Sikh Veeran Bhaina De Naam Suneha : Prof. Puran Singh
ਸਿਖ ਵੀਰਾਂ ਭੈਣਾਂ ਦੇ ਨਾਮ ਸੁਨੇਹਾ : ਪ੍ਰੋਫੈਸਰ ਪੂਰਨ ਸਿੰਘ
ਓ ਸਿਖ ਰੂਪ ਵਾਲੇ ਵੀਰਾ! ਓ ਸਿਖ ਅਖਵਾਣ ਵਾਲੇ ਵੀਰਾ! ਦਰਬਾਰ ਸਾਹਿਬ ਦੀ ਪੂਜਾ ਛੱਡ ਕੇ ਦੇਖ; ਤੇਰਾ ਆਤਮ ਰਸ ਦਾ ਸਿਰ ਜੁਦਾ ਹੋ ਜਾਸੀ। ਸਮੇਂ ਦਾ ਪਰਿਵਰਤਨ, ਤੇਰੀਆਂ ਦਲੀਲਾਂ, ਅਪੀਲਾਂ, ਤਜਵੀਜ਼ਾਂ, ਬਨਾਵਟਾਂ, ਸਲਾਹਾਂ, ਮਸ਼ਵਰਿਆਂ, ਤਰਕੀਬਾਂ, ਅਕਲਾਂ, ਅਸੂਲਾਂ ਨੂੰ ਖਾ ਜਾਸੀ। ਤੇਰੀਆਂ ਬਣਾਈਆਂ ਸੁਸਾਇਟੀਆਂ ਸਭਾਵਾਂ ਵਿਚ ਕੀ ਰੱਖਿਆ ਹੈ? ਕਾਲ ਦੇ ਚੱਕਰਾਂ ਨੇ ਬੁੱਧ ਜਿਹਿਆਂ ਦੀਆਂ ਜਥੇਬੰਦੀਆਂ, ਈਸਾ ਜਿਹਿਆਂ ਦੀਆਂ ਉਪਦੇਸ਼ਕ ਟੋਲੀਆਂ ਦਾ ਅੰਗ ਅੰਗ ਕਰ ਸੁੱਟਿਆ। ਆ! ਸਮਝ ਜਾ! ਕੌਮਾਂ ਕੀ ਤੇ ਆਦਮੀ ਕੀ, ਟੱਬਰ ਕੀ ਤੇ ਮੁਲਕ ਕੀ, ਆਤਮਾ ਦਾ ਬਚਾਊ ਤਾਂ ਕੇਵਲ ਧਿਆਨ ਵਿਚ ਹੈ; ਮੰਨਣ ਵਿਚ ਹੈ, ਵਿਸ਼ਵਾਸ ਵਿਚ ਹੈ; ਇਕਾਗਰਤਾ ਵਿਚ ਹੈ; ਪਿਆਰ ਵਿਚ ਹੈ; ਦਰਸ਼ਨ ਵਿਚ ਹੈ। ਜੀਵਨ ਖੁੱਲ੍ਹਦਾ ਮਰਕਜ਼ ਵੱਲ ਨਿਗਾਹ ਕਰਨ ਨਾਲ ਹੈ। ਜੀਵਨ ਦੇ ਆਦਰਸ਼ਾਂ, ਭੇਤਾਂ ਦਾ ਪਤਾ ਤੇ ਜੀਵਨ ਦਾ ਅਨੰਤ ਵਿਸਤਾਰ ਮਰਕਜ਼ ਦੇ ਪ੍ਰਕਾਸ਼ ਨਾਲ ਹੁੰਦਾ ਹੈ। ਸਾਡੀਆਂ ਚਲਾਕੀਆਂ ਮੌਤ ਹਨ। ਸਾਡੀ ਅਕਲ ਕੰਧ ਥੀਂ ਬਾਹਰ ਨਹੀਂ ਦੇਖ ਸਕਦੀ। ਅਸੀਂ ਬਿਨਾਂ ਕਲਗ਼ੀਆਂ ਵਾਲੇ ਦੇ ਧਿਆਨ ਦੇ ਕੀ ਕਰ ਲੈਣਾ ਹੈ? ਤੂੰ, ਤੂੰ, ਤੂੰ, ਤੂੰ! ਦਰਬਾਰ ਸਾਹਿਬ ਥੀਂ ਵਿੱਛੜ, ਤੇ ਦੇਖ; ਔਹ ਤੂੰ ਸਤਿਗੁਰਾਂ ਦੀ ਝੋਲ ਵਿੱਚੋਂ ਟੁੱਟਾ, ਢੱਠਾ ਤੇ ਔਹ ਹੇਠ ਰਸਾਤਲ। ਕੌਮ! ਕੌਮ! ਇਹ ਕੇਹੀ ਬੇਮਾਅਨੇ ਕੂਕ ਹੈ? ਸਤਿਗੁਰਾਂ ਦਾ ਧਿਆਨ ਦਿਲ ਥੀਂ ਬਾਹਰ ਤੇ ਕੌਮ ਦਾ ਖ਼ਿਆਲ? ਹਾਂ ਜੀ, ਖ਼ਿਆਲ ਮਾਤਰ ਦਾ ਸ਼ਨਯ ਧਿਆਨ ਹਰ ਇਕ ਦੇ ਦਿਲ ਵਿਚ? ਯਾਦ ਰੱਖ! ਸਿੱਖੀ ਤੇਰੇ ਦਿਲ ਵਿੱਚੋਂ ਉਠੀ ਜਾਣ। ਜਦ `ਕੌਮ` ਤਰਫ਼ ਵੜਿਆ, `ਵਾਹਿਗੁਰੂ ਦੇ ਸਿੰਘਾਸਨ ਨੂੰ ਚੁੱਕਿਆ ਜਾਣ। ਹਰਿਮੰਦਰ ਦਾ ਪਿਆਰ ਉੱਠਣ ਦੀ ਦੇਰ ਹੈ ਤੇ ਬਸ; ਜਾਹ! ਗੱਠੇ ਬੰਨ੍ਹ ਕੌਮਾਂ ਦੇ। ਪਰ ਅੱਖ ਖੋਹਲਸੈਂ ਤਾਂ ਦੇਖਸੈਂ ਕਿ ਪੱਥਰਾਂ ਦੀ ਮੁੱਠ ਨੂੰ ਰੇਤ ਦੀ ਰੱਸੀ ਨਾਲ ਬੰਨ੍ਹ ਰਿਹਾ ਏਂ, ਹੋਰ ਕੁਝ ਨਹੀਂ। ਧਿਆਨ ਬਿਨਾਂ ਮਨੁੱਖ ਬਾਵਲਾ ਹੈ। ਇਹ ਬਾਵਲਾ ਕਦੀ ਕੁੱਤਿਆਂ ਨਾਲ, ਕਦੀ ਕੰਡਿਆਂ ਨਾਲ ਆਪਣੇ ਆਪ ਨੂੰ ਲੜਾ ਲੜਾ ਆਪਣੇ ਰੂਹ ਨੂੰ ਫਾੜਦਾ ਹੈ। ਕਲਗੀਆਂ ਵਾਲੇ ਨੇ ਸਿੱਖਾਂ ਨੂੰ ਹਰਿਮੰਦਰ ਦੇ ਧਿਆਨ ਅਰ ਪਿਆਰ ਵਿਚ ਬੱਧਾ ਹੈ। ਛੋਛੀ ਦਲੀਲਬਾਜ਼ੀ ਆਈ ਤੇ ਹਰਿਮੰਦਰ ਇਕ ਸੰਗਮਰਮਰ ਦੀ ਇਮਾਰਤ ਰੂਪ ਦਿਸੀ। ਪੁਰਾਤਨ ਇਤਿਹਾਸ ਵਿਚ ਸਾਡੇ ਵੱਡਿਆਂ ਨੇ ਇਸ ਦੇ ਪਿਆਰ ਵਿਚ ਕੀ ਕੀ ਨਹੀਂ ਵਾਰਿਆ? ਉਹ ਵਾਰਤਾ ਚੇਤੇ ਕਰ, ਇਕ ਸਿੰਘਣੀ ਭੁਝੰਗੀ ਨੂੰ ਨਾਲ ਲਿਆ ਰਹੀ ਹੈ, ਦੀਵਾਨ ਕੌੜਾ ਮੱਲ ਜੀ ਵਰਜਦੇ ਹਨ :
“ਮਾਈ! ਨਾ ਜਾ, ਮਾਰੀ ਜਾਸੇਂ; ਤੁਰਕਾਂ ਨੇ ਅੱਜ ਸਭ ਸਿੰਘ, ਜੋ ਇਥੇ ਇਕੱਠੇ ਹੋਣਗੇ, ਮਾਰ ਦੇਣੇ ਹਨ।”
“ਵੀਰਾ! ਵਰਜ ਨਾ, ਰਸਤਾ ਛੱਡ; ਮਰ ਜਾਸਾ ਤਾਂ ਭਲਾ ਹੋਸੀ, ਜਿੰਦ ਸਤਿਗੁਰਾਂ ਦੀ ਹਜ਼ੂਰੀ ਵਿਚ ਭੇਟ ਹੋ ਜਾਸੀ; ਇਸ ਨਕਾਰੇ ਸਰੀਰ ਦੀ ਖ਼ਾਤਰ ਬੇਮੁਖ ਹੋਵਾਂ?”
“ਮਾਈ! ਤੈਨੂੰ ਆਪਣੇ ਆਪ ਨਾਲ ਤਾਂ ਪਿਆਰ ਨਹੀਂ, ਪਰ ਇਸ ਬੱਚੇ ਪਰ ਤਾਂ ਤਰਸ ਕਰ, ਇਹ ਤਾਂ ਮਸੂਮ ਬਾਲਕ ਹੈ।”
“ਵੀਰਾ! ਤਰਸ ਕੀਤਾ ਹੈ ਤਾਂ ਹੀ ਨਾਲ ਲੈ ਕੇ ਆਈ ਹਾਂ, ਇਹ ਮੇਰੇ ਨਾਲੋਂ ਵਿੱਛੜ ਕੇ ਬੇਮੁਖ ਹੋ ਜਾਵੇ, ਸੱਚਖੰਡ ਵਿਚ ਨਾ ਜਾ ਸਕੇ?”
ਇਹ ਮਾਈ ਦਰਬਾਰ ਸਾਹਿਬ ਨੂੰ ਮੰਦਿਰ ਜਾਣ ਕੇ ਨਹੀਂ ਜਾ ਰਹੀ ਸੀ, ਪਰ ਉਥੇ ਭਰੇ ਆਤਮ ਰਸ ਦੀ ਭੰਵਰ ਹੋ ਕੇ ਲਿਵਲੀਨ ਹੋਣ ਜਾ ਰਹੀ ਸੀ। ਪਿਆਰ ਨਾਲ ਮੁਕਾਬਲਾ ਕਰੋ ਤਾਂ ਅੰਮ੍ਰਿਤਸਰ ਨੂੰ ਛੱਡ ਕੇ ਬਿਨਾਂ ਕਿਸੀ ਖੋਹ ਦੇ, ਬਿਨਾਂ ਕਿਸੀ ਡੱਬ ਦੇ, ਗੋਤੇ ਦੇ, ਅੱਗੇ ਪਿੱਛੇ ਗੱਡੀ ਗੱਡੇ ਵਿਚ ਬੈਠੇ ਅਸੀਂ ਚਲੇ ਜਾਂਦੇ ਹਾਂ। ਗੁਰੂ ਦਾ ਪਿਆਰ, ਦਰਬਾਰ ਸਾਹਿਬ ਦੀ ਭਗਤੀ ਸਾਡੇ ਸ਼ਬਦਾਂ ਦੇ ਖ਼ਾਲੀ ਜੈਕਾਰਿਆਂ ਤੇ ਘੁਣ ਖਾਧੀਆਂ ਅਰਦਾਸਾਂ ਤਕ ਹੈ। ਸਾਡਾ ਅਸਲੀ ਪਿਆਰ ਸੁੱਕੀਆਂ ਇੱਟਾਂ ਨੂੰ ਸਿਖ ਭਰਾ ਆਖ ਆਖ ਕੇ ਗਲੇ ਲਾਉਣ ਦਾ ਪਿਆਰ ਹੈ। ਆਪਣੀ ਅਕਲ ਦੀ ਨੀਂਹ `ਤੇ ਇਕ ਨਵੀਂ ਕੌਮ ਸੁਰਜੀਤ ਕਰਨ ਦਾ ਭੂਤ ਸਿਰ `ਤੇ ਚੜ੍ਹ ਰਿਹਾ ਹੈ। ਅਕਲ ਪ੍ਰਧਾਨ ਹੈ। ਮਨਮੁੱਖਤਾ ਪੀਰ ਹੈ, ਤੇ ਸੱਭ ਥੀਂ ਵੱਧ ਹਾਸੇ ਦੀ ਗੱਲ ਇਹ ਹੈ ਕਿ ਅਸਾਂ ਸਾਰਿਆਂ ਨੂੰ ਆਪਣੀ ਅਕਲ ਦੇ ਬਣਾਏ ਬੁੱਤਾਂ ਦੇ ਪਿਆਰ ਭਗਤੀ ਤੇ ਧਿਆਨ ਦੇ ਨਾਨਾ ਰੰਗ ਸਿੱਖੀ ਦਿਸ ਰਹੀ ਹੈ। ਭਾਈ ਗੁਰਦਾਸ ਦੀ ਆਵਾਜ਼ ਦੀ ਥਾਵੇਂ ਅੱਜ ਅਣਜਾਣ ਮੁੰਡੇ ਪ੍ਰਧਾਨ ਹਨ। ਹਰ ਕੋਈ ਆਪਣੀ ਅਕਲ ਨੂੰ ਅਮਲੀ ਤਰ੍ਹਾਂ ਸਭ ਥੀਂ ਵੱਡਾ ਗਿਣ ਰਿਹਾ ਹੈ। ਧਰਮ ਪਰ ਆਪ ਖੜੇ ਹੋਣ ਦੀ ਥਾਂ ਧਰਮ ਨੂੰ ਆਪਣੀ ਅਕਲ ਦੀ ਚੁੰਝ ਪਰ ਠਹਿਰਾਉਣ ਦੀ ਕਰ ਰਹੇ ਹਾਂ। ਮੈਂ ਇਸ ਗੱਲ ਦੇ ਕਹਿਣ ਵਿਚ ਬਿਲਕੁਲ ਮਾਫ਼ੀ ਨਹੀਂ ਮੰਗਦਾ ਕਿ `ਸਿੰਘਾਂ ਦੇ ਅੱਜ ਕੱਲ੍ਹ ਦੇ ਨਿੰਦਾ ਤੇ ਦਲੀਲਬਾਜ਼ੀ ਤੇ ਆਪਣੀ ਅਕਲ ਦੀ ਸਿੱਖੀ ਤੇ ਭਰੋਸੇ ਥੀਂ ਸਾਫ਼ ਲੱਭਦਾ ਹੈ ਕਿ ਅਸਾਂ ਉਪਰ ਅੱਜ-ਕੱਲ੍ਹ ਉਸ ਨੀਚਤਾ ਦੀ ਜਿੱਤ ਹੈ ਚੁੱਕੀ ਜਾਪਦੀ ਹੈ, ਜਿਸ ਦਾ ਨਾਂ ਲੈਣ `ਤੇ ਰੂਹ ਨਹੀਂ ਕਰਦਾ। ਜੇ ਇਹੀ ਹਾਲ ਰਿਹਾ ਤੇ ਅਸੀਂ ਨਾ ਸੰਭਲੇ, ਤਦ ਜਾਣੋ ਅਸੀਂ ਮੋਏ, ਬੇਹੋਸ਼ ਹੋਏ, ਅੱਜ ਭੀ ਨਹੀਂ ਤੇ ਕੱਲ੍ਹ ਭੀ ਨਹੀਂ।
ਸਿਖ ਦਾ ਦਿਲ ਤਾਂ ਆਤਮਿਕ ਸੁਹਣੱਪ ਦਾ ਭੁੱਖਾ ਹੈ ਤੇ ਉਸ ਦੀ ਭੁੱਖ ਅਨੰਤ ਹੈ। ਸਾਰੀ ਕੁਦਰਤ ਤੇ ਉਸ ਦੀਆਂ ਸਾਰੀਆਂ ਸੁਹਣੀਆਂ ਮੂਰਤਾਂ ਉਸ ਨੂੰ ਰਿਝਾ ਨਹੀਂ ਸਕਦੀਆਂ। ਹੇ ਵੀਰੋ! ਦਰਬਾਰ ਸਾਹਿਬ ਅਦਬ ਨਾਲ ਆਓ, ਆਤਮ ਰੰਗ ਮਾਣੋ। ਹੁਣ ਵਾਲੀ ਅਭਗਤ ਤੇ ਅਸ਼ਰਧਕ ਯਾਤਰਾ ਦਾ ਤਿਆਗ ਕਰੋ। ਬਾਜ਼ਾਂ ਵਾਲੇ ਮਾਲਕ ਦਾ ਇਹ ਮੰਦਿਰ ਹੈ। ਇਥੇ ਉਸ ਦੀ ਲੋਅ ਹੈ। ਇਹ ਤੁਸਾਡੀ ਤਵਾਰੀਖ਼ੀ ਅਮਰ ਦੁਨੀਆ ਹੈ। ਸਾਡੀ ਮਾਲੀ ਗਰੀਬੀ ਅਥਵਾ ਆਤਮਿਕ ਬੇਹੋਸ਼ੀ ਕਰਕੇ ਜੋ ਗੁਰਦੁਆਰਾ ਸਮਾਇਆ, ਉਹ ਹਰੀ ਮੰਦਿਰ ਆਇਆ। ਜਦ ਕਦੀ ਅਨੰਦਪੁਰ ਸਾਹਿਬ ਦੀ ਕੋਈ ਇੱਟ ਗਿਰੀ, ਉਹ ਇਥੇ ਆਣ ਲੱਗੀ। ਜਦ ਕਦੀ ਸਤਿਗੁਰਾਂ ਦੇ ਚਰਨ ਰਜ ਦੀ ਪਵਿੱਤਰ ਧਰਤੀ ਲੋਪ ਹੋਈ, ਓਹ ਇਸ ਹਰੀ ਮੰਦਿਰ ਵਿਚ ਆਣ ਪ੍ਰਗਟੀ। ਸਾਡਾ ਸਭ ਕੁਛ ਜੇ ਗੰਮ ਹੋ ਜਾਵੇ, ਤਦ ਇਥੇ ਮਿਲ ਪਵੇਗਾ। ਹਾਂ ਜੀ! ਇਥੋਂ ਤਕ ਕਿ ਸਤਿਗੁਰਾਂ ਦਸ ਜਾਮੇ ਜਿਹੜੇ ਬਾਬਾ ਜੀ ਨੇ ਪਾਏ ਤੇ ਉਤਾਰੇ ਤੇ ਸਾਡੀ ਦ੍ਰਿਸ਼ਟੀ ਥੀਂ ਗ਼ਾਇਬ ਹੋਏ, ਉਹ ਇਥੇ ਮਿਲਦੇ ਹਨ। ਸਤਿਗੁਰਾਂ ਦੀ ਨਿੱਤ ਅਵਤਾਰੀ ਦੇਹ ਦੇ ਦੀਦਾਰ ਇਥੇ ਹੁੰਦੇ ਹਨ।
ਇਹ ਸਾਡਾ ਵਤਨ ਹੈ; ਹਰੀ ਮੰਦਿਰ ਸਾਡਾ ਸੱਚਾ ਦੇਸ਼ ਹੈ। ਸਾਡਾ ਘਰ ਹੈ। ਕਿਸੀ ਨੂੰ ਕੌਮ ਇਕੱਠ ਦੀ ਖ਼ੁਸ਼ੀ, ਕਿਸੀ ਨੂੰ ਮੁਲਕਗੀਰੀ ਦਾ ਕੰਮ, ਕਿਸੀ ਨੂੰ ਮੰਦਿਰ-ਮਾੜੀਆਂ ਉਸਾਰਨ ਦੀ ਚਾਹ, ਧਨ ਦੇ ਅੰਬਾਰਾਂ ਦਾ ਲਾਲਚ, ਕਿਸੀ ਨੂੰ ਜ਼ਮੀਨਾਂ ਦਾ ਚਾਅ, ਖੇਤੀ ਦੀ ਮਲਕੀਅਤ ਦਾ ਭਰੋਸਾ, ਕਿਸੀ ਨੂੰ ਹੁਕਮ ਦਾ ਨਸ਼ਾ। ਪਰ ਸਾਡਾ ਸਭ ਕੁਛ ਇਹ ਹਰੀ ਮੰਦਿਰ, ਇਸ ਵਿਚ ਵੱਸਦੇ ਪ੍ਰਭਾਵ ਦੇ ਅਸੀਂ ਭੌਰੇ। ਬਸ, ਇਹੋ ਸਾਡੀ ਆਤਮ ਜਾਇਦਾਦ, ਸਭ ਦੀ ਇਕੱਠੀ, ਸਾਂਝੀ ਤੇ ਮੁੜ ਮੁੜ ਆਪਣੀ। ਬਸ ਅਸੀਂ ਇਸ ਨਿੱਕੀ ਜਿੰਦ ਦੀ ਟੁਕੜੀ ਕਰਕੇ ਅਮੀਰ-ਫ਼ਕੀਰ, ਸਾਡਾ ਲੋਕ-ਪ੍ਰਲੋਕ ਇਹ, ਸਾਡੀ ਕੌਮ ਇਹ, ਸਾਡਾ ਦਿਲ ਇਹ। ਹਰਿਮੰਦਰ ਦਾ ਪਿਆਰ, ਹਰਿਮੰਦਰ ਦੇ ਆਤਮਿਕ ਝੰਡੇ ਦੀ ਮਾਨਸਿਕ ਤਾਬੇਦਾਰੀ, ਇਹ ਸਾਡਾ ਰਾਹ, ਜਪ, ਪਾਠ ਪੂਜਾ ਤੇ ‘ਵਾਹਿਗੁਰੂ’ ‘ਵਾਹਿਗੁਰੂ’ ਕਰਨਾ ਇਹ ਸਾਡਾ ਜੀਵਨ ਮਨੋਰਥ ਹੈ। ਪੰਛੀ ਨਾ ਕਿਸੀ ਦੇ ਵੈਰੀ ਤੇ ਨਾ ਕਿਸੇ ਦੇ ਮਿੱਤਰ। ਕਣਕ ਦੇ ਦਾਣੇ ਸਾਡਾ ਖਾਣਾ ਹੈ ਤੇ ਹਰੀ ਕੀਰਤਨ, ਨੇਕ ਕਿਰਤ, ਸ਼ੁਕਰ: ਨਿਰਵੈਰ, ਨਿਰਮੋਹ, ਸਭ ਦੀ ਸੇਵਾ ਇਹ ਸਾਡੀ ਦਿਨ ਚਰਿਆ। ਕਲਗ਼ੀਆਂ ਵਾਲੇ ਦੇ ਗਗਨ ਵਿਚ ਦਿਨ ਰਾਤ ਉਡਾਰੀ, ਇਹ ਸਾਡਾ ਚਾਅ, ਅਹੰਕਾਰ, ਕੌਮੀਅਤ। ਬਾਕੀ ਇਨ੍ਹਾਂ ਆਦਰਸ਼ਾਂ ਥੀਂ ਛੁੱਟ ਸਾਡੇ ਲਈ ਸਭ ਕੂੜ। ਇਹ ਅਵਸਤੂ ਸੱਚੀ ਤੇ ਮਾਇਆ ਆਛਾਦਿਤ ਮਨ ਦੀਆਂ ਮੰਨੀਆਂ ਠੋਸ ਵਸਤੂ ਸਭ ਕੂੜ, ਅਵਸਤੂ।