Sihatmand Lok Gaaiki Da Mehakwanta Birkh - Amarjit Gurdaspuri : Gurbhajan Gill

ਸਿਹਤਮੰਦ ਲੋਕ ਗਾਇਕੀ ਦਾ ਮਹਿਕਵੰਤਾ ਬਿਰਖ਼ - ਅਮਰਜੀਤ ਗੁਰਦਾਸਪੁਰੀ : ਗੁਰਭਜਨ ਗਿੱਲ

ਜਿਸ ਮਹਿਕਦੇ ਬਿਰਖ਼ ਦੀ ਛੇ ਸੱਤ ਦਹਾਕੇ ਮਹਿਕਦੀ ਸੰਘਣੀ ਛਾਂ ਮਾਣੀ ਹੋਵੇ ਉਸ ਨੂੰ ਹੈ ਤੋਂ ਸੀ ਕਹਿਣਾ ਆਸਾਨ ਨਹੀਂ ਹੁੰਦਾ। ਮੇਰੇ ਆਪਣੇ ਮਨ ਦੀ ਹਾਲਤ ਵੀ ਇਸ ਵੇਲੇ ਲਗਪਗ ਇਹੋ ਜਹੀ ਹੈ। ਅਮਰਜੀਤ ਗੁਰਦਾਸਪੁਰੀ ਮੇਰੇ ਬਚਪਨ ਵੇਲੇ ਬਹੁਤ ਹੀ ਵੱਡੀ ਸਮਰਥਾ ਨਾਲ ਸਮਾਜ ਦੀ ਸਮਾਜਵਾਦੀ ਤਰਜ਼ ਦੀ ਉਸਾਰੀ ਅਤੇ ਸਭਿਆਚਾਰਕ ਇਨਕਲਾਬ ਦੇ ਪਾਂਧੀ ਬਣ ਚੁਕੇ ਸਨ।

ਮੈਂ ਮਈ 1953 ਨੂੰ ਜੰਮਿਆ ਤੇ ਉਹ ਉਦੋਂ 22 ਸਾਲ ਦੀ ਉਮਰ ਵਿੱਚ ਨਵੇਂ ਸਮਾਜ ਦੀ ਉਸਾਰੀ ਦੇ ਸੁਪਨਿਆਂ ਨੂੰ ਪਰਣਾਏ ਜਾ ਚੁਕੇ ਸਨ।

ਮੇਰੇ ਪਿੰਡ ਬਸੰਤਕੋਟ ਤੋਂ ਗੁਰਦਾਸਪੁਰੀ ਦੇ ਪਿੰਡ ਉੱਦੋਵਾਲੀ ਕਲਾਂ ਜਾਣਾ ਹੋਵੇ ਤਾਂ ਪੈਦਲ ਇੱਕ ਘੰਟਾ ਪਰ ਸਾਈਕਲ ਤੇ ਪੰਦਰਾਂ ਮਿੰਟ ਹੀ ਲੱਗਦੇ ਨੇ। ਨਿਖਾਸੂ ਬਰਸਾਤੀ ਨਾਲੇ ਦੇ ਕੰਢੇ ਤੇ ਹੀ ਹੈ ਉੱਦੋਵਾਲੀ ਕਲਾਂ ਦੀਆਂ ਪੈਲੀਆਂ ਚ ਹੈ ਅਮਰਜੀਤ ਗੁਰਦਾਸਪੁਰੀ ਦਾ ਡੇਰਾ। ਤਪੱਸਵੀਆਂ ਵਾਂਗ ਇਥੇ ਹੀ ਉਸ ਪੂਰਾ ਜਨਮ ਗੁਜ਼ਾਰਿਆ। ਜ਼ੈਲਦਾਰ ਹਰਨਾਮ ਸਿੰਘ ਰੰਧਾਵਾ ਦਾ ਪੋਤਰਾ ਤੇ ਸਃ ਰਛਪਾਲ ਸਿੰਘ ਦਾ ਸਪੁੱਤਰ ਅਮਰਜੀਤ ਗੁਰਦਾਸਪੁਰੀ ਬਹੁਤੇ ਸਿੱਧਮ ਸਿੱਧੇ ਰਾਹਾਂ ਦਾ ਪਾਂਧੀ ਨਹੀਂ ਸੀ। ਉਸ ਨੂੰ ਬਿਖੜੇ ਪੈਂਡੇ ਚੰਗੇ ਲੱਗਣ ਲੱਗ ਪਏ।

ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ ਨਰਿੰਦਰ ਦੋਸਾਂਝ, ਲੋਕ ਗਾਇਕਾ ਸੁਰਿੰਦਰ ਕੌਰ, ਬੀਬੀ ਮਹਿੰਦਰ ਨਵਤੇਜ ਸਿੰਘ, ਰਾਜਵੰਤ ਕੌਰ ਮਾਨ,ਪ੍ਰੋਃ ਨਿਰੰਜਨ ਸਿੰਘ ਮਾਨ, ਪ੍ਰੋਃ ਜੋਗਿੰਦਰ ਸਿੰਘ ਸੋਢੀ,ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸਨੇ ਬੰਬਈ ਕਲਕੱਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ।ਇਸ ਇਨਕਲਾਬੀ ਸਫ਼ਰ ਦੌਰਾਨ ਉਸ ਦੀ ਸਹਿ ਗਾਇਕਾ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਪੰਜਾਬੀ ਸੰਗੀਤ ਦੀ ਦੇਵੀ ਸੁਰਿੰਦਰ ਕੌਰ ਸੀ ਜਿਸ ਨੇ ਇਪਟਾ ਦੀਆਂ ਸਟੇਜਾਂ ਤੇ ਉਸ ਦਾ ਲੰਮਾ ਸਾਥ ਨਿਭਾਇਆ ।

ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ ।

ਰਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ 2010 ਵਿੱਚ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਦੇ ਆਧਾਰਿਤ ਇਕ ਟੈਲੀ ਫਿਲਮ ਬਣਾਈ ਤਾਂ ਉਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁਝ ਨਮੂਨੇ ਵੀ ਅੰਕਿਤ ਕੀਤੇ ਹਨ। ਇਸ ਫ਼ਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਵੇਂ ਕਿਣਕਾ ਮਾਤਰ ਹੀ ਅੰਕਿਤ ਹੋ ਸਕਿਆ ਪਰ ਖੂਬਸੂਰਤ ਯਤਨ ਲਈ ਪੰਜਾਬੀ ਭਾਈਚਾਰਾ ਉਸ ਦਾ ਰਹਿੰਦੀ ਦੁਨੀਆ ਤੀਕ ਰਿਣੀ ਰਹੇਗਾ। ਇਹ ਫਿਲਮ ਆਮ ਬੰਦਿਆਂ ਲਈ ਭਾਵੇਂ ਬਹੁਤੀ ਦਿਲਚਸਪੀ ਦਾ ਕੇਂਦਰ ਨਾ ਬਣ ਸਕੀ ਪਰ ਇਤਹਾਸ ਦੇ ਵਾਕਫਕਾਰਾਂ ਲਈ ਸੰਭਾਲਣਯੋਗ ਵਿਰਾਸਤੀ ਤੋਹਫਾ ਬਣ ਗਈ। ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਅਤੇ ਪਿਰਥੀਪਾਲ ਸਿੰਘ ਹੇਅਰ ਨੇ ਮੇਰੇ ਸਮੇਤ ਇਸ ਦੇ ਨਿਰਮਾਣ ਤੇ ਵਿੱਤਰਣ ਦਾ ਜ਼ਿੰਮਾ ਲਿਆ ਅਤੇ ਇਸਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ।

ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨਿ।

ਸ਼ਬਦੀਸ਼ ਅਤੇ ਅਨੀਤਾ ਸ਼ਬਦੀਸ਼ ਵਲੋਂ ਜਦ ਸ. ਗੁਰਸ਼ਰਨ ਸਿੰਘ ਨਾਟਕਕਾਰ ਬਾਰੇ ਦਸਤਾਵੇਜੀ ਫਿਲਮ ਬਣਾਈ ਗਈ ਤਾਂ ਇਪਟਾ ਦੇ ਜ਼ਿਕਰ ਵੇਲੇ ਜਦ ਅਮਰਜੀਤ ਗੁਰਦਾਸਪੁਰੀ ਦੀ ਤਸਵੀਰ ਵੇਖੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਮਿਰਜ਼ਾ ਸਾਹਿਬਾਂ ਗਾਉਂਦਿਆਂ ਤਾਂ ਇੰਝ ਲੱਗਾ ਜਿਵੇਂ ਅਮਰਜੀਤ ਗੁਰਦਾਸਪੁਰੀ ਨੂੰ ਢਿੱਡੋਂ ਪਿਆਰ ਕਰਨ ਵਾਲਾ ਗੁਰਸ਼ਰਨ ਸਿੰਘ ਤਾਂ ਚਲਾ ਗਿਆ ਪਰ ਨਵੀਂ ਪੀੜ੍ਹੀ ਨੂੰ ਉਸ ਦੇ ਗੁਣਾਂ ਬਾਰੇ ਦੱਸਣ ਦੀ ਜ਼ਿਮੇਵਾਰੀ ਨਿਭਾ ਗਿਆ।

1931 ਦੇ ਸਾਉਣ ਮਹੀਨੇ ਦੀ 26 ਤਰੀਕ ਨੂੰ ਅਮਰਜੀਤ ਨੇ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਬੀਬੀ ਹਰਬੰਸ ਕੌਰ ਦੀ ਕੁਖੋਂ ਪਿੰਡ ਉੱਦੋਵਾਲੀ(ਗੁਰਦਾਸਪੁਰ) ਵਿੱਚ ਜਨਮ ਲਿਆ । ਸਿਰਫ਼ 32 ਸਾਲ ਦੀ ਉਮਰ ਹੰਢਾ ਕੇ ਉਸਦੇ ਪਿਤਾ ਜੀ ਸਃ.ਰਛਪਾਲ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅਮਰਜੀਤ ਗੁਰਦਾਸਪੁਰੀ ਨੂੰ ਨਾਨਕਿਆਂ ਨੇ ਸਹਾਰਾ ਦਿੱਤਾ। ਲਸ਼ਕਰੀ ਨੰਗਲ ਵਾਲੇ ਨਾਨਕਾ ਪਰਿਵਾਰ ਨੂੰ ਉਹ ਮਰਦੇ ਦਮ ਤੀਕ ਹਰ ਪਲ ਚੇਤਿਆਂ ਚ ਵਸਾਈ ਬੈਠਾ ਰਿਹਾ।

ਉਦੋਂ ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜੁਆਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਸ਼ਾਹ ਦੀ ’ਹੀਰ’, ਪੀਲੂ ਦਾ ’ਮਿਰਜ਼ਾ’ ਅਤੇ ਕਾਦਰ ਯਾਰ ਦਾ ’ਪੂਰਨ ਭਗਤ’ ਗਾਉਂਦਾ ਫਿਰਦਾ । ਪਿੰਡ ਦੇ ਮੁੰਡੇ ਅਕਸਰ ਉਸਦੀ ਆਵਾਜ਼ ਨਾਲ ਸੁਰ ਮਿਲਾਉਂਦੇ । ਮਗਰ ਮਗਰ ਗਾਉਂਦੇ ਫਿਰਦੇ। ਅਮਰਜੀਤ ਵੀ ਉਨ੍ਹਾਂ ਮੁੰਡਿਆਂ ਵਿਚੋਂ ਇਕ ਹੁੰਦਾ । ਉਸਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹੀ ਸ਼ੌਕ ਉਸ ਲਈ ਜ਼ਿੰਦਗੀ ਦਾ ਵਡਮੁੱਲਾ ਗਹਿਣਾ ਬਣ ਜਾਵੇਗਾ । ਬਾਬਾ ਦਰਸ਼ੋ ਰਵਾਇਤੀ ਮਿਰਜ਼ਾ ਸਾਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ ।ਇਸ ਦੇ ਸਿਰਜਕ ਦਾ ਹੁਣ ਤੀਕ ਪਤਾ ਨਹੀਂ ਲੱਗ ਸਕਿਆ।

ਨੀਂ ਦਿੱਲੀਏ ਕਾਗਾਂ ਹਾਰੀਏ,
ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ

***

ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ, ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ । ਮਿਰਜ਼ੇ ਦੀ ਸਾਹਿਬਾਂ ਨੂੰ ਉਹ ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ ਦਾ ਵੇਰਵਾ ਕਰਦੀ । ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਦੀ ਮੌਤ ਨੂੰ ਦਸਦੀ-ਦਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖ਼ਤਮ ਕਰ ਲੈਂਦੀ ਹੈ ।

ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ਼ ਕੇ ਪੇਸ਼ ਹੁੰਦਾ ਹੈ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ ।

ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ। ਤੇਜਾ ਸਿੰਘ ਸੁਤੰਤਰ, ਕਾਮਰੇਡ ਗੋਪਾਲ ਸਿੰਘ ਠੱਠਾ, ਦਲੀਪ ਸਿੰਘ ਟਪਿਆਲਾ, ਡਾਃ ਹਰਸਰਨ ਸਿੰਘ ਢਿੱਲੋਂ ਏਕਲਗੱਡਾ, ਕਾਮਰੇਡ ਵਾਸਦੇਵ ਸਿੰਘ ਝੰਗੀ, ਮੱਖਣ ਸਿੰਘ ਤਰਸਿੱਕਾ, ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਹਰਭਜਨ ਸਿੰਘ , ਕ੍ਰਿਪਾਲ ਸਿੰਘ ਤੇ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਪੱਕਾ ਪਾਂਧੀ ਬਣ ਗਿਆ।

1952 ਵਿਚ ਉਸਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ਤੇ ਖਲੋ ਕੇ ਇਹ ਗੀਤ ਗਾਇਆ।

ਅੱਗੇ ਨਾਲੋਂ ਵਧ ਗਈਆਂ ਹੋਰ ਮਜ਼ਬੂਰੀਆਂ ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ ।

ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸਨੂੰ ਉਸਦੇ ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ । ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂਹ ਦਾ ਚਹੇਤਾ ਗਵੱਈਆ ਬਣ ਗਿਆ।

ਸੋਲਾਂ ਸਾਲ ਦਾ ਸੀ ਜਦ ਦੇਸ਼ ਵੰਡਿਆ ਗਿਆ। ਬਚਪਨ ਦੇ ਹਾਣੀ ਤੇ ਦਿਲਾਂ ਦੇ ਜਾਨੀ ਮੁਨੀਰ ਵਰਗੇ ਰਾਵੀਉਂ ਪਾਰ ਚਲੇ ਗਏ। ਮੁਸਲਮਾਨ ਪਰਿਵਾਰਾਂ ਦੀਆਂ ਧੀਆਂ ਵਾਲੇ ਮਾਪੇ ਜਦ ਵੰਡ ਵੇਲੇ ਫ਼ਿਕਰਮੰਦੀ ਚ ਡੁੱਬਣ ਲੱਗੇ ਤਾਂ ਗੁਰਦਾਸਪੁਰੀ ਦੇ ਵੱਡਿਆਂ ਨੇ ਜਵਾਨ ਮੁੰਡਿਆਂ ਨੂੰ ਵੰਗਾਰਿਆ ਤੇ ਕਿਹਾ, ਤੁਹਾਡੀਆਂ ਭੈਣਾਂ ਨੇ, ਮਿਲਟਰੀ ਕੈਂਪਾਂ ਚ ਆਪ ਛੱਡ ਕੇ ਆਉ। ਅਮਰਜੀਤ ਗੁਰਦਾਸਪੁਰੀ ਉਨ੍ਹਾਂ ਗੱਭਰੂਆਂ ਚੋਂ ਮੋਹਰੀ ਸੀ ਜੋ ਮੁਸਲਮਾਨ ਧੀਆਂ ਭੈਣਾਂ ਨੂੰ ਪਿੰਡੋਂ ਮਿਲਟਰੀ ਕੈਂਪ ਤੀਕ ਪਹੁੰਚਾ ਕੇ ਆਇਆ। ਇਸ ਦਾ ਜ਼ਿਕਰ ਉਸ ਨੇ ਆਪ ਸਾਂਵਲ ਧਾਮੀ ਨਾਲ ਸੰਤਾਲੀਨਾਮਾ ਦੀ ਇੰਟਰਵਿਊ ਵਿੱਚ ਕੀਤਾ।

ਸ਼ਾਇਦ ਇਸੇ ਚੀਸ ਨੂੰ ਚੇਤੇ ਕਰਕੇ ਉਹ ਅਹਿਮਦ ਰਾਹੀ ਦਾ ਇਹ ਗੀਤ ਉਸ ਦੀ ਰੂਹ ਚ ਭਿੱਜ ਗਿਆ। ਵਜਦ ਵਿੱਚ ਆ ਕੇ ਉਹ ਅਕਸਰ ਇਹ ਦਰਦੀਲਾ ਗੀਤ ਸੁਣਾਉਂਦਾ।

ਮੇਰੀ ਚੁੰਨੀ ਲੀਰਾਂ ਕਤੀਰਾਂ ਵੇ
ਭੈਣਾਂ ਦਿਓ ਵੀਰੋ !
ਮੇਰੀ ਚੁੰਨੀ ਲੀਰਾਂ ਕਤੀਰਾਂ

ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ।
ਰਾਤ ਹਨੇਰੀ ਖਿੱਲੀਆਂ ਮਾਰੇ।
ਸਹਿਕ ਰਹੀਆਂ ਤਕਦੀਰਾਂ,
ਵੇ ਭੈਣਾਂ ਦਿਓ ਵੀਰੋ !

ਟੁੱਟੀਆਂ ਸਾਰੀਆਂ ਹੱਦਾਂ ਬੰਨੇ।
ਇਥੇ ਸਾਰੇ ਹੋ ਗਏ ਅੰਨ੍ਹੇ।
ਭੈਣਾਂ ਲੁੱਟੀਆਂ ਵੀਰਾਂ,
ਵੇ ਭੈਣਾਂ ਦਿਓ ਵੀਰੋ !

ਲੇਖਾਂ ਉਤੇ ਸਿਆਹੀਆਂ ਡੁੱਲ੍ਹੀਆਂ।
ਸੇਜੋਂ ਡਿੱਗ ਕੇ ਪੈਰੀਂ ਰੁਲੀਆਂ।
ਸੱਸੀਆਂ, ਸੋਹਣੀਆਂ, ਹੀਰਾਂ,
ਵੇ ਭੈਣਾਂ ਦਿਓ ਵੀਰੋ !

ਭੈਣ ਕਿਸੇ ਦੀ ਪਈ ਕੁਰਲਾਵੇ।
ਖੁੰਝਿਆ ਵੇਲਾ ਹੱਥ ਨਾ ਆਵੇ।
ਕਰ ਲਉ ਕੁਝ ਤਦਬੀਰਾਂ,
ਵੇ ਭੈਣਾਂ ਦਿਓ ਵੀਰੋ !
ਮੇਰੀ ਚੁੰਨੀ ਲੀਰਾਂ ਕਤੀਰਾਂ।

ਦਰਦ ਦੀ ਵਾਰਤਾ ਇਸ ਤੋਂ ਅੱਗੇ ਤੁਰਦੀ ਹੈ।

ਨਾ ਕੋਈ ਆਇਆ
ਸਿਹਰਿਆਂ ਵਾਲਾ।
ਜਿਸਦੇ ਹੱਥ ਜੀਹਦੀ ਬਾਂਹ ਆਈ
ਲੈ ਗਿਆ ਜ਼ੋਰੋ ਜ਼ੋਰੀ।
ਵੇ ਭੈਣਾਂ ਦਿਉ ਵੀਰੋ।

ਆਜ਼ਾਦੀ ਦੇ ਨਾਮ ਤੇ ਹੋਈ ਬਰਬਾਦੀ ਨੂੰ ਉਹ ਚੇਤੇ ਕਰਕੇ ਸਾਰੀ ਉਮਰ ਹੀ ਉਦਾਸ ਰਿਹਾ। ਲੋਕ ਸੰਘਰਸ਼ਾਂ, ਕਿਸਾਨੀ ਮੋਰਚਿਆਂ ਤੇ ਹਰ ਜਬਰ ਜ਼ੁਲਮ ਨਾਲ ਟੱਕਰ ਵੇਲੇ ਉਹ ਲੋਕਾਂ ਨਾਲ ਖਲੋਂਦਾ।

ਕਿਸਾਨ ਮੋਰਚਾ ਸਿਖ਼ਰ ਤੇ ਸੀ। ਸਿਆਲੂ ਦਿਨ ਸਨ ਸ਼ਾਇਦ ਦਸੰਬਰ। ਗੁਰਦਾਸਪੁਰੀ ਜੀ ਦਾ ਫ਼ੋਨ ਆਇਆ! ਗੁਰਭਜਨ! ਮੇਰਾ ਜੀਅ ਕਰਦੈ ਕਿ ਮੈਂ ਸਿੰਘੂ ਬਾਰਡਰ ਜਾਂ ਟੀਕਰੀ ਮੋਰਚੇ ਤੇ ਨਾ ਜਾ ਆਵਾਂ? ਇਹ ਕਹਿ ਕੇ ਉਨ੍ਹਾਂ ਨੂੰ ਖੰਘ ਛਿੜ ਪਈ। ਵਾਹਵਾ ਜ਼ੋਰ ਦੀ। ਕੁਝ ਸੰਭਲੇ ਤਾਂ ਮੈਂ ਕਿਹਾ! ਗੁਰਦਾਸਪੁਰੀ ਜੀ, ਉਥੇ ਤੋੜ ਤੀਕ ਸਵਾਰੀ ਨਹੀਂ ਜਾਂਦੀ, ਚੋਖਾ ਪੈਦਲ ਤੁਰਨਾ ਪੈਂਦੈ। ਤੁਹਾਡੀ ਸਿਹਤ ਵੀ ਗੜਬੜ ਲੱਗਦੀ ਏ ਤੇ ਉਮਰ ਵੀ ਸਿਆਣੀ ਏਂ। ਗੋਡੇ ਵੀ ਨਹੀਂ ਚੱਲਦੇ। ਇਥੋਂ ਹੀ ਕੋਈ ਗੀਤ ਰੀਕਾਰਡ ਕਰਕੇ ਹਲਾ ਸ਼ੇਰੀ ਦੇ ਦਿਉ!

ਮੈਂ ਵੀ ਗੋਡੇ ਦੀ ਸਮੱਸਿਆ ਕਾਰਨ ਨਹੀਂ ਜਾ ਸਕਿਆ ਪਰ ਘਰ ਚ ਹੀ ਮੋਰਚਾ ਲਾਈ ਬੈਠਾ ਹਾਂ। ਕਿਸਾਨ ਸੰਘਰਸ਼ ਨਾਲ ਸਬੰਧਿਤ ਪੰਜਾਬੀ ਕਵਿਤਾਵਾਂ ਸੰਭਾਲ ਕੇ ਪੰਜਾਬੀ ਕਵਿਤਾ ਡਾਟ ਕਾਮ ਵਾਲੇ ਸੰਗਰੂਰ ਵਾਸੀ ਵੀਰ ਕਰਮਜੀਤ ਸਿੰਘ ਗਠਵਾਲਾ ਦੇ ਸਹਿਯੋਗ ਨਾਲ ਟਾਈਪ ਕਰ ਕਰ ਕੇ ਜਮ੍ਹਾਂ ਕਰੀ ਜਾ ਰਿਹਾਂ। ਹੁਣ ਤੀਕ ਇੱਕ ਹਜ਼ਾਰ ਸਫ਼ਾ ਇਕੱਠਾ ਹੋ ਗਿਐ। 'ਧਰਤ ਵੰਗਾਰੇ ਤਖ਼ਤ ਨੂੰ' ਨਾਮ ਹੇਠ ਪੰਜ ਕੁ ਸੌ ਸਫ਼ਿਆਂ ਦੀ ਕਿਤਾਬ ਛਾਪਾਂਗੇ। ਚੋਣਵੀਆਂ ਲਿਖਤਾਂ ਕੱਢ ਕੇ। ਤੁਸੀਂ ਵੀ ਵੱਖਰਾ ਮੋਰਚਾ ਸੰਭਾਲੋ, ਇਥੇ ਉੱਦੋਵਾਲੀ ‘ਚ। ਹੁਣ ਤੁਹਾਡੀ ਉਮਰ ਬਾਬਾ ਬੂਝਾ ਸਿੰਘ ਜੀ ਤੋਂ ਵੀ ਦਸ ਸਾਲ ਉੱਤੇ ਹੈ।

ਮੈਨੂੰ ਉੱਤਰ ਮੋੜਿਆ
ਭੱਜ ਜਾਣਾ ਮਰਦਾਂ ਨੂੰ ਮਿਹਣਾ
ਤੇ ਡੁੱਬ ਜਾਣਾ ਮੱਛੀਆਂ ਨੂੰ।
ਫਿਰ ਬੋਲੇ, ਚੱਲ! ਨਹੀਂ ਜਾਂਦਾ ਪਰ ਮਨ ਓਥੇ ਹੀ ਹੈ।

ਪੰਜਵੇਂ ਸਤਵੇਂ ਦਿਨ ਪਤਾ ਲੱਗਾ ਕਿ ਸਿਹਤ ਵਿਗੜਨ ਕਾਰਨ ਨਹੀਂ ਜਾ ਸਕੇ ਪਰ ਇਲਾਕੇ ਚੋਂ ਜਾਂਦੀਆਂ ਟਰਾਲੀਆਂ ਨੂੰ ਜ਼ਰੂਰ ਹਿੱਸੇ ਬਹਿੰਦਾ ਤੇਲ ਪਾਣੀ ਘੱਲਦੇ ਰਹੇ।

ਮੈਨੂੰ ਯਾਦ ਆਇਆ ਮੇਰੇ ਬਚਪਨ ਵੇਲੇ ਇਕ ਅਸੈਂਬਲੀ ਚੋਣ ਸੀ ਕੋਈ। ਡੇਰਾ ਬਾਬਾ ਨਾਨਕ ਵਾਲੇ ਕਮਿਉਨਿਸਟ ਆਗੂ ਤੇ ਕਵੀ ਜਸਵੰਤ ਸਿੰਘ ਰਾਹੀ ਉਮੀਦਵਾਰ ਸਨ। ਟਰਾਲੀ ਵਿੱਚ ਸਟੇਜ ਲਾ ਕੇ ਪਿੰਡੋ ਪਿੰਡੀਂ ਅਮਰਜੀਤ ਗੁਰਦਾਸਪੁਰੀ ਤੇ ਹੋਰ ਕਲਾਕਾਰ ਚੋਣ ਪਰਚਾਰ ਕਰ ਰਹੇ ਸਨ, ਗਾ ਰਹੇ ਸਨ ਇਹ ਗੀਤ

ਗੌਰਮਿੰਟ ਨੇ ਝੱਗਾ ਦਿੱਤਾ
ਪਾ ਲਉ ਲੋਕੋ ਪਾ ਲਉ।
ਅੱਗਾ ਪਿੱਛਾ ਹੈ ਨਹੀਂ ਜੇ
ਤੇ ਬਾਹਵਾਂ ਆਪ ਲੁਆ ਲਉ।

ਇੱਕ ਹੋਰ ਗੀਤ ਸੀ ਉਸ ਵੇਲੇ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਦੀ ਕੈਰੋਂ ਸ਼ਾਹੀ ਦੇ ਖ਼ਿਲਾਫ਼

ਚਾਚਾ ਚੋਰ ਭਤੀਜਾ ਡਾਕੂ
ਬਈ ਕੈਰੋਂ ਤੇਰਾ ਰਾਜ ਵੇਖਿਆ।

1962 ਵੇਲੇ ਦੀ ਉਸ ਦੀ ਕਤਰਾਵੀਂ ਦਾਹੜੀ ਤੇ ਸੁਰਖ਼ ਚਿਹਰਾ ਮੇਰੀਆਂ ਅੱਖਾਂ ਅੱਗੋਂ ਅੱਜ ਤੀਕ ਕਦੇ ਨਹੀਂ ਗਿਆ ਭਾਵੇਂ ਮਗਰੋਂ ਉਸ ਦਾੜ੍ਹੀ ਕੇਸ ਰੱਖ ਲਏ ਸਨ।

ਅਮਰਜੀਤ ਗੁਰਦਾਸਪੁਰੀ ਭਾਵੇਂ ਜ਼ੈਲਦਾਰਾਂ ਦਾ ਪੁੱਤਰ ਸੀ ਪਰ ਉਸ ਦੀ ਰੂਹ ਵਿੱਚ ਫ਼ਕੀਰੀ ਸੀ। ਉਸਦੀ ਮੁਹੱਬਤ ਲੋਕਾਈ ਨਾਲ ਸੀ, ਸੱਤਾ ਤੇ ਕੁਰਸੀ ਦੋਵੇਂ ਉਸ ਨੇ ਗੁਲਾਮ ਬਣਾ ਕੇ ਰੱਖੀਆਂ।

ਪੰਜਾਬੀ ਸ਼ਾਇਰ ਪ੍ਰੋਃ ਪੂਰਨ ਸਿੰਘ ਦੇ ਨਮੂਨੇ ਦਾ ਪੰਜਾਬੀ ਜਵਾਨ ਸੀ ਉਹ ਜੋ ਕਿਸੇ ਦੀ ਟੈਂ ਨਹੀਂ ਮੰਨਦਾ।

ਉਸ ਦੇ ਗਾਏ ਗੀਤਾਂ ਚੋਂ ਅਸਲ ਪੰਜਾਬ ਝਲਕਦਾ ਹੈ। ਉਸ ਨੇ ਜਿੱਥੇ ਬਾਬਾ ਵਾਰਿਸ ਸ਼ਾਹ ਗਾਇਆ ਓਥੇ ਬੁੱਲੇਸ਼ਾਹ, ਸੁਲਤਾਨ ਬਾਹੂ, ਪੀਰ ਫ਼ਜ਼ਲ ਹੁਸੈਨ ਗੁਜਰਾਤੀ, ਮੀਆਂ ਮੁਹੰਮਦ ਬਖ਼ਸ਼, ਉਸਤਾਦ ਦਾਮਨ, ਅਹਿਮਦ ਰਾਹੀ,ਅੰਮ੍ਰਿਤਾ ਪ੍ਰੀਤਮ , ਤੇਰਾ ਸਿੰਘ ਚੰਨ, ਕਰਤਾਰ ਸਿੰਘ ਬਲੱਗਣ, ਸ਼ਿਵ ਕੁਮਾਰ, ਵੱਸਣ ਸਿੰਘ ਮਸਤਾਨਾ, ਅਮਰ ਚਿਤਰਕਾਰ ਤੇ ਕਈ ਹੋਰ ਸ਼ਾਇਰਾਂ ਦਾ ਕਲਾਮ ਗਾਇਆ ਉਥੇ ਮੈਨੂੰ ਵੀ ਮਾਣ ਹੈ ਕਿ ਮੇਰੇ ਗੀਤਾਂ ਨੂੰ ਵੀ ਗੁਰਦਾਸਪੁਰੀ ਜੀ ਨੇ ਕੰਠ ਛੁਹਾਇਆ।

ਸਾਨੂੰ ਮੋੜ ਦਿਉ ਰੰਗਲਾ ਪੰਜਾਬ
ਅਸੀਂ ਨਹੀਂ ਕੁਝ ਹੋਰ ਮੰਗਦੇ।

ਅਸਲ ਚ ਇਹ ਗੀਤ ਮੈਂ ਲਿਖਿਆ ਹੀ ਗੁਰਦਾਸਪੁਰੀ ਦੇ ਕਹਿਣ ਤੇ ਸੀ। ਇਪਟਾ ਦੀ 50ਵੀਂ ਸਾਲਗਿਰਾ ਤੇ।
ਕੈਫ਼ੀ ਆਜ਼ਮੀ, ਸ਼ੌਕਤ ਆਜ਼ਮੀ ਸਮੇਤ ਬੰਬਈ ਤੋਂ ਇਪਟਾ ਕਲਾਕਾਰਾਂ ਦਾ ਵੱਡਾ ਕਾਫ਼ਲਾ ਪੰਜਾਬੀ ਭਵਨ ਵਿੱਚ ਆਇਆ ਹੋਇਆ ਸੀ।
ਬੰਬਈ ਤੋਂ ਆਇਆ ਪ੍ਰਸਿੱਧ ਸੰਗੀਤਕਾਰ ਕੁਲਦੀਪ ਸਿੰਘ ਦੇ ਸੰਗੀਤ ਵਿੱਚ ਤਾਰਾ ਸਿੰਘ ਦੀ ਰਚਨਾ

ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮ ਬੱਤੀਆਂ।
ਲੰਘ ਜਾਣ ਦੇ ਬਾਜ਼ਾਰ ਚੋਂ ਹਵਾਵਾਂ ਤੱਤੀਆਂ।

ਅਮਰਜੀਤ ਗੁਰਦਾਸਪੁਰੀ ਬੋਲਿਆ ਕੜਕ ਕੇ, ਕਿ ਅਸੀਂ ਪੰਜਾਬੀ ਤੱਤੀਆਂ ਹਵਾਵਾਂ ਨੱਥਣਾ ਜਾਣਦੇ ਹਾਂ। ਹੁਣ ਸਾਡੇ ਮੁੰਡੇ ਗੀਤ ਲਿਖਣਗੇ, ਅਸੀਂ ਗਾਵਾਂਗੇ ਗਲੀ ਗਲੀ ਗਲੀ ਮੁਹੱਲੇ। ਉਸ ਜਾਨ ਦੀ ਪਰਵਾਹ ਕੀਤੇ ਬਿਨ ਥਾਂ ਥਾਂ ਇਹੋ ਜਹੇ ਅਨੇਕਾਂ ਗੀਤ ਗਾਏ।

1986 ਵਿਚ ਏਸੇ ਸਮਾਗਮ ਵਿੱਚ ਪੰਜਾਬੀ ਲੇਖਕ ਬਲਬੀਰ ਆਤਿਸ਼ ਤੇ ਹੋਰ ਸਾਥੀਆਂ ਦੀ ਹਿੰਮਤ ਸਦਕਾ ਇਪਟਾ ਨੇ ਪੰਜਾਬੀ ਭਵਨ ਲੁਧਿਆਣਾ ਵਿਚ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਸਾਹਿਬ ਦੀ ਸਦਾਰਤ ਅਧੀਨ ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਰਚਿਆ ਤਾਂ ਉਸ ਵਿਚ ਹੋਰ ਕਲਾਕਾਰਾਂ ਤੋਂ ਇਲਾਵਾ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ । ਇਹ ਉਹ ਸਮਾਂ ਸੀ ਜਦ ਪੰਜਾਬ ਦੇ ਹਿੰਦੂ ਇਸ ਸੂਬੇ ਨੂੰ ਛੱਡ ਕੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵੱਸਣ ਲਈ ਜਾ ਰਹੇ ਸਨ। ਮਾਝਾ ਇਲਾਕਾ ਇਸ ਦਰਦ ਨੂੰ ਸਭ ਤੋਂ ਵੱਧ ਸਹਿ ਰਿਹਾ ਸੀ । ਇਸ ਪੀੜ ਨੂੰ ਅਮਰਜੀਤ ਗੁਰਦਾਸਪੁਰੀ ਨੇ ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਮੰਚ ਤੇ ਵਾਰਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਇਉਂ ਪੇਸ਼ ਕੀਤਾ

ਵੀਰਾ ਅੰਮੜੀ ਜਾਇਆ ਜਾਹ ਨਾਹੀਂ
ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀਂ ।

..........

ਭਾਈ ਮਰਨ ਤੇ ਪੌਦੀਆਂ ਭੱਜ ਬਾਹਾਂ,
ਭਾਈ ਗਿਆਂ ਜੇਡੀ ਕਾਈ ਹਾਰ ਨਾਹੀਂ ।

ਦਰਦ ਭਿੱਜੇ ਇਨ੍ਹਾਂ ਬੋਲਾਂ ਨੂੰ ਦਸ ਹਜ਼ਾਰ ਤੋਂ ਵੱਧ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ ।ਇਹ ਗੀਤ ਮੁੱਕਣਸਾਰ ਕੈਫੀ ਆਜ਼ਮੀ ਸਾਹਿਬ ਦੀ ਜੀਵਨ ਸਾਥਣ ਅਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਫ਼ਿਲਮ ਕਲਾਕਾਰ ਸ਼ੌਕਤ ਆਜ਼ਮੀ ਇਕ ਦਮ ਮੰਚ ਤੇ ਆਈ ਤੇ ਬੋਲੀ,

ਐ ਪੰਜਾਬ ਵਾਲੋ ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ, ਮੇਰਾ ਸਾਰਾ ਕੁਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ । ਇਸਨੇ ਅਭੀ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼ ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ ।

ਮੇਰੇ ਨਾਲ ਬੈਠੇ ਸ. ਜਗਦੇਵ ਸਿੰਘ ਜਸੋਵਾਲ ਅਤੇ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਇਸ ਗੱਲ ਦੀ ਗਵਾਹੀ ਦੇ ਸਕਦੇ ਸਨ ਪਰ ਉਹ ਸਾਥੋਂ ਕਈ ਸਾਲ ਪਹਿਲਾਂ ਵਿੱਛੜ ਗਏ। ਉਸ ਰਾਤ ਸਾਡਾ ਸਾਰਿਆ ਦਾ ਟਿਕਾਣਾ ਜਸੋਵਾਲ ਸਾਹਿਬ ਦੇ ਗੁਰਦੇਵ ਨਗਰ ਵਾਲੇ ਆਲ੍ਹਣੇ ਵਾਲੇ ਚੁਬਾਰੇ ਵਿੱਚ ਹੀ ਸੀ । ਇਥੇ ਹੀ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਗੀਤਾਂ ਨਾਲ ਰਾਮ ਸਰੂਪ ਅਣਖੀ ਨੂੰ ਕੀਲਿਆ। ਬਰਨਾਲਾ ਪਰਤ ਕੇ ਉਸ ਗੁਰਦਾਸਪੁਰੀ ਬਾਰੇ ਕੁਝ ਲਿਖਿਆ ਵੀ ਜੱਗ ਬਾਣੀ ਅਖ਼ਬਾਰ ਵਿੱਚ। ਅਮਰਜੀਤ ਗੁਰਦਾਸਪੁਰੀ ਰੇਡੀਓ ਤੋਂ ਲੰਮਾ ਸਮਾਂ ਦੇਸ਼ ਉਸਾਰੀ, ਵਿਰਾਸਤ ਤੇ ਅਗਾਂਹਵਧੂ ਸੋਚ ਦੇ ਗੀਤ ਗਾਉਂਦਾ ਰਿਹਾ। ਉਸ ਦੇ ਰੇਡੀਉ ਕਲਾਕਾਰ ਬਣਨ ਦੀ ਕਹਾਣੀ ਵੀ ਬੜੀ ਵਚਿੱਤਰ ਹੈ। ਉਸ ਨੇ ਆਡੀਸ਼ਨ ਵਾਲਾ ਫਾਰਮ ਵੀ ਆਪ ਨਹੀਂ ਸੀ ਭਰਿਆ। ਰੇਡੀਉ ਚ ਕੰਮ ਕਰਨ ਵਾਲੇ ਕਵੀ ਸੱਤ ਪਾਲ ਤਾਲਿਬ (ਦੇਹਾਤੀ ਪ੍ਰੋਗਰਾਮ ਵਾਲੇ ਫੌਜਾ ਸਿੰਘ)ਨੇ ਹੀ ਉਸ ਦਾ ਫਾਰਮ ਭਰਿਆ, ਦਸਤਖ਼ਤ ਕੀਤੇ ਤੇ ਫੀਸ ਪੱਲਿਉਂ ਤਾਰੀ।

ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਂਨਅੰਤਰ ਤੁਰਦਾ ਉਹ ਉਹ ਕਲਾਕਾਰ ਹੈ ਜਿਸਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ । ਸ਼ਿਵ ਕੁਮਾਰ ਨੇ

ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ,

ਨੂੰ ਅਮਰਜੀਤ ਗੁਰਦਾਸਪੁਰੀ ਦੀ ਬੰਬੀ ਤੇ ਉੱਦੋਵਾਲੀ ਕਲਾਂ ਦੀਆਂ ਪੈਲ਼ੀਆਂ ਚ ਬੰਬੀ ਦੀ ਮੌਣ ਤੇ ਬਹਿ ਕੇ ਲਿਖਿਆ ਸੀ ।

ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ ਵਿਚ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਲੈ ਕੇ ਗਿਆ। ਜਿਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਕਰਦੇ ਹਨ ਕਿ ਕਿਵੇਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿੱਤ ਤੇਜ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਆਇਆ ਜੋ ਉਨ੍ਹੀ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ ।ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਅਮਰਜੀਤ ਗੁਰਦਾਸਪੁਰੀ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ । ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਵਧੀਆ ਗੀਤਕਾਰੀ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ, ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ ਲਿਖੇ, ਉਨ੍ਹਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ । ਮਿਸਾਲ ਦੇ ਤੌਰ ਤੇ

ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ ।

**
ਠੰਡੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ,
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ ।

**
ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ‘ਨੇਰ੍ਹੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪ੍ਰਭਾਤਾਂ ।

**
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ ।

ਅਮਰਜੀਤ ਗੁਰਦਾਸਪੁਰੀ ਨੂੰ ਪੰਜਾਬੀ ਸਾਹਿਤ ਸਭਾ ਧਿਆਨ ਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਅਗਵਾਈ ਦੇਣ ਦਾ ਵੀ ਮਾਣ ਮਿਲਿਆ। ਮੈਂ ਉਨ੍ਹਾਂ ਦਾ ਪਹਿਲਾ ਜਨਰਲ ਸਕੱਤਰ ਸਾਂ। ਉਨ੍ਹਾਂ ਦੀ ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ,ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਵਰਿੰਦਰ ਵਾਲੀਆ, ਪ੍ਰੇਮ ਗੋਰਖੀ,ਸੁਖਵਿੰਦਰ ਕੰਬੋਜ,ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ ਸਭਾ ਦੇ ਸਮਾਗਮ ਵਿਚ ਅਕਸਰ ਆਉਂਦੇ ਰਹੇ ।

ਮੈਨੂੰ ਉਹ ਦਿਨ ਵੀ ਯਾਦ ਹੈ ਜਦ ਅਜੇ ਦੂਰਦਰਸ਼ਨ ਕੇਂਦਰ ਜਲੰਧਰ ਨਹੀਂ ਸੀ ਬਣਿਆ।ਪੰਜਾਬ ਵਿਚ ਸਿਰਫ਼ ਉਦੋਂ ਅੰਮ੍ਰਿਤਸਰ ਤੋਂ ਹੀ ਖ਼ਬਰਾਂ ਦਾ ਬੁਲਿਟਨ ਤਿਆਰ ਹੁੰਦਾ ਸੀ । ਇਕਸ਼ਾਮ ਅਮਰਜੀਤ ਗੁਰਦਾਸਪੁਰੀ ਦੇ ਅੰਗ-ਸੰਗ ਮੈਂ ਦੂਰਦਰਸ਼ਨ ਦੇ ਨਿੱਕੇ ਜਿਹੇ ਕੋਠੀ ਨੁਮਾ ਦਫ਼ਤਰ ਵਿਚ ਗਿਆ ਜਿੱਥੇ ਉਦੋਂ ਗੋਵਰਧਨ ਸ਼ਰਮਾ ਖ਼ਬਰ ਵਾਚਕ ਸੀ, ਪੰਜਾਬੀ ਟ੍ਰਿਬਿਉਨ ਵਾਲਾ ਵੀਰ ਕਰਮਜੀਤ ਸਿੰਘ ਖ਼ਬਰਾਂ ਦਾ ਸਕਰਿਪਟ ਰਾਈਟਰ ਸੀ ਤੇ ਹਰਜੀਤ ਸਿੰਘ ਪਾਰਟ ਟਾਈਮ ਗ੍ਰਾਫਿਕ ਕਲਾਕਾਰ ਸੀ । ਚਾਹ ਦਾ ਪਿਆਲਾ ਪੀਂਦਿਆਂ ਸਾਰਿਆਂ ਨੇ ਯੋਜਨਾ ਬਣਾਈ ਕਿ ਅਮਰਜੀਤ ਗੁਰਦਾਸਪੁਰੀ ਨੂੰ ਟੈਲੀਵੀਜ਼ਨ ਲਈ ਦਿੱਲੀ ਵਾਲਿਆ ਨੂੰ ਆਖ ਕੇ ਰਿਕਾਰਡ ਕਰਵਾਈਏ । ਲਗਪਗ 32 ਵਰ੍ਹੇ ਬੀਤਣ ਮਗਰੋਂ ਅੱਜ ਜਦੋਂ ਉਹੀ ਗੋਵਰਧਨ ਸ਼ਰਮਾ ਦੂਰਦਰਸ਼ਨ ਕੇਂਦਰ ਦਾ ਸਟੇਸ਼ਨ ਡਾਇਰੈਕਟਰ ਬਣਿਆ,ਕਰਮਜੀਤ ਸਿੰਘ ਪੰਜਾਬੀ ਟਰਬਿਊਨ ਦੇ ਸਹਾਇਕ ਸੰਪਾਦਨ ਵਜੋਂ ਸੇਵਾ ਮੁਕਤ ਹੋ ਗਿਆ,ਹਰਜੀਤ ਸਿੰਘ ਵੀ ਦੂਰਦਰਸ਼ਨ ਦੀ ਉਚੇਰੀ ਕੁਰਸੀ ਨੂੰ ਉਮਰੋਂ ਪਹਿਲਾਂ ਤਿਆਗ ਕੇ ਜਲੰਧਰ ਚ ਫਿਲਮ ਨਿਰਦੇਸ਼ਨ ਕਰ ਰਿਹੈ ਪਰ ਅਮਰਜੀਤ ਗੁਰਦਾਸਪੁਰੀ ਨੂੰ ਕੋਈ ਵੀ ਦੂਰਦਰਸ਼ਨ ਦਾ ਸਕਰੀਨ ਹਿੱਸਾ ਨਾ ਬਣਾ ਸਕਿਆ। ਹਾਂ ਇੱਕ ਵਾਰ ਗਲਤੀ ਨਾਲ ਕਿਸੇ ਹੈਂਕੜਬਾਜ਼ ਪ੍ਰੋਡਿਊਸਰ ਨੇ ਉਸਨੂੰ ਬੁਲਾ ਲਿਆ ਪਰ ਆਪਣੇ ਨਾਲ ਸਾਜਿੰਦੇ ਨਾ ਲਿਆਉਣ ਕਾਰਨ ਤਲਖ਼ ਕਲਾਮੀ ਕੀਤੀ, ਜਿਸਦੇ ਵਿਰੋਧ ਵਜੋਂ ਅਮਰਜੀਤ ਗੁਰਦਾਸਪੁਰੀ ਨੇ ਰਿਕਾਰਡਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ ।ਪਿੰਡ ਪਰਤ ਕੇ ਮੈਨੂੰ ਫੋਨ ਕੀਤਾ।

ਮੈਂ ਸੁੱਚੇ ਮੂੰਹ ਪਰਤ ਆਇਆ ਹਾਂ। ਮੂਡ ਹੀ ਖ਼ਰਾਬ ਕਰ ਦਿੱਤਾ, ਮਸ਼ੀਨੀ ਜਹੇ ਬੰਦੇ ਨੇ।

ਬਹੁਤ ਬਾਦ ਵਿੱਚ ਓਮ ਗੌਰੀ ਦੱਤ ਸ਼ਰਮਾ ਤੇ ਡਾਃ ਲਖਵਿੰਦਰ ਜੌਹਲ ਨੇ ਜ਼ਰੂਰ ਉਸ ਨੂੰ ਸਾਡੀ ਪ੍ਰੇਰਨਾ ਨਾਲ ਪੇਸ਼ ਕੀਤਾ।

ਸਵੈਮਾਣ ਅਤੇ ਆਪਣੇ ਆਦਰਸ਼ ਤੇ ਪਹਿਰੇਦਾਰੀ ਦੇਂਦਾ ਅਮਰਜੀਤ ਗੁਰਦਾਸਪੁਰੀ 1962 ਤੋਂ ਲਗਾਤਾਰ ਅਕਾਸ਼ ਬਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ। ਉਸਦੇ ਗਾਏ ਗੀਤਾਂ ਨੂੰ ਅਕਾਸ਼ ਬਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਉਸ ਸਮਝੌਤਾ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸਨੇ ਕਦੇ ਪੱਠੇ ਨਹੀਂ ਸੀ ਪਾਏ । ਉਸਦੇ ਯਤਨਾਂ ਸਦਕਾ ਹੀ ਇਸ ਇਲਾਕੇ ਵਿਚ ਸੰਗੀਤ ਨੂੰ ਵੀ ਅਜਿਹੇ ਸੁਰੀਲੇ ਲੋਕ ਮਿਲੇ ਜਿੰਨ੍ਹਾਂ ਨੇ ਕਦੇ ਅਸ਼ਲੀਲ ਬੋਲਾਂ ਨਾਲ ਆਪਣੇ ਕੰਠ ਤੇ ਨਹੀਂ ਲਿਆਂਦਾ।

ਮੈਂ ਇਹ ਗੱਲ ਹਮੇਸ਼ਾਂ ਚੇਤੇ ਕਰਕੇ ਆਪਣੇ ਆਪ ਨੂੰ ਵਡਿਆ ਲੈਂਦਾ ਹਾਂ ਕਿ ਮੇਰਾ ਇਕ ਪੁਰਖਾ ਅਮਰਜੀਤ ਗੁਰਦਾਸਪੁਰੀ ਹੈ ਜਿਸਦੇ ਗੀਤਾਂ ਨੂੰ ਬਚਪਨ ਤੋਂ ਸੁਣਦਿਆਂ-ਸੁਣਦਿਆਂ ਆਪਣੇ ਅੰਦਰ ਉਹ ਨਿਜ਼ਾਮ ਉਸਾਰ ਲਿਆ ਹੈ ਜਿਸਨੂੰ ਲੋਕ ਸੰਗੀਤ ਸੂਝ ਆਖਦੇ ਨੇ ।

ਮੈਂ ਇਕੱਲਾ ਨਹੀਂ ਮੇਰੇ ਨਾਲ ਤੁਰਦੇ ਕਾਫ਼ਲੇ ਵਿਚ ਵਰਿਆਮ ਸਿੰਘ ਸੰਧੂ ਵੀ ਹੈ, ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਜਸਵੰਤ ਸਿੰਘ ਕੰਵਲ ਤੇ ਜਗਦੇਵ ਸਿੰਘ ਜਸੋਵਾਲ ਵੀ ਸੀ,ਗੁਰਪ੍ਰੀਤ ਸਿੰਘ ਤੂਰ , ਡਾਃ ਸੁਮੇਲ ਸਿੰਘ ਸਿੱਧੂ,ਤੇ ਤੇਜਪ੍ਰਤਾਪ ਸਿੰਘ ਸੰਧੂ ਵੀ ਹਨ।

ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਲਗਾਤਾਰ ਰੱਜ ਕੇ ਸੁਣਿਆ ਹੈ ।

92 ਬਹਾਰਾਂ ਤੇ ਪੱਤਝੜਾਂ ਹੰਢਾ ਕੇ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਨਿੱਕੇ ਪੁੱਤਰ ਨਵਨੀਤ ਤੇ ਪਰਮਸੁਨੀਲ ਦੀ ਮੌਤ ਨੇ ਉਸ ਨੂੰ ਵਿੰਨ੍ਹ ਸੁੱਟਿਆ ਸੀ। ਪਰ ਉਹ ਹਰ ਮੌਸਮ ਨੂੰ ਖਿੜੇ ਮੱਥੇ ਸਹਾਰਦਾ ਸਾਥੋਂ ਦੂਰ ਬਹੁਤ ਦੂਰ ਤੁਰ ਗਿਆ। ਜੈਕਸਨ(ਅਮਰੀਕਾ) ਵੱਸਦੇ ਉਸ ਦੇ ਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਦਾ ਕਹਿਣਾ ਹੈ, 24 ਫਰਵਰੀ ਤੀਕ ਮੇਰੇ ਲਈ ਭਾਰਤ 'ਚ ਦੋ ਸੂਰਜ ਚੜ੍ਹਦੇ ਸਨ, ਇੱਕ ਲੋਕਾਂ ਵਾਲਾ ਤੇ ਦੂਸਰਾ ਮੇਰੇ ਬਾਬਲ ਵਾਲਾ। ਇੱਕ ਸੂਰਜ ਡੁੱਬਣ ਨਾਲ ਸਾਡਾ ਸੰਸਾਰ ਹਨ੍ਹੇਰਾ ਹੋ ਗਿਆ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ