Shaheedi Bhai Tara Singh Ji : Barkat Singh Anand

ਸ਼ਹੀਦੀ ਭਾਈ ਤਾਰਾ ਸਿੰਘ ਜੀ : ਬਰਕਤ ਸਿੰਘ 'ਅਨੰਦ'



ਦੁਵੱਯਾ ਛੰਦ

ਰਾਏ ਸਾਹਿਬ ‘ਨੁਸ਼ਹਿਰੇ’ ਵਿਚ, ਇਕ ਚੌਧਰੀ ਸੀ ਹੰਕਾਰੀ। ਨਾਲ ਸਿੰਘਾਂ ਦੇ ਵੈਰ ਹਮੇਸ਼ਾਂ, ਰਖਦਾ ਸੀ ਉਹ ਭਾਰੀ। ਪਿੰਡ ਏਹਦੇ ਵਿਚ ਸਿੰਘ ਦੋ ਰਹਿੰਦੇ, ਕਿਰਤੀ ਸਾਧ ਵਿਚਾਰੇ। ਰੋਜ਼ ਉਹਨਾਂ ਨੂੰ ਘੂਰੇ ਤਾੜੇ, ਮੇਹਣੇ ਤਾਹਨੇ ਮਾਰੇ। ਘੋੜੀਆਂ, ਡੰਗਰ, ਛਡ ਉਹਨਾਂ ਦੀ ਖੇਤੀ ਨਿਤ ਉਜਾੜੇ। ਜੇ ਉਹ ਦੇਣ ਉਲਾਂਭਾ ਆ ਕੇ, ਕੁਤੇ ਵਾਂਗੂੰ ਪਾੜੇ। ਚੌਧਰੀ ਤਾਈਂ ਆਖਣ ਲਗੇ, ਆ ਉਹ ਇਕ ਦਿਹਾੜੇ। ਰਖ ਬੰਨ੍ਹ ਕੇ ਘੋੜੀਆਂ ਤਾਈਂ, ਇਹ ਕੰਮ ਬਹੁਤ ਨੇ ਮਾੜੇ। ਕਿਹਾ ਚੌਧਰੀ ‘ਕੇਸ’ ਅਪਣੇ, ਮੈਨੂੰ ਦੇਹੋ ਕਟਵਾਕੇ। ਬੰਨਾਂ ਉਹਨਾਂ ਨਾਲ ਘੋੜੀਆਂ, ਮੈਂ ਰੱਸੇ ਵਟਵਾ ਕੇ। ਸਣ ਦੇ ਹੁੰਦੇ ਕੱਚੇ ਰੱਸੇ, ਘੋੜੀਆਂ ਝਟ ਤੁੜਾਵਨ। ਵਾਲਾਂ ਦੇ ਜੇ ਰੱਸੇ ਵਟੀਏ, ਟੁਟਣ ਵਿਚ ਨਾ ਆਵਨ। ਹੈਸਨ ਮਾੜੇ ਪਾਣੀ ਵਾਗੂੰ, ਪੀ ਗਏ ਬੋਲ ਵਿਚਾਰੇ। ‘ਭੂਸੇ ਗਾਂਮ’ ਜਾਂ ਸਿੰਘਾਂ ਤਾਈਂ, ਹਾਲ ਸੁਣਾਏ ਸਾਰੇ। ਅਮਰ ਸਿੰਘ ਬਘੇਲ ਸਿੰਘ ਜੀ, ਯਾਰ ਇਹਨਾਂ ਦੇ ਦੋਵੇਂ। ਰਾਤੋ ਰਾਤ ਘੋੜੀਆਂ ਕਢਕੇ, ਹੋ ਗਏ ਤਿਤਰ ਓਵੇਂ। ਵਿਚ ਮਾਲਵੇ ‘ਡਲਵਾਂ’ ਅੰਦਰ, ਤਾਰਾ ਸਿੰਘ ਸੀ ਸੂਰਾ। ਪੁਜ ਉਸਦੇ ਡੇਰੇ ਦੋਹਾਂ, ਹਾਲ ਸੁਣਾਇਆ ਪੂਰਾ। ਡੇਰੇ ਉਸਦੇ ਵਿਚ ਹਮੇਸ਼ਾਂ, ਜੰਗੀ ਸਿੰਘ ਸੀ ਰਹਿੰਦੇ। ਚਲੇ ਦੇਗ਼ ਅਤੁਟ ਸਦਾ ਈ, ਐਸ਼ ਬਹਾਰਾਂ ਲੈਂਦੇ। ਦੇ ਕੇ ਧੀਰਜ ਏਹਨਾਂ ਨੂੰ ਉਸ, ਆਪਣੇ ਕੋਲ ਠਹਿਰਾਇਆ। ਪਾ ਦੇਵਾਂਗੇ ਰਸਤੇ ਉਸਨੂੰ, ਜੇਕਰ ਏਬੇ ਆਇਆ।

ਚੌਧਰੀ, ਤਾਰਾ ਸਿੰਘ ਕੋਲ ਖੁਰਾ ਲੈ ਕੇ ਗਿਆ
ਬੈਂਤ

ਲੈ ਕੇ ਚੌਧਰੀ ਆਪਣੇ ਨਾਲ ‘ਖੋਜੀ’, ਖੁਰਾ ਡਲਵਾਂ ਵਿਚ ਲਿਆਂਵਦਾ ਏ। ਤਾਰਾ ਸਿੰਘ ਨੂੰ ਆਪਣੇ ਕੋਲ ਸਦ ਕੇ, ਮੂੰਹੋਂ ਬੋਲਕੇ ਇੰਜ ਸੁਨਾਂਵਦਾ ਏ। ਆਏ ਘੋੜੀਆਂ ਲੈ ਚੋਰ ਕੋਲ ਤੇਰੇ, ਦੇ ਦੇ ਵਾਂਗ ਭਰਾਵਾਂ ਅਲਾਂਵਦਾ ਏ। ਮੇਰੇ ਨਾਲ ਜਿਸ ਪੁਠੀਆਂ ਚੁਕੀਆਂ ਨੇ, ਸਾਰੀ ਉਮਰ ਰਹਿੰਦਾ ਪਛਤਾਂਵਦਾ ਏ। ਨਹੀਂ ਤਾਂ ਯਾਦ ਰਖੀ ਮੈਂ ਲਾਹੌਰ ਜਾ ਕੇ, ਚਾਹੜ ਪਲਟਨਾਂ ਹੁਣੇ ਲਿਆਂ ਸਿਖਾ। ਪਾਣੀ ਹੁਕੇ ਦਾ ਸਿਰੀਂ ‘ਅਨੰਦ’ ਪਾ ਕੇ, ਸਭ ਦੇ ਦਾਹੜੀਆਂ ਕੇਸ ਮੁਨਾਂ ਸਿਖਾ।

ਜਵਾਬ ਭਾਈ ਤਾਰਾ ਸਿੰਘ ਜੀ

ਤਾਰਾ ਸਿੰਘ ਕਹਿੰਦਾ ਲਾਲੋ ਲਾਲ ਹੋ ਕੇ, ਐਡਾ ਹੋਈਦਾ ਚੌਧਰੀ ਗਰਮ ਨਾਹੀਂ। ਡਾਕੂ ਆਖਦਾ ਏਂ, ਭਲੇਮਾਨਸਾਂ ਨੂੰ, ਤੈਨੂੰ ਜ਼ਰਾ ਵੀ ਆਂਵਦੀ ਸ਼ਰਮ ਨਾਂਹੀ। ਦੁਖੇ ਹੋਏ ਨੂੰ ਛੇੜ ਕੇ ਹੋਰ ਉਸ ਤੋਂ, ਇਸ ਤਰ੍ਹਾਂ ਦੁਖਾਈ ਦਾ ਵਰਮ ਨਾਂਹੀ। ਕੇਸ ਦਾਹੜੀਆਂ ਸਾਡੇ ਮੁਨਾਣ ਲੱਗੋਂ, ਕੁਤਿਆ ਜਾਣਦਾ ਸਿਖ ਦਾ ਧਰਮ ਨਾਂਹੀ। ਫੜਕੇ ਦਾਹੜੀਉਂ ਆਖਿਆ ਖੋਹਲ ਲੈ ਚੱਲ, ਅੰਦਰ ਘੋੜੀਆਂ ਬੰਨ੍ਹਕੇ ਰੱਖੀਆਂ ਨੇ। ਮਾਰ ਮਾਰ ਛਿਤਰ ਗੰਜ ਲਾਲ ਕੀਤਾ, ਮਾਰ ਮਾਰ ਗੋਡੇ ਭੰਨੀਆਂ ਵੱਖੀਆਂ ਨੇ। ਸੌ ਤੂੰ ਧਮਕੀਆਂ ਦੇ ਲਾਹੌਰ ਦੀਆਂ, ਸਾਨੂੰ ਖੌਫ਼ ਨਾ ਪਾਂਮਰਾ ਰਾਈ ਦਾ ਏ। ਜਾ ਖਾਂ ਚਾਹੜਕੇ ਹੁਣੇ ਲਿਆ ਉਹਨੂੰ, ਬਹੁਤਾ ਮਾਣ ਤੈਨੂੰ ਜਿਸ ਜੁਵਾਈ ਦਾ ਏ। ਪੁਤ ਪੋਤੇ ਵੀ ਰਖਣਗੇ ਯਾਦ ਤੇਰੇ, ਦਿਲ ਸਿੰਘ ਦਾ ਨਹੀਂ ਦੁਖਾਈ ਦਾ ਏ। ਤੇਰੇ ਜਹੇ ਸ਼ੈਤਾਨ ਦੀ ਜੜ੍ਹ ਪੁਟੇ, ਤਾਰਾ ਸਿੰਘ ਭਾਈ ਬਣਦਾ ਭਾਈ ਦਾ ਏ। ਜਗ ਖੂਹ ਹੈ ਜਿਹੋ ਜਹੀ ਵਾਜ ਦੇਈਏ, ਉਹੋ ਜਹੀ ਅਗੋਂ ਵਾਜ ਆਂਵਦੀ ਏ। ਜਾਕੇ ਲਾ ‘ਅਨੰਦ’ ਹੁਣ ਜ਼ੋਰ ਆਪਣਾ, ਜਿਥੇ ਜਿਥੇ ਤੇਰੀ ਪੇਸ਼ ਜਾਂਵਦੀ ਏ।

ਚੌਧਰੀ ਨੇ ਪਟੀ ਥਾਣੇ ਜਾਣਾ

ਰੋਂਦਾ ਪਿਟਦਾ ਚੌਧਰੀ ਮਾਰ ਖਾਕੇ, ਥਾਣੇਦਾਰ ਵਲੇ ਸਿਧਾ ਨਸਿਆ ਏ। ਜ਼ਾਫਰ ਬੇਗ ਕੁਤਵਾਲ ਨੂੰ ਜਾ ਪਟੀ, ਪਿਟ ਪਿਟ ਸਾਰਾ ਹਾਲ ਦਸਿਆ ਏ। ਚੋਰ ਘੋੜੀਆਂ ਫੜਨ ਮੈਂ ਗਿਆ ਡਲਵੀਂ, ਮਾਰ ਮਾਰ ਮੈਨੂੰ ਉਹਨਾਂ ਧਸਿਆ ਏ। ਪਗ ਲਾਹਕੇ ਆਖਦਾ ਵੇਖ ਤਾਲੂ, ਕੀਕੁਣ ਛਿਤਰਾਂ ਦੇ ਨਾਲ ਝਸਿਆ ਏ। ਨਾਮੀ ਚੋਰ ਤਾਰਾ ਸਿੰਘ ਕੋਲ ਰਹਿੰਦੇ ਮੇਰੀ ਕਰ ਮਦਦ ਚਲ ਨਾਲ ਮੇਰੇ। ਮੇਰਾ ਮਾਲ ਪਕੜਾ ਦੇ ਬਰਕਤ ਸਿੰਘਾ, ਦੂਣੇ ਦਿਨੋਂ ਦਿਨ ਹੋਣ ਇਕਬਾਲ ਤੇਰੇ।

ਥਾਣੇਦਾਰ ਨੇ ਚੜ੍ਹਾਈ ਕਰਨੀ

ਤਿੰਨ ਚਾਰ ਸੌ ਨਾਲ ਜਵਾਨ ਲੈਕੇ, ਮਿਰਜ਼ਾ ਚੌਧਰੀ ਨਾਲ ਪਧਾਰਿਆ ਏ। ਦਿਨ ਚੜਦੇ ਨੂੰ ਨਾਂ ਨਸ ਜਾਣ ਡਾਕੂ, ਰਾਤੋ ਰਾਤ ਫੜ ਲਈਏ ਵਿਚਾਰਿਆ ਏ। ਬੰਨੇ ਜੰਗਲ ਬਘੇਲ ਸਿੰਘ ਚਲਿਆ ਸੀ, ਆਈ ਫੌਜ ਧਿਆਨ ਉਸ ਮਾਰਿਆ ਏ। ਪਹਿਲਾਂ ਸੋਚਿਆ ਸਿੰਘਾਂ ਨੂੰ ਕਵ੍ਹਾਂ ਚਲਕੇ, ਫੇਰ ਆਪੇ ਈ ਇੰਜ ਚਿਤਾਰਿਆ ਏ। ਵੇਖੋ, ਔਹ ਕਾਇਰ ਨਸ ਚਲਿਆ ਏ, ਤਕ ਕੇ ਕਹੇਗੀ ਜੁੰਡੀ ਦੀਵਾਨਿਆਂ ਦੀ। ਚਲੋ ਗੇਸ ਕੁਰਬਾਨੀ ਦਾ ਬਾਲ ਦੇਈਏ, ਆਪੇ ਆਏਗੀ ਡਾਰ ਪ੍ਰਵਾਨਿਆਂ ਦੀ।

ਜੰਗ ਸ਼ੁਰੂ ਹੋਣਾ
ਮਿਰਜ਼ਾ-

ਅਜੇ ਵੇਲਾ ਸੀ ਕੁੱਝ ਰਾਤ ਦਾ, ਜਦ ਚੜ੍ਹਿਆ ਬੀਰ ਮਲੰਗ। ਸਿੰਘ ਛਡ ਜੰਕਾਰਾ ਜਾ ਪਿਆ, ਛਿੜ ਪਈ ਆਪੋ ਵਿਚ ਜੰਗ। ਜਦ ਗੋਲੀ ਚਲੀ ਕਾੜ ਕਾੜ, ਕਸ ਘੋੜੇ ਲਣੇ ਨਿਹੰਗ। ਉਹ ਬਣ ਕੇ ਬਿਜਲੀ ਕੜਕ ਪਏ, ਛਡ ਸ਼ੇਰਾਂ ਵਾਂਗ ਤੁਰੰਗ। ਮੁਰਦੇ ਤੇ ਮੁਰਦਾ ਡਿਗਦਾ, ਲਗੀ ਵਹਿਣ ਲਹੂ ਦੀ ਗੰਗ। ਇਉਂ ਬਾਣਵਜਣ ਵਿਚ ਸੀਨਿਆਂ,ਜਿਉਂ ਉਡਣੇ ਮਾਰਨ ਡੰਗ। ਇਉਂ ਫਿਰਦੇ ਸੂਰੇ ਮਸਤ ਹੋ,ਜਿਉਂ ਚਾਕ ਫਿਰੇ ਵਿਚ ਝੰਗ। ਇਉਂ ਤੇਗ਼ਾਂ ਸਾਨ੍ਹੀ ਚਾਹੜੀਆਂ, ਸੁਕੀਆਂ ਹੀ ਜਾਵਣ ਲੰਘ। ਜਿਉਂ ਆਰਾਂ ਲੱਕੜ ਬਿਆਰ ਦੀ, ਵਢ ਕੁਲ ਮੁਕਾਵ ਕੰਗ। ਇਉਂ ਖਾ ਖਾ ਕੇ ਸਟ ਸਿੰਘ ਦੇ, ਝੜ ਝੜ ਡਿਗਦੇ ਅੜਬੰਗ। ਜਿਉਂ ਨਾਲ ‘ਬਾਹੀ’ ਦੇ ਵਜਕੇ, ਟੁਟ ਪੈਂਦੀ ਕਚ ਦੀ ਵੰਗ। ਬਾਂਹ ਰੁਲਦੀ ਕਿਧਰੇ ਕਿਸੇ ਦੀ, ਸਿਰ ਕਿਧਰੇ, ਕਿਧਰੇ ਟੰਗ। ਲਹੂਆਂ ਤੇ ਲਾ ਲਾ ਤਾਰੀਆਂ, ਭਿਜ ਘੋੜਿਆਂ ਦੇ ਗਏ ਤੰਗ। ਅੰਮ੍ਰਿਤ ਦੇ ਵੇਲੇ ਮਾਣਿਆਂ, ਰਜ ਬੀਰਤਾ ਵਾਲਾ ਰੰਗ।

ਮਿਰਜ਼ੇ ਨੇ ਨੱਸ ਜਾਣਾ

ਸੀ ਰਾਤ ਅੰਧੇਰੀ ਸੀਸ ਤੇ, ਜਦ ਖੜਕੀ ਆ ਤਲਵਾਰ। ਆਪੋ ਵਿਚ ਤੁਰਕਾਂ ਆਪਣੇ; ਲਾਹ ਦਿਤੇ ਖੂਬ ਸਥਾਰ। ਏਧਰ ਪਿਆ ਸ਼ਹੀਦ ਹੋ, ਬਘੇਲ ਸਿੰਘ ਸਰਦਾਰ। ਰਜ ਸਿੰਘਾਂ ਗੁਸਾ ਲਾਹ ਲਿਆ, ਮਿਰਜ਼ੇ ਤੇ ਦੂਜੀ ਵਾਰ। ਦੋ ਵੀਰ, ਭਤੀਜੇ ਦੋ ਜਦੋਂ, ਉਹਦੇ ਘਰ ਦੇ ਮਰ ਗਏ ਚਾਰ। ਉਹ ਪਿਟਿਆ ਵਿਚ ਮੈਦਾਨ ਦੇ, ਉਸ ਵਕਤ ਦੁਹੱਥੜਾਂ ਮਾਰ। ਲਦ ਲੋਥਾਂ ਉਤੇ ਘੋੜਿਆਂ, ਹੋ ਰਣ ਚੋਂ ਗਿਆ ਫਰਾਰ। ਚੜ੍ਹ ਪਿਛੇ ਸਿੰਘਾਂ ਸੂਰਿਆਂ, ਲਾ ਦਿਤੇ ਫੇਰ ਸਥਾਰ। ਮੁੜ ਪਰਤੇ ਪਿਛਾਂਹ ਨੂੰ ਆ ਗਏ, ਕਰ ਮਿਆਨ ਲਈ ਤਲਵਾਰ। ਖੜ ਜ਼ਖਮੀ ਡੇਰੇ ਆਪਣੇ, ਲਾ ਪਟੀਆਂ ਦੇਣ ਸਵਾਰ। ਜੋ ਪਾ ਗਏ ਗੱਜ ਸ਼ਹੀਦੀਆਂ, ਉਹ ਕਰ ਦਿਤੇ ਸਸਕਾਰ। ਕੁਤੇ ਖਾਂਦੇ ਮੁਰਦੇ ਤੁਰਕ ਦੇ, ਕਾਂ, ਇਲਾਂ, ਕਰਨ ਬਹਾਰ।

ਮਿਰਜ਼ੇ ਨੇ ਲਾਹੌਰ ਜਾ ਕੇ ਰੋ
ਦੋਹਿਰਾ-

ਰੋ ਰੋ ਮਿਰਜ਼ਾ ਪਿਟਿਆ, ਜਾ ਸੂਬੇ ਦੇ ਪਾਸ। ਰਾਜ ਤੇਰੇ ਵਿਚ ਹੋ ਗਿਆ, ਮੇਰੇ ਘਰ ਦਾ ਨਾਸ। ਆਹ ਨੇ ਦੋਏ ਭਤੀਜੜੇ, ਆਹ ਨੇ ਦੋਵੇਂ ਵੀਰ। ਡਲਵਾਂ ਵਾਲੇ ਡਾਕੂਆਂ, ਛਡੇ ਫੜ ਕੇ ਚੀਰ। ਦਿਨ ਦੀਵੀਂ ਉਹ ਮਾਰਦੇ ਥਾਂ ਥਾਂ ਡਾਕੇ ਜਾ। ਤਲਕਾ ਸਾਰਾ ਲੁਟ ਕੇ, ਲੀਤਾ ਉਹਨਾਂ ਖਾ। ਘੋੜੀਆਂ ਨਿਕਲ ਨੁਸ਼ੈਰਿਓਂ,ਗਈਆਂ ਉਹਨਾਂ ਕੋਲ। ਗਿਆ ਫੜਨ ਮੈਂ ਉਨ੍ਹਾਂ ਨੂੰ, ਦਿਤਾ ਹੱਲਾ ਬੋਲ। ਘੋੜੀਆਂ ਵਾਲਾ ਚੌਧਰੀ, ਆਹ ਜੇ ਮੇਰੇ ਨਾਲ। ਵੇਖੋ ਇਸਦਾ ਮਾਰ ਮਾਰ, ਕੀਤਾ ਨੇ ਕੀਹ ਹਾਲ। ਤਾਂ ਮੈਂ ਕਰਨੀ ਨੌਕਰੀ, ਹਈ ਮੇਰੀ ਦਰਖਾਸ। ਵੈਰੀ ਜੀਂਦੇ ਪਕੜ ਦੇ, ਚਕੀਂ ਖਾਵਾਂ ਮਾਸ। ਜੇਕਰ ਮਦਦ ਤੁਸਾਂ ਨੇ, ਨਾਂ ਕਰਨੀ ਸਰਕਾਰ। ਐਹ ਲੌ ਪੇਟੀ ਪਕੜ ਲੌ, ਆਹ ਪਈ ਜੇ ਤਲਵਾਰ। ਖਾਨ ਬਹਾਦਰ ਆਖਦਾ, ਨਾ ਰੋ ਮੇਰੇ ਸ਼ੇਰ। ਦੁਸ਼ਮਨ ਤੇਰੇ ਪਕੜਕੇ, ਰੋਟੀ ਖਾਣੀ ਫੇਰ। ਫੌਜਾਂ ਸਭੇ ਸੱਦੀਆਂ, ਸੂਏ ਲਾ ਦਰਬਾਰ। ਰਖੀ ਵਿਚ ਮੈਦਾਨ ਦੇ, ਨੰਗੀ ਕਢ ਕਟਾਰ। ਉਠੇ ਕੋਈ ਸੂਰਮਾ, ਛਾਤੀ ਤੇ ਹਥ ਲਾ। ਤਾਰਾ ਸਿੰਘ ਨੂੰ ਬੰਨਕੇ, ਹਾਜ਼ਰ ਕਰੇ ਲਿਆ। ਹੋਈਆਂ ਅਖਾਂ ਨੀਵੀਆਂ, ਕੋਈ ਨਾ ਬੋਲੇ ਮੂਲ। ਤਾਰਾ ਸਿੰਘ ਦਾ ਨਾਮ ਸੁਣ ਪਿਆ ਕਾਲਜੇ ਸੂਲ। ਫਿਰ ਗੁਸੇ ਵਿਚ ਕੜਕਿਆ, ਸੂਬਾ ਦੂਜੀ ਵਾਰ। ਏਥੇ ਦੁੰਬੇ ਖਾਣ ਲਈ, ਕਠੇ ਹੋਏ ਗ਼ਦਾਰ। ਮੁਗਲਾਂ ਦੇ ਲਈ ਹੋ ਗਏ ਅਜ ਡਰਾਉਣੇ ਜੱਟ। ਤਾਰਾ ਸਿੰਘ ਦਾ ਨਾਮ ਸੁਣ, ਪੈ ਗਈ ਸੀਨੇ ਸੱਟ। ਜੋ ਜਾਵੇ ਮੈਦਾਨ ਚੋਂ ਸੌਂਹ ਖਾਹ, ਚੁਕ ਕਟਾਰ। ਭੇਜਾਂ ਉਸਦੇ ਨਾਲ ਮੈਂ, ਗੱਭਰੂ ਚਾਰ ਹਜ਼ਾਰ। ਮੁਨਸਬ ਦੂਣੇ ਕਰ ਦਿਆਂ, ਦੇਵਾਂ ਨਾਲ ਇਨਾਮ। ਜੇਹੜਾ ਡਾਕੂ ਬੰਨ ਕੇ, ਹਾਜ਼ਰ ਕਰੇ ਤਮਾਮ। (ਡਲਵਾਂ ਵਾਲੇ ਡਾਕੂਆਂ=ਉਸ ਵੇਲੇ ਮੁਗਲ ਆਮ ਤੌਰ ਤੇ ਸਭ ਸਿੰਘਾਂ ਨੂੰ ਡਾਕੂ ਤੇ ਕੁਤੇ ਕੈਂਹਦੇ ਸੀ।)

ਮੋਮਨ ਖਾਂ ਨੇ ਚੜ੍ਹਾਈ ਕਰਨੀ
ਪਉੜੀ-

ਉਠ ‘ਮੋਮਨ ਖਾਂ’ ਨੇ ਆਖਿਆ, ਸੂਬੇ ਮੈਂ ਜਾਵਾਂ। ਲਾ ਕੜੀਆਂ ‘ਮਲਕੁਲ ਮੌਤ’ ਨੂੰ, ਮੈਂ ਬੰਨ ਲਿਆਵਾਂ। ਮੈਂ ਹਾਥੀ ਪਖੇ ਵਾਂਗਰਾਂ, ਫੜ ਕੰਨ ਭੁਵਾਵਾਂ। ਮੈਂ ਤਾਰਾ ਸਿੰਘ ਨੂੰ ਵੱਢ ਕੇ, ਖਾ ਕਚਾ ਜਾਵਾਂ। ਮੈਂ ਪਰਬਤ ਚੀਚੀ ਉਪਰੇ, ਚਾਂਹਵਾਂ ਤਾਂ ਚਾਵਾਂ। ਮੈਂ ਮੋਮਨ ਹਜ਼ਰਤ ਅਲੀ ਦਾ, ਫੜ ਈਨ ਮਨਾਵਾਂ। ਮੇਰੇ ਸਿਰ ਦੇ ਉਤੇ ਕਾਲ ਵੀ, ਨਿਤ ਕਰਦਾ ਛਾਵਾਂ। ਮੈਂ ਧਰਤੀ ਤੋਂ ਸਿਖ ਕੌਮ ਦਾ, ਫੜ ਨਾਮ ਮਟਾਵਾਂ। ਇਉਂ ਲੈ ਸੂਬੇ ਤੋਂ ਆਗਿਆ, ਚੁਕ ਲਈ ਕਟਾਰੀ। ਉਹਨਾਂ ਹਾਥੀ ਘੋੜੇ ਪੀੜਕੇ, ਕਰ ਲਈ ਅਸਵਾਰੀ। ਦਲ ਚੜਿਆ ਚਾਰ ਹਜ਼ਾਰ ਦਾ,ਰਲ ਮਿਲਕੇ ਭਾਰੀ। ਇਉਂ ਅਸਲਾ ਲੈ ਲੈ ਤੁਰ ਪਏ, ਜੋਧੇ ਬਲਕਾਰੀ। ਜਿਉਂ ਰੱਬ ਲੈ ਬਦਲ ਗੜੇ ਦਾ,ਕਰ ਰਿਹਾ ਤਿਆਰੀ। ਲਾ ਚੋਟਾਂ ਤੇ ਨੌਬਤਾਂ, ਚਲ ਪਏ ਕੰਧਾਰੀ। ਉਹ ਜਾਵਣ ਪਿੰਡ ਉਜਾੜਦੇ, ਸਭ ਲੰਘਦੀ ਵਾਰੀ। ਤਕ ਤਕ ਕੇ ਚੜਤਲ ਫੌਜ ਦੀ, ਕੰਬਣ ਨਰ ਨਾਰੀ।

ਤਾਰਾ ਸਿੰਘ ਨੂੰ ਲਾਹੌਰੋਂ ਇਕ ਸਿੰਘ ਨੇ ਖ਼ਬਰ ਦੇਣੀ

ਸੁਣ ਕੁਲ ਤਿਆਰੀ ਫੌਜ ਦੀ, ਇਕ ਸਿੰਘ ਪਿਆਰੇ। ਉਹਨੇ ਹਾਲੇ ਤਾਰਾ ਸਿੰਘ ਨੂੰ, ਜਾ ਦਸੇ ਸਾਰੇ। ਆਏ ਤੈਨੂੰ ਫੜਨ ਲਾਹੌਰ ਤੋਂ, ਚੜਕੇ ਦਲ ਭਾਰੇ। ਤੂੰ ਦੋ ਦਿਨ ਕਢ ਲੈ ਵੀਰਨਾ, ਹੋ ਕਿਤੇ ਕਿਨਾਰੇ। ਉਨ੍ਹਾਂ ਕਸਮਾਂ ਖਾਧੀਆਂ ਤੁਰਦਿਆਂ ਲਾ ਚੋਟ ਨਗਾਰੇ। ਅਸਾਂ ਸਿੰਘ ਮੁਕੌਣੇ ਦੇਸ਼ ਚੋਂ, ਹੁਣ ਲਾ ਲਾ ਚਾਰੇ।

ਜਵਾਬ ਭਾਈ ਤਾਰਾ ਸਿੰਘ ਜੀ

ਕਿਹਾ ਤਾਰਾ ਸਿੰਘ ਨੇ ਵੀਰਨਾਂ, ਮੈਂ ਸਦਕੇ ਤੇਰੇ। ਆ ਖੋਹਲੇ ਦੂਰੋਂ ਭੇਦ ਨੇ, ਜਿਸ ਅਗੇ ਮੇਰੇ। ਡਰ ਇਲਾ ਕੋਲੋਂ ਲਾਂਵਦੇ, ਛਹਿ ਸਦਾ ਬਟੇਰੇ। ਕਦੇ ਭੇਡਾਂ ਵੇਖ ਨਹੀਂ ਕੰਬਦੇ, ਸ਼ੇਰਾਂ ਦੇ ਜੇਰੇ। ਮੈਂ ਕਾਹਨੂੰ ਡਰ ਕੇ ਮੌਤ ਤੋਂ, ਨਸ ਜਾਂ ਪਰੇਰੇ। ਮੈਂ ਹਸ ਹਸ ਕੇ ਮੈਦਾਨ ਵਿਚ, ਹੋਵਾਂਗਾ ਬੇਰੇ। ਜਾਹ ਬਹੁਤਾ ਚਿਰ ਤੰ ਠਹਿਰ ਨਾ, ਸਿੰਘਾਂ ਦੇ ਡੇਰੇ। ਆਪ ਹੀ ਕਿਤੇ 'ਅਨੰਦ' ਨਾਂ, ਆ ਜਾਈਂ ਵਿਚ ਘੇਰੇ।

ਸ਼ਾਹੀ ਫੌਜ ਦਾ ਪੁਜਣਾ
(ਦੁਵੱਯਾ ਛੰਦ)

ਸ਼ਾਹੀ ਦਲ ਨੇ ਡਲਵਾਂ ਨੇੜੇ, ਪੁਜ ਲਗਾਏ ਡੇਰੇ। ਦਿਲ ਵਿਚ ਗੁੰਦਣ ਲਗੇ ਗੋਂਦਾ, ਪਈਏ ਟੁਟ ਸਵੇਰੇ। ਏਧਰ ਚਾਰ ਕੁ ਸੌ ਸੀ ਸਾਰੇ, ਹੋਏ ਸਿੰਘ ਵਿਚਾਰੇ। ਉਧਰ ਲਾਉ ਲਸ਼ਕਰ ਉਤਰੇ, ਬੰਨ ਬੰਨ ਸਾਂਭੇ ਭਾਰੇ। ਸੁਤੇ ਖਾ ਖਾ ਦੁੰਬੇ ਦੇਗਾਂ, ਨਾਲ ਖੁਸ਼ੀ ਦੇ ਗਾਜ਼ੀ। ਕਹਿੰਦੇ ਨਾਲ ਹੀ ਜਿਤ ਮੁੜਾਂਗੇ, ਖਾਲਸਿਆਂ ਦੀ ਬਾਜ਼ੀ। ਪਹਿਰ ਰਾਤ ਰਹਿੰਦੀ ਨੂੰ ਸਿੰਘਾਂ, ਉਠ ਮਾਰਿਆ ਹੱਲਾ। ਸੌ ਸੌ ਉਤੇ ਟੁਟ ਟੁਟ ਕੇ, ਪੈ ਗਿਆ ਕੱਲਾ ਕੱਲਾ। ਸਵਾ ਲੱਖ ਨਾਲ ਸਿੰਘ ਗੁਰਾਂ ਦੇ, ਕਲੇ ਜੰਗ ਮਚਾਂਦੇ। ਅਸੀਂ ਕੀਹ ਹਾਂ ਘਟ ਉਹਨਾਂ ਤੋਂ, ਏਦਾਂ ਸ਼ਰਤਾਂ ਲਾਂਦੇ। ਹੋਸ਼ ਨਾਂ ਫਿਰਨ ਦਿਤੀ ਮੁਗਲਾਂ ਨੂੰ, ਬਿਜਲੀ ਵਾਂਗਰ ਕੜਕੇ। ਇਕ ਦੰਮ ਜੰਗਲ ਦੀ ਅੱਗ ਵਾਂਗੂੰ, ਬੀਰ ਅਕਾਲੀ ਭੜਕੇ। ਉਭੜ ਵਾਹੇ ਸੁਤੇ ਉਠ ਉਠ, ਅਪੋ ਵਿਚ ਹੀ ਖੜਕੇ। ਔਹ ਸਿਖੜਾ, ਔਹ ਸਿਖੜਾ, ਫਿਰਦਾ, ਮਰਨ ਲਗੇ ਲੜ ਲੜਕੇ। ਡੇਰੇ ਵਲ ਚਲਾਵਨ ਗੋਲੀ, ਲਾ ਲਾ ਮੁਗਲ ਨਿਸ਼ਾਨੇ। ਪਰ ਗੋਲੀ ਦੀ ਮਾਰੋਂ ਆਏ, ਨਿਕਲੇ ਅਗੇ ਪਰਵਾਨੇ। ਜੰਗ਼ ਮੈਦਾਨੀ ਸਿੰਘਾਂ ਤਾਂਈ, ਹੱਥ ਕੁਦਰਤੋਂ ਆਵੇ। ਫਿਰ ਕੀ ਤਾਕਤ 'ਧਰਮ ਰਾਜ' ਦੀ, ਮੱਥਾ ਸਾਹਵੇਂ ਲਾਵੇ। ਏਦਾਂ ਕਰ ਮੁਗਲਾਂ ਦੀਆਂ ਲੋਥਾਂ, ਥਾਂ ਥਾਂ ਸਿੰਘਾਂ ਧਰੀਆਂ। ਊਠਾਂ ਦੀਆਂ ਬੋਰੀਆਂ ਜੀਕੁਨ, ਦਾਣੇ ਪਾ ਪਾ ਭਰੀਆਂ। ਆਖਣ ਸੁਤੇ ਪਈ 'ਕਰਬਲਾ', ਗਜ਼ਬ ਹੋ ਗਿਆ ਯਾਰੋ। ਆਟੇ ਵਿਚ ਲੂਣ ਨਹੀਂ ਸਿਖ ਤਾਂ, ਪਕੜ ਜਾਨ ਤੋਂ ਮਾਰੋ। ਏਦਾਂ ਗਭੇ ਵਾਢ ਹੁੰਦਿਆਂ, ਰਾਤ ਗਈ ਦਿਨ ਚੜ੍ਹਿਆ। ਮੁਰਦੇ ਮੁਰਦੇ ਦਿਸਣ ਸਾਰੇ, ਕਿਵੇਂ ਖਾਲਸਾ ਲੜਿਆ। ਬਦਲ ਪੈਂਤੜੇ ਲਏ ਜੁਵਾਨਾ, ਲਾ ਕੇ ਚੋਟ ਨਿਗਾਰੇ। ਭੇੜ ਸੰਡਿਆਂ ਵਾਂਗਰ ਭਿੜਦੇ, ਦੋਵੇਂ ਬਹਾਦਰ ਭਾਰੇ।

ਤਕੀ ਬੇਗ਼ ਤੇ ਜੰਗ ਦਲੇਰ ਨੇ ਤਾਰਾ ਸਿੰਘ ਤੇ ਜਾ ਪੈਣਾ
(ਬਹਿਰ-ਵਾਰ ਚੰਡੀ-ਸਿਰਖੰਡੀ ਛੰਦ)
ਦੋਹਿਰਾ-

'ਤਕੀ ਬੇਗ਼', 'ਦਲੇਰ', ਦੋਵੇਂ ਸੂਰਮੇਂ। ਪੈ ਗਏ ਦਲ ਉਲੇਰ, ਤਾਰਾ ਸਿੰਘ ਤੇ। ਮੜੇ ਸੰਜੋਆਂ ਨਾਲ, ਸਾਰੇ ਜਿਸਮ ਸੀ। ਹਾਥੀਆਂ ਵਾਲੀ, ਚਾਲੀ, ਆਵਣ ਝੂਮਦੇ। ਮਾਰ ਸਿੰਘ ਨੂੰ ਬੋਲ, ਇਉਂ ਲਲਕਾਰਿਆ। ਅਜ ਵਖਾ ਖਾਂ ਘੋਲ,ਦਲ ਦਿਆ ਆਗੂਆ। ਤੇਗਾਂ ਇਉਂ ਲਿਸ਼ਕੰਨ, ਰਣ ਵਿਚ ਲਗੀਆਂ। ਬਿਜਲੀਆਂ ਜਿਉਂ ਚਮਕਣ,ਅੰਦਰ ਘਟਾਂ ਦੇ। ਹੋ ਗਏ ਕੜਕ ਜਵਾਨ, ਆਹਮੋ ਸਾਹਮਣੇ। ਪਲ ਵਿਚ ਮਚੇ ਘਾਨ, ਲਹੂ ਤੇ ਮਿਝ ਦੇ। ਢਾਲਾਂ ਉਤੇ ਵੱਜਨ, ਤੇਗਾਂ ਇਸ ਤਰਾਂ। ਬਦਲ ਜੀਕੁਣ ਗੱਜਨ, ਸਾਵਨ ਮਾਂਹ ਦੇ। ਮਾਰੇ ਇਕ ਕਟਾਰ, ਦੂਜਾ ਰੋਕਦਾ। ਵਾਰੋ ਵਾਰੀ ਵਾਰ, ਸੀ ਇਉਂ ਹੋ ਰਹੇ। ਲਹੂਆਂ ਵਿਚ ਸਰੀਰ, ਰੁਲਦੇ ਇਸ ਤਰਾਂ। ਮਛੀਆਂ ਉਤੇ ਨੀਚ, ਜੀਕੁਰ ਤਰਦੀਆਂ। ਮਾਰੀ ਤੇਗ਼ ਉਲਾਰ, ਮੂੰਹ ਤੇ ਸਿੰਘ ਨੇ। ਛੁਟੀ ਲਹੂ ਦੀ ਧਾਰ, ਡਿਗੀਆਂ ਬੋਟੀਆਂ। ਖਾਕੇ - ਡੂੰਘੀ ਸਟ, ਤਕੀ ਬੇਗ ਫਿਰ। ਗਿਆ ਪਿਛੇ ਹਟ, ਛਡ ਮੈਦਾਨ ਨੂੰ। ਵੇਖਕੇ ਮੋਮਨ ਖਾਨ, ਕਹਿੰਦਾ ਹਲਕੇ। ਕਿਥੋਂ ਖਾਧੇ ਪਾਨ, ਮਿਰਜ਼ਾ ਸਾਹਿਬ ਜੀ। ਮਿਰਜ਼ਾ ਗੁਸਾ ਧਾਰ, ਏਦਾਂ ਆਖਦਾ। ਹੋਕੇ ਸਿਪਾਹ ਸਾਲਾਰ, ਕਰੇਂ ਮਖੋਲ ਤੂੰ। ਤੂੰ ਵੀ ਛੇੜ ਤੁਰੰਗ, ਕਰ ਅਗਾਂਹ ਕੁਝ। ਤਾਰਾ ਸਿੰਘ ਨਿਹੰਗ, ਪਾਨ ਹੈ ਵੰਡਦਾ। ਏਨੀ ਕਹਿਕੇ ਬਸ, ਤਕੀ ਡਿਗ ਪਿਆ। ਗਿਆ ਉਧਰ ਨੂੰ ਨਸ, ਜਿਥੋਂ ਨਾਂ ਮੁੜੇ ਕੋ।

ਮੁਰੀਦ ਖਾਂ ਏਲਚੀ ਦੀ ਮੌਤ
ਦੁਵੱਯਾ ਛੰਦ-

ਤਕੀ ਬੇਗ਼ ਜਦੋਂ ਇੰਜ ਮੋਇਆ, ਢਾਹ ਜਹੀ ਵਜੀ ਸਾਰੇ। ਚੜ ਮੁਰੀਦ ਖਾਂ ਹਾਥੀ ਉਤੇ, ਸਿੰਘ ਨੂੰ ਫੇਰ ਵੰਗਾਰੇ। 'ਠਹਿਰ ਓ ਸਿੰਘਾ' ਜਾਈਂ ਨਾ ਹੁਣ' ਲਾ ਕੇ ਫਟ ਕਰਾਰੇ। ਇੰਜ ਕਹਿ ਰੋਹ ਅੰਦਰ ਫੜ ਨੇਜ਼ਾ, ਤਾਰਾ ਸਿੰਘ ਨੂੰ ਮਾਰੇ। ਦੂਜੇ ਬੰਨਿਓਂ ਭੀਮ ਸਿੰਘ ਨੇ, ਨੇਜ਼ਾ ਜਿਹਾ ਉਠਾਇਆ। ਹਾਥੀਵਾਨ ਨੂੰ ਤਾਰੇ ਵਾਂਗੂੰ, ਥਲੇ ਟੁੰਭ ਲਿਆਇਆ। ਕੰਨੋਂ ਫੜ ਕੇ ਹਾਥੀ ਤਾਈਂ, ਸਟ ਲਿਆ ਫਿਰ ਥਲੇ। ਕਟ ਦਿਤਾ ਸਿਰ ਮਾਰ ਦੁਧਾਰਾ, ਰੋੜ ਲਹੂਆਂ ਦੇ ਚਲੇ। ਕੜਕ ਪਿਆ ਲਖਮੀਰ ਸਿੰਘ ਫਿਰ ਧੂਹ ਚੰਡੀ ਅਣਖੀਲੀ। ਸਿਰ ਏਲਚੀ ਦਾ ਇਉਂ ਲਾਹਿਆ, ਚਲਿਓਂ ਜਿਵੇਂ ਪਤੀਲੀ। ਜਦੋਂ ਮੁਰੀਦਾ ਟੋਟੇ ਹੋਕੇ, ਡਿਗਾ ਧਰਤੀ ਉਤੇ। ਢਾਂਹੀ ਮਾਰ ਮੁਗਲ ਸਭ ਆਂਹਦੇ, ਅਜ ਨਸੀਬੇ ਸੁਤੇ। ਚੜ੍ਹ ਮੋਮਮ ਖਾਂ ਹਾਥੀ ਉਤੇ, ਆਪ ਅਗੇਰੇ ਆਇਆ। ਲਾ ਲਾ ਨਾਹਰੇ ਸਾਰੇ ਦਲ ਤੋਂ, ਹੱਲਾ ਫਿਰ ਕਰਵਾਇਆ। ਜ਼ਿੰਦਗੀ ਵਾਲੇ ਅਜ ਗਾਜ਼ੀਓ, ਦੇਵੋ ਤੋੜ ਯਰਾਨੇ। ਹਾਰ ਗਏ ਜੇ ਚੌਂਹ ਸਿੰਘਾਂ ਤੋਂ, ਲਾਹਨਤ ਵਿਚ ਜ਼ਮਾਨੇ।

ਆਖਰੀ ਹੱਲਾ
(ਤਰਜ਼- ਵਾਰ ਚੰਡੀ ਸਿਰਖੰਡੀ ਛੰਦ)
ਦੋਹਿਰਾ-

ਫਿਰ ਇਉਂ ਗੁਸਾ ਖਾਕੇ, ਦੋਵੇਂ ਦਲ ਜੁਟ ਪਏ। ਹਰਨਾਂ ਉਤੇ ਆ ਕੇ, ਪੈਂਦਾ ਸ਼ੇਰ ਜਿਉਂ। ਵਧ ਤੋਂ ਵਧ ਲੜਾਕੇ, ਸਿਖ ਤੇ ਮੁਗਲ ਵੀ। ਲੜਦੇ ਦੇ ਦੇ ਝਾਕੇ, ਢਾਲਾਂ, ਤੇਗ਼, ਲੈ। ਗੜਾ ਜਿਵੇਂ ਅਕਾਸ਼ੋ, ਡਗੇ ਜਿਸ ਤਰਾਂ। ਡਿਗਨ ਇੰਜ ਜਵਾਨ, ਖਾ ਖਾ ਫਟ ਨੂੰ। ਲਹੂ ਵਿਚ ਧਰਤੀ ਸਾਰੀ ਰੰਗੀ ਇਸ ਤਰਾਂ। ਸਾਲੂ ਰੰਗ ਲਲਾਰੀ, ਪਾਏ ਸੁਕਣੇ। ਮਾਰੋ ਮਾਰ ਅਵਾਜ਼, ਆਵੇ ਇਸ ਤਰਾਂ। ਜਿਉਂ ਪੈ ਅਸਮਾਨੋਂ ਬਾਜ, ਉਤੇ ਪੰਛੀਆਂ। ਤੇਗ਼ਾਂ ਦੇ ਛਨਕਾਰ, ਏਦਾਂ ਵਜਦੀਆਂ। ਘਾੜ ਘੜਨ ਠਠਿਆਰ, ਉਤੇ ਅਹਿਰਨਾਂ। ਲੋਥਾਂ ਨਾਲ ਮੈਦਾਨ, ਸਾਰਾ ਭਰ ਗਿਆ। ਵਾਹ ਹੋਇਆ ਘਮਸਾਨ, ਛਟਾਕੀ ਸ਼ੇਰ ਦਾ। ਵੈਰੀ ਚਾਰ ਹਜ਼ਾਰ, ਆਇਆ ਗੱਜ ਕੇ। ਸਿੰਘ ਸਾਰੇ ਸੌ ਚਾਰ, ਲੜਦੇ ਕਦੋ ਤਕ। ਖਾ ਖਾ ਖੂਨ ਉਬਾਲਾ, ਟੋਟੇ ਹੋਂਵਦਾ। ਤੇਗ਼ਾਂ ਉਤੇ ਢਾਲਾਂ, ਵਜ ਵਜ ਟੁਟੀਆਂ। ਡਿਗੇ ਸਭ ਸਿਰਲੱਥ, ਦੂਣੇ ਮਾਰਕੇ। ਆਇਆ ਇਕ ਨਾਂ ਹੱਥ, ਜੀਊਂਦਾ ਕਿਸੇ ਦੇ। ਲਾਇਆ ਮੁਗਲਾਂ ਤਾਣ ਵਧ ਵਧ ਆਪਣਾ। ਜੀਊਂਦੇ ਪਕੜ ਜਵਾਨ, ਬੰਨ ਲੈ ਚਲੀਏ। (ਪਰ)ਬਚਿਆਂ ਦੀ ਨਹੀਂ ਖੇਲ, ਮੁਕਾਬਲਾ ਸਿੰਘ ਦਾ। ਅੰਦਰ ਸੜਦੇ ਤੇਲ, ਪਾਵੇ ਹਥ ਕੋਈ। ਜਦ ਲਾਕੇ ਛਾਤੀ ਨਾਲ, ਭੋਂ ਪੰਜਾਬ ਦੀ। ਅਣਖੀ ਪਿਉ ਦੇ ਲਾਲ, ਸਾਰੇ ਲੇਟ ਗਏ। ਸਿਰ ਹੋ ਕੇ ਬੇ ਸੰਗ, ਸਾਰੇ ਵਢ ਲੈ। ਨੇਜ਼ਿਆਂ ਉਤੇ ਟੰਗ, ਤੁਰੇ ਲਾਹੌਰ ਨੂੰ। ਆਏ ਹੈਸਨ ਚਾਰ, ਚਲੇ ਤਿੰਨ ਜਣੇ। ਸਿੰਘਾਂ ਇਕ ਹਜ਼ਾਰ, ਨਾਲ ਹੀ ਰਖ ਲਿਆ। ਸਤਰਾਂ ਸੌ ਬਿਆਸੀ, ਸੰਮਤ ਬਿਕਰਮੀ। ਹੋਈ ਮੌਤ ਦੀ ਹਾਸੀ, ਰੁਤ ਬਸੰਤ ਵਿਚ। ਫੁਲ ਨਹੀਂ ਐਵੇਂ ਲਾਲ, ਅਜ ਗੁਲਾਬ ਦਾ। ਨਾਲ ਲਹੂਆਂ ਗਏ ਪਾਲ, ਅਣਖੀ ਏਸਨੂੰ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ