Punjabi Poetry : Simrat Gagan

ਪੰਜਾਬੀ ਕਵਿਤਾਵਾਂ : ਸਿਮਰਤ ਗਗਨ1. ਸਰਦਾਰ

ਮੈ ਕਦੀ ਅਪਣੇ ਪਿਓ ਦੀ ਪੱਗ ਦੇ ਬੋਝ ਹੇਠਾਂ ਨਹੀਂ ਰਹੀ। ਅਸਲ ਚ, ਉਸਨੇ ਰਹਿਣ ਹੀ ਨਹੀਂ ਦਿੱਤਾ। ਉਸ ਉੱਡਣ ਦਾ ਵਲ਼ ਦਸਿਆ ਤੇ ਚਿੜੀ ਨੇ ਅਪਣਾ ਆਸਮਾਨ ਲੱਭ ਲਿਆ ਉਸ ਕਿਹਾ ਕੁਝ ਵੀ ਕਰਨ ਲਈ ਤੈਨੂੰ ਮੁੰਡਾ ਹੋਣ ਦੀ ਲੋੜ ਨਹੀਂ ਤੂੰ ਜੋ ਹੈ ਓਹ ਹੀ ਰਹੀਂ ਤੇਰੇ ਅਪਣੇ ਕਨੂੰਨ ਤੇ ਅਸੂਲ ਹੋਣਗੇ ਤੇਰੇ ਸਾਰੇ ਫ਼ੈਸਲੇ ਮੈਨੂੰ ਕਬੂਲ ਹੋਣਗੇ। ਪਰ, ਉਸ ਅੱਖ ਚ ਅੱਖ ਪਾ ਕੇ ਕਿਹਾ ਸੀ ਤੇਰਾ ਹੱਕ ਹੈ ਤੇਰੀ ਅਜ਼ਾਦੀ ਬਸ ਜ਼ੁੰਮੇਵਾਰੀ ਨਾਲ ਸਾਂਭੀਂ। ਬੜੀ ਬੇਬਾਕੀ ਨਾਲ ਉਸ ਮੇਰਾ ਕਿਰਦਾਰ ਸਜਾਇਆ ਤੇ ਧੀ ਨੁੰ ਸਰਦਾਰ ਬਣਾਇਆ ...

2. ਮੇਰਾ ਬਾਬਾ

ਨਾਨਕ ਹੋਣ ਦਾ ਭਾਵ ਕੁਦਰਤ ਦੀ ਕਿਤਾਬ ਖੋਲਣਾ ਬ੍ਰਹਿਮੰਡ ਨੂੰ ਇਕੋ ਸਾਹੇ ਪੀਣਾ ਲਹਿਰਾਂ ਨੂੰ ਆਪੋ ਵਿਚ ਸੀਣਾ ਤੇ ਸ਼ਬਦ ਨੂੰ ਜੀਣਾ--- ਕੋਈ ਆਖੇ ਭੂਤਨਾ, ਕੋਈ ਵੇਤਾਲਾ ਪਰ ਨਾਮ ਖੁਮਾਰੀ ਚ ਨਾਨਕ ਬਾਉਰਾਨਾ ਕੋਈ ਨਹੀਂ ਸੀ ਜਾਣਦਾ ਗੁਝੀਆਂ ਰਮਜ਼ਾਂ ਬਲਿਹਾਰੀ ਕੁਦਰਤ ਵਸਿਆ ਉਸ ਨੇ ਰੱਬ ਨੂੰ ਛੂਹਣਾ ਤੇ ਵੇਖਣਾ ਦਸਿਆ ਨਾਨਕ ਨੂੰ ਜਾਨਣ ਲਈ, ਸਿਖ ਹੋਣਾ ਜਰੂਰੀ ਨਹੀ ਜੋ ਉਸ ਨੂੰ ਜਾਨਣ ਲਗਦੈ, ਓ ਸਿਖ ਹੋ ਜਾਂਦੈ ਮੈਂ ੫੫੦ ਸਾਲ ਪਹਿਲਾਂ ਦੇ ੨੦ ਰੁਪਏ ਦੀ ਕੀਮਤ ਅਜ ਦੇ ਯੁਗ ਚ ਮਿਥੀ, ਦੰਦਾਂ ਨੇ ਜ਼ਬਾਨ ਚਿਥੀ ਹਾਂ...ਓਹੀ ਲੰਗਰ ਅਜ ਤੀਕ ਚਲਦੈ ਓਦੀ ਪੈਲੀ ਦੇ ਕਾਗਜ਼, ਅਜ ਵੀ ਓਦੇ ਨਾਂ ਤੇ ਬੋਲਦੇ ਨੇ ਨਾ ਸ੍ਰੀ ਚੰਦ ਨਾ ਲਖਮੀ ਦਾਸ ਕੋਈ ਨਹੀ ਦਾਵੇਦਾਰ – ਬੇਬੇ ਨਾਨਕੀ ਤੋਂ ਰਬਾਬ ਲੈ, ਬਾਲੇ ਮਰਦਾਨੇ ਸੰਗ ਬਾਬਾ ਰਾਹੇ ਪੈ ਜਾਂਦਾ ਤੈਨੂੰ ਮੈਨੂੰ ਵਸਾ ਕੇ, ਆਪ ਉਜੜ ਜਾਂਦਾ ਬਾਗ਼ੀ ਬਾਬਾ, ਸਫ਼ਰ ਵਿਚ ਰਹਿੰਦਾ, ਕਲਮ ਨੂੰ ਤਲਵਾਰ ਵਾਂਗ ਵਰਤਦਾ , ਹੁਕਮਰਾਨ ਦੀ ਅਖ ਵਿਚ ਰੜਕਦਾ, ਬਾਬਵਾਣੀ ਲਿਖਦਾ, ਤੇਰਾ ਤੇਰਾ ਕਰਦਿਆਂ, ਓਦੇ ਸਾਰੇ ਹਿਸਾਬ ਪੂਰੇ ਕਰ ਦਿੰਦਾ , ਇਹ ਗਲ ਤੇ ਮੇਰੇ ਪੁਰਖੇ ਮੇਰੇ ਬਾਬੇ ਦੀ ਹੈ ਓ ਸਾਡੇ ਸਭ ਦੇ ਘਰ ਦਾ ਵੱਡਾ ਜੀਅ ਹੈ ਰੁਸਦੇ ਹਾਂ ਤੇ ਤੂੰ ਕਹਿੰਦੇ ਹਾਂ ਮੋਹ ਕਰਦੇ ਹਾਂ ਤੇ ਬਾਬਾ ਜੀ ਵੈਰਾਗ ਚ ਹੁੰਦੇ ਹਾਂ ਤੇ ਸਾਹਿਬ ਓ ਪਾਤਸ਼ਾਹ ਨਾਲ ਨਾਲ ਵਿਚਰਦਾ ਹਥ ਕਾਰ ਵਲ ਤੇ ਮਨ ਕਰਤਾਰ ਵਲ ਕਰਦਾ ਓਨੇ ਸਾਡੇ ਹਥ ਕਲਮ ਫੜਾਈ, ਤੇ ਵਕਤ ਆਉਣ ਤੇ ਸੰਤ ਸਿਪਾਹੀ ਬਣ ਕੇ ਏਹੀ ਕਲਮ ਚਲਾਈ, ਮੈਂ ਓਦੇ ਜ਼ਾਵੀਏ ਤੋ ਸੰਸਾਰ ਵੇਖਦੀ ਹਾਂ ਓ ਮੈਨੂੰ ਰਾਜਾਨ ਜੰਮਣ ਦਾ ਅਹਿਸਾਸ ਕਰਵਾਉਂਦੈ ਤੇ ਆਪ--ਮੈਂ ਬਨਜਾਰਨ ਰਾਮ ਕੀ ਹੋ ਜਾਂਦੈ ਬਾਬਾ ਕਾਬਾ ਘੁਮਾ ਕੇ, ਬਾਲਾਂ ਦਾ ਕਰੂਲੀਆਂ ਵਾਲਾ ਪਾਣੀ ਪੀ ਜਾਂਦਾ ਧਰਤ ਸੁਹਾਵੀ ਤੇ ਨਾਮ ਵਖਰ ਵਪਾਰ ਕਰਦਾ ਓਦਾ ਪੀਰ, ਓਦਾ ਗੁਰੁ, ਓਦਾ ਰੱਬ, ਮੇਰਾ ਬਾਬਾ ਸੋਲਾਂ ਕਲਾਂ ਸੰਪੂਰਨ, ਸਭ ਦਾ ਸਭ ਕੁਝ ਹੋ ਜਾਂਦਾ ਸਿਧ ਗੋਸ਼ਟੀਆਂ ਕਰਦਾ ਲਿਖਣ ਪੜਨ ਬੋਲਣ ਲਈ ਭਾਸ਼ਾ ਦਿੰਦਾ ਕਲਯੁਗ ਚ ਕੀਰਤਨ ਪ੍ਰਧਾਨ ਕਰਦਾ ਰੂਹ ਨਾਲ ਰਾਗ ਛੇੜਦਾ, ਐਸਾ ਗਾਉਂਦਾ ਕਿ ਗਾਉਣਾ ਹੀ ਯੋਗ ਹੋ ਜਾਂਦਾ, ਗਾਉਣਾ ਹੀ ਧਿਆਨ ਹੋ ਜਾਂਦਾ ਬੜੀ ਸਾਦਗੀ ਨਾਲ ਓਹ ਤੇ ਗਗਨ ਦੇ ਥਾਲ ਵਿਚ, ਰਵੀ ਚੰਦ ਦੀਪਕ ਬਣਾ ਕੇ ਸਾਰੇ ਦੇ ਸਾਰੇ ਤਾਰੇ ਚਿਣ ਲੈਂਦਾ ਓਦੀ ਆਰਤੀ ਸੁਣਨ, ਕਰਤਾ ਆਪ ਆਂਉਦਾ ਤੇ ਮਸਤਾਨਾ ਨਾਨਕ, ਕੁਦਰਤ ਨਾਲ ਮਿਲ ਕੇ ਆਪ ਕਾਦਰ ਹੋ ਜਾਂਦਾ--- ਪਰ ਅੱਜ ਮੈ ਬੇਮੁਖ ਹਾਂ ਸਜਾ ਸਜਾ ਕੇ ਲਿਖਦਾ ਹਾਂ ਮੂੰਹੋਂ ਸਵਾਰ ਸਵਾਰ ਕੇ ਬੋਲਦਾ ਹਾਂ ਪਵਣ ਗੁਰੂ ਪਾਣੀ ਪਿਤਾ ਫਿਰ-ਘੜੀਏ ਸ਼ਬਦ ਸਚੀ ਟਕਸਾਲ ਫਿਰ-ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪਰ ਮੈਂ ਕੰਡਾ, ਮੈ ਮਲਕ ਭਾਗੋ, ਮੈ ਸੱਜਣ ਠਗ ਮੈਂ ਵਲੀ ਕੰਧਾਰੀ, ਮੈਂ ਵਾੜਾਂ ਦਾ ਚੋਰ ਮੈਂ ਕੁੜੀ ਮਾਰ, ਕੁੜੀ ਖੋਰ ਹਟਦਾ ਨਹੀਂ, ਟਲਦਾ ਨਹੀਂ ਮੈਨੂੰ ਤੇ ਪੈਰ ਪੈਰ ਤੇਰੀ ਲੋੜ, ਬਾਬੇ ਆਖਿਆ ਹਥੀਂ ਕਿਰਤ ਕਰਨਾ ਹੀ ਹੈ ਨਾਮ ਜਪਣਾ, ਤੇ ਨਾਨਕ ਨੂੰ ਜਾਣਨ ਲਈ ਮੈਨੂੰ ਹਿੰਦੂ ਸਿਖ ਮੋਮਨ ਨਹੀ, ਸਚਾ ਕਿਰਤੀ ਹੋਣਾ ਪੈਣਾ, ਮਿੱਟੀ ਚ ਮਿੱਟੀ ਹੋਣਾ ਪੈਣਾ ---ਬੁਧ ਹੋਣਾ ਵੀ ਔਖਾ ਹੈ ਪਰ ਨਾਨਕ ਹੋਣਾ ਬਹੁਤ ਔਖਾ ਸਫ਼ਰ ਦੀ ਗ਼ਰਦ, ਸੁਲਖਣੀ ਦੀ ਝੋਲੀ ਬਰਕਤ ਬਣ ਡਿਗਦੀ ਓਹ ਤ੍ਰਿਪਤਾ ਦੇ ਪੁਤਰ ਨੂੰ, ਖਾਮੋਸ਼ੀ ਨਾਲ ਉਡੀਕਦੀ ਨਾਨਕ ਜ਼ਰੇ ਜ਼ਰੇ ਵਿਚ ਸਾਹ ਲੈਂਦਾ ਬ੍ਰਹਿਮੰਡ ਗਾਹ ਲੈਂਦਾ ਤੇ ਹਰ ਉਦਾਸੀ ਤੋਂ ਬਾਦ ਘਰ ਪਰਤ ਆਉਂਦਾ ਤੇ ਹਰ ਉਦਾਸੀ ਤੋਂ ਬਾਦ ਘਰ ਪਰਤ ਆਉਂਦਾ---

3. ਚਿਰਾਂ ਬਾਅਦ

ਚਿਰਾਂ ਬਾਅਦ ਤੇਰੇ ਰੁੱਸੇ ਖ਼ਤ ਖੋਲੇ ਬੇਹੀ ਖੁਸ਼ਬੂ ਵਾਲ਼ੇ ਸੁੱਕੇ ਫ਼ੁੱਲ ਬੋਲੇ ਕੰਬਦੀ ਸ਼ਾਖ ਤੇ ਕੋਈ ਚੁੰਮਣ ਧਰ ਫਿਰ ਨਵਾਂ ਜਨਮ ਪਾਈਏ ਰੁੱਤ ਮੌਲਣ ਦੀ ਆਈ ਏ...

4. ਮੇਰੇ ਕੋਲ

ਬੜੇ ਹੀ ਇਹਤਰਾਮ ਨਾਲ ਤੁਸੀ ਮੈਨੂੰ ਇਖ਼ਤਦਾਮ ਤਕ ਪਹੁੰਚਾਉਣਾ ਚਾਹਿਆ ਪਰ ਵਕਤ ਤੋਂ ਪਾਰ ਜੀਊਣ ਲਈ ਵੀ ਮੇਰੇ ਕੋਲ਼ ਬੜਾ ਇੰਤਜ਼ਾਮ ਹੈ ..।

5. ਭਰਮ ਭੁਲੇਖਾ

ਭਰਮ ਭੁਲੇਖਾ ਫਰਕ ਹੈ ਅੜਿਆ ...ਭਰਮ ਤੂੰ ਪਾਲ਼ ਰਖਿਆ ਭੁਲੇਖਾ ਮੈ ਖਾ ਛਡਿਆ

6. ਪ੍ਰੇਮ

ਤੇਰੇ ਹੀ ਹਥੋਂ ਉੱਗਣਾ ... ਮੈਨੁੰ ਕਦੋਂ ਤੂੰ ਬੀਜਣਾ...

7. ਚਲ ਮੈਂ

ਚਲ ਮੈਂ ਘਾਹ ਦੀ ਤਿੜ ਹੀ ਸਹੀ ਪਰ ਤੇਰੀ ਅਖ ਦੀ ਸ਼ਬਨਮ ਮੇਰੇ ਸਿਰ ਤੇ ਹੀ ਟਿਕੀ ...ਕੋਹਿਨੂਰ ਬਣ ਕੇ ਮੇਰਾ ਗ਼ਰੂਰ ਬਣ ਕੇ ...

8. ਅੱਜ

ਅੱਜ ਸਜਦੇ ਦਾ ਦਿਨ ਹੈ ਸੱਜਣਾ ... ਮੇਰੇ ਹਾਲ਼ ਤੇ ਹਸਦੇ ਹਸਦੇ ਭਰ ਜੋ ਆਈਆਂ ਤੇਰੀਆਂ ਅੱਖੀਆਂ ...

9. ਮੇਰੀ ਦੀਵਾਰ ਤੇ ਲਗੀ

ਮੇਰੀ ਦੀਵਾਰ ਤੇ ਲਗੀ ਘੜੀ ਖ਼ਰਾਬ ਹੈ, ਓ ਕੋਈ ਆਪਣੇ ਹਿਸਾਬ ਨਾਲ ਹੀ ਚਲ ਰਹੀ ਹੈ, ਪਰ ਜਿਵੇਂ ਵੀ ਚਲ ਰਹੀ ਹੈ, ਮੇਰਾ ਵਕਤ ਸਹੀ ਦਸ ਰਹੀ ਹੈ

10. ਮੈਂ ਇਹ ਕਵਿਤਾ

ਮੈਂ ਇਹ ਕਵਿਤਾ ਨਹੀਂ ਲਿਖ ਸਕੀ ... ਬਸ ਵਿਚ ਬੈਠੀ ਮੈ ਹੈਰਾਨ ਹੋ ਵੇਖਦੀ ਇਕ ਮੰਗਤੀ ਦੀ ਕੁੜੀ ਫੁਟਪਾਥ ਉੱਤੇ ਪੰਜ ਰੁਪਏ ਦੇ ਸਿੱਕੇ ਨਾਲ ਛਟਾਪੂ ਖੇਡਦੀ ...

11. ਕਦੀ ਕਦੀ ਵਕਤ

ਕਦੀ ਕਦੀ ਵਕਤ ਹਥਾਂ ਚੋ ਕਿਰ ਕੇ ਪੈਰਾਂ ਹੇਠ ਵਿਛ ਜਾਂਦੈ ... ਇਥੇ ਹੀ ਕਿਤੇ ਅਪਣੀ ਮੁਹੱਬਤ ਦੀ ਨਦੀ ਵਗਦੀ ਸੀ , ਜਿਥੇ ਹੁਣ ਰੇਗਿਸਤਾਨ ਹੈ ...

12. ਕਈ ਵਾਰ

ਕਈ ਵਾਰ ਬੜਾ ਕੁਝ ਰੱਖ ਦਿੰਦੀ ਹਾਂ ਬੜੀ ਡੂੰਘੀ ਥਾਂ ਸੰਭਾਲ ਕੇ, ਚੇਤਿਆਂ ਤੋਂ ਪਰੇ ਕਿਤੇ, ਫਿਰ ਉਹ ਕਦੀ ਲੱਭਿਆਂ ਨਹੀਂ ਲੱਭਦਾ, ਇੰਜ ਹੀ ਮੈਂ ਤੈਨੂੰ ਕਿਤੇ ਸੰਭਾਲ ਬੈਠੀ ਹਾਂ ...

13. ਮੈਂ

ਮੈਂ ਤੇਰੀ ਮੁਹੱਬਤ ਦੇ ਪਾਣੀਆਂ ਚ ਪਿਆ ਪੱਥਰ ਹਾਂ ... ਬਚਿਆ ਰਹਿੰਦਾ ਹਾਂ ਗਰਦੋ ਗ਼ੁਬਾਰ ਤੋਂ ...ਜ਼ਮਾਨੇ ਦੀਆਂ ਠੋਕਰਾਂ ਤੋਂ ...।

14. ਹੁਣ ਮੈਂ ਭਾਵੇਂ

ਹੁਣ ਮੈਂ ਭਾਵੇਂ ਘਾਹ ਵਾਂਗ ਤੇਰੇ ਵਿਹੜੇ ਦੀਆਂ ਤਰੇੜਾਂ ਚ ਉੱਗੀ ਰਹਿੰਦੀ ਹਾਂ ...ਪਰ ਮਾਂ ਆਖਦੀ ਏ ਜਦੋਂ ਤੂੰ ਹੋਣ ਵਾਲੀ ਸੀ ਤਾਂ ਉਹਨੂੰ ਇਸ਼ਕ ਪੇਚੇ ਦੀ ਵੇਲ ਦੇ ਸੁਫ਼ਨੇ ਆਉਂਦੇ ਸੀ ...।

15. ਸਫ਼ਰ ਵਿਚ

ਤੇਰਾ ਸ਼ਹਿਰ ਘੁੰਮਦਿਆਂ ਹੋਇਆ ਥਕੇਵਾਂ ਇੱਕ ਮੰਦਰ ਅੰਦਰ ਕ੍ਰਿਸ਼ਨ ਦੇ ਕਦਮਾਂ ਚ ਬੈਠਿਆਂ ਦੂਰੋਂ ਅਜ਼ਾਨ ਸੁਣੀ ਮੈਂ ਵਾਹਿਗੁਰੂ ਦਾ ਸ਼ੁਕਰ ਕੀਤਾ...

16. ਇੰਤਜ਼ਾਰ

ਮੈਨੂੰ ਪਤੈ 'ਪਰਤਣਾ' ਤੇਰੇ ਵੱਸ ਵਿਚ ਹੀ ਨਹੀ ਸੀ ...

17. ਧਿਆਨ

ਤਮਾਮ ਕੰਮ ਛੱਡ ਕੇ ਓਹ ਸਮਾਧੀ ‘ਚ ਬੈਠ ਗਈ ਮਾਂ ਅਪਣੇ ਬੱਚੇ ਨੂੰ ਦੁਧ ਪਿਆ ਰਹੀ ...

18. ਪਿਆਰ ਵਿਚ

ਤੇਰੇ ਦਰ ਤੇ ਧੂਣੀ ਬਣ ਧੁਖ਼ਦਿਆਂ ਕਵਿਤਾ ਲਿਖਦਿਆਂ ਕਸਮ ਤੇਰੀ ਪ੍ਰਮਾਤਮਾ ਵੀ ਯਾਦ ਨਹੀਂ ਆਇਆ

19. ਪਹਿਲੀ ਮੁਹੱਬਤ

ਮਾਂ ਕਹਿੰਦੀ ਪੁਰਾਣੀਆਂ ਜੁਰਾਬਾਂ ਸੁੱਟ ਦੇ ਮੈਂ ਪੁਰਾਣੀਆਂ ਪਾ ਕੇ ਉੱਪਰੋਂ ਹੋਰ ਚੜਾ ਲੈਂਦੀ ...ਪੈਰਾਂ ਨੂੰ ਬੜਾ ਨਿੱਘ ਚੜਦਾ ਯਖ਼ ਸਫ਼ਰ ਵਿਚ ਕਾਂਬਾ ਨਹੀਂ ਛਿੜਦਾ-

20. ਲਤੀਫ਼ਾ

ਤੇਰੇ ਲਈ ਕਵਿਤਾ ਲਿਖੀ,ਸੁਣਾਈ ਤੂੰ ਤਾੜੀ ਮਾਰ ਹੱਸਿਆ ਤਨਜ਼ ਕੱਸਿਆ ਬੋਲਿਆ... ਮਰਹਬਾ , ਕਮਾਲ ਨਿਰਾ ਸ਼ਬਦਾਂ ਦਾ ਜਾਲ...।

21. ਪਹਿਲਾਂ ਤੂੰ

ਪਹਿਲਾਂ ਤੂੰ ਵਰ੍ਹਾਊ ਬੱਦਲ ਸੀ ਹੁਣ ਤੇਰਾ ਸਾਕ ਨਲਕੇ ਵਾਂਗ ਗੇੜਣਾ ਪੈਂਦਾ ਖੂਹ ਚੋ ਲੱਜ ਨਾਲ ਭਰਨਾ ਪੈਂਦਾ...।

22. ਵਿਦਾ ਵੇਲੇ

ਵਿਦਾ ਵੇਲੇ ਤੇਰੀ ਪਿੱਠ ਤੇ ਦੋ ਅੱਖਾਂ ਚਿੰਬੜ ਗਈਆਂ ਕਿਤੇ ਹੋਰ ਕਮੀਜ਼ ਨਾ ਝਾੜੀਂ ਮੇਰੀ ਨਜ਼ਰ ‘ਚ ਘੱਟਾ ਪੈ ਜਾਵੇਗਾ ...।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਿਮਰਤ ਗਗਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ