Siharfian : Pir Ghulam Jilani
ਸੀਹਰਫ਼ੀਆਂ : ਪੀਰ ਗ਼ੁਲਾਮ ਜੀਲਾਨੀ
ਅਲਫ਼-ਆਓ ਭਗਤੋ ਸਤਸੰਗ ਕਰੀਏ,
ਬਚਨ ਲਾਭਦਾਇਕ ਦਸਾਂ ਪਿਆਰਿਆ ਓ।
ਪਰਸੁਆਰਥ ਪਰਮਾਰਥ ਤਿਆਗ ਬੈਠਾ,
ਨੀਮ ਧਰਮ ਕਿਉਂ ਮਨੋਂ ਬਸਾਰਿਆ ਓ।
ਫਸ ਕੇ ਵਿਚ ਸੰਸਾਰ ਦਿਆਂ ਕਾਰਜਾਂ ਦੇ,
ਮਹਾ ਮੋੜ ਹੋਇਆ ਮਤ ਮਾਰਿਆ ਓ।
ਨਾਮ ਦਾਨ ਗਿਆਨ ਇਸ਼ਨਾਨ ਤਜ ਕੇ,
ਕਦੇ ਰਹੇਂ ਨਾ ਸੁਖੀ ਨਕਾਰਿਆ ਓ।
ਰਹਿਣਾ ਸੁਖ ਪਵਿੱਤਰ ਸੰਸਾਰ ਅੰਦਰ,
ਮਾਰਗ ਸਤ ਇਹ ਸਤਿਗੁਰਾਂ ਤਾਰਿਆ ਓ।
ਕੀਤੀ ਜਿਨ੍ਹਾਂ ਉਪਾਸਨਾ ਪਾਠ ਪੂਜਾ,
ਓਹੋ ਹਰੀ ਨੇ ਪਾਰ ਉਤਾਰਿਆ ਓ।
ਬੇ- ਬਚਨ ਮਹਾਪੁਰਸ਼ਾਂ ਬੈਠ ਸੁਣੀਂ,
ਯਾ ਗਿਆਨ ਗ੍ਰੰਥ ਵਿਚਾਰ ਪਿਆਰੇ।
ਜੋ ਕੁਝ ਪੜ੍ਹੀਂ ਸੁਣੀਂ ਫੇਰ ਮਨ ਲਈਂ,
ਨਾਲੇ ਸਮਝ ਨਾ ਸਮਝ ਬੇਗਾਰ ਪਿਆਰੇ।
ਨਿਤ ਸੋਚਦੇ ਸੋਚਦੇ ਸਮਝ ਆਵੇ,
ਲਗੀ ਨਿਤ ਅਨੰਤ ਦੀ ਸਾਰ ਪਿਆਰੇ।
ਜਿਨ੍ਹਾਂ ਸੋਚਿਆ ਸਮਝਿਆ ਜਾਨ ਲੀਆ,
ਸਿਖ਼ਸ਼ਾ ਸਤਿਗੁਰਾਂ ਤੋਂ ਅੰਤਕਾਰ ਪਿਆਰੇ।
ਬਾਝੋਂ ਸਤਿਗੁਰਾਂ ਗਿਆਨ ਤੇ ਮੁਕਤ ਨਾਹੀਂ,
ਰਹੇ ਵੇਦ ਗ੍ਰੰਥ ਪੁਕਾਰ ਪਿਆਰੇ।
ਗ਼ੁਲਾਮ ਜੀਲਾਨੀ ਸ਼ਾਹ ਸਤਿ ਵਲ ਚਿਤੁ ਲਾਈਂ,
ਮਨੋਂ ਦਈਂ ਅਸੱਤ ਵਿਸਾਰ ਪਿਆਰੇ।
ਤੇ- ਤੁਰ ਗਏ ਪਰਲੋਕ ਅੰਦਰ,
ਜਿਨ੍ਹਾਂ ਜੋਗ ਮਾਰਗ ਚਿੱਤ ਧਾਰ ਲਿਆ।
ਅੱਠ ਅੰਗ ਫਿਰ ਜੋਗ ਦੇ ਸਮਝ ਪਿਆਰੇ,
ਨਿਤ ਆਪਣਾ ਚਿਤ ਸੁਧਾਰ ਲਿਆ।
ਜੋਗ ਜਤਨ ਦੇ ਨਾਲ ਚਿਤ ਚੋਰ ਤਾਈਂ,
ਕਾਬੂ ਕੀਤਾ ਤੇ ਠੀਕ ਖਲ੍ਹਿਆਰ ਲਿਆ।
ਵਿਚ ਸਗਲ ਸੰਸਾਰ ਬਿਆਪਦਾ ਜੋ,
ਮੰਨ ਉਸ ਨੂੰ ਸਤਿ ਕਰਤਾਰ ਲਿਆ।
ਆਦਿ ਅੰਤ ਪਰਗਟ ਜਾਣ ਉਸ ਨੂੰ,
ਇੱਕੋ ਨਾਮ ਪ੍ਰਭੂ ਹਿਰਦੇ ਧਾਰ ਲਿਆ।
ਗ਼ੁਲਾਮ ਜੀਲਾਨੀ ਸ਼ਾਹ ਜੀਵਨ-ਮੁਕਤ ਹੋ ਗਏ,
ਜਿਨ੍ਹਾਂ ਕਟ ਕਮੰਦ ਸੰਸਾਰ ਲਿਆ।
ਸੇ - ਸਾਬਤ ਹੋ ਗਿਆ ਜਦੋਂ ਤੈਨੂੰ,
ਆਤਮ ਬੋਧ ਹੈ ਗਿਆਨ ਭੰਡਾਰ ਪਿਆਰੇ।
ਫਿਰ ਤੀਰਥਾਂ ਦੇ ਵਲ ਨੱਸ ਨਾਹੀਂ,
ਲਈਂ ਆਪਣਾ ਆਪ ਬਿਚਾਰ ਪਿਆਰੇ।
ਖਾਣ ਪਾਣ ਪਹਿਰਾਨ ਦੇ ਵਿਚ ਫਸ ਕੇ,
ਨਾਹੀਂ ਆਪਣੀ ਉਮਰ ਗੁਜ਼ਾਰ ਪਿਆਰੇ।
ਜਿਹੜੇ ਮਨ ਦੇ ਮੰਨਦੇ ਬਚਨ ਰਹੇ,
ਸੈਨਾਪਤੀ ਜੋਧੇ ਗਏ ਹਾਰ ਪਿਆਰੇ।
ਅੰਗੀਕਾਰ ਕਰ ਕੇ ਬਚਨ ਸਾਧੂਆਂ ਦੇ,
ਬੇੜੇ ਪਾਪਾਂ ਦੇ ਹੋ ਗਏ ਪਾਰ ਪਿਆਰੇ।
ਗ਼ੁਲਾਮ ਜੀਲਾਨੀ ਸ਼ਾਹਾ ਬਿਨਾ ਬਾਸਨਾ ਦੇ,
ਇਹ ਸੰਸਾਰ ਹੈ ਫੁੱਲ ਕਚਨਾਰ ਪਿਆਰੇ।
ਜੀਮ-ਜਤਨ ਤੂੰ ਭਰਮ ਦਾ ਸਿਖ ਕੋਈ,
ਲਈਂ ਟੋਲ ਮਹਾਤਮਾ ਪੂਰਿਆਂ ਨੂੰ।
ਲਈਂ ਸਮਝ ਵਵੇਕ ਨੂੰ ਚਿਤ ਲਾ ਕੇ,
ਹੋਰ ਛੱਡ ਦੇ ਪੰਥ ਅਧੂਰਿਆਂ ਨੂੰ।
ਪੰਥ ਇਕ ਦੂਜੇ ਨਾਲ ਪਏ ਲੜਦੇ,
ਆਈ ਮਤ ਨਾ ਬੇਸ਼ਊਰਿਆਂ ਨੂੰ।
ਇਲਮ ਸਰਸੋਂ ਤੇ ਅਮਲ ਹੈ ਤੇਲ ਉਸ ਦਾ,
ਕਰੇ ਚਾਨਣਾ ਦਿਲਾਂ ਬੇ-ਨੂਰਿਆਂ ਨੂੰ।
ਅੰਮ੍ਰਿਤ ਸਾਗਰ ਨੂੰ ਛੱਡ ਜਲ ਪੀਣ ਯਾਰੀ,
ਮੂਰਖ ਚੁੰਮਦੇ ਫਿਰਨ ਕਤੂਰਿਆਂ ਨੂੰ।
ਗ਼ੁਲਾਮ ਜੀਲਾਨੀ ਗਿਆਨ ਬਿਨ ਮੁਕਤ ਨਾਹੀਂ,
ਮੱਤਾਂ ਕੌਣ ਦੇਵੇ ਮੂਰਖ ਮੂਰਿਆਂ ਨੂੰ।
ਹੇ- ਹਰ ਗਈ ਮਿੱਤਰਾ ਉਮਰ ਸਾਰੀ,
ਅਧੋਗਤੀ ਵਿਚ ਸਵਾਸ ਗੁਜ਼ਾਰ ਦਿੱਤੇ।
ਕਦਰ ਕੀਤਾ ਨਾ ਮੋਤੀਆਂ ਹੀਰਿਆਂ ਦਾ,
ਖ਼ਾਕ ਵਿਚ ਤੈਂ ਸਾਰੇ ਖਿਲਾਰ ਦਿੱਤੇ।
ਲਾਲ ਸਮਝ ਗੋਲੇ ਪਿਛੇ ਪੰਛੀਆਂ ਦੇ,
ਰਖ ਵਿਚ ਗ਼ੁਲੇਲ ਦੇ ਮਾਰ ਦਿੱਤੇ।
ਪਛੋਤਾਇਆਂ ਤੇ ਫਿਰ ਕੀ ਹੱਥ ਆਵੇ,
ਜਦੋਂ ਵਿਚ ਜੂਏ ਹੀਰੇ ਹਾਰ ਦਿੱਤੇ।
ਸੰਤ ਮੰਡਲੀ ਵਿਚ ਰਲ ਗਏ ਜਿਹੜੇ,
ਓਹੀ ਹਰੀ ਨੇ ਪਾਰ ਉਤਾਰ ਦਿੱਤੇ।
ਗ਼ੁਲਾਮ ਜੀਲਾਨੀ ਜਿੰਨ੍ਹਾਂ ਸੋਹੰਗ ਜਾਪ ਜਪੇ,
ਬੇੜੇ ਉਨ੍ਹਾਂ ਦੇ ਜਾਪ ਨੇ ਤਾਰ ਦਿੱਤੇ।
ਖ਼ੇ- ਖ਼ਿਆਲ ਕਰ ਜ਼ਰਾ ਨਾ ਸੋਚਿਆ ਈ,
ਮਨੋਂ ਸੁਧ ਸਰੂਪ ਭੁਲਾ ਬੈਠਾ।
ਥੈਲਾ ਚੰਮ ਦਾ ਦਿਹ ਵਿਚ ਹੱਡ ਵਿਸ਼ਟਾ,
ਜਿਹਦੇ ਨਾਲ ਹੈ ਮਨ ਪਰਚਾ ਬੈਠਾ।
ਫਾਹੀ ਕਾਮਨਾ ਦੀ ਵਿਚ ਫਸ ਗਿਆ ਤੂੰ,
ਰਚਨਾ ਮੰਡਲ ਵਿਚ ਚਿਤ ਫਸਾ ਬੈਠਾ।
ਚਰਨ ਮਾਰ ਕੇ ਪਰੇ ਕਰ ਚਾਹਨਾ ਨੂੰ,
ਜ਼ਹਿਰ ਸ਼ਹਿਦ ਦੇ ਵਿਚ ਨਾ ਖਾ ਬੈਠਾ।
ਛੱਡ ਫੁੱਲ ਗੁਲਾਬ ਚੰਬੇਲੀਆਂ ਨੂੰ,
ਛਤਰ ਥੋਹਰਾਂ ਵਿਚ ਕਿਉਂ ਆ ਬੈਠਾ।
ਕਾਇਆਂ ਕੈਦ ਦੀ ਕੋਠੜੀ ਛਡ ਉਸ ਨੂੰ,
ਗ਼ੁਲਾਮ ਜੀਲਾਨੀ ਸ਼ਾਹ ਬਹੁਤ ਸਮਝਾ ਬੈਠਾ।
ਦਾਲ- ਦਬ ਗਿਆ ਕਾਮਨਾ ਹੇਠ ਆ ਕੇ,
ਜਦੋਂ ਲਗੀਆਂ ਚੜ੍ਹਨ ਜਵਾਨੀਆਂ ਓ।
ਸਿੱਧੇ ਰਾਹ ਹੁਣ ਮਿੱਤਰਾ! ਭੁਲ ਗਏ,
ਫਿਰੇਂ ਝਾਕਦਾ ਤਰਫ਼ ਜ਼ਨਾਨੀਆਂ ਓ।
ਜਿਥੇ ਸੰਤ ਬਿਰਾਜੇ ਨਾ ਜਾਏਂ ਉਥੇ,
ਨਾਰਾਂ ਤੱਕਦਾ ਫਿਰੇਂ ਬੇਗਾਨੀਆਂ ਓ।
ਜ਼ਾਹਰੀ ਰੂਪ ਰੰਗ ਵੇਖ ਕੇ ਭੁਲ ਗਿਆ,
ਮਲ ਮੂਤਰ ਦਾ ਥੈਲਾ ਇਹ ਰਾਨੀਆ ਓ।
ਵੇਦ ਸ਼ਾਸ਼ਤਰ ਕਥਾ ਨਾ ਕਦੀ ਸੁਣੇਂ,
ਸੁਣਦਾ ਡੂੰਮਾਂ ਦੀਆਂ ਫਿਰੇਂ ਕਹਾਨੀਆਂ ਓ।
ਬੁਰੀ ਲਗਦੀ ਗੱਲ ਨਸੀਹਤਾਂ ਦੀ,
ਮਨ ਭਾਂਦੀਆਂ ਖੋਟੀਆਂ ਬਾਣੀਆਂ ਓ।
ਜ਼ਾਲ- ਜ਼ਰਾ ਨਾ ਸੋਚਿਆ ਮੂਰਖਾ ਓ,
ਸਾਰੇ ਆਪਣੇ ਕੰਮ ਵਿਗਾੜ ਬੈਠਾ।
ਭਜਨ ਵਕਤ ਹੈ ਨੀਂਦ ਨੇ ਜ਼ੋਰ ਪਾਇਆ,
ਬਿਸ਼ੇ ਕਾਰਨੇ ਅੱਖ ਉਘਾੜ ਬੈਠਾ।
ਸੋਧਣ ਸਾਧਣ ਸੁਧੀ ਕੀਤਾ ਕੁਝ ਨਹੀਂ,
ਸਿਰ ਤੇ ਪਾਪਾਂ ਦਾ ਚੁਕ ਪਹਾੜ ਬੈਠਾ।
ਵਿਸ਼ੇ ਭੋਗਦੇ ਦੀ ਆ ਗਈ ਬਿਰਧ ਅਵਸਥਾ,
ਹੱਥੋਂ ਉਮਰ ਦਾ ਖੇਤ ਉਜਾੜ ਬੈਠਾ।
ਜਗਤ ਜਿਤਣੇ ਨਾਲੋਂ ਤੂੰ ਜਿੱਤ ਜਾਈ;
ਖ਼ੁਦੀ ਜੜ੍ਹਾਂ ਤੋਂ ਜਦੋਂ ਉਖਾੜ ਬੈਠਾ।
ਮਾਰਗ-ਮੁਕਤ ਉਤੇ ਨਾਹੀਂ ਚਲਿਆ ਤੂੰ,
ਗ਼ੁਲਾਮ ਜੀਲਾਨੀ ਕੀ ਸਮਝ ਵਿਚਾਰ ਬੈਠਾ?
ਰੇ- ਰਜਿਆ ਭੋਗਾਂ ਨੂੰ ਭੋਗਦਾ ਨਾ,
ਕਾਹਨੂੰ ਫਸ ਭੋਗਾਂ ਵਿਚ ਪੈ ਗਿਆ ਓ।
ਭਜਨ ਹਰੀ ਦੇ ਵਲ ਨਾ ਚਿੱਤ ਲਾਇਆ,
ਬਿਸ਼ੇ ਭੋਗਦਾ ਭੋਗਦਾ ਰਹਿ ਗਿਆ ਓ।
ਇਹ ਹੈ ਜਗ ਮਿੱਠਾ, ਅਗਾ ਕਿੰਨ ਡਿੱਠਾ,
ਇਹ ਅਸ਼ੁਭ ਖ਼ਿਆਲ ਮਨਿ ਬਹਿ ਗਿਆ ਓ।
ਸ਼ੁਭ ਕਰਮ ਇਹੋ ਬਿਸ਼ੇ ਵਸ ਕਰੀਂ,
ਰਿਹਦਿਉਂ ਹਰੀ ਦਾ ਪ੍ਰੇਮ ਕਿਉਂ ਲਹਿ ਗਿਆ ਓ।
ਗ਼ੁਲਾਮ ਜੀਲਾਨੀ ਸ਼ਾਹ ਬਿਸ਼ ਨੇ ਵੱਸ ਕੀਤੇ,
ਉੱਜਲ ਬੁਧ ਉਤੇ ਪਰਦਾ ਪੈ ਗਿਆ ਓ।
ਜ਼ਾਲ -ਜ਼ਹਿਰ ਸਭ ਭੋਗ ਬਿਲਾਸ ਸਮਝੇਂ,
ਮਹਾਂ ਪੁਰਸ਼ ਇਹ ਗੱਲ ਸਮਝਾਉਂਦੇ ਨੇ।
ਜਿਹੜੇ ਜੀਓ ਨੂੰ ਭੋਗਾਂ ਦੀ ਇਛਿਆ ਏ,
ਉਹੋ ਜੋਗ ਤੋਂ ਚਿੱਤ ਚੁਰਾਉਂਦੇ ਨੇ।
ਮਨ ਕਾਮਨਾ ਵਲ ਨਾ ਜਾਏ ਤੇਰਾ,
ਗਿਆਨੀ, ਗੁਣੀ ਇਹ ਬਚਨ ਬਤਾਉਂਦੇ ਨੇ।
ਜਿਹੜੇ ਕਾਮਨਾ ਤਿਆਗ ਰਾਹ ਜੋਗ ਚਲੇ,
ਸੁਖ ਲੋਕ ਪਰਲੋਕ ਵਿਚ ਪਾਉਂਦੇ ਨੇ।
ਪਾਪ ਦੋਸ਼ ਤਿਆਗ ਨਿਰਲੇਪ ਹੋ ਗਏ,
ਸ਼ੁਭ ਸੰਕਲਪ ਦੀ ਗੰਗਾ ਨਹਾਉਂਦੇ ਨੇ।
ਗ਼ੁਲਾਮ ਜੀਲਾਨੀ ਸ਼ਾਹ ਪ੍ਰੇਮ ਦੀ ਨਹਾਏ ਗੰਗਾ,
ਮਨੋਂ ਸਭ ਜੰਗਾਲ ਲਹਿ ਜਾਉਂਦੇ ਨੇ।
ਸੀਨ- ਸਾਗਰ ਹੈ ਤੇਰਾ ਘੱਟ ਪਿਆਰੇ,
ਉਥੇ ਕਰੇਂ ਤਲਾਸ਼ ਤੂੰ ਮੋਤੀਆਂ ਨੂੰ।
ਅੱਖਾਂ ਕੰਨ ਮੂੰਹ ਬੰਦ ਕਰ ਮਾਰ ਗੋਤਾ;
ਨਾਹੀਂ ਕਰੇਂ ਖਰਾਬ ਖਾ ਰੋਟੀਆਂ ਨੂੰ।
ਬਿਨਾਂ ਜੋਗ ਅਭਿਆਸ ਨਾ ਕੁਝ ਮਿਲਦਾ,
ਭਾਵੇਂ ਦੇਖ ਕਿਤਾਬਾਂ ਤੇ ਪੋਥੀਆਂ ਨੂੰ।
ਬਿਨਾਂ ਭਜਨ ਦੇ ਭੇਖ ਨਹੀਂ ਲਾਭਦਾਇਕ,
ਪਹਿਨੀਂ ਫਿਰੇਂ ਕੀ ਸੇਹਲੀਆਂ ਟੋਪੀਆਂ ਨੂੰ।
ਮਨ ਕਾਮਨਾ ਦੇ ਵਲੋਂ ਮੋੜਿਆ ਨਹੀਂ,
ਬਣ ਸਾਧ ਗਿਆ ਬੰਨ੍ਹ ਲੰਗੋਟੀਆਂ ਨੂੰ।
ਗ਼ੁਲ਼ਾਮ ਜੀਲਾਨੀ ਸਭ ਇੰਦਰੇ ਰੋਕ ਬੈਠੀਂ,
ਹੱਥ ਮਗਨਤਾ ਦੀ ਪੈ ਜਾਏ ਚੋਟੀਆਂ ਨੂੰ।
ਸ਼ੀਨ- ਸ਼ੁਭ ਕਰਮ ਕਰੇਂ, ਤੇਰੀ ਗਤੀ ਹੋਵੇ,
ਪ੍ਰਿਥਮ ਜਾਪ ਦੀ ਸਿਖ ਤਦਬੀਰ ਪਿਆਰੇ।
ਭਗਤ ਭਜਨ ਦੇ ਨਾਲ ਪ੍ਰੀਤ ਰਖਣ,
ਭਜਨ ਕਰਨ ਜੋ ਭਲੇ ਸਰੀਰ ਪਿਆਰੇ।
ਸੰਤ ਫਾਹੀਆਂ ਸਭ ਕਟ ਆਜ਼ਾਦ ਹੋਏ,
ਤੋੜੇ ਤਾਗਿਆਂ ਵਾਂਗ ਜ਼ੰਜੀਰ ਪਿਆਰੇ।
ਛਡ ਕਾਮਨਾ ਮਿਲੇ ਪ੍ਰਮਾਤਮਾ ਨੂੰ,
ਹਰੀ ਨਾਲ ਹੋਏ ਖੰਡ ਖੀਰ ਪਿਆਰੇ।
ਸਾਰੇ ਜਗਤ ਫ਼ਕੀਰ ਦੀ ਬਾਦਸ਼ਾਹੀ.
ਅਸਲ ਬਾਦਸ਼ਾਹ ਸੰਤ ਫ਼ਕੀਰ ਪਿਆਰੇ।
ਦਰਸ਼ਨ ਇੰਨ੍ਹਾਂ ਦੇ ਸਗਲ ਬ੍ਰਹਿਮੰਡ ਕਰਦਾ,
ਸੇਵਾਦਾਰ ਅਮੀਰ ਵਜ਼ੀਰ ਪਿਆਰੇ।
ਸੁਆਦ- ਸਬਰ ਦੇ ਨਾਲ ਰਾਹ ਜੋਗ ਚਲੀਂ,
ਚੰਚਲਤਾਈ ਦੇ ਵਿਚ ਨਾ ਆ ਪਿਆਰੇ।
ਧੀਰੇ ਧੀਰੇ ਚਲ ਜੋਗ ਦੇ ਰਾਹ ਉਤੇ,
ਨੱਠ ਭਜ ਨਾ ਠੋਕਰਾਂ ਖਾ ਪਿਆਰੇ।
ਜਲਦਬਾਜ਼ ਬਾਜ਼ੀ ਜਲਦੀ ਹਾਰ ਜਾਂਦੇ,
ਸਹਿਜ ਸਹਿਜ ਤੂੰ ਜੋਗ ਕਮਾ ਪਿਆਰੇ।
ਸ਼ੁਭ ਕਰਮ ਤੇ ਧਰਮ ਵਲ ਚਿਤ ਲਾ ਕੇ,
ਹਿਰਦੇ ਹਰੀ ਦਾ ਪ੍ਰੇਮ ਟਿਕਾ ਪਿਆਰੇ।
ਸਹਿਜ ਸਹਿਜ ਹਿਰਦਾ ਨਿਰਲੇਪ ਹੋ ਕੇ,
ਦਿਓ ਹੋਰ ਹੀ ਰੰਗ ਦਿਖਾ ਪਿਆਰੇ।
ਜਿਹੜਾ ਸਹਿਜ ਪੱਕੇ ਸੋਈ ਹੋਏ ਮਿੱਠਾ,
ਗ਼ੁਲਾਮ ਜੀਲਾਨੀ ਇਹ ਕਹਿਣ ਦਾਨਾਅ ਪਿਆਰੇ।
ਜ਼ੁਆਦ- ਜ਼ਬਤ ਕਰ ਇੰਦਰੇ ਸਭ ਜੋਗੀ,
ਏਥੇ ਸਬਕ ਫ਼ਨਾ ਦਾ ਪੜ੍ਹੀਦਾ ਏ।
ਜੋਗ ਵਿਦਿਆ ਸਿਖ ਕੇ ਸਤਿਗੁਰਾਂ ਤੋਂ,
ਨਿੱਤ ਆਪਣੇ ਮਨ ਨਾਲ ਲੜੀਦਾ ਏ।
ਜੋਗਿ ਸਤਿ ਬਿਰਤੀ ਨਿਰਾਧਾਰ ਪਿਆਰੇ,
ਚਿਤ ਇਕ ਪਾਸੇ ਵਲ ਕਰੀਦਾ ਏ।
ਹੋਰ ਸਭ ਪ੍ਰੀਤਾਂ ਤਿਆਗ ਮਨੋਂ,
ਹਿਰਦੇ ਪ੍ਰੇਮ ਪ੍ਰਮਾਤਮਾ ਧਰੀਦਾ ਏ।
ਮਾਲਾ ਤਸਬੀਆਂ ਛੱਡ, ਨਾ ਪਾ ਰੌਲਾ,
ਵਿਹੜੇ ਚੁਪ ਹੋ ਯਾਰ ਦੇ ਵੜੀਦਾ ਏ।
ਗ਼ੁਲਾਮ ਜੀਲਾਨੀ ਪ੍ਰਮਾਤਮਾ ਦੇਵੇ ਦਰਸ਼ਨ,
ਸਿੱਧਾ ਰਾਹ ਜਦ ਮਿੱਤਰਾ ਫੜੀਦਾ ਏ।
ਅਲਫ਼-ਅੰਤ ਸਮੇਂ ਉਹੋ ਗੱਲ ਸੁੱਝੇ,
ਜੀਹਦੇ ਵਿਚ ਹੈ ਉਮਰ ਗੁਜ਼ਾਰ ਲਈ।
ਤੇਰੀ ਬਾਸ਼ਨਾ ਕਦੇ ਨਾ ਮੁਕਦੀ ਏ,
ਇਕ ਹੋਈ ਪੂਰੀ, ਦੂਜੀ ਧਾਰ ਲਈ।
ਤੇਰਾ ਚਿਤ ਹੈ ਬਿਸ਼ਿਆਂ ਨੇ ਕੈਦ ਕੀਤਾ,
ਹਿਰਦਿਉਂ ਹਰੀ ਦੀ ਪ੍ਰੀਤ ਵਿਸਾਰ ਲਈ।
ਚੰਨਣ ਬਾਗ਼ ਨੂੰ ਅੱਗ ਲਾ ਬੈਠ ਸੇਕੇਂ,
ਮੱਤ ਮੂਰਖਾ ਬਿਸ਼ਿਆਂ ਨੇ ਮਾਰ ਲਈ।
ਧਨ ਧਰਮ ਵਾਲੇ ਚਲ ਪਾਸ ਅਗੇ,
ਚਿਤ ਚਾਹੇ ਜੋ ਮੌਜ ਬਹਾਰ ਲਈ।
ਹੋਰ ਸਭ ਪ੍ਰੀਤੀਆਂ ਤਿਆਗ ਮਨੋਂ,
ਉਤਮ ਜਾਣ ਪ੍ਰਮਾਤਮਾ ਪਿਆਰ ਲਈ।
ਨੌਂ-ਦਵਾਰੀ ਨਗਰ ਦਿਆ ਨੰਬਰਦਾਰਾ!
ਨੇਤਰ ਪੱਟ ਤਾਂ ਮੁਆਮਲਾ ਮੰਗਦੇ ਨੇ।
ਸਾਰਾ ਖੱਟਿਆ ਵੱਟਿਆ ਰੋੜ੍ਹ ਬੈਠਾ,
ਤੇਰੇ ਸਵਾਸ ਗਏ ਭਾੜੇ ਭੰਗ ਦੇ ਨੇ।
ਖਾਣ ਪੀਣ ਤੇ ਨੀਂਦ ਵਿਚ ਵਕਤ ਗੁਜ਼ਰੇ,
ਨਿਤ ਭੋਗ ਭੋਗੇ ਰੰਗ ਰੰਗ ਦੇ ਨੇ।
ਗ਼ੁਲਾਮ ਜੀਲਾਨੀ ਸ਼ਾਹ ਰਹਿ ਗਿਆ ਪੱਛਤਾਵਾ,
ਨਾ ਕੋਈ ਕੰਮ ਕੀਤੇ ਕਿਸੇ ਢੰਗ ਦੇ ਨੇ।
ਯੇ- ਯਾਰ ਹੈ ਜੋਤੀ ਸਰੂਪ ਅੰਦਰ,
ਹਿਰਦੇ ਵਿਚ ਤੇਰੇ ਲਾਏ ਹਰੀ ਡੇਰੇ।
ਡੋਰਾਂ ਮਣਕਿਆਂ ਵਿਚ ਲੁਕ ਬਣੀ ਮਾਲਾ,
ਇਸੇ ਤਰ੍ਹਾਂ ਪਿਆਰਿਆ ਹਰੀ ਨੇੜੇ।
ਅੰਤਰ ਧਿਆਨੀ ਹੋ ਕੇ ਜ਼ਰਾ ਦੇਖ ਗਿਆਨੀ,
ਮਦਨ ਮੋਹਨ ਦੀ ਮੂਰਤੀ ਵਿਚ ਤੇਰੇ।
ਅਪਣ ਰੂਪ ਵਿਚ ਜੋਤੀ ਸਰੂਪ ਦੇਖੀਂ,
ਕਾਹਨੂੰ ਤੀਰਥੀਂ ਮਾਰਦਾ ਫਿਰੇਂ ਫੇਰੇ?
ਜਦੋਂ ਨ੍ਹਾਵੇਂ ਪ੍ਰੇਮ ਦੀ ਵਿਚ ਗੰਗਾ,
ਫੇਰ ਮੁਕ ਜਾਸਣ ਤੇਰੇ ਕੁਲ ਝੇੜੇ।
ਗ਼ੁਲਾਮ ਜੀਲਾਨੀ ਜਦ ਸਤਿਗੁਰਾਂ ਦਿਆ ਕੀਤੀ,
ਨੇਤਰ ਅੰਤਰੇ ਜਾਣਗੇ ਖੁਲ੍ਹ ਤੇਰੇ।