ਸਟੇਜੀ ਕਵਿਤਾ ਦੇ ਨਾਮਵਰ ਸ਼ਾਇਰ ਅਵਤਾਰ ਸਿੰਘ ਤੂਫ਼ਾਨ ਤੇ ਸ਼੍ਰੀਮਤੀ ਨਿਰਅੰਜਨ ਅਵਤਾਰ ਦੰਪਤੀ ਨੇ ਦੇਸ਼ ਵੰਡ ਮਗਰੋਂ ਲੁਧਿਆਣਾ ਵਿੱਚ ਚੰਗਾ ਨਾਮਣਾ ਖੱਟਿਆ।
ਅਵਤਾਰ ਸਿੰਘ ਤੂਫ਼ਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਮੁੱਖ ਸੂਚਨਾ ਅਫ਼ਸਰ ਵਜੋਂ ਅਗਾਊਂ ਸੇਵਾ ਮੁਕਤੀ ਲੈ ਕੇ ਰੋਜ਼ਾਨਾ ਪੰਜਾਬੀ ਅਖ਼ਬਾਰ “ਸ਼੍ਰੋਮਣੀ ਪੰਜਾਬ” ਲੁਧਿਆਣਾ ਤੋਂ ਸ਼ੁਰੂ ਕੀਤਾ।
ਇਸ ਤੋਂ ਪਹਿਲਾਂ ਸ਼੍ਰੀਮਤੀ ਨਿਰਅੰਜਨ ਅਵਤਾਰ ਮਾਸਿਕ ਪੱਤਰ “ ਤ੍ਰਿੰਞਣ” ਲੰਮਾ ਸਮਾਂ ਪ੍ਰਕਾਸ਼ਿਤ ਕਰਦੇ ਰਹੇ। ਮੈਨੂੰ ਮਾਣ ਹੈ ਕਿ ਇਸ ਰਸਾਲੇ ਵਿੱਚ
ਮੈ ਮੁਢਲੇ ਦੌਰ ਵਿੱਚ ਛਪਦਾ ਰਿਹਾ ਹਾਂ। ਪੰਜਾਬੀ ਸਾਹਿੱਤ ਸਭਾ ਲੁਧਿਆਣਾ ਦੀਆਂ 1971-72 ਵੇਲੇ ਮਾਸਿਕ ਇਕੱਤਰਤਾ ਵੀ ਇਨ੍ਹਾਂ ਦੇ ਮੋਚਪੁਰਾ ਬਾਜ਼ਾਰ
ਸਥਿਤ ਘਰ ਵਿੱਚ ਵੀ ਹੁੰਦੀ ਸੀ ਜਿੱਥੇ ਅਸੀਂ ਸਿਖਾਂਦਰੂ ਲੋਕ ਸ਼ਾਮਿਲ ਹੋਣ ਤੇ ਕੁਝ ਨਾ ਕੁਝ ਨਵਾਂ ਸਿੱਖਣ ਜਾਂਦੇ ਸਾਂ।
ਅਵਤਾਰ ਸਿੰਘ ਤੂਫ਼ਾਨ ਦਾ ਜਨਮ 3ਜੁਲਾਈ 1932 ਨੂੰ ਪਾਕਿਸਤਾਨ ਵਿੱਚ ਰਹਿ ਗਏ ਸ਼ਹਿਰ ਜੇਹਲਮ ਵਿੱਚ ਹੋਇਆ। ਸ. ਅਵਤਾਰ ਸਿੰਘ ਤੂਫ਼ਾਨ ਦੇ
ਪਿਤਾ ਜੀ ਸ. ਸੰਤੋਖ ਸਿੰਘ ਕਾਮਿਲ (ਕਲਮੀ ਨਾਮ ਕਾਮਿਲ ਜੇਹਲਮੀ) ਉਰਦੂ ਤੇ ਪੰਜਾਬੀ ਦੇ ਸ਼ਾਇਰ ਸਨ। ਉਹ ਅਕਬਰ ਇਲਾਹਾਬਾਦੀ ਦੇ ਸ਼ਾਗਿਰਦ ਸਨ।
ਦੇਸ਼ ਵੰਡ ਮਗਰੋਂ ਇਹ ਪਰਿਵਾਰ ਲੁਧਿਆਣੇ ਆ ਗਿਆ। ਸਕੂਲ ਪੜ੍ਹਾਈ ਮੁਕੰਮਲ ਕਰਕੇ ਤੂਫ਼ਾਨ ਜੀ ਨੇ ਆਰੀਆ ਕਾਲਿਜ ਲੁਧਿਆਣਾ ਵਿੱਚ ਦਾਖ਼ਲਾ
ਲੈ ਲਿਆ। ਸਾਹਿੱਤਕ ਰੁਚੀਆਂ ਕਾਰਨ ਆਪ ਨੂੰ “ਆਰੀਅਨ” ਕਾਲਿਜ ਮੈਗਜ਼ੀਨ ਦਾ ਸੰਪਾਦਕ ਬਣਾ ਦਿੱਤਾ ਗਿਆ। ਐੱਨ ਸੀ ਸੀ ਤੇ ਖੇਡਾਂ ਵਿੱਚ ਵੀ ਆਪ
ਨੇ ਸਰਵੋਤਮਤਾ ਹਾਸਲ ਕੀਤੀ। ਸ. ਜਗਦੇਵ ਸਿੰਘ ਜੱਸੋਵਾਲ ਉਨ੍ਹਾਂ ਦੇ ਆਰੀਆ ਕਾਲਿਜ ਵਿੱਚ ਸਹਿਪਾਠੀ ਸਨ।
ਸ. ਅਵਤਾਰ ਸਿੰਘ ਤੂਫ਼ਾਨ ਨੇ 1973 ਵਿੱਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਾਲੇ ਸਥਾਨ ਤੇ ਖੁੱਲ੍ਹੀ ਗਰਾਉਂਡ ਵਿੱਚ ਵੱਡਾ ਸਭਿਆਚਾਰਕ ਮੇਲਾ
ਕਰਵਾਇਆ ਜਿਸ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਨਵੇਂ ਬਣੇ ਚੇਅਰਮੈਨ ਸ. ਜ਼ੋਰਾ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ
ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਨੇ ਕੀਤੀ। ਇਸ ਸਮਾਗਮ ਦੀ ਯਾਦਗਾਰੀ ਗੱਲ ਇਹ ਸੀ ਕਿ ਸਮਾਗਮ ਵਿੱਚ ਪੰਜਾਬ ਦੇ
ਸਭ ਸਿਰਕੱਢ ਗਾਇਕਾਂ ਨੇ ਉਸਤਾਦ ਜਸਵੰਤ ਭੰਵਰਾ ਦੇ ਸੰਗੀਤ ਵਿੱਚ ਗਾਇਆ। ਬਾਦ ਵਿੱਚ ਪੰਜਾਬ ਦੇ ਸ਼੍ਰੋਮਣੀ ਗਾਇਕ ਬਣੇ ਉਸਤਾਦ ਸੁਰਿੰਦਰ ਸ਼ਿੰਦਾ
ਨੇ ਪਹਿਲੀ ਵਾਰ ਇਸੇ ਸਟੇਜ ਤੇ ਗਾਇਆ। ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਇਸ ਸਮਾਗਮ ਵਿੱਚ ਸਰੋਤਿਆਂ ਵਜੋਂ ਹਾਜ਼ਰ ਸਾਂ। ਇਹ ਵੀ ਯਾਦ ਹੈ ਕਿ ਸ਼ਿੰਦਾ ਨੇ
ਇਥੇ ਭੁੱਲਾ ਰਾਮ ਚੰਨ ਗੁਰਾਇਆ ਵਾਲੇ ਦਾ ਗੀਤ “ ਪੀਣ ਤੋਂ ਮੈਨੂੰ ਰੋਕ ਨਾ ਸਾਕੀ” ਗਾਇਆ ਸੀ।
ਸਾਥੋਂ ਅਗਲੀ ਕਤਾਰ ਵਿੱਚ ਬਾਬੂ ਸਿੰਘ ਮਾਨ ਤੇ ਸ. ਅਵਤਾਰ ਸਿੰਘ ਬਰਾੜ (ਸਾਬਕਾ ਮੰਤਰੀ) ਸਰੋਤਿਆਂ ਵਿੱਚ ਹਾਜ਼ਰ ਸਨ।
ਤੂਫ਼ਾਨ ਜੀ ਦੇ ਪੰਥਕ ਸ਼ਾਨਾਂ, ਜਾਗੋ ਤੇ ਜਗਾਉ, ਬਾਬਾ ਲੰਗੋਟੀ ਵਾਲਾ (ਬਾਲ ਸਾਹਿੱਤ) , ਚਾਰ ਸਾਥੀ (ਬਾਲ ਸਾਹਿੱਤ), ਸਾਡਾ ਥਾਈ ਸਫ਼ਰਨਾਮਾ, ਜਦੋਂ
ਅਸੀਂ ਟੀ ਵੀ ਬਣੇ (ਹਾਸ ਵਿਅੰਗ), ਖ਼ੂਨੀ ਕਵੀ (ਜਾਸੂਸੀ ਨਾਵਲ) ਪ੍ਰਕਾਸ਼ਿਤ ਹੋਏ।
23 ਅਗਸਤ 1997 ਨੂੰ ਤੂਫ਼ਾਨ ਜੀ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਸਪੁੱਤਰ ਪ੍ਰਭ ਕਿਰਨ ਸਿੰਘ ਦੀ ਅਗਵਾਈ ਵਿੱਚ ਸਮੁੱਚੇ ਪਰਿਵਾਰ ਨੇ
ਉਨ੍ਹਾਂ ਦੀਆਂ ਸਿੱਖ ਧਰਮ ਨਾਲ ਸਬੰਧਤ ਕਵਿਤਾਵਾਂ ਦਾ ਸੰਗ੍ਰਹਿ “ਸਿੱਖੀ ਦੀ ਮਹਿਕ” ਪ੍ਰਕਾਸ਼ਿਤ ਕਰਵਾਈ ਹੈ।
-ਗੁਰਭਜਨ ਗਿੱਲ