Shaheedi Khumarian : Kartar Singh Ballagan

ਸ਼ਹੀਦੀ ਖ਼ੁਮਾਰੀਆਂ : ਕਰਤਾਰ ਸਿੰਘ ਬਲੱਗਣ


ਲਹੂ-ਰੰਗੇ ਲਾਲ ਫੁੱਲਾਂ ਦਾ ਗੁਲਦਸਤਾ

‘ਸ਼ਹੀਦੀ ਖ਼ੁਮਾਰੀਆਂ’ ਸਵਰਗਵਾਸੀ ਸ: ਕਰਤਾਰ ਸਿੰਘ ਬਲੱਗਣ ਦੀਆਂ ਇਤਿਹਾਸਕ ਮਹਾਨਤਾ ਰੱਖਦੇ ਅਮਰ ਸ਼ਹੀਦਾਂ ਦੀ ਸਮ੍ਰਿਤੀ ਜਾਂ ਯਾਦ ਵਿਚ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਇਨ੍ਹਾਂ ਦਾ ਮੁੱਲ ਸਾਹਿਤ, ਦੇਸ਼-ਭਗਤੀ ਜਾਂ ਕੌਮ-ਪ੍ਰਸਤੀ ਤੇ ਧਾਰਮਕ ਦ੍ਰਿਸ਼ਟੀਕੋਨ ਨਾਲ ਕੀ ਹੈ ? ਇਸ ਦਾ ਉੱਤਰ ਬਲੱਗਣ ਜੀ ਦੇ ਸ਼ਬਦਾਂ ਵਿਚ ਹੀ ਦੇਣਾ ਸ਼ੋਭਦਾ ਹੈ ਕਿਉਂਕਿ ਮੈਂ ਇੰਨੇ ਥੋੜ੍ਹੇ ਸ਼ਬਦਾਂ ਵਿਚ ਇਸ ਸੁੰਦਰਤਾ ਤੇ ਪ੍ਰਭਾਵ-ਪੂਰਤ ਢੰਗ ਨਾਲ ਨਹੀਂ ਕਹਿ ਸਕਦਾ :-

ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ,
ਜਿਦ੍ਹੇ ਬੀਰ ਕਿਧਰੇ ਘਾਲਾਂ ਘਾਲਦੇ ਨੇ ।
ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਸ ਦੇ,
ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ।
(ਸਫ਼ਾ−14)

ਅਤੇ ਪੰਜਾਬ ਨੂੰ ਮਾਨ ਹੈ ਕਿ ਬਲੱਗਣ ਜੀ ਦੀ ਇਸ ਕਸਵੱਟੀ ਉੱਤੇ ਇਹ ਪੂਰਾ ਸੋਲਾਂ ਵੰਨੀ ਦਾ ਸੋਨਾ ਸਿੱਧ ਹੁੰਦਾ ਹੈ :

ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ,
ਜਿਦ੍ਹੇ ਕੋਲ ਸਰਮਾਇਆ ਸ਼ਹੀਦੀਆਂ ਦਾ ।
(ਸਫ਼ਾ—12)

ਇਸ ਸਰਮਾਏ ਵਿਚੋਂ ਸੱਚਮੁੱਚ ਪੰਜਾਬ ਦੇ ਭਾਗ ਪ੍ਰਮਾਤਮਾ ਨੇ ਖੁੱਲ੍ਹੇ ਦਿਲ ਨਾਲ ਲਿਖ ਦਿੱਤਾ ਹੈ । ਇਸ ਪੁਸਤਕ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਭਾਈ ਤਾਰੂ ਸਿੰਘ, ਸ: ਸ਼ਾਮ ਸਿੰਘ ਅਟਾਰੀ ਆਦਿ ਸਿੱਖ ਧਰਮ ਦੇ ਇਤਿਹਾਸਕ ਸ਼ਹੀਦਾਂ ਦੇ ਨਾਲ ਹੀ ਸ: ਲਛਮਣ ਸਿੰਘ, ਊਧਮ ਸਿੰਘ, ਲਾਲਾ ਲਾਜਪਤ ਰਾਏ ਆਦਿ ਆਧੁਨਿਕ ਤੇ ਵਰਤਮਾਨ ਕਾਲ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਹੈ। 'ਲਾਹੌਰ’, ਦਿੱਲੀ’, ‘ਮੇਰੇ ਵਤਨ’, ‘ਇਤਿਹਾਸ ਬੋਲਿਆ’, ‘ਸ਼ਹੀਦ’, ਆਦਿ ਕੁਝ ਕਵਿਤਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿਚ ਸਮੁੱਚੀ ਕੌਮ ਦੀ ਸਮੁੱਚੀ ਸ਼ਹੀਦ ਫੁਲਵਾੜੀ ਵਿਚ, ਲਹੂ-ਰੰਗੇ ਲਾਲ ਫੁੱਲਾਂ ਦਾ ਗੁਲਦਸਤਾ ਇਤਿਹਾਸਿਕ ਗਿਆਨ ਦੀ ਕਲਾ ਨਾਲ ਕਵੀ ਬਲੱਗਣ ਨੇ ਨਿਰੀ ਸੁੰਦਰਤਾ ਨਾਲ ਹੀ ਨਹੀਂ ਬਣਾਇਆ ਸਗੋਂ ਉਸ ਵਿਚ ਬੀਰਤਾ, ਬਲੀਦਾਨ ਦੀ ਪ੍ਰੇਰਨਾ ਤੇ ਸਮੁੱਚੀ ਭਾਰਤੀ ਕੌਮ ਦੇ ਮਾਣ-ਤਾਣ ਦਾ ਰੰਗ ਉੱਘੜਦਾ ਹੈ ।

ਹਰ ਕਵਿਤਾ ਵਿਚ ਕਈ ਇਕ ਅਜਿਹੀਆਂ ਤੁਕਾਂ ਹਨ ਜੋ ਮਨ ਨੂੰ ਹਲੂਣ ਜਾਂਦੀਆਂ ਹਨ ਤੇ ਇਸ ਮਿਟਿਆਲੇ ਸ਼ੋਰ ਤੋਂ ਕਿਸੇ ਉਚੇਰੀ ਦੁਨੀਆਂ ਸ਼ਾਂਤ ਪਰ ਜੀਵਨ ਨਾਲ ਲਹਿਰਾਉਂਦੀ ਦੁਨੀਆਂ ਵਿਚ ਲੈ ਜਾਂਦੀਆਂ ਹਨ :-

(ੳ) ਜਿਸ ਦੇ ਨਾਲ ਵੱਸੇ ਭਾਰਤ ਦੇਸ਼ ਮੇਰਾ,
ਉਹ ਜ਼ੰਜੀਰ ਮਿਟਾਣ ਦੀ ਸੋਚਦਾ ਹਾਂ ।

(ਅ) ਇਹ ਇਤਿਹਾਸ ਕਹਿੰਦੈ, ਮੋਈ ਹੋਈ ਸਿੱਖੀ,
ਪੰਜਾਂ ਸਿੰਘਾਂ ਨੇ ਫੇਰ ਜਿਵਾਲ ਦਿੱਤੀ ।

ਬਲੱਗਣ ਗੰਭੀਰ ਕਵੀ ਹੋਣ ਦੇ ਨਾਤੇ ਅਤੇ ਜਨਤਾ ਦਾ ਕਵੀ ਹੋਣ ਕਰਕੇ ਮਨੁੱਖੀ ਮਨ ਨੂੰ, ਉਸ ਦੀ ਮਨੋਭਾਵਨਾਂ ਨੂੰ ਅਤੇ ਉਦਗਾਰਾਂ ਨੂੰ ਹਲੂਨਣ ਜਾਣਦਾ ਹੈ । ‘ਮਾਛੀਵਾੜੇ' ਵਾਲੀ ਉਸ ਦੀ ਕਵਿਤਾ ਸੁਣਨ ਤੇ ਪੜ੍ਹਣ ਵਾਲਾ ਕੌਣ ਹੈ (ਪੜ੍ਹਿਆ, ਅਨਪੜ੍ਹਿਆ, ਬੁੱਢਾ ਜਾਂ ਜਵਾਨ, ਸਿੱਖ ਜਾਂ ਗ਼ੈਰ ਸਿੱਖ) ਜਿਸ ਦੀਆਂ ਅੱਖਾਂ ਵਿਚ ਅੱਥਰੂ ਇਕ ਵਾਰ ਨਹੀਂ ਲਿਸ਼ਕ ਪੈਂਦੇ ।

ਇਉਂ ਇਸ ਕਵੀ ਦੀ ਨਵੀਆਂ ਕੀਮਤਾਂ ਨਿਯਤ ਕਰਨ, ਮੁਹਾਵਰਿਆਂ ਦੀ ਜੜਤ ਵਿਚ, ਧਾਰਮਕ, ਦੇਸ਼ ਭਗਤੀ ਦੀ ਪ੍ਰੇਰਨਾ ਦੇਣ ਤੇ ਇਤਿਹਾਸਕ ਗਿਆਨ ਤੇ ਉਸ ਦੀ ਯੋਗ ਵਰਤੋਂ ਦੇ ਕਈ ਇਕ ਸੁੰਦਰ ਪ੍ਰਮਾਣ ਪੁਸਤਕ ‘ਸ਼ਹੀਦੀ ਖ਼ੁਮਾਰੀਆਂ' ਵਿਚ ਮਿਲਦੇ ਹਨ ।

ਮੈਂ ਇਹ ਸੰਗ੍ਰਹਿ ਕਰਨ ਤੇ ਪ੍ਰਕਾਸ਼ਤ ਕਰਨ ਵਾਲਿਆਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਇਕ ਉੱਚ ਕੋਟੀ ਦੇ ਕਵੀ ਦੀ ਸਮ੍ਰਿਤੀ ਨੂੰ ਇਸ ਸੰਗ੍ਰਹਿ ਨਾਲ ਸੁਰਜੀਤ ਕੀਤਾ ਤੇ ਸਾਂਭਿਆ ਹੈ ।

-ਸ: ਸ: ਅਮੋਲ
2, ਉੱਤਮਗੜ੍ਹ, ਅੰਮ੍ਰਿਤਸਰ ।
24-9-75.

ਅਲਬੇਲਾ ਪੰਜਾਬੀ ਕਵੀ

ਕਰਤਾਰ ਸਿੰਘ ਬਲੱਗਣ ਇਕ ਰੰਗੀਲਾ ਤੇ ਰਸਿਕ ਕਵੀ ਸੀ। ਮਿੱਠਾ ਤੇ ਮਿਲਾਪੜਾ ਸੁਭਾਅ । ਸਿਰ ਤੋਂ ਪੈਰ ਤਕ ਖਾਲਸ ਪੰਜਾਬੀ । ਕਦੇ ਬੀਰ-ਰਸ ਨੂੰ ਵੀ ਛੂੰਹਦਾ ਤਾਂ ਅਖ਼ੀਰ ਤਕ ਇਕ ਸੁਰ ਨਿਭਾਂਦਾ । ਕਵਿਤਾ ਨੇ ਉਸ ਨੂੰ ਜਾਨ ਦਿੱਤੀ ਤੇ ਉਸ ਦੀ ਜਾਨ ਨੂੰ ਸਮੇਂ ਤੋਂ ਪਹਿਲਾਂ ਹੀ ਲੈ ਜਾਣ ਵਾਲੀ ਵੀ ਕਵਿਤਾ ਹੀ ਸੀ । ਕਵਿਤਾ ਦੇ ਰੂਪ ਵਿਚ ਉਹ ਕੁਝ ਸਦਾ ਰਹਿਣ ਵਾਲੀਆਂ ਚੀਜ਼ਾਂ ਵੰਡ ਗਿਆ ਹੈ, ਜੋ ਉਸ ਨੂੰ ਵੀ ਕਾਵਿ ਸੰਸਾਰ ਵਿਚ ਹਮੇਸ਼ਾ ਜ਼ਿੰਦਾ ਰੱਖਣਗੀਆਂ ।

ਮੈਨੂੰ ਇਹ ਵੇਖ ਕੇ ਖ਼ੁਸ਼ੀ ਹੋਈ ਹੈ ਕਿ 'ਸ਼ਹੀਦੀ ਖ਼ੁਮਾਰੀਆਂ' ਦੇ ਨਾਂ ਹੇਠਾਂ ਉਸ ਦੀਆਂ ਅਣਛਪੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ਛਾਪਿਆ ਜਾ ਰਿਹਾ ਹੈ । ਖਰੜਾ ਮੇਰੇ ਹੱਥ ਵਿਚ ਹੈ, ਮੈਂ ਇਸ ਨੂੰ ਵਾਚਿਆ ਹੈ । ਬਲੱਗਣ ਸਟੇਜ ਦੇ ਉੱਤੇ ਚੰਗਾ ਰੰਗ ਇਸ ਵਾਸਤੇ ਬੰਨ੍ਹ ਸਕਦਾ ਸੀ ਕਿ ਉਸ ਦੇ ਬੰਦਾਂ ਦੀ ਬੰਦਸ਼ ਤਿੱਖੀ ਤੇ ਉਪਮਾ ਭਰਪੂਰ ਹੁੰਦੀ ਸੀ ।ਸਟੇਜ ਤੇ ਬੋਲਣ ਵਾਲੇ ਕਵੀ ਦਾ ਕਵਿਤਾ ਵਿਚ ਇਹ ਗੁਣ ਹੋਵੇ ਤਾਂ ਉਹ ਕਿਸੇ ਨੂੰ ਅੱਡੇ ਨਹੀਂ ਲੱਗਣ ਦਿੰਦਾ । ਸ਼ਕਲੋਂ ਵੀ ਉਹ ਸੋਹਣਾ ਖ਼ੁਸ਼ਪੋਸ਼ ਸੀ । ਹਥਲੀ ਪੋਥੀ ਦੀ ਪਹਿਲੀ ਹੀ ਨਿੱਕੀ ਜਿਹੀ ਕਵਿਤਾ ਵਿਚ ਵਰਤੀ ਗਈ ਉਪਮਾ ‘ਛੰਨੇ ਖੋਪੜੀ ਦੇ......" ਕਿਤਨੀ ਫਬਵੀਂ ਤੇ ਢੁਕਵੀਂ ਹੈ । ਫਿਰ...... “ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ ......'' ਉਪਮਾ ਆਮ ਹੈ, ਪਰ ਵਰਤਣ ਦਾ ਢੰਗ ਨਵਾਂ ਤੇ ਨਿਰਾਲਾ ਹੈ।

‘ਪੰਜਾਬੀਆਂ ਦਾ ਨਾਪ' ਨਾਮ ਦੀ ਕਵਿਤਾ ਦੇ ਆਖ਼ਰੀ ਬੰਦ ਦਾ ਮੁੱਲ ਕੋਈ ਨਹੀਂ, ਹਕੀਕਤ ਬਿਆਨੀ ਵੀ ਤੇ ਕਾਵਿ ਰੰਗ ਦੇ ਲਿਹਾਜ਼ ਨਾਲ ਵੀ :-

“ਇਹ ਪੰਜਾਬ ਹੈ, ਦੇਸ਼ ਪਰਵਾਨਿਆਂ ਦਾ,
ਸੂਰਮਤਾਈ ਨੂੰ ਜਿਦ੍ਹੇ ਤੇ ਮਾਣ ਹੋਇਆ।
ਹੱਦਾਂ ਉੱਤੇ ਪੰਜਾਬ ਦੀ ਰੁੱਤ ਡੁੱਲ੍ਹੀ,
ਸੁਰਖਰੂ ਸਾਰਾ ਹਿੰਦੁਸਤਾਨ ਹੋਇਆ।"

‘ਲਾਹੌਰ’ ਕਵਿਤਾ ਦੇ ਇਕ ਬੰਦ ਵਿਚ ਸਿੱਖ ਰਾਜ ਦੀ ਫੁੱਟ ਦੀ ਇਕ ਸਤਰ ਨਾਲ ਕਿਤਨਾ ਦਰਦਨਾਕ ਸੀਨ ਖਿੱਚਿਆ ਹੈ :-

"ਸਿੱਖ ਰਾਜ ਦਾ ਖਿੰਡਿਆ ਬੋਹਲ ਏਥੇ,
ਦਾਣਾ ਕਿਸੇ ਪਾਸੇ, ਦਾਣਾ ਕਿਸੇ ਪਾਸੇ।”

ਸਾਰੀਆਂ ਹੀ ਕਵਿਤਾਵਾਂ ਵਿਚ ਬਲੱਗਣ ਨੇ ਆਪਣੇ ਖ਼ਾਸ ਅੰਦਾਜ਼ ਨੂੰ ਕਾਇਮ ਰੱਖਿਆ ਹੈ । ਵਤਨ ਨੂੰ ਸੰਬੋਧਨ ਕੀਤਾ ਤਾਂ ਉਸ ਦੀ ਹਰ ਇਕ ਚੀਜ਼ ਨੂੰ ਨਵੇਂ ਢੰਗ ਨਾਲ ਬਿਆਨਿਆ ਹੈ :-

“ਫਿਰ ਕੰਘੀਆਂ ਨੇ ਚੂੰਢੀਆਂ ਵੱਢ ਵੱਢ ਜ਼ੁਲਫ਼ਾਂ ਦੇ ਸੱਪ ਭੂਏ ਕੀਤੇ ।
ਫਿਰ ਲੌਂਗਾਂ ਲਿਸ਼ਕਾਰੇ ਮਾਰੇ ਫਿਰ ਮਹਿੰਦੀ ਨੇ ਲਾਏ ਪਲੀਤੇ ।”

ਅਖ਼ੀਰ ਤੇ ਦੇਸ਼ ਪਿਆਰੇ ਸੰਬੰਧੀ ਆਪਣੀ ਦ੍ਰਿੜ੍ਹਤਾ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ ਹੈ :-

"ਪਰ ਜੇ ਬਣੀ ਦੇਸ਼ ਤੇ ਭੀੜਾ,
ਸਭ ਕੁਝ ਇਸ ਤੋਂ ਵਾਰ ਦਿਆਂਗੇ ।"

ਕੋਈ ਲਾਗ ਲਪੇਟ ਨਹੀਂ, ਸਿੱਧੀ ਗੱਲ ਆਖ ਦਿੱਤੀ ਹੈ। ਬਲੱਗਣ ਨੇ ਜਿੱਥੇ ਦੇਸ਼ ਪਿਆਰ ਵਿਚ ਰੰਗੀਆਂ ਕਵਿਤਾਵਾਂ ਲਿਖੀਆਂ ਹਨ । ਓਥੇ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ ਸੰਬੰਧੀ ਵੀ ਸ਼ਰਧਾ ਦੇ ਜਜ਼ਬਾਤ ਬੜੇ ਸਿਦਕ ਨਾਲ ਪ੍ਰਗਟ ਕੀਤੇ ਹਨ । ਗੁਰੂ ਤੇਗ਼ ਬਹਾਦਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਜੁਝਾਰ ਦੀ ਸ਼ਹੀਦੀ, ਚਮਕੌਰ ਦੀ ਗੜ੍ਹੀ, ਮਾਛੀਵਾੜੇ ਵੱਲ, ਸ਼ਹੀਦ ਭਾਈ ਤਾਰੂ ਸਿੰਘ ਆਦਿ ਇਸ ਸੰਚੀ ਦੀਆਂ ਕਵਿਤਾਵਾਂ ਕਵੀ ਦੇ ਸਿੱਖੀ ਸਿਦਕ ਦਾ ਪ੍ਰਗਟਾਵਾ ਹਨ । ਬਲੱਗਣ ਦੀ ਜਸਮਾਨੀ ਗ਼ੈਰ-ਹਾਜ਼ਰੀ, ਉਸ ਦੀਆਂ ਇਹ ਕਵਿਤਾਵਾਂ ਉਸ ਨਾਲ ਪਿਆਰ ਕਰਨ ਵਾਲਿਆਂ ਲਈ ਰੂਹਾਨੀ ਖ਼ੁਰਾਕ ਦਾ ਕੰਮ ਦੇਣਗੀਆਂ । ਉਸ ਦੀ ਯਾਦਗਾਰ ਦੀ ਇਹ ਇਕ ਅਮੁੱਲ ਸੁਗਾਤ ਹੋਵੇਗੀ। ਬਲੱਗਣ ਦੇ ਹੋਣਹਾਰ ਸਪੁੱਤਰ ‘ਗੁਰਚਰਨ’ ਦਾ ਇਹ ਉੱਦਮ ਸ਼ਲਾਘਾਯੋਗ ਹੈ। ਇਸ ਦੀ ਹੌਸਲਾ-ਅਫ਼ਜ਼ਾਈ ਬਲੱਗਣ ਦੇ ਮਿੱਤਰਾਂ ਤੇ ਪ੍ਰਸੰਸਕਾਂ ਨੂੰ ਕਰਨੀ ਚਾਹੀਦੀ ਹੈ।

-ਗੁਰਮੁਖ ਸਿੰਘ ‘ਮੁਸਾਫ਼ਿਰ’
9-10-75.
*** ***


ਅਮਰ ਰਹਿੰਦੀਆਂ
ਜਗ ਤੇ ਉਹ ਕੌਮਾਂ,
ਜਿਦ੍ਹੇ ਬੀਰ ਕਿਧਰੇ
ਘਾਲਾਂ ਘਾਲਦੇ ਨੇ ।
ਛੰਨੇ ਖੋਪੜੀ ਦੇ
ਫੜ ਕੇ ਪੁੱਤ ਜਿਸਦੇ,
ਆਪਣੀ ਕੌਮ ਨੂੰ
ਅੰਮ੍ਰਿਤ ਪਿਆਲਦੇ ਨੇ ।

***  ***

ਮਾਂ ਪੰਜਾਬਣ

ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ । ਜਦ ਵੀ ਜ਼ੁਲਮ ਦੀ ਨਦੀ ਵਿਚ ਕਾਂਗ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ । ਰਚਿਆ ਕਿਤੇ ਸੁਅੰਬਰ ਜਾਂ ਵਿਧ ਮਾਤਾ, ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ । ਚੌਹਾਂ ਪਾਸਿਆਂ ਤੋਂ ਕਿਤੋਂ ਆਈ ਗੋਲੀ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ । ਪੰਜਾਂ ਨਦੀਆਂ ਦੀ ਹੈ ਧਰਤ ਜਗ ਉਤੇ, ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਏ । ਇਕੋ ਮਾਂ ਪੰਜਾਬਣ ਏਂ ਅਣਖ ਬਦਲੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਏ ।

ਪੰਜਾਬੀਆਂ ਦਾ ਨਾਪ

ਜਣਿਆਂ ਵਾਂਗ ਜੀਣਾਂ, ਮਰਦਾਂ ਵਾਂਗ ਮਰਨਾਂ, ਇਹ ਹੈ ਜਗ ਤੇ ਨਾਪ ਪੰਜਾਬੀਆਂ ਦਾ । ਜੋਧਾ ਉਹ ਜੋ ਮਰੇ ਮੈਦਾਨ ਅੰਦਰ, ਰਿਹਾ ਮੁੱਢ ਤੋਂ ਜਾਪ ਪੰਜਾਬੀਆਂ ਦਾ । ਜਦ ਤਕ ਜ਼ੁਲਮ ਦੀ ਮੜ੍ਹੀ ਨਾ ਹੋਏ ਠੰਡੀ, ਲਾਹਿੰਦਾ ਕਦੇ ਨਹੀਂ ਤਾਪ ਪੰਜਾਬੀਆਂ ਦਾ । ਓਸ ਕੌਮ ਦੇ ਸੜ ਗਏ ਨਸੀਬ ਜਿਹਨੂੰ, ਮਿਲਿਆ ਕਦੇ ਸਰਾਪ ਪੰਜਾਬੀਆਂ ਦਾ । ਇਹ ਪੰਜਾਬ ਹੈ, ਦੇਸ਼ ਪਰਵਾਨਿਆਂ ਦਾ, ਸੂਰਮਤਾਈ ਨੂੰ ਜਿਦ੍ਹੇ ਤੇ ਮਾਣ ਹੋਇਆ । ਹੱਦਾਂ ਉੱਤੇ ਪੰਜਾਬ ਦੀ ਰੱਤ ਡੁਲ੍ਹੀ, ਸੁਰਖਰੂ ਸਾਰਾ ਹਿੰਦੁਸਤਾਨ ਹੋਇਆ ।

ਸ਼ਹੀਦ

ਉਨ੍ਹਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿੱਧਾ, ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ । ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ, ਜਿਦ੍ਹੇ ਕੋਲ ਸਰਮਾਇਆ ਸ਼ਹੀਦੀਆਂ ਦਾ । ਮਿਲਦੇ ਮੌਤ ਨੂੰ ਗਲੀਂ ਜੋ ਹਾਰ ਪਾ ਕੇ, ਜੀਵਨ ਵਿਚ ਨਹੀਂ ਉਨ੍ਹਾਂ ਦੀ ਹਾਰ ਵੇਖੀ, ਝੋਲੀ ਜਿਦ੍ਹੀ ਸ਼ਹੀਦਾਂ ਦੇ ਫੁਲ ਬਹੁਤੇ ਓਸੇ ਕੌਮ ਦੀ ਬਾਗੀਂ ਬਹਾਰ ਵੇਖੀ । ਹੁੰਦੇ ਕਦੀ ਮੁਹਤਾਜ ਨਹੀਂ ਦੀਵਿਆਂ ਦੇ, ਹਰ ਇਕ ਮੱਸਿਆ ਉਨ੍ਹਾਂ ਦੀ ਚਾਨਣੀ ਏਂ । ਜਿਹੜੀ ਕੌਮ ਦੇ ਅਣਖੀ ਪਤੰਗਿਆਂ ਨੇ, ਸੇਜ ਸ਼ਮ੍ਹਾਂ ਦੀ ਲਾਟ ਤੇ ਮਾਨਣੀ ਏਂ । ਬਣਦੇ ਕਦੇ ਇਤਿਹਾਸ ਨਹੀਂ ਏਸ ਗੱਲੇ, (ਕਿ) ਅਸਾਂ ਰਾਜਿਆਂ ਦੇ ਏਨੇ ਪੂਰ ਜੰਮੇਂ । ਆਉਣ ਵਾਲੀਆਂ ਨਸਲਾਂ ਨੇ ਪੁਛਣਾਂ ਏਂ, ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇਂ । ਬੇਗੁਨਾਹ ਮਾਸੂਮਾਂ ਦੀ ਰੱਤ ਪਾ ਪਾ, ਵਰਕੇ ਜਿਨ੍ਹਾਂ ਇਤਿਹਾਸ ਦੇ ਰੰਗ ਲਏ ਨੇ । ਅੰਤ ਉਨ੍ਹਾਂ ਹੀ ਅੱਥਰੇ ਸਮੇਂ ਕੋਲੋਂ, ਹੱਕ ਛਾਤੀਆਂ ਤਾਣ ਕੇ ਮੰਗ ਲਏ ਨੇ । ਧਵੇਂ ਮੰਨ ਲੈ ਸਮੇਂ ਦੇ ਝੱਖੜਾਂ ਨੇ, ਓਸ ਕੌਮ ਦੀਆਂ ਹਿੱਕਾਂ ਕੂਲੀਆਂ ਦੇ । ਕਈ ਸਦੀਆਂ ਤੋਂ ਛਾਤੀ ਤੇ ਧਰੀ ਫਿਰਦੇ, ਜੋ ਨਿਸ਼ਾਨ ਸਲੀਬਾਂ ਤੇ ਸੂਲੀਆਂ ਦੇ । ਕੌਮ ਮੇਰੀਏ ! ਸਮੇਂ ਨੇ ਢੋਲ ਮਾਰੇ, ਭਾਵੇਂ ਉਨ੍ਹਾਂ ਵਿਚ ਤੇਰੀ ਆਵਾਜ਼ ਕੋਈ ਨਹੀਂ। ਜਿਹੜਾ ਮੁਰਦਿਆਂ ਤਾਂਈਂ ਨਚਾ ਸੱਕੇ, ਕਿਸੇ ਕੋਲ ਤੇਰੇ ਵਰਗਾ ਸਾਜ਼ ਕੋਈ ਨਹੀਂ । ਝੱਖੜ ਲੱਖ ਝੁੱਲੇ, ਇਨਕਲਾਬ ਆਵੇ, ਅਰਸ਼ ਫ਼ਰਸ਼ ਦੀ ਮਿੱਟੀ ਉੜਾਣ ਵਾਲਾ । ਤੇਰੇ ਸੁਹਣੇ ਸ਼ਹੀਦਾਂ ਦੇ ਖੂਨ ਉਤੇ, ਕੋਈ ਨਹੀਂ ਜੰਮਿਆਂ ਧੂੜ ਵੀ ਪਾਣ ਵਾਲਾ। ਇਸ਼ਕ ਜਿਨ੍ਹਾਂ ਨੂੰ ਝੰਗਾਂ ਤੇ ਬੋਲਿਆਂ ਦਾ, ਉਹ ਨਹੀਂ ਵੇਖਦੇ ਤਖਤ ਹਜ਼ਾਰਿਆਂ ਵੱਲ । ਕੱਚੇ ਘੜੇ ਤੇ ਤਰਨ ਦੀ ਚਾਹ ਜਿਹਨੂੰ, ਕਦੇ ਪਰਤਦੇ ਨਹੀਂ ਕਿਨਾਰਿਆਂ ਵੱਲ । ਆਪਣਾ ਜਿਦ੍ਹਾ ਇਤਿਹਾਸ ਨਹੀਂ ਲੋਅ ਦੇਂਦਾ, ਸੂਰਜ ਚੜ੍ਹਿਆਂ ਵੀ ਉਹਦੀ ਸਵੇਰ ਕੋਈ ਨਹੀਂ। ਜਿਦ੍ਹੇ ਕੋਲ ਨੇ ਮੜ੍ਹੀਆਂ ਸ਼ਹੀਦਾਂ ਦੀਆਂ, ਓਸ ਕੰਮ ਲਈ ਕਿਤੇ ਹਨੇਰ ਕੋਈ ਨਹੀਂ। ਤਾਜ ਮਹਿਲਾਂ ਨੂੰ ਠੁੰਮਣੇ ਲੱਖ ਦਈਏ, ਭੜਕ ਉਨ੍ਹਾਂ ਦੀ ਫੇਰ ਵੀ ਸੱਖਣੀ ਏਂ । ਢਠੀ ਕੰਧ ਸਰਹੰਦ ਦੀ ਹਸ਼ਰ ਤੀਕਰ, ਉੱਚੀ ਪੱਗ ਪਰ ਕੌਮ ਦੀ ਰੱਖਣੀ ਏਂ । ਸਾਡੇ ਬਾਗ਼ ਬਗ਼ੀਚੇ ਤੇ ਚਮਨ ਭਾਵੇਂ, ਸਾਰੇ ਜਗਤ ਦੀ ਨਜ਼ਰ ਵਿਚ ਜਚ ਰਹੇ ਨੇ । (ਪਰ) ਜਲ੍ਹਿਆਂ ਵਾਲੇ ਤੇ ਗੁਰੂ ਕੇ ਬਾਗ਼ ਅੰਦਰ, ਖਿਜ਼ਾਂ ਵਿਚ ਵੀ ਖੇੜੇ ਨੱਚ ਰਹੇ ਨੇ। ਮੰਜਲ ਕਾਫ਼ਲੇ ਦੀ ਰਹਿੰਦੀ ਦੂਰ ਜੇਕਰ, ਰਾਹੀ ਤਪਦੀਆਂ ਰੇਤਾਂ ਦਾ ਰੁਕ ਜਾਂਦਾ । ਤਰਦਾ ਬੇੜਾ ਆਜ਼ਾਦੀ ਦਾ ਕਿਵੇਂ, ਜੇਕਰ ਨੀਰ ਉਬਲਦੀ ਦੇਗ਼ ਦਾ ਸੁਕ ਜਾਂਦਾ। ਬਹਿ ਕੇ ਦਿੱਲੀ ਦੇ ਵਿਚ ਕਸ਼ਮੀਰ ਖਾਤਰ, ਜੇ ਕੋਈ ਠੀਕਰਾ ਸੀਸ ਦਾ ਫੋੜਦਾ ਨਾ। ਟੁਟਦੇ ਸਮੇਂ ਦੇ ਤਾਣਿਆਂ ਵਿਚ ਕੋਈ, ਤੰਦ ਦਿੱਲੀ ਕਸ਼ਮੀਰ ਦਾ ਜੋੜਦਾ ਨਾ । ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਦ੍ਹੇ ਬੀਰ ਕਿਧਰੇ ਘਾਲਾਂ ਘਾਲਦੇ ਨੇ । ਛੰਨੇ ਖੋਪੜੀ ਦੇ ਫੜਕੇ ਪੁੱਤ ਜਿਸਦੇ, ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ । ਉਹ ਨਹੀਂ ਕੌਮ ਖੇਰੂੰ ਖੇਰੂੰ ਹੋ ਸਕਦੀ, ਪਾਈਆਂ ਕਿਸੇ ਨਹੀਂ ਉਹਦੀਆਂ ਵੰਡੀਆਂ ਨੇ । ਬੰਦ ਬੰਦ ਕਟਵਾ ਕੇ ਜਿਦ੍ਹੇ ਬੀਰਾਂ, ਸਾਰੀ ਕੌਮ ਦੀਆਂ ਆਂਦਰਾਂ ਗੰਢੀਆਂ ਨੇ। ਫਲਦੇ ਫੁਲਦੇ ਨੇ ਕੌਮਾਂ ਦੇ ਬਿਰਛ ਉਹੋ, ਕੌਮਾਂ ਉਨ੍ਹਾਂ ਦੀ ਹੀ ਛਾਵੇਂ ਬਹਿੰਦੀਆਂ ਨੇ । ਵਿਚ ਔੜ ਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ, ਨਾਲ ਰੱਤ ਦੇ ਗਿੱਲੀਆਂ ਰਹਿੰਦੀਆਂ ਨੇ। ਉਸੇ ਕੌਮ ਦੇ ਬੁਰਜ ਅਟੱਲ ਰਹਿਣੇ, ਮਾਲਕ ਉਦੋਂ ਅਟਾਰੀਆਂ ਵੱਡੀਆਂ ਦੀ । ਫੁਲਾਂ ਜਿਹੇ ਮਲੂਕੜੇ ਲਾਲ ਜਿਸਦੇ, ਨੀਂਹਾਂ ਵਿਚ ਪਾਂਦੇ ਰੋੜੀ ਹੱਡੀਆਂ ਦੀ । ਸਦੀਆਂ ਤੀਕ ਉਹੋਂ ਝੰਡੇ ਝੂਲਦੇ ਨੇ, ਉਹ ਪਰਚਮ ਆਕਾਸ਼ ਤੇ ਫੜਕਦੇ ਨੇ । ਜਿਸ ਵਿਚ ਨਾੜ ਸ਼ਹੀਦਾਂ ਦੀ ਚੱਲਦੀ ਏ, ਜਿਸ ਵਿਚ ਦਿਲ ਸ਼ਹੀਦਾਂ ਦੇ ਧੜਕਦੇ ਨੇ । ਬੋਲਣ ਨਾਲ ਨਾ ਕਿਸੇ ਦੀ ਬਣੀ ਵੱਡੋਂ, ਗੱਲਾਂ ਕਿਸੇ ਨਹੀਂ ਸੁਣਨੀਆਂ, ਕਹਿਣੀਆਂ ਨੇ। ਤੇਗਾਂ, ਫਾਂਸੀਆਂ, ਗੋਲੀਆਂ, ਸੂਲੀਆਂ ਤੋਂ, ਅੰਤ ਸਮੇਂ ਸ਼ਹਾਦਤਾਂ ਲੈਣੀਆਂ ਨੇ। ਕਦਰ ਜ਼ਿੰਦਗੀ ਦੀ ਓਹੋ ਪਾ ਸਕੇ, ਜਿਹੜੀ ਕੌਮ ਨੂੰ ਮਰਨ ਦਾ ਝਲ ਪੈ ਜਾਏ। ਪੈਂਦਾ ਅੰਤ ਨੂੰ ਮੁਲ ਕੁਰਬਾਨੀਆਂ ਦਾ, ਭਾਵੇਂ ਅਜ ਪੈ ਜਾਏ ਭਾਵੇਂ ਕੱਲ ਪੈ ਜਾਏ ।

ਇਤਿਹਾਸ ਬੋਲਿਆ

ਬਹਿ ਕੇ ਪੁਛੀਏ ਬੁਢੜੇ ਇਤਿਹਾਸ ਕੋਲੋਂ, ਗੱਲਾਂ ਬੜੀਆਂ ਪੁਰਾਣੀਆਂ ਦੱਸਦਾ ਏ । ਹੋ ਕੇ ਰੋਣਹਾਕਾ ਸਬਰ ਸਿਦਕ ਦੀਆਂ, ਬੜੀਆਂ ਪਲਚੀਆਂ ਤਾਣੀਆਂ ਦੱਸਦਾ ਏ । ਧਰਮ, ਅਦਲ, ਮਨੁੱਖਤਾ, ਇਖਲਾਕ ਦੀਆਂ, ਦਰਦਨਾਕ ਕਹਾਣੀਆਂ ਦੱਸਦਾ ਏ ੀ ਕੱਲੇ ਕੱਲੇ ਮਜ਼ਲੂਮ ਦੀ ਜਿੰਦ ਉਤੇ, ਬੜੇ ਧੜੇ ਤੇ ਢਾਣੀਆਂ ਦੱਸਦਾ ਏ। ਚਾਨਣ ਕਰਨ ਲਈ ਨ੍ਹੇਰਿਆਂ ਰਾਹਾਂ ਉੱਤੇ, ਅੰਨ੍ਹੇ, ਨੂਰ ਨੂੰ ਨਾਰ ਤੋਂ ਵਾਰਦੇ ਰਹੇ । ਜੀਵਨ ਜੋਗਿਆਂ ਰੱਬ ਦੇ ਬੰਦਿਆਂ ਨੂੰ, ਬੰਦੇ ਰੱਬ ਦੇ ਨਾਂ ਤੇ ਮਾਰਦੇ ਰਹੇ। ਉਹ ਵੀ ਸਮਾਂ ਸੀ ਪਾਪ ਦੇ ਹੱਕ ਅੰਦਰ, ਜਗ ਦੇ ਸਾਰੇ ਵਿਧਾਨ ਕਾਨੂੰਨ ਹੋ ਗਏ । ਟੁੱਟ ਗਈ ਤਕੜੀ ਅਕਲ ਇਨਸਾਫ਼ ਵਾਲੀ, ਤੇ ਨਿਆਂ ਦੇ ਰਾਖੇ ਫ਼ਰਊਨ ਹੋ ਗਏ । ਭਾਈ ਭਾਈਆਂ ਦੀ ਜਾਨ ਦੇ ਬਣੇ ਵੈਰੀ, ਕਾਲੇ ਮੂੰਹ ਹੋ ਗਏ, ਚਿੱਟੇ ਖ਼ੂਨ ਹੋ ਗਏ । ਅਸਲਾ ਆਪਣਾ, ਮਜ਼੍ਹਬ ਤੇ ਸ਼ਰਮ ਭੁਲੇ, ਕੌੜੇ ਸ਼ਹਿਦ ਹੋ ਗਏ ਮਿੱਠੇ ਲੂਣ ਹੋ ਗਏ । ਦਸਦਾ ਏ ਗਲ ਤ੍ਰਿਆਕਲਾਂ ਵਾਂਗ ਭਾਵੇਂ, ਪੱਥਰ ਦਿਲ ਇਤਿਹਾਸ ਪਰ ਫਿਸ ਪੈਂਦੈ। ਅੱਖਾਂ ਉਹਦੀਆਂ ਦੇ ਅੰਦਰ ਨੀਰ ਤੇ ਨਹੀਂ, (ਪਰ) ਖੂਨ ਉਹਦਿਆਂ ਨੈਣਾਂ 'ਚੋਂ ਚੋ ਪੈਂਦੈ । ਕਰਦੈ ਜਦੋਂ ਖੰਘੂਰ ਕੇ ਗੱਲ ਬੁਢੜਾ, ਧੜ ਧੜ ਛਾਤੀ ਮਜ਼ਲੂਮ ਦੀ ਧੜਕਦੀ ਏ । ਸੁਣ, ਇੰਜ ਕਲੀਆਂ ਚੀਸ ਵੱਟਦੀਆਂ ਨੇ, ਜਿਵੇਂ ਸੂਲ ਕਲੇਜੜੇ ਵਿਚ ਰੜਕਦੀ ਏ । ਇੰਜ ਨ੍ਹੇਰਨੀ ਆਉਂਦੀ ਏ ਘੁਗੀਆਂ ਨੂੰ, ਜਿਵੇਂ ਆਹਲਣੇ ਤੇ ਬਿਜਲੀ ਕੜਕਦੀ ਏ । ਇੰਜ ਮੱਛੀਆਂ ਰਾਵੀ 'ਚੋਂ ਵਿੰਹਦੀਆਂ ਨੇ, ਜਿਵੇਂ ਕੰਢਿਆਂ ਤੇ ਅੱਗ ਭੜਕਦੀ ਏ । ਸੁਣ ਕੇ ਗੱਲ ਮਨੁੱਖਤਾ ਅਜੇ ਤੀਕਰ, ਇੰਜ ਸਹਿਮਦੀ, ਤ੍ਰਭਕਦੀ, ਝੱਕਦੀ ਏ । ਸੁਣ ਕੇ ਨਾਂ ਦੁਸ਼ਾਸਨ ਦਾ ਦਰੋਪਦੀ ਜਿਉਂ, ਹੁਣ ਵੀ ਅੰਬਰੋਂ ਕੰਬ ਕੇ ਤੱਕਦੀ ਏ । ਉਹ ਕਹਿੰਦੈ, ਅੱਖਾਂ ਨੇ ਕਈ ਪਤੰਗਿਆਂ ਨੂੰ, ਉਂਜ ਤੇ ਲਾਟ ' ਤੇ ਸੜਦਿਆਂ ਵੇਖਿਆ ਏ । ਮੈਂ ਕਈ ਵੇਰ ਚੁੱਪ ਕੀਤਿਆਂ ਗ਼ੁੰਚਿਆਂ ਨੂੰ, ਦੇਗਾਂ ਵਿਚ ਵੀ ਕੜ੍ਹਦਿਆਂ ਵੇਖਿਆ ਏ । ਸੜਦੀ ਰੇਤ ਤੇ ਕਈਆਂ ਨਮਾਜ਼ੀਆਂ ਨੂੰ, ਕਲਮਾ ਯਾਰ ਦਾ ਪੜ੍ਹਦਿਆਂ ਵੇਖਿਆ ਏ । ਪਰ ਮੈਂ ਕੀ ਦੱਸਾਂ ਅਰਜਨ ਗੁਰੂ ਤਾਂਈਂ, ਕਿੱਦਾਂ ਚਿਖਾ ਤੇ ਚੜ੍ਹਦਿਆਂ ਵੇਖਿਆ ਏ । ਚੋਏ ਚਰਬੀ ਦੇ ਤਿੜਕਦੀ ਖੋਪਰੀ 'ਚੋਂ, ਦਾੜ੍ਹੀ ਵਿਚ ਸਣ ਇਸਤਰ੍ਹਾਂ ਲਟਕ ਜਾਂਦੇ । ਜਿਵੇਂ ਹਿੱਲਦੇ ਹਰਮੰਦਰ ਦੇ ਚੌਰ ਉੱਤੇ, ਫੁਲ ਮੋਤੀਏ ਦੇ ਆ ਕੇ ਅਟਕ ਜਾਂਦੇ । ਤਰਦੈ ਜਿਵੇਂ ਸਰੋਵਰ ਵਿਚ ਹਰੀਮੰਦਰ, ਹਰਿ ਦਾ ਰੂਪ ਇੰਜ ਦੇਗ ਵਿਚ ਤਰ ਰਿਹਾ ਸੀ। ਚਮਕੇ ਕਲਸ ਜਿਉਂ ਕਿਰਨਾਂ ਦੇ ਡੰਗ ਸਹਿ ਸਹਿ, ਕੜਛੇ ਰੇਤ ਦੇ ਇਸ ਤਰ੍ਹਾਂ ਜਰ ਰਿਹਾ ਸੀ। ਦੀਵਾ ਆਪ ਬਲਕੇ ਜਿਵੇਂ ਲੋ ਦੇਂਦੈ, ਸੜਕੇ ਇਸ ਤਰ੍ਹਾਂ ਚਾਨਣਾ ਕਰ ਰਿਹਾ ਸੀ। ਵਿੰਹਦਾ ਰਿਹਾ ਬੇਕਿਰਕ ਸੰਸਾਰ ਬਿਟ ਬਿਟ, ਸਬਰ ਜਿੱਤਦਾ ਤੇ ਜਬਰ ਹਰ ਰਿਹਾ ਸੀ। ਗਰਕੀ ਪਈ ਪਰ ਜਿਹੀ ਮਨੁੱਖਤਾ ਨੂੰ, ਕੋਈ ਮਨੁੱਖ ਉਭਾਸਰ ਕੇ ਬੋਲਿਆ ਨਾ। ਮੀਆਂ ਮੀਰ ਫ਼ਕੀਰ ਦੀ ਅੱਖ ਬਾਝੋਂ, ਹੰਝੂ ਕਿਸੇ ਨਦੀਦੇ ਨੇ ਡੋਲ੍ਹਿਆ ਨਾ। ਰੋਂਦਾ ਵੇਖਕੇ ਸਾਂਈ ਨੂੰ ਕਹਿਣ ਲੱਗਾ, ਕਾਂਗ ਜ਼ੁਲਮ ਦੇ ਨੂੰ ਬੋਲ ਲੈਣ ਦਈਏ । ਰੋਜ਼ ਜ਼ਿੰਦਗੀ ਨਹੀਂ ਉਚੇਚ ਕਰਦੀ, ਭਰਮ ਮੌਤ ਨੂੰ ਵੀ ਖੋਲ੍ਹ ਲੈਣ ਦਈਏ । ਗੁਮਰ ਨਿਕਲ ਲਏ ਜਬਰ ਦੀ ਤੱਕੜੀ ਦਾ, (ਉਹਨੂੰ) ਪਰਬਤ ਸਬਰ ਦਾ ਵੀ ਤੋਲ ਲੈਣ ਦਈਏ । ਉਘੜ ਜਾਣਗੇ ਖਿਜ਼ਾਂ ਦੇ ਪਾਜ ਆਪੇ, ਹੱਸਦੇ ਫੁਲ ਉਹਨੂੰ ਰੋਲ ਲੈਣ ਦਈਏ। ਜੇਕਰ ਭਲਾ ਬਗ਼ੀਚੇ ਦਾ ਲੋੜਨਾ ਏਂ, ਝੁਲ ਲੈਣ ਦੇ ਝੱਖੜ ਬਰਬਾਦੀਆਂ ਦੇ । ਕਾਹਦਾ ਪਤਾ ਏ ਇਨ੍ਹਾਂ ਹਨੇਰਿਆਂ ਹੀ, ਖੋਲ੍ਹ ਦੇਣੇ ਨੇ ਰਾਹ ਆਜ਼ਾਦੀਆਂ ਦੇ । ਕਿਹੜੀ ਗੱਲ ਉੱਤੇ ਤਾਰੇ ਗਿਣਨ ਲੱਗੋਂ, ਰਾਤ ਰਹਿ ਗਈ ਅੱਧ ਕੁ ਪਹਿਰ ਸਾਂਈਆਂ। ਢਹਿ ਜਾਣ ਦੇ ਜ਼ੁਲਮ ਦੇ ਕੰਢਿਆਂ ਨੂੰ, ਆਈ ਹੋਈ ਆ ਇਸ਼ਕ ਨੂੰ ਲਹਿਰ ਸਾਂਈਆਂ। ਸਾਰੇ ਸਰਾਂ ਨੂੰ ਮਤਾਂ ਹੰਗਾਲ ਸੁੱਟੇ, ਦੇਗ ਵਿਚ ਹੀ ਖੁਰਨ ਦੇ ਜ਼ਹਿਰ ਸਾਈਆਂ। ਖੌਰੇ ਮੇਰੇ ਇੱਕਲੇ ਦਾ ਸੀਸ ਵਿਕ ਕੇ, ਜਾਏ ਭਾਹ ਆਜ਼ਾਦੀ ਦੀ ਠਹਿਰ ਸਾਂਈਆਂ। ਅਜੇ ਸਹਿਮੀਆਂ ਕਲੀਆਂ ਕਸ਼ਮੀਰ ਦੀਆਂ, ਹਾਸੇ ਫੁੱਲਾਂ ਦੇ ਉਨ੍ਹਾਂ ਤੋਂ ਵਾਰਨੇ ਨੇ । ਜੇ ਨਾ ਦੇਗ ਵਿਚ ਤਰਨ ਦੀ ਜਾਚ ਆਈ, ਕਿਵੇਂ ਬੇੜੇ ਆਜ਼ਾਦੀ ਦੇ ਤਾਰਨੇ ਨੇ । ਜਦ ਵੀ ਪੁਛੀਏ ਸਾਊ ਇਤਿਹਾਸ ਕੋਲੋਂ, ਏਸੇ ਤਰ੍ਹਾਂ ਨਿਝਕ ਹੋ ਬੋਲਦਾ ਏ। ਫੋਲ ਫੋਲ ਕੇ ਯਾਦਾਂ ਦੇ ਪੱਤਰੇ ਉਹ, ਮੇਰੇ ਵਤਨ ਦੀਆਂ, ਪੀੜਾਂ ਫੋਲਦਾ ਏ । ਇਸ਼ਕ ਭੌਰਿਆਂ ਅਤੇ ਪਤੰਗਿਆਂ ਦਾ, ਇਨ੍ਹਾਂ ਸਿਦਕੀਆਂ ਦੇ ਸਿਰ ਤੋਂ ਘੋਲਦਾ ਏ । ਲੱਖਾਂ ਕਾਂਗਾਂ ਤੂਫ਼ਾਨਾਂ ਦੀ ਗੱਲ ਕਰਦਾ, ਪੱਥਰਚਿਤ ਇਤਿਹਾਸ ਦਾ ਡੋਲਦਾ ਏ ਪਰ ਇਹ ਕਥਾ ਦੱਸਦਾ, ਰੁਕ ਕੇ ਆਖਦਾ ਏ, ਦਿਲ ਵਿਚ ਦਰਦ ਮੇਰੇ ਹਾਲੇ ਪਏ ਹੋਏ ਨੇ। ਕਵੀਆ ਫੇਰ ਪੁੱਛੀਂ, ਹਾਲੇ ਛੱਡ ਖਹਿੜਾ, ਮੇਰੀ ਜੀਭ ਉੱਤੇ ਛਾਲੇ ਪਏ ਹੋਏ ਨੇ ।

ਲਾਹੌਰ

ਲਿਖਿਆ ਹੋਇਆ ਇਤਿਹਾਸ ਦੇ ਪੰਨਿਆਂ ਤੇ, ਦਿਸਦੈ ਜਦੋਂ ਲਾਹੌਰ ਦਾ ਨਾਂ ਮੈਨੂੰ । ਤੱਤੀ ਨਰਕ ਦੀ ਅੱਗ ਤੋਂ ਭਾਸਦੀ ਏ, ਉਹਦੀ ਠੰਡੜੀ ਤੇ ਗੂਹੜੀ ਛਾਂ ਮੈਨੂੰ। ਉਹਦੇ ਰੁੱਖ ਬੂਟੇ ਧੁਖਦੇ ਜਾਪਦੇ ਨੇ, ਸੜਦੇ ਜਾਪਦੇ ਬਾਗ਼ ਸੁਹਾਂ ਮੈਨੂੰ । ਪੱਤਣ ਰਾਵੀ ਦੇ ਅੱਗ ਉਗਲੱਛਦੇ ਨੇ, ਭੱਠੀ ਬਣੀ ਜਾਪੇ ਹਰ ਇਕ ਥਾਂ ਮੈਨੂੰ। ਨਾਮ ਓਸਦਾ ਬੁਲ੍ਹਾਂ ਤੇ ਪਾਏ ਛਾਲੇ, ਅੱਖਰ ਓਸਦੇ ਜੀਭ ਨੂੰ ਲਾਸਦੇ ਨੇ । ਮਹਿਲ ਮਾੜੀਆਂ ਗਲੀ ਬਾਜ਼ਾਰ ਮੈਨੂੰ, ਤੱਤੀ ਤਵੀ ਦੇ ਵਾਂਗਰਾਂ ਭਾਸਦੇ ਨੇ। ਉਹਦੇ ਕਿਲ੍ਹੇ ਦੀਆਂ ਕੰਧਾਂ ਹੇਠ ਹੁਣ ਵੀ, ਪਲਦਾ ਜ਼ੁਲਮ ਤੇ ਜਬਰ ਮੈਂ ਵੇਖਦਾ ਹਾਂ । ਉਹਦੇ ਮਸਜਿਦਾਂ, ਮੰਦਰਾਂ, ਹੁਜਰਿਆਂ ਵਿਚ, ਬਣਦੇ ਤੇਗ਼ ਤੇ ਤਬਰ ਮੈਂ ਵੇਖਦਾ ਹਾਂ। ਓਥੇ ਸ਼ੇਰ ਰਣਜੀਤ ਦੀ ਮੜ੍ਹੀ ਲਾਗੇ, ਬਣੀ ਅਦਲ ਦੀ ਕਬਰ ਮੈਂ ਵੇਖਦਾ ਹਾਂ। ਹੌਕੇ ਲੈਂਦਾ ਮਾਸੂਮ ਨੂੰ ਵੇਖਦਾ ਹਾਂ, ਕਿਤੇ ਸਹਿਮਿਆਂ ਜਬਰ ਮੈਂ ਵੇਖਦਾ ਹਾਂ । ਏਸ ਸ਼ਹਿਰ ਦਾ ਘੁੱਗ ਇਨਸਾਫ਼ ਮੈਨੂੰ, ਵੱਸਦੇ ਪਿੰਡ ਉਜਾੜਦਾ ਜਾਪਦਾ ਏ । ਥਾਂ ਚਾਨਣ ਦੀ ਏਥੋਂ ਦਾ ਹਰ ਦੀਵਾ, ਲਾਂਬੂ ਲਾ ਕੇ ਸਾੜਦਾ ਜਾਪਦਾ ਏ। ਚਿੱਟੇ ਦਿਨ ਇਸ ਵੱਸਦੇ ਸ਼ਹਿਰ ਅੰਦਰ, ਤਪਦੀ ਤਵੀ ਤੇ ਚਾੜ੍ਹਿਆ ਗਿਆ ਕੋਈ । ਵਗਦੀ ਰਾਵੀ ਦੇ ਠੰਡਿਆਂ ਪੱਤਣਾਂ ਤੇ, ਸੜਦੇ ਪਾਣੀ ਵਿਚ ਕਾੜ੍ਹਿਆ ਗਿਆ ਕੋਈ । ਇਸ ਨਗਰਵਾਸੀ ਬਿਟ ਬਿਟ ਰਹੇ ਵਿੰਹਦੇ, ਆਲੂ ਵਾਂਗ ਜਦ ਰਾੜ੍ਹਿਆ ਗਿਆ ਕੋਈ । ਸੜ ਗਈ ਸੜਣ ਜੋਗੀ ਜੀਭ ਸਾਰਿਆਂ ਦੀ, ਪਾ ਪਾ ਰੇਤ ਜਦ ਸਾੜਿਆ ਗਿਆ ਕੋਈ। ਬੇਗੁਨਾਹ ਦੀਆਂ ਹੱਸਦੀਆਂ ਅੱਖੀਆਂ ਤੋਂ, ਕਿਸੇ ਅੱਖ ਨੇ ਹੰਝੂ ਵੀ ਵਾਰਿਆ ਨਾ। ਗੱਲਾਂ ਹੋਰ ਛੱਡੋ, ਮੀਆਂ ਮੀਰ ਬਾਝੋਂ, ਕਿਸੇ, ਹਾਏ ! ਦਾ ਨਾਹਰਾ ਵੀ ਮਾਰਿਆ ਨਾ । ਮੈਂ ਇਹ ਮੰਨਦਾ ਹਾਂ ਏਸ ਜੂਹ ਅੰਦਰ, ਕੋਈ ਨੇਕ ਤੇ ਕੋਈ ਬੇਬਾਕ ਵੀ ਸੀ। ਪੰਜੇ ਉਂਗਲਾਂ ਹੋਣ ਨਾ ਇਕ ਜਿਹੀਆਂ, ਜੇ ਪਲੀਤ ਕੋਈ, ਤਾਂ ਕੋਈ ਪਾਕ ਵੀ ਸੀ। ਸੀਰਾਂ ਫੁਟੀਆਂ ਵੇਖ ਮਾਸੂਮ ਦੀਆਂ, ਹੋਇਆ ਕਾਲਜਾ ਕਈਆਂ ਦਾ ਚਾਕ ਵੀ ਸੀ। ਹੈਸਣ ਬੜੇ ਵਿਰੋਧੀ ਮਨੁੱਖਤਾ ਦੇ, ਐਪਰ ਕਈਆਂ ਦਾ ਉੱਚਾ ਇਖਲਾਕ ਵੀ ਸੀ। ਐਪਰ ਦੀਵੇ ਤੇ ਵੇਖ ਪਤੰਗ ਸੜਦਾ, ਅੱਖਾਂ ਝੁਕਦੀਆਂ ਚਿਤ ਸਹਾਰਦਾ ਨਹੀਂ । (ਯਾਰੋ) ਬੰਦਾ ਰੱਬ ਦਾ ਉਹਨੂੰ ਮੈਂ ਕਿਵੇਂ ਆਖਾਂ, (ਜੇ) ਬੰਦਾ ਸੜੇ ਤੇ ਹੌਕਾ ਵੀ ਮਾਰਦਾ ਨਹੀਂ। ਸੱਸੀ ਸੜੀ ਜੇ ਥਲਾਂ ਵਿਚ ਯਾਰ ਪਿਛੇ, ਏਸ ਸ਼ਹਿਰ ਨੇ ਕਿੱਸੇ ਮਸ਼ਹੂਰ ਕਰ ਲਏ । ਓਸ ਕੁੜੀ ਦੇ ਲਾਡਲੇ ਵੈਣ ਸੁਣ ਸੁਣ, ਸੜ ਸੜ ਕਈਆਂ ਨੇ ਚਿਤ ਮਨੂਰ ਕਰ ਲਏ । ਕਚੇ ਘੜੇ ਤੇ ਚੜ੍ਹ ਕੇ ਝਨਾਂ ਤਰਦੀ, ਮੂਰਖ ਕੁੜੀ ਦੇ ਅਮਲ ਮਨਜ਼ੂਰ ਕਰ ਲਏ। ਪੜ੍ਹ ਪੜ੍ਹ ਰੋਣ ਲੱਗੀ ਉਹਦੇ ਕਾਰਨਾਮੇ, ਆਖਣ ਯਾਰ ਉਸ ਇਸ਼ਕ ਦੇ ਪੂਰ ਕਰ ਲਏ। (ਪਰ) ਤਪਦੀ ਰੇਤ ਵਿਚ ਵੇਖ ਕੇ ਰੱਬ ਸੜਦਾ, ਹੋਇਆ ਕਿਸੇ ਨੂੰ ਵੀ ਏਥੇ ਦੁੱਖ ਨਹੀਂ ਸੀ। ਤਰਦਾ ਉਬਲਦੇ ਨੀਰ ਵਿਚ ਰਹੇ ਵਿੰਹਦੇ, ਏਸ ਸ਼ਹਿਰ ਵਿਚ ਕੋਈ ਮਨੁੱਖ ਨਹੀਂ ਸੀ । ਵੇਖੋ ਪੋਥੀਆਂ ਫੋਲ ਇਤਿਹਾਸ ਦੀਆਂ, ਬੋਲ ਬੋਲ ਸਭ ਇਹੋ ਕਹਿੰਦੀਆਂ ਨੇ । ਜਿਨ੍ਹਾਂ ਆਹਲਣਾਂ ਸਿਦਕ ਦਾ ਝੱਲਿਆ ਨਾ, ਏਸ ਸ਼ਹਿਰ ਵਿਚ (ਉਹ) ਬਿਜਲੀਆਂ ਰਹਿੰਦੀਆਂ ਨੇ। ਬਣੀਆਂ ਜਿਹੜੀਆਂ ਸਿਖੀ ਦੇ ਕਾਲਜੇ ਲਈ, ਉੱਸਲਵੱਟ ਛੁਰੀਆਂ ਏਥੇ ਲੈਂਦੀਆਂ ਨੇਂ । ਮੁਢੋਂ ਲਾਗ ਇਖ਼ਲਾਕ ਮਨੁੱਖਤਾ ਨੂੰ, ਏਸ ਸ਼ਹਿਰ ਵਿਚੋਂ ਬਿੱਜਾਂ ਪੈਂਦੀਆਂ ਨੇ । ਏਥੇ ਪਲਚੀ ਸੀ ਤਾਣੀ ਪੰਜਾਬੀਆਂ ਦੀ, ਪੇਟਾ ਕਿਸੇ ਪਾਸੇ ਤਾਣਾ ਕਿਸੇ ਪਾਸੇ । ਸਿੱਖ ਰਾਜ ਦਾ ਖਿੰਡਿਆ ਬੋਹਲ ਏਥੇ, ਦਾਣਾ ਕਿਸੇ ਪਾਸੇ ਦਾਣਾ ਕਿਸੇ ਪਾਸੇ । ਮੇਰੀ ਕੌਮ ਵਿਚ ਜਦੋਂ ਤਕ ਜ਼ਿੰਦਗੀ ਏ, ਅੱਖਾਂ ਖੂਨ ਵਗਾਂਦੀਆਂ ਰਹਿਣਗੀਆਂ । ਅਰਜਨ ਗੁਰੂ ਦੇ ਬੂਹੇ ਦੀ ਦੀਦ ਖਾਤਰ, ਓਥੇ ਸੰਗਤਾਂ ਜਾਂਦੀਆਂ ਰਹਿਣਗੀਆਂ। ਓਹੋ ਰੇਤ ਤਪਦੀ ਸਦਾ ਅੱਖੀਆਂ ਵਿਚ, ਸੁਰਮਾ ਜਾਣਕੇ ਪਾਂਦੀਆਂ ਰਹਿਣਗੀਆਂ। ਅੱਖਾਂ ਜ਼ੁਲਮ ਦੀਆਂ ਇਸ ਇਤਿਹਾਸ ਕੋਲੋਂ, ਹਸ਼ਰ ਤੀਕ ਸ਼ਰਮਾਂਦੀਆਂ ਰਹਿਣਗੀਆਂ । ਵੱਸਦਾ ਰਹੇ ਲਾਹੌਰ, ਮਨੁੱਖਤਾ ਤੋਂ ਐਪਰ ਸੁਰਖਰੂ ਕਦੇ ਨਹੀਂ ਹੋ ਸਕਦਾ। ਕਾਲਾ ਦਾਗ਼ ਲਾਹੌਰ ਦੇ ਮੂੰਹ ਉੱਤੇ, ਕਦੀ ਰਾਵੀ ਦਾ ਪਾਣੀ ਨਹੀਂ ਧੋ ਸਕਦਾ ।

ਸ਼੍ਰੀ ਗੁਰੂ ਤੇਗ਼ ਬਹਾਦਰ

ਕੀਤੀ ਅਰਜ ਕਸ਼ਮੀਰ ਦੇ ਪੰਡਤਾਂ ਨੇ, ਦਾਤਾ ਸਫ਼ਾ ਇਹ ਚੁੱਕਣੀ ਚਾਹੀਦੀ ਏ । ਗੁੱਡੀ ਜ਼ੁਲਮ ਦੀ ਪਹੁੰਚ ਗਈ ਹੱਦ ਉਤੇ, ਹੁਣ ਹੱਦ ਇਹ ਮੁੱਕਣੀ ਚਾਹੀਦੀ ਏ। ਆਈ ਕਾਂਗ ਅਨਿਆਂ ਦੀ ਨਦੀ ਅੰਦਰ, ਤੇ ਇਹ ਕਾਂਗ ਹੁਣ ਮੁੱਕਣੀ ਚਾਹੀਦੀ ਏ । ਲੱਜ ਪਾਪ ਦੀ ਦੂਰ ਤਕ ਗਈ ਅੱਪੜ, ਕਿਸੇ ਤਰ੍ਹਾਂ ਇਹ ਟੁੱਟਣੀ ਚਾਹੀਦੀ ਏ । ਹਾਹਾਕਾਰ ਮੱਚੀ ਤੇ ਹਨੇਰ ਛਾਇਆ, ਦੁੱਖੀ ਜਨਤਾ, ਵਾਸਤੇ ਪਾ ਰਹੀ ਏ । ਕਿਸੇ ਤਰ੍ਹਾਂ ਮੁਹਾਣਿਆਂ ਪਾਰ ਲਾ ਦੇ, ਬੇੜੀ ਧਰਮ ਦੀ ਡੁੱਬਦੀ ਜਾ ਰਹੀ ਏ । ਦਰਦ ਭਰੀ ਦੁਖਿਆਰ ਦੀ ਕਥਾ ਸੁਣ ਕੇ, ਅੱਖਾਂ ਗਿੱਲੀਆਂ ਹੋਈਆਂ ਹਜ਼ੂਰ ਦੀਆਂ । ਚੋਖੇ ਚਿਰ ਤੀਕ ਨੀਵੀਂ ਪਾਈ ਰਖੀ, ਅਤੇ ਸੋਚ ਲਈਆਂ ਸੋਚਾਂ ਦੂਰ ਦੀਆਂ। ਕੰਢੇ ਬੈਠ ਕੇ ਹੋਰ ਨਾ ਦੇਖ ਸੱਕੇ, ਇਹ ਮਾਯੂਸੀਆਂ ਡੁਬਦੇ ਪੂਰ ਦੀਆਂ। ਮੂੰਹ ਤੇ ਵੇਖ ਕੇ ਸ਼ਾਨ ਇਰਾਦਿਆਂ ਦੀ, ਗਈਆਂ ਸੂਲੀਆਂ ਡੋਲ ਮਨਸੂਰ ਦੀਆਂ। ਆ ਗਈ ਝੁਣਝੁਣੀ ਧਰਮ ਦੇ ਧੌਲ ਤਾਈਂ, ਪ੍ਰਿਥਵੀ ਉਹਦਿਆਂ ਸਿੰਗਾਂ ਤੇ ਹੱਲ ਪਈ। ਹੌਕੇ ਨਿਕਲ ਗਏ ਕਾਲਿਆਂ ਅੰਬਰਾਂ ਦੇ, ਠੰਡੀ ਵਾ ਕਸ਼ਮੀਰ ਵਿਚ ਚੱਲ ਪਈ। ਤਾਂਹੀਂ ਕਿਤੋਂ ਸਵਾਰੀਆਂ ਆ ਗਈਆਂ, ਮੇਰੇ ਕਲਗੀਆਂ ਵਾਲੇ ਸੁਲਤਾਨ ਦੀਆਂ । ਚੋਖੀ ਉਮਰ ਪਰ ਜਾਪਦੇ ਦੂਰ ਦਾਈਏ, ਨਾਲ ਫ਼ੌਜਾਂ ' ਤੇ ਪਲਟਨਾਂ ਹਾਣ ਦੀਆਂ । ਨਾਗ ਤੀਰਾਂ ਦੇ ਕੀਲ ਕੇ ਜੁੱਟ ਕੀਤੇ, ਖਿੱਚ ਕੇ ਰੱਖੀਆਂ ਤੰਦਾਂ ਕੁਮਾਨ ਦੀਆਂ । ਸੁੱਟੇ ਝਗ ਮਿਆਨ ਵਿਚੋਂ ਤੇਗ਼ ਹਲਦੀ, ਹੱਸਣ ਕੋਲ ਆਸਾਂ ਹਿੰਦੋਸਤਾਨ ਦੀਆਂ। ਅੱਖਾਂ ਵਿਚ ਮਸਤੀ, ਨੂਰ ਮੁੱਖੜੇ ਤੇ, ਦਿਲ ਵਿਚ ਦਰਦ ਦੀ ਪੰਡ ਸੀ ਧਰੀ ਹੋਈ । ਗੱਲ ਗੱਲ ਅੰਦਰ ਇੰਜ ਜਾਪਦਾ ਸੀ, ਕੁੱਟ ਕੁੱਟ ਫ਼ਿਲਾਸਫ਼ੀ ਭਰੀ ਹੋਈ । ਆ ਕੇ ਬੈਠ ਗਏ ਪਿਤਾ ਦੀ ਗੋਦ ਅੰਦਰ, ਲੱਗੇ ਕਹਿਣ, "ਦਾਤਾ ! ਕੀ ਵਿਚਾਰਦੇ ਹੋ ? ਪੈ ਕੇ ਸੋਚ ਦੇ ਡੂੰਘੇ ਸਮੁੰਦਰਾਂ ਵਿਚ, ਕਿਹਦੀਆਂ ਡੁੱਬੀਆਂ ਬੇੜੀਆਂ ਤਾਰਦੇ ਹੋ ? ਪੁੱਟ ਕੇ - ਡੂੰਘੀ ਦਲੀਲਾਂ ਦੀ ਨੀਂਹ ਏਡੀ, ਕਿਹੜੀ ਕੌਮ ਦੇ ਮਹਿਲ ਉਸਾਰਦੇ ਹੋ ? ਖੋਦ ਖੋਦ ਕੇ ਤੀਲਿਆਂ ਨਾਲ ਜ਼ਿਮੀਂ, ਕਿਹਦੀਆਂ ਵਿਗੜੀਆਂ ਦੱਸੋ ਸਵਾਰਦੇ ਹੋ ? ਕੋਈ ਬੜੀ ਮੁਹਿੰਮ ਹੈ ਪਈ ਹੋਈ, ਦੱਸ ਰਹੀ ਬਿਰਤੀ ਮੈਨੂੰ ਆਪਦੀ ਏ । ਲਾਲੀ ਨਹੀਂ ਹਜ਼ੂਰ ਦੀਆਂ ਅੱਖੀਆਂ ਵਿਚ, ਰੱਤ ਕਿਸੇ ਨਿਰਦੋਸ਼ ਦੀ ਜਾਪਦੀ ਏ।” ਪਿਤਾ ਕਿਹਾ, ‘‘ਚੰਨਾਂ ! ਕਈ ਨਿਰਦੋਸ਼ੀਆਂ ਦੀ, ਮੈਂ ਤਕਸੀਰ ਮਿਟਾਣ ਦੀ ਸੋਚਦਾ ਹਾਂ । ਖਿੱਚੀ ਗਈ ਜੋ ਉੱਚਿਆਂ ਨੀਂਵਿਆਂ ਵਿਚ, ਉਹ ਲਕੀਰ ਮਿਟਾਣ ਦੀ ਸੋਚਦਾ ਹਾਂ । ਜਿਸਦੇ ਨਾਲ ਵੱਸੇ ਭਾਰਤ ਦੇਸ਼ ਮੇਰਾ, ਉਹ ਜ਼ੰਜੀਰ ਮਿਟਾਣ ਦੀ ਸੋਚਦਾ ਹਾਂ । ਕੋਈ ਕਸ਼ਮੀਰ ਮਿਟਾਣ ਦੀ ਸੋਚਦਾ ਏ, ਮੈਂ ਤਕਦੀਰ ਮਿਟਾਣ ਦੀ ਸੋਚਦਾ ਹਾਂ । ਮੇਰੇ ਲਾਲ ! ਇਸ ਡਿੱਗੇ ਹੋਏ ਦੇਸ਼ ਉਤੇ, ਤਦੋਂ ਭਾਰ ਗ਼ੁਲਾਮੀ ਦਾ ਲਾਹੀਦਾ ਏ । ਇਹਦੇ ਵਾਸਤੇ ਕਿਸੇ ਮਰਜੀਊੜੇ ਤੇ ਧਰਮਾਤਮਾ ਦਾ ਸੀਸ ਚਾਹੀਦਾ ਏ।” ਸੁਣੀ ਗੱਲ ਮੇਰੇ ਰਮਜ਼ੀ ਪਾਤਸ਼ਾਹ ਨੇ, ਪਿਤਾ ਨਾਲ ਗਲਵੱਕੜੀ ਲਾਂਵਦਾ ਏ । ਅੱਖਾ ਵਿਚ ਅੱਖਾਂ ਪਾ ਕੇ ਤੱਕਦਾ ਏ, ਨੈਣਾਂ ਨਾਲ ਬੁਝਾਰਤਾਂ ਪਾਂਵਦਾ ਏ । ਨਿਗਾਹ ਮਾਰ ਕੇ ਤੀਰ ਤਲਵਾਰ ਉਤੇ, ਭੋਲੇ ਭਾ ਫ਼ਿਰ ਇੰਜ ਫ਼ਰਮਾਂਵਦਾ ਏ । ਘਰ ਵਿਚ ਦੌਲਤਾਂ ਹੋਣ ਜੇ ਪਿਤਾ ਮੇਰੇ, ਫੇਰ ਬਾਹਰ ਭਾਲਣ ਕੌਣ ਜਾਂਵਦਾ ਏ । ਇਸ ਵਿਚ ਸੋਚ ਵਿਚਾਰ ਦੀ ਗੱਲ ਕਿਹੜੀ, ਇਹ ਸੰਤੁਸ਼ਟ ਹੋ ਕੇ ਕਹਿੰਦੀ ਆਤਮਾਂ ਏਂ। ਮੇਰੇ ਪਿਤਾ ਮੈ ਸੋਚ ਨਹੀਂ ਸੱਕਿਆਂ ਹਾਂ, ਵੱਡਾ ਤੇਰੇ ਤੋਂ ਕੌਣ ਪ੍ਰਮਾਤਮਾਂ, ਏਂ ।” ਸੁਣੀਂ ਗੱਲ ਜਾਂ ਪਿਤਾ ਪ੍ਰਮਾਤਮਾਂ ਨੇ, ਲਾਇਆ ਹਿੱਕ ਨਾਲ ਪੁੱਤ ਭਗਵਾਨ ਤਾਈਂ । ਸਿਰ ਤੇ ਫੇਰ ਕੇ ਹੱਥ ਪਿਆਰ ਕੀਤਾ, ਤੇ ਚੁੰਮ ਕੇ ਕਿਹਾ ਕਿਰਪਾਨ ਤਾਂਈਂ। “ਮੈਂ ਇਹ ਸਮਝਿਆਂ, ਰੱਖ ਨਹੀਂ ਸਕਦਾ ਹੁਣ, ਕੋਈ ਗ਼ੁਲਾਮ ਮੇਰੇ ਹਿੰਦੁਸਤਾਨ ਤਾਂਈਂ । ਤੇਰੇ ਜਿਹੇ ਜੋਧੇ ਜਦ ਨੇ ਪੁੱਤ ਉਹਦੇ, ਕਿਹੜਾ ਛੋਹ ਸਕਦੈ ਉਹਦੀ ਆਣ ਤਾਂਈਂ। ਖੇਤੀ ਧਰਮ ਦੀ ਚਿਰਾਂ ਤੋਂ ਸੁਕ ਰਹੀ ਸੀ, ਰੱਤ ਨਾਲ ਮੈਂ ਦੇਨਾਂ ਪਿਆਲ ਚੰਨਾਂ ! ਏਸ ਆਡ ਨੂੰ ਗਿੱਲਿਆਂ ਰੱਖਣਾ ਏ, ਮਤੇ ਸੁੱਕ ਨਾ ਜਾਏ ਨਿਗਾਲ ਚੰਨਾਂ !'' ਕਿਹਾ ਪੁੱਤ ਨੇ ਪਿਤਾ ਦੇ ਚਰਨ ਛੋਹ ਕੇ, “ਚਲਦੇ ਨੀਰ ਮੈਂ ਮੋੜ ਕੇ ਵੇਖਣੇ ਨੇ। ਤੇਰੇ ਲਹੂ ਦੀ ਇਕ ਇਕ ਬੂੰਦ ਅੰਦਰ, ਬੇੜੇ ਜ਼ੁਲਮ ਦੇ ਬੋੜ ਕੇ ਵੇਖਣੇ ਨੇ । ਟੁੱਟੇ ਹੋਏ ਅਰਮਾਨ ਨੇ ਪਾਤਸ਼ਾਹਾ ! ਤੇਰੇ ਦੇਸ਼ ਦੇ ਜੋੜ ਕੇ ਵੇਖਣੇ ਨੇ । ਅਜੇ ਇਸ ਪ੍ਰਵਾਰ ਨੇ ਪਿਤਾ ਮੇਰੇ, ਕਈ ਲਾਲ ਵਿਛੋੜ ਕੇ ਵੇਖਣੇ ਨੇ। ਅਜੇ ਪੰਧ ਆਜ਼ਾਦੀ ਦਾ ਨਹੀਂ ਮੁੱਕਾ, ਲਾਸ਼ਾਂ ਨਾਲ ਉਹਨੂੰ ਅਸੀਂ ਅੰਗਣਾਂ ਏਂ । ਭਾਰਤਵਰਸ਼ ਦੀ ਧਰਤੀ ਨੇ ਪਿਤਾ ਹਾਲੀਂ, ਖ਼ੂਨ ਕਈਆਂ ਨਿਰਦੋਸ਼ਾਂ ਦਾ ਮੰਗਣਾਂ ਏਂ ।" ਰੱਬੀ ਫ਼ੈਸਲੇ ਸੁਣ ਜਾਂ ਪੁੱਤ ਕੋਲੋਂ, ਮਸਤੀ ਵਿਚ ਮੇਰਾ ਅੰਗਪਾਲ ਆਇਆ । ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ, ਰੱਜਵਾਂ ਮੱਥੇ ਤੇ ਰੱਬੀ ਜਲਾਲ ਆਇਆ। ਉਹਦੇ ਚਿੱਤ ਦੀ ਚੜ੍ਹੀ ਝਨਾਂ ਅੰਦਰ, ਨਵਾਂ ਦਰਦ ਦਾ ਹੋਰ ਉਛਾਲ ਆਇਆ। ਝਖੜ ਝੁਲ ਪਏ, ਅੰਬਰਾਂ ਹਾਹ ਮਾਰੀ, ਧਰਤੀ ਡੋਲ ਗਈ, ਜਿਹਾ ਭੂਚਾਲ ਆਇਆ। ਹੋਇਆ ਫੇਰ ਚਾਂਦਨੀ ਚੌਕ ਅੰਦਰ, ਮੇਰੀ ਕਲਮ ਉਹ ਭੇਦ ਨਹੀਂ ਖੋਲ੍ਹ ਸਕਦੀ। ਤੁਸੀਂ ਪੁੱਛ ਲਓ ਆਪ ਇਤਿਹਾਸ ਕੋਲੋਂ, ਅੱਗੋਂ ਮੇਰੀ ਜ਼ਬਾਨ ਨਹੀਂ ਬੋਲ ਸਕਦੀ।

ਦਿੱਲੀ

ਦਿੱਲੀ ਦਿਲ ਮੁੱਢੋਂ ਯੁੱਗ ਗਰਦੀਆਂ ਦਾ, ਸਾਨੂੰ ਸਦਾ ਤਾਰੀਖ਼ ਇਹ ਦੱਸਦੀ ਰਹੀ। ਇਕ ਅੱਖ ਉਹਦੀ ਛਮ ਛਮ ਰਹੀ ਰੋਂਦੀ, ਦੂਜੀ ਅੱਖ ਉਹਦੀ ਖਿੜ ਖਿੜ ਹੱਸਦੀ ਰਹੀ । ਖ਼ੁਸ਼ੀਆਂ ਨਾਲ ਏਥੇ ਦੁਨੀਆਂ ਰਹੀ ਆਉਂਦੀ, ਹੰਝੂਆਂ ਨਾਲ ਏਥੋਂ ਉੱਠ ਉੱਠ ਨੱਸਦੀ ਰਹੀ । ਵੱਸ ਵੱਸ ਕੇ ਉੱਜੜਦੀ ਰਹੀ ਦਿੱਲੀ, ਉੱਜੜ ਉੱਜੜ ਕੇ ਸਦਾ ਇਹ ਵੱਸਦੀ ਰਹੀ। ਏਥੇ ਮੁਗ਼ਲ ਚੁਗੱਤਾ ਅੰਗ੍ਰੇਜ਼ ਆਇਆ, ਹਰ ਕੋਈ ਆਪਣਾ ਜੀਵਨ ਪਰਚਾਣ ਆਇਆ। ਪਰ ਇਕੱਲੇ ਤੇਗ਼ ਬਹਾਦਰ ਨੂੰ ਵੇਖਿਆ ਏ, ਕਿਸੇ ਲਈ ਜੋ ਮੌਤ ਗਲ ਪਾਣ ਆਇਆ । ਧਰਤੀ, ਅੰਬਰ ਹਿਸਾਬ ਪਏ ਦੱਸਦੇ ਨੇ, ਏਥੇ ਸਦਾ ਝੱਖੜ ਬੇ-ਹਿਸਾਬ ਆਏ । ਲਾਲ ਕਿਲ੍ਹੇ ਦੇ ਪੱਥਰ ਪਏ ਬੋਲਦੇ ਨੇ, ਏਥੇ ਬੜੇ ਖ਼ੂਨੀ ਇਨਕਲਾਬ ਆਏ। ਇਹਦੇ ਉੱਚੇ ਮੁਨਾਰੇ ਪਏ ਕੂਕਦੇ ਨੇ, ਬੜੇ ਇਹਦੇ ਤੇ ਜੋਬਨ ਸ਼ਬਾਬ ਆਏ। ਰੋ ਰੋ ਜਮਨਾ ਦੇ ਪੱਤਣ ਪੁਕਾਰਦੇ ਨੇ, ਏਥੇ ਰੱਬ ਦੇ ਕਹਿਰੀ ਸੈਲਾਬ ਆਏ । ਭਰਿਆ ਖ਼ੂਨ ਦੇ ਨਾਲ ਇਤਿਹਾਸ ਇਹਦਾ, ਪੂੰਝ ਪੂੰਝ ਅੱਖਾਂ ਫੇਰ ਫੇਰ ਡਿੱਠਾ। ਜੋ ਕੁਝ ਹੋਇਆ ਪਰ ਚਾਂਦਨੀ ਚੌਂਕ ਅੰਦਰ, ਦੁਨੀਆਂ ਵਿਚ ਨਹੀਂ ਜਿਹਾ ਹਨੇਰ ਡਿੱਠਾ। ਤੱਕ ਤੇਗ਼ ਬਹਾਦਰ ਨੂੰ, ਤੇਗ਼ ਕੰਬੀ, ਝੁਕ ਗਿਆ ਜੱਲਾਦ ਸਤਿਕਾਰ ਦੇ ਨਾਲ । ਚੜ੍ਹੀਆਂ ਜਿੱਤ ਦੀਆਂ ਲਾਲੀਆਂ ਜ਼ਿੰਦਗੀ ਨੂੰ, ਮੌਤ ਹਾਰ ਗਈ ਹੌਂਸਲਾ ਹਾਰ ਦੇ ਨਾਲ । ਹੋ ਗਿਆ ਕਸ਼ਮੀਰ ਦਾ ਭਾਰ ਹੌਲਾ, ਦਿੱਲੀ ਡੋਲ ਗਈ ਜ਼ੁਲਮ ਦੇ ਭਾਰ ਦੇ ਨਾਲ । ਝਿੱਸੀ ਖਾਂਦਿਆਂ ਤੇਗ਼ ਨੂੰ ਵੇਖ ਕੇ ਤੇ, ਪੁਤਲਾ ਪਿਆਰ ਦਾ ਬੋਲਿਆ ਪਿਆਰ ਦੇ ਨਾਲ। ਪੂਣੀ ਵਾਂਗ ਬੱਗਾ ਤੇਰਾ ਰੰਗ ਹੋਇਆ, ਤੱਕ ਕੇ ਲਹੂ ਮੇਰਾ ਜੇ ਤੂੰ ਹਰਖਣਾ ਏਂ। ਤਾਂ ਸਿਦਕ ਮੇਰੇ ਗੋਬਿੰਦ ਦੇ ਬੱਚਿਆਂ ਦਾ, ਤੇਗ਼ ਕਮਲੀਏ ਦੱਸ ਕਿਸ ਪਰਖਣਾ ਏਂ। ਤੂੰ ਏਂ ਤੇਗ਼ ਹਕੂਮਤ ਦੀ, ਡਰੇਂ ਕਿਸ ਤੋਂ, ਸਿਰ, ਇਹ ਕਿਸੇ ਨਮਾਣੇ ਫ਼ਕੀਰ ਦਾ ਏ । ਤੇਰੇ ਫਟ ਨਹੀਂ ਕਮਲੀਏ ਪੀੜ ਕਰਦੇ, ਹੌਂਕਾ ਕਿਸੇ ਮਜ਼ਲੂਮ ਦਾ ਚੀਰਦਾ ਏ । ਦਿੱਲੀ ਵਿਚ ਮੈਂ ਮਰਾਂ ਕਸ਼ਮੀਰ ਖ਼ਾਤਰ, ਇਹਦੇ ਵਿਚ ਹੀ ਰਾਜ ਤਕਦੀਰ ਦਾ ਏ । ਮੇਰੀ ਰੱਤ ਤੇ ਚਰਬੀ ਦੀ ਲਾ ਲੇਵੀ, ਰਿਸ਼ਤਾ ਜੋੜਨਾ ਦਿੱਲੀ ਕਸ਼ਮੀਰ ਦਾ ਏ । ਅੱਜ ਮੈਂ ਦਿੱਲੀ ਵਿਚ ਜਿਹੜੀ ਕਸ਼ਮੀਰ ਖ਼ਾਤਰ, ਖ਼ੂਨ ਨਾਲ ਨਿਸ਼ਾਨੀਆਂ ਦੇਣੀਆਂ ਨੇ । ਭਲਕੇ ਓਸ ਕਸ਼ਮੀਰ ਲਈ ਏਸ ਦਿੱਲੀ, ਰੱਜ ਰੱਜ ਕੁਰਬਾਨੀਆਂ ਦੇਣੀਆਂ ਨੇ । ਉੱਬਲੀ ਦੇਗ, ‘ਦਿਆਲੇ' ਨੂੰ ਗੜ੍ਹਕ ਆਇਆ, ਪਰ ਨਾ ਜ਼ੁਲਮ ਦਾ ਲੱਥਾ ਉਬਾਲ ਹਾਲੀ । ਸੀਰਾਂ ਛੁੱਟੀਆਂ ਦੇ ਉੱਤੋਂ ਲੂਣ ਪਾਂਦੇ, ਜਦੋਂ ਵੇਖਿਆ ਗਲੀ ਨਹੀਂ ਦਾਲ ਹਾਲੀ । ਸੜਦੇ ਕਾਜ਼ੀ ਨੇ ਕਿਹਾ ਜੱਲਾਦ ਤਾਂਈਂ, ਇਹਦੇ ਸਿਦਕ ਦੇ ਲੋਹੇ ਨੂੰ ਢਾਲ ਹਾਲੀ । ਹੱਸ ਕੇ ਕਿਹਾ ਦਿਆਲੇ ਨੇ ਡਰ ਕਾਹਦਾ, ਅੰਗ ਸੰਗ ਮੇਰਾ ਗੁਰੂ ਨਾਲ ਹਾਲੀ । ਦੇਗ ਤੇਗ਼ ਤੇ ਸਿੱਖੀ ਦੀ ਨੀਂਹ ਧਰਨੀ, ਜਿਹੜੀ ਸਿੱਖੀ ਉਸ ਕਲਗੀਆਂ ਵਾਲੇ ਦੀ ਏ । ਤੇਗ਼, ਤੇਗ਼ ਬਹਾਦਰ ਦੇ ਕੋਲ ਰੱਖੀ, ਦੇਗ਼ ਸਮਝ ਲਓ ਸਾਰੀ ਦਿਆਲੇ ਦੀ ਏ। ਮਤੀਦਾਸ ਨੇ ਵੇਖਿਆ ਜਦੋਂ ਆਰਾ, ਚਿਹਰਾ ਹੋ ਗਿਆ ਸ਼ਾਂਤ ਮਲੰਗ ਦਾ ਏ । ਦੀਵਾ ਜਿਵੇਂ ਲਟ ਲਟ ਬਲਦਾ ਵੇਖ ਕੇ ਤੇ, ਭਖਦਾ ਲਾਲੀਆ ਕਿਸੇ ਪਤੰਗ ਦਾ ਏ । ਹੱਥ ਅੱਖਾਂ ਦੇ ਜੋੜ ਅਰਦਾਸ ਕਰਦਾ, ਸਿੱਖੀ ਸਿਦਕ ਸਤਿਗੁਰਾਂ ਤੋਂ ਮੰਗਦਾ ਏ । ਭਰ ਕੇ ਬੁੱਕ ਫਿਰ ਰੱਤ ਦੇ ਔਲ੍ਹ ਵਿਚੋਂ, ਮੂੰਹ ਤੇ ਡੁੱਲ੍ਹਦੇ ਸਿਦਕ ਨੂੰ ਰੰਗਦਾ ਏ । ਮੂੰਹੋਂ ਆਖਦਾ ਸਿਦਕ ਨੂੰ ਕੱਜ ਲੈਂਦਾ, ਜਿਵੇਂ ਗੁਰੂ ਮੇਰੇ ਪੜਦੇ ਕੱਜਦਾ ਏ । ਲੋਕ ਇਸ਼ਕ ਦੀ ਜਿਸ ਨੇ ਨਮਾਜ਼ ਪੜ੍ਹਣੀ, ਉਹਨੂੰ ਖ਼ੂਨ ਦਾ ਹੀ ਵੁਜ਼ੂ ਸੱਜਦਾ ਏ । ਏਸ ਦਿੱਲੀ ਦੇ ਨਿੱਕੇ ਜਿਹੇ ਦਿਲ ਅੰਦਰ, ਲੱਖਾਂ ਢੱਕੀਆਂ ਦਰਦ ਕਹਾਣੀਆਂ ਨੇ । ਏਸ ਬੁੱਢੇ ਇਤਿਹਾਸ ਨੂੰ ਮੂੰਹ ਜ਼ਬਾਨੀ, ਚੇਤੇ ਸਾਖੀਆਂ ਕਈ ਪੁਰਾਣੀਆਂ ਨੇ । ਕਈਆਂ ਪੀੜ੍ਹੀਆਂ ਤੋਂ ਸੁਣਦੇ ਆਏ ਖਵਰੇ, ਅਜੇ ਕਦੋਂ ਤਕ ਏਸ ਸੁਣਾਣੀਆਂ ਨੇ । ਏਥੇ ਬੇਗਮਾਂ ਬਾਦਸ਼ਾਹਾਂ ਵੈਣ ਪਾਏ। ਹੰਝੂ ਕੇਰੇ ਕਈ ਰਾਜੇ ਰਾਣੀਆਂ ਨੇ । ਹੁਣ ਵੀ ਚਾਂਦਨੀ ਚੌਂਕ ਦੇ ਚਾਨਣੇ ਵਿਚ, ਲੋਕੀਂ ਰੋਜ਼ ਇਹਦੀ ਗੱਲੀਂ ਰੁੱਝ ਜਾਂਦੇ । ਜਦੋਂ ਤੇਗ਼ ਬਹਾਦਰ ਦਾ ਨਾਂ ਆਉਂਦੈ, ਦੀਵੇ ਚਾਂਦਨੀ ਚੌਂਕ ਦੇ ਬੁੱਝ ਜਾਂਦੇ ।

ਖਾਲਸੇ ਦੀ ਮੰਜ਼ਿਲ

ਹੱਥ ਵਿਚ ਦਸ਼ਮੇਸ਼ ਦੇ ਇਕ ਚਮਕਦੀ ਤਲਵਾਰ ਸੀ, ਵਲਵਲੇ ਮਾਸੂਮ ਦੇ ਸਨ ਜਿਦ੍ਹੇ ਤੇ ਮੁਸਕਾ ਰਹੇ । ਆਸ ਦੁਖੀਆਂ ਦੀ ਪਈ ਹੱਸਦੀ ਸੀ ਧਾਰ ਤੇ, ਦੇਸ਼ ਦੇ ਅਰਮਾਨ ਸਨ ਉਹਦੇ ਤੇ ਪੈਲਾਂ ਪਾ ਰਹੇ । ਉਹਦੇ ਸਾਏ ਵਿਚ ਗ਼ਰੀਬ ਆਬਾਦ ਹੁੰਦਾ ਸੀ ਪਿਆ, ਸਾਮਰਾਜੀ ਕਿਲ੍ਹੇ ਸਨ, ਤੱਕ ਤੱਕ ਕੇ ਢਹਿੰਦੇ ਜਾ ਰਹੇ । ਉਹਦੇ ਪੈਰਾਂ ਵਿਚ ਸੀ ਥੱਕ ਕੇ ਕੌਮ ਇਕ ਸੁੱਤੀ ਹੋਈ, ਖ਼ਾਬ ਸਨ ਜਿਹਨੂੰ ਕਈ ਆਜ਼ਾਦੀਆਂ ਦੇ ਆ ਰਹੇ । ਆਪ ਮੁਹਾਰੇ ਤੰਬੂ ਨੂੰ ਉਸ ਨੇ ਉਤਾਂਹ ਜਾਂ ਚੁੱਕਿਆ, ਡਰ ਕੇ ਨੀਲੇ ਅੰਬਰਾਂ ਨੂੰ ਝੁਣਝੁਣੀ ਜਿਹੀ ਆ ਗਈ । ਜਿਹੜੀ ਬਿਜਲੀ ਨੂੰ ਆਪਣੀ ਚਮਕ ਉੱਤੇ ਮਾਣ ਸੀ, ਬੱਦਲਾਂ ਦੇ ਘੁੰਡ ਵਿਚ ਉਹਨੂੰ ਤ੍ਰੇਲੀ ਆ ਗਈ। ਮੁਰਦਿਆਂ ਦੀ ਅਣਖ ਤੇ ਗੌਰਵ ਨੂੰ ਮੁੜ੍ਹਕਾ ਆ ਗਿਆ, ਮਰਦ ਨੇ ਜਦ ਦੇਸ਼ ਦੇ ਮਰਦਊ ਨੂੰ ਵੰਗਾਰਿਆ। ਬੁੱਢੜੇ ਆਕਾਸ਼ ਦੇ ਪਾਪਾਂ ਦੀ ਕੋਠੀ ਕੰਬ ਗਈ, ਜਦੋਂ ਧਰਤੀ ਤੇ ਖਲੋ ਕੇ ਕਿਸੇ ਨਾਹਰਾ ਮਾਰਿਆ । ਦੱਬੀ ਹੋਈ ਗ਼ੈਰਤ ਦੇ ਮੂੰਹ ਤੇ ਤ੍ਰੇੜਾਂ ਆ ਗਈਆਂ, ਬੁਝਿਆ ਆਜ਼ਾਦੀ ਦਾ ਕੋਈ ਕਨਕਊਆ ਮੁਸਕਾ ਰਿਹਾ। ਘੁੱਗੀਆਂ ਨੇ ਬਾਜ਼ ਨੂੰ ਡਿੱਠਾ ਘੁਰਾਕੀ ਵੱਟ ਕੇ, ਹਰਨੀਆਂ ਨੇ ਸ਼ੇਰ ਦੇ ਲਾਗੇ ਖੰਘੂਰਾ ਮਾਰਿਆ । ਗੱਜ ਕੇ ਉਸ ਨੇ ਕਿਹਾ ਜਾਗੋ ਚਿਰਾਂ ਦੇ ਸੁੱਤਿਓ, ਏਸ ਦੁਨੀਆਂ ਵਿਚ ਕੋਈ ਭੁਚਾਲ ਆਉਣ ਲੱਗਾ ਜੇ । ਆਓ ਡੀਕਾਂ ਲਾਓ ਤੇ ਰੱਜ ਰੱਜ ਪਿਆਕੋ ਪੀ ਲਵੋ, ਜ਼ਿੰਦਗੀ ਦੇ ਅੱਜ ਮੈਂ ਮੈਖ਼ਾਨੇ ਲੁਟਾਵਣ ਲੱਗਾ ਜੇ । ਘਸੇ ਹੋਏ ਮੱਥੇ ਦਿਆਂ ਲੇਖਾਂ ਨੂੰ ਰੋਵਣ ਵਾਲਿਓ ! ਆਓ ਅੱਜ ਮੈਂ ਨਵੀਆਂ ਤਕਦੀਰਾਂ ਬਣਾਵਨ ਲੱਗਾ ਹਾਂ। ਜ਼ਿੰਦਗੀ ਤੇ ਮੌਤ ਵਿਚ ਜੋ ਬੁਜ਼ਦਿਲੀ ਦੀ ਲੀਕ ਏ, ਢਾਹ ਕੇ ਉਨ੍ਹਾਂ ਦੋਹਾਂ ਨੂੰ ਕੱਠਿਆਂ ਬਿਠਾਵਨ ਲੱਗਾ ਹਾਂ। ਜ਼ੁਲਮ ਦੀ ਅਰਥੀ ਨੂੰ ਮੋਢਾ ਦੇ ਸਕੋ, ਏਸੇ ਲਈ, ਤੱਕ ਤੁਹਾਡੇ ਮੁੱਢਿਆਂ ਤੇ ਭਾਰ ਪਾਵਣ ਲੱਗਾ ਹਾਂ। ਸਾਮਰਾਜੀ ਖੰਡਰਾਂ ਤੋਂ ਹਰ ਨਥਾਂਵੇਂ ਵਾਸਤੇ, ਇਕ ਸੁਹਾਣੀ ਤੇ ਨਵੀਂ ਦੁਨੀਆਂ ਬਣਾਵਨ ਲੱਗਾ ਹਾਂ। ਛੱਡ ਕੇ ਹੋਰਾਂ ਦੀਆਂ ਜੂਠਾਂ ਤੇ ਚੁਗਲਾਂ ਖਾਣੀਆਂ, ਗਿੱਦੜੋਂ ਸ਼ੇਰਾਂ ਦੇ ਵਾਂਗੂੰ ਢਿੱਡ ਭਰਨਾ ਸਿੱਖ ਲਓ । ਅਮਰ ਜੀਵਨ ਮੌਤ ਦੀ ਘਾਟੀ 'ਚੋਂ ਮਿਲਦੈ ਲੰਘ ਕੇ, ਮੌਤ ਦੇ ਵਣਜਾਰਿਓ ! ਪਹਿਲਾਂ ਮਰਨਾ ਸਿੱਖ ਲਓ । ਆ ਉਰ੍ਹਾਂ ! ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲਿਆ ! ਅੱਜ ਮੈਂ ਤੇਰੀ ਅਣਖ ਨੂੰ ਮਗ਼ਰੂਰ ਹੁੰਦਾ ਵੇਖਣੈ। ਤੇਰੇ ਨਿਰਬਲ ਡੌਲਿਆਂ ਵਿਚ ਪਾ ਕੇ ‘ਹਿੰਮਤ' ਦੀ ਕਣੀ, ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣੈ। ਬਾਲ ਕੇ ਜੋਤੀ ਹਨੇਰੇ ਵਿਚ ‘ਦਿਆ’ ਤੇ ‘ਧਰਮ’ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣੈ। ਤੇਰੀ ਕਾਇਰਤਾ ਨੂੰ ਅੱਜ ‘ਮੁਹਕਮ' ਇਰਾਦੇ ਬਖ਼ਸ਼ ਕੇ, ਤੇਰੇ ਪੈਰਾਂ 'ਚ ਪਰਬਤ ਚੂਰ ਹੁੰਦਾ ਵੇਖਣੈ। ਰੱਖ ਦੇਵੇਂਗਾ ਤੂੰ ਜੇਕਰ ਧੌਣ, ਮੇਰੀ ਤੇਗ਼ ਤੇ, ਤੇਗ਼ ਦੀ ਸਹੁੰ ਸਾਹਿਬੋ-ਮੁਖਤਾਰ ਬਣ ਜਾਏਂਗਾ ਤੂੰ। ਚਾੜ੍ਹਣਾ ਤੈਨੂੰ ਨਹੀਂ ਮਨਸੂਰ ਦੀ ਸੂਲੀ ਤੇ ਮੈਂ, ਚੜ੍ਹ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਂਗਾ ਤੂੰ। ਤੇਗ਼ ਦੀ ਇਸ ਨਿੱਕੜੀ ਜਿਹੀ ਧਾਰ ਵਿਚੋਂ ਪਾਂਧੀਆ ! ਤੇਰੀ ਮੰਜ਼ਿਲ ਦੇ ਸੁਖਾਲੇ ਰਾਹ ਟੋਲੇ ਜਾਣਗੇ। ਉਲਝਣਾਂ ਦੇ ਵਾਸੀਆ ! ਤਲਵਾਰ ਦੀ ਇਸ ਨੋਕ ਨਾਲ, ਜ਼ਿੰਦਗੀ ਤੇਰੀ ਦੇ ਗੁੱਝੇ ਭੇਤ ਖੋਲ੍ਹੇ ਜਾਣਗੇ । ਏਸ ਖੰਡੇ ਨਾਲ ਚੰਨਾ ਤੇਰੀ ਬੁੱਝੀ ਚਿਖ਼ਾ ਚੋਂ, ਅਣਖ ਦੇ ਕੁਝ ਭਖਦੇ ਚਿੰਗਿਆੜ ਫ਼ਰੋਲੇ ਜਾਣਗੇ । ਸਿਦਕ ਦੀ ਮੰਡੀ 'ਚ ਬਹੁਤਾ ਮੁੱਲ ਪੁਆਵਣ ਵਾਸਤੇ, ਸਿਰ ਦੇ ਸੌਦੇ ਏਸ ਤੱਕੜੀ ਨਾਲ ਤੋਲੇ ਜਾਣਗੇ। ਮੌਤ ਵਿਚੋਂ ਜ਼ਿੰਦਗੀ ਮਿਲਦੀ ਏ ਜੀਵਨ ਜੋਗਿਆ, ਫੁੱਲ ਦੀ ਜੇ ਲੋੜ ਹੋਵੇ ਲੱਭਦਾ ਏ ਖਾਰ 'ਚੋਂ। ਜੋ ਸਿਕੰਦਰ ਨੂੰ ਨਾ ਮਿਲਿਆ ਅੰਤ ਤਕ ਆਬੇ-ਹਿਯਾਤ, ਵੇਖ ਲੈਣਾ ਡੁੱਲ੍ਹਣਾ ਏਂ ਅੱਜ ਮੇਰੀ ਤਲਵਾਰ 'ਚੋਂ । ਫੰਡ ਕੇ ਖੰਭਾਂ ਨੂੰ ਸਾਰਾ ਸਹਿਮ ਕੱਢ ਦੇ ਪੰਛੀਆ ! ਅੱਜ ਤੋਂ ਤੇਰੇ ਆਲ੍ਹਣੇ ‘ਚ ਬਿਜਲੀਆਂ ਪਾਲਾਂਗਾ ਮੈਂ। ਰੀਝ ਪੈਗੀ ਵੇਖ ਕੇ ਜਿਨ੍ਹਾਂ ਨੂੰ ਆਜ਼ਾਦੀ ਤੇਰੀ, ਕੈਦੀਆ ! ਤੇਰੇ ਲਈ ਸੰਗਲ ਅਜਿਹੇ ਢਾਲਾਂਗਾ ਮੈਂ। ਡੁੱਬਦੇ ਮੰਝਧਾਰ ਵਿਚ ਜਿਹੜੀ ਕਿਨਾਰਾ ਲੱਭ ਲਏ, ਤੇਰੇ ਲਈ ਅਣਤਾਰੂਆ ਬੇੜੀ ਜਿਹੀ ਭਾਲਾਂਗਾ ਮੈਂ। ਜ਼ਿੰਦਗੀ ਲੱਭ ਸੜਣ ਵਾਲੇ ਨੂੰ ਜਿਸ ਦੀ ਲਾਟ 'ਚੋਂ, ਭੰਬਟਾ ! ਤੇਰੇ ਲਈ ਦੀਵਾ ਜਿਹਾ ਬਾਲਾਂਗਾ ਮੈਂ। ਤੇਰੇ ਠੰਡੇ ਹੌਕਿਆਂ ਵਿਚ ਝੱਖੜਾਂ ਦਾ ਜੋਸ਼ ਏ, ਓਸ 'ਚੋਂ ਤਿੱਖਾ ਕੋਈ ਤੂਫ਼ਾਨ ਪੈਦਾ ਕਰਾਂਗਾ । ਮੁਸ਼ਕਲਾਂ ਤੇ ਔਕੜਾਂ ਨੂੰ ਗੋ ਕੇ ਤੇਰੇ ਲਹੂ ਵਿਚ, ਦਰਦ ਦਾ ਪੁਤਲਾ ਕੋਈ ਇਨਸਾਨ ਪੈਦਾ ਕਰਾਂਗਾ। ਵੇਖਿਆ ਫਿਰ ਮੁਅਜਜ਼ਾ ਦੁਨੀਆਂ 'ਚ ਵੇਖਣ ਵਾਲਿਆਂ, ਤੇਗ਼ ਵਿਚੋਂ ਸੋਮਾ ਅੰਮ੍ਰਿਤ ਦਾ ਜਗਾ ਦਿੱਤਾ ਗਿਆ। ਮੀਟੀਆਂ ਅੱਖਾਂ ਕਈ, ਕਈਆਂ ਦੇ ਦੀਦੇ ਪਾਟ ਗਏ, ਜਦ ਜ਼ਿੰਦਗੀ ਨੂੰ ਮੌਤ ਦੀ ਗੋਦੀ ਬਿਠਾ ਦਿੱਤਾ ਗਿਆ। ਹੌਕਿਆਂ ਦੀ ਵਾਜ ਘੀਕੇ ਹਾਸਿਆਂ ਵਿਚ ਬਦਲ ਗਈ, ਜ਼ਿੰਦਗੀ ਦਾ ਸਹਿਮ ਸਾਰਾ ਹੀ ਮੁਕਾ ਦਿੱਤਾ ਗਿਆ। ਉੱਠੀਆਂ ਝੁਕੀਆਂ ਹੋਈਆਂ ਧੌਣਾਂ, ਤੇ ਤਣੀਆਂ ਛਾਤੀਆਂ; ਗਿੱਦੜਾਂ ਨੂੰ ਸ਼ੇਰ ਦੇ ਜਾਮੇ 'ਚ ਪਾ ਦਿੱਤਾ ਗਿਆ। ਦੁੱਖਾਂ ਦੀ ਭੱਠੀ 'ਚ ਪਾ ਕੇ, ਨਾਮ ਧਰ ਕੇ ਖਾਲਸਾ, ਵੱਖਰੀ ਇਕ ਕੌਮ ਦੁਨੀਆਂ ਤੋਂ ਬਣਾ ਦਿੱਤੀ ਗਈ । ਕੰਡਿਆਂ ਦੀ ਹਿੱਕ ਤੇ ਖੰਜਰਾਂ ਦੀ ਧਾਰ ਤੇ, ਖਾਲਸੇ ਦੀ ਆਖ਼ਰੀ ਮੰਜ਼ਿਲ ਬਣਾ ਦਿੱਤੀ ਗਈ ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਸਿੱਖਾ ! ਡੁਲ੍ਹਿਆ ਕਿਉਂ ਏਂ ਗੁਰੂ ਰਾਖਾ, ਬਹਿ ਜਾ ਕੋਲ ਮੇਰੇ ਉਰੇ ਆ ਤਾਂ ਸਹੀ । ਹੋ ਕੇ ਸਿੱਖ ਤੇ ਚੜ੍ਹਦੀਆਂ ਕਲਾਂ ਵਾਲਾ, ਏਡਾ ਘਾਬਰੇਂ ਕਿਉਂ ਸਮਝਾ ਤੇ ਸਹੀ । ਅੜਿਆ ! ਦੱਸ ਖ਼ਾਂ ਮਾਂ ਜੀ ਨੇ ਕਿਥੇ, ਸੁਨਿਹਾ ਉਨ੍ਹਾਂ ਦਾ ਕੋਈ ਪਹੁੰਚਾ ਤਾਂ ਸਹੀ। ਜ਼ੋਰਾਵਰ ਤੇ ਫ਼ਤਿਹ ਉਦਾਸ ਤਾਂ ਨਹੀਂ । ਮੈਨੂੰ ਉਨ੍ਹਾਂ ਦੀ ਗੱਲ ਸੁਣਾ ਤਾਂ ਸਹੀ। ਹਾਏ ਕਮਲਿਆ ਤੂੰ ਤਾਂ ਰੋ ਰਿਹਾ ਏਂ, ਓ ਕਦੇ ਸੂਰਮੇ ਹੌਸਲਾ ਹਾਰਦੇ ਨੇ । ਸਿੱਖ ਸਤਿਗੁਰੂ ਦੇ ਤੇਗਾਂ ਮਾਰਦੇ ਨੇ, ਵਾਂਗ ਕਾਇਰਾਂ ਦੇ ਢਾਈਂ ਮਾਰਦੇ ਨੇ ? ਸਿੱਖ ਨਾਲ ਜਕਲੰਬ ਦੇ ਜਿਹਾ ਰੁੰਨਾ, ਨੈਣਾਂ ਵਿਚੋਂ ਬਿਆਸਾ ਵਗਾ ਦਿੱਤੀ । ਰੋਏ ਜ਼ਿਮੀਂ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ। ਸਿੱਖ ਮਸਾਂ ਜਿਹੇ ਬੋਲਿਆ, ਪਾਤਸ਼ਾਹਾ ! ਬੰਨੀਂ ਜ਼ੁਲਮ ਦੀ ਜ਼ਾਲਮਾਂ ਪਾ ਦਿੱਤੀ । ਸਿੱਖੀ ਅਣਖ ਦੇ ਸੁਹਲ ਕਲੇਜੜੇ ਤੇ, ਮੁਗ਼ਲ ਰਾਜ ਨੇ ਛੁਰੀ ਚਲਾ ਦਿੱਤੀ । ਏਨੇ ਸਿੱਖਾਂ ਦੇ ਹੁੰਦਿਆਂ ਜਗ ਉੱਤੇ, ਤੇਰੇ ਪੁੱਤਾਂ ਦੇ ਡੱਕਰੇ ਗਿਣੀਦੇ ਨੇ, ਜ਼ੋਰਾਵਰ ਤੇ ਫ਼ਤਿਹ ਸਰਹੰਦ ਅੰਦਰ, ਮਹਿਲਾਂ ਵਾਲਿਆ ! ਕੰਧੀਂ ਪਏ ਚਿਣੀਂਦੇ ਨੇ । ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ, ਜਿੱਤੀ ਹੋਈ ਬਾਜ਼ੀ ਗਏ ਹਰ ਤਾਂ ਨਹੀਂ ? ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ, ਕਿਧਰੇ ਡੋਲ ਗਿਆ ਜ਼ੋਰਾਵਰ ਤਾਂ ਨਹੀਂ ? ਰਿਹਾ ਖੇਡਦਾ ਨਾਲ ਖਡੌਣਿਆਂ ਦੇ, ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ ? ਸੀ ਮਾਸੂਮ, ਗੁਰਪੁਰੀ ਨੂੰ ਜਾਣ ਵੇਲੇ, ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ ? ਛੇਤੀ ਦੱਸ ਮੈਨੂੰ ਉਨ੍ਹਾਂ ਜ਼ਾਲਮਾਂ ਨੇ, ਕੀਤੀ ਉਨ੍ਹਾਂ ਮਾਸੂਮਾਂ ਦੇ ਨਾਲ ਕੀ ਕੀ ? ਉਨ੍ਹਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ, ਕੀਤੇ ਹੈਸਨ ਜੁਆਬ ਸੁਆਲ ਕੀ, ਕੀ ? ਦਾਤਾ ਜਾਂਦਿਆਂ ਭਰੇ ਦਰਬਾਰੇ ਅੰਦਰ, ਸਾਹਿਬਜ਼ਾਦਿਆਂ ਫ਼ਤਿਹ ਗਜਾ ਦਿੱਤੀ । ਸਤਿ ਸ੍ਰੀ ਆਕਾਲ ਦਾ ਮਾਰ ਨਾਹਰਾ, ਤਸਬੀਹ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ । ਸੂਬੇ ਆਖਿਆ ਕਰੋ ਸਲਾਮ ਮੁੰਡਿਓ, ਉਨ੍ਹਾਂ ਸਾਹਮਣੇ ਜੁੱਤੀ ਵਖਾ ਦਿੱਤੀ। ਉਨ੍ਹਾਂ ਜਦੋਂ ਤਲਵਾਰ ਦਾ ਖ਼ੌਫ਼ ਦਿੱਤਾ, ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ । ਸੂਬੇ ਰੋਹ ਨਾਲ ਕਿਹਾ ਗੁਸਤਾਖ ਮੁੰਡਿਓ ! ਅੱਜ ਤੁਸਾਂ ਦੀ ਅਣਖ ਮੁਕਾ ਦਿਆਂਗਾ । ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ । ਫ਼ਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੋਂ, ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ । ਅਸੀਂ ਅਸਲ ਫ਼ੌਲਾਦ ਦੇ ਡੱਕਰੇ ਹਾਂ, ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ । ਅਸੀਂ ਉਹ ਪਤੰਗੇ ਹਾਂ ਸੜ ਮਰਨੇ, ਜਿਹੜੇ ਸ਼ਮ੍ਹਾਂ ਤੋਂ ਵੀ ਪਹਿਲਾਂ ਜਲ ਜਾਂਦੇ। ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿਚ ਨਹੀਂ ਰਲ ਜਾਂਦੇ । ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗੈਂ, ਇੱਜ਼ਤ ਆਪਣੀ ਸਗੋਂ ਬਚਾ ਸਾਥੋਂ। ਮਾਸ ਬਾਜ਼ ਦੀ ਚੁੰਝ 'ਚੋਂ ਖੋਹਣ ਲੱਗੋਂ, ਅੜਿਆ ਆਪਣਾ ਮਾਸ ਛੁਡਾ ਸਾਥੋਂ । ਦਿੱਤਾ ਹੁਕਮ ਮੁੜ ਸੂਬੇ ਨੇ, ਪਾਤਸ਼ਾਹਾ ! ਇਨ੍ਹਾਂ ਦੋਹਾਂ ਨੂੰ ਕੰਧਾਂ ਚੁਣਾ ਦਿਓ । ਇਨ੍ਹਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ, ਫੜ ਕੇ ਸੱਪਾਂ ਦੇ ਪੁੱਤ ਮੁਕਾ ਦਿਓ । ਇਨ੍ਹਾਂ ਜਿਉਂਦਿਆਂ ਕੁਫ਼ਰ ਦੇ ਪੁਤਲਿਆਂ ਨੂੰ, ਫੜ ਕੇ ਮਿੱਟੀ ਦੇ ਵਿਚ ਮਿਲਾ ਦਿਓ। ਖ਼ੂਨ ਡੋਲ੍ਹ ਕੇ ਇਨ੍ਹਾਂ ਦੇ ਕਾਲਜੇ ਦਾ, ਮੇਰੇ ਜਿਗਰ ਦੀ ਅੱਗ ਬੁਝਾ ਦਿਓ । ਬਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦਿਹਾਂ ਕੂਲੀਆਂ ਤੇ ਇੱਟਾਂ ਧਰਨ ਲੱਗੇ । ਓਧਰ ਮਰਨ ਵੇਲੇ ਤੇਰੇ ਭਗਤ ਪੁੱਤਰ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਜਦੋਂ ਸੁਹਲ ਕਲੇਜੇ ' ਤੇ ਕੰਧ ਪਹੁੰਚੀ, ਸਾਹ ਚੰਨਾਂ ਦਾ ਰੁਕਿਆ ਜਾਣ ਲੱਗਾ । ਤਦੋਂ ਵੇਖ ਕੇ ਫ਼ਤਿਹ ਸਿੰਘ ਵੱਲੋਂ, ਜ਼ੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ । “ਕੀ ਕਿਹਾ ਈ" ? ਪੁਛਿਆ ਬਾਦਸ਼ਾਹ ਨੇ, “ਜ਼ੋਰਾ ਹੈਸੀ ਕਮਜ਼ੋਰੀ ਵਖਾਉਣ ਲੱਗਾ" ? ਨਹੀਂ ਬਾਦਸ਼ਾਹ ਖ਼ੌਫ਼ ਦੇ ਨਾਲ ਨਹੀਂ ਸੀ, ਜ਼ੋਰਾਵਰ ਦਾ ਚਿਤ ਘਬਰਾਉਣ ਲੱਗਾ । ਉਹ ਤੇ ਕਹਿੰਦਾ ਸੀ ਵੀਰਨਾ ਮੈਂ ਵੱਡਾ, ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗੈਂ । ਕਿਹੜਾ ਮੂੰਹ ਵਖਾਵਾਂਗਾ ਪਿਤਾ ਨੂੰ ਮੈਂ, ਛੋਟਾ ਹੋ ਮੈਨੂੰ ਬਾਜ਼ੀ ਕਰਨ ਲੱਗੈਂ । ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਗ ਦਾਤਾਰ ਮੇਰਾ । ਮੇਰੀ ਤੁੱਛ ਜਿਹੀ ਭੇਟ ਮਨਜ਼ੂਰ ਹੋ ਗਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ । ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ । ਰੋਂਦੇ ਪਏ ਨੇ ਲੋਕ ਮੈਂ ਆਖਦਾ ਹਾਂ, ਸਫ਼ਲਾ ਹੋ ਗਿਆ ਅੱਜ ਪਰਵਾਰ ਮੇਰਾ । ਖ਼ੂਨ ਡੋਲ੍ਹ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ, ਚੋਲੀ ਆਪਣੇ ਵਤਨ ਦੀ ਰੰਗਦਾ ਹਾਂ । ਤਿਵੇਂ ਮੇਰਾ ਵੀ ਏਥੇ ਸਰੀਰ ਲੱਗੇ, ਤੈਥੋਂ ਦਾਤਾਂ ‘ਕਰਤਾਰ' ਇਹ ਮੰਗਦਾ ਹਾਂ।

ਜੁਝਾਰ ਦੀ ਸ਼ਹੀਦੀ

ਦਸਮ ਪਿਤਾ ਨੇ ਬੈਠਿਆਂ ਗੜ੍ਹੀ ਅੰਦਰ, ਡਿੱਗਦੀ ਪੁੱਤ ਦੀ ਜਦੋਂ ਤਲਵਾਰ ਡਿਠੀ । ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ, ਜਦੋਂ ਵੱਗਦੀ ਲਹੂ ਦੀ ਧਾਰ ਡਿਠੀ । ਖਿੜ ਗਈ ਚਿਤ ਦੀ ਕਲੀ ਅਨਾਰ ਵਾਂਗੂੰ, ਜਦੋਂ ਉੱਜੜੀ ਕੁੱਲ ਗੁਲਜ਼ਾਰ ਡਿਠੀ । ਡਿਠੀ ਜਿੱਤ ਅਜੀਤ ਦੇ ਮੂੰਹ ਉੱਤੇ, ਉਹਦੇ ਲਹੂ ਵਿਚ ਡੁੱਬਦੀ ਹਾਰ ਡਿਠੀ। ਬਸਤੀ ਖ਼ੁਸ਼ੀ ਦੀ ਵੇਖ ਕੇ ਥਿਹ ਹੁੰਦੀ, ਦਸਵੇਂ ਪਾਤਸ਼ਾਹ ਮੁਸਕ੍ਰਾਣ ਲੱਗੇ । ਅਤੇ ਸੱਦ ਕੇ ਕੋਲ ਜੁਝਾਰ ਜੀ ਨੂੰ, ਬੜੇ ਚਾਅ ਦੇ ਨਾਲ ਫ਼ਰਮਾਣ ਲੱਗੇ । ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀਆ ਓਏ । ਆਬ ਤੇਰੇ ਤੇ ਨਵੀਂ ਚੜ੍ਹਾਣ ਲੱਗਾਂ । ਮੇਰੇ ਦੁੱਧਾਂ ਦੇ ਪਾਲਿਆ ਮੱਖਣਾ ਓਏ ! ਤੈਨੂੰ ਪੱਥਰਾਂ ਨਾਲ ਟਕਰਾਉਣ ਲੱਗਾਂ । ਚੰਦਰਮਾਂ ਤੋਂ ਚਿੱਟਿਆ ਚਾਨਣਾ ਓਏ ! ਤੈਨੂੰ ਤੇਗਾਂ ਦੇ ਸਾਏ ਚਮਕਾਣ ਲੱਗਾਂ । ਮੇਰੇ ਸਿਹਰਿਆਂ ਵਾਲਿਆਂ ਬਿਨਾਂ ਸਾਹਿਓਂ, ਤੈਨੂੰ ਮੌਤ ਦੇ ਨਾਲ ਪਰਨਾਣ ਲੱਗਾਂ । ਚਰਬੀ ਪੁੱਤਾਂ ਦੀ ਪਾ ਪਾ ਕੇ ਆਪ ਹੱਥੀਂ, ਦਾਗ਼ ਪੰਥ ਦੇ ਸਦਾ ਲਈ ਧੋਣ ਲੱਗਾਂ । ਰੱਤ ਪਾ ਕੇ ਆਪਣੇ ਕਾਲਜੇ ਦੀ, ਅੱਜ ਮੈਂ ਸੁਰਖਰੂ ਕਿਸੇ ਤੋਂ ਹੋਣ ਲੱਗਾਂ । ਉਠ ਤੀਰ ਕੁਮਾਣ ਦੀ ਪਰਖ ਕਰ ਲੈ, ਨਾਲੇ ਜਾਚ ਲੈ ਧਾਰ ਕਿਰਪਾਨ ਦੀ ਤੂੰ । ਜਾਨ ਜਾਣ ਲੱਗੀ ਤਾਂ ਫਿਰ ਜਾਣ ਦੇਵੀਂ, ਰਾਖੀ ਕਰੀਂ ਪਰ ਜੋਧਿਆ ਆਨ ਦੀ ਤੂੰ । ਉਹਦੀਆਂ ਸੱਧਰਾਂ ਆਸਾਂ ਨੀ ਕੋਲ ਤੇਰੇ, ਪੁੱਤਰ ਲੱਜ ਰੱਖੀਂ ਹਿੰਦੁਸਤਾਨ ਦੀ ਤੂੰ । ਜਿਹੜੀ ਪਾਈ ਸੀ ਤੇਰੇ ਵਡੇਰਿਆਂ ਨੇ, ਰਸਮ ਕਾਇਮ ਰੱਖੀਂ ਬਲੀਦਾਨ ਦੀ ਤੂੰ । ਝੱਖੜ ਦੁੱਖਾਂ ਦੇ ਵੱਗਣ ਹਜ਼ਾਰ ਭਾਵੇਂ, ਐਪਰ ਝਵੇਂ ਨਾ ਚਿਹਰੇ ਦਾ ਫੁੱਲ ਤੇਰਾ। ਲੰਘੀਂ ਹੱਸ ਕੇ ਤੇਗ਼ ਦੀ ਧਾਰ ਉਤੋਂ, ਪੈਣਾ ਏਸੇ ਕਸਵੱਟੀ ਤੇ ਮੁੱਲ ਤੇਰਾ । ਸ਼ੇਰ, ਜੁੱਸੇ ਨੂੰ ਫੜਕ ਕੇ ਕਹਿਣ ਲੱਗਾ, ਨਵੇਂ ਪਿਤਾ ਜੀ ਪੂਰਨੇ ਪਾ ਦਿਆਂਗਾ । ਭਾਰਤ ਮਾਂ ਦੀਆਂ ਆਸਾਂ ਤੇ ਸੱਧਰਾਂ ਤੇ, ਚੁਣ ਚੁਣ ਅਮਲ ਦੇ ਫੁੱਲ ਚੜ੍ਹਾ ਦਿਆਂਗਾ । ਚਾੜ੍ਹ ਚਾੜ੍ਹ ਤਲਵਾਰ ਦੀ ਤੱਕੜੀ ਤੇ, ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ। ਤੇਰੇ ਅੰਮ੍ਰਿਤ ਦੇ ਸਾਗਰ 'ਚੋਂ ਘੁਟ ਪੀਤੈ, ਐਪਰ ਖ਼ੂਨ ਦੇ ਵਹਿਣ ਵਗਾ ਦਿਆਂਗਾ। ਕੋਈ ਭਰਮ ਨਾ ਕਰੋ ਅਜੀਤ ਜੀ ਨੂੰ, ਕੱਲਾ ਇਕ ਵੀ ਘੜੀ ਨਹੀਂ ਰਹਿਣ ਦੇਂਦਾ। ਛੇਤੀ ਵੀਰ ਨੂੰ ਮਿਲਾਂਗਾ ਪਾ ਜੱਫੀ, ਭੰਗ ਜੋੜੀਆਂ ਵਿਚ ਨਹੀਂ ਪੈਣ ਦੇਂਦਾ। ਹੋ ਕੇ ਵਿਦਾ ਮੁੜ ਪਰਤ ਕੇ ਕਹਿਣ ਲਗਾ, ਦਾਤਾ ! ਕਰਾਂ ਜੇ ਸੁਣੋਂ ਅਰਦਾਸ ਮੇਰੀ । ਤੇਰੀ ਮਿਹਰ ਤੇ ਬਖਸ਼ਸ਼ ਦੇ ਨਾਲ ਬੱਧੀ, ਇਕ ਇਕ ਸੱਧਰ, ਇਕ ਇਕ ਆਸ ਮੇਰੀ । ਉਹੋ ਵਿਚ ਦਰਗਾਹ ਦੇ ਗਿਣੀ ਜਾਣੀ, ਜਿਹੜੀ ਘੜੀ ਗੁਜ਼ਰੀ ਤੇਰੇ ਪਾਸ ਮੇਰੀ । ਭਾਵੇਂ ਹਰ ਵੇਲੇ ਅੰਗ ਸੰਗ, ਏਂ ਤੂੰ, ਪਰ ਨਹੀਂ ਦਰਸ ਦੀ ਲਹਿੰਦੀ ਪਿਆਸ ਮੇਰੀ । ਏਸ ਲਈ ਜਾਂਦਾ ਜਾਂਦਾ ਪਰਤਿਆ ਨਹੀਂ, ਘੜੀਆਂ ਹੋਰ ਦੋ ਚਾਰ ਜੀ ਲਵਾਂ ਮੈਂ । ਤੇਰੇ ਭਰੇ ਸਮੁੰਦਰ 'ਚ ਜੀ ਕਰਦੈ, ਪਾਣੀ ਘੁਟ ਕੁ ਜਾਂਦਿਆਂ ਪੀ ਲਵਾਂ ਮੈਂ । ਜਲਾਂ ਥਲਾਂ ਦੇ ਮਾਲਕ ਨੇ ਕਿਹਾ ਅੱਗੋਂ, ਬੀੜਾ ਚੁੱਕ ਕੇ ਜਾਂ ਤਾਂ ਜਾਣਾ ਨਹੀਂ ਸੀ। ਗਾਨਾ ਬੰਨ੍ਹ ਕੇ ਮੌਤ ਦਾ ਆਪ ਹੱਥੀਂ, ਜੇ ਸੈਂ ਗਿਆ, ਤਾਂ ਪਰਤ ਕੇ ਆਣਾ ਨਹੀਂ ਸੀ। ਜਿਹੜੀਆਂ ਅੱਖਾਂ ਨੂੰ ਪਿਠ ਵਖਾਈ ਸਾਈ, ਉਨ੍ਹਾਂ ਅੱਖਾਂ ਨੂੰ ਮੂੰਹ ਵਖਾਣਾ ਨਹੀਂ ਸੀ । ਸੂਰਮਤਾਈ ਦੀ ਸੁਹਣਿਆਂ ਆਬ ਉਤੇ, ਪਾਣੀ ਮੰਗ ਕੇ ਦਾਗ਼ ਤੂੰ ਲਾਣਾ ਨਹੀਂ ਸੀ । ਜਿਥੇ ਜਗ ਵਿਚ ਤੇਰੀ ਬਹਾਦਰੀ ਦਾ, ਪਰਲੋ ਤੀਕਰਾਂ ਕਿਲ੍ਹਾ ਆਬਾਦ ਰਹਿਸੀ। ਓਥੇ ਸੁਹਣਿਆਂ ਪਰਤ ਕੇ ਜੰਗ ਵਿਚੋਂ, ਪਾਣੀ ਮੰਗਣ ਦੀ ਗੱਲ ਵੀ ਯਾਦ ਰਹਿਸੀ। ਚੰਨਾਂ ! ਪਾਣੀ ਕੀ ਮੇਰੇ ਤੋਂ ਮੰਗਣਾ ਏਂ, ਤੈਨੂੰ ਆਬੇ-ਹਿਯਾਤ ਪਿਆਇਆ ਏ ਮੈਂ। ਲੋਕਾਂ ਵਾਸਤੇ ਮੌਤ ਸਹੇੜ ਦਿੱਤੀ, ਜੀਵਨ ਜੋਗਿਆ ਤੈਨੂੰ ਜਿਵਾਇਆ ਏ ਮੈਂ । ਵੱਸ ਪਿਆ ਹਾਂ ਅੱਜ ਮੈਂ ਜੱਗ ਉਤੇ, ਲੋਕਾਂ ਭਾਣੇ ਇਹ ਝੁਗਾ ਲੁਟਾਇਆ ਏ ਮੈਂ । ਜਾ ਕੇ ਵੀਰ ਅਜੀਤ ਤੋਂ ਮੰਗ ਪਾਣੀ, ਤੈਨੂੰ ਉਸੇ ਦਾ ਰਾਹ ਵਖਾਇਆ ਏ ਮੈਂ । ਅੱਗੋਂ ਹੱਸ ਕੇ ਕਿਹਾ ਜੁਝਾਰ ਜੀ ਨੇ, ਪਾਣੀ ਬਾਝ ਨਹੀਂ ਪਿਤਾ ਘਬਰਾਉਂਦਾ ਸਾਂ। ਕਿਤੇ ਜਿਗਰਾ ਤੁਹਾਡਾ ਨਾ ਡੋਲ ਜਾਏ, ਮੈਂ ਤਾਂ ਪਿਤਾ ਜੀ ਤੁਹਾਨੂੰ ਅਜ਼ਮਾਉਂਦਾ ਸਾਂ। ਵੜਿਆ ਜੰਗ ਅੰਦਰ ਜਾ ਕੇ ਸ਼ੇਰ ਬਾਂਕਾ, ਨਾਅਰੇ ਜਾਂਦਿਆਂ ਹੀ ਮਾਰਨ ਲੱਗ ਪਿਆ । ਆਪਣੀ ਨਿੱਕੀ ਜਿਹੀ ਤੇਗ਼ ਦੀ ਧਾਰ ਉੱਤੋਂ, ਸੀਸ ਵੈਰੀਆਂ ਦੇ ਵਾਰਨ ਲੱਗ ਪਿਆ। ਵਗਦੀ ਉਨ੍ਹਾਂ ਦੀ ਲਹੂ ਦੀ ਨਦੀ ਅੰਦਰ, ਡੁੱਬ ਜਾਣਿਆਂ ਨੂੰ ਤਾਰਨ ਲੱਗ ਪਿਆ । ਕਲਗ਼ੀ ਵਾਲੇ ਦਾ ਲਾਡਲਾ ਪੁੱਤ ਦਿਲ ਵਿਚ, ਗੱਲਾਂ ਮਰਨ ਦੀਆਂ ਧਾਰਨ ਲੱਗ ਪਿਆ। ਤਾਂ ਹੀ ਡਿੱਠਾ ਦਸ਼ਮੇਸ਼ ਦੀਆਂ ਅੱਖੀਆਂ ਨੇ, ਤਾਰਾ ਅੱਖੀਆਂ ਦਾ ਵਿੰਹਦੇ ਟੁੱਟ ਗਿਆ । ਡਿੱਗ ਕੇ ਜੰਗ ਦੇ ਵਿਚ ਸ਼ਹੀਦ ਹੋਇਆ, ਹੱਥੋਂ ਤੀਰ ਕੁਮਾਨ ਵੀ ਛੁੱਟ ਗਿਆ । ਉੱਠੇ ਸ੍ਰੀ ਦਸ਼ਮੇਸ਼ ਜੀ ਹੱਸ ਕੇ ਤੇ, ਸਾਡੇ ਜੇਰੇ ਦੇ ਵਾਂਗ ਉਹ ਜਰੇ ਨਾਹੀਂ। ਓਸ ਮੋਤੀਆਂ ਵਾਲੇ ਦੀ ਲਾਸ਼ ਉੱਤੇ, ਚਾਰ ਅੱਥਰੂ ਵੀ ਉਸ ਤੋਂ ਸਰੇ ਨਾਹੀਂ। ਲੱਗੇ ਕਹਿਣ ਇਹ ਅੱਜ ਤੋਂ ਅਮਰ ਹੋ ਗਏ, ਲੋਕੋ ਭੋਲਿਓ ਇਹ ਕੋਈ ਮਰੇ ਨਾਹੀਂ । ਦੋ ਦੇ ਕੇ ਲੱਖਾਂ ਬਚਾ ਲਏ ਨੇ, ਸੌਦੇ ਇਨ੍ਹਾਂ ਕੋਲੋਂ ਹੋਰ ਖਰੇ ਨਾਹੀਂ। ਮੇਰਾ ਤੁਸਾਂ ਦਾ ਅੱਜ ਸਰਬੰਧ ਟੁੱਟਾ, ਲਓ ਹੁਣ ਬੱਚਿਓ ਮੈਂ ਵੀ ਚੱਲਦਾ ਹਾਂ । ਤੁਸੀਂ ਪੁੱਤਰੋ ਚੱਲ ਕੇ ਥਾਂ ਮੱਲੋ, ਹੁਣ ਮੈਂ ਦੂਜਿਆਂ ਦੁਹਾਂ ਨੂੰ ਘੱਲਦਾ ਹਾਂ ।

ਚਮਕੌਰ ਦੀ ਗੜ੍ਹੀ

ਹੌਲੀ ਹੌਲੀ ਸਰਕਾਰ ਨੇ ਗੜ੍ਹੀ ਵਿਚੋਂ, ਦੇ ਦੇ ਥਾਪੜਾ ਸਿੰਘ ਸਰਦਾਰ ਟੋਰੇ । ਵਿਹਲਾ ਹੋ ਗਿਆ ਜਥਾ, ਜਾਂ ਜਥੇ ਵਿਚੋਂ, ਇਕ ਇਕ ਕਰ ਕੇ ਜਥੇਦਾਰ ਟੋਰੇ । ਅਰਦਲ ਵਿਚ ਬਸ ਪੰਜ ਕੁ ਸਿੰਘ ਰਹਿ ਗਏ, ਬਾਕੀ ਚੋਣਵੇਂ ਸਿਪਾਹ-ਸਾਲਾਰ ਟੋਰੇ । ਪੈ ਗਈ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹ ਨੇ, ਵਾਰੀ ਨਾਲ ਅਜੀਤ ਜੁਝਾਰ ਟੋਰੇ । ਸਿੰਘਾਂ ਸੋਚਿਆ ਪਿਆ ਹਨੇਰ ਭਾਵੇ, ਵਿੰਹਦੇ ਵਿੰਹਦਿਆਂ ਚੰਨ ਨਾ ਚਾੜ੍ਹ ਬਹੀਏ । ਆਈ ਖਿ਼ਜ਼ਾਂ, ਤਾਂ ਕਿਤੇ ਬਹਾਰ ਆਸੀ, ਮੁਢੋਂ ਬਾਗ਼ ਨਾ ਕਿਤੇ ਉਜਾੜ ਬਹੀਏ । ਜਾ ਕੇ ਕੋਲ ਹਜ਼ੂਰ ਦੇ ਕਹਿਣ ਲੱਗੇ, ਦਾਤਾ ! ਵਕਤ ਸੰਭਾਲਣਾ ਚਾਹੀਦਾ ਏ । ਸੂਰਬੀਰ ਜੀਓ ! ਨੀਤੀਵਾਨ ਬਣ ਕੇ, ਔਖੀ ਘੜੀ ਨੂੰ ਟਾਲਣਾ ਚਾਹੀਦਾ ਏ । ਅੰਗ ਪਾਲ ਜੀਓ ! ਸਾਡੀ ਬੇਨਤੀ ਏ, ਅੰਗ ਸਿੱਖੀ ਦਾ ਪਾਲਣਾ ਚਾਹੀਦਾ ਏ । ਇਹੋ ਰਾਏ ਹੈ ਸਾਰੇ ਸੇਵਕਾਂ ਦੀ, ਮੋਇਆ ਪੰਥ ਜਿਵਾਲਣਾ ਚਾਹੀਦਾ ਏ । ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਐਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ । ਏਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ, ਲੋ ਲਗਦਿਆਂ ਜੰਗਲੋਂ ਪਾਰ ਹੋ ਜਾਓ। ਟੁੱਕੇ ਬੁੱਲ੍ਹ ਹਜ਼ੂਰ ਨੇ ਖਾ ਘੂਰੀ, ਕਿਹਾ, “ਕਿਹੜਾ ਸਰਦਾਰ ਇਹ ਬੋਲਦਾ ਏ ?” “ਸੇਵਕ ਬੋਲਦੈ” ਸਿੰਘ ਨੇ ਕਿਹਾ ਅੱਗੋਂ, “ਸਾਡਾ ਸਾਂਝਾ ਵਿਚਾਰ ਇਹ ਬੋਲਦਾ ਏ, ਮੈਂ ਨਹੀਂ ਬੋਲਦਾ, ਬੋਲਦੈ ਪੰਥ ਸਾਰਾ, ਬਲਕਿ ਦੇਸ਼ ਪਿਆਰ ਇਹ ਬੋਲਦਾ ਏ। ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ, ਪਿਆ ਆਪ ਕਰਤਾਰ ਇਹ ਬੋਲਦਾ ਏ। ਸਾਡੇ ਜਿਹੇ ਲੱਖਾਂ ਪੈਦਾ ਕਰੇਂਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥਮ੍ਹਣਾ ਨਹੀਂ। (ਪਰ) ਜੇ ਤੂੰ ਨਾ ਰਹਿਓ ਦਸ਼ਮੇਸ਼ ਦੂਲੇ, ਗੋਬਿੰਦ ਸਿੰਘ ਮੁੜ ਕੇ ਫੇਰ ਜੰਮਣਾ ਨਹੀਂ।” ਆਇਆ ਰੋਹ ਅੰਦਰ ਪੁਤਲਾ ਸ਼ਾਂਤੀ ਦਾ, ਉਹਦੀ ਬੀਰਤਾ ਸ਼ਾਨ ਵਿਖਾਣ ਲੱਗੀ । ਤੀਰਾਂ ਉਹਦਿਆਂ ਨੇ ਗਿਠ ਗਿਠ ਜੀਭ ਕੱਢੀ, ਆਕੜ ਓਸਦੀ ਲੈਣ ਕਮਾਨ ਲੱਗੀ। ਸ਼ੂਕੀ ਵਾਂਗ ਦਮੂੰਹੀ ਦੇ ਤੇਗ਼ ਉਹਦੀ, ਵੱਟ ਵਿਚ ਮਿਆਨ ਦੇ ਖਾਣ ਲੱਗੀ। ਨੀਲਾ ਹਿਣਕਿਆ, ਬਾਜ਼ ਨੇ ਖੰਭ ਫੰਡੇ, ਧਰਤੀ ਕੰਬ ਕੇ ਹੋਣ ਹੈਰਾਨ ਲੱਗੀ । ਲਾਟਾਂ ਨਿਕਲੀਆਂ ਉਹਦਿਆਂ ਨੇਤਰਾਂ 'ਚੋਂ, ਡੌਲੀਂ ਓਸਦੀ ਛੱਲੀਆਂ ਪੈ ਗਈਆਂ । ਕਲਗ਼ੀ ਓਸ ਦੀ 'ਚੋਂ ਬਿਜਲੀ ਜਿਹੀ ਲਿਸ਼ਕੀ, ਫ਼ੌਜਾਂ ਵਿਚ ਤਰਥੱਲੀਆਂ ਪੈ ਗਈਆਂ । ਉਸ ਨੇ ਕਿਹਾ ਗੰਭੀਰਤਾ ਨਾਲ, “ਸਿੱਖੋ ! ਕੀ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ ? ਜਿਨ੍ਹਾਂ ਮੌਤ ਤੀਕਰ ਮੇਰਾ ਸਾਥ ਦਿੱਤੈ, ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ? ਚਾਰ ਦਿਨਾਂ ਦੀ ਕੂੜੀ ਜਿਹੀ ਜ਼ਿੰਦਗੀ ਲਈ, ਮੈਂ ਹੁਣ ਘੋੜਾ ਭਜਾ ਕੇ ਨੱਠ ਜਾਵਾਂ ? ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤੈ, ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ? ਜੇਕਰ ਆਸ ਮੈਥੋਂ ਈਹੋ ਰੱਖਦੇ ਹੋ, ਤੁਸੀਂ ਸੱਚ ਜਾਣੋਂ ਕੁਝ ਵੀ ਜਾਣਦੇ ਨਹੀਂ। ਵੇਲਾ ਵਕਤ ਪਛਾਣਦੇ ਹੋ ਭਾਵੇਂ, ਪਰ ਦਸ਼ਮੇਸ਼ ਨੂੰ ਤੁਸੀਂ ਪਛਾਣਦੇ ਨਹੀਂ।" ਸਿੱਖ ਨਾਲ ਜਕਲੰਬ ਦੇ ਬੋਲ ਉੱਠੇ, "ਹੁਣ ਕੁਝ ਸੁਣਨ ਸੁਣਾਨ ਦੀ ਆਗਿਆ ਨਹੀਂ। ਗੋਬਿੰਦ ਸਿੰਘ, ਤੈਨੂੰ ਪੰਥ ਹੁਕਮ ਦੇਂਦੈ, ਏਥੇ ਘੜੀ ਲੰਘਾਣ ਦੀ ਆਗਿਆ ਨਹੀਂ । ਤੂੰ ਹੈਂ ਗੁਰੂ ਤੇ ਖ਼ਾਲਸਾ ਗੁਰੂ ਤੇਰਾ, ਉਹਦਾ ਹੁਕਮ ਪਰਤਾਣ ਦੀ ਆਗਿਆ ਨਹੀਂ । ਤੇਰੀ ਜਾਨ ਅਮਾਨਤ ਹੈ ਖਾਲਸੇ ਦੀ, ਉਹਨੂੰ ਕਿਤੇ ਗਵਾਣ ਦੀ ਆਗਿਆ ਨਹੀਂ। ਛੇਤੀ ਉਠੋ ਤੇ ਕਲਗੀਆਂ ਜਿਗੇ ਲਾਹੋ, ਦੂਰ ਵੈਰੀਆਂ ਦੀ ਨਜ਼ਰੋਂ ਹੱਟ ਜਾਓ । ਵੇਲਾ ਪਾ ਕੇ ਫੌਜ ਤਿਆਰ ਕਰ ਲਓ, ਫੇਰ ਦੁਸ਼ਮਨਾਂ ਦੇ ਅਗੇ ਡੱਟ ਜਾਓ।” ਸੁਣਿਆਂ ਗੁਰੂ ਨੇ ਗੁਰੂ ਦਾ ਹੁਕਮ ਨਾਮਾ, ਛੇਤੀ ਸੀਸ ਝੁਕਾ ਕੇ ਉੱਠ ਟੁਰਿਆ। ਹੱਥ ਜੋੜ ਦਿੱਤੇ, ਅੱਖਾਂ ਭਰ ਆਈਆਂ, ਅਤੇ ਹੁਕਮ ਬਜਾ ਕੇ ਉੱਠ ਟੁਰਿਆ। ਭੇਟਾ ਪੰਥ ਦੀ ਕਲਗ਼ੀਆਂ ਜਿਗੇ ਕੀਤੇ, ਬਾਜ਼ ਉਂਗਲੀ ਲਾ ਕੇ ਉੱਠ ਟੁਰਿਆ । ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ, ਜਗਤ ਤਾਈਂ ਵਿਖਾ ਕੇ ਉੱਠ ਟੁਰਿਆ। ਇਹ ਇਤਿਹਾਸ ਕਹਿੰਦੈ ਮੋਈ ਹੋਈ ਸਿੱਖੀ, ਪੰਜਾਂ ਸਿੰਘਾਂ ਨੇ ਫੇਰ ਜਿਵਾਲ ਦਿੱਤੀ। ਘੜੀ ਮੌਤ ਦੀ ਆਈ ਸੀ ਪੰਥ ਉੱਤੇ, ਸਿੱਖਾਂ ਗੁਰੂ ਬਣ ਕੇ ਫੇਰ ਟਾਲ ਦਿੱਤੀ। ਅਰਦਲ ਵਿਚ ਇਕ ਸਿੱਖ ਸੀ ਪਾਤਸ਼ਾਹ ਦੇ, ਅਤੇ ਦੁਸ਼ਮਨ ਦੀ ਫ਼ੌਜ ਬੇ ਪਾਂ ਸਾਹਵੇਂ । ਉਤੋਂ ਰਾਤ ਅਨ੍ਹੇਰੀ, ਨਾ ਰਾਹ ਖਹਿੜਾ, ਨਾ ਕੋਈ ਪਿੰਡ, ਨਾ ਕੋਈ ਗਰਾਂ ਸਾਹਵੇਂ । ਬੇੜੀ ਆਸ ਦੀ ਕਿਤੇ ਨਾ ਨਜ਼ਰ ਆਵੇ, ਦਿੱਸੇ ਦੁੱਖਾਂ ਦੀ ਚੜ੍ਹੀ ਝਨਾਂ ਸਾਹਵੇਂ। ਨਾ ਕੋਈ ਸਾਕ, ਨਾ ਸੈਣ ਨਾ ਯਾਰ ਬੇਲੀ, ਵੈਰੀ ਜਾਪਦੇ ਸੀ ਚਿੜੀਆਂ ਕਾਂ ਸਾਹਵੇਂ। ਟਿੱਡੀ ਦਲ ਦੇ ਜਦੋਂ ਵਿਚਕਾਰ ਪੁੱਜੇ, ਨੀਲਾ ਝੱਟ ਖਲੋ ਗਿਆ ਅੜੀ ਕਰ ਕੇ। ਕੀਤਾ ਪਿਆਰ, ਪੁਚਕਾਰਿਆ ਬੜਾ ਐਪਰ, ਡਾਢਾ ਓਕੜਾ ਹੋ ਗਿਆ ਅੜੀ ਕਰ ਕੇ । ਲਹਿ ਕੇ ਘੋੜਿਓਂ ਸ਼ਾਹ-ਸਵਾਰ ਡਿੱਠਾ, ਘੋੜਾ ਕਦਮ ਕਿਉਂ ਅਗਾਂਹ ਨਾ ਪੁੱਟਦਾ ਹੈ । ਨਾ ਹੀ ਰਾਹ ਦੇ ਵਿਚ ਹੈ ਖਾਈ ਟਿੱਬਾ, ਡੱਕਾ ਕਿਤੇ ਨਾ ਬੰਨੀ ਤੇ ਵੱਟ ਦਾ ਹੈ । ਲੱਗਾ ਪਤਾ ਆਕਾਸ਼ ਦੀ ਲਿਸ਼ਕ ਉਤੋਂ, ਉਰ੍ਹਾਂ ਪਰ੍ਹਾਂ ਨਾ ਏਸ ਲਈ ਹੱਟਦਾ ਹੈ — ਅੱਗੇ ਲੱਥ ਅਜੀਤ ਦੀ ਪਈ ਹੋਈ ਹੈ, ਨੀਲਾ ਚਰਨ ਉਹਦੇ ਪਿਆ ਚੱਟਦਾ ਹੈ। ਕਿਹਾ ਨੀਲੇ ਨੂੰ, ਇਹਨਾਂ ਸ਼ਹੀਦੀਆਂ ਦਾ, ਇਹ ਸਤਿਕਾਰ ਮੈਨੂੰ ਕਰਨਾ ਚਾਹੀਦਾ ਸੀ। ਲੰਘਿਆ ਮੈਂ ਸ਼ਹੀਦ ਦੀ ਲਾਸ਼ ਉਤੋਂ, ਇਹਦੇ ਨਾਲ ਮੈਨੂੰ ਮਰਨਾ ਚਾਹੀਦਾ ਸੀ। ਪਰ ਮੈਂ ਮਿੱਤਰਾ ! ਹੁਕਮ ਦਾ ਹਾਂ ਬੱਧਾ, ਆਇਆ ਆਪ ਨਹੀਂ ਕਿਸੇ ਦਾ ਘੱਲਿਆ ਹਾਂ। ਉੱਚੀ ਕੜਕ ਕੇ ਆਖਿਆ, ਕਾਇਰੋ ਓਏ, ਉੱਠੋ, ਬੂਹੇ ਤੁਹਾਡੇ ਤੇ ਖੱਲਿਆ ਹਾਂ । ਗੋਬਿੰਦ ਸਿੰਘ ਮੈਂ ਗੁਰੂ ਜੇ ਖ਼ਾਲਸੇ ਦਾ, ਲੜਨ ਮਰਨ ਨੂੰ ਕਦੇ ਨਾ ਟੱਲਿਆ ਹਾਂ। ਮਤੇ ਕਹੋ ਚੋਰੀ ਨਿਕਲ ਗਿਆ ਸੀ ਉਹ, ਲੌ ਮੈਂ ਵੱਜ ਵਜਾ ਕੇ ਚੱਲਿਆ ਹਾਂ । ਮੇਰੇ ਨਾਲ ਕੋਈ ਫ਼ੌਜ ਨਾ ਕੋਈ ਸਾਥੀ, ਮੈਨੂੰ ਮੁਰਦਿਓ ਰੋਕ ਨਾ ਸਕਦੇ ਹੋ । ਹਿੰਮਤ ਕਰੋ ਤੇ ਪਕੜ ਲਓ ਆਪ ਮੈਨੂੰ, ਕਾਹਨੂੰ ਮੂੰਹ ਇਕ ਦੂਜੇ ਦਾ ਤੱਕਦੇ ਹੋ । ਹੋ ਕੇ ਕੋਲ ਅਜੀਤ ਦੇ ਕਹਿਣ ਲਗੇ, “ਪੁੱਤਰ ! ਮੇਰਾ ਪਿਆਰ ਕਬੂਲ ਕਰ ਲਓ । ਕੰਮ ਬਾਕੀ ਹੈ ਤਦੇ ਮੈਂ ਨਹੀਂ ਆਇਆ, ਮੇਰਾ ਇਹ ਹੁਦਾਰ ਕਬੂਲ ਕਰ ਲਓ । ਮੈਥੋਂ ਵੱਧ ਉੱਚੀ ਪਦਵੀ ਤੁਸਾਂ ਪਾਈ ਤੁਸੀਂ ਸਣੇ ਜੁਝਾਰ ਕਬੂਲ ਕਰ ਲਓ। ਤੇ ਚਮਕੌਰ ਦੇ ਕੁੱਲ ਸ਼ਹੀਦ ਸਿੰਘੋ, ਮੇਰਾ ਦਿਲੀ ਸਤਿਕਾਰ ਕਬੂਲ ਕਰ ਲਓ।” ਏਨਾ ਆਖ ਕੇ, ਨੀਲੇ ਨੂੰ ਲਾ ਥਾਪੀ, ਮੇਰੇ ਪਾਤਸ਼ਾਹ ਨੇ ਚਾਲੇ ਪਾ ਦਿੱਤੇ। ਪਰ ‘ਕਰਤਾਰ’ ਚਮਕੌਰ ਵਿਚ ਮਰਨ ਵਾਲੇ ਪਰਲੋ ਤੀਕਰਾਂ ਅਮਰ ਬਣਾ ਦਿੱਤੇ।

ਮਾਛੀਵਾੜੇ ਵੱਲ

ਗੜ੍ਹੀ ਵਿਚੋਂ ਦਸ਼ਮੇਸ਼ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ। ਅਰਦਲ ਵਿਚ ਲੈ ਕੇ ਦਇਆ ਸਿੰਘ ਤਾਈਂ, ਮੱਥਾ ਧਰ ਲਿਉ ਨੇ ਮਾਛੀਵਾੜੇ ਦੇ ਵੱਲ। ਡਿੱਠਾ ਨਾਲ ਸਤਿਕਾਰ ਦੇ ਪਾਤਸ਼ਾਹ ਨੇ, ਜਾਂਦੀ ਵਾਰੀ ਸ਼ਹੀਦੀ ਅਖਾੜੇ ਦੇ ਵੱਲ । ਲੰਘਦੇ ਹੋਏ ਜੁਝਾਰ ਦੀ ਲਾਸ਼ ਕੋਲੋਂ, ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਪਲ ਭਰ ਵੇਖਿਆ ਦਾਤੇ ਨੇ ਨਾਲ ਗੌਰਵ, ਅਤੇ ਫੇਰ ਮੁਸਕਾ ਕੇ ਲੰਘ ਟੁਰਿਆ। ਫਾਹੀਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛੁਡਾ ਕੇ ਲੰਘ ਟੁਰਿਆ। ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ, ਤੇ ਉਹ ਘੇਰਨੀ ਖਾ ਕੇ ਬੈਠ ਗਿਆ। ਉਸ ਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ, ਸਿੱਖ ਸੀਸ ਝੁਕਾ ਕੇ ਬੈਠ ਗਿਆ। ਲਹੂ ਪੂੰਝ, ਕੇਸਾਂ ਵਿਚੋਂ ਝਾੜ ਮਿੱਟੀ, ਗੋਦੀ ਵਿਚ ਲਿਟਾ ਕੇ ਬੈਠ ਗਿਆ । ਵੱਲ ਪਿਤਾ ਨਿਰਮੋਹੀ ਦੇ ਵੇਖ ਕੇ ਤੇ, ਦਇਆ ਸਿੰਘ ਰੋਹ ਵਿਚ ਆ ਕੇ ਬੈਠ ਗਿਆ। ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ। ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਪਿਆਰ ਦਾ ਫੇਰ ਜਾਂਦਾ। ਡਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ, ਉੱਚੀ ਵਾਜ ਮਾਰੀ, ਆ ਜਾ ਦਇਆ ਸਿੰਘਾ । ਬਾਜਾਂ ਨਾਲ ਉਡਾਰੀਆਂ ਲਾਂਵਦਾ ਸੈਂ, ਫਾਹੀਆਂ ਕਿਹੜੀਆਂ ਵਿਚ ਫਸ ਗਿਆ ਸਿੰਘਾ। ਬੜਾ ਸੁਖੀ ਏ ਮੌਤ ਦੀ ਗੋਦ ਅੰਦਰ, ਇਹਨੂੰ ਰਹਿਣ ਦੇ ਓਥੇ ਹੀ ਪਿਆ ਸਿੰਘਾ । ਖੱਫ਼ਨ ਪਾਂਦਾ ਏ ਕੌਣ ਪਰਵਾਨਿਆਂ ਨੂੰ, ਚਾਦਰ ਵਿਚ ਲਪੇਟ ਨਾ ਪਿਆ ਸਿੰਘਾ ! ਉਤਾਂਹ ਉੱਠ, ਉਹ ਨਹੀਂ ਦੇਸ਼ ਭਗਤ ਹੁੰਦਾ, ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ । ਉਹ ਤਾਂ ਮਨਜ਼ਲਾਂ ਮਾਰ ਕੇ ਪਿਆ ਲੰਮਾਂ, ਸਾਡਾ ਪੰਧ : ਪਰ ਸੱਜਣਾ ਦੂਰ ਦਾ ਏ । ਕਿਹਾ ਸਿੰਘ ਨੇ, “ਪਾਤਸ਼ਾਹ ਤੁਸੀਂ ਚੱਲੋ, ਮੈਂ ਦੀਦਾਰ ਕਰ ਕੇ ਹੁਣੇ ਆ ਜਾਨਾਂ। ਇਹਨੂੰ ਮਿਲਾਂਗਾ ਕਿਹੜੇ ਪੜਾਅ ਉੱਤੇ, ਇਹ ਇਕਰਾਰ ਕਰ ਕੇ ਹੁਣੇ ਆ ਜਾਨਾਂ । ਮੇਰੀ ਆਤਮਾ ਤੇ ਬੋਝ ਕੁਹਮਕਾਂ ਦਾ, ਹੌਲਾ ਭਾਰ ਕਰ ਕੇ ਹੁਣੇ ਆ ਜਾਨਾਂ। ਦਿਉ ਆਗਿਆ ਕਿ ਦੋਹਾਂ ਚੰਨਿਆਂ ਦਾ, ਮੈਂ ਸਸਕਾਰ ਕਰ ਕੇ ਹੁਣੇ ਆ ਜਾਨਾਂ। ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿਚ ਰੁਲਦਾ, ਮੇਰਾ ਹੌਸਲਾ ਪਿਆ ਤਾਂ ਆ ਮਿਲਾਂਗਾ । ਮੈਂ ਸਸਕਾਰ ਕਰਨੈਂ ਸਾਹਿਬਜ਼ਾਦਿਆਂ ਦਾ, ਜੇਕਰ ਜੀਉਂਦਾ ਰਿਹਾ ਤਾਂ ਆ ਮਿਲਾਂਗਾ ।” ਗੁਰਾਂ ਆਖਿਆ ਰੋਹ ਦੇ ਨਾਲ ਮੁੜ ਕੇ, ਉੱਠ, ਬਣੀਦਾ ਏ ਜ਼ਿੰਮੇਵਾਰ ਸਿੰਘਾ। ਜਿੱਤੀ ਹੋਈ ਬਾਜ਼ੀ ਨਾਲ ਘਾਲਣਾਂ ਦੇ, ਦਿਆਂ ਕਿਸ ਤਰ੍ਹਾਂ ਦੱਸ ਮੈਂ ਹਾਰ ਸਿੰਘਾ । ਮੇਰੀ ਨਜ਼ਰ ਵਿਚ ਸਾਰੇ ਸ਼ਹੀਦ ਸੁੱਤੇ, ਨਾ ਅਜੀਤ, ਨਾ ਕੋਈ ਜੁਝਾਰ ਸਿੰਘਾ । ਇਕੋ ਜਿਹੇ ਨੇ ਸਾਰੇ, ਜੇ ਕਰ ਸਕਨੈਂ, ਤਾਂ ਫਿਰ ਸਭਨਾ ਦਾ ਕਰ ਸਸਕਾਰ ਸਿੰਘਾ । ਮੇਰੇ ਕਾਲਜੇ ਨੂੰ ਲੱਖਾਂ ਜ਼ਖ਼ਮ ਲੱਗੇ, ਤੂੰ ਪਲੋਸਨਾਂ ਏਂ ਇਕੋ ਫਟ ਅੜਿਆ । ਮੇਰੀ ਅੱਖ ਚੋਂ ਵੇਖ, ਕੋਈ ਇਨ੍ਹਾਂ ਵਿਚੋਂ, ਨਹੀਂ ਅਜੀਤ, ਜੁਝਾਰ ਤੋਂ ਘੱਟ ਅੜਿਆ। “ਇਕੋ ਜਿਹੇ ਟੋਟੇ ਮੇਰੀਆਂ ਆਂਦਰਾਂ ਦੇ, ਸਿੱਖਾ ਝੱਲਿਆ ਵਿਤਕਰਾ ਕਰ ਰਿਹਾ ਏਂ। ਕੰਡੇ ਮੌਤ ਦੇ ਚੁੱਭੇ ਨੇ ਸਾਰਿਆਂ ਨੂੰ, ਫੁੱਲ ਸ਼ਰਧਾ ਦੇ ਕੱਲੇ ਤੇ ਧਰ ਰਿਹਾ ਏਂ । ਏਥੇ ਸਭਨਾਂ ਸਵਾਸਾਂ ਦਾ ਦਾਨ ਦਿੱਤਾ, ਪਰ ਤੂੰ ਇਕ ਖ਼ਾਤਰ ਹਉਕੇ ਭਰ ਰਿਹਾ ਏਂ । ਮੈਨੂੰ ਜ਼ਿੰਦਗੀ ਦਿੱਤੀ ਏ ਸਾਰਿਆਂ ਨੇ, ਤੂੰ ਅਜੀਤ, ਜੁਝਾਰ ਲਈ ਮਰ ਰਿਹਾ ਏਂ। ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰਦੋਂ, ਵੱਖੋ ਵੱਖਰੇ ਤੈਨੂੰ ਨਾ ਬੁੱਤ ਦਿਸਦੇ । ਜੇ ਤੂੰ ਭਾਈ ਘਨਈਏ ਤੋਂ ਸਬਕ ਲੈਂਦੇਂ, ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦਿਸਦੇ।” "ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ, ਉਹ ਨਹੀਂ ਖੱਫ਼ਨ ਦੀ ਸਮਝਦੇ ਲੋੜ ਸਿੰਘਾ । ਇਹ ਨੇ ਇਸ਼ਕ ਦੀ ਅੱਗ ਵਿਚ ਸੜਨ ਵਾਲੇ, ਰੱਖਦੇ ਚਿਖ਼ਾ ਦੀ ਨਹੀਂ ਹੰਜੋੜ ਸਿੰਘਾ। ਮਾਸ ਇਨ੍ਹਾਂ ਦਾ ਖਾਣ ਨਿਸ਼ੰਗ ਹੋ ਕੇ, ਇੱਲਾਂ, ਕਾਂ ਤਰੋੜ ਤਰੋੜ ਸਿੰਘਾ । ਤਾਕਿ ਅਣਖ ਦੀ ਜੱਗ ਨੂੰ ਮਿਲੇ ਗੁੜ੍ਹਤੀ, ਜੰਮਣ ਸੂਰਮੇ ਲੱਖ ਕਰੋੜ, ਸਿੰਘਾ । ਇਨ੍ਹਾਂ ਵਾਸਤੇ ਜੇ ਖੱਫ਼ਨ ਕੋਲ ਰੱਖਦਾ, ਤਾਂ ਮੈਂ ਵਿੰਹਦਾ ਨੰਗੇਜ਼ ਕਮਜ਼ੋਰ ਦਾ ਨਾ । ਹੰਝੂ ਇਨ੍ਹਾਂ ਲਈ ਹੁੰਦੇ ਜੇ ਅੱਖ ਅੰਦਰ, ਤਾਂ ਮੈਂ ਇਹਨੂੰ ਪਿਆਸਿਆਂ ਤੋਰਦਾ ਨਾ ।” “ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ, ਕਹਿਣ ਲੱਖ ਵਾਰ ਮੈਨੂੰ, ਕਿ ਮੈਂ ਪੁੱਤਰ ਮਰਵਾ ਕੇ ਆ ਗਿਆ ਹਾਂ । ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ, ਕਿ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀਂ, ਤਾਂ ਵੀ ਸੁਣ ਲਵਾਂਗਾ, ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ । ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ । ਪਰ ਮੈਂ ਇਹ ਨਾ ਸੁਣਾਂ, ਗੋਬਿੰਦ ਸਿੰਘ ਨੇ, ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ ।” "ਇਹ ਜੋ ਚਾਦਰੇ ਦਾ ਖੱਫ਼ਨ ਪਾ ਰਿਹਾ ਏਂ, ਇਹਦੇ ਨਾਲ ਇਹ ਚੱਲੇ ਨਹੀਂ ਸੱਜ ਸਿੰਘਾ । ਪੜਦੇ ਪਾ ਸ਼ਹੀਦਾਂ ਤੇ ਖੱਫ਼ਣਾਂ ਦੇ, ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾ । ਲੜ ਕੇ ਜੰਗ ਜਿਹੜੇ ਏਦਾਂ ਮਰਨ ਜੋਧੇ, ਖੱਫ਼ਣ ਉਹਨਾਂ ਨੂੰ ਹੁੰਦੇ ਨੇ ਬੱਜ ਸਿੰਘਾ। ਟੋਟੇ ਉਹਨਾਂ ਦੇ ਗਿਨਣ ਨਿਸ਼ੰਗ ਲੋਕੀਂ, ਸੂਰਬੀਰਾਂ ਦੀ ਇਹਦੇ ਵਿਚ ਲੱਜ ਸਿੰਘਾ। ਜੇਕਰ ਇਹਨਾਂ ਨੂੰ ਖੱਫ਼ਣ ਦੀ ਚਾਹ ਹੁੰਦੀ, ਮਰਦੇ ਮਹਿਲੀਂ ਇਹ ਪਲੰਘਾਂ ਨਵਾਰੀਆਂ ਤੇ। ਇਹ ਬੇਕਫ਼ਨ ਲਾਸ਼ਾਂ ਪੜਦੇ ਪਾਣਗੀਆਂ, ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ।" "ਅੰਮ੍ਰਿਤ ਧਾਰੀਆ ! ਉੱਠ ਨਿਸ਼ਚਿੰਤ ਹੋ ਕੇ, ਰਾਜ਼ੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ । ਲੱਤ ਦੁਹੀਂ ਬੇੜੀ ਮੈਂ ਨਹੀਂ ਰੱਖ ਸਕਦਾ, ਜਾਂ ਉਰਾਰ ਹੁੰਦਾ, ਜਾਂ ਮੈਂ ਪਾਰ ਰਹਿੰਦਾ। ਇਕ ਚੀਜ਼ ਹੀ ਸੱਜਣਾ, ਰੱਖਣੀ ਸੀ, ਜਾਂ ਅਸੂਲ ਰਹਿੰਦਾ, ਜਾਂ ਪਰਵਾਰ ਰਹਿੰਦਾ । ਨਹੀਂ ਸੀ ਦੁਹਾਂ ਜੋਗੀ ਦਿਲ ਵਿਚ ਥਾਂ ਮੇਰੇ, ਰਹਿੰਦੀ ਕੌਮ, ਜਾਂ ਪੁੱਤਾਂ ਦਾ ਪਿਆਰ ਰਹਿੰਦਾ ।" ਦਇਆ ਸਿੰਘ ਅੱਗੋਂ ਬੋਲ ਸਕਿਆ ਨਾ, ਹੰਝੂ ਕੇਰਦਾ ਕੇਰਦਾ, ਟੁਰ ਪਿਆ ਉਹ। ਸੂਰਮਤਾਈ ਦੇ ਏਸ ਪਰਮਾਤਮਾ ਦੀ, ਮਾਲਾ ਫੇਰਦਾ ਫੇਰਦਾ, ਟੁਰ ਪਿਆ ਉਹ।

ਸ਼ਹੀਦ ਭਾਈ ਤਾਰੂ ਸਿੰਘ

ਤਾਰੂ ਸਿੰਘ ਨੂੰ ਕਹਿੰਦੇ ਨੇ ਫੜਨ ਵੇਲੇ, ਆਈ ਫ਼ੌਜ ਤਲਵਾਰਾਂ ਤੇ ਤੀਰਾਂ ਦੇ ਨਾਲ । ਇਹ ਵੀ ਕਹਿੰਦੇ ਨੇ ਲਾਈਓ ਨੇ ਸੂਰਮੇ ਨੂੰ, ਹੱਥਕੜੀ ਤੇ ਬੇੜੀ ਜ਼ੰਜੀਰਾਂ ਦੇ ਨਾਲ । ਇਹ ਵੀ ਦੱਸਦੈ ਕੋਈ ਪਈ ਗਲ ਉਹਦੇ, ਇਕ ਕੁੜਤੀ ਅੱਧ-ਬਾਂਹੀਂ ਸੀ ਲੀਰਾਂ ਦੇ ਨਾਲ । ਇਹ ਵੀ ਕਿਸੇ ਇਤਿਹਾਸ ਵਿਚ ਵੇਖਿਆ ਏ, ਲੱਗੀ ਭੁੱਖ ਸੀ ਉਹਨੂੰ ਵਹੀਰਾਂ ਦੇ ਨਾਲ। ਉਹਦੇ ਮੱਥੇ ਤੇ ਵੱਟ ਕੋਈ ਗ਼ਮਾਂ ਵਾਲਾ ? ਇਹ ਪਰ ਕਿਸੇ ਵਡੇਰੇ ਨੇ ਦੱਸਿਆ ਨਹੀਂ। ਅੱਜ ਤੱਕ ਕਿਸੇ ਤਾਰੀਖ਼ ਵਿਚ ਨਹੀਂ ਪੜ੍ਹਿਆ, (ਕਿ) ਉਹ ਮਰਨ ਵੇਲੇ ਖਿੜ ਖਿੜ ਹੱਸਿਆ ਨਹੀਂ ਤਾਰੂ ਸਿੰਘ ਨੂੰ ਬੰਨ੍ਹ ਕੇ ਲੈ ਚੱਲੇ, ਗ਼ਲਬਾ ਪੈ ਗਿਆ ਜਦੋਂ ਤਕਦੀਰ ਦਾ ਏ । ਟੁੱਟੀ ਸਾਂਝ ਜਵਾਨ ਦੀ ਪਿੰਡ ਨਾਲੋਂ, ਟੁੱਟੇ ਸਾਕ ਜਿਉਂ ਜਿੰਦ ਸਰੀਰ ਦਾ ਏ । ਤਾਂ ਹੀ ਟਾਕਰਾ ਗਲੀ ਵਿਚ ਹੋ ਜਾਂਦੈ, ਜਾਂਦੇ ਜਾਂਦਿਆਂ ਭੈਣ ਤੇ ਵੀਰ ਦਾ ਏ । ਵਿੰਹਦੇ ਸਾਰ ਹੀ ਭੈਣ ਨੂੰ ਸਮਝ ਆ ਗਈ, ਮੇਲਾ ਇਹੋ ਹੀ ਸਾਡਾ ਅਖ਼ੀਰ ਦਾ ਏ । ਭੁੱਬਾਂ ਮਾਰ ਭਰਾ ਨੂੰ ਕਹਿਣ ਲੱਗੀ, ਜਾਂਦਾ ਹੋਇਆ ਵਖਾਈ ਤਾਂ ਦੇ ਜਾਂਦੋਂ। ਲਾੜੀ ਮੌਤ ਵਿਆਹੁਣ ਲਈ ਚੱਲਿਆ ਏਂ, ਵੀਰਾ ਵਾਗ ਫੜਾਈ ਤਾਂ ਦੇ ਜਾਂਦੋਂ। ਸਦਕੇ ਜਾਂ ਕੂੰਦਾ ਕਿਉਂ ਨਹੀਂ, ਦੱਸ ਤੇ ਸਹੀ, ਅਚਨਚੇਤ ਟੁਰਿਉਂ ਕਿਹੜੇ ਦਾਅ ਚੰਨਾ । ਭੈਣ ਰੱਜ ਗਈ ਅੱਜੇ ਤਕ ਨਹੀਂ ਲੱਥਾ, ਮੇਰਾ ਘੋੜੀਆਂ ਗਾਉਣ ਦਾ ਚਾਅ ਚੰਨਾ । ਵਗਦੇ ਜ਼ੁਲਮ ਤੇ ਜਬਰ ਦੇ ਝੱਖੜਾਂ ਵਿਚ, ਤੈਨੂੰ ਲੱਗੇ ਨਾ ਤੱਤੀ ਵਾ ਚੰਨਾ। ਅਮੀਂ ਜਮੀਂ ਵੱਸੇ ਦੁਨੀਆਂ ਆਪਣੀ ਇਹ, ਪਰ ਸਾਕ ਜੱਗ ਤੇ ਭੈਣ ਭਰਾ ਚੰਨਾ । ਕੱਚੀ ਲਿੱਲ੍ਹ ਵਾਂਗੂੰ ਟੁੱਟ ਪੈਣ ਲੱਗੈਂ, ਅਜੇ ਮੇਵਾ ਪਿਆਰ ਦਾ ਪੱਕਣਾ ਸੀ । ਗਾਨਾ ਮੌਤ ਦਾ ਹੁਣੇ ਹੀ ਬੰਨ੍ਹ ਬੈਠੋਂ, ਮੈਂ ਤੇ ਚੂੜਾ ਭਰਜਾਈ ਦਾ ਤੱਕਣਾ ਸੀ। ਸਭੇ ਸਾਕ ਚੰਗੇਰੇ ਨੇ ਜੱਗ ਉੱਤੇ, ਪਰ ਭੈਣਾਂ ਜਿਗਰ ਦਾ ਸਾਕ ਅਖਵਾਉਂਦੀਆਂ ਨੇ । ਚੰਨ-ਵੀਰ ਨਾ ਰਤਾ ਕੁ ਨਜ਼ਰ ਆਵੇ, ਭੈਣਾਂ ਅੰਨ੍ਹੀਆਂ ਹੋ ਹੋ ਜਾਂਦੀਆਂ ਨੇ । ਬੰਨੇ ਗਏ ਨੂੰ ਰਤਾ ਕੁ ਚਿਰ ਲੱਗੇ, ਬਹਿ ਬਹਿ ਔਂਸੀਆਂ ਰਾਹਾਂ ਤੇ ਪਾਂਦੀਆਂ ਨੇ । ਸੁੱਕਾ ਟੁੱਕ ਨਗੂਣਾ ਵੀ ਖਾਣ ਲੱਗਣ, ਇਹ ਵੀ ਕੱਲ੍ਹਿਆਂ ਕਦੇ ਨਾ ਖਾਂਦੀਆਂ ਨੇ । ਮੇਰੇ ਤੁਲੇ ਦੇ ਕੱਲੇ ਮੁਹਾਣਿਆਂ ਵੇ, ਤੂੰ ਤੇ ਮੌਤ ਦੀ ਨੈਂ ਵਿਚ ਤਰ ਚਲਿਐਂ । ਕਲਗੀ ਵਾਲੇ ਦੀ ਅੱਖ ਦੇ ਚਾਨਣਾ ਵੇ, ਅੱਜ ਭੈਣ ਨੂੰ ਅੰਨ੍ਹਿਆਂ ਕਰ ਚਲਿਐਂ। ਐਪਰ ਵੀਰ ਵੇ, ਹੌਂਸਲਾ ਕਾਇਮ ਰੱਖੀਂ, ਉੱਕਾ ਡਰੀਂ ਨਾ ਤੈਨੂੰ ਡਰਾਣਗੇ ਉਹ। ਇਹ ਵੀ ਚਰਜ ਨਹੀਂ ਗੱਲ ਤੂੰ ਸੱਚ ਜਾਣੀ, ਬੰਦ ਬੰਦ ਵੀ ਅੱਡ ਕਰਾਣਗੇ ਉਹ। ਜੀਭ ਸੜੇ ਮੇਰੀ, ਮੈਂ ਨਹੀਂ ਆਖ ਸਕਦੀ, ਤੇਰੇ ਚਰਖੀ ਤੇ ਤੂੰਬੇ ਉਡਾਣਗੇ ਉਹ । ਇਹ ਵੀ ਕਰਨ, ਤਾਂ ਵੀ ਵੱਡੀ ਗੱਲ ਕੋਈ ਨਹੀਂ, ਤੈਨੂੰ ਆਰੇ ਦੇ ਨਾਲ ਚਰਾਣਗੇ ਉਹ । ਮੇਰਾ ਭਰਮ ਨਾ ਕਰੀਂ ਮੈਂ ਸਮਝ ਲਵਾਂਗੀ, ਤੈਨੂੰ ਪਿਤਾ ਮੇਰਾ ਨਾਲੇ ਲੈ ਗਿਆ ਸੀ। ਐਪਰ ਇਹ ਨਾ ਸੁਣਾਂ ਕਿ ਮਰਨ ਵੇਲੇ, ਮੱਥੇ ਵੱਟ ਭਰਾ ਦੇ ਪੈ ਗਿਆ ਸੀ । ਤੇਰੇ ਬਿਨਾਂ ਜਹਾਨ ਉਜਾੜ ਹੋਣੈ, ਕਰਸੀ ਘਰ ਬੂਹਾ ਭਾਂ ਭਾਂ ਚੰਨਾ। ਤੇਰੀ ਰੱਤ ਦੇ ਨਾਲ ਹੀ ਚਮਕਣਾ ਸੀ, ਐਪਰ ਏਸ ਖਣਵਾਦੇ ਦਾ ਨਾਂ ਚੰਨਾਂ । ਮਤੇ ਘਾਬਰੇਂ ਜਦੋਂ ਦਬਾ ਪਾਨੀਂ, ਤੈਨੂੰ ਪਈ ਸਮਝਾਂਦੀ ਹਾਂ ਤਾਂ ਚੰਨਾਂ । ਕਰੀਂ ਨਾਂਹ ਜੇ ਆਖਣਾਂ ਧਰਮ ਛੱਡ ਦੇ, ਪੁੱਛਣ ਮਰਨਾ ਈਂ ? ਆਖ ਦਈਂ ਹਾਂ ਚੰਨਾਂ । ਵੀਰਾ ਆਪਣੀ ਜਿੰਦ ਤੇ ਖੇਡ ਕੇ ਵੀ, ਜੇ ਤੂੰ ਹਿੰਦ ਦਾ ਕੁਝ ਸਵਾਰ ਲਏਂਗਾ । ਡੁੱਬ ਕੇ ਜ਼ਿੰਦਗੀ ਦੇ ਸਾਗਰ ਵਿਚ ਚੰਨਾਂ, ਆਪਣੀਆਂ ਇੱਕੀਆਂ ਕੁਲਾਂ ਨੂੰ ਤਾਰ ਲਏਂਗਾ । ਅੱਗੋਂ ਹੱਸ ਕੇ ਜ਼ਿੰਦਾ ਸ਼ਹੀਦ ਕਹਿੰਦਾ, ਉੱਕਾ ਭੈਣ ਜੀ ਮੈਂ ਝੁਰਾਂ ਝੁਕਾਂਗਾ ਨਾਂਹ । ਹੋਵੇ ਸੱਤਾਂ ਵਲੈਤਾਂ ਦੀ ਬਾਦਸ਼ਾਹੀ, ਕਦੀ ਪਰਤ ਕੇ ਓਧਰੋਂ ਤੱਕਾਂਗਾ ਨਾਂਹ। ਸਿਦਕੀ ਸਿੱਖ ਵਾਂਗੂੰ ਛਾਤੀ ਡਾਹ ਦਿਆਂਗਾ, ਕਦੀ ਤੇਗ਼ ਨੂੰ ਪਿੱਠ ਤੇ ਡੱਕਾਂਗਾ ਨਾਂਹ । ਜੱਫੇ ਮਾਰਾਂਗਾ ਆਰੀਆਂ ਚਰਖ਼ੀਆਂ ਨੂੰ, ਆਈ ਮੌਤ ਤਾਂਈਂ ਪਿਛਾਂਹ ਧੱਕਾਂਗਾ ਨਾਂਹ । ਲੋਕੀਂ ਕਹਿੰਦੇ ਨੇ ਰੰਬੀ ਦੇ ਨਾਲ ਚਿਰਦਾ, ਤਾਰੂ ਸਿੰਘ ਗੱਲ ਆਖ਼ਰੀ ਕਰ ਰਿਹਾ ਸੀ। ਮੇਰੀ ਭੈਣ ਤਾਂਈਂ ਲੋਕੋ ਆਖ ਦੇਣਾ, ਤੇਰਾ ਵੀਰ ਹੱਸ ਹੱਸ ਕੇ ਮਰ ਰਿਹਾ ਸੀ।

ਸ਼ਹੀਦ ਭਾਈ ਲਛਮਣ ਸਿੰਘ

ਸੁਣਿਆਂ ਭੈਣ ਅਰਦਾਸਾ ਜਾਂ ਵੀਰਨੇ ਦਾ, ਉਹਦੇ ਮੂੰਹ ਤੇ ਪਲਿੱਤਣਾਂ ਵਰਤ ਗਈਆਂ। ਉਸ ਨੇ ਸਮਝਿਆ ਬਾਬਲ ਦੇ ਬਾਗ਼ ਉਤੋਂ, ਆਈਆਂ ਹੋਈਆਂ ਬਹਾਰਾਂ ਨੇ ਪਰਤ ਗਈਆਂ। ਭੋਲੀ ਜਿਹੀ ਭਰਜਾਈ ਨੂੰ ਵੇਖ ਕੇ ਤੇ ਨੰਦ ਨੇਤਰਾਂ 'ਚੋਂ ਛਮ ਛਮ ਵੱਸਦੀ ਏ। ਹਾਏ ! ਏਸ ਨਮਾਣੀ ਨੂੰ ਕੌਣ ਵੇਖੇ, ਹੋਣੀ ਤੇਰੇ ਬਨੇਰੇ ਤੇ ਹੱਸਦੀ ਏ । ਉਹਦੇ ਬੁੱਲ੍ਹਾਂ ਤੇ ਵੇਖ ਕੇ ਚੁੱਪ ਬੈਠੀ ਦਿਲ ਵਿਚ ਮਿੱਟੀ ਦਲੀਲਾਂ ਦੀ ਘੋਲਦੀ ਏ। ਡੋਲੀ ਭੈਣ ਦੀ ਤੋਰੀ ਸੀ ਵੀਰ ਜਿਥੋਂ ਓਥੋਂ ਭੈਣ ਅੱਜ ਵੀਰ ਨੂੰ ਟੋਰਦੀ ਏ। ਹੰਝੂ ਪੂੰਝੇ ਜਾਂ ਨਰਗਸੀ ਅੱਖੀਆਂ 'ਚੋਂ, ਉਸ ਨੇ ਦਾਜ ਦੀ ਸੁੱਚੀ ਕਮੀਜ਼ ਦੇ ਨਾਲ । ਮੂਰਤ ਨਾਨਕ ਦੀ ਲਾਹੀ ਪੜਛੱਤੀ ਉਤੋਂ, ਮੱਥਾ ਟੇਕਿਆ ਧਰ ਕੇ ਦਹਿਲੀਜ਼ ਦੇ ਨਾਲ। ਗਲ ਵਿਚ ਰੱਤੜੇ ਸਾਲੂ ਦਾ ਪਾ ਪੱਲਾ, ਖੜੀ ਹੋ ਗਈ ਸਿਦਕ ਦੇ ਰਾਹ ਅੱਗੇ । ਬੜੇ ਦਰਦ ਦੇ ਨਾਲ ਅਰਦਾਸ ਕੀਤੀ ਉਸ ਨੇ ਫੇਰ ਨਾਨਕ ਪਾਤਸ਼ਾਹ ਅੱਗੇ । ਸੁਣ ਵੇ ਵੀਰਨਾ ਨਾਨਕੀ ਭੈਣ ਦਿਆ, ਮੇਰਾ ਦਰਦ ਨਾ ਕੋਈ ਪਛਾਣਦਾ ਏ । ਕੀ ਨੇ ਆਂਦਰਾਂ ਭੈਣ ਭਰਾ ਦੀਆਂ, ਤੇਰੇ ਬਾਝ ਬਾਬਾ ਕਿਹੜਾ ਜਾਣਦਾ ਏ । ਇਹਦੇ ਨਾਲ ਤੇ ਕਿਸਮਤਾਂ ਬੱਝੀਆਂ ਨੇ, ਇਹਦੇ ਬਾਝ ਸਭੇ ਫੁਟ ਜਾਣਗੀਆਂ । ਤੇਰੇ ਰਹਿਣਗੇ ਸਦਾ ਰਬਾਬ ਵਜਦੇ, ਪਰ ਤਾਰਾਂ ਭੈਣ ਦੀਆਂ ਟੁਟ ਜਾਣਗੀਆਂ। ਵਸਦੀ ਰਹੇ ਤਲਵੰਡੀ ਦੀ ਜੂਹ ਤੇਰੀ, ਉਹਨੂੰ ਲੈ ਕੇ ਕਿਸੇ ਨਾ ਭਜ ਜਾਣਾ । ਚਾਬੀ ਕਿਸੇ ਨਨਕਾਣੇ ਦੀ ਰੱਖਣੀ ਨਹੀਂ, (ਪਰ) ਮੇਰੇ ਬਾਬਲ ਦਾ ਜੰਦਰਾ ਵੱਜ ਜਾਣਾ। ਲੱਗੇ ਦਾਗ਼ ਨਾ ਵੀਰ ਦੇ ਸਿਦਕ ਉਤੇ, ਛੇਤੀ ਭੈਣ ਦੇ ਮੱਥੇ ਭਰਾ ਲੱਗੇ । ਭਾਂਬੜ ਕੰਡਿਆਂ ਦੇ ਠਾਰਨ ਵਾਲਿਆ ਵੇ, ਮੇਰੇ ਵੀਰ ਨੂੰ ਤੱਤੀ ਨਾ ਵਾ ਲੱਗੇ । ਖਾਰੇ ਹੰਝੂਆਂ ਵਿਚ ਤਸਵੀਰ ਭਿੱਜੀ, ਨਾਲ ਰੋ ਰੋ ਕੇ ਅੱਖੀਆਂ ਸੁੱਜ ਗਈਆਂ ਜਿਥੇ ਹਾੜ੍ਹੇ, ਭਰਾ ਦੇ ਅਪੜੇ ਸੀ, ਭੈਣ ਦੀਆਂ ਅਰਦਾਸਾਂ ਵੀ ਪੁਜ ਗਈਆਂ। ਭੈਣ ਹੌਕਿਆਂ ਦੇ ਝਖੜੇ ਬੜੇ ਛੱਡੇ, ਪਰ ਨਾ ਬੱਦਲ ਨਸੀਬਾਂ ਦੇ ਛੱਡ ਸਕੀ । ਟੁੱਟਾ ਆਪਣਾ ਜੇਰਾ ਤਾਂ ਗੰਢ ਲਿਓ ਸੂ, ਐਪਰ ਵੀਰ ਦੀ ਟੁੱਟੀ ਨਾ ਗੰਢ ਸੱਕੀ । ਜਦੋਂ ਔਕੜੇ ਭਾਗਾਂ ਨਾ ਹਾਰ ਮੰਨੀਂ, ਨਵਾਂ ਹੋਰ ਹਥਿਆਰ ਅਜ਼ਮਾਨ ਲੱਗੀ। ਮੋਹ ਦੀ ਤੰਦੀ ਦਾ ਪੇਚਵਾਂ ਜਾਲ ਲਾ ਕੇ, ਪੰਛੀ ਵੀਰ ਦੇ ਸਿਦਕ ਨੂੰ ਫਾਹਣ ਲੱਗੀ । ਝੂਠੀ ਮੁਸਕਣੀ ਬੁੱਲ੍ਹਾਂ ਤੇ ਤੋਲ ਕੇ ਤੇ, ਲੱਗੀ ਕਹਿਣ ਕਿਧਰ ਕਮਰਾਂ ਕੱਸੀਆਂ ਨੀਂ । ਵੇ ਮੈਂ ਸਹਿਕ ਲੱਥੀ ਅਜ ਦਿਨ ਤੀਕਰ, ਕਿਸੇ ਤਾਂਈਂ ਨਾ ਦਿਲ ਦੀਆਂ ਦੱਸੀਆਂ ਨੀਂ। ਆਹ ! ਮੁਟਿਆਰ ਜਿਹੜੀ ਤੇਰੇ ਲੜ ਲੱਗੀ, ਵੇ ਚੌਂਹ ਭੁਆਟੀਆਂ ਦੀ ਜਿਹੜੀ ਚੋਰ ਹੋ ਗਈ । ਇਹਦੇ ਨਾਲ ਵੀ ਕਰੇਂ ਨਾ ਬੋਲ ਸਾਂਝੇ, ਤੇਰੀ ਨਜ਼ਰ ਨਮੋਹਰੀਆ ਹੋਰ ਹੋ ਗਈ । ਆ ਸੰਭਾਲ ਆਪਣਾ ਲੱਗਾ ਘਰ ਬੂਹਾ, ਏਸ ਸ਼ੋਹਦੜੀ ਨੂੰ ਪੇਕੇ ਘੱਲਦੀ ਹਾਂ । ਜਥਿਆਂ ਨਾਲ ਤੂੰ ਚਾਰ ਦਿਨ ਸੈਰ ਕਰ ਲੈ ਮੈਂ ਵੀ ਸਹੁਰਿਆਂ ਦੇ ਬੂਹੇ ਚੱਲਦੀ ਹਾਂ । ਅੰਦਰ ਬੈਠ ਕੈਸੇ ਦੁੱਖ ਸੁੱਖ ਫੋਲਦਾ ਸੈਂ, ਖੌਰੇ ਨਜ਼ਰ ਕਿਸਦੀ ਲੱਗ ਗਈ ਤੈਨੂੰ। ਕੋਠੇ ਜੇਡੀ ਸਹੇੜ ਕੇ ਘਰ ਵਾਲੀ, ਘਰ ਦੀ ਭੂਮਨਾ ਅਜੇ ਨਾ ਪਈ ਤੈਨੂੰ । ਕਰਨ ਕਾਰਨ ਏ ਵਾਲੀ ਤਲਵੰਡੀ ਦਾ ਉਹ, ਉਹ ਨਜ਼ਰ ਅੰਦਰ ਮੰਤਰ ਲੱਖਦਾ ਏ । ਉਹ ਨਿਗਾਹ ਨਾਲ ਨਨਕਾਣਾ ਛੁਡਾ ਲਏਗਾ, ਤੇਰੇ ਜਿਹਿਆਂ ਦੀ ਲੋੜ ਨਾ ਰੱਖਦਾ ਏ । ਮੇਰੇ ਜੋੜਿਆਂ ਹੱਥਾਂ ਨੂੰ ਵੇਖ ਵੀਰਾ, ਬਹਿ ਜਾ ਕੋਲ ਕੋਈ ਕਰ ਢੰਗ ਲਾਂਗੇ। ਅੰਦਰ ਬੈਠ ਕੇ ਭੈਣ ਭਰਾ ਦੋਵੇਂ, ਅਸੀਂ ਖ਼ੈਰ ਨਾਨਕਾਣੇ ਦੀ ਮੰਗ ਲਾਂਗੇ । ਸੁਣਦਾ ਰਿਹਾ ਵੀਰਾ ਗੱਲਾਂ ਭੈਣ ਦੀਆਂ, ਐਪਰ ਮੂੰਹ ਵਿਚੋਂ ਉੱਕਾ ਬੋਲਿਆ ਨਾ। ਝੱਖੜ ਭੈਣ ਨੇ ਮੀਂਹ ਦੇ ਬੜੇ ਛੱਡੇ, (ਐਪਰ) ਉਹਦੇ ਸਿਦਕ ਵਾਲਾ ਬੇੜਾ ਡੋਲਿਆ ਨਾ । ਛਿੱਥਾ ਪੈ ਕੇ ਅੰਤ ਨੂੰ ਕਹਿਣ ਲੱਗਾ, ਕਿਹੜੀ ਗੱਲ ਉਤੇ ਆਢੇ ਲਾਏ ਹੋਏ ਨੀਂ। ਲੱਸੀ ਹੋਵੇ ਤਾਂ ਛਿੱਡੀ ਹੀ ਨਿਕਲ ਆਵੇ, ਥੋਥੇ ਪਾਣੀ ਵਿਚ ਰੇੜਕੇ ਪਾਏ ਹੋਏ ਨੀਂ । ਧੰਨ ਭਾਗ ਨਾ ਕਰਾਂ ਮੈਂ ਲੱਖ ਵੇਰੀ, ਸੋਨੇ ਨਾਲ ਨਸੀਬਾਂ ਨਾ ਤੁਲ ਜਾਵੇ । ਮੇਰੇ ਸੀਸ ਨਗੂਣੇ ਦੀ ਬਲੀ ਲੈ ਕੇ, ਜੇਕਰ ਜਿੰਦਾ ਨਨਕਾਣੇ ਦਾ ਖੁਲ੍ਹ ਜਾਵੇ । ਮੇਰੇ ਨਾਨਕ ਦੇ ਜਨਮ ਅਸਥਾਨ ਉਤੇ, ਜੇ ਕੁਰੀਤੀਆਂ ਨੂੰ ਭੈਣੇ ਮੋੜ ਕੋਈ ਨਹੀਂ । ਏਸ ਜਗ ਤੇ ਜਿਊਂ ਕੇ ਕੀ ਲੈਣਾ, ਮੇਰੇ ਜਿਹਿਆਂ ਦੀ ਗੁਰੂ ਨੂੰ ਲੋੜ ਕੋਈ ਨਹੀਂ। ਕਿਹੜੇ ਕਿਲ੍ਹੇ ਵਿਚ ਮੈਨੂੰ ਛੁਪਾ ਲਵੇਂਗੀ ? ਆਈ ਮੌਤ ਭੈਣੇ ਕਿਸੇ ਡੱਕਣੀ ਨਹੀਂ । ਜਿਹੜੀ ਰਾਤ ਮਸਾਣਾਂ ਦੇ ਵਿਚ ਆਉਣੀ, ਕਦੀ ਬਾਹਰ ਉਹ ਰਾਤ ਮੈਂ ਤੱਕਣੀ ਨਹੀਂ । ਸਾਏ ਪਰਤਦੇ ਕਿਸੇ ਨਹੀਂ ਰੋਕਣੇ ਨੇ, ਜਿਥੇ ਧੁੱਪ ਓਥੇ ਛਾਵਾਂ ਭੌਣੀਆਂ ਨੇ । ਚੌਂਹ ਦਿਨਾਂ ਦੀ ਭੈਣ ਜੀ ਚਾਨਣੀ ਏ, ਰਾਤਾਂ ਅੰਤ ਹਨੇਰੀਆਂ ਆਉਣੀਆਂ ਨੇ । ਨੇਕੀ ਕਰਦਿਆਂ ਨੂੰ ਜਿਹੜਾ ਰੋਕਦਾ ਏ, ਕੌਮਾਂ ਉਸ ਨੂੰ ਸੋਚ ਕੀ ਕਹਿੰਦੀਆਂ ਨੇ, ਜਿਨ੍ਹਾਂ ਭੈਣਾਂ ਦਾ ਜਗ ਤੇ ਵੀਰ ਕੋਈ ਨਹੀਂ, ਉਹ ਭੈਣਾਂ ਵੀ ਜਹਾਨ ਤੇ ਰਹਿੰਦੀਆਂ ਨੇ । ਛਡ ਦੇ ਏਸ ਮੁਟਿਆਰ ਦਾ ਭਰਮ ਅੜੀਏ, ਚਾਰ ਚੰਨ ਇਹਦੇ ਮੱਥੇ ਲਾ ਦਿਆਂਗਾ, ਪਾ ਕੇ ਅਮਰ ਸ਼ਹੀਦੀ ਦੀ ਜ਼ਿੰਦਗਾਨੀ, ਇਹਨੂੰ ਸਦਾ ਸੁਹਾਗਣ ਬਣਾ ਦਿਆਂਗਾ। ਅੰਮ੍ਰਿਤ ਛਕਿਆ ਸੀ ਜਦੋਂ ਦਸ਼ਮੇਸ਼ ਦਾ ਮੈਂ, ਤਦ ਤੋਂ ਮੌਤ ਵਾਲੇ ਸਬਕ ਪੜ੍ਹੇ ਹੋਏ ਨੇ । ਤੈਨੂੰ ਰੋਣ ਵਿਛੋੜੇ ਦਾ ਆ ਰਿਹਾ ਏ, ਸਾਨੂੰ ਚਾ ਸ਼ਹੀਦੀ ਦੇ ਚੜ੍ਹੇ ਹੋਏ ਨੇ। ਭੈਣੇ ਕਮਲੀਏ ਵੀਰ ਨਾ ਜਾਣ ਇਕੱਲਾ, ਮੇਰਾ ਰਾਹ ਸ਼ਹੀਦ ਉਲੀਕਦੇ ਨੇ । ਬਲਦੀ ਸ਼ਮ੍ਹਾ ਜਦ ਦਿੱਸੇ ਪਤੰਗਿਆਂ ਨੂੰ, ਕਦੋਂ ਕਿਸੇ ਦਾ ਸਾਥ ਉਡੀਕਦੇ ਨੇ। ਸਾਕਾਦਾਰੀਆਂ ਜੱਗ ਤੇ ਕੂੜੀਆਂ ਨੇ, ਮੂੰਹ ਤੇ ਹੱਸਣਾ, ਥੁੱਕਣਾ ਕੰਡ ਉੱਤੇ । ਇੱਕਠੇ ਰਾਤ ਗੁਜ਼ਾਰ ਕੇ ਉਡਣ ਪੰਛੀ, ਕੋਈ ਬੋਹੜ ਉਤੇ, ਕੋਈ ਜੰਡ ਉੱਤੇ । ਮੇਰਾ ਸੀਸ ਜੇ ਗੁਰੂ ਪਰਵਾਨ ਕੀਤਾ, ਤੇਰੀਆਂ ਕੁੱਲ ਉਦਾਸੀਆਂ ਹਰਨਗੀਆਂ। ਨਾਲੇ ਹੋਵੇਗਾ ਮਾਂ ਦਾ ਦੁੱਧ ਸਫ਼ਲਾ, ਇੱਕੀ ਕੁਲਾਂ ਆਸਾਡੀਆਂ ਤਰਨਗੀਆਂ । ਏਨੀ ਆਖ ਕੇ ਫਤਹਿ ਬੁਲਾਈ ਵੀਰੇ, ਹੱਸਦੇ ਮੂੰਹ ਦੋਵੇਂ ਹੱਥ ਜੋੜ ਕੇ ਤੇ । ਚਾਰੇ ਕੰਨੀਆਂ ਝਾੜ ਕੇ ਗਿਆ ਪੰਛੀ, ਗਲੋਂ ਰੋਂਦੀਆਂ ਬਾਹਾਂ ਤਰੋੜ ਕੇ ਤੇ। ਭੈਣ ਖੜੀ ਬਨੇਰੇ ਤੇ ਰਹੀ ਵਿੰਹਦੀ, ਰਿਸ਼ਮਾਂ ਚੁੰਮੀਆਂ ਵੀਰ ਦੇ ਕੰਡ ਦੀਆਂ। ਚਾਨਣ ਬੁੱਝ ਗਿਆ ਭੈਣ ਦੀਆਂ ਅੱਖੀਆਂ ਦਾ, ਲੰਬਾਂ ਨਿਕਲੀਆਂ ਵੇਖ ਕੇ ਜੰਡ ਦੀਆਂ। ਦੇ ਕੇ ਸੁਨਿਹਾ ਜਲਾਦਾਂ ਨੂੰ ਵੀਰ ਲਛਮਣ, ਆਪਣੀ ਭੈਣ ਦਾ ਤੌਖਲਾ ਦੂਰ ਕੀਤਾ, ਭੈਣਾਂ, ਲੱਖ ਵਧਾਈਆਂ ਨੀਂ, ਗੁਰੂ ਨਾਨਕ, ਤੇਰੇ ਵੀਰ ਦਾ ਸੀਸ ਮਨਜ਼ੂਰ ਕੀਤਾ ।

ਸਰਦਾਰ ਸ਼ਾਮ ਸਿੰਘ ਅਟਾਰੀ

ਜਿੰਦਾਂ ਨਾਲ ਜਕਲੰਬ ਦੇ ਲਿਖੀ ਚਿੱਠੀ, ਪੈ ਚੱਲੀ ਆ ਸ਼ਾਮ ਵੇ ਸ਼ਾਮ ਸਿੰਘਾ । ਜੇ ਤੂੰ ਬੈਠੈਂ ਤਾਂ ਉੱਠ ਖਲੋ ਛੇਤੀ, ਝਬਦੇ ਘੋੜੀ ਨੂੰ ਚਾੜ੍ਹ ਲਗਾਮ ਸਿੰਘਾ । ਤੇਰੇ ਰੋਸਿਆਂ ਦਾ ਕਿਸ ਨੇ ਮਾਣ ਕਰਨਾ, ਜੇਕਰ ਹੋ ਗਿਆ ਦੇਸ਼ ਗ਼ੁਲਾਮ ਸਿੰਘਾ । ਅਣਖ ਉੱਚੇ ਦੁਮਾਲੇ ਦੀ ਜਾਊ ਕਿਥੇ, ਕਰਨੀ ਪਈ ਜਦ ਤੈਨੂੰ ਸਲਾਮ ਸਿੰਘਾ । ਜੋ ਕੁਝ ਮੁੱਦਕੀ ਵਿਚ ਕੀਤਾ ਫ਼ਰੰਗੀਆਂ ਨੇ, ਤੈਨੂੰ ਸੁਣ ਸੁਣ ਕੇ ਚੜ੍ਹਿਆ ਨਹੀਂ ਰੋਹ ਅੜਿਆ । ਘਰ ਦੇ ਦੀਵੇ ਨੇ ਹੀ ਘਰ ਨੂੰ ਅੱਗ ਲਾਈ, ਤੈਨੂੰ ਅਜੇ ਵੀ ਲੱਗੀ ਨਹੀਂ ਲੋ ਅੜਿਆ। ਸਿੰਘਾ ਅਣਖ ਵਖਾ ਪੰਜਾਬੀਆਂ ਦੀ, ਤੇਰੀ ਗ਼ੈਰਤ ਤੇ ਕਿਸੇ ਨੂੰ ਸ਼ੱਕ ਕੋਈ ਨਹੀਂ । ਸੱਕਾ ਸੋ ਜੋ ਦੇਸ਼ ਲਈ ਸੀਸ ਦੇਵੇ, ਲਾਹਣੇ ਸੱਕਿਆਂ ਦੇ ਕਿਸੇ ਸੱਕ ਕੋਈ ਨਹੀਂ । ਸਿੰਘਾ ! ਕੋਲ ਪੰਜਾਬ ਨਾ ਰਹਿਆ ਜੇਕਰ, ਰਹਿਣਾ ਖਾਲਸੇ ਦੇ ਮੂੰਹ ਤੇ ਨੱਕ ਕੋਈ ਨਹੀਂ । ਵੱਸਦੇ ਰਹਿਣ ਸਾਰੇ, ਪਰ ਪੰਜਾਬ ਉੱਤੇ, ਬਿਨਾਂ ਸਿੰਘਾਂ ਦੇ ਕਿਸੇ ਦਾ ਹੱਕ ਕੋਈ ਨਹੀਂ । ਝੁਕਣ ਲਈ ਨਹੀਂ ਅੱਖੀਆਂ ਸਿੱਖ ਦੀਆਂ, ਇਹ ਨੇ ਬਣੀਆਂ ਸ਼ਹੀਦੀ ਖ਼ੁਮਾਰੀਆਂ ਲਈ। ਦੋਂਹ ਗੱਲਾਂ ਲਈ ਸਿੱਖ ਦਾ ਸੀਸ ਬਣਿਆਂ, ਜਾਂ ਤਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ । ਪੜ੍ਹ ਕੇ ਚਿੱਠੀ ਸਰਦਾਰ ਨੇ ਵੱਟ ਖਾਧਾ, ਉਹਦੇ ਹੱਥਾਂ ਦੀਆਂ ਹੱਥੇ ਰਹਿ ਗਈਆਂ। ਮੁੜ੍ਹਕਾ ਆ ਗਿਆ ਉਹਦੇ ਡੌਲਿਆਂ ਨੂੰ, ਚਿਣਗਾਂ ਸਾਰੇ ਸਰੀਰ ਵਿਚ ਪੈ ਗਈਆਂ। ਅੱਖਾਂ ਉਹਦੀਆਂ 'ਚੋਂ ਲਾਟਾਂ ਨਿਕਲ ਕੇ ਤੇ, ਜਾ ਕੇ ਬਿਜਲੀਆਂ ਦੇ ਨਾਲ ਖਹਿ ਗਈਆਂ। ਵੱਟ ਪੈ ਗਿਆ ਉਹਦੇ ਭਰਵੱਟਿਆਂ ਤੇ, ਕੰਧਾਂ ਕਿਲ੍ਹੇ ਦੀਆਂ ਤੱਕ ਕੇ ਢਹਿ ਗਈਆਂ । ਤੱਤੇ ਫਟ ਮਿਆਨ 'ਚੋਂ ਤੇਗ਼ ਕੱਢੀ, ਉਂਗਲ ਫੇਰ ਕੇ ਧਾਰ ਤੇ ਪਾਸ ਕੀਤੀ। ਹੋਂਠ ਫੜਕਦੇ ਜੀਭ ਥਥਲਾਉਂਦੀ ਰਹੀ, ਗਲ ਵਿਚ ਪਾ ਕੇ ਪੱਲਾ ਅਰਦਾਸ ਕੀਤੀ। ਕਲਗ਼ੀ ਵਾਲਿਆ ਵਤਨ ਦੀ ਲਾਜ ਰੱਖੀਂ, ਜਾਏ ਕੰਡ ਨਾ ਲੱਗ ਪੰਜਾਬੀਆਂ ਦੀ। ਪੰਜਾਂ ਨਦੀਆਂ ਦੀ ਆਬ ਨਾ ਸਾੜ ਸੁੱਟੇ, ਘਰ ਦੀ ਚੰਦਰੀ ਅੱਗ ਪੰਜਾਬੀਆਂ ਦੀ । ਮੱਥੇ ਟਿੱਕਾ ਗ਼ੁਲਾਮੀ ਦਾ ਲੱਗ ਗਿਆ ਜੇ, ਭੰਡੀ ਕਰੇਗਾ ਜੱਗ ਪੰਜਾਬੀਆਂ ਦੀ। ਆਪਣੀ ਕਲਗ਼ੀ ਦੁਮਾਲੇ ਦਾ ਵਾਸਤਾ ਈ, ਲੱਥ ਜਾਏ ਨਾ ਪੱਗ ਪੰਜਾਬੀਆਂ ਦੀ। ਕਿਹਾ ਸਾਥੀਆਂ ਨੂੰ ਹੁਣ ਨਹੀਂ ਰਹਿਆ ਜਾਂਦਾ, ਏਨੀ ਵੇਖ ਕੇ ਅਤਿ ਫ਼ਰੰਗੀਆਂ ਦੀ। ਧੁਖਦੀ ਰਹਿਣੀ ਰਣਜੀਤ ਦੀ ਮੜ੍ਹੀ ਤਦ ਤਕ, ਜਦ ਤਕ ਪਾਈ ਨਾ ਰੱਤ ਫ਼ਰੰਗੀਆਂ ਦੀ। ਉੱਠੋ ਜੋਧਿਓ ! ਅਣਖ ਦਾ ਮੁੱਲ ਪਾਈਏ, ਰੱਖ ਲਈਏ ਆਜ਼ਾਦੀ ਦਾ ਮਾਨ ਸਿੰਘੋ। ਆਓ ਤੇਗ਼ਾਂ ਕਟਾਰਾਂ ਦੀ ਵਿੜ੍ਹੋਂ ਲਾਹੀਏ, ਪਿਆਸੀ ਰਹੇ ਨਾ ਕੋਈ ਕਿਰਪਾਨ ਸਿੰਘੋ । ਉਨ੍ਹਾਂ ਬਾਜ਼ਾਂ ਨੂੰ ਮਿਹਣਾ ਏਂ ਪਿੰਜਰੇ ਦਾ, ਗਾਹੇ ਜਿਨ੍ਹਾਂ ਨੇ ਹੋਣ ਆਸਮਾਨ ਸਿੰਘੋ । ਸ਼ੇਰਾਂ ਵਾਸਤੇ ਗਾਲ੍ਹ ਅਧੀਨ ਹੋਣਾ, ਗੋਲੀ ਖਾ ਕੇ ਮਰਨ ਵਿਚ ਸ਼ਾਨ ਸਿੰਘੋ । ਘੋੜੇ ਫਦਕੜੇ ਮਾਰ ਕੇ ਹਿਣਕ ਉੱਠੇ, ਸੂਰਬੀਰ ਪਲਾਕੀਆਂ ਮਾਰ ਟੁਰ ਪਏ । ਸ਼ਾਮ ਸਿੰਘ ਸਰਦਾਰ ਦੀ ਛਤਰ ਛਾਵੇਂ, ਲੱਭਣ ਮੌਤ ਨੂੰ ਸਿੰਘ ਸਰਦਾਰ ਟੁਰ ਪਏ । ਰਾਹ ਵਿਚ ਰਲ ਗਏ ਜਥੇ ਪਰਵਾਨਿਆਂ ਦੇ, ਜਿੱਥੇ ਕਿਤੇ ਵੀ ਕਿਸੇ ਨੇ ਲੋਅ ਵੇਖੀ। ਓਸ ਜੰਗ ਵਿਚ ਅਸਲ ਪੰਜਾਬੀਆਂ ਦੀ, ਵੇ ਖਣ ਵਾਲਿਆਂ ਨੇ ਅਣਖੀ ਖੋ ਵੇਖੀ । ਓਥੇ ਸ਼ਾਹਂ ਮੁਹੰਮਦ ਨੇ ਲਿਖਿਆ ਸੀ, ਰੋਹ ਵਿਚ ਭਰੀ ਵੇਖੀ ਅੱਖ ਜੋ ਵੇਖੀ। ਉਹ ਸੀ ਜੰਗ ਪੰਜਾਬ ਦੇ ਵਾਰਸਾਂ ਦੀ, ਆਪਣੀ ਕੌਮ ਪਰ ਕਰਦੀ ਧਰੋਹ ਵੇਖੀ। ਉਸ ਨੇ ਕਿਹਾ ਸੀ ਸਿੱਖ ਪੰਜਾਬ ਕੱਠੇ, ਕੋਈ ਨਹੀਂ ਦੇਹਾਂ ਤਾਈਂ ਕਰ ਵੱਖ ਸਕਦਾ। ਘਰ ਦੇ ਭੇਤੀ ਜੇ ਸੰਨ੍ਹਾਂ ਨਾ ਲਾਉਣ ਇਹਨੂੰ, ਰੱਬ ਵੀ ਇਹਨੂੰ ਗ਼ੁਲਾਮ ਨਹੀਂ ਰੱਖ ਸਕਦਾ। ਜਦੋਂ ਨਿਕਲਿਆ ਜਥਾ ਪਰਵਾਨਿਆਂ ਦਾ, ਧੁੰਮਾਂ ਪੈ ਗਈਆਂ ਪਿੰਡਾਂ, ਗਰਾਵਾਂ ਦੇ ਵਿਚ। ਤੱਕ ਕੇ ਕਈਆਂ ਦੀ ਅਣਖ ਹਲੂਣ ਘੱਤੀ, ਲਹੂ ਖੌਲ ਉੱਠਿਆ ਕਈਆਂ ਬਾਹਵਾਂ ਦੇ ਵਿਚ। ਕਈ ਮਹਿੰਦੀਆਂ ਘੋਲੀਆਂ ਰਹਿ ਗਈਆਂ, ਪੈ ਗਏ ਕੀਰਨੇ ਹੁੰਦੀਆਂ ਲਾਵਾਂ ਦੇ ਵਿਚ । ਅੰਤ ਜਾ ਕੇ ਸ਼ੇਰਾਂ ਦਾ ਪਿੜ ਬੱਝਾ, ਪੈ ਗਈ ਮੌਤ ਦੀ ਛਿੰਜ ਸਭਰਾਵਾਂ ਦੇ ਵਿਚ । ਓਧਰ ਚੜ੍ਹੀ ਸੀ ਹਾਠ ਸਾਮਰਾਜੀਆਂ ਦੀ, ਏਧਰ ਢੋਲ ਆਜ਼ਾਦੀ ਦਾ ਖੜਕਦਾ ਸੀ। ਓਧਰ ਗਿੱਦੜਾਂ ਦਾ ਦਿਲ ਸੀ ਬੇਮੁਹਾਰਾ, ਏਧਰ ਸ਼ੇਰ ਅਟਾਰੀ ਦਾ ਬੜ੍ਹਕਦਾ ਸੀ । ਚੜ੍ਹਿਆ ਹੋਇਆ ਸੀ ਕਟਕ ਫ਼ਰੰਗੀਆ ਦਾ, ਐਪਰ ਸਿੰਘਾਂ ਦੀ ਫ਼ੌਜ ਸਵਾਈ ਹੈਸੀ । ਫਿਰ ਵੀ ਦੂਲਿਆ ਸ਼ੇਰਾ ਪੰਜਾਬੀਆਂ ਨੇ, ਬਾਜ਼ੀ ਸਿਰਾਂ ਤੇ ਧੜਾਂ ਦੀ ਲਾਈ ਹੈਸੀ । ਡਿੱਗ ਕੇ ਅੰਤ ਸਰਦਾਰ ਸ਼ਹੀਦ ਹੋਇਆ, ਵਾਢੀ ਰੱਜ ਕੇ ਸਿਰਾਂ ਦੀ ਪਾਈ ਹੈਸੀ । ਜਿਹੜੀ ਕਦੀ ਇਤਿਹਾਸ ਨੇ ਭੁੱਲਣੀ ਨਹੀਂ, ਉਹ ਸਭਰਾਵਾਂ ਵਿਚ ਹੋਈ ਲੜਾਈ ਹੈਸੀ । "ਹੁੰਦੀ ਕੋਲ ਸਰਕਾਰ ਤੇ ਮੁੱਲ ਪਾਉਂਦੀ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਸੀ। ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਸੀ ।”

ਸ਼ਹੀਦ ਊਧਮ ਸਿੰਘ

ਊਧਮ ਸਿੰਘ ਸਰਦਾਰ ਨੇ ਮਾਰ ਗੋਲੀ, ਡਿੱਠਾ ਜਦੋਂ ਮੂਜ਼ੀ ਹਿਲਣੋਂ ਰਹਿ ਗਿਆ ਏ । ਲੱਗਾ ਕਹਿਣ ਨੀ ਅਣਖੇ ਪੰਜਾਬ ਦੀਏ, ਤੇਰਾ ਕਰਜ਼ ਮੇਰੇ ਸਿਰ ਤੋਂ ਲਹਿ ਗਿਆ ਏ। ਪੰਜ ਵਾਰ ਪਸਤੌਲ ਨੂੰ ਚੁੰਮ ਕੇ ਤੇ, ਕਿਹਾ ਤੇਰਾ ਸਤਿਕਾਰ ਰਵਾ ਸੱਜਣਾ । ਵੀਹ ਵਰ੍ਹੇ ਤੈਨੂੰ ਹਿੱਕ ਤੇ ਧਰੀ ਫਿਰਿਆ, ਲੱਗਾਂ ਹੋਣ ਅੱਜ ਤੈਥੋਂ ਜੁਦਾ ਸੱਜਣਾ । ਮੇਰਾ ਕਰਜ਼ ਲੁਹਾਣ ਵਿਚ ਹੱਥ ਤੇਰਾ, ਮੇਰੀਆਂ ਤੂੰ ਲਾਹੀਆਂ ਜ਼ਿੰਮੇਵਾਰੀਆਂ ਨੇ। ਸਦਾ ਤੇਰੇ ਤੇ ਮਾਨ ਹੈ ਅਣਖੀਆਂ ਨੂੰ, ਮਰਦਾਂ ਨਾਲ ਤਿਰੀਆਂ ਮੁੱਢੋਂ ਯਾਰੀਆਂ ਨੇ । ਟੋਟਾ ਲੋਹੇ ਦਾ ਆਖਦੇ ਲੋਕ ਤੈਨੂੰ, ਪਰ ਤੂੰ ਆਪਣੀ ਬੇਦਰਦੀ ਤੇ ਮਾਨ ਕਰਨੈ। ਭਾਵੇਂ ਚੰਦਰੀ ਮੌਤ ਦਾ ਰੂਪ ਹੈਂ ਤੂੰ, (ਪਰ) ਕਦੇ ਕਦੇ ਤੂੰ ਜ਼ਿੰਦਗੀ ਵੀ ਦਾਨ ਕਰਨੈ । ਜਿਹੜੀ ਅੱਜ ਪਿਆਲੀ ਮੈਂ ਰੱਤ ਤੈਨੂੰ, ਸਮਝੀਂ ਜਾਮ ਇਹ ਅਣਖੀ ਸ਼ਰਾਬੀਆਂ ਦੇ । ਸੀਨੇ ਏਸ ਕੰਮਬਖਤ ਦੇ ਛੇਕ ਪਾ ਕੇ, ਸੀਤੇ ਦਿਲ ਤੂੰ ਲੱਖਾਂ ਪੰਜਾਬੀਆਂ ਦੇ । ਆਖੀਂ ਧੌਣ ਉੱਚੀ ਕਰਕੇ ਉਮਰ ਸਾਰੀ, ਕਿ ਕਿਸੇ ਮਰਦ ਨੇ ਮੈਨੂੰ ਵੰਗਾਰਿਆ ਸੀ । ਜਿਦ੍ਹੇ ਨਾਲ ਕਰੋੜਾਂ ਦੀ ਅਣਖ ਜੀ ਪਈ, ਇਕ ਮੈਂ ਐਸੇ ਮਰ ਜਾਣੇ ਨੂੰ ਮਾਰਿਆ ਸੀ। ਫਿਰ ਪਸਤੌਲ ਫੜਾ ਕੇ ਕਹਿਣ ਲੱਗਾ, ਓ ਵਪਾਰੀਓ ! ਸਾਂਵਾਂ ਵਿਹਾਰ ਕਰ ਲਓ । ਆਓ ਬੁਜ਼ਦਿਲੋਂ ਮਾਰ ਲਓ ਹੱਥ ਕੜੀਆਂ, ਚਿਤ ਕਰੇ ਜੇ ਤਾਂ ਸੀਨੇ ਤੇ ਵਾਰ ਕਰ ਲਓ । ਪਾ ਕੇ ਘੂਰੀਆਂ ਵੇਖੋ ਨਾ ਸੜੇ ਮੱਥੇ, ਮੈਂ ਕੋਈ ਕਿਲ੍ਹਾ ਤੁਹਾਡਾ ਨਹੀਂ ਤੋੜਿਆ ਏ । ਇਹਨੂੰ ਸਮਝੋ ਨਾ ਦੋਸਤੋ ਨਵੀਂ ਭਾਜੀ, ਅਜੇ ਸਾਂਵਾਂ ਨਿਉਂਦਰਾ ਮੋੜਿਆ ਏ । ਲੈਣਾ ਲਓ, ਦੇਣਾ ਦਿਓ ਖ਼ੁਦਗ਼ਰਜ਼ੋ ! ਕਿਹੜੀ ਗੱਲ ਉਤੇ ਚੀਣਾਂ ਛੱਟਦੇ ਓ। ਬਦਲੇ ਸੈਆਂ ਨਿਰਦੋਸ਼ਾਂ ਦੇ ਇਕ ਮੋਇਐ, ਤੁਸੀਂ ਅਜੇ ਵੀ ਨੱਕ ਪਏ ਵੱਟਦੇ ਓ । ਭਗਤ ਸਿੰਘ ਹੁੰਦਾ ਜੇਕਰ ਥਾਂ ਮੇਰੀ, ਪਿਛਲੇ ਵਹੀ ਖਾਤੇ ਸਾਰੇ ਫੋਲ ਲੈਂਦਾ । ਜਲ੍ਹਿਆਂਵਾਲੇ ਦੇ ਬਾਗ਼ ਤੋਂ ਸਾਂਵੀਆਂ ਉਹ, ਲਾਸ਼ਾਂ ਗਿਣ ਲੈਂਦਾ ਲਹੂ ਤੋਲ ਲੈਂਦਾ। ਸਾਡੀ ਗ਼ੈਰਤ ਨੂੰ ਗੋਲੀਆਂ ਮਾਰੀਆਂ ਸੂ, ਛੇਕੋ ਛੇਕ ਪੰਜਾਬ ਦੀ ਪੌਣ ਹੋ ਗਈ। (ਪਰ) ਦੇ ਕੇ ਸੀਸ ਮੈਂ ਇੰਜ ਮਹਿਸੂਸ ਕਰਨਾ, ਉੱਚੀ ਪੰਜਾਂ ਦਰਿਆਵਾਂ ਦੀ ਧੌਣ ਹੋ ਗਈ। ਗਈ ਹੋਈ ਆਜ਼ਾਦੀ ਤਾਂ ਪਰਤ ਆਉਂਦੀ, ਰਹਿੰਦਾ ਸਦਾ ਗ਼ੁਲਾਮੀ ਦਾ ਪੱਖ ਵੀ ਨਹੀਂ। (ਪਰ) ਜਿਹੜੀ ਕੌਮ ਨੇ ਅਣਖ ਗੁਆ ਛੱਡੀ, ਉਹਦੇ ਕੋਲ ਸਮਝੋ ਰਿਹਾ ਕੱਖ ਵੀ ਨਹੀਂ। ਚਾਨਣ-ਵੀਰ ਗੁਆ ਕੇ ਜਿਨ੍ਹਾਂ ਹੱਥੋਂ, ਰੋ ਰੋ ਅੱਖੀਆਂ ਦਾ ਨੂਰ ਖੋਰਿਆ ਸੀ। ਉਨ੍ਹਾਂ ਸੈਂਕੜੇ ਭੈਣਾਂ ਨਮਾਣੀਆਂ ਨੇ, ਮੈਨੂੰ ਰਖੜੀ ਬੰਨ੍ਹ ਕੇ ਤੋਰਿਆ ਸੀ। ਜਿਹੜੀ ਮਾਂ ਨੇ ਨੂੰਹ ਦੇ ਬਾਗ਼ ਜੋਗਾ, ਪਲਕਾਂ ਜਿਹਾ ਨਿੱਕਾ ਸੂਤਰ ਕੱਤਿਆ ਸੀ, ਬਦਲਾ ਪੁੱਤ ਦਾ ਲੈਣ ਲਈ ਓਸ ਮੈਨੂੰ, ਮਾਂ ਦੇ ਦੁਧ ਦਾ ਵਾਸਤਾ ਘੱਤਿਆ ਸੀ । ਥਿਤ ਲਾਵਾਂ ਦੀ ਗਿਣਦੀ ਮੁਟਿਆਰ ਜਿਹੜੀ, ਜਿਦ੍ਹੀ ਮਾਂਗ ਨਾ ਜੂਠਾ ਸੰਧੂਰ ਕੀਤਾ । ਮਹਿੰਦੀ ਖੁਣੋਂ ਉਹਦੇ ਹੱਥਾਂ ਕੋਰਿਆਂ ਨੇ, ਇਹਦੀ ਰੱਤ ਲਈ ਮੈਨੂੰ ਮਜਬੂਰ ਕੀਤਾ । ਪੰਜ ਪੀਰ ਨੇ ਪੰਜ ਦਰਿਆ ਸਾਡੇ, ਉਹਨਾਂ ਕਿਹਾ ਸੀ ਥਾਪੜਾ ਮਾਰ ਕੇ ਤੇ । ਸਾਡੀ ਅਣਖ ਦਾ ਨੀਰ ਹੰਗਾਲ ਘਤੈ, ਪਰਤੀਂ ਪੁੱਤਰਾ ਉਹਨੂੰ ਨਤਾਰ ਕੇ ਤੇ । ਬੱਧਾ ਅਣਖ ਦਾ ਸਾਗਰ ਮੈਂ ਚੀਰ ਆਇਆਂ, ਕਦੀ ਪੈਰ ਪੰਜਾਬ ਤੋਂ ਕੱਢਦਾ ਨਾਂਹ। ਪਰ ਜਾਣਾ ਪੈਂਦਾ ਜੇ ਨਰਕ 'ਚ ਮਗਰ ਇਹਦੇ, ਤਾਂ ਵੀ ਬਦਲਾ ਸ਼ਹੀਦਾਂ ਦਾ ਛੱਡਦਾ ਨਾਂਹ। ਰੱਸਾ ਫ਼ਾਂਸੀ ਦਾ ਪਾ ਕੇ ਗਲ ਆਪਣੇ, ਗਿਲਾ ਦੂਰ ਕੀਤਾ ਮੋਇਆਂ ਹਾਣੀਆਂ ਦਾ, ਕੀਤਾ ਮਾਂ ਪੰਜਾਬਣ ਦਾ ਦੁੱਧ ਸਫ਼ਲਾ, ਕੀਤਾ ਨੀਰ ਸਫ਼ਲਾ ਪੰਜਾਂ ਪਾਣੀਆਂ ਦਾ। ਊਧਮ ਸਿੰਘ ਜੰਮਦੇ ਮਰਦੇ ਲੱਖ ਰਹਿਸਣ, ਮੌਤ ਜ਼ਿੰਦਗੀ ਦੀ ਗੱਡੀ ਥਮਣੀ ਨਹੀਂ। ਰੱਖੇ ਅਣਖ ਪੰਜਾਬ ਦੀ ਰੱਬ ਸੱਚਾ, ਜੇ ਇਹ ਮਰ ਗਈ ਪਰਤ ਕੇ ਜੰਮਣੀ ਨਹੀਂ । ਬਾਗ਼ ਜਲ੍ਹਿਆਂ ਵਾਲੇ ਦੇ ਫੁਲ ਕਲੀਆਂ, ਮਿੱਧੇ ਜੋ ਗੋਰੇ ਸ਼ਾਹੀ ਅੱਡੀਆਂ ਨੇ, ਮੈਨੂੰ ਇਸ ਤਰ੍ਹਾਂ ਜਾਪਦੈ ਅੱਜ ਉਥੇ, ਸੁੱਕੇ ਟਹਿਣਾਂ ਕਰੂੰਬਲਾਂ ਕੱਢੀਆਂ ਨੇ । ਲੜਿਆਂ ਨਾਲ ਹਨੇਰੀਆਂ ਡਾਹ ਛਾਤੀ, ਹੁਣ ਇਹ ਝੱਖੜ ਪਰ ਪਰਤ ਕੇ ਵੱਗਣਾ ਨਹੀਂ । ਠੰਡਾ ਹੋ ਕੇ ਚੱਲਿਆਂ ਜੱਗ ਉਤੋਂ, ਮੈ ਨੂੰ ਮੜ੍ਹੀ ਦਾ ਸੇਕ ਵੀ ਲੱਗਣਾ ਨਹੀਂ । ਵਤਨਾਂ ਮੇਰਿਆ ! ਮਤਾਂ ਕੋਈ ਇਹ ਆਖੇ, ਮੇਰੀਆਂ ਅੱਖਾਂ 'ਚ ਤੇਰੀ ਤਸਵੀਰ ਨਹੀਂ ਸੀ । ਤੇਰਾ ਨਾਂ ਮੈਂ ਚੁੰਮਦਾ ਜਾ ਰਿਹਾ ਹਾਂ, ਤੈਨੂੰ ਵੇਖਣਾ ਮੇਰੀ ਤਕਦੀਰ ਨਹੀਂ ਸੀ। ਮੇਰੀ ਆਖ਼ਰੀ ਖ਼ਾਹਸ਼ ਜੇ ਪੁੱਛਣੀ ਜੇ, ਤਾਂ ਫਿਰ ਜ਼ਾਲਮੋਂ ਏਨਾ ਕੁ ਪੱਖ ਦੇਣਾ। ਪੰਜਾਬ ਦੀ ਧਰਤੀ ਦਾ ਖਿੱਚ ਨਕਸ਼ਾ, ਮੇਰੇ ਮੋਏ ਦੀ ਛਾਤੀ ਤੇ ਰੱਖ ਦੇਣਾ ।

ਲਾਜਪਤ ਰਾਇ

ਮੇਰੇ ਵਤਨ ਦੇ ਤਪਦਿਆਂ ਵਿਹੜਿਆਂ ਵਿਚ, ਬਣ ਬੋਹੜ ਜਿਨ੍ਹਾਂ ਵੀਰਾਂ ਛਾਂ ਕੀਤੀ। ਲਹੂ ਆਪਣਾ ਡੋਹਲ ਕੇ ਖਿੜੇ ਮੱਥੇ, ਜਿਨ੍ਹਾਂ ਬਾਗ਼ 'ਚੋਂ ਦੂਰ ਖਿ਼ਜ਼ਾਂ ਕੀਤੀ । ਭਾਰਤਵਰਸ਼ ਨੂੰ ਜ਼ਿੰਦਗੀ ਦੇਣ ਖ਼ਾਤਰ, ਜਿਨ੍ਹਾਂ ਜੋਧਿਆ ਮਰਨ ਲਈ ਹਾਂ ਕੀਤੀ। ਜ਼ੁਲਮ ਜਬਰ ਸਹਾਰ ਕੇ ਗੋਰਿਆਂ ਦਾ, ਲਾਜ ਪੱਤ ਵਾਲੀ ਭਾਰਤ ਮਾਂ ਕੀਤੀ । ਖੱਫਣ ਬੰਨ੍ਹ ਜੋ ਮੌਤ ਦੀ ਖੇਡ ਖੇਡੇ, ਮਾਨ ਸ਼ਮਾਂ ਨੂੰ ਜਿਨ੍ਹਾਂ ਸੁਰੰਗਿਆਂ ਦਾ। ਲਾਜਪਤ ਪੰਜਾਬ ਦਾ ਸ਼ੇਰ ਦੂਲਾ, ਮੋਹਰੀ ਹੁੰਦਾ ਸੀ ਉਨ੍ਹਾਂ ਪਤੰਗਿਆਂ ਦਾ। ਛਿੰਜ ਅਣਖ ਦੀ ਜਦੋਂ ਵੀ ਪਈ ਕਿਧਰੇ, ਲਾਂਗੜ ਬੰਨ੍ਹ ਕੁਸ਼ਤੀ ਲੜਣ ਆ ਗਿਆ ਉਹ । ਕਿਧਰੇ ਬਲੀ ਜਦ ਸ਼ਮ੍ਹਾਂ ਕੁਰਬਾਨੀਆਂ ਦੀ, ਪਹਿਲਾਂ ਸਾਰਿਆਂ ਤੋਂ ਸੜਣ ਆ ਗਿਆ ਉਹ। ਜਦ ਵੀ ਕਿਤੇ ਮਨਸੂਰਾਂ ਦੀ ਪਰਖ ਹੋਈ, ਰੱਸਾ ਚੁੰਮ ਫ਼ਾਂਸੀ ਚੜ੍ਹਣ ਆ ਗਿਆ ਉਹ । ਝੱਖੜ ਜਦੋਂ ਵੀ ਜ਼ੁਲਮ ਦੇ ਕਿਤੇ ਝੁੱਲੇ, ਸੀਨਾ ਤਾਣ ਸਾਂਹਵੇਂ ਖੜਣ ਆ ਗਿਆ ਉਹ । ਉਹਦੀਆਂ ਕਰਨੀਆਂ ਦੇ ਸਦਕੇ ਨਿਉਂ ਨਿਉਂ ਕੇ, ਦੇਸ਼ ਪੂਜਦਾ ਏ ਸੁਬ੍ਹਾ ਸ਼ਾਮ ਉਹਨੂੰ। ਇਹ ਮਨੁੱਖ ਤੇ ਰਹਿ ਗਏ ਇਕ ਪਾਸੇ, ਕਰਨ ਦੇਵਤੇ ਪਏ ਪਰਨਾਮ ਉਹਨੂੰ । ਦੇ ਸੀਸ, ਸਿਰ ਵਤਨ ਦਾ ਅਰਸ਼ ਤੀਕਰ, ਉੱਚਾ ਕਰਨ ਵਾਲੇ ਨਮਸਕਾਰ ਤੇਨੂੰ। ਚੋਟ, ਕੌਮ ਦੀ ਅਣਖ ਨੂੰ ਵੇਖ ਲੱਗਦੀ, ਚੋਟਾਂ ਕਰਨ ਵਾਲੇ ਨਮਸਕਾਰ ਤੇਨੂੰ । ਭਾਰਤ ਮਾਂ ਅੱਗੇ ਫੁੱਲ ਹੱਡੀਆਂ ਦੇ, ਭੇਟਾ ਧਰਨ ਵਾਲੇ ਨਮਸਕਾਰ ਤੇਨੂੰ । ਮੇਰੇ ਵਤਨ ਦੀ ਲਾਜ ਤੇ ਪੱਤ ਉੱਤੋਂ, ਹੱਸ ਹੱਸ ਮਰਨ ਵਾਲੇ ਨਮਸਕਾਰ ਤੇਨੂੰ। ਡਿੱਗ, ਡਾਂਗਾਂ ਦੀ ਵਰ੍ਹਦੀ ਬੁਛਾੜ ਅੱਗੇ, ਡਿੱਗਦੇ ਦੇਸ਼ ਦੇ ਮਾਣ ਨੂੰ ਥੱਮ੍ਹਿਆਂ ਤੂੰ । ਨਮਸਕਾਰ ਉਸ ਮਾਂ ਨੂੰ ਲੱਖ ਵਾਰੀ, ਜਿਹੜੀ ਸ਼ੇਰਨੀ ਦੀ ਕੁੱਖੋਂ ਜੰਮਿਆਂ ਤੂੰ । ਦਿੱਤੀ ਵਤਨ ਤਾਈਂ ਨਿਰੀ ਜਿੰਦ ਨਾ ਤੂੰ, ਲਾਜ ਦੇਸ਼ ਨੂੰ, ਕੌਮ ਨੂੰ ਪੱਤ ਦਿੱਤੀ । ਧੋਣ ਲਈ ਗ਼ੁਲਾਮੀ ਦੇ ਦਾਗ਼ ਮੂੰਹ ਤੋਂ, ਭਾਰਤਵਰਸ ਨੂੰ ਆਪਣੀ ਰੱਤ ਦਿੱਤੀ । ਡਾਂਗਾਂ ਨਾਲ ਨਹੀਂ ਕੌਮਾਂ ਦੀ ਅਣਖ ਮਰਦੀ, ਇਹ ਤੂੰ ਮੂਰਖ ਸਾਮਰਾਜ ਨੂੰ ਮੱਤ ਦਿੱਤੀ। ਉਨ੍ਹਾਂ ਡਾਂਗਾਂ ਦੇ ਨਾਲ ਹੀ ਸ਼ੇਰ ਮਰਦਾ ! ਗੋਰੇ ਸ਼ਾਹੀ ਦੀ ਕਬਰ ਤੂੰ ਛੱਤ ਦਿੱਤੀ । ਉਹ ਸਨ ਫੁੱਲ ਸਾਮਰਾਜ ਦੇ ਚੁਣੇ ਹੋਏ, ਤੇਰੀ ਲਾਸ਼ ਤੇ ਹਾਰ ਜੋ ਪਾਏ ਗਏ ਸੀ । ਪੁੱਟ ਕੇ ਕਿੱਲ ਅੰਗਰੇਜ਼ ਦੇ ਤਖ਼ਤ ਵਿਚੋਂ, ਤੇਰੀ ਅਰਥੀ ਦੇ ਤਖ਼ਤੇ ਨੂੰ ਲਾਏ ਗਏ ਸੀ। ਸ਼ੇਰਾ ਗੂੰਜਦੀ ਰਹੇਗੀ ਬੜ੍ਹਕ ਤੇਰੀ, ਕੁੱਖਾਂ ਜ਼ੁਲਮ ਦੀਆਂ ਛਿੰਨੀਆਂ ਜਾਣਗੀਆਂ । ਤੇਰੀਆਂ ਲੰਮੀਆਂ ਮੰਜ਼ਿਲਾਂ ਸਦਾ ਤੋੜੀ, ਨਾਲ ਅੱਖੀਆਂ ਦੇ ਮਿਣੀਆਂ ਜਾਣਗੀਆਂ । ਤੇਰੀ ਮੜ੍ਹੀ ਦੇ ਕੋਲ ਸਾਮਰਾਜ ਦੀਆਂ, ਮੜ੍ਹੀਆਂ ਲੱਖ ਵਾਰੀ ਚਿਣੀਆਂ ਜਾਣਗੀਆਂ । ਸਾਡੇ ਦਿਲਾਂ ਤੇ ਤੇਰੀਆਂ ਡਾਂਗਾਂ ਦੀਆਂ, ਲਾਸਾਂ ਹਸ਼ਰ ਤੀਕਰ ਗਿਣੀਆਂ ਜਾਣਗੀਆਂ। ਨਾਹਰਾ ਜਿਹਾ ਆਜ਼ਾਦੀ ਦਾ ਮਾਰਿਆ ਤੂੰ, ਪਾਟੇ ਕੰਨ ਘੋਗਲ ਕੰਨੇ ਡੋਰਿਆਂ ਦੇ । ਡਾਂਗਾਂ ਵੱਜੀਆਂ ਤੇਰੇ ਸਰੀਰ ਉੱਤੇ, ਟੁੱਟੇ ਲੱਕ ਵਲੈਤ ਵਿਚ ਗੋਰਿਆਂ ਦੇ । ਤੇਨੂੰ ਮਾਰਿਆ ਸੀ ਮਰਨ ਜੋਗਿਆਂ ਨੇ, ਐਪਰ ਉਨ੍ਹਾਂ ਦਾ ਵਾਰ ਵੀ ਅਮਰ ਹੋਇਆ । ਤੂੰ ਤੇ ਹੋਇਆ ਸੀ ਅਮਰ ਸ਼ਹੀਦ ਹੋ ਕੇ, ਤੇਰਾ ਪਿੰਡ ਪਰਿਵਾਰ ਵੀ ਅਮਰ ਹੋਇਆ । ਤੇਰੀ ਘਾਲ ਸੰਸਾਰ ਤੇ ਸਫ਼ਲ ਹੋ ਗਈ, ਤੇਰਾ ਦੇਸ਼ ਪਿਆਰ ਵੀ ਅਮਰ ਹੋਇਆ । ਤੇਰੀ ਮੌਤ ਮਰ ਜਾਣੀ ਦੇ ਸਿਰ ਸਦਕਾ, ਭਗਤ ਸਿੰਘ ਸਰਦਾਰ ਵੀ ਅਮਰ ਹੋਇਆ। ਵੱਜ ਗਏ ਜੰਦਰੇ ਜ਼ੁਲਮ ਦੇ ਮਹਿਲ ਉੱਤੇ, ਮਿਲ ਗਿਆ ਸਾਨੂੰ ਗੁੱਛਾ ਚਾਬੀਆਂ ਦਾ । ਆ ਗਈ ਭਾਵੇਂ ਆਜ਼ਾਦੀ ਪੰਜਾਬ ਅੰਦਰ, ਬੁੱਚਾ ਹੋ ਗਿਆ ਦੇਸ਼ ਪੰਜਾਬੀਆਂ ਦਾ । ਤੇਰੀ ਝਲਕ ਨੂੰ ਅੱਜ ਵੀ ਯਾਦ ਕਰ ਕੇ, ਪਰਬਤ ਡੋਲਦੇ ਸ਼ੇਰਾ ਪੰਜਾਬ ਦਿਆ। ਤੇਰੀਆਂ ਟਹਿਣੀਆਂ ਨੂੰ ਆ ਆ ਅੱਜ ਤੀਕਰ, ਭੰਵਰੇ ਚੁੰਮਦੇ, ਫੁੱਲਾ ਗੁਲਾਬ ਦਿਆ । ਦੇਸ਼ਭਗਤਾਂ ਨੂੰ ਝੁਣਝੁਣੀ ਆ ਜਾਂਦੀ, ਤੇਰੇ ਨਾਂ ਨਾਲ ਘੁੱਟਾ ਸ਼ਰਾਬ ਦਿਆ। ਸਾਡੀਆਂ ਰਾਤਾਂ ਨੂੰ ਅਜੇ ਵੀ ਨੂਰ ਦੇਵੇਂ, ਓ ਸ਼ਹਿਜ਼ਾਦਿਆ ਵਤਨ ਦੇ ਖ਼ਾਬ ਦਿਆ । ਤੇਰੀ ਹਿੱਕ ਦੀ ਕੰਧ ਨੂੰ ਯਾਦ ਕਰ ਕੇ, ਕਾਂਗਾਂ ਅਜੇ ਤੀਕ ਅਟਕ ਜਾਂਦੀਆਂ ਨੇ। ਤੇਰਾ ਆਹਲਣਾ ਬਿਜਲੀਆਂ ਵੇਖ ਕੇ ਤੇ, ਹਾਲਾਂ ਤੀਕਰਾਂ ਵੀ ਝਿੱਸੀ ਖਾਂਦੀਆਂ ਨੇਂ ।

ਭਾਰਤ ਦੇ ਨੌਜਵਾਨਾਂ

*ਓ ਅਮਨ ਦੇ ਉਪਾਸ਼ਕ, ਓ ਨੌਜਵਾਨ ਸ਼ੇਰਾ ! ਬਿਪਤਾ 'ਚ ਫਸ ਗਿਆ ਏ, ਫਿਰ ਸਵਰਗ ਦੇਸ਼ ਤੇਰਾ। ਤੇਰੀ ਆਜ਼ਾਦੀ ਉਤੇ ਦੈਂਤਾਂ ਨੇ ਬਾਂਹ ਉਲਾਰੀ, ਸੋਨੇ ਦੀ ਇਸ ਚਿੜੀ ਤੇ ਇੱਲਾਂ ਨੇ ਝਪਟ ਮਾਰੀ। ਚੰਨਾਂ ਤਿਆਗ ਦੇ ਤੂੰ ਇਹ ਖ਼ੁਸ਼ਗਵਾਰ ਛਾਂਵਾਂ, ਤੇਰੇ ਵਤਨ ਤੇ ਚੜ੍ਹੀਆਂ ਫਿਰ ਕਾਲੀਆਂ ਘਟਾਵਾਂ । ਬਰਫ਼ਾਂ 'ਚੋਂ ਭੜਕ ਉਠੀ ਸੰਗਰਾਮ ਦੀ ਜਵਾਲਾ, ਉੱਠ ਜਾਗ, ਸੜ ਨਾ ਜਾਏ ਕਿਧਰੇ ਤੇਰਾ ਹਿਮਾਲਾ । ਦਸ਼ਮੇਸ਼ ਜੀ ਨੇ ਲਾਈਆਂ ਜਿਥੇ ਸਮਾਧੀਆਂ ਨੇ, ਉਸ ਹੇਮ ਕੁੰਡ ਉਤੇ ਛਾਈਆਂ ਉਪਾਧੀਆਂ ਨੇ । ਬਾਰੂਦ ਨਾਲ ਭਰੀਆਂ ਰਿਸ਼ੀਆਂ ਦੀਆਂ ਗੁਫ਼ਾਵਾਂ, ਰੱਤ ਨਾਲ ਭਿੱਜੀਆਂ ਨੇ ਸ਼ਿਵਜੀ ਦੀਆਂ ਜਟਾਵਾਂ । ਪਾਰੋ ਦੇ ਮਹਿੰਦੀ ਰੰਗੇ ਜਿਥੇ ਸੀ ਪੈਰ ਲੱਗੇ, ਅਜ ਉਨ੍ਹਾਂ ਚੋਟੀਆਂ ਤੇ ਰੱਤ ਦੀ ਨਦੀ ਪਈ ਵੱਗੇ । ਜੋ ਆਤਮਾਂ ਨੂੰ ਧੋਂਦਾ ਗੰਗੋਤਰੀ ਦਾ ਪਾਣੀ, ਉਹਦੇ 'ਚ ਜ਼ਹਿਰ ਵਗਦਾ ਹੈ ਕੰਢਿਆਂ ਦੇ ਤਾਣੀ। ਜਿਸ ਮਾਨਸਰ ਦੇ ਕੰਢੇ, ਮੋਤੀ ਚੁਗਣ ਪਰਿੰਦੇ, ਕੋਹੰਦੇ ਮਨੁੱਖਤਾ ਨੂੰ ਓਥੇ ਪਏ ਦਰਿੰਦੇ । ਉਠ ਹਿੰਦ ਦੇ ਜਵਾਨਾਂ ਤੈਨੂੰ ਪੁਕਾਰਦਾ ਹਾਂ ! ਤੇਰੀ ਅਣਖ ਨੂੰ ਸ਼ੇਰਾ ਮੁੜ ਮੁੜ ਵੰਗਾਰਦਾ ਹਾਂ । ਪਰਤਾਪ ਦਾ ਸੁਪੱਤ੍ਰ ਦਸ਼ਮੇਸ਼ ਦਾ ਤੂੰ ਜਾਇਆ, ਤੇਰੀ ਅਣਖ ਦੇ ਹਿੱਸੇ, ਕਿਤੇ ਹਾਰਨਾ ਨਹੀਂ ਆਇਆ । ਅਰਜਨ ਦਾ ਖ਼ੂਨ ਹੈਂ ਤੂੰ, ਸੇਵਾ ਦੀ ਤੂੰ ਨਿਸ਼ਾਨੀ, ਤੇਰੀਆਂ ਰਗਾਂ 'ਚ ਵੀਰਾ ਨਲੂਵੇ ਦੀ ਹੈ ਜਵਾਨੀ । ਗ਼ੈਰਤ ਦੇ ਪੁਤਲਿਆ ਓਏ ! ਝੱਖੜ ਜਿਹਾ ਝੁਲਾ ਦੇ, ਪੱਥਰਾਂ ਨੂੰ ਚੂਰ ਕਰਦੇ, ਬਰਫ਼ਾਂ 'ਚ ਅੱਗ ਲਾ ਦੇ । ਕਾਇਰ ਦੀ ਪਹਿਲੀ ਗੋਲੀ, ਤੇਰੇ ਦੇਸ਼ ਨੂੰ ਜਗਾਇਆ, ਇਕ ਇਕ ਲਹੂ ਦੀ ਬੂੰਦੋਂ ਲਸ਼ਕਰ ਹੈ ਨਿਕਲ ਆਇਆ । ਜਨਤਾ ਹੈ ਜਾਗ ਉੱਠੀ ਗਰਦਸ਼ ਵੀ ਭੌਂ ਗਈ ਏ, ਬੁਜ਼ਦਿਲ ਦੀ ਜਾਪਦਾ ਏ ਤਕਦੀਰ ਸੌਂ ਗਈ ਏ । ਸ਼ੇਰਾਂ ਦੀ ਗ਼ਾਰ ਅੱਗੇ ਉਸ ਨੇ ਵਜਾਈ ਤਾਲੀ, ਬਾਰੂਦ ਕੋਲ ਆ ਕੇ ਉਸ ਨੇ ਚਿਣਗ ਹੈ ਬਾਲੀ। ਤੇਰੇ ਅਮਨ ਦਾ ਮਤਲਬ ਉਸ ਹੋਰ ਜਾਣਿਆ ਏਂ, ਕਾਇਰ ਨੇ ਤੈਨੂੰ ਸ਼ੇਰਾ ਕਮਜ਼ੋਰ ਜਾਣਿਆਂ ਏਂ। ਬਣਿਆਂ ਏਂ ਸ਼ੇਰ ਮਰਦਾ ਤੇਰੀ ਅਣਖ ਦਾ ਤਕਾਜ਼ਾ, ਤੇਰੇ ਮੋਢਿਆਂ ਤੇ ਉਠੇ ਅੱਜ ਓਸ ਦਾ ਜਨਾਜ਼ਾ। ਵੈਰੀ ਨੂੰ ਕਹਿ ਦੇ “ਫਿਰ ਤੂੰ ਗਲ ਮੌਤ ਦੇ ਜਾਂ ਪੈਂਦੋਂ, ਮੂਰਖ ਤੂੰ ਪਹਿਲਾਂ ਆਪਣਾ ਖੱਫ਼ਣ ਸਵਾ ਤੇ ਲੈਂਦੋਂ ।” ਬਣੀਆਂ ਨੇ ਫੇਰ ਭੀੜਾਂ ਤੇਰੇ ਵਤਨ ਦੇ ਉਤੇ, ਝੁਲੇ ਨੇ ਫੇਰ ਝੱਖੜ ਤੇਰੇ ਵਤਨ ਦੇ ਉੱਤੇ। ਉੱਠ ਜਾਗ ਦੇਸ਼ ਭਗਤਾ ਸਿਰ ਧੜ ਦੀ ਲਗਾ ਦੇ ਬਾਜ਼ੀ, ਜਾਂ ਤੂੰ ਸ਼ਹੀਦ ਹੋ ਜਾ, ਬਣ ਜਾ ਨਹੀਂ ਤੇ ਗ਼ਾਜ਼ੀ । ਦੌਲਤ ਦੇ ਇਹ ਖ਼ਜ਼ਾਨੇ, ਮਾਇਆ ਦੇ ਇਹ ਭੰਡਾਰੇ, ਕੌਮੀ ਵਕਾਰ ਉੱਤੋਂ, ਕੁਰਬਾਨ ਕਰਦੇ ਸਾਰੇ। ਜੇ ਦੇਸ਼ ਬਚ ਰਿਹਾ ਤਾਂ ਸਭ ਕੁਝ ਬਣਾ ਲਵਾਂਗੇ, ਨਹੀਂ ਤੇ ਇਹ ਪੂੰਜੀ ਸੇਠਾ ਕਿਥੇ ਲੁਕਾ ਲਵਾਂਗੇ । ਸਿਰ ਲਥ ਗ਼ਾਜ਼ੀਆ ਓਏ, ਤਲਵਾਰ ਤਾਂ ਤਣੀ ਏਂ, ਭਾਰਤ ਦੀਆਂ ਬੇਟੀਆਂ ਦੀ ਇੱਜ਼ਤ ਤੇ ਆ ਬਣੀ ਏਂ । ਤੇਰੇ ਤੇ ਆਸ ਵੀਰਾ, ਗ਼ੈਰਤ ਬਚਾ ਲਵੇਂਗਾ, ਦੁਸ਼ਮਣ ਦੇ ਹੱਥੋਂ ਆਪਣੀ ਧਰਤੀ ਛੁਡਾ ਲਵੇਂਗਾ । ਆਵੇਂਗਾ ਜਿੱਤ ਕੇ ਜਾਂ, ਖੁਸ਼ੀਆਂ ਲੁਟਾ ਦਿਆਂਗੇ, ਤੇਰੇ ਰਾਹ ਉਤੇ ਚੰਨਾਂ, ਅੱਖੀਆਂ ਵਿਛਾ ਦਿਆਂਗੇ । *ਭਾਰਤ ਉੱਤੇ ਚੀਨ ਦੇ ਹਮਲੇ ਸਮੇਂ ਲਿਖੀ ਗਈ ਵੰਗਾਰ ।

ਮੇਰੇ ਵਤਨ !

ਦੇਸ਼ਾਂ ਵਿਚੋਂ ਦੇਸ਼ ਸੁਣੀਂਦਾ, ਸੋਹਣਾ ਹਿੰਦੁਸਤਾਨ ਪਿਆਰਾ। ਸਾਰੀ ਦੁਨੀਆਂ ਨਾਲੋਂ ਸੋਹਣਾ, ਸਾਰੇ ਜਗ ਦੇ ਨਾਲੋਂ ਨਿਆਰਾ। ਸੋਨ ਚਿੜੀ ਕੋਈ ਆਖੇ ਇਸ ਨੂੰ ਦੌਲਤ ਦਾ ਕੋਈ ਕਹੇ ਭੰਡਾਰਾ। ਕੋਈ ਆਖੇ ਧਰਤੀ ਉਤੇ, ਸੁਰਗਾਂ ਆ ਕੇ ਲਿਆ ਉਤਾਰਾ ! ਅਬਦਾਲੀ ਦੀ ਨੀਂਦਰ ਉੱਡੀ, ਗ਼ਜ਼ਨੀ ਦੇ ਮੂੰਹ ਆਈਆਂ ਰਾਲਾਂ । ਪਾਰ ਸਮੁੰਦਰ ਦਾ ਵਣਜਾਰਾ ਆਇਆ ਕਿਧਰੋਂ ਮਾਰਦਾ ਛਾਲਾਂ । ਗੰਢਾਂ ਕੱਪੀਆਂ, ਬੁਚਕੇ ਖੁਥੇ, ਸੰਨ੍ਹਾਂ ਲਾਈਆਂ, ਤੋੜੇ ਤਾਲੇ। ਮਿੱਠਾ ਮਾਸ ਵੇਖ ਕੇ ਸਾਰੇ ਇੱਲਾਂ ਵਾਂਗੂੰ ਹੋਏ ਦੁਆਲੇ। ਆਪ ਧੜਾਪੀ, ਹੱਥ ਭੜਥੀ, ਅੰਦਰ ਫੋਲੇ, ਵਿਹੜੇ ਪੁੱਟੇ। ਇਹਦਾ ਦੀਵਾ ਅਜੇ ਵੀ ਬਲਦਾ, ਚੋਰਾਂ ਦੇ ਘਰ ਤੇਲ ਨਿੱਖੁਟੇ। ਲਹੂ ਪੀਤਾ ਜਦ ਜੋਕਾਂ ਵਾਂਗੂੰ, ਸਾਬਤ ਥਾਂ ਨਾ ਛੱਡਿਆ ਪੋਟਾ । ਆਖਰ ਕਿਸੇ ਲੰਗੋਟੀ ਵਾਲੇ ਇਹ ਕਹਿ ਕੇ ਕੱਸ ਲਿਆ ਲੰਗੋਟਾ। "ਦੇਸ਼ ਆਪਣੇ ਨੂੰ ਪਿਆਰ ਦਿਆਂਗੇ, ਸਭ ਕੁਝ ਇਸ ਤੋਂ ਵਾਰ ਦਿਆਂਗੇ ।” ਮੋਤੀ ਵਾਰੇ ਹੀਰੇ ਵਾਰੇ, ਵਾਰੀਆਂ ਕਈ ਲਾਲਾਂ ਦੀਆਂ ਲੜੀਆਂ। ਦੇਸ਼ 'ਚੋਂ ਨ੍ਹੇਰਾ ਕੱਢਣ ਖ਼ਾਤਰ ਬਾਲ ਲਈਆਂ ਵੀਰਾਂ ਦੀਆਂ ਮੜ੍ਹੀਆਂ। ਮਾਂਗਾਂ ਦਾ ਸੰਧੂਰ ਵਾਰਿਆ, ਵਾਰ ਛੱਡੇ ਕਈ ਚਾਅ ਕੁਆਰੇ । ਸਿਰ ਵਾਰੇ ਪੱਗਾਂ ਦੀ ਖ਼ਾਤਰ, ਵਾਰੇ ਪੱਤ ਲਈ ਪੁਤ ਪਿਆਰੇ । ਦੇਸ਼ ਦੇ ਬੰਧਣ ਕੱਟਣ ਖਾਤਰ, ਗਲ ਪਾਇਆ ਫ਼ਾਂਸੀ ਦਾ ਰੱਸਾ । ਜੁੱਸਾ ਪੋਰਾ ਪੋਰਾ ਹੋਇਆ, ਐਪਰ ਇਸ਼ਕ ਨਾ ਹੋਇਆ ਮੱਠਾ । ਭੂਏ ਹੋਈਆਂ ਕਾਂਗਾਂ ਅੰਦਰ ਠੇਲ੍ਹ ਦਿੱਤੀ ਕਾਗ਼ਜ਼ ਦੀ ਬੇੜੀ ! ਲਖਾਂ ਪੰਛੀਆਂ ਆਲ੍ਹਣੇ ਛੱਡੇ, ਲੱਖਾਂ ਹੰਸਾਂ ਚੋਗ ਖਲੇਰੀ । ਦੇਸ਼ ਦੇ ਪਰਦੇ ਕੱਜਣ ਬਦਲੇ ਪਿੰਡੇ ਉਤੋਂ ਪੋਸ਼ ਲੁਹਾਇਆ। ਪੁੱਤ ਧਿਆਇਆ ਮਰਦਾ ਡਿੱਠਾ, ਪਰ ਨਾ ਅੱਖੋਂ ਨੀਰ ਵਹਾਇਆ । ਮੌਲੀ ਵਾਰੀ, ਮਹਿੰਦੀ ਵਾਰੀ, ਹੁਸਨ ਜਵਾਨੀ ਸਦਕੇ ਕੀਤੇ। ਸੋਹਲ ਹੱਥਾਂ ਵਿਚ ਛੰਨੇ ਫ਼ੜ ਕੇ ਜਾ ਛਪੜਾਂ ਦੇ ਕੰਘਲ ਪੀਤੇ। ਵਾਰ ਛੱਡੋ ਪਰ੍ਹਿਆਂ ਦੇ ਸਾਥੀ, ਵਾਰ ਛੱਡੇ ਬਚਪਨ ਦੇ ਹਾਣੀ । ਫਿਰ ਵੀ ਹੱਸਦੇ ਹੱਸਦੇ ਬੋਲੇ ਲੈ ਚੱਲੇ ਜਦ ਕਾਲੇ ਪਾਣੀ । ਵਤਨ ਪਿਆਰਿਆ ਜਿਥੇ ਜਾਂਗੇ ਤੈਨੂੰ ਆਪਣਾ ਪਿਆਰ ਦਿਆਂਗੇ। ਸਭ ਕੁਝ ਵਾਰ ਕੇ ਜੋ ਕੁਝ ਬੱਚਿਆ ਉਹ ਵੀ ਤੈਥੋਂ ਵਾਰ ਦਿਆਂਗੇ। ਜਦੋਂ ਵਾਰਿਆ ਸਭ ਕੁਝ ਆਪਣਾ, ਬਦਲ ਗਈਆਂ ਜਿੱਤਾਂ ਵਿਚ ਹਾਰਾਂ। ਦੇਸ਼ ਦਿਆਂ ਬਾਗਾਂ ਵਿਚ ਮੁੜ ਕੇ ਪਰਤ ਪਈਆ ਰੰਗੀਨ ਬਹਾਰਾਂ । ਧਰਤੀ ਦੀ ਹਿੱਕੜੀ ਵਿਚੋਂ, ਫੁਟ ਪਏ ਪਰ ਚਾਅ ਪੁਰਾਣੇ। ਸਦੀਆਂ ਤੋਂ ਛੁੱਟੜ ਦੀ ਗੋਦੀ ਖੇਡਣ ਲੱਗ ਪਏ ਬਾਲ ਨਿਆਣੇ । ਆਡਾਂ ਦੇ ਵਿਚ ਸਾਊ ਬਣ ਕੇ ਵੱਗ ਪਈਆਂ ਫਿਰ ਮਾਰੂ ਛੱਲਾਂ। ਝੁੱਗੀਆਂ ਦੀ ਕੋਝੀ ਕੁੱਖ ਵਿਚੋਂ, ਜਨਮ ਲਿਆ ਫਿਰ ਤਾਜ ਮਹੱਲਾਂ । ਮਾਰੂ ਰਾਗ ਦੀਆਂ ਹੇਕਾਂ ਨੇ ਪਾਏ ਜਿੰਨ੍ਹੀ ਕੰਨੀਂ ਝੱਪੇ । ਉਨ੍ਹਾਂ ਕੰਨਾਂ ਦੇ ਵਿਚ ਗੂੰਜੇ, ਚਿਰ ਪਿਛੋਂ ਗਿੱਧਿਆਂ ਦੇ ਟੱਪੇ । ਫਿਰ ਗੋਰੀ ਦੀ ਰਾਂਗਲੀ ਅੱਡੀ ਝਾਂਜਰ ਵਿਚਲੇ ਬੋਰ ਜਗਾਏ । ਫਿਰ ਕਜਲੇ ਨੇ ਨੈਣਾਂ ਦੇ ਵਿਚ ਦੀਵੇ ਨਵੇਂ ਨਕੋਰ ਜਗਾਏ । ਫਿਰ ਕੰਘੀਆਂ ਨੇ ਚੂੰਢੀਆਂ ਵੱਡ ਵੱਡ ਜ਼ੁਲਫਾਂ ਦੇ ਸੱਪ ਭੂਏ ਕੀਤੇ । ਫਿਰ ਲੌਂਗਾਂ ਲਿਸ਼ਕਾਰੇ ਮਾਰੇ ਫਿਰ ਮਹਿੰਦੀ ਨੇ ਲਾਏ ਪਲੀਤੇ । ਫਿਰ ਛਿੰਜਾਂ ਵਲ ਮੁੜੀ ਜਵਾਨੀ ਹਿੱਕਾਂ ਤਣੀਆਂ ਡੌਲੇ ਫ਼ੜਕੇ। ਹੀਰਾਂ ਸੱਸੀਆਂ ਦੇ ਨਾਂ ਲੈ ਲੈ ਫਿਰ ਪਿੜਾਂ ਵਿਚ ਚਿਮਟੇ ਖੜਕੇ । ਫਿਰ ਰੀਝਾਂ ਨਾਲ ਮੁੰਡਿਆਂ ਗਾਇਆ, ਦੇਸ਼ ਆਪਣਾ ਸੰਵਾਰ ਦਿਆਂਗੇ। ਇਸ ਦੀ ਸੁੰਦਰਤਾ ਦੀ ਖਾਤਰ ਸਭ ਕੁਝ ਆਪਣਾ ਵਾਰ ਦਿਆਂਗੇ । ਇਕ ਵਾਰੀ ਫਿਰ ਝਾਕਣ ਲੱਗੀਆਂ ਦੇਸ਼ ਮੇਰੇ ਵੱਲ ਕੈਰੀਆਂ ਅੱਖਾਂ । ਉਂਜ ਤੇ ਐਡੀ ਗੱਲ ਨਹੀਂ ਕੋਈ, ਵਤਨ ਮੇਰੇ ਨੂੰ ਰੱਬ ਦੀਆਂ ਰੱਖਾਂ। ਦੰਦਾਂ ਨਾਲ ਕੋਈ ਚੱਬ ਲਏਗਾ, ਐਡੇ ਤੇ ਨਹੀਂ ਸੋਲ੍ਹ ਮਖਾਣੇ। ਵੈਰੀ ਨਾਲ ਸਲੂਕ ਕੀ ਕਰਨਾ ਇਹਨਾ ਸਾਡਾ ਵੈਰੀ ਜਾਣੇ। ਸਾਡਾ ਹੈ ਈਮਾਨ ਅਜੇ ਵੀ, ਅਸਾਂ ਸ਼ਾਂਤੀ ਭੰਗ ਨਹੀਂ ਕਰਨੀ। ਅਮਨ ਦੀ ਖ਼ਾਤਰ ਤੇਗ਼ ਚੁੱਕਣੀ ਲਾਲਚ ਦੇ ਲਈ ਜੰਗ ਨਹੀਂ ਕਰਨੀ। ਪਰ ਸਾਡੀ ਆਜ਼ਾਦੀ ਦੇ ਵੱਲ, ਜੇ ਕੋਈ ਮੂਰਖ ਮੁੱਕੇ ਤਾਣੇ । ਸਾਡੀ ਅਮਨ ਦੀ ਨੀਤੀ ਤਾਂਈਂ, ਜੋ ਸਾਡੀ ਕਮਜ਼ੋਰੀ ਜਾਣੇ। ਤਾਂ ਉਹ ਸੁਣ ਲਏ ਕੰਨ ਖੋਲ੍ਹਕੇ, ਸ਼ੀਹਣੀਆਂ ਦੇ ਦੁੱਧ ਕਿਸੇ ਨਹੀਂ ਚੁੰਘੇ। ਉਹ ਨਹੀਂ ਮਾਂ ਨੇ ਜੰਮਿਆ ਹਾਲੇ ਜਿਹੜਾ ਸਾਡੀ ਗੈਰਤ ਲੁੰਘੇ। ਸ਼ੇਰਾਂ ਦੇ ਵੱਗ ਸ਼ਾਂਤ ਖਲੋਤੇ, ਜਿਸ ਦਾ ਦਿਲ ਚਾਹੇ ਅਜ਼ਮਾਏ। ਪਰ ਜੇ ਕਿਸੇ ਜ਼ਰੂਰੀ ਆਉਣੈ ਖੱਫਣ ਦਾ ਭਾਅ ਪੁੱਛ ਕੇ ਆਏ। ਐਵੇਂ ਨਾ ਕੋਈ ਦਾਬੇ ਮਾਰੇ, ਐਵੇਂ ਨਾ ਕੋਈ ਮਹੁਰਾ ਚੱਖੇ । ਆਪਣੇ ਥਾਂ ਸਭੋ ਸਤਰਾਣੇ ਸਭ ਨੂੰ ਰੱਬ ਸਲਾਮਤ ਰੱਖੇ । ਵੈਰੀ ਦੇ ਨਾਲ ਵੈਰ ਕਰਾਂਗੇ, ਸੱਜਣ ਨੂੰ ਸਤਿਕਾਰ ਦਿਆਂਗੇ । ਪਰ ਜੇ ਬਣੀ ਦੇਸ਼ ਤੇ ਭੀੜਾ ਸਭ ਕੁਝ ਇਸ ਤੋਂ ਵਾਰ ਦਿਆਂਗੇ ।

ਅਜਨਾਲੇ ਦੇ ਸ਼ਹੀਦ

ਸੌ ਵਰ੍ਹਿਆਂ ਦੀ ਗੱਲ ਪੁਰਾਣੀ, ਜਦ ਇਹ ਕਾਰੇ ਹੋਏ ਅਵੱਲੇ । ਜਦ ਸੀ ਦੇਸ਼ ਮੇਰੇ ਦੀ ਗੈਰਤ, ਗੋਰੇ ਦੀ ਜੁੱਤੀ ਦੇ ਥੱਲੇ । ਚੜ੍ਹਦੇ ਜੋਬਨ ਉੱਤੇ ਹੈਸੀ, ਜਦੋਂ ਗ਼ੁਲਾਮੀ ਖ਼ਸਮਾਂ ਖਾਣੀ । ਆਜ਼ਾਦੀ ਦਾ ਨਾਂ ਲੈਣਾ ਵੀ, ਮੌਤ ਨਾਲ ਸੀ ਜੱਫੀ ਪਾਣੀ । ਫੁੱਲ ਫ਼ਰੰਗੀ ਦੀ ਸੋਭਾ ਦਾ, ਬਾਗ਼ਾਂ ਦੇ ਵਿਚ ਟਹਿਕ ਰਿਹਾ ਸੀ, ਭਾਰਤ ਦਾ ਸ੍ਵੈ-ਮਾਨ ਵਿਚਾਰਾ, ਪਾਣੀ ਹੱਥੋਂ ਸਹਿਕ ਰਿਹਾ ਸੀ । ਬੁੱਝ ਰਿਹਾ ਸੀ ਦੇਸ਼ ਮੇਰੇ ਦਾ, ਸਭਿਅਤਾ ਦਾ ਫ਼ਾਨੂਸ ਪੁਰਾਣਾ । ਇੰਜ ਲੱਗਦਾ ਸੀ ਇਸ ਬੁੱਢੜੇ ਦਾ ਦੀਵਾ ਵੀ ਨਹੀਂ ਕਿਸੇ ਜਗਾਣਾ । ਸੁੱਤੀ ਗੈਰਤ ਉੱਤੇ ਚੋਰਾਂ, ਧੂੜ ਛੱਡੀ ਕਬਰਾਂ ਦੀ ਮਿੱਟੀ । ਮੂੰਹਾਂ ਦੇ ਰੰਗ ਕਾਲੇ ਪੈ ਗਏ, ਨਾੜਾਂ ਦੀ ਰੱਤ ਹੋ ਗਈ ਚਿੱਟੀ । ਭਲੇ ਦਿਨਾਂ ਦਾ ਸੁਫ਼ਨਾ ਬਣ ਕੇ, ਯਾਦ ਆਜ਼ਾਦੀ ਦੀ ਸੀ ਰਹਿ ਗਈ। ਬੁਰੀ ਗ਼ੁਲਾਮੀ ਪਾਰਾ ਬਣ ਕੇ, ਜਣਿਆਂ ਦੇ ਹੱਡਾਂ ਵਿਚ ਬਹਿ ਗਈ । ਜਦੋਂ ਮੁਸਤਕਬਲ ਨੇ ਊਂਧੀ ਪਾਈ, ਸਾਹਸ ਹੋ ਗਿਆ ਨਿਮੋਂ ਝੂਣਾ । (ਫਿਰ) ਭਾਰਤ ਦੇ ਸੁੱਤੇ ਗਭਰੂ ਨੂੰ, ਵੱਜਾ ਆ ਕੇ ਜਿਹਾ ਹਿਲੂਣਾ । ਮੁੜ ਬੁਝੀ ਗ਼ੈਰਤ ਦਿਉਂ ਮੜ੍ਹੀਓਂ। ਲਿਸ਼ਕ ਪਿਆ ਕੋਈ ਕਨਕੋਲਾ । ਝਲ ਪਿਆ ਕੋਈ ਅਮਰੀ ਝੱਖੜ, ਭਾਂਬੜ ਹੋ ਗਿਆ ਅੰਨ੍ਹਾਂ ਬੋਲਾ । ਨ੍ਹੇਰੀ ਝੁੱਲੀ ਬੱਦਲ ਗੜ੍ਹਕੇ, ਬਿਜਲੀ ਲਿਸ਼ਕੀ ਟੁੱਟੇ ਤਾਰੇ । ਨਦੀਆਂ ਦੇ ਉੱਚ ਕਾਂਗਾਂ ਆਈਆਂ, ਆਪੋ ਵਿਚ ਮਿਲ ਗਏ ਕਿਨਾਰੇ । ਨਿੱਕੀ ਨਿੱਕੀ ਲਹਿਰ ਰੁਮਕਦੀ, ਬਣ ਗਿਆ ਇਕ ਅੰਦੋਲਨ ਭਾਰਾ। ਜਾਗ ਪਿਆ ਸੁੱਤਾ ਮੁਲਖੀਆ, ਲਿਸ਼ਕ ਪਿਆ ਸਰਘੀ ਦਾ ਤਾਰਾ । ਅਪਣਾ ਖੁਸਿਆ ਦੇਸ਼ ਲੈਣ ਲਈ, ਜਣਿਆਂ ਨੇ ਚੁੰਮ ਲਈਆਂ ਮੁੱਠਾਂ । ਮੜ੍ਹੀਆਂ ਦੇ ਵਿਚ ਬਲੇ ਮਵਾਤੇ, ਰੋਸ਼ਨ ਹੋਈਆਂ ਚਾਰੇ ਗੁੱਠਾਂ । ਠ੍ਹੇਲ ਦਿੱਤੀ ਜਣਿਆਂ ਨੇ ਬੇੜੀ, ਚਪੂਓਂ ਬਿਨਾਂ ਤੂਫ਼ਾਨਾਂ ਅੰਦਰ । ਡੋਰੋਂ ਬਿਨਾਂ ਪਤੰਗ ਚੜ੍ਹਾਏ, ਝਖੜਾਂ ਭਰੇ ਅਸਮਾਨਾਂ ਅੰਦਰ। ਆਜ਼ਾਦੀ ਦੀ ਨੀਂਹ ਚਾ ਰੱਖੀ, ਗਭਰੂਆਂ ਆਪਣੀਆ ਹਿੱਕਾਂ ਉੱਤੇ । ਬੀਤ ਗਈ ਪਰ ਰਾਤ ਨਮੁਰਦੀ, ਸੁਪਣੇ ਰਹਿ ਗਏ ਅਧ ਵਰਿੱਤੇ । ਸਾਮਰਾਜ ਦੀਆਂ ਮਾਰੂ ਤੇਗਾਂ ਰੀਝਾਂ ਲਾਹ ਲਾਹ ਚੜ੍ਹੀਆਂ ਸਾਣੇ । ਇੰਜ ਬੰਦੂਕਾਂ ਬੰਦੇ ਭੁੰਨੇ ਮਾਛਣ ਜੀਕੂੰ ਭੁੰਨਦੀ ਦਾਣੇ। ਭਾਰਤ ਦੀ ਧਰਤੀ ਦੀ ਹਿੱਕ ਤੇ, ਭਾਰਤ ਦੀ ਰੁੱਤ ਏਨੀ ਡੁਲ੍ਹੀ । ਗੋਰੇ ਦੇ ਚਿੱਟੇ ਬੁਲ੍ਹਾਂ ਨੂੰ, ਅਜ ਤੀਕ ਨਹੀਂ ਲਾਲੀ ਭੁਲੀ । ਵਾਹਣਾਂ ਦੇ ਵਿਚ ਲੋਥਾਂ ਰੁਲੀਆਂ, ਰੁੱਖਾਂ ਦੇ ਉੱਤੇ ਸਿਰ ਟੰਗੇ । ਬਾਦਸ਼ਾਂ ਦੀਆਂ ਹਿੱਕਾਂ ਉੱਤੋਂ, ਛਾਲਾਂ ਲਾ ਲਾ ਕੁੱਤੇ ਲੰਘੇ । ਜਿਨ੍ਹਾਂ ਹੂਰਾਂ ਪਰੀਆਂ ਹੈਸਨ ਪੈਰਾਂ ਹੇਠਾਂ ਪੱਟ ਵਛਾਏ । ਉਨ੍ਹਾਂ ਨੰਗੀਆਂ ਲੋਥਾਂ ਉਤੇ, ਇੱਲਾਂ ਕਾਂਵਾਂ ਝੁਰਮਟ ਪਾਏ । ਜਿਨ੍ਹਾਂ ਗੁੱਤਾਂ ਦੇ ਵਿਚ ਬੱਝੇ, ਬਲੀ ਸ਼ਹਿਜ਼ਾਦੇ ਕਦੀ ਨਾ ਹੱਲੇ । ਉਹ ਵਿਸ ਭਰੀਆਂ ਜ਼ੁਲਫ਼ਾਂ ਖੁੱਲ੍ਹੀਆਂ, ਰੁਲਦੀਆਂ ਡਿੱਠੀਆਂ ਪੈਰਾਂ ਥੱਲੇ। ਖੂਹ ਵਿਚ ਸੁੱਟ ਕੇ ਜਿਊਂਦੇ ਬੰਦੇ ਪੰਡਾਂ ਮੂੰਹੀਂ ਮਿੱਟੀ ਪਾਈ। ਗੋਰੇ ਨੇ ਅਖਲਾਕ ਆਪਣੇ ਦੀ, ਅਜਨਾਲੇ ਵਿਚ ਕਬਰ ਬਣਾਈ। ਭੀੜਿਆਂ ਬੁਰਜਾਂ ਦੇ ਵਿਚ ਬੰਦੇ, ਡੱਕ ਛੱਡੇ ਭੁੱਖੇ ਤਿਰਹਾਏ । ਪੱਛਮ ਦੀ ਇਨਸਾਨੀਅਤ ਨੂੰ, ਕਿਵੇਂ ਭਲਾ ਇਨਸਾਨ ਭੁਲਾਏ । ਸਾਮਰਾਜ ਨੇ ਪੀਂਘ ਜੁਲਮ ਦੀ, ਏਨੀ ਲਾ ਕੇ ਟਿੱਲ ਚੜ੍ਹਾਈ, ਕੰਬ ਗਏ ਅਰਸ਼ਾਂ ਦੇ ਤਾਰੇ, ਡੋਲ ਗਈ ਮਜ਼ਲੂਮ ਖੁਦਾਈ । ਆਜ਼ਾਦੀ ਦੀ ਏਸ ਲਹਿਰ ਨੂੰ, ਗ਼ਦਰ ਕਿਹਾ ਜਿਹਨਾਂ ਇਤਿਹਾਸਾਂ । ਦੇਸ਼ ਨਾਲ ਗ਼ੱਦਾਰੀ ਕੀਤੀ, ਉਨ੍ਹਾਂ ਸਾਮਰਾਜ ਦਿਆਂ ਦਾਸਾਂ। ਆਜ਼ਾਦੀ ਦੀ ਲਹਿਰ ਪਵਿੱਤਰ, ਇਹ ਟੋਰੀ ਸੀ ਇਨ੍ਹਾਂ ਸ਼ਹੀਦਾਂ । ਗ਼ਦਰ ਆਖ ਕੇ ਭੰਡਿਆ ਐਪਰ, ਇਨੂੰ ਗੋਰੇ ਦਿਆਂ ਮੁਰੀਦਾਂ । ਰੱਤ ਚੋ ਚੋ ਜੋ ਬੂਟਾ ਲਾਇਆ । ਦੇਸ਼ ਦਿਆਂ ਵੀਰਾਂ ਸਰਦਾਰਾਂ । ਓਸੇ ਬੂਟੇ ਉਤੇ ਆਈਆਂ, ਸਦੀਆਂ ਪਿੱਛੋਂ ਅਜ ਬਹਾਰਾਂ । ਭੁੱਲ ਨਹੀਂ ਸਕਦਾ ਕਦੇ ਅਸਾਨੂੰ ਪਰਲੋ ਤੀਕਰ ਉਪਕਾਰ ਉਨ੍ਹਾਂ ਦਾ। ਸਾਡੇ ਸਿਰ ਮੱਥੇ ਦੇ ਉੱਤੇ, ਨੱਚੇਗਾ ਸਤਿਕਾਰ ਉਨ੍ਹਾਂ ਦਾ। ਇਨ੍ਹਾਂ ਬੁਰਜਾਂ ਖੂਹਾਂ ਉਤੇ, ਝੁਲਦਾ ਰਹੇਗਾ ਅਮਨ ਤਰੰਗਾ । ਸਾਮਰਾਜ ਨੂੰ ਮਾਨੁੱਖਤਾ ਤੋਂ, ਸਦਾ ਰਹੇਗੀ ਆਉਂਦੀ ਸੰਗਾ । ਇਨ੍ਹਾਂ ਸ਼ਹੀਦਾਂ ਦੇ ਸਿਰ ਸਦਕਾ, ਅਸੀਂ ਬਣੇ ਹਾਂ ਅੱਜ ਸੁਭਾਗੇ । ਇਨ੍ਹਾਂ ਦੀ ਕੁਰਬਾਨੀ ਸਦਕਾ, ਭਾਰਤ ਮੇਰਾ ਜੀਵੇ ਜਾਗੇ ।

ਮੇਰੇ ਪੰਜਾਬ !

ਭਾਰਤ ਦੇ ਸੁਹਜ ਸੋਹਣੇ, ਪੰਜਾਬ ਦੇਸ਼ ਮੇਰੇ, ਤੇਰੇ ਮੈਂ ਜ਼ੱਰਿਆਂ ਤੋਂ ਹੀਰੇ ਨਿਸਾਰ ਕਰਨਾਂ। ਕੁਰਬਾਨੀਆਂ ਦੇ ਸੋਮੇਂ, ਆਜ਼ਾਦੀਆਂ ਦੇ ਆਸ਼ਕ, ਭਗਤਾਂ ਦੇ ਦੇਸ਼ ਤੈਨੂੰ ਮੈਂ ਨਮਸਕਾਰ ਕਰਨਾਂ । ਤੇਰੇ ਪਹੀਆਂ ਦੀ ਮਿੱਟੀ, ਮੂੰਹ ਤੇ ਜੋ ਉੱਡਦੀ ਏ, ਚੰਨਾਂ ਮੈਂ ਉਹਨੂੰ ਚੰਨਣ ਦਾ ਬੂਰ ਸਮਝਦਾ ਹਾਂ। ਸਿੱਜਦੇ ਕਰਾਂ ਮੈਂ ਨਿਉਂ ਨਿਉਂ, ਤੇਰੇ ਪਰਬਤਾਂ ਨੂੰ, ਤੇਰਾ ਮੈਂ ਹਰ ਜ਼ੱਰਾ ਕੋਹ ਨੂਰ ਸਮਝਦਾ ਹਾਂ। ਨਦੀਆਂ ਦਾ ਨੀਰ ਤੇਰਾ, ਲੋਕਾਂ ਲਈ ਹੈ ਪਾਣੀ, ਉਹਦੇ 'ਚੋਂ ਮੈਨੂੰ ਐਪਰ ਆਬੇ ਹਿਯਾਤ ਮਿਲਦੈ । ਚਾਕਰ ਸਮਝ ਕੇ ਪੂਜਾਂ ਤੇਰੇ ਮੈਂ ਪੱਥਰਾਂ ਨੂੰ, ਉਹਨਾਂ ਦੇ ਵਿਚ ਮੈਨੂੰ ਰੱਬ ਸਾਖਿਆਤ ਮਿਲਦੈ । ਤੇਰੇ ਬਨਾਂ ਦੇ ਅੰਦਰ ਰੂਹਾਨੀਅਤ ਦੀ ਵੱਸੋਂ, ਇਖਲਾਕ ਤੇਰੀ ਜੂਹ ਵਿਚ, ਪਲ ਕੇ ਜਵਾਨ ਹੋਇਆ। ਸ਼ੇਰਾਂ ਤੇ ਹਰਨੀਆਂ ਨੇ ਏਥੇ ਪਿਆਰ ਵੇਖੋ, ਬਾਜ਼ਾਂ ਨੂੰ ਘੁਗੀਆਂ ਤੋਂ ਏਥੇ ਗਿਆਨ ਹੋਇਆ। ਉੱਚਾ ਬਣਾਵਟਾਂ ਤੋਂ ਪਿੰਡਾਂ ਦਾ ਹੁਸਨ ਤੇਰਾ, ਦੇਂਦੀ ਏ ਆਪ ਕੁਦਰਤ ਇਸ ਨੂੰ ਸ਼ੰਗਾਰ ਏਥੇ । ਜਦ ਬਾਜਰੇ 'ਚੋਂ ਜੱਟੀ ਤੋਤੇ ਉਡਾਵੰਦੀ ਏ, ਡਿੱਗਦੇ ਨੇ ਕਈ ਪੰਛੀ ਕਈ ਆਮੁਹਾਰ ਏਥੇ । ਕੋਇਲਾਂ ਦਾ ਗੀਤ ਥਿੜਕੇ, ਤਾਲੋਂ ਹੈ ਖੁੰਝ ਜਾਂਦੀ, ਜਦ ਤ੍ਰਿੰਜਣਾਂ 'ਚ ਕੋਈ ਮੁਟਿਆਰ ਗਾਵੰਦੀ ਏ । ਬਿਜਲੀ ਹੈ ਤੜਪ ਉਠਦੀ, ਬੱਦਲਾਂ ਦੇ ਪਰਦਿਆਂ ਵਿਚ, ਜਦ ਪੀਂਘ ਕੋਈ ਅਲੜ੍ਹ, ਨੱਥ ਪਾ ਚੜ੍ਹਾਵੰਦੀ ਏ। ਪਨਿਹਾਰਨਾਂ ਦੇ ਟੋਲੇ, ਧਰ ਕੇ ਘੜੇ ਸਿਰਾਂ ਤੇ, ਜਦ ਪੱਤਣਾਂ ਦੇ ਲਾਗੇ ਭੜਕੀ ਖਲੇਰਦੇ ਨੇ। ਸਾਰੇ ਜਹਾਨ ਦੀ ਤਦ, ਹੈ ਤ੍ਰੇਹ ਭੜਕ ਉਠਦੀ, ਬੱਦਲ ਵੀ ਤੱਕ ਕੇ ਬੁੱਲ੍ਹਾਂ ਤੇ ਜੀਭ ਫੇਰਦੇ ਨੇ । ਓ ਛਣਕਦੀ ਮਧਾਣੀ, ਓ ਚਰਖਿਆਂ ਦੀ ਘੂੰ ਘੂੰ, ਰਲਵਾਂ ਇਹ ਰਾਗ ਭਗਤਾਂ ਦਾ ਚਿੱਤ ਠਗਦਾ ਏ । ਓ ਖੋਲਿਆਂ 'ਚ ਬੈਠੇ ਰਾਖੇ ਹਕੂਮਤਾਂ ਦੇ ! ਉਨਾਂ ਰੂੜੀਆਂ ਤੇ ਢੇਰਾਂ ਵਿਚ ਰਿਜ਼ਕ ਜੱਗ ਦਾ ਏ। ਪਰਭਾਤ ਦੇ ਸਮੇਂ ਜਾਂ ਇਸ਼ਨਾਨ ਭਗਤ ਕਰਦੈ। ਕੋਈ ਚੱਕੀਆਂ ਤੇ ਬਹਿ ਕੇ ਇਹ ਗੀਤ ਗਾਵੰਦਾ ਏ । ਜੀਵੇ ਪੰਜਾਬ ਰਾਜਾ, ਦੁਨੀਆਂ ਦਾ ਅੰਨ-ਦਾਤਾ, ਇਹ ਪੱਥਰਾਂ ਦੇ ਮੁੰਹ ਵਿਚ ਵੀ ਰਿਜ਼ਕ ਪਾਵੰਦਾ ਏ । ਚੌਣੇ ਚਰਾ ਕੇ ਸ਼ਾਮੀਂ, ਜਦ ਪਰਤਦੇ ਨੇ ਵਾਗੀ, ਮਾਹੀਏ ਉਡੀਕਦੇ ਨੂੰ ਮਾਹੀਆ ਸੁਣਾਂਵੰਦੇ ਨੇ । ਕਈਆਂ ਸਲੇਟੀਆਂ ਦੀ ਚੂਰੀ ਹੈ ਡੁੱਲ੍ਹ ਪੈਂਦੀ, ਕਈਆਂ ਰੰਝੇਟਿਆਂ ਦੇ ਦਿਲ ਪਾਟ ਜਾਂਵੰਦੇ ਨੇ। ਓ ਝੋਟੀਆਂ ਦੇ ਬੂਥੇ, ਦੁਧੀਂ ਭਰੇ ਹਵਾਨੇ, ਜਿਹੜੇ ਕਦੀ ਨਹੀਂ ਆਏ ਮਿਣਤਰ ਹਿਸਾਬ ਅੰਦਰ । ਜੰਨਤ 'ਚ ਰਹਿਣ ਵਾਲੇ ਤਕ ਤਕ ਕੇ ਆਖਦੇ ਨੇ, “ਪੀਣਾਂ ਹੈ ਦੁੱਧ ਜੇਕਰ ਚੱਲੋ ਪੰਜਾਬ ਅੰਦਰ ।" ਸੋਨੇ ਦੇ ਤੋਲ ਸਾਂਵੀਂ ਵਿਕਦੀ ਏ ਤੇਰੀ ਮਿੱਟੀ, ਮਿੱਟੀ ਦੇ ਖੇਤ ਤੇਰੇ ਸੋਨਾ ਉਗਾਲਦੇ ਨੇ। ਮੋਤੀ ਖਲੇਰਦਾ ਏ ਕੋਈ ਤੇਰੇ ਬੰਨਿਆਂ ਤੇ, ਨਦੀਆਂ ਦੇ ਨੀਰ ਤੇਰੇ ਚਾਂਦੀ ਉਛਾਲਦੇ ਨੇ । ਓ ਬੋਤਿਆਂ ਜਿਹੇ ਨੀਂਗਰ ਤੇਰੇ ਜੋ ਖੇਡਦੇ ਨੇਂ, ਭਾਰੂ ਉਨ੍ਹਾਂ ਨੇ ਹੋਣਾਂ ਇਕ ਇਕ ਹਜ਼ਾਰ ਉੱਤੇ । ਕਈ ਭਗਤ ਸਿੰਘ ਖਵਰੇ, ਇਨ੍ਹਾਂ 'ਚੋਂ ਨਿਕਲਨੇ ਨੇਂ, ਜਿਹਨਾਂ ਨੇ ਨੱਚਣਾ ਏਂ ਚੜ੍ਹ ਚੜ੍ਹ ਕੇ ਦਾਰ ਉਤੇ । ਵੇਲੇ ਕਵੇਲੇ ਹੱਦਾਂ ਤੇ ਉਹ ਮਾਰਦੇ ਨੇ ਫੇਰਾ, ਜਾਂ ਆਮੁਹਾਰੇ ਜੰਗਲ ਕੋਲੋਂ ਦੀ ਲੰਘਦੇ ਨੇ । ਤਦ ਸ਼ੇਰਨੀ ਵੀ ਹਿੱਕ ਤੇ ਬੱਚੇ ਚਮੋੜ ਲੈਂਦੀ, ਹਾਥੀ ਵੀ ਟੁਰ ਜਾਂਦੇ, ਲਾਂਭੋਂ ਦੀ ਲੰਘਦੇ ਨੇ । ਜੀਂਦਾ ਰਹੇਂ ਜਵਾਨਾਂ ! ਤੇਰੇ ਹੀ ਡੌਲਿਆਂ ਵੱਲ, ਭਾਰਤ ਵਰਸ਼ ਦੀ ਸੁਹਣੀ ਤਕਦੀਰ ਵੇਖਦੀ ਏ । ਤੇਰੇ ਹੀ ਖੋਲਿਆਂ ਵੱਲ ‘ਕਰਤਾਰ’ ਜਾਣਦਾ ਏ, ਉਹ ਸਵਰਗ ਦੀ ਸ਼ਰੀਕਣ ਕਸ਼ਮੀਰ ਵੇਖਦੀ ਏ।

ਆਜ਼ਾਦੀ ਦਾ ਸੂਰਜ

ਮੇਰੇ ਵਤਨ ਦੇ ਵਾਸੀਆ ਭਾਗਵਾਨਾਂ ! ਆ ਜਾ, ਅੱਜ ਖੁਸ਼ੀਆਂ ਬਾਰ ਬਾਰ ਕਰੀਏ । ਜਿਹੜੇ ਦਿਨ ਮੂੰਹ ਡਿੱਠਾ ਜਮਹੂਰੀਅਤ ਦਾ, ਰਲ ਕੇ ਅੱਜ ਉਹਨੂੰ ਨਮਸਕਾਰ ਕਰੀਏ । ਜਿਸ ਦਿਨ ਜਨ ਸਾਧਾਰਨ ਨੂੰ ਮਾਣ ਮਿਲਿਆ, ਅਜ ਦਾ ਦਿਨ ਉਹ ਬੜਾ ਸੁਲੱਖਣਾ ਏਂ। ਦੇ ਕੇ ਗੰਢ ਇਤਿਹਾਸ ਦੀ ਡੱਬ ਅੰਦਰ, ਇਹਦੀ ਯਾਦ ਨੂੰ ਸਾਂਭ ਕੇ ਰੱਖਣਾ ਏਂ।" ਜਨਮ ਦਿਨ ਆਜ਼ਾਦੀ ਦਾ ਕਹੋ ਇਹਨੂੰ, ਭਾਵੇਂ ਏਸ ਨੂੰ ਕੌਮੀ ਤਹਿਵਾਰ ਕਹਿ ਲੈ । ਇਹਨੂੰ ਬਰਸੀ ਗ਼ੁਲਾਮੀ ਦੀ ਆਖ ਭਾਵੇਂ, ਜਾਂ ਸ਼ਹੀਦਾਂ ਦੀ ਯਾਦਗਾਰ ਕਹਿ ਲੈ। ਐਪਰ ਮੰਨਣਾ ਪਵੇਗਾ ਅੰਤ ਤੈਨੂੰ, ਉਮਰਾਂ ਗਾਲ ਇਹਨੂੰ ਅਸੀਂ ਸਾਜਿਆ ਏ । ਪੰਡਾਂ ਮੂੰਹੀ ਦੇ ਦੇ ਮੋਤੀ ਲਾਲ ਹੀਰੇ, ਸਾਂਵੀਂ ਤੱਕੜੀ ਇਹਨੂੰ ਵਿਹਾਜਿਆ ਏ । ਭਲਾ ਏਸ ਦਿਹਾੜੇ ਦੀ ਭਾਲ ਅੰਦਰ, ਅਸੀਂ ਕਿਹੜੀਆਂ ਮਿੱਟੀਆਂ ਛਾਣੀਆਂ ਨਹੀਂ । ਕਿਥੋਂ ਟੁਰੇ ਤੇ ਕਿਸ ਤਰ੍ਹਾਂ ਅਪੜੇ ਸਾਂ, ਇਹ ਕੋਈ ਛੋਟੀਆਂ ਦਰਦ ਕਹਾਣੀਆਂ ਨਹੀਂ। ਇਹਦਾ ਚਾਨਣਾ ਲਭਦਿਆਂ, ਝਖੜਾਂ 'ਚੋਂ, ਜੋਤਾਂ ਕਈ ਨਰੋਤਮੀ ਬੁਝ ਗਈਆਂ । ਇਹਦੀ ਡਾਚੀ ਦੇ ਖੁਰੇ ਦੀ ਭਾਲ ਪਿਛੇ, ਲੱਖਾਂ ਸੱਸੀਆਂ ਥਲਾਂ ਵਿਚ ਭੁੱਜ ਗਈਆਂ । ਜੇਹਲਾਂ ਵਿਚ ਬਹਿ ਬਹਿ ਲੱਖਾਂ ਤਪ ਕੀਤੇ, ਪਰ ਇਹ ਦੇਵਤਾ ਕਿਸੇ ਤੇ ਵਿੱਸਿਆ ਨਾਂਹ । ਕਈਆਂ ਆਪਣੀ ਚਿਖਾ ਦੀ ਲੋ ਕੀਤੀ, ਪਰ ਇਹ ਚਾਨਣਾ ਫੇਰ ਵੀ ਦਿੱਸਿਆ ਨਾਂਹ। ਕੁੱਕੜ ਰਹੇ ਬਾਂਗਾਂ ਦੇਂਦੇ, ਕਿਸੇ ਐਪਰ, ਕਲਮਾ ਨਹੀਂ ਆਜ਼ਾਦੀ ਦਾ ਪੜ੍ਹਣ ਦਿੱਤਾ, ਜਿਹਦੇ ਰਾਜ 'ਚ ਸੂਰਜ ਨਾ ਡੁੱਬਦਾ ਸੀ, ਦਿਨ ਨਾ ਓਸ ਆਜ਼ਾਦੀ ਦਾ ਚੜ੍ਹਣ ਦਿੱਤਾ। ਵੇਖਣ ਲਈ ਇਸ ਸੂਰਜ ਦੀ ਕਿਰਨ ਪਹਿਲੀ, ਅਰਸ਼ ਫ਼ਰਸ਼ ਨੇ ਬਾਹਵਾਂ ਉਲਾਰ ਛੱਡੀਆਂ। ਏਸ ਇਕ ਦਿਹਾੜੇ ਦੀ ਦੀਦ ਬਦਲੇ, ਰੋ ਰੋ ਕੌਮ ਨੇ ਸਦੀਆਂ ਗੁਜ਼ਾਰ ਛੱਡੀਆਂ । ਬੁੱਕਲ ਸਰਘੀਆਂ ਦੀ ਰੋਜ਼ ਫੋਲਦੇ ਰਹੇ, (ਪਰ) ਕਿਸੇ ਤਾਰਾ ਤਕਦੀਰ ਦਾ ਡਕ ਛਡਿਆ, ਲਹਿੰਦੇ ਵਾਲਿਆਂ ਨੇ ਚੜ੍ਹਦੇ ਵਾਲਿਆਂ ਦਾ, ਸਦੀਆਂ ਤਕ ਚੜ੍ਹਦਾ ਸੂਰਜ ਡੱਕ ਛੱਡਿਆ । ਸੱਤਾਂ ਵਾਰਾਂ ਤੇ ਬਾਰਾਂ ਮਹੀਨਿਆਂ ਦੇ ਅੱਖਾਂ ਨਾਲ ਮੁਹਾਂਦਰੇ ਤੋਲ ਸੁੱਟੇ । ਏਸ ਥਿਤ ਲਈ ਪਾਂਧੇ ਦੀ ਪੱਤਰੀ ਤੋਂ, ਘੋਖ ਘੋਖ ਕੇ ਪੱਤਰੇ ਫੋਲ ਸੁੱਟੇ । ਆਈਆਂ ਪੁੰਨਿਆਂ, ਚਾਨਣੇ ਲੱਖ ਲੰਘੇ, ਪਰ ਹਨੇਰਾ ਗ਼ੁਲਾਮੀ ਦਾ ਮੁੱਕਿਆ ਨਾ । ਕਈ ਵਾਰ ਪਤਝੜਾਂ ਨੇ ਬੂਰ ਝੰਬੇ, (ਪਰ) ਪਰਾਧੀਨਤਾ ਦਾ ਬਿਰਛ ਸੁੱਕਿਆ ਨਾ। ਕਈਆਂ ਰਾਂਝਿਆਂ ਇਹਦੇ ਲਈ ਜੋਗ ਧਾਰੇ, ਕਈਆਂ ਸ਼ਾਹਾਂ ਨੇ ਪੁੱਤ ਫ਼ਕੀਰ ਕਰ ਲਏ। ਲੱਕਾਂ ਬੰਨ੍ਹ ਲੰਗੋਟੀਆਂ ਬਣੇ ਸਾਧੂ, ਲੀੜੇ ਛੱਡ ਜੁਸੇ ਲੀਰੋ ਲੀਰ ਕਰ ਲਏ। ਕਈਆਂ ਲਾੜੀਆਂ ਦੀ ਮਹਿੰਦੀ ਘੁਲੀ ਰਹਿ ਗਈ, ਗਾਨੇ ਤੋੜ ਲਏ, ਮੌਲੀਆਂ ਵੱਢ ਆਏ। ਸਾਹਿਆ ਹੀਰ ਆਜ਼ਾਦੀ ਦੀ ਮਿਥਨ ਖ਼ਾਤਰ, ਲਾਂਵਾਂ ਅੱਧ ਵਰੁਤੀਆਂ ਛੱਡ ਆਏ। ਰਾਹ ਵੀਰਾਂ ਦੇ ਵਿਹੰਦੀਆਂ ਕਈ ਭੈਣਾਂ, ਅਜੇ ਤੀਕ ਖਲੋ ਦਹਿਲੀਜ਼ ਉੱਤੇ, ਅਜੇ ਤੀਕ ਵੀ ਅਥਰੂ ਕੇਰ ਰਹੀਆਂ, ਆਪਣੇ ਦਾਜ ਦੀ ਸੁੱਚੀ ਕਮੀਜ਼ ਉੱਤੇ । ਕਈ ਵਹੁਟੀਆਂ ਖਲੀਆਂ ਬਨੇਰਿਆਂ ਤੇ, ਪਾਣ ਔਂਸੀਆਂ, ਕਿਸੇ ਉਡੀਕ ਪਿਛੇ । ਖੌਰੇ ਅਜ ਦੇ ਦਿਨ ਹੀ ਆ ਜਾਵੇ, ਘਰੋਂ ਗਿਆ ਸੀ ਏਸੇ ਤਰੀਕ ਪਿਛੇ । ਜਿਉਂ ਜਿਉਂ ਰਹੇ ਵਿਹੰਦੇ ਪੱਬਾਂ ਭਾਰ ਹੋ ਕੇ, ਰਿਸ਼ਮਾਂ ਏਸ ਸੂਰਜ ਮਹਾਰਾਜ ਦੀਆਂ । ਤਿਉਂ ਤਿਉਂ ਉੱਚੀਆਂ ਹੁੰਦੀਆਂ ਹੋਰ ਗਈਆਂ, ਕੰਧਾਂ ਏਸ ਖੂਨੀ ਸਾਮਰਾਜ ਦੀਆਂ। ਦੱਬੀ ਰੱਖਿਆ ਚਿਰਾਂ ਤੀਕ ਇਹ ਸੂਰਜ, ਉਹਨਾਂ ਤੋਪਾਂ ਤੇ ਬੰਬਾਂ ਦੇ ਧੂੰ ਥੱਲੇ । ਕਿਥੋਂ ਤੀਕ ਪਰ ਭਲਾ ਛੁਪਾ ਸਕਦੈ, ਕੋਈ ਭੜਕਦੀ ਅੱਗ ਨੂੰ ਰੂੰ ਥੱਲੇ। ਐਸਾ ਅਣਖ ਦੀ ਕੁੰਨੀ 'ਚ ਗੜ੍ਹਕ ਆਇਆ, ਲੰਬਾਂ ਪਾਰ ਸਮੁੰਦਰੋਂ ਧਾ ਗਈਆਂ । ਸੂਰਜ ਰੱਜ ਕੇ ਜਿਹਾ ਜਕਲੰਬ ਖਾਧਾ, ਗੋਰੇ ਤਾਂਈਂ ਤਰੇਲੀਆਂ ਆ ਗਈਆਂ। ਸਦੀਆਂ ਬੀਤੀਆਂ ਦੇ ਪਿਛੋਂ ਭਾਗ ਲੱਗੇ, ਫਿਰ ਤਖਤ ਹਜ਼ਾਰੇ ਦੇ ਵਿਹੜਿਆਂ ਨੂੰ । ਸਾਹਿਆ ਹੀਰ ਆਜ਼ਾਦੀ ਦਾ ਪਿਆ ਮਿਥਣਾਂ, ਅੰਤ ਕੈਦੋਆਂ, ਅਦਲੀਆਂ, ਖੇੜਿਆਂ ਨੂੰ । ਫਿਰ ਵੀ ਰੱਬ ਦਾ ਸ਼ੁਕਰ ਏ ਲੱਖ ਵਾਰੀ, ਅਸੀਂ ਅਜ ਆਜ਼ਾਦੀ ਪਏ ਮਾਣਦੇ ਹਾਂ। ਮੁੱਲ ਏਸ ਦਾ ਰੱਜਵਾਂ ਤਾਰ ਕੇ ਵੀ, ਏਸ ਸੌਦੇ ਨੂੰ ਸਸਤਿਆਂ ਜਾਣਦੇ ਹਾਂ। ਜਦ ਤਕ ਰਹਿਣਗੇ ਸੂਰਜ ਤੇ ਚੰਨ ਤਾਰੇ, ਜਦ ਤਕ ਦਿਨਾਂ ਪਿਛੋਂ ਰਾਤਾਂ ਪੈਣਗੀਆਂ। ਯਾਦਾਂ ਸੋਹਣਿਆਂ ਅੱਜ ਦੇ ਦਿਨ ਦੀਆਂ, ਸਾਡੇ ਦਿਲਾਂ ਵਿਚ ਨੱਚਦੀਆਂ ਰਹਿਣਗੀਆਂ। ਕਸਮਾਂ ਖਾਧੀਆਂ ਰਾਵੀ ਦੇ ਪੱਤਣਾਂ ਤੇ, ਚੜ੍ਹੀਆਂ ਤੋੜ ਜਹਾਨ ਨੇ ਵੇਖ ਲਈਆਂ। ਧੂੜਾਂ ਨੱਸਦੇ ਬੁਜ਼ਦਿਲ ਸਾਮਰਾਜ ਦੀਆਂ, ਅਜ ਦੇ ਦਿਨ ਸੰਸਾਰ ਨੇ ਵੇਖ ਲਈਆਂ।

ਪੰਜਾਬ ਦੀ ਸੁਲੱਖਣੀ ਧਰਤੀ

ਉਸ ਵਿਚ ਲਾਲੀ ਪੰਜਾਬ ਦੇ ਖ਼ੂਨ ਦੀ ਏ, ਜੋ ਆਜ਼ਾਦੀ ਦਾ ਖਿੜਿਆ ਗੁਲਾਬ ਦਿਸਦੈ । ਕਰਦੀ ਨਾਚ ਜਵਾਨੀ ਜੋ ਪਰਬਤਾਂ ਤੇ, ਭਗਤ ਸਿੰਘ ਦਾ ਉਸ ਵਿਚ ਸ਼ਬਾਬ ਦਿਸਦੈ । ਪਿਤਾ, ਪੁੱਤਾਂ ਨੂੰ ਮੌਤ ਦਾ ਰਾਹ ਦਸਦੈ, ਪੂਰਾ ਹੁੰਦਾ ਦਸ਼ਮੇਸ਼ ਦਾ ਖਾਬ ਦਿਸਦੈ । ਉਡਦਾ ਪਿਆ ਤਰੰਗਾ ਜੋ ਅਰਸ਼ ਉੱਤੇ ਉਹਦੇ ਵਿਚ ਸਮੁੱਚਾ ਪੰਜਾਬ ਦਿਸਦੈ । ਜਿਹੜੇ ਦੇਸ਼ ਨੇ ਨਲਵੇ ਨੂੰ ਜਨਮ ਦਿੱਤਾ, ਉਹ ਪੰਜਾਬ ਦੀ ਧਰਤ ਸੁਲੱਖਣੀ ਏਂ । ਜਿਸ ਨੇ ਦੇਸ਼ ਦੀ ਅਣਖ ਲਈ ਸੀਸ ਦਿੱਤਾ, ਉੱਚੀ ਪੱਗ ਅਸਾਂ ਉਹਦੀ ਰੱਖਣੀ ਏਂ । ਰਲ ਕੇ ਆਓ ਪੰਜਾਬੀਓ ਸੌਂਹ ਖਾਈਏ, ਨੀਂਵਾਂ ਦੇਸ਼ ਦਾ ਮਾਨ ਨਹੀਂ ਹੋਣ ਦੇਣਾ । ਲਹੂ ਦੀ ਨਦੀ 'ਚ ਰੋੜ੍ਹਣੈ ਵੈਰੀਆਂ ਨੂੰ, ਮਾਂ ਦੀ ਹਿੱਕ ਤੇ ਨਹੀਂ ਖਲੋਣ ਦੇਣਾ। ਤੜਪ ਰਹੇ ਪਿਆਸਿਆਂ ਦੁਸ਼ਮਣਾਂ ਦੇ, ਮੂੰਹ ਵਿਚ ਪਾਣੀ ਨਹੀਂ ਕਿਸੇ ਨੂੰ ਚੋਣ ਦੇਣਾ । ਪੂੰਝਣ ਦੇਣੀ ਨਹੀਂ ਮਾਂਗ ਸੁਹਾਗਣਾਂ ਦੀ, ਹੁਣ ਨਹੀਂ ਕਿਸੇ ਯਤੀਮ ਨੂੰ ਰੋਣ ਦੇਣਾ । ਧੁੜਕੂ ਵੈਰੀਆਂ ਦਾ ਛੱਡ ਦੇ ਦੇਸ਼ ਮੇਰਾ, ਪੰਡ ਸਾਰੀ ਪੰਜਾਬ ਨੇ ਚੁੱਕ ਲਈ ਏ । ਭਾਰਤਵਰਸ਼ ਪਿਆਰੇ ਦੀ ਰਖਿਆ ਲਈ, ਜ਼ਿੰਮੇਂਵਾਰੀ ਪੰਜਾਬ ਨੇ ਚੁੱਕ ਲਈ ਏ । ਜਲ੍ਹਿਆਂ ਵਾਲੇ ਦੇ ਬਾਗ਼ 'ਚ ਸੁੱਤੇ ਹੋਏ, ਭਾਰਤ ਵਰਸ਼ ਦੇ ਇਕ ਇਕ ਫ਼ਰਜ਼ੰਦ ਦੀ ਸੌਂਹ । ਅਸੀਂ ਰੋੜ੍ਹਾਂਗੇ ਫੁਲ ਨਿਰਾਸਤਾ ਦੇ, ਗੋਬਿੰਦ ਸਾਗਰ ਵਿਚ, ਪੁਰੀ ਆਨੰਦ ਦੀ ਸੌਂਹ । ਨਹੀਂ ਦੀਵਾਰ ਹਿਮਾਲਾ ਦੀ ਟੱਪਣ ਦੇਣੀ, ਸਾਨੂੰ ਪਾਵਨ ਸਰਹੰਦ ਦੀ ਕੰਧ ਦੀ ਸੌਂਹ । ਬੰਧਨ ਦੇਸ਼ ਨੂੰ ਨਵੇਂ ਨਹੀਂ ਪੈਣ ਦੇਣੇ । ਮਨੀ ਸਿੰਘ ਦੇ ਬੰਦ ਬੰਦ ਦੀ ਸੌਂਹ । ਸਾਨੂੰ ਸੌਂਹ ਪੰਜਾਬ ਦੇ ਪਾਣੀਆਂ ਦੀ, ਦੁਸ਼ਮਣ ਤਾਂਈਂ ਪਿਆਸਿਆਂ ਮਾਰਨਾ ਏਂ। ਅਮਨ ਲਈ ਉਡਾਏ ਕਬੂਤਰਾਂ ਨੂੰ, ਚੋਗਾ ਵੈਰੀ ਦੇ ਮਾਸ ਦਾ ਚਾਰਨਾ ਏਂ। ਅਸੀਂ ਦੱਸਣੈਂ ਉਹਦਾ ਕੀ ਹਾਲ ਹੁੰਦੈ, ਜਿਹੜਾ ਦਗਾ ਕਮਾਂਦਾ ਏ ਯਾਰਾਂ ਦੇ ਨਾਲ। ਵੱਡਾ ਮੂਰਖ ਏ ਕੱਖਾਂ ਦੀ ਛੰਨ ਥੱਲੇ, ਬਹਿ ਕੇ ਖੇਡਦੈ ਜਿਹੜਾ ਅੰਗਿਆਰਾਂ ਦੇ ਨਾਲ । ਕਰਨੀ ਉਸ ਕੰਬਖਤ ਦੇ ਨਾਲ ਓਹੋ, ਹੁੰਦੀ ਆਈ ਜੋ ਮੁੱਢੋਂ ਗ਼ੱਦਾਰਾਂ ਦੇ ਨਾਲ । ਹਾਰਾਂ ਨਾਲ ਸੁਆਗਤ ਸੀ ਕਦੀ ਕੀਤਾ, ਇਸਤਕਬਾਲ ਕਰਨੈਂ ਹੁਣ ਤਲਵਾਰਾਂ ਦੇ ਨਾਲ । ਉਸ ਸੱਪ ਦੀ ਸਮਝ ਲਓ ਆਈ ਸ਼ਾਮਤ, 'ਜੋ ਚੌਰਾਹੇ 'ਚ ਫਨ ਖਲਾਰਦਾ ਏ । ਗਿੱਦੜ ਚੰਦਰੇ ਦੀ ਜਦੋਂ ਮੌਤ ਆਉਂਦੀ, ਪਿੰਡ ਵੱਲ ਮੂੰਹ ਕਰਕੇ ਚੀਕਾਂ ਮਾਰਦਾ ਏ । ਅਣਖੀ ਸ਼ੇਰ ਪੰਜਾਬੀਆ ! ਦੇਸ਼ ਤਾਂਈਂ, ਬੜਾ ਮਾਣ ਏਂ ਤੇਰੀ ਸ਼ਮਸ਼ੀਰ ਉੱਤੇ। ਤੇਰੇ ਪੀਡਿਆਂ ਡੌਲਿਆਂ ਅਜੇ ਤੀਕਰ, ਰੱਖੀ ਆਸ ਨਹੀਂ ਕਦੀ ਤਕਦੀਰ ਉੱਤੇ । ਓਧਰ ਨੀਫ਼ਾ ਲੱਦਾਖ ਤੇ ਛਾਏ ਬੱਦਲ, ਓਧਰ ਚੜ੍ਹੀ ਏ ਘਟਾ ਕਸ਼ਮੀਰ ਉੱਤੇ । ਤੇਰੀ ਜਿੰਦ ਨੂੰ ਬਿਜਲੀਆਂ ਤਾੜ ਰਹੀਆਂ, ਭਾਰੂ ਸਮਾਂ ਏਂ ਤੇਰੇ ਸਰੀਰ ਉਤੇ । ਫਿਰ ਵੀ ਕਹਿ ਦੇ ਪੰਜਾਬ ਦੇ ਰਹਿਨੁਮਾ ਨੂੰ, ਤੇਰਾ ਕਾਫ਼ਲਾ ਕਿਤੇ ਨਹੀਂ ਰੁਕਣ ਦੇਣਾ। ਨਾਲ ਮੌਤ ਦੇ ਤੇ ਮੱਥਾ ਲਾ ਲਵਾਂਗੇ, ਪਰ ਨਹੀਂ ਸੀਸ ਪੰਜਾਬ ਦਾ ਝੁਕਣ ਦੇਣਾ ।

ਦੇਸ਼ ਨੂੰ ਤੱਤੀ ਵਾ ਨਾ ਲੱਗੇ

ਕਿਉਂ ਨਾ ਸਭ ਕੁਝ ਵਾਰੀਏ ਇਸ ਤੋਂ, ਵਤਨ ਹੀ ਧਨ ਜਾਗੀਰ ਅਸਾਡੀ। ਵਤਨ ਹੀ ਜ਼ਿੰਦਗੀ ਦਾ ਸਰਮਾਇਆ, ਵਤਨ ਹੀ ਹੈ ਤਕਦੀਰ ਅਸਾਡੀ । ਇਸ ਮਿੱਟੀ ਵਿਚ ਸੱਚਖੰਡ ਸਾਡਾ, ਇਹ ਜ਼ੱਰੇ ਸੌਗਾਤ ਅਸਾਡੀ । ਵਤਨ ਦੀਆਂ ਜੂਹਾਂ ਵਿਚ ਵੱਸਦੀ, ਮੁਕਤੀ ਅਤੇ ਨਿਜਾਤ ਅਸਾਡੀ । ਵਤਨੋਂ ਬਾਹਰ ਨਾ ਸਾਡਾ ਕਾਬ੍ਹਾ, ਵਤਨ ਅਸਾਡਾ ਤੀਰਥ ਮੰਦਰ । ਦੇਸ਼ ਰਿਹਾ ਨਾ ਜੇ ਕਰ ਕਿਥੇ ਰਹਿਣੇ ਕਾਸ਼ੀ ਤੇ ਹਰਮੰਦਰ । ਵਤਨ ਬਿਨਾਂ ਅਸੀਂ ਨਿਰੀਆਂ ਲੋਥਾਂ, ਸਾਡੀ ਅਣਖ ਤੇ ਆਨ ਨਾ ਕੋਈ। ਲੱਖ ਪਏ ਜਪਜੀ ਗੀਤਾ ਪੜ੍ਹੀਏ ਸਾਡਾ ਧਰਮ ਈਮਾਨ ਨਾ ਕੋਈ। ਧਰਮ ਮਜ਼ਹਬ ਤੇ ਰੰਗ ਨਸਲ ਦੀ, ਸਦੀਆਂ ਪਿਛੋਂ ਟੁਰੀ ਕਹਾਣੀ । ਪੰਜਾਬੀ ਬੰਗਾਲੀ, ਮਗਰੋਂ, ਪਹਿਲਾਂ ਹਾਂ ਅਸੀਂ ਹਿੰਦੁਸਤਾਨੀ । ਵਤਨ ਪਿਆਰੇ ਦੇ ਨਾਂ ਅੱਗੇ, ਸਭਨਾਂ ਦੇ ਸਿਰ ਝੁਕ ਜਾਂਦੇ ਨੇ । ਦੇਸ਼ ਤੋਂ ਸਦਕੇ ਹੋਵਣ ਲੱਗਿਆਂ, ਕੁਲ ਵਖੇਵੇਂ ਮੁਕ ਜਾਂਦੇ ਨੇ। ਵਤਨ ਹੀ ਅਫ਼ਜ਼ਲ, ਵਤਨ ਮੁਕੱਦਮ, ਵਤਨ ਹੀ ਪਹਿਲਾਂ ਵਤਨ ਹੀ ਅੱਗੇ । ਗੁਰੂ ਅਰਜਨ ਸੜਦੇ ਹੋਏ ਬੋਲੇ, ਵਤਨ ਨੂੰ ਤੱਤੀ ਵਾ ਨਾ ਲੱਗੇ । ਲੋੜ ਪਈ ਤਾਂ ਹਿੱਕਾਂ ਤੇ ਫਿਰ, ਦੇਸ਼ ਦੇ ਮਹਿਲ ਉਸਾਰ ਦਿਆਂਗੇ । ਸੌਂਹ ਦਸ਼ਮੇਸ਼ ਦੀ ਹਸਦਿਆਂ ਹਸਦਿਆਂ, ਦੇਸ਼ ਤੋਂ ਬਚੜੇ ਵਾਰ ਦਿਆਂਗੇ । **************

ਪੰਜਾਬੀ ਦਾ ਵਾਰਸ-ਬਲੱਗਣ

[ਬੱਲਗਣ ਜੀ ਦੇ ਦੋਸਤਾਂ ਦਾ ਦਾਇਰਾ ਬੜਾ ਵਿਸ਼ਾਲ ਸੀ । ਉਨ੍ਹਾਂ ਦੀ ਮੌਤ ਤੇ ਹਰ ਸਾਹਿਤਕਾਰ ਨੇ ਆਪਣੀ ਕਾਵਿ ਸ਼ਰਧਾਂਜਲੀ ਭੇਂਟ ਕੀਤੀ ਸੀ । ਉਨ੍ਹਾਂ ਵਿਚੋਂ ਕੁਝ ਕੁ ਟੁਕੜੇ ਤੁਹਾਡੀ ਭੇਟਾ ਕੀਤੇ ਜਾ ਰਹੇ ਹਨ । ਇਨ੍ਹਾਂ ਵਿਚੋਂ ਬਲੱਗਣ ਜੀ ਦੀ ਕਾਵਿ-ਸ਼ਖਸੀਅਤ ਦੇ ਝਲਕਾਰੇ ਪੈਂਦੇ ਹਨ।] ਉਹ ਸਾਲਾਰ-ਏ ਕਾਫ਼ਲਾ ! ਉਹ ਮੁਸਾਫ਼ਿਰ ਕਿਧਰ ਗਿਆ ? ਕਹਿੰਦੇ ਸਨ ਜਿਸ ਨੂੰ ਬਲੱਗਣ, ਉਹ ਸ਼ਾਇਰ ਕਿਧਰ ਗਿਆ ? ਆਵਾਜ਼ ਸੀ ਉਹ ਗੂੰਜਦੀ, ਉਭਾਰਦੀ, ਲਲਕਾਰਦੀ, ਆਵਾਜ਼ ਸੀ ਉਹ ਜਾਗ ਰਹੇ ਪੰਜਾਬ ਦੀ, ਹਿੰਦੁਸਤਾਨ ਦੀ । —ਡਾ: ਰੌਸ਼ਨ ਲਾਲ 'ਆਹੂਜਾ’ ਪੰਜਾਂ ਪਾਣੀਆਂ ਦੀ ਰਾਣੀ, ਨੈਣੀਂ ਭਰਿਆ ਹੈ ਪਾਣੀ, ਮੈਂ ਹਾਂ ਪੀੜਾਂ ਦੀ ਕਹਾਣੀ, ਮੈਨੂੰ ਦੱਸੋ ਕੀ ਕਰਾਂ ? ਪੀੜਾਂ ਕਿਸ ਤਰ੍ਹਾਂ ਜਰਾਂ ? —ਵਿਧਾਤਾ ਸਿੰਘ ‘ਤੀਰ’ ਫੁੱਲ ਐਸਾ ਟਹਿਣੀਓਂ ਝੜਿਆ ਏ, ਗੁਲਜ਼ਾਰ ਦੀ ਅੱਖ ਵਿਚ ਅਥਰੂ ਨੇ । ਕਲੀਆਂ ਤਾਂ ਛਮ ਛਮ ਰੋਣਾ ਸੀ, ਅੱਜ ਖਾਰ ਦੀ ਅੱਖ ਵਿਚ ਅਥਰੂ ਨੇ । ਪੰਜਾਬੀ ਸਾਹਿਤ ਦੇ ਅੰਦਰ, ਮੇਰੇ ਵਡ ਪਰਿਵਾਰੇ ਵੀਰਾ ਓਏ ! ਤੇਰੇ ਵਿਛੜਨ ਤੇ ਅੱਜ ‘ਕਵਿਤਾ’ ਦੇ, ਸੰਸਾਰ ਦੇ ਅੱਖ ਵਿਚ ਅਥਰੂ ਨੇ । —ਦਰਸ਼ਨ ਸਿੰਘ ‘ਆਵਾਰਾ’ ਦੁਨੀਆਂ ਵਿਚ ਨਹੀਂ ਮਿਲਦੀ ਮਿਸਾਲ ਕੋਈ, ਬੇ ਮਿਸਾਲ ਆਖਾਂ, ਯਾ ਕੁਮਾਲ ਆਖਾਂ । ਵਾਰਿਸ ਦਿਲਾਂ ਦਾ ਸਾਡਾ ਇਕਬਾਲ ਸੈਂ ਤੂੰ, ਵਾਰਿਸ ਆਖਾਂ ਜਾਂ ਤੈਨੂੰ ਇਕਬਾਲ ਆਖਾਂ । ‘ਊਧਮ ਸਿੰਘ' ਦੀ ਜਦੋਂ ਤੂੰ ਵਾਰ ਛੇੜੀ, ਭਾਂਬੜ ਟੇਮਜ਼ ਦੀ ਹਿੱਕ ਤੇ ਮੱਚ ਉਠੇ। ਜਦ ਤੂੰ ਰਤਾ ‘ਵਿਸਾਖੀ' ਦਾ ਗੀਤ ਗਾਇਆ, ਸਿੱਟੇ ਕਣਕ ਦੇ ਖੇਤਾਂ 'ਚ ਨੱਚ ਉਠੇ । —ਹਜ਼ਾਰਾ ਸਿੰਘ ‘ਮੁਸ਼ਤਾਕ ਦਿਲ ਦਾ ਬੜਾ ਨਿਰਮਲ, ਮੂੰਹ ਦਾ ਬੜਾ ਮਿੱਠਾ, ਧਨੀ ਕਲਮ ਦਾ ਟੁਰ ਗਿਆ ਯਾਰ ਸਾਡਾ। ਉਹਦੇ ਨਾਲ ਹੀ ਕਵਿਤਾ ਦੀ ਸੀ ਮਹਿਫ਼ਲ, ਉਹਦੇ ਨਾਲ ਸੀ ਕਵੀ ਦਰਬਾਰ ਸਾਡਾ । ਲੋਕੀਂ ਕਹਿੰਦੇ ਪੰਜਾਬੀ ਦਾ ਸੀ ਵਾਰਸ, ਉਹ ਤੇ ਕਵਿਤਾ ਦਾ ਹੈਸੀ ਅਵਤਾਰ ਸਾਡਾ । ਸੁੰਝਾਂ ਹੋ ਗਿਆ ਕਵੀਆਂ ਦਾ ਜਗਤ ਸਾਰਾ, ਕਿਉਂਕਿ ਤੁਰ ਗਿਆ ਵਿਚੋਂ ਕਰਤਾਰ ਸਾਡਾ। —ਰਾਮ ਨਰਾਇਣ ਸਿੰਘ ‘ਦਰਦੀ ਐ ਮੇਰੇ ਮਹਿਬੂਬ ! ਇਸ ਦੁਨੀਆਂ 'ਚੋਂ ਟੁਰ ਜਾਣਾ ਤਿਰਾ। ਆਸ਼ਕਾਂ ਦੀ ਮੌਤ ਹੈ ਜਾ ਕੇ ਨਾ ਫਿਰ ਆਣਾ ਤਿਰਾ। ਓ ਸੁਗੰਧੀ ਵਾਲਿਆ ਫੁੱਲਾ ! ਤਿਰੀ ਖੁਸ਼ਬੂ ਦੀ ਸਹੁੰ, ਬਾਗ਼ ਵਿਚ ਪਤਝੜ ਲਿਆ ਦੇਵੇਗਾ ਮੁਰਝਾਣਾ ਤਿਰਾ। —ਦੀਪਕ ‘ਜੈਤੋਈ ਰੋਂਦੀ ਰਹੀ ਬਹਾਰ ਦੀ ਖੁਸ਼ਬੋ ਤੇਰੇ ਬਗ਼ੈਰ । ਕੀਕਰ ਸਮਾਂ ਗੁਜ਼ਾਰਦੀ ਖੁਸ਼ਬੋ ਤੇਰੇ ਬਗ਼ੈਰ । —ਸੁਰਜੀਤ, ‘ਰਾਮਪੁਰੀ ਕਰਤਾਰ ਮਰ ਗਿਆ, ਕਵੀ ਦਰਬਾਰ ਮਰ ਗਿਆ । ਦਿਲਦਾਰ ਦੇ ਵਿਯੋਗ ਵਿਚ ਦਿਲਦਾਰ ਮਰ ਗਿਆ । ਮੈਦਾਨ ਵਿਚ ਮਹਾਨ ਪੱਤਰਕਾਰ ਮਰ ਗਿਆ । ਕਵਿਤਾ ਦੀ ਰਕਸ਼ਾ ਕਰਦਿਆਂ ਸਾਲਾਰ ਮਰ ਗਿਆ । —ਠਾਕੁਰ ਭਾਰਤੀ ਬਾਗ਼ ਮੇਰੇ ਦੀ ਜੂਹ ਵਿਚ ਕੋਈ ਜ਼ਹਿਰੀ ਅੱਖਰ ਘੋਲ ਗਿਆ ਏ, ਰੋ ਰੋ ਮਿਲਦੀ ਟਹਿਣੀ ਟਹਿਣੀ, ਪੱਤਾ ਪੱਤਾ ਡੋਲ ਗਿਆ ਏ । —ਭੂਸ਼ਨ ‘ਧਿਆਨਪੁਰੀ' ਤੈਨੂੰ ਲੋਕੀਂ ਵਾਰਸ ਕਹਿੰਦੇ, ਤੂੰ ਕਰ ਗਿਉਂ ਲਾ ਵਾਰਸ । ਮਣਾਂ ਮੂੰਹੀ ਰੋਂਦੀ ਇਸ ਮਾਂ ਨੂੰ, ਕੌਣ ਬਨ੍ਹਾਵੇ ਢਾਰਸ । —ਗੁਰਨਾਮ ਸਿੰਘ ‘ਤੀਰ ਖੇਤਾਂ ਵਿਚ ਛਾਈ ਹਰਿਆਲੀ, ਜੇ ਚੁੱਕੀ ਕਲਮ ਕਿਸਾਨ ਲਈ । ਵੈਰੀ ਦੇ ਸਿਰ ਦਾ ਕਾਲ ਬਣੀ ਜੇ ਕਵਿਤਾ ਲਿਖੀ ਜਵਾਨ ਲਈ। ਜੇ ਛੋਹੇ ਗੀਤ ਪਿਆਰਾਂ ਦੇ ਧੜਕਣ ਜਾਗੀ, ਦਿਲ ਮਚਲ ਉੱਠੇ, ਜੋ ਰਚਨਾ ਰਚੀ ਬਲੱਗਣ ਨੇ ਹਰ ਰਚਨਾ ਹੈ ਇਨਸਾਨ ਲਈ। —ਹਰਚਰਨ ਸਿੰਘ ‘ਪਰਵਾਨਾ' ਮੁੜ ਚੇਤਿਆਂ ਦੇ ਵਿਚ ਬਲੱਗਣ ਜੇ ਦੋਸਤੋ ! ਮੁੜ ਉਹ ਪਿਛਲੀ ਰਾਤ ਦੀ ਕਣ ਮਣ ਜੇ ਦੋਸਤੋ ! —ਗ਼ੁਲਾਮ ਯਾਕੂਬ ‘ਅਨਵਰ' (ਪਾਕਿਸਤਾਨ) ਸਾਂਝਾ ਜ਼ਖ਼ਮ ਇਸ ਵੰਡ ਅਜਿਹਾ ਲਾਇਆ, ਜਿਦ੍ਹਾ ਹਿੱਸਣਾ ਦੁਵੱਲੇ ਨਾ ਡੱਕ ਸੱਕੇ । ਮੋਇਆ ‘ਸ਼ਰਫ਼' ਨਾ ਵੇਖਿਆ ਤੁਸੀਂ ‘ਸਾਬਰ', ਤੇ ਨਾ ਅਸੀਂ 'ਬਲੱਗਣ' ਨੂੰ ਤੱਕ ਸੱਕੇ । —ਅੱਲਾ ਦਿੱਤਾ ‘ਸਾਬਰ’ (ਪਾਕਿਸਤਾਨ) ਅਖੀਆਂ ਦਾ ਪਾਣੀ ਪਾ ਪਾ ਕੇ, ਧੋਤਾ ਇਸ ਮਾਂ ਦੇ ਚਰਨਾਂ ਨੂੰ, ਕਵਿਤਾ ਤੋਂ ਬਲੱਗਣ ਬਣਿਆਂ ਸੀ, ਇਹ ਬਣੀ ਸ਼ਿੰਗਾਰ ਬਲੱਗਣ ਦਾ । ਕੋਈ ਸ਼ਾਇਰ ਕਹੇ, ਅਦੀਬ ਆਖੇ, ਕੋਈ ਭਗਤ ਕਹੇ, ਫਨਕਾਰ ਕਹੇ, ਕੋਈ ਉੱਚੀ ਸ਼ੈ ਸੀ, ਤਾਂਹੀਂ ਤਾਂ ਰੋਵੇ ਪਰਵਾਰ ਬਲੱਗਣ ਦਾ। —ਸਾਂਈਂ ਹਯਾਤ ਪਸਰੂਰ (ਪਾਕਿਸਤਾਨ) ਤੇਰੀ ਮੌਤ ਦੀ ਸੁਣੀਂ ਜਾਂ ਖਬਰ, ਯਾਰਾ, ਢਾਹਾਂ ਮਾਰ ਕੇ ਹਰ ਅਹਿਬਾਬ ਰੋਇਆ । ਤੇਰੇ ਦੁਖਾਂ ਨੂੰ ਰਾਂਝਣਾਂ ਲਾ ਸੀਨੇ, ਵਾਰਸ ਠੱਪ ਕੇ ਹੀਰ ਕਿਤਾਬ ਰੋਇਆ। ਹੋਇਆ ਸੋਗ ਅੱਜ ਸੁਖਨ ਦੇ ਬਾਗ਼ ਅੰਦਰ, ਕਾਲੇ ਮਾਤਮੀ ਰੁੱਤਾਂ ਨੇ ਵੇਸ ਕੀਤੇ । ਤੇਰੇ ਗ਼ਮ ਵਿਚ ਦੱਸਾਂ, 'ਬਲੱਗਣਾ' ਕੀ, ਤੈਨੂੰ ਰੱਜ ਕੇ ਸਾਰਾ ਪੰਜਾਬ ਹੋਇਆ । —ਅਸ਼ਰਫ਼ ਬਟ (ਪਾਕਿਸਤਾਨ) ਲੋਕੀਂ ਸੁਣਿਆਂ ਜਾਂ ਯਾਰ ਕਰਤਾਰ ਮੋਇਆ, ਕਰਦਾ ਹਰ ਇਕ ਅਫ਼ਸੋਸ ਕਰਤਾਰ ਦਾ ਏ । ਬੋਲੀ ਮਿਠੜੀ ਬੋਲਦਾ ਪਿਆਰ ਵਾਲੀ, ਰੰਗ ਰੰਗਿਆ ਕਿਸੇ ਅਵਤਾਰ ਦਾ ਏ । ਵਿਚ ਮਜਲਸਾਂ ਦੇ ਚਾਨਣ ਕਰਨ ਵਾਲਾ, ਦੀਵਾ ਬੁਝਿਆ ਕਵੀ ਦਰਬਾਰ ਦਾ ਏ । ਮੁਹੰਮਦ ਬਖ਼ਸ਼ ਦਿਨ ਰਾਤ ਅਫ਼ਸੋਸ ਕਰਦਾ, ਰੋ ਰੋ ਕੇ ਤੇ ਆਹੀਂ ਮਾਰਦਾ ਏ । —ਮੁਹੰਮਦ ਬਖਸ਼, 'ਬਲਗਣ' (ਪਾਕਿਸਤਾਨ) ਤੇਰੇ ਕੋਲ ਨਾ ਲਫ਼ਜ਼ਾਂ ਦੀ ਥੋੜ ਹੈਸੀ, ਮਾਲਕ ਸੈਂ ਤੂੰ ਸੁਖਨ ਖ਼ਜ਼ਾਨਿਆਂ ਦਾ । ਭੜਕ ਸ਼ਮ੍ਹਾ ਦੀ ਹੈਸੀ ਮਹਿਸੂਸ ਤੈਨੂੰ, ਵਾਕਫ਼ਕਾਰ ਸੈਂ ਦੁਖੀ ਪਰਵਾਨਿਆਂ ਦਾ । ਅਜ ਕਿਵੇਂ ਨਾ ਤੇਰੇ ਵਿਜੋਗ ਅੰਦਰ, ਰਾਵੀ ਸਤਲੁਜ, ਬਿਆਸ ਚਨਾਬ ਰੋਵੇ । ਤੇਰੀ ਮੌਤ ਦੀ ਸੁਣ ਕੇ ਖਬਰ ਕਿਉਂ ਨਾ, ਸਣੇ ਜਿਹਲਮ ਦੇ ਸਾਰਾ ਪੰਜਾਬ ਹੋਵੇ । —ਤਾਲਬ ਚਿਸ਼ਤੀ (ਪਾਕਿਸਤਾਨ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਬਲੱਗਣ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ