Shayari Da Badshah : Yashu Jaan

ਸ਼ਾਇਰੀ ਦਾ ਬਾਦਸ਼ਾਹ : ਯਸ਼ੂ ਜਾਨ

੧.
ਸਾਡੇ ਤੇ ਇਲਜ਼ਾਮ ਜੋ ਲਾਏ,
ਉਹ ਵੀ ਸਾਨੂੰ ਸਵਿਕਾਰ ਨੇ,
ਸਾਨੂੰ ਭਾਵੇਂ ਦਿੱਤਾ ਹੈ,
ਠੁਕਰਾ ਤੇਰੇ ਇਸ ਪਿਆਰ ਨੇ,
ਸਾਡਾ ਮਤਲਬ ਵਾਲਾ ਪਿਆਰ ਨਹੀਂ,
ਸਾਡਾ ਧੁਰ ਇਸ਼ਕ ਦਾ ਪਿਆਰ ਹੈ,
ਅਸੀਂ ਇੰਨੀ ਗੱਲ ਵਿੱਚ ਖੁਸ਼ ਰਹੀਏ,
ਤੈਨੂੰ ਇੰਨਾ ਤਾਂ ਇਤਬਾਰ ਹੈ

੨.
ਜਿੰਨੇ ਵੀ ਤੂੰ ਦੁੱਖ ਨੇ ਦਿੱਤੇ,
ਲੱਗੇ ਹਾਲੇ ਤੱਕ ਨੇ ਪਿੱਛੇ,
ਮੈਨੂੰ ਕੋਈ ਖਬਰ ਨਹੀਂ ਹੈ,
ਮੈਂ ਵੀ ਦੱਸ ਹੁਣ ਜਾਵਾਂ ਕਿੱਥੇ,
ਜੇ ਤੂੰ ਆਖੇਂ ਮਰ ਮੈਂ ਜਾਵਾਂ,
ਮੈਂ ਨਾ ਆਸ਼ਿਕ ਮਰਦੇ ਡਿੱਠੇ

੩.
ਤਾਨਾਸ਼ਾਹ ਰਾਜਿਆਂ ਦੇ ਤਾਜ ਖ਼ਤਰਨਾਕ ਨੇ,
ਜ਼ਖ਼ਮੀ ਤੇ ਉੱਡਦੇ ਹੋਏ ਬਾਜ਼ ਖ਼ਤਰਨਾਕ ਨੇ,
ਖ਼ਤਰਨਾਕ ਹੈ ਯਸ਼ੂ ਦਿਨੇ ਗ਼ਾਇਬ ਹੋ ਜਾਣਾ,
ਮਿੱਟੀ ਵਿੱਚ ਦੱਬੇ ਹੋਏ ਰਾਜ਼ ਖ਼ਤਰਨਾਕ ਨੇ

੪.
ਮੈਂ ਉਸਨੂੰ ਕਰਦਾ ਪਿਆਰ ਹਾਂ ਸਭਦਾ ਇਹ ਰੌਲਾ,
ਇਹ ਪਿਆਰ ਮੁਹੱਬਤ ਕੀ ਹੈ ਦੱਸਾਂ ਕੀ ਮੌਲਾ,
ਸਾਨੂੰ ਪਿਆਰ ਤਾਂ ਮਾਂ ਵੀ ਕਰਦੀ ਏ,
ਉਸ ਪਿਆਰ ਦਾ ਮਤਲਬ ਕੀ ਹੁੰਦੈ,
ਜੋ ਅੱਜਕਲ ਕਰਨ ਸ਼ਰੀਰਾਂ ਲਈ,
ਉਹ ਪਿਆਰ ਨਹੀਂ ਸਬਜ਼ੀ ਹੁੰਦੈ

੫.
ਪੀਂਦਾ ਨਹੀਂ ਹਾਂ ਨਸ਼ਾ ਫੇਰ ਵੀ ਬਣਿਆ ਰਹਿੰਦਾ ਹੈ,
ਅਕਸਰ ਉਨ੍ਹਾਂ ਦੀ ਯਾਦ ਸ਼ਰਾਬੀ ਕਰ ਦਿੰਦੀ ਹੈ ਮੈਨੂੰ

੬.
ਪ੍ਰਧਾਨਗੀ ਪ੍ਰਧਾਨਾਂ ਨੂੰ ਮੁਬਾਰਕ,
ਸ਼ੈਤਾਨੀ ਸ਼ੈਤਾਨਾਂ ਨੂੰ ਮੁਬਾਰਕ,
ਆਸ਼ਿਕ,ਦੀਵਾਨਿਆਂ ਨੂੰ ਮੁਬਾਰਕ ਦੀਵਾਨਗੀ,
ਠੱਗੀ ਠੋਰੀ ਯਸ਼ੂ ਇਨਸਾਨਾਂ ਨੂੰ ਮੁਬਾਰਕ

੭.
ਮੈਂ ਮੰਨਦਾ ਹਾਂ ਮੌਤ ਸੱਚ ਹੈ,
ਪਰ ਜ਼ਿੰਦਗੀ ਵੀ ਸੱਚ,
ਇੱਕ ਪਾਰਦਰਸ਼ੀ ਕੱਚ ਹੈ,
ਜੋ ਕਬਰਾਂ ਵਿੱਚ ਵੀ ਜਨਮ ਲੈ ਲੈਂਦੀ ਹੈ,
ਚੱਟਾਨਾਂ ਦਾ ਸੀਨਾ ਪਾੜ,
ਉਹਨਾਂ ਉੱਤੇ ਆ ਬਹਿੰਦੀ ਹੈ,
ਇਸਦੀ ਮਰ ਨਾ ਕਦੇ ਅਣਖ ਸਕਦੀ ਹੈ,
ਜ਼ਿੰਦਗੀ ਕਿਤੇ ਵੀ ਪਣਪ ਸਕਦੀ ਹੈ

੮.
ਮਿਆਂਮਾਰ ਨੂੰ ਅਸੀਂ ਤੋਹਫੇ ਦੇ ਵਿੱਚ ਬੜਾ ਹੀ ਕੁਝ ਦਿੱਤਾ,
ਤੇ ਉਸਦਾ ਲਾਭ ਮਿਆਂਮਾਰ ਨਹੀਂ ਚੀਨ ਵੀ ਚੱਕ ਰਿਹਾ ਹੈ,
ਇਹ ਭਾਰੀ ਗ਼ਲਤੀ ਕੀਤੀ ਸੀ ਯਸ਼ੂ ਇੱਕ ਨੇਤਾ ਨੇ,
ਦੂਰੋਂ ਚੀਨ ਜੋ ਬੈਠਾ ਹੁਣ ਤੱਕ ਨਜ਼ਰਾਂ ਰੱਖ ਰਿਹਾ ਹੈ

੯.
ਜਿਹੜਾ ਠੋਕਰਾਂ ਖਾਣ ਤੋਂ ਬਾਅਦ ਵੀ,
ਪੁੱਠੇ ਕੰਮ ਕਰ ਰਿਹਾ,
ਉਹ ਬਦਲ ਨਹੀਂ ਸਕਦਾ,
ਕਰ ਅਕਲ ਨਹੀਂ ਸਕਦਾ,
ਉਸ ਲਈ ਸਜ਼ਾ ਵੀ ਘੱਟ ਹੈ,
ਜੇ ਮੌਤ ਦੀ ਦੇ ਦਈਏ,
ਜਾਨ ਯਸ਼ੂ ਤੂੰ ਦੱਸ ਐਸੇ,
ਬੰਦੇ ਨੂੰ ਕੀ ਕਹੀਏ

੧੦.
ਮੈਂ ਕੀ ਕਹਾਂ ਉਹਦੀ ਯਾਦ ਅੰਦਰ,
ਮੇਰੀ ਪੂਰੀ ਲਿਖੀ ਕਹਾਣੀ ਹੈ,
ਮੇਰੀ ਅੱਖ ਅੰਦਰ ਵੱਸਿਆ ਹੈ ਲਹੂ,
ਜਿਹਨੂੰ ਤੁਸੀਂ ਸਮਝਿਆ ਪਾਣੀ ਹੈ,
ਮੈਂ ਉਸਦਾ ਮਰਜਾਣਾ ਹਾਂ,
ਤੇ ਉਹ ਮੇਰੀ ਮਰਜਾਣੀ ਹੈ,
ਕੋਈ ਗੀਤ ਨਹੀਂ, ਕਵਿਤਾ ਨਹੀਂ,
ਉਹ ਮੇਰੀ ਸਲਤਨਤ ਦੀ ਰਾਣੀ ਹੈ

੧੨.
ਪੱਤਿਆਂ ਤੋਂ ਹੀ ਪੇੜ ਦੀਆਂ ਖੂਬੀਆਂ ਸਮਝ ਆਉਂਦੀਆ ਨੇ,
ਲੋਕਾਂ ਦੀਆਂ ਨਜ਼ਰਾਂ ਤੋਂ ਨਜ਼ਰਾਂ ਹੀ ਥੱਲੇ ਲਾਹੁੰਦੀਆਂ ਨੇ,
ਗੱਲਾਂ ਨਾਲ ਹੀ ਸਾਨੂੰ ਯਾਦ ਰੱਖਣ ਦੁਨੀਆਂ ਵਾਲੇ ਯਸ਼ੂ,
ਇੱਥੇ ਤਾਂ ਬਾਦਸ਼ਾਹੀਆਂ ਵੀ ਮਿੱਟੀ ' ਚ ਰੁਲ ਜਾਂਦੀਆਂ ਨੇ

੧੩.
ਬਣਦੀ ਸਰਕਾਰ ਦੇ ਉੱਤੇ ਸ਼ਿਕੰਜਾ ਹੈ ਕੱਸਿਆ,
ਸ਼ਾਇਰੀ ਦੀ ਦਹਲੀਜ ਤੇ ਹਾਲੇ ਪੈਰ ਹੈ ਰੱਖਿਆ,
ਮੈਂ ਉਹਨਾਂ ਸ਼ਾਇਰਾਂ ਨਾਲ ਟੱਕਰ ਨਹੀਂ ਲੈ ਸਕਦਾ,
ਜਿਹਨਾਂ ਸ਼ਾਇਰਾਂ ਨੇ ਮੈਂਨੂੰ ਇਹ ਗੁਰ ਹੈ ਦੱਸਿਆ

੧੪.
ਸੂਰਜ ਨੂੰ ਪਾਣੀ ਦੇਣ ਵਾਲਿਓ,
ਕਦੇ ਮਾਪਿਆਂ ਨੂੰ ਵੀ ਪੁੱਛਿਆ ਹੈ,
ਜੋ ਭੁੱਖ ਦੀ ਪੀੜ ਤੋਂ ਮਰਦੇ ਨੇ,
ਕਦੇ ਦਰਦ ਉਹਨਾਂ ਲਈ ਉੱਠਿਆ ਹੈ,
ਤੁਸੀਂ ਕੁੱਟੇ ਹੋਣੇ ਮਾਸੂਮ ਜਿਹੇ ਬੱਚੇ,
ਕਦੇ ਆਪਣੀ ਮੈਂ ਨੂੰ ਕੁੱਟਿਆ ਹੈ,
ਯਸ਼ੂ ਜਾਨ ਇਨਸਾਨਾਂ ਨੇ ਹੀ,
ਵੱਢ ਇੰਨਸਾਨ ਨੂੰ ਸੁੱਟਿਆ ਹੈ

੧੫.
ਉਹਨੇ ਸਿਰ ਤੇ ਤੌਹਮਤ ਲਾਈ,
ਮੁੜਕੇ ਵਾਪਿਸ ਨਾ ਆਈ,
ਮੈਂ ਅੱਜ ਵੀ ਆਖਾਂ ਲੋਕਾਂ ਨੂੰ ਮੈਂ ਮਾੜਾ ਸੀ,
ਉਹ ਚੰਗੀ ਸੀ ਕੁੜੀ,
ਮੈਂ ਬੜੇ ਹੀ ਤਰਲੇ ਪਾਏ ਉਸ ਮਰਜਾਣੀ ਦੇ,
ਉਹਨੇ ਮੇਰੀ ਇੱਕ ਨਾ ਸੁਣੀ

੧੬.
ਕਵਿਤਾ ਨਾਮ ਵਿਚਾਰਾਂ ਦਾ ਲੋਕੋ,
ਤੁਕ ਸੋਚ - ਸੋਚ ਕੇ ਲਿਖਣਾ ਨਹੀਂ,
ਬਾਦਸ਼ਾਹੀ ਹੈ ਦਿਲਾਂ ਤੇ ਰਾਜ ਕਰਨਾ,
ਕਿਸੇ ਰਾਜਨੀਤੀ ਵਿੱਚ ਜਿੱਤਣਾ ਨਹੀਂ

੧੭.
ਜਿਵੇਂ - ਜਿਵੇਂ ਕੋਈ ਵਿਅਕਤੀ ਮਸਜਿਦ, ਮੰਦਰ ਜਾਂਦਾ ਹੈ,
ਉਵੇਂ - ਉਵੇਂ ਹੰਕਾਰ ਵੀ ਵੱਸ ਉਸਦੇ ਅੰਦਰ ਜਾਂਦਾ ਹੈ

ਉਹ ਸੋਚਦਾ ਹੈ ਉਸ ਵਰਗਾ ਕੋਈ ਧਰਮੀ ਪੁਰਖ ਨਹੀਂ,
ਇਸੇ ਭਰਮ ਵਿੱਚ ਬਣਦਾ ਉਹ ਡੰਗਰ ਜਾਂਦਾ ਹੈ

ਬਾਕੀ ਤਾਂ ਸਾਰੇ ਨਾਸਤਿਕ ਨੇ ਮੈਂ ਹੀ ਮੰਨਾ ਉਸ ਰੱਬ ਨੂੰ,
ਆਪਣੇ ਆਪ ਨੂੰ ਸਮਝੀ ਉਹ ਕਲੰਦਰ ਜਾਂਦਾ ਹੈ

ਲੋਕਾਂ ਅੱਗੇ ਫਿਰ ਦਾਨ ਪੁੰਨ ਕਰਦਾ ਹੈ ਬੜੇ ਦਿਖਾਵੇ ਜੀ,
ਉਹਦਾ ਮੱਤ ਦਾ ਘਰ ਹੌਲੀ - ਹੌਲੀ ਬਣ ਖੰਡਰ ਜਾਂਦਾ ਹੈ

ਇੰਨਾ ਹੰਕਾਰ ਚੰਗਾ ਨਹੀਂ ਜੁੜ ਧਰਤੀ ਨਾਲ ਰਹਿ ਜਾਨ,
ਹੰਕਾਰ ਕਰਕੇ ਧਰਤੀ ਤੋਂ ਉੱਠ ਬਹਿ ਅੰਬਰ ਜਾਂਦਾ ਹੈ

੧੮.
ਉੱਲੂ ਯਾਰੋ ਕਦੇ ਵੀ ਗਿਆਨੀ ਨਹੀਂ ਕਹਾਉਂਦੇ,
ਉਹਨਾਂ ਚੜ੍ਹਦੇ ਹੋਏ ਸੂਰਜ ਨੂੰ ਦੇਖਿਆ ਨਹੀਂ,
ਕਾਹਦਾ ਉਹ ਬਾਣੀਆਂ ਜੋ ਤੋਲਣਾ ਨਾ ਜਾਣੇ,
ਹੱਟੀ ਉੱਤੇ ਸੌਦਾ ਯਸ਼ੂ ਵੇਚਿਆ ਨਹੀਂ

੧੯.
ਉਹ ਕੀ ਕਰਨਗੇ ਪੰਜਾਬ ਲਈ,
ਜਿਹੜੇ ਧੁੱਪਾਂ ਦੇਖ ਕੇ ਡਰ ਜਾਂਦੇ,
ਕਿੰਨੇ ਡਿਗਰੀ ਤਾਪਮਾਨ ਹੈ,
ਪੁੱਛ ਕੇ ਅੰਦਰ ਵੜ ਜਾਂਦੇ,
ਲੋਕਾਂ ਨੂੰ ਭੀੜ 'ਚ ਖੜ੍ਹਾ ਕਰਕੇ,
ਆਪ ਠੰਡੀ ਥਾਂ ਤੇ ਚੜ੍ਹ ਜਾਂਦੇ,
ਉਹ ਵੀ ਯਸ਼ੂ ਜਾਨ ਨੇ ਬੰਦੇ,
ਜੋ ਅੰਨ - ਸ਼ਣ ਕਰਦੇ ਮਰ ਜਾਂਦੇ,
ਅੱਜ ਦੇ ਨੇਤਾ ਕੀ ਦੱਸਾਂ ਮੈਂ,
ਭਾਸ਼ਣ ਦੇਕੇ ਘਰ ਜਾਂਦੇ

੨੦.
ਇਹ ਚਿੱਟਾ ਕਾਲਾ ਜੋ ਵਿਕਦਾ ਹੈ,
ਇਹਨੂੰ ਵੇਚਣ ਵਾਲੇ ਹੋਰ ਨਹੀਂ,
ਸਾਡਾ ਹੀ ਇੱਕ ਭੁਲੇਖਾ ਹੈ,
ਅਸੀਂ ਆਪ ਹੀ ਕਰਦੇ ਗੌਰ ਨਹੀਂ

ਸੁਣਿਆ ਮੈਂ ਖੇਤੀ ਤੋਂ ਜ਼ਿਆਦਾ,
ਠੇਕਿਆਂ ਤੋਂ ਵੱਧ ਕਮਾਈ ਹੈ,
ਇਹ ਚਿੱਟਾ ਕਾਲਾ ਜੋ ਵੇਚੇ,
ਸਰਕਾਰ ਦਾ ਹੀ ਜਵਾਈ ਹੈ,
ਸੰਵਿਧਾਨ ਰਚੇਤਾ ਦਾ ਦੋਸ਼ ਨਹੀਂ,
ਸਰਕਾਰ ਤਾਂ ਅਸੀਂ ਬਣਾਈ,
ਚੋਰਾਂ ਨੂੰ ਵੋਟਾਂ ਪਾ - ਪਾ ਕੇ,
ਅੱਜ ਜਨਤਾ ਹੀ ਕਰਜ਼ਾਈ ਹੈ,
ਇਹ ਚਿੱਟਾ ਕਾਲਾ ਜੋ ਵੇਚੇ,
ਸਰਕਾਰ ਦਾ ਹੀ ਜਵਾਈ ਹੈ

ਬਾਡਰ ਨੂੰ ਕਰਕੇ ਪਾਰ ਇੱਥੇ,
ਇਹ ਕਿੱਦਾਂ ਆ ਹੈ ਜਾਂਦਾ,
ਕਈ ਘਰਾਂ ਚ ਬਾਲ ਦਿੰਦਾ ਦੀਵੇ,
ਕਈ ਰਿਸ਼ਤੇ ਖਾ ਹੈ ਜਾਂਦਾ,
ਸਾਡਾ ਹੀ ਕੋਈ ਆਪਣਾ ਹੈ,
ਜੋ ਇੱਜ਼ਤ ਲੁਟਾ ਹੈ ਜਾਂਦਾ,
ਮੇਰੀ ਰਾਮ ਨਾਮ ਖਿੱਝ ਨਹੀਂ,
ਨਾ ਰਾਵਣ ਨਾਲ ਲੜਾਈ ਹੈ,
ਇਹ ਚਿੱਟਾ ਕਾਲਾ ਜੋ ਵਿਕਦਾ ਹੈ,
ਸਰਕਾਰ ਦਾ ਹੀ ਜਵਾਈ ਹੈ

੨੧.
ਇਹ ਭੁਲੇਖਾ ਹੈ ਤੇਰਾ ਉਹ ਹੋਣ ਲਈ ਸ਼ਿਕਾਰ ਆਵੇਗੀ,
ਉਹ ਜਦ ਵੀ ਆਊਗੀ ਕਰਨ ਆਰ - ਪਾਰ ਆਵੇਗੀ,
ਯਸ਼ੂ ਜਾਨ ਜਦ ਆਊ ਤੇਰੀ ਦੱਸਕੇ ਕੇ ਨਹੀਂ ਆਉਣਾ ਉਹਨੇ,
ਤੇਰੇ ਆਪਣਿਆਂ ਹੱਥਾਂ ਹੀ ਤੇਰੀ ਜ਼ੁਬਾਨ ਬਾਹਰ ਆਊਗੀ,
ਹਰ ਸ਼ਾਇਰੀ ਦੇ ਵਿੱਚ ਜਾਨ - ਜਾਨ ਲਿਖਦਾ ਏਂ,
ਉਦੋਂ ਪਤਾ ਲੱਗੂ ਜਦ ਤੇਰੀ ਜਾਨ ਬਾਹਰ ਆਵੇਗੀ

੨੨.
ਕੋਈ ਤੈਨੂੰ ਰੋਂਦਾ ਛੱਡ ਜਾਵੇ,
ਇੰਨਾ ਇਤਬਾਰ ਨਾ ਕਰ,
ਜੋ ਧੋਖੇ ਵਿੱਚ ਤਬਦੀਲ ਹੋਵੇ,
ਬਹੁਤਾ ਪਿਆਰ ਨਾ ਕਰ,
ਜੇਕਰ ਤੂੰ ਪਿਆਰ ਕਰ ਹੀ ਲਿਆ,
ਹੁਣ ਹਾਹਾਕਾਰ ਨਾ ਕਰ,
ਗ਼ਲਤੀ ਕਰਕੇ ਛੱਡਣਾ ਪੈ ਜਏ,
ਕੋਈ ਐਸਾ ਯਾਰ ਨਾ ਕਰ,
ਜੇ ਅੰਨ੍ਹਾ ਹੀ ਹੋਣਾ ਤੂੰ ਯਸ਼ੂ ਜਾਨ,
ਫ਼ਿਰ ਅੱਖਾਂ ਚਾਰ ਨਾ ਕਰ

੨੩.
ਤੂੰ ਮੈਨੂੰ ਲਿਆ ਬੁਲਾ ਸੱਜਣਾਂ,
ਤੇ ਬੂਹੇ ਰੱਖੇ ਭੇੜੇ,
ਫ਼ਿਰ ਬੰਨ੍ਹੇ ਬਾਹਰ ਕਿਉਂ ਰਾਤ ਦਿਨੇ,
ਤੁਸੀਂ ਕੁੱਤੇ ਰੱਖੇ ਜਿਹੜੇ,
ਦੱਸ ਯਸ਼ੂ ਜਾਨ ਕਿਵੇਂ ਆਵੇ ਤੇਰੀ ਗਲੀ ਦੇ ਵਿੱਚ ਮੇਰੀ ਜਾਨ,
ਤੇਰਾ ਬਾਪੂ ਰੱਖਦਾ ਬਿੜਕ ਮਾਰਦਾ ਗਲੀ ' ਚ ਕਿਹੜਾ ਗੇੜੇ

੨੪.
ਸਾਥੋਂ ਦੂਰ ਹੋਵੇਗਾ,
ਪਰ ਸਾਡੇ ਦਿਲ 'ਚ ਹੋਵੇਗਾ,
ਉਸਦਾ ਨਾਮ ਸਾਡੇ ਹੋਣ ਵਾਲੇ,
ਕਾਤਲ ਚ ਹੋਵੇਗਾ,
ਹੁਣ ਉਸਨੂੰ ਜੇਕਰ ਯਸ਼ੂ ਦੇਖਣਾ ਹੋਵੇ,
ਜਾਕੇ ਦੇਖ ਉਹ ਗੈਰਾਂ ਦੀ ਮਹਿਫ਼ਿਲ ਚ ਹੋਵੇਗਾ

੨੫.
ਹੁਸਨ ਦਾ ਵਾਰ ਸਹਿ ਜਾਣਾ,
ਕਮਜ਼ੋਰੀ ਆਸ਼ਕਾਂ ਦੀ ਹੈ,
ਦਿਲਾਂ ਨੂੰ ਲੁੱਟ ਕੇ ਲੈ ਜਾਣਾ,
ਚੋਰੀ ਆਸ਼ਕਾਂ ਦੀ ਹੈ,
ਤੁਸੀਂ ਇਹ ਬੇਮਤਲਬ ਦਾ ਸਵਾਲ ਪੁੱਛ ਰਹੇ,
ਕਾਲੀ ਆਸ਼ਕਾਂ ਦੀ ਹੈ ਜਾਂ,
ਗੋਰੀ ਆਸ਼ਕਾਂ ਦੀ ਹੈ,
ਜ਼ੁਲਮ ਸਹਿਣਾ ਕਰਕੇ ਮੁਹੱਬਤ,
ਇਸ ਵਿੱਚ ਵੀ ਯਸ਼ੂ ਜਾਨ ਸੁਣ,
ਖੋਰੀ ਆਸ਼ਕਾਂ ਦੀ ਹੈ

੨੬.
ਮੈਂ ਉਸਦੀ ਪਾਕ ਮੁਹੱਬਤ ਨੂੰ,
ਪੈਰਾਂ ਦੇ ਵਿੱਚ ਰੋਲ ਦਿੱਤਾ,
ਅਸੀਂ ਸਦੀਆਂ ਤੱਕ ਗੁਲਾਮ ਤੇਰੇ,
ਉਹਨਾਂ ਨੇ ਫਿਰ ਵੀ ਬੋਲ ਦਿੱਤਾ,
ਉਹਨੇ ਕਦੇ ਵੀ ਨੀਵੀਂ ਪਾਈ ਨਾ,
ਮੈਂ ਉਸਦਾ ਕਰ ਮਖੌਲ ਦਿੱਤਾ,
ਮੈਂ ਸ਼ਰਮ ਦੇ ਵਿੱਚ ਤੌਬਾ ਕੀਤੀ,
ਉਸ ਅੱਗੇ ਦਿਲ ਨੂੰ ਖੋਲ੍ਹ ਦਿੱਤਾ,
ਉਹਨੇ ਹੱਸਕੇ ਪਾਈ ਗਲਵਕੜੀ,
ਆਪਣਾ ਪਿਆਰ ਸਾਡੇ ਤੇ ਡੋਲ੍ਹ ਦਿੱਤਾ

੨੭.
ਤੈਨੂੰ ਬਹੁਤ ਹੈ ਘਮੰਡ ਤੇਰੇ ਰੱਬ ਹੋਣ ਦਾ,
ਤੈਨੂੰ ਡਰ ਵੀ ਹੈ ਯਾਰਾ ਤੇਰੇ ਲੱਭ ਹੋਣ ਦਾ,
ਇਹ ਨਾ ਸੋਚ ਤੇਰੇ ਤੀਕਰ ਪਹੁੰਚ ਨਹੀਂ ਸਕਦੇ,
ਇੰਤਜ਼ਾਰ ਹੈ ਤੈਨੂੰ ਲੱਭਣਾ ਸਾਡੀ ਜ਼ਿੱਦ ਹੋਣ ਦਾ,
ਮੇਰਾ ਮੁਰਸ਼ਦ ਹੈ ਜੋ ਤੇਰੀ ਜੰਨਤ ਤੋਂ ਵੀ ਸੋਹਣਾ,
ਸਾਨੂੰ ਤੇਰਾ ਨਹੀਂ ਸਾਨੂੰ ਡਰ ਹੈ ਉਸਤੋਂ ਅਲੱਗ ਹੋਣ ਦਾ

੩੦.
ਕਿਸੇ ਗੈਰ ਕੁੜੀ ਦੇ ਪਿਆਰ ਲਈ ਤੂੰ ਮਰ ਸਕਦਾ,
ਜਿਹਨਾਂ ਜੰਮਿਆਂ ਤੈਨੂੰ ਉਹਨਾਂ ਨਾਲ਼ ਵੀ ਲੜ ਸਕਦਾ,
ਤੂੰ ਜਿੰਨਾ ਮਰਜ਼ੀ ਮਰ ਮਿਟ ਲੈ ਯਸ਼ੂ ਗੈਰਾਂ ਲਈ,
ਤੈਨੂੰ ਮਾਂ ਤੋਂ ਜ਼ਿਆਦਾ ਪਿਆਰ ਕੋਈ ਨਹੀਂ ਕਰ ਸਕਦਾ

੩੧.
ਦੁਨੀਆਂ ਦੇ ਮੈਂਨੂੰ ਰੰਗ ਪਤਾ ਨੇ,
ਕਦ ਹੋ ਜਾਵੇ ਬੇਰੰਗੀ ਦੁਨੀਆਂ,
ਦੁਨੀਆਂ ਤਾਂ ਦੋ ਤਰਾਂ ਦੀ ਹੈ,
ਮਾੜੀ ਦੁਨੀਆਂ ਚੰਗੀ ਦੁਨੀਆਂ,
ਦੁਨੀਆਂ ਦੇ ਮੈਂਨੂੰ ਰੰਗ ਪਤਾ ਨੇ

ਸਾਡੇ ਮਹਾਂਪੁਰਸ਼ ਤਾਂ ਆਖ ਗਏ,
ਕੁਝ ਭੋਲੀ ਤੇ ਅਣਭੋਲ ਹੈ ਦੁਨੀਆਂ,
ਕਈ ਵਿਗਿਆਨੀਆਂ ਆਖਿਆ ਹੈ,
ਘੁੰਮਦੀ ਹੈ ਤੇ ਗੋਲ ਹੈ ਦੁਨੀਆਂ,
ਜਿੱਥੇ ਪਿਆਰ ਦੀ ਬੋਲੀ ਲੱਗਦੀ ਹੈ,
ਡੰਗਰਾਂ ਦੀ ਉਹ ਮੰਡੀ ਦੁਨੀਆਂ,
ਦੁਨੀਆਂ ਤਾਂ ਦੋ ਤਰ੍ਹਾਂ ਦੀ ਹੈ,
ਮਾੜੀ ਦੁਨੀਆਂ ਚੰਗੀ ਦੁਨੀਆਂ

ਇਹਦਾ ਕੋਈ ਸੰਗੀ ਸਾਥੀ ਨਹੀਂ,
ਸੱਪਾਂ ਨੂੰ ਹੈ ਡੰਗਦੀ ਦੁਨੀਆਂ,
ਮਾੜਾ ਸਮਾਂ ਕਿਸੇ ਦਾ ਦੇਖ,
ਕੋਲੋਂ ਦੀ ਨਾ ਲੰਘਦੀ ਦੁਨੀਆਂ,
ਮਦਦ ਕਿਸੇ ਦੀ ਕਰਕੇ ਪਿੱਛੋਂ,
ਕਰ ਦਿੰਦੀ ਹੈ ਭੰਡੀ ਦੁਨੀਆਂ,
ਦੁਨੀਆਂ ਤਾਂ ਦੋ ਤਰਾਂ ਦੀ ਹੈ,
ਮਾੜੀ ਦੁਨੀਆਂ ਚੰਗੀ ਦੁਨੀਆਂ

ਦੁਨੀਆਂ ਨੇ ਖ਼ੁਦ ਨੂੰ ਮਾਰਨ ਲਈ,
ਇੱਕ ਹਥਿਆਰ ਦੀ ਖੋਜ ਕੀਤੀ,
ਜਿਹਦਾ ਮਾਰਿਆ ਮੁੜ ਤੋਂ ਜੰਮੇ ਨਾ,
ਇਹਨਾਂ ਜਾਤ - ਪਾਤ ਦੀ ਖੋਜ ਕੀਤੀ,
ਦੁਨੀਆਂ ਨੂੰ ਅਲਵਿਦਾ ਕਹਿ ਗਏ,
ਉਹਨਾਂ ਦਾ ਕੀ ਨੁਕਸਾਨ ਹੋਇਆ,
ਮੇਰੇ ਮੁਰਸ਼ਦ ਮੈਂਨੂੰ ਮੱਤ ਬਖ਼ਸ਼ੀ,
ਮੈਂ ਉਦੋਂ ਤੋਂ ਯਸ਼ੂ ਜਾਨ ਹੋਇਆ,
ਜਿਹਨੂੰ ਸ਼ਰਮ ਹਿਆ ਦਾ ਪਤਾ ਨਹੀਂ,
ਮੈਂਨੂੰ ਪਤਾ ਗਈ ਹੈ ਵੰਡੀ ਦੁਨੀਆਂ,
ਦੁਨੀਆਂ ਤਾਂ ਦੋ ਤਰਾਂ ਦੀ ਹੈ,
ਮਾੜੀ ਦੁਨੀਆਂ ਚੰਗੀ ਦੁਨੀਆਂ

੩੨.
ਤੂੰ ਗੱਲ ਸੁਣਲੈ ਧੋਖਾ ਦੇਣੀਏ,
ਤੈਨੂੰ ਛੱਡ ਕੇ ਵੀ ਪਛਤਾ ਰਹੇ,
ਮੇਰਾ ਦਿਲ ਹਾਲੇ ਵੀ ਰੋਂਦਾ ਹੈ,
ਦਿਮਾਗ਼ ਨੂੰ ਚੱਕਰ ਆ ਰਹੇ,
ਤੇਰੀ ਯਾਦ ਹੀ ਪਿੱਛਾ ਛੱਡਦੀ ਨਹੀਂ,
ਯਸ਼ੂ ਯਾਰਾਂ ਕੋਲੇ ਕੀ ਬਹਿਣਾ,
ਤੂੰ ਆਪਣੀ ਯਾਦ ਨੂੰ ਪੁੱਛੇਕੇ ਦੱਸ,
ਉਹਨੇ ਨਾ ਆਉਣ ਦਾ ਕੀ ਲੈਣਾ

੩੩.
ਜਦ ਉਹ ਗੁੱਸਾ ਹੋ ਜਾਵਣ,
ਮੈਨੂੰ ਚੁੱਪ ਹੀ ਰਹਿਣਾ ਪੈਂਦਾ ਹੈ,
ਉਹ ਗੁੱਸੇ ਵਿੱਚ ਕੁਝ ਕਰ ਨਾ ਲੈਣ,
ਉਹਦੇ ਕੋਲ਼ ਹੀ ਬਹਿਣਾ ਪੈਂਦਾ ਹੈ,
ਅਸੀਂ ਪਿਆਰ ਨਾਲ਼ ਗੱਲਾਂ ਕਰਦੇ ਹਾਂ,
ਉਹ ਗੁੱਸਾ ਕਰ - ਕਰ ਰੁਸਦੇ ਨੇ,
ਅਸੀਂ ਪਾਈਏ ਕਾਹਦੀ ਗਲਵੱਕੜੀ,
ਉਹ ਗਲੋਂ ਹੀ ਲਾਹ - ਲਾਹ ਸੁੱਟਦੇ ਨੇ

੩੪.
ਮੈਨੂੰ ਮੇਰੇ ਪੇਕੇ ਸਹੁਰੇ ਇੱਕ ਜਾਪਦੇ,
ਕਰਦੇ ਜੋ ਮੇਰੇ ਲਈ ਸਹੀ ਹੋਵੇਗਾ,
ਮੈਨੂੰ ਭੇਦ ਲੱਭਿਆ ਨਾਂ ਦੋਹਾਂ ਵਿਚ ਕੋਈ,
ਜੇ ਫ਼ਰਕ ਹੋਏਗਾ ਉਹਨਾਂ ਲਈ ਹੋਵੇਗਾ

੩੫.
ਤੂੰ ਜਿੰਨਾ ਕੁ ਲਿਖਾਇਆ ਮੈਨੂੰ,
ਉੱਨਾ ਕੁ ਮੈਂ ਲਿਖਿਆ,
ਜਿੰਨਾ ਗੁਰੂ ਨੇ ਸਿਖਾਇਆ ਮੈਨੂੰ,
ਉੱਨਾ ਹੀ ਮੈਂ ਸਿੱਖਿਆ,
ਮੇਰੀਆਂ ਤਰੀਫ਼ਾਂ ਕਰ,
ਭਰਤਾ ਜਹਾਨ ਲੋਕਾਂ,
ਯਸ਼ੂ ਕਮੀਆਂ ਗਿਣਾਉਣ ਵਾਲ਼ਾ,
ਕੋਈ ਵੀ ਨਾ ਦਿਸਿਆ

੩੬.
ਚੋਰ ਭਾਣੇ ਰਾਹ ਜਾਂਦਾ ਹੋਇਆ ਬੰਦਾ ਫਸ ਜਾਏ,
ਮੇਰਾ ਇਲਜ਼ਾਮ ਕਿਸੇ ਹੋਰ ਹੱਡੀਂ ਰਚ ਜਾਏ,
ਦਾਜ ਦਾ ਸਬੰਧ ਕੀ ਏ ਧੀ ਸੁਖੀ ਰਹਿਣ ਨਾਲ,
ਹੋਵੇ ਲੱਛਣਾਂ ਤੋਂ ਚੰਗੀ ਤਾਂ ਉਹ ਕੁੱਲੀ ਵਿੱਚ ਵੱਸ ਜਾਏ

੩੭.
ਰੱਬ ਕਰੇ ਤੈਨੂੰ ਟਾਈਫਾਈਡ ਹੋ ਜਾਵੇ,
ਤੇਰੇ ਲੱਗਣ ਸਰਿੰਜਾਂ ਤਿੱਖੀਆਂ ਤੋਂ ਤਿੱਖੀਆਂ,
ਖਾ ਦਵਾਈਆਂ ਤੇਰੇ ਮੂੰਹ ਦਾ ਸਵਾਦ ਵਿਗੜੇ,
ਕੌੜੀਆਂ ਲੱਗਣ ਗੋਲੀਆਂ ਵੀ ਮਿੱਠੀਆਂ,
ਰੱਬ ਕਰੇ ਤੈਨੂੰ ਟਾਈਫਾਈਡ ਹੋ ਜਾਵੇ

ਹਾਜਮਾ ਖ਼ਰਾਬ ਤੇਰਾ ਹੋ ਜਾਵੇ,
ਢਿੱਡ ਤੇਰੇ ਵਿੱਚ ਵੱਟ ਪੈਣ ਨੀਂ,
ਰੋਜ਼ ਗੈਸ ਉੱਤੇ ਗੈਸ ਤੇਰੀ ਨਿੱਕਲੇ,
ਦਿਨ ਲੰਘੇ ਤੇਰਾ ਖਾਕੇ ਅਜਵਾਇਣ ਨੀਂ,
ਉਹਨਾਂ ਉੱਤੇ ਬੈਠ ਜਾਏ ਚੜੇਲ ਚੰਦਰੀ,
ਹਕੀਮ ਨੇ ਜੋ ਖਾਣ ਨੂੰ ਦਵਾਈਆਂ ਦਿੱਤੀਆਂ,
ਰੱਬ ਕਰੇ ਤੈਨੂੰ ਟਾਈਫਾਈਡ ਹੋ ਜਾਵੇ,
ਤੇਰੇ ਲੱਗਣ ਸਰਿੰਜਾਂ ਤਿੱਖੀਆਂ ਤੋਂ ਤਿੱਖੀਆਂ

੩੮.
ਜੋ ਮੰਗਣ ਤੋਂ ਸੰਗ ਕਰਦਾ,
ਫ਼ਕੀਰ ਨਹੀਂ ਹੋ ਸਕਦਾ,
ਜੋ ਦਾਨ ਦੇਣ ਤੋਂ ਡਰਦਾ,
ਅਮੀਰ ਨਹੀਂ ਹੋ ਸਕਦਾ,
ਜੋ ਤੰਗੀ ਕਿਸੇ ਦੀ ਸਮਝੇ ਨਾ,
ਉਹ ਪੀਰ ਨਹੀਂ ਹੋ ਸਕਦਾ

੩੯.
ਇਹ ਪਿਆਰ ਨਹੀਂ ਤੇਰੀ ਚਾਲ ਹੀ ਸੀ,
ਸਾਨੂੰ ਜਿੱਤ ਕੇ ਵੀ ਹਰਵਾ ਦਿੱਤਾ,
ਜਦ ਲੋੜ ਪਈ ਸਾਨੂੰ ਤੇਰੀ ਸੀ,
ਤੂੰ ਅਸਲੀ ਰੰਗ ਦਿਖਾ ਦਿੱਤਾ,
ਤੂੰ ਆਪਣਾ ਰੰਗ ਦਿਖਾ ਦਿੱਤਾ

੪੦.
ਤੂੰ ਕੀਤੀਆਂ ਬਹੁਤ ਖਾਤਾਵਾਂ ਨੇ,
ਪਰ ਅਸੀਂ ਨਾ ਭਾਰੇ ਪੈ ਸਕਦੇ,
ਆਪਣੇ ਆਪ ਨੂੰ ਮਾਰਲਾਂਗੇ,
ਪਰ ਤੈਨੂੰ ਕੁਝ ਨਹੀਂ ਕਹਿ ਸਕਦੇ

੪੧.
ਅਸੀਂ ਬੜਾ ਕੁਝ ਸਿੱਖਿਆ ਹੈ,
ਤੇਰੇ ਦਿਲ ਵਿੱਚ ਦੱਬੀਆਂ ਖੋਟਾ ਤੋਂ,
ਹੁਣ ਸੰਭਾਲ ਕੇ ਰੱਖਦੇ ਹਾਂ,
ਤੂੰ ਦਿਲ ਤੇ ਮਾਰੀਆਂ ਚੋਟਾਂ ਜੋ

੪੨.
ਮੈਂ ਆਮ ਜਿਹਾ ਇੱਕ ਬੰਦਾ ਹਾਂ,
ਜਿਹਦਾ ਮੂੰਹ ਨਹੀਂ ਜਿਹਦਾ ਪੈਰ ਨਹੀਂ,
ਮੇਰੀ ਰਾਮ ਨਾਲ ਕੋਈ ਦੋਸਤੀ ਨਹੀਂ,
ਤੇ ਅੱਲ੍ਹਾਹ ਦੇ ਨਾਲ ਵੈਰ ਨਹੀਂ,
ਮੈਂਨੂੰ ਭਾਵੇਂ ਲੋਕੀ ਆਖਦੇ ਨੇ,
ਸੁਣ ਨਾਸਤਿਕਾ ਤੇਰੀ ਖ਼ੈਰ ਨਹੀਂ,
ਮੈਂ ਉਹਨਾਂ ਨੂੰ ਵੀ ਕਹਿ ਦਿੱਤਾ,
ਮੇਰੇ ਬੋਲ ਹੀ ਨੇ ਕੋਈ ਜ਼ਹਿਰ ਨਹੀਂ,
ਮੈਂ ਭਟਕਾਂ ਮੰਦਰਾਂ, ਮੜੀਆਂ ਤੇ,
ਇਹ ਯਸ਼ੂ ਜਾਨ ਦੀ ਲਹਿਰ ਨਹੀਂ,
ਮੈਂ ਭੀਮ ਰਾਓ ਦੇ ਵੰਸ਼ ਚੋ ਹਾਂ,
ਮੇਰੇ ਲਈ ਕੋਈ ਵੀ ਗੈਰ ਨਹੀਂ

੪੩.
ਇੱਕ ਪੱਖੇ ਦੀ ਪੌਣ ਅਤੇ ਕੁਦਰਤੀ ਪੌਣ ਵਿੱਚ ਬਹੁਤ ਫ਼ਰਕ ਹੈ,
ਆਪਣੇ ਸੌਣ ਅਤੇ ਇੱਕ ਮਾਂ ਦੇ ਸੁਲਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਪੁਰਾਣੀਆਂ ਅਤੇ ਨਵੀਂਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ,
ਇੱਕ ਅੱਜ ਦੇ ਸੋਫਿਆਂ ਅਤੇ ਮੰਜੇ ਦੀ ਦੌਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਸਾਡੀਆਂ ਅਤੇ ਪੁਰਾਣੇ ਬਜ਼ੁਰਗਾਂ ਦੀਆਂ ਸੋਚਾਂ ਵਿੱਚ,
ਤੁਹਾਡੇ ਅਤੇ ਤੁਹਾਡੇ ਬਾਪੂ ਦੇ ਸਮਝਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਅੱਜ ਦੀ ਅਤੇ ਪੁਰਾਣੀ ਲੇਖਣੀ ਅਤੇ ਗਾਇਕੀ ਵਿੱਚ,
ਅੱਜ ਦੇ ਨੌਜਵਾਨ ਅਤੇ ਯਮਲੇ ਦੇ ਗਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਯਸ਼ੂ ਜਾਨ ਇੱਥੇ ਰਹਿੰਦੇ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ,
ਸਾਡੀ ਤੜਪ ਉੱਧਰ ਜਾਣ ਉਹਨਾਂ ਦੀ ਆਉਣ ਵਿੱਚ ਬਹੁਤ ਫ਼ਰਕ ਹੈ

੪੪.
ਠੀਕ-ਠਾਕ ਘੁੰਮਦੇ ਪਏ ਹਾਂ ਦੋਸਤਾ,
ਲੈਂਦੇ ਹਾਂ ਨਜ਼ਾਰੇ ਬੇਫਿਕਰੇ ਜਿਹੇ ਹੋ,
ਦਿਨ ਵੇਲੇ ਸੂਰਜ ਚਮਕਦਾ ਮੈਂ ਦੇਖਾਂ,
ਰਾਤ ਨਜ਼ਾਰਾ ਦੇਵੇ ਤਾਰਿਆਂ ਦੀ ਲੋਅ,
ਤੇਰੀਆਂ ਮੁਸੀਬਤਾਂ ਨੂੰ ਹੱਲ ਕੀਤੇ ਬਿਨ੍ਹਾਂ,
ਚੈਨ ਨਾਲ ਟਿੱਕ ਕੇ ਤਾਂ ਬਹਿ ਨਹੀਂ ਸਕਦਾ,
ਹਾਲੇ ਨੇ ਹਾਲਾਤ 'ਯਸ਼ੂ ਜਾਨ' ਬੜੇ ਚੰਗੇ,
ਪਰ ਮਾੜਾ ਸਮਾਂ ਆ ਜਾਵੇ ਮੈਂ ਕਹਿ ਨਹੀਂ ਸਕਦਾ

੪੫.
ਮੈਂ ਮੂਰਤੀ ਪੂਜਾ ਕਰਦਾ ਨਹੀਂ,
ਉਹ ਬੋਲਦੀ ਨਹੀਂ ਬੁਲਾਉਂਦੀ ਹੈ,
ਲੋਕਾਂ ਨੂੰ ਅੱਗੇ ਝੁਕ - ਝੁਕ ਕੇ,
ਕੋਈ ਸ਼ਰਮ ਹਿਆ ਨਾ ਆਉਂਦੀ,
ਆਪਣੇ ਹੱਥਾਂ ਨਾਲ ਘੜ੍ਹ - ਘੜ੍ਹ ਕੇ,
ਉਹਨੂੰ ਆਪੇ ਰੱਬ ਬਣਾਉਂਦੀ ਹੈ,
ਮੈਂ ਸਮਝ ਨਹੀਂ ਸਕਿਆ ਯਸ਼ੂ ਜਾਨ,
ਖ਼ਲਕਤ ਕੀ ਕਰਨਾ ਚਾਹੁੰਦੀ ਹੈ

੪੬.
ਮਤਭੇਦ ਉਹਨਾਂ ਨਾਲ ਹੋਣਾ ਹੀ ਸੀ ਸਾਡਾ,
ਸਵਾਲ ਕੀਤੇ ਹੋਰ ਮੈਂ ਜਵਾਬ ਕੁਝ ਹੋਰ ਨੇ,
ਜਿਹੜੀ ਉਹਨਾਂ ਗਿਣਤੀ ਬਣਾਈ ਮੇਰੇ ਸਾਹਮਣੇ,
ਖਰਚੇ ਸੀ ਹੋਰ ਤੇ ਹਿਸਾਬ ਕੁਝ ਹੋਰ ਨੇ,
ਯਸ਼ੂ ਜਾਨ ਉੱਠ ਚੱਲ ਇੱਥੇ ਕੁਝ ਨਹੀਂ ਹੋਣਾ,
ਵਜ਼ੀਰ ਕੁਝ ਹੋਰ ਨੇ ਨਵਾਬ ਕੁਝ ਹੋਰ ਨੇ

੪੭.
ਅੱਜ ਪਿਆਰ ਦਾ ਮਕਸਦ ਬਦਲ ਗਿਆ,
ਲੋਕੀ ਨੇ ਭੁੱਖੇ ਜਿਸਮਾਂ ਦੇ,
ਅੱਜ ਹੋਰ ਤੇ ਕੱਲ੍ਹ ਨੂੰ ਹੋਰ ਕੋਈ,
ਤਰਾਂ - ਤਰਾਂ ਦੀਆਂ ਕਿਸਮਾਂ ਦੇ,
ਆਪਣੀਆਂ ਅੱਖਾਂ ਬੰਦ ਕਰਕੇ,
ਜੋ ਪਿਆਰ ਦੀ ਬੀਨ ਵਜਾਂਦਾ ਹੈ,
ਯਸ਼ੂ ਜਾਨ ਅੱਜ ਬੰਦਾ ਉਹ,
ਇੱਕ ਧੋਖ਼ਾ ਹੀ ਤਾਂ ਖਾਂਦਾ ਹੈ,
ਤੇ ਰੋਟੀ ਨੂੰ ਭੁੱਲ ਜਾਂਦਾ ਹੈ

੪੮.
ਬੋਲਣ ਦਾ ਕੋਈ ਤਾਂ ਸਲੀਕਾ ਹੁੰਦਾ ਹੈ,
ਗੱਲ ਮੂੰਹ ਤੇ ਨਹੀਂ ਮਾਰੀਦੀ,
ਗੱਲ ਕਹਿਣ ਦਾ ਵੀ ਬੰਦਿਓ ਤਰੀਕਾ ਹੁੰਦਾ ਹੈ,
ਗੱਲ ਮੂੰਹ ਤੇ ਨਹੀਂ ਮਾਰੀਦੀ,
ਆਪਣਾ ਵਤੀਰਾ ਚੰਗਾ ਸਭ ਨਾਲ ਰੱਖੋ,
ਪਹਿਲਾਂ ਬੰਦੇ ਨਾਲ ਰੱਖੋ ਫਿਰ ਰੱਬ ਨਾਲ ਰੱਖੋ,
ਸ਼ਬਦਾਂ ਦਾ ਤੀਰ ਬੜਾ ਤਿੱਖਾ ਹੁੰਦਾ ਹੈ,
ਗੱਲ ਮੂੰਹ ਤੇ ਨਹੀਂ ਮਾਰੀਦੀ,
ਬੋਲਣ ਦਾ ਕੋਈ ਤਾਂ ਸਲੀਕਾ ਹੁੰਦਾ ਹੈ,
ਗੱਲ ਮੂੰਹ ਤੇ ਨਹੀਂ ਮਾਰੀਦੀ

੪੯.
ਉਹ ਕੁਦਰਤ ਸਾਨੂੰ ਮਾਰਨ ਵੇਲੇ,
ਢਿੱਲ ਨਾ ਦੇਵੇ ਹਿੱਲਣੇ ਦੀ,
ਅਸੀਂ ਜੱਗ ਤੋਂ ਰੁਖ਼ਸਤ ਹੋ ਜਾਣਾ,
ਜਦ ਵਾਰੀ ਆਉਣੀ ਮਿਲਣੇ ਦੀ

੫੦.
ਮੇਰੇ ਦੇਸ਼ ਦੇ ਵਾਸੀਓ ਕੀ ਪੁੱਛਾਂ,
ਇਸ ਆਖ਼ਰੀ ਸ਼ੇਅਰ ' ਚ ਕੀ ਦੱਸਾਂ,
ਸਰਕਾਰ ਦੀ ਕਾਰਗੁਜ਼ਾਰੀ ਤੇ,
ਹੁਣ ਕਿਹੜਾ ਵਿਅੰਗ ਮੈਂ ਕੱਸਾਂ,
ਲਿਖਣਾ ਤਾਂ ਮੇਰਾ ਧਰਮ ਵੀਰੋ,
ਮੈਂ ਆਪਣੀ ਹਾਲਤ ਤੇ ਹੱਸਾਂ,
ਨਾ ਬੇਰੋਜ਼ਗਾਰੀ ਦੂਰ ਹੋਈ,
ਨਾ ਨਸ਼ਾ ਖ਼ਤਮ ਹੀ ਹੋ ਸਕਿਆ,
ਸਿੱਖਿਆ ਦਾ ਪੱਧਰ ਨੀਵਾਂ ਹੈ,
ਇਹ ਦੇਸ਼ ਦਾਗ਼ ਨਾ ਧੋ ਸਕਿਆ,
ਯਸ਼ੂ ਜਾਨ ਨੇ ਉੰਨਾ ਕਰ ਦਿੱਤਾ,
ਉਸਤੋਂ ਜੋ ਵੀ ਹੋ ਸਕਿਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ