Shaheedi Chhote Sahibzade : Barkat Singh Anand
ਸ਼ਹੀਦੀ ਛੋਟੇ ਸਾਹਿਬਜ਼ਾਦੇ : ਬਰਕਤ ਸਿੰਘ 'ਅਨੰਦ'
ਗੁਰਾਂ ਛਡਿਆ ਜਦੋਂ ਅਨੰਦ ਪੁਰ ਨੂੰ, ਪਿਛੋਂ ਪਏ ਵੈਰੀ ਹੱਲਾ ਮਾਰ ਭਾਈ। ਕਸਮਾਂ ਝੂਠੀਆਂ ਖਾਇਕੇ ਸ਼ਾਹੀ ਫੌਜਾਂ, ਗਈਆਂ ਆਪਣੇ ਧਰਮ ਨੂੰ ਹਾਰ ਭਾਈ। ਸਰਸਾ ਨਦੀ ਤੇ ਗਜ਼ਬ ਦਾ ਜੰਗ ਹੋਇਆ, ਖਿਲਰ ਗਿਆ ਸਾਰਾ ਪਰਵਾਰ ਭਾਈ। ਮਾਤਾ ਗੁਜਰੀ ਤੇ ਛੋਟੇ ਲਾਲ ਦੋਵੇਂ, ਚੌਥਾ ਨਾਲ ਗੰਗੂ ਬਦਕਾਰ ਭਾਈ। ਇਕੀ ਸਾਲ ਤੋਂ ਗੁਰਾਂ ਦੇ ਪਾਸ ਰਹਿਕੇ, ਕਰਦਾ ਰਿਹਾ ਸੇਵਾ ਮਨ ਮਾਰ ਭਾਈ। ਹੈਸੀ ਜਾਤ ਬ੍ਰਾਹਮਣ ਪਰ ਛੁਰੀ ਮਿਠੀ, ਜਿਤ ਗੁਰਾਂ ਦਾ ਲਿਆ ਇਤਬਾਰ ਭਾਈ। ਸਰਸਾ ਲੰਘ ਕੇ ਤੇ ਖੁੰਝ ਗਏ ਸਾਥ ਨਾਲੋਂ, 'ਖੇੜੀ' ਗੰਗੂ ਘਰ ਆਏ ਪਧਾਰ ਭਾਈ। ਖੁਰਜੀ ਮੋਹਰਾਂ ਦੀ ਵੇਖ ਕੇ ਬਰਕਤ ਸਿੰਘਾ, ਗਿਆ ਧਰਮ ਤੋਂ ਚੰਦਰਾ ਹਾਰ ਭਾਈ। ਇਕ ਸਾਥ ਅੰਵਾਣ ਸਿਆਲ ਦੂਜਾ, ਤੀਜਾ ਘਰ ਪਰੋਹਤ ਦੇ ਆਂਵਦੇ ਨੇ। ਮਾਇਆ ਨਾਂਗਣੀ ਦਾ ਤੋੜਾ ਕੋਲ ਚੌਥਾ, ਝਾੜੀਂ ਬੂਟੀਂ ਪਏ ਸੀਸ ਛੁਪਾਂਵਦੇ ਨੇ। ਬਾਕੀ ਬਚਨ ਦੀ ਆਸ ਉਮੈਦ ਕਾਹਦੀ, ਆ ਚੁਪਾਸਿਓਂ ਵੈਰੀ ਦਬਾਂਵਦੇ ਨੇ। ਘਰ ਗੰਗੂ ਦੇ ਪਿਛਲੀ ਕੋਠੜੀ ਬਹਿ, ਮਾਤਾ ਗੁਜਰੀ ਜੀ ਸਮਾਂ ਲੰਘਾਂਵਦੇ ਨੇ। ਭਿਜੇ ਕਪੜੇ ਸੁਕੇ ਤਾਂ ਸੀਤ ਲਥਾ, ਸਮਾ ਯਾਦ ਕਰ ਕਰ ਪੁਛਣ ਸਾਹਿਬਜ਼ਾਦੇ। ਕਦੋਂ ਦਾਦੀ ਜੀ ਮਿਲਣਗੇ ਪਿਤਾ ਹੋਰੀਂ, ਇਉਂ ਫਰੀਆਦ ਕਰ ਕਰ ਪੁਛਣ ਸਾਹਿਬਜ਼ਾਦੇ।
ਸ੍ਰੀ ਮਾਤਾ ਗੁਜਰੀ ਜੀ ਦਾ ਜਵਾਬ
ਜੀਵਨ ਜੋਗਿਓ ਜੰਮੇ ਓ ਦੁਖਾਂ ਜੋਗੇ, ਲਿਆ ਦੁਖਾਂ ਚੁਫੇਰਿਓਂ ਘੇਰ ਸਾਨੂੰ। ਸਾਡੇ ਸੀਸ ਉਤੇ ਪੈ ਗਈ ਰਾਤ ਕਾਲੀ; ਪਤਾ ਨਹੀਂ ਕਦੇ ਚੜੇ ਸੁਵੇਰ ਸਾਨੂੰ। ਅਸੀਂ ਅਜ ਕੱਖਾਂ ਨਾਲੋਂ ਹੋਏ ਹੌਲੇ, ਕੀਤਾ ਸਾਡੀਆਂ ਗਲਤੀਆਂ ਜ਼ੇਰ ਸਾਨੂੰ। ਕਿਲਾ ਛੱਡ ਕੇ ਅਸੀਂ ਬਰਬਾਦ ਹੋਏ, ਜਿਧਰ ਵੇਖੀਏ ਦਿਸੇ ਹਨੇਰ ਸਾਨੂੰ। ਮਾਤਾ ਪਿਤਾ ਤੁਹਾਡੇ ਦਾ ਪਤਾ ਕੁਝ ਨਹੀਂ, ਖਬਰੇ ਕੀਹ ਮੁਸੀਬਤਾਂ ਪਾਂਵਦੇ ਹੋਣ। ਰੁਲਨ ਦੇਣ 'ਅਨੰਦ' ਨਾਂ ਇੰਜ ਸਾਨੂੰ, ਕਿਧਰੇ ਹਾਲ ਜੇ ਸੁਨਦੇ ਸੁਨਾਂਵਦੇ ਹੋਣ।
ਗੰਗੂ ਨੇ ਧਨ ਚੁਰਾ ਲੈਣਾ
ਪਈ ਰਾਤ ਤਾਂ ਮਾਤਾ ਦੀ ਅੱਖ ਲਗੀ, ਖੁਰਜੀ ਮੋਹਰਾਂ ਵਾਲੀ ਉਹ ਉਹ ਚੁਰਾਈ ਚੰਦਰੇ। ਬੂਹਾ ਖੋਹਲ ਸਮਾਨ ਖਿਲਾਰ ਆਪਣਾ, ਚੋਰ ਚੋਰ ਕਰਕੇ ਰੌਲੀ ਪਾਈ ਚੰਦਰੇ। ਇਕੀ ਸਾਲ ਸਤਿਗੁਰਾਂ ਦੀ ਖਾਧਾ, ਪਾਈ ਭਠ ਸਾਹੀਂ ਈ ਭਲਿਆਈ ਚੰਦਰੇ। ਬਾਹਮਨ ਕੌਮ ਦੇ ਨਾਮ ਨੂੰ ਬਰਕਤ ਸਿੰਘਾ, ਲੀਕ ਲਾਹਨਤਾਂ ਵਾਲੀ ਲਗਾਈ ਚੰਦਰੇ। ਘਰ ਲਿਆਇਕੇ ਵਖਵਾਂ ਦੇ ਮਾਰਿਆਂ ਨੂੰ। ਲਗਾ ਸੁਤੀਆਂ ਕਲਾ ਜਗਾਨ ਪਾਪੀ। ਹੋ ਕੇ ਨਿਮਕ ਹਰਾਮ 'ਹਰਾਮ' ਖਾਣਾ, ਲਗਾ ਮੌਤ ਦੇ ਹਥ ਪਕੜਾਨ ਪਾਪੀ।
ਮਾਤਾ ਗੁਜਰੀ
ਧਨ ਵਾਸਤੇ ਧਰਮ ਨਾਂ ਹਾਰ ਪੰਡਤਾ, ਜਿੰਨਾਂ ਮੰਗੇਂ ਦੁਵਾਵਾਂਗੀ ਹੋਰ ਤੈਨੂੰ। ਰਹੀ ਜਾਗਦੀ ਮੈਂ ਰਹੇ ਬੰਦ ਬੂਹੇ, ਕਿਥੋਂ ਪਾੜ ਅੰਬਰ ਪੈ ਗਏ ਚੋਰ ਮੈਨੂੰ। ਮੇਰਾ ਲੁਟਿਆ ਗਿਆ ਏ ਤਖਤ ਅਗੇ, ਨਾ ਕਰ ਗੰਗਿਆ ਹੋਰ ਕਮਜ਼ੋਰ ਮੈਨੂੰ। ਜਿਉਂ ਜਿਉਂ ਪਾਏਂ ਰੌਲਾ ਮੇਰੀ ਜ਼ਿੰਦਗੀ ਦੀ, ਜਾਂਦੀ ਟੁਟਦੀ ਜਾਪਦੀ ਡੋਰ ਮੈਨੂੰ। ਮੇਰਾ ਪੁਤ ਜੇ ਮੈਨੂੰ ਮਿਲਾ ਦੇਵੇਂ, ਤੈਨੂੰ ਹੀਰਿਆਂ ਨਾਲ ਰਜਾ ਦਿਆਂ ਮੈਂ। ਮੂੰਹੋਂ ਮੰਗੀ ਅਨੰਦ ਮੁਰਾਦ ਪਾਵੇਂ, ਤ੍ਰੈ ਲੋਕੀ ਦਾ ਰਾਜਾ ਬਣਾ ਦਿਆਂ ਮੈਂ।
ਤਥਾ
ਚਪੇ ਚਪੇ ਤੇ ਅਸਾਂ ਦੇ ਫਿਰਨ ਵੈਰੀ, ਉਚਾ ਬੋਲੇਂ ਤਾਂ ਨਿਕਲੇਗੀ ਜਾਨ ਮੇਰੀ। ਉਤੇ ਮਖਮਲੀ ਪਲੰਘਾਂ ਦੇ ਸੌਣ ਵਾਲੀ, ਲੇਟੇ ਸੱਥਰਾਂ ਤੇ ਕਿਵੇਂ ਸੰਤਾਨ ਮੇਰੀ। ਖਬਰ ਕਰੇ ਮਤੇ ਕੋਈ ਹਾਕਮਾਂ ਨੂੰ, ਲੁਟੀ ਜਾਏ ਨਾ ਪਤ ਤੇ ਆਨ ਮੇਰੀ। ਮੈਂ ਤਾਂ ਮੋਹਰਾਂ ਨੂੰ ਮਿਟੀ ਦੇ ਰੋੜ ਸਮਝਾਂ, ਬਚ ਜਾਏ ਜੇਕਰ ਅਜ ਸ਼ਾਨ ਮੇਰੀ। ਬੂਹਾ ਬੰਦ ਕਰ ਤੇ ਬੈਠ ਕੋਲ ਮੇਰੇ, ਛਾਤੀ ਵੇਖ ਮੇਰੀ ਕੀਕੁਨ ਧੜਕਦੀ ਏ। ਇਨ੍ਹਾਂ ਮਾਸੂਮਾਂ ਦਾ ਦੇਖਾਂ ਹਾਲ ਜਦੋਂ ਮੈਂ ਤਾਂ, ਮੇਰੀ ਅਖ ਵਿਚ ਨੀਂਦ ਨ ਅਟਕਦੀ ਏ।
ਗੰਗੂ
ਗਲਾਂ ਮਿਠੀਆਂ ਨਾਲ ਨਾ ਫੇਰ ਪੋਚੇ, ਚੰਗਾ ਨੇਕੀ ਦਾ ਦਿਤਾ ਈ ਫਲ ਮਾਤਾ। ਤੈਨੂੰ ਆਪਣੇ ਘਰ ਲਿਆਇਕੇ ਮੈਂ, ਪਾ ਲਏ ਦੁਖ ਜਹਾਨ ਦੇ ਗਲ ਮਾਤਾ। ਮੇਰਾ ਲੁਟਿਆ ਗਿਆ ਸਮਾਨ ਸਾਰਾ, ਜਦੋਂ ਰਾਤ ਅਧੀ ਗਈ ਢਲ ਮਾਤਾ। ਸਗਵਾਂ ਮੈਨੂੰ ਤੂੰ ਚੋਰ ਬਨਾਣ ਲਗੀ, ਠੀਕ ਕਹਿਣ ਡੰਗੇ ਸਪ ਪਲ ਮਾਤਾ। ਦਿਨ ਚੜ੍ਹੇ ਤਾਂ ਸਦ ਕੇ ਹਾਕਮਾਂ ਨੂੰ, ਸਭ ਸੁਰਤ ਟਿਕਾਣੇ ਲਿਆ ਦਿਆਂ ਮੈਂ। ਪਰਦੇ ਵਿਚ ਹੁਣ ਭੇਤ ਨਹੀਂ ਰਹਿ ਸਕਦਾ, ਆਪਣਾ ਆਪ ਨਾ ਕਿਤੇ ਗੁਵਾ ਦਿਆਂ ਮੈਂ। ਤੇਰੇ ਪੋਤਰੇ ਪਤ ਤੇ ਸਿਖ ਬਾਗੀ, ਪਾਣਾ ਬਾਗੀਆਂ ਨਾਲ ਪਿਆਰ ਮੰਦਾ। ਅਕ ਬੀਜ ਕੇ ਕਿਸੇ ਨਾ ਅੰਬ ਖਾਧੇ, ਮੰਦੇ ਕੰਮ ਦਾ ਫਲ ਵਿਚਾਰ ਮੰਦਾ। ਭੂਲਾ ਤੁਸਾਂ ਨੂੰ ਘਰ ਲਿਆਇਕੇ ਮੈਂ, ਬੀਜ ਲਿਆ ਮੈਂ ਅਗੇ ਪਰਵਾਰ ਮੰਦਾ। ਦਿਨ ਚੜ੍ਹੇ ਨੂੰ ਭੇਤ ਏਹ ਖੁਲ੍ਹ ਜਾਣਾ, ਹਾਲ ਕਰੇਗੀ ਮੇਰੀ ਸਰਕਾਰ ਮੰਦਾ। ਸੇਵਾ ਕਰਨ ਦਾ ਏਹ ਇਨਾਮ ਮਿਲਿਆ, ਪਹਿਲੇ ਹੱਥ ਬਣਾ ਦਿਤਾ ਚੋਰ ਮੈਨੂੰ। ਗੁਸੇ ਵਿਚ ਮੂੰਹ ਪਾੜਕੇ ਸੱਚ ਨਿਕਲੇ, ਗਲਾਂ ਵਿਚ ਪਰਚਾ ਨਾ ਹੋਰ ਮੈਨੂੰ।
ਮਾਤਾ ਦਾ ਤਰਲਾ
ਮੰਨੀ ਰਾਮ ਦੇ ਵਾਸਤੇ ਵਾਸਤਾ ਤੂੰ, ਮੇਰੇ ਨਾਲ ਨਾ ਜ਼ੁਲਮ ਕਮਾਈ ਪੰਡਤਾ। ਕਲਪ ਬਿਰਛ ਉਪਕਾਰਾਂ ਦਾ ਬੀਜਕੇ ਤੂੰ, ਉਹਨੂੰ ਜ਼ਹਿਰ ਦੀ ਪੇਂਦ ਨ ਲਾਈਂ ਪੰਡਤਾ। ਕੱਲੀ ਜਾਨ ਤੇ ਟੁਟਕੇ ਦੁਖ ਪੈ ਗਏ, ਅੱਲੇ ਫੱਟਾਂ ਤੇ ਲੂਣ ਨਾਂ ਪਾਈਂ ਪੰਡਤਾ। ਜੀਵਣ ਜੋਗੇ ਦੀਆਂ ਨਿਸ਼ਾਨੀਆਂ ਏਹ, ਕਿਧਰੇ ਇਹ ਵੀ ਨਾ ਖੋਹ ਗੁਵਾਈਂ ਪੰਡਤਾ। ਅਧਖੜ ਕਲੀਆਂ ਏਹ ਗੁਲਾਬ ਦੀਆਂ, ਖਿੜ ਤਾਂ ਲੈਣ ਦੇ ਕਿਤੇ ਮਧੋਲ ਨਾ ਦਈਂ। 'ਕੋਹਨੂਰ' ਹੀਰੇ ਮੇਰੇ, ਕੀਮਤੀ ਦੋ, ਕਲਰ ਵਿਚ 'ਬਰਹਸ਼ਾਂ' ਦੇ ਰੋਲ ਨਾ ਦਈਂ।
ਗੰਗੂ ਨੇ ਬਾਣੇਦਾਰ ਨੂੰ ਲੈ ਆਉਣਾ
ਏਡੇ ਤਰਲੇ ਅਤੇ ਨਿਹੋਰਿਆਂ ਤੇ, ਮਾਸਾ ਤਰਸ ਨਾ ਗੰਗੂ ਨੂੰ ਆਇਆ ਏ। ਬੂਹਾ ਮਾਰ ਜੰਦਰਾ, ਖੀਸੇ ਪਾ ਚਾਬੀ, ਭੱਜਾ ਥਾਣੇ 'ਮੁਰੰਡੇ' ਦੇ ਆਇਆ ਏ। 'ਜਾਨੀ ਮਾਨੀ' ਥਾਣੇਦਾਰ ਤਾਈਂ, ਜਾ ਕੇ ਸਾਰਾ ਹੀ ਹਾਲ ਸੁਨਾਇਆ ਏ। ਮੇਰੇ ਘਰ ਦਸਮੇਸ਼ ਦੇ ਪੁਤ ਆਏ, ਚਲੋ ਪਕੜ ਲੌ ਫਰਜ਼ ਨਿਭਾਹਿਆ ਏ। ਸਿਰਪਟ ਦੁੜਾ ਕੇ ਘੋੜਿਆਂ ਨੂੰ, ਖੇੜੀ ਪੁਜ ਗਈ ਪੁਲਸ ਆ ਭਾਈ। ਮਾਤਾ ਗੁਜਰੀ ਤੇ ਦੋਹਾਂ ਪੋਤਿਆਂ ਨੂੰ, ਲਾਈਆਂ ਪਾਪੀਆਂ ਨੇ ਕੜੀਆਂ ਜਾ ਭਾਈ।
ਮਾਤਾ ਦਾ ਸਰਾਪ
ਮਾਤਾ ਆਖਦੀ ਗੰਗਿਆ ਬੁਰਾ ਹੋਵੀ, ਧਰਮ ਨਿਮਕ ਹਰਾਮੀਆਂ ਹਾਰਿਆ ਤੂੰ। ਸਾਡੇ ਨਾਲ ਜੇਕਰ ਸੀ ਏਹ ਪਾਪ ਕਰਨਾ, ਕਿਉਂ ਨਾਂ ਵਿਚ ਸਰਸਾ ਡੋਬ ਮਾਰਿਆ ਤੂੰ। ਤੁਲੇ ਬੰਨ ਕੇ ਪਾਲੇ ਦੇ ਵਿਚ ਠਰ ਕੇ, ਲਾਇਆ ਪਾਰ ਅਸਾਨੂੰ ਨਕਾਰਿਆ ਤੂੰ। ਤੈਨੂੰ ਧਨ ਉਹ ਖਾਵਨਾ ਮਿਲੇਗਾ ਨਾਂ, ਜਿਦੇ ਵਾਸਤੇ ਕਹਿਰ ਗੁਜ਼ਾਰਿਆ ਤੂੰ। ਗੱਲ ਧਨ ਦੀ ਸੁਣਦਿਆਂ ਪੁਲਸੀਆਂ ਨੇ, ਛਿਤਰ ਮਾਰ ਕੇ ਚਮੜਾ ਉਧੇੜ ਦਿਤਾ। ਮਾਲ ਬਾਗੀਆਂ ਦਾ ਛੇਤੀ ਦੇਹ ਕੱਢ ਕੇ, ਜਿਦੇ ਵਾਸਤੇ ਦੁਧ ਨੂੰ ਫੇੜ ਦਿਤਾ।
ਗੰਗੂ
ਜਦੋਂ ਨਾਲ ਜੁਤੀਆਂ ਹੋਇਆਂ ਗਰਮ ਤਾਲੂ, ਖੁਰਜੀ ਕਢ ਕੇ ਅੰਦਰੋਂ ਫੜਾਈ ਗੰਗੇ। ਅਖੀਂ ਘਟਾ ਤੇ ਪਈ ਸੁਵਾਹ ਸਿਰ ਵਿਚ, ਕੀਤੀ ਮੁਫਤ ਦੇ ਵਿਚ ਬੁਰਾਈ ਗੰਗੇ। ਪੱਲੇ ਪਾਪੀ ਦੇ ਪਈ ਨਾਂ ਇਕ ਪਾਈ, ਜਿਦੇ ਵਾਸਤੇ ਕੀਤੀ ਚਤਰਾਈ ਗੰਗੇ। ਕਸਮਾਂ ਝੂਠੀਆਂ ਖਾਇਕੇ ਬਰਕਤ ਸਿੰਘਾ, ਮਸਾਂ ਆਪਣੀ ਜਾਨ ਛੁਡਾਈ ਗੰਗੇ। ਲੱਦ ਮਾਤਾ ਮਾਸੂਮਾਂ ਨੂੰ ਗਡੇ ਉਤੇ, ਪੁਲਸ ਵਿਚ ਸਰਹੰਦ ਲਿਆਂਵਦੀ ਏ। ਕੜੀਆਂ ਵੇਖ ਮਾਸੂਮਾਂ ਦੇ ਹਥ ਲਗੀਆਂ, ਦੁਨੀਆਂ ਹੱਥ ਕੰਨਾਂ ਉਤੇ ਲਾਂਵਦੀ ਏ।
ਤਥਾ-
'ਜ਼ੋਰਾਵਰ' ਨੂੰ ਸੀ ਨਾਵਾਂ ਸਾਲ ਜਾਂਦਾ, ਉਮਰ 'ਫਤੇ ਸਿੰਘ' ਦੀ ਸਤ ਸਾਲ ਦੀ ਸੀ। ਅੰਦਰੋਂ ਸੱਚੀਆਂ ਪੱਕੀਆਂ ਆਤਮਾਂ ਸਨ, ਉਮਰੋਂ ਬਾਲ ਪਰ ਕਰਨੀ ਕਮਾਲ ਦੀ ਸੀ। ਸਹਿਮ ਫੁਲ ਗੁਲਾਬ ਦੇ ਜ਼ਰਦ ਹੋਏ, ਭਾਵੀ ਨਿਤ ਨਵੇਂ ਰੰਗ ਢਾਲਦੀ ਸੀ। ਤੀਜੀ ਬਿਰਧ ਮਾਤਾ 'ਗੁਜਰੀ' ਉਮਰ 'ਗੁਜਰੀ', 'ਗੁਜਰੇ' ਹੋਏ ਜੋ ਸਮੇਂ ਵਖਾਲਦੀ ਸੀ। ਭਖੀ ਖਾਨ ਵਜੀਦ ਦੀ ਬਾਰਗਾਹ ਵਿਚ, ਫਤੇ ਵਾਹਿਗੁਰੂ ਗੱਜ ਬੁਲਾਈ ਤਿੰਨਾਂ। ਸੜ ਕੇ ਹੋਇਆ ਅਗੇ ਈ ਅੰਗਿਆਰ ਸੂਬਾ, ਪਲੀ ਤੇਲ ਦੀ ਆ ਉਤੇ ਪਾਈ ਤਿੰਨਾਂ।
ਸੂਬਾ-
ਸੜ ਬਲ ਸੂਬਾ ਲੱਗਾ ਕਹਿਣ ਮਾਈ, ਅਜ ਦੀ ਰਾਤ ਸਮਝਾ ਲਵੀਂ ਬਚਿਆਂ ਨੂੰ। ਅਜੇ ਦੁਨੀਆਂ ਦਾ ਏਹਨਾਂ ਕੁਝ ਵੇਖਿਆ ਨਹੀਂ, ਜੀਵਨ ਪੀਂਘ ਝੁਟਾ ਲਵੀਂ ਬਚਿਆਂ ਨੂੰ। ਅਦਬ ਨਾਲ ਸਲਾਮ ਆ ਕਹਿਣ ਭਲਕੇ, ਆਦਤ ਉਤੋਂ ਹਟਾ ਲਵੀਂ ਬਚਿਆਂ ਨੂੰ। ਤਰਸ ਔਂਦਾ ਏ ਏਹਨਾਂ ਦੀ ਉਮਰ ਉਤੇ, ਕੁਝ ਵੇਖੀਂ ਵਖਾ ਲਵੀਂ ਬਚਿਆਂ ਨੂੰ। ਕਰੋ ਬੁਰਜ ਵਿਚ ਏਹਨਾਂ ਨੂੰ ਬੰਦ ਜਾ ਕੇ, ਏਦਾਂ ਆਖ ਕਰ ਕੰਮ ਬਰਖਾਸ ਤੁਰਿਆ। ਪਹਿਰਾ ਰੱਖਣਾ ਚਾਰ ਚੁਫੇਰ ਰਾਤੀਂ, ਆ ਪਏ ਜਥਾ ਨ ਕੋਈ ਆਸ ਪਾਸੇ ਤੁਰਿਆ। ਹੁਕਮ ਸੁਣਦਿਆਂ ਐਹਦੀਏ ਪਕੜ ਲੈ ਗਏ, ਖੂਨੀ ਬੁਰਜ ਅੰਦਰ ਕੀਤਾ ਬੰਦ ਰਾਤੀਂ। ਮੌਤ ਡੈਨ ਦੀ ਗੋਦ ਦੇ ਵਿਚ ਬੈਹ ਕੇ, ਬਾਣੀ ਪੜਨ ਅਕਾਲ ਦੀ ਨੰਦ ਰਾਤੀਂ। ਮਖਮਲੀ ਗਲੀਚੇ ਤੇ ਸੌਣ ਵਾਲੇ, ਪੱਕੇ ਫਰਸ਼ਾਂ ਤੇ ਲੇਟ ਗਏ ਚੰਦ ਰਾਤੀਂ। ਦਾਦੀ ਪੋਤਰੇ ਰਹੇ ਸਲਾਹ ਕਰਦੇ, ਭੁਖਨ ਭਾਣੇ ਉਹ ਦੁਧ ਦੇ ਦੰਦ ਰਾਤੀਂ। ਮਾਤਾ ਆਖਦੀ ਬਾਬੇ ਦੀ ਮੜੀ ਤਾਂਈ, ਹੋ ਮਾਸੂਮ ਕਿਧਰੇ ਲਾਜ ਲਾਇਓ ਨਾਂ। ਮੇਰੇ ਪੁਤ ਦੇ ਪੁਤੇ ਅਡੋਲ ਰਹਿਣਾ, ਲੋਭਾਂ ਝਾਸਿਆਂ ਦੇ ਅੰਦਰ ਆਇਓ ਨਾਂ।
ਸਾਹਿਬਜ਼ਾਦੇ
ਜ਼ਿਕਰ ਫਿਕਰ ਇਸ ਗੱਲ ਦਾ ਕਰੋ ਨਾ ਕੁਝ, ਸਿਰ ਧੜ ਦੀ ਬਾਜ਼ੀ ਲਗਾ ਦਿਆਂਗੇ। ਅਸੀਂ ਭਗਤ 'ਧਰੂਹ' 'ਪ੍ਰਹਿਲਾਦ' ਵਾਂਗੂੰ; ਜੋ ਕੁਝ ਕਹਿੰਦੇ ਹਾਂ ਕਰਕੇ ਵਖਾ ਦਿਆਂਗੇ। ਸਿਰ ਤੇ ਆਨ ਪਈ ਏ 'ਮਤੀਦਾਸ' ਵਾਂਗੂੰ, ਹਸ ਦੇਹੀ ਦੁਫਾੜ ਕਰਵਾ ਦਿਆਂਗੇ। ਲਾ ਕੇ ਤਾਰੀਆਂ ਅੱਗ ਦੇ ਸਾਗਰਾਂ ਵਿਚ, ਬੇੜੀ ਭਾਰਤ ਦੀ ਕੰਢੇ ਲਗਾ ਦਿਆਂਗੇ। ਅਸਾਂ ਉਸੇ ਹੀ ਖੰਡੇ ਦੀ ਪਹੁਲ ਪੀਤੀ, ਅਸਾਂ ਉਹੋ 'ਅੰਮ੍ਰਿਤ' ਮਾਤਾ ਪਾਨ ਕੀਤਾ। ਅਸੀਂ ਡੋਲੀਏ ਭਲਾ 'ਅਨੰਦ' ਕਾਹਨੂੰ, ਉਚਾ ਧਰਮ ਦਾ ਅਸਾਂ ਨਿਸ਼ਾਨ ਕੀਤਾ ।
ਮਾਤਾ
ਅਰਜਨ ਗੁਰੁ ਦੇ ਓ ਤੁਸੀਂ ਬੀਰ ਅਰਜਨ, ਜਾ ਕੇ ਚਮਕਿਓ ਵਿਚ ਅਸਮਾਨ ਚੰਨੋ। ਚੰਨ ਪੁੰਨਿਆਂ ਦਾ ਘਟੇ ਤਾਂ ਘਟੇ ਬੇਸ਼ਕ, ਘਟਨ ਦੇਂਣੀ ਨਾਂ ਕੌਮ ਦੀ ਸ਼ਾਨ ਚੰਨੋ। ਸੀਸ ਜਾਏ ਪਰ ਸਿਰੜ ਨਾਂ ਜਾਣ ਦੇਣਾਂ, ਸਾਡੇ ਵਡਿਆਂ ਦੀ ਸਦਾ ਬਾਨ ਚੰਨੋ। ਬੇਸ਼ਕ ਕੁਦਰਤੀ ਤਾਕਤਾਂ ਡੋਲ ਜਾਵਨ, ਰਹਿਣਾ ਤੁਸੀਂ ਅਡੋਲ ਸੁਜਾਨ ਚੰਨੋ। ਲਖਾਂ ਨਾਲ ਮੁਕਾਬਲਾ ਕਰੇ ਕੱਲਾ, ਗੁਰਾਂ ਸਾਜਿਆ ਸਿੰਘ ਬਲਵਾਨ ਚੰਨੋ। ਰਿਧੀਆਂ ਸਿਧੀਆਂ ਸਿੰਘ ਦੇ ਪੈਰ ਪੂਜਨ, ਮੰਨੇ ਸਿੰਘ ਦਾ ਤੇਜ ਜਹਾਨ ਚੰਨੋ।
ਸਾਹਿਬਜ਼ਾਦੇ
ਬਹਿਰ- ਮਾਰਨ ਦੀ ਸਾਨੂੰ ਜਾਚ ਨਹੀਂ, ਅਸੀਂ ਉਮਰੋਂ ਛੋਟੇ, ਪਰ ਦੇਣੀ ਤਾਂ ਹਾਂ ਜਾਣਦੇ ਅਸੀਂ ਜਾਨ ਪੰਥ ਲਈ। ਖੋਪਰ ਦੀ ਕਾਸਾ ਪਕੜਕੇ ਅਸੀਂ ਬਣੇ ਭਿਖਾਰੀ, ਸਿਖੀ ਦਾ ਮੰਗੀਏ ਗੁਰਾਂ ਤੋਂ ਇਕ ਦਾਨ ਪੰਥ ਲਈ। ਸਾਨੂੰ ਚਕਮੇਂ ਕੁਲ ਜਹਾਨ ਦੇ ਦੇਵੇ ਸੂਬਾ, ਅਸੀਂ ਠੁਡੇ ਮਾਰ ਉਡਾ ਦਈਏ ਉਹਦੀ ਸ਼ਾਨ ਪੰਥ ਲਈ। ਅਸੀਂ ਮੌਤ ਨੂੰ ਮਰਨ ਨਾ ਜਾਣਦੇ ਸਗੋਂ ਜਾਣੀਏ ਜੀਨਾ, ਕਹਿ ਸ਼ਾਦੀ ਹੋਣਾ ਸਿਖਿਆ ਵੈਰਾਨ ਪੰਥ ਲਈ। ਅਸੀਂ ਮੁੜੀਏ ਨਾ ਉਪਕਾਰ ਤੋਂ ਸਾਨੂੰ ਕਹਿੰਦੇ ਲੋਕ ਅਮੋੜ ਤਾਂ, ਅਸੀਂ ਚਾਹੀਏ ਖਾਏ ਨਾ ਹਾਰ ਜੋ ਉਹ ਤਾਨ ਪੰਥ ਲਈ। ਵੈਰੀ ਦੀ ਅਖ ਚੁੰਧਿਆ ਦੇਵੇ ਸਭ ਜਗ ਤੇ ਹੋਵੇ ਦਬ ਦਬਾ, ਅਸੀਂ ਚਾਹੀਏ ਚੜ੍ਹੇ 'ਸੁਤੇਜ' ਲੈ ਉਹ ਭਾਨ ਪੰਥ ਲਈ।, ਅਸੀਂ ਪਉੜੀ ੧ਓਅੰਕਾਰ ਦੀ ਸਚਖੰਡ ਨੂੰ ਸਿਧੀ ਲਾ ਦਈਏ, ਕਿਸੇ ਘਾਲਣਾ ਸੰਦੀ ਰਹੇ ਨਾ ਕੋਈ ਕਾਨ ਪੰਥ ਲਈ। ਏਹਦੇ ਵਜਣ ਧੌਂਸੇ ਰਾਤਦਿਨ ਏਹਦਾ ਬਣੇਪੁਜਾਰੀ ਕੁਲ ਦੇਸ਼, ਸਿਫੜੀ ਦਾ ਚਾਹੜੇ ਚੰਦਰਮਾਂ ਅਸਮਾਨ ਪੰਥ ਲਈ। ਏਹਦੇ ਝੰਡੇ ਝਲਣ ਦੱਰੇ ਤਕ ਨਿਤ ਵਰਤਣ ਦੇਗ਼ਾਂ, ਹੋ ਜਾਣ 'ਅਨੰਦ' ਸਭ ਮੁਸ਼ਕਲਾਂ ਆਸਾਨ ਪੰਥ ਲਈ।
ਪੇਸ਼ੀ
ਚੜ੍ਹਿਆ ਦਿਨ ਲੋ ਲਗੀ ਤੇ ਚਿੜੀ ਚੌਹਕੀ, ਨਿਤ ਨੇਮ ਕਰ ਤਿੰਨਾਂ ਅਰਦਾਸ ਕੀਤੀ। ਉਦਮ ਬਲ ਬਖਸ਼ੀਂ ਮਹਾਰਾਜ ਸਾਨੂੰ, ਗਲੇ ਪਾ ਪੱਲਾ ਬਿਨੈ ਖਾਸ ਕੀਤੀ। ਮੋਤੀ ਮਹਿਰੇ ਨੇ ਦੁਧ ਪਿਲਾਇਆ ਆਕੇ, ਪੂਰੀ ਸਤਿਗੁਰਾਂ ਉਸਦੀ ਆਸ ਕੀਤੀ। ਕੜੀਆਂ ਮਾਰ ਮਾਸੂਮਾਂ ਨੂੰ ਅਹਿਦੀਆਂ ਨੇ, ਪੇਸ਼ੀ ਜਾਇਕੇ ਸੂਬੇ ਦੇ ਪਾਸ ਕੀਤੀ। ਬੁਰਜ ਵਿਚ ਛਡ ਗਏ ਮਾਤਾ ਸਾਹਿਬ ਜੀ ਨੂੰ, ਅੰਮੀਂ ਪੋਤਿਆ ਕੋਲੋਂ ਵਿਛੋੜ ਦਿਤੀ। ਹੱਥ ਜੋੜਕੇ ਫਤਹਿ ਬੁਲਾਈ ਜਾਕੇ, ਵਾਗ ਮੌਤ ਦੇ ਵਤਨ ਨੂੰ ਮੋੜ ਦਿਤੀ।
ਹੁਕਮ
ਚੜ੍ਹੀ ਤੁਸਾਂ ਨੂੰ ਜੰਮਦਿਆਂ ਮਰਨ ਮਿਟੀ, ਕਲ ਕਿਹਾ ਨਾ ਫਤਹਿ ਬੁਲਾਵਨੀ ਏਂ। ਦਾਦੀ ਨਾਲ ਕੀਹ ਦਸੋ ਸਲਾਹ ਕੀਤੀ, ਕਲਮਾਂ ਪੜ੍ਹਨਾ ਕਿ ਜਾਨ ਗੁਆਵਣੀ ਏਂ। ਡੋਲੇ ਲਵੋ ਤੇ ਬਣੋ ਵਜ਼ੀਰ ਮੇਰੇ, ਐਵੇਂ ਮੁਫ਼ਤ ਅੰਦਰ ਜਿੰਦ ਜਾਵਣੀ ਏਂ। ਸਾਥੀ ਤੁਸਾਂ ਦੇ ਗਏ ਨੇ ਕੁਲ ਮਾਰੇ, ਮਦਦ ਕਿਸੇ ਨਾ ਆਣ ਪੁਚਾਵਣੀ ਏਂ। ਉਮਤ ਨਬੀ ਦੀ ਵਿਚ ਬਹਿਸ਼ਤ ਜਾਵੇ, ਕਾਫ਼ਰ ਦੋਜ਼ਖ਼ਾਂ ਵਿਚ ਦੁਖ ਪਾਣ ਕਾਕਾ। ਮੁਸਲਮਾਨ ਤੇ ਰਬ ਦੀ ਖਾਸ ਬਖਸ਼ਸ਼, ਜ਼ਾਮਨ ਏਸਦਾ ਪਾਕ ਕੁਰਾਨ ਕਾਕਾ।
ਸਾਹਿਬਜ਼ਾਦੇ
ਅਸੀਂ ਜੰਮਦੇ ਸਾਰ ਸਰਦਾਰ ਬਣ ਗਏ, ਨਹੀਂ ਨਵਾਬੀਆਂ ਦੀ ਸਾਨੂੰ ਲੋੜ ਸੂਬੇ। ਅਸੀਂ ਤੇਰੇ ਬਹਿਸ਼ਤ ਤੇ ਥੁਕਦੇ ਨਹੀਂ, ਤੇਰੀਆਂ ਦੌਲਤਾਂ ਮਿਟੀ ਦੇ ਰੋੜ ਸੂਬੇ। ਜਿਸ ਧਰਮ ਵਿਚ ਘਲਿਆ ਗੁਰਾਂ ਸਾਨੂੰ, ਸਾਡੀ ਸਾਂਝ ਨਾ ਉਸ ਤੋਂ ਤੋੜ ਸੂਬੇ। ਅਸੀਂ ਡੋਲੀਏ ਨਾ ਤੇਰੇ ਡੋਲਿਆਂ ਤੇ, ਮੌਤ ਨਾਲ ਸਾਡਾ ਮਥਾ ਜੋੜ ਸੂਬੇ। ਸਾਨੂੰ ਗੁਰਾਂ ਦੀ ਗਲੀ ਦੀ ਭੀਖ ਚੰਗੀ, ਸਚਖੰਡ ਉਹ ਵੇਖਿਆ ਅਖੀਆਂ ਨੇ। ਕੇਸ ਰਖਿਆਂ ਕਾਫ਼ਰ ਜੇ ਅਸੀਂ ਹੋਈਏ, ਘਰੀਂ ਬੇਗਮਾਂ ਕਾਸਨੂੰ ਰਖੀਆਂ ਨੇ।
ਸੂਬਾ-
ਨਿਕੇ ਬੱਚਿਆਂ ਦਾ ਸੁਣ ਜਵਾਬ ਵੱਡਾ, ਸੂਬੇ ਆਖਿਆ ਮੂੰਹੋਂ ਉਚਾਰ ਭਾਈ। ਫੜੋ ਖਾਨੋ ਮਲੇਰੀਓ ਵੈਰੀਆਂ ਨੂੰ, ਖਲ ਇਹਨਾਂ ਦੀ ਦਿਓ ਉਤਾਰ ਭਾਈ। ਪਿਤਾ ਮਾਰਿਆ ਤੁਸਾਂ ਦਾ ਗੁਰੂ ਜੀ ਨੇ, ਤੁਸੀਂ ਪੁਤ ਉਸਦੇ ਦੇਵੋ ਮਾਰ ਭਾਈ। ਗੁਸਾ ਕੱਢ ਲਵੋ ਪਿਤਾ ਦਾ ਜਿਵੇਂ ਮਰਜ਼ੀ, ਹਥ ਆਏ ਨੇ ਵੈਰੀ ਮਕਾਰ ਭਾਈ।
ਜਵਾਬ ਮਲੇਰੀਏ ਖਾਨਾਂ ਦਾ
ਗੁਸੇ ਨਾਲ ਉਠ ਕਿਹਾ ਮਲੇਰੀਆਂ ਨੇ, ਕਿਥੇ ਲਿਖਿਆ ਵਿਚ ਕੁਰਾਨ ਸੂਬੇ। ਦੁਧ ਪੀਂਦੇ ਮਾਸੂਮਾਂ ਨੂੰ ਮਾਰਦਾ ਤੂੰ, ਸੜੇ ਦੋਜ਼ਖਾਂ ਵਿਚ ਤੇਰੀ ਜਾਨ ਸੂਬੇ। ਬੇ-ਗੁਨਾਹ ਉਤੇ ਜ਼ਾਲਮ ਜ਼ੁਲਮ ਕਰਨਾ, ਏਹ ਹੈ ਆਖਦਾ ਸਾਡਾ ਈਮਾਨ ਸੂਬੇ। ਵੈਰ ਪਿਤਾ ਦਾ ਲਵਾਂਗੇ ਗੁਰੂ ਜੀ ਤੋਂ, ਲੜ ਕੇ ਅਸੀਂ ਵਿਚ ਕਿਸੇ ਮੈਦਾਨ ਸੂਬੇ। ਛਡ ਏਹਨਾਂ ਮਾਸੂਮਾਂ ਤੇ ਬੁਢਿਆਂ ਨੂੰ, ਅਲਾ ਕਰੂ ਦੂਣੇ ਇਕਬਾਲ ਸ਼ਾਹਾ। ਹੱਜ ਮਕੇ ਦਾ ਮਾੜੇ ਤੇ ਮੇਹਰ ਕਰਨੀ, ਫਬਦੀ ਸੂਰਮੇ ਨੂੰ ਏਹ ਨਹੀਂ ਚਾਲ ਸ਼ਾਹਾ।
ਸੂਬਾ
ਨਾਹਰਾ ਮਾਰਿਆ ਇੰਜ ਮਲੇਰੀਆਂ ਜਾਂ, ਰਹਿਮ ਖਾਨ ਵਜੀਦ ਨੂੰ ਆਇਆ ਏ। ਲੈ ਜਾਓ ਬੁਰਜ ਵਿਚ ਤਿੰਨਾਂ ਨੂੰ ਛੱਡ ਦੇਵੋ, ਸਾਡਾ ਕੀਹ ਮਾਸੂਮਾਂ ਗੁਵਾਇਆ ਏ। ਸਾਡਾ ਵੈਰ ਹੈ ਨਾਲ ਗੁਰੂ ਗੋਬਿੰਦ ਸਿੰਘ ਦੇ, ਮਥਾ ਨਾਲ ਹਕੂਮਤ ਜਿਸ ਲਾਇਆ ਏ। ਕਰਨਾ ਵਾਰ ਯਤੀਮਾਂ ਤੇ ਕਹਿਰ ਰੱਬੀ, ਅੱਲਾ ਵਿਚ ਕੁਰਾਨ ਸੁਨਾਇਆ ਏ। ਕਿਸੇ ਹਿੰਦੂ ਦੇ ਘਰ ਪੁਚਾ ਦੇਵੋ, ਸੁਖ ਦਾ ਸਾਹ ਆਵੇ ਦੁਖਿਆਰਿਆਂ ਨੂੰ। ਖ਼ਬਰੇ ਕਿੰਨੇ ਕੁ ਦਿਨਾਂ ਦੇ ਹੈਨ ਭੁਖੇ, ਅੰਨ ਲਭਿਆ ਨਹੀਂ ਵਿਚਾਰਿਆਂ ਨੂੰ।
ਸੁਚਾ ਨੰਦ
ਸੁਚਾ ਨੰਦ ਹਿੰਦੂ ਕੋਲੋਂ ਬੋਲ ਉਠਿਆ, ਵੇਖ ਸੂਬਿਆ ਰਹਿਮ ਜੇ ਖਾਏਂਗਾ ਤੂੰ। ਦੋਂ ਪੁਜੇ ਏਹ ਪਾਸ ਗੋਬਿੰਦ ਸਿੰਘ ਦੇ, ਲੈਸਨ ਵੈਰ ਓਦੋਂ ਪਛਤਾਏਂਗਾ ਤੂੰ। ਪੁਤਰ ਸੱਪਾਂ ਦੇ ਸੱਪ ਹੀ ਹੋਵਣ ਨੇ, ਭਾਵੇਂ ਕਿੰਨਾ ਪਿਆਰ ਵਧਾਏਂਗਾ ਤੂੰ। ਸੂਲਾਂ ਜੰਮਦੀਆਂ ਦੇ ਐਨੇ ਮੂੰਹ ਤਿਖੇ ਦੇਸਣ ਦੁਖ ਜੇ ਨਾ ਪੁਟਵਾਏਂਗਾ ਤੂੰ। ਅਗੇ ਇਕ ਗੋਬਿੰਦ ਸਿੰਘ ਵਖਤ ਪਾਇਆ, ਦੋ ਹੋਰ ਹੋ ਜਾਣ ਤਿਆਰ ਸੂਬੇ। ਇਹਨਾਂ ਤਾਈਂ ਲਾਹੌਰ ਪੁਚਾ ਦੇ ਤੂੰ, ਗਿਉਂ ਤੂੰ ਈਮਾਨੋਂ ਜੇ ਹਾਰ ਸੂਬੇ।
ਸੂਬਾ
ਸਦ ਕਿਹਾ ਜਲਾਦਾਂ ਨੂੰ ਤੁਰਤ ਸੂਬੇ, ਫੜ ਕਾਫ਼ਰਾਂ ਤਾਈਂ ਲੈ ਜਾਓ ਛੇਤੀ। ਵੇਖੋ ਅੱਗ ਕੱਖਾਂ ਵਿਚੋਂ ਨਿਕਲ ਪਈ, ਸਿਖੀ ਵਾਲੜਾ ਮਜ਼ਾ ਚਖਾਉ ਛੇਤੀ। ਨੀਂਹ ਕਿਲੇ ਦੀ ਉਤੇ ਖਲਹਾਰ ਕੇ ਤੇ, ਗਿਰਦ ਇਟਾਂ ਦਾ ਕੋਟ ਬਣਾਉ ਛੇਤੀ। ਰੋਵੇ ਮੌਤ ਵੀ ਕਾਲਜਾ ਮੁਠ ਲੈਕੇ, ਐਸੇ ਏਹਨਾਂ ਨੂੰ ਕਸ਼ਟ ਪੁਚਾਉ ਛੇਤੀ। ਮੈਨੂੰ ਏਹਨਾਂ ਦੇ ਹਾਲ ਤੇ ਤਰਸ ਆਵੇ, ਕਰਨ ਤਰਸ ਨਾ ਏਹ ਅਪਣੀ ਜਾਨ ਉਤੇ। ਮੇਰੇ ਪਾਸ ਲਿਆਵਣਾ ਬਰਕਤ ਸਿੰਘਾ, ਜੇ ਲਿਆਉਣ ਈਮਾਨ ਈਮਾਨ ਉਤੇ।
ਜਲਾਦ
ਕੰਧ ਕਿਲੇ ਦੀ ਪਾਸ ਜਲਾਦ ਖੜ ਕੇ, ਝਟ ਸੂਬੇ ਦਾ ਹੁਕਮ ਬਜੌਣ ਲਗੇ। ਖਾਰੇ ਨੀਂਹ ਤੇ ਖੜੇ ਕਰ ਲਾੜਿਆਂ ਨੂੰ, ਸੂਹੇ ਇੱਟਾਂ ਦੇ ਜੋੜੇ ਪਹਿਨੌਣ ਲਗੇ। ਥੰਮ ਧਰਮ ਵਾਲੇ ਬਣੇ ਵੀਰ ਦੋਵੇਂ, ਢਹਿੰਦਾ ਹਿੰਦ ਦਾ ਮਹਿਲ ਬਚੌਣ ਲਗੇ। ਪੁਤ ਲੋਕਾਂ ਦੇ ਨਾਰਾਂ ਵਿਆਹੁੰਦੇ ਨੇ, ਪੁਤਰ ਗੁਰਾਂ ਦੇ ਮੌਤ ਵਿਆਹੁਣ ਲਗੇ। ਸ਼ੁਰੂ ਜਪੁਜੀ ਸਾਹਿਬ ਦੇ ਪਾਠ ਕੀਤੇ, ਗੁਰੂ ਚਰਨੀ ਚਿਤ ਜਮੌਣ ਲਗੇ। ਖਿੜੇ ਫੁਲ ਗੁਲਾਬ ਦੋ ਬੁਤ ਬਣ ਗਏ, ਲਹੂ ਕੰਧ ਵਿਚੋਂ ਬਾਹਰ ਔਣ ਲਗੇ। ਰਹਿਮ ਦਿਲ ਖੁਦਾ ਪਰਸਤ ਬੰਦੇ, ਜ਼ੁਲਮ ਵੇਖ ਏਹ ਹੰਝੂ ਵਹੌਣ ਲਗੇ। ਛੇਤੀ ਗ਼ਰਕ 'ਅਨੰਦ' ਸਰਹੰਦ ਹੋਸੀ, ਫਿਟਕਾਂ ਪੌਣ ਸਰਾਪ ਸੁਨੌਣ ਲਗੇ।
ਸੂਬੇ ਨੇ ਆਉਣਾ
ਕੰਧ ਛਾਤੀਆਂ ਤੀਕ ਜਾਂ ਗਈ ਅਪੜ, ਸੂਬਾ ਫੇਰ ਕਚਹਿਰੀਓਂ ਆਂਵਦਾ ਏ। ਅਖਾਂ ਲਾਲ ਕਰ ਕਢ ਤਲਵਾਰ ਨੰਗੀ, ਮੂੰਂਹੋ ਬੋਲ ਬਕਵਾਸ ਸੁਣਾਂਵਦਾ ਏ। ਕਾਫਰ ਕਾਕਿਓ, ਕਰੋ ਕਬੂਲ ਕਲਮਾਂ, ਵੇਖੋ ਸਿਖੀਓਂ ਹੱਥ ਕੀਹ ਆਂਵਦਾ ਏ। ਮੌਜ ਲੁਟ ਲੌ ਬੁਲਬੁਲੋ ਬਾਗ ਅੰਦਰ, ਕਾਹਨੂੰ ਮਰਨਾ ਤੁਸਾਂ ਨੂੰ ਭਾਂਵਦਾ ਏ। ਜ਼ੋਰਾਵਰ ਸਿੰਘ ਨੇ ਕਿਹਾ ਦੂਰ ਹੋ ਜਾ, ਸਾਨੂੰ ਸ਼ਕਲ ਚੰਡਾਲ ਦਿਖਾ ਨਾਹੀਂ। ਸਾਨੂੰ ਦੁਖ ਇਕੋ ਗਲਾਂ ਤੇਰੀਆਂ ਦਾ, ਸੌਹ ਰੱਬ ਦੀ ਹੋਰ ਪਰਵਾਹ ਨਾਹੀਂ।
ਸੂਬਾ
ਹੁਕਮ ਦੇ ਸੂਬਾ ਪਾਪੀ ਚਲਾ ਗਿਆ, ਕੰਧ ਫੇਰ ਜਲਾਦ ਬਣਾਣ ਲਗੇ। ਦੁਖ ਦਿਤਿਆਂ ਦਹਿਲ ਮਾਸੂਮ ਜਾਵਣ, ਛਾਂਗ ਜੋੜ ਇਟਾਂ ਚੂਨਾਂ ਲਾਣ ਲਗੇ। ਸੀ ਕੀਤੀ ਮਾਸੂਮਾਂ ਨਾ ਇਕ ਵਾਰੀ, ਲੋਕੀਂ ਦੇਖ ਕੰਨੀਂ ਹਥ ਲਗਾਣ ਲਗੇ। ਭਾਵੇਂ ਨਿਕੇ ਦਸਮੇਸ਼ ਜੀ ਜਿਗਰ ਤੇਰੇ, ਕੰਮ ਕਰਕੇ ਵਡੇ ਦਿਖੌਣ ਲਗੇ। ਕੰਧ ਮੋਢਿਆਂ ਤੀਕ ਜਾਂ ਪੁਜ ਗਈ, ਫਤਹਿ ਸਿੰਘ ਹੋਰੀਂ ਘਬਰੌਣ ਲਗੇ। ਵਡੇ ਵੀਰ ਜੋਰਾਵਰ ਸਿੰਘ ਸਾਹਿਬ, ਬੋਲ ਨਾਲ ਪਿਆਰ ਸਮਝੌਣ ਲਗੇ। ਫ਼ਤਹਿ ਸਿੰਘ ਜੀਉ ਫਤਹਿ ਕਰ ਬਾਜ਼ੀ, ਹੁਣ ਕਾਸਨੂੰ ਢੇਰੀਆਂ ਢੌਣ ਲਗੇ। ਆਏ ਅਸੀਂ ਪਹਿਲਾਂ ਚਲੇ ਤੁਸੀਂ ਪਹਿਲਾਂ, ਸਾਡਾ ਹਕ ਓ ਤੁਸੀਂ ਚੁਰੌਣ ਲਗੇ। ਬਰਕਤ ਸਿੰਘ ਪੈਂਡੇ ਸਾਡੇ ਮੁਕ ਗਏ, ਸਚ-ਖੰਡ ਅੰਦਰ ਪੈਰ ਪੌਣ ਲਗੇ। ਕਹਿੰਦਾ ਵੀਰ ਜੀ ਦੰਮ ਹੈ ਰੁਕ ਰਿਹਾ, ਕਰੋ ਤੁਸੀਂ ਨਾ ਕੁਛ ਪਰਵਾਹ ਚਲੋ। ਮਗਰ ਮਗਰ ਮੈਂ ਭੀ ਚਲਾ ਆਂਵਦਾ ਹਾਂ, ਤੁਸੀਂ ਅਗੇ ਬਨਾਂਵਦੇ ਰਾਹ ਚਲੋ।
ਸਸਕਾਰ
ਗਲੇ ਰੁਕ ਗਏ ਮੁਕ ਗਏ ਸਭ ਝੇੜੇ, ਤੇਗ਼ ਮਾਰਕੇ ਸੀਸ ਉਡਾਂਵਦੇ ਨੇ। ਕੰਧ ਗਿੜ ਗਿੜਾਇਕੇ ਡਿਗ ਪਈ, ਹੰਝੂ ਖੂਨ ਦੇ ਲੋਕੀ ਵਗਾਂਵਦੇ ਨੇ। ਭੌਰ ਦੋਹਾਂ ਦੇ ਉਡਕੇ ਕੰਧ ਵਿਚੋਂ, ਬੁਰਜ ਵਿਚ ਮਾਤਾ ਕੋਲ ਆਂਵਦੇ ਨੇ। ਦੇ ਮੁਬਾਰਕਾਂ ਆਖਦੇ ਕਮਰ ਕਸੋ, ਦੇਖੋ ਬਾਬਾ ਜੀ ਬੰਨੇ ਬੁਲਾਂਵਦੇ ਨੇ। ਸਰਪ ਕੁੰਜ ਵਾਂਗੂੰ ਦੇਹ ਤਿਆਗ ਮਾਤਾ, ਝਟ ਪੋਤਿਆਂ ਨਾਲ ਸਿਧਾਂਵਦੇ ਨੇ। ਸਚਖੰਡ ਅੰਦਰ ਪਹੁੰਚ ਬਰਕਤ ਸਿੰਘਾ, ਰਲ ਜੋਤ ਵਿਚ ਜੋਤ ਹੋ ਜਾਂਵਦੇ ਨੇ। ਟੋਡਰ ਮਲ ਦੀਵਾਨ ਨੇ ਲੈ ਦੇਹਾਂ, ਮੋਹਰਾਂ ਤਾਰ ਕੀਤੇ ਸਸਕਾਰ ਵੀਰੋ। ਮੋਏ ਨਹੀਂ 'ਅਨੰਦ' ਉਹ ਅਮਰ ਹੋਏ, ਕੌਮ ਵਾਸਤੇ ਕਸ਼ਟ ਸਹਾਰ ਵੀਰੋ। ('ਸ਼ਹੀਦੀ ਜੋਤਾਂ' ਵਿੱਚੋਂ)