Sikhi Dian Vaataan : Charan Singh Safri
ਸਿੱਖੀ ਦੀਆਂ ਵਾਟਾਂ : ਚਰਨ ਸਿੰਘ ਸਫ਼ਰੀ
ਨਨਕਾਣੇ ਸਾਹਿਬ ਦੇ ਸ਼ਹੀਦ
ਗੁਰੂ ਨਾਨਕ ਦੇ ਪਿਆਰ ਦੀ ਰਮਜ਼ ਗੁੱਝੀ ਵਿਰਲਾ ਜਾਣਦਾ ਕੋਈ ਵਿਰਲਾ ਬੁੱਝਦਾ ਏ। ਉਹਦੇ ਇਸ਼ਕ ਦੀ ਇਕ ਤਸਵੀਰ ਤੱਕ ਕੇ ਨਾ ਕੁਝ ਔੜਦਾ ਏ ਨਾ ਕੁਝ ਸੁੱਝਦਾ ਏ। ਜੰਡ ਨਾਲ ਤਮਾਸ਼ਾ ਕੀ ਹੋ ਰਿਹਾ ਏ ਭੱਠ ਵਿਚ ਕੀ ਗੋਹਝ ਪਿਆ ਗੁੱਝਦਾ ਏ। ਵੱਖ-ਵੱਖ ਸ਼ਹੀਦਾਂ ਦਾ ਮਾਸ ਉਜਲਾ ਏਧਰ ਰਿੱਝਦਾ ਤੇ ਓਧਰ ਭੁਝਦਾ ਏ। ਜਲਦੇ ਜੰਡ ਨੇ ਪੁੱਛਿਆ ਭੱਠ ਕੋਲੋਂ ਸੜ ਕੇ ਮਰਨ ਵਾਲਾ ਸੜ ਕੇ ਮਰ ਗਿਆ ਏ। ਭਖਦੇ ਭੱਠ ਨੇ ਅੱਗੋਂ ਜਵਾਬ ਦਿੱਤਾ ਉਹ ਤਾਂ ਮੈਨੂੰ ਵੀ ਠੰਡਿਆ ਕਰ ਗਿਆ ਏ। ਜਿਉਂ ਜਿਉਂ ਗੋਲੀਆਂ ਵਰ੍ਹਦੀਆਂ ਜਾਂਦੀਆਂ ਸਨ ਜਥਾ ਹੋਰ ਅੱਗੇ ਵਧਦਾ ਜਾ ਰਿਹਾ ਸੀ। ਪੱਥਰ ਦਿਲ ਮਹੰਤ ਵੀ ਤੜਫ ਰਹੀਆਂ ਲਾਸ਼ਾਂ ਵੱਲ ਤੱਕ-ਤੱਕ ਮੁਸਕਰਾ ਰਿਹਾ ਸੀ। ਉੱਛਲ ਉੱਛਲ ਸ਼ਹੀਦਾਂ ਦਾ ਖੂਨ ਹਾਏ ਏਦਾਂ ਭੋਂ ਉੱਤੇ ਗੇੜੇ ਖਾ ਰਿਹਾ ਸੀ। ਮੋਘਾ ਨਹਿਰ ਦਾ ਪੁੱਟ ਕੇ ਜੱਟ ਕੋਈ ਜਿਵੇਂ ਪਾਣੀ ਮੁਰੱਬੇ ਨੂੰ ਲਾ ਰਿਹਾ ਸੀ। ਇਕ ਅੰਬਰੋਂ ਆਈ ਆਵਾਜ਼ ਵੀਰਾ ਜੰਡ ਵਾਲਿਆ ਪੁੱਠਾ ਕਿਉਂ ਲਟਕਿਆ ਏਂ। ਸੜ ਕੇ ਮਾਸ ਸਰੀਰ ਦਾ ਡਿੱਗ ਪਿਆ ਏ ਆ ਜਾ ਹੁਣ ਕਿਹਦੀ ਖ਼ਾਤਿਰ ਅਟਕਿਆ ਏਂ। ਅੱਗੋਂ ਓਸ ਸ਼ਹੀਦ ਜਵਾਬ ਦਿੱਤਾ ਕੌਣ ਕਹਿੰਦਾ ਮੈਂ ਸਮਾਂ ਗੁਆਉਣਾ ਚਾਹੁੰਨਾ। ਮੇਰੀ ਰਾਖ ਤੱਕ ਵੀ ਕਾਹਲੀ ਪੈ ਰਹੀ ਹੈ ਮੈਂ ਤਾਂ ਕੋਲ ਸ਼ਹੀਦਾਂ ਦੇ ਆਉਣਾ ਚਾਹੁੰਨਾ। ਗੁਰੂ ਤੇਗ਼ ਬਹਾਦਰ ਦੇ ਚਰਨ ਕੰਵਲੀ ਆ ਕੇ ਆਪਣਾ ਸੀਸ ਨਿਵਾਉਣਾ ਚਾਹੁੰਨਾ। ਸਾਡਾ ਹਾਲ ਮੁਰੀਦਾਂ ਦਾ ਹਾਲ ਹਾਏ ਮਿੱਤਰ ਪਿਆਰੇ ਨੂੰ ਹਾਲ ਸੁਨਾਉਣਾ ਚਾਹੁੰਨਾ। ਮੈਨੂੰ ਦੇਰ ਹੋ ਗਈ ਬਲਦੀ ਅੱਗ 'ਚੋਂ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਰਾਹ ਲੱਭਦਾਂ। ਮਤਾਂ ਕੋਈ ਕੁਰਹਿਤੀਆ ਕਹੇ ਮੈਨੂੰ ਆਪਣੇ ਕੇਸਾਂ ਦੀ ਫਿਰਦਾਂ ਸੁਆਹ ਲੱਭਦਾ। ਨਾ ਰਹਿਣਾ ਨਰੈਣੂ ਨਾ ਬਾਜ਼ ਆਇਆ ਉੱਤੇ ਅੰਬਰ ਦੇ ਬਾਜ਼ੀਆਂ ਪਾਉਣ ਲੱਗਾ। ਡੁੱਲ੍ਹੇ ਹੋਏ ਸ਼ਹੀਦਾਂ ਦੇ ਖੂਨ ਉੱਤੇ ਪਾਪੀ ਪਾਣੀ ਦੇ ਡੋਲ ਛਿੜਕਾਉਣ ਲੱਗਾ। ਮੁਗ਼ਲ ਰਾਜ ਨਾ ਜਿਹਨੂੰ ਮਿਟਾ ਸਕਿਆ ਉਹ ਸਿੱਖੀ ਦੇ ਚਿੰਨ੍ਹ ਮਿਟਾਉਣ ਲੱਗਾ। ਡੁੱਲ੍ਹੀ ਹੋਈ ਦਲੀਪ ਦੀ ਰੱਤ ਵਿਚੋਂ ਵਾਰ ਵਾਰ ਆਵਾਜ਼ਾ ਇਹ ਆਉਣ ਲੱਗਾ। ਗੁਰੂ ਗ੍ਰੰਥ ਪਿਆਰੇ ਦੀ ਦਿਹ ਅੰਦਰ ਜੋ ਤੂੰ ਪਾਪੀਆ ਗੋਲੀਆਂ ਮਾਰੀਆਂ ਨੇ। ਗੁਰੂ ਨਾਨਕ ਨੇ ਮਸਾਂ ਕਸੀਸ ਵਟ ਕੇ ਆਪਣੀ ਹਿੱਕ ਦੇ ਵਿਚ ਸਹਾਰੀਆਂ ਨੇ। ਲਛਮਨ ਪੁੱਛਿਆ ਵੀਰਾ ਦਲੀਪ ਸਿੰਘਾ ਸਿੰਘ ਪਾ ਹਮੇਸ਼ ਲਈ ਚਾਲੇ ਗਏ ਨੇ। ਔਹ ਜੋ ਲੁਕ ਲੁਕ ਕੇ ਮੱਥਾ ਟੇਕ ਰਹੀ ਏ ਇਹਨੂੰ ਛੱਡ ਕੇ ਕਿਹਦੇ ਹਵਾਲੇ ਗਏ ਨੇ। ਪਟੜੀ ਰੇਲ ਦੀ ਤੋਂ ਉਠਦੇ ਨਹੀਂ ਸਨ ਜੋ ਗੁਰੂ ਘਰ 'ਚੋਂ ਕਿੱਦਾਂ ਉਠਾਲੇ ਗਏ ਨੇ। ਮੀਆਂ ਮੀਰ ਦੀ ਰੂਹ ਤੜਪਾਈ ਗਈ ਏ ਛਿੱਲੇ ਪੰਜਵੇਂ ਗੁਰੂ ਦੇ ਛਾਲੇ ਗਏ ਨੇ। ਸਦਾ ਆਊ ਸ਼ਹੀਦਾਂ ਦੀ ਯਾਦ ਸਾਨੂੰ ਹੋਈਆਂ ਬੀਤੀਆਂ ਕਾਲਜੇ ਕੋਹਣਗੀਆਂ। ਅੰਤ ਗੁਰੂ ਦਰਬਾਰ ਦੇ ਵਿਚ ਸਫ਼ਰੀ ਗੱਲਾਂ ਸੱਚੀਆਂ ਸੁੱਚੀਆਂ ਹੋਣਗੀਆਂ।
ਗੁਰੂ ਅੰਗਦ ਦੇਵ
ਲਹਿਣਾ ਦੇਵੀ ਦਾ ਭਗਤ ਸੀ ਅੰਤ ਆ ਕੇ ਸੱਚੇ ਸਤਿਗੁਰਾਂ ਦਾ ਸੇਵਾਦਾਰ ਹੋਇਆ। ਦੀਦੇ ਨਾਮ ਦੇ ਨਾਲ ਮਖ਼ਮੂਰ ਹੋ ਗਏ ਗੁਰੂ ਨਾਨਕ ਦਾ ਜਦੋਂ ਦੀਦਾਰ ਹੋਇਆ। ਦੇਣਦਾਰ ਨਾ ਰਿਹਾ ਉਹ ਕਿਸੇ ਧਿਰ ਦਾ ਲਹਿਣਾ ਗੁਰੂ ਘਰ ਦਾ ਲਹਿਣੇਦਾਰ ਹੋਇਆ। ਗੁਰੂ ਅੰਗ ਲੱਗ ਕੇ ਬਣਿਆ ਗੁਰੂ ਅੰਗਦ ਉੱਚਾ ਮਰਤਬਾ ਵਿਚ ਸੰਸਾਰ ਹੋਇਆ। ਗੁਰੂ ਨਾਨਕ ਦੀ ਜੋਤ 'ਚੋਂ ਜੋਤ ਲੈ ਕੇ ਨੂਰੀ ਜੋਤ ਜਗਾ ਗਏ ਗੁਰੂ ਅੰਗਦ । ਸੇਵਾ ਸਿਮਰਨ ਤੇ ਧਰਮ ਦੀ ਕਿਰਤ ਕਰਨੀ ਵੰਡ ਛਕਣਾ ਸਿਖਾ ਗਏ ਗੁਰੂ ਅੰਗਦ। ਦੇਵੀ ਪੂਜਾ 'ਚੋਂ ਸ਼ਕਤੀ ਮਿਲੀ ਕੋਈ ਨਾ ਗੁਰੂ ਨਾਨਕ ਨੇ ਬਦਲ ਖ਼ਿਆਲ ਦਿੱਤੇ। ਭੈ ਭਰਮ ਦਾ ਦੂਰ ਹਨੇਰਾ ਕਰਕੇ ਦੀਵੇ ਸੱਚੇ ਗਿਆਨ ਦੇ ਬਾਲ ਦਿੱਤੇ। ਗੁਰਾਂ ਸਬਕ ਰਟਾ ਕੇ ਏਕਤਾ ਦਾ ਮੇਰ ਤੇਰ ਦੇ ਕੱਟ ਜੰਜਾਲ ਦਿੱਤੇ। ਅਸੀਂ ਕੌਡੀ ਚੜ੍ਹਾਈ ਨਾ ਮਗਰ ਸਾਨੂੰ ਫੋਰੂ ਲਾਲ ਦੇ ਲਾਲ ਨੇ ਲਾਲ ਦਿੱਤੇ। ਉਹਦੀ ਕਰਨੀ ਦਾ ਲਭਦਾ ਜਵਾਬ ਕੋਈ ਨੀ ਜੋ ਵੀ ਕੰਮ ਕੀਤਾ ਲਾਜਵਾਬ ਕੀਤਾ। ਤਖ਼ਤਾਂ ਵਾਲੇ ਨਵਾਬ ਹੈਰਾਨ ਰਹਿ ਗਏ ਤਖ਼ਤ ਮੱਲ ਦਾ ਜਦੋਂ ਹਿਸਾਬ ਕੀਤਾ। ਗੁਰਾਂ ਨਾਗੇ ਸਰਾਂ ਵਿਚ ਜਨਮ ਲੀਤਾ ਹੋ ਕੇ ਦੂਰਦਰਸ਼ੀ ਚੋਖੀ ਦੂਰ ਪਹੁੰਚੇ। ਪਹਿਲਾਂ ਹਰੀ ਕੇ ਪੱਤਣ ਨੂੰ ਭਾਗ ਲਾਏ ਫੇਰ ਗੁਰੂ ਕੇ ਨਗਰ ਖਡੂਰ ਪਹੁੰਚੇ। ਫਿਰ ਕਰਤਾਰ ਦੇ ਰੂਪ ਕਰਤਾਰਪੁਰ 'ਚ ਗੁਰੂ ਨਾਨਕ ਦੀ ਸ਼ਰਨ ਹਜ਼ੂਰ ਪਹੁੰਚੇ। ਗੋਇੰਦੇ ਖੱਤਰੀ ਦੇ ਘਰ ਨੂੰ ਭਾਗ ਲਾਵਣ ਗੋਇੰਦਵਾਲ ਵੀ ਵੰਡਦੇ ਨੂਰ ਪਹੁੰਚੇ। ਵਰਤੋਂ ਕੀਤੀ ਏ ਗੁਰਮੁਖੀ ਅੱਖਰਾਂ ਦੀ ਸਦਾ ਗੁਰਮੁਖਾਂ ਨਾਲ ਪਿਆਰ ਕੀਤਾ। ਨਾਮ ਬਾਣੀ ਦਾ ਸਤਗੁਰਾਂ ਲਾ ਚੱਪੂ ਬੇੜਾ ਲੱਖਾਂ ਚੜ੍ਹਾਊਆਂ ਦਾ ਪਾਰ ਕੀਤਾ। ਪਿਆਰੇ ਭਗਤਾਂ ਦੀ ਬਾਣੀ ਨੂੰ ਗੁਰੂ ਅੰਗਦ ਲਾ ਕੇ ਸੀਨੇ ਦੇ ਨਾਲ ਸਮਾਲ੍ਹਦੇ ਰਹੇ। ਗੁਰੂ ਨਾਨਕ ਦਾ ਹੁਕਮ ਅਟੱਲ ਕਹਿਕੇ ਹਰ ਆਈ ਬਲਾ ਨੂੰ ਟਾਲਦੇ ਰਹੇ। ਸੱਚ ਸੁੱਚ ਦਾ ਝੰਡਾ ਬੁਲੰਦ ਕਰਕੇ ਕੂੜ ਕਪਟ ਦੀ ਝੰਡ ਬਿਠਾਲਦੇ ਰਹੇ। ਕਾਲ ਚੰਦਰਾ ਚਰਨਾਂ ਚ ਆਣ ਢੱਠਾ ਸਦਾ ਟਹਿਲੂਏ ਬਣਕੇ ਅਕਾਲ ਦੇ ਰਹੇ। ਸਭੇ ਅਚੱਲ ਵਟਾਲੇ ਦੇ ਜੋਗੀਆਂ ਨੇ ਗੁਰੂ ਅੰਗਦ ਦੀ ਸ਼ਕਤੀ ਨੂੰ ਮੰਨਿਆ ਸੀ। ਸ਼ਿਵ ਨਾਥ ਪਖੰਡੀ ਦੇ ਮਕਰ ਵਾਲਾ ਭਾਂਡਾ ਵਿਚ ਚੌਰਾਹੇ ਦੇ ਭੰਨਿਆ ਸੀ। ਗੁਰੂ ਅੰਗਦ ਦੀ ਮਿਲਦੀ ਨੁਹਾਰ ਹੈ ਸੀ ਗੁਰੂ ਨਾਨਕ ਦੀ ਨੂਰੀ ਨੁਹਾਰ ਦੇ ਨਾਲ। ਮਿਕਨਾ ਤੀਸ ਦੇ ਵਾਂਗ ਜਹਾਨ ਖਿੱਚਿਆ ਆਪਣੀ ਮਾਖਿਓਂ ਮਿੱਠੀ ਗੁਫ਼ਤਾਰ ਦੇ ਨਾਲ। ਨਹੀਂ ਤਾਕਤ ਦੀ ਧੌਂਸ ਵਖਾਈ ਕਿਧਰੇ ਗੁਰਾਂ ਸਿੱਖ ਬਣਾਏ ਪ੍ਰਚਾਰ ਦੇ ਨਾਲ। ਸੱਚੇ ਗੁਰਾਂ ਤੋਂ ਗੁਰਾਂ ਨੇ ਲਿਆ ਲਹਿਣਾ ਮੁਰਦੇ ਖਾਣ ਦੇ ਹੁਕਮ ਵੀ ਪਾਲ ਦਿੱਤੇ। ਗੁਰੂ ਨਾਨਕ ਨੇ ਹੋ ਕੇ ਦਿਆਲ ‘ਸਫ਼ਰੀ ਗੁਰੂ ਗੱਦੀ ਦੇ ਉੱਤੇ ਬਿਠਾਲ ਦਿੱਤੇ।
ਦਰਬਾਰ ਤੇਰਾ
ਰਾਮਦਾਸ ਸਤਗੁਰ ਸੋਢੀ ਪਾਤਸ਼ਾਹਾ ਹੋਇਆ ਜੱਗ ਤੇ ਜਦੋਂ ਅਵਤਾਰ ਤੇਰਾ। ਕਲਜੁਗੀ ਮਨੁੱਖ ਕੀ ਅੰਬਰਾਂ ਤੋਂ ਆਏ ਦੇਵਤੇ ਕਰਨ ਦੀਦਾਰ ਤੇਰਾ। ਫੁੱਲਾਂ ਵਿਚ ਵੀ ਹੈ ਖ਼ੁਸ਼ਬੋ ਤੇਰੀ ਪੀਢੇ ਪੱਥਰਾਂ ਵਿਚ ਪਿਆਰ ਤੇਰਾ। ਅਰਸ਼ ਕੁਰਸ਼ ਦੇ ਮਾਲਕਾ ਕੀ ਦੱਸਾਂ ਸਾਰੀ ਪ੍ਰਿਥਵੀ ਉੱਤੇ ਪਸਾਰ ਤੇਰਾ। ਸੁੰਦਰ ਸਰ ਅੰਦਰ ਚਮਕੇ ਹਰਿਮੰਦਰ ਅੰਦਰ ਹਰਿਮੰਦਰ ਚਮਤਕਾਰ ਤੇਰਾ। ਨਕਸ਼ਾ ਤੇਰੇ ਦਰਬਾਰ ਦਾ ਕੀ ਦਸਾਂ ਸੱਚਖੰਡ ਦਾ ਰੂਪ ਦਰਬਾਰ ਤੇਰਾ। ਲੰਗਰ ਲੱਗਦੇ ਰਹਿਣ ਹਮੇਸ਼ ਤੇਰੇ ਕਿਨਾ ਜੱਗ ਉੱਤੇ ਪਰਉਪਕਾਰ ਤੇਰਾ। ਸੇਵਾ ਸਾਂਝ ਦਾ ਤੂੰ ਹੀ ਰਵਾਜ ਪਾਇਆ ਬਣਿਆ ਕੁੱਲ ਆਲਮ ਸੇਵਾਦਾਰ ਤੇਰਾ। ਮੰਗਾਂ ਮੰਗਦੇ ਤੈਥੋਂ ਜਹਾਨ ਵਾਲੇ ਭਰਿਆ ਬਰਕਤਾਂ ਨਾਲ ਭੰਡਾਰ ਤੇਰਾ। ਬੰਦ ਬੰਦ ਕਟਾਇਆ ਸੀ ਮਨੀ ਸਿੰਘ ਨੇ ਅਜੇ ਤੱਕ ਨੀ ਲੱਥਾ ਉਧਾਰ ਤੇਰਾ। ਦੀਦੇ ਉਹਨਾਂ ਦੀ ਦੀਦ ਨੂੰ ਤਰਸਦੇ ਨੇ ਜਿਹਨਾਂ ਦੀਦਿਆਂ ਕੀਤਾ ਦੀਦਾਰ ਤੇਰਾ। ਡਿੱਗੇ ਤੇਰੀ ਦਲ੍ਹੀਜ਼ 'ਤੇ ਵਰਨ ਚਾਰੇ ਸੱਚਖੰਡ ਦਾ ਰੂਪ ਦਰਬਾਰ ਤੇਰਾ। ਤੇਰੇ ਅੰਮ੍ਰਿਤ ਦੀ ਠੰਢੀ ਫੁਹਾਰ ਪੈ ਕੇ ਭਾਂਬੜ ਦੋਜਖਾਂ ਦੇ ਠੰਢੇ ਠਾਰ ਹੋ ਗਏ। ਦੁੱਖ ਭੰਜਨੀ ਦੁੱਖਾਂ ਦਾ ਨਾਸ ਕਰ ਗਈ ਹਰਿ ਕੀ ਪੌੜੀ ਨੀ ਹਰਦੇ ਦੀਦਾਰ ਹੋ ਗਏ। ਨ੍ਹਾਤੇ ਪਿੰਗਲੇ ਅੰਗ ਸਬੂਤ ਹੋ ਗਏ ਨ੍ਹਾਤੇ ਕਾਂ ਤੇ ਹੰਸਾਂ ਦੀ ਡਾਰ ਹੋ ਗਏ। ਸੋਢੀ ਪਾਤਸ਼ਾਹ ਤੇਰਾ ਦੀਦਾਰ ਕਰਕੇ ਬੇੜੇ ਲੱਖਾਂ ਗੁਨਾਹੀਆਂ ਦੇ ਪਾਰ ਹੋ ਗਏ। ਤੂੰ ਤਾਂ ਜਮਾਂ ਦਾ ਵਾਰ ਨੀ ਹੋਣ ਦਿੱਤਾ ਗਾਵਾਂ ਜਸ ਕਿਉਂ ਨਾ ਵਾਰ ਵਾਰ ਤੇਰਾ। ਸੱਚ ਖੰਡ ਬਣਾ 'ਤਾ ਪ੍ਰਿਥਵੀ 'ਤੇ ਸੱਚਖੰਡ ਦਾ ਰੂਪ ਦਰਬਾਰ ਤੇਰਾ। ਹਰੀਮੰਦਰ ਦੀ ਉਜਲੀ ਸ਼ਾਨ ਤੱਕ ਕੇ ਉਤੋਂ ਦੇਵਤੇ ਝਾਤੀਆਂ ਪਾ ਰਹੇ ਨੇ। ਗੁਰੂ ਗ੍ਰੰਥ ਦਾ ਸ਼ੁੱਭ ਪ੍ਰਕਾਸ਼ ਹੋਇਆ ਰਾਗੀ ਗੁਰਾਂ ਦੀ ਬਾਣੀ ਸੁਣਾ ਰਹੇ ਨੇ। ਅੰਮ੍ਰਿਤ ਭਰੇ ਸਰੋਵਰ 'ਚ ਸ਼ਾਮ ਵੇਲੇ ਦੀਵੇ ਇਸ ਤਰ੍ਹਾਂ ਜਗਮਗਾ ਰਹੇ ਨੇ। ਤਾਰੇ ਟੁੱਟ ਕੇ ਲੱਖਾਂ ਆਕਾਸ਼ ਵਿਚੋਂ ਮਾਨੋਂ ਭਰੇ ਸਰੋਵਰ 'ਚ ਨ੍ਹਾ ਰਹੇ ਨੇ। ਦੇ ਕੇ ਜਿੰਦ ਬੇਖ਼ੌਫ਼ ਪਰਵਾਨਿਆਂ ਨੇ ਕੀਤਾ ਸ਼ਮ੍ਹਾ 'ਤੇ ਪਰਗਟ ਪਿਆਰ ਤੇਰਾ। ਮੇਰੀ ਕਿਸਮਤ ਦੇ ਨਕਸ਼ੇ ਬਣਾਨ ਵਾਲੇ ਸੱਚਖੰਡ ਦਾ ਰੂਪ ਦਰਬਾਰ ਤੇਰਾ। ਦੁਨੀਆਂ ਵਿਚ ਆ ਕੇ ਰਾਮਦਾਸ ਸਤਿਗੁਰ ਸਤ ਧਰਮ, ਨੇਕੀ ਦਾ ਪ੍ਰਚਾਰ ਕੀਤਾ। ਤਾਣਾ ਪਾਪੀਆਂ ਪਾਪ ਦਾ ਤਣਿਆ ਸੀ ਤੰਦ ਤੰਦ ਕੀਤਾ ਤਾਰ ਤਾਰ ਕੀਤਾ। ਸੁੱਖਾ ਸਿੰਘ ਤੇ ਵੀਰ ਮਹਿਤਾਬ ਸਿੰਘ ਨੇ ਜਦੋਂ ਮੱਸੇ 'ਤੇ ਤੇਗ਼ ਦਾ ਵਾਰ ਕੀਤਾ। ਜਾਂਦੀ ਰੂਹ ਆਕਾਸ਼ ਨੂੰ ਕਹਿਣ ਲੱਗੀ ਸ਼ੁਕਰ ਮੇਰਾ ਵੀ ਕਿਸੇ ਅਧਾਰ ਕੀਤਾ। 'ਕੱਲਾ ਨਹੀਂ ‘ਸਫ਼ਰੀੱ ਤੇਰੇ ਗੀਤ ਗਾਉਂਦਾ ਜਸ ਗਾ ਰਿਹਾ ਕੁਲ ਸੰਸਾਰ ਤੇਰਾ। ਸੱਚਖੰਡ ਦੀ ਰੀਸ ਤਾਂ ਨਹੀਂ ਐਪਰ ਸੱਚਖੰਡ ਤੋਂ ਵੱਧ ਦਰਬਾਰ ਤੇਰਾ।
ਤੱਤੀ ਤਵੀ ਉੱਤੇ ਮੁਸਕ੍ਰਾ ਰਹੇ ਸਨ
ਬੇ-ਆਸਰੇ ਹਿੰਦੋਸਤਾਨ ਉੱਤੇ ਕਾਲੇ ਬੱਦਲ ਮੁਸੀਬਤ ਦੇ ਛਾ ਰਹੇ ਸਨ। ਬੁਰੇ ਦਿਲ ਵਾਲੇ ਚੰਦੂ ਚੰਦਰੇ ਦੇ ਨਾਲੇ ਦਿਨ ਵੀ ਤਾਂ ਬੁਰੇ ਆ ਰਹੇ ਸਨ। ਅੱਗ ਤਵੀ ਥੱਲੇ ਨਹੀਂ ਉਹ ਤਾਅ ਰਹੇ ਸਨ ਅੱਗ ਆਪਣੇ ਨਸੀਬਾਂ ਨੂੰ ਲਾ ਰਹੇ ਸਨ। ਧੋਤੇ ਜਾਣ ਗੁਲਾਮੀ ਦੇ ਦਾਗ਼ ਕਿਧਰੇ ਪੰਚਮ ਪਾਤਸ਼ਾਹ ਅੱਗ 'ਚ ਨ੍ਹਾ ਰਹੇ ਸਨ। ਅਰਜਨ ਗੁਰਾਂ ਨੇ ਆਖਿਆ ਲੋਹ ਤੱਤੀ ਵੱਖੋ ਵੱਖਰਾ ਲੈ ਕੇ ਪੈਗਾਮ ਆਈ। ਬਹਿ ਗਈ ਮੌਤ ਹਕੂਮਤ ਦੀ ਹਿੱਕ ਉੱਤੇ ਸਾਨੂੰ ਜ਼ਿੰਦਗੀ ਕਰਨ ਸਲਾਮ ਆਈ। ਕਿਸੇ ਕਵੀ ਦਾ ਤੱਕ ਕੇ ਖ਼ਿਆਲ ਕੰਬਿਆ ਲਿਖਦੀ ਕਲਮ ਕੰਬੀ ਤੇ ਕਲਾਈ ਕੰਬੀ। ਕੰਬੀ ਸਾਂਵਲੇ ਭੌਰ ਦੀ ਹਿੱਕ ਵੀ ਤੇ ਬੁਲਬੁਲ ਫੁੱਲਾਂ 'ਤੇ ਬੈਠੀ ਬਿਠਾਈ ਕੰਬੀ। ਜ਼ੁਲਮ ਕੰਬਿਆ ਦੇਖਕੇ ਜ਼ੁਲਮ ਆਪਣਾ ਨ੍ਹੇਰ ਪੈਣ ਲੱਗਾ ਰੌਸ਼ਨਾਈ ਕੰਬੀ। ਇਧਰ ਨਿਮਰਤਾ ਨੂੰ ਤੱਕ ਕੇ ਖ਼ੁਦੀ ਕੰਬੀ ਓਧਰ ਖ਼ੁਦੀ ਨੂੰ ਤੱਕ ਕੇ ਖ਼ੁਦਾਈ ਕੰਬੀ। ਇਹ ਸੀ ਨੀਂਗਰ ਅਜ਼ਾਦੀ ਦਾ ਨਵਾਂ ਜਿਸਨੂੰ ਤੱਤੀ ਰੇਤ ਵਾਲਾ ਵਟਣਾ ਲਾਇਆ ਗਿਆ। ਘਰ ਵਿਚ ਮੋਤੀ ਬੇਕੀਮਤੀ ਹੁੰਦਿਆਂ ਵੀ ਜਿਸਮ ਛਾਲਿਆਂ ਨਾਲ ਸਜਾਇਆ ਗਿਆ। ਛਾਲੇ ਹਨ ਕਿ ਨਰਗਸ ਦੇ ਨੇਤਰਾਂ 'ਚੋਂ ਡੁੱਲ੍ਹੇ ਅੱਥਰੂ ਆਪ ਮੁਹਾਰੇ ਨੇ ਇਹ। ਇਹਦਾ ਜੁੱਸਾ ਗੁਲਾਬਾਂ ਦਾ ਸਮਝ ਕੇ ਜਾਂ ਰਾਣੀ ਤ੍ਰੇਲ ਨੇ ਮੋਤੀ ਖਿਲਾਰੇ ਨੇ ਇਹ। ਚੋਰੀ ਰਾਮ ਕੋਲੋਂ ਬੇਰ ਭੀਲਣੀ ਦੇ ਲਛਮਨ ਜਤੀ ਵਗਾਹ ਕੇ ਮਾਰੇ ਨੇ ਇਹ। ਸਭ ਨੂੰ ਤਾਰਦਾ ਸਮਝ ਕੇ ਆਣ ਚਿੰਬੜੇ ਇਹਦੇ ਪਿੰਡੇ 'ਨਾ ਅਰਸ਼ ਦੇ ਤਾਰੇ ਨੇ ਇਹ । ਤੱਤੀ ਰੇਤ ਪਾਏ ਕੇਸਾਂ ਵਿਚ ਛਾਲੇ ਛਾਲੇ ਫਿਸ ਰਹੇ ਨੇ ਛਾਲੇ ਚੋਅ ਰਹੇ ਨੇ। ਇਹਨਾਂ ਛਾਲਿਆਂ 'ਚੋਂ ਵਗਦੀ ਰੱਤ ਅੰਦਰ ਬੇੜੇ ਗ਼ਰਕ ਹੰਕਾਰ ਦੇ ਹੋ ਰਹੇ ਨੇ। ਮੀਆਂ ਮੀਰ ਆਇਆ ਰੋ ਰੋ ਕਹਿਣ ਲੱਗਾ ਮੇਰਾ ਦਿਲ ਜਲ ਗਿਆ ਤੇ ਅਰਮਾਨ ਜਲ ਗਿਆ। ਮੋਮਨ ਹੁੰਦਿਆਂ ਮੈਂ ਜਲ ਕੇ ਮਰਾਂ ਕਿਉਂ ਨਾ ਮੇਰੇ ਸਾਹਮਣੇ ਮੇਰਾ ਕੁਰਾਨ ਜਲ ਗਿਆ। ਪੰਡਤਾ! ਮੰਦਰ ਦੀ ਕਾਹਦੀ ਮਨੌਤ ਕਰਦਾਂ ਤੇਰੇ ਸਾਹਮਣੇ ਤੇਰਾ ਭਗਵਾਨ ਜਲ ਗਿਆ। ਕਾਹਦਾ ਤਵੀ 'ਤੇ ਜਲ ਗਿਆ ਗੁਰੂ ਅਰਜਨ ਜਲਦੀ ਅੱਗ 'ਚ ਹਿੰਦੋਸਤਾਨ ਜਲ ਗਿਆ। ਜੇਕਰ ਦਵੇਂ ਇਜਾਜ਼ਤ ਤਾਂ ਪਾਤਿਸ਼ਾਹਾ ਕਰਾਮਾਤ ਕੁਝ ਅਪਣੀ ਦਿਖਾ ਦਿਆਂ ਮੈਂ। ਦਿੱਲੀ ਸ਼ਹਿਰ ਤੇ ਸ਼ਹਿਰ ਲਾਹੌਰ ਦੀ ਮੈਂ ਫੜਕੇ ਇੱਟ ਨਾਲ ਇੱਟ ਖੜਕਾ ਦਿਆਂ ਮੈਂ । ਪੰਚਮ ਪਿਤਾ ਬੋਲੇ ਬਹੁਤਾ ਹੋ ਨਾ ਤੂੰ ਬਹੁਤੇ ਤੱਤ ਦੇ ਬਹੁਤੇ ਸ਼ੌਕੀਨਾ ਤੱਤਾ। ਤੱਤ ਜ਼ਿੰਦਗੀ ਦਾ ਸਾਈਆਂ ਸ਼ਾਂਨਤੀ ਹੈ ਹੋਣਾ ਫੱਕਰ ਨੂੰ ਚਾਹੀਏ ਕਦੀ ਨਾ ਤੱਤਾ। ਮੈਂ ਮੰਨਿਆ ਤਾਉ ਹੈ ਤਵੀ ਦਾ ਵੀ ਅਤੇ ਉਤੋਂ ਹੈ ਜੇਠ ਮਹੀਨਾ ਤੱਤਾ। ਤੱਤੀ ਤਵੀ ਨਾਲੋਂ ਕਿਧਰੇ ਵੱਧ ਹੈ ਉਏ। ਮੇਰੇ ਹਿੰਦੁਸਤਾਨ ਦਾ ਸੀਨਾ ਤੱਤਾ। ਜਿਹੜੇ ਰੱਬ ਨੇ ਕੀਤੀ ਮਖ਼ਲੂਕ ਪੈਦਾ ਉਸੇ ਰੱਬ ਦੇ ਅਸੀਂ ਵੀ ਜਾਏ ਹੋਏ ਹਾਂ। ਜ਼ਾਲਿਮ ਅੱਗ ਵਰਸਾਉਣ ਲਈ ਆਏ ਹੋਏ ਨੇ ਅਸੀਂ ਠੰਢ ਵਰਸਾਉਣ ਲਈ ਆਏ ਹੋਏ ਹਾਂ। ਸਾਡੀ ਆਤਮਾ ਸੋਮਾ ਹੈ ਸ਼ਾਨਤੀ ਦਾ ਸਾਨੂੰ ਪੋਹ ਸਕਦੀ ਨਹੀਂ ਸੰਸਾਰ ਦੀ ਅੱਗ। ਦਿਨ ਰਾਤ ਸੰਸਾਰ ਨੂੰ ਲੂਹੀ ਜਾਂਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ। ਜਹਾਂਗੀਰ ਦੇ ਸੀਨੇ ਦਵੈਖ ਦੀ ਅੱਗ ਸਾਡੇ ਸੀਨੇ 'ਚ ਸਿੱਖ-ਪਿਆਰ ਦੀ ਅੱਗ। ਪਰਖ ਲੈਣਗੇ ਆਪੇ ਜਹਾਨ ਵਾਲੇ ਕਿਹੜੀ ਜਿੱਤਦੀ ਅੱਗ ਕਿਹੜੀ ਹਾਰਦੀ ਅੱਗ। ਭੰਵਰ ਸ਼ਮ੍ਹਾਂ ਤੋਂ ਜਾਨ ਗੁਆ ਗਿਆ ਏ ਉਹਨੇ ਕਿਸੇ ਦਾ ਕੀ ਸਵਾਰਿਆ ਏ। ਗੁਰੂ ਅਰਜਨ ਨੇ ਬੈਠ ਕੇ ਅੱਗ ਉੱਤੇ ਸਾਰੇ ਜਗਤ-ਜਲੰਦੇ ਨੂੰ ਠਾਰਿਆ ਏ। ਡੇਹਰਾ ਸਾਹਿਬ ਵਿਛੋੜਿਆ ਗਿਆ ਸਾਥੋਂ ਸਿੰਘੋ ! ਕੰਮ ਸਾਰੇ ਹੇਰ ਫੇਰ ਦੇ ਨੇ। ਸਿੰਘ ਵਰ੍ਹੇ ਦੇ ਵਰ੍ਹੇ ਲਹੌਰ ਜਾਂਦੇ ਪਾਕਿਸਤਾਨੀਏ ਵੀ ਹੰਝੂ ਕੇਰਦੇ ਨੇ। ਸਾਡੇ ਗਲਾਂ 'ਚ ਫੁੱਲਾਂ ਦੇ ਹਾਰ ਪਾਉਂਦੇ ਸਾਡੇ ਰਾਹਾਂ 'ਚ ਕਲੀਆਂ ਖਲੇਰਦੇ ਨੇ। ਤਾਰੂ ਸਿੰਘ ਦੀ ਐਪਰ ਸਮਾਧ ਉੱਤੇ ਝਾੜੂ ਮੈਲਿਆਂ ਹੱਥਾਂ ਨਾਲ ਫੇਰਦੇ ਨੇ। ਡੇਹਰਾ ਸਾਹਿਬ ਨਨਕਾਣੇ ਤੇ ਪੰਜੇ ਦਾ ਜੇ ਬਿਨਾਂ ਪਰਮਟੋਂ ਸਾਨੂੰ ਦੀਦਾਰ ਹੋ ਜਾਏ। ‘ਸਫਰੀ' ਖ਼ਾਲਸੇ ਦੀ ਹੋ ਜਾਏ ਸ਼ਾਨ ਉੱਚੀ ਬੇੜਾ ਹਿੰਦੋਸਤਾਨ ਦਾ ਪਾਰ ਹੋ ਜਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ
ਕਲਜੁਗ ਦਾ ਨ੍ਹੇਰਾ ਚੁੱਕਣ ਲਈ ਇਕ ਜੋਤ ਜਗਤ ਵਿਚ ਆਈ ਏ। ਕੁਲ ਭਾਰਤ ਦੇ ਵਿਚ ਚਾਨਣ ਹੈ ਰੁਸ਼ਨਾਈ ਏ ਰੁਸ਼ਨਾਈ ਏ। ਅੱਜ ਦੇਵਤਿਆਂ ਨੇ ਅੰਬਰ ਤੋਂ ਫੁੱਲਾਂ ਦੀ ਵਰਸ਼ਾ ਲਾਈ ਏ। ਵਡਭਾਗਾ ਨਗਰ ਵਡਾਲੀ ਦਾ ਗੁਰ ਅਰਜਨ ਦੀ ਵਡਿਆਈ ਏ। ਇਹ ਵਰ ਹੈ ਬਾਬੇ ਬੁੱਢੇ ਦਾ ਜੰਗ ਬੀਰਤਾ ਇਸ ਦੀ ਮੰਨੇਗਾ। ਮੈਂ ਗੰਢੇ ਦਾ ਸਿਰ ਭੰਨਿਆ ਹੈ ਇਹ ਮੁਗ਼ਲਾਂ ਦੇ ਸਿਰ ਭੰਨੇਗਾ। ਸਤਿਗੁਰ ਨੇ ਕਿਹਾ ਲੜਾਈ ਇਹ ਗੁਰਸਿੱਖੋ ਲੜਨੀ ਪੈਣੀ ਏਂ। ਲੱਖ ਏਸ ਵਣਜ ਵਿਚ ਘਾਟਾ ਹੈ ਇਹ ਘਾਟੀ ਚੜ੍ਹਨੀ ਪੈਣੀ ਏਂ। ਇਹ ਬੜੀ ਪੜ੍ਹਾਈ ਮੁਸ਼ਕਿਲ ਹੈ ਪੜ੍ਹਨੀ ਏਂ ਪੜ੍ਹਨੀ ਪੈਣੀ ਏਂ। ਹੱਥ ਮਾਲਾ ਪਕੜਨ ਵਾਲੜਿਉ! ਤਲਵਾਰ ਵੀ ਫੜਨੀ ਪੈਣੀ ਏਂ। ਜਦ ਜ਼ੁਲਮ ਸਿਖ਼ਰ 'ਤੇ ਪਹੁੰਚ ਗਿਆ ਜਦ ਹੋ ਗਈ ਬਾਤ ਅਖ਼ੀਰੀ ਦੀ। ਦੋ ਤੇਗ਼ਾਂ ਸਤਗੁਰ ਪਾ ਲਈਆਂ ਇਕ ਮੀਰੀ ਦੀ ਇਕ ਪੀਰੀ ਦੀ। ਇਕ ਰਾਜ-ਭਾਗ ਦੀ ਮਾਲਿਕ ਸੀ ਇਕ ਨਿਰੀ ਫ਼ਕੀਰ ਕਹਾਉਂਦੀ ਸੀ। ਇਕ ਜ਼ਖ਼ਮ ਕਰੇਂਦੀ ਦੁਸ਼ਮਣ ਨੂੰ ਇਕ ਜ਼ਖਮ 'ਤੇ ਮਲ੍ਹਮਾਂ ਲਾਉਂਦੀ ਸੀ। ਇਕ ਅੰਮ੍ਰਿਤ ਵਰਸ਼ਾ ਕਰਦੀ ਸੀ ਇਕ ਲਹੂਆਂ ਦੇ ਵਿਚ ਨ੍ਹਾਉਂਦੀ ਸੀ। ਇਕ ਜ਼ੁਲਮ ਨੂੰ ਰੋਹੜੀ ਜਾਂਦੀ ਸੀ ਇਕ ਰੁੜ੍ਹਦਾ ਧਰਮ ਬਚਾਉਂਦੀ ਸੀ। ਇਕ ਮਹਿਰਮ ਬਣੀ ਮਸੀਤਾਂ ਦੀ ਦੂਜੀ ਨੂੰ ਮੰਦਰ ਪਿਆਰਾ ਸੀ। ਦੋਹਾਂ ਦੇ ਅੰਦਰ ਹੀ ਪੈਂਦਾ ਗੁਰੂ ਨਾਨਕ ਦਾ ਝਲਕਾਰਾ ਸੀ। ਇਕ ਤੇਗ਼ ਨੂਰਾਨੀ ਸਤਿਗੁਰ ਦੀ ਦੁਖੀਆਂ ਦੇ ਕਸ਼ਟ ਨਿਵਾਰ ਗਈ। ਇਕ ਲਾ ਗਈ ਅੱਗ ਹਕੂਮਤ ਨੂੰ ਇਕ ਪਰਜਾ ਦਾ ਦਿਲ ਠਾਰ ਗਈ। ਇਹ ਜੋੜੀ ਸੁੰਦਰ ਤੇਗਾਂ ਦੀ ਕਰ ਵੱਖਰੀ ਵੱਖਰੀ ਕਾਰ ਗਈ। ਇਕ ਪੈਂਦੇ ਖ਼ਾਂ ਨੂੰ ਡੋਬ ਗਈ ਇਕ ਬਿਧੀ ਚੰਦ ਨੂੰ ਤਾਰ ਗਈ। ਇਕ ਨਾਮ ਜਪਣ ਵਿਚ ਮਗਨ ਰਹੀ ਇਕ ਮੋਮ ਵਾਂਗਰਾਂ ਨਰਮ ਰਹੀ। ਇਕ ਨਰਮ ਰਹੀ ਇਕ ਸਖ਼ਤ ਰਹੀ ਇਕ ਸਰਦ ਰਹੀ ਇਕ ਗਰਮ ਰਹੀ। ਇਕ ਬਦਲਾ ਲੈ ਗਈ ਚੰਦੂ ਤੋਂ ਇਕ ਬਦਲ ਸਾਡੀ ਤਕਦੀਰ ਗਈ। ਇਕ ਜਹਾਂਗੀਰ ਤੋਂ ਪਰ੍ਹੇ ਗਈ ਇਕ ਮੂਲੋਂ ਬਣੀ ਫ਼ਕੀਰ ਰਹੀ। ਇਕ ਧਰਮ ਧੌਲ ਤਿਕ ਪਹੁੰਚ ਗਈ ਇਕ ਉੱਚਾ ਅੰਬਰ ਚੀਰ ਗਈ। ਇਹ ਜੋਤ ਸੀ ਸਤਿਗੁਰ ਨਾਨਕ ਦੀ ਭਾਰਤ ਦੇ ਭਾਗ ਲਕੀਰ ਗਈ। ਜੋ ਬੰਦ ਬਵੰਜਾ ਰਾਜੇ ਸਨ ਸਤਿਗੁਰ ਨੇ ਹਾਮੀ ਭਰ ਦਿੱਤੀ। ਉਸ ਬੰਦੀ ਛੋੜ ਨੇ ਸਭਨਾਂ ਦੀ ਝੱਟ ਬੰਦ ਖ਼ਲਾਸੀ ਕਰ ਦਿੱਤੀ। ਉਸ ਜੁੱਗ ਪਲਟਾਊ ਜੋਧੇ ਨੇ ਸਾਡੀ ਕਿਸਮਤ ਤੱਕ ਪਲਟਾ ਦਿੱਤੀ। ਮਾਲਾ ਦੇ ਬਦਲੇ ਹਿੰਦੀਆਂ ਦੇ ਹੱਥੀਂ ਤਲਵਾਰ ਫੜਾ ਦਿੱਤੀ। ਕਰਤਾਰਪੁਰ, ਹਰਗੋਬਿੰਦਪੁਰਾ, ਗੁਰਸਰ ਦੀ ਧਰਤ ਵਸਾ ਦਿੱਤੀ। ਤੇ ਕਾਠ ਮਾਰਿਆ ਦੁਸ਼ਮਣ ਨੂੰ ਇਕ ਕਾਠ ਦੀ ਤੋਪ ਚਲਾ ਦਿੱਤੀ। ਅਰਜਨ ਦੇ ਵੀਰ ਸਪੁੱਤਰ ਨੇ ਚੁਣ ਚੁਣ ਕੇ ਸ਼ਤਰੂ ਮਾਰੇ ਨੇ। ਗੰਗਾ ਦੀ ਅਜ਼ਮਤ ਰੱਖ ਲਈ ਗੰਗਾ ਦੀ ਅੱਖ ਦੇ ਤਾਰੇ ਨੇ । ਨਾ ਭਟਕ ਮਨਾਂ ਛੱਡ ਆਦਤ ਹੁਣ ਥਾਂ ਥਾਂ 'ਤੇ ਸਜਦੇ ਕਰਨੇ ਦੀ। ਦਰ ਗੁਰਾਂ ਦੇ ਢੈ ਪਉ ਮੁੱਕ ਜਾਵੇ ਤੇਰੀ ਚਿੰਤਾ ਜੀਣੇ ਮਰਨੇ ਦੀ। ਪਰ ਤੱਕ ਧੜਾਂ ਵੱਲ ਝਿਜਕੀਂ ਨਾ ਝੱਟ ਕਰੀਂ ਨਾ ਓਥੇ ਡਰਨੇ ਦੀ। ਆਦਤ ਹੈ ਉਹਦਿਆਂ ਸਿੰਘਾਂ ਨੂੰ ਸਿਰ ਵੱਢ ਤਲੀ 'ਤੇ ਧਰਨੇ ਦੀ । ਅੰਮ੍ਰਿਤਸਰ ਸੋਮਾ ਅੰਮ੍ਰਿਤ ਦਾ ਸਤਗੁਰ ਦੀ ਅਮਰ ਨਿਸ਼ਾਨੀ ਏਂ। ਅਸੀਂ ਭਾਰਤ ਦੇ ਵਿਚ ਜਿਉਂਦੇ ਹਾਂ ਇਹ ਗੁਰੂਆਂ ਦੀ ਕੁਰਬਾਨੀ ਏਂ। ਓ ਨਕਲੀ ਗੁਰੂਓ ਸਮੇਂ ਦਿਉ ਕੁਝ ਹਿਰਦਾ ਆਪਣਾ ਵੱਲ ਕਰੋ। ਇਕ ਆਪਣੇ ਹਲਵੇ ਮਾਂਡੇ ਲਈ ਨਾ ਲੋਕਾਂ 'ਨਾ ਵੱਲ ਛੱਲ ਕਰੋ। ਕੋਈ ਦੇਸ਼ ਦਾ ਮਸਲਾ ਹੱਲ ਕਰੋ ਚਾਹੇ ਅੱਜ ਕਰੋ ਚਾਹੇ ਕੱਲ੍ਹ ਕਰੋ। ਜੇ ਗੁਰ-ਗੱਦੀ 'ਤੇ ਬਹਿਣਾ ਏਂ ਤਾਂ ਲਾਲ ਤਵੀ ਨਾਲ ਗੱਲ ਕਰੋ। ਗੱਦੀ ਦੀ ਕੀਮਤ ਪੁੱਛ ਵੇਖੋ ਉਹਨਾਂ ਰੱਤ ਭਿੱਜੀਆਂ ਤਲਵਾਰਾਂ ਤੋਂ। ਚਮਕੌਰ ਤੋਂ ਪੁੱਛੋ ਜਾਂ ਪੁੱਛੋ ਸਰਹੰਦ ਦੀਆਂ ਦੀਵਾਰਾਂ ਤੋਂ। ਓ ਭੇਖੀ ਗੁਰੂਓ ਚੁੱਪ ਰਹੋ ਕਿਉਂ ਸ਼ੋਰ ਮਚਾਉਂਦੇ ਫਿਰਦੇ ਓ। ਪਾ ਪੈਰੀਂ ਪਊਏ ਲੋਕਾਂ ਨੂੰ ਧੋਖੇ ਵਿਚ ਪਾਉਂਦੇ ਫਿਰਦੇ ਓ। ਦਿੱਲੀ ਵਿਚ ਸੀਸ ਕਟਾਉਣਾ ਕੀ ਦਾਹੜੇ ਕਟਵਾਉਂਦੇ ਫਿਰਦੇ ਓ। ਇਕ ਲਹੂ ਲੁਆ ਕੇ ਚੀਚੀ ਨੂੰ ਮਨਸੂਰ ਕਹਾਉਂਦੇ ਫਿਰਦੇ ਓ। ਇਹ ਪੰਥ ਖ਼ਾਲਸਾ ਓ 'ਸਫ਼ਰੀ' ਲਹੂਆਂ ਦੀ ਭੇਟ ਚੜ੍ਹਾਏਗਾ। ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ।
ਸ੍ਰੀ ਗੁਰੂ ਹਰਿ ਰਾਏ
ਕੀਰਤਪੁਰ ਦੀ ਧਰਤ ਪਵਿੱਤਰ ਜਨਮ ਲਿਆ ਹਰਿ ਰਾਏ। ਨਾਨਕ ਗੁਰੂ ਨਿਹਾਲ ਕੌਰ ਦੇ ਸੁੱਤੇ ਭਾਗ ਜਗਾਏ। ਤਾਂ ਬਾਬਾ ਗੁਰਦਿੱਤਾ ਜੀ ਦੇ ਘਰ ਵੱਜਣ ਸ਼ਹਿਨਾਈਆਂ। ਬਾਲਕ ਦੇ ਦੀਦਾਰ ਕਰਨ ਲਈ ਹੂਰਾਂ ਚੱਲ ਕੇ ਆਈਆਂ। ਮੁੱਖ 'ਤੇ ਚਮਕੇ ਨੂਰ ਨਿਰਾਲਾ ਸੂਰਤ ਪਿਆਰੀ ਪਿਆਰੀ। ਬਚਪਨ ਵਿਚ ਹੀ ਸ਼ਸਤਰ ਵਿੱਦਿਆ ਸਿੱਖ ਲਈ ਘੋੜਸਵਾਰੀ। ਬਾਬਾ ਬੁੱਢਾ ਜੀ ਦੇ ਪੁੱਤਰ ਭਾਨੇ ਕਰਮ ਕਮਾਏ। ਗੁਰੂ ਨਾਨਕ ਦੀ ਗੱਦੀ ਉੱਤੇ ਬੈਠੇ ਗੁਰੂ ਹਰਿ ਰਾਏ। ਹਰ ਦੁਖੀ ਦੀਆਂ ਪੀੜਾਂ ਹਰਦੇ ਹਰਿ ਹਰਿ ਕਹੁ ਹਰਿ ਰਾਏ। ਭੁੱਖਿਆਂ ਅਤੇ ਗ਼ਰੀਬਾਂ ਖ਼ਾਤਿਰ ਥਾਂ ਥਾਂ ਲੰਗਰ ਲਾਏ। ਰਾਉ ਰੰਕ ਆ ਬਣੇ ਪੁਜਾਰੀ ਏਸ ਪਵਿੱਤਰ ਦਰ ਦੇ । ਲੋੜਵੰਦਾਂ ਦੀਆਂ ਸਭੇ ਲੋੜਾਂ ਸਤਿਗੁਰ ਪੂਰੀਆਂ ਕਰਦੇ। ਏਥੇ ਜੀਵਨ ਖਿੜ ਖਿੜ ਹਸਦਾ ਨਜ਼ਰ ਨਾ ਆਵੇ ਸੋਗੀ। ਏਥੋਂ ਰਾਜ਼ੀ ਹੋ ਹੋ ਜਾਂਦੇ ਜਨਮ ਜਨਮ ਦੇ ਰੋਗੀ। ਸ਼ਾਹ ਦਾਰਾ ਸ਼ਕੋਹ ਵੀ ਏਥੇ ਬਿਪਤਾ ਮਾਰਾ ਆਇਆ। ਉਸ ਨੂੰ ਵੀ ਬੇ-ਬਸ ਸਮਝ ਕੇ ਗੁਰਾਂ ਨੇ ਸੀਨੇ ਲਾਇਆ। ਸੇਵਾ ਸਿਮਰਨ ਵੰਡ ਛਕਣ ਦੀ ਸਤਿਗੁਰ ਰੀਤ ਚਲਾਈ। ਕਿਸੇ ਜੀਵ ਨੂੰ ਦੁਖ ਪਹੁੰਚਾਉਣਾ ਘੋਰ ਪਾਪ ਹੈ ਭਾਈ। ਏਥੇ ਆਏ ਕਈ ਘੁਮੰਡੀ ਕਈ ਜਾਬਰ ਹੰਕਾਰੀ। ਇਕ ਨਿਮਰਤਾ ਬਾਹਝੋਂ ਸਭ ਨੇ ਜੀਵਨ ਬਾਜ਼ੀ ਹਾਰੀ। ਭਵ ਸਾਗਰ 'ਚੋਂ ਤਰ ਗਿਆ ਜਿਨ ਦੀਦਾਰ ਗੁਰਾਂ ਦਾ ਕੀਤਾ। ਲੱਖਾਂ ਹੀ ਸ਼ਰਧਾਲੂਆਂ ਏਥੋਂ ਨਾਮ ਦਾ ਅੰਮ੍ਰਿਤ ਪੀਤਾ। ਸ਼ਾਹ ਔਰੰਗੇ ਪਾਸ ਕਿਸੇ ਨੇ ਜਾ ਕੇ ਚੁਗ਼ਲੀ ਮਾਰੀ। ਗੁਰੂ ਗ੍ਰੰਥ ਵਿਚ ਕੀਤੀ ਗਈ ਇਸਲਾਮ ਦੀ ਹੱਤਕ ਭਾਰੀ। “ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ” ਲਖਾਇਆ। ਇਹ ਸੁਣ ਕੇ ਔਰੰਗਜ਼ੇਬ ਵੀ ਗੁੱਸੇ ਦੇ ਵਿਚ ਆਇਆ। ਸਤਿਗੁਰ ਜੀ ਨੂੰ ਹੁਕਮ ਭੇਜਿਆ ਵਿਚ ਕਚਹਿਰੀ ਆਉ। ਮਿੱਟੀ ਮੁਸਲਮਾਨ ਦੀ ਵਾਲਾ ਨਿਰਣਾ ਆਖ ਸੁਣਾਉ। ਰਾਮ ਰਾਏ ਸੀ ਗੁਰੂ ਸਾਹਿਬ ਦਾ ਬਹੁਤ ਪਿਆਰਾ ਪੁੱਤਰ। ਸਤਿਗੁਰ ਨੇ ਫ਼ਰਮਾਇਆ ਬੇਟਾ ਆਪ ਦਿਉ ਜਾ ਉੱਤਰ। ਰਾਮ ਰਾਏ ਨੇ ਸ਼ਾਹ ਨੂੰ ਕੀਤਾ ਖ਼ੁਸ਼ ਰੱਖਣ ਦਾ ਚਾਰਾ । ਗੁਰਬਾਣੀ ਦਾ ਸ਼ਬਦ ਬਦਲ ਕੇ ਪਾਪ ਕਮਾਇਆ ਭਾਰਾ। ਕਹਿੰਦਾ “ਸ਼ਾਹਾ ਇਹ ਹੈ ਚਿੱਟੇ ਦਿਨ ਵਰਗੀ ਗੱਲ ਚਿੱਟੀ। ਮਿੱਟੀ ਮੁਸਲਮਾਨ ਦੀ ਨਹੀਂ ਹੈ ਬੇਈਮਾਨ ਦੀ ਮਿੱਟੀ।" ਇਹ ਗੱਲ ਸੁਣ ਕੇ ਸਤਿਗੁਰ ਸੱਚੇ ਬੇ-ਖੌਫ਼ ਹਰਿ ਰਾਏ। ਆਪਣੇ ਪੁੱਤਰ ਰਾਮ ਰਾਏ ਨੂੰ ਏਦਾਂ ਸ਼ਬਦ ਅਲਾਏ। “ਤੂੰ ਬਾਣੀ ਦੇ ਸ਼ਬਦ ਬਦਲ ਕੇ ਕਰੀ ਅਵੱਗਿਆ ਭਾਰੀ। ਤੈਨੂੰ ਹਰਗਿਜ਼ ਨਹੀਂ ਬਖ਼ਸ਼ਣਾ ਗੁਰ ਨਾਨਕ ਨਿਰੰਕਾਰੀ॥" ਗੁਰਬਾਣੀ ਲਈ ਮਨੀ ਸਿੰਘ ਨੇ ਬੰਦ ਬੰਦ ਕਟਵਾਏ। ਗੁਰ ਅਰਜਨ ਨੇ ਤੱਤੇ ਕੜਛੇ ਕੇਸਾਂ ਵਿਚ ਪੁਆਏ। ਰਾਮ ਰਾਏ ਇਸ ਜੀਵ ਨੇ ਜੰਗ 'ਤੇ ਵਾਰ ਵਾਰ ਨਹੀਂ ਆਉਣਾ। ਜਾਹ ਤੁਰ ਜਾ ਤੈਨੂੰ ਗੁਰੂ ਘਰ ਵਿਚ ਮੂੰਹ ਕਿਸੇ ਨਹੀਂ ਲਾਉਣਾ। ਰਾਮ ਰਾਏ ਨੂੰ ਨਫ਼ਰਤ ਕੀਤੀ ਗੁਰਾਂ ਨੇ ਮੁੱਖ ਨਹੀਂ ਲਾਇਆ। ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਗੱਦੀ 'ਤੇ ਬਿਠਲਾਇਆ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ
ਕ੍ਰਿਸ਼ਨ ਕੌਰ ਦੀ ਕੁੱਖ 'ਚੋਂ ਜਨਮ ਲੈ ਕੇ ਕੀਰਤਪੁਰ ਹਰਿਕ੍ਰਿਸ਼ਨ ਅਵਤਾਰ ਆਇਆ। ਚਾਨਣ ਗੁਰੂ ਹਰ ਰਾਏ ਦੀ ਦੀਦ ਦਾ ਉਹ ਦੱਸਣ ਲਈ ਆਪਣਾ ਚਮਤਕਾਰ ਆਇਆ। ਕੀਤਾ ਸਿੱਖੀ ਦਾ ਜਿਹਨੇ ਨਿਸ਼ਾਨ ਉੱਚਾ ਇਹੁ ਜੇਹਾ ਬਾਲਕ ਹੋਣਹਾਰ ਆਇਆ। ਪੰਜ ਸਾਲ ਅਵਸਥਾ ਸੀ ਸਤਿਗੁਰਾਂ ਦੀ ਜਦੋਂ ਸੀਸ 'ਤੇ ਗੱਦੀ ਦਾ ਭਾਰ ਆਇਆ। ਬਣੇ ਨਾਨਕ ਦੀ ਗੱਦੀ ਦਾ ਉਹ ਵਾਰਸ ਰੰਗਣ ਨਾਮ ਵਾਲੀ ਜਿਸਨੂੰ ਚੜ੍ਹੀ ਹੋਵੇ। ਦਿਲ ਵਿਚ ਸਿੱਖੀ ਪਿਆਰ ਦਾ ਹੋਏ ਜਜ਼ਬਾ ਉਮਰ ਛੋਟੀ ਹੋਵੇ ਭਾਵੇਂ ਬੜੀ ਹੋਵੇ। ਰਾਮ ਰਾਏ ਦੀ ਹੋ ਗਈ ਸੀ ਰਾਏ ਉਲਟੀ ਉਹਨੇ ਬਾਣੀ ਦਾ ਅਰਥ ਉਲਟਾ ਲਿਆ ਸੀ। ਮੁਸਲਮਾਨ ਦੀ ਮਿੱਟੀ ਦੀ ਥਾਂ ਉਸਨੇ ਬੇਈਮਾਨ ਦੀ ਮਿੱਟੀ ਬਣਾ ਲਿਆ ਸੀ। ਸਾਜ਼ ਬਾਜ਼ ਹਕੂਮਤ ਦੇ ਨਾਲ ਕਰਕੇ ਗੁਰੂ ਘਰ 'ਨਾ ਧਰੋਹ ਕਮਾ ਲਿਆ ਸੀ। ਤਾਹੀਉਂ ਗੁਰੂ ਹਰਿ ਰਾਏ ਨੇ ਬੜਾ ਛੱਡ ਕੇ ਛੋਟੇ ਪੁੱਤਰ ਨੂੰ ਗੱਦੀ ਬਿਠਾ ਲਿਆ ਸੀ। ਇਕ ਭੁੱਲੜ ਬ੍ਰਾਹਮਣ ਨੇ ਆਖਿਆ ਕਿ ਤੁਸੀਂ ਕ੍ਰਿਸ਼ਨ ਤਾਂ ਨਾਮ ਰਖਾ ਲਿਆ ਏ। ਸਾਡੇ ਕ੍ਰਿਸ਼ਨ ਨੇ ਗੀਤਾ ਉਚਾਰੀ ਸੀਗੀ ਕੋਈ ਤੁਸੀਂ ਵੀ ਕੌਤਕ ਦਖਾਲਿਆ ਏ। ਓਸ ਅੱਠਵੀਂ ਜੋਤ ਨਰੰਜਣੀ ਨੇ ਸੁਣ ਕੇ ਗਿਆਨ ਦੀ ਮਹਿਕ ਖਿਲਾਰ ਦਿੱਤੀ। ਇਕ ਗੂੰਗੇ ਮਨੁੱਖ ਨੂੰ ਨਾਲ ਲੈ ਕੇ ਆਪਣੀ ਖੂੰਡੀ ਦੀ ਛੋਹ ਦਾਤਾਰ ਦਿੱਤੀ। ਓਸ ਖੂੰਡੀ ਨੇ ਗੂੰਗੇ ਨੂੰ ਕੀ ਦਿੱਤਾ ਜੀਭ ਇਕ ਦੀ ਥਾਂ ਹਜ਼ਾਰ ਦਿੱਤੀ। ਓਸ ਗੂੰਗੇ ਮਨੁੱਖ ਨੇ ਮੁਖੜੇ ਥੀਂ ਗੀਤਾ ਸਾਰੀ ਦੀ ਸਾਰੀ ਉਚਾਰ ਦਿੱਤੀ। ਸਿੱਖ ਧਰਮ ਹੈ ਧਰਮ ਮਨੁੱਖਤਾ ਦਾ ਇਹਨੇ ਪਾਪੀ ਦਾ ਕਦੇ ਨਹੀਂ ਪੱਖ ਕੀਤਾ। ਬਾਲਕ ਗੁਰੂ ਨੇ 'ਬਾਬਾ ਬਕਾਲੇ' ਰਕਹਿ ਕੇ ਨਾਵੇਂ ਗੁਰੂ ਦਾ ਨਾਮ ਪਰਤੱਖ ਕੀਤਾ। ਕੀਰਤਪੁਰ 'ਚ ਸ਼ਾਹੀ ਸੰਦੇਸ਼ ਆਇਆ ਦਿਲ ਦਿੱਲੀ ਦਾ ਦਇਆ ੱਚ ਆਉਣਾ ਚਾਹੁੰਦੈ। ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਸ਼ਾਹ ਔਰੰਗਾ ਵੀ ਪਾਉਣਾ ਚਾਹੁੰਦੈ। ਅੱਠਵੇਂ ਪਾਤਸ਼ਾਹ ਲਿਖਕੇ ਜਵਾਬ ਦਿੱਤਾ ਮੈਨੂੰ ਪਤਾ ਜੋ ਚਾਲਾਂ ਚਲਾਉਣਾ ਚਾਹੁੰਦੈ। ਰਾਮ ਰਾਏ ਨੂੰ ਉਹਨੇ ਦਬਾ ਲਿਆ ਏ ਹੁਣ ਸਾਨੂੰ ਵੀ ਪਾਪੀ ਦਬਾਉਣਾ ਚਾਹੁੰਦੈ। ਕੋਈ ਆਖੋ ਔਰੰਗੇ ਨੂੰ ਭਲੇ ਲੋਕਾ ਧੰਦਾ ਬੇ-ਇਨਸਾਫ਼ੀ ਦਾ ਫੱਬਣਾ ਨਹੀਂ । ਪੰਚਮ ਪਿਤਾ ਦਾ ਜਿਹਨਾਂ ਇਤਿਹਾਸ ਪੜ੍ਹਿਆ ਉਹਨਾਂ ਸਿੱਖਾਂ ਦਬਾਇਆਂ ਵੀ ਦੱਬਣਾ ਨਹੀਂ। ਆਖੇ ਸੰਗਤਾਂ ਦੇ ਸਤਿਗੁਰ ਗਏ ਦਿੱਲੀ ਸਭਨਾਂ ਗੁਰ ਸਿੱਖਾਂ ਦਾ ਆ ਸਤਿਕਾਰ ਕੀਤਾ। ਦੀਦੇ ਜਿਹਨਾਂ ਦੀ ਦੀਦ ਨੂੰ ਤਰਸਦੇ ਸਨ ਉਹਨਾਂ ਸੇਵਕਾਂ ਆ ਕੇ ਦੀਦਾਰ ਕੀਤਾ। ਸ਼ਾਹੀ ਥੰਮ੍ਹ ਹਕੂਮਤ ਦੇ ਜੇ ਸਿੰਘ ਨੇ ਚਰਨਾਂ ਵਿਚ ਆ ਕੇ ਜੇ ਜੈ ਕਾਰ ਕੀਤਾ। ਮੱਥੇ ਨਹੀਂ ਮਲੇਸ਼ ਦੇ ਕਦੇ ਲੱਗਣਾ ਔਰੰਗਜ਼ੇਬ ਨੂੰ ਗੁਰਾਂ ਇਨਕਾਰ ਕੀਤਾ। ‘ਸਫਰੀ' ਅੱਠਵਾਂ ਗੁਰੂ ਹਰਿਕ੍ਰਿਸ਼ਨ ਭਾਵੇਂ ਛੋਟੀ ਉਮਰ ਦੇ ਵਿਚ ਸਮਾ ਗਿਆ ਏ। ਫਿਹਲ ਕਰਕੇ ਔਰੰਗੇ ਦੀ ਰਾਜਨੀਤੀ ਮੋਢਾ ਮੁਗ਼ਲ ਸਰਕਾਰ ਦਾ ਲਾ ਗਿਆ ਏ।
ਤੇਗ਼ ਬਹਾਦਰ ਹਿੰਦ ਦੀ ਚਾਦਰ
ਬੁਲਬੁਲ ਹੀ ਹੱਥੀਂ ਗੁਲਸ਼ਨ ਨੂੰ ਜਦ ਬਾਲ ਮੁਆਤਾ ਲਾ ਬੈਠੀ। ਚੰਗਿਆੜੀ ਬਣ ਹਰ ਕਲੀ ਭੰਵਰ ਦੇ ਦਿਲ 'ਤੇ ਛਾਲੇ ਪਾ ਬੈਠੀ। ਨਿਰਦਈ ਹਕੂਮਤ ਬਣ ਬੈਠੀ ਜਦ ਵਾੜ ਖੇਤ ਨੂੰ ਖਾ ਬੈਠੀ। ਜਦ ਖ਼ੂਨੀ ਤੇਗ਼ ਔਰੰਗੇ ਦੀ ਹਿੰਦੂਆਂ ਦੇ ਲਹੂ 'ਚ ਨ੍ਹਾ ਬੈਠੀ। ਜਦ ਰੱਤ ਨੁੱਚੜ ਗਈ ਧਰਤੀ 'ਤੇ ਬੇ-ਬੱਸ ਵਤਨ ਦੀਆਂ ਗਊਆਂ ਦੀ। ਗ਼ਜ਼ਨੀ ਵਿਚ ਬੋਲੀ ਦਿੱਤੀ ਗਈ ਭਾਰਤ ਦੀਆਂ ਬੇਟੀਆਂ ਬਹੂਆਂ ਦੀ। ਧਰਤੀ ਨੇ ਲਈਆਂ ਲਿਲਕਣੀਆਂ ਆਕਾਸ਼ ਦੇ ਹੰਝੂ ਵਹਿਣ ਲੱਗੇ। ਜਦ ਧਰਮ ਡਿੱਗ ਪਿਆ ਖਾਤੇ ਵਿਚ ਮਾਲਾ ਦੇ ਮਣਕੇ ਢਹਿਣ ਲੱਗੇ। ਜਦ ਪੈਰ ਤਿਲਕ ਪਏ ਤਿਲਕਾਂ ਦੇ ਜਦ ਮਣ-ਮਣ ਜੰਜੂ ਲਹਿਣ ਲੱਗੇ। ਜਦ ਸੰਖ ਸੰਖੀਆ ਖਾ ਬੈਠਾ ਘੜਿਆਲ ਤਸੀਹੇ ਸਹਿਣ ਲੱਗੇ। ਤਾਂ ਦਰ 'ਤੇ ਤੇਗ਼ ਬਹਾਦਰ ਦੇ ਕਸ਼ਮੀਰ ਦੇ ਪੰਡਤ ਆ ਨਿਕਲੇ। ਦਿਲ ਦੀ ਕੋਈ ਵਿੱਥਿਆ ਦੱਸਣ ਲਈ ਦਿਲ ਚੀਰਦੇ ਪੰਡਤ ਆ ਨਿਕਲੇ। ਬੋਲੇ ਅੱਜ ਜ਼ਿੰਦਗੀ ਧੁਖਦੀ ਏ ਪਰ ਧੂਪ ਧੁਖਾਉਣਾ ਮਿਲਦਾ ਨਹੀਂ। ਸੰਖੀਆ ਤਾਂ ਖਾਣਾ ਸੌਖਾ ਹੈ ਪਰ ਸੰਖ ਵਜਾਉਣਾ ਮਿਲਦਾ ਨਹੀਂ। ਹਰ ਗੱਲ ਵਿਚ ਫਨੀਅਰ ਲਟਕ ਰਿਹਾ ਜੰਜੂ ਲਟਕਾਉਣਾ ਮਿਲਦਾ ਨਹੀਂ। ਜਦ ਚੜ੍ਹਦਾ ਹਾਲ ਬੇਦਰਦਾਂ ਨੂੰ ਕੋਈ ਹਾਲ ਸੁਣਾਉਣਾ ਮਿਲਦਾ ਨਹੀਂ। ਕੋਈ ਕਰੋ ਸਹਾਇਤਾ ਇਹ ਨਈਆ ਦੁੱਖਾਂ ਦਾ ਸਾਗਰ ਤਰ ਜਾਵੇ। ਐਸਾ ਨਾ ਹੋਵੇ ਗ਼ੈਰਤ ਹੀ ਸਾਡੀ ਮਰਦੀ ਮਰਦੀ ਮਰ ਜਾਵੇ। ਫ਼ਰਮਾਇਆ ਨਾਵੇਂ ਸਤਿਗੁਰ ਨੇ ਕੋਈ ਜ਼ਾਹਰੀ ਕਲਾ ਦਿਖਾ ਦੇਵੇ। ਮੋਇਆਂ ਵਿਚ ਜ਼ਿੰਦਗੀ ਪਾਉਣ ਲਈ ਕੋਈ ਜ਼ਿੰਦਗੀ ਲੇਖੇ ਲਾ ਦੇਵੇ। ਖ਼ੁਦ ਲਹੂਆਂ ਦੇ ਵਿਚ ਰੁੜ੍ਹ ਜਾਵੇ ਤੇ ਰੁੜ੍ਹਦਾ ਧਰਮ ਬਚਾ ਦੇਵੇ। ਕੋਈ ਐਸਾ ਪਰਉਪਕਾਰੀ ਹੈ ਜੋ ਪਰਉਪਕਾਰ ਕਮਾ ਦੇਵੇ। ਸੋਚਾਂ ਵਿਚ ਡੁੱਬੇ ਬਾਪੂ ਨੂੰ ਜਦ ਤੱਕਿਆ ਗੋਬਿੰਦ ਰਾਏ ਨੇ। ਕੁਲ ਨੌਂ ਸਾਲਾਂ ਦੀ ਆਯੂ ਸੀ ਫ਼ਰਮਾਇਆ ਗੁਜਰੀ ਜਾਏ ਨੇ। “ਹੇ ਪਿਤਾ ਜੀਉ ਤੁਸੀਂ ਹਿਰਦੇ ਵਿਚ ਇਹ ਕੈਸੀ ਬਾਤ ਵਿਚਾਰੀ ਏ। ਗਲ 'ਤੇ ਰੋਜ਼ਾਨਾ ਹਿੰਦੂਆਂ ਦੇ ਚਲਦੀ ਇਕ ਤੇਗ਼ ਦੋ-ਧਾਰੀ ਏ। ਇਤਿਹਾਸ ਗਵਾਹ ਹੈ ਗੁਰ ਅਰਜਨ ਸੀਨੇ 'ਤੇ ਅੱਗ ਸਹਾਰੀ ਏ। ਪਾਪਾਂ ਦੀ ਅੱਗ ਬੁਝਾਵਣ ਲਈ ਇਸ ਵੇਲੇ ਤੁਹਾਡੀ ਵਾਰੀ ਏ। ਮੈਂ ਤੇਗਾਂ ਉੱਤੇ ਨੱਚਾਗਾਂ ਮੈਂ ਕੰਡਿਆਂ ਉੱਤੇ ਹੱਸਾਂਗਾ। ਇਕ ਵਾਰ ਸਮੇਂ ਨੂੰ ਭਾਰਤ ਦੀ ਤਕਦੀਰ ਬਦਲ ਕੇ ਦੱਸਾਂਗਾ। ਮੈਂ ਚੋਭੜ ਲਾ ਕੇ ਸੁੱਤੀ ਹੋਈ ਭਾਰਤ ਦੀ ਅਣਖ ਜਗਾਵਾਂਗਾ। ਖੰਡੇ ਦੀ ਪਾਹੁਲ ਪਿਲਾ ਕੇ ਮੈਂ ਮੋਇਆਂ ਵਿਚ ਜ਼ਿੰਦਗੀ ਪਾਵਾਂਗਾ। ਗਿੱਦੜਾਂ ਤੋਂ ਸ਼ੇਰ ਬਣਾਵਾਂਗਾ ਚਿੜੀਆਂ ਤੋਂ ਬਾਜ ਤੁੜਾਵਾਂਗਾ। ਮੈਂ ਮੁਗ਼ਲ ਰਾਜ ਦੇ ਮਹਿਲਾਂ ਵਿਚ ਇਕ ਵਾਰ ਪਟਾਕੇ ਪਾਵਾਂਗਾ। ਸਿਰ ਲਹਿੰਦਾ ਹੈ ਤਾਂ ਲਹਿ ਜਾਵੇ ਰੱਤ ਵਹਿੰਦੀ ਹੈ ਤਾਂ ਵਹਿ ਜਾਵੇ। ਨਾ ਰਹੇ ਅਸਾਡਾ ਕੁਝ ਵੀ ਪਰ ਮੇਰੇ ਦੇਸ਼ ਦੀ ਇੱਜ਼ਤ ਰਹਿ ਜਾਵੇ। ਦਿੱਲੀ ਵਿਚ ਸਤਿਗੁਰ ਜਾ ਪਹੁੰਚੇ ਉੱਡ ਦਿੱਲੀ ਦੀ ਦਿਲਗੀਰੀ ਗਈ। ਹੋ ਜ਼ਾਲਮ ਟੋਲੀ ਫਾੜੀ ਗਈ ਮਜ਼ਲੂਮਾਂ ਦੀ ਹੋ ਮੀਰੀ ਗਈ। ਜਦ ਮਤੀ ਦਾਸ ਦੀ ਦਿਹ ਹਾਏ ਆਰੇ ਦੇ ਥੱਲੇ ਚੀਰੀ ਗਈ। ਤਾਂ ਡੁੱਲ੍ਹਾ ਲਹੂ ਸ਼ਹੀਦਾਂ ਦਾ ਸਾਡੀ ਤਕਦੀਰ ਲਕੀਰੀ ਗਈ। ਇਕ ਦੇਗਾ ਭਰ ਕੇ ਪਾਣੀ ਦਾ ਅੱਗ ਦੋਜ਼ਖ਼ ਵਰਗੀ ਬਾਲੀ ਗਈ। ਦੇਗੇ ਵਿਚ ਭਾਈ ਦਿਆਲੇ ਦੀ ਦਿਹ ਆਲੂ ਵਾਂਗ ਉਬਾਲੀ ਗਈ। ਸੰਦੇਸ਼ਾ ਘੱਲਿਆ ਸਤਿਗੁਰ ਨੂੰ ਗੁੱਸੇ ਦੇ ਨਾਲ ਔਰੰਗੇ ਨੇ। ਉਸ ਜਨਮ-ਜਨਮ ਦੇ ਭੁੱਖੇ ਨੇ ਉਸ ਜਨਮ ਜਨਮ ਦੇ ਨੰਗੇ ਨੇ। ਓ ਮਾਫ਼ੀ ਮੰਗ ਲੈ ਤੇਰੇ ਲਈ ਅੱਜ ਬੜੇ ਮਹੂਰਤ ਚੰਗੇ ਨੇ। ਔਹ ਦੇਖ ਸ਼ਰ੍ਹਾ ਦੀ ਸੂਲੀ 'ਤੇ ਕਈ ਧਰਮੀ ਆਸ਼ਕ ਟੰਗੇ ਨੇ। ਫ਼ਰਮਾਇਆ ਸ਼ਾਹ ਔਰੰਗੇ ਨੂੰ ਉੱਤਰ ਵਿਚ ਤੇਗ਼ ਬਹਾਦਰ ਨੇ। ਭਾਰਤ ਦੇ ਉਸ ਰਖਵਾਲੇ ਨੇ ਭਾਰਤ ਦੇ ਸਿਰ ਦੀ ਚਾਦਰ ਨੇ। ਡਿੱਗ ਪਿਆ ਮਹੱਲ ਜੋ ਸਿੱਖੀ ਦਾ ਮੈਂ ਨਵੇਂ ਆਸਰੇ ਕਰ ਦੇਣੇ। ਪਤਨੀ ਦੀ ਜਾਨ ਘੁਮਾ ਦੇਣੀ ਪੋਤੇ ਵੀ ਨੀਂਹ ਵਿਚ ਧਰ ਦੇਣੇ। ਮੁਗਲਾ ਮੈਂ ਤੇਗ਼ ਬਹਾਦਰ ਹਾਂ ਤਿਰੀ ਤੇਗ਼ ਦੇ ਘਾਟੇ ਭਰ ਦੇਣੇ। ਤੇਰੀ ਤੇਗ਼ ਧਰਾ ਕੇ ਗਲ 'ਤੇ ਮੈਂ ਤੇਰੀ ਤੇਗ਼ ਦੇ ਟੁਕੜੇ ਕਰ ਦੇਣੇ। ਗੁੱਸੇ ਵਿਚ ਖ਼ੂਨੀ ਕਾਤਲ ਨੇ ਇਕ ਖ਼ੂਨੀ ਤੇਗ਼ ਉਭਾਰ ਲਈ। ਸੀ ਘੜੀ ਅਨੋਖੀ ਕਹਿਰਾਂ ਦੀ ਇਕ ਆਫ਼ਤ ਸੀ ਸੰਸਾਰ ਲਈ। ਗੁਰੂ ਤੇਗ਼ ਬਹਾਦਰ ਕੀ ਡਿੱਠਾ ਲਿਵ ਵਾਹਿਗੁਰੂ ਵੱਲ ਲਾ ਬੈਠੇ। ਦੁਖੀਆਂ ਦਾ ਵਕਤ ਕਟਾਵਣ ਲਈ ਹਸਦੇ ਹੋਏ ਸੀਸ ਕਟਾ ਬੈਠੇ। ਕੁਝ ਖਾਧਾ ਨਾ ਕੁਝ ਪੀਤਾ ਨਾ ਪਰ ਤੇਗ਼ ਜ਼ੁਲਮ ਦੀ ਖਾ ਬੈਠੇ। ਉਹ ਨਾਨਕ ਨਾਨਕ ਜਪਦੇ ਹੀ ਨਾਨਕ ਦੀ ਗੋਦ 'ਚ ਜਾ ਬੈਠੇ। ਸਿੱਖੀ ਦਾ ਸਦਕਾ ਇਸ ਵੇਲੇ ਖਿੜਿਆ ਹੈ ਬਾਗ਼ ਉਮੀਦਾਂ ਦਾ। ਓ 'ਸਫ਼ਰੀ' ਰਹਿੰਦੀ ਦੁਨੀਆਂ ਤੱਕ ਚਮਕੇਗਾ ਨਾਂ ਸ਼ਹੀਦਾਂ ਦਾ।
ਮਾਤਾ ਗੁਜਰੀ ਜੀ
ਮਾਤਾ ਗੁਜਰੀ ਦੇ ਕੋਲ ਭੱਜਾ ਭੱਜਾ ਇਕ ਗਇਆ ਜੱਲਾਦ ਤੇ ਕਹਿਣ ਲੱਗਾ। ਇਕ ਜੋੜਾ ਮਾਸੂਮਾਂ ਦਾ ਰਹਿ ਗਿਆ ਸੀ ਅੱਜ ਜਾਪਦਾ ਉਹ ਵੀ ਨੀ ਰਹਿਣ ਲੱਗਾ। ਵੱਡੇ ਪੋਤਰੇ ਦਾਦੇ ਦੇ ਮਗਰ ਤੁਰ ਗਏ ਛੋਟੇ ਆਸਰਾ ਸਨ ਉਹ ਵੀ ਢਹਿਣ ਲੱਗਾ। ਬੈਠ ਨ੍ਹੇਰੇ 'ਚ ਅੰਮੀਏ ਅੱਜ ਤੇਰੇ ਪੂਰੇ ਚੰਦ ਨੂੰ ਲੱਗਣ ਗ੍ਰਹਿਣ ਲੱਗਾ। ਬੇਟਾ ਲਾ-ਪਤਾ ਏ ਅੱਗੋਂ ਦੇਖ ਕਿਸਮਤ ਤੇਰੇ ਬੇਟੇ ਦੇ ਬੇਟੇ ਔਹ ਜਾ ਰਹੇ ਨੇ। ਰੇਸ਼ਮ ਵਿਚ ਲਪੇਟ ਕੇ ਰੱਖਦੀ ਸੈਂ ਇੱਟਾਂ ਵਿਚ ਲਪੇਟੇ ਔਹ ਜਾ ਰਹੇ ਨੇ। ਜੇ ਮੈਂ ਜ਼ਰਾ ਵੀ ਅੰਮੀਏ ਝਿਜਕਿਆ ਤਾਂ ਮੈਨੂੰ ਮੇਰਿਆਂ ਮਾਲਕਾਂ ਝਿੜਕਣਾ ਏਂ। ਇੱਟਾਂ ਭਾਰੀਆਂ ਨੇ ਜਿੰਦਾਂ ਹਲਕੀਆਂ ਨੇ ਇਹਨਾਂ ਡੋਲਣਾ ਕੰਬਣਾ ਥਿੜਕਣਾ ਏਂ। “ਪਾਣੀ” ਕਿਹਾ ਮਾਸੂਮਾਂ ਨੇ ਸਹਿਮ ਕੇ ਤਾਂ ਤੇਰੇ ਦੀਦਿਆਂ ਨੇ ਲਹੂ ਛਿੜਕਣਾ ਏਂ। ਲਾ ਲੈ ਕਾਲਜੇ 'ਨਾ ਜਾ ਕੇ ਬੱਚਿਆਂ ਨੂੰ ਤੇਰਾ ਫੇਰ ਜੂ ਕਾਲਜਾ ਤਿੜਕਣਾ ਏਂ। ਮੇਰਾ ਦਿਲ ਗਵਾਹ ਹੈ ਅੱਜ ਜੇਕਰ ਤੁਹਾਡੀ ਜ਼ਾਮਨੀ ਦੇ ਕੋਈ ਸ਼ਖ਼ਸ ਦੇਵੇ। ਸੂਬਾ ਬੁੱਢੜੀ ਮਾਂ ਤੇ ਤਰਸ ਖਾ ਕੇ ਖ਼ਬਰੇ ਕੁੱਲ ਮਾਸੂਮਾਂ ਦੀ ਬਖ਼ਸ਼ ਦੇਵੇ। ਬੁੱਢੀ ਮਾਂ ਨੂੰ ਬੁਰਜ ਦੀ ਕੈਦ ਅੰਦਰ ਜਦੋਂ ਏਦਾਂ ਦਾ ਸੁਖ ਸੁਨੇਹਾ ਆਇਆ। ਉਹਦੇ ਚਿਹਰੇ ਦੀਆਂ ਝੁਰੜੀਆਂ ਭੜਕ ਉਠੀਆਂ ਹਿਰਦੇ ਵਿਚ ਉਬਾਲ ਅਜਿਹਾ ਆਇਆ। ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਸਮਾਂ ਜ਼ਿੰਦਗੀ ਵਿਚ ਇਹ ਕੇਹਾ ਆਇਆ। ਇਹ ਦਸਮੇਸ਼ ਦੀ ਮਾਂ ਏਂ ਸੁਬ੍ਹਾ ਜਿਹਨੂੰ ਪਿਆਲਾ ਪਾਣੀ ਦਾ ਤੇ ਟੁੱਕਰ ਬੇਹਾ ਆਇਆ। ਕਹਿਣ ਲੱਗੀ ਜੱਲਾਦ ਨੂੰ ਜੀ ਸਦਕੇ ਏਥੋਂ ਤਿਕ ਤੂੰ ਆਇਆ ਏਂ ਜੀ ਸਦਕੇ। ਮੇਰੇ ਨੈਣਾਂ 'ਚ ਨਮੀਂ ਲਿਆਉਣ ਖ਼ਾਤਿਰ ਨਵੀਂ ਖ਼ਬਰ ਲਿਆਇਆ ਏਂ ਜੀ ਸਦਕੇ। ਹੁਕਮ ਮੰਨਦਾ ਏਂ ਤੈਨੂੰ ਕੌਣ ਕਹਿੰਦਾ ਬੇ-ਘਿਣਿਆਂ ਕਰੀ ਬੇ-ਘਿਣੀ ਜਾਨੈਂ। ਕੰਧ ਮਿਣੀ ਜਾਨੈਂ ਵਾਰ ਵਾਰ ਜਿਹੜੀ ਕਫ਼ਨ ਮੁਗ਼ਲ ਹਕੂਮਤ ਦਾ ਮਿਣੀ ਜਾਨੈਂ। ਕਹਿਨੈਂ ਕਾਲਜੇ 'ਨਾ ਲਾ ਲਾਂ ਬੱਚਿਆਂ ਨੂੰ ਮਿਹਰਬਾਨੀਆਂ ਦੀ ਗਿਣਤੀ ਗਿਣੀ ਜਾਨੈਂ। ਮੇਰਾ ਕਾਲਜਾ ਬੀਬਿਆ ਇੱਟ ਹੈ ਸੋ ਇੱਟਾਂ ਵਿਚ ਤਾਂ ਲਾਲਾਂ ਨੂੰ ਚਿਣੀ ਜਾਨੈਂ। ਮਸਾਂ ਰਾਜ ਦਰਬਾਰ ਵਿਚ ਕੰਮ ਲੱਭਾ ਇਹੁ ਜੇਹੀ ਮਜੂਰੀ ਕਿਉਂ ਛੱਡ ਆਇਉਂ। ਜਿੱਥੇ ਸਿੱਖੀ ਦੇ ਮਹਿਲ ਦੀ ਛੱਤ ਪੈਣੀ ਉਹ ਦੀਵਾਰ ਅਧੂਰੀ ਕਿਉਂ ਛੱਡ ਆਇਉਂ। ਪਰਤ ਗਿਆ ਜੱਲਾਦ ਫਿਰ ਦੁਖੀ ਹੋ ਕੇ ਖੂਨੀ ਕੰਧ ਉੱਤੇ ਇੱਟਾਂ ਲਾਉਣ ਲੱਗਾ। ਅੰਬਰ ਵਿਚ ਕਹਾਰੀ ਦੇ ਛੇਕ ਪੈ ਗਏ। ਸੀਨਾ ਪ੍ਰਿਥਵੀ ਦਾ ਥਰਥਰਾਉਣ ਲੱਗਾ। ਫ਼ਤਿਹ ਸਿੰਘ ਮਾਸੂਮ ਦੇ ਮੂੰਹ ਉੱਤੇ ਜਦੋਂ ਰੱਦਾ ਅਖ਼ੀਰਲਾ ਆਉਣ ਲੱਗਾ। ਪੱਜ ਗਾਰੇ ਦੇ ਫੇਰ ਜੱਲਾਦ ਭੱਜਾ ਮਾਤਾ ਗੁਜਰੀ ਤਾਈਂ ਸੁਨਾਉਣ ਲੱਗਾ। “ਮਾਤਾ ਗੁਜਰੀਏ ਕਿਹੁ ਜਿਹੀ ਗੁਜ਼ਰਦੀ ਏ" ਦੋ ਜਿੰਦਾਂ ਪਿਆਰੀਆਂ ਗੁਜ਼ਰ ਗਈਆਂ। ਗਇਆ ਗੁਜ਼ਰਿਆ ਸ਼ਹਿਰ ਵੀ ਆਖਦਾ ਏ ਗੁਜਰੀ ਉੱਤੇ ਕਹਾਰੀਆਂ ਗੁਜ਼ਰ ਗਈਆਂ। ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ। ਇਹੁ ਜਿਹੀ ਕਹਾਰੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਹੀਉਂ ਆਖਦੇ ਨੇ ਜਿਹੜੀ ਆਈ ਸਿਰ 'ਤੇ ਉਹ ਮੈਂ ਝੱਲ ਗੁਜ਼ਰੀ। ਇਹ ਹੈ ਉਹ ਗੁਜਰੀ ਜਿਹਨੇ ਦੇਸ਼ ਖ਼ਾਤਿਰ ਸਾਰਾ ਜਿਗਰ ਦਾ ਖ਼ੂਨ ਤਰੌਂਕ ਦਿੱਤਾ। ਧਰਿਆ ਚੌਂਕ ਆਜ਼ਾਦੀ ਦੇ ਸੀਸ ਉੱਤੇ ਸੀਸ ਪਤੀ ਦਾ ਚਾਨਣੀ ਚੌਕ ਦਿੱਤਾ। ਇਹ ਹੈ ਉਹ ਗੁਜਰੀ ਜਿਹੜੀ ਵਤਨ ਖ਼ਾਤਿਰ ਸੀਨੇ ਸੌ ਸੌ ਕਸ਼ਟ ਸਹਾਰਦੀ ਏ। ਟੋਹਣ ਲਈ ਬੁਢਾਪੇ 'ਚ ਜ਼ੁਲਮ ਜਿਸਨੇ ਟੋਹਣੀ ਫੜੀ ਹੋਈ ਹੱਥ ਤਲਵਾਰ ਦੀ ਏ। ਇਹ ਹੈ ਉਹ ਗੁਜਰੀ ਪਿਆਸਾ ਵਤਨ ਤੱਕ ਕੇ ਜਿਹੜੀ ਆਪਣਾ ਫ਼ਰਜ਼ ਉਤਾਰਦੀ ਏ। ਜਿਹਦੇ ਹੱਥ ਅਜੀਤ ਦੀ ਖੋਪਰੀ ਏ ਜਿਹਦੀ ਮਟਕੀ 'ਚ ਰੱਤ ਜੁਝਾਰ ਦੀ ਏ। ਜਾਉ ਜਾਉ ਬਣਾਉ ਉਹ ਕੰਧ ‘ਸਫ਼ਰੀ’ ਮੇਰੇ ਸਫ਼ਰ ਅਨੋਖੜੇ ਮੁੱਕਣੇ ਨਹੀਂ। ਝੁਕ ਜਾਊ ਹਿਮਾਲਾ ਦਾ ਸੀਸ ਐਪਰ ਕਲਗੀਧਰ ਦੇ ਲਾਡਲੇ ਝੁੱਕਣੇ ਨਹੀਂ।
ਬੰਦਾ ਬਹਾਦਰ
ਬੰਦੇ ਨੂੰ ਕਿਸੇ ਨੇ ਦਸਿਆ ਜੰਗਲ ਵਿਚ ਜਾ ਕੇ। ਸਿੰਘਾਂ ਨੇ ਭੜਥੂ ਪਾ 'ਤਾ ਤੇਰੇ ਘਰ ਵਿਚ ਆ ਕੇ। ਉਹ ਪੂਜਾ ਦੀ ਥਾਂ ਬੈਠ ਗਏ ਬੱਕਰੇ ਝਟਕਾ ਕੇ। ਇਕ ਪਲੰਘ ਤੇਰੇ 'ਤੇ ਬਹਿ ਗਿਆ ਕ੍ਰਿਪਾਨ ਸਜਾ ਕੇ। ਉਹਦੇ ਹੱਥ ਸੁਨਹਿਰੀ ਬਾਜ਼ ਹੈ ਇਕ ਬੜਾ ਪਿਆਰਾ। ਉਹਦੇ ਨੀਲੇ ਨੀਲੇ ਕੱਪੜੇ ਨੀਲਾ ਦਸਤਾਰਾ। ਕਲਗੀ ਦਾ ਨੀਲੀ ਪੱਗ 'ਚੋਂ ਪੈਂਦਾ ਲਿਸ਼ਕਾਰਾ। ਜਿਉਂ ਨੀਲੇ ਅੰਬਰ ਚਮਕਦਾ ਸੋਨੇ ਦਾ ਤਾਰਾ। ਸੁਣ ਬਚਨ ਵੈਰਾਗੀ ਬੀਰ ਬਹੁਤ ਗੁੱਸੇ ਵਿਚ ਆਇਆ। ਉਹ ਮੁੜਿਆ ਕੁਟੀਆ ਵੱਲ ਬੱਦਲ ਜਿਉਂ ਗਜ ਗਜਾਇਆ। ਕਹਿੰਦਾ ਮੇਰੀ ਜੂਹ ਵਿਚ ਕਿਸਮਤ ਦਾ ਮਾਰਾ । ਕੋਈ ਮੌਤ ਵਿਹਾਜਣ ਆ ਗਿਆ ਅਲ੍ਹੜ ਵਣਜਾਰਾ । ਉਸ ਮੰਤਰ ਪੜ੍ਹਕੇ ਪਲੰਘ ਨੂੰ ਪਲਟਾਉਣਾ ਚਾਹਿਆ। ਤੇ ਚੌਂਹ ਬੀਰਾਂ ਦੇ ਜ਼ੋਰ ਨੂੰ ਅਜ਼ਮਾਉਣਾ ਚਾਹਿਆ। ਉਨ ਮੱਥਾ ਨਾਲ ਹਿਮਾਲੀਆ ਦੇ ਲਾਉਣਾ ਚਾਹਿਆ। ਕਰ ਲਈ ਬਥੇਰੀ ਓਸ ਨੇ ਵੀ ਉਥੱਲ ਪਥੱਲੀ। ਪਰ ਦਸਮ ਪਿਤਾ ਦੇ ਸਾਮ੍ਹਣੇ ਕੋਈ ਪੇਸ਼ ਨਾ ਚੱਲੀ। ਉਹ ਕਰ ਕਰ ਥੱਕਾ ਜਤਨ ਪੇਸ਼ ਨਾ ਚੱਲੀ ਕਾਈ। ਤੱਦ ਸੰਨ੍ਹ ਫੜਿਓਂ ਚੋਰ ਵਾਂਗ ਉਸ ਧੌਣ ਨਿਵਾਈ। ਜਦ ਦੇਖੀ ਬਾਜ਼ਾਂ ਵਾਲੜੇ ਉਸ ਦੀ ਨਰਮਾਈ। ਭਰ ਬਾਟਾ ਖੰਡੇ ਧਾਰ ਦੀ ਉਹਨੂੰ ਪਹੁਲ ਪਿਲਾਈ। ਅੰਮ੍ਰਿਤ ਦੀ ਪਹਿਲੀ ਬੂੰਦ ਜਦ ਉਸ ਬੁੱਲ੍ਹੀਂ ਲਾਈ। ਉਹਦੇ ਦਿਲ ਦਾ 'ਨ੍ਹੇਰਾ ਉੱਡ ਗਿਆ ਹੋ ਗਈ ਰੁਸ਼ਨਾਈ। ਉਹਨੂੰ ਦਿਸ ਪਏ ਗਊਆਂ ਘੇਰ ਕੇ ਸੀ ਖੜ੍ਹੇ ਕਸਾਈ । ਉਹਨੂੰ ਦਿਸ ਪਈ ਧਰਤ ਪੰਜਾਬ ਦੀ ਹੈ ਲਹੂ ਤਿਹਾਈ। ਉਹਨੂੰ ਕਰਦੇ ਦਿਸ ਪਏ ਦਸ ਲੱਖ ਨਾਲ ਦਸ ਲੜਾਈ। ਉਹਨੂੰ ਦਿਸ ਪਈ ਸਿੰਘਾਂ ਲਹੂ ਦੀ ਜੋ ਨਹਿਰ ਚਲਾਈ। ਉਹਦੇ ਦਿਲ ਨੇ ਦਿੱਤੀ ਦੇਖ ਕੇ ਇਸ ਤਰ੍ਹਾਂ ਦੁਹਾਈ। ਜਿਉਂ ਅੱਖਾਂ ਦੇ ਵਿਚ ਫੇਰ ਦਏ ਕੋਈ ਗਰਮ ਸਲਾਈ। ਉਹਦੇ ਕੰਨਾਂ ਵਿਚੀਂ ਲੰਘਦੀ ਗਈ ਕੁਲ ਕਹਾਣੀ। ਉਹਦਾ ਸੱਜਰਾ ਬਣ ਗਈ ਸੱਲ ਜਿਗਰ ਦੀ ਪੀੜ ਪੁਰਾਣੀ। ਚਮਕੌਰ 'ਚ ਦੁਸ਼ਮਣ ਕੂਕਦੇ ਪਏ ਪਾਣੀ ਪਾਣੀ। ਉਨ ਹੋਰ ਵੀ ਖ਼ੂਨੀ ਕੰਧ 'ਚੋਂ ਇਕ 'ਵਾਜ਼ ਪਛਾਣੀ। ਆਖ਼ਿਰ ਦੋ ਜਿੰਦਾਂ ਬੋਲੀਆਂ 'ਕੱਠਾ ਜੈਕਾਰਾ। ਵਗ ਪਈ ਫਿਰ ਉਸ ਕੰਧ ਚੋਂ ਇਕ ਖ਼ੂਨ ਦੀ ਧਾਰਾ। ਜਦ ਏਨਾ ਬੰਦੇ ਵੇਖਿਆ ਭੈ ਭੀਤ ਨਜ਼ਾਰਾ। ਉਹਦਾ ਇਕਦਮ ਸਿਖਰੇ ਚੜ੍ਹ ਗਿਆ ਗੁੱਸੇ ਦਾ ਪਾਰਾ। ਉਹਦਾ ਕੁੜਤਾ ਭਿੱਜਕੇ ਹੋ ਗਿਆ ਮੁੜ੍ਹਕੇ ਵਿਚ ਗਾਰਾ। ਉਨ ਫਤਿਹ ਗਜਾਕੇ ਚੁੰਮਿਆ ਖੰਡਾਂ ਦੇ ਧਾਰਾ। ਤੇ ਘੱਲੂਘਾਰੇ ਜੰਗ ਦਾ ਕਰ ਲਿਆ ਤਿਆਰਾ। ਹੁਣ ਕਿਹੜਾ ਜਿਤਦਾ ਹਾਰਦਾ ਰੱਬ ਕਰੂ ਨਿਤਾਰਾ । ਹੁਣ ਜੰਗ ਸਿੰਘਾਂ ਦੀ ਚੜ੍ਹਨ ਨੂੰ ਫਿਰਦੀ ਸੀ ਲੱਠੇ। ਸੁਣ ਸਿਦਕੀ ਸਿੰਘ ਪਸ਼ੌਰ ਦੇ ਦੂਹੋ ਦੂਹ ਨੱਠੇ। ਜੱਟ ਸ਼ੇਖੂਪੁਰਾ ਲਾਹੌਰ ਜ਼ਿਲ੍ਹਾ ਮਾਝੇ ਦੇ ਪੱਠੇ। ਢਾਕੇ ਦੀ ਮਲਮਲ ਸਿਰੀਂ ਤੇੜ ਚਾਬੀ ਦੇ ਲੱਠੇ। ਤੁਰ ਪਿਆ ਦੁਆਬਾ ਮਾਲਵਾ ਕਰ ਅੱਠੋ ਅੱਠੇ। ਸਝਰੇ ਜਹੇ ਉਠ ਸੁਆਣੀਆਂ ਲਏ ਰਾੜ੍ਹ ਪਰੱਠੇ। ਰੱਖ ਦਿੱਤਾ ਚਾਰ ਦੁਆਬਣਾਂ ਮਲਵੈਣਾਂ ਗੱਠੇ। ਤੇ ਕਹਿਣ ਕਿਤੇ ਕੁਈ ਸੂਰਮਾ' ਭੁੱਖਾ ਨਾ ਢੱਠੇ। ਦੁਹਿ ਦੁਹਿ ਸਿਰ ਅੰਨ ਬਨ੍ਹਾ 'ਤਾ ਸਭਨਾਂ ਦੀ ਗੱਠੇ। ਉਥੇ ਲਗਪਗ ਪੰਜ ਹਜ਼ਾਰ ਦੇ ਸਿੰਘ ਹੋ ਗਏ ਕੱਠੇ। ਓਧਰ ਵੀ ਸਰਹੰਦ ਦਾ ਸੂਬਾ ਬਲਕਾਰੀ। ਕਰ ਰੱਖੀ ਪਹਿਲਾਂ ਜੰਗ ਦੀ ਜਿਨ ਸੀਗੀ ਤਿਆਰੀ। ਓਹ ਤੋਪਾਂ ਲੈ ਕੇ ਆ ਗਿਆ ਭਾਰੀ ਤੋਂ ਭਾਰੀ। ਉਨ ਕੋਲ ਬੰਦੇ ਦੇ ਘੱਲ ਕੇ ਆਪਣਾ ਦਰਬਾਰੀ। ਅਖਵਾਇਆ ਜੇ ਹੈ ਬੰਦਿਆ ਤੈਨੂੰ ਜਾਨ ਪਿਆਰੀ । ਸਿੰਘਾਂ ਨੂੰ ਲੈ ਕੇ ਭੱਜ ਜਾ ਏਥੋਂ ਇਕ ਵਾਰੀ। ਬੰਦੇ ਤੋਂ ਕਰੜੀ ਚੋਟ ਨਾ ਇਹ ਗਈ ਸਹਾਰੀ। ਲਿਖ ਭੇਜੀ ਮੁੜਦੇ ਹੱਥ ਉਹਨੂੰ ਇਹ ਗੱਲ ਕਰਾਰੀ। ਮੈਨੂੰ ਯਾਦ ਹੈ ਪਾਪੀ ਸੂਬਿਆ ਤੇਰੀ ਕੀਤੀ ਸਾਰੀ। ਉਹ ਦਸਮ ਪਿਤਾ ਦੇ ਬੱਚਿਆਂ ਦੀ ਖ਼ੂਨ ਗੁਜ਼ਾਰੀ। ਸਰਹੰਦ ਹੈ ਬੇਸ਼ੱਕ ਸੂਬਿਆ ਤੈਨੂੰ ਬੜੀ ਪਿਆਰੀ। ਪਰ ਹੱਥ ਵਿਚ ਫੜ ਕੇ ਅੱਜ ਮੈਂ ਇਕ ਤੇਗ ਦੋ-ਧਾਰੀ। ਇਹਦੀ ਹਰੀ ਚੁੰਨੀ ਨੂੰ ਲਾ ਦਿਆਂਗਾ ਲਾਲ ਕਨਾਰੀ। ਮਰ ਕੇ ਨਹੀਂ ਆਉਣਾ ਜੱਗ 'ਤੇ ਕਿਨੇ ਦੂਜੀ ਵਾਰੀ। ਬਸ ਗੱਲ ਕਾਹਦੀ ਆ ਸੂਰਮੇ ਵਿਚ ਰਣ ਦੇ ਜੁੱਟੇ। ਉਥੇ ਵਿੰਹਦਿਆਂ-ਵਿੰਹਦਿਆਂ ਬੱਝ ਗਏ ਲੋਥਾਂ ਦੇ ਗੁੱਟੇ। ਓਥੇ ਘਰ ਬੇਦਰਦਣ ਮੌਤ ਨੇ ਕਈਆਂ ਦੇ ਲੁੱਟੇ। ਓਥੇ ਗਿਰਝਾਂ ਲਾਏ ਮਾਸ ਨੂੰ ਰੱਜ ਰੱਜ ਕੇ ਝੁੱਟੇ। ਓਥੇ ਵੱਡ ਵੱਡਿਆਂ ਦੀ ਜ਼ਿੰਦਗੀ ਦੇ ਭਾਂਡੇ ਫੁੱਟੇ। ਬੰਦੇ ਦਾ ਤੀਰ ਕਮਾਨ 'ਚੋਂ ਜਿੱਧਰ ਵੀ ਛੁੱਟੇ। ਬੱਸ ਢੇਰੀਆਂ ਹੁੰਦੇ ਜਾਣ ਸੂਰਮੇਂ ਅੱਠ ਅੱਠ ਫੁੱਟੇ। ਜਿੰਨੇ ਵੀ ਗੋਲੇ ਤੋਪ ਦੇ ਸੂਬੇ ਨੇ ਸੁੱਟੇ। ਓਨੇ ਹੀ ਕਦਮ ਅਗਾਂਹ ਨੂੰ ਸਿੰਘਾਂ ਨੇ ਪੁੱਟੇ। ਇਕ ਸ਼ੇਰ ਮੁਹੰਮਦ ਨੈਬ ਸੀ ਮੁਗ਼ਲਾਂ ਦਾ ਮੋਹਰੀ। ਓਨ ਸਿੰਘਾਂ ਦਾ ਦਲ ਘੇਰਨੇ ਨੂੰ ਸੁੱਟੀ ਡੋਰੀ। ਇਕ ਬਗਲੋਂ ਕੱਢ ਕੇ ਫ਼ੌਜ ਓਨ ਉਪਰ ਨੂੰ ਤੋਰੀ। ਤੇ ਬਾਜ਼ ਸਿੰਘ ਨੇ ਤਾੜ ਲਈ ਉਸਦੀ ਇਹ ਚੋਰੀ। ਤੇ ਇਕ ਦਮ ਦਿੱਤੇ ਚਾਹੜ ਉਨ ਸਿੰਘਾਂ ਦੇ ਜੱਥੇ। ਓਥੇ ਹੋ ਪਏ ਮੌਤ ਤੇ ਜ਼ਿੰਦਗੀ ਦੇ ਹੱਥ ਪਲੱਥੇ। ਜੰਗਾਲ ਸਿੰਘਾਂ ਦੀ ਤੇਗ਼ ਦੇ ਪਈ ਓਥੇ ਲੱਥੇ। ਸਿੰਘਾਂ ਨੇ ਝਟਕੇ ਇਸ ਤਰ੍ਹਾਂ ਖੈਰੇ ' ਤੇ ਨੱਥੇ। ਟੋਕੇ ਵਿਚ ਦਿੰਦਾ ਜੱਟ ਜਿਉਂ ਕਾਹੀ ਦੇ ਦੱਥੇ। ਪਰ ਸ਼ੇਰ ਮੁਹੰਮਦ ਜਰਾ ਨਾ ਦਿਲ ਕੀਤਾ ਥੋਹੜਾ। ਉਹਦਾ ਗੋਲੀ ਲਗ ਕੇ ਡਿੱਗ ਪਿਆ ਧਰਤੀ 'ਤੇ ਘੋੜਾ। ਉਹ ਦੇਖਣ ਯੋਗ ਜੁਆਨ ਸੀ ਤੌੜੇ ਦਾ ਤੌੜਾ। ਫਿਰ ਖਾਧਾ ਜ਼ਹਿਰੀ ਸੱਪ ਵਾਂਗ ਉਹਦੀ ਮੁੱਛ ਮਰੋੜਾ। ਉਨ ਬਾਜ਼ ਸਿੰਘ ਦੇ ਮਾਰਿਆ ਸੀਨੇ ਵਿਚ ਨੇਜਾ। ਉਨ ਕਰ ਲਈ ਅੱਗੇ ਢਾਲ ਤੇ ਬਚ ਗਿਆ ਕਲੇਜਾ। ਨਹੀਂ ਤਾਂ ਸੀ ਮੂੰਹ ਤੇ ਪੈ ਗਿਆ ਖੱਦਰ ਦਾ ਰੇਜਾ ਹੁਣ ਬਾਜ਼ ਸਿੰਘ ਵੀ ਧੂ ਲਿਆ ਇਕ ਖੰਡਾ ਤੇਜਾ । ਉਹ ਖੰਡਾ ਹੈਸੀ ਜਿੰਦਗੀ ਦੇ ਭੋਗ ਦਾ ਟੱਪਾ। ਜਾਂ ਸੀ ਉਹ ਰਾਣੀ ਮੌਤ ਦੀ ਸਾਹੜੀ ਦਾ ਲੱਪਾ। ਜਿਹਨੂੰ ਵੀ ਜਾਂਦਾ ਡੱਸ ਸੀ ਉਹ ਸੱਪ ਖੜੱਪਾ। ਮੂੰਹ ਵਿਚੋਂ ਨਹੀਂ ਸੀ ਨਿਕਲਦਾ ਪਾਣੀ ਦਾ ਪੱਪਾ । ਰੰਗ ਮੁਗ਼ਲ ਦੇ ਮੂੰਹ ਦਾ ਵੀ ਸੀ ਸੰਧੂਰੀ ਅੰਬਾ । ਜਦੋਂ ਬਾਜ਼ ਗਿਆ ਉਹ ਦੇਖਿਆ ਖੰਭੇ ਦਾ ਖੰਭਾ । ਤਾਂ ਏਦਾਂ ਖੰਡਾ ਮਾਰਿਆ ਹੱਥ ਕਰਕੇ ਲੰਬਾ । ਜਿਉਂ ਗਾਜਰ ਵਿਚ ਅਵੇਸਲਾ ਖੁਭ ਜਾਂਦਾ ਰੰਬਾ ਉਹਦੀ ਸਿਰੀ ਹਾਥੀ ਦੇ ਪੈਰ ਹੇਠ ਮੈਂ ਏਦਾਂ ਤੱਕੀ। ਜਿਉਂ ਚੱਕੀ ਥੱਲੇ ਦੇ ਗਿਆ ਕੁਈ ਸਾਬਣ ਦੀ ਚੱਕੀ। ਓਥੇ ਨ੍ਹੇਰੀ ਆ ਗਈ ਮੌਤ ਨੂੰ ਕਈ ਝੱਖੜ ਝੁੱਲੇ। ਕੁਈ ਵਰਜ ਗਿਆ ਕਲਜੋਗਣਾਂ ਨੂੰ ਨਿਉਂਦਾ ਚੁੱਲੇ। ਸੀ ਰੱਤ 'ਚ ਤਰਦੇ ਇਸ ਤਰ੍ਹਾਂ ਮੁਗ਼ਲਾਂ ਦੇ ਕੁੱਲੇ। ਜਿਉਂ ਬੇੜੀਆਂ ਛੱਡ ਮਲਾਹ ਸਨ ਪੱਤਣ ਤੇ ਭੁੱਲੇ। ਹੁਣ ਕੀਤਾ ਗਿਆ ਵਜ਼ੀਰ ਖ਼ਾਨ ਬੰਦੇ ਦੇ ਸਾਹਵਾਂ। ਜੁਟ ਲਈਆਂ ਝੱਟ ਮੈਦਾਨ ਵਿਚ ਉਹਨਾਂ ਲੱਤਾਂ ਬਾਹਵਾਂ। ਫਿਰ ਇਕ ਸਿੰਘ ਨੇ ਰੋਹ ਵਿਚ ਆ ਨਾਲ ਗੰਡਾਸੇ। ਕਰ ਦਿੱਤੀ ਮੁੰਡੀ ਓਸ ਦੀ ਧੜ ਤੋਂ ਇਕ ਪਾਸੇ। ਏਦਾਂ 'ਸਫ਼ਰੀ' ਜੱਗ ਦੇ ਉਹ ਸਫਰ ਮੁਕਾਏ। ਸਿੰਘ ਫੜ ਕੇ ਝੰਡੇ ਕੇਸਰੀ ਪਿੰਡਾਂ ਨੂੰ ਆਏ।