Shikhar Dupehar (Punjabi Ghazlan) : Rauf Sheikh
ਸ਼ਿਖਰ ਦੁਪਹਿਰ (ਪੰਜਾਬੀ ਗ਼ਜ਼ਲਾਂ) : ਰਊਫ਼ ਸ਼ੇਖ਼
ਗੱਲ 'ਤੇ ਪਹਿਰਾ ਦਿੰਦਾ ਭਾਵੇਂ
ਗੱਲ 'ਤੇ ਪਹਿਰਾ ਦਿੰਦਾ ਭਾਵੇਂ ਕੱਲਮ-ਕੱਲਾ ਹੁੰਦਾ । ਵੇਲੇ ਵਾਂਗੂੰ ਜੇ ਨਾ ਮੇਰਾ ਯਾਰ ਨਿਗੱਲਾ ਹੁੰਦਾ । ਮੈਨੂੰ ਅਕਲ ਅਹਿਸਾਸ ਦੇ ਨਾ ਤੇ ਕੀ ਕੀ ਜ਼ਖ਼ਮ ਨੇ ਦਿੱਤੇ, ਲੱਖਾਂ ਦੁੱਖਾਂ ਤੋਂ ਬਚ ਜਾਂਦਾ ਜੇ ਮੈਂ ਝੱਲਾ ਹੁੰਦਾ । ਗ਼ਰਜ਼ਾਂ ਦੀ ਬੇਦਰਦ ਹਵਾ ਨਾ ਉਹਨੂੰ ਰੇੜ ਲੈ ਜਾਂਦੀ, ਜੇ ਭਾਂਡੇ ਦਾ ਹੋਰ ਜ਼ਰਾ ਕੂ ਭਾਰਾ ਥੱਲਾ ਹੁੰਦਾ । ਆਪ ਸਹੇੜੇ ਝੰਜਟਾਂ ਵਿੱਚੋਂ ਜੇ ਫ਼ੁਰਸਤ ਮਿਲ ਜਾਂਦੀ, ਮੈਂ ਆਪਣੇ ਘਰ ਜਾਂਦਾ ਭਾਵੇਂ ਪੰਧ ਕਵੱਲਾ ਹੁੰਦਾ । ਓਸੇ ਦੀ ਵਿਕਰੀ ਘਟ ਜਾਂਦੀ, ਉਹਦੀ ਮੰਗ ਨਹੀਂ ਰਹਿੰਦੀ, ਮੰਡੀ ਦੇ ਵਿਚ ਜਿਹੜੀ ਸ਼ੈ ਦਾ ਮੁੱਲ ਸਵੱਲਾ ਹੁੰਦਾ । ਚਾਵਾਂ ਦੀ ਪਰ੍ਹਿਆ ਵਿਚ ਉਹਦੇ ਸੰਗੀ-ਸਾਕ ਵਧੇਰੇ, ਸੋਚਾਂ ਦੇ ਵਿਚ ਡੁੱਬਿਆ ਹੋਇਆ 'ਰਓਫ਼' ਇਕੱਲਾ ਹੁੰਦਾ ।
ਉਨ੍ਹਾਂ ਨੇ ਜੀ ਆਇਆਂ ਕਹਿਣ ਦਾ
ਉਨ੍ਹਾਂ ਨੇ ਜੀ ਆਇਆਂ ਕਹਿਣ ਦਾ ਢੰਗ ਮਿਸਾਲੀ ਰੱਖਿਆ । ਦਿਨ ਵੇਲੇ ਵੀ ਬੂਹੇ ਅੱਗੇ, ਦੀਵਾ ਬਾਲੀ ਰੱਖਿਆ । ਆਪਣੇ ਘਰ ਦਾ ਭੇਤ ਕਦੇ ਵੀ, ਦੱਸਿਆ ਨਹੀਂ ਦੂਜੇ ਨੂੰ, ਅੰਦਰੋਂ ਟੁੱਟੇ ਪਰ ਚਿਹਰੇ ਦਾ, ਖ਼ੌਲ ਸੰਭਾਲੀ ਰੱਖਿਆ । ਚਾਰ-ਚੁਫ਼ੇਰੇ ਸਾਰੇ ਪਿੰਡ, ਉਜਾੜੇ ਜਿਸ ਦੇ ਕਦਮਾਂ, ਉਹਨੂੰ ਅਸਾਂ ਵੰਗਾਰ ਕੇ ਆਪਣੇ, ਬਾਗ਼ ਦਾ ਮਾਲੀ ਰੱਖਿਆ । ਦੁਨੀਆਂ ਦੇ ਦੋ ਪਾਸੜ ਦੰਦਿਆਂ, ਦੇ ਵਿਚ ਉਮਰ ਗੁਜ਼ਾਰੀ, ਅੱਖੀਆਂ ਅੱਗੇ ਪਰ ਫੁੱਲਾਂ ਦਾ ਰੂਪ-ਖ਼ਿਆਲੀ ਰੱਖਿਆ । ਲੋਕਾਂ ਨੂੰ ਏਸੇ ਧਰਤੀ ਤੇ, ਹਰ ਨੇਅਮਤ ਦੇ ਦਿੱਤੀ, ਸਾਨੂੰ ਨਵੇਂ ਜਹਾਨਾਂ ਦੇ ਵਾਅਦੇ ਤੇ ਟਾਲੀ ਰੱਖਿਆ । ਉਹ ਸ਼ਹਿਰ ਦੇ ਸਭ ਤੋਂ ਸਸਤੇ, ਹੋਟਲ ਦੇ ਵਿਚ ਟਿਕਿਆ, ਜਿਸ ਲਈ ਘਰ ਦਾ ਸਭ ਤੋਂ ਮਹਿੰਗਾ ਕਮਰਾ ਖ਼ਾਲੀ ਰੱਖਿਆ । ਡੁੱਬਣ ਪਿੱਛੋਂ 'ਰਓਫ਼' ਕਿਸੇ ਨੇ, ਯਾਦ ਨਾ ਉਸ ਨੂੰ ਕੀਤਾ, ਜਿਹੜੇ ਸੂਰਜ ਦੀ ਰੁਸ਼ਨਾਈ, ਸ਼ਹਿਰ ਉਜਾਲੀ ਰੱਖਿਆ ।
ਮੇਰੇ ਘਰ ਦੀਆਂ ਕੰਧਾਂ ਦੇ ਵਿਚ
ਮੇਰੇ ਘਰ ਦੀਆਂ ਕੰਧਾਂ ਦੇ ਵਿਚ ਜੇ ਕਰ ਆਲੇ ਹੁੰਦੇ । ਆਪਣੀ ਸ਼ੁਹਰਤ ਖ਼ਾਤਰ ਮੈਂ ਵੀ ਦੀਵੇ ਬਾਲੇ ਹੁੰਦੇ । ਦਿਨ ਚੜ੍ਹਦਾ ਤੇ ਸਾਰੀ ਖ਼ਲਕਤ ਅੱਖਾਂ ਖੋਲ੍ਹ ਕੇ ਵਿਹੰਦੀ ਲੁਕੇ ਕਦੀ ਨਹੀਂ ਰਹਿੰਦੇ ਕਿਧਰੇ ਜਦੋਂ ਉਜਾਲੇ ਹੁੰਦੇ । ਉਨ੍ਹਾਂ ਦੇ ਅੰਦਰ ਦਾ ਹਰ ਇਕ ਕਮਰਾ ਖ਼ਾਲਮ-ਖ਼ਾਲੀ, ਜੀਨ੍ਹਾਂ ਘਰਾਂ ਦੇ ਬੂਹਿਆਂ ਉੱਤੇ ਲੱਗੇ ਤਾਲੇ ਹੁੰਦੇ । ਨਵੇਂ ਦੌਰ ਦੀ ਸਭ ਤੋਂ ਵੱਡੀ ਕਮਜ਼ੋਰੀ ਏ ਦੌਲਤ, ਉੱਥੇ ਭੀੜਾਂ ਲੱਗਣ ਜਿੱਥੇ ਦੌਲਤ ਵਾਲੇ ਹੁੰਦੇ । ਪਿਛਲੀ ਉਮਰੇ ਮੇਰੇ ਕੋਲ ਨਾ ਕੋਈ ਆਪਣਾ ਪਿਆਰਾ, ਆਲ-ਦੁਆਲੇ ਰਹਿੰਦੇ ਜੇ ਮੈਂ ਸੱਪ ਵੀ ਪਾਲੇ ਹੁੰਦੇ । ਏਸ ਦੌਰ ਦੀ ਹੇਰਾ-ਫੇਰੀ ਸਾਡਾ ਉਹਲਾ ਬਣ ਗਈ, ਨਹੀਂ ਤੇ ਸਾਡੇ ਹੱਥਾਂ ਅੰਦਰ ਜ਼ਹਿਰ ਪਿਆਲੇ ਹੁੰਦੇ । ਅਫ਼ਰਾ-ਤਫ਼ਰੀ ਦੀ ਧਰਤੀ 'ਤੇ ਅੱਜ ਮੇਰੇ ਕੰਮ ਆਉਂਦੇ, ਪਹਿਲੀ ਉਮਰ ਦੇ ਜੇ ਕੁੱਝ ਲਮਹੇ 'ਰਓਫ਼' ਸੰਭਾਲੇ ਹੁੰਦੇ ।
ਜਿਹੜੇ ਪੱਥਰ ਦਾ ਅੱਖੀਆਂ ਨੂੰ
ਜਿਹੜੇ ਪੱਥਰ ਦਾ ਅੱਖੀਆਂ ਨੂੰ ਰੰਗ ਪਿਆਰਾ ਲੱਗਿਆ । ਹੱਥ ਲਾਇਆ ਤੇ ਉਹੋ ਸਾਰੇ ਜੱਗ ਤੋਂ ਭਾਰਾ ਲੱਗਿਆ । ਮੇਰੀ ਜੀਭ 'ਤੇ ਆ ਕੇ ਮਿੱਠੀਆਂ ਗੱਲਾਂ ਕੌੜੀਆਂ ਹੋਈਆਂ, ਮੇਰੇ ਘਰ ਦੇ ਖੂਹ ਦਾ ਪਾਣੀ ਸਭ ਨੂੰ ਖ਼ਾਰਾ ਲੱਗਿਆ । ਚਾਰ-ਚੁਫ਼ੇਰੇ ਯਾਰੀ ਦੇ ਚੱਕਰਾਂ ਵਿਚ ਫਸਿਆ ਹੋਇਆ, ਸਾਨੂੰ ਤੇ ਹਰ ਬੰਦਾ ਆਪਣੇ ਵਾਂਗ ਅਕਾਰਾ ਲੱਗਿਆ । ਮਿੱਟੀ ਤੇ ਸੋਨੇ ਵਿਚ ਤੱਕਿਆਂ ਫ਼ਰਕ ਨਜ਼ਰ ਨਾ ਆਉਂਦਾ, ਨਵੇਂ ਦੌਰ ਦਾ ਸਭ ਨਾਲ ਇੱਕੋ ਜਿਹਾ ਵਰਤਾਰਾ ਲੱਗਿਆ । ਨੀਵਾਂ ਹੋਇਆ ਸਾਂ ਜਿਹੜੇ ਬੰਦੇ ਦੀ ਨਰਮੀ ਪਾਰੋਂ, ਹੱਥ ਮਿਲਿਆ ਤੇ ਮੈਨੂੰ ਉਹ ਲਹੂ ਦਾ ਵਣਜਾਰਾ ਲੱਗਿਆ । ਚੰਦਰੀ ਰਾਤ ਦਾ ਮੱਥਾ ਭਾਵੇਂ ਹੋਰ ਵੀ ਕਾਲਾ ਹੋਇਆ, 'ਰਓਫ਼' ਨਿਮਾਣੇ ਦੀਵੇ ਦਾ ਪਰ ਜ਼ੋਰ ਤੇ ਸਾਰਾ ਲੱਗਿਆ ।
ਯਾਰਾਂ ਦੇ ਨਾਲ ਹਾਦਸਾ ਹੋਇਆ
ਯਾਰਾਂ ਦੇ ਨਾਲ ਹਾਦਸਾ ਹੋਇਆ ਕਮਾਲ ਦਾ । ਦੂਜਾ ਵੀ ਚੋਰ ਨਿਕਲਿਆ ਪਹਿਲੇ ਦੇ ਨਾਲ ਦਾ । ਅੱਖਾਂ ਦੇ ਨਾਲ ਜ਼ਿਹਨ ਵੀ ਡੰਗੂਗੀ ਰੋਸ਼ਨੀ, ਜੇ ਜਾਣਦਾ ਤੇ ਮੈਂ ਕਦੀ, ਦੀਵੇ ਨਾ ਬਾਲਦਾ । ਭੱਜਦੇ ਨੇ ਲੋਕ ਸ਼ਹਿਰ ਦੇ, ਏਦਾਂ ਅੜੋ-ਤੜੀ, ਭੱਜਦਾ ਏ ਜਿਸ ਤਰ੍ਹਾਂ ਕੋਈ ਡਰਿਆ ਭੂਚਾਲ ਦਾ । ਉਹਨੇ ਵੀ ਵਕਤ ਵੇਖ ਕੇ ਲਹਿਜ਼ਾ ਵਟਾ ਲਿਆ, ਜਿਸ ਨੂੰ ਰਿਹਾ ਸਾਂ ਸਾਰੀ ਹਿਆਤੀ ਮੈਂ ਪਾਲਦਾ । ਲੋਕਾਂ ਨੇ ਐਵੇਂ ਜ਼ਾਤ ਨੂੰ ਮੋਜੂ ਬਣਾ ਲਿਆ, ਰੋਲਾ ਸੀ ਉਹਦੀ ਕਾਰ ਦਾ ਬੰਗਲੇ ਦੇ ਮਾਲ ਦਾ । ਰਿਸ਼ਤੇ ਦੀ ਤੇਜ਼ ਨੋਕ ਤੇ ਪਲ ਵੀ ਨਾ ਠਹਿਰਿਆ, ਜਿਸ ਨੂੰ ਜਵਾਬ ਮਿਲ ਗਿਆ ਉਹਦੇ ਸਵਾਲ ਦਾ । ਓਸੇ ਨੂੰ 'ਰਓਫ਼' ਲਾ ਲਿਆ ਸੀਨੇ ਦੇ ਨਾਲ ਮੈਂ, ਮਿਲਿਆ ਏ ਜਿਹੜਾ ਸ਼ਖ਼ਸ ਵੀ ਹਟਵੇਂ ਖ਼ਿਆਲ ਦਾ ।
ਬਹੁਤੇ ਦੀਵੇ ਰਾਹ ਵਿਚ ਬਾਲੇ
ਬਹੁਤੇ ਦੀਵੇ ਰਾਹ ਵਿਚ ਬਾਲੇ ਜਾਂਦੇ ਨੇ । ਮੰਜ਼ਿਲ ਤੱਕ ਤੇ ਕਿਸਮਤ ਵਾਲੇ ਜਾਂਦੇ ਨੇ । ਮਾਵਾਂ ਨਾਲ ਕੀ ਰਿਸ਼ਤੇ ਉਹਨਾਂ ਬੱਚਿਆਂ ਦੇ, ਨਰਸਰੀਆਂ ਵਿਚ ਜਿਹੜੇ ਪਾਲੇ ਜਾਂਦੇ ਨੇ । ਉੱਥੇ ਉਗ ਨਹੀਂ ਸਕਦਾ ਰੁੱਖ ਮੁਹੱਬਤ ਦਾ, ਜਿਹੜੀ ਥਾਂ ਤੇ ਸਿੱਕੇ ਢਾਲੇ ਜਾਂਦੇ ਨੇ । ਇਹ ਦੁਨੀਆਂ ਏ ਇੱਥੇ ਯਾਰੀ ਲਾ ਕੇ ਵੀ, ਇਕ-ਦੂਜੇ ਦੇ ਐਬ ਉਛਾਲੇ ਜਾਂਦੇ ਨੇ । ਸਫ਼ਰਾਂ ਦੇ ਵਿਚ ਸੰਗਤ ਰੋਜ਼ ਬਦਲਦੀ ਏ, ਮੰਜ਼ਿਲ ਤੱਕ ਪੈਰਾਂ ਦੇ ਛਾਲੇ ਜਾਂਦੇ ਨੇ । ਸਾਡੇ ਨਾਲ ਇਕਲਾਪਾ ਟੁਰਦਾ ਡਰਦਾ ਏ, ਉਹਨਾਂ ਦੇ ਨਾਲ ਆਲ-ਦਵਾਲੇ ਜਾਂਦੇ ਨੇ । ਕਦੀ ਵੀ ਉਹ ਰੁਸ਼ਨਾ ਨਹੀਂ ਸਕਦੇ ਵਿਹੜੇ ਨੂੰ, ਜਿਹੜੇ ਚਾਨਣ 'ਰਓਫ਼' ਉਧਾਲੇ ਜਾਂਦੇ ਨੇ ।
ਵੱਡੇ ਰੁਤਬੇ ਜੱਗ 'ਤੇ ਉਹ ਹੀ
ਵੱਡੇ ਰੁਤਬੇ ਜੱਗ 'ਤੇ ਉਹ ਹੀ ਪਾ ਸਕਦੇ ਨੇ । ਲੋੜਾਂ ਅੱਗੇ ਜਿਹੜੇ ਸੀਸ ਨਿਵਾ ਸਕਦੇ ਨੇ । ਦਿਨ ਦੇ ਚਾਨਣ ਵਿਚ ਹਨੇਰੇ ਘੋਲ ਨਹੀਂ ਸਕਦੇ, ਰਾਤਾਂ ਨੂੰ ਪਰ ਦੀਵੇ ਬਾਲੇ ਜਾ ਸਕਦੇ ਨੇ । ਉਹਨਾਂ 'ਤੇ ਇਤਬਾਰ ਕਰੀਂ ਨਾ ਡੁੱਬ ਜਾਵੇਂਗਾ, ਜਿਹੜੇ ਆਪਣੇ ਲੀਕੇ ਹਰਫ਼ ਮਿਟਾ ਸਕਦੇ ਨੇ । ਉਹਨਾਂ ਦੇ ਲਈ ਆਂਢ-ਗਵਾਂਢ ਦਾ ਕੀ ਮਸਲਾ ਏ, ਯਾਰਾਂ ਦਾ ਹੱਕ ਜਿਹੜੇ ਮਾਰ ਕੇ ਖਾ ਸਕਦੇ ਨੇ । ਲਾ ਨਹੀਂ ਸਕਦੇ ਬੁੱਲੇ ਤੇਜ਼ ਹਵਾਵਾਂ ਦੇ ਪਰਲੱ ਗੀਆਂ ਹੋਈਆਂ ਅੱਗਾਂ ਨੂੰ ਭੜਕਾ ਸਕਦੇ ਨੇ । ਵਿਛੜ ਜਾਣ ਤੇ ਵਧ ਜਾਂਦਾ ਹੈ 'ਰਓਫ਼' ਇਕਲਾਪਾ, ਰੁੱਸੇ ਹੋਣ ਤੇ ਯਾਰ ਮਨਾਏ ਜਾ ਸਕਦੇ ਨੇ ।
ਢੱਠੀਆਂ ਹੋਈਆਂ ਕੰਧਾਂ ਕੋਲੋਂ
ਢੱਠੀਆਂ ਹੋਈਆਂ ਕੰਧਾਂ ਕੋਲੋਂ 'ਰਓਫ਼' ਸਵਾਲ ਕਰਾਂ । ਆਪਣੀ ਬੇਵੱਸੀ ਦਾ ਸ਼ਿਕਵਾ ਕਿਸ ਦੇ ਨਾਲ ਕਰਾਂ । ਹੋਰ ਕਿਸੇ ਦੇ ਹੱਥ ਵਿਚ ਮੇਰੀ ਹਰ ਸੱਧਰ ਦੀ ਡੋਰੀ, ਫੇਰ ਵੀ ਧਰਤੀ ਉੱਤੇ ਜੀਵਾਂ ਬੜਾ ਕਮਾਲ ਕਰਾਂ । ਨਾ ਮਰਜ਼ੀ ਦੇ ਨਾਲ ਹਿਆਤੀ ਨਾ ਮਰਜ਼ੀ ਦੀ ਮੌਤ, ਮੁਖ਼ਤਾਰੀ ਦੇ ਕਿਹੜੇ ਜੁਰਮ ਦਾ ਮੈਂ ਇਕਬਾਲ ਕਰਾਂ । ਪੈਰਾਂ ਵਿਚ ਲੇਖਾਂ ਦਾ ਚੱਕਰ ਹੋਣੀ ਹੱਥ ਲਗਾਮ, ਮੱਥੇ ਤੇ ਵੱਟ ਪਾਵਾਂ ਭਾਵੇਂ ਅੱਖੀਆਂ ਲਾਲ ਕਰਾਂ । ਨਵੇਂ ਦੌਰ ਦੀਆਂ ਧੁੱਪਾਂ ਮੇਰਾ ਜੁੱਸਾ ਪੀੜ ਲਿਆ, ਆਪਣੇ ਤੋਂ ਵੱਧ ਹੋਰ ਕਿਸੇ ਦਾ ਕਿਵੇਂ ਖ਼ਿਆਲ ਕਰਾਂ । ਉਹ ਵੀ ਮੇਰੇ ਬੱਚਿਆਂ ਦੇ ਲਈ ਰੱਜ ਰੋਟੀ ਨਾ ਦੇਵੇ, ਜਿਹੜੀ ਧਰਤੀ ਦੀ ਸੇਵਾ ਮੈਂ ਸਾਰਾ ਸਾਲ ਕਰਾਂ । ਚੜ੍ਹਦੇ ਸੂਰਜ ਨੂੰ ਪੂਜਣ ਦੀ ਇਸ ਦੁਨੀਆ ਦੀ ਰੀਤ, ਮੈਂ ਰਾਤਾਂ ਦਾ 'ਰਓਫ਼' ਸਵਾਗਤ ਦੀਵੇ ਬਾਲ ਕਰਾਂ ।
ਆਪਣੀਆਂ ਸ਼ਕਲਾਂ ਜੇ ਨਾ ਬਦਲਣ
ਆਪਣੀਆਂ ਸ਼ਕਲਾਂ ਜੇ ਨਾ ਬਦਲਣ ਮੇਰੇ ਆਲ-ਦੁਆਲੇ । ਕਿੱਥੋਂ ਨਵੇਂ ਖ਼ਿਆਲ ਲਿਆਵਾਂ, ਕਿੱਥੋਂ ਨਵੇਂ ਹਵਾਲੇ । ਪਹਿਲੇ ਕੋਲੋਂ ਸੋਚਾਂ ਦੀ ਜੇ ਨੀਵੀਂ ਰਹਵੇ ਉਡਾਰੀ, ਪਹਿਲੇ ਕੋਲੋਂ ਅਮਲਾਂ ਨੂੰ ਕੋਈ ਉਚਾ ਕਿਵੇਂ ਉਛਾਲੇ । ਵੇਖਣ ਵਾਲੀਆਂ ਅੱਖੀਆਂ ਚਾਹਵਣ ਰੋਜ਼ ਨਵੀਂ ਤਬਦੀਲੀ, ਪੰਚਾਂ ਦੇ ਆਖਣ ਤੇ ਬਦਲੇ ਜਾਂਦੇ ਨਹੀਂ ਪਰਨਾਲੇ । ਜੀਵੇਂ ਜੀਵੇਂ ਹੁੰਦੀਆਂ ਦੁਨੀਆ ਵਿਚ ਨਵੀਆਂ ਈਜਾਦਾਂ, ਉਵੇਂ-ਉਵੇਂ ਲਗਦੇ ਨੇ ਬੰਦਿਆਂ ਨੂੰ ਰੋਗ ਨਿਰਾਲੇ । ਬੰਦਿਆਂ ਨਾਲੋਂ ਟੁਟਦੇ ਜਾਵਣ ਜੇ ਬੰਦਿਆਂ ਦੇ ਰਿਸ਼ਤੇ, ਹਮਦਰਦੀ ਦੇ ਡਿਗਦੇ ਘਰ ਦੀਆਂ ਕੰਧਾਂ ਕੌਣ ਸੰਭਾਲੇ । ਪਲ ਪਲ ਗੂਹੜੇ ਹੁੰਦੇ ਰਹੇ ਨੇ ਜਗ ਵਿਚ 'ਰਓਫ਼' ਹਨੇਰੇ, ਤੱਕ ਤੱਕ ਅੰਨ੍ਹੇ ਹੁੰਦੇ ਗਏ ਨੇ ਡੂੰਘੀਆਂ ਨਜ਼ਰਾਂ ਵਾਲੇ ।
ਖ਼ਰੀ ਅਲਾਮਤ, ਵੱਖਰਾ ਲਹਿਜ਼ਾ
ਖ਼ਰੀ ਅਲਾਮਤ, ਵੱਖਰਾ ਲਹਿਜ਼ਾ, ਨਵੇਂ-ਨਕੋਰ ਹਵਾਲੇ । ਮੇਰੇ ਦੌਰ ਨੇ ਸੂਰਜ ਦੀ ਹਿੱਕ ਉੱਤੇ ਦੀਵੇ ਬਾਲੇ । ਅਸੀਂ ਅਸੂਲਾਂ ਨਾਲ ਨਿਆਂ ਦੀਆਂ ਮੰਗਾਂ ਕਰਦੇ ਰਹਿ ਗਏ, ਆਪਣੇ ਘਰ ਵੱਲ ਹੱਕ ਕੇ ਲੈ ਗਏ ਈਜੜ ਡਾਂਗਾਂ ਵਾਲੇ । ਇਹ ਦੋ ਮੂਹੀਆਂ ਰੁੱਤਾਂ ਸਾਡੇ ਦੌਰ ਦੀਆਂ ਸੌਗ਼ਾਤਾਂ, ਜੇਠ-ਹਾੜ ਦੀਆਂ ਧੁੱਪਾਂ ਬਾਹਰ ਅੰਦਰ ਠਾਰੂ ਪਾਲੇ । ਗੁਟ ਨੇ ਸਾਰੇ ਆਪਣੀ ਜ਼ਾਤ ਦੇ ਨਸ਼ਿਆਂ ਦੀ ਛਾਂ ਹੇਠਾਂ, ਕਿਸ ਨੂੰ ਖ਼ਬਰ ਕਿਸੇ ਦੀ ਏਥੇ, ਕਿਸ ਨੂੰ ਕੌਣ ਸੰਭਾਲੇ । ਅੱਖੀਆਂ ਤੇਰੀ ਸੂਰਤ ਲੱਭਦੇ-ਲੱਭਦੇ ਜਾਨ ਗਵਾ ਲਈ, ਪੈਰਾਂ ਨੇ ਪਾ ਦਿੱਤੇ ਸੜਕਾਂ ਦੇ ਜੁੱਸਿਆਂ ਤੇ ਛਾਲੇ । ਇਕ ਪਾਸੇ ਪੰਚਾਂ ਦਾ ਕਹਿਣਾ, ਸਿਰ ਮੱਥੇ ਤੇ ਰੱਖਿਆ, ਦੂਜੇ ਪਾਸੇ ਆਪਣੀ ਥਾਂ ਤੋਂ ਹਿੱਲੇ ਨਹੀਂ ਪਰਨਾਲੇ ।