Shaheedi Bhai Sukha Singh Ji : Barkat Singh Anand

ਸ਼ਹੀਦੀ ਭਾਈ ਸੁਖਾ ਸਿੰਘ ਜੀ : ਬਰਕਤ ਸਿੰਘ 'ਅਨੰਦ'ਦੁਵੱਯਾ ਛੰਦ-

ਸ਼ਮਾਂ ਜਗੇ ਤਾਂ ਮਾਰ ਉਡਾਰੀ, ਆ ਜਾਂਦੇ ਪਰਵਾਨੇ। ਸੀਸ ਤਲੀ ਧਰ ਆਸ਼ਕ ਸਚੇ, ਪਾਲਨ ਤੋੜ ਯਰਾਨੇ। ਲੈਲਾ ਮਜਨੂੰ, ਦੇ ਦੁਨੀਆਂ ਤੇ, ਮਸ਼ਾਹੂਰ ਨੇ ਕਿਸੇ। ਪਰ ਏਹਨਾਂ ਵਿਚ ਕੌਮੀ ਜਜ਼ਬਾ, ਮੈਨੂੰ ਕੁਝ ਨਾ ਦਿਸੇ। ਮੁਸਲਮਾਨਾਂ ਮਜ਼ਹਬ ਅਪਣੇ, ਨੂੰ ਪਰਚਾਰਨ ਖਾਤਰ। ਫਰਜ਼ੀ ਵਾਰਾਂ ਹੈਨ ਬਨਾਈਆਂ, ਦਿਲ ਖਲਿਹਾਰਨ ਖਾਤਰ। ਜਿਸਦੇ ਨਾਲ ਮੁਹੱਬਤ ਹੋਵੇ, ਜੇਕਰ ਉਹ ਮਰ ਜਾਵੇ। 'ਧ੍ਰਿਗ ਜੀਵਨ ਸੰਸਾਰ' ਸਜਨ ਦਾ, ਭਠ ਪਵੇ ਜੋ ਖਾਵੇ। ਮੌਜੂ ਕਰਨ ਮੌਤ ਨੂੰ ਆਸ਼ਕ, ਚੜ ਸੂਲੀ ਤੇ ਹੱਸਣ। ਅਗਾਂ ਦੇ ਅੰਗਿਆਰ ਅੱਖਾਂ ਚੋ, ਸਾੜ ਸੁਟਨ ਜਦ ਵੱਸਣ। ਦੁਨੀਆਂ ਦਾਰ ਲਗਾ ਕੇ ਸੇਹਰੇ, ਡੋਲੇ ਘਰੀਂ ਲਿਆਵਣ। ਸਚੇ ਆਸ਼ਕ ਰਬ ਦੇ ਰਾਹ ਤੇ, ਮੌਤ ਮਿਲੇ ਗਲ ਲਾਵਣ। ਬਲੀ 'ਮਹਿਤਾਬ' ਸ਼ਹੀਦ ਹੋਗਿਆ, ਜਾਂ ਸੁਖਾ ਸਿੰਘ ਸੁਣਿਆ। ਕਹਿੰਦਾ 'ਵਾਹ ਸਜਨਵਾਹ' ਕੀਤੀ, ਪਛਤਾਇਆ ਸਿਰ ਧੁਨਿਆ। ਮਸਾ ਮਾਰਨ ਖਾਤਰ ਦੁਹਾਂ, ਮਾਰਿਆ ਰਲ ਕੇ ਹੱਲਾ। ਦਰਜਾ ਅੱਜ ਸ਼ਹਾਦਤ ਵਾਲਾ, ਲੈ ਗਿਉਂ ਚੋਰੀ ਕੱਲਾ। ਮੈਨੂੰ ਵੀ ਪੈਮਾਨੇ ਵਿਚੋਂ, ਦੇ ਜਾਂਦਾ ਘੁਟ ਸਾਕੀ। ਚਿੰਤਾ, ਹਿਜਰ, ਵਿਛੋੜੇ ਅੰਦਰ, ਗੁਜ਼ਰੇ ਉਮਰ ਨਾ ਬਾਕੀ। ਇਉਂ ਵਿਚਾਰ ਕਮਰ ਕੱਸ ਜੋਧੇ, ਜੰਗਲੋਂ ਕੀਤੀ ਧਾਈ। ਭਖੀ ਕਚਹਿਰੀ ਵਿੱਚ ਸੂਬੇ ਨੂੰ, ਆਕੇ ਫਤਹਿ ਬੁਲਾਈ। ਪੀਂਘ ਹਕੂਮਤ ਵਾਲੀ ਜ਼ਾਲਮ, ਬਹੁਤੀ ਤੁਸਾਂ ਚੜਾਈ। ਅੰਨ੍ਹੇ ਹੋਏ ਮਧ ਦੇ ਅੰਦਰ, ਅਦਲ ਕਰੋ ਨਾ ਕਾਈ। ਖੂਨ ਮਸੇ ਦੇ ਕਾਰਨ ਫੜ ਫੜ, ਕਿਉਂ ਬੇਦੋਸ ਖਪਾਵੇਂ। ਅਸਲ ਮਸੇ ਦਾ ਮੈਂ ਹਾਂ ਕਾਤਲ, ਕਰ ਲੈ ਜੀਕੁਣ ਚਾਹਵੇਂ। ਮੈਂ ਹੀ ਲਾਹਿਆ ਸਿਰ ਮਸੇ ਦਾ, ਅਪਣਾ ਭੇਸ ਵਟਾ ਕੇ। ਮੈਂ ਕੰਜਰੀ ਦਾ ਜ਼ੇਵਰ ਲਾਹਿਆ, ਸਿਰ ਉਹਦਾ ਝਟਕਾ ਕੇ। ਮਹਿਤਾਬ ਸਿੰਘ ਤਾਂ ਸੰਤ ਪੁਰਸ਼ ਸੀ, ਖੂਨ ਜਿਦਾ ਤੂੰ ਪੀਤਾ। ਦਿਤੀ ਰੱਬ ਹਕੂਮਤ ਤੈਨੂੰ, ਅਦਲ ਕਰੀਂ ਬਦਨੀਤਾ। ਸਾਡੇ ਧਰਮ ਉਤੇ ਅੱਖ ਗਹਿਰੀ, ਕਰਦਾ ਜੋ ਅਨਿਆਈ। ਹੈ ਸ਼ਕਤੀ ਕਿ ਕੱਢ ਦੇਵੀਏ, ਅੱਖ ਉਸਦੀ ਤਾਂਈ। ਪਾਪੀ ਨੂੰ ਹੀ ਪਾਪ ਉਸਦੇ, ਮਾਰਨ ਫੜ ਕੇ ਜਾਨੋਂ। ਖਟ ਲੈ ਨੇਕੀ ਬਰਕਤ ਸਿੰਘਾ, ਤੂੰ ਕੁਝ ਏਸ ਜਹਾਨੋਂ।

ਸੂਬਾ

ਸੱਪ ਵਾਂਗ ਸੂਬਾ ਵਿਸ ਘੋਲ ਕਹਿੰਦਾ, ⁠ਸੁਤੇ ਸ਼ੇਰ ਨੂੰ ਆਣ ਜਗਾਇਆ ਕਿਉਂ। ਤੈਨੂੰ ਜ਼ਿੰਦਗੀ ਦੀ ਨਹੀਂ ਸੀ ਲੋੜ ਕਾਫਰ, ⁠ਹਥ ਮੂੰਹ ਬਘਿਆੜ ਦੇ ਪਾਇਆ ਕਿਉਂ। ਸੁਕੇ ਦਾਣੇ ਦੇ ਵਾਂਗਰਾਂ ਭੁਜ ਜਾਸੇਂ, ⁠ਬਲਦੀ ਅੱਗ ਤੇ ਪੈਰ ਟਿਕਾਇਆ ਕਿਉਂ। ਅਦਬ ਨਾਲ ਸੀ ਝੁਕ ਸਲਾਮ ਕਰਨੀ, ⁠ਏਥੇ ਫਤਹਿ ਨੂੰ ਆਣ ਬੁਲਾਇਆ ਕਿਉਂ। ⁠ਕਰ ਹੋਸ਼ ਕਿਉਂ ਕੀਮਤੀ ਜਾਨ ਅਪਣੀ, ⁠ਦੁੰਬੇ ਵਾਂਗਰਾਂ ਲਗੋਂ ਗੁਵਾਣ ਸਿੰਘਾ। ⁠ਤੈਨੂੰ ਦਿਆਂ ਨਵਾਬੀਆਂ ਨਾਲ ਡੋਲੇ, ⁠ਕਲਮਾਂ ਪੜ ਹੋ ਜਾ ਮੁਸਲਮਾਨ ਸਿੰਘਾ।

ਜਵਾਬ ਭਾਈ ਸੁਖਾ ਸਿੰਘ ਜੀ

ਸੁਖਾ ਸਿੰਘ ਨਾ ਜਾਨ ਦੀ ਸੁਖ ਮੰਗੇ, ⁠ਮੰਗੇ ਸੁਖ ਏਹ ਸਿਖੀ ਦੀ ਸ਼ਾਨ ਅੰਦਰ। ਸੁਖ ਦਾਤੇ ਨੇ ਸੁਖਾਂ ਦਾ ਬੁਤ ਘੜਿਆ, ⁠ਮੈਂ ਨਹੀਂ ਸਮਝਦਾ ਦੁਖ ਜਹਾਨ ਅੰਦਰ। ਅਰਸ਼ ਡਿਗ ਜ਼ਮੀਨ ਤੇ ਆ ਜਾਵੇ, ⁠ਜਾਵੇ ਉਡ ਜ਼ਮੀਨ ਅਸਮਾਨ ਅੰਦਰ। ਸੁਖਾ ਸਿੰਘ ਪਰ ਸੁਖਾਂ ਦੀ, ਖਾਣ ਸਿਖੀ, ⁠ਛੱਡ ਕੇ ਦਾਖਲ ਨਾ ਹੋਵੇ ਈਮਾਨ ਅੰਦਰ। ⁠ਦੁਨੀਆਂ ਕੂੜੀ ਦੀ ਜੇਕਰਾਂ ਲੋੜ ਹੁੰਦੀ, ⁠ਆਉਂਦਾ ਚਲ ਕਿਉਂ ਆਪ ਲਾਹੌਰ ਅੰਦਰ। ⁠ਮੇਰੀ ਖੱਲ ਦਾ ਇਕ ਦਿਨ ਨਿਸ਼ਾਨ ਪੀਲਾ, ⁠ਝੁਲੂ ਕਾਬਲ, ਕੰਧਾਰ ਪਸ਼ੌਰ ਅੰਦਰ।

ਸੂਬਾ

ਕਲਮੇ ਕਹਿਰ ਦੇ ਇੰਜ ਨਾ ਬੋਲ ਸਿਖਾ, ⁠ਚੜਿਆ ਕਹਿਰ ਤਾਂ ਮਾਰਿਆ ਜਾਏਂਗਾ ਤੂੰ। ਭਰਿਆ ਘੁੁਟ ਜਦ ਜ਼ਹਿਰੀ ਪਿਆਲੜੇ ਦਾ, ⁠ਵੇਖੀਂ ਓਸ ਵੇਲੇ ਪਛੋਤਾਏਂਗਾ ਤੂੰ। ਕਰੇਂ ਦੀਨ ਦੀ ਸ਼ਰਤ ਕਬੂਲ ਜੇਕਰ, ⁠ਕਸਮ ਰਬ ਦੀ ਬੜੇ ਸੁਖ ਪਾਏਂਗਾ ਤੂੰ। ਅਜੇ ਜਗ ਰੰਗੀਲੇ ਦਾ ਡਿਠਾ ਤੂੰ ਕੀਹ, ⁠ਆਊ ਮਜ਼ਾ ਜਦ ਮਜ਼ਾ ਹੰਡਾਏਂਗਾ ਤੂੰ। ਏਦਾਂ ਵੈਰ ਹਕੂਮਤ ਦੇ ਨਾਲ ਪਾਕੇ, ⁠ਜ਼ਿੰਦਾ ਕੌਮ ਕੋਈ ਜਗ ਤੇ ਨਹੀਂ ਰਹਿ ਸਕਦੀ। ਜੋ ਨਾ ਅਸਾਂ ਨੂੰ ਕਰਨ ਅਰਾਮ ਦਵੇ, ⁠ਉਹ ਵੀ ਨਾਲ 'ਅਨੰਦ' ਨਹੀਂ ਬਹਿ ਸਕਦੀ।

ਜਵਾਬ ਭਾਈ ਸੁਖਾ ਸਿੰਘ ਜੀ

ਕੇਹੜਾ ਜੰਮਿਆਂ ਜੋ ਲਵੇ ਮਾਰ ਸਾਨੂੰ, ⁠ਰਾਖਾ ਅਸਾਂ ਦਾ ਸ੍ਰੀ ਅਕਾਲ ਸੂਬੇ। ਚੜੀ ਖੰਡੇ ਦੁਧ ਰੇ ਦੀ ਪਾਣ ਸਾਨੂੰ, ⁠ਤਾਂ ਹੀ ਸਾਨੂੰ ਨਹੀਂ ਖੌਫ ਰੁਵਾਲ ਸੂਬੇ। ਅਸੀਂ ਘੋਲੀਏ ਗੁਰਾਂ ਦੀ ਗਲੀ ਉਤੋਂ, ⁠ਤੇਰੇ ਲਖਾਂ ਬਹਿਸ਼ਤ ਤੇ ਲਾਲ ਸੂਬੇ। ਦੁਖ ਸੁਖ ਦਾ ਸਾਨੂੰ ਨਾ ਲੇਪ ਲਗੇ, ⁠ਹੰਸ ਵਾਂਗ ਸਾਡੀ ਉਜਲ ਚਾਲ ਸੂਬੇ। ਸਾਡੇ ਸਬਰ ਦੀ ਫਤਹਿ ਅਖੀਰ ਹੋਣੀ, ⁠ਤੇਰੇ ਜ਼ਬਰ ਦੀ ਇਕ ਦਿਨ ਹਾਰ ਹੋਸੀ। ਖੇਡਾਂ ਖੇਡ ਜਾਂਗੇ ਸਿਰਾਂ ਧੜਾਂ ਦੀਆਂ, ⁠ਮੇਰਾ ਗਲਾ ਤੇ ਤੇਰੀ ਤਲਵਾਰ ਹੇਸੀ।

ਸੂਬਾ

ਸੂਬਾ ਕਹੇ ਜਲਾਦ ਨੂੰ, ਪਕੜੋ ਐਹ ਬਦਮਾਸ਼। ਚਰਖੀ ਉਤੇ ਚਾਹੜਕੇ, ਤੋੜੋ ਇਸਦੀ ਲਾਸ਼। ਇਸ ਮਸੇ ਨੂੰ ਮਾਰਿਆ, ਡਾਕੂਆਂ ਦਾ ਸਿਰਤਾਜ। ਦਸ ਦਿਉ ਲੈਣਾ ਇਸਨੂੰ, ਦਿਲੀ ਵਾਲਾ ਰਾਜ। ਮੌਤ ਲਿਆਂਦਾ ਇਸਨੂੰ, ਘੇਰ ਅਸਾਡੇ ਕੋਲ। ਮਸਾ ਜੀਕੁਣ ਮਾਰਿਆ, ਮਾਰੋ ਇਸਨੂੰ ਰੋਲ। ਆਂਦਾ ਵਿਚ 'ਨਖਾਸ ਚੌਂਕ', ਫੜਕੇ ਦੁਸ਼ਟ ਜਲਾਦ। ਸਿੰਘਾਂ ਤਾਈਂ ਪੀੜਦੇ, ਜਿਥੇ ਵਾਂਗ ਕਮਾਦ। ਚਰਖੀ ਦੇ ਕੋਲ ਸਿੰਘ ਨੇ, ਕੀਤੀ ਇੰਜ ਅਰਦਾਸ। ਕਲਗੀ ਵਾਲੇ ਪਾਤਸ਼ਾਹ, ਕਰ ਦੇਵੀਂ ਅਜ ਪਾਸ। ਚਰਖੀ ਉਤੇ ਪਰਖ ਅਜ, ਲਗੀ ਮੇਰੀ ਹੋਣ। ਤੂੰ ਮੈਨੂੰ ਬਲ ਬਖਸ਼ਿਆ, ਸਿਖਿਆ ਬਹਿਣ ਖਲੋਣ। ਤੇਰੇ ਘਰ ਸਭ ਬਰਕਤਾਂ, ਭਰੇ ਬੇਅੰਤ ਭੰਡਾਰ। ਤੂੰ ਹੀ ਕਿਸ਼ਤੀ ਡੋਲਦੀ, ਲਾਵਣ ਵਾਲਾ ਪਾਰ। ਤੂੰ ਚਾਹਵੇਂ ਤਾਂ ਕਰ ਦਵੇਂ, ਠੂਠੇ ਨੂੰ ਦਰਿਆ। ਕੀੜੀ ਕੋਲੋਂ ਫੀਲ ਨੂੰ ਚਾਹਵੇਂ ਦੈਂ ਮਰਵਾ। ਮੇਰੀ ਜਿਤ ਤੇ ਹਾਰ ਦੀ, ਤੈਨੂੰ ਹੀ ਹੈ ਲਾਜ। ਪਾਰ ਲੰਘਾਵੇਂ ਸਾਗਰੋਂ, ਤੇਰਾ ਨਾਮ ਜਹਾਜ। ਪਥਰ ਪਾਣੀ ਤੇ ਤਰੇ, ਤੈਨੂੰ ਹੋਏ ਪਰਵਾਨ। ਬਲ ਜੁਗਨੂੰ ਨੂੰ ਜੇ ਦਵੇਂ, ਤੋੜ ਲਿਆਵੇ ਭਾਨ। ਜੇ ਮਛਰ ਨੂੰ ਤਾਕਤਾਂ, ਦੇ ਦੇਵੇਂ ਇਕ ਵੇਰ। ਕਿਨਕਾ ਕਿਨਕਾ ਚਾ ਕਰੇ, ਟਕਰ ਮਾਰ ਸੁਮੇਰ। ਸਾਥੀ ਮੇਰਾ ਅਜ ਜੇ, ਮੈਨੂੰ ਦਏਂ ਮਿਲਾ। ਝਖੜਾਂ ਸੌਦਾ ਮਿਲ ਗਿਆ, ਮੈਨੂੰ ਸਸਤੇ ਭਾ। ਏਦਾਂ ਸਿੰਘ ਅਰਦਾਸ ਕਰ, ਦਿਤਾ ਸੀਸ ਨਿਵਾ। ਚਰਖੀ ਦੁਸ਼ਟ ਜਲਾਦ ਨੇ, ਦਿਤੀ ਖੂਬ ਘੁਕਾ। ਪੇਂਜਾ ਰੂੰ ਰੂੰ ਜਿਸ ਤਰਾਂ, ਪਿੰਜੇ ੜਾੜੇ ਨਾਲ। ਏਦਾਂ ਕਟ ਕਟ ਬੋਟੀਆਂ, ਕੀਤਾ ਸ਼ੇਰ ਹਲਾਲ। ਦਿਲ ਨੂੰ ਥੰਮਕੇ ਸੂਰਮਾਂ, ਬੈਠਾ ਵਾਂਗ ਸੁਮੇਰ। ਵਢ ਵਢ ਜੁਸਾ ਖੰਜਰਾਂ, ਕੀਤਾ ਸਿੰਘ ਨੂੰ ਢੇਰ। ਸਿਦਕ ਨਿਭਾਹਿਆ ਸਿੰਘ ਦਾ,ਕਲਗੀਧਰ ਮਹਾਰਾਜ। ਅੰਤ ਬਹਾਦਰ ਸਿੰਘ ਦੇ, ਮੁਖ ਤੋਂ ਨਿਕਲੀ ਵਾਜ। 'ਜਿਨੀ ਨਾਮੁ ਧਿਆਇਆ, ਗਏ ਮਸੱਕਤ ਘਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ।' ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ