Sheesho : Shiv Kumar Batalvi
ਸ਼ੀਸ਼ੋ : ਸ਼ਿਵ ਕੁਮਾਰ ਬਟਾਲਵੀ
ਏਕਮ ਦਾ ਚੰਨ ਵੇਖ ਰਿਹਾ ਸੀ
ਬਹਿ ਝੰਗੀਆਂ ਦੇ ਉਹਲੇ ।
ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ,
ਪੈਰ ਧਰੇਂਦੀ ਪੋਲੇ ।
ਟੋਰ ਉਹਦੀ ਜਿਉਂ ਪੈਲਾਂ ਪਾਉਂਦੇ
ਟੁਰਣ ਕਬੂਤਰ ਗੋਲੇ ।
ਜ਼ਖ਼ਮੀ ਹੋਣ ਕੁਮਰੀਆਂ ਕੋਇਲਾਂ
ਜੇ ਮੁੱਖੋਂ ਕੁਝ ਬੋਲੇ ।
ਲੱਖਾਂ ਹੰਸ ਮਰੀਵਣ ਗਸ਼ ਖਾ
ਜੇ ਹੰਝੂ ਇਕ ਡੋਹਲੇ ।
ਉੱਡਣ ਮਾਰ ਉਡਾਰੀ ਬਗਲੇ
ਜੇ ਵਾਲਾਂ ਥੀਂ ਖੋਹਲੇ ।
ਪੈ ਜਾਏ ਡੋਲ ਹਵਾਵਾਂ ਤਾਈਂ,
ਜੇ ਪੱਖੀ ਫੜ ਝੋਲੇ ।
ਡੁੱਬ ਮਰੀਵਣ ਸ਼ੌਹ ਥੀਂ ਤਾਰੇ
ਮੁੱਖ ਦੇ ਵੇਖ ਤਤੋਲੇ ।
ਚੰਨ ਦੂਜ ਦਾ ਵੇਖ ਰਿਹਾ ਸੀ
ਵਿਹੜੇ ਵਿਚ ਫਲਾਹੀ ।
ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ
ਥੱਲੇ ਚਰਖੀ ਡਾਹੀ ।
ਕੋਹ ਕੋਹ ਲੰਮੀਆਂ ਤੰਦਾਂ ਕੱਢਦੀ
ਚਾ ਚੰਦਨ ਦੀ ਬਾਹੀ ।
ਪੂਣੀਆਂ ਈਕਣ ਕੱਢੇ ਬੂੰਬਲ
ਜਿਉਂ ਸਾਵਣ ਵਿਚ ਕਾਹੀ ।
ਹੇਕ ਸਮੁੰਦਰੀ ਪੌਣਾਂ ਵਰਗੀ
ਕੋਇਲਾਂ ਦੇਣ ਨਾ ਡਾਹੀ ।
ਰੰਗ ਜਿਵੇਂ ਕੇਸੂ ਦੀ ਮੰਜਰੀ
ਨੂਰ ਮੁੱਖ ਅਲਾਹੀ ।
ਵਾਲ ਜਿਵੇਂ ਚਾਨਣ ਦੀਆਂ ਨਦੀਆਂ
ਰੇਸ਼ਮ ਦੇਣ ਗਵਾਹੀ ।
ਨੈਣ ਕੁੜੀ ਦੇ ਨੀਲੇ ਜੀਕਣ
ਫੁੱਲ ਅਲਸੀ ਦੇ ਆਹੀ ।
ਚੰਨ ਤੀਜ ਦਾ ਵੇਖ ਰਿਹਾ ਸੀ
ਸ਼ੀਸ਼ੋ ਨਦੀਏ ਨ੍ਹਾਉਂਦੀ ।
ਭਰ ਭਰ ਚੁਲੀਆਂ ਧੋਂਦੀ ਮੁੱਖੜਾ
ਸਤਿਗੁਰ ਨਾਮ ਧਿਆਉਂਦੀ ।
ਅਕਸ ਪਿਆ ਵਿਚ ਨਿੱਤਰੇ ਪਾਣੀ
ਆਪ ਵੇਖ ਸ਼ਰਮਾਉਂਦੀ ।
ਸੜ ਸੜ ਜਾਂਦੇ ਨਾਜ਼ੁਕ ਪੋਟੇ
ਜਿਸ ਅੰਗ ਹੱਥ ਛੁਹਾਉਂਦੀ ।
ਸੁੱਤੇ ਵੇਖ ਨਦੀ ਵਿਚ ਚਾਨਣ
ਰੂਹ ਉਹਦੀ ਕਮਲਾਉਂਦੀ ।
ਮਾਰ ਉਡਾਰੀ ਲੰਮੀ ਸਾਰੀ
ਅਰਸ਼ੀਂ ਉੱਡਣਾ ਚਾਹੁੰਦੀ ।
ਮਹਿਕਾਂ ਵਰਗਾ ਸੁਪਨਾ ਉਣਦੀ
ਝੂਮ ਗਲੇ ਵਿਚ ਪਾਉਂਦੀ ।
ਸੁਪਨੇ ਪੈਰੀਂ ਝਾਂਜਰ ਪਾ ਕੇ
ਤੌੜੀ ਮਾਰ ਉਡਾਉਂਦੀ ।
ਚੰਨ ਚੌਥ ਦਾ ਵੇਖ ਰਿਹਾ ਸੀ
ਖੜਿਆ ਵਾਂਗ ਡਰਾਵੇ ।
ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿਚ
ਉੱਗਿਆ ਨਜ਼ਰੀਂ ਆਵੇ ।
ਤੋੜ ਉਫ਼ਕ ਤਕ ਝੂਮ ਰਹੇ ਸਨ
ਟਾਂਡੇ ਸਾਵੇ ਸਾਵੇ ।
ਹਰ ਸੂ ਨੱਚੇ ਫ਼ਸਲ ਸਿਊਲਾਂ
ਲੈ ਵਿਚ ਧਰਤ ਕਲਾਵੇ ।
ਸ਼ੀਸ਼ੋ ਦਾ ਪਿਉ ਡਰਦਾ ਕਿਧਰੇ
ਮਾਲਕ ਨਾ ਆ ਜਾਵੇ ।
ਪਲ ਪਲ ਮਗਰੋਂ ਮਾਰੇ ਚਾਂਗਰ
ਬੈਠੇ ਅੜਕ ਉਡਾਵੇ ।
ਰਾਤ ਦਿਨੇ ਦੀ ਰਾਖੀ ਬਦਲੇ
ਟੁੱਕਰ ਚਾਰ ਕਮਾਵੇ ।
ਅੱਧੀ ਰਾਤ ਹੋਈ ਪਰ ਜਾਗੇ
ਡਰ ਰੋਜ਼ੀ ਦਾ ਖਾਵੇ ।
ਪੰਚਮ ਦਾ ਚੰਨ ਵੇਖ ਰਿਹਾ ਸੀ
ਆਥਣ ਵੇਲਾ ਹੋਇਆ ।
ਲਹਿੰਦੇ ਦੇ ਪੱਤਣਾਂ ਦਾ ਅੰਬਰ
ਲਾਲ ਕਿਰਮਚੀ ਹੋਇਆ ।
ਗਗਨਾਂ ਦੇ ਵਿਚ ਕੋਈ ਕੋਈ ਤਾਰਾ
ਜਾਪੇ ਮੋਇਆ ਮੋਇਆ ।
ਸ਼ੀਸ਼ੋ ਦੀ ਮਾਂ ਰੰਗੋਂ ਲਾਖੀ
ਜਿਉਂ ਕਣਕਾਂ ਵਿਚ ਕੋਇਆ ।
ਟੋਰ ਉਹਦੀ ਜਿਉਂ ਹੋਏ ਨਵੇਰਾ
ਬਲਦ ਤਰਾਨੇ ਜੋਇਆ ।
ਨੈਣ ਉਹਦੇ ਬਰਸਾਤੀ ਪਾਣੀ ਦਾ
ਜਿਉਂ ਹੋਵੇ ਟੋਇਆ ।
ਵਾਲ ਜਿਵੇਂ ਕੋਈ ਦੂਧੀ ਬੱਦਲ
ਸਰੂਆਂ ਉੇਹਲੇ ਹੋਇਆ ।
ਸ਼ੀਸ਼ੋ ਦੀ ਮਾਂ ਵੇਖ ਵਿਚਾਰੀ
ਚੰਨ ਬੜਾ ਹੀ ਰੋਇਆ ।
ਚੰਨ ਛਟੀ ਦਾ ਵੇਖ ਰਿਹਾ ਸੀ
ਸ਼ੀਸ਼ੋ ਢਾਕੇ ਚਾਈ ।
ਘੜਾ ਗੁਲਾਬੀ ਗਲ ਗਲ ਭਰਿਆ
ਲੈ ਖੂਹੇ ਤੋਂ ਆਈ ।
ਖੜਿਆ ਵੇਖ ਬੀਹੀ ਵਿਚ ਮਾਲਿਕ
ਖੇਤਾਂ ਦਾ, ਸ਼ਰਮਾਈ ।
ਡਰੀ ਡਰਾਈ ਤੇ ਘਬਰਾਈ
ਲੰਘ ਗਈ ਊਂਧੀ ਪਾਈ ।
ਮਟਕ-ਚਾਨਣੇ ਵਾਕਣ ਉਸਦੀ
ਜਾਨ ਲਬਾਂ 'ਤੇ ਆਈ ।
ਲੋ ਲਗਦੀ ਉਹਦੀ ਰੂਹ ਥੀਂ ਜਾਪੇ
ਲੱਭੇ ਕਿਰਨ ਨਾ ਕਾਈ ।
ਜਿਸ ਪਲ ਸੁੱਟਿਆ ਪੈਰ ਘਰੇ ਥੀਂ
ਉਸ ਪਲ ਥੀਂ ਪਛਤਾਈ ।
ਸਾਰੀ ਰੈਣ ਨਿਮਾਣੀ ਸ਼ੀਸ਼ੋ
ਪਾਸੇ ਪਰਤ ਵਿਹਾਈ ।
ਸਤਵੀਂ ਦਾ ਚੰਨ ਵੇਖ ਰਿਹਾ ਸੀ
ਚੁੱਪ ਚਪੀਤੇ ਖੜ੍ਹਿਆ ।
ਪਿੰਡ ਦਾ ਮਾਲਕ ਚੂਰ ਨਸ਼ੇ ਵਿਚ
ਵੇਖ ਬੜਾ ਹੀ ਡਰਿਆ ।
ਇਕ ਹੱਥ ਸਾਂਭ ਬੱਕੀ ਦੀਆਂ ਵਾਗਾਂ
ਇਕ ਹੱਥ ਹੱਨੇ ਧਰਿਆ ।
ਕੰਨੀਂ ਉਹਦੇ ਨੱਤੀਆਂ ਲਿਸ਼ਕਣ
ਮੁੱਖ 'ਤੇ ਸੂਰਜ ਚੜ੍ਹਿਆ ।
ਉਮਰੋਂ ਅਧਖੜ ਰੰਗ ਪਿਆਜ਼ੀ
ਸਿਰ 'ਤੇ ਸਾਫਾ ਹਰਿਆ ।
ਅੱਡੀ ਮਾਰ ਬੱਕੀ ਦੀ ਕੁੱਖੇ
ਜਾ ਖੇਤਾਂ ਵਿਚ ਵੜਿਆ ।
ਸ਼ੀਸ਼ੋ ਦਾ ਪਿਉ ਮਾਲਿਕ ਸਾਹਵੇਂ
ਊਂਧੀ ਪਾਈ ਖੜਿਆ ।
ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ
ਹਾਰ ਤਲੀ 'ਤੇ ਧਰਿਆ ।
ਚੰਨ ਅਸ਼ਟਮੀ ਦੇ ਨੇ ਤੱਕਿਆ
ਸ਼ੀਸ਼ੋ ਭੋਂ 'ਤੇ ਲੇਟੀ ।
ਚਿੱਟੀ ਦੁੱਧ ਮਰਮਰੀ ਚਿੱਪਰ
ਚਾਨਣ ਵਿਚ ਵਲ੍ਹੇਟੀ ।
ਸਾਹਵਾਂ ਦੇ ਵਿਚ ਵਿਲ੍ਹੇ ਕਥੂਰੀ
ਦੂਰੋਂ ਆਣ ਉਚੇਟੀ ।
ਸੁੱਤੀ ਘੂਕ ਲਵੇ ਪਈ ਸੁਫ਼ਨੇ
ਚੰਨ ਰਿਸ਼ਮਾਂ ਦੀ ਬੇਟੀ ।
ਸੁਫ਼ਨੇ ਦੇ ਵਿਚ ਸ਼ੀਸ਼ੋ ਨੇ
ਖੁਦ ਸ਼ੀਸ਼ੋ ਮੋਈ ਵੇਖੀ ।
ਡਿੱਠਾ ਕੁੱਲ ਗਰਾਂ ਉਸ ਸੜਦਾ
ਸੁੱਕੀ ਸਾਰੀ ਖੇਤੀ ।
ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ
ਕਫ਼ਨ ਬਦਲੇ ਵੇਚੀ ।
ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ
ਝੱਬਦੀ ਉੱਠ ਖਲੋਤੀ ।
ਨੌਵੀਂ ਦਾ ਚੰਨ ਵੇਖ ਰਿਹਾ ਸੀ
ਸ਼ੀਸ਼ੋ 'ਤੇ ਇਕ ਸਾਇਆ ।
ਸ਼ੀਸ਼ੋ ਸੰਗ ਟੁਰੀਂਦਾ
ਅੱਧੀ ਰਾਤ ਨਦੀ 'ਤੇ ਆਇਆ ।
ਨਦੀਏ ਗਲ ਗਲ ਚਾਨਣ ਵਗਦਾ
ਹੜ੍ਹ ਚਾਨਣ ਦਾ ਆਇਆ ।
ਚੀਰ ਨਦੀ ਦੇ ਚਾਨਣ ਲੰਘ ਗਏ
ਸ਼ੀਸ਼ੋ ਤੇ ਉਹ ਸਾਇਆ ।
ਬਾਂ ਬਾਂ ਕਰਦਾ ਸੰਘਣਾ ਬੇਲਾ
ਵਿਚ ਕਿਸੇ ਮਹਿਲ ਪੁਆਇਆ ।
ਸ਼ੀਸ਼ੋ ਪੈਰ ਜਾਂ ਧਰਿਆ ਮਹਿਲੀਂ
ਕੁੱਲ ਬੇਲਾ ਕੁਰਲਾਇਆ ।
ਚੰਨ ਮਹਿਲਾਂ ਥੀਂ ਮਾਰੇ ਟੱਕਰਾਂ
ਪਰ ਕੁਝ ਨਜ਼ਰ ਨਾ ਆਇਆ ।
ਸਾਰੀ ਰਾਤ ਰਿਹਾ ਚੰਨ ਰੋਂਦਾ
ਭੁੱਖਾ ਤੇ ਤਿਰਹਾਇਆ ।
ਦਸਵੀਂ ਦਾ ਚੰਨ ਅੰਬਰਾਂ ਦੇ ਵਿਚ
ਵੱਗ ਬੱਦਲਾਂ ਦੇ ਚਾਰੇ ।
ਰੁਕ ਰੁਕ ਝੱਲਾ ਪਾਈ ਜਾਵੇ
ਮਗਰੀ ਦੇ ਵਿਚ ਤਾਰੇ ।
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿਚ
ਮੁਸ਼ਕੀ ਵਾਲ ਖਿਲਾਰੇ ।
ਲੈ ਲੈ ਜਾਣ ਸੁਨੇਹੇ ਉਹਦੇ
ਪੌਣਾਂ ਦੇ ਹਰਕਾਰੇ ।
ਚੰਨ ਵਿਚਾਰਾ ਮਹਿਲਾਂ ਵੱਲੇ
ਡਰਦਾ ਝਾਤ ਨਾ ਮਾਰੇ ।
ਮਹਿਲੀਂ ਬੈਠੇ ਪੀਵਣ ਮਦਰਾ
ਮਾਲਿਕ ਨਾਲ ਮੁਜ਼ਾਰੇ ।
ਵਾਂਗ ਪੂਣੀਆਂ ਹੋਏ ਬੱਗੇ
ਸ਼ੀਸ਼ੋ ਦੇ ਰੁਖ਼ਸਾਰੇ ।
ਹਾਸੇ ਦਾ ਫੁੱਲ ਰਿਹਾ ਨਾ ਕਾਈ
ਹੋਠਾਂ ਦੀ ਕਚਨਾਰੇ ।
ਚੰਨ ਇਕਾਦਸ਼ ਦੇ ਨੇ ਤੱਕਿਆ
ਸ਼ੀਸ਼ੋ ਵਾਂਗ ਸ਼ੁਦੈਣਾਂ ।
ਨੰਗੀ ਅਲਫ਼ ਫਿਰੇ ਵਿਚ ਮਹਿਲਾਂ
ਜਿਵੇਂ ਸੁਣੀਵਣ ਡੈਣਾਂ ।
ਮੁੱਖ 'ਤੇ ਹਲਦੀ ਦਾ ਲੇ ਚੜ੍ਹਿਆ
ਅੱਗ ਬਲੇ ਵਿਚ ਨੈਣਾਂ ।
ਪੁੱਟੇ ਪੈਰ ਤਾਂ ਠੇਡਾ ਲੱਗੇ
ਔਖਾ ਦਿਸੇ ਬਹਿਣਾ ।
ਥੰਮ੍ਹੀਆਂ ਪਕੜ ਖਲੋਵੇ ਚੰਦਰੀ
ਆਇਆ ਵਕਤ ਕੁਲਹਿਣਾ ।
ਮਾਂ ਮਾਂ ਕਰਦੀ ਮਾਰੇ ਡਾਡਾਂ
ਸਬਕ ਰਟੇ ਜਿਉਂ ਮੈਨਾ ।
ਔਖਾ ਜੀਕਣ ਹੋਏ ਪਛਾਨਣ
ਸੂਰਜ ਚੜ੍ਹੇ ਟਟਹਿਣਾ ।
ਸੋਈਓ ਹਾਲ ਹੋਇਆ ਸ਼ੀਸ਼ੋ ਦਾ
ਸੂਰਤ ਦਾ ਕੀ ਕਹਿਣਾ ।
ਚੰਨ ਦੁਆਦਸ਼ ਦੇ ਨੇ ਤੱਕਿਆ
ਸ਼ੀਸ਼ੋ ਮਹਿਲੀਂ ਸੁੱਤੀ ।
ਦਿਸੇ ਵਾਂਗ ਚਰ੍ਹੀ ਦੇ ਟਾਂਡੇ
ਸਵਾ ਮਸਾਤਰ ਉੱਚੀ ।
ਪੀਲੀ-ਭੂਕ ਹੋਈ ਵੱਤ ਪੋਹਲੀ
ਨੀਮ ਜੋਗੀਆ ਗੁੱਟੀ ।
ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ
ਤੋੜ ਤਣਾਵੋਂ ਟੁੱਟੀ ।
ਲਏ ਹਟਕੋਰੇ ਜਾਪੇ ਜੀਕਣ
ਬੱਸ ਮੁੱਕੀ ਕਿ ਮੁੱਕੀ ।
ਲੰਮੀ ਪਈ ਕਰੀਚੇ ਦੰਦੀਆਂ
ਲੁੜਛੇ ਹੋ ਹੋ ਪੁੱਠੀ ।
ਢਾਈਂ ਮਾਰ ਕੁਰਲਾਏ ਸ਼ੀਸ਼ੋ
ਜਿਉਂ ਢਾਬੀਂ ਤਰਮੁੱਚੀ ।
ਪਰ ਚੰਨ ਬਾਝੋਂ ਕਿਸੇ ਨਾ ਵੇਖੀ
ਉਹ ਹੱਡਾਂ ਦੀ ਮੁੱਠੀ ।
ਚੰਨ ਤਿਰੌਦਸ਼ ਦੇ ਨੇ ਤੱਕਿਆ
ਹੋ ਮਹਿਲਾਂ ਦੇ ਨੇੜੇ ।
ਪਾਣੀ ਪਾਣੀ ਕਰਦੀ ਸ਼ੀਸ਼ੋ
ਜੀਭ ਲਬਾਂ 'ਤੇ ਫੇਰੇ ।
ਸ਼ੀਸ਼ੋ ਪਲੰਘ 'ਤੇ ਲੇਟੀ ਹੂੰਘੇ
ਪੀਲੇ ਹੋਠ ਤਰੇੜੇ ।
ਪਲ ਪਲ ਮਗਰੋਂ ਨੀਮ ਗ਼ਸ਼ੀ ਵਿਚ
ਰੱਤੇ ਨੈਣ ਉਘੇੜੇ ।
ਹੂ ਹੂ ਕਰਦੀ ਬਿੱਲ-ਬਤੌਰੀ
ਬੋਲੇ ਬੈਠ ਬਨੇਰੇ ।
ਦੂਰ ਗਰਾਂ ਦੀ ਜੂਹ ਵਿਚ ਰੋਵਣ
ਕੁੱਤੇ ਚਾਰ ਚੁਫ਼ੇਰੇ ।
ਸ਼ੀਸ਼ੋ ਵਾਂਗ ਧੁਖੇ ਧੂਣੀ ਦੇ
ਵਿਚ ਫੱਕਰਾਂ ਦੇ ਡੇਰੇ ।
ਚਾਨਣ ਲਿੱਪੇ ਵਿਹੜੇ ਦੇ ਵਿਚ
ਬੀ ਹੰਝੂਆਂ ਦੇ ਕੇਰੇ ।
ਚੰਨ ਚੌਧਵੀਂ ਦੇ ਨੇ ਤੱਕਿਆ
ਮਹਿਲਾਂ ਦੇ ਵਿਚ ਗੱਭੇ ।
ਨੀਲੇ ਨੈਣਾਂ ਵਾਲੀ ਸ਼ੀਸ਼ੋ
ਭੁੰਜੇ ਲਾਹੀ ਲੱਗੇ ।
ਸ਼ੀਸ਼ੋ ਦੇ ਸਿਰਹਾਣੇ ਦੀਵਾ
ਆਟੇ ਦਾ ਇਕ ਜੱਗੇ ।
ਲੱਗੇ ਅੱਧ ਕਵਾਰੀ ਸ਼ੀਸ਼ੋ
ਜਿਉਂ ਮਰ ਜਾਸੀ ਅੱਜੇ ।
ਸ਼ਾਲਾ ਓਸ ਗਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ ।
ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ
ਜੂਹਾਂ ਸਣੇ ਸਿਹੱਦੇ ।
ਸੜ ਜਾਏ ਫ਼ਸਲ ਸਵੇ 'ਤੇ ਆਈ
ਬੋਹਲ ਪਿੜਾਂ ਵਿਚ ਲੱਗੇ ।
ਜਿਸ ਗਰਾਂ ਵਿਚ ਜ਼ਿੰਦਗੀ ਨਾਲੋਂ
ਮੱਢਲ ਮਹਿੰਗੀ ਲੱਭੇ ।
ਪੁੰਨਿਆਂ ਦਾ ਚੰਨ ਵੇਖ ਰਿਹਾ ਸੀ
ਚਾਨਣ ਆਏ ਮਕਾਣੇ ।
ਪੌਣਾਂ ਦੇ ਗਲ ਲੱਗ ਰੋਵਣ
ਸ਼ੀਸ਼ੋ ਨੂੰ ਮਰ ਜਾਣੇ ।
ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ
ਲੋਗੜ ਵਾਂਗ ਪੁਰਾਣੇ ।
ਉੱਠਦਾ ਧੂੰਆਂ ਬੁੱਲ੍ਹੀਆਂ ਟੇਰੇ
ਵਾਕਣ ਬਾਲ ਅੰਞਾਣੇ ।
ਰੋਂਦੇ ਰਹੇ ਸਿਤਾਰੇ ਅੰਬਰੀਂ
ਫੂਹੜੀ ਪਾ ਨਿਮਾਣੇ ।
ਸਾਰੀ ਰਾਤ ਰਿਹਾ ਚੰਨ ਬੈਠਾ
ਸ਼ੀਸ਼ੋ ਦੇ ਸਿਰਹਾਣੇ ।
ਸ਼ਾਲਾ ਬਾਂਝ ਮਰੀਵਣ ਮਾਪੇ
ਢਿੱਡੋਂ ਭੁੱਖੇ ਭਾਣੇ ।
ਉਸ ਘਰ ਜੰਮੇ ਨਾ ਕੋਈ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ ।