਫੂਕੀ ਜਾਂਦਾ । ਅਗਲੇ ਦਿਨ ਦੀਵਾਰ 'ਤੇ ਇੱਕ ਹੋਰ ਰੰਗੀਨ ਤਸਵੀਰ ਹੁੰਦੀ । ਸੰਗਮਰਮਰ ਤੇ ਚਿਪਸ ਨਾਲ ਉਹਨੇ ਕਈ ਕੁਝ ਬਣਾਇਆ । ਉਹਦੇ ਹੱਥਾਂ ਵਿੱਚ ਇਹ ਚਮਤਕਾਰੀ ਹੁਨਰ ਵੇਖ ਕੇ ਮੈਂ ਹੈਰਾਨ ਹੋਈ ਜਾਂਦਾ ।

ਮੇਰੇ ਨਾਲ ਕਈ ਹੋਰ ਬੱਚੇ ਓਥੇ ਜਾਂਦੇ ਸਨ ਪਰ ਮੇਰੇ ਜਿੰਨਾ ਪੱਕਾ ਨਿੱਤਨੇਮੀ ਸ਼ਾਇਦ ਹੋਰ ਕੋਈ ਨਹੀਂ ਸੀ । ਇੱਕ ਦਿਨ ਮਿਸਤਰੀ ਕਿਸ਼ਨ ਚੰਦ ਨੂੰ ਮੈਂ ਡਰਦਿਆਂ ਡਰਦਿਆਂ ਕਹਿ ਦਿੱਤਾ: 'ਮਿਸਤਰੀ ਜੀ, ਮੈਂ ਵੀ ਇਹ ਕੰਮ ਤੁਹਾਡੇ ਕੋਲੋਂ ਸਿੱਖਣਾ ਚਾਹੁੰਦਾ ਹਾਂ । ਸਿਖਾ ਦਿਉਗੇ?' ਉਹ ਹੱਸ ਪਿਆ । ਬੀੜੀ ਬੁਝਾ ਕੇ ਨਿੱਕੀ ਜਿਹੀ ਕਾਂਡੀ ਨਾਲ ਸੀਮਿੰਟ ਵਿੱਚ ਰੰਗ ਰਲਾਉਂਦਾ ਹੋਇਆ ਕਹਿਣ ਲੱਗਾ: 'ਸੀਖਨਾ ਚਾਹਤੇ ਹੋ? ਜ਼ਰੂਰ ਸੀਖੋ । ਕੱਲ੍ਹ ਅਪਨੇ ਪਿਤਾ ਜੀ ਕੋ ਸਾਥ ਲੇ ਕੇ ਆਨਾ ।' ਮੈਂ ਖ਼ੁਸ਼ ਹੋ ਗਿਆ । ਮੈਨੂੰ ਉਮੀਦ ਨਹੀਂ ਸੀ ਕਿ ਉਹ ਏਨੀ ਛੇਤੀ ਮੰਨ ਜਾਏਗਾ । ਮੈਂ ਤਾਂ ਸੁਣਿਆ ਹੋਇਆ ਸੀ ਕਿ ਇਹ ਹੁਨਰ ਵਾਲੇ ਲੋਕ ਛੇਤੀ ਛੇਤੀ ਆਪਣਾ ਹੁਨਰ ਕਿਸੇ ਨੂੰ ਨਹੀਂ ਦੱਸਦੇ ।

ਮੈਂ ਘਰ ਗੱਲ ਕੀਤੀ । ਉਹਨਾਂ ਦੇ ਸਿਰ ਤੋਂ ਜਿਵੇਂ ਭਾਰ ਹੌਲਾ ਹੋ ਗਿਆ ਹੋਵੇ । ਆਪਣੀ ਰੋਜ਼ੀ ਦਾ ਵਸੀਲਾ ਮੈਂ ਆਪ ਲੱਭ ਲਿਆ ਸੀ । ਅਗਲੇ ਦਿਨ ਪਿਤਾ ਜੀ ਲੱਡੂਆਂ ਦੀ ਥਾਲੀ ਵਿੱਚ ਸਵਾ ਪੰਜ ਰੁਪਈਏ ਰੱਖਕੇ ਮੇਰੇ ਨਾਲ ਤੁਰ ਪਏ । ਮਿਸਤਰੀ ਖੁਸ਼ ਹੋ ਕੇ ਮਿਲਿਆ ਤੇ ਇੱਕ ਲੱਡੂ ਚੁੱਕ ਕੇ ਮੇਰੇ ਮੂੰਹ ਵਿੱਚ ਪਾਉਂਦਿਆਂ ਬੋਲਿਆਂ: ਬੇਟਾ, ਯੇ ਮੈਂ ਆਜ ਤੇਰੇ ਮੂੰਹ ਮੇਂ ਰੋਜ਼ੀ ਡਾਲ ਰਹਾ ਹੂੰ । ਮੇਰਾ ਖਿਆਲ ਹੈ ਤੂ ਜਲਦੀ ਕਾਮ ਸੀਖ ਜਾਏਗਾ । ਸ਼ਾਮ ਕੋ ਜਬ ਹਮ ਕਾਮ ਖ਼ਤਮ ਕਰਤੇ ਹੈਂ, ਉਸਕੇ ਬਾਦ ਆ ਜਾਇਆ ਕਰਨਾ ।' ਪਿਉ-ਪੁੱਤ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ ।

ਦੂਜੇ ਦਿਨ ਡਰਾਇੰਗ ਬੋਰਡ, ਡਰਾਇੰਗ ਸ਼ੀਟ ਤੇ ਪੈਨਸਿਲ ਰਬੜ ਲੈ ਕੇ ਮੈਂ ਉਹਦੇ ਕੋਲ ਪਹੁੰਚ ਗਿਆ । ਉਹਨੇ ਕੁਝ ਛਪੇ ਹੋਏ ਕਲੰਡਰਾਂ ਵਰਗੀਆਂ ਤਸਵੀਰਾਂ ਮੈਨੂੰ ਦਿੱਤੀਆਂ ਤੇ ਪੁੱਛਿਆ ਕਿ ਉਹਨਾਂ 'ਚੋਂ ਮੈਂ ਕਿਹੜੀ ਬਣਾ ਸਕਦਾ ਹਾਂ? ਆਦਮੀ ਕਿਸੇ ਚੀਜ਼ ਬਾਰੇ ਜਿੰਨਾ ਘੱਟ ਜਾਣਦਾ ਹੋਵੇ ਉੱਨਾ ਜਿਆਦਾ ਭੁਲੇਖੇ ਵਿੱਚ ਹੁੰਦਾ ਹੈ । ਮੈਂ ਮਾਣ ਨਾਲ ਕਿਹਾ ਕਿ ਸਾਰੀਆਂ ਹੀ ਬਣਾ ਸਕਦਾ ਹਾਂ । ਤਿੰਨੇ ਤਸਵੀਰਾਂ ਉਹਨੇ ਮੈਨੂੰ ਦੇ ਦਿੱਤੀਆਂ ਤੇ ਅਗਲੇ ਦਿਨ ਘਰੋਂ ਬਣਾ ਕੇ ਲਿਆਉਣ ਲਈ ਕਿਹਾ । ਇਨ੍ਹਾਂ 'ਚੋਂ ਇੱਕ ਤਸਵੀਰ ਹਨੂਮਾਨ ਦੀ ਸੀ, ਤਲੀ 'ਤੇ ਪਹਾੜ ਚੁੱਕਿਆ ਤੇ ਉੱਡਦਾ ਜਾਂਦਾ । ਦੂਜੀ ਤਸਵੀਰ ਡਾਕਟਰ ਰਾਧਾ ਕ੍ਰਿਸ਼ਨ ਦੀ ਸੀ, ਕੁਰਸੀ 'ਤੇ ਬੈਠਾ ਚਾਹ ਪੀਂਦਾ । ਅਤੇ ਤੀਜੀ ਤਸਵੀਰ ਜਵਾਹਰ ਲਾਲ ਨਹਿਰੂ ਦੀ ਸੀ, ਗੁਲਾਬ ਦਾ ਫੁੱਲ ਸੁੰਘਦਾ ਹੋਏ ।

ਮੈਂ ਤਿੰਨੇ ਤਸਵੀਰਾਂ ਬਣਾਈਆਂ । ਹਾਸ਼ੀਏ ਲਾਏ ਤੇ ਤਿੰਨਾਂ ਦੇ ਹੇਠਾਂ ਸਵਾਰ ਸਵਾਰ ਕੇ ਆਪਣਾ ਨਾਂ ਲਿਖ ਦਿੱਤਾ । ਤਾਰੀਖ਼ ਪਾ ਦਿੱਤੀ । ਜਦੋਂ ਮਿਸਤਰੀ ਨੇ ਉਹ ਤਸਵੀਰਾਂ ਵੇਖੀਆਂ ਤਾਂ ਬੜਾ ਖੁਸ਼ ਹੋਇਆ ਤੇ ਹੈਰਾਨ ਵੀ । ਪਰ ਫਿਰ ਇੱਕਦਮ ਗੰਭੀਰ ਹੋ ਗਿਆ । ਮੇਰੇ ਦਸਤਖ਼ਤਾਂ ਉੱਤੇ ਉਹਦੀ ਨਜ਼ਰ ਪੈ ਗਈ ਸੀ । ਉਹਨੇ ਪੁੱਛਿਆ ਕਿ ਹੇਠਾਂ ਕੀ ਲਿਖਿਆ ਹੈ? ਮੈਂ ਉਹਦੀ ਅਨਪੜ੍ਹਤਾ ਦਾ ਫ਼ਾਇਦਾ ਉਠਾਉਂਦਿਆਂ ਝੂਠ ਬੋਲਿਆ: ''ਜਵਾਹਰ ਲਾਲ ਨਹਿਰੂ ।'' ਦੂਜੀਆਂ ਦੋਹਾਂ ਪੁੱਛਾਂ ਬਾਰੇ ਵੀ ਮੈਂ ਇਹੋ ਢੰਗ ਵਰਤਿਆ । ''ਯੇ ਕੌਨ ਸੀ ਭਾਸ਼ਾ ਹੈ, ਜਿਸਮੇਂ ਤੀਨ ਨਾਮ ਏਕ ਹੀ ਤਰਹ ਸੇ ਲਿਖੇ ਜਾਤੇ ਹੈਂ?'' ਮੇਰੀ ਚੋਰੀ ਫੜੀ ਗਈ ਸੀ । ਬੋਲਣ ਦੀ ਕੋਈ ਜਾਹ ਨਹੀਂ ਸੀ । ਮੇਰੀਆਂ ਨੀਵੀਆਂ ਨਜ਼ਰਾਂ ਨੂੰ ਉਹਨੇ ਪਿਆਰ ਨਾਲ ਸੰਬੋਧਿਤ ਕੀਤਾ: ''ਬੇਟਾ! ਇਤਨੀ ਜਲਦੀ ਨਾਮ ਕੀ ਇੱਛਾ ਨਹੀਂ ਰਖਤੇ ।''

ਮੈਂ ਉਸ ਕੋਲ ਮੁੜ ਨਹੀਂ ਗਿਆ ਤੇ ਇੰਜ ਮਿਸਤਰੀ ਬਣਦਾ ਬਣਦਾ ਰਹਿ ਗਿਆ । ਅੱਜ ਵੀ ਸਾਡੇ ਪਿੰਡ ਦੇ ਮੰਦਿਰ ਦੀਆਂ ਦੀਵਾਰਾਂ 'ਤੇ ਉਹਦੇ ਹੱਥਾਂ ਦੀਆਂ ਬਣਾਈਆਂ ਹਜ਼ਾਰਾਂ ਮੂਰਤਾਂ ਹਨ ਪਰ ਕਿਸੇ ਦੇ ਹੇਠਾਂ ਵੀ ਉਹਦਾ ਨਾਂ ਨਹੀਂ । (ਨਾਂ ਤਾਂ ਉਹ ਲਿਖ ਹੀ ਨਹੀਂ ਸੀ ਸਕਦਾ!) । ਪ੍ਰਾਚੀਨ ਗੁਫ਼ਾਵਾਂ ਦੇ ਮੂਰਤੀਕਾਰਾਂ ਨੂੰ ਵੀ ਸ਼ਾਇਦ ਆਪਣਾ ਨਾਂ ਲਿਖਣਾ ਨਹੀਂ ਸੀ ਆਉਂਦਾ! ਲੋਕ-ਸਾਹਿੱਤ ਦੇ ਰਚਣ- ਹਾਰਿਆਂ ਨੂੰ ਵੀ ਆਪਣਾ ਨਾਂ-ਥਾਂ ਯਾਦ ਨਹੀਂ ਸੀ! ਜੰਮਣ ਤੋਂ ਪਹਿਲਾਂ ਹੀ ਨਾਮ ਦੀ ਚਿੰਤਾ ਸ਼ੁਰੂ ਕਰ ਦੇਣ ਵਾਲੇ 'ਮਹਾਂਪੁਰਸ਼ਾਂ' ਨਾਲ ਆਪਣਾ ਇਹ ਬਾਲ-ਅਨੁਭਵ ਸਾਂਝਾ ਕਰਕੇ ਅੱਜ ਮੈਂ ਇੱਕ ਹੋਰ ਹੀਣ-ਭਾਵ ਤੋਂ ਮੁਕਤ ਹੋ ਰਿਹਾ ਹਾਂ ।

ਮੈਨੂੰ ਨਾਨੀ ਚੇਤੇ ਹੈ

ਬਹੁਤ ਨਿੱਕਾ ਸਾਂ । ਮਸਾਂ ਪ੍ਰਾਇਮਰੀ ਦਾ ਵਿਦਿਆਰਥੀ । ਸਰੀਰ ਦਾ ਬਾਹਲਾ ਕਮਜ਼ੋਰ । ਦਿਨ ਵਿੱਚ ਪੰਜ ਸੱਤ ਵਾਰੀ ਫੱਟੀ ਲਿਖਣ ਅਤੇ ਕਿਤਾਬ ਵਿਚਲੀਆਂ ਕਵਿਤਾਵਾਂ ਜ਼ੁਬਾਨੀ ਯਾਦ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਹੁੰਦਾ । ਘਰ ਲਈ ਮਿਲਿਆ ਕੰਮ ਵੀ ਮੈਂ ਸਕੂਲ ਵਿੱਚ ਹੀ ਮੁਕਾ ਲੈਂਦਾ ਸੀ । ਮੁੰਡਿਆਂ ਨਾਲ ਰਲਕੇ ਖੇਡਣਾ ਮੇਰੇ ਵੱਸ ਦਾ ਰੋਗ ਨਹੀਂ ਸੀ ਕਿਉਂਕਿ ਖੇਡਾਂ ਸਾਰੀਆਂ ਹੀ ਨੱਸਣ ਭੱਜਣ ਵਾਲੀਆਂ ਹੁੰਦੀਆਂ ਹਨ । ਇੱਕ ਦੋ ਵਾਰੀ ਸੱਟਾਂ ਲਵਾਕੇ ਮੁੜ ਓਧਰ ਮੂੰਹ ਕਰਨ ਦਾ ਹੀਆ ਨਹੀਂ ਸੀ ਪੈਂਦਾ । ਦਿਲ ਕਰਦਾ ਸੀ, ਕੋਈ ਇਹੋ ਜਿਹੀ ਖੇਡ ਲੱਭੇ ਜਿਸਨੂੰ ਇਕੱਲਾ ਹੀ ਖੇਡਾਂ । ਜੇ ਠੀਕ ਨਾ ਖੇਡ ਸਕਿਆ ਤਾਂ ਵੀ ਕੋਈ ਨਮੋਸ਼ੀ ਨਹੀਂ ਹੋਵੇਗੀ । ਇਕੱਲਿਆਂ ਸਿਰਫ਼ ਪਤੰਗ ਉਡਾਈ ਜਾ ਸਕਦੀ ਸੀ, ਸੋ ਇੱਕ ਵਾਰ ਉਹ ਵੀ ਉਡਾਕੇ ਵੇਖੀ ਪਰ ਪਤਾ ਨਹੀਂ ਕੌਣ, ਸਣੇ ਡੋਰ, ਮੇਰੇ ਹੱਥੋਂ ਪਤੰਗ ਝਰੂਟ ਕੇ ਲੈ ਗਿਆ ਤੇ ਮੈਂ ਇੱਕ ਵਾਰ ਫ਼ੇਰ ਨਵੀਂ ਖੇਡ ਦੀ ਸੋਚ ਵਿੱਚ ਡੁੱਬਾ ਡੱਡੋਲਿੱਕਾ ਜਿਹਾ ਇਕੱਲਾ ਖਲੋਤਾ ਰਹਿ ਗਿਆ ।

ਹਰ ਖੇਡ ਦਾ ਸੰਬੰਧ ਸਿਹਤ ਨਾਲ ਹੈ ਤੇ ਸਿਹਤ ਦਾ ਸਰੀਰ ਨਾਲ । ਸਰੀਰ ਆਪਣੇ ਦੀ ਬਣਤਰ ਸ਼ੁਰੂ ਤੋਂ ਹੀ ਏਵੇਂ ਰਹੀ ਹੈ ਜਿਵੇਂ ਡਾਂਗ ਉੱਤੇ ਸਿਰ ਟੰਗਿਆ ਹੋਵੇ! ਸਿਰਫ਼ ਸਿਰ ਹੀ ਸੀ, ਜਿਸ ਕੋਲੋਂ ਮਾੜਾ ਮੋਟਾ ਕੰਮ ਲਿਆ ਜਾ ਸਕਦਾ ਸੀ । ਮੈਂ ਮੂਰਤਾਂ ਬਣਾਉਣ ਲੱਗ ਪਿਆ । ਇਹ ਕੰਮ ਦਾ ਕੰਮ ਸੀ ਤੇ ਖੇਡ ਦੀ ਖੇਡ । ਘਰਦੇ ਸਮਝਦੇ, ਸਕੂਲ ਦਾ ਕੰਮ ਕਰ ਰਿਹਾ ਹੈ ਤੇ ਮੈਂ ਪੈਨਸਿਲ ਨਾਲ ਕਾਗ਼ਜ਼ਾਂ ਉੱਤੇ ਵੰਨ ਸੁਵੰਨੇ ਨਮੂਨੇ ਬਣਾਉਂਦਾ ਰਹਿੰਦਾ । ਮਾਂ ਕਈ ਵਾਰ ਖਿਝਦੀ: 'ਜਾ ਬਾਹਰ ਘੜੀ ਪਲ ਕਿਤੇ ਨਿਆਣਿਆਂ ਨਾਲ ਖੇਡ । ਹਰ ਵੇਲੇ ਅੰਦਰ ਵੜਿਆ ਰਹਿਨੈ ਜਿਵੇਂ ਪੈਲ ਪਈ ਹੁੰਦੀ ਐ ।' ਜਾਂ ਫਿਰ ਕਦੇ ਕੋਈ ਮਾੜਾ ਮੋਟਾ ਕੰਮ ਦੱਸਦੀ ਜਿਸ ਨਾਲ ਮੈਨੂੰ ਬਾਹਰ ਜਾਣਾ ਪਵੇ । ਪਰ ਹਮੇਸ਼ਾ ਇਹ ਕਹਿਕੇ ਬਚ ਜਾਂਦਾ ਕਿ ਸਕੂਲ ਦਾ ਕੰਮ ਬਹੁਤ ਮਿਲਿਐ । ਉਹ ਖਿਝ ਖਿਝਾ ਕੇ ਚੁੱਪ ਕਰ ਜਾਂਦੀ ਤੇ ਮੈਂ ਆਪਣੀ ਖੇਡ ਵਿੱਚ ਮੁੜ ਮਗਨ ਹੋ ਜਾਂਦਾ ।

ਰੱਦੀ ਕਾਗ਼ਜ਼ਾਂ 'ਤੇ ਛਪੀਆਂ ਤਸਵੀਰਾਂ ਜਾਂ ਲਿਫ਼ਾਫ਼ਿਆਂ ਤੇ ਛਪੇ ਇਸ਼ਤਿਹਾਰੀ ਕਾਰਟੂਨ ਇਕੱਠੇ ਕਰਕੇ ਮੈਂ ਬਸਤਾ ਭਰਿਆ ਹੋਇਆ ਸੀ । ਉਨ੍ਹਾਂ ਵੱਲ ਵੇਖ ਵੇਖ ਕੇ ਆਪਣਾ ਹੁਨਰ ਚਮਕਾਉਂਦਾ ਰਹਿੰਦਾ । ਸਕੂਲ ਦੀਆਂ ਕਿਤਾਬਾਂ ਵਿੱਚ ਛਪੇ ਦੇਸ਼-ਭਗਤਾਂ ਤੇ ਸਿਆਸੀ ਲੀਡਰਾਂ ਦੇ ਚਿੱਤਰ ਵੀ ਮੈਂ ਇੱਕ ਇੱਕ ਕਰਕੇ ਮੁਕਾ ਦਿੱਤੇ । ਛਤਰਪਤੀ ਸ਼ਿਵਾਜੀ, ਮਹਾਰਾਣਾ ਪ੍ਰਤਾਪ ਅਤੇ ਸ਼ਹੀਦ ਭਗਤ ਸਿੰਘ ਦੀਆਂ ਮੂਰਤਾਂ ਤਾਂ ਹੁਣ ਮੈਂ ਅੱਖਾਂ ਮੀਚ ਕੇ ਵਾਹ ਸਕਦਾ ਸਾਂ । ਕਿਉਂਕਿ ਇਹ ਚੋਰੀ ਦੀ ਖੇਡ ਸੀ, ਇਸ ਲਈ ਰੰਗ ਭਰਨ ਦਾ ਇੰਤਜ਼ਾਮ ਨਹੀਂ ਸੀ ਹੋ ਸਕਦਾ । ਲਾਲ ਤੇ ਨੀਲੀ ਸਿਆਹੀ ਨਾਲ ਕੰਮ ਸਾਰ ਲੈਂਦਾ ਸਾਂ । ਮੈਂ ਖ਼ੁਸ਼ ਸਾਂ ਕਿ ਮੇਰੀ ਮਨ-ਪਸੰਦ ਖੇਡ ਲੱਭ ਗਈ ਹੈ । ਇਸ ਕਲਾ ਦਾ ਭੇਤ ਬਹੁਤੀ ਦੇਰ ਛੁਪਿਆ ਨਾ ਰਹਿ ਸਕਿਆ । ਤੇ ਇੱਕ ਦਿਨ ਮੇਰਾ ਇਹ ਹੁਨਰ ਬਸਤੇ ਚੋਂ ਬਾਹਰ ਆ ਗਿਆ । ਘਰਦਿਆਂ ਨੂੰ ਮੇਰੀਆਂ 'ਕਰਤੂਤਾਂ' ਦਾ ਪਤਾ ਲੱਗ ਗਿਆ ਸੀ । ਜਦੋਂ ਕਦੇ ਵੀ ਕੋਈ ਮੇਰੇ ਬਾਰੇ ਪੁੱਛਦਾ ਕਿ ਉਹ ਕਿੱਥੇ ਹੈ ਤਾਂ ਸਾਰਿਆਂ ਦਾ ਸਾਂਝਾ ਇਹੋ ਜਵਾਬ ਹੁੰਦਾ:

'ਜਾਣਾ ਉਹਨੇ ਕਿੱਥੇ ਐ? ਅੰਦਰ ਕੋਠੜੀ ਵਿੱਚ ਬੈਠਾ ਭੂਤ-ਪ੍ਰੇਤਾਂ ਦੀਆਂ ਸ਼ਕਲਾਂ ਵਾਹੁੰਦਾ ਹੋਣੈ ।' ਝਿੜਕਾਂ, ਗਾਲ਼ਾਂ ਤੇ ਝਾੜ-ਝੰਬ ਦੇ ਬਾਵਜੂਦ ਵੀ ਮੈਂ ਆਪਣੇ ਸਿਦਕ ਤੋਂ ਨਹੀਂ ਸਾਂ ਡੋਲ ਰਿਹਾ । ਏਨਾ ਕੁ ਫ਼ਰਕ ਪੈ ਗਿਆ ਸੀ ਕਿ ਹੁਣ ਚੋਰੀ ਦੀ ਬਜਾਇ ਮੈਂ ਉਨ੍ਹਾਂ ਦੇ ਸਾਹਮਣੇ ਵੀ ਇਹ ਕੰਮ ਕਰ ਲੈਂਦਾ ਸਾਂ । ਦੂਜੇ ਸ਼ਬਦਾਂ ਵਿੱਚ: ਥੋੜ੍ਹਾ ਜਿਹਾ ਢੀਠ ਹੋ ਗਿਆ ਸਾਂ ।

ਇਹਨਾਂ ਦਿਨਾਂ ਵਿੱਚ ਨਾਨੀ ਸਾਡੇ ਘਰ ਆਈ । ਪਤਾ ਨਹੀਂ ਉਹਨੂੰ ਕਿਹੜੇ ਵੇਲੇ ਮੇਰੇ 'ਕਾਰਨਾਮਿਆਂ' ਬਾਰੇ ਸਾਰਾ ਕੁਝ ਦੱਸ ਦਿੱਤਾ ਗਿਆ । ਮੈਨੂੰ ਆਪਣੇ ਗੋਡੇ ਉੱਤੇ ਬਿਠਾ ਕੇ ਬੜੇ ਪਿਆਰ ਨਾਲ ਸਿਰ ਪਲੋਸ ਕੇ, ਮੱਥਾ ਚੁੰਮਕੇ ਕਹਿਣ ਲੱਗੀ: 'ਜੀਵੇ ਮੇਰਾ ਰਾਜਾ ਪੁੱਤ । ਮੇਰੀ ਉਮਰ ਵੀ ਤੈਨੂੰ ਲੱਗ ਜਾਵੇ । ਇਹ ਮੇਰਾ ਲਾਲ ਤਾਂ ਬੜਾ ਸਿਆਣੈ । ਪੁੱਤ! ਸੁਣਿਐਂ ਤੂੰ ਬੜੀਆਂ ਸੁਹਣੀਆਂ ਮੂਰਤਾਂ ਬਣਾਉਨੈ । ਮੈਂ ਤੇ ਤੇਰੀਆਂ ਮੂਰਤਾਂ ਵੇਖਣ ਈ ਆਈ ਆਂ । ਲਿਆ ਵਿਖਾ ਖਾਂ ਭਲਾ ।' ਸਿਫ਼ਤ ਸੁਣ ਕੇ ਮੈਂ ਫੁੱਲ ਗਿਆ । ਸਾਰਾ ਕਲਾ-ਕਬਾੜ ਚੁੱਕ ਲਿਆਇਆ । ਨਾਨੀ ਵੇਖੀ ਜਾਏ ਤੇ ਰੱਖੀ ਜਾਏ । ਵੇਖੀ ਜਾਏ ਤੇ ਰੱਖੀ ਜਾਏ । ਮੈਂ ਇੱਕ-ਟਕ ਉਹਦੇ ਚਿਹਰੇ ਵੱਲ ਵੇਖ ਰਿਹਾ ਸਾਂ, ਜੀਹਦੇ ਉੱਤੇ ਕੋਈ ਪ੍ਰਭਾਵ ਨਜ਼ਰ ਨਹੀਂ ਸੀ ਆ ਰਿਹਾ । ਅਖੀਰ ਵਿੱਚ ਉਹਨੇ ਕਾਗ਼ਜ਼ਾਂ ਦੇ ਢੇਰ ਵੱਲ ਇਸ਼ਾਰਾ ਕਰਕੇ ਅਤਿ ਗੰਭੀਰ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ: 'ਪੁੱਤ, ਜਿਹੜੀਆਂ ਤੂੰ ਇਹ ਮੂਰਤਾਂ ਬਣਾਉਨੈ ਨਾ, ਇੱਕ ਦਿਨ ਤੈਨੂੰ ਇਹਨਾਂ ਵਿੱਚ ਜਾਨ ਪਾਉਣੀ ਪੈਣੀ ਐਂ । ਧਰਮਰਾਜ ਨੇ ਕਹਿਣੈ, ਇਹਨਾਂ ਵਿੱਚ ਜਾਨ ਪਾ! ਪਾ ਲਏਂਗਾ?' ਧਰਮਰਾਜ ਦਾ ਨਾਂ ਸੁਣ ਕੇ ਮੈਂ ਡਰ ਗਿਆ । ਕੋਈ ਜਵਾਬ ਨਾ ਅਹੁੜਿਆ । ਸੱਚੀਂ ਮੈਂ ਉਹਨਾਂ ਮੂਰਤਾਂ ਵਿੱਚ ਜਾਨ ਕਿਵੇਂ ਪਾ ਸਕਦਾ ਸਾਂ!

ਓਦੋਂ ਤਾਂ ਮੈਂ ਉਹ 'ਕੁੱਤਾ ਕੰਮ' ਛੱਡ ਦਿੱਤਾ ਤੇ ਗੱਲ ਮੁੱਕ ਗਈ । ਪਰ ਅੱਜ ਮੈਨੂੰ ਨਾਨੀ ਦੇ ਉਨ੍ਹਾਂ ਸ਼ਬਦਾਂ ਦੇ ਅਰਥ ਸਮਝ ਆ ਰਹੇ ਹਨ । ਉਸ ਸ਼ਖ਼ਸ ਨੂੰ ਸਟੇਸ਼ਨਰੀ ਖਰਾਬ ਕਰਨ ਦਾ ਕੀ ਹੱਕ ਹੈ, ਜਿਹੜਾ ਆਪਣੀ ਕਿਰਤ ਵਿੱਚ ਜਾਨ ਨਹੀਂ ਪਾ ਸਕਦਾ? ਧਰਮਰਾਜ ਕਿਤੇ ਬਾਹਰ ਨਹੀਂ ਬੈਠਾ ਹੈ । ਉਹ ਮੇਰੇ ਅੰਦਰ ਬੈਠਾ ਹੈ । ਤੁਹਾਡੇ ਅੰਦਰ ਬੈਠਾ ਹੈ । ਹੁਨਰ ਵਾਲਾ ਕੋਈ ਕੰਮ ਅਸੀਂ ਕਰੀਏ, ਉਹ ਚਿਤਾਵਨੀ ਦੇਂਦਾ ਹੈ: ਯਾਦ ਰੱਖ, ਤੈਨੂੰ ਇਸ ਵਿੱਚ ਜਾਨ ਪਾਉਣੀ ਪਵੇਗੀ! ਇਹ ਵੱਖਰੀ ਗੱਲ ਹੈ ਕਿ ਸਾਡੇ 'ਚੋਂ ਬਹੁਤੇ ਉਹਦੀ ਚਿਤਾਵਨੀ ਵੱਲ ਧਿਆਨ ਨਹੀਂ ਦੇਂਦੇ । ਉਹਨਾਂ ਦਾ ਪੈਦਾ ਕੀਤਾ 'ਹੁਨਰ' ਵੀ ਕਿਸੇ ਦਾ ਧਿਆਨ ਨਹੀਂ ਖਿੱਚਦਾ । ਮੂਰਤਾਂ ਛੱਡ ਕੇ ਭਾਵੇਂ ਮੈਂ ਸਾਹਿੱਤ ਵੱਲ ਆ ਚੁੱਕਾ ਹਾਂ । ਆਪਣੇ ਪੈਰਾਂ 'ਤੇ ਖੜਾ ਹਾਂ । ਕੋਈ ਰੋਕਦਾ ਟੋਕਦਾ ਨਹੀਂ । ਕੋਈ ਡਰ ਨਹੀਂ, ਸ਼ਰਮਿੰਦਗੀ ਨਹੀਂ । ਪਰ ਜਦੋਂ ਵੀ ਕਾਗ਼ਜ਼ ਕਲਮ ਚੁੱਕ ਕੇ ਕੁਝ ਲਿਖਣ ਬੈਠਦਾ ਹਾਂ ਤਾਂ ਨਾਨੀ ਚੇਤੇ ਆ ਜਾਂਦੀ ਹੈ ।

ਸਾਹਿੱਤਕ ਗੈਸ ਪਲਾਂਟ

''ਨਈ ਵਰਾਇਟੀ, ਮਾਲ ਨਯਾ ਹੈ ।
ਨਯਾ ਹੈ ਮੌਸਮ ਸਾਲ ਨਯਾ ਹੈ
-ਆ-ਈ-ਟੋ-ਮਾ-ਈ-ਟਿ-ਕ''

ਮਾਰਕੀਟ ਚੋਂ ਗੁਜ਼ਰਦਿਆਂ ਇਹ ਸੰਗੀਤਕ ਹੋਕਾ ਮੇਰੇ ਕੰਨੀਂ ਪੈਂਦਾ ਹੈ ਤੇ ਮੈਂ ਰੁਕ ਜਾਂਦਾ ਹਾਂ । ਇੱਕ ਛੋਕਰਾ ਪੁਰਾਣੀਆਂ 'ਕਿਤਾਬਾਂ' ਤੱਪੜ 'ਤੇ ਵਿਛਾਈ ਬੈਠਾ ਹੈ । ਕੁਝ ਚਿਰ ਬਾਅਦ ਮੈਨੂੰ ਸਮਝ ਪੈ ਜਾਂਦੀ ਹੈ ਕਿ ਇਹ ''ਆਟੋਮੈਟਿਕ' ਨੂੰ ਵਿਗਾੜ ਕੇ, ਸੰਗੀਤਕ ਬਣਾਉਣ ਲਈ 'ਆਈਟੋਮਾਈਟਿਕ' ਕਹਿ ਰਿਹਾ ਹੈ, ਜਿਵੇਂ ਕੁਝ ਕਵੀ ਚੰਗੇ ਭਲੇ ਸ਼ਬਦਾਂ ਨੂੰ ਵਿਗਾੜ ਕੇ ਕਵਿਤਾ ਬਣਾ ਧਰਦੇ ਹਨ । ਮੈਂ ਇਸ 'ਕਵਿਤਾ' ਬਾਰੇ ਸੋਚਣ ਲੱਗ ਪਿਆ ਹਾਂ: ਕਿੰਨੀ ਬੇਤੁਕੀ ਗੱਲ ਕਰ ਰਿਹਾ ਹੈ । ਰੱਦੀ ਕਿਤਾਬਾਂ ਨੂੰ ਨਵਾਂ ਮਾਲ ਕਹਿ ਰਿਹਾ ਹੈ ਅਤੇ ਕਿੰਨੇ ਦਿਨ ਅਗਾਊਂ ਹੀ ਨਵੇਂ ਸਾਲ ਦੀ ਘੋਸ਼ਣਾ ਕਰੀ ਜਾ ਰਿਹਾ ਹੈ । ਕਹਿੰਦੇ ਨੇ ਕਿ ਕਵਿਤਾ ਸੋਚਣ ਵਾਲੀ ਨਹੀਂ, ਮਾਨਣ ਵਾਲੀ ਚੀਜ਼ ਹੁੰਦੀ ਹੈ । ਪਰ, ਕੁਝ ਵੀ ਕਹਿ ਲਉ, ਮੈਂ ਤਾਂ ਹੁਣ ਸੋਚਣਾ ਸ਼ੁਰੂ ਕਰ ਹੀ ਦਿੱਤਾ ਹੈ । ਥੋੜ੍ਹੀ ਜਿਹੀ ਤਸੱਲੀ ਹੁੰਦੀ ਹੈ ਕਿ ਇਸ ਮੁੰਡੇ ਕੋਲ ਭਾਵੇਂ ਕੋਈ ਚੀਜ਼ ਨਵੀਂ ਨਹੀਂ, ਘੱਟੋ ਘੱਟ ਹੋਕਾ ਤਾਂ ਨਵਾਂ ਹੈ! (ਸਾਡੇ ਬਹੁਤੇ ਕਵੀਆਂ ਕੋਲ ਤਾਂ ਇਹ ਵੀ ਨਹੀਂ ਹੁੰਦਾ!)

ਮੇਰੀ ਸੋਚ ਸਾਰੇ ਮਾਹੌਲ ਤੋਂ ਹਟਕੇ 'ਨਵਾਂ ਸਾਲ' 'ਤੇ ਅਟਕ ਜਾਂਦੀ ਹੈ । ਆਿਖ਼ਰ, ਸਾਲ ਵਿੱਚ ਨਵਾਂ ਕੀ ਹੁੰਦਾ ਹੈ? ਇੱਕ ਦਿਨ ਨਵਾਂ ਤੇ ਬਾਕੀ 364 (ਲੀਪ ਦੇ ਸਾਲ ਵਿੱਚ 365) ਦਿਨ ਪੁਰਾਣੇ! ਦੋ ਜਨਵਰੀ ਤੋਂ ਅਸੀਂ ਮੁੜ ਪੁਰਾਣੇ ਸਾਲ ਵਿੱਚ ਜਿਊਣਾ ਸ਼ੁਰੂ ਕਰ ਦਿੰਦੇ ਹਾਂ, ਨਵੇਂ ਸਾਲ ਦੀ ਉਡੀਕ ਵਿੱਚ! ਇਹ ਚੱਕਰ ਹੈ ਕੀ? ਸਾਡੀ ਸੱਭਿਅਤਾ ਜਾਂ ਸੰਸਕ੍ਰਿਤੀ ਨਾਲ ਇਸ ਰਵਾਇਤ ਦਾ ਕੀ ਸੰਬੰਧ ਹੈ? ਅੰਗਰੇਜ਼ ਮਨਾਉਂਦੇ ਹੋਣਗੇ । ਸਾਡੇ ਵੱਡੇ ਵਡੇਰੇ ਉਨ੍ਹਾਂ ਨੂੰ ਮਨਾਉਂਦਿਆਂ ਵੇਖਦੇ ਹੋਣਗੇ ਜਾਂ ਮਜ਼ਬੂਰਨ ਉਨ੍ਹਾਂ ਨਾਲ ਰਸਮ ਵਿੱਚ ਸ਼ਾਮਿਲ ਹੁੰਦੇ ਹੋਣਗੇ । ਉਨ੍ਹਾਂ ਦੀ ਵੇਖਾ-ਵੇਖੀ ਅਸਾਂ ਸਮਝਿਆ ਕਿ ਇਹ ਵੀ ਕੋਈ ਮਨਾਉਣ ਵਾਲੀ ਚੀਜ਼ ਹੈ, ਤੇ ਬੱਸ ਮਨਾਉਣ ਲੱਗ ਪਏ । ਪਰ ਸ਼ੁਕਰ ਹੈ ਕਿ ਇਸ ਬੀਮਾਰੀ ਦੇ ਕੀਟਾਣੂ ਅਜੇ ਪਿੰਡਾਂ ਤੱਕ ਨਹੀਂ ਪਹੁੰਚੇ, ਸ਼ਹਿਰਾਂ ਤੱਕ ਹੀ ਸੀਮਿਤ ਹਨ । ਖ਼ੈਰ, ਪਿੰਡਾਂ ਵਾਲਿਆਂ ਨੇ ਨਵੇਂ ਸਾਲ ਤੋਂ ਕੀ ਲੈਣਾ ਹੈ! ਲੈਣਾ ਤਾਂ ਮੈਂ ਵੀ ਕੁਝ ਨਹੀਂ, ਪਰ ਜਿਸ ਮਾਹੌਲ ਵਿੱਚ ਮੈਂ ਰਹਿ ਰਿਹਾ ਹਾਂ, ਇਸ ਰਸਮ ਵਿੱਚ ਸ਼ਾਮਿਲ ਹੋਣਾ ਲਾਜ਼ਮੀ ਹੈ । ਏਥੇ ਜਿਹੜਾ ਵਿਅਕਤੀ ਇਹ ਇੱਕ ਦਿਨ ਖੁੰਝਾ ਦਿੰਦਾ ਹੈ, ਕਈ ਸਾਲ ਪਛੜ ਜਾਂਦਾ ਹੈ । ਮੈਂ ਤਾਂ ਪਹਿਲਾਂ ਹੀ ਬਹੁਤ ਪਛੜਿਆ ਹੋਇਆ ਹਾਂ (ਕਿਉਂਕਿ ਕਈ ਸਾਲ ਪਿੰਡ ਵਿੱਚ ਜੁ ਰਿਹਾ ਹਾਂ!), ਹੁਣ ਹੋਰ ਪਛੜਨਾ ਨਹੀਂ ਚਾਹੁੰਦਾ! ਆਈਟੋਮਾਈਟਿਕ-ਧੁਨੀ ਲਗਾਤਾਰ ਮੇਰੇ ਕੰਨਾਂ ਵਿੱਚ ਪੈ ਰਹੀ ਹੈ ਪਰ ਮੈਂ ਸੁਣ ਨਹੀਂ ਰਿਹਾ ।

ਸੋਚ ਰਿਹਾ ਹਾਂ... ...
ਖਿਆਲ ਆਉਂਦਾ ਹੈ ਕਿ ਇਸ ਵਿੱਚ ਮਾੜੀ ਗੱਲ ਵੀ ਕੀ ਹੈ? ਇਸ ਮੌਕੇ 'ਤੇ ਲੋਕ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਭੇਜਦੇ ਨੇ, ਇੱਕ ਦੂਜੇ ਦੀ ਸਿਹਤ ਤੇ ਲੰਮੀ ਉਮਰ ਲਈ ਜਾਮ ਪੀਂਦੇ ਨੇ, ਵਧਾਈਆਂ ਦੇਂਦੇ ਨੇ, ਤੋਹਫ਼ੇ ਦੇਂਦੇ ਨੇ । ਵਪਾਰੀ ਲੋਕ ਇਸ ਮੌਕੇ ਤੋਂ ਇਸ਼ਤਿਹਾਰ ਦਾ ਕੰਮ ਲੈਂਦੇ ਨੇ । ਇਸ ਦਿਨ ਤਾਂ ਛੋਟੇ ਤੋਂ ਛੋਟਾ ਮੁਲਾਜ਼ਮ ਵੀ ਵੱਡੇ ਤੋਂ ਵੱਡੇ 'ਸਾਬ੍ਹ' ਦੇ ਕਮਰੇ ਵਿੱਚ ਬਿਨਾਂ ਪੁੱਛਿਆਂ ਜਾ ਸਕਦਾ ਹੈ । (ਪਰ, ਸਿਰਫ਼ 'ਸਾਲ ਮੁਬਾਰਕ' ਕਹਿਣ) । ਪੁਰਾਣੀਆਂ ਵਾਕਫ਼ੀਆਂ ਨਵਿਆਉਣ ਅਤੇ ਨਵੀਆਂ ਵਾਕਫ਼ੀਆਂ ਬਣਾਉਣ ਲਈ ਇਹ ਸੁਨਹਿਰੀ ਮੌਕਾ ਹੈ ਅਤੇ ਆਉਂਦਾ ਵੀ ਸਾਲ ਵਿੱਚ ਸਿਰਫ਼ ਇੱਕ ਵਾਰੀ ਹੈ । ਫਿਰ ਇਸ ਦਾ ਫ਼ਾਇਦਾ ਉਠਾਉਣ ਵਿੱਚ ਭਲਾ ਕੀ ਨੁਕਸਾਨ ਹੈ! ਹਾਂ, ਤੇ ਇਸ ਮੋਕੇ 'ਤੇ ਮੈਂ ਤੁਹਾਨੂੰ ਨਵੇਂ ਸਾਲ ਦਾ ਕੋਈ ਖ਼ੂਬਸੂਰਤ ਤੋਹਫ਼ਾ ਦੇਣਾ ਚਾਹੁੰਦਾ ਹਾਂ । ਸਭ ਤੋਂ ਵਧੀਆ ਕਿਹੜਾ ਤੋਹਫ਼ਾ ਹੋ ਸਕਦਾ ਹੈ?- ਜੇ ਮੈਂ ਵਪਾਰੀ ਹੁੰਦਾ ਤਾਂ ਨਮਕ ਦਾ ਭਾਅ 15 ਰੁਪਏ ਕਿਲੋ ਕਰ ਦਿੰਦਾ, ਸਰਕਾਰ ਹੁੰਦਾ ਤਾਂ ਕਿਰਾਏ-ਭਾੜੇ ਵਧਾ ਦਿੰਦਾ, ਲੀਡਰ ਹੁੰਦਾ ਤਾਂ ਧਰਮ ਦੇ ਨਾਂ 'ਤੇ ਲੰਬਾ-ਚੌੜਾ ਆਸ਼ੀਰਵਾਦੀ ਬਿਆਨ ਦੇ ਕੇ ਆਪਣੀ ਪਾਰਟੀ ਦੀਆਂ ਵੋਟਾਂ ਵਧਾ ਲੈਂਦਾ, ਜੋਤਸ਼ੀ ਹੁੰਦਾ ਤਾਂ ਤੁਹਾਨੂੰ ਮੁਫ਼ਤ ਵਿੱਚ ਸਬਜ਼-ਬਾਗਾਂ ਦੀ ਸੈਰ ਕਰਵਾ ਦਿੰਦਾ । ਪਰ ਇੱਕ ਮਾਮੂਲੀ ਜਿਹਾ ਲੇਖਕ ਏਡੇ ਵੱਡੇ ਦਾਅਵੇ ਕਿਵੇਂ ਕਰ ਸਕਦਾ ਹੈ! ਮੈਂ ਤਾਂ ਸਿਰਫ਼ ਆਪਣੀ ਮੌਲਿਕ ਕਲਪਨਾ ਦਾ ਫ਼ਾਇਦਾ ਉਠਾ ਕੇ ਕੁਝ ਨਵਾਂ ਦੇ ਸਕਦਾ ਹਾਂ । 'ਆਈਟੋਮਾਈਟਿਕ' ਵਾਂਗ ਸ਼ਬਦ ਵਿਗਾੜ ਕੇ ਨਹੀਂ, ਸਗੋਂ ਸੱਚੀ ਮੁੱਚੀ ਨਵਾਂ! ਜੇਕਰ ਤੁਹਾਡੇ ਵਿੱਚੋਂ ਕੋਈ ਮੇਰੀ ਇਸ ਸਕੀਮ ਨੂੰ ਅਮਲ ਵਿੱਚ ਲਿਆ ਸਕੇ ਤਾਂ ਇਹ ਤੋਹਫ਼ਾ ਅੰਤਰ-ਰਾਸ਼ਟਰੀ ਮਹੱਤਵ ਵਾਲਾ ਹੋ ਜਾਵੇਗਾ । ਮੇਰੀ ਸਕੀਮ ਕੋਈ ਮੁਸ਼ਕਿਲ ਨਹੀਂ ।

'ਗੋਬਰ ਗੈਸ ਪਲਾਂਟ' ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ । ਹੋ ਸਕਦਾ ਹੈ ਕਿ ਤੁਸੀਂ ਵੇਖਿਆ ਹੋਇਆ ਵੀ ਹੋਵੇ ਜਾਂ ਆਪਣੇ ਘਰ ਵਿੱਚ ਲਾਇਆ ਹੋਇਆ ਵੀ ਹੋਵੇ । ਜੇ ਨਹੀਂ, ਤਾਂ ਵੀ ਕੋਈ ਗੱਲ ਨਹੀਂ । ਮਾਮੂਲੀ ਜਿਹਾ ਧਿਆਨ ਦੇਣ ਨਾਲ ਸਾਰੀ ਗੱਲ ਸਮਝ ਵਿੱਚ ਆ ਜਾਵੇਗੀ । ਜੇ ਮੈਨੂੰ ਆ ਸਕਦੀ ਹੈ ਤਾਂ ਤੁਹਾਨੂੰ ਕਿਉਂ ਨਾ ਆਵੇਗੀ? ਲਉ ਸੁਣੋ: ਕਾਫੀ ਮਾਤਰਾ ਵਿੱਚ ਗੋਹਾ ਇੱਕਠਾ ਕਰਕੇ ਇੱਕ ਟੋਏ ਵਿੱਚ ਪਾ ਦਿਉ । ਚੰਗੀ ਤਰ੍ਹਾਂ ਢੱਕ ਦਿਉ । ਕੁਝ ਦਿਨਾਂ ਬਾਅਦ ਗੈਸ ਤਿਆਰ ਹੋ ਜਾਵੇਗੀ । ਗ੍ਰਾਮਸੇਵਕ ਦੀ ਮਦਦ ਨਾਲ ਥੋੜ੍ਹੀ ਜਿਹੀ ਤਕਨੀਕੀ ਜਾਣਕਾਰੀ ਹਾਸਿਲ ਕਰ ਲਉ ਤੇ ਆਪਣੀ ਰਸੋਈ ਤੇ ਦੂਜੇ ਕਮਰਿਆਂ ਵਿੱਚ ਉਸ ਟੋਏ 'ਚੋਂ ਕੁਨੈਕਸ਼ਨ ਲੈ ਜਾਉ । ਤੁਹਾਡਾ ਭੋਜਨ ਵੀ ਪੱਕੇਗਾ ਤੇ ਕਮਰਿਆਂ ਵਿੱਚ ਰੌਸ਼ਨੀ ਵੀ ਹੋਵੇਗੀ । ਤੁਸੀਂ ਹੀਟਰ ਵੀ ਚਲਾ ਸਕਦੇ ਹੋ ਤੇ ਪੱਖਾ ਵੀ । ਗੋਬਰ ਦੇ ਗੁਣਾਂ ਦਾ ਤੁਹਾਨੂੰ ਪਤਾ ਲੱਗੇਗਾ । ਇਸ ਵਿੱਚ ਰੌਸ਼ਨੀ ਹੈ, ਸ਼ਕਤੀ ਹੈ, ਗਰਮੀ ਹੈ ।

ਸਾਹਿੱਤ ਵਿੱਚ ਵੀ ਇਹੋ ਕੁਝ ਹੁੰਦਾ ਹੈ । ਫ਼ਰਕ ਸਿਰਫ਼ ਇਹ ਹੈ ਕਿ ਗੋਬਰ ਦੇ ਗੁਣ ਸਥੂਲ ਹਨ ਤੇ ਸਾਹਿੱਤ ਦੇ ਸੂਖ਼ਮ । ਸਾਹਿੱਤ ਦਿਲਾਂ ਵਿੱਚ ਰੌਸ਼ਨੀ ਪੈਦਾ ਕਰਦਾ ਹੈ, ਅਹਿਸਾਸਾਂ ਨੂੰ ਗਰਮੀ ਦੇਂਦਾ ਹੈ, ਸੋਚ ਦੀ ਹਵਾ ਬਦਲਦਾ ਹੈ, ਜੀਵਨ ਨੂੰ ਸ਼ਕਤੀ ਦੇਂਦਾ ਹੈ । ਤੁਸੀਂ ਕਹੋਗੇ ਕਿ ਸਾਰਾ ਸਾਹਿੱਤ ਏਨਾ ਗੁਣਵਾਨ ਨਹੀਂ ਹੁੰਦਾ । ਮੈਂ ਤੁਹਾਡੇ ਨਾਲ ਸਹਿਮਤ ਹਾਂ । ਅਜਿਹੇ ਸਾਹਿੱਤ ਨੂੰ ਤੁਸੀਂ ਬੇਕਾਰ ਸਮਝਦੇ ਹੋ ਪਰ ਗੋਬਰ ਵਾਂਗ ਤੁਸੀਂ ਉਹਦੀਆਂ ਪਾਥੀਆਂ ਨਹੀਂ ਪੱਥ ਸਕਦੇ, ਫ਼ਸਲਾਂ ਦੀ ਰੂੜੀ ਲਈ ਵੀ ਨਹੀਂ ਵਰਤ ਸਕਦੇ । ਤੁਸੀਂ ਉਸ 'ਤੇ ਪਕੌੜੇ ਪਾ ਕੇ ਖਾਂਦੇ ਹੋ । ਹੱਥ ਪੂੰਝ ਕੇ ਸੁੱਟ ਦੇਂਦੇ ਹੋ । ਲਿਫ਼ਾਫੇ ਬਣਾਉਂਦੇ ਹੋ । ਕਈ ਵਾਰ ਇਨਾਮਾਂ ਲਈ ਵੀ ਚੁਣਦੇ ਹੋ । (ਜਾਂ ਫਿਰ ਕੋਰਸਾਂ ਵਿੱਚ ਪੜ੍ਹਾਉਂਦੇ ਹੋ ।) ਜ਼ਾਹਿਰ ਹੈ ਕਿ ਸਾਹਿੱਤ ਨੂੰ ਗੋਬਰ ਜਿੰਨੀ ਵੀ ਮਹੱਤਤਾ ਨਹੀਂ ਦਿੱਤੀ ਜਾ ਰਹੀ । ਇਸ ਦਾ ਪੂਰਾ ਪੂਰਾ ਫ਼ਾਇਦਾ ਨਹੀਂ ਉਠਾਇਆ ਜਾ ਰਿਹਾ । ਇਸੇ ਸੋਚ ਨੇ ਮੇਰੀ ਇਸ ਸਕੀਮ ਨੂੰ ਜਨਮ ਦਿੱਤਾ ਹੈ ।

ਗੋਬਰ ਗੈਸ ਪਲਾਂਟ ਦਾ ਇੱਕ ਲਾਭ ਹੋਰ ਵੀ ਹੈ ਕਿ ਗੋਬਰ ਨੂੰ ਟੋਏ ਵਿੱਚ ਬੰਦ ਕਰਨ ਨਾਲ ਇੱਕ ਤਾਂ ਆਲੇ-ਦੁਆਲੇ ਦੀ ਸਫ਼ਾਈ ਰਹਿੰਦੀ ਹੈ, ਦੂਜੇ ਵਾਤਾਵਰਣ ਵੀ ਦੂਸ਼ਿਤ ਹੋਣਾੋ ਬਚਿਆ ਰਹਿੰਦਾ ਹੈ । ਪਰ ਜੇਕਰ ਗੋਬਰ ਦੀ ਇੰਝ ਸਦ-ਵਰਤੋਂ ਨਾ ਵੀ ਕੀਤੀ ਜਾਵੇ ਤਾਂ ਵੀ ਬਹੁਤੀ ਖ਼ਤਰੇ ਵਾਲੀ ਗੱਲ ਨਹੀਂ, ਕਿਉਂਕਿ ਬੀਮਾਰੀ ਸਾਡੇ ਸਰੀਰ ਤੱਕ ਸੀਮਿਤ ਰਹੇਗੀ । ਪਰ ਘਟੀਆ ਸਾਹਿੱਤ ਦੇ ਕੀਟਾਣੂ ਤਾਂ ਸਾਡੀ ਸੋਚ ਨੂੰ ਪੀੜ੍ਹੀਆਂ ਤੱਕ ਬੀਮਾਰ ਕਰ ਸਕਦੇ ਹਨ । ਇਹਨਾਂ ਦਾ ਅਸਰ ਮਾਰੂ ਹੈ । ਵੱਡੀ ਗੱਲ ਇਹ ਹੈ ਕਿ ਇਹਨਾਂ ਕੀਟਾਣੂਆਂ ਨਾਲ ਲੱਗੀ ਬੀਮਾਰੀ ਦਾ ਆਦਮੀ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਉਹ ਸਾਖਸ਼ਾਤ ਛੂਤ ਦੀ ਬੀਮਾਰੀ ਵਾਂਗ ਸਮਾਜ ਨੂੰ ਇਹ ਭੋਗ ਵੰਡਦਾ ਰਹਿੰਦਾ ਹੈ । ਇਸ ਰੋਗ ਦੀ ਰੋਕ-ਥਾਮ ਲਈ ਕਿੰਨੀ ਕੁ ਇਹਤਿਆਤ ਦੀ ਲੋੜ ਹੈ, ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ । ਹਾਂ, ਇਹ ਆਈਟੋਮਾਇਟਿਕ ਬੀਮਾਰੀ ਹੈ । ਜਿਸ ਵਿੱਚ ਸੰਗੀਤ ਵੀ ਹੈ ਤੇ ਨਵਾਂਪਨ ਵੀ । ਸਾਵਧਾਨ!

ਇਸ ਰੋਗ ਦੇ ਕੀਟਾਣੂ ਲੇਖਕ ਦੀ ਕਲਮ ਰਾਹੀਂ ਜਨਮ ਲੈਂਦੇ ਹਨ ਪਰ ਇਹ ਖ਼ਤਰਨਾਕ ਓਦੋਂ ਬਣਦੇ ਹਨ ਜਦੋਂ ਇਹਨਾਂ ਨੂੰ ਪ੍ਰਕਾਸ਼ਕ ਅਤੇ ਲਾਇਬਰੇਰੀਅਨ ਦੀ ਸ਼ਹਿ ਮਿਲਦੀ ਹੈ । ਇਹ ਧੜਾਧੜ ਫੈਲਦੇ ਹਨ । ਇਹਨਾਂ ਦੀ ਸ਼ਕਲ ਸਿਹਤਮੰਦ ਕੀਟਾਣੂਆਂ ਵਰਗੀ ਹੀ ਹੁੰਦੀ ਹੈ, ਇਸ ਲਈ ਪਛਾਣ ਔਖੀ ਹੈ । ਪਰ ਫਿਰ ਵੀ ਇਹ ਪਛਾਣ ਜਿੰਨੀ ਛੇਤੀ ਹੋ ਜਾਏ, ਚੰਗੀ ਹੈ । ਥੋੜ੍ਹੀ ਜਿਹੀ 'ਤਕਨੀਕੀ ਜਾਣਕਾਰੀ' ਨਾਲ ਤੁਸੀਂ ਇਨ੍ਹਾਂ ਮਾਰੂ ਕਾਗ਼ਜ਼ਾਂ ਦੀ ਸਦ-ਵਰਤੋਂ ਕਰ ਸਕਦੇ ਹੋ । ਗੋਬਰ ਗੈਸ ਪਲਾਂਟ ਵਾਂਗ ਆਪਣੇ ਘਰ ਵਿੱਚ ਹੀ 'ਸਾਹਿੱਤਕ ਗੈਸ ਪਲਾਂਟ' ਲਗਾ ਸਕਦੇ ਹੋ । ਜਿਹੜਾ ਸਾਹਿੱਤ ਦਿਲਾਂ ਵਿੱਚ ਰੌਸ਼ਨੀ ਪੈਦਾ ਨਹੀਂ ਕਰਦਾ, ਅਹਿਸਾਸਾਂ ਨੂੰ ਗਰਮੀ ਨਹੀਂ ਦੇਂਦਾ, ਸੋਚ ਦੀ ਹਵਾ ਨਹੀਂ ਬਦਲਦਾ, ਜੀਵਨ ਨੂੰ ਸ਼ਕਤੀ ਨਹੀਂ ਦੇਂਦਾ-ਉਸ ਨਾਲ ਭੋਜਨ ਤਾਂ ਪੱਕ ਹੀ ਸਕਦਾ ਹੈ, ਕਮਰੇ ਤਾਂ ਰੌਸ਼ਨ ਹੋ ਸਕਦੇ ਹਨ, ਸਰੀਰ ਤਾਂ ਗਰਮ ਹੋ ਸਕਦਾ ਹੈ, ਪੱਖਾ ਤਾਂ ਚੱਲ ਸਕਦਾ ਹੈ! ਸਭ ਕੁਝ ਆਈਟੋਮਾਈਟਿਕ!!

ਅਨੁਵਾਦ ਦੀ ਕਲਾ

ਮੌਲਿਕ ਰਚਨਾ ਕਰਨਾ ਆਨੰਦ ਦੀ ਅਵੱਸਥਾ ਉਤਪਨ ਕਰਨ ਵਾਲਾ ਕਰਮ ਹੈ । ਬੜੇ ਆਰਾਮ ਨਾਲ ਆਪਣੇ ਅਹਮ ਦਾ ਪ੍ਰਗਟਾਵਾ ਕਰਨ ਵਾਲੀ ਗੱਲ ਹੈ । ਅਜਿਹੀ ਰਚਨਾ-ਪ੍ਰਕਿਰਿਆ 'ਚੋਂ ਗੁਜ਼ਰਦਾ ਹੋਇਆ ਵਿਅਕਤੀ ਇੱਕ ਵਿਸ਼ੇਸ਼ ਪ੍ਰਕਾਰ ਦੇ ਸੁਖਦਾਈ ਅਨੁਭਵ ਨੂੰ ਪ੍ਰਾਪਤ ਹੁੰਦਾ ਹੈ । ਜੋ ਕਹਿ ਦਿੱਤਾ, ਕਹਿ ਦਿੱਤਾ । ਆਪਣੀ ਰਚਨਾ ਦਾ ਉਹ ਰੱਬ ਹੁੰਦਾ ਹੈ । ਉਂਝ ਤਾਂ ਇਸ ਵਿਸ਼ੇ ਬਾਰੇ ਬਹੁਤ ਕੁਝ ਕਿਹਾ ਜਾ ਚੁੱਕਾ ਹੈ । ਏਥੋਂ ਤੱਕ ਕਿ ਕਈ ਰਚਣਹਾਰਿਆਂ ਨੂੰ ਜੰਮਣ-ਪੀੜ ਜਣੇਪੇ ਵਾਂਗ ਭੁਗਤਣੀ ਪੈਂਦੀ ਹੈ ਪਰ ਕਈ ਬਾਪ ਵਾਂਗ ਸੁਰਖ਼ਰੂ ਹੋ ਕੇ ਇਹ ਅਨੁਭਵ ਹੰਢਾਉਂਦੇ ਹਨ । ਖੈਰ, ਮੌਲਿਕ ਰਚਨਾ ਕਰਨਾ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ, ਅਨੁਵਾਦ ਕਰਨ ਨਾਲੋਂ ਸਹਿਲ ਕੰਮ ਹੈ । ਮੌਲਿਕ ਰਚਨਾ ਕਰਕੇ ਵਿਅਕਤੀ ਆਪਣਾ ਮਾਨਸਿਕ ਬੋਝ ਹੌਲਾ ਕਰ ਰਿਹਾ ਹੁੰਦਾ ਹੈ ਪਰ ਅਨੁਵਾਦਕ ਨੂੰ ਉਸਦਾ ਉਤਾਰਿਆ ਹੋਇਆ ਇਹ ਭਾਰ ਆਪਣੇ ਮਨ 'ਤੇ ਲੱਦਣਾ ਪੈਂਦਾ ਹੈ ਤੇ ਉਸ ਦੇ ਨਾਲ ਨਾਲ ਦੋ ਭਾਸ਼ਾਵਾਂ ਦਾ ਇੱਕੋ ਜਿਹਾ ਗਿਆਨ, ਸ਼ਬਦ-ਕੋਸ਼ਾਂ ਨਾਲ ਮੱਥਾ-ਪੱਚੀ, ਦੋਹਾਂ ਬੋਲੀਆਂ ਦੇ ਮੁਹਾਵਰੇ ਦੀ ਪਛਾਣ ਤੇ ਹੋਰ ਬਹੁਤ ਕੁਝ ਲੋੜੀਂਦਾ ਹੈ । ਉੱਤੋਂ ਮੁਸੀਬਤ ਇਹ ਹੈ ਕਿ ਅਨੁਵਾਦਕ ਦਾ ਰੋਲ 'ਨੰਬਰ ਇੱਕ' ਨਹੀਂ ਮੰਨਿਆਂ ਜਾਂਦਾ । ਕਿਸੇ ਰਚਨਾ ਦੀ ਆਤਮਾ ਦਾ ਦੂਜੀ ਬੋਲੀ ਵਿੱਚ ਪ੍ਰਵੇਸ਼ ਕਰਾਉਣਾ ਬਹੁਤ ਵੱਡੀ ਸ਼ਖਸੀਅਤ ਦਾ ਚਮਤਕਾਰ ਹੈ ਪਰੰਤੂ ਖ਼ੇਦ ਦੀ ਸਥਿਤੀ ਹੈ ਕਿ ਅਜਿਹੇ ਚਮਤਕਾਰਾਂ ਨੂੰ ਯੋਗ ਸਨਮਾਨ ਦੇਣਾ ਤਾਂ ਲਾਂਭੇ-ਇਸ ਔਝੜ ਘਾਟੀ ਦੀ ਯਾਤਰਾ ਨੂੰ ਅਸੀਂ 'ਕਲਾ' ਦਾ ਨਾਂ ਦੇਣੋਂ ਵੀ ਸੰਕੋਚ ਕਰਦੇ ਹਾਂ ।

ਇਹ ਸੱਚਾਈ ਹੈ ਕਿ ਲੇਖਕ ਬਣਨਾ ਕਿਸੇ ਦੇ ਵੱਸ ਦਾ ਰੋਗ ਨਹੀਂ । ਪ੍ਰਕ੍ਰਿਤੀ, ਵਾਤਾਵਰਣ ਅਤੇ ਸਾਧਨ ਵਿਅਕਤੀ ਨੂੰ ਲੇਖਕ ਬਣਾਉਂਦੇ ਹਨ । ਉਸ ਨੂੰ 'ਪ੍ਰਯਤਨ' ਨਹੀਂ ਕਰਨੇ ਪੈਂਦੇ । ਜਾਂ ਇਉਂ ਕਹਿ ਲਈਏ ਕਿ ਉਸਦਾ ਇਹ ਸਾਰਾ ਕੰਮ ਆਪਮੁਹਾਰਾ ਹੋਈ ਜਾਂਦਾ ਹੈ । ਅਚੇਤ-ਮਨੋਂ ਹੀ ਉਸ ਦੁਆਰਾ ਬਹੁਤ ਕੁਝ ਮਹੱਤਵਪੂਰਨ ਅਤੇ ਮਹਾਨ ਸਿਰਜਿਆ ਜਾਂਦਾ ਹੈ । ਇਸ ਕਲਾ ਦਾ ਏਨਾਂ ਕੁ ਭਾਗ ਬਿਲਕੁਲ ਉਵੇਂ ਹੈ ਜਿਵੇਂ ਚਿੱਤਰਕਾਰ ਕੋਈ ਪੇਂਟਿੰਗ ਕਰ ਰਿਹਾ ਹੋਵੇ ਜਾਂ ਸੰਗੀਤਕਾਰ ਕਿਸੇ ਨਵੀਂ ਧੁਨ ਦੀ ਲਗਨ ਵਿੱਚ ਹੋਵੇ । ਪਰੰਤੂ ਅੰਤਰ ਏਨਾਂ ਹੈ ਕਿ ਚਿੱਤਰ ਜਾਂ ਸੰਗੀਤ ਨੂੰ ਅਨੁਵਾਦਣ ਦੀ ਲੋੜ ਨਹੀਂ ਪੈਂਦੀ । ਕਲਾਕਾਰ ਦਾ ਕੰਮ ਖ਼ਤਮ । ਸਾਹਿੱਤ ਦੇ ਖੇਤਰ ਵਿੱਚ ਬੋਲੀਆਂ ਦੀ ਵਿਭਿੰਨਤਾ ਨੇ ਅਨੁਵਾਦ- ਕਲਾ ਦੀ ਲੋੜ ਪੈਦਾ ਕੀਤੀ । ਅਨੁਵਾਦਕ ਕੋਈ ਬਿਨ-ਬੁਲਾਇਆ ਮਹਿਮਾਨ ਨਹੀਂ ।

ਸਾਹਿੱਤ-ਸਮਾਜ ਵਿੱਚ ਅਨੁਵਾਦਕ ਦਾ ਸਥਾਨ ਨਿਸ਼ਚਿਤ ਕਰਨ ਤੋਂ ਪਹਿਲਾਂ ਆਪਾਂ ਜ਼ਰਾ ਉਸ ਦੇ ਕਾਰਜ-ਖੇਤਰ ਦਾ ਅਨੁਮਾਨ ਲਾ ਲਈਏ ਤਾਂ ਕੋਈ ਹਰਜ਼ ਵਾਲੀ ਗੱਲ ਨਹੀਂ । ਅਨੁਵਾਦਕ ਸਭ ਤੋਂ ਪਹਿਲਾਂ ਇੱਕ ਸੂਝਵਾਨ-ਸੁੁਹਿਰਦ ਪਾਠਕ ਹੈ, ਜੋ ਅਨੁਵਾਦ-ਅਧੀਨ ਰਚਨਾ ਦੀ ਅੰਤਰ-ਆਤਮਾ ਤੀਕ ਪੁੱਜ ਕੇ ਉਸ ਨੂੰ ਮਾਣਦਾ ਹੈ । ਇਹ ਉਹ ਅਵੱਸਥਾ ਹੈ ਜਦੋਂ ਉਹ ਰਚਨਾ ਰਾਹੀਂ ਲੇਖਕ ਨਾਲ ਮੁਲਾਕਾਤ ਕਰਦਾ ਹੈ ਤੇ ਇਸ ਮੁਲਾਕਾਤ ਨੂੰ ਜਦੋਂ ਉਹ ਅਜਨਬੀ ਭਾਸ਼ਾ ਦੇ ਪਾਠਕਾਂ ਤੀਕ ਫੈਲਾਉਣਾ ਚਾਹ ਰਿਹਾ ਹੁੰਦਾ ਹੈ ਤਾਂ ਉਸ ਵਿਚਲਾ ਪਾਠਕ ਵਿਗਸ ਕੇ ਆਲੋਚਕ ਦਾ ਰੂਪ ਧਾਰ ਰਿਹਾ ਹੁੰਦਾ ਹੈ । ਭਾਵਨਾ-ਖੇਤਰ ਤੋਂ ਬੁੱਧੀ ਵਲ ਯਾਤਰਾ ਦੇ ਦੌਰਾਨ ਉਹ ਰਚਨਾ ਦੇ ਰੂਪਕ ਪੱਖ ਦਾ ਤੀਖਣ ਦ੍ਰਿਸ਼ਟੀ ਨਾਲ ਨਿਰੀਖਣ ਕਰਦਾ ਹੈ । ਇਹ ਸਰਵੇਖਣ ਤਾਂ ਹੀ ਸਫ਼ਲ ਹੋ ਸਕਦਾ ਹੈ ਜੇ ਚੇਤ ਤੇ ਅਚੇਤ ਮਨ ਵਿੱਚ ਸੰਤੁਲਨ ਬਣਿਆ ਰਹੇ । ਏਨਾ ਰਸਤਾ ਤੈਅ ਕਰਨ ਤੋਂ ਬਾਅਦ ਉਹ ਸ਼ਬਦਾਂ ਵਿੱਚ ਘਿਰ ਜਾਂਦਾ ਹੈ ।

ਸ਼ਬਦਾਂ ਦੇ ਸਥਾਪਿਤ ਅਰਥ ਬਹੁਤ ਵਾਰ ਸਹੀ ਸੰਕੇਤ ਦੇਣੋਂ ਨਾਂਹ ਕਰ ਜਾਂਦੇ ਹਨ, ਕੋਸ਼-ਅਰਥ ਕੁਝ ਹੋਰ ਹੁੰਦਾ ਹੈ ਪਰੰਤੂ ਲੇਖਕ ਨੇ ਜਿਸ ਹਿਸਾਬ ਨਾਲ ਉਹ ਸ਼ਬਦ ਫਿੱਟ ਕੀਤਾ ਹੁੰਦਾ ਹੈ-ਉਸ ਦਾ ਇਸ਼ਾਰਾ ਕਿਸੇ ਹੋਰ ਦਿਸ਼ਾ ਵੱਲ ਹੁੰਦਾ ਹੈ । ਸਾਹਿੱਤ ਤਾਂ ਹੈ ਹੀ ਸ਼ਬਦ-ਵਿਸਥਾਰ । ਸਾਹਿੱਤਕਾਰ ਆਪਣੀ ਮੌਲਿਕ ਸ਼ਕਤੀ ਦੇ ਵੱਧ ਤੋਂ ਵੱਧ ਕਰਤੱਬ ਦੱਸਦਾ ਹੋਇਆ ਉਡਾਰੀਆਂ ਲਾਉਂਦਾ ਹੈ ਤੇ ਸ਼ਬਦਾਂ ਤੋਂ ਆਪਣੀ ਇੱਛਿਆ ਅਨੁਸਾਰ ਕੰਮ ਲੈਂਦਾ ਹੈ । ਸ਼ਬਦ ਜਦੋਂ ਵਾਕ ਬਣਦਾ ਹੈ ਤਾਂ ਅਸਲੀਅਤ ਦਾ ਪਤਾ ਲੱਗਦਾ ਹੈ ਤੇ ਫਿਰ ਕਈ ਵਾਕੰਸ਼ ਅਤੇ ਮੁਹਾਵਰੇ ਅਜਿਹੇ ਘੜਦਾ ਹੈ ਜੋ ਦੂਜੀ ਬੋਲੀ ਵਿੱਚ ਉਵੇਂ ਜਿਵੇਂ ਉਲਥਾ ਦੇਣ ਨਾਲ ਅਰਥ ਦਾ ਅਨਰਥ ਕਰ ਦੇਣ! ਇਹ ਪੜਾਅ ਹੈ ਅਨੁਵਾਦਕ ਦੀ ਪ੍ਰੀਖਿਆ ਦਾ । ਇਸ ਸਮੇਂ ਉਸ ਦੀ ਨਸ ਨਸ ਕਰਮਸ਼ੀਲ ਹੁੰਦੀ ਹੈ । ਸ਼ਬਦ, ਵਾਕ, ਪੈਰਾ ਤੇ ਫਿਰ ਸਮੁੱਚਾ ਪ੍ਰਭਾਵ । ਵਰਤੀ ਗਈ ਥੋੜ੍ਹੀ ਜਿਹੀ ਕੁਤਾਹੀ ਵੀ ਗੜਬੜ ਕਰ ਸਕਦੀ ਹੈ ।

ਅਨੁਵਾਦਕ ਰਚਨਾ ਤੋਂ ਤੁਰਿਆ ਤੇ ਸਿਰਜਣਾ 'ਤੇ ਪੁੱਜਿਆ ਪਰ ਸਫ਼ਰ ਅਜੇ ਬਾਕੀ ਹੈ । ਬੋਲੀ ਦੇ ਨਾਲ ਨਾਲ ਸੱਭਿਆਚਾਰ ਵਿੱਚ ਵੀ ਫ਼ਰਕ ਹੁੰਦਾ ਹੈ । ਭਾਸ਼ਾ ਤਾਂ ਕਿਤਾਬਾਂ 'ਚੋਂ ਸਿੱਖੀ ਜਾ ਸਕਦੀ ਹੈ । ਪਰ ਸੱਭਿਆਚਾਰ ਦੀ ਜਾਣਕਾਰੀ ਵਿਅੱਕਤਿੱਤਵ ਨਾਲ ਸੰਬੰਧ ਰੱਖਦੀ ਹੈ । ਇਹ ਤੁਲਨਾਤਮਿਕ ਗਿਆਨ ਹੀ ਅਨੁਵਾਦ ਨੂੰ ਉੱਤਮ ਕੋਟੀ ਪ੍ਰਦਾਨ ਕਰ ਸਕਣ ਦੇ ਸਮਰੱਥ ਹੈ-ਨਹੀਂ ਤਾਂ ਸਫ਼ਰ ਦੇ ਆਖ਼ਰੀ ਪੜਾਅ 'ਤੇ ਪੁੱਜ ਕੇ ਵੀ ਪੈਰ ਤਿਲਕ ਸਕਦਾ ਹੈ । ਇਸ ਤਰ੍ਹਾਂ ਇੱਕ ਰਚਨਾ ਦਾ ਕਾਇਆ-ਕਲਪ ਕਰਦਾ ਹੈ, ਇਹ ਪਾਠਕ, ਆਲੋਚਕ, ਸਿਰਜਕ ਅਤੇ ਭਾਸ਼ਾ-ਮਾਹਿਰ-ਅਨੁਵਾਦਕ!

ਰਚਨਾ ਅਨੁਵਾਦ ਹੋ ਗਈ । ਪਰੰਤੂ ਜੇ ਉਹੀ ਅਨੁਵਾਦਕ ਉਸ ਰਚਨਾ ਨੂੰ ਫਿਰ ਮੂਲ ਭਾਸ਼ਾ ਵਿੱਚ ਪ੍ਰਸਤੁਤ ਕਰਨਾ ਚਾਹੇ ਤਾਂ ਪਹਿਲਾ ਰੂਪ ਨਹੀਂ ਰਹੇਗਾ । ਵਾਕ ਬਣਤਰ ਬਦਲ ਜਾਏਗੀ । ਕਾਰਨ ਇਹ ਕਿ ਹਰ ਅਨੁਵਾਦ ਦੀ ਆਪਣੀ ਮੌਲਿਕਤਾ ਹੁੰਦੀ ਹੈ । ਏਥੇ ਮਸ਼ੀਨੀ ਅਸੂਲ ਲਾਗੂ ਨਹੀਂ ਕੀਤੇ ਜਾ ਸਕਦੇ । ਅਨੁਵਾਦ ਸਿਰਫ਼ ਭਾਸ਼ਾ ਦਾ ਹੀ ਨਹੀਂ, ਭਾਵਾਂ ਦਾ ਵੀ ਹੁੰਦਾ ਹੈ ਤੇ ਭਾਵ ਆਪਣੀ ਸੂਖ਼ਮਤਾ ਨੂੰ ਸਦਾ ਇੱਕ-ਰੂਪ ਨਹੀਂ ਰੱਖ ਸਕਦੇ ।

ਅਨੁਵਾਦਕ ਦੀ ਘਾਲਣਾ ਸੁੱਤੇ-ਸਿੱਧ ਅਨੇਕ ਖੇਤਰਾਂ 'ਤੇ ਆਪਣਾ ਪ੍ਰਭਾਵ ਪਾਉਂਦੀ ਹੈ । ਵਿਸ਼ਵ- ਸਾਹਿੱਤ, ਭਾਸ਼ਾਵਾਂ ਅਤੇ ਸੱਭਿਆਚਾਰ ਇਸੇ ਮਾਧਿਅਮ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਆਦਾਨ-ਪ੍ਰਦਾਨ ਦਾ ਸਿਲਸਿਲਾ ਅੱਗੇ ਤੁਰਦਾ ਹੈ ।

ਇਹ ਵੀ ਦਲੀਲ ਨਿਰਮੂਲ ਨਹੀਂ ਕਿ ਬਹੁਤ ਸਾਰੇ ਸਾਹਿੱਤ–ਰਸੀਆਂ ਨੇ ਟੈਗੋਰ ਦੀਆਂ ਕਿਰਤਾਂ ਪੜ੍ਹਨ ਲਈ ਬੰਗਾਲੀ ਸਿੱਖੀ; ਪਰੰਤੂ ਇਹ ਵੀ ਮੰਨਣਾ ਪਵੇਗਾ ਕਿ ਮੂਲ ਰਚਨਾਵਾਂ ਪੜ੍ਹਨ ਦੀ ਪ੍ਰੇਰਨਾ ਉਹਨਾਂ ਨੂੰ ਅਨੁਵਾਦ ਪੜ੍ਹ ਕੇ ਹੀ ਮਿਲੀ ਸੀ । ਇਸ ਨਾਲ ਅਨੁਵਾਦ ਦਾ ਮਹੱਤਵ ਘਟਦਾ ਨਹੀਂ ਸਗੋਂ ਵੱਧਦਾ ਹੈ । ਬਾਈਬਲ, ਗੀਤਾ ਅਤੇ ਕੁਰਾਨ ਤੋਂ ਸਾਰਾ ਸੰਸਾਰ ਵਾਕਿਫ਼ ਹੈ । ਅੰਮ੍ਰਿਤਾ ਪ੍ਰੀਤਮ ਬਲਗਾਰੀਆ 'ਚ ਸਲਾਹੀ ਜਾਂਦੀ ਹੈ । ਨਾਨਕ ਸਿੰਘ ਰੂਸ 'ਚ ਪੜ੍ਹਿਆ ਜਾਂਦਾ ਹੈ । ਸਿਹਰਾ ਅਨੁਵਾਦਕ ਦੇ ਸਿਰ 'ਤੇ ਹੀ ਬੱਝਦਾ ਹੈ । ਸੁਜਾਨ ਸਿੰਘ ਦੀ ਕਹਾਣੀ 'ਰਾਸ ਲੀਲਾ' ਜੇ ਅਨੁਵਾਦ ਹੋ ਕੇ ਰੂਸੀ ਭਾਸ਼ਾ ਵਿੱਚ ਨਾ ਛਪਦੀ ਤਾਂ ਸ਼ਾਇਦ ਸੁਜਾਨ ਸਿੰਘ ਨੂੰ ਸਥਾਪਿਤ ਹੋਣ ਲਈ ਹੋਰ ਕਿੰਨਾ ਚਿਰ ਉਡੀਕਣਾ ਪੈਂਦਾ । ਅਨੁਵਾਦ ਦੀ ਅਣਹੋਂਦ ਹੁੰਦੀ ਤਾਂ ਗੀਤਾਂਜਲੀ ਨੋਬਲ ਪੁਰਸਕਾਰ ਦੀ ਭਾਗੀ ਕਦੇ ਨਾ ਬਣਦੀ । ਅਨੁਵਾਦਕ ਦਾ ਕੰਮ ਲੇਖਕ ਤੋਂ ਬਾਅਦ ਸ਼ੁਰੂ ਹੁੰਦਾ ਹੈ ਪਰ ਇਸ ਨਾਲ ਦਰਜਾਬੰਦੀ ਕਿਵੇਂ ਹੋ ਗਈ? ਸਗੋਂ ਜੇ ਈਮਾਨਦਾਰੀ ਨਾਲ ਵਿਚਾਰਿਆ ਜਾਏ ਤਾਂ ਲੇਖਕ ਨਾਲੋਂ ਅਨੁਵਾਦਕ ਦਾ ਕੰਮ ਜਿਆਦਾ ਜ਼ਿੰਮੇਵਾਰੀ ਵਾਲਾ ਹੈ । ਪਰੰਤੂ ਜੇ ਤੁਲਨਾ ਨਾ ਵੀ ਕਰਨੀ ਹੋਵੇ ਤਾਂ ਦੋਹਾਂ ਦੀ ਕਲਾ ਦੀ ਆਪਣੀ ਆਪਣੀ ਚਮਕ ਹੈ ਅਤੇ ਦੋਵੇਂ ਇੱਕ ਦੂਜੇ ਦੀਆਂ ਪੂਰਕ ਹਨ ।

ਯੂਨੀਵਰਸਿਟੀਆਂ ਵਿੱਚ ਅਨੁਵਾਦ ਵਿਭਾਗ ਹਨ । ਭਾਰਤੀ ਸਾਹਿੱਤ ਅਕਾਦਮੀ ਅਤੇ ਨੈਸ਼ਨਲ ਬੁੱਕ ਟਰੱਸਟ ਵਾਲੇ ਵੀ ਦੁਨੀਆ ਦੀਆਂ ਪ੍ਰਸਿੱਧ ਪੁਸਤਕਾਂ ਭਾਰਤ ਦੀਆਂ ਆਧੁਨਿਕ ਭਾਸ਼ਾਵਾਂ ਵਿੱਚ ਉਲਥਵਾ ਰਹੇ ਹਨ । ਪੰਜਾਬੀ ਵਿੱਚ ਇਹ ਕੰਮ ਭਾਸ਼ਾ ਵਿਭਾਗ, ਟੈਕਸਟ ਬੁੱਕ ਬੋਰਡ ਅਤੇ ਤਿੰਨਾਂ ਯੂਨੀਵਰਸਿਟੀਆਂ ਵੱਲੋਂ ਹੋ ਰਿਹਾ ਹੈ । ਸਪੱਸ਼ਟ ਹੈ ਕਿ ਅਨੁਵਾਦ ਦੀ ਲੋੜ ਨੂੰ ਪੂਰੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ । ਪਰੰਤੂ ਇਸ ਤਰ੍ਹਾਂ ਦੀਆਂ ਹਜ਼ਾਰਾਂ ਸੰਸਥਾਵਾਂ ਹੋਂਦ ਵਿੱਚ ਆ ਕੇ ਵੀ ਅਸਲੀ ਮਕਸਦ ਤੱਕ ਨਹੀਂ ਪਹੁੰਚ ਸਕਣਗੀਆਂ, ਜੇ ਉਹਨਾਂ ਦੀ ਪਹੁੰਚ ਠੀਕ ਨਾ ਹੋਈ ਤਾਂ । ਇਹ ਗੱਲ ਕੋਈ ਭੇਦ ਵਾਲੀ ਨਹੀਂ ਕਿ ਪੰਜਾਬੀ ਭਾਸ਼ਾ ਵਿੱਚ ਵਧੇਰੇ ਕਰਕੇ ਅਨੁਵਾਦ ਕੀਤੀਆਂ ਗਈਆਂ ਪੁਸਤਕਾਂ ਤੋਂ ਕੇਵਲ ਪੈਸੇ ਹੀ ਕਮਾਏ ਗਏ ਹਨ ਅਤੇ ਅਨੁਵਾਦ ਵਰਗੀ ਉੱਚੀ ਕਲਾ ਨੂੰ ਬਦਨਾਮ ਕੀਤਾ ਗਿਆ ਹੈ । ਅਨੁਵਾਦ ਦੇ ਕੁਝ ਇੱਕ ਵਿਅੱਕਤੀਗਤ ਯਤਨ ਵੀ ਸ਼ਲਾਘਾਯੋਗ ਹਨ । ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਵਿਰਦੀ, ਮੋਹਨ ਸਿੰਘ, ਨਵਤੇਜ, ਜਗਜੀਤ ਆਨੰਦ ਆਦਿ ਇਸ ਪੱਖ ਤੋਂ ਵਧਾਈ ਦੇ ਹੱਕਦਾਰ ਹਨ । ਪਰ...

ਅਨੁਵਾਦ ਦੀ ਪੱਧਰ ਉੱਚੀ ਨੀਵੀਂ ਹੋ ਸਕਦੀ ਹੈ ਪਰ ਮਿਹਨਤ ਦੀ ਦਾਦ ਦੇਣੀ ਤਾਂ ਬਣਦੀ ਹੀ ਹੈ । ਜਦੋਂ ਪੰਜਾਬੀ ਵਿੱਚ ਅਨੁਵਾਦ ਨੂੰ ਆਪਣਾ ਸਹੀ ਥਾਂ ਦੇ ਦਿੱਤਾ ਜਾਏਗਾ ਅਤੇ ਅਨੁਵਾਦਕ ਲਈ ਯੋਗ ਵਾਤਾਵਰਣ ਤਿਆਰ ਹੋ ਜਾਏਗਾ ਤਾਂ ਪੱਧਰ ਆਪਣੇ ਆਪ ਉੱਚੀ ਹੁੰਦੀ ਜਾਏਗੀ । ਅੱਜ ਅਨੁਵਾਦ ਇੱਕ ਕਲਾ ਨਹੀਂ ਰਿਹਾ, ਸਮੱਸਿਆ ਬਣ ਗਿਆ ਹੈ ਤੇ ਇਸ ਸਮੱਸਿਆਂ ਦਾ ਸਮਾਧਾਨ ਵੀ ਕਲਾਕਾਰ ਹੀ ਕਰ ਸਕਦੇ ਹਨ । ਪਰ ਕਲਾਕਾਰਾਂ ਦੀ ਜ਼ਿੰਮੇਵਾਰੀ ਪਿੱਛੋਂ ਸ਼ੁਰੂ ਹੁੰਦੀ ਹੈ, ਪਹਿਲਾਂ ਤਾਂ ਅਨੁਵਾਦ ਕਰਵਾਉਣ ਵਾਲੇ ਸਰਕਾਰੀ ਜਾਂ ਨੀਮ-ਸਰਕਾਰੀ ਅਦਾਰਿਆਂ 'ਚੋਂ ਭਿ੍ਸ਼ਟ ਹੋਈ ਰਾਜਨੀਤੀ ਕੱਢ ਕੇ ਮਾਹੌਲ ਸੁਖਾਵਾਂ ਬਣਾਉਣ ਦੀ ਲੋੜ ਹੈ ।

ਵਿਅੰਗ ਸਾਣ ਹੈ ਹਥਿਆਰ ਨਹੀਂ

ਵਿਅੰਗ ਦੋ ਯਥਾਰਥਾਂ ਦੀ ਰਗੜ 'ਚੋਂ ਨਿਕਲਣ ਵਾਲੀ ਅੱਗ ਹੈ । ਇਸ ਅੱਗ ਨੂੰ ਕੱਢਣਾ ਸਹਿਲ ਹੈ ਪਰ ਪਕੜ ਵਿੱਚ ਲਿਆਉਣਾ ਹਿਕਮਤ । ਇਸ ਅੱਗ ਦੀ ਗਰਮੀ, ਰੌਸ਼ਨੀ ਤੇ ਸੁੰਦਰਤਾ ਪੱਥਰਾਂ ਦੇ ਭੇੜ ਦੀ ਪ੍ਰਕ੍ਰਿਆ ਹੈ-ਸ਼ਬਦਾਂ ਦੀ ਇਮਾਰਤੀ ਸੰਰਚਨਾ ਨਹੀਂ । ਜਿਹੜੀਆਂ ਅੱਖਾਂ ਸਿਰਫ਼ ਧੂਏਂ ਤੋਂ ਹੀ ਅੱਗ ਦਾ ਅੰਦਾਜ਼ਾ ਲਾਉਣ ਗਿੱਝੀਆਂ ਹੋਈਆਂ ਹਨ, ਉਹਨਾਂ ਦਾ ਇਸ ਅਗਨ-ਸੁਹਜ-ਦਰਸ਼ਨ ਤੋਂ ਵਾਂਝਿਆਂ ਰਹਿਣਾ ਕੁਦਰਤੀ ਹੈ ।

ਹਾਸਾ ਸਥਿਤ ਹੁੰਦਾ ਹੈ, ਵਿਅੰਗ ਵਿਆਪਿਤ । ਹਾਸਾ ਮਿਲਦਾ ਹੈ ਤੇ ਵਿਛੜ ਜਾਂਦਾ ਹੈ, ਵਿਅੰਗ ਸਦੀਵੀ ਸਾਥੀ ਹੈ । ਜਿੱਥੇ ਹਾਸਾ ਹੈ, ਜ਼ਰਾ ਰੁਕੋ, ਵਿਅੰਗ ਦਿਸ ਪਵੇਗਾ । ਜਿੱਥੇ ਧੂਆਂ ਹੈ, ਜ਼ਰਾ ਰੁਕੋ, ਅੱਗ ਦਿਸ ਪਵੇਗੀ । ਪਰ, ਹਰ ਵਿਅੰਗ 'ਚੋਂ ਤੁਹਾਨੂੰ ਹਾਸਾ ਨਹੀਂ ਲੱਭੇਗਾ, ਹਰ ਅੱਗ 'ਚੋਂ ਤੁਹਾਨੂੰ ਧੂਆਂ ਨਹੀਂ ਦਿਸੇਗਾ । ਹਾਸਾ ਲਮਕ ਜਾਏ ਤਾਂ ਸਮਝੋ ਪੀਹਣ ਗਿੱਲਾ ਹੈ, ਧੂਆਂ ਲਮਕ ਜਾਏ ਤਾਂ ਸਮਝੋ ਲੱਕੜ ਗਿੱਲੀ ਹੈ । ਧੂਆਂ, ਰੋਣ ਵਾਲਿਆਂ ਲਈ ਪੱਜ ਬਣ ਸਕਦਾ ਹੈ, ਥੋੜ੍ਹੀ ਦੇਰ ਲਈ ਸਕੂਨ ਦੇ ਸਕਦਾ ਹੈ ਪਰ ਨਾਲ ਦੀ ਨਾਲ ਦ੍ਰਿਸ਼ਟੀ ਨੂੰ ਗੰਧਲਾ ਵੀ ਕਰਦਾ ਹੈ । ਵਿਅੰਗ ਦ੍ਰਿਸ਼ ਦੇਂਦਾ ਹੈ, ਦ੍ਰਿਸ਼ਟੀ ਦੇਂਦਾ ਹੈ, ਦ੍ਰਿਸ਼ਟੀਕੋਣ ਦੇਂਦਾ ਹੈ; ਹੱਸਣ ਲਈ ਖਲ੍ਹਾਰਦਾ ਨਹੀਂ, ਮਾਨਣ ਲਈ ਤੋਰਦਾ ਹੈ । ਹਾਸਾ ਠਾਹ ਜੱਫੀ ਪਾ ਕੇ ਮਿਲਦਾ ਹੈ ਤੇ ਕੜੱਕ ਕਰਕੇ ਟੁੱਟ ਜਾਂਦਾ ਹੈ । ਵਿਅੰਗ ਦੇਰ ਬਾਅਦ ਪਕੜ ਵਿੱਚ ਆਉਂਦਾ ਹੈ, ਦੇਰ-ਪਾ ਹੁੰਦਾ ਹੈ । ਹਾਸਾ ਮਾਹੌਲ ਨੂੰ ਹੋਛੀ ਰੰਗਣ ਵੀ ਦੇ ਸਕਦਾ ਹੈ, ਵਿਅੰਗ ਗੰਭੀਰਤਾ ਤੋਂ ਵਿੱਛੜ ਕੇ ਜ਼ਿੰਦਾ ਹੀ ਨਹੀਂ ਰਹਿ ਸਕਦਾ, ਹਾਸੋਹੀਣਾ ਹੋ ਜਾਂਦਾ ਹੈ (ਜਾਂ ਰੋਣਹਾਕਾ ਹੋ ਜਾਂਦਾ ਹੈ) ।

ਹਾਸਾ ਗੁੜ ਹੈ, ਵਿਅੰਗ ਲੂਣ । ਜੀਵਨ ਵਿੱਚ ਦੋਹਾਂ ਪਦਾਰਥਾਂ ਦੀ ਸਾਰਥਕਤਾ ਹੈ, ਲੋੜ ਹੈ । ਦੋਹਾਂ ਵਿੱਚ ਇੱਕ ਸਾਂਝ ਹੈ: ਦੋਵੇਂ ਖਾਣੇ ਵਿੱਚ ਵਰਤੇ ਜਾਣ ਵਾਲੇ ਪਦਾਰਥ ਨੇ, ਖਾਣਾ ਨਹੀਂ । ਪਰ, ਗੁੜ ਬਗ਼ੈਰ ਸਰ ਜਾਂਦਾ ਹੈ, ਲੂਣ ਬਿਨਾਂ ਨਹੀਂ ਸਰਦਾ । ਲੂਣ ਖਾਣੇ ਨੂੰ ਖਾਣਯੋਗ ਵੀ ਬਣਾਉਂਦਾ ਹੈ ਤੇ ਖਾਣ ਵਾਲਾ ਇਸ ਨੂੰ ਖਾ ਖਾ ਕੇ ਅੱਕਦਾ ਵੀ ਨਹੀਂ ਪਰ ਗੁੜ ਜੀਵਨ ਦੀ ਇਹੋ ਜਿਹੀ ਕੋਈ ਬੁਨਿਆਦੀ ਲੋੜ ਨਹੀਂ । 'ਸਵੀਟ ਡਿਸ਼' ਅੰਨ-ਪੂਰਣਾ ਹੁੰਦੀ ਹੈ ਜਦੋਂ ਕਿ ਲੂਣ ਤੋਂ ਬਿਨਾਂ ਅੰਨ ਪੂਰਣ ਨਹੀਂ ਹੁੰਦਾ ।...ਤੇ ਨਾਲ, ਮਿੱਠੇ ਨੂੰ ਹੋਰ ਮਿੱਠਾ ਕਰਨ ਲਈ ਵੀ ਤਾਂ, ਇੱਕ ਖ਼ਾਸ ਮਿਕਦਾਰ ਵਿੱਚ, ਲੂਣ ਦੀ ਵਰਤੋਂ ਹੁੰਦੀ ਹੈ । ਜਿਵੇਂ ਚਿੱਟੇ ਨੂੰ ਹੋਰ ਚਿੱਟਾ ਕਰਨ ਲਈ ਨੀਲ ਦਿੱਤਾ ਜਾਂਦਾ ਹੈ ।

ਹਾਸਾ ਅਭਿਧਾ ਤੇ ਲਕਸ਼ਣਾ ਸ਼ਕਤੀ ਦੇ ਮਾਲਕਾਂ ਨੂੰ ਆਪਣੇ ਜੌਹਰਾਂ ਨਾਲ ਵਸ਼ੀਭੂਤ ਕਰ ਲੈਂਦਾ ਹੈ, ਜਦੋਂ ਕਿ ਵਿਅੰਜਨਾ ਸ਼ਕਤੀ ਵਾਲੀ ਘੱਟ-ਗਿਣਤੀ ਤੱਕ ਅਪੜਨ ਲਈ ਵਿਅੰਗ ਦੀ ਉੱਦਾਤ-ਪੌੜੀ ਲਾਜ਼ਮੀ ਮਾਧਿਅਮ ਹੈ । ਹਾਸਾ ਲਤੀਫ਼ਾ ਹੈ, ਵਿਅੰਗ ਲਤੀਫ਼ ਗੱਲ ਹੁੰਦੀ ਹੈ ।

ਆਉ ਯਾਤਰਾ ਕਰੀਏ :

ਬੱਸ ਵਿੱਚ ਕੁਝ ਲੋਕ ਕਾਫੀ ਦੇਰ ਤੋਂ ਉੱਚੀ ਉੱਚੀ ਹੱਸ ਰਹੇ ਹਨ । ਇੱਕ ਜਣਾ ਗੱਲ ਕਰ ਰਿਹਾ ਹੈ ਤੇ ਹੱਸੀ ਜਾ ਰਿਹਾ ਹੈ । ਬਾਕੀ ਜਣੇ ਗੱਲ ਸੁਣ ਰਹੇ ਹਨ 'ਤੇ ਹੱਸੀ ਜਾ ਰਹੇ ਹਨ । ਸਵਾਰੀਆਂ ਮਸਤ ਹਨ । ਬੱਸ ਚੱਲ ਰਹੀ ਹੈ । ਮੈਂ ਲਾਗੇ ਜਾਂਦਾ ਹਾਂ । ਸੁਣਨ ਦੀ ਕੋਸ਼ਿਸ਼ ਕਰਦਾ ਹਾਂ, ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਹੱਸਣ ਦੀ ਕੋਸ਼ਿਸ਼ ਕਰਦਾ ਹਾਂ ।...ਪਰ ਕੋਈ ਗੱਲ ਨਹੀਂ ਬਣ ਰਹੀ । ਜਦੋਂ ਪਤਾ ਲੱਗਦਾ ਹੈ ਕਿ ਉਹ ਕਿਸ ਗੱਲ ਤੇ ਹੱਸ ਰਹੇ ਸਨ ਤਾਂ ਮੇਰਾ ਹਾਸਾ ਨਿਕਲ ਜਾਂਦਾ ਹੈ ਕਿ ਭਲਾ ਇਹ ਵੀ ਕੋਈ ਹੱਸਣ ਵਾਲੀ ਗੱਲ ਸੀ! ਮੈਨੂੰ ਹੱਸਦੇ ਨੂੰ ਵੇਖਕੇ ਉਹ ਚੁੱਪ ਕਰ ਜਾਂਦੇ ਹਨ ਤੇ ਇੱਕ ਟਕ ਮੇਰੇ ਵੱਲ ਵੇਖੀ ਜਾ ਰਹੇ ਹਨ । ਮੈਂ ਗੰਭੀਰ ਹੋ ਗਿਆ ਹਾਂ । ਉਹ ਠਹਾਕਾ ਮਾਰ ਕੇ ਹੱਸ ਪਏ ਹਨ । ਬੱਸ ਚੱਲ ਰਹੀ ਹੈ ।

ਪਰਿਭਾਸ਼ਾ:

-ਹਾਸ-ਰਸੀ ਸਾਹਿੱਤ ਅਜਿਹਾ ਸਾਹਿੱਤ ਹੁੰਦਾ ਹੈ ਜਿਸਨੂੰ ਪੜ੍ਹ-ਸੁਣ ਕੇ ਹਾਸਾ ਆਏ ।

-ਪੰਜਾਬੀ ਵਿੱਚ ਸਾਹਿੱਤ ਦੇ ਨਾਂ 'ਤੇ ਲਿਖਿਆ ਬਹੁਤਾ ਕੁਝ ਪੜ੍ਹ-ਸੁਣ ਕੇ ਤੁਹਾਨੂੰ ਹਾਸਾ ਨਹੀਂ ਆਉਂਦਾ?

ਸਾਵਧਾਨ : ਸੜਕ ਉਸਾਰੀ ਅਧੀਨ ਹੈ:

-ਪ੍ਰੋ: ਮੋਹਨ ਸਿੰਘ ਜਿਸ ਛੱਤੋ ਦੀ ਬੇਰੀ ਦੀ ਗੱਲ ਕਰਦਾ ਹੈ, ਉਸ ਬੇਰੀ ਦੇ ਬੇਰ ਹਰਨਾਮ ਸਿੰਘ ਸ਼ਾਨ ਵੀ ਖਾਂਦਾ ਰਿਹਾ ਹੈ ।

-ਟੈਗੋਰ ਨੇ ਗਾਰਗੀ ਨੂੰ ਅੰਗਰੇਜ਼ੀ ਵਲੋਂ ਮੋੜਕੇ ਪੰਜਾਬੀ ਲਿਖਣ ਲਾਇਆ ਸੀ ਅਤੇ ਹਸਰਤ ਨੇ ਸ਼ਿਵ ਨੂੰ ਉਰਦੂ ਵੱਲੋਂ ਮੋੜਕੇ ਪੰਜਾਬੀ ਪੜ੍ਹਾਈ ਸੀ ਤੇ ਕਵਿਤਾ ਲਿਖਣੀ ਵੀ ਸਿਖਾਈ ਸੀ ।

-ਖ਼ਲੀਲ ਜਿਬਰਾਨ, ਲੂਸ਼ੂਨ, ਅਚਾਰੀਆ ਦਿੱਵੇਦੀ ਲਲਿਤ ਨਿਬੰਧ ਲਿਖਦੇ ਸਨ, ਕਾਂਗ ਵੀ ਲਿਖਦਾ ਹੈ ।

•••

ਵਿਅੰਗ ਦੀ ਗ਼ੈਰ-ਹਾਜ਼ਰੀ ਵਿੱਚ ਕੋਈ ਮਹਾਨ ਰਚਨਾ ਸੰਭਵ ਨਹੀਂ । ਫ਼ਰੀਦ ਹੋਏ ਜਾਂ ਕਬੀਰ; ਵਾਰਿਸ ਹੋਏ ਜਾਂ ਸ਼ਾਹ ਮੁਹੰਮਦ, ਸ਼੍ਰੀ ਲਾਲ ਸ਼ੁਕਲ ਹੋਵੇ ਜਾਂ ਬਲਵੰਤ ਗਾਰਗੀ; ਜਿੱਥੇ ਵੀ ਤੇ ਜਿਸ ਭਾਸ਼ਾ ਵਿੱਚ ਵੀ ਕੋਈ ਯਾਦ ਰੱਖਣ ਯੋਗ ਗੱਲ ਕਹੀ ਗਈ ਹੈ, ਵਿਅੰਗ ਹਾਜ਼ਰ ਹੈ । ਲੋਕ-ਸਾਹਿੱਤ ਇਸ ਕਥਨ ਦੀ ਵਿਆਪਕ ਉਦਾਹਰਣ ਹੈ । ਕੋਈ ਮੁਹਾਵਰਾ, ਅਖਾਣ ਜਾਂ ਲੋਕ-ਗੀਤ ਦੀ ਸਤਰ ਬੋਲੋ...ਸੋਚੋ...ਮਾਣੋ...ਬੱਸ ਇਹੋ ਵਿਅੰਗ ਹੈ:


ਬਾਂਦਰ ਕੀ ਜਾਣੇ ਅਦਰਕ ਦਾ ਸਵਾਦ
ਰੰਡੀਆਂ ਨੂੰ  ਪੀਹਣਾ ਪੈ ਗਿਆ
ਉਜੜਿਆਂ ਬਾਗਾਂ ਦੇ ਗਾਲ੍ਹੜ ਪਟਵਾਰੀ
ਭੁੱਖ ਵਿੱਚ ਛੋਲੇ ਵੀ ਬਦਾਮ
...ਉੱਡਦੀ ਨੂੰ  ਬਾਜ਼ ਪੈ ਗਿਆ
...ਏਡਾ ਕੀ ਜ਼ਰੂਰੀ ਕੰਮ ਸੀ

ਵਿਅੰਗ ਸੰਖੇਪ, ਸਰਲ, ਸਰਸ ਤੇ ਸਾਰਥਕ ਹੁੰਦਾ ਹੈ । ਜਿਹੜੇ ਸ਼ੇਅਰ, ਸ਼ਲੋਕ ਜਾਂ ਕਥਨ ਆਮ ਤੌਰ 'ਤੇ ਮੂੰਹ-ਜ਼ਬਾਨੀ 'ਕੋਟ' ਕੀਤੇ ਜਾਂਦੇ ਹਨ; ਉਹ ਵਿਅੰਗ ਦੀ ਸਾਣ 'ਤੇ ਚੜ੍ਹੇ ਹੁੰਦੇ ਹਨ । ਪੂਰੇ ਉਤਰੇ ਹੁੰਦੇ ਹਨ । ਜਦੋਂ ਥੋਰੋ ਕਹਿੰਦਾ ਹੈ ਕਿ 'ਪੁਰਾਣਾ ਕੋਟ ਪਹਿਨੋ, ਨਵੀਂ ਕਿਤਾਬ ਖਰੀਦੋ' ਉਹ ਵੀ ਜਾਰਜ ਬਰਨਰਡ ਸ਼ਾੱਅ ਵਾਂਗ ਸੱਚ ਬੋਲ ਰਿਹਾ ਹੁੰਦਾ ਹੈ ਤੇ ਅਸੀਂ ਉਹਨੂੰ ਵਿਅੰਗ ਦਾ ਨਾਂ ਦੇ ਦੇਂਦੇ ਹਾਂ ।

ਅਥਵਾ :

ਖ਼ੁਦਾ ਦਾ ਸ਼ੁਕਰ ਹੈ ਕਿ ਮੈਂ ਮਰਦ ਨਹੀਂ, ਨਹੀਂ ਤਾਂ ਮੈਨੂੰ ਔਰਤ ਨਾਲ ਵਿਆਹ ਕਰਾਉਣਾ ਪੈਣਾ ਸੀ - ਮਾਦਾਮ ਡੀ ਸਟੇਲ ।

ਘਟੀਆ ਲੇਖਕ ਉਹ ਹਨ, ਜਿਹੜੇ ਆਪਣੇ ਘਟੀਆ ਵਿਚਾਰਾਂ ਨੂੰ ਵਧੀਆ ਲੋਕਾਂ ਦੀ ਭਾਸ਼ਾ ਵਿੱਚ ਪ੍ਰਗਟਾਉਂਦੇ ਹਨ-ਜੀ. ਸੀ. ਲਾਈਟਨਬਰਗ ।

ਪੰਜਾਬੀ ਦੀਆਂ ਅਖ਼ਬਾਰਾਂ 'ਹਾਸ-ਵਿਅੰਗ' ਕਾਲਮਾਂ ਹੇਠ ਬਹੁਤ ਕੁਝ ਛਾਪਦੀਆਂ ਹਨ । ਰਸਾਲਿਆਂ ਵੱਲੋਂ ਵੀ ਅਜਿਹੀ ਰਚਨਾ ਨੂੰ ਜੀ-ਆਇਆਂ ਕਿਹਾ ਜਾਂਦਾ ਹੈ, ਜਿਹੜੀ ਵਿਅੰਗ ਕਹਿਕੇ ਛਾਪੀ ਜਾ ਸਕੇ । ਸਾਡੇ ਬੰਦੇ ਲਿਖ ਵੀ ਧੜਾਧੜ ਰਹੇ ਹਨ । ਉਹਨਾਂ ਨੇ ਆਪਣੀ ਲਿਖਣ-ਸ਼ੈਲੀ ਦਾ ਸੁਨਹਿਰੀ ਅਸੂਲ ਬਣਾਇਆ ਹੋਇਆ ਹੈ:

'ਚੱਲ ਗਿਆ ਤੇ ਵਿਅੰਗ, ਨਹੀਂ ਤੇ ਹਾਸਾ ਈ ਸਹੀ'

ਏਸੇ ਲਈ ਵਿਅੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ । ਜਿਹੜੀ ਵਿਧਾ ਸਾਡੀ ਬੋਲੀ ਦੇ ਸਾਹਿੱਤ ਵਿੱਚ ਪਨਪੀ ਹੀ ਨਹੀਂ, ਉਹਦੇ ਬਾਰੇ ਆਲੋਚਕ ਮਹੋਦਯ ਲਿਖਣ ਵੀ ਕੀ? ਜਦੋਂ ਸਾਡੇ ਲੇਖਕ ਇਸ ਵਿਧਾ ਨੂੰ (ਜਿਹੜੀ ਕਿ ਹਰ ਵਿਧਾਨ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ) ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦੇਣਗੇ, ਓਦੋਂ ਸਾਹਿੱਤ ਨੂੰ ਪ੍ਰਸ਼ੰਸਾ (ਜਾਂ ਪ੍ਰਸ਼ੰਸਾਤਮਿਕ ਆਲੋਚਨਾ) ਦੀਆਂ ਫਹੁੜੀਆਂ ਦੀ ਲੋੜ ਹੀ ਨਹੀਂ ਰਹੇਗੀ ।

•••

ਵੇਦਾਂ ਦੀ ਫੌਲਾਦੀ ਪਰੰਪਰਾ ਵਿੱਚ ਛੇਕ ਕੀਤੇ ਜਾ ਸਕਦੇ ਹਨ, ਲੋੜ ਹੈ ਇੱਕ ਚਾਰਵਾਕ ਦੀ ਜਿਹੜਾ ਬ੍ਰਹਸਪਤੀ ਦੇ ਨਾਸਤਕ-ਦਰਸ਼ਨ ਨੂੰ ਅੱਗੇ ਤੋਰ ਸਕੇ:

-ਜੇਕਰ ਜਿਉਤਿਸ਼ਟੋਮ ਯੱਗ ਵਿੱਚ ਮਰਿਆ ਹੋਇਆ ਪਸ਼ੂ ਸਵਰਗ ਨੂੰ ਜਾਂਦਾ ਹੈ ਤਾਂ ਜਜਮਾਨ ਆਪਣੇ ਪਿਉ ਨੂੰ ਹੀ ਕਿਉਂ ਨਹੀਂ ਮਾਰ ਸੁੱਟਦਾ?

-ਜੇ ਮਰੇ ਹੋਏ ਪਿੱਤਰਾਂ ਦਾ ਸਰਾਧ ਉਹਨਾਂ ਦੀ ਤ੍ਰਿਪਤੀ ਕਰ ਸਕਦਾ ਹੈ ਤਾਂ ਬੁਝੇ ਹੋਏ ਦੀਵੇ ਨੂੰ ਵੀ ਤੇਲ ਪੈਣ ਨਾਲ ਜਗ ਪੈਣਾ ਚਾਹੀਦਾ ਹੈ ।

ਅਤੇ ਉਸਦਾ ਸੁਨੇਹਾ ਹੈ ਕਿ:

ਮਨੁੱਖ ਨੂੰ ਚਾਹੀਦਾ ਹੈ ਕਿ ਉਹ ਜਦੋਂ ਤੱਕ ਜੀਏ, ਸੁੱਖ ਨਾਲ ਜੀਏ, ਕਰਜ਼ਾ ਲੈ ਕੇ ਵੀ ਘਿਉ ਪੀਏ ।

ਵੇਦਾਂ ਵਾਲਾ ਰਾਹ ਸੌਖਾ ਹੈ, ਚੌੜਾ ਹੈ, ਤੇ ਇਸ ਲਈ ਉਸ ਰਾਹ 'ਤੇ ਭੀੜ ਵੀ ਹੈ । ਪਰ ਚਾਰਵਾਕ ਦੀ ਆਪਣੀ ਇੱਕ ਪਰੰਪਰਾ ਹੈ, ਭਾਵੇਂ ਕਿ ਉਸਦੇ ਰਾਹ 'ਤੇ ਭੀੜ ਬਹੁਤ ਘੱਟ ਹੈ । ਉਹ ਭੀੜ ਤੋਂ ਅਲੱਗ ਖੜਾ ਹੈ । ਵਿਅੰਗਕਾਰ ਨੂੰ ਭੀੜ ਤੋਂ ਅਲੱਗ ਖਲੋਣਾ ਪਵੇਗਾ । ਵਿਅੰਗ ਹਥਿਆਰ ਨਹੀਂ ਹੁੰਦਾ, ਸਾਣ ਹੁੰਦਾ ਹੈ; ਜਿਸ 'ਤੇ ਹਥਿਆਰ ਤੇਜ਼-ਧਾਰ ਬਣਾਇਆ ਜਾਂਦਾ ਹੈ । ਸਾਣ ਨੂੰ ਹਥਿਆਰ ਵਜੋਂ ਵਰਤਣ ਵਾਲੇ ਲੋਕ ਖ਼ੁਦ ਵਿਅੰਗ ਦੇ ਪਾਤਰ ਬਣ ਜਾਣਗੇ ।

ਪੰਜਾਬੀ ਵਿਅੰਗ : ਦਸ਼ਾ ਅਤੇ ਦਿਸ਼ਾ

ਨਾਟ-ਸ਼ਾਸਤਰ, ਕਾਵਿ-ਸ਼ਾਸਤਰ, ਗਲਪ-ਸ਼ਾਸਤਰ ਜਾਂ ਗੱਦਯ-ਸ਼ਾਸਤਰ ਦੀ ਤਰਜ਼ 'ਤੇ ਵਿਅੰਗ-ਸ਼ਾਸਤਰ ਤਾਂ ਅਜੇ ਸਾਹਿੱਤ ਵਿੱਚ ਉਪਲਬਧ ਨਹੀਂ, ਫੇਰ ਵੀ ਵਿਅੱਕਤੀਗਤ ਪੱਧਰ ਉੱਤੇ ਵੱਖ-ਵੱਖ ਵਿਅੰਗ- ਮਨੀਸ਼ੀਆਂ ਨੇ ਇਸ ਵਿਧਾ ਦੀ ਪਰਿਭਾਸ਼ਾ ਅਤੇ ਇਸਦੇ ਸਰੂਪ ਨੂੰ ਸੂਤਰ-ਬਧ ਕਰਨ ਦੇ ਇਕਾਂਗੀ ਪ੍ਰਯਤਨ ਕੀਤੇ ਹਨ । ਹੁਣ ਲੋੜ ਹੈ ਕਿ ਇਹਨਾਂ ਪ੍ਰਯਤਨਾਂ ਨੂੰ ਇਕੱਤਰ ਕਰਕੇ, ਵਿਅੰਗ ਦਾ, ਕੋਈ ਸਾਂਝਾ ਅਤੇ ਸਰਬ- ਪ੍ਰਵਾਨਿਤ ਮੁਹਾਂਦਰਾ ਲੱਭਿਆ ਜਾਏ । ਡਿਗਰੀਆਂ ਲਈ ਖੋਜ ਕਰ ਰਹੇ 'ਵਿਦਵਾਨਾਂ' ਨੂੰ ਤਾਂ ਅਸੀਂ ਏਨੀ ਵੱਡੀ 'ਵਗਾਰ' ਨਹੀਂ ਪਾ ਸਕਦੇ, ਸਿਰਫ਼ ਨਿਰ-ਉਪਾਧੀ ਖੋਜ-ਕਰਮੀਆਂ ਦੇ ਸਨਮੁਖ ਹੀ 'ਵੰਗਾਰ' ਰੱਖੀ ਜਾ ਸਕਦੀ ਹੈ । ਰਚਨਾ-ਕਰਮ ਨੂੰ ਸਾਡੇ 'ਚੋਂ ਬਹੁਤੇ, ਲੇਖਕ ਵਗਾਰ ਵਾਂਗ ਹੀ ਲੈਂਦੇ ਹਨ, ਵੰਗਾਰ ਵਾਂਗ ਨਹੀਂ । ਇਹੋ ਕਾਰਣ ਹੈ ਕਿ ਪੰਜਾਬੀ ਲਿਖਣਹਾਰਿਆਂ ਲਈ ਵਿਅੰਗ-ਵਿਧਾ ਅਜੇ ਵੰਗਾਰ ਬਣੀ ਖਲੋਤੀ ਹੈ । ਅਸੀਂ ਲੋਕ ਇਸ ਨੂੰ ਸਵੀਕਾਰ ਹੀ ਨਹੀਂ ਕਰ ਰਹੇ!

ਵਿਅੰਗ, ਵਾਸਤਵ ਵਿੱਚ, ਵਿਧਾ ਨਹੀਂ ਵਿਧੀ ਹੈ । ਇਹ ਸਮੁੱਚੇ ਸਾਹਿੱਤ-ਵਿਧਾਨ ਦੀ ਸੰਜੀਵਨੀ ਹੈ । ਸ਼ਬਦ ਜਿਸ ਅਨੁਭਵ ਜਾਂ ਅਨੁਭੂਤੀ ਨੂੰ ਰੂਪ ਪ੍ਰਦਾਨ ਕਰਦੇ ਹਨ, ਵਿਅੰਗ ਉਸ ਰੂਪਾਕਾਰ ਨੂੰ ਆਤਮਾ ਬਖ਼ਸ਼ਦਾ ਹੈ । ਵਿਅੰਗ, ਸ਼ਬਦਾਂ ਨੂੰ ਖੰਭ ਲਾਉਂਦਾ ਹੈ; .....ਵਿਅੰਗ, ਅਨੁਭਵ ਨੂੰ ਸੰਚਾਰਣ-ਸ਼ਕਤੀ ਦੇਂਦਾ ਹੈ; .....ਵਿਅੰਗ, ਭਾਸ਼ਾ ਨੂੰ ਗ੍ਰਹਿਣ-ਯੋਗ ਬਣਾਉਂਦਾ ਹੈ; .....ਵਿਅੰਗ, ਵਾਕ ਨੂੰ ਕਾਵਿ ਬਣਾਉਂਦਾ ਹੈ । ਵਿਅੰਗ ਅਜਿਹੀ ਅਰੂਪ ਸ਼ਕਤੀ ਹੈ ਜਿਹੜੀ ਰੂਪ ਨੂੰ ਕਾਂਤੀ ਪ੍ਰਦਾਨ ਕਰਦੀ ਹੈ; ......ਸਧਾਰਨ ਨੂੰ ਉੱਤਮ ਅਤੇ ਉੱਤਮ ਨੂੰ ਅਤਿ-ਉੱਤਮ ਬਣਾਉਂਦੀ ਹੈ । ਵਿਅੰਗ ਬ੍ਰਹਮ ਹੈ ਜੋ ਭਰਮ ਦੀ ਸਿਰਜਣਾ ਕਰਦਾ ਹੈ ਪਰ ਆਪ ਭਰਮ-ਮੁਕਤ ਰਹਿੰਦਾ ਹੈ । ਵਿਅੰਗ ਸਥਾਪਿਤ ਨਹੀਂ, ਵਿਆਪਿਤ ਹੈ । ਲਿਖਤ ਵਿੱਚ ਕਿਸੇ ਥਾਂ ਉਂਗਲ ਰੱਖ ਕੇ ਨਹੀਂ ਕਿਹਾ ਜਾ ਸਕਦਾ: 'ਆਹ ਵਿਅੰਗ ਹੈ' । ਇਹ ਸਾਹਿੱਤ ਦੀ ਹਰ ਕਿਰਤ ਨੂੰ ਰੰਗ ਬਖ਼ਸ਼ਦਾ ਹੈ, ਪਰ ਖ਼ੁਦ ਬੇਰੰਗ ਹੈ । ਵਿਅੰਗ ਦਰਵੇਸ਼ ਹੈ;......ਵਿਅੰਗ ਮਲੰਗ ਹੈ । ਹਰ ਦੁਨੀਆਦਾਰ ਆਦਮੀ ਇਸਦੇ ਸੁਭਾਅ ਤੋਂ ਤੰਗ ਹੈ । ਇਹ ਕਮਲ ਵਾਂਗ ਅਲੇਪ ਹੈ ਪਰ ਜਲ ਦੇ ਅੰਗ-ਸੰਗ ਹੈ । ਇਹ ਜਲ ਨਹੀਂ, ਤਰੰਗ ਨਹੀਂ .....ਜਲ- ਤਰੰਗ ਹੈ । ਇਹ ਲਿਖਤ ਨਹੀਂ, ਲੇਖਨ ਦਾ ਢੰਗ ਹੈ ।

ਇਹ ਜੋ ਉੱਪਰ ਕਿਹਾ ਗਿਆ ਹੈ, ਇਸ ਨਿਬੰਧ ਦਾ ਮੰਗਲਾਚਰਣ ਹੈ; ਜੋ ਮੈਨੂੰ ਲਿਖਣਾ ਪਿਆ ਹੈ (ਜਾਂ ਮੈਥੋਂ ਲਿਖਿਆ ਗਿਆ ਹੈ!) । ਮੈਂ ਵਿਅੰਗ ਦੀ ਸ਼ਕਤੀ ਦਾ ਕਾਇਲ ਹਾਂ, ਪੁਜਾਰੀ ਹਾਂ । ਇਸ ਦੇ ਦਰ ਦਾ ਭਿਖਾਰੀ ਹਾਂ । ਵਿਅੰਗ ਮੇਰੀ ਐਨਕ ਨਹੀਂ, ਅੱਖਾਂ ਦੀ ਜੋਤ ਹੈ । ਤਾਹੀਓਂ ਤਾਂ ਹਰ ਸਥਿਤੀ, ਪਰਸਥਿਤੀ ਅਤੇ ਮਨੋਸਥਿਤੀ ਵਿਅੰਗ ਨਾਲ ਓਤ-ਪੋਤ ਹੈ । ਵਿਅੰਗ ਮੇਰਾ ਧਰਮ, ਮੇਰਾ ਕਰਮ ਹੈ;........ਵਿਅੰਗ ਮੇਰੀ ਜ਼ਾਤ, ਮੇਰਾ ਗੋਤ ਹੈ ।

ਕਿਹਾ ਜਾਂਦਾ ਹੈ ਕਿ ਮਰਦ ਦੀ ਕਾਮਯਾਬੀ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ । ਏਥੇ 'ਹੱਥ' ਤੋਂ ਭਾਵ 'ਕੁਰਬਾਨੀ' ਜਾਂ 'ਪ੍ਰੇਰਣਾ' ਲਿਆ ਜਾਂਦਾ ਹੈ । ਪਰ ਲਿਖਤ ਦੀ ਕਾਮਯਾਬੀ ਵਿੱਚ ਵਿਅੰਗ ਦਾ ਔਰਤ ਵਰਗਾ 'ਹੱਥ' ਨਹੀਂ ਹੁੰਦਾ । ਵਿਅੰਗ ਕਿਸੇ ਲਿਖਤ ਨੂੰ ਕਾਮਯਾਬ ਬਣਾਉਣ ਲਈ ਕੁਰਬਾਨੀ ਜਾਂ ਪ੍ਰੇਰਣਾ ਨਹੀਂ ਦੇਂਦਾ । ਵਿਅੰਗ ਤਾਂ ਲਿਖਤ ਨੂੰ ਪ੍ਰਾਣ ਦੇਂਦਾ ਹੈ । ਲਾਸ਼ ਵਿੱਚ ਰੂਹ ਫ਼ੂਕਦਾ ਹੈ । ਵਿਅੰਗ ਕੋਈ ਪਹਿਨਿਆ ਹੋਇਆ ਬਸਤਰ ਜਾਂ ਧਾਰਿਆ ਹੋਇਆ ਸ਼ਸਤਰ ਨਹੀਂ; ਇਹ ਤਾਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਜਾਗ੍ਰਿਤ ਕਰਨ ਵਾਲੀ ਚੇਤਨਾ ਹੈ । ਇਹ ਪ੍ਰਕਿਰਤੀ ਜਾਂ ਸੰਸਕ੍ਰਿਤੀ ਦੀ ਵਿਕ੍ਰਤੀ ਮਾਤਰ ਨਹੀਂ ਸਗੋਂ ਇਹ ਤਾਂ ਮਾਨਵ ਦੀਆਂ ਉੱਦਾਤ ਸੁਰਤੀਆਂ ਅਤੇ ਬਿਰਤੀਆਂ ਦੀ ਸਹਿਜ ਸਵੀਕ੍ਰਿਤੀ ਹੈ ।

ਵਿਸ਼ਵ-ਸਾਹਿੱਤ ਦੀ ਜਿਸ ਜਿਸ ਕਿਰਤ ਸਾਹਮਣੇ ਬੰਦੇ ਦੀ ਅਕਲ ਦੰਗ ਹੈ; ਸਤਰਾਂ ਦੇ ਵਿੱਚਕਾਰ ਪੜ੍ਹਨ ਦਾ ਯਤਨ ਕਰੋ;.......ਏਥੇ ਕਿਤੇ ਜ਼ਰੂਰ ਵਿਅੰਗ ਹੈ ।


ਵਿਅੰਗ ਸਵਾਲ ਨਹੀਂ, ਜਿਸਨੂੰ ਸਮਝਿਆ ਜਾਏ
ਵਿਅੰਗ ਮਸਲਾ ਨਹੀਂ, ਜਿਸਨੂੰ ਵਿਚਾਰਿਆ ਜਾਏ
ਵਿਅੰਗ ਸੱਚ ਨਹੀਂ, ਜਿਸਨੂੰ ਬੋਲਿਆ ਜਾਏ
ਵਿਅੰਗ ਝੂਠ ਨਹੀਂ, ਜਿਸਨੂੰ ਮਾਰਿਆ ਜਾਏ
ਵਿਅੰਗ ਈਸਾ ਹੈ, ਵਿਅੰਗ ਸੁਕਰਾਤ ਹੈ
ਵਿਅੰਗ ਗੌਤਮ ਹੈ, ਵਿਅੰਗ ਸ਼ੰਕਰ ਹੈ
ਵਿਅੰਗ ਕਬੀਰ ਹੈ, ਵਿਅੰਗ ਨਾਨਕ ਹੈ
ਵਿਅੰਗ ਵਾਰਿਸ ਹੈ, ਵਿਅੰਗ ਬੁੱਲਾ ਹੈ
ਵਿਅੰਗ ਟਾਲਸਟਾਏ ਹੈ, ਵਿਅੰਗ ਟੈਗੋਰ ਹੈ
ਵਿਅੰਗ ਇਹ ਸਭ ਕੁਛ ਹੈ...
...ਤੇ ਕਿੰਨਾ ਕੁਛ ਹੋਰ ਹੈ ।
ਇਹ ਤਾਂ ਬੱਸ, ਬੁੱਕਲ ਦੇ ਵਿੱਚ ਚੋਰ ਹੈ
ਬੇਚਿਹਰਾ ਹੈ, ਪਰ ਮੂੰਹ-ਜ਼ੋਰ ਹੈ ।
ਇਸਦੇ ਮੂੰਹ 'ਤੇ ਤਾਲਾ ਹੈ
ਪਰ, ਏਸੇ ਦਾ ਬੋਲ-ਬਾਲਾ ਹੈ
ਏਸੇ ਲਈ ਦੁਨੀਆ ਕਹਿੰਦੀ ਏ
ਮੂੰਹ ਆਈ ਬਾਤ ਨਾ ਰਹਿੰਦੀ ਏ.......
ਸਮੁੰਦਰ ਦੀ ਡੂੰਘਾਈ ਲੂਣ ਦੀ ਡਲੀ ਨਹੀਂ ਨਾਪ ਸਕਦੀ
ਵਿਅੰਗ ਦੀ ਪਰਿਭਾਸ਼ਾ ਭੂਸ਼ਨ ਤੋਂ ਨਹੀਂ ਹੋ ਸਕਦੀ । 

ਪਹਿਲਾ ਬਿਸਰਾਮ

•••


ਪੰਜਾਬ ਸਰਕਾਰ! ਹੋਸ਼ ਮੇਂ ਆਓ
ਹੋਸ਼ ਮੇਂ ਆਕਰ, ਬਾਤ ਕਰੋ
ਬਾਤ ਤੋ ਤੁਮਕੋ ਕਰਨੀ ਹੋਗੀ
ਵਰਨਾ, ਕਰਨੀ ਭਰਨੀ ਹੋਗੀ
ਰੋਟੀ ਕੱਪੜਾ ਦੇ ਨਾ ਸਕੇ ਜੋ,
ਵੋ ਸਰਕਾਰ ਨਿਕੰਮੀ ਹੈ ।
ਜੋ ਸਰਕਾਰ ਨਿਕੰਮੀ ਹੈ,
ਵੋ ਸਰਕਾਰ ਬਦਲਨੀ ਹੈ¨

ਮੁਆਫ਼ ਕਰਨਾ ਮੈਂ ਵਿਅੰਗ-ਸਤੁਤੀ ਵਿੱਚ ਮਗਨ ਹੋਇਆ ਕਿਸੇ ਮੰਡਲ ਵਿੱਚ ਪਹੁੰਚ ਗਿਆ ਸਾਂ । ਇਹ 'ਲੋਕ-ਕਵਿਤਾ' ਮੈਨੂੰ ਮੁੜ ਪੰਜਾਬ ਦੀ ਧਰਤੀ 'ਤੇ ਖਿੱਚ ਲਿਆਈ ਹੈ । ਮੈਂ ਆਪਣੇ ਵਿਸ਼ੇ ਤੋਂ ਬਹੁਤ ਦੂਰ ਚਲਾ ਗਿਆ ਸਾਂ (ਭਟਕਿਆ ਭਾਵੇਂ ਨਹੀਂ ਸਾਂ!) ।

ਆਪਣੀ ਧਰਤੀ ਦੀ ਖਿੱਚ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ । ਕਿੰਨੀ ਅਪਣੱਤ ਹੁੰਦੀ ਹੈ! ਇਸ ਸ਼ਕਤੀ ਤੇ ਅਪਣੱਤ ਨੇ ਮੇਰੀ ਮਨੋ-ਬਚਨੀ ਨੂੰ ਸੰਵਾਦ ਵਿੱਚ ਬਦਲ ਦਿੱਤਾ ਹੈ । ਹੁਣ ਆਪਾਂ ਪ੍ਰਵਚਨ ਨਹੀਂ, ਬਚਨ-ਬਿਲਾਸ ਕਰਾਂਗੇ ਅਤੇ ਇੱਕ ਦੂਜੇ ਤੋਂ ਆਸ ਕਰਾਂਗੇ
ਕਿ ਵਿਅੰਗ ਨੂੰ ਵਿਅੰਗ ਹੀ ਰਹਿਣ ਦੇਈਏ
ਇਸਨੂੰ ਇਸੇ ਰੂਪ ਵਿੱਚ ਗ੍ਰਹਿਣ ਕਰੀਏ
ਆਪਣੀ ਆਪਣੀ ਸੀਮਾ ਜਾਂ ਸਹੂਲਤ ਖ਼ਾਤਰ
ਇਸਦਾ ਹਾਸ, ਪਰਿਹਾਸ ਜਾਂ ਉਪਹਾਸ ਨਾ ਬਣਾ ਧਰੀਏ!¨

ਦੂਸਰਾ ਬਿਸਰਾਮ

•••

ਨਾਟਕ ਵਿੱਚ ਵਿਦੂਸ਼ਕ ਹੁੰਦਾ ਹੈ । ਸਰਕਸ ਵਿੱਚ 'ਜੋਕਰ' ਹੁੰਦਾ ਹੈ, ਬੌਣਾ ਵੀ ਹੁੰਦਾ ਹੈ । ਪਿੰਡਾਂ ਵਿੱਚ ਮਿਰਾਸੀ ਹੁੰਦੇ ਨੇ, ਭੰਡ ਹੁੰਦੇ ਨੇ, ਨਕਲੀਏ ਹੁੰਦੇ ਨੇ... ਇਹ ਸਾਰੇ ਆਪਣੀਆਂ ਸਰੀਰਕ ਵਿਕ੍ਰਤੀਆਂ ਰਾਹੀਂ ਆਪਣੇ 'ਗਾਹਕਾਂ' ਨੂੰ ਹਸਾਉਣ ਦਾ ਯਤਨ ਕਰਦੇ ਹਨ; ਉਹਨਾਂ ਦਾ ਮਨੋਰੰਜਨ ਕਰਦੇ ਹਨ ।


ਇਹ ਤਰਸ ਦੇ ਪਾਤਰ ਬਣਦੇ ਹਨ, ਜਾਂ ਹਾਸੇ ਦੇ ।
ਇਹ ਹੱਸਦੇ ਹਨ, ਹਸਾਉਂਦੇ ਹਨ ।
ਸੋਚਾਂ ਵਿੱਚ ਨਹੀਂ, ਢਿੱਡਾਂ ਵਿੱਚ ਪੀੜਾਂ ਪਾਉਂਦੇ ਹਨ ।
ਵਿਹਲੇ ਲੋਕਾਂ ਦਾ ਵਕਤ ਟਪਾਉਂਦੇ ਹਨ ।
ਹੱਥਾਂ 'ਤੇ ਸਰ੍ਹੋਂ ਜਮਾਉਂਦੇ ਹਨ;
ਤੇ ਸਾਡੇ ਸਾਹਮਣੇ ਉਸ ਸਰ੍ਹੋਂ 'ਚੋਂ ਤੇਲ ਕੱਢ ਕੇ ਗੰਜੇ ਸਿਰਾਂ 'ਤੇ ਲਾਉਂਦੇ ਹਨ ।
ਬਿਗਾਨੇ ਚੁੱਲਿ੍ਹਆਂ 'ਤੇ ਆਪਣਾ ਟੁੱਕਰ ਲਾਹੁੰਦੇ ਹਨ ।
ਦਾਤੇ ਨੂੰ  ਸਲਾਹੁੰਦੇ ਹਨ ।
ਨੱਚਦੇ ਹਨ, ਟੱਪਦੇ ਹਨ, ਹੱਸਦੇ ਹਨ, ਗਾਉਂਦੇ ਹਨ,
ਤੁਹਾਡੀ ਜੂਠ ਖਾਂਦੇ ਹਨ, ਤੁਹਾਡਾ ਉਤਾਰ ਪਾਉਂਦੇ ਹਨ ।.......
ਕੁਝ ਉਹ ਵੀ ਹੁੰਦੇ ਹਨ ਜੋ ਠੀਕਰੀਆਂ ਵਜਾਉਂਦੇ ਹਨ ।
ਕੱਦੂ ਉੱਤੇ ਬੰਨ੍ਹ ਕੇ ਤਾਰਾਂ ਖੜਕਾਉਂਦੇ ਹਨ ।
ਪੌਸ਼ ਮਾਰਕੀਟਾਂ ਵਿੱਚ,
ਟੁੰਡੇ-ਲੁੰਞੇ ਹੱਥਾਂ ਨਾਲ ਮੂਰਤਾਂ ਬਣਾਉਂਦੇ ਹਨ ।
ਰੇੜ੍ਹੀਆਂ 'ਤੇ ਰੀਂਗਦੇ ਹਨ, ਭੌਂਕ ਕੇ ਡਰਾਉਂਦੇ ਹਨ ।
ਭਟਕਦੇ ਹਨ, ਭਾਉਂਦੇ ਹਨ ।
ਜ਼ਿੰਦਗੀ ਨੂੰ  ਜ਼ਿੰਦਗੀ ਦਾ ਅੰਦਰਸ ਵਿਖਾਉਂਦੇ ਹਨ!......
ਕੁਝ ਹੋਰ ਲੋਕ ਬਹੁ-ਰੂਪੀਏ ਕਹਾਉਂਦੇ ਹਨ ।
ਨੰਗੇ ਪਿੰਡੇ ਗਾਚਨੀ 'ਤੇ ਪੂਛਲਾਂ ਲਗਾਉਂਦੇ ਹਨ ।
ਰੂੜੀਆਂ ਤੋਂ ਚੁੱਕ ਚੁੱਕ ਲੀਰਾਂ ਲਮਕਾਉਂਦੇ ਹਨ ।
ਮੁੱਛਾਂ ਨੂੰ  ਮੁਨਾ ਕੇ ਹੱਥੀਂ ਚੂੜੀਆਂ ਵੀ ਪਾਉਂਦੇ ਹਨ ।
ਬਲਦਾਂ ਦੇ ਖੋਪੇ, ਮਰਦ-ਹਿੱਕਾਂ 'ਤੇ ਸਜਾਉਂਦੇ ਹਨ ।
ਲੋਰੀਆਂ ਵੀ ਦੇਂਦੇ ਹਨ, ਘੋੜੀਆਂ ਵੀ ਗਾਉਂਦੇ ਹਨ ।......
ਘਰਾਂ ਵਿੱਚ ਜਿਹੜੇ ਲੋਕ ਟੱਬਰ ਕਹਾਉਂਦੇ ਹਨ ।
ਘਰੋਂ ਬਾਹਰ ਹੋਰ ਹੀ ਸਰੂਪ ਲਾ ਕੇ ਆਉਂਦੇ ਹਨ ।
ਉਹ ਸਾਰੇ ਲੋਕ ਇਸੇ ਕੋਟੀ ਵਿੱਚ ਆਉਂਦੇ ਹਨ ।
ਵਿਹਲੜਾਂ ਤੇ ਬੱਚਿਆਂ ਦਾ ਮਨ ਪਰਚਾਉਂਦੇ ਹਨ ।
ਅਫ਼ਸਰਾਂ ਤੇ ਔਰਤਾਂ ਦਾ ਵਕਤ ਟਪਾਉਂਦੇ ਹਨ ।
ਸ਼ੋਰ ਤੇ ਠਹਾਕਿਆਂ 'ਚ ਲੀਨ ਸਾਰਾ ਜੱਗ ਹੈ ।
ਕਹਿਣ-ਸੁਣਨ ਵਾਲਿਆਂ ਦਾ ਮੂੰਹ ਝੱਗੋ-ਝੱਗ ਹੈ ।
ਕੈਦੋਂ ਕੋਲ ਪਿੰਡ ਸਾਰਾ, ਰਾਂਝੇ ਕੋਲ ਵੱਗ ਹੈ ।

ਆਸ਼ਕਾਂ ਦੇ ਵਾਂਗ ਹੀ, ਵਿਅੰਗ ਵੀ ਅਲੱਗ ਹੈ ।

ਤੀਸਰਾ ਬਿਸਰਾਮ

•••

ਇੱਕ ਵਾਰ ਹੋਰ ਮੁਆਫ਼ ਕਰਨਾ । ਮੇਰਾ ਅੰਦਰ-ਬਾਹਰ ਤੁਕ-ਮਈ ਹੋਇਆ ਪਿਆ ਹੈ । ਦਰਅਸਲ ਮੈਨੂੰ ਵਿਅੰਗ ਵਰਗੇ ਨਾਜ਼ਕ ਵਿਸ਼ੇ 'ਤੇ ਨਹੀਂ ਸੀ ਲਿਖਣਾ ਚਾਹੀਦਾ । ਸੂਰਜ ਤਾਂ ਹਰ ਰੋਜ਼ ਇੱਕੋ ਤਰ੍ਹਾਂ ਡੁੱਬਦਾ ਹੈ ਪ੍ਰੰਤੂ ਟੈਗੋਰ ਹਰ ਵਾਰ ਉਸਦਾ ਵਰਣਨ ਵੱਖਰੀ ਤਰ੍ਹਾਂ ਕਰਦਾ ਹੈ । ਕਿਤੇ ਉਹ ਬਿਰਖ ਉੱਤੇ ਟੰਗਿਆ ਹੈ, ਕਿਤੇ ਉਹ ਸਮੁੰਦਰ ਵਿੱਚ ਤਰਦਾ ਹੈ ।.........ਤੇ ਬੁੱਢਾ ਹੈਮਿੰਗਵੇ ਸਮੁੰਦਰ ਵਿੱਚੋਂ ਮੱਛੀਆਂ ਨਹੀਂ, ਉਪਨਿਆਸ ਫੜਦਾ ਹੈ । ਮੈਦੇ ਦੀਆਂ ਬੋਰੀਆਂ 'ਤੇ ਬੈਠਾ ਜਾਂ ਲੂਣੀ ਦਲਦਲ ਵਿੱਚ ਖੁੱਭਾ ਗੋਰਕੀ ਜ਼ਿੰਦਗੀ ਦੀ ਕਿਤਾਬ ਪੜ੍ਹਦਾ ਹੈ । ਮਹਾਂਕਵੀ ਨਿਰਾਲਾ ਆਪਣੀ ਧਰਮ-ਪਰਾਇਣ ਪਤਨੀ ਨੂੰ ਪੇਕੇ ਭੇਜ ਕੇ ਕਰਮ-ਕਾਂਡੀ ਚੁੱਲ੍ਹੇ ਉੱਤੇ ਮਾਸ ਰਿੰਨ੍ਹਦਾ ਹੈ । ਅਵਾਰਾ ਮਸੀਹਾ ਕੁਲੀਨ ਬ੍ਰਾਹਮਣਾਂ ਨੂੰ ਚਿੜਾਉਣ ਲਈ ਵੇਸਵਾ ਬਾਜ਼ਾਰ ਦੀ ਧੋਬਣ ਨਾਲ ਇਸ਼ਕ ਰਚਾਉਂਦਾ ਹੈ । ਸਿਆਹ ਹਾਸ਼ੀਏ ਵਿੱਚ ਘਿਰਿਆ ਸਆਦਤ ਹਸਨ ਮੰਟੋ ਮੁਰਦਿਆਂ ਦੀਆਂ ਘੜੀਆਂ ਲਾਹੁੰਦਾ ਹੈ । ਬਾਵਾ ਬਲਵੰਤ, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ, ਮੀਸ਼ਾ ਤੇ ਸੰਤ ਰਾਮ ਉਦਾਸੀ ਦੀ ਮੌਤ ਵੇਲੇ ਦਾ 'ਪੋਜ਼' ਕਿਸ ਨੂੰ ਨਜ਼ਰ ਆਉਂਦਾ ਹੈ? ਕੋਈ ਕੋਈ ਰੋਂਦਾ ਹੈ, ਹਰ ਕੋਈ ਗਾਉਂਦਾ ਹੈ

ਚੌਥਾ ਬਿਸਰਾਮ

•••

ਭਾਈ ਲੋਕੋ! ਪੰਜਾਬੀਆਂ ਦਾ ਸੁਭਾਅ ਖੁੱਲ੍ਹਾ-ਖੁਲਾਸਾ ਹੈ ।
ਇਨ੍ਹਾਂ ਦੇ ਬੁੱਲ੍ਹਾਂ ਉੱਤੇ ਹਾਸਾ ਹੈ, ਹੱਥਾਂ 'ਚ ਗੰਡਾਸਾ ਹੈ ।
ਛੇੜ-ਛਾੜ ਕਰਨੀ ਪੰਜਾਬੀਆਂ ਦਾ ਖਾਸਾ ਹੈ ।
ਹਾਸੇ ਨਾਲੋਂ ਤੇਜ਼ਧਾਰ ਹਉਮੈ ਵਾਲਾ ਪਾਸਾ ਹੈ ।

ਸਾਡੇ ਲਈ ਯੂ. ਪੀ. ਵਾਲੇ ਭੱਈਏ ਤੇ ਭੱਈਅਣਾ ਹਨ, ਮਦਰਾਸ ਵਾਲੇ ਕਾਲੇ ਹਨ, ਨਾਗੇ ਹਬਸ਼ੀ ਹਨ । ਸਿਰਫ਼ ਪੰਜਾਬੀ ਹੀ ਸ਼ੇਰ ਹਨ, ਦਲੇਰ ਹਨ । ਦਾਰੂ ਪੀਂਦੇ ਹਨ, ਜ਼ਰਦਾ ਖਾਂਦੇ ਹਨ, ਕਤਲ ਕਰਦੇ ਹਨ । ਭਾਸ਼ਾ ਨੂੰ ਆਪਣਾ ਕਹਿੰਦੇ ਹਨ, ਸਾਹਿੱਤ ਤੋਂ ਤ੍ਰਹਿੰਦੇ ਹਨ । ਦੁਨੀਆ ਦੇ ਹਰ ਕੋਨੇ ਵਿੱਚ ਇਹ ਪੰਜਾਬੀ ਰਹਿੰਦੇ ਹਨ । ਪ੍ਰਵਾਸੀ ਕਹਾਉਂਦੇ ਹਨ, ਪੌਂਡ ਤੇ ਡਾਲਰ ਕਮਾਉਂਦੇ ਹਨ । ਅੰਤਰ-ਰਾਸ਼ਟਰੀ ਭਾਸ਼ਾ ਦੇ ਮਾਲਕ ਅਖਵਾਉਂਦੇ ਹਨ । ਅੰਗਰੇਜ਼ੀ ਵਿੱਚ ਪੜ੍ਹਦੇ ਹਨ, ਪੰਜਾਬੀ ਵਿੱਚ ਲੜਦੇ ਹਨ । ਪ੍ਰੈਸ ਦੀ ਪੌੜੀ ਰਾਹੀਂ ਪ੍ਰਸਿੱਧੀ 'ਤੇ ਚੜ੍ਹਦੇ ਹਨ । ਲੋਹ ਤਪਣੀ ਚਾਹੀਦੀ ਹੈ; ਖ਼ਬਰ ਛਪਣੀ ਚਾਹੀਦੀ ਹੈ । ਚੰਗਾ ਕਾਰੋਬਾਰ ਹੋਵੇ; ਕੋਠੀ ਹੋਵੇ ਕਾਰ ਹੋਵੇ । ਅੱਗੇ ਪਿੱਛੇ ਚਮਚਿਆਂ ਦੀ ਰੰਗ-ਬਿਰੰਗੀ ਡਾਰ ਹੋਵੇ । ਕੋਈ ਵੀ ਕਤਾਰ ਹੋਵੇ, ਪੰਜਾਬੀ ਸਰਦਾਰ ਹੋਵੇ । ਸਾਡੀ ਜੈ ਜੈ ਕਾਰ ਹੋਵੇ, ਸਾਡੀ ਸਰਕਾਰ ਹੋਵੇ । ਬਿਨਾਂ ਸਾਹਿੱਤ-ਰਚਨਾ ਦੇ, ਬੰਦਾ ਸਾਹਿੱਤਕਾਰ ਹੋਵੇ । ਕੋਈ ਵੀ ਮੁਹਾਜ਼ ਹੋਵੇ, ਸਾਡੀ ਜਾਰੀ ਜੰਗ ਹੈ । ਦੱਸੇ ਮੈਨੂੰ ਕੋਈ, ਇਹ ਹਾਸਾ ਜਾਂ ਵਿਅੰਗ ਹੈ?¨

ਪੰਜਵਾਂ ਬਿਸਰਾਮ

•••

ਸਾਡੀ ਸਥਾਪਤੀ ਨੇ ਵਿਅੰਗ ਨੂੰ ਮਜ਼ਾਕ ਬਣਾ ਧਰਿਆ ਹੈ ।
ਸ਼ਾਇਦ ਸਾਡੇ ਬਜ਼ਰੁਗਾਂ ਤੋਂ ਏਹੀ ਕੁਝ ਸਰਿਆ ਹੈ
ਸਾਡੇ ਕੋਲ ਵਿਅੰਗ ਨਹੀਂ, ਹਾਸ-ਸੰਸਾਰ ਹੈ
ਅਜਨਬੀ ਨੂੰ ਜਾਪਦਾ ਹੈ, ਇੱਕੋ ਪਰਿਵਾਰ ਹੈ
ਸਾਹਿੱਤਕਾਰ ਘੱਟ ਹੈ, ਜਿਆਦਾ ਰਿਸ਼ਤੇਦਾਰ ਹੈ!

ਚਰਨ ਸਿੰਘ ਸ਼ਹੀਦ ਵੇਲੇ ਮੈਦਾਨ ਖਾਲੀ ਸੀ, ਉਹ ਮੌਜ ਨਾਲ ਬਾਬਾ ਬਣ ਗਿਆ, ਬਾਬਾ ਵਰਿਆਮਾ । ਈਸ਼ਰ ਸਿੰਘ ਦੀ ਵਾਰੀ ਆਈ ਤਾਂ ਉਹਨੇ ਭਾਈਆ ਅਖਵਾਉਣ ਵਿੱਚ ਫ਼ਖਰ ਸਮਝਿਆ । ਸੂਬਾ ਸਿੰਘ ਤਾਇਆ (ਮਨਸਾ ਰਾਮ) ਬਣ ਗਿਆ ਤੇ ਗੁਰਨਾਮ ਸਿੰਘ ਤੀਰ ਚਾਚਾ (ਚੰਡੀਗੜ੍ਹੀਆ) । ਪਿਆਰਾ ਸਿੰਘ ਦਾਤੇ ਨੂੰ ਇਨ੍ਹਾਂ ਰਿਸ਼ਤਿਆਂ ਵਿੱਚ ਕੁਝ ਵੀ ਨਾ ਜੁੜਿਆ ਤਾਂ ਉਹ 'ਸੈਲਾਨੀ' ਬਣ ਤੁਰਿਆ । ਇਸ ਪੀੜ੍ਹੀ ਤੋਂ ਪਿੱਛੋਂ ਵੀ ਮੁੰਡੇ ਇਸੇ ਲੀਹ 'ਤੇ ਤੁਰਦੇ ਤੁਰਦੇ ਬੁੱਢੇ ਹੋ ਰਹੇ ਹਨ ।

ਉਹਨਾਂ ਦਾ ਕਸੂਰ ਕੋਈ ਨਹੀਂ, ਉਹ ਵਿਚਾਰੇ ਤਾਂ ਸੰਸਕਾਰ ਢੋ ਰਹੇ ਹਨ । ਤੀਰ ਅਤੇ ਦਾਤੇ ਦੀ ਦਰਗਾਹ ਵਿੱਚ ਸਰਣਾਗਤ ਹੋ ਰਹੇ ਹਨ । ਮੁੜ੍ਹਕਾ ਚੋ ਰਹੇ ਹਨ । ਦਾਤੇ ਦਾ ਦਰਬਾਰ ਹੈ । ਤੀਰ ਲੰਬੜਦਾਰ ਹੈ । ਹੱਥ ਵਿੱਚ ਝੰਡੀ ਹੈ । ਮੋਗੇ ਵਾਲੀ ਮੰਡੀ ਹੈ ।

ਆਪਣੀ ਡਫ਼ਲੀ, ਆਪਣਾ ਰਾਗ ।
ਵਾਹ ਪੰਜਾਬੀਏ! ਤੇਰੇ ਭਾਗ!!

ਪੰਜਾਬੀ ਪਰਚਿਆਂ ਦਾ 'ਚਰਿੱਤ੍ਰ-ਚਿਤ੍ਰਣ'

ਪਰਚਾ ਕੱਢਣਾ ਔਖੀ ਗੱਲ ਐ । ਚੰਗਾ ਪਰਚਾ ਕੱਢਣਾ ਵੱਡੀ ਗੱਲ ਐ । ਚੰਗਾ ਪਰਚਾ ਕੱਢੀ ਜਾਣਾ ਚਮਤਕਾਰੀ ਗੱਲ ਐ । ਪੰਜਾਬੀ ਵਿੱਚ ਤਿੰਨੇ ਵੰਨਗੀਆਂ ਹੈਣ । ਪਰ ਲੱਗਦੈ, ਇਹ ਸਭ ਕੁਝ ਕੁਦਰਤੀ ਹੋਈ ਜਾ ਰਿਹੈ । ਸੋਚ ਸਮਝ ਕੇ ਕੋਈ ਕੁਝ ਨਹੀਂ ਕਰ ਰਿਹਾ । ਇਨ੍ਹਾਂ ਸਫ਼ਿਆਂ ਵਿੱਚ ਅਸੀਂ ਆਪਣੇ ਸਮਕਾਲੀ ਪੰਜਾਬੀ ਪਰਚਿਆਂ ਬਾਰੇ ਜ਼ਰਾ ਕੁ ਡੂੰਘਾ ਜਾ ਕੇ ਵਿਚਾਰ ਕਰਾਂਗੇ । ਭਾਵੇਂ ਅਸੀਂ ਜਾਣਦੇ ਹਾਂ ਕਿ ਜੇ ਬੰਦਾ ਜ਼ਰਾ ਕੁ ਡੂੰਘਾ ਸੋਚੇ ਤਾਂ ਆਸਤਕ ਬਣ ਜਾਂਦੈ: ਜੇ ਆਸਤਕ ਜ਼ਰਾ ਕੁ ਡੂੰਘਾ ਸੋਚੇ ਤਾਂ ਨਾਸਤਕ ਬਣ ਜਾਂਦੈ; ਜੇ ਨਾਸਤਕ ਜ਼ਰਾ ਕੁ ਡੂੰਘਾ ਸੋਚੇ ਤਾਂ ਕਮਿਊਨਿਸਟ ਬਣ ਜਾਂਦੈ; ਅਤੇ ਜੇ ਕਮਿਊਨਿਸਟ ਜ਼ਰਾ ਕੁ ਡੂੰਘਾ ਸੋਚੇ ਤਾਂ 'ਬੰਦਾ' ਬਣ ਜਾਂਦੈ । ਇਹ ਬੰਦੇ ਤੋਂ 'ਬੰਦੇ' ਤੱਕ ਦਾ ਸਫ਼ਰ ਹੀ ਜ਼ਰਾ ਕੁ ਡੂੰਘਾ ਸੋਚਣ ਲਈ ਮਜਬੂਰ ਕਰ ਰਿਹੈ । (ਖ਼ੁਦਾ ਖ਼ੈਰ ਕਰੇ!)

ਸਭ ਤੋਂ ਪਹਿਲਾਂ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਕਿਸੇ 'ਚੰਗੇ ਭਲੇ' ਬੰਦੇ ਨੂੰ ਭਲਾ ਪਰਚਾ ਕੱਢਣ ਦੀ ਲੋੜ ਕਿਉਂ ਪੈਂਦੀ ਹੈ? (ਕਈ ਵਾਰੀ ਤਾਂ ਬੰਦਾ ਗਾਲ਼ਾਂ ਕੱਢਣਾ ਚਾਹੁੰਦਾ ਹੈ ਪਰ ਪਰਚਾ ਕੱਢ ਬਹਿੰਦਾ ਹੈ!) ਜਵਾਬ ਦਾ ਬਹੁਤਾ ਨਿਖਰਿਆ ਹੋਇਆ ਪਹਿਲੂ ਇਹ ਹੈ ਕਿ ਜਿਨ੍ਹਾਂ ਦੰਮਾਂ ਵਾਲਿਆਂ ਨੂੰ ਨਾਮ ਦੀ ਵੀ ਲਾਲਸਾ ਹੁੰਦੀ ਹੈ, ਉਹ ਇਹ ਦਿਲਚਸਪ ਸ਼ੁਗਲ ਪਾਲ ਲੈਂਦੇ ਨੇ । ਉਹ ਮੁੱਖ ਸੰਪਾਦਕ ਹੁੰਦੇ ਨੇ, ਤੇ ਪਰਚਾ ਕੱਢਦੇ ਨਹੀਂ, ਕਢਵਾਉਂਦੇ ਨੇ । ਸਸਤੇ ਭਾਅ ਲੇਖਕਾਂ ਦਾ ਤਮਾਸ਼ਾ ਵੇਖਦੇ ਨੇ । ਵਿਦੇਸ਼ ਸੰਪਾਦਕ ਵੀ ਇਸੇ ਕੋਟੀ 'ਚ ਆਉਂਦੇ ਨੇ । ਉਨ੍ਹਾਂ ਦੇ ਮੁਰਗੀਖ਼ਾਨਿਆਂ 'ਚੋਂ ਸਾਡੇ 'ਲੇਖਕ' ਆਂਡੇ ਛਕਦੇ ਨੇ ਅਤੇ ਉਨ੍ਹਾਂ ਦੇ ਨਾਵਾਂ ਦੀਆਂ ਬਾਂਗਾਂ ਦੇਂਦੇ ਨਹੀਂ ਥੱਕਦੇ । ਜਿੱਥੇ ਇਹ ਰਿਸ਼ਤਾ ਨੰਗਾ ਚਿੱਟਾ ਹੋਵੇ ਉੱਥੇ ਸੁੱਖ ਹੁੰਦੀ ਐ । ਖਤਰਾ ਸਿਰਫ਼ ਬੁਰਕੇ ਵਿੱਚ ਹੁੰਦਾ ਹੈ । (ਕਈ ਵਾਰ ਮਾਲਕ ਖ਼ੁਦ ਸਰਮਾਏਦਾਰ ਦੇ ਨਾਲ ਨਾਲ ਸਾਹਿੱਤਕਾਰ ਹੁੰਦਾ ਹੈ ਜਾਂ ਸਾਹਿੱਤ ਦਾ ਯਾਰ (ਅਦਬ ਦੋਸਤ) ਹੁੰਦਾ ਹੈ । ਇਹੋ ਜਿਹਾ ਕੇਸ ਇਹਤਿਆਤ ਦੀ ਮੰਗ ਕਰਦਾ ਹੈ ।)

ਦੂਜੀ ਕਿਸਮ ਦੇ ਪਰਚੇ ਸੰਪਾਦਕ ਨਹੀਂ, 'ਸਹਿਕਾਰੀ-ਸੰਪਾਦਕ-ਮੰਡਲ' ਕੱਢਦੇ ਨੇ । ਉਨ੍ਹਾਂ ਦੀ ਲੋੜ ਸਿਰਫ਼ ਛਪਣ ਦੀ ਹੁੰਦੀ ਐ । ਜਿਵੇਂ ਪੰਜ ਪੰਜ ਪਾ ਕੇ ਉਹ ਅਕਸਰ ਸ਼ਾਮ ਰੰਗੀਨ ਬਣਾ ਲੈਂਦੇ ਹਨ, ਉਵੇੇਂ ਹੀ ਦਸ ਦਸ ਪਾ ਕੇ ਰਸਾਲੇ ਦਾ ਪ੍ਰੋਗਰਾਮ ਬਣਾ ਲੈਂਦੇ ਨੇ । ਇਹ ਅਦਬੀ ਮੱਲਾਂ ਦੇ ਪ੍ਰਾਈਵੇਟ ਅਖਾੜੇ ਹੁੰਦੇ ਨੇ, ਜਿੱਥੇ ਉਹ ਜ਼ੋਰ ਕਰਦੇ ਨੇ । ਇਹ 'ਪਰਚੇ' ਦਰਅਸਲ ਪਰਚੇ ਨਹੀਂ ਹੁੰਦੇ, ਪਰਚੀਆਂ ਹੁੰਦੇ ਨੇ । ਹੋਮਿਉਪੈਥਿਕ ਦਵਾਈ ਵਾਂਗ ਜੇ ਇਨ੍ਹਾਂ ਦਾ ਫ਼ਾਇਦਾ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ ਹੁੰਦਾ । (ਜੀਂਦੇ ਵੱਸਦੇ ਰਹਿਣ!)

ਤੀਜੀ ਕਿਸਮ ਦੇ ਸੰਪਾਦਕ ਉਹ ਹਨ, ਜਿਨ੍ਹਾਂ ਦੀ ਨੀਅਤ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ (ਪਰ, ਹੋਰ ਕੀਤਾ ਵੀ ਕੀ ਜਾ ਸਕਦਾ ਹੈ!) । ਉਹ ਪਰਚਾ ਬੜੇ ਧੜੱਲੇ ਨਾਲ ਕੱਢਦੇ ਨੇ, ਟਾਈਟਲ ਆਫ਼ਸੈੱਟ 'ਤੇ ਛਾਪਦੇ ਨੇ, ਰੰਗਦਾਰ ਆਕਰਸ਼ਕ ਮੂਰਤਾਂ ਛਾਪਦੇ ਨੇ, ਲੇਖਕਾਂ ਨੂੰ ਕਿਰਤਫ਼ਲ ਦੇਣ ਦਾ ਵਾਅਦਾ ਕਰਦੇ ਨੇ, ਦੋ ਤਿੰਨ ਅੰਕ ਵਧੀਆ ਛਾਪਦੇ ਨੇ ਪਰ ਪਿੱਛੋਂ ਜਾ ਕੇ ਜਾਂ ਤਾਂ ਬਿਸਤਰਾ ਗੋਲ ਕਰ ਜਾਂਦੇ ਨੇ, ਤੇ ਜਾਂ ਫਿਰ ਹੇਠਲੇ ਪੱਧਰ 'ਤੇ ਉੱਤਰ ਆਉਂਦੇ ਨੇ । ਇਨ੍ਹਾਂ ਦੀ ਲੋੜ ਪਰਚਾ ਕੱਢਣਾ ਨਹੀਂ, ਸੰਪਾਦਕ ਕਹਾਈ ਜਾਣਾ ਹੁੰਦੀ ਐ । (ਕਾਸ਼! ਕੋਈ ਪਰਚਾ ਸੰਪਾਦਕਾਂ ਦੀ ਥਾਂ ਪਾਠਕਾਂ ਦੀ ਲੋੜ ਵੀ ਬਣ ਜਾਏ!)

ਕੁਝ ਐਡੀਟਰ ਇਸ਼ਤਿਹਾਰੀ ਹੁੰਦੇ ਨੇ । ਸਾਰਾ ਪਰਚਾ ਉਨ੍ਹਾਂ ਦਾ ਨਿੱਜੀ ਇਸ਼ਤਿਹਾਰ ਹੁੰਦਾ ਹੈ । ਮੋਟੇ ਮੋਟੇ ਅੱਖਰਾਂ ਵਿੱਚ ਆਪਣਾ ਨਾਂ ਤੇ ਪੂਰੇ ਪੂਰੇ ਸਫ਼ੇ ਦੀਆਂ ਆਪਣੀਆਂ ਤਸਵੀਰਾਂ ਛਾਪਦੇ ਨੇ । ਥੋੜ੍ਹੀ ਜਿਹੀ ਵਾਕਫ਼ੀ ਤੇ ਮਾੜੇ ਜਿਹੇ ਤਰੱਦਦ ਨਾਲ ਉਨ੍ਹਾਂ ਨੂੰ ਇਸ਼ਤਿਹਾਰ ਵਾਹਵਾ ਮਿਲ ਜਾਂਦੇ ਨੇ । ਲੋੜ ਪਵੇ ਤਾਂ ਇਸ਼ਤਿਹਾਰ-ਦਾਤਿਆਂ ਦੇ 'ਇਸ਼ਤਿਹਾਰ' ਵੀ ਛਾਪ ਦੇਂਦੇ ਨੇ । ਪਰ ਇਹ ਲੋਕ ਛੇਤੀ ਪਛਾਣੇ ਜਾਂਦੇ ਨੇ । ਇਸ ਲਈ ਇਹ ਕਿਸਮ ਸਾਹਿੱਤ ਲਈ ਓਨੀ ਖ਼ਤਰਨਾਕ ਨਹੀਂ, ਜਿੰਨੀ ਸਟੇਸ਼ਨਰੀ ਲਈ ।

ਸਰਕਾਰੀ ਤੇ ਨੀਮ-ਸਰਕਾਰੀ ਪਰਚਿਆਂ ਦੇ ਸੰਪਾਦਕ ਨਾਮ ਤੇ ਦਾਮ ਦਾ ਦੂਹਰਾ ਗੱਫਾ ਛਕਦੇ ਨੇ । ਵੱਡੀਆਂ ਵੱਡੀਆਂ ਤਨਖ਼ਾਹਾਂ ਖਾਂਦੇ ਨੇ ਅਤੇ ਤਨਖ਼ਾਹੀਏ ਹੋਣ ਦੇ ਨਾਲ ਨਾਲ ਆਪਣੀ ਅਕਲ ਦੇ ਪੈਮਾਨੇ ਨਾਲ ਸਾਹਿੱਤ ਨੂੰ ਨਾਪਣ ਤੋਲਣ ਦੀ ਢੀਠਤਾਈ ਦੀ ਹੱਦ ਤਕ ਕੋਸ਼ਿਸ਼ ਕਰਦੇ ਨੇ । ਵਾਕਫ਼ੀਆਂ ਵਧਾਉਂਦੇ ਨੇ, ਲੋਕਾਂ ਦੇ ਪੈਸਿਆਂ ਨਾਲ ਛਪੇ ਗਏ ਪਰਚਿਆਂ ਦੀਆਂ ਫ਼ਾਈਲਾਂ ਉੱਤੇ ਬੂਟਾਂ ਸਮੇਤ ਖੜੇ ਹੋ ਕੇ ਬੌਣੀਆਂ ਸ਼ਖ਼ਸੀਅਤਾਂ ਵਧਾਉਣ ਦੀ ਪ੍ਰੈਕਟਿਸ ਕਰਦੇ ਨੇ, ਨਵੇਂ ਪੁਰਾਣੇ ਲੇਖਕਾਂ ਨੂੰ ਧੰਨਵਾਦੀ ਬਣਾਉਂਦੇ ਨੇ, ਉਭਰਦੀਆਂ ਲੇਖਿਕਾਵਾਂ ਨੂੰ ਸਰਪ੍ਰਸਤੀ ਦੇਂਦੇ ਨੇ, ਹਰ ਸਥਾਨਕ ਅਦਬੀ ਮਹਿਫ਼ਲ ਦਾ 'ਸ਼ਿੰਗਾਰ' ਹੁੰਦੇ ਨੇ । ਸਰਕਾਰ ਜਾਂ ਅਦਾਰੇ ਦਾ ਇਨ੍ਹਾਂ ਪਰਚਿਆਂ ਨਾਲ ਕੋਈ ਬਹੁਤਾ ਵਕਾਰ ਨਹੀਂ ਜੁੜਿਆ ਹੁੰਦਾ, ਉਨ੍ਹਾਂ ਦਾ ਸਰੋਕਾਰ ਸਿਰਫ਼ ਏਨਾ ਹੁੰਦਾ ਹੈ ਕਿ ਕਈ ਅਗਾਂਹ-ਵਧੂ ਤੇ ਮੂੰਹ-ਫੱਟ ਕਲਮਾਂ ਵੀ, ਥੋੜ੍ਹੇ ਜਿਹੇ ਸਿੱਕਿਆਂ ਪਿੱਛੇ ਸੈਂਸਰ ਹੋਣਾ ਮਨਜ਼ੂਰ ਕਰ ਲੈਂਦੀਆਂ ਨੇ । ਮਾਲਕ- ਸੰਪਾਦਕ ਬਦਲਦੇ ਰਹਿੰਦੇ ਨੇ, ਪਰ 'ਨੀਤੀ' ਨਹੀਂ ਬਦਲਦੀ । ਸਗੋਂ ਅਜਿਹੀ ਅਦਲਾ-ਬਦਲੀ ਨਾਲ ਲੇਖਕਾਂ ਦੀਆਂ ਕਿਸਮਾਂ ਤੇ ਕਿਸਮਤਾਂ ਪਛਾਣੀਆਂ ਜਾਂਦੀਆਂ ਨੇ ।

ਹਾਲਾਤ ਨਿਰੇ-ਪੁਰੇ ਇਹੋ ਜਿਹੇ ਹੀ ਨਹੀਂ । ਕਦੇ ਕਦੇ ਕੋਈ ਕੱਦਾਵਾਰ ਲੇਖਕ, ਆਪਣੇ ਅੰਦਰਲੇ ਦਾ ਕਿਹਾ ਮੰਨ ਕੇ, ਪਰਚਾ ਸ਼ੁਰੂ ਕਰਦਾ ਹੈ । ਇਹੋ ਜਿਹੇ ਪਰਚੇ ਤੇ ਇਹੋ ਜਿਹੇ ਸੰਪਾਦਕ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਨੇ । ਬਹੁਤ ਵਾਰ ਪਰਚੇ ਦਾ ਨਾਂ ਲੇਖਕ-ਸੰਪਾਦਕ ਦਾ ਤਖੱਲੁਸ ਹੀ ਬਣ ਜਾਂਦਾ ਹੈ । ਸਹੀ ਲੇਖਕ ਸਹੀ ਪਰਚੇ ਵੱਲ ਆਪ-ਮੁਹਾਰੇ ਖਿੱਚੇ ਜਾਂਦੇ ਹਨ । ਮੁਆਵਜ਼ਾ ਕੋਈ ਨਹੀਂ ਮਿਲਦਾ, ਮੁਆਵਜ਼ਾ ਕੋਈ ਨਹੀਂ ਮੰਗਦਾ । ਪਰਚੇ ਵਿੱਚ ਛਪ ਜਾਣਾ ਹੀ ਮੁਆਵਜ਼ਾ ਸਮਝਿਆ ਜਾਂਦਾ ਹੈ । ਇਨ੍ਹਾਂ ਪਰਚਿਆਂ ਨੇ ਇਤਿਹਾਸ ਕਾਇਮ ਕੀਤੇ ਨੇ, ਅਦਬੀ ਮਿਆਰ ਕਾਇਮ ਕੀਤੇ ਨੇ, ਸਹੀ ਲੇਖਕਾਂ ਨੂੰ ਲੋਕਾਂ ਤੱਕ ਪਹੁਚਾਇਆ ਹੈ, ਸਹੀ ਲੋਕਾਂ ਨੂੰ ਲੇਖਕਾਂ ਨਾਲ ਜੋੜਿਆ ਹੈ, ਸਾਡੇ ਸਾਹਿੱਤ-ਸੰਸਾਰ ਨੂੰ ਮੁਹਾਂਦਰਾ ਦਿੱਤਾ ਹੈ, ਪਰ ਇਨ੍ਹਾਂ ਪਰਚਿਆਂ ਦੀ ਚੜ੍ਹਤ ਦੀ ਵੀ ਇੱਕ ਉਮਰ ਹੁੰਦੀ ਹੈ । ਢਹਿੰਦੀਆਂ ਕਲਾਂ ਵਿੱਚ ਜਾ ਕੇ ਇਹੋ ਪਰਚੇ ਸਹੀ ਪਾਠਕਾਂ ਤੇ ਲੇਖਕਾਂ ਨੂੰ ਸਭ ਤੋਂ ਵੱਧ ਨਿਰਾਸ਼ ਕਰਦੇ ਨੇ ।

ਪ੍ਰੀਤਲੜੀ ਨੂੰ ਹੀ ਲੈ ਲਉ । ਕਦੇ ਇਹ ਸਾਡਾ ਸਿਰਮੌਰ ਪਰਚਾ ਗਿਣਿਆ ਜਾਂਦਾ ਸੀ । ਹੁਣ ਕਦੇ ਕੋਈ ਗੱਲ ਨਹੀਂ ਕਰਦਾ । ਗੁਰਬਖ਼ਸ਼ ਸਿੰਘ ਅਤੇ ਨਵਤੇਜ ਸਿੰਘ ਹੁਰਾਂ ਦਾ ਜਾਦੂ ਉਨ੍ਹਾਂ ਦੇ ਹੁੰਦਿਆਂ ਹੀ ਖ਼ਤਮ ਹੋ ਗਿਆ ਸੀ, ਹੁਣ ਲੀਕ ਪਿੱਟੀ ਜਾਣ ਨਾਲ 'ਜੀਵਨ ਸਾਥੀਆਂ' ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਪਰਚ ਸਕਦਾ ਹੋਵੇ! ਸੁਮੀਤ ਸਿੰਘ ਨੂੰ ਚਾਹੀਦਾ ਹੈ ਕਿ ਬੀਤੇ ਦਾ ਮੋਹ ਤਿਆਗੇ, ਸਾਡਾ ਭਰਮ ਬਣਿਆ ਰਹਿਣ ਦੇਵੇ ਅਤੇ ਕੋਸ਼ਿਸ਼ ਕਰਕੇ ਆਪਣੀ ਸ਼ਖ਼ਸੀਅਤ ਦਾ ਭੋਰਾ ਵੀ ਵਰਤਣ ਦੀ ਜਾਚ ਸਿੱਖੇ । ਪੰਜਾਬ ਦੇ ਸੱਭਿਆਚਾਰਕ ਇਤਿਹਾਸ ਵਿੱਚ ਪ੍ਰੀਤਲੜੀ ਦਾ ਚੰਗਾ ਹਿੱਸਾ ਹੈ, ਪਰ ਇਸ ਹਿੱਸੇ ਦਾ ਕਿੱਸਾ ਦੁਹਰਾਈ ਜਾਣਾ ਪੱਤਰਕਾਰੀ ਲਈ ਕੋਈ ਚੰਗਾ ਸ਼ਗਨ ਨਹੀਂ ।

ਆਰਸੀ ਨਿਰਸੰਦੇਹ ਪ੍ਰੀਤਮ ਸਿੰਘ ਹੁਰਾਂ ਦਾ ਪ੍ਰਕਾਸ਼ਨੀ ਪਰਚਾ ਹੈ । ਸਥਾਪਿਤ ਲੇਖਕ ਉਸ ਨਾਲ ਜੁੜੇ ਹੋਏ ਨੇ । ਵਪਾਰਕ ਨਜ਼ਰੀਏ ਵਾਲਾ ਇੱਕੋ ਇੱਕ ਚੰਗਾ ਸਾਹਿੱਤਕ ਪਰਚਾ ਹੈ । ਭਾਵੇਂ ਕਦੇ ਕਦਾਈਾ ਸਾਰਾ ਪਰਚਾ ਹੀ ਮਾਸਕੋ ਦੀ ਚਿੱਠੀ ਜਾਪਦਾ ਹੈ । ਪਰ ਫਿਰ ਵੀ ਸੁਖ਼ਬੀਰ (ਬ. ਸ.) ਦਾ 'ਸਹਿਯੋਗ' ਇਸ ਨੂੰ ਘਟੀਆ ਹੋਣੋਂ ਬਚਾਈ ਰੱਖਦਾ ਹੈ । ਲੋਕ ਪੜ੍ਹਦੇ ਹਨ, ਗੱਲ ਵੀ ਕਰਦੇ ਹਨ ਪਰ ਇਹ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਆਰਸੀ ਦਾ ਆਪਣਾ ਕੋਈ ਵੱਖਰਾ ਕਿਰਦਾਰ ਨਹੀਂ ਉਘੜ ਸਕਿਆ । ਨਾ ਕੋਈ ਵਿਸ਼ੇਸ਼ ਵਿਚਾਰਧਾਰਾ, ਨਾ ਕੋਈ ਵੱਖਰਾ ਦ੍ਰਿਸ਼ਟੀਕੋਣ । ਸ਼ਾਇਦ ਸੰਪਾਦਕੀ ਸ਼ਖ਼ਸੀਅਤ ਭਾਰੂ ਹੋਣ ਕਰਕੇ ਇਹ ਖ਼ੂਬਸੂਰਤ ਹਾਦਿਸਾ ਵਾਪਰ ਰਿਹਾ ਹੈ ।

ਅਕਸ ਦਾ ਥੋੜ੍ਹਾ ਚਿਰ ਜ਼ਿਕਰ ਹੋਇਆ ਸੀ । ਅਮਰਜੀਤ ਪਚਾ ਨਹੀਂ ਸਕਿਆ । ਪਰਚਾ ਫ਼ਿਲਮੀ ਟਾਈਪ ਹੋ ਕੇ ਰਹਿ ਗਿਆ ਹੈ ।

ਨੀਲਮਣੀ ਦੀ ਗੱਲ ਵੀ ਹੁੰਦੀ ਪਈ ਹੈ । ਨੀਲਗਿਰੀ ਤੇ ਨਾਗਮਣੀ ਦਾ ਸਹੀ ਸੰਧੀ-ਸੁਮੇਲ ਸ਼ੀਰਸ਼ਕ ਚੁਣਿਆ ਹੈ । ਨਾਵਲਿਟ ਦ੍ਰਿਸ਼ਟੀ ਦੀ ਪਿਰਤ ਹੈ । ਅੱਖਰਕਾਰੀ ਹੂ-ਬ-ਹੂ ਇਮਰੋਜ਼ ਵਰਗੀ ਹੈ । ਰਿਗਵੇਦ ਤੇ ਮੀਰਾਬਾਈ ਦੇ ਆਸ਼ੀਰਵਾਦ ਨਾਲ ਨੁਸਖ਼ਾ ਤਾਂ ਵਧੀਆ ਚੁਣਿਆ ਹੈ ਪਰ ਛਾਪਣਗੇ ਕੀ? ਜੇਕਰ ਵਿਰਦੀ ਆਪਣੇ ਵਰਗੇ ਹਿੰਮਤੀ ਬੰਦੇ ਇੱਕ ਦੋ ਹੋਰ ਲੱਭ ਲਵੇ ਤਾਂ ਗੱਲ ਬਣ ਸਕਦੀ ਹੈ । ਰਚਨਾ ਕਿਤਿਉਂ ਮੰਗਵਾਉਣ ਦੀ ਲੋੜ ਹੀ ਨਹੀਂ ਪਵੇਗੀ । ਪਰਿਵਾਰ ਦੇ ਹਰ ਮੈਂਬਰ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਨੀਲਮਣੀ ਦੇ ਪੰਨਿਆਂ ਤੋਂ ਪ੍ਰਤੱਖ ਹੈ । ਪੇਸ਼ਕਾਰੀ ਦਿਲ-ਖਿੱਚਵੀਂ ਹੈ । ਜੇਕਰ ਇਹੋ ਮਿਆਰ ਕਾਇਮ ਰਿਹਾ ਤਾਂ ਪਰਚਾ ਪਾਪੂਲਰ (ਪਾਪੂਲਰ ਗੌਰਮਿੰਟ ਦੇ ਮਾਅਨਿਆਂ ਵਿੱਚ) ਹੋ ਨਿਬੜੇਗਾ । 'ਲੋਅ' ਨੂੰ ਨਿਕਲਿਆਂ ਯਾਨੀ ਸ਼ੁਰੂ ਹੋਇਆਂ, ਤਿੰਨ ਸਾਲ ਤੋਂ ਵੱਧ ਅਰਸਾ ਹੋ ਗਿਆ ਹੈ । ਕਹਿ ਲਉ ਕਿ ਖ਼ਤਰੇ ਦਾ ਨਿਸ਼ਾਨ ਲੰਘ ਚੁੱਕਾ ਹੈ । ਪਿੱਛੇ ਜਿਹੇ ਅਫ਼ਵਾਹ ਫ਼ੈਲੀ ਸੀ ਕਿ ਪਰਚਾ ਬੰਦ ਹੋ ਰਿਹੈ ਤਾਂ ਚਿੰਤਾ ਦੀ ਸੁਰ ਉਭਰੀ ਸੀ । ਪਰ ਪਿੱਛੋਂ ਜਾ ਕੇ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਖ਼ੁਸ਼ੀ ਹੋਈ ਕਿ 'ਲੋਅ' ਵਿਅਕਤੀ-ਮੁਕਤ ਹੋ ਕੇ ਸਾਹਿੱਤ-ਯੁਕਤ ਹੋ ਗਈ ਹੈ । ਪਰਚਾ ਵੱਖਰਾ ਹੈ ਅਤੇ ਲੱਗਦਾ ਹੈ ਕਿ ਹੋਰ ਵੀ ਵੱਖਰਾ ਹੁੰਦਾ ਜਾਵੇਗਾ । ਲੇਖਕਾਂ ਦੇ ਸ਼ਬਦ-ਚਿੱਤਰ ਛਾਪਣ ਕਰਕੇ ਵਧੇਰੇ ਚਰਚਿਤ ਹੋਇਆ ਹੈ । ਕੁਝ ਨਵੇਂ ਨਵੇਂ ਕਾਲਮ ਸ਼ੁਰੂ ਕਰਕੇ ਜੇਕਰ ਦ੍ਰਿੜਤਾ ਨਾਲ ਚਾਲੂ ਰੱਖੇ ਜਾਣ ਤਾਂ ਗਾਹਕਾਂ ਦੇ ਨਾਲ ਨਾਲ ਪਾਠਕ ਵੀ ਪਨਪ ਸਕਦੇ ਹਨ । ਪਾਕਿਸਤਾਨੀ ਅਤੇ ਕਹਾਣੀ ਵਿਸ਼ੇਸ਼ ਅੰਕ 'ਲੋਅ' ਦੀ ਪ੍ਰਾਪਤੀ ਹਨ ।

ਵਿਕੇਂਦ੍ਰਿਤ ਨੂੰ ਭਾਵੇਂ ਅਕਾਦਮੀ-ਸਾਈਜ਼ ਸੰਪਾਦਕ ਜੋੜਾ ਪ੍ਰਾਪਤ ਹੈ ਪਰ ਪਰਚਾ ਮੱਕੜੀ ਸ਼ੈਲੀ ਵਿੱਚ ਸਿਮਟ ਕੇ ਰਹਿ ਗਿਆ ਹੈ । ਇਸ ਦਾ ਰੁਝਾਨ ਲੇਖਕਾਂ ਵੱਲ ਘੱਟ ਤੇ ਪੱਤਰ-ਲੇਖਕਾਂ (ਮੈੱਨ ਔਫ਼ ਲੈਟਰਜ਼) ਵੱਲ ਵਧੇਰੇ ਹੈ । ਇਸ ਨਾਲੋਂ ਤਾਂ ਜੇਬੀ-ਸਾਈਜ਼ ਅਣੂ ਹੀ ਵਧੇਰੇ ਚਰਚਿਤ ਹੈ!

'ਨਵਾਂ ਸਾਹਿੱਤ' ਲੰਬੇ ਅਰਸੇ ਤੋਂ ਦਾਤਾਗਿਰੀ ਕਰ ਰਿਹਾ ਹੈ । ਪ੍ਰੀਤਮ ਤੇ ਕੰਵਲ ਨੂੰ ਵੀ ਕਾਗ਼ਜ਼ ਦਾ ਕੋਟਾ ਸ਼ਾਇਦ ਮਿਲੀ ਜਾ ਰਿਹਾ ਹੈ । 'ਸਾਹਿੱਤਕਾਰ' ਗ਼ਜ਼ਲੋ-ਗ਼ਜ਼ਲੀ ਹੋ ਰਿਹਾ ਹੈ । ਸੁਰਗਵਾਸੀ ਪਰਚਿਆਂ ਦਾ ਭੋਗ ਪਾਉਣਾ ਇੱਥੇ ਨਿਆਂ-ਉਚਿਤ ਨਹੀਂ ਜਾਪਦਾ । ਉਨ੍ਹਾਂ ਦੀ ਯਾਦ ਵਿੱਚ ਦੋ ਮਿਨਟ ਲਈ ਖ਼ਾਮੋਸ਼ ਜ਼ਰੂਰ ਹੋਇਆ ਜਾ ਸਕਦਾ ਹੈ:

ਇਸ ਖ਼ਾਮੋਸ਼ੀ ਪਿੱਛੋਂ ਬੋਲਣਾ ਖ਼ਤਰਨਾਕ ਲੱਗਦਾ ਹੈ ਪਰ ਬਿਨ ਬੋਲੇ ਰਿਹਾ ਨਹੀਂ ਜਾਂਦਾ । ਟਾਪਿਕ ਹੀ ਇਹੋ ਜਿਹਾ ਨਾ-ਸ਼ੁਕਰਾ ਹੈ ।

ਸੇਧ ਵੱਖਰੀ ਪਛਾਣ ਵਾਲਾ ਰੈਗੂਲਰ ਪਰਚਾ ਸੀ । ਬਹਿਸ ਮੁਬਾਹਿਸੇ ਵਿੱਚ ਯਕੀਨ ਰੱਖਦਾ ਸੀ । ਗੰਭੀਰ ਸੁਰ ਦਾ ਧਾਰਨੀ ਸੀ । ਇਸ ਨਾਲ ਆਲੋਚਕਾਂ ਦਾ ਇੱਕ ਗੁੱਟ ਜੁੜਿਆ ਹੋਇਆ ਸੀ । ਪਰਚੇ ਦੇ ਸੁਤੰਤਰ-ਮਾਰਕਸਵਾਦੀ ਹੋਣ ਬਾਰੇ ਭਾਵੇਂ ਕਿਸੇ ਨੂੰ ਇਅਤਰਾਜ਼ ਹੋਵੇ ਪਰ ਸਾਹਿੱਤਕ ਪੱਤਰਕਾਰੀ ਲਈ ਅਜਿਹੀ ਪੱਤ੍ਰਿਕੀ ਗੁਣਕਾਰੀ ਹੁੰਦੀ ਹੈ । ਪੰਨੂੰ ਦਾ ਸਟੈਂਡ ਸੀ ਤੇ ਉਹ ਆਪਣੇ ਸਟੈਂਡ 'ਤੇ ਅੰਤ ਤਕ ਕਾਇਮ ਵੀ ਰਿਹਾ ਸੀ ।

ਇਸੇ ਤਰ੍ਹਾਂ ਲਕੀਰ ਉੱਤੇ ਪ੍ਰੇਮ ਪ੍ਰਕਾਸ਼ ਤੋਂ ਬਾਅਦ ਸੁਰਜੀਤ ਹਾਂਸ ਦੀ ਮੁਹਰ-ਛਾਪ ਪ੍ਰਤੱਖ ਵੇਖੀ ਜਾ ਸਕਦੀ ਸੀ । ਪਤਨੀ ਦੇ ਝਰੋਖੇ 'ਚੋਂ, ਸੈਮੀਨਾਰ, ਪੁਸਤਕ ਰਿਵੀਊ ਇਸ ਦੀ ਵਿਸ਼ੇਸ਼ਤਾ ਸੀ । ਵੱਧ ਤੋਂ ਵੱਧ ਕਿਤਾਬਾਂ ਦੇ ਗੰਭੀਰ ਰਿਵੀਊ ਅਤੇ ਅਸਾਧਾਰਣ ਅੰਤਰ-ਰਾਸ਼ਟਰੀ ਮਸਲਿਆਂ ਬਾਰੇ ਲੇਖ ਛਾਪਣ ਕਰਕੇ ਲਕੀਰ ਨੂੰ ਯਾਦ ਕੀਤਾ ਜਾਵੇਗਾ ।

ਦੁਸਾਂਝ ਦਾ ਲੋਕ ਹੱਕ ਭਾਵੇਂ ਸਾਹਿੱਤਕ ਤੌਰ 'ਤੇ ਕੋਈ ਸ਼ਕਲ ਅਖ਼ਤਿਆਰ ਨਹੀਂ ਸੀ ਕਰ ਸਕਿਆ ਪਰ ਭੀੜ ਵਿੱਚ ਪੂਰੀ ਤਰ੍ਹਾਂ ਗੁਆਚਾ ਵੀ ਨਹੀਂ ਸੀ । ਸ਼ੱਕ ਪੈਂਦਾ ਸੀ ਕਿ ਕੋਸ਼ਿਸ਼ ਕਰਕੇ ਸ਼ਰਧਾਲੂ ਮੰਡਲੀ ਤਿਆਰ ਕੀਤੀ ਜਾ ਰਹੀ ਹੈ । ਪਰ ਪੰਜਾਬੀ ਵਾਰਤਕ (ਭਾਵੇਂ ਅਖ਼ਬਾਰੀ ਪੱਧਰ ਦੀ ਹੀ ਸੀ) ਨੂੰ ਪ੍ਰਚਾਰਨ ਦਾ ਚੰਗਾ ਕੰਮ ਇਸ ਰਾਹੀਂ ਜ਼ਰੂਰ ਹੋ ਰਿਹਾ ਸੀ ।

ਜਿਨ੍ਹਾਂ ਪਰਚਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ, ਉਨ੍ਹਾਂ ਦੇ ਮਾਲਕਾਂ, ਸੰਪਾਦਕਾਂ, ਪਾਠਕਾਂ ਤੋਂ ਖ਼ਿਮਾ- ਸਹਿਤ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਨਾਗਮਣੀ ਨਾਂ ਦੇ ਪਰਚੇ ਨੇ ਸਾਹਿੱਤਕ ਪੱਤਰਕਾਰੀ ਵਿੱਚ ਨਰੋਈ ਪਿਰਤ ਪਾਈ ਹੈ । ਲੇਖਕਾਂ ਤੇ ਕਲਾਕਾਰਾਂ ਦੇ ਸਵੈ-ਜੀਵਨੀ-ਮੁਖੀ ਬਹੁਤ ਸਾਰਾ ਮਸਾਲਾ ਵੱਖ ਵੱਖ ਕਾਲਮਾਂ ਹੇਠ ਇਸ ਵਿੱਚ ਛਪਿਆ ਹੈ । ਨਵੇਂ ਲੇਖਕਾਂ ਨੂੰ ਦਰਿਆ-ਦਿਲੀ ਨਾਲ ਕਲਮੀਂ ਤਜ਼ੁਰਬੇ ਕਰਨ ਲਈ ਖੁੱਲ੍ਹਾ ਸੱਦਾ ਰਿਹਾ ਹੈ । ਭਾਵੇਂ ਕਿ ਜਿਆਦਾ ਖੁੱਲ੍ਹ ਮਿਲਣ ਕਰਕੇ ਜਾਂ ਪ੍ਰਯੋਗਾਂ ਦੇ ਨਾਂ ਹੇਠ ਕਈ ਕੁਝ ਜਲਦਬਾਜ਼ੀ ਵਿੱਚ ਲਿਖਿਆ ਵੀ ਛਪਿਆ ਹੈ ਪਰ ਇਸ ਪਰਚੇ ਨੂੰ ਪੜ੍ਹਨ ਜਾਂ ਨਾ ਪੜ੍ਹਨ ਵਾਲੇ, ਇਸਦੀ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦੇ । ਕੋਈ ਖ਼ਿਲਾਫ਼ ਬੋਲੇ ਭਾਵੇਂ ਹੱਕ ਵਿੱਚ, ਬੋਲਦਾ ਜ਼ਰੂਰ ਹੈ । ਤਕਰੀਬਨ ਚਾਰ ਸਾਲਾਂ ਤੋਂ ਲਗਾਤਾਰ ਵਿਸ਼ੇਸ਼ ਅੰਕ ਛਾਪਣ ਕਰਕੇ ਵੀ ਇਸ ਦੀ ਵਿਲੱਖਣਤਾ ਕਾਇਮ ਹੋਈ ਹੈ । ਕਾਰਨ ਇਹ ਵੀ ਹੈ ਕਿ ਕਲਾ-ਦੰਪਤੀ ਚੌਵੀ ਘੰਟੇ, ਸੁੱਤੇ ਜਾਗਦੇ ਨਾਗਮਣੀ ਦੀ ਪਰਵਰਿਸ਼ ਲਈ ਫ਼ਿਕਰਮੰਦ ਰਹਿੰਦੇ ਹਨ । ਕੁਲਵੰਤ ਸਿੰਘ ਵਿਰਕ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਸੀ ਕਿ ਅਸੀਂ ਅੰਮ੍ਰਿਤਾ ਪ੍ਰੀਤਮ ਵਰਗੀ ਅੰਤਰ-ਰਾਸ਼ਟਰੀ ਪੱਧਰ ਦੀ ਸ਼ਖ਼ਸੀਅਤ ਨੂੰ ਨਾਗਮਣੀ ਦੇ ਲਿਫ਼ਾਫ਼ਿਆਂ 'ਤੇ ਐਡਰੈੱਸ ਲਿਖਣ ਲਾ ਛੱਡਿਆ ਹੈ । ਪਰ ਇਹ ਸ਼ੌਕ ਹੈ ਜਿਸ ਨੂੰ ਅੰਮ੍ਰਿਤਾ, ਬਿਨਾਂ ਕਿਸੇ ਥਕਾਵਟ ਦੇ ਪਾਲ ਰਹੀ ਹੈ । ਪੰਜਾਬੀ ਸਹਿੱਤ ਵਿੱਚ ''ਨਾਗਮਣੀ ਪੌਧ'' ਦਾ ਜ਼ਿਕਰ ਰਹੇਗਾ । ਪ੍ਰੀਤਲੜੀ ਤੋਂ ਬਾਅਦ ਸ਼ਾਇਦ ਨਾਗਮਣੀ ਹੀ ਇੱਕ ਮਾਸਿਕ ਸਾਡੇ ਕੋਲ ਆਇਆ ਹੈ, ਜਿਸ ਨੇ ਪਾਠਕਾਂ ਨੂੰ ਏਨੀ ਸ਼ਿੱਦਤ ਨਾਲ ਆਪਣੇ ਸੰਗ ਜੋੜਿਆ ਹੈ, ਭਾਵੇਂ ਕਿ ਖੇਤਰ ਦੋਹਾਂ ਪਰਚਿਆਂ ਦੇ ਅੱਸਲੋਂ ਵੱਖਰੇ ਹੀ ਨਹੀਂ ਸਗੋਂ ਵਿਪਰੀਤ ਹਨ । ਇਮਰੋਜ਼ ਦੇ ਸਕੈੱਚ ਪਰਚੇ ਨੂੰ ਵੱਖਰੀ ਪਛਾਣ ਦੇਣ ਵਿੱਚ ਵੱਡਾ ਹਿੱਸਾ ਪਾਉਂਦੇ ਹਨ । ਇਸਦੀ ਤਰਜ਼ 'ਤੇ ਕਈ ਪਰਚੇ ਨਿਕਲ ਕੇ ਬੰਦ ਹੋ ਗਏ ਪਰ ਇਸਦੀ ਰਫ਼ਤਾਰ ਵਿੱਚ ਕੋਈ ਫ਼ਰਕ ਨਹੀਂ ਪਿਆ ।

ਚਾਹੁੰਦਾ ਸਾਂ ਕਿ 'ਸਿਰਜਣਾ' ਦਾ ਜ਼ਿਕਰ ਰਹਿਣ ਹੀ ਦਿਆਂ (ਕਿਉਂਕਿ ਇਹ ਲੇਖ 'ਸਿਰਜਣਾ' ਵਿੱਚ ਛਪਿਆ ਸੀ) ਪਰ ਗੱਲ ਪੂਰੀ ਹੁੰਦੀ ਨਹੀਂ ਜਾਪਦੀ । ਪਹਿਲਾਂ ਵੀ ਇੱਕ ਤੋਂ ਵੱਧ ਵਾਰ ਇਹ ਟਿੱਪਣੀ ਦੁਹਰਾ ਚੁੱਕਾ ਹਾਂ ਕਿ ਪੰਜਾਬੀ ਦੇ ਸਾਹਿੱਤਕ ਤ੍ਰੈਮਾਸਿਕ ਪਰਚਿਆਂ 'ਚੋਂ 'ਸਿਰਜਣਾ' ਸ਼ਾਇਦ ਸਭ ਤੋਂ ਮੂਹਰੇ ਹੈ । ਰਘਬੀਰ ਦੀ ਸੰਪਾਦਨਾ ਦੇ ਨਾਲ ਨਾਲ ਸੇਖੋਂ ਵਰਗੀ ਸਰਪ੍ਰਸਤੀ ਮੈਟਰ ਨੂੰ ਹੌਲਿਆਂ ਨਹੀਂ ਪੈਣ ਦੇਂਦੀ । ਅੱਗਰ-ਗਾਮੀ ਵਿਚਾਰਧਾਰਾ ਅਤੇ ਬਾਕਾਇਦਾ ਪ੍ਰਕਾਸ਼ਨ ਵੀ ਇੱਕ ਫ਼ੈਕਟਰ ਹੋ ਸਕਦਾ ਹੈ । ਇਹ ਗੱਲ ਵੱਖਰੀ ਹੈ ਕਿ ਬਾਕੀ ਸਾਰਾ ਮੈਟਰ ਵਧੀਆ ਹੋਣ ਕਰਕੇ ਮੇਰੇ ਵਰਗਿਆਂ ਦੀਆਂ ਇੱਕ ਦੋ-ਚਲਾਊ ਰਚਨਾਵਾਂ ਵੀ ਬਹੁਤੀਆਂ ਨਹੀਂ ਰੜਕਦੀਆਂ । ਕਿਤਾਬਾਂ ਦੇ ਰਿਵੀਊ ਤੇ ਵਿਵਾਦ ਵਾਲੇ ਮਸਲੇ ਵੀ ਸਿਰਜਣਾ ਨੂੰ ਸਿਆਣੇ ਤੇ ਗੰਭੀਰ ਪਾਠਕਾਂ ਨਾਲ ਜੋੜਦੇ ਨੇ । ਇਹ ਉਨ੍ਹਾਂ ਪਰਚਿਆਂ 'ਚੋਂ ਹੈ ਜਿਨ੍ਹਾਂ ਦੇ ਅਗ਼ਲੇ ਅੰਕ ਦੀ ਉਡੀਕ ਰਹਿੰਦੀ ਹੈ । ਇਨ੍ਹਾਂ ਸਫ਼ਿਆਂ ਵਿੱਚ ਕੋਈ ਸਿੱਟੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਿਰਫ਼ ਆਪਣੀ ਰਾਸ ਦਾ ਲੇਖਾ ਜੋਖਾ ਕੀਤਾ ਗਿਆ ਹੈ ਕਿ ਅਸੀਂ ਕਿੰਨੇ ਕੁ ਪਾਣੀ ਵਿੱਚ ਹਾਂ । ਮੇਰੀਆਂ ਟਿੱਪਣੀਆਂ ਦਾ ਆਧਾਰ ਵਿਸ਼ੇਸ਼ਕਰ ਸੰਪਾਦਕ ਦੀ ਸ਼ਖ਼ਸੀਅਤ ਰਿਹਾ ਹੈ । ਮੇਰੀ ਇਹ ਸੋਚੀ ਸਮਝੀ ਰਾਏ ਹੈ ਕਿ ਦਿੱਖ, ਛਪਾਈ ਤੇ ਮੈਟਰ ਭਾਵੇਂ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ, ਪਰਚੇ ਦੀ ਰੂਹ ਸੰਪਾਦਕ ਦੀ ਸ਼ਖ਼ਸੀਅਤ ਨਾਲ ਬੱਝੀ ਹੁੰਦੀ ਹੈ । ਦੂਜੀ ਕਸਵਟੀ ਮੈਂ ਫ਼ੀਚਰ-ਲੇਖਨ ਨੂੰ ਰੱਖਿਆ ਹੈ । ਕਵਿਤਾ, ਕਹਾਣੀ ਤਾਂ ਜਣਾ-ਖਣਾ ਵੀ ਛਾਪ ਸਕਦਾ ਹੈ, ਕੁਇੰਟਲਾਂ ਦੇ ਹਿਸਾਬ ਨਾਲ ਸਮੱਗਰੀ ਇਕੱਠੀ ਕੀਤੀ ਜਾ ਸਕਦੀ ਹੈ । ਪਰ ਸੰਪਾਦਕ ਦੀ ਕਾਮਯਾਬੀ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਪਰਚੇ ਵਿੱਚ ਘੱਟੋ-ਘੱਟ ਇੱਕ-ਚੁਥਾਈ ਮਸਾਲਾ ਇਹੋ ਜਿਹਾ ਜ਼ਰੂਰ ਛਾਪੇ ਜਿਹੜਾ ਕਿਸੇ ਹੋਰ ਸਮਕਾਲੀ ਪਰਚੇ ਵਿੱਚ ਨਾ ਮਿਲਦਾ ਹੋਵੇ । ਲੇਖਕਾਂ ਨੂੰ ਨਵਾਂ ਲਿਖਣ ਲਈ ਪਰੇਰੇ, ਉਤਸ਼ਾਹਿਤ ਕਰੇ । ਵਪਾਰਕ ਨੁਕਤੇ ਨੂੰ ਅਣਦਿਸਦਾ ਰੱਖੇ । ਵਰਤਮਾਨ ਦੇ ਨਾਲ ਨਾਲ ਸਾਹਿੱਤ ਦੇ ਭਵਿੱਖ ਪ੍ਰਤਿ ਵੀ ਸੁਚੇਤ ਰਹੇ । ਇਸ ਤਰ੍ਹਾਂ ਦੇ ਪਰਚੇ ਦਾ ਸੇਲ-ਗਰਾਫ਼ ਭਾਵੇਂ ਹਜ਼ਾਰ ਦੋ ਹਜ਼ਾਰ ਦੀ ਗਿਣਤੀ ਨਾ ਟੱਪ ਸਕੇ ਪਰ ਉਸਦਾ ਪ੍ਰਭਾਵ ਲਾਜ਼ਮੀ ਤੌਰ 'ਤੇ ਲੋਕ-ਪ੍ਰਿਯ ਪੱਤ੍ਰਿਕਾਵਾਂ ਨੂੰ ਬੌਣਿਆਂ ਕਰ ਦੇਵੇਗਾ । ਅਜੋਕੇ ਦੌਰ ਵਿੱਚ ਜੇਕਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਗ਼ਲਤੀ ਨਾਲ ਖਲੋਤੇ ਕਿਸੇ ਬੁੱਧੀਜੀਵੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਜਾਵੇ ਤਾਂ ਹੈਰਾਨ ਹੋਣ ਵਾਲੀ ਗੱਲ ਨਹੀਂ, ਇਸ ਨਾਲ ਤਾਂ ਸਗੋਂ ਸਾਹਿੱਤ ਤੇ ਰਾਜਨੀਤੀ ਵਿਚਲੀ 'ਅਟੁੱਟ ਸਾਂਝ' ਪ੍ਰਗਟ ਹੁੰਦੀ ਹੈ ।

ਮਿਕਦਾਰ ਦੇ ਪੱਖੋਂ ਸਾਡੇ ਕੋਲ ਜ਼ਰੂਰਤ ਤੋਂ ਜਿਆਦਾ ਪਰਚੇ ਨੇ । ਏਨੇ ਪਰਚਿਆਂ ਦਾ ਢਿੱਡ ਭਰਨਾ ਪੰਜਾਬੀ ਲੇਖਕਾਂ(?) ਦੀ ਸੂਰਮਗਤੀ ਹੈ, ਪਰ ਮਿਆਰ ਦੇ ਪੱਖੋਂ ਉੱਚੇ ਕਿਸੇ ਅਜਿਹੇ ਪਰਚੇ ਦੀ ਜਾਗਰੂਕ ਪਾਠਕ ਵਰਗ ਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਜਿਸ 'ਚੋਂ ਗ਼ੈਰ-ਅਦਬੀ ਨਜ਼ਰੀਆ ਪੂਰੀ ਤਰ੍ਹਾਂ ਮਨਫ਼ੀ ਹੋਵੇ । ਮੰਨਿਆ ਕਿ ਸਾਹਿੱਤ ਦੀ ਆਪਣੀ ਰਾਜਨੀਤੀ ਹੋਵੇਗੀ, ਪਰ ਇਹ ਰਾਜਨੀਤੀ ਘੱਟ ਤੇ ਨਰਾਜ਼ਨੀਤੀ ਵੱਧ ਹੁੰਦੀ ਹੈ । ਨਰਾਜ਼ ਹੋਣ ਵਾਲੇ ਆਪਣੇ ਆਪਣੇ ਖੇਮਿਆਂ 'ਚ ਖੁਸ਼ ਰਹਿਣ । ਉਨ੍ਹਾਂ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ । 'ਜ਼ਰਾ ਕੁ ਡੂੰਘਾ' ਸੋਚਣ ਨਾਲ ਚਰਿੱਤ੍ਰ-ਚਿਤ੍ਰਣ ਤੇ ਚਰਿੱਤ੍ਰ-ਹਨਨ ਵਿਚਲਾ ਫ਼ਰਕ ਸਪੱਸ਼ਟ ਹੋ ਜਾਵੇਗਾ । ਦੋਸ਼ ਹਮੇਸ਼ਾ ਚਰਿੱਤ੍ਰ ਦਾ ਹੁੰਦਾ ਹੈ, ਚਿਤ੍ਰਣ ਜਾਂ ਹਨਨ ਦਾ ਬਿਲਕੁਲ ਨਹੀਂ । ਗੁਸਤਾਖੀ ਮੁਆਫ਼!

ਇੱਕ ਖ਼ਤ-ਸਮਕਾਲ ਦੇ ਨਾਂ!

ਮੈਂ ਬੜੀ ਦੇਰ ਤੋਂ ਤੈਨੂੰ ਮਿਲਣ ਦਾ ਇਛੁੱਕ ਸਾਂ ਪਰ ਕੋਈ ਮੌਕਾ-ਮੇਲ ਹੀ ਨਹੀਂ ਸੀ ਬਣ ਰਿਹਾ । ਅੱਜ ਅਚਾਨਕ ਖਿਆਲ ਆਇਆ ਕਿ ਜੇ ਕੁਝ ਹੋਰ ਨਹੀਂ ਤਾਂ, ਖ਼ਤ ਤਾਂ ਲਿਖਿਆ ਹੀ ਜਾ ਸਕਦਾ ਹੈ । ਸਾਡੇ ਕੋਲ ਹੋਰ ਹੈ ਹੀ ਕੀ, ਕਲਮ ਤੋਂ ਸਿਵਾ?-ਤੇ ਕਲਮ ਨਾਲ, ਲਿਖਣ ਤੋਂ ਸਿਵਾ ਹੋਰ ਕੀਤਾ ਵੀ ਕੀ ਜਾ ਸਕਦਾ ਹੈ? ਆਪਣੀ ਸਹੂਲਤ ਤੇ ਸੌਖ-ਪਸੰਦੀ ਨੂੰ ਧਿਆਨ ਵਿੱਚ ਰੱਖ ਕੇ, ਮੈਂ ਮੁਲਾਕਾਤ ਦਾ ਸਭ ਤੋਂ ਸਸਤਾ ਤੇ ਆਸਾਨ ਤਰੀਕਾ ਲੱਭਿਆ ਹੈ, ਖ਼ਤ! ਪੰਜਤਾਲੀ ਪੈਸੇ ਦੇ ਤ੍ਰੈ!!

ਮੇਰੇ ਦਰਿਆ-ਦਿਲ ਸਮਕਾਲ!

ਤੂੰ ਸਾਨੂੰ ਕੀ ਨਹੀਂ ਦਿੱਤਾ? ਤੇਰੀਆਂ ਮਿਹਰਬਾਨੀਆਂ ਦੀ ਗਿਣਤੀ ਨਹੀਂ ਹੋ ਸਕਦੀ । ਹੋਰ ਵਾਧਾ ਇਹ ਕਿ ਸਾਡੀਆਂ ਅਹਿਸਾਨ-ਫ਼ਰਾਮੋਸ਼ੀਆਂ ਨੂੰ ਤੂੰ ਕਦੇ ਚਿੱਤ ਨਹੀਂ ਲਾਇਆ! ਹਮੇਸ਼ਾ ਤੂੰ ਆਪਣੀ ਦੌਲਤ, ਸਾਡੇ ਲਈ ਦੋਂਹ ਦੋਂਹ ਹੱਥੀਂ ਲੁਟਾਉਂਦਾ ਆਇਆ ਹੈਂ । ਤੇਰਾ ਦਿੱਤਾ ਸਾਡੇ ਕੋਲ ਨਾਨਕ ਸਿੰਘ ਸੀ! ਗੁਰਬਖ਼ਸ਼ ਸਿੰਘ ਸੀ! ਤੇਰਾ ਭੇਜਿਆ ਸਾਡੇ ਕੋਲ ਮੋਹਨ ਸਿੰਘ ਆਇਆ, ਸ਼ਿਵ ਕੁਮਾਰ ਆਇਆ । ਇਹ ਸਾਰੇ ਸਾਡੇ ਨਾਲ ਤੇਰੇ ਮੋਕ੍ਹਲ਼ੇ ਵਿਹੜੇ ਵਿੱਚ ਵਿੱਚਰਦੇ ਰਹੇ । ਤੇਰੇ ਹੁਕਮ ਅੰਦਰ ਲਿਖਦੇ ਪੜ੍ਹਦੇ ਰਹੇ । ਪਰ ਨਾ ਕਦੇ ਅਸੀਂ ਤੇਰੇ ਬਾਰੇ ਬਹੁਤੇ ਗੰਭੀਰ ਹੋਏ ਤੇ ਨਾ ਹੀ ਇਨ੍ਹਾਂ ਵਿੱਛੜ ਗਏ ਕਲਮਧਾਰੀਆਂ ਬਾਰੇ । ਤੂੰ ਸਾਨੂੰ ਮੁਆਫ਼ ਕਰ ਦਿੱਤਾ ।

ਪਰਮ-ਕ੍ਰਿਪਾਲੂ ਸਮਕਾਲ!

ਇਹ ਵੀ ਤੇਰਾ ਅਭੁੱਲ-ਚਮਤਕਾਰ ਹੈ ਕਿ ਅੱਜ ਸਾਡੇ ਅੰਗ ਸੰਗ ਸੰਤ ਸਿੰਘ ਸੇਖੋਂ ਹੈ, ਅੰਮ੍ਰਿਤਾ ਪ੍ਰੀਤਮ ਹੈ, ਬਲਵੰਤ ਗਾਰਗੀ ਹੈ, ਕਰਤਾਰ ਸਿੰਘ ਦੁੱਗਲ ਹੈ । ਤੂੰ ਬੇ-ਪਰਵਾਹ ਅਸੀਂ ਲਾ-ਪਰਵਾਹ! ਸਾਡਾ ਫੇਰ ਉਹੀਉ ਹਾਲ ਹੈ । ਤੂੰ ਤਾਂ ਕਦੇ ਵੀ ਸਾਡੇ ਤੋਂ ਨਿਰਾਸ਼ ਨਹੀਂ ਹੋਇਆ ਪਰ ਇਹ ਲੇਖਕ ਲੋਕ ਤਾਂ ਆਖਰ ਇਨਸਾਨ ਹਨ । ਸਾਡੀ ਬੇ-ਮੁਖਤਾ ਨਹੀਂ ਸਹਾਰ ਸਕਦੇ । ਛੇਤੀ ਕਾਹਲੇ ਪੈ ਜਾਂਦੇ ਹਨ ਤੇ ਕਈ ਵਾਰ ਸਾਨੂੰ ਇਤਿਹਾਸਕ ਦੰਡ ਦੇਣ ਲਈ ਸਰਕਾਰ-ਮੁਖੀ ਹੋ ਜਾਂਦੇ ਹਨ । ਕਸੂਰ ਸਾਡਾ ਹੈ ਪਰ ਸਜ਼ਾ ਕਈ ਗੁਣਾ ਵੱਡੀ । ਜਿੱਥੇ ਤੂੰ ਪਹਿਲਾਂ ਏਨੇ ਅਹਿਸਾਨ ਕਰਦਾ ਆ ਰਿਹਾ ਹੈਂ ਉੱਥੇੇ ਨਿੱਕੀ ਜਿਹੀ ਅਰਜ਼ ਹੋਰ ਵੀ ਮੰਨ ਲੈ ਕਿ ਜਿਨ੍ਹਾਂ ਲੇਖਕਾਂ ਨੂੰ ਸ਼ਕਤੀਸ਼ਾਲੀ ਕਲਮਾਂ ਦੀ ਬਖ਼ਸ਼ਿਸ਼ ਕਰੇਂ, ਉਨ੍ਹਾਂ ਨੂੰ ਸਿਦਕ ਦੀ ਮਾਤਰਾ ਜ਼ਰਾ ਵਧੇਰੇ ਦੇ ਦਿਆ ਕਰ!

ਮੇਰੇ ਮੋਤੀਆਂ ਵਾਲੇ ਸਮਕਾਲ!

ਮੈਂ ਇਸ ਪੱਖੋਂ ਤੇਰੇ ਦੁੱਖ ਵਿੱਚ ਸ਼ਾਮਿਲ ਹਾਂ ਕਿ ਤੇਰਾ ਇਤਿਹਾਸ ਲਿਖਣ ਵਾਲੇ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈ ਰਹੇ । ਪਰ ਉਹ ਵੀ ਕੀ ਕਰਨ? ਜਿੰਨੀ ਕੁ ਤੂੰ ਉਨ੍ਹਾਂ ਨੂੰ ਦ੍ਰਿਸ਼ਟੀ ਦਿੱਤੀ ਹੈ, ਉਹੀ ਉਨ੍ਹਾਂ ਦੀ ਸੀਮਾ ਹੈ । ਉਂਜ ਤੇਰੀਆਂ ਦਾਤਾਂ ਦੀ ਤਾਂ ਕੋਈ ਘਾਟ ਨਹੀਂ । ਤੇਰੀ ਜ਼ੱਰਾ- ਨਿਵਾਜ਼ੀ ਹੈ ਕਿ ਸਾਡੀ ਜ਼ੁਬਾਨ ਨੂੰ ਤੂੰ ਹਰਿਭਜਨ ਸਿੰਘ ਦਿੱਤਾ ਹੈ, ਕੁਲਵੰਤ ਸਿੰਘ ਵਿਰਕ ਦਿੱਤਾ ਹੈ, ਪ੍ਰੇਮ ਪ੍ਰਕਾਸ਼ ਦਿੱਤਾ ਹੈ, ਗੁਰਦਿਆਲ ਦਿੱਤਾ ਹੈ । ਤੇਰੀ ਫ਼ਰਾਖ-ਦਿਲੀ ਦਾ ਸਬੂਤ ਸਾਡੇ ਕੋਲ ਦਲੀਪ ਕੌਰ ਟਿਵਾਣਾ ਹੈ, ਅਜੀਤ ਕੌਰ ਹੈ । ਸੱਚੀ ਮੁੱਚੀ ਇਹ ਬੜਾ ਅਮੀਰ ਦੌਰ ਹੈ । ਤੇ ਅਸੀਂ, ਅਮੀਰ ਦੌਰ ਦੇ ਗ਼ਰੀਬ ਬਾਸ਼ਿੰਦੇ ।

ਹੇ ਸਰਬ-ਗੁਣ-ਸੰਪੰਨ ਸਮਕਾਲ!

ਜੀਅ ਕਰਦਾ ਹੈ, ਤੇਰੀਆਂ ਮਿਹਰਾਂ ਦੇ ਗੀਤ ਗਾਈ ਜਾਵਾਂ । ਤੇਰੀ ਉਸਤਤ ਕਰਦਾ ਕਦੇ ਥੱਕਾਂ ਹੀ ਨਾ । ਪਰ, ਡਰਦਾ ਹਾਂ ਕਿ ਜੇਕਰ ਤੇਰਾ ਸੁਭਾਅ ਮੇਰੇ ਸਮਕਾਲੀਆਂ ਤੋਂ ਉਲਟ ਹੋਇਆ ਤਾਂ ਸਭ ਗੜਬੜ ਹੋ ਜਾਏਗਾ! ਤੇਰਾ ਸ਼ੁਕਰਗੁਜ਼ਾਰ ਹੁੰਦਾ ਹੋਇਆ ਵੀ ਮੈਂ ਹੋਰ ਪ੍ਰਸ਼ੰਸਾਤਮਕ ਵੇਰਵੇ ਵਿੱਚ ਨਹੀਂ ਜਾ ਸਕਾਂਗਾ । ਦਰਅਸਲ ਸਮਕਾਲੀਆਂ ਪ੍ਰਤਿ ਸੁਚੇਤ ਹੋਣ ਕਰਕੇ ਮੈਨੂੰ ਇਹ ਖ਼ਤ ਵੀ ਖ਼ਤਰੇ ਤੋਂ ਖਾਲੀ ਨਹੀਂ ਜਾਪ ਰਿਹਾ । ਜਿਨ੍ਹਾਂ ਦੇਹਧਾਰੀ ਕਲਮਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ ਉਹ ਖਾਹਮਖ਼ਾਹ ਕਿਸੇ ਅੰਦਰੂਨੀ ਸਾਜ਼ਿਸ਼ ਦਾ ਸ਼ਿਕਾਰ ਹੋ ਜਾਣਗੀਆਂ । ਮੇਰੀ ਇੱਜ਼ਤ ਹੁਣ ਤੇਰੇ ਹੱਥ ।

ਹੇ ਤ੍ਰੈ-ਕਾਲ ਵਿਆਪੀ ਸਮਕਾਲ ।

ਮੈਂ ਤੇਰੀ ਬਿਰਤੀ ਭੰਗ ਕਰਨ ਦੀ ਗੁਸਤਾਖੀ ਕੀਤੀ ਹੈ । ਖ਼ਿਮਾ ਕਰੀਂ । ਅਸਲ ਵਿੱਚ ਇਹ ਖ਼ਤ ਲਿਖਣਾ ਮਜਬੂਰੀ ਬਣ ਗਈ ਸੀ, ਨਹੀਂ ਤਾਂ ਕਦੇ ਵੀ ਤੈਨੂੰ ਬੋਰ ਨਾ ਕਰਦਾ । ਮੇਰੀ ਗੁਜਾਰਿਸ਼ ਇਹ ਹੈ ਕਿ ਜਿੱਥੇ ਤੂੰ ਸਾਨੂੰ ਏਨਾਂ ਅਮੀਰ ਵਰਤਮਾਨ ਦਿੱਤਾ ਹੈ: ਸਾਡੀ ਜ਼ਮੀਨ ਨੂੰ ਜਰਖੇਜ਼ ਪਨੀਰੀ ਦਾ ਵਰਦਾਨ ਦਿੱਤਾ ਹੈ: ਉੱਥੇ ਸਾਨੂੰ ਸਾਰਿਆਂ ਨੂੰ ਅਜਨਬੀਅਤ ਦਾ ਸਰਾਪ ਕਿਉਂ ਦਿੱਤਾ ਹੈ? ਇਸ ਮਹਾਂ-ਦ੍ਰਿਸ਼ ਨੂੰ ਨਾ ਮਾਨਣ ਦਾ ਅਭਿਸ਼ਾਪ ਕਿਉਂ ਦਿੱਤਾ ਹੈ? ਤੂੰ ਮੌਜੀ ਠਾਕਰ ਹੀ ਸਹੀ ਪਰ ਆਪਣੀ ਮੌਜ ਦਾ ਮੁੱਲ ਅਸਾਂ ਗਰੀਬਾਂ ਤੋਂ ਕਿਉਂ ਵਸੂਲ ਕਰ ਰਿਹਾ ਹੈਂ-ਕੀ ਤੂੰ ਦੇਖਦਾ ਨਹੀਂ, ਕਿ ਤੇਰੀਆਂ ਬਖ਼ਸ਼ੀਆਂ ਨੌਜਵਾਨ ਕਲਮਾਂ ਕਿਵੇਂ ਬੁੱਢੀਆਂ ਕੁਰਸੀਆਂ ਦੀਆਂ ਲੱਤਾਂ ਬਣ ਰਹੀਆਂ ਹਨ! ਤੇਰੀਆਂ ਪ੍ਰਦਾਨ ਕੀਤੀਆਂ ਕਲਮਾਂ ਦੀਆਂ ਜੀਭਾਂ ਕੱਟ ਕੇ ਸਰਪ੍ਰਸਤੀ ਦੇ ਹਵਨ ਕੁੰਡ ਵਿੱਚ ਆਹੂਤੀ ਵਜੋਂ ਪਾਈਆਂ ਜਾ ਰਹੀਆਂ ਹਨ!! ਕੀ ਤੂੰ ਸੁਣ ਨਹੀਂ ਰਿਹਾ ਕਿ ਤੇਰੇ ਆਂਗਣ ਵਿੱਚ ਸਰਸਵਤੀ ਦੀ ਥਾਂ ਸਰਪ੍ਰਸਤੀ ਦਾ ਬੋਲ-ਬਾਲਾ ਹੈ!!!-

ਹੇ ਮੇਰੇ ਕਾਲ-ਮੁਕਤ ਸਮਕਾਲ!

ਮੇਰੀ ਹੱਥ ਬੰਨ੍ਹ ਕੇ ਅਰਦਾਸ ਹੈ ਕਿ ਜੇ ਤੇਰੀ ਨਜ਼ਰ ਸਵੱਲੀ ਹੋਵੇ ਤਾਂ ਆਪਣੇ ਬਾਗ਼-ਪਰਿਵਾਰ ਦੀ ਅਮੀਰੀ ਨੂੰ ਬਹਾਲ ਰੱਖਣ ਦਾ ਕੋਈ ਹੀਲਾ ਕਰ! ਇਹਨਾਂ ਵੱਡੀਆਂ ਵੱਡੀਆਂ ਬੇਸ਼ੁਮਾਰ ਅੱਖੀਆਂ ਵਿੱਚ ਨੇੜੇ ਦੀ ਨਜ਼ਰ ਭਰ! ਜੇ ਦਾਤਾਂ ਦਿੱਤੀਆਂ ਨੇ ਤਾਂ ਵਰਤਣ ਦੀ ਜਾਚ ਵੀ ਦੱਸ! ਤੂੰ ਸਾਡੇ ਨਾਲ ਰਹੁ, ਤੂੰ ਸਾਡੇ ਅੰਗ ਸੰਗ ਵੱਸ!

ਸਾਰੇ ਸਮਕਾਲੀਆਂ ਲਈ ਅਦਬ ਨਾਲ:
ਤੇਰੀ ਪਰਜਾ ਦਾ ਇੱਕ ਪੁਰਜਾ-ਸਮਕਾਲੀ

ਹਲਫ਼ੀਆ ਬਿਆਨ

ਤੁਹਾਨੂੰ ਯਕੀਨ ਤਾਂ ਵੈਸੇ ਵੀ ਆ ਜਾਣਾ ਸੀ ਪਰ ਮੈਂ ਆਦਤਨ ਦੋ ਮਹਾਨ ਤੇ ਸਰੇਸ਼ਟ ਸੁਰਗਵਾਸੀ ਲੇਖਕਾਂ, ਦੀਵਾਨ ਸਿੰਘ ਮਹਿਰਮ ਤੇ ਅਵਤਾਰ ਸਿੰਘ ਆਜ਼ਾਦ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਜੋ ਕਹਾਂਗਾ, ਸੱਚ ਕਹਾਂਗਾ ਤੇ ਸੱਚ ਦੇ ਸਿਵਾ ਕੁਛ ਨਹੀਂ ਕਹਾਂਗਾ । ਬਿਆਨ ਤਾਂ ਤੁਸੀਂ ਅਖ਼ਬਾਰਾਂ ਵਿੱਚ ਅਕਸਰ ਪੜ੍ਹਦੇ ਰਹਿੰਦੇ ਹੋ ਪਰ ਹਲਫ਼ੀਆ ਬਿਆਨ ਦੇਣ ਦਾ ਇਹ ਮੇਰਾ ਪਹਿਲਾ ਮੌਕਾ ਹੈ । ਏਸ ਕਰਕੇ ਜੇ ਕਿਤੇ ਉੱਕ ਜਾਵਾਂ ਤਾਂ ਮਾਫ਼ ਕਰਨਾ । ਮੈਂ ਕੌਤਕੀ ਲੇਖਕ ਹਾਂ: ਕਦੇ ਆਲੋਚਕ, ਕਦੇ ਪੱਤਰਕਾਰ । ਸ਼ਾਇਦ ਏਸੇ ਕਰਕੇ ਮੇਰੀ ਆਤਮਾ ਵਾਲੀ ਜਗ੍ਹਾ ਹਮੇਸ਼ਾ ਖਾਲੀ ਪਈ ਰਹਿੰਦੀ ਹੈ । ਜਦੋਂ ਕਦੇ ਮੈਂ ਕੋਈ ਲੇਖ ਲਿਖਦਾ ਹਾਂ ਤਾਂ ਅੰਤ ਵਿੱਚ ਇਹ ਨੋਟ ਦੇਣਾ ਕਦੇ ਨਹੀਂ ਭੁੱਲਦਾ: 'ਲੇਖ ਵਿੱਚ ਪ੍ਰਗਟਾਏ ਗਏ ਵਿਚਾਰਾਂ ਨਾਲ ਲੇਖਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ।'-ਪਰ ਇਹ ਤਾਂ ਲੇਖ ਨਹੀਂ, ਹਲਫ਼ੀਆ ਬਿਆਨ ਹੈ!

ਹਜ਼ੂਰ! ਮੇਰੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਮੈਂ ਸਾਹਿੱਤਕਾਰੀ ਦੀ ਮੰਜ਼ਿਲ 'ਤੇ ਅੱਪੜਣ ਲਈ ਕਲਮ ਘੱਟ ਤੇ ਮੋਟਰ ਸਾਈਕਲ ਵੱਧ ਵਰਤਦਾ ਹਾਂ । ਸਰਕਾਰ ਨਾਲ ਵਕਤੀ ਅਸਰ-ਰਸੂਖ਼ ਰੱਖਣ ਵਾਲੇ ਅਦਬੀ ਜਰਨੈਲਾਂ ਦਾ ਪਾਣੀ ਢੋਂਦਾ ਹਾਂ, ਪੱਖਾ ਫੇਰਦਾ ਹਾਂ, ਦਿਲ ਵਿੱਚ ਖੁਸ਼ੀ ਮਨਾਉਂਦਾ ਹਾਂ, ਹੱਥੀਂ ਸੇਵਾ ਕਮਾਉਂਦਾ ਹਾਂ । ਸਰਕਾਰ ਬਦਲਣ ਨਾਲ ਜਰਨੈਲ ਬਦਲ ਜਾਂਦੇ ਹਨ ਪਰ ਮੈਂ ਆਪਣਾ ਵਤੀਰਾ ਕਦੇ ਨਹੀਂ ਬਦਲਦਾ ।

ਭਾਵੇਂ ਮੈਂ ਸਮਝਦਾ ਹਾਂ ਕਿ ਆਪਣੀ ਪੂਜਾ ਫੋਕੀ ਚਾਟ ਤੋਂ ਵੱਧ ਕੁਝ ਵੀ ਨਹੀਂ ਪਰ ਸ਼ੁਹਰਤਾਂ ਦੀ ਤਾਂਘ ਮੇਰੇ ਤੋਂ ਕਈ ਕੁਝ ਕਰਵਾਉਂਦੀ ਹੈ । ਪਹਿਲਾਂ ਮੈਂ ਪ੍ਰਗਤੀਵਾਦੀਆਂ ਨਾਲ ਰਿਹਾ, ਚੌਧਰ ਨਾ ਮਿਲੀ । ਫੇਰ ਪ੍ਰਯੋਗਵਾਦੀਆਂ ਨਾਲ ਖੁੱਚਾ ਤੁੜਵਾਈਆਂ, ਹਸਰਤ ਪੂਰੀ ਨਾ ਹੋਈ । ਮੈਂ ਅਨੁਭਵ ਕੀਤਾ ਕਿ ਸਰੀਰਕ ਸ਼ਕਤੀ ਤੋਂ ਵੱਡਾ ਦੁਨੀਆ ਵਿੱਚ ਕੋਈ ਵਾਦ ਨਹੀਂ । ਇਸ ਲਈ ਮੈਂ ਆਪਣੇ ਵੱਖਰੇ ਵਾਦ ਦਾ ਝੰਡਾ ਬੁਲੰਦ ਕਰ ਦਿੱਤਾ । ਪਿਛਲੇ ਇੱਕ ਦਹਾਕੇ ਤੋਂ ਮੈਂ ਇਕੱਲਾ ਹੀ ਇਸ ਵਾਦ ਦੀ ਲਾਸ਼ ਨੂੰ ਮੋਢੇ ਲਾਈ ਫਿਰਦਾ ਹਾਂ ।

ਮੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਗਿਆਨ ਪੀਠ ਤੇ ਸਾਹਿੱਤ ਅਕਾਦਮੀ ਵਾਲੇ, ਇਨਾਮ ਦਾ ਫੈਸਲਾ ਕਰਨ ਤੋਂ ਪਹਿਲਾਂ ਹੀ ਮੇਰਾ ਨਾਂ ਚਿਮਟੀ ਨਾਲ ਚੁੱਕ ਕੇ ਬਾਹਰ ਸੁੱਟ ਦਿੰਦੇ ਹਨ । ਇਸ ਲਈ ਮੈਂ ਆਪ ਹਿੰਮਤ ਕਰਕੇ ਕਈ ਬੋਰਡ ਤੇ ਦਰਬਾਰ ਸਾਜ ਲਏ ਹਨ । ਸਾਲ ਵਿੱਚ ਦੋ ਤਿੰਨ ਵਾਰ ਮੈਂ ਇਨ੍ਹਾਂ ਸੰਸਥਾਵਾਂ ਦੀਆਂ ਖ਼ਬਰਾਂ ਛਪਵਾਉਂਦਾ ਹਾਂ । ਹਰ ਵਾਰ ਮੇਰੀ ਇੱਕ ਕਿਤਾਬ ਨੂੰ ਸਰਬ-ਸਰੇਸ਼ਟ ਪੁਰਸਕਾਰ ਮਿਲਦਾ ਹੈ । ਆਪਣੇ ਵਰਗੇ ਚਾਰ ਪੰਜ ਹੋਰ ਸਰੀਰਾਂ ਨੂੰ ਵੀ ਖ਼ੁਸ਼ ਕਰ ਦੇਂਦਾ ਹਾਂ ।

ਸਮਾਗਮ ਕਿਸੇ ਵੀ ਕਿਸਮ ਦਾ ਹੋਵੇ, ਮੈਂ ਸਜਧਜ ਕੇ ਪੁੱਜਦਾ ਹਾਂ । ਹਮੇਸ਼ਾ ਮਹੂਰਲੀ ਕਤਾਰ ਵਿੱਚ ਕਿਸੇ ਮੰਨੇ ਪ੍ਰਮੰਨੇ ਸਾਹਿੱਤਕਾਰ ਜਾਂ ਅਮੀਰ ਵਜ਼ੀਰ ਦੇ ਨਾਲ ਵਾਲੀ ਸੀਟ ਮੱਲਦਾ ਹਾਂ । ਪ੍ਰਬੰਧਕਾਂ ਨੂੰ ਮਜਬੂਰਨ ਬਰਾਬਰ ਦੀ ਸੇਵਾ ਕਰਨੀ ਪੈਂਦੀ ਹੈ । ਸਭ ਤੋਂ ਵੱਡੀ ਗੱਲ ਇਹ ਕਿ ਭਾਵੇਂ ਇੱਕ ਵੀ ਤਸਵੀਰ ਖਿੱਚੀ ਜਾਏ, ਆਪਣੀ ਜ਼ਰੂਰ ਵਿੱਚ ਹੁੰਦੀ ਹੈ । ਕੱਸਿਆ ਹੋਇਆ ਹੱਸਦਾ ਚਿਹਰਾ! ਫ਼ੋਟੋ ਖਿਚਵਾਉਣਾ ਮੇਰਾ ਧਰਮ ਹੈ । ਦੂਜਿਆਂ ਦੀਆਂ ਲੱਤਾਂ ਬਾਹਵਾਂ ਨੂੰ ਖਤਰੇ ਵਿੱਚ ਪਾ ਕੇ ਵੀ ਮੈਂ ਕੈਮਰੇ ਮੂਹਰੇ ਪਹੁੰਚ ਜਾਂਦਾ ਹਾਂ । ਇੱਕ ਵਾਰੀ ਤਾਂ ਮੁੱਖ ਮਹਿਮਾਨ ਨੂੰ ਵੀ ਧੱਕਾ ਦੇ ਕੇ ਡੇਗ ਦਿੱਤਾ ਸੀ । ਪਰ ਇਹ ਕੰਮ ਭੁਲੇਖੇ ਨਾਲ ਹੋਇਆ ਸੀ ਕਿਉਂ ਕਿ ਮੈਂ ਫ਼ੋਟੋ ਦੇ ਸਮੇਂ ਹੀ ਪੁੱਜਾ ਸਾਂ ਤੇ ਚੀਫ਼ ਗੈੱਸਟ ਦੀ ਪਛਾਣ ਨਹੀਂ ਸੀ । ਮੁੱਖ ਮੰਤਰੀ ਨਾਲ ਮੇਰੀਆਂ ਸੈਂਕੜੇ ਤਸਵੀਰਾਂ ਹਨ ਜਿਹੜੀਆਂ ਅਖ਼ਬਾਰਾਂ ਰਸਾਲਿਆਂ ਵਿੱਚ ਵੀ ਛਪੀਆਂ ਹਨ । ਜਦੋਂ ਸਰਕਾਰ ਬਦਲ ਗਈ ਤਾਂ ਹੋਰ ਮੌਜ ਲੱਗ ਗਈ । ਪਹਿਲਾਂ ਤਾਂ ਫ਼ੋਟੋ ਖਿਚਵਾਉਣ ਲਈ ਬੜਾ ਤੱਰਦਦ ਕਰਨਾ ਪੈਂਦਾ ਸੀ, ਰਾਈਫਲਾਂ ਵਾਲੇ ਈ ਲਾਗੇ ਨਹੀਂ ਸੀ ਲੱਗਣ ਦੇਂਦੇ । ਅੱਜ ਕੱਲ ਵਿਹਲ ਹੈ । ਜਦੋਂ ਮਰਜ਼ੀ ਕੈਮਰੇ ਵਾਲੇ ਨੂੰ ਲੈ ਕੇ ਚਲੇ ਜਾਉ, ਜਿਹੜੇ ਮਰਜ਼ੀ ਪੋਜ਼ ਵਿੱਚ ਤਸਵੀਰ ਖਿਚਵਾਉ --- ਤੇ ਪੁਰਾਣੀ ਤਾਰੀਖ਼ ਲਿਖ ਕੇ ਐਲਬਮ ਵਿੱਚ ਜੜ ਲਉ ।

ਮੇਰੀਆਂ ਕੌਤਕੀ ਸਰਗਰਮੀਆਂ ਕਰਕੇ ਸਬੱਬ ਨਾਲ ਮੈਨੂੰ 'ਨੀਂਦ' ਦੀ ਸੰਪਾਦਕੀ ਵੀ ਮਿਲੀ ਹੋਈ ਹੈ । ਕਿਸੇ ਆਲੋਚਕ-ਨੁਮਾ ਆਦਮੀ ਦਾ ਕਿਸੇ ਵੀ ਸਾਹਿੱਤ ਰੂਪ ਬਾਰੇ ਕੋਈ ਲੇਖ ਛਪਣ ਲਈ ਆਏ, ਮੈਂ ਆਪਣੇ ਬਾਰੇ ਇੱਕ ਪੈਰਾ ਜ਼ਰੂਰ ਪਾ ਲੈਂਦਾ ਹਾਂ । ਇਸ ਸੰਘਰਸ਼ ਵਿੱਚ ਜਿਹੜੇ ਮੈਨੂੰ ਸਹਿਯੋਗ ਦੇਂਦੇ ਨੇ, ਉਨ੍ਹਾਂ ਨੂੰ ਬਾਰ ਬਾਰ ਛਾਪਦਾ ਹਾਂ । ਵਿਰੋਧੀਆਂ ਦੀਆਂ ਰਚਨਾਵਾਂ ਸੁੰਘ ਕੇ ਹੀ ਪਾੜ ਦੇਂਦਾ ਹਾਂ । ਆਪਣਾ ਨਾਂ ਸ਼ਾਮਿਲ ਕਰਨ ਵੇਲੇ ਅੱਗਾ ਪਿੱਛਾ ਨਹੀਂ ਵੇਖਦਾ, ਇੱਕ ਵਾਰੀ ਕੰਮ ਖਰਾਬ ਹੋ ਚੱਲਿਆ ਸੀ, ਇੱਕ ਲੇਖ ਵਿੱਚ ਬਹੁਤ ਸਾਰੇ ਕਵੀਆਂ ਦੇ ਨਾਂ ਇਕੱਠੇ ਲਿਖੇ ਹੋਏ ਸਨ, ਵਿੱਚ ਮੈਂ ਆਪਣਾ ਨਾਂ ਪਾਉਣਾ ਸੀ ਇਸ ਕਰਕੇ ਦੋ ਤਿੰਨ ਨਾਂ ਕੱਢਣੇ ਪਏ । ਜਦੋਂ ਫਰਮੇ ਛਪ ਕੇ ਆਏ ਤਾਂ ਪਰੂਫ਼ ਰੀਡਰ ਨੇ ਦੱਸਿਆ ਕਿ ਲੇਖ ਤਾਂ 'ਗੁਰੂ ਗੋਬਿੰਦ ਸਿੰਘ ਦੇ ਬਵੰਜਾ ਕਵੀ' ਹੈ - ਪਰ ਕਵੀਆਂ ਦੇ ਨਾਂ ਅਠਤਾਲੀ ਹਨ । ਮੈਂ ਝਟਪਟ ਮੌਕਾ ਸੰਭਾਲਿਆ ਤੇ ਆਪਣਾ ਨਾਂ ਕੱਢਕੇ ਪਹਿਲਾਂ ਵਾਲੇ ਨਾਂ ਦੁਬਾਰਾ ਪਾ ਦਿੱਤੇ । ਜੇ ਉਦਾਂ ਈ ਛਪ ਜਾਂਦਾ ਤਾਂ ਬੜੀ ਮਾੜੀ ਗੱਲ ਹੋਣੀ ਸੀ । ਹੁਣ ਮੈਂ ਕੁਝ ਵੀ ਕਰਨ ਤੋਂ ਪਹਿਲਾਂ ਲੇਖ ਦਾ ਹੈਡਿੰਗ ਜ਼ਰੂਰ ਪੜ੍ਹ ਲੈਂਦਾ ਹਾਂ ।

ਮੁਸ਼ਾਇਰੇ ਵਿੱਚ ਮੈਂ ਬਿਨ ਬੁਲਾਇਆ ਵੀ ਚਲਾ ਜਾਂਦਾ ਹਾਂ । ਕਵਿਤਾ ਜ਼ਰੂਰ ਪੜ੍ਹਦਾ ਹਾਂ । ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਹੂਟ ਹੋ ਰਿਹਾ ਹਾਂ । ਲੋਕੀ ਮੈਨੂੰ ਪੰਜਾਬੀ ਸਾਹਿੱਤ ਦਾ ਰਾਣਾ ਸਾਂਗਾ ਵੀ ਕਹਿੰਦੇ ਨੇ । ਰਾਣਾ ਸਾਂਗਾ ਦੀ ਹਿੱਕ 'ਤੇ ਚੁਰਾਸੀ ਜ਼ਖਮਾਂ ਦੇ ਨਿਸ਼ਾਨ ਸਨ, ਮੇਰੀ ਪਿੱਠ 'ਤੇ ਏਦੂੰ ਵੀ ਵੱਧ ਹਨ । ਸਰੋਤਿਆਂ ਨੂੰ ਖਵਰੇ ਮੇਰੀ ਕਵਿਤਾ ਨਾਲ ਢਿੱਡ ਪੀੜ ਹੁੰਦੀ ਹੈ । ਐਵੇਂ ਚੀਕਾਂ ਮਾਰਨ ਲੱਗ ਪੈਂਦੇ ਹਨ । ਪਰ ਮੈਂ ਕਵਿਤਾ ਪੜ੍ਹਨੋਂ ਹਟਦਾ ਨਹੀਂ ਹਜ਼ੂਰ! ਤੁਸੀਂ ਆਪ ਹੀ ਦੱਸੋ, ਜੇ ਕਰ ਸਰੋਤੇ ਆਪਣੀ ਮਾੜੀ ਆਦਤ ਨਹੀਂ ਛੱਡ ਸਕਦੇ ਤਾਂ ਮੈਂ ਆਪਣੀ ਚੰਗੀ ਆਦਤ ਕਿਉਂ ਛੱਡਾਂ?

ਮਿਹਰਬਾਨੋ! ਮੈਂ ਆਪਣੀ ਸਿਫ਼ਤ ਵਿੱਚ ਆਪ ਲੇਖ ਲਿਖ ਕੇ ਜਾਅਲੀ ਨਾਵਾਂ ਹੇਠ ਛਪਵਾੳਾਦਾ ਹਾਂ । ਗੱਲ ਵੀ ਠੀਕ ਹੈ, ਭਲਾ ਮੇਰੇ ਬਾਰੇ ਮੇਰੇ ਤੋਂ ਵੱਧ ਚੰਗੀ ਤਰ੍ਹਾਂ ਹੋਰ ਕੌਣ ਲਿਖ ਸਕਦਾ ਹੈ? ਮੋਟਰ ਸਾਈਕਲ ਦੀ ਮਿਹਰਬਾਨੀ ਨਾਲ ਹਰ ਸਰਕਾਰੀ ਜਾਂ ਗੈਰ ਸਰਕਾਰੀ ਸਾਹਿੱਤ ਦੇ ਇਤਿਹਾਸ ਵਿੱਚ ਮੇਰਾ ਸਰੇਸ਼ਟ ਥਾਂ ਹੈ । ਪ੍ਰਕਾਸ਼ਕ ਕੋਈ ਨਾ ਕੋਈ ਮੇਰੇ ਕੋਲ ਫਸਿਆ ਰਹਿੰਦਾ ਹੈ । ਉਨ੍ਹਾਂ ਵਿਚਾਰਿਆਂ ਨੂੰ ਸਾਹਿੱਤ ਦਾ ਕੀ ਪਤਾ? ਉਹ ਮੇਰੀਆਂ ਫ਼ੋਟੋਆਂ ਵੇਖਦੇ ਹਨ, ਸਰੇਸ਼ਟ ਪੁਰਸਕਾਰਾਂ ਵਾਲੇ ਸਰਟੀਫ਼ਿਕੇਟ ਵੇਖਦੇ ਹਨ, ਪਹਿਲੀਆਂ ਕਿਤਾਬਾਂ ਦੀ ਗਿਣਤੀ ਵੇਖਦੇ ਹਨ-ਤੇ ਫਸ ਜਾਂਦੇ ਹਨ । ਭਾਵੇਂ ਕੋਈ ਪਾਠਕ ਮੇਰੀ ਕਿਤਾਬ ਨਹੀਂ ਖਰੀਦਦਾ, ਪਰ ਡੀਲਕਸ ਐਡੀਸ਼ਨਾਂ ਦੇ ਕਈ ਕਈ ਸੈੱਟ ਲਾਇਬਰੇਰੀਆਂ ਦੀ ਸ਼ੋਭਾ ਬਣਦੇ ਹਨ । ਪੜ੍ਹਦਾ ਭਾਵੇਂ ਇਨ੍ਹਾਂ ਨੂੰ ਉੱਥੇ ਵੀ ਕੋਈ ਨਹੀਂ, ਪਰ ਪਰਮਾਨੈਂਟ ਰਿਕਾਰਡ ਵਿੱਚ ਤਾਂ ਸ਼ਾਮਿਲ ਹੋ ਜਾਂਦੀਆਂ ਹਨ । ਕਿਸੇ ਲਾਇਬਰੇਰੀ ਵਿੱਚ ਜਾਉ: ਸ਼ਿਵ, ਅੰਮ੍ਰਿਤਾ, ਦੁੱਗਲ, ਗਾਰਗੀ, ਮੋਹਨ ਸਿੰਘ, ਗੁਰਦਿਆਲ ਸਿੰਘ ਵਰਗਿਆਂ ਦੀਆਂ ਕਿਤਾਬਾਂ ਮੈਲੀਆਂ ਤੇ ਫਟੀਆਂ ਹੋਣਗੀਆਂ ਪਰ ਮੇਰੀਆਂ ਨਵੀਆਂ ਨਕੋਰ; ਜਿਵੇਂ ਹੁਣੇ ਖਰੀਦ ਕੇ ਰੱਖੀਆਂ ਹੋਣ ।

ਮੈਂ ਬਹੁਤਾ ਜ਼ੋਰ ਇਹ ਗੱਲ ਸਿੱਧ ਕਰਨ 'ਤੇ ਲਾ ਰਿਹਾਂ ਕਿ ਵੱਡਾ ਸਾਹਿੱਤਕਾਰ ਬਣਨ ਲਈ ਪ੍ਰਤਿਭਾ ਦੀ ਨਹੀਂ ਕੌਤਕ ਦੀ ਲੋੜ ਹੁੰਦੀ ਹੈ । ਮੈਂ ਕਲਮ ਦੇ ਜ਼ੋਰ ਨਹੀਂ, ਹਿੱਕ ਦੇ ਜ਼ੋਰ ਅੱਗੇ ਆਉਣਾ ਚਾਹੁੰਦਾ ਹਾਂ । ਬਹੁਤ ਹੱਦ ਤੱਕ ਮੈਨੂੰ ਸਫ਼ਲਤਾ ਵੀ ਮਿਲੀ ਹੈ । ਜੇਕਰ ਦੋ ਚਾਰ ਦਰਜਨਾਂ ਲਿਖਾਰੀ ਵੀਰ ਮੈਨੂੰ ਮਾਨਤਾ ਨਹੀਂ ਦੇਂਦੇ ਤਾਂ ਨਾ ਸਹੀ । ਮੈਂ ਉਨ੍ਹਾਂ ਨੂੰ ਕਿਸੇ ਗਿਣਤੀ ਵਿੱਚ ਨਹੀਂ ਰੱਖਦਾ । ਮੈਂ ਉਨ੍ਹਾਂ ਲਈ ਲਿਖਦਾ ਈ ਨਹੀਂ । ਇਹ ਲਿਖਾਰੀ ਮੇਰੀ ਭੰਡੀ ਕਰਦੇ ਹਨ, ਮੇਰੇ ਬਾਰੇ ਲਤੀਫੇ ਘੜਦੇ ਹਨ, ਮੈਨੂੰ ਟਿੱਚ ਸਮਝਦੇ ਹਨ-ਪਰ ਮੈਂ ਇਨ੍ਹਾਂ ਨੂੰ ਟਿੱਚ ਵੀ ਨਹੀਂ ਸਮਝਦਾ । ਇਹ ਲਘੂ-ਧਾਰਾ ਦੇ ਲੋਕ ਹਨ । ਮੈਂ ਗੁਰੂ-ਧਾਰਾ ਨਾਲ ਜੁੜਿਆ ਹੋਇਆ ਹਾਂ । ਇਨ੍ਹਾਂ ਦਾ ਰੌਲਾ ਤਾਂ ਕਾਫੀ-ਹਾਊਸਾਂ ਤੱਕ ਸੀਮਿਤ ਹੈ- ਪੰਜਾਬੀ ਦੇ ਹਜ਼ਾਰਾਂ ਪਾਠਕ ਤੇ ਵਿਦਿਆਰਥੀ ਹਨ ਜਿਹੜੇ ਮੇਰੇ ਕੌਤਕਾਂ ਤੋਂ ਜਾਣੂ ਨਹੀਂ । ਮੇਰੀ ਲੋੜ ਮੁਤਾਬਕ ਮਾਨਤਾ ਮੈਨੂੰ ਉਨ੍ਹਾਂ ਕੋਲੋਂ ਮਿਲਦੀ ਰਹਿੰਦੀ ਹੈ । ਹੁਣ ਤਾਂ ਕੁਝ ਕੋਰਸਾਂ ਦੀਆਂ ਕਿਤਾਬਾਂ ਵਿੱਚ ਵੀ ਮੇਰੀਆਂ ਨਜ਼ਮਾਂ ਸ਼ਾਮਿਲ ਹੋ ਗਈਆਂ ਹਨ । ਵੇਖਿਉ, ਵਿਦਿਆਰਥੀ ਆਪਣੀ ਲੋੜ ਨੂੰ ਪੜ੍ਹਨਗੇ । ਆਖੀਰ ਵਿੱਚ ਇੱਕ ਅਰਜ਼ ਹੋਰ ਕਰਨੀ ਹੈ । ਤੁਸੀਂ ਪ੍ਰਤਿਭਾਵਾਨ ਹੋ, ਸਰਸਵਤੀ ਤੁਹਾਡੇ 'ਤੇ ਮਿਹਰਬਾਨ ਹੈ । ਮੈਂ ਗ਼ਰੀਬ ਦਾਸ ਹਾਂ । ਮੇਰੇ ਕੋਲ ਇਹੋ ਜਿਹਾ ਕੁਝ ਵੀ ਨਹੀਂ । ਤੁਸੀਂ ਮੇਰਾ ਭਰਮ ਤਾਂ ਬਣਿਆ ਰਹਿਣ ਦਿਉ । ਵੇਖੋ, ਤੁਹਾਡੇ 'ਚੋਂ ਕਈਆਂ ਨੇ ਆਪਣੇ ਲਿਖਣ ਪੜ੍ਹਨ ਵਾਲੇ ਕਮਰਿਆਂ ਵਿੱਚ ਈਸਾ ਦੀਆਂ ਤਸਵੀਰਾਂ ਲਟਕਾਈਆਂ ਹੋਣਗੀਆਂ । ਮੈਂ ਕਹਿੰਦਾ ਹਾਂ, ਇਹ ਵੀ ਮੇਰੇ ਨਾਲ ਧੱਕਾ ਹੈ । ਈਸਾ ਦੀ ਕੀ ਮਹਾਨਤਾ ਹੈ-ਕਿ ਉਸ ਨੇ ਆਪਣੀ ਸ਼ਰਨ ਵਿੱਚ ਆਉਣ ਵਾਲਿਆਂ ਦੇ ਦੁੱਖ-ਦਰਦ ਰੋਗ ਆਪਣੇ ਸਿਰ ਲੈ ਲਏ?-ਬੱਸ ?? ਤੁਸੀਂ ਮੇਰੀਆਂ ਫ਼ੋਟੋਆਂ ਕਿਉਂ ਨਹੀਂ ਟੰਗਦੇ? ਮੈਂ ਸਾਰੇ ਬ੍ਰਹਿਮੰਡ ਦੀ ਮੂਰਖਤਾ ਤੇ ਢੀਠਤਾ ਆਪਣੇ ਇੱਕਲੌਤੇ ਸਿਰ 'ਤੇ ਚੁੱਕੀ ਫਿਰਦਾ ਹਾਂ । ਜ਼ਰਾ ਸੋਚੋ, ਜੇ ਇਹ ਭਾਰ ਮੈਂ ਆਪਣੇ ਜ਼ਿੰਮੇ ਨਾ ਲਿਆ ਹੁੰਦਾ ਤਾਂ ਹਿੱਸੇ ਆਉਂਦਾ ਬੋਝ ਤੁਹਾਨੂੰ ਵੀ ਤਾਂ ਢੋਣਾ ਪੈਂਦਾ!!

ਭੂਮਿਕਾ ਸ਼ੇਸ਼-ਸ਼ਤਾਬਦੀ ਦੀ

ਕਦੀ ਕਦੀ ਬੰਦਾ ਆਪਣੀ ਨਜ਼ਰ ਵਿੱਚ ਤਰਸ ਦਾ ਪਾਤਰ ਬਣ ਜਾਂਦਾ ਹੈ । ਜੋ ਉਹ ਕਰਨਾ ਚਾਹੁੰਦਾ ਹੈ; ਉਸ ਤੋਂ ਹੁੰਦਾ ਨਹੀਂ ਅਤੇ ਜੋ ਕੁਝ ਉਹ ਨਹੀਂ ਕਰਨਾ ਚਾਹੁੰਦਾ; ਕਰੀ ਜਾਂਦਾ ਹੈ । ਹੁੰਦਾ ਇਹ ਹੈ ਕਿ ਪਹਿਲਾਂ ਤਾਂ ਉਹ ਵਕਤ ਨੂੰ ਟਰਕਾਈ ਜਾਂਦਾ ਹੈ ਪਰ ਫਸਦਾ ਉਦੋਂ ਹੈ ਜਦੋਂ ਅਚਾਨਕ ਸਿਰ 'ਤੇ ਪੈ ਜਾਂਦੀ ਏ । ਫਿਰ ਕੋਈ ਚਾਰਾ ਨਹੀਂ ਰਹਿੰਦਾ । ਉਹ ਵਗਾਰ ਕੱਟਦਾ ਹੈ । ਗਲ ਪਿਆ ਢੋਲ ਵਜਾਉਂਦਾ ਹੈ । ਆਈ ਬਲਾ ਨੂੰ ਟਾਲਦਾ ਹੈ । ਸਕੂਨ ਭਾਲਦਾ ਹੈ । ਪਹਿਲਾਂ ਉਸਨੂੰ ਆਪਣੇ ਆਪ 'ਤੇ ਗੁੱਸਾ ਆਉਂਦਾ ਹੈ । ਆਉਂਦਾ ਨਹੀਂ, ਆਉਣ ਲੱਗਦਾ ਹੈ; ਪਰ ਆਉਂਦਾ ਆਉਂਦਾ ਤਰਸ ਵਿੱਚ ਬਦਲ ਜਾਂਦਾ ਹੈ । ਇਸ ਸਥਿਤੀ 'ਤੇ ਆਤਮ-ਘਿਰਣਾ ਜਨਮਦੀ ਹੈ; ਆਤਮ-ਗਿਲਾਨੀ । ਲਿਜ਼ਲਿਜ਼ਾਪਨ! ਕਚਿਆਣ । ਕਰਹਿਤ । ਕਰੀਚਕ । ਜਿਵੇਂ ਇੱਕ ਵਾਰ ਮੇਰੇ ਬੇਟੇ ਨੂੰ ਅਚਾਨਕ ਘਰ 'ਚੋਂ ਮਰੀ ਮਛਲੀ ਦੀ ਬਦਬੂ ਆਉਣ ਲੱਗ ਪਈ ਸੀ । ਸਕੂਲ ਤੋਂ ਆਉਂਦਾ ਹੀ ਉਹ ਅਕਸਰ ਸ਼ਿਕਾਇਤ ਕਰਦਾ: ਪਾਪਾ! ਮੇਰੇ ਸਾਹਾਂ ਨੂੰ ਕੀ ਹੋ ਗਿਆ ਹੈ । ਬਾਹਰੋਂ ਚੰਗਾ ਭਲਾ ਆਉਂਦਾ ਹਾਂ । ਅੰਦਰ ਵੜਦਿਆਂ ਹੀ ਜਿਵੇਂ ਗਲੀ-ਸੜੀ ਮੱਛੀ ਨਾਲ ਵਾਹ ਪੈ ਗਿਆ ਹੋਵੇ!...ਖੈਰ, ਇਹ ਬੱਚੇ ਦੀ ਸਮੱਸਿਆ ਹੈ । ਟਾਲੀ ਜਾ ਸਕਦੀ ਹੈ । ਟਰਕਾਈ ਜਾ ਸਕਦੀ ਹੈ । ਅੱਗੇ ਪਾਈ ਜਾ ਸਕਦੀ ਹੈ । ਪਰ ਜਦੋਂ ਬੰਦਾ ਆਪ ਕਸੂਤੇ ਹਾਲਾਤ ਵਿੱਚ ਫਸ ਜਾਏ ਤਾਂ ਕੀ ਕਰੇ! ਲੋਕੀ ਸਿਫ਼ਤ ਕਰ ਰਹੇ ਹਨ; ਬੰਦਾ ਪਾਣੀ ਪਾਣੀ ਹੋ ਰਿਹਾ ਹੈ । ਲੋਕੀ ਸਨਮਾਨਿਤ ਕਰਨਾ ਚਾਹੁੰਦੇ ਹਨ; ਬੰਦਾ ਖ਼ੁਦ ਨੂੰ ਅਪਮਾਨਿਤ ਮਹਿਸੂਸ ਕਰ ਰਿਹਾ ਹੈ । ਲੋਕੀ ਵਾਹ ਵਾਹ ਆਖ ਰਹੇ ਸਨ, ਬੰਦਾ ਮਿੱਟੀ ਹੋ ਰਿਹਾ ਹੈ ।...ਉਹ ਸੋਚਦਾ ਹੈ ਕਿ ਆਖਿਰ ਉਸਨੇ ਕੀਤਾ ਕੀ ਹੈ । ਅਣ-ਪੁਣਿਆ ਪੀਤਾ ਹੈ ।

ਇਹ ਮਨੋਸਥਿਤੀ ਦੋ-ਚਿੱਤੀ ਵਾਲੀ ਹੁੰਦੀ ਹੈ । ਜਾਂ ਤਾਂ ਬੰਦਾ ਸਮਝੌਤਾ ਕਰੇ ਅਤੇ ਇਸੇ ਤਰ੍ਹਾਂ ਉਮਰ-ਭਰ ਜੀਂਦਾ ਰਹੇ । ਜਾਂ ਫਿਰ ਬਗਾਵਤ ਕਰੇ;...ਤੇ ਮਰੇ ।

ਸਮਝੌਤੇ ਦੀ ਵੀ ਇੱਕ ਅਉਧ ਹੁੰਦੀ ਹੈ । ਬੰਦਾ ਇੱਕ ਦਿਨ ਸਮਝੌਤੇ ਤੋਂ ਵੀ ਅੱਕ ਜਾਂਦਾ ਹੈ । ਜਾਂ ਫਿਰ ਬਿਨਾਂ ਕੁਝ ਕੀਤਿਆਂ ਹੀ ਥੱਕ ਜਾਂਦਾ ਹੈ । ਉਸਨੂੰ ਯਾਦ ਆਉਂਦਾ ਹੈ ਕਿ ਉਹ ਸੋਚਦਾ ਵੀ ਹੈ! ਉਹ ਮਹਿਸੂਸ ਵੀ ਕਰਦਾ ਹੈ ।...ਪਰ ਲੁੜੀਂਦੀ ਪ੍ਰਤਿ-ਕਿਰਿਆ ਨਹੀਂ ਕਰਦਾ । ਉਹ 'ਪਹਿਲ' ਨੂੰ ਪਹਿਲ ਨਹੀਂ ਦੇਂਦਾ ਸਗੋਂ ਪਹਿਲਾਂ ਫ਼ਜ਼ੂਲ ਦੇ ਲਾਗ-ਲਪੇਟ ਨੂੰ ਨਿਪਟਾਉਣਾ ਚਾਹੁੰਦਾ ਹੈ । ਉਹ ਭੌਂਕ ਰਹੇ ਕੁੱਤੇ ਨੂੰ ਟੁੱਕ ਪਾਉਣਾ ਚਾਹੁੰਦਾ ਹੈ ਤੇ ਉਸ ਤੋਂ ਪਿੱਛੋਂ ਆਰਾਮ ਨਾਲ ਸੌਣਾ ਚਾਹੁੰਦਾ ਹੈ । ਇਹ ਭਾਂਜ-ਵਾਦੀ ਅਥਵਾ ਅਵਸਰਵਾਦੀ ਕਿਰਿਆ ਹੈ ।...ਕੰਮ ਕਦੋਂ ਕਰਨਾ ਹੈ?...ਅਸਲੀ ਕੰਮ ਕਦੋਂ ਕਰਨਾ ਹੈ?? ਇਸ ਪਾਣੀ ਵਿੱਚ ਸਿਰਫ਼ ਤਰਨਾ ਹੈ ਕਿ ਇਸਨੂੰ ਪਾਰ ਵੀ ਕਰਨਾ ਹੈ!...ਇਮਤਿਹਾਨ ਤਾਂ ਦੇਣਾ ਹੈ;...ਪਰ ਦਾਖ਼ਲਾ ਫਾਰਮ ਕਦੋਂ ਭਰਨਾ ਹੈ!

ਮੈਨੂੰ ਪਤਾ ਹੈ ਕਿ ਸਮਾਲੋਚਨਾ ਦੀ ਸ਼ਬਦਾਵਲੀ ਵਿੱਚ ਕਹਾਣੀ ਨਹੀਂ ਕਹਿਣੀ ਚਾਹੀਦੀ । ਪਰ ਸ਼ਬਦਾਵਲੀ ਨੂੰ ਤਾਂ ਵਿਸ਼ਾ ਨਿਰਧਾਰਤ ਕਰਦਾ ਹੈ । ਲੇਖਕ ਇਹ ਗੱਲ ਨਾ ਮੰਨੇ ਤਾਂ ਮਰਦਾ ਹੈ । (ਉਨ੍ਹਾਂ ਦੀ ਗੱਲ ਹੋਰ ਹੈ, ਜਿਨ੍ਹਾਂ ਦਾ ਬਿਨਾਂ ਮੰਨਿਆਂ ਵੀ ਸਰਦਾ ਹੈ!) ਜ਼ਰਾ ਸੋਚੋ, ਕਹਾਣੀ ਤਾਂ ਕਹਾਣੀ ਹੈ, ਉਸ ਵਿੱਚ ਕਹਾਣੀਕਾਰ ਕੀ ਕਰਦਾ ਹੈ । ਬੱਸ ਕਿਤੇ ਕਿਤੇ ਖਾਲੀ ਥਾਂ ਛੱਡਦਾ ਹੈ; ਬਹੁਤੀ ਵਾਰ ਖਾਲੀ ਥਾਵਾਂ ਭਰਦਾ ਹੈ । ਕਹਾਣੀ ਤਾਂ ਬ-ਜ਼ਾਤੇ-ਖ਼ੁੁਦ ਨੁਮਾਇਆ ਹੁੰਦੀ ਹੈ । ਬੱਸ ਉਹ ਜ਼ਾਹਿਰ ਕਿਸੇ ਦੇ ਆਇਆਂ ਹੁੰਦੀ ਹੈ । ਜਿਵੇਂ ਹਨੇਰੇ ਵਿੱਚ ਹਨੇਰੇ ਦੇ ਬਿਨਾਂ ਕੁਝ ਨਹੀਂ ਹੁੰਦਾ ਅਤੇ ਚਾਨਣ ਵਿੱਚ ਹਨੇਰੇ ਦੇ ਬਿਨਾਂ ਸਭ ਕੁਝ ਹੁੰਦਾ ਹੈ ।...ਇਸ ਸਥਿਤੀ ਵਿੱਚ ਮੇਰੀ ਭੂਮਿਕਾ ਸਿਰਫ਼ ਏਨੀ ਹੈ ਕਿ ਮੈਂ ਇੱਕ ਬਟਨ ਦਬਾ ਕੇ ਲਾਂਭੇ ਹੋ ਜਾਣਾ ਹੈ । ਬਾਕੀ ਸਭ ਕੁਝ ਤੁਹਾਡੇ ਸਾਹਮਣੇ ਹੋਵੇਗਾ । ਬਾਕੀ ਸਭ ਕੁਝ ਤੁਹਾਡੇ ਸਾਹਮਣੇ ਵਾਪਰੇਗਾ । ਮਿਹਰਬਾਨੀ ਕਰਕੇ ਬਟਨ ਦਬਾਉਣ ਤੱਕ ਮੇਰਾ ਸਾਥ ਦਿਉ, ਬਾਕੀ ਸਭ ਕੁਝ ਮੈਂ ਤੁਹਾਡੇ ਨਾਲ ਵੇਖਾਂਗਾ । ਇਹ ਕਿਰਿਆ ਹੈ, ਪ੍ਰਤਿਕਿਰਿਆ ਵੀ ਅਤੇ ਪ੍ਰਕਿਰਿਆ ਵੀ । ਇਹ ਕੁਝ ਇੱਕ ਦਿਲਚਸਪ ਘੜੀਆਂ ਹਨ; ਪੂਰੇ ਜੀਵਨ ਦੀਆਂ ਕੁਝ ਇੱਕ ਦਿਲਚਸਪ ਘੜੀਆਂ । ਬਾਕੀ ਸਭ ਕੁਝ ਬੀਤ ਜਾਂਦਾ ਹੈ, ਸਿਰਫ਼ ਵਕਤ ਨਹੀਂ ਬੀਤਦਾ । ਵਕਤ ਹਮੇਸ਼ਾ ਵਰਤਮਾਨ ਹੈ । ਇਹ ਕੁਦਰਤ ਦਾ ਬੰਦੇ ਦੇ ਸਿਰ ਬਹੁਤ ਵੱਡਾ ਅਹਿਸਾਨ ਹੈ ।...ਪਰ ਇਨਸਾਨ ਤਾਂ ਆਖਰ ਇਨਸਾਨ ਹੈ!...

ਇਨਸਾਨ ਭਲਾ ਕਿਸੇ ਹੋਰ ਦੀ ਕਹਾਣੀ ਕਿਉਂ ਸੁਣੇ? ਹਰ ਇਨਸਾਨ ਦੀ ਆਪਣੀ ਕਹਾਣੀ ਹੈ । ਹਰ ਇਨਸਾਨ ਆਪਣੀ ਕਹਾਣੀ ਕਹਿਣਾ ਚਾਹੁੰਦਾ ਹੈ; ਸੁਣਾਉਂਣਾ ਚਾਹੁੰਦਾ ਹੈ । ਮਾਧਿਅਮ ਕੋਈ ਵੀ ਹੋਵੇ, ਬੰਦਾ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ । ਕਿਸੇ ਗਿਣਤੀ ਵਿੱਚ ਆਉਣਾ ਚਾਹੁੰਦਾ ਹੈ ।...ਜੇ ਸਾਰੇ ਹੀ ਸੁਣਾਉਣ ਵਾਲੇ ਹੋਣ, ਸੁਣੇਗਾ ਕੌਣ? ਜੇ ਸਾਰੇ ਹੀ ਝਾੜਨ ਵਾਲੇ ਹੋਣ, ਚੁਣੇਗਾ ਕੌਣ? ਜੇ ਸਾਰੇ ਹੀ ਡੋਲ੍ਹਣ ਵਾਲੇ ਹੋਣ, ਪੁਣੇਗਾ ਕੌਣ?...

ਅਸੀਂ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ । ਇਕੱਲੇ ਲਿਖਣ ਵਾਲੇ ਦਾ ਭਲਾ ਕੀ ਮੁੱਲ ਹੈ?...ਪੜ੍ਹਨ ਵਾਲੇ ਨੂੰ ਖੁੱਲ੍ਹ ਹੈ! ਪਹਿਲਾਂ ਉਹ ਕਹੇ । ਸਾਡੀ ਕਹਾਣੀ ਜਿੱਥੇ ਹੈ, ਓਥੇ ਹੀ ਰਹੇ! ਖੁੱਲ੍ਹ ਹੈ, ਕੋਈ ਕੁਝ ਵੀ ਕਹੇ । ਪਰ ਸ਼ਰਤ ਇਹ ਹੈ ਕਿ ਵੇਖਣ, ਸੁਣਨ ਜਾਂ ਪੜ੍ਹਣ ਵੇਲੇ ਸਾਡੇ ਨਾਲ ਹੀ ਰਹੇ । ਹਾਲਾਤ ਦਾ ਰੱਦ-ਏ-ਅਮਲ ਸਾਡੇ ਨਾਲ ਹੀ ਸਹੇ! ਕਹੇ ਬਾਰੇ ਕੋਈ ਕੁਝ ਵੀ ਕਹਿ ਸਕਦਾ ਹੈ । ਕੁਝ ਨਾ ਕੁਝ ਅਣਕਿਹਾ ਵੀ ਰਹਿ ਸਕਦਾ ਹੈ । ਕੀ ਇਹ ਸਭ ਕੁਝ ਹਰ ਕੋਈ ਸਹਿ ਸਕਦਾ ਹੈ? ਅਸੀਂ ਹੁਣ 'ਮੈਂ' ਨੂੰ ਮਾਈਕ ਦੇਂਦੇ ਹਾਂ । ਮੈਂ, ਮੇਰੀ ਵੀ ਹੈ ਤੇ ਤੇਰੀ ਵੀ । ਉਸਦੀ ਵੀ । ਹੁਣੇ ਹੁਣੇ ਸਮੇਂ ਦੇ ਸਕੱਤਰ ਨੇ ਦੱਸਿਆ ਹੈ; ਪਹਿਲਾਂ ਉਹ ਬੋਲੇ ਜਿਸਦੀ ਸਭ ਤੋਂ ਵੱਡੀ ਸਮੱਸਿਆ ਹੈ । ਤੇ ਸਮੱਸਿਆ ਨੂੰ ਕਹਾਣੀ ਵਿੱਚ ਬਦਲਣਾ ਕੋਈ ਖੇਡ ਨਹੀਂ, ਸਮੱਸਿਆ ਹੈ ।...ਇਹ ਐਲਾਨ ਸੁਣ ਕੇ, ਜਾਪਦਾ ਹੈ, ਹਰ ਕੋਈ ਹੱਸਿਆ ਹੈ ।

ਜੇ ਕਹਿਣਾ ਜਾਣਦੇ ਹੋ ਤਾਂ ਕਹੋ, ਨਹੀਂ ਤਾਂ ਚੁੱਪ ਰਹੋ ਅਤੇ ਸੁਣੋ ਕਿ ਤੁਹਾਡੀ ਗੱਲ ਕੌਣ ਕਹਿੰਦਾ ਹੈ । ਮਾਹੌਲ ਬਣਾਈ ਰੱਖਣਾ ਵੀ ਸਾਹਿੱਤ ਰਚਣ ਵਰਗਾ ਅਮਲ ਹੁੰਦਾ ਹੈ । ਗੱਲ ਗੱਲ 'ਤੇ ਰੌਲਾ ਪਾਉਣਾ ਤਾਂ ਐਵੇਂ ਕਮਲ ਹੁੰਦਾ ਹੈ । ਤੁਸੀਂ ਇਸ ਵਕਤ ਬਹੁਤ ਵੱਡੇ ਸੱਚ ਦੇ ਗਵਾਹ ਹੋ । ਕੌਣ ਕਹਿੰਦਾ ਹੈ ਕਿ ਤੁਸੀਂ ਖਾ-ਮ-ਖਾਹ ਹੋ । ਜੇਕਰ ਇਹ ਕਹਾਣੀ ਜ਼ਿੰਦਾ ਹੈ ਤਾਂ ਤੁਸੀਂ ਇਸਦੇ ਸਾਹ ਹੋ! ਕਹਾਣੀਕਾਰ ਦੀ ਗਤ ਤੁਹਾਡੇ ਹੱਥ ਹੈ; ਪੱਤ ਤੁਹਾਡੇ ਹੱਥ ਹੈ । ਤੁਸੀਂ 'ਗੁਰੂ' ਹੋ । ਤੁਸੀਂ 'ਸ਼ਾਹ' ਹੋ ।

ਕਹਾਣੀ ਸਿਰਫ਼ ਏਨੀ ਹੈ ਕਿ ਕਵਿਤਾ ਦੀ ਇੱਕ ਪਾਂਡੂਲਿਪੀ ਮੇਰੇ ਹੱਥ ਆਈ ਹੈ । 'ਕਵੀ' ਦੀ ਜ਼ਿੱਦ ਹੈ ਕਿ ਉਸਨੇ ਭੂਮਿਕਾ ਮੈਥੋਂ ਅਤੇ ਸਿਰਫ਼ ਮੈਥੋਂ ਹੀ ਲਿਖਵਾਉਣੀ ਹੈ । ਕਾਫੀ ਅਰਸੇ ਤੋਂ ਮੈਂ ਇਸ ਕੰਮ ਨੂੰ ਟਾਲਦਾ ਆਇਆ ਹਾਂ । ਕਵੀ ਤੋਂ ਉੱਚਾ ਹੋਣ ਦਾ ਭਰਮ ਪਾਲਦਾ ਆਇਆ ਹਾਂ । ਪਰ ਸੱਚ ਇਹ ਹੈ ਕਿ ਮੈਂ 'ਪਹਿਲ' ਨੂੰ ਟਰਕਾਉਂਦਾ ਰਿਹਾ ਹਾਂ । ਬਹੁਤ ਹੀ ਜ਼ਰੂਰੀ ਕੰਮ ਨੂੰ ਅੱਗੇ ਪਾਉਂਦਾ ਰਿਹਾ ਹਾਂ । ਐਵੇਂ ਵਕਤ ਨੂੰ ਧੱਕਾ ਦੇ ਕੇ ਆਪਣੀ ਜਾਚੇ, ਸੁੱਖ ਦੀ ਨੀਂਦੇ ਸੌਂਦਾ ਰਿਹਾ ਹਾਂ ।...ਉਂਜ ਭਟਕਦਾ ਰਿਹਾ ਹਾਂ, ਭਾਉਂਦਾ ਰਿਹਾ ਹਾਂ । ਲਿਖਦਾ ਰਿਹਾ ਹਾਂ, ਲਿਖਾਉਂਦਾ ਰਿਹਾ ਹਾਂ । ਪੜ੍ਹਦਾ ਰਿਹਾ ਹਾਂ ।... ਬੱਸ , ਗਲ ਪਿਆ ਢੋਲ ਵਜਾਉਂਦਾ ਰਿਹਾ ਹਾਂ । ਹੁਣ ਮੈਂ ਇਹ ਪਾਂਡੂਲਿਪੀ ਪੜ੍ਹੀ ਹੈ । ਇਸਦੀ ਹਰ ਸਤਰ ਮੇਰੀਆਂ ਅੱਖੀਆਂ ਦੇ ਸਾਹਵੇਂ, ਐਨ ਤੁਹਾਡੇ ਵਾਂਗ, ਖੜ੍ਹੀ ਹੈ । ਇਹ ਵੀ ਸੱਚ ਹੈ ਕਿ ਨਾਲਾਇਕੀ ਤੇ ਅਣਗਹਿਲੀ ਤਾਂ ਮੇਰੀ ਹੈ ਪਰ ਮੈਂ ਹਾਲਾਤ ਦੇ ਸਿਰ ਮੜ੍ਹੀ ਹੈ । ਆਤਮ-ਘਿਰਣਾ ਦੀ ਤਸਵੀਰ, ਖ਼ੂਬਸੂਰਤ ਚੌਖਟੇ ਵਿੱਚ ਜੜੀ ਹੈ । ਪਰ...


...ਪਰ ਕਹਾਣੀ ਤਾਂ ਜਿੱਥੇ ਸੀ ਓਥੇ ਹੀ ਖੜ੍ਹੀ ਹੈ!... ...
ਕੀ ਅਜਿਹੀ ਕਹਾਣੀ, ਪਹਿਲਾਂ ਕਿਸੇ ਨੇ ਸੁਣੀ ਜਾਂ ਪੜ੍ਹੀ ਹੈ??
ਤੁਹਾਨੂੰ ਦੱਸਾਂ ਕਿ ਕਹਾਣੀ ਅੱਗੇ ਕਿਉਂ ਨਹੀਂ ਤੁਰਦੀ?
ਕਿਉਂਕਿ ਕਹਿਣ ਵਾਲੇ ਨੂੰ  ਕੋਈ ਗੱਲ ਨਹੀਂ ਫੁਰਦੀ ।
ਕਹਾਣੀ ਕਹਿਣ ਵਾਲੇ ਨੂੰ  ਤੁਹਾਡੇ ਵਕਤ ਦਾ ਖਿਆਲ ਹੈ ।
ਉਹ ਤੁਹਾਡੇ ਦੁੱਖ-ਸੁੱਖ ਦਾ ਭਾਈਵਾਲ ਹੈ ।
ਜ਼ਰਾ ਧਿਆਨ ਨਾਲ ਵੇਖੋ, ਇਸ ਵਕਤ ਵੀ ਉਹ ਤੁਹਾਡੇ ਨਾਲ ਹੈ ।
ਉਂਜ ਇਹ ਵੀ ਕਹਾਣੀ ਨੂੰ  ਅੱਗੇ ਤੋਰਨ ਦੀ ਇੱਕ ਚਾਲ ਹੈ ।
ਸਿਰਫ਼ ਮੇਰਾ ਹੀ ਨਹੀਂ, ਸਮੁੱਚੀ ਕਹਾਣੀ ਦਾ ਇਹੋ ਹਾਲ ਹੈ ।
ਕਹਾਣੀ ਦੇ ਤਾਣੇ-ਪੇਟੇ ਲਈ ਵਿਛਾਇਆ ਗਿਆ ਇੱਕ ਜਾਲ ਹੈ ।
ਕਿਰਿਆ, ਪ੍ਰਤਿਕਿਰਿਆ ਤੇ ਪ੍ਰਕਿਰਿਆ...ਸਭ ਕੁਝ ਨਾਲੋ ਨਾਲ ਹੈ ।
ਆਪਣੀ ਗੱਲ ਕਹਿਣ ਲਈ, ਬੱਸ, ਸਹੀ ਵਕਤ ਦੀ ਭਾਲ ਹੈ!

ਕੱਲ੍ਹ ਰਾਤੀਂ ਮੈਂ ਸੌਣ ਤੋਂ ਪਹਿਲਾਂ ਆਪਣੀ ਡਾਇਰੀ 'ਤੇ ਇੱਕੋ ਫਿਕਰਾ ਲਿਖਿਆ ਸੀ: ਕੱਲ੍ਹ ਦਾ ਦਿਨ ਮੈਂ ਕੁਛ ਨਹੀਂ ਕਰਨਾ, ਸਿਰਫ਼ ਭੂਮਿਕਾ ਲਿਖਣੀ ਹੈ ।ਤੇ ਅੱਜ ਦਾ ਦਿਨ ਬੀਤਣ 'ਤੇ ਆ ਗਿਆ ਹੈ । ਮੈਂ ਅਜੇ ਤਕ 'ਭੂਮਿਕਾ' ਦੇ ਚੱਕਰ ਵਿੱਚ ਹੀ ਹਾਂ ।

ਦਰ-ਅਸਲ ਏਨੀ ਬੰਦਸ਼ ਮੈਂ ਆਪਣੇ ਆਪ 'ਤੇ ਪਹਿਲਾਂ ਕਦੇ ਨਹੀਂ ਸੀ ਲਗਾਈ । ਇਸ ਕਿਤਾਬ ਦੀ ਭੂਮਿਕਾ ਲਿਖਣ ਲਈ ਮੈਨੂੰ ਜ਼ਿੰਦਗੀ ਤੋਂ ਟੁੱਟਣਾ ਪਵੇਗਾ । ਜ਼ਿੰਦਗੀ ਤੋਂ ਨਹੀਂ, ਜ਼ਿੰਦਗੀ ਦੇ ਰੁਟੀਨ ਤੋਂ ਟੁੱਟਣਾ ਹੀ ਪਵੇਗਾ!

ਕੋਈ ਕੋਈ ਕਿਤਾਬ ਅਜਿਹੀ ਹੁੰਦੀ ਹੈ ਜਿਸਨੂੰ ਲਿਖਦਾ ਲਿਖਦਾ ਲੇਖਕ ਟੁੱਟ ਜਾਂਦਾ ਹੈ ਪਰ ਕੋਈ ਵੀ ਕਿਤਾਬ ਅਜਿਹੀ ਨਹੀਂ ਹੁੰਦੀ ਜਿਸਨੂੰ ਖਰੀਦਣ ਵਾਲੇ ਟੁੱਟ ਕੇ ਪੈ ਜਾਣ । ਨਾਲੇ ਕੋਈ ਵੀ ਲੇਖਕ ਕਦੇ ਵੀ ਕਿਤਾਬ ਨਹੀਂ ਲਿਖਦਾ, ਉਹ ਤਾਂ ਬੱਸ ਲਿਖਦਾ ਰਹਿੰਦਾ ਹੈ ਤੇ ਕਿਤਾਬ ਬਣ ਜਾਂਦੀ ਹੈ । ਸ਼ਾਇਦ ਇਹ ਪਾਂਡੂਲਿਪੀ ਵੀ ਕਿਤਾਬ ਬਣ ਜਾਏ । ਮੈਂ ਇਸਦੀ ਭੂਮਿਕਾ ਲਿਖਣੀ ਹੈ, ਬੱਸ । ਬਾਕੀ ਕਿਤਾਬ ਮੁਕੰਮਲ ਹੈ ਉਂਜ ਤਾਂ ਬਿਨਾਂ ਭੂਮਿਕਾ ਤੋਂ ਵੀ ਕਿਤਾਬ ਨਾ-ਮੁਕੰਮਲ ਨਹੀਂ ਹੁੰਦੀ ਪਰ ਐਵੇਂ ਜ਼ਿੱਦ ਜਿਹੀ ਹੁੰਦੀ ਹੈ ਲੇਖਕ ਦੀ, ਕਿ ਭੂਮਿਕਾ ਵੀ ਹੋ ਹੀ ਜਾਏ ਤਾਂ ਠੀਕ ਹੈ । ਤੇ ਫਿਰ ਕਿਸੇ ਖਾਸ ਵਿਅਕਤੀ ਕੋਲੋਂ ਹੀ ਭੂਮਿਕਾ ਲਿਖਵਾਉਣੀ, ਇਹ ਵੀ ਇੱਕ ਤਰ੍ਹਾਂ ਦੀ ਜ਼ਿੱਦ ਹੈ ਜੋ ਮੇਰੇ ਲਈ ਵੰਗਾਰ ਬਣੀ ਪਈ ਹੈ; ਇੱਕ ਅਰਸੇ ਤੋਂ । ਜਦੋਂ ਤੀਕ ਮੈਂ ਭੂਮਿਕਾ ਨਹੀਂ ਲਿਖਾਗਾ, ਕਿਤਾਬ ਨਹੀਂ ਛਪੇਗੀ । ਜਿਵੇਂ ਮੇਰੇ ਦੁਆਰਾ ਕੁਝ ਸ਼ਬਦ ਲਿਖੇ ਜਾਣ ਨਾਲ ਕਿਤਾਬ ਨੂੰ ਖੰਭ ਲੱਗ ਜਾਣੇ ਹੋਣ! ਕੁੜੀਆਂ ਬਹੁਤ ਜ਼ਿੱਦੀ ਹੁੰਦੀਆਂ ਹਨ ਤੇ ਜੇਕਰ ਕੁੜੀ ਕਵਿਤਾ ਲਿਖਦੀ ਹੋਏ ਤਾਂ ਉਹਦੀ ਜ਼ਿੱਦ ਵੀ ਕਾਵਿਕ ਹੋ ਜਾਂਦੀ ਹੈ । ਨਾਂਹ ਕਰਨ ਦਾ ਹੀਆ ਨਹੀਂ ਪੈਂਦਾ । ਨਾਂਹ ਕਰਨ ਨੂੰ ਜੀਅ ਵੀ ਨਹੀਂ ਕਰਦਾ । ਆਖਰ ਇਹ ਵੀ ਤਾਂ ਇੱਕ ਸਨਮਾਨ ਵਰਗੀ ਹੀ ਚੀਜ਼ ਹੈ । ਜੇ ਕਿਤਾਬ ਚੱਲ ਨਿਕਲੀ ਤਾਂ ਭੂਮਿਕਾ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ । ਛਪਣ ਤੋਂ ਪਹਿਲਾਂ ਕਿਸੇ ਕਿਤਾਬ ਦਾ ਪਾਠਕ ਹੋਣਾ ਵੀ ਕੋਈ ਘੱਟ ਮਾਣ ਵਾਲੀ ਗੱਲ ਨਹੀਂ;...ਸਭ ਕੁਝ ਠੀਕ ਹੈ । ਮੈਂ ਇਸ ਪਾਂਡੂਲਿਪੀ ਨੂੰ ਕਈ ਵਾਰ ਪੜ੍ਹ ਚੁੱਕਾ ਹਾਂ । ਇਸ ਵਿੱਚ ਇੱਕੋ ਨਜ਼ਮ ਹੈ, ਪੂਰੀ ਕਿਤਾਬ ਜਿੱਡੀ ਲੰਮੀ । ਕੋਈ ਤਤਕਰੇ ਦਾ ਰੌਲਾ ਨਹੀਂ । ਕੋਈ ਤਰਤੀਬ ਦਾ ਮਸਲਾ ਨਹੀਂ । ਮਸਲਾ ਸਿਰਫ਼ ਭੂਮਿਕਾ ਦਾ ਹੈ । ਪਹਿਲਾਂ ਕਈ ਵਾਰ ਇੰਜ ਹੋਇਆ ਹੈ ਕਿ ਅਜਿਹੇ ਮੌਕਿਆਂ 'ਤੇ ਮੈਂ ਕਿਸੇ ਵੱਡੇ ਆਲੋਚਕ ਜਾਂ ਨਾਮਵਰ ਲੇਖਕ ਦਾ ਨਾਂ ਤਜਵੀਜ਼ ਕਰ ਦਿਆ ਕਰਦਾ ਹਾਂ । ਅਗਲਾ ਮੰਨ ਵੀ ਜਾਂਦਾ ਹੈ । ਭੂਮਿਕਾ ਲਿਖੀ ਵੀ ਜਾਂਦੀ ਹੈ । ਪਰ ਮੌਜੂਦਾ ਮਸਲਾ ਜ਼ਰਾ ਹੋਰ ਤਰ੍ਹਾਂ ਦਾ ਹੈ । ਕਿਤਾਬ ਮੇਰੇ ਕੋਲ ਇਕੱਲੀ ਆਈ ਹੈ, ਜਿਸ ਉੱਤੇ ਲੇਖਕ ਦਾ ਕੁੜੀਆਂ ਵਰਗਾ ਨਾਂ ਹੈ, ਸਿਰਨਾਵਾਂ ਕੋਈ ਨਹੀਂ । ਚਿੱਠੀ ਵਿੱਚ ਏਨਾ ਹੀ ਲਿਖਿਆ ਸੀ ਕਿ ਫਲਾਣੀ ਤਰੀਕ ਨੂੰ ਖ਼ੁਦ ਆ ਕੇ ਭੂਮਿਕਾ ਸਮੇਤ ਪਾਂਡੂਲਿਪੀ ਲੈ ਜਾਵਾਂਗੀ । ਅੱਜ ਉਹ ਆਏਗੀ । ਪਰ ਭੂਮਿਕਾ ਤਾਂ ਲਿਖੀ ਹੀ ਨਹੀਂ ਗਈ । ਲੱਗਦਾ ਹੈ, ਸ਼ਾਮ ਤੱਕ ਲਿਖੀ ਵੀ ਨਹੀਂ ਜਾਏਗੀ । ਕੀ ਜਵਾਬ ਦਿਆਂਗਾ! ਕਿਵੇਂ ਜਵਾਬ ਦਿਆਂਗਾ! ਇਸ ਉਲਝਣ ਅਤੇ ਨਮੋਸ਼ੀ 'ਚੋਂ ਨਿਕਲਣ ਦਾ ਇੱਕੋ ਇੱਕ ਰਾਹ ਹੈ ਕਿ ਇਸ ਲੰਬੀ ਨਜ਼ਮ ਬਾਰੇ ਆਪਣੀ ਰਾਏ ਲਿਖ ਹੀ ਦਿੱਤੀ ਜਾਏ । ਵਕਤ ਬਹੁਤ ਥੋੜ੍ਹਾ ਹੈ । ਕੋਸ਼ਿਸ਼ ਕਰ ਵੇਖਦਾ ਹਾਂ ।

ਹਾਂ, ਤੇ ਇਸ ਹੋਣ-ਵਾਲੀ-ਕਿਤਾਬ ਦੀ ਜੋ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਉਸ ਉੱਤੇ ਸਮਰਪਣ ਦੇ ਸ਼ਬਦ ਇਸ ਤਰ੍ਹਾਂ ਹਨ:

ਤੂੰ ਮੋਹਣ, ਮੈਂ ਸੋਹਣ, ਸਿੰਘਾ! ਤੂੰ ਮਾਹਿਰ, ਮੈਂ ਮੀਸ਼ਾ ।
ਸਣੇ ਚੌਖ਼ਟੇ ਮੂਰਤ ਟੁੱਟੀ, ਕਾਇਮ-ਦਾਇਮ ਸ਼ੀਸ਼ਾ¨

ਜ਼ਿੰਦਗੀ ਤੇ ਮੌਤ ਦੀ ਫ਼ਿਲਾਸਫੀ ਬੜੇ ਨਵੇਂ ਅਤੇ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ । ਇੱਥੇ 'ਸ਼ੀਸ਼ਾ' ਸ਼ਬਦ ਦਾ ਪ੍ਰਯੋਗ ਵਧੇਰੇ ਧਿਆਨ ਮੰਗਦਾ ਹੈ । ਸ਼ੀਸ਼ਾ ਜੋ ਕਿ ਖ਼ਾਲੀ ਹੈ, ਸ਼ੀਸ਼ਾ ਜੋ ਕਿ ਪਾਰਦਰਸ਼ੀ ਹੈ । ਇੰਜ ਇਹ ਪੁਸਤਕ ਪੰਜਾਬੀ ਦੇ ਦੋ ਆਧੁਨਿਕ ਮਹਾਰਥੀਆਂ ਨੂੰ ਸਮਰਪਿਤ ਹੈ ਅਰਥਾਤ ਪੰਜਾਬੀ ਕਵਿਤਾ ਦੇ ਅੱਜ ਨੂੰ ਸਮਰਪਿਤ ਹੈ । ਜ਼ਾਹਿਰ ਹੈ ਕਿ ਕਲਮਵਾਨ ਹੱਥ ਅਤੇ ਦਰਦਵੰਦ ਅੱਖ ਕੋਲ ਰਵਾਨੀ ਅਤੇ ਨਜ਼ਰ ਦੇ ਨਾਲ ਨਾਲ ਆਧੁਨਿਕ ਚੇਤਨਾ ਵੀ ਹੈ । ਚੇਤਨਾ ਪ੍ਰਗਟਾਉਣ ਲਈ ਢੁਕਵੀਂ ਸ਼ਬਦਾਵਲੀ ਅਤੇ ਆਕਰਸ਼ਕ ਸ਼ੈਲੀ ਵੀ ਹੈ ।

ਇਹ ਸ਼ਬਦਾਵਲੀ ਅਤੇ ਸ਼ੈਲੀ ਪੂਰੀ ਨਜ਼ਮ ਵਿੱਚ ਵਿਦਮਾਨ ਹੈ । ਲੰਬੀ ਨਜ਼ਮ ਦੀਆਂ ਸ਼ੁਰੂ ਦੀਆਂ ਸਤਰਾਂ ਹਨ:


ਜਿਸ 'ਸ਼ਖ਼ਸ' ਨੇ ਪਹਿਲੀ ਵਾਰੀ 'ਬੋਲ' ਕਹਿਆ ਹੋਏਗਾ
ਜਿਸ ਸ਼ਖ਼ਸ ਨੇ ਬੋਲ ਨੂੰ  ਫਿਰ 'ਸ਼ਬਦ' ਕਹਿਆ ਹੋਏਗਾ
ਜਿਸ ਸ਼ਖ਼ਸ ਨੇ ਸ਼ਬਦ ਨੂੰ  ਫਿਰ 'ਕਾਵਿ' ਕਹਿਆ ਹੋਏਗਾ
ਉਹ 'ਬੋਲ' ਕੇਹਾ ਹੋਏਗਾ, ਉਹ 'ਸ਼ਬਦ' ਕੇਹਾ ਹੋਏਗਾ
ਉਹ 'ਕਾਵਿ' ਕੇਹਾ ਹੋਏਗਾ, ਉਹ 'ਸ਼ਖ਼ਸ' ਕੇਹਾ ਹੋਏਗਾ

ਖ਼ੂਬੀ ਇਹ ਹੈ ਕਿ ਨਜ਼ਮ ਸਵਾਲ ਨਹੀਂ ਕਰਦੀ, ਸਿਰਫ਼ ਜਾਇਜ਼ਾ ਲੈਂਦੀ ਹੈ । ਆਪਣੀ ਗੱਲ ਕਹਿੰਦੀ ਹੈ ਤੇ ਤੁਰੀ ਰਹਿੰਦੀ ਹੈ:


ਜਿਸ ਕਿਸੇ ਨੇ ਵਸਤੂਆਂ ਦੇ ਨਾਮ ਰੱਖੇ ਹੋਣਗੇ
ਪਹਿਲੀ ਵਾਰੀ ਵਸਤੂਆਂ ਦੇ ਸਵਾਦ ਚੱਖੇ ਹੋਣਗੇ
ਤੇ ਜਿਨ੍ਹਾਂ ਨੇ ਹੋਰਨਾਂ ਨੂੰ  ਨਾਮ ਦੱਸੇ ਹੋਣਗੇ
ਤੇ ਸਵਾਦ ਦੱਸੇ ਹੋਣਗੇ, ਉਹ ਸ਼ਖ਼ਸ ਕੇਹੇ ਹੋਣਗੇ
ਸਭ ਤੋਂ ਪਹਿਲਾਂ ਜਿਸ ਕਿਸੇ ਨੇ, ਰੱਬ ਘੜਿਆ ਹੋਏਗਾ
ਸਭ ਤੋਂ ਪਹਿਲਾਂ ਜਿਸਨੇ ਉਸਦਾ, ਪੱਲਾ ਫੜਿਆ ਹੋਏਗਾ
ਉਸਦਾ ਨਾਂ ਲੈ ਕੇ ਜਿਹੜਾ, ਤੋੜ ਚੜ੍ਹਿਆ ਹੋਏਗਾ

ਉਹ ਸ਼ਖ਼ਸ ਕੇਹਾ ਹੋਏਗਾ

ਜਿਸ ਕਿਸੇ ਨੇ ਸਭ ਤੋਂ ਪਹਿਲਾਂ, ਸ਼ਬਦ ਵਾਹਿਆ ਹੋਏਗਾ
ਸਭ ਤੋਂ ਪਹਿਲਾਂ ਖੰਭ ਨੂੰ , ਕਾਨੀ ਬਣਾਇਆ ਹੋਏਗਾ
ਜਿਸ ਕਿਸੇ ਨੇ ਸ਼ਬਦ ਉਹ, ਪੜ੍ਹ ਕੇ ਸੁਣਾਇਆ ਹੋਏਗਾ
ਉਹ ਸ਼ਖ਼ਸ ਕੇਹਾ ਹੋਏਗਾ, ਉਹ ਸ਼ਬਦ ਕੇਹਾ ਹੋਏਗਾ

ਮੈਂ ਤਾਂ ਹੈਰਾਨ ਹਾਂ ਕਿ ਇਹ ਅੰਤਰ-ਸੰਵਾਦ ਇੰਜ ਨਿਰਵਿਘਨ ਤੇ ਅਡੋਲ ਕਿਵੇਂ ਵਾਪਰਦਾ ਜਾ ਰਿਹਾ ਹੈ ਜਿਵੇਂ ਇਸਨੂੰ ਕੋਈ ਬੋਲ ਨਾ ਰਿਹਾ ਹੋਵੇ । ਜਿਵੇਂ ਇਸਨੂੰ ਕੋਈ ਲਿਖ ਨਾ ਰਿਹਾ ਹੋਵੇ । ਜਿਵੇਂ ਇਸਨੂੰ ਕੋਈ ਰਚ ਨਾ ਰਿਹਾ ਹੋਵੇ ।...ਇਹ ਸਿਰਫ਼ ਵਾਪਰ ਰਿਹਾ ਹੋਵੇ! ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਜਿਹਾ ਭਾਣਾ ਇਸ ਸਦੀ ਦੌਰਾਨ 'ਸਾਡੇ ਸਾਹਿੱਤ' ਵਿੱਚ ਪਹਿਲਾਂ ਕਦੇ ਨਹੀਂ ਵਾਪਰਿਆ । ਅਸੀਂ ਕਹੇ ਹੋਏ ਸ਼ਬਦਾਂ ਨੂੰ ਦੁਹਰਾਉਂਦੇ ਹੀ ਰਹੇ ਹਾਂ । ਦਰ-ਅਸਲ ਅਸੀਂ ਲੋਕ 'ਕਵੀ' ਪਹਿਲਾਂ ਬਣ ਜਾਂਦੇ ਹਾਂ ਤੇ 'ਕਵਿਤਾ' ਬਾਅਦ ਵਿੱਚ ਲਿਖਣੀ ਸ਼ੁਰੂ ਕਰਦੇ ਹਾਂ । ਅਸਲ ਗੱਲ ਓਦੋਂ ਬਣਦੀ ਹੈ; ਤੁਸੀਂ ਕੁਝ ਲਿਖੋ, ਲੋਕੀ ਉਸਨੂੰ ਕਵਿਤਾ ਕਹਿਣ ਤੇ ਹੌਲੀ ਹੌਲੀ ਤੁਹਾਨੂੰ ਕਵੀ ਕਹਿਣ ਲੱਗ ਪੈਣ । ਜਿਵੇਂ ਇਸ ਕੁੜੀ ਨੇ ਸਿਰਫ਼ ਲਿਖਿਆ ਹੈ । ਨਜ਼ਮ ਤਾਂ ਇਸ ਲਿਖਤ ਨੂੰ ਮੈਂ ਕਹਿ ਰਿਹਾ ਹਾਂ । ਇਸ 'ਲਗਾਤਾਰ ਨਜ਼ਮ' ਦਾ ਇੱਕ ਵੱਖਰਾਪਨ ਇਹ ਹੈ ਕਿ ਇਸਨੂੰ ਅਧਿਆਵਾਂ, ਕਾਂਡਾਂ ਜਾਂ ਸਰਗਾਂ ਵਿੱਚ ਨਹੀਂ ਵੰਡਿਆ ਗਿਆ । ਨਜ਼ਮ ਦਾ ਅੰਗ-ਪੰਗ ਬਿਲਕੁਲ ਨਹੀਂ ਕੀਤਾ ਗਿਆ । ਸਮੁੱਚੀ ਨਜ਼ਮ 'ਚੋਂ ਕੋਈ ਸਤਰ ਕਿਤੋਂ ਵੀ ਉਤਾਰ ਲਵੋ, ਲੱਗੇਗਾ ਜਿਵੇਂ ਪਹਿਲੀ ਵਾਰ ਕਿਸੇ ਅਛੋਹ ਵਸਤੂ ਨੂੰ ਛੋਹਿਆ ਹੋਵੇ । ਇੱਕ ਅਜਿਹਾ ਅਹਿਸਾਸ ਹੋਵੇਗਾ, ਜੋ ਪਹਿਲਾਂ ਕਦੀ ਨਾ ਹੋਇਆ ਹੋਵੇ! ਇਹ ਅਜਿਹੀ ਨਜ਼ਮ ਹੈ ਜਿਸਨੂੰ ਆਲੋਚਕ ਦੀ ਲੋੜ ਨਹੀਂ, ਸਿਰਫ਼ ਸੁਹਿਰਦ ਪਾਠਕ ਅਥਵਾ ਸਰੋਤੇ ਦੀ ਲੋੜ ਹੈ; ਨਜ਼ਮ ਜਿਸਦਾ ਸ਼ਿਕਾਰ ਨਹੀਂ, ਨਜ਼ਮ ਜਿਸਦੀ ਲੋੜ ਹੈ । ਇਸਦੇ ਕੋਲ ਖਾਲੀ ਹੱਥ ਆਉ, ਇਹ ਤੁਹਾਨੂੰ ਭਰਪੂਰ ਕਰ ਦੇਵੇਗੀ । ਬੱਸ ਸ਼ਰਤ ਏਨੀ ਹੈ ਕਿ ਇਸਨੂੰ ਮਿਲਣ ਲਈ ਆਉ, ਉਧਾਲਣ ਲਈ ਨਹੀਂ! ਇਹ ਵੀ ਸੁਣ ਲਉ ਕਿ ਨਜ਼ਮ ਮੈਂ ਆਰਾਮ ਨਾਲ ਪੜ੍ਹੀ ਸੀ, ਬਾਰ ਬਾਰ ਪੜ੍ਹੀ ਸੀ, ਤੇ ਭੂਮਿਕਾ ਕਾਹਲੀ ਵਿੱਚ ਲਿਖੀ ਹੈ । 'ਉਸਨੇ' ਲੈਣ ਜੁ ਆਉਣਾ ਹੈ! ਇਸ ਤਰ੍ਹਾਂ ਦੀ ਨਜ਼ਮ ਲਿਖਣ ਵਾਲੀ ਕੁੜੀ ਆਏ ਤੇ ਉਸਦਾ ਕੰਮ ਨਾ ਹੋਇਆ ਹੋਵੇ; ਸ਼ੋਭਾ ਨਹੀਂ ਦੇਂਦਾ । ਭੂਮਿਕਾ ਪੜ੍ਹਕੇ ਭਾਵੇਂ ਯਾਰ ਲੋਕ ਕਈ ਕਹਾਣੀਆਂ ਘੜਨਗੇ; ਸਤਰਾਂ ਦੇ ਵਿੱਚਕਾਰਲੀਆਂ ਖਾਲੀ ਥਾਵਾਂ ਵੀ ਪੜ੍ਹਨਗੇ; ਪਰ ਮੈਨੂੰ ਸੰਤੁਸ਼ਟੀ ਹੈ ਕਿ ਮੈਂ ਝੂਠਾ ਨਹੀਂ ਪਵਾਂਗਾ । ਮੈਂ ਉਸਦੀ ਨਜ਼ਮ ਦੀ ਪ੍ਰਸ਼ੰਸਾ ਕੀਤੀ ਹੈ ਤੇ ਪ੍ਰਸ਼ੰਸਾ ਵੀ ਝੂਠੀ ਨਹੀਂ ਕੀਤੀ । ਭੂਮਿਕਾ ਉਸਨੂੰ ਪਸੰਦ ਆਉਣੀ ਹੀ ਚਾਹੀਦੀ ਹੈ । ਉਹ ਕੁੜੀ ਅੱਜ ਆਉਣੀ ਹੀ ਚਾਹੀਦੀ ਹੈ ।

ਕੰਮ ਤਾਂ ਤਕਰੀਬਨ ਹੋ ਹੀ ਗਿਆ ਹੈ । ਜਦੋਂ ਤੀਕ 'ਉਹ' ਨਹੀਂ ਆਉਂਦੀ, ਟਾਈਪਰਾਈਟਰ ਦਾ ਰਿਬਨ ਹੀ ਬਦਲ ਲੈਂਦਾ ਹਾਂ । ਕਈ ਦਿਨਾਂ ਤੋਂ ਘੌਲ ਕਰ ਰਿਹਾ ਸਾਂ । ਫਟੇ ਤੇ ਘਸੇ ਹੋਏ ਰਿਬਨ ਨੂੰ ਚਲਾਈ ਜਾ ਰਿਹਾ ਸਾਂ । ਕੋਈ ਅੱਖਰ ਅੱਧਾ, ਕੋਈ ਪੌਣਾ! ਕੋਈ ਸਟਰੋਕ ਅੜ ਗਈ, ਕੋਈ ਛੜੱਪਾ ਮਾਰ ਗਈ । ਪ੍ਰੈਸ ਕਾਪੀ ਤਿਆਰ ਕਰਦਿਆਂ ਮੇਰੀ ਤਾਂ ਜਿੰਦ ਹਾਰ ਗਈ ।...ਪਰ ਅੱਜ ਫੁਰਸਤ ਦੇ ਦੌਰਾਨ ਵੀ ਤਾਂ ਕੁਝ ਨਾ ਕੁਝ ਕਰਨਾ ਹੀ ਹੁੰਦਾ ਹੈ । ਚਲੋ, ਰਿਬਨ ਹੀ ਬਦਲ ਲੈਂਦੇ ਹਾਂ । ਉਰਿਜਿਨਲ ਕਾਪੀ ਉੱਤੇ ਇੰਪਰੈਸ਼ਨ ਠੀਕ ਰਹੇਗਾ । ਆਉਣ ਵਾਲੀ 'ਤੇ ਇੰਪਰੈਸ਼ਨ ਵੀ ਠੀਕ ਪਵੇਗਾ । ਪਰ ਉਹ ਅਜੇ ਤੱਕ ਨਹੀਂ ਆਈ । ਆਏਗੀ ਜ਼ਰੂਰ ਜਦੋਂ ਤੱਕ ਨਹੀਂ ਆਉਂਦੀ ਕੋਈ ਹੋਰ ਗੱਲ ਕਰ ਲੈਂਦੇ ਹਾਂ । ਪਹਿਲਾਂ ਲਿਖੇ ਸਫ਼ੇ ਹੀ ਪੜ੍ਹ ਲੈਂਦੇ ਹਾਂ । ਲਗ-ਮਾਤਰ-ਕੰਨਾ ਦਰੁੱਸਤ ਕਰ ਲੈਂਦੇ ਹਾਂ । ਮੈਂ ਅੱਜ 'ਭੂਮਿਕਾ' ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਸਮਝਿਆ ਸੀ । ਅੱਜ ਦੀ ਤਾਰੀਖ਼ 'ਡੈੱਡ ਲਾਈਨ' ਸੀ । ਮੈਂ ਤਾਂ ਆਪਣੇ ਵੱਲੋਂ ਸੁਰਖਰੂ ਹਾਂ ਉਂਜ ਸੁਰਖਰੂ ਓਦੋਂ ਹੋਵਾਂਗਾ ਜਦੋਂ ਭੂਮਿਕਾ ਉਸਨੂੰ ਪਸੰਦ ਆਵੇਗੀ; ਤੇ ਉਹ ਇਸ ਭੂਮਿਕਾ ਨੂੰ , ਪਾਂਡੂਲਿਪੀ ਸਮੇਤ, ਮੇਰੇ ਕੋਲੋਂ ਲੈ ਜਾਵੇਗੀ ।...ਉਹ ਜ਼ਰੂਰ ਆਵੇਗੀ ।

ਇੰਤਜ਼ਾਰ ਯਾਨਿ ਫ਼ੁਰਸਤ ਦੇ ਛਿਣਾਂ ਵਿੱਚ ਮੈਂ ਸੋਚ ਰਿਹਾ ਹਾਂ ਕਿ ਕੁੜੀ ਨੇ ਤਾਂ ਕਵਿਤਾ ਲਿਖੀ ਤੇ ਮੈਂ ਕਹਾਣੀ ਬਣਾ ਧਰੀ । ਭਲਾ ਕਵਿਤਾ ਤੇ ਕਹਾਣੀ ਦਾ ਕੀ ਰਿਸ਼ਤਾ । ਮੈਂ ਦੋ ਬੰਦਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ; ਤੇ ਉਹ ਨੇ ਕੁਲਵੰਤ ਸਿੰਘ ਵਿਰਕ ਤੇ ਪ੍ਰੇਮ ਪ੍ਰਕਾਸ਼ । ਇਹ ਦੋਵੇਂ ਕਹਾਣੀਕਾਰ ਨੇ; ਤੇ ਵਧੀਆ ਕਹਾਣੀਕਾਰ ਨੇ । ਪਰ ਕਵਿਤਾ ਦੀ ਇਨ੍ਹਾਂ ਨੂੰ ਕੋਈ ਸਮਝ ਨਹੀਂ । ਇਨ੍ਹਾਂ ਦੋਹਾਂ ਨੂੰ ਕਵਿਤਾ ਚੰਗੀ ਨਹੀਂ ਲੱਗਦੀ, ਸਿਰਫ਼ ਓਦੋਂ ਚੰਗੀ ਲੱਗਦੀ ਹੈ ਜਦੋਂ ਕਿਸੇ ਕੁੜੀ ਨੇ ਲਿਖੀ ਹੋਈ ਹੋਵੇ ।...ਇਸ ਕਥਨ ਦਾ ਸਾਧਾਰਨੀਕਰਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਪਸੰਦ ਵਾਲੇ ਹੋਰ ਵੀ ਅਨੇਕ ਕਹਾਣੀਕਾਰ ਦੋਸਤ ਨੁਮਾਇਆ ਹੋ ਜਾਣਗੇ । ਗੁਲਜ਼ਾਰ ਸੰਧੂ ਤਾਂ ਹੁਣੇ ਅੱਖਾਂ ਵਿਖਾ ਰਿਹਾ ਹੈ ...ਉਨ੍ਹਾਂ ਕਹਾਣੀਕਾਰਾਂ ਤੋਂ ਖ਼ਿਮਾ ਮੰਗਣ ਨੂੰ ਜੀਅ ਕਰਦਾ ਹੈ ਜਿਹੜੇ ਕਵਿਤਾ ਦੇ ਖੇਤਰ 'ਚੋਂ ਅਸਫ਼ਲ ਹੋ ਕੇ ਕਹਾਣੀ ਵੱਲ ਆਏ ਹਨ । ਉਹ ਭਾਵੇਂ ਵਰਿਆਮ ਸੰਧੂ ਹੋਵੇ; ਰਾਮ ਸਰੂਪ ਅਣਖੀ ਹੋਵੇ ਜਾਂ ਫਿਰ ਕਰਤਾਰ ਸਿੰਘ ਦੁੱਗਲ ।...ਵਕਤ ਲੰਘਾਉਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਹੈ । ਇਸ ਵੇਲੇ ਮੇਰਾ ਮੋਹਨ ਭੰਡਾਰੀ ਨੂੰ ਯਾਦ ਕਰਨ ਨੂੰ ਜੀਅ ਕਰ ਰਿਹਾ ਹੈ । ਉਸਨੇ ਵੀ ਕਹਾਣੀ ਤੋਂ ਪਹਿਲਾਂ ਕਵਿਤਾ ਲਿਖਣ ਲਈ, ਪੈਂਤੜਾ ਲਿਆ ਸੀ, ਪਰ... । ਵੇਰਵੇ ਵਿੱਚ ਨਹੀਂ ਜਾਂਦਾ, ਨਰਾਜ਼ ਹੋ ਜਾਏਗਾ । ਉਸਦੀ ਨਾਰਾਜ਼ਗੀ ਮੈਂ ਸਹਾਰ ਨਹੀਂ ਸਕਦਾ । ਬੱਸ, ਉਹ ਕਹਾਣੀਆਂ ਲਿਖਦਾ ਰਹੇ; 'ਸਾਂਝ' ਵਰਗੀਆਂ ਵਧੀਆ ਕਹਾਣੀਆਂ ਲਿਖਦਾ ਰਹੇ!

ਦੋਸਤੋ! ਤੁਸੀਂ ਕਦੇ ਇੰਤਜ਼ਾਰ ਕੀਤੀ ਹੈ; ਜਾਂ ਕੀਤਾ ਹੈ? ਜੇ ਕੀਤਾ ਹੈ ਤਾਂ ਇੰਤਜ਼ਾਰ ਦੇ ਦੌਰਾਨ ਕੀ ਕੀਤਾ ਹੈ? ਮੈਂ ਤਾਂ ਥੋੜ੍ਹੀ ਜਿਹੀ ਦੇਰ ਵਿੱਚ ਹੀ ਬੌਖਲਾ ਗਿਆ ਹਾਂ । ਤੁਹਾਡੀ ਹਾਜ਼ਰੀ ਵਿੱਚ ਵੀ ਉਕਤਾ ਗਿਆ ਹਾਂ । ਮੇਰੀ ਮਦਦ ਕਰੋ । ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਔਖੇ ਸੌਖੇ ਹੋ ਕੇ, ਹੁੰਗਾਰਾ ਜ਼ਰੂਰ ਭਰੋ ।

ਅਸੀਂ ਵੇਖਣਾ ਹੈ ਸਥਿਤੀ ਕਿਵੇਂ ਤਣਦੀ ਹੈ
ਅਸੀਂ ਵੇਖਣਾ ਹੈ ਕਹਾਣੀ ਕਿਵੇਂ ਬਣਦੀ ਹੈ

ਤੁਸੀਂ ਮੋਹਣ ਸਿੰਘ ਦੀਵਾਨਾ ਦੀ ਕੋਈ ਕਹਾਣੀ ਪੜ੍ਹੀ ਹੈ?.. ਤੁਸੀਂ ਮੋਹਣ ਸਿੰਘ ਦੀਵਾਨਾ ਦਾ ਕੁਛ ਵੀ ਪੜ੍ਹਿਆ ਹੈ?... ਤੁਸੀਂ ਮੋਹਣ ਸਿੰਘ ਦੀਵਾਨਾ ਦਾ ਨਾਂ ਸੁਣਿਆ ਹੈ?...ਜੇ ਨਹੀਂ, ਤਾਂ ਸ਼ਾਇਦ ਤੁਸੀਂ ਦੀਵਾਨ ਸਿੰਘ ਕਾਲੇ ਪਾਣੀ ਬਾਰੇ ਵੀ ਕੁਝ ਨਹੀਂ ਜਾਣਦੇ ।...ਆਪਣੇ ਪੂਰਨ ਸਿੰਘ ਬਾਰੇ ਵੀ ਨਹੀਂ ਜਾਣਦੇ । ...ਤੁਸੀਂ ਤਾਂ ਤਾਰਾ ਸਿੰਘ ਦਾ ਨਾਂ ਵੀ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ! ਹਰਿਭਜਨ ਸਿੰਘ ਬਾਰੇ ਤਾਂ ਜਾਣਦੇ ਹੋਵੋਗੇ?... ਸਤਿਆਰਥੀ ਬਾਰੇ ਤਾਂ ਪਤਾ ਹੋਵੇਗਾ?...ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਨੌਰੰਗ ਸਿੰਘ, ਅਜੀਤ ਕੌਰ, ਸੰਤੋਖ ਸਿੰਘ ਧੀਰ...ਕਿਹੜਾ ਨਾਂ ਲਵਾਂ? ਤੁਸੀਂ ਆਪ ਹੀ ਦੱਸ ਦੇਵੋ ਕਿ ਕੀਹਦੇ ਬਾਰੇ ਗੱਲ ਕਰਾਂ । ਅੱਜ ਮੇਰੇ ਕੋਲ ਗੱਲ ਕਰਨ ਦੀ ਵਿਹਲ ਹੈ । ਤੇ ਮੈਂ ਗੱਲ ਉਹ ਕਰਨਾ ਚਾਹੁੰਦਾ ਹਾਂ, ਜਿਹੜੀ ਤੁਹਾਨੂੰ ਵੀ ਦਿਲਚਸਪ ਲੱਗੇ ।...ਸ਼ਿਵ ਕੁਮਾਰ ਬਾਰੇ ਗੱਲ ਕਰਾਂ? ਸ਼ਿਵ ਕੁਮਾਰ ਬਾਰੇ ਮੈਂ 'ਗੱਲ' ਨਹੀਂ 'ਗੱਲਾਂ' ਕਰ ਸਕਦਾ ਹਾਂ । ਪੁੱਛੋ, ਕੀ ਪੁੱਛਦੇ ਹੋ?... ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ...

'ਉਹ' ਅਜੇ ਤੱਕ ਨਹੀਂ ਆਈ । ਕਹਾਣੀ ਉਲਝਦੀ ਲੱਗਦੀ ਹੈ । ਕਹਾਣੀ ਵਿਗੜਦੀ ਲੱਗਦੀ ਹੈ । ਨਾਟਕ ਕਦੋਂ ਦਾ ਸ਼ੁਰੂ ਹੈ; ਤੇ ਨਾਇਕਾ ਹੁਣ ਤੱਕ ਗੈਰਹਾਜ਼ਰ ਹੈ!

ਗੈਰਹਾਜ਼ਰ ਨੂੰ ਥੋੜ੍ਹੀ ਦੇਰ ਭੁਲਾਉਂਦੇ ਹਾਂ । ਲਗਾਤਾਰ ਹਾਜ਼ਰ ਨੂੰ ਬੁਲਾਉਂਦੇ ਹਾਂ । ਉਹ ਰੌਲੇ ਤੋਂ ਪਰ੍ਹਾਂ ਹੈ, ਅਟੰਕ ਹੈ । ਕਹਾਣੀਕਾਰ ਨਹੀਂ, ਵਿਸ਼ੇਸ਼-ਕਹਾਣੀ-ਅੰਕ ਹੈ । ਉਹਦੇ ਕੋਲ ਹੁਨਰ ਹੈ; ਤਸੱਵਰ ਹੈ । ਉਹ ਸ਼ਾਇਰ ਹੈ, ਮੁਸੱਵਰ ਹੈ । ਉਹ ਕਿਸੇ ਵੀ ਵਾਦ ਤੋਂ ਬਾਹਰਵਾਰ ਹੈ । ਉਹ ਮਹਾਂਨਗਰ ਦਾ ਉਪਨਿਆਸਕਾਰ ਹੈ । ਨਾ ਖਿਝਦਾ ਹੈ; ਨਾ ਲੜਦਾ ਹੈ । ਬੱਸ ਲਿਖਦਾ ਹੈ ਤੇ ਪੜ੍ਹਦਾ ਹੈ । ਉਹ ਸਹਿਜ ਹੈ, ਅਡੋਲ ਹੈ । ਇਸ ਵਕਤ ਸਾਡੇ ਕੋਲ ਹੈ । ਉਹ ਸਭ ਦਾ ਨਿੱਕਾ ਵੱਡਾ ਵੀਰ ਹੈ । ਉਸਦਾ ਨਾਂ?...ਉਸਦਾ ਨਾਂ ਸੁਖਬੀਰ ਹੈ ।...

ਬਈ, ਇਹ ਤਾਂ ਬੋਰੀਅਤ ਦੀ ਅਖੀਰ ਹੈ!
ਕਹਾਣੀ ਲੰਬੀ ਹੁੰਦੀ ਜਾ ਰਹੀ ਹੈ
'ਉਹ' ਸਾਡੇ ਸਬਰ ਨੂੰ ਅਜ਼ਮਾ ਰਹੀ ਹੈ
ਲਉ, ਲੱਗਦਾ ਹੈ, ਕਿ ਉਹ ਆ ਰਹੀ ਹੈ...

ਨਹੀਂ ਇਹ ਤਾਂ ਗੋਦੋ ਦੀ ਉਡੀਕ ਹੈ । ਕੀ ਇਹ ਉਡੀਕ ਨਾਟਕ ਮੁੱਕਣ ਤੀਕ ਹੈ? ਨਹੀਂ, ਇਹ ਉਡੀਕ ਤਾਂ ਨਾਟਕ ਮੁੱਕਣ ਤੋਂ ਬਾਅਦ ਵੀ ਰਹੇਗੀ । ਪਰ ਸਾਨੂੰ ਇਹ 'ਆਡੀਐਂਸ' ਕੀ ਕਹੇਗੀ!

ਕੀ ਸਭ ਕੁਝ ਕਹਾਣੀਕਾਰ ਦੇ ਵੱਸ ਹੁੰਦਾ ਹੈ?
ਨਹੀਂ ਹਰ ਕਹਾਣੀ ਦਾ ਇੱਕ ਰਹੱਸ ਹੁੰਦਾ ਹੈ...
ਜੋ ਨਾ ਲੁਕੋਅ ਹੁੰਦਾ ਤੇ ਨਾ ਹੀ ਦੱਸ ਹੁੰਦਾ ਹੈ ।
ਹੁਣ ਜੇ ਕਹੋ ਤਾਂ, ਪਿਛਲੇ ਕਹੇ ਨੂੰ ਦੁਹਰਾਅ ਦਿਆਂ
ਜਾਂ ਕਲਾਬਾਜ਼ੀ ਨਾਲ ਗੱਲ ਨੂੰ ਲਮਕਾਅ ਦਿਆਂ
...ਤੇ ਜਾਂ ਫਿਰ ਕਲਮ ਦੇ ਇੱਕੋ ਝਟਕੇ ਨਾਲ ਗੱਲ ਮੁਕਾ ਦਿਆਂ!

ਜ਼ਰਾ ਦੇਖੋ । ਅੰਤ ਤਾਂ ਹਰ ਸ਼ੈਅ ਦਾ ਹੋਣਾ ਹੈ । ਅੰਤ ਕੁਦਰਤੀ ਵੀ ਹੋ ਸਕਦਾ ਹੈ ਤੇ ਗੈਰ-ਕੁਦਰਤੀ ਵੀ । ਸਾਡੇ ਪੰਜਾਬੀਆਂ ਲਈ, ਅੱਜਕੱਲ੍ਹ, ਕੁਝ ਵੀ ਗੈਰ ਕੁਦਰਤੀ ਨਹੀਂ ਰਿਹਾ । ਇਸ ਲਈ ਵਕਤ ਲੈ ਰਿਹਾ ਹਾਂ ਕਿ ਸ਼ਾਇਦ 'ਉਹ' ਹੁਣ ਵੀ ਆ ਜਾਏ । ਅਸੀਂ ਉਸਦੀ ਰਚਨਾ ਨੂੰ ਜਾਣਿਆ ਹੈ, ਮਾਣਿਆ ਹੈ । ਰਚਨਾ 'ਚੋਂ ਉਸਦਾ ਵਿਅਕਤਿੱਤਵ ਪਛਾਣਿਆ ਹੈ । ਗੱਲ ਐਵੇਂ ਸੁੱਟ ਪਾਉਣ ਵਾਲੀ ਤਾਂ ਨਹੀਂ । ਗੱਲ ਐਵੇਂ ਕਾਹਲੀ ਵਿੱਚ ਮੁਕਾਉਣ ਵਾਲੀ ਤਾਂ ਨਹੀਂ ।

ਮੇਰੇ ਯਾਰੋ! ਮੇਰੀ ਸਲਾਹ ਹੈ ਕਿ ਮੂਸਾ ਵਾਂਗ ਜ਼ਿੱਦ ਨਾ ਕਰੀਏ
ਦੁਖਦੇ ਗੋਡਿਆਂ ਨਾਲ ਕੋਹਿਤੂਰ 'ਤੇ ਨਾ ਚੜ੍ਹੀਏ
ਯਾਨਿ ਕਿ ਉਸ ਕੁੜੀ ਦਾ ਹੋਰ ਇੰਤਜ਼ਾਰ ਨਾ ਕਰੀਏ

ਗੁਸਤਾਖ਼ੀ ਮੁਆਫ਼! ਮੈਂ ਤੁਹਾਨੂੰ ਪਹਿਲਾਂ ਨਹੀਂ ਸੀ ਦੱਸਿਆ । ਕਿਉਂਕਿ ਹੁਣ ਤੱਕ ਤਾਂ, ਹੈ ਮੈਂ ਮਸਾਂ ਆਪਣੇ ਧਨੁਸ਼ ਦੀ ਡੋਰ ਨੂੰ ਕੱਸਿਆ ।

ਮੇਰੀ ਨਾ-ਅਹਿਲੀ 'ਤੇ, ਤੁਹਾਡੇ 'ਚੋਂ ਕਿਹੜਾ ਨਹੀਂ ਹੱਸਿਆ? ਹੱਸੋ, ਹੱਸੋ, ਖ਼ੂਬ ਹੱਸੋ । ਤੇ ਹੋਰਨਾਂ ਨੂੰ ਵੀ ਦੱਸੋ ਕਿ ਇੱਕ 'ਕੁੜੀ' ਇੱਕ 'ਬੁੜ੍ਹੀ' ਤੋਂ ਆਪਣੀ ਕਿਤਾਬ ਦੀ ਭੂਮਿਕਾ ਲਿਖਵਾਉਣ ਵਿੱਚ ਕਾਮਯਾਬ ਹੋ ਗਈ ਹੈ । ਹੇ ਮੇਰੇ ਵੀਹਵੀਂ ਸ਼ਤਾਬਦੀ ਦੇ ਲੇਖਕੋ! ਤੁਸੀਂ ਇਸ ਸਾਜ਼ਿਸ਼ ਨੂੰ ਜਾਣ ਕੇ ਵੀ ਇਸ ਦਾ ਕੁਝ ਨਹੀਂ ਕਰ ਸਕੋਗੇ । ਸ਼ੇਸ਼-ਸ਼ਤਾਬਦੀ ਨੂੰ ਕਿਸੇ ਵੀ ਤਰ੍ਹਾਂ ਦੀ ਮੌਲਿਕਤਾ ਨਾਲ ਨਹੀਂ ਭਰ ਸਕੋਗੇ ।
ਇੱਕੀਵੀਂ ਸਦੀ ਨੇ ਤਾਂ ਆਉਣਾ ਹੈ ।
ਜ਼ਰੂਰ-ਬਰ-ਜ਼ਰੂਰ ਆਉਣਾ ਹੈ ।

ਤੇ ਉਸ ਸਦੀ ਦੇ ਲੋਕ ਇਹ ਵੇਖਣਗੇ ਕਿ ਵੀਹਵੀਂ ਸਦੀ ਦੇ ਲੇਖਕਾਂ ਨੇ ਕਿਹੜੀ ਜਾਂ ਕਿਹੋ ਜਿਹੀ ਭੂਮਿਕਾ ਨਿਭਾਈ ।
ਕੀ ਉਹਨਾਂ ਨੂੰ ਭੂਮਿਕਾ ਲਿਖਣ ਦੀ ਜਾਚ ਆਈ? ਤੇ ਲਉ, ਮੇਰੀ ਭੂਮਿਕਾ ਤਾਂ ਹਾਜ਼ਰ ਹੈ ।
ਤੁਹਾਡੀ ਕੀ ਭੂਮਿਕਾ ਰਹੀ ਹੈ?

ਘੜ ਘੜ ਕਾਢੇ ਖੋਟ

(ਪੰਜਾਬੀ ਆਲੋਚਕਾਂ ਤੋਂ ਖਿਮਾ ਸਹਿਤ)

''ਆਲੋਚਕਾਂ ਬਾਰੇ ਲਿਖਣਾ ਸਭ ਤੋਂ ਮੁਸ਼ਕਿਲ ਹੈ । ਜੇ ਤੁਸੀਂ ਉਹਨਾਂ ਨੂੰ ਗਾਲ਼ਾਂ ਕੱਢੋ ਤਾਂ ਲੋਕ ਕਹਿਣਗੇ ਕਿ ਤੁਸੀਂ ਖਿਝ ਗਏ ਹੋ, ਕਿਉਂ ਕਿ ਉਨ੍ਹਾਂ ਤੁਹਾਡੀ ਆਲੋਚਨਾ ਕੀਤੀ ਹੋਵੇਗੀ ਤੇ ਤੁਸੀਂ ਲੇਖਾ ਬਰੋਬਰ ਕਰਨ ਦੀ ਕੋਸ਼ਿਸ਼ ਵਿੱਚ ਹੋ । ਜੇ ਤੁਸੀਂ ਉਨ੍ਹਾਂ ਦੀ ਸਲਾਘਾ ਕਰੋ ਤਾਂ ਲੋਕ ਸੋਚਣਗੇ ਕਿ ਤੁਸੀਂ ਭਵਿੱਖ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਵਿੱਚ ਹੋ ।''
('ਮੇਰਾ ਦਾਗਿਸਤਾਨ' ਵਿੱਚੋਂ)

ਸਾਹਿਤ ਦਾ ਪਾਠਕ ਜਿਉਂ ਜਿਉਂ ਜਵਾਨ ਹੁੰਦਾ ਜਾਂਦਾ ਹੈ ਉਸਦਾ ਆਲੋਚਕਾਂ 'ਚੋਂ ਭਰੋਸਾ ਉੱਠਦਾ ਚਲਿਆ ਜਾਂਦਾ ਹੈ ਅਤੇ ਲੇਖਕਾਂ/ਲਿਖਤਾਂ ਨਾਲ ਸਿੱਧੇ ਤੌਰ 'ਤੇ ਦੋ ਦੋ ਹੱਥ ਕਰਨ ਦੀ ਜੁਰਅੱਤ ਉਸ ਅੰਦਰ ਵਧਦੀ ਜਾਂਦੀ ਹੈ । ਉਂਜ ਜੇ ਸਹੀ ਅਰਥਾਂ ਵਿੱਚ ਵੇਖਿਆ ਜਾਵੇ ਤਾਂ ਆਲੋਚਕਾਂ (ਦੀ ਪ੍ਰਸ਼ੰਸਾ) ਦੀ ਲੋੜ ਸਰੱਸਤੀ-ਮਾਰੇ ਲੇਖਕਾਂ ਨੂੰ ਤਾਂ ਹੋ ਸਕਦੀ ਹੈ ਪਰ ਸੂਝ-ਸਵਾਰੇ ਪਾਠਕਾਂ ਨੂੰ ਕੱਤਈ ਨਹੀਂ । ਆਲੋਚਕ ਤਾਂ ਸਗੋਂ ਲੇਖਕ ਨੂੰ ਖੁਸ਼ ਕਰਨ ਜਾਂ ਉਸ ਤੋਂ ਬਦਲਾ ਲੈਣ ਦੀ ਭਾਵਨਾ ਅਧੀਨ ਮਾਸੂਮ ਪਾਠਕਾਂ ਨੂੰ ਭੰਬਲ ਭੂਸਿਆ ਵਿੱਚ ਪਾਈ ਜਾਂਦਾ ਹੈ । ਆਪਣਾ ਕਾਰੋਬਾਰ ਸਿਖਰ 'ਤੇ ਪਹੁੰਚਾਉਣ ਲਈ ਉਹ ਆਲੋਚਨਾ ਦੇ ਪੋਸਟਰ ਸਰਬ-ਸਾਂਝੀਆਂ ਥਾਂਵਾਂ ਉੱਤੇ ਚਿਪਕਾਉਦਾ ਫਿਰਦਾ ਹੈ ਅਤੇ ਫਿਰ ਪੋਸਟਰ-ਦਰ-ਪੋਸਟਰ ਦੀਵਾਰਾਂ ਦੇ ਪੈਰ ਭਾਰੀ ਹੁੰਦੇ ਰਹਿੰਦੇ ਹਨ । ਪਲ ਪਲ ਵਾਪਰਦੇ ਇਸ ਦੁਖਾਂਤ ਦੀ ਚਰਚਾ ਕਰਨ ਲਈ ਹੀ ਦਾਸ ਨੇ ਪਾਠਕਾਂ ਨੂੰ ਇਨ੍ਹਾਂ ਦੀਵਾਰਾਂ ਦੀ ਛਾਵੇਂ ਇਕੱਠੇ ਹੋਣ ਦਾ ਬੁਲਾਵਾ ਦਿੱਤਾ ਹੈ । ਇਸ ਸੰਖੇਪ ਜਿਹੇ ਨਿਬੰਧ ਵਿੱਚ ਮੈਂ ਜਿਨ੍ਹਾਂ ਸਤਿਕਾਰ-ਯੋਗ ਆਲੋਚਕਾਂ ਦੇ ਨਾਂ ਲਏ ਹਨ, ਉਹ ਨਾਂ-ਮਾਤਰ ਹੀ ਹਨ । ਮੇਰਾ ਭਾਵ ਉਨ੍ਹਾਂ ਦੀ ਜਾਤੀ ਵਿਰੋਧਤਾ ਤੋਂ ਬਿਲਕੁਲ ਨਹੀਂ ਸਗੋ ਇਹ ਨਾਂ ਤਾਂ ਆਲੋਚਕ ਦੇ ਪ੍ਰਤੀਕ ਵਜੋਂ ਪਾਠਕਾਂ ਦੀ ਸਹੂਲੀਅਤ ਦੀ ਮਜਬੂਰੀ ਵੱਸ ਵਰਤੇ ਗਏ ਹਨ ।

ਰੌਲਾ ਆਮ ਹੈ ਕਿ ਪੰਜਾਬੀ ਵਿੱਚ ਪਾਠਕ ਨਹੀਂ, ਯਾਨੀ ਪੰਜਾਬੀ ਸਾਹਿੱਤ ਵਿੱਚ ਪਾਠਕਾਂ ਦਾ ਸੰਕਟ ਹੈ । ਦੂਜੇ ਪਾਸੇ ਵਿਚਾਰੇ ਪਾਠਕਾਂ ਦਾ ਸੰਕਟ ਇਹ ਹੈ ਕਿ ਸਾਡਾ ਸਾਹਿੱਤ ਉਨਾਂ ਨੂੰ ਸੰਤੁਸ਼ਟ ਨਹੀਂ ਕਰਦਾ । ਪਾਠਕ ਜੰਮਦੇ ਨਹੀ, ਬਣਦੇ ਹਨ ਅਤੇ ਬਣਦੇ ਉਹ ਉਪਲਬਧ ਸਾਹਿੱਤ ਸਾਮੱਗਰੀ ਦੇ ਅਸਰ ਹੇਠ ਹਨ । ਹੁਣ ਮੁਸੀਬਤ ਇਹ ਖੜੀ ਹੋ ਜਾਂਦੀ ਹੈ ਕਿ ਪਾਠਕ ਆਪਣੀ ਮਾਂ-ਬੋਲੀ ਦੇ ਨਾਲ ਨਾਲ ਦੂਜਿਆਂ ਦੀਆਂ ਮਾਂ-ਬੋਲੀਆਂ ਦਾ ਸਾਹਿੱਤ ਵੀ ਵਾਚਣ ਲੱਗ ਜਾਂਦੇ ਹਨ । ਪਾਠਕਾਂ ਦੇ ਨੁਮਾਇੰਦੇ ਆਲੋਚਕ ਹੁੰਦੇ ਹਨ ਜੋ ਪਾਠਕਾਂ ਦੀ ਰਾਏ ਪਰ-ਪੱਕ ਕਰਨ ਵਿੱਚ ਸਭ ਤੋਂ ਵੱਧ ਹਿੱਸਾ ਪਾਉਂਦੇ ਹਨ । ਵੋਟਾਂ ਦੇ ਰਾਜ ਵਿੱਚ ਇਹ ਰੋਲ ਅਹਿਮੀਅਤ ਤਾਂ ਬਹੁਤ ਰੱਖਦਾ ਹੈ ਪਰ ਇਸ ਦੀ ਕੁਵਰਤੋਂ ਹਮੇਸ਼ਾ ਨਿੰਦਣਯੋਗ ਹੈ ।

ਦਰਅਸਲ ਆਲੋਚਕਾਂ ਦਾ ਮਹੱਤਵ ਵਧਾਉਣ ਵਾਲੇ 'ਪੰਜਾਬੀ-ਦਰਬਾਰੀ' ਲੇਖਕ ਹੁੰਦੇ ਹਨ । ਆਧੁਨਿਕਤਾ ਨੂੰ ਫੈਸ਼ਨ ਵਾਂਗ ਅਪਣਾ ਕੇ ਕਾਹਲੀ ਕਾਹਲੀ ਵਿੱਚ ਕੋਈ ਨਵੀਂ ਅਤੇ ਮੌਲਿਕ ਗੱਲ ਕਹਿਣ ਦੀ ਫ਼ੜ੍ਹ ਮਾਰਦੇ ਹਨ ਪਰ ਪਾਠਕ ਉਸ ਰਚਨਾ ਦਾ ਮੂਲ ਪਛਾਣ ਲੈਂਦੇ ਹਨ । ਪਾਠਕਾਂ ਤੋਂ ਨਿਰਾਸ਼ ਹੋ ਕੇ ਨਾਮ ਧਰੀਕ ਲਿਖਾਰੀ ਆਲੋਚਕ ਦੀ ਝੋਲੀ ਵਿੱਚ ਜਾ ਡਿੱਗਦਾ ਹੈ । ਏਨਾ ਤਾਂ ਉਹ ਜਾਣਦਾ ਹੀ ਹੈ ਕਿ ਪਾਠਕਾਂ ਦੇ ਪੰਜ-ਭੂਤਕ ਪੁਤਲੇ ਜੇ ਅੱਜ ਨਹੀਂ ਤਾਂ ਕੱਲ੍ਹ ਖਿਲਰ ਜਾਣਗੇ ਪਰ ਕਿਤਾਬਾਂ ਰਸਾਲਿਆਂ ਵਿੱਚ ਉਸਦੇ ਰੇਤ ਦੇ ਮਹਿਲ ਸਮਾਂ ਪਾ ਕੇ ਸੰਗਮਰਮਰ ਦੇ ਜਾਪਣ ਲੱਗ ਪੈਣਗੇ । ਪਾਠਕਾਂ ਦੇ ਜਮਾਤੀ ਰੌਲੇ ਨਾਲੋਂ ਏਸੇ ਲਈ ਇਹ ਦੂਰਦਰਸ਼ੀ ਲਿਖਾਰੀ ਆਲੋਚਕਾਂ ਦੀ ਜਾਤੀ ਤੇ ਇੱਕ ਪਾਸੜ ਰਾਏ ਨੂੰ ਤਰਜੀਹ ਦੇਂਦੇ ਹਨ ।

ਆਓ ਜ਼ਰਾ ਸੋਚੀਏ, ਆਲੋਚਕ ਦਰ-ਅਸਲ ਹੈ ਕੀ? ਦੁਨੀਆ ਦੇ ਹਰ ਵੱਡੇ ਲੇਖਕ ਨੇ ਇਸ 'ਭੱਦਰ ਪੁਰਸ਼' ਨੂੰ ਹਾਸੋਹੀਣਾ ਪਾਤਰ ਬਣਾਇਆ ਹੈ, ਇਸ ਦਾ ਭਰਪੂਰ ਮੌਜੂ ਉਡਾਇਆ ਹੈ । ਇਸ ਨੂੰ ਘੋੜੇ ਦੀ ਮੱਖੀ ਕਿਹਾ ਹੈ ਜਾਂ ਫਿਰ ਸਭ ਤੋੋਂ ਵੱਡੀ ਗਾਲ਼ ਨਾਲ ਤੁਲਨਾ ਦਿੱਤੀ ਹੈ । ਸਾਡੀ ਆਲੋਚਨਾ ਮਿਆਰ ਦੇ ਪੱਖੋਂ ਤਾਂ ਖ਼ੈਰ ਅਸਲ ਆਲੋਚਨਾ ਦਾ ਪਰਛਾਵਾ ਵੀ ਨਹੀਂ, ਪਰ ਮਿਕਦਾਰ ਦੇ ਪੱਖੋਂ ਸਾਡੇ ਕੋਲ ਪਿ੍ੰ: ਸੇਖੋਂ ਤੋਂ ਲੈ ਕੇ ਤੇਜਵੰਤ ਗਿੱਲ ਤੱਕ ਲੰਬੀ ਕਤਾਰ ਹੈ ।

ਸਾਡੀ ਆਲੋਚਨਾ ਅਜਿਹੀ 'ਰਾਮ ਗਊ' ਹੈ ਕਿ ਪਿਆਰਾ ਸਿੰਘ ਭੋਗਲ ਵਰਗੇ ਸ਼ਖ਼ਸ ਵੀ ਇਸ ਦੇ ਡੋਕੇ ਚੁੰਘਣ ਦਾ ਦਾਅਵਾ ਕਰਦੇ ਹਨ ਪਰ ਇਹ ਵੀ ਤਾਂ ਇੱਕ ਸੱਚਾਈ ਹੈ ਕਿ ਜੋ ਕਦੇ ਕਦਾਈਾ ਕੋਈ ਪ੍ਰਾਣੀ ਇਨ੍ਹਾਂ ਮੱਠਾਚਾਰੀਆਂ ਦੇ ਵਿਰੁੱਧ ਲਿਖਦਾ ਹੈ ਤਾਂ ਪਾਠਕ ਤੇ ਲੇਖਕ ਇੱਕ ਤਾਲ ਵਿੱਚ ਕੱਛਾਂ ਵਜਾਉਂਦੇ ਹਨ । ਇੱਕ ਸਾਖੀ ਯਾਦ ਆਈ:

ਕਿਸੇ ਝਟਕਈ ਨੂੰ ਇੱਕ ਬੱਕਰਾ ਸ਼ਹਿਰ ਦੀਆਂ ਸੜਕਾਂ ਉੱਤੇ ਡਾਂਸ ਕਰਵਾ ਰਿਹਾ ਸੀ । ਸਿੰਗ ਵੱਜਦੇ, ਸਰੀਰ ਵਜਦ ਵਿੱਚ ਆਉਂਦਾ, ਸਿੱਧਾਂਤ ਖੜਕਦੇ । ਕੁੱਲ ਮੁਲਖੱਈਆ ਬੱਕਰੇ ਦੇ ਇਸ ਕਾਰਨਾਮੇ ਨੂੰ ਅਲੌਕਿਕ( ਜਾਂ ਅੱਤ ਮੌਲਿਕ) ਕਰਮ ਮੰਨ ਕੇ ਸਾਰਾ ਦਿਨ ਆਨੰਦ ਦੀ ਅਵਸਥਾ ਵਿੱਚ ਰਿਹਾ । ਸਹਿ-ਬੱਕਰੇ ਵੀ ਖੁਸ਼ ਸਨ ਅਤੇ ਸਹਿ-ਝਟਕਈ ਵੀ । ਭਾਵੇਂ ਬਕਰੇ ਅਤੇ ਝਟਕਈ ਦੇ ਸੁਹਜ-ਸੁਆਦ ਦੀ ਕਿਸਮ ਵਿੱਚ ਫਰਕ ਹੁੰਦਾ ਹੈ ਪਰ ਕਦੀ ਕਦਾਈਾ ਅਜਿਹਾ ਅਦਭੁਤ ਕ੍ਰਿਸ਼ਮਾ ਦੋਹਾਂ ਦੀ ਅੰਤ੍ਰੀਵ ਤ੍ਰਿਪਤੀ ਕਰਵਾ ਜਾਂਦਾ ਹੈ ।

ਆਲੋਚਕ ਦਾ ਕਰਮ ਭਾਵੇਂ ਪੂਰਨ ਭਾਂਤ ਝਟਕਈ ਨਾਲ ਨਹੀਂ ਮਿਲਦਾ, ਫਿਰ ਵੀ ਵਿਚਾਰੇ ਨੂੰ ਕਦੇ ਕਦੇ 'ਵਨ ਮੈਨ ਫੈਸ਼ਨ' ਪਰੇਡ ਕਰਨੀ ਪੈ ਜਾਂਦੀ ਹੈ । ਜੇ ਇਸ ਜ਼ਾਹਰਾ ਬੇ-ਇਨਸਾਫ਼ੀ ਦਾ ਮਨੋਵਿਗਿਆਨਕ ਆਧਾਰ ਲੱਭੀਏ ਤਾਂ ਸਾਡੇ ਹੱਥ ਇਹੋ ਤੱਥ ਲੱਗੇਗਾ ਕਿ ਆਲੋਚਕ ਆਪਣੀ ਕਰਤੱਵ-ਸੀਮਾ ਭੁਲਾ ਬੈਠਾ ਹੈ । ਸਾਹਿੱਤ-ਸਮਾਜ ਵਿੱਚ ਆਲੋਚਕ ਦੀ ਉਪ-ਯੋਗਤਾ ਓਹੀ ਹੈ ਜੋ ਮਾਨਵ-ਸਮਾਜ ਵਿੱਚ ਡਾਕਟਰ ਦੀ । ਜ਼ਰਖੇਜ਼ ਕੁੱਖ ਵਾਲੀ ਤੀਵੀਂ ਨੂੰ ਡਾਕਟਰ ਖੁਰਾਕ, ਜਾਂ ਵਰਜਿਸ਼ ਸੰਬੰਧੀ ਹਦਾਇਤਾਂ ਦੇ ਸਕਦਾ ਹੈ, ਜਾਂ ਜੰਮੇ ਹੋਏ ਬੱਚੇ ਨੂੰ ਹੋਰ ਸਵੱਸਥ ਬਣਾਉਣ ਬਾਰੇ ਰਾਏ ਦੇ ਸਕਦਾ ਹੈ । ਉਂਜ ਉਦੋਂ ਸਥਿਤੀ ਹੋਰ ਵੀ ਹਾਸੋਹੀਣੀ ਹੋ ਨਿਬੜਦੀ ਹੈ ਜਦੋਂ ਤੀਵੀਂ ਲਾਲ ਤਿਕੋਨ ਤੋਂ ਬਾਗ਼ੀ ਹੋਵੇ ਅਤੇ ਡਾਕਟਰ ਖੁਸਰਾ । ਸਾਹਿੱਤ ਵਿੱਚ ਡਾਕਟਰੀ ਦੀ ਪਰੰਪਰਾ ਦਾ ਚਰਖਾ ਨੀਮ-ਹਕੀਮੀ ਨਾਲੋਂ ਵੀ ਤੇਜ਼ ਗਤੀ ਵਿੱਚ ਘੂਕਰ ਰਿਹਾ ਹੈ ਤੇ ਫਿਰ ਤੁਸੀਂ ਸਿਆਣੇ ਹੀ ਹੋ ਕਿ ਪੈਰ ਵਿੱਚ ਚੁਭੀ ਹੋਈ ਸੂਲ ਕੱਢਣ ਲਈ ਘੱਟੋ-ਘੱਟੋ ਸੂਈ ਦੀ ਜ਼ਰੂਰਤ ਤਾਂ ਹੁੰਦੀ ਹੀ ਹੈ!

ਸੂਲ ਨੂੰ ਸੂਲੀ ਬਣਾ ਕੇ ਪੇਸ਼ ਕਰਨ ਦੀ ਤਾਂ ਕੋਈ ਤੁਕ ਨਹੀਂ । ਗੱਲ ਛੇੜਨ ਦਾ ਮਕਸਦ ਸਿਰਫ਼ ਏਨਾ ਹੈ ਕਿ ਆਲੋਚਨਾ ਦੇ ਪੰਧਾਊ ਕੁਝ ਸਾਹ ਸਾਹਿੱਤ ਦੇ ਲੇਖੇ ਵੀ ਲਾਉਣ । ਕੁਰਬਾਨੀ ਤਾਂ ਥੋੜ੍ਹੀ ਬਹੁਤ ਕਰਨੀ ਪਊ ਪਰ ਕਿਸੇ ਇੱਕ ਬੰਦੇ ਦੀ ਅਜਿਹੀ ਕੁਰਬਾਨੀ ਅਸੰਖ ਪਾਠਕਾਂ ਲਈ ਸੰਜੀਵਨੀ ਸਾਬਿਤ ਹੋ ਸਕਦੀ ਹੈ । ਹਦਾਇਤ ਕਰਨ ਦਾ ਨਾ ਮੌਸਮ ਹੈ ਤੇ ਨਾ ਮੈਨੂੰ ਕੋਈ ਹੱਕ ਹੈ ਫਿਰ ਵੀ ਸਾਹਿੱਤ ਪ੍ਰਤਿ ਆਲੋਚਕ ਦਾ ਕੀ ਰੱਵਈਆ ਹੋਵੇ, ਇਸ ਪ੍ਰਸੰਗ ਵਿੱਚ ਓਸ ਸਮੇਂ ਦਾ ਇੱਕ ਦੋਹਾ ਹਾਜ਼ਰ ਹੈ, ਜਦੋਂ ਵਾਰਤਕ ਨਹੀਂ ਸੀ ਹੁੰਦੀ:

(ਲਾਲ) ਗੁਰ ਕੁਮਹਾਰ ਸਿੱਖ ਕੁੰਭ ਵਤ,
ਘੜ ਘੜ ਕਾਢੇ ਖੋਟ ।
ਅੰਤਰ ਹਾਥ ਸਹਾਰਦਾ
ਬਾਹਰ ਬਾਹੇ ਚੋਟ । ।

(ਅਰਥਾਤ.... ਆਲੋਚਕ ਘੁਮਿਆਰ ਹੈ ਅਤੇ ਰਚਨਾ ਘੜਾ । ਘਾੜਤ ਸਮੇਂ ਘੁਮਿਆਰ ਬੇਸ਼ੱਕ ਜ਼ਾਹਰਾ ਤੌਰ 'ਤੇ ਚੋਟਾਂ ਮਾਰਦਾ ਜਾਪਦਾ ਹੈ ਪਰ ਸਿਰਫ਼ ਖੋਟ ਕੱਢਣ ਵਾਸਤੇ । ਉਂਜ ਅੰਦਰ ਹੱਥ ਦਾ ਸਹਾਰਾ ਵੀ ਦਿੱਤਾ ਹੁੰਦਾ ਹੈ ।)

ਇਹ ਆਲੋਚਨਾ ਦੀ ਉਸਾਰੂ ਵਿਧੀ ਹੈ ਜੋ ਸਭ ਤੋਂ ਵੱਧ ਸਫ਼ਲਤਾ ਨਾਲ ਲੇਖਕ ਖ਼ੁਦ ਅਪਣਾ ਕੇ ਗਰਮੀਆਂ ਵਿੱਚ ਦੁੱਗਣੀ ਅਤੇ ਸਿਆਲ ਵਿੱਚ ਚੌਗੁਣੀ ਤਰੱਕੀ ਕਰ ਸਕਦਾ ਹੈ ।

ਸਾਡੇ ਆਲੋਚਕਾਂ ਨੂੰ ਨੀਵੀਂ ਕਿਸਮ ਦੀ ਦੁਕਾਨਦਾਰੀ ਛੱਡ ਕੇ ਰਸੂਲ ਦੇ ਦਸ-ਨੁਕਾਤੀ ਸਾਰਥਕ, ਉਸਾਰੂ ਕਾਰਜਕ੍ਰਮ ਉੱਤੇ ਚੱਲਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ:

ਨੁਕਤਾ ਨੰ: 1 : ਹਮੇਸ਼ਾਂ ਜਦੋਂ ਚੀਜ਼ ਚੰਗੀ ਹੋਵੇ ਤਾਂ ਚੰਗੀ ਕਹੋ, ਮਾੜੀ ਹੋਵੇ ਤਾਂ ਮਾੜੀ ਕਹੋ । (ਜਨਾਬ ਸੇਖੋਂ ਸਾਹਿਬ!)

ਨੁਕਤਾ ਨੰ: 2 : ਇੱਕ ਵਾਰੀ ਜੇ ਤੁਸੀਂ ਕੁੱਝ ਸਲਾਹ ਚੁੱਕੇ ਹੋ ਤਾਂ ਉਸ ਦੇ ਮੁੜ ਕੇ ਪੜਛੇ ਨਾ ਲਾਹੋ ਤੇ ਜੇ ਇੱਕ ਵਾਰੀ ਨਿੰਦ ਚੁੱਕੇ ਹੋ ਤਾਂ ਅਗਲੀ ਵਾਰੀ ਸਿਫਤਾਂ ਨਾ ਕਰੋ(ਹਸਰਤ ਜੀ!)

ਨੁਕਤਾ ਨੰ: 3 :ਰਾਈ ਦਾ ਪਹਾੜ ਨਾ ਬਣਾਓ ਤੇ ਇਸ ਤੋਂ ਵੀ ਵੱਡੀ ਗੱਲ, ਪਹਾੜ ਦੀ ਰਾਈ ਨਾ ਬਣਾਓ(ਅਤਰ ਸਿੰਘ ਜੀ ਧਿਆਨ ਦਿਓ ।)

ਨੁਕਤਾ ਨੰ: 4 : ਪਾਠਕਾਂ ਨੂੰ ਦੱਸੋ ਕਿ ਰਚਨਾ ਵਿੱਚ ਕੀ ਹੈ ਨਾ ਕਿ ਇਹ ਕਿ ਰਚਨਾ ਵਿੱਚ ਕੀ ਨਹੀਂ (ਤ.ਰ. ਵਿਨੋਦ ਮਹੋਦਯ!)

ਨੁਕਤਾ ਨੰ: 5 : ਆਪਣੇ ਵਿਚਾਰਾਂ ਦੇ ਸਮੱਰਥਨ ਵਿੱਚ ਬੇਲਿੰਸਕੀ ਤੋਂ ਸ਼ੁਰੂ ਕਰਕੇ ਸਾਰੇ ਪ੍ਰਮਾਣ ਪੁਰਸ਼ਾਂ ਦਾ ਹਵਾਲਾ ਨਾ ਦਿਓ । ਜੇ ਵਿਚਾਰ ਸੱਚਮੁੱਚ ਤੁਹਾਡੇ ਹਨ ਤਾਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਮੰਤਵ ਨਾਲ ਠੀਕ ਹਨ (ਕੀ ਖਿਆਲ ਹੈ ਪ੍ਰੀਤਮ ਸਿੰਘ ਜੀਓ!)

ਨੁਕਤਾ ਨੰ: 6 : ਸਪੱਸ਼ਟ ਤੇ ਸਾਦੇ ਸ਼ਬਦਾਂ ਵਿੱਚ ਬਿਆਨ ਕਰੋ । ਅਸਪੱਸ਼ਟ ਵਿਚਾਰਾਂ ਨੂੰ ਕਦੀ ਸ਼ਬਦਾਂ ਦਾ ਜਾਮਾ ਨਾ ਪੁਆਓ( ਤੇਜਵੰਤ ਗਿੱਲ ਸਾਹਿਬ!)

ਨੁਕਤਾ ਨੰ: 7 : ਮੁਰਗੇ ਬਾਦ-ਨੁਮਾ ਵਾਂਗ ਹਰ ਹਵਾ ਨਾਲ ਨਾ ਮੁੜ ਜਾਓ(ਕਾਂਗ ਮਹੋਦਯ!)

ਨੁਕਤਾ ਨੰ: 8 : ਦੂਜਿਆਂ ਨੂੰ ਉਹ ਕੁਝ ਮਨਾਉਣ ਦੀ ਕੋਸ਼ਿਸ਼ ਨਾ ਕਰੋ ਜੋ ਤੁਸੀਂ ਆਪ ਨਹੀਂ ਸਮਝਦੇ (ਕਿਸ਼ਨ ਸਿੰਘ ਜੀ!)

ਨੁਕਤਾ ਨੰ: 9 : ਜੇ ਤੁਹਾਡੇ ਬਟੂਏ ਵਿੱਚ ਸੌ ਰੂਬਲ ਨਾ ਹੋਣ ਤਾਂ ਇਸ ਦਾ ਬਹਾਨਾ ਵੀ ਨਾ ਕਰੋ (ਹਮਦਰਦ ਸਾਹਿਬ!)

ਨੁਕਤਾ ਨੰ: 10 : ਜੇ ਤੁਸੀਂ ਬਹੁਤ ਦੇਰ ਦੇ ਆਪਣੇ ਪਿੰਡ ਨਹੀਂ ਗਏ ਤੇ ਤੁਹਾਨੂੰ ਇਸ ਦੇ ਹਾਲਾਤ ਬਾਰੇ ਕੁਝ ਪਤਾ ਨਹੀਂ ਤਾਂ ਇਹ ਨਾ ਕਹੋ ਕਿ ਤੁਸੀਂ ਹੁਣੇ ਉੱਥਾ ਹੋ ਹੋ ਕੇ ਮੁੜੇ ਹੋ (ਜਨਾਬ ਆਹਲੂਵਾਲੀਆ ਸਾਹਿਬ!)

ਜੋ ਕੁਝ ਵੀ ਸਰਦ ਗਰਮ ਮੈਂ ਉੱਪਰ ਕਿਹਾ ਹੈ ਇਸ ਪਿੱਛੇ ਮੇਰੀ ਸਾਹਿੱਤ ਅਤੇ ਭਾਸ਼ਾ ਪ੍ਰਤਿ ਸਦ- ਭਾਵਨਾ ਅਤੇ ਸੁਹਿਰਦਤਾ ਸਹਿਜੇ ਹੀ ਵੇਖੀ ਜਾ ਸਕਦੀ ਹੈ । ਜਦੋਂ ਹਰ ਪਾਸੇ ਕਰਹਿਤ ਫ਼ੈਲੀ ਹੋਵੇ ਤਾਂ ਕਿਸੇ ਦੇ ਨੱਕ ਮੂੰਹ ਵੱਟਣ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਸਗੋਂ ਗੰਦਗੀ ਹਟਾਉਣ ਦਾ ਉਪਰਾਲਾ ਕਰਨਾ ਬਣਦਾ ਹੈ । 'ਸੂਗ' ਹਟ ਜਾਵੇਗੀ ਤਾਂ ਨੱਕ ਤੋਂ ਰੁਮਾਲ ਆਪੇ ਲਹਿ ਜਾਵੇਗਾ । ਇਕ ਗ਼ਲਤ ਰਿਵਾਜ਼ ਪੈ ਚੁੱਕਿਆ ਹੈ ਕਿ ਰਚਨਾ ਉੱਤਮ ਸਿੱਧ ਕਰਨ ਲਈ ਕਿਸੇ ਪਿ੍ੰਸੀਪਲ ਜਾਂ ਡਾਕਟਰ ਦੀ ਮੁਹਰ ਲਵਾਉਣੀ ਜ਼ਰੂਰੀ ਹੈ । ਇਹੋ ਕਾਰਨ ਹੈ ਕਿ ਨਸ਼ੇ ਵਿੱਚ ਮੁਹਰ ਜ਼ਿਆਦਾਤਰ ਅਯੋਗ ਥਾਂ ਲੱਗ ਜਾਂਦੀ ਹੈ । (ਗ਼ਲਤੀ ਦਾ ਕੀ ਹੈ, ਜਦੋਂ ਦਿਨ ਸਿੱਧੇ ਨਾ ਹੋਣ ਤਾਂ ਬਾਦਸ਼ਾਹ ਦੀ ਤਾਰੀਫ਼ ਵਿੱਚ ਲਿਖਿਆ ਲੰਬਾ ਕਸੀਦਾ ਵੀ ਪੁੱਠਾ ਪੈ ਜਾਂਦਾ ਹੈ ।)

ਅੰਤ ਵਿੱਚ ਮੇਰੀ ਉਸ ਸੱਚੇ ਤੇ ਪਰਮ ਕਿਰਪਾਲੂ ਅਕਾਲ ਪੁਰਖ ਦੀ ਸੱਚੀ ਸੁੱਚੀ ਦਰਗਾਹ ਵਿੱਚ ਇੱਕੋ ਅਪੀਲ ਹੈ ਕਿ ਉਹ (ਜੇ ਕਿਤੇ ਹੈ ਤਾਂ) ਸਾਡੀ ਜ਼ੁਬਾਨ ਨੂੰ ਏਨਾਂ ਉੱਤਮ ਵਾਰਤਕ ਸਾਹਿੱਤ ਬਖ਼ਸ਼ੇ ਕਿ ਅਜਿਹੇ ਆਲੋਚਨਾਚਾਰੀਆਂ ਨੂੰ ਆਪਣਾ ਧੰਦਾ ਅਤੇ ਨਾਂ ਚਮਕਾਉਣ ਲਈ ਕਿਸੇ ਹੋਰ ਆਕਾਸ਼ ਪਤਾਲ ਦੀ ਖੋਜ ਕਰਨੀ ਪਵੇ ।

ਲਿਖਤੁਮ ਧਿਆਨਪੁਰੀ – ਅੱਗੇ ਮੇਰੇ ਆਦਰਯੋਗ ਆਲੋਚਕ ਜੀਓ

ਭਗਤ ਪਿਆਰੇ ਰੱਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ।

ਪੰਜਾਬੀ ਦੇ ਆਲੋਚਕਾਂ ਬਾਰੇ ਕੋਈ ਟੀਕਾ-ਟਿੱਪਣੀ ਕਰਨਾ ਚਿੱਕੜ ਵਿੱਚ ਵੱਟਾ ਸੁੱਟਣ ਜਾਂ ਭੂੰਡਾਂ ਦੀ ਖੱਖਰ ਨੂੰ ਛੇੜਨ ਵਾਲੀ ਗੱਲ ਹੈ । ਇਹ ਲੋਕ ਅੰਗਰੇਜ਼ੀ ਦੇ ਘੋੜੇ 'ਤੇ ਸਵਾਰ ਹੋ ਕੇ ਪੰਜਾਬੀ ਦਾ ਸ਼ਿਕਾਰ ਕਰਦੇ ਹਨ । ਦੁੱਧ ਜੰਮਣ-ਵਾਲੀ ਮਾਂ ਦਾ ਪੀਂਦੇ ਹਨ, ਪਰ ਸਿਫ਼ਤ ਇੰਗਲੈਂਡ ਵਾਲੀ ਮਾਸੀ ਦੀ ਕਰਦੇ ਹਨ । 'ਰਿਗ ਵੇਦ ਤੋਂ ਆਰੰਭ ਹੋਏ' ਮਹਾਨ ਪੰਜਾਬੀ ਸਾਹਿੱਤ ਕੋਲ ਵੀਹਵੀਂ ਸਦੀ ਦੇ ਦਮ ਤੋੜ ਰਹੇ ਅਠਵੇਂ ਦਹਾਕੇ ਵਿੱਚ ਵੀ ਕੇਵਲ ਚਾਰ (ਚਲੋ, ਪੰਜ ਕਹਿ ਲਉ!) ਵਿਦਵਾਨ ਹਨ; ਗੰਡੀਵਿੰਡ ਦੇ ਗੁਰਦੁਆਰੇ ਤੋਂ ਲੈ ਕੇ ਸਾਹਿੱਤ ਅਕਾਦਮੀ ਦੇ ਮੰਚ ਤੱਕ ਜਿਨ੍ਹਾਂ ਦੀ ਹੋਂਦ ਫੈਲੀ ਪਈ ਹੈ । ਇਹ ਪੇਸ਼ਾਵਰ ਵਿਦਵਾਨ; ਸਾਹਿੱਤਕਾਰ ਵੀ ਹਨ, ਆਲੋਚਕ ਵੀ – ਧਾਰਮਿਕ ਵਿਖਿਆਤਾ ਵੀ ਹਨ, ਸਿਆਸੀ ਬੁਲਾਰੇ ਵੀ – ਇਹ ਫਿਲਾਸਫ਼ਰ ਵੀ ਹਨ ਤੇ ਪ੍ਰਸ਼ਾਸਕ ਵੀ । ਇਹ ਸਰਬ-ਪੱਖੀ ਸ਼ਖਸੀਅਤਾਂ ਕਦੇ ਵੀ ਪੱਖਪਾਤ ਦਾ ਪੱਲਾ ਨਹੀਂ ਛੱਡਦੀਆਂ । ਇਨ੍ਹਾਂ ਦੀਆਂ ਜ਼ਬਾਨਾਂ ਅਤੇ ਕਲਮਾਂ ਦਾ ਕੋਈ ਆਪਸੀ ਰਿਸ਼ਤਾ ਨਹੀਂ; ਅਤੇ ਰਿਸ਼ਤਾ ਨਾ ਹੋਣ ਬਾਰੇ ਕੋਈ ਆਪਸੀ ਵਿਰੋਧ ਵੀ ਨਹੀਂ । ਇਹੋ ਕਾਰਣ ਹੈ ਕਿ ਸਮਾਂ ਪਾ ਕੇ ਉਨ੍ਹਾਂ ਦੀਆਂ ਕਲਮਾਂ ਕੁਰਸੀਆਂ ਦੀ ਸ਼ਕਲ ਅਖ਼ਤਿਆਰ ਕਰ ਲੈਂਦੀਆਂ ਹਨ । ਕੁਰਸੀਆਂ ਕਈ ਵਾਰ ਬੋਹੜ ਬਣਕੇ ਵੀ ਉੱਗਦੀਆਂ ਹਨ । ਪਰੰਤੂ ਇਹ 'ਸ਼ੇਰ ਮਰਦ' ਆਨੰਦ ਨਾਲ ਛਾਵੇਂ ਬੈਠੇ ਥਾਂ-ਕੁਥਾਂ ਉੱਗੇ ਬੋਹੜ ਕੋਲੋਂ ਕੁਰਸੀ ਦੇ ਪਾਵੇ ਉੱਚੇ ਕਰਨ ਦੇ ਤਰੀਕੇ (ਨੁਸਖ਼ੇ) ਪੁੱਛਦੇ ਰਹਿੰਦੇ ਹਨ:

ਮਿਹਰ ਸ਼ੇਖ਼ ਫ਼ਰੀਦ ਦੀ ਹੋਈ 'ਸਾਹਿਬਾ',
ਵੈਦ ਰਾਜ ਨੂੰ ਮਿਲੀ ਅਖੀਰ ਕੁਰਸੀ ।

'ਕਲਮ ਦੀ ਆਜ਼ਾਦੀ' ਦਾ ਇਹਨਾਂ ਸ਼ਰੀਫ਼ ਆਦਮੀਆਂ ਨੂੰ ਬਹੁਤ ਖਿਆਲ ਰਹਿੰਦਾ ਹੈ । ਉਨ੍ਹਾਂ ਦੀ ਧਾਰਨਾ ਹੈ; ਲੇਖਕਾਂ ਦੀ ਇਸ ਆਜ਼ਾਦੀ ਵਿੱਚ ਪਾਠਕਾਂ ਦੀ ਦਖ਼ਲ-ਅੰਦਾਜ਼ੀ ਬਿਲਕੁਲ ਨਹੀਂ ਹੋਣੀ ਚਾਹੀਦੀ । ਉਨ੍ਹਾਂ ਲਈ ਆਲੋਚਨਾ ਵਿੱਚ ਸੰਵਾਦ ਲਈ ਕੋਈ ਥਾਂ ਹੀ ਨਹੀਂ (ਉਹ ਲਿਖਦੇ ਨਹੀਂ, ਪੱਥਰਾਂ 'ਤੇ ਲੀਕਾਂ ਪਾਉਂਦੇ ਹਨ!) ਪਬਲਿਸ਼ਰਾਂ ਅਤੇ ਐਡੀਟਰਾਂ ਲਈ ਉਨ੍ਹਾਂ ਦੇ ਦਿਲਾਂ ਵਿੱਚ ਅਥਾਹ ਸਤਿਕਾਰ ਹੈ । ਇਨ੍ਹਾਂ ਵਿੱਚ ਕੁਝ ਤਾਂ ਉਨ੍ਹਾਂ ਦੇ 'ਪਾਲਤੂ' ਵੀ ਹੁੰਦੇ ਹਨ ਜਿਹੜੇ ਇਨ੍ਹਾਂ ਮਹਾਨੁਭਾਵਾਂ ਨੂੰ ਨਾਮ ਅਤੇ ਦਾਮ ਦਾ ਦੂਹਰਾ ਗੱਫਾ ਦੇਂਦੇ ਹਨ । ਛਪਣ ਛਪਾਉਣ ਅਤੇ ਛਕਣ ਛਕਾਉਣ ਦੇ ਸਵਾਰਥ ਵੇਲੇ ਗਧੇ ਨੂੰ ਬਾਪ ਅਤੇ ਬਾਪ ਨੂੰ ਗਧਾ ਕਹਿਣਾ ਆਪਣਾ ਮੌਲਿਕ ਅਧਿਕਾਰ ਸਮਝਦੇ ਹਨ । ਉਹ ਸਾਰੀ ਉਮਰ ਸਥਾਪਤੀ ਦੀ ਪੌੜੀ ਲਈ ਚਮਚ-ਡੰਡਿਆਂ ਦੀ ਭਾਲ ਵਿੱਚ ਰਹਿੰਦੇ ਹਨ:

ਪਿੰਗਲਾ ਪਹਾੜ ਚੜ੍ਹ ਜਾਵੇ,
ਮਿਹਰ ਹੋਵੇ ਤੇਰੀ ਦਾਤਿਆ ।

ਆਲੋਚਕ, ਜੇ ਸਿਰਫ਼ ਆਲੋਚਕ ਹੀ ਰਹਿਣ ਤਾਂ ਸਮੱਸਿਆ ਬਹੁਤੀ ਉਲਝਦੀ ਨਹੀਂ, ਪਰੰਤੂ ਉਲਝਾਹਟ ਹੀ ਤਾਂ ਉਨ੍ਹਾਂ ਦੀ ਸੰਤੁਸ਼ਟੀ ਹੈ । ਜੇਕਰ ਗੱਲ ਸਪੱਸ਼ਟ ਹੋ ਜਾਵੇ ਤਾਂ ਇਨ੍ਹਾਂ ਨੂੰ ਸਾਹਿੱਤ ਬਰਦਾਸ਼ਤ ਕਿਵੇਂ ਕਰੇਗਾ? ਇਹ ਅਦਨੇ ਆਦਮੀ ਤਾਂ ਰੌਲੇ ਘਚੋਲੇ ਦੇ ਨਾਇਕ ਹਨ, ਜਿਹੜੇ ਸਾਹਿੱਤ ਦਾ ਨਾਂ ਲੈ ਕੇ ਸਿਹਤ ਬਣਾਉਂਦੇ ਹਨ । ਪਾਠਕ ਨੂੰ ਲੋਰੀ ਦੇਂਦੇ ਹਨ, ''ਇੱਕ ਸਿਹਤਮੰਦ ਆਲੋਚਕ ਹੀ ਸਿਹਤਮੰਦ ਆਲੋਚਨਾ ਕਰ ਸਕਦਾ ਹੈ'' । ਨਕਾਬ ਬਦਲ ਕੇ ਨਵੇਂ ਆਏ ਹਾਕਮ ਕੋਲ ਜਾਂਦੇ ਹਨ । ਧਰਤੀ ਕਲੀ ਕਰਵਾਉਣ ਲਈ ਸਾਰੀ ਸਾਰੀ ਰਾਤ ਨੱਚਦੇ ਹਨ । ਸਰਕਾਰੇ ਦਰਬਾਰੇ ਪੁੱਛ ਪਵਾਉਣ ਲਈ ਪੂਛ ਹਿਲਾਉਂਦੇ ਹਨ ਪਰ ਦਰਬਾਰੀ ਅਖਵਾਉਣ ਵਿੱਚ ਹੱਤਕ ਮੰਨਦੇ ਹਨ । ਆਪਾਤਕਾਲ ਉਨ੍ਹਾਂ ਲਈ ਚਾਂਦੀ ਲੈ ਕੇ ਆਉਂਦਾ ਹੈ ਅਤੇ ਜਾਂਦਾ ਹੋਇਆ 'ਸੋਨੇ' ਉੱਤੇ 'ਸੁਹਾਗੇ' ਵਾਂਗੂੰ ਫਿਰਦਾ ਹੈ । ਹਾਕਮਾਂ ਨੂੰ ਚਮਚਿਆਂ ਦੀ ਲੋੜ ਹਮੇਸ਼ਾ ਰਹਿੰਦੀ ਹੈ । ਫਿਰ ਇਹ ਤਾਂ ਅਨੁਭਵੀ ਚਮਚੇ ਹੁੰਦੇ ਹਨ । ਇਨ੍ਹਾਂ ਨੂੰ ਜਿਉਂ ਜਿਉਂ ਮਾਂਜੀਏ ਤਿਉਂ ਤਿਉਂ ਹੋਰ ਚਮਕਦੇ ਹਨ । ਚਮਕਦੇ ਚਮਚਿਆਂ ਦੀ ਆਭਾ ਕਈ ਵਾਰੀ ਸਹੀ ਰਸਤੇ ਤੁਰੇ ਜਾਂਦੇ ਸੁਮਾਰਗੀਆਂ ਨੂੰ ਵੀ ਡਾਵਾਂ ਡੋਲ ਕਰ ਦੇਂਦੀ ਹੈ ।

'ਲੱਛਮੀ' ਇਨ੍ਹਾਂ 'ਹਨੇਰ-ਪੰਥੀਆਂ' 'ਤੇ ਸਦਾ ਸਵਾਰ ਰਹਿੰਦੀ ਹੈ । ਜਦੋਂ ਇਨ੍ਹਾਂ ਦੇ 'ਮੰਤਰ' ਨਾਲ ਖੁਸ਼ਾਮਦ-ਪਸੰਦ ਹਾਕਮ 'ਮੁਗਧ' ਹੋ ਜਾਂਦੇ ਹਨ ਤਾਂ ਇਹ ਚੰਮ ਦੀਆਂ ਚਲਾਉਂਦੇ ਹਨ ।

'ਉਹਨਾਂ ਨਾਲ ਸ਼ਰੀਕਾ ਕਾਹਦਾ
ਸਾਹਬ ਜਿਨ੍ਹਾਂ ਦੀਆਂ ਮੰਨੇ!'

ਸਹੀ ਸਮਕਾਲੀ ਕਲਮਾਂ ਨੂੰ ਇਹ ਸਰਕਾਰੂ ਦਰਬਾਰੂ ਵਿਦਵਾਨ ਗਾਜਰਾਂ ਵਾਂਗ ਚੱਬਦੇ ਹਨ ਅਤੇ ਲੇਖਕਾਂ ਕੋਲੋਂ ਦੰਦ-ਘਸਾਈ ਧੱਕੇ ਨਾਲ ਵਸੂਲ ਕਰਦੇ ਹਨ (ਦਾਦ ਵਾਂਗ) :

ਰੱਬ ਨੇ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ ।

ਕਦੀ ਕਦੀ ਇਹ ਚਾਲ ਉਲਟੀ ਵੀ ਪੈ ਜਾਂਦੀ ਹੈ ਅਤੇ ਹਾਕਮ ਦਾ ਕਸੀਦਾ ਲਿਖਣ ਵਾਲਾ ਡਾਕਟਰ ਹਕੂਮਤ ਬਦਲਣ ਪਿੱਛੋਂ ਥੋੜ੍ਹੀ ਦੇਰ ਲਈ ਮਹਿਸੂਸ ਕਰਦਾ ਹੈ:

ਜਿਨ੍ਹਾਂ ਖਾਧੀਆਂ ਗਾਜਰਾਂ, ਢਿੱਡ ਉਹਨਾਂ ਦੇ ਪੀੜ ।

ਸਾਡਾ ਆਲੋਚਕ ਪਾਠਕਾਂ ਲਈ ਨਹੀਂ ਲਿਖਦਾ, ਨਾ ਹੀ ਲੇਖਕਾਂ ਲਈ ਲਿਖਦਾ ਹੈ, ਸਗੋਂ ਉਹ ਤਾਂ ਜ਼ਾਤੀ ਦੋਸਤੀਆਂ ਦੁਸ਼ਮਣੀਆਂ ਪਾਲਣ ਲਈ ਲਿਖਦਾ ਹੈ । ਖ਼ੁਦ ਨੂੰ ਮਹੰਤ ਸਮਝਦਾ ਹੈ, ਆਪਣੇ ਦੁਆਲੇ ਭੀੜ ਇਕੱਠੀ ਕਰਦਾ ਹੈ, ਮੱਠ ਕਾਇਮ ਕਰਦਾ ਹੈ । ਆਪਣੇ ਰੌਲੇ ਵਿੱਚ ਹੀ ਗੁਆਚ ਕੇ ਰਹਿ ਜਾਂਦਾ ਹੈ ਅਤੇ ਉਸ ਕੋਲ ਸਿਵਾਇ ਅੰਗਰੇਜ਼ੀ ਵਿੱਚ ਬਕੜਵਾਹ ਕਰਨ ਦੇ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ । ਇੰਜ ਉਹ ਮਸ਼ਹੂਰ ਵੀ ਹੋ ਜਾਂਦਾ ਹੈ । ਕਦੇ ਉਹ ਕਿਸੇ ਲੇਖਕ ਨੂੰ 'ਅਮਰ' ਕਰਨ ਦੀ ਧੁਨੀ ਅਲਾਪਦਾ ਹੈ । ਕਦੇ ਕਿਸੇ ਲਿਖਾਰੀ ਨੂੰ 'ਇਗਨੋਰ' ਕਰਕੇ ਇਖ਼ਲਾਕੀ ਬੁਲੰਦੀ ਮਹਿਸੂਸ ਕਰਦਾ ਹੈ । ਸਾਈ 'ਤੇ ਲਿਖੇ ਪੇਤਲੇ ਖ਼ਾਕਿਆਂ ਨੂੰ ਖੋਜ-ਨਿਬੰਧਾਂ ਦਾ ਨਾਂ ਦੇਂਦਾ ਹੈ ਅਤੇ ਆਪਣੀਆਂ ਢੇਕਚਾਲੀਆਂ ਨੂੰ ਮਸ਼ਹੂਰੀ ਦਾ ਲੇਬਲ ਲਾ ਕੇ ਡੀਲਕਸ ਐਡੀਸ਼ਨ ਛਪਵਾਉਂਦਾ ਹੈ । ਕਦੇ ਕਦੇ ਸਰੂਰਿਆ ਹੋਇਆ, ਸੱਚ ਬਕ ਜਾਂਦਾ ਹੈ:

ਲੋਕਾਂ ਦਾ ਨਾਂ ਤੇਲ ਬਲੇ, ਸਾਡਾ ਬਲਦਾ ਪਿਸ਼ਾਬ ਹਾਣੀਆ ।

ਫੇਰ ਕੀ ਹੁੰਦਾ ਹੈ – ਆਪਣਾ ਬਲਦਾ ਬਲਦਾ ਝੁਰਲੂ ਫੇਰ ਕੇ ਇਹ ਮਦਾਰੀ, ਇੱਕ ਇਤਿਹਾਸਕਾਰ ਪੈਦਾ ਕਰਦੇ ਹਨ ਜੋ ਚੌਦਾਂ ਸੌ ਸਫ਼ਿਆਂ ਦਾ 'ਪੰਜਾਬੀ ਸਾਹਿੱਤ ਦਾ ਇਤਿਹਾਸ' ਰਚਦਾ ਹੈ, ਜਿਸ ਦੇ ਬਦਬੂਦਾਰ ਪੰਨਿਆਂ ਉੱਤੇ ਉਹ ਇਨ੍ਹਾਂ ਮਦਾਰੀਆਂ ਨੂੰ ਸਦਾ ਸਦਾ ਲਈ ਅਮਰ ਕਰ ਜਾਂਦਾ ਹੈ । ਇਤਿਹਾਸਕਾਰ ਆਪਣੀ ਲਿਖਤ ਨੂੰ ਆਖਰੀ ਹਰਫ਼ ਸਿਧ ਕਰਨ ਲਈ ਇਨ੍ਹਾਂ 'ਵਿਦਵਾਨਾਂ' ਦਾ ਅਸਰ- ਰਸੂਖ਼ ਵਰਤਦਾ ਹੈ ਅਤੇ ਨਾਲ ਹੀ ਵਿਸਾਖੀ ਦੇ ਮੇਲੇ 'ਤੇ ਬੈਠੇ, ਮਸ਼ੀਨ ਨਾਲ ਬਾਹਵਾਂ 'ਤੇ ਨਾਂ ਲਿਖਣ ਵਾਲਿਆਂ ਵਾਂਗ ਹੋਕਾ ਦੇ ਕੇ ਗਾਹਕ ਅਟੇਰਦਾ ਹੈ । ਕਈ ਅਨਭੋਲ ਇਸਤਰੀਿਲੰਗ ਕਲਮਾਂ ਇਨ੍ਹਾਂ ਪਥ-ਭ੍ਰਸ਼ਟਾਂ ਨਾਲ ਸਹਿਵਨ ਹੀ ਰਿਸ਼ਤਾ ਜੋੜ ਲੈਂਦੀਆਂ ਹਨ:

ਰੰਨ ਬਤਖਾਂ ਫੜਨ ਦੀ ਮਾਰੀ, ਪਾਣੀ ਨੂੰ ਭਣੇਵਾਂ ਆਖਦੀ ।

ਇੱਕ ਸਮਾਂ ਆਉਂਦਾ ਹੈ, ਜਦੋਂ ਇਹ ਮਦਾਰੀ ਮਿੰਨੀ ਡਿਕਟੇਟਰਾਂ ਦਾ ਰੂਪ ਧਾਰ ਲੈਂਦੇ ਹਨ । ਸਾਹਿੱਤ ਨੂੰ ਆਪਣੀ ਜਾਗੀਰ ਸਮਝਦੇ ਹਨ । ਹੁਣ ਉਹ ਆਪ ਲਿਖਦੇ ਨਹੀਂ, ਉਨ੍ਹਾਂ ਦੇ ਨਾਂ 'ਤੇ, ਉਨ੍ਹਾਂ ਵੱਲੋਂ, ਆਪਣੇ ਲਈ, ਲੇਖਕ ਖ਼ੁਦ ਲਿਖਦੇ ਹਨ ਅਤੇ ਸ਼੍ਰੀਮਾਨ ਜੀ ਤਾਂ ਆਪਣੇ ਸੁਨਹਿਰੀ ਪੈੱਨ ਨਾਲ ਸਿਰਫ਼ ਮਨਹੂਸ ਜਿਹੇ ਦਸਤਖ਼ਤ ਹੀ ਕਰਦੇ ਹਨ । ਜਿਥੇ ਜਿਥੇ ਉਨ੍ਹਾਂ ਦੇ ਪੈੱਨ ਦੀ ਨੋਕ ਗਈ, ਉਹੀਓ ਨਾਜਾਇਜ਼ ਲਿਖਤ ਉਹਨਾਂ ਦੀ ਜਾਇਜ਼ ਰਚਨਾ ਹੋ ਗਈ ।

ਸ਼ਤਾਬਦੀਆਂ ਲੁੱਟਣ ਵਾਲੇ ਇਹ ਵਿਦਵਾਨ ਕਦੀ ਕਦੀ ਦਿਲਚਸਪ ਵੀ ਲੱਗਦੇ ਹਨ । ਇੱਕ ਲੋਕਲ ਗੁਰਦੁਆਰੇ ਵਿੱਚ ਪੰਚਮ ਸ਼ਤਾਬਦੀ ਭਾਸ਼ਣ ਦੇ ਕੇ ਆਇਆ ਇੱਕ 'ਵਿਦਿਆਵਾਨ ਗੁਣੀ ਅਤਿ ਚਾਤਰ' ਪ੍ਰਸੰਨਤਾ ਅਤੇ ਨਿਰਾਸ਼ਾ ਦਾ ਇੱਕੋ ਸਮੇਂ ਇਜ਼ਹਾਰ ਕਰ ਰਿਹਾ ਸੀ:

''ਪਾਕਿਸਤਾਨੀ ਪੰਜਾਬੀ ਕਵਿਤਾ ਬਾਰੇ ਮੈਂ ਪੰਜਾਬੀ ਦੇ ਪਰਚਿਆਂ ਵਿੱਚ ਦਰਜਨ ਤੋਂ ਵੱਧ ਲੇਖ ਛਪਵਾਏ । ਪਰ ਕਿਸੇ ਪਤੰਦਰ ਨੇ ਨੋਟਿਸ ਨਹੀਂ ਲਿਆ । ਗਰੀਬ ਬੋਲੀ ਦੇ ਗਰੀਬ ਪਾਠਕ! ਹੁਣ ਉਨ੍ਹਾਂ ਲੇਖਾਂ ਵਿੱਚੋਂ ਇੱਕ ਅੰਗਰੇਜ਼ੀ ਵਿੱਚ ਛਪਿਐ । ਨਾਲੇ ਚਾਰ ਪੰਜ ਸੌ ਰੁਪਈਆ ਮਿਲੇਗਾ, ਨਾਲੇ ਸਵੇਰ ਦੇ ਸੌ ਡੇਢ ਸੌ ਟੈਲੀਫ਼ੋਨ ਆ ਗਏ ਨੇ । ਵੱਡੇ ਵੱਡੇ ਲੋਕ ਮੁਬਾਰਕਾਂ ਦੇ ਰਹੇ ਨੇ । ਪੰਜਾਬੀ ਵਿੱਚ ਲਿਖਣ ਨਾਲ ਨਾ ਪੈਸਾ ਮਿਲਦਾ ਹੈ ਤੇ ਨਾ ਹੀ ਲੋਕ ਕਦਰ ਕਰਦੇ ਹਨ ।''

ਸੁਣਨ ਵਾਲੇ ਨੇ ਕਿਹਾ :

''ਤੁਸੀਂ ਠੀਕ ਕਹਿੰਦੇ ਹੋ । ਬਿਲਕੁਲ ਠੀਕ । ਕਿਉਂਕਿ ਜਿਹੜੇ ਲੋਕ ਪੰਜਾਬੀ ਦੇ ਅਸਲੀ ਪਾਠਕ ਨੇ, ਉਹਨਾਂ ਕੋਲ ਟੈਲੀਫ਼ੋਨ ਨਹੀਂ ਹਨ ।''

ਪਰ ਆਉਣ ਵਾਲੇ ਕਿਸੇ ਟੈਲੀਫ਼ੋਨ ਦੀ ਘੰਟੀ ਉਸ ਦੇ ਕੰਨਾਂ ਵਿੱਚ ਅਗਾਊਂ ਖੜਕ ਰਹੀ ਸੀ । ਕਹਿਣ ਵਾਲੇ ਦੀ ਗੱਲ ਉਹ ਕਿੰਜ ਸੁਣਦਾ:
ਸੀਟੀ ਮਾਰ ਕੇ ਕੰਡਕਟਰ ਬੋਲਿਆ, ਉਤਰੋ ਅਰੋਮਾ ਵਾਲਿਓ!

ਪੈਰਾਂ ਨੂੰ ਬਾਂਸ ਬੰਨ੍ਹ ਕੇ ਉੱਚਾ ਹੋ ਕੇ ਤੁਰਨ ਵਾਲੇ ਇਹ ਲੋਕ ਬਹੁਤੇ ਸੰਪਾਦਕਾਂ ਲਈ ਹਊਆ ਬਣ ਜਾਂਦੇ ਹਨ । ਇਨ੍ਹਾਂ ਬਾਰੇ ਲਿਖਿਆ ਹੋਇਆ ਇੱਕ ਵਿਰੋਧੀ ਫਿਕਰਾ ਵਪਾਰੀ ਸੰਪਾਦਕਾਂ ਨੂੰ ਫ਼ਿਕਰ ਵਿੱਚ ਪਾ ਦੇਂਦਾ ਹੈ ਅਤੇ ਉਹ ਸੈਂਸਰ ਕਰਕੇ ਜਾਂ ਤਾਂ ਲਿਖਤ ਦੀ ਨਸਬੰਦੀ ਕਰ ਦੇਂਦੇ ਹਨ ਜਾਂ ਧੰਨਵਾਦ ਸਹਿਤ ਲੇਖਕ ਨੂੰ ਵਾਪਿਸ ਮੋੜ ਦੇਂਦੇ ਹਨ । ਮਿੰਨੀ ਮੈਗਜ਼ੀਨ ਕੁਝ ਦਲੇਰੀ ਜ਼ਰੂਰ ਕਰਦੇ ਹਨ (ਉਹ ਵੀ ਕਦੀ ਕਦੀ) – ਬਹੁਤੀ ਵਾਰੀ ਉਹ ਵੀ ਇਸ਼ਤਿਹਾਰ ਮਿਲਣ ਦੀ ਆਸ ਜਾਂ ਇਸ਼ਤਿਹਾਰ 'ਬੰਦ' ਹੋਣ ਦੇ ਡਰੋਂ ਚੁੱਪ ਰਹਿੰਦੇ ਹਨ ।

ਦੁਨੀਆ ਦੇ ਹਰ ਭਾਸ਼ਾ ਦੇ ਵੱਡੇ ਲੇਖਕ ਨੇ ਆਲੋਚਕ ਨੂੰ ਚੰਗਾ ਮੰਦਾ ਕਿਹਾ ਹੈ । ਮਾੜਿਆਂ ਨੇ ਚੰਗੇ ਆਲੋਚਕਾਂ ਨੂੰ ਵੀ ਰਗੜ ਕੇ ਰੱਖ ਦਿੱਤਾ ਹੈ । ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ 'ਆਲੋਚਕ' ਸਭ ਤੋਂ ਵੱਡੀ ਗਾਲ਼ ਦਾ ਪ੍ਰਯਾਇਵਾਚੀ ਬਣ ਗਿਆ ਹੈ । ਜੇ ਆਲੋਚਕ ਦੀ ਇਹ ਗਤਿ ਹੈ ਤਾਂ ਮੇਰੇ ਵਰਗੇ 'ਆਲੋਚਕਾਂ ਦੇ ਆਲੋਚਕ' ਨੂੰ ਕੀ ਕਹਿਣਾ ਚਾਹੀਦਾ ਹੈ? –

ਕਤਲਗਾਹਾਂ ਦੀ ਕਹਾਣੀ, ਫਿਰ ਕੋਈ ਦੁਹਰਾਏ ਨਾ –
ਕਤਲਗਾਹਾਂ ਦੀ ਕਹਾਣੀ ਫਿਰ ਦੁਹਰਾਈ ਜਾਏਗੀ,
ਫ਼ਰਕ ਏਨਾ ਹੈ ਕਿ ਕਾਤਿਲ ਕਤਲ ਕੀਤੇ ਜਾਣਗੇ ।

ਕਿਹਾ ਜਾ ਸਕਦਾ ਹੈ ਕਿ 'ਕਵਿਤਾ ਦਾ ਯੁੱਗ ਬੀਤ ਗਿਆ' ਕਹਿਣ ਵਾਲਾ ਆਦਮੀ ਕਵਿਤਾ ਦੀਆਂ ਟੁਕੜੀਆਂ ਦੀ ਵਰਤੋਂ ਕਿਉਂ ਕਰ ਰਿਹਾ ਹੈ? – ਇਸ ਮੌਕੇ 'ਤੇ ਇਹ ਸਵਾਲ ਕਰਨਾ ਬਣਦਾ ਵੀ ਹੈ । ਪਰ, ਮੈਂ ਆਪਣੀ ਲਿਖਤ ਦੇ ਪ੍ਰਭਾਵ ਨੂੰ ਵਧਾਉਣ ਲਈ ਜਾਂ ਕੋਈ ਗੱਲ ਸਾਬਿਤ ਕਰਨ ਲਈ ਇਹ ਲੋਕ-ਗੀਤ ਨੁਮਾ ਟੁਕੜੀਆਂ ਨਹੀਂ ਵਰਤ ਰਿਹਾ, ਸਗੋਂ ਪ੍ਰਭਾਵ ਬਦਲਣ ਲਈ ਟੋਟਕੇਬਾਜ਼ੀ ਕਰ ਰਿਹਾ ਹਾਂ । ਆਪਣੀ ਆਲੋਚਨਾ ਦਾ ਮੌਕਾ ਦੇ ਰਿਹਾ ਹਾਂ । ਇਹ ਜੋ ਮੈਂ 'ਵਰਤ' ਰਿਹਾਂ, ਇਹ ਸਾਹਿੱਤ ਨਹੀਂ । ਪੰਜਾਬੀ ਦੇ ਸਿਰਮੌਰ ਆਲੋਚਕ ਦੇ ਕਹਿਣ ਅਨੁਸਾਰ ਪਹਿਲਾਂ ਇਹ ਅਣ-ਸਾਹਿੱਤ ਸੀ ਜੋ ਪਿੱਛੋਂ 'ਨਿਮਨ ਸਾਹਿੱਤ' ਬਣ ਗਿਆ । ਸਾਹਿੱਤ ਹੈ ਹੀ ਕਿੱਥੇ ਕਵਿਤਾ ਵਿੱਚ? ਮਾਮਾ ਭਣੇਵਾਂ ਦੋਏਂ ਕਹਿ ਰਹੇ ਹਨ ਕਿ ਭਗਤੀ ਸਾਹਿੱਤ 'ਪਰਾ-ਸਾਹਿੱਤ' ਹੈ, ਕਿੱਸਾ-ਕਾਵਿ ਤੇ ਲੋਕ-ਸਾਹਿੱਤ 'ਅਣ- ਸਾਹਿੱਤ' ਹੈ, ਫਿਰ ਸਾਹਿੱਤ ਦੀ ਗੱਲ ਕਿਉਂ ਕਰਦੇ ਹੋ? ਇਸ ਮਹਾਰਥੀ ਨੇ ਆਪਣੇ ਮਹਾਨ ਆਲੋਚਨਾ ਗਰੰਥ ਵਿੱਚ ਵੀ ਸਿਰਫ਼ ਕਵਿਤਾ ਦੀ ਹੀ ਗੱਲ ਕੀਤੀ ਸੀ ਅਤੇ ਦਿੱਲੀ ਵਾਲੇ ਵਿਦਵਾਨ ਦੇ ਹਮਲਿਆਂ 'ਤੇ ਜਵਾਬੀ ਹਮਲਿਆਂ ਵਿੱਚ ਵੀ ਕੋਈ ਸਿਰਜਣਾਤਮਕ ਸੇਧ ਨਹੀਂ । ਸਹੀ ਸਾਹਿੱਤ ਤਾਂ ਸਾਡੇ ਲਈ ਇਕੱਤੀ ਫਰਵਰੀ ਹੋਇਆ ਪਿਆ ਹੈ:

ਜੱਟ ਆਖਦਾ ਠਹਿਰ ਜਾ ਭਾਪਾ,
ਤੇਰੀ ਉਏ ਆਲੋਚਨਾ ਦੀ ... ...

(ਮੁਆਫ਼ ਕਰਨਾ; ਆਲੋਚਨਾ ਤੋਂ ਸ਼ੁਰੂ ਕਰਕੇ ਕਵਿਤਾ 'ਤੇ ਗੱਲ ਮੁਕਾ ਰਿਹਾ ਹਾਂ - ਪਰ ਅੱਜ ਕੱਲ ਇਨ੍ਹਾਂ ਦੋਹਾਂ ਰੂਪਾਂ ਦੀ ਇੱਕੋ ਜਿਹੀ ਹਾਲਤ ਹੈ । ਅੱਤ-ਭਾਵੁਕ, ਉਲਾਰ ਤੇ ਅਸਪਸ਼ਟ!)

ਤੀਵੀਂ ਬਨਾਮ ਸਾਹਿੱਤ

ਸਭ ਤੋਂ ਵੱਧ ਸਾਹਿੱਤ ਤੀਵੀਂ ਬਾਰੇ ਲਿਖਿਆ ਗਿਆ ਹੈ ਪਰ ਸਾਹਿੱਤਕਾਰਾਂ ਵਿੱਚ ਤੀਵੀਂਆਂ ਦੀ ਗਿਣਤੀ ਬਹੁਤ ਘੱਟ ਹੈ । ਕਿਹਾ ਜਾਂਦਾ ਹੈ ਕਿ ਤੀਵੀਂਆਂ ਬਹੁਤ ਘੱਟ ਸਾਹਿੱਤ ਪੜ੍ਹਦੀਆਂ ਹਨ, ਜਾਂ ਘੱਟੋ ਘੱਟ ਉੱਤਮ ਸਾਹਿੱਤ ਉਹਨਾਂ ਦੇ ਪੱਲੇ ਨਹੀਂ ਪੈਂਦਾ । ਤੀਵੀਂਆਂ ਬਾਰੇ ਲਤੀਫ਼ੇ ਬਹੁਤ ਹਨ ਅਤੇ ਸਭ ਤੋਂ ਵੱਡਾ ਲਤੀਫ਼ਾ ਇਹ ਕਿ ਤੀਵੀਂ ਲਤੀਫ਼ਾ ਸੁਣਕੇ ਪੁੱਛੇਗੀ: 'ਗਾਂਹ ਕੀ ਹੋਇਆ?'

ਮੇਰਾ ਖਿਆਲ ਹੈ ਕਿ ਨਾਰੀ-ਨਿੰਦਾ-ਪੁਰਾਣ ਦਾ ਸੰਪੂਰਨ ਪਾਠ ਕਰਨ ਦੀ ਏਥੇ ਲੋੜ ਨਹੀਂ ਕਿਉਂਕਿ ਸਾਹਿੱਤ ਦੇ ਸਾਧਾਰਣ ਪਾਠਕ ਵੀ ਇਸ ਸਨਾਤਨੀ ਵੇਰਵੇ ਤੋਂ ਵਾਕਿਫ਼ ਹਨ । ਸਾਡੇ ਮੁਹਾਵਰੇ, ਅਖਾਣ, ਗਾਲ਼ਾਂ, ਲੋਕ ਗੀਤ, ਤੇ ਦੰਤ-ਕਥਾਵਾਂ ਤੀਵੀਂ ਦੀ ਬਦਖੋਹੀ ਨਾਲ ਭਰੀਆਂ ਪਈਆਂ ਹਨ । ਵਿਅੰਗ ਦਾ ਸਥਾਈ ਸ਼ਿਕਾਰ ਤੀਵੀਂ ਹੁਣ ਤੱਕ ਹੈ । ਤੀਵੀਂ ਨੂੰ ਲੜਾਈ ਝਗੜੇ ਦੀ ਜੜ੍ਹ ਕਿਹਾ ਜਾਂਦਾ ਹੈ ਕਿ ਤੀਵੀਂ ਜ਼ੁਬਾਨ 'ਤੇ ਕਾਬੂ ਨਹੀਂ ਰੱਖ ਸਕਦੀ । ਨਿੰਦਿਆਂ ਚੁਗਲੀ ਲਈ ਵੀ ਇਹੋ 'ਜਾਤੀ' ਪ੍ਰਸਿੱਧ ਹੈ ।

'ਸਤੀ' ਦੀ ਰਸਮ ਤੋਂ ਲੈ ਕੇ 'ਸਟੋਵ' ਦੀ ਰਸਮ ਤੀਕ ਨਾਰੀ ਦਾ ਵਿਸਥਾਰ ਹੈ । ਸੁਧਾਰਕ ਆਏ, ਲਹਿਰਾਂ ਚੱਲੀਆਂ, ਜਲੂਸ ਨਿਕਲੇ ਤੇ ਹੁਣ ਵਿਸ਼ਵ-ਭਰ ਵਿੱਚ ਨਾਰੀ-ਮੁਕਤੀ-ਅੰਦੋਲਨ ਸਰਗਰਮ ਹੈ । ਸਮੱਸਿਆ ਨਾਲ ਵਾਹ ਪੈਂਦਾ ਆ ਰਿਹਾ ਹੈ । ਇਹ ਵੱਖਰੀ ਗੱਲ ਹੈ ਕਿ ਕੋਈ ਪਰਵਾਹ ਕਰਦਾ ਹੈ, ਕੋਈ ਨਹੀਂ ।

ਸਮੱਸਿਆ ਕਠੋਰ ਹੈ, ਵਿਸ਼ਾ ਨਾਜ਼ੁਕ ਹੈ । ਅਸੀਂ ਸਿਰਫ਼ ਇਹ ਵਿਚਾਰ ਕਰਨੀ ਹੈ ਕਿ:

(ੳ) ਸਭ ਤੋਂ ਵੱਧ ਸਾਹਿੱਤ ਤੀਵੀਂ ਬਾਰੇ ਹੀ ਕਿਉਂ ਲਿਖਿਆ ਜਾ ਰਿਹਾ ਹੈ?

(ਅ) ਸਾਹਿੱਤਕਾਰਾਂ ਵਿੱਚ ਤੀਵੀਂਆਂ ਦੀ ਘੱਟ ਗਿਣਤੀ ਕਿਉਂ ਹੈ?

(ੲ) ਤੀਵੀਂ ਸਾਹਿੱਤ ਤੋਂ ਬੇਮੁਖ ਕਿਉਂ ਹੈ ਅਰਥਾਤ ਉੱਤਮ ਸਾਹਿੱਤ ਦੀ ਗੰਭੀਰ ਪਾਠਕ ਕਿਉਂ ਨਹੀਂ?

ਇਹ ਤਿੰਨੇ ਪ੍ਰਸ਼ਨ ਸੁਤੰਤਰ ਹਨ ਤੇ ਅੰਤਰ-ਸੰਬੰਧਿਤ ਵੀ । ਗੱਲ-ਬਾਤ ਦਾ ਮੁੱਖ ਘੇਰਾ ਇਹੋ ਰਹੇਗਾ ਪਰ ਜੇ ਕੋਈ ਗੱਲਾਂ 'ਚੋਂ ਗੱਲ ਨਿਕਲੀ ਤਾਂ ਟਿੱਪਣੀ ਕਰਨ ਦੀ ਮਨਾਹੀ ਨਹੀਂ ਹੋਵੇਗੀ ।

ਸਾਹਿੱਤ ਦਾ ਅਧਾਰ ਤੇ ਵਿਸਥਾਰ:

ਤੀਵੀਂ ਦਾ ਇੱਕ ਰੂਪ ਹੈ 'ਮਾਂ' । ਹਰ ਲੇਖਕ ਦੀ ਮਾਂ ਹੁੰਦੀ ਹੈ । ਇਹ ਰਿਸ਼ਤਾ ਕੁਦਰਤੀ ਹੈ ਅਤੇ ਕੁਦਰਤ ਦਾ ਕ੍ਰਿਸ਼ਮਾ ਸਮਝੋ ਕਿ ਇਹ ਰਿਸ਼ਤਾ ਅਜੇ ਤੀਕ ਸਭ ਤੋਂ ਵੱਧ ਕੁਦਰਤੀ ਹੈ । ਮਨੁੱਖ ਨੇ ਹਰ, ਜਨਮ ਤੇ ਜੀਵਨ ਦੇਣ ਵਾਲੀ, ਵਸਤ ਨੂੰ ਮਾਂ ਕਹਿ ਕੇ ਵਡਿਆਇਆ ਹੈ । ਧਰਤੀ ਨੂੰ ਮਾਂ ਕਿਹਾ ਹੈ, ਰਾਸ਼ਟਰ ਨੂੰ ਮਾਂ ਕਿਹਾ ਹੈ, ਭਾਸ਼ਾ ਨੂੰ ਮਾਂ ਕਿਹਾ ਹੈ, ਸ਼ਕਤੀ ਨੂੰ ਮਾਂ ਕਿਹਾ ਹੈ, ਗਾਂ ਨੂੰ ਮਾਂ ਕਿਹਾ ਹੈ । ਕੁਦਰਤ ਰਵਾਇਤ ਬਣ ਗਈ ਤੇ ਰਵਾਇਤ ਸਾਹਿੱਤ ਬਣ ਗਿਆ । ਸਥੂਲ 'ਮਾਂ' ਦਾ ਸਤਿਕਾਰ ਕਰੇ ਭਾਵੇਂ ਨਾ, ਸੂਖ਼ਮ 'ਮਾਂ' ਦੀ ਕੋਈ ਸਹੁੰ ਨਹੀਂ ਖਾਂਦਾ । ਮਾਂ ਦਾ ਅਰਥ-ਵਿਸਥਾਰ ਹੋ ਚੁੱਕਾ ਹੈ । ਇਹ ਰੱਬ ਵਰਗਾ ਸੰਕਲਪ ਹੈ ਅਤੇ ਰੱਬ ਵਾਂਗ ਹੀ ਵਿਆਪਕ ਹੈ । ਮਾਂ ਐਸੀ ਧਰਤੀ ਹੈ ਜਿਸਦੀ ਹਿੱਕ ਉੱਤੇ 'ਦੁੱਧ ਦੇ ਬਿਰਖ' ਉੱਗਦੇ ਹਨ । ਸੂਰਦਾਸ ਦੀ ਯਸ਼ੋਧਾ ਸਾਡੇ ਸਾਹਿੱਤ-ਸ਼ਾਸਤਰੀਆਂ ਦੇ ਨੌਂ ਰਸਾਂ ਤੋਂ ਨਿਰਲੇਪ ਰਹੀ ਤਾਂ 'ਵਾਤਸੱਲਯ ਰਸ' ਹੋਂਦ ਵਿੱਚ ਆਇਆ । ਮੋਹਨ ਸਿੰਘ ਨੂੰ ਮਾਂ ਵਰਗਾ ਘਣਛਾਵਾਂ ਬੂਟਾ ਨਜ਼ਰ ਨਹੀਂ ਆਉਂਦਾ । ਸ਼ਿਵ ਕਹਿੰਦਾ ਹੈ: ਮਾਂ ਤਾਂ ਹੁੰਦੀ ਹੈ ਛਾਂ, ਛਾਂ ਕਦੇ ਘਸਦੀ ਤੇ ਨਾ । 'ਰਾਹੀ' ਦਾ ਕਹਿਣਾ ਹੈ ਕਿ ਇਸਦੀ ਪੂਜਾ ਰੱਬ ਦੀ ਪੂਜਾ, ਰੱਬ ਦੀ ਵੀ ਕੋਈ ਮਾਂ ਹੋਵੇਗੀ ।...ਮੁਕਦੀ ਗੱਲ ਕਿ ਉਸਨੂੰ ਕੋਈ 'ਮੰਦਾ' ਨਹੀਂ ਆਖ ਸਕਦਾ ਜਿਸਨੇ 'ਰਾਜਾਨ ਜਨਮੇ' ਹਨ ।...

ਤੀਵੀਂ ਲੱਖ ਗੁਣਵਾਨ ਹੋਵੇ ਪਰ ਉਹ ਸਤਿਕਾਰ ਦੀ ਪਾਤਰ ਮਾਂ ਬਣਨ ਤੋਂ ਬਾਅਦ ਹੀ ਬਣਦੀ ਹੈ । ਮਾਂ ਬਣਨ ਲਈ ਉਹਨੂੰ ਮਰਦ ਦੀ ਲੋੜ ਹੈ ਅਤੇ ਜਿਹੜਾ ਮਰਦ ਔਰਤ ਨੂੰ ਮਾਂ ਨਹੀਂ ਬਣਾ ਸਕਦਾ ਉਸਨੂੰ ਨਾਮਰਦ ਕਿਹਾ ਜਾਂਦਾ ਹੈ । ਇਹ ਅਮਲ ਆਦਮ ਦੇ ਵਕਤਾਂ ਤੋਂ ਹੋਂਦ ਵਿੱਚ ਹੈ । ਤੇ ਨਾਰੀ ਦੇ ਮਾਂ ਰੂਪ ਦਾ ਹੀ ਚਮਤਕਾਰ ਹੈ ਕਿ ਧਰਤੀ ਤੋਂ ਮਨੁੱਖ ਦਾ ਬੀਜ-ਨਾਸ ਨਹੀਂ ਹੋਇਆ ।

ਦੁਨੀਆ ਦੀ ਅੱਧੀ ਵਸੋਂ ਤੀਵੀਂਆਂ ਦੀ ਹੈ । ਹਰ ਤੀਵੀਂ ਵਕਤ ਆਉਣ 'ਤੇ ਮਾਂ ਬਣਨਾ ਚਾਹੁੰਦੀ ਹੈ, ਪਰ 'ਮਰਦ' ਜੰਮਣਾ ਚਾਹੁੰਦੀ ਹੈ । ਪਲੇਠੀ ਦੀ ਕੁੜੀ ਜੰਮ ਪਵੇ ਤਾਂ ਸਰੀਹਾਂ ਦੇ ਪੱਤੇ ਸੁੱਕ ਜਾਂਦੇ ਹਨ । ਪੁੱਤਰ ਤੋਂ ਪਿੱਛੋਂ ਧੀ ਜੰਮੇ ਤਾਂ 'ਵੀਰ ਦੀ ਖਡਾਵੀ' ਵਜੋਂ ਸਵੀਕਾਰ ਕਰ ਲਈ ਜਾਂਦੀ ਹੈ । ਮਾਂ ਪੁੱਤ ਲਈ ਹੀ ਨਹੀਂ, ਭੈਣ ਵੀ ਵੀਰ ਲਈ ਸਹਿਕਦੀ ਰਹਿੰਦੀ ਹੈ । ਇੱਕ ਵੀਰ ਦਈਾ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ । ਫੇਰ ਇੱਕ ਨਾਲ ਵੀ ਉਹਦਾ ਸਰਦਾ ਨਹੀਂ ਜਾਪਦਾ: ਦੋ ਵੀਰ ਦਈ ਵੇ ਰੱਬਾ, ਨਿੱਕਾ ਮੁਣਸ਼ੀ ਵੱਡਾ ਪਟਵਾਰੀ । ਸੱਤਾਂ ਭਰਾਵਾਂ ਦੀ ਇੱਕ ਭੈਣ ਹਾਂ । ਗਰਾਹੀ ਗਰਾਹੀ ਵੀ ਦੇਣ ਤਾਂ ਮੇਰਾ ਢਿੱਡ ਭਰ ਜਾਏਗਾ ।...ਇਹ ਲਾਟਰੀ 'ਚ ਮਿਲੇ ਰਿਸ਼ਤੇ ਮਰਦ ਦੀ ਲੋੜ ਹਨ । ਇਹਨਾਂ ਬਾਰੇ ਲਿਖਕੇ ਉਹ ਸਮਾਜ ਦੀ ਨਜ਼ਰ ਵਿੱਚ ਇੱਜ਼ਤਦਾਰ ਬਣਦਾ ਹੈ । ਉਸਦੀ ਹਉਂ ਨੂੰ ਪੱਠੇ ਪੈਂਦੇ ਹਨ । ਹਰ ਲੇਖਕ ਨੂੰ ਆਪਣੀ ਮਾਂ ਭੈਣ 'ਚੋਂ ਆਪਣੇ ਬਚਪਨ ਦੀ ਸੁਰੱਖਿਅਤਾ ਨਜ਼ਰ ਆਉਂਦੀ ਹੈ । ਬਚਪਨ ਦੀਆਂ ਯਾਦਾਂ ਆਦਮੀ (ਭਾਵੇਂ ਉਹ ਲੇਖਕ ਹੀ ਕਿਉਂ ਨਾ ਹੋਵੇ) ਦਾ ਕਦੇ ਪਿੱਛਾ ਨਹੀਂ ਛੱਡਦੀਆਂ । ਇੰਜ ਸਾਹਿੱਤ ਦੀ ਤਾਣੀ ਨੂੰ ਮੁਢਲੀਆਂ ਤੰਦਾਂ ਮਿਲਦੀਆਂ ਹਨ । ਬਹੁਤੀ ਵਾਰ ਲੇਖਕ ਬੁਢਾਪੇ ਤੀਕ ਬਚਪਨ-ਮੁਖੀ ਰਹਿੰਦਾ ਹੈ । ਇੱਕ ਹੇਰਵਾ ਤੇ ਵਿਗੋਚਾ ਉਸਨੂੰ ਮਾਂ-ਭੈਣ ਦਾ ਜ਼ਿਕਰ ਕਰਨ ਲਈ ਲਗਾਤਾਰ ਉਕਸਾਉਂਦਾ ਰਹਿੰਦਾ ਹੈ । ਮਮਤਾ, ਨਿਸ਼ਕਪਟਤਾ, ਲਾਡ-ਪਿਆਰ, ਅਲਗਰਜ਼ੀ, ਅਣਗਹਿਲੀ, ਖ਼ਿਮਾ ਵਰਗੇ ਸੰਕਲਪ ਉਸਨੂੰ ਤੀਵੀਂ ਬਾਰੇ ਲਿਖਣ ਲਈ ਪ੍ਰੇਰਦੇ ਰਹਿੰਦੇ ਹਨ । ਹੌਲੀ ਹੌਲੀ ਬੱਚਾ, ਦੂਜਿਆਂ ਦੀ ਨਜ਼ਰ ਵਿੱਚ, ਜਵਾਨ ਹੋ ਜਾਂਦਾ ਹੈ । ਉਸਨੂੰ ਇੱਕ ਵੱਖਰੀ ਕਿਸਮ ਦੀ ਤੀਵੀਂ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ । ਕੁਝ ਉਹ ਦੂਜਿਆਂ ਦੇ ਕਹੇ-ਸੁਣੇ ਜਾਂ ਪੜ੍ਹੇ- ਪੜ੍ਹਾਏ ਸੰਕਲਪਾਂ ਦਾ ਸ਼ਿਕਾਰ ਹੁੰਦਾ ਹੈ । ਸਰੀਰ, ਸਰੀਰ ਮੰਗਦਾ ਹੈ । ਅਤ੍ਰਿਪਤੀ 'ਚੋਂ ਸਾਹਿੱਤ ਪੈਦਾ ਹੁੰਦਾ ਹੈ । ਹੁਣ ਉਹ ਆਪਣੀ ਮਰਜ਼ੀ ਦੀ ਲਾਟਰੀ ਆਪਣੇ ਨਾਂ ਕਰਨਾ ਚਾਹੁੰਦਾ ਹੈ । ਤਰਲੋ- ਮੱਛੀ ਹੁੰਦਾ ਹੈ । ਗੀਤ ਗਾਉਂਦਾ ਹੈ, ਕਹਾਣੀਆਂ ਲਿਖਦਾ ਹੈ, ਨਾਟਕ ਰਚਦਾ ਹੈ । ਬਹੁਤੇ, ਉਭਰ ਰਹੇ ਜਾਂ ਸੰਭਾਵਨਾਵਾਂ-ਭਰਪੂਰ ਸਾਹਿੱਤਕਾਰ ਇਸੇ ਮਰਜ਼ ਦੇ ਸ਼ਿਕਾਰ ਹੁੰਦੇ ਹਨ । ਮਿਲਾਪ ਦਾ ਅਨੁਭਵ, ਉਡੀਕ ਦਾ ਅਨੁਭਵ, ਵਿਛੋੜੇ ਦਾ ਅਨੁਭਵ, ਕਲਪਨਾ ਦਾ ਅਨੁਭਵ, ਪਿਆਰ ਦਾ ਅਨੁਭਵ, ਬੇ-ਰੁਖੀ ਦਾ ਅਨੁਭਵ । ਝੂਠ, ਸੱਚ, ਲਾਰੇ-ਲੱਪੇ, ਲਾਲਚ, ਵਾਅਦੇ, ਕੁਰਬਾਨੀ... । ਸਿਰਜਣਾ ਦੀ ਜ਼ਮੀਨ ਨੂੰ ਵਿਸ਼ੇ ਮਿਲਦੇ ਰਹਿੰਦੇ ਹਨ; ਖੁਰਾਕ ਮਿਲਦੀ ਰਹਿੰਦੀ ਹੈ । ਕਲਮ ਚੱਲਦੀ ਰਹਿੰਦੀ ਹੈ । ਤੀਵੀਂ ਜ਼ਿਕਰ ਵਿੱਚ ਰਹਿੰਦੀ ਹੈ ।

ਮਰਦ ਦਾ ਵਿਆਹ ਹੁੰਦਾ ਹੈ । ਨਵੇਂ ਰਿਸ਼ਤਿਆਂ ਦੇ ਨਾਲ ਨਾਲ ਉਹਨੂੰ ਨਵਾਂ ਸਮਾਨ ਵੀ ਮਿਲਦਾ ਹੈ । ਸਮਾਨ ਵਿੱਚ ਤੀਵੀਂ ਵੀ ਮਿਲਦੀ ਹੈ । ਹੁਣ ਉਹ ਨਿੱਕਾ ਜਿਹਾ ਡਿਕਟੇਟਰ ਬਣ ਜਾਂਦਾ ਹੈ । ਜਿੱਤ ਦਾ ਅਹਿਸਾਸ ਉਹਨੂੰ ਕਈ ਖੁਸ਼ਫਹਿਮੀਆਂ ਤੇ ਗਲਤ ਫਹਿਮੀਆਂ ਦੇਂਦਾ ਹੈ । ਕਿੰਨਾ ਕਿੰਨਾ ਵਕਤ ਉਹ ਡੁੱਬਿਆ ਰਹਿੰਦਾ ਹੈ, ਸਿਰਫ਼ ਸਾਹ ਲੈਣ ਲਈ ਬਾਹਰ ਦੀ ਹਵਾ ਵਿੱਚ ਥੋੜ੍ਹੀ ਦੇਰ ਵਿਚਰਦਾ ਹੈ, ਮੁੜ ਡੁੱਬ ਜਾਂਦਾ ਹੈ । ਇਹ ਅਜਨਬੀ ਅਨੁਭਵ ਉਸ ਲਈ ਜਦੋਂ ਪਾਲਤੂ ਹੋ ਜਾਂਦਾ ਹੈ ਤਾਂ ਭਰਮ ਟੁੱਟਣ ਵਰਗੀ ਹਾਲਤ ਹੁੰਦੀ ਹੈ । ਕਲਮ ਮੁੜ ਹਰਕਤ ਵਿੱਚ ਆਉਂਦੀ ਹੈ । ਬੂਰ ਦੇ ਲੱਡੂਆਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ/ਲਿਖਿਆ ਜਾ ਰਿਹਾ ਹੈ ।

ਪਿਆਰ ਸਫ਼ਲ ਹੋ ਗਿਆ ਤਾਂ ਸਮਝੋ ਵਿਆਹ ਹੋ ਗਿਆ । ਪਿਆਰ ਵਿਆਹ ਹੋ ਗਿਆ ਤਾਂ ਆਦਮੀ ਦੀ ਉਮਰ ਦੋ ਹਿੱਸਿਆਂ ਵਿੱਚ ਵੰਡੀ ਗਈ । ਪਿਆਰ ਵਾਲੀ ਤਵੱਕੋ ਉਹ ਵਿਆਹ ਕੋਲੋਂ ਵੀ ਰੱਖੇਗਾ । ਪਿਆਰ ਦਾ ਤੇ ਵਿਆਹ ਦਾ ਤੁਲਨਾਤਮਿਕ ਅਧਿਐਨ ਕਰਦਾ ਰਹੇਗਾ । ਹੈਰਾਨ ਹੋਇਗਾ । ਪਰੇਸ਼ਾਨ ਹੋਇਗਾ । ਔਰਤ ਬਾਰੇ ਲਿਖੇਗਾ ।

ਪਿਆਰ ਅਸਫ਼ਲ ਰਿਹਾ ਤਾਂ ਬਿਰਹਾ ਦੀ ਸਦਾ-ਬਹਾਰ ਪ੍ਰੇਰਣਾ ਉਹਦੀ ਕਲਮ ਨੂੰ ਤੀਵੀਂ ਵੱਲ ਰੁਚਿਤ ਰੱਖੇਗੀ । ਪਤਨੀ ਮਰ ਗਈ ਤਾਂ ਉਹ ਮੋਹਨ ਸਿੰਘ ਬਣ ਜਾਏਗਾ । ਕਾਮ ਦੇਵਤਾ ਦੀ ਮਿਹਰ ਨਾਲ ਸਰਸਵਤੀ ਦੇਵੀ ਦੇ ਭੰਡਾਰੇ ਭਰਪੂਰ ਹੋਈ ਜਾਂਦੇ ਹਨ । ਵਿਆਹ ਅਸਫ਼ਲ ਰਿਹਾ ਤਾਂ ਤੀਵੀਂ ਦੀ ਸ਼ਾਮਤ: ਵਿਆਹ ਸਫ਼ਲ ਰਿਹਾ ਤਾ 'ਪਤਨੀ ਕੇ ਰਹਿਤੇ ਭੀ ਪ੍ਰੇਮਿਕਾ ਕੀ ਆਵੱਸ਼ਯਕਤਾ ਰਹਿਤੀ ਹੈ ।'

ਇਹ ਪ੍ਰੇਮਿਕਾ ਅਜੀਬ ਸ਼ੈਅ ਹੈ, ਜਿਸਦੀ ਭਾਲ ਵਿੱਚ ਮਨੁੱਖ ਸਦਾ ਭਟਕਦਾ ਰਹਿੰਦਾ ਹੈ । ਨੱਚਦਾ, ਗਾਉਂਦਾ, ਵਾਹੁੰਦਾ, ਵਜਾਉਂਦਾ ਰਹਿੰਦਾ ਹੈ । ਲਿਖਦਾ ਰਹਿੰਦਾ ਹੈ । ਪ੍ਰੇਮਿਕਾ ਦਾ ਇਹ ਆਦਿ- ਜੁਗਾਦੀ ਰੂਪ ਉਸਨੂੰ ਏਨਾ ਚੰਗਾ ਲੱਗਦਾ ਹੈ ਕਿ ਉਹ ਸੂਫ਼ੀਆਨਾ ਅੰਦਾਜ਼ ਵਿੱਚ ਕਿਸੇ ਅਦਿੱਖ ਰਾਂਝਣ ਦੀ ਹੀਰ ਬਣ ਜਾਂਦਾ ਹੈ । ਕਲਮ ਦਾ ਰੁਖ ਅਧਿਆਤਮਕ ਹੋਵੇ ਤਾਂ ਬੰਦਾ 'ਰੱਬ ਦੀ ਰੰਨ' ਬਣਨ ਤੱਕ ਜਾਂਦਾ ਹੈ । ਕਦੇ ਮਿਜ਼ਾਜੀ ਤੇ ਕਦੇ ਹਕੀਕੀ ਦੇ ਵਿਸ਼ੇਸ਼ਣਾਂ ਹੇਠ ਮਰਦ ਤੀਵੀਂ ਦੀ ਲੀਲਾ ਰਚਦਾ ਹੈ, ਦੇਖਦਾ ਹੈ, ਲਿਖਦਾ ਹੈ ।

ਸਾਹਿੱਤ ਵਿੱਚ ਭਾਵੇਂ ਤੀਵੀਂ ਦਾ ਮਜ਼ਾਕ ਉਡਾਇਆ ਗਿਆ ਜਾਂ ਵਕਾਲਤ ਕੀਤੀ ਗਈ ਇਹ ਉਡਾਉਣ ਜਾਂ ਕਰਨ ਵਾਲਾ ਕੋਈ ਨਾ ਕੋਈ ਮਰਦ ਹੀ ਸੀ । ਜਖ਼ਮ ਕਰਨ ਦੇ ਬਹਾਨੇ ਜਾਂ ਫੇਹੇ ਧਰਨ ਦੇ ਬਹਾਨੇ ਮਰਦ ਹਮੇਸ਼ਾ ਤੀਵੀਂ ਦੇ 'ਅੰਗ-ਸੰਗ' ਰਿਹਾ ਹੈ । ਨਖ-ਸ਼ਿਖ ਵਰਣਨ ਕੀਤਾ ਗਿਆ ਹੈ । ਸ਼ਿੰਗਾਰ ਰਸ ਦਾ ਦਾਰੋਮਦਾਰ ਹੀ ਤੀਵੀਂ 'ਤੇ ਹੈ । ਕਿਤੇ ਮਰਦ ਤੀਵੀਂ ਦਾ ਸ਼ਿਕਾਰ ਹੋ ਕੇ ਤੜਪ ਰਿਹਾ ਹੈ । ਕਿਤੇ ਮਰਦ ਤੀਵੀਂ ਦਾ ਸ਼ਿਕਾਰ ਕਰਨ ਦੀਆਂ ਵਿਉਂਤਾਂ ਗੁੰਦ ਰਿਹਾ ਹੈ । ਕੋਈ ਉਹਨੂੰ ਰਾਹ ਦਾ ਰੋੜਾ ਸਮਝ ਰਿਹਾ ਹੈ । ਕੋਈ ਉਹਨੂੰ ਰਾਹ ਦੀ ਰੌਸ਼ਨੀ ਆਖ ਰਿਹਾ ਹੈ । ਕਈਆਂ ਨੂੰ ਮੰਜ਼ਿਲ ਤਕ ਪੁਚਾਉਣ ਵਾਲੀ, ਤੀਵੀਂ ਹੈ । ਕਈਆਂ ਦੀ ਮੰਜ਼ਿਲ ਹੀ ਤੀਵੀਂ ਹੈ । ਸੌਂਦਰਯ ਅਤੇ ਸੌਂਦਰਯ-ਬੋਧ ਤੀਵੀਂ ਤੋਂ ਬਿਨਾਂ ਸੰਭਵ ਹੀ ਨਹੀਂ ।

ਇਸ ਤੋਂ ਬਿਨਾਂ ਵੀ ਨਾਰੀ-ਵਰਣਨ ਦੇ ਬੜੇ ਪੱਖ ਹਨ, ਮਸਲਨ: ਬਲਾਤਕਾਰ, ਦਹੇਜ ਦੀ ਬਲੀ, ਤਲਾਕ, ਬਾਲ ਵਿਆਹ, ਵਿਧਵਾ ਵਿਆਹ, ਵੇਸਵਾ-ਗਮਨ । ਕਾਮ-ਸ਼ਾਸਤਰ ਅਤੇ ਤਿਰੀਆ ਚਰਿੱਤਰ, ਆਪਣੇ ਆਪਣੇ ਢੰਗ ਨਾਲ, ਕਿਸ਼ਤਾਂ ਵਿੱਚ ਦੁਹਰਾਏ ਜਾ ਰਹੇ ਹਨ । ਕਿਹਾ ਜਾ ਸਕਦਾ ਹੈ ਕਿ ਸਾਹਿੱਤ ਜਾਂ ਤੀਵੀਂ ਦੇ ਖਿਲਾਫ਼ ਹੈ, ਜਾਂ ਹੱਕ ਵਿੱਚ ਹੈ । ਤੀਵੀਂ ਮਨਫ਼ੀ ਕਰ ਦਿਉ, ਸਾਹਿੱਤ ਮਨਫ਼ੀ ਹੋ ਜਾਏਗਾ । ਤਾਂ ਤੇ ਮੰਨ ਲਈਏ ਕਿ ਤੀਵੀਂ ਹੀ ਸਾਹਿੱਤ ਦਾ ਅਧਾਰ ਅਤੇ ਵਿਸਤਾਰ ਹੈ ।

ਅਸੀਂ ਵੇਖਦੇ ਹਾਂ ਕਿ ਮਰਦ, ਤੀਵੀਂਆਂ ਬਾਰੇ ਲਿਖਦੇ ਹਨ ਅਤੇ ਤੀਵੀਂਆਂ ਬਾਰੇ ਹੀ ਲਿਖਦੇ ਹਨ । ਇਹ ਵਿਰੋਧੀ-ਲਿੰਗ ਦੀ ਖਿੱਚ ਹੈ । ਲੋੜ ਹੈ । ਇਸ 'ਚੋਂ ਉਸਨੂੰ ਤਸੱਲੀ ਮਿਲਦੀ ਹੈ । ਮਨ ਹੌਲਾ ਹੁੰਦਾ ਹੈ । ਨਮੋਸ਼ੀ ਨੂੰ ਕੱਜਣ ਮਿਲਦਾ ਹੈ । ਅਪ੍ਰਾਪਤੀ ਵਿੱਚ ਪ੍ਰਾਪਤੀ ਦਾ ਭੁਲੇਖਾ ਜਨਮ ਲੈਂਦਾ ਹੈ । ਤੇ ਹੁਣ ਗੱਲ ਆਉਂਦੀ ਹੈ ਕਿ ਸਾਹਿੱਤ ਦਾ ਸਭ ਤੋਂ ਵੱਧ ਮਹੱਤਵਪੂਰਣ ਵਿਸ਼ਾ ਹੋਣ ਦੇ ਬਾਵਜੂਦ ਤੀਵੀਂਆਂ ਖ਼ੁੁਦ ਲੇਖਕ ਕਿਉਂ ਨਹੀਂ ਬਣਦੀਆਂ । ਨਾਰੀ-ਲੇਖਕਾਂ ਦੀ ਗਿਣਤੀ ਨਾ ਹੋਣ ਦੇ ਬਰਾਬਰ ਕਿਉਂ ਹੈ? ਉਹ ਸਾਹਿੱਤ ਵੱਲੋਂ ਬੇਮੁਖ ਕਿਉਂ ਹਨ?

ਰਚਨਾ-ਪ੍ਰਕਿਰਿਆ: ਸੂਖ਼ਮ/ਸਥੂਲ ਕਿਰਿਆ :
ਤੀਵੀਂ ਸਾਹਿੱਤਕਾਰ ਪੈਦਾ ਕਰਦੀ ਹੈ ।
ਕੀ ਜ਼ਰੂਰੀ ਹੈ ਕਿ ਉਹ ਸਾਹਿੱਤ ਵੀ ਪੈਦਾ ਕਰੇ?

ਸਾਹਿੱਤ-ਰਚਨਾ ਕਰਤਾਰੀ ਅਮਲ ਹੈ । ਵਿਅਕਤੀ ਅਭਿਵਿਅਕਤੀ ਚਾਹੁੰਦਾ ਹੈ । ਅਭਿਵਿਅਕਤੀ ਦੇ ਮਾਧਿਅਮ ਅਲੱਗ ਅਲੱਗ ਹਨ । 'ਗੱਲ' ਕਹੀ ਜਾਂਦੀ ਹੈ, ਅੰਦਰਲਾ ਸ਼ਾਂਤ ਹੋ ਜਾਂਦਾ ਹੈ, ਲਿਖਣ ਦੀ ਲੋੜ ਮਹਿਸੂਸ ਹੀ ਨਹੀਂ ਹੁੰਦੀ । ਸ਼ਿੱਦਤ ਘਟਦੀ ਘਟਦੀ ਖਤਮ ਹੋ ਜਾਂਦੀ ਹੈ । ਸ਼ਾਇਦ ਏਸੇ ਕਰਕੇ ਭਾਸ਼ਣ ਕਰਨ ਵਾਲੇ ਬੰਦੇ ਆਮ ਤੌਰ 'ਤੇ ਲਿਖ ਨਹੀਂ ਸਕਦੇ । ਟੇਪ ਜਾਂ ਡਿਕਟੇਸ਼ਨ ਰਾਹੀਂ ਉਹ ਜਿਲਦ-ਦਰ-ਜਿਲਦ ਛਪ ਸਕਦੇ ਹਨ ਪਰ ਸਾਹਿੱਤਕਾਰ ਨਹੀਂ ਬਣ ਸਕਦੇ । ਗੱਲ, ਬੱਸ ਏਨੀ ਹੈ ਕਿ 'ਅੰਦਰਲਾ' ਨਿਕਾਸ ਚਾਹੁੰਦਾ ਹੈ ਤੇ 'ਨਿਕਾਸ' ਕਿਸੇ ਨਾ ਕਿਸੇ ਤਰ੍ਹਾਂ ਹੋ ਕੇ ਹੀ ਰਹਿੰਦਾ ਹੈ । ਕਿਸੇ ਦਾ ਉੱਗ ਪਿਆ, ਕਿਸੇ ਦਾ ਰੁਲ ਗਿਆ ।

ਹਾਂ, ਤੇ ਜ਼ਰਾ ਸੋਚੋ ਕਿ ਤੀਵੀਂ ਨੂੰ ਲਿਖਣ ਦੀ ਲੋੜ ਹੀ ਕੀ ਹੈ?

ਤੀਵੀਂ ਨੂੰ ਕੁਝ ਵੀ ਕਰਨ ਦੀ ਕੀ ਲੋੜ ਹੈ?

ਰਾਂਝਾ ਉਹਦੀਆਂ ਮੱਝੀਆਂ ਚਾਰ ਰਿਹਾ ਹੈ । ਫ਼ਰਿਹਾਦ ਉਹਦੇ ਲਈ ਦੁੱਧ ਦੀ ਨਹਿਰ ਪੁੱਟ ਕੇ ਲਿਆ ਰਿਹਾ ਹੈ । ਮਹੀਂਵਾਲ ਉਹਦੇ ਲਈ ਪੱਟ ਦਾ ਕਬਾਬ ਬਣਾ ਰਿਹਾ ਹੈ । ...ਕੋਈ ਉਹਦੇ ਲਈ ਅਸਮਾਨ ਦੇ ਤਾਰੇ ਤੋੜਨ ਤੱਕ ਜਾਂਦਾ ਹੈ । ਕੋਈ ਸੱਪ ਨੂੰ ਰੱਸਾ ਸਮਝਕੇ ਉਹਦਾ ਚੁਬਾਰਾ ਚੜ੍ਹਦਾ ਹੈ । ਕੋਈ ਮੁਰਦੇ ਨੂੰ ਬੇੜੀ ਮੰਨ ਕੇ ਉਹਦੇ ਲਈ ਦਰਿਆ ਪਾਰ ਕਰਦਾ ਹੈ ।...ਏਥੋਂ ਤਕ ਕਿ ਤਰੈ-ਕਾਲ-ਦਰਸ਼ੀ ਰਾਮ ਵੀ ਉਹਨੂੰ ਪ੍ਰਸੰਨ ਵੇਖਣ ਲਈ ਸੋਨੇ ਦੇ ਮਿਰਗ ਪਿੱਛੇ ਵਿਦੂਸ਼ਕ ਬਣਿਆ ਫਿਰਦਾ ਹੈ । ਮਹਾਂਭਾਰਤ ਉਹਦੀ ਖ਼ਾਤਰ ਹੈ । ਰਮਾਇਣ ਉਹਦੇ ਕਰਕੇ ਹੈ । ...ਉਹਨੂੰ ਖ਼ੁਦ ਕੁਝ ਕਰਨ ਦੀ ਕੀ ਲੋੜ ਹੈ? ਤੀਵੀਂ ਕੁਝ ਕਰਨ ਲੱਗੇ ਤਾਂ ਮਰਦਾਵੀਆਂ ਆਵਾਜ਼ਾਂ ਦਾ ਸ਼ੋਰ ਮਚ ਜਾਂਦਾ ਹੈ:

-ਫੁਲ ਸੁਗੰਧ ਲਈ ਬਣੇ ਨੇ, ਕੰਮ ਲਈ ਨਹੀਂ
-ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਹਵਾਂ
-ਤੇਰਾ ਹੁਕਮ ਚਾਹੀਦਾ ਹੈ, ਕੰਮ ਕਰਨ ਨੂੰ ਅਸੀਂ ਮਰਗੇ ਤਰਸ, ਹਮਦਰਦੀ, ਸਵਾਰਥ ਜਾਂ ਵਿਖਾਵੇ ਦੇ ਸਤਿਕਾਰ ਨੇ ਸਦਾ ਤੀਵੀਂ ਨੂੰ 'ਕੰਮ' ਕਰਨ ਤੋਂ ਹੋੜੀ ਰੱਖਿਆ ਹੈ । ਉਸਦਾ ਰੁਖ ਰਸੋਈ ਤੋਂ ਡਰਾਇੰਗ ਰੂਮ ਅਤੇ ਡਰਾਇੰਗ ਰੂਮ ਤੋਂ ਬੈੱਡ ਰੂਮ ਵੱਲ ਮੋੜੀ ਰੱਖਿਆ ਹੈ । ਮਰਦਾਂ ਦਾ ਕਹਿਣਾ ਹੈ: ਤੁਸੀਂ ਘਰਵਾਲੀਆਂ ਬਣੋ, ਘਰ ਸਾਂਭੋ । ਬਾਹਰ ਦਾ ਸਾਰਾ ਕੰਮ ਅਸੀਂ ਕਰਾਂਗੇ ।

ਇਹ 'ਘਰ' ਕੀ ਚੀਜ਼ ਹੈ?

ਇੱਟਾਂ/ਲੱਕੜਾਂ ਨਾਲ ਘਿਰੀ ਹੋਈ ਕਿਰਾਏ ਦੀ ਜਾਂ ਆਪਣੀ ਇੱਕ ਥਾਂ, ਜਿੱਥੇ ਮਰਦ ਤੀਵੀਂ ਨੂੰ ਛੱਡਕੇ ਨਿਸ਼ਚਿੰਤ ਘੁੰਮ ਸਕਦਾ ਹੈ । ਜਿੱਥੇ ਮਰਦ ਤੀਵੀਂ ਕੋਲ ਨਿਸ਼ਚਿੰਤ ਆ ਸਕਦਾ ਹੈ । ਤੀਵੀਂ ਘਰ ਨੂੰ ਸਵਾਰਦੀ ਹੈ । ਲਿੰਬਦੀ/ਬੁਹਾਰਦੀ ਹੈ । ਪਾਟੇ ਨੂੰ ਸੀਂਦੀ ਹੈ । ਟੁੱਟੇ ਨੂੰ ਗੰਢਦੀ ਹੈ । ਮੈਲੇ ਨੂੰ ਧੋਂਦੀ ਹੈ । ਬੱਚੇ ਪੈਦਾ ਕਰਦੀ ਹੈ । ਪਾਲਦੀ ਹੈ । ਜਗਾਉਂਦੀ ਹੈ, ਸੁਆਲਦੀ ਹੈ । ਪਕਾਉਂਦੀ ਹੈ, ਖੁਆਲਦੀ ਹੈ ।...

ਛੱਟਦੀ ਹੈ, ਚੁਣਦੀ ਹੈ । ਕੱਤਦੀ ਹੈ, ਬੁਣਦੀ ਹੈ । ਛਾਣਦੀ ਹੈ, ਪੁਣਦੀ ਹੈ ।... ਇਹ ਨਿੱਕੇ ਨਿੱਕੇ ਰੁਝੇਵੇਂ ਉਹਨੂੰ ਉਲਝਾਈ ਰੱਖਦੇ ਹਨ । ਘੁਕਾਈ ਰੱਖਦੇ ਹਨ ।... ਤੀਵੀਂ ਇਹ ਸਭ ਕੁਝ ਕਰਨ ਨੂੰ ਤਿਆਰ ਰਹਿੰਦੀ ਹੈ । ਉੱਠਦੀ, ਬਹਿੰਦੀ, ਗੱਲਾਂ ਕਰਦੀ, ਉਹ ਨਿੱਕਾ ਮੋਟਾ ਕੰਮ ਕਰਦੀ ਹੀ ਰਹਿੰਦੀ ਹੈ ।

ਜਿਹੜੀ ਤੀਵੀਂ ਨੌਕਰੀ ਕਰਦੀ ਹੈ ਜਾਂ ਕਿਸੇ ਹੋਰ ਢੰਗ ਨਾਲ ਧਨ-ਅਰਜਤ ਕਰਨ ਵਿੱਚ ਪਰਿਵਾਰ ਦੀ ਮਦਦ ਕਰਦੀ ਹੈ, ਉਹ ਵੀ ਇਸ 'ਨਿੱਕੇ ਮੋਟੇ ਕਰਮ ਚੱਕਰ' ਤੋਂ ਮੁਕਤ ਨਹੀਂ । ਸਵੇਰੇ ਕੰਮ 'ਤੇ ਜਾਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਕੰਮ ਤੋਂ ਆਉਣ ਤੋਂ ਬਾਅਦ ਉਹਨੂੰ ਉਹ ਸਭ ਕੁਝ ਕਰਨਾ ਪੈਂਦਾ ਹੈ ਜੋ ਉਹਨੇ ਸਾਰੇ ਦਿਨ ਵਿੱਚ ਨਿਪਟਾਉਣਾ ਸੀ । ਕਿਤਾਬ ਤਾਂ ਇੱਕ ਪਾਸੇ, ਉਹਨੂੰ ਅਖ਼ਬਾਰ ਵੇਖਣ ਦੀ ਵੀ ਵਿਹਲ ਨਹੀਂ ਮਿਲਦੀ । ਜੇ ਮਿਲਦੀ ਹੈ ਤਾਂ ਉਹ ਕੋਈ 'ਸਿਰ-ਫੜਨ-ਵਾਲੀ-ਲਿਖਤ' ਕਿਵੇਂ ਪੜ੍ਹ ਸਕਦੀ ਹੈ? ਉਸ ਫੁਰਸਤ ਦੀ ਘੜੀ ਤਾਂ ਉਹਨੂੰ ਕੋਈ ਨਸ਼ੇ ਵਰਗੀ ਚੀਜ਼ ਚਾਹੀਦੀ ਹੈ । ਹਲਕਾ- ਫੁਲਕਾ-ਚਲੰਤ 'ਸਾਹਿੱਤ' ਉਸਨੂੰ ਚੰਗਾ ਲੱਗਦਾ ਹੈ । ਜਾਂ ਫਿਰ ਬੱਚਿਆਂ ਦਾ ਮਨ-ਪਰਚਾਵਾ ਕਰਨ ਲਈ ਉਹ ਬੱਚਿਆਂ ਵਾਲਾ ਕਾੱਮਿਕ-ਸਾਹਿੱਤ ਪੜ੍ਹਦੀ ਹੈ ।...ਜੇ ਛੁੱਟੀ ਵਾਲਾ ਦਿਨ ਹੋਵੇ ਤਾਂ ਇਸ ਸਭ ਕੁਝ ਦੇ ਨਾਲ ਨਾਲ ਸਿਲਾਈ-ਕਢਾਈ ਦੇ ਨਮੂਨਿਆਂ ਵਾਲੇ ਰਸਾਲੇ ਵੇਖ ਲੈਂਦੀ ਹੈ ।

ਅਗਲੇ ਵਕਤਾਂ ਵਿੱਚ ਤੀਵੀਂ ਦਾ ਸਾਹਿੱਤ ਤੋਂ ਦੂਰ ਰਹਿਣਾ ਅਨਪੜ੍ਹਤਾ ਦੇ ਸਿਰ ਮੜ੍ਹਿਆ ਜਾ ਸਕਦਾ ਹੈ, ਪਰ ਆਪਣੇ ਸਮਿਆਂ ਨੂੰ ਅਸੀਂ ਇਸ ਬਹਾਨੇ ਦੋਸ਼-ਮੁਕਤ ਨਹੀਂ ਕਰ ਸਕਦੇ । ਪੜ੍ਹਾਈ ਦੀ ਹੁਣ ਤੀਵੀਂ ਲਈ ਮਨਾਹੀ ਨਹੀਂ । ਸਗੋਂ ਪੜ੍ਹਨਾ ਤਾਂ ਪੜ੍ਹਨਾ, ਪੜ੍ਹਾਉਣ ਵਾਲੇ ਪਾਸੇ ਵੀ ਵੱਡੀ ਗਿਣਤੀ ਤੀਵੀਂਆਂ ਦੀ ਹੈ । ਇਮਤਿਹਾਨਾਂ ਵਿੱਚ ਪਹਿਲੀਆਂ ਥਾਵਾਂ ਕੁੜੀਆਂ ਲੈ ਰਹੀਆਂ ਹਨ । ਮੁਕਾਬਲੇ ਦੇ ਇਮਤਿਹਾਨਾਂ ਵਿੱਚ ਤੀਵੀਂਆਂ ਕਮਾਲ ਕਰ ਰਹੀਆਂ ਹਨ । ਸਿਆਸਤ ਵਿੱਚ ਤੀਵੀਂਆਂ ਹੱਦ ਕਰ ਰਹੀਆਂ ਹਨ ।

ਇਹ ਗੱਲ ਨਹੀਂ ਕਿ ਤੀਵੀਂ ਨੇ ਕਲਮ ਚੁੱਕੀ ਹੀ ਨਾ ਹੋਵੇ । ਸਾਹਿੱਤ ਦੇ ਨਾਂ 'ਤੇ ਔਰਤ ਨੇ ਕਵਿਤਾ ਰਚੀ ਹੈ । ਸੰਗੀਤ, ਰਾਗ ਤੇ ਨਿਰਤ ਵਾਂਗ ਕਵਿਤਾ ਵੀ ਤੀਵੀਂ ਦੇ ਮੇਚ ਆਉਂਦੀ ਹੈ । ਪਰ ਬਹੁਤੀ ਵਾਰ ਇਹ ਸਭ ਕੁਝ 'ਹੱਾਬੀ' ਦੇ ਪੱਧਰ ਤੱਕ ਹੀ ਰਹਿੰਦਾ ਹੈ । ਜਵਾਨ ਕੁੜੀਆਂ ਲਈ ਕੋਈ ਨਾ ਕੋਈ ਕੋਮਲ ਹੁਨਰ ਜਾਨਣਾ ਅੱਜ ਫ਼ੈਸ਼ਨ ਵੀ ਹੈ । ਕੁੜੀਆਂ ਪੇਂਟਿੰਗ ਕਰਦੀਆਂ ਹਨ, ਕਵਿਤਾ ਲਿਖਦੀਆਂ ਹਨ, ਸੰਗੀਤ ਸਿੱਖਦੀਆਂ ਹਨ...ਪਹਿਲਾਂ ਕੁੜੀਆਂ ਘਰ ਕੰਮ ਆਉਣ ਵਾਲੀ ਦਸਤਕਾਰੀ ਸਿੱਖਦੀਆਂ ਸਨ । ਫੁਲਕਾਰੀਆਂ, ਬਾਗ਼, ਜਾਲ, ਦਰੀਆਂ...ਗਈਆਂ । ਆਧੁਨਿਕ ਜਾਪਣ ਲਈ ਨਵੇਂ ਹੁਨਰ ਹੋਂਦ ਵਿੱਚ ਆ ਗਏ । ਇਹ ਚਾਅ ਵਿਆਹ ਤੋਂ ਬਾਅਦ ਲੱਥ ਜਾਂਦਾ ਹੈ, ਜਾਂ ਲਾਹ ਦਿੱਤਾ ਜਾਂਦਾ ਹੈ । ਜੇ ਕੋਈ ਇਸ ਕਰਤਾਰੀ ਅਮਲ ਨੂੰ ਸਵਾਸਾਂ ਨਾਲ ਨਿਭਾਉਣਾ ਚਾਹੁੰਦਾ ਹੈ ਤਾਂ ਉਸਨੂੰ ਅੰਮ੍ਰਿਤਾ ਜਾਂ ਅਜੀਤ ਕੌਰ ਵਾਂਗ ਰਵਾਇਤੀ 'ਘਰ' ਤੋਂ ਸੁਰਖ਼ਰੂ ਹੋਣਾ ਪੈਂਦਾ ਹੈ । ਇਸ ਤਰ੍ਹਾਂ ਦੀਆਂ ਤੀਵੀਂਆਂ ਨੂੰ ਮਰਦ, ਮਰਦਾਂ ਵਿੱਚ ਸ਼ਾਮਿਲ ਕਰ ਲੈਂਦੇ ਹਨ ।

ਉਂਜ ਤਾਂ ਜੀਵਨ ਦੇ ਹਰ ਖੇਤਰ ਵਿੱਚ ਹੀ ਤੀਵੀਂ ਦੀ ਨੁਮਾਇੰਦਗੀ ਘੱਟ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਔਰਤ ਜੱਦੋ-ਜਹਿਦ ਕਰ ਰਹੀ ਹੈ ਪਰ ਔਰਤ ਦਾ ਅਜੇ ਤੀਕ ਬਹੁਤਾ ਜ਼ੋਰ 'ਮਰਦ' ਬਣਨ 'ਤੇ ਹੀ ਲੱਗ ਰਿਹਾ ਹੈ । ਤੀਵੀਂ ਕੁਝ ਵੀ ਕਰ ਰਹੀ ਹੋਵੇ, ਉਹ ਮਰਦ ਬਣਨਾ ਚਾਹ ਰਹੀ ਹੁੰਦੀ ਹੈ । ਮਰਦ ਦੀ ਬਰਾਬਰੀ ਚਾਹ ਰਹੀ ਹੁੰਦੀ ਹੈ । ਮਰਦ ਦਾ ਡਬਲ ਰੋਲ ਖਤਮ ਕਰਨਾ ਚਾਹੁੰਦੀ ਹੈ । ਉਹ ਚਾਹੁੰਦੀ ਹੈ ਕਿ ਜਿਸ 'ਸਲੀਕੇ' ਨਾਲ ਮਰਦ ਘਰ ਵਿੱਚ ਤੀਵੀਂ ਦੇ ਪੇਸ਼ ਆਉਂਦਾ ਹੈ । (ਅਧੀਨ ਕਰਨ ਲਈ ਅਧੀਨਗੀ ਸਵੀਕਾਰ ਕਰਦਾ ਹੈ), ਉਸੇ ਰੂਪ ਵਿੱਚ ਬਾਹਰ ਵੀ ਵਿਚਰੇ । ਉਹ ਮਰਦ ਨੂੰ 'ਮਰਦ' ਵੀ ਚਾਹੁੰਦੀ ਹੈ ਤੇ ਪਾਲਤੂ ਵੀ । ਇਹ ਉਸਦੀਆਂ ਅੰਦਰਲੀਆਂ ਦੱਬੀਆਂ ਭਾਵਨਾਵਾਂ ਦਾ ਜਵਲੰਤ ਪ੍ਰਗਟਾਅ ਹੈ । ਉਂਞ ਜਦੋਂ ਲਿਖਦੀ ਹੈ, ਬਦਲੇ ਦੀ ਭਾਵਨਾ ਨਾਲ ਲਿਖਦੀ ਹੈ ।...

ਤੀਵੀਂ, ਜੇ ਲਿਖਦੀ ਵੀ ਹੈ ਤਾਂ, ਲਿਖਤ 'ਤੇ ਬਹੁਤੀ ਮਿਹਨਤ ਨਹੀਂ ਕਰਦੀ । ਕਾਰਨ? ਉਸਨੂੰ ਸਸਤੇ ਵਿੱਚ ਹੀ ਪ੍ਰਵਾਨਗੀ ਮਿਲ ਜਾਂਦੀ ਹੈ । ਮਿਹਨਤ ਕਿਉਂ ਕਰੇ ...?

-ਮਰਦ ਲੇਖਕ ਤੀਵੀਂਆਂ ਨੂੰ ਲਿਖਕੇ ਦੇਣ ਲਈ ਤਤਪਰ ਰਿਹਾ ਕਰਦੇ ਸਨ/ਹਨ । ਅਖੇ, ਤੈਨੂੰ ਲਿਖਣ ਦੀ ਕੀ ਲੋੜ, ਮੈਂ ਲਿਖ ਦੇਨਾਂ, ਆਪਣੇ ਨਾਂ 'ਤੇ ਛਪਵਾ ਲੈ ।

-ਸੰਪਾਦਕ 'ਲੇਖਕਾਂ' ਤੋਂ ਵੀ ਵੱਧ ਫਰਾਖ਼-ਦਿਲ! ਕੁੜੀ ਦਾ ਨਾਂ ਪੜ੍ਹ ਲਿਆ । ਰਚਨਾ ਪੜ੍ਹਨ ਦੀ ਲੋੜ ਨਹੀਂ । ਚਿੱਠੀ ਲਿਖ ਦਿੱਤੀ: ਬਹੁਤ ਸੁੰਦਰ ਰਚਨਾ ਹੈ । ਇਸੇ ਮਹੀਨੇ ਛਪ ਰਹੀ ਹੈ । ਕਦੇ ਸਾਡੇ ਸ਼ਹਿਰ ਆਉ ਤਾਂ 'ਦਰਸ਼ਨ' ਦੇਣੇ । ਤਾਜ਼ਾ ਫ਼ੋਟੋ ਜਲਦੀ ਭੇਜ ਦੇਣਾ । ਹੋਰ ਕੋਈ ਸੇਵਾ?

-ਆਲੋਚਕਾਂ ਦੀਆਂ ਤਾਂ, ਤੀਵੀਂ ਦੀ ਕਿਤਾਬ ਵੇਖਕੇ, ਭੰਬੀਰੀਆਂ ਹੀ ਭਉ ਜਾਂਦੀਆਂ ਹਨ । ਤਟ ਫਟ ਸਥਾਪਿਤ ਲੇਖਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦੇ ਹਨ । ਆਨੇ-ਬਹਾਨੇ ਨਾਰੀ-ਲੇਖਕਾਂ ਦੇ ਚੁਬਾਰੇ ਚੜ੍ਹ ਜਾਂਦੇ ਹਨ । ਰਾਤੋ ਰਾਤ 'ਅਮਰ' ਕਰ ਦੇਂਦੇ ਹਨ ।

-ਪ੍ਰਕਾਸ਼ਕਾਂ ਤੀਕ ਨਾਰੀ-ਲੇਖਕਾਂ ਦੀ ਰਸਾਈ ਕਰਾਉਣ ਲਈ ਨਰ-ਲੇਖਕ ਤਾਣ ਲਾ ਦੇਂਦੇ ਹਨ । ਅਗਾਊਂ ਰਿਵੀਊ ਲਿਖਕੇ ਛਪਵਾ ਦੇਂਦੇ ਹਨ । 'ਚੇਲੀਆਂ' ਦੇ ਖਰੜੇ ਝੋਲਿਆਂ ਵਿੱਚ ਪਾਈ ਫਿਰਦੇ ਹਨ । ਆਪਣੀ ਜੁੱਤੀ ਬੇਸ਼ਕ ਟੁੱਟ ਜਾਏ ਮਿਰਾਸਣ ਦੀ ਨਹੀਂ ਟੁੱਟਣ ਦੇਂਦੇ ।

ਇਹ ਇੱਕ ਸੋਚੀ ਸਮਝੀ ਮਰਦਾਵੀਂ ਸਾਜ਼ਿਸ਼ ਹੈ । ਤੀਵੀਂ ਦਾ ਧਿਆਨ ਹੋਰ ਪਾਸੇ ਪਾਈ ਰੱਖਣਾ ਤੇ ਆਪ ਲੇਖਕ ਬਣੀ ਜਾਣਾ । ਕੁਝ ਇੱਕ ਨਾਰੀ ਲੇਖਕਾਂ ਨੇ ਇਸ ਸਾਜ਼ਿਸ਼ ਨੂੰ ਸਮਝ ਲਿਆ ਹੈ ਤੇ ਉਹ ਹੁਣ ਨਰ-ਲੇਖਕਾਂ ਲਈ 'ਨਾਰੀ' ਦੇ ਘੇਰੇ ਵਿੱਚ ਨਹੀਂ ਰਹੀਆਂ । ਪਰ ਉਹਨਾਂ ਨੇ ਅਜੇ ਪਿਛਲੇ ਕਰਜ਼ੇ ਉਤਾਰਨੇ ਹਨ ।

ਹਾਂ, ਪੱਤਰਕਾਰੀ ਵਿੱਚ ਤੀਵੀਂ-ਲੇਖਕਾਂ ਦਾ ਜ਼ਿਕਰ-ਯੋਗ ਵਾਧਾ ਹੋਇਆ ਹੈ । ਖ਼ਬਰ ਲੈਣ ਲਈ ਜਾਂ ਖ਼ਬਰ ਲਿਆਉਣ ਲਈ ਜਿੱਥੋਂ ਤੱਕ ਤੀਵੀਂ ਪਹੁੰਚ ਸਕਦੀ ਹੈ, ਮਰਦ ਨਹੀਂ ਜਾ ਸਕਦਾ । ਇਹ ਰਸਾਈ ਉਹਦੇ ਕਿੱਤੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ । ਪਰ ਇਹ ਫ਼ੀਚਰ-ਲੇਖਨ ਤੱਕ ਹੀ ਸੀਮਿਤ ਹੈ । ਇੰਜ ਕਮਾਈ ਦਾ ਸਾਧਨ-ਮਾਤਰ ਹੈ । ਕਾਲਮ ਲਿਖਣ ਨੂੰ ਅਗਲੇ ਸਾਹਿੱਤ ਵਿੱਚ ਸ਼ਾਮਿਲ ਹੀ ਨਹੀਂ ਕਰਦੇ । ਪਿੱਛੇ ਜਿਹੇ ਹਲਵਾਰਵੀ ਮਜ਼ਾਕ ਨਾਲ ਕਹਿ ਰਿਹਾ ਸੀ: 'ਤੇਰੇ ਕਾਲਮ ਤਾਂ ਪੜ੍ਹ ਲਈਦੇ ਨੇ । ਪਰ ਇਹ ਦੱਸ ਕਾਲਮਾਂ ਤੋਂ ਇਲਾਵਾ ਤੂੰ ਲਿਖਦਾ ਕੀ ਹੈਂ?' ਪੰਜਾਬੀ ਵਿੱਚ ਤਾਂ ਅਜੇ ਕਾਲਮ ਲਿਖਣ ਵਾਲੀਆਂ ਤੀਵੀਂਆਂ ਦੀ ਵੀ ਬੜੀ ਘਾਟ ਹੈ, ਕਾਲਮਾਂ ਤੋਂ ਇਲਾਵਾ ਲਿਖਣ ਵਾਲੀਆਂ ਦੀ ਗੱਲ ਕੀ ਕਰੀਏ!

ਉਂਜ ਤੀਵੀਂ ਲਿਖੇ ਵੀ ਕੀ?

ਮਰਦ ਜੋ ਮਰਜ਼ੀ ਖੇਹ ਸਵਾਹ ਲਿਖਦਾ ਰਹੇ ਜਾਇਜ਼! ਤੀਵੀਂ ਲਈ 'ਅਚਾਰ-ਸੰਹਿਤਾ' ਬਹੁਤ ਕਠੋਰ ਹੈ । ਵਰਜਿਤ ਰਿਸ਼ਤਿਆਂ ਸੰਬੰਧੀ ਲਿਖਣਾ ਉਸ ਲਈ ਮੁਸੀਬਤਾਂ ਨੂੰ ਸੱਦਾ ਦੇਣਾ ਹੈ । ਉਸਨੂੰ 'ਭੈਣ ਜੀ' ਵਾਲਾ ਰੂਪ ਸਾਹਿੱਤ ਵਿੱਚ ਬਰਕਰਾਰ ਰੱਖਣਾ ਪੈਂਦਾ ਹੈ । ਕਿਸੇ ਹੋਰ ਦੀ ਬੰਸਰੀ ਵਿੱਚ ਆਪਣੀ ਫੂਕ ਮਾਰਨੀ ਪੈਂਦੀ ਹੈ । 'ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨਾ ਕੋਇ' ।... ਤੀਵੀਂ ਵਿਚਲਾ ਕਲਾਕਾਰ ਆਪਣੀ ਅਭਿਵਿਅਕਤੀ ਆਪਣੇ ਵਰਗੇ ਪੁਤਲੇ ਰਚ ਕੇ ਕਰਦਾ ਹੈ । ਉਸਦਾ ਕਰਤਾਰੀ ਅਮਲ ਇੱਕ ਮੁਸਲਸਲ ਹੁਨਰ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ । ਘਰ ਨੂੰ ਸਜਾਉਣਾ, ਘਰ ਵਿਚਲੀਆਂ ਵਸਤਾਂ ਨੂੰ ਤਰਤੀਬ ਦੇਣਾ, ਆਪਣੇ ਜਿਸਮ ਨੂੰ ਖਿੱਚ ਭਰਪੂਰ ਬਣਾਈ ਰੱਖਣਾ, ਆਪਣੇ ਪਤੀ ਦੇ ਤੇ ਬੱਚਿਆਂ ਦੇ ਪਹਿਰਾਵੇ ਦਾ ਖਿਆਲ ਰੱਖਣਾ, ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਸੂਤਦੇ ਰਹਿਣਾ, ਮਹਿਮਾਨ- ਨਵਾਜ਼ੀ ਦਾ ਉਚੇਚ ਆਦਿ ਅਮਲ ਉਹਦੀ ਰਚਨਾ-ਪ੍ਰਕਿਰਿਆ ਵਿੱਚ ਹੀ ਸ਼ਾਮਿਲ ਹਨ । ਉਸਦਾ ਆਕਾਸ਼ ਪਾਤਾਲ ਸੀਮਿਤ ਹੁੰਦਾ ਹੈ, ਪਰ ਸੁਹਣਾ ਹੁੰਦਾ ਹੈ । ਉਸਦੇ ਕਾਰਨ ਹੀ ਘਰ, 'ਘਰ' ਅਖਵਾਉਂਦਾ ਹੈ । ਘਰ ਦੀ ਸਿਰਜਣਾ ਕਰਨ ਵਾਲੀ ਤੀਵੀਂ, ਸਾਹਿੱਤ ਦੀ ਸਿਰਜਣਾ ਲਈ ਵਕਤ ਕਿੱਥੋਂ ਲਿਆਵੇ? ਉਹ ਕਵਿਤਾ ਨਾ ਵੀ ਲਿਖੇ ਤਾਂ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ ਤਾਂ ਆਪ ਤੁਰਦੀ ਫਿਰਦੀ ਕਵਿਤਾ ਹੈ । ਸਫ਼ੀਰ ਕਹਿੰਦਾ ਹੈ: ਕਵਿਤਾ ਇੱਕ ਤੀਵੀਂ ਹੈ, ਪਰ ਹਰ ਇੱਕ ਤੀਵੀਂ ਨਾਂਹ । ...ਜੇ ਹਰ ਇੱਕ ਤੀਵੀਂ ਕਵਿਤਾ ਨਹੀਂ ਹੁੰਦੀ ਤਾਂ ਹਰ ਇੱਕ ਮਰਦ ਵੀ ਤਾਂ ਸਾਹਿੱਤਕਾਰ ਨਹੀਂ ਹੁੰਦਾ! ਤੀਵੀਂ ਦੀ ਅਭਿਵਿਅਕਤੀ ਇੱਕ ਹੋਰ ਢੰਗ ਨਾਲ ਵੀ ਤਾਂ ਨਿਕਸਿਤ ਹੁੰਦੀ ਰਹਿੰਦੀ ਹੈ । ਉਹ ਗਾਉਂਦੀ ਹੈ । ਹਰ ਮੌਕੇ 'ਤੇ ਗਾਉਂਦੀ ਹੈ । ਬਹੁਤੇ ਲੋਕ ਗੀਤ ਤੀਵੀਂਆਂ ਨੇ ਹੀ ਬਣਾਏ ਤੇ ਗਾਏ ਹਨ । ਦੂਜੇ ਉਹ ਮੁਕੰਮਲ ਤੀਵੀਂ ਦਿਖਣਾ ਚਾਹੁੰਦੀ ਹੈ । ਗਹਿਣਿਆਂ ਦਾ ਰਿਸ਼ਤਾ ਬਹੁਤਾ ਤੀਵੀਂਆਂ ਨਾਲ ਹੀ ਹੈ । ਮੇਕ-ਅੱਪ ਉਦਯੋਗ ਸਿਰਫ਼ ਤੀਵੀਂਆਂ ਦੇ ਸਹਾਰੇ ਹੀ ਖੜ੍ਹਾ ਹੈ । ਵਿਗਿਆਪਨ ਵਾਲਿਆਂ ਨੂੰ ਗਾਹਕਾਂ ਜਾਂ ਭਾਵੀ-ਗਾਹਕਾਂ ਦਾ ਧਿਆਨ ਖਿੱਚਣ ਲਈ ਤੀਵੀਂ ਤੋਂ ਵਧੀਆ ਕੋਈ ਸਾਧਨ ਨਜ਼ਰ ਹੀ ਨਹੀਂ ਆਉਂਦਾ । ਇੰਝ ਚਾਹੀ, ਅਣਚਾਹੀ ਪ੍ਰਸ਼ੰਸਾ ਦਾ ਪਾਣੀ ਤੀਵੀਂ ਦੀ ਹਉਂ ਨੂੰ ਮਿਲਦਾ ਰਹਿੰਦਾ ਹੈ । ਉਸਦੀ ਚਾਲ-ਢਾਲ, ਉਸਦਾ ਬਣਾਅ-ਸ਼ਿੰਗਾਰ, ਉਸਦੀ ਬੋਲ-ਚਾਲ.. ਯਾਨੀ ਉਹਦੀ ਹਰ ਅਦਾ ਦਾਦ ਲੈਂਦੀ ਹੈ । ਲੇਖਕ (ਮਰਦ) ਜਿਸ ਦਾਦ ਲਈ ਜਵਾਨੀ ਗਾਲਦਾ ਹੈ, ਵਕਤ ਢਾਲਦਾ ਹੈ, ਉਹ ਦਾਦ ਤੀਵੀਂ ਨੂੰ ਸਹਿਜ-ਸੁਭਾਅ ਮਿਲ ਜਾਂਦੀ ਹੈ । ਫਿਰ ਉਹ ਸਟੇਸ਼ਨਰੀ ਖਰਾਬ ਕਿਉਂ ਕਰੇ । ਤੀਵੀਂ ਦੇ ਦੁਆਲੇ ਮਰਦ ਨੇ ਭਰਮ ਦਾ ਇੱਕ ਸੁਨਿਹਿਰੀ ਜਾਲ ਤਾਣਿਆ ਹੋਇਆ ਹੈ । ਉਸਨੂੰ ਕੈਦ ਕੀਤਾ ਹੋਇਆ ਹੈ । ਪਰ ਤੀਵੀਂ ਇਸ ਹੱਦ ਤੀਕ ਮਾਸੂਮ, ਅਣਜਾਣ ਅਤੇ ਮਜਬੂਰ ਹੈ ਕਿ ਮਰਦ ਦੀ ਇਸ ਖਤਰਨਾਕ ਚਲਾਕੀ ਨੂੰ ਸਮਝਦੀ ਹੋਈ ਵੀ ਸਮਝੌਤਾ ਕਰੀ ਬੈਠੀ ਹੈ । ਇਸ ਭਰਮ ਜਾਲ ਵਿੱਚ ਉਹ ਖ਼ੁਦ ਨੂੰ ਸੁਰੱਖਿਅਤ ਅਤੇ ਪ੍ਰਤਿਸ਼ਠਿਤ ਸਮਝਦੀ ਹੈ । ਮੁਕਤੀ ਅੰਦੋਲਨ ਦਾ ਨਾਅਰਾ ਵੀ ਗਲੀਆਂ ਬਜ਼ਾਰਾਂ ਵਿੱਚ ਹੈ । ਘਰ ਦੀਆਂ ਦੀਵਾਰਾਂ ਅੰਦਰ ਉਹੋ 'ਸਮਝੌਤਾ' ਪਸਰਿਆ ਹੋਇਆ ਹੈ ।

ਜਿਨ੍ਹਾਂ ਘਰਾਂ ਵਿੱਚ ਪਤੀ-ਪਤਨੀ ਦੋਵੇਂ ਲੇਖਕ ਹਨ, ਉੱਥੇ ਸਮਝੌਤਾ ਸਥਾਈ ਰੂਪ ਧਾਰ ਲੈਂਦਾ ਹੈ । ਜੇ ਸਿਰਫ਼ ਪਤਨੀ ਲੇਖਕ ਹੈ ਤਾਂ ਗੈਰ-ਲੇਖਕ ਪਤੀ ਲਈ ਰਵਾਇਤੀ ਬੀਵੀ ਬਣੇ ਰਹਿਣ ਦੇ ਨਾਲ ਨਾਲ ਉਹਨੂੰ ਇੱਕ ਲਛਮਣ-ਰੇਖਾ ਵਿੱਚ ਰਹਿ ਕੇ ਲੇਖਕ ਬਣਨ ਦੀ ਇਜਾਜ਼ਤ ਮਿਲ ਜਾਂਦੀ ਹੈ । ਜੇ ਸਿਰਫ਼ ਪਤੀ ਲੇਖਕ ਹੈ ਤਾਂ ਗੈਰ-ਲੇਖਕ ਪਤਨੀ ਪਤੀ ਨੂੰ ਗੈਰ ਜ਼ੁੰਮੇਵਾਰ ਸਮਝਦੀ ਹੈ । ਉਸਨੂੰ 'ਜ਼ੁੰਮਵਾਰ' ਬਣਾਉਣ ਲਈ ਹਰ ਤਰੀਕਾ ਵਰਤਦੀ ਹੈ । ਕਦੀ ਨਾ-ਮਿਲ-ਵਰਤਣ ਲਹਿਰ ਚਲਾਉਂਦੀ ਹੈ । ਕਦੀ 'ਵਰਕ- ਟੂ-ਰੂਲ' ਲਾਗੂ ਕਰ ਦੇਂਦੀ ਹੈ । ਕਦੀ ਬੱਚਿਆਂ ਨੂੰ ਪਤੀ ਦੇ ਵਿਰੁੱਧ ਸਬਕ ਪੜ੍ਹਾਉਂਦੀ ਹੈ । ਉਸਦਾ ਸੁਭਾਅ ਚਿੜਚਿੜਾ ਹੁੰਦਾ ਹੁੰਦਾ ਸਖ਼ਤ ਹੋ ਜਾਂਦਾ ਹੈ । ਪਤੀ ਦੇ ਨਾਲ ਨਾਲ ਉਹ ਬਾਕੀ ਲੇਖਕਾਂ ਤੋਂ ਵੀ ਅੱਕ ਜਾਂਦੀ ਹੈ । ਨਫ਼ਰਤ ਕਰਨ ਲੱਗ ਪੈਂਦੀ ਹੈ । ਕਿਤਾਬਾਂ ਦੀ ਦੁਸ਼ਮਣ ਬਣ ਜਾਂਦੀ ਹੈ । ਕਿਤਾਬਾਂ ਵਾਲੇ ਖਾਨੇ ਵਿੱਚ ਟੁੱਟੀਆਂ ਹੋਈਆਂ ਜੁੱਤੀਆਂ ਟਿਕਾ ਦੇਂਦੀ ਹੈ । ਪਤੀ ਦੀ ਪ੍ਰਾਪਤੀ ਨੂੰ ਆਪਣੀ ਅਪ੍ਰਾਪਤੀ ਸਮਝਦੀ ਹੈ । ਕਲਮ ਉਹਦੀ ਸੌਂਕਣ ਬਣ ਜਾਂਦੀ ਹੈ । ਉਹ ਹਾਂਡੀ ਵਾਂਗ ਉਬਲਦੀ ਹੈ, ਆਪਣੇ ਕੰਢੇ ਸਾੜਦੀ ਹੈ । ਘਰ ਵਿੱਚ ਕਲੇਸ਼ ਰਹਿੰਦਾ ਹੈ । ਬੱਚਿਆਂ ਦਾ ਜੀਣਾ ਦੁਭਰ ਹੋ ਜਾਂਦਾ ਹੈ । ਇੱਕ ਪਾਸੇ ਕਲਮ ਚਲਦੀ ਹੈ, ਦੂਜੇ ਪਾਸੇ ਜੀਭ ਚਲਦੀ ਹੈ । ...ਆਪਣੇ ਮੁਲਕ ਵਿੱਚ ਤਲਾਕ ਦਾ ਸ਼ਿਕੰਜਾ ਸਖ਼ਤ ਹੋਣ ਕਰਕੇ ਭਾਂਡੇ ਖੜਕ ਖੜਕ ਕੇ ਚਿੱਬ-ਖੜਿੱਬੇ ਹੋ ਜਾਂਦੇ ਹਨ । ਅਮਨ ਚੈਨ ਦਾ ਵਰਤਾਰਾ ਹੁੰਦਾ ਹੈ । ਦੋਹਾਂ ਵਿੱਚੋਂ ਇੱਕ ਜੀਅ ਰੱਬ ਵੱਲ ਨੂੰ ਮੂੰਹ ਕਰ ਲੈਂਦਾ ਹੈ, ਭਾਵ ਸਾਥੀ ਦੇ ਨਾਲ ਰਹਿੰਦਾ ਹੋਇਆ ਵੀ ਬੇ-ਮੁਖ ਹੋ ਜਾਂਦਾ ਹੈ । ਲੋੜ ਕਸੂਰ ਲੱਭਣ ਦੀ ਨਹੀਂ, ਸਥਿਤੀ ਨੂੰ ਸਮਝਣ ਦੀ ਹੈ । ਝਗੜਾ ਤਾਂ ਗੈਰ-ਸਾਹਿੱਤਕ ਜੋੜਿਆ ਵਿੱਚ ਵੀ ਹੁੰਦਾ ਹੈ ਪਰ ਲੇਖਕਾਂ ਲਈ ਰੋਜ਼ਾਨਾ ਜ਼ਿੰਦਗੀ ਵੀ ਸਾਹਿੱਤ ਦਾ ਅੰਗ ਹੁੰਦੀ ਹੈ । ਉਸਦਾ ਪਰਛਾਵਾਂ ਕਲਮ 'ਤੇ ਪੈਂਦਾ ਹੈ । ਇਸ ਲਈ ਤਾਲਸਤਾਏ ਜਾਂ ਮੁਣਸ਼ੀ ਪ੍ਰੇਮ ਚੰਦ ਵਰਗੇ 'ਨਰ-ਲੇਖਕਾਂ' ਦੀਆਂ ਜ਼ਿੰਦਗੀਆਂ ਦੇ ਕੁਝ ਪੰਨੇ ਇਸ ਰੰਗਣ ਵਿੱਚ ਵੀ ਰੰਗੇ ਹੋਏ ਮਿਲਦੇ ਹਨ । ਤੀਵੀਂ ਦਾ ਸਾਹਿੱਤ ਪ੍ਰਤਿ ਇੱਕ ਰਵੱਈਆ ਇਹ ਵੀ ਹੈ ।

ਨਾਰੀ ਨੇ ਹਾਜ਼ਰ ਨਾਜ਼ਰ ਰੂਪ ਵਿੱਚ ਮਨੁੱਖ ਨੂੰ ਸਾਹਿੱਤ ਦਿੱਤਾ ਹੈ । ਮਰਦ ਹਜ਼ਾਰਾਂ ਵਰ੍ਹਿਆਂ ਤੋਂ, ਲਿਖ ਲਿਖ ਕੇ ਨਾਰੀ ਮਨ ਨੂੰ ਵਿਸ਼ਲੇਸ਼ਤ ਕਰਦਾ ਆ ਰਿਹਾ ਹੈ, ਨਾਰੀ-ਸਰੀਰ ਨੂੰ ਰੂਪਾਇਤ ਕਰਦਾ ਆ ਰਿਹਾ ਹੈ, ਨਾਰੀ-ਸੰਕਲਪ ਨੂੰ ਪਰਿਭਾਸ਼ਿਤ ਕਰਦਾ ਆ ਰਿਹਾ ਹੈ । ਨਾਰੀ ਉਹਦਾ ਵਿਸ਼ਾ ਹੈ, ਤੇ ਵਿਕਾਰ ਵੀ । ਮਰਦ ਤੀਵੀਂ ਲਈ ਸਭ ਕੁਝ ਕਰਨ ਨੂੰ ਤਿਆਰ ਹੈ, ਬਸ਼ਰਤਿ ਕਿ ਤੀਵੀਂ ਆਪਣੇ ਆਪ ਕੁਝ ਨਾ ਕਰੇ । ਜੋ ਮਰਦ ਕਹੇ, ਉਹੋ ਕਰੇ । ਉਹਦੇ ਹੁਕਮ ਵਿੱਚ ਜੀਏ, ਉਹਦੀ ਰਜ਼ਾ ਵਿੱਚ ਮਰੇ । ਇਸ ਪੱਖੋਂ ਪਤੀ- ਵ੍ਰਤਾ ਧਰਮ ਦਾ ਪਾਲਣ ਹੀ ਆਦਰਸ਼ ਸਿਧਾਂਤ ਹੈ । ਪਤੀ, ਹਰ ਹਾਲ ਵਿੱਚ, ਭਗਵਾਨ ਹੈ । ਮਰਦ ਤੀਵੀਂ ਬਿਨਾਂ ਅਧੂਰਾ ਹੈ, ਤੀਵੀਂ ਮਰਦ ਬਿਨਾਂ ਕੁਝ ਵੀ ਨਹੀਂ ।...

ਕਿਸੇ ਹੱਦ ਤੱਕ ਠੀਕ ਵੀ ਹੈ । ਦੋ ਦੋਸਤ, ਚਾਹੁੰਦੇ ਹੋਏ ਵੀ, ਇੱਕ ਦੂਜੇ ਨੂੰ ਉੱਪਰ ਨਹੀਂ ਚੁੱਕ ਸਕਦੇ । ਇੱਕ ਨੂੰ ਆਪਣੇ ਪੈਰ ਧਰਤੀ 'ਤੇ ਰੱਖਣੇ ਪੈਂਦੇ ਹਨ, ਦੂਜਾ ਉਹਦੇ ਮੋਢਿਆਂ 'ਤੇ ਖੜ੍ਹ ਸਕਦਾ ਹੈ । ਇੱਕ ਦੀ ਖੁਸ਼ੀ ਲਈ ਦੂਜੇ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਅਤੇ ਕੁਰਬਾਨੀ ਜੇਕਰ ਖੁਸ਼ੀ ਖੁਸ਼ੀ ਦਿੱਤੀ ਜਾਏ ਤਾਂ ਇਤਿਹਾਸਕ ਬਣ ਜਾਂਦੀ ਹੈ । ਪਰ ਕੁਰਬਾਨੀ ਦਏ ਕੌਣ? ਇਸ ਦਾ ਫੈਸਲਾ ਹਿਸਾਬ ਕਿਤਾਬ ਲਾ ਕੇ ਨਹੀਂ ਕੀਤਾ ਜਾ ਸਕਦਾ । ਕੁਰਬਾਨੀ ਵੀ ਪਿਆਰ ਵਰਗਾ ਜਜ਼ਬਾ ਹੈ, ਜਿਹੜਾ ਦਲੀਲ ਦੇ ਸਾਹਮਣੇ ਪਾਣੀ ਪਾਣੀ ਹੋ ਜਾਂਦਾ ਹੈ । ਕਵਿਤਾ ਅਤੇ ਕੁਰਬਾਨੀ ਵਾਂਗ ਤੀਵੀਂ ਦਾ ਵੀ ਦਲੀਲ ਨਾਲ ਵੈਰ ਹੁੰਦਾ ਹੈ ।

ਮੁਕਤੀ ਲਈ ਤੜਪ :

ਅਸੀਂ ਸਭ ਗੁਲਾਮ ਹਾਂ । ਆਪਣੀ ਸਹੂਲਤ ਲਈ ਗੁਲਾਮ ਰਹਿਣਾ ਵੀ ਚਾਹੁੰਦੇ ਹਾਂ । ਆਪਣੀ ਖੁਸ਼ੀ ਲਈ ਮੁਕਤ ਹੋਣਾ ਵੀ ਚਾਹੁੰਦੇ ਹਾਂ । ਗੁਲਾਮੀ ਵਿੱਚ ਮੁਕਤੀ ਹੈ । ਮੁਕਤੀ ਵਿੱਚ ਗੁਲਾਮੀ ਹੈ । ਮਨੁੱਖ ਮੁਕਤੀ ਲਈ ਭਟਕ ਰਿਹਾ ਹੈ । ਤੜਪ ਰਿਹਾ ਹੈ ।...

ਕੋਈ ਪਿਆਰ ਕਰਕੇ ਮੁਕਤ ਹੋਣਾ ਚਾਹੁੰਦਾ ਹੈ ।
ਕੋਈ ਲਿੰਗ ਮਾਰਗ ਰਾਹੀਂ ਇਸ ਅਵੱਸਥਾ ਨੂੰ ਪਹੁੰਚਦਾ ਹੈ ।
ਕੋਈ ਡਿਕਟੇਟਰਸ਼ਿਪ 'ਚੋਂ ਮੁਕਤੀ ਭਾਲਦਾ ਹੈ ।
ਸਾਧਨ-ਹੀਣ ਲੋਕ ਸਿਰਜਣਾ ਦੇ ਅਮਲ ਰਾਹੀਂ ਮੁਕਤੀ ਵੱਲ ਵਧਦੇ ਹਨ ।

ਸਿਰਜਣਾ ਦੇ ਪਲਾਂ ਵਿੱਚ ਮਨੁੱਖ ਮੁਕਤ ਹੁੰਦਾ ਹੈ । ਉਹ ਉਸ ਵੇਲੇ ਸਭ ਨਾਲੋਂ ਟੁੱਟ ਚੁੱਕਾ ਹੁੰਦਾ ਹੈ, ਸਭ ਨਾਲ ਜੁੜ ਚੁੱਕਾ ਹੁੰਦਾ ਹੈ । ਨਰ-ਨਾਰੀ ਦੇ ਭੇਦ ਤੋਂ ਵੀ ਮੁਕਤ ਹੋ ਚੁੱਕਾ ਹੁੰਦਾ ਹੈ । ...ਪਲ ਲੰਘ ਜਾਂਦੇ ਹਨ । ਗੁਲਾਮੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ । ਚੌਵੀ ਘੰਟੇ ਤਾਂ ਕੋਈ ਵੀ ਬੰਦਾ ਲੇਖਕ ਬਣਿਆ ਨਹੀਂ ਰਹਿ ਸਕਦਾ । ਜਦੋਂ ਉਹ ਲੇਖਕ ਨਹੀਂ, ਉਦੋਂ ਉਹ ਗੁਲਾਮ ਹੈ । ਤੀਵੀਂ ਹੈ, ਭਾਵੇਂ ਮਰਦ ਹੈ । ਹਰ ਮਨੁੱਖ ਵਿੱਚ ਕੋਈ ਨਾ ਕੋਈ ਘਾਟ ਹੁੰਦੀ ਹੈ । ਖੱਪਾ ਹੁੰਦਾ ਹੈ । ਉਹ ਉਹਦੀ ਪੂਰਤੀ ਚਾਹੁੰਦਾ ਹੈ, ਤੇ ਚਾਹੁੰਦਾ ਹੈ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ । ਲੋਕਾਂ ਸਾਹਮਣੇ ਉਹ ਲੋੜ ਤੋਂ ਵੱਧ ਲੱਦਿਆ ਹੁੰਦਾ ਹੈ, ਆਪਣੇ ਸਾਹਮਣੇ ਖਾਲੀ ਖਾਲੀ ਹੁੰਦਾ ਹੈ । ਆਪਣੇ ਸਮਾਨੰਤਰ ਉਹ ਇੱਕ ਸੁਪਨ-ਬੁੱਤ ਦੀ ਸਿਰਜਣਾ ਕਰਨਾ ਚਾਹੁੰਦਾ ਹੈ । ਤਿੜਕਦਾ ਵੇਖਕੇ ਮਰਨ ਮਾਰਨ ਨੂੰ ਤਿਆਰ ਹੋ ਜਾਂਦਾ ਹੈ । ਜਿਹੜੇ ਦੋ, ਇੱਕ ਦੂਜੇ ਦੀ ਕਮਜ਼ੋਰੀ ਜਾਣਦੇ ਹਨ, ਉਹਨਾਂ ਦਾ ਪਿਆਰ ਹੋ ਜਾਂਦਾ ਹੈ । ਦੋਸਤੀ ਜਾਂ ਦੋਸਤੀ ਵਰਗੇ ਸਮਝੌਤੇ ਦਾ ਆਧਾਰ ਮਨੁੱਖਾਂ ਦਾ ਗੁਣ ਨਹੀਂ ਹੁੰਦੇ ਸਗੋਂ ਔਗੁਣਾਂ ਦੀ ਸਾਂਝ ਉਹਨਾਂ ਨੂੰ ਬੰਨ੍ਹੀ ਰੱਖਦੀ ਹੈ ।

ਸਾਡੇ ਸੰਵਿਧਾਨ ਵਿੱਚ ਲਿਖਣ ਦੀ ਆਜ਼ਾਦੀ ਹੈ । ਤੇ ਬੋਲਣ ਦੀ ਵੀ । ਇਸ ਲਈ ਤੀਵੀਂ ਮਰਦ ਦੋਵੇਂ ਆਜ਼ਾਦ ਹਨ । ਲੇਖਕ ਤੇ ਗੈਰ-ਲੇਖਕ ਦੋਵੇਂ ਆਜ਼ਾਦ ਹਨ । ਸਿਧਾਂਤਕ ਤੌਰ 'ਤੇ ਆਜ਼ਾਦ ਹਨ । ਸਮੂਹਿਕ ਰੂਪ ਵਿੱਚ ਆਜ਼ਾਦ ਹਨ । ਪਰ ਵਿਅਕਤੀਗਤ ਤੌਰ 'ਤੇ ਹਰ ਇੱਕ ਦੀ ਆਜ਼ਾਦੀ ਉਹਦੇ ਸਾਥੀ ਜਾਂ ਸਾਥੀਆਂ 'ਤੇ ਨਿਰਭਰ ਕਰਦੀ ਹੈ । ਆਜ਼ਾਦੀ ਕੁਦਰਤ ਦੀ ਦੇਣ ਹੈ । ਰਿਸ਼ਤੇ ਮਨੁੱਖ ਦੇ ਆਪਣੇ ਬਣਾਏ ਹੋਏ ਹਨ । ਬੱਸ ਸਾਰਾ ਝਗੜਾ ਪ੍ਰਕਿਰਤੀ ਤੇ ਸੰਸਕ੍ਰਿਤੀ ਦਾ ਹੈ । ਮਨੁੱਖ ਆਪਣੇ ਲਈ ਸੰਗਲ ਵੀ ਆਪ ਤਿਆਰ ਕਰਦਾ ਹੈ, ਕੜੀਆਂ ਬੇੜੀਆਂ ਨੂੰ ਪਲੋਸਦਾ ਪਿਆਰਦਾ ਵੀ ਹੈ । ਗੁਲਾਮੀ ਦੀ ਦੁਹਾਈ ਵੀ ਮਚਾਉਂਦਾ ਹੈ । ਉਹਨੂੰ ਖ਼ੁਦ ਪਤਾ ਨਹੀਂ ਕੀ ਚਾਹੁੰਦਾ ਹੈ ।

ਮਰਦ ਤੀਵੀਂ ਨੂੰ ਚਾਹੁੰਦਾ ਹੈ । ਤੀਵੀਂ ਮਰਦ ਨੂੰ ਚਾਹੁੰਦੀ ਹੈ । ਮਰਦ 'ਭੋਗਤਾ' ਹੈ, ਤੇ ਤੀਵੀਂ 'ਭੋਗ' ਹੈ । ਮਰਦ ਤੀਵੀਂ ਦੀ ਉਸਤਤ ਕਰਦਾ ਹੈ । ਤੀਵੀਂ ਸੁਣਦੀ ਹੈ । ਮਰਦ ਲਿਖਦਾ ਹੈ ਤੀਵੀਂ ਪੜ੍ਹੇ ਭਾਵੇਂ ਨਾ । ਉਹਦੀ ਮਰਜ਼ੀ । ਅਸਲ ਵਿੱਚ ਮਰਦ ਕਿਸੇ ਤੀਵੀਂ ਵਿਸ਼ੇਸ਼ ਨਾਲ ਗੱਲ ਕਰਨੀ ਚਾਹੁੰਦਾ ਹੈ । ਬਹਾਨਾ ਕੋਈ ਬਣਦਾ ਨਹੀਂ । ਰਸਾਈ ਹੁੰਦੀ ਨਹੀਂ । ਉਹੀਓ ਗੱਲ ਉਹ ਅਖ਼ਬਾਰਾਂ ਰਸਾਲਿਆਂ ਵਿੱਚ ਛਪਵਾ ਦੇਂਦਾ ਹੈ, ਕਿਉਂਕਿ ਜ਼ਾਤੀ ਤੌਰ 'ਤੇ ਚਿੱਠੀ ਲਿਖਣ ਦਾ ਹੌਂਸਲਾ ਨਹੀਂ ਹੁੰਦਾ । ਤੀਵੀਂ ਦੀ ਇਹ ਅਖਾਉਤੀ ਬੇ-ਰੁਖੀ ਜਾਂ ਮਰਦ ਦਾ ਇੱਕ ਪਾਸੜ ਪਿਆਰ ਸਾਹਿੱਤ ਬਣੀ ਜਾਂਦਾ ਹੈ । ਆਦਮੀ ਏਨਾ ਸਿਆਣਾ ਹੋ ਚੁੱਕਾ ਹੈ ਪਰ ਹੁਣ ਤੱਕ ਸਮਝ ਨਹੀਂ ਸਕਿਆ ਕਿ ਜੇ ਸੰਸਾਰ ਦੀ ਹਰ ਚੀਜ਼ ਪਰਿਵਰਤਨਸ਼ੀਲ ਹੈ ਤਾਂ ਮਨੁੱਖ ਵਿੱਚ ਇੱਕਸਾਰਤਾ ਕਿਵੇਂ ਹੋ ਸਕਦੀ ਹੈ । ਮਨੁੱਖ ਨਵੀਨਤਾ ਦਾ ਸ਼ੈਦਾਈ ਹੈ । ਖੜੌਤ ਤੋਂ ਅੱਕ ਜਾਂਦਾ ਹੈ । ਰੁਟੀਨ ਖ਼ੁਦਕੁਸ਼ੀ ਹੈ । ਸਾਹਿੱਤ ਵਿੱਚ ਉਹ ਕੁਦਰਤ ਦੇ ਨੇੜੇ ਹੁੰਦਾ ਹੈ, ਇਸ ਲਈ ਆਜ਼ਾਦ ਹੁੰਦਾ ਹੈ । ਖੁਸ਼ ਹੁੰਦਾ ਹੈ । ਪਰ ਧਰਤੀ 'ਤੇ ਆਉਂਦਾ ਹੀ ਪੁਰਾਣੀ ਅੱਗ ਵਿੱਚ ਭੁੱਜਣ ਲੱਗ ਪੈਂਦਾ ਹੈ । ਆਰਥਿਕ ਲੋੜਾਂ ਦੀ ਪੂਰਤੀ ਮਾਹੌਲ ਨੂੰ ਸੁਖਾਵਾ ਤਾਂ ਬਣਾ ਸਕਦੀ ਹੈ, ਸਿਰਜਣਾਸ਼ੀਲਤਾ ਸੁਤੰਤਰ ਸਮੱਸਿਆ ਹੈ ।

ਮਨੁੱਖ ਸਿਆਣਾ ਹੋ ਹੀ ਨਹੀਂ ਸਕਦਾ ।
ਕਿਉਂਕਿ ਮਨੁੱਖ ਸਿਆਣਾ ਹੁੰਦਾ ਹੁੰਦਾ ਬੁੱਢਾ ਹੋ ਜਾਂਦਾ ਹੈ । ਮਰ ਜਾਂਦਾ ਹੈ ।
ਜੰਮਣ ਵੇਲੇ ਹਰ ਮਨੁੱਖ ਬੱਚਾ ਹੁੰਦਾ ਹੈ ।
ਬਚਪਨ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ/ਹੁੰਦੀ ਰਹੇਗੀ ।
ਮਨੁੱਖ ਸਦਾ ਵਾਂਗ ਮੁਕਤੀ ਦੀ ਭਾਲ ਵਿੱਚ ਰਹੇਗਾ ।

ਦਰ-ਅਸਲ ਸਾਹਿੱਤ ਆਪਣੇ ਆਪ ਵਿੱਚ ਇੱਕ ਸਮਾਨੰਤਰ ਸੰਸਾਰ ਹੁੰਦਾ ਹੈ । ਸਾਹਿੱਤ ਦੇ ਤੀਵੀਂ ਮਰਦ ਸੁਤੰਤਰ ਹੁੰਦੇ ਹਨ । ਉਹ ਪਤੀ ਪਤਨੀ ਨਹੀਂ ਹੁੰਦੇ । ਉਹਨਾਂ ਦੀਆਂ ਕੋਈ ਜ਼ੁੰਮੇਵਾਰੀਆਂ ਨਹੀਂ ਹੁੰਦੀਆਂ । ਉਹ ਆਦਮੀ ਨਹੀਂ, ਆਦਮੀ ਦਾ ਸੁਪਨਾ ਹੁੰਦੇ ਹਨ । ਸੁਪਨੇ ਦੀ ਰੀਸ ਕਰਦਾ ਕਰਦਾ ਬੰਦਾ ਘਰ ਦਾ ਦਰਵਾਜ਼ਾ ਦੂਜੇ ਬੰਨੇ ਲਾ ਬਹਿੰਦਾ ਹੈ ਤੇ ਪਿਛਲੇ ਦਰਵਾਜ਼ੇ 'ਤੇ ਬਹਿ ਕੇ ਤੀਵੀਂ ਦੇ ਖਿਲਾਫ਼ ਲਿਖਦਾ ਰਹਿੰਦਾ ਹੈ । ਮਰਦ ਸਰਾਪਿਆ ਹੋਇਆ ਹੈ । ਭਟਕਦਾ ਹੈ । ਤੀਵੀਂ ਸੰਪੰਨ ਹੈ । ਸੰਤੁਸ਼ਟ ਹੈ । ਰੱਜੀ ਹੋਈ ਹੈ । ਉਹਨੂੰ ਲਿਖਣ ਦੀ ਲੋੜ ਨਹੀਂ ।

ਹਾਂ ਜੀ, ਤਾਂ ਤੇ ਸਾਹਿੱਤਕਾਰ ਲਿੰਗ ਮੁਕਤ ਹੋਇਆ । ਲਿੰਗ ਮੁਕਤ ਤੀਵੀਂ ਸਾਹਿੱਤ ਦੇ ਖੇਤਰ ਵਿੱਚ ਪ੍ਰਵੇਸ਼ ਕਰ ਰਹੀ ਹੈ । ਸਾਹਿੱਤਕਾਰ ਬਣ ਰਹੀ ਹੈ । ਸਾਹਿੱਤ, ਮਰਦ ਦੀ ਜਾਗੀਰ ਨਹੀਂ । ਇਹ ਵੱਖਰੀ ਗੱਲ ਹੈ ਕਿ ਮਰਦ ਤੀਵੀਂ ਨੂੰ ਆਪਣੀ ਜਾਗੀਰ ਸਮਝਦਾ ਹੈ, ਸਾਹਿੱਤ ਨੂੰ ਵੀ ਸਮਝ ਸਕਦਾ ਹੈ । ਹੁਣ ਤੱਕ ਉਸਦੀ ਜਾਗੀਰ ਰਹੀ ਵੀ ਹੈ । ਜੇ ਤੀਵੀਂ ਵਾਲਾ ਭਰਮ ਟੁੱਟਾ ਹੈ ਤਾਂ ਸਾਹਿੱਤ ਵਾਲਾ ਵੀ ਟੁੱਟ ਰਿਹਾ ਹੈ । ਹੁਣ ਔਰਤ ਸਿਰਫ਼ ਮਾਂ ਭੈਣ ਦੇ ਰੂਪ ਵਿੱਚ ਹੀ ਨਹੀਂ, ਤੀਵੀਂ ਦੇ ਰੂਪ ਵਿੱਚ ਪ੍ਰਵਾਨਗੀ ਚਾਹੁੰਦੀ ਹੈ ।

ਮਾਂ-ਭੈਣ-ਧੀ-ਪਤਨੀ-ਪ੍ਰੇਮਿਕਾ ਤੋਂ ਇਲਾਵਾ ਉਹ ਆਪਣਾ ਤੀਵੀਂ ਬਿੰਬ ਵੀ ਕਾਇਮ ਰੱਖਣਾ ਚਾਹੁੰਦੀ ਹੈ । ਯਤਨਸ਼ੀਲ ਹੈ । ਆਪਣਾ ਪੁਰਾਣਾ ਬਿੰਬ ਆਪ ਹੀ ਤੋੜ ਰਹੀ ਹੈ । ਨਵੇਂ ਬਿੰਬ ਦਾ ਨਿਰਮਾਣ ਵੀ ਉਸਨੇ ਆਪ ਹੀ ਕਰਨਾ ਹੈ । ਮਰਦ ਦੇ ਖੰਭਾਂ ਨਾਲ ਉੱਡਣਾ ਹੁਣ ਉਹਨੂੰ ਰਾਸ ਨਹੀਂ ਆ ਸਕਦਾ । ਉਹ 'ਘਰਵਾਲੀ' ਹੁੰਦੀ ਹੋਈ ਵੀ ਘਰ ਤੋਂ ਬਾਹਰ ਨਿਕਲ ਆਈ ਹੈ । ਘਰ ਤੋਂ ਨਿਕਲ ਕੇ ਰਾਹ ਸਿਰਫ਼ ਬਾਜ਼ਾਰ ਵੱਲ ਹੀ ਨਹੀਂ ਜਾਂਦਾ, ਸਵੈਮਾਣ ਵੱਲ ਵੀ ਜਾਂਦਾ ਹੈ । ਮਰਦ ਵਾਂਗ ਹੁਣ ਤੀਵੀਂ ਵੀ ਪ੍ਰਕਿਰਤੀ ਅਤੇ ਸੰਸਕ੍ਰਿਤੀ ਨਾਲ ਦੋ-ਚਾਰ ਹੋ ਰਹੀ ਹੈ । ਰਾਖਵੀਂ ਰੋਸ਼ਨੀ ਤੋਂ ਬਾਹਰ ਝਾਕਣਾ ਉਹਨੂੰ ਨਸੀਬ ਹੋ ਰਿਹਾ ਹੈ । ਉਹਦੇ ਅਨੁਭਵਾਂ ਨੂੰ ਜ਼ੁਬਾਨ ਵੀ ਲੱਗ ਰਹੀ ਹੈ । ਮਨੁੱਖਤਾ ਨੂੰ ਬੋਲੀ ਸਿਖਾਉਣ ਵਾਲੀ ਤੀਵੀਂ ਆਪ ਸਿਰਫ਼ 'ਮੂਰਤੀ' ਬਣਕੇ ਨਹੀਂ ਰਹਿ ਸਕਦੀ । ਉਹ ਦਿਨ ਗਏ ਜਦੋਂ ਡੋਲੀ ਆਉਂਦੀ ਸੀ ਤੇ ਅਰਥੀ ਨਿਕਲਦੀ ਸੀ । ਤੀਵੀਂ ਬੇ-ਜੀਭੀ ਗਾਂ ਹੁੰਦੀ ਸੀ । ਤਰਸ ਦੀ ਪਾਤਰ ਹੁੰਦੀ ਸੀ :

'ਅਬਲਾ ਜੀਵਨ ਜੀਵਨ ਹਾਏ, ਤੁਮਹਾਰੀ ਯਹੀ ਕਹਾਨੀ ।
ਆਂਚਲ ਮੇਂ ਹੈ ਦੂਧ, ਔਰ ਆਂਖੋਂ ਮੇਂ ਪਾਨੀ

ਜੋ ਅੱਜ ਤੱਕ ਨਹੀਂ ਸੀ ਹੋਇਆ, ਅੱਜ ਹੋ ਰਿਹਾ ਹੈ । 'ਪਰਦੇ ਦੀ ਅਧਿਕਾਰੀ' ਹੁਣ ਆਪਣੇ ਅਸਲ ਅਧਿਕਾਰਾਂ ਪ੍ਰਤਿ ਸੁਚੇਤ ਹੋ ਰਹੀ ਹੈ । ਉਸਨੂੰ ਸਿਰਫ਼ ਜ਼ੁਬਾਨ ਹੀ ਨਹੀਂ ਤਲਵਾਰ ਵੀ ਚਲਾਉਣੀ ਆਉਂਦੀ ਹੈ ਤੇ ਕਲਮ ਵੀ । ਭੀੜ ਦੀ ਕੋਈ ਸ਼ਖਸੀਅਤ ਨਹੀਂ ਹੁੰਦੀ, ਵਿਅਕਤੀ ਦੀ ਹੁੰਦੀ ਹੈ । ਆਪਣੀ ਸ਼ਖ਼ਸੀਅਤ ਦੀ ਪਛਾਣ ਹੀ ਵਿਅਕਤੀ ਨੂੰ ਤੀਸਰੀ ਅੱਖ ਦੇਂਦੀ ਹੈ । ਪਿਉ, ਭਰਾ, ਪਤੀ, ਪੁੱਤ ਤੇ ਪ੍ਰੇਮੀ ਲਈ ਸਮਰਪਿਤ ਸ਼ਖ਼ਸੀਅਤ ਹੁਣ ਆਤਮ ਨਿਰਭਰ ਹੋ ਕੇ ਗੱਲ ਕਰਨ ਜੋਗੀ ਹੋ ਗਈ ਹੈ । ਲੋੜ ਇਸ ਗੱਲ ਦੀ ਹੈ ਕਿ ਤੀਵੀਂ ਅੱਜ ਸਾਹਿੱਤ ਵਾਲੀ ਤੀਵੀਂ ਨਾਲ ਬਰ ਨਾ ਮੇਚੇ । ਮਰਦ ਦੇ ਬੁਣੇ ਹੋਏ ਭਰਮ-ਜਾਲ 'ਚੋਂ ਬਾਹਰ ਨਿਕਲੇ । ਆਪਣੇ ਖੰਭਾਂ ਵਿੱਚ ਉਡਾਣ ਭਰੇ । ਪ੍ਰਤੀਕਾਂ, ਬਿੰਬਾਂ, ਵਿਸ਼ੇਸ਼ਣਾਂ ਤੇ ਅਲੰਕਾਰਾਂ ਚੋਂ ਨਿਕਲ ਕੇ ਯਥਾਰਥ ਦੀ ਜ਼ਮੀਨ ਉੱਤੇ ਆਵੇ ।

ਯਥਾਰਥ ਦੀ ਜ਼ਮੀਨ ਤਿਆਰ ਹੈ ਪਰ ਏਥੇ ਜੀਵਨ ਸਿਰਫ਼ ਸਹਿ-ਹੋਂਦ ਸਦਕਾ ਹੀ ਸੰਭਵ ਹੈ । ਪਹਿਲਾਂ ਮਰਦ ਨਾਰੀ ਨੂੰ ਨਿੰਦਦਾ ਰਿਹਾ । ਹੁਣ ਨਾਰੀ ਮਰਦ ਨੂੰ ਨਿੰਦਦੀ ਰਹੇ ਤਾਂ ਗੱਲ ਕੀ ਬਣੀ । ਮਰਦ ਨੇ 'ਮੂਰਖਤਾ' ਕੀਤੀ ਤਾਂ ਔਰਤ ਨੂੰ ਹੀ ਸਿਆਣਪ ਵਰਤਣੀ ਚਾਹੀਦੀ ਹੈ । ਚਾਹੀਦਾ ਤਾਂ ਹੋਰ ਵੀ ਬਹੁਤ ਕੁਝ ਹੈ ਪਰ ਹਾਲ ਦੀ ਘੜੀ ਸਾਨੂੰ ਆਪਣੇ ਨੁਕਤੇ 'ਤੇ ਵਾਪਸ ਆਉਣਾ ਚਾਹੀਦਾ ਹੈ । ਗੱਲ ਕਿਸੇ ਸਿਰੇ ਲਾਉਣੀ ਚਾਹੀਦੀ ਹੈ ।

ਗੱਲ ਤਾਂ ਜਿੱਥੇ ਪਹੁੰਚਣੀ ਸੀ ਪਹੁੰਚ ਗਈ । ਤੀਵੀਂ ਦੇ ਬਹਾਨੇ ਸਾਹਿੱਤ ਦੀ ਗੱਲ ਜਾਂ ਸਾਹਿੱਤ ਦੇ ਬਹਾਨੇ ਤੀਵੀਂ ਦੀ ਗੱਲ । ਦੋਹਾਂ ਦੇ ਬਹਾਨੇ ਆਪਣੀ ਗੱਲ । ਬੱਸ, ਤੀਵੀਂ ਅਤੇ ਸਾਹਿੱਤ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ । ਪਹਿਲਾਂ ਤੀਵੀਂ ਸਾਹਿੱਤ ਨਾਲ ਅਸਿੱਧੇ ਤੌਰ 'ਤੇ ਜੁੜੀ ਹੋਈ ਸੀ, ਹੁਣ ਸਿੱਧੇ ਤੌਰ 'ਤੇ ਸੰਬੰਧਿਤ ਹੈ । ਪਹਿਲਾਂ ਤੀਵੀਂ ਸਾਹਿੱਤ ਵਿੱਚ ਅਭੇਦ ਸੀ, ਹੁਣ ਸਾਹਿੱਤ-ਭੇਦ ਤੋਂ ਜਾਣੂ ਹੈ । ਪਹਿਲਾਂ ਵਸਤੂ ਸੀ, ਹੁਣ ਵਿਅਕਤੀ ਹੈ । ਜਿੱਥੇ ਵਿਅਕਤੀ ਹੈ ਓਥੇ ਅਭਿਵਿਅਕਤੀ ਵੀ ਜ਼ਰੂਰ ਹੋਵੇਗੀ ।

ਮੈਂ ਕਿਉਂ ਲਿਖਦਾ ਹਾਂ

ਲਿਖਣਾ ਮੇਰੀ ਤਪੱਸਿਆ ਹੈ, ਸਮੱਸਿਆ ਨਹੀਂ । ਸਾਡੇ ਬਜ਼ੁਰਗ ਤਪੱਸਿਆ ਕਰਦੇ ਸਨ, ਅਮਰ-ਪਦ ਦੀ ਪ੍ਰਾਪਤੀ ਲਈ । ਉਹ ਸਿਰਫ਼ ਤਪੱਸਿਆ ਕਰਦੇ ਸਨ, ਤਪੱਸਿਆ ਤੋਂ ਇਲਾਵਾ ਕੁਝ ਨਹੀਂ ਸਨ ਕਰਦੇ । ਮੈਂ ਤਪੱਸਿਆ ਕਰਦਾ ਹਾਂ, ਜ਼ਿੰਦਾ ਰਹਿਣ ਲਈ ਅਤੇ ਤਪੱਸਿਆ ਦੇ ਨਾਲ ਨਾਲ ਬਾਕੀ ਸਭ ਕੁਝ ਵੀ ਕਰਦਾ ਹਾਂ ਜੋ ਖੁੱਲ੍ਹੀਆਂ ਅੱਖਾਂ ਵਾਲੇ ਤਪੱਸਵੀ ਲਈ ਜ਼ਰੂਰੀ ਹੁੰਦਾ ਹੈ ।

ਜਿਨ੍ਹਾਂ ਨੂੰ ਸੱਜੇ ਖੱਬੇ ਦੀ ਪਛਾਣ ਨਹੀਂ ਹੁੰਦੀ, ਲੋੜ ਪੈਣ 'ਤੇ ਉਹ ਵੱਟਾ ਸੁੱਟ ਕੇ ਵੇਖਦੇ ਹਨ, ਕਿਹੜਾ ਹੱਥ ਦੂਰ ਤੱਕ ਮਾਰ ਕਰਦਾ ਹੈ । ਮੈਨੂੰ ਜਦੋਂ ਜੀਣ-ਮਰਨ ਵਿਚਲਾ ਫ਼ਰਕ ਪਤਾ ਨਾ ਲੱਗੇ ਤਾਂ ਲਿਖਕੇ ਦੇਖਦਾ ਹਾਂ । ਲਿਖਣਾ ਮੇਰੇ ਲਈ ਜੀਂਦੇ ਹੋਣ ਦੀ ਕਸੌਟੀ ਹੈ । ਲਿਖਣ ਦੀ ਪ੍ਰਕ੍ਰਿਆ ਨੂੰ ਮੈਂ ਲੇਖਨ ਨਾਲੋਂ ਤੋੜਕੇ ਨਹੀਂ ਵੇਖਦਾ । ਲਿਖਣ ਤੋਂ ਪਹਿਲਾਂ ਮੈਂ ਕੁਝ ਵੀ ਕਰ ਰਿਹਾ ਹੋਵਾਂ, ਲਿਖਣ ਦੀ ਪ੍ਰਕ੍ਰਿਆ 'ਚੋਂ ਲੰਘ ਰਿਹਾ ਹੁੰਦਾ ਹਾਂ । ਮੈਂ ਇਹ ਮੰਨਕੇ ਕਦੇ ਨਹੀਂ ਲਿਖਿਆ ਕਿ ਮੈਂ ਲੇਖਕ ਹਾਂ ਇਸ ਲਈ ਮੈਨੂੰ ਲਿਖਣਾ ਚਾਹੀਦਾ ਹੈ । ਕੋਈ ਵੀ ਲਿਖਤ ਮੈਂ ਇਹ ਸੋਚ ਕੇ ਸ਼ੁਰੂ ਕਰਦਾ ਹਾਂ ਕਿ ਸ਼ਾਇਦ ਇਸੇ ਲਿਖਤ ਦੇ ਸਿਰ 'ਤੇ ਮੈਂ ਲੇਖਕ ਬਣ ਜਾਵਾਂ!

ਦਸ ਵਰ੍ਹੇ ਕਵਿਤਾ ਲਿਖਣ ਪਿੱਛੋਂ ਜਦੋਂ ਖ਼ੁਦ ਨੂੰ ਸਵਾਲ ਕੀਤਾ ਕਿ ਮੈਂ ਕਿਉਂ ਲਿਖਦਾ ਹਾਂ ਤਾਂ ਜਵਾਬ ਤਸੱਲੀ-ਬਖ਼ਸ਼ ਨਾ ਮਿਲਿਆ । ਕਵਿਤਾ ਲਿਖਣੀ ਛੱਡ ਦਿੱਤੀ । ਕਵਿਤਾ ਛੱਡੀ ਤਾਂ ਅੱਧੀ ਤਸੱਲੀ ਮਿਲ ਗਈ; ਬਾਕੀ ਦੀ ਅੱਧੀ ਤਸੱਲੀ ਉਸ ਵਕਤ ਮਿਲੇਗੀ ਜਦੋਂ ਮੈਂ ਤਸੱਲੀ-ਬਖ਼ਸ਼ ਵਾਰਤਕ ਲਿਖਣ ਵਿੱਚ ਕਾਮਯਾਬ ਹੋ ਗਿਆ । ਮਤਲਬ ਇਹ ਬਿਲਕੁਲ ਨਹੀਂ ਕਿ ਕਵਿਤਾ ਨਾਲ ਮੇਰੀ ਕੋਈ ਦੁਸ਼ਮਣੀ ਹੈ, ਸਗੋਂ ਵੱਡੀ ਸੱਚਾਈ ਇਹ ਹੈ ਕਿ ਮੈਂ ਲੇਖਕ ਦੇ ਤੌਰ 'ਤੇ ਜੋ ਕੁਝ ਵੀ ਹਾਂ ਉਸ ਵਿੱਚ ਸਭ ਤੋਂ ਵੱਡਾ ਹਿੱਸਾ ਕਵਿਤਾ ਦੇ ਰਿਆਜ਼ ਵਾਲੇ ਦੌਰ ਦਾ ਹੈ ।

ਲਿਖਦਾ ਮੈਂ ਇਸ ਲਈ ਹਾਂ ਕਿ ਹਥਿਆਰ ਨਹੀਂ ਚੁੱਕ ਸਕਦਾ । ਸਰੀਰੋਂ ਕਮਜ਼ੋਰ ਹੋਣ ਕਰਕੇ ਕਲਮ ਨੂੰ ਅਸਲ ਤਾਕਤ ਮੰਨਦਾ ਹਾਂ । ਹਥਿਆਰ ਸ਼ਾਇਦ ਮੈਂ ਕਦੇ ਵੀ ਨਾ ਚੁੱਕ ਸਕਾਂ (ਖ਼ੁਦਕੁਸ਼ੀ ਲਈ ਵੀ ਨਹੀਂ) ਪਰ ਕਲਮ ਤੋਂ ਜੁਦਾਈ ਬਰਦਾਸ਼ਤ ਨਹੀਂ ਹੁੰਦੀ । ਜੇ ਕਦੇ ਕਲਮ ਜੇਬ ਵਿੱਚ ਨਾ ਹੋਵੇ ਤਾਂ ਮੈਂ ਆਪਣੇ ਆਪ ਵਿੱਚ ਨਹੀਂ ਹੁੰਦਾ ।

ਕਲਮ ਨਾਲ ਕਿਲੇ ਢਾਹੁਣਾ ਮੁਮਕਿਨ ਨਹੀਂ ਪਰ ਥੋਥੀਆਂ ਤੇ ਬੋਦੀਆਂ ਸ਼ਖ਼ਸੀਅਤਾਂ ਦੇ ਖ਼ੋਲਾਂ ਨੂੰ ਕਲਮ ਦੀ ਨੋਕ ਜੜ੍ਹਾਂ ਤੋਂ ਹਿਲਾ ਸਕਦੀ ਹੈ, ਇਹ ਮੇਰਾ ਅਜੋਂ ਹਿਲਾ ਸਕਦੀ ਹੈ, ਇਹ ਮੇਰਾ ਅਜ਼ਮੂਦਾ ਨੁਸਖ਼ਾ ਹੈ । ਸੱਪਾਂ ਦੀਆਂ ਸਿਰੀਆਂ ਮਿੱਧਣਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ ਅਤੇ ਇਹ ਵੀ ਜਾਣਦਾ ਹਾਂ ਕਿ ਸੱਟ ਖਾਧੇ ਸੱਪ ਵਧੇਰੇ ਖ਼ਤਰਨਾਕ ਹੁੰਦੇ ਹਨ, ਪਰ ਸ਼ੌਕ ਦੀ ਮਾਰਕੀਟ ਵਿੱਚ ਮਹਿੰਗਾਈ ਦਾ ਰੋਣਾ ਬੇਮਾਨੀ ਹੁੰਦਾ ਹੈ: ਇਹ ਮੇਰਾ ਸ਼ੌਕ ਹੈ, ਮਜਬੂਰੀ ਨਹੀਂ ।

ਕੁਝ ਸਮਕਾਲੀਆਂ ਨੂੰ ਅਤੇ ਕਈ ਵਾਰ ਘਰਦਿਆਂ ਨੂੰ ਵੀ ਇਅਤਰਾਜ਼ ਹੁੰਦਾ ਹੈ ਮੈਂ ਕਿਉਂ ਲਿਖਦਾ ਹਾਂ । ਸੱਚਾਈ ਦੀ ਪਾਣ ਕਲਾ ਦੀ ਘਾਟ ਨੂੰ ਵੀ ਲੁਕੋਕਉਂ ਲਿਖਦਾ ਹਾਂ । ਸੱਚਾਈ ਦੀ ਪਾਣ ਕਲਾ ਦੀ ਘਾਟ ਨੂੰ ਵੀ ਲੁਕੋ ਲੈਂਦੀ ਹੈ । ਪ੍ਰਤਿਭਾ ਪ੍ਰਾਕ੍ਰਿਤੀ ਦੀ ਦੇਣ ਹੁੰਦੀ ਹੈ; ਹੁਨਰ ਹਾਲਾਤ ਦੀ ਦੇਣ ਹੁੰਦੀ ਹੈ; ਕੌਸ਼ਲਤਾ ਅਭਿਆਸ ਦੀ ਦੇਣ ਹੁੰਦੀ ਹੈ । ਮੈਂ ਅਭਿਆਸ ਦੀ ਅਵੱਸਥਾ ਵਿੱਚ ਹਾਂ । ਨਕਲ ਤੋਂ ਨਫ਼ਰਤ ਕਰਦਾ ਹਾਂ, ਇਸ ਲਈ ਆਪਣੀ ਨਕਲ ਮਾਰਨ ਤੋਂ ਵੀ ਗੁਰੇਜ਼ ਕਰਦਾ ਹਾਂ । ਕੋਸ਼ਿਸ਼ ਹੁੰਦੀ ਹੈ ਕਿ ਹਰ ਲਿਖਤ ਵਿੱਚ ਕੁਝ ਨਵਾਂ ਜਾਂ ਵੱਖਰਾ ਕਹਿ ਸਕਾਂ । ਜੇਕਰ ਅਜਿਹਾ ਨਾ ਕਰ ਸਕਦਾ ਹੋਵਾਂ ਤਾਂ ਕਲਮ ਨਾਲ ਧੱਕਾ ਨਹੀਂ ਕਰਦਾ ।

ਕਲਮ ਦਾ ਰਾਹ ਮੈਂ ਸੋਚ ਸਮਝ ਕੇ ਨਹੀਂ ਚੁਣਿਆ । ਜਿਵੇਂ ਸੋਚ ਸਮਝ ਕੇ ਨਹੀਂ ਚੁਣਿਆ । ਜਿਵੇਂ ਮੈਂ ਤੁਰਨ ਲੱਗ ਪਿਆ, ਉਵੇਂ ਲਿਖਣ ਲੱਗ ਪਿਆ । ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਮੇਰੀ ਤੋਰ ਪਸੰਦ ਨਹੀਂ, ਕਿਸੇ ਨੂੰ ਮੇਰੀ ਲਿਖਤ ਪਸੰਦ ਨਹੀਂ । ਪਰ ਕੀ ਕਰਾਂ ਰਚਨਾ ਮੇਰਾ ਬਦਨ ਹੈ ਲਿਬਾਸ ਨਹੀਂ । ਸ਼ੁਰੂ ਵਿੱਚ ਸਿਰਫ਼ ਆਪਣੇ ਲਈ ਲਿਖਦਾਂ ਸਾਂ, ਫਿਰ ਕਿਸੇ ਇੱਕ ਲਈ ਲਿਖਣ ਲੱਗ ਪਿਆ, ਹੁਣ ਸਭ ਲਈ ਲਿਖਦਾਂ ਹਾਂ । ਸਭ ਵਿੱਚ ਮੈਂ ਵੀ ਸ਼ਾਮਿਲ ਹਾਂ ਅਤੇ ਕੋਈ ਇੱਕ ਵੀ ।

ਸਵੈ-ਪ੍ਰਸ਼ੰਸਾ ਦਾ ਰੋਗ ਸਭ ਤੋਂ ਵੱਧ ਮਾਰੂ ਹੁੰਦਾ ਹੁੰਦਾ ਹੈ । ਇਸ ਰੋਗ ਤੋਂ ਕੋਹਾਂ ਦੂਰ ਭੱਜਦਾ ਹਾਂ ਪਰ ਸੱਚਾਈ ਤੋਂ ਕਿਵੇਂ ਭੱਜਾਂ ਕਿ ਮੈਨੂੰ ਯੋਗਤਾ ਤੋਂ ਕਿਤੇ ਵੱਧ ਪ੍ਰ੍ਰਸ਼ੰਸਾ ਮਿਲੀ ਹੈ । ਪ੍ਰਸ਼ੰਸਾ ਦੇ ਹਾਣ ਹੋਣ ਲਈ ਹੋਰ ਲਿਖਦਾ ਹਾਂ । ਕੀ ਲਿਖਦਾ ਹਾਂ? - ਇਹ ਵਰਤਮਾਨ ਵਿਸ਼ਾ ਨਹੀਂ । ਉਂਝ ਵੀ ਜਦੋਂ ਕਿਤਾਬ ਛਪ ਜਾਂਦੀ ਹੈ ਤਾਂ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਕੀ ਲਿਖਦਾ ਹੈ?

ਮੈਂ ਕਿਵੇਂ ਲਿਖਦਾ ਹਾਂ

(ਜਿਸ ਕਿਸੇ ਨਾਲ ਵੀ ਸੰਬੰਧਿਤ ਹੋਵੇ)

ਖ਼ੁਦ ਨੂੰ ਮੁਖ਼ਾਤਿਬ ਹੋਣਾ ਬੜਾ ਸੌਖਾ ਤੇ ਨਿੱਜੀ ਜਿਹਾ ਕੰਮ ਹੈ । ਇਹ ਆਪਣੇ ਅੰਦਰ ਝਾਤੀ ਮਾਰਨ ਵਾਲੀ ਗੱਲ ਹੈ, ਜਿਸ ਨੂੰ ਆਤਮ-ਪੜਚੋਲ ਕਿਹਾ ਜਾ ਸਕਦਾ ਹੈ । ਪਰ ਇਹ ਪੜਾਅ ਬੜਾ ਅਗਾਂਹ ਚੱਲ ਕੇ ਆਉਂਦਾ ਹੈ । ਲਿਖਣ ਬਾਰੇ ਲਿਖਣਾ, ਲਿਖਣ ਵਾਲੇ ਲਈ ਜਿੰਨਾ ਸੌਖਾ ਸਮਝ ਲਿਆ ਜਾਂਦਾ ਹੈ, ਓਨਾ ਹੈ ਨਹੀਂ ।

ਪਹਿਲਾ ਸਵਾਲ ਇਹ ਹੋਣਾ ਚਾਹੀਦਾ ਹੈ: ਮੈਂ ਕਿਉਂ ਲਿਖਦਾ ਹਾਂ? ਇਹ ਠੀਕ ਹੈ ਕਿ ਲਿਖਣ ਦਾ ਸਾਨੂੰ ਸੰਵਿਧਾਨਕ ਹੱਕ ਹੈ, ਪਰ ਸਾਰੇ ਲੋਕ ਤਾਂ ਇਸ ਹੱਕ ਦੀ ਵਰਤੋਂ ਨਹੀਂ ਕਰਦੇ । ਉਹ ਕਿਹੜੇ ਹਾਲਾਤ ਹਨ ਜਿਹੜੇ ਕਿਸੇ ਨੂੰ ਕਲਮ ਚੁੱਕਣ ਲਈ ਮਜਬੂਰ ਕਰਦੇ ਹਨ ਤੇ ਬੰਦਾ ਲਿਖਦਾ ਲਿਖਦਾ ਆਪਣੀ ਕਮਰ ਤੋੜ ਲੈਂਦਾ ਹੈ । ਜੇਕਰ ਇਹ ਰੋਜ਼ੀ-ਰੋਟੀ ਦਾ ਵਸੀਲਾ ਹੈ ਤਾਂ ਜ਼ਰੂਰ ਦੱਸੋ, ਅਸੀਂ ਸੁਣਨ ਲਈ ਤਿਆਰ ਹਾਂ ।

ਦੂਜਾ ਸਵਾਲ ਬਣਦਾ ਹੈ: ਮੈਂ ਲਿਖਦਾ ਕੀ ਹਾਂ? ਚੰਗਾ ਲਿਖੋ, ਮਾੜਾ ਲਿਖੋ, ਤੁਹਾਡਾ ਨਿੱਜੀ ਮਾਮਲਾ ਹੈ । ਪਰ ਜਦੋਂ ਤੁਸੀਂ ਦੱਸਣ ਲੱਗੇ ਹੋ ਤਾਂ ਮਾਮਲਾ ਹੁਣ ਤੁਹਾਡਾ ਨਿੱਜੀ ਬਿਲਕੁਲ ਨਹੀਂ ਰਿਹਾ । ਜੇ ਇਸ ਗੱਲ ਦਾ ਨਿਰਣਾ ਤੁਸੀਂ ਚੁੱਪ-ਚੁਪੀਤੇ ਕਰ ਲਿਆ ਹੈ ਤਾਂ ਸਿਆਣੀ ਗੱਲ ਹੈ । ਕੋਈ ਕਾਹਲ ਨਹੀਂ, ਪਹਿਲਾਂ ਓਨਾ ਕੁ ਉਹੋ ਜਿਹਾ ਲਿਖ ਲਉ, ਜਿਸ ਬਾਰੇ ਗੱਲ ਕਰਨੀ ਚਾਹੁੰਦੇ ਹੋ । ਅਸੀਂ ਉਡੀਕ ਕਰਾਂਗੇ । ਪਰਦੇ ਪਿੱਛੇ ਜਾ ਕੇ ਆਰਾਮ ਨਾਲ ਬੈਠੋ, ਕਿਸੇ ਹੋਰ ਨੂੰ ਬੋਲਣ ਦਿਉ ।

ਤੀਜਾ ਸਵਾਲ ਹੈ: ਮੈਂ ਕਿਉਂ ਛਪਦਾ ਹਾਂ? ਤੁਸੀਂ ਲਿਖੀ ਜਾਉ, ਲਿਖੀ ਜਾਉ! ਕੁਇੰਟਲਾਂ ਦੇ ਹਿਸਾਬ ਨਾਲ ਸਟੇਸ਼ਨਰੀ ਦੀ ਵਰਤੋਂ ਕਰੋ । ਡਾਇਰੀ ਲਿਖੋ । ਸ਼ਾਇਰੀ ਲਿਖੋ । ਪਰ ਜਦੋਂ ਛਪੋਗੇ ਤਾਂ ਅਸੀਂ ਜ਼ਰੂਰ ਪੁੱਛਾਂਗੇ । ਤੁਹਾਨੂੰ ਕੋਈ ਪੁੱਛਣ ਵਾਲਾ ਵੀ ਤਾਂ ਹੋਣਾ ਚਾਹੀਦਾ ਹੈ! ਆਜ਼ਾਦੀ ਕਮਰੇ ਤੱਕ ਹੁੰਦੀ ਹੈ; ਬਾਜ਼ਾਰ ਵਿੱਚ ਨਹੀਂ । ਜੇਕਰ ਸੰਪਾਦਕ ਤੁਹਾਡਾ ਦੋਸਤ ਹੈ, ਪ੍ਰਕਾਸ਼ਕ ਤੁਹਾਡਾ ਰਿਸ਼ਤੇਦਾਰ ਹੈ; ਜਾਂ ਕਿਸੇ ਕੁਰਸੀ ਕਾਰਨ ਇਹ ਦੋਵੇਂ ਤੁਹਾਡੇ ਪਾਵੇ ਨਾਲ ਬੱਝੇ ਹੋਏ ਹਨ ਤਾਂ ਵੀ ਸਮੇਂ ਤੋਂ ਡਰੋ । ਜੇਕਰ ਤੁਹਾਡੀਆਂ ਲਿਖਤਾਂ ਸਾਡੇ ਜਾਂ ਸਾਡੇ ਬੱਚਿਆਂ ਦੇ ਕੋਰਸਾਂ ਵਿੱਚ ਲੱਗ ਜਾਣਗੀਆਂ ਤਾਂ ਅਸੀਂ ਤੁਹਾਡੇ ਵਿਦਿਆਰਥੀ ਬਣ ਜਾਵਾਂਗੇ; ਸਾਡੇ ਬੱਚੇ ਤੁਹਾਡੇ 'ਜਬਰੀ ਪਾਠਕ' ਬਣ ਜਾਣਗੇ । ਪਰ ਬੁਨਿਆਦੀ ਨੁਕਤਾ ਕਿਉਂ ਭੁੱਲਦੇ ਹੋ । ਹਰ ਕੋਰਸ ਦੀ ਇੱਕ ਮੁਨਿਆਦ ਹੁੰਦੀ ਹੈ । ਮੁਨਿਆਦੀ ਲੇਖਕ ਹੋ ਤਾਂ ਨਾਲ ਦੀ ਖਿੜਕੀ 'ਤੇ ਹੋ ਜਾਉ!

ਚੌਥਾ ਸਵਾਲ ਹੈ: ਮੈਂ ਕਿਨ੍ਹਾਂ ਲਈ ਲਿਖਦਾ ਹਾਂ? ਅਖ਼ਬਾਰਾਂ ਰਸਾਲਿਆਂ ਲਈ? ਰੇਡੀਓ-ਟੈਲੀਵੀਜ਼ਨ ਲਈ? ਕਿਸੇ ਨੂੰ ਖ਼ੁਸ਼ ਜਾਂ ਨਰਾਜ਼ ਕਰਨ ਲਈ? ਜੰਮ ਜੰਮ ਲਿਖੋ । ਜ਼ਿੰਦਾ ਰਹਿਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ । ਕਿਸੇ ਲਈ ਵੀ ਲਿਖੋ, ਪਰ ਜੇਕਰ ਤੁਸੀਂ ਅੰਦਰ ਵੱਲ ਨੂੰ ਮੂੰਹ ਕਰਕੇ ਲਿਖਦੇ ਹੋ ਤਾਂ ਜੀ ਆਇਆਂ! ਬੜੀ ਚੰਗੀ ਗੱਲ ਹੈ ਕਿ ਤੁਸੀਂ ਸਾਡੇ 'ਤੇ ਨਿਰਭਰ ਨਹੀਂ ਕਰਦੇ । ਮਾਧਿਅਮ ਦੇ ਅਨੁਸਾਰ ਲਿਖਦੇ ਹੋ । ਜਦੋਂ ਲੋੜ ਪਈ, ਤੁਹਾਨੂੰ ਪਛਾਣ ਲਵਾਂਗੇ ਪਰ ਸਾਨੂੰ ਇਹ ਦੱਸਣ ਦੀ ਜ਼ਬਰਦਸਤੀ ਕੋਸ਼ਿਸ਼ ਨਾ ਕਰੋ: ਮੈਂ ਕਿਵੇਂ ਲਿਖਦਾ ਹਾਂ? ਸਮਾਂ ਆਉਣ 'ਤੇ ਅਸੀਂ ਆਪੇ ਪੁੱਛ ਲਵਾਂਗੇ ।

ਅਸੀਂ ਮੰਨਦੇ ਹਾਂ ਕਿ ਅਸੀਂ ਤੁਹਾਡੀ ਆਜ਼ਾਦੀ ਵਿੱਚ ਦਖ਼ਲ ਦੇਣ ਦੀ ਖੁੱਲ੍ਹ ਲੈ ਰਹੇ ਹਾਂ । ਇਸ ਮਾਮਲੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ?-ਕਹੋ; ਗੱਲ ਨਿਤਾਰਨ ਲਈ ਤੁਹਾਡਾ ਬਿਆਨ ਜ਼ਰੂਰੀ ਹੈ! ਤੁਸੀਂ ਕਹੋਗੇ:

- ਹਰ ਐਰੇ ਗੈਰੇ ਦੀ ਗੱਲ ਮੰਨਣ ਲੱਗੀਏ ਤਾਂ ਅਸੀਂ ਕੁਝ ਲਿਖ ਹੀ ਨਹੀਂ ਸਕਾਂਗੇ । ਅਸੀਂ ਤਾਂ ਲਿਖਾਂਗੇ, ਛਾਪਾਂਗੇ । ਤੁਹਾਨੂੰ ਨਹੀਂ ਚੰਗਾ ਲੱਗਦਾ, ਨਾ ਪੜ੍ਹੋ ।

- ਤੁਹਾਨੂੰ ਸਾਹਿੱਤ ਦੀ ਕੀ ਸਮਝ ਹੈ? ਕੀ ਤੁਹਾਨੂੰ ਗੁਰੂ ਨਾਨਕ ਦੀ ਬਾਣੀ ਜਾਂ ਵਾਰਸ ਦੀ ਹੀਰ ਪੂਰੀ ਤਰ੍ਹਾਂ ਸਮਝ ਆਉਂਦੀ ਹੈ? ਜੇਕਰ ਉਹ ਸਮਝ ਨਹੀਂ ਆਉਂਦੀ ਤਾਂ ਸਾਡੀਆਂ ਲਿਖਤਾਂ ਸਮਝ ਕੇ ਤੁਸੀਂ ਕੀ ਲੈਣਾ ਹੈ? ਆਪਣਾ ਕੰਮ ਕਰੋ । ਸਾਨੂੰ ਭਾਵੀ ਪੀੜ੍ਹੀਆਂ ਲਈ ਲਿਖਣ ਦਿਉ?

-ਕਿਤਾਬ ਰਸਾਲਾ ਖਰੀਦ ਕੇ ਕਦੇ ਪੜ੍ਹਦੇ ਨਹੀਂ, ਨੁਕਸਬੀਨੀਆਂ ਤੇ ਨੁਕਤਾਚੀਨੀਆਂ ਲਈ ਸ਼ੇਰ ਹੋ ਜਾਂਦੇ ਓ । ਆਪ ਕਦੇ ਲਿਖ ਕੇ ਵੇਖੀ ਐ ਇੱਕ ਲਾਈਨ ਵੀ? ਲਿਖਣਾ ਪਏ ਤਾਂ ਨਾਨੀ ਚੇਤੇ ਆ ਜਾਏ!

ਚਲੋ, ਤੁਹਾਨੂੰ ਤਾਂ ਨਾਨੀ ਚੇਤੇ ਹੈ । ਸ਼ਾਇਦ ਏਸੇ ਲਈ ਮਾਂ-ਬੋਲੀ ਦਾ ਹੁਲੀਆ ਵਿਗਾੜ ਰਹੇ ਹੋ ਨਾ! ਸਾਨੂੰ ਤਾਂ ਕੰਮ ਦੀਆਂ ਚੀਜ਼ਾਂ ਜ਼ਬਾਨੀ ਚੇਤੇ ਹਨ । ਤੁਸੀਂ ਕਿਸੇ ਦੂਸਰੀ ਦੁਨੀਆ ਦੇ ਬਸ਼ਿੰਦੇ ਹੋ: ਐਰੇ ਗੈਰੇ ਦੀ ਸਲਾਹ ਨਾ ਮੰਨੋ, ਪਰ ਆਪਣੀ ਬਿਰਾਦਰੀ ਦੇ ਕਿਸੇ ਸਿਆਣੇ ਬੰਦੇ ਦਾ ਮਸ਼ਵਰਾ ਸੁਣਨ ਦਾ ਸਮਾਂ ਤਾਂ ਕੱਢ ਹੀ ਲਵੋਗੇ? ਸੁਣੋ, ਐਜਰਾ ਪਾਊਂਡ ਕੀ ਕਹਿੰਦਾ ਹੈ:

'' - ਇੱਕ ਉਮਰ ਵਿੱਚ ਸਿਰਫ਼ ਇੱਕ 'ਬਿੰਬ' ਪੇਸ਼ ਕਰ ਜਾਣਾ, ਢੇਰਾਂ ਦੇ ਢੇਰ ਕਿਤਾਬਾਂ ਲਿਖ ਜਾਣ ਨਾਲੋਂ ਬੇਹਤਰ ਹੈ!

- ਅਜਿਹੀ ਕੋਈ ਗੱਲ, ਚਲਾਊ ਜਹੀ ਕਵਿਤਾ ਵਿੱਚ ਦੁਹਰਾਉਣ ਦਾ ਯਤਨ ਨਾ ਕਰੋ ਜਿਹੜੀ ਪਹਿਲਾਂ ਕਿਸੇ ਨੇ ਵਧੀਆ ਵਾਰਤਕ ਵਿੱਚ ਕਹੀ ਹੋਈ ਹੈ!

- ਲਿਖਣ ਵੇਲੇ ਇੱਕ ਵਿਗਿਆਨੀ ਵਾਂਗ ਸੋਚੋ, ਨਾ ਕਿ ਨਵਨਵੀਂ ਸਾਬਣ ਫੈਕਟਰੀ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਏਜੰਟ ਵਾਂਗੂੰ!

- ਇਹ ਕਦੀ ਨਾ ਸੋਚੋ ਕਿ ਜਿਹੜੀ ਚੀਜ਼ ਵਾਰਤਕ ਵਿੱਚ ਲਿਖਣ ਨਾਲ ਭੱਦੀ ਲੱਗਦੀ ਹੈ ਉਹ ਸਿਰਫ਼ ਛੰਦਾ-ਬੰਦੀ ਕਰਕੇ ਚੱਲ ਜਾਏਗੀ ।

- ਜਿਹੜੀ ਲਿਖਤ ਸਾਹਿੱਤ ਦੀ ਉੱਚੀ ਸੂਝ-ਬੂਝ ਰੱਖਣ ਵਾਲਿਆਂ ਨੂੰ ਅੱਜ ਘਟੀਆ ਲੱਗਦੀ ਹੈ, ਆਮ ਪਾਠਕ ਨੂੰ ਉਹ ਕੱਲ੍ਹ ਘਟੀਆ ਲੱਗਣ ਲੱਗ ਜਾਵੇਗੀ ।

- ਕਦੀ ਨਾ ਸੋਚੋ ਕਿ ਕਾਵਿ-ਕਲਾ, ਸੰਗੀਤ ਕਲਾ ਨਾਲੋਂ ਕਿਸੇ ਵੀ ਤਰ੍ਹਾਂ ਸਹਿਲ ਹੈ, ਅਤੇ ਤੁਸੀਂ ਕਵਿਤਾ ਦੇ ਹੁਨਰ 'ਤੇ ਘੱਟੋ ਘੱਟ ਓਨੀ ਕੁ ਮਿਹਨਤ ਕਰਨ ਤੋਂ ਬਿਨਾਂ ਕਿਸੇ ਸਮਝਦਾਰ ਪਾਠਕ ਨੂੰ ਖ਼ੁਸ਼ ਕਰ ਲਵੋਗੇ, ਜਿੰਨੀ ਕੁ ਇੱਕ ਔਸਤ ਪਿਆਨੋ ਟੀਚਰ ਨੂੰ ਸੰਗੀਤ ਕਲਾ ਲਈ ਕਰਨੀ ਪੈਂਦੀ ਹੈ -- '' ਹੁਣ ਜਾਉ । ਬੰਦ ਕਮਰੇ ਵਿੱਚ ਕੁਝ ਮਿਨਟ ਇਕੱਠਿਆਂ ਬਿਤਾਓ । ਸੋਚੋ: 'ਮੈਂ ਕਿਵੇਂ ਲਿਖਦਾ ਹਾਂ?'

ਕਲਮਵਾਨਾਂ ਦੀ ਕਥਾ

ਕਿਹਾ ਜਾਂਦਾ ਹੈ ਕਿ ਪੰਜਾਬੀ ਦੀ ਐਮ. ਏ. ਜਾਂ ਗਿਆਨੀ ਪਾਸ ਕਰ ਲੈਣ ਵਾਲਾ ਹਰ ਵਿਅਕਤੀ ਆਪਣੇ ਆਪ ਨੂੰ ਲੇਖਕ, ਜਾਂ ਘੱਟੋ ਘੱਟ ਆਲੋਚਕ ਤਾਂ ਜ਼ਰੂਰ ਹੀ ਸਮਝਦਾ ਹੈ । ਪੀ. ਐੱਚ. ਡੀ. ਕਰ ਲੈਣ ਵਾਲਾ ਤਾਂ ਖ਼ੁਦ ਨੂੰ 'ਪੰਜੀਕ੍ਰਿਤ ਵਿਦਵਾਨ' ਘੋਸ਼ਿਤ ਕਰ ਦੇਂਦਾ ਹੈ । ਇਹ ਵਿਚਾਰੇ ਪੰਜਾਬੀ ਵਾਲਿਆਂ ਨਾਲ ਸਰਾਸਰ ਜ਼ਿਆਦਤੀ ਹੈ । ਜਦੋਂ ਆਰਟ ਦਾ ਡਿਪਲੋਮਾ ਹੋਲਡਰ ਆਰਟਿਸਟ ਅਖਵਾਉਂਦਾ ਹੈ, ਕਾਨੂੰਨ ਦੀ ਪੜ੍ਹਾਈ ਕਰਨ ਵਾਲਾ ਵਕੀਲ ਹੋ ਜਾਂਦਾ ਹੈ, ਦਵਾਈਆਂ ਦੀ ਬੀ. ਏ. ਪਾਸ ਕਰ ਲੈਣ ਵਾਲਾ ਖ਼ੁਦ-ਬ- ਖ਼ੁਦ ਡਾਕਟਰ ਹੋ ਜਾਂਦਾ ਹੈ ਤਾਂ ਕਿਸੇ ਨੂੰ ਕੋਈ ਇਅਤਰਾਜ਼ ਨਹੀਂ ਹੁੰਦਾ । ਘਟੀਆ ਤੋਂ ਘਟੀਆ ਡਾਕਟਰ ਜਾਂ ਵਕੀਲ ਦੀ ਵੀ ਸਾਲਾਂ ਦੀ ਗਿਣਤੀ ਦੇ ਨਾਲ ਨਾਲ 'ਸਟੈਂਡਿੰਗ' ਵਧਦੀ ਜਾਂਦੀ ਹੈ, 'ਸਟੈਂਡਿੰਗ' ਦੇ ਹਿਸਾਬ ਨਾਲ 'ਪ੍ਰੈਕਟਿਸ' ਵਧਦੀ ਜਾਂਦੀ ਹੈ ਅਤੇ 'ਪ੍ਰੈਕਟਿਸ' ਦੇ ਹਿਸਾਬ ਨਾਲ 'ਫ਼ੀਸ' ਵਧਦੀ ਜਾਂਦੀ ਹੈ । ਪਰ ਲੇਖਕ ਦੀ ਸਿਰਫ਼ ਉਮਰ ਵਧਦੀ ਹੈ, ਜਾਂ ਕੱਦ ਵਧਦਾ ਹੈ, ਜਾਂ ਕਿਤਾਬਾਂ ਦੀ ਸੂਚੀ ਵਧਦੀ ਹੈ । ਕੁੱਲ ਮਿਲਾ ਕੇ 'ਫਰੱਸਟਰੇਸ਼ਨ' ਵਧਦੀ ਹੈ । ਦੇਸ ਦੀ ਵਧਦੀ ਆਬਾਦੀ ਦਾ ਸਰਕਾਰ ਨੂੰ ਫ਼ਿਕਰ ਹੈ, ਲੋਕਾਂ ਵਿੱਚ ਵਧਦੀ ਬੇਚੈਨੀ ਦਾ ਵਿਰੋਧੀ ਦਲਾਂ ਨੂੰ ਫ਼ਿਕਰ ਹੈ, ਪਰ ਲੇਖਕਾਂ ਵਿੱਚ ਵਧਦੀ ਕਿਸੇ ਵੀ 'ਚੀਜ਼' ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ । ਸਾਡੇ ਲਈ ਏਹੋ ਸਭ ਤੋਂ ਵੱਧ ਫ਼ਿਕਰ ਵਾਲੀ ਗੱਲ ਹੈ ।

ਆਉ ਫ਼ਿਕਰਮੰਦ ਹੋਈਏ :

ਕਿਸੇ ਮਿਆਰੀ ਅਦਬੀ ਰਸਾਲੇ ਦੀਆਂ ਦਸ ਸਲਾਨਾ ਜਿਲਦਾਂ ਲਉ । ਤਤਕਰੇ ਵੇਖ ਕੇ ਲੇਖਕਾਂ ਦੀ ਸੂਚੀ ਬਣਾਉ । ਗਿਣਤੀ ਕਰੋ: ਕੌਣ ਸਾਲ ਵਿੱਚ ਕਿੰਨੀ ਵਾਰੀ ਛਪਿਆ ਹੈ? ਕੁੱਲ ਕਿੰਨੇ ਲੇਖਕ ਛਪੇ ਹਨ । ਕਦੇ ਕਦਾਈਾ ਛਪਣ ਵਾਲੇ ਸ਼ੁਗਲੀਆਂ ਨੂੰ ਛੱਡ ਦਿਉ । ਦਸਾਂ ਜਿਲਦਾਂ 'ਚੋਂ ਫਿਰ ਵੀ ਤੁਹਾਨੂੰ ਘੱਟੋ ਘੱਟ ਦਸ ਗੰਭੀਰ ਲੇਖਕ ਤਾਂ ਲੱਭ ਹੀ ਪੈਣਗੇ । ...ਹੁਣ ਵਰਤਮਾਨ ਵਿੱਚ ਪ੍ਰਵੇਸ਼ ਕਰ ਜਾਉ । ਵੇਖੋ ਕਿ ਉਨ੍ਹਾਂ ਦਸਾਂ 'ਚੋਂ ਕਿੰਨੇ ਬਚੇ ਹਨ ਜਿਹੜੇ ਕਲਮ ਦਾ ਸਿਰੜ ਪਾਲ ਰਹੇ ਹਨ । ਮੰਨ ਲਉ, ਤੁਹਾਨੂੰ ਅਜਿਹੀਆਂ ਚਾਰ ਸਿਰੜੀ ਹਸਤੀਆਂ ਲੱਭ ਪੈਂਦੀਆਂ ਹਨ । ਅਗਲਾ ਕੰਮ ਤੁਹਾਡਾ ਇਹ ਵੇਖਣ ਦਾ ਹੈ ਕਿ ਉਨ੍ਹਾਂ ਚਹੁੰ 'ਚੋਂ ਵਕਤ ਦੀ ਕਸਵੱਟੀ 'ਤੇ ਕੌਣ ਕੌਣ ਪੂਰਾ ਉਤਰਿਆ ਹੈ? ਕਲਮ ਘਸੀਟਣ ਵਾਲਿਆਂ ਨੂੰ ਮਨਫ਼ੀ ਕਰ ਦਿਉ । ਸ਼ਾਹ ਅਸਵਾਰਾਂ ਦੀ ਗੱਲ ਕਰੋ ।...ਪਰ ਗੱਲ ਤਾਂ ਕਰੋ । ਤੁਸੀਂ ਤਾਂ ਗੱਲ ਵੀ ਨਹੀਂ ਕਰਦੇ ।

ਜੇ ਕੋਈ ਸ਼ਹਿਰ ਦੇ ਨਲਕੇ ਬਾਰੇ ਲਿਖਦਾ ਹੈ, ਲੇਖਕ ਹੈ ।
ਗੁਸਲਖ਼ਾਨੇ ਬਾਰੇ ਲਿਖਦਾ ਹੈ, ਲੇਖਕ ਹੈ ।
ਪਿੰਡ ਦੀ ਅਹੀਰਨ ਗੋਹੇ ਥੱਪਦੀ ਬਾਰੇ ਲਿਖਦਾ ਹੈ, ਲੇਖਕ ਹੈ ।

ਤੇ ਜੇ ਕੋਈ ਲੇਖਕ ਬਾਰੇ ਲਿਖਦਾ ਹੈ, ਲੇਖਕ ਨਹੀਂ । ਉਸ ਦਾ ਦਾਇਰਾ ਸੀਮਿਤ ਹੈ! ਉਸ ਦੀ ਸੋਚ ਸੌੜੀ ਹੈ! ਉਸ ਦੀ ਦ੍ਰਿਸ਼ਟੀ ਗੰਧਲੀ ਹੈ । ਉਹ ਛੁਰਲੀਆਂ ਛੱਡਦਾ ਹੈ । ਉਹ ਚਿੱਕੜ ਉਛਾਲਦਾ ਹੈ! ਉਹ ਆਪਣੀ ਪ੍ਰਤਿਭਾ ਦਾ ਨਾਸ ਮਾਰਦਾ ਹੈ! (ਜਾਂ ਫਿਰ ਸਿਰ ਭਾਰ ਹੋ ਕਿਸੇ ਦੀ ਆਰਤੀ ਉਤਾਰਦਾ ਹੈ!)

ਸ਼ਾਇਦ ਏਸੇ ਲਈ ਅਸੀਂ ਲੇਖਕ ਦੇ ਮਰਨ ਦੀ ਉਡੀਕ ਕਰਦੇ ਰਹਿੰਦੇ ਹਾਂ । ਫੂਹੜੀ-ਸਾਹਿੱਤ ਵਿੱਚ ਵਿਸ਼ਵਾਸ ਰੱਖਦੇ ਹਾਂ । ਜ਼ਿੰਦਾ ਲੇਖਕ ਬਾਰੇ ਲਿਖਿਆ ਸੱਚ ਨਾ ਲੋਕ ਬਰਦਾਸ਼ਤ ਕਰਦੇ ਹਨ, ਨਾ ਲੇਖਕ ਆਪ । ਪਤਾ ਨਹੀਂ ਇਹ ਕਲਮ ਨੂੰ ਵਰ ਹੈ ਕਿ ਸਰਾਪ!

ਅੰਦਰ ਦੀ ਝਾਤ :

ਪੰਜਾਬੀ ਦੇ ਲੇਖਕਾਂ ਨੇ ਹਰ ਵਿਸ਼ੇ 'ਤੇ ਲਿਖਿਆ ਹੈ । ਲਗਾਤਾਰ ਲਿਖਿਆ ਹੈ । ਬੇ-ਸ਼ੁਮਾਰ ਲਿਖਿਆ ਹੈ । ਬਹੁਤੇ ਲੇਖਕ ਖਾਦ ਬਣ ਗਏ ਹਨ ਪਰ ਕੁਝ ਬਿਰਖਾਂ ਵਾਂਗ ਜੜ੍ਹਾਂ ਜਮਾ ਕੇ ਖੜ੍ਹੇ ਵੀ ਹਨ । ਦਿਨੋ ਦਿਨ 'ਉੱਪਰ' ਵੱਲ ਨੂੰ ਵੱਧ ਰਹੇ ਹਨ । ਅਜੇ ਵੀ ਲਿਖ ਰਹੇ ਹਨ । ਪਰ ਉਨ੍ਹਾਂ ਬਾਰੇ ਕੌਣ ਲਿਖੇਗਾ? ਕੁਝ ਲੇਖਕ ਆਉਣ ਵਾਲੀਆਂ ਪੀੜ੍ਹੀਆਂ 'ਤੇ ਤਰਸ ਖਾ ਕੇ ਆਪਣੇ ਬਾਰੇ ਆਪ ਹੀ ਲਿਖਣ ਲੱਗ ਪਏ ਹਨ । ਕਈਆਂ ਨੇ ਇਹ ਕੰਮ ਵੇਲੇ ਨਾਲ ਮੁਕਾ ਲਿਆ ਹੈ, ਕਈਆਂ ਨੂੰ ਅਜੇ ਤੱਕ ਸੋਝੀ ਨਹੀਂ ਆਈ । ਹੌਲੀ ਹੌਲੀ ਉਹਨਾਂ ਦੀ ਯਾਦਾਸ਼ਤ ਗੁਆਚ ਜਾਏਗੀ, ਤੇ ਉਹਨਾਂ ਤੋਂ ਪਿੱਛੋਂ ਹੌਲੀ ਹੌਲੀ ਲੋਕਾਂ ਦੀ ਯਾਦਾਸ਼ਤ ਗੁਆਚ ਜਾਏਗੀ । ਭਵਿੱਖ ਦੇ ਸਾਹਿੱਤਕ-ਇਤਿਹਾਸਕਾਰਾਂ ਨੂੰ ਅਜਿਹੇ ਲੇਖਕਾਂ ਦੇ ਜੰਮਣ-ਮਰਨ ਦੀ ਤਸਦੀਕ ਕਰਨੀ ਵੀ ਔਖੀ ਹੋ ਜਾਏਗੀ ।

ਪੁਨਰ-ਖੋਜ (ਰੀ-ਸਰਚ) :

ਬੜੀ ਦੇਰ ਤੋਂ ਇੱਕ ਦਿਲਚਸਪ ਅਕਾਦਮਿਕ ਚੱਕਰ ਚੱਲ ਰਿਹਾ ਹੈ । ਪਹਿਲਾਂ ਅਸੀਂ ਲਿਖਣ ਵਾਲਿਆਂ ਨੂੰ ਬੇ-ਧਿਆਨੀ ਵਿੱਚ ਮਰਨ ਦੇਂਦੇ ਹਾਂ । ਫਿਰ ਉਨ੍ਹਾਂ ਦੀਆਂ ਲਿਖਤਾਂ ਨੂੰ ਖੁਲ੍ਹਦਿਲੀ ਨਾਲ ਗੁਆਚਣ ਦੇਂਦੇ ਹਾਂ । ਦੋ ਤਿੰਨ ਦਹਾਕੇ ਰੌਲੇ ਗੌਲੇ ਵਿੱਚ ਲੰਘਾ ਦੇਂਦੇ ਹਾਂ । ਸਮਾਂ ਪਾ ਕੇ ਲੇਖਕਾਂ ਨੂੰ 'ਭੁੱਲੇ ਵਿਸਰੇ' ਐਲਾਨ ਦੇਂਦੇ ਹਾਂ । ਲੇਖਕ ਨੂੰ 'ਟਾਪਿਕ' ਵਿੱਚ ਬਦਲ ਦੇਂਦੇ ਹਾਂ । ਉਸ ਨੂੰ 'ਲੱਭਣਾ' ਸ਼ੁਰੂ ਕਰਦੇ ਹਾਂ । ਸਾਡੇ ਹੱਥ ਲੇਖਕ ਨਹੀਂ, ਲੇਖਕ ਦੀ ਰਾਖ਼ ਲੱਗਦੀ ਹੈ । ਉਸ ਰਾਖ਼ ਨੂੰ ਅਸੀਂ ਕਾਗ਼ਜ਼ਾਂ ਦੇ ਸਿਰ ਪਾਉਂਦੇ ਹਾਂ, ਜਾਂ ਫਿਰ ਨਵੀਂ ਪੀੜ੍ਹੀ ਦੀਆਂ ਅੱਖਾਂ ਵਿੱਚ ਪਾਉਂਦੇ ਹਾਂ । ਆਪ ਵਿਦਵਾਨ ਅਖਵਾਉਂਦੇ ਹਾਂ । ਡਿਗਰੀਆਂ ਪਾਉਂਦੇ ਹਾਂ । ਮੁਰਾਤਬੇ ਪਾਉਂਦੇ ਹਾਂ । ਸਾਹਿੱਤ ਦਾ ਰਚੇਤਾ, ਸਾਹਿੱਤ ਨਾਲ ਸੰਬੰਧਿਤ ਮਹਿਕਮੇ ਵਿੱਚ, ਪਰੂਫ਼ ਰੀਡਰ ਨਹੀਂ ਲੱਗ ਸਕਦਾ; ਸਾਹਿੱਤ ਦਾ ਖੋਜੀ, ਉਸ ਮਹਿਕਮੇ ਦੀ ਸਭ ਤੋਂ ਉੱਚੀ ਕੁਰਸੀ 'ਤੇ ਸ਼ੁਸ਼ੋਭਿਤ ਹੋ ਜਾਂਦਾ ਹੈ; ਸਾਹਿੱਤ ਏਨਾ ਲਿਖਿਆ ਜਾਂਦਾ ਹੈ, ਪਰ ਪਤਾ ਨਹੀਂ ਕਿੱਧਰ ਜਾਂਦਾ ਹੈ । ਖੋਜੀ ਕਿਸੇ ਪਾਸੇ ਵੀ ਮੂੰਹ ਕਰਕੇ ਤੁਰ ਪਵੇ, ਕੁਰਸੀ ਤੱਕ ਪਹੁੰਚ ਹੀ ਜਾਂਦਾ ਹੈ ।

ਸ਼ਰੀਕਾ-ਬਿਰਾਦਰੀ :

ਮੁਨਸ਼ੀ ਪ੍ਰੇਮ ਚੰਦ ਬਾਰੇ ਉਹਦੇ ਮੁੰਡੇ ਅੰਮ੍ਰਿਤਰਾਏ ਨੇ ਕਿਤਾਬ ਲਿਖੀ : ਕਲਮ ਕਾ ਸਿਪਾਹੀ । ਪ੍ਰੇਮ ਚੰਦ ਸਾਂਭਿਆ ਗਿਆ । ਖ਼ੁਸ਼ਕਿਸਮਤੀ ਨਾਲ ਮੁੰਡਾ ਲੇਖਕ ਸੀ, ਤੇ ਈਮਾਨਦਾਰ ਵੀ । ਉਹਨੇ ਖੋਜ ਦਾ ਰੁਖ਼ ਬਦਲ ਦਿੱਤਾ । ਸ਼ਰਤ ਚੰਦਰ ਬਾਰੇ ਵਿਸ਼ਣੂ ਪ੍ਰਭਾਕਰ ਨੇ ਕਿਤਾਬ ਲਿਖੀ : ਆਵਾਰਾ ਮਸੀਹਾ । ਇਹ ਲੇਖਕ ਦੀ ਪੁਨਰ-ਖੋਜ ਨਹੀਂ, ਪੁਨਰ-ਸਿਰਜਣਾ ਹੈ । ਖ਼ੁਸ਼ਕਿਸਮਤੀ ਨਾਲ 'ਪ੍ਰਭਾਕਰ' ਲੇਖਕ ਦੇ ਨਾਲ ਨਾਲ ਈਮਾਨਦਾਰ ਵੀ ਸੀ । ਤੇ ਇਸ ਤੋਂ ਵੀ ਵੱਡੀ ਗੱਲ ਇਹ ਕਿ ਉਹ 'ਖੋਜੀ' ਨਹੀਂ ਸੀ । ਰਵੀਂਦਰਨਾਥ ਠਾਕੁਰ ਬਾਰੇ ਆਚਾਰੀਆ ਹਜ਼ਾਰੀ ਪ੍ਰਸਾਦ ਦਿੱਵੇਦੀ ਨੇ ਕਿਤਾਬ ਲਿਖੀ: 'ਮਿਤਯੁਜਯ ਰਵੀਂਦਰ' । ਸਾਨੂੰ ਪਤਾ ਲੱਗਿਆ ਕਿ ਇੱਕ ਮਹਾਨ ਹਸਤੀ ਨੂੰ ਦੂਜੀ ਮਹਾਨ ਹਸਤੀ ਕਿਵੇਂ ਚੇਤੇ 'ਚੋਂ ਬਿਆਨਦੀ ਹੈ । ਅਸੀਂ ਮੁਕਾਬਲਾ ਨਾ ਵੀ ਕਰੀਏ ਤਾਂ ਇਸ ਵੇਲੇ ਵੀ ਸਾਡੇ ਕੋਲ ਬ੍ਰਿਜ ਲਾਲ ਸ਼ਾਸ਼ਤਰੀ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਸੰਤੋਖ ਸਿੰਘ ਧੀਰ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਹਰਿਭਜਨ ਸਿੰਘ ਜਾਂ ਅਜਿਹੇ ਕਈ ਹੋਰ ਸੱਠਾਂ ਤੋਂ ਆਰ-ਪਾਰ ਸਨਮਾਨੇ-ਪਰਵਾਨੇ ਲੇਖਕ ਮੌਜੂਦ ਹਨ, ਜਿਨ੍ਹਾਂ ਨੂੰ 'ਖੋਜ' ਤੋਂ ਬਚਾਇਆ ਜਾ ਸਕਦਾ ਹੈ । ਇਨ੍ਹਾਂ ਦੇ ਸਾਹਿੱਤ ਨੇ ਡਾਕਟਰੀ ਦੀਆਂ ਡਿਗਰੀਆਂ ਤਾਂ ਕਈਆਂ ਨੂੰ ਦੁਆਈਆਂ ਹੋਣਗੀਆਂ ਪਰ ਲੋਕ ਕੁਝ ਹੋਰ ਚਾਹੁੰਦੇ ਹਨ । ਜਨ ਸਾਧਾਰਨ ਦਾ ਇਹਨਾਂ ਸਵਾਰਥੀ ਡਿਗਰੀਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ । ਉਹ ਤਾਂ ਆਪਣੇ ਬਾਰੇ ਵੱਧ ਤੋਂ ਵੱਧ ਜਾਨਣਾ ਚਾਹੁੰਦੇ ਹਨ, ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਦਿਲਚਸਪੀ ਰੱਖਦੇ ਹਨ । ਉਹਦੀ ਘਰ-ਗ੍ਰਿਹਸਥੀ ਦਾ ਵੇਰਵਾ ਚਾਹੁੰਦੇ ਹਨ, ਉਹਦੀਆਂ 'ਕਮਜ਼ੋਰੀਆਂ' ਤੋਂ ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਹਨ । ਉਹਨੂੰ ਬੰਦੇ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ । ਸ਼ਰੀਕੇ ਬਿਰਾਦਰੀ ਵਿੱਚ ਪੈਰ ਰੱਖਣ ਲਈ ਸਾਨੂੰ ਕੁਝ ਕਰਨਾ ਚਾਹੀਦਾ ਹੈ ਕਿ ਨਹੀਂ?

ਜ਼ਿਕਰ ਪੰਜਾਬੀ ਲੇਖਕਾਂ ਦਾ

ਸਾਹਿਬੋ! ਤੁਸੀਂ ਜਾਣਦੇ ਹੋ, ਬੰਦਾ ਸਾਹਿੱਤ ਦੀਆਂ ਗਲੀਆਂ ਦਾ ਝਾੜੂ-ਬਰਦਾਰ ਹੈ । ਝਾੜੂ-ਬਰਦਾਰ ਦੀ ਹੋਂਦ ਤੋਂ ਤੁਸੀਂ ਮੁੱਕਰ ਸਕਦੇ ਹੋ, ਉਹਦੀ ਲੋੜ ਤੋਂ ਮੁਨਕਰ ਨਹੀਂ ਹੋ ਸਕਦੇ । ਤੁਸੀਂ ਉਸਨੂੰ ਝਿੜਕ ਸਕਦੇ ਹੋ; ਦਬਾ ਸਕਦੇ ਹੋ, ਹਟਾ ਸਕਦੇ ਹੋ,...ਜੇਕਰ ਉਹ ਤੁਹਾਡੇ ਟੁਕੜਿਆਂ ਦੀ ਤਲਬ ਰੱਖਦਾ ਹੋਵੇ ਜਾਂ ਕਮੇਟੀ ਵਾਲਿਆਂ ਦਾ ਤਨਖ਼ਾਹੀਆ ਹੋਵੇ! ਜੇਕਰ ਇਹ ਕਰਮ ਉਹ ਬਿਨਾਂ ਕਿਸੇ ਡਰ, ਲਾਲਚ ਜਾਂ ਸਵਾਰਥ ਦੇ 'ਸਵਾਂਤ : ਸੁਖਾਯ' ਹੀ ਕਰਦਾ ਹੋਵੇ ਤਾਂ ਉਸਦੇ ਕਰਤਵ ਵਾਂਗ ਤੁਹਾਡਾ ਅਧਿਕਾਰ ਵੀ ਸੀਮਿਤ ਹੋ ਜਾਂਦਾ ਹੈ । ਤੁਹਾਡੀ ਹਸਤੀ ਉਹਦੀ ਹੈਸੀਅਤ ਨੂੰ ਚਣੌਤੀ ਨਹੀਂ ਦੇ ਸਕਦੀ! ਤੁਸੀਂ ਖ਼ੁਦ ਨੂੰ ਸਾਹਿਬ ਸਮਝਦੇ ਹੋ । ਬੰਦਾ ਵੀ ਤੁਹਾਨੂੰ ਸਾਹਿਬ ਸਮਝਦਾ ਹੈ । ਬੰਦਾ ਝਾੜੂ-ਬਰਦਾਰ ਹੈ । ਤੁਸੀਂ ਉਹ ਨੂੰ ਝਾੜੂ-ਬਰਦਾਰ ਤਾਂ ਸਮਝੋ!

ਮੇਰੇ ਸਾਹਿਬੋ! ਅੱਜ ਤੋਂ ਪੰਝੀ-ਤੀਹ ਵਰ੍ਹੇ ਪਹਿਲਾਂ ਦੀ ਗੱਲ ਹੈ, ਡਾਕਟਰ ਨਿਰੰਜਣ ਦਾਸ ਨੇ ਸਾਡੇ ਪਿੰਡ ਡਾਕਟਰੀ ਦੀ ਦੁਕਾਨ ਖੋਲ੍ਹੀ ਸੀ । ਡਾਕਟਰਾਂ ਦੀਆਂ ਦੁਕਾਨਾਂ ਪਿੰਡ ਵਿੱਚ ਪਹਿਲਾਂ ਵੀ ਸਨ ਪਰ ਉਹ ਆਪਣਾ ਵਕਤ ਸ਼ਤਰੰਜ ਜਾਂ ਤਾਸ਼ ਖੇਡਣ ਵਿੱਚ ਖਰਚ ਕਰਦੇ ਸਨ ਤੇ ਜਾਂ ਫੇਰ ਹੁੱਕਾ ਪੀਂਦੇ ਰਹਿੰਦੇ ਸਨ । ਮਰੀਜ਼ ਆਇਆ; ਤੋਰਿਆ ਤੇ ਫੇਰ ਆਪਣੇ ਕੰਮ ਵਿੱਚ ਮਸ਼ਰੂਫ਼ ।...ਡਾਕਟਰ ਨਿਰੰਜਣ ਦਾਸ ਦਾ ਦਿਨ ਹੋਰ ਤਰ੍ਹਾਂ ਚੜ੍ਹਦਾ ਸੀ । ਪਿੰਡ ਦੇ ਸੁੱਤਿਆਂ ਹੀ ਉਹ ਝਾੜੂ ਤੇ ਬਾਲਟੀ ਲੈ ਕੇ ਪਿੰਡ ਦੇ ਇੱਕ ਸਿਰੇ 'ਤੇ ਪਹੁੰਚ ਜਾਂਦਾ, ਨਲਕਾ ਗੇੜ੍ਹਦਾ ਤੇ ਗੰਦ ਧੋਣਾ ਸ਼ੁਰੂ ਕਰ ਦੇਂਦਾ । ਜਿਉਂ ਜਿਉਂ ਗਲੀਆਂ ਨਾਲੀਆਂ ਧੋਈ ਜਾਂਦਾ, ਨਲਕਿਆਂ ਵਾਲੇ ਘਰਾਂ ਦੇ ਦਰਵਾਜ਼ੇ ਖੜਕਾਈ ਜਾਂਦਾ, ਨਲਕੇ ਗੇੜੀ ਜਾਂਦਾ, ਬਾਲਟੀਆਂ ਰੋੜ੍ਹੀ ਜਾਂਦਾ । ਨਾਲ ਨਾਲ ਤੁਲਸੀ ਰਾਮਾਇਣ ਦੀਆਂ ਚੌਪਈਆਂ ਪੜ੍ਹੀ ਜਾਂਦਾ । ਕੁਝ ਮੁੰਡੇ ਸ਼ਰਮ-ਕੁ-ਸ਼ਰਮੀ ਉਹਦੇ ਨਾਲ ਰਲ ਜਾਂਦੇ । ਜਦੋਂ ਪਿੰਡ ਜਾਗਦਾ ਤਾਂ ਡਾਕਟਰ ਨਿਰੰਜਣ ਦਾਸ ਨਹਾ ਧੋ ਕੇ ਆਪਣੀ ਦੁਕਾਨ ਵਿੱਚ ਅਗਰ-ਬੱਤੀਆਂ ਧੁਖਾ ਰਿਹਾ ਹੁੰਦਾ ।

ਇਹ ਪੰਝੀ-ਤੀਹ ਸਾਲ ਪਹਿਲਾਂ ਦੀ ਗੱਲ ਹੈ ।
ਡਾਕਟਰ ਅਜੇ ਵੀ ਓਥੇ ਹੈ, ਪਰ ਗਲੀਆਂ ਨਾਲੀਆਂ ਵਿੱਚ ਗੰਦ ਹੈ ।
ਝਾੜੂ-ਬਰਦਾਰ ਬੁੱਢਾ ਹੋ ਗਿਆ ਹੈ ।

•••

ਓਹਨੀਂ ਦਿਨੀਂ ਹੀ ਇੱਕ ਹੋਰ ਦਰਵੇਸ਼ ਆਇਆ ਸੀ ਸਾਡੇ ਪਿੰਡ । ਉਸਦੇ ਤੇੜ ਲੰਗੋਟੀ ਹੁੰਦੀ ਸੀ; ਹੱਥ ਵਿੱਚ ਚਿਲਮ ਤੇ ਮੋਢੇ ਉੱਤੇ ਕਹੀ । ਨਾਂ ਤਾਂ ਉਹਦਾ ਕੁਝ ਹੋਰ ਸੀ, ਪਰ ਅਸੀਂ ਉਹਨੂੰ 'ਬਾਬਾ ਗਰੀਬੂ' ਕਹਿੰਦੇ ਹੁੰਦੇ ਸਾਂ; ਕਿਉਂਕਿ ਉਹ ਹਰ ਵੇਲੇ 'ਗਰੀਬੂ'-'ਗਰੀਬੂ' ਬੋਲਦਾ ਰਹਿੰਦਾ ਸੀ । ਗਲੀ ਬਾਜ਼ਾਰ ਵਿੱਚ ਜਿੱਥੇ ਵੀ ਗੰਦ ਵੇਖਦਾ, ਕਹੀ ਨਾਲ ਇੱਕ ਪਾਸੇ ਇਕੱਠਾ ਕਰ ਦੇਂਦਾ ਤੇ ਗਰੀਬੂ-ਗਰੀਬੂ ਕਹੀ ਜਾਂਦਾ । ਜਿਹੜੇ ਘਰ ਦੇ ਮੂਹਰੇ ਗੰਦ ਹੁੰਦਾ ਸੀ, ਉੱਥੇ ਉਹ ਰੁਕਦਾ ਨਹੀਂ ਸੀ । ਲੋਕਾਂ ਦਾ ਵਿਸ਼ਵਾਸ ਸੀ ਕਿ ਜਿਸ ਘਰ ਦੇ ਸਾਹਮਣੇ ਰੁਕ ਕੇ ਉਹ ਗਰੀਬੂ-ਗਰੀਬੂ ਕਹਿੰਦਾ ਹੈ, ਉਸ 'ਚੋਂ ਬੀਮਾਰੀ ਉੱਡ ਜਾਂਦੀ ਹੈ । ਇਸ ਲਈ ਲੋਕ, ਉਹਨੂੰ ਰੋਕਣ ਲਈ, ਆਪਣੇ ਘਰਾਂ ਦੇ ਸਾਹਮਣੇ ਇੱਟਾਂ-ਵੱਟੇ ਰੱਖ ਛੱਡਦੇ ਸਨ¨

ਜਦੋਂ ਤੱਕ ਉਹ ਰਿਹਾ, ਪਿੰਡ ਸਾਫ਼ ਰਿਹਾ ।
ਹੁਣ ਗਲੀਆਂ ਗੰਦੀਆਂ ਹਨ ਤੇ ਨਾਲੀਆਂ ਤਰੱਕੀਆਂ ਪਈਆਂ ਹਨ ।
ਪੰਚਾਇਤੀ ਸਫ਼ਾਈ-ਸੇਵਕ ਤਾਂ ਬੜੇ ਹਨ, ਪਰ...'ਗਰੀਬੂ' ਜਾ ਚੁੱਕਾ ਹੈ!
ਪਿੰਡ ਤੇ ਸ਼ਹਿਰ ਵਿੱਚ ਬੜਾ ਫ਼ਰਕ ਹੁੰਦਾ ਹੈ ।
ਧਿਆਨਪੁਰ ਤੇ ਚੰਡੀਗੜ੍ਹ ਵਿੱਚ ਬੜਾ ਫ਼ਰਕ ਹੈ । ਝਾੜੂ-ਬਰਦਾਰਾਂ ਵਿੱਚ ਵੀ ਫ਼ਰਕ ਹੈ ।

ਚੰਡੀਗੜ੍ਹ ਵਿੱਚ ਨਾਲੀਆਂ ਤਾਂ ਜ਼ਮੀਨ ਦੇ ਥੱਲੇ ਹਨ ਪਰ ਗਲੀਆਂ ਦੋ ਪਾਸੇ ਹਨ । ਘਰਾਂ-ਦਰਾਂ ਦੇ ਮੂਹਰੇ ਤਾਂ ਸੜਕ ਹੈ, ਜਿਸਨੂੰ ਵਰਦੀ ਵਾਲਾ ਜਮਾਂਦਾਰ, ਡਾਂਗ ਨਾਲ ਬੰਨਿ੍ਹਆ ਝਾੜੂ ਫੇਰ ਕੇ, ਸਾਫ਼ ਕਰ ਜਾਂਦਾ ਹੈ, ਪਰ ਮਕਾਨਾਂ ਦੀਆਂ ਕਤਾਰਾਂ ਦੇ ਪਿਛਵਾੜੇ ਦੋ ਧਿਰਾਂ ਦੀ ਸਾਂਝੀ ਗਲੀ ਵੀ ਹੁੰਦੀ ਹੈ, ਜੀਹਨੂੰ ਕੋਈ ਸਾਫ਼ ਨਹੀਂ ਕਰਦਾ । ਘਰ ਦਾ ਕੂੜ-ਕਬਾੜ ਕੰਧੋਂ ਪਾਰ ਡਿੱਗਦਾ ਰਹਿੰਦਾ ਹੈ । ਜਮ੍ਹਾਂ ਹੁੰਦਾ ਰਹਿੰਦਾ ਹੈ ।...ਨੰਗੇ ਪੈਰਾਂ ਵਾਲੇ ਬੱਚੇ, ਗਲਾਂ ਵਿੱਚ ਬਗਲੀਆਂ ਬੰਨ੍ਹੀ ਢੇਰ ਫਰੋਲਦੇ ਰਹਿੰਦੇ ਨੇ, ਆਪਣੇ ਕੰਮ ਦੀਆਂ ਚੀਜ਼ਾਂ ਲੱਭਦੇ ਰਹਿੰਦੇ ਨੇ; ਕਾਵਾਂ ਤੇ ਕੁੱਤਿਆਂ ਵਾਂਗ ਢੇਰ ਖਿਲਾਰ ਕੇ ਹੋਰ ਗੰਦ ਪਾ ਜਾਂਦੇ ਨੇ । ਘਰਾਂ ਵਾਲੇ ਸਾਹਿਬਾਨ ਸੁਖ ਦੀ ਨੀਂਦ ਸੌਂ ਜਾਂਦੇ ਨੇ!

ਪੰਦਰਾਂ ਸੈਕਟਰ ਦੇ ਸਾਊਆਂ ਦੀ ਕੁਝ ਦਿਨਾਂ ਤੋਂ ਨੀਂਦ ਹਰਾਮ ਹੋ ਗਈ ਹੈ । ਪਿਛਵਾੜੇ ਵਾਲੀਆਂ ਗਲੀਆਂ ਵਿੱਚ ਇੱਕ ਦੁੱਧ-ਚਿੱਟੇ ਬਸਤਰਾਂ ਵਾਲਾ ਬਜ਼ੁਰਗ ਸਵੇਰੇ ਸਵੇਰੇ ਗੇੜੇ ਮਾਰਨ ਲੱਗ ਪਿਆ ਹੈ । ਉਹਦੇ ਹੱਥ ਵਿੱਚ ਝਾੜੂ ਹੁੰਦਾ ਹੈ ਤੇ ਜੇਬ ਵਿੱਚ ਮਾਚਿਸ । ਉਹ ਰਾਮਾਇਣ ਦੀਆਂ ਚੌਪਾਈਆਂ ਨਹੀਂ ਪੜ੍ਹਦਾ ਤੇ ਨਾ ਹੀ ਗਰੀਬੂ-ਗਰੀਬੂ ਕਰਦਾ ਹੈ । ਉਹ ਤਾਂ ਅੱਖੀਂ ਡਿੱਠਾ ਹਾਲ, ਨਾਲੋ ਨਾਲ, ਪ੍ਰਸਾਰਿਤ ਕਰੀ ਜਾਂਦਾ ਹੈ । ਸਾਹਿਬ ਲੋਕਾਂ ਦੀ ਨੀਂਦ ਹਰਾਮ ਕਰੀ ਜਾਂਦਾ ਹੈ । ਜ਼ਰਾ ਸੁਣੋ, ਉਹ ਕੀ ਕਹਿ ਰਿਹਾ ਹੈ:

'ਵੈਰੀ ਗੁਡ! ਵੈਰੀ ਗੁਡ! ...ਕਿਆ ਬਾਤ ਹੈ... ਬਹੁਤ ਖ਼ੂਬ...
ਸਿਗਰਟ ਪੀਤੇ, ਡੱਬੀ ਬਾਹਰ...ਦਾਰੂ ਪੀਤੀ, ਅਧੀਆ ਬਾਹਰ...ਬਾਹਰ...ਚਾਹ ਪੀਤੀ, ਪੱਤੀ ਬਾਹਰ...
ਸਬਜ਼ੀ ਧਰ ਲਈ, ਛਿਲਕੇ ਬਾਹਰ...ਮਾਸ ਚੂੰਢਿਆ...ਹੱਡੀਆਂ ਬਾਹਰ...
ਫ਼ੈਮਿਲੀ ਪਲੈਨਿੰਗ ਅੰਦਰ, ਗੰਦ ਗੁਬਾਰੇ ਬਾਹਰ...ਬੰਦੇ ਅੰਦਰ, ਕੁੱਤੇ ਬਾਹਰ...
ਵਾਹ ਵਾਹ ਵਾਹ... 'ਵਧੀਆ ਸ਼ਹਿਰ ਦੇ ਵਧੀਆ ਲੋਕ'...
ਜਾਗੋ ਸੋਨੇ ਵਾਲੋ, ਆ ਗਿਆ ਤੁਹਾਡਾ ਜਮਾਂਦਾਰ...''

ਕੁਮੈਂਟਰੀ ਦੇ ਨਾਲ ਨਾਲ ਉਹ ਗੰਦ ਇਕੱਠਾ ਕਰਕੇ ਢੇਰੀ ਕਰੀ ਜਾਂਦਾ ਹੈ ਤੇ ਆਖੀਰ ਵਿੱਚ ਮਾਚਿਸ ਨੂੰ ਜੇਬ 'ਚੋਂ ਕੱਢ ਕੇ, ਢੇਰ ਨੂੰ ਅਗਨੀ ਦੇ ਕੇ, ਡੱਬੀ ਮੁੜ ਜੇਬ ਵਿੱਚ ਪਾ ਲੈਂਦਾ ਹੈ । ਝਾੜੂ ਇੱਕ ਪਾਸੇ ਰੱਖ ਕੇ, ਅੱਗ ਲਾਗੇ ਖੜਾ ਹੋ ਕੇ ਪ੍ਰਵਚਨ ਕਰਦਾ ਹੈ:

'ਦੇਖੋ ਪਵਿੱਤਰ ਅਗਨੀ ਪ੍ਰਚੰਡ ਹੋ ਗਈ । ਤੁਹਾਡੀ ਸਿਆਣਪ ਦੀ ਹੋਲੀ ਜਲ ਗਈ । ਇੱਕ ਵਾਰੀ ਬਾਹਰ ਆ ਕੇ ਦੇਖੋ ਤਾਂ ਸਹੀ; ਕਿਵੇਂ ਤੁਹਾਡੇ ਗੰਦ 'ਚੋਂ ਪਵਿੱਤਰ ਅਗਨੀ ਦੀਆਂ ਰੰਗੀਨ ਲਪਟਾਂ ੳੁੱਠ ਰਹੀਆਂ ਹਨ ।...ਮਹਿਲਾਂ ਵਾਲਿਓ, ਕੁਝ ਤਾਂ ਬੋਲੋ । ਆਪਣੇ ਆਪਣੇ ਘਰਾਂ ਦੇ ਪਿਛਲੇ ਦਰਵਾਜ਼ੇ ਖੋਲ੍ਹੋ...ਜਮਾਂਦਾਰ ਮਜ਼ਦੂਰੀ ਨਹੀਂ ਮੰਗਦਾ...ਆਪਣੀ ਅਗਨੀ ਦੀ ਸੁੰਦਰਤਾ ਦੇਖੋ । ਆਪਣੀ ਅਗਨੀ ਦਾ ਨਿੱਘ ਮਾਨਣੋ ਕਿਉਂ ਸੰਗਦੇ ਹੋ? ...ਮਾਚਿਸ ਮੇਰੀ ਹੈ, ਝਾੜੂ ਮੇਰਾ ਹੈ, ਗਲੀ ਤੁਹਾਡੀ ਹੈ, ਸਾਂਭੋ ਆਪਣੀ ਗਲੀ, ਮੈਂ ਚੱਲਿਆ...'' ਬਜ਼ੁਰਗ ਚਲਿਆ ਜਾਂਦਾ ਹੈ, ਕਿਸੇ ਹੋਰ ਗਲੀ ਵਿੱਚ । ਗਲੀ ਦੇ ਜਾਗੇ ਹੋਏ ਲੋਕ ਮੁੜ ਸੌਣ ਦੀ ਕੋਸ਼ਿਸ਼ ਕਰਦੇ ਹਨ ਪਰ ਇੱਕ ਚਿੰਤਾ ਉਹਨਾਂ ਨੂੰ ਸੌਣ ਨਹੀਂ ਦੇਂਦੀ:

'ਇਹਨੇ ਕੱਲ੍ਹ ਨੂੰ ਵੀ ਆਉਣਾ ਹੈ ।'
ਇਹ ਬੁੱਢਾ ਕਦੋਂ ਤੀਕ ਪਿਛਵਾੜੇ ਦੀਆਂ ਗਲੀਆਂ ਵਿੱਚ ਘੁੰਮੇਗਾ? ਕਹਿੰਦੇ ਨੇ ਕਿਸੇ ਦਫ਼ਤਰ ਵਿੱਚ, ਇਹ ਕਾਫੀ ਵੱਡਾ ਅਫ਼ਸਰ ਸੀ । ਰਿਟਾਇਰ ਹੋਇਆਂ ਪੰਜ-ਸੱਤ ਸਾਲ ਹੋ ਗਏ ਨੇ । ਘਰ ਦੇ ਸੋਚਦੇ ਨੇ: ਇਹਦਾ ਦਿਮਾਗ਼ ਖਰਾਬ ਹੋ ਗਿਐ!...
ਬਹੁਤਾ ਘਬਰਾਉਣ ਦੀ ਲੋੜ ਨਹੀਂ...
ਇਹ ਖਰਾਬ ਦਿਮਾਗ ਵਾਲਾ ਬੁੱਢਾ ਵੀ ਪਿਛਵਾੜੇ ਸੁਟਿਆ ਹੋਇਆ ਕੂੜਾ ਹੈ...ਕੁਝ ਦਿਨਾਂ ਤੱਕ
ਇਹਨੂੰ ਅਗਨੀ ਵਿਖਾ ਦਿੱਤੀ ਜਾਏਗੀ...
ਪਵਿੱਤਰ, ਪ੍ਰਚੰਡ ਅਗਨੀ 'ਚੋਂ ਸਭ ਦੀ ਨੀਂਦ ਸਹੀ ਸਲਾਮਤ ਵਾਪਸ ਆ ਜਾਏਗੀ!...

•••

ਸ਼ਹਿਰ ਸ਼ਹਿਰ ਵਿੱਚ ਬੜਾ ਫ਼ਰਕ ਹੁੰਦਾ ਹੈ ।
ਚੰਡੀਗੜ੍ਹ ਤੇ ਰੋਪੜ ਵਿੱਚ ਫ਼ਰਕ ਹੈ ।
ਝਾੜੂ-ਬਰਦਾਰਾਂ ਵਿੱਚ ਵੀ ਫ਼ਰਕ ਹੈ ।

ਏਥੇ ਇੱਕ ਸਤਲੁਜ ਹਾਊਸ ਵਾਲਾ 'ਬਾਬਾ' ਹੁੰਦਾ ਸੀ । ਉਹਨੇ ਕਈ ਮਹਿਕਮਿਆਂ ਦੇ ਅਫ਼ਸਰਾਂ ਦੇ ਨਾਲ ਨਾਲ ਸ਼ਹਿਰ ਦੀ ਕਮੇਟੀ ਵਾਲਿਆਂ ਨੂੰ ਵੀ ਵਖ਼ਤ ਪਾਇਆ ਹੋਇਆ ਸੀ । ਕਹਿੰਦੇ ਨੇ, ਉਹ ਸ਼ਿਕਾਇਤਾਂ ਬੜੀਆਂ ਕਰਦਾ ਸੀ । ਕਿਤੋਂ ਸੜਕ ਟੁੱਟੀ ਹੋਏ, ਗਲੀ ਵਿੱਚ ਗੰਦ ਹੋਏ, ਬਰਸਾਤ ਵਿੱਚ ਚਿੱਕੜ ਹੋਏ ਜਾਂ ਕਿਤੇ ਸਰਕਾਰ ਵਲੋਂ ਕਰਵਾਈ ਜਾ ਰਹੀ ਉਸਾਰੀ ਵਿੱਚ ਗੜਬੜੀ ਹੋਵੇ...ਉਹ ਅਰਜ਼ੀ ਪਾ ਦੇਂਦਾ ਸੀ । ਸ਼ਿਕਾਇਤ ਦੀ ਪੈਰਵੀ ਵੀ ਕਰਦਾ ਸੀ ।...ਅਫਸਰ ਉਹਦੇ ਸਾਹਮਣੇ ਉਹਦੀ ਸਿਫ਼ਤ ਕਰਦੇ ਸਨ, ਅਖੇ: ਇਸ ਉਮਰ ਵਿੱਚ ਵੀ ਬੁੜ੍ਹੇ ਨੂੰ ਚੈਨ ਨਹੀਂ । ਬੱਸ ਘਰੇ ਬੈਠਾ ਰੱਬ ਰੱਬ ਕਰੇ । ਉਹਨੇ ਕੀ ਲੈਣੈਂ ਇਸ ਗੰਦ 'ਚੋਂ!...

ਬਾਬੇ ਨੂੰ ਸ਼ਹਿਰ ਦੇ ਨੌਜਵਾਨਾਂ 'ਤੇ ਗੁੱਸਾ ਸੀ । ਉਹ ਸਭ ਕੁਝ ਕਰ ਸਕਦੇ ਸਨ, ਪਰ ਬਾਬਾ ਤਾਂ ਸਿਰਫ਼ ਅਰਜ਼ੀਆਂ ਹੀ ਪਾ ਸਕਦਾ ਸੀ!!

...ਤੇ ਹੁਣ ਸਤਲੁਜ ਹਾਊਸ ਵਾਲਾ 'ਬਾਬਾ' ਵੀ ਨਹੀਂ ਰਿਹਾ । ਸ਼ਹਿਰ ਵਿੱਚ ਅਮਨ ਚੈਨ ਹੈ!

•••

ਸ਼ਹਿਰ ਅਤੇ ਸਾਹਿੱਤ ਵਿੱਚ ਫ਼ਰਕ ਹੁੰਦਾ ਹੈ ।
ਸ਼ਹਿਰ ਅਤੇ ਸਾਹਿੱਤ ਦੀਆਂ ਗਲੀਆਂ ਵਿੱਚ ਵੀ ਫ਼ਰਕ ਹੁੰਦਾ ਹੈ ।
ਝਾੜੂ-ਬਰਦਾਰਾਂ ਵਿੱਚ ਵੀ ਫ਼ਰਕ ਹੁੰਦਾ ਹੈ ।
ਬੰਦਾ ਸਾਹਿੱਤ ਦੀਆਂ ਗਲੀਆਂ ਦਾ ਝਾੜੂ-ਬਰਦਾਰ ਹੈ ।
ਸਾਹਿਬ ਲੋਕੋ! ਤੁਹਾਡਾ ਜਮਾਂਦਾਰ ਹੈ!!

ਤੁਸੀਂ ਪੰਜਾਬੀ ਦੇ ਲੇਖਕ ਹੋ । ਕਵਿਤਾ-ਕਹਾਣੀਆਂ ਲਿਖਦੇ ਹੋ । ਨਾਟਕ-ਨਾਵਲ ਰਚਦੇ ਹੋ । ਲੇਖ ਲਿਖਦੇ ਹੋ । ਆਲੋਚਨਾ ਕਰਦੇ ਹੋ । ਤੁਸੀਂ ਬਹੁਤ ਕੁਝ ਕਰਦੇ ਹੋ, ਬੰਦਾ ਕੁਝ ਵੀ ਨਹੀਂ ਕਰਦਾ । ਸਿਰਫ਼ ਤੁਹਾਡਾ ਜ਼ਿਕਰ ਕਰਦਾ ਹੈ । ਜ਼ਿਕਰ ਕੌਣ ਨਹੀਂ ਚਾਹੁੰਦਾ? ਤੁਸੀਂ ਸਾਰੇ ਚਾਹੁੰਦੇ ਹੋ, ਪਰ ਹਜ਼ੂਰ ਜ਼ਿਕਰ ਦਾ ਮਤਲਬ ਸਿਰਫ਼ ਸਿਫ਼ਤ ਹੀ ਨਹੀਂ ਹੁੰਦਾ ।

ਸਿਫ਼ਤ ਸੁਣ ਕੇ ਬੰਦਾ ਖਲੋਂਦਾ ਹੈ; ਖਲੋਣਾ ਖੜੌਤ ਹੈ ।
ਨਿੰਦਿਆ ਸੁਣ ਕੇ ਬੰਦਾ ਦੌੜਦਾ ਹੈ; ਦੌੜਨਾ ਸਰਗਰਮੀ ਹੈ ।

ਜੇ ਕੋਈ ਤੁਹਾਡੀ ਸਿਫ਼ਤ ਨਹੀਂ ਕਰਦਾ ਤਾਂ ਜ਼ਰੂਰੀ ਨਹੀਂ ਕਿ ਉਹ ਨਿੰਦਿਆ ਹੀ ਕਰ ਰਿਹਾ ਹੋਵੇ, ਉਹਨੂੰ ਸੁਣੋ ਤਾਂ ਸਹੀ! ਜੇ ਕੋਈ ਤੁਹਾਡੀ ਨਿੰਦਿਆ ਕਰਦਾ ਜਾਪਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਤੁਹਾਡਾ ਦੁਸ਼ਮਣ ਹੋਵੇ, ਉਹਨੂੰ ਸੁਣੋ ਤਾਂ ਸਹੀ! ਜੇ ਕੋਈ ਤੁਹਾਡੀ ਸਿਫ਼ਤ ਕਰਦਾ ਹੈ ਤੇ ਸਿਫ਼ਤ ਤੋਂ ਸਿਵਾ ਕੁਝ ਨਹੀਂ ਕਰਦਾ ਤਾਂ ਸੁਣਨ ਦੀ ਜ਼ਰੂਰਤ ਨਹੀਂ, ਪੱਕਾ ਸਮਝੋ! ਉਹ ਤੁਹਾਡਾ ਦੋਸਤ ਨਹੀਂ; ਸਵਾਰਥੀ ਹੈ । ਉਸ ਤੋਂ ਨੇਜ਼ੇ ਦੀ ਵਿੱਥ 'ਤੇ ਰਹੋ ਤੇ ਉੱਚੀ ਦੇਣੀ ਕਹੋ : ਜੋ ਵੀ ਕਹਿਣਾ ਹੈ, ਜ਼ਰਾ ਪਰੇ ਰਹਿ ਕੇ ਕਹਵੇ । ਉਹਦਾ ਪੈਂਤੜਾ ਬਦਲ ਜਾਵੇਗਾ । ਤਵੇ ਦਾ ਦੂਜਾ ਪਾਸਾ ਸੂਈ ਹੇਠ ਆ ਜਾਏਗਾ ।

ਮਹਾਨੁਭਵ! ਜ਼ਰਾ ਸੋਚੋ, ਕੌਣ ਕੀਹਨੂੰ ਚੰਗਾ ਸਮਝਦਾ ਹੈ!
ਤੁਸੀਂ ਕੀਹਨੂੰ ਚੰਗਾ ਸਮਝਦੇ ਹੋ?
ਸਿਰਫ਼ 'ਫ਼ਾਇਦੇਮੰਦ' ਹੀ ਚੰਗਾ ਹੈ ।
ਕੋਈ ਸ਼ੈਅ ਫ਼ੌਰੀ ਫ਼ਾਇਦੇਮੰਦ ਹੁੰਦੀ ਹੈ; ਕੋਈ ਦੇਰ ਪਾ ਕੇ ਹੁੰਦੀ ਹੈ ਤੇ ਫ਼ਾਇਦੇ ਦਾ ਪਤਾ ਹੌਲੀ ਹੌਲੀ ਲੱਗਦਾ ਹੈ ।
ਇਹੋ ਗੱਲ ਦੋਸਤੀ 'ਤੇ ਲਾਗੂ ਹੁੰਦੀ ਹੈ, ਇਹੋ ਸਾਹਿੱਤ 'ਤੇ ।

ਜੇ ਤੁਹਾਨੂੰ ਸੱਚੀਮੁੱਚੀ ਪਤਾ ਲੱਗ ਜਾਵੇ ਕਿ ਕੌਣ ਕੌਣ ਤੁਹਾਡੇ ਬਾਰੇ ਕੀ ਕੀ ਕਹਿੰਦਾ ਹੈ ਤਾਂ ਤੁਹਾਡੇ ਲਈ ਇੱਕ ਛਿਣ ਵੀ ਜੀਣਾ ਦੂਭਰ ਹੋ ਜਾਏ । ਜੇ ਕੋਈ ਇਸ ਤਰ੍ਹਾਂ ਦੇ ਕਥਨਾਂ ਦੀ ਰਿਪੋਰਟਿੰਗ ਕਰਦਾ ਹੈ ਤਾਂ ਚੁਗਲਖ਼ੋਰ ਅਖਵਾਉਂਦਾ ਹੈ । ਤੁਹਾਡਾ ਅਸਲ ਹਿਤੈਸ਼ੀ ਉਹ ਹੈ, ਜਿਹੜਾ ਤੁਹਾਡੇ ਮੱਥੇ 'ਤੇ ਲੱਗੀ ਕਾਲਖ਼ ਵੱਲ ਤੁਹਾਡਾ ਧਿਆਨ ਦਿਵਾ ਦਏ ਅਤੇ ਜ਼ਾਹਿਰ ਇਹ ਕਰੇ ਕਿ ਉਹਨੇ ਸਿਰਫ਼ ਮੱਥਾ ਦੇਖਿਆ ਹੈ, ਕਾਲਖ਼ ਨਹੀਂ ਦੇਖੀ ।

ਮਿਹਰਬਾਨੋ! ਤੁਸੀਂ ਵੀ ਤਾਂ ਸਮਾਜ ਨੂੰ ਸਾਫ਼-ਸੁਥਰਾ ਵੇਖਣਾ ਚਾਹੁੰਦੇ ਹੋ । ਇਹਦੇ ਵਿਚਲੀ ਗੰਦਗੀ ਨੂੰ ਉਛਾਲਦੇ ਹੋ । ਧਰਮ ਅਤੇ ਪਿਆਰ ਦੀ ਕਰਮਸ਼ਾਲਾ ਵਿੱਚ ਦਾਖ਼ਲ ਸਿਆਸਤ ਤੋਂ ਦੁਖੀ ਹੋ । ਤੁਹਾਡੇ ਹੱਥਾਂ ਵਿੱਚ ਝਾੜੂ ਨਹੀਂ, ਕਲਮਾਂ ਹਨ । ਨਿੱਜੀ ਤੰਗੀਆਂ-ਤੁਰਸ਼ੀਆਂ ਦੇ ਬੋਝ ਨੂੰ ਢੋਂਦੇ ਹੋਏ ਵੀ ਸਾਰੇ ਬ੍ਰਹਿਮੰਡ ਦੇ ਦਰਦ ਨੂੰ ਆਪਣੀ ਸੋਚ ਵਿੱਚ ਸਮੋਣ ਦਾ ਦਾਅਵਾ ਕਰਦੇ ਹੋ । ਇਹਨਾਂ ਰੋਗਾਂ ਦਾ ਦਾਰੂ ਚਾਹੁੰਦੇ ਹੋ । ਸੋਹਣੀ ਸੁਥਰੀ ਸਿਆਣੀ ਜ਼ਿੰਦਗੀ ਦੇ ਚਾਹਵਾਨ ਹੋ । ਤੁਸੀਂ ਪਰਉਪਕਾਰ ਦੇ ਬਦਲੇ ਨਾਵਾਂ ਨਾ ਸਹੀ, ਨਾਂ ਤਾਂ ਤੁਸੀਂ ਚਾਹੁੰਦੇ ਹੀ ਹੋ ਨਾ! ਕਿ ਨਹੀਂ?

ਬੰਦਾ ਤੁਹਾਡੀਆਂ ਕੁਰਬਾਨੀਆਂ ਦਾ ਗਵਾਹ ਹੈ । ਜੋ ਕੁਝ ਤੁਸੀਂ ਮਾਨਵ-ਸਮਾਜ ਵਿੱਚ ਵੇਖਣ ਦੇ ਚਾਹਵਾਨ ਹੋ; ਬੰਦਾ ਉਹੋ ਕੁਝ ਸਾਹਿੱਤ-ਸਮਾਜ ਵਿੱਚ ਵੀ ਵੇਖਣਾ ਚਾਹੁੰਦਾ ਹੈ ।

ਮੇਰੇ ਬੱਚੇ ਨੂੰ ਸ਼ਿਕਾਇਤ ਹੈ ਕਿ ਚੰਗੇ ਕੰਮ ਦੀ ਸ਼ਾਬਾਸ਼ ਉਸਨੂੰ ਨਹੀਂ ਮਿਲਦੀ; ਮਾੜੇ ਕੰਮ ਦੀ ਸਜ਼ਾ ਜ਼ਰੂਰ ਮਿਲਦੀ ਹੈ । ਪਰ ਮੈਨੂੰ ਕੋਈ ਸ਼ਿਕਾਇਤ ਨਹੀਂ । ਕਿਸੇ ਨਾਲ ਵੀ ਨਹੀਂ!

ਝਾੜੂ-ਬਰਦਾਰ ਦੀ ਭਲਾ ਕੀ ਸ਼ਿਕਾਇਤ ਹੋ ਸਕਦੀ ਹੈ!!

•••

ਕਈਆਂ ਨੂੰ ਸ਼ਿਕਾਇਤ ਹੈ ਕਿ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ।
ਕਈਆਂ ਦੀ ਸ਼ਿਕਾਇਤ ਹੈ ਕਿ ਉਹਨਾਂ ਦਾ ਜ਼ਿਕਰ ਗਲਤ ਹੁੰਦਾ ਹੈ ।
ਕਈਆਂ ਦੀ ਸ਼ਿਕਾਇਤ ਹੈ ਕਿ ਗਲਤ ਬੰਦਿਆਂ ਦਾ ਜ਼ਿਕਰ ਹੁੰਦਾ ਹੈ ।

ਸ਼ਿਕਾਇਤਾਂ ਸਭ ਠੀਕ ਹਨ ਪਰ ਇਸ ਵਿੱਚ ਦੁਖੀ ਹੋਣ ਵਾਲੀ ਕੋਈ ਗੱਲ ਨਹੀਂ । ਜੇ ਦੁਖੀ ਹੋ ਵੀ ਜਾਵੋ ਤਾਂ ਇਸ ਦੁੱਖ ਦਾ ਰੌਲਾ ਪਾਉਣ ਦੀ ਲੋੜ ਨਹੀਂ । ਵਕਤ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ । ਜੇ ਸਭ ਕੁਝ ਠੀਕ ਠਾਕ ਹੀ ਹੁੰਦਾ ਤਾਂ ਨਾ ਤੁਹਾਡੀ ਲੋੜ ਸੀ; ਤੇ ਨਾ ਮੇਰੀ ।

ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਜੇ ਜ਼ਿਕਰ ਹੁੰਦਾ ਰਹੇ ।
ਸਭ ਨੂੰ ਆਪਣੇ ਆਪਣੇ ਜ਼ਿਕਰ ਦਾ ਫ਼ਿਕਰ ਹੈ ।
ਬੰਦੇ ਨੂੰ ਆਪਣੇ ਨਾਲ ਨਾਲ ਤੁਹਾਡੇ ਜ਼ਿਕਰ ਦਾ ਵੀ ਫ਼ਿਕਰ ਹੈ ।
ਬੰਦਾ ਫ਼ਿਕਰਮੰਦ ਹੈ ।
ਤੁਹਾਡਾ ਤਾਂ ਐਵੇਂ ਬਹਾਨਾ ਹੈ, ਬਹੁਤਾ ਆਪਣੇ ਨਾਂ ਲਈ ਫ਼ਿਕਰਮੰਦ ਹੈ ।
ਹੁਣ ਵੇਖੋ ਨਾ, ਕਿਵੇਂ ਇਹ ਲੇਖ ਲਿਖਣ ਦਾ ਤਰੱਦਦ ਕਰ ਰਿਹਾ ਹਾਂ, ਨਿੱਕਾ ਜਿਹਾ ਨਾਂ ਛਪਵਾਉਣ ਲਈ!

ਇਹਨਾਂ ਸਤਰਾਂ 'ਤੇ ਮੇਰਾ ਨਾਂ ਨਾ ਛਪੇ, ਜਾਂ ਕਿਸੇ ਹੋਰ ਦਾ ਛਪ ਜਾਏ; ਜਾਂ ਫਿਰ ਸ਼ਬਦ-ਜੋੜ ਗਲਤ ਛਪ ਜਾਣ ਤਾਂ ਮੇਰਾ ਹੁਲੀਆ ਖਰਾਬ ਹੋ ਜਾਏਗਾ ।

ਪੂਰਾ ਲੇਖ ਠੀਕ ਛਪਣ ਦੀ ਖੁਸ਼ੀ ਨਹੀਂ ਹੋਵੇਗੀ, ਸਿਰਫ਼ ਨਾਮ ਦੀ ਚਿੰਤਾ ਵਿੱਚ ਡੁੱਬ ਜਾਵਾਂਗਾ । ਕਲਮ ਪਾਸੇ ਰੱਖਕੇ ਸੋਚਾਂਗਾ; ਕਾਹਦੇ ਲਈ ਲਿਖਣਾ ਹੈ?

•••

ਸਾਡੇ 'ਚੋਂ ਬਹੁਤੇ ਲੋਕ ਜ਼ਿਕਰ ਵੱਲ ਭੱਜਦੇ ਹਨ; ਅਖ਼ਬਾਰਾਂ ਦੇ ਪਿੱਛੇ ਦੌੜਦੇ ਹਨ, ਜ਼ਿਕਰ-ਦਾਤਿਆਂ ਨੂੰ ਹਰ ਹਾਲਤ ਵਿੱਚ ਖੁਸ਼ ਕਰਨ/ਰੱਖਣ ਲਈ ਯਤਨਸ਼ੀਲ ਰਹਿੰਦੇ ਹਨ ।

ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜ਼ਿਕਰ ਜੀਹਨਾਂ ਦੀਆਂ ਬਰੂਹਾਂ 'ਤੇ ਗੇੜੇ ਮਾਰਦਾ ਰਹਿੰਦਾ ਹੈ, ਉਹ ਬਾਰ ਨਹੀਂ ਖੋਲ੍ਹਦੇ । ਜ਼ਿਕਰ ਉਹਨਾਂ ਦੇ ਪਿੱਛੇ ਪਿੱਛੇ ਦੌੜਦਾ ਹੈ, ਉਹ ਮੁੜਕੇ ਨਹੀਂ ਵੇਖਦੇ । ਜ਼ਿਕਰ ਰਿੜ੍ਹਦਾ ਹੈ, ਤੁਰਦਾ ਹੈ, ਉੱਡਦਾ ਹੈ,...ਤੇ ਉਤਲੀ ਹਵਾ ਵਿੱਚ ਚਲਾ ਜਾਂਦਾ ਹੈ । ਜ਼ਿਕਰ ਹੁੰਦਾ ਹੈ ।
ਪੰਜਾਬੀ ਵਿੱਚ ਕਿੰਜ ਹੁੰਦਾ ਹੈ?

•••

'ਸੁਨਹਿਰੀ ਗੁਲਾਬ' ਵਿਚਲੇ ਝਾੜੂ-ਬਰਦਾਰ ਨੇ ਨਾਲੀਆਂ 'ਚੋਂ ਸੁਨਹਿਰੀ ਕੰਕਰਾਂ ਲੱਭ ਲੱਭ ਕੇ ਆਪਣੀ ਮਹਿਬੂਬਾ ਲਈ ਸੱਚੀਮੁੱਚੀ ਦਾ ਸੁਨਹਿਰੀ ਗੁਲਾਬ ਤਿਆਰ ਕਰ ਲਿਆ ਸੀ ।

ਤੁਸੀਂ ਵੀ ਇਸੇ ਜੱਦੋ-ਜਹਿਦ ਵਿੱਚ ਹੋ, ਮੈਂ ਵੀ ।

ਪੰਜਾਬੀ ਮਾਂ ਦੇ ਸਰਵਣ ਪੁੱਤਰ

ਅੱਗੇਯ-ਓ-ਵਾਚ :

ਆਧੁਨਿਕ ਭਾਰਤ ਵਿੱਚ ਲੇਖਕ ਦਾ ਰੋਲ ਕੀ ਹੈ? ਇੱਕ ਨਟ ਦਾ ਰੋਲ ਹੈ ਸ਼ਾਇਦ: ਅਜਿਹੇ ਨਟ ਦਾ ਜਿਹੜਾ ਖੰਭੇ ਉੱਤੇ ਚੜ੍ਹ ਕੇ ਆਪਣੇ ਕਰਤੱਬ ਵਿਖਾ ਰਿਹਾ ਹੈ ਅਤੇ ਖ਼ੁਦ ਉਸੇ ਖੰਭੇ ਨੂੰ ਥੰਮ੍ਹਿਆ ਵੀ ਹੋਇਆ ਹੈ । ਏਥੇ ਹੀ ਬੱਸ ਨਹੀਂ, ਖੰਭੇ ਨੂੰ ਓਥੇ ਟਿਕਾਈ ਰੱਖਣ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੈ, ਅਤੇ ਨਾਲ ਇਹ ਵੀ ਉਹਨੇ ਦਰਸਾਉਣਾ ਤੇ ਪ੍ਰਭਾਵਿਤ ਕਰਨਾ ਹੈ ਕਿ ਇਹ ਸਭ ਉਸੇ ਦੇ ਵੱਸ ਦੀ ਗੱਲ ਹੈ । ਸਮਝ ਲਉ ਕਿ ਭਾਰਤੀ ਭਾਸ਼ਾ ਵਿੱਚ ਲਿਖਣਾ ਇੱਕ ਤਰ੍ਹਾਂ ਦੀ ਅਗਨੀ ਪ੍ਰੀਖਿਆ ਹੈ । ਭਾਰਤੀ ਲੇਖਕ ਅਗਰ ਕੋਈ 'ਰੋਲ' ਅਦਾ ਕਰ ਸਕਦਾ ਹੈ ਤਾਂ ਸਿਰਫ਼ ਇਹ ਦਿਖਾਉਣ ਦਾ ਕਿ ਉਹ ਇਹ ਸਭ ਕੁਝ ਕਰ ਸਕਦਾ ਹੈ । ਕਿਉਂਕਿ ਇਹ ਕੁਝ ਜੇ ਉਹ ਨਹੀਂ ਕਰ ਸਕਦਾ ਤਾਂ ਕੋਈ ਵੀ ਨਹੀਂ ਕਰ ਸਕੇਗਾ, ਜਿਸ ਦਾ ਅਰਥ ਇਹ ਹੋਏਗਾ ਕਿ ਤਦ ਕੋਈ ਭਾਰਤੀ ਸਾਹਿੱਤ ਹੀ ਨਹੀਂ ਹੋਏਗਾ । ਕੋਈ ਸਾਹਿੱਤ ਹੀ ਨਹੀਂ ਹੋਏਗਾ ।.......

ਨਹੀਂ ਤਾਂ ਨਾ ਸਹੀ :

ਸਾਹਿੱਤ ਦਾ ਵਾਹ ਕਿੰਨੇ ਕੁ ਫ਼ੀ ਸਦੀ ਲੋਕਾਂ ਨਾਲ ਹੈ? ਜੇਕਰ ਸਾਹਿੱਤ ਨਾ ਵੀ ਹੋਵੇ ਤਾਂ ਕਿੰਨੇ ਕੁ ਲੋਕ ਵਿਗੋਚਾ ਮਹਿਸੂਸ ਕਰਨਗੇ? ਐਵੇਂ ਸਾਡਾ ਵਹਿਮ ਹੈ ਕਿ ਅਸੀਂ ਲੱਕੜ ਦੇ ਪਊਏ ਪਾ ਕੇ ਸਮੁੰਦਰ 'ਤੇ ਤੁਰ ਸਕਦੇ ਹਾਂ । ਮੰਨ ਲਉ ਤੁਰ ਵੀ ਲਈਏ, ਸਮੁੰਦਰ ਪਾਰ ਕਰ ਵੀ ਲਈਏ, ਦੂਜੇ ਕੰਢੇ ਪੁੱਜ ਵੀ ਜਾਈਏ ਤਾਂ ਕੀ ਹੋਵੇਗਾ? ਦੂਜੇ ਕੰਢੇ ਤਾਂ ਕੁਝ ਸਿੱਕੇ ਖਰਚ ਕੇ ਜਾਇਆ ਜਾ ਸਕਦਾ ਹੈ, ਫਿਰ ਪਾਣੀ 'ਤੇ ਤੁਰਨ ਦੀ ਸ਼ਕਤੀ ਪ੍ਰਾਪਤ ਕਰਨ ਲਈ ਸਦੀਆਂ ਤੀਕ ਭੋਰੇ ਵਿੱਚ ਕਿਉਂ ਲੱਥਿਆ ਜਾਏ? ਸਿਰਫ਼ ਤਮਾਸ਼ਾ ਦਿਖਾਉਣ ਲਈ? ਸਰਕਸ ਦੇ ਸਜੇ ਹੋਏ ਜਾਨਵਰ ਬਣਨ ਲਈ? ਭੀੜ ਦਾ ਮਨੋਰੰਜਨ ਕਰਨ ਲਈ? ...ਨਹੀਂ, ਨਹੀਂ, ਨਹੀਂ ... ...ਹੁਣ ਹੋਰ ਨਹੀਂ! ਭਵਿੱਖ-ਦਰਸ਼ੀ ਖ਼ੁਰਦਬੀਨੀਆਂ ਦਾ ਕਹਿਣਾ ਹੈ ਕਿ ਹੋਰ ਅੱਠ ਦਸ ਦਹਾਕਿਆਂ ਤੀਕ ਕਾਗ਼ਜ਼ਾਂ 'ਤੇ ਲਿਖੇ ਸਾਹਿੱਤ ਨੂੰ ਕੋਈ ਨਹੀਂ ਪੁੱਛੇਗਾ । ਲਿਪੀ ਦੀ ਲੋੜ ਖ਼ਤਮ ਹੋ ਜਾਏਗੀ । ਪੜ੍ਹਨ ਦੀ ਜ਼ਹਿਮਤ ਮੁੱਕ ਜਾਏਗੀ । ਲੋਕ ਵੇਖ-ਸੁਣ ਕੇ ਸਾਰ ਲਿਆ ਕਰਨਗੇ । ਆਡੀਓ-ਵਿਜ਼ੂਅਲ-ਏਡਜ਼ ਦਾ ਜ਼ਮਾਨਾ ਜ਼ੋਰ ਫੜ ਰਿਹਾ ਹੈ । ਸਾਹਿੱਤ ਰਿਕਾਰਡ ਕੀਤਾ ਮਿਲੇਗਾ । ਨੇਤਰ-ਭੋਜਨ ਟੀ.ਵੀ. ਮੁਹੱਈਆ ਕਰੇਗਾ । ਕਿਤਾਬਾਂ ਪਈਆਂ ਆਪਣੀਆਂ ਸ਼ਤਾਬਦੀਆਂ ਮਨਾਉਣਗੀਆਂ । ਸਿੱਖਿਆ ਦਾ ਮਾਧਿਅਮ ਵੀ ਲਿਖਤੀ ਸਾਹਿੱਤ ਨਹੀਂ ਰਹੇਗਾ । ਗਿਆਨ ਦੇਣ ਵਾਲੀਆਂ ਅਨੇਕਾਂ ਮਸ਼ੀਨਾਂ ਹੋਂਦ ਵਿੱਚ ਆ ਜਾਣਗੀਆਂ । ਸਾਡੀਆਂ ਲਿਖੀਆਂ ਕਿਤਾਬਾਂ ਨੂੰ ਕੋਈ ਨਹੀਂ ਪੜ੍ਹੇਗਾ ।... ...

ਅਸੀਂ ਕਹਿੰਦੇ ਹਾਂ, ਨਹੀਂ ਤਾਂ ਨਾ ਸਹੀ । ਨਾ ਪੜ੍ਹੇ । ਕੋਈ ਵੀ ਨਾ ਪੜ੍ਹੇ । ਹੁਣ ਕੌਣ ਪੜ੍ਹਦਾ ਹੈ?... ਛੱਡੋ, ਰਹਿਣ ਦਿਉ, ਐਵੇਂ ਭੁਲੇਖਾ ਹੈ! ਉਂਜ ਤੁਸੀਂ ਲਿਖਣਾ ਹੈ ਤਾਂ ਲਿਖੋ । ਖ਼ੁਦ ਨੂੰ ਸਹੀ ਸਿੱਧ ਕਰਨ ਦਾ ਬਹਾਨਾ ਨਾ ਢੂੰਡੋ । ਸੇਵਾ ਕਰੋ । ਕਰਮ ਕਰੋ । ਫਲ ਦੀ ਇੱਛਾ ਨਾ ਰੱਖੋ । ਤੁਸੀਂ ਪੰਜਾਬੀ ਮਾਂ ਦੇ ਸਰਵਣ ਪੁੱਤਰ ਹੋ!

ਰਘੂਕੁਲ ਰੀਤ :

ਗੁਰੂਆਂ ਨੇ ਲਿਖਿਆ, ਸੂਫ਼ੀਆਂ ਨੇ ਲਿਖਿਆ, ਯੋਧਿਆਂ ਨੇ ਲਿਖਿਆ, ਕਿੱਸਾਕਾਰਾਂ ਨੇ ਲਿਖਿਆ, ਸਾਖੀਕਾਰਾਂ ਨੇ ਲਿਖਿਆ, ਪਰ ਮੁਆਵਜ਼ਾ ਸਿਰਫ਼ ਦਰਬਾਰੀਆਂ ਨੂੰ ਮਿਲਿਆ । ਮੁਆਵਜ਼ਾ ਨਾ ਮੰਗੋ, ਦਰਬਾਰੀਆਂ 'ਚੋਂ ਗਿਣੇ ਜਾਉਗੇ । ਦਰਬਾਰੀਆਂ ਕੋਲ ਜਾਦੂ ਦੀਆਂ ਸੋਟੀਆਂ ਹੁੰਦੀਆਂ ਹਨ, ਸੁਨਹਿਰੀ ਫ਼ਰੇਮਾਂ ਵਾਲੀਆਂ ਐਨਕਾਂ ਹੁੰਦੀਆਂ ਹਨ, ਹੀਰਿਆਂ ਦੀਆਂ ਜੀਭਾਂ ਵਾਲੀਆਂ ਕਲਮਾਂ ਹੁੰਦੀਆਂ ਹਨ, ਰਾਜ-ਘਰਾਣੇ ਨਾਲ ਸੁਰ ਕੀਤੀਆਂ ਸਿਰੀਆਂ ਹੁੰਦੀਆਂ ਹਨ । ਉਹਨਾਂ ਦੀ ਰੀਸ ਨਾ ਕਰੋ । ਉਹਨਾਂ ਨੂੰ ਇਸ ਜਨਮ ਦੇ ਨਹੀਂ, ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਮਿਲ ਰਿਹਾ ਹੈ । ਪਿਛਲੇ ਜਨਮ ਵਿੱਚ ਉਹਨਾਂ ਨੇ ਕਰਮ ਕੀਤੇ ਸਨ, ਫਲਾਂ ਦੀ ਆਸ ਨਹੀਂ ਸੀ ਰੱਖੀ । ਉਹਨਾਂ ਦੀ ਰੀਤ ਨਿਭਾਉ । ਜਾਉ...ਚੁੱਪ ਕਰਕੇ ਲਿਖੀ ਜਾਉ । ਦੇਸ਼ ਪ੍ਰਤਿ, ਕੌਮ ਪ੍ਰਤਿ, ਭਾਸ਼ਾ ਪ੍ਰਤਿ ਆਪਣਾ ਫ਼ਰਜ਼ ਨਿਭਾਉ । ਜਾਉ... ਬਿਰਖ ਆਪਣੇ ਫਲ ਆਪ ਨਹੀਂ ਖਾਂਦੇ, ਸਰੋਵਰ ਆਪਣਾ ਪਾਣੀ ਆਪ ਨਹੀਂ ਪੀਂਦੇ, ਸੂਰਜ, ਚੰਦ, ਸਿਤਾਰੇ ਕਿਸੇ ਦੇ ਦਿਹਾੜੀਦਾਰ ਨਹੀਂ ਹੁੰਦੇ । ਲਿਖਣਾ ਤੁਹਾਡੀ ਕੁਦਰਤ ਹੈ । ਕੁਦਰਤ ਨੂੰ ਨਾ ਝੁਠਲਾਉ, ਜਾਉ ... ਪਰ ਤੁਸੀਂ ਕਹਿ ਰਹੇ ਹੋ: ਲੱਕੜ ਦੇ ਕੀੜੇ ਨੇ ਲੱਕੜ 'ਚੋਂ ਹੀ ਖਾਣੈ । ਉਹਨੇ ਬਜ਼ਾਰ ਥੋੜ੍ਹਾ ਜਾਣੈ! ਸਦ ਅਫ਼ਸੋਸ! ਤੁਸੀਂ ਖ਼ੁਦ ਨੂੰ ਲੱਕੜ ਦੇ ਕੀੜੇ ਨਾਲ ਤੁਲਨਾ ਰਹੇ ਹੋ । ਕਲਮ ਦੀ ਹੇਠੀ ਕਰ ਰਹੇ ਹੋ । ਤੁਸੀਂ ਤਾਂ ਮਹਾਨ ਹੋ । ਸ਼੍ਰਸ਼ਟਾ ਹੋ । ਸਮਾਜ ਦੇ ਆਗੂ ਹੋ । ਬੇਤਾਜ ਬਾਦਸ਼ਾਹ ਹੋ । ਤੁਹਾਡੇ ਲਿਖੇ ਅੱਖਰ ਵਕਤ ਦਾ ਸ਼ੀਸ਼ਾ ਹਨ । ਤੁਸੀਂ ਮਾਇਆ ਦੇ ਚੱਕਰ ਵਿੱਚ ਨਾ ਪਉ । ਤੁਸੀਂ ਨਿੱਕੀਆਂ ਮੋਟੀਆਂ ਲੋੜਾਂ ਤੋਂ ਉੱਪਰ ਹੋ । ਬੇ-ਜ਼ਬਾਨਾਂ ਦੀ ਜ਼ੁਬਾਨ ਹੋ । ਲਾਇਬਰੇਰੀਆਂ ਦੀ ਸ਼ਾਨ ਹੋ । ਤੁਹਾਨੂੰ ਲੋਕ ਪੜ੍ਹਦੇ ਨੇ । ਤੁਹਾਨੂੰ ਪੜ੍ਹ ਕੇ ਪ੍ਰਗਤੀ ਦੀ ਪੌੜੀ ਚੜ੍ਹਦੇ ਨੇ । ਆਪਣੇ ਪੈਰਾਂ 'ਤੇ ਖੜ੍ਹਦੇ ਨੇ । ਉਹਨਾਂ ਦਾ ਧਿਆਨ ਧਰੋ । ਆਪਣਾ ਕੰਮ ਕਰੋ । ਜ਼ਰਾ ਸੋਚੋ, ਤੁਸੀਂ ਤਾਂ ਨਿੱਜ ਨੂੰ ਪਾਰ ਕਰਕੇ ਸਮੂਹ ਤੀਕ ਪਹੁੰਚ ਚੁੱਕੇ ਹੋ । ਸੁਆਰਥ ਦੀ ਨਹੀਂ ਪਰਮਾਰਥ ਦੀ ਗੱਲ ਕਰੋ । ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੋ ।... ਜਾਉ ...ਤੁਸੀਂ ਤਾਂ ਅੜ ਕੇ ਖੜ੍ਹੇ ਹੋ । ਕਹਿੰਦੇ ਹੋ, ਸਾਡੀ ਵੀ ਕੋਈ ਸਮੱਸਿਆ ਹੈ । ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ: ਸਮੱਸਿਆਵਾਂ ਛੋਟੇ ਲੋਕਾਂ ਦੀਆਂ ਹੁੰਦੀਆਂ ਨੇ । ਛੋਟੇ ਨਾ ਬਣੋ । ਤੁਸੀਂ ਤਾਂ ਚਾਨਣ ਮੁਨਾਰੇ ਹੋ । ਸਾਡੀਆਂ ਅੱਖਾਂ ਦੇ ਤਾਰੇ ਹੋ । ਹਰ ਹਾਲ ਵਿੱਚ ਚਮਕੋ । ਭਾਵੇਂ ਪੁੱਠੇ ਲਮਕੋ । ਤੁਸੀਂ ਵਚਲਬੱਧ ਹੋ । ਆਪਣਾ ਆਪਣਾ ਵਚਨ ਦੁਹਰਾਉ । ਨਿਭਾਉ । ਜਾਉ ।

ਤੁਸੀਂ ਕੌਣ ਹੋ?

ਅਸੀਂ ਤੁਹਾਡੇ ਸੇਵਕ ਹਾਂ । ਤੁਹਾਡੀ ਕਲਮ ਦੇ ਸ਼ੁਭਚਿੰਤਕ ਹਾਂ । ਤੁਹਾਡਾ ਨਾਮ ਅਲਾਪਦੇ ਹਾਂ । ਤੁਹਾਨੂੰ ਪੜ੍ਹਦੇ ਹਾਂ, ਛਾਪਦੇ ਹਾਂ । ਤੁਹਾਡਾ ਨਾਂ ਚਮਕਾਉਣ ਲਈ ਨਵੀਆਂ ਨਵੀਆਂ ਯੋਜਨਾਵਾਂ ਉਲੀਕਦੇ ਹਾਂ । ਤੁਹਾਡੀ ਡਾਕ ਉਡੀਕਦੇ ਹਾਂ । ਤੁਹਾਡਾ ਲਿਖਿਆ ਲੋਕਾਂ ਤੀਕ ਪੁਚਾਉਂਦੇ ਹਾਂ । ਤੁਹਾਨੂੰ ਲੋਕਾਂ ਨਾਲ ਮਿਲਾਉਂਦੇ ਹਾਂ । ਤੁਹਾਡਾ ਦਾਇਰਾ ਵਧਾਉਂਦੇ ਹਾਂ । ਤੁਹਾਨੂੰ ਹੀਰੋ ਬਣਾਉਂਦੇ ਹਾਂ । ਆਪਣਾ ਪੈਸਾ ਲਾਉਂਦੇ ਹਾਂ । ਆਪਣੀ ਗੋਦ ਵਿੱਚ ਤੁਹਾਡੇ ਬੱਚੇ ਖਿਡਾਉਂਦੇ ਹਾਂ । ਆਪਣੀ ਕੀਮਤ 'ਤੇ ਤੁਹਾਨੂੰ ਅੱਗੇ ਲਿਆਉਂਦੇ ਹਾਂ ।... ... ਸਾਡੀ ਸਮੱਸਿਆਂ ਨੂੰ ਸਮਝੋ: ਪਤਾ ਨਹੀਂ ਤੁਹਾਨੂੰ ਕੀ ਜਾਪਦੇ ਹਾਂ । ਪਰ, ਜੋ ਵੀ ਹਾਂ, ਆਪ ਦੇ ਹਾਂ । ਤੁਸੀਂ ਤਾਂ ਸਰਵਣ ਪੁੱਤਰ ਹੋ । ਹਰ ਪ੍ਰਸ਼ਨ ਦੇ ਉੱਤਰ ਹੋ । ਫਿਰ ਪ੍ਰਸ਼ਨ ਕਿਉਂ ਕਰਦੇ ਹੋ? ਤੁਸੀਂ ਤਾਂ ਬੰਦੇ ਘਰ ਦੇ ਹੋ । ਓਪਰੇ ਦੀ ਗੱਲ ਹੋਰ ਹੁੰਦੀ ਹੈ, ਠਾਂਹ ਤਾਂਹ ਕਰਕੇ ਟਾਲ ਦਈਦੈ । ਨਹੀਂ ਤਾਂ ਠੁੱਠ ਵਿਖਾਲ ਦਈਦੈ । ਕਈਆਂ ਨੂੰ ਤਾਂ ਗਲੋਂ ਲਾਹੁਣ ਲਈ ਆਪਣੇ ਨਾਲ ਬਹਾਲ ਲਈਦੈ । ਜਾਂ ਕੁਝ ਖੁਆਲ ਪਿਆਲ ਦਈਦੈ । ਤੁਸੀਂ ਤਾਂ ਉਹਨਾਂ ਵਿੱਚ ਨਹੀਂ ਆਉਂਦੇ । ਸਾਡੇ ਨਾਲ ਪ੍ਰੀਤ ਤੁਹਾਡੀ । ਦਰਵੇਸ਼ਾਂ ਦੀ ਰੀਤ ਤੁਹਾਡੀ । ਅੰਬਰੋਂ ਉੱਚੀ ਨੀਤ ਤੁਹਾਡੀ । ਅਸੀਂ ਤਾਂ ਐਵੇਂ ਲੱਕੜ ਪੱਥਰ, ਤੁਹਾਡੇ ਪਰਾਂ 'ਤੇ ਉੱਡ ਰਹੇ ਹਾਂ । ਤੁਹਾਡੇ ਬਲ-ਬੂਤੇ 'ਤੇ ਸਾਹਿਬੋ, ਇਸ ਖੇਤਰ ਵਿੱਚ ਕੁੱਦ ਰਹੇ ਹਾਂ । ਸਾਡੀ ਹਸਤੀ ਹੱਥ ਤੁਹਾਡੇ । ਸਾਡੀ ਰੋਜ਼ੀ ਹੱਥ ਤੁਹਾਡੇ । ਸਾਡੀ ਸ਼ੁਹਰਤ ਹੱਥ ਤੁਹਾਡੇ । ਸਾਡੀ ਇੱਜ਼ਤ ਹੱਥ ਤੁਹਾਡੇ । ਸਾਨੂੰ ਆਪਣੀ ਸੁਹਣੀ ਜਿਹੀ ਤਸਵੀਰ ਦੇ ਦਿਉ । ਬਣ ਕੇ ਵੱਡੇ ਵੀਰ ਦੇ ਦਿਉ । ਸਾਡੇ ਲਈ ਸਵਾਲ ਬਣੋ ਨਾ । ਸਾਡੇ ਕੋਲ ਸਵਾਲ ਕਰੋ ਨਾ । ਦਾਤਾ ਕਦੇ ਸਵਾਲ ਨਹੀਂ ਕਰਦਾ । ਸ਼੍ਰਸ਼ਟਾ ਕਦੇ ਸਵਾਲ ਨਹੀਂ ਕਰਦਾ । ਸੂਰਜ ਕਦੇ ਸਵਾਲ ਨਹੀਂ ਕਰਦਾ ।

ਸਦਾ ਦੀਵਾਲੀ ਸਾਧ ਦੀ :

''ਕਹਾਂ ਸੇ ਤੂਨੇ ਐ ਇਕਬਾਲ, ਸੀਖੀ ਹੈ ਯੇ ਦਰਵੇਸ਼ੀ,
ਕਿ ਚਰਚਾ ਬਾਦਸ਼ਾਹੋਂ ਮੇਂ ਹੈ ਤੇਰੀ ਬੇਨਿਆਜ਼ੀ ਕਾ ।''

ਪਾਣੀ ਹਾਏ ਪਾਣੀ :

ਮਾਂ ਪਿਉ ਅੰਨ੍ਹੇ ਹਨ, ਬਿਰਧ ਹਨ । ਸਰਵਣ ਸੁਜਾਖਾ ਹੈ, ਜਵਾਨ ਹੈ । ਉਸ ਕੋਲ ਵਹਿੰਗੀ ਹੈ, ਜਾਨ ਹੈ । ਮਾਂ ਧਰਤੀ ਹੈ, ਪਿਉ ਆਸਮਾਨ ਹੈ, ਤੀਰਥ ਤੀਰਥ ਜਾਣਾ ਹੈ, ਇਸ਼ਨਾਨ ਕਰਵਾਉਣਾ ਹੈ । ਨੇਤਰਾਂ ਦੀ ਜੋਤ ਨੂੰ ਵਾਪਿਸ ਲਿਆਉਣਾ ਹੈ । ਜੰਗਲ ਹੈ, ਬੇਲਾ ਹੈ । ਵੇਲਾ ਹੈ ਕੁਵੇਲਾ ਹੈ । ਸੱਪ ਹੈ ਸ਼ੇਰ ਹੈ । ਪੈਂਡਾ ਅਜੇ ਢੇਰ ਹੈ । ਛਾਬਿਆਂ 'ਚ ਸ਼ੀਰ ਨੇ । ਮੋਢੇ ਉੱਤੇ ਵਹਿੰਗੀ ਹੈ । ਪਿਤਰ-ਭਗਤੀ ਮਹਿੰਗੀ ਹੈ । ਕਿੰਨੇ ਤੀਰਥ ਰਹਿੰਦੇ ਨੇ? ਮਾਤਾ ਪਿਤਾ ਕਹਿੰਦੇ ਨੇ । ਸੁਖੀ ਸਾਡਾ ਕਣ ਕਣ ਹੈ । ਸਾਡਾ ਪੁੱਤਰ ਸਰਵਣ ਹੈ । ਮੋਢੇ ਉੱਤੇ ਚੀਸਾਂ ਨੇ । ਕੰਨਾਂ 'ਚ ਅਸੀਸਾਂ ਨੇ । ਸਾਡੇ ਲਈ ਤੂੰ ਚਲਿਆ ਹੈਂ । ਤੇਰਾ ਨਾਮ ਚੱਲੇਗਾ । ਜੁਗੋ ਜੁਗ ਮਾਤਾ ਪਿਤਾ, ਸਰਵਣਾਂ 'ਤੇ ਰੀਝਣਗੇ । ਸਰਵਣ ਹੀ ਬੀਜਣਗੇ । ਭੁਖ ਹੈ, ਪਿਆਸ ਹੈ । ਪਰ ਧਰਵਾਸ ਹੈ । ਤੀਰਥਾਂ 'ਤੇ ਚੱਲੇ ਹਾਂ । ਅਸੀਂ ਨਹੀਂ 'ਕੱਲੇ ਹਾਂ । ਵਹਿੰਗੀ 'ਚ ਹੁਲਾਰ ਹੈ । ਪੂਰਾ ਪਰਿਵਾਰ ਹੈ । ਹੋਇਆ ਕੀ ਜੇ ਜੋਤ ਨਹੀਂ । ਪੈਰਾਂ 'ਚ ਖੜੌਤ ਨਹੀਂ । ਅੱਖੀਆਂ 'ਚ ਰਾਹ ਹੈ । ਨੀਂਦ ਹੀ ਪੜਾਅ ਹੈ । ਦਿਨ ਨੂੰ ਕਿਆਮ ਨਾ । ਰਾਤ ਨੂੰ ਆਰਾਮ ਨਾ । ਰੋਟੀਆਂ ਦੇ ਲਾਲੇ ਨੇ । ਪੈਰਾਂ ਹੇਠ ਛਾਲੇ ਨੇ । ਕਿੰਨਾ ਸੂਰਬੀਰ ਹੈ । ਆਖਿਰ ਸਰੀਰ ਹੈ ।

ਕੁਰਖ਼ੇਤਰ ਦੀ ਧਰਤੀ :

ਸਰਵਣ ਨੇ ਵਹਿੰਗੀ ਜ਼ਮੀਨ 'ਤੇ ਰੱਖੀ । ਆਪ ਲੇਟ ਗਿਆ । ਕਿੰਨੀ ਦੇਰ ਨਾ ਚੁੱਕੀ । ਮਾਂ-ਬਾਪ ਹੈਰਾਨ ਹੋਏ । ਪਰੇਸ਼ਾਨ ਹੋਏ । ਪੁੱਤਰ ਨੇ ਕਦੀ ਏਨਾ ਕਿਆਮ ਨਹੀਂ ਸੀ ਕੀਤਾ । ਠੀਕ ਹੋਏ ਸਹੀ! ਮਾਂ ਦੀ ਆਂਦਰ ਨੇ ਪੁੱਛਿਆ । ਬਾਪ ਦੀ ਉਦਾਸੀ ਬੋਲੀ । ਸਰਵਣ ਨੇ ਪਹਿਲੀ ਵਾਰ ਜ਼ੁਬਾਨ ਖੋਲ੍ਹੀ :

-ਮੈਂ ਅੱਗੇ ਨਹੀਂ ਜਾ ਸਕਦਾ

? ਕਿਉਂ

-ਪਹਿਲਾਂ ਪਿਛਲੀ ਮਜ਼ਦੂਰੀ ਦਿਉ

? ਮਜ਼ਦੂਰੀ

-ਹਾਂ, ਹਾਂ...ਮਜ਼ਦੂਰੀ

? ਪਰ ਤੂੰ ਤਾਂ ਸਾਡਾ ਪੁੱਤਰ ਹੈਂ

-ਤੁਹਾਡਾ ਪੁੱਤਰ ਮਜ਼ਦੂਰੀ ਮੰਗਦਾ ਹੈ । ਸਰਵਣ ਦੇ ਮੋਢੇ ਜ਼ਖਮੀ ਹਨ । ਪੈਰ ਘਾਇਲ ਹਨ

? ਤੂੰ ਠੀਕ ਕਹਿੰਦਾ ਹੋਏਂਗਾ, ਪਰ ਅਸੀਂ ਵੇਖ ਨਹੀਂ ਸਕਦੇ । ਨੈਣਾਂ ਵਿੱਚ ਜੋਤ ਨਹੀਂ

-ਮੈਨੂੰ ਤੁਸੀਂ ਆਪਣੇ ਨੈਣਾਂ ਦੀ ਜੋਤ ਸਮਝਦੇ ਆਏ ਹੋ, ਮੇਰੇ 'ਤੇ ਵਿਸ਼ਵਾਸ ਕਰੋ

? ਸਾਨੂੰ ਵਿਸ਼ਵਾਸ ਹੈ, ਪਰ ਅਸੀਂ ਮਜਬੂਰ ਹਾਂ

-ਮੈਂ ਮਜ਼ਦੂਰ ਹਾਂ । ਪਿਛਲੀ ਮਜ਼ਦੂਰੀ ਵਸੂਲ ਕੀਤੇ ਬਿਨਾਂ ਇੱਕ ਕਦਮ ਅੱਗੇ ਨਹੀਂ ਚੱਲਾਂਗਾ

(ਵ...ਕ...ਫਾ)

? ਪੁੱਤਰ, ਇਹ ਕਿਹੜੀ ਧਰਤੀ ਹੈ

-ਇਹ ਕੁਰਖ਼ੇਤਰ ਦੀ ਧਰਤੀ ਹੈ

(ਚੁ...ਪ)

? ਤੇਰਾ ਦੋਸ਼ ਨਹੀਂ । ਧਰਤੀ ਦਾ ਦੋਸ਼ ਹੈ । ਏਥੇ ਤਾਂ ਸਕੇ ਭਾਈਆਂ ਦੇ ਖ਼ੂਨ ਸਫ਼ੇਦ ਹੋ ਜਾਂਦੇ ਹਨ । ਤੂੰ ਕੁਰਖ਼ੇਤਰ ਦੀ ਜੂਹ ਪਾਰ ਕਰਾ ਦੇ । ਸਾਰੀ ਮਜ਼ਦੂਰੀ ਇਕੱਠੀ ਦੇ ਦਿਆਂਗੇ ।

-ਮੈਂ ਆਪਣੇ ਜ਼ਖਮਾਂ ਨੂੰ ਜ਼ਰਬਾਂ ਨਹੀਂ ਦੇਣਾ ਚਾਹੁੰਦਾ । ਇਸ ਧਰਤੀ ਨੇ ਮੈਨੂੰ ਮੇਰੀ ਪਛਾਣ ਦਿੱਤੀ ਹੈ । ਆਪਣੇ ਦੁਖ ਦਾ ਅਹਿਸਾਸ ਕਰਾਇਆ ਹੈ । ਮੈਨੂੰ ਮੇਰਾ ਚੇਤਾ ਹੈ । ਜਦੋਂ ਤੀਕ ਪਿਛਲੀ ਮਜ਼ਦੂਰੀ ਨਹੀਂ ਮਿਲੇਗੀ, ਵਹਿੰਗੀ ਨਹੀਂ ਉੱਠੇਗੀ ।

ਯਵਨਿਕਾ:

ਹਾਲ ਦੀ ਘੜੀ ਕੁਰਖ਼ੇਤਰ ਦੀ ਧਰਤੀ ਉੱਤੇ ਵਹਿੰਗੀ ਪਈ ਹੈ । ਸਰਵਣ ਲੇਟਿਆ ਹੋਇਆ ਹੈ ।
ਦਰਸ਼ਕ ਉਤਸੁਕ ਨੇ ਕਿ ਪਰਦਾ ਕਿਸ ਪਾਸੇ ਡਿੱਗਦਾ ਹੈ ।

ਸ਼ਿਰੋਮਣੀ

ਪੰਜਾਬ ਸਰਕਾਰ ਦੇ 'ਭਾਸ਼ਾ ਵਿਭਾਗ' ਨੇ ਪਿਛਲੇ ਕੁਝ ਵਰ੍ਹਿਆਂ ਤੋਂ ਇੱਕ ਰੀਤ ਤੋਰੀ ਹੋਈ ਹੈ । ਹਰ ਸਾਲ ਕੁਝ 'ਸ਼ਿਰੋਮਣੀ' ('ਵਿਭਾਗ' ਦੇ ਸ਼ਬਦ-ਜੋੜ 'ਸ਼੍ਰੋਮਣੀ' ਹਨ) ਹਸਤੀਆਂ ਢੂੰਡ ਕੇ ਸਨਮਾਨੀਆਂ ਜਾਂਦੀਆਂ ਹਨ: ਹਿੰਦੀ ਦਾ ਇੱਕ ਲੇਖਕ, ਉਰਦੂ ਦਾ ਇੱਕ ਲੇਖਕ, ਪੰਜਾਬੀ ਦਾ ਇੱਕ ਪੱਤਰਕਾਰ । ਰਾਜ-ਬਦਲੀ ਕਰਕੇ ਦੋ ਕੁ ਸਾਲ ਇਹ ਨਾਟਕ ਨਹੀਂ ਸੀ ਹੋਇਆ, ਪਰ ਪਿਛਲੇ ਸਾਲ, 1981 ਵਿੱਚ, ਮੌਜੂਦਾ ਸਰਕਾਰ ਨੇ ਪਿਛਲੀ ਸਾਰੀ ਕਸਰ ਕੱਢ ਦਿੱਤੀ ਸੀ । ਹਰ ਖੇਤਰ 'ਚੋਂ ਤਿੰਨ-ਤਿੰਨ ਸ਼ਿਰੋਮਣੀ ਲੱਭ ਕੇ, ਰਾਜ ਭਵਨ ਵਿੱਚ ਸੱਦ ਕੇ, ਇੱਕੋ ਵਾਰ ਸਨਮਾਨ ਦਿੱਤੇ ਗਏ । ਇਸ ਸਾਲ ਵੀ ਪੰਜ ਸ਼ਿਰੋਮਣੀਆਂ ਨੂੰ , ਰਾਜ ਭਵਨ ਵਿੱਚ ਹੀ, ਇਹ ਮਾਣ ਦਿੱਤਾ ਗਿਆ ਹੈ । ਸਰਕਾਰ ਆਖਿਰ ਸਰਕਾਰ ਹੁੰਦੀ ਹੈ, ਜੋ ਚਾਹੇ ਕਰੇ । ਸਰਕਾਰ ਲੋਕਾਂ ਦੀ ਹੈ, ਪੈਸਾ ਲੋਕਾਂ ਦਾ ਹੈ, ਜਿਹਨੂੰ ਦਿਲ ਚਾਹੇ ਦਏ । ਅਸੀਂ ਗੱਲ ਵਿਭਾਗ ਦੀ ਨਹੀਂ ਕਰਨੀ, ਉਹ ਤਾਂ ਸਰਕਾਰ ਦਾ ਹੈ ।

ਅਸੀਂ ਗੱਲ ਭਾਸ਼ਾ ਦੀ ਕਰਨੀ ਹੈ, ਉਹ ਤਾਂ ਸਾਡੀ ਹੈ! ਜਾਪਦਾ ਹੈ, ਸਰਕਾਰ ਦਾ ਛੋਟੇ ਵਿਸ਼ੇਸ਼ਣਾਂ ਨਾਲ ਨਹੀਂ ਸਰਦਾ । ਉਹਨੂੰ ਹਰ ਸਾਲ ਮਜਬੂਰਨ ਪੰਜ ਸ਼ਿਰੋਮਣੀ ਲੱਭਣੇ ਪੈਂਦੇ ਹਨ । ਜੇ ਸਰਕਾਰੀ ਕੰਮ-ਕਾਰ ਵਿੱਚ ਦਖ਼ਲ-ਅੰਦਾਜ਼ੀ ਨਾ ਸਮਝੀ ਜਾਏ, ਤਾਂ ਅਸੀਂ ਆਪਣੇ ਸਾਧਾਰਣ ਗਿਆਨ ਵਿੱਚ ਵਾਧਾ ਕਰਨ ਲਈ, ਵਿਭਾਗੀ ਮਾਹਿਰਾਂ ਤੋਂ ਥੋੜ੍ਹੀ ਜਿਹੀ ਜਾਣਕਾਰੀ ਹਾਸਿਲ ਕਰਨੀ ਚਾਹਾਂਗੇ:

- ਕੀ 'ਸ਼ਿਰੋਮਣੀ' (ਜਾਂ ਸ਼੍ਰੋਮਣੀ) ਸ਼ਬਦ ਦਾ ਅਰਥ ਸੱਚਮੁੱਚ ਸ਼ਬਦ-ਕੋਸ਼ ਵਾਲਾ ਹੀ ਹੈ, ਜਾਂ ਕਿ ਮਹਿਕਮੇ ਦੇ ਕਿਸੇ ਗੁਪਤ ਸੰਵਿਧਾਨ ਅਨੁਸਾਰ ਇਸ ਦੇ ਕੁਝ ਹੋਰ ਅਰਥ ਨਿਸ਼ਚਿਤ ਹੋ ਚੁੱਕੇ ਹਨ?

- ਸਾਡਾ ਖਿਆਲ ਹੈ ਕਿ ਇੱਕ ਸਾਲ ਵਿੱਚ ਸ਼ਿਰੋਮਣੀ ਸਿਰਫ਼ ਇੱਕ ਵਿਅਕਤੀ ਹੀ ਹੋ ਸਕਦਾ ਹੈ, ਪੰਜਾਂ ਨੂੰ ਇੱਕੋ ਸਾਹੇ ਸ਼ਿਰੋਮਣੀ ਕਹਿਣਾ ਚਮਤਕਾਰ ਹੈ ਜਾਂ ਮਜ਼ਾਕ?

- ਹਿੰਦੀ ਤੇ ਉਰਦੂ ਦੇ ਕਿੰਨੇ ਕੁ ਪੰਜਾਬੀ ਲੇਖਕ ਹਨ, ਜਿਨ੍ਹਾਂ 'ਚੋਂ ਸ਼ਿਰੋਮਣੀ ਦੀ ਚੋਣ ਕੀਤੀ ਜਾਂਦੀ ਹੈ?

- ਕੀ ਮੋਹਨ ਸਿੰਘ ਪ੍ਰੇਮ ਹੁਰਾਂ ਤੋਂ ਬਾਅਦ ਵੀ ਕੋਈ ਪੱਤਰਕਾਰ ਪੰਜਾਬੀ ਵਿੱਚ ਬਚਦਾ ਹੈ, ਜਿਸ ਨੂੰ ਸ਼ਿਰੋਮਣੀ ਗਰਦਾਨਿਆ ਜਾ ਸਕੇ?

- ਜੇ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਦੇ ਲੇਖਕਾਂ ਨੂੰ ਇਸ ਮਾਣ ਦਾ ਭਾਗੀ ਸਮਝਿਆ ਜਾਂਦਾ ਹੈ, ਤਾਂ ਹਿੰਦੀ ਤੇ ਉਰਦੂ ਦੇ ਪੱਤਰਕਾਰਾਂ ਨੂੰ ਕਿਉਂ ਨਹੀਂ?

- ਕੀ ਨਵਤੇਜ ਸਿੰਘ ਤੋਂ ਇਲਾਵਾ ਕੋਈ ਸ਼ਖ਼ਸ ਸਾਹਿੱਤਕ ਪੱਤਰਕਾਰੀ ਦੇ ਖੇਤਰ ਵਿੱਚ ਨਹੀਂ ਹੈ, ਜਿਸ ਨੂੰ ਸ਼ਿਰੋਮਣੀ ਕਹਿ ਕੇ ਨਿਵਾਜਿਆ ਜਾ ਸਕੇ?

- ਬਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕਾਂ ਦੀ ਸ਼ਿਰੋਮਣੀ ਬਣਨ ਲਈ ਯੋਗਤਾ ਸਿਰਫ਼ 'ਬਦੇਸ਼ੀ' ਹੋਣਾ ਹੀ ਹੈ, ਜਾਂ ਫਿਰ ਲਿਖਤਾਂ ਲਈ ਵੀ ਕੋਈ ਪੈਮਾਨਾ ਹੈ? ...ਤੇ ਬਦੇਸ਼ਾਂ ਵਿੱਚ ਰਹਿੰਦੇ ਇਸ ਸਨਮਾਨ ਦੇ ਭਾਗੀ ਦੋਵੇਂ ਲੇਖਕ (ਰਵੀ ਤੇ ਗਿਆਨੀ ਕੇਸਰ ਸਿੰਘ) ਇਨਾਮ ਲੈਣ ਕਿਉਂ ਨਹੀਂ ਆਏ?

- ਬਦੇਸ਼ੀ ਸਿੱਕੇ ਨਾਲ ਸੀਮਿੰਟ ਤੇ ਸਕੂਟਰ ਤਾਂ ਪਹਿਲ ਦੇ ਆਧਾਰ 'ਤੇ ਮਿਲਦੇ ਸੁਣੇ ਸਨ, ਕੀ ਇਨਾਮਾਂ ਬਾਰੇ ਵੀ ਸਰਕਾਰੀ ਪਾਲਿਸੀ ਇਹੋ ਹੈ?

- ਕੀ ਸਰਕਾਰ ਵਿਦੇਸ਼ ਵਿੱਚ ਵੱਸਦੇ ਕਿਸੇ ਵੀ ਪੰਜਾਬੀ ਲੇਖਕ ਨੂੰ ਇਸ ਕਾਬਿਲ ਨਹੀਂ ਸਮਝਦੀ, ਜਿਹੜਾ ਬਿਨਾਂ ਇਸ 'ਆਰਕਸ਼ਣ' ਦੇ ਸ਼ਿਰੋਮਣੀ ਬਣ ਸਕਦਾ ਹੋਵੇ?

- ਕੀ ਸ਼ਿਰੋਮਣੀ ਪੱਤਰਕਾਰ ਬਣਨ ਲਈ ਘੱਟੋ ਘੱਟ ਉਮਰ ਦੀ ਸੀਮਾ ਵੀ ਨਿਸ਼ਚਿਤ ਹੈ? ਇਸ ਪੱਧਰ ਤੀਕ ਪੁੱਜਣ ਲਈ ਬੰਦੇ ਨੂੰ ਕੀ ਅੱਧੀ ਸਦੀ ਜ਼ਰੂਰ ਟੱਪਣੀ ਚਾਹੀਦੀ ਹੈ?

- ਕੀ ਲੇਖਕਾਂ ਦਾ ਸਨਮਾਨ ਕਿਸੇ 'ਲੋਕ ਭਵਨ' ਵਿੱਚ ਨਹੀਂ ਹੋ ਸਕਦਾ? ਰਾਜ ਭਵਨ ਕਿਉਂ ਲਾਜ਼ਮੀ ਹੈ? ਸੁਣਿਆ ਹੈ ਕਿ ਰਾਜ ਭਵਨ ਵਿੱਚ ਹੋਣ ਵਾਲੇ ਸਮਾਗਮਾਂ ਦੀ ਰਵਾਇਤ ਹੈ ਕਿ ਹਾਈ ਕੋਰਟ ਦੇ ਜੱਜਾਂ ਤੋਂ ਲੈ ਕੇ ਪੂਰੀ ਅਫ਼ਸਰਸ਼ਾਹੀ ਨੂੰ ਲਾਜ਼ਮੀ ਤੌਰ 'ਤੇ ਸੱਦਾ ਦੇਣਾ ਪੈਂਦਾ ਹੈ, ਭਾਵੇਂ ਕਿ ਉਨ੍ਹਾਂ ਦਾ ਆਉਣਾ ਜ਼ਰੂਰੀ ਨਹੀਂ ।

- ਜੇ ਇਹੋ ਜਿਹੇ ਸਮਾਗਮ ਆਮ ਜਲਸਿਆਂ ਦੇ ਰੂਪ ਵਿੱਚ ਹੋਣ ਤਾਂ ਆਮ ਆਦਮੀ ਵੀ ਆਪਣੇ ਸ਼ਿਰੋਮਣੀਆਂ ਦੇ ਦਰਸ਼ਨ ਦੀਦਾਰ ਕਰ ਸਕਣਗੇ ਅਤੇ ਉਨ੍ਹਾਂ ਨੂੰ ਸ਼ਰਮਿੰਦੇ ਹੋਣ ਦਾ ਸੁਨਹਿਰੀ ਅਵਸਰ ਮਿਲੇਗਾ ਕਿ ਜਿਨ੍ਹਾਂ ਹਸਤੀਆਂ ਦੇ ਅੱਜ ਉਹ ਦਰਸ਼ਨ ਕਰ ਰਹੇ ਹਨ, ਉਨ੍ਹਾਂ 'ਚੋਂ ਬਹੁਤਿਆਂ ਦੇ ਉਨ੍ਹਾਂ ਨੇ ਕਦੇ ਨਾਂ ਵੀ ਕਿਉਂ ਨਹੀਂ ਸੁਣੇ?

ਹੋ ਸਕਦਾ ਹੈ 'ਭਾਸ਼ਾ ਵਿਭਾਗ' ਕੋਲ ਭਾਸ਼ਾ ਸੰਬੰਧੀ ਹਰ ਸਵਾਲ ਦਾ ਜਵਾਬ ਹੋਵੇ, ਪਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਟਿੱਪਣੀਆਂ ਨੂੰ ਧਿਆਨ ਗੋਚਰੇ ਲਿਆਉਣਾ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਹੋਵੇ । ਉਨ੍ਹਾਂ ਨੇ ਤਾਂ ਟੀਚੇ ਮਿੱਥਣੇ ਹਨ ਤੇ ਟੀਚਿਆ ਤੋਂ ਵੱਧ ਕੰਮ ਵਿਖਾ ਕੇ ਰਿਕਾਰਡ ਕਾਇਮ ਕਰਨੇ ਹਨ! ਇਸ ਦਾ ਸਾਖਿਆਤ ਉਦਾਹਰਣ ਹੈ ਕਿ ਸ਼ਿਰੋਮਣੀ ਹਸਤੀ ਨੂੰ ਉਹ ਭਾਰਤੀ ਸਾਹਿੱਤ ਅਕਾਦਮੀ ਨਾਲੋਂ ਵੀ ਇੱਕ ਸੌ ਰੁਪਿਆ ਵਧੇਰੇ ਦੇਂਦੇ ਹਨ!

ਸਾਡੀ ਗੁਜ਼ਾਰਿਸ਼ ਹੈ ਕਿ ਸਾਡਾ 'ਵਿਭਾਗ' ਭਾਸ਼ਾ 'ਤੇ ਰਹਿਮ ਕਰੇ । ਸ਼ਿਰੋਮਣੀ ਨੂੰ ਸੱਚਮੁੱਚ ਦਾ ਸ਼ਿਰੋਮਣੀ ਰਹਿਣ ਦਏ । ਬਿਨਾਂ ਵਕਤੀ ਮਜਬੂਰੀ ਦੇ ਹਰ ਉਸ ਸ਼ਖ਼ਸ ਨੂੰ ਮਾਣ ਦਏ, ਜਿਹੜਾ ਆਪਣੇ ਵਿਸ਼ੇਸ਼ ਖੇਤਰ ਵਿੱਚ ਸੱਚਮੁੱਚ ਸ਼ਿਰੋਮਣੀ ਵਾਲੀ ਪਛਾਣ ਕਾਇਮ ਕਰ ਚੁੱਕਿਆ ਹੋਵੇ ।

ਪੰਜਾਬੀ ਚਾਲੂ ਕਰੇ, ਪੰਜਾਬੀ ਤੋਂ ਲੋਕਾਂ ਨੂੰ ਚਾਲੂ ਨਾ ਕਰੇ ।

ਬ੍ਰਹਿਮੰਡ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਪੰਜਾਬੀ ਸਾਹਿੱਤ ਜਾਂ ਸੱਭਿਆਚਾਰ ਲਈ ਕੁਝ ਮਾਣਯੋਗ ਕੰਮ ਕਰਦਾ ਹੈ, ਤਾਂ ਬ੍ਰਹਿਮੰਡ ਨੂੰ ਇਕਾਈ ਮੰਨ ਕੇ, ਸ਼ਿਰੋਮਣੀ ਖ਼ਿਤਾਬ ਵਰਤੇ । ਇਸ ਨਾਲ ਭਾਸ਼ਾ ਅਤੇ ਭਾਸ਼ਾ ਵਾਲਿਆਂ ਦਾ ਮਾਣ ਵਧੇਗਾ । ਤੇ 'ਭਾਸ਼ਾ ਵਿਭਾਗ' ਵਾਲਿਆਂ ਦਾ ਵੀ । ਨਿੱਕੇ-ਨਿੱਕੇ ਸ਼ਿਰੋਮਣੀਆਂ ਨਾਲ ਤਾਂ ਅਗਲੇ ਥੋੜ੍ਹੇ ਜਿਹੇ ਸਾਲਾਂ ਵਿੱਚ ਹੀ ਮਾਹੌਲ ਬੋਝਲ ਹੋ ਜਾਏਗਾ । ਨਗ-ਪੂਰਤੀ ਲਈ ਸ਼ਿਰੋਮਣੀ ਖੜਾ ਕਰਨਾ ਸਾਨੂੰ ਬੌਣਿਆਂ ਕਰਦਾ ਹੈ ।

'ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ 'ਵਿਭਾਗ' ਮਿਕਦਾਰ ਦੇ ਹਿਸਾਬ ਨਾਲ ਬਹੁਤ ਕੁਝ ਕਰ ਰਿਹਾ ਹੈ । ਹੁਣ ਲੋੜ ਹੈ ਮਿਆਰ ਦੇ ਹਿਸਾਬ ਨਾਲ ਵੀ ਕੁਝ ਕੀਤਾ ਜਾਏ । ਸਿਰਫ਼ ਸਨਮਾਨ, ਪੁਰਸਕਾਰ ਜਾਂ ਗਰਾਂਟਾਂ ਦੇਣ ਨਾਲ ਮਕਸਦ ਹੱਲ ਨਹੀਂ ਹੋ ਜਾਂਦਾ । ਵੇਖਣਾ ਇਹ ਹੈ ਕਿ ਇਸ ਸਭ ਕੁਝ ਦਾ ਯੋਗ ਅਧਿਕਾਰੀ ਕੌਣ ਹੈ? ਅਯੋਗ ਬੰਦੇ ਨੂੰ ਸਤਿਕਾਰ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਇਸ ਤਰ੍ਹਾਂ ਦਾ ਲੋਕ-ਸੰਪਰਕ ਫ਼ਾਰਮੂਲਾ ਯੋਗ ਬੰਦਿਆਂ ਪ੍ਰਤੀ ਆਮ ਲੋਕਾਂ ਦੇ ਰਵੱਈਏ ਵਿੱਚ ਜ਼ਰੂਰ ਫ਼ਰਕ ਪਾਉਂਦਾ ਹੈ ।

ਏਥੇ ਅਸੀਂ ਇੱਕ ਨਿਰਮਾਣ ਜਿਹਾ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਵਿਅਕਤੀ ਜਾਂ ਪੁਸਤਕ ਨੂੰ ਐਲਾਨੀਆ ਸ਼ਿਰੋਮਣੀ ਕਹਿਣ ਤੋਂ ਪਹਿਲਾਂ ਖੁੱਲ੍ਹਾ ਮੁਕਾਬਲਾ ਰੱਖਿਆ ਜਾਏ । ਇੱਕ ਖ਼ਾਸ ਅਰਸੇ ਵਿੱਚ ਸਾਹਮਣੇ ਆਏ ਵਿਅਕਤੀ ਜਾਂ ਕਿਤਾਬਾਂ ਦਾ ਲੇਖਾ-ਜੋਖਾ ਉਸ ਖ਼ਾਸ ਅਰਸੇ ਵਿੱਚ ਹੋਈ ਗੰਭੀਰ ਲਿਖਤੀ ਬਹਿਸ ਦੇ ਅਧਾਰ 'ਤੇ ਕੀਤਾ ਜਾਏ । ਇਸ ਕਿਸਮ ਦੇ ਬਹਿਸ-ਮੁਬਾਹਿਸੇ ਲਈ 'ਵਿਭਾਗ' ਦੇ ਸਾਹਿੱਤਕ ਪਰਚੇ ਵੀ ਮੰਚ ਮੁਹੱਈਆ ਕਰ ਸਕਦੇ ਹਨ । ਪੰਜਾਬੀ ਵਿੱਚ ਹੋਰ ਵੀ ਉੱਚ-ਕੋਟੀ ਦੇ ਪਰਚੇ ਨਿਕਲ ਰਹੇ ਹਨ । ਉਨ੍ਹਾਂ ਦੀ ਰਾਏ ਨੂੰ ਫ਼ੈਸਲੇ ਵੇਲੇ ਸਾਹਮਣੇ ਰੱਖਿਆ ਜਾਏ । ਕਿਤਾਬਾਂ ਦਾ ਮੁੱਲ ਕੁਰਸੀਆਂ ਦੀ ਬਜਾਏ ਕਲਮਾਂ ਪਾਉਣ!

ਲੇਖਕਾਂ ਦਾ ਵਰ੍ਹਾ

ਪਿਛਲੇ ਕੁਝ ਅਰਸੇ ਤੋਂ ਸਰਕਾਰ ਸਮਾਜ ਦੇ ਭਿੰਨ ਭਿੰਨ ਵਰਗਾਂ ਨੂੰ ਵਾਰੀ ਵਾਰੀ ਗੰਭੀਰਤਾ ਨਾਲ ਲੈ ਰਹੀ ਹੈ । 'ਬਾਲ ਵਰ੍ਹਾ' ਮਨਾਇਆ ਗਿਆ । 'ਨਾਰੀ ਵਰ੍ਹਾ' ਅੰਤਰ ਰਾਸ਼ਟਰੀ ਦਹਾਕੇ ਵਿੱਚ ਬਦਲ ਗਿਆ । 'ਅੰਗ-ਹੀਣਾਂ' ਦਾ ਵਰ੍ਹਾ ਵੀ ਲੰਘ ਗਿਆ ਹੈ । ਲੱਗਦਾ ਹੈ ਕਿ ਇਸ ਤਰ੍ਹਾਂ ਦੇ ਵਿਸ਼ੇਸ਼ ਵਰ੍ਹਿਆਂ ਦੀ ਲੰਬੀ ਸੂਚੀ ਹੋਵੇਗੀ । ਅੱਗੜ-ਪਿੱਛੜ-ਕ੍ਰਮ ਦਾ ਵੀ ਕੋਈ ਆਧਾਰ ਜ਼ਰੂਰ ਮਿਥਿਆ ਗਿਆ ਹੋਵੇਗਾ ਅਤੇ ਹੋ ਸਕਦਾ ਹੈ ਕਿ ਲੇਖਕਾਂ ਨੂੰ ਵੀ ਸਮਾਜ ਦਾ ਇੱਕ ਵਰਗ ਮੰਨਿਆ ਗਿਆ ਹੋਵੇ! ਜੇ ਅਜਿਹਾ ਹੈ ਤਾਂ ਸਾਡੀ ਸਲਾਹ ਹੈ ਕਿ 1983 ਦਾ ਵਰ੍ਹਾ 'ਲੇਖਕਾਂ ਦਾ ਵਰ੍ਹਾ' ਹੋਣਾ ਚਾਹੀਦਾ ਹੈ । ਤੇ ਇਸ ਵਰ੍ਹੇ ਵਿੱਚ ਕੀ ਹੋਣਾ ਚਾਹੀਦਾ ਹੈ; - ਇਸ ਬਾਰੇ ਪ੍ਰਸਤਾਵਿਤ ਖਰੜਾ ਪੇਸ਼ ਹੈ:

- ਲੇਖਕਾਂ ਦੀ ਇੱਕ ਮੁਕੰਮਲ ਡਾਇਰੈਕਟਰੀ ਤਿਆਰ ਕੀਤੀ ਜਾਵੇ, ਜਿਸ ਵਿੱਚ ਉਹਨਾਂ ਬਾਰੇ ਪ੍ਰਮਾਣੀਕ ਬੁਨਿਆਦੀ ਜਾਣਕਾਰੀ ਦਰਜ ਹੋਵੇ;

- ਚੋਣਵੇਂ ਲੇਖਕਾਂ ਦੀ ਐਲਬਮ ਤਿਆਰ ਕਰਵਾਈ ਜਾਵੇ, ਜਿਸ ਵਿੱਚ ਤਸਵੀਰਾਂ ਦੇ ਨਾਲ ਨਾਲ ਅਸਾਧਾਰਣ ਪ੍ਰਾਪਤੀਆਂ ਦਾ ਵੀ ਜ਼ਿਕਰ ਹੋਵੇ;

- ਸਾਂਭਣਯੋਗ ਲੇਖਕਾਂ ਅਤੇ ਉਹਨਾਂ ਨਾਲ ਸੰਬੰਧਿਤ ਮਹੱਤਵਪੂਰਨ ਵਸਤਾਂ ਨੂੰ ਨਿੱਕੀਆਂ ਨਿੱਕੀਆਂ ਫ਼ਿਲਮਾਂ ਅਤੇ ਟੇਪਾਂ ਰਾਹੀਂ ਪੱਕੇ ਤੌਰ 'ਤੇ ਸੰਭਾਲ ਲਿਆ ਜਾਵੇ । ਇਹ ਕੰਮ, ਬਿਨਾਂ ਕਿਸੇ ਵਾਧੂ ਖਰਚ ਦੇ, ਦੂਰਦਰਸ਼ਨ ਅਤੇ ਆਕਾਸ਼ਵਾਣੀ ਵਾਲੇ ਕਰ ਸਕਦੇ ਹਨ;

- ਲਾਇਬਰੇਰੀਆਂ ਨੂੰ , ਨਵੇਂ ਸਿਰਿਉਂ, ਇੱਕ ਜ਼ੋਰਦਾਰ ਮੁਹਿੰਮ ਦੇ ਰੂਪ ਵਿੱਚ, ਸੰਚਾਲਿਤ ਕੀਤਾ ਜਾਵੇ ਅਤੇ ਹਰ ਚੰਗੀ ਕਿਤਾਬ ਉਹਨਾਂ ਵਿੱਚ ਲਗਾਤਾਰ ਪਹੁੰਚਦੇ ਰਹਿਣ ਦਾ ਪੱਕਾ ਬੰਦੋਬਸਤ ਕੀਤਾ ਜਾਵੇ;

- ਸਾਹਿੱਤ ਨਾਲ ਸੰਬੰਧਿਤ, ਇੱਕ ਪ੍ਰਾਂਤ ਵਿੱਚ, ਜਿੰਨੀਆਂ ਵੀ ਸਰਕਾਰੀ ਜਾਂ ਅਰਧ-ਸਰਕਾਰੀ ਸੰਸਥਾਵਾਂ ਹੋਣ, ਉਹਨਾਂ ਨੂੰ ਇੱਕ ਝੰਡੇ ਹੇਠ ਲਿਆਂਦਾ ਜਾਵੇ ਤਾਂ ਕਿ ਯੋਜਨਾਵਾਂ ਦੇ ਫ਼ਜ਼ੂਲ ਦੁਹਰਾਉ ਅਤੇ ਫਾਲਤੂ ਖਰਚ ਤੋਂ ਬਚਿਆ ਜਾ ਸਕੇ । ਇੰਜ ਸੰਬੰਧਿਤ ਧਿਰਾਂ ਵਿੱਚ ਤਾਲਮੇਲ ਵੀ ਬਣਿਆ ਰਹੇਗਾ ਅਤੇ ਬਹੁਤ ਸਾਰੇ ਗਤੀਰੋਧ ਖ਼ੁਦ-ਬ-ਖ਼ੁਦ ਖ਼ਤਮ ਹੋ ਜਾਣਗੇ । ਇਹੋ ਜਿਹਾ ਸੰਗਠਨ ਪੁਰਸਕਾਰ ਦੇਣ ਵਾਲੀਆਂ ਸੰਸਥਾਵਾਂ ਦਾ ਵੀ ਹੋਣਾ ਚਾਹੀਦਾ ਹੈ । ਪੁਰਸਕਾਰ ਦਾ ਮਨੋਰਥ ਸਨਮਾਨ ਹੋਣਾ ਚਾਹੀਦਾ ਹੈ, ਇਨਾਮ ਦੀ ਰਕਮ ਨਹੀਂ । ਇੱਕ ਸੁਝਾਅ ਇਹ ਵੀ ਕਿ ਜਿਸ ਲੇਖਕ ਨੂੰ ਕੇਂਦਰੀ ਸਾਹਿੱਤ ਅਕਾਦਮੀ ਮਾਣ ਬਖ਼ਸ਼ ਦੇਵੇ ਉਸ ਨੂੰ ਪ੍ਰਾਂਤਿਕ ਇਨਾਮਾਂ ਨਾਲ ਛੁਟਿਆਉਣਾ ਨਹੀਂ ਚਾਹੀਦਾ;

- ਇਸ ਵਰ੍ਹੇ ਦੌਰਾਨ ਲੇਖਕਾਂ ਨੂੰ ਦੇਸ਼ ਭਰ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਹੋਵੇ ਤਾਂ ਕਿ ਇਹ ਲੋਕ ਅੰਤਰ-ਭਾਸ਼ਾਈ ਸੰਪਰਕ ਨਾਲ ਇੱਕ ਦੂਜੇ ਦੇ ਨੇੜੇ ਆ ਸਕਣ । ਇੰਜ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਇੱਕ ਹੋਣ ਬਾਰੇ ਲਿਖਾਰੀਆਂ ਨੂੰ ਵੀ ਵਿਸ਼ਵਾਸ ਹੋ ਸਕੇਗਾ ਤੇ ਨਾਲੇ ਉਹਨਾਂ ਦਾ ਇਹ ਭਰਮ ਦੂਰ ਹੋ ਜਾਵੇਗਾ ਕਿ ਯਾਤਰਾ ਕਰਨ ਨਾਲ ਅਨੁਭਵ ਵਿੱਚ ਕਿੰਨੀ ਕੁ ਵਿਸ਼ਾਲਤਾ ਤੇ ਵਿਲੱਖਣਤਾ ਆ ਸਕਦੀ ਹੈ । ਇਸ ਮੰਤਵ ਹਿਤ 'ਪਾਸ' ਜਾਰੀ ਕਰਨ ਦੀ ਲੋੜ ਨਹੀਂ, ਸ਼ਨਾਖ਼ਤੀ ਕਾਰਡਾਂ ਨਾਲ ਹੀ ਕੰਮ ਚੱਲ ਸਕਦਾ ਹੈ;

- ਪੰਚਾਇਤ ਭਵਨਾਂ ਅਤੇ ਸੈਨਿਕ ਰੈਸਟ ਹਾਊਸਾਂ ਦੀ ਤਰਜ਼ 'ਤੇ ਚੋਣਵੇਂ ਸ਼ਹਿਰਾਂ ਵਿੱਚ ਲਿਖਾਰੀ ਭਵਨ ਵੀ ਬਣਾਏ ਜਾਣ, ਜਿੱਥੇ ਲੋੜ ਪੈਣ 'ਤੇ, ਵਾਜਿਬ ਖ਼ਰਚਾ ਦੇ ਕੇ, ਲੇਖਕ ਕਿਆਮ ਕਰ ਸਕਣ;

- ਲੇਖਕ ਨੂੰ ਰਸਮੀ ਤੌਰ 'ਤੇ ਕਿਸੇ ਲਾਇਬਰੇਰੀ ਦਾ ਮੈਂਬਰ ਬਣਨ ਦੀ ਲੋੜ ਨਹੀਂ ਹੋਣੀ ਚਾਹੀਦੀ, ਉਸ ਦਾ ਸ਼ਨਾਖ਼ਤੀ ਕਾਰਡ ਪ੍ਰਾਂਤ ਦੀਆਂ ਸਮੂਹ ਲਾਇਬਰੇਰੀਆਂ ਲਈ ਕਾਫੀ ਹੋਣਾ ਚਾਹੀਦਾ ਹੈ;

- ਭਾਸ਼ਾ, ਸਿੱਖਿਆ, ਸਾਹਿੱਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਵਿਭਾਗਾਂ ਅਤੇ ਅਦਾਰਿਆਂ ਵਿੱਚ ਮੌਲਿਕ ਲਿਖਣ-ਹਾਰਿਆਂ ਲਈ ਵਿਸ਼ੇਸ਼ ਆਸਾਮੀਆਂ ਦੀ ਰਚਨਾ ਕੀਤੀ ਜਾਣੀ ਚਾਹੀਦੀ ਹੈ ਅਤੇ ਆਮ ਆਸਾਮੀਆਂ ਭਰਨ ਵੇਲੇ ਪਹਿਲ ਦੇਣੀ ਚਾਹੀਦੀ ਹੈ;

- ਇੱਕ ਖਰੜਾ-ਨਿਰੀਖਕ ਕਮੇਟੀ ਕਾਇਮ ਕਰਨੀ ਚਾਹੀਦੀ ਹੈ ਜਿਹੜੀ ਲੇਖਕਾਂ ਕੋਲੋਂ, ਛਪਣ- ਹਿੱਤ ਪਏ, ਖਰੜੇ ਮੰਗਵਾ ਕੇ ਮਿਆਰੀ ਕਿਤਾਬਾਂ ਛਾਪਣ ਦੀ ਸਿਫ਼ਾਰਿਸ਼ ਕਰੇ । ਇਸ ਕਮੇਟੀ ਦੇ ਮੈਂਬਰ ਲੇਖਕ ਹੀ ਹੋਣੇ ਚਾਹੀਦੇ ਹਨ;

- ਮਿਆਰੀ ਅਦਬੀ ਰਸਾਲਿਆਂ/ਅਖ਼ਬਾਰਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਰਿਆਇਤਾਂ/ਸਹੂਲਤਾਂ ਦਿੱਤੀਆਂ ਜਾਣ;

- ਨੌਜਵਾਨਾਂ/ਵਿਦਿਆਰਥੀਆਂ ਵਿੱਚ ਚੰਗਾ ਸਾਹਿੱਤ ਪੜ੍ਹਨ ਦੀ ਰੁਚੀ ਪੈਦਾ ਕਰਨ ਹਿਤ ਜ਼ਿਲਾ ਪੱਧਰ ਅਤੇ ਰਾਜ-ਪੱਧਰ ਦੇ ਮੁਕਾਬਲੇ ਕਰਵਾਏ ਜਾਣ । ਸਾਹਿੱਤ ਦੇ ਵਿਦਿਆਰਥੀਆਂ ਲਈ, ਵੱਡੀਆਂ ਜਮਾਤਾਂ ਵਿੱਚ, ਇੱਕ ਅਖ਼ਤਿਆਰੀ ਵਿਸ਼ਾ 'ਰਚਨਾਤਮਿਕਤਾ' ਵੀ ਰੱਖਿਆ ਜਾ ਸਕਦਾ ਹੈ;

- ਲੋੜਵੰਦ, ਬੇਰੋਜ਼ਗਾਰ ਅਤੇ ਬੀਮਾਰ ਸਾਹਿੱਤਕਾਰਾਂ ਦੀ ਮਦਦ ਲਿਖਾਰੀ ਸਮਝ ਕੇ ਕੀਤੀ ਜਾਵੇ, ਭਿਖਾਰੀ ਸਮਝ ਕੇ ਨਹੀਂ;

- ਪਾਗ਼ਲ, ਨਕਾਰਾ ਜਾਂ ਸੁਰਗਵਾਸ ਹੋ ਜਾਣ ਦੀ ਸੂਰਤ ਵਿੱਚ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ । ਅਜਿਹੇ ਸਮੇਂ ਉਹਨਾਂ ਦੀਆਂ ਲਿਖਤਾਂ ਦਾ ਮਿਆਰ ਜਾਂ ਮਿਕਦਾਰ ਪਰਖਣ ਦੀ ਲੋੜ ਨਹੀਂ;

- ਉਪਰੋਕਤ ਕੰਮਾਂ ਵਿੱਚ ਜੁੱਟੀਆਂ ਸ਼ੌਕੀਆ/ਗੈਰ-ਸਰਕਾਰੀ ਸੰਸਥਾਵਾਂ ਨੂੰ ਸਰਪ੍ਰਸਤੀ ਦਿੱਤੀ ਜਾਵੇ ।

ਮੰਗਾਂ ਦਾ ਇਹ ਚਾਰਟ ਵੇਖਣ ਨੂੰ ਭਾਵੇਂ ਵੱਡਾ ਲੱਗਦਾ ਹੈ ਪਰ ਸਰਕਾਰ ਉੱਤੇ ਕੋਈ ਵਾਧੂ ਮਾਲੀ ਬੋਝ ਨਹੀਂ ਪੈਣ ਲੱਗਾ । ਰਾਜਾਂ ਦੀਆਂ ਕੇਂਦਰੀ ਸਾਹਿੱਤਕ ਜਥੇਬੰਦੀਆਂ ਇਸ ਕੰਮ ਵਿੱਚ ਸਰਕਾਰ ਦੀ ਬਹੁਤ ਮਦਦ ਕਰ ਸਕਦੀਆਂ ਹਨ । ਬਹੁਤ ਸਾਰੇ ਪ੍ਰਾਜੈਕਟ ਤਾਂ ਸਰਕਾਰਾਂ ਨੇ ਪਹਿਲਾਂ ਹੀ ਵਿੱਢੇ ਹੋਏ ਹਨ, ਸਿਰਫ਼ ਉਹਨਾਂ ਦੀ ਸਫ਼ਾਈ ਕਰਨੀ ਹੈ, ਜਾਂ ਫਿਰ ਕੰਮ ਕਾਜ ਵਿੱਚ ਤੇਜ਼ੀ ਲਿਆ ਕੇ ਉਹਨਾਂ ਨੂੰ ਇਸ ਵਰ੍ਹੇ ਦੇ ਵਿੱਚ ਵਿੱਚ ਨੇਪਰੇ ਹੀ ਚਾੜ੍ਹਨਾ ਹੈ । ਵਿਭਾਗ, ਅਦਾਰੇ, ਅਕਾਦਮੀਆਂ, ਬੋਰਡ, ਯੂਨੀਵਰਸਿਟੀਆਂ ਪਹਿਲਾਂ ਹੀ ਕਾਇਮ ਹਨ । ਸਿਰਫ਼ ਉਹਨਾਂ ਕੋਲੋਂ ਕੰਮ ਲੈਣਾ ਹੈ ।

ਸਾਨੂੰ ਪਤਾ ਹੈ ਕਿ ਸਰਕਾਰ ਕੋਲ ਕੋਈ ਅਲਾਦੀਨ ਦਾ ਦੀਵਾ ਨਹੀਂ ਕਿ ਇੱਕ ਵਰ੍ਹੇ ਵਿੱਚ ਹੱਥਾਂ 'ਤੇ ਸਰ੍ਹੋਂ ਜਮਾ ਕੇ ਵਿਖਾ ਦੇਵੇ । ਪਰ ਉਹ 'ਵਰ੍ਹਾ' ਤਾਂ ਮਨਾ ਹੀ ਸਕਦੀ ਹੈ! ਅਸੀਂ ਉਸ ਨੂੰ ਬਾਕੀ 'ਵਰ੍ਹਿਆਂ' ਜਿੰਨੀ ਤਕਲੀਫ਼ ਵੀ ਨਹੀਂ ਹੋਣ ਦਿਆਂਗੇ । ਮਸਲਨ:

- ਕਲੰਡਰਾਂ ਉੱਤੇ ਲੇਖਕਾਂ ਦੀਆਂ ਤਸਵੀਰਾਂ ਛਾਪਣ ਦੀ ਲੋੜ ਨਹੀਂ । ਓਥੇ ਪਹਿਲਾਂ ਵਾਂਗ ਲੀਡਰਾਂ ਦੀਆਂ ਹੀ ਛਪ ਸਕਦੀਆਂ ਹਨ;

- ਲੋਕ ਸੰਪਰਕ ਵਿਭਾਗ ਦੀ ਮਾਰਫ਼ਤ ਸਟੇਸ਼ਨਰੀ ਅਤੇ ਜਨ-ਸ਼ਕਤੀ ਖਰਚਣ ਦੀ ਲੋੜ ਵੀ ਨਹੀਂ;

- ਇਸ਼ਤਿਹਾਰਾਂ, ਪੈਂਫ਼ਲੈਟਾਂ, ਪੋਸਟਰਾਂ, ਸਪਲੀਮੈਂਟਾਂ ਆਦਿ 'ਤੇ ਹੋਣ ਵਾਲਾ ਬੇਲੋੜਾ ਖਰਚਾ ਬਚਾਇਆ ਜਾ ਸਕਦਾ ਹੈ;

- 'ਇੱਕ ਵਰ੍ਹੇ' ਨਾਲ ਲੇਖਕਾਂ ਦੀਆਂ ਕਈ ਪੀੜ੍ਹੀਆਂ ਨੂੰ ਅਹਿਸਾਨਮੰਦ ਬਣਾਇਆ ਜਾ ਸਕਦਾ ਹੈ;

- ਅਸੀਂ ਡਾਕ-ਟਿਕਟਾਂ ਜਾਰੀ ਕਰਨ ਲਈ ਨਹੀਂ ਕਹਿੰਦੇ, ਸ਼ਹਿਰਾਂ-ਚੌਂਕਾਂ-ਸੜਕਾਂ ਦੇ ਨਾਂ ਬਦਲਣ ਲਈ ਨਹੀਂ ਕਹਿੰਦੇ;

- ਫਿਰ ਭੇਤ ਦੀ ਗੱਲ ਇਹ ਕਿ ਇੱਕ ਵਰ੍ਹਾ ਤਾਂ ਬਿਆਨ-ਬਾਜ਼ੀਆਂ ਵਿੱਚ ਹੀ ਲੰਘ ਜਾਂਦਾ ਹੈ । ਅਗਲੇ ਵਰ੍ਹੇ ਕੀ ਪਤਾ ਕਿਹੜੀ ਸਰਕਾਰ ਹੋਵੇ । ਪੁੰਨ ਦੇ ਕੰਮ ਵਿੱਚ ਦੇਰ ਕਾਹਦੀ?

1983 ਦਾ ਆਰੰਭ । ਨਵਾਂ ਵਰ੍ਹਾ ਨਵੀਆਂ ਆਸਾਂ ਦਾ ਮੁਨਾਰਾ ਹੋਣਾ ਚਾਹੀਦਾ ਹੈ । ਅਸੀਂ ਪੰਜਾਬੀ ਲੇਖਕ ਕਦੇ ਵੀ ਨਿਰਾਸ਼ਾਵਾਦੀ ਨਹੀਂ ਰਹੇ । ਇਸ ਲਈ 1983 ਦਾ ਵਰ੍ਹਾ ਸਾਡੇ ਲਈ ਨਿਰਾਸ਼ਾ ਦਾ ਕਾਰਨ ਕਿਵੇਂ ਬਣ ਸਕਦਾ ਹੈ! ਸਾਨੂੰ ਆਸ ਹੈ ਕਿ ਅੱਵਲ ਤਾਂ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਇੱਕੋ ਵਾਰੀ ਮੰਨ ਕੇ ਸਾਨੂੰ ਸਾਲ ਭਰ ਲਈ ਸੁਰਖ਼ਰੂ ਕਰ ਦੇਵੇਗੀ, ਨਹੀਂ ਤਾਂ ਅਸੀਂ ਓਦੋਂ ਤੱਕ ਆਸ ਲਾਈ ਰੱਖਾਂਗੇ ਜਦੋਂ ਤੱਕ ਸਰਕਾਰੀ ਵਿਸ਼ੇਸ਼-ਵਰ੍ਹਿਆਂ ਦੀ ਸੂਚੀ ਖ਼ਤਮ ਨਹੀਂ ਹੋ ਜਾਂਦੀ!

ਲੋਕ, ਰਾਜ ਅਤੇ ਪੁਰਸਕਾਰ

ਕਹਿੰਦੇ ਨੇ ਸੌਣ ਵੇਲੇ ਕੋਈ ਸਲਾਹ ਨਹੀਂ ਕਰਨੀ ਚਾਹੀਦੀ । ਪਰ ਕੀ ਕਰੀਏ, ਨੌਕਰੀ ਪੇਸ਼ਾ ਬੰਦਿਆਂ ਨੂੰ ਵਕਤ ਹੀ ਸੌਣ ਵੇਲੇ ਮਿਲਦਾ ਹੈ! ਆਪਣੇ ਬਾਰੇ, ਘਰ ਬਾਰੇ, ਬੱਚਿਆਂ ਬਾਰੇ ਸੌ ਸਲਾਹਾਂ ਹੁੰਦੀਆਂ ਨੇ ਕਰਨ ਵਾਲੀਆਂ । ਸਭ ਸੌਣ ਵੇਲੇ ਹੀ ਕਰੀਦੀਆਂ ਨੇ । ਸ਼ਾਇਦ ਏਸੇ ਕਰਕੇ ਕਦੇ ਕੋਈ ਸਕੀਮ ਨੇਪਰੇ ਨਹੀਂ ਚੜ੍ਹੀ । ਜਿਵੇਂ ਸੋਚੀਦਾ ਹੈ, ਉਸ ਤੋਂ ਉਲਟ ਵਾਪਰਦਾ ਹੈ । ਉਲਟ ਸੋਚਣ ਨੂੰ ਜੀਅ ਨਹੀਂ ਕਰਦਾ । ਮੰਦਾ ਚਿਤਵੀਏ ਤਾਂ ਸ਼ਾਇਦ ਉਲਟ ਹੋ ਕੇ ਚੰਗਾ ਵਾਪਰ ਜਾਏ! ਪਰ ਅਜੇ ਤੀਕ ਇੰਜ ਕਰਕੇ ਵੇਖਣ ਦਾ ਹੀਆ ਨਹੀਂ ਪਿਆ । ਪਿਛਲੇ ਦਿਨੀਂ ਸਿਰਫ਼ ਟਾਪਿਕ ਬਦਲਣ ਬਾਰੇ ਸੋਚਿਆ ਸੀ । ਖਿਆਲ ਆਇਆ ਕਿ ਜੀਵਨ ਬਾਰੇ ਤਿਆਗ ਕੇ ਸਾਹਿੱਤ ਬਾਰੇ ਸੋਚੀਏ! ਜੇਕਰ ਉਲਟਾ ਵੀ ਵਾਪਰੇਗਾ ਤਾਂ ਵੀ ਸਾਹਿੱਤ ਵਿੱਚ ਹੀ ਵਾਪਰੇਗਾ ਨਾ! ਜੀਵਨ ਨਿਰਲੇਪ ਰਹੇਗਾ ।

ਕਾਫੀ ਅਰਸੇ ਤੋਂ ਸਾਹਿੱਤਕ ਇਨਾਮਾਂ ਬਾਰੇ ਮੈਂ ਇਕੱਲਾ ਹੀ ਸੋਚਦਾ ਆ ਰਿਹਾ ਸਾਂ । ਘਰ ਵਿੱਚ ਗੱਲ ਸਾਂਝੀ ਕਰਨ ਦਾ ਕਦੇ ਮੌਕਾ ਹੀ ਨਹੀਂ ਸੀ ਬਣਿਆ । ਹੁਣ ਮੌਕਾ ਸੀ, ਸੋਚਿਆ ਅੱਜ ਘਰ ਦੀ ਕੋਈ ਗੱਲ ਨਹੀਂ ਕਰਨੀ । ਪਤਨੀ ਨਾਲ ਇਨਾਮਾਂ ਬਾਰੇ ਚਰਚਾ ਕਰਾਂਗਾ, ਭਾਰਤੀ ਸਾਹਿੱਤ ਅਕਾਦਮੀ ਦੇ ਇਨਾਮਾਂ ਬਾਰੇ । ਰਾਤ ਨੂੰ ਬਹਾਨਾ ਜਿਹਾ ਲੱਭ ਕੇ ਗੋਲ ਛੋਹ ਲਈ:

ਪਿਛਲੇ ਦੋ ਤਿੰਨ ਵਰ੍ਹਿਆਂ ਦੇ ਇਨਾਮਾਂ ਨੂੰ ਵੇਖ ਕੇ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਸੱਚਮੁੱਚ ਲੋਕ-ਰਾਜ ਦਾ ਵਰਤਾਰਾ ਹੈ । ਲੋਕ-ਰਾਜ ਦਾ ਕ੍ਰਿਸ਼ਮਾ ਹੈ ਕਿ ਕਾਮਰੇਡ ਰਾਮਕਿਸ਼ਨ ਵੀ ਮੁੱਖ ਮੰਤਰੀ ਬਣ ਸਕਦਾ ਹੈ ਅਤੇ ਮੁੱਖ ਮੰਤਰੀ ਬਣ ਕੇ ਕਹਿ ਸਕਦਾ ਹੈ, ''ਜਬ ਸੇ ਮੈਨੇ ਪੰਜਾਬ ਕੇ ਪ੍ਰਥਮ ਸੇਵਕ ਕੇ ਰੂਪ ਮੇਂ ਕਾਰਯਭਾਰ ਸੰਭਾਲਾ ਹੈ, ਹਰ ਐਰਾ-ਗ਼ੈਰਾ, ਨੱਥੂ-ਖ਼ੈਰਾ ਸਮਝਤਾ ਹੈ ਕਿ ਵੋਹ ਮੁੱਖ ਮੰਤਰੀ ਬਣ ਸਕਦਾ ਹੈ ।''

ਪਤਨੀ ਨੇ ਟੋਕਿਆ, ''ਇਹ ਇਨਾਮਾਂ ਵਿੱਚ ਮੁੱਖ ਮੰਤਰੀ ਕਿੱਥੋਂ ਆਣ ਵੜਿਆ? ਤੁਸੀਂ ਰਾਜਨੀਤੀ ਵਿੱਚ ਟੰਗ ਨਾ ਅੜਾਉ । ਸਾਹਿੱਤ ਦੀ ਗੱਲ ਕਰੋ ।'' ਗੱਲ ਉਹਦੀ ਠੀਕ ਸੀ ਪਰ ਮੈਂ ਤਾਂ ਅਜੇ ਭੂਮਿਕਾ ਹੀ ਬੰਨ੍ਹ ਰਿਹਾ ਸਾਂ ਪਰ ਉਹਨੂੰ ਸ਼ਾਇਦ ਗੱਲ ਦੇ ਲਮਕ ਜਾਣ ਦਾ ਡਰ ਸੀ ਜਾਂ ਨੀਂਦ ਆ ਰਹੀ ਸੀ । ਮੈਨੂੰ ਸਮਝ ਪਈ ਕਿ ਜਬਰੀ ਸਰੋਤਾ ਪਤਨੀ ਨੂੰ ਵੀ ਨਹੀਂ ਬਣਾਇਆ ਜਾ ਸਕਦਾ । ਸੋ, ਸੰਖੇਪ ਹੋਣ ਦੀ ਕੋਸ਼ਿਸ਼ ਕੀਤੀ:

ਮੇਰਾ ਮਤਲਬ ਸੀ ਕਿ ਲੋਕ-ਰਾਜ ਵਿੱਚ ਜਿਵੇਂ ਨੇਤਾ ਵੋਟਾਂ ਨਾਲ ਚੁਣਿਆ ਜਾਂਦਾ ਹੈ, ਉਵੇਂ ਹੀ ਅਕਾਦਮੀ ਪੁਰਸਕਾਰ ਲਈ ਲੇਖਕ ਵੋਟਾਂ ਨਾਲ ਚੁਣਿਆ ਜਾਂਦਾ ਹੈ । ਤੇ ਵੋਟਾਂ ਪੈਂਦੀਆਂ ਨਹੀਂ, ਭੁਗਤਾਈਆਂ ਜਾਂਦੀਆਂ ਹਨ । ਲੋਕ ਤਾਂ ਮੂਰਖ ਨੇ ਜਿਹੜੇ ਰੌਲਾ ਪਾਉਂਦੇ ਨੇ । ਇਨਾਮ ਕੋਈ ਨਿੰਦਣ ਵਾਲੀ ਚੀਜ਼ ਨਹੀਂ ਹੁੰਦੀ । ਨਿੰਦਿਆਂ ਤਾਂ ਸਗੋਂ ਇਨਾਮ-ਯਾਫ਼ਤਾ ਲਿਖਾਰੀਆਂ ਨੂੰ ਵਰਦਾਨ ਬਣ ਕੇ ਲੱਗਦੀ ਹੈ । ਵੇਖ ਲਉ, ਇੱਕ ਇਨਾਮ ਦੇ ਵਿਰੁੱਧ ਰਾਜ ਸਭਾ ਵਿੱਚ ਰੌਲਾ ਪਿਆ ਸੀ ਤੇ ਓਹੀ ਲੇਖਕ ਅਗਲੇ ਵਰ੍ਹੇ ਓਸੇ ਰਾਜ-ਸਭਾ ਦਾ ਮੈਂਬਰ ਨਾਮਜ਼ਦ ਹੋ ਗਿਆ ।

''ਪਰ ਇਸ ਨਾਮਜ਼ਦਗੀ ਦਾ ਤੁਹਾਡੇ 'ਤੇ ਤਾਂ ਕੋਈ ਅਸਰ ਨਹੀਂ ਹੋਇਆ । ਕਈ ਵਾਰ ਕਿਹੈ ਭਈ ਆਪਣੇ ਆਪ ਵਿੱਚ ਮਸਤ ਰਹੋ । ਪੜੋ ਲਿਖੋ । ਦੂਜਿਆਂ ਬਾਰੇ ਲਿਖ-ਬੋਲ ਕੇ ਫ਼ਜ਼ੂਲ ਵਕਤ ਬਰਬਾਦ ਨਾ ਕਰੋ । ਪਰ ਤੁਹਾਨੂੰ ਅਕਲ ਨਹੀਂ ਆਉਣੀ । ਇਨਾਮ ਸਾਰਿਆਂ ਨੂੰ ਮਿਲ ਜਾਣੈ । ਪਰ ਤੁਹਾਨੂੰ ਕਦੇ ਨਹੀਂ ਮਿਲਣਾ । ਸੁਪਨੇ ਵਿੱਚ ਵੀ ਨਹੀਂ ।'' ਪਤਨੀ ਦੇ ਇਸ ਦਬਕੇ ਨੇ ਗੱਲ ਅੱਗੇ ਤੋਰਨ ਵਿੱਚ ਕੋਈ ਸੁਆਦ ਨਾ ਰਹਿਣ ਦਿੱਤਾ । ਮੂਡ ਖਰਾਬ ਹੋ ਗਿਆ । ਪੜ੍ਹਨ ਲਈ ਕਿਤਾਬ ਚੁੱਕੀ ਪਰ ਮਨ ਇਨਾਮਾਂ ਦੇ ਚੱਕਰ ਵਿੱਚ ਹੀ ਫ਼ਸਿਆ ਹੋਇਆ ਸੀ । ਬੱਤੀ ਬੰਦ ਕਰਕੇ ਸੌਣ ਵਿੱਚ ਹੀ ਕਲਿਆਣ ਸਮਝਿਆ । ਉਸਲਵੱਟੇ, ਪਤਾ ਨਹੀਂ, ਕਦੋਂ ਗੂਹੜੀ ਨੀਂਦਰ ਵਿੱਚ ਬਦਲ ਗਏ ।

•••

ਕੁਝ ਜਾਣੇ ਪਛਾਣੇ ਪੱਤਰਕਾਰ ਚਿਹਰੇ ਮੈਨੂੰ ਘੇਰੀ ਖਲੋਤੇ ਹਨ । ਨਾਲ ਕੈਮਰਾਮੈਨ ਹਨ । ''ਮੁਬਾਰਕ ਭੂਸ਼ਨ ਸਾਹਿਬ! ਸਾਹਿੱਤ ਅਕਾਦਮੀ ਪੁਰਸਕਾਰ ਮੁਬਾਰਕ!'' ਮੈਂ ਹੈਰਾਨ ਪਰੇਸ਼ਾਨ, ''ਅੱਜ ਪਹਿਲੀ ਅਪਰੈਲ ਤਾਂ ਨਹੀਂ । ਮਖ਼ੌਲ ਕਿਉਂ ਕਰ ਰਹੇ ਹੋ?'' ''ਮਖ਼ੌਲ?...ਮਖੌਲ ਤਾਂ ਤੁਸੀਂ ਕਰ ਰਹੇ ਹੋ । ਖ਼ਬਰ ਰੇਡੀਉ 'ਤੇ ਨਸਰ ਹੋ ਚੁੱਕੀ ਹੈ ਤੇ ਤੁਹਾਡੇ ਤੱਕ ਪਹੁੰਚੀ ਹੀ ਨਹੀਂ! ਚੁੱਪ ਕਰਕੇ ਇਨਾਮੀ ਲੇਖਕਾਂ ਵਾਂਗ ਬੈਠ ਜਾਉ । ਦੋ ਚਾਰ ਤਸਵੀਰਾਂ ਲੈਣ ਦਿਉ....... ।......ਹਾਂ, ਹੁਣ ਬੋਲੋ, ਆਪਣੇ ਬਾਰੇ ਬੋਲੋ । ਆਪ ਕਾ ਨਾਮ?........ਬਾਪ ਕਾ ਨਾਮ?.....?......?........?.........?''

''ਪਰ, ਇਨਾਮ ਮੇਰੀ ਕਿਹੜੀ ਕਿਤਾਬ ਨੂੰ ਮਿਲਿਆ ਹੈ?'' ਮੈਂ ਪੁੱਛਦਾ ਹਾਂ ।
''ਇਨਾਮ ਕਿਤਾਬ ਨੂੰ ਨਹੀਂ, ਲੇਖਕ ਨੂੰ ਮਿਲਦਾ ਹੈ ।'' ਉਹ ਦੱਸਦੇ ਹਨ ।
''ਪਰ, ਮੈਂ ਤਾਂ ਕਦੀ ਇਨਾਮ ਬਾਰੇ ਸੋਚਿਆ ਵੀ ਨਹੀਂ ਸੀ ।'' ਮੈਂ ਕਹਿੰਦਾ ਹਾਂ ।
''ਇਹ ਇਨਾਮ ਸੋਚਣ ਵਾਲਿਆਂ ਨੂੰ ਨਹੀਂ ਮਿਲਦੇ ।'' ਉਹ ਦੱਸਦੇ ਹਨ ।
''ਪਰ, ਅਜੇ ਤਾਂ ਦੇਵਿੰਦਰ ਸਤਿਆਰਥੀ, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕੰਵਲ, ਅਜੀਤ ਕੌਰ, ਸੁਖਬੀਰ.......ਬਹੁਤ ਸਾਰੇ ਲੇਖਕ ਅਜਿਹੇ ਹਨ, ਜਿਹੜੇ ਇਸ ਸਤਿਕਾਰ ਦੇ ਅਸਲ ਹੱਕਦਾਰ ਹਨ । ਮੈਂ ਤਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦਾ ।'' ਮੈਂ ਤੌਖ਼ਲਾ ਜ਼ਾਹਿਰ ਕਰਦਾ ਹਾਂ ।

''ਕੁਝ ਲੇਖਕ ਸਿਰਫ਼ ਇਨਾਮ ਮਿਲਣ ਤੋਂ ਬਾਅਦ ਹੀ ਗਿਣਤੀ ਵਿੱਚ ਆਉਂਦੇ ਹਨ । ਹੁਣ ਤੁਸੀਂ ਗਿਣਤੀ ਵਿੱਚ ਆ ਗਏ ਹੋ । ਤੌਖ਼ਲੇ ਦੀ ਲੋੜ ਨਹੀਂ ।'' ਉਹ ਸਹਿਜ ਹਨ ।
''ਮੈਨੂੰ ਇਹ ਪੁਰਸਕਾਰ ਸਵੀਕਾਰ ਨਹੀਂ ।'' ਮੈਂ ਖਿੱਝ ਗਿਆ ਹਾਂ ।
''ਫਿਰ ਠੁਕਰਾ ਦਿਉ । ਦਿਉ ਬਿਆਨ । ਅਸੀਂ ਛਾਪਦੇ ਹਾਂ । ਸਗੋਂ ਵੱਡੀ ਖ਼ਬਰ ਲੱਗੇਗੀ ।'' ਉਹ ਖ਼ੁਸ਼ ਹਨ । ਖਿੜ ਗਏ ਹਨ, ਜਿਵੇਂ ਇਨਾਮ ਉਨ੍ਹਾਂ ਨੂੰ ਮਿਲ ਗਿਆ ਹੋਵੇ!

''ਪਰ ਮੈਂ ਸਿੱਧਾ ਨਹੀਂ ਠੁਕਰਾਵਾਂਗਾ । ਸਗੋਂ ਸੁਝਾਅ ਦਿਆਂਗਾ ਕਿ ਕਿਸੇ ਹੱਕਦਾਰ ਲੇਖਕ ਨੂੰ ਦੇ ਦਿੱਤਾ ਜਾਵੇ । ਚਲੋ ਸੁਰਿੰਦਰ ਸਿੰਘ ਨਰੂਲਾ ਨੂੰ ਹੀ ਦੇ ਦਿਉ ।'' ਮੈਥੋਂ ਕਿਹਾ ਗਿਆ ਹੈ ।
''ਤੁਹਾਨੂੰ ਕੌਣ ਪੁੱਛਦਾ ਹੈ ਜਨਾਬ? ਇਹ ਲੋਕ-ਰਾਜ ਹੈ! ਤੁਸੀਂ ਇਨਾਮ-ਦਿਵਾਉ ਕਮੇਟੀ ਦੇ ਮੈਂਬਰ ਹੋ? ਤੁਹਾਡੀ ਵੋਟ ਹੈ?'' ਉਹ ਮੇਰੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ ।
''ਪਰ ਨੇਕ ਸਲਾਹ ਦਾ ਕੋਈ ਅਸਰ ਤਾਂ ਹੋਵੇਗਾ ਹੀ! ਲੋਕਾਂ ਵਿੱਚ ਗੱਲ ਜਾਵੇਗੀ । ਲੋਕ ਆਵਾਜ਼ ਬੁਲੰਦ ਕਰਨਗੇ । ਲੋਕ-ਰਾਏ ਦਾ ਅਸਰ ਅਕਾਦਮੀ 'ਤੇ ਵੀ ਜ਼ਰੂਰ ਹੋਵੇਗਾ ।'' ਮੇਰੀ ਦਲੀਲ ਹੈ ।
''ਅਸਰ ਸਿਰਫ਼ ਏਨਾ ਹੋਵੇਗਾ ਕਿ ਤੁਹਾਡਾ ਇਨਾਮ ਰੱਦ ਕਰਕੇ ਗੁਲਜ਼ਾਰ ਸਿੰਘ ਸੰਧੂ ਨੂੰ ਦੇ ਦਿੱਤਾ ਜਾਵੇਗਾ ।'' ਉਨ੍ਹਾਂ ਅਖ਼ਬਾਰੀ ਭਵਿੱਖ-ਬਾਣੀ ਕੀਤੀ ਤੇ ਚਲੇ ਗਏ ।

ਸੰਧੂ ਦਾ ਨਾਂ ਸੁਣ ਕੇ ਮੈਂ ਸੋਚੀਂ ਪੈ ਗਿਆ । ਕੋਈ ਮਾੜੀ ਗੱਲ ਤਾਂ ਨਹੀਂ, ਜੇਕਰ ਐਤਕੀਂ ਇਨਾਮ ਗੁਲਜ਼ਾਰ ਸੰਧੂ ਨੂੰ ਮਿਲ ਜਾਏ! ਮਹੀਨਾ ਕੁ ਪਹਿਲਾਂ ਲੁਧਿਆਣੇ ਤੋਂ ਇੱਕ ਆਦਮੀ ਆਇਆ ਸੀ, ਉਹ ਵੀ ਵਿਰਕ ਦੇ ਹਵਾਲੇ ਨਾਲ ਸੰਧੂ ਦਾ ਨਾਂ ਹੀ ਲੈ ਰਿਹਾ ਸੀ । ਮੈਨੂੰ ਇਹ ਨਾਂ ਓਦੋਂ ਵੀ ਮਾੜਾ ਨਹੀਂ ਸੀ ਲੱਗਾ । ਹੁਣ ਵੀ ਚੰਗਾ ਲੱਗਾ ਹੈ । ਸੰਧੂ ਦੀ ਕਿਤਾਬ 'ਹੁਸਨ ਦੇ ਹਾਣੀ' ਵਿੱਚੋਂ ਇੱਕ ਕਹਾਣੀ 'ਆਪਣੀ ਸਵਾਰੀ' ਪੜ੍ਹ ਕੇ ਬੜਾ ਹੱਸਿਆ ਸਾਂ । ਕਈਆਂ ਨੂੰ ਪੜ੍ਹਾਈ ਸੀ । ਕਈਆਂ ਨੂੰ ਸੁਣਾਈ ਸੀ । 'ਮੱਧ-ਸ਼੍ਰੇਣੀ' ਵਿਚਲਾ ਵਿਅੰਗ ਵੀ ਕਿੰਨੀ ਦੇਰ ਮੇਰੀ ਸੋਚ ਵਿੱਚ ਖੁੱਭਿਆ ਰਿਹਾ ਸੀ । 'ਸੋਨੇ ਦੀ ਇੱਟ' ਬਾਰੇ ਸੋਚਦਿਆਂ ਖਿਆਲ ਆਇਆ ਕਿ ਜੇਕਰ ਇਨਾਮ ਉਸ ਕਿਤਾਬ ਉੱਤੇ ਮਿਲਦਾ ਤਾਂ ਅਸੀਂ ਸਮਝ ਲੈਂਦੇ ਕਿ ਸੰਧੂ ਦੀ ਇੱਟ ਢਾਈ ਕੁ ਤੋਲੇ ਦੀ ਤਾਂ ਹੈ ਹੀ । ਪੰਜ ਹਜ਼ਾਰ ਵਿੱਚ ਕਿਲੋ ਦੀ ਇੱਟ ਤਾਂ ਬਣਨੋਂ ਰਹੀ! ਇਹ ਅਕਾਦਮੀ ਵਾਲੇ ਇਨਾਮ ਦੀ ਰਕਮ ਕਿਉਂ ਨਹੀਂ ਵਧਾਉਂਦੇ? ਪੰਝੀ ਸਾਲ ਪਹਿਲਾਂ ਵੀ ਪੰਜ ਹਜ਼ਾਰ ਤੇ 1983 ਵਿੱਚ ਕੋਈ ਫ਼ਰਕ ਈ ਨਾ ਹੋਇਆ? ਖ਼ੈਰ...ਇਹ ਤਾਂ ਹੁਣ ਸੰਧੂ ਨੂੰ ਸੋਚਣਾ ਚਾਹੀਦਾ ਹੈ । ਮੈਂ ਤਾਂ ਉਸ ਦੀਆਂ ਕਹਾਣੀਆਂ ਬਾਰੇ ਸੋਚ ਰਿਹਾ ਹਾਂ ।....

•••

ਸਵੇਰੇ ਉੱਠ ਕੇ ਜਿੱਤ ਦੇ ਅਹਿਸਾਸ ਨਾਲ ਪਤਨੀ ਨੂੰ ਸੁਪਨਾ ਸੁਣਾਇਆ । ਉਸ ਨੇ ਤਾਜ਼ਾ ਅਖ਼ਬਾਰ ਮੇਰੇ ਅੱਗੇ ਕਰ ਦਿੱਤੀ, ''ਲਉ ਪੜ੍ਹ ਲਉ, ਮਿਲ ਗਿਆ ਇਨਾਮ ਤੁਹਾਡੇ ਸੰਧੂ ਨੂੰ । ਜਾਗਦਿਆਂ ਤਾਂ ਕਦੇ ਤੁਹਾਡੀ ਕੋਈ ਸਕੀਮ ਸਿਰੇ ਨਹੀਂ ਚੜ੍ਹੀ । ਸੁਪਨਾ ਸੱਚ ਨਿਕਲ ਆਇਆ ।'' ਆਪਣਾ ਸੁਪਨਾ ਸਾਕਾਰ ਹੋਇਆ ਵੇਖ ਕੇ ਵੀ ਮੈਂ ਹੈਰਾਨ ਨਹੀਂ ਹੋਇਆ । ਹੈਰਾਨੀ ਵਾਲੀ ਗੱਲ ਵੀ ਕੋਈ ਨਹੀਂ ਸੀ । 'ਅਮਰ-ਕਥਾ' ਦੀਆਂ ਕਹਾਣੀਆਂ 'ਨਵੇਂ ਲੋਕ' ਦੇ ਪੱਧਰ ਦੀਆਂ ਹਨ । ਜਦੋਂ ਵਿਰਕ ਦਾ ਜ਼ਿਕਰ ਹੋਏ, ਨਾਲ ਗੁਲਜ਼ਾਰ ਦਾ ਚੇਤਾ ਵੀ ਆ ਜਾਂਦਾ ਹੈ । ਦੋਵੇਂ ਜੱਟ, ਦੋਵੇਂ ਕਹਾਣੀਕਾਰ । ਹੁਣ ਮੈਂ ਇੱਕ ਵਰ੍ਹੇ ਲਈ ਪੰਜਾਬੀ ਸਾਹਿੱਤ ਵੱਲੋਂ ਨਿਸ਼ਚਿੰਤ ਹੋ ਗਿਆ ਸਾਂ । ਬਾਕੀ ਇਨਾਮਾਂ ਦਾ ਵੇਰਵਾ ਪੜ੍ਹਨਾ ਸ਼ੁਰੂ ਕੀਤਾ । ਹੈਰਾਨ ਸਾਂ ਕਿ ਸੱਚਮੁੱਚ ਮੈਨੂੰ ਵੀ ਇਨਾਮ ਮਿਲ ਗਿਆ ਹੈ । ਅੱਖਾਂ ਝਪਕੀਆਂ, ਫਿਰ ਵੇਖਿਆ । ਅੱਖਾਂ ਮਲੀਆਂ, ਫਿਰ ਵੇਖਿਆ । ਖ਼ਬਰ ਕਹਿ ਰਹੀ ਸੀ, ਸੱਚ ਕਹਿ ਰਹੀ ਸੀ, ਇਨਾਮ ਮੈਨੂੰ ਮਿਲਿਆ ਹੈ ।......ਪਰ ਕੋਈ ਪੱਤਰਕਾਰ ਦੋਸਤ ਮੈਨੂੰ ਮੁਬਾਰਕਬਾਦ ਕਹਿਣ ਕਿਉਂ ਨਹੀਂ ਆਇਆ? ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿ 'ਹਰਿਸ਼ੰਕਰ ਪਰਸਾਈ' ਉਪਨਾਮ ਹੇਠ ਹਿੰਦੀ ਵਿੱਚ ਮੈਂ ਹੀ ਲਿਖਦਾ ਹਾਂ!!

ਹੁਨਰ ਦੇ ਖੰਭ

ਅਸੀਂ, ਜੋ ਭਾਰਤ ਦੇ ਰਹਿਣ ਵਾਲੇ ਹਾਂ, ਸਿਰਫ਼ ਸੰਕਟ ਦੀ ਘੜੀ ਵਿੱਚ ਹੀ ਆਪਣੇ ਵਿਰਸੇ ਦੀ ਮਹਾਨਤਾ ਦਾ ਰੌਲਾ ਪਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ । ਜਦੋਂ ਕੌਮੀ ਹੋਂਦ ਨੂੰ ਖਤਰਾ ਹੁੰਦਾ ਹੈ, ਓਦੋਂ ਹੀ ਸਾਡੇ ਵਿੱਚ ਭਾਰਤੀਅਤਾ ਦਾ ਸੰਕਲਪ ਜਾਗਦਾ ਹੈ । ਅਜਿਹੇ ਮੌਕਿਆਂ 'ਤੇ ਵੀ ਰੌਲਾ ਵੱਧ ਹੁੰਦਾ ਹੈ, ਕੰਮ ਦੀ ਗੱਲ ਘੱਟ । ਅਸੀਂ ਆਪਣੀ ਅਖਾਉਤੀ ਮਹਾਨਤਾ ਦੇ ਹੰਕਾਰ ਵਿੱਚ ਏਨੇ ਹਾਸੋਹੀਣੇ ਹੋ ਜਾਂਦੇ ਹਾਂ ਕਿ 'ਬਦੇਸ਼ੀ-ਨਿਰਪੱਖ' ਯਾਤਰੂਆਂ ਨੂੰ ਵੀ ਕਹਿਣਾ ਪੈਂਦਾ ਹੈ:

''...ਹਿੰਦੂਆਂ ਦਾ ਇਹ ਵਿਸ਼ਵਾਸ ਹੈ ਕਿ ਦੁਨੀਆ ਵਿੱਚ ਜੇ ਕੋਈ ਦੇਸ਼ ਹੈ ਤਾਂ ਉਹਨਾਂ ਦਾ ਆਪਣਾ ਦੇਸ਼ ਹੈ: ਮਨੁੱਖ ਹਨ ਤਾਂ ਉਨ੍ਹਾਂ ਦੀ ਆਪਣੀ ਕੌਮ ਦੇ ; ਬਾਦਸ਼ਾਹ ਹਨ ਤਾਂ ਉਨ੍ਹਾਂ ਦੇ ਆਪਣੇ ਬਾਦਸ਼ਾਹ ; ਧਰਮ ਉਹ, ਜੋ ਉਨ੍ਹਾਂ ਦੇ ਪਾਸ ਹੈ; ਵਿੱਦਿਆ ਹੈ ਤਾਂ ਉਹ, ਜੋ ਉਨ੍ਹਾਂ ਦੇ ਪਾਸ ਹੈ । ਉਹ ਬੜੇ ਹੰਕਾਰੀ ਹਨ ਅਤੇ ਸਵੈ-ਪ੍ਰਸ਼ੰਸਾ ਵਿੱਚ ਫਸ ਕੇ ਮੂਰਖ ਰਹਿ ਜਾਂਦੇ ਹਨ, ਇਨ੍ਹਾਂ ਦਾ ਸੁਭਾਅ ਹੈ ਕਿ ਜੋ ਕੁਝ ਇਨ੍ਹਾਂ ਨੂੰ ਆਉਂਦਾ ਹੈ ਉਹ ਦੂਜਿਆਂ ਨੂੰ ਨਹੀਂ ਦੱਸਦੇ । ਵਿਦੇਸ਼ੀਆਂ ਦੀ ਗੱਲ ਤਾਂ ਇੱਕ ਪਾਸੇ, ਉਹ ਲੋਕੀ ਆਪਣੀ ਜਾਤ ਅੰਦਰ ਵੀ ਅਯੋਗ ਲੋਕਾਂ ਕੋਲੋਂ ਛੁਪਾ ਕੇ ਰੱਖਦੇ ਹਨ । ਉਨ੍ਹਾਂ ਦੇ ਵਿਚਾਰ ਵਿੱਚ ਵੀ ਨਹੀਂ ਕਿ ਸੰਸਾਰ ਵਿੱਚ ਉਨ੍ਹਾਂ ਦੇ ਨਗਰਾਂ ਤੋਂ ਸਿਵਾਏ ਹੋਰ ਨਗਰ ਵੀ ਹਨ ਅਤੇ ਉਨ੍ਹਾਂ ਦੇ ਵਾਸੀਆਂ ਦੇ ਸਿਵਾਏ ਹੋਰ ਲੋਕਾਂ ਕੋਲ ਵੀ ਗਿਆਨ ਹੈ । ਉਨ੍ਹਾਂ ਦਾ ਗ਼ਰੂਰ ਇਤਨਾ ਵਧਿਆ ਹੋਇਆ ਹੈ ਕਿ ਜੇ ਕਦੀ ਕੋਈ ਵਿਅਕਤੀ ਉਨ੍ਹਾਂ ਅੱਗੇ ਖੁਰਾਸਾਨ ਜਾਂ ਫ਼ਾਰਸ ਦੇ ਕਿਸੇ ਵਿਦਵਾਨ ਜਾਂ ਸ਼ਾਸਤਰ ਦਾ ਉਲੇਖ ਕਰੇ ਤਾਂ ਉਹ ਉਸਨੂੰ ਬੁੱਧੀਹੀਣ ਸਮਝਣਗੇ । ਜੇ ਉਹ ਲੋਕੀ ਵਿਦੇਸ਼-ਯਾਤਰਾ ਕਰਨ ਅਤੇ ਦੂਜੀਆਂ ਜਾਤੀਆਂ ਨਾਲ ਮਿਲਣ ਤਾਂ ਉਨ੍ਹਾਂ ਦੇ ਵਿਚਾਰ ਛੇਤੀ ਹੀ ਬਦਲ ਜਾਣ, ਕਿਉਂ ਜੋ ਉਨ੍ਹਾਂ ਦੇ ਵਡੇਰੇ ਅਜਿਹੇ ਅਗਿਆਨੀ ਨਹੀਂ ਸਨ, ਜਿਹੇ ਵਰਤਮਾਨ ਪੀੜ੍ਹੀ ਦੇ ਲੋਕ ਹਨ ।''

ਅਲਬੀਰੂਨੀ ਨੇ ਇਹ ਵਿਚਾਰ ਆਪਣੀ ਪੁਸਤਕ 'ਅਲਹਿੰਦ' ਵਿੱਚ ਪ੍ਰਗਟਾਏ ਸਨ, ਗਿਆਰਵੀਂ ਸਦੀ ਦੇ ਆਰੰਭ ਵਿੱਚ; ਜਦੋਂ ਉਹ ਮਹਿਮੂਦ ਗਜ਼ਨਵੀ ਨਾਲ ਏਥੇ ਆਇਆ ਸੀ । ਮਹਿਮੂਦ ਅਤੇ ਉਸਦੇ ਉਤਰ-ਅਧਿਕਾਰੀ ਭਾਰਤ ਦੀ ਖੁਸ਼ਹਾਲੀ ਤੋਂ ਲਲਚਾ ਕੇ ਇਸਦਾ ਸਭ ਕੁਝ ਲੁੱਟ ਲੈਣ ਜਾਂ ਨਸ਼ਟ ਕਰ ਦੇਣ ਦੇ ਸੰਕਲਪ ਨਾਲ ਏਧਰ ਆਏ ।...ਗਜ਼ਨੀ ਦੀਆਂ ਰਾਜਸੀ ਸ਼ਕਤੀਆਂ ਨੇ ਆਪਣੀਆਂ ਬਾਹਵਾਂ ਭਾਰਤ ਅਤੇ ਹੋਰ ਦੇਸ਼ਾਂ ਤੱਕ ਵੀ ਫੈਲਾ ਲਈਆਂ ਸਨ ਅਤੇ ਉਸਦੇ ਫਲਸਰੂਪ ਹਰ ਦੇਸ਼ ਤੋਂ ਉਸਦੀ ਵਿਸ਼ੇਸ਼ ਪੂੰਜੀ ਗ਼ਜ਼ਨੀ ਵਿੱਚ ਇਕੱਠੀ ਹੋ ਰਹੀ ਸੀ । ਭਾਰਤ ਦੀ ਪੂੰਜੀ ਜਿੱਥੇ ਸੋਨਾ-ਚਾਂਦੀ ਅਤੇ ਹੀਰੇ-ਮੋਤੀ ਸਨ, ੳੁੱਥੇ ਉਸਦੇ ਵਿਦਵਾਨ, ਕਲਾਕਾਰ, ਵਪਾਰੀ ਅਤੇ ਸਿਪਾਹੀ ਵੀ ਉਸਦੀ ਮਹਾਨਤਾ ਦੇ ਅੰਗ ਸਨ । ਗ਼ਜ਼ਨੀ ਦੇ ਸ਼ਾਸਕਾਂ ਨੇ ਭਾਰਤ ਦੀ ਮਹਾਨਤਾ ਦੇ ਅਜਿਹੇ ਬਹੁਤ ਸਾਰੇ ਅੰਗਾਂ ਨੂੰ , ਦੇਸ਼ ਤੋਂ ਲੁੱਟ ਮਾਰ ਵਿੱਚ ਲੈ ਜਾ ਕੇ ਆਪਣੀ ਰਾਜਧਾਨੀ ਵਿੱਚ ਇਕੱਠਾ ਕਰ ਲਿਆ ਸੀ । ਇੱਥੋਂ ਦੇ ਕਲਾਕਾਰਾਂ ਤੋਂ ਦਾਸਾਂ ਦੇ ਰੂਪ ਵਿੱਚ ਕੰਮ ਲਿਆ ਜਾ ਰਿਹਾ ਸੀ । ਭਾਰਤ ਦੇ ਕਾਰੀਗਰ ਗ਼ਜ਼ਨੀ ਨਗਰ ਦੀ ਸ਼ੋਭਾ ਦੇ ਮੁਨਾਰੇ ਉਸਾਰ ਰਹੇ ਸਨ ।....

'ਗ਼ਜ਼ਨੀ ਦੇ ਉਸ ਵਾਤਾਵਰਣ ਅੰਦਰ ਇੱਕ ਅਜਿਹਾ ਪਾਰਖੀ ਵੀ ਬੈਠਾ ਸੀ, ਜਿਸਨੇ ਉਨ੍ਹਾਂ ਭਾਰਤੀ ਹੀਰਿਆਂ ਦੀ ਪਰਖ ਕੀਤੀ ਅਤੇ ਉਸਨੇ ਆਪਣੀ ਸਾਰੀ ਬੁੱਧੀ ਉਨ੍ਹਾਂ ਤੋਂ ਵਿੱਦਿਆ ਅਤੇ ਗਿਆਨ ਪ੍ਰਾਪਤ ਕਰਨ ਵਿੱਚ ਲਾ ਦਿੱਤੀ । ਉਸ ਜੌਹਰੀ ਨੇ ਉਨ੍ਹਾਂ ਦਾ ਮੁੱਲ ਪਾ ਕੇ ਭਾਰਤ ਦੀ ਮਹਾਨਤਾ ਦਾ ਇੱਕ ਚਾਨਣ ਮੁਨਾਰਾ ਆਪਣੀ ਕਲਮ ਦੀ ਕਾਰੀਗਰੀ ਨਾਲ 'ਅਲਹਿੰਦ' ਨਾਮੀ ਗ੍ਰੰਥ ਦੇ ਰੂਪ ਵਿੱਚ ਉਸਾਰਿਆ ।'

'ਅਲਹਿੰਦ' ਅਤੇ ਅਲਬੀਰੂਨੀ ਬਾਰੇ ਇਹ ਸਤਿਕਾਰ ਡਾ. ਯੋਗ ਧਿਆਨ ਅਹੂਜਾ ਨੇ ਪ੍ਰਗਟ ਕੀਤਾ ਹੈ, ਜਿਸਨੇ ਇਸ ਕਿਤਾਬ ਦਾ ਭਾਸ਼ਾ ਵਿਭਾਗ ਲਈ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ।

ਅਲਬੀਰੂਨੀ ਆਪਣੀ ਥਾਂ ਸੱਚਾ ਹੈ, ਉਸ ਨੇ ਅਸਾਡੀ 'ਕਮਜ਼ੋਰ' ਨਾੜ 'ਤੇ ਉਂਗਲ ਰੱਖੀ । ਡਾ: ਆਹੂਜਾ ਵੀ ਸੱਚਾ ਹੈ, ਜੇਕਰ ਗਿਆਰਵੀਂ ਸਦੀ ਦੇ ਭਾਰਤੀ ਲੋਕ 'ਮੂਰਖ' ਸਨ ਤਾਂ ਸਾਨੂੰ ਵੀਹਵੀਂ ਸਦੀ ਦੇ ਭਾਰਤੀਆਂ ਨੂੰ ਬਦੇਸ਼ੀ ਵਿਦਵਾਨਾਂ ਦੇ ਗਿਆਨ ਦਾ ਸਿੱਕਾ ਮੰਨਕੇ 'ਭੁੱਲ ਦੀ ਸੋਧ' ਕਰ ਲੈਣੀ ਚਾਹੀਦੀ ਹੈ ।

ਖ਼ੈਰ...ਸਾਡੀ ਤੁੱਛ ਰਾਏ ਅਨੁਸਾਰ ਭਾਰਤੀ ਲੋਕ ਮੂਰਖ ਕਦੇ ਵੀ ਨਹੀਂ, ਭੋਲੇ ਸਨ; ਮਾਸੂਮ ਸਨ, ਗ਼ੁਲਾਮ ਸਨ । ਗ਼ੁਲਾਮ ਦੇ ਹੁਨਰ ਨੂੰ ਕੌਣ ਪਛਾਣਦਾ ਹੈ । ਪਰ ਅਸ਼ਕੇ ਅਜਿਹੇ ਮੂਰਖਾਂ ਦੇ, ਜਿਨ੍ਹਾਂ ਨੇ ਏਨੇ ਮਾੜੇ ਦਿਨਾਂ ਵਿੱਚ ਵੀ ਲਾਲਚੀ ਧਾੜਵੀਆਂ ਦੇ ਮੂੰਹ ਵਿੱਚ ਥੁੱਕਿਆ । ਗੱਲ ਕਹਿਣ ਦਾ ਹੁਨਰ ਕੋਈ ਉਹਨਾਂ 'ਮੂਰਖਾਂ' ਤੋਂ ਸਿੱਖੇ ।

ਇਸ ਕਿਤਾਬ ਵਿੱਚ ਅਲਬੀਰੂਨੀ ਨੇ ਇੱਕ ਪ੍ਰਚੱਲਤ ਕਥਾ ਦੇ ਕੇ ਭਾਰਤ ਦੇ ਹੁਨਰਮੰਦਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਾ-ਸਮਝੀ ਕਾਰਨ ਉਹਦਾ ਆਪਣਾ ਜਲੂਸ ਨਿਕਲ ਗਿਆ । ਜਿਸ ਗੱਲ ਦੀ ਉਹਨੂੰ ਸਮਝ ਨਹੀਂ ਆ ਸਕੀ, ਉਹ ਉਹਨੂੰ ਹਾਸੋਹੀਣੀ ਜਾਪੀ । ਅਸਲ ਵਿੱਚ ਇਹ ਹਾਦਸਾ ਉਹਦੇ ਜੇਤੂਆਂ ਵਾਲੇ ਹੰਕਾਰ ਕਾਰਨ ਵਾਪਰਿਆ ਹੈ । ਕਿਤਾਬ ਵਿੱਚ ਕਈ ਥਾਈਾ ਉਹ ਅੱਤ ਨਿਰਮਾਣ ਹੈ ਅਤੇ ਆਪਣੇ ਅਲਪ-ਗਿਆਨ ਦੀ ਗੱਲ ਵੀ ਮੰਨਦਾ ਹੈ । ਪਰ ਅੰਦਰ-ਖਾਤੇ ਇਹ ਨਿਰਮਾਣਤਾ ਵਿਖਾਉਣਾ ਵੀ ਉਹਦੇ ਮਹਾਨ ਦਿਸਣ ਦੀ ਨਾਟਕੀ-ਸ਼ੈਲੀ ਦਾ ਖੋਲ ਮਾਤਰ ਹੀ ਜਾਪਦਾ ਹੈ । ਆਉ, ਅਲਬੀਰੂਨੀ ਦੁਆਰਾ ਪੇਸ਼ ਕੀਤੀ 'ਹਾਸੋ-ਹੀਣੀ' ਕਥਾ ਨੂੰ ਆਪਣੇ ਸ਼ਬਦਾਂ ਵਿੱਚ ਦੁਹਰਾਈਏ ।

ਪੂਰਬਲਾ ਸੰਬਾਦ :

ਇੱਕ ਵਾਰੀ ਕਿਸੇ ਨੇ ਇੱਕ ਵਿਦਵਾਨ ਤੋਂ ਪੁੱਛਿਆ: ਇਸ ਦਾ ਕੀ ਕਾਰਣ ਹੈ ਕਿ ਵਿਦਵਾਨ ਤਾਂ ਸਦਾ ਅਮੀਰਾਂ ਦੇ ਦਰਵਾਜ਼ੇ 'ਤੇ ਛਾਏ ਰਹਿੰਦੇ ਹਨ, ਪਰ ਅਮੀਰ, ਵਿਦਵਾਨਾਂ ਕੋਲ ਆਉਣ ਦੀ ਇੱਛਾ ਪ੍ਰਗਟ ਨਹੀਂ ਕਰਦੇ? ਵਿਦਵਾਨ ਨੇ ਉੱਤਰ ਦਿੱਤਾ: ਵਿਦਵਾਨਾਂ ਨੂੰ ਧਨ ਦੀ ਵਰਤੋਂ ਦਾ ਪੂਰਾ ਪੂਰਾ ਪਤਾ ਹੈ, ਪਰ ਅਮੀਰਾਂ ਨੂੰ ਵਿੱਦਿਆ ਦੀ ਮਹਾਨਤਾ ਦਾ ਪਤਾ ਨਹੀਂ ।

¨ ''ਅਥ ਕਥਾ 'ਵਿਆਡੀ' ਨਾਮੀ ਰਸ-ਗਿਆਨੀ ਦੀ ਲਿਖਯਤੇ'' ¨

ਰਾਜਾ ਵਿਕ੍ਰਮਾਦਿਤ ਵੇਲੇ ਉਜੈਨ ਨਗਰ ਵਿੱਚ ਵਿਆਡੀ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ, ਜਿਸ ਨੇ ਰਸਾਇਣ ਵਿੱਦਿਆ ਵੱਲ ਪੂਰਾ ਧਿਆਨ ਦਿੱਤਾ ਅਤੇ ਇਸ ਕਾਰਣ ਆਪਣਾ ਜੀਵਨ ਅਤੇ ਸੰਪਤੀ ਇਸੇ ਗਿਆਨ ਪ੍ਰਾਪਤੀ ਦੇ ਲੇਖੇ ਲਾ ਦਿੱਤੇ । ਇਸ ਪ੍ਰਕ੍ਰਿਆ ਵਿੱਚ ਉਹ ਏਨਾ ਨਿਰਧਨ ਅਤੇ ਸਾਧਨ-ਹੀਣ ਹੋ ਗਿਆ ਕਿ ਦੋ ਡੰਗ ਦੀ ਸਾਦਾ ਰੋਟੀ ਤੋਂ ਵੀ ਅਤੁਰ ਹੋ ਗਿਆ । ਹੱਥ ਤੰਗ ਹੋਣ ਕਾਰਨ ਉਸਨੂੰ ਆਪਣੀ ਖੋਜ ਦੇ ਵਿਸ਼ੇ ਤੋਂ ਅੰਤਾਂ ਦੀ ਘਿਰਣਾ ਹੋ ਗਈ । ਨਿਰਾਸ਼ਾ ਦੀ ਹਾਲਤ ਵਿੱਚ ਆਪਣੇ ਕੀਮਤੀ ਨੁਸਖਿਆਂ ਵਾਲੀ ਕਿਤਾਬ ਲੈ ਕੇ ਇੱਕ ਨਦੀ ਦੇ ਕੰਢੇ ਜਾ ਬੈਠਾ ਅਤੇ ਠੰਡੇ ਹੌਕੇ ਭਰਦਾ ਹੋਇਆ ਕਿਤਾਬ ਨੂੰ ਵਰਕਾ-ਦਰ-ਵਰਕਾ ਜਲ-ਪ੍ਰਵਾਹ ਕਰਨ ਲੱਗਾ । ਪੂਰੀ ਕਿਤਾਬ ਪਾੜ ਸੁੱਟਣ ਪਿੱਛੋਂ ਉਸਦੀ ਨਜ਼ਰ, ਕੁਝ ਦੂਰੀ 'ਤੇ ਬੈਠੀ, ਇੱਕ ਵੇਸਵਾ 'ਤੇ ਪਈ, ਜਿਹੜੀ ਵਰਕਾ-ਵਰਕਾ ਇਕੱਠਾ ਕਰਕੇ ਜੋੜੀ ਜਾ ਰਹੀ ਸੀ । ਵੇਸਵਾ ਨੇ ਵਿਆਡੀ ਦੀ ਨਿਰਾਸ਼ਾ ਦਾ ਕਾਰਨ ਪੁੱਛਿਆ । ਵਿਆਡੀ ਨੇ ਆਪਣੀ ਨਿਰਾਸ਼ਾ ਦਾ ਕਾਰਨ ਦੱਸਿਆ । ਵੇਸਵਾ ਨੇ ਆਖਿਆ: 'ਉਸ ਕੰਮ ਨੂੰ ਨਾ ਛੱਡ, ਜਿਸ ਵਿੱਚ ਤੂੰ ਆਪਣਾ ਸਾਰਾ ਜੀਵਨ ਲੰਘਾ ਦਿੱਤਾ ਹੈ । ਉਸ ਗੱਲ ਦੇ ਸੰਭਵ ਹੋਣ ਵਿੱਚ ਸੰਦੇਹ ਨਾ ਕਰ, ਜਿਸ ਨੂੰ ਤੇਰੇ ਤੋਂ ਪਹਿਲਾਂ ਦੇ ਵਿਦਵਾਨ ਲੋਕਾਂ ਨੇ ਸੱਚ ਦੱਸਿਆ ਹੈ । ਤੇਰਿਆਂ ਸੁਪਨਿਆਂ ਦੇ ਸਾਕਾਰ ਹੋਣ ਵਿੱਚ ਜਿਹੜੀ ਰੁਕਾਵਟ ਹੈ, ਸ਼ਾਇਦ ਉਹ ਕਿਸੇ ਵਿਸ਼ੇਸ਼ ਕਾਰਣ ਤੋਂ ਹੈ ਅਤੇ ਸ਼ਾਇਦ ਅਚਾਨਕ ਦੂਰ ਹੋ ਜਾਵੇਗੀ । ਮੇਰੇ ਕੋਲ ਬਹੁਤ ਧਨ ਹੈ । ਤੂੰ ਇਹ ਲੈ ਕੇ ਆਪਣੇ ਸੰਕਲਪ ਦੀ ਸਫ਼ਲਤਾ ਵਿੱਚ ਲਗਾ ਲੈ ।'' ਤਦ ਵਿਆਡੀ ਨੇ ਆਪਣੀ ਖੋਜ ਮੁੜ ਸ਼ੁਰੂ ਕਰ ਦਿੱਤੀ ।

ਖੋਜ ਤਾਂ ਮੁੜ ਸ਼ੁਰੂ ਹੋ ਗਈ, ਪਰ ਗੱਲ ਅੱਗੇ ਨਹੀਂ ਸੀ ਤੁਰ ਰਹੀ । ਦਰਅਸਲ ਹਿਕਮਤ ਦੀਆਂ ਪੁਸਤਕਾਂ ਉਦੋਂ ਬੁਝਾਰਤਾਂ ਦੇ ਰੂਪ ਵਿੱਚ ਲਿਖੀਆਂ ਹੁੰਦੀਆਂ ਸਨ ਤੇ ਇੱਕ ਸ਼ਬਦ ਦੇ ਅਰਥ ਕਰਨ ਵਿੱਚ ਵਿਆਡੀ ਤੋਂ ਭੁੱਲ ਹੋ ਗਈ । ਸ਼ਬਦ ਸੀ 'ਰਕਤਾਮਲ' । ਵਿਆਡੀ ਨੇ 'ਰਕਤ' ਦਾ ਅਰਥ 'ਲਾਲ' ਲਿਆ ਅਤੇ 'ਆਮਲ' ਦਾ ਅਰਥ 'ਤੇਲ' । ਇੰਜ ਉਹ ਲਾਲ ਤੇਲ ਦਾ ਭਾਵ ਅਰਥ ਨਹੀਂ ਸੀ ਸਮਝ ਰਿਹਾ । ਬਾਕੀ ਜੜ੍ਹੀ-ਬੂਟੀਆਂ ਨਾਲ ਦੇਗ ਪੱਕ ਰਹੀ ਸੀ । ਉਸ ਨੇ ਏਨੀ ਸ਼ਿੱਦਤ ਨਾਲ ਸੋਚਿਆ ਕਿ ਸਿਰ ਖੁਸ਼ਕ ਹੋ ਗਿਆ । ਖ਼ੁਸ਼ਕੀ ਦੂਰ ਕਰਨ ਲਈ ਉਹਨੂੰ ਸਿਰ ਉੱਤੇ ਬਹੁਤ ਸਾਰਾ ਤੇਲ ਲਾਉਣਾ ਪਿਆ । ਤੇ ਇੰਜ ਸੋਚ- ਮਗਨ ਹਾਲਤ ਵਿੱਚ ਜਦੋਂ ਉਹ ਕਾਹਲੀ ਨਾਲ ਉੱਠਿਆ ਤਾਂ ਉਹਦਾ ਸਿਰ ਉੱਪਰ ਛੱਤ ਨੂੰ ਜਾ ਵੱਜਾ ਜਿੱਥੇ ਇੱਕ ਮੇਖ ਬਾਹਰ ਨੂੰ ਵਧੀ ਹੋਈ ਸੀ, ਜਿਹੜੀ ਕਿ ਉਹਦੇ ਸਿਰ ਵਿੱਚ ਖੁਭ ਗਈ । ਸਿਰ 'ਚੋਂ ਕੁਝ ਖ਼ੂਨ ਨਿਕਲ ਆਇਆ ਤੇ ਤੇਲ ਵਿੱਚ ਰਲ ਗਿਆ । ਤੇਲ ਮਿਲੇ ਲਹੂ ਦੀਆਂ ਕੁਝ ਬੂੰਦਾਂ, ਪੱਕ ਰਹੀ ਦੇਗ ਵਿੱਚ ਵੀ ਡਿੱਗ ਪਈਆਂ, ਜਿਸ ਦਾ ਵਿਆਡੀ ਨੂੰ ਪਤਾ ਨਾ ਲੱਗਾ । ਦੇਗ ਪੱਕ ਗਈ ਤੇ ਅਜ਼ਮਾਇਸ਼ ਲਈ ਵਿਆਡੀ ਤੇ ਉਹਦੀ ਪਤਨੀ ਨੇ ਉਹ ਦਵਾਈ ਆਪਣੇ ਜਿਸਮਾਂ 'ਤੇ ਮਲ ਲਈ । ਦਵਾਈ ਮਲਦਿਆਂ ਹੀ ਉਹ ਦੋਵੇਂ ਹਵਾ ਵਿੱਚ ਉੱਡਣ ਲੱਗੇ । ਇਸ ਚਮਤਕਾਰ ਦਾ ਪਤਾ ਜਦੋਂ ਵਿਕਰਮਾਦਿੱਤ ਨੂੰ ਲੱਗਾ ਤਾਂ ਉਹ ਹੈਰਾਨੀ ਦਾ ਭਰਿਆ ਆਪਣੇ ਮਹੱਲ ਦੇ ਬਾਹਰ ਇਹ ਕ੍ਰਿਸ਼ਮਾ ਆਪਣੀ ਅੱਖੀਂ ਵੇਖਣ ਆਇਆ । ਮਹਾਰਾਜੇ ਨੂੰ ਦੇਖ ਕੇ ਵਿਆਡੀ ਉਹਦੇ ਕੋਲ ਆ ਕੇ ਕਹਿਣ ਲੱਗਾ: 'ਰਾਜਾ, ਮੂੰਹ ਖੋਲ੍ਹ, ਮੈਂ ਥੁੱਕਣਾ ਹੈ' । ਰਾਜੇ ਨੂੰ ਇਸ ਗੱਲ 'ਤੇ ਘਿਰਣਾ ਆਈ ਤੇ ਗੁੱਸਾ ਵੀ । ਏਨੇ ਨੂੰ ਵਿਆਡੀ ਨੇ ਆਪਣਾ ਥੁੱਕ ਜ਼ਮੀਨ 'ਤੇ ਸੁੱਟ ਦਿੱਤਾ ਤੇ ਬਾਦਸ਼ਾਹ ਦੀ ਚੌਖਟ ਸੋਨੇ ਨਾਲ ਭਰ ਗਈ । ਵਿਆਡੀ ਤੇ ਉਹਦੀ ਪਤਨੀ, ਜਿੱਥੇ ਚਾਹੁੰਦੇ ਸਨ, ਉੱਡ ਕੇ ਚਲੇ ਜਾਂਦੇ ਸਨ । ਉਸ ਨੇ ਇਸ ਵਿੱਦਿਆ 'ਤੇ ਪ੍ਰਸਿੱਧ ਪੁਸਤਕਾਂ ਵੀ ਲਿਖੀਆਂ ਸਨ । ਲੋਕ ਆਖਦੇ ਹਨ ਕਿ ਉਹ ਪਤੀ ਪਤਨੀ ਅਜੇ ਤੱਕ ਜੀਵਿਤ ਹਨ ।

ਕਥਾ ਖ਼ਤਮ : ਕਥਨ ਸ਼ੁਰੂ

ਇਸ ਕਥਾ ਰਾਹੀਂ ਇੱਕ ਗ਼ੁਲਾਮ ਬਣਾਏ ਗਏ ਵਿਦਵਾਨ ਨੇ ਇੱਕ ਲਾਲਚੀ ਲੁਟੇਰੇ ਦੇ ਦਰਬਾਰੀ 'ਵਿਦਵਾਨ' ਨੂੰ ਸਮਝਾਇਆ ਹੈ ਕਿ ਭਾਰਤੀ ਹੁਨਰਮੰਦ ਆਪਣੀ ਖੋਜ ਵਿੱਚ ਆਪਣਾ ਸਭ ਕੁਝ ਨਿਛਾਵਰ ਕਰ ਦੇਂਦੇ ਹਨ । ਰੁਪਿਆ ਪੈਸਾ ਤਾਂ ਵੇਸਵਾਵਾਂ ਕੋਲ ਬਹੁਤ ਹੁੰਦਾ ਹੈ । ਸੱਚੇ ਖੋਜੀ ਦੀ ਮਦਦ ਕੁਦਰਤ ਵੀ ਕਰਦੀ ਹੈ ਅਤੇ ਕਲਾਕਾਰ ਹੁਕਮਰਾਨ ਦੇ ਮੂੰਹ 'ਤੇ ਵੀ ûੱਕ ਸਕਦਾ ਹੈ । ਧਨ ਦੌਲਤ ਦੇ ਚਾਹੁਣ ਵਾਲਿਆਂ ਦੀ ਪ੍ਰਾਪਤੀ ਉਹਨਾਂ ਦੇ ਸੁੱਟੇ ਹੋਏ ਥੁੱਕ ਦੇ ਬਰਾਬਰ ਹੁੰਦੀ ਹੈ ਅਤੇ ਹੁਨਰ ਦੀ ਉਪਲਬਧੀ ਇੱਕ ਪਰਵਾਜ਼ ਹੁੰਦੀ ਹੈ ਜਿਸ ਦੀ ਮਦਦ ਨਾਲ ਹੁਨਰਮੰਦ ਵਿਅਕਤੀ ਕਾਲ-ਅਤੀਤ ਹੋ ਜਾਂਦਾ ਹੈ । ਇੱਕ ਸਮੇਂ ਤੋਂ ਦੂਜੇ ਸਮੇਂ ਤੱਕ ਉੱਡ ਕੇ ਜਾ ਸਕਦਾ ਹੈ ਅਤੇ ਲੋਕਾਂ ਦੇ ਵਿਸ਼ਵਾਸ ਵਿੱਚ ਹਮੇਸ਼ਾ ਜੀਵਤ ਰਹਿੰਦਾ ਹੈ ।

ਆਤਮ-ਪੜਚੋਲ :

ਆਉ ਸੋਚੀਏ: ਕੀ ਅਸੀਂ ਆਪਣੇ ਵਡੇਰਿਆਂ ਦੇ ਅਸਲੀ ਵਾਰਿਸ ਹਾਂ? ਕੀ ਸਾਨੂੰ ਉਸ ਵਿਰਸੇ 'ਤੇ ਮਾਣ ਕਰਨ ਦਾ ਹੱਕ ਹੈ, ਜਿਸ ਦਾ ਸਾਨੂੰ ਗਿਆਨ ਹੀ ਨਹੀਂ? ਕੀ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵਿਰਸੇ ਨੂੰ ਉਜਾਗਰ ਕਰਨ ਦਾ ਕੋਈ ਉਪਰਾਲਾ ਹੈ ਕਿ ਸਿਰਫ਼ ਵਿਰਸੇ ਦੀ ਮਹਾਨਤਾ ਦੇ ਗੀਤ ਹੀ ਗਾਏ ਗਏ ਹਨ? ਕੀ ਕਿਸੇ ਪਰਾਏ ਦੇਸ ਦੇ ਯਾਤਰੀ ਵੱਲੋਂ ਲਗਾਏ ਦੋਸ਼ਾਂ ਨੂੰ ਅਸੀਂ ਆਪ ਅਨੁਭਵ ਨਹੀਂ ਕਰਦੇ; ਤੇ ਜੇ ਕਰਦੇ ਹਾਂ ਤਾਂ ਉਹਨਾਂ ਦੋਸ਼ਾਂ ਨੂੰ ਦੂਰ ਕਰਨ ਦੀ ਥਾਂ ਦੁਹਰਾਈ ਜਾਣ ਦੀ 'ਮਹਾਨਤਾ' ਦਾ ਅਨੁਭਵ ਕਿਉਂ ਕਰਦੇ ਹਾਂ? ਅਲਬੀਰੂਨੀ ਵੀ ਮੰਨਦਾ ਹੈ ਕਿ: ''ਉਨ੍ਹਾਂ ਦੇ ਵਡੇਰੇ ਅਜਿਹੇ ਅਗਿਆਨੀ ਨਹੀਂ ਸਨ, ਜਿਹੇ ਵਰਤਮਾਨ ਪੀੜ੍ਹੀ ਦੇ ਲੋਕ ਹਨ ।'' ਤਾਂ ਕੀ 'ਵਰਤਮਾਨ' ਹਮੇਸ਼ਾ ਵਰਤਮਾਨ ਰਹੇਗਾ?

ਆਉ ਲੱਭੀਏ, ਸਾਡੇ ਹੁਨਰ ਦੇ ਖੰਭ ਕਿੱਥੇ ਹਨ!

ਆਪਣੇ ਭਾਸ਼ਾ ਵਿਭਾਗ ਨਾਲ ਦੋ ਗੱਲਾਂ

ਪੰਜਾਬ ਸਾਹਿੱਤਕ ਪੱਖੋਂ ਇੱਕ ਖੁਸ਼ਕਿਸਮਤ ਪ੍ਰਾਂਤ ਹੈ ਜਿਸਨੂੰ ਕਾਫੀ ਅਰਸੇ ਤੋਂ ਬਾਕਾਇਦਾ ਭਾਸ਼ਾ ਵਿਭਾਗ ਮਿਲਿਆ ਹੋਇਆ ਹੈ । ਹੁਣ ਭਾਵੇਂ ਕੁਝ ਨਿਹਿਤ ਹਿਤਾਂ ਵਾਲੇ ਬੁੱਧੀਜੀਵੀ ਭਾਸ਼ਾ ਨੂੰ ਸਾਹਿੱਤ ਨਾਲੋਂ ਪੂਰੀ ਤਰ੍ਹਾਂ ਤੋੜ-ਵਿਛੋੜ ਕੇ, ਸੁਤੰਤਰ ਇਕਾਈ ਦੇ ਰੂਪ ਵਿੱਚ ਇਸਦੀ ਧਾਕ ਬਿਠਾਉਣ ਦੇ ਸੁਚੇਤ ਯਤਨਾਂ ਵਿੱਚ ਰੁੱਝੇ ਹੋਏ ਹਨ ਪ੍ਰੰਤੂ ਭਾਸ਼ਾ ਵਿਭਾਗ ਦੀ ਇਸ ਪੱਖੋਂ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸਨੇ ਅਜੇ ਤੀਕ ਸਾਹਿੱਤ ਰਾਹੀਂ ਹੀ ਭਾਸ਼ਾ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ । ਵਿਭਾਗ ਨੇ ਆਪਣੇ ਸ਼ੁਰੂ ਦੇ ਸਾਲਾਂ ਵਿੱਚ ਬਹੁਤ ਹੀ ਵਧੀਆ ਸਾਹਿੱਤ, ਘੱਟ ਕੀਮਤ 'ਤੇ, ਪਾਠਕਾਂ ਅਤੇ ਖੋਜੀਆਂ ਲਈ ਉਪਲਬਧ ਕੀਤਾ । ਹੁਣ ਵੀ ਵਿਸ਼ਵ-ਕੋਸ਼ ਵਰਗੇ ਚੰਗੇ ਕੰਮ ਨੂੰ ਹੱਥ ਪਾਇਆ ਹੋਇਆ ਹੈ । ਅਨੁਵਾਦ-ਕਾਰਜ ਵਾਲਾ ਉੱਦਮ ਵੀ ਸਲਾਹੁਣਯੋਗ ਹੈ । ਗੋਸ਼ਠੀਆਂ, ਸੈਮੀਨਾਰ ਅਤੇ ਸੱਭਿਆਚਾਰਕ ਮੇਲੇ ਵੀ ਸਮੇਂ ਸਮੇਂ ਆਯੋਜਿਤ ਕੀਤੇ ਜਾਂਦੇ ਹਨ । ਪੰਜਾਬੀ ਲੇਖਕਾਂ ਨੂੰ ਪੰਜਾਬ ਤੋਂ ਬਾਹਰ ਵੀ ਫਿਰਨ-ਤੁਰਨ ਅਤੇ ਮਿਲ-ਬੈਠਣ ਦਾ ਅਵਸਰ, ਸਰਕਾਰੀ ਖ਼ਰਚੇ 'ਤੇ, ਮੁਹੱਈਆ ਕੀਤਾ ਜਾਂਦਾ ਹੈ । ਲੇਖਕਾਂ ਦੀਆਂ ਪੁਸਤਕਾਂ ਦੇ ਪ੍ਰਕਾਸ਼ਨ ਹਿਤ ਵੀ ਮਾਇਕ ਮਦਦ ਦਿੱਤੀ ਜਾਂਦੀ ਹੈ । ਬਿਰਧ ਲੇਖਕਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ । ਲੇਖਕਾਂ ਨੂੰ ਸਨਮਾਨ ਵੀ ਪ੍ਰਦਾਨ ਕੀਤੇ ਜਾਂਦੇ ਹਨ । ਹੋਰ ਵੀ ਬਹੁਤ ਕੁਝ ਕੀਤਾ ਜਾਂਦਾ ਹੈ, ਜਿਸਦਾ ਵੇਰਵਾ, ਵਿਭਾਗ ਦਾ ਕੋਈ ਜੁੰਮੇਵਾਰ ਅਧਿਕਾਰੀ ਸਾਡੇ ਨਾਲੋਂ ਵੱਧ ਚੰਗੀ ਤਰ੍ਹਾਂ ਦੇ ਸਕਦਾ ਹੈ । ਹਾਂ ਸੱਚ, ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ 'ਜਨ ਸਾਹਿੱਤ' ਹਰ ਮਹੀਨੇ ਛਾਪਿਆ ਜਾਂਦਾ ਹੈ । ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖ ਕੇ 'ਪੰਜਾਬੀ ਦੁਨੀਆਂ' ਦਾ ਪ੍ਰਕਾਸ਼ਨ ਵੀ ਕੀਤਾ ਜਾਂਦਾ ਹੈ ।...ਅਤੇ ਇਸ ਸਭ ਕੁਝ ਦੇ ਨਾਲ ਨਾਲ, ਕਈ ਵਾਰ, ਕੋਈ ਵੱਖਰੀ ਤਰ੍ਹਾਂ ਦਾ ਪ੍ਰਾਜੈਕਟ ਵੀ ਆਰੰਭਿਆ ਜਾਂਦਾ ਹੈ, ਜਿਵੇਂ ਕਿ ਅੱਜ ਕੱਲ੍ਹ 'ਲੇਖਕਾਂ ਦੀ ਡਾਇਰੈਕਟਰੀ' ਤਿਆਰੀ ਅਧੀਨ ਹੈ । ਜ਼ੋਰ-ਸ਼ੋਰ ਨਾਲ ਇਸ਼ਤਿਹਾਰ ਅਤੇ ਬਿਆਨ ਛਪ ਰਹੇ ਹਨ । ਮਸਲਾ ਕੋਈ ਵੀ ਹੋਵੇ, ਮਸਾਲਾ ਮਿਲਣ ਨਾਲ ਹੱਲ ਹੋ ਹੀ ਜਾਂਦਾ ਹੈ । ਅਤੇ 'ਲੇਖਕਾਂ ਦੀ ਡਾਇਰੈਕਟਰੀ' ਲਈ ਮਸਾਲਾ ਧੜਾ-ਧੜ ਪੁੱਜ ਰਿਹਾ ਹੈ: ਵਿਸਤ੍ਰਿਤ ਜਾਣਕਾਰੀ, ਤਸਵੀਰਾਂ ਸਮੇਤ । ਪੰਜਾਬੀ ਲੇਖਕ, ਧੰਨਵਾਦੀ ਮੁਦਰਾ ਵਿੱਚ, ਆਪਣੇ ਭਾਸ਼ਾ ਵਿਭਾਗ ਨੂੰ ਧੰਨ ਧੰਨ ਆਖ ਰਹੇ ਹਨ । ਆਖਣ ਵੀ ਕਿਉਂ ਨਾ! ਉਹਨਾਂ ਦਾ ਨਾਂ ਇਸ ਪ੍ਰਾਜੈਕਟ ਰਾਹੀਂ ਸਰਕਾਰੀ ਮਾਨਤਾ ਪ੍ਰਾਪਤ ਕਰ ਰਿਹਾ ਹੈ ਅਤੇ ਸਦਾ ਸਦਾ ਲਈ ਅਮਰ ਹੋ ਰਿਹਾ ਹੈ । ਉਨ੍ਹਾਂ ਨੂੰ ਆਪਣੇ ਲੇਖਕ ਹੋਣ ਦਾ ਦਸਤਾਵੇਜ਼ੀ ਸਬੂਤ ਮਿਲ ਰਿਹਾ ਹੈ । ਇੱਕ ਪੰਜਾਬੀ ਲੇਖਕ ਨੂੰ ਹੋਰ ਚਾਹੀਦਾ ਵੀ ਕੀ ਹੈ ।

ਇਹ ਤਾਂ ਸਨ ਭਾਸ਼ਾ ਵਿਭਾਗ ਬਾਰੇ ਕੁਝ ਸ਼ਬਦ । ਆਉ ਹੁਣ ਆਪਣੇ ਇਸ ਵਿਭਾਗ ਨਾਲ ਦੋ ਗੱਲਾਂ ਵੀ ਕਰ ਲਈਏ ।

ਪਿਆਰੇ ਵਿਭਾਗ ਜੀ! ਤੁਹਾਡੇ ਕੋਲ ਲੇਖਕਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਦਾ ਉਤਸ਼ਾਹ ਵਧਾਉਣ ਲਈ, ਉਨ੍ਹਾਂ ਨੂੰ ਮਾਨਤਾ ਦੇਣ ਲਈ, ਉਨ੍ਹਾਂ ਨੂੰ ਮਦਦ ਅਤੇ ਸਨਮਾਨ ਦੇਣ ਲਈ, ਬਹੁਤ ਸਾਰਾ ਧਨ ਹੈ, ਬਹੁਤ ਸਾਰੇ ਵਸੀਲੇ ਹਨ । ਸ਼ਕਤੀਆਂ ਹਨ; ਸਕੀਮਾਂ ਹਨ; ਇਮਾਰਤਾਂ ਹਨ; ਅਮਲਾ ਹੈ । ਇਹ ਠੀਕ ਹੈ ਕਿ ਇਮਾਰਤਾਂ ਅਤੇ ਹੋਰ ਸਾਜ਼ੋ-ਸਮਾਨ ਅਮਲੇ ਲਈ ਹੈ ਅਤੇ ਕਾਫੀ ਸਾਰਾ ਅਮਲਾ ਵੀ ਅਮਲੇ ਲਈ ਹੀ ਹੈ, ਪਰ ਹੈ ਤਾਂ ਸਭ ਕੁਝ ਭਾਸ਼ਾ ਅਤੇ ਸਾਹਿੱਤ ਦੇ ਨਾਂ 'ਤੇ ਹੀ । ਇਸ ਬਹਾਨੇ ਕੁਝ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਅਤੇ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ , ਲੇਖਕਾਂ ਨੂੰ 'ਓਬਲਾਈਜ' ਕਰਨ ਦਾ, ਅਵਸਰ ਵੀ ਮਿਲਿਆ ਹੋਇਆ ਹੈ । ਲੇਖਕ ਜੋ ਕਿ ਬੇਜ਼ੁਬਾਨਾਂ ਦੀ ਜ਼ੁਬਾਨ ਹੁੰਦੇ ਹਨ; ਪਰ ਆਪੂੰ ਬੇਜ਼ੁਬਾਨ ਹੁੰਦੇ ਹਨ । ਜੀਵਨ ਦੇ ਕਿਸੇ ਖਿੱਤੇ ਵਿੱਚ ਵਾਪਰੀ ਕਿਸੇ ਵੀ ਵਧੀਕੀ ਦੇ ਵਿਰੁੱਧ ਲਿਖਣਾ ਆਪਣਾ ਪਰਮ ਕਰਤੱਵ ਸਮਝਦੇ ਹਨ ਪ੍ਰੰਤੂ ਆਪਣੇ 'ਸਰਪ੍ਰਸਤਾਂ' ਜਾਂ 'ਹੋਣ ਵਾਲੇ ਸਰਪ੍ਰਸਤਾਂ' ਦੀਆਂ ਵਧੀਕੀਆਂ ਨੂੰ 'ਸਮਰੱਥਾਂ ਦੇ ਚੋਜ' ਸਮਝ ਕੇ ਦਰ-ਗੁਜ਼ਰ ਕਰ ਛੱਡਦੇ ਹਨ । 'ਸ਼ਿਰੋਮਣੀ' ਬਣਨ ਦੀ ਦੌੜ ਵਿੱਚ ਉਹ ਕਿਸੇ ਚੰਗੇ ਤੋਂ ਚੰਗੇ ਲੇਖਕ ਨੂੰ ਵੀ ਠਿੱਬੀ ਲਾਉਣੋਂ ਨਹੀਂ ਝਿਜਕਦੇ ।...ਹੁਣ ਜੇਕਰ ਧਿਆਨ ਨਾਲ ਦੇਖਿਆ ਜਾਏ ਤਾਂ ਇਸ ਸਭ ਕਾਸੇ ਵਿੱਚ, ਵਿਭਾਗ ਜੀਓ! ਤੁਹਾਡਾ ਤਾਂ ਕੋਈ ਦੋਸ਼ ਨਹੀਂ । ਤੁਹਾਡੇ ਕਿਸੇ ਸੈਮੀਨਾਰ ਦੌਰਾਨ ਟੀ.ਏ. ਡੀ.ਏ. ਦੇ ਬਿਲਮੁਕਤਾ ਭੁਗਤਾਨ ਸਮੇਂ ਲੇਖਕਾਂ ਦੀ ਆਪਾ ਧਾਪੀ ਜਾਂ ਚਾਹ- ਪਾਣੀ ਦੇ ਸੇਵਨ ਵੇਲੇ ਖਿੱਚ-ਧੂਹ ਤੋਂ ਸਾਹਿੱਤਕਾਰਾਂ ਦੀ ਬਿਰਤੀ ਦਾ ਸਹਿਜੇ ਹੀ ਅਨੁਮਾਨ ਲੱਗ ਸਕਦਾ ਹੈ । ਫਿਰ ਜੇਕਰ ਇਨ੍ਹਾਂ ਦੀ ਕਿਸੇ ਕਮਜ਼ੋਰੀ ਦਾ ਤੁਸੀਂ ਫ਼ਾਇਦਾ ਉਠਾ ਵੀ ਲਵੋ ਤਾਂ ਕਿਹੜਾ ਭਾਰ ਲੱਗਦਾ ਹੈ!

ਬਹੁਤ ਹੀ ਰੁਝੇ ਹੋਏ ਵਿਭਾਗ ਜੀਉ! ਗੱਲਾਂ ਤਾਂ ਬਹੁਤ ਹਨ ਕਰਨ ਵਾਲੀਆਂ । ਪਰ ਤੁਹਾਡੇ ਰੁਝੇਵਿਆਂ ਨੂੰ ਧਿਆਨ ਵਿੱਚ ਰੱਖ ਕੇ, ਹਾਲ ਦੀ ਘੜੀ, ਬਹੁਤੇ ਵੇਰਵੇ ਵਿੱਚ ਜਾਣ ਨੂੰ ਜੀਅ ਨਹੀਂ ਕਰਦਾ । ਅਸੀਂ ਪੁੱਛਣਾ ਤਾਂ ਚਾਹੁੰਦੇ ਹਾਂ ਕਿ ਤੁਹਾਡੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਤਫ਼ਸੀਲ ਕਿੱਥੇ ਤੇ ਕਦੋਂ ਛਪਦੀ ਹੈ? ਮਾਨਤਾ ਜਾਂ ਮਦਦ ਦੇਣ ਲਈ ਨਿਰਧਾਰਿਤ ਨਿਯਮ-ਉਪ-ਨਿਯਮ ਕਿੱਥੋਂ ਮਿਲ ਸਕਦੇ ਹਨ? ਤੁਹਾਡੇ ਬਾਕਾਇਦਾ ਸਲਾਹਕਾਰ ਕੌਣ ਕੌਣ ਹਨ? ਲੇਖਕ ਜਾਂ ਲਿਖਤ ਨੂੰ ਪ੍ਰਮਾਣੀਕ ਮੰਨਣ ਲਈ ਤੁਹਾਡੇ ਕੋਲ ਕਿਹੜੇ ਆਧਾਰ ਹਨ? ਪਰ ਹਾਲ ਦੀ ਘੜੀ ਅਸੀਂ ਆਪਣਾ ਸੰਵਾਦ ਸਿਰਫ਼ 'ਲੇਖਕਾਂ ਦੀ ਡਾਇਰੈਕਟਰੀ' ਤੱਕ ਹੀ ਸੀਮਿਤ ਰੱਖਾਂਗੇ । ਕੁਝ ਸ਼ੰਕੇ ਹਨ, ਜਿਨ੍ਹਾਂ ਦਾ ਸਮਾਧਾਨ ਚਾਹੁੰਦੇ ਹਾਂ । ਇਹ ਤਾਂ ਅਸੀਂ ਪਹਿਲਾਂ ਹੀ ਪ੍ਰਵਾਨ ਕਰ ਚੁੱਕੇ ਹਾਂ ਕਿ 'ਲੇਖਕਾਂ ਦੀ ਡਾਇਰੈਕਟਰੀ' ਇੱਕ ਬਹੁਤ ਵਧੀਆ ਅਤੇ ਲੋੜੀਂਦਾ ਪ੍ਰਾਜੈਕਟ ਹੈ । ਇਹ ਬਹੁਤ ਹੀ ਉਪਯੋਗੀ ਅਤੇ ਸਾਂਭਣਯੋਗ ਦਸਤਾਵੇਜ਼ ਹੋਵੇਗੀ । ਅਸੀਂ ਇਸ ਦੀ ਪ੍ਰਕਾਸ਼ਨਾ ਨੂੰ ਤੀਬਰਤਾ ਨਾਲ ਉਡੀਕਾਂਗੇ । ਪਰ... ...

ਵਿਭਾਗ ਸਾਹਿਬ! ਇਹ ਇੱਕ ਲੰਬਾ ਅਤੇ ਵੱਡਾ ਪ੍ਰਾਜੈਕਟ ਹੈ; ਅਹਿਮ ਤਾਂ ਹੈ ਹੀ । ਅਜਿਹੇ ਕੰਮ ਬਾਰ ਬਾਰ ਨਹੀਂ ਵਿੱਢੇ ਜਾਂਦੇ, ਇਸ ਲਈ ਸ਼ੁਰੂ ਵਿੱਚ ਸਥਿਤੀ ਸਪੱਸ਼ਟ ਹੋ ਜਾਣੀ ਚਾਹੀਦੀ ਹੈ । ਇਸ ਕਿਸਮ ਦੇ ਕੰਮ ਪਹਿਲਾਂ ਵੀ ਹੋ ਚੁੱਕੇ ਹਨ ਅਤੇ ਹੋ ਵੀ ਰਹੇ ਹਨ । ਉਨ੍ਹਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਅਗਵਾਈ ਵੀ ਲੈਣੀ ਚਾਹੀਦੀ ਹੈ । ਇਹ ਕੋਈ ਗੁਪਤ ਜਾਂ ਕਿਸੇ ਦਾ ਨਿੱਜੀ ਕੰਮ ਨਹੀਂ ਕਿ ਦਫ਼ਤਰ ਵਿੱਚ ਚਾਰ ਬੰਦੇ ਬੈਠ ਕੇ, ਡਾਕ ਰਾਹੀਂ ਆਏ ਹੋਏ ਮਸਾਲੇ ਦਾ ਲੱਲਾ ਭੱਬਾ ਠੀਕ ਕਰਕੇ ਠੀਹਾ ਠੱਪਾ ਕਰ ਦੇਣ । ਕਿਉਂਕਿ ਇਹ ਕੰਮ ਇੱਕ ਸਰਕਾਰੀ ਅਦਾਰੇ ਰਾਹੀਂ ਹੋ ਰਿਹਾ ਹੈ, ਇਸ ਲਈ ਉੱਤਰਦਾਇੱਤਵ ਦੀ ਮਾਤਰਾ ਹੋਰ ਵੀ ਵਧ ਜਾਂਦੀ ਹੈ । ਸੁਹਿਰਦ, ਬੇਲਾਗ਼ ਅਤੇ ਸੁਤੰਤਰ ਸੋਚ ਹੀ ਕੰਮ ਆ ਸਕਦੀ ਹੈ । ਮਨ-ਮਰਜ਼ੀ ਜਾਂ ਇੱਕ-ਪਾਸੜ ਸੋਚ ਤਾਂ ਪ੍ਰਾਜੈਕਟ ਦਾ ਮਲੀਦਾ ਬਣਾ ਕੇ ਰੱਖ ਦੇਵੇਗੀ । ਇਸ ਲਈ ਪੂਰੀ ਤਰ੍ਹਾਂ ਸੁਚੇਤ ਅਤੇ ਸਾਵਧਾਨ ਹੋ ਕੇ ਮਨ ਨੂੰ ਮੈਦਾਨ ਕਰਨਾ ਪਵੇਗਾ, ਟੋਏ ਟਿੱਬੇ ਲਾਹੁਣੇ ਪੈਣਗੇ ।

ਸਾਡੀ ਅਰਜ਼ ਹੈ ਕਿ ਨਿੱਕੇ ਨਿੱਕੇ ਇਸ਼ਤਿਹਾਰਾਂ ਜਾਂ ਅਖ਼ਬਾਰੀ ਬਿਆਨਾਂ ਦੀ ਥਾਂ ਇਸ ਸਕੀਮ ਨੂੰ ਵਿਸਥਾਰ ਸਹਿਤ ਛਾਪ ਕੇ ਜਨਤਾ ਤੱਕ ਪਹੁੰਚਾਉਣਾ ਚਾਹੀਦਾ ਹੈ । ਨਿਰ-ਵਿਵਾਦ ਅਤੇ ਗੁੱਟ- ਨਿਰਲੇਪ, ਲੇਖਕਾਂ ਅਤੇ ਵਿਦਵਾਨਾਂ ਦੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੁਆਰਾ ਨਿੱਜੀ ਯਤਨਾਂ ਰਾਹੀਂ ਵਾਂਛਿਤ ਸਾਮੱਗਰੀ ਇਕੱਠੀ ਕੀਤੀ ਜਾਣੀ ਚਾਹੀਦੀ ਹੈ । ਇਹ ਕੋਈ ਰਾਸ਼ਨ ਦੀ ਦੁਕਾਨ ਨਹੀਂ ਕਿ ਲਾਈਨ ਵਿੱਚ ਲੱਗ ਕੇ ਹੀ ਸਮਾਨ ਮਿਲਣਾ ਹੈ । ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋੋ ਰਹਿ ਗਿਆ । ਇਹ ਤਾਂ ਲੇਖਕਾਂ ਦੀ ਡਾਇਰੈਕਟਰੀ ਹੈ । ਇਸ ਵਿੱਚ ਪੰਜਾਬੀ ਦੇ ਲੇਖਕਾਂ ਦਾ ਮੰਨਣ ਯੋਗ ਅਤੇ ਥਾਂ ਸਿਰ ਵੇਰਵਾ ਦਿੱਤਾ ਜਾਣਾ ਹੈ । ਲੇਖਕ, ਤੁਹਾਨੂੰ ਪਤਾ ਹੀ ਹੈ, (ਜੇ ਉਹ ਸਹੀ ਅਰਥਾਂ ਵਿੱਚ ਲੇਖਕ ਹੋਣ ਤਾਂ) ਸਵੈ-ਅਭਿਮਾਨੀ ਹੁੰਦੇ ਹਨ । ਸਵੈ-ਮਾਣ ਤੋਂ ਉੱਚੀ ਉਨ੍ਹਾਂ ਦੀ ਜ਼ਿੰਦਗੀ ਅਤੇ ਨਜ਼ਰ ਵਿੱਚ ਕੋਈ ਚੀਜ਼ ਨਹੀਂ ਹੁੰਦੀ । ਉਹ ਤਾਂ ਕਹਿੰਦੇ ਹਨ:

ਅਸੀਂ ਜਾਣੀਏ ਭੁੱਖਿਆਂ ਰਹਿਣਾ, ਜਾਂ ਫਿਰ ਰੱਜਣਾ
ਅਸਾਂ ਵਿੱਚ-ਵਿੱਚਾਲਾ ਰਸਤਾ ਸਰਪਰ ਤੱਜਣਾ
ਅਸਾਂ ਸਿੱਖਿਆ ਨਹੀਉਂ ਵਾਰੀ ਦੇ ਵਿੱਚ ਬੱਝਣਾ...

ਤੇ ਫਿਰ ਜੇ ਕੋਈ ਸੱਚੀ-ਮੁੱਚੀ ਦਾ ਲੇਖਕ ਇਸ ਡਾਇਰੈਕਟਰੀ ਵਿੱਚ ਆਪਣਾ ਨਾਮ ਪਤਾ ਛਪਵਾਉਣ ਲਈ ਅਰਜ਼ੀ ਨਾ ਭੇਜੇ ਤਾਂ ਉਸਨੂੰ ਬਿਰਾਦਰੀ ਵਿੱਚੋਂ ਛੇਕ ਦਿੱਤਾ ਜਾਵੇਗਾ? ਜੇ ਇੰਜ ਕਰ ਦਿੱਤਾ ਜਾਂਦਾ ਹੈ ਤਾਂ ਨੁਕਸਾਨ ਕਿਸਦਾ ਹੋਵੇਗਾ?

ਵਿਭਾਗ ਮਹੋਦਯ! ਇੱਕ ਗੱਲ ਹੋਰ ਵੀ ਹੈ ਕਿ ਕਿਸੇ ਨੂੰ ਲੇਖਕ ਮੰਨਣ ਜਾਂ ਨਾ ਮੰਨਣ ਦੀ ਤੁਹਾਡੇ ਕੋਲ ਕਸਵੱਟੀ ਕਿਹੜੀ ਹੈ? ਸਾਹਿੱਤ-ਸਭਾਵਾਂ ਨਾਲ ਜੁੜੇ ਹੋਏ ਸਾਰੇ ਲੋਕਾਂ ਦਾ ਵੇਰਵਾ ਤੁਹਾਨੂੰ ਸੰਬੰਧਿਤ ਸਭਾ ਦਾ ਸਕੱਤਰ, ਸੋਹਣਾ ਸੋਹਣਾ ਲਿਖ ਕੇ, ਭੇਜ ਦੇਵੇਗਾ । ਹੱਸਦਿਆਂ ਦੀਆਂ ਤਸਵੀਰਾਂ ਵੀ ਪੁੱਜਦੀਆਂ ਕਰ ਦੇਵੇਗਾ । ਉਨ੍ਹਾਂ ਦੇ ਲੇਖਕ ਹੋਣ ਦੀ ਤਸਦੀਕ ਵੀ ਕਰ ਦੇਵੇਗਾ । ਕੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਆਪਣੀ ਹੋਣ ਵਾਲੀ ਡਾਇਰੈਕਟਰੀ ਵਿੱਚ ਸ਼ਾਮਿਲ ਕਰ ਲਵੋਗੇ? ਇਹ ਤਾਂ ਠੀਕ ਹੈ ਕਿ ਬਹੁਤੇ ਲੋਕ ਉਹੀ ਹੋਣਗੇ ਜਿਨ੍ਹਾਂ ਦੀ ਤੁਹਾਡੇ ਤੱਕ ਪਹੁੰਚ ਹੋ ਗਈ ਜਾਂ ਫਿਰ ਜਿਨ੍ਹਾਂ ਤੱਕ ਤੁਹਾਡੀ ਪਹੁੰਚ ਹੋ ਗਈ । ਪਰ ਇਹ ਪਹੁੰਚ ਵਿਗਿਆਨਕ ਨਹੀਂ । ਕੁਝ ਹੋਰ ਉਪਰਾਲੇ ਵੀ ਕਰਨੇ ਪੈਣਗੇ । ਹੋ ਸਕਦਾ ਹੈ ਤੁਸੀਂ ਕਰ ਵੀ ਰਹੇ ਹੋਵੋ, ਪਰ ਤੌਖ਼ਲਾ ਹੈ । ਤੌਖ਼ਲਾ ਜ਼ਾਹਿਰ ਵੀ ਕਰ ਦਿੱਤਾ ਹੈ ।

ਮਾਣਯੋਗ ਵਿਭਾਗ ਜੀ! ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ 'ਲੇਖਕ-ਲੋਕ' ਆਪਣੀ ਭਾਸ਼ਾ ਨਾਲ ਹੋ ਰਹੇ ਧੱਕੇ ਅਤੇ ਵਿਤਕਰੇ ਦੇ ਵਿਰੋਧ ਵਿੱਚ ਧਰਨੇ ਮਾਰ ਰਹੇ ਹਨ, ਮੁਜ਼ਾਹਰੇ ਕਰ ਰਹੇ ਹਨ, ਮੰਗ-ਪੱਤਰ ਦੇ ਰਹੇ ਹਨ । ਅਸਲ ਵਿੱਚ ਇਹ ਯੁਗ ਹੀ ਧੱਕੇ ਦਾ ਹੈ । ਹਰ ਕੋਈ ਅੱਗੇ ਵਧਣ ਲਈ ਦੂਜਿਆਂ ਨੂੰ ਪਿੱਛੇ ਧੱਕਦਾ ਹੈ । ਆਪਣਿਆਂ ਨੂੰ ਧੱਕਾ ਲਾ ਕੇ ਅੱਗੇ ਕਰਦਾ ਹੈ । ਧੱਕਾ ਕਲੋਨੀਆਂ ਵਾਂਗ ਧੱਕਾ ਸਾਹਿੱਤ ਵੀ ਹੋਂਦ ਵਿੱਚ ਆ ਚੁੱਕਾ ਹੈ । ਬਹੁਤ ਸਾਰੇ ਲੋਕ ਧੱਕੇ ਨਾਲ ਖ਼ੁਦ ਨੂੰ ਲੇਖਕ ਸਾਬਿਤ ਕਰਨ ਦੇ ਰਉਂ ਵਿੱਚ ਹਨ । ਅਤੇ ਲੇਖਕਾਂ ਦੀ ਡਾਇਰੈਕਟਰੀ ਨਾਲੋਂ ਚੰਗਾ ਮੌਕਾ ਉਨ੍ਹਾਂ ਨੂੰ ਹੋਰ ਕਦੋਂ ਮਿਲਣਾ ਹੈ! ਉਹ ਸਿਰ-ਤੋੜ ਯਤਨ ਕਰਨਗੇ । ਸਾਰੀਆਂ 'ਫਾਰਮੈਲਿਟੀਆਂ' ਪੂਰੀਆਂ ਕਰਨਗੇ ।...ਪਰ ਇਹੋ ਜਿਹੇ ਲੇਖਕਾਂ ਦੀ ਡਾਇਰੈਕਟਰੀ ਨੂੰ ਲੋਕੀ ਕੀ ਕਰਨਗੇ?

ਤੁਸੀਂ ਆਪ ਸਿਆਣੇ ਹੋ । ਸਾਡੇ ਸਮਿਆਂ ਵਿੱਚ ਸਾਹਿੱਤਕ ਰਚਨਾ ਨਾਲੋਂ ਅਖ਼ਬਾਰੀ ਸੂਚਨਾ ਦੀ ਵਧੇਰੇ ਮਹੱਤਤਾ ਹੈ । ਸਰਕਾਰ ਵੀ ਲੇਖਕਾਂ ਵੱਲੋਂ ਬੇਮੁੱਖ ਹੋ ਕੇ ਪੱਤਰਕਾਰਾਂ ਨੂੰ ਸਹੂਲਤਾਂ ਦੇਣ ਵਿੱਚ ਪਹਿਲ ਅਤੇ ਕਾਹਲ ਤੋਂ ਕੰਮ ਲੈਂਦੀ ਹੈ । ਪੱਤਰਕਾਰ ਦਬਾਅ ਪਾ ਸਕਦੇ ਹਨ ਅਤੇ ਕੰਮ ਕਢਾ ਸਕਦੇ ਹਨ । ਲੇਖਕ ਵਿਚਾਰੇ ਤਾਂ ਸਿਰਫ਼ ਕਲਮ 'ਤੇ ਹੀ ਦਬਾਅ ਪਾ ਸਕਦੇ ਹਨ, ਸਰਕਾਰ 'ਤੇ ਨਹੀਂ । ਇਸ ਲਈ ਅਣਗੌਲੇ ਰਹਿ ਜਾਂਦੇ ਹਨ । ਅਖ਼ਬਾਰਾਂ ਵਾਲਿਆਂ ਦਾ ਦਖਲ ਸਾਹਿੱਤ ਵਿੱਚ ਵੀ ਹੈ । ਉਹ ਵੀ ਤਾਂ ਕਾਹਲੀ ਕਾਹਲੀ ਸਾਹਿੱਤ ਹੀ ਲਿਖਦੇ ਹਨ । ਇਸ ਲਈ ਹੋ ਸਕਦਾ ਹੈ ਲੇਖਕਾਂ ਦੀ ਡਾਇਰੈਕਟਰੀ ਵਿੱਚ ਵੀ ਅਖ਼ਬਾਰਾਂ ਵਾਲੇ ਹੀ ਛਾ ਜਾਣ । ਉਹ ਤਾਂ ਛਾਉਣਗੇ ਹੀ । ਤੁਸੀਂ ਭਲਾ ਕੀ ਕਰ ਸਕਦੇ ਹੋ? ...ਹਾਂ ਤੁਸੀਂ ਏਨਾਂ ਕੁ ਜ਼ਰੂਰ ਕਰ ਸਕਦੇ ਹੋ ਕਿ ਪ੍ਰਸਤਾਵਿਤ ਡਾਇਰੈਕਟਰੀ ਵਿੱਚ ਕੁਝ ਸ਼੍ਰੇਣੀਆਂ ਲਈ ਪੰਨੇ ਰਾਖਵੇਂ ਰੱਖ ਦੇਵੋ ਅਤੇ ਇਸ ਮੰਤਵ ਹਿਤ ਲੁੜੀਂਦੇ ਇੰਦਰਾਜ ਵੀ ਕਰ ਦੇਵੋ ।

ਸਤਿਕਾਰਯੋਗ ਵਿਭਾਗ ਜੀ, ਅਸੀਂ ਸਿਰਫ਼ ਸੁਝਾਅ ਹੀ ਦੇ ਰਹੇ ਹਾਂ, ਕਿਸੇ ਦੇ ਵਿਰੁੱਧ ਕੋਈ ਗੱਲ ਨਹੀਂ ਕਹਿ ਰਹੇ । ਸਾਨੂੰ ਗਲਤ ਨਾ ਸਮਝਿਆ ਜਾਵੇ । ਇੱਕ ਲੇਖਕ ਦੇ ਨਾਤੇ ਆਪਣੇ ਵਰਗ ਦੇ ਹਿੱਤ ਪ੍ਰਤਿ ਸੁਚੇਤ ਹੋਣਾ ਅਨੁਚਿਤ ਨਹੀਂ ਹੁੰਦਾ । ਇਹ ਸਿਰਫ਼ ਲੇਖਕ ਵਰਗ ਦੇ ਸੀਮਿਤ ਹਿੱਤਾਂ ਦੀ ਗੱਲ ਨਹੀਂ ਸਗੋਂ ਭਾਵੀ ਪੀੜ੍ਹੀਆਂ ਨੂੰ ਅਤੇ ਉਨ੍ਹਾਂ ਦੇ ਵਿਸ਼ਾਲ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਹੈ । ਹੁਣ ਤੁਹਾਡੇ ਕੋਲ ਸ: ਅਮਰੀਕ ਸਿੰਘ ਪੂਨੀ ਵਰਗੇ ਪਥ-ਪ੍ਰਦਰਸ਼ਕ ਅਤੇ ਸਰਦਾਰ ਰਾਜਿੰਦਰ ਸਿੰਘ ਵਰਗੇ ਸੰਚਾਲਕ ਹਨ । ਜ਼ਰਾ ਖੁੱਲ੍ਹ ਕੇ ਲੇਖਕਾਂ ਵਿੱਚ ਵਿਚਰੋ । ਬੰਦ ਮੁੱਠੀਆਂ ਨੂੰ ਖੋਲ੍ਹ ਦਿਉ । ਸਕੀਮਾਂ ਦੇ ਵੇਰਵੇ ਫ਼ਾਈਲਾਂ ਤੱਕ ਹੀ ਸੀਮਿਤ ਨਾ ਰੱਖੋ, ਉਨ੍ਹਾਂ ਨੂੰ ਹਵਾ ਲੱਗਣ ਦਿਉ । ਆਖਰ ਇਹ ਕੰਮ ਲੇਖਕਾਂ ਦਾ ਹੈ । ਲੇਖਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਸਿਰੇ ਲੱਗਣਾ ਹੈ । ਆਪਣੀਆਂ ਬਾਹਾਂ ਦੇ ਘੇਰੇ ਨੂੰ ਵਿਸ਼ਾਲ ਕਰੋ । ਲੇਖਕਾਂ ਨੂੰ ਭਰੋਸੇ ਵਿੱਚ ਲਵੋ । ਇਹ ਬਹੁਤ ਨਾਜ਼ਕ ਅਤੇ ਸੰਵੇਦਨਸ਼ੀਲ ਮਸਲਾ ਹੈ । ਖ਼ਾਨਾ- ਪੂਰਤੀ ਨਾਲ ਕੰਮ ਨਹੀਂ ਸਰਨਾ । ਤੁਹਾਡਾ ਵਾਹ ਲੇਖਕਾਂ ਨਾਲ ਪਿਆ ਹੈ । ਲੇਖਕ ਜੋ ਕਿ ਜ਼ਿੰਦਗੀ ਨੂੰ ਦਸਤਾਵੇਜ਼ੀ ਸਰੂਪ ਪ੍ਰਦਾਨ ਕਰਦੇ ਹਨ । ਇਨ੍ਹਾਂ ਨੂੰ ਹਲਕੇ ਫ਼ੁਲਕੇ ਰਉਂ ਵਿੱਚ ਨਾ ਲਵੋ । ਕਾਹਲ ਨਾ ਕਰੋ ।

ਭਾਸ਼ਾ ਵਿਭਾਗ ਜੀ, ਅੰਤ ਵਿੱਚ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਆਪਣੇ ਵਿਭਾਗ ਹੋ । ਸਾਡੇ ਲਈ ਹੋਂਦ ਵਿੱਚ ਆਏ ਹੋ । ਤੁਹਾਨੂੰ ਸਾਡੀ ਲੋੜ ਅਤੇ ਸਾਨੂੰ ਤੁਹਾਡੀ । ਨਜ਼ਰ ਵਿਚਲੀ ਤਰੇੜ ਨੂੰ ਹੋਰ ਵਧਣ ਤੋਂ ਰੋਕੋ । ਸਿਰਫ਼ ਖ਼ੁਸ਼ਾਮਦੀ ਹੀ ਵਧੀਆ ਦੋਸਤ ਨਹੀਂ ਹੁੰਦਾ । ਉਸਾਰੂ ਆਲੋਚਨਾ ਨੂੰ ਸਹਿਜਤਾ ਨਾਲ ਲੈਣਾ ਬਣਦਾ ਹੈ । ਕਈ ਕੰਮ ਅਤੇ ਫ਼ੈਸਲੇ ਤੁਹਾਨੂੰ ਮਜਬੂਰੀ ਵਸ ਕਰਨੇ ਪੈਂਦੇ ਹੋਣਗੇ । ਚਲੋ ਕਰੀ ਜਾਓ । ਪਰ ਇਸ ਲੇਖਕਾਂ ਦੀ ਡਾਇਰੈਕਟਰੀ ਦੀ ਤਿਆਰੀ ਵੇਲੇ ਮਜਬੂਰੀਆਂ ਨੂੰ ਲਾਂਭੇ ਰੱਖ ਦਿਉ । ਏਸੇ ਵਿੱਚ ਲੋਕਾਂ ਦਾ ਭਲਾ ਹੈ । ਏਸੇ ਵਿੱਚ ਲੇਖਕਾਂ ਦਾ ਭਲਾ ਹੈ । ਏਸੇ ਵਿੱਚ ਭਾਸ਼ਾ ਦਾ ਭਲਾ ਹੈ ਤੇ ਏਸੇ ਵਿੱਚ ਵਿਭਾਗ ਦਾ ਯਾਨਿ ਤੁਹਾਡਾ ਵੀ ਭਲਾ ਹੈ ।

ਸਾਹਿੱਤ ਦਾ ਵਰਣ-ਆਸ਼ਰਮ

ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵੀਹਵੀਂ ਸਦੀ ਦੇ ਇਸ ਅੰਤਲੇ ਦਹਾਕੇ ਵਿੱਚ ਵਰਣ-ਆਸ਼ਰਮ ਦੀ ਕਥਾ ਛੇੜਨਾ ਖ਼ਾਹ-ਮ-ਖ਼ਾਹ 'ਪ੍ਰਤਿਕਿਰਿਆਵਾਦੀ' ਅਖਵਾਉਣ ਵਾਲੀ ਗੱਲ ਹੈ । 'ਸਮੇਂ ਦੀਆਂ ਸੂਈਆਂ ਨੂੰ ' ਅਥਵਾ 'ਵਕਤ ਦੇ ਪਹੀਏ ਨੂੰ ' ਪੁੱਠਾ ਗੇੜਾ ਦੇਣ ਦੀ ਫ਼ਜ਼ੂਲ ਕੋਸ਼ਿਸ਼ ਵਰਗਾ 'ਨਿੰਦਣਯੋਗ' ਅਮਲ ਹੈ । ਅਗਾਂਹ-ਖਿੱਚੂ ਸੋਚ ਵਾਲੇ ਬੁੱਧੀਜੀਵੀਆਂ ਦੀ ਬਹੁ-ਗਿਣਤੀ ਸਾਡੇ ਇਸ ਸ਼ੀਰਸ਼ਕ ਨੂੰ ਵਿੰਹਦੇ ਸਾਰ ਹੀ ਜਵਾਬੀ ਹਮਲੇ ਲਈ 'ਕਲਮ-ਕੱਸੇ' ਕਰ ਲਵੇਗੀ । ਹਰ ਪ੍ਰਾਣੀ ਦੀ ਆਪਣੀ ਆਪਣੀ ਫਿਤਰਤ ਹੁੰਦੀ ਹੈ । ਅਸੀਂ ਮੂੰਹ ਆਈ ਬਾਤ ਨੂੰ ਰੋਕ ਨਹੀਂ ਸਕਦੇ । ਜਿਵੇਂ ਅਸੀਂ ਕਿਸੇ ਨੂੰ ਕਿਸੇ ਵੀ ਕਿਸਮ ਦੀ ਪ੍ਰਤਿਕਿਰਿਆ ਜਾਂ ਪ੍ਰਤਿਕਰਮ ਤੋਂ ਰੋਕ ਨਹੀਂ ਸਕਦੇ ।

ਹਾਂ, ਤੇ ਵਰਣ-ਆਸ਼ਰਮ ਦੇ ਵਿਰੁੱਧ ਕੁਇੰਟਲਾਂ ਦੇ ਹਿਸਾਬ ਨਾਲ ਲਿਖ-ਬੋਲ ਕੇ ਵੀ ਅਸੀਂ ਹੁਣ ਤੀਕ ਇਸ 'ਸੜੇ-ਗਲੇ-ਸੰਕਲਪ' ਤੋਂ ਛੁਟਕਾਰਾ ਨਹੀਂ ਪਾ ਸਕੇ । ਦਰ-ਅਸਲ ਸਾਡੇ 'ਚੋਂ ਕੋਈ ਵੀ ਇਸ ਤੋਂ ਛੁਟਕਾਰਾ ਨਹੀਂ ਪਾਉਣਾ ਚਾਹੁੰਦਾ ਸਗੋਂ ਸਿਰਫ਼ ਆਪਣਾ ਵਰਣ ਬਦਲਣਾ ਚਾਹੁੰਦਾ ਹੈ । ਜਿਸ ਕਿਸੇ ਦਾ ਦਾਅ ਲੱਗ ਜਾਂਦਾ ਹੈ, ਉਹ ਚੁੱਪ ਕਰ ਜਾਂਦਾ ਹੈ । ਫ਼ਰਕ ਸਿਰਫ਼ ਏਨਾ ਹੈ ਕਿ ਸਾਡਾ ਵਿਰੋਧ ਬਹੁਤ 'ਲਾਊਡ' ਅਰਥਾਤ ਬੜਬੋਲਾ ਹੁੰਦਾ ਹੈ ਅਤੇ ਸਾਡਾ ਸਵੀਕਾਰ ਬਹੁਤ ਹੀ ਸਹਿਜ, ਸ਼ਾਂਤ ਅਤੇ ਨਿਰਸ਼ਬਦ ।

ਪਹਿਲਾਂ ਅਸੀਂ ਵਰਣ-ਆਸ਼ਰਮ ਦੇ ਪਰੰਪਰਾਗਤ ਅਰਥਾਂ ਦੀ ਗੱਲ ਛੋਂਹਦੇ ਹਾਂ । ਮਾਨਵ ਸਮਾਜ ਨੂੰ ਕਿਸੇ ਨੇ ਚਹੁੰ ਹਿੱਸਿਆਂ ਵਿੱਚ ਵੰਡ ਕੇ ਉਨ੍ਹਾਂ ਦੇ ਚਾਰ ਅੱਡ ਅੱਡ ਨਾਂ ਰੱਖ ਦਿੱਤੇ ਅਤੇ ਯੋਗਤਾ/ਸਮਰੱਥਾ ਅਨੁਸਾਰ ਕਾਰਜ-ਖੇਤਰ ਵੰਡ ਦਿੱਤੇ । ਦਿਮਾਗੀ ਕੰਮ ਕਰਨ ਵਾਲਿਆਂ ਨੂੰ ਬ੍ਰਾਹਮਣ; ਸਰੀਰਕ ਕੁਸ਼ਲਤਾ ਵਾਲਿਆਂ ਨੂੰ ਖੱਤਰੀ; ਵਪਾਰਕ ਬਿਰਤੀ ਵਾਲਿਆਂ ਨੂੰ ਵੈਸ਼ ਅਤੇ ਉਕਤ ਤਿੰਨਾਂ ਗੁਣਾਂ ਤੋਂ ਵੰਚਿਤ ਵਿਅਕਤੀਆਂ ਨੂੰ ਸ਼ੂਦਰ ਕਿਹਾ ਗਿਆ । ਜੀਵਨ-ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਵਿਕਾਸਮਾਨ ਰੱਖਣ ਲਈ ਇਹ ਪ੍ਰਣਾਲੀ ਕਿਸੇ ਬਹੁਤ ਹੀ ਸੁਲਝੇ ਹੋਏ ਦਿਮਾਗ ਦੀ ਕਾਢ ਸੀ । ਪ੍ਰੰਤੂ ਪਿੱਛੋਂ ਜਾ ਕੇ ਗੁਣਾਂ ਨੂੰ ਵਰਣ ਦਾ ਆਧਾਰ ਮੰਨਣ ਦੀ ਥਾਂ ਜਨਮ ਨੂੰ ਆਧਾਰ ਮੰਨ ਲਿਆ ਗਿਆ । ਸੰਕਲਪ ਦੀ ਆਤਮਾ ਹੀ ਮਰ ਗਈ । ਇਹ ਬਿਲਕੁਲ ਉਵੇਂ ਹੋਇਆ ਜਿਵੇਂ ਹਰ ਧਰਮ ਜਾਂ ਸੰਪਰਦਾਇ ਆਰੰਭ ਵਿੱਚ ਇੱਕ ਬਹੁਤ ਹੀ ਵਧੀਆ ਦਰਸ਼ਨ ਪ੍ਰਸਤੁਤ ਕਰਦਾ ਹੈ ਪਰੰਤੂ ਪਿੱਛੋਂ ਪੈਦਾ ਹੋਣ ਵਾਲੇ ਪੈਰੋਕਾਰ ਅਤੇ ਸ਼ਰਧਾਲੂ ਲੋਕ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਖਾਤਰ ਉਸ ਦਰਸ਼ਨ ਦੀ ਉਚਾਈ, ਡੂੰਘਾਈ ਤੇ ਲੰਬਾਈ, ਚੁੜਾਈ ਨੂੰ ਛਾਂਗ-ਛੂੰਗ ਕੇ ਆਪਣੇ ਮੇਚ ਕਰ ਲੈਂਦੇ ਹਨ । ਮਰਿਆਦਾ ਨੂੰ ਸਥਾਪਿਤ ਅਤੇ ਭੰਗ ਕਰਨ ਵਾਲਿਆਂ ਦਾ ਸੰਘਰਸ਼ ਜਾਰੀ ਰਹਿੰਦਾ ਹੈ । ਕਿਸੇ ਵੀ ਦਰਸ਼ਨ ਦਾ ਅਸਲ ਮਨੋਰਥ ਖੜੌਤ ਜਾਂ ਸਥਾਪਤੀ ਨਹੀਂ ਹੁੰਦਾ । ਪਰਿਵਰਤਨ ਹੀ ਵਿਕਾਸ ਹੈ । ਪਰਿਵਰਤਨ ਕੁਦਰਤੀ ਅਮਲ ਹੈ । ਵਿਕਾਸ ਵੀ ਕੁਦਰਤੀ ਅਮਲ ਹੈ । ਵਰਣ-ਆਸ਼ਰਮ ਦਾ ਅੰਨ੍ਹਾ ਵਿਰੋਧ ਕਰਨ ਵਾਲੇ ਲੋਕ ਵੀ ਦਰ-ਅਸਲ ਇਸ ਆਸ਼ਰਮ ਦੀ ਪਕੜ ਵਿੱਚ ਹਨ । ਇੱਕ ਬਹੁਤ ਵੱਡੀ ਸੱਚਾਈ ਤੋਂ ਦਿਨ-ਦੀਵੀਂ ਅੱਖਾਂ ਮੀਟ ਰਹੇ ਹਨ । ਲੋੜ ਵਿਰੋਧ ਦੀ ਨਹੀਂ; ਲੋੜ ਪਰਿਵਰਤਨ ਦੀ ਹੈ । ਇਹ ਸਾਡਾ ਅਣ-ਲਿਖਿਆ ਸੰਵਿਧਾਨ ਹੈ । ਸਾਨੂੰ ਇਸ ਸੰਵਿਧਾਨ ਵਿੱਚ ਸੋਧਾਂ ਕਰਨ ਦਾ ਅਣ- ਲਿਖਿਆ ਅਧਿਕਾਰ ਵੀ ਪ੍ਰਾਪਤ ਹੈ ।

ਇਹ ਤਾਂ ਸੀ ਸਮਾਜ ਦਾ ਵਰਣ-ਆਸ਼ਰਮ । ਉਂਜ ਇਹ ਵਰਤਾਰਾ ਜੀਵਨ ਦੇ ਹਰ ਖੇਤਰ ਵਿੱਚ ਵਿਦਮਾਨ ਹੈ । ਸਰਕਾਰੀ ਨੌਕਰੀਆਂ ਵਿੱਚਲੀ ਦਰਜਾ-ਬੰਦੀ ਇਸੇ ਆਸ਼ਰਮ ਦਾ ਸਰਕਾਰੀ ਸੰਸਕਰਣ ਹੈ । ਇੱਕ ਟੱਬਰ ਦੇ ਜੀਆਂ ਨੂੰ ਵੀ ਉਨ੍ਹਾਂ ਦੀ ਯੋਗਤਾ ਅਤੇ ਸਮਰੱਥਾ ਅਨੁਸਾਰ ਕੰਮ ਸੌਂਪੇ ਜਾਂਦੇ ਹਨ । ਇੱਕ ਨਾਟਕ ਵਿੱਚ ਵੀ ਡਾਇਰੈਕਟਰ ਹਰ ਅਭਿਨੇਤਾ ਨੂੰ ਇਸੇ ਦ੍ਰਿਸ਼ਟੀ ਤੋਂ ਵੱਖ ਵੱਖ ਭੂਮਿਕਾਵਾਂ ਅਦਾ ਕਰਨ ਲਈ ਕਹਿੰਦਾ ਹੈ ।

ਉਂਜ ਅਸੀਂ ਇਸ ਹਕੀਕਤ ਨਾਲ ਸਹਿਮਤ ਹਾਂ ਕਿ ਇਸ ਤਰ੍ਹਾਂ ਦਾ ਹਰ ਸੰਕਲਪ ਇੱਕ ਆਦਰਸ਼ ਹੁੰਦਾ ਹੈ ਅਤੇ ਸਾਡੇ ਸਮਿਆਂ ਵਿੱਚ 'ਆਦਰਸ਼ਵਾਦੀ' ਹੋਣਾ ਸ਼ਾਇਦ ਇੱਕ ਗਾਲ਼ ਵਰਗੀ ਗੱਲ ਹੈ । ਗੱਲ ਇਹ ਹੈ ਕਿ ਆਦਰਸ਼ ਤੱਕ ਹਰ ਕੋਈ ਨਹੀਂ ਪਹੁੰਚ ਸਕਦਾ । ਆਦਰਸ਼ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਅਤੇ ਸਾਧਨਾ ਦੀ ਲੋੜ ਹੁੰਦੀ ਹੈ । ਆਮ ਆਦਮੀ ਕੋਲ ਇਤਨੀ ਵਿਹਲ ਅਤੇ ਸਹਿਜਤਾ ਕਿੱਥੇ? ਉਹ ਤਾਂ ਕਿਸੇ ਵੀ ਤਰ੍ਹਾਂ ਵਧੀਆ ਜੀਣਾ ਚਾਹੁੰਦਾ ਹੈ । ਵਧੀਆ ਖਾਣਾ-ਪੀਣਾ ਚਾਹੁੰਦਾ ਹੈ; ਦੂਜਿਆਂ ਤੋਂ ਉੱਚਾ ਥੀਣਾ ਚਾਹੁੰਦਾ ਹੈ । ਸਭ ਨਿਯਮ ਅਤੇ ਨੈਤਿਕਤਾਵਾਂ ਉਹ ਦੇ ਲਈ ਬੇਕਾਰ ਹਨ । ਉਹ ਸੌਖ- ਪਸੰਦ ਹੈ । ਉਹ ਦੇ ਲਈ ਜ਼ਿੰਦਗੀ ਦਾ ਅਰਥ ਪ੍ਰੀਸ਼ਰਮ ਨਹੀਂ, ਮਾਤਰ ਆਨੰਦ ਹੈ । ਉਹ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਖੋਹਣਾ ਅਥਵਾ ਲੁੱਟਣਾ ਚਾਹੁੰਦਾ ਹੈ । ਏਸੇ ਲਈ ਉਹ ਹਰ ਮਰਿਆਦਾ ਨਾਲੋਂ ਟੁੱਟਣਾ ਚਾਹੁੰਦਾ ਹੈ । ਉਹ ਹਰ ਸਿਧਾਂਤ ਨੂੰ ਤੋੜਨਾ ਚਾਹੁੰਦਾ ਹੈ । ਹਰ ਸੂਏ ਨੂੰ ਆਪਣੀ ਪੈਲੀ ਵੱਲ ਮੋੜਨਾ ਚਾਹੁੰਦਾ ਹੈ । ਸਿਰਫ਼ ਆਪਣੇ ਤੇ ਆਪਣੇ ਬਾਲ-ਬੱਚਿਆਂ ਲਈ ਜੋੜਨਾ ਚਾਹੁੰਦਾ ਹੈ । ਹੁੰਦਾ ਸਾਹਿੱਤ ਵਿੱਚ ਵੀ ਇੰਜ ਹੀ ਹੈ । ਭਾਵੇਂ ਸਾਹਿੱਤ ਦਾ ਕੰਮ ਮਾਨਵ-ਜੀਵਨ ਦਾ ਰਾਹ ਰੁਸ਼ਨਾਉਣਾ ਹੈ; ਜ਼ਿੰਦਗੀ ਦੇ ਯਥਾਰਥ ਨੂੰ ਜਿਉਣ-ਯੋਗ ਬਣਾਉਣਾ ਹੈ; ਆਪੋ-ਧਾਪੀ ਦੇ ਯੁੱਗ ਵਿੱਚ ਇਨਸਾਨੀਅਤ ਸਾਹਮਣੇ ਕੋਈ ਸਰਬ-ਸਾਂਝਾ ਸੰਕਲਪ ਲਿਆਉਣਾ ਹੈ ...ਪਰ ਸਾਹਿੱਤ ਵੀ ਤਾਂ ਆਮ ਆਦਮੀ ਹੀ ਰਚਦਾ ਹੈ । ਸਿਰਫ਼ ਉਹ ਆਮ ਤੋਂ ਖ਼ਾਸ ਹੋਣ ਲਈ ਹੀ ਸਾਹਿੱਤ ਰਚਨਾ ਕਰਦਾ ਹੈ । ਬਹੁਤੀ ਵਾਰ ਸਾਹਿੱਤ ਰਚਨਾ ਦੀ ਆੜ ਵਿੱਚ ਉਹ ਵੀ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਿੱਚ ਲੱਗਾ ਹੁੰਦਾ ਹੈ । ...ਤੇ ਜ਼ਿੰਦਗੀ ਨੂੰ ਪ੍ਰਕਾਸ਼ ਦੇਣ ਦੀ ਥਾਂ ਉਹ ਆਪਣੀ ਹੀ ਹਉਮੈਂ ਦੇ ਹਨੇਰੇ ਵਿੱਚ ਗੁਆਚ ਜਾਂਦਾ ਹੈ । ਉਹ ਇਕੱਲਾ ਆਪ ਹੀ ਨਹੀਂ ਭਜਦਾ ਸਗੋਂ ਆਪਣੇ ਜਜਮਾਨਾਂ ਨੂੰ ਵੀ ਨਾਲ ਹੀ ਗਾਲ ਸੁੱਟਦਾ ਹੈ ।

ਸਾਡੇ ਸਾਹਿੱਤ ਵਿੱਚ, ਪਿਛਲੇ ਕੁਝ ਅਰਸੇ ਤੋਂ 'ਬੁੱਧੀ-ਜੀਵੀਆਂ' ਨੇ ਵਰਣ-ਆਸ਼ਰਮ ਦੇ ਅਧਾਰ 'ਤੇ ਇੱਕ ਵੱਖਰੇ ਵਰਗ ਦੀ ਪਰਿਕਲਪਨਾ ਕੀਤੀ ਹੈ । ਜਿਸ ਨੂੰ ਉਹ 'ਦਲਿਤ ਸਾਹਿੱਤ' ਦਾ ਨਾਂ ਦੇ ਰਹੇ ਹਨ । ਹੈ ਤਾਂ ਇਹ ਇੱਕ ਸਿਆਸੀ ਪੈਂਤੜਾ ਪਰ ਅਸੀਂ ਇਸ ਪਹਿਲੂ ਤੋਂ ਹਾਲ ਦੀ ਘੜੀ ਆਪਣਾ ਪੱਲੂ ਬਚਾਈ ਰੱਖਣਾ ਚਾਹੁੰਦੇ ਹਾਂ । ਇਸ ਪੱਖ ਬਾਰੇ ਸਹਿਤਕ ਸੰਵਾਦ ਹੀ ਸਾਡਾ ਮੰਤਵ ਹੈ । ਕਈ ਪ੍ਰਸ਼ਨ ਪੈਦਾ ਹੁੰਦੇ ਹਨ । ...ਦਲਿਤ ਕੌਣ ਹੈ? ਉਹ ਦਲਿਤ ਕਿਉਂ ਹੈ? ਉਸਨੂੰ ਦਲਿਤ ਬਣਾਉਣ ਵਾਲਾ ਕੌਣ ਹੈ? ...ਕੀ ਉਹ ਸੱਚਮੁੱਚ ਦਲਿਤ ਹੈ ਜਾਂ ਫਿਰ ਉਸ ਨੂੰ ਸਿਰਫ਼ ਇਹ ਸੰਗਿਆ ਹੀ ਦਿੱਤੀ ਗਈ ਹੈ? ...ਕੀ ਉਹ ਦਲਿਤ ਹੋਣ ਵਿੱਚ ਮਾਣ ਮਹਿਸੂਸ ਕਰਦਾ ਹੈ ਜਾਂ ਕਿ ਇਸ ਸੰਗਿਆ ਤੋਂ ਮੁਕਤ ਹੋਣ ਲਈ ਕਰਮਸ਼ੀਲ ਹੈ? ...ਦਲਿਤ ਸਾਹਿੱਤਕਾਰ ਕੌਣ ਹੈ? ...ਅਤੇ ਦਲਿਤ ਸਾਹਿੱਤ ਦੇ ਪ੍ਰਮੁੱਖ ਲੱਛਣ ਕੀ ਹਨ???...

'ਦਲਿਤ' ਸਾਡੀ ਨਜ਼ਰੇ ਉਹ ਵਿਅਕਤੀ ਹੈ ਜਿਸ ਨੂੰ ਹਾਲਾਤ ਨੇ ਜਿਊਣ ਦੇ ਖ਼ੂਬਸੂਰਤ ਮੌਕਿਆਂ ਤੋਂ ਵਿਰਵਾ ਰੱਖਿਆ ਹੈ, ਜਿਸ ਨਾਲ ਕਿਸੇ 'ਸਕਤੇ' ਨੇ ਧੱਕਾ ਕੀਤਾ ਹੈ । ਜਿਸ ਨੂੰ ਉਸਦੀ ਸਮਰੱਥਾ ਅਤੇ ਯੋਗਤਾ ਅਨੁਸਾਰ ਪੱਲਰਨ ਅਤੇ ਪਸਰਣ ਦਾ ਅਵਸਰ ਨਹੀਂ ਮਿਲਿਆ । ਅਜਿਹੇ ਲੋਕਾਂ ਨਾਲ ਹਮਦਰਦੀ ਰੱਖਣ ਵਾਲਾ ਸਾਹਿੱਤਕਾਰ ਜ਼ਰੂਰੀ ਨਹੀਂ ਕਿ ਉਹਨਾਂ ਵਿੱਚੋਂ ਹੀ ਹੋਵੇ । ਉਹ ਨਾਨਕ ਹੋ ਸਕਦਾ ਹੈ; ਮੁਹੰਮਦ ਹੋ ਸਕਦਾ ਹੈ; ਈਸਾ ਹੋ ਸਕਦਾ ਹੈ; ਸਿੱਧਾਰਥ ਹੋ ਸਕਦਾ ਹੈ; ਗਾਂਧੀ ਹੋ ਸਕਦਾ ਹੈ; ਟੈਗੋਰ ਹੋ ਸਕਦਾ ਹੈ; ਪੂਰਨ ਸਿੰਘ ਹੋ ਸਕਦਾ ਹੈ; ਸ਼ਿਵ ਕੁਮਾਰ ਹੋ ਸਕਦਾ ਹੈ; ਵਰਿਆਮ ਸੰਧੂ ਹੋ ਸਕਦਾ ਹੈ; ਸੁਰਜੀਤ ਪਾਤਰ ਹੋ ਸਕਦਾ ਹੈ । ...ਅਤੇ ਸਾਡੇ 'ਚੋਂ ਹੋਰ ਕੋਈ ਜਾਂ ਹਰ ਕੋਈ ਵੀ ਹੋ ਸਕਦਾ ਹੈ । ਇਸ ਵਿਸ਼ਾਲ ਸੰਕਲਪ ਨੂੰ ਸੰਗੋੜਨ/ਸੰਕੋਚਣ ਦੀ ਕੋਸ਼ਿਸ਼ ਕਿਉਂ?

ਅਸੀਂ ਇੱਕੀਵੀਂ ਸਦੀ ਵੱਲ ਵਧ ਰਹੇ ਹਾਂ ਜਾਂ ਇਉਂ ਕਹਿ ਲਵੋ ਕਿ ਇੱਕੀਵੀਂ ਸਦੀ ਸਾਡੇ ਵੱਲ ਵਧ ਰਹੀ ਹੈ । ਮੁਕਾਬਲੇ ਦਾ ਖੇਤਰ ਹੁਣ ਕੋਈ ਇੱਕ ਵਿਸ਼ੇਸ਼ ਭੂ-ਖੇਤਰ ਨਹੀਂ ਰਿਹਾ ਸਗੋਂ ਸਾਨੂੰ ਅੰਤਰ-ਰਾਸ਼ਟਰੀ ਮੰਚ ਮੁਹੱਈਆ ਹੋ ਗਿਆ ਹੈ । ਸੂਝ ਨੇ ਅਥਾਹ ਸਫ਼ਰ ਕੀਤਾ ਹੈ । ਸੂਝ ਦਾ ਅਥਾਹ ਸੰਚਾਰ ਹੋਇਆ ਹੈ । ਪਰ ਅਸੀਂ ਅਜੇ ਵੀ ਆਪਣੇ ਆਪਣੇ ਖੋਲ ਤੱਕ ਹੀ ਸੀਮਿਤ ਕਿਉਂ ਹਾਂ? ਕੀ 'ਬਾਹਮਣੀ-ਵਾਦ' ਨੂੰ ਗਾਲ਼ਾਂ ਕੱਢ ਕੇ ਹੀ ਸਾਡਾ ਕੁਝ ਸੌਰ ਜਾਵੇਗਾ?...ਹੁਣ 'ਬ੍ਰਾਹਮਣ' ਕਿਸੇ ਇੱਕ ਜਾਤ ਦਾ ਨਾਂ ਨਹੀਂ; ਇੱਕ ਬਹੁਤ ਵੱਡੀ ਜਮਾਤ ਦਾ ਨਾਂ ਹੈ । ਇਹ ਉਹ ਜਮਾਤ ਹੈ ਜੋ ਵਿਹਲੀਆਂ ਖਾਂਦੀ ਹੈ, ਆਪਣੇ ਆਪ ਨੂੰ ਬਾਕੀਆਂ ਤੋਂ ਉੱਤਮ ਸਮਝਦੀ ਹੈ: ਹੋਰਨਾਂ ਲਈ ਆਚਾਰ-ਸੰਹਿਤਾ ਘੜਦੀ ਤੇ ਲਾਗੂ ਕਰਦੀ ਹੈ ਪਰ ਆਪ ਉਸ ਦੀ ਪਾਬੰਦ ਨਹੀਂ ਹੁੰਦੀ...ਇਹ ਉਹ ਜਮਾਤ ਹੈ ਜਿਸ ਵਿੱਚ ਹਰ ਜਾਤ ਦੇ ਨੁਮਾਇੰਦੇ ਹਨ: ਹਰ ਖੇਤਰ ਦੇ ਨੁਮਾਇੰਦੇ ਹਨ; ਹਰ ਦਲ ਦੇ ਨੁਮਾਇੰਦੇ ਹਨ । ਇਸ ਜਮਾਤ ਨੇ ਆਪਣੇ ਦਲ-ਬਲ ਸਦਕਾ ਬਾਕੀ ਸਾਰਿਆਂ ਨੂੰ 'ਦਲਿਤ' ਬਣਾ ਛੱਡਿਆ ਹੈ । ਅਸਲ ਵਿੱਚ ਇਹ ਸਮੱਸਿਆ ਸੱਤਾ ਦੀ ਹੈ; ਇਹ ਲੜਾਈ ਆਰਥਿਕ ਹੈ । ਅਸੀਂ ਖ਼ਾਹ-ਮ-ਖ਼ਾਹ ਇਸ ਸਮੱਸਿਆ ਨੂੰ ਛੋਟਾ ਕਰ ਰਹੇ ਹਾਂ; ਇਸ ਲੜਾਈ ਨੂੰ ਗ਼ਲਤ ਮੋੜ ਦੇ ਰਹੇ ਹਾਂ ।

ਆਉ, ਇਸ ਵਿਸ਼ੇ ਨੂੰ ਇੱਕ ਹੋਰ ਪਹਿਲੂ ਤੋਂ ਵੇਖੀਏ! ਰੌਲਾ ਹੈ ਕਿ ਮਰਦ ਹਮੇਸ਼ਾ ਤੋਂ ਹੀ ਔਰਤ ਉੱਤੇ ਵਧੀਕੀ ਕਰਦਾ ਆਇਆ ਹੈ । ਸਮਾਜ ਮਰਦ-ਪ੍ਰਧਾਨ ਹੈ; ਔਰਤ ਵਿਚਾਰੀ ਪਰੇਸ਼ਾਨ ਹੈ । ਜਿਵੇਂ ਮਰਦ ਨੂੰ ਤਾਂ ਕਦੇ ਕੋਈ ਪਰੇਸ਼ਾਨੀ ਹੋਈ ਹੀ ਨਹੀਂ! ਏਥੇ ਵੀ ਅਸੀਂ ਅਸਲ ਸਮੱਸਿਆ ਤੋਂ ਉੱਕ ਗਏ ਸਾਂ । ਤੇ ਜਦੋਂ ਔਰਤਾਂ ਨੇ ਸਾਹਿੱਤ ਰਚਣਾ ਸ਼ੁਰੂ ਕੀਤਾ ਤਾਂ ਇੱਕ ਦਮ ਮਰਦ-ਜਾਤ ਉੱਤੇ ਵਰ੍ਹ ਪਈਆਂ । ਦਰ-ਅਸਲ ਉਹ ਸਾਰਾ ਗੁੱਸਾ ਮਰਦ-ਪਤੀ ਉੱਤੇ ਹੀ ਸੀ ਜੋ ਔਰਤ ਦੀ ਆਜ਼ਾਦੀ ਨੂੰ ਢਾਹ ਲਾਉਂਦਾ ਸੀ । ਪ੍ਰੇਮੀ ਦੇ ਰੂਪ ਵਿੱਚ ਮਰਦ ਕਦੇ ਵੀ ਨਿੰਦਿਆ ਨਹੀਂ ਗਿਆ,ਪੁੱਤਰ ਦੇ ਰੂਪ ਵਿੱਚ ਵੀ ਨਹੀਂ ਅਤੇ ਪਿਤਾ ਦੇ ਰੂਪ ਵਿੱਚ ਵੀ ਨਹੀਂ । ਔਰਤ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਘੜੀ ਜੀਵਨ-ਸਾਥੀ ਦੀ ਚੋਣ ਵਾਲੀ ਘੜੀ ਹੁੰਦੀ ਹੈ ਪਰੰਤੂ ਇਸ ਵਿਆਹ-ਸੰਸਥਾ ਦਾ ਕੀ ਕਰੀਏ ਜਿਹੜੀ ਪ੍ਰੇਮੀ ਨੂੰ ਪਤੀ ਬਣਨ ਉੱਤੇ ਮਜਬੂਰ ਕਰਦੀ ਹੈ । ਜ਼ਰਾ ਕੁ ਹਟਵਾਂ ਦ੍ਰਿਸ਼ਟਾਂਤ ਦੇਣ ਦੀ ਖੁੱਲ੍ਹ ਲੈਂਦੇ ਹਾਂ: ਬਾਪ ਆਪਣੇ ਬੱਚੇ ਲਈ ਘੋੜਾ ਬਣਦਾ ਹੈ; ਇਹ ਇੱਕ ਸੱਚਾਈ ਹੈ, ਪਰੰਤੂ ਜੇ ਬੱਚਾ ਵੱਡਾ ਹੋ ਕੇ ਉਸ ਨੂੰ ਗਧਾ ਸਮਝੇ ਤਾਂ ਇਹ ਕਿਹੋ ਜਿਹੀ ਸੱਚਾਈ ਹੈ? ...ਤੇ ਜਾਂ ਫਿਰ ਪਿਉ ਨਾਲੋਂ ਇਸ ਲਈ ਕਿਨਾਰਾ ਕਰ ਲਵੇ ਕਿ ਉਹ ਸਾਰੀ ਉਮਰ ਉਸਦਾ ਘੋੜਾ ਕਿਉਂ ਨਹੀਂ ਬਣਿਆ ਰਿਹਾ । ...ਵਿਰੋਧ ਦਾ ਕੀ ਹੈ? ਹਰ ਮਾਤਹਿੱਤ ਆਪਣੇ ਅਫ਼ਸਰ ਤੋਂ ਦੁਖੀ ਹੈ । ਜੇ ਉਹ ਸਾਹਿੱਤ ਵਿੱਚ 'ਸੱਚ' ਬੋਲਣ ਲੱਗ ਪਵੇ ਤਾਂ ਗਾਲ਼ਾਂ ਹੀ ਕੱਢੇਗਾ । ਹੁਣ ਪਤਾ ਲੱਗਦਾ ਹੈ ਕਿ ਮਸਲਾ ਏਨਾ ਸਿੱਧ- ਪੱਧਰਾ ਨਹੀਂ, ਜਿੰਨਾ ਅਸੀਂ ਸਮਝਦੇ ਆ ਰਹੇ ਹਾਂ । ਜ਼ਿੰਦਗੀ ਇੱਕ ਸਿਸਟਮ ਹੈ । ਦੁਖੀ ਉਹੀ ਹੁੰਦਾ ਹੈ ਜਿਹੜਾ ਸਿਸਟਮ ਨੂੰ ਸਮਝੇ ਬਗੈਰ ਸਿੱਟੇ ਕੱਢਣ ਲੱਗ ਪੈਂਦਾ ਹੈ ।

ਪੰਜਾਬੀ ਸਾਹਿੱਤ ਦੀ ਮਿਸਾਲ ਹੀ ਲੈ ਲਵੋ । ਕਈ ਲੇਖਕਾਂ ਨੇ ਸਾਰੀ ਉਮਰ ਕਲਮ ਦੇ ਲੇਖੇ ਲਾ ਦਿੱਤੀ ਪਰ ਉਨ੍ਹਾਂ ਦਾ ਮਾੜਾ-ਮੋਟਾ ਨਾਂ ਵੀ ਨਹੀਂ ਹੋਇਆ ਤੇ ਕਈਆਂ ਕੱਲ੍ਹ ਦੇ ਜੰਮਿਆਂ ਦੀ 'ਤੂਤਕ ਤੂਤਕ' ਹੋਈ ਪਈ ਹੈ । ਥੋੜ੍ਹਾ ਜਿਹਾ 'ਔਖਾ' ਲਿਖਿਆ ਹੋਵੇ ਤਾਂ ਬਾਹਮਣਵਾਦ ਦਾ ਲੇਬਲ ਲੱਗ ਜਾਂਦਾ ਹੈ ਕਿਉਂਕਿ ਇਹੋ ਜਿਹੀ ਲਿਖਤ ਕਿਸੇ ਨੇ ਕੀ ਕਰਨੀ ਹੈ ਜਿਸ ਨੂੰ ਮਾਨਣ ਜਾਂ ਸਮਝਣ ਲਈ ਥੋੜ੍ਹ੍ਹਾ ਜਿਹਾ ਤਰੱਦਦ ਕਰਨਾ ਪਵੇ । ਤੁਰਦੀ ਤੁਰਦੀ ਜਾਂ ਚੋਂਦੀ ਚੋਂਦੀ ਵੰਨਗੀ ਉਨ੍ਹਾਂ ਦੇ ਵਾਰੇ-ਨਿਆਰੇ ਕਰ ਜਾਂਦੀ ਹੈ ।

ਕਦੇ ਸਰਸਰੀ ਜਿਹਾ ਸਰਵੇਖਣ ਕਰਕੇ ਵੇਖੋ ਕਿ ਪੰਜਾਬੀ ਪੜ੍ਹਿਆਂ-ਲਿਖਿਆਂ 'ਚੋਂ ਅੰਮ੍ਰਿਤਾ ਪ੍ਰੀਤਮ ਦਾ ਨਾਂ ਕਿੰਨੇ ਕੁ ਜਾਣਦੇ ਹਨ? ਬਲਵੰਤ ਗਾਰਗੀ ਬਾਰੇ ਕਿੰਨਿਆਂ ਕੁ ਨੂੰ ਪਤਾ ਹੈ? ਸੰਤ ਸਿੰਘ ਸੇਖੋਂ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ?...ਤੁਹਾਨੂੰ ਆਪੇ ਹੀ ਗਿਆਨ ਹੋ ਜਾਵੇਗਾ ਕਿ ਪੰਜਾਬੀ ਸਾਹਿੱਤ ਕਿੰਨਾ ਕੁ 'ਕੁਲੀਨ' ਹੈ ਜਾਂ ਕਿੰਨਾ ਕੁ 'ਦਲਿਤ' ਹੈ ।

ਸਾਹਿੱਤ ਅਤੇ ਮਨੋਰੰਜਨ

ਸਾਹਿੱਤ ਵਿੱਚ ਜ਼ਿੰਦਗੀ ਦਾ ਪਰਤਉ ਹੁੰਦਾ ਹੈ ਅਤੇ ਜ਼ਿੰਦਗੀ ਦੀ ਇੱਕ ਲੋੜ ਮਨੋਰੰਜਨ ਵੀ ਹੈ । ਮਨੋਰੰਜਨ ਦੇ ਕੋਸ਼ਿਕ ਜਾਂ ਵਿਸ਼ਵ-ਕੋਸ਼ਿਕ ਅਰਥ ਕੁਝ ਵੀ ਪਏ ਹੋਣ ਪਰ ਵਿਸ਼ਾਲ ਪ੍ਰਸੰਗ ਵਿੱਚ ਮਨੋਰੰਜਨ ਦਾ ਰਿਸ਼ਤਾ ਮਨ ਦੀ ਖੁਸ਼ੀ ਅਥਵਾ ਅੰਸ਼-ਕਾਲਿਕ ਆਨੰਦ ਨਾਲ ਹੀ ਹੈ । ਇਹ ਖੁਸ਼ੀ ਅਥਵਾ ਆਨੰਦ ਹਰ ਸ਼ਖ਼ਸ ਦੀ ਜ਼ਿੰਦਗੀ ਵਿੱਚ, ਜ਼ਰੂਰੀ ਨਹੀਂ ਕਿ ਸਾਹਿੱਤ ਦੁਆਰਾ ਹੀ ਸੰਚਰਿਤ ਹੋਵੇ । ਇਸ ਅਵਸਥਾ ਦੀ ਪ੍ਰਾਪਤੀ ਲਈ ਮਨੁੱਖ, ਆਪਣੀ ਰੁਚੀ ਅਤੇ ਸਹੂਲਤ ਅਨੁਸਾਰ, ਵੱਖ ਵੱਖ ਸਰੋਤਾਂ ਨੂੰ ਉਪਯੋਗ ਵਿੱਚ ਲਿਆਉਂਦਾ ਹੈ । ਕੁਝ, ਗਿਣਤੀ ਦੇ, ਲੋਕਾਂ ਦਾ ਸ਼ੌਕੀਆ ਜਾਂ ਪੇਸ਼ਾਵਰਾਨਾ ਕਰਮ ਬਹੁ- ਗਿਣਤੀ ਲੋਕਾਂ ਲਈ ਮਨੋਰੰਜਨ ਹੋ ਨਿਬੜਦਾ ਹੈ । ਖੇੇਡਾਂ, ਪਾਰਟੀਆਂ, ਪਿਕਨਿਕਾਂ, ਹਵਾ-ਖ਼ੋਰੀ, ਮੇਲੇ, ਫ਼ਿਲਮਾਂ, ਵੀ. ਸੀ. ਆਰ. ਆਦਿ ਅਨੇਕ ਸਾਧਨ ਉਪਲਬਧ ਹਨ ਮਨੋਰੰਜਨ ਦੇ । ਨਕਲਾਂ, ਰਾਸਾਂ, ਕੋਠੇ । ਕੱਵਾਲੀਆਂ, ਕਵੀ-ਦਰਬਾਰ ਤੇ ਨਾਟਕ ਵਗੈਰਾ ਵੀ ਇਸ ਪੱਖ ਤੋਂ ਆਦਮੀ ਦੀ ਮਦਦ ਕਰਦੇ ਆ ਰਹੇ ਹਨ । ਨਸ਼ਿਆਂ ਦੀ ਵਰਤੋਂ ਅਤੇ ਆਤਮ-ਘਾਤੀ ਕੌਤਕ ਵੀ ਇਸੇ ਕੋਟੀ ਵਿੱਚ ਆਉਂਦੇ ਹਨ ।

ਜ਼ਿੰਦਗੀ ਵਾਂਗ ਮਨ ਦੇ ਵੀ ਅਨੇਕ ਪਹਿਲੂ ਹਨ । ਦਾਰਸ਼ਨਿਕ ਅਤੇ ਵਿਗਿਆਨੀ ਇਨ੍ਹਾਂ ਦੀਆਂ ਪਰਤਾਂ ਵਿੱਚ ਸਦੀਆਂ ਤੋਂ ਉਲਝੇ ਆ ਰਹੇ ਹਨ । ਇੱਕ ਰਾਹ ਅਧਿਆਤਮਿਕਤਾ ਦਾ ਵੀ ਹੈ । ਇਨ੍ਹਾਂ ਪਹੁੰਚਾਂ ਰਾਹੀਂ ਆਨੰਦ ਅਥਵਾ ਖੁਸ਼ੀ ਦੀ ਦਰਜਾਬੰਦੀ ਕੀਤੀ ਜਾਂਦੀ ਹੈ, ਉਸਦੀ ਪੱਧਰ ਨਿਸ਼ਚਿਤ ਕੀਤੀ ਜਾਂਦੀ ਹੈ । ਕਿਨ੍ਹਾਂ ਹਾਲਤਾਂ ਵਿੱਚ, ਕਿਸ ਤਰ੍ਹਾਂ ਦੇ ਵਿਅਕਤੀਆਂ ਨੂੰ , ਕਿਹੜਾ ਅਮਲ ਖੁਸ਼ੀ ਦੇ ਸਕਦਾ ਹੈ...ਇਸ ਸੰਬੰਧੀ ਅਜੇ ਤੀਕ ਕਿਸੇ ਪਾਸਿਉਂ ਕੋਈ ਨਿਰਣਾਇਕ ਘੋਸ਼ਣਾ ਨਹੀਂ ਹੋਈ । ਅਸੀਂ ਕੋਈ ਘੋਸ਼ਣਾ ਕਰਨ ਦੇ ਰਉਂ ਵਿੱਚ ਵੀ ਨਹੀਂ । ਹਾਲ ਦੀ ਘੜੀ ਵੇਖਣਾ ਸਿਰਫ਼ ਇਹ ਹੈ ਕਿ ਇਸ ਪੱਖ ਤੋਂ ਸਾਹਿੱਤ ਕੀ ਭੂਮਿਕਾ ਨਿਭਾ ਰਿਹਾ ਹੈ ਅਤੇ ਉਸ ਦੀ ਭੂਮਿਕਾ ਤੋਂ ਜ਼ਿੰਦਗੀ ਕਿਸ ਕਦਰ ਪ੍ਰਭਾਵਿਤ ਹੋ ਰਹੀ ਹੈ । ਸਾਹਿੱਤ ਤੋਂ ਕੀ ਮੰਗਿਆ ਜਾ ਰਿਹਾ ਹੈ, ਸਾਹਿੱਤ ਕੀ ਦੇ ਰਿਹਾ ਹੈ ਅਤੇ ਸਾਹਿੱਤ ਕੀ ਦੇਣ ਦੇ ਸਮਰੱਥ ਹੈ । ਇਹ ਕੁਝ ਸਵਾਲ ਹਨ ਜਿਨ੍ਹਾਂ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ । ਅਸੀਂ ਇਹ ਵੀ ਸਮਝਦੇ ਹਾਂ ਕਿ ਤੁਸੀਂ ਸਭ ਕੁਝ ਸਮਝਦੇ ਹੋ । ਪਰ ਇਹ 'ਅਸੀਂ' ਤੇ 'ਤੁਸੀਂ' ਵਾਲੀ ਨਿਖੇੜ-ਸ਼ੈਲੀ ਵੀ, ਦਰਅਸਲ, ਇੱਕ ਸਾਹਿੱਤਕ ਤਰਲਾ ਜਿਹਾ ਹੈ, ਜਿਸ ਰਾਹੀਂ ਇਹ ਸੰਵਾਦ ਰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।

ਕੁਝ ਮੇਰੇ ਦੋਸਤ ਇਸ ਲੇਖ ਨੂੰ ਪੜ੍ਹਕੇ ਕਹਿਣਗੇ: ਨਾ ਇਸ ਵਿੱਚ ਸਾਹਿੱਤ ਹੈ ਤੇ ਨਾ ਹੀ ਮਨੋਰੰਜਨ । ਮੈਂ ਉਹਨਾਂ ਨਾਲ ਸਹਿਮਤ ਹਾਂ । ਇਹ ਲੇਖ ਸਾਹਿੱਤ ਜਾਂ ਮਨੋਰੰਜਨ ਬਿਲਕੁਲ ਨਹੀਂ ਸਗੋਂ ਸਾਹਿੱਤ ਅਤੇ ਮਨੋਰੰਜਨ ਦੇ ਪਰਸਪਰ ਸੰਬੰਧਾਂ ਬਾਰੇ ਵਿਸਤ੍ਰਿਤ ਟਿੱਪਣੀ ਹੈ । ਜ਼ਰਾ ਸੋਚੋ: ਗਊ ਰੱਖਿਆ ਸੰਮੇਲਨ ਲਈ ਸਜਾਏ ਗਏ ਪੰਡਾਲ ਵਿੱਚ ਜੇ ਕੋਈ ਗਊ ਆਣ ਵੜੇ; ਜਾਂ ਫਿਰ ਬੱਚਿਆਂ ਦੀਆਂ ਸਾਹਿੱਤਕ-ਲੋੜਾਂ ਲਈ ਰਚੇ ਗਏ ਸੈਮੀਨਾਰ ਵਿੱਚ ਬੱਚੇ ਕਾਗ਼ਜ਼ ਦੇ ਜਹਾਜ਼ ਉਡਾਉਣ ਲੱਗ ਪੈਣ ਤਾਂ ਪ੍ਰਬੰਧਕ ਬਰਦਾਸ਼ਤ ਕਰ ਸਕਦੇ ਹਨ? ਹਾਸ-ਰਸ ਬਾਰੇ ਪ੍ਰਵਚਨ ਕਰਨ ਵਾਲਾ ਵਕਤਾ ਹਾਸੋ-ਹੀਣਾ ਹੋ ਜਾਏ ਜਾਂ ਆਪ ਹੀ ਹੱਸੀ ਜਾਏ ਤਾਂ ਸਰੋਤੇ ਮੁਆਫ਼ ਕਰਨਗੇ? ...ਲਿੰਗਕ-ਪ੍ਰਵਿਰਤੀਆਂ ਬਾਰੇ ਵਿਖਿਆਨ ਕਰਨ ਵਾਲਾ ਭਲਾ-ਪੁਰਖ ਜੇ ਲਿੰਗ-ਕਰਮ-ਪ੍ਰਦਰਸ਼ਨੀ 'ਤੇ ਉਤਰ ਆਏ ਤਾਂ ਦਰਸ਼ਕਾਂ ਦਾ ਕੀ ਪ੍ਰਤਿਕਰਮ ਹੋਵੇਗਾ? ...ਇਸੇ ਲਈ ਅਸੀਂ ਇਸ ਪੱਖ ਤੋਂ ਆਤਮ-ਅਨੁਸ਼ਾਸਨ ਵਿੱਚ ਰਹਿਣ ਦਾ ਯਤਨ ਕਰ ਰਹੇ ਹਾਂ । ਇਹ ਲਿਖਤ ਦੀ ਕਮਜ਼ੋਰੀ ਨਹੀਂ ਸਗੋਂ ਵਿਸ਼ੇ ਦੀ ਲੋੜ ਹੈ । ਤੁਹਾਡੀ ਲੋੜ ਜੇਕਰ, ਇਸ ਘੜੀ ਵੀ, ਮਨੋਰੰਜਨ ਹੀ ਹੈ ਤਾਂ ਕਿਰਪਾ ਕਰਕੇ ਆਪਣੇ ਡਾਕਟਰ ਤੋਂ ਸਲਾਹ ਲਵੋ (ਤੇ ਮੰਨੋ ਵੀ!) । ਕਈ ਫ਼ਿਲਮਾਂ ਕੇਵਲ ਬਾਲਗਾਂ ਲਈ ਵੀ ਹੁੰਦੀਆਂ ਨੇ ।

ਜੇ ਫ਼ਿਲਮਾਂ ਦਾ ਜ਼ਿਕਰ ਆ ਹੀ ਗਿਆ ਹੈ ਤਾਂ ਲੱਗਦੇ ਹੱਥ ਇਸ ਵਿਸ਼ੇ ਦਾ ਇੱਕ ਹੋਰ ਸੰਬੰਧਿਤ ਪਹਿਲੂ ਵੀ ਗਾਹ ਹੀ ਲਈਏ । ਵਿਚਾਰਨਯੋਗ ਨੁਕਤਾ ਹੁਣ ਇਹ ਹੈ ਕਿ ਸਟੇਜੀ ਕਵਿਤਾ ਅਤੇ ਸਾਹਿੱਤਕ ਕਵਿਤਾ ਵਾਂਗ ਵਪਾਰਕ ਫ਼ਿਲਮਾਂ ਤੇ ਕਲਾ ਫ਼ਿਲਮਾਂ ਦੀ ਵੰਡ ਵੀ ਕਰ ਲਈ ਜਾਂਦੀ ਹੈ । ਇੱਕ ਪਾਸੇ ਮਨੋਰੰਜਨ ਭਾਰੂ ਹੁੰਦਾ ਹੈ ਤੇ ਦੂਜੇ ਪਾਸੇ ਮਨੋਰੰਜਨ ਲਾਜ਼ਮੀ ਸ਼ਰਤ ਨਹੀਂ ਹੁੰਦੀ । ਕੁਝ ਵੀ ਹੋਵੇ ਕਲਾ ਜਾਂ ਕਲਾ-ਵਿਸ਼ਯਕ ਮਾਧਿਅਮਾਂ ਲਈ ਸ਼੍ਰਵ-ਸ਼ੀਲਤਾ, ਦ੍ਰਿਸ਼-ਸ਼ੀਲਤਾ ਅਤੇ ਪਠਨ-ਸ਼ੀਲਤਾ ਦਾ ਹੋਣਾ ਤਾਂ ਜ਼ਰੂਰੀ ਹੈ ਹੀ । ਸ਼੍ਰੋਤਾ, ਦਰਸ਼ਕ ਜਾਂ ਪਾਠਕ ਕਦੇ ਵਗਾਰ ਦੇ ਕੈਦੀ ਨਹੀਂ ਹੁੰਦੇ ਕਿ ਪੈਸੇ ਖਰਚ ਕੇ ਵੀ ਜਬਰੀ ਦਾਦ ਲਈ ਵਿਵਸ਼ ਹੋਣ । ਗਿਆਨ, ਵਿਗਿਆਨ, ਤਕਨਾਲੋਜੀ, ਕਲਾ ਅਤੇ ਸਹਿੱਤ ਦੇ ਅੰਤਰ- ਖੇਤਰੀ ਸਹਿਚਾਰ ਨਾਲ ਤਟ-ਫਟ ਮਨੋਰੰਜਨ ਦੇ ਢੰਗ ਤਰੀਕੇ ਈਜਾਦ ਕੀਤੇ ਜਾ ਰਹੇ ਹਨ । ਮੱਠਾਂ ਦੀ ਥਾਂ ਮੰਡੀਆਂ ਨੇ ਲੈ ਲਈ ਹੈ । ਸਿੱਖੀ-ਸੇਵਕੀ ਦੀ ਜਗ੍ਹਾ ਦਲਾਲੀ ਤੇ ਗਾਹਕੀ ਨੇ ਲੈ ਲਈ ਹੈ । ਅੰਸ਼- ਕਾਲਿਕ ਆਨੰਦ ਅਥਵਾ ਖੁਸ਼ੀ ਨੂੰ ਵੀ ਤਟ-ਫਟ ਯਥਾ ਤਿਆਰ-ਬਰ-ਤਿਆਰ ਅਥਵਾ ਇਨਸਟੈਂਟ ਰੂਪ ਵਿੱਚ ਹੀ ਤਰਜੀਹ ਦਿੱਤੀ ਜਾਣ ਲੱਗ ਪਈ ਹੈ । ਕਵੀਂਦ੍ਰ ਰਵੀਂਦ੍ਰ ਦੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਹਾਂਗੇ ਕਿ ਤੀਰਥ-ਯਾਤਰਾ 'ਚੋਂ ਤੀਰਥ ਲਈ ਤੜਪ ਤਾਂ ਵਧ ਗਈ ਹੈ ਪਰੰਤੂ ਯਾਤਰਾ ਦਾ ਸੰਕਲਪ ਸਮਾਪਤ ਹੋ ਗਿਆ ਹੈ । ਹੁਣ ਪਿਆਰ ਨੂੰ ਨਹੀਂ ਬਲਾਤਕਾਰ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ । ਸਹਿਜਤਾ, ਸਬਰ, ਮਾਹੌਲ, ਮੌਸਮ ਅਤੇ ਢੁਕਵੇਂ ਸਮੇਂ ਦੀ ਉਡੀਕ ਨੂੰ ਬੇਲੋੜਾ ਸਮਝਿਆ ਜਾਣ ਲੱਗ ਪਿਆ ਹੈ । ਸਹਿਜ ਮਨੋਰੰਜਨ ਦੀ ਥਾਂ ਪਿਓਂਦੀ-ਠਹਾਕਾ ਭਾਰੂ ਹੈ ।

ਥੋੜ੍ਹੀ ਜਿਹੀ ਗੱਲ ਸਾਹਿੱਤ-ਧਾਰਾ ਦੀ ਵੀ ਕਰ ਲਈਏ । ਮਿਸਾਲ ਵਜੋਂ ਡਾਕਟਰ ਹਰਚਰਨ ਸਿੰਘ ਅਤੇ ਬਲਵੰਤ ਗਾਰਗੀ ਦੋਹਾਂ ਲਈ ਇੱਕ ਅਕਾਦਮਿਕ ਫਿਕਰਾ ਵਰਤਿਆ ਜਾਂਦਾ ਹੈ ਕਿ ਇਨ੍ਹਾਂ ਨੇ ਈਸ਼ਵਰ ਚੰਦਰ ਨੰਦਾ ਦੀ ਪਿਰਤ ਨੂੰ ਅੱਗੇ ਤੋਰਿਆ ਹੈ; ਸੂਬਾ ਸਿੰਘ ਤੇ ਗੁਰਨਾਮ ਸਿੰਘ ਤੀਰ ਨੇ ਚਰਨ ਸਿੰਘ ਸ਼ਹੀਦ ਦੀ ਰਵਾਇਤ ਨੂੰ ਅੱਗੇ ਤੋਰਿਆ ਹੈ; ਪ੍ਰੋ: ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਨੇ ਭਾਈ ਵੀਰ ਸਿੰਘ ਦੀ ਸ਼ੈਲੀ ਨੂੰ ਅੱਗੇ ਤੋਰਿਆ ਹੈ, ਜਸਵੰਤ ਸਿੰਘ ਕੰਵਲ ਅਤੇ ਗੁਰਦਿਆਲ ਸਿੰਘ ਨੇ ਨਾਨਕ ਸਿੰਘ ਦੀਆਂ ਲੀਹਾਂ ਨੂੰ ਅੱਗੇ ਤੋਰਿਆ ਹੈ । ਵਗੈਰਾ ਵਗੈਰਾ । ਪਰ ਜ਼ਰਾ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਪ੍ਰਸੰਗ ਵਿੱਚ ਇੱਕ ਵਰਗ ਨੇ ਘਸੀਟਣ ਦਾ ਕੰਮ ਕੀਤਾ ਹੈ ਅਤੇ ਦੂਜੇ ਨੇ ਤੋਰਨ ਦਾ । ਘਸੀਟਣ ਲਈ ਮਿਹਨਤ ਦੀ ਲੋੜ ਹੈ ਅਤੇ ਤੋਰਨ ਲਈ ਪ੍ਰੇਰਣਾ ਦੀ । ...ਏਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਬਾਰੇ ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਅਸਫ਼ਲ ਪਿਆਰ ਦੀ ਸਫ਼ਲ ਲੇਖਿਕਾ ਹੈ ਪਰ ਪ੍ਰਭਜੋਤ ਬਾਰੇ ਕਦੇ ਕਿਸੇ ਨੇ ਨਹੀਂ ਕਿਹਾ ਕਿ ਉਹ ਸਫ਼ਲ ਪਿਆਰ ਦੀ ਅਸਫ਼ਲ ਲੇਖਿਕਾ ਹੈ । ਇਉਂ ਹੀ ਸਾਰੇ ਕਹੀ ਜਾਂਦੇ ਹਨ ਕਿ ਭਾਈ ਵੀਰ ਸਿੰਘ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਸੀ ਪਰ ਇਹ ਗਿਣਤੀ ਕਰਨੀ ਅਜੇ ਬਾਕੀ ਹੈ ਕਿ ਪੰਜਾਬੀ ਵਿੱਚ ਵੱਡੀਆਂ ਕਵਿਤਾਵਾਂ ਲਿਖਣ ਵਾਲੇ ਨਿੱਕੇ ਕਵੀ ਕਿੰਨੇ ਹਨ! ਕਿਸੇੇ ਆਲੋਚਕ ਨੇ ਇਸ ਗੱਲ ਦਾ ਨਿਰਣਾ ਅਜੇ ਨਹੀਂ ਕੀਤਾ ਕਿ ਸੁਖਪਾਲਵੀਰ ਸਿੰਘ ਹਸਰਤ ਬ੍ਰਹਿਮੰਡ, ਮਹਾਂ ਸਾਗਰ, ਕਰੋੜਾਂ ਸੂਰਜਾਂ ਦੀ ਸ਼ਕਤੀ ਅਤੇ ਕਹਿਕਸ਼ਾਂ ਦੀ ਗੱਲ ਕਰਕੇ ਵੀ ਥੋਹਰ, ਇਟਸਿਟ, ਸੌਂਚਲ, ਪੋਹਲੀ, ਪਿੱਤਪਾਪੜੀ ਅਤੇ ਧਰਕੋਨਿਆਂ ਦੀਆਂ ਗੱਲਾਂ ਕਰਨ ਵਾਲੇ ਸ਼ਿਵ ਕੁਮਾਰ ਦੇ ਪਾਸਕੂ ਵੀ ਕਿਉਂ ਨਹੀਂ ਹੋ ਸਕਿਆ । ਅਜਿਹਾ ਅਧਿਐਨ ਮਨੋਰੰਜਨ ਤੋਂ ਖਾਲੀ ਨਹੀਂ ਪਰੰਤੂ ਸ਼ਾਇਦ ਅਜਿਹਾ ਮਨੋਰੰਜਨ ਵਕਤੀ ਰਿਸ਼ਤਿਆਂ ਵਿੱਚ ਸਥਾਈ ਤਰੇੜਾਂ ਪਾ ਦੇਂਦਾ ਹੈ । ਇਸ ਲਈ ਅਸੀਂ ਅਸਲੀ ਪਾਤਰਾਂ ਦੀ ਥਾਂ ਕਾਲਪਨਿਕ ਜਾਂ ਗਾਲਪਨਿਕ ਪਾਤਰਾਂ ਦੀਆਂ ਕਥਾ ਕਹਾਣੀਆਂ 'ਚੋਂ ਹੀ ਮਨੋਰੰਜਨ ਭਾਲਣਾ ਉਪਯੋਗੀ ਸਮਝਦੇ ਹਾਂ । ਯਥਾਰਥ ਦੀ ਥਾਂ ਸੁਪਨੇ ਨੂੰ ਤਰਜੀਹ ਦੇਂਦੇ ਹਾਂ । ਮਨੋਰੰਜਨ ਅਸਲ ਵਿੱਚ ਇੱਕ ਤਰ੍ਹਾਂ ਦੀ ਸੁਪਨੀਲੀ ਅਵਸਥਾ ਹੀ ਹੁੰਦੀ ਹੈ । ਸੁਪਨਾ ਵਿਅਕਤੀਗਤ ਹੁੰਦਾ ਹੈ । ਸੁਪਨਾ ਸੁਣਾਉਣ ਲੱਗੇ ਅਸੀਂ ਮੌਕੇ ਦੀ ਨਜ਼ਾਕਤ ਨੂੰ ਵੇਖ ਕੇ ਵਾਧਾ ਘਾਟਾ ਕਰ ਸਕਦੇ ਹਾਂ; ਪਰ ਯਥਾਰਥ ਤਾਂ ਯਥਾਰਥ ਹੀ ਹੁੰਦਾ ਹੈ । ਯਥਾਰਥ ਦੀ ਆਪਣੀ ਲੱਚਕ ਹੁੰਦੀ ਹੈ, ਉਸ ਵਿੱਚ ਅਸੀਂ ਆਪਣੀ ਮਰਜ਼ੀ ਦੀ ਲੱਚਕ ਨਹੀਂ ਭਰ ਸਕਦੇ । ਸ਼ਿਵ ਕੁਮਾਰ ਨੇ ਇੱਕ ਵਾਰ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਸਾਹਿੱਤ ਦੀ ਇੰਦਰਾ ਗਾਂਧੀ ਕਿਹਾ ਸੀ; ਹੁਣ ਸਮਾਂ ਹੈ ਕਿ ਅਸੀਂ ਜਸਵੰਤ ਸਿੰਘ ਕੰਵਲ ਨੂੰ ਪੰਜਾਬੀ ਸਾਹਿੱਤ ਦਾ ਗੁਰਚਰਨ ਸਿੰਘ ਟੋਹੜਾ ਅਤੇ ਸੰਤੋਖ ਸਿੰਘ ਧੀਰ ਨੂੰ ਪੰਜਾਬੀ ਸਾਹਿੱਤ ਦਾ ਜੀਵਨ ਸਿੰਘ ਉਮਰਾ ਨੰਗਲ ਆਖ ਦੇਈਏ ।

ਬੰਦੇ ਮਾਹੌਲ ਨਾਲੋਂ ਤੇ ਲਿਖਤ ਪ੍ਰਸੰਗ ਨਾਲੋਂ ਟੁੱਟ ਕੇ ਬਹੁਤ ਖੁਆਰ ਹੁੰਦੇ ਹਨ । ਬਾਬੇ ਫ਼ਰੀਦ ਦੀ ਕੁਰਸੀ ਨੂੰ ਸੰਗੀਨਾਂ ਵਾਲੇ ਬਾਡੀਗਾਰਡਾਂ ਦੀ ਲੋੜ ਪੈ ਜਾਂਦੀ ਹੈ; ਕੱਲ੍ਹ ਦਾ ਅੰਤਰ-ਰਾਸ਼ਟਰੀ ਸੋਚ ਵਾਲਾ ਸਾਹਿੱਤ-ਵਿਗਿਆਨੀ ਅਤੇ ਦਾਰਸ਼ਨਿਕ ਕਵੀ ਸਿਰਫ਼ ਹਰਿਆਣੇ ਦੀਆਂ ਗੋਸ਼ਟੀਆਂ ਤੀਕ ਸੀਮਿਤ ਹੋ ਕੇ ਰਹਿ ਜਾਂਦਾ ਹੈ; ਟੋਭਾ ਟੇਕ ਸਿੰਘ ਦੇ ਆਧੁਨਿਕ ਪੇਸ਼ਕਾਰ ਨੂੰ ਅਜੀਤ ਰਾਮ ਤੇ ਅਜੀਤ ਸਿੰਘ ਦੇ ਗਲ ਵਿੱਚ ਪਾਉਣ ਲਈ ਟਾਇਰ ਦਿੱਲੀ ਤੋਂ ਮੰਗਵਾਉਣੇ ਪੈਂਦੇ ਹਨ; ਕ੍ਰਿਸ਼ਨਾ ਸੋਬਤੀ ਦੀ ਪੰਜਾਬੀ ਐਡੀਸ਼ਨ ਅਜੀਤ ਕੌਰ ਨੂੰ ਚਾਰ ਸੌ ਭਾਰਤੀ ਲੇਖਕਾਂ ਨਾਲੋਂ ਕਿਤੇ ਵੱਧ ਚਾਰ ਪਾਕਿਸਤਾਨੀ ਲੇਖਕਾਂ ਵਿੱਚ ਦਿਲਚਸਪੀ ਜਾਗ ਪੈਂਦੀ ਹੈ; ...ਮੁੱਕਦੀ ਗੱਲ ਇਹ ਕਿ ਜਿਸ ਦੇ ਅੰਦਰ ਜੋ ਕੁਝ, ਕਲਾ ਨੇ ਲੋਰੀਆਂ ਦੇ ਕੇ ਸੰਵਾਇਆ ਹੁੰਦਾ ਹੈ; ਸਿਆਸਤ ਦੇ ਇੱਕੋ ਝਟਕੇ ਨਾਲ ਅੱਭੜਵਾਹੇ ਜਾਗ ਉੱਠਦਾ ਹੈ । ਇਨ੍ਹਾਂ ਸਤਰਾਂ ਦਾ ਲੇਖਕ ਜਦੋਂ ਸੰਤ ਸਿੰਘ ਸੇਖੋਂ ਨੂੰ ਮੌਜੂਦਾ ਪੰਜਾਬ ਸੰਕਟ ਬਾਰੇ ਟੱਪਣੀ ਕਰਨ ਲਈ ਕਹਿੰਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ: ਮੈਂ ਤਾਂ ਕਹਿਨਾਂ ਇਹ ਮੁੰਡੇ ਭਾਵੇਂ ਸਾਰੇ ਦੇਸ਼ ਨੂੰ ਅੱਗ ਲਾ ਦੇਣ ਪਰ ਮੈਨੂੰ ਕੁਝ ਨਾ ਕਹਿਣ । ਤੇ ਫੇਰ ਗੋਡਿਆ 'ਤੇ ਹੱਥ ਰੱਖ ਕੇ ਠਹਾਕਾ ਮਾਰ ਕੇ ਹੱਸਦਾ ਹੈ । ਇਹੀ ਬਾਬਾ ਬੋਹੜ ਕਹਾਉਣ ਵਾਲਾ ਲੇਖਕ ਆਪਣੇ ਅੱਸੀਵੇਂ ਜਨਮ ਦਿਨ ਉੱਤੇ ਆਪਣੀ ਆਖਰੀ ਤੇ ਸਭ ਤੋਂ ਵੱਡੀ ਇੱਛਿਆ ਦਾ ਇਜ਼ਹਾਰ ਇਹ ਕਹਿ ਕੇ ਕਰਦਾ ਹੈ ਕਿ ਮੈਂ ਆਪਣੀ ਮੌਤ ਤੋਂ ਪਹਿਲਾਂ ਆਪਣੇ ਪੋਤਰੇ ਕੋਲ ਦੋ ਕਾਰਾਂ ਵੇਖਣਾ ਚਾਹੁੰਦਾ ਹਾਂ । ਜੇਕਰ ਸੇਖੋਂ ਵਰਗਾ ਸਮਾਜਵਾਦੀ ਅਤੇ ਪ੍ਰਤੀਬੱਧ ਲੇਖਕ ਇੰਜ ਸੋਚਦਾ ਹੈ ਤਾਂ ਬਾਕੀਆਂ ਬਾਰੇ ਗੱਲ ਕਰਨ ਦਾ ਕੋਈ ਮਾਅਨਾ ਹੀ ਨਹੀਂ ਰਹਿ ਜਾਂਦਾ । ਗੁਰੂ ਨਾਨਕ, ਸ਼ੇਖ ਫਰੀਦ, ਗੁਰੂ ਰਵੀਦਾਸ, ਭਾਈ ਵੀਰ ਸਿੰਘ ਜਾਂ ਸੁਬਰਾਮਨੀਅਮ ਭਾਰਤੀ ਦੇ ਨਾਵਾਂ ਨਾਲ ਸੰਬੰਧਿਤ ਕੁਰਸੀਆਂ ਉੱਤੇ ਬਹਿ ਕੇ ਰਚਨਾ-ਕਰਮ ਵਿੱਚ ਕੋਈ ਅਲੌਕਿਕ ਪਰਿਵਰਤਨ ਆ ਜਾਂਦਾ ਹੈ? ਇਨ੍ਹਾਂ ਕੁਰਸੀਆਂ ਦੀ ਪ੍ਰਾਪਤੀ-ਅਪ੍ਰਾਪਤੀ ਦੀ ਖਿੱਚ-ਧੂਹ ਅਥਵਾ ਵਾਦ-ਵਿਵਾਦ ਕਿਸੇ ਕਬੀਰ ਲਈ ਮਨੋਰੰਜਨ ਦਾ ਵਿਸ਼ਾ ਨਹੀਂ ਬਣ ਜਾਂਦਾ? ਕੀ ਜਿਹੜੇ ਇਹ ਕੁਰਸੀਆਂ ਸੰਭਾਲੀ ਬੈਠੇ ਹਨ ਉਨ੍ਹਾਂ ਨਾਲੋਂ ਸੁਯੋਗ ਅਤੇ ਵਧੇਰੇ ਹੱਕਦਾਰ ਕੋਈ ਹੋਰ ਵਿਅਕਤੀ ਇਸ ਧਰਤੀ ਉੱਤੇ ਹੈ ਹੀ ਨਹੀਂ? ਹੁਣ ਤਾਂ ਭਾਸ਼ਾ ਨੂੰ ਸਾਹਿੱਤ ਨਾਲੋਂ ਨਿਖੇੜ ਕੇ ਵੀ ਅਕਾਦਮੀਆਂ ਬਣਨ ਲੱਗ ਪਈਆਂ ਹਨ । ਕੀ ਕਵਿਤਾ ਨੂੰ ਹੁਣ ਅਲਜਬਰੇ ਦੇ ਫਾਰਮੂਲਿਆਂ ਨਾਲ ਸਮਝਣਾ ਪਿਆ ਕਰੇਗਾ? ਇਹ ਕਿਸ ਕਿਸਮ ਦੀ ਸਾਜ਼ਿਸ਼ ਹੈ । ਕੌਣ ਕਿਸਦਾ ਮਨੋਰੰਜਨ ਕਰ ਰਿਹਾ ਹੈ?

ਆਪਣੇ ਅਖ਼ਬਾਰਾਂ/ ਰਸਾਲਿਆਂ ਨੂੰ ਹੀ ਲੈ ਲਉ । ਕੁਝ ਪੱਤਰ/ਪੱਤਰਕਾਵਾਂ ਸਾਹਿੱਤ ਨੂੰ ਛਪਦਾ ਰੱਖਣ ਲਈ ਵਿਗਿਆਪਨਾਂ ਦਾ ਸਹਾਰਾ ਲੈਂਦੇ ਹਨ ਅਤੇ ਕੁਝ ਆਪਣੇ ਵਿਗਿਆਪਨ ਦਾਤਿਆਂ ਨੂੰ ਰਾਜ਼ੀ ਰੱਖਣ ਲਈ 'ਸਾਹਿੱਤ' ਛਾਪਦੇ ਹਨ । ਇਹੋ ਕੰਮ ਰੇਡੀਉ ਅਤੇ ਟੈਲੀਵਿਯਨ ਉੱਤੇ ਵੱਡੀ ਪੱਧਰ 'ਤੇ ਹੁੰਦਾ ਹੈ । ਪ੍ਰਯੋਜਿਤ ਸਾਹਿੱਤ ਘੱਟ ਅਤੇ ਪਰ-ਆਯੋਜਿਤ ਸਾਹਿੱਤ ਵਧੇਰੇ ਹੁੰਦਾ ਹੈ । ਇਸ ਪ੍ਰਯੋਜਨ- ਮੁਖੀ ਅਤੇ ਪਰ-ਆਯੋਜਨ-ਮੁਖੀ ਸਾਹਿੱਤ ਨੇ ਸਾਹਿੱਤ ਨੂੰ ਮਹਿਜ਼ ਮਨੋਰੰਜਨ ਬਣਾ ਕੇ ਰੱਖ ਦਿੱਤਾ ਹੈ । ਮੌਲਿਕ ਕਿਰਤਾਂ ਨਾਲੋਂ ਵਿਗਿਆਪਨ ਕਿਤੇ ਵੱਧ ਕਲਾ-ਕੌਸ਼ਲਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਜਾਂਦੇ ਹਨ । ਦੈਨਿਕ ਅਖ਼ਬਾਰਾਂ ਦੇ ਇਤਵਾਰੀ ਸੰਸਕਰਣਾਂ ਵਿੱਚ ਗੱਡਿਆਂ ਦੇ ਗੱਡੇ 'ਮਨੋਰੰਜਨ' ਹੁੰਦਾ ਹੈ । ਮੰਗ ਨੂੰ ਵੇਖ ਕੇ ਉਤਪਾਦਨ ਵੀ ਦਿਨੇ ਚੌਗੁਣੀ ਤੇ ਰਾਤੀਂ ਅੱਠਗੁਣੀ ਤਰੱਕੀ ਕਰ ਰਿਹਾ ਹੈ । ਹਾਸ-ਵਿਅੰਗ ਲੇਖਕਾਂ ਦਾ ਹੜ੍ਹ ਜਿਹਾ ਆ ਗਿਆ ਹੈ । ਹਰ ਕੋਈ ਇੱਕ-ਦੂਜੇ ਦੀ ਲੀਹ ਨੂੰ ਅੱਗੇ ਘਸੀਟ ਰਿਹਾ ਹੈ । ਸਥਿਤੀ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਵਾਲੇ ਬੁੱਧੀਜੀਵੀ ਲੋਕ ਇਸ ਨੂੰ ਵੀ ਸਾਜ਼ਿਸ਼ ਕਹਿ ਰਹੇ ਹਨ ਅਤੇ ਵਿਦੇਸ਼ੀ ਹੱਥ ਵੱਲ ਸੰਕੇਤ ਕਰ ਰਹੇ ਹਨ । ਜਦੋਂ ਸਾਨੂੰ ਬਾਕੀ ਹਰ ਵਿਦੇਸ਼ੀ ਵਸਤ ਪਸੰਦ ਹੈ ਤਾਂ ਫਿਰ ਵਿਚਾਰੇ ਵਿਦੇਸ਼ੀ ਹੱਥ ਨਾਲ ਹੀ ਵਿਤਕਰਾ ਕਿਉਂ? ਹੋਰ ਤਾਂ ਹੋਰ, ਹੁਣ ਤਾਂ 'ਬੁੱਧੀਜੀਵੀ' ਦਾ ਜ਼ਿਕਰ ਵੀ ਮਨੋਰੰਜਨ ਤੋਂ ਖਾਲੀ ਨਹੀਂ ਰਿਹਾ ।

ਹਿੰਦੂ ਪਾਣੀ ਮੁਸਲਿਮ ਪਾਣੀ ਵਾਂਗ, ਹਿੰਦੂ ਬੁੱਧੀਜੀਵੀ, ਸਿੱਖ ਬੁੱਧੀਜੀਵੀ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਜੀਵ ਹੋਂਦ ਵਿੱਚ ਆ ਗਏ ਹਨ । 'ਚਿੰਤਨ' ਉੱਤੇ ਵੀ ਲੇਬਲ ਲੱਗ ਗਏ ਹਨ, ਧਰਮਾਂ ਤੇ ਫਿਰਕਿਆਂ ਦੇ ਆਧਾਰ 'ਤੇ । ਮਾਨਸਿਕਤਾ ਵੀ ਹਿੰਦੂਆਂ ਤੇ ਸਿੱਖਾਂ ਦੀ ਅਲੱਗ ਅਲੱਗ ਹੋ ਗਈ ਹੈ । ਹਰ ਇੱਕ ਦੇ ਮਨ ਦੀ ਪੀੜ ਵੱਖੋ ਵੱਖ ਹੋ ਗਈ ਹੈ । ਮਨੁੱਖਤਾ ਨੂੰ ਬਚਾਉਣ ਨਾਲੋਂ ਸੇਲ- ਗ੍ਰਾਫ ਵਧਾਉਣ ਦੀ ਚਿੰਤਾ ਵਧ ਗਈ ਹੈ । ਕਿਸੇ ਅਖ਼ਬਾਰ ਦਾ ਵਡੱਪਣ ਸਿਰਫ਼ ਇਸੇ ਗੱਲ ਵਿੱਚ ਸਮਝਿਆ ਜਾਂਦਾ ਹੈ ਕਿ ਉਹਦੇ ਵਿੱਚ ਛਪਣ ਵਾਲੀ ਸਾਮੱਗਰੀ ਨਾਲ ਮਾਨਵਤਾ ਦਾ ਕਿੰਨਾ ਘਾਣ ਹੋਇਆ ਹੈ, ਮਨਾਂ ਵਿੱਚ ਤਰੇੜਾਂ ਕਿੰਨੀਆਂ ਵਧੀਆਂ ਹਨ, ਲਹੂ ਕਿੰਨਾ ਡੁੱਲ੍ਹਿਆ ਹੈ, ਕਿੰਨੀਆਂ ਜਵਾਨੀਆਂ ਭੰਗ ਦੇ ਭਾੜੇ ਗੋਲੀਆਂ ਨਾਲ ਵਿੰਨ੍ਹੀਆਂ ਗਈਆਂ ਹਨ; ਵਿਧਵਾਵਾਂ ਦੀ ਗਿਣਤੀ ਕਿੰਨੀ ਵਧੀ ਹੈ; ਬੱਚੇ ਕਿੰਨੇ ਯਤੀਮ ਹੋਏ ਹਨ; ਘਰ ਕਿੰਨੇ ਉਜੜੇ ਹਨ ?????...ਜੇਕਰ ਪੈਸਾ ਹੀ ਕਮਾਉਣਾ ਹੈ ਤਾਂ ਹੋਰ ਬਹੁਤ ਸਾਰੇ ਧੰਦੇ ਹਨ...ਕਲਮ ਨਾਲ ਅਤੇ ਮਾਸੂਮ ਲੋਕਾਂ ਦੀਆਂ ਆਦਿਮ ਭਾਵਨਾਵਾਂ ਨਾਲ ਖਿਲਵਾੜ ਕਰਕੇ ਆਪਣੇ ਮਨੋਰੰਜਨ ਦਾ ਸਾਮਾਨ ਕਿਉਂ ਪੈਦਾ ਕਰਦੇ ਹੋ! ਅਸੀਂ ਸ਼ੁਰੂ ਵਿੱਚ ਆਖਿਆ ਸੀ ਕਿ ਸਾਹਿੱਤ ਜ਼ਿੰਦਗੀ ਦਾ ਪਰਤਉ ਹੁੰਦਾ ਹੈ ਅਰਥਾਤ ਕਿਸੇ ਵਿਸ਼ੇਸ਼ ਸਮੇਂ ਦੌਰਾਨ ਰਚੇ ਗਏ ਸਾਹਿੱਤ ਵਿੱਚ ਤਤਕਾਲੀਨ ਜ਼ਿੰਦਗੀ ਦਾ ਪਰਤਉ ਹੁੰਦਾ ਹੈ । ਪਰ ਜੇਕਰ ਉਹ ਪਰਤਉ ਵਕਤੀ ਹੈ ਤਾਂ ਵਕਤ ਪਾ ਕੇ ਮਿਟ ਜਾਵੇਗਾ ਅਤੇ ਜੇਕਰ ਸਮੇਂ-ਸਥਾਨ ਨੂੰ ਉਲੰਘਣ ਦੀ ਸਮਰੱਥਾ ਉਸ ਪਰਤਉ ਵਿੱਚ ਹੈ ਤਾਂ ਪਰਤ ਪਰਤ ਕੇ, ਆਉਣ ਵਾਲੀਆਂ ਪੀੜ੍ਹੀਆਂ ਦੇ, ਮਾਨਸ-ਪਟਲ 'ਤੇ ਉਭਰਦਾ ਰਹੇਗਾ । ਬਹੁਤਾ ਸਾਹਿੱਤ ਖ਼ਬਰਾਂ ਵਰਗਾ ਹੁੰਦਾ ਹੈ, ਸਿਰਫ਼ ਸਮਰੱਥ ਹੱਥਾਂ ਦੀ ਕੌਸ਼ਲਤਾ ਹੀ ਉਸਨੂੰ ਕਲਾ-ਕਿਰਤ ਵਿੱਚ ਬਦਲ ਸਕਦੀ ਹੈ । ਬਹੁਤ ਵਾਰ ਅਸੀਂ ਛਿਣ-ਭੰਗਰੇ ਮਨੋਰੰਜਨ ਲਈ ਸਦੀਵੀ ਖੁਸ਼ੀ ਦੇ ਰਾਹ ਬੰਦ ਕਰ ਲੈਂਦੇ ਹਨ । ਕਿਸੇ ਇੱਕ ਦਾ ਮਨੋਰੰਜਨ ਬਹੁਤਿਆਂ ਲਈ ਜ਼ਹਿਮਤ ਵੀ ਹੋ ਸਕਦਾ ਹੈ । ਨਿੰਦਿਆਂ-ਚੁਗਲੀ, ਮਾਰ-ਧਾੜ, ਟੰਗਾਂ ਖਿੱਚਣਾ ਅਤੇ ਵਿਰੋਧੀਆਂ ਨੂੰ ਦੁਖੀ ਵੇਖਣਾ ਵੀ ਸਾਡੇ ਲਈ ਮਨੋਰੰਜਨ ਦੇ ਵਿਸ਼ੇ ਹਨ । ਮਹਿਜ਼ ਵਕਤ-ਕਟੀ ਕਰਨ ਅਥਵਾ ਟਾਈਮ ਪਾਸ ਕਰਨ ਲਈ, ਪੈਸੇ ਜਾਂ ਪਦਵੀ ਦੇ ਜ਼ੋਰ ਨਾਲ, ਖਿੱਚ ਕੇ ਅਸੀਂ ਕਲਾ ਨੂੰ ਆਪਣੇ ਪੱਧਰ 'ਤੇ ਲੈ ਆਉਂਦੇ ਹਾਂ । ਇੱਕ ਬਾਲ-ਗੀਤ ਦੇ ਬੋਲ ਵਿੱਚ ਇਸ ਸਥਿਤੀ ਨੂੰ ਕਿੰਨੀ ਸਾਦਗੀ ਨਾਲ ਬਿਆਨਿਆ ਗਿਆ ਹੈ:

ਨੱਚ ਘੁੱਗੀਏ ਨੀਂ, ਤੈਨੂੰ ਭੱਪਾ ਦਿਆਂਗੇ
ਖਾਣ ਲੱਗੀ ਨੂੰ ਧੱਕਾ ਦਿਆਂਗੇ

ਭੁੱਖੀ-ਭਾਣੀ ਘੁੱਗੀ 'ਭੱਪੇ' ਦੇ ਲਾਲਚ ਵਿੱਚ ਨੱਚਦੀ ਹੈ ਅਤੇ ਇਹ ਭੁੱਲ ਜਾਂਦੀ ਹੈ ਕਿ ਅਗਲੀ ਸਤਰ ਵਿੱਚ ਕੀ ਕਿਹਾ ਗਿਆ ਹੈ ।

ਸਾਡੇ ਦੇਸ਼ ਵਿੱਚ, ਸਰਕਾਰ ਵੱਲੋਂ ਵੀ, ਸਾਹਿੱਤ ਦੇ ਨਾਂ 'ਤੇ ਵੱਡੀ ਮਾਤਰਾ ਵਿੱਚ ਮਨੋਰੰਜਨ ਦਾ ਮਸਾਲਾ ਮੁਹੱਈਆ ਕੀਤਾ ਜਾ ਰਿਹਾ ਹੈ । ਕੇਂਦਰੀ-ਪੂਲ ਵਿੱਚ ਸਭ ਤੋਂ ਵੱਧ ਅੰਨ ਦੇਣ ਵਾਲਾ ਸਾਡਾ ਪੰਜਾਬ ਇਸ ਪੱਖ ਤੋਂ ਵੀ ਪਿੱਛੇ ਨਹੀਂ । ਨਾਰਥ-ਜ਼ੋਨ ਕਲਚਰਲ ਸੈਂਟਰ, ਭਾਸ਼ਾ ਵਿਭਾਗ, ਸੈਰਸਪਾਟਾ ਤੇ ਸੱਭਿਆਚਾਰ ਵਿਭਾਗ, ਲੋਕ ਸੰਪਰਕ ਵਿਭਾਗ ਆਦਿ ਅਨੇਕ ਅਦਾਰੇ ਇਸ ਪਾਸੇ 'ਵੱਡਮੁੱਲਾ' ਯੋਗਦਾਨ ਪਾ ਰਹੇ ਹਨ । ਪੰਜਾਬ ਵਿੱਚ ਅੱਗ ਲੱਗੀ ਹੋਈ ਹੈ ਤਾਂ ਕੀ ਹੋਇਆ, ਉਹ ਲੋਕ ਦੂਜਿਆਂ ਸੂਬਿਆਂ ਅਤੇ ਦੂਜੇ ਦੇਸ਼ਾਂ ਵਿੱਚ ਜਾ ਕੇ ਭੰਗੜੇ ਪਾ ਰਹੇ ਹਨ, ਗਿੱਧੇ ਪਾ ਰਹੇ ਹਨ । ਭਾਸ਼ਾ ਅਤੇ ਸਾਹਿੱਤ ਦਾ ਬਜਟ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨੂੰ ਖੁਆ ਰਹੇ ਹਨ । ਦੱਸ ਇਹ ਰਹੇ ਹਨ ਕਿ ਪੰਜਾਬ ਵਿੱਚ ਐਸਾ ਵੈਸਾ ਕੁਝ ਨਹੀਂ ਹੋ ਰਿਹਾ; ਦੱਸਣਾ ਇਹ ਚਾਹੀਦਾ ਹੈ ਕਿ ਸਾਡੇ ਕੋਲੋਂ ਕੁਝ ਨਹੀਂ ਹੋ ਰਿਹਾ ।

ਜ਼ਿੰਦਗੀ ਬੜੀ ਅਜੀਬ ਸ਼ੈਅ ਹੈ । ਇਸ ਦੇ ਅਰਥ ਹਰ ਵਿਅਕਤੀ ਲਈ ਵੱਖੋ-ਵੱਖਰੇ ਹਨ । ਕਈਆਂ ਲਈ ਜ਼ਿੰਦਗੀ ਕੋਈ ਅਰਥ ਹੀ ਨਹੀਂ ਰੱਖਦੀ । ਅਸੀਂ, ਅਸਲ ਵਿੱਚ, ਆਪਣੀਆਂ ਲੋੜਾਂ-ਥੋੜ੍ਹਾਂ ਅਥਵਾ ਭੁੱਖਾਂ-ਦੁੱਖਾਂ ਨੂੰ ਕਿਸੇ ਵੀ ਢੰਗ ਨਾਲ ਅਬੂਰ ਕਰਨ ਦੀ ਅੰਨ੍ਹੀ ਦੌੜ ਵਿੱਚ ਬਹੁਤ ਹੀ ਸ਼ਰਮਨਾਕ ਅਰਥਾਂ ਵਿੱਚ ਅਸਤਿੱਤਵ-ਵਾਦੀ ਬਣ ਗਏ ਹਾਂ । ਨੈਤਿਕਤਾ ਅਤੇ ਮਰਿਆਦਾ ਦਾ ਮਖ਼ੌਲ ਉਡਾ ਉਡਾ ਕੇ ਅਸੀਂ ਬਹੁਤ ਉੱਚੀ ਹਵਾ ਵਿੱਚ ਉੱਡਣ ਦਾ ਭਰਮ ਪਾਲਣ ਲੱਗ ਪਏ ਹਾਂ । ਸਾਡੀ ਸਵਾਰਥੀ ਪਹੁੰਚ ਨੇ ਬਹੁਤ ਹੀ ਸ਼ਕਤੀਸ਼ਾਲੀ ਅਤੇ ਅਪਰਿਵਰਵਨਸ਼ੀਲ ਵਿਕਾਸ ਦੇ ਸਿਧਾਂਤ ਨੂੰ ਵੀ ਬੁੱਤ ਬਣਾ ਕੇ ਗੱਡਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਕੱਛੂ ਕੁੰਮਿਆਂ ਨੇ ਹਿਰਨਾਂ ਦੇ ਨਾਂ 'ਤੇ ਦਲਾਲਖਾਨੇ ਖੋਲ੍ਹੇ ਹੋਏ ਹਨ । ਮਹਿਫ਼ਲਾਂ ਅਤੇ ਸੰਵਾਦ ਖ਼ਤਮ ਹੋ ਰਹੇ ਹਨ! ਭੀੜ ਅਤੇ ਸ਼ੋਰ ਦਾ ਬੋਲਬਾਲਾ ਹੈ । ਪਰ ਹੱਥ ਤਾਂ ਸਿਰਫ਼ ਦੋ ਹਨ; ਸਮਝ ਨਹੀਂ ਆਉਂਦੀ ਕੰਨਾਂ 'ਤੇ ਰੱਖੀਏ; ਅੱਖਾਂ 'ਤੇ ਰੱਖੀਏ; ਜਾਂ ਫਿਰ ਮੂੰਹ 'ਤੇ ਰੱਖੀਏ । ਹਾਲ ਦੀ ਘੜੀ ਤਾਂ ਦੋਏਂ ਹੱਥ ਟਾਈਪਰਾਈਟਰ ਦੇ ਕੀ-ਬੋਰਡ 'ਤੇ ਹਨ ।

ਟਾਈਪਰਾਈਟਰ ਨੂੰ ਹਾਰਮੋਨੀਅਮ ਨਹੀਂ ਸਮਝਿਆ ਜਾ ਸਕਦਾ;...ਪਰ ਇਨ੍ਹਾਂ ਦੋਹਾਂ ਯੰਤਰਾਂ ਦੇ ਤੁਲਨਾਤਮਿਕ ਅਧਿਐਨ ਰਾਹੀਂ ਮਨੋਰੰਜਨ ਦੇ ਸੂਖ਼ਮ ਅਰਥਾਂ ਨੂੰ ਸਮਝਣ ਵਿੱਚ ਜ਼ਰੂਰ ਮਦਦ ਮਿਲਦੀ ਹੈ, ਖੈਰ! ਮਨੋਰੰਜਨ ਦੇ ਅਰਥ ਵੀ ਸਾਹਿੱਤ ਪੜ੍ਹਨ ਵਾਲਿਆਂ ਲਈ ਹੋਰ; ਸਾਹਿੱਤ ਛਾਪਣ ਵਾਲਿਆਂ ਲਈ ਹੋਰ; ਸਾਹਿੱਤ ਵੇਚਣ ਵਾਲਿਆਂ ਲਈ ਹੋਰ; ਸਾਹਿੱਤ ਦੇ ਸਰਪ੍ਰਸਤਾਂ ਲਈ ਹੋਰ; ਸਾਹਿੱਤ ਪੜ੍ਹਾਉਣ ਵਾਲਿਆਂ ਲਈ ਹੋਰ ਅਤੇ ਸਾਹਿੱਤ ਰਚਣ ਵਾਲਿਆਂ ਲਈ ਹੋਰ ਹੁੰਦੇ ਹਨ । ਮਜਬੂਰੀ ਦਾ ਨਾਂ ਮਨੋਰੰਜਨ ਨਹੀਂ ਹੁੰਦਾ । ਮੇਲੇ ਦੇ ਪ੍ਰਬੰਧਕ ਮੇਲੇ ਦਾ ਆਨੰਦ ਨਹੀਂ ਮਾਣ ਸਕਦੇ । ਬਾਹਰਲੇ ਸਾਰੇ ਸਾਧਨ ਤਾਂ ਅਸਲੀ ਖ਼ੁਸ਼ੀ ਤੀਕ ਪਹੁੰਚਣ ਤੋਂ ਪਹਿਲਾਂ, ਵਕਤ ਬਿਤਾਉਣ ਲਈ, ਖਿਡਾਉਣੇ ਮਾਤਰ ਹਨ । ਮਨੋਰੰਜਨ ਮਨ ਦੀ ਆਤਮਿਕ ਅਵੱਸਥਾ ਦਾ ਨਾਂ ਹੈ । ਇਹ ਅਵੱਸਥਾ ਤਦ ਹੀ ਪੈਦਾ ਹੋ ਸਕਦੀ ਹੈ ਜੇਕਰ ਬਾਹਰਲੀਆਂ ਲੋੜਾਂ ਜਾਂ ਤਾਂ ਮੁੱਕ ਜਾਣ ਅਤੇ ਜਾਂ ਫਿਰ ਤਿਆਗ ਦਿੱਤੀਆਂ ਜਾਣ ਅਰਥਾਤ ਇਨ੍ਹਾਂ ਤੋਂ ਉੱਪਰ ਉੱਠਿਆ ਜਾਵੇ । ਮਨ ਦੇ ਭੋਗ ਅਤੇ ਸਰੀਰ ਦੇ ਭੋਗ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ । ਅੰਗਰੇਜ਼ੀ ਦੇ ਇੱਕ ਅਖਾਣ ਅਨੁਸਾਰ ਕੇਕ ਨੂੰ ਕਾਇਮ ਰੱਖਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਸਨੂੰ ਖਾਧਾ ਨਾ ਜਾਏ । ਪਰਸੋਂ ਜਿਹੜਾ ਪਕੌੜਾ, ਬਹੁਤ ਸਵਾਦਿਸ਼ਟ ਲੱਗਿਆ ਸੀ; ਅੱਜ ਬਹੁਤ ਹੀ ਬੇਸੁਆਦਾ ਲੱਗ ਸਕਦਾ ਹੈ । ਜਿਹੜੀ ਫੁਲਝੜੀ ਨੇ ਇੱਕ ਛਿਣ ਪਹਿਲਾਂ ਰੰਗ ਬੰਨ੍ਹ ਦਿੱਤਾ ਸੀ, ਹੁਣ ਪਾਣੀ ਵਿੱਚ 'ਛੂੰ..' ਕਰਨ ਤੋਂ ਬਾਅਦ ਬੇਕਾਰ ਪਈ ਹੈ । ਇਹ ਸਾਰੇ ਸ਼ੁਗਲ ਸਾਡੇ ਸੱਭਿਆਚਾਰਕ ਪ੍ਰੋਗਰਾਮ ਹੀ ਹਨ; ਜਿਨ੍ਹਾਂ ਨੂੰ ਕਈ ਵਾਰ ਅਸੀਂ ਰੰਗਾ-ਰੰਗ ਕਾਰਜਕ੍ਰਮ ਆਖ ਦੇਂਦੇ ਹਾਂ ਅਤੇ ਕਦੀ ਕਦੀ ਸਾਂਸਕ੍ਰਿਤਕ ਪ੍ਰੋਗਰਾਮ! ਇਹ ਸ਼ੁਗਲ ਕਿਸੇ ਵਿਸ਼ੇਸ਼ ਪ੍ਰਾਹੁਣੇ ਲਈ ਸਾਡੇ ਵੱਲੋਂ ਰਚਾਏ ਗਏ ਖਰਚੀਲੇ ਤੇ ਭੜਕੀਲੇ ਆਡੰਬਰ ਹੁੰਦੇ ਹਨ । ਲੱਗੇ ਹੋਏ ਦਰਬਾਰ ਵਿੱਚ ਕਵੀ ਹੋਵੇ ਜਾਂ ਫਿਰ ਦਰਬਾਰ ਵਿੱਚ ਲੱਗਿਆ ਹੋਇਆ ਕਵੀ ਹੋਵੇ; ਮਨੋਰੰਜਨ ਦਾ ਪਾਤਰ ਤਾਂ ਹੁੰਦਾ ਹੀ ਹੈ! ਪੰਛੀ ਸਾਡੇ ਕਹਿਣ 'ਤੇ ਨਹੀਂ ਗਾਉਂਦੇ; ਮੋਰ ਸਾਡੀ ਫ਼ਰਮਾਇਸ਼ 'ਤੇ ਪੈਲਾਂ ਨਹੀਂ ਪਾਉਂਦਾ; (ਪਾਲਤੂ ਜਾਂ ਸਰਕਸ ਦੇ ਪਸ਼ੂ-ਪੰਛੀਆਂ ਦੀ ਗੱਲ ਹੋਰ ਹੈ!)...ਪਰ ਅਸੀਂ ਲਾਸ਼ਾਂ ਦੇ ਢੇਰ 'ਤੇ ਵੀ ਭੰਗੜੇ-ਗਿੱਧੇ ਪਾ ਸਕਦੇ ਹਾਂ । ਹਾਂ, ਹਾਂ...ਸਾਡੀ ਗੱਲ ਵੀ ਹੋਰ ਹੈ!! ਹੁਣੇ, ਪਿੱਛੇ ਜਿਹੇ, ਅਸੀਂ ਘੁੱਗੀ ਦਾ ਜ਼ਿਕਰ ਕੀਤਾ ਸੀ । ਘੁੱਗੀ ਮਾਸੂਮ ਹੁੰਦੀ ਹੈ, ਅਮਨਾਂ ਦੀ ਪ੍ਰਤੀਕ ਹੁੰਦੀ ਹੈ; (ਨੱਚਣ ਵੇਲੇ ਵੀ ਸ਼ਾਇਦ ਆਪਣੀ ਥਾਂ ਠੀਕ ਹੁੰਦੀ ਹੈ!) ਘੁੱਗੀ ਦੇ ਨਾਲ ਹੀ ਸਾਨੂੰ ਕਬੂਤਰ ਦਾ ਇੱਕ ਪ੍ਰਸੰਗ ਯਾਦ ਆ ਰਿਹਾ ਹੈ । ਨਿਆਣੇ ਇੱਕ ਦੂਜੇ ਨੂੰ ਸਵਾਲ ਪੁੱਛਦੇ ਹੁੰਦੇ ਨੇ: ਜੇਕਰ ਇੱਕ ਰੁੱਖ ਉੱਤੇ ਵੀਹ ਕਬੂਤਰ ਹੋਣ; ਸ਼ਿਕਾਰੀ ਗੋਲੀ ਚਲਾਏ ਇੱਕ ਮਰ ਜਾਏ... ਤਾਂ ਦੱਸੋ ਬਾਕੀ ਕਿੰਨੇ ਬਚੇ?...ਇਹ ਸਵਾਲ ਲਾ-ਜਵਾਬ ਹੈੈ ਅਤੇ ਕਈ ਹੋਰ ਸਵਾਲਾਂ ਨੂੰ ਜਨਮ ਦੇਂਦਾ ਹੈ । ਪੰਜਾਬ ਦੀ ਮੌਜੂਦਾ ਹਾਲਤ ਵਿੱਚ ਤਾਂ ਹੋਰ ਵੀ ਜਿਆਦਾ ਸਵਾਲਾਂ ਨੂੰ ਜਨਮ ਦੇਂਦਾ ਹੈ । ... ਕਿਉਂਕਿ ਕਬੂਤਰ ਵੀ ਗਰਮ ਤੇ ਕਬੂਤਰਾਂ ਦੀਆਂ ਵਿੱਠਾਂ ਵੀ ਗਰਮ! ਤੁਸੀਂ ਪੁੱਛ ਸਕਦੇ ਹੋ ਕਿ ਸਾਹਿੱਤ ਦੇ ਸੰਦਰਭ ਵਿੱਚ ਇਹ ਵਿੱਠਾਂ ਕਿਹੜਾ ਮਨੋਰੰਜਨ ਕਰਦੀਆਂ ਹਨ?...ਉਨ੍ਹਾਂ ਸਵਾਰਥੀ ਸਿਆਸਤਦਾਨਾਂ ਨੂੰ ਪੁੱਛੋ ਜਿਹੜੇ ਅੱਜਕੱਲ੍ਹ ਗੱਲਾਂ ਘੱਟ ਤੇ ਵਿੱਠਾਂ ਵੱਧ ਕਰਦੇ ਹਨ । ...ਜਾਂ ਫਿਰ ਉਨ੍ਹਾਂ ਕਲਮਾਂ-ਮਾਰਿਆਂ ਤੋਂ ਪੁੱਛੋ ਜਿਨ੍ਹਾਂ ਦੀ ਲਿਖਤ ਲਾਗੋਂ ਲੰਘਣ ਵੇਲੇ ਪਾਠਕ ਨੂੰ ਨੱਕ 'ਤੇ ਰੁਮਾਲ ਰੱਖਣਾ ਪੈਂਦਾ ਹੈ:

'ਪਾਠਕ ਕਯਾ ਕਰਿਬੈ ਭਲਾ, ਜੋ ਨ ਹੋਤ ਰੁਮਾਲ ।
ਬੂੜਾ ਵੰਸ਼ ਕਬੀਰ ਕਾ, ਜਨਮਾ ਪੂਤ ਕਮਾਲ ।'

ਕਬੀਰ ਦੇ ਵੰਸ਼ ਨੂੰ ਡੋਬਣ ਵਿੱਚ ਵਿਚਾਰੇ ਕਮਾਲ ਨੇ ਕੀ ਭੂਮਿਕਾ ਨਿਭਾਈ, ਅਸੀਂ ਇਸ ਵਿਸਥਾਰ ਵਿੱਚ ਨਹੀਂ ਜਾਂਦੇ ਅਤੇ ਨਾ ਹੀ ਇਸ ਵੇਰਵੇ ਵਿੱਚ ਪੈਂਦੇ ਹਾਂ ਕਿ ਕੱਲ੍ਹ ਦੇ ਸਮਰੱਥ ਪੰਜਾਬੀ ਸਾਹਿੱਤਕਾਰਾਂ ਦੀ ਸੰਤਾਨ ਅੱਜ ਉਨ੍ਹਾਂ ਦੇ 'ਸਾਹਿੱਤ' ਦੀਆਂ ਕਿਵੇਂ 'ਕਾਰਾਂ' ਬਣਾ ਰਹੀ ਹੈ । ਅਸੀਂ ਸਮਝਦੇ ਹਾਂ ਕਿ ਤੁਸੀਂ ਸਭ ਕੁਝ ਸਮਝਦੇ ਹੋ, ਇਸ ਲਈ ਵਾਰਤਾ ਨੂੰ ਅੱਗੇ ਤੋਰਦੇ ਹਾਂ । ਅਸੀਂ ਸਾਹਿੱਤ, ਕਲਾ, ਤਕਨਾਲੋਜੀ ਦੇ ਅੰਤਰ-ਅਨੁਸ਼ਾਸਨੀ ਵਰਤਾਰੇ ਵੱਲ ਵੀ ਸੰਕੇਤ ਕੀਤਾ ਸੀ । ਹੁਣ ਮੌਕਾ ਹੈ ਕਿ ਇਸ ਸਹਿਚਾਰ ਦੇ ਵਿਸਥਾਰ ਵਿੱਚ ਜਾ ਕੇ ਆਪਣੇ ਨੁਕਤੇ ਨੂੰ ਉਭਾਰਿਆ ਜਾਵੇ । ਮਨੋਰੰਜਨ ਦੀ ਉੱਤਲੀ ਪਰਤ ਉਤਾਰ ਕੇ ਇਸ ਸੰਕਲਪ ਜਾਂ ਵਿਕਲਪ ਨੂੰ ਵਿਚਾਰਿਆ ਜਾਵੇ । ਆਪਣੀ ਗੱਲ ਨੂੰ ਰਾਜ ਕਪੂਰ ਦੇ ਬਹਾਨੇ ਨਾਲ ਕਰਨਾ ਸਹਿਲ ਰਹੇਗਾ । ਰਾਜ ਕਪੂਰ ਨੇ ਸਾਰੀ ਉਮਰ, ਦੇਸ਼- ਵਿਦੇਸ਼ ਦੇ, ਲੋਕਾਂ ਦਾ ਮਨੋਰੰਜਨ ਕੀਤਾ । ਇਸ ਮਨੋਰੰਜਨ-ਉਦਯੋਗ ਵਿੱਚ ਉਹਨੇ ਲੇਖਕਾਂ ਦਾ ਭਰਪੂਰ ਸਹਿਯੋਗ ਲਿਆ । ਅਣਗਿਣਤ ਕਹਾਣੀਆਂ, ਉਪਨਿਆਸ ਅਤੇ ਗੀਤ ਉਹਨੇ ਆਪਣੀਆਂ ਫ਼ਿਲਮਾਂ ਲਈ ਵਰਤੇ । ਇਹ ਠੀਕ ਹੈ ਕਿ ਸਾਰੇ ਕੁਝ ਵਿੱਚ ਕੁਝ ਨਾ ਕੁਝ ਫਲਸਫ਼ਾ ਵੀ ਹੈ, ਮਨੁੱਖਤਾ ਲਈ ਸੁਨੇਹਾ ਵੀ ਹੈ; ਸੁਹਜ-ਪ੍ਰਦਰਸ਼ਨ ਵੀ ਹੈ । ਪਰੰਤੂ ਜੇਕਰ ਸਿਰਫ਼ ਸਾਹਿੱਤ ਦੇ ਢੇਰ ਨੂੰ ਫਰੋਲਿਆ ਜਾਵੇ ਤਾਂ ਬਹੁਤ ਥੋੜ੍ਹਾ ਕੁਝ ਅਜਿਹਾ ਮਿਲੇਗਾ ਜਿਸਨੂੰ ਸਹੀ ਅਰਥਾਂ ਵਿੱਚ ਸਾਹਿੱਤ ਕਿਹਾ ਜਾ ਸਕਦਾ ਹੈ ਅਤੇ ਇਹ ਬਹੁਤ ਥੋੜ੍ਹਾ ਕੁਝ ਫ਼ਿਲਮ-ਉਦਯੋਗ ਦੀਆਂ ਫਹੁੜੀਆਂ ਤੋਂ ਬਿਨਾਂ ਵੀ ਸਾਹਿੱਤ ਹੀ ਸੀ । ਦੂਜੇ ਪਾਸੇ ਪੂਰਾ ਫ਼ਿਲਮ-ਉਦਯੋਗ ਅਜਿਹੇ ਮਲਬੇ ਨਾਲ ਤੂਸਿਆ ਪਿਆ ਹੈ ਜਿਸਨੂੰ ਕੋਈ ਵੀ ਬਾਹਰੀ 'ਏਡ' ਜੀਵਨ ਪ੍ਰਦਾਨ ਨਹੀਂ ਕਰ ਸਕੀ । ਰੌਸ਼ਨੀਆਂ ਦੇ ਪ੍ਰਭਾਵ ਨਾਲ ਅਸੀਂ ਨਾਟਕੀ ਸਥਿਤੀ ਤਾਂ ਪੈਦਾ ਕਰ ਸਕਦੇ ਹਾਂ ਪਰੰਤੂ ਚਿਹਰੇ ਦੇ ਯਥਾਰਥ ਨੂੰ ਨਹੀਂ ਬਦਲ ਸਕਦੇ । ਅਤੇ ਤੀਜਾ ਪਹਿਲੂ ਇਹ ਹੈ ਕਿ ਹਜ਼ਾਰ- ਹਾਂ ਵਧੀਆ ਭੂਮਿਕਾਵਾਂ ਨਿਭਾਉਣ ਦੇ ਬਾਵਜੂਦ ਰਾਜ ਕਪੂਰ ਦੀ ਆਪਣੀ ਸਥਿਤੀ ਉਦਯੋਗਪਤੀ ਵਾਲੀ ਹੀ ਤਾਂ ਰਹੀ ਹੈ । ਹੁਣ ਇਸ ਉਦਯੋਗ ਦਾ ਹੋਰ ਵੀ ਵਿਸਤਾਰ ਹੋ ਗਿਆ ਹੈ । ਟੈਲੀ ਅਤੇ ਵੀਡੀਉ ਫ਼ਿਲਮਾਂ ਨੇ ਅਨੇਕ 'ਕਲਾਕਾਰਾਂ' ਲਈ ਤੋਰੀ ਫੁਲਕੇ ਦਾ ਪ੍ਰਬੰਧ ਕੀਤਾ ਹੈ । ਪਰੰਤੂ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਭ, ਰਚਨਾ ਦੀਆਂ, ਸਹਾਇਕ ਵਿਧੀਆਂ ਹਨ । ਜਦੋਂ ਵਿਧੀਆਂ ਭਾਰੂ ਹੋ ਜਾਂਦੀਆਂ ਹਨ ਤਾਂ ਰਚਨਾ ਵਿਚਾਰੀ...

ਰਿਕਾਰਡਿੰਗ ਦੀ ਵਿਧੀ ਨਾਲ ਬਹੁਤ ਸਾਰਾ ਸਾਹਿੱਤ ਲੋਕਾਂ ਦੇ ਨੇੜੇ ਆਇਆ ਹੈ, ਉਨ੍ਹਾਂ ਦਾ ਮਨੋਰੰਜਨ ਕਰਨ ਲਈ । ਜਦੋਂ ਖੂਹ ਆਪ ਤੁਰ ਕੇ ਪਿਆਸੇ ਦੇ ਕੋਲ ਪਹੁੰਚ ਜਾਵੇ ਤਾਂ ਪਿਆਸ ਵਿਚਲਾ ਸੁਹਜ ਸਮਾਪਤ ਹੋ ਜਾਂਦਾ ਹੈ, ਪਹਿਲਾਂ ਲੋਕ ਵਿਹਲ ਤੋਂ ਲਾਹਾ ਖੱਟਣ ਅਰਥਾਤ ਵਕਤ ਕੱਟਣ ਲਈ ਮਨੋਰੰਜਨ ਭਾਲਦੇ ਸਨ ਪਰ ਹੁਣ ਲੋਕਾਂ ਨੂੰ ਮਨੋਰੰਜਨ ਤੋਂ ਹੀ ਵਿਹਲ ਨਹੀਂ ਮਿਲਦਾ । ਬੰਦੇ ਨੂੰ ਬੰਦੇ ਨਾਲ ਗੱਲ ਕਰਨ ਦੀ ਵਿਹਲ ਨਹੀਂ । ਕਿਤਾਬ ਪੜ੍ਹ ਕੇ ਕਿਸੇ ਦੂਜੇ ਨਾਲ ਚਰਚਾ ਕਰਨ ਦੀ ਵਿਹਲ ਨਹੀਂ । ਵੇਖਣ ਜਾਂ ਸੁਣਨ ਤੋਂ ਵਿਹਲ ਮਿਲੇ ਤਾਂ ਬੰਦਾ ਕੁਝ ਪੜ੍ਹੇ ਜਾਂ ਗੱਲ ਕਰੇ । ਹੁਣ ਸਭ ਕੁਝ ਕੀਤਾ-ਕਰਾਇਆ ਮਿਲਦਾ ਹੈ । ਇਹ ਬਹੁਤ ਵੱਡਾ 'ਚਮਤਕਾਰ' ਹੈ, ਪੈਸੇ ਦਾ । ਸਾਨੂੰ ਸੋਚਣ ਦੀ ਕੀ ਲੋੜ ਹੈ, ਜਦੋਂ ਸਾਡੇ ਲਈ ਟੀ. ਵੀ. ਵਾਲੇ ਸੋਚਦੇ ਹਨ, 'ਬੁੱਧੀਜੀਵੀ ਵਰਗ' ਸੋਚਦਾ ਹੈ । ਮਨੋਰੰਜਨ ਦੀ ਏਨੀ 'ਹੈਵੀ ਡੋਜ਼' ਨੇ ਕਈ ਪੀੜ੍ਹੀਆਂ ਤੀਕ ਸਾਡੇ ਲੋਕਾਂ ਦੇ ਸੌਂਦਰਯ-ਬੋਧ ਨੂੰ ਮੁੜ ਉੱਠਣ ਨਹੀਂ ਦੇਣਾ । ਸਾਡੇ ਖਿਡਾਰੀਆਂ ਦੀ ਸੰਖਿਆ ਬੜ੍ਹ ਰਹੀ ਹੈ, ਸਾਡੇ ਐਕਟਰਾਂ ਦੀ ਸੰਖਿਆ ਬੜ੍ਹ ਰਹੀ ਹੈ, ਲੋਕ-ਪ੍ਰਿਯ ਗਾਇਕਾਂ ਤੇ ਗੀਤਕਾਰਾਂ ਦੀ ਸੰਖਿਆ ਬੜ੍ਹ ਰਹੀ ਹੈ । ਕਿਉਂ?...ਹਮੇਂ ਯੇ ਸਭ ਦੇਖਨਾ ਹੈ ।

ਸਾਡੇ ਕੁਝ ਦੂਰਦਰਸ਼ੀ ਦੋਸਤਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ, ਲਿਖੇ ਹੋਏ, ਕਾਗ਼ਜ਼ਾਂ ਨੂੰ ਕਿਸੇ ਨਹੀਂ ਪੁੱਛਣਾ । ਸਭ ਕੁਝ ਦੇਖਣ-ਸੁਣਨ ਦੀਆਂ ਸਹਾਇਕ ਵਿਧੀਆਂ ਰਾਹੀਂ ਮੁਹੱਈਆਂ ਹੋਇਆ ਕਰੇਗਾ । ਲਿਖੇ ਅੱਖਰ ਦੀ ਪਵਿੱਤਰਤਾ ਅਤੇ ਮਹਾਨਤਾ ਦਾ ਸੰਕਲਪ ਖਤਮ ਹੋ ਜਾਵੇਗਾ । ਸਾਹਿੱਤ ਅਤੇ ਕਲਾ ਦੇ ਅਖਾਉਤੀ ਸਿੱਧਾਂਤਾਂ ਵਿੱਚ ਮੂਲ-ਚੂਲ ਪਰਿਵਰਤਨ ਹੋ ਜਾਵੇਗਾ । ਪੜ੍ਹਨ ਦੀ ਲੋੜ ਹੀ ਨਹੀਂ ਰਹੇਗੀ । ਕਲਾਸ ਰੂਮਾਂ ਅਤੇ ਲਾਇਬ੍ਰੇਰੀਆਂ ਵਿੱਚ ਵੀ ਇਹੋ ਭਾਣਾ ਵਰਤ ਜਾਵੇਗਾ । ਸਭ ਕੁਝ ਸਾਕਾਰ ਹੋ ਜਾਵੇਗਾ ।

ਇਹ ਸਹੀ ਹੈ ਕਿ ਸਾਕਾਰ ਦੇ ਸਾਹਮਣੇ ਨਿਰਾਕਾਰ ਨੂੰ ਕੋਈ ਨਹੀਂ ਪੁੱਛਦਾ । ਸਾਹਿੱਤ ਤਾਂ ਕੀ, ਲੋਕਾਂ ਨੇ ਤਾਂ ਰੱਬ ਨੂੰ ਸਾਕਾਰ ਬਣਾ ਕੇ ਉਸ ਕੋਲੋਂ ਆਪਣੀਆਂ ਵਗਾਰਾਂ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਮਹਾਂਪੁਰਸ਼ ਸਮੇਂ ਸਮੇਂ 'ਤੇ ਆ ਕੇ ਇਹਨਾਂ ਲੋਕਾਂ ਕੋਲੋਂ ਰੱਬ ਨੂੰ ਆਜ਼ਾਦ ਕਰਾਉਂਦੇ ਰਹੇ ਹਨ । ਇਹ ਮਹਾਨ ਕੰਮ ਉਨ੍ਹਾਂ ਨੇ ਆਪਣੇ ਅਮਲਾਂ ਰਾਹੀਂ ਅਤੇ ਅਮਲਾਂ ਨੂੰ ਸਾਹਿੱਤ ਰਾਹੀਂ ਪ੍ਰਕਾਸ਼ਮਾਨ ਕਰ ਕੇ ਹੀ ਕੀਤਾ ਹੈ । ਸਾਹਿੱਤ ਦੇ ਸਿਰ ਉੱਤੇ ਬਹੁਤ ਭਾਰੀ ਉੱਤਰਦਾਇਤਵ ਹੈ । ਸਾਨੂੰ ਸਾਹਿੱਤ ਅਤੇ ਮਨੋਰੰਜਨ ਦੀ ਅਨੁਪਾਤ ਨਿਸ਼ਚਿਤ ਕਰਨੀ ਪਵੇਗੀ । ਸਾਨੂੰ ਅਨੁਭਵ ਕਰਨਾ ਪਵੇਗਾ ਕਿ ਇਸ ਮਨੋਰੰਜਨ ਲਈ ਅਸੀਂ ਕਿੰਨਾ ਜਿਆਦਾ ਟੈਕਸ ਅਦਾ ਕਰ ਰਹੇ ਹਾਂ । ਸਾਡੀ ਪਾਚਨ-ਪ੍ਰਣਾਲੀ ਦੇ ਨਾਲ ਨਾਲ ਸਾਡੀ ਚਿੰਤਨ-ਪ੍ਰਣਾਲੀ ਵਿੱਚ ਵੀ ਵਿਗਾੜ ਪੈਦਾ ਕੀਤੇ ਜਾ ਰਹੇ ਹਨ । ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡੀਆਂ ਗਰਦਨਾਂ ਦੇ ਉੱਤੇ ਪਏ ਹੋਏ ਸਿਰ ਪਏ ਪਏ ਕਿਤੇ ਮਤੀਰੇ ਨਾ ਬਣ ਜਾਣ । ਜਿਹੜੀ ਵੀ ਕੁਦਰਤੀ ਸ਼ਕਤੀ ਦਾ ਉਪਯੋਗ ਨਾ ਕੀਤਾ ਜਾਵੇ ਉਹ ਸਦਾ ਲਈ ਸੌਂ ਜਾਂਦੀ ਹੈ ।

ਅਸੀਂ ਇਹ ਸਭ ਕੁਝ ਦੇਖ ਤਾਂ ਰਹੇ ਹਾਂ...
ਪਰੰਤੂ ਇਸ ਪਾਸੇ ਅਸੀਂ ਸੋਚਣਾ ਵੀ ਹੈ...
ਇਸ ਪੱਖੋਂ ਕੁਝ ਕਰਨਾ ਵੀ ਹੈ ।

ਇਹ ਇੱਕ ਵੱਖਰੀ ਤਰ੍ਹਾਂ ਦੀ ਲੜਾਈ ਹੈ; ਕਬੀਰ ਵਰਗੀ ਲੜਾਈ । ਜ਼ਰਾ ਸੋਚੋ, ਕਬੀਰ ਨੇ ਕਦੇ ਰਣ-ਭੂਮੀ ਵਿੱਚ ਹਥਿਆਰ ਨਹੀਂ ਸਨ ਚਲਾਏ ਪਰੰਤੂ ਉਸਦੀ ਰਚਨਾ ਅੱਜ ਵੀ 'ਯੋਧਿਆਂ' ਨੂੰ 'ਪੁਰਜ਼ਾ ਪੁਰਜ਼ਾ ਕਟ ਮਰਨ' ਦੀ ਪ੍ਰੇਰਣਾ ਦੇ ਰਹੀ ਹੈ । ਦਰ-ਅਸਲ ਉਹ ਰਚਨਾ ਅਜਿਹੀ ਪ੍ਰੇਰਣਾ ਦੇ ਨਹੀਂ ਰਹੀ, ਅਸੀਂ ਉਸ ਤੋਂ ਆਪਣੀ ਮਰਜ਼ੀ ਦੀ ਪ੍ਰੇਰਣਾ ਲੈ ਰਹੇ ਹਾਂ । ਸਾਡੀ ਸਿਖਲਾਈ ਹੀ ਇਹੋ ਜਿਹੀ ਹੈ । ਸਾਨੂੰ ਪੜ੍ਹਾਇਆ ਹੀ ਇਸ ਢੰਗ ਨਾਲ ਜਾਂਦਾ ਹੈ ਕਿ ਅਸੀਂ ਸ਼ਬਦਾਂ ਦੇ ਖੋਲਾਂ ਵਿੱਚ ਫਸ ਕੇ ਰਹਿ ਜਾਂਦੇ ਹਾਂ, ਅਰਥਾਂ ਤੱਕ ਲਹਿਣ ਦਾ ਯਤਨ ਨਹੀਂ ਕਰਦੇ । ਸਾਡੇ 'ਕਲਾਕਾਰ', ਸੰਕਟ ਸਮੇਂ ਸਰਹੱਦਾਂ ਉੱਤੇ, ਫੌਜੀ ਭਾਈਆਂ ਦਾ ਮਨੋਰੰਜਨ ਕਰਨ ਲਈ ਜਾਂਦੇ ਹਨ । ਕਤਲੋ-ਗਾਰਤ ਨੂੰ ਬਹੁਤ ਰੰਗੀਨ ਸ਼ਬਦਾਂ ਨਾਲ ਵਡਿਆਇਆ ਜਾਂਦਾ ਹੈ । ਰਾਸ਼ਟਰੀਅਤਾ ਦੇ ਨਾਂ 'ਤੇ ਵਹਿਸ਼ੀ ਰੁਚੀਆਂ ਨੂੰ ਜਗਾਇਆ ਜਾਂਦਾ ਹੈ । ਬੰਦੇ ਦੇ ਖਿਲਾਫ਼ ਬੰਦੇ ਦੇ ਪੁੱਤ ਨੂੰ ਭੜਕਾਇਆ ਜਾਂਦਾ ਹੈ । ਆਪਣੇ ਮਨੋ-ਰੰਜਨ ਲਈ ਕੁੱਕੜਾਂ, ਬਟੇਰਿਆਂ, ਭੇਡੂਆਂ ਤੇ ਝੋਟਿਆਂ ਵਾਂਗ ਮਨੁੱਖਾਂ ਨੂੰ ਲੜਾਇਆ ਜਾਂਦਾ ਹੈ । ਅਤੇ ਸਾਹਿੱਤ ਏਥੇ ਵੀ ਵਰਤਿਆ ਜਾਂਦਾ ਹੈ । ਇਹ 'ਵਰਤਿਆ ਜਾਣਾ' ਹੀ ਇਸਦੀ ਸ਼ਕਤੀ ਨੂੰ ਦੂਸ਼ਿਤ ਕਰਦਾ ਹੈ । ਮਨੁੱਖੀ ਮਾਨਸਿਕਤਾ ਨੂੰ ਪ੍ਰਦੂਸ਼ਿਤ ਕਰਦਾ ਹੈ । ਆਉ ਕਬੀਰ ਨੂੰ ਮੁੜ ਪੜ੍ਹੀਏ! ਆਉ ਆਪਣੀ ਵੱਖਰੀ ਲੜਾਈ ਲੜੀਏ!!

ਗੱਲ ਪੰਜਾਬੀ ਪਾਠਕ ਦੀ

ਸਾਡੇ ਲੇਖਕ ਨੂੰ ਆਮ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬੀ ਵਿੱਚ ਅਜੇ ਤੀਕ ਅਦਬੀ-ਕਲਚਰ ਜੜ੍ਹਾਂ ਨਹੀਂ ਫੜ ਸਕਿਆ । ਆਜ਼ਾਦੀ-ਪ੍ਰਾਪਤੀ ਤੋਂ ਬਾਅਦ ਵਿੱਦਿਅਕ ਅਦਾਰਿਆਂ ਦੀ ਗਿਣਤੀ ਵਧੀ ਹੈ; ਪੜ੍ਹੇ-ਲਿਖਿਆਂ ਦੀ ਗਿਣਤੀ ਵਧੀ ਹੈ; ਕਿਤਾਬਾਂ ਰਸਾਲਿਆਂ ਦੀ ਗਿਣਤੀ ਵਧੀ ਹੈ; ਲਾਇਬ੍ਰੇਰੀਆਂ ਦੀ ਗਿਣਤੀ ਵਧੀ ਹੈ; ਸਾਹਿੱਤਕਾਰਾਂ ਦੀ ਗਿਣਤੀ ਵਧੀ ਹੈ; ਸਾਹਿੱਤ ਸਭਾਵਾਂ ਦੀ ਗਿਣਤੀ ਵਧੀ ਹੈ; ਵਿਦਿਆਰਥੀਆਂ-ਖੋਜਾਰਥੀਆਂ-ਪਰੀਖਿਆਰਥੀਆਂ-ਮਹਾਰਥੀਆਂ ਦੀ ਗਿਣਤੀ ਵਧੀ ਹੈ;...ਪਰ ਪਾਠਕਾਂ ਦੀ ਗਿਣਤੀ ਵਿੱਚ ਗਿਣਨ-ਯੋਗ ਵਾਧਾ ਨਹੀਂ ਹੋਇਆ । ਯੂਨੀਵਰਸਿਟੀਆਂ, ਅਕਾਦਮੀਆਂ ਅਤੇ ਵਿਭਾਗਾਂ ਨੇ ਸਾਹਿੱਤ ਦੇ ਪ੍ਰਚਾਰ-ਪ੍ਰਸਾਰ-ਵਿਸਤਾਰ ਲਈ ਬਹੁਤ ਮਾਇਆ ਖਰਚ ਕੀਤੀ ਫਿਰ ਵੀ ਸਾਡਾ ਪਾਠਕ ਪੁਸਤਕ ਵੱਲ ਰੁਚਿਤ ਨਹੀਂ ਹੋ ਰਿਹਾ । ਕਿਤਾਬਾਂ/ਰਸਾਲੇ ਬਿਨ-ਪੜ੍ਹੇ ਹੀ ਪੁਰਾਣੇ ਹੋ ਜਾਂਦੇ ਹਨ । ਪਤਾ ਨਹੀਂ ਇਹ ਬੇਪ੍ਰਵਾਹੀ ਹੈ ਜਾਂ ਕਿ ਲਾਪ੍ਰਵਾਹੀ; ਪਰ ਸਾਡੇ ਲੇਖਕ ਆਪਣੇ ਬੇਮੁੱਖ ਪਾਠਕਾਂ ਦੇ ਪਿੱਛੇ ਦੌੜ ਦੌੜ ਕੇ ਸਾਹੋ-ਸਾਹੀ ਜ਼ਰੂਰ ਹੋਏ ਪਏ ਹਨ । ਮਸਲਾ ਗੰਭੀਰ ਹੈ । ਇਸ ਲਈ ਇਸ ਬਾਰੇ ਸੋਚ-ਵਿਚਾਰ ਕਰਨੀ ਬਣਦੀ ਹੈ । ਖਿੰਡੇ-ਪੁੰਡੇ ਪਾਠਕਾਂ ਦੀ ਬੇ-ਕਾਇਦਾ ਮਹਿਫ਼ਲ ਵਿੱਚ ਬਾਕਾਇਦਾ ਹਾਜ਼ਰੀ ਭਰਨੀ ਬਣਦੀ ਹੈ । ਹਾਜ਼ਰ ਹਾਂ ਦੋਸਤੋ!

ਪਹਿਲਾਂ ਵੇਖਦਾ ਹਾਂ ਕਿ ਇਸ ਪੱਖੋਂ ਸਾਡੀ ਰਵਾਇਤ ਕੀ ਰਹੀ ਹੈ । ਸਾਡੇ ਤੋਂ ਪਹਿਲਾਂ ਦੇ ਲੋਕ ਇਸ ਮਸਲੇ ਨੂੰ ਕਿਵੇਂ ਨਜਿੱਠਦੇ ਰਹੇ ਹਨ । ਸਾਹਿੱਤ ਪ੍ਰਤੀ ਆਮ ਆਦਮੀ ਦੀ ਪਹੁੰਚ ਕਿਹੋ ਜਿਹੀ ਰਹੀ ਹੈ? ਜੇਕਰ ਗਹੁ ਨਾਲ ਦੇਖੀਏ ਤਾਂ ਸ਼ੁਰੂ ਤੋਂ ਹੀ ਲੇਖਕ ਦੋ ਤਰ੍ਹਾਂ ਦੇ ਰਹੇ ਹਨ: ਇੱਕ ਇਕਾਂਤਵਾਸੀ ਤੇ ਦੂਜੇ ਮਜ਼ਮੇਬਾਜ਼ । ਇਸ ਤਰ੍ਹਾਂ ਸਾਹਿੱਤ ਦੇ ਰਸੀਏ ਵੀ ਦੋ ਤਰ੍ਹਾਂ ਦੇ ਹੀ ਹੁੰਦੇ ਹਨ: ਇੱਕ ਗੰਭੀਰ ਅਤੇ ਦੂਜੇ ਤਮਾਸ਼ਬੀਨ । ਦੋਹਾਂ ਧਿਰਾਂ 'ਚੋਂ ਹੀ ਇੱਕ ਕਿਸਮ ਇਕੱਲਿਆ ਬਹਿ ਕੇ ਅਧਿਐਨ ਕਰਦੀ ਹੈ ਅਤੇ ਦੂਜੀ ਭੀੜ ਵਿੱਚ ਆਨੰਦ ਮਾਣਦੀ ਹੈ । ਗਿਣਤੀ ਦੇ ਪੱਖੋਂ 'ਭੀੜ' ਹਮੇਸ਼ਾ ਹੀ ਇਕੱਲੇ-ਦੁਕੱਲੇ 'ਤੇ ਭਾਰੂ ਹੁੰਦੀ ਹੈ । ਭੀੜ ਦੀ ਮਾਨਸਿਕਤਾ ਕੁਝ ਗ੍ਰਹਿਣ ਕਰਨ ਦੀ ਥਾਂ, ਕੁਝ 'ਹੋਰ' ਕਰਨ 'ਤੇ 'ਉਤਾਰੂ' ਹੁੰਦੀ ਹੈ । ਇਹ ਮਾਨਸਿਕਤਾ ਬਹੁਤੀ ਵਾਰ ਢਾਹੂ ਅਤੇ ਕਦੇ ਕਦੇ ਉਸਾਰੂ ਹੁੰਦੀ ਹੈ ।...

ਪਹਿਲਾਂ ਕਵੀ ਦਰਬਾਰਾਂ ਦੀ ਰਵਾਇਤ ਸੀ; ਨਾਟਕ ਖੇਡੇ ਜਾਂਦੇ ਸਨ । ਇੰਜ ਲੇਖਕ ਅਤੇ ਲਿਖਤਾਂ ਆਮ ਲੋਕਾਂ ਤੱਕ ਪਹੁੰਚਦੀਆਂ ਸਨ । ਜਾਂ ਫਿਰ ਕਿੱਸੇ ਸਨ; ਚਿੱਠੇ ਸਨ । ਇੱਕ ਪੜ੍ਹਦਾ ਸੀ । ਕਈ ਸੁਣਦੇ ਸਨ । ਪਿੱਛੋਂ ਜਾ ਕੇ ਇਹ ਕੰਮ ਰੇਡੀਉ ਕਰਨ ਲੱਗ ਪਿਆ । ਤੇ ਹੁਣ ਟੀ. ਵੀ. ਇਹ ਡਿਊਟੀ ਨਿਭਾਅ ਰਿਹਾ ਹੈ । ਘੇਰਾ ਪਹਿਲਾਂ ਨਾਲੋਂ ਬਾਹਲਾ ਈ ਵਿਸ਼ਾਲ ਹੋ ਗਿਆ, ਪਰੰਤੂ ਲੇਖਕਾਂ ਦੀ ਸ਼ਿਕਾਇਤ ਵੀ ਬਾਹਲੀ ਹੀ ਵਧ ਗਈ ਹੈ । ਲੋਕ ਰੇਡੀਉ ਸੁਣਦੇ ਹਨ, ਟੀ. ਵੀ. ਦੇਖਦੇ ਹਨ, ਅਖ਼ਬਾਰਾਂ ਪੜ੍ਹਦੇ ਹਨ । ਸਾਹਿੱਤ ਦੀ ਜਿੰਨੀ ਕੁ ਭੁੱਖ ਜਾਂ ਤ੍ਰੇਹ ਉਨ੍ਹਾਂ ਨੂੰ ਹੁੰਦੀ ਹੈ, ਇਨ੍ਹਾਂ ਸਾਧਨਾਂ ਰਾਹੀਂ ਮਿਟ ਜਾਂਦੀ ਹੈ । ਸਾਡੇ ਲੋਕਾਂ ਕੋਲ ਪੈਸਾ ਕਾਫੀ ਹੈ । ਨਵੀਂ ਤੋਂ ਨਵੀਂ ਕੈਸਿਟ ਤੱਕ ਉਨ੍ਹਾਂ ਦੀ ਪਹੁੰਚ ਹੈ; ਵੀ. ਡੀ ਓ. ਵੀ ਬਹੁਤਿਆਂ ਦੀ ਪੁੱਜਤ ਤੋਂ ਬਾਹਰ ਨਹੀਂ । ਰਹਿੰਦੀ ਕਸਰ 'ਛਣਕਾਟੇ' ਤੇ 'ਨਾਈਟਾਂ' ਪੂਰੀਆਂ ਕਰ ਦੇਂਦੀਆਂ ਹਨ । ਸਾਹਿੱਤ ਤਾਂ ਘਰ ਘਰ ਤੱਕ ਪਹੁੰਚ ਰਿਹਾ ਹੈ । ਪਰ ਸ਼ਿਕਾਇਤ ਇਹ ਹੈ ਕਿ ਸਾਡੇ ਲੋਕਾਂ ਦੀ ਸਾਹਿੱਤ ਪ੍ਰਤੀ ਪਹੁੰਚ ਕੀ ਹੈ? ਕੀ ਇਹ ਸਿਰਫ਼ ਮਨੋਰੰਜਨ ਦਾ ਸਾਧਨ ਹੈ, ਕੀ ਸਾਹਿੱਤ ਕੇਵਲ ਵਕਤ ਪਾਸ ਕਰਨ ਲਈ ਹੁੰਦਾ ਹੈ?...ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਪਾਠਕਾਂ-ਸਰੋਤਿਆਂ ਨੂੰ ਕੌਣ ਦਏਗਾ? ਅਜੇ ਤਾਂ ਲੇਖਕ ਖ਼ੁਦ ਵੀ ਇਸ ਬਾਰੇ ਸਪੱਸ਼ਟ ਨਹੀਂ । ਸਭ ਨੂੰ ਮਾਲ ਵੇਚਣ ਦੀ ਕਾਹਲੀ ਹੈ । ਸਸਤਾ ਮਾਲ ਛੇਤੀ ਵਿਕਦਾ ਹੈ; ਜਿਆਦਾ ਵਿਕਦਾ ਹੈ । ਜਦੋਂ ਸਾਹਿੱਤ ਨੂੰ ਵੀ ਮੰਡੀ ਦੀ ਵਸਤ ਬਣਾ ਦਿੱਤਾ ਗਿਆ ਤਾਂ ਅਫਸੋਸ ਕਾਹਦਾ? ਸ਼ਿਕਾਇਤ ਕਿਉਂ?...ਏਥੇ ਪਾਠਕ ਕੀ ਕਰੇ? ਜਿਸ ਗਲੀ ਵਿੱਚ ਜਿਹੜੀ ਸ਼ੈਅ ਵਿਕਣ ਜਾਵੇਗੀ, ਓਥੇ ਉਹੀ ਵਿਕੇਗੀ । ਅਸੀਂ ਸਾਰੇ ਸੌਖ ਪਸੰਦ ਹਾਂ । ਆਓ ਸ਼ਿਕਾਇਤ ਕਰਨ ਤੋਂ ਪਹਿਲਾਂ ਆਪਣੇ ਵਤੀਰੇ ਬਾਰੇ ਸੋਚੀਏ ।

ਆਉ ਦੇਖੀਏ ਕਿ ਸਾਡੇ ਲੇਖਕ ਦਾ ਆਪਣੇ ਪਾਠਕ ਨਾਲ ਰਿਸ਼ਤਾ ਕਿਹੋ ਜਿਹਾ ਹੈ? ਲੇਖਕ ਬਹੁਤੀ ਵਾਰ ਪਿੰਡ ਤੋਂ ਤੁਰਦਾ ਹੈ; ਯੂਨੀਵਰਸਿਟੀ ਤੱਕ ਅਪੜਦਾ ਹੈ, ਵਾਦਾਂ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਗੁਆਚ ਜਾਂਦਾ ਹੈ, ਮੁੜ ਪਰਤਣ ਜੋਗਾ ਨਹੀਂ ਰਹਿੰਦਾ । ਪਿੰਡ ਆਉਂਦਿਆਂ ਉਹਨੂੰ ਸ਼ਰਮ ਲੱਗਦੀ ਹੈ ਅਤੇ ਸੱਚੀ ਗੱਲ ਹੈ ਕਿ 'ਇਨਕਲਾਬ' ਤੋਂ ਬਾਅਦ ਪਿੰਡ ਵਾਲੇ ਉਹਨੂੰ ਪਛਾਣਦੇ ਵੀ ਨਹੀਂ । ਯੂਨੀਵਰਸਿਟੀਆਂ ਤਾਂ ਲੋਕ-ਸਾਹਿੱਤ ਨੂੰ ਵੀ ਸੰਰਚਨਾਵਾਦੀ ਸ਼ਿਕੰਜੇ ਵਿੱਚ ਕੱਸ ਦੇਂਦੀਆਂ ਹਨ; ਫਿਰ ਇਹ ਲੇਖਕ ਵਿਚਾਰੇ ਭਲਾ ਕਿਸ ਖੇਤ ਦੀ ਮੂਲੀ ਹਨ, ਬੰਦਾ ਸੰਕਲਪਾਂ ਦੀ ਪਰਿਭਾਸ਼ਾ ਅਤੇ ਵਿਆਖਿਆ ਵਿੱਚ ਏਨਾ ਉਲਝ ਜਾਂਦਾ ਹੈ ਕਿ ਉਸ ਨੂੰ ਆਪਣਾ 'ਮੂਲ ਪਛਾਨਣ' ਦੀ ਸੋਝੀ ਹੀ ਨਹੀਂ ਰਹਿੰਦੀ । ਲੇਖਕ ਤਾਂ 'ਜੋਤ ਸਰੂਪ' ਹੀ ਹੁੰਦਾ ਹੈ ਪਰੰਤੂ ਬਨਾਉਟੀ ਰੌਸ਼ਨੀਆਂ ਵਿੱਚ ਉਹ ਆਪਣੀ 'ਜੋਤ' ਨੂੰ ਪਰੰਪਰਾ ਸਮਝ ਕੇ ਆਧੁਨਿਕਤਾ ਦੀ ਭੇਟ ਚੜ੍ਹਾ ਬਹਿੰਦਾ ਹੈ । ਇਹ ਕੋਈ ਵੱਖਰੀ ਵਿਰਵੀ ਗੱਲ ਨਹੀਂ ਇਉਂ ਹੁੰਦਾ ਹੀ ਰਹਿੰਦਾ ਹੈ ।...ਜ਼ਰਾ ਸੋਚੋ, ਸਾਡਾ ਪਾਠਕ, ਤਥਾ- ਕਥਿਤ ਲੇਖਕ ਦੀ ਕਿੰਨੀ ਜ਼ਿਆਦਤੀ ਸਹਿੰਦਾ ਹੈ । ਲੇਖਕ ਤਾਂ 'ਬੁੱਧੀਜੀਵੀ' ਬਣ ਜਾਂਦਾ ਹੈ, ਪਾਠਕ 'ਢੱਗਾ' ਹੀ ਰਹਿੰਦਾ ਹੈ ।

ਸਾਡਾ ਪਾਠਕ ਬੱਚਾ ਹੈ; ਬੁੱਢਾ ਹੈ, ਬੀਮਾਰ ਹੈ । ਪੜ੍ਹਿਆ-ਲਿਖਿਆ ਬੇਰੁਜ਼ਗਾਰ ਹੈ । ਸਾਡਾ ਪਾਠਕ ਕਾਮਾ ਹੈ, ਮਜ਼ਦੂਰ ਹੈ, ਦੋ ਵੇਲੇ ਦੀ ਰੋਟੀ ਤੋਂ ਮਜਬੂਰ ਹੈ । ਉਹ ਦਿਹਾੜੀ ਕਰਦਾ ਹੈ; ਕਿਸੇ ਦੀ ਵਗਾਰ ਕਰਦਾ ਹੈ, ਕਿਸੇ ਦਾ ਪਾਣੀ ਭਰਦਾ ਹੈ । ਸਾਡਾ ਪਾਠਕ ਸੀਮਾ 'ਤੇ ਬੈਠਾ ਜਵਾਨ ਹੈ; ਭੂਮੀ-ਹੀਨ ਕਿਸਾਨ ਹੈ । ਸਾਡਾ ਕੋਈ ਪਾਠਕ ਹਲ ਵਾਹੁੰਦਾ ਹੈ; ਕੋਈ ਕੱਪੜਾ ਬੁਣਦਾ ਹੈ । ਸਾਡਾ ਪਾਠਕ ਦਰਜ਼ੀ ਹੈ; ਨਾਈ ਹੈ; ਹਲਵਾਈ ਹੈ । ਸਾਡਾ ਪਾਠਕ ਬਾਣੀਆਂ ਦਾ, ਬੈਂਕਾਂ ਦਾ ਕਰਜ਼ਾਈ ਹੈ । ਸਾਡਾ ਪਾਠਕ ਵਪਾਰੀ, ਕਮਾਊ ਵੀ ਹੈ । ਸਾਡਾ ਪਾਠਕ ਦਫ਼ਤਰ ਦਾ ਬਾਊ ਵੀ ਹੈ । ਦਫ਼ਤਰਾਂ ਵਿੱਚ ਪਾਠਕਾਂ ਦੀ ਗਿਣਤੀ ਖਾਸੀ ਹੈ । ਪਾਠਕ ਅਫ਼ਸਰ ਹੈ; ਪਾਠਕ ਚਪੜਾਸੀ ਹੈ । ਆਹੁਦਾ, ਦਰਜਾ ਤੇ ਪੇਸ਼ਾ ਅਲੱਗ ਅਲੱਗ ਹੈ । ਸੁਹਜ-ਸੁਆਦ 'ਚ ਬਰਾਬਰੀ ਲੱਗਭੱਗ ਹੈ ।...

ਤੁਸੀਂ ਕਹਿੰਦੇ ਹੋ: ਇਹਨਾਂ ਨੂੰ ਪੜ੍ਹਨ ਦੀ ਜਾਚ ਅਜੇ ਆਈ ਨਹੀਂ । ਪਰ ਉਹ ਕੀ ਕਰਨ, ਉਹਨਾਂ ਲਈ ਕੋਈ ਬਾਕਾਇਦਾ ਸਿਖਲਾਈ ਨਹੀਂ । ਨਾਲੇ ਜ਼ਰਾ ਸੋਚੋ, ਜੇਕਰ ਲੇਖਕਾਂ ਨੂੰ ਅਜੇ ਤੱਕ ਲਿਖਣਾ ਨਹੀਂ ਆਇਆ ਤਾਂ ਪਾਠਕਾਂ ਨੂੰ ਅਸੀਂ ਕੀ ਪੜ੍ਹਨ ਦੀ ਜਾਚ ਸਿਖਾਉਣਾ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਅਸੀਂ ਤਾਂ ਭਾਵੇਂ ਪਾਠਕਾਂ ਦੀ ਕਿੰਨੀ ਵੀ ਦੁਰਗਤ ਕਰੀ ਜਾਈਏ; ਕੋਲਿਆਂ ਨਾਲ ਲੀਕਾਂ ਵਾਹ ਕੇ ਕੰਧਾਂ-ਕੌਲੇ ਭਰੀ ਜਾਈਏ; ਪਾਠਕ ਫੇਰ ਵੀ ਸਾਡੇ ਅੱਗੇ-ਪਿੱਛੇ ਫਿਰੀ ਜਾਣ । ਸਾਡੇ ਚਰਨਾਂ ਵਿੱਚ ਗਿਰੀ ਜਾਣ ।

ਕੋਈ ਦੱਸੇ ਕਿ ਲੇਖਕ ਖ਼ੁਦ ਕਿੰਨੇ ਕੁ ਚੰਗੇ ਪਾਠਕ ਹਨ? ਅਸੀਂ ਲੱਗਦੀ ਵਾਹੇ ਪੰਜਾਬੀ ਨਹੀਂ ਪੜ੍ਹਨਾ ਚਾਹੁੰਦੇ ਅਤੇ ਪੰਜਾਬੀ ਤੋਂ ਬਿਨਾਂ, ਸ਼ਬਦ-ਕੋਸ਼ਾਂ ਦੀ ਸਹਾਇਤਾ ਨਾਲ ਵੀ, ਕਈ ਕੁਝ ਪੜ੍ਹਨਾ ਚਾਹੁੰਦੇ ਹਾਂ । ਪੰਜਾਬੀ ਦਾ ਅਖ਼ਬਾਰ ਰਿਸਾਲਾ ਓਹੀ ਪੜ੍ਹਦਾ ਹੈ ਜਿਸਨੂੰ ਕੋਈ ਹੋਰ ਭਾਸ਼ਾ ਨਹੀਂ ਆਉਂਦੀ । ਮੁਫ਼ਤ ਵਿੱਚ ਆਏ ਹੋਏ 'ਢੇਰ' ਵੀ ਅਸੀਂ ਵਾਚਣ ਦੀ ਖੇਚਲ ਨਹੀਂ ਕਰਦੇ । ਏਸੇ ਲਈ ਤਾਂ ਪੰਜਾਬੀ ਦੇ ਕਿਸੇ ਨਵੇਂ ਲੇਖਕ ਦੀ ਕੋਈ ਰਚਨਾ ਸਾਨੂੰ ਯਾਦ ਨਹੀਂ । ਏਸੇ ਲਈ ਤਾਂ ਪੰਜਾਬੀ ਲੇਖਕਾਂ-ਆਲੋਚਕਾਂ-ਪਾਠਕਾਂ ਦਾ ਕੋਈ ਸਿਹਤਮੰਦ ਸੰਵਾਦ ਨਹੀਂ । ਭਲਾ ਕਿੰਨੇ ਕੁ ਆਈ. ਏ. ਐੱਸ., ਪੀ. ਸੀ. ਐੱਸ., ਡਾਕਟਰ, ਇੰਜੀਨੀਅਰ, ਵਕੀਲ, ਜੱਜ ਅਤੇ ਸਿਆਸਤਦਾਨ ਸਾਹਿੱਤ ਨਾਲ ਮਾੜਾ ਮੋਟਾ ਸਰੋਕਾਰ ਰੱਖਦੇ ਹਨ? ਜਿਹੜੇ ਲੋਕ ਸ਼ੁਰੂ ਸ਼ੁਰੂ ਵਿੱਚ ਰੱਖਦੇ ਵੀ ਹਨ ਅਤੇ ਉਹ ਅਹੁਦਾ ਸੰਭਾਲਣ ਪਿੱਛੋਂ, ਆਪਣਾ ਇਹ ਸ਼ੌਕ ਕਿੰਨਾ ਕੁ ਬਰਕਰਾਰ ਰੱਖਦੇ ਹਨ? ਬਾਕੀਆਂ ਨੂੰ ਛੱਡੋ, ਸਾਡੇ ਪੰਜਾਬੀ ਪੜ੍ਹਾਉਣ ਵਾਲੇ, ਪੰਜਾਬੀ ਤੋਂ ਰੋਜ਼ੀ ਕਮਾਉਣ ਵਾਲੇ, ਅਧਿਆਪਕ ਲੈਕਚਰਾਰ ਤੇ ਪ੍ਰੋਫੈਸਰ ਆਪਣੀ ਮਾਂ-ਬੋਲੀ ਦੇ ਮੌਲਿਕ ਸਾਹਿੱਤ ਨਾਲ ਕਿੰਨਾ ਕੁ ਹੇਜ ਪਾਲਦੇ ਹਨ? ਆਪਣੇ ਤਾਂ ਲਾਇਬ੍ਰੇਰੀਅਨ ਵੀ ਇਹਨਾਂ ਦੇ ਨਾਲਦੇ ਹਨ! ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਾਠਕ ਬਹੁਤ ਬੜਾ ਹੋਵੇ । ਜਿੱਥੇ ਜਾਈਏ, ਅੱਗੇ ਹਾਰ ਲੈ ਕੇ ਖੜ੍ਹਾ ਹੋਵੇ! ਚਾਹੀਦਾ ਤਾਂ ਇਹ ਹੈ ਕਿ ਪਹਿਲਾਂ ਬੀਤੇ ਹੇਠਾਂ ਸੋਟੀ ਮਾਰੀਏ, ਫੇਰ ਆਪਣਾ ਅੱਗਾ ਸੁਆਰੀਏ । ਜੋ ਕੁਝ ਹੋਰਨਾਂ ਤੋਂ ਤਵੱਕੋ ਰੱਖਦੇ ਹਾਂ ਪਹਿਲਾਂ ਆਪ ਕਰੀਏ । ਆਪਣੀ ਖੁਸ਼-ਫ਼ਹਿਮੀ ਦੀ ਮਿਰਗ-ਜਲੀ ਨੂੰ ਸਬਰ ਨਾਲ ਤਰੀਏ । ਹਾਲ ਦੀ ਘੜੀ ਸਾਹਿੱਤ ਦੇ ਸੰਕਟ ਨੂੰ ਪਾਠਕਾਂ ਦੇ ਨਾਲ ਹੀ ਜਰੀਏ । ਆਪਾ ਪੜਚੋਲੀਏ; ਸ਼ਿਕਾਇਤ ਨਾ ਕਰੀਏ ।

ਭਾਈ ਸਾਹਿਬ! ਪਾਠਕ ਤਾਂ ਸਾਡੇ ਤੋਂ ਪਹਿਲਾਂ ਹੀ ਬਹੁਤ ਦੁਖੀ ਹੈ । ਅਸੀਂ ਉਸਨੂੰ ਖਾ-ਮ-ਖਾਹ ਆਪਣੀ ਫੋਕੀ ਹਉਂ ਵਿੱਚ ਉਲਝਾ ਰੱਖਿਆ ਹੈ । ਗਿੱਲਾ ਪੀਣ੍ਹ ਪਾ ਰਖਿਐ । ਅਸੀਂ ਉਹ ਕੁਝ ਨਹੀਂ ਲਿਖਦੇ, ਜੋ ਭੋਗਦੇ ਹਾਂ । ਇਉਂ ਅਸੀਂ ਪਾਠਕ ਨੂੰ ਸਾਹਿੱਤ ਨਾਲੋਂ ਵਿਜੋਗਦੇ ਹਾਂ । ਅਸੀਂ ਪਾਠਕ ਨੂੰ ਬੁੱਧੂ ਬਣਾਉਣ ਲਈ, ਤੁਕਾਂਤ ਜੋੜਦੇ ਹਾਂ ਅਥਵਾ ਮੌਕਾ-ਮੇਲ ਜੋੜਦੇ ਹਾਂ, ਇਉਂ ਅਸੀਂ ਪਾਠਕ ਦਾ ਰਿਸ਼ਤਾ ਸਾਹਿੱਤ ਨਾਲੋਂ ਤੋੜਦੇ ਹਾਂ । ਊਂ ਤਾਂ ਅਸੀਂ ਪਾਠਕਾਂ ਨੂੰ ਬੇਥਵ੍ਹੀਆਂ ਢੇਕਚਾਲੀਆਂ ਨਾਲ ਟਾਲਦੇ ਹਾਂ, ਫਿਰ ਅਸੀਂ ਉਸ ਤੋਂ ਭਰਵਾਂ ਹੁੰਗਾਰਾ ਭਾਲਦੇ ਹਾਂ । ਕੰਮ ਤਾਂ ਅਸੀਂ ਗਲਤ ਕਰਦੇ ਹਾਂ ਪਰ ਆਪਣੀ ਗਲਤੀ ਨੂੰ ਪਾਠਕ ਦੀ 'ਅਣਗਹਿਲੀ' ਵਿੱਚ ਖਲਤ-ਮਲਤ ਕਰਦੇ ਹਾਂ । ਅਸੀਂ ਅਸਪੱਸ਼ਟ ਹਾਂ । ਅਸੀਂ ਪਥ-ਭ੍ਰਸ਼ਟ ਹਾਂ । ਪਾਠਕ ਨੂੰ ਬੇ-ਵਜ੍ਹਾ ਦੇਂਦੇ ਕਸ਼ਟ ਹਾਂ । ਅਸੀਂ ਪਾਠਕ ਤੋਂ ਦੂਰ ਹਾਂ, ਉਹ ਸਾਥੋਂ ਦੂਰ ਨਹੀਂ । ਜਨਾਬੇ-ਅਲੀ! ਪਾਠਕ ਦਾ ਕੋਈ ਕਸੂਰ ਨਹੀਂ ।

ਪਾਠਕ ਨੂੰ (ਅਥਵਾ ਸਰੋਤੇ ਨੂੰ , ਜਾਂ ਕਹਿ ਲਓ ਦਰਸ਼ਕ ਨੂੰ ) ਭਾਰਤੀ ਕਾਵਿ-ਮਨੀਸ਼ੀਆਂ ਨੇ ਸਹਿਰਦਯ ਆਖਿਆ ਹੈ । ਅਸੀਂ, ਆਪਣੀ ਸੌਖ ਲਈ ਥੋੜ੍ਹਾ ਜਿਹਾ ਬਦਲ ਕੇ ਸੁਹਿਰਦ ਕਹਿ ਸਕਦੇ ਹਾਂ । ਜਿਹੜਾ ਲੇਖਕ ਆਪਣੇ ਪਾਠਕ ਨੂੰ ਪ੍ਰਕ੍ਰਿਤੀ ਦੇ ਨੇੜੇ ਲਿਆ ਸਕਦਾ ਹੈ, ਉਹ ਸਹੀ ਅਰਥਾਂ ਵਿੱਚ ਲੇਖਕ ਅਖਵਾ ਸਕਦਾ ਹੈ । ਮਨੁੱਖ ਦੇ ਮਨ ਅੰਦਰ ਸੂਖਮ ਭਾਵਨਾਵਾਂ ਜਗਾਉਣਾ, ਉਨ੍ਹਾਂ ਦੀ ਅੰਤਰ-ਵੀਣਾ ਦੇ ਤਾਰ ਹਿਲਾਉਣਾ, ਹੀ ਲੇਖਕ ਦਾ ਕਰਤੱਵ ਹੈ, ਜਾਂ ਕਹਿ ਲਉ ਕਿ ਫਰਜ਼ ਹੈ । ਗਲਤੀ ਮੰਨ ਲੈਣ ਵਿੱਚ ਕੀ ਹਰਜ਼ ਹੈ! ਅਸੀਂ ਜਾਣਦੇ ਹਾਂ ਕਿ ਕਲਮਾਂ ਵਾਲੇ ਖ਼ੁਦ ਵੀ ਸਮਕਾਲੀਆਂ ਦੀਆਂ ਲਿਖਤਾਂ ਨੂੰ ਕੈਰੀ ਅੱਖ ਨਾਲ ਵੇਖਦੇ ਹਨ । ਲੇਖਕਾਂ ਦੇ ਮਾਪੇ ਅਕਸਰ ਉਨ੍ਹਾਂ ਦੀਆਂ ਕਿਰਤਾਂ ਪ੍ਰਤਿ ਉਦਾਸੀਨ ਰਹਿੰਦੇ ਹਨ; ਬੀਵੀ-ਬੱਚੇ ਕਿਸੇ ਹੋਰ ਹੀ ਧੁਨ ਵਿੱਚ ਲੀਨ ਰਹਿੰਦੇ ਹਨ । ਜੇਕਰ ਲਿਖਣ ਵਾਲਾ ਵਿਅਕਤੀ ਇਸਤਰੀ-ਲਿੰਗ ਹੈ ਤਾਂ ਸ਼ਾਦੀ ਪਿੱਛੋਂ ਉਹ ਹੋਰ ਦਾ ਹੋਰ ਹੀ ਹੋ ਜਾਂਦਾ ਹੈ । ਅਣਕਿਆਸੀਆਂ ਮਜਬੂਰੀਆਂ ਵਿੱਚ ਖੋ ਜਾਂਦਾ ਹੈ । ਫਿਰ ਵੀ ਉਹ ਨਾ ਲਿਖਦਾ ਹੈ ਨਾ ਪੜ੍ਹਦਾ ਹੈ । ਕੰਢਿਆਂ ਤੱਕ ਉਬਲਦਾ ਹੈ ਤੇ ਆਪਣੀ ਅੱਗ ਵਿੱਚ ਸੜਦਾ ਹੈ । ਬੰਦੇ ਨੂੰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ । ਪਾਠਕ ਬਣਨਾ ਕੋਈ ਖੇਲ ਨਹੀਂ । ਸਾਡੇ ਆਪਣੇ ਧੀਆਂ- ਪੁੱਤਰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ । ਸੂਰਜ ਉੱਗਣ ਤੋਂ ਪਹਿਲਾਂ ਘਰੋਂ ਨਿਕਲਦੇ ਹਨ, ਡੂੰਘੀ ਸ਼ਾਮ ਪਏ ਘਰ ਵੜਦੇ ਹਨ । ਫਿਰ ਟਿਊਸ਼ਨਾਂ 'ਤੇ ਚਲੇ ਜਾਂਦੇ ਹਨ । ਸੋਤ ਪਏ ਘਰ ਆਂਦੇ ਹਨ । ਅੱਧੀ ਰਾਤ ਤੋਂ ਪਹਿਲਾਂ ਤਾਂ ਉਹ ਸੌਂਦੇ ਹੀ ਨਹੀਂ । ਅਸੀਂ ਉਹਨਾਂ ਨੂੰ ਮਹਿਜ਼ ਵਿਦਿਆਰਥੀ ਬਣਾਉਂਦੇ ਹਾਂ, ਪਾਠਕ ਨਹੀਂ ਬਣਾਉਂਦੇ । ਵੱਡੇ ਹੋ ਕੇ ਜੇਕਰ ਉਹ ਸਾਹਿੱਤ ਤੋਂ ਦੂਰ ਰਹਿੰਦੇ ਨੇ ਤਾਂ ਜ਼ਿੰਮੇਵਾਰ ਲੇਖਕ ਉਨ੍ਹਾਂ ਨੂੰ ਬੁਰਾ ਭਲਾ ਕਿਉਂ ਕਹਿੰਦੇ ਨੇ? ਆਪਣੀਆਂ ਜੜ੍ਹਾਂ ਤਾਂ ਅਸੀਂ ਆਪ ਵੱਢਦੇ ਹਾਂ । ਗੁੱਸਾ ਦੂਜਿਆਂ 'ਤੇ ਕੱਢਦੇ ਹਾਂ । ਚਲੋ, ਆਪੇ ਫੈਸਲਾ ਹੋ ਜਾਏਗਾ, ਗੱਲ ਪਾਠਕਾਂ 'ਤੇ ਛੱਡਦੇ ਹਾਂ ।

ਪਾਠਕ ਕਹਿੰਦਾ ਹੈ: ਅਸੀਂ ਲੇਖਕ ਲੋਕ ਝੂਠ ਬੋਲ ਬੋਲ ਕੇ ਸੱਚ ਮਾਰ ਦੇਂਦੇ ਹਾਂ । ਘਸੀ-ਪਿਟੀ ਸ਼ਬਦਾਵਲੀ ਦੁਹਰਾ ਦੁਹਰਾ ਕੇ ਅਗਲੇ ਦਾ ਮੱਚ ਮਾਰ ਦੇਂਦੇ ਹਾਂ । ਪਾਠਕ ਉਕਤਾ ਜਾਂਦਾ ਹੈ । ਲੇਖਕ ਬੌਖ਼ਲਾ ਜਾਂਦਾ ਹੈ । ਦਲਾਲ ਅਤੇ ਵਪਾਰੀ ਚੰਮ ਦੀਆਂ ਚਲਾ ਜਾਂਦਾ ਹੈ । ਬਹੁਤ ਕੁਝ ਛਪਦਾ ਹੈ; ਬਹੁਤ ਕੁਝ ਵਿਕਦਾ ਹੈ; ਬਹੁਤ ਕੁਝ ਪੜ੍ਹਿਆ ਜਾਂਦਾ ਹੈ । ਸਾਹਿੱਤ ਦੇ ਨਾਂ 'ਤੇ ਬਹੁਤ ਕੁਝ ਪਾਠਕਾਂ ਦੇ ਮੱਥੇ ਮੜ੍ਹਿਆ ਜਾਂਦਾ ਹੈ । ਪੰਜਾਬੀ ਸਾਹਿੱਤ ਦਾ ਵਪਾਰ ਵੀ ਚੋਖਾ ਹੈ; ਜਿਹੜਾ ਸਾਹਿੱਤ ਦੇ ਨਾਂ 'ਤੇ ਸਿਰਫ਼ ਧੋਖਾ ਹੈ । ਮਿਲਾਵਟ ਹੈ, ਬਨਾਵਟ ਹੈ, ਉਕਤਾਹਟ ਹੈ; ਥਕਾਵਟ ਹੈ । ਇਹ ਸੱਚ ਹੈ ਕਿ ਪਿੱਛ ਪੀਂਦਿਆਂ ਪੀਂਦਿਆਂ, ਕਦੇ ਕਦਾਈਾ ਚੌਲਾਂ ਦਾ ਦਾਣਾ ਵੀ ਆ ਜਾਂਦਾ ਹੈ ਪਰ ਅਗਲੇ ਦਾਣੇ ਦੀ ਉਡੀਕ ਕਰਨ ਤੋਂ ਪਾਠਕ ਘਬਰਾ ਜਾਂਦਾ ਹੈ । ਕਈ ਵਾਰ ਕੋਈ ਪਾਠਕ ਪਹਿਲੀ ਪਹਿਲੀ ਵਾਰ, ਬੜੇ ਚਾਅ ਨਾਲ ਆਪਣੀ ਮਾਂ- ਬੋਲੀ ਦੀ ਕੋਈ ਕਿਤਾਬ ਚੁੱਕਦਾ ਹੈ । ਬੜੇ ਅਦਬ ਨਾਲ ਪੜ੍ਹਨਾ ਸ਼ੁਰੂ ਕਰਦਾ ਹੈ । ਉਸਦਾ ਪਹਿਲ ਤਜਰਬਾ ਹੀ ਏਨਾ ਕੌੜਾ-ਕਸੈਲਾ ਹੁੰਦਾ ਹੈ ਕਿ ਉਹ ਅੱਗੇ ਤੋਂ ਕੰਨਾਂ ਨੂੰ ਹੱਥ ਲਾ ਲੈਂਦਾ ਹੈ ਅਤੇ ਸਾਡੇ ਸਾਹਿੱਤ ਬਾਰੇ ਇੱਕ ਪੱਕਾ ਨਜ਼ਰੀਆ ਬਣਾ ਲੈਂਦਾ ਹੈ । ਉਹ ਆਪ ਤਾਂ ਮੁੜ ਸਾਹਿੱਤ ਤੋਂ ਦੂਰ ਹੀ ਰਹਿੰਦਾ ਹੈ । ਸਗੋਂ ਹੋਰਨਾਂ ਨੂੰ ਵੀ ਕਹਿੰਦਾ ਹੈ: ਇਹਨਾਂ ਕਿਤਾਬਾਂ ਤੋਂ ਦੂਰ ਰਹੋ, ਹੋਰਨਾਂ ਨੂੰ ਵੀ ਕਹੋ: ਐਵੇਂ ਬਰਬਾਦ ਮਾਇਆ ਨਾ ਕਰਨ; ਐਂਵੇ ਵਕਤ ਜਾਇਆ ਨਾ ਕਰਨ । ਇਹ ਮਾੜਾ ਲੇਖਕ ਬਾਕੀਆਂ ਦਾ ਵੀ ਅੱਗਾ ਮਾਰ ਦੇਂਦਾ ਹੈ, ਆਪਣਾ ਮੈਲਾ ਅਕਸ ਪੂਰੇ ਪਾਣੀ ਵਿੱਚ ਉਤਾਰ ਦੇਂਦਾ ਹੈ ।

ਸਾਹਿੱਤ ਜੀਵਨ ਨੂੰ ਸਮਝਣ ਅਤੇ ਪ੍ਰਕ੍ਰਿਤੀ ਨੂੰ ਜਾਨਣ-ਮਾਨਣ ਦਾ ਅਨਿਵਾਰੀ ਸਾਧਨ ਹੈ । ਇਨਸਾਨ ਨੂੰ ਪਹਿਲਾਂ ਇਸ ਸਰਬਕਾਲੀ ਸੱਚਾਈ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ । ਜੇ ਉਸਨੂੰ ਆਪਣੀ ਇਸ ਸਦੀਵੀ ਲੋੜ ਦਾ ਆਭਾਸ ਹੋ ਜਾਵੇ ਤਾਂ ਪਾਠਕੀ ਪ੍ਰਕਿਰਿਆ ਦੀ ਖ਼ੂਬਸੂਰਤ ਸ਼ੁਰੂਆਤ ਹੋ ਜਾਵੇਗੀ । ਪਾਠਕ ਖ਼ੁਦ ਆਪਣੀ ਇਸ ਉਚਤਮ ਲੋੜ ਦੀ ਪੂਰਤੀ ਲਈ ਯਤਨਸ਼ੀਲ ਹੋਵੇਗਾ । ਉਸਦੀ ਪਰਖ ਸ਼ਕਤੀ ਵਿਕਸਿਤ ਹੋਵੇਗੀ । ਉਸ ਅੰਦਰ ਸੁੱਤੀਆਂ ਹੋਈਆਂ ਰਹੱਸਮਈ ਸ਼ਕਤੀਆਂ ਜਾਗਰਿਤ ਹੋ ਜਾਣਗੀਆਂ । ਫਿਰ ਉਹ ਮਹਿਜ਼ ਸਾਹਿੱਤ ਪੜ੍ਹੇਗਾ ਹੀ ਨਹੀਂ, ਸਾਹਿੱਤਕਾਰ ਨੂੰ ਅਗਵਾਈ ਵੀ ਦੇਵੇਗਾ । ਉਸ ਦੀ ਪਸੰਦ ਨਾਪਸੰਦ ਦਾ ਲੇਖਕ ਨੂੰ ਹਰ ਹਾਲਤ ਵਿੱਚ ਖਿਆਲ ਰੱਖਣਾ ਪਵੇਗਾ । ਸਮੇਂ ਅਤੇ ਸਟੇਸ਼ਨਰੀ ਦਾ ਨਾਸ ਹੋਣੋਂ ਬਚੇਗਾ । ਸਿਰਫ਼ ਪੈਸੇ, ਪਦਵੀ ਜਾਂ ਸੰਬੰਧਾਂ ਕਰਕੇ ਹੀ ਛਪੀਆਂ ਹੋਈਆਂ ਕਿਤਾਬਾਂ ਨੂੰ ਪਾਠਕ ਚਿਮਟੇ ਨਾਲ ਵੀ ਨਹੀਂ ਚੁੱਕੇਗਾ । ਜ਼ਿੰਦਗੀ ਵਿੱਚ ਭਰੋਸਾ ਦ੍ਰਿੜ੍ਹਾਉਣ ਵਾਲੀਆਂ ਤੇ ਉੱਚੀਆਂ ਕਦਰਾਂ ਕੀਮਤਾਂ ਦੀ ਸ਼ਾਹਦੀ ਭਰਨ ਵਾਲੀਆਂ ਲਿਖਤਾਂ ਨੂੰ ਸਤਿਕਾਰਿਆ ਜਾਵੇਗਾ । ਸਿਰਫ਼ ਇਨਾਮਾਂ ਅਥਵਾ ਕੋਰਸਾਂ ਪਿੱਛੇ ਦੌੜਨ ਵਾਲੀਆਂ 'ਹਸਤੀਆਂ' ਨੂੰ ਤ੍ਰਿਸਕਾਰਿਆ ਜਾਵੇਗਾ; ਦੁਰਕਾਰਿਆ ਜਾਵੇਗਾ । ਉਂਜ ਇਹ ਕਾਰਜ ਘਿਰਣਾ ਨਾਲ ਨਹੀਂ ਸਗੋਂ ਸੁਹਜ-ਸਿਆਣਪ ਨਾਲ ਕੀਤਾ ਜਾਵੇਗਾ । ਆਵੇਗਾ, ਆਵੇਗਾ, ਅਜਿਹਾ ਪਾਠਕ-ਵਰਗ ਵੀ ਆਵੇਗਾ ।

ਕੰਧ ਉਹਲੇ ਪਰਦੇਸ

ਕੁੰਭ ਦੇ ਮੇਲੇ ਦੀ ਭੀੜ ਵਿੱਚ ਕਿਸੇ ਅਜਨਬੀ ਨੇ ਨਿਰਮਲ ਵਰਮਾ ਨੂੰ ਆਪਣੀ ਜਾਣ-ਪਛਾਣ ਕਰਾਉਣ ਪਿੱਛੋਂ ਪੁੱਛਿਆ ਸੀ: 'ਤੁਸੀਂ ਕੌਣ ਹੋ?' ਨਿਰਮਲ ਸੋਚੀਂ ਪੈ ਗਿਆ ਸੀ । ਉਹਦੇ ਦਿਮਾਗ਼ ਵਿੱਚ ਆਇਆ, ਕਹਿ ਦਿਆਂ: ਲੇਖਕ ਹਾਂ । ਪਰ ਜ਼ੁਬਾਨ 'ਚੋਂ ਨਿਕਲਿਆ: 'ਰਿਪੋਰਟਰ' ਹਾਂ । ਸੱਚੀ ਗੱਲ ਹੈ ਕਿ ਅੱਜ ਕੱਲ੍ਹ ਆਪਣੇ ਆਪ ਨੂੰ ਲੇਖਕ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ, ਲਿਖਣਾ ਤਾਂ ਇੱਕ ਪਾਸੇ ।

ਲੇਖਕ ਹੋਣਾ ਬੜੀ ਦੂਰ ਦੀ ਗੱਲ ਹੈ । ਲੇਖਕ ਕੌਣ ਹੁੰਦਾ ਹੈ?-ਇੱਕ ਆਦਮੀ । ਉਹ ਆਦਮੀ ਕੀ ਕਰਦਾ ਹੈ?-ਆਪਣੇ ਆਲੇ-ਦੁਆਲੇ ਦੀਆਂ ਕੀਮਤੀ ਤੇ ਅਹਿਮ ਗੱਲਾਂ ਦੀ ਰਿਪੋਰਟਿੰਗ ਕਰਦਾ ਹੈ; ਉਹਨਾਂ ਗੱਲਾਂ ਦੀ, ਜਿਹੜੀਆਂ ਭੂਤ, ਵਰਤਮਾਨ ਤੇ ਭਵਿੱਖ ਨਾਲ ਜਾਇਜ਼-ਨਾਜਾਇਜ਼ ਰਿਸ਼ਤਾ ਰੱਖਦੀਆਂ ਹਨ । ਜਿਹੜੀਆਂ ਗੱਲਾਂ ਸਾਡੇ ਆਲੇ-ਦੁਆਲੇ ਹੁੰਦੀਆਂ ਹਨ ਪਰ ਉਹਨਾਂ ਨੂੰ ਲਿਖਣ ਵਾਲਾ ਸਾਡੇ ਸਿਵਾਇ ਕੋਈ ਹੋਰ ਨਹੀਂ ਹੁੰਦਾ । ਜਿਹੜੀਆਂ ਆਮ ਪਕੜ ਵਿੱਚ ਨਹੀਂ ਆਉਂਦੀਆਂ ਤੇ ਅਣਗੌਲੀਆਂ ਰਹਿ ਜਾਂਦੀਆਂ ਹਨ । ਉਸ ਆਦਮੀ ਨੇ ਅਨਭੋਲ ਹੀ ਰਿਪੋਰਟਿੰਗ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੁੰਦੀ ਹੈ । ਰਿਪੋਰਟਿੰਗ ਵਿੱਚ ਕਿੰਨੀ ਕੁ ਦਿਆਨਤ ਜਾਂ ਬਦ-ਦਿਆਨਤੀ ਵਰਤੀ ਜਾਂਦੀ ਹੈ, ਇਹੋ ਗੱਲ ਲਿਖਤ ਨੂੰ ਪਛਾਣ ਦੇਂਦੀ ਹੈ । ਪਛਾਣ ਵਾਲੀਆਂ ਲਿਖਤਾਂ ਦੇ ਆਧਾਰ 'ਤੇ ਵਕਤ ਕਈ ਰਿਪੋਰਟਰਾਂ ਨੂੰ ਲੇਖਕ ਦੇ ਤੌਰ 'ਤੇ 'ਪਰੋਮੋਟ' ਕਰ ਦੇਂਦਾ ਹੈ ।

ਲੇਖਕ ਜਾਣ ਬੁੱਝ ਕੇ ਨਾ ਤਾਂ ਬੋਲੀ ਦੀ ਸੇਵਾ ਕਰ ਰਹੇ ਹੁੰਦੇ ਹਨ, ਨਾ ਸਾਹਿੱਤ ਦੀ । ਉਹ ਤਾਂ ਆਪਣੀ ਭਰਮ-ਭੁੱਖ ਦੀ ਤ੍ਰਿਪਤੀ ਲਈ ਯਥਾਰਥ ਨਾਲ ਜੂਝਦੇ ਰਹਿੰਦੇ ਹਨ । ਲਿਖਦੇ ਰਹਿੰਦੇ ਹਨ । ਛਪਵਾਉਂਦੇ ਰਹਿੰਦੇ ਹਨ । ਮਰ ਜਾਂਦੇ ਹਨ । ਲੇਖਕ ਦੀ ਮਹਾਨਤਾ ਲੋਕਾਂ ਦੀ ਮਾਨਤਾ 'ਤੇ ਨਿਰਭਰ ਕਰਦੀ ਹੈ । ਲੋਕਾਂ ਨੂੰ ਹੇਰਵਾ ਸਿਰਫ਼ 'ਮੋਏ ਤੇ ਵਿੱਛੜੇ' ਲੇਖਕਾਂ ਦਾ ਹੀ ਲੱਗਦਾ ਹੈ । ਮਰਕੇ ਲੇਖਕ 'ਪੂਰਾ' ਹੁੰਦਾ ਹੈ ਤੇ ਲੋਕ ਉਹਨੂੰ 'ਵੱਡਾ' ਕਰਦੇ ਹਨ । ਵਿਛੜੇ ਦਾ ਵਿਗੋਚਾ ਵੀ ਮਾਨਤਾ ਦਿਵਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ।... ....

ਜਿਸ ਮੁਲਕ ਦਾ ਨਾਂ ਅੱਜਕੱਲ੍ਹ 'ਪਾਕਿਸਤਾਨ' ਹੈ, ਉਹ ਕਦੇ ਹਿੰਦੁਸਤਾਨ ਹੀ ਹੁੰਦਾ ਸੀ । ਪੁਰਾਣੇ ਨਕਸ਼ਿਆਂ ਵਿੱਚ ਅਜੇ ਵੀ 'ਹਿੰਦੁਸਤਾਨ' ਹੀ ਹੈ । ਇਸੇ ਲਈ ਪੁਰਾਣੇ ਲੋਕ ਅਜੇ ਤੱਕ ਪੁਰਾਣੇ ਨਕਸ਼ਿਆਂ ਵਾਂਗ ਲਾਹੌਰ ਨੂੰ ਆਪਣੇ ਪੰਜਾਬ ਦੀ ਰਾਜਧਾਨੀ ਮੰਨੀ ਬੈਠੇ ਹਨ । ਬਦਲੇ ਹੋਏ ਹਾਲਾਤ ਨਾਲ ਉਹਨਾਂ ਦਾ ਜੁਗਰਾਫ਼ੀਆ ਨਹੀਂ ਬਦਲਿਆ । ਪੈਂਤੀ ਸਾਲ ਪੁਰਾਣੀ, ਆਊਟ ਔਫ਼ ਸਿਲੇਬਸ, ਕਿਤਾਬ ਹਿੱਕ ਨਾਲ ਲਾਈ ਫਿਰਦੇ ਹਨ ।

ਜੇ ਪੁਰਾਣੇ ਸਿਲੇਬਸ ਅਨੁਸਾਰ ਵੇਖਿਆ ਜਾਵੇ ਤਾਂ ਮੇਰੀ 'ਜਨਨੀ ਜਨਮ ਭੂਮੀ' ਵੀ ਬਹੁਤ ਸਾਰੇ ਆਜ਼ਾਦ ਪਨਾਹਗੀਰਾਂ ਵਾਂਗ 'ਪਾਕਿਸਤਾਨ' ਵਿੱਚ ਹੀ ਪੈਂਦੀ ਹੈ । ਜੇ ਮੈਂ ਕੱਲ੍ਹ ਨੂੰ ਗਲਤੀ ਨਾਲ ਮਹਾਨ ਹੋ ਗਿਆ ਤਾਂ ਮੋਏ ਲੇਖਕਾਂ ਦੇ ਖੁਰੇ ਨੱਪਣ ਵਾਲੇ 'ਸਕਾਲਰ' ਐਵੇਂ ਟੱਕਰਾਂ ਮਾਰਦੇ ਫਿਰਨਗੇ । ਇਸ ਲਈ ਉਹਨਾਂ ਦੀ ਸਹੂਲਤ ਲਈ ਦੱਸ ਰਿਹਾ ਹਾਂ ਕਿ ਇਹ ਫਿਕਰਾ ਉਹ ਅੱਜ ਤੋਂ ਹੀ ਲਿਖਕੇ ਰੱਖ ਲੈਣ: 'ਆਪ ਜੀ ਦਾ ਜਨਮ ਇਕੱਤੀ ਫੱਗਣ ਸੰਮਤ ਦੋ ਹਜ਼ਾਰ, ਮੁਤਾਬਕ ਸਕੂਲ ਰਿਕਾਰਡ ਦੋ ਅਪਰੈਲ ਸੰਨ ਉੱਨੀ ਸੌ ਪੰਜਤਾਲੀ ਨੂੰ ਜ਼ਿਲਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਦੇ ਇੱਕ ਛੋਟੇ ਜਿਹੇ ਪਿੰਡ ਰਸੀਂਹ ਵਾਲ ਵਿਖੇ ਹੋਇਆ ।' –ਜਿਸ 'ਮਹਾਨ' ਕਮਰੇ ਵਿੱਚ ਮੇਰੇ ਵਰਗੀ 'ਮਹਾਨ ਆਤਮਾ' ਨੂੰ ਸਰੀਰਕ ਜਾਮਾ ਮਿਲਿਆ ਸੀ, ਪਨਾਹਗੀਰੀ ਧਾਰਨ ਕਰਨ ਤੋਂ ਪਿੱਛੋਂ ਪਤਾ ਨਹੀਂ ਉਸ ਜਗ੍ਹਾ ਨੇ ਕਿੰਨੇ ਕੁੱਤੇ ਬਿੱਲੀਆਂ ਤੇ ਮੱਖੀਆਂ ਮੱਛਰਾਂ ਨੂੰ ਜਨਮ ਦਿੱਤਾ ਹੈ । ਇਸ ਲਈ ਜੇ ਮੇਰੇ ਦਿਲ ਵਿੱਚ ਆਪਣੀ ਮਿੱਟੀ ਦੇ ਮੋਹ ਦੀ ਘਾਟ ਹੈ ਤਾਂ ਕਸੂਰ ਮੇਰਾ ਨਹੀਂ ਅਤੇ ਨਾ ਹੀ ਮੈਂ ਪੁਰਾਣੇ ਨਕਸ਼ਿਆਂ ਨੂੰ ਆਪਣੀ ਰਾਜਧਾਨੀ ਲਾਹੌਰ ਮੰਨਣ ਲਈ ਕਸੂਰਵਾਰ ਠਹਿਰਾਉਂਦਾ ਹਾਂ । ਉਹਨਾਂ ਵਾਂਗ ਮੇਰਾ ਵੀ ਵਿਸ਼ਵਾਸ ਹੈ ਕਿ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ । ਵੰਡ ਵਾਲੀ ਪੀੜ੍ਹੀ ਗੁਜ਼ਰਨ ਮਗਰੋਂ ਹੇਰਵਾ ਘਟ ਜਾਏਗਾ । ਸਾਨੂੰ ਸਿਰਫ਼ ਸਾਹਿੱਤ ਦਿਸੇਗਾ । ਅਸੀਂ ਸਾਹਿੱਤ ਪੜ੍ਹਾਂਗੇ । ਸਾਹਿੱਤ ਦੀ ਗੱਲ ਕਰਾਂਗੇ । ਹਿੰਦੂ-ਮੁਸਲਿਮ ਦੋਸਤੀਆਂ ਜਾਂ ਦੁਸ਼ਮਣੀਆਂ ਸਾਡੇ ਨਜ਼ਰੀਏ ਵਿੱਚ ਕੋਈ ਫ਼ਰਕ ਨਹੀਂ ਪਾਉਣਗੀਆਂ । ਅਸੀਂ ਪਾਕਿਸਤਾਨੀ ਸਾਹਿੱਤ ਨੂੰ ਓਸੇ ਨਜ਼ਰ ਨਾਲ ਵੇਖਾਂ-ਪਰਖਾਂਗੇ ਜਿਸ ਨਾਲ ਦੁਨੀਆ ਦੇ ਬਾਕੀ ਮੁਲਕਾਂ ਦੇ ਸਾਹਿੱਤ ਨੂੰ ਵੇਖਦੇ ਪਰਖਦੇ ਹਾਂ ।...

'ਪਾਕਿਸਤਾਨ' ਵੱਖ ਹੋਣ ਨਾਲ ਉਹਦੀ ਅਹਿਮੀਅਤ ਵੱਧ ਗਈ ਹੈ । ਹੁਣ ਓਥੇ ਲੋਕ ਨਹੀਂ ਜਾਂਦੇ, ਜਥੇ ਜਾਂਦੇ ਹਨ । ਪਵਿੱਤਰ ਗੁਰਦੁਆਰਿਆਂ ਦੇ ਆਸ਼ੀਰਵਾਦ ਨਾਲ 'ਫ਼ਾਰੇਨ ਟੂਰ' ਲਾ ਆਉਂਦੇ ਹਨ । ਇੱਕ ਜਥੇ ਦੀ ਵਾਪਸੀ ਤੋਂ ਪਹਿਲਾਂ ਹੀ ਅਗਲੇ ਜਥੇ ਦੀ ਲਿਸਟ ਤਿਆਰ ਹੋਣ ਲੱਗ ਪੈਂਦੀ ਹੈ । ਬਾਰ ਬਾਰ ਓਹੀ ਸ਼ਰਧਾਲੂ ਸ਼ਰਧਾ ਨਾਲ ਡੁੱਲ੍ਹਦੇ ਰਹਿੰਦੇ ਹਨ ਤੇ ਅਗਲੀ ਵਾਰ ਵਾਸਤੇ ਮੁੜ ਸੀਟ ਪੱਕੀ ਕਰਵਾਉਣ ਲਈ ਹਿੱਲਦੇ ਜੁੱਲਦੇ ਰਹਿੰਦੇ ਹਨ । ਜਥਿਆਂ ਵਿੱਚ 'ਸਿੱਖ ਲੇਖਕ ਅਤੇ ' ਸਿੱਖ ਬੁੱਧੀਜੀਵੀ' ਵੀ ਹੁੰਦੇ ਹਨ, ਜਿਹੜੇ ਵਾਪਿਸ ਆ ਕੇ ਸਾਨੂੰ ਹੈਰਾਨ ਕਰਦੇ ਰਹਿੰਦੇ ਹਨ ।

ਪਾਕਿਸਤਾਨੀ ਪੰਜਾਬੀ ਸਾਹਿੱਤ ਦੇ ਝੰਡਾ ਬਰਦਾਰ: ਡਾਕਟਰ ਅਤਰ ਸਿੰਘ, ਡਾਕਟਰ ਥਿੰਦ ਤੇ ਡਾਕਟਰ ਜਗਤਾਰ । ਇਹਨਾਂ ਨੇ ਓਧਰਲਾ ਸਾਹਿੱਤ ਏਧਰ ਛਪਵਾਇਆ ਵੀ ਹੈ, ਵਡਿਆਇਆ ਵੀ ਹੈ, ਖੱਟਿਆ ਕਮਾਇਆ ਵੀ ਹੈ । ਇਹਨਾਂ ਵਿਦਵਾਨਾਂ ਦੀਆਂ ਸਿਰਤੋੜ ਕੋਸ਼ਿਸ਼ਾਂ ਸਦਕਾ, ਸੁਣਿਆ ਹੈ, ਕਿਸੇ ਯੂਨੀਵਰਸਿਟੀ ਵਿੱਚ ਪਾਕਿਸਤਾਨੀ ਸਾਹਿੱਤ ਦੀ ਕੁਰਸੀ ਵੀ ਕਾਇਮ ਹੋ ਚੁੱਕੀ ਹੈ (ਜਾਂ ਹੋ ਰਹੀ ਹੈ) । ਹੋ ਸਕਦਾ ਹੈ, ਏਧਰਲੀਆਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਇੱਕ ਪਰਚਾ 'ਪਾਕਿਸਤਾਨੀ ਲਿਟਰੇਚਰ' ਦਾ ਲਾਜ਼ਮੀ ਕਰਾਰ ਦੇ ਦਿੱਤਾ ਜਾਵੇ । ਪੰਜਾਬੀ ਸਾਹਿੱਤ ਦੇ ਇਤਿਹਾਸ ਵਿੱਚ ਪਾਕਿਸਤਾਨ ਨੂੰ ਵੀ ਪੂਰੀ ਪ੍ਰਤਿਸ਼ਤ ਮਿਲੇ ।...ਪਰ ਓਧਰ ਏਧਰਲੇ ਸਾਹਿੱਤ ਲਈ ਕੀ ਕੀਤਾ ਜਾ ਰਿਹਾ ਹੈ? ਇਸ ਸਵਾਲ ਦਾ ਜਵਾਬ ਸ਼ਾਇਦ ਬਲਬੀਰ ਮੋਮੀ, ਨਿਰਮਲ ਅਰਪਨ, ਜੰਗ ਬਹਾਦੁਰ ਘਈ, ਜਤਿੰਦਰ ਜੌਲੀ ਜਾਂ ਬਚਿੰਤ ਕੌਰ ਵਰਗੇ 'ਪਾਕਿਸਤਾਨੋਂ ਪਰਤੇ' ਹੀ ਦੇ ਸਕਣ!

ਪਿੱਛੇ ਜਿਹੇ ਖ਼ਬਰ ਛਪੀ ਸੀ, ਹਾਂ ਸੱਚ ਡਾਕਟਰ ਵਿਸ਼ਵਾ ਨਾਥ ਤਿਵਾੜੀ ਨੇ ਏਧਰ ਆ ਕੇ ਦੱਸਿਆ ਸੀ ਕਿ ਵਾਰਿਸ ਸ਼ਾਹ ਦਾ ਉਰਸ ਬਹੁਤ ਵੱਡੇ ਪੱਧਰ 'ਤੇ ਮਨਾਇਆ ਗਿਆ । ਹਰ ਸਾਲ ਮਾਣ ਨਾਲ ਮਨਾਇਆ ਜਾਂਦਾ ਹੈ । ਵਾਰਿਸ ਦੀ ਹੀਰ ਨੂੰ ਕਈ ਦਿਨ ਗਾਇਆ ਜਾਂਦਾ ਹੈ । ਇੱਕ ਗੱਲ ਦੀ ਤਾਂ ਖ਼ੁਸ਼ੀ ਹੋਈ ਕਿ ਗੁਰਦੁਆਰਿਆਂ ਤੋਂ ਬਿਨਾਂ ਵੀ ਕੋਈ ਬਹਾਨਾ ਮਿਲਿਆ ਲੇਖਕਾਂ ਨੂੰ 'ਆਪਣੇ' ਪਾਕਿਸਤਾਨ ਜਾਣ ਦਾ । ਪਰ ਹੀਰ ਗਾਏ ਜਾਣ ਨਾਲ ਕੋਈ ਹੈਰਾਨੀ ਨਹੀਂ ਹੋਈ । ਹੀਰ ਤਾਂ ਏਧਰ ਵੀ ਗਾਈ ਜਾਂਦੀ ਹੈ । ਇੱਕ ਮਿਸਾਲ ਦੇਣਾ ਚਾਹੁੰਦਾ ਹਾਂ: ਸਾਡੇ ਪਿੰਡ ਧਿਆਨਪੁਰ, ਇੱਕ ਕਾਫੀ ਮਸ਼ਹੂਰ ਹਿੰਦੂ ਮੰਦਿਰ ਹੈ: ਬਾਵਾ ਲਾਲ ਦਿਆਲ ਦਾ ਡੇਰਾ । ਉਸ ਦਾ ਕਾਫੀ ਸੀਨੀਅਰ ਸਾਧ ਸੀ ਬਾਬਾ ਮੋਹਣ ਦਾਸ । ਕਈਆਂ ਮਹੰਤਾਂ ਨੂੰ ਉਹਨੇ ਹੱਥੀਂ ਗੱਦੀ 'ਤੇ ਬਿਠਾਇਆ ਸੀ । ਉਹਦੇ ਕਮਰੇ ਵਿੱਚ ਇੱਕ ਪਾਸੇ ਰਮਾਇਣ ਦਾ ਪਾਠ ਖੁੱਲ੍ਹਾ ਹੁੰਦਾ ਸੀ ਤੇ ਦੂਜੇ ਪਾਸੇ ਵਾਰਿਸ ਸ਼ਾਹ ਦੀ ਹੀਰ ਦਾ । ਲੋਕ ਦੋਏਂ ਪਾਸੇ ਇੱਕੋਂ ਜਿਹੀ ਸ਼ਰਧਾ ਨਾਲ ਬੈਠੇ ਹੁੰਦੇ ਸਨ । ਹੁਣ ਮੈਂ ਪੁੱਛਦਾ ਹਾਂ ਕਿ ਜੇ ਵਾਰਿਸ ਸ਼ਾਹ ਮੁਸਲਮਾਨ ਨਾ ਹੁੰਦਾ, ਕੀ ਤਾਂ ਵੀ ਪਾਕਿਸਤਾਨ ਵਾਲੇ ਉਹਨੂੰ ਇਹ ਸਤਿਕਾਰ ਦੇਂਦੇ? ਜਵਾਬ ਓਧਰ ਦੇ ਮੁਦੱਈਆਂ ਵੱਲੋਂ ਆਉਣਾ ਚਾਹੀਦਾ ਹੈ । (ਇਸ ਤਰ੍ਹਾਂ ਤਾਂ ਏਧਰ ਵੀ ਕਈ ਸ਼ਹਿਰਾਂ ਵਿੱਚ ਭਾਈ ਵੀਰ ਸਿੰਘ ਸਟੱਡੀ ਸਰਕਲ ਖੁੱਲ੍ਹੇ ਹੋਏ ਹਨ ਪਰ ਹੁੰਦਾ ਓਥੇ ਕੀਰਤਨ ਹੀ ਹੈ!) ਪੀਰ ਦੇ ਤੌਰ 'ਤੇ ਵਾਰਿਸ ਸ਼ਾਹ ਦਾ ਉਰਸ ਮਨਾਇਆ ਜਾਣਾ ਕੋਈ ਅਦਬੀ ਖ਼ਬਰ ਨਹੀਂ । .....

ਸੁਣਿਆ ਹੈ ਕਿ ਏਧਰੋਂ ਡਾਕਟਰ ਹਰਨਾਮ ਸਿੰਘ ਸ਼ਾਨ, ਵਾਰਿਸ ਸ਼ਾਹ ਵਾਲੇ ਸਮਾਗਮ ਵਿੱਚ ਹੀ ਸ਼ਾਮਿਲ ਹੋਣ ਗਿਆ ਸੀ ਪਰ ਸਾਰਾ ਸਮਾਂ ਕਿਤਾਬਾਂ ਕੱਠੀਆਂ ਕਰਦਾ ਰਿਹਾ । ਗੱਡੇ 'ਤੇ ਲੱਦ ਕੇ ਲੈ ਆਇਆ । ਹੁਣ ਪੜ੍ਹ ਪੜ੍ਹ ਕੇ ਉਹਨਾਂ ਦਾ ਲਿਖਿਆ ਵਿਚਾਰੇਗਾ । ਦੋਹਾਂ ਪਾਸਿਆਂ ਦੇ ਸਾਹਿੱਤ ਦਾ ਬੇੜਾ ਤਾਰੇਗਾ । ਹੁਣ ਚਾਹੀਦਾ ਇਹ ਹੈ ਕਿ ਓਧਰੋਂ ਵੀ ਕੋਈ 'ਸ਼ਾਨ' ਏਧਰ ਆਏ ਤੇ ਏਨੇ ਭਾਰ ਦੀਆਂ ਕਿਤਾਬਾਂ ਤੋਲ ਕੇ ਓਧਰ ਲੈ ਜਾਵੇ । ਓਧਰਲਿਆਂ ਨੂੰ ਵੀ ਪਤਾ ਲੱਗੇ ਕਿ ਤੁਲਨਾਤਮਿਕ ਅਧਿਐਨ ਕੀ ਹੁੰਦਾ ਹੈ ।...

ਸੱਤ ਗਵਾਚੇ ਲੋਕ, ਦੀਵਾ ਤੇ ਦਰਿਆ, ਦੁੱਖ ਦਰਿਆਉਂ ਪਾਰ ਦੇ, ਰੰਨ ਤਲਵਾਰ ਤੇ ਘੋੜਾ, ਇੱਕ ਮਰੇ ਬੰਦੇ ਦੀ ਕਹਾਣੀ, ਬੰਦੀਵਾਨ, ਪਖੇਰੂ 'ਪ੍ਰੇਰਣਾ' ਦਾ ਖ਼ੁਮਾਰ ਦੁਆਰਾ ਐਡਿਟ ਕੀਤਾ ਪਾਕਿਸਤਾਨੀ ਨੰਬਰ, ਦ੍ਰਿਸ਼ਟੀ ਵਿੱਚ ਛਪੇ ਨਾਵਲਿਟ, ਬਲੱਗਣ ਵੇਲੇ ਛਪੀਆਂ 'ਕਵਿਤਾ' ਵਾਲੀਆਂ ਪਾਕਿਸਤਾਨੀ ਗ਼ਜ਼ਲਾਂ, ਪ੍ਰੀਤਮ ਸਿੰਘ ਦਾ ਸਫ਼ਰਨਾਮਾ 'ਕਬੂਤਰਾਂ ਦੀ ਪਰਵਾਜ਼', ਡਾ: ਅਤਰ ਸਿੰਘ ਦੇ ਲਿਖੇ ਪੰਜਾਬੀ-ਅੰਗਰੇਜ਼ੀ ਵਾਲੇ ਲੇਖ ਪੜ੍ਹ ਕੇ ਓਧਰਲੇ ਪੰਜਾਬੀ ਸਾਹਿੱਤ ਦਾ ਧੁੰਦਲਾ ਜਿਹਾ ਨਕਸ਼ਾ ਉਭਰਦਾ ਹੈ । ਦਰਅਸਲ ਗੱਲ ਇਹ ਹੈ ਕਿ ਸਾਰੀ ਜਾਣਕਾਰੀ ਸਾਨੂੰ ਪਰਾਏ ਹੱਥੀਂ ਮਿਲਦੀ ਹੈ । ਕਦੇ ਸਿੱਧੇ ਟੱਕਰੀਏ ਤਾਂ ਸ਼ਾਇਦ ਕੋਈ ਗੱਲ ਬਣੇ!

ਡਾ: ਸ਼ਾਨ ਤੇ ਡਾ: ਤਿਵਾੜੀ ਤੋਂ ਇਲਾਵਾ ਪ੍ਰੋ: ਦਿਲਗੀਰ ਵੀ ਪਾਕਿਸਤਾਨੋਂ ਆ ਕੇ ਪੱਤਰਕਾਰਾਂ ਨੂੰ ਮਿਲ ਚੁੱਕਾ ਹੈ । ਉਹ ਵਰਲਡ ਉਰਦੂ ਕਾਨਫ਼ਰੰਸ ਦੇ ਸਿਲਸਿਲੇ ਵਿੱਚ ਗਿਆ ਸੀ ਅਤੇ ਸਾਹਿੱਤ ਸਭਾ ਦੀ ਇੱਕ ਮੀਟਿੰਗ ਵਿੱਚ ਉਹਨੇ ਵੇਰਵੇ ਨਾਲ ਆਪਣੇ ਦ੍ਰਿਸ਼ਟੀਕੌਣ ਤੋਂ ਪਾਕਿਸਤਾਨੀ ਸਾਹਿੱਤ ਦਾ ਹਾਲ ਚਾਲ ਦੱਸਿਆ ਸੀ । 'ਲੋਅ' ਦੇ ਸੰਪਾਦਕ ਨੇ ਵੀ ਉਸ ਪਾਸਿਉਂ ਆ ਕੇ ਯਾਦਾਂ ਲਿਖੀਆਂ ਤੇ ਛਾਪੀਆਂ ਹਨ ਤੇ ਹੁਣੇ ਜਿਹੇ ਉਸਨੇ ਪਾਕਿਸਤਾਨੀ ਸਾਹਿੱਤ ਦਾ ਪੂਰਾ ਅੰਕ ਛਾਪਿਆ ਹੈ । ਪਰ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀ ਜਾਣਕਾਰੀ ਬਿਲਕੁਲ ਇਵੇਂ ਹੈ ਜਿਵੇਂ ਰੂਸ ਤੋਂ ਕੋਈ ਬੰਦਾ ਆ ਕੇ ਪੰਜਾਬੀ ਸਾਹਿੱਤ ਦਾ ਇਤਿਹਾਸ ਲਿਖਣ ਬਹਿ ਜਾਵੇ ਅਤੇ ਕਿਸੇ ਪੰਜਾਬੀ ਸਾਹਿੱਤਕਾਰ ਦੀ ਬੈਠਕ ਵਿੱਚੋਂ ਪੂਰੀ ਕਿਤਾਬ ਲਿਖ ਕੇ ਹੀ ਨਿਕਲੇ । ਪਾਠਕ ਮੇਰੇ ਨਾਲ ਸਹਿਮਤ ਹੋਣਗੇ ਕਿ ਹਾਲਾਤ ਦਾ ਸਹੀ ਅੰਦਾਜ਼ਾ ਲਾਉਣ ਲਈ ਕਈ ਵਰ੍ਹਿਆਂ ਦਾ ਲਗਾਤਾਰ ਤਾਲ-ਮੇਲ ਦਰਕਾਰ ਹੈ ।

ਪੰਜਾਬੀ ਟ੍ਰਿਬਿਊਨ ਵਿੱਚ 'ਪਹਿਲੇ ਹੱਥ ਦਾ ਅਨੁਭਵ' ਵੀ ਵੇਖਣ ਨੂੰ ਮਿਲਿਆ ਸੀ: ਇਹਦਾ ਲੇਖਕ ਸੀ ਪ੍ਰੋ: ਸ਼ਰੀਫ਼ ਕੁੰਜਾਹੀ ਤੇ ਲੇਖ ਦਾ ਨਾਂ ਸੀ 'ਪਾਕਿਸਤਾਨੀ ਪੰਜਾਬੀ ਸਾਹਿੱਤ' । ਸਾਡੇ ਲਈ ਤਾਂ ਇਹ ਬੜੀ ਸਿੱਕੇਬੰਦ ਦਸਤਾਵੇਜ਼ ਸੀ ਅਤੇ ਇਸਨੂੰ ਇਤਿਹਾਸ ਵਿੱਚ ਸ਼ਾਮਿਲ ਕਰ ਲੈਣਾ ਸੀ ਜੇ ਕਰ ਉਸੇ ਅਖ਼ਬਾਰ ਵਿੱਚ ਕੁਝ ਦਿਨ ਬਾਅਦ ਜਨਾਬ ਸਿਬਤੁਲ ਹਸਨ ਜ਼ੈਗਮ ਦਾ ਸਨਸਨੀ ਖੇਜ਼ ਜਵਾਬੀ ਲੇਖ ਨਾ ਛਪਦਾ । ਨਾਲ ਭੇਜੀ ਚਿੱਠੀ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਪ੍ਰੋ: ਕੁੰਜਾਹੀ ਦੀ 'ਰਿਪੋਰਟਿੰਗ' ਵੀ ਡਾ: ਅਤਰ ਸਿੰਘ, ਡਾ: ਥਿੰਦ ਤੇ ਡਾ: ਜਗਤਾਰ ਦੀ 'ਟੀ. ਵੀ. ਰਿਪੋਰਟਿੰਗ' ਤੋਂ ਵੱਖਰੀ ਨਹੀਂ । ਹੁਣ ਅਸੀਂ ਕੁੜਿੱਕੀ ਵਿੱਚ ਫਸੇ ਹੋਏ ਹਾਂ ਕਿ ਏਧਰਲੇ ਵਿਦਵਾਨਾਂ ਨਾਲ ਸਹਿਮਤ ਕੁੰਜਾਹੀ ਸਾਹਿਬ ਦੀ ਗੱਲ ਮੰਨੀਏ ਕਿ ਜ਼ੈਗਮ ਸਾਹਿਬ ਨਾਲ ਸਹਿਮਤ ਹੋਈਏ ।

ਸਾਡੇ 'ਲੇਖਕ' ਪਾਕਿਸਤਾਨੀ 'ਅਦੀਬਾਂ' ਦੀ ਮਹਿਮਾਨ-ਨਿਵਾਜ਼ੀ ਦਾ ਬੜਾ ਜ਼ਿਕਰ ਕਰਦੇ ਹਨ । ਉਹਨਾਂ ਦੇ ਖ਼ਲੂਸ ਤੇ ਨਿੱਘ ਦੀ ਗੱਲ ਕਰਦੇ ਹਨ । ਮਹਿਮਾਨ-ਨਿਵਾਜ਼ੀ ਤਾਂ ਏਧਰ ਆਏ ਅਮਜਦ ਭੱਟੀ ਦੀ ਵੀ ਘੱਟ ਨਹੀਂ ਸੀ ਹੋਈ । ਇਹ ਵੀ ਨਹੀਂ ਹੋ ਸਕਦਾ ਕਿ ਉਹਨੂੰ ਖ਼ਲੂਸ ਤੇ ਨਿੱਘ ਦੀ ਘਾਟ ਮਹਿਸੂਸ ਹੋਈ ਹੋਵੇ । ਸਾਡੀਆਂ ਯੂਨੀਵਰਸਿਟੀਆਂ ਵਿੱਚ ਬੁੱਧੀਜੀਵੀਆਂ ਸਾਹਮਣੇ ਉਹਦੀਆਂ ਘਟੀਆ ਨਜ਼ਮਾਂ ਪੜ੍ਹਵਾਈਆਂ ਗਈਆਂ । ਅੰਮ੍ਰਿਤਾ ਪ੍ਰੀਤਮ ਤੇ ਕ੍ਰਿਸ਼ਨਾ ਸੋਬਤੀ ਤੱਕ ਨੇ ਉਹਦੇ ਇੰਟਰਵਿਊ, ਰਿਆਇਤੀ ਨੰਬਰ ਦੇ ਕੇ, ਲਿਖੇ ਤੇ ਛਾਪੇ । ਵਾਪਿਸ ਜਾ ਕੇ ਉਹਨੇ ਆਪਣੇ 'ਪੰਜ ਦਰਿਆ' ਵਿੱਚ ਜੋ ਬਿਆਨਬਾਜ਼ੀ ਕੀਤੀ ਉਹ ਦੁਹਰਾਈ ਨਹੀਂ ਜਾ ਸਕਦੀ । ਇਹ ਦੁਖਦਾਈ ਘਟਨਾ ਹੈ ਪਰ ਇੱਕ ਗੱਲ ਦੀ ਤਸੱਲੀ ਵੀ ਹੈ ਕਿ ਜੇਕਰ ਉਹਨਾਂ ਦਾ ਭੱਟੀ ਏਧਰ ਆ ਕੇ 'ਫ਼ਸਟ ਕਲਾਸ' ਸਨਮਾਨ ਲੈ ਜਾਂਦਾ ਹੈ ਤਾਂ ਸਾਡੇ ਬੱਲੀ ਮੋਮੀ ਜੌਲੀ ਭੂਈ ਓਧਰ ਜਾ ਕੇ ਕੁਝ ਦਿਨਾਂ ਦੀ ਚੌਧਰ ਨਾਲ ਹਿਸਾਬ ਕਿਤਾਬ ਬਰਾਬਰ ਕਰ ਆਉਂਦੇ ਹਨ ।

ਕਈ ਵਾਰ ਸੋਚੀਦਾ ਹੈ ਕਿ ਵਿੱਚੋਂ ਗੱਲ ਹੈ ਕੀ? ਗੱਲ ਕੁਝ ਵੀ ਨਹੀਂ, ਐਂਵੇ ਕੰਧ ਉਹਲੇ ਪਰਦੇਸ ਬਣਿਆ ਪਿਆ ਹੈ । ਜੇਕਰ ਆਉਣ ਜਾਣ ਦੀ ਪੂਰੀ ਖੁੱਲ੍ਹ ਹੋਵੇ ਤਾਂ ਪਾਕਿਸਤਾਨ ਸਾਡੇ ਲਈ ਹਰਿਆਣੇ ਤੋਂ ਵੱਧ ਕੁਝ ਨਾ ਹੋਵੇ । ਹਰਿਆਣਾ ਵੀ ਕਦੇ ਪਾਕਿਸਤਾਨੀ ਪੰਜਾਬ ਵਾਂਗ ਸਾਡੇ ਪੰਜਾਬ ਦਾ 'ਅਟੁੱਟ' ਹਿੱਸਾ ਸੀ: (ਹਾਂ ਸੱਚ, ਹਿਮਾਚਲ ਵੀ!) ਪਰ ਕੀ ਕਦੀ ਕੋਈ ਸਾਡਾ ਵਿਦਵਾਨ ਪਾਕਿਸਤਾਨੀ ਉਮਾਹ ਨਾਲ ਹਰਿਆਣੇ ਜਾਂ ਹਿਮਾਚਲ ਦੇ ਲੇਖਕਾਂ ਨੂੰ ਮਿਲਣ ਗਿਆ ਹੈ? ਇਹਨਾਂ ਪ੍ਰਦੇਸ਼ਾਂ ਦੇ ਪੰਜਾਬੀ ਸਾਹਿੱਤ 'ਤੇ 'ਉੱਡਦੀ ਉੱਡਦੀ ਝਾਤ' ਵੀ ਕਦੇ ਮਾਰੀ ਹੈ? ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਨਾਲ ਸਾਡਾ ਕਲਚਰ ਸਾਂਝਾ ਹੈ: ਕੀ ਹਰਿਆਣੇ ਹਿਮਾਚਲ ਨਾਲ ਨਹੀਂ? ਸਾਡੇ ਲੇਖਕਾਂ ਲਈ ਸ਼ਾਇਦ ਇੰਜ ਕਰਨਾ ਸੰਭਵ ਨਾ ਹੋਵੇ ਕਿਉਂਕਿ ਇਹਨਾਂ ਦੀ ਨੇੜੇ ਦੀ ਨਜ਼ਰ ਲੋੜ ਤੋਂ ਵੱਧ ਕਮਜ਼ੋਰ ਹੈ ਤੇ ਦੂਰ ਦੀ ਨਜ਼ਰ ਲੋੜ ਤੋਂ ਵੱਧ ਤੇਜ਼ । ਪੰਜਾਬੀ ਦੇ ਜਿਹੜੇ ਲੇਖਕ ਬਾਹਰ ਖੱਟਣ ਕਮਾਉਣ ਲਈ ਗਏ ਸਨ ਤੇ ਨਾਲ ਨਾਲ 'ਸਾਹਿੱਤ ਰਚਨਾ' ਵੀ ਕਰ ਰਹੇ ਹਨ, ਉਹਨਾਂ ਲਈ ਵੀ ਸਾਡੇ ਵਿਭਾਗਾਂ ਤੇ ਅਕਾਦਮੀਆਂ ਨੇ 'ਰਾਖਵੇਂ ਪੁਰਸਕਾਰ' ਕਾਇਮ ਕਰ ਦਿੱਤੇ ਹਨ । ਕਿਸੇ ਦਿਨ ਪਾਕਿਸਤਾਨੀ ਅਦੀਬਾਂ ਲਈ ਵੀ ਇਹੋ ਜਿਹੀ 'ਰਿਜ਼ਰਵੇਸ਼ਨ' ਹੋ ਸਕਦੀ ਹੈ । ਹਾਲਾਤ ਸਾਜ਼ਗਰ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ!

ਅਹਿਮਦ ਸਲੀਮ ਕਦੀ ਏਧਰ ਹੀਰੋ ਬਣ ਗਿਆ ਸੀ । ਡਾ: ਹਰਿਭਜਨ ਸਿੰਘ ਤੇ ਸ਼ਾਇਦ ਸਤਿਆਰਥੀ ਨੇ ਵੀ ਉਹਦੇ 'ਤੇ ਨਜ਼ਮਾਂ ਲਿਖੀਆਂ । ਧੜਾਧੜ ਕਿਤਾਬਾਂ 'ਸਮਰਪਿਤ' ਹੋਈਆਂ । ਨਵੀਂ ਪੀੜ੍ਹੀ 'ਚੋਂ ਸੁਰਜੀਤ ਪਾਤਰ ਤੇ ਅਮਿਤੋਜ ਨੇ ਵੀ ਦੋ ਪੰਜਾਬਾਂ ਬਾਰੇ ਹੇਰਵੇ ਵਰਗੀਆਂ ਨਜ਼ਮਾਂ ਲਿਖੀਆਂ । ਓਧਰ ਦੀ ਪੰਜਾਬੀ ਨੂੰ 'ਆਦਰਸ਼' ਵੀ ਮੰਨ ਲਿਆ ਗਿਆ । ਨਜ਼ਮ ਹੁਸੈਨ ਸੱਈਅਦ ਦੀ ਬੋਲ-ਚਾਲ ਦੀ ਬੋਲੀ ਵਿੱਚ ਕੀਤੀ ਆਲੋਚਨਾ ਨੂੰ ਡਾਕਟਰ ਹਰਿਭਜਨ ਸਿੰਘ ਨੇ ਅਪਣਾਉਣ ਦੀ ਸਰਗਰਮ ਕੋਸ਼ਿਸ਼ ਕੀਤੀ । ਦੋਹਾਂ ਪੰਜਾਬਾਂ ਦੀ ਪੰਜਾਬੀ ਦਾ ਟਾਕਰਾ ਕਰਨ ਲਈ ਰੇਡੀਉ ਦਾ ਸਹਾਰਾ ਲੈ ਕੇ ਕਿਹਾ ਜਾਂਦਾ ਹੈ ਕਿ : 'ਸਮਾਚਾਰ ਸਮਾਪਤ ਹੋਏ' ਤੇ 'ਖ਼ਬਰਾਂ ਮੁੱਕ ਗਈਆਂ' ਵਿੱਚੋਂ ਕਿਹੜੀ ਪੰਜਾਬੀ ਠੀਕ ਹੈ?

ਰੇਡੀਉ ਤੋਂ ਬਾਅਦ ਟੀ.ਵੀ. ਦੀ ਵਾਰੀ ਆਉਂਦੀ ਹੈ । ਲਾਹੌਰ ਟੀ.ਵੀ. ਦੀਆਂ ਕੁਇੰਟਲਾਂ ਦੇ ਹਿਸਾਬ ਨਾਲ ਸਿਫ਼ਤਾਂ ਹੁੰਦੀਆਂ ਹਨ । ਜਲੰਧਰ ਟੀ.ਵੀ. ਨੂੰ ਭੰਡਿਆ ਜਾਂਦਾ ਹੈ । ਪਰ ਸਵਾਲ ਪੈਦਾ ਹੁੰਦਾ ਹੈ ਕਿ 'ਪਾਕਿਸਤਾਨ ਵਿੱਚ ਮੌਜਾਂ ਈ ਮੌਜਾਂ, ਚਾਰੇ ਪਾਸੇ ਫ਼ੌਜਾਂ ਈ ਫ਼ੌਜਾਂ' ਵਾਲੇ ਮਾਹੌਲ ਵਿੱਚ ਵੀ ਜੇਕਰ ਪੰਜਾਬੀ ਏਨੀ 'ਵਧੀਆ' ਬਣੀ ਰਹਿ ਸਕਦੀ ਹੈ ਤਾਂ ਸਾਡੇ 'ਸੁਤੰਤਰ ਗਣਰਾਜ' ਵਿੱਚ ਕਿਹੜੀ ਚੀਜ਼ ਦੀ ਘਾਟ ਹੈ? ਦੋਸ਼ ਦੇਣ ਦੀ ਥਾਂ, ਦੋਸ਼ ਦੂਰ ਨਹੀਂ ਕੀਤਾ ਜਾ ਸਕਦਾ? ਬੋਲ-ਚਾਲ ਦੀ ਭਾਸ਼ਾ ਅਤੇ ਅਦਬੀ ਭਾਸ਼ਾ ਦਾ ਫ਼ਰਕ ਮਿਟ ਜਾਣ ਨਾਲ ਸਾਹਿੱਤ ਤਰੱਕੀ ਕਰ ਸਕਦਾ ਹੈ?...ਜਦੋਂ ਪਾਕਿਸਤਾਨ ਵਾਲੇ ਸਿੱਖਿਆ ਦਾ ਮਾਧਿਅਮ ਪੰਜਾਬੀ ਬਣਾਉਣਗੇ ਅਤੇ ਸਾਇੰਸ ਦੇ ਮਜ਼ਮੂਨ ਪੜ੍ਹਾਉਣ ਲਈ ਵੀ ਉਹ ਬੋਲਚਾਲ ਦੀ ਭਾਸ਼ਾ ਵਰਤਣਗੇ ਤਾਂ ਅਸੀਂ ਵੀ ਉਹਨਾਂ ਦੇ ਚਮਤਕਾਰ ਵਿੱਚ ਚੁੰਧਿਆ ਜਾਵਾਂਗੇ । ਫੇਰ ਭਾਵੇਂ ਸਾਡੇ ਕੋਲੋਂ ਜਿੱਥੇ ਮਰਜ਼ੀ, ਅੱਖਾਂ ਮੀਟ ਕੇ, ਸਹੀ ਪਵਾ ਲਉ! ਪਰ ਹਾਲ ਦੀ ਘੜੀ ਜੇ ਤੁਸੀਂ ਓਧਰ ਦੀ ਪੰਜਾਬੀ ਉੱਤੇ ਉਰਦੂ ਫ਼ਾਰਸੀ ਦਾ ਰੰਗ ਵੇਖਕੇ ਵੀ ਅਣਡਿੱਠ ਕਰ ਰਹੇ ਹੋ ਤਾਂ ਹਿੰਦੀ-ਸੰਸਕ੍ਰਿਤ ਵਰਗੀ 'ਬਦੇਸ਼ੀ ਭਾਸ਼ਾ' ਨਾਲ ਵੀ ਥੋੜ੍ਹਾ ਚਿਰ ਇਹੋ ਸਲੂਕ ਕਰ ਲਵੋ । ਕੋਈ ਹਰਜ਼ ਨਹੀਂ ।

ਸਾਡੀ ਪੀੜ੍ਹੀ ਦੀ ਸਥਿਤੀ ਪਿਛਲੀ ਤੇ ਪਿਛਲੇਰੀ ਪੀੜ੍ਹੀ ਨਾਲੋਂ ਬਿਲਕੁਲ ਵੱਖਰੀ ਹੈ । ਪਿਛਲੀ ਪੀੜ੍ਹੀ ਦੇ ਅਰਥਾਤ 'ਅਗਲੇ ਵਕਤੋਂ ਕੇ' ਲੋਕਾਂ ਨੂੰ ਸਾਡੇ ਲਈ ਰੱਸੇ ਪੈੜੇ ਵੱਟਣ ਦੀ ਲੋੜ ਨਹੀਂ । ਦੋਹਾਂ ਮੁਲਕਾਂ ਦੀਆਂ ਫ਼ੌਜਾਂ ਦੀਆਂ ਦੋ ਜੰਗਾਂ ਹੋਈਆਂ ਹਨ । ਓਦੋਂ ਸਾਹਿੱਤਕਾਰਾਂ ਦਾ ਕੀ ਰੋਲ ਸੀ? ਓਦੋਂ ਰੇਡੀਉ ਤੇ ਟੀ.ਵੀ. ਕੀ ਕੀ ਕਹਿੰਦੇ ਸਨ? ਓਦੋਂ ਜੰਗੀ ਕਵੀ ਦਰਬਾਰਾਂ ਵਿੱਚ ਦੋਏਂ ਪਾਸੇ ਕੀ ਖੇਹ ਉਡਾਈ ਜਾਂਦੀ ਸੀ । ਸਾਨੂੰ ਉਪ-ਭਾਵੁਕਤਾ ਦਾ ਪੱਲਾ ਛੱਡ ਦੇਣਾ ਚਾਹੀਦਾ ਹੈ । ਜਾਂ ਫਿਰ ਨੰਗੇ ਚਿੱਟੇ ਸੱਚ ਵਾਂਗ ਕਹਿਣਾ ਚਾਹੀਦਾ ਹੈ ਕਿ ਸਾਡਾ ਮਨੋਰਥ ਸਾਹਿੱਤ ਨਹੀਂ, ਇਹ ਤਾਂ ਸਿਰਫ਼ 'ਟੂਲ' ਵਜੋਂ ਵਰਤਿਆ ਜਾ ਰਿਹਾ ਹੈ, ਅੰਦਰਲਾ ਸਵਾਰਥ ਤਾਂ ਕੋਈ ਹੋਰ ਹੈ! ਕਦੀ ਧਰਮ ਤੇ ਕਦੀ ਸਿਆਸਤ ਦੇ ਤਕਾਜ਼ਿਆਂ ਨੇ ਅਦਬ ਨਾਲ ਬੜਾ ਜਬਰ ਜਿਨਾਹ ਕੀਤਾ ਹੈ । ਮਿਹਰਬਾਨੀ ਕਰਕੇ ਥੋੜ੍ਹੇ ਚਿਰ ਲਈ ਅਦਬ ਨੂੰ ਇਹਨਾਂ ਕੈਦਾਂ ਤੋਂ ਆਜ਼ਾਦ ਕਰ ਦਿਉ! ਅਸੀਂ ਬੰਦਿਆਂ ਵਾਂਗ ਇੱਕ ਦੂਜੇ ਨੂੰ ਮਿਲ ਸਕੀਏ । ਅਸੀਂ ਲੇਖਕਾਂ ਵਾਂਗ ਇੱਕ ਦੂਜੇ ਨੂੰ ਪੜ੍ਹ ਸਕੀਏ । ਇਹ ਰੰਗਦਾਰ ਐਨਕਾਂ ਆਪਣੇ ਕੋਲ ਤੁਸੀਂ ਜੰਮ ਜੰਮ ਰੱਖੋ, ਇਹਨਾਂ ਨਾਲ ਮਾਹੌਲ ਦਾ ਆਨੰਦ ਮਾਣੋ । ਠੰਡੇ ਰਹੋ । ਪਰ ਸਾਡੀ ਧੁੱਪ ਨੂੰ ਗੰਧਲਾ ਨਾ ਕਰੋ ।

ਸਾਡੇ ਏਧਰ ਕੁਝ ਬੰਦੇ ਹਨ, ਜਿਹੜੇ ਪਾਕਿਸਤਾਨੀ ਪਰਚਿਆਂ ਲਈ ਏਧਰਲਾ ਸਾਹਿੱਤ ਲਿਪਾਂਤਰ ਜਾਂ ਅਨੁਵਾਦ ਕਰਕੇ ਭੇਜਦੇ ਹਨ । ਤਸਵੀਰਾਂ ਵੀ ਛਪਦੀਆਂ ਹਨ । ਲੰਮੀਆਂ ਚੌੜੀਆਂ ਪ੍ਰਾਪਤੀਆਂ ਵਾਲੀਆਂ ਜਾਣਕਾਰੀਆਂ ਵੀ ਛਪਦੀਆਂ ਹਨ । ਇੰਜ ਛਪਣ ਵਾਲੇ ਲੋਕ 'ਇੰਟਰਨੈਸ਼ਨਲ' ਸ਼ੁਹਰਤ ਦੇ ਮਾਲਕ ਬਣ ਜਾਂਦੇ ਹਨ । ਜਿਵੇਂ ਅਸੀਂ ਪਾਕਿਸਤਾਨ ਦੀ ਉਪਲਬਧ ਸਮੱਗਰੀ ਤੋਂ ਅੰਦਾਜ਼ਾ ਲਾ ਕੇ ਉਹਨਾਂ ਦੀ ਅਦਬੀ ਤਸਬੀਰ ਮਨ ਵਿੱਚ ਬਣਾਉਂਦੇ ਹਾਂ, ਇਵੇਂ ਹੀ ਓਧਰ ਛਪਣ ਵਾਲੇ ਲੇਖਕਾਂ ਤੋਂ ਉਹ ਸਾਡੇ ਹਾਲ ਦਾ ਅੰਦਾਜ਼ਾ ਲਾਉਂਦੇ ਹੋਣਗੇ! (ਜਿਵੇਂ ਹਿੰਦੀ ਤੇ ਗੁਜਰਾਤੀ ਭਾਸ਼ਾ ਦੇ ਪਾਠਕਾਂ ਲਈ ਅਣਖੀ ਤੋਂ ਵਧੀਆ ਹੋਰ ਕੋਈ ਪੰਜਾਬੀ ਕਹਾਣੀਕਾਰ ਨਹੀਂ ਪਰ ਪੰਜਾਬੀ ਵਾਲੇ ਉਹਨੂੰ ... ...) ਖ਼ੈਰ, ਇਹ ਹਾਦਿਸਾ ਤਾਂ ਵਾਪਰਦਾ ਹੀ ਰਹਿਣਾ ਹੈ, ਜਿੰਨਾ ਚਿਰ ਓਹਲਾ ਕਰਕੇ ਪਰਦੇਸ ਬਣਾਉਣ ਵਾਲੀ ਕੰਧ ਦੀ ਵਿਚੋਲਗੀ ਖਤਮ ਨਹੀਂ ਹੁੰਦੀ । ਸਾਹਿੱਤ ਦਾ ਖੁਲ੍ਹੇ-ਆਮ ਵਟਾਂਦਰਾ ਹੋਏ, ਆਪੇ ਝੂਠ ਸੱਚ ਦਾ ਨਿਤਾਰਾ ਹੋ ਜਾਏਗਾ । ਰਿਹਾ ਮਸਲਾ ਲਿਪੀ ਦਾ, ਇਹਦਾ ਹੱਲ ਹੀ ਬਹੁਤ ਸੌਖਾ ਹੈ । ਬੋਲੀ ਤਾਂ ਇੱਕ ਹੀ ਹੈ, ਅੱਖਰਾਂ ਦੀ ਸ਼ਕਲ ਸੂਰਤ ਹੀ ਵੱਖਰੀ ਹੈ ਨਾ! ਇਹਦਾ ਪ੍ਰਬੰਧ ਸਰਕਾਰਾਂ ਆਸਾਨੀ ਨਾਲ ਕਰ ਸਕਦੀਆਂ ਹਨ । ਕੁਝ ਕੰਪਿਊਟਰ-ਨੁਮਾ ਅਨੁਵਾਦਕਾਂ ਦਾ ਇੰਤਜ਼ਾਮ ਸਰਹੱਦਾਂ 'ਤੇ ਹੋਣਾ ਚਾਹੀਦਾ ਹੈ । ਜਿਹੜੀ ਲਿਖਤ ਓਧਰੋਂ ਉਰਦੂ ਵਿੱਚ ਆਏ, ਸਰਹੱਦ ਟੱਪਦੀ ਗੁਰਮੁਖੀ ਵਿੱਚ ਹੋ ਜਾਏ ਤੇ ਜਿਹੜੀ ਇਸ ਪਾਸਿਉਂ ਪੰਜਾਬੀ ਵਿੱਚ ਜਾਏ, ਬਾਰਡਰ ਲੰਘਦਿਆਂ ਹੀ ਪਰਸ਼ੀਅਨ ਸਕ੍ਰਿਪਟ ਧਾਰਨ ਕਰ ਲਵੇ । ...ਤੇ ਜਦੋਂ ਤੱਕ ਇਹ ਇੰਤਜ਼ਾਮ ਨਹੀਂ ਹੁੰਦਾ, ਸਾਨੂੰ ਆਪਣੇ ਆਪਣੇ ਬੰਦ ਦਰਵਾਜ਼ਿਆਂ ਦੀਆਂ ਝੀਥਾਂ ਵਿੱਚੋਂ ਹੀ ਖੁੱਲ੍ਹੇ ਆਕਾਸ਼ ਦੇ ਨਜ਼ਾਰੇ ਕਰਨੇ ਪੈਣਗੇ ਅਤੇ ਸਾਂਝੀ ਕੰਧ ਉਹਲੇ ਬੈਠੇ ਟੱਬਰ ਦੇ ਜੀਆਂ ਨੂੰ ਪਰਦੇਸੀ ਮੰਨਣਾ ਪਵੇਗਾ ।

ਮਿਸਟਰ 'ਗਲੋਬਲ' ਤੇ ਪੰਜਾਬੀ ਪਾਠਕ

ਜਦੋਂ ਤੋਂ ਮੈਂ ਗੁਰਮੁਖੀ ਦੇ ਅੱਖਰ ਉਠਾਲਣ ਜੋਗਾ ਹੋਇਆ ਹਾਂ, ਪੰਜਾਬੀ ਸਾਹਿੱਤ ਪੜ੍ਹ ਰਿਹਾ ਹਾਂ । ਮੈਂ ਸਮਝਦਾ ਹਾਂ ਕਿ ਮੈਨੂੰ ਸਮਝ ਵੀ ਆ ਰਹੀ ਹੈ । ਹਿੰਦੀ ਜਾਂ ਅੰਗਰੇਜ਼ੀ ਦਾ ਮੌਲਿਕ ਅਤੇ ਇਨ੍ਹਾਂ ਭਾਸ਼ਾਵਾਂ ਵਿੱਚ ਅਨੁਵਾਦਿਤ ਸਾਹਿੱਤ ਵੀ ਪੰਜਾਬੀ ਦੀ ਮਿਹਰਬਾਨੀ ਨਾਲ ਹੀ ਮੇਰੇ ਖ਼ਾਨੇ ਪੈ ਰਿਹਾ ਹੈ । ਲਿਖਤਾਂ ਮੈਨੂੰ ਪ੍ਰਭਾਵਿਤ ਕਰਦੀਆਂ ਹਨ । ਫਿਕਰੇ ਮੈਨੂੰ ਟੁੰਬਦੇ ਹਨ । ਇਨ੍ਹਾਂ ਰਾਹੀਂ ਮੈਨੂੰ ਖੁਸ਼ੀ ਮਿਲਦੀ ਹੈ, ਉਦਾਸੀ ਮਿਲਦੀ ਹੈ, ਤਾਜ਼ਗੀ ਮਿਲਦੀ ਹੈ, ਪ੍ਰੇਰਣਾ ਮਿਲਦੀ ਹੈ, ਰਾਹਤ ਮਿਲਦੀ ਹੈ । ਬਦਲੇ ਵਿੱਚ (ਬਦਲੇ ਦੀ ਭਾਵਨਾ ਨਾਲ ਨਹੀਂ) ਖ਼ੁਦ ਵੀ ਲਿਖਣ ਦੀ ਕੋਸ਼ਿਸ਼ ਕਰਦਾ ਹਾਂ । ਆਪਣਾ ਹਿੱਸਾ ਪਾਉਂਦਾ ਹਾਂ । ਲੇਖਕ ਦੇ ਤੌਰ 'ਤੇ ਭਾਵੇਂ ਕੋਈ ਮੈਨੂੰ ਮਾਨਤਾ ਦੇਣ ਲਈ ਆਪਣੇ ਸਾਰੇ ਹੱਕ ਰਾਖਵੇਂ ਰੱਖੇ, ਪਾਠਕ ਦੇ ਤੌਰ 'ਤੇ ਤਾਂ ਕਿਸੇ ਕੋਲੋਂ ਮਾਨਤਾ ਲੈਣ ਦੀ ਲੋੜ ਨਹੀਂ ਹੁੰਦੀ । ਇਸ ਵਾਰ ਮੈਂ ਨਿਰੋਲ ਪਾਠਕ ਦੀ ਹੈਸੀਅਤ ਵਿੱਚ ਹਾਜ਼ਰ ਹਾਂ ।

ਲੇਖਕ ਨੂੰ ਪਾਠਕ ਦੀ ਲੋੜ ਹੁੰਦੀ ਹੈ, ਪਾਠਕ ਦੀ ਹਾਜ਼ਰੀ ਦੀ ਸ਼ਾਇਦ ਨਾ ਹੁੰਦੀ ਹੋਵੇ । ਲੇਖਕ ਕਿਸੇ ਪਾਠਕ ਨਾਲ ਬਰਾਬਰ ਦੇ ਪੱਧਰ 'ਤੇ ਬੈਠਕੇ ਗੱਲ ਕਰਨ ਵਿੱਚ ਆਪਣੀ ਹੱਤਕ ਸਮਝਦਾ ਹੈ । ਉਹ ਕਹੇਗਾ : ਤੰੂ ਮੇਰੀਆਂ ਕਿਤਾਬਾਂ ਪੜ੍ਹ; ਮੇਰੇ ਨਾਲ ਗੱਲ ਨਾ ਕਰ; ਜੇ ਕਰਨੀ ਹੈ ਤਾਂ ਸਿਰਫ਼ ਮੇਰੀ ਸਿਫ਼ਤ ਕਰ । ਮੈਂ ਲਿਖਤਾਂ ਦੀ ਮਾਰਫ਼ਤ ਕੁਝ ਲੇਖਕਾਂ ਦਾ ਪ੍ਰਸ਼ੰਸਕ ਬਣ ਚੁੱਕਾ ਹਾਂ । ਉਨ੍ਹਾਂ ਦੀ ਸਿਰਫ਼ ਸਿਫ਼ਤ ਹੀ ਨਹੀਂ, ਕੁਸਿਫ਼ਤ ਵੀ ਕਰਦਾ ਹਾਂ । ਕਦੇ ਕਦੇ ਮੇਰੇ ਵਿਸ਼ਵਾਸ ਨੂੰ ਚੋਟ ਪਹੁੰਚਦੀ ਹੈ, ਮੇਰਾ ਭਰੋਸਾ ਤਿੜਕਦਾ ਲੱਗਦਾ ਹੈ; ਪਰ ਸਮੁੱਚੀ ਰਾਏ ਕਦੇ ਨਹੀਂ ਬਦਲਦੀ । ਕੁਝ ਲੇਖਕ ਯਕੀਨਨ ਵਧੀਆ ਲਿਖ ਸਕਦੇ ਹਨ, ਲਿਖਦੇ ਨਹੀਂ । ਕਈਆਂ ਦੀ ਕਲਮ ਵਿੱਚ ਕੋਈ ਚਿਣਗ ਨਹੀਂ ਹੁੰਦੀ, ਕਦੇ ਕਦਾਈਾ ਉਨ੍ਹਾਂ ਕੋਲੋਂ ਚੰਗਾ ਲਿਖਿਆ ਜਾਂਦਾ ਹੈ । ਪਹਿਲੇ ਨੰਬਰ 'ਤੇ ਮੈਂ ਪ੍ਰਤਿਭਾ ਨੂੰ ਹੀ ਰੱਖਾਂਗਾ, 'ਚਾਂਸ' ਨੂੰ ਨਹੀਂ । ਪਾਠਕ ਦੀ ਇਸ ਆਜ਼ਾਦੀ ਉੱਤੇ ਤੁਹਾਨੂੰ ਕੋਈ ਏਅਤਰਾਜ਼ ਹੈ? ਜੇ ਹੈ ਤਾਂ ਕੀ ਤੁਸੀਂ ਇਸ ਵਿਸ਼ੇ 'ਤੇ ਗਲੋਬਲ ਪੱਧਰ ਦੀ ਬਹਿਸ ਕਰਵਾਉਣ ਦੇ ਹੱਕ ਵਿੱਚ ਹੋ? ਤੁਸੀਂ 'ਹਾਂ' ਕਹੋ, ਮੈਂ ਤੁਹਾਡੇ ਹੱਕ ਵਿੱਚ ਹੁਣੇ ਨਾਅਰਾ ਬੁਲੰਦ ਕਰਨ ਲਈ ਤਿਆਰ ਹਾਂ ।

'ਗਲੋਬਲ' ਸ਼ਬਦ ਮੇਰੀ ਭਾਸ਼ਾ ਦਾ ਨਹੀਂ, ਨਾ ਹੀ ਇਸ ਪੱਧਰ 'ਤੇ ਮੈਂ ਕਦੇ ਸੋਚਿਆ ਹੈ । ਸੋਚ ਵੀ ਕਿਸ ਤਰ੍ਹਾਂ ਸਕਦਾ ਹਾਂ, ਮੈਂ ਜੁ ਹੋਇਆ ਪੰਜਾਬੀ ਦਾ ਇੱਕ ਅਦਨਾ ਜਿਹਾ ਪਾਠਕ । ਪੰਜਾਬ ਵੀ ਪੂਰਾ ਨਹੀਂ ਵੇਖਿਆ, ਕਦੇ ਗਲੋਬ ਨੂੰ ਪੜ੍ਹਨ ਦਾ ਮੌਕਾ ਵੀ ਨਹੀਂ ਮਿਲਿਆ । ਦਰਸ਼ਨ ਅਤੇ ਆਲੋਚਨਾ ਦੇ ਗੂੜ੍ਹ ਸਿੱਧਾਂਤਾਂ ਦਾ ਮੈਨੂੰ ਕੁਝ ਵੀ ਨਹੀਂ ਪਤਾ, ਆਪਣੀਆ ਸੀਮਾਵਾਂ ਤੋਂ ਸਿਵਾ । ਸਿਰਫ਼ ਇੱਕ ਭਰਮ ਸੀ ਕਿ ਮੈਂ ਸਾਹਿੱਤ ਨੂੰ ਮਾਣ ਸਕਦਾ ਹਾਂ ਤੇ ਮੇਰਾ ਇਹ ਇਕਲੌਤਾ ਮਾਣ ਵੀ ਮਿਸਟਰ ਗਲੋਬਲ ਨੇ ਤੋੜ ਦਿੱਤਾ ।

ਮਿਸਟਰ ਗਲੋਬਲ ਨਾਲ ਮੇਰੀ ਮੁਲਾਕਾਤ ਇੱਕ ਸਾਹਿੱਤ-ਸੰਮੇਲਨ ਵਿੱਚ ਹੋਈ ਸੀ । ਮੁਲਾਕਾਤ ਵੀ ਕਾਹਦੀ? ਉਹ ਸਟੇਜ ਉਤੇ ਖੜ੍ਹਾ ਬੋਲ ਰਿਹਾ ਸੀ ਤੇ ਮੈਂ ਸ਼ਰੋਤਿਆਂ ਦੀ ਭੀੜ ਵਿੱਚ ਗੁਆਚਾ ਹੋਇਆ ਸਾਂ । ਉਹਦੇ ਭਾਸ਼ਣ ਦਾ ਵਿਸ਼ਾ ਸੀ : ਸਾਹਿੱਤ ਅਤੇ ਆਮ ਆਦਮੀ । ਮੈਂ ਪੂਰੇ ਗਹੁ ਨਾਲ ਸੁਣ ਰਿਹਾ ਸਾਂ । ਡੇਢ ਦੋ ਘੰਟਿਆਂ ਦੇ ਪ੍ਰਵਚਨ 'ਚੋਂ ਮੇਰੇ ਪੱਲੇ ਕੁਝ ਇੱਕ ਸ਼ਬਦ ਜਾਂ ਵਾਕੰਸ਼ ਹੀ ਪਏ । ਮਸਲਨ :

''.....ਲਿਟਰੇਚਰ ਇੱਕ ਸਾਇੰਸ ਹੈ । ਇੱਕ ਇਤਿਹਾਸ...ਇੱਕ ਭੂਗੋਲ... ਇਸਦੀ ਆਪਣੀ ਇੱਕ ਜਿਊਮੈਟਰੀ ਹੈ... ਸੰਰਚਨਾ ਹੈ... ਫਿਲਾਸਫੀ ਹੈ... ਦਵੰਦਵਾਦੀ ਭੌਤਿਕਵਾਦ ਹੈ... । ਮੌਲਿਕਤਾ ਕੋਈ ਚੀਜ਼ ਨਹੀਂ, ਹਰ ਸ਼ਬਦ ਮੌਲਿਕ ਹੈ । ਸਾਹਿੱਤ ਨੇ ਆਮ ਆਦਮੀ ਤੋਂ ਬਹੁਤ ਕੁਝ ਲਿਆ ਹੈ ਪਰ ਆਮ ਆਦਮੀ ਨੇ ਸਾਹਿੱਤ ਤੋਂ ਕੀ ਲੈਣਾ ਹੈ?...ਇਹ ਮਸਲਾ ਹੁਣ ਕਿਸੇ ਬਹਿਸ ਦਾ ਮੁਥਾਜ ਨਹੀਂ, ਇਸਦੇ ਸਾਰੇ ਪੱਖਾਂ 'ਤੇ ਗਲੋਬਲ ਬਹਿਸ ਹੋ ਚੁੱਕੀ ਹੈ ।''

ਇਸ ਦੌਰਾਨ ਮਿਸਟਰ ਗਲੋਬਲ ਨੇ ਕੁਝ ਵੱਡੇ ਵੱਡੇ ਅਤੇ ਔਖੇ ਨਾਂ ਵੀ ਬਾਰ ਬਾਰ ਬੋਲੇ ਸਨ ਜਿਹੜੇ ਯਾਦ ਨਹੀਂ ਸਨ ਰੱਖੇ ਜਾ ਸਕਦੇ । ਪਰ ਭਾਸ਼ਣ ਦੌਰਾਨ ਮੈਂ ਖ਼ੁਦ ਨੂੰ ਸਭ ਤੋਂ ਵੱਡਾ ਮੂਰਖ ਸਮਝ ਰਿਹਾ ਸਾਂ ।

ਇਸ 'ਗਲੋਬਲ' ਹਾਦਸੇ ਦਾ ਮੇਰੀ ਸਾਹਿੱਤ-ਰਸਿਕਤਾ 'ਤੇ ਬੜਾ ਮਾਰੂ ਅਸਰ ਹੋਇਆ । ਹੁਣ ਮੈਂ ਸਾਹਿੱਤ ਨੂੰ ਮਾਨਣ ਦੀ ਥਾਂ ਉਸ 'ਚੋਂ ਜੁਗਰਾਫੀਆ ਤੇ ਜਿਊਮੈਟਰੀ ਲੱਭਣੀ ਸ਼ੁਰੂ ਕਰ ਦਿੱਤੀ । ਮਨ ਅੰਦਰ ਘਟੀਆਪਨ ਦਾ ਅਹਿਸਾਸ ਜ਼ੋਰ ਫੜਨ ਲੱਗਾ । ਕਿਤਾਬਾਂ ਤੋਂ ਡਰ ਆਉਣ ਲੱਗ ਪਿਆ । ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਪਰਛਾਵਿਆਂ ਤੋਂ ਵੀ ਬਚਕੇ ਤੁਰਨ ਦੀ ਆਦਤ ਪੈ ਗਈ । ਸਾਹਿੱਤ ਅਤੇ ਮੈਂ ਇੱਕ ਦੂਸਰੇ ਲਈ ਅਜਨਬੀ ਹੋ ਗਏ । ਜਾਂ ਇਉਂ ਕਹਿ ਲਵੋ ਕਿ ਮੈਂ ਪੂਰੀ ਤਰ੍ਹਾਂ 'ਆਦਮੀ' ਬਣਕੇ ਸਾਹਿੱਤ ਦੇ 'ਸਮਾਨੰਤਰ' ਯਾਤਰਾ ਕਰਨ ਲੱਗ ਪਿਆ ।

ਸਾਹਿੱਤ-ਸੁਹਜ ਨਾਲ ਹਮਦਰਦੀ ਰੱਖਣ ਵਾਲੇ ਕੁਝ ਸ਼ਖ਼ਸ ਮੇਰੇ ਵਾਕਿਫ਼ ਹਨ । ਇੱਕ-ਪਾਸੜ ਚਰਚਾ ਕਰਦੇ ਰਹਿੰਦੇ । ਮੈਂ ਕੰਨ ਵਲੇ੍ਹਟ ਕੇ ਸੁਣਦਾ ਰਹਿੰਦਾ । ਹਾਦਸਾ ਤਾਂ ਸਿਰਫ਼ ਮੇਰੇ ਨਾਲ ਵਾਪਰਿਆ ਸੀ । ਕਿਸੇ ਨੂੰ ਕੋਈ ਸੂਹ ਨਹੀਂ ਸੀ ਲੱਗੀ । ਪਰ ਉਹ ਮੇਰੇ ਵਤੀਰੇ ਤੋਂ ਫ਼ਿਕਰਮੰਦ ਹੋਏ ਲੱਗਦੇ ਸਨ । ਜਦੋਂ ਕਦੇ ਉਹ ਝੋਲੇ ਲਟਕਾਈ ਮਿਲਣ ਆਉਂਦੇ, ਜਾਂ ਕਿਸੇ ਸਮਾਗਮ ਵਿੱਚ ਜਾਣ ਲਈ ਕਹਿੰਦੇ ਤਾਂ ਮੈਂ ਕੋਈ ਗੰਭੀਰ ਜਿਹਾ ਬਹਾਨਾ ਲਾ ਕੇ ਖਹਿੜਾ ਛੁਡਾ ਲੈਂਦਾ । ਘਰ ਦੇ ਕੰਮਾਂ ਵਿੱਚ ਮੇਰੀ ਦਿਲਚਸਪੀ ਵੱਧ ਗਈ ਸੀ । ਰਸੋਈ ਵਿੱਚ ਆਉਣ ਜਾਣ ਲੱਗ ਪਿਆ ਸਾਂ । ਬੱਚੇ ਖੁਸ਼ ਸਨ । ਪਤਨੀ ਪ੍ਰਸੰਨ ਸੀ । ਇਹ ਹਾਦਸਾ ਘਰ ਨੂੰ ਬਹੁਤ ਰਾਸ ਆਇਆ ਸੀ । ਮੈਂ ਅੰਦਰੋਂ ਟੁੱਟ ਗਿਆ ਸਾਂ ਪਰ ਬਾਹਰੋਂ ਪੂਰੀ ਤਰ੍ਹਾਂ ਜੁੜਿਆ ਹੋਇਆ ਲੱਗਦਾ ਸਾਂ । ਉਂਜ ਬਾਹਰ ਨਾਲੋਂ ਟੁੱਟ ਗਿਆ ਸਾਂ ਤੇ ਅੰਦਰ ਵਾਲਿਆਂ ਨੂੰ ਬਹੁਤਾ ਜੁੜਿਆ ਜਾਪਦਾ ਸਾਂ । ਇੱਕ ਆਦਮੀ ਦੀ ਤਕਲੀਫ਼ ਨਾਲ ਗਲੋਬਲ ਸੋਚ ਵਾਲੇ ਮਹਾਰਥੀ ਨੂੰ ਭਲਾ ਕੀ ਵਾਸਤਾ ਹੋ ਸਕਦਾ ਹੈ ।

ਦੁਨੀਆ ਵਿੱਚ ਹੋਰ ਸਭ ਕੁਝ ਹੋ ਸਕਦਾ ਹੈ ਪਰ ਇਹ ਨਹੀਂ ਹੋ ਸਕਦਾ ਕਿ ਮੇਰੇ ਵਰਗਾ ਮਾਮੂਲੀ ਬੰਦਾ ਵੀ ਆਪਣੀ ਮਰਜ਼ੀ ਅਨੁਸਾਰ ਸੋਚ ਨਾ ਸਕੇ । ਸੋਚ ਉੱਤੇ ਕਿਸੇ ਦਾ ਵਸੀਕਾਰ ਨਹੀਂ । ਇਹਨੀਂ ਦਿਨੀਂ ਮੈਂ ਪੜ੍ਹਦਾ ਨਹੀਂ ਸਾਂ, ਲਿਖਦਾ ਨਹੀਂ ਸਾਂ, ਬੋਲਦਾ ਨਹੀਂ ਸਾਂ । .....ਸਿਰਫ ਮੈਥੋਂ ਸੋਚਿਆ ਜਾ ਰਿਹਾ ਸੀ...

ਸੋਚਿਆ ਜਾ ਰਿਹਾ ਸੀ ਤੇ ਥੋੜ੍ਹਾ ਥੋੜ੍ਹਾ ਦਵੰਦਵਾਦੀ ਭੌਤਿਕਵਾਦ (ਜਾਂ ਭੌਤਿਕਵਾਦੀ ਦਵੰਦਵਾਦ) ਸਮਝ ਵੀ ਆਉਣ ਲੱਗ ਪਿਆ ਸੀ । ਵਿਦਵਤਾ ਤੇ ਪ੍ਰਤਿਭਾ ਦਾ ਦਵੰਦ । ਪ੍ਰਤਿਭਾ ਵਿਚਾਰੀ ਦਸਾਂ ਵਰ੍ਹਿਆਂ ਵਿੱਚ ਇੱਕ ਕਿਤਾਬ ਲਿਖਦੀ ਹੈ । ਪ੍ਰਤਿਭਾ ਨਿਰਮਾਨ ਰਹਿੰਦੀ ਹੈ, ਉਸਨੂੰ ਆਪਣੀ ਰਚਨਾ ਦੇ ਅਮਲ 'ਚੋਂ ਸਕੂਨ ਮਿਲਦਾ ਹੈ । ਵਿਦਵਤਾ ਦਸਾਂ ਵਰ੍ਹਿਆਂ ਵਿੱਚ ਦਸ ਹਜ਼ਾਰ ਕਿਤਾਬਾਂ ਪੜ੍ਹ ਜਾਂਦੀ ਹੈ । ਵਿਦਵਤਾ ਆਕੜ ਜਾਂਦੀ ਹੈ, ਉਸਨੂੰ ਆਪਣੇ ਅਕੜੇਵੇਂ ਦੀ ਨੁਮਾਇਸ਼ ਲਈ ਸਟੇਜ ਦੀ ਭਾਲ ਰਹਿੰਦੀ ਹੈ । ਪਾਠਕ ਪ੍ਰਤਿਭਾ ਨੂੰ ਪਿਆਰ ਕਰਦੇ ਹਨ । ਵਿਦਵਤਾ ਕੋਲੋਂ ਡਰਦੇ ਹਨ । ਪਿਆਰ ਮਨੁੱਖ ਨੂੰ ਕਲਾ ਦੇ ਨੇੜੇ ਲਿਆਉਂਦਾ ਹੈ । ਡਰ ਮਨੁੱਖ ਨੂੰ ਵਿਰੋਧੀ ਦਿਸ਼ਾ ਵੱਲ ਧੱਕਦਾ ਹੈ । ਪ੍ਰਤਿਭਾ ਪਾਠਕਾਂ ਦੇ ਵਿੱਚਕਾਰ ਆਪਣੀ ਥਾਂ ਬਣਾਉਂਦੀ ਹੈ । ਵਿਦਵਤਾ ਸਭ ਨੂੰ ਲਾਂਭੇ ਧੱਕ ਕੇ ਕੋਈ ਵਿਕੋਲਤਰੀ ਜਗ੍ਹਾ ਚਾਹੁੰਦੀ ਹੈ । ਪਾਠਕ ਤਾਂ ਰਸਿਕ ਹੁੰਦਾ ਹੈ, ਪ੍ਰੇਮੀ ਵਾਂਗ । ਪ੍ਰੇਮੀ ਆਪਣੀ ਪ੍ਰੇਮਿਕਾ ਦੇ ਜਿਸਮ ਦਾ ਇਤਿਹਾਸ ਭੂਗੋਲ ਨਹੀਂ ਵੇਖਦਾ, ਰਸ ਲੈਂਦਾ ਹੈ । ਅੰਗਰੇਜ਼ੀ ਵਾਲੇ 'ਸਰਜਨ' ਅਤੇ ਪੰਜਾਬੀ ਵਾਲੇ 'ਸਿਰਜਣ' ਦਾ ਕਾਰਜ ਵੱਖ ਵੱਖ ਹੈ । ਸਿਰਜਕ ਜਾਂ ਰਸਿਕ ਦੇ ਧੜ ਉੱਤੇ ਇੱਕ ਸਿਰ ਹੁੰਦਾ ਹੈ, ਗਲੋਬ ਨਹੀਂ ।

ਮੇਰਾ ਭਰੋਸਾ ਪਰਤ ਰਿਹਾ ਲੱਗਾ । ਮੈਂ ਕਿਤਾਬਾਂ ਵੱਲ ਪਰਤ ਰਿਹਾ ਹਾਂ । 'ਭਾਰਤੀ ਸੰਸਕ੍ਰਿਤੀ ਦੇ ਆਧਾਰ' ਦੇ ਪੰਨੇ ਪਰਤਦਾ ਹਾਂ । ਸ਼੍ਰੀ ਅਰਵਿੰਦ ਨੇ ਭਾਰਤੀ ਸੰਸਕ੍ਰਿਤੀ ਦੇ ਘੋਰ ਨਿੰਦਕ, ਪ੍ਰਸਿੱਧ ਅੰਗਰੇਜ਼ੀ 'ਵਿਦਵਾਨ' (ਮਿਸਟਰ ਰੁਡਿਆਰਡ ਕਿਪਲਿੰਗ) ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ: .....ਉਹ ਕਾਫੀ ਡਿਗਰੀਆਂ ਵਾਲਾ ਤੇ ਬਹੁਤ ਪੜ੍ਹਿਆ ਲਿਖਿਆ ਆਦਮੀ ਹੈ ਪਰ ਉਸ ਵਿੱਚ ਕੋਈ ਪ੍ਰਤਿਭਾ ਜਾਂ ਅਸਾਧਾਰਨ ਸਮਰੱਥਾ ਨਹੀਂ ਹੈ, ਹੈ ਸਿਰਫ਼ ਸਾਧਾਰਨ ਦਰਜੇ ਦੀ ਸਫ਼ਲ ਭੂਤ ਯੋਗਤਾ; ਉਸਦੇ ਮਨ ਵਿੱਚ ਨਾ ਤਾਂ ਨਿਰਮਾਣਤਾ ਹੈ ਨਾ ਉਦਾਰ ਸਹਾਨੁਭੂਤੀ, ਹਨ ਕੁਝ ਨਿਸ਼ਚਿਤ ਕੀਤੇ ਹੋਏ ਕਠੋਰ ਮਤ, ਜਿਨ੍ਹਾਂ ਨੂੰ ਉਹ ਅਸਰਦਾਰ ਤਰੀਕੇ ਨਾਲ ਵੱਖ ਵੱਖ ਤਰ੍ਹਾਂ ਦੀਆਂ, ਪਰ ਪੂਰੀ ਤਰ੍ਹਾਂ ਸਹੀ ਨਹੀਂ, ਜਾਣਕਾਰੀਆਂ ਦਾ ਵਿਖਾਵਾ ਕਰਨ ਦੀ ਆਪਣੀ ਆਦਤ ਨਾਲ ਸਿੱਧ ਕਰਦਾ ਹੈ ਅਤੇ ਵਜ਼ਨਦਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ । ਇਹੋ ਅਸਲ ਵਿੱਚ ਕੁਝ ਯੋਗਤਾ ਰੱਖਣ ਵਾਲੇ ਇੱਕ ਔਸਤ ਅੰਗਰੇਜ਼ ਦੀ ਦ੍ਰਿਸ਼ਟੀ ਅਤੇ ਮਨੋਬਿਰਤੀ ਹੈ ਜੋ ਅਖ਼ਬਾਰ- ਨਵੀਸੀ ਦਾ ਰਿਆਜ਼ ਕਰਦਿਆਂ ਬਣਦੀ ਹੈ...

ਮੈਨੂੰ ਮਿਸਟਰ ਗਲੋਬਲ ਦੀ ਪਰਿਭਾਸ਼ਾ ਲੱਭ ਗਈ ਹੈ । ਸ਼ੁਕਰੀਆ, ਮਿਸਟਰ ਅਰਵਿੰਦ!!

ਮਨੁੱਖਾ ਜੀਵਨ ਵਿੱਚ ਸਾਹਿੱਤ ਦੀ ਭੂਮਿਕਾ

ਦੋਸਤੋ! ਇਸ ਵਿਸ਼ੇ ਉੱਤੇ ਤੁਹਾਡੇ ਆਪਣੇ ਵਿਚਾਰ ਵੀ ਹੋਣਗੇ; ਜ਼ਰੂਰ ਹੋਣਗੇ...ਪਰ ਥੋੜ੍ਹੀ ਦੇਰ ਲਈ ਭੁੱਲ ਜਾਉ; ਭੁੱਲ ਜਾਉ ਕਿ ਤੁਹਾਡੇ ਕੋਲ ਕੋਈ ਵਿਚਾਰ ਵੀ ਹਨ । ...ਅਸੀਂ ਖ਼ੁਦ ਵੀ ਪਿਛਲਾ ਪੜ੍ਹਿਆ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ; ਕੋਸ਼ਿਸ਼ ਕਰ ਰਹੇ ਹਾਂ ਕਿ ਸਥਾਪਿਤ 'ਰੁਕਾਵਟਾਂ' ਸਾਡੇ 'ਪ੍ਰਵਚਨ' ਵਿੱਚ ਹੋ-ਹੱਲਾ ਨਾ ਮਚਾਉਣ । ਅਸੀਂ ਤਾਂ 'ਜੀਵਨ' ਅਤੇ 'ਸਾਹਿੱਤ' ਦਾ ਨਿਰੋਲ, ਸ਼ੁੱਧ, ਖਾਲਿਸ ਅਤੇ ਅ-ਭ੍ਰਸ਼ਟ ਸੰਵਾਦ ਰਚਾਉਣਾ ਲੋਚ ਰਹੇ ਹਾਂ । ਅਸੀਂ ਤਾਂ ਇਸ ਮੰਚ ਉੱਤੇ ਇੱਕ ਨਵੀਂ ਸ਼ੁਰੂਆਤ 'ਸੋਚ' ਰਹੇ ਹਾਂ । ਤੁਹਾਡੀ ਹਾਜ਼ਰੀ ਵਿੱਚ, ਪਿਛਲਾ ਪੜ੍ਹਿਆ-ਲਿਖਿਆ ਖਰੋਚ ਰਹੇ ਹਾਂ ।...

ਹਾਂ, ਤੇ ਸਭ ਤੋਂ ਪਹਿਲਾਂ ਅਸੀਂ 'ਅਸੀਂ' ਦਾ ਨਿਰਣਾ ਕਰ ਲਈਏ! 'ਅਸੀਂ' ਨੂੰ ਕਦੇ ਵੀ ਅਸੀਂ 'ਮੈਂ' ਦੇ ਪ੍ਰਥਾਇ ਨਹੀਂ ਵਰਤਿਆ ਹੈ । ਲੇਖਕ 'ਮੈਂ' ਨਹੀਂ ਹੁੰਦਾ! 'ਵਿਅਕਤੀ' ਹੁੰਦਾ ਹੈ ਪਰ 'ਇਕੱਲਾ' ਨਹੀਂ ਹੁੰਦਾ । ਲੇਖਕ ਸਦਾ ਹੀ ਸਤਿਕਾਰ ਦਾ ਪਾਤਰ ਹੈ । ਸਿਰਫ਼ ਇਹੋ ਸੋਚ ਕੇ ਇਹ 'ਕਾਲਮਾਚਾਰੀਆ', ਲੇਖਕ ਦੇ ਸਤਿਕਾਰ ਵਜੋਂ, 'ਮੈਂ' ਦੀ ਥਾਂ 'ਅਸੀਂ' ਲਿਖ ਰਿਹਾ ਹੈ । ਇਹ ਕੋਈ ਅਹੰਕਾਰ ਜਾਂ ਹਉਮੈ ਦਾ ਪ੍ਰਗਟਾਵਾ ਨਹੀਂ, ਲੇਖਕ ਦਾ ਸਤਿਕਾਰ ਮਾਤਰ ਹੈ । ਜ਼ਾਹਿਰ ਹੈ ਕਿ ਲੇਖਕ ਸਤਿਕਾਰ ਦਾ ਪਾਤਰ ਹੈ ।...ਜੇ ਸਹਿਮਤ ਹੋਵੋ ਤਾਂ ਗੱਲ ਅੱਗੇ ਤੋਰਾਂ!

ਦੇਖੋ ਦੋਸਤੋ! ਕਾਹਲੇ ਨਾ ਪਵੋ । ਜੇ ਇਸ ਘੜੀ ਤੁਹਾਡੇ ਕੋਲ ਵਕਤ ਨਹੀਂ, ਜਾਂ ਤੁਸੀਂ ਕਿਸੇ ਵੱਖਰੀ ਤਰ੍ਹਾਂ ਦੀ ਕਾਹਲ ਵਿੱਚ ਹੋ ਤਾਂ ਬੇਸ਼ੱਕ ਚਲੇ ਜਾਵੋ । ਇਹ ਕੋਈ ਟੈਲੀਫ਼ੋਨ-ਸੰਦੇਸ਼ ਨਹੀਂ, ਜੋ ਤੁਸਾਂ ਹੁਣੇ ਹੀ ਸੁਣਨਾ ਹੈ । ਤੁਸੀਂ ਜਦੋਂ ਵੀ ਆਉਗੇ, ਇਹ ਕਾਲਮ ਤੁਹਾਨੂੰ ਜੀਅ-ਆਇਆਂ ਕਹੇਗਾ । ਇਹ ਅੰਕ ਤੁਹਾਡੇ ਲਈ ਸੁਰੱਖਿਅਤ ਰਹੇਗਾ । ਪਰ ਹਾਲ ਦੀ ਘੜੀ, ਕਿਸੇ ਮਜਬੂਰੀ ਵੱਸ, ਇਸ ਲਿਖਤ ਦਾ ਕੁਤਰਾ ਨਾ ਕਰੋ । ਜ਼ਰੂਰੀ ਕੰਮ ਪਹਿਲਾਂ ਕਰੋ । ਬੱਚਿਆਂ ਦੀ ਫੀਸ ਭਰੋ, ਬਿਜਲੀ ਦਾ ਬਿਲ ਭਰੋ, ਅਫ਼ਸਰ ਦੀ ਹਾਜ਼ਰੀ ਭਰੋ...ਕੁਝ ਵੀ ਭਰੋ ਪਰ ਪੜ੍ਹਨ ਲਈ ਵਕਤ ਖਾਲੀ ਕਰੋ । ਸਾਡੇ ਕੋਲ ਆਉਣ ਲਈ ਤਾਂ ਤੁਹਾਨੂੰ ਬਹੁਤ ਕੁਝ ਗੁਆਉਣਾ ਪਵੇਗਾ; ਬਣਿਆ ਬਣਾਇਆ ਚੋਲਾ ਕੁਝ ਦੇਰ ਲਈ ਲਾਹੁਣਾ ਪਵੇਗਾ, ਆਪਣੀ ਕਿੱਲੀ ਉੱਤੇ ਸਾਡਾ ਕਲੰਡਰ ਲਟਕਾਉਣਾ ਪਵੇਗਾ ।...ਜ਼ਰਾ ਦੇਖੋ ਨਾ, ਚੁਰਾਸੀ ਲੱਖ ਜੂਨਾਂ 'ਚੋਂ ਸਭ ਤੋਂ ਉੱਤਮ ਹੈ 'ਮਨੁੱਖਾ ਜੀਵਨ' ਅਤੇ ਮਨੁੱਖਾ ਜੀਵਨ ਵਿੱਚ ਸਭ ਤੋਂ ਵੱਧ ਉੱਤਮ ਅਭਿਵਿਅਕਤੀ ਹੈ 'ਸਾਹਿੱਤ' । ਅਸੀਂ ਇਨ੍ਹਾਂ ਦੋਹਾਂ ਦਾ ਸੰਵਾਦ ਰਚਾਉਣਾ ਚਾਹੁੰਦੇ ਹਾਂ । ਤੁਹਾਨੂੰ ਆਪਣੇ ਕੋਲ ਬਿਠਾਉਣਾ ਚਾਹੁੰਦੇ ਹਾਂ ।... ਇਹ ਸੰਵਾਦ ਰਚਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਫੇਰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਪਿਛਲਾ ਪੜ੍ਹਿਆ-ਪੜ੍ਹਾਇਆ ਭੁਲਾਉਣਾ ਚਾਹੁੰਦੇ ਹਾਂ ।...ਤੁਸੀਂ ਵੀ ਆਜ਼ਾਦ, ਅਸੀਂ ਵੀ ਆਜ਼ਾਦ; ਅਗਲੀ ਗੱਲ ਇਸ ਫੈਸਲੇ ਤੋਂ ਬਾਅਦ!

ਲੰਬੀ ਛਾਲ ਮਾਰਨ ਵਾਲੇ ਦੋਸਤ ਜਾਣਦੇ ਹਨ ਕਿ ਪੜੁੱਲ ਤੋਂ ਪੈਰ ਚੁੱਕਣ ਤੋਂ ਪਹਿਲਾਂ ਕਾਫੀ ਦੇਰ ਦੌੜਨਾ ਪੈਂਦਾ ਹੈ । ਇਹ ਦੌੜ ਤਨ ਅਤੇ ਮਨ ਨੂੰ ਇਕਾਗਰ ਕਰਨ ਲਈ ਹੁੰਦੀ ਹੈ । ਦੌੜਨ ਵੇਲੇ ਦੌੜਾਕ ਦੇ ਮਨ ਵਿੱਚ ਇੱਕ ਖਾਸ ਨਿਸ਼ਾਨਾ ਹੁੰਦਾ ਹੈ । ਦੌੜਨ ਵੇਲੇ ਵੀ ਉਸ ਨੂੰ ਪਤਾ ਹੁੰਦਾ ਹੈ ਕਿ ਦੌੜ ਦੀ ਕੋਈ ਕੀਮਤ ਨਹੀਂ, ਮੁੱਲ ਤਾਂ ਛਾਲ ਦਾ ਪੈਣਾ ਹੈ ।...ਹੁਣ ਤੱਕ ਆਪਾਂ ਦੌੜ ਰਹੇ ਸਾਂ, ਆਉ ਹੁਣ ਛਾਲ ਮਾਰੀਏ!

ਸਾਥੀਉ! ਜੀਵਨ ਕੀ ਹੈ? ਉਮਰ ਦੇ ਕੁਝ ਸਾਲ? ਖ਼ਾਨਦਾਨ ਦਾ ਅਸਰ ਰਸੂਖ? ਉੱਤੇ ਹੇਠਾਂ ਚੰਗੇ- ਮਾੜੇ ਸੰਬੰਧ?...ਨੌਕਰੀ ਜਾਂ ਵਿਆਹ-ਸ਼ਾਦੀ ਦਾ ਪ੍ਰਬੰਧ? ...ਨਹੀਂ ਨਹੀਂ, ਇਹ ਤਾਂ ਜੀਵਨ ਦਾ ਵਪਾਰ ਹੈ, ਜੀਵਨ-ਬੋਧ ਦਾ ਅਗਲਾ-ਪਿਛਲਾ ਵਿਸਥਾਰ ਹੈ, ਇਹ ਚਿੱਤਰ ਦੀ ਸਾਰਥਕਤਾ ਨਹੀਂ ਰੇਖਾਵਾਂ ਦੀ ਘੁੰਮਣ ਘੇਰੀ ਹੈ,...ਹਾਲੇ ਤੱਕ ਤਾਂ ਕੈਨਵਸ ਉੱਤੇ ਆਪਾਂ ਬੈਕ-ਗਰਾਊਂਡ ਦੀ ਕੂਚੀ ਫੇਰੀ ਹੈ ।

ਸਾਨੂੰ ਇਹ ਵੀ ਇਲਮ ਹੈ ਕਿ ਜੀਵਨ ਨੂੰ 'ਸੁਖਾਲਾ' ਬਣਾਉਣ ਲਈ 'ਰਾਜਨੀਤੀ' ਨੇ ਦੁਨੀਆ ਭਰ ਦੇ ਮਿਹਨਤ-ਕਸ਼ਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ । 'ਸਾਹਿੱਤ-ਸਭਾਈ' ਦੋਸਤਾਂ ਨੇ 'ਕਲਮ- ਕਸ਼ਾਂ' ਨੂੰ ਵੀ 'ਮਿਹਨਤ-ਕਸ਼ਾਂ' ਵਾਂਗ ਹੀ ਵੰਗਾਰਿਆ ਹੈ । ਰੌਲੇ-ਰੱਪੇ ਅਤੇ ਸੌਦੇ-ਬਾਜ਼ੀ ਦੇ ਚੱਕਰ ਵਿੱਚ ਜੀਵਨ ਵੀ ਉਲਝ ਗਿਆ ਹੈ ਅਤੇ ਸਾਹਿੱਤ ਵੀ । ਥੋੜ੍ਹੀ ਦੇਰ ਲਈ ਇਨ੍ਹਾਂ ਦੋਹਾਂ ਨੂੰ ਇਕੱਠੇ ਰਹਿਣ ਦਾ ਮੌਕਾ ਦਿਉ । ਲੜਨ ਲਈ ਇਕੱਠੇ ਹੋਣਾ ਪੈਂਦਾ ਹੈ ਪਰ ਸੋਚਣ ਲਈ ਤਾਂ ਹਮੇਸ਼ਾ ਇਕੱਲ ਦੀ ਲੋੜ ਹੁੰਦੀ ਹੈ । ਹੁਣ ਅਵਸਰ ਸੋਚਣ ਦਾ ਹੈ, ਲੜਨ ਦਾ ਨਹੀਂ ।... ਆਉ ਸੋਚੀਏ ਕਿ ਸਾਹਿੱਤ ਦੀ ਜੀਵਨ ਨੂੰ ਲੋੜ ਵੀ ਹੈ ਕਿ ਨਹੀਂ? ਜੇ ਲੋੜ ਹੈ ਵੀ ਤਾਂ ਕਿੰਨੀ ਕੁ ਹੈ? ਕੀ ਸਾਹਿੱਤ ਦਾ ਜੀਵਨ ਤੋਂ ਬਿਨਾਂ ਕੋਈ ਹੋਰ ਵੀ ਧਰਾਤਲ ਹੈ?...ਪਹਿਲਾਂ ਅਸੀਂ ਇਨ੍ਹਾਂ ਦੋਹਾਂ ਨੂੰ ਪਰਿਭਾਸ਼ਤ ਕਰਾਂਗੇ, ਫਿਰ ਦੋਹਾਂ ਦਾ ਸੰਵਾਦ ਰਚਾਵਾਂਗੇ ।...ਕਾਹਲੇ ਨਾ ਪਵੋ, ਜਿੱਥੇ ਜਾਣੈ ਇਕੱਠੇ ਹੀ ਜਾਵਾਂਗੇ ।

ਹਰ ਰਿਸ਼ਤੇ ਦਾ ਆਧਾਰ ਸਵਾਰਥ ਹੁੰਦਾ ਹੈ । ਸੰਬੰਧ ਬਣਾਉਣ ਵੇਲੇ ਜਾਂ ਬਣਾਈ ਰੱਖਣ ਵੇਲੇ ਬੰਦਾ ਸੋਚਦਾ ਹੈ; 'ਕੀ ਫ਼ਾਇਦਾ?' ਸਾਹਿੱਤ ਦਾ ਤਾਂ ਕਿਸੇ ਇਕੱਲੇ-ਦੁਕੱਲੇ ਨਾਲ ਰਿਸ਼ਤਾ ਨਹੀਂ ਹੁੰਦਾ! ਇਸ ਲਈ ਇਹ ਵਾਕਈ ਸੋਚਣ ਵਾਲੀ ਗੱਲ ਹੈ ਕਿ ਸਾਹਿੱਤ ਦੀ ਮਨੁੱਖਾ ਜੀਵਨ ਵਿੱਚ ਕੀ ਭੂਮਿਕਾ ਹੈ? ਅਤੇ ਜੇ ਕੋਈ ਭੂਮਿਕਾ ਹੈ ਤਾਂ ਕੀ ਉਹ ਬੰਦਿਆਂ ਲਈ 'ਫਾਇਦੇਮੰਦ' ਹੈ? ਦੋਸਤੋ! ਜੇਕਰ ਮੋਟੇ ਤੌਰ 'ਤੇ ਵੇਖੀਏ ਤਾਂ ਸਾਹਿੱਤ ਲਿਖਣ ਜਾਂ ਪੜ੍ਹਨ ਨਾਲ ਜਿੰਨਾ ਵਕਤ ਖਰਾਬ ਹੁੰਦਾ ਹੈ, ਉਸ ਹਿਸਾਬ ਨਾਲ ਫ਼ਾਇਦਾ ਬਿਲਕੁਲ ਨਹੀਂ ਹੁੰਦਾ । ਸਾਹਿੱਤ ਦਾ ਵਪਾਰ ਕਰਨ ਵਾਲੇ ਲੋਕ ਵੀ ਕਹਿੰਦੇ ਹਨ ਕਿ ਇਸ ਕੰਮ ਵਿੱਚ ਕੋਲਿਆਂ ਜਾਂ ਆਲੂਆਂ ਜਿੰਨਾ ਫ਼ਾਇਦਾ ਨਹੀਂ । ਫਿਰ ਵੀ ਸਾਹਿੱਤ ਦਾ ਇਤਿਹਾਸ ਦਿਨੋ-ਦਿਨ ਮੋਟਾ ਹੁੰਦਾ ਜਾ ਰਿਹਾ ਹੈ । ਲੱਗਦਾ ਹੈ ਕਿ ਹੈ ਤਾਂ ਭਾਵੇਂ ਇਹ ਘਾਟੇਵੰਦਾ ਸੌਦਾ, ਪਰ ਇਸਦੇ ਬਿਨਾਂ ਗੁਜ਼ਾਰਾ ਵੀ ਨਹੀਂ । ਜੀਵਨ ਨਾਲ ਜਾਂ ਜਿਉਂਦੇ ਰਹਿਣ ਨਾਲ ਇਸਦਾ ਕੋਈ ਗੁੱਝਾ ਤੇ ਸਦੀਵੀ ਸੰਬੰਧ ਹੈ ਅਤੇ ਜੀਵਨ-ਵਪਾਰ ਵਿੱਚ ਇਸ ਦੀ ਕੋਈ ਉਪਯੋਗੀ ਭੂਮਿਕਾ ਵੀ ਹੈ । ਪਰ ਉਹ ਭੂਮਿਕਾ ਹੈ ਕੀ?...ਇਹੋ ਤਾਂ ਅਸੀਂ ਵੇਖਣਾ ਹੈ! ਇਸ ਰਹੱਸ ਦਾ ਜੇ ਸਹਿਜੇ ਹੀ ਪਤਾ ਲੱਗ ਸਕਦਾ ਹੁੰਦਾ ਤਾਂ ਹੁਣ ਤੱਕ ਕਈ ਵਾਰੀ ਲੱਗ ਚੁੱਕਾ ਹੁੰਦਾ । ਹੋ ਸਕਦਾ ਹੈ ਕਿ ਕਈਆਂ ਨੂੰ ਲੱਗ ਵੀ ਗਿਆ ਹੋਵੇ ਪਰ ਉਹ ਤਾਂ ਗੌਤਮ ਤੋਂ ਸਿਧਾਰਥ ਬਣ ਗਏ, ਬੱਸ! ਸਿਧਾਰਥ, ਕਿ ਜਿਸਨੇ ਸਾਰੀ ਉਮਰ ਇੱਕ ਵੀ ਅੱਖਰ ਆਪਣੇ ਹੱਥ ਨਾਲ ਨਹੀਂ ਸੀ ਲਿਖਿਆ । ਸੁਣੀ-ਸੁਣਾਈ ਗੱਲ 'ਤੇ ਵਿਸ਼ਵਾਸ ਕਰੀ ਫਿਰਦੇ ਹਾਂ ਕਿ ਉਹਨੂੰ 'ਗਿਆਨ' ਹੋਇਆ ਸੀ ਤੇ ਉਹ ਪੂਜਣਯੋਗ ਬਣ ਗਿਆ । ਉਹਦੇ ਅਨੁਯਾਈ ਪੈਦਾ ਹੋ ਗਏ । ਉਹਦੇ 'ਮਾਰਗ' ਨੂੰ ਸਰਕਾਰੀ ਸਰਪ੍ਰਸਤੀ ਮਿਲ ਗਈ । ਸਤੰਭ, ਮੱਠ ਤੇ ਸ਼ਿਲਾਲੇਖ ਸਥਾਪਿਤ ਹੋ ਗਏ ।....ਪਰ 'ਗਿਆਨ' ਦਾ ਕੀ ਬਣਿਆ? ਰਹੱਸ ਤਾਂ ਰਹੱਸ ਹੀ ਰਿਹਾ । ਫਿਰ ਏਡੀ ਵੱਡੀ ਪ੍ਰਾਪਤੀ ਦਾ ਕੀ ਫ਼ਾਇਦਾ? ਫ਼ਾਇਦਾ ਹੋਵੇ ਭਾਵੇਂ ਨਾ, ਪਰ ਹੁੰਦਾ ਇੰਜ ਹੀ ਆਇਆ ਹੈ । ਹੁੰਦਾ ਇੰਜ ਹੀ ਰਹਿਣਾ ਹੈ । ਸਾਹਿੱਤ ਵਿਚਾਰੇ ਨੇ ਕੀ ਕਰਨਾ । ਜੋ ਕੁਝ ਕਰਨਾ ਹੈ ਬੰਦਿਆਂ ਨੇ ਹੀ ਕਰਨਾ ਹੈ । ਸਾਹਿੱਤ ਤਾਂ ਇੱਕ ਸਵਾਰੀ ਹੈ, ਮਾਧਿਅਮ ਹੈ, ਮੰਚ ਹੈ, ਮਾਈਕ ਹੈ... ।

ਦਰ ਅਸਲ ਸਾਹਿੱਤ ਇੱਕ ਸ਼ਰਣਾਰਥੀ ਕੈਂਪ ਦੇ ਅਸੰਤੁਸ਼ਟ ਮਨੁੱਖਾਂ ਦੀ ਸ਼ਰਣਗਾਹ ਹੈ । ਦੌੜ ਤੋਂ ਖੁੰਝਿਆਂ ਹੋਇਆਂ ਦਾ ਮੇਲਾ ਹੈ । ਮਨੋਰੋਗੀਆਂ ਦੀ ਸੈਰਗਾਹ ਹੈ । ਨਿਸਾਰਿਆਂ ਦਾ ਆਸਰਾ ਹੈ, ਨਿਓਟਿਆਂ ਦੀ ਓਟ ਹੈ । ਸਾਹਿੱਤ ਹੈ ਕੀ? ਲੋਕਾਂ ਦੀਆਂ ਸ਼ਿਕਾਇਤਾਂ ਹੀ ਤਾਂ ਹਨ, ਗਿਲੇ ਹੀ ਤਾਂ ਹਨ । ਸ਼ਿਕਵੇ ਹੀ ਤਾਂ ਹਨ । ਦੁੱਖ, ਦਰਦ, ਪੀੜ, ਬਿਰਹਾ, ਅਸਫ਼ਲਤਾਵਾਂ, ਨਮੋਸ਼ੀਆਂ, ਵਿਗੋਚੇ, ਹੇਰਵੇ ਤੇ ਹੋਰ ਪਤਾ ਨਹੀਂ ਕੀ ਕੀ ਕੁਝ ਏਥੇ ਇਕੱਠਾ ਹੋਇਆ ਪਿਆ ਹੈ ।

ਮਨੁੱਖ ਜਦੋਂ ਕਿਸੇ 'ਆਪਣੀ ਵਸਤ' ਤੋਂ ਵਿਛੁੰਨਿਆਂ ਜਾਂਦਾ ਹੈ ਜਾਂ ਫਿਰ ਉਹ ਖ਼ੁਦ ਨੂੰ ਵਿਛੁੰਨਿਆਂ ਸਮਝਦਾ ਹੈ ਤਾਂ ਬਹੁਤ ਦੁਖੀ ਹੁੰਦਾ ਹੈ । ਪਹਿਲਾਂ ਪਹਿਲ ਉਸ 'ਵਸਤ' ਨੂੰ ਪ੍ਰਾਪਤ ਜਾਂ ਮੁੜ-ਪ੍ਰਾਪਤ ਕਰਨ ਲਈ ਜਾਇਜ਼-ਨਾਜਾਇਜ਼ ਢੰਗ ਲੱਭਦਾ ਹੈ, ਵਰਤਦਾ ਹੈ । ਏਧਰ-ਓਧਰ, ਜੀਭਿਆਣਾ, ਮਦਦ ਲਈ ਝਾਕਦਾ ਹੈ । ਜਦੋਂ ਖ਼ੁੁਦ ਨੂੰ ਬਿਲਕੁਲ ਇਕੱਲਾ, ਹੀਣਾ ਅਤੇ ਬੇਸਹਾਰਾ ਮਹਿਸੂਸ ਕਰਦਾ ਹੈ ਤਾਂ ਉਸਦਾ ਜੀਅ ਕਰਦਾ ਹੈ ਕਿਸੇ ਵੱਡੇ ਕੋਲ 'ਅਪੀਲ' ਕਰੇ ਜਾਂ ਫਿਰ ਘੱਟੋ ਘੱਟ ਆਪਣੇ ਨਾਲ ਹੋਈ ਬੇ-ਇਨਸਾਫ਼ੀ ਨੂੰ ਦਸਤਾਵੇਜ਼ੀ ਰੂਪ ਵਿੱਚ ਨੁਮਾਇਆ ਕਰ ਜਾਏ । ਵਿਛੁੰਨੇਪਣ ਦੀ ਭਾਵਨਾ ਯਥਾਰਥਕ ਹੋਵੇ ਭਾਵੇਂ ਕਾਲਪਨਿਕ, ਇੱਕ ਸੰਵੇਦਨਸ਼ੀਲ ਵਿਅਕਤੀ ਇਹੋ ਮਾਰਗ ਅਪਣਾਉਂਦਾ ਹੈ । ਆਮ ਆਦਮੀ ਵੀ ਇਹੋ ਕੁਝ ਕਰਦਾ ਅਥਵਾ ਕਰਨਾ ਚਾਹੁੰਦਾ ਹੈ ਪਰ ਉਹ ਆਪਣੀਆਂ ਸੀਮਾਵਾਂ ਨੂੰ ਉਲੰਘ ਨਹੀਂ ਸਕਦਾ । ਕੁਦਰਤ ਵੱਲੋਂ ਪ੍ਰਤਿਭਾ ਨਾਲ ਵਰੋਸਾਇਆ ਮਨੁੱਖ ਆਪਣੀਆਂ ਦੱਬੀਆਂ ਭਾਵਨਾਵਾਂ ਦਾ ਕਲਾਮਈ ਪ੍ਰਗਟਾਵਾ ਕਰ ਜਾਂਦਾ ਹੈ ।

ਜੀਵਨ-ਵਿਹਾਰ ਦੇ ਤਿੰਨ ਪ੍ਰਮੁੱਖ ਪੜਾਅ ਹਨ: ਯਥਾਰਥ, ਪਰੰਪਰਾ ਅਤੇ ਆਦਰਸ਼ । ਮਨੁੱਖ ਯਥਾਰਥ ਨਾਲ ਘਿਰਿਆ ਹੋਇਆ ਹੈ, ਰਵਾਇਤ ਹੇਠ ਦੱਬਿਆ ਹੋਇਆ ਹੈ ਪਰ ਆਦਰਸ਼ ਵੱਲ ਵਧਣਾ ਲੋਚਦਾ ਹੈ । ਉਹ ਲੋਚਦਾ ਹੈ ਕਿ ਦੁਨੀਆ ਇਹੋ ਜਿਹੀ ਹੋਵੇ ਜਿੱਥੇ ਸਾਰੇ ਜਣੇ ਉਸਦੇ ਸੁੱਖ ਦਾ ਧਿਆਨ ਰੱਖਣ । ਸਾਰੇ ਉਸਨੂੰ ਪਿਆਰ ਕਰਨ । ਉਸਨੂੰ ਕੁਝ ਵੀ ਕਰਨ ਦੀ ਆਜ਼ਾਦੀ ਹੋਵੇ । ਉਸਦੀਆਂ ਭਾਵਨਾਵਾਂ ਨੂੰ ਵਿਗਸਣ ਤੇ ਪਲਰਣ ਦਾ ਪੂਰਾ ਪੂਰਾ ਅਵਸਰ ਮਿਲੇ । ਸਾਡੇ ਪੂਰਵਜਾਂ ਨੇ ਮਨੁੱਖ ਦੀ ਇਸੇ ਇੱਛਿਆ ਨੂੰ ਮੁੱਖ ਰੱਖ ਕੇ 'ਐਸਾ ਚਾਹੂੰ ਰਾਜ ਮੈਂ' ਜਾਂ 'ਰਾਮ ਰਾਜ' ਦੀ ਪਰਿਕਲਪਨਾ ਕੀਤੀ ਸੀ । ਦਿਲ ਬਹਿਲਾਉਣ ਲਈ ਤਾਂ ਮਿਰਜ਼ਾ ਗਾਲਿਬ ਨੇ ਵੀ ਜੰਨਤ ਦੀ ਹਕੀਕਤ ਤਸਲੀਮ ਕਰ ਲਈ ਸੀ । ਪਰ ਹਕੀਕਤ ਇਹ ਹੈ ਕਿ ਦੁਨੀਆ ਵਿੱਚ ਸਾਰੇ ਹੀ ਦੁਖੀ ਹਨ ਅਤੇ ਆਪਣੇ ਆਪ ਨੂੰ ਸੁਖੀ ਰੱਖਣਾ/ਵੇਖਣਾ ਚਾਹੁੰਦੇ ਹਨ । ਸੁੱਖ ਦੇ ਸੰਕਲਪ ਨੂੰ ਹਰ ਕੋਈ ਆਪਣੇ ਵੱਲ ਖਿੱਚ ਰਿਹਾ ਹੈ ।

ਭਲੇ ਵੇਲਿਆਂ ਦੀ ਗੱਲ ਹੈ, ਜਦੋਂ ਕੁਝ ਲੋਕਾਂ ਨੂੰ , ਇਕੱਲੇ-ਇਕੱਲੇ ਅਤੇ ਵੱਖ-ਵੱਖ ਸਮਿਆਂ 'ਤੇ, ਖਿਆਲ ਆਇਆ ਕਿ ਸਥਿਤੀ ਦਾ ਜਾਇਜ਼ਾ 'ਉੱਚੇ ਚੜ੍ਹ ਕੇ' ਲਿਆ ਜਾਏ । ਉਨ੍ਹਾਂ ਨੂੰ ਪਤਾ ਲੱਗ ਗਿਆ ਕਿ 'ਘਰ ਘਰ ਇਹੋ ਅੱਗ ਹੈ' । 'ਘਰ ਜੋੜਨ ਦੀ ਇੱਛਾ' ਹੀ ਸਾਰੇ ਦੁੱਖਾਂ ਦੀ ਜੜ੍ਹ ਹੈ । ਉਨ੍ਹਾਂ ਲੋਕਾਂ ਨੇ ਆਪਣੀ ਆਪਣੀ ਭਾਸ਼ਾ ਅਤੇ ਆਪਣੇ ਆਪਣੇ ਅੰਦਾਜ਼ ਵਿੱਚ ਹੋਕਾ ਦਿੱਤਾ ਕਿ 'ਘਰ ਫੂਕੋ ਤੇ ਸਾਡੇ ਨਾਲ ਚਲੋ' । 'ਅਸਾਂ ਤਾਂ ਢੋਕ ਰਾਂਝਣ ਦੀ ਜਾਣਾ, ਨਾਲ ਸਾਡੇ ਕੋਈ ਚੱਲੇ ।' ਓਦੋਂ ਕੋਈ ਨਹੀਂ ਤੁਰਿਆ । ਜਦੋਂ ਉਹ ਬਹੁਤ ਦੂਰ ਨਿਕਲ ਗਏ ਤਾਂ ਲੋਕਾਂ ਨੂੰ ਉਨ੍ਹਾਂ ਦੇ ਹੋਕਿਆਂ ਦੀ ਮਾੜੀ ਮੋਟੀ ਸਮਝ ਪਈ । ਪਰ :

'ਬੁੱਢਾ ਹੋਇਉਂ ਸ਼ਾਹ ਹੁਸੈਨਾ, ਦੰਦੀ ਝੇਰਾਂ ਪਈਆਂ ।
ਉੱਠ ਸਵੇਰੇ ਢੁੰਡਣ ਲੱਗੋਂ, ਸੰਝ ਦੀਆਂ ਜੋ ਗਈਆਂ ।'

ਸਾਹਿੱਤ: ਸ਼ਬਦ, ਅੱਖਰ, ਲਗ-ਤੁਕ-ਮਾਤਰਾ ਜਾਂ ਵਾਕ–ਬਣਤਰ ਮਾਤਰ ਨਹੀਂ; ਇਹ ਤਾਂ ਆਸਮਾਨੀ ਬਿਜਲੀ ਦੇ ਲਿਸ਼ਕਾਰੇ ਵਰਗਾ ਹੋਕਾ ਹੈ । ਲਿਸ਼ਕਾਰਾ ਅਲੋਪ ਹੋ ਜਾਂਦਾ ਹੈ, ਬੱਦਲ ਓਥੇ ਹੀ ਰਹਿੰਦੇ ਹਨ । ਬੱਦਲ ਅਲੋਪ ਹੋ ਜਾਂਦੇ ਹਨ, ਅਸਮਾਨ ਓਥੇ ਹੀ ਰਹਿੰਦਾ ਹੈ । ਇਸ ਦਵੰਦ-ਵਾਦੀ/ਭੌਤਿਕਵਾਦੀ ਯੁੱਗ ਵਿੱਚ ਤੁਹਾਨੂੰ ਰਹੱਸਵਾਦੀ ਗੱਲ ਬਹੁਤ ਹੀ ਪ੍ਰਤਿਕਿਰਿਆਵਾਦੀ ਲੱਗ ਸਕਦੀ ਹੈ । ਪਰ ਦੋਸਤੋ! ਜੇਕਰ 'ਰਹੱਸ' ਦੀ ਸਮਾਪਤੀ ਹੋ ਜਾਵੇ ਤਾਂ ਸ਼ਾਇਦ, ਸਾਡੇ 'ਚੋਂ ਕਿਸੇ ਦੀ ਵੀ, ਜ਼ਿੰਦਗੀ ਵਿੱਚ ਕੋਈ ਦਿਲਚਸਪੀ ਨਾ ਰਹੇ । ਕੁਝ ਤਾਂ ਹੈ ਜੋ ਪਕੜ ਵਿੱਚ ਨਹੀਂ ਆ ਰਿਹਾ; ਇਸੇ ਲਈ ਸੰਘਰਸ਼ ਜਾਰੀ ਹੈ । ਜਿਹੜਾ ਦਾਅਵਾ ਕਰਦਾ ਹੈ ਕਿ ਜੀਵਨ ਦੇ ਸਾਰੇ ਦੁੱਖਾਂ ਦਾ ਦਾਰੂ ਕਿਸੇ ਇੱਕ 'ਵਾਦ' ਵਿੱਚ ਹੈ ਅਤੇ ਉਸ ਵਾਦ ਨਾਲ ਸੰਬੰਧਿਤ ਸਾਰੀ ਸ਼ਬਦਾਵਲੀ ਉਸ ਨੂੰ ਆਉਂਦੀ ਹੈ ਤਾਂ ਉਸਨੂੰ ਦੁਨੀਆ ਦਾ ਸਭ ਤੋਂ ਵੱਧ ਸੁਖੀ ਮਨੁੱਖ ਹੋਣਾ ਚਾਹੀਦਾ ਹੈ । ਪਰ ਵੇਖਿਆ ਇਹ ਗਿਆ ਹੈ ਕਿ 'ਦੁੱਖ ਦੀਆਂ ਟਾਹਰਾਂ' ਸਭ ਤੋਂ ਉੱਚੀ ਓਹੀ ਮਾਰ ਰਿਹਾ ਹੈ ।

ਤੁਹਾਨੂੰ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਲੱਗਦੀ ਹੈ । ਮੈਂ ਸ਼ੁਰੂ ਵਿੱਚ ਹੀ 'ਅਸੀਂ' ਦੇ ਅਧਿਕਾਰ ਨਾਲ ਪ੍ਰਵਚਨ ਸ਼ੁਰੂ ਕੀਤਾ ਸੀ ਕਿ ਪੂਰਵ-ਧਾਰਨਾਵਾਂ ਨੂੰ ਥੋੜ੍ਹੀ ਦੇਰ ਲਈ ਛੁੱਟੀ ਦੇ ਦਿਉ । ਜੇਕਰ ਹੱਥਾਂ ਦੇ ਤੋਤੇ ਉੱਡਣ ਦਾ ਡਰ ਹੋਵੇ ਤਾਂ ਬੀਅਰ-ਬਾਰ ਵਿੱਚ ਦਾਖ਼ਿਲ ਹੋਣ ਤੋਂ ਪਹਿਲਾਂ ਆਪਣੇ ਤੋਤੇ ਕਿਸੇ ਸੁਰੱਖਿਅਤ ਜਗ੍ਹਾ 'ਤੇ ਰੱਖ ਆਉਣੇ ਚਾਹੀਦੇ ਹਨ ।

ਹਾਂ, ਤੇ ਅਸੀਂ ਦੇਖ ਰਹੇ ਹਾਂ ਕਿ ਅੱਜ ਸਾਹਿੱਤ ਵਰਗੇ ਸੂਖ਼ਮ ਸੰਕਲਪ ਦਾ ਬਦੋਬਦੀ ਸਥੂਲੀਕਰਣ ਕੀਤਾ ਜਾ ਰਿਹਾ ਹੈ । ਸਾਹਿੱਤ ਨੂੰ ਅਸੀਂ ਪੜ੍ਹਕੇ ਨਹੀਂ ਫੜ ਕੇ ਮਾਨਣਾ ਚਾਹੁੰਦੇ ਹਾਂ । ਜਿਹੜਾ ਸਾਹਿੱਤ ਸਾਡੀ ਮਰਜ਼ੀ ਦੇ ਮੇਚ ਨਹੀਂ ਆਉਂਦਾ, ਉਸਦੀ ਸਾਡੇ ਲਈ ਕੋਈ ਹੋਂਦ ਹੀ ਨਹੀਂ । ਵੇਖੋ, ਕਿੰਨੇ ਸਪੱਸ਼ਟ ਤੇ ਸਰਲ ਅਰਥਾਂ ਵਿੱਚ ਹੋਂਦਵਾਦੀ ਹਾਂ ਅਸੀਂ ਲੋਕ!

ਸਾਡੇ 'ਚੋਂ ਬਹੁਤ ਸਾਰੇ ਵਿਦਵਾਨ, ਗੁਣੀ ਅਤੇ ਚਾਤਰ ਲੋਕ ਸਾਹਿੱਤ ਨੂੰ ਜੀਵਨ ਨਾਲੋਂ ਅਲੱਗ ਕਰਕੇ ਵੇਖਣਾ/ਪਰਖਣਾ ਚਾਹੁੰਦੇ ਹਨ ਕਿਉਂਕਿ ਜੀਵਨ ਨਾਲ ਰਚਿਆ-ਮਿਚਿਆ ਸਾਹਿੱਤ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਖਾਈ ਨਹੀਂ ਦੇਂਦਾ । ਉਹ ਕਦੇ ਉਸਦਾ ਰੂਪ ਟੋਂਹਦੇ ਹਨ, ਕਦੇ ਭਾਸ਼ਾ ਦੀਆਂ ਗਹਿਰਾਈਆਂ ਵਿੱਚ ਉਤਰਦੇ ਹਨ ਅਤੇ ਕਦੇ ਵਸਤੂ ਨੂੰ ਟਟੋਲਦੇ ਹਨ । ਅਜਿਹਾ ਕਰਦੇ ਉਹ ਮਹਾਨੁਭਾਵ ਆਪਣੇ ਪੂਰਵਗ੍ਰਹਿ ਆਪਣੀ ਸੋਚ ਨਾਲ ਸੁਚੇਤ ਰੂਪ ਵਿੱਚ ਚਿਪਕਾਈ ਰੱਖਦੇ ਹਨ । ਸਾਹਿੱਤ ਨੂੰ ਜੀਵਨ ਨਾਲੋਂ ਵਿਛੋੜਨਾ ਤਾਂ ਹੁਣ ਪੁਰਾਣੀ ਗੱਲ ਹੋ ਚੁੱਕੀ ਹੈ; ਅੱਜ ਤਾਂ ਸਾਡੇ ਸਾਹਿੱਤ ਵਿਗਿਆਨੀ ਸਾਹਿੱਤ ਨੂੰ ਸਾਹਿੱਤਕਾਰ ਨਾਲੋਂ ਵੀ ਵਿਛੋੜ ਕੇ ਵੇਖਣਾ ਚਾਹੁੰਦੇ ਹਨ; ਵੇਖਦੇ ਵੀ ਹਨ । ਇੰਜ ਕਰਨਾ ਉਹਨਾਂ ਦਾ ਸ਼ੌਕ ਨਹੀਂ, ਰੋਜ਼ਗਾਰ ਹੈ । ਉਹ ਹੋਟਲਾਂ 'ਚ ਬੈਠ ਕੇ ਘਰਾਂ ਨੂੰ ਫ਼ੋਨ ਕਰਦੇ ਹਨ; ਰੰਡੀਆਂ ਦੇ ਸਾਥ ਵਿੱਚ ਬੀਵੀ ਨੂੰ ਯਾਦ ਕਰਦੇ ਹਨ, ਵਿਦੇਸ਼ਾਂ ਵਿੱਚ ਪਹੁੰਚ ਕੇ ਵਤਨ ਦੀ ਮਿੱਟੀ ਨੂੰ ਸਹਿਕਦੇ ਹਨ; ਸਥਾਪਤੀ ਵਿੱਚ ਸੁਰੱਖਿਅਤ ਜਗ੍ਹਾ ਬਣਾ ਕੇ ਲੋਕ-ਮੁਖੀ ਹੋ ਜਾਂਦੇ ਹਨ । ਉਨ੍ਹਾਂ ਦੇ ਦੁੱਖ ਵੱਖਰੀ ਤਰਾਂ ਦੇ ਹਨ । ਉਨ੍ਹਾਂ ਦੇ ਸੁੱਖ, ਉਹੀ ਜਾਨਣ । ਜੁਗ ਜੁਗ ਜੀਣ, ਜਵਾਨੀਆਂ ਮਾਨਣ!

•••

ਉੱਚਾ-ਸੁੱਚਾ ਸਾਹਿੱਤ ਕਿਹੜਾ ਹੈ?...ਜਿਸ ਵਿੱਚ ਮਨੁੱਖ ਦੇ ਉੱਚੇ-ਸੁੱਚੇ ਜਜ਼ਬੇ ਹਨ ।
ਸਦੀਵੀ ਸਾਹਿੱਤ ਕਿਹੜਾ ਹੈ?...ਜਿਸ ਵਿੱਚ ਮਨੁੱਖ ਦੀਆਂ ਸਦੀਵੀ ਅਕਾਂਖਿਆਵਾਂ ਨੂੰ ਸਹਿਜ ਅਭਿਵਿਅਕਤੀ ਮਿਲੀ ਹੈ ।
ਵਕਤੀ ਸਾਹਿੱਤ ਕਿਹੜਾ ਹੈ? ਇਸ ਤਰ੍ਹਾਂ ਦਾ ਵੀ ਕੋਈ ਸਾਹਿੱਤ ਹੁੰਦਾ ਹੈ?

•••

ਤੁਸੀਂ ਜ਼ਰਾ ਸਾਹਿੱਤ ਦੁਆਰਾ ਪ੍ਰਗਟਾਏ ਗਏ ਜੀਵਨ ਵੱਲ ਝਾਤ ਮਾਰੋ ਅਤੇ ਫਿਰ ਜੀਵਨ ਦੁਆਰਾ ਪ੍ਰਗਟਾਏ ਅਥਵਾ ਰਚੇ ਗਏ ਸਾਹਿੱਤ ਦਾ ਅਵਲੋਕਨ ਕਰੋ । ਪਰ ਇਹ ਕੰਮ ਕਾਹਲੀ ਵਿੱਚ ਨਹੀਂ ਕੀਤਾ ਜਾ ਸਕਦਾ ਤੇ ਅੱਜ ਦੇ ਜ਼ਮਾਨੇ ਵਿੱਚ ਸਹਿਜ ਹੋਣਾ ਕਿੰਨਾ ਕਠਿਨ ਹੈ, ਅਸੀਂ ਸਾਰੇ ਜਾਣਦੇ ਹੀ ਹਾਂ । ਫੇਰ ਵੀ ਸਹਿਜ ਹੋਣ ਦੀ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ । ਸਹਿਜਤਾ ਜ਼ਿੰਦਗੀ ਵਿੱਚ ਬਹੁਤ ਦੇਰ ਨਾਲ ਆਉਂਦੀ ਹੈ । ਕਾਹਲਾ, ਬੰਦਾ ਕਦੇ ਵੀ ਪੈ ਸਕਦਾ ਹੈ । ਗੱਲ ਗੱਲ 'ਤੇ ਸਾਡੀ ਕਾਹਲੇ ਪੈਣ ਦੀ ਆਦਤ ਬਣੀ ਹੋਈ ਹੈ ਕਿਉਂਕਿ ਭਵਿੱਖ ਵਿੱਚ ਸਾਨੂੰ ਵਿਸ਼ਵਾਸ ਨਹੀਂ, ਅਸੁਰੱਖਿਆ ਹੀ ਨਜ਼ਰ ਆਉਂਦੀ ਹੈ । ਅਸੀਂ 'ਹੁਣੇ ਹੀ' ਮਖੀਰ ਚੋ ਲੈਣਾ ਚਾਹੁੰਦੇ ਹਾਂ । ਕਸੂਰ ਸਾਡਾ ਨਹੀਂ, ਸਾਡੀਆਂ ਲੋੜਾਂ ਦਾ ਹੈ । ਲੋੜਾਂ ਵੀ ਸਿਰਫ਼ ਭੌਤਿਕ ਅਰਥਾਤ ਪਦਾਰਥਕ ਕਿਸਮ ਦੀਆਂ । ਅਸੀਂ ਚਾਹੁੰਦੇ ਹਾਂ ਕਿ ਸਾਹਿੱਤ ਸਾਨੂੰ ਝੁਰਲੂ ਦਾ ਕੰਮ ਦੇਵੇ । ਸਾਹਿੱਤ ਨੂੰ ਰਗੜ ਕੇ ਗੋਡੇ 'ਤੇ ਵੀ ਲਾਇਆ ਜਾ ਸਕੇ । ਸਾਹਿੱਤ ਨੂੰ ਭੁੰਨ ਕੇ ਖਾਧਾ ਵੀ ਜਾ ਸਕੇ ।...ਕਾਸ਼! ਇੰਜ ਹੋ ਸਕਦਾ ।

ਆਉ ਇੱਕ ਰਾਜ਼ ਸਾਂਝਾ ਕਰੀਏ । ਜਿਸ ਤਰ੍ਹਾਂ ਸਰਮਾਏਦਾਰੀ ਦੀ ਸਾਜ਼ਿਸ਼ ਨੇ ਅਮੀਰ ਤੇ ਗਰੀਬ ਦਾ ਪਾੜਾ ਲਾ-ਇੰਤਹਾ ਵਧਾ ਦਿੱਤਾ ਹੈ, ਬਿਲਕੁਲ ਇਸੇ ਤਰ੍ਹਾਂ ਦਾ ਰੋਲ ਸਾਡੀਆਂ ਯੂਨੀਵਰਸਿਟੀਆਂ ਕਰ ਰਹੀਆਂ ਹਨ । ਸਾਹਿੱਤ ਨੂੰ ਲੋਕਾਂ ਨਾਲੋਂ ਤੋੜ ਕੇ ਲੈਬਾਰੇਟਰੀਆਂ ਵਿੱਚ ਲਿਜਾਇਆ ਜਾ ਰਿਹਾ ਹੈ । ਲੋਕ-ਸਾਹਿੱਤ ਵਰਗੇ ਮਾਸੂਮ ਅਦਬੀ-ਵਿਰਸੇ ਨੂੰ ਵੀ ਸੰਰਚਨਾਵਾਦੀ ਪ੍ਰਕਿਰਿਆ ਥਾਣੀਂ ਲੰਘਾਇਆ ਜਾਂਦਾ ਹੈ । ਯਾਨੀ ਕਿ ਲੋਕਾਂ ਕੋਲੋਂ ਉਨ੍ਹਾਂ ਦਾ ਸਾਹਿੱਤ ਜ਼ਬਰਦਸਤੀ ਵਿਛੋੜਿਆ ਜਾ ਰਿਹਾ ਹੈ ਅਥਵਾ ਲੋਕਾਂ ਨੂੰ ਸਾਹਿੱਤ ਤੋਂ ਵਿਛੁੰਨਿਆ ਜਾ ਰਿਹਾ ਹੈ । ਅਲਗਾਵ ਦੀ ਸਥਿਤੀ ਉਤਪੰਨ ਕੀਤੀ ਜਾ ਰਹੀ ਹੈ ਤਾਂ ਕਿ ਆਪਣੇ ਕੁਝ ਪੂਰਵਾਗ੍ਰਹਿਆਂ ਨੂੰ ਸਹੀ ਸਿੱਧ ਕੀਤਾ ਜਾ ਸਕੇ!

ਯੂਨੀਵਰਸਿਟੀਆਂ ਦੀ ਟੇਟੇ ਚੜ੍ਹਿਆ ਸਾਹਿੱਤ ਜੇ ਕਦੇ ਮੁੜ ਲੋਕਾਂ ਵੱਲ ਆਉਣਾ ਲੋਚੇਗਾ ਤਾਂ ਇਹੋ ਕਹੇਗਾ: ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ!

ਅਗਲੇ ਵਕਤਾਂ ਵਿੱਚ ਯੂਨੀਵਰਸਿਟੀਆਂ ਵਾਲਾ ਕੰਮ ਬਨਾਰਸ ਵਰਗੇ ਕੇਂਦਰ ਕਰਦੇ ਸਨ । ਬਨਾਰਸ ਦੇ ਪੰਡਤਾਂ ਨੂੰ ਤੁਲਸੀਦਾਸ ਦੀ 'ਸਵਾਂਤ: ਸੁਖਾਯ:' ਰਚਨਾ ਕਿਵੇਂ ਰਾਸ ਆ ਸਕਦੀ ਹੈ? ਉਹ ਲੋਕ ਖ਼ੁਦ ਵੱਧ ਤੋਂ ਵੱਧ ਵਿਦਵਾਨ ਬਣਕੇ ਆਮ ਆਦਮੀ ਨੂੰ ਵੱਧ ਤੋਂ ਵੱਧ ਮੂਰਖ ਸਿੱਧ ਕਰਨਾ ਚਾਹੁੰਦੇ ਸਨ । ਜਦੋਂ ਲੇਖਕ ਸਾਹਿੱਤ ਨਾਲੋਂ ਟੁੱਟ ਜਾਂਦਾ ਹੈ ਤਾਂ ਯੂਨੀਵਰਸਿਟੀਆਂ ਵਿੱਚ ਜਾ ਵੜਦਾ ਹੈ । ਓਥੇ ਜਾ ਕੇ ਸਾਹਿੱਤ ਨੂੰ ਆਪਣੇ ਢੰਗ ਲਾਲ 'ਵਰਤਦਾ' ਹੈ ਅਤੇ ਲੇਖਕਾਂ ਨੂੰ ਅਨਪੜ੍ਹ ਕਹਿੰਦਾ ਹੈ । ਮਖ਼ੌਲ ਕਰਦਾ ਹੈ । ਜਦੋਂ ਲੇਖਕ ਹੀ ਲੋਕਾਂ ਤੋਂ ਦੂਰ ਚਲਾ ਗਿਆ ਤਾਂ ਲੋਕ ਕਿਵੇਂ ਸਾਹਿੱਤ ਦੇ ਨੇੜੇ ਰਹਿ ਸਕਦੇ ਹਨ । ਕੰਕਰੀਟ ਦੀਆਂ ਕੰਟੀਨਾਂ ਵਿੱਚ ਬਹਿ ਕਿ ਬੁੱਧੀਜੀਵੀ ਲੋਕ ਜਦੋਂ ਲੋਕਾਂ ਦੀ ਸਾਹਿੱਤ ਪ੍ਰਤਿ ਉਪਰਾਮਤਾ ਦੀ ਗੱਲ ਕਰਦੇ ਹਨ ਤਾਂ ਪਤਾ ਨਹੀਂ ਉਹ ਗੱਲ ਕਰ ਕਿਵੇਂ ਲੈਂਦੇ ਹਨ । ਸਾਨੂੰ ਤਾਂ ਇਹ ਗੱਲ ਕਰਦਿਆਂ ਵੀ ਸ਼ਰਮ ਆ ਰਹੀ ਹੈ ।

ਚਲੋ ਗੱਲ ਮੁਕਾਈਏ । ਸਾਹਿੱਤ ਦਰਅਸਲ ਮਨੁੱਖ ਦੀ ਮਨੁੱਖਤਾ ਅੱਗੇ ਕੀਤੀ ਅਪੀਲ ਵਰਗੀ ਵਸਤ ਹੈ । ਅਸੀਮ ਕਾਲ-ਪ੍ਰਵਾਹ ਵਿੱਚ ਫੈਲੀ ਹੋਈ ਮਨੁੱਖਤਾ ਇੱਕ ਸਦੀਵੀ ਅਤੇ ਸਰਵ-ਉੱਚ ਅਦਾਲਤ ਹੈ । ਅਰਜ਼ੀ ਪਾ ਛੱਡੋ, ਕਦੇ ਨਾ ਕਦੇ ਤਾਂ ਸੁਣਵਾਈ ਹੋਵੇਗੀ ਹੀ । ਦੇਖੋ ਨਾ, ਕਿੰਨੀ ਕਿੰਨੀ ਦੇਰ ਪਹਿਲਾਂ ਪਈਆਂ ਹੋਈਆਂ ਅਰਜ਼ੀਆਂ ਦੇ ਫੈਸਲੇ ਹੁਣ ਹੋ ਰਹੇ ਹਨ । ਇਹ ਲੋਕ-ਪ੍ਰਵਾਨਿਤ ਨਿਰਣੇ ਹੀ ਮਨੁੱਖਤਾ ਦਾ ਸੰਵਿਧਾਨ ਹਨ । ਇਹ ਮਨੁੱਖ ਦੇ ਹੱਕਾਂ ਦੀ ਰਾਖੀ ਕਰਦੇ ਹਨ । ਮਨੁੱਖ ਦੀ ਜ਼ਿੰਦਗੀ ਦਿਆਂ ਵੇਰਵਿਆਂ ਤੋਂ ਜਾਣੂ ਕਰਵਾਉਂਦੇ ਹਨ । ਦੁੱਖਾਂ ਦਾ ਤੁਲਨਾਤਮਿਕ ਅਧਿਐਨ ਪ੍ਰਸਤੁਤ ਕਰਦੇ ਹਨ । ਆਦਮੀ ਦੀ ਸਮਝ ਨੂੰ ਨਿੱਗਰ ਬਣਾਉਂਦੇ ਹਨ । ਉਸ ਦੀ ਕਾਹਲ ਨੂੰ ਘਟਾਉਂਦੇ ਹਨ । ਸਹਿਜਤਾ ਦੇ ਅਰਥ ਦੱਸਦੇ ਹਨ । ਮਨੁੱਖ ਆਤਮ-ਹੱਤਿਆ ਨਹੀਂ ਕਰਦਾ, ਸਾਹਿੱਤ ਪੜ੍ਹਦਾ ਹੈ । ਮਨੁੱਖ ਆਤਮ-ਗਿਲਾਣੀ ਦਾ ਸ਼ਿਕਾਰ ਨਹੀਂ ਹੁੰਦਾ, ਸਾਹਿੱਤ ਰਚਦਾ ਹੈ ।

ਸਾਹਿੱਤ ਦੀ ਮਨੁੱਖਾ ਜੀਵਨ ਵਿੱਚ ਭੂਮਿਕਾ ਕੇਵਲ ਏਨੀ ਹੈ ਕਿ ਸਾਹਿੱਤ ਮਨੁੱਖ ਨੂੰ ਜੀਵਨ ਸੰਬੰਧੀ ਪੈਦਾ ਹੋਣ ਵਾਲੇ ਹਰ ਸਵਾਲ ਦਾ ਜਵਾਬ ਦੇਂਦਾ ਹੈ । ਅਸੀਂ 'ਜਵਾਬ ਦੇਂਦਾ ਹੈ' ਕਿਹਾ ਹੈ; ਇਹ ਨਹੀਂ ਕਿਹਾ ਕਿ 'ਸਮਾਧਾਨ ਕਰਦਾ ਹੈ' । ਸਾਹਿੱਤ 'ਚੋਂ ਜਵਾਬ ਓਦੋਂ ਮਿਲਦਾ ਹੈ ਜਦੋਂ ਉਸ ਨਾਲ ਸੰਵਾਦ ਰਚਾਈਏ । ਖੋਹ ਕੇ, ਲੜ ਕੇ ਜਾਂ ਕਾਹਲੇ ਪੈ ਕੇ ਕੁਝ ਨਹੀਂ ਲਿਆ ਜਾ ਸਕਦਾ ।

ਪਿਆਰ ਭੇਟਾ

'ਥੋਰੋ ' ਬਾਰੇ ਬਹੁਤਾ ਨਹੀਂ ਪਤਾ । ਇਸੇ ਸਿਰਲੇਖ ਵਾਲੀ ਨਿੱਕੀ ਜਿਹੀ ਕਿਤਾਬ ਕੋਈ ਪੈਂਤੀ ਵਰ੍ਹੇ ਪਹਿਲਾਂ, ਸੈਨਿਕ ਰੈਸਟ ਹਾਊਸ ਲਾਗੇ ਬਹਿੰਦੇ ਕਬਾੜੀਏ ਕੋਲੋਂ ਖਰੀਦੀ ਸੀ । ਅੰਗਰੇਜ਼ੀ ਦੀ ਕਿਤਾਬ । ਅੰਗਰੇਜ਼ੀ ਨਾਲ ਡੰਗ-ਟਪਾਊ ਰਿਸ਼ਤਾ । ਰਿਸ਼ਤਾ ਵੀ ਸਾਹਿੱਤ ਕਰਕੇ, ਭਾਸ਼ਾ ਕਰਕੇ ਨਹੀਂ । ਭਾਸ਼ਾ ਬਾਕਾਇਦਾ ਨਾ ਕਦੇ ਸਿੱਖੀ, ਨਾ ਕਿਸੇ ਸਿਖਾਈ । ਇਮਤਿਹਾਨੀ ਕਸਰਤ ਵੀ ਘੋਟੇ ਨਾਲ ਮੁਕਾਈ । ਹੁਣ ਵੀ ਕੰਮ ਦੀਆਂ ਗੱਲਾਂ ਪੱਲੇ ਪੈ ਜਾਂਦੀਆਂ ਨੇ, ਬੋਲੀ ਵੱਲ ਧਿਆਨ ਈ ਨਹੀਂ ਜਾਂਦਾ । ਇਸ ਵਰਤਾਰੇ ਨੂੰ ਕਰਤ-ਵਿੱਦਿਆ ਕਹਿੰਦੇ ਨੇ । ਇਸ ਵਿਦਿਆ ਤੋਂ ਮੇਰੇ ਵਰਗੇ ਅਤਿ ਸਾਧਾਰਨ ਬੰਦੇ ਵੀ ਫ਼ਾਇਦਾ ਉਠਾ ਲੈਂਦੇ ਨੇ ।

ਹਾਂ, ਤੇ ਇਹ ਕਿਤਾਬ ਹੁਣ ਮੇਰੇ ਕੋਲ ਨਹੀਂ । ਕੋਈ ਤੀਹ ਵਰ੍ਹੇ ਪਹਿਲਾਂ ਵਿਦੇਸ਼ ਜਾ ਰਹੇ ਕਵੀ- ਚਿੱਤਰਕਾਰ ਮਿੱਤਰ ਨੂੰ 'ਪਿਆਰ ਭੇਟਾ' ਕਰ ਦਿੱਤੀ ਸੀ । ਕਿਤਾਬ ਵਿਚਲੇ ਦੋ ਨਿੱਕੇ ਨਿੱਕੇ ਨਿਬੰਧਾਂ ਨੇ ਅਜੇ ਤੀਕ ਮੇਰਾ ਦਿਲ ਮੱਲਿਆ ਹੋਇਐ: 'ਬਾਇਰਨ ਦਾ ਜਨਾਜ਼ਾ' ਅਤੇ 'ਡੈਨਿਸ਼ ਕਿਤਾਬ' । ਅਸਲ ਵਿੱਚ ਇਹ ਡਾਇਰੀ-ਨੁਮਾ ਯਾਦਾਂ ਨੇ, ਜਿਹੋ ਜਿਹੀਆਂ ਸਮਰਸਟ ਮਾਮ ਨੇ 'ਦ ਸਮਿੰਗ ਅਪ' ਵਿੱਚ ਦਰਜ ਕੀਤੀਆਂ ਸਨ । ਅੱਜ 'ਡੈਨਿਸ਼ ਕਿਤਾਬ' ਦੀ ਗੱਲ ਕਰਾਂਗਾ । ਕਿਤਾਬ ਦੇ ਹਵਾਲੇ ਨਾਲ ਥੋਰੋ ਦੀ ਗੱਲ ਵੀ ਹੁੰਦੀ ਰਹੇਗੀ ।

ਇੱਕ ਘੁਮੰਤਰੂ ਕਿਸਮ ਦਾ ਲੇਖਕ, ਖਾਨਾਬਦੋਸ਼ਾਂ ਵਾਂਗ ਤੁਰਿਆ ਫਿਰਦੈ । ਉਹਨੂੰ ਬਿਰਧ ਜੋੜਾ ਮਿਲਦੈ, ਭਟਕਿਆ ਹੋਇਆ । ਦੋਵੇਂ ਜੀਅ ਨੇਤਰਹੀਨ । ਲਾਚਾਰ । ਮਦਦ ਲਈ ਪੁਕਾਰਦੇ... । ਲੇਖਕ ਉਨ੍ਹਾਂ ਦੀ ਗੱਲ ਸੁਣਦੈ । ਉਨ੍ਹਾਂ ਗੱਡੀ ਫੜਨੀ ਹੁੰਦੀ ਏ । ਇੱਕ ਦੂਜੇ ਨੂੰ ਹੱਥ ਲਾ ਲਾ ਗੱਲਾਂ ਕਰਦੇ ਨੇ । ਹਮਦਰਦੀ ਪਿਆਰ 'ਚ ਬਦਲ ਜਾਂਦੀ ਏ । ਗੱਡੀ ਚੱਲਣ ਤੱਕ, ਪਿਆਰ ਰਿਸ਼ਤਾ ਬਣ ਜਾਂਦੈ । ਵਿਛੜਨ ਵੇਲੇ ਨੇਤਰਹੀਣ ਬਜ਼ੁਰਗ ਬੜੀ ਆਜ਼ਜ਼ੀ ਨਾਲ ਥੋਰੋ ਦਾ ਹੱਥ ਘੁੱਟ ਕੇ ਕਹਿੰਦੈ, ''ਸਾਡੇ ਕੋਲ ਤੇਰੀ ਮਿਹਰਬਾਨੀ ਦੇ ਬਦਲੇ ਵਿੱਚ ਦੇਣ ਲਈ ਕੁਝ ਨਹੀਂ । ਆਹ ਨਿੱਕੀ ਜਿਹੀ ਕਿਤਾਬ ਏ । ਇਹ ਸਾਡੀ 'ਪਿਆਰ ਭੇਟਾ' ਸਮਝ ਕੇ ਲੈ ਲੈ ।'' ਬੋਲੀ ਓਪਰੀ ਸੀ ਪਰ ਉਹਨੂੰ ਗੱਲ ਫੇਰ ਵੀ ਸਮਝ ਆ ਗਈ । ਸਾਧਾਰਨ ਜਿਹੇ ਸਾਫ਼-ਸੁਥਰੇ ਕੱਪੜੇ 'ਚ ਬੱਧੀ ਹੋਈ ਪੁਰਾਣੀ ਜਿਹੀ ਕਿਤਾਬ ਹੁਣ ਉਹਦੇ ਹੱਥਾਂ 'ਚ ਸੀ ।

'ਪਿਆਰ ਭੇਟਾ' ਨੂੰ ਉਹਨੇ ਬੜੇ ਪਿਆਰ ਨਾਲ ਖੋਲ੍ਹ ਕੇ ਵੇਖਿਆ । ਸ਼ੀਰਸ਼ਕ ਸਮੇਤ ਇੱਕ ਅੱਖਰ ਵੀ ਪਛਾਣ 'ਚ ਨਾ ਆਇਆ । ਕਿਤਾਬ ਨੂੰ ਮੱਥੇ ਨਾਲ ਲਾਇਆ ਤੇ ਕੱਛੇ ਮਾਰ ਲਈ । ਸੋਚਿਆ: ਕਿਤੇ ਆਰਾਮ ਨਾਲ ਬਹਿ ਕੇ ਮੱਥਾ ਮਾਰਾਂਗਾ ।

ਟਿਕਾਣੇ ਪੁੱਜਾ ਤਾਂ ਉਹੀ ਧੁਨ ਮੱਥੇ 'ਤੇ ਸਵਾਰ ਸੀ । ਭੁੱਖਾਂ, ਪਿਆਸਾਂ, ਨੀਂਦਰਾਂ...ਸਭ ਵਿਸਰ ਗਈਆਂ । 'ਪਿਆਰ ਭੇਟਾ' ਦਾ ਕੀ ਕੀਤਾ ਜਾਵੇ । ਜਜ਼ਬਾ ਹੀ ਤਾਂ ਹੁੰਦਾ ਏ, ਜਿਹੜਾ ਬੰਦੇ ਨੂੰ ਬੇਚੈਨੀ ਬਖਸ਼ਦਾ ਏ ਤੇ ਊਰਜਾ ਵੀ । ਮਧਾਣੀ ਚੱਲ ਰਹੀ ਸੀ । ਖੌਰੂ ਪਿਆ ਹੋਇਆ ਸੀ । ਵਕਤ ਬੀਤ ਰਿਹਾ ਸੀ । ਥੋਰੋ ਬੇਖ਼ਬਰ ।

ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਨੂੰ ਕੋਈ ਪਿਆਰ ਭੇਟਾ ਨਸੀਬ ਹੁੰਦੀ ਏ । ਇਹ ਮਿਹਰਬਾਨੀ ਮੇਰੇ ਉੱਤੇ ਵੀ ਬਹੁਤ ਵਾਰ ਹੋਈ ਏ । ਹੁੰਦੀ ਰਹਿੰਦੀ ਏ । ਪਿਆਰ ਦੀ ਨਿਸ਼ਾਨੀ ਅਨੇਕ ਰੂਪਾਂ 'ਚ ਹੋ ਸਕਦੀ ਏ । ਇਹਨੂੰ ਸਿਮਰਤੀ-ਚਿੰਨ੍ਹ ਵੀ ਆਖਦੇ ਨੇ । ਆਮ ਤੌਰ 'ਤੇ ਰਸਮੀ ਹੁੰਦਾ ਏ ਜਾਂ ਸਜਾਵਟੀ । ਇਹ ਤੋਹਫ਼ੇ ਦੀ ਸ਼ਕਲ 'ਚ ਹੋ ਸਕਦਾ ਏ ਪਰ ਵਾਰੀ-ਵੱਟਾ ਬਿਲਕੁਲ ਨਹੀਂ । ਇਹ ਭਾਵਨਾ ਹੁੰਦੀ ਏ । ਸ਼ੁੱਧ ਭਾਵਨਾ । ਇਸ ਦਾ ਹੁੰਗਾਰਾ ਹੁਲਾਰੇ ਵਰਗਾ ਹੁੰਦੈ, ਜੋ ਦਿੱਤਾ ਨਹੀਂ ਜਾਂਦਾ, ਮਾਣਿਆ ਜਾਂਦੈ ।...ਇਹ ਚਿੰਨ੍ਹ ਜਿਆਦਾ ਕਰਕੇ ਪੁਸਤਕ ਰੂਪ ਵਿੱਚ ਪ੍ਰਾਪਤ ਹੁੰਦੈ । ਪੜ੍ਹਨ-ਲਿਖਣ ਵਾਲਿਆਂ ਦਾ ਭਾਈਚਾਰਾ ਹੋਣ ਕਰਕੇ ਇਹ ਵਰਤਾਰਾ ਕੁਦਰਤੀ ਏ । ਘਰ ਵਿੱਚ ਕਿਤਾਬ ਕਿਸੇ ਬਹਾਨੇ ਆਏ, ਮੁਬਾਰਕ ਕਹਿਣਾ ਬਣਦੈ । ਮੈਂ ਕਿਤਾਬ ਨੂੰ ਖ਼ਤ ਵਾਂਗ ਉਡੀਕਦਾਂ, ਖ਼ਤ ਵਾਂਗ ਪੜ੍ਹਦਾਂ...ਤੇ ਖ਼ਤ ਵਾਂਗ ਹੀ ਉਹਦੇ ਨਾਲ ਸਲੂਕ ਕਰਦਾਂ ।

ਕਿਤਾਬ ਦਰਅਸਲ ਲੰਬੀ ਚਿੱਠੀ ਹੀ ਹੁੰਦੀ ਏ । ਜਿਸ ਕੋਲ ਪਹੁੰਚੇ, ਉਹਦੇ ਵੱਲ ਹੀ ਲਿਖੀ ਹੁੰਦੀ ਏ । ਤੁਸੀਂ ਮੂੰਹ ਨਹੀਂ ਮੋੜ ਸਕਦੇ । ਪੜ੍ਹਨ ਲਈ ਵਕਤ ਕੱਢਣਾ ਈ ਪਏਗਾ । ਮੈਂ ਵੀ ਕੱਢਦਾਂ । ਚਿੱਠੀਆਂ ਵਾਂਗ ਬਹੁਤੀਆਂ ਕਿਤਾਬਾਂ ਵੀ ਸਿਰਫ਼ ਸੂਚਨਾ ਲਈ ਹੁੰਦੀਆਂ ਨੇ । ਕਈਆਂ ਲਈ ਸਿਰਫ਼ ਪਹੁੰਚ ਰਸੀਦ ਕਾਫੀ ਹੁੰਦੀ ਏ । ਕੁਝ ਇੱਕ ਦਾ ਵਧਾਈ ਨਾਲ ਸਰ ਜਾਂਦੈ । ਕੋਈ ਕੋਈ ਅਜਿਹੀ ਹੁੰਦੀ ਏ, ਜਿਹਨੂੰ ਸਦਾ ਲਈ ਸੰਭਾਲ ਕੇ ਰੱਖਣਾ ਪੈਂਦੇ । ਅਨਮੋਲ ਸੁਗਾਤ ਵਾਂਗ । ਇਹੋ ਜਿਹੀ ਕਿਤਾਬ ਘੜੀ-ਮੁੜੀ ਪੜ੍ਹੀਦੀ ਏ । ਆਏ ਗਏ ਨੂੰ ਸੁਣਾਈਦੀ ਏ । ਸਤਿਕਾਰ ਨਾਲ ਵਿਖਾਈਦੀ ਏ । ਥੋਰੋ ਕਿਤਾਬ ਨੂੰ ਵੇਖਦਾ ਰਿਹਾ । ਟਿਕਟਿਕੀ ਬੰਨ੍ਹ ਕੇ । ਇੱਕ ਇੱਕ ਵਰਕਾ, ਪੈਰ੍ਹਾ, ਸਤਰ, ਸ਼ਬਦ, ਅੱਖਰ... । ਨਜ਼ਰ ਗੱਡ ਕੇ ਲੱਭਣ ਦਾ ਯਤਨ ਕਰਦਾ ਰਿਹਾ ਕੋਈ ਜਾਣਿਆ ਪਛਾਣਿਆ ਕੋਨਾ, ਕੋਈ ਤੰਦ ਲੱਭੇ । ਤਾਣੀ ਸੁਲਝੇ... । ਅੱਠ ਦਸ ਦਿਨ ਗੁਜ਼ਰ ਗਏ । ਕੋਈ ਗੱਲ ਨਾ ਬਣੀ ।

ਥੋਰੋ ਹੈਰਾਨ ਪ੍ਰੇਸ਼ਾਨ । ਹਾਰਿਆ ਹਾਰਿਆ । ਉਹਨੂੰ ਫ਼ਖਰ ਸੀ ਕਿ ਆਪਣੀ ਲਗਨ ਤੇ ਮਿਹਨਤ ਨਾਲ ਉਹ ਦੁਨੀਆ ਦੀਆਂ ਪੰਦਰਾਂ-ਵੀਹ ਜ਼ੁਬਾਨਾਂ ਸਿੱਖ ਗਿਐ । ਹਰ ਵਰਣਮਾਲਾ ਨੂੰ ਪਛਾਣਦੈ । ਕੋਈ ਲਗ ਮਾਤਰ ਅੱਖਰ ਤਾਂ ਰਲਦਾ ਮਿਲਦਾ ਲੱਭ ਈ ਸਕਦੈ । ਉਹ ਪਾਣੀ ਪੀਣ ਲਈ ਖੂਹ ਪੁੱਟਦਾ ਰਿਹਾ । ਮੁੜ੍ਹਕੋ ਮੁੜ੍ਹਕੀ ਹੁੰਦਾ ਰਿਹਾ । ਪਤਾ ਈ ਨਾ ਲੱਗਾ ਕਿ ਇਸ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਹ ਸਿਰ ਦੇ ਵਾਲ ਪੁੱਟੀ ਜਾ ਰਿਹੈ । ਅੱਖਾਂ ਮੂਹਰੇ ਹਨੇਰਾ ਗਾੜ੍ਹਾ ਹੋਈ ਗਿਆ । ਗਾੜ੍ਹਾ, ਹੋਰ ਗਾੜ੍ਹਾ ।

ਬੰਦ ਅੱਖਾਂ ਦੇ ਸੰਘਣੇ ਹਨੇਰੇ ਵਿੱਚ ਉਹਨੂੰ ਅਸਮਾਨੀ ਬਿਜਲੀ ਵਰਗੇ ਇੱਕ ਵਿਚਾਰ ਨੇ ਨੱਚਣ ਲਾ ਦਿੱਤਾ । ਅੱਖਾਂ ਖੋਲ੍ਹੀਆਂ । ਖੁੱਲ੍ਹੇ ਆਕਾਸ਼ ਨਾਲ ਰਾਬਤਾ ਕਾਇਮ ਕੀਤਾ । ਆਕੜ ਭੰਨ ਕੇ ਸਿਰ 'ਤੇ ਹੱਥ ਫੇਰਿਆ । ਯਕੀਨ ਨਾ ਆਇਆ । ਲੱਗਾ ਜਿਵੇਂ ਕਿਸੇ ਹੋਰ ਦੇ ਸਿਰ 'ਤੇ ਹੱਥ ਫੇਰਿਆ ਹੋਏ । ਆਕਾਸ਼ ਤੋਂ ਹਟਾ ਕੇ ਨਜ਼ਰਾਂ ਜ਼ਮੀਨ ਵੱਲ ਲਿਆਂਦੀਆਂ । ਮੂਹਰੇ ਵਾਲਾਂ ਦਾ ਢੇਰ ਵੇਖਿਆ । ਕਮਜ਼ੋਰ ਚਿਹਰੇ 'ਤੇ ਬਲਵਾਨ ਮੁਸਕਾਨ ਫੈਲ ਗਈ । ਉੱਠਿਆ । ਸਰੀਰ ਨੂੰ ਥਾਂ ਸਿਰ ਕੀਤਾ । ਕੁਝ ਖਾਧਾ ਪੀਤਾ । ਅੰਗਾਂ ਨੇ ਤਾਕਤ ਫੜੀ । ਕਦਮ ਹਰਕਤ 'ਚ ਆਏ ਤੇ ਉਹ ਨੇੜੇ ਦੇ ਸ਼ਹਿਰ ਵੱਲ ਤੁਰ ਪਿਆ । 'ਪਿਆਰ ਭੇਟਾ' ਤੀਕ ਜਲਦ ਰਸਾਈ ਹੋਣ ਦੀ ਆਸ ਜਾਗ ਪਈ ਸੀ । ਉਹ ਖ਼ੁਦ ਨੂੰ ਚੜ੍ਹਦੀ ਕਲਾ 'ਚ ਮਹਿਸੂਸ ਕਰਨ ਲੱਗਾ । ਸ਼ਹਿਰ ਪਹੁੰਚ ਕੇ ਉਹ ਕਿਤਾਬਾਂ ਦੀ ਸਭ ਤੋਂ ਵੱਡੀ ਦੁਕਾਨ 'ਤੇ ਗਿਆ । ਦੁਕਾਨਦਾਰ ਵਾਕਿਫ਼ ਸੀ । ਪਹਿਲਾਂ ਵੀ ਜਾਂਦਾ ਰਹਿੰਦਾ ਸੀ । ਪੁਰਾਣਾ ਸਿਰੜੀ ਗਾਹਕ । ਕਿਤਾਬਾਂ ਖਰੀਦਦਾ ਘੱਟ, ਫਰੋਲਦਾ ਜ਼ਿਆਦਾ । ਪੁੱਛਿਆ:

? ਤੁਹਾਡੇ ਕੋਲ ਡੈਨਿਸ਼ ਵਿੱਚ ਬਾਈਬਲ ਹੈ ।

-ਨਹੀਂ, ਇਸ ਵਕਤ ਨਹੀਂ

? ਮੰਗਵਾ ਦਿਓਗੇ

-ਪੈਸੇ ਪੇਸ਼ਗੀ ਦੇਣੇ ਪੈਣਗੇ

? ਲੈ ਲਓ । ਬਾਈਬਲ ਦੁਨੀਆ ਦੀ ਸਭ ਤੋਂ ਸਸਤੀ ਕਿਤਾਬ ਏ ।

- ਸਸਤੀ ਮਹਿੰਗੀ ਦੀ ਗੱਲ ਨਹੀਂ । ਸਾਡੀ ਮੰਗਵਾਈ ਐਵੇਂ ਪਈ ਰਹੇਗੀ । ਅੱਜ ਤਕ ਇਸ ਬੋਲੀ ਦੀ ਕਿਸੇ ਨੇ ਕੋਈ ਕਿਤਾਬ ਮੰਗੀ ਈ ਨਹੀਂ । ਤੁਸੀਂ ਪਹਿਲੇ ਸ਼ਖ਼ਸ ਹੋ ।

? ਸ਼ਾਇਦ ਆਖਰੀ ਹੀ ਹੋਵਾਂ । ਇਸ ਨਾਲ ਕਿਤਾਬ ਨੂੰ ਕੀ ਫ਼ਰਕ ਪੈਂਦੈ । ਤੁਸੀਂ ਮੰਗਵਾ ਦਿਉ ।

- ਕੋਸ਼ਿਸ਼ ਕਰਾਂਗੇ । ਜੇ ਅਗਲਿਆਂ ਕੋਲ ਸਟਾਕ 'ਚ ਹੋਈ ਤਾਂ ਭੇਜ ਦੇਣਗੇ । ਦੋ ਹਫਤਿਆਂ ਤਕ ਪਤਾ ਕਰਿਓ ।

ਪਤਾ ਨਹੀਂ ਦੋ ਹਫ਼ਤੇ ਕਿਵੇਂ ਲੰਘੇ । ਘੜੀਆਂ ਗਿਣਕੇ ।...ਖੈਰ! ਬਾਈਬਲ ਮਿਲ ਗਈ । ਡੈਨਿਸ਼ ਬਾਈਬਲ । ਥੋਰੋ ਨੂੰ ਚਾਅ ਚੜ੍ਹ ਗਿਆ । ਹੁਣ ਉਹ ਪਿਆਰ ਭੇਟਾ ਨੂੰ ਮਾਨਣ ਦੇ ਕਾਬਲ ਹੋ ਸਕੇਗਾ । ਵਿੱਚੋਂ ਗੱਲ ਇਹ ਸੀ ਕਿ ਉਹਨੂੰ ਬਾਈਬਲ ਜ਼ਬਾਨੀ ਯਾਦ ਸੀ । ਉਹਦੇ ਹੱਥਾਂ ਵਿੱਚ ਵਰਕ-ਦਰ-ਵਰਕ ਬਾਈਬਲ ਦਾ ਅਨੁਵਾਦ ਸੀ । ਹਰ ਵਾਕ ਤੋਂ ਪਿੱਛੋਂ ਗਿਣਤੀ ਸੂਚਕ ਅੰਕ ਦਰਜ ਸੀ । ਉਹ ਕਾਹਲੀ ਕਾਹਲੀ ਪੂਰੀ ਕਿਤਾਬ 'ਚੋਂ ਗੁਜ਼ਰ ਗਿਆ । ਬਾਈਬਲ ਅੱਖਰ ਅੱਖਰ ਉਹਦੇ ਜ਼ਿਹਨ ਵਿੱਚ ਸੀ ਤੇ ਡੈਨਿਸ਼ ਲਿਪੀ ਉਸੇ ਤਰਤੀਬ ਵਿੱਚ ਵਰਕਿਆਂ 'ਤੇ ਵਿਛੀ ਪਈ ਸੀ । ਉਹ ਜ਼ਿਹਨ 'ਚ ਪਈਆਂ ਪੈੜਾਂ ਦਾ ਕਾਗ਼ਜ਼ ਨਾਲ ਵਟਾਂਦਰਾ ਕਰਦਾ ਗਿਆ । ਇੱਕ ਸ਼ਬਦ ਚੁੱਕ ਕੇ, ਉਹਦੀ ਥਾਂ ਦੂਸਰਾ ਧਰਦਾ ਗਿਆ । ਜਦੋਂ ਇਸ ਕਰਤ- ਵਿੱਦਿਆ ਦੇ ਸਹਾਰੇ ਉਹ ਪੂਰੀ ਡੈਨਿਸ਼ ਬਾਈਬਲ ਪੜ੍ਹ ਗਿਆ ਤਾਂ ਉਹਨੂੰ ਚਾਅ ਦੇ ਨਾਲ ਨਾਲ ਨਸ਼ਾ ਜਿਹਾ ਵੀ ਚੜ੍ਹ ਗਿਆ । ਉਹਨੂੰ ਲੱਗਾ ਜਿਵੇਂ ਉਹਦੀ ਜੱਦੋਜਹਿਦ ਮੁੱਕ ਗਈੇ । ਭਾਰੇ ਹੱਥਾਂ ਨਾਲ ਬਾਈਬਲ ਪਰੇ ਰੱਖੀ ਅਤੇ ਹਲਕੇ ਮਨ ਨਾਲ 'ਪਿਆਰ ਭੇਟਾ' ਚੁੱਕ ਲਈ ।

ਨਵਾਂ ਚੰਨ, ਨਵਾਂ ਸੂਰਜ, ਨਵਾਂ ਆਕਾਸ਼ ਸੀ । ਪ੍ਰਕਾਸ਼ ਹੀ ਪ੍ਰਕਾਸ਼ ਸੀ । ਜਿੱਧਰ ਨਜ਼ਰ ਘੁਮਾਈ ਨਵਾਂ ਬੂਹਾ ਖੁੱਲ੍ਹਦਾ ਗਿਆ । ਨਵੀਂ ਸਲਤਲਤ ਵਿੱਚ ਉਹਦੀ ਜਿੱਤ ਦਾ ਝੰਡਾ ਝੁੱਲਦਾ ਗਿਆ । ਹੁਣ ਉਹਨੂੰ ਆਲੇ ਦੁਆਲੇ ਦੀ ਕੋਈ ਸਾਰ ਨਹੀਂ ਸੀ । ਉਹਦੇ ਆਨੰਦ ਦਾ ਪਾਰਾਵਾਰ ਨਹੀਂ ਸੀ । ਉਹਦੇ ਅਨੁਭਵ ਮੰਡਲ ਵਿੱਚ ਇੱਕ ਨਵੀਂ ਜ਼ੁਬਾਨ ਲਿਖੀ ਸੀ । ਨੇਤਰ-ਹੀਨ ਦੰਪਤੀ ਦੇ ਬਹਾਨੇ ਉਹ ਦੀਆਂ ਅੱਖਾਂ ਨੂੰ ਨਵੀਂ ਨਜ਼ਰ ਮਿਲੀ ਸੀ । ਉਹ ਆਪਣੇ ਸਨਮੁੱਖ ਪੂਰੇ ਗਰਵ ਨਾਲ ਖੜ੍ਹ ਸਕਦਾ ਸੀ । ਪਿਆਰ ਨਾਲ ਦਿੱਤੀ ਹੋਈ ਭੇਟਾ ਨੂੰ ਉੱਨੇ ਹੀ ਪਿਆਰ ਨਾਲ ਪੜ੍ਹ ਸਕਦਾ ਸੀ ।

ਇਹ ਲੇਖ ਪੜ੍ਹ ਕੇ ਮੇਰੇ ਅੰਦਰ ਨਵਾਂ ਉਤਸ਼ਾਹ ਜਾਗਿਆ । ਕਿਤਾਬਾਂ ਬਾਰੇ ਨਜ਼ਰੀਆ ਬਦਲਿਆ । ਘਰ ਆਈ ਕਿਤਾਬ ਨੂੰ ਘਰ ਆਏ ਮਹਿਮਾਨ ਵਾਂਗ ਸਮਝਣ ਲੱਗਾ । ਮਨ ਨੂੰ ਸਮਝਾਉਣ ਲੱਗਾ ਕਿ ਇਸ ਰਸਮ ਨੂੰ ਅਕੀਦਤ ਨਾਲ ਨਿਭਾਉਣਾ ਚਾਹੀਦੈ । ਆਪਣੇ ਵਕਤ ਨੂੰ ਇਸ ਅਰਥ ਵੀ ਲਾਉਣਾ ਚਾਹੀਦੈ । ਜਿਨ੍ਹਾਂ ਨੇ ਡਿਗਰੀ ਲੈਣੀ ਹੁੰਦੀ ਐ ਉਹ ਖਾਸ ਸੇਧ 'ਚ ਪੜ੍ਹਦੇ ਨੇ । ਖਾਸ ਪੌੜੀ ਦੀ ਚੋਣ ਕਰਕੇ ਡੰਡਾ ਡੰਡਾ ਚੜ੍ਹਦੇ ਨੇ । ਉਨ੍ਹਾਂ ਦੀ ਨਜ਼ਰ ਕਿਤਾਬ ਵੱਲ ਨਹੀਂ, ਨਿਸ਼ਾਨੇ ਵੱਲ ਹੁੰਦੀ ਏ । ਉਹ ਕੰਮ ਵਾਲੇ ਬੰਦੇ ਹੁੰਦੇ ਨੇ । ਕੰਮ ਵਾਲੀ ਥਾਂ 'ਤੇ ਮਿਲਦੇ ਨੇ । ਉਹ ਆਪਣੇ ਸਮੇਂ ਨੂੰ ਕੀਮਤੀ ਸਿੱਕੇ ਵਾਂਗੂ ਖਰਚਦੇ ਨੇ । ਬਾਜ਼ਾਰ ਦੇ ਰਸਤੇ, ਨ੍ਹੇਰੇ ਪਏ, ਘਰ ਪਰਤਦੇ ਨੇ । ਘਰਾਂ ਨੂੰ ਮਹਿਜ਼ ਸਿਰਨਾਵੇਂ ਵਜੋਂ ਵਰਤਦੇ ਨੇ । ਤੁਸੀਂ ਉਨ੍ਹਾਂ ਨੂੰ ਘਰੇ ਨਹੀਂ ਮਿਲ ਸਕਦੇ । ਮਹਿਮਾਨ ਦਾ ਰਿਸ਼ਤਾ ਘਰ ਨਾਲ ਹੁੰਦੈ । ਮਹਿਮਾਨ ਦਾ ਸਵਾਗਤ ਘਰ ਵਿੱਚ ਹੀ ਹੋ ਸਕਦੈ¨

ਮਹਿਮਾਨਾਂ ਦੀ ਗਿਣਤੀ ਵਧ ਜਾਏ ਤਾਂ ਆਓ ਭਗਤ 'ਚ ਫ਼ਰਕ ਪੈਣਾ ਲਾਜ਼ਮੀ ਏ । ਕਿਤਾਬਾਂ ਇਸ ਵਰਤਾਰੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ । ਮੇਜ਼ਬਾਨੀ ਦੀ ਸੀਮਾ ਤੇ ਸਮਰੱਥਾ ਨੂੰ ਪਛਾਣਦੀਆਂ ਨੇ । ਮੇਰੇ ਤੀਕ ਪੁੱਜੀਆਂ ਕਿਤਾਬਾਂ ਤਸਦੀਕ ਕਰਨਗੀਆਂ ਕਿ ਉਨ੍ਹਾਂ ਵੱਲ ਬੇਰੁਖੀ ਨਹੀਂ ਵਿਖਾਈ ਗਈ । ਦੇਰ- ਸਵੇਰ ਪੜ੍ਹੀ ਗਿਆ ਜਿਹੜੀ ਆਈ ਗਈ । ਮੈਂ ਤਸਦੀਕ ਕਰਦਾਂ ਕਿ ਪੜ੍ਹੇ ਹੋਏ ਹਰ ਅੱਖਰ ਨਾਲ ਮੈਨੂੰ ਫ਼ਾਇਦਾ ਹੋਇਐ । ਕਿਸੇ ਕਿਤਾਬ ਨੇ ਕਦੇ ਕੋਈ ਨੁਕਸਾਨ ਨਹੀਂ ਕੀਤਾ ।

ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਜਿਸ ਕਿਤਾਬ ਨੂੰ ਪੜ੍ਹ ਲਿਆ ਪਰ ਸਾਂਭਣ ਦੀ ਲੋੜ ਨਹੀਂ ਜਾਂ ਫਿਰ ਰੱਖਣ ਜੋਗੀ ਜਗ੍ਹਾ ਨਹੀਂ, ਉਹਦਾ ਕੀ ਕੀਤਾ ਜਾਏ । ਖਾਸ ਕਰ ਉਦੋਂ, ਜਦੋਂ ਉਹ 'ਪਿਆਰ ਭੇਟਾ' ਹੋਏ! ਆਮ ਪ੍ਰਚੱਲਤ ਤਰੀਕਾ ਹੈ: ਰੱਦੀ ਵੇਚ ਦਿਓ । ਸ਼ਰਮ ਆਉਂਦੀ ਹੈ ਤਾਂ ਪਿਆਰ ਭੇਟਾ ਵਾਲਾ ਵਰਕਾ ਪਾੜ ਦਿਓ । ...ਪਰ ਚੰਗੀ ਗੱਲ ਹੈ ਜੇ ਕਿਸੇ ਹੋਰ ਨੂੰ ਨਵੇਂ ਸਿਰਿਓਂ ਭੇਟਾ ਕਰ ਦਿੱਤੀ ਜਾਏ । ਭੇਟਾ ਦਾ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਵੀ ਚਲਦਾ ਰਹਿ ਸਕਦੈ । ਪਰ ਜਿਹੜਾ ਆਪਣੀ ਮਰਜ਼ੀ ਕਰੇ, ਉਹਨੂੰ ਭਲਾ ਕੋਈ ਕੀ ਕਹਿ ਸਕਦੈ ।

ਥੋਰੋ ਨੇ ਬਿਲਕੁਲ ਨਹੀਂ ਦੱਸਿਆ ਕਿ ਉਹਨੇ ਉਸ ਡੈਨਿਸ਼ ਕਿਤਾਬ 'ਚੋਂ ਕੀ ਪੜ੍ਹਿਆ । ਕੁਝ ਨਵਾਂ ਪੜ੍ਹਨ ਨੂੰ ਜੀਅ ਕਰਦੈ । ਚੰਗਾ ਸਾਹਿੱਤ ਜਜ਼ਬਾ ਜਗਾਉਂਦੈ ਤੇ ਊਰਜਾ ਬਖ਼ਸ਼ਦੈ, ਹੋਰ ਕੀ ਕਰਦੈ ।

ਕਿਤਾਬ ਦੀ ਮਾਰਫ਼ਤ

ਮਨ ਵਿੱਚ ਕਿਤਾਬ ਲਈ ਆਦਰ ਏ । ਕਿਤਾਬ ਦਾ ਸੰਗਸਾਥ ਚੰਗਾ ਲਗਦੈ । ਕਿਤਾਬ ਕੋਈ ਹੋਏ, ਕਿਤੇ ਹੋਏ, ਕਿਸੇ ਦੀ ਹੋਏ... ਫਰੋਲਣ ਨੂੰ ਜੀਅ ਕਰਦੈ ।

ਸਿਮਰਤੀ ਵਿੱਚ ਕਿਤਾਬਾਂ ਦੇ ਢੇਰ ਲੱਗੇ ਪਏ ਨੇ: ਪੜ੍ਹੀਆਂਪੜ੍ਹਾਈਆਂ, ਖਰੀਦੀਆਂ, ਵੇਚੀਆਂ, ਫਰੋਲੀਆਂ, ਵੇਖੀਆਂ, ਸੁਣੀਆਂ... । ਹਰ ਕਿਤਾਬ ਕੋਈ ਨਾ ਕੋਈ ਨਵੀਂ ਪਰਤ ਖੋਲ੍ਹਦੀ ਏ । ਕਿਸੇ ਵੀ ਭਾਸ਼ਾ ਦੀ ਹੋਵੇ, ਮੇਰੇ ਨਾਲ ਪੰਜਾਬੀ 'ਚ ਬੋਲਦੀ ਏ । ਯਾਰਬੇਲੀ ਕਿਤਾਬਾਂ ਦੀਆਂ ਗੱਲਾਂ ਕਰਦੇ ਨੇ, ਨਤੀਜੇ ਕਢਵਾਏ ਜਾਂਦੇ ਨੇ, ਮੀਲ ਪੱਥਰ ਗਡਵਾਏ ਜਾਂਦੇ ਨੇ, ... ਨਿੱਤ ਨਵੇਂ ਚੰਨ ਚੜ੍ਹਾਏ ਜਾਂਦੇ ਨੇ । ਚੱਪਾ ਕੁ ਚੰਨ ਤੇ ਮੁੱਠ ਕੁ ਤਾਰਿਆਂ ਨਾਲ ਉਨ੍ਹਾਂ ਦਾ ਪੂਰਾ ਆਸਮਾਨ ਮੱਲਿਆ ਜਾਂਦਾ ਏ । ਇਸ ਖੁਸ਼ਫਹਿਮੀ ਦੇ ਹਨੇ੍ਹਰੇ ਵਿੱਚ ਅੱਖਾਂ ਮੀਟ ਕੇ ਚੱਲਿਆ ਜਾਂਦਾ ਏ । ਆਤਮਸੰਮੋਹਨ ਦਾ ਇਹ ਭਾਂਡਾ ਬਹੁਤ ਜਲਦੀ ਚੁਰਾਹੇ ਵਿੱਚ ਫੁੱਟ ਜਾਂਦਾ ਏ । ਲੇਖਕ ਆਪਣੀ ਲਿਖੀ ਕਿਤਾਬ ਨਾਲ ਏਨੀ ਬੁਰੀ ਤਰ੍ਹਾਂ ਚੰਬੜਿਆ ਹੁੰਦੈ ਕਿ ਪਾਠਕ ਉਸ ਨਾਲੋਂ ਟੁੱਟ ਜਾਂਦਾ ਏ ।

ਪਹਿਲਾਂ ਲੇਖਕ ਆਪਣੀ ਗੱਲ ਆਖ ਕੇ ਮੁਕਤ ਹੋ ਜਾਂਦਾ ਸੀ । ਉਸਦੀ ਲਿਖਤ ਮੁਕਤ ਹੋ ਕੇ ਸਮਾਜ ਵਿੱਚ ਵਿਚਰਦੀ । ਘਰਾਂ ਵਿੱਚ ਪਹੁੰਚਦੀ । ਜ਼ੁਬਾਨਾਂ 'ਤੇ ਚੜ੍ਹਦੀ । ਜਵਾਨ ਹੁੰਦੀ । ਪ੍ਰਵਾਨ ਹੁੰਦੀ । ਵਕਤ ਦਾ ਇਮਤਿਹਾਨ ਪਾਸ ਕਰਕੇ ਮੁਰਾਤਬੇ 'ਤੇ ਟਿਕ ਜਾਂਦੀ । ... ਜਦੋਂ ਤੱਕ ਵਿਦਿਆਰਥੀਆਂ ਤੱਕ ਪੁੱਜਦੀ, ਉਹ ਵਕਤ ਦੇ ਹਾਣ ਹੋ ਚੁੱਕੀ ਹੁੰਦੀ । ਉਹਦੀ ਪੱਕੀ ਪਛਾਣ ਹੋ ਚੁੱਕੀ ਹੁੰਦੀ ।

ਕਿਤਾਬ ਵਿੱਚ ਸਾਂਭੇ ਹੋਏ ਅਦਬੀ ਫਲਾਂ ਦਾ ਮਜ਼ਾ, ਪੜ੍ਹਨਸੁਣਨ ਵਾਲੇ, ਬਰਾਬਰ ਚੱਖਦੇ । ਕਿਤਾਬ ਨੂੰ ਚੁੰਮਦੇ, ਮੱਥੇ ਨਾਲ ਲਾਉਂਦੇ, ਸਾਂਭਸਾਂਭ ਰੱਖਦੇ । ... ਹੁਣ ਗੱਲ ਹੋਰ ਏ । ਵਿਚਾਰੀ ਕਿਤਾਬ ਤਾਂ ਕਿਤੇ ਰੜਕਦੀ ਵੀ ਨਹੀਂ, ਬਸ ਉਹਦੇ ਲੇਖਕ ਦੀ ਹਉਮੈ ਦਾ ਸ਼ੋਰ ਏ । ਸ਼ੋਰ ਤੋਂ ਪਿੱਛਾ ਛੁਡਾਉਣ ਲਈ ਕਿਤਾਬਾਂ ਕੋਲ ਜਾਇਆ ਜਾਏ । ਸਿਮਰਤੀ ਦਾ ਦਰ ਖੜਕਾਇਆ ਜਾਏ! ਜੱਜ ਨਾ ਬਣਿਆ ਜਾਏ, ਫੈਸਲਾ ਨਾ ਸੁਣਾਇਆ ਜਾਏ । ਸਿਰਫ਼ ਸਮੇਂ ਨੂੰ ਸਾਖੀ ਬਣਾਇਆ ਜਾਏ ।

ਪਿਛਲੇ ਸੌ ਕੁ ਵਰ੍ਹਿਆਂ ਵਿੱਚ ਕਿੰਨੀਆਂ ਕੁ ਕਿਤਾਬਾਂ ਛਪੀਆਂ ਨੇ? ਕਿੰਨੀਆਂ ਕੁ ਵਿਕੀਆਂ ਨੇ? ਕਿੰਨੀਆਂ ਕੁ ਪੜ੍ਹਨ ਸੁਣਨ ਵਾਲਿਆਂ ਦੇ ਚੇਤਿਆਂ ਵਿੱਚ ਟਿਕੀਆਂ ਨੇ? ... ਘੇਰੇ ਨੂੰ ਰਤਾ ਸੀਮਤ ਕਰ ਕੇ ਮਸਲਾ ਹੱਲ ਕਰਦੇ ਹਾਂ । ਹੋਰ ਕਿਤਾਬਾਂ ਤੋਂ ਮੁਆਫੀ ਮੰਗ ਕੇ, ਸਿਰਫ਼ ਕਵਿਤਾ ਦੀ ਗੱਲ ਕਰਦੇ ਹਾਂ । 'ਸਾਵੇ ਪੱਤਰ' ਨਾਲ ਸਾਰੇ ਸਹਿਮਤ ਨੇ । ਪ੍ਰੋ. ਮੋਹਨ ਸਿੰਘ ਦੀ ਇਹ ਕਿਤਾਬ ਪੂਰੀ ਦੀ ਪੂਰੀ ਗਿਆਨੀ ਤੇ ਐਮ.ਏ. ਦੇ ਕੋਰਸਾਂ ਵਿੱਚ ਲੱਗਦੀ ਆ ਰਹੀ ਏ । ਕਵਿਤਾ ਕਵਿਤਾ ਕਰਕੇ ਇਹ ਕਈ ਵਰ੍ਹਿਆਂ ਤੋਂ ਵੱਖ ਵੱਖ ਜਮਾਤਾਂ ਨੂੰ ਪੜ੍ਹਾਈ ਜਾ ਰਹੀ ਏ । ਰੱਬ, ਬਸੰਤ, ਅਨਾਰਕਲੀ, ਨੂਰਜਹਾਂ, ਸਿਪਾਹੀ ਦਾ ਦਿਲ, ਦੇਸ਼ ਪਿਆਰ, ਸਿੰਧਣ, ਛੱਤੋ ਦੀ ਬੇਰੀ, ਅੰਬੀ ਦਾ ਬੂਟਾ... ਕੀਹਦਾ ਕੀਹਦਾ ਨਾਂ ਲਈਏ?

... ਯਾਦ ਆਇਆ ਕਿ ਆਵਾਰਗੀ ਦੇ ਦੌਰ ਵਿੱਚ ਮਿੱਤਰਾਂ ਦਾ ਟੋਲਾ ਦੁਪਹਿਰੇ ਭਟਕਿਆ ਫਿਰਦਾ ਸੀ । ਗੁਰਦੀਪ ਗਰੇਵਾਲ ਦੇ ਵੱਡੇ ਭਰਾ ਤ੍ਰੀਲੋਚਨ ਗਰੇਵਾਲ ਦੀ ਰੰਗਸ਼ਾਲਾ ਪ੍ਰੈਸ ਵਿੱਚੋਂ ਉੱਠ ਕੇ ਪੰਦਰਾਂ ਸੈਕਟਰ ਦੀ ਮਾਰਕੀਟ ਦਾ ਗੇੜਾ ਮਾਰਨ ਨਿਕਲ ਤੁਰੇ । ਅਮਿਤੋਜ ਨੂੰ ਸਬਜ਼ਬਾਗ ਵੇਖਣ ਦਾ ਸ਼ੌਕ ਸੀ । ਕਹਿਣ ਲੱਗਾ, ''ਵਾਹ! ਕਿੰਨਾ ਚੰਗਾ ਹੋਵੇ ਜੇ ਕੋਈ ਕਾਰ ਵਾਲਾ ਬੰਦਾ ਸਾਡੇ ਲਾਗੇ ਆਣ ਕੇ ਬਰੇਕ ਮਾਰੇ ਤੇ ਕਹੇ: ਆਓ ਬੈਠੋ ਅੰਦਰ । ਅਸੀਂ ਬੈਠ ਜਾਈਏ । ਵਿੱਚ ਵਿਸਕੀ ਤੇ ਬੀਅਰ ਦੀਆਂ ਪੇਟੀਆਂ ਪਈਆਂ ਹੋਣ । ਖਾਣਪੀਣ ਦਾ ਫੁੱਲ ਮਸਾਲਾ । ਸੁਖ਼ਨਾ ਲੇਕ 'ਤੇ ਜਾ ਕੇ ਮੌਜ ਮਨਾਈਏ....'' ਅਜੇ ਪਤਾ ਨਹੀਂ ਕਿ ਉਹ ਕਿੱਥੇ ਪਹੁੰਚ ਕੇ ਤੋੜਾ ਝਾੜਦਾ ਪਰ ਗੁਰਦੀਪ ਗਰੇਵਾਲ ਨੇ ਉਹਨੂੰ ਵਾਪਸ ਧਰਤੀ 'ਤੇ ਮੋੜ ਲਿਆਂਦਾ, ''ਬਾਈ! ਇਹ ਸਭ ਕੁਝ ਤਾਂ ਜਦੋਂ ਹੋਊ ਵੇਖ ਲਵਾਂਗੇ । ਹਾਲੇ ਤਾਂ ਸਿਗਟਬੱਤੀ ਦਾ ਇੰਤਜਾਮ ਕੀਤਾ ਜਾਏ ।'' ਚਾਰਪੰਜ ਜੇਬਾਂ ਵਿਚਲਾ ਭਾਨ ਮੁੱਠ ਵਿੱਚ ਲੈ ਕੇ ਪਾਨਸਿਗਰਟ ਵਾਲੀ ਰੇਹੜੀ ਮੂਹਰੇ ਖਲੋਤਿਆਂ ਮੇਰੇ ਮੂੰਹੋਂ ਕੋਈ ਸ਼ੇਅਰ ਨਿਕਲ ਗਿਆ । ਉੱਥੇ ਫੌਜੀ ਦਿੱਖ ਵਾਲੇ ਬਜ਼ੁਰਗ ਸਰਦਾਰ ਜੀ ਖੜ੍ਹੇ ਸਨ । ਬੋਲੇ : ਇਹ ਸ਼ੇਅਰ ਕੀਹਨੇ ਬੋਲਿਆ?

ਮੈਂ ਬੋਲਿਐ

? ਇਹ ਪ੍ਰੋ. ਮੋਹਨ ਸਿੰਘ ਦਾ ਸ਼ੇਅਰ ਏ

ਸ਼ੇਅਰ ਤਾਂ ਉਹਦਾ ਈ ਏ ਪਰ ਬੋਲਿਆ ਮੈਂ ਏ

? ਇਹ ਉਹਦੀ ਕਿਤਾਬ ਸਾਵੇ ਪੱਤਰ 'ਚੋਂ ਏ

ਸਾਵੇ ਪੱਤਰ ਮੈਨੂੰ ਜ਼ੁਬਾਨੀ ਯਾਦ ਏ

? ਸਾਵੇ ਪੱਤਰ ਦੀਆਂ ਸਾਰੀਆਂ ਨਜ਼ਮਾਂ ਯਾਦ ਨੇ

ਸਾਰੀਆਂ

? ਚਲੋ ਮੇਰੇ ਘਰ । ਆਹ ਨੇੜੇ ਈ ਮੇਰੀ ਕੋਠੀ ਏ । ਰੰਮ ਪੀਆਂਗੇ, ਤੇ ਨਜ਼ਮਾਂ ਸੁਣਾਂਗੇ ।

ਅਮਿਤੋਜ ਨੂੰ ਚਾਅ ਜਿਹਾ ਚੜ੍ਹ ਗਿਆ । ਉਹਦਾ ਸਬਜ਼ਬਾਗ ਵਾਲਾ ਖ਼ਾਬ ਥੋੜ੍ਹਾ ਬਹੁਤ ਤਾਂ ਪੂਰਾ ਹੋਣ ਹੀ ਵਾਲਾ ਸੀ । ਉਦੋਂ ਢਲਦੀ ਦੁਪਹਿਰ ਸੀ । ਦੇਰ ਸ਼ਾਮ ਤੱਕ ਮਹਿਫ਼ਲ ਚੱਲੀ । ਇੱਕ ਤੋਂ ਬਾਅਦ ਇੱਕ...

ਨਜ਼ਮਾਂ ਦਾ ਲਗਾਤਾਰ ਜਸ਼ਨ ਮਨਾਇਆ ਗਿਆ । ਮੋਹਨ ਸਿੰਘ ਨੂੰ ਬਿਨਾਂ ਦਸਿਆਂ 'ਸਾਵੇ ਪੱਤਰ' ਦਾ ਗੁੱਗਾ ਗਾਇਆ ਗਿਆ । ਕੁਝ ਸ਼ੇਅਰ ਤਾਂ ਹੁਣ ਵੀ ਸੁਣਾਏ ਜਾਣ ਲਈ ਕਾਹਲੇ ਪਏ ਨੇ :


ਕੀ ਇਹ ਹੁਨਰ ਹੁਨਰ ਹੈ ਸੱਚਮੁੱਚ
ਯਾ ਉਂਜੇ ਹੀ ਛਲਦਾ!
ਲੱਖ ਗਰੀਬਾਂ ਮਜ਼ਲੂਮਾਂ ਦੇ
ਹੰਝੂਆਂ 'ਤੇ ਜੋ ਪਲਦਾ?!
(ਤਾਜ ਮਹੱਲ)

ਜੇ ਮੈਂ ਜੀਂਵਦਾ ਜਾਗਦਾ ਪਰਤ ਆਇਆ
ਰੱਖ ਸਾਈਾ ਦੀ ਮੈਨੂੰ ਬੁਲਾ ਛੱਡੀਂ ।
ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ,
ਤੇਗ ਓਸ ਨੂੰ  ਮੇਰੀ ਫੜਾ ਛੱਡੀਂ¨
(ਸਿਪਾਹੀ ਦਾ ਦਿਲ)

ਇੱਕ ਮਰਦ ਤੇ ਦੂਜਾ ਉਹ ਬਾਦਸ਼ਾਹ ਸੀ,
ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ ।
ਏਡੇ ਵੱਡੇ ਤੇ ਭਾਰੇ ਉਸ ਹੈਂਕੜੀ ਨੂੰ ,
ਕਿੱਦਾਂ ਜਕੜ ਸਕਦੀ ਤੇਰੀ ਗੁੱਤ ਮੋਈਏ ।
(ਅਨਾਰਕਲੀ)

ਲੋਹਾ ਆਖਾਂ ਕਿ ਤੈਨੂੰ ਤਰਾੜ ਆਖਾਂ,
ਵੇ ਮੈਂ ਕੀ ਆਖਾਂ ਮੇਰੇ ਕੰਤ ਤੈਨੂੰ ।
ਹੁਣ ਤਾਂ ਛੇਵੀਂ ਬਸੰਤ ਵੀ ਲੰਘ ਚੱਲੀ,
ਚੇਤੇ ਆਈ ਨਾ ਤੇਰੀ ਬਸੰਤ ਤੈਨੂੰ¨
(ਬਸੰਤ)

ਕਹਿਣ ਵਾਲੇ ਕਹਿੰਦੇ ਨੇ ਕਿ ਮੋਹਨ ਸਿੰਘ ਦੀਆਂ ਇਨ੍ਹਾਂ ਨਜ਼ਮਾਂ ਵਿੱਚ ਫਾਰਸੀ ਵਾਲਾ ਰੰਗ ਸੀ । ਉਹ ਫਾਰਸੀਦਾਨ ਸੀ, ਇਸ ਲਈ ਫਾਰਸੀ ਦਾ ਫ਼ਾਇਦਾ ਉਠਾ ਕੇ ਪੰਜਾਬੀ ਵਿੱਚ ਸਿੱਕਾ ਚਲਾ ਗਿਆ । ਕਈ ਤਾਂ ਕਵੀ ਉੱਤੇ ਨਕਲ ਦਾ ਵੀ ਇਲਜ਼ਾਮ ਲਾਉਂਦੇ ਨੇ । ਲਾਉਂਦੇ ਰਹਿਣ । ਇਸ ਨਾਲ ਕਿਤਾਬ ਨੂੰ ਕੋਈ ਫ਼ਰਕ ਨਹੀਂ ਪਿਆ । ਅੱਗੋਂ ਵੀ ਨਹੀਂ ਪੈਣ ਲੱਗਾ ।

ਅਗਲੇ ਵੇਲਿਆਂ ਵਿੱਚ ਦਰਸ਼ਨ ਸਿੰਘ 'ਅਵਾਰਾ' ਦੀ 'ਬਗਾਵਤ' ਦੀ ਧੁੰਮ ਮਚੀ ਰਹੀ । ਉਸ ਨੂੰ ਨਾਨਕ ਸਿੰਘ ਦੀ 'ਸਤਿਗੁਰ ਮਹਿਮਾ' ਵਾਂਗ ਪੜ੍ਹਿਆ ਗਿਆ । ਉਹ ਵੀ ਮਹਾਂਕਵੀ ਇਕਬਾਲ ਦੀ 'ਸ਼ਿਕਵਾ' ਤੇ 'ਜਵਾਬ-ਏ-ਸ਼ਿਕਵਾ' ਦੇ ਅਸਰ ਹੇਠ ਲਿਖੀ ਦੱਸੀ ਜਾਂਦੀ ਏ ।

ਵਾਰਿਸ ਸ਼ਾਹ ਵਾਲੇ ਛੰਦ ਵਿੱਚ ਲਿਖੇ ਅੰਮ੍ਰਿਤ ਪ੍ਰੀਤਮ ਦੇ 'ਸੁਨੇਹੜੇ' ਸਨ ਤਾਂ ਸਾਹਿਰ ਲੁਧਿਆਣਵੀ ਵਾਸਤੇ ਪਰ ਪਹੁੰਚ ਗਏ ਜਣੇਖਣੇ ਕੋਲ । ਪੂਰੇ ਪੰਜਾਬੀ ਜਗਤ ਸਾਹਮਣੇ ਨਸ਼ਰ ਹੋ ਗਏ :


ਰੁੱਤਾਂ ਭੌਂਦੀਆਂ ਤੇ ਵਰ੍ਹੇ ਪਏ ਗਿੜਦੇ,
ਵੇ ਕੋਈ ਅੰਤ ਨਹੀਂਉਂ ਇਨ੍ਹਾਂ ਗੇੜਿਆਂ ਦੇ ।
ਜਿਨ੍ਹਾਂ ਮੂੰਹਾਂ ਤੋਂ ਰੌਣਕਾਂ ਰੁੱਸ ਗਈਆਂ,
ਹਾਲ ਵੇਖ ਜਾਵੀਂ ਉਨ੍ਹਾਂ ਵਿਹੜਿਆਂ ਦੇ ।
ਅੱਖਾਂ ਭਰੀਆਂ ਨੇ ਨਾਲ ਗਲੇਡੂਆਂ ਦੇ,
ਹੋਠ ਭਰੇ ਨੇ ਨਾਲ ਸੁਨੇਹੜਿਆਂ ਦੇ ।
ਸਾਰ ਜਾਣਦੇ ਨੇ ਇਨ੍ਹਾਂ ਅੱਖਰਾਂ ਦੀ,
ਸੱਜਣ ਵਿਛੜੇ ਸੱਜਣਾਂ ਜਿਹੜਿਆਂ ਦੇ¨

ਕਾਨੀ ਦੀ ਲਾਜ ਪਾਲਣ ਵਾਲੀਆਂ ਇਨ੍ਹਾਂ ਕਲਮਾਂ ਵਿੱਚੋਂ ਅਜੇ ਵੀ ਜ਼ਿੰਦਗੀ ਦੀ ਸੋਅ ਮਿਲਦੀ ਏ । ਰਚਨਾ ਸਾਹ ਲੈਂਦੀ ਏ । ਪੜ੍ਹਨ ਸੁਣਨ ਵਾਲੇ ਪ੍ਰਾਣੀ ਦੇ ਪ੍ਰਾਣਾਂ ਵਿੱਚ ਸਫ਼ੂਰਤੀ ਦਾ ਸੰਚਾਰ ਹੁੰਦਾ ਏ । ਸਾਡੇ ਵੇਲਿਆਂ ਵਿੱਚ ਸ਼ਿਵ ਕੁਮਾਰ ਦੀ 'ਲੂਣਾ' ਵੀ ਇਹੋ ਜਿਹੇ ਭਾਣੇ ਵਾਂਗ ਵਾਪਰੀ ਏ । ਕਾਦਰ ਯਾਰ ਜਾਂ ਕਾਲੀ ਦਾਸ ਦੀ ਲੋਕਪ੍ਰਿਯਤਾ ਨੂੰ ਕੋਈ ਫ਼ਰਕ ਨਹੀਂ ਪਿਆ ਪਰ 'ਲੂਣਾ' ਕਿਸੇ ਸਰਵੇਖਣ ਜਾਂ ਦਰਜਾਬੰਦੀ ਦੀ ਮੁਥਾਜ ਨਹੀਂ ਰਹੀ । ਇਹ ਕਿਤਾਬ ਆਪਣੀ ਕਹਾਣੀ ਕਰਕੇ ਤਾਂ ਮਹੱਤਵਪੂਰਨ ਹੈ ਹੀ, ਆਪਣੀ ਕਵਿਤਾ ਕਰਕੇ ਵੀ ਕ੍ਰਿਸ਼ਮਈ ਵਰਤਾਰਾ ਹੈ । ਇਸ ਵਿਚਲੀ ਸਹਿਜਤਾ ਨੇ ਪੰਜਾਬੀਆਂ ਦੇ ਮਨਾਂ ਵਿੱਚ ਸਹਿਜੇ ਹੀ ਥਾਂ ਬਣਾ ਲਈ ਏ :


ਏਥੇ ਸਭੇ ਅਪੂਰਨ, ਪੂਰਨ ਕੋਈ ਨਹੀਂ ।
ਏਥੇ ਸਭੇ ਅਲੂਣੇ, ਲੂਣਾ ਕੋਈ ਨਹੀਂ ।
ਪੂਰਨ! ਇਹ ਤਾਂ ਰੀਤ, ਬੜੇ ਹੀ ਚਿਰਦੀ ਹੈ ।
ਆਪਣੇ 'ਤੇ ਆਪਣੀ ਹੀ ਮਿੱਟੀ ਕਿਰਦੀ ਹੈ ।
ਨਾ ਕੋਈ ਏਥੇ ਨਿਰਦੋਸ਼ਾ ਹੈ,
ਨਾ ਕੋਈ ਏਥੇ ਦੋਸ਼ਵਾਨ ਹੈ ।
ਚੌਗਿਰਦੇ ਦੀ ਮਜਬੂਰੀ ਹੈ,
ਮਜਬੂਰੀ ਦਾ ਦੋਸ਼ ਨਾਮ ਹੈ ।
ਨਾਰੀ ਨਾਮ ਹੀ ਸਦਾ ਅਨਿਆਂ ਦਾ ਹੈ,
ਨਾਰੀ ਸਦਾ ਅਨਿਆਂ
'ਚੋਂ ਜਨਮ ਲੈਂਦੀ ।
ਨਾਰੀ ਨਾਮ ਇੱਕ ਐਸੇ ਅਹਿਸਾਸ ਦਾ ਹੈ,
ਜਿਵੇਂ ਜ਼ਖ਼ਮ 'ਚ ਪੀੜ ਹੈ ਘੁਲੀ ਰਹਿੰਦੀ ।
ਕੱਲ੍ਹ ਦਾ ਦਿਹੁੰ ਵੀ ਕੈਸਾ ਦਿਹੁੰ ਸੀ,
ਕੈਸੀ ਸੀ ਉਸ ਦੀ ਖੁਸ਼ਬੋਈ ।
ਆਪਣੀਆਂ ਆਪ ਗੁਲਾਈਆਂ ਚੁੰਮਦੀ,
ਭਰ ਜੋਬਨ ਵਿੱਚ ਨਾਰ ਜਿਉਂ ਕੋਈ ।
ਅੱਜ ਦਾ ਦਿਹੁੰ ਵੀ ਕੈਸਾ ਦਿਹੁੰ ਹੈ,
ਕੈਸੀ ਹੈ ਇਸ ਦੀ ਖੁਸ਼ਬੋਈ ।
ਰਾਤ ਉਨੀਂਦਾ ਭੋਗਣ ਪਿੱਛੋਂ,
ਜਿਵੇਂ ਵੇਸਵਾ ਸੁੱਤੀ ਕੋਈ¨

ਕਿਤਾਬਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦੈ । ਦਲੀਲਾਂ ਕੰਮ ਨਹੀਂ ਆਉਂਦੀਆਂ । ਤਰਕ ਧਰੇਧਰਾਏ ਰਹਿ ਜਾਂਦੇ ਨੇ । ਕਹਿਣ ਵਾਲੇ ਆਪਣੀ ਗੱਲ ਕਹਿ ਕੇ ਰਾਹੇ ਪੈ ਜਾਂਦੇ ਨੇ । ਰਾਹੇ ਰਾਹੇ ਜਾਂਦਿਆਂ ਮੀਲ ਪੱਥਰਾਂ ਦਾ ਪੱਕਾ ਸਿਰਨਾਵਾਂ ਲੱਭ ਜਾਂਦੈ । ਸਿਰਨਾਵਾਂ ਕਿਤਾਬ ਬਣਦੀ ਏ । ਕਿਤਾਬ ਦੀ ਮਾਰਫ਼ਤ ਲੋਕਾਂ ਦੀ ਲੇਖਕ ਤੱਕ ਰਸਾਈ ਹੋਏ ਤਾਂ ਮੁਬਾਰਕ! ਪਰ ਜੇਕਰ ਕਿਤਾਬ 'ਤੇ ਚੌਕੜੀ ਮਾਰ ਕੇ ਬੈਠਾ ਲੇਖਕ ਮੁਬਾਰਕਾਂ ਦੀ ਤਵੱਕੋ ਰੱਖੇ ਤਾਂ ਉਸ ਨੂੰ ਉਸ ਦੀ ਸੋਚ ਮੁਬਾਰਕ!

ਲਿਖਣ ਦੀ ਜਾਚ

ਲਿਖਣ ਵਾਲੇ ਲੋਕ ਚੰਗੇ ਹੁੰਦੇ ਨੇ । ਚੰਗੇ ਪਾਸੇ ਲੱਗੇ ਹੁੰਦੇ ਨੇ । ਕਦੇਕਦੇ ਉਨ੍ਹਾਂ ਕੋਲੋਂ ਚੰਗਾ ਵੀ ਲਿਖਿਆ ਜਾਂਦੈ । ਹੌਲੀਹੌਲੀ ਚੰਗੇਮਾੜੇ ਦਾ ਫ਼ਰਕ ਪਤਾ ਲੱਗ ਜਾਂਦੈ । ਫੇਰ ਉਹ ਚੰਗਾ ਲਿਖਣ ਦੀ ਕੋਸ਼ਿਸ਼ ਰੰਗ ਲਿਆਉਂਦੀ ਏ । ਮਿਹਨਤ ਰਾਹ ਵਿਖਾਉਂਦੀ ਏ । ਲਿਖਣ ਦੀ ਜਾਚ ਆਉਂਦੀ ਏ । ਇਹ ਜਾਚ ਬੜੀ ਚਮਤਕਾਰੀ ਸ਼ੈਅ ਏ । ਦੱਸ ਕੇ ਨਹੀਂ ਆਉਂਦੀ । ਪੁੱਛ ਕੇ ਨਹੀਂ ਆਉਂਦੀ ।

ਹੋਰਨਾਂ ਜਾਚਾਂ ਵਾਂਗ ਸਾਰਿਆਂ ਨੂੰ ਇੱਕੋ ਤਰ੍ਹਾਂ ਨਹੀਂ ਆਉਂਦੀ । ਅਕਲ ਦੀਆਂ ਕਲਾਬਾਜ਼ੀਆਂ ਦਾ ਸਾਰਾ ਨਸ਼ਾ ਲਹਿ ਜਾਂਦੈ । ਪੜ੍ਹਿਆਪੜ੍ਹਾਇਆ, ਸਿੱਖਿਆਸਿਖਾਇਆ ਸਭ ਧਰਿਆਧਰਾਇਆ ਰਹਿ ਜਾਂਦੈ । ਸਾਦਮੁਰਾਦੇ ਸ਼ਬਦਾਂ ਵਿੱਚ, ਸਿੱਧਪੱਧਰਾ ਬੰਦਾ ਵੱਡੀ ਗੱਲ ਕਹਿ ਜਾਂਦੈ । ਉਹਦੀ ਕਹੀ ਹੋਈ ਗੱਲ ਸਭਨਾਂ ਦੇ ਪੱਲੇ ਪੈ ਜਾਂਦੀ ਏ । ਲੋਕ ਉਹਦੇ 'ਚ ਦਿਲਚਸਪੀ ਲੈਣ ਲੱਗ ਜਾਂਦੇ ਨੇ । ਉਹਨੂੰ 'ਲੇਖਕ' ਕਹਿਣ ਲੱਗ ਜਾਂਦੇ ਨੇ । ... ਲੋਕ ਕਹਿੰਦੇ ਨੇ ਕਹਿੰਦੇ ਰਹਿਣ; ਕੋਈ ਫ਼ਰਕ ਨਹੀਂ ਪੈਂਦਾ । ਪਰ ਜਦੋਂ ਕੋਈ ਖ਼ੁੁਦ ਨੂੰ ਲੇਖਕ ਸਮਝਣ ਲੱਗ ਪਵੇ, ਉਹਦਾ ਕੱਖ ਨਹੀਂ ਰਹਿੰਦਾ । ਫੇਰ ਉਹ ਲਿਖਦਾ ਨਹੀਂ, ਆਪਣੇ ਬਾਰੇ ਲਿਖਵਾਉਣਾ ਚਾਹੁੰਦਾ ਏ । ਜੋ ਕੁਝ ਹੁੰਦਾ ਨਹੀਂ, ਉਹ ਕੁਝ ਅਖਵਾਉਣਾ ਚਾਹੁੰਦਾ ਏ ।

ਹੁੰਦਾ ਉਹੀ ਏ ਜੋ ਹੋਣਾ ਹੁੰਦਾ ਏ । ਕਿਸੇ ਦੇ ਚਾਹੁਣ ਨਾਲ ਕਦੇ ਕੁਝ ਨਹੀਂ ਹੋਇਆ । ਜੇ ਹੋਇਆ ਉਹ ਵਿਖਾਵਾ ਸੀ । ਮੌਕਾ ਟਾਲਣ ਦਾ ਭੁਲਾਵਾ ਸੀ । ਮੌਕਾਪ੍ਰਸਤਾਂ ਜਾਂ ਤਮਾਸ਼ਬੀਨਾਂ ਦਾ ਮਨਪਰਚਾਵਾ ਸੀ । ਝੂਠੀ ਹਉਮੈ ਨੂੰ ਪੱਠੇ ਪਾਉਣ ਲਈ, ਪਤਾ ਨਹੀਂ ਕਿਉਂ, ਬੰਦਾ ਜ਼ਲਾਲਤ ਦੀ ਖਾਕ ਛਾਣਦਾ ਏ । ਨਹੀਂ ਤਾਂ ਦੂਜਿਆਂ ਤੋਂ ਪੁੱਛਣ ਦੀ ਜ਼ਰੂਰਤ ਹੀ ਕੀ ਏ, ਆਦਮੀ ਆਪਣੇ ਬਾਰੇ ਸਭ ਤੋਂ ਵੱਧ ਆਪ ਜਾਣਦਾ ਏ । .. . ਜਿਹੜਾ ਏਨੀ ਕੁ ਗੱਲ ਜਾਣ ਲੈਂਦਾ ਏ ਉਹ ਭਟਕਣਾਮੁਕਤ ਹੋ ਕੇ, ਨਿੱਠ ਕੇ ਬਹਿੰਦਾ ਏ । ਆਤਮਾ ਦੀ ਸੁਣਦਾ ਏ ਤੇ ਮਨ ਦੀ ਕਹਿੰਦਾ ਏ । ਦੂਜਿਆਂ ਨੂੰ ਦੁਖੀ ਨਹੀਂ ਕਰਦਾ; ਖ਼ੁਦ ਵੀ ਆਨੰਦ 'ਚ ਰਹਿੰਦਾ ਏ ।

ਆਨੰਦ ਬੜੀ ਪਿਆਰੀ ਸਥਿਤੀ ਏ । ਜਿਹੜਾ ਮਾਣਦਾ ਏ, ਉਹੀਓ ਜਾਣਦਾ ਏ । ਲਿਖਣ ਵਾਲਾ ਆਨੰਦ 'ਚ ਹੋਇਆ ਤਾਂ ਪੜ੍ਹਨਸੁਣਨ ਵਾਲੇ ਨੂੰ ਵੀ ਰਸ ਨਸੀਬ ਹੋਇਆ । ਕਹਿਣ ਤੇ ਸੁਣਨ ਵਾਲੇ ਵਿਚਕਾਰ ਰਸ ਦਾ ਰਿਸ਼ਤਾ ਕਾਇਮ ਰਹੇ ਤਾਂ ਚੰਗਾ । ਰਸ ਦੀ ਗੈਰਹਾਜ਼ਰੀ ਵਿੱਚ ਸਭ ਨੀਰਸ ਹੋ ਜਾਂਦਾ ਹੈ । ਨੀਰਸਤਾ ਭਲਾ ਕੀ ਦੇ ਸਕਦੀ ਏ! ਸ਼ਿਕਵੇ ਈ ਸ਼ਿਕਵੇ । ਸ਼ਿਕਾਇਤਾਂ ਈ ਸ਼ਿਕਾਇਤਾਂ ।

ਸ਼ਿਕਾਇਤ ਹੈ ਕਿ ਪਾਠਕ ਲੋਕ ਘੱਟ ਹੁੰਦੇ ਜਾਂਦੇ ਨੇ । ਕਿਤਾਬਾਂ 'ਚ ਰੁਚੀ ਘਟਦੀ ਜਾ ਰਹੀ ਏ । ਲਾਇਬ੍ਰੇਰੀਆਂ ਸੁੰਨੀਆਂ ਪਈਆਂ ਨੇ । ਸਾਹਿੱਤਕ ਸਮਾਗਮਾਂ ਵੱਲ ਕੋਈ ਮੂੰਹ ਨਹੀਂ ਕਰਦਾ । ਸਰਕਾਰੀ ਸਰਗਰਮੀਆਂ ਵੀ ਐਵੇਂ ਰਸਮ ਬਣ ਕੇ ਰਹਿ ਗਈਆਂ ਨੇ । ਪਹਿਲੇ ਵੇਲਿਆਂ ਦੀਆਂ ਅਦਬੀ ਰਵਾਇਤਾਂ, ਪਤਾ ਨਹੀਂ, ਕਿਹੜੇ ਖੂਹ 'ਚ ਪੈ ਗਈਆਂ ਨੇ ।

ਚੰਡੀਗੜ੍ਹ 'ਚ ਤ੍ਰੈਭਾਸ਼ੀ ਕਹਾਣੀ ਦਰਬਾਰ ਹੋਇਆ । ਪੰਜਾਬੀ ਵਾਲੇ ਨੇ ਆਪਣਾ ਦੁੱਖੜਾ ਰੋਇਆ, ''ਸਟੇਜ ਉੱਤੇ ਅਸੀਂ ਸੱਤ ਬੰਦੇ ਸਾਂ । ਮੇਰੇ ਤੋਂ ਇਲਾਵਾ ਇੱਕ ਹਿੰਦੀ ਵਾਲਾ, ਦੂਜਾ ਉਰਦੂ ਵਾਲਾ । ਇੱਕ ਆਲੋਚਕ ਸੀ, ਜੀਹਨੇ ਕਹਾਣੀਆਂ ਬਾਰੇ ਗੱਲ ਕਰਨੀ ਸੀ । ਇੱਕ ਪ੍ਰਧਾਨ । ਇੱਕ ਮੁੱਖ ਮਹਿਮਾਨ । ਸੱਤਵਾਂ ਕੌਂਸਲ ਦਾ ਚੇਅਰਮੈਨ । .. . ਸਰੋਤੇ ਵੀ ਏਨੇ ਕੁ ਈ ਸਨ । ਇੱਕ ਤਾਂ ਮੇਰੇ ਈ ਨਾਲ ਆਇਆ ਸੀ । ਇੱਕਇੱਕ ਉਰਦੂ ਹਿੰਦੀ ਵਾਲੇ ਨਾਲ ਵੀ ਆਇਆ ਹੋਏਗਾ । ਚਾਰ ਕੁ ਜਣੇ ਅਦਾਰੇ ਦੇ ਮੁਲਾਜ਼ਮ । ਸਟੇਜ ਸੈਕਟਰੀ ਨੂੰ ਉਪਰਲਿਆਂ 'ਚ ਗਿਣ ਲਓ, ਭਾਵੇਂ ਹੇਠਲਿਆਂ 'ਚ । .. ਉਂਜ ਮੁੱਖ ਮਹਿਮਾਨ ਨੂੰ ਚੇਅਰਮੈਨ ਬਾਹਠ ਕਿਤਾਬਾਂ ਦਾ ਲੇਖਕ ਹੋਣ ਬਾਰੇ ਬੜੇ ਮਾਣ ਨਾਲ ਦੱਸ ਰਿਹਾ ਸੀ । ...ਹਜ਼ਾਰ ਹਜ਼ਾਰ ਰੁਪਿਆ ਬਿਲਮੁਕਤਾ ਲੈ ਕੇ ਅਸੀਂ ਹੋਟਲ 'ਚ ਖਾਣਾ ਖਾਧਾ । ਖਾਣਾ ਚੰਗਾ ਸੀ, ਪਰ ਕਹਾਣੀ ਪੜ੍ਹਨ ਦਾ ਸਵਾਦ ਨਾ ਆਇਆ ।''

ਕੁਝ ਵਰ੍ਹੇ ਪਹਿਲਾਂ ਏਥੇ ਪੁਸਤਕ ਮੇਲਾ ਲੱਗਾ । ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਕਾਲਜਾਂ ਵਾਲਿਆਂ ਨੂੰ ਕਿਤਾਬਾਂ ਖਰੀਦਣ ਲਈ ਹਦਾਇਤ ਕੀਤੀ । ਕਵੀ ਦਰਬਾਰ ਰਖਵਾਇਆ । ਰੂਬਰੂ ਲਈ ਸਰਸਵਤੀ ਪੁਰਸਕਾਰ ਨਾਲ ਨਿਵਾਜੀ ਲੇਖਿਕਾ ਨੂੰ ਬੁਲਾਇਆ । ਸਹਾਇਕ ਡਾਇਰੈਕਟਰ ਕਵਿੱਤਰੀ ਨੇ ਪੂਰਾ ਟਿੱਲ ਲਾਇਆ, ਪਰ ਜਬਰੀ ਸੱਦੇ ਦਸਬਾਰਾਂ ਜਣਿਆਂ ਤੋਂ ਬਿਨਾਂ ਕੋਈ ਨਾ ਆਇਆ । ਪ੍ਰਬੰਧਕਾਂ ਦੀ ਨੀਤ ਚੰਗੀ ਸੀ । ਉਨ੍ਹਾਂ ਸੋਚਿਆ ਹੋਵੇਗਾ ਕਿ ਕਿਤਾਬਾਂ ਦੇ ਮਾਹੌਲ ਵਿੱਚ ਘਿਰੇ ਹੋਏ ਸਾਹਿੱਤ ਪ੍ਰੇਮੀ ਇਸ ਪ੍ਰੋਗਰਾਮ ਵਿੱਚ ਵੀ ਗੇੜਾ ਮਾਰਨਗੇ । ਏਡੀ ਵੱਡੀ ਲੇਖਿਕਾ ਦੇ ਦਰਸ਼ਨਾਂ ਲਈ ਪਧਾਰਨਗੇ । ... ਪਰ ਉਹ ਵਿਚਾਰੇ ਟੀ.ਏ., ਡੀ.ਏ. ਦੇ ਫਾਰਮ ਭਰਵਾਉਂਦੇ ਰਹੇ । ਸਿਰ ਗਿਣਦੇ ਰਹੇ ਤੇ ਕੁਝ ਲੋਕ ਨੇੜੇ ਹੀ ਇੱਕ ਸਟਾਲ ਮੂਹਰੇ ਖੜ੍ਹੇ ਓਸ਼ੋ ਰਜਨੀਸ਼ ਦੀ ਕੈਸੇਟ ਸੁਣਦੇ ਰਹੇ ।

ਵਿਭਾਗਾਂ, ਅਕਾਦਮੀਆਂ ਅਤੇ ਟਰੱਸਟਾਂ ਵਾਲਿਆਂ ਦੇ ਬਜਟ ਇਨ੍ਹਾਂ ਰਸਮਾਂ 'ਚ ਖੁਰ ਜਾਂਦੇ ਨੇ । ਕਹਿੰਦੇਕਹਾਉਂਦੇ ਲੇਖਕ, ਸਜਧਜ ਕੇ ਆਉਂਦੇ ਨੇ ਤੇ ਲਿਫ਼ਾਫ਼ੇ ਲੈ ਕੇ, ਖਾਣਾ ਖਾ ਕੇ ਤੁਰ ਜਾਂਦੇ ਨੇ । ਬਹੁਤੇ ਪੋ੍ਰਗਰਾਮ ਸਕੂਲ/ਕਾਲਜਾਂ ਵਿੱਚ ਪੜ੍ਹਾਈ ਵਾਲੇ ਦਿਨ ਕਰਵਾਏ ਜਾਂਦੇ ਨੇ । ਜ਼ੋਰ ਲਾ ਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਪੰਡਾਲ ਵਿੱਚ ਬਿਠਾਏ ਜਾਂਦੇ ਨੇ । ਪ੍ਰਬੰਧਕ ਮੁੱਖ ਮਹਿਮਾਨ ਦੇ ਅੱਗੇ ਪਿੱਛੇ ਫਿਰੀ ਜਾਂਦੇ ਨੇ । ਸਰੋਤੇ ਕਿਰਨਮਕਿਰਨੀ ਕਿਰੀ ਜਾਂਦੇ ਨੇ ।

ਸੋਚਣ ਦੀ ਗੱਲ ਹੈ ਕਿ ਲੇਖਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਆਉੇਣ ਦਾ ਇਵਜ਼ਾਨਾ ਮਿਲਦਾ ਹੈ । ਆਓਭਗਤ ਹੁੰਦੀ ਹੈ । ਮਾਇਆ ਦੇ ਗੱਫੇ ਮਿਲਦੇ ਨੇ । ਪੁੱਛਪ੍ਰਤੀਤ ਹੁੰਦੀ ਹੈ । ਕੈਮਰੇ ਮੂਹਰੇ ਇੱਜ਼ਤ ਹੁੰਦੀ ਹੈ । ਮਸ਼ਹੂਰੀ ਹੁੰਦੀ ਹੈ । ਮੀਡੀਆ ਵਾਲੇ ਖ਼ਬਰਾਂ ਲਾਉਂਦੇ ਨੇ । ... ਪਰ ਵਿਚਾਰੇ ਸਰੋਤਿਆਂ ਨੂੰ ਕੀ ਮਿਲਦਾ ਹੈ? ਉਹ ਕਿਉਂ ਆਉਣ, ਇਸ ਸਾਰੇ ਅਡੰਬਰ ਵਿੱਚ ਉਨ੍ਹਾਂ ਦੀ ਰੁਚੀ ਨੂੰ ਕਿੰਨਾ ਕੁ ਗੌਲਿਆ ਜਾਂਦਾ ਹੈ? ਉਨ੍ਹਾਂ ਦੀ ਕਿੰਨੀ ਕੁ ਪੁੱਛ ਪ੍ਰਤੀਤ ਹੁੰਦੀ ਹੈ? ਕੀ ਉਨ੍ਹਾਂ ਦੀ ਹੋਂਦ ਖਾਲੀ ਕੁਰਸੀਆਂ ਨੂੰ ਭਰਨ ਤੱਕ ਸੀਮਿਤ ਹੈ?

ਲੱਗਦਾ ਹੈ ਕਿ ਪਾਠਕ ਦੇ ਹੱਥੋਂ ਸਾਹਿੱਤ ਦਾ ਪੱਲਾ ਛੁੱਟ ਗਿਐ । ਪੜ੍ਹਨ ਵਾਲਿਆਂ ਦਾ ਲਿਖਣ ਵਾਲਿਆਂ ਨਾਲੋਂ ਰਿਸ਼ਤਾ ਟੁੱਟ ਗਿਐ । ਇੱਕ ਵਰਗ ਜੇ ਦੂਜੇ ਤੋਂ ਦੂਰ ਏ ਤਾਂ ਸਿਰਫ਼ ਕਲਮਾਂ ਵਾਲਿਆਂ ਦਾ ਕਸੂਰ ਏ । ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਏ । ਅਸੀਂ ਖੁਸ਼ਕ, ਰੁੱਖੇ, ਨੀਰਸ ਤੇ ਖਾਲੀਖਾਲੀ ਕਿਉਂ ਹਾਂ? ਸਾਡੇ 'ਚੋਂ ਕੀ ਮਨਫੀ ਹੈ? ਕੀ ਘਾਟ ਹੈ? ਅਸੀਂ ਜ਼ਿੰਦਗੀ 'ਚੋਂ ਕੀ ਭਾਲਦੇ ਹਾਂ? ਸਾਡੇ ਕੋਲ ਦੂਜਿਆਂ ਨੂੰ ਦੇਣ ਲਈ ਕੀ ਹੈ?

ਥੋੜ੍ਹੇ ਚਿਰ ਲਈ ਲੇਖਕਾ! ਛੱਡ ਦੇ ਲਿਖਣੇ ਲੇਖ ।
ਕੁਝ ਚਿਰ ਆਪੇ ਆਪਣਾ ਪਾਠਕ ਬਣ ਕੇ ਵੇਖ¨

ਤਹੱਈਆ ਕੀਤਾ ਸੀ ਕਿ ਲੇਖਕਾਂ ਬਾਰੇ ਨਹੀਂ ਲਿਖਣਾ । ਬੜਾ ਹੀ ਵੇਖ ਲਿਆ ਇਨ੍ਹਾਂ ਬਾਰੇ । ਇਹ ਤਾਂ ਰੱਜਦੇ ਈ ਨਹੀਂ । ਹਮੇਸ਼ਾ ਭੁੱਖੇ ਈ ਰਹਿੰਦੇ ਨੇ । ਭੁੱਖ ਵੀ ਇਨ੍ਹਾਂ ਨੂੰ ਸਿਰਫ਼ ਸਿਫ਼ਤ ਦੀ ਹੁੰਦੀ ਏ । ਸਿਫ਼ਤ ਵੀ ਖੁਸ਼ਾਮਦ ਵਰਗੀ । ਸਿਹਰੇ ਤੋਂ ਘੱਟ ਕੋਈ ਅੰਦਾਜ਼ ਇਨ੍ਹਾਂ ਨੂੰ ਰਾਸ ਈ ਨਹੀਂ ਆਉਂਦਾ । ਦਿਨਰਾਤ ਆਪਣੇ ਗੁਣ ਗਾਉਂਦੇ ਨੇ । ਹੋਰਨਾਂ ਤੋਂ ਵੀ ਏਹੋ ਚਾਹੁੰਦੇ ਨੇ । ਕਹਿ ਕਹਿ ਕੇ ਲਿਖਵਾਉਂਦੇ ਨੇ । ਤਰਲੇ ਪਾ ਪਾ ਛਪਵਾਉਂਦੇ ਨੇ । ... ਕਿਹੜੇ ਰਸਤੇ ਪੈ ਗਏ ਨੇ । ਆਪਣੇ ਤੱਕ ਸੁੰਗੜ ਕੇ ਰਹਿ ਗਏ ਨੇ ।

ਇਹ ਕੀ ਹੋ ਗਿਐ ਮੈਨੂੰ? ਲੇਖਕ ਤਾਂ ਮੇਰਾ ਭਾਈਚਾਰਾ ਏ । ਇਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਏ । ਬਹੁਤ ਕੁਝ ਲਿਆ ਏ । ਜੋ ਕੁਝ ਹਾਂ, ਇਨ੍ਹਾਂ ਕਰ ਕੇ ਹਾਂ । ਇਨ੍ਹਾਂ ਤੋਂ ਅਲੱਗ ਆਪਣੀ ਹੋਂਦ ਚਿਤਵ ਹੀ ਨਹੀਂ ਸਕਦਾ । ਫਿਰ ਇਹ ਸਨਕੀ ਜਿਹੀ ਸੋਚ ਕਿੱਥੋਂ ਆ ਗਈ? ਕਿਵੇਂ ਆ ਗਈ? ਨੁਕਸ ਕਿਧਰੇ ਅੰਦਰ ਹੈ, ਬਾਹਰ ਨਹੀਂ । ਅੱਖਾਂ ਬਾਹਰਲੇ ਪਾਸੇ ਲੱਗੀਆਂ ਨੇ, ਸਿਰਫ਼ ਬਾਹਰ ਵਿੰਹਦੀਆਂ ਨੇ । ਅੰਦਰ ਝਾਤ ਤਾਂ ਬਾਹਰਲੇ ਦਰ ਬੰਦ ਕਰ ਕੇ ਹੀ ਪਾਈ ਜਾ ਸਕਦੀ ਏ । ਦੂਜਿਆਂ ਤੋਂ ਸ਼ੁਰੂ ਕਰ ਕੇ ਗੱਲ ਆਪਣੇ 'ਤੇ ਮੁਕਾਈ ਜਾ ਸਕਦੀ ਏ । ਵਿਚਲੀ ਗੱਲ ਇਹ ਹੈ ਕਿ ਪੱਕੀ ਹੋਈ ਆਦਤ ਛੇਤੀ ਕੀਤੇ ਨਹੀਂ ਜਾਂਦੀ । ਇੱਕ ਆਦਤ ਛੱਡਣ ਲਈ ਦੂਜੀ ਆਦਤ ਪਾਉਣੀ ਪੈਂਦੀ ਏ । ਸਿਆਣੇ ਲੋਕ ਮਾਹੌਲ ਬਦਲਣ ਲਈ ਕਹਿੰਦੇ ਨੇ । ਜਗ੍ਹਾ ਬਦਲਣ ਦੀ ਸਲਾਹ ਦਿੰਦੇ ਨੇ । ... ਸਾਹਿੱਤ ਅਤੇ ਸਾਹਿੱਤਕਾਰਾਂ ਬਾਰੇ ਲੰਬਾ ਅਰਸਾ ਲਿਖਦਿਆਂ ਰਹਿਣ ਕਰ ਕੇ ਅਭਿਆਸ ਹੋ ਗਿਆ ਸੀ । ਗੋਈ ਤੇ ਕਮਾਈ ਹੋਈ ਮਿੱਟੀ ਤਿਆਰਬਰਤਿਆਰ ਮਿਲ ਜਾਂਦੀ ਹੈ । ਸਭ ਕੁਝ ਹੱਥ 'ਤੇ ਪਿਆ ਹੋਇਆ ਸੀ । ਬਿਨਾਂ ਉਚੇਚ ਸੂਰਤਾਂ ਮੂਰਤਾਂ ਘੜੀਆਂ ਜਾਂਦੀਆਂ । ਚਟਖਾਰੇ ਲੈ ਕੇ ਪੜ੍ਹੀਆਂ ਜਾਂਦੀਆਂ । ਇਹ ਅਮਲ ਵੀ ਕਮਾਲ ਸੀ । ਬਸ ਨਸ਼ੇ ਵਰਗਾ ਹਾਲ ਸੀ । ਨਸ਼ਾ ਛੱਡਣਾ ਸੌਖਾ ਨਹੀਂ ਹੁੰਦਾ । ਪਿੰਡ ਦਾ ਆਸਰਾ ਲਿਆ । ਪਿਛਵਾੜੇ ਝਾਤੀ ਮਾਰੀ । ਨਵਾਂ ਮਾਹੌਲ, ਨਵੇਂ ਕਿਰਦਾਰ । ਕਈ ਦਹਾਕਿਆਂ ਪਿੱਛੋਂ ਕੀਤੀ ਇਹ ਦੁਹਰਾਈ ਰਸ ਦੇਣ ਲੱਗੀ । ਆਨੰਦ ਆਉਣ ਲੱਗਾ ।

ਵਿੱਥ 'ਤੇ ਖਲ੍ਹੋ ਕੇ ਵੇਖੀਏ ਤਾਂ ਨਜ਼ਾਰਾ ਵਧੇਰੇ ਸਾਫ਼ ਦਿਖਾਈ ਦਿੰਦਾ ਏ । ਵਕਫ਼ਾ ਪਾ ਕੇ ਮਿਲੀਏ ਤਾਂ ਕਈ ਕੁਝ ਨਵਾਂ ਨਵਾਂ ਲੱਗਦਾ ਏ ਵੱਖਰਾ ਵੱਖਰਾ । ਚੰਗਾ ਚੰਗਾ । ਅੱਜ ਰਿਹਾ ਨਾ ਗਿਆ । ਪੁਰਾਣੇ ਹਲਕੇ ਵਿੱਚ ਗੇੜਾ ਮਾਰਨ ਨੂੰ ਚਿੱਤ ਕਰ ਆਇਆ । ਸ਼ਿਕਵੇ ਸ਼ਿਕਾਇਤਾਂ ਵੀ ਆਪਣਿਆਂ ਨਾਲ ਈ ਹੁੰਦੀਆਂ ਨੇ । ਪਰਾਇਆਂ ਨੂੰ ਕੌਣ ਪੁੱਛਦੈ? ਆਪਣਿਆਂ 'ਚੋਂ ਜਿਹੜੇ ਲੇਖਕ ਬਣ ਗਏ, ਬਣੇ ਰਹਿਣ । ਆਪਣੇ ਰੁਤਬੇ ਨੂੰ ਜੋ ਮਰਜ਼ੀ ਕਹਿਣ । ਸਾਨੂੰ ਤਾਂ ਉਹੀ ਚੰਗੇ ਲੱਗਦੇ ਨੇ ਜਿਹੜੇ ਸਾਡੇ ਹਾਣ ਦੇ ਸੀ । ਉਹ ਸਾਨੂੰ, ਅਸੀਂ ਉਨ੍ਹਾਂ ਨੂੰ ਜਾਣਦੇ ਸੀ । ਜੇ ਉਹ ਬੁੱਤ ਬਣਨਾ ਚਾਹੁਣ, ਉਨ੍ਹਾਂ ਦੀ ਮਰਜ਼ੀ!

ਮੈਂ ਕਿਸੇ ਫੈਸ਼ਨ, ਕਿਸੇ ਪੌਸ਼ਾਕ ਦਾ ਨਿੰਦਕ ਨਹੀਂ,
ਮੈਂ ਸਗੋਂ ਕਹਿਨਾਂ ਕਿ ਬਸਤਰ ਪਹਿਨ ਕੇ ਨੰਗੇ ਰਹੋ ।
ਇੰਜ ਨਾ ਹੋਵੇ, ਤੁਹਾਨੂੰ ਇਸ਼ਟ ਮੰਨ ਬੈਠੇ ਸਮਾਂ,
ਤੇ ਤੁਸੀਂ ਸਾਰੀ ਉਮਰ ਦੀਵਾਰ 'ਤੇ ਟੰਗੇ ਰਹੇ¨

•••

ਬੁੱਤਾਂ ਦੀ ਭੀੜ 'ਚੋਂ ਲੰਘ ਕੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿੱਚ ਆ ਗਿਆ ਹਾਂ । ਸੁਖ ਦਾ ਸਾਹ ਆਇਐ । ਨਵੇਂ ਚਿਹਰੇ ਖਿੜੇ੍ਹ ਪਏ ਨੇ । ਨਵੀਆਂ ਕਲਮਾਂ ਦੀ ਖੁਸ਼ਬੂ ਆ ਰਹੀ ਏ । ਪਰਿਵਰਤਨ ਦੀਆਂ ਪੌਣਾਂ ਝੁੱਲ ਗਈਆਂ । ਸਭ ਸ਼ਿਕਵੇ ਸ਼ਿਕਾਇਤਾਂ ਭੁੱਲ ਗਈਆਂ । ਨਵੇਂ ਲੋਕ ਲਿਖ ਰਹੇ ਨੇ । ਲਿਖਣ ਵਾਲੇ ਲੋਕ ਚੰਗੇ ਹੁੰਦੇ ਨੇ । ... ਚੰਗਾ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ । ਇਨ੍ਹਾਂ ਦੀ ਕੋਸ਼ਿਸ਼ ਰੰਗ ਲਿਆਏਗੀ । ਮਿਹਨਤ ਰਾਹ ਵਿਖਾਏਗੀ । ਇਨ੍ਹਾਂ ਵੱਲ ਵੇਖ ਵੇਖ ਕੇ ਸਾਨੂੰ ਵੀ ਲਿਖਣ ਦੀ ਜਾਚ ਆਏਗੀ ।

ਇੱਕ 'ਫੁਰਸਤੇ ਗੁਨਾਹ' ਹੋਰ

ਜ਼ਿੰਦਗੀ ਅਜੀਬ ਸ਼ੈਅ ਹੈ; ਉਮਰ ਦੀ ਚੱਟਾਨ 'ਚੋਂ ਜ਼ਿੰਦਗੀ ਦੇ ਨਕਸ਼ ਤਰਾਸ਼ਣਾ ਕੋਈ ਕਿਹੜੀ ਉਮਰੇ ਸ਼ੁਰੂ ਕਰਦਾ ਹੈ, ਕੋਈ ਨਹੀਂ ਜਾਣਦਾ । ਜਾਨਣ ਨਾਲ ਹੁੰਦਾ ਵੀ ਕੀ ਹੈ? ਜਾਣ- ਬੁੱਝ ਕੇ ਅਸੀਂ ਜੋ ਕੁਝ ਕਰਦੇ ਹਾਂ, ਉਹ ਸਾਡੀ ਚਤੁਰਾਈ ਹੋ ਸਕਦੀ ਹੈ, ਵਡਿਆਈ ਨਹੀਂ । ਜਾਣ-ਬੁੱਝ ਕੇ ਮੈਂ ਜੰਮਿਆ ਨਹੀਂ ਸਾਂ, ਜਾਣ-ਬੁੱਝ ਕੇ ਮਰਨ ਦੀ ਮੇਰੀ ਸਲਾਹ ਵੀ ਨਹੀਂ । ਜਦੋਂ ਕੁ ਮੈਂ ਹੋਸ਼ ਸੰਭਾਲੀ, ਤੁਹਾਡੇ ਵਾਂਗ ਹੀ, ਮੇਰਾ ਨਾਂ; ਮੇਰਾ ਧਰਮ; ਮੇਰੀ ਜ਼ਾਤ; ਮੇਰਾ ਦੇਸ਼; ਮੇਰੀ ਜ਼ਬਾਨ....... ਤੇ ਮੇਰਾ ਚੁਗਿਰਦਾ ਮੇਰੇ ਨਾਲ ਸੀ । ਉਮਰ ਦੇ ਹਿਸਾਬ ਨਾਲ ਸੈਂਤੀ ਕੁ ਸਾਲਾਂ ਦਾ ਹਾਂ, ਪਰ ਇਸ 'ਚੋਂ ਕਿੰਨੇ ਕੁ ਸਾਹਾਂ ਨੂੰ ਜ਼ਿੰਦਗੀ ਕਿਹਾ ਜਾ ਸਕਦਾ ਸੀ, —ਕੁਝ ਕਿਹਾ ਨਹੀਂ ਜਾ ਸਕਦਾ ।

ਹੁਣ ਤੱਕ ਦਾ ਲੇਖਾ-ਜੋਖਾ ਕਰਾਂ ਤਾਂ ਜ਼ਿੰਦਗੀ ਮੇਰੇ ਲਈ ਇੱਕ ਕਿਰਾਏ ਦਾ ਮਕਾਨ ਹੈ । ਤੇ ਕਿਰਾਏ ਦੇ ਮਕਾਨ ਨੂੰ ਕਿੰਨਾ ਕੁ ਆਪਣੀ ਮਰਜ਼ੀ ਮੁਤਾਬਕ ਢਾਲਿਆ ਜਾ ਸਕਦਾ ਹੈ; ਤੁਹਾਨੂੰ ਜਿਵੇਂ ਪਤਾ ਨਹੀਂ; ਆਦਮੀ ਆਜ਼ਾਦ ਕਦੋਂ ਹੁੰਦਾ ਹੈ? —ਬਚਪਨ ਬਾਦਸ਼ਾਹਤ ਹੁੰਦੀ ਹੈ (ਹੁੰਦੀ ਹੋਵੇਗੀ;) ਪਰ ਜਦੋਂ ਹੋਸ਼ ਆਉਂਦੀ ਹੈ, ਸੁਪਨਾ ਟੁੱਟ ਚੁੱਕਾ ਹੁੰਦਾ ਹੈ । ਜਵਾਨੀ ਰਿਣ-ਮੁਕਤੀ ਦੇ ਅਹਿਸਾਸ ਨਾਲ ਸ਼ੁਰੂ ਹੁੰਦੀ ਹੈ ਤੇ ਮੁਹੱਬਤ ਦਾ ਸਹਿਕੇਵਾਂ ਲੈਕੇ ਰੋਜ਼ਗਾਰ ਦੇ ਥਪੇੜਿਆਂ ਨਾਲ ਬੁੱਢੀ ਹੋ ਜਾਂਦੀ ਹੈ । ...ਤੇ ਬੁਢਾਪਾ? ਸ਼ਾਇਦ ਬੁਢਾਪੇ ਤੋਂ ਡਰਦਾ ਹੀ ਸ਼ਿਵ ਜਵਾਨੀ ਵਿੱਚ ਮਰ ਗਿਆ ਸੀ; —ਕਿਰਾਏ ਦੇ ਮਕਾਨ ਵਿੱਚ ਤਾਂ ਆਪਣੀ ਹੋਂਦ ਮਹਿਫ਼ੂਜ਼ ਰੱਖਣ ਲਈ ਕਿਰਾਏ ਦਾ ਜੁਗਾੜ ਕਰਨ ਵਿੱਚ ਮਸਰੂਫ਼ ਰਹੀਦਾ ਹੈ, ਤੇ ਬੱਸ!

ਜਾਂ ਫਿਰ ਜ਼ਿੰਦਗੀ ਇਮਤਿਹਾਨ ਲਈ ਮਿਲਿਆ ਤਿੰਨ ਘੰਟਿਆਂ ਦਾ ਸਮਾਂ ਹੈ । ਸਵਾਲ ਪੜ੍ਹਨੇ ਹਨ, ਸਮਝਣੇ ਹਨ, ਜਵਾਬ ਦੇਣੇ ਹਨ । ਏਨੇ ਕੁ ਸਮੇਂ ਵਿੱਚ ਪਰਚਾ ਵੀ ਪੂਰਾ ਕਰਨਾ ਹੈ ਤੇ ਪੰਜ ਨੰਬਰਾਂ ਦੇ ਲਾਲਚ ਵਿੱਚ ਸੁੰਦਰ ਲਿਖਾਈ ਦਾ ਵੀ ਖ਼ਿਆਲ ਰੱਖਣਾ ਹੈ । ਇਹ ਠੀਕ ਹੈ ਕਿ ਜਵਾਬ ਦੇਣ ਵਿੱਚ ਅਸੀਂ ਆਜ਼ਾਦ ਹਾਂ ਪਰ ਸਿਲੇਬਸ ਸਾਡੀ ਆਜ਼ਾਦੀ ਦੀ ਸੀਮਾ ਹੈ । ਜੇਕਰ ਤਿੰਨ ਘੰਟੇ ਬੀਤਣ ਪਿੱਛੋਂ ਸਾਡਾ ਕੀਤਾ ਹੋਇਆ ਪਰਚਾ ਲੈ ਕੇ, ਤਿੰਨ ਘੰਟੇ ਹੋਰ ਦੇਕੇ, ਕੋਰੇ ਕਾਗ਼ਜ਼ ਹੱਥਾਂ ਵਿੱਚ ਫੜਾ ਦਿੱਤੇ ਜਾਣ ਤਾਂ ਅਸੀਂ ਕੀ ਲਿਖਾਂਗੇ? ਅਜੇ ਤਾਂ ਪਹਿਲੀ ਥਕਾਵਟ ਜ਼ਿਹਨ ਵਿੱਚ ਹੋਵੇਗੀ ਤੇ ਨਾਲੇ ਸਿਲੇਬਸ?

ਤਜਰਬੇ ਦੇ ਤੌਰ ਤੇ ਮੈਂ ਆਪਣੇ ਬੱਚੇ ਦੇ ਹੱਥ ਵਿੱਚ ਨਵੀਂ ਡਾਇਰੀ ਤੇ ਘੜੀ ਹੋਈ ਪੈਨਸਿਲ ਫੜਾ ਦੇਂਦਾ ਹਾਂ, ਉਹ ਲਾਪਰਵਾਹੀ ਨਾਲ ਊਟਪਟਾਂਗ ਲਕੀਰਾਂ ਮਾਰਕੇ ਸਾਰੇ ਵਰਕੇ ਖਰਾਬ ਕਰ ਦੇਂਦਾ ਹੈ । ਮੈਂ ਹੋਰ ਨਵੀਂ ਡਾਇਰੀ ਦੇ ਦੇਂਦਾ ਹਾਂ, ਉਹ ਮੁੜ ਉਹੀ ਅਮਲ ਦੁਹਰਾਉਂਦਾ ਹੈ । ਤੇ ਮੈਂ ਸੋਚੀਂ ਪੈ ਗਿਆ ਹਾਂ । ਕੁਦਰਤ ਹਰ ਲਮਹਾ ਸਾਡੇ ਸਾਹਮਣੇ ਕੋਰੇ ਕਾਗ਼ਜ਼ ਵਾਂਗ ਪੇਸ਼ ਕਰਦੀ ਹੈ । ਅਸੀਂ ਉਹਦਾ ਕੀ ਕਰਦੇ ਹਾਂ!

ਜ਼ਿੰਦਗੀ ਇੱਕ ਅਲੋਕਾਰ ਡਾਇਰੀ ਹੈ, ਜਿਸਦੇ ਲਿਖੇ ਹੋਏ (ਜਾਂ ਖ਼ਰਾਬ ਕੀਤੇ ਹੋਏ) ਵਰਕੇ ਅਸੀਂ ਫੋਲ ਸਕਦੇ ਹਾਂ, ਉਹਨਾਂ ਦੀ ਟਿੱਪਣੀ ਵੀ ਕਰ ਸਕਦੇ ਹਾਂ, ਆਪਣੀ ਹੁਣ ਦੀ ਸੂਝ ਬੂਝ ਨਾਲ ਉਹਨਾਂ ਗ਼ਲਤੀਆਂ ਦੇ ਵੱਡੇ ਅਰਥ ਵੀ ਕੱਢ ਸਕਦੇ ਹਾਂ, ...ਪਰ ਬਾਕੀ ਰਹਿੰਦੇ ਕੋਰੇ ਵਰਕਿਆਂ ਦਾ ਹਿਸਾਬ ਨਹੀਂ ਲਾ ਸਕਦੇ ।

ਕਹਿੰਦੇ ਨੇ ਕਿਸੇ ਤਿਤਲੀ ਨੇ ਚੌਵੀ ਘੰਟਿਆਂ ਦੀ ਜ਼ਿੰਦਗੀ ਭੋਗਕੇ ਆਪਣੀ ਡਾਇਰੀ ਦੇ ਆਖ਼ਰੀ ਸਫੇ ਤੇ ਲਿਖਿਆ ਸੀ; 'ਜ਼ਿੰਦਗੀ ਇੱਕ ਲੰਬੀ ਤਫ਼ਰੀਹ ਹੈ ।' —ਦਰਅਸਲ ਉਹ ਐਤਵਾਰ ਨੂੰ ਜੰਮੀ ਸੀ ।

.... .... .... .... ....

ਸਾਡੇ ਕਿਸੇ ਬਜ਼ੁਰਗ ਨੇ ਮੁਕੰਮਲ ਇਨਸਾਨ ਬਾਰੇ ਸੋਚਿਆ ਸੀ ਤੇ ਉਹਦਾ ਨਾਂ 'ਰੱਬ' ਰੱਖ ਦਿੱਤਾ ਸੀ । ਕਿਸੇ ਹੋਰ ਨੇ ਸੁਖੀ ਜ਼ਿੰਦਗੀ ਬਾਰੇ ਉਡਾਰੀ ਮਾਰੀ ਸੀ ਤੇ ਉਹ 'ਸਵਰਗ' ਤਕ ਪਹੁੰਚ ਗਿਆ ਸੀ । ਦਰਅਸਲ ਜੇ ਬੰਦੇ ਦੇ ਵੱਸ ਹੋਏ ਤਾਂ ਉਹ ਰੱਬ ਬਣਨਾ ਤੇ ਸਵਰਗ ਬਣਾਉਣਾ ਚਾਹੁੰਦਾ ਹੈ । ਸਿਰਫ਼ ਆਪਣੀ ਹੀ ਨਹੀਂ, ਬੀਤੇ ਦੀ ਹਰ ਡਾਇਰੀ ਦਾ ਹਰ ਵਰਕਾ ਆਪਣੀ ਮਰਜ਼ੀ ਅਨੁਸਾਰ ਲਿਖਣਾ ਚਾਹੁੰਦਾ ਹੈ । ਪਰ ਇਸ ਚਾਹੁਣ ਨਾਲ ਕੀ ਹੁੰਦਾ ਹੈ; ਕੁਝ ਚਿੱਤਰ ਬਣਾਏ ਜਾ ਸਕਦੇ ਨੇ, ਕੁਝ ਧੁਨਾਂ ਕੱਢੀਆਂ ਜਾ ਸਕਦੀਆਂ ਨੇ, ਕੁਝ ਨਜ਼ਮਾਂ ਲਿਖੀਆਂ ਜਾ ਸਕਦੀਆਂ ਨੇ, ਕੁਝ ਮੁਹੱਬਤਾਂ ਕੀਤੀਆਂ ਜਾ ਸਕਦੀਆਂ ਨੇ... .... । ਤੇ ਇਹੋ ਜਿਹੇ ਚੰਗੇ ਲੋਕਾਂ ਨੇ ਇਹੋ ਜਿਹੇ ਕੁਝ ਕਾਰਨਾਮੇ ਕੀਤੇ ਵੀ । ਕੁਝ ਲੋਕਾਂ ਨੇ ਉਹਨਾਂ ਨੂੰ ਰੱਬ ਸਮਝਿਆ ਵੀ । ਕੁਝ ਥੋੜ੍ਹੇ ਲੋਕਾਂ ਨੇ ਉਹਨਾਂ ਦਾ ਉਲੀਕਿਆ ਸਵਰਗ ਵੇਖਿਆ ਵੀ । ਇਹ ਨਿੱਕੇ ਨਿੱਕੇ ਰੱਬ ਤੇ ਨਿੱਕੇ ਨਿੱਕੇ ਸਵਰਗ ਹੀ ਮਨੁੱਖ ਦਾ ਇਤਿਹਾਸ ਹਨ । ਇਸੇ ਇਤਿਹਾਸ ਦਾ ਕੋਈ ਛੋਟਾ ਮੋਟਾ ਕਾਂਡ ਮੈਂ ਆਪਣੀ ਜ਼ਿੰਦਗੀ ਦੀ ਡਾਇਰੀ ਉੱਤੇ ਲਿਖਿਆ ਵੇਖਣ ਦਾ ਚਾਹਵਾਨ ਹਾਂ । ਜ਼ਰਾ ਇੱਕ ਨਵੀਂ ਡਾਇਰੀ ਦੇਣਾ, ਸੈਂਤੀ ਕੋਰੇ ਵਰ੍ਹਿਆਂ (ਵਰਕਿਆਂ) ਵਾਲੀ ਨਵੀਂ ਡਾਇਰੀ । ਯਾਨੀ, ਇੱਕ ਫੁਰਸਤੇ ਗੁਨਾਹ ਹੋਰ ... ....

ਮਿਹਰਬਾਨੀ! ਇਹ ਸੁਨਹਿਰੀ ਜਿਲਦ ਤੇ ਮੋਟੇ ਵਰਕਿਆਂ ਵਾਲੀ ਡਾਇਰੀ ਦੇਣ ਲਈ ਮਿਹਰਬਾਨੀ; ਜੀਅ ਕਰਦਾ ਹੈ, ਇਸ ਨੂੰ ਕੋਰੀ ਹੀ ਰਹਿਣ ਦਿਆਂ ਤੇ ਕਿਸੇ ਸੁਹਣੇ ਦਿਲ ਤੇ ਸੁਹਣੇ ਹੱਥਾਂ ਵਾਲੇ ਸ਼ਖ਼ਸ ਨੂੰ ਦੇ ਦਿਆਂ । ਮੇੇਰੇ ਕੋਲੋਂ ਕਿਤੇ ਫੇਰ ਖ਼ਰਾਬ ਨਾ ਹੋ ਜਾਏ । ਪਹਿਲੀ ਡਾਇਰੀ ਦਾ, ਵੇਖੋ ਨਾ, ਕੀ ਹਾਲ ਬਣਾਇਆ ਹੋਇਆ ਏ; ਮੁੱਢਲੇ ਵੀਹ ਬਾਈ ਵਰਕੇ ਤਾਂ ਜਿਹੇ ਹੋਏ ਤਿਹੇ ਨਾ ਹੋਏ । ਮੇਰੀ ਹੱਥ-ਲਿਖਤ ਕਿਤੇ ਵੀ ਨਹੀਂ । ਕਿਤੇ ਬਾਪੂ ਦੇ ਪੂਰਨੇ ਹਨ, ਕਿਤੇ ਮਾਂ ਦੀਆਂ ਨਸੀਹਤਾਂ, ਕਿਤੇ ਵੱਡੇ ਭਰਾਵਾਂ ਦੀਆਂ ਮਨਾਹੀਆਂ ਅਤੇ ਬਹੁਤੇ ਥਾਈਾ ਬੇਲਾ ਸਿੰਘ, ਸਰਦਾਰੀ ਲਾਲ, ਬਲਬੀਰ ਸਿੰਘ ਜਾਂ ਕ੍ਰਿਸ਼ਣ ਗੋਪਾਲ ਦੀਆਂ ਸੋਫੀਆਂ ਵਰਗੀਆਂ ਕਮਲਾਂ ਨਾਲ ਵਾਹੇ ਹੋਏ ਮੇਰੇ ਭਵਿੱਖ ਦੇ ਨਕਸ਼ੇ । ਤੇ ਫ਼ੇਰ ਰੋਜ਼ਗਾਰ ਦਾ ਰੌਲਾ, ਆਪਣੀ ਚੋਣ ਦੀ ਫੁਰਸਤ ਕਿਸਨੂੰ ਸੀ? ਇਸ ਤੋਂ ਪਿੱਛੋਂ ਦੀ ਲਿਖਤ ਕੁਝ ਕੁਝ ਪਛਾਣ ਵਿੱਚ ਆ ਰਹੀ ਹੈ । ਅੱਖਰ ਉਠਾਲਣ ਦੀ ਕੋਸ਼ਿਸ਼ ਕਰ ਵੇਖਦਾ ਹਾਂ ।

ਹਾਂ, ਤੇ ਸੰਸਕਾਰਾਂ ਦੀ ਭਾਸ਼ਾ ਹਿੰਦੀ ਦਾ ਦਾਇਰਾ ਟੱਪਕੇ ਪੰਜਾਬੀ ਦੀ ਚੋਣ ਮੈਂ ਆਪ ਕੀਤੀ ਸੀ । ਪਹਿਲਾਂ ਗਿਆਨੀ ਫੇਰ, ਐਮ. ਏ. ਪੰਜਾਬੀ । ਇਸ ਮਰਜ਼ੀ ਦੇ ਕਦਮ ਨੇ ਮੈਨੂੰ ਮਰਜ਼ੀ ਦਾ ਕਿੱਤਾ ਵੀ ਦਿੱਤਾ ਹੈ, ਕਲੱਰਕੀ ਤੋਂ ਕਾਲਿਜ ਵਿੱਚ ਪੜ੍ਹਾਉਣ ਦਾ ਕੰਮ । ਦੂਜੀ ਵਾਰ ਸੰਸਕਾਰਾਂ ਦਾ ਦਾਇਰਾ ਮੈਂ ਵਿਆਹ ਵੇਲੇ ਟੱਪਿਆ ਸੀ । ਇਸ ਚੋਣ ਦਾ ਸਦਕਾ ਮੇਰੇ ਘਰ ਅੱਜ ਇੱਕ ਸੂਝਵਾਨ ਸਾਥਣ ਹੈ ਤੇ ਦੋ ਪਿਆਰੇ ਪਿਆਰੇ ਬੱਚੇ । ਤੀਜੀ ਚੋਣ ਮੇਰੀ ਪੰਜਾਬੀ ਵਿੱਚ ਲਿਖਣ ਬਾਰੇ ਸੀ । ਜਿਸ ਚੋਣ ਤੋਂ ਮੈਂ ਸਭ ਤੋਂ ਵੱਧ ਸੰਤੁਸ਼ਟ ਹਾਂ । ਇਹ ਅਸਲੀਅਤ ਹੈ ਕਿ ਬਚਪਨ ਦੇ ਵਰਕਿਆਂ ਵਾਂਗ ਅਦਬੀ ਅਮਲ ਵਿੱਚ ਵੀ ਮੈਂ ਹੁਣ ਤੱਕ ਬਹੁਤ ਸਾਰੇ ਵਰਕੇ ਖ਼ਰਾਬ ਕੀਤੇ ਹਨ ਪਰ ਇੰਜ ਤਾਂ ਹੁੰਦਾ ਹੁੰਦਾ ਹੈ । ਕਲਮ ਫੜਦਿਆਂ ਸਾਰ ਤਾਂ ਕੋਈ ਵੀ ਪੈਗ਼ੰਬਰ ਨਹੀਂ ਬਣ ਜਾਂਦਾ । ਪਹਿਲਾਂ ਕਵਿਤਾ ਲਿਖੀ, ਚਲੋ ਲਿਖੀ ਗਈ । ਇਹ ਦੌਰ ਆਪਣੇ ਵੱਸ ਨਹੀਂ ਹੁੰਦਾ । ਜੇ ਮੈਂ ਮੁੱਢੋਂ ਸੁੱਢੋਂ ਵੀ ਸ਼ੁਰੂ ਕਰਾਂ ਤਾਂ ਵੀ ਇਸ ਅਮਲ 'ਚੋਂ ਮੁੜ ਗੁਜ਼ਰਨਾ ਪਏਗਾ । ਇਹ ਤਾਂ ਹੋ ਨਹੀਂ ਸਕਦਾ ਕਿ ਜੇ ਮੈਂ ਮੁੜਕੇ ਜੰਮਾਂ ਤਾਂ ਸੈਂਤੀ ਵਰ੍ਹਿਆਂ ਦਾ ਹੋਵਾਂ; ਨਾਲੇ ਬਚਪਨ ਦੀ ਮਾਸੂਮੀਅਤ, ਜਵਾਨੀ ਦਾ ਸੰਘਰਸ਼ ਤੇ ਬੁਢਾਪੇ ਦਾ ਅਨੁਭਵ ਇੱਕ ਬਿੰਦੂ ਤੇ ਕਿਵੇਂ ਸੁੰਗੜ ਸਕਦੇ ਹਨ? ...ਨਾ ਨਾ, ਮੈਂ ਅੱਜ ਵਾਲੀ ਸੋਚ ਨਾਲ ਜ਼ਿੰਦਗੀ ਸ਼ੁਰੂ ਵੀ ਨਹੀਂ ਕਰਨਾ ਚਾਹੁੰਦਾ । ਇਹ ਨਜ਼ਰੀਆ ਤਾਂ ਮੇਰਾ ਸਥਿਤੀਆਂ ਨੇ ਬਣਾਇਆ ਹੈ, ਪਰਿਸਥਿਤੀਆਂ ਨੇ ਬਣਾਇਆ ਹੈ, ਕਿਤਾਬਾਂ ਨੇ ਬਣਾਇਆ ਹੈ । ਮੈਂ ਇਸ ਉਮਰ ਵਿੱਚ ਵੀ ਬਚਪਨ ਵਾਲੀ ਬੇਲਾਗ਼ ਤੇ ਮਾਸੂਮ ਨਜ਼ਰ ਚਾਹੁੰਦਾ ਹਾਂ । ਹਰ ਵਸਤ ਨੂੰ ਮੌਲਿਕ ਰੂਪ ਵਿੱਚ ਵੇਖ ਕੇ ਹੈਰਾਨ ਹੋਣਾ ਚਾਹੁੰਦਾ ਹਾਂ ਤੇ ਹੈਰਾਨੀ ਨੂੰ ਨਵੇਂ ਸ਼ਬਦਾਂ ਵਿੱਚ ਬਿਆਨਣਾ ਚਾਹੁੰਦਾ ਹਾਂ । ਮੇਰਾ ਬੱਚਾ ਜਦੋਂ ਫਰਿੱਜ ਨੂੰ ਬਰਫ਼ ਵਾਲੀ ਅਲਮਾਰੀ ਕਹਿੰਦਾ ਹੈ ਤਾਂ ਸ਼ਬਦ-ਕੋਸ਼ ਵਿਅਰਥ ਜਾਪਦੇ ਹਨ । ਕੀ ਬੰਦੇ ਬੰਦਿਆਂ ਦੀ ਬੋਲੀ ਨਹੀਂ ਬੋਲ ਸਕਦੇ; ਕਈ ਵਾਰ ਕਹਿਣ ਨੂੰ ਜੀਅ ਕਰਦਾ ਹੈ; 'ਮੇਰੇ ਬੱਚਿਉ; ਆਪਣੀ ਜ਼ਿੰਦਗੀ ਦੀ ਡਾਇਰੀ ਦੇ ਵਰਕਿਆਂ ਤੇ ਸੋਚ ਸਮਝ ਕੇ ਲਿਖੋ । ਇਹਨਾਂ ਦੀ ਅਹਿਮੀਅਤ ਸਮਝੋ । ਵੱਡੇ ਹੋ ਕੇ ਤੁਹਾਨੂੰ ਕਿਸੇ ਕੋਲੋਂ ਨਵੀਂ ਡਾਇਰੀ ਨਾ ਮੰਗਣੀ ਪਵੇ ।' ਪਰ ਫ਼ਿਰ ਖ਼ਿਆਲ ਆਉਂਦਾ ਹੈ, ਇੰਜ ਕਰਨ ਨਾਲ ਉਹਨਾਂ ਦੀਆਂ ਡਾਇਰੀਆਂ ਦਾ ਕੋਈ ਵਰਕਾ ਮੈਂ ਖ਼ਰਾਬ ਕਰ ਰਿਹਾ ਹੋਵਾਂਗਾ ।

ਗ਼ਲਤੀ ਕੀਤੀ ਨਹੀਂ ਜਾਂਦੀ, ਗ਼ਲਤੀ ਦੁਹਰਾਈ ਜਾਂਦੀ ਹੈ । ਮੇਰੇ ਕੋਲੋਂ ਗ਼ਲਤੀਆਂ ਹੋਈਆਂ ਨੇ, ਪਰ ਮੈਂ ਗ਼ਲਤੀਆਂ ਕੀਤੀਆਂ ਨਹੀਂ । ਉਂਜ ਤਾਂ ਅਭਿਆਸ ਨਾਲ ਹਰ ਅਨਾੜੀ ਹੁਨਰਮੰਦ ਬਣ ਜਾਂਦਾ ਹੈ, ਪਰ ਗ਼ਲਤੀ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ, ਜਿੱਥੋਂ ਬੰਦਾ ਖ਼ੁਦ ਨੂੰ ਹੁਨਰਮੰਦ ਸਮਝਣ ਲੱਗ ਪੈਂਦਾ ਹੈ । ਕੀ ਸੋਚ ਸਮਝ ਕੇ ਰੱਖਿਆ ਹੋਇਆ ਕਦਮ, ਸਮਾਂ ਪਾਕੇ ਗ਼ਲਤ ਨਹੀਂ ਲੱਗਣ ਲੱਗ ਪੈਂਦਾ? ...ਇਹੋ ਤਾਂ ਜ਼ਿੰਦਗੀ ਹੈ । ਮੈਨੂੰ ਨਵੀਂ ਡਾਇਰੀ ਦੀ ਲੋੜ ਨਹੀਂ । ਬਾ-ਅਦਬ ਵਾਪਿਸ ਕਰਦਾ ਹਾਂ ਕਿਉਂਕਿ ਮੇਰੀ ਆਪਣੀ ਪੁਰਾਣੀ ਡਾਇਰੀ ਦੇ ਕੁਝ ਵਰਕੇ ਅਜੇ ਬਾਕੀ ਲੱਗਦੇ ਹਨ । ਹਰ ਛਿਣ ਮੇਰੇ ਲਈ ਵਰਦਾਨ ਹੈ । ਕੋਸ਼ਿਸ਼ ਕਰਾਂਗਾ (ਕਰ ਵੀ ਰਿਹਾ ਹਾਂ) ਕਿ ਗ਼ਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਤੋਂ ਗੁਰੇਜ਼ ਕੀਤਾ ਜਾਵੇ । ਅੰਦਰਲੀ ਆਵਾਜ਼ ਨੂੰ ਨਾ ਦਬਾਇਆ ਜਾਵੇ । ਕਲਮ ਦੀ ਜ਼ਬਾਨ ਨੂੰ ਸੈਂਸਰ ਨਾ ਕੀਤਾ ਜਾਵੇ । ਮੈਂ ਖੁਸ਼ਕਿਸਮਤ ਹਾਂ ਕਿ ਏਨੇ ਭਰਪੂਰ ਅਦਬੀ ਮਾਹੌਲ ਵਿੱਚ ਵਿਚਰਿਆ ਹਾਂ । ਖ਼ੂਬਸੂਰਤ ਦੋਸਤੀਆਂ ਮਾਣੀਆਂ ਹਨ । ਕੀ ਪਤਾ, ਜੇ ਮੁੜਕੇ ਜ਼ਿੰਦਗੀ ਸ਼ੁਰੂ ਹੋਵੇ ਤਾਂ, ਉੱਥੇ ਸ਼ਿਵ ਨਾਲ ਮੁਲਾਕਾਤ ਨਾ ਹੋ ਸਕੇ, ਨਾਗਮਣੀ ਪੜ੍ਹਨ ਨੂੰ ਨਾ ਮਿਲ ਸਕੇ, ਸਾਹਿੱਤ ਅਕਾਦਮੀ ਦਾ ਮਜ਼ਾਕ ਨਾ ਉਡਾਇਆ ਜਾ ਸਕੇ ।

ਪ. ਸ. : ਹਾਸੇ ਨਾਲ ਹਾਸਾ ਰਿਹਾ, ਜੇ ਸੱਚੀਮੁੱਚੀ ਜ਼ਿੰਦਗੀ, ਤੇ ਇਹੋ ਜ਼ਿੰਦਗੀ, ਮੁੜ ਜਿਊਣ ਲਈ ਮਿਲ ਗਈ ਤਾਂ ਪੂਰੀ ਦੀ ਪੂਰੀ ਜ਼ਿੰਦਗੀ ਦੁਹਰਾਉਣੀ ਪਏਗੀ । ਇਸ ਤੋਂ ਬੇਹਤਰ ਹੈ ਕਿ ਸੈਂਤੀ ਕੁ ਵਰਕੇ ਮੈਨੂੰ ਹੁਣੇ ਦੇ ਦਿਉ, ਜਿੰਨ੍ਹਾਂ ਉੱਤੇ ਪਿਛਲੇ ਵਰਕਿਆਂ ਨੂੰ ਸੋਧ ਕੇ ਲਿਖ ਸਕਾਂ ਤੇ ਅਜਿਹੀ ਲਿਖਤ ਵਿੱਚ ਉਲਥਾ ਸਕਾਂ ਜਿਸਨੂੰ ਕਿਸੇ ਦੂਸਰੇ ਜਨਮ ਵਿੱਚ ਆਕੇ ਪੜ੍ਹਨ ਦਾ ਮੌਕਾ ਮਿਲੇ ਤਾਂ ਸ਼ਰਮਿੰਦਗੀ ਨਾ ਉਠਾਉਣੀ ਪਵੇ ।

ਸਭ ਤੋਂ ਵੱਡਾ ਇਨਾਮ

ਜੀਵਨ ਦੀ ਕਿਸੇ ਵੀ ਗਤੀਵਿਧੀ ਵਿੱਚ ਪਿਆ ਹੋਇਆ ਵਿਅਕਤੀ ਮਾਨਤਾ ਭਾਲਦਾ ਹੈ । ਮਾਨਤਾ ਦੀ ਲਿਲ੍ਹਕ ਵਿੱਚ ਉਹ ਨਿਸ਼ਾਨੇ ਵਾਲੇ ਤੀਰ ਦੇ ਨਾਲ ਨਾਲ ਕਈ ਤਰ੍ਹਾਂ ਦੇ ਤੁੱਕੇ ਵੀ ਚਲਾਉਂਦਾ ਹੈ । ਅਤੇ ਬਹੁਤੀ ਵਾਰ ਹੁੰਦਾ ਇਉਂ ਹੈ ਕਿ ਤੀਰ ਠੁੱਸ ਹੋ ਜਾਂਦਾ ਹੈ ਅਤੇ ਤੁੱਕਾ ਚੱਲ ਜਾਂਦਾ ਹੈ । ਫੇਰ ਵੀ ਕੀ ਫ਼ਰਕ ਪੈਂਦਾ ਹੈ, ਤੁੱਕੇ-ਬੰਦੀਆ ਹੋਣ ਨਾਲ ਮਾਨਤਾ ਮਿਲਦੀ ਹੋਵੇ ਤਾਂ ਤੀਰ-ਅੰਦਾਜ਼ ਬਣ ਕੇ ਕੀ ਲੈਣਾ?

ਸਾਡੇ ਦੇਸ਼ ਵਿੱਚ ਸਾਹਿੱਤ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਵਿਕਤੀਆਂ ਨੂੰ ਸਾਹਿੱਤ ਅਕਾਦਮੀ ਤੋਂ ਇਲਾਵਾ ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਵੀ ਇਨਾਮ ਦੇਂਦੀਆਂ ਹਨ । ਗਿਆਨਪੀਠ ਦਾ ਆਪਣਾ ਵੱਖਰਾ ਚਮਤਕਾਰ ਹੈ । ਹਰ ਸਾਲ ਕਈ ਕਲਮਾਂ ਸ਼ਿੰਗਾਰੀਆਂ ਜਾਂਦੀਆਂ ਹਨ । ਇਨ੍ਹਾਂ ਮਾਨਤਾ-ਦਾਤਾ ਸੰਸਥਾਵਾਂ ਦੇ ਦਰਾਂ ਮੂਹਰੇ ਸਮਕਾਲੀ ਕਲਮਾਂ ਵਾਲੇ ਇੰਜ ਕਤਾਰ ਵਿੱਚ ਖਲੋਤੀਆਂ ਰਹਿੰਦੀਆਂ ਹਨ ਜਿਵੇਂ ਤੰਗੀ ਦੇ ਦਿਨਾਂ ਵਿੱਚ ਡਿਪੂਆਂ ਦੇ ਬੰਦ ਦਰਵਾਜ਼ਿਆਂ ਸਾਹਮਣੇ ਘਰਾਂ ਦੀਆਂ ਸਵਾਣੀਆਂ । ਹਾਲਤ ਦੁਖਦਾਈ ਵੀ ਹੈ ਤੇ ਦਿਲਚਸਪ ਵੀ । ਮਾਨਤਾ ਦੀ ਇੰਤਜ਼ਾਰ ਵਿੱਚ ਬੁੱਢੀਆਂ ਹੋ ਰਹੀਆਂ ਕਲਮਾਂ ਭਲਾ ਹੋਰ ਕੁਝ ਸੋਚਣ ਦੀ ਵਿਹਲ ਕਿਵੇਂ ਕੱਢ ਸਕਦੀਆਂ ਹਨ! ਫਿਰ ਵੀ ਕੁਝ ਸ਼ਕਤੀਸ਼ਾਲੀ ਕਲਮਾਂ ਆਪਣੀ ਪਿਆਸ ਬੁਝਾਉਣ ਲਈ ਖੁਦ ਖੂਹ ਪੱਟ ਲੈਂਦੀਆਂ ਹਨ ਅਤੇ ਆਪਣੇ ਹੱਥੀ ਸਿਹਰਾ ਤਿਆਰ ਕਰਕੇ ਆਪਣੇ ਸਿਰਾਂ 'ਤੇ ਸਜਾ ਲੈਂਦੀਆਂ ਹਨ । ਪਰ ਇਹ ਵਿਚਾਰੇ ਖੂਹ ਅਤੇ ਸਿਹਰੇ ਕਬਰਾਂ ਦੇ ਫੁੱਲਾਂ ਵਾਂਗ ਖੁਸ਼ਬੂ ਦੇ ਹੁੰਦਿਆਂ ਸੁੰਦਿਆਂ ਮਾਤਮੀ ਹੁੰਦੇ ਹਨ ।

ਜਿਨ੍ਹਾਂ ਵੀ/ਕਲਮਾਂ ਦੇ ਮੂੰਹ ਇੱਕ ਵਾਰੀ ਇਨਾਮ ਲੱਗ ਗਿਆ ਉਹ ਫਿਰ ਟਿਕ ਕੇ ਨਹੀ ਬੈਠਦੀਆਂ । ਜਾਂ ਤਾਂ ਉਹ ਆਪਣਾ ਮੂੰਹ ਹੋਰ ਅੱਡ ਲੈਂਦੀਆਂ ਹਨ ਅਤੇ ਜਾਂ 'ਸਫ਼ੀਰ' ਦੇ ਕਹਿਣ ਵਾਂਗ: 'ਅਦਨ ਬਾਗ ਵਿੱਚ ਜੋ ਖਾਧਾ ਸੀ/ਚਸਕਾ ਉਸਦਾ ਮਾਰ ਰਿਹਾ ਹੈ/ਜੀਭ ਧੋਣ ਨੂੰ ਜੀ ਨਹੀਂ ਕਰਦਾ/ਹੋਰ ਖਾਣ ਨੂੰ ਜੀ ਨਹੀਂ ਕਰਦਾ'... ਕਹਿਣ ਲੱਗ ਪੈਂਦੀਆਂ ਹਨ । ਸਾਹਿੱਤ ਲਈ ਇਹ ਦੋਵੇਂ ਰੁਖ ਮਾਰੂ ਹਨ । ਇਹੋ ਜਿਹੀ ਮਾਨਤਾ ਦਾ ਕੀ ਲਾਭ?

ਕਲਮ ਦਾ ਮੁੱਲ ਪੈਸਿਆਂ ਜਾਂ ਪ੍ਰਮਾਣ ਪੱਤਰਾਂ ਨਾਲ ਨਹੀਂ ਪਾਇਆ ਜਾ ਸਕਦਾ । ਕਲਮ ਦਾ ਅਸਲ ਮੁੱਲ ਤਾਂ ਉਸਦੀ ਲਿਖਤ ਹੁੰਦੀ ਹੈ ਅਤੇ ਇਸ ਮੁੱਲ ਦਾ ਫੈਸਲਾ ਸਮੇਂ ਦੇ ਹੱਥ ਹੁੰਦਾ ਹੈ । ਕਲਮ ਕੋਈ ਮੰਡੀ ਦਾ ਮਾਲ ਨਹੀਂ ਕਿ ਉਸਦੀ ਬੋਲੀ ਦਿੱਤੀ ਜਾਵੇ । ਪ੍ਰੋ: ਪੂਰਨ ਸਿੰਘ ਜਦੋਂ ਕਹਿੰਦਾ ਹੈ ਕਿ : ਸੁਹਣਿਆ! ਮੁੱਲ ਪਾ ਤੂੰ ਆਪਣਾ-- ਤਾਂ ਉਹ ਵੀ ਇਹੋ ਕਹਿ ਰਿਹਾ ਹੁੰਦਾ ਹੈ ਕਿ ਕਿਸੇ ਹੋਰ ਨੂੰ ਤੇਰਾ ਮੁੱਲ ਪਾਉਣ ਦਾ ਕੋਈ ਹੱਕ ਨਹੀਂ । ਆਪਣੇ ਅੰਦਰਲੇ ਕਲਾਕਾਰ ਨੂੰ ਪਛਾਨਣ ਦੀ ਲੋੜ ਹੈ, ਮਾਨਤਾ ਪਿੱਛੇ ਭੱਜਕੇ ਗਿੱਟੇ ਤੁੜਕਾਉਣ ਦੀ ਕੋਈ ਜ਼ਰੂਰਤ ਨਹੀਂ । ਆਪੇ ਦੀ ਪਛਾਣ ਹੀ ਰੱਬ ਦੀ ਪਛਾਣ ਹੈ । ਸੱਚਾ ਕਲਮਕਾਰ ਦੁਨੀਆ ਦਾ ਰੱਬ ਨਹੀਂ ਹੁੰਦਾ ਪਰ ਉਹ ਆਪਣਾ ਰੱਬ ਜ਼ਰੂਰ ਹੁੰਦਾ ਹੈ ।

ਕਹਿਣ ਨੂੰ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਇਸ ਵੇਲੇ ਨੋਬਲ ਪੁਰਸਕਾਰ ਹੈ । ਪਰ ਕੀ ਇਹ ਸੱਚਮੁਚ ਸਭ ਤੋਂ ਵੱਡਾ ਇਨਾਮ ਹੈ?- ਨਹੀਂ, ਬਿਲਕੁਲ ਨਹੀਂ । ਉਹ ਚੀਜ਼ ਕਦੇ ਵੱਡੀ ਨਹੀਂ ਹੁੰਦੀ, ਜਿਹੜੀ ਦੂਜੀਆਂ ਨੂੰ ਛੋਟੇ ਹੋਣ ਦਾ ਅਹਿਸਾਸ ਕਰਵਾ ਦਏ । ਇਨਾਮ ਤਾਂ ਕੱਦ ਨਾਪਣ ਵਾਲੇ ਯੰਤਰ ਹੁੰਦੇ ਹਨ । ਜਦੋਂ ਵੀ ਕੋਈ ਕੱਦ ਕਿਸੇ ਨਾਪ ਵਿੱਚ ਫਿਟ ਹੋ ਜਾਂਦਾ ਹੈ, ਬੌਣਾ ਹੋ ਜਾਂਦਾ ਹੈ । ਸਭ ਤੋਂ ਵੱਡਾ ਇਨਾਮ ਹੈ, ਇਨਾਮ ਦੀ ਇੱਛਾ ਨਾ ਰੱਖਣਾ । ਜਿਹੜੀ ਚੀਜ਼ ਨੂੰ ਤੁਸੀਂ ਠੁਕਰਾ ਦੇਂਦੇ ਹੋ, ਦੂਜੇ ਸ਼ਬਦਾਂ ਵਿੱਚ ਉਸ ਤੋਂ ਉਪਰ ਉਠ ਜਾਂਦੇ ਹੋ । ਤੁਸੀ ਆਪਣਾ ਮੁੱਲ ਆਪ ਪਾਉਂਦੇ ਹੋ ।

ਇੰਟਰਵਿਊ/ ਰਾਮ ਸਰੂਪ ਅਣਖੀ

ਇੱਕ ਹੱਥ ਦੀਆਂ ਉਂਗਲਾਂ ਉੱਤੇ ਗਿਣੇ ਜਾਣ ਜੋਗੇ ਸਾਲ ਪਹਿਲਾਂ ਭੂਸ਼ਨ ਧਿਆਨਪੁਰੀ ਦਾ ਕਿਧਰੇ ਕੋਈ ਨਾਉਂ ਨਹੀਂ ਸੀ । ਹੌਲੀ-ਹੌਲੀ ਉਹ ਸਾਹਿੱਤਕ-ਲਤੀਫ਼ੇ ਘੜਨ ਵਿੱਚ ਕਾਮਯਾਬ ਹੋ ਗਿਆ । ਤੇ ਫੇਰ ਪੁਸਤਕਾਂ/ਰਚਨਾਵਾਂ ਉੱਤੇ ਭਰਪੂਰ ਟਿੱਪਣੀਆਂ ਲਿਖਣ ਲੱਗਿਆ । ਗੰਭੀਰ ਨੋਟਿਸ ਲੈਂਦਾ ਤੇ ਤਿੱਖਾ ਵਿਅੰਗ ਵੀ ਕਰਦਾ । ਉਹਦੇ ਵਿਅੰਗ ਤਿੱਖੀ ਛੁਰੀ ਵਰਗੇ ਹੁੰਦੇ । ਵਿੰਨ੍ਹ ਵੀ ਜਾਵੇ ਤੇ ਅਗਲੇ ਨੂੰ ਬਹੁਤੀ ਤਕਲੀਫ਼ ਵੀ ਨਾ ਹੋਵੇ, ਪਰ ਤੜਫਾ ਕੇ ਰੱਖ ਦਵੇ । ਉਹਦੀਆਂ ਟਿੱਪਣੀਆਂ ਤੋਂ ਵੱਡੇ- ਵੱਡੇ ਤੀਸਮਾਰ ਖਾਂ ਤ੍ਰਹਿਕਣ ਲੱਗੇ । ਭੂਸ਼ਨ ਨੇ ਬੜੀ ਤੇਜ਼ ਗਤੀ ਨਾਲ ਪੰਜਾਬੀ ਸਾਹਿੱਤ ਵਿੱਚ ਆਪਣੀ ਥਾਂ ਬਣਾਈ । ਲੋਕਾਂ ਦਾ ਮੂੰਹ ਤਾਂ ਉਦੋਂ ਅੱਡੇ ਦਾ ਅੱਡਿਆ ਰਹਿ ਗਿਆ, ਜਦੋਂ ਅੰਮ੍ਰਿਤਾ ਨੇ 'ਨਾਗਮਣੀ' ਦਾ ਸਾਰੇ ਦਾ ਸਾਰਾ ਅੰਕ ਹੀ ਭੂਸ਼ਨ ਦੀਆਂ ਰਚਨਾਵਾਂ ਦਾ ਛਾਪ ਦਿੱਤਾ ।

ਹੁਣ ਹਰ ਮਹੀਨੇ ਜਦੋਂ ਹੀ ਨਵੇਂ ਮਾਸਕ ਪੱਤਰ ਬਾਜ਼ਾਰ ਵਿੱਚ ਆਉਂਦੇ ਹਨ, ਹੋਰ ਕੁਝ ਕੋਈ ਪੜ੍ਹੇ ਨਾ ਪੜ੍ਹੇ, ਭੂਸ਼ਨ ਦੇ 'ਬੋਲ ਕਬੋਲ' 'ਡਾਕਖਾਨਾ ਖਾਸ' 'ਅਦਬੀਆਂ-ਬੇ-ਅਦਬੀਆਂ' ਨੂੰ ਇੱਕੋ ਸਾਹ ਪਹਿਲਾਂ ਪੜ੍ਹਦਾ ਹੈ । ਭੂਸ਼ਨ ਜੋ ਕੁਝ ਵੀ ਲਿਖਦਾ ਹੈ, ਉਸ 'ਚ ਗੰਭੀਰ ਚਿੰਤਨ, ਤਿੱਖੀ ਚੋਭ ਤੇ ਮਸਾਲੇਦਾਰ ਦਿਲਚਸਪੀ ਅਵੱਸ਼ ਹੁੰਦੀ ਹੈ । ਸਵਾਲ ਪੈਦਾ ਹੁੰਦਾ ਹੈ, ਭੂਸ਼ਨ ਇਨ੍ਹਾਂ ਕੁਝ ਇੱਕ ਵਰ੍ਹਿਆਂ ਵਿੱਚ ਹੀ ਪੰਜਾਬੀ ਸਾਹਿੱਤ-ਜਗਤ ਵਿੱਚ ਇੱਕ ਦਮ ਹੀ ਕਿਵੇਂ ਅੱਗੇ ਆ ਗਿਆ? ਇੱਕ ਤਾਂ ਹੈ ਉਹਦੇ ਵਿਚਲੀ ਵਿਲੱਖਣ ਪ੍ਰਤਿਭਾ ਤੇ ਦੂਜਾ ਵੱਡਾ ਕਾਰਨ ਹੋਵੇਗਾ, ਉਹਦਾ ਭੋਰੇ ਵਿੱਚ ਰਹਿ ਕੇ ਕਿਸੇ ਸਾਧ ਦੇ ਤਪ ਕਰਨ ਵਾਂਗ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਸਾਹਿੱਤ ਦਾ ਡੂੰਘਾ ਤੇ ਗਹਿਰ-ਗੰਭੀਰ ਅਧਿਐਨ । ਪੇਸ਼ ਹੈ, ਉਹਦੇ ਨਾਲ ਰਚਾਈ ਇੱਕ ਵਿਸ਼ੇਸ਼ ਸੰਵਾਦ-ਵਾਰਤਾ :

? ਆਪਣੀ ਚਿੱਠੀ 'ਚ ਮੈਂ ਤੇਰੀਆਂ ਲਿਖਤਾਂ ਨੂੰ 'ਵਿਅੰਗ-ਆਲੋਚਨਾ' ਆਖਿਆ ਸੀ, ਤੂੰ ਜਵਾਬ 'ਚ ਇਸ ਨੂੰ 'ਰਚਨਾਤਮਿਕ ਗੱਦ' ਕਹਿੰਦਾ ਹੈਂ । ਮੇਰਾ ਮਤਲਬ ਸੀ, ਰਚਨਾ ਦੀ ਆਲੋਚਨਾ ਕਰਦਾ-ਕਰਦਾ ਤੂੰ ਲੇਖਕ ਉੱਤੇ ਵੀ ਵਿਅੰਗ ਮਾਰ ਜਾਨੈਂ । ਨਹੀਂ?

- ਖਰੀ ਗੱਲ ਜੀਹਦੇ ਬਾਰੇ ਕਹੀ ਜਾਏ ਉਹ ਉਸਨੂੰ ਆਲੋਚਨਾ ਸਮਝਦਾ ਹੈ । ਬਾਕੀ ਬਿਰਾਦਰੀ ਵਾਲੇ ਵਿਅੰਗ ਸਮਝਦੇ ਹਨ । ਲਿਖਤ ਨੂੰ ਮੈਂ ਲੇਖਕ ਨਾਲੋਂ ਟੁੱਟੀ ਹੋਈ ਨਹੀਂ ਸਮਝਦਾ ਸਗੋਂ ਉਸ ਦੀ ਸ਼ਖ਼ਸੀਅਤ ਦਾ ਹਿੱਸਾ ਹੀ ਸਮਝਦਾ ਹਾਂ । ਬਦਕਿਸਮਤੀ ਨੂੰ ਪੰਜਾਬੀ ਲੇਖਕਾਂ ਦਾ ਘੇਰਾ ਏਨਾ ਛੋਟਾ ਹੈ ਕਿ ਅਸੀਂ ਬਹੁ-ਗਿਣਤੀ ਵਿੱਚ ਇੱਕ ਦੂਜੇ ਨੂੰ ਸ਼ਖ਼ਸੀ ਤੌਰ 'ਤੇ ਵੀ ਜਾਣਦੇ ਹਾਂ ਅਤੇ ਇੱਕ ਦੂਜੇ ਦੀਆਂ ਜ਼ਾਤੀ ਕਮਜ਼ੋਰੀਆਂ ਤੋਂ ਵੀ ਵਾਕਿਫ਼ ਹਾਂ । ਇੰਜ ਕਰਨੀ ਤੇ ਕਹਿਣੀ ਵਿਚਲਾ ਫਰਕ ਛੇਤੀ ਪਕੜ ਵਿੱਚ ਆ ਜਾਂਦਾ ਹੈ ਤੇ ਲਿਖਤ ਦੇ ਬਹਾਨੇ ਲੇਖਕ ਬਾਰੇ ਵੀ ਗੱਲ ਹੋ ਜਾਂਦੀ ਹੈ । ਮਾੜਾ ਕੁੱਤਾ ਖਸਮੇਂ ਗਾਲ਼ ਵਾਲਾ ਹਾਲ ਹੈ । ਆਖਣ ਨੂੰ ਇਹ ਪ੍ਰਵਿਰਤੀ ਦੋਸ਼-ਪੂਰਣ ਵੀ ਆਖੀ ਜਾ ਸਕਦੀ ਹੈ ਕਿਉਂਕਿ ਸਮਾਂ ਪਾ ਕੇ ਲਿਖਤ ਸੁਤੰਤਰ ਹੋ ਜਾਂਦੀ ਹੈ । ਪਰ ਇਹ ਕ੍ਰਿਸ਼ਮਾ ਇੱਕ ਅੱਧ ਲਿਖਤ ਨਾਲ ਨਹੀਂ ਵਾਪਰਦਾ, ਪਹਿਲਾਂ ਲਿਖਤਾਂ ਰਾਹੀਂ ਲੇਖਕ ਦੀ ਸ਼ਖ਼ਸੀਅਤ ਸਿਰਜੀ ਜਾਂਦੀ ਹੈ, ਫਿਰ 'ਟਾਈਮ ਟੈੱਸਟ' ਪਾਸ ਕਰਕੇ ਲਿਖਤਾਂ ਲੇਖਕ ਦੀ ਉਂਗਲੀ ਛੱਡ ਦੇਂਦੀਆਂ ਹਨ । ਫਿਰ ਵੀ ਸਮਕਾਲ ਬਾਰੇ ਟਿੱਪਣੀ ਕਰਨ ਲੱਗਿਆਂ ਇਸ 'ਦੋਸ਼' ਤੋਂ ਮੁਕਤ ਨਹੀਂ ਹੋਇਆ ਜਾ ਸਕਦਾ । ਅਜਿਹਾ ਕਰਦਾ ਨਾ ਮੈਂ ਆਲੋਚਨਾ ਕਰ ਰਿਹਾ ਹੁੰਦਾ ਹਾਂ, ਨਾ ਵਿਅੰਗ ਕੱਸ ਰਿਹਾ ਹੁੰਦਾ ਹਾਂ; ਸਗੋਂ ਗੱਦ ਰਾਹੀਂ ਰਚਨਾਤਮਿਕ ਟਿੱਪਣੀ ਕਰ ਰਿਹਾ ਹੁੰਦਾ ਹਾਂ । ਏਸੇ ਲਈ ਮੈਂ ਇਸ ਵਿਧਾ ਨੂੰ 'ਰਚਨਾਤਮਿਕ ਗੱਦ' ਨਾਂ ਦੇਂਦਾ ਹਾਂ ।

? ਤੂੰ ਲਿਖਦਾ ਹੈਂ, ਮੇਰੀ ਤਾਂ ਇੱਕੋ ਕੋਸ਼ਿਸ਼ ਹੈ ਕਿ ਪੰਜਾਬੀ ਵਿੱਚ ਚੰਗੀ ਵਾਰਤਕ (ਜੋ ਆਲੋਚਨਾ ਤੇ ਗਲਪ ਤੋਂ ਅਲੱਗ ਹੋਵੇ) ਲਿਖਣ/ਪੜ੍ਹਨ ਦਾ ਦੌਰ ਆਵੇ । ਇਸ ਆਲੋਚਨਾ ਤੇ ਗਲਪ ਦੇ ਵਿੱਚਕਾਰ ਦੀ ਜਾਂ ਅਲੱਗ ਵਾਰਤਕ ਦੇ ਲੱਛਣ ਕੀ ਹੋ ਸਕਣਗੇ?

- ਬੜੀ ਸਪੱਸ਼ਟ ਗੱਲ ਹੈ : ਨਾ ਉਸ ਵਿੱਚ ਆਲੋਚਨਾ ਵਰਗੀ ਅਕਾਉ ਸ਼ਬਦਾਵਲੀ ਅਤੇ ਨਾ ਸਿਧਾਂਤਕ ਮਗਜ਼ਪੱਚੀ ਹੋਵੇਗੀ ਜਿਸ ਨਾਲ ਸਾਡੇ ਪਾਠਕ ਦੀ 'ਸੰਰਚਨਾ' ਵੀ ਵਿਗੜ ਜਾਵੇ ਅਤੇ ਨਾ ਗਲਪ ਵਰਗਾ ਲਮਕਾਅ-ਰਸ ਹੀ ਹੋਵੇਗਾ ਜਿਸ ਰਾਹੀਂ ਲੇਖਕ 'ਨਾਂ-ਥਾਂ' ਕਲਪਿਤ ਹਨ' ਕਹਿ ਕੇ ਲਾਂਭੇ ਹੋ ਜਾਂਦਾ ਹੈ ਅਤੇ ਪਾਠਕ ਨੂੰ 'ਵਿਚਲੀ ਗੱਲ' ਪਤਾ ਕਰਨ ਲਈ ਸ਼ੁਰੂ ਤੋਂ ਅੰਤ ਤੱਕ ਪਾਠ ਕਰਨਾ ਪੈਂਦਾ ਹੈ । ਮੈਂ ਚਾਹੁੰਦਾ ਹਾਂ ਕਿ ਕੋਈ ਅਜਿਹਾ ਸਾਹਿੱਤ-ਰੂਪ ਵੀ ਸਾਡੇ ਕੋਲ ਹੋਵੇ ਜਿਸਨੂੰ ਜਿੱਥੋਂ ਮਰਜ਼ੀ ਅਤੇ ਜਿੰਨਾ ਮਰਜ਼ੀ ਪੜ੍ਹ ਕੇ ਵੀ ਰਸ ਲਿਆ ਜਾ ਸਕੇ । 'ਰਸ' ਦਾ ਅਰਥ ਏਥੇ ਲਿਖਤ ਦੇ ਸਸਤਾ ਜਾਂ ਉਕਸਾਊ ਹੋਣ ਤੋਂ ਬਿਲਕੁਲ ਨਹੀਂ, ਸਗੋਂ ਵਿਚਾਰਾਂ ਦੇ ਸਮਾਨੰਤਰ ਸ਼ਬਦਾਂ ਦੀ ਸੁੰਦਰ ਜੜਤ ਤੋਂ ਹੈ, ਮੁੱਕਦੀ ਗੱਲ ਇਹ ਕਿ ਆਪਣੇ ਲਿਖੇ ਹਰ ਸ਼ਬਦ ਲਈ ਲੇਖਕ ਜ਼ਿੰਮੇਵਾਰ ਹੋਵੇ (ਭਾਵ ਕਹਾਣੀਆਂ ਹੀ ਨਾ ਪਾਵੇ, ਗੱਲ ਵੀ ਕਰੇ) ਅਤੇ ਪਰਿਭਾਸ਼ਿਕ ਸ਼ਬਦਾਵਲੀ ਦੇ ਸੀਮਿਤ ਜਾਲ ਵਿੱਚ ਫਸ ਕੇ ਸੁਹਿਰਦ ਪਾਠਕ ਤੋਂ ਟੁੱਟ ਵੀ ਨਾ ਜਾਵੇ, ਏਥੇ ਨਾਲ ਹੀ, ਇੱਕ ਗੱਲ ਮੈਂ ਹੋਰ ਵੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਬਿਆਨ ਦੇਂਦਾ ਹੋਇਆ ਮੈਂ ਆਲੋਚਨਾ ਤੇ ਗਲਪ ਨੂੰ ਦੇਸ਼ ਨਿਕਾਲਾ ਦੇਣ ਦੀ ਗੱਲ ਨਹੀਂ ਕਰ ਰਿਹਾ (ਜਿਵੇਂ ਕਿ ਕਵਿਤਾ ਬਾਰੇ ਮੇਰੇ ਵਿਚਾਰਾਂ ਨੂੰ ਕੁਝ ਇਹੋ ਜਿਹੇ ਹੀ ਅਰਥ ਦਿੱਤੇ ਗਏ ਹਨ) । ਸਾਹਿੱਤ ਦੀ ਵਿਗਸਣ-ਸਮਰੱਥਾ 'ਤੇ ਪੂਰਾ ਭਰੋਸਾ ਰੱਖਦਾ ਹੋਇਆ ਕਿਸੇ ਨਵੀਂ ਵਿਧਾ ਦੀ ਤਲਾਸ਼ ਵਿੱਚ ਹਾਂ ।

? ਤੂੰ ਜੋ ਲਿਖਦਾ ਹੈਂ/ਲਿਖਦਾ ਰਿਹਾ ਹੈਂ, ਉਹ ਨਾ ਤਾਂ ਸਾਹਿੱਤ ਹੈ, ਨਾ ਆਲੋਚਨਾ ਹੈ ਤੇ ਨਾ ਹੀ ਖਰਾ ਵਿਅੰਗ, ਇੱਕ ਅਲੱਗ ਕਿਸਮ ਦੀ ਤਿੱਖੀ-ਤੇਜ਼ ਤਰਾਰ ਚੀਜ਼ ਦੀ ਸਿਰਜਣਾ ਤੂੰ ਕੀਤੀ ਹੈ । ਹਰ ਲੇਖਕ (ਛੋਟਾ/ਵੱਡਾ) ਤੈਨੂੰ ਪੜ੍ਹਦਾ ਹੋਵੇਗਾ । (ਮੈਂ ਤਾਂ ਤੇਰੀ ਹਰ ਚੀਜ਼ ਪੜ੍ਹਦਾ ਹਾਂ) ਹਰ ਲੇਖਕ ਡਰਦਾ ਵੀ ਹੋਵੇਗਾ, ਕਿਤੇ ਇਸ ਵਾਰ ਤੇਰਾ ਸ਼ਿਕਾਰ ਉਹ ਖ਼ੁਦ ਹੀ ਨਾ ਹੋਵੇ । ਤੇਰਾ ਪਾਠਕ (ਲੇਖਕ) ਸੁਆਦ ਤੇ ਆਤੰਕ ਨਾਲ-ਨਾਲ ਭੋਗਦਾ ਹੈ । ਤੇਰਾ ਪ੍ਰਯੋਜਨ?

- ਇਸ ਸਵਾਲ ਦੇ ਦੋ ਹਿੱਸੇ ਹਨ । ਪਹਿਲੇ ਹਿੱਸੇ ਦੇ ਜਵਾਬ ਵਿੱਚ ਮੈਂ ਦੱਸਣਾ ਚਾਹਵਾਂਗਾ ਕਿ ਮੈਂ ਜੋ ਲਿਖਦਾ ਹਾਂ : ਠੀਕ ਹੈ, ਆਲੋਚਨਾ ਨਹੀਂ; ਖਰਾ ਵਿਅੰਗ ਵੀ ਸ਼ਾਇਦ ਨਾ ਹੋਵੇ; ਪਰ 'ਸਾਹਿੱਤ' ਜ਼ਰੂਰ ਹੈ । ਚਲੋ ਇਸਨੂੰ ਤੁਸੀਂ 'ਸਾਹਿੱਤ ਬਾਰੇ ਸਾਹਿੱਤ' ਵੀ ਕਹਿ ਸਕਦੇ ਹੋ । ਜੇ ਟਰੈਕਟਰਾਂ, ਨਲਕਿਆਂ ਜਾਂ ਕਮਰਿਆਂ ਬਾਰੇ ਲਿਖੀਆ 'ਚੀਜ਼ਾਂ' ਸਾਹਿੱਤ ਦੇ ਘੇਰੇ ਵਿੱਚ ਆ ਜਾਂਦੀਆਂ ਹਨ ਤਾਂ ਸਾਹਿੱਤ ਅਤੇ ਸਾਹਿੱਤਕਾਰਾਂ ਬਾਰੇ ਲਿਖੀ 'ਤਿੱਖੀ-ਤੇਜ਼ ਤਰਾਰ ਚੀਜ਼' ਨੂੰ ਇਹ ਰਿਆਇਤ ਦੇ ਹੀ ਦੇਣੀ ਚਾਹੀਦੀ ਹੈ । ਮੇਰੀ ਧਾਰਣਾ ਹੈ ਕਿ ਜਦੋਂ ਕੋਈ ਸ਼ਖ਼ਸ ਕਿਸੇ ਪ੍ਰਤੱਖ/ਪਰੋਖ ਸੁਆਰਥ ਜਾਂ ਮੰਦ ਭਾਵਨਾ ਤੋਂ ਉੱਪਰ ਉੱਠ ਕੇ ਭਾਸ਼ਾ ਰਾਹੀਂ ਆਪਣੇ ਭਾਵਾਂ ਨੂੰ ਸਿਰਜਣਾਤਮਿਕ ਤਰਤੀਬ ਦੇਂਦਾ ਹੈ ਤਾਂ ਉਹ ਸਾਹਿੱਤ ਹੀ ਰਚ ਰਿਹਾ ਹੁੰਦਾ ਹੈ; ਰੂਪ ਭਾਵੇਂ ਕੋਈ ਵੀ ਹੋਵੇ ।

ਹੁਣ, ਸਵਾਲ ਦੇ ਦੂਜੇ ਹਿੱਸੇ ਦਾ ਜਵਾਬ, ਤੁਹਾਡੀ (ਮੁਆਫ਼ ਕਰਨਾ, ਅਜੇ ਮੈਂ 'ਤੇਰੀ' ਨਹੀਂ ਕਹਿ ਸਕਾਂਗਾ, ਇਹ ਲਿਖਤ ਹੈ) ਮਿਹਰਬਾਨੀ ਹੈ ਕਿ ਮੇਰੀ ਹਰ ਲਿਖਤ ਪੜ੍ਹਦੇ ਹੋ ਅਤੇ ਸਮਝਦੇ ਹੋ ਕਿ ਬਾਕੀ ਛੋਟੇ/ਵੱਡੇ ਲੇਖਕ ਵੀ ਪੜ੍ਹਦੇ ਹੋਣਗੇ । ਮੈਨੂੰ ਯਕੀਨ ਹੈ ਕਿ ਮੇਰੀ ਲਿਖਤ ਅਸ਼ਲੀਲ ਨਹੀਂ ਹੁੰਦੀ, ਨਾ ਜਾਸੂਸੀ ਹੁੰਦੀ ਹੈ, ਨਾ ਮੋਟਾ ਠੁੱਲਾ ਹਾਸਾ ਪੈਦਾ ਕਰਦੀ ਹੈ- ਜੇ ਫਿਰ ਵੀ ਪੜ੍ਹੀ ਜਾਂਦੀ ਹੈ ਤਾਂ ਇਸ ਦਿਲਚਸਪੀ ਦਾ ਕਾਰਨ ਕੋਈ ਹੋਰ ਹੈ । ਕਾਰਨ ਕੋਈ ਵੀ ਹੋਵੇ । ਤੁਹਾਡੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਪਾਠਕ (ਲੇਖਕ) ਇਸ ਨੂੰ 'ਸੁਆਦ ਅਤੇ ਆਤੰਕ' ਦੀ ਸਥਿਤੀ ਵਿੱਚ ਪੜ੍ਹਦਾ ਹੈ । ਬਿਲਕੁਲ ਇਹੋ ਜਿਹੇ ਵਿਚਾਰ ਹੀ ਮੇਰੀ ਕਿਤਾਬ 'ਸਿਰਜਣਧਾਰਾ' ਪੜ੍ਹ ਕੇ ਡਾ. ਹਰਿਭਜਨ ਸਿੰਘ ਹੁਰਾਂ ਪ੍ਰਗਟਾਏ ਸਨ । ਮੇਰਾ ਪ੍ਰਯੋਜਨ ਕੋਈ 'ਲਿਖਤ-ਬਾਹਰਾ' ਨਹੀਂ । ਮੇਰਾ ਨਿੱਕਾ ਜਿਹਾ ਜਤਨ ਹੈ ਜਿਸ ਦੁਆਰਾ ਮੈਂ ਪੰਜਾਬੀ ਸਾਹਿੱਤ ਦੇ ਪਾਠਕ ਨੂੰ ਵਾਰਤਕ ਵੱਲ ਰੁਚਿਤ ਕਰਨਾ ਚਾਹੁੰਦਾ ਹਾਂ ਅਤੇ ਨਾਲ ਦੀ ਨਾਲ ਹਾਲਾਤ-ਏ-ਹਾਜ਼ਰਾ 'ਤੇ ਤਬਸਰਾ ਵੀ ਕਰ ਜਾਂਦਾ ਹਾਂ । ਮੁੱਕਦੀ ਗੱਲ ਕਿ ਜੇਕਰ ਸਾਡੇ ਜਾਗਰੂਕ ਪਾਠਕ ਸਾਡੀ ਭਾਸ਼ਾ ਦੇ ਸਾਹਿੱਤ ਅਤੇ ਸਾਹਿੱਤਕਾਰਾਂ ਬਾਰੇ ਗੱਲਾਂ ਸੁਣਨਾ ਚਾਹੁੰਦੇ ਹਨ ਤਾਂ ਮੈਂ ਸੁਣਾਉਣਾ ਚਾਹੁੰਦਾ ਹਾਂ । ਨਾ ਕਾਹੂੰ ਸੇ ਦੋਸਤੀ, ਨਾ ਕਾਹੂੰ ਸੇ ਬੈਰ!

? 'ਆਰਸੀ' ਦੇ ਨਵੰਬਰ '82 ਅੰਕ ਵਿੱਚ ਤੇਰੀ ਪੁਸਤਕ 'ਸਿਰਜਣਧਾਰਾ' ਬਾਰੇ ਲਿਖਦਿਆ ਡਾ. ਹਰਿਭਜਨ ਸਿੰਘ ਨੇ ਤਿੰਨ ਨੁਕਤੇ ਉਠਾਏ ਨੇ :

(1) ਭੂਸ਼ਨ ਦੀ ਲਿਖਤ 'ਚ ਪ੍ਰਤੱਖ ਜਾਂ ਪਰੋਖ ਕਿਸੇ ਪੰਜਾਬੀ ਅਦੀਬ ਦੀ ਬੇਅਦਬੀ ਹੁੰਦੀ ਹੈ;
(2) ਭੂਸ਼ਨ ਦੀ 'ਸਿਰਜਣਧਾਰਾ' ਪੰਜਾਬੀ ਸਾਹਿੱਤ ਦੀ ਚੁਗਲੀ ਹੈ;
(3) ਉਹਦੀ ਲਿਖਤ ਦਾ ਪ੍ਰੇਰਣਾ-ਸੋਮਾ ਵਿਸ਼ਾਲ ਜੀਵਨ ਨਹੀਂ, ਸੀਮਤ ਸਾਹਿੱਤ ਹੈ ।' ਤੂੰ ਦੇਹ ਜਵਾਬ ।

-ਨੁਕਤੇ ਤਾਂ ਡਾਕਟਰ ਸਾਹਿਬ ਨੇ ਹੋਰ ਵੀ ਬਹੁਤ ਉਠਾਏ ਹਨ । ਉਹਨਾਂ ਦੀ ਰਾਏ ਦੀ ਮੈਨੂੰ ਬਹੁਤ ਕਦਰ ਹੈ । ਉਹ ਸਾਡੇ ਸਮੇਂ ਦੇ, ਸਾਹਿੱਤ ਬਾਰੇ, ਨੁਕਤੇ ਉਠਾਉਣ ਅਤੇ ਮਸ਼ਵਰਾ ਦੇਣ ਦੇ ਸਮਰੱਥ, ਵਿਦਵਾਨ ਲਿਖਾਰੀ ਹਨ । ਜ਼ਿਆਦਾਤਰ ਨੁਕਤਿਆਂ ਦੇ ਜਵਾਬ ਤਾਂ ਉਹ ਆਪ ਹੀ ਦੇ ਗਏ ਹਨ ਅਤੇ ਪੂਰੇ ਲੇਖ ਦੇ ਪ੍ਰਸੰਗ ਵਿੱਚ ਉਹ ਸਪੱਸ਼ਟ ਹੋ ਜਾਂਦੇ ਹਨ । ਫਿਰ ਵੀ ਤੁਹਾਡੇ ਕਹਿਣ 'ਤੇ ਮੈਂ ਇਹਨਾਂ ਬਾਰੇ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹਾਂ:

(1) ਇਹ ਫਿਕਰਾ ਸ਼ਾਇਦ ਉਹਨਾਂ ਨੇ ਮੇਰੇ 'ਲੋਅ' ਵਾਲੇ ਸਤੰਭ 'ਅਦਬੀਆਂ-ਬੇਅਦਬੀਆਂ' ਵੱਲ ਸੰਕੇਤ ਕਰਨ ਲਈ ਲਿਖਿਆ ਹੈ । ਪਰ ਕਿਸੇ ਅਦੀਬ ਦੀ ਬੇਅਦਬੀ ਮੇਰਾ ਮਨੋਰਥ ਕਦੇ ਵੀ ਨਹੀਂ ਰਿਹਾ । ਜੇਕਰ ਵੱਡੀ ਲਕੀਰ ਨੂੰ ਛੋਟੀ ਲਕੀਰ ਦੀ ਬੇਅਦਬੀ ਕਿਹਾ ਜਾ ਸਕਦਾ ਹੈ ਤਾਂ ਇਹ ਫ਼ਿਕਰਾ ਬਹੁਤ ਸਹੀ ਹੈ । ਅਦੀਬ ਤਾਂ ਮੇਰੀ ਲਿਖਤ ਦਾ ਆਧਾਰ ਹੁੰਦੇ ਹਨ । ਮੈਂ ਭਲਾ ਬੁਨਿਆਦ ਦਾ ਬੁਰਾ ਕਿਵੇਂ ਚਿਤਵ ਸਕਦਾ ਹਾਂ? ਹਾਂ ਮਾੜੇ 'ਚੋਂ ਚੰਗਾ ਅਤੇ ਚੰਗੇ 'ਚੋਂ ਚੰਗੇਰਾ ਭਾਲਣ ਵੱਲ ਮੈਂ ਰੁਚਿਤ ਜ਼ਰੂਰ ਹਾਂ । ਬੰਦੇ ਵਾਲੀਆਂ ਕਮਜ਼ੋਰੀਆਂ ਵੀ ਮੇਰੇ ਵਿੱਚ ਹਨ । ਬੱਚੇ ਮੈਨੂੰ ਚੰਗੇ ਲੱਗਦੇ ਹਨ ਪਰ ਬੱਚਿਆਂ ਨੂੰ ਜਵਾਨ ਹੋਇਆਂ ਵੀ ਵੇਖਣਾ ਚਾਹੁੰਦਾ ਹਾਂ । ਭਾਸ਼ਾ ਪ੍ਰਤੀ ਅਣਗਹਿਲੀ ਵਰਤ ਕੇ ਚੰਗਾ ਸਾਹਿੱਤ ਨਹੀਂ ਰਚਿਆ ਜਾ ਸਕਦਾ । ਮਿਕਦਾਰ ਨੂੰ ਮਿਆਰ ਦੀ ਨਿਸਬਤ ਦੇਖ ਕੇ ਹੀ ਹਜ਼ਮ ਕੀਤਾ ਜਾ ਸਕਦਾ ਹੈ । ਉਂਜ ਇਹ ਮੰਨਣ ਵਿੱਚ ਮੈਨੂੰ ਕੋਈ ਹਿਚਕਚਾਹਟ ਨਹੀਂ ਕਿ ਜਿਹੜੇ ਲੋਕ ਅਦਬ ਦੀ ਬੇਅਦਬੀ ਕਰਦੇ ਹੋਏ ਵੀ ਅਦੀਬ ਅਖਵਾਉਣਾ ਚਾਹੁੰਦੇ ਹਨ, ਉਹਨਾਂ 'ਅਦੀਬਾਂ' ਦੀ ਬੇਅਦਬੀ ਨੂੰ ਵੀ ਅਦਬ ਵਿੱਚ ਹੀ ਗਿਣਿਆ ਜਾਣਾ ਚਾਹੀਦਾ ਹੈ ।

(2) 'ਸਿਰਜਣਧਾਰਾ ਪੰਜਾਬੀ ਸਾਹਿੱਤ ਦੀ ਚੁਗਲੀ ਹੈ' ਦੇ ਨਾਲ ਹੀ ਡਾਕਟਰ ਸਾਹਿਬ ਨੇ 'ਚੁਗਲੀ' ਨੂੰ ਪਰਿਭਾਸ਼ਤ ਵੀ ਕੀਤਾ ਹੈ; ਚੁਗਲੀ ਦਾ ਸੁਭਾਅ ਸੰਖੇਪ ਹੁੰਦਾ ਹੈ, ਕਿੱਸੇ ਜਾਂ ਮਹਾਂਕਾਵਿ ਵਾਂਗ ਇਹ ਗਿੱਲਾ ਪੀਹਣ ਨਹੀਂ ਪਾਉਂਦੀ, ਇਹੋ ਸੁਭਾਅ ਸਿਰਜਣਧਾਰਾ ਦਾ ਹੈ;' ਜੇਕਰ 'ਏਥੇ 'ਚੁਗਲੀ' ਨੂੰ ਨਵੇਂ ਸਾਹਿੱਤਕ ਅਰਥ ਦਿੱਤੇ ਗਏ ਹਨ ਤਾਂ ਮੈਂ ਇਸਨੂੰ ਰਚਨਾਤਮਿਕ ਗੱਦ ਦੀ ਵੰਨਗੀ ਹੀ ਕਹਾਂਗਾ ।

(3) ਇਹ ਗੱਲ ਅੱਖਰ-ਅੱਖਰ ਸੱਚ ਹੈ ਕਿ ਮੇਰੇ ਸਾਹਿੱਤ ਦਾ ਪ੍ਰੇਰਣਾ-ਸੋਮਾ ਵਿਸ਼ਾਲ ਜੀਵਨ ਨਹੀਂ, ਸੀਮਿਤ ਸਾਹਿੱਤ ਹੈ । ਸ਼ਾਇਦ ਏਸੇ ਲਈ ਅਰਦਾਸ ਵੀ ਕੀਤੀ ਗਈ ਹੈ :'ਉਹ ਆਪਣੀ ਨਜ਼ਰ ਸਾਹਿੱਤਕਾਰਾਂ ਤੱਕ ਹੀ ਸੀਮਿਤ ਨਾ ਰੱਖੇ, ਜ਼ਿੰਦਗੀ ਦੇ ਵਿਸ਼ਾਲ ਖੇਤਰ ਵਿੱਚ ਫੈਲ ਜਾਏ ।' ਮੇਰੀ ਸੀਮਿਤ ਜਿਹੀ ਸੋਚ ਹੈ ਕਿ ਸਾਹਿੱਤ ਜੀਵਨ ਬਾਰੇ ਹੀ ਹੁੰਦਾ ਹੈ, ਅਰਥਾਤ ਸਾਹਿੱਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜੀਵਨ ਹੀ ਪਿਆ ਹੁੰਦਾ ਹੈ । ਇਸ ਲਈ ਜੀਵਨ ਅਤੇ ਸਾਹਿੱਤ ਦਾ ਅਟੁੱਟ ਰਿਸ਼ਤਾ ਹੈ । ਇਸੇ ਰਿਸ਼ਤੇ ਦਾ ਫਾਇਦਾ ਉਠਾ ਕੇ ਮੈਂ ਸਾਹਿੱਤ ਬਾਰੇ ਲਿਖਦਾ ਹਾਂ । ਸੀਮਿਤ ਸਾਹਿੱਤ ਨੇ ਆਪਣੇ ਵਿੱਚ ਅਸੀਮ ਨੂੰ ਸਮੋਇਆ ਹੋਇਆ ਹੁੰਦਾ ਹੈ । ਸਾਹਿੱਤਕਾਰ ਦਾ ਦਾਅਵਾ ਹੁੰਦਾ ਹੈ ਕਿ ਉਹ ਜੀਵਨ ਦੇ ਕਿਸੇ ਪੱਖ 'ਤੇ ਰੌਸ਼ਨੀ ਸੁੱਟਦਾ ਹੈ, ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਹਿੱਤ ਜਾਂ ਸਾਹਿੱਤਕਾਰ ਦੇ ਕਿਸੇ ਪੱਖ 'ਤੇ ਰੌਸ਼ਨੀ ਸੁੱਟਾਂ, ਮੇਰੇ ਖਿਆਲ ਵਿੱਚ ਇਹ ਵੀ ਇੱਕ ਕੰਮ ਹੈ । ਕੰਮ ਵੱਡਾ ਛੋਟਾ ਹੋ ਸਕਦਾ ਹੈ, ਪਰ ਕੰਮ ਕਰਨ 'ਚ ਨਮੋਸ਼ੀ ਕਾਹਦੀ? ਜਦੋਂ ਤੱਕ ਕੋਈ ਵੱਡਾ ਕੰਮ ਕਰਨ ਦੀ ਸਮਰੱਥਾ ਮੇਰੇ ਵਿੱਚ ਨਹੀਂ ਆਉਂਦੀ, ਓਦੋਂ ਤੱਕ ਇਸੇ ਸੀਮਾ ਵਿੱਚ ਰਹਿਣਾ ਮੇਰੀ ਮਜਬੂਰੀ ਹੈ । ਡਾਕਟਰ ਸਾਹਿਬ ਦੀ ਸਲਾਹ ਨੇਕ ਹੈ, ਪਰ ਤੁਸੀਂ ਜਾਣਦੇ ਹੋ ਕਿ ਆਪਣੀ ਆਪਣੀ ਸੀਮਾ ਹੁੰਦੀ ਹੈ । ਹੋ ਸਕਦਾ ਹੈ, ਸ਼ੁਭਚਿੰਤਕਾਂ ਦੀ ਅਰਦਾਸ ਦੇ ਅਸਰ ਨਾਲ ਮੈਨੂੰ ਨਵੇਂ ਦਿਸਹੱਦੇ ਵੀ ਨਜ਼ਰ ਆਉਣ ਲੱਗ ਪੈਣ ।

? ਨਵੰਬਰ '82 ਦੀ 'ਪ੍ਰੀਤਲੜੀ' ਵਿੱਚ ਤੇਰੀ ਲਿਖਤ 'ਡਾਕਖਾਨਾ ਖਾਸ' ਤੋਂ ਲੱਗਦਾ ਹੈ, ਜਿਵੇਂ ਤੂੰ ਸਾਹ ਲੈਣਾ ਚਾਹਿਆ ਹੋਵੇ । ਗ਼ਲਤ ਐ?

- ਨਹੀਂ, ਬਿਲਕੁਲ ਠੀਕ ਐ । ਮੈਂ ਹਰ ਲਿਖਤ ਤੋਂ ਬਾਅਦ ਥੱਕ ਜਾਂਦਾ ਹਾਂ ਤੇ ਸਾਹ ਲੈਣਾ ਚਾਹੁੰਦਾ ਹਾਂ । ਪਰ ਸਾਹ ਲੈਣਾ ਮਿਲਦਾ ਨਹੀਂ । ਜੇ ਸਾਹਾਂ ਦਾ ਭਰੋਸਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ । ਜਦੋਂ ਇਸ ਵੇਲੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਿਹਾ ਹਾਂ ਮੇਰੇ ਦਿਮਾਗ਼ ਵਿੱਚ ਬੇਚੈਨੀ ਚੱਕਰ ਕੱਟ ਰਹੀ ਹੈ । ਇਸੇ ਬੇਚੈਨੀ ਦਾ ਇੱਕ ਟੋਟਾ, ਕੁਝ ਦਿਨਾਂ ਤਾਈਾ 'ਬੋਲ ਕਬੋਲ' ਬਣ ਜਾਣਾ ਹੈ ਤੇ ਦੂਜਾ ਟੋਟਾ 'ਡਾਕਖਾਨਾ ਖ਼ਾਸ' । ਸਾਹ ਕਿੱਥੇ ਵੱਡੇ ਵੀਰ!

  • ਮੁੱਖ ਪੰਨਾ : ਭੂਸ਼ਨ ਧਿਆਨਪੁਰੀ - ਪੰਜਾਬੀ ਕਵਿਤਾਵਾਂ ਤੇ ਵਾਰਤਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ