Shaheedi Vadde Sahibzade : Barkat Singh Anand

ਸ਼ਹੀਦੀ ਵਡੇ ਸਾਹਿਬਜ਼ਾਦੇ : ਬਰਕਤ ਸਿੰਘ 'ਅਨੰਦ'ਛਡ 'ਅਨੰਦ ਪੁਰ' ਦਾ ਕਿਲ੍ਹਾ ਦਸਮੇਸ਼ ਪਿਆਰੇ। ਵਲ ਮਾਲਵੇ ਦੇ ਤੁਰੇ, ਲੈ ਸਾਥੀ ਸਾਰੇ। ਸਭ ਤੋਂ ਅਗੇ ਤੋਰਿਆ, ਮਹਿਲਾਂ ਦੇ ਤਾਈਂ। ਪਿਛੋਂ ਅਰਦਾਸਾ ਸੋਧਕੇ, ਫਿਰ ਚਲੇ ਸਾਈਂ। ਛਡ ਕਿਲ੍ਹਾ ਮੈਦਾਨ ਵਿਚ, ਜਾਂ ਫੌਜਾਂ ਆਈਆਂ। ਵੈਰੀ ਕਸਮਾਂ ਤੋੜਕੇ, ਕਰ ਦੇਣ ਚੜ੍ਹਾਈਆਂ। ਫੜ ਲੌ ਜੀਉਂਦਾ ਗੁਰੂ ਨੂੰ ਇਹ ਮਾਰਨ ਨਾਹਰੇ। ਪੈ ਗਏ ਚਾਰ ਚੁਫੇਰਿਓਂ; ਟੁਟਕੇ ਹਤਿਆਰੇ। ਧਰੀਆਂ ਸਿੰਘਾਂ ਸਿਦਕੀਆਂ, ਤਲੀਆਂ ਤੇ ਜਾਨਾਂ। ਬਿਜਲੀ ਵਾਂਗਰ ਕੜਕਦੇ, ਧੂਹ ਕੇ ਕਿਰਪਾਨਾਂ। ਚਲਨ ਲਗੀ ਕਾੜ ਕਾੜ, ਰਣ ਅੰਦਰ ਗੋਲੀ। ਲਗੇ ਵਿਚ ਮੈਦਾਨ ਦੇ, ਸਿੰਘ ਖੇਡਨ ਹੋਲੀ। ਹਥ ਪਸਾਰੇ ਦਿਸਦੇ, ਨਾ ਵਿਚ ਅੰਨ੍ਹੇਰੇ। ਸਰਸਾ ਦੇ ਵਲ ਨਿਕਲੇ, ਸਿੰਘ ਤੋੜ ਕੇ ਘੇਰੇ। ਟੋਟੇ ਹੋ ਮੈਦਾਨ ਵਿਚ, ਗਏ ਲੇਟ ਹਜ਼ਾਰਾਂ। ਖਹਿਕੇ ਦੋਹਾਂ ਮਾਰੀਆਂ, ਰਣ ਵਿਚ ਤਲਵਾਰਾਂ। ਘਾਣ ਲਹੂ ਤੇ ਮਿਝ ਦੇ, ਵਹਿੰਦੇ ਜਿਉਂ ਪਾਣੀ। ਖੇਰੂੰ ਖੇਰੂੰ ਹੋ ਗਈ, ਦਸਮੇਸ਼ ਦੀ ਤਾਣੀ। ਪੋਹ ਮਹੀਨਾ ਵਸਦਾ, ਕਕਰ ਹਤਿਆਰੀ। ਬਦਲ ਪੈਂਦਾ ਨਦੀ ਵਿਚ, ਹੜ੍ਹ ਆਇਆ ਭਾਰੀ। ਮਹਿਲ ਲੰਘਾਏ ਪਾਰ, ਗੁਰਾਂ ਦੇ ਤੁਲੇ ਬਣਾਕੇ। ਲੀੜੇ ਹੋਏ ਗੋਤ ਭਿਜ, ਪਈ ਵਿਪਤਾ ਆਕੇ। ਅਗੇ ਪਿਛੇ ਹੋ ਗਿਆ ਇਉਂ ਟਬਰ ਸਾਰਾ। ਵਰਤੀ ਭਾਵੀ ਆਣਕੇ, ਕੀਹ ਚਲੇ ਚਾਰਾ। ਮਾਤਾ ਸੁੰਦਰੀ ਮਨੀ ਸਿੰਘ, ਕੁਝ ਹੋਰ ਪਿਆਰੇ। ਦਿਲੀ ਦੇ ਵਲ ਨਿਕਲ ਗਏ, ਖਾ ਧੋਖੇ ਭਾਰੇ। ਫਨੀਅਰ ਵਾਂਗੂੰ ਸ਼ੂਕਦੀ, ਸਰਸਾ ਮਰਵਾਣੀ। ਖਾ ਖਾ ਕੇ ਵਲ ਚਲਦਾ, ਠਿਲਾਂ ਦਾ ਪਾਣੀ ।

ਗੁਰੂ ਜੀ ਨੇ ਪਾਰ ਹੋਣਾ

ਦੁਵੱਯਾ ਛੰਦ- ਹੋ ਮੈਦਾਨੋਂ ਵੇਹਲੇ ਸਤਿਗੁਰ, ਜਦ ਸਰਸਾ ਤੇ ਆਏ। ਗੋਲੀ ਵਾਂਗਣ ਵਗਦਾ ਪਾਣੀ, ਕੋਹਾਂ ਵਿਚ ਦਿਸਾਏ। ਠੇਹਲ ਦਿਤੇ ਸਰਸਾ ਵਿਚ ਘੋੜੇ, ਸਭ ਨੇ ਕਰ ਅਰਦਾਸਾ। ਆਸ ਗੁਰੂ ਚਰਨਾਂ ਦੀ ਦਿਲ ਨੂੰ, ਖੌਫ ਨਾ ਖਾਂਦੇ ਮਾਸਾ। ਕੁਝ ਬਹਾਦਰ ਰਣ ਵਿਚ ਲੇਟੇ, ਵਾਹ ਵਾਹ ਕੇ ਤਲਵਾਰਾਂ। ਕੁਝ ਸਰਸਾ ਦੀ ਭੇਟਾ ਹੋ ਗਏ, ਹੋਣਹਾਰ ਦੀਆਂ ਕਾਰਾਂ। ਚਾਲੀ ਸਿੰਘ ਦੋ ਸਾਹਿਬਜ਼ਾਦੇ, ਨਾਲ ਗੁਰਾਂ ਦੇ ਸਾਰੇ। ਲੰਘੇ ਬਚਕੇ ਪਾਰ ਨਦੀ ਤੋਂ, ਅਨਜਲ ਦੇ ਵਰਤਾਰੇ। ਅਗੇ ਪਾਣੀ ਤੇ ਅਗ ਪਿਛੇ, ਵੇਖੋ ਸਮਾਂ ਭਿਆਨਕ। ਵਿਚ ਸਰਸਾ ਦੇ ਹੜ੍ਹ ਪਹਾੜੋਂ, ਪੈ ਗਿਆ ਟੁਟ ਅਚਾਨਕ। ਪਿਛੇ ਢੋਲ ਹੈਦਰੀ ਵਜਦੇ, ਫੜ ਲੌ ਫੜ ਲੋ ਕਹਿੰਦੇ। ਪਾਲਾ, ਕਕਰ, ਦੁਖ ਹਜ਼ਾਰਾਂ, ਸ਼ੁਕਰ ਸ਼ੁਕਰ ਕਰ ਸਹਿੰਦੇ। ਵਿਚ ਚਮਕੌਰ ਗੁਰਾਂ ਨੇ ਜਾਕੇ, ਘੋੜੇ ਨੂੰ ਅਟਕਾਇਆ। ਕਚੀ ਜਹੀ ਹਵੇਲੀ ਅੰਦਰ, ਡੇਰਾ ਆਣ ਲਗਾਇਆ। ਅਗ ਬਾਲਕੇ ਸੇਕੀ ਸਭ ਨੇ; ਲੀੜੇ ਫੇਰ ਸੁਕਾਏ। ਸਿਖ ਪੰਥ ਲਈ ਬਾਜਾਂ ਵਾਲੇ, ਹਾਰ ਦਖਾਂ ਗਲ ਪਾਏ। ਬੇੜੀਆਂ ਉਤੇ ਪਿਛੋਂ ਵੈਰੀ, ਲਸ਼ਕਰ ਕੁਲ ਲੰਘਾਕੇ। ਆ ਚਮਕੌਰ ਨੂੰ ਘੇਰਾ ਪਾਇਆ, ਓਵੇਂ ਖੁਰਾ ਦਬਾਕੇ। ਬੰਨੇ ਬੇਠੇ ਲਖਾਂ, ਵੈਰੀ, ਅੰਦਰ ਸਾਰੇ ਚਾਲੀ। ਛਡਣ ਸ਼ੂਕਦੇ ਸਪ ਗੜੀ ਚੋਂ, ਖਾਲਸਿਆਂ ਦੇ ਵਾਲੀ। ਮਰ ਗਏ ਪਾਲੇ ਕਕਰ ਅੰਦਰ, ਘੋੜੇ ਭੂਖੇ ਭਾਣੇ। ਧੂਹ ਰੁਖਾਂ ਦੇ ਪਤਰ ਖਾਂਦੇ, ਚਬਣ ਕਚੇ ਦਾਣੇ। ਕੱਲਾ ਕੱਲਾ ਸਿੰਘ ਗੜੀ ਚੋਂ, ਨਿਕਲ ਬੰਨੇ ਆਵੇ। ਸਵਾ ਲਖ ਨੂੰ ਜਿਤਣ ਵਾਲੀ, ਸਿਰੇ ਸਕੀਮ ਚੜ੍ਹਾਵੇ। ਬਚ ਬਚ ਕੇ ਜਰਵਾਣੇ ਲੜਦੇ, ਖੌਫ ਦਿਲਾਂ ਨੂੰ ਮਾਰੇ। ਲਾ ਪਹਿਰੇ ਕਰ ਨਾਕਾ ਬੰਦੀ, ਬੈਠੇ ਜ਼ਾਲਮ ਸਾਰੇ। ਮਾਰਨ ਤੀਰ ਗੜੀ ਚੋਂ ਸਤਿਗੁਰ, ਚਿਲੇ ਜਦੋਂ ਚੜ੍ਹਾਕੇ। ਮਾਰ ਚੋਣਵੇਂ ਦੁਸ਼ਟਾਂ ਤਾਈਂ, ਠੰਡੇ ਹੋਵਣ ਜਾਕੇ। ਮਾਰਨ ਅਗਨ ਬਾਣ ਜਿਸ ਵੇਲੇ, ਅਗ ਸਰੀਰੀਂ ਲਗੇ। ਘਣ ਲਹੂ ਤੋਂ ਮਿੱਝਾਂ ਵਾਲੇ, ਆ ਰਣ ਅੰਦਰ ਵਗੇ। ਹਟਕੇ ਪਿਛੇ ਬੈਠੇ ਵੈਰੀ, ਕਰਕੇ ਬੰਦ ਲੜਾਈ। ਭੁਖੇ ਮਾਰ ਜੀਂਵਦੇ ਫੜੀਏ, ਦਿਲ ਅੰਦਰ ਠਹਿਰਾਈ। ਏਦਾਂ ਰਹੀ ਲੜਾਈ ਹੁੰਦੀ, ਰਣ ਵਿਚ ਕਈ ਦਿਹਾੜੇ। ਰਸਦਾਂ ਲੁਟ ਸਿੰਘ ਲੈ ਜਾਂਦੇ, ਮਾਰਨ ਰਾਤੀਂ ਧਾੜੇ। ਲਖਾਂ ਸਿੰਘ ਹਵੇਲੀ ਅੰਦਰ, ਤੁਰਕਾਂ ਤਾਈਂ ਜਾਪਨ। ਭਾਂਤੋ ਭਾਂਤ ਵਿਉਂਤਾਂ ਨਵੀਆਂ, ਰੋਜ਼ ਦਿਲਾਂ ਵਿਚ ਥਾਪਨ। ਕਲਗੀਧਰ ਨੂੰ ਘੇਰੇ ਅੰਦਰ, ਲੇਕੇ ਖੁਸ਼ੀ ਮੁਕਾਵਨ। ਪਕੜ ਮੁਕਾਈਏ ਕਲਗੀਧਰ ਨੂੰ, ਸਿਖ ਆਪੇ ਮੁਕ ਜਾਵਨ। ਨਿਤ ਦਾ ਗਲੋਂ ਪੁਆੜਾ ਲਥੇ ਖਤਮ ਬਗਾਵਤ ਹੋਵੇ। ਸਿੰਘਾਂ ਹਥੋਂ ਸ਼ਰ੍ਹਾ ਮੁਹੰਮਦੀ, ਰੋਜ਼ ਨਾਂ ਏਂਦਾਂ ਰੋਵੇ। ਤਾਜ਼ਾ ਰਸਦਾਂ ਕੁਮਕਾਂ ਪਿਛੋਂ, ਰੋਜ਼ ਦਿਹਾੜੀ ਆਵਨ। ਕੱਲਾ ਕੱਲਾ ਦੁੰਬਾ ਕੋਹਕੇ, ਕੱਲਾ ਕੱਲਾ ਖਾਵਣ। ਏਧਰ ਵਿਚ ਗੜੀ ਦੇ ਸਤਿਗੁਰ, ਬੈਠੇ ਭੁਖੋ ਪਿਆਸੇ। ਇਕ ਸ੍ਰੀ ਅਕਾਲ ਪੁਰਖ ਦੇ, ਮਨ ਅੰਦਰ ਭਰਵਾਸੇ।

ਲੜਾਈ ਸ਼ੁਰੂ

ਨਾਕਾ ਬੰਦੀ ਤੋਂ ਅੰਤ ਨਿਰਾਸ ਹੋਕੇ, ⁠ਐਲੀ ਅਕਬਰ ਦੇ ਨਾਹਰੇ ਮਾਰ ਪੈ ਗਏ। ਜੈ ਦੇਵੀ ਦੀ ਬੋਲ ਪਹਾੜੀਏ ਭੀ, ⁠ਉਤੇ ਗੜੀ ਦੇ ਸੂਤ ਤਲਵਾਰ ਪੈ ਗਏ। ਲਾ ਕੇ ਪੌੜੀਆਂ ਕੰਧਾਂ ਨੂੰ ਵੜੋ ਅੰਦਰ, ਇੰਜ ਆਖ ਕੇ ਟੁਟ ਇਕਸਾਰ ਪੈ ਗਏ। ਮਾਰੂ ਢੋਲ ਵਜੇ ਰਣ ਮੁਗਲ ਗੱਜੇ, ⁠ਦਿਲੀਂ ਫਤਹਿ ਦੀ ਰਖ ਵਿਚਾਰ ਪੈ ਗਏ। ਜੇ ਜੀਂਵਦੇ ਸਭ ਨੂੰ ਪਕੜ ਲਈਏ, ⁠ਕੜੀਆਂ ਬੇੜੀਆਂ ਜਕੜ ਕੇ ਮਾਰ ਲਈਏ। ਕਾਫਰ ਦਿਲੀ ਪੁਚਾਏ ਕੇ ਬਰਕਤ ਸਿੰਘਾ, ⁠ਸਿਰੋਪਾਉ ਸ਼ਾਹ ਤੋਂ ਖੁਸ਼ੀ ਧਾਰ ਲਈਏ।

ਗੁਰੂ ਜੀ ਦਾ ਜਵਾਬ

ਵੈਰੀ ਦਲ ਆਏ ਜਦੋਂ ਮਾਰ ਹਲੇ, ⁠ਵਾਛੜ ਜ਼ਹਿਰੀ ਤੀਰਾਂ ਦੀ ਵਸਾਈ ਅਗੋਂ। ਅਗਨ ਬਾਨ ਚਲਾ ਦਸਮੇਸ਼ ਜੀ ਨੇ, ⁠ਫੜ ਕੇ ਅੱਗ ਸਰੀਰਾਂ ਨੂੰ ਲਾਈ ਅਗੋਂ। ਨੇੜੇ ਕੰਧਾਂ ਦੇ ਇਕ ਨਾ ਔਣ ਦਿਤਾ, ⁠ਬੂਥੀ ਸਭ ਦੀ ਪਿਛਾਂ ਕੁਵਾਈ ਅਗੋਂ। ਹਥ ਰਖ ਕੰਨਾਂ ਉਤੇ ਪਿਛਾਂਹ ਭਜੇ, ⁠ਮੌਤ ਮੂੰਹ ਅੱਡ ਕੇ ਖਾਵਣ ਆਈ ਅਗੋਂ। ਉਕਿਆ ਤੀਰ ਨਿਸ਼ਾਨੇ ਤੋਂ ਇਕ ਵੀ ਨਾ, ⁠ਯਾਰਾਂ ਯਾਰਾਂ ਨੂੰ ਚੀਰ ਕੇ ਲੰਘ ਗਿਆ। ਪਾਣੀ ਮੰਗਿਆ ਨਾ ਉਹਨੇ ਬਰਕਤ ਸਿੰਘਾ, ⁠ਸੱਪ ਉਡਣਾ ਜਿਨ੍ਹਾਂ ਨੂੰ ਡੰਗ ਗਿਆ।

ਗੁਰੂ ਜੀ ਨੇ ਜਥੇ ਭੇਜਣੇ

ਵੈਰੀ ਦਲ ਜਦੋਂ ਖੜੇ ਹਟ ਪਿਛੇ, ⁠ਚੌਦਾਂ ਸਿੰਘ ਗੁਰਾਂ ਲਾ ਹਥਿਆਰ ਘਲੇ। ਬੂਹਾ ਖੋਹਲਕੇ ਗੜ੍ਹੀ ਦਾ ਬਾਹਰ ਨਿਕਲੇ, ⁠ਨਾਲ ਗੁਰਾਂ ਦੇ ਦਿਲੀ ਸਤਿਕਾਰ ਚਲੇ। ਬਯੇ ਕਫ਼ਨ ਬਹਾਦਰਾਂ ਸੀਸ ਉਤੇ, ⁠ਅਗੇ ਦਲ ਜਿਨ੍ਹਾਂ ਕੇਈ ਵਾਰ ਠਲੇ। ਡਾਰਾਂ ਕੂੰਜਾਂ ਦੀਆਂ ਬੰਨੇ ਬੈਠੀਆਂ ਸੀ, ⁠ਬਾਜ ਗੜ੍ਹੀ ਵਿਚੋਂ ਹੋ ਉਡਾਰ ਚਲੇ। ਬਣ ਬਿਜਲੀਆਂ ਕੁਲ ਜਵਾਨ ਕੜਕੇ, ⁠ਮਾਰੋ, ਫੜੋ ਦੀ ਹਾਲ ਪੁਕਾਰ ਹੋਈ। ਪੈ ਗਏ ਚੌਦਾਂ ਤੇ ਕਈ ਹਜ਼ਾਰ ਟੁਟ ਕੇ, ⁠ਪੱਕੀ ਫਸਲ ਤੇ ਗੜੇ ਦੀ ਮਾਰ ਹੋਈ।

ਸਿੰਘਾਂ ਨੇ ਸ਼ਹੀਦ ਹੋਣਾ

ਚਲੀ ਗਜ਼ਬ ਦੀ ਖਹਿ ਤਲਵਾਰ ਚੰਗੀ, ⁠ਜੋਧੇ ਰਣ ਅੰਦਰ ਬੇਸ਼ੁਮਾਰ ਡਿਗੇ। ਤੇਗਾਂ ਟੁਟੀਆਂ ਢਾਲਾਂ ਤੇ ਵਜ ਵਜ ਕੇ, ⁠ਪੁਤ ਮਾਵਾਂ ਦੇ ਕੱਢ ਕੇ ਖਾਰ ਡਿਗੇ। ਜੀਂਦੇ ਜੀ ਨਾ ਇਕ ਵੀ ਹਥ ਆਇਆ, ⁠ਟੋਟੇ ਹੋ ਅਣਖੀ ਸਰਦਾਰ ਡਿਗੇ। ਸਿਖ ਪੰਥ ਦਾ ਮਹਿਲ ਕਰ ਗਏ ਉੱਚਾ, ⁠ਟੱਕਰ ਖਾ ਕੇ ਜ਼ੁਲਮ ਦੀਵਾਰ ਡਿਗੇ। ਚੌਣੇ ਮਾਰ ਕੇ ਹੋਏ ਸ਼ਹੀਦ ਚੌਦਾਂ, ⁠ਤਕ ਗੁਰੂ ਸ਼ਾਬਾਸ਼ ਸ਼ਾਬਾਸ਼ ਕਹਿੰਦੇ। ਉਥੇ ਹੋਣਗੇ ਲਖਾਂ ਸਿਰਲੱਥ ਪੈਦਾ, ⁠ਜਿਥੇ ਡਿਗੂ ਇਕ ਸਿੰਘ ਦੀ ਲਾਸ਼ ਕਹਿੰਦੇ।

ਸਾਹਿਬ ਅਜੀਤ ਸਿੰਘ

ਜਦੋਂ ਸੂਰਮੇ ਹੋ ਸ਼ਹੀਦ ਡਿਗੇ, ⁠ਹਥ ਜੋੜ ਅਜੀਤ ਸਿੰਘ ਕਹਿਣ ਲੱਗਾ। ਦੇਵੋ ਬਲ ਮੈਨੂੰ ਠੱਲਾਂ ਦਲ ਨੂੰ ਮੈਂ, ⁠ਮੈਂ ਹੁਣ ਪਿਛਾਂ ਨਹੀਂ ਪਿਤਾ ਜੀ ਰਹਿਣ ਲੱਗਾ। ਰਖੇ ਆਪਣੇ ਪੁਤਰ ਬਚਾ ਅਜ ਜੇ, ⁠ਭਾਰ ਤੁਸਾਂ ਦੇ ਸਿਰੋਂ ਨਹੀਂ ਲਹਿਣ ਲਗਾ। ਨਚੇ ਬੀਰਤਾ ਮੇਰਿਆਂ ਡੌਲਿਆਂ ਵਿਚ, ⁠ਸਾੜ ਅੱਖੀਆਂ ਦੇ ਵਿਚੋਂ ਵਹਿਣ ਲੱਗਾ। ਜੇਹੜਾ ਪੰਥ ਦਾ ਮਹਿਲ ਬਣਾ ਰਹੇ ਓ, ⁠ਕਦੇ ਮੈਂ ਭੀ ਇਕ ਦੋ ਲਾ ਜਾਵਾਂ। ਲਗੇ ਦਾਗ਼ ਗੁਲਾਮੀ ਦੇ ਦੇਸ਼ ਨੂੰ ਜੋ, ⁠ਧੋ ਕੇ ਖੂਨ ਦੇ ਨਾਲ ਮਿਟਾ ਜਾਵਾਂ।

ਜਵਾਬ ਦਸਮੇਸ਼ ਪਿਤਾ

ਲਖ ਵਾਰ ਹੈ ਖੁਸ਼ੀ ਬਲਿਹਾਰ ਬੱਚਾ, ⁠ਮੇਰੀ ਆਗਿਆ ਵਿਚ ਮੈਦਾਨ ਜਾਓ। ਨਾਮ ਪੰਥ ਤੇ ਦੇਸ਼ ਦਾ ਕਰੋ ਉੱਚਾ, ⁠ਪਾਵੋ ਵਿਚ ਸ਼ਹੀਦਾਂ ਸਨਮਾਨ ਜਾਓ। ਕਰੋ ਜੰਗ ਐਸਾ ਚੜੇ ਰੰਗ ਐਸਾ, ⁠ਟਿਡੀ ਦਲ ਤਾਈਂ, ਕਰੋ ਹੈਰਾਨ ਜਾਓ। ਜੀਂਦੇ ਜੀ ਨਾ ਵੈਰੀਆਂ ਹਥ ਔਣਾ, ⁠ਹਸ ਧਰਮ ਤੋਂ ਹੋ ਕੁਰਬਾਨ ਜਾਓ। ਬਾਬੇ ਤੇਗ਼ ਬਹਾਦਰ ਦੀ ਗੋਦ ਅੰਦਰ, ⁠ਬੈਠੇ ਮੌਤ ਲਾੜੀ ਪਰਨਾ ਕੇ ਤੇ। ਸੋਹਰੇ ਸਿਦਕ ਦੇ ਮਥੇ ਤੇ ਲਾ ਦਿਆਂ ਮੈਂ, ⁠ਚੜੋ ਅਣਖ ਦੀ ਜੰਵ ਸਜਾ ਕੇ ਤੇ।

ਮੈਦਾਨ ਵਿਚ

ਕੰਡ ਉਤੇ ਦਸਮੇਸ਼ ਨੇ, ਦਿਤਾ ਫੇਰ ਪਿਆਰ। ਸੇਹਰਾ ਬੱਧਾ ਸਿਦਕ ਦਾ, ਲਾ ਪੰਜੇ ਹਥਿਆਰ। ਬਾਹਰ ਗੜ੍ਹੀ ਚੋਂ ਨਿਕਲਿਆ, ਲੈ ਕੁਝ ਸਾਥੀ ਨਾਲ। ਬੱਦਲ ਵਾਂਗੂੰ ਗੱਜ ਕੇ, ਟੁਟ ਪਿਆ ਤਤਕਾਲ। ਮਚੀ ਵਿਚ ਮੈਦਾਨ ਦੇ, ਪਲ ਵਿਚ ਮਾਰੋ ਮਾਰ। ਮਾਨੋ ਪਕੇ ਖੇਤ ਵਿਚ, ਵਾਢਾ ਪਾਏ ਸਥਾਰ। ਵਗੇ ਵਿਚ ਮੈਦਾਨ ਦੇ, ਲਹੂਆਂ ਦੇ ਦਰਿਆ। ਮਰਦੇ ਮਛਾਂ ਵਾਂਗਰਾਂ, ਰਹੇ ਤਾਰੀਆਂ ਲਾ। ਢਾਲਾਂ ਉਤੇ ਤੇਗ਼ ਦੇ, ਇਉਂ ਹੋਵਨ ਛਨਕਾਰ। ਜਿਉਂ ਪਾ ਪੈਰੀਂ ਝਾਂਜਰਾਂ, ਗਿਧਾ ਪਾਵੇ ਨਾਰ। ਏਦਾਂ ਤੇਗ਼ਾਂ ਧੜਾਂ ਤੋਂ, ਰਖਣ ਸੀਸ ਉਤਾਰ। ਚਕੋਂ ਭਾਂਡਾ ਜਿਸ ਤਰ੍ਹਾਂ, ਲਾਹ ਰਖੇ ਘੁਮਿਆਰ। ਟੁਟ ਪਏ ਇਉਂ ਦਲਾਂ ਤੇ, ਸ਼ੇਰ ਸਮਝ ਕੇ ਖਾਜ। ਜਿਉਂ ਤਿਤਰਾਂ ਦੀ ਡਾਰ ਤੇ, ਪੈਣ ਅਚਿੰਤੇ ਬਾਜ। ਅੱਖਾਂ ਵਿਚੋਂ ਵਸਦੇ, ਅਗਾਂ ਦੇ ਅੰਗਿਆਰ। ਲਗੀ ਬੇਲੇ ਅਗ ਜਿਉਂ, ਟੁਟਕੇ ਇਕੋ ਵਾਰ। ਕਰਨ ਜਿਧਰ ਮੂੰਹ ਚਿਤਰੇ, ਖਪੇ ਦੇਵਨ ਪਾ। ਜ਼ਾਤ ਬੁਰੀ ਏ ਸਿੰਘ ਦੀ, ਕਹਿਣ ਕੰਨੀਂ ਹਥ ਲਾ। ਜੰਗ ਤੇਗ਼ ਦਾ ਸਿੰਘ ਨੂੰ, ਜੇ ਦੇਵੇ ਕਰਤਾਰ। ਮੌਤ ਵੀ ਵਿਚ ਮੁਕਾਬਲੇ, ਢਹਿਕੇ ਮੰਨੇ ਹਾਰ। ਇਉਂ ਚਲਨ ਪਿਚਕਾਰੀਆਂ, ਹੋਏ ਲਹੂ ਲੁਹਾਨ। ਜਿਵੇਂ ਗੁਵਾਲੇ ਗੋਲੀਆਂ, ਖੇਡਣ ਰੰਗ ਉਡਾਨ। ਏਦਾਂ ਲੇਟੇ ਸੂਰਮੇ, ਦਿਲ ਤੇ ਕਢ ਬੁਖਾਰ। ਵਿਚ ਬਰੇਤੇ ਨਿਕਲਕੇ, ਸੁਤੇ ਜਿਉਂ ਸੰਸਾਰ। ਤੇਗਾਂ ਹੋਈਆਂ ਖੁੰਡੀਆਂ, ਢਾਲਾਂ ਉਤੇ ਵਜੇ। ਉੱਚੇ ਝੰਡੇ ਦੇਸ਼ ਦੇ, ਕਰ ਗਏ ਡਿਗਦੇ ਅੱਜ। ਡਿਗੇ ਵਿਚ ਮੈਦਾਨ ਵਿਚ, ਛਲਨੀ ਹੋਏ ਸਰੀਰ। ਧੁੰਮਾਂ ਪਾ ਮੈਦਾਨ ਵਿਚ, ਕਰਨ ਅਰਾਮ ਅਖੀਰ। ਕਹਿੰਦੇ ਤਕ ਦਸਮੇਸ਼ ਜੀ, ਉਚੇ ਮੇਰੇ ਭਾਗ। ਧੋ ਗਿਆ ਜੋਧਾ ਹਿੰਦ ਦੀ, ਕਾਇਰਤਾ ਦੇ ਦਾਗ।

ਸਾਹਿਬ ਜੁਝਾਰ ਸਿੰਘ

ਤਰਜ਼ ਮਿਰਜ਼ਾ ਹੋ ਟੋਟੇ ਜਦੋਂ ਅਜੀਤ ਸਿੰਘ, ਸੀ ਡਿਗਾ ਵਿਚ ਮੈਦਾਨ। ਪਾ ਪਲਾ ਗਲੇ ਜੁਝਾਰ ਸਿੰਘ, ਇਉਂ ਕਹੇ ਬਾਪੂ ਨੂੰ ਆਨ। ਮੈਨੂੰ ਰਣ ਵਿਚ ਭੇਜੋ ਪਿਤਾ ਜੀ, ਮੈਂ ਮਾਰਾਂ ਮੂਜ਼ੀ ਖਾਨ। ਮੈਂ ਖੂਨ ਵਗਾ ਕੇ ਦੇਸ਼ ਦੇ, ਅਜ ਉਚੇ ਕਰਾ ਨਿਸ਼ਾਨ। ਮੈਥੋਂ ਵੀਰ ਪਿਆਰਾ ਵਿਛੜਿਆ, ਮੈਨੂੰ ਹੈ ਇਹ ਦੁਖ ਮਹਾਨ। ਜਿਦੀ ਤੇਗ਼ ਨੇ ਉਸ ਨੂੰ ਕਟਿਆ, ਮੈਂ ਖਾਵਾਂ ਉਸਦੀ ਜਾਨ। ਮੇਰੇ ਜੁਸੇ ਵਿਚ ਰਤ ਗੜਕਦੀ ਮੇਰੀ ਕਾਹਲੀ ਪਈ ਕ੍ਰਿਪਾਨ। ਮੇਰੀ ਤੇਗ਼ ਬਣੇ 'ਲਹੂ ਨਦੀ' ਅਜ, ਮੈਂ ਰੋੜਾਂ ਕੁਲ ਸ਼ੈਤਾਨ। ਮੈਂ ਦਿਲੀ ਢਿਲੀ ਕਰ ਦਿਆਂ, ਮੇਰੇ ਹਥ ਵੇਖਣ ਪਠਾਨ। ਮੈਂ ਰੰਡੀਆਂ ਕਰਾਂ ਰੁਵਾਬਣਾਂ, ਵਿਚ ਸਤਰਾਂ ਦੇ ਕੁਰਲਾਨ। ਅਜ ਅਖੀਂ ਲੜਦੀ ਧਰਮ ਲਈ, ਲੈ ਤਕ ਆਪਣੀ ਸੰਤਾਨ। ਭਾਵੇਂ ਸਿਰ ਝਖੜ ਝੁਲਿਆ, ਨਹੀਂ ਡਰਦੀ ਮੇਰੀ ਜਾਨ। ਮੈਂ ਮਾਰਾਂ ਧੋਖੇਬਾਜ਼ ਉਹ, ਜੋ ਝੂਠੇ ਚੁਕਣ ਕੁਰਾਨ। ਮੈਨੂੰ 'ਜ਼ੋਰਾਵਰ' ਤੇ 'ਫ਼ਤਹਿ' ਦੇ, ਪਏ ਸਦਮੇ ਕਿਤੇ ਸਤਾਨ। ਮੈਨੂੰ ਹਥੀਂ ਭੇਜੋ ਜੰਗ ਨੂੰ, ਮੇਰੇ ਤਨ ਵਿਚ ਬਖਸ਼ੋ ਤਾਨ। ਮੈਂ ਰਣ ਵਿਚ ਫੜਕੇ ਢਾਹਲਵਾਂ,ਅਜ ਹਾਥੀਆਂ ਜਹੇ ਜੁਵਾਨ। ਮੇਰੇ ਦਿਲ ਵਿਚ ਭਾਂਬੜ ਜੋਸ਼ ਦੇ, ਅਗ ਲੂੰ ਲੂੰ ਨੂੰ ਪਏ ਲਾਨ। ਮੈਂ ਗੁਸਾ ਠੰਢਾ ਕਰ ਲਵਾਂ, ਅਜ ਲਾਹ ਵੈਰੀ ਦੇ ਘਾਨ।

ਗੁਰੂ ਜੀ

ਤਦ ਲੈ ਜਫੀ ਵਿਚ ਆਖਦੇ, ਸਤਿਗੁਰ ਸੁਣ ਮੇਰੇ ਲਾਲ। ਤੂੰ ਕੀਹ ਢੰਗ ਜਾਣੇ ਜੰਗ ਦਾ, ਅਜੇ ਖੇਡਣ ਵਾਲਾ ਬਾਲ। ਕੰਬ ਜਾਂਦੇ ਆਕੜ ਖਾਨ ਵੀ, ਜਦ ਵੇਖਣ ਸਾਹਵੇਂ ਕਾਲ। ਵਿਚ ਰਣ ਦੇ ਮੇਰਾ ਨਾਮਣਾ, ਮਤ ਦੇਵੇਂ ਬਚਿਆ ਗਾਲ। ਚਾ ਮੈਨੂੰ ਹੈ ਕਿ ਆਪ ਦੇ, ਦਿਲ ਅੰਦਰ ਸ਼ੁਭ ਖਿਆਲ। ਔਹ ਪਰਬਤਾਂ ਜੇਡੇ ਸੂਰਮੇਂ, ਤੇਰੀ ਰੀਸ ਕੀਹ ਉਹਨਾਂ ਨਾਲ। ਹਨ ਔਖੀਆਂ ਤੇਗ਼ਾਂ ਵਾਹੁਣੀਆਂ, ਫਟ ਲਾਉਣੇ ਬੜੇ ਮੁਹਾਲ। ਕਿਵੇਂ ਨਾਲ ਪਠਾਣਾਂ ਲੜਾਂਗੇ, ਨਹੀਂ ਸਿਖੀ ਜੰਗ ਦੀ ਚਾਲ। ਇਕ ਦਿਨ ਵੀ ਪਕੜੀ ਤੇਗ ਨਾ, ਫੜ ਵੇਖੀ ਕਦੇ ਨਾ ਢਾਲ। ਬਚਾ ਜਾਕੇ ਸਾਹਵੇਂ ਮੌਤ ਦੇ, ਨਹੀਂ ਗਲਣੀ ਤੇਰੀ ਦਾਲ।

ਸਾਹਿਬ ਜੁਝਾਰ ਸਿੰਘ

ਮੈਨੂੰ ਜੇ ਜਿਤਣ ਦੀ ਜਾਚ ਨਹੀਂ, ਹੈ ਮਰਨਾ ਸਿਖਿਆ। ਮੈਂ ਸ਼ੇਰ ਬੱਬਰ ਦਾ ਪੁਤ ਹਾਂ, ਨਹੀਂ ਡਰਨਾ ਸਿਖਿਆ। ਮੈਂ ਅੱਗਾਂ ਦੇ ਦਰਿਆਉ ਤੇ, ਹੈ ਤਰਨਾ ਸਿਖਿਆ। ਮੈਂ ਪਰਬਤ ਜੇਡੇ ਭਾਰ ਨੂੰ, ਹਸ ਜਰਨਾ ਸਿਖਿਆ। ਲਾ ਸੇਹਰੇ ਲਾੜੀ ਮੌਤ ਨੂੰ, ਮੈਂ ਵਰਨਾ ਸਿਖਿਆ। ਮੈਂ ਖੰਡੇ ਪੀਤੇ ਘੋਲਕ, ਜੰਗ ਕਰਨਾ ਸਿਖਿਆ। ਮੈਂ ਜੀਂਦਾ ਵਧਾਂ ਅਗਾਂਹ ਨੂੰ, ਨਹੀਂ ਹਰਨਾ ਸਿਖਿਆ। ਮੈਂ ਕਦੇ ਵੀ ਪਾਣੀ ਗ਼ੈਰ ਦਾ, ਨਹੀਂ ਭਰਨਾ ਸਿਖਿਆ।

ਤਥਾ-

ਮੈਂ ਬਿਜਲੀ ਬਣਕੇ ਕੜਕਦਾ, ਜਗ ਥਰ ਥਰ ਕੰਬੇ। ਮੇਰੀ ਤੇਗ਼ ਝੰਬਣੀ ਵਾਂਗਰਾਂ, ਵੈਰੀ ਫੁਟ ਝੰਬੇ। ਮੇਰਾ ਸੀਨਾ ਭਰਿਆ ਜੋਸ਼ ਨਾਲ, ਬਿਜਲੀ ਦੇ ਖੰਬੇ। ਮੇਰਾ ਖੋਪਰ ਤੋੜ ਨਾ ਸਕਦੇ ਮੋਚੀ ਦੇ ਰੰਬੇ। ਮੈਂ ਸਾਂਹਵੇਂ ਤਕ ਕੇ ਮੌਤ ਨੂੰ, ਖਿੜਦਾ ਜਿਉਂ ਚੰਬੇ। ਤੇ ਆਰਾ ਦੁਸ਼ਟ ਜਲਾਦ ਦਾ, ਪਾ ਮੋਛੇ ਹੰਬੇ। ਮੈਨੂੰ ਨੀਹਾਂ ਦੇ ਵਿਚ ਚਿਣੇ ਕੋਈ, ਬਣਾਂ ਸ਼ਾਨ ਪੰਥ ਦੀ। ਮੈਨੂੰ ਪਿੰਜੇ ਰੂੰਈਂ ਵਾਂਗ ਕੋਈ, ਬਣਾ ਜਾਨ ਪੰਥ ਦੀ। ਮੈਂ ਕਰਨੀ ਖਾ ਖਾ ਠੋਕਰਾਂ, ਕਲਿਆਨ ਪੰਥ ਦੀ। ਚੜ੍ਹ ਸੂਲੀ ਉਤੇ ਕਰ ਦਿਆਂ, ਉਚੀ ਸ਼ਾਨ ਪੰਥ ਦੀ।

ਤਿਆਰੀ

ਜਜ਼ਬੇ ਇਉਂ ਜੁਝਾਰ ਦੇ, ਤਕ ਕੇ ਦੀਨ ਦਿਆਲ। ਹਥੀ ਸ਼ਸਤਰ ਲਾਂਵਦੇ, ਦੇ ਨਿਕੀ ਜਹੀ ਢਾਲ। ਲਾੜੀ ਮੌਤ ਵਿਅਹੁਣ ਲਈ, ਪੁਤ ਨੂੰ ਕਰਨ ਤਿਆਰ। ਕਹਿੰਦੇ ਦੇ ਕੇ ਥਾਪੜਾ, ਜਾਹ ਜਾਵਾਂ ਬਲਿਹਾਰ। ਪਾ ਵੈਰੀ ਨੂੰ ਭਾਜੜਾਂ, ਜਾਕੇ ਵਿਚ ਮੈਦਾਨ। ਤੇਰੇ ਬਲ ਤੇ ਸਿਦਕ ਦੀ, ਸ਼ੋਭਾ ਕਰੇ ਜਹਾਨ। ਕੰਡ ਕਰਕੇ ਵਲ ਦਲਾਂ ਦੇ, ਨਾਂ ਨੂੰ ਲਾਈਂ ਨਾ ਲਾਜ। ਨਿਕਲ ਗੜ੍ਹੀ ਚੋਂ ਸਾਥ ਲੈ, ਅੰਗ ਸੰਗ ਮਹਾਰਾਜ। ਬੂਹਾ ਪਹਿਰੇਦਾਰ ਨੇ, ਵਿਚ ਪਲਾਂ ਦੇ ਖੋਲ। ਤੁਰੇ ਬਾਹਰ ਜਵਾਨ ਕੁਲ, ਮੂੰਹੋਂ ਜੰਕਾਰਾ ਬੋਲ। ਚਰਨਾਂ ਉੱਤੇ ਟੁਟ ਪੈ, ਸ਼ੇਰ ਜਿਵੇਂ ਭਬਕਾਰ। ਵੈਰੀ ਉਤੇ ਕੜਕਦੇ, ਧੂਹ ਸੁਰੇ ਤਲਵਾਰ।

ਲੜਾਈ

ਛੰਦ- ਭੇਡਾਂ ਵਿਚ ਜਿਵੇਂ ਬਘਿਆੜ ਆ ਪਿਆ, ਏਦਾਂ ਹਲਾ ਮਾਰਕੇ ਜੁਵਾਨ ਜਾ ਪਿਆ। ਢੋਲਾਂ ਨਾਲ ਗੂੰੰਜੇ ਤਬਕ ਅਸਮਾਨ ਦੇ, ਗੱਜਦੇ ਜਵਾਨ ਅੰਦਰ ਮੈਦਾਨ ਦੇ। ਲਾਂਦਾ ਜਾਵੇ ਪਾਂਵਦਾ ਸਥਾਰ ਇਸਤਰਾਂ। ਢਾਲਾਂ ਉਤੇ ਵਜੇ ਤਲਵਾਰ ਇਸਤਰਾਂ। ਅਹਿਰਨਾਂ ਤੇ ਡੰਗੇ ਪੈਂਦੇ ਜਿਉਂ ਵਦਾਨ ਦੇ, ਗਜਦੇ ਨੇ ਸੂਰੇ ਅੰਦਰ ਮੈਦਾਨ ਦੇ। ਪਰਬਤਾਂ ਸਮਾਨ ਖਲੇ ਤਾਣ ਛਾਤੀਆਂ। ਹਸ ਹਸ ਮਾਰਨ ਤੇ ਖਾਣ ਕਾਤੀਆਂ। ਕਿਤੇ ਪੈਰ ਸਿਰ ਕਿਧਰੇ ਜੁਵਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਦਲਾਂ ਵਿਚ ਫਿਰੇ ਸ਼ੇਰ ਦੇ ਸਮਾਨ ਜੀ। ਤੋਬਾ ਤੋਬਾ ਤੋਬਾ ਬੋਲਦੇ ਪਠਾਣ ਜੀ। ਹਥ ਕਿਡੇ ਛੋਹਲੇ ਨਿਕੇ ਜਹੇ ਨਦਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਘਟਾਂ ਵਿਚ ਜਿਵੇਂ ਬਿਜਲੀ ਏ ਫਿਰਦੀ, ਪੋਰ ਵਿਚ ਆਣ ਧੌਣ ਉਤੇ ਕਿਰਦੀ। ਕਦੂ ਵਾਂਗ ਅੰਗ ਚੀਰਦੀ ਪਠਾਨ ਦੇ। ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਫੜੋ ਫੜੋ ਮਾਰੋ ਮਾਰੋ ਰੌਲਾ ਮਚਿਆ, ਰਖੀਂ ਏਸ ਆਫਤੋਂ ਰਸੂਲ ਸਚਿਆ। ਆਈ ਮੌਤ ਅਜ ਅੰਦਰ ਜਹਾਨ ਦੇ, ਗੱਜਦੇ ਜਵਾਨ ਅੰਦਰ ਮੈਦਾਨ ਦੇ। ਚੋਣਵੇਂ ਜੁਵਾਨਾਂ ਤਾਈਂ ਚੁਣ ਮਾਰਿਆ, ਬਾਲ ਦਾ ਸਰੂਪ ਕਾਲ ਨੇ ਹੈ ਧਾਰਿਆ। ਪਾਈ ਜਾਂਦਾ ਮੋਛੇ ਵਾਂਗ ਤਰਖਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਵੇਖਣ ਨੂੰ ਬਾਲ ਹੈ ਨਜ਼ਰ ਆਂਵਦਾ, ਵਡੇ ਵਡੇ ਸ਼ੇਰਾਂ ਨੂੰ ਹਰਾਈ ਜਾਂਵਦਾ। ਹੌਸਲੇ ਨਹੀਂ ਪੈਂਦੇ ਕਿਸੇ ਇਨਸਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਫਰਿਸ਼ਤੇ ਹਵੇਲੀ ਚੋਂ ਨਿਕਲ ਆਂਵਦੇ, ਮੁਗ਼ਲਾਂ ਦੇ ਸੱਥਰ ਵਿਛਾ ਕੇ ਜਾਂਵਦੇ। ਮਾਰੀ ਜਾਂਦੇ ਮਲਾਂ ਬਿਨਾ ਹੀ ਸਮਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਏਹੋ ਜਹੇ ਬਲੀ ਨੂੰ ਨਾ ਜਾਨੋਂ ਮਾਰਨਾ, ਚਾਹੇ ਪਵੇ ਕਿੰਨਾਂ ਦੁਖੜਾ ਸਹਾਰਨਾ। ਬਣਨਗੇ 'ਚੰਨ' ਏਹ ਸ਼ਰਾ ਦੀ ਸ਼ਾਨ ਦੇ, ਗੱਚਦੇ ਨੇ ਸੂਰੇ ਅੰਦਰ ਮੈਦਾਨ ਦੇ। ਅਗੇ ਪਿਛੇ ਸਾਥੀ ਸਤ ਹੋਰ ਨਾਲ ਸੀ, ਜੰਗ ਵਾਲੇ ਢੰਗ ਅੰਦਰ ਕਮਾਲ ਸੀ। ਪੈਂਤੜੇ ਬਦਲ ਕੇ ਲੜਨ ਜਾਣਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਜ਼ੋਰ ਲਾ ਅੰਤ ਕੁਲ ਘਬਰਾਂਵਦਾ, ਪਾਰੇ ਵਾਂਗ ਹਥ ਨਾ ਜੁਵਾਨ ਆਂਵਦਾ। ਟੋਟੇ ਕਰ ਸੁਟੋ ਇਸ ਤਰਾਂ ਬਿਆਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਲਾਲੋ ਲਾਲ ਵੇਖ ਦਸਮੇਸ਼ ਹੋ ਰਿਹਾ, ਅਜ ਏ ਅਜ਼ਾਦ ਮੇਰਾ ਦੇਸ਼ ਹੋ ਰਿਹਾ। ਤੇਜ ਗੁਰੂ ਪੰਥ ਦਾ ਸਮਾਨ ਭਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਅਜ ਮੇਰੇ ਸਿਰੋਂ ਦੂਰ ਭਾਰ ਹੋ ਗਿਆ, ਸੁਰਖੁਰੂ ਮੈਂ ਵਿਚ ਸੰਸਾਰ ਹੋ ਗਿਆ। ਉਜਲ ਹੋਏ ਨਾਮ ਮੇਰੀ ਸੰਤਾਨ ਦੇ, ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ। ਟੋਟੇ ਹੋਕੇ ਧਰਤੀ ਤੇ ਲੇਟੇ ਸ਼ੇਰ ਜੀ, ਬੋਲੀ ਫਤਹਿ ਵਾਹਿਗੁਰੂ ਦੀ ਜਾਂਦੀ ਵੇਰ ਜੀ।

ਗੁਰੂ ਜੀ ਪੰਥ ਨੂੰ ਗੱਦੀ ਦੇਂਦੇ ਹਨ

ਏਨੇ ਨੂੰ ਦਿਨ ਲੰਘਿਆ, ਪੈ ਗਈ ਸਿਰ ਤੇ ਰਾਤ। ਪੰਜੇ ਸਿੰਘ ਸਤਿਗੁਰਾਂ ਨੂੰ, ਇੰਜ ਸੁਨਾਵਨ ਬਾਤ। ਸਤਿਗੁਰ ਸਚੇ ਪਾਤਸ਼ਾਹ, ਪੰਥ ਹੈ ਅਜੇ ਅੰਞਾਣ। ਹਾਲੇ ਲੋੜ ਤੁਸਾਡੜੀ, ਭਾਰੀ ਵਿਚ ਜਹਾਨ। ਨਿਕਲ ਗੜ੍ਹੀ ਚੋਂ ਗੁਰੂ ਜੀ, ਜਾਵੋ ਤੁਸੀਂ ਪਧਾਰ। ਅਸੀਂ ਸ਼ਹੀਦ ਹੋ ਜਾਂਗੇ, ਵਾਹ ਦਿਨ ਨੂੰ ਤਲਵਾਰ। ਕਹਿਣ ਗੁਰੂ ਜੀ ਇਸਤਰਾਂ, ਹੋ ਨਹੀਂ ਸਕਦੀ ਕਾਰ। ਰਣ ਤਤੇ ਵਿਚ ਛਡ ਕੇ, ਜਾਵਾਂ ਕਿਵੇਂ ਪਧਾਰ। ਜੂਝ ਗਏ ਨੇ ਧਰਮ ਹਿਤ, ਜਿਥੇ ਕੁਲ ਮੁਰੀਦ। ਮੈਂ ਭੀ ਉਸ ਮੈਦਾਨ ਵਿਚ, ਹੋਵਾਂ ਅਜ ਸ਼ਹੀਦ। ਦੁਸ਼ਮਨ ਹਾਸਾ ਕਰਨਗੇ, ਪਿਛੋਂ ਤਾੜੀ ਮਾਰ। ਐਸੀ ਨੀਤੀ ਸਿੰਘ ਜੀ, ਮਾੜੀ ਵਿਚ ਸੰਸਾਰ। ਫੇਰ ਗੁਰਾਂ ਨੂੰ ਆਖਦੇ, ਪੰਜੇ ਰਲ ਕੇ ਅੰਜ। ਸਾਹਿਬ ਬਣਾਏ ਤੁਸਾਂ ਨੇ, ਆਪ ਪਿਆਰੇ ਪੰਜ। ਅਗੇ ਕੀਤੀ ਤੁਸਾਂ ਦੇ, ਪਾਸ ਅਸਾਂ ਅਰਦਾਸ। ਹੁਕਮ ਤੁਹਾਨੂੰ ਅਸੀਂ ਹੁਣ, ਹਾਂ ਇਉਂ ਦੇਂਦੇ ਖਾਸ। ਜਾਵੋ ਨਿਕਲ ਗੜ੍ਹੀ ਚੋਂ; ਏਸੇ ਪਲ ਮਹਾਰਾਜ। ਸਿਰੇ ਚੜ੍ਹਾਉ ਹੋਰ ਜੋ, ਵਿਗੜੇ ਹਾਲਾਂ ਕਾਜ। ਏਸ ਹੁਕਮ ਨੂੰ ਸਤਿਗੁਰੂ, ਫੇਰ ਨਾ ਸਕੇ ਮੂਲ। ਕਿਉਂਕਿ ਕੀਤਾ ਕੈਮ ਸੀ, ਉਹਨਾਂ ਆਪ ਅਸੂਲ। ਜਗਾ ਤੇ ਤੋੜੇ ਕਲਗੀਆਂ, ਆਪਣੇ ਸਿਰੋਂ ਉਤਾਰ। ਸੰਗਤ ਸਿੰਘ ਦੇ ਸੀਸ ਧਰ, ਬੋਲੇ ਇਉਂ ਦਾਤਾਰ। 'ਖਾਲਸਾ ਮੇਰੋ ਰੂਪ ਹੈ' ਮੈਂ ਹੂੰ ਇਸਕਾ ਦਾਸ। ਪੰਥ ਖਾਲਸੇ ਬੀਚ ਹੌਂ, ਹਰਦਮ ਕਰੋਂ ਨਿਵਾਸ। ਮੀਰੀ ਪੀਰੀ ਪੰਥ ਕੋ, ਦੇਤਾ ਹੂੰ ਮਂ ਆਜ। ਕਰੇਂ ਤੁਮਾਰੀ ਰਖਿਆ, ਗੁਰੂ ਨਾਨਕ ਮਹਾਰਾਜ। 'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ।' ਖੁਵਾਰ ਹੋਏ ਸਭ ਮਿਲਹਿੰਗੇ, ਬਚੇ ਸ਼ਰਨ ਜੋ ਹੋਇ।' ਤਖਤ ਦਿਲੀ ਪਰ ਬਹੇਗੀ, ਆਪ ਗੁਰਾਂ ਕੀ ਫੌਜ। ਚਵਰ ਝੁਲਹਿੰਗੇ ਸੀਸ ਪਰ, ਬੜੀ ਕਰਹਿੰਗੇ ਮੌਜ। ਦਯਾ ਸਿੰਘ 'ਸਿੰਘ ਮਾਨ' ਨੂੰ, ਲੈਕਰ ਸਤਿਗੁਰ ਨਾਲ। ਟਪ ਗੜ੍ਹੀ ਚੋਂ ਰਾਤ ਨੂੰ, ਨਿਕਲ ਗਏ ਤਤਕਾਲ।

ਗੁਰੂ ਜੀ ਨੇ ਗੜ੍ਹੀ ਵਿਚੋਂ ਨਿਕਲਣਾ

ਜਦੋਂ ਕੰਧ ਟਪੇ ਜੋੜਾ ਸਤਿਗੁਰਾਂ ਦਾ, ⁠ਲਥ ਵਿਚ ਹਵੇਲੀ ਦੇ ਜਾਂਵਦਾ ਏ। ਕਾਲੀ ਬੋਲੀ ਅੰਧੇਰੜੀ ਰਾਤ ਅੰਦਰ, ⁠ਹਥ ਅਪਣਾ ਨਿਗਾਹ ਨਾ ਆਂਵਦਾ ਏ। ਦੇਸ਼ ਪੰਥ ਖਾਤਰ ਰਾਜ ਭਾਗ ਛਡ ਕੇ, ਕੀਹ ਕੀਹ ਦੁਖ ਦਸਮੇਸ਼ ਉਠਾਂਵਦਾ ਏ। ਦੂਜਾ ਪੈਰ ਹਨੇਰੇ ਵਿਚ ਪਰੀ ਪੂਰਨ, ⁠ਮਚੇ ਘਾਣ ਦੇ ਉਪਰ ਟਿਕਾਂਵਦਾ ਏ। ਖੁਭਾ ਪੈਰ ਤਾਂ ਆਖਦੇ ਦਯਾ ਸਿੰਘਾ, ⁠ਛੇਤੀ ਨਾਲ ਮੇਰੇ ਵਲ ਆ ਤਾਂ ਸਹੀ। ਕੇਹੜੇ ਵਿਚ ਖੋਭੇ ਖੁਭਾ ਪੈਚ ਮੇਰਾ, ⁠ਮੈਨੂੰ ਕਢ ਕੇ ਜਦ ਪਕੜਾ ਤਾਂ ਸਹੀ। ਹੋਕੇ ਨੀਵਿਆਂ ਵੇਖਕੇ ਦਯਾ ਸਿੰਘ ਫਿਰ, ⁠ਹਥ ਬੰਨ੍ਹ ਕੇ ਅਰਜ਼ ਗੁਜ਼ਾਰਦਾ ਏ। ਉਛਲ ਕਾਲਜਾ ਮੁਖ ਨੂੰ ਆਂਵਦਾ ਏ, ⁠ਦਿਲ ਵੇਖ ਕੇ ਨਹੀਂ ਸਹਾਰਦਾ ਏ। ਸੱਚੇ ਪਾਤਸ਼ਾਹ ਜੀ ਏਸੇ ਥਾਂ ਉਤੇ, ⁠ਕਲ ਮਚਿਆ ਜੰਗ ਤਲਵਾਰ ਦਾ ਏ। ਚਿਕੜ ਨਹੀਂ ਇਹ ਚਰਬੀ ਦਾ ਢੇਰ ਲਗਾ, ⁠ਸੀਸ ਪਿਆ ਏਹ ਕੋਲ ਜੁਝਾਰ ਦਾ ਏ। ਹਥੀਂ ਜਿਨੂੰ ਸਜਾਇਕੇ ਕੱਲ ਸੇਹਰੇ, ⁠ਲਾੜੀ ਮੌਤ ਪਰਨਾਣ ਲਈ ਘਲਿਆ ਸਾਈ। ਦਿਤਾ ਪਾਣੀ ਵੀ ਘੁਟ ਨਾ ਵਾਰ ਜਾਂਦੀ, ⁠ਖੂਨ ਵੈਰੀ ਦਾ ਪੀਣ ਲਈ ਘਲਿਆ ਸਾਈ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ