Shaheedi Sri Guru Teg Bahadur Ji : Barkat Singh Anand

ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ : ਬਰਕਤ ਸਿੰਘ 'ਅਨੰਦ'



ਦੋਹਿਰਾ-

ਤੇਗ਼ ਬਹਾਦਰ ਪਿਤਾ ਦੇ, ਸਾਹਵੇਂ ਸਭ ਸਰਦਾਰ। ਕੋਹ ਦਿਤੇ ਸ਼ੈਤਾਨ ਨੇ, ਫੜ ਕੇ ਵਾਰੋ ਵਾਰ। ਇਸ ਲਈ ਸ਼ਾਇਦ ਵੇਖਕੇ, ਜਾਏ ਪੀਰ ਵਿਚਾਰ। ਪੜ ਲੈ ਕਲਮਾ ਨਬੀ ਦਾ, ਹੋਵੇ ਬੇੜਾ ਪਾਰ। ਸਦ ਉਰੰਗਾ ਆਖਦਾ, ਕਰੋ ਪੀਰ ਗੱਲ। ‘ਤਖਤ ਕਿ ਤਖਤੇ ਲੇਟਣਾ’ ਕੀਹ ਕਢਿਆ ਜੇ ਹੱਲ। ਚਲੋ ਅਜ ਮਸੀਤ ਵਿਚ, ਕਲਮਾਂ ਕਰੋ ਕਬੂਲ। ਉਮਤ ਅਸੀਂ ਜਨਾਬ ਦੀ, ਹੋਏ ਤੁਸੀਂ ਰਸੂਲ। ਦੂਣਾ ਚੌਣਾ ਆਪਦਾ, ਰਬ ਕਰੋ ਇਕਬਾਲ। ਕੁਲ ਦੇਸ਼ ਇਸਲਾਮ ਦੇ, ਤੁਰਨ ਤੁਹਾਡੇ ਨਾਲ। ਹੂਰਾਂ ਮਿਲਣ ਬਹਿਸ਼ਤ ਵਿਚ, ਹੋਰ ਅੰਗੂਰੀ ਜਾਮ। ਜ਼ਾਮਨ ਨੇ ਇਸ ਗੱਲ ਦੇ, ਨਬੀ ਰਸੂਲ ਤਮਾਮ। ਮੁਖ ਤੁਹਾਡੇ ਵਲ ਸਭ, ਦੇਖੋ ਹਿੰਦੁਸਤਾਨ। ਹਥ ਤੁਹਾਡੇ ਪੀਰ ਜੀ, ਮੌਤ ਅਤੇ ਅਰਮਾਨ। ਜੇਹੜੀ ਪੌੜੀ ਚਾਹੜਨਾ, ਚਾਹੜੋ ਅਜ ਜਹਾਨ। ਕਾਫੀ ਅਰਸਾ ਹੋਗਿਆ, ਕਹਿ ਕਹਿ ਘਸੀ ਜ਼ਬਾਨ।

ਸਤਿਗੁਰੂ ਜੀ
(ਪਉੜੀ)

ਤਦ ਕਹਿਣ ਗੁਰੁ ਸੁਣ ਬਾਦਸ਼ਾਹ, ਤੈਨੂੰ ਸਮਝਾਵਾਂ। ਨਹੀਂ ਪੁਤ ਡਰਾਕਲ ਜਣਦੀਆਂ, ਸਿਖਾਂ ਦੀਆਂ ਮਾਵਾਂ। ਮੇਰਾ ‘ਸਿਖੀ’ ‘ਆਦੀ’ ਧਰਮ ਹੈ, ਉਸਨੂੰ ਅਪਨਾਵਾਂ। ਮੈਂ ਲੇਟਾਂ ਪਹਿਲੂੰ ਤਖਤੇ, ਉਹਨੂੰ ‘ਤਖਤ’ ਬਣਾਵਾਂ। ਮੈਂ ਭਾਂਬੜ ਤੇਰੇ ਜ਼ੁਲਮ ਦੇ, ਲਹੂ ਨਾਲ ਬੁਝਾਵਾਂ। ਮੇਰੇ ਪੈਰ ਪੀਰੀਆਂ ਝਸਦੀਆਂ, ਕਿਉਂ ਸ਼ਾਨ ਗੁਆਵਾਂ। ਤੇਰੀ ਗੰਦੀ ਜਨਤ ਚੀਜ਼ ਕੀਹ, ਸਭ ਨੂੰ ਠੁਕਰਾਵਾਂ। ਮੈਂ ਦੋ ਦਿਨ ਦੇ ‘ਇਕਬਾਲ’ ਨੂੰ ਸੌ ਲਾਹਨਤ ਪਾਵਾਂ। ਮੈਂ ਹਿੰਦੀਆਂ ਤਾਈਂ ਪੂਰਨੇ, ਕੁਝ ਨਵੇਂ ਸਿਖਾਵਾਂ। ਵਿਚ ਕਬਰਾਂ ‘ਮੁਰਦੇ’ ਜੋ ਪਏ, ਰੂਹ ਫੂਕ ਜਗਾਵਾਂ। ਤੂੰ ਹਿੰਦੂ ਮੁਸਲਮ ਇਕ ਕਰੇਂ, ਮੈਂ ਤਿੰਨ ਬਨਾਵਾਂ। ਪਾ ‘ਚਰਬੀ’ ਦੀਵੇ ਹਿੰਦ ਦੇ, ਮੈਂ ਬਾਲ ਕੇ ਜਾਵਾਂ। ਮੈਂ ਝੁਕੇ ‘ਝੰਡੇ’ ਅਣਖ ਦੇ, ਫੜ ਅਰਸ਼ ਝੁਲਾਵਾਂ। ਮੈਂ ਸਿੱਖੀ ਦੇ ਮਹਿਲ ਤੇ, ਏਹ ਸੀਸ ਚੜਾਵਾਂ।

ਵਾਕ ਕਵੀ
ਦੋਹਿਰਾ-

ਸੁਣ ਪਾਪੀ ਸਤਗੁਰਾਂ ਦਾ, ਐਸਾ ਸਖਤ ਜਵਾਬ। ਕਾਜ਼ੀ ਤਾਈਂ ਆਖਦਾ, ਫਤਵਾ ਲਾਉ ਸ਼ਤਾਬ। ਕਾਜ਼ੀ ਫੋਲ ਕਤਾਬ ਨੂੰ, ਕਰਦਾ ਇੰਜ ਬਿਆਨ। ਕਰੋ ਕਲਮ ਸਿਰ ਇਨ੍ਹਾਂ ਦਾ, ਵਿਚ ਸਰੇ ਮੈਦਾਨ। ਹੋਇਆ ਹੁਕਮ ਜਲਾਦ ਨੂੰ, ਲੇ ਦਾਤੇ ਨੂੰ ਨਾਲ। ਵਿਚ ਚਾਂਦਨੀ ਚੌਂਕ ਦੇ, ਆਏ ਤੁਰਤੇ ਚੰਡਾਲ। ਖਾਰੇ ਉਤੇ, ਸਤਿਗੁਰੂ, ਬੈਠੇ, ਚੌਂਕੜ ਮਾਰ। ਧੜ ਉਤੋਂ ਸਿਰ ਪਾਪੀਆਂ, ਲੀਤਾ ਤੁਰਤ ਉਤਾਰ। ਵਿਚ ਚਾਂਦਨੀ ਚੌਂਕ ਦੇ, ਪਈ ਗੁਰ ਦੀ ਲਾਸ਼। ਆਈ ਅੰਧੇਰੀ ਕਹਿਰ ਦੀ ਕੰਬੇ ਧਰਤ ਅਕਾਸ਼। ਭਾਈ ਜੈਤਾ ਇਸ ਸਮੇਂ, ਸੀਸ ਗੁਰਾਂ ਦਾ ਚਾ। ਪਹੁੰਚਾ ਸ੍ਰੀ ਅਨੰਦ ਪੁਰੇ, ਪੈਂਡੇ ਕੁਲ ਮੁਕਾ।

ਸਤਿਗੁਰਾਂ ਦੇ ਧੜ ਦਾ ਸਸਕਾਰ
ਬੈਂਤ-

ਲਖੀ ਸ਼ਾਹ ਲੁਬਾਣਾ ਫਿਰ ਮਾਰ ਹਲਾ, ਧੜ ਗੁਰਾਂ ਦਾ ਚੁੱਕ ਲਿਆਇਆ ਏ। ਗਡ ਕਪਾਹ ਦੀ ਵਿਚ ਛੁਪਾ ਕਰਕੇ, ਉਹਨੇ ਬੈਲਾਂ ਦੇ ਤਾਈਂ ਦੁੜਾਯਾ ਏ। ਅਪੁਨੇ ਘਰ ‘ਰਕਾਬ ਗੰਜ’ ਵਿਚ ਆ ਕੇ, ਨਾਨਕ ਗੁਰੂ ਦਾ ਸ਼ੁਕਰ ਮਨਾਇਆ ਏ। ਪਿਛੋਂ ਸ਼ਹਿਰ ਸਾਰੇ ਅੰਦਰ ਫਿਰੀ ਡੌਂਡੀ, ਹੁਕਮ ਪਾਤਸ਼ਾਹ ਸਖਤ ਸੁਨਾਇਆ ਏ। ਸਣੇ ਬਾਲ ਬਚੇ ਪੀੜੋ ਵਿਚ ਕੋਹਲੂ, ਧੜ ਗੁਰਾਂ ਦਾ ਜਿਨ੍ਹੇ ਚੁਰਾਇਆ ਏ। ਚੁਨ ਚੁਨ ਪਕੜ ਲੌ ਦਿਲੀ ਦੇ ਬਾਗੀਆਂ ਨੂੰ ਐਡਾ ਹੌਸਲਾ ਜਿਨ੍ਹਾਂ ਦੁਖਾਇਆ ਏ।

ਤਥਾ

ਸਿਖ ਸੋਚਦਾ ਗਿਆ ਜੇ ਧੜ ਫੜਿਆ, ਹੋਣੀ ਖੈਰ ਨਾਂ ਬੜਾ ਅਪਮਾਨ ਹੋਸੀ। ਖਾਸਨ ਕਾਂ ਕੀੜੇ ਧੜ ਗੁਰਾਂ ਦੇ ਨੂੰ, ਨਾਲੇ ਮੇਰੇ ਤੇ ਜ਼ੁਲਮ, ਮਹਾਨ ਹੋਸੀ। ਕਰਕੇ ਚਾਰ ਪਰਕਰਮਾਂ ਅਰਦਾਸ ਕੀਤੀ, ਰਹਿਸੀ ਪਤੇ ਗੁਰੂ ਮੇਹਰਬਾਨ ਹੋਸੀ। ਅਗ ਲਾ ਦਿੱਤੀ ਘਰ ਆਪਣੇ ਨੂੰ, ਸੇਵਾ ਵਿਚ ਦਰਗਾਹ ਪਰਵਾਨ ਹੋਈ। ਆਪ ਫੇਰ ਪਲੂ ਰੌਲਾ ਪਾਣ ਲਗਾ, ਲੋਕੋ ਸੜ ਗਿਆ ਅੱਜ ਮਕਾਨ ਮੇਰਾ। ਹਿੰਮਤ ਕਰੋ ਤੇ ਅੱਗ ਬੁਝਾਉ ਰਲ ਕੇ, ਬਚ ਰਹੇ ਅੰਦਰੋਂ ਸਾਜ਼ੋ ਸਮਾਨ ਮੇਰਾ। ਭਜ ਦੌੜਕੇ ਸੈਂਕੜੇ ਲੋਗ ਪੈ ਗਏ, ਭਰ ਭਰ ਜਲ ਦੇ ਬਾਲਟੇ ਪਾਂਵਦੇ ਨੇ। ਭੜਕੇ ਅਗ ਕਪਾਹ ਦੀ ਵਾ ਵਗੇ, ਸ਼ੋਹਲੇ ਉਡ ਅਕਾਸ਼ ਤੇ ਜਾਂਵਦੇ ਨੇ। ਪਾਣੀ ਅਗ ਤੇ ਤੇਲ ਦਾ ਕੰਮ ਕਰਦਾ, ਅਡੀ ਚੋਟੀ ਦਾ ਜ਼ੋਰ ਸਭ ਲਾਂਵਦੇ ਨੇ। ਮਹਾਰਾਜ ਜੀ ਆਪਣੇ ਕੰਮ ਤਾਈਂ, ਵਿਚ ਆਪ ਹੋ ਸਿਰੇ ਚੜ੍ਹਾਂਵਦੇ ਨੇ। ਚਲੀ ਕਿਸੇ ਦੀ ਪੇਸ਼ ਨਾ ਅੱਗ ਅਗੇ, ਸੜਕੇ ਸਾਰਾ ਮਕਾਨ ਸੁਵਾਹ ਹੋਯਾ। ਦੂਲੇ ਗੁਰੂ ਦੀ ਸ਼ਾਨ ਨਾ ਘਟਣ ਦਿਤੀ, ਭਾਵੇਂ ਸੂਰਮਾਂ ਆਪ ਤਬਾਹ ਹੋਯਾ।

ਤਥਾ

ਕੇਈ ਦਿਨਾਂ ਪਿਛੋਂ ਹੋਈ ਸਵਾਹ ਠੰਡੀ, ਫੋਲ ਅਸਥੀਆਂ ਕੁਲ ਕੁਢਾਂਵਦਾ ਏ। ਪਾਕੇ ਸੋਨੇ ਦੀ ਗਾਗਰ ਦੇ ਵਿਚ ਸਭੇ, ਟੋਇਆ ਪੁਟਕੇ ਫੁਲ ਦਬਾਂਵਦਾ ਏ। ਝੰਡੀ ਗੱਡ ਉਤੇ ਅਰਦਾਸ ਕਰਕੇ, ਹੋਇਆ ਸੁਰਖਰੂ ਸ਼ੁਕਰ ਮਨਾਂਵਦਾ ਏ। ਸ਼ਸਤਰ, ਬਸਤਰ, ਤੇ ਕੀਮਤੀ ਲੈ ਘੋੜੇ, ਆਪ ਸ੍ਰੀ ‘ਅਨੰਦ ਪੁਰ’ ਆਂਵਦਾ ਏ। ਸਾਰਾ ਖੋਹਲਕੇ ਹਾਲ ਮਹਾਰਾਜ ਅਗੇ, ਲਖੀ ਸ਼ਾਹ ਸਰਦਾਰ ਬਿਆਨ ਕੀਤਾ। ਝੰਡੇ ਝੂਲਣੇ ਨੇ ਉਥੇ ਖਾਲਸੇ ਦੇ, ਜਿਥੇ ਸਿਖ ਨੇ ਖੜਾ ਨਿਸ਼ਾਨ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਗੰਮੀ ਵਾਕ ਬੋਲਣੇ

ਸਮਾਂ ਆਵੇਗਾ, ਗੁਰਾਂ ਦੇ ਸਿਖ ਸੂਰੇ, ਦਿਲੀ ਕਰ ਢਿਲੀ ਫਤੇ ਪਾਣਗੇ ਜੀ। ਸਮਾਂ ਆਵੇਗਾ, ਦਿਨੇ ਹੀ ਬਾਲ ਦੀਵੇ, ਲੁਟਾਂ ਘਰੋ ਘਰ ਸਿੰਘ ਮਚਾਣਗੇ ਜੀ। ਸਮਾਂ ਆਵੇਗਾ, ਦਿਲੀ ਦੇ ਤਖਤ ਉਤੇ, ਬੈਠ ਖਾਲਸੇ ਹੁਕਮ ਚਲਾਣਗੇ ਜੀ। ਸਮਾਂ ਆਵੇਗਾ, ਬੀਰ ਬਘੇਲ ਸਿੰਘ ਜੀ, ਮਹਾਰਾਜ ਦੇ ਮੰਦਰ ਬਨਾਣਗੇ ਜੀ। ਸਮਾਂ ਆਵੇਗਾ, ਸਿੰਘਾਂ ਦੇ ਤੇਜ ਅਗੇ, ਊਚ ਨੀਚ ਸਭ ਸੀਸ ਨਿਵਾਣਗੇ ਜੀ। ਸਮਾਂ ਆਵੇਗਾ ਦੇਸ਼ ਅਜ਼ਾਦ ਹੋਸੀ, ਢੋਲੇ ਸਭ ਅਜ਼ਾਦੀ ਦੇ ਗਾਣਗੇ ਜੀ। ਸਿੱਕਾ ਚਲਸੀ ਕਾਬਲ ਕੰਧਾਰ ਅੰਦਰ, ਡਕੇ ਕਾਬਲੀ ਦੇਆਂ ਨੂੰ ਲਾਣਗੇ ਜੀ। ਹੋਸੀ ਧਰਮ ਦਾ ਰਾਜ ਜਹਾਨ ਉਤੇ, ਜ਼ੁਲਮ ਜਬਰ ਨੂੰ ਸਿੰਘ ਉਡਾਣਗੇ ਜੀ।

ਲਖੀ ਸ਼ਾਹ ਦਾ ਧੰਨਵਾਦ

ਹਥ ਜੋੜ ਕੇ ਸਿੱਖ ਨੇ ਅਰਜ਼ ਕੀਤੀ, ਚਰਨਾਂ ਵਿੱਚ ਈ ਮੇਰੀ ਸਮਾਈ ਹੋਵੇ। ਕਾਰਨ ਕਰਨ ਹੋ ਤੁਸੀਂ ਮਹਾਰਾਜ ਆਪੇ, ਮੁਫਤ ਵਿਚ ਪਈ ਮੇਰੀ ਵਡਿਆਈ ਹੋਵੇ। ਦੇਸ਼ ਵਿਚ ਸ਼ਕੰਜ਼ਿਆਂ ਫਸ ਗਿਆ, ਕਿਰਪਾ ਕਰੋ ਤੇ ਛੇਤੀ ਰਿਹਾਈ ਹੋਵੇ। ਲੁਟੇ ਗਏ ਨੇ ਕੁਲ ਅਰਮਾਨ ਮੇਰੇ, ਫਿਰ ਵੀ ਫਿਕਰ ਨ ਚਿਤ ਨੂੰ ਰਾਈ ਹੋਵੇ। ਨਾਮ ਦਾਨ ਸੇਵਾ ਉਦਮ, ਬਲ ਬਖਸ਼ੋ, ਸਿਖੀ, ਸਿਦਕ ਦੇਹੋ ਦਿਆਲ ਦਾਤਾ। ਭਾਣੇ ਵਿਚ ਹਮੇਸ਼ ‘ਅਨੰਦ’ ਜਾਣਾ, ਖਾਣ ਦੁਖਾਂ ਦੀ ਏ ਧੰਨ ਮਾਲ ਦਾਤਾ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ