Shaheedi Bhai Taru Singh Ji : Barkat Singh Anand

ਸ਼ਹੀਦੀ ਭਾਈ ਤਾਰੂ ਸਿੰਘ ਜੀ : ਬਰਕਤ ਸਿੰਘ 'ਅਨੰਦ'ਦੋਹਰਾ-

ਅੰਦਰ ਮਾਝੇ ਦੇਸ਼ ਦੇ, 'ਪੂਲਾ' ਇਕ ਗਰਾਮ। ਵਸੇ ਉਸ ਵਿੱਚ ਸੂਰਮਾਂ, ਤਾਰੂ ਸਿੰਘ ਸੀ ਨਾਮ। ਇਕ ਮਾਤਾ ਇਕ ਭੈਣ ਸੀ, ਤੀਜਾ ਜੋਧਾ ਆਪ। ਕਰਨ ਗੁਰੂ ਦਸਮੇਸ਼ ਦਾ, ਦਿਲ ਵਿੱਚ ਤਿੰਨੇ ਜਾਪ। ਕਰਦਾ ਤਾਰੂ ਸਿੰਘ ਸੀ, ਖੇਤੀ ਵਾਲੀ ਕਾਰ। ਨਾਲੇ ਦੇਸ਼ ਤੇ ਕੌਮ ਨਾਲ, ਕਰੇ ਅਤੁਟ ਪਿਆਰ। ਜੰਗੀ ਸਿੰਘ ਜੋ ਜੰਗਲੀਂ, ਲੁਕ ਕਰਨ ਗੁਜ਼ਰਾਨ। ਉਹਨਾਂ ਲਈ ਪਕਾਇਕੇ, ਖੜਦਾ ਨਿਤ ਪਕਵਾਨ। ਕਰਦਾ ਦੁਖੀਆਂ ਲਈ ਸੀ, ਵਿਤੋਂ ਵਧ ਵਧ ਦਾਨ। ਦ੍ਰਿੜ ਬੜਾ ਵਿਸ਼ਵਾਸ ਵਿਚ, ਬੋਲ ਤੋਲ ਬਲਵਾਨ। ਏਦਾਂ ਵੰਡ ਕੇ ਛਕਦਿਆਂ, ਜੀਵਨ ਰਿਹਾ ਬਤੀਤ। ਹੁਣ ਇਸਦੇ ਇਮਤਿਹਾਨ ਦੀ, ਵਾਰੀ ਆਈ ਮੀਤ।

ਦੁਵੱਯਾ ਛੰਦ

ਚੁਗਲ ਚੰਦਰੇ ਚੁਗਲੀ ਕੀਤੀ, ਵਿਚ ਲਾਹੌਰ ਦੇ ਜਾ ਕੇ। ਸੂਬੇ ਨੂੰ ਅਗ ਵਾਂਗਰ ਕੀਤਾ, ਗੱਲਾਂ ਨਾਲ ਭਖਾ ਕੇ। ਏਹ 'ਹਰਭਗਤ ਨਰਿੰਜਨੀ' ਹਿੰਦੂ, ਜੰਡਿਆਲੇ ਦਾ ਖਤਰੀ। ਕੰਮ ਮੁਖਬਰੀ ਵਾਲਾ ਕਰਦਾ, ਜੀਭ ਏਹਦੀ ਕਲਵੱਤਰੀ। ਪੂਲੇ ਪਿੰਡ ਜੱਟ ਇਕ ਰਹਿੰਦਾ, 'ਤਾਰੁ' ਨਾਮ ਸਦਾਵੇ। ਜੰਗਲ ਵਿਚ ਸਿੰਘਾਂ ਨੂੰ ਖੜ ਖੜ, ਰੋਟੀਆਂ ਨਿਤ ਖੁਆਵੇ। ਸਿੰਘਾਂ ਤਾਈਂ ਦੇਵੇ ਖ਼ਬਰਾਂ, ਵੇਲਾ ਵਕਤ ਵਿਚਾਰੋ। ਵਡੇ 'ਖਾਨ ਬਹਾਦਰ' ਤਾਈਂ, ਐਸਾ ਹਲਾ ਮਾਰੋ। ਮਾਰ ਮਾਰਕੇ ਸੰਨਾਂ ਧਾੜੇ, ਕਰਦਾ ਮਾਲ ਇਕੱਠਾ। ਕਿਰਤੀ ਨਹੀਂ ਉਹ, ਨਾਲ ਬਾਗ਼ੀਆਂ, ਫਿਰੇ ਹਮੇਸ਼ਾਂ ਨੱਠਾ। ਮਾਮਲਾ ਦਿਉ ਨਾ ਮੁਗ਼ਲਾਂ ਤਾਈਂ, ਕਰੇ ਪਰਾਪੇਗੰਡਾ। ਜੋ ਇਨਕਾਰ ਕਰੇ ਉਸ ਅਗੇ, ਫੇਰੇ ਉਸ ਨੂੰ ਡੰਡਾ। ਜੰਗੀ ਅਸਲਾ ਕਰ ਕਰ ਕਠਾ, ਸਿੰਘਾਂ ਤਾਈਂ ਪਚਾਵੇ। ਲੈਣਾ ਤਖਤ ਦਿਲੀ ਦਾ ਇਕ ਦਿਨ, ਹਥ ਛਾਤੀ ਨੂੰ ਲਾਵੇ। ਜੰਗੀ ਸਿੰਘ ਹਮੇਸ਼ਾਂ ਉਸਦੇ, ਘਰ ਹੀ ਲੁਕੇ ਰਹਿੰਦੇ। ਝਿੜਕੇ ਉਹ, ਉਹਨਾਂ ਨੂੰ ਜੇਹੜੇ, ਨਾਂ ਕਰ ਏਦਾਂ ਕਹਿੰਦੇ। ਵਿਗੜ ਰਿਹਾ ਈ ਕੁਲ ਇਲਾਕਾ, ਖਬਰ ਪੁਚਾਈ ਤੈਨੂੰ। ਇਸ ਲਈ ਸੂਬਾ ਸੁਣਕੇ ਕਿਧਰੇ, ਝਾੜ ਨਾ ਪਾਵੇ ਮੈਨੂੰ। ਇਸ ਲਈ ਅਜੋ ਘਲ ਸਿਪਾਹੀ, ਉਸਨੂੰ ਪਕੜ ਮੰਗ ਈਂ। ਕਰ 'ਅਨੰਦ' ਉਸਦੇ ਟੋਟੇ, ਝਗੜਾ ਕੁਲ ਮੁਕਾਈਂ।

ਸੂਬੇ ਨੇ ਸਿਪਾਹੀ ਘਲਣੇ
ਬੈਂਤ-

ਉਸੇ ਵਕਤ ਕਰੋਧ ਦੇ ਨਾਲ ਸੂਬੇ, ਦਸਤਾ ਘਲਿਆ ਪੁਲਸ ਦਾ ਫੜਨ ਵਾਲਾ। ਤਾਰੂ ਸਿੰਘ ਨੂੰ ਬੰਨ੍ਹਕੇ ਕਰੋ ਹਾਜ਼ਰ, ਵੇਖਾਂ ਲਾਟ ਮੈਂ ਦਿਲੀ ਤੇ ਚੜਨ ਵਾਲਾ। ਉਹਦੀ ਮਾਰਕੇ ਕੰਗ ਮੁਕਾਉ ਜਲਦੀ, ਏਹੋ ਜਹੇ ਮਨਸੂਬੇ ਜੋ ਘੜਨ ਵਾਲਾ। ਜੰਗੀ ਸਾਜ਼ ਸਮਾਨ ਵੀ ਨਾਲ ਦਿਤਾ, ਸ਼ਾਇਦ ਬਣੇ ਮੌਕਾ ਕਿਤੇ ਲੜਨ ਵਾਲਾ। ਪੰਧ ਕਰ ਸਾਰਾ ਪੂਲੇ ਪਿੰਡ ਪਹੁੰਚੇ, ਖੇਤਾਂ ਵਿਚੋਂ ਜਾ ਸਿੰਘ ਨੂੰ ਪਕੜ ਲੀਤਾ। ਹਲ ਵਾਹੁੰਦੇ ਤਾਈਂ ਸੀ ਬਰਕਤ ਸਿੰਘਾ, ਕੜੀਆਂ ਬੇੜੀਆਂ ਮਾਰਕੇ ਜਕੜ ਲੀਤਾ।

ਤਾਰੂ ਸਿੰਘ ਦੀ ਮਾਤਾ ਤੇ ਭੈਣ ਨੇ ਔਣਾ
ਚੌਪਈ-

ਵਿਚ ਪਿੰਡ ਦੇ ਖਬਰਾਂ ਆਈਆਂ, ਤਾਰੂ ਸਿੰਘ ਫੜ ਲਿਆ ਸਿਪਾਹੀਆਂ। ਪੁਠੀਆਂ ਕੜੀਆਂ ਉਸਨੂੰ ਜੜਕੇ, ਲੈ ਚਲੇ ਲਾਹੌਰ ਨੂੰ ਫੜਕੇ। ਸੁਣਕੇ ਮਾਵਾਂ ਧੀਆਂ ਦੋਵੇਂ, ਖੇਤਾਂ ਵਲ ਉਠ ਭਜੀਆਂ ਓਵੇਂ। ਲਗੀ ਕਹਿਣ ਸਿਪਾਹੀਆਂ ਤਾਈਂ, ਪੁਤਰ ਮੇਰਾ ਨਹੀਂ ਗੁਨਾਹੀਂ। ਨਾਂ ਇਸ ਕਿਧਰੇ ਕੀਤੀ ਚੋਰੀ, ਨਾਂ ਇਸ ਕੀਤੀ ਸੀਨਾ ਜ਼ੋਰੀ, ਦਸਾਂ ਨਵਾਂ ਦੀ ਕਿਰਤ ਕਮਾਵੇ, ਆਪ ਖਾਏ ਮੂੰਹ ਸਾਡੇ ਪਾਵੇ। ਮੈਂ ਰੰਡੀ ਦਾ ਇਕੋ ਜਾਇਆ, ਨਹੀਂ ਭੈਣ ਨੂੰ ਅਜੇ ਵਿਆਹਿਆ। ਕੇਹੜੇ ਦੁਖੋਂ ਇਸ ਨੂੰ ਫੜਿਆ, ਵਿਚ ਬੇੜੀਆਂ ਕਾਹਨੂੰ ਜੜਿਆ। ਮਰ ਗਏ ਕਿਸੇ ਚੁਗਲ ਦੇ ਬਚੇ, ਵੇਖਣ ਨਾ ਜੋ ਝੂਠੇ ਸਚੇ। ਪੁਤਰ ਮੇਰਾ ਸਿਧਾ ਸਾਈਂ, ਦੁਖ ਨਾ ਦੇਵੇ ਕਿਸੇ ਦੇ ਤਾਈਂ। ਕਹਿਣ ਐਹਦੀਏ ਸੁਣ ਗਲ ਮਾਈ। ਸਾਨੂੰ ਖਬਰ ਨਹੀਂ ਏ ਕਾਈ। ਅਸੀਂ ਲੋਕ ਹਾਂ ਹੁਕਮੀ ਬੰਦੇ, ਨਹੀਂ ਜਾਣਦੇ ਚੰਗੇ ਮੰਦੇ। ਸਾਨੂੰ ਹੁਕਮ ਲਾਹੌਰੋਂ ਚੜਿਆ, ਤ ਹੈ ਤੇਰੇ ਪੁਤ ਨੂੰ ਫੜਿਆ। ਜੇ ਏਹ ਜ਼ੁਲਮ ਨਧੀਂ ਕੋਈ ਕਰਦਾ, ਆ ਜਾਵੇਗਾ ਫਿਰ ਨਹੀਂ ਮਰਦਾ।

ਦੁਵੱਯਾ ਛੰਦ-

ਕਹਿੰਦੀ ਮਾਤਾ ਏਹ ਗਲ ਝੂਠੀ, ਜੋ ਹੈ ਤੁਸਾਂ ਸੁਣਾਇਆ। ਜੇਹੜਾ ਸਿੰਘਲਾਹੌਰ ਜਾ ਵੜਿਆ,ਫੇਰ ਨਹੀਂ ਘਰ ਆਇਆ। ਹਛਾ ਜੋ ਹੁਣ ਕਿਸਮਤ ਸਾਡੀ, ਕਰਮਾਂ ਦੀ ਗਲ ਸਾਰੀ। ਪਰ ਹੁਣ ਮਾਵਾਂ ਧੀਆਂ ਤਾਈਂ, ਮਿਲਨ ਦਿਓ ਇਕ ਵਾਰੀ। ਵਾਰੋ ਵਾਰੀ ਮਿਲੀਆਂ ਦੋਵੇਂ, 'ਤਾਰੁ' ਨੂੰ ਗਲ ਲਾਕੇ। ਗੁਰ ਸਿਖਾਂ ਦੇ ਵਾਂਗੂੰ ਆਪਣੇ, ਦਿਲ ਤੇ ਕਾਬੂ ਪਾਕੇ। ਵੇ ਬਚਾ ਅਜ ਸਿੰਘਾਂ ਵਾਲੀ, ਆਈ ਤੇਰੀ ਵਾਰੀ। ਵੇਖੀਂ ਕਿਧਰੇ ਡੋਲ ਨਾ ਜਾਵੀਂ, ਵੇਖ ਤਸੀਹੇ ਭਾਰੀ। ਰੀਝ ਨਾ ਲਥੀ ਕੋਈ ਪੁਤਰਾ, ਭਾਣਾ ਰੱਬ ਵਰਤਾਯਾ। ਨਾਂ ਮੈਂ ਬਧਾ ਗਾਨਾ ਤੈਨੂੰ, ਨਾ ਡੋਲਾ ਘਰ ਆਇਆ। ਲਾੜੀ ਮੌਤ ਵਿਆਹੁਣ ਖਾਤਰ, ਹੋਈ ਅਜ ਤਿਆਰੀ। ਲਾ ਲੈ ਐਹ ਸਿਖਿਆ ਦਾ ਸੇਹਰਾ, ਸਿਦਕ ਦੀ ਕਰ ਅਸਵਾਰੀ। ਭਾਵੇਂ ਲੋਭ ਤੇ ਲਾਲਚ ਸੂਬਾ, ਤੈਨੂੰ ਦਵੇ ਹਜ਼ਾਰਾਂ। ਕਲਗੀਧਰ ਦਾ ਪੁਤਰ ਹੈਂ ਤੂੰ, ਡੋਲੀਂ ਨਾ ਇਕ ਵਾਰਾਂ। 'ਸ਼ੀਰ ਖੋਰਾਂ' ਸਰਹੰਦ ਦੇ ਅੰਦਰ, ਤਕ ਜੋ ਕੀਤੀਆਂ ਕਾਰਾਂ। ਪੋਸ਼ ਲੁਹਾ ਲੈ ਤਨ ਤੋਂ ਹਸ ਹਸ, ਹੋਰ ਲਖਾਂ ਸਰਦਾਰਾਂ। ਉਸ ਜ਼ਾਲਮ ਦੀ ਵਿਚ ਕਚਹਿਰੀ, ਤੂੰ ਅੱਜ ਚਲਿਓਂ ਬਧਾ। ਖਾਕੇ ਤਰਸ ਜਿੰਨੇ ਅਜ ਤੀਕਰ, ਛਡਿਆ ਨਹੀਂ ਇਕ ਅਧਾ। ਬਾਰ ਬਾਰ ਮੈਂ ਇਹ ਗਲ ਆਖਾਂ, ਨਾ ਡੋਲੀਂ ਘਬਰਾਈਂ। ਭੁਲ 'ਅਨਦ' ਕੌਮ ਦੇ ਨਾਂ ਨੂੰ, ਲਾਜ ਕਿਤੇ ਨਾ ਲਾਈਂ।

ਜਵਾਬ ਤਾਰੂ ਸਿੰਘ ਜੀ
ਤਰਜ਼-ਮਿਰਜ਼ਾ

ਹਸ ਤਾਰੂ ਸਿੰਘ ਨੇ ਆਖਿਆ, ਗਲ ਸੁਣ ਲੈ ਮੇਰੀ ਮਾਂ। ਮੈਂ ਖੰਡੇ ਪੀਤੇ ਘੋਲਕੇ, ਮੈਨੂੰ ਮੌਤ ਦਾ ਡਰ ਨਾਂ ਤਾਂ। ਮੈਂ ਤੇਗ਼ ਦੀ ਗੋਦੋਂ ਜੰਮਿਆ, 'ਚਕਰਾਂ' ਦੀ ਮਾਣੀ ਛਾਂ। ਮੇਰਾ ਪਰਬਤ ਜੇਡਾ ਹੌਂਸਲਾ, ਨਾ ਸੁਪਨੇ ਵਿਚ ਘਬਰਾਂ। ਮੈਂ ਦੇਣ ਬਲੀ ਹਾਂ ਚਲਿਆ, ਮੈਂ ਪਾਪ ਕੋਈ ਕੀਤਾ ਨਾਂ। ਮੈਨੂੰ ਏਹ ਵਰ ਮਾਤਾ ਬਖਸ਼ਦੇ, ਮੈਂ ਕਰਕੇ ਘੋਲ ਵਖਾਂ। ਮੈਂ ਵਾਂਗ ਮਨੀ ਸਿੰਘ ਵੀਰ ਦੇ, ਹਸ ਹਸ ਕ ਬੰਦ ਕਟਵਾਂ। ਮੈਂ ਮਤੀ ਦਾਸ ਦੇ ਵਾਂਗਰਾਂ, ਸਿਰ ਆਰਾ ਹਸ ਫਰਵਾਂ। ਮੈਂ ਗੁੜਤੀ ਪੀਤੀ 'ਅਣਖ' ਦੀ, ਕਿਉਂ ਲਾਜ ਕੌਮ ਨੂੰ ਲਾਂ। ਮੈਂ ਨਕਸ਼ੇ ਦੇਸ਼ ਪੰਜਾਬ ਦੇ, ਲਹੂ ਡੋਲਕੇ ਨਵਾਂ ਬਣਾਂ। ਮੈਂ ਕਲਗੀਧਰ ਦੀ ਗੋਦ ਵਿਚ, ਜਾ ਖੇਡਾਂ ਪਿਆਰ ਹੰਡਾਂ। ਹੁਣ ਜਾਉ 'ਅਨੰਦ' ਘਰ ਆਪਣੇ, ਮੈਂ ਵੀ ਘਰ ਅਪਣੇ ਜਾਂ। ਕੋਈ ਸੁਤੇ ਸ਼ੇਰ ਪੰਜਾਬ ਦੇ, ਮੈਂ ਹੋੱਕੇ ਮਾਰ ਜਗਾਂ। ਮੈਂ ਭਾਂਬੜ ਬਲਦੇ ਜ਼ੁਲਮ ਦੇ, ਰਤ ਅਪਣੀ ਨਾਲ ਬੁਝਾਂ। ਉਥੋਂ ਉਠਣ ਲਖਾਂ ਸੂਰਮੇ, ਜਿਥੇ ਅਪਣਾ ਖੂਨ ਚੁਵਾਂ। ਮੈਂ 'ਝੰਡੇ' ਪਿਆਰੇ ਪੰਥ ਦੇ, ਜਾਂ ਅਰਸ਼ਾਂ ਵਿਚ ਝੁਲਾਂ।

ਚਾਲੇ ਪਾਣੇ

ਸਿਦਕ ਦੀ ਘੋੜੀ ਚਾਹੜਕੇ, ਪੁਤ ਨੂੰ ਨਾਲ ਹੁਲਾਸ। ਮੁੜ ਪਈਆਂ ਫਿਰ ਪਿੰਡ ਨੂੰ, ਕਰ ਦੋਵੇਂ ਅਰਦਾਸ। ਘੋੜੀ ਗਾਵੀ ਭੈਣ ਨੇ, ਫੜ ਵਾਗਾਂ ਜਾਂਦੀ ਵਾਰ। ਵਰੀਂ ਪਿਆਰੇ ਵੀਰਨਾ, ਸੰਦਰ ਮੁਕਤੀ ਨਾਰ। ਤੁਰ ਪਏ ਲੈਕੇ ਅਹਿਦੀਏ, ਤਾਰੂ ਸਿੰਘ ਨੂੰ ਨਾਲ। ਡੁਬਾ ਦਿਨ 'ਘੁੜਾਨੀਏ', ਠਹਿਰ ਪਏ ਚੰਡਾਲ। ਤਕ ਤਕ ਸੂਰਤ ਸਿੰਘ ਦੀ, ਲੋਕੀਂ ਹੋਣ ਹੈਰਾਨ। ਬੇਦੋਸਾਂ ਦੀ ਚੰਦਰੇ, ਕੀਕੂੰ ਖਾਂਦੇ ਜਾਨ। ਪੈਂਚ ਕਠੇ ਕਰ ਪਿੰਡ ਦੇ, ਰਸਦਾਂ ਲੈਣ ਮੰਗਾ। ਕੁਕੜ, ਹਲਵੇ, ਸੇਵੀਆਂ, ਬਣ ਗਏ ਖੂਬ ਪੁਲਾ। ਉਧਰ ਪਿੰਡ ਦੇ ਕਿਰਤੀਆਂ, ਕੀਤੀ ਬੈਠ ਸਲਾਹ। ਮਾਰ ਮਾਰ ਕੇ ਅਹਿਦੀਏ, ਸਾਰੇ ਲਈਏ ਢਾਹ। ਖਾਨ ਬਹਾਦਰ ਦੁਸ਼ਟ ਨੇ, ਚੁਕ ਲਿਆ ਅਧਮੂਲ। ਐਸੇ ਗੁਰਮੁਖ ਸਿੰਘ ਨੂੰ, ਜਾਨ ਨਾ ਦੇਣਾ ਮੂਲ। ਪਾਪੀ ਸੂਬੇ ਇਸਨੂੰ, ਛਡਣਾ ਨਹੀਂ ਕਦੰਤ। ਸ਼ਾਲਾ ਐਸੇ ਜ਼ੁਲਮ ਦਾ, ਕਰੀਂ ਸ਼ਤਾਬੀ ਅੰਤ। ਕੁਲ ਸਿਪਾਹੀ ਲਗ ਪਏ, ਰੋਟੀ ਕਰਨ ਤਿਆਰ। ਉਧਰ ਡਾਂਗਾਂ ਪਕੜਕੇ, ਆ ਗਏ ਸਿੰਘ ਸਰਦਾਰ। ਵੇਖਿਆ ਤਾਰੂ ਸਿੰਘ ਨੇ, ਕਹਿੰਦਾ ਸੱਦ ਕੇ ਕੋਲ। ਤੁਸੀਂ ਪਿਆਰੇ ਵੀਰਨੋ, ਹੋ ਸਾਰੇ ਅਨਭੋਲ।

ਸਿੰਘਾਂ ਨੂੰ ਧੀਰਜ

ਸ਼ਾਬਾਸ਼ ਤੁਹਾਡੇ ਸੂਰਮਿਓਂ, ਏਦਾਂ ਹੀ ਫਰਜ਼ ਨਿਭਾਈਦਾ। ਦਿਲ ਅੰਦਰ ਰਖਕੇ ਦਰਦ ਇੰਜੇ, ਵੀਰਾਂ ਦਾ ਦਰਦ ਵੰਡਾਈਦਾ। ਮੰਨਦਾ ਹਾਂ ਮੈਂ ਕਿ ਠੀਕ ਤੁਸੀਂ, ਮੈਨੂੰ ਡਾਂਗਾਂ ਮਾਰ ਛੁਡਾ ਲੌ ਗੇ। ਪਰ ਮੇਰੇ ਇਕ ਲਈ ਬਾਲ ਬਚਾ, ਤੁਸੀਂ ਸਾਰਾ ਪਿੰਡ ਮਰਵਾ ਲੌ ਗੇ। ਪਿੰਡ ਅਗੇ ਕੀਹ ਦਸ ਬੰਦੇ ਨੇ, ਚੜ੍ਹ ਫੌਜਾਂ ਪਿਛੋਂ ਔਣਗੀਆਂ। ਤੋਪਾਂ ਦੇ ਗੋਲੇ ਮਾਰ ਮਾਰ, ਸਭਨਾਂ ਦਾ ਖੋਜ ਮਟੌਣਗੀਆਂ। ਜਿਸ ਮੌਤੋਂ ਮੈਨੂੰ ਅਜ ਤੁਸਾਂ, ਇੰਜ ਜਾਨਾਂ ਹੀਲ ਛੁਡਾਣਾ ਏ। ਉਸ ਬਿਲੀ ਵਾਂਗ ਕਬੂਤਰ ਦੇ, ਕਲ ਪਰਸੋਂ ਫਿਰ ਭੀ ਖਾਣਾ ਏ। ਮੈਨੂੰ ਜਾਣ ਦਿਓ ਹੁਣ ਰੋਕੋ ਨਾ, ਮੈਨੂੰ ਦੇਸ਼ ਤੋਂ ਸਦਕੇ ਹੋਣ ਦਿਓ। ਧੋਵਣ ਲਈ ਦਾਗ਼ ਗੁਲਾਮੀ ਦਾ, ਲਹੂ ਮੈਨੂੰ ਰਜਕੇ ਚੋਣ ਦਿਓ। ਦੀਵਾ ਪੰਜਾਬ ਦੀ ਗੈਰਤ ਦਾ, ਵੇਖੋ ਪਿਆ ਟਿਮ ਟਿਮਾਂਦਾ ਏ। ਮੈਨੂੰ ਚਰਬੀ ਇਸ ਵਿਚ ਪਾਣ ਦਿਓ, ਬਿਨ ਤੇਲੋਂ ਬੁਝਦਾ ਜਾਂਦਾ ਏ। ਮੇਰੀ ਸਧਰ ਅਜੇ ਕੁਵਾਰੀ ਏ, ਮੈਂ ਮੌਤ ਨਾਰ ਪਰਨਾ ਰਿਹਾ ਹਾਂ। ਪਾ ਕੰਗਨ, ਕੈਂਠੇ ਕੜੀਆਂ ਦੇ, ਮੈਂ ਲਾੜਾ ਬਣਕੇ ਜਾ ਰਿਹਾ ਹਾਂ। ਜਾਓ ਤੁਸੀਂ ਘਰ ਆਰਾਮ ਕਰੋ, ਸਤਿਗੁਰ ਅਗੇ ਅਰਦਾਸ ਕਰੋ। ਦੁਨੀਆਂ ਤੋਂ ਤੇਜ ਚੁਗੱਤਿਆਂ ਦਾ, ਹਦ ਟਪ ਗਿਆ ਹੁਣ ਨਾਸ ਕਰੋ।

ਦੋਹਿਰਾ

ਤਾਰੂ ਸਿੰਘ ਦੀ ਮਤ ਇਉਂ, ਕਰ ਲੀਤੀ ਪਰਵਾਨ। ਫਤੇ ਬੁਲਾਕੇ ਘਰਾਂ ਨੂੰ, ਤੁਰ ਗਏ ਕੁਲ ਜਵਾਨ। ਸੌਂ ਗਏ ਸਾਰੇ ਅਹਿਦੀਦੇ, ਰੋਟੀ ਟੁਕਰ ਖਾ। ਤਾਰੂ ਸਿੰਘ ਜੀ ਬੈਠ ਗਏ, ਸੁੰਨ ਸਮਾਧ ਲਗਾ। ਰਾਤ ਲੰਘੀ ਦਿਨ ਚੜ੍ਹ ਪਿਆ,ਤੁਰ ਪਏ ਫੇਰ ਚੰਡਾਲ। ਪੁਜੇ ਆਣ ਲਾਹੌਰ ਵਿਚ, ਦਿਨ ਡੁਬੇ ਦੇ ਨਾਲ। ਬੰਦ ਕਚਹਿਰੀ ਹੋਈ ਸੀ, ਆਵੰਦਿਆਂ ਦੇ ਤਕ। ਭੋਰੇ ਅੰਦਰ ਰਾਤ ਨੂੰ, ਦਿਤਾ ਸਿੰਘ ਨੂੰ ਡਕ। ਅੰਨ, ਪਾਣੀ, ਨਾਂ ਕਿਸੇ ਨੇ, ਪੁਛਿਆ ਸਿੰਘ ਨੂੰ ਆਨ। ਸੁਰਤੀ ਲਾ ਕੇ ਬੈਠ ਗਏ, ਨਾਲ ਸਿਰੀ ਭਗਵਾਨ। ਹੇ 'ਸਿਰੀ ਅਰਜਨ ਦੇਵ' ਜੀ, ਦਰ ਤੇ ਡਿਗਾ ਆਨ। ਪਾਸ ਦੇਈਂ ਕਰ ਦਾਸ ਨੂੰ, ਹੋਣ ਲਗਾ ਇਮਤਿਹਾਨ। ਲੇਟੇ ਏਥੇ ਜਿਸ ਤਰਾਂ, ਸੂਰਮਿਆਂ ਦੇ ਗੰਜ। ਮੈਂ ਉਹਨਾਂ ਦੀ ਡਾਰ ਤੋਂ, ਭੁਲ ਨਾ ਜਾਵਾਂ ਵੰਜ। ਦਿਨੇ ਕਚਹਿਰੀ ਭਖਦਿਆਂ; ਕੀਤਾ ਦੁਸ਼ਟਾਂ ਪੇਸ਼। ਫਤਹਿ ਬੁਲਾਈ ਗੱਜਕੇ, ਸਿਮਰ ਸਿਰੀ ਦਸਮੇਸ਼।

ਵਾਰ-

ਨਾਮ ਫਤਹਿ ਦਾ ਸੁਣਦਿਆਂ, ਸੂਬਾ ਹਤਿਆਰਾ। ਪੈਰਾਂ ਤਕ ਕੋਲੇ ਹੋ ਗਿਆ, ਸੜ ਬਲ ਕੇ ਸਾਰਾ। ਭੰਨਾ ਤੇਰਾ ਮਗਜ਼ ਮੈਂ, ਫਿਟਿਆ ਸਰਦਾਰਾ। ਜ਼ਾਹਿਰ ਤੇਰਾ ਹੋ ਗਿਆ, ਆਉਂਦੇ ਈ ਕਾਰਾ। ਏਥੇ ਕੰਮ ਕੀ ਫ਼ਤਹਿ ਦਾ, ਏਹ ਸ਼ਾਹੀ ਅਦਾਰਾ। ਕਰਨੀ ਝੁਕ ਸਲਾਮ ਸੀ, ਮੂਰਖ ਗਾਵਾਰਾ। ਹੈਂ ਦਿਸਦਾ ਹੈਂਕੜ ਬਾਜ਼ ਤੂੰ, ਜ਼ੋਰਾਵਰ ਭਾਰਾ। ਮੈਂ ਪਲ ਵਿੱਚ ਸੁਟਾਂ ਤੋੜਕੇ, ਤੇਰੀ 'ਅਣਖ' ਦਾ ਤਾਰਾ। ਤੂੰ ਬਾਗ਼ੀਆਂ ਨੂੰ ਵਿੱਚ ਜੰਗਲਾਂ, ਦੇਵੇਂ ਭੰਡਾਰਾ। ਹੈ ਜੰਗੀ ਸਿੰਘਾਂ ਨਾਲ ਤੂੰ ਰਖਿਆ ਵਰਤਾਰਾ। ਤੂੰ ਗ਼ਦਰ ਮਚਾਵਣ ਵਾਸਤੇ, ਟਿਲ ਲਾਵੇਂ ਭਾਰਾ। ਬਿਨ ਕਲਮਾਂ ਪੜਿਆਂ ਹੋਵਣਾ, ਹੁਣ ਨਹੀਂ ਛੁਟਕਾਰਾ।

ਜਵਾਬ ਭਾਈ ਤਾਰੂ ਸਿੰਘ ਜੀ

ਜਾਪੇ ਤੈਨੂੰ ਸੂਬਿਆ, ਚੁਗਲਾਂ ਭੜਕਾਇਆ। ਮੈਂ ਅਜਤੀਕਰ ਗ਼ਦਰ ਨਹੀਂ, ਥਾਂ ਕਿਸੇ ਮਚਾਇਆ। ਨਾ ਮੈਂ ਘਰ ਬਾਗ਼ੀ ਆਪਣੇ, ਕੋਈ ਕਦੇ ਛੁਪਾਇਆ। ਮੈਂ ਕਿਧਰੇ ਕੀਤਾ ਕਤਲ ਨਾ, ਕੁਝ ਨਹੀਂ ਚੁਰਾਇਆ। ਤੇ ਜਾਂ ਦਸ ਤੇਰਾ ਮਾਮਲਾ, ਨਾ ਹੋਏ ਪੁਚਾਇਆ। ਕਿਰਤ ਕਰਾ ਮੈਂ ਹੱਕ ਦੀ, ਨਹੀਂ ਜ਼ੁਲਮ ਕਮਾਇਆ। ਜੇ ਮੈਂ ਹੋਊ ਕਿਸੇ ਨੂੰ, ਪਰਸ਼ਾਦ ਖੁਵਾਇਆ। ਏਹਦੇ ਵਿਚ ਮੈਂ ਤੁਸਾਂ ਦਾ, ਕੀਹ ਦਸ ਗੁਆਇਆ। ਐਵੇਂ ਤੂੰ ਬੇਦੋਸ ਨੂੰ, ਲਾ ਕੜੀ ਮੰਗਾਇਆ। ਫਤਹਿ ਬੁਲਾਣੀ ਸਭ ਨੂੰ, ਹੈ ਗੁਰਾਂ ਸਿਖਾਇਆ। ਮੈਨੂੰ ਡਰ ਨਹੀਂ ਮੌਤ ਦਾ, ਜੇ ਰੋਹਬ ਤੂੰ ਪਾਇਆ। ਬੇੜਾ ਗਰਕ ਚੁਗੱਤਿਊ, ਹੋਵਣ ਤੇ ਆਇਆ।

ਸੂਬਾ-

ਫਿਰ ਚੰਗੀ ਤਰਾਂ ਵਿਚਾਰ ਲੈ, ਮੁੜ ਤੈਨੂੰ ਆਖਾਂ। ਮੈਂ ਈਨ ਮਨਾਵਾਂ ਮੌਤ ਨੂੰ, ਨਾ ਸਮਝ ਮਜ਼ਾਖਾਂ। ਮੈਂ ਕੱਚਾ ਗੋਸ਼ਤ ਖਾ ਲਵਾਂ, ਤੇਰਾ ਵਾਂਗਰ ਨਾਖਾਂ। ਮੈਂ ਨਾਲ ਜ਼ੰਬੂਰਾਂ ਤੇਰੀਆਂ, ਪੁਟ ਦੇਵਾਂ ਖਾਖਾਂ। ਦਸ ਨਾਲੇ ਕਿਥੇ ਰਹਿੰਦੀਆਂ, ਸਿੰਘਾਂ ਦੀਆਂ ਸ਼ਾਖਾਂ। ਮੈਂ ਕੱਢ ਅੱਖਾਂ ਤੇਰੀਆਂ, ਕਰ ਗਰਮ ਸਲਾਖਾਂ। ਜਦ ਵਜੇ ਬੈਂਤ ਸਰੀਰ ਤੇ, ਲਹਿ ਜਾਣ ਚਟਾਖਾਂ। ਏਹ ਬਚਿਆਂ ਵਾਲੀ ਖੇਡ ਨਹੀਂ,ਲੋਹੇ ਦੀਆਂ ਦਾਖਾਂ। ਮੈਥੋਂ ਜ਼ਬਰਾਈਲ ਵੀ ਕੰਬਦਾ, ਜਦ ਦਿਆਂ ਘੁਰਾਖਾਂ। ਪੜ੍ਹ ਕਲਮਾਂ ਤੇਰੇ ਭਲੇ ਦੀ, ਗਲ ਮੁੜ ਮੁੜ ਭਾਖਾਂ।

ਜਵਾਬ ਭਾਈ ਤਾਰੂ ਸਿੰਘ ਜੀ

ਹਾਂ ਚੰਗੀ ਤਰ੍ਹਾਂ ਵਿਚਾਰਦਾ, ਮੈਂ ਨਹੀਂ ਅੰਞਾਣਾਂ। ਮੈਂ ਤਖਤ ਯਾਂ ਤਖਤਾ ਸਿਖਿਆ, ਜ਼ਿੰਦਗੀ ਵਿਚ ਪਾਣਾ। ਤੈਨੂੰ ਦਸਿਆਂ ਕਲਮਾਂ ਨਬੀ ਨੇ, ਜਿਸ ਤਰ੍ਹਾਂ ਰੰਡਾਣਾਂ। ਮੈਨੂੰ ਦਸਿਆ ਮੇਰੇ ਗੁਰੂ ਨੇ, ਇਉਂ ਧਰਮ ਕਮਾਣਾਂ। ਮੈਂ ਸਿਖਿਆ ਤੇਰੀ ਮੌਤ ਤੋਂ, ਹੈ ਨਹੀਂ ਘਬਰਾਣਾ। ਮੈਂ ਕਮਲੀ ਮੌਤ ਨੂੰ ਸਮਝਦਾ, ਕਪੜਾ ਬਦਲਾਣਾ। 'ਹਦ ਕਿਥੇ ਹੈ ਸ਼ੇਰ ਦੀ', ਮੈਂ ਖਬਰ ਨਾ ਜਾਣਾ। ਮੈਂ ਲੋਹਾਂ ਉਤੇ ਸਿਖਿਆ, ਹਸ ਚੌਂਕੜ ਲਾਣਾ। ਮੈਂ ਸਮਝਾਂ ਲਾਹੁਣਾ ਕਪੜਾ, ਜੋ ਪੋਸ਼ ਲੁਹਾਣਾ। ਮੈਂ 'ਖੋਪਰ' ਦਾ ਸਿਖ ਮਹਿਲ ਤੇ, ਹੈ 'ਕਲਸ' ਝੜਾਣਾ। ਤੇਰੇ 'ਜਿਬਰਾਈਲ' ਨੂੰਚੱਬ ਲਵਾਂ,ਮੈਂ ਸਮਝ 'ਮਖਾਣਾ'। ਨਹੀਂ ਧੌਣ ਸਿੰਘ ਦੀ ਝੁਕਣੀ, ਕਰ ਲੇ ਮਨ ਭਾਣਾ।

ਦੋਹਿਰਾ

ਸੁਣ ਕੇ ਇਉਂ ਮੂੰਹ ਤੋੜਵਾਂ, ਸੂਬਾ ਦੁਸ਼ਟ ਜਵਾਬ। ਕਹਿੰਦਾ ਫਤਵਾ ਕਾਜ਼ੀਓ, ਦਸੋ ਖੋਹਲ ਕਿਤਾਬ। ਇਸ ਕਾਫਰ ਨੂੰ ਮਾਰੀਏ, ਕੀਹ ਕੀਹ ਦੇ ਅਜ਼ਾਬ। ਸੀਖਾਂ ਉਤੇ ਭੰਨੀਏਂ, ਇਸਦਾ ਕਟ ਕਬਾਬ। ਕਾਜ਼ੀ ਫੋਲ ਹਦੀਸ ਨੂੰ, ਫਤਵਾ ਦੇਣ ਸੁਣਾ। ਰੂੰਈ ਵਾਂਗੂੰ ਚਰਖ ਤੇ, ਇਸ ਨੂੰ ਦਿਓ ਉਡਾ। ਜੇਕਰ ਕਲਮਾਂ ਪੜ੍ਹ ਲਵੇ, ਤਾਂ ਫਿਰ ਲਵੋ ਬਚਾ। ਨਹੀਂ ਤਾਂ ਖੋਪਰ ਤੋੜਕੇ, ਝਗੜਾ ਦਿਓ ਮੁਕਾ।

ਸੂਬੇ ਨੇ ਹੁਕਮ ਦੇਣਾ
ਬੈਂਤ-

ਸੂਬੇ ਸਦ ਜਲਾਦਾਂ ਨੂੰ ਹੁਕਮ ਦਿਤਾ, ਤਾਰੂ ਸਿੰਘ ਨੂੰ ਪਕੜ ਲਿਜਾਉ ਜਲਦੀ। ਰੂੰਈ ਵਾਂਗਰਾਂ ਚਾਹੜਕੇ ਚਰਖੜੀ ਤੇ, ਏਹਦੇ ਜਿਸਮ ਦੇ ਤੂੰਬੇ ਉਡਾਉ ਜਲਦੀ। ਫੇਰ ਰੇਤੀਆਂ, ਪੁਠ ਦੇ ਦੰਦਿਆਂ ਨੂੰ, ਗੇੜੇ ਜ਼ੋਰਾਂ ਦੇ ਨਾਲ ਲਗਾਉ ਜਲਦੀ। ਏਸ ਬਾਗ਼ੀ ਤੇ ਜ਼ਰਾ ਨਾ ਤਰਸ ਕਰਨਾ, ਦੁਖ ਵਧ ਤੋਂ ਵਧ ਪੁਚਾਉ ਜਲਦੀ। ਦੁਖ ਸਮਝ ਕੇ ਕਰੇ ਫਰਿਆਦ ਜੇਕਰ, ਉਸੇ ਵਕਤ ਈ ਮੈਨੂੰ ਬੁਲਾਉ ਜਲਦੀ। ਕਾਬਿਲ ਰਹਿਮ ਦੇ ਹੋਵੇ ਤਾਂ ਰਹਿਮ ਕਰਨਾ, ਮੰਨ ਜਾਏ ਤਾਂ ਈਨ ਮਨਾਉ ਜਲਦੀ।

ਦੁਵੱਯਾ ਛੰਦ-

ਉਸੇ ਵੇਲੇ ਤਾਰੂ ਸਿੰਘ ਨੂੰ, ਪਕੜ ਜਲਾਦ ਲਿਜਾਂਦੇ। ਚਰਖੀ ਕੋਲ ਜਕੜ ਕੇ ਉਸਨੂੰ, ਜ਼ੋਰਾਂ ਨਾਲ ਘੁਮਾਂਦੇ। ਕਰ ਅਰਦਾਸਾ ਤਾਰੂ ਸਿੰਘ ਨੇ, ਉਸ ਨੂੰ ਸੀਸ ਨਿਵਾਇਆ। ਪਾਸ ਕਰੀਂ ਘਸਵਟੀਏ ਮੈਨੂੰ, ਦਰ ਤੇਰੇ ਸਿੰਘ ਆਇਆ। ਘੂੰ ਘੂੰ ਕਰਕੇ ਚਲਣ ਲਗੀ, ਕਲਜੋਗਣ ਰਤ ਪੀਣੀ। ਉਡਣ ਲਗੇ ਤਨ ਦੇ ਤੂੰਬੇ, ਜੀਕੁਣ ਰੂੰਈ ਪਿੰਜੀਣੀ। ਮੂਰਤ ਵਾਂਗ ਅਸਹਿ ਦੁਖ ਜਰਕੇ; ਬੈਠਾ ਸਿੰਘ ਜਰਵਾਣਾ। ਦੰਦੇ ਏਦਾਂ ਮਾਸ ਕਤਰਦੇ, ਜਿਵੇਂ ਦਾਲ ਦਾ ਦਾਣਾ। ਲੀਰੋ ਲੀਰ ਜਿਸਮ ਨੂੰ ਕੀਤਾ ਫੜ ਚਰਖੀ ਦੇ ਦੰਦਿਆਂ। ਕੰਨਾਂ ਉਤੇ ਹਥ ਲਗਾਏ, ਤਕ ਤਕ ਜ਼ੁਲਮੀ ਬੰਦਿਆਂ। ਵੇਖਣ ਵਾਲੇ ਥਰ ਥਰ ਕੰਬਣ, ਪਰ ਨਾ ਸਿਦਕੀ ਡੋਲੇ। 'ਤੇਰਾ ਭਾਣਾ ਮੀਠਾ ਲਾਗੇ' ਇਹ ਤੁਕ ਦੰਮ ਦੰਮ ਬੋਲੇ। ਓੜਕ ਹੋ ਏ ਸੁਰਤਾ ਡਿਗਾ, ਖੂਨ ਗਿਆ ਵਗ ਸਾਰਾ। ਬੰਦ ਕਰੋ ਹੁਣ ਜੇਹਲ ਚਿ ਇਸਨੂੰ, ਕਹਿੰਦਾ ਆ ਹਤਿਆਰਾ। ਲੂਣ ਬਰੀਕ ਪੀਸਕੇ ਛਟੇ, ਜ਼ਖਮਾਂ ਉਤੇ ਮਾਰੋ। ਮਾਰ ਮਾਰਕੇ ਛਮਕਾਂ ਇਸਦਾ, ਗੋਸ਼ਤ ਹੋਰ ਉਤਾਰੋ। ਏਹ ਹੈ ਕੁਲ ਸਿੰਘਾਂ ਦਾ ਲੀਡਰ, ਕੋਹ ਕੋਹ ਕੇ ਜਿੰਦ ਕਢੋ। ਮੰਨੇ ਈਨ 'ਅਨੰਦ' ਜਦੋਂ ਏਹ, ਫੇਰ ਏਸ ਨੂੰ ਛਡੋ।

ਦੋਹਿਰਾ

ਰਾਤ ਲਿਆਕੇ ਸ਼ੇਰ ਨੂੰ, ਭੋਰੇ ਕੀਤਾ ਬੰਦ। ਕੁੰਦਨ ਵਾਂਗੂੰ ਨਿਖਰਿਆ, 'ਸਾਹਿਬ ਦੇਵਾਂ' ਦਾ ਚੰਦ। ਪਹਿਲੇ ਪਰਚੇ ਸਤਿਗੁਰੂ ਸੰਗ ਸਹਾਈ ਸੋਇ। 'ਅਜਹੁ ਸੁਨਾਉ ਸਮੁੰਦਰ ਮੇਂ, ਕਿਆ ਜਾਨਹੁ ਕਿਆ ਹੋਇ। ਡੋਲਾਂ ਨਾ ਮੈਂ ਧਰਮ ਤੋਂ, ਆਦਿ ਜੁਗਾਦਿ ਔ ਅੰਤ। ਆਵ ਪਾਪਨ 'ਖਿਜ਼ਾਂ' ਨਾ, ਰਹੇ ਹਮੇਸ਼ 'ਬਸੰਤ'। ਇਉਂ ਸ਼ੁਕਰਾਨੇ ਕਰਦਿਆਂ, ਬੀਤੀ ਰਾਤ ਅਡੋਲ। ਆਕੇ ਸੂਬਾ ਆਖਦਾ, ਦਿਨੇ ਸਿੰਘ ਦੇ ਕੋਲ। ਤਾਰੂ ਸਿੰਘਾ ਹਾਲ ਕੀਹ, ਹੁਣ ਹੈ ਕਿੰਜ ਦਲੀਲ। ਹਾਈ ਕੋਰਟ ਖੁਲ੍ਹਿਆ, ਕਰ ਲੈ ਕੁਝ ਅਪੀਲ। ਪੜ੍ਹ ਲੈ ਕਲਮਾਂ ਗਭਰੂਆ, ਮੁਫਤ ਨਾ ਜਾਨ ਗੁਵਾ। ਖਾ ਖਟ ਲੈ ਕੁਝ ਜਗ ਤੇ; ਤੂੰ ਹੈਂ ਆਪ ਦਨਾ। ਡੋਲੇ ਤੈਨੂੰ ਦੇ ਦਿਆਂ, ਜਗ ਦੇ ਹੋਰ ਅਰਾਮ। ਸਿਖੀ ਦੁਖ ਦੀ ਖਾਣ ਹੈ, ਇਸ ਨੂੰ ਆਖ ਸਲਾਮ।

ਜਵਾਬ ਭਾਈ ਤਾਰੂ ਸਿੰਘ ਜੀ

ਚਿਕੜ ਮੋਹ ਦੇ ਜੇਹੜੇ ਖਲਾਰਨਾ ਏਂ, ਸਿੰਘ ਸੂਬਿਆ ਏਸ ਵਿਚ ਖੁਭਦਾ ਨਹੀਂ। ਤੇਰੇ ਲੋਭ ਦਿਆਂ ਮਾਰੂ 'ਕਪਰਾਂ' ਵਿਚ, ਬੇੜਾ ਸਿਖ ਦੇ ਸਿਦਕ ਦਾ ਡੁਬਦਾ ਨਹੀਂ। ਜੇਹੜੇ ਮੌਤ ਵਾਲੇ ਖੌਫ ਦਸਦਾ ਤੂੰ, ਮੈਨੂੰ ਨਹੀਂ ਕੰਡੇ ਜਿਹਾ ਚੁਭਦਾ ਨਹੀਂ। ਮੈਂ ਨਹੀਂ ਡੋਲਦਾ ਤੇਰਿਆਂ ਡੋਲਿਆਂ ਤੇ, ਮੈਨੂੰ ਸ਼ੌਕ ਜਹਾਨ ਦੀ ਹੁਭ ਦਾ ਨਹੀਂ। ਜੇਹੜੇ ਹੋਰ ਨੇ ਕੋਲ ਹਥਿਆਰ ਤੇਰੇ, ਉਹ ਵੀ ਪਰਖ ਲੈ ਦਿਲੀ ਅਰਮਾਨ ਨਾ ਰਹੇ। ਤੂੰ ਨਹੀਂ ਧਰਮ 'ਅਨੰਦ' ਦਾ ਖੋਹ ਸਕਦਾ, ਭਾਵੇਂ ਵਿਚ ਜੁਸੇ ਮੇਰੀ ਜਾਨ ਨਾ ਰਹੇ।

ਜਲਾਦਾਂ ਨੂੰ ਹੁਕਮ ਦੇਣਾ

ਸੂਬੇ ਕਿਹਾ ਜਲਾਦਾਂ ਤਾਈਂ, ਫਿਰ ਚਰਖੀ ਤੇ ਚਾਹੜੋ। ਨੇੜੇ ਨੇੜੇ ਕਰਕੇ ਇਸਨੂੰ, ਜਿਸਮ ਇਹਦਾ ਸਭ ਪਾੜੋ। ਪਥਰ ਦੀ ਮਿਟੀ ਹੈ ਰਬ ਨੇ, ਸਿੰਘਾਂ ਤਾਈਂ ਲਗਾਈ। ਦਿਲ ਇਹਨਾਂ ਦਾ ਜ਼ਰਾ ਨਾ ਡੋਲੇ, ਡੋਲੇ ਵੇਖ ਲੁਕਾਈ। ਮੌਤ ਵੀ ਤਕ ਤਕ ਜਿਗਰਾ ਇਸਦਾ, ਪਿਟੇ ਤੇ ਕੁਰਲਾਵੇ। ਪਰ ਇਸ ਢੀਠ ਦੀ ਅਖ ਦੇ ਅੰਦਰ, ਅੱਥਰ ਇਕ ਨਾ ਆਵੇ। ਵਿਚ ਚਿਖਾ ਦੇ ਪਾਈਏ ਇਸਨੂੰ, ਸੇਕ ਨਾ ਜਾਣੇ ਮਾਸਾ। ਏਹ ਚੰਗਿਆੜੀਆਂ ਤਾਈਂ ਜਾਣ, ਫੁਲਾਂ ਵਾਲਾ ਹਾਸਾ। ਫਾਂਸੀ ਨੂੰ ਇਹ ਪੀਂਘਾਂ ਆਖਦੇ, ਸੂਲ ਸੂਲੀ ਨੂੰ ਕਹਿੰਦੇ। ਲੋਹ ਨੂੰ ਕਹਿਕੇ ਪਲੰਘ ਨਵਾਰੀ, ਮਾਰ ਚੌਂਕੜੀ ਬਹਿੰਦੇ। ਵਢ ਵਢ ਬੁਢਾ ਮੈਂ ਹੋਇਆ, ਮੁਕਨ ਵਿਚ ਨਹੀਂ ਆਏ। ਜਿਉਂ ਜਿਉਂ ਕਟੀਏ ਵਾਂਗ 'ਸ਼ਟਾਲੇ', ਹੁੰਦੇ ਦੂਣ ਸਵਾਏ। ਲਖਾਂ ਅੰਦਰ ਰਹਿਣ ਨਾਂ ਗੁਝੇ, ਕਿਰਨਾਂ ਵਾਂਗੂੰ ਰਮਕਣ। ਕਹਿਰ ਮੇਰੇ ਦੀ ਅੱਗ ਦੇ ਅੰਦਰ, 'ਕੁੰਦਨ' ਹੋਕੇ ਚਮਕਣ। ਅੱਗਾਂ ਦੇ ਦਰਿਆਉ ਹਜ਼ਾਰਾਂ, ਵਾਰੀ ਅਸਾਂ ਵਗਾਏ। ਪਰ ਸਿਖ ਮਾਰ 'ਹੁੰਬਲੀ' ਇਕੋ, ਲਗ ਕਿਨਾਰੇ ਜਾਏ। ਲੈ ਜਾਵੋ ਇਸ ਜ਼ਾਲਮ ਤਾਈਂ, ਚਰਖੀ ਤੁਰਤ ਚੜ੍ਹਾਉ। ਰੂੰ ਦੇ ਵਾਂਗ ਏਸ ਦੀ ਦੇਹ ਦਾ, ਮਾਸ 'ਅਨੰਦ' ਉਡਾਉ।

ਚਰਖੀ ਤੇ ਚਾਹੜਨਾ
ਤਰਜ਼- ਮਿਰਜ਼ਾ ਭੋਲਾ ਪੰਛੀ

ਫੜ ਫੇਰ ਜਲਾਦਾਂ ਸਿੰਘ ਨੂੰ, ਦਿਤਾ ਚਰਖੀ ਕੋਲ ਬਠਾ। ਹੋਇਆ ਜਿਸਮ ਅਗੇ ਸੀ ਛਾਨਣੀ, ਦਿਤਾ ਸਾਰਾ ਖੂਨ ਚੁਵਾ। ਕਰ ਦੰਦੇ ਤੇਜ਼ ਜਲਾਦ ਨੇ, ਦਿਤੀ ਟਿਲ ਦੇ ਨਾਲ ਘੁਮਾ। ਜਿਵੇਂ 'ਆਰਾ' ਲਕੜ ਚੀਰਦਾ, ਇੰਜ ਘਾਪੇ ਦਿਤੇ ਪਾ। ਜਿਵੇਂ ਸੇਬ ਅਤਾਰ ਨੇ ਚੋਕਦੇ, ਇਉਂ ਦੰਦੇ ਖੁਭਦੇ ਜਾ। ਹੈ ਦੰਦ ਨੂੰ ਡਾਕਟਰ ਖਿਚਦਾ, ਜਿਸ ਤਰਾਂ ਜ਼ੰਬੂਰ ਅੜਾ। ਇਉਂ ਦੰਦੇ ਵਢ ਵਢ ਬੋਟੀਆਂ, ਦੇਂਦੇ ਕੁਤਰਾ ਦੂਰ ਵਗਾ। ਰੌਹ ਗੰਨੇ ਵਿਚੋਂ ਵੇਲਨਾ, ਸਭ ਦੇਂਦਾ ਜਿਵੇਂ ਚੁਵਾ। ਇਉਂ ਸਿਖ ਦੀ ਚਰਬੀ ਮਿਝ ਨੇ, ਦਿਤੇ ਰੰਗ ਪੰਜਾਬ ਨੂੰ ਲਾ। ਸਿੰਘ 'ਜਨਕ' ਦੇ ਵਾਂਗ 'ਬਿਦੇਹ' ਹੋ, ਬੈਠਾ ਬਿਰਤੀ ਖੂਬ ਟਕਾ। ਉਹਦਾ ਹੌਂਸਲਾਪਰਬਤ ਬਣ ਗਿਆ, ਬਣਗੇੜ ਗਿਆ ਦਰਯਾ। ਉਹ ਭੌਂ ਤੌਂ ਟਕਰਾਂ ਮਾਰਦੀ, ਮਥਾ ਨਾਲ ਚਿਟਾਨ ਦੇ ਲਾ। ਆ ਮੌਤ ਵੀ ਕਹਿੰਦੀ ਸਿੰਘ ਨੂੰ, ਮੈਨੂੰ ਕਰ ਕੁਝ ਹੁਕਮ ਭਰਾ। ਮੈਂ ਦਿਲੀ ਅਤੇ ਲਾਹੌਰ ਦੇ, ਫੜ ਦੇਵਾਂ ਫਰਸ਼ ਉਡਾ। ਸਿੰਘ ਕਹਿੰਦਾ ਮੌਤੇ 'ਕਮਲੀਏ', ਮੈਨੂੰ ਨਾਂ ਤੂੰ ਇੰਜ ਭਰਮਾ। ਮੈਨੂੰ ਭਾਣਾ ਮਿਠਾ ਲਗਦਾ, ਹੈ ਰਬ ਦੀ ਠੀਕ 'ਰਜ਼ਾ'। ਤਦ ਮੌਤ ਨੇ ਝੁਕ ਕੇ ਸਿੰਘ ਦੇ, ਦਿਤੇ ਹਥ ਪੈਰੀਂ ਲਾ। ਮੈਂ ਸਦਕੇ ਤੈਥੋਂ 'ਲਾੜਿਆ', ਤੈਨੂੰ ਦੇਵੇ ਫਤਹ ਖੁਦਾ। ਜਿਉਂ ਬਾਲ ਕੇ 'ਛਲੀ' ਘੂਰਕੇ, ਹਨ ਦਿੰਦੇ ਸੂਤ ਗੁਵਾ। ਇਉਂ 'ਅਨੰਦ' ਚਰਖੀ ਨੇ ਸਿੰਘ ਨੂੰ, ਦਿਤਾ ਧਰਤੀ ਤੇ ਲਟਕਾ।

ਸੂਬਾ-

ਡਿਗਾ ਚਰਖੀ ਤੋਂ ਜਿਸਮ ਨਿਢਾਲ ਹੋਕੇ, ਸੂਬਾ ਫੇਰ ਇਉਂ ਬੋਲ ਸੁਨਾਂਵਦਾ ਏ। ਕਰਕੇ ਪਟੀਆਂ ਜ਼ਖਮ ਕਰ ਲਵਾਂ ਰਾਜ਼ੀ, ਕਲਮਾਂ ਪੜੇਂਗਾ ਦਸ ਫਰਮਾਂਵਦਾ ਏ। ਫਰਕੇ ਸਿੰਘ ਦੇ ਹੋਠ ਤੇ ਕਿਹਾ ਏਦਾਂ, ਕਰ ਲੈ ਹੋਰ ਜੋ ਚਿਤ ਨੂੰ ਭਾਂਵਦਾ ਏ। ਸਿਖੀ ਨਿਭੇ ਸੁਵਾਸਾਂ ਤੇ ਕੇਸਾਂ ਦੇ ਨਾਲ, ਸਾਨੂੰ ਮਜ਼ਾ ਏਸੇ ਅੰਦਰ ਆਂਵਦਾ ਏ। 'ਮਾਰ ਜੁਤੀਆਂ ਅਗੇ ਲਗਾ ਤੈਨੂੰ', ਅਸਾਂ ਚਲਣਾ ਏਸ ਸੰਸਾਰ ਵਿਚੋਂ। ਜ਼ੁਲਮ ਕਰਨ ਵਾਲੇ ਕੀਹ 'ਅਨੰਦ' ਲੈਗਏ, ਝਾਤੀ ਮਾਰਕੇ ਵੇਖ ਪਰਵਾਰ ਵਿਚੋਂ।

ਸੂਬੇ ਨੇ ਗੁਸੇ ਨਾਲ ਖੋਪਰੀ ਲਾਹੁਣ ਦਾ ਹੁਕਮ ਦੇਣਾ

ਸੂਬਾ ਆਖਦਾ ਹੋਈ ਏ ਹੱਦ ਯਾਰੋ, ਮੋਇਆ ਹੈ ਨਾਂ ਹਠ ਤੋਂ ਹਾਰਦਾ ਏ। ਹਥ ਪੈਰ ਟੁਟੇ ਉਡ ਮਾਸ ਗਿਆ, ਸਾਨੂੰ ਅਜੇ ਵੀ ਜੁਤੀਆਂ ਮਾਰਦਾ ਏ। ਖਬਰੇ ਜਾਨ ਏਹਦੀ ਕਿਥੇ ਅੜੀ ਹੋਈ ਏ, ਜਾਪੇ ਇੰਜ ਜਿਉਂ ਸਤਾ ਉਚਾਰਦਾ ਏ। ਹੋਇਆ ਜਿਸਮ ਬੇਕਾਰ ਪਰ ਸਿਰ ਬਾਕੀ, ਤਾਹੀਉਂ ਸਿਖੀ ਹੀ ਸਿਖੀ ਪੁਕਾਰਦਾ ਏ। ਸਦ ਮੋਚੀ ਨੂੰ ਆਖਦਾ ਨਾਲ ਰੰਬੀਆਂ, ਏਹਦੀ ਖੋਪਰੀ ਸਿਰੋਂ ਉਡਾ ਦੇਵੋ। ਸਾਡੀ ਈਨ ਵਿਚ ਨਹੀਂ 'ਅਨੰਦ' ਆਇਆ, ਏਹਦਾ ਰੇੜਕਾ ਹੁਣੇ ਮੁਕਾ ਦੇਵੋ।

ਦੋਹਰਾ-

ਮੋਚੀ ਲੈਕੇ ਰੰਬੀਆਂ, ਹੋਏ ਦੁਵਾਲੇ ਆਨ। ਅਧਮੋਏ ਨੂੰ ਪਾਪੀਆਂ, ਫੇਰ ਢਾਹ ਲਿਆ ਆਨ। ਮਾਰ ਮਾਰਕੇ ਰੰਬੀਆਂ, ਖੋਪਰ ਦੇਣ ਉਤਾਰ। 'ਸੰਤ-ਸਿਪਾਹੀ' ਬੁਤ ਵਾਂਗ, ਬੈਠਾ ਸੀ ਲਿਵ ਧਾਰ। ਕੇਸਾਂ ਵਿਚੋਂ ਖੂਹ ਦੀ, ਗੰਗਾ ਲਗੀ ਵਹਿਣ। ਸਬਰ ਪਵੇ ਹਤਿਆਰਿਓ, ਤਕਣ ਵਾਲੇ ਕਹਿਣ। ਸੂਬਾ ਸੀ ਏਹ ਵੇਖਦਾ, ਕੋਲ ਖਲੋਤਾ ਕਾਰ। ਕੰਬੀ ਉਸਦੀ ਆਤਮਾ, ਹੋਇਆ ਤੇਜ਼ ਬੁਖਾਰ। ਧਰਤੀ ਉਤੇ ਢਹਿ ਪਿਆ, ਕਰਦਾ ਹਾਲੋ ਹਾਲ। ਨੌਕਰ ਚੁਕਕੇ ਲੈ ਗਏ, ਮਹਿਲਾਂ ਵਿੱਚ ਤਤਕਾਲ। ਲੋਥੜ ਤਾਰੂ ਸਿੰਘ ਦਾ, ਖਾਈ ਵਿਚ ਸਟਵਾ। ਤੁਰ ਗਏ ਜ਼ਾਲਮ ਘਰਾਂ ਨੂੰ, ਏਦਾਂ ਹੱਦ ਟਪਾ। ਕਹਿੰਦੇ ਲਥੀ ਖੋਪਰੀ, ਸੀ ਅਜੇ ਸਿੰਘ ਅਡੋਲ। ਬਾਣੀ ਜਪੁਜੀ ਸਾਹਿਬ ਦੀ, ਰਹੀ ਸੀ ਰਸਨਾ ਬੋਲ।

ਸੂਬੇ ਦਾ ਪਿਸ਼ਾਬ ਬੰਦ ਹੋਣਾ

ਉਧਰ ਸੂਬੇ ਦੀ ਸੁਣੋ, ਲਗ ਪੌਣ ਅਜ਼ਾਬ। ਲਹਿਰ ਲੋਹੜੇ ਦੀ ਉਠਦੀ, ਹੋ ਗਿਆ ਬੰਦ ਪਸ਼ਾਬ। ਸਦੇ ਮੁਲਾਂ, ਵੈਦ ਕਈ, ਕਈ ਹਕੀਮ ਲੁਕਮਾਨ। ਰਤੀ ਹੋਏ ਆਰਾਮ ਨਾਂ, ਨੁਸਖੇ ਦੇਣ ਮਹਾਨ। 'ਸੁਬੇਗ ਸਿੰਘ' ਨੂੰ ਸਦਿਆ, ਸ਼ਹਿਰ ਦਾ ਜੋ ਕੁਤਵਾਲ। ਰੋ ਰੋ ਸੂਬਾ ਆਖਦਾ, ਬੁਰਾ ਭਰਾਵਾ ਹਾਲ। ਆਇਆ ਫੇਰ ਸੁਬੇਗ ਸਿੰਘ, ਨਸਿਆ ਤਖਤ ਅਕਾਲ। ਸਿੰਘਾਂ ਤਾਈਂ ਦਸਿਆ, ਸਾਰਾ ਖੋਹਲ ਹਵਾਲ। ਦਿਤਾ ਤਾਰੂ ਸਿੰਘ ਨੇ, ਸੁਬੇ ਤਾਈਂ ਸਰਾਪ। ਬੰਨ ਪੈ ਗਿਆ ਦੁਸ਼ਟ ਨੂੰ, ਲੱਗਾ ਸਿੰਘ ਦਾ ਪਾਪ। ਕਹਿੰਦਾ ਜੇ ਇਸ ਵਾਰ ਹੁਣ ਬਖਸ਼ੇ ਸਤਿਗੁਰ ਭੂਲ। ਕਸਮ ਨਬੀ ਦੀ ਸਿੰਘ ਨੂੰ, ਕਦੇ ਨਾ ਛੇੜਾਂ ਮੂਲ। ਸਿੰਘਾਂ ਆਖਿਆ, ਸਿੰਘ ਜੀ, ਉਸਦੀ ਏਹੀ ਦੁਵਾ। ਜੁਤੀ ਤਾਰੂ ਸਿੰਘ ਦੀ, ਸਿਰ ਵਿਚ ਮਾਰੋ ਚਾ। ਜਿਉਂ ਜਿਉਂ ਮਾਰੋ ਜੁਤੀਆਂ, ਤਿਉਂ ਤਉਂ ਕਰੇ ਪਸ਼ਾਬ। ਤਾਰੂ ਸਿੰਘ ਜੀਂਦਾ ਅਜੇ; ਲੈ ਰਿਹਾ ਕੁਲ ਹਸਾਬ। ਉਹ 'ਸਪਾਹੀ ਸੰਤ' ਸੀ, ਪਰ ਉਪਕਾਰੀ ਬੀਰ। ਮਾਰ ਜ਼ਾਲਮਾਂ ਜ਼ੁਲਮ ਦੀ, ਕੀਤੀ ਠੀਕ ਅਖੀਰ। ਇਉਂ ਸਿੰਘਾਂ ਤੋਂ ਹੁਕਮ ਲ, ਜੋ ਦਿਤਾ ਮਹਾਰਾਜ। ਵਾਪਸ ਆਏ ਸਿੰਘ ਜੀ, ਲਗਾ ਹੋਣ ਇਲਾਜ।

ਜ਼ਾਲਮ ਸੂਬੇ ਦਾ ਅੰਤ

ਜਦੋਂ ਸੁਬੇਗ ਸਿੰਘ ਨੇ ਸਾਰੀ, ਵਿਥਿਆ ਆਖ ਸੁਣਾਈ। ਜਤੀ ਤਾਰੂ ਸਿੰਘ ਦੀ, ਉਸੇ ਵੇਲੇ ਗਈ ਮੰਗਵਾਈ। ਬੰਦਾ ਮਰਦਾ ਕੀਹ ਨਹੀਂ ਕਰਦਾ, ਆਖਣ ਕੁਲ ਸਿਆਣੇ। ਗਰਜ਼ ਦੀ ਖਾਤਰ ਬਾਪ ਗਧੇ ਨੂੰ, ਕਹਿੰਦੇ ਰਾਜੇ ਰਾਣੇ। ਆਵੇ ਬੌਲ ਦੁਸ਼ਟ ਦੇ ਤਾਈਂ, ਜਿਉਂ ਜਿਉਂ ਜੁਤੀਆਂ ਮਾਰਨ। ਕੱਟੇ ਵਾਂਗ ਅੜਿੰਗੇ ਪਾਪੀ, ਜਦ ਛਿਤਰ ਖਲ੍ਹਾਰਨ। ਜਿਤਨੇ ਦਬ ਕੇ ਛਿੱਤਰ ਵੱਜਣ, ਦੰਮ ਸੁਖਾਲਾ ਚਲੇ। ਕਰ ਗਿਆ ਕੂਚ ਜਹਾਨੋਂ ਆਖਿਰ, ਖਾ ਖਾ ਸਿੰਘ ਦੇ ਖਲੇ। ਲਾ ਅਗੇ ਸੂਬੇ ਨੂੰ ਕੀਤੀ, ਕਹਿੰਦੇ ਸਿੰਘ ਝੜਾਈ। 'ਪਵਨ ਗੁਰੂ ਪਾਣੀ ਪਿਤਾ' ਕਹਿਕੇ ਗੱਜਕੇ ਫਤਹਿ ਬੁਲਾਈ। ਲੋਬ ਸਿੰਘ ਦੀ ਸ਼ਹਿਰੀ ਹਿੰਦੁਆਂ, ਲੈ ਪਿਛੋਂ ਸਸਕਾਰੀ। ਇਸ ਤਰਾਂ 'ਲਵ ਪੁਰ' ਵਿੱਚ ਹੋਏ ਜ਼ੁਲਮ ਸਿੰਘਾਂ ਤੇ ਭਾਰੀ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ