Sikhi Di Mehak : Avtar Singh Toofan

ਸਿੱਖੀ ਦੀ ਮਹਿਕ : ਅਵਤਾਰ ਸਿੰਘ ਤੂਫ਼ਾਨ


ਹੇ ਗੁਰੂ ਨਾਨਕ

ਹੇ ਗੁਰੂ ਨਾਨਕ, ਤੇਰੇ ਦਰਬਾਰ ਆਇਆ ਹਾਂ। ਲੈ ਕੇ ਮੈਂ ਆਪਣੇ ਮਨ ਦੇ ਕੁਝ ਸੁਆਲ। ਕਿਉਂ ਮੇਰੀ ਅੱਜ ਆਤਮਾ ਨੂੰ, ਚੈਨ ਮਿਲਦਾ ਹੀ ਨਹੀਂ, ਕਿਉਂ ਮੇਰੇ ਉਲਝੇ ਹੋਏ, ਰਹਿੰਦੇ ਖ਼ਿਆਲ । ਅੱਜ ਤੇਰੀ ਧਰਤੀ ਤੇ, ਥਾਂ ਥਾਂ ਤੇ ਲਾਂਬੂ ਬਲ ਰਹੇ । ਕਿਤਨੀਆਂ ਬੇਦੋਸ਼ ਮਾਂਵਾਂ, ਦੇ ਕਲੇਜੇ ਜਲ ਰਹੇ । ਬਾਗ਼ ਦੇ ਮਾਲੀ ਨੇ ਆਪੇ, ਅੱਗ ਲਾਈ ਬਾਗ਼ ਨੂੰ । ਖੰਬ ਨੋਚੇ ਬੁਲਬੁਲਾਂ ਦੇ, ਬੰਦ ਕੀਤਾ ਰਾਗ ਨੂੰ। ਤੇਰੇ ਸੁਨਿਹੜੇ ਪਿਆਰ ਦੇ, ਭੁਲਦੇ ਗਏ ਭੁਲਦੇ ਗਏ । ਲਹੂ ਬੇਦੋਸ਼ ਬੰਦਿਆਂ ਦੇ, ਡੁੱਲ੍ਹਦੇ ਗਏ ਡੁੱਲ੍ਹਦੇ ਗਏ । ਫਿਰ ਕੜ੍ਹਾਏ ਜ਼ਬਰ ਦੇ, ਤਪਦੇ ਗਏ ਤਪਦੇ ਗਏ । ਪੂਰ ਪੂਰਾਂ ਦੇ ਜਿੱਥੇ, ਖਪਦੇ ਗਏ ਖਪਦੇ ਗਏ । ਤੂੰ ਤਾਂ ਮਰਦਾਨਾ ਬਚਾਇਆ, ਸੱਚ ਦੀ ਅਵਾਜ਼ ਥੀਂ । ਠਾਰਿਆ ਤਪਦਾ ਕੜਾਹਿਆ, ਸੱਚ ਦੀ ਅਵਾਜ਼ ਥੀਂ। ਕੂੜ ਰਾਜਾ, ਕੂੜ ਪ੍ਰਜਾ, ਕੂੜ ਦਾ ਹੋਇਆ ਪਸਾਰ । ਕੂੜ ਪੱਲੇ ਬੰਨ੍ਹ ਬੈਠੇ, ਸੱਚ ਨੂੰ ਤਾਂ ਦਿੱਤਾ ਵਸਾਰ । ਖ਼ੂਨ ਦੇ ਗਾਏ ਨੇ ਸੋਹਲੇ, ਕੂੜ ਦੇ ਵਿਉਪਾਰੀਆਂ । ਜ਼ਿੰਦਗੀ ਦੇ ਕਲਸ਼ ਭੰਨੇ, ਵੈਰੀ ਡਾਗਾਂ ਮਾਰੀਆਂ । ਰਖਿਆ ਹੈ ਕੂੜ ਜ਼ਿੰਦਾ, ਸੱਚ ਸੂਲੀ ਚਾੜ੍ਹਿਆ । ਸ਼ਰਮ ਨਾ ਆਈ ਅਸਾਨੂੰ, ਘਰ ਵੀ ਤੇਰਾ ਸਾੜਿਆ । ਤੂੰ ਪਾਖੰਡ ਨੂੰ ਤੋੜਿਆ, ਬਣ ਗਏ ਪਾਖੰਡੀ ਫੇਰ ਕਿਉਂ । ਪਿਆਰ ਦੇ ਪੱਲੂ’ਚ ਪਾ ਕੇ, ਜ਼ਹਿਰ ਵੰਡੀ ਫੇਰ ਕਿਉਂ । ਕੂੜ ਦੇ ਬਾਜ਼ਾਰ ਅੰਦਰ, ਸੱਚ ਦਾ ਸੌਦਾ ਕਰ ਗਿਓਂ । ਤੇਰਾ ਤੇਰਾ ਤੋਲ ਕੇ, ਤੂੰ ਮੋਦੀਖਾਨਾ ਭਰ ਗਿਓਂ । ਤੇਰੀ ਮਿੱਠੀ ਬਾਣੀ ਅੱਗੇ, ਝੁੱਕ ਗਈ ਤਲਵਾਰ ਵੀ । ਪੈਰੀਂ ਤੇਰੇ ਆਣ ਡਿੱਗਾ, ਬਾਬਰ ਦਾ ਹੰਕਾਰ ਵੀ । ਤੂੰ ਉਲ੍ਹਾਮਾ ਰੱਬ ਨੂੰ ਦਿੱਤਾ ਸੀ, ਅਵਾਜ਼ਾਂ ਮਾਰ ਕੇ । ਮੈਂ ਉਲ੍ਹਾਮਾ ਦੇਨਾ ਤੈਨੂੰ, ਤੇਰੇ ਹੀ ਦਰਬਾਰ ਤੇ । ਤੇਰਾ ਭਾਣਾ ਵਰਤਿਆ ਜਾਂ, ਸਾਡਿਆਂ ਪਾਪਾਂ ਦਾ ਫਲ । ਕੁਝ ਸਮਝ ਨਹੀਂ ਆ ਰਹੀ, ਵੇਖੀਏ ਹੁਣ ਕਿਹਦੇ ਵਲ । ਹੇ ਗੁਰੂ ਨਾਨਕ, ਤੇਰੇ ਦਰਬਾਰ ਆਇਆਂ ਹਾਂ । ਲੈ ਕੇ ਮੈਂ ਆਪਣੇ ਮਨ ਦੇ ਕੁਝ ਸੁਆਲ । ਕਿਉਂ ਮੇਰੀ ਅੱਜ ਆਤਮਾ ਨੂੰ, ਚੈਨ ਮਿਲਦਾ ਹੀ ਨਹੀਂ, ਕਿਉਂ ਮੇਰੇ ਉਲਝੇ ਹੋਏ, ਰਹਿੰਦੇ ਖ਼ਿਆਲ ।

ਨਾਨਕ ਨੂੰ ਜਗ ਵਿੱਚ ਘੱਲਿਆ

ਜਦ ਥਾਂ ਥਾਂ ਉੱਤੇ ਪਾਪੀਆਂ ਨੇ, ਜ਼ੋਰ ਆਪਣਾ ਦੱਸਿਆ। ਦੇਵੀ ਦੇ ਮੋਢੇ ਚੜ੍ਹਕੇ ਦੈਂਤ, ਖਿੜ ਖਿੜਾ ਕੇ ਹੱਸਿਆ। ਚਹੁੰ ਪਾਸਿਆਂ ਤੇ ਛਾ ਗਈ, ਤਦ ਕਾਲੀ ਸਿਆਹ ਮੱਸਿਆ। ਨੇਕੀ ਤੇ ਸੱਚ ਦਾ ਦੇਵਤਾ, ਖੰਭ ਲਾ ਉਤਾਂਹ ਨੂੰ ਨੱਸਿਆ। ਜਾ ਕੇ ਪ੍ਰਭੂ ਦਾਤਾਰ ਨੂੰ, ਵਿਥਿਆ ਸੁਣਾਈ ਓਸ ਨੇ। ਦੁਨੀਆ ਦੇ ਅਤਿਆਚਾਰ ਦੀ। ਫੋਟੋ ਵਿਖਾਈ ਓਸ ਨੇ । ਮੇਰੇ ਪ੍ਰਭੂ ਦਾਤਾਰ ਜਦ, ਹਾਲਤ ਸੁਣੀ ਸੰਸਾਰ ਦੀ। ਉਸ ਘੋਰ ਅਤਿਆਚਾਰ ਦੀ, ਦੁਖੀਆਂ ਦੇ ਹਾਹਾਕਾਰ ਦੀ। ਕ੍ਰਿਪਾ ਕਰੀ ਕ੍ਰਿਪਾਲ ਪ੍ਰਭੂ, ਨਾਨਕ ਨੂੰ ਜਗ ਵਿੱਚ ਘੱਲਿਆ। ਜਿਸ ਪਾਪੀਆਂ ਨੂੰ ਹੋੜ ਕੇ, ਜ਼ੁਲਮਾਂ ਦਾ ਝੱਖੜ ਠੱਲਿਆ । ਵਲੀਆਂ ਦਾ ਮਾਣ ਤੋੜਿਆ, ਸੱਜਣ ਜਿਹਾਂ ਨੂੰ ਵੱਲਿਆ । ਕਰ ਕੇ ਦਰਸ ਉਸ ਨੂਰ ਦੇ, ਕਾਬੇ ਦਾ ਨੂਰ ਹੱਲਿਆ । ਵਲੀ ਕੰਧਾਰੀ ਤੇ ਸੱਜਣ ਠੱਗ ਨੂੰ, ਸਿੱਧੇ ਰਸਤੇ ਪਾਇਆ। ਤਪਦਾ ਕੜਾਹਾ ਕੌਡੇ ਦਾ, ਠੰਡਾ ਕਰ ਵਿਖਾਇਆ। ਦੁਖੀਆਂ ਦਾ ਮਦਦਗਾਰ ਅੱਜ, ਕਾਲੂ ਦੇ ਘਰ ਵਿੱਚ ਆਇਆ । ਜਿਸ ਨੇ ਚੜ੍ਹੇ “ਤੂਫਾਨ” 'ਚੋਂ, ਬੇੜੇ ਨੂੰ ਬੰਨੇ ਲਾਇਆ ।

ਨਾਨਕੀ ਦਾ ਪਿਆਰਾ ਵੀਰ ਨਾਨਕ

ਕਿਸੇ ਆਖਿਆ ਬਾਦਸ਼ਾਹ ਜਗ ਦਾ ਏ, ਕਿਸੇ ਆਖਿਆ ਪੀਰਾਂ ਦਾ ਪੀਰ ਨਾਨਕ । ਕਿਸੇ ਆਖਿਆ ਆਬ ਏ ਜ਼ਮ-ਜ਼ਮ ਦਾ, ਕਿਸੇ ਆਖਿਆ ਗੰਗਾ ਦਾ ਨੀਰ ਨਾਨਕ । ਕਿਸੇ ਆਖਿਆ ਛੇੜੂ ਏ ਮੱਝੀਆਂ ਦਾ, ਕਿਸੇ ਆਖਿਆ ਅਧੀਰਾਂ ਦਾ ਧੀਰ ਨਾਨਕ । ਕਿਸੇ ਆਖਿਆ ਭਗਵਾਨ ਦਾ ਰੂਪ ਹੈ ਇਹ, ਕਿਸੇ ਆਖਿਆ ਸਾਈਂ ਫਕੀਰ ਨਾਨਕ । ਬਿਜਲੀ ਝੱਟ ਪ੍ਰਣਾਮ ਨੂੰ ਦੌੜਦੀ ਸੀ, ਜਦੋਂ ਵੇਖਦੀ ਤੇਰੀ ਤਸਵੀਰ ਨਾਨਕ । ਸੂਰਜ ਸੱਚ ਵਾਲਾ, ਸੋਮਾ ਨਿਮਰਤਾ ਦਾ, ਆਇਆ ਨਾਨਕੀ ਦਾ ਪਿਆਰਾ ਵੀਰ ਨਾਨਕ । ਉੱਡਿਆ ਪਿਆਰ ਸੀ ਭਾਈਆਂ ਦੇ ਦਿਲਾਂ ਵਿੱਚੋਂ, ਛਾਇਆ ਹੋਇਆ ਸੀ ਜਦੋਂ ਹਨੇਰ ਸਾਰੇ । ਫਿਰ, ਨਫਰਤ ਤੇ ਵੈਰ ਵਿਰੋਧ ਵਾਲੇ, ਥਾਂ ਥਾਂ ਤੇ ਲੱਗੇ ਸੀ ਢੇਰਾਂ ਦੇ ਢੇਰ ਸਾਰੇ । ਕੋਈ ਅੰਤ ਨਹੀਂ ਸੀ ਓਦੋਂ ਡਾਕੂਆਂ ਦਾ, ਫੈਲੇ ਹੋਏ ਸਨ ਚਾਰ ਚੁਫ਼ੇਰ ਸਾਰੇ । ਬੇੜੀ ਮਨੁੱਖਤਾ ਦੀ ਕੰਢੇ ਤੇ ਕਿਵੇਂ ਲੱਗੇ, ਚਾਹੁੰਦੇ ਡੋਬਣਾ ਸੀ ਘੁੰਮਣ ਘੇਰ ਸਾਰੇ । ਪਸ਼ੂ ਅਤੇ ਇਨਸਾਨ ਵਿੱਚ ਫ਼ਰਕ ਨਹੀਂ ਸੀ, ਜਦੋਂ ਵੇਖਿਆ ਇਹ ਅਖੀਰ ਨਾਨਕ । ਜਗਤ ਪਿਤਾ ਤੇ ਕਾਲੂ ਦਾ ਪੁੱਤ ਬਣ ਕੇ, ਆਇਆ ਨਾਨਕੀ ਦਾ ਪਿਆਰਾ ਵੀਰ ਨਾਨਕ । ਤਾਰੇ ਅੱਗ ਆਕਾਸ਼ ‘ਚੋਂ ਸੁੱਟਦੇ ਸਨ, ਜ਼ਮੀਂ ਉਗਲਦੀ ਲਾਲ ਅੰਗਾਰਿਆਂ ਨੂੰ । ਮਾਲੀ ਧਾਰ ਸੱਯਾਦ ਦਾ ਰੂਪ ਲਿੱਤਾ, ਪੁੱਟਣ ਲਗ ਪਏ ਫੁੱਲਾਂ ਦੇ ਢਾਰਿਆਂ ਨੂੰ । ਸ਼ੋਹਲੇ ਨਿਕਲ ਕੇ ਲਹਿਰਾਂ ਦੀ ਹਿੱਕ ਵਿੱਚੋਂ, ਫ਼ੂਕਣ ਲਗ ਪਏ ਜਦੋਂ ਕਿਨਾਰਿਆਂ ਨੂੰ । ਵੈਰੀ ਹੋ ਗਏ ਜਨਤਾ ਦੇ ਆਪ ਰਾਖੇ, ਬਿਪਤਾ ਦੇ ਦਿੱਤੀ ਬਿਪਤਾ ਮਾਰਿਆਂ ਨੂੰ । ਦੁੱਖ ਸਾਰੇ ਸੰਸਾਰ ਦਾ ਮੇਟਣੇ ਲਈ, ਬਣ ਕੇ ਆਇਆ ਰੱਬੀ ਸਫ਼ੀਰ ਨਾਨਕ । ਮਾਤ ਲੋਕ ਨੂੰ ਸਵਰਗ ਬਨਾਣ ਦੇ ਲਈ, ਆਇਆ ਨਾਨਕੀ ਦਾ ਪਿਆਰਾ ਵੀਰ ਨਾਨਕ । ਉਸ ਨਾਨਕ ਨੂੰ ਕਿਸ ਪੜ੍ਹਾਉਣਾ ਸੀ, ਉਹ ਤਾਂ ਪੜ੍ਹਿਆਂ ਨੂੰ ਆਪ ਪੜ੍ਹਾਣ ਲੱਗਾ। ਚੱਕੀ ਗਈ ਪੱਟੀ ਫਿਰ ਬਾਬਰ ਦੀਆਂ ਅੱਖਾਂ ਤੋਂ, ਚੱਕੀ ਬਾਬਰ ਦੀ ਜਦੌਂ ਚਲਾਣ ਲੱਗਾ। ਨਿੱਕੇ ਮੋਟੇ ਤਾਂ ਰਹਿ ਗਏ ਇੱਕ ਪਾਸੇ, ਪੰਡਤਾਂ ਤਾਈਂ ਵੀ ਗਿਆਨ ਸਮਝਾਣ ਲੱਗਾ। ਵੈਰ ਕੱਢ ਕੇ ਮਨੁੱਖਾਂ ਦੇ ਦਿਲਾਂ ਵਿੱਚੋਂ, ਪ੍ਰੇਮ ਪਿਆਰ ਦੇ ਜਾਮ ਪਿਆਣ ਲੱਗਾ। ਮਜ਼ਲੂਮਾਂ ਦੁਖੀਆਂ ਤੇ ਪੀੜਤਾਂ ਲਈ, ਸੁਆਰਨ ਲਈ ਹੈ ਆਇਆ ਤਕਦੀਰ ਨਾਨਕ। ਕਿਹਾ ਕਾਲੂ ਨਿਕੰਮਾ ਹੈ ਪੁੱਤ ਮੇਰਾ, ਆਖੇ ਨਾਨਕੀ ਪਿਆਰਾ ਹੈ ਵੀਰ ਨਾਨਕ। ਵਲ ਕੱਢੇ ਵਲੀ ਹੰਕਾਰੀਆਂ ਦੇ, ਸੱਜਣ ਠੱਗਾਂ ਨੂੰ ਪਿਆਰ ਸਿਖਾ ਦਿੱਤਾ। ਮਾਣ ਤੋੜਿਆ ਕੋਡਿਆਂ ਰਾਖਸ਼ਾਂ ਦਾ, ਰੀਠਿਆਂ ਤਾਈਂ ਵੀ ਮਿੱਠਾ ਬਣਾ ਦਿੱਤਾ । ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ, ਊਚ ਨੀਚ ਦਾ ਭੇਦ ਮਿਟਾ ਦਿੱਤਾ । ਲਹੂ ਕੱਢ ਕੇ ਖੁਦੀ ਤਕਬਰੀ ਦਾ, ਭਾਗੋ ਵਰਗਿਆਂ ਨੂੰ ਭਾਗ ਲਾ ਦਿੱਤਾ । ਅੱਖੜ ਹੋਏ "ਤੂਫਾਨ" ਵੀ ਮਸਤ ਹੋ ਗਏ, ਤੇਰੇ ਵਿੱਚ ਸੀ ‘ਜਹੀ ਅਕਸੀਰ ਨਾਨਕ । ਜਿਹਨੇ ਸਾਰੇ ਸੰਸਾਰ ਨੂੰ ਮੋਹ ਲਿੱਤਾ, ਉਹ ਸੀ ਨਾਨਕੀ ਦਾ ਪਿਆਰਾ ਵੀਰ ਨਾਨਕ ।

ਸਿਧ ਗੋਸਟਿ ਦੀ ਵਾਰ

ਜਦ ਜ਼ੱਰਾ ਜ਼ੱਰਾ ਧਰਤ ਦਾ, ਰੋਇਆ ਕੁਰਲਾਇਆ॥ ਜਦ ਚਾਰ ਚੁਫੇਰਾ ਕੰਬਿਆ, ਅੰਬਰ ਥਰ ਥਰਾਇਆ॥ ਜਦ ਬੱਦਲਾਂ ਸ਼ੋਹਲੇ ਸੁੱਟ ਕੇ, ਸੰਸਾਰ ਜਲਾਇਆ॥ ਜਦ ਚਾਨਣ ਉੱਤੇ ਛਾ ਗਿਆ, ਹਨੇਰੇ ਦਾ ਸਾਇਆ॥ ਜਦ ਸਰਘੀਆਂ ਹੋਈਆਂ ਕਾਲੀਆਂ, ਕੁਝ ਨਜ਼ਰ ਨਾ ਆਇਆ॥ ਜਦ ਸੱਚ ਸੰਤੋਖ ਨੂੰ ਕੂੜ ਨੇ, ਰਣ ਅੰਦਰ ਢਾਇਆ॥ ਜਦ ਜ਼ੁਲਮ ਤਸ਼ੱਦਦ ਆਣ ਕੇ, ਸੀ ਭੜਥੂ ਪਾਇਆ॥ ਜਦ ਸ਼ਰਮ ਦੋਹਥੜ ਪਿੱਟਿਆ, ਨਾ ਕਿਸੇ ਬਚਾਇਆ॥ ਕੋਈ ਜਾਗੇ ਧਰਮੀ ਸੂਰਮਾ, ਧਰਤੀ ਦਾ ਜਾਇਆ॥ ਇਹ ਵੇਖ ਨਜ਼ਾਰਾ ਕਹਿਰ ਦਾ, ਗੁਰੂ ਨਾਨਕ ਆਇਆ॥ ਜਦ ਚੜ੍ਹਿਆ ਸੂਰਜ ਸੱਚ ਦਾ, ਹੋਏ ਦੂਰ ਹਨੇਰੇ॥ ਤ੍ਰਿਪਤਾ ਦੀ ਕੁਖੋਂ ਜਾਗ ਪਏ, ਕਈ ਸੋਹਨ ਸਵੇਰੇ॥ ਪਈ ਦੌਲਤ ਵੰਡੇ ਦੌਲਤਾਂ, ਕਾਲੂ ਦੇ ਡੇਰੇ॥ ਰੱਬ ਜੰਮਿਆ ਘਰ ਪਟਵਾਰੀਆਂ, ਪਈ ਹੋਕਾ ਫੇਰੇ॥ ਜਿਹਦੀ ਨਜ਼ਰ ਨਜ਼ਾਰਾ ਵੇਖਿਆ, ਪਈ ਨੂਰ ਖਲੇਰੇ॥ ਜਿਹਨੇ ਰੋਂਦੀ ਹੋਈ ਮਨੁੱਖਤਾ ਦੇ, ਫੜ ਲਏ ਪੱਲੇ॥ ਕਿਉਂ ਵੈਦਾ ਨਬਜ਼ਾਂ ਟੋਲਦੈਂ, ਸਾਨੂੰ ਰੋਗ ਅਵੱਲੇ॥ ਇਹ ਪੰਡਤ ਕਾਜ਼ੀ ਮੌਲਵੀ, ਕਿੱਧਰ ਨੂੰ ਚੱਲੇ॥ ਪਏ ਵੰਡੀਆਂ ਪਾਉਣ ਮਨੁੱਖ ਵਿੱਚ, ਜੋ ਗੱਲੇ ਗੱਲੇ॥ ਅਸੀਂ ਸਾਰੇ ਇੱਕ ਦਾ ਨੂਰ ਹਾਂ, ਧਰਤੀ ਤੇ ਰੱਲੇ॥ ਫਿਰ ਟੁਰ ਪਇਆ ਜੌਹਰੀ ਸੱਚ ਦਾ, ਸੱਚ ਦੇ ਭਰਵਾਸੇ॥ ਸੰਗੀਤ ਨਸਰ ਵੀ ਤੁਰ ਪਏ, ਜਿਹਦੇ ਆਸੇ ਪਾਸੇ॥ ਜਿਹਦੇ ਸਜਦੇ ਕੀਤੇ ਸਰਸਵਤੀ, ਕਵਿਤਾ ਅਰਦਾਸੇ॥ ਜਿਹਦੀ ਬਾਣੀ ਭਰੇ ਪਿਆਰ ਥੀਂ, ਜੀਵਨ ਦੇ ਕਾਸੇ॥ ਜਿਹਦੀ ਨਜ਼ਰ ਵਗਾਏ ਚਸ਼ਮੇਂ, ਕਈ ਥਲ ਪਿਆਸੇ॥ ਜਾ ਪਹੁੰਚਾ ਇੱਕ ਦਿਨ ਪਰਬਤੀਂ, ਘਟ ਘਟ ਦਾ ਜਾਣੀ॥ ਜਿੱਥੇ ਜਨਤਾ ਕੋਲੋਂ ਛੁਪ ਕੇ, ਕੁਝ ਰਹਿਣ ਪ੍ਰਾਣੀ॥ ਗੁਰ ਗੋਰਖ ਜਿਸਨੂੰ ਆਖਦੇ, ਧਰਤੀ ਦਾ ਹਾਣੀ॥ ਜਿਹਦੇ ਕੋਲ ਸੀ ਜਤੀਆਂ ਜੋਗੀਆਂ, ਨਾਥਾਂ ਦੀ ਢਾਣੀ॥ ਜਿਹਨੇ ਕੁਲ ਆਕਾਸ਼ ਜਿੱਤਿਆ, ਪਾਤਾਲ ਵੀ ਛਾਣੀ॥ ਉੱਥੇ ਥਿਰਕੀ ਤਾਰ ਰਬਾਬ ਦੀ, ਗੂੰਜੀ ਗੁਰਬਾਣੀ॥ ਫਿਰ ਘੱਲੀ ਗੋਰਖ ਨਾਥ ਨੇ, ਸਿੱਧਾਂ ਦੀ ਟੋਲੀ ॥ ਆ ਨਾਥ ਭਰਥਰੀ ਬੋਲਿਆ, ਨਾਥਾਂ ਦੀ ਬੋਲੀ॥ ਓ ਨਾਨਕ ਕਾਹਨੂੰ ਪਾ ਰਿਹੈਂ, ਦੁਨੀਆ ਤੇ ਰੋਲੀ॥ ਜਿਹਨੇ ਗ੍ਰਹਿਸਤ ਦਲਿੱਦਰ ਭੋਗਿਆ, ਉਹਨੇ ਜ਼ਿੰਦਗੀ ਰੋਲੀ॥ ਆ ਕੰਨ ਪੜਵਾ ਲੈ ਨਾਥ ਤੋਂ, ਬਣ ਜਾ ਹਮ ਜੋਲੀ॥ ਵਸ ਕਰ ਲਏ ਕਾਮ ਕ੍ਰੋਧ ਨੂੰ, ਜੋ ਸਿਦਕੀ ਸੂਰਾ॥ ਜਿਹਨੇ ਮੋਹ ਮਮਤਾ ਨੂੰ ਮਾਰਿਆ, ਸੰਜਮ ਦਾ ਹੂਰਾ॥ ਜਿਹਨੇ ਖ਼ੁਦੀ ਤਕਬਰ ਸੁੱਟਿਆ, ਕਰ ਚੂਰਾ ਚੂਰਾ॥ ਜੋ ਗ੍ਰਹਿਸਤੀ ਬਣਕੇ ਜੀਂਵਦਾ, ਉਹ ਜੋਗੀ ਪੂਰਾ॥ ਖਾ ਗੁੱਸਾ ਸੰਘਰ ਨਾਥ ਨੇ, ਸੰਘਰਸ਼ ਮਚਾਇਆ॥ ਨਾ ਮੁੰਦਰਾਂ ਕੰਨੀ ਪਹਿਨੀਆਂ, ਨਾ ਮੰੂਡ ਮੁੰਡਾਇਆ॥ ਨਾ ਭਸਮ ਰਮਾਈ ਤਨ ਤੇ, ਨਾ ਖੱਪਰ ਚਾਇਆ॥ ਤੂੰ ਸਿੰਙੀ ਨਾਦ ਨਾ ਜਾਣਦਾ, ਕਿਸ ਦੇਸ਼ੋਂ ਆਇਆ॥ ਮੈਂ ਬੇਗਮਪੁਰ ਤੋਂ ਚੱਲਿਆਂ, ਰੱਬ ਦਾ ਮਤਵਾਲਾ॥ ਮੈਨੂੰ ਇਸ ਖੱਪਰ ਦੀ ਲੋੜ ਨਹੀਂ, ਆਕਾਸ਼ ਪਿਆਲਾ॥ ਕਿਉਂ ਭਸਮ ਰਮਾ ਕੇ ਤਨ ਤੇ, ਢਕ ਦਿਆਂ ਉਜਾਲਾ॥ ਕਿਉਂ ਰੱਬ ਦੇ ਦਿੱਤੇ ਨੂਰ ਨੂੰ, ਮੈਂ ਲਾਵਾਂ ਤਾਲਾ॥ ਊਰਮ ਸਿੱਧ ਵੱਟ ਕਚੀਚੀਆਂ, ਫਿਰ ਰੌਹ ਵਿਚ ਕੜਕੇ॥ ਉਹਦੇ ਚਾਰ ਚੁਫ਼ੇਰੇ ਅੱਗ ਦੇ, ਕਈ ਭਾਂਬੜ ਭੜਕੇ॥ ਉਹਦੇ ਨੈਣੋਂ ਨਿਕਲੀਆਂ ਬਿਜਲੀਆਂ, ਸ਼ਾਹ ਬੱਦਲ ਗੜ੍ਹਕੇ॥ ਉਹਨੇ ਹੱਥਾਂ ਵਿੱਚ ਝੰਜੋੜਿਆ, ਅੰਬਰ ਨੂੰ ਫੜ ਕੇ॥ ਫਿਰ ਸੂਰਤ ਸਿੱਧ ਨੇ ਸ਼ਕਤੀਆਂ, ਇਕੱਠੀਆਂ ਕਰ ਲਈਆਂ॥ ਕਰਾਮਾਤਾਂ, ਕਹਿਰ, ਕਿਆਮਤਾਂ, ਜੋ ਟੁੱਟ ਟੁੱਟ ਪਈਆਂ॥ ਉਹਦੇ ਤੂੰਬੇ ਸ਼ੂਕਾਂ ਮਾਰੀਆਂ, ਲੱਖ ਨਾਗਾਂ ਜਿਹੀਆਂ॥ ਉਹਦੇ ਫਰੂਏ ਫ਼ਨ ਖਿਲਾਰਿਆ, ਰਾਤਾਂ ਪੈ ਗਈਆਂ॥ ਵਟ ਖਾਵਣ ਚਿਮਟੇ ਡੰਡਕੇ, ਲੈ ਲੈ ਕੇ ਝਈਆਂ॥ ਉਨ੍ਹੇ ਅੰਬਰੀ ਸੁੱਟੀਆਂ ਫੋਹੜੀਆਂ, ਜੋ ਉਲਟੀਆ ਪਈਆਂ॥ ਉਨ੍ਹੇ ਸਹਿਲੀ ਮੁੰਦਰਾਂ ਸੁੱਟੀਆਂ, ਜੋ ਉਡਦੀਆਂ ਰਹੀਆਂ॥ ਜਦ ਸਤਿਗੁਰੂ ਕੋਸਾਂ ਛੱਡੀਆਂ, ਟਿੰਡਾਂ ਤੇ ਪਈਆਂ॥ ਕਿਉਂ ਦੁਨੀਆਦਾਰੀ ਛੱਡ ਕੇ, ਪਰਬਤ ਤੇ ਆਏ॥ ਤੁਸੀਂ ਕਿਰਤ ਕਰਨ ਤੋਂ ਡਰਦਿਆਂ, ਕਿਉਂ ਮੂੰਡ ਮੁਡਾਏ॥ ਅੱਜ ਘੋਰ ਹਨੇਰੇ ਜ਼ੁਲਮ ਦੇ, ਦੁਨੀਆ ਤੇ ਛਾਏ॥ ਅੱਜ ਬੰਦਾ ਵਹਿਸ਼ੀ ਬਣ ਗਿਆ, ਬੰਦਿਆਂ ਨੂੰ ਖਾਏ॥ ਅੱਜ ਇੱਜ਼ਤ ਢਾਹਾਂ ਮਾਰਦੀ, ਨਾ ਕੋਈ ਬਚਾਏ॥ ਤੁਸੀਂ ਛੁਪ ਕੇ ਬੈਠੇ ਕੰਦਰੀ, ਕੁਝ ਸ਼ਰਮ ਨਾ ਆਏ॥ ਓ! ਸਿੱਧੋ ਜਤੀਓ ਜੋਗੀਓ, ਜਨਤਾ ਵਿੱਚ ਆਓ॥ ਤੁਸੀਂ ਖੋਹਲੋ ਅੱਜ ਸਮਾਧੀਆਂ, ਕੁਝ ਕਿਰਤ ਕਮਾਓ॥ ਇਹ ਖੱਪਰ ਮੁੰਦਰਾਂ ਛੱਡ ਕੇ, ਪਰ੍ਹਾਂ ਵਗਾਓ॥ ਫੜ ਸਿੰਙੀ ਸੱਚ ਸੰਤੋਖ ਦੀ, ਸੰਸਾਰ ਜਗਾਓ॥ ਜਿਹਨੇ ਜਗਤ ਜਲੰਦਾ ਠਾਰਿਆ, ਪਾਖੰਡ ਹਟਾਇਆ॥ ਜਿਹਨੇ ਪਾਪ ਦੇ ਚੜ੍ਹੇ ਤੂਫਾਨ ’ਚੋਂ, ਸੰਸਾਰ ਜਗਾਇਆ॥ ਜਿਹਨੇ ਜਨਤਾ ‘ਚੋਂ ਕਰਤਾਰ ਦਾ, ਦੀਦਾਰ ਕਰਾਇਆ॥ “ਤੂਫਾਨ” ਉਹ ਸੱਚ ਦਾ ਸੂਰਮਾ, ਗੁਰੂ ਨਾਨਕ ਅਇਆ॥

ਰੱਬੀ ਰਬਾਬ

ਛਾਇਆ ਪਾਪ ਸੀ ਸਾਰੇ ਤੂਫ਼ਾਨ ਬਣ ਕੇ, ਭਲੇ ਪੁਰਸ਼ਾਂ ਨੂੰ ਦਿਸਦਾ ਨਾ ਰਾਹ ਸੀ ਕੋਈ । ਰਾਜੇ ਧਰਮ ਇਮਾਨ ਤੋਂ ਫਿਰੇ ਹੋਏ ਸਨ, ਲਗਦੀ ਕਿਸੇ ਦੀ ਕਿਧਰੇ ਨਾ ਵਾਹ ਸੀ ਕੋਈ । ਦਵੈਤ ਈਰਖਾ, ਵੈਰ ਵਿਰੋਧ ਅੰਦਰ, ਇੱਕ ਦੂਜੇ ਦੀ ਕਰਦਾ ਨਾ ਚਾਹ ਸੀ ਕੋਈ । ਸੁੱਤੀ ਹੋਈ ਸੀ ਗ਼ਫ਼ਲਤ ਦੀ ਨੀਂਦ ਦੁਨੀਆ, ਲੈਂਦਾ ਜਾਗ ਕੇ ਉੱਚਾ ਨਾ ਸਾਹ ਸੀ ਕੋਈ । ਛੱਡ ਕੇ ਧਰਮ ਈਮਾਨ ਨੂੰ ਇਕ ਪਾਸੇ, ਹਰ ਕੋਈ ਵਿਸ਼ੇ ਵਿਕਾਰ 'ਚ ਰੁੱਝਿਆ ਸੀ । ਇਸੇ ਪਾਪਾਂ ਦੇ ਘੋਰ ਤੂਫ਼ਾਨ ਅੰਦਰ, ਦੀਵਾ ਭਾਰਤ ਦੀ ਕਿਸਮਤ ਦਾ ਬੁੱਝਿਆ ਸੀ । ਤੱਕ ਕੇ ਇਹ ਹਾਲਾਤ ਅਰਸ਼ੀ ਨੂਰ ਮੇਰੇ, ਤਰਸ ਖਾ ਕੇ ਲਿਆ ਅਵਤਾਰ ਸੀ ਤੂੰ। ਝੰਡਾ ਲੈ ਕੇ ਹੱਥ ਵਿਚ ਏਕਤਾ ਦਾ, ਕੀਤਾ ਸਾਰਿਆਂ ਨਾਲ ਪਿਆਰ ਸੀ ਤੂੰ। ਟੁੱਟੀ ਪਈ ਸੀ ਤਾਣੀ ਜੋ ਹਿੰਦੂਆਂ ਦੀ, ਗੰਢ ਤੁਪ ਕੇ ਕੀਤੀ ਤਿਆਰ ਸੀ ਤੂੰ। ਜਿਹੜੇ ਬਾਗ਼ ਨੂੰ ਖਿਜ਼ਾਂ ਉਜਾੜਿਆ ਸੀ, ਲਾਈ ਉਸ ਥਾਂ ਸਦਾ ਬਹਾਰ ਸੀ ਤੂੰ। ਰੂਹਾਂ ਵਿਛੜੀਆਂ ਆਣ ਕੇ ਗਲੇ ਮਿਲੀਆਂ, ਜਦੋਂ ਛੇੜ ਰਬਾਬ ਦੀ ਤਾਰ ਦਿੱਤੀ । ਵੱਡੇ ਵੱਡੇ ਅਭਿਮਾਨੀਆਂ ਜਾਬਰਾਂ ਨੇ, ਜਿੱਤੀ ਹੋਈ ਬਾਜ਼ੀ ਵੀ ਹਾਰ ਦਿੱਤੀ । ਹੈ ਸੀ ਜਾਦੂ ਦਾ ਅਸਰ ਰਬਾਬ ਅੰਦਰ, ਜਿਸ ਨੇ ਸਾਰੇ ਜਹਾਨ ਨੂੰ ਮੋਹ ਲੀਤਾ। ਸੱਜਣ ਠੱਗ ਤੇ ਕੌਡਿਆਂ ਰਾਕਸ਼ਾਂ ਦੇ, ਕਢ ਕੇ ਸੀਨੇ 'ਚੋਂ ਦਿਲ ਨੂੰ ਕੋਹ ਲੀਤਾ। ਬਾਬਰ ਜਿਿਹਆਂ ਦੀਆਂ ਚੱਕੀਆਂ ਫਿਰਨ ਲੱਗੀਆਂ, ਜਦੋਂ ਰਾਗ ਪ੍ਰੇਮ ਦਾ ਛੋਹ ਲੀਤਾ । ਵਲੀ ਵਰਗਿਆਂ ਦੇ ਹੋਸ਼ ਵੀ ਗੁੰਮ ਹੋ ਗਏ, ਉਲਟਾ ਸਾਰੀ ਕਰਾਮਾਤ ਨੂੰ ਖੋਹ ਲੀਤਾ। ਕੌੜੇ ਰੀਠਿਆਂ ਵਿਚ ਮਿਠਾਸ ਪੈ ਗਈ, ਮਿੱਠੀ ਇੱਕ ਵੀ ਜਦੋਂ ਝਣਕਾਰ ਸੁਣ ਲਈ । ਆਵਾ ਗਵਣ ਓੁਹਦਾ ਸਿੱਧਾ ਮੁੱਕ ਗਿਆ, ਜਿਸਨੇ ਤੇਰੀ ਸੁਰੀਲੀ ਸਿਤਾਰ ਸੁਣ ਲਈ । ਜਾਂਦੇ ਰਾਹੀਆਂ ਦੇ ਦਿਲਾਂ ਨੂੰ ਖਿੱਚਦੀ ਸੀ, ਇਹ ਤਾਂ ਵਿਛੜੇ ਮੇਲ ਮਿਲਾਵੰਦੀ ਸੀ । ਜਿਹੜੇ ਕਿਸੇ ਦੇ ਦਿਲੋਂ ਸਨ ਦੂਰ ਹੁੰਦੇ, ਉਹਨਾਂ ਤਾਈਂ ਇਹ ਪਾਸ ਬੈਠਾਵੰਦੀ ਸੀ । ਮਿਕਨਾਤੀਸ ਤੋਂ ਵੱਧ ਸੀ ਅਸਰ ਇਹਦਾ, ਉਡਦੇ ਪੰਛੀਆਂ ਨੂੰ ਖਿੱਚਾਂ ਪਾਂਵੰਦੀ ਸੀ। ਇੱਕ ਇੱਕ ਤਾਰ ਇਹਦੀ ਜਦੋਂ ਗੂੰਜਦੀ ਸੀ, ਲੱਖਾਂ ਜ਼ੁਲਮਾਂ ਦੇ ਦਿਲ ਹਿਲਾਂਵੰਦੀ ਸੀ। ਮੋਹ ਲਿਆ ਸ਼ਿਵਾਲਕ ਦੀਆਂ ਰਾਣੀਆਂ ਨੂੰ, ਪਰਖਣ ਆਈਆਂ ਸਨ ਜਦੋਂ ਇਹ ਸ਼ਾਨ ਤੇਰੀ। ਕਿਉਂਕਿ ਨਾਲ ਰਬਾਬ ਦੇ ਗਾਵੰਦੀ ਸੀ, ਪਈ ਸਤਿ ਕਰਤਾਰ ਮਿੱਠੀ ਜ਼ੁਬਾਨ ਤੇਰੀ। ਜਿਹੜਾ ਰੱਬ ਦੇ ਨਾਂ ਨੂੰ ਭੁੱਲ ਗਿਆ ਸੀ, ਉਹਨੂੰ ਯਾਦ ਫਿਰ ਸਤਿ ਕਰਤਾਰ ਆਇਆ । ਜਿਹਦਾ ਦਿਲ ਸੀ ਈਰਖਾ ਨਾਲ ਭਰਿਆ, ਕਰਨਾ ਉਸ ਨੂੰ ਫੇਰ ਪਿਆਰ ਆਇਆ । ਇੱਕ ਵਾਰ ਸੀ ਜਿਸ ਦਾ ਮਾਣ ਟੁੱਟਾ, ਉਹਨੂੰ ਫੇਰ ਨਾ ਕਦੇ ਹੰਕਾਰ ਆਇਆ । ਬਣ ਕੇ ਮੁਕਤੀ ਦਾ ਰਾਜ ਰਬਾਬ ਅੰਦਰ, ਨਾਨਕ ਰੂਪ ਵਿੱਚ ਆਪ ਨਿੰਰਕਾਰ ਆਇਆ । ਇਹਦਾ ਕੀਰਤਨ ਸੁਣ ਸੁਣ ਮਸਤ ਹੋਣਾ, ਇੱਥੇ ਗੱਲ ‘ਤੂਫਾਨ’ ਸੁਆਬ ਦੀ ਸੀ । ਪਰਦੇ ਪਾਟਦੇ ਕਿਵੇਂ ਨਾ ਗਫ਼ਲਤਾਂ ਦੇ, ਕਿਉਂਕਿ ਗੂੰਜ ਇਹ ਰੱਬੀ ਰਬਾਬ ਦੀ ਸੀ ।

ਬਾਬਰਵਾਣੀ

ਮੁਗ਼ਲ ਰਾਜ ਦਾ ਮੋਢੀ ਬਾਬਰ, ਲੈ ਫੌਜਾਂ ਭਾਰਤ ਵੱਲ ਆਇਆ। ਕਿਸੇ ਨਾ ਹਟਕਿਆ ਕਿਸੇ ਨਾ ਵੱਲਿਆ, ਕਿਸੇ ਨਾ ਰਸਤਾ ਰੋਕ ਵਿਖਾਇਆ। ਬੜੇ ਬੜੇ ਬਲੀਆਂ ਦੇ ਹੁੰਦਿਆਂ, ਕੋਈ ਵੀ ਨਾ ਰਖਵਾਲਾ ਬਣਿਆ। ਲੁੱਟੀ ਗਈ ਭਾਰਤ ਦੀ ਕੁੱਲੀ, ਕੋਈ ਨਾ ਇਸਦਾ ਤਾਲਾ ਬਣਿਆ। ਮਿੱਧ ਸੁੱਟੀਆਂ ਕਈ ਕੋਮਲ ਕਲੀਆਂ, ਖੁਰਾਸਨ ਦਿਆਂ ਜਾਬਰ ਪੈਰਾਂ। ਆਸਾਂ ਦੇ ਸਭ ਮਹਿਲ ਮੁਨਾਰੇ, ਢਹਿ ਢੇਰੀ ਕਰ ਦਿੱਤੇ ਗ਼ੈਰਾਂ। ਪੱਥਰ ਦਿਲ ਨੇ ਤਰਸ ਨਾ ਖਾਧਾ, ਅਬਲਾ ਦੀ ਮਜਬੂਰੀ ਤੱਕ ਕੇ। ਕਾਤਲ ਦਾ ਹੱਥ ਜ਼ਰਾ ਨਾ ਰੁਕਿਆ, ਕਿਸੇ ਦੀ ਮਾਂਗ ਸੰਧੂਰੀ ਤੱਕ ਕੇ। ਸਿਰ ਤਰਬੂਜਾਂ ਵਾਂਗੂੰ ਰੁਲਦੇ, ਹਰ ਥਾਂ ਦਿਸਣ ਵਿੱਚ ਬਾਜ਼ਾਰਾਂ। ਕਿਧਰੇ ਜਬਰ ਦੇ ਨਾਲ ਸਤਾਈਆਂ, ਹਾਹਾਕਾਰ ਮਚਾਵਣ ਨਾਰਾਂ। ਨਜ਼ਰਾਂ ਜਾਵਣ ਜਿੱਥੋਂ ਤੀਕਰ, ਨਦੀ ਜ਼ੁਲਮ ਦੀ ਠਾਠਾਂ ਮਾਰੇ। ਅਬਲਾ ਭਾਰਤ ਦਾ ਲਹੂ ਪੀ ਕੇ, ਬਿਸ਼ੀਅਰ ਮਾਰਨ ਪਏ ਫੁੰਕਾਰੇ। ਜਦ ਭਾਰਤ ਦੇ ਬੀਰ ਬਹਾਦੁਰ, ਮੌਤ ਦੀ ਗੋਦੀ ਅੰਦਰ ਸੁੱਤੇ। ਦੁੱਧ ਚੁੰਘਦੇ ਮਾਸੂਮਾਂ ਦੇ ਸਿਰ, ਜਦ ਤੀਰਾਂ ਵਿੱਚ ਗਏ ਪਰੁੱਚੇ। ਜਦ ਭਾਰਤ ਦੇ ਵਿਹੜੇ ਅੰਦਰ, ਨਾ ਕੋਈ ਰਹਿ ਗਈ ਕੰਜ ਕੁਆਰੀ। ਜਦ ਅਬਲਾ ਦੀ ਲਾਜ ਬਚਾਵਣ, ਨਾ ਆਇਆ ਕੋਈ ਕ੍ਰਿਸ਼ਨ ਮੁਰਾਰੀ। ਜਦ ਰਾਵਣ ਦੇ ਹੱਥੋਂ ਸੀਤਾ, ਰਾਮ ਕੋਈ ਛੁੜਵਾ ਨਾ ਸਕਿਆ। ਜਦ ਭਾਰਤ ਦੀ ਰੁੜ੍ਹਦੀ ਬੇੜੀ, ਬੰਨੇ ਤੇ ਕੋਈ ਲਾ ਨਾ ਸਕਿਆ। ਤਦ ਮੇਰੇ ਗੁਰੂ ਨਾਨਕ ਪਿਆਰੇ, ਸੁੱਤੇ ਰੱਬ ਨੂੰ ਝੱਟ ਜਗਾਇਆ। ਬਾਬਰ ਜਾਬਰ ਨੇ ਕਿਉਂ ਏਨਾ, ਭਾਰਤ ਉੱਤੇ ਜ਼ੁਲਮ ਕਮਾਇਆ। ਓ! ਰੱਬਾ ਤੈਨੂੰ ਜਾਗ ਨਾ ਆਈ, ਸੁਣ ਕੇ ਜੰਗੀ ਢੋਲ ਨਗਾਰੇ। ਓ! ਰੱਬਾ ਤੈਨੂੰ ਸੇਕ ਨਾ ਲੱਗਾ, ਫੂਕੇ ਗਏ ਜਦ ਤੇਰੇ ਦਵਾਰੇ। ਲਹਿ ਗਏ ਚੰਨ ਕਈਆਂ ਦੇ ਭਾਵੇਂ, ਪਰ ਤੂੰ ਚੰਨ ਚੜ੍ਹਾਈ ਬੈਠੈਂ। ਓ! ਰੱਬਾ ਤੂੰ ਡਾਢੇ ਹੱਥੋਂ, ਮਾੜੇ ਨੂੰ ਮਰਵਾਈ ਬੈਠੈਂ। ਕੌਣ ਹੈ ਜ਼ਾਲਮ ਜਿਸਨੇ ਮੇਰੇ, ਭਾਰਤ ਦੀ ਹੈ ਰੀਤ ਮਿਟਾਈ। ਕੌਣ ਹੈ ਜਾਬਰ ਜਿਸ ਨਿਹੱਥੀ, ਜਨਤਾ ‘ਤੇ ਤਲਵਾਰ ਚਲਾਈ। ਉਸ ਜਾਬਰ ਦੇ ਹੱਥੋਂ ਹੁਣ ਮੈਂ, ਭਾਰਤ ਮਾਂ ਛੁੜਵਾਣੀ ਚਾਹੁੰਨਾ। ਰੁਲ ਰਹੀ ਏ ਪੈਰਾਂ ਵਿੱਚ ਜੋ, ਆਪਣੀ ਲਾਜ ਬਚਾਣੀ ਚਾਹੁੰਨਾ। ਐ ਬਾਬਰ ! ਤਲਵਾਰ ਤੇਰੀ ਅੱਜ, ਮੇਰਾ ਕੁਝ ਵਿਗਾੜ ਨਹੀਂ ਸਕਦੀ। ਐ ਜਾਬਰ ! ਤੇਰੀ ਲਾਲ ਹਨੇਰੀ, ਮੇਰੇ ਪੈਰ ਉਖਾੜ ਨਹੀਂ ਸਕਦੀ। ਮੈਂ ਜਨਤਾ ਦਾ ਸੇਵਕ ਸ਼ਾਇਰ, ਤੈਨੂੰ ਕੁਝ ਸਮਝਾਉਣਾ ਚਾਹੁੰਨਾ। ਦਹਿਸ਼ਤ ਭਰੀਆਂ ਅੱਖਾਂ ਨੂੰ ਮੈਂ, ਸ਼ਰਮ ਹਯਾ ਸਿਖਲਾਣਾ ਚਾਹੁੰਨਾ। ਤੇਰਿਆਂ ਹੱਥਾਂ ਜਿਹੜੀ ਬਣਾਈ, ਆ ਕੋਝੀ ਤਸਵੀਰ ਵਿਖਾਵਾਂ। ਅਬਲਾਵਾਂ ਦੇ ਅੱਥਰੂ ਚੁਗ ਕੇ, ਆ ਤੇਰੀ ਝੋਲੀ ਵਿੱਚ ਪਾਵਾਂ। ਮਾਰ ਕੇ ਕਈ ਬੇਦੋਸ਼ੇ ਬੰਦੇ, ਗ਼ਾਜ਼ੀ ਕੋਈ ਅਖਵਾ ਨਹੀਂ ਸਕਦਾ। ਐ ਬਾਬਰ ! ਬੰਦਿਆਂ ਦੀ ਹਸਤੀ, ਬੰਦਾ ਕਦੇ ਮਿਟਾ ਨਹੀਂ ਸਕਦਾ। ਤੁਅੱਸਬ ਦੀ ਜੋ ਬਾਂਗ ਅਲਾਹੇ, ਉਹ ਨਹੀਂ ਕਦੇ ਨਮਾਜ਼ੀ ਹੁੰਦਾ। ਮਜ਼ੱਹਬ ਦੇ ਨਾਂ ਜ਼ੁਲਮ ਕਰੇ ਜੋ , ਰੱਬ ਨਹੀਂ ਉਸ ਤੇ ਰਾਜ਼ੀ ਹੁੰਦਾ। ਜ਼ੁਲਮ ਤਕੱਬਰ ਦਾ ਸਿਰ ਬਾਬਰ, ਆਖ਼ਰ ਇੱਕ ਦਿਨ ਝੁੱਕ ਜਾਂਦਾ ਏ। ਖ਼ਲਕਤ ਦੀ ਆਵਾਜ਼ ਨੂੰ ਸੁਣ ਕੇ, ਖ਼ਾਲਕ ਦਾ ਹੱਥ ਰੁੱਕ ਜਾਂਦਾ ਏ। ਖਰੀਆਂ ਖਰੀਆਂ ਗੱਲਾਂ ਕਰ ਕੇ, ਢਾਹ ਦਿੱਤਾ ਬਾਬਰ ਦਾ ਜੇਰਾ। ਦੇਸ਼ ਦੀ ਖਾਤਰ ਕੈਦੀ ਬਣਿਆ, ਧੰਨ ਹੈ ਸਤਿਗੁਰ ਨਾਨਕ ਮੇਰਾ। ਫਿਰ ਭਾਰਤ ਦੀਆਂ ਨਜ਼ਰਾਂ ਢੂੰਡਣ, ਆਸੇ ਪਾਸੇ ਚਾਰ ਚੁਫ਼ੇਰੇ। ਐ ਮੇਰੇ ਸਤਿਗੁਰ ਨਾਨਕ ਤੈਨੂੰ, ਢੂੰਡਣ ਭਾਰਤ ਵਾਸੀ ਤੇਰੇ। ਫਿਰ ਕੋਈ ਬਾਬਰ ਦਾ ਬੇਟਾ, ਭਾਰਤ ਨੂੰ ਹਥਿਆਣਾ ਚਾਹੁੰਦੈ। ਫਿਰ ਭਾਰਤ ਦੇ ਮੱਥੇ ਉੱਤੇ, ਦਾਗ਼ ਗੁਲਾਮੀ ਲਾਣਾ ਚਾਹੁੰਦੈ। ਫਿਰ ਭਾਰਤ ਦਾ ਰੂਪ ਕੁਆਰਾ, ਮੰਡੀ ਵਿੱਚ ਵਿਕਵਾਣਾ ਚਾਹੁੰਦੈ। ਫਿਰ ਕੋਈ ਭੁੱਖਾ ਰਿੱਛ ਜਨੂੰਨੀ, ਅੱਜ ਭਾਰਤ ਨੂੰ ਖਾਣਾ ਚਾਹੁੰਦੈ। ਪਰ ਮੇਰੇ ਗੁਰੂ ਨਾਨਕ ਪਿਆਰੇ, ਅੱਜ ਨਹੀਂ ਅਬਲਾ ਭਾਰਤ ਰੋਣੀ। ਹੁਣ ਸਕਤਾ ਸਕਤੇ ਸੰਗ ਲੜਨੈ, ਤੇਰੀ ਤਮੰਨਾ ਪੂਰੀ ਹੋਣੀ। ਕਲਮ ਤੇਰੀ ਨੂੰ ਕਲਗੀਆਂ ਵਾਲਾ, ਖ਼ੂਨ ਦਾ ਡੋਕਾ ਲਾ ਗਿਆ ਦਾਤਾ। ਨੀਹਾਂ ਹੇਠ ਚਿਣਾ ਕੇ ਪੁੱਤਰ, ਸਾਨੂੰ ਸ਼ੇਰ ਬਣਾ ਗਿਆ ਦਾਤਾ। ਅੱਜ ਭਾਰਤ ਦਾ ਬੱਚਾ ਬੱਚਾ, ਭਾਰਤ ਦਾ ਰਖਵਾਲਾ ਬਣਿਐ। ਅੱਜ ਭਾਰਤ ਨਹੀਂ ਵਗ ਪੁਰਾਣਾ, ਸ਼ੇਰ ਜਵਾਂ ਹਰ ਬਾਲਾ ਬਣਿਐ। ਫਿਰ ਤੇਰੇ ਮਰਦਾਨੇ ਪੁੱਤਰਾਂ, ਸਿਰ ਦੇ ਕੇ ਸਰਹੱਦ ਬਚਾਣੀ। ਫਿਰ ਫੂਕਾਂਗੇ ਟੈਂਕ ਜਬਰ ਦੇ, ਜੰਝ ਪਾਪ ਦੀ ਮਾਰ ਭਜਾਣੀ। ਜੋਰੀ ਦਾਨ ਕਦੇ ਨਹੀਂ ਦੇਣਾ, ਕਿਸੇ ਬਦੇਸ਼ੀ ਜਾਬਰ ਤਾਈਂ। ਆਪਣਾ ਹਿੰਦੋਸਤਾਨ ਨਹੀਂ ਦੇਣਾ, ਫਿਰ ਚੰਗੇਜ਼ ਨਾ ਬਾਬਰ ਤਾਈਂ। ਖ਼ੂਨ ਦਿਆਂਗੇ ਤੈਨੂੰ ਆਪਣਾ, ਲਿਖ ਨਾਨਕ ਫਿਰ ਬਾਬਰਵਾਣੀ। ਮਸਤੀ ਵਿੱਚ ਤੂੰ ਗਾਂਦਾ ਜਾਵੀਂ, ਤੋਪਾਂ ਥੀਂ ਰਬਾਬ ਵਜਾਣੀ। ਜ਼ੁਲਮ ਦੀਆਂ ਤਲਵਾਰਾਂ ਕੋਲੋਂ, ਸੱਚ ਕਦੇ ਵੀ ਮਰ ਨਹੀਂ ਸਕਦਾ। ਜਿਸ ਭਾਰਤ ਦਾ ਰਾਖਾ ਨਾਨਕ, ਉਹ ਭਾਰਤ ਕਦੇ ਹਰ ਨਹੀਂ ਸਕਦਾ।

ਜਹਾਂਗੀਰ ਦੀ ਚਾਲ

ਜਿਸ ਦਿਨ ਤੋਂ ਇਸ ਭਾਰਤ ਅੰਦਰ, ਮੁਗ਼ਲ ਰਾਜ ਨੇ ਪੈਰ ਟਿਕਾਏ। ਕਿਤਨੇ ਹੀ ਤੂਫ਼ਾਨ ਜ਼ੁਲਮ ਦੇ, ਦਿਨੋਂ ਦਿਨ ਹੋਏ ਦੂਣ ਸਵਾਏ। ਕਦੀ ਤਾਂ ਬਾਬਰਵਾਣੀ ਫਿਰ ਗਈ, ਕਦੀ ਹੁੰਮਾਯੂ ਤੇਗ ਉਛਾਲੀ। ਕਦੀ ਤਾਂ ਅਕਬਰ ਦੀ ਬਦਨੀਤੀ, ਸਭ ਨੂੰ ਦਿੱਤੀ ਜ਼ਹਿਰ ਪਿਆਲੀ। ਭੋਲੇ ਭਾਲੇ ਭਾਰਤ ਵਾਸੀ, ਆਏ ਇਨ੍ਹਾਂ ਦੀਆਂ ਚਾਲਾਂ ਅੰਦਰ । ਅਦਲਾ ਬਦਲੀ ਕਰ ਸਕੇ ਨਾ, ਇਨ੍ਹਾਂ ਦਿਆਂ ਖ਼ਿਆਲਾਂ ਅੰਦਰ। ਹੋਣ ਲੱਗੇ ਇੱਜ਼ਤ ਦੇ ਸੌਦੇ, ਕੂੜ ਦੀਆਂ ਜਾਗੀਰਾਂ ਪਿੱਛੇ। ਕਾਲੇ ਧੱਬੇ ਕਿਸੇ ਨਾ ਵੇਖੇ, ਲਿਸ਼ਕਦੀਆਂ ਤਸਵੀਰਾਂ ਪਿੱਛੇ। ਮਿਹਰਾਂ ਦਾ ਮੀਂਹ ਸਮਝ ਲਿਆ ਸੀ, ਲੋਕਾਂ ਏਸ ਫੁਹਾਰੇ ਤਾਈਂ। ਥੰਮੀਆਂ ਦੇ ਕੇ ਉੱਚਾ ਕੀਤਾ, ਆਪਣੇ ਏਸ ਚੁਬਾਰੇ ਤਾਈਂ। ਅਬਲਾ ਭਾਰਤ ਦਾ ਲਹੂ ਪੀ ਪੀ, ਏਸ ਤਾਈਂ ਫਿਰ ਚੜ੍ਹੀ ਜੁਆਨੀ। ਜਹਾਂਗੀਰ ਮੂੰਹ ਜ਼ੋਰ ਮੁਹਾਣੀ, ਬਣਿਆ ਸੀ ਜਦ ਇਸਦਾ ਬਾਨੀ। ਪੀ ਕੇ ਨਸ਼ਾ ਹਕੂਮਤ ਵਾਲਾ, ਫ਼ਰਜ਼ ਦੀ ਤਕੜੀ ਤੋਲਣ ਲੱਗਾ। ਤੁਅੱਸਬੀ ਧੁੰਦਲੇ ਸ਼ੀਸ਼ੇ ਵਿੱਚੋਂ, ਅਦਲ ਦੇ ਮੋਤੀ ਟੋਲਣ ਲੱਗਾ। ਪਰ ਉਸ ਵੇਲੇ ਸਤਿਗੁਰ ਅਰਜੁਨ, ਸਾਂਭ ਲਿਆ ਇਤਿਹਾਸ ਪੁਰਾਣਾ। ਜਹਾਂਗੀਰ ਚਾਹੁੰਦਾ ਸੀ ਜਿਸ ਤੇ, ਮੁਸਲਮਾਨੀ ਰੰਗ ਚੜ੍ਹਾਣਾ। ਆਪਣੀ ਰਾਹ ਦੇ ਰੋੜੇ ਤਾਈਂ, ਜਹਾਂਗੀਰ ਹਟਾਵਾਣਾ ਚਾਹਿਆ। ਕਿਸੇ ਬਹਾਨੇ ਗੁਰ ਅਰਜੁਨ ਨੂੰ, ਜਹਾਂਗੀਰ ਮਰਵਾਣਾ ਚਾਹਿਆ। ਚਾਹੁੰਦਾ ਨਹੀਂ ਸੀ ਜਨਤਾ ਕੋਲੋਂ, ਬਾਦਸ਼ਾਹ ਜ਼ਾਲਮ ਅਖਵਾੳਣਾ। ਏਸ ਅਦਲ ਦੀ ਤਕੜੀ ਉੱਤੇ, ਲੋਕ ਲਹੂ ਦੇ ਛਿੱਟੇ ਪਾਣਾ। ਦਿਲ ਦੀ ਅੱਗ ਬੁਝਾਵਣ ਖ਼ਾਤਰ, ਢੂੰਡ ਰਿਹਾ ਸੀ ਕਿਧਰੇ ਪਾਣੀ। ਤਦ ਉਸ ਦੀਆਂ ਨਜ਼ਰਾਂ 'ਚ ਆ ਗਈ, ਉਲਝੀ ਹੋਈ ਚੰਦੂ ਦੀ ਤਾਣੀ । ਲੱਭ ਲਿਆ ਉਹਨੇ ਇੱਕ ਨਿਸ਼ਾਨਾ, ਉਹੀਓ ਸਿਰੇ ਚੜ੍ਹਾਣਾ ਚਾਹਿਆ। ਸਤਿਗੁਰੂ ਜੀ ਨੂੰ ਇੱਕ ਹਿੰਦੂ ਤੋਂ, ਏਸੇ ਲਈ ਮਰਵਾਣਾ ਚਾਹਿਆ। ਫੌਜੀ ਤਾਕਤ ਦੇ ਗਿਆ ਸਾਰੀ, ਗੁਰੂ ਅਰਜਨ ਮਰਵਾਵਣ ਖ਼ਾਤਰ। ਟੁਰ ਗਿਆ ਦੂਰ ਪਹਾੜਾਂ ਉੱਤੇ, ਆਪਣੇ ਪਾਪ ਛੁਪਾਵਣ ਖ਼ਾਤਰ। ਕੀ ਹੋਇਆ ਇਸ ਭਾਰਤ ਅੰਦਰ, ਸਾਕ ਕਦੇ ਵੀ ਟੁੱਟੇ ਨਹੀਂ ਸਨ? ਪਰ ਨਿੱਕੀਆਂ ਜਿਹੀਆਂ ਗੱਲਾਂ ਪਿੱਛੇ, ਕਹਿਰ ਕਦੇ ਵੀ ਫੁੱਟੇ ਨਹੀਂ ਸਨ? ਰਿਸ਼ਤੇਦਾਰਾਂ ਇੱਕ ਦੂਜੇ ਤੇ, ਊਜਾਂ ਕਦੇ ਲਗਾਈਆਂ ਨਹੀਂ ਸਨ? ਕਿਸੇ ਵਜ਼ੀਰ ਦੇ ਹੱਥੀਂ ਰਾਜੇ, ਵਾਗਾਂ ਕਦੇ ਫੜਾਈਆਂ ਨਹੀਂ ਸਨ? ਇੰਝ ਕਿਸੇ ਨਾ ਧਰੇ ਅੰਗਾਰੇ, ਦੇਸ਼ ਦੀਆਂ ਤਕਦੀਰਾਂ ਉੱਤੇ। ਅੰਤਾਂ ਜ਼ੁਲਮ ਕਿਸੇ ਨਾ ਕੀਤਾ, ਰਾਜੇ ਕਿਸੇ ਫ਼ਕੀਰਾਂ ਉੱਤੇ । ਚੰਦੂ ਹੋਸ਼ ਭੁਲਾ ਬੈਠਾ ਸੀ, ਵੇਖ ਕੇ ਸ਼ਾਹੀ ਮਾਲ ਖ਼ਜ਼ਾਨਾ। ਕੱਢਣ ਲੱਗਾ ਗੁਰੂ ਅਰਜਨ ਤੇ, ਆਪਣੇ ਦਿਲ ਦਾ ਵੱਟ ਪੁਰਾਣਾ। ਭਾਂਬੜ ਮਚਿਆ ਗੁੱਸੇ ਵਾਲਾ, ਲੋਹ ਤਾਈਂ ਤਪਾਵਣ ਲੱਗਾ। ਅੱਜ ਬੰਦਾ ਭਗਵਾਨ ਦੀ ਹਸਤੀ, ਅੱਗ ਦੇ ਨਾਲ ਮਿਟਾਵਣ ਲੱਗਾ। ਭਬਕ ਭਬਕ ਕੇ ਭਾਂਬੜ ਮਚਿਆ, ਲਟ ਲਟ ਮੱਚ ਉੱਠੀਆਂ ਸਨ ਲਾਟਾਂ। ਅੰਗਿਆਰਾਂ ਦੇ ਸੀਨੇ ਵਿੱਚੋਂ, ਉੱਠ ਪਈਆਂ ਸਨ ਕਈ ਤਰਾਟਾਂ। ਲੋਹੇ ਦਾ ਲਹੂ ਸਿੰਮ ਪਿਆ ਸੀ, ਸਹਿ ਸਹਿ ਕੇ ਭਾਂਬੜ ਦੀਆਂ ਮਾਰਾਂ। ਸੜ ਸੜ ਕੇ ਭੱਠੀ ਦਾ ਸੀਨਾ, ਪਿਆ ਮਚਾਵੇ ਹਾਹਾਕਾਰਾਂ। ਛਾਲੇ ਛਾਲੇ ਪਿੰਡਾ ਕਰ ਕੇ, ਕੁਦਰਤ ਨੇ ਹਟਕੋਰੇ ਲੀਤੇ। ਤਲਖ਼ ਹਵਾਵਾਂ ਸਮੇਂ ਦੀਆਂ ਨੇ, ਇਸ ਠੰਡਕ ਨੂੰ ਸਜਦੇ ਕੀਤੇ। ਤੇਰਾ ਭਾਣਾ ਮੀਠਾ ਲਾਗੇ, ਮਸਤੀ ਵਿੱਚ ਜੋ ਗਾਂਦਾ ਜਾਵੇ। ਆਪਣੇ ਤਨ ਤੇ ਅੱਗ ਪਵਾ ਕੇ, ਜਗ ਤੇ ਠੰਡ ਵਰਤਾਂਦਾ ਜਾਵੇ।

ਚੰਦੂ ਦਾ ਜ਼ੁਲਮ

ਤੱਤੀ ਰੇਤ ਵੀ ਬਦਨ ਤੇ ਪਾ ਪਾ ਕੇ, ਦਿਲ ਦੀ ਅੱਗ ਨੂੰ ਨਹੀਂ ਸੀ ਬੁਝਾ ਸਕਿਆ। ਦੇ ਕੇ ਜੋਸ਼ ਵੀ ਉਬਲਦੀ ਦੇਗ ਅੰਦਰ, ਨਾ ਉਹ ਆਪਣਾ ਜੋਸ਼ ਮਿਟਾ ਸਕਿਆ। ਕਰ ਕੇ ਲੋਹ ਨੂੰ ਲਾਲ ਅੰਗਾਰ ਵਾਂਗੂੰ, ਸੀਤਲ ਹਿਰਦਾ ਨਾ ਜ਼ਰਾ ਗਰਮਾ ਸਕਿਆ। ਬਾਕੀ ਰਿਹਾ ਬਚਿਆ ਨਾ ਤੀਰ ਕੋਈ, ਜਿਹੜਾ ਤੀਰ ਨਹੀਂ ਸੀ ਉਹ ਚਲਾ ਸਕਿਆ। ਕੀਤੇ ਲੱਖਾਂ ਹੀ ਜ਼ਾਲਮ ਨੇ ਜ਼ੁਲਮ ਭਾਵਂੇ, ਪਰ ਨਾ ਆਪਣੀ ਈਨ ਮਨਾ ਸਕਿਆ। ਐਪਰ ਜਬਰ ਤੇ ਸਬਰ ਦੀ ਜੰਗ ਅੰਦਰ, ਚੰਦੂ ਜ਼ਰਾ ਵੀ ਫ਼ਤਹਿ ਨਾ ਪਾ ਸਕਿਆ। ਕਦਮ ਚੁੱਕਿਆ ਸੀ ਜਿਹੜਾ ਮਗਰੂਰੀਆਂ ਦਾ, ਉਹਨੂੰ ਅੱਗੇ ਹੀ ਅੱਗੇ ਵਧਾਵੰਦਾ ਰਿਹਾ। ਹੋ ਕੇ ਮਸਤ ਹਕੂਮਤ ਦੇ ਨਸ਼ੇ ਅੰਦਰ, ਹੁਕਮ ਨਵੇਂ ਤੋਂ ਨਵੇਂ ਸੁਣਾਵੰਦਾ ਰਿਹਾ। ਜੋਤ ਬੁੱਝ ਗਈ ਸੀ ਭਾਵੇਂ ਆਤਮਾ ਦੀ, ਪਰ ਉਹ ਦਿਲ ਦੀ ਅੱਗ ਭੜਕਾਵੰਦਾ ਰਿਹਾ। ਬੰਦਾ ਭੁੱਲ ਕੇ ਆਪਣੀ ਬੰਦਗੀ ਨੂੰ, ਵੈਰ ਨਾਲ ਭਗਵਾਨ ਦੇ ਪਾਵੰਦਾ ਰਿਹਾ। ਤੱਕ ਕੇ ਤੋਰ ਉਹਦੇ ਉਹਦੀ ਨੂੰਹ ਬਦਲੀ, ਉਹ ਨਾ ਆਪਣਾ ਰੰਗ ਵਟਾ ਸਕਿਆ। ਐਪਰ ਜਬਰ ਤੇ ਸਬਰ ਦੀ ਜੰਗ ਅੰਦਰ, ਚੰਦੂ ਜ਼ਰਾ ਵੀ ਫ਼ਤਹਿ ਨਾ ਪਾ ਸਕਿਆ। ਸਾਗਰ ਸ਼ਾਂਤ ਦਾ ਰਿਹਾ ਅਡੋਲ ਐਧਰ, ਓਧਰ ਅੱਗ ਨੇ ਭਾਂਬੜ ਮਚਾਏ ਹੋਏ ਸਨ। ਬੇੜੀ ਸ਼ਹੁ ਵਿੱਚ ਤਰਦੀ ਸੀ ਇਸ ਪਾਸੇ, ਓਧਰ ਲਹਿਰਾਂ ਤੂਫ਼ਾਨ ਉਠਾਏ ਹੋਏ ਸਨ। ਭਾਣਾ ਮਿੱਠਾ ਸੀ ਐਧਰ ਮਨਾਇਆ ਜਾਂਦਾ, ਹੁਕਮ ਖੁਦੀ ਨੇ ਉੱਧਰ ਚੜ੍ਹਾਏ ਹੋਏ ਸਨ। ਐਧਰ ਮੌਤ ਵੀ ਹੱਸਦੀ ਸੀ ਅਮਰ ਹੋ ਕੇ, ਹਾਸੇ ਜੀਵਨ ਦੇ ਓਧਰ ਝੁਲਸਾਏ ਹੋਏ ਸਨ। ਨਸ਼ਤਰ ਚੋਭ ਕੇ ਰਿਸਦੇ ਛਾਲਿਆਂ ਤੇ, ਉਹ ਨਾ ਜਿਗਰ ਦਾ ਛੇਦ ਮਿਟਾ ਸਕਿਆ। ਐਪਰ ਜਬਰ ਤੇ ਸਬਰ ਦੀ ਜੰਗ ਅੰਦਰ, ਚੰਦੂ ਜ਼ਰਾ ਵੀ ਫ਼ਤਹਿ ਨਾ ਪਾ ਸਕਿਆ। ਝੁਲਸੇ ਹੋਏ ਸਿਰ ਤੇ ਰੇਤ ਪਾਈ, ਭਾਵੇਂ ਪਾਣੀ ਨੂੰ ਅੱਗ ਵੀ ਲਾ ਦਿੱਤੀ। ਰਿਸਦੇ ਜ਼ਖਮਾਂ ਤੇ ਛਿੜਕ ਕੇ ਲੂਣ ਪਾਪੀ, ਭਾਵੇਂ ਜ਼ਖਮਾਂ ਦੀ ਚੀਸ ਵਧਾ ਦਿੱਤੀ। ਆਪਣੀ ਈਨ ਮਨਵਾਉਣ ਦੇ ਲਈ ਭਾਵੇਂ, ਕਲਾ ਨਵੀਂ ਤੋਂ ਨਵੀਂ ਜਗਾ ਦਿੱਤੀ। ਪਰਦੇ ਕਹਿਰਾਂ ਦੇ ਪਾ ਕੇ ਮੂੰਹ ਉੱਤੇ, ਸੋਹਣੀ ਸੂਰਤ ਵੀ ਭਾਵੇਂ ਛੁਪਾ ਦਿੱਤੀ। ਅਰਜਨ ਗੁਰੂ ਦੀ ਬੇੜੀ "ਤੂਫਾਨ" ਅੰਦਰ, ਪਾਪੀ ਕਦੇ ਵੀ ਨਾ ਡਗਮਗਾ ਸਕਿਆ। ਐਪਰ ਜਬਰ ਤੇ ਸਬਰ ਦੀ ਜੰਗ ਅੰਦਰ, ਚੰਦੂ ਜ਼ਰਾ ਵੀ ਨਾ ਫ਼ਤਹਿ ਪਾ ਸਕਿਆ।

ਭਾਣਾ ਸਤਿ ਕਰਤਾਰ ਦਾ ਮੰਨ ਸਾਈਂ

ਬੇਬਲ ਗਰਮੀ ਦੇ ਨਾਲ ਸੰਸਾਰ ਹੋਇਆ, ਸੂਰਜ ਧਰਤੀ ਤੇ ਅੱਗ ਵਰਸਾ ਰਿਹਾ ਸੀ। ਪੱਥਰ ਪੰਘਰ ਕੇ ਪਰਬਤ ਹਿਮਾਲਿਆ ਦੇ, ਜਿਵੇਂ ਲਾਵਾ ਕੋਈ ਵਹਿੰਦਾ ਜਾ ਰਿਹਾ ਸੀ। ਬਚਣ ਲਈ ਇਸ ਅੱਗ ਦੀ ਲੂਅ ਕੋਲੋਂ, ਕੀ ਕੀ ਅਮਲ ਇਨਸਾਨ ਕਮਾ ਰਿਹਾ ਸੀ। ਕੋਈ ਵਲ ਕਸ਼ਮੀਰ ਦੇ ਜਾ ਰਿਹਾ ਸੀ, ਕੋਈ ਮੜ੍ਹੀ ਅੰਦਰ ਡੇਰੇ ਲਾ ਰਿਹਾ ਸੀ। ਐਸ ਕਹਿਰਾਂ ਦੀ ਗਰਮੀ ਦੀ ਲੂਅ ਅੰਦਰ, ਪੰਚਮ ਪਾਤਸ਼ਾਹ ਕੌਤਕ ਵਿਖਾ ਰਹੇ ਨੇ। ਤਪਦੀ ਰੇਤ ਪਵਾ ਕੇ ਬਦਨ ਉੱਤੇ, ਠੰਡ ਵਿੱਚ ਸੰਸਾਰ ਦੇ ਪਾ ਰਹੇ ਨੇ। ਧੁਖ ਪਈ ਅੱਗ ਜਦ ਈਰਖਾ ਦੀ, ਸੀਨਾ ਚੰਦੂ ਹੰਕਾਰੀ ਦਾ ਬਲ ਉੱਠਿਆ। ਭਰੀ ਹੋਈ ਫਿਰ ਸ਼ੂਕਦੀ ਨਦੀ ਅੰਦਰ, ਜ਼ੋਰ ਮਾਰ ਕੇ ਵਾਂਗਰਾਂ ਛਲ ਉੱਠਿਆ। ਘੜੀ ਮੌਤ ਦੀ ਦਿਲੋਂ ਵਿਸਾਰ ਦਿੱਤੀ, ਉਸੇ ਘੜੀ ਅੰਦਰ ਪਲੋ ਪਲ ਉੱਠਿਆ। ਭੁਬਕਾਂ ਮਾਰਦਾ ਮੁੱਛਾਂ ਨੂੰ ਵੱਟ ਦੇਂਦਾ, ਬਦਲਾ ਲੈਣ ਲਈ ਗੁਰਾਂ ਦੇ ਵਲ ਉਠਿਆ। ਹੋ ਕੇ ਮਸਤ ਹਕੂਮਤ ਦੇ ਨਸ਼ੇ ਅੰਦਰ, ਨਾਲ ਗੁਰਾਂ ਦੇ ਟਾਕਰਾ ਲਾਣ ਲੱਗਾ। ਨਿਕਲੀ ਹੋਈ ਜ਼ੁਬਾਨ 'ਚੋਂ ਗੱਲ ਆਪਣੀ, ਫਿਰ ਉਹ ਪਰਤ ਕੇ ਇੰਝ ਮਨਵਾਣ ਲੱਗਾ। ਲੋਹ ਲਾਲ ਕਰਵਾ ਕੇ ਇੱਕ ਪਾਸੇ, ਦੂਜੀ ਤਰਫ਼ ਫਿਰ ਰੇਤ ਤਪਾ ਦਿੱਤੀ। ਭਾਂਬੜ ਬਾਲ ਕੇ ਅੱਗ ਦਾ ਵਿੱਚ ਚੁੱਲ੍ਹੇ ਉੱਪਰ ਪਾਣੀ ਦੀ ਦੇਗ ਚੜ੍ਹਾ ਦਿੱਤੀ। ਤਪਦੀ ਹੋਈ ਫਿਰ ਅੱਗ ਦੀ ਲੋਹ ਉੱਤੇ, ਫੜ ਕੇ ਰੱਬ ਦੀ ਜੋਤ ਬਿਠਾ ਦਿੱਤੀ। ਕੜਛੇ ਤਪਦੀ ਰੇਤ ਦੇ ਭਰ ਭਰ ਕੇ, ਉੱਪਰੋਂ ਅੱਗ ਦੀ ਵਰਖਾ ਵਰ੍ਹਾ ਦਿੱਤੀ। ਛਾਲੇ ਪੈ ਗਏ ਏਧਰ ਸ਼ਰੀਰ ਉੱਤੇ, ਉੱਧਰ ਹੋਇਆ ਨਾ ਅਤਿਆਚਾਰ ਤੋਂ ਬਸ। ਵਿੱਚ ਉਬਲਦੀ ਦੇਗ ਬਿਠਾ ਕੇ ਵੀ, ਕੀਤੀ ਚੰਦੂ ਨਾ ਅਜੇ ਹੰਕਾਰ ਤੋਂ ਬਸ। ਖ਼ੂਨੀ ਫ਼ਿਲਮ ਦਾ ਇਸ ਤਰ੍ਹਾਂ ਸੀਨ ਤੱਕ ਕੇ, ਮੀਆਂ ਮੀਰ ਵੀ ਨੀਰ ਵਹਾਣ ਲੱਗਾ। ਆ ਕੇ ਕ੍ਰੋਧ ਵਿੱਚ ਅੱਖੀਆਂ ਲਾਲ ਕਰ ਕੇ, ਕਲਾ ਸੁੱਤੀਆਂ ਹੋਈਆਂ ਜਗਾਣ ਲੱਗਾ। ਕੰਮ ਲੈ ਕੇ ਸਿੱਧੀਆਂ ਸ਼ਕਤੀਆਂ ਤੋਂ, ਦਿੱਲੀ ਨਾਲ ਲਾਹੌਰ ਟਕਰਾਣ ਲੱਗਾ। ਉਹ ਕਹਿਰ ਦਾ ਇੱਕ "ਤੂਫਾਨ" ਬਣ ਕੇ, ਨਾਲ ਇੱਟ ਦੇ ਇੱਟ ਖੜਕਾਣ ਲੱਗਾ। ਇੱਦਾਂ ਵੇਖ ਕੇ ਸਤਿਗੁਰੂ ਹੱਸ ਬੋਲੇ, ਭਾਣਾ ਸਤਿ ਕਰਤਾਰ ਦਾ ਮਨ ਸਾਈਂ। ਤਪਸ਼ ਸਾਰੇ ਸੰਸਾਰ ਦੀ ਮੇਟਣੇ ਲਈ, ਅਸਾਂ ਅੱਗ ਵਿੱਚ ਸਾੜਨਾ ਤਨ ਸਾਈਂ। ਵੇਖ ਹਾਲ ਸਾਡਾ ਉਹਦੀ ਯਾਦ ਅੰਦਰ, ਨੈਣ ਹੰਝੂਆਂ ਦੀ ਛਹਿਬਰ ਲਾਂਵਦੇ ਨੇ। ਚਾਤ੍ਰਿਕ ਤੜਫ਼ਦਾ ਏ ਜਿਵੇਂ ਮੇਘ ਬਾਝੋਂ, ਈਕਰ ਘੜੀ ਵੀ ਚੈਨ ਨਹੀਂ ਪਾਂਵਦੇ ਨੇ।

ਕਸ਼ਮੀਰੀ ਪੰਡਤਾਂ ਦੀ ਪੁਕਾਰ

ਕਸ਼ਮੀਰੀ ਪੰਡਤਾਂ ਅਰਜ਼ ਗੁਜ਼ਾਰੀ। ਹੇ ਦਾਤਾ ਹੇ ਜਾਨਣਹਾਰੀ॥ ਤੇਰੇ ਦਰ ਤੇ ਆਏ ਸੁਆਲੀ। ਭਰ ਦਿਓ ਸਾਡੀ ਝੋਲੀ ਖਾਲੀ॥ ਅਸੀਂ ਗਏ ਹਾਂ ਜਿਉਂਦੇ ਮਾਰੇ। ਟੁੱਟ ਗਏ ਨੇ ਸਭ ਸਹਾਰੇ॥ ਉਜੜ ਗਏ ਹਾਂ ਵਸਦੇ ਵਸਦੇ। ਬਿਜਲੀ ਪੈ ਗਈ ਹਸਦੇ ਹਸਦੇ॥ ਇਉਂ ਪਈਆਂ ਸਾਡੇ ਤੇ ਧਾੜਾਂ। ਭੰਨਦੇ ਸੂਰ ਨੇ ਜੀਕਰ ਵਾੜਾਂ॥ ਰੁੱਖ ਢਾਹੁੰਦੀ ਹੈ ਜਿਵੇਂ ਹਨੇਰੀ। ਜੀਕਰ ਬੇੜੀ ਸ਼ੌਹ ਨੇ ਘੇਰੀ॥ ਖਾ ਖਾ ਕੇ ਇਸਲਾਮੀ ਡਾਂਗਾਂ। ਵਗ ਪਈਆਂ ਅੱਖੀਆਂ ’ਚੋਂ ਕਾਗਾਂ॥ ਰੋਂਦੀ ਹੈ ਕਸ਼ਮੀਰ ਵਿਚਾਰੀ। ਜਿਉਂ ਰੋਂਦੀ ਏ ਅਬਲਾ ਨਾਰੀ॥ ਉਬਲ ਰਹੇ ਬਰਫ਼ਾਂ ਦੇ ਸੀਨੇ। ਲਹੂ ਵਗਦਾ ਏ ਵਾਂਗ ਪਸੀਨੇ॥ ਲੂਹ ਰਹੀਆਂ ਝੀਲਾਂ ਹਰਿਆਲੀ। ਬਾਗ਼ ਉਜਾੜ ਰਹੇ ਨੇ ਮਾਲੀ॥ ਗਊ ਹਿੰਦੂ ਤੇ ਜ਼ੁਲਮ ਕਮਾਂਦੇ। ਮੁਸਲਮਾਨ ਬਣਾਈ ਜਾਂਦੇ॥ ਜੇ ਨਾ ਕਰੀਏ ਜਾਨ ਗਵਾਈਏ। ਅੱਖਾਂ ਸਾਹਮਣੇ ਪੁੱਤ ਮਰਵਾਈਏ॥ ਕੋਮਲ ਬੱਚੇ ਛੁਰੀਆਂ ਪਾੜੇ। ਲੱਖਾਂ ਜਿਉਂਦਿਆਂ ਹੀ ਸਾੜੇ॥ ਬੀਰ ਬਹਾਦਰ ਵਿੰਨ੍ਹੇ ਤੀਰਾਂ। ਅਹਿਲ ਜੁਆਨੀ ਹੋ ਗਈ ਲੀਰਾਂ॥ ਕੱਟ ਦਿੱਤੇ ਹੱਥ ਮਹਿੰਦੀ ਰੰਗੇ। ਚੰਨ ਕਈਆਂ ਦੇ ਸੂਲੀ ਟੰਗੇ॥ ਲਿਸ਼ਕ ਰਹੀਆਂ ਖ਼ੂਨੀ ਤਲਵਾਰਾਂ। ਸਿਰ ਪਏ ਰੁਲਦੇ ਵਿੱਚ ਬਜ਼ਾਰਾਂ॥ ਹਰ ਦਰਵਾਜ਼ੇ ਮੌਤ ਖਲੋਤੀ। ਇੱਜ਼ਤ ਖ਼ਤਰੇ ਨਾਲ ਪਰੋਤੀ॥ ਏਸੇ ਤਰ੍ਹਾਂ ਜੇ ਹੁੰਦਾ ਆਇਆ। ਨਾ ਰਹਿਸੀ ਹਿੰਦੂਆਂ ਦਾ ਸਾਇਆ॥ ਇਕ ਪਾਸੇ ਹੈ ਆਨ ਪਿਆਰੀ। ਇਕ ਪਾਸੇ ਹੈ ਜਾਨ ਪਿਆਰੀ॥ ਕੀ ਛੱਡੀਏ ਤੇ ਕੀ ਅਪਣਾਈਏ। ਕਿਸਨੂੰ ਆਪਣਾ ਹਾਲ ਸੁਣਾਈਏ॥ ਉਹ ਕਸ਼ਮੀਰ ਸੁਹੱਪਣ ਵਾਲਾ। ਤੁਅੱਸਬ ਨੇ ਅੱਜ ਕੀਤਾ ਕਾਲਾ॥ ਦੁੱਖ ਸਹਿ ਸਹਿ ਕੇ ਜੀਂਦੇ ਪਏ ਹਾਂ। ਖ਼ੂਨ ਜਿਗਰ ਦਾ ਪੀਂਦੇ ਪਏ ਹਾਂ॥ ਜੋ ਹੋਇਆ ਹੈ ਕਹਿ ਨਹੀਂ ਸਕਦੇ। ਹੋਰ ਤਸੀਹੇ ਸਹਿ ਨਹੀਂ ਸਕਦੇ॥ ਪਹੁੰਚ ਗਏ ਹਾਂ ਕੋਲ ਤੁਹਾਡੇ। ਮੁੱਕ ਜਾਵਣਗੇ ਦੁੱਖ ਅਸਾਡੇ॥ ਅੱਗੋਂ ਸਤਿਗੁਰ ਨੇ ਫ਼ਰਮਾਇਆ। ਲੋੜੀਂਦਾ ਕੋਈ ਧਰਮੀ ਜਾਇਆ॥ ਦੇਸ਼ ਲਈ ਜੋ ਜਾਨ ਗਵਾਵੇ। ਆਪਣੇ ਸਿਰ ਦੀ ਭੇਟ ਚੜ੍ਹਾਵੇ॥ ਧਰਮ ਲਈ ਜੋ ਮਰ ਸਕਦਾ ਹੈ। ਉਹੀਓ ਦੁੱਖੜੇ ਹਰ ਸਕਦਾ ਹੈ॥ ਬੋਲ ਪਏ ਗੋਬਿੰਦ ਮੁਸਕਾਂਦੇ। ਸਤਿਗੁਰ ਜੀ ਇਹ ਕੀ ਪਏ ਆਂਹਦੇ?? ਤੁਹਾਥੋਂ ਵੱਡਾ ਧਰਮੀ ਕਿਹੜਾ ? ਦੁੱਖ ਇਨ੍ਹਾਂ ਦੇ ਕੱਟੇ ਜਿਹੜਾ॥ ਪੂੰਝ ਦਿਓ ਇਹਨਾਂ ਦੇ ਹੰਝੂ। ਨਾ ਲੱਥਣ ਇਨ੍ਹਾਂ ਦੇ ਜੰਝੂ॥ ਦਾਤਾ ਛੱਡ ਕੇ ਤੇਰੇ ਦੁਆਰੇ। ਕਿੱਥੇ ਜਾਵਣ ਇਹ ਦੁਖਿਆਰੇ?? ਕੌਣ ਇਹਨਾਂ ਨੂੰ ਦਏ ਦਲਾਸੇ। ਲੁੱਟੇ ਗਏ ਜਿਹਨਾਂ ਦੇ ਹਾਸੇ॥ ਸਮਝੋ ਨਾ ਮੈਨੂੰ ਬਾਲ ਅੰਞਾਣਾ। ਪਹਾੜਾਂ ਨਾਲ ਮੈਂ ਮੱਥਾ ਲਾਣਾ॥ ਮੈਂ ਪਲਸਾਂ ਤਲਵਾਰਾਂ ਉੱਤੇ। ਫੁੱਲ ਪਲਦਾ ਜਿਉਂ ਖ਼ਾਰਾਂ ਉੱਤੇ॥ ਆਪਣੇ ਸੁੱਖ ਦੀ ਚਾਹ ਨਹੀਂ ਕੋਈ। ਜੀਵਨ ਦੀ ਪ੍ਰਵਾਹ ਨਹੀਂ ਕੋਈ॥ ਸਤਿਗੁਰ ਮੇਰੀ ਰੱਖਿਆ ਕਰਸੀ। ਮੇਰੇ ਸਾਰੇ ਸੰਕਟ ਹਰਸੀ॥ ਸੁਣ ਪੁੱਤਰ ਦੇ ਬੋਲ ਨਿਆਰੇ। ਬੋਲੇ ਸਭ ਦੀ ਜਾਨਣ ਹਾਰੇ॥ ਪਰਖ ਰਿਹਾ ਸਾਂ ਪੁੱਤਰ ਤੈਨੂੰ। ਕੀ ਦੇਨਾ ਏ ਉੱਤਰ ਮੈਨੂੰ॥ ਟੁਰ ਪਿਆ ਅੱਜ ਅਨੋਖਾ ਰਾਹੀ। ਜਿਹਨੇ ਮੌਤ ਸੀ ਬੁੱਕਲ ਪਾਈ॥ ਮੰਜ਼ਿਲ ਟੁਰ ਪਈ ਰਾਹਾਂ ਉੱਤੇ। ਦੇਸ਼ ਦੇ ਭਾਗ ਜਗਾਵਣ ਸੁੱਤੇ॥ ਕਹਿਣ ਲੱਗਾ ਜ਼ੁਲਮਾਂ ਦਾ ਮੋਢੀ। ਮੋਮਨ ਹੋ ਜਾਵੇ ਜੇ ਸੋਢੀ॥ ਸਿਜਦਾ ਕਰਸੀ ਦੀਨ ਅਸਾਡਾ। ਦਮ ਭਰਸੀ ਮਸਕੀਨ ਤੁਹਾਡਾ॥ ਜਿਉਂ ਲਗਦੀ ਏ ਸ਼ੇਰ ਨੂੰ ਗੋਲੀ। ਜਿਉਂ ਕੋਈ ਮਾਰੇ ਕਿਸੇ ਨੂੰ ਬੋਲੀ॥ ਜਿਵੇਂ ਚੱਕੀ ਪੀਂਹਦੀ ਏ ਦਾਣੇ। ਜਿਉਂ ਕੋਈ ਕੱਢੇ ਵੱਟ ਪੁਰਾਣੇ॥ ਜਿਉਂ ਰੜਕਣ ਅੱਖੀਆਂ ਵਿਚ ਰੋੜੇ। ਬੋਲ ਉਹਦੇ ਇਉਂ ਲੱਗੇ ਕੋੜੇ॥ ਕਹਿਣ ਲਗੇ ਉਹ ਰੱਬ ਦੇ ਬੰਦੇ। ਕਿਉਂ ਪਾਵੇਂ ਮਜ਼ਹਬਾਂ ਦੇ ਫੰਦੇ॥ ਖੂਨ ਕਿਸੇ ਦਾ ਵਹਿਣ ਨੀ ਦੇਣਾ। ਰਾਜ ਜ਼ੁਲਮ ਦਾ ਰਹਿਣ ਨੀ ਦੇਣਾ॥ ਤੇਰੀ ਤੇਗ ਡਰਾ ਨਹੀਂ ਸਕਦੀ। ਮੇਰਾ ਧਰਮ ਮਿਟਾ ਨਹੀਂ ਸਕਦੀ॥ ਹੁਣ ਤੂੰ ਆਪਣਾ ਜ਼ੋਰ ਵਿਖਾ ਲੈ। ਭਾਵੇਂ ਤਲਵਾਰਾਂ ਲਿਸ਼ਕਾ ਲੈ॥ ਦੇਸ਼ ਮੈਨੂੰ ਲਲਕਾਰ ਰਿਹਾ ਏ। ਖੂਨ ਉਛਾਲੇ ਮਾਰ ਰਿਹਾ ਏ॥ ਅੰਗ ਅੰਗ ਕੁਹਾਵਣ ਆਇਆਂ। ਆਪਣਾ ਸੀਸ ਕਟਵਾਵਣ ਆਇਆਂ॥ ਖੂਨ ਮੇਰੇ ਦੀਆਂ ਵਹਿੰਦੀਆਂ ਧਾਰਾਂ। ਪੈਦਾ ਕਰਸਨ ਕਈ ਤਲਵਾਰਾਂ॥ ਚਾਂਦਨੀ ਚੋਂਕ ਫਿਰ ਰੰਗ ਵਟਾਸੀ। ਲਹੂ ਮੇਰੇ ਵਿੱਚ ਜਦੋਂ ਨਹਾਸੀ॥ ਭਾਰਤ ਮਾਂ ਹੁਣ ਕਦੇ ਨਾ ਰੋਸੀ। ਹਰ ਬੰਦਾ ਰਖਵਾਲਾ ਹੋਸੀ॥ ਫੂਕ ਦੇਣਗੇ ਤੈਨੂੰ ਸ਼ਿਵਾਲੇ। ਜਿਨ੍ਹਾਂ ਵਿੱਚ ਤੂੰ ਭਾਂਬੜ ਬਾਲੇ॥ ਏਨਾ ਕਹਿ ਕੇ ਦੋ ਜਗ ਵਾਲੀ। ਘਾਲ ਗਏ ਫਿਰ ਘਾਲ ਨਿਰਾਲੀ॥ ਸਿਰ ਦੇ ਕੇ ‘ਤੂਫਾਨ’ ਹਟਾਇਆ। ਡੁਬਦੇ ਧਰਮ ਨੂੰ ਬੰਨੇ ਲਾਇਆ॥

ਸ਼ਹਾਦਤ ਨੌਵੇਂ ਪਾਤਸ਼ਾਹ ਦੀ

ਐ ਹਿੰਦੂਆਂ ਦੇ ਰਾਖੇ ਆਲਮ, ਤੇਗ ਬਹਾਦਰ ਬਦਲ ਇਰਾਦਾ। ਮੈਨੂੰ ਆਪਣਾ ਫਰਜ਼ ਨਿਭਾਵਣ, ਵਿੱਚ ਨਾ ਹੋ ਜਾਏ ਦੇਰ ਜ਼ਿਆਦਾ। ਆਖ ਰਿਹੈ ਹੈ ਕਾਜ਼ੀ ਤੈਨੂੰ, ਜੇ ਇਸਲਾਮ ਕਬੂਲ ਕਰੇਂਗਾ। ਭਰੇ ਚੌਂਕ ਵਿੱਚ ਦਿਨੇ ਦਿਹਾੜੀ, ਬਿਨ ਆਈ ਨਾ ਮੌਤ ਮਰੇਂਗਾ। ਪੀਰ ਬਣਾਇਆ ਜਾਵੇਂਗਾ ਤੂੰ, ਸ਼ਹਿਨਸ਼ਾਹੀ ਦਰਬਾਰਾਂ ਵਾਲਾ। ਜਾਂ ਫੌਜਾਂ ਦਾ ਆਗੂ ਬਣਸੇਂ, ਤੀਰਾਂ ਤੇ ਤਲਵਾਰਾਂ ਵਾਲਾ। ਕੀ ਤੈਨੂੰ ਇਨਾਮ ਹੈ ਦੇਣਾ, ਇਨ੍ਹਾਂ ਚਾਰ ਗਦਾਕਾਰਾਂ ਨੇ। ਵਿੰਨ੍ਹ ਸੁੱਟਣਾ ਹੈ ਦਾਮਨ ਤੇਰਾ, ਅੱਜ ਕਸ਼ਮੀਰ ਦਿਆਂ ਖ਼ਾਰਾਂ ਨੇ। ਸ਼ਹਿਨਸ਼ਾਹੀ ਪਰਵਾਨਾ ਆਇਐ, ਇੱਕੋ ਮਜ਼ਹਬ ਚਲਾਇਆ ਰਹਿਣੈ। ਕੱਲ੍ਹ ਦੇ ਹਿੰਦੋਸਤਾਨ 'ਚ ਵੇਖੀਂ, ਨਾ ਹਿੰਦੂਆਂ ਦਾ ਸਾਇਆ ਰਹਿਣੈ। ਇਹ ਸਭ ਤੇਰੇ ਹਿੰਦੁਸਤਾਨੀ, ਮੁਸਲਮਾਨ ਬਣਾਏ ਜਾਣੇ। ਨਹੀਂ ਤਾਂ ਤੇਰੇ ਮੁਰੀਦਾਂ ਵਾਂਗੂੰ, ਸਾਰੇ ਹੀ ਮਰਵਾਏ ਜਾਣੇ। ਇਹ ਤਲਵਾਰ ਲਹੂ ਦੀ ਪਿਆਸੀ, ਇੱਕ ਵਾਰੀ ਜਿਸ ਨੂੰ ਲੜ ਜਾਵੇ। ਸਿਰ ਉਹਦਾ ਧੜ ਨਾਲੋਂ ਟੁੱਟੇ, ਧੜ ਉਹਦਾ ਸਿਰ ਤੋਂ ਝੜ ਜਾਵੇ। ਇਹ ਤਲਵਾਰ ਅਜ਼ਲ ਦੀ ਬੇਟੀ, ਕਿਤਨੇ ਜੋਬਨ ਖਾ ਬੈਠੀ ਏ। ਕੱਜੀ ਹੋਈ ਮਿਆਨਾਂ ਅੰਦਰ, ਇਹ ਕਈ ਮਰਦ ਵਿਆਹ ਬੈਠੀ ਏ। ਕੀ ਆਖੇਗਾ ਟੱਬਰ ਤੇਰਾ, ਜਿਹਨੂੰ ਵਿਛੋੜੇ ਪਾ ਚੱਲਿਆ ਏਂ ? ਕੀ ਆਖੇਗਾ ਪੁੱਤਰ ਤੇਰਾ, ਮਿਹਟਰ ਜਿਹਨੂੰ ਬਣਾ ਚੱਲਿਆ ਏ ? ਆਪਣੇ ਬਾਲ ਬੱਚੇ ਦੀ ਖ਼ਾਤਿਰ, ਇਸ ਹੋਣੀ ਤੋਂ ਜਿੰਦ ਬਚਾ ਲੈ। ਜੇ ਇਸਲਾਮ ਕਬੂਲ ਨਹੀਂ ਤੈਨੂੰ, ਕਰਾਮਾਤ ਹੀ ਕੋਈ ਵਿਖਾ ਲੈ। ਨੌਵੇਂ ਸਤਿਗੁਰ ਤੇਗ ਬਹਾਦੁਰ, ਖੋਲ੍ਹ ਸਮਾਧੀ ਇੰਜ ਮੁਸਕਾਏ। ਜੀਕਣ ਤੱਪਦੇ ਰੇਤ ਥਲਾਂ ਵਿੱਚ, ਬਾਰਸ਼ ਆਣ ਫੁਹਾਰਾਂ ਪਾਏ। ਜਿਸ ਘਰ ਮੌਤ ਕਦੀ ਨਹੀਂ ਆਈ, ਦਸ ਉਹ ਕਿਹੜਾ ਘਰ ਹੈ ਸੱਜਣਾ। ਇੱਕ ਵਾਰੀ ਜਦ ਮਰ ਜਾਣਾ ਏ, ਫਿਰ ਮਰਨੋਂ ਕੀ ਡਰ ਹੈ ਸੱਜਣਾ। ਜਿਸ ਮਰਨੇ ਤੋਂ ਜਗ ਡਰਦਾ ਏ, ਮੈਂ ਉਹ ਮਰਨਾ ਪਾਣਾ ਚਾਹੁੰਨਾ। ਸਿਰ ਦਿੱਤਿਆਂ ਜੇ ਧਰਮ ਹੈ ਬਚਦਾ, ਤਾਂ ਮੈਂ ਸੀਸ ਕਟਾਣਾ ਚਾਹੁੰਨਾ। ਤੂੰ ਚਾਹੁੰਨਾ ਏਂ ਇਸ ਧਰਤੀ ਤੇ, ਹੋਣ ਸਦਾ ਝਗੜੇ ਤੇ ਦੰਗੇ। ਮੈਂ ਚਾਹੁੰਨਾ ਹਾਂ ਇਸ ਧਰਤੀ ‘ਚੋਂ, ਫੁੱਲ ਖਿੜਨ ਕਈ ਰੰਗ ਬਿਰੰਗੇ। ਤੂੰ ਚਾਹੁੰਨਾ ਏਂ ਇਸ ਧਰਤੀ ਦਾ, ਹਰ ਜ਼ਰਾ ਅੰਗਿਆਰ ਬਣਾਵਾਂ। ਮੈਂ ਚਾਹੁੰਨਾ ਹਾਂ ਇਸ ਧਰਤੀ ਨੂੰ, ਹਰੀ ਭਰੀ ਗੁਲਜ਼ਾਰ ਬਣਾਵਾਂ। ਉਸ ਮਾਲਕ ਦੇ ਘਰ ਜਾਵਣ ਲਈ, ਮਜ਼ਹਬ ਰਾਹ ਨੇ ਵਖਰੇ ਵਖਰੇ। ਤੂੰ ਚਾਹੁੰਨਾ ਏਂ ਹਰ ਮਜ਼ਹਬੀ ਦੇ, ਕਰ ਦੇਣੇ ਨੇ ਡਕਰੇ ਡਕਰੇ। ਦਯਾ, ਧਰਮ, ਨੇਕੀ ਦੇ ਬੂਟੇ, ਢਹਿ ਨਾ ਸਕਣ "ਤੂਫ਼ਾਨਾਂ" ਆਖੇ। ਜਾਹ ਆਪਣੇ ਕਾਜ਼ੀ ਨੂੰ ਕਹਿ ਦੇ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਕੌਣ ਕਿਸੇ ਤੋਂ ਮਰ ਸਕਦਾ ਏ, ਕੌਣ ਕਿਸੇ ਨੂੰ ਢਾਹ ਸਕਦਾ ਹੈ। ਪ੍ਰਭ ਚਾਹੇ ਤਾਂ ਕੀੜੀ ਕੋਲੋਂ, ਹਾਥੀ ਨੂੰ ਮਰਵਾ ਸਕਦਾ ਏ। ਤੂੰ ਮਾਲਕ ਦਾ ਹੁਕਮ ਬਜਾਣੈ, ਮੈਂ ਮਾਲਕ ਦਾ ਹੁਕਮ ਮਨਾਣੈ। ਤੂੰ ਵੀ ਆਪਣਾ ਫਰਜ਼ ਨਿਭਾਣੈ, ਮੈਂ ਵੀ ਆਪਣਾ ਫਰਜ਼ ਨਿਭਾਣੈ । ਛੇਤੀ ਕਰ ਤਲਵਾਰ ਚਲਾ ਦੇ, ਮੈਂ ਆਪਣੇ ਸੱਜਣਾਂ ਵੱਲ ਜਾਣੈ। ਭਰੇ ਚੌਂਕ ਵਿੱਚ ਸੀਸ ਕਟਾ ਕੇ, ਆਪਣਾ ਸੁੱਤਾ ਦੇਸ਼ ਜਗਾਣੈ। ਜਾਗੋ ਗੁਰੂ ਨਾਨਕ ਦਿਓ ਸਿੱਖੋ, ਤਲਵਾਰਾਂ ਦਾ ਮੌਸਮ ਆਇਆ। ਗਰਮ ਗਰਮ ਤਵੀਆਂ ਦੇ ਉੱਤੇ, ਫਿਰ ਨਾ ਜਾਵੇ ਸਬਰ ਜਲਾਇਆ। ਇਸ ਧਰਤੀ ਦੇ ਜ਼ੱਰਿਆਂ ਉੱਤੇ, ਖ਼ੂਨ ਮੇਰੇ ਦੇ ਛਿੱਟੇ ਮਾਰੋ। ਅਮਨ ਦੀ ਰੱਖਿਆ ਜੇ ਕਰਨੀ ਏ, ਜਾਗੋ ਨੀ ਸੁੱਤੀਓ ਤਲਵਾਰੋ। ਜਿਉਂ ਜਿਉਂ ਖੂਨ ਵਹੇਗਾ ਮੇਰਾ, ਜ਼ੱਰਿਆਂ ਨੂੰ ਗਰਮਾਈ ਆਣੀ। ਜ਼ੰਜੀਰਾਂ ਵਿੱਚ ਜਕੜੀ ਹੋਈ, ਭਾਰਤ ਮਾਂ ਛੁਡਵਾਈ ਜਾਣੀ। ਮੈਂ ਤੇਰਾ ਮਸ਼ਹੂਰ ਹਾਂ ਕਾਤਿਲ, ਜਨਮ ਜਨਮ ਵਿੱਚ ਆਵੀਂ ਅੜਿਆ। ਮੈਂ ਆਪਣਾ ਸਿਰ ਭੇਂਟ ਕਰਾਂਗਾ, ਤੂੰ ਵੀ ਫਰਜ਼ ਨਿਭਾਵੀਂ ਅੜਿਆ। ਜਦ ਤਲਵਾਰ ਚਲੇਗੀ ਤੇਰੀ, ਸਿਰ ਮੇਰਾ ਸਰਦਾਰ ਬਣੇਂਗਾ। ਇਹ ਤਨ ਮੇਰਾ ਰੰਗ ਵਟਾ ਕੇ, ਮਜ਼ਲੂਮਾਂ ਦਾ ਯਾਰ ਬਣੇਂਗਾ।

ਬੇਰੀ ਤੇ ਤਲਵਾਰ ਦੇ ਸੁਆਲ ਜੁਆਬ

ਹੇ ਤਲਵਾਰੇ ਦੱਸ ਮੈਨੂੰ, ਕੌਣ ਸੁੱਤੇ ਆਣ ਕੇ। ਕਿੱਥੋਂ ਟੁਰਦਾ ਆਇਆ ਹੈ, ਪੈਡਿਆਂ ਨੂੰ ਛਾਣ ਕੇ। ਇਸ ਭਿਆਨਕ ਰਾਤ ਵਿੱਚ, ਲਗਦੈ ਇਹਨੂੰ ਡਰ ਨਹੀ ? ਭੁੱਲਿਆ ਹੈ ਰਾਹੀ ਕੋਈ, ਯਾ ਇਸ ਦਾ ਘਰ ਨਹੀ ? ਇਹਦਿਆਂ ਪੈਰਾਂ ਵਿੱਚ, ਕਿਤਨੇ ਹੀ ਛਾਲੇ ਪਏ ਨੇ। ਮਣਾਂ ਮੂੰਹੀਂ ਕੰਡੇ ਇਹਦੇ, ਆਲੇ ਦੁਆਲੇ ਪਏ ਨੇ। ਰੋੜਿਆਂ ਦੀ ਸੇਜ ਕੀ, ਇਹਨੂੰ ਨਹੀਂ ਚੋਭਾਂ ਮਾਰਦੀ ? ਕੱਕਰ ਵਗਦੀ ਪੌਣ ਕੀ, ਨਹੀਂ ਇਹਦਾ ਸੀਨਾ ਠਾਰਦੀ ? ਜ਼ੱਰੇ ਜ਼ੱਰੇ ਮਿੱਟੀ ਦੇ, ਇਸ ਨੂੰ ਖਾ ਜਾਣਗੇ। ਮਸਤੇ ਹੋਏ ਅਜਗਰ ਵੀ, ਮੂੰਹ ‘ਚ ਪਾ ਜਾਣਗੇ। ਲਹੂ ਪੀਣੇ ਸ਼ੇਰ ਚੀਤੇ, ਪਾੜ ਖਾਸਨ ਏਸ ਨੂੰ। ਮਸਤ ਹਾਥੀ ਸੂਰ ਤੇ, ਬਘਿਆੜ ਖਾਸਨ ਏਸ ਨੂੰ। ਛੋੜ ਕੇ ਸੰਸਾਰ ਨੂੰ ਇੱਥੇ ਕਿਉਂ ਲੁਕਿਆ ਹੋਇਐ ? ਇਹ ਡਰਿਆ ਹੈ ਜਾਂ, ਭਗਤੀ 'ਚ ਝੁਕਿਆ ਹੋਇਐ ? ਕੀ ਇਹਨੂੰ ਆਪਣੀ ਜਾਨ ਦੀ, ਜ਼ਰਾ ਵੀ ਪਰਵਾਹ ਨਹੀਂ ? ਕੀ ਹਾਰਿਐ ਜੀਵਨ ਦੀ ਬਾਜ਼ੀ, ਹੋਰ ਕੁਝ ਵੀ ਚਾਹ ਨਹੀਂ ? ਕੌਣ ਏ ਕਿਸ ਚੀਜ਼ ਦਾ, ਬੰਦਾ ਇਹ ਬਣਿਆ ਹੋਇਐ। ਜਾਮਾ ਲੀਰੋ ਲੀਰ ਏ, ਪਰ ਸੀਨਾ ਤਣਿਆ ਹੋਇਐ। ਦਰਵੇਸ਼ ਏ, ਫ਼ਕੀਰ ਏ, ਜਾਂ ਡਾਕੂ ਏ ਕੋਈ ? ਇਹ ਬਾਦਸ਼ਾਹ ਏ, ਬਾਗੀ ਏ, ਜਾਂ ਲੜਾਕੂ ਏ ਕੋਈ ? ਗੱਲਾਂ ਸੁਣ ਕੇ ਤੇਗ ਉਹਦੀ, ਫੁੰਕਾਰਣ ਲੱਗ ਪਈ। ਆਪਣੀ ਹੀ ਨੋਕ ਵੱਟਿਆਂ ਨਾਲ, ਮਾਰਨ ਲੱਗ ਪਈ। ਮੌਤ ਦੀ ਰਾਣੀ ਹਾਂ ਮੈਂ, ਕਿਰਪਾਨ ਮੇਰਾ ਨਾਮ ਏ। ਚੰਗੀ ਤਰ੍ਹਾਂ ਜਾਣਦਾ, ਕੁਲ ਜਹਾਨ ਮੇਰਾ ਨਾਮ ਏ। ਮੈਂ ਤਾਂ ਗੌਤਮ ਦੇ ਸਮੇਂ ਤੋਂ, ਘੂਕ ਸੁੱਤੀ ਹੋਈ ਸਾਂ। ਖਾ ਰਿਹਾ ਸੀ ਜੰਗ ਮੈਨੂੰ, ਜੀਂਵਦੀ ਨਾ ਮੋਈ ਸਾਂ। ਇਸ ਅਨੌਖੇ ਬੀਰ ਨੇ, ਅੰਮ੍ਰਿਤ ਪਿਲਾਇਆ ਆਣ ਕੇ। ਟੁੰਬਿਐ ਝੰਜੋੜਿਐ, ਮੈਨੂੰ ਜਗਾਇਆ ਆਣ ਕੇ। ਬਿਜਲੀਆਂ ਦੇ ਜਨਮ ਦਾਤੇ, ਹੱਥੀਂ ਮੈਨੂੰ ਪਾਲਿਐ। ਕੰਬਿਐ ਅੰਬਰਾਂ ਦਾ ਸੀਨਾ, ਜਦ ਮੈਨੂੰ ਉਛਾਲਿਐ। ਇਹਦਿਆਂ ਹੱਥਾਂ ਦੇ ਵਿਚ ਹਾਂ, ਜਦ ਵੀ ਲਿਸ਼ਕਾਂ ਮਾਰਦੀ। ਜ਼ਹਿਰ ਦੀ ਭਰੀ ਹੋਈ, ਨਾਗਣ ਹੈ ਜਿਉਂ ਫੁੰਕਾਰਦੀ। ਚੀਰ ਦੇਵਾਂ ਬੇਰੀਏ ਨੀ, ਤੈਨੂੰ ਆਪਣੀ ਧਾਰ ਤੇ। ਲਾਹ ਦੇਵਾਂ ਸਿਰ ਤੇਰਾ, ਮੈਂ ਆਪਣੇ ਇਕੋ ਵਾਰ ਤੇ। ਪਰ ਤੇਰੇ ਥੱਲੇ ਮੇਰਾ, ਦਾਤਾਰ ਸੁੱਤਾ ਪਿਆ ਏ। ਦੇਸ਼ ਦਾ ਰਖਵਾਰ, ਸਿਰਜਨਹਾਰ ਸੁੱਤਾ ਪਿਆ ਏ। ਜਿਸਦਿਆਂ ਪੈਰਾਂ ਦੇ ਹੇਠਾਂ, ਬਾਦਸ਼ਾਹੀਆਂ ਰੁਲਦੀਆਂ। ਜਿਸਦਿਆਂ ਨੈਣਾਂ ‘ਚੋਂ ਨੇ, ਬਰਕਤਾਂ ਪਈਆਂ ਡੁਲ੍ਹਦੀਆਂ। ਜਿਹਨੇ ਰੋਂਦੀ ਹਿੰਦ ਲਈ, ਆਪਣਾ ਪਿਤਾ ਹੈ ਵਾਰਿਆ। ਜਿਹਨੇ ਹੱਥੀਂ ਬੇਟਿਆਂ ਨੂੰ, ਮਰਨ ਲਈ ਸ਼ਿੰਗਾਰਿਆ। ਨੇਜ਼ਿਆਂ ਦੀ ਨੋਕ ਤੇ, ਪਲਣਾ ਸਿਖਾਇਆ ਜਿਸ ਨੇ। ਖੰਡਿਆਂ ਦੀ ਧਾਰ ਤੇ, ਚਲਣਾ ਸਿਖਾਇਆ ਜਿਸ ਨੇ। ਲਾਸ਼ ਤਕ ਕੇ ਪੁੱਤਰਾਂ ਦੀ, ਜੋ ਨਹੀਂ ਹੰਝੂ ਕੇਰਦਾ। ਆਪਣੇ ਪਰਵਾਰ ਦੇ, ਸਿਰਾਂ ਦੀ ਮਾਲਾ ਫੇਰਦਾ। ਛੋੜ ਕੇ ਸੇਜਾਂ ਨੂੰ ਜਿਹੜਾ, ਕੰਡਿਆਂ ਨੂੰ ਪਿਆਰਦੈ। ਦੇਸ਼ ਦੇ ਆਰਾਮ ਲਈ, ਆਰਾਮ ਜਿਹੜਾ ਵਾਰਦੈ। ਚਮਕੌਰ ਦੀ ਗੜ੍ਹੀ ’ਚੋਂ ਇਹ, ਲਲਕਾਰ ਕੇ ਆਇਆ ਹੋਇਐ। ਅਜੀਤ ਤੇ ਜੁਝਾਰ ਨੂੰ ਇਹ, ਵਾਰ ਕੇ ਆਇਆ ਹੋਇਐ। ਵੇਖ ਚਿਹਰਾ ਇਸ ਦਾ, ਹਾਲੀ ਵੀ ਦਮਕਾਂ ਮਾਰਦਾ। ਤੇਜ ਇਹਦਾ ਵੇਖ ਕੇ, ਟੁਟਦਾ ਹੈ ਦਿਲ ਹੰਕਾਰ ਦਾ। ਜਿਹਨੇ ਮਿੱਟੀ ਦੇਸ਼ ਦੀ, ਖ਼ੂਨ ਪਾ ਕੇ ਸਿੰਜਿਐ। ਰੋੜਿਆਂ ਤੇ ਕੰਡਿਆਂ ਤੇ, ਬਦਨ ਆਪਣਾ ਪਿੰਜਿਐ। ਮਾਣ ਤੈਨੂੰ ਦੇਣ ਲਈ, ਆਇਆ ਹੈ ਪੈਂਡੇ ਛਾਣਦਾ। ਇਹਦਿਆਂ ਪੈਰਾਂ 'ਚੋਂ, ਡੁਲ੍ਹਿਐ ਖ਼ੂਨ ਹਿੰਦੁਸਤਾਨ ਦਾ। ਬਸ ਕਰ ਨਾ ਪੁੱਛ, ਸੁੱਤਾ ਰਹਿਣ ਦੇ ਇਸ ਬੀਰ ਨੂੰ। ਝੁੱਕ ਕੇ ਪ੍ਰਣਾਮ ਕਰ ਲੈ, ਇਹਦੀ ਇਕ ਇਕ ਲੀਰ ਨੂੰ। ਕੰਡਿਆਂ ਦੇ ਨਾਲ ਵਿੰਨ੍ਹੇ, ਚਰਨ ਇਹਦੇ ਚੁੰਮ ਲੈ। ਪਾ ਲੈ ਮੁਕਤੀ ਆਪਣੀ, ਇਹਦੇ ਦੁਆਲੇ ਘੁੰਮ ਲੈ। ਰੱਜ ਕੇ ਦੀਦਾਰ ਕਰ, ਭਗਵਾਨ ਸੁੱਤਾ ਪਿਆ ਈ। ਅੱਜ ਤੇਰੀ ਗੋਦ ਵਿੱਚ, "ਤੂਫਾਨ" ਸੁੱਤਾ ਪਿਆ ਈ।

ਰਾਏ ਕੱਲੇ ਨਾਲ ਕੁਝ ਗੱਲਾਂ

ਐ ਕਲਗੀਧਰ ਸ਼ਹਿਨਸ਼ਾਹ, ਐ ਬਾਜਾਂ ਵਾਲੇ। ਲੀਰੋ ਲੀਰ ਨੇ ਕੱਪੜੇ, ਪੈਰਾਂ ਵਿੱਚ ਛਾਲੇ॥ ਨਾ ਘੋੜਾ, ਨਾ ਕਲਗੀ, ਨਾ ਬਾਜ ਸੁਹਾਵੇ। ਹਾਲ ਤੇਰਾ ਅੱਜ ਵੇਖ ਕੇ, ਰੂਹ ਕੰਬਦੀ ਜਾਵੇ॥ ਦਾਤਾ ਕਿਵੇਂ ਗੁਜ਼ਾਰੀਆਂ, ਕੱਕਰ ਦੀਆਂ ਰਾਤਾਂ। ਵਰ੍ਹਿਆਂ ਮਗਰੋਂ ਚੜ੍ਹਦੀਆਂ, ਜਿੱਥੇ ਪ੍ਰਭਾਤਾਂ। ਚਾਰ ਚੁਫ਼ੇਰੇ ਫਿਰਦੀਆਂ, ਵੈਰੀ ਦੀਆਂ ਧਾੜਾਂ । ਲਾ ਕੰਡਿਆਂ ਦਾ ਬਿਸਤਰਾ, ਤੈਂ ਵਿੱਚ ਉਜਾੜਾਂ॥ ਗਾਏ ਗੀਤ ਪਿਆਰ ਦੇ, ਤੂੰ ਦਰਦਾਂ ਵਾਲੇ। ਸੂਲ ਸੁਰਾਹੀ ਆਖਿਆ, ਤੇ ਖੰਜਰ ਪਿਆਲੇ॥ ਕਿਸ ਮਾਹੀ ਨੂੰ ਢੂੰਡਨੈ, ਜੰਗਲਾਂ ਵਿੱਚ ਆ ਕੇ। ਸਿਦਕ ਤੇਰਾ ਮੁਸਕਾ ਰਿਹਾ, ਸਰਬੰਸ ਲੁਟਾ ਕੇ॥ ਪੁੱਤਰ ਘਰ ਦੀਆਂ ਰੌਣਕਾਂ, ਅੱਖੀਆਂ ਦੇ ਤਾਰੇ । ਪਰ ਤੂੰ ਵਿੱਚ ਚਮਕੌਰ ਦੇ, ਦੋ ਲਾਲ ਸੀ ਵਾਰੇ॥ ਇਕ ਗਿਆ ਸੀ ਵਾਰਿਆ, ਦੂਜਾ ਡੱਕ ਲੈਂਦਾ। ਇੱਜ਼ਤ ਕੁਲ ਪਰਵਾਰ ਦੀ, ਦਾਤਾ ਢੱਕ ਲੈਂਦਾ॥ ਲਹੂ ਪੁੱਤਰਾਂ ਦਾ ਵੇਖਕੇ, ਤੂੰ ਭੁੱਬ ਨਾ ਮਾਰੀ। ਬਿਨ ਪੁੱਤਰਾਂ ਦੇ ਦਾਤਿਆ, ਕਾਹਦੀ ਸਰਦਾਰੀ॥ ਕਹਿਰ ਬੜੇ ਤਕਦੀਰ ਨੇ, ਤੇਰੇ ਤੇ ਢਾਏ। ਨੀਹਾਂ ਵਿੱਚ ਤੇਰੇ ਲਾਡਲੇ, ਦੋ ਗਏ ਚਿਣਵਾਏ॥ ਮਾਂ ਗੁਜਰੀ ਤੇ ਗੁਜਰੀਆਂ, ਖ਼ਬਰੇ ਕੀ ਗੱਲਾਂ। ਚੜ੍ਹੀਆਂ ਜਿਸ ਦੇ ਸਾਹਮਣੇ, ਦਰਿਆ ਦੀਆਂ ਛੱਲਾਂ॥ ਜ਼ਰਾ ਨਾ ਕੰਬਿਆ ਡੋਲਿਆ, ਤੇਰਾ ਅਣਖੀ ਜੇਰਾ। ਖ਼ਬਰੇ ਦਾਤਾ ਕੀ ਚੀਜ਼ ਹੈ, ਕਲਗੀਧਰ ਮੇਰਾ॥ ਸੁਣ ਕੱਲੇ ਦੀ ਵਾਰਤਾ, ਉਹ ਕਲਗੀਆਂ ਵਾਲਾ। ਚੁੰਮ ਕੇ ਤੀਰ ਕਮਾਨ ਨੂੰ, ਅਣਖੀ ਮਤਵਾਲਾ॥ ਕੱਲਿਆ ਇਹ ਕੀ ਛੇੜੀਆਂ, ਬੀਤੇ ਦੀਆਂ ਗੱਲਾਂ। ਸਿਦਕ ਸਮੁੰਦਰ ਵਿੱਚ ਕਿਉਂ, ਪਾਈਆਂ ਤਰਥੱਲਾਂ॥ ਜਦ ਇੱਜ਼ਤ ਮਜ਼ਲੂਮ ਦੀ, ਪਈ ਢਾਹਾਂ ਮਾਰੇ। ਜਦ ਦਰਿਆ ਦੇ ਕਤਰੇ, ਬਣ ਜਾਣ ਅੰਗਾਰੇ॥ ਜਦ ਛੱਲਾਂ ਵਿੱਚ ਆ ਜਾਏ, ਕੋਈ ਜ਼ੋਰ ਤੂਫਾਨੀ। ਦੇਣੀ ਪਵੇ ਕਿਨਾਰਿਆਂ ਨੂੰ, ਫਿਰ ਕੁਰਬਾਨੀ। ਹਕੂਮਤ ਜਦ ਨਸ਼ੇ ਵਿਚ, ਇਨਸਾਨ ਲਤਾੜੇ। ਤੁਅਸਬ ਦੀ ਤਲਵਾਰ ਜਦ, ਬੱਚਿਆਂ ਨੂੰ ਪਾੜੇ॥ ਸੁਲਾਹ ਸ਼ਰਾਫਤ ਸ਼ਰਮ ਦਾ, ਜਦ ਰਹੇ ਨਾ ਹੀਲਾ। ਜਦ ਡੰਗੇ ਹਰ ਫੁੱਲ ਨੂੰ, ਕੰਡਾ ਜ਼ਹਿਰੀਲਾ॥ ਹੱਕ ਹੈ ਫਿਰ ਇਨਸਾਨ ਨੂੰ, ਸ਼ਮਸ਼ੀਰ ਉਠਾਣਾ। ਹੱਕ ਹੈ ਫਿਰ ਲੋਹੇ ਨਾਲ, ਲੋਹਾ ਟਕਰਾਣਾ॥ ਹੱਕ ਹੈ ਤੀਰਾਂ ਨਾਲ ਫਿਰ, ਤਕਦੀਰਾਂ ਲਿੱਖੇ। ਤਲਵਾਰਾਂ ਦੀ ਧਾਰ ਤੇ ਫਿਰ, ਚਲਣਾ ਸਿੱਖੇ॥ ਕੀ ਹੋਇਆ ਤਕਦੀਰ ਨੇ, ਪਾਈਆਂ ਨੇ ਭੀੜਾਂ। ਮਾਂ ਗੁਜਰੀ ਤੋਂ ਵੱਧ ਨੇ, ਧਰਤੀ ਦੀਆਂ ਪੀੜਾਂ॥ ਕੀ ਹੋਇਆ ਜੇ ਟੁਰ ਗਏ, ਮੇਰੇ ਪੁੱਤਰ ਚਾਰੇ। ਸ਼ੁਕਰ ਹੈ ਉਸ ਕਰਤਾਰ ਦਾ, ਅਸੀਂ ਕਰਜ਼ ਉਤਾਰੇ॥ ਕੀ ਹੋਇਆ ਜੇ ਬੁੱਝ ਗਏ, ਮੇਰੀ ਕੁਲ ਦੇ ਦੀਵੇ। ਮੇਰਾ ਭੁਝੰਗੀ ਖ਼ਾਲਸਾ, ਸਦੀਆਂ ਤੱਕ ਜੀਵੇ॥ ਕੱਟੇਗਾ ਇਹ ਦੇਸ਼ ਦੀ, ਜ਼ੰਜੀਰ ਪੁਰਾਣੀ। ਲਿਖੇਗਾ ਤਲਵਾਰ ਥੀਂ, ਇਹਦੀ ਅਮਰ ਕਹਾਣੀ॥ ਸ਼ਸ਼ਤਰ ਜਦ ਟਕਰਾਣਗੇ, ਤਿੜਕਣਗੀਆਂ ਕੰਧਾਂ। ਜਿਹਨਾਂ ਦਬਾ ਕੇ ਰੱਖੀਆਂ, ਆਜ਼ਾਦ ਸੁਗੰਧਾਂ॥ ਮਿੱਤਰ ਮੇਰਾ ਕਰਤਾਰ ਹੈ, ਮੈਂ ਅਮਨ ਪੁਜਾਰੀ। ਜੰਗ ਲੜਾਂਗਾ ਅਮਨ ਲਈ, ਮੈਂ ਜ਼ਿੰਦਗੀ ਸਾਰੀ॥ ਬਿਨਾਂ ਕਫ਼ਨ ਤੋਂ ਤੋਰਿਆ, ਪੁੱਤਰਾਂ ਦਾ ਜੋੜਾ। ਮਤਾਂ ਸਿਦਕ ਦਾ ਕੱਪੜਾ, ਨਾ ਰਹਿ ਜਾਏ ਥੋੜ੍ਹਾ॥ ਚਮੜਾ ਅਜੀਤ ਜੁਝਾਰ ਦਾ, ਮੈਂ ਕਫ਼ਨ ਬਣਾਣੈ। ਰਣ ਭੂਮੀ ਦੀਆਂ ਹੱਡੀਆਂ, ਦਾ ਬਾਲਣ ਪਾਣੈ॥ ਹਿੰਮਤ ਮੋਹਕਮ ਸਾਹਿਬ ਦਾ ਲਹੂ, ਤੇਲ ਬਣਾ ਕੇ। ਫੂਕਾਂਗਾ ਮੈਂ ਜ਼ੁਲਮ ਨੂੰ, ਭਾਂਬੜ ਵਿੱਚ ਪਾ ਕੇ॥ ਨੀਹਾਂ ਵਿੱਚ ਦੋ ਲਾਡਲੇ, "ਤੂਫਾਨ" ਬਣਨਗੇ। ਮੁਗ਼ਲ ਰਾਜ ਦੀ ਮੌਤ ਦਾ, ਸ਼ਮਸ਼ਾਨ ਬਣਨਗੇ॥

ਕੱਚੀਆਂ ਕਲੀਆਂ

ਸੂਬਾ ਆਖਦਾ ਤੇਗ ਦੇ ਪੋਤਿਆਂ ਨੂੰ, ਤੁਸੀਂ ਦਿਲ ਦੇ ਬੜੇ ਦਲੇਰ ਬੇਟਾ। ਮੈਨੂੰ ਜਾਪਦੇ ਹੋ ਨਾਜ਼ੁਕ ਫੁੱਲਾਂ ਨਾਲੋਂ, ਕਾਹਨੂੰ ਰਹੇ ਹੋ ਕੰਢੇ ਖਲੇਰ ਬੇਟਾ। ਡਾਢੇ ਸੋਹਲ ਮਲੂਕ ਨੇ ਜਿਸਮ ਸੋਹਣੇ, ਐਪਰ ਸਿਰਾਂ ਤੇ ਦੁੱਖ ਨੇ ਢੇਰ ਬੇਟਾ। ਬੂਹੇ ਖੋਲ੍ਹ ਦੇਵਾਂ ਐਸ਼ੋ ਇਸ਼ਰਤਾਂ ਦੇ, ਮੋਮਨ ਹੋ ਜਾਓ ਜੇ ਇਕ ਵੇਰ ਬੇਟਾ। ਸੋਨਾ ਨਾਲ ਦੇਵਾਂ, ਲਸ਼ਕਰ ਨਾਲ ਦੇਵਾਂ, ਨਾਲੇ ਦਿਆਂਗਾ ਤਖ਼ਤ ਤੇ ਤਾਜ ਆਪਣਾ। ਮੇਰੇ ਜੀਅ ਨੂੰ ਭਾਵੰਦੇ ਤੁਸੀਂ ਡਾਢੇ, ਮੋਮਨ ਬਣੋ ਤਾਂ ਦਿਆਂ ਰਾਜ ਆਪਣਾ। ਸੁਣ ਕੇ ਗੱਲ ਉਹਦੀ ਦੋਵੇਂ ਬਾਲ ਬੋਲੇ, ਅਸੀਂ ਆਪਣਾ ਧਰਮ ਹੀ ਲੋਚਦੇ ਹਾਂ। ਜਿਨ੍ਹਾਂ ਨੰਗੀਆਂ ਤੇਗਾਂ ਤੇ ਨਾਚ ਕੀਤੈ, ਅਸੀਂ ਪੁੱਤ ਤੇ ਪੋਤਰੇ ਓਸਦੇ ਹਾਂ। ਸਾਨੂੰ ਠੱਗ ਨਹੀਂ ਸਕਦੇ ਤੇਰੇ ਲਾਲਚ, ਤੇਰੇ ਦੀਨ ਈਮਾਨ ਨੂੰ ਕੋਸਦੇ ਹਾਂ। ਜਿਹਨੂੰ ਮਾਰ ਨਹੀਂ ਸਕਦੀ ਮੌਤ ਤੇਰੀ, ਨਿੱਕੇ ਜਿਹੇ ਟੋਟੇ ਉਸ ਠੋਸ ਦੇ ਹਾਂ। ਲੋਰੀ ਦਿੱਤੀ ਏ ਨੇਜ਼ਿਆਂ ਬਰਛਿਆਂ ਨੇ, ਸਿੱਖਿਆ ਖੇਡਣਾ ਖੰਡੇ ਦੀ ਧਾਰ ਉੱਤੇ। ਪਿਆਰ ਕੀਤੈ ਤੀਰਾਂ ਨੂੰ ਵੀਰਾਂ ਵਾਂਗੂੰ, ਪਾਉਣੈ ਭੰਗੜਾ ਤੇਜ ਤਲਵਾਰ ਉੱਤੇ। ਸੂਬਾ ਗੁੱਸੇ ਨੂੰ ਦਿਲ ਦੇ ਵਿੱਚ ਪੀ ਕੇ, ਕਹਿੰਦਾ ਬੱਚਿਓ ਬੜਕਾਂ ਮਾਰੀ ਦਾ ਨਹੀਂ। ਸਾਹਵੇਂ ਵਿਛੀ ਹੋਈ ਸੁੱਖਾਂ ਦੀ ਸੇਜ ਤਾਈਂ, ਮੂੰਹੋਂ ਬੋਲ ਕੇ ਝਲ ਖਲਾਰੀ ਦਾ ਨਹੀਂ। ਜਿਹੜਾ ਕਰੇ ਪਿਆਰ, ਸਤਿਕਾਰ ਦੇਵੇ, ਮੂੰਹ ਉਹਦੇ ਤੇ ਥੱਪੜ ਮਾਰੀ ਦਾ ਨਹੀਂ। ਰਹਿਮ ਕਰੇ ਜੋ ਵੇਖ ਮਜ਼ਲੂਮ ਤਾਈਂ, ਰਹਿਮ ਉਸਦਾ ਦਿਲੋਂ ਵਿਸਾਰੀ ਦਾ ਨਹੀਂ। ਛੱਡੋ ਜ਼ਿੱਦ ਤੇ ਮੰਨ ਜਾਓ ਗੱਲ ਮੇਰੀ, ਮੇਰੀ ਗੱਲ ਨੂੰ ਕਿਸੇ ਮੋੜਿਆ ਨਹੀਂ। ਮੂੰਹ ਜਿਹਦੇ 'ਚੋਂ ਧੁੰਦਲਾ ਨਜ਼ਰ ਆਵੇ, ਸ਼ੀਸ਼ਾ ਪਲਾਂ ਦੇ ਵਿੱਚ ਤਰੋੜਿਆ ਨਹੀਂ। ਛੋਟੀ ਵੇਖ ਕੇ ਅਸਾਂ ਦੀ ਉਮਰ ਦੇ ਵਲ, ਪਿਆ ਸੂਬਿਆ ਸਾਨੂੰ ਡਰਾ ਨਾ ਤੂੰ। ਜੀਵਨ ਲੱਭਿਐ ਜਿਹਨਾਂ ਨੇ ਮੌਤ ਵਿੱਚੋਂ, ਡਰ ਉਹਨਾਂ ਨੂੰ ਮੌਤ ਦਾ ਪਾ ਨਾ ਤੂੰ। ਡੋਰ ਪੱਕੀ ਏ ਸਾਡੇ ਇਰਾਦਿਆਂ ਦੀ, ਪੇਚਾ ਭੁੱਲ ਕੇ ਇਹਨਾਂ ਨਾਲ ਲਾ ਨਾ ਤੂੰ। ਹੰਸ ਕਦੇ ਨਹੀਂ ਕਾਵਾਂ ਦੀ ਚੋਗ ਚੁਗਦੇ, ਸਬਜ਼ਬਾਗ ਪਿਆ ਸਾਨੂੰ ਵਿਖਾ ਨਾ ਤੂੰ। ਐਸ਼ੋ ਇਸ਼ਰਤਾਂ ਵਾਂਗ ਪ੍ਰਛਾਵਿਆਂ ਦੇ, ਜਨਮ ਧਾਰਨਾ ਨਹੀਂ ਬਾਰ ਬਾਰ ਸੂਬੇ। ਦੇਹੀ ਖਾਕ ਦੀ ਖਾਕ ਵਿੱਚ ਮਿਲਣੀ ਏ, ਰੂਹ ਕੱਟ ਨਾ ਸਕੇ ਕਟਾਰ ਸੂਬੇ। ਸੂਬੇ ਸੁਣੇ ਜੁਆਬ ਜਦ ਜੋਸ਼ ਵਾਲੇ, ਨਾਲ ਈਰਖਾ ਦੇ ਕੁਝ ਨਾ ਬੋਲਦਾ ਏ। ਗੁੱਸਾ ਨੱਚਿਆ ਉਹਦੀਆਂ ਅੱਖੀਆਂ ’ਚ, ਕਾਲੇ ਨਾਗ ਵਾਂਗੂੰ ਵਿਹੁ ਘੋਲਦਾ ਏ। ਬਦਲਾ ਲੈਣ ਤੇ ਮਜ਼ਾ ਚਖਾਣ ਖ਼ਾਤਰ, ਖੂੰਜਾ ਅਦਲ ਦਾ ਪਿਆ ਫਰੋਲਦਾ ਏ । ਕੱਚੀਆਂ ਕਲੀਆਂ ਦਸ਼ਮੇਸ਼ ਦੇ ਬਾਗ਼ ਦੀਆਂ, ਮਿੱਧ ਸੁੱਟਣ ਲਈ ਢੰਗ ਉਹ ਟੋਲਦਾ ਏ। ਲਾਲ ਹੋਇਆ ਅੰਗਿਆਰਾਂ ਦੇ ਵਾਂਗ ਸੂਬਾ, ਮੂੰਹੋਂ ਕਹਿਰ ਦੀ ਅੱਗ ਵਰਸਾਣ ਲੱਗਾ । ਕੰਧਾਂ ਵਿੱਚ ਚਿਣਵਾ ਕੇ, ਮਾਰ ਸੁਟੋ, ਏਦਾਂ ਰਾਜ ਨੂੰ ਹੁਕਮ ਸੁਨਾਣ ਲੱਗਾ। ਰਾਜ ਪਿਤਾ ਦਸ਼ਮੇਸ਼ ਦੇ ਟੋਟਿਆਂ ਦੇ, ਜਦੋਂ ਇੱਟਾਂ ਦੇ ਟੋਟੇ ਲਗਾਣ ਲੱਗਾ । ਅਹਿਲ ਵੇਖ ਕੇ ਸਿਦਕ ਅੰਞਾਣਿਆਂ ਦਾ, ਉੱਚੇ ਅੰਬਰਾਂ ਨੂੰ ਕਾਂਬਾ ਆਣ ਲੱਗਾ । ਪਰ "ਤੂਫਾਨ" ਦੀਵਾਰ 'ਚੋਂ ਵਾਜ਼ ਆਈ, ਮਾਤਾ ਆਖਦੀ ਇਹੋ ਪ੍ਰਣਾਮ ਸਾਡਾ। ਮਹਿਲ ਕੌਮ ਦਾ ਚੜ੍ਹੇ ਕੁਰਬਾਨੀਆਂ ਤੇ, ਸਾਂਭ ਰੱਖਣਾ ਸਦਾ ਪੈਗਾਮ ਸਾਡਾ ।

ਭਗਤ ਨਾਮ ਦੇਵ ਦੀ ਪ੍ਰਤਿਗਿਆ

ਇਕ ਪੁਜਾਰੀ ਨਾਮ ਦਾ, ਹਰਦਮ ਸੀ ਗਾਂਦਾ ਬੀਠਲਾ। ਬੀਠਲੇ ਦੇ ਨਾਮ ਦੀ, ਮਸਤੀ 'ਚ ਰਹਿੰਦਾ ਝੂਮਦਾ॥ ਸ਼ਹਿਰ ਪੰਡਰਪੁਰ ਵਿਖੇ, ਮੰਦਰ ਸੀ ਇੱਕ ਪੁੰਡਲੀਕ ਦਾ। ਉਸਦੇ ਨੇੜੇ ਸੀ ਡੇਰਾ, ਨਾਮ ਦੇ ਭਜਨੀਕ ਦਾ॥ ਉਮਰ ਸੀ ਬਚਪਨ ਦੀ ਛੋਟੀ, ਸੂਝ ਰਮਜ਼ਾਂ ਵੱਡੀਆਂ। ਤੇਲ ਤੁਪਕੇ ਜਿਉਂ ਕਮਲ ਤੇ, ਮਸਤ ਨਜ਼ਰਾਂ ਗੱਡੀਆਂ॥ ਬਾਪ ਜਿਸਦਾ ਹਰ ਦਿਵਸ, ਪੂਜਾ ਕਰੇ ਭਗਵਾਨ ਦੀ। ਰੋਜ਼ ਕਰਦਾ ਆਰਤੀ ਓਹ, ਬੀਠਲਾ ਦੇ ਨਾਮ ਦੀ॥ ਚੌਅ ਕੇ ਦੁੱਧ ਕਪਲਾ ਗਊ ਦਾ, ਸੇਠ ਦਾਮਾ ਆਣਦਾ। ਲਗਾਂਦਾ ਭੋਗ ਭਗਵਾਨ ਨੂੰ, ਨਾਮਾ ਇਤਨਾ ਜਾਣਦਾ॥ ਰੋਜ਼ ਨਾਮਾ ਸੋਚਦਾ, ਦੀਦਾਰ ਪਾਵਾਂ ਕਿਸ ਤਰ੍ਹਾਂ? ਭੋਗ ਭਗਵਾਨ ਨੂੰ, ਪਿਆਰਾਂ ਦਾ ਲਾਵਾਂ ਕਿਸ ਤਰ੍ਹਾਂ?? ਇੱਕ ਦਿਹਾੜੇ ਸੇਠ ਦਾਮਾ ਜੀ, ਗਏ ਵਿਉਪਾਰ ਨੂੰ। ਸਬੱਬ ਬਣਾਇਆ ਬੀਠਲੇ, ਪ੍ਰਤਖ ਦਰਸ਼ਨ ਦੀਦਾਰ ਨੂੰ॥ ਜਾਗਿਆ ਸਰਘੀ ਨੂੰ ਬਾਲਕ, ਉਹ ਪੁਜਾਰੀ ਨਾਮ ਦਾ। ਚੰਦਰ ਭਾਗਾਂ ਦੀ ਨਦੀ ਤੇ, ਜਾ ਕੇ ਮਲਮਲ ਨਹਾਂਵਦਾ॥ ਆਣ ਕੇ ਡੰਡਾਓਤ ਕੀਤੀ, ਆਪਣੇ ਭਗਵਾਨ ਨੂੰ। ਨਾਲ ਸ਼ਰਧਾ ਦੇ ਨੁਹਾਇਆ, ਆਪਣੇ ਘਨਸ਼ਾਮ ਨੂੰ॥ ਦੁੱਧ ਦੀ ਭਰ ਕੇ ਕਟੋਰੀ, ਫੇਰ ਗਾਵਣ ਲੱਗ ਪਿਆ। ਭੋਗ ਲਾਓ ਬੀਠਲਾ, ਬੀਠਲਾ ਹੇ ਬੀਠਲਾ॥ ਬਾਪ ਉਸਦਾ ਕਿਸ ਤਰ੍ਹਾਂ, ਦੁੱਧ ਮੋੜ ਕੇ ਘਰ ਲਿਆਂਵੰਦਾ। ਭੇਤ ਗੁੱਝਾ ਪੂਜਾ ਦਾ, ਨਿਰਛਲ ਬਾਲ ਦਿਲ ਨਾ ਜਾਣਦਾ॥ ਉਸਦੇ ਭਾਣੇ ਤਾਂ ਭਗਵਾਨ, ਰੋਜ਼ ਦੁਧ ਪੀ ਜਾਂਵੰਦੇ। ਮੈਂ ਹਾਂ ਖ਼ਬਰੇ ਬਾਲ ਛੋਟਾ, ਤਾਂ ਨਹੀਂ ਰਸਨੀ ਲਾਂਵੰਦੇ॥ ਖ਼ਬਰੇ ਪੂਜਾ ਕਰਨ ਵੇਲੇ, ਰਹਿ ਗਈਆਂ ਨੇ ਗਲਤੀਆਂ। ਹੋ ਗਿਐ ਨਾਰਾਜ਼ ਭਗਵਾਨ, ਮੂੰਹ ਨਹੀਂ ਪਾਂਦਾ ਬੁਰਕੀਆਂ॥ ਕੁਝ ਤਾਂ ਬੋਲੋ, ਨੈਣ ਖੋਲ੍ਹੋ, ਮੁਸਕਰਾਓ ਤੁਸੀਂ ਬੀਠਲਾ। ਭੋਗ ਲਾਓ, ਕੁਝ ਤਾਂ ਖਾਓ, ਬੀਠਲਾ ਹੇ ਬੀਠਲਾ॥ ਫੇਰ ਅੱਖੀਆਂ ਮੀਟ ਕੇ, ਓਹ ਬਾਲ ਕਰਦਾ ਬੇਨਤੀ। ਤੂੰ ਸਿਖਾ ਦੇ ਆਪ ਹੀ, ਭਗਵਾਨ ਆਪਣੀ ਆਰਤੀ॥ ਚਰਨ ਫੜ ਕੇ ਬੀਠਲੇ ਦੇ, ਬਾਲ ਰੋਵਣ ਲੱਗ ਪਿਆ। ਚਰਨ ਓਹ ਭਗਵਾਨ ਦੇ, ਹੰਝੂਆਂ 'ਚ ਧੋਵਣ ਲੱਗ ਪਿਆ॥ ਜੇ ਨਾ ਭਗਵਾਨ ਭੋਗ ਲਾਇਆ, ਮੈਂ ਵੀ ਨਹੀਂ ਕੁਝ ਖਾਵਣਾ। ਮੈਂ ਵੀ ਭੁੱਖਾ ਤੇ ਪਿਆਸਾ, ਏਸ ਥਾਂ ਮਰ ਜਾਵਣਾ॥ ਵੇਖ ਕੇ ਮਾਸੂਮ ਦੀ, ਇਤਨੀ ਕਠਿਨ ਪ੍ਰਤਿਗਿਆ। ਉਸ ਪੱਥਰ ਦੇ ਬਣੇ, ਭਗਵਾਨ ਦਾ ਦਿਲ ਧੜਕਿਆ॥ ਹੱਥਾਂ 'ਚ ਹਰਕਤ ਆ ਗਈ, ਅੱਖੀਆਂ ਝੱਟ ਖੋਲ੍ਹੀਆਂ। ਬੀਠਲੇ ਦੀਆਂ ਬੁੱਲ੍ਹੀਆਂ, ਘਬਰਾ ਕੇ ਇਤਨਾ ਬੋਲੀਆਂ॥ ਭੁੱਖ ਲੱਗੀ ਹੈ ਬਹੁਤ, ਪਿਆਰੇ ਭਗਤ ਕੁਝ ਛੇਤੀ ਖਵਾ। ਬਾਲ ਦੇ ਹੱਥੋਂ ਫੜ ਕਟੋਰੀ, ਦੁਧ ਗਟ ਗਟ ਪੀ ਗਿਆ॥ ਨਿੱਕਿਆਂ ਹੱਥਾਂ ਨੇ ਪਾਈਆਂ, ਨਿੱਕੀਆਂ ਨਿੱਕੀਆਂ ਬੁਰਕੀਆਂ। ਭੋਗ ਲਾਇਆ ਬੀਠਲੇ, ਨਾਮੇ ਨੂੰ ਚੜ੍ਹੀਆਂ ਮਸਤੀਆਂ॥ ਘੁੱਟ ਕੇ ਲਾਇਆ ਕਾਲਜੇ, ਬੀਠਲੇ ਨੇ ਬਾਲਕਾ। ਜਿਸ ਤਰ੍ਹਾਂ ਰੁੱਸੇ ਹੋਏ ਬਾਲਕ ਨੂੰ, ਪਿਤਾ ਲੈਂਦਾ ਮਨਾ॥ ਹੇ ਭਗਤ ਜਦ ਵੀ ਤੂੰ ਮੇਰੇ, ਨਾਮ ਦੀ ਰਟ ਲਾਏਂਗਾ। ਆਪਣੇ ਦਿਲ ਚੋਂ ਹੀ ਦਰਸ਼ਨ, ਬੀਠਲੇ ਦਾ ਪਾਏਂਗਾ॥

ਹਰ ਬਾਤ ਨਿਰਾਲੀ ਪ੍ਰੀਤਮ ਦੀ

ਸੰਸਾਰ ਦੇ ਸੋਹਣੇ ਗੁਲਸ਼ਨ ਵਿੱਚ, ਹੈ ਨੂਰ ਤੇ ਲਾਲੀ ਪ੍ਰੀਤਮ ਦੀ। ਇਹ ਪੱਤਾ ਪੱਤਾ ਪ੍ਰੀਤਮ ਦਾ, ਇਹ ਡਾਲੀ ਡਾਲੀ ਪ੍ਰੀਤਮ ਦੀ। ਜੋ ਸੂਰਜ ਜਗਮਗ ਕਰਦਾ ਏ, ਇਹ ਜੋਤ ਹੈ ਬਾਲੀ ਪ੍ਰੀਤਮ ਦੀ। ਇਹ ਚੰਨ ਸਿਤਾਰੇ ਪ੍ਰੀਤਮ ਦੇ, ਅੰਬਰ ਦੀ ਥਾਲੀ ਪ੍ਰੀਤਮ ਦੀ। ਖੰਡਾਂ, ਬ੍ਰਹਿਮੰਡਾਂ, ਗਗਨਾਂ ਤੇ, ਪਾਤਾਲ ਪਿਆਲੀ ਪ੍ਰੀਤਮ ਦੀ। ਕਣ ਕਣ ‘ਚ ਵੱਸਦੈ ਦਿਸਦਾ ਨਹੀਂ, ਹਰ ਬਾਤ ਨਿਰਾਲੀ ਪ੍ਰੀਤਮ ਦੀ । ਤਪ ਤਿਆਗ ਤਪੱਸਿਆ ਮਿਹਰਾਂ ਦਾ, ਉਸੇ ਨੇ ਦਿੱਤਾ ਹਲੂਣਾ ਏ। ਜੋ ਇਸ ਧੂਣੇ ਦੀ ਸ਼ਰਨ ਆਏ, ਨਾ ਰਹਿੰਦਾ ਕਦੇ ਵੀ ਊਣਾ ਏ। ਭਟਕੀ ਰੂਹ ਵੀ ਸ਼ਾਂਤ ਹੋ ਜਾਵੇ ਇੱਥੇ, ਨਾ ਚਲਦਾ ਜਾਦੂ ਟੂਣਾ ਏ। ਜੋ ਸੇਵਾ ਕਰਦੈ ਫਲ ਪਾਉਂਦਾ, ਧਨ ਖਰਚੇ ਹੁੰਦਾ ਦੂਣਾ ਏ। ਨੌਂ ਸਿੱਧਾਂ ਇਹਦੇ ਦਰ ਖੜ੍ਹੀਆਂ, ਹਰ ਸਿੱਧ ਸੁਆਲੀ ਪ੍ਰੀਤਮ ਦੀ। ਇਥੇ ਧੜਕਣ ਮਿਲਦੀ ਜ਼ਿੰਦਗੀ ਨੂੰ, ਹੈ ਬਾਤ ਨਿਰਾਲੀ ਪ੍ਰੀਤਮ ਦੀ। ਸਾਗਰ ਦੀਆਂ ਸ਼ੋਖ ਤਰੰਗਾਂ ਤੇ, ਵਸਦਾ ਹੈ ਜਲਵਾ ਪ੍ਰੀਤਮ ਦਾ। ਬੁਲਬੁਲਿਆਂ ਦੀਆਂ ਬੁਲ੍ਹੀਆਂ ਤੇ, ਸਦਾ ਹਸਦਾ ਜਲਵਾ ਪ੍ਰੀਤਮ ਦਾ । ਭੰਵਰਾਂ ਦਿਆਂ ਘੁੰਮਣ ਘੇਰਾਂ ਵਿੱਚ, ਨਹੀਂ ਫਸਦਾ ਜਲਵਾ ਪ੍ਰੀਤਮ ਦਾ । "ਤੂਫਾਨ" ਜੇ ਬੇੜਾ ਘੇਰ ਲਏ, ਦਿਸਦਾ ਹੈ ਜਲਵਾ ਪ੍ਰੀਤਮ ਦਾ । ਬੇਕਸ ਮਜਬੂਰ ਬੇਆਸਾਂ ਨੂੰ, ਲਭਦੀ ਹਰਿਆਲੀ ਪ੍ਰੀਤਮ ਦੀ । ਸਿਮਰਨ ਕਰ ਪ੍ਰੀਤਮ ਪਿਆਰੇ ਦਾ, ਹੈ ਬਾਤ ਨਿਰਾਲੀ ਪ੍ਰੀਤਮ ਦੀ ।

ਮਹਾਰਾਜਾ ਰਣਜੀਤ ਸਿੰਘ

ਝੰਡਾ ਝੁਲਦਾ ਸੀ ਤੇਰਾ ਜਮਰੋਦ ਉੱਤੇ, ਰਸਤਾ ਦੇਂਦਾ ਸੀ ਅਟਕ ਦਾ ਆਬ ਤੈਨੂੰ। ਸਦਾ ਆਪਣੀ ਹਿੱਕ ਤੇ ਲਾਂਵਦੇ ਸਨ, ਸਤਲੁਜ, ਰਾਵੀ ਤੇ ਜਿਹਲਮ, ਚਨਾਬ ਤੈਨੂੰ। ਦਿਨੇ ਰਾਤ ਆਪਣਾ ਚਵਰ ਝੋਲਦੇ ਸੀ, ਆਫ਼ਤਾਬ ਨਾਲੇ ਮਹਿਤਾਬ ਤੈਨੂੰ। ਮਿਿਲਆ ਹੋਇਆ ਸੀ ਯੋਧਾ ਜਰਨੈਲ ਬਾਂਦਾ, ਹਰੀ ਸਿੰਘ ਨਲੂਆ ਲਾ ਜੁਆਬ ਤੈਨੂੰ। ਬਖਸ਼ੀ ਹੋਈ ਸੀ ਕੁਦਰਤ ਨੇ ਆਪ ਹੱਥੀਂ, ਸ਼ਕਤੀ ਸ਼ੇਰ ਵਾਲੀ ਬੇ ਹਿਸਾਬ ਤੈਨੂੰ। ਤਦੇ ਸੋਹਣੇ ਪੰਜਾਬ ਦੇ ਵਾਲੀਆ ਉਏ, ਲੋਕੀਂ ਕਹਿੰਦੇ ਨੇ ਸ਼ੇਰ-ਇ-ਪੰਜਾਬ ਤੈਨੂੰ। ਰਣਜੀਤ ਬਣ ਕੇ ਰਣ ਨੂੰ ਜਿੱਤਿਆ ਤੂੰ, ਤੇਰੀ ਕਿਧਰੇ ਵੀ ਹੁੰਦੀ ਨਾ ਹਾਰ ਡਿੱਠੀ। ਬਾਈ ਧਾਰ ਦੇ ਰਾਜਿਆਂ ਕਦਮ ਚੁੰਮੇ, ਜਦੋਂ ਚਮਕਦੀ ਤੇਰੀ ਤਲਵਾਰ ਡਿੱਠੀ। ਤੇਰੇ ਅਦਲ ਇਨਸਾਫ਼ ਦੇ ਗੀਤ ਗਾਉਂਦੀ, ਇਸ ਪੰਜਾਬ ਦੀ ਮੈਂ ਹਰ ਇੱਕ ਨਾਰ ਡਿੱਠੀ। ਕਰ ਕੇ ਰਾਜ ਕਾਇਮ ਆਪੂੰ ਖ਼ਾਲਸੇ ਦਾ, ਸਾਰੇ ਰਾਜ ਦੀ ਮੌਜ ਬਹਾਰ ਡਿੱਠੀ। ਦੇਂਦੇ ਰਹੇ ਸਲਾਮੀਆਂ ਝੁਕ ਝੁਕ ਕੇ, ਆਕੜ ਖਾਨ ਪਠਾਣ ਨਵਾਬ ਤੈਨੂੰ। ਮਿਲਦੇ ਰਹੇ ਅੰਗਰੇਜ਼ ਵੀ ਦਿਨੇ ਰਾਤੀ, ਫੇਰੇ ਪਾ ਪਾ ਸ਼ੇਰ-ਇ-ਪੰਜਾਬ ਤੈਨੂੰ। ਤੈਨੂੰ ਕੀ ਆਖਾਂ ਕਾਹਦਾ ਰੂਪ ਸੈਂ ਤੂੰ, ਬਾਦਸ਼ਾਹ ਤੇ ਨਾਲੇ ਫਕੀਰ ਵੀ ਸੈਂ। ਮੋਇਆਂ ਲਈ ਜੇ ਅੰਮ੍ਰਿਤ ਦੀ ਬੂੰਦ ਸੈਂ ਤੂੰ, ਜੀਂਦਿਆਂ ਲਈ ਤੂੰ ਸ਼ਮਸ਼ੀਰ ਵੀ ਸੈਂ। ਜੇਕਰ ਜ਼ਾਲਮਾਂ ਲਈ ਸੈਂ ਜ਼ਹਿਰ ਕਾਤਲ, ਦਰਦਮੰਦਾਂ ਦੇ ਲਈ ਅਕਸੀਰ ਵੀ ਸੈਂ। ਜੇਕਰ ਕਈਆਂ ਨੂੰ ਟੈਕਸ ਤੂੰ ਲਾਂਵਦਾ ਸੈਂ, ਬਖਸ਼ਿਸ਼ ਕਰਦਾ ਕਈਆਂ ਨੂੰ ਜਗੀਰ ਵੀ ਸੈਂ। ਇੱਕੋ ਮੈਂ ਨਹੀਂ ਸਾਰਾ ਜਹਾਨ ਕਹਿੰਦੈ, ਚਸ਼ਮਾ ਫੈਜ਼ ਦਾ ਫੈਜ਼-ਇ-ਆਬ ਤੈਨੂੰ। ਜੱਰਾ ਜੱਰਾ ਪੰਜਾਬ ਦਾ ਅੱਜ ਤੀਕਰ, ਕਰਦਾ ਯਾਦ ਹੈ ਸ਼ੇਰ-ਇ-ਪੰਜਾਬ ਤੈਨੂੰ। ਤੇਰੇ ਘੋੜੇ ਦੀ ਟਾਪ ਦੀ ਅਵਾਜ਼ ਸੁਣਕੇ, ਥਰ ਥਰ ਕੰਬੀ ਜ਼ਮੀਨ ਅਸਮਾਨ ਕੰਬਿਆ। ਕਾਬਲ ਕੰਬਿਆ ਨਾਲੇ ਕੰਧਾਰ ਕੰਬਿਆ, ਥਰ ਥਰ ਕੰਬੀ ਪਠਾਣੀਂ ਪਠਾਨ ਕੰਬਿਆ। ਤੇਗਾਂ ਤੇਰੀਆਂ ਲਿਸ਼ਕੀਆਂ ਤਕ ਤਕ ਕੇ, ਹਰ ਜੁਆਨ ਗ਼ਾਜ਼ੀ ਬੇਈਮਾਨ ਕੰਬਿਆ। ਅਟਕਿਆ ਅਟਕ ਜਲਾਲ ਨੂੰ ਵੇਖ ਤੇਰੇ, ਉੱਠਦਾ ਕੰਢਿਓਂ ਕਾਲ "ਤੂਫਾਨ" ਕੰਬਿਆ। ਫ਼ਤਹਿ ਤੇਰੀ ਰਕਾਬ ਦੇ ਨਾਲ ਦੌੜੀ, ਮੱਥਾ ਟੇਕਦਾ ਸੀ ਆਫ਼ਤਾਬ ਤੈਨੂੰ। ਐਪਰ ਦੀਦੇ ਅੱਜ ਸਾਡੇ ਤਰਸ ਰਹੇ ਨੇ, ਕਿੱਥੋਂ ਢੂੰਢੀਏ ਸ਼ੇਰ-ਇ-ਪੰਜਾਬ ਤੈਨੂੰ।

ਵਿਸਾਖੀ ਦਾ ਸੁਨਿਹੜਾ

ਕਈ ਦੌਰ ਬਦਲ ਜਾਂਦੇ, ਕਈ ਰੰਗ ਬਦਲ ਜਾਂਦੇ। ਅਰਮਾਨ ਸਮੇਟੇ ਹੋਏ, ਕਈ ਵਾਰ ਮਚਲ ਜਾਂਦੇ॥ ਕੋਈ ਘਟਨਾ ਛੋਹ ਜਾਂਦੀ, ਜਦ ਦਿਲ ਦੀਆਂ ਤਾਰਾਂ ਨੂੰ। ਜਦ ਪੱਤਝੜ ਖਾ ਜਾਂਦੀ, ਸਰਸਬਜ ਬਹਾਰਾਂ ਨੂੰ॥ ਇੱਕ ਪੀੜ ਕਲੇਜੇ ਨੂੰ, ਵੱਢ ਵੱਢ ਕੇ ਖਾ ਜਾਵੇ। ਮਜਬੂਰ ਕੋਈ ਹੋਕਾ, ਬੁਲ੍ਹੀਆਂ ਤੇ ਛਾ ਜਾਵੇ॥ ਯਾਦਾਂ ਦੀਆਂ ਕੰਨੀਆਂ ਦੇ, ਲੜ ਖੁਲ੍ਹ ਖੁਲ੍ਹ ਜਾਂਦੇ ਨੇ। ਨੈਣਾਂ ਦੀਆਂ ਸਿੱਪੀਆਂ 'ਚੋਂ, ਮੋਤੀ ਡੁੱਲ੍ਹ ਡੁੱਲ੍ਹ ਜਾਂਦੇ ਨੇ॥ ਇਹ ਕਿਹੀ ਵਿਸਾਖੀ ਨੀ, ਦਿਨ ਕੈਸਾ ਚੜ੍ਹਿਆ ਏ। ਮੇਰੇ ਮਨ ਮਤਵਾਲੇ ਨੂੰ, ਨਾਗ ਬਿਿਛਅਰ ਲੜਿਆ ਏ॥ ਇਹ ਸੰਕਟ ਕਾਹਦਾ ਹੈ, ਇਹ ਕਿਸਦਾ ਰੌਣਾ ਨੀ। ਕੀ ਹੋਇਆ ਹੈ ਦੇਖੋ, ਹੁਣ ਕੀ ਹੋਣਾ ਨੀ॥ ਇਕ ਪਾਸੇ ਰੋਟੀ ਤੋਂ, ਕੋਈ ਲਾਚਾਰ ਹੋਇਆ। ਇਕ ਪਾਸੇ ਦੌਲਤ ਦਾ, ਲੱਗਾ ਅੰਬਾਰ ਹੋਇਆ॥ ਕਿਸੇ ਗਹਿਣ ਜਾਤ ਦੇ, ਤਨ ਤੇ ਬੁੱਕ ਲੀਰਾਂ ਨੇ। ਕਿਉਂ ਦਾਗੀ ਹੋ ਰਹੀਆਂ, ਨਿਰਬਲ ਤਕਦੀਰਾਂ ਨੇ॥ ਸੜਕਾਂ ਫੁਟਪਾਥਾਂ ਤੇ, ਪਿਆ ਜੀਵਨ ਪਲਦਾ ਹੈ। ਮਹਿਕਾਂ ਦੇ ਚਾਨਣ ਵਿੱਚ, ਹੱਕ ਕਿਸਦਾ ਬਲਦਾ ਹੈ॥ ਕੋਈ ਕੰਜ ਕੁਆਰੀ ਨੂੰ, ਜੇਲ੍ਹਾਂ ਵਿੱਚ ਪਾ ਬੈਠਾ। ਕੋਈ ਸ਼ਿਕਰਾ ਚਿੜੀਆਂ ਦਾ, ਦਿਲ ਕੱਢ ਕੇ ਖਾ ਬੈਠਾ॥ ਸਿੱਕਿਆਂ ਦੀ ਛਣ ਛਣ ਤੇ, ਮੁਸਕਾਨ ਨਚਾਓ ਨਾ। ਕਣਕਾਂ ਦਿਆਂ ਬੋਹਲਾਂ ਦਾ, ਬਾਰੂਦ ਬਣਾਓ ਨਾ॥ ਰੇਸ਼ਮ ਦੀਆਂ ਰੱਸੀਆਂ ਦਾ, ਇਹ ਜਾਲ ਹੈ ਪੁਰਾਣਾ। ਇਨ੍ਹਾਂ ਬੇ-ਡਰ ਚਿੜੀਆਂ ਨੇ, ਇਕ ਦਿਨ ਉੱਡ ਜਾਣਾ॥ ਕਲਮਾਂ 'ਚੋਂ ਨਿਕਲ ਰਹੀ, ਮਿਹਨਤ ਮਜ਼ਦੂਰਾਂ ਦੀ। "ਤੂਫ਼ਾਨ" ਜਗਾ ਦਿੱਤੀ, ਟੋਲੀ ਮਜਬੂਰਾਂ ਦੀ॥ ਅੰਨ ਦੇ ਹਰ ਦਾਣੇ ’ਚੋਂ, ਰਿਸਦਾ ਪਸੀਨਾ ਏ। ਮਿਹਨਤ ਦੀ ਝੋਲ ਭਰੋ, ਵੈਸਾਖ ਮਹੀਨਾ ਏ॥ ਇਹ ਦਿਓ ਅਸੀਸਾਂ ਨੀ, ਇਹ ਦਿਓ ਦੁਆਵਾਂ ਨੀ। ਅੱਥਰੂ ਮਾਸੂਮਾਂ ਦੇ, ਨਾ ਵੇਖਣ ਮਾਂਵਾਂ ਨੀ॥ ਘਰ ਘਰ ਖੁਸ਼ਹਾਲੀ ਦਾ, ਅੱਜ ਦਿਓ ਸੁਨਿਹੜਾ ਨੀ। ਖੁਸ਼ੀਆਂ ਵਿੱਚ ਟਹਿਕ ਪਵੇ, ਹਰ ਘਰ ਦਾ ਵਿਹੜਾ ਨੀ॥

ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ

ਜਦੋਂ ਮਜ਼ਹਬ ਦਾ ਭੂਤ ਸੁਆਰ ਹੁੰਦੈ, ਕਿਸੇ ਕੌਮ ਦੇ ਮਾੜੇ ਬੰਦਿਆਂ ਤੇ। ਉਦੋਂ ਸਿਦਕ ਦੀ ਰੱਜ ਕੇ ਪਰਖ ਹੁੰਦੀ, ਕਦੇ ਸੂਲੀ ਤੇ ਕਦੇ ਫੰਦਿਆਂ ਤੇ। ਕੋਈ ਚੜ੍ਹ ਕੇ ਚਰਖੜੀ ਤੇ ਜਿੰਦ ਵਾਰੇ, ਕੋਈ ਰੋਂਦਿਆ ਜਾਵੰਦੈ ਰੰਦਿਆਂ ਤੇ। ਕੋਈ ਤੱਤੀਆਂ ਲੋਹਾਂ ਤੇ ਲਾਏ ਆਸਣ, ਧੀਰਜ ਧਰਮ ਬਿਠਾਲ ਕੇ ਕੰਧਿਆਂ ਤੇ। ਜਿਨ੍ਹਾਂ ਸਿਦਕ ਸੁਰਾਹੀ 'ਚੋਂ ਘੁੱਟ ਪੀਤੈ, ਉਹ ਨਹੀਂ ਮਸਤੀਆਂ ਭਾਲਦੇ ਹੰਦਿਆਂ ਤੇ। ਸਿਰ ਦੇ ਕੇ ਸਰਦਾਰੀਆਂ ਕਾਇਮ ਰੱਖਣ, ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ । ਜਦ ਵੀ ਸੱਭਿਅਤਾ ਦਾ ਪਿੰਡਾ ਸੜਨ ਲੱਗਾ, ਚਮੜੀ ਤਾਣ ਕੇ ਸਿਦਕ ਨੇ ਛਾਂ ਕੀਤੀ। ਜਦ ਵੀ ਸ਼ੂਕੇ ਤਸ਼ੱਦਦ ਦੇ ਨਾਗ ਕਾਲੇ, ਉੱਚੀ ਸਿਦਕ ਸਪੇਰੇ ਨੇ ਬਾਂਹ ਕੀਤੀ। ਜਦ ਵੀ ਜਬਰ ਤੇ ਸਬਰ ਦੀ ਹੋਈ ਟੱਕਰ, ਸਿਦਕ ਸੂਰਮੇ ਨੇ ਹਾਜ਼ਰ ਜਾਂ ਕੀਤੀ। ਜਦ ਵੀ ਮੌਤ ਨੇ ਜ਼ਿੰਦਗੀ ਆਣ ਮੰਗੀ, ਤੇਰੇ ਦਰ ਤੋਂ ਕਿਸੇ ਨਾ ਨਾਂਹ ਕੀਤੀ। ਪੰਜ ਤੱਤ ਲੈ ਕੇ ਸਾਜਣਹਾਰ ਟੁਰਿਆ, ਬੰਦੇ ਕਹਿਰ ਢਾਏ ਜਦੋਂ ਬੰਦਿਆਂ ਤੇ। ਪਹਿਲਾਂ ਸਿਦਕ ਸਰਦਾਰ ਦੀ ਪਰਖ ਹੋਈ, ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ। ਮੇਲਾ ਲੱਗਾ ਫੁਹਾਰੇ ਦੇ ਚੌਂਕ ਅੰਦਰ, ਭੇੜ ਸਿਦਕ ਤੇ ਆਰੇ ਦਾ ਹੋਣ ਲੱਗਾ। ਜਿਓਂ ਜਿਓਂ ਆਰਾਕਸ਼ ਆਰਾ ਚਲਾਈ ਜਾਵੇ, ਤਿਓਂ ਤਿਓਂ ਸਿਦਕ ਵੀ ਝੂਮ ਕੇ ਗਾਉਣ ਲੱਗਾ। ਇਹ ਸ਼ਰੀਰ ਦੋ ਫਾੜ ਹੋ ਜਾਏ ਭਾਵੇਂ, ਪਾੜ ਸਿਦਕ ਤੇ ਕਦੇ ਨਹੀਂ ਆਉਣ ਲੱਗਾ। ਆਰੇ ਨਾਲ ਨਹੀਂ ਪਾਟਣਾ ਸਿਦਕ ਮੇਰਾ, ਪਾੜ ਜ਼ੁਲਮੀ ਹਕੂਮਤ ਤੇ ਪਾਉਣ ਲੱਗਾ। ਜਿਹੜੇ ਜਾਣਦੇ ਸਿਦਕ ਦਾ ਨਾਮ ਕਾਤਲ, ਉਹ ਨਹੀਂ ਰੀਝਦੇ ਝੂਠਿਆਂ ਧੰਦਿਆਂ ਤੇ। ਮਤੀ ਦਾਸ ਜ਼ਮਾਨੇ ਨੂੰ ਦਸ ਦਿੱਤਾ, ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ।

ਖੂਨੀ ਵਰਕੇ

ਵਰ੍ਹਦੀ ਅੱਗ ਅੰਦਰ ਤੱਤੀ ਤਵੀ ਉੱਤੇ, ਵੱਖਰੀ ਕੌਮ ਬਣਾਈ ਏ ਖ਼ਾਲਸੇ ਨੇ। ਗਰਮ ਰੇਤ ਤੇ ਉਬਲਦੀ ਤੇਗ ਵਿੱਚੋਂ, ਨਵੀਂ ਜ਼ਿੰਦਗੀ ਪਾਈ ਏ ਖ਼ਾਲਸੇ ਨੇ। ਜ਼ੁਲਮ ਕੰਬਿਆ ਨਾਲੇ ਸੰਸਾਰ ਝੁਕਿਆ, ਜਦੋਂ ਤੇਗ ਉਠਾਈ ਏ ਖ਼ਾਲਸੇ ਨੇ। ਛਾਲੇ ਛਾਲੇ ਸਰੀਰ ਤੇ ਪਏ ਐਧਰ, ਉੱਧਰ ਜਬਰ ਦੇ ਸੀਨੇ ਵਿੱਚ ਛੇਕ ਹੋ ਗਏ। ਸਬਰ ਵਿੱਚ ਕੁਰਬਾਨੀਆਂ ਦੇਣ ਵਾਲੇ, ਪੰਥ ਵਿੱਚ ਪ੍ਰਵਾਨੇ ਅਨੇਕ ਹੋ ਗਏ। ਕੁਟਲ ਨੀਤੀ ਸਰਕਾਰ ਦੀ ‘ਜਹੀ ਚਲੀ, ਜ਼ੁਲਮ ਹੋਇਆ ਇਨਸਾਫ਼ ਦੇ ਨਾਂ ਅੰਦਰ। ਅੱਤਿਆਚਾਰ ਤਸੀਹੇ ਵੀ ਲੱਖ ਦਿੱਤੇ, ਜ਼ਾਲਮ ਬੈਠ ਕੇ ਕੁਫ਼ਰ ਦੀ ਛਾਂ ਅੰਦਰ। ਚੰਦੂ ਚੰਦਰੇ ਝੂਠੇ ਇਲਜ਼ਾਮ ਲਾਏ, ਗੁਰੂ ਘਰ ਲਈ ਥਾਂ ਥਾਂ ਅੰਦਰ। ਐਪਰ ਸਿੱਖੀ ’ਜਹੀ ਗੁਲਜ਼ਾਰ ਮਹਿਕੀ, ਸ਼ਹਿਰ ਸ਼ਹਿਰ ਤੇ ਹਰ ਗਰਾਂ ਅੰਦਰ। ਪਾਣੀ ਦੇਗ ਦਾ ਗੁਰਾਂ ਦੀ ਲਗ ਚਰਨੀਂ, ਜਦੋਂ ਰਾਵੀ ਦੀ ਹਿੱਕ ਤੇ ਵਹਿਣ ਲੱਗਾ। ਉਦੋਂ ਰਾਵੀ ਕੁਰਲਾ ਕੇ ਬੋਲ ਉੱਠੀ, ਰਾਜ ਮੁਗ਼ਲ ਦਾ ਹੁਣ ਨਹੀਂ ਰਹਿਣ ਲੱਗਾ। ਸਿੱਖ ਕੌਮ ਦੀ ਹੈ ਵੱਖਰੀ ਹੋਂਦ ਵੇਖੋ, ਖ਼ੂਨੀ ਵਰਕੇ ਇਤਿਹਾਸ ਦੇ ਬੋਲਦੇ ਨੇ। ਇਹਦਾ ਸਬਰ ਅਜ਼ਮਾਣ ਲਈ ਇੱਕ ਪਾਸੇ, ਪਾਣੀ ਤੇਗਾਂ ਦੇ ਵਿੱਚ ਪਏ ਖੌਲਦੇ ਨੇ। ਕਦੀ ਦੇਂਦੇ ਨੇ ਭਾੜੇ ਖੋਪੜੀ ਦੇ, ਕਦੀ ਨੇਜ਼ਿਆਂ ਤੇ ਸੀਸ ਤੋਲਦੇ ਨੇ । ਬੰਦ ਬੰਦ ਕਟਾ ਕੇ ਹੱਸਦੇ ਨੇ, ਗੱਲ ਮੌਤ ਦੀ ਜ਼ਰਾ ਨਾ ਗੌਲਦੇ ਨੇ। ਉਸ ਕੌਮ ਨੂੰ ਦਈਏ ਸਬੂਤ ਕਾਹਦਾ ? ਜਿਹਦੇ ਲਈ ਕੁਰਬਾਨੀਆਂ ਦਿੱਤੀਆਂ ਨੇ। ਬੱਚੇ ਨੀਹਾਂ ਦੇ ਹੇਠ ਚਿਣਵਾ ਦਿੱਤੇ, ਦਿੱਲੀ ਵਿੱਚ ਜੁਆਨੀਆਂ ਦਿੱਤੀਆਂ ਨੇ। ਕਦ ਤਕ ਰਹੇਗਾ ਸੀਨੇ ਦੇ ਵਿੱਚ ਲਾਵਾ, ਕਦ ਤਕ ਛਾਲੇ ਪਿੰਡੇ ਤੇ ਪਾਏ ਜਾਸਣ ? ਗਰਮ ਗਰਮ ਰੇਤ ਦੇ ਭਰ ਕੜਛੇ, ਕਦ ਤਕ ਸੀਸ ਉੱਤੇ ਉਲਟਾਏ ਜਾਸਣ ? ਕਦ ਤਕ ਖੋਪੜੀ ਚਿਰੇਗੀ ਖ਼ਾਲਸੇ ਦੀ, ਕਦ ਤਕ ਸੀਸ ਤੇ ਆਰੇ ਚਲਾਏ ਜਾਸਣ ? ਮਾਸ ਪਿੰਜਦਾ ਰਹੇਗਾ ਖ਼ਾਲਸੇ ਦਾ , ਬੰਦ ਬੰਦ ਕਦ ਤੱਕ ਕਟਾਏ ਜਾਸਣ ? ਹੁਣ ਤਾਂ ਜ਼ੁਲਮ ਦੀ ਵੇਖ ਲੋ ਹੱਦ ਹੋ ਗਈ, ਬਲਦੇ ਟਾਇਰ ਵੀ ਸੀਨੇ ਤੇ ਪਾਏ ਗਏ ਨੇ। ਸਿੱਖ ਮੁਕੇ ਨਾ ਸਿੱਖੀ ਨੇ ਮੁਕਣਾ ਏ, ਥਾਂ ਥਾਂ ਤੇ ਭਾਵੇਂ ਜਲਾਏ ਗਏ ਨੇ। ਇਕ ਦੋ ਜਾਂ 25 ਦੀ ਧਾਰਾ ਕਾਹਦੀ ? ਵਗਦੇ ਹੋਏ ਦਰਿਆਵਾਂ ਦੇ ਜ਼ੋਰ ਅੱਗੇ। ਗੁਰੂ ਖ਼ਾਲਸਾ ਸਾਗਰ ਤੋਂ ਵਧ ਡੂੰਘੈ, ਛਲਾਂ ਇਹਦੀਆਂ ਵੱਧਣਾ ਹੋਰ ਅੱਗੇ। ਇਹ ਕਦੇ ਨਹੀਂ ਹੁਣ ਸਹਿ ਹੋਣਾ, ਤਕੜਾ ਪਿੱਛੇ ਤੇ ਰਵੇ ਕਮਜ਼ੋਰ ਅੱਗੇ। ਪੰਥ ਜਾਗਿਆ ਲਏਗਾ ਹੱਕ ਆਪਣਾ, ਪਾਇਆ ਬਥੇਰਾ ਹੈ ਦੁਸ਼ਟਾਂ ਸ਼ੋਰ ਅੱਗੇ। ਕੌਮ ਲਈ ਜੋ ਜਾਨ ਕੁਰਬਾਨ ਕਰਦੈ, ਉਹਦਾ ਰਹੇਗਾ ਨਾਮ ਜਹਾਨ ਅੰਦਰ। ਉਹੀ ਮਾਝੀ ਕਿਨਾਰੇ ਤੇ ਪਹੁੰਚਦਾ ਏ, ਠੇਲ੍ਹ ਦੇਂਦਾ ਜੋ ਬੇੜਾ “ਤੂਫਾਨ" ਅੰਦਰ।

ਸਿੰਘ ਖਾਲਸਾ

ਉਹ ਸਿੰਘ ਖ਼ਾਲਸਾ, ਉਹ ਦਲੇਰਾ ਜੁਆਨਾ। ਉਹ ਬਾਂਕੇ ਸਿਪਾਹੀਆ, ਉਹ ਸ਼ੇਰਾ ਜੁਆਨਾ॥ ਗਈ ਰਾਤ, ਹੋਇਆ ਸਵੇਰਾ ਜੁਆਨਾ। ਵਕਤ ਹੈ ਅਜ਼ਮਾਇਸ਼ ਦਾ, ਤੇਰਾ ਜੁਆਨਾ॥ ਅਜੇ ਤੇਰੀ ਮੰਜ਼ਿਲ, ਬੜੀ ਦੂਰ ਦਿਸਦੀ। ਹੈ ਫ਼ਿਕਰਾਂ ਗ਼ਮਾਂ ਨਾਲ, ਭਰਪੂਰ ਦਿਸਦੀ॥ ਕੀ ਹੋਇਆ ਜੇ ਸੂਲੀ, ਚੜ੍ਹਾਇਆ ਗਿਆ ਤੂੰ। ਤੇ ਨਾਲ ਆਰਿਆਂ ਦੇ, ਚਿਰਾਇਆ ਗਿਆ ਤੂੰ॥ ਭਰੀ ਤੋਪ ਅੱਗੇ, ਬਿਠਾਇਆ ਗਿਆ ਤੂੰ। ਨਿਸ਼ਾਨਾ ਕਈਆਂ ਦਾ, ਬਣਾਇਆ ਗਿਆ ਤੂੰ॥ ਨਾ ਮੁੱਕਣਾ ਹੈ ਤੂੰ, ਨਾ ਮੁੱਕਣੀ ਹੈ ਮੰਜ਼ਿਲ। ਤੇਰੀ ਜ਼ਿੰਦਗਾਨੀ ਹੈ, ਦੁਨੀਆ ਦੀ ਹਲਚਲ॥ ਕੋਈ ਸਿਰ ਦੇ ਖੋਪਰ, ਜੇ ਆਇਆ ਲੁਹਾ ਕੇ। ਕੋਈ ਆਪਣੀ ਗੈਰਤ, ਜੇ ਆਇਆ ਲੁਟਾ ਕੇ॥ ਜੇ ਜ਼ਾਲਮ ਤੋਂ ਆਇਆ, ਕੋਈ ਜ਼ਿੰਦ ਛੁਪਾ ਕੇ। ਜੇ ਕਿਸੇ ਤੇ ਬਿਪਤਾ, ਬਣੀ ਸਿਰ ਤੇ ਆ ਕੇ॥ ਤੇ ਕੰਮ ਆ ਗਿਆ, ਉਨ੍ਹਾਂ ਲਈ ਮਾਸ ਤੇਰਾ। ਅਨੋਖਾ ਹੈ ਦੁਨੀਆਂ ਤੇ, ਇਤਿਹਾਸ ਤੇਰਾ॥ ਨੀਹਾਂ ਹੇਠ ਚਿਣ ਜਾਣਾ, ਤੂੰ ਜਾਣਨਾ ਏਂ। ਚਰਖੜੀ ਤੇ ਵੱਲ ਖਾਣਾ, ਤੂੰ ਜਾਣਨਾ ਏਂ॥ ਹਿਨਾ ਖ਼ੂਨ ਦੀ ਲਾਣਾ, ਤੂੰ ਜਾਣਨੈ ਏਂ। ਸ਼ਹੀਦੀ ਨੂੰ ਪ੍ਰਨਾਣਾ, ਤੂੰ ਜਾਣਨਾ ਏਂ॥ ਜੇ ਤੀਰਾਂ ਦੇ ਅੱਗੇ ਤੂੰ, ਤਣ ਜਾਵਨਾ ਏਂ। ਹਰੀ ਸਿੰਘ ਨਲਵਾ ਵੀ, ਬਣ ਜਾਵਨਾ ਏਂ॥ ਹੈ ਦਿਲ ਸਾਫ਼ ਤੇਰਾ, ਨਜ਼ਰ ਪਾਕ ਤੇਰੀ। ਉਹ ਤਲਵਾਰ ਤਿੱਖੀ, ਖ਼ਤਰਨਾਕ ਤੇਰੀ॥ ਡਰਾਂਦੀ ਸੀ ਜਾਬਰ ਨੂੰ, ਜੋ ਖ਼ਾਕ ਤੇਰੀ। ਪਰ ਅੱਜ ਉਹ ਕਿੱਥੇ, ਗਈ ਧਾਕ ਤੇਰੀ॥ ਦਿਮਾਗ਼ ਅੱਜ ਤੇਰਾ, ਕਿੱਧਰ ਭੌਂ ਗਿਆ ਏ। ਨਾੜਾਂ ਤੇਰੀਆਂ ਦਾ ਲਹੂ, ਕਿਉਂ ਸੌਂ ਗਿਆ ਏ॥ ਨਾ ਕਰ ਨਾਜ਼, ਬੀਤੇ ਹੋਏ ਖ਼ਾਬ ਉੱਤੇ। ਨਜ਼ਰ ਮਾਰ ਫਿਰ ਅੱਜ, ਨਵੇਂ ਬਾਬ ਉੱਤੇ॥ ਤੂੰ ਆਵੇਂਗਾ ਵੀਰਾ, ਕਦੋਂ ਤਾਬ ਉੱਤੇ। ਹੈ ਗੈਰਾਂ ਦੀ ਅੱਖ, ਤੇਰੇ ਪੰਜਾਬ ਉੱਤੇ॥ ਤੂੰ ਕਦ ਤਕ ਬੇਹੋਸ਼ੀ, ‘ਚ ਸੁੱਤਾ ਰਹੇਂਗਾ। ਤੂੰ ਵਾਰਾਂ ਦੇ ਵਾਰ ਨੂੰ, ਕਦ ਤਕ ਸਹੇਂਗਾ। ਤੂੰ ਜੰਮਿਆ ਏਂ, ਤਲਵਾਰ ਦੀ ਧਾਰ ਉੱਤੇ । ਤੂੰ ਪਲਿਆ ਏਂ, ਔਕੜ ਦੇ ਹਰ ਖਾਰ ਉੱਤੇ। ਤੂੰ ਭਖਿਆ ਏਂ, ਜ਼ੁਲਮਾਂ ਦੇ ਅੰਗਿਆਰ ਉੱਤੇ ਤੇਰਾ ਜੀਵਨ ਉੱਚਾ, ਹੋਇਆ ਦਾਰ ਉੱਤੇ॥ ਤੂੰ ਮਾਰ ਇਕ ਹਲੂਣਾ, ਤੇ ਖੁਦ ਨੂੰ ਜਗਾ ਦੇ। ਉਹੀ ਸ਼ਾਨ ਆਪਣੀ ਤੂੰ, ਮੁੜ ਕੇ ਵਿਖਾ ਦੇ ਇਹ ਵਲਛਲ ਭਰੇ, ਕੁੰਡਲੀਏ ਵੇਖ ਕਾਲੇ। ਜਿਹਨਾਂ ਖ਼ੂਨ ਤੇਰੇ ਦੇ, ਪੀਤੇ ਪਿਆਲੇ॥ ਨਾ ਸਮਝੇ ਅੱਜ ਤਕ, ਸ਼ੈਤਾਨਾਂ ਦੇ ਚਾਲੇ। ਜੋ ਗ਼ੈਰਤ ਤੇਰੀ ਦੇ ਨੇ, ਕਰਦੇ ਨਵਾਲੇ॥ ਤੂੰ ਫਿਰ ਉਠ ਕੇ, ਸੰਭਾਲ ਕਿਰਪਾਨ ਬੀਬਾ। ਏਸੇ ਲਈ ਬਣੀ ਏ, ਤੇਰੀ ਸ਼ਾਨ ਬੀਬਾ॥ ਤੇਰਾ ਦੇਸ਼ ਆਪਣਾ, ਤੇ ਪੰਜਾਬ ਤੇਰਾ। ਤੇਰੇ ਨਾਲ ਧੋਖਾ, ਅਜੇ ਵੀ ਬਥੇਰਾ॥ ਤੂੰ ਉਠ ਆਪਣੀ, ਤਾਕਤ ਸੰਭਾਲ ਸ਼ੇਰਾ। ਇਹ ਲਾਲੀ ਤੇਰੀ ਹੈ, ਜੋ ਚਮਕੇ ਸਵੇਰਾ॥ ਤੂੰ ਵਗਦੇ ਹੰਝੂਆਂ ਲਈ, ਮੁਸਕਾਨ ਬਣ ਜਾ। ਤੂੰ ਝੂਲਦੇ ‘ਤੂਫਾਨਾਂ ਲਈ, ਚੱਟਾਨ ਬਣ ਜਾ॥

ਹਿੰਦੂ ਸਿੱਖ ਏਕਤਾ

ਓ ਹਿੰਦੂਓ ਤੇ ਸਿੱਖੋ ਮੇਰੇ ਦੇਸ਼ ਦਿਓ ਰਾਖਿਓ। ਦੁੱਧ ਵਾਂਗ ਚਿੱਟਿਓ ਤੇ ਮਿੱਠੇ ਵਾਂਗ ਮਾਖਿਓ॥ ਚੰਨ ਨਾਲੋਂ ਸੋਹਣਿਓ ਓ ਦੇਸ਼ ਦਿਓ ਤਾਰਿਓ। ਵੈਰੀ ਦਿਓ ਵੈਰੀਓ ਪਿਆਰ ਤੋਂ ਪਿਆਰਿਓ॥ ਮਾਰਿਆ ਕਿਸ ਡਾਕਾ ਅੱਜ ਸਾਡੇ ਪਿਆਰ ਤੇ। ਪੱਤਝੜ ਕਿਵੇਂ ਛਾਈ ਨੱਚਦੀ ਬਹਾਰ ਤੇ॥ ਵੈਰ ਕਿਉਂ ਪੈ ਗਿਐ ਦੋਵਾਂ ਦੇ ਖ਼ਿਆਲਾਂ ਵਿੱਚ। ਕਦਮ ਕਿਉਂ ਨਹੀਂ ਮਿਲਦੇ ਦੋਹਾਂ ਦੀਆਂ ਚਾਲਾਂ ਵਿੱਚ॥ ਲਹੂ ਅੱਜ ਲਹੂ ਨੂੰ ਕਿਵੇਂ ਭੁੱਲ ਗਿਆ ਏ। ਪਿਆਰ ਨਾਲ ਵੈਰ ਅੱਜ ਕਿਵੇਂ ਤੁੱਲ ਗਿਆ ਏ॥ ਭੁੱਲ ਕਿਉਂ ਬੈਠੇ ਹੋ ਨਾਨਕ ਦੀ ਰਬਾਬ ਨੂੰ। ਅੱਗੇ ਥੋੜ੍ਹਾ ਰੋਲਿਆ ਏ ਵਸਦੇ ਪੰਜਾਬ ਨੂੰ॥ ਪਾਣੀ ਪਾ ਕੇ ਛੱਜ ਕਿਵੇਂ ਛੰਡ ਰਹੇ ਓ। ਜਾਨ ਨੂੰ ਸਰੀਰ ਨਾਲੋਂ ਕਿਵੇਂ ਵੰਡ ਰਹੇ ਓ॥ ਚੰਦ ਨਾਲੋਂ ਰਿਸ਼ਮਾਂ ਕਾਹਨੂੰ ਓ ਨਿਖੇੜਦੇ। ਪਿਆਸ ਨੂੰ ਬੁਝਾਣ ਲਈ ਪੁੱਠਾ ਖੂਹ ਗੇੜਦੇ॥ ਪਾਰ ਹੋਣਾ ਚਾਹੁੰਦੇ ਓ ਅੱਧ ਵਿੱਚ ਆ ਕੇ। ਉੱਠਦੇ ਤੂਫ਼ਾਨ ਨੂੰ ਬੇੜੀ 'ਚ ਬਿਠਾ ਕੇ॥ ਕਿਉਂ ਭੁੱਲ ਬੈਠੇ ਹੋ ਸੱਭਿਅਤਾ ਗਿਆਨ ਨੂੰ। ਇਕੱਠੇ ਤੁਸੀਂ ਜਾਣਾ ਹੈ ਅੰਤ ਸ਼ਮਸ਼ਾਨ ਨੂੰ॥ ਇੱਕਠਿਆਂ ਹੀ ਦੇਸ਼ ਲਈ ਜਾਨਾਂ ਤੁਸੀਂ ਵਾਰੀਆਂ। ਇੱਕਠਿਆਂ ਹੀ ਵੈਰੀਆਂ ਤੇ ਤੇਗਾਂ ਵੀ ਹੁਲਾਰੀਆਂ॥ ਇੱਕਠਿਆਂ ਹੀ ਨੀਹਾਂ ਲਈ ਦਿੱਤੇ ਤੁਸੀਂ ਬਾਲ ਸੀ। ਹਕੀਕਤ ਉੱਤੋਂ ਵਾਰਿਆ ‘ਹਕੀਕਤ’ ਭਾਵੇਂ ਬਾਲ ਸੀ॥ ਇਨ੍ਹਾਂ ਦੋਵਾਂ ਬੁੱਲ੍ਹੀਆਂ ਦਾ ਹਾਸਾ ਤੁਸੀਂ ਇੱਕ ਓ। ਹਾਰਾਂ ਤੇ ਜਿੱਤਾਂ ਦਾ ਵੀ ਪਾਸਾ ਤੁਸੀਂ ਇੱਕ ਓ॥ ਨੈਣਾਂ ਵਿੱਚੋਂ ਡੁੱਲ੍ਹਦਾ ਖ਼ੁਮਾਰ ਤੁਸੀਂ ਇੱਕ ਓ। ਗੀਤਾ ਤੇ ਗ੍ਰੰਥ ਦਾ ਵਿਚਾਰ ਤੁਸੀਂ ਇੱਕ ਓ॥ ਕਿਸ ਨੇ ਹੈ ਦੇਸ਼ ਅੰਦਰ ਡੇਰਾ ਆਣ ਲਾਇਆ ਏ। ਕਿਸ ਨੇ ਪਿਆਰ ਵਾਲਾ ਕਿਲ੍ਹਾ ਸਾਡਾ ਢਾਇਆ ਏ॥ ਕਿਸ ਨੇ ਇਹ ਨਹੂੰਆਂ ਨਾਲੋਂ ਅੱਡ ਕੀਤੇ ਮਾਸ ਨੇ। ਅੱਜ ਸਾਡੇ ਕਿਸ ਨੇ ਬਣਾਏ ਹੋਏ ਢਾਸਨੇ॥ ਕੌਣ ਏ ਜੋ ਰਾਹ 'ਚੋਂ ਕੁਰਾਹੇ ਸਾਨੂੰ ਪਾਵੰਦੈ। ਕਿਹੜਾ ਏ ਜੋ ਆਪੋ ਵਿੱਚ ਅਸਾਂ ਨੂੰ ਲੜਾਵੰਦੈ॥ ਵਖਰੇ ਨੇ ਹਿੰਦੂ ਸਿੱਖ ਡੰਡ ਪਾਈ ਜਾਂਦਾ ਏ। ਆਪੇ ਹੀ ਪਿਆਰ ਵਿੱਚ ਵੰਡ ਪਾਈ ਜਾਂਦਾ ਏ॥ ਆਪੇ ਹੀ ਓਹ ਆਖਦੈ ਖ਼ਤਰਾ ਹੀ ਖ਼ਤਰੈ। ਉਸੇ ਨੂੰ ਹੀ ਭਾਸਦੈ ਖ਼ਤਰਾ ਹੀ ਖ਼ਤਰੈ॥ ਉਹ ਤਾਂ ਚਾਹੇ ਦਿਲਾਂ ਅੰਦਰ ਫੁੱਟ ਦਾ ਡੇਰਾ ਹੋਵੇ। ਹਿੰਦੂਆਂ ਤੇ ਸਿੱਖਾਂ ਦੀਆਂ ਅੱਖਾਂ ਅੱਗੇ ਹਨੇਰਾ ਹੋਵੇ॥ ਅਸਲ ਵਿੱਚ ਮਕਸਦ ਏ ਦੋਹਾਂ ਨੂੰ ਲੜਾਨ ਦਾ। ਚੋਣਾਂ ਨੂੰ ਜਿਤਣ ਲਈ ਰਸਤਾ ਬਨਾਣ ਦਾ॥ ਤੁਸੀਂ ਜੇ ਨਾ ਸਮਝੋਗੇ ਉਸ ਦੀਆਂ ਚਾਲਾਂ ਨੂੰ ਭੰਨੋਗੇ ਨਾ ਤੋੜੋਗੇ ਨਾ ਉਸ ਦੇ ਖ਼ਿਆਲਾਂ ਨੂੰ॥ ਤਾਂ ਫਿਰ ਅੰਬਰਾਂ ਤੋਂ ਤਾਰੇ ਟੁੱਟ ਪੈਣਗੇ। ਪਿਆਰਿਆਂ ਨੂੰ ਮਾਰਨ ਲਈ ਪਿਆਰੇ ਟੁੱਟ ਪੈਣਗੇ। ਆਪਣੇ ਹੀ ਹੱਥਾਂ ਨਾਲ ਗਲ ਘੁੱਟੇ ਜਾਣਗੇ। ਦੇਸ਼ ਦੀ ਹਸਤੀ ਲਈ ਟੋਏ ਪੁੱਟੇ ਜਾਣਗੇ॥ ਸੁਲਗਦੀ ਅੰਗਾਰੀ ਨੂੰ ਹੁਣੇ ਈ ਬੁਝਾ ਦਿਓ। ਜੋਸ਼ ਨੂੰ ਪਿਆਰ ਨਾਲ ਠੰਡਾ ਜਿਹਾ ਪਾ ਦਿਓ॥ ਮੱਖਣ ਵਿੱਚੋਂ ਵਾਲ ਜਿਵੇਂ ਬਾਹਰ ਕੱਢ ਸੁੱਟੀਦੈ। ਚੁੱਭਿਆ ਹੋਇਆ ਕੰਢਾ ਜਿਵੇਂ ਪੈਰਾਂ ਵਿੱਚੋਂ ਪੁੱਟੀਦੈ॥ ਏਸੇ ਤਰ੍ਹਾਂ ਦੂਰ ਕਰੋ ਦੇਸ਼ ਦੇ ਗ਼ੱਦਾਰ ਨੂੰ। ਸਾਂਭ ਰੱਖੋ ਜੰਤਾ ਦੇ ਚੈਨ ਤੇ ਕਰਾਰ ਨੂੰ॥ ਦੇਸ਼ ਦਿਓ ਰਾਖਿਓ ਰੋਕ ਲੋ "ਤੂਫਾਨ" ਨੂੰ। ਛੱਡ ਦੇਵੇ ਰਸਤਾ ਹੁਣ ਕਹਿ ਦਿਓ ਸ਼ੈਤਾਨ ਨੂੰ॥ ਇੱਕ ਹਾਂ ਇੱਕ ਰਹਾਂਗੇ, ਇੱਕੋ ਹੀ ਨਿਸ਼ਾਨਾ ਏ। ਇੱਕੋ ਹੀ ਕਹਾਣੀ ਸਾਡੀ, ਇੱਕੋ ਹੀ ਫ਼ਸਾਨਾ ਏ॥

ਨਾ ਰੌਹਬ ਤਲਵਾਰ ਦਾ ਪਾ ਬੀਬਾ

ਜ਼ਿੰਦਗੀ ਪਾਈ ਹੈ ਮੌਤ ਦੀ ਗੋਦ ਵਿੱਚੋਂ, ਨਾ ਮੌਤ ਦਾ ਡਰ ਵਿਖਾ ਬੀਬਾ॥ ਸਮਾਂ ਜਦੋਂ ਨਗਾਰੇ ਤੇ ਚੋਟ ਲਾਂਦੈ, ਚੜ੍ਹ ਜਾਂਦਾ ਹੈ ਸਾਨੂੰ ਫਿਰ ਚਾਅ ਬੀਬਾ॥ ਅਸੀਂ ਸ਼ਾਂਤ ਰਹੇ ਉਬਲਦੀਆਂ ਦੇਗਾਂ ਅੰਦਰ, ਗੁੱਸਾ ਫੇਰ ਨਾ ਸਾਨੂੰ ਚੜ੍ਹਾ ਬੀਬਾ॥ ਪੜ੍ਹੇ ਹੋਏ ਹਾਂ ਪਾਠ ਕੁਰਬਾਨੀਆਂ ਦੇ, ਸਾਨੂੰ ਹੋਰ ਨਾ ਪਾਠ ਪੜ੍ਹਾ ਬੀਬਾ ॥ ਹੁਣ ਖ਼ਾਲਸੇ ਮਾਰਚ ਅਰੰਭ ਕੀਤੈ, ਅਸੀਂ ਲੈਣਾ ਅਟਕ ਅਟਕਾ ਬੀਬਾ॥ ਅਸੀਂ ਜੰਮੇ ਤਲਵਾਰ ਦੀ ਧਾਰ ਵਿੱਚੋਂ, ਨਾ ਰੌਹਬ ਤਲਵਾਰ ਦਾ ਪਾ ਬੀਬਾ॥ ਅਸੀਂ ਰਾਖੇ ਦੇਸ਼ ਪੰਜਾਬ ਦੇ ਹਾਂ, ਅਸੀਂ ਵਾਰਸ ਸ਼ੇਰ-ਇ-ਪੰਜਾਬ ਦੇ ਹਾਂ॥ ਵਿੰਨ੍ਹੇ ਕੰਢਿਆਂ ਨਾਲ ਨੇ ਹੱਥ ਸਾਡੇ, ਬਾਗੋਂ ਵਿਛੜੇ ਫੁੱਲ ਗੁਲਾਬ ਦੇ ਹਾਂ॥ ਅਜੇ ਤੀਕ ਦਲੀਪ ਨਹੀਂ ਮੋੜ ਸਕੇ, ਸ਼ੇਰਾ ਸੁੱਤਿਆ ਤੇਰੇ ਜੁਆਬ-ਦੇਹ ਹਾਂ॥ ਜਿਹੜੀ ਲਿਖੀ ਸ਼ਹੀਦਾਂ ਦੇ ਖ਼ੂਨ ਅੰਦਰ, ਖਿਲਰੇ ਵਰਕੇ ਉਸ ਕਿਤਾਬ ਦੇ ਹਾਂ॥ ਰਾਣੀ ਜਿੰਦਾਂ ਦੀ ਕੂਕ ਪਈ ਗੂੰਜਦੀ ਹੈ, ਧੋਖਾ ਫੇਰ ਨਾ ਲਈਂ ਤੂੰ ਖਾ ਬੀਬਾ॥ ਸੀਸ ਨੇਜ਼ਿਆਂ ਤੇ ਟੰਗਣਾ ਜਾਣਦੇ ਹਾਂ, ਨਾ ਰੌਹਬ ਤਲਵਾਰ ਦਾ ਪਾ ਬੀਬਾ॥ ਝੰਡੇ ਝੁੱਲੇ ਜਮਰੋਦ 'ਚ ਖ਼ਾਲਸੇ ਦੇ, ਭਾਵੇਂ ਜ਼ੁਲਮੀ ਹਨੇਰੀਆਂ ਵੱਗੀਆਂ ਨੇ॥ ਬਾਂਗਾਂ ਅਤੇ ਜੈਕਾਰੇ ਵੀ ਗੂੰਜਦੇ ਰਹੇ, ਜੋਤਾਂ ਮੰਦਰਾਂ ਅੰਦਰ ਵੀ ਜੱਗੀਆਂ ਨੇ॥ ਲੋਕ ਸਭਾ ਕਿਰਪਾਨ ਨੇ ਕਾਇਮ ਕੀਤੀ, ਕਿਉਂ ਕਿਰਪਾਨ ਉੱਤੇ ਰੋਕਾਂ ਲੱਗੀਆਂ ਨੇ॥ ਜਿਹਦੀ ਖ਼ਾਤਰ ਹੈ ਪੰਥ ਨੇ ਲਹੂ ਦਿੱਤਾ, ਹੋਈਆਂ ਉਸ ਨਾਲ ਅਜੇ ਵੀ ਠੱਗੀਆਂ ਨੇ॥ ਦੇਸ਼ ਆਜ਼ਾਦ ਤੇ ਪੰਥ ਗੁਲਾਮ ਅੱਜ ਵੀ, ਦਿੱਤਾ ਸਮੇਂ ਨੇ ਪਰਦਾ ਉਠਾ ਬੀਬਾ॥ ਸਾਨੂੰ ਆਨ ਪਿਆਰੀ ਹੈ ਜਾਨ ਨਾਲੋਂ, ਨਾ ਰੌਹਬ ਤਲਵਾਰ ਦਾ ਪਾ ਬੀਬਾ॥ ਮੂੰਹ ਭੰਨੇ ਤਲਵਾਰਾਂ ਦੇ ਕਈ ਵਾਰੀ, ਰਾਜਨੀਤੀਆਂ ਸਾਨੂੰ ਹੈ ਮਾਰ ਸੁੱਟਿਆ॥ ਬਾਜ਼ੀ ਜਿੱਤੀ ਹੈ ਜਿਹੜੀ ਮੈਦਾਨ ਅੰਦਰ, ਬਹਿ ਕੇ ਟੇਬਲ ਤੇ ਉਸ ਨੂੰ ਹਾਰ ਸੁੱਟਿਆ॥ ਕੁਟਲ ਨੀਤੀਆਂ ਇਕੱਠਾ ਨਹੀਂ ਹੋਣ ਦਿੱਤਾ, ਚੀਨਾ ਚੀਨਾ ਹੈ ਸਾਨੂੰ ਖਿਲਾਰ ਸੁੱਟਿਆ॥ ਕਲਗੀ ਵਾਲਿਆ ਤੇਰੇ ਉਪਦੇਸ਼ ਤਾਈਂ, ਸਾਡੇ ਆਗੂਆਂ ਮੂਲੋਂ ਵਿਸਾਰ ਸੁੱਟਿਆ॥ ਸਾਡੇ ਦਿਲ ਵਿੱਚ ਲੱਖਾਂ "ਤੂਫਾਨ" ਦੱਬੇ, ਭਾਂਬੜ ਦੇਈਂ ਨਾ ਕਿਤੇ ਮਚਾ ਬੀਬਾ॥ ਅਸੀਂ ਹਿੱਕ ਨਾਲ਼ ਗੱਡੀਆਂ ਰੋਕੀਆਂ ਨੇ, ਨਾ ਰੌਹਬ ਤਲਵਾਰ ਦਾ ਪਾ ਬੀਬਾ॥

ਪੰਥ ਲਈ ਪੁਕਾਰ

ਖੇਰੂੰ ਖੇਰੂੰ ਹੈ ਦਾਤਿਆ ਪੰਥ ਤੇਰਾ, ਜਿਹਦੇ ਲਈ ਸਰਬੰਸ ਤੂੰ ਵਾਰ ਦਿੱਤਾ। ਰਾਹ ਲੱਭਦਾ ਨਹੀਂ ਕੋਈ ਆਗੂਆਂ ਨੂੰ, ਰਾਹ ਤੇਰਾ ਹੈ ਇਨ੍ਹਾਂ ਵਿਸਾਰ ਦਿੱਤਾ। ਕੱਢੀ ਤੇਗ ਮਿਆਨੋਂ ਤੇ ਸੋਚ ਉਲਝੀ, ਸੋਚਾਂ ਸੋਚਾਂ ਨੇ ਸਾਨੂੰ ਹੈ ਮਾਰ ਦਿੱਤਾ। ਗਰਮੋ ਗਰਮੀ ਭਰਾਵਾਂ 'ਚ ਹੋਈ ਐਸੀ, ਰਾਜਨੀਤੀਆਂ ਪੰਥ ਨੂੰ ਵਿਸਾਰ ਦਿੱਤਾ। ਇਕ ਤੂੰ ਤੇ ਇਕ ਹੈ ਪੰਥ ਤੇਰਾ, ਰੋਜ਼ ਦਲ ਦਲ ਅੰਦਰ ਧੱਸੀ ਜਾਂਦੇ। ਅਸੀਂ ਖੁੰਝ ਗਏ ਤੇਰੇ ਨਿਸ਼ਾਨਿਆਂ ਤੋਂ, ਤਾਹੀਓਂ ਭੰਵਰਾਂ ਦੇ ਵਿੱਚ ਹਾਂ ਫੱਸੀ ਜਾਂਦੇ। ਉਸਰੀ ਕੰਧ ਹੈ ਜਿਹੜੀ ਸਰਹੰਦ ਅੰਦਰ, ਉਸ ਕੰਧ ਨੂੰ ਆਪ ਹੀ ਢਾਹ ਰਹੇ ਹਾਂ। ਗੋਡੀ ਨਫ਼ਰਤ ਨੇ ਦਿਲਾਂ ਵਿੱਚ 'ਜਹੀ ਕੀਤੀ, ਫ਼ਸਲ ਮੌਤ ਦੀ ਖ਼ੂਨੀ ਲਾ ਰਹੇ ਹਾਂ। ਪਈਆਂ ਗੰਢਾਂ ਨੂੰ ਅਸੀਂ ਨਹੀਂ ਖੋਲ੍ਹ ਸਕਦੇ, ਹੋਰ ਨਿਤ ਨਵੀਆਂ ਗੰਢਾਂ ਪਾ ਰਹੇ ਹਾਂ। ਅਕਾਲ ਤਖ਼ਤ ਵਲ ਉੱਠਦੇ ਨਹੀਂ ਕਦਮ ਸਾਡੇ, ਦੌੜ ਦੌੜ ਕੇ ਦਿੱਲੀ ਵੱਲ ਜਾ ਰਹੇ ਹਾਂ। ਪਹਿਲਾਂ ਅਕਾਲ ਤਖ਼ਤ ਸਾਡਾ ਢਾਅ ਦਿੱਤਾ, ਹਸਤੀ ਇਬਾਦਤ ਦੀ ਹੁਣ ਢਹਿ ਗਈ ਏ। ਅਸੀਂ ਜ਼ੁਲਮ ਨੂੰ ਸੱਦੇ ਨੇ ਆਪ ਦਿੱਤੇ, ਆਬ ਕਿੱਥੇ ਅਸਥਾਨਾਂ ਦੀ ਰਹਿ ਗਈ ਏ। ਹੋ ਗਈ ਕੁਰਸੀ ਪਿਆਰੀ ਹੈ ਅਣਖ ਨਾਲੋਂ, ਤਾਹੀਓਂ ਪੰਥ ਦੇ ਟੁਕੜੇ ਹਜ਼ਾਰ ਹੋ ਗਏ। ਲੜ ਛੱਡ ਕੇ ਗੁਰੂ ਗ੍ਰੰਥ ਜੀ ਦਾ, ਗੁਰੂ ਡੰਮ ਦਾ ਸਿੰਘ ਸ਼ਿਕਾਰ ਹੋ ਗਏ। ਆਨ ਖ਼ਾਲਸੇ ਦੀ, ਗੌਰਵ ਖ਼ਾਲਸੇ ਦਾ, ਕਲਗੀ ਵਾਲਿਆ ਢਹਿੰਦਾ ਢਹਿੰਦਾ ਢਹਿ ਰਿਹਾ ਏ। ਆਪੋ ਵਿੱਚ ਲੜ ਲੜ ‘ਜਹੇ ਹੋਏ ਜ਼ਖਮੀਂ ਖ਼ੂਨ ਵਹਿੰਦਾ ਵਹਿੰਦਾ ਵਹਿ ਰਿਹਾ ਏ। ਰਾਜਨੀਤੀ ਦੀ ਭਾਸ਼ਾ ਹੁਣ ਪੜ੍ਹੋ ਸਿੰਘੋ, ਸਮਾਂ ਅਜੇ ਵੀ ਕਹਿੰਦਾ ਕਹਿੰਦਾ ਕਹਿ ਰਿਹਾ ਏ। ਅਜਿਹੀ ਸੱਟ ਕਲੇਜੇ ਵਿੱਚ ਆਣ ਵੱਜੀ, ਦਰਦ ਪੰਥ ਸਹਿੰਦਾ ਸਹਿੰਦਾ ਸਹਿ ਰਿਹਾ ਏ। ਐਨੀ ਦਿੱਤੀ ਕੁਰਬਾਨੀ ਹੈ ਖ਼ਾਲਸੇ ਨੇ, ਲੋੜ ਰਹੀ ਨਹੀਂ ਹੋਰ ਕੁਰਬਾਨੀਆਂ ਦੀ। ਕਲਗੀ ਵਾਲਿਆ ਲਾਜ ਬਚਾ ਸਾਡੀ, ਸਜ਼ਾ ਪਾਈ ਹੈ ਬਹੁਤ ਨਾਦਾਨੀਆਂ ਦੀ। ਕਲਗੀ ਵਾਲਿਆ ਪੰਥ ਨੂੰ ਕਰ ਇਕੱਠਾ, ਇੱਕ ਲੀਡਰ ਤੇ ਇੱਕ ਨਿਸ਼ਾਨ ਦੇ ਦੇ। ਕੁਰਸੀ ਖ਼ਾਤਰ ਬੇਦਾਵੇ ਨੇ ਜਿਨ੍ਹਾਂ ਦਿੱਤੇ, ਬੇਦਾਵੇ ਪਾੜ ਤੇ ਨਵੇਂ ਫ਼ਰਮਾਨ ਦੇ ਦੇ। ਬਖਸ਼ਣਹਾਰ ਤੂੰ ਬਖ਼ਸ਼ ਅਵਗੁਣਾਂ ਨੂੰ, ਆਪਣੇ ਦਿਲ ਵਿੱਚ ਫੇਰ ਅਸਥਾਨ ਦੇ ਦੇ। ਕਿਵੇਂ ਜਿੱਤੀਏ ਬਾਜ਼ੀ ਹੁਣ ਸਮੇਂ ਕੋਲੋਂ, ਸੱਚੇ ਪਾਤਸ਼ਾਹ ਐਸਾ ਗਿਆਨ ਦੇ ਦੇ। ਪੰਥ ਰਵ੍ਹੇ ਸਦਾ ਚੜ੍ਹਦੀ ਕਲਾ ਅੰਦਰ, ਛਿੱਟੇ ਅੰਮ੍ਰਿਤ ਦੇ ਮਾਰ ਨਿਹਾਲ ਕਰ ਦੇ। ਖੋਹ ਸਕੇ ਨਾ ਸਮੇਂ ਦੀ ਕੋਈ ਸ਼ਕਤੀ, ਭਗਤੀ ਸ਼ਕਤੀ ਅੰਦਰ ਮਾਲਾ ਮਾਲ ਕਰ ਦੇ।

ਅੱਜ ਕਲ੍ਹ ਦੇ ਸਿੱਖ

ਰੋਜ਼ ਕਹਿੰਦੇ ਹਾਂ ਪਿਤਾ ਦਸ਼ਮੇਸ਼ ਆ ਜਾ, ਜੇਕਰ ਆਵੇਂ ਤੈਨੂੰ ਵਿਖਾਵੀਏ ਕੀ । ਜੋ ਕੁਝ ਬੀਤ ਰਹੀ ਹੈ ਸਾਡੇ ਨਾਲ ਅੱਜ ਕੱਲ੍ਹ, ਤੈਨੂੰ ਫੋਲ ਕੇ ਦਸ ਸੁਣਾਵੀਏ ਕੀ। ਪਰਬਤ ਦੁੱਖਾਂ ਦੇ ਟੁੱਟ ਕੇ ਪਏ ਸਿਰ ਤੇ, ਉੱਚਾ ਆਪਣੇ ਆਪ ਨੂੰ ਚਾਵੀਏ ਕੀ। ਡੁੱਲ੍ਹੇ ਬੇਰ ਨੇ ਡੁੱਲ੍ਹ ਕੇ ਖਾਕ ਹੋ ਗਏ, ਇਸ ਖ਼ਾਕ ਦਾ ਦਸ ਬਣਾਵੀਏ ਕੀ। ਸਵਾ ਲੱਖ ਤੇ ਕੱਖ ਹੈ ਅੱਜ ਭਾਰੂ, ਕੋਮਲ ਹੋ ਗਈ ਅੱਜ ਸੰਤਾਨ ਤੇਰੀ। ਕੰਘੇ ਨਾਲ ਸੰਭਾਲ ਕੇ ਰੱਖ ਲਈਏ, ਬੱਧੀ ਜਾਏ ਨਾ ਲੱਕ ਕਿਰਪਾਨ ਤੇਰੀ। ਅੱਗੇ ਪੰਜ ਸਨ, ਪੰਜਾਂ ਤੋਂ ਬਣੇ ਚਾਲੀ, ਚਾਲੀ ਲੱਖ ਦੇ ਲੱਖਾਂ ਖ਼ਿਆਲ ਹੋ ਗਏ। ਲੱਭੇ ਜਿਨ੍ਹਾਂ ਨੂੰ ਘਾਅ ਨਾ ਖਾਣ ਜੋਗਾ, ਉਹੀ ਬੈਂਕਾਂ ਦੇ ਭਾਈ ਵਾਲ ਹੋ ਗਏ। ਕਈਆਂ ਪੰਡ ਵਜ਼ਾਰਤ ਦੀ 'ਚਾ ਲੀਤੀ, ਕਈ ਈਰਖਾ ਥੀਂ ਲਾਲੋ ਲਾਲ ਹੋ ਗਏ। ਰੱਜੇ ਹੋਏ ਸਨ ਕੱਲ੍ਹ ਜੋ ਸਿੱਖ ਤੇਰੇ, ਸੱਚੇ ਪਾਤਸ਼ਾਹ ਅੱਜ ਕੰਗਾਲ ਹੋ ਗਏ। ਤੇਰੇ ਪਾਏ ਹੋਏ ਪੂਰਨੇ ਮੇਟ ਛੱਡੇ, ਰਹੇ ਮੂੰਹ ਨਹੀਂ ਤੈਨੂੰ ਵਿਖਾਣ ਜੋਗੇ। ਰੌਲਾ ਪਾ ਪਾ ਮਿਸਲ ਢੰਡੋਰਚੀ ਦੇ, ਛੜੇ ਰਹਿ ਗਏ ਟਲ ਖੜਕਾਣ ਜੋਗੇ । ਚੜ੍ਹਦੀ ਕਲਾ ਵਿੱਚ ਕੱਲ੍ਹ ਸੀ ਪੰਥ ਜਿਹੜਾ, ਕੱਖਾਂ ਵਿੱਚ ਰੁਲਦੀ ਉਹਦੀ ਸ਼ਾਨ ਹੈ ਅੱਜ । ਜੰਗਲ ਵਿੱਚ ਜਿਹੜਾ ਮੌਜਾਂ ਮਾਣਦਾ ਸੀ, ਉਹਦਾ ਬਾਗ ਹੋਇਆ ਬੀਆਬਾਨ ਹੈ ਅੱਜ। ਜਿਹਦੇ ਕੋਲ ਸਨ ਵਿਸ਼ੇ ਵਕਾਰ ਵੱਡੇ, ਹੋਈ ਈਰਖਾ ਉਹਦੀ ਜੁਆਨ ਹੈ ਅੱਜ। ਜਿਹਦੇ ਤੀਰਾਂ ਦੇ ਵਿੱਚ ਸੀ ਜੋਸ਼ ਭਰਿਆ, ਟੁੱਟੀ ਹੋਈ ਦਿਸਦੀ ਉਹਦੀ ਕਮਾਨ ਹੈ ਅੱਜ। ਸਵਾ ਲੱਖ ਦੇ ਨਾਲ ਸੀ ਇੱਕ ਲੜਦਾ, ਸਵਾ ਲੱਖ ਤੇ ਅੱਜ ਹੈ ਇੱਕ ਭਾਰੂ। ਬੇੜੇ ਡੋਬ ਕੇ ਕੰਢੇ ਤੇ ਬੈਠ ਗਏ ਹਾਂ, ਨਜ਼ਰ ਆਉਂਦਾ ਨਹੀਂ ਅੱਜ ਕੋਈ ਤਾਰੂ। ਹੋਏ ਫੁੱਟ ਦਾ ਅਸੀਂ ਸ਼ਿਕਾਰ ਐਸੇ, ਮਾਸ ਨਹੂੰਆਂ ਦੇ ਨਾਲੋਂ ਨਿਖੇੜ ਰਹੇ ਹਾਂ। ਪਾਟੇ ਹੋਇਆਂ ਨੂੰ ਮੂਲ ਨਹੀਂ ਸੀਅ ਸਕਦੇ, ਸਗੋਂ ਸੀਤੇ ਹੋਏ ਬਖੀਏ ਉਧੇੜ ਰਹੇ ਹਾਂ। ਚੱਕਰ ਵਿੱਚ ਤਕਦੀਰ ਦੇ ਫਸ ਫਸ ਕੇ, ਉਲਟਾ ਕਰਮਾਂ ਦੇ ਗੇੜਾਂ ਨੂੰ ਗੇੜ ਰਹੇ ਹਾਂ। ਜਾਮਾ ਅੰਮ੍ਰਿਤੀ ਜਿਹੜਾ ਤੂੰ ਬਖਸ਼ਿਆ ਸੀ, ਉਹਨੂੰ ਵਿਸ਼ ਦੇ ਵਿੱਚ ਲਬੇੜ ਰਹੇ ਹਾਂ। ਬਾਣੀ ਪੜ੍ਹਨ ਵਾਲੀ ਪਾਕ ਜੀਭ ਸਾਡੀ, ਇੱਕ ਦੂਸਰੇ ਤੇ ਜ਼ਹਿਰ ਉਗਲ ਰਹੀ ਏ। ਖਾ ਖਾ ਵਟ ਦਵੈਤ ਦਾ ਦਿਲਾਂ ਅੰਦਰ, ਨਦੀ ਈਰਖਾ ਦੀ ਡਾਢੀ ਉਛਲ ਰਹੀ ਏ। ਮਤੀ, ਤਾਰੂ ਤੇ ਲਛਮਣ ਦਲੀਪ ਵਰਗੇ, ਜੇਕਰ ਹੁੰਦੇ ਤੇ ਸ਼ਾਇਦ ਤੂੰ ਆ ਜਾਂਦਾ। ਫੂਲਾ ਸਿੰਘ, ਰਣਜੀਤ ਨੂੰ ਵੇਖਦੋਂ ਜੇ ਤਾਂ ਵੀ ਹੋ ਸਕਦੈ ਫੇਰਾ ਪਾ ਜਾਂਦਾ। ਦਿਆ, ਹਿੰਮਤ, ਮੋਹਕਮ, ਧਰਮ ਮਿਲਦਾ, ਸ਼ਾਇਦ ਕਲਗੀ ਦੀ ਝਲ ਵਿਖਾ ਜਾਂਦਾ। ਜੋਗਾ ਸਿੰਘ, ਨੰਦ ਲਾਲ ਨੂੰ ਆ ਮਿਲਦਾ, ਹੱਥੀਂ ਪ੍ਰੇਮ ਪਿਆਲੇ ਪਿਲਾ ਜਾਂਦਾ। ਨਿਘਰ ਗਏ ਹਾਂ ਮਹਾਂ ਸਿੰਘ ਵਰਗੇ, ਦਿਲ ਕਰ ਨਹੀਂ ਸਕਦੇ ਪੇਸ਼ ਤੇਰੇ। ਵਿੱਚੋਂ ਹੋਰ ਤੇ ਉੱਪਰੋਂ ਹੋਰ ਕਹਿ ਕਹਿ, ਅਸੀਂ ਆਖਦੇ ਰਹੇ ਹਮੇਸ਼ ਤੇਰੇ। ਦਾਤਾ ਤੂੰ ਸੱਚਾ, ਤੇਰੇ ਕੌਲ ਸੱਚੇ, ਐਪਰ ਦਿਲ ਨਹੀਂ ਰਿਹਾ ਏ ਪਾਕ ਸਾਡਾ। ਅੱਖਾਂ ਨਹੀਂ ਜੋ ਤੇਰਾ ਦੀਦਾਰ ਵੇਖਣ, ਸੀਨਾ ਹੋ ਰਿਹਾ ਹੈ ਚਾਕ ਚਾਕ ਸਾਡਾ। ਜਾਦੂ ਫੁੱਟ ਨੇ ਪਾ ਲਿਆ ਦਿਲਾਂ ਉੱਤੇ, ਤਦੇ ਸਿੱਧ ਨਹੀਂ ਹੁੰਦਾ ਏ ਵਾਕ ਸਾਡਾ। ਹਾਲਾਂ ਲੀਡਰੀ ਤੋਂ ਵਿਹਲੇ ਹੋ ਲਈਏ, ਜਦੋਂ ਚਾਹਾਂਗੇ ਤੈਨੂੰ ਬੁਲਾ ਲਵਾਂਗੇ। ਅਸੀਂ ਆਪਣੇ ਕਾਲੇ ਜਿਹੇ ਮਨ ਅੰਦਰ, ਅਜਿਹੀ ਨੂਰ ਦੀ ਜੋਤ ਜਲਾ ਲਵਾਂਗੇ।

ਇਕ ਅਰਜ਼ੋਈ

ਮੈਨੂੰ ਲੋੜ ਨਹੀਂ ਧਨ ਪਦਾਰਥਾਂ ਦੀ, ਨਾ ਕੋਈ ਚਾਹੀਦਾ ਪਿੰਡ ਗਰਾਂ ਮੈਨੂੰ। ਖੂਹਾਂ ਅਤੇ ਮਕਾਨਾਂ ਦੀ ਚਾਹ ਕੋਈ ਨਹੀਂ, ਜ਼ਮੀਂ ਚਾਹੀਦੀ ਨਹੀਂ ਘੁਮਾਂ ਮੈਨੂੰ। ਮੰਗਾਂ ਮੰਗ ਨਾ ਧੀਆਂ ਤੇ ਪੁੱਤਰਾਂ ਦੀ, ਬੇਸ਼ਕ ਬਖਸ਼ ਨਾ ਮੱਝ ਤੇ ਗਾਂ ਮੈਨੂੰ। ਠੋ੍ਹਕਰ ਮਾਰਾਂ ਜੇ ਦੇਵੇਂ ਵਜ਼ਾਰਤਾਂ ਵੀ, ਲੀਡਰ ਬਣਨ ਦੀ ਵੀ ਕਰ ਨਾ ਹਾਂ ਮੈਨੂੰ। ਜੀਵਨ ਲਗ ਜਾਏ ਮੇਰਾ ਕਿਸੇ ਲੇਖੇ, ਆਵੇ ਸਬਰ ਸੰਤੋਖ ਫਿਰ ਤਾਂ ਮੈਨੂੰ। ਮਸਤੀ ਨਜ਼ਰਾਂ ਦੀ ਨਜ਼ਰਾਂ ਦੇ ਵਿੱਚ ਪਾ ਕੇ, ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ। ਕਲਗੀ ਵਾਲਿਆ ਕਲਗੀ ਦੀ ਝਲਕ ਦੇ ਕੇ, ਨੂਰ ਨੂਰ ਕਰ ਦੇ ਵਾਲ ਵਾਲ ਮੇਰਾ। ਅੱਡੀ ਲਾ ਕੇ ਨੀਲੇ ਤੋਂ ਆ ਛੇਤੀ, ਤੱਕ ਜਾ ਅੱਖੀਆਂ ਨਾਲ ਤੂੰ ਹਾਲ ਮੇਰਾ। ਕਰਨ ਵਾਸਤੇ ਅੱਜ ਦੀਦਾਰ ਤੇਰਾ, ਉਡਦਾ ਅਰਸ਼ਾਂ ਤੇ ਪਿਆ ਖ਼ਿਆਲ ਮੇਰਾ। ਮਿਹਰਾਂ ਵਾਲਿਆ ਮਿਹਰਾਂ ਦੀ ਨਜ਼ਰ ਪਾ ਕੇ, ਮਨ ਲੈ ਵਾਸਤਾ ਈ ਇਕ ਸੁਆਲ ਮੇਰਾ। ਕਹਿਰਾਂ ਨਾਲ ਲੁਸਦੀ ਜਿਥੇ ਖਲਕ ਵੇਖਾਂ, ਉੱਥੇ ਮਿਲੇ ਹਜ਼ੂਰ ਦੀ ਛਾਂ ਮੈਨੂੰ। ਇਸੇ ਲਈ ਮੈਂ ਅਰਜ਼ ਗੁਜ਼ਾਰਦਾ ਹਾਂ, ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ। ਅੰਮ੍ਰਿਤ ਚੋਅ ਕੇ ਖੰਡੇ ਦੀ ਧਾਰ ਵਿੱਚੋਂ, ਰੂਹਾਂ ਮੁਰਦਿਆਂ ਵਿੱਚ ਵੀ ਪਾਣ ਵਾਲੇ। ਦਸ ਕੇ ਤਿੱਖੀ ਤਲਵਾਰ ਤੇ ਨਾਚ ਕਰਨਾ, ਗਿੱਦੜਾਂ ਭੇਡਾਂ ਨੂੰ ਸ਼ੇਰ ਬਨਾਣ ਵਾਲੇ। ਬਾਜਾਂ ਨਾਲ ਵੀ ਚਿੜੀ ਦੀ ਲਾ ਟੱਕਰ, ਸਵਾ ਲੱਖ ਨਾਲ ਇੱਕ ਲੜਾਨ ਵਾਲੇ। ਸੀਸ ਆਪਣੇ ਪਿਤਾ ਦਾ ਬਲੀ ਦੇ ਕੇ, ਬੱਚੇ ਨੀਹਾਂ ਦੇ ਹੇਠ ਚਿਨਾਣ ਵਾਲੇ। ਉਸੇ ਤਰ੍ਹਾਂ ਫਿਰ ਅੱਜ ਸੰਸਾਰ ਉੱਤੇ, ਦੁਖੀ ਜਾਪਦੀ ਏ ਭਾਰਤ ਮਾਂ ਮੈਨੂੰ। ਰੱਜ ਰੱਜ ਕੇ ਕਰਾਂ ਮੈਂ ਦੇਸ਼ ਸੇਵਾ, ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ। ਜੋਗਾ ਸਿੰਘ ਨੂੰ ਜਿਵੇਂ ਬਚਾਇਆ ਸੀ, ਬਲਦੀ ਅੱਗ ਵਿੱਚੋਂ ਪਹਿਰੇਦਾਰ ਬਣ ਕੇ। ਮਹਾਂ ਸਿੰਘ ਦਾ ਜਿਸ ਤਰ੍ਹਾਂ ਬੇਦਾਵਾ, ਆਪੂੰ ਫਾੜਿਆ ਤੂੰ ਬਖਸ਼ਣਹਾਰ ਬਣ ਕੇ। ਮੇਰੇ ਉੱਜੜੇ ਹੋਏ ਦਿਲ ਦੇ ਬਾਗ਼ ਅੰਦਰ, ਤੂੰ ਵੀ ਆ ਜਾ ਨਵੀਂ ਬਹਾਰ ਬਣ ਕੇ। ਸਦਾ ਝੂਮਦਾ ਰਹੇ ਧਿਆਨ ਤੇਰਾ, ਨਜ਼ਰਾਂ ਮੇਰੀਆਂ ਵਿੱਚ ਖ਼ੁਮਾਰ ਬਣ ਕੇ। ਮਸਤੀ ਆਪਣੇ ਪ੍ਰੇਮ ਦੀ ਚਾੜ੍ਹ ਐਸੀ, ਵਿਸਰੇ ਕਦੇ ਵੀ ਨਾ ਤੇਰਾ ਨਾਂ ਮੈਨੂੰ। ਸਾਰੇ ਆਸਰੇ ਛੱਡ ਕੇ ਆ ਗਿਆ ਹਾਂ, ਦੇ ਦੇ ਦਾਤਿਆ ਚਰਨਾਂ ’ਚ ਥਾਂ ਮੈਨੂੰ। ਬੇਹੋਸ਼ੀ ਵਿੱਚ ਸੁਰਤ ਪਈ ਸੋਚਦੀ ਏ, ਕਦੋਂ ਮਿਲਣੇ ਦੀ ਕਰੇਂਗਾ ਹਾਂ ਮੈਨੂੰ। ਦੁਨੀਆ ਛੋੜ ਤੇਰੇ ਦਰਬਾਰ ਆਇਆਂ, ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ।

ਘੋਰ ਕਲਯੁਗ

ਬੰਦਿਆ ਓ ਹੁਲੜ ਛਾ ਗਿਆ। ਨੇਕੀ ਦਾ ਮੂੰਹ ਕੁਮਲਾ ਗਿਆ। ਇਮਾਨ ਖੁਰੀਆਂ ਚਾ ਗਿਆ। ਅੱਜ ਧਰਮ ਵੀ ਘਬਰਾ ਗਿਆ। ਤੇ ਸ਼ਰਮ ਹੈ ਪਰ ਲਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਹਿੰਦੂ ਦੀ ਬੋਦੀ ਕਟ ਗਈ। ਮੁਸਲਿਮ ਚੋਂ ਗੈਰਤ ਹਟ ਗਈ। ਸਿੱਖਾਂ ‘ਚ ਸਿੱਖੀ ਘਟ ਗਈ। ਲਜਿਆ ਦੀ ਚਾਦਰ ਫਟ ਗਈ। ਹੈ ਪਾਪ ਸਾਰੇ ਛਾਅ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਸ਼ਿਕਾਰੀ ਨੇ ਬੁਣਿਆ ਜਾਲ ਹੈ। ਤਿਆਗੀ ਦੀ ਪੁੱਠੀ ਚਾਲ ਹੈ। ਸਾਧੂ ਵੀ ਮੱਕਰ ਮਾਲ ਹੈ। ਗ੍ਰਹਿਸਥੀ ਦਾ ਮੰਦਾ ਹਾਲ ਹੈ। ਹਰ ਇੱਕ ਦਾ ਦਿਲ ਭਰਮਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਉਲਟਾ ਜ਼ਮਾਨਾ ਹੋ ਗਿਆ। ਆਪਣਾ ਬੇਗਾਨਾ ਹੋ ਗਿਆ। ਦਾਨਾ ਦੀਵਾਨਾ ਹੋ ਗਿਆ। ਆਦਮ ਜ਼ਨਾਨਾ ਹੋ ਗਿਆ। ਤੀਵੀਂ ਨੂੰ ਫੈਸ਼ਨ ਖਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਗਿਆਨੀ ਦਾ ਉਲਟਾ ਗਿਆਨ ਹੈ। ਧਿਆਨੀ ਦਾ ਕਿਧਰੇ ਧਿਆਨ ਹੈ। ਅਮੀਰਾਂ ਦੀ ਪੈਸਾ ਜਾਨ ਹੈ। ਗਰੀਬਾਂ ਨੂੰ ਇਹ ਅਰਮਾਨ ਹੈ। ਕੋਈ ਤੀਰ ਸੀਨੇ ਲਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਭਾਈਆਂ ‘ਚੋਂ ਉਡਿਆ ਪਿਆਰ ਹੈ। ਮਿੱਤਰ ਵੀ ਮਿੱਤਰ ਮਾਰ ਹੈ। ਨਾ ਦਰਦੀ ਨਾ ਕੋਈ ਨਾ ਯਾਰ ਹੈ। ਮਤਲਬ ਦੀ ਦੁਨੀਆਦਾਰ ਹੈ। ਹਰ ਇੱਕ ਨੂੰ ਲਾਲਚ ਖਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਵੱਡੇ ਨੂੰ ਨਿੱਕਾ ਛਲ ਰਿਹਾ। ਨਿੱਕੇ ਨੂੰ ਵੱਡਾ ਦਲ ਰਿਹਾ। ਲਾਹ ਇੱਕ ਦੂਜੇ ਦੀ ਖਲ ਰਿਹਾ। ਹਰ ਕੋਈ ਚਾਲਾਂ ਚਲ ਰਿਹਾ। ਦਾਅ ਜਿਸ ਦਾ ਲੱਗਾ ਲਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਸ਼ੰਕਰ ਵਰਨ ਔਲਾਦ ਹੈ। ਮਾਂ ਪਿਓ ਦਾ ਪੁੱਤ ਉਸਤਾਦ ਹੈ। ਜੀਵਨ ਦਾ ਨਾ ਕੋਈ ਸਵਾਦ ਹੈ। ਬਸ ਜ਼ਿੰਦਗੀ ਬਰਬਾਦ ਹੈ। ਤਕ ਤਕ ਕੇ ਦਿਲ ਘਬਰਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਚੰਗੇ ਦੀ ਇੱਜ਼ਤ ਵੀ ਨਹੀਂ। ਮੰਦੇ ਦੀ ਜ਼ਿੱਲਤ ਵੀ ਨਹੀਂ। ਰੋਜ਼ੀ ਦੀ ਬਰਕਤ ਵੀ ਨਹੀਂ। ਕਿਧਰੇ ਮੁਹੱਬਤ ਵੀ ਨਹੀਂ। ਹੈ ਵਕਤ ਐਸਾ ਆ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਧਰਮੀ ਦੀ ਕਿਧਰੇ ਜੈ ਨਹੀਂ। ਪਾਪੀ ਦੀ ਹੁੰਦੀ ਖਹਿ ਨਹੀਂ। ਲੱਜਿਆ ਕਿਸੇ ਵਿੱਚ ਹੈ ਨਹੀਂ। ਕੋਈ ਸ਼ਾਤੀ ਨਾਂ ਦੀ ਸ਼ੈਅ ਨਹੀਂ। ਸੱਜਣ ਵੀ ਦਿਲ ਤੜਪਾ ਗਿਆ। ਹੁਣ ਘੋਰ ਕਲਯੁਗ ਆ ਗਿਆ॥ ਨਾ ਝੂਠ ਦਾ ਕੋਈ ਪਾਪ ਹੈ। ਨਾ ਸੱਚ ਦਾ ਪਰਤਾਪ ਹੈ। ਪੈਸੇ ਦਾ ਸਾਰਾ ਜਾਪ ਹੈ। ਪੈਸਾ ਹੀ ਮਾਈ ਬਾਪ ਹੈ। “ਤੂਫਾਨ” ਸਾਰੇ ਛਾਅ ਗਿਆ। ਹੁਣ ਘੋਰ ਕਲਯੁਗ ਆ ਗਿਆ॥

ਵਿਦਿਆ

ਇਹ ਜਗ ਸੱਚੇ ਸਾਹਿਬ ਦਾ ਦੀਬਾਣ ਹੈ। ਕਾਇਮ ਦਾਇਮ ਹੁਕਮ ਓਹਦਾ ਫੁਰਮਾਣ ਹੈ। ਚੱਲਣ ਧਰਮ ਅਨੇਕ ਪਰ ਏਕ ਨਿਸ਼ਾਨ ਹੈ। ਮਾਨਵਤਾ ਹਰ ਮਜ਼ਹਬ ਦੀ ਪਹਿਚਾਣ ਹੈ। ਬੋਲੀ, ਭਾਸ਼ਾ ਸਭ ਦਾ ਗੌਰਵ ਮਾਣ ਹੈ। ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ। ਗੁਲਸ਼ਨ ਦਾ ਹਰ ਫੁੱਲ ਸੁਗੰਧੀ ਹੀ ਜਾਣਦੈ। ਪਰ ਖੁਸ਼ਬੋ ਦਾ ਵਸਲ ਤਾਂ ਵਿਰਲਾ ਮਾਣਦੈ। ਮਹਿਕ ਫਿਜ਼ਾ ਤੇ ਪਵਣਾਂ ਨੂੰ ਜੋ ਛਾਂਣਦੈ। ਸਾਹਿਬ ਉਸ ਤੇ ਆਪ ਚੰਦੋਆ ਤਾਣਦੈ। ਰਾਤਾਂ ਸੁੱਚੀਆਂ ਦਿਨ ਚਾਨਣ ਚਨਾਣ ਹੈ। ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ। ਵਿਦਿਆ ਮਿੱਠੀ ਲੋਰੀ ਦੀ ਆਵਾਜ਼ ਹੈ। ਵਿਦਿਆ ਉਡਦੇ ਪੰਛੀ ਦੀ ਪਰਵਾਜ਼ ਹੈ। ਸੁਰ ਕੀਤਾ ਫ਼ਨਕਾਰ ਕਿਸੇ ਦਾ ਸਾਜ਼ ਹੈ। ਦਿਲ ਧੜਕਣ ਵਿੱਚ ਛੁਪਿਆ ਰੱਬ ਦਾ ਰਾਜ਼ ਹੈ। ਇਲਮ ਹੁਨਰ ਦੀ ਦੌਲਤ ਸੁੱਖ ਦੀ ਖਾਣ ਹੈ। ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ। ਵਿਦਿਆ ਚੁੰਨੀ ਅੱਖਰਾਂ ਨਾਲ ਸ਼ਿੰਗਾਰੀ ਹੈ। ਅੱਖਰ ਅੱਖਰ ਸ਼ਬਦ ਸ਼ਬਦ ਗੁਣਕਾਰੀ ਹੈ। ਸ਼ਬਦ, ਸੁਰਤ ਲਿਵ ਲਾਗੇ ਧੁਨੀ ਪਿਆਰੀ ਹੈ। ਪੜੇ੍ਹ ਸੁਣੇ ਜੋ ਗਾਵੈ ਸੋ ਪਰਵਾਣ ਹੈ। ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ। ਹਰ ਜਲਵੇ ਵਿੱਚ ਵਸਦਾ ਜਲਵਾ ਮਾਹੀ ਦਾ। ਲਹਿਰ ਲਹਿਰ ਵਿੱਚ ਨਗਮਾ ਬੇਪਰਵਾਹੀ ਦਾ। ਮਾਰਗ ਖੰਡੇਧਾਰ ਸੰਤ ਸਿਪਾਹੀ ਦਾ। ਪੜ੍ਹਿਆਂ ਦੇ ਦਰਬਾਰ ਨੂਰ ਇਲਾਹੀ ਦਾ। ਕੱਜੀ ਹੋਈ ਮਿਆਨ ‘ਚ ਜਿਉਂ ਕ੍ਰਿਪਾਨ ਹੈ। ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ। ਜੋ ਇਲਮ ਕਲਮ ਦਾ ਜਾਨਣ ਫ਼ਲਸਫਾ। ਵਕਤ ਦੀ ਨਬਜ਼ ਪਛਾਨਣ ਰੋਕਣ ਜ਼ਲਜ਼ਲਾ। ਵੈਰ, ਨਫਰਤਾਂ ਸਾੜਨ ਪੈੜਨ ਰਾਹਜ਼ਨਾ। ਸੰਗ ਹੀ ਖੁਸ਼ੀਆਂ ਮਾਨਣ ਵੰਡਣ ਰਹਿਮਤਾਂ। ਸੱਚ ਦਾ ਸਦਾ ਪਰਤੱਖ ਨੂੰ ਕੀ ਪ੍ਰਮਾਣ ਹੈ। ਵਿਦਿਆ ਹੋਵੇ ਸੰਗ ਨਾ ਕਬਹੂੰ ਹਾਣ ਹੈ।

ਸ਼ਮਸ਼ੀਰ ਦਸ਼ਮੇਸ਼ ਦੀ

ਮੇਰੇ ਪਿਆਰੇ ਪੰਥ ਦੇ, ਹਰਮਨ ਪਿਆਰੇ ਖ਼ਾਲਸਾ। ਬੈਠੀਂ ਨਾ ਅੱਖਾਂ ਮੀਟ ਕੇ, ਅੱਖੀਆਂ ਦੇ ਤਾਰੇ ਖ਼ਾਲਸਾ। ਚਾਨਣ ਛਲਾਵਾ ਸਮਝ ਲੈ, ਹਾਲੀਂ ਹਨੇਰਾ ਘੂਰਦਾ। ਤੂਫ਼ਾਨ ਜਿਗਰਾ ਪਰਖਣੈ, ਹਾਲੀਂ ਤੁਹਾਡੇ ਪੂਰ ਦਾ। ਨਾਨਕ ਗੁਰੂ ਦੀ ਜੋਤ ਨੇ, ਘਾਲੀ ਬਥੇਰੀ ਘਾਲਣਾ। ਧਰਤੀ ਹੈ ਤੇਰਾ ਰੁੱਖੜਾ ਆਕਾਸ਼ ਤੇਰਾ ਆਲ੍ਹਣਾ। ਤੇਰੇ ਪਰਾਂ ਤੇ ਬਿਜਲੀਆਂ, ਕਈ ਵਾਰ ਕੀਤੇ ਖ਼ਾਲਸਾ। ਸ਼ਮਸ਼ੀਰ ਤੇਰੀ ਨੇ ਸਦਾ ਹੀ, ਪਾਰ ਕੀਤੇ ਖ਼ਾਲਸਾ। ਇਹ ਚੰਡਕਾ, ਇਹ ਦੰਡਕਾ, ਏਸੇ ਹੀ ਵਾਹਰਾਂ ਮੋੜੀਆਂ। ਏਸੇ ਸਹਾਰੇ ਵਾਰੀਆਂ, ਪੁੱਤਰਾਂ ਦੀਆਂ ਦੋ ਜੋੜੀਆਂ। ਲੈ ਕੇ ਲਹੂ ਪ੍ਰਵਾਰ ਦਾ, ਭੇਟ ਚੜ੍ਹਾਈ ਏਸ ਦੀ। ਏਸੇ ਨੂੰ ਹੱਥ ਵਿੱਚ ਪਕੜ ਕੇ, ਇੱਜ਼ਤ ਬਚਾਈ ਦੇਸ ਦੀ। ਏਸੇ ਦੀ ਤਿੱਖੀ ਨੋਕ ਥੀਂ, ਲਿਖਦਾ ਰਿਹਾ ਤਕਦੀਰ ਨੂੰ। ਪ੍ਰਣਾਮ ਮੇਰੀ ਕਲਮ ਦਾ, ਦਸ਼ਮੇਸ਼ ਦੀ ਸ਼ਮਸ਼ੀਰ ਨੂੰ। ਆਸਾਂ ਦਾ ਕੇਸਰ ਘੋਲ ਕੇ, ਮੂੰਹ ਰੰਗਣੈ ਮੈਂ ਦੇਸ਼ ਦਾ। ਜਿਸ ਦੀ ਸੁਹਾਣੀ ਕੁੱਖ 'ਚੋਂ, ਹੋਇਐ ਜਨਮ ਦਸ਼ਮੇਸ਼ ਦਾ। ਜਿਸ ਚਿੜੀ ਨਾਂ ਰੱਖਿਆ ਸੀ, ਅਮਨ ਦੀ ਮੁਟਿਆਰ ਦਾ। ਦੇ ਕੇ ਸ਼ਕਤੀ ਰੋਕਿਆ, ਹਮਲਾ ਸੀ ਅਤਿਆਚਾਰ ਦਾ। ਬੇਕਸਾਂ ਦੇ ਨੈਣ ਪੂੰਝ ਕੇ, ਖੁਦ ਲਾਵਾਰਸ ਬਣ ਗਿਆ। ਵਾਰ ਕੇ ਪੁੱਤਰਾਂ ਨੂੰ ਆਪਣੇ, ਆਪ ਢਾਰਸ ਬਣ ਗਿਆ। ਅੱਜ ਵਾਂਗਰ ਸੱਟ ਲਾਈ, ਫਿਰ ਕਿਸੇ ਕਸ਼ਮੀਰ ਤੇ। ਹੱਥ ਉਹਦਾ ਜਾ ਪਿਆ ਸੀ, ਆਪਣੀ ਸ਼ਮਸ਼ੀਰ ਤੇ। ਐ ਪਿਤਾ ਬਾਲਕ ਨਹੀਂ, ਅੱਜ ਮੈਂ ਬਲਵਾਨ ਹਾਂ। ਹੁਣ ਨਹੀਂ ਮੈਂ ਗੋਬਿੰਦ ਰਾਏ, ਅੱਜ ਤੋਂ ਹਿੰਦੋਸਤਾਨ ਹਾਂ। ਮੇਰੀਆਂ ਨਾੜਾਂ 'ਚ ਖੌਲੇ, ਖੂਨ ਭਾਰਤ ਵਰਸ਼ ਦਾ। ਆ ਗਿਆ ਏ ਦੌਰ ਹੁਣ, ਇਸ ਦੇਸ਼ ਵਿੱਚ ਸੰਘਰਸ਼ ਦਾ। ਹੁਣ ਫ਼ਕੀਰੀ ਜ਼ੁਲਮ ਦੀ, ਛਾਂ ਹੇਠ ਪਲ ਸਕਦੀ ਨਹੀਂ। ਧਰਤ ਮਾਤਾ ਹੁਣ ਗੁਲਾਮੀ, ਭਾਰ ਝਲ ਸਕਦੀ ਨਹੀਂ। ਹੁਣ ਨਚਾਵਾਂਗਾ ਮੈਂ ਏਥੇ, ਲਿਸ਼ਕਦੀ ਤਲਵਾਰ ਨੂੰ । ਫਿਰ ਖਿੜਾਵਾਂਗਾ ਮੈਂ ਇਸ, ਉਜੜੀ ਹੋਈ ਗੁਲਜ਼ਾਰ ਨੂੰ । ਫਿਰ ਕੋਈ ਮਜ਼ਲੂਮ ਬਣ ਕੇ, ਰੋਏਗਾ ਨਾ ਭਾਰਤੀ। ਸ਼ਸਤਰਾਂ ਦੇ ਨਾਲ ਕਰਨੀ ਮੈਂ ਵਤਨ ਦੀ ਆਰਤੀ। ਕੌਣ ਮੇਰੀ ਸਾਧਨਾ ਨੂੰ, ਭੰਗ ਕਰਦੈ ਆਣ ਕੇ। ਕੌਣ ਮੇਰੀ ਧਰਤ ਮਾਂ ਨੂੰ, ਤੰਗ ਕਰਦੈ ਆਣ ਕੇ। ਬਿਜਲੀਆਂ ਦੀ ਹਿੱਕ ਤੇ, ਇਸਦਾ ਬਨਾਣੈ ਆਲ੍ਹਣਾ। ਹੁਣ ਮੈਂ ਇਸਦੀ ਕੁੱਖ ਵਿੱਚ, "ਤੂਫ਼ਾਨ" ਏ ਕੋਈ ਪਾਲਣਾ। ਦੇ ਗਿਆ ਇਸ ਦੇਸ਼ ਨੂੰ, ਸੰਦੇਸ਼ ਕਲਗੀ ਵਾਲੜਾ। ਦੇਸ਼ ਦਾ ਰਖਵਾਲੜਾ, ਦਸ਼ਮੇਸ਼ ਕਲਗੀ ਵਾਲੜਾ। ਫਿਰ ਕੋਈ ਕਸ਼ਮੀਰ ਨੂੰ, ਸੀ ਅੱਗ ਲਾਣੀ ਲੋਚਦਾ। ਬਰਫ਼ ਉੱਤੇ ਕਾਮ ਦੀ, ਭੱਠੀ ਬਨਾਣੀ ਲੋਚਦਾ। ਨੈੱਟ ਤੇਰੇ ਬਾਜ ਵਾਂਗੂ, ਚੜ੍ਹ ਗਏ ਅਸਮਾਨ ਤੇ। ਲੂਹ ਕੇ ਰੱਖ ਦਿੱਤੇ ਜਿਨ੍ਹਾਂ, ਆਲ੍ਹਣੇ ਸ਼ੈਤਾਨ ਦੇ। ਪੁੱਛ ਲੈ ਬੰਦੂਕ ਤੋਂ ਜਾਂ, ਪੁੱਛ ਲੈ ਤਲਵਾਰ ਤੋਂ। ਗੂੰਜਦੀ ਏ ਅਮਰ ਗਾਥਾ, ਪੁੱਛ ਲੈ ਸੰਸਾਰ ਤੋਂ। ਬੰਬ ਸੀਨੇ ਨਾਲ ਲਾ ਕੇ, ਟੈਕਾਂ ਥੱਲੇ ਵੜ ਗਏ। ਫਿਰ ਤੇਰੇ ਅਜੀਤ ਤੇ, ਜੁਝਾਰ ਕਿਤਨੇ ਲੜ ਗਏ। ਕੇਸਰੀ ਝੰਡਾ ਸਜਾਇਆ, ਜਿਸ ਨੇ ਹਾਜੀ ਪੀਰ ਤੇ। ਦੇਸ਼ ਤੇਰਾ ਮਾਣ ਕਰਦੈ, ਇਸ ਤੇਰੀ ਸ਼ਮਸ਼ੀਰ ਤੇ।

ਨਿਸ਼ਾਨ ਸਾਡਾ

ਮਿਟਾਣਾ ਚਾਹੁੰਦਾ ਹੈ ਕੋਈ ਨਿਸ਼ਾਨ ਸਾਡਾ। ਮੇਰੇ ਪੰਥ ਅੱਜ ਹੈ ਇਮਤਿਹਾਨ ਸਾਡਾ। ਇਹ ਰੰਗਮੰਚ ਸਾਡੇ ਦੀਵਾਨਾਂ ਦੀ ਸ਼ੋਭਾ, ਇਹ ਸਿੱਖ ਕੌਮ ਦੀ ਅਣਖ ਮੈਦਾਨ ਸਾਡਾ। ਸਦਾ ਤਿਲਕ ਜੰਝੂ ਦੀ ਰਖਿਆ ਖ਼ਾਤਿਰ, ਇਹ ਸਿੱਖ ਕੌਮ ਅੱਗਾਂ ਤੇ ਚਲਦੀ ਰਹੀ ਏ, ਨਾ ਹੱਕ ਮਾਰਦੇ ਹਾਂ, ਨਾ ਹੱਕ ਖੋਹਣ ਦਈਏ, ਜ਼ੁਲਮ ਨਾਲ ਟਕਰਾਣਾ ਈਮਾਨ ਸਾਡਾ। ਸਦਾ ਮੌਤ ਮਾਂ ਤੋਂ ਜਨਮਦੇ ਰਹੇ ਹਾਂ, ਜ਼ੁਲਮ ਨੇ ਬੜਾ ਹੀ ਖਿਡਾਇਆ ਏ ਸਾਨੂੰ, ਖ਼ਿਜ਼ਾਵਾਂ ਦੀ ਹਿੱਕ ਤੇ ਬੜੀ ਨੀਂਦ ਆਈ, ‘ਤੂਫ਼ਾਨਾਂ’ 'ਚ ਖਿੜਦੈ, ਗੁਲਸਤਾਨ ਸਾਡਾ। ਤਿਰੰਗਾ ਜਿਹਦੇ ਖ਼ੂਨ 'ਚੋਂ ਲਿਸ਼ਕਿਆ ਏ, ਉਸੇ ਦੇ ਮੁਕੱਦਰ ਨੂੰ ਅੱਗ ਲਾ ਰਹੇ ਨੇ, ਕੋਈ ਕਹਿ ਦਏ ਵਤਨ ਦੇ ਰਾਹਨੁਮਾ ਨੂੰ, ਇਹ ਧਰਤੀ ਸਾਡੀ ਹੈ ਇਹ ਅਸਮਾਨ ਸਾਡਾ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਅਵਤਾਰ ਸਿੰਘ ਤੂਫ਼ਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ