Simrat Gagan
ਸਿਮਰਤ ਗਗਨ

ਸਿਮਰਤ ਗਗਨ ਸਹਿਜ ਸੁਭਾਅ ਕਵਿਤਾ ਦੀ ਸਿਰਜਕ ਹੈ ਨਿਰਉਚੇਚ, ਨਿਰ ਵਿਵਾਦ ਉਸ ਦੀ ਕਵਿਤਾ ਪੜ੍ਹਦਿਆਂ ਸੁਣਦਿਆਂ ਇੰਜ ਲੱਗਦੈ ਜਿਵੇਂ ਕੋਈ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਦੈ। ਗੁਰਭਜਨ ਗਿੱਲ ਦੇ ਇਸ ਕਥਨ ਨੂੰ ਸੱਚ ਕਰ ਵਿਖਾਉਂਦੀ ਕਵਿੱਤਰੀ ਸਿਮਰਤ ਗਗਨ ਦਾ ਜਨਮ ਪਹਿਲੀ ਅਕਤੂਬਰ 1972 ਨੂੰ ਦੀਨਾਨਗਰ(ਗੁਰਦਾਸਪੁਰ) ਵਿਖੇ ਮਾਤਾ ਮਨੋਹਰ ਕੌਰ ਤੇ ਪਿਤਾ ਸ: ਜਸਵੰਤ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪੜਾਈ ਦੂਨ ਸਕੂਲ ਡੇਹਰਾਦੂਨ(ਉੱਤਰਾਂਚਲ) ਤੇ ਬਾਦ ਦੀ ਸਾਰੀ ਸਿੱਖਿਆ ਐੱਮ ਏ ਬੀ ਐੱਡ ਤੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹੋਈ।

ਪੁੰਗਰਦੇ ਹਰਫ਼ ਸਾਂਝੇ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ ਪ੍ਰਥਮ ਕਵਿਤਾਵਾਂ 1996 'ਚ ਛਪੀਆਂ। ਮੌਲਿਕ ਪਹਿਲੀ ਕਿਤਾਬ ਪੰਜ ਇਸ਼ਕ 1998,ਤਸਬੀ 2006 ਤੇ ਕੁੰਜ 2019 'ਚ ਛਪੀਆਂ। ਕਾਲੀ ਕਥਾ ਨਾਵਲ 2019 ਚ ਪ੍ਰਕਾਸ਼ਤ ਹੋਇਆ। ਪਤੀ ਸਰਬਜੀਤ ਸਿੰਘ ਅੰਮ੍ਰਿਤਸਰ ਦੇ ਪ੍ਰਸਿੱਧ ਰੰਗ ਕਰਮੀ ਹਨ। ਉਨ੍ਹਾਂ ਦੇ ਦੋ ਬੱਚੇ ਬੇਟੀ ਮਓਲੀ ਤੇ ਬੇਟਾ ਅੰਬਰ ਪੜ੍ਹ ਲਿਖ ਰਹੇ ਹਨ। ਸਿਮਰਤ ਗਗਨ ਦੇ ਸ਼ੌਕ ਵਿੱਚ ਸੰਗੀਤ,ਪੜਣਾ ਲਿਖਣਾ,ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਗ੍ਰਹਿਣ ਕਰਨਾ ਤੇ ਕੁਦਰਤ ਨਾਲ ਵਿਚਰਨਾ ਸ਼ਾਮਲ ਹੈ। ਸਿਮਰਤ ਗਗਨ ਪੁਲੀਸ ਡੀ ਏ ਵੀ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ ਮੈਥੇਮੈਟਿਕਸ ਦੀ ਅਧਿਆਪਕਾ ਵਜੋਂ ਕਾਰਜਸ਼ੀਲ ਹੈ। ਸਿਮਰਤ ਗਗਨ ਨੂੰ 2009 ਵਿੱਚ ਕਾਵਿ ਪੁਸਤਕ ਤਸਬੀ ਲਈ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੁਰਸਕਾਰਿਤ ਕੀਤਾ ਜਾ ਚੁਕਾ ਹੈ।