Shaheedi Hakikat Rai Ji : Barkat Singh Anand

ਸ਼ਹੀਦੀ ਹਕੀਕਤ ਰਾਇ ਜੀ : ਬਰਕਤ ਸਿੰਘ 'ਅਨੰਦ'


ਗੌਰਾਂ ਦੇਵੀ ਦੀ ਕੁਖ ਤੋਂ ਜਨਮ ਲੀਤਾ, ⁠ਬਾਗ ਮਲ ਦਾ ਮਹਿਕਿਆ ਬਾਗ ਭਾਈ। ਧਰਿਆ ਨਾਮ 'ਹਕੀਕਤ ਰਾਇ' ਏਹਦਾ, ⁠ਚਾਚੇ 'ਭਾਗ ਮਲ' ਦੇ ਜਾਗੇ ਭਾਗ ਭਾਈ। ਸਿਆਲਕੋਟ ਨਗਰੀ ਰਾਜੇ ਸਲ ਦੀ ਵਿਚ, ⁠ਜਗਿਆ ਧਰਮ ਦਾ ਸੋਹਣਾ ਚਰਾਗ ਭਾਈ। ਪੜਨ ਫਾਰਸੀ ਬੈਠਾ ਸਕੂਲ ਅੰਦਰ, ⁠ਡਾਢਾ ਨਿਕਲਿਆ ਰੋਸ਼ਨ ਦਿਮਾਗ ਭਾਈ। ⁠ਕਿਸ਼ਨ ਸਿੰਘ ਵਡਾਲੇ ਦਾ ਖਤਰੀ ਸੀ, ⁠'ਦੁਰਗਾ' ਧੀ ਉਹਦੀ ਜਾਂ ਜਵਾਨ ਹੋਈ। ⁠ਬਰਕਤ ਸਿੰਘ ਸੰਜੋਗ ਦੀ ਗੰਢ ਖੁਲੀ, ⁠ਸ਼ਾਦੀ ਸ਼ੇਰਨੀ ਦੇ ਨਾਲ ਆਣ ਹੋਈ। ਐਸਾ ਸੌਹਰਿਆਂ ਦੀ ਸੰਗਤ ਅਸਰ ਕੀਤਾ, ⁠ਸਿਖੀ ਧਰਮ 'ਹਕੀਕਤ' ਨੇ ਧਾਰਿਆ ਏ। 'ਅੰਮ੍ਰਿਤ' ਖੰਡੇ ਦਾ ਛਕ ਤਿਆਰ ਹੋਇਆ, ⁠ਆਣ ਬੀਰਤਾ ਰੰਗ ਨਿਖਾਰਿਆ ਏ। ਝਗੜ ਪਿਆ ਸਕੂਲ ਵਿਚ ਨਾਲ ਮੁੰਡਿਆਂ, ਹੋਣਹਾਰ ਆ ਚੀਣਾ ਖਲਾਰਿਆ ਈ। ਕਾਫਰ ਆਖਿਆ ਗੁਰੂਆਂ ਨੂੰ ਲੜਕਿਆਂ ਨੇ, ⁠ਏਸ ਨਬੀਆਂ ਨੂੰ ਜ਼ਾਲਮ ਉਚਾਰਿਆ ਈ। ਗਾਹਲਾਂ ਕਢੀਆਂ ਉਹਨਾਂ 'ਗਰੰਥ' ਜੀ ਨੂੰ, ⁠ਮੰਦਾ ਬੋਲਿਆ ਏਸ ਕੁਰਾਨ ਤਾਈਂ। 'ਦੁਰਗਾ' ਤਾਈਂ ਉਹਨਾਂ ਬਦਕਲਾਮ ਬੋਲੇ, ⁠ਕਢੀ ਗਾਹਲ ਇਸ 'ਫਾਤਮਾਂ ਜਾਨ' ਤਾਈਂ।

ਝਗੜਾ ਵਧ ਗਿਆ

ਏਦਾਂ ਵੇਖ ਹੱਤਕ ਪੱਖ ਆਪਣੇ ਦੀ, ⁠ਕਾਜ਼ੀ ਵਿਚ ਕਚਹਿਰੀ ਦੇ ਜਾਂਵਦਾ ਏ। ਨਾਲ ਦੂਣੀਆਂ ਚੌਣੀਆਂ ਜੋੜ ਗੱਲਾਂ, ⁠'ਅਮੀਰ ਬੇਗ ਮਿਰਜ਼ੇ' ਨੂੰ ਭਖਾਂਵਦਾ ਏ। ਕੀਤੀ ਹਤਕ ਕੁਰਾਨ ਤੇ ਫਾਤਮਾਂ ਦੀ, ⁠ਖਿਚ ਦਿਓ ਜ਼ਬਾਨ ਸੁਣਾਂਵਦਾ ਏ। ਏਸ ਵਕਤ ਰਸੂਲ ਦੀ ਬਾਦਸ਼ਾਹੀ, ⁠ਏਹ ਵੀ ਖੌਫ਼ ਨਾ ਉਸਨੂੰ ਭਾਂਵਦਾ ਏ। ਉਸੇ ਵਕਤ ਮਿਰਜ਼ੇ ਘਲ ਪੁਲਸ ਤਾਈਂ, ⁠ਕੜੀਆਂ ਮਾਰ ਕੇ ਬੰਨ ਮੰਗਾਇਆ ਈ ਕੀਤਾ ਜੇਹਲ ਵਿਚ ਬੰਦ 'ਅਨੰਦ' ਉਹਨੂੰ, ⁠ਸੁਣ ਸ਼ਹਿਰ ਸਾਰਾ ਕੁਰਲਾਇਆ ਈ।

ਹਿੰਦੂਆਂ ਦੇ ਵਾਸਤੇ

ਮੁਗਲ ਰਾਜ ਦੇ ਵੇਲੇ ਆਗੂ, ਸਨ ਕਾਜ਼ੀ ਮੁਲਵਾਣੇ। ਝੂਠਾ ਸਚਾ ਮੂਲ ਨਾ ਵੇਖਣ, ਕਰਦੇ ਮਨ ਦੇ ਭਾਣੇ। ਬੈਠ ਕਾਨੂੰਨ ਘੜਨ ਜੋ ਕਾਜ਼ੀ, ਮੰਨਣ ਹਾਕਮ ਸੋਈ। ਹਿੰਦੂ ਹੋਣਾ ਐਬ ਸਮਝਦੇ, ਗਲ ਸੁਣਨ ਨਾ ਕੋਈ। ਛੋਟੇ ਵਡੇ ਸ਼ਹਿਰੀ ਹਿੰਦੂ, ਹੋਕੇ ਸਾਰੇ ਕਠੇ। ਮਿਰਜ਼ੇ ਕੋਲ ਕਚਹਿਰੀ ਅੰਦਰ, ਔਂਦੇ ਨਨੇ ਨਠੇ। ਨਾਲ ਹਕੀਕਤ ਰਾਇ ਦੇ ਲੈ ਲੈ, ਤੋਲ ਮਿਰਜ਼ਿਆ ਮਾਇਆ। ਛਡ ਦੇ ਬਾਗ ਮਲ ਬੀ ਜਦ ਦਾ, ਇਹ ਇਕਲੌਤਾ ਜਾਇਆ। ਰਬ ਹਕੂਮਤ ਦਿਤੀ ਤੈਨੂੰ, ਕਰ ਕੁਝ ਅਦਲ ਪਿਆਰੇ। ਪਹਿਲੋਂ ਵਾਧਾ ਕਾਜ਼ੀ ਕੀਤਾ, ਆਖਣ ਮੁੰਡੇ ਸਾਰੇ। ਮਜ਼ਹਬ ਕਿਸੇ ਦੇ ਤਾਈਂ ਮੰਦਾ, ਆਖਣ ਬੰਦੇ ਮੰਦੇ। ਥਾਂ ਥਾਂ ਅੱਗ ਲਗੌਂਦੇ ਫਿਰਦੇ, ਮੁਲਾਂ ਕਾਜ਼ੀ ਗੰਦੇ। ਰੋ ਰੋ ਪਿਟੇ ਮਾਤਾ ਗੌਰਾਂ, ਛਡ ਸ਼ਾਹਾ ਪੁਤ ਮੇਰਾ। ਮੌਲਾ ਦੀਨ ਦੁਨੀ ਵਿਚ ਰੁਤਬਾ, ਉਚਾ ਰਖੇ ਤੇਰਾ। ਸਜ ਵਿਆਹੀ ਦੀ ਨਾ ਮਹਿੰਦੀ, ਹਾਲਾਂ ਮੈਲੀ ਹੋਈ। ਧਾੜਾਂ ਉਸ ਦੀਆਂ ਸੱਧਰਾਂ ਉਤੇ, ਪਾ ਗਿਆ ਡਾਕੂ ਕੋਈ। ਦੇਵੇ ਰੱਬ ਤਰੱਕੀ ਤੈਨੂੰ, ਮੈਂ ਪਰ ਕਰਮ ਕਮਾਈਂ। ਮਿਰਜ਼ਿਆ ਸਾਡੇ ਘਰ ਦਾ ਦੀਵਾ, ਵੇਖ ਨਾ ਕਿਤੇ ਬੁਝਾਈਂ। ਦਿਲ ਮਿਰਜ਼ੇ ਦੇ ਰਹਿਮ ਆ ਗਿਆ, ਸੁਣਕੇ ਏਦਾਂ ਹਾੜੇ। ਜ਼ਾਲਮ ਕਾਜ਼ੀ ਫੇਰ ਅਠੂੰਹੇਂ, ਇਉਂ ਉਠ ਨਕੋਂ ਝਾੜੇ। ਛਡ ਕਾਫਰ ਨੂੰ ਵੇਖ ਹੁਣੇ ਹੀ, ਮੈਂ ਦਿੱਲੀ ਨੂੰ ਜਾਂਦਾ। ਵਿਚ ਹੱਤਕ ਇਸਲਾਮ ਦੀ ਤੇਰਾ ਘਾਣ ਬਚਾ ਪਿੜਵਾਂਦਾ। ਹੁਕਮ ਕੁਰਾਨ ਹਦੀਸ ਦੁਹਾਂ ਦਾ, ਤੇ ਨਾ ਮੂਲ ਬਜਾਵੇਂ। ਕਾਫਰਾਂ ਕੋਲੋਂ ਰਿਸ਼ਵਤ ਖਾ ਕੇ, ਕੌਮ ਨੂੰ ਦਾਗ਼ ਲਗਾਵੇਂ। ਜੇਕਰ ਫੈਸਲਾ ਤੈਥੋਂ ਇਸਦਾ, ਹੁੰਦਾ ਨਹੀਂ ਪਿਆਰੇ। ਕਰ ਚਾਲਾਨ ਲਾਹੌਰ ਏਸਦਾ, ਉਥੇ ਪਟਣ ਸਾਰੇ। ਸੁਣਕੇ ਇਉਂ ਕਾਸ਼ੀ ਦੀ ਧਮਕੀ, ਫਿਰ ਮਿਰਜ਼ਾ ਘਬਰਾਯਾ। ਜਾਓ ਲਾਹੌਰ ਨੂੰ ਬਰਕਤ ਸਿੰਘਾ, ਸਭ ਨੂੰ ਆਖ ਸੁਨਾਇਆ।

ਮਿਰਜ਼ੇ ਨੇ ਚਾਲਾਨ ਤੋਰ ਦੇਣਾ

ਦੂਜੇ ਦਿਨ ਲਾਹੌਰ ਨੂੰ ਰਾਇ ਜੀ ਦਾ, ⁠ਦਿਤਾ ਮਿਰਜ਼ੇ ਨੇ ਤੋਰ ਚਲਾਨ ਭਾਈ। ਪਹਿਲੀ ਰਾਤ ਆ ਡਸਕੇ ਪੜਾ ਕੀਤਾ, ⁠ਇਮਨਾ ਬਾਦ ਠਹਿਰੇ ਦੂਜੀ ਆਨ ਭਾਈ। ਬਾਗ ਮਲ, ਗੌਰਾਂ, ਭਾਗ ਮੱਲ ਆਦਿਕ, ⁠ਕਈ ਹੋਰ ਹਿੰਦੂ ਬੁਧਵਾਨ ਭਾਈ। ਪਿਛੇ ਪਿਛੇ ਏਹ ਵੀ ਪੁਤਰ ਲਾਡਲੇ ਦੇ, ⁠ਰੋਂਦੇ ਪਿਟਦੇ ਭੇਜਦੇ ਜਾਨ ਭਾਈ। ਇਮਨਾਂ ਬਾਦ ਅੰਦਰ ਲੱਖੂ ਚੰਦਰਾ ਸੀ, ⁠ਸ਼ਾਹੀ ਮੁਖਬਰ ਹਿੰਦੂ ਦੀਵਾਨ ਭਾਈ। ਲਾਏ ਹੱਥ ਪੈਰੀਂ ਉਹਦੇ ਹਿੰਦੂਆਂ ਨੇ, ⁠ਕਰੀਂ ਅਸਾਂ ਤੇ ਇਕ ਅਹਿਸਾਨ ਭਾਈ। ਮੁਗਲ ਪਾਤਸ਼ਾਹ ਮੰਨਦੇ ਗਲ ਤੇਰੀ, ⁠ਤੇਰੀ ਚਲਦੀ ਅਜ ਜ਼ਬਾਨ ਭਾਈ। ਲਖੂ ਲਾਹਨਤੀ ਏਹਨਾਂ ਦੀ ਗੱਲ ਉਤੇ, ⁠ਕੀਤਾ ਪਰਤ ਨਾ ਜ਼ਰਾ ਧਿਆਨ ਭਾਈ। ਅਰਜਨ ਸਿੰਘ ਹਕੀਕਤ ਦਾ ਇਕ ਮਾਮਾ, ⁠ਖਬਰ ਲੈਣ ਪੁਜਾ ਏਥੇ ਆਨ ਭਾਈ। ਬਰਕਤ ਸਿੰਘ ਹਥਕੜੀ ਲਗਾ ਉਸਨੂੰ, ⁠ਜਕੜ ਨਾਲ ਹੀ ਲੈਣ ਸ਼ੈਤਾਨ ਭਾਈ।

ਲਾਹੌਰ ਪੁਜਣਾ

ਦੋਹਰਾ- ਜਿਉਂ ਜਿਉਂ ਮਜ਼ਲਾਂ ਮਾਰ ਕੇ ਵਧਦੇ ਵਲ ਲਾਹੌਰ। ਪਿੰਜਰਿਆਂ ਨੂੰ ਤੋੜ ਕੇ, ਉਡਦੇ ਜਾਂਦੇ ਭੌਰ। ਅਗੇ ਮਾਮਾਂ ਭਾਨਜਾ, ਪਿਛੇ ਸਭ ਪਰਵਾਰ। ਚਲੀ ਜੰਵ ਲਾਹੌਰ ਨੂੰ, ਵਰਨੀ ਮੁਕਤੀ ਨਾਰ। ਸੁਨ ਸੁਨ ਤਤੇ ਦਿਲਾਂ ਦੀ, ਏਦਾਂ ਸੜੀ ਅਵਾਜ਼। ਕਹਿੰਦੀ ਖਲਕਤ ਹੇ ਪ੍ਰਭੁ, ਨਸ਼ਟ ਕਰੀਂ ਏਹ ਰਾਜ। ਖਾਨ ਬਹਾਦਰ ਸਾਹਮਣੇ, ਕੀਤਾ ਪੇਸ਼ ਚਲਾਨ। ਮਿਸਲ ਬਣਾ ਕੇ ਕਾਜ਼ੀਆਂ, ਅਗੇ ਰਖੀ ਆਣ। ਦੋਵਾਂ ਸ਼ੇਰਾਂ ਜਾਂਦਿਆਂ, ਦੋਵੇਂ ਹਥ ਉਠਾ। ਵਾਹਿਗੁਰੂ ਜੀ ਕੀ ਫਤਹਿ, ਦਿਤੀ ਗੱਜ ਬੁਲਾ। ਮਾਨੋ ਬਿਜਲੀ ਪੈ ਗਈ, ਗਈ ਕਚਹਿਰੀ ਡੋਲ। ਲਾਲ ਅਖਾਂ ਕਰ ਇਸਤਰਾਂ, ਸੂਬਾ ਆਖੇ ਬੋਲ।

ਪਉੜੀ

ਛੈਲ ਜੁਵਾਨਾਂ ਕਮਲਿਆ, ਗਲ ਸੁਣ ਲੈ ਮੇਰੀ। ਨਾਲ ਕਾਜ਼ੀਆਂ ਝਗੜਿਓਂ, ਕਰ ਕਿੰਜ ਦਲੇਰੀ। ਜਿੰਦੜੀ ਤੇਰੀ ਮੌਤ ਨੇ, ਜਾਂ ਆ ਕੇ ਘੇਰੀ। ਗਾਹਲਾਂ ਕਢੇ ਨਬੀ ਨੂੰ, ਮਤ ਕਿਸਨੇ ਫੇਰੀ। ਫਾਤਮਾਂ ਅਤੇ ਕੁਰਾਨ ਨੂੰ, ਤੂੰ ਬੋਲਿਆ ਮੰਦਾ। ਮੈਂ ਭੰਨਾਂ ਤੇਰੀ ਖੋਪਰੀ, ਜਿਉਂ ਅੰਡਾ ਗੰਦਾ। ਮੈਂ ਤੋੜਾਂ ਤੇਰੀ ਚੰਮੜੀ, ਵਾਹ ਵਾਹ ਕੇ ਰੰਦਾ। ਤੈਨੂੰ ਨਹੀਂ ਸੀ ਜਾਪਦਾ, ਡਰ ਮੁਗਲਾਂ ਸੰਦਾ। ਖਾਤਰ ਤੇਰੇ ਭਲੇ ਦੀ, ਗਲ ਆਖਾਂ ਚੰਦਾ। ਪੜਕੇ ਕਲਮਾਂ ਨਬੀ ਦਾ, ਬਣ ਅਗੋਂ ਬੰਦਾ। ਸਿਖੀ ਵਾਲਾ ਜਾਲ ਈ, ਅਜ ਗੋਰਖ ਧੰਦਾ। ਵਿਚ ਏਹਦੇ ਕਿਉਂ ਫਸ ਗਿਓਂ ਬਦਕਿਸਮਤ ਨੰਦਾ।

ਜਵਾਬ ਹਕੀਕਤ ਰਾਇ ਜੀ

ਦੇਵੇ ਰਬ ਹਕੂਮਤਾਂ, ਨਾਂ ਜ਼ੁਲਮ ਕਮਾਈਏ। ਡਰ ਅਲਾ ਦੇ ਕਹਿਰ ਤੋਂ, ਹਥ ਕਲਮ ਉਠ ਈਏ। ਚਪੂ ਹਥੀਂ ਕਾਜ਼ੀਆਂ, ਨਾਂ ਕਦੇ ਫੜਾਈਏ। ਵਿਚ ਕਹਿਰ ਦੇ ਕਪਰਾਂ, ਨਾਂ ਬੇੜੀ ਪਾਈਏ। ਵਾਧਾ ਕੀਤਾ ਕਾਜ਼ੀਆਂ, ਤਸਦੀਕ ਕਰਾਈਏ। ਸਿਖ ਹੋਣਾ ਹੀ ਜ਼ੁਲਮ ਹੈ, ਨਾਂ ਫਤਵਾ ਲਾਈਏ। ਛਫ 'ਹਕੀਕਤ' ਧਰਮ ਦੈ, ਨਾਂ ਆਸ ਰਖਾਈਏ। ਜਿਸਦੀ ਹੋਏ ਜ਼ਿਆਦਤੀ, ਫੜ ਚਰਖ ਚੜਾਈਏ।

ਸੂਬਾ

ਸੂਬਾ ਕਹੇ 'ਹਕੀਕਤਾ' ਮੈਂ ਏਹ ਨਾਂ ਜਾਣਾ। ਮੈਂ ਤਸਦੀਕਾਂ ਕਰਨੀਆਂ, ਉਕਾ ਨਾਂ ਚਾਹਨਾਂ। ਪੜ ਕਲਮਾਂ ਪਾਕ ਰਸੂਲ ਦਾ, ਜੋ ਤੈਨੂੰ ਆਹਨਾਂ। ਮੈਂ ਖਾਤਰ ਤੇਰੇ ਭਲੇ ਦੀ, ਤੈਨੂੰ ਸਮਝਾਨਾਂ। ਤਕ ਮਾਂ ਤੇਰੀ ਨੂੰ ਪਿਟਦੀ, ਮੈਂ ਰਹਿਮਤ ਖਾਨਾਂ। ਨਹੀਂ ਤਾਂ ਵੇਖੀਂ ਤੁਧ ਦਾ, ਚੰਮ ਕਿਵੇਂ ਉਡਾਨਾਂ।

ਜਵਾਬ ਹਕੀਕਤ ਰਾਇ ਜੀ

ਜੋ ਕਰਨੀ ਕਰ ਸੂਬਿਆ, ਕਰ ਤਰਸ ਨਾ ਮਾਸਾ। ਮੈਂ ਸਿਖੀ ਮੰਗਾਂ ਪਕੜ ਹਥ, ਖੋਪਰ ਦਾ ਕਾਸਾ। ਮੇਰਾ ਖੂਨ ਇਹ ਸੁਤੇ ਹਿੰਦ ਦਾ, ਪਰਤੂਗਾ ਪਾਸਾ। ਮੈਂ ਸਮਝਾਂ ਅਗ ਦੇ ਢੇਰ ਨੂੰ, ਫੁਲਾਂ ਦਾ ਹਾਸਾ। ਨਾਂ ਮੌਤ ਵੀ ਆ ਖੋਹ ਸਕਦੀ, ਮੇਰਾ ਭਰਵਾਸਾ। ਇਸ ਜੀਵਨ ਦਾ ਕੀਹ ਹੈ, ਦੇਹ ਨਿਰੀ ਪਤਾਸਾ। ਮੈਂ ਛਡਾਂ ਆਦੀ ਧਰਮ ਨਾ, ਕਰ ਮਾਸਾ ਮਾਸਾ। ਮੈਂ ਕਰ ਕੁਰਬਾਨੀ ਕਰਾਂਗਾ, ਗੁਰ ਗੋਦੇ ਵਾਸਾ।

ਸੂਬੇ ਨੇ ਮਾਈ ਨੂੰ ਆਖਣਾ

ਸੂਬਾ ਕਹਿੰਦਾ ਭੋਲੀਏ, ਏਹ ਬਾਲ ਅੰਜਾਣਾ। ਲਗਾ ਕਾਲ ਕਸਾਬ ਦਾ, ਏਹ ਬਣਨ ਖਾਣਾ। ਜਾ ਸਮਝਾ ਲੈ ਇਸ ਨੂੰ, ਜੇ ਹਈ ਸਮਝਾਣਾ। ਕਲਮਾਂ ਪੜ ਲੌ ਨਬੀ ਦਾ, ਜੇ ਪੁਤ ਬਚਾਣਾ। ਇਸ ਸਿਖੀ ਚੋਂ ਏਸਨੇ, ਕੀਹ ਰੁਤਬਾ ਪਾਣਾ। ਬੇੜ੍ਹੀ ਰੋੜ੍ਹ ਈ ਚਲਿਆ, ਬੇਖ਼ਬਰ ਮੁਹਾਣਾ।

ਮਾਤਾ

ਮਾਤਾ ਕਹੇ 'ਹਕੀਕਤਾ', ਮੰਨ ਕਹਿਣਾ ਮੇਰਾ। ਤੇਰੇ ਬਾਝੋਂ ਚੰਦ ਵੇ, ਹੋ ਜਊ ਹਨੇਰਾ। ਤੂੰ ਨਾ ਕਰ ਹਾਕਮ ਸਾਹਮਣੇ, ਇੰਜ ਕਰੜਾ ਜੇਰਾ। ਤੂੰ ਪੜ ਲੈ ਕਲਮਾ ਨਬੀ ਦਾ, ਕੀਹ ਵਿਗੜੇ ਤੇਰਾ। ਘਰ[1] ਵਿਲਕੇ ਤੇਰਾ ਲਾਡਲਾ, ਪਾ ਚਲਕੇ ਫੇਰਾ। ਤੂੰ ਜਾਨ ਬਚਾ ਲੈ ਮੌਤ ਦੇ, ਮੂੰਹ ਵਿਚੋਂ ਸ਼ੇਰਾਂ। 1 ਹਕੀਕਤ ਰਾਇ ਦੇ ਘਰ ਓਸ ਵੇਲੇ ਇਕ ਪੁਤਰ ਦੋ ਮਹੀਨੇ ਦਾ ਸੀ ਜਿਸ ਦਾ ਨਾਂ ਬਿਜੇ ਸਿੰਘ ਸੀ।

ਜਵਾਬ ਪੁਤਰ ਦਾ

ਛਡ ਦੇ ਮਾਤਾ ਕਮਲੀਏ, ਤੂੰ ਮੇਰੀ ਵੀਣਾਂ। ਬੰਦਾ ਰੰਗ ਜਹਾਨ ਦੇ, ਨਹੀਂ ਵੇਖ ਪਤੀਣਾਂ। ਮੈਂ ਨਹੀਂ ਚਾਹੁੰਦਾ ਧਰਮ ਛਡ, ਬਣ ਕਾਇਰ ਜੀਣਾਂ। ਤੂੰ ਦੈਂ ਪਿਆਲਾ ਜ਼ਹਿਰ ਦਾ, ਮੈਂ ਨਹੀਂ ਉਹ ਪੀਣਾਂ। ਬੇਸ਼ਕ ਜਾਬਰ ਛੜ ਦੇਵੇ, ਦੇਹੀ ਦਾ ਚੀਣਾਂ। ਪਰਲੋ ਤੀਕਰ ਨਾਮਣਾ, ਅਰਸ਼ੀ ਚਮਕੀਣਾਂ। ਖਾ ਸਟਾਂ ਵਾਂਗਰ ਗੇਂਦ ਦੇ, ਮੈਂ ਉਚਾ ਥੀਣਾਂ। ਸਿੰਘ ਮਿਟਾਇਆਂ ਗੁਰੂ ਦਾ, ਨਹੀਂ ਕਦੇ ਮਟੀਣਾਂ।

ਤਥਾ-

ਬਿਜੇ ਸਿੰਘ ਨੂੰ ਚਲਿਆਂ, ਮੈਂ ਛਡ ਨਿਸ਼ਾਨੀ। ਅਰਪਨ ਲਗਾਂ ਉਸਨੂੰ, ਆਪਣੀ ਜ਼ਿੰਦਗਾਨੀ। ਛੂਡਾਂ ਆਪਣਾ ਧਰਮ ਜੇ, ਤਕ ਅਹਿਲ ਜਵਾਨੀ। ਕਲ ਨੂੰ ਵੀ ਭਜ ਜਾਵਣਾਂ, ਏਹ ਠੂਠਾ ਫਾਨੀ। 'ਮੌਤ ਸਿਰੇ ਤੇ ਕੂਕਦੀ', ਹਥ ਪਕੜੀ ਕਾਨੀ। ਹਥ ਨਹੀਂ ਮੁੜਕੇ ਆਵਣਾ, ਏਹ ਲਾਲ ਲਸਾਨੀ। ਬਹਿ ਲੋਹਾਂ ਤੇ ਦਸ ਗਏ, ਬਾਣੀ ਦੇ ਬਾਨੀ। ਤਾਰੇ ਬਣਕੇ ਚਮਕਦੇ, ਅਣਖੀ ਅਸਮਾਨੀ।

ਮਾਤਾ ਦਾ ਸਬਰ ਤੇ ਅਸੀਸ

ਵਾਹਵਾ ਮੇਰੇ ਹੀਰਿਆ, ਜਿਉਂ ਤੈਨੂੰ ਭਾਵੇ। ਬੇੜੀ ਤੇਰੇ ਸਿਦਕ ਦੀ, ਰੱਬ ਪਾਰ ਲੰਘਾਵੇ। ਕਾਇਰਤਾ ਦੀ ਡੈਣ ਨਾਂ, ਆ ਤੈਨੂੰ ਖਾਵੇ। ਕਲਗੀਆਂ ਵਾਲਾ ਗੋਦ ਵਿਚ ਤੈਨੂੰ ਬਠਲਾਵੇ। 'ਬਿਜੇ ਸਿੰਘ' ਸਰਦਾਰ ਨੂੰ, ਰਬ ਭਾਗ ਲਿਆਵੇ। ਤੇ ਹਿੰਮਤ ਭਾਣਾ ਸਹਿਨ ਦੀ, ਸਾਡੇ ਵਿਚ ਪਾਵੈ।

ਸੂਬਾ

ਸੂਬੇ ਹੁਕਮ ਜਲਾਦ ਨੂੰ, ਦਿਤਾ ਇੰਜ ਸੁਣਾ। ਮਾਰ ਕੋਰੜੇ ਏਸਦਾ, ਦੇਵੋ ਚੰਮ ਉਡਾ। ਜੱਟੀ ਫੜ ਕੇ ਝੰਮਨੀ, ਝੰਬੇ ਜਿਵੇਂ ਕਪਾਹ। ਏਦਾਂ ਝੰਬ ਕੁਫਾਰ ਨੂੰ, ਸਿਰ ਦੇਣਾ ਫਿਰ ਲਾਹ। ਉਸੇ ਵਕਤ ਜਲਾਦ ਨੇ, ਜ਼ਰਾ ਨਾ ਲਾਈ ਦੇਰ। ਦੋਵੇਂ ਮਾਮਾ ਭਾਨਜੇ, ਅਗੇ ਧਰ ਲੈ ਸ਼ੇਰ। ਲਿਆ ਕੇ ਚੌਂਕ ਨਖਾਸ ਵਿਚ, ਦੋਹਾਂ ਨੂੰ ਖਲ੍ਹਾਰ। ਮਾਰਨ ਜ਼ਾਲਮ ਕੋਰੜੇ, ਹੋ ਹੋ ਅੱਡੀਆਂ ਭਾਰ। ਹਿੰਦੂ ਸਾਰੇ ਸ਼ਹਿਰ ਦੇ, ਤਰਲੇ ਕਰਦੇ ਆਣ। ਛਡਦੇ ਰੱਬ ਵਾਸਤੇ, ਏਹ ਨੀ ਬਾਲ ਅੰਞਾਣ। ਪਰ ਸੂਬੇ ਚੰਡਾਲ ਨੂੰ, ਜ਼ਰਾ ਨ ਆਇਆ ਰਹਿਮ। ਕਲਪਦਿਆਂ ਦਾ ਉਸਤੋਂ, ਦੂਰ ਨਾ ਹੋਇਆ ਸਹਿਮ। ਹਜ ਕਾਫਰ ਦੇ ਮਾਰਿਆਂ, ਸੀ ਜ਼ਾਲਮ ਨੂੰ ਵਹਿਮ! ਰਿਝੇ ਵਿੱਚ ਜਨੂਨ ਦੇ; ਜੀਕੁਨ 'ਆਉਲ ਲਹਿਮ"[1]। ਥੰਮ ਵਾਂਗ ਦਿਲ ਥੰਮ ਕੇ, ਖੜੇ ਬਹਾਦਰ ਸ਼ੇਰ। ਜਿਵੇਂ ਤੁਫਾਨਾਂ ਵਿਚ ਨਾਂ, ਕੰਬੇ ਕਦੇ ਸੁਮੇਰ। ਜਿਥੇ ਵਜੇ ਕੋਰੜਾ, ਉਡੇ ਚੰਮੜਾ ਨਾਲ। ਲਹੂ ਧਾਹੀਂ ਵੱਗਦਾ, ਹੋਏ ਲਾਲੋ ਲਾਲ। ਅਥਰੂ ਡਿਗੇ ਇਕ ਨਾਂ, ਖੁਸ਼ ਹੋ ਖੜੇ ਜੁਵਾਨ। ਵੇਖਣ ਵਾਲੇ ਕਹਿਰ ਏਹ, ਕੰਨੀ ਹਥ ਲਗਾਣ। ਰੱਬਾ ਕੇਹੜੀ ਮਿਟੀਓਂ, ਕੀਤੇ ਸਿੰਘ ਤਿਆਰ। ਡੋਲਣ ਬੋਲਣ ਜ਼ਰਾ ਨਾ, ਝੱਲਣ ਕੀਕੂੰ ਮਾਰ। ਤਾਂ ਭੀ ਹਾਰਨ ਸਿਰੜ ਨਾ, ਸਿਰ ਭੀ ਜਾਵੇ ਲਥ। ਖਬਰੇ ਔਂਦਾ ਸਿਖੀਓਂਂ, ਕੀਹ ਏਹਨਾਂ ਦੇ ਹੱਥ। ਜਦੋਂ ਨਿਤਾਣੇ ਹੋ ਫਿਰੇ, ਖਾ ਖਾ ਏਦਾਂ ਮਾਰ। ਨਾਲ ਤੇਗ ਦੇ ਦੋਹਾਂ ਦੇ, ਲੀਤੇ ਸੀਸ ਉਤਾਰ। ਸੂਬੇ ਤਾਈਂ ਲਾਹਨਤਾਂ, ਪੌਂਦਾ ਕੁਲ ਸੰਸਾਰ। ਹਥੀਂ ਪਕੜੀ ਜ਼ੁਲਮ ਦੀ, ਪਾਪੀ ਨੇ ਤਲਵਾਰ। ਲੋਥਾਂ ਦੋਏ 'ਸੁਬੇਗ ਸਿੰਘ', ਲੈ ਕੀਤੇ ਸਸਕਾਰ। ਖੂਹੀ ਮੀਰਾਂ ਪਾਸ ਉਹ, ਸੁਤੇ ਛੱਡ ਸੰਸਾਰ। ਬਰਕਤ ਸਿੰਘਾ ਜਗ ਨੂੰ, ਗਏ ਉਹ ਸਬਕ ਸਖਾਲ। ਪਰਲੋ ਤੀਕੁਰ ਚਮਕਦੇ, ਰਹਿਸਨ ਸੁਚੇ ਲਾਲ। ਜਗ ਤੋਂ ਖੱਟ ਕੇ ਲਾਹਨਤਾਂ, ਮਰਦੇ ਦੁਨੀਆਂਦਾਰ। ਅਮਰ ਸੂਰਮੇ ਸਦਾ ਲਈ, ਹੁੰਦੇ ਵਿੱਚ ਸੰਸਾਰ। 1 ਇਕ ਤਰਾਂ ਦਾ ਯੂਨਾਨੀ ਮਾਰਕੇ ਹੈ, ਜੋ ਅਸਾਂ ਤੋਂ ਖਿਚਦੇ ਹਨ ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ