Shaheedi Bhai Subeg Singh Ji Te Bhai Shahbaz Singh Ji : Barkat Singh Anand

ਸ਼ਹੀਦੀ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ : ਬਰਕਤ ਸਿੰਘ 'ਅਨੰਦ'



ਦੁਵੱਯਾ ਛੰਦ-

ਖਾਨ ਬਹਾਦਰ ਚੰਦਰਾ ਹੈਸੀ, ਜਦ ਦੁਨੀਆਂ ਤੋਂ ਮੋਇਆ। ਉਸਦੇ ਪਿਛੋਂ ਤਖਤ ਦਾ ਵਾਰਸ, ਪੁਤਰ ਉਸਦਾ ਹੋਇਆ। ਸਪਾਂ ਦੇ ਪੁਤ ਸਪ ਹੀ ਹੁੰਦੇ, ਕਹਿੰਦੇ ਸਚ ਸਿਆਣੇ। ਜੰਮਦੀ ਸੂਲ ਵੇਖਦੇ ਦੁਨੀਆਂ, ਸਾਰੀ ਚਾਲ ਪਛਾਣੇ। 'ਬਿਜੈ ਖਾਨ' ਸੀ ਨਾਮ ਓਸਦਾ, ਪਿਉ ਨਾਲੋਂ ਹਤਿਆਰਾ। ਪਿਉ ਦੇ ਪਾੜੇ ਪੁਟਨ ਲੱਗਾ, ਫੜ ਉਲਟਾ ਵਰਤਾਰਾ। ਕਹਿੰਦੇ ਹਨ ਕਿ ਕੁਲ ਦੁਨੀਆਂ ਦਾ, ਪਾਪ ਉਹਨੇ ਚੁਕ ਲੀਤਾ। ਜਿਸਨੇ ਨਾਲ ਅਪਣੇ ਮਿਤਰਾਂ, ਦੁਗ਼ਾ ਧਰੋਹ ਹੈ ਕੀਤਾ। 'ਜੰਬਰਾਂ' ਦੇ ਸੁਬੇਗ ਸਿੰਘ ਨੂੰ, ਸੂਬੇ ਮਿਤਰ ਬਣਾਇਆ। ਸ਼ਹਿਰ ਸਾਰੇ ਦਾ ਕੋਤਵਾਲ ਸੀ, ਉਸਦੇ ਤਾਈਂ ਲਗਾਇਆ। ਅਕਲ, ਹੁਨਰ ਤੇ ਇਲਮ ਦੇ ਅੰਦਰ, ਚਾਤਰ ਬੜਾ ਪਿਆਰੇ। 'ਸਿਖਾਂ' ਤੇ ਤੁਰਕਾਂ ਦ ਝਗੜੇ, ਕਈ ਨਜਿੱਠੇ ਭਾਰੇ। ਖਾਨ ਬਹਾਦਰ ਤਾਈਂ ਪੈਂਦਾ, ਸੀ ਜਦ ਕੰਮ ਆ ਭਾਰਾ। ਲਵੇ ਸਲਾਹ ਸਬੇਗ ਸਿੰਘ ਦੀ, ਹੋ ਜਾਵੇ ਸੁਖਿਆਰਾ। ਜਦ ਤੋਂ ਵਿਚ ਲਾਹੌਰ ਏਹ ਲੱਗਾ, ਕੋਤਵਾਲ ਸੀ ਪਿਆਰੇ। ਸੁਖ ਤੇ ਅਜ਼ਾਦੀ ਵਿਚ ਵਸਦੇ, ਸ਼ਹਿਰ ਦੇ ਲੋਕੀ ਭਾਰੇ। ਸ਼ਾਹਬਾਜ਼ ਸਿੰਘ ਪੁਤਰ ਇਸਦਾ, ਆਯੂ ਸਾਲ ਅਠਾਰਾਂ। ਵਿਚ ਸਕੂਲ ਦੇ ਬਹਿਸ ਪਿਆ ਉਹ, ਕਾਜ਼ੀ ਸੰਗ ਇਕਵਾਰਾਂ। ਹਾਰ ਗਿਆ ਉਸਤਾਦ ਉਸਤੋਂ, ਜਿਤ ਗਿਆ ਸਿੰਘ ਬਾਜ਼ੀ। ਬਿਜੈ ਖਾਨ ਦੇ ਕੋਲ ਆਣਕੇ, ਪਿਟ ਪਿਟ ਰੋਇਆ ਕਾਜ਼ੀ। ਪਿਉ ਤੇਰੇ ਨੇ ਸੱਪ ਪਾਲ ਕੇ, ਵਦਤੀ ਮਾੜੀ ਨੀਤੀ। ਉਸਦੇ ਪੁਤਰ ਨੇ ਅਜ ਮੇਰੀ, ਬੜੀ ਬੇਇਜ਼ਤੀ ਕੀਤੀ। ਯਾਂ ਤੇ ਪਿਉ ਪੁਤਰਾਂ ਨੂੰ ਫੜ ਕੇ, ਕਰ ਤੂੰ ਕਤਲ ਖਲੀਫਾ। ਨਹੀਂ ਤਾਂ ਮੈਂ ਹਾਂ ਘਰ ਨੂੰ ਜਾਂਦਾ, ਆਹ ਲੈ ਫੜ ਅਸਤੀਫਾ। ਧੀਰਜ ਦੇਕੇ 'ਬਿਜੈ ਖਾਨ' ਨੇ, ਉਸਨੂੰ ਚੁਪ ਕਰਾਇਆ। ਕਲ ਤੀਕਰ 'ਅਨੰਦ' ਵੇਖ ਲਈਂ, ਵਿਚ ਜੇਹਲ ਦੇ ਪਾਇਆ। ਤੈਥੋਂ ਈ ਲਗਵਾਕੇ ਫਤਵਾ, ਦੁਹਾਂ ਨੂੰ ਮਰਵਾਵਾਂ। ਬਾਪ ਮੇਰੇ ਜੋ ਗ਼ਲਤੀ ਕੀਤੀ, ਉਹ ਮੈਂ ਕਢ ਵਿਖਾਵਾਂ। ਘਰ ਮੁਗ਼ਲਾਂ ਦੇ ਵੱਸਣ ਕਾਫਰ, ਲੁਟਣ ਐਸ਼ ਬਹਾਰਾਂ। ਏਹ ਹੈ 'ਧਬਾ' ਨਾਂ ਸਾਡੇ ਨੂੰ, ਮੈਂ ਨਾਂ ਕਦੇ ਸਹਾਰਾਂ।

ਦੋਹਾਂ ਨੂੰ ਕੈਦ ਕਰ ਲੈਣਾ

ਸੂਲਾਂ ਉਤੇ ਦੁਸ਼ਟ ਨੂੰ, ਲੰਘੀ ਸਾਰੀ ਰਾਤ। ਕੀਤਾ ਸ਼ੁਕਰ ਅਲਾਹ ਦਾ, ਹੋਈ ਜਾਂ ਪਰਭਾਤ। ਅਹਿਦੀਆਂ ਤਾਈਂ ਆਖਦਾ, ਸੂਬਾ ਇੰਜ ਪੁਕਾਰ। 'ਸੁਬੇਗ ਸਿੰਘ' 'ਸ਼ਾਹਬਾਜ਼' ਨੂੰ, ਬੰਨੋ ਕੜੀਆਂ ਮਾਰ। ਉਠ ਸਿਪਾਹੀ ਤੁਰ ਪਏ, ਹੁਕਮ ਹਜ਼ੂਰੋਂ ਪਾ। ਘਰ ਬੈਠਿਆਂ ਦੁਹਾਂ ਨੂੰ ਕੜੀਆਂ ਲਈਆਂ ਲਾ। ਅਖਾਂ ਉਤੇ ਜਿਨ੍ਹਾਂ ਨੂੰ, ਚੁਕਣ ਮੁਸਲਮਾਨ। ਅਜ ਕੜੀਆਂ ਲਗੀਆਂ ਵੇਖਕੇ, ਹੋਏ ਕੁਝ ਹੈਰਾਨ। ਬੱਚਾ ਤੂੰ ਜੋ ਝਗੜਿਉਂ, ਕਲ ਕਾਜ਼ੀ ਦੇ ਨਾਲ। ਸਾਡੇ ਉਤੇ ਸੁਟਿਆ, ਉਸਨੇ ਇੰਜ ਉਬਾਲ। ਹਛਾ, ਜੋ ਹੈ ਪੰਥ ਤੇ, ਸੁਟੀ ਰਬ ਬਲਾ। ਸਾਨੂੰ ਵੀ ਤਾਂ ਲਗਣੀ, ਇਕ ਦਿਨ ਸੀ ਉਹ ਵਾ। ਕੈਦੀ ਨਾਲ ਜਾਂ ਅਹਿਦੀਆਂ, ਨਿਕਲੇ ਵਿਚ ਬਜ਼ਾਰ। ਪਾਂਦੇ ਹਿੰਦੂ ਮੁਸਲਮਾਨ, ਸੂਬੇ ਨੂੰ ਫਿਟਕਾਰ। ਜ਼ਾਲਮ ਨੇ ਫੜ ਇਹਨਾਂ ਨੂੰ, ਕੀਤਾ ਬੜਾ ਹਨੇਰ। ਮੂੰਹ ਤੇਗ਼ ਦੇ ਸ਼ਹਿਰ ਨੂੰ, ਪਾਣਾ ਸਿੰਘਾ ਫੇਰ। ਸੂਬੇ ਕੀਤਾ ਭਲਾ ਸੀ, ਇਸ ਨੂੰ ਯਾਰ ਬਣਾ। ਅਗ ਵਿਚੋਂ ਲਾਹੌਰ ਨੂੰ, ਰਖਿਆ ਸਦਾ ਬਚਾ। ਪਿਉ ਦੇ ਪਿਛੋਂ ਉਠਿਆ, ਐਸਾ ਪੁਤ ਸ਼ੈਤਾਨ। ਮਿਤਰ ਆਪਣੇ ਬਾਪ ਦੇ, ਲਗਾ ਚਰਖ ਚੜਾਨ। ਬਝੇ ਏਦਾਂ ਪਿਤਾ ਪੁਤ, ਪੁਜੇ ਵਿਚ ਦਰਬਾਰ। ਅਗੇ ਵਾਂਗੂੰ ਕਿਸੇ ਨਾ, ਤਾ ਉਠ ਸਤਕਾਰ। ਕੀਤੀ ਕਿਸੇ ਸਲਾਮ ਨਾ, ਨਾ ਕਿਸੇ ਦਿਤਾ ਮਾਣ। ਨਾਂ ਕਿਸੇ ਕਿਹਾ ਬੈਠੀਏ, ਆਈਏ ਅਹਿਲ ਦੀਵਾਨ। ਤਾੜ ਗਏ ਸਭ ਪਲਾਂ ਵਿਚ, ਤਕ ਏਦਾਂ ਦਾ ਸੀਨ। ਮੌਤ ਵਜਾਕੇ ਆ ਗਈ, ਹੈ ਅਜ ਮਾਰੂ ਬੀਨ। ਨਾ ਉਹ ਲਾਲੀ ਖ਼ਾਨ ਦੀ, ਨਾ ਉਹ ਮਧੁਰ ਜ਼ਬਾਨ। ਰਹੇ ਖਲੋਤੇ ਚਿਰਾਂ ਤਕ, ਪਿਉ ਪੁਤ ਏਦਾਂ ਆਨ।

ਕਹਿਣਾ ਸੂਬੇ ਦਾ
ਬੈਂਤ-

ਸੂਬਾ ਆਖਦਾ ਸੁਣੀ ਸੁਬੇਗ ਸਿੰਘਾ, ਮੇਰੀ ਗਲ ਨੂੰ ਕੰਨ ਲਗਾਇਕੇ ਤੂੰ। ਚਿਰਾਂ ਉਤੋਂ ਸਰਦਾਰੀਆਂ ਮਾਣ ਰਿਹਾ, ਸਾਡੇ ਰਾਜ ਦਰਬਾਰ ਵਿਚ ਆਇਕੇ ਤੂੰ। ਇਲਮ, ਹੁਨਰ, ਲਿਆਕਤਾਂ ਸਿਖੀਆਂ ਨੇ, ਮੁਗ਼ਲ ਪਾਤਸ਼ਾਹ ਦਾ ਨਮਕ ਖਾਇਕੇ ਤੂੰ। ਸਾਡੇ ਬਾਪ ਦੀ ਅਖ ਵਿਚ ਰੜਕਿਆ ਨਾ, ਰਿਹਾ ਫੁਲਾਂ ਦੀ ਸ਼ਾਨ ਬਣਾਇਕੇ ਤੂੰ। ਸਪਾਂ ਤਾਈਂ ਸਪਾਧੇ ਜਿਉਂ ਪਾਲਦੇ ਨੇ, ਰਖਿਆ ਤੁਸਾਂ ਨੂੰ ਇਸ ਤਰ੍ਹਾਂ ਪਾਲ ਬੇਲੀ। ਕਲਮਾਂ ਨਬੀ ਦਾ ਪੜ੍ਹ ਸੁਬੇਗ ਸਿੰਘਾ, ਹੁਣ ਨਹੀਂ ਚਲਣੀ ਏਥੇ ਉਹ ਚਾਲ ਬੇਲੀ।

ਜਵਾਬ ਭਾਈ ਸੁਬੇਗ ਸਿੰਘ ਜੀ

ਨੀਤੀ ਹੋਰ ਏ ਤੇ ਮਜ਼ਹਬ ਕੁਝ ਹੋਰ ਗਲ ਏ, ਧਰਮ ਖੋਹਨਾਂ ਏਂ ਪਿਤਾ ਦੇ ਪਿਆਰ ਬਦਲੇ। ਬੈਠੋਂ ਤਖਤ ਕਿ ਤਖਤੇ ਤੇ ਪੈਣ ਲਗੋਂ, ਕੁਲ ਦਰਬਾਰ ਦੇ ਕਾਰੋ ਵਿਹਾਰ ਬਦਲੇ। ਮੈਂ ਨਹੀਂ ਕਤਲ ਇਖਲਾਕ ਦਾ ਕਰਸਕਦਾ, ਚੌਂਹ ਦਿਨਾਂ ਦੇ ਝੂਠੇ ਸੰਸਾਰ ਬਦਲੇ। ਸੂਰਜ ਲਹਿੰਦਿਓਂ ਪਰਤਕੇ ਚੜ੍ਹੇ ਜੇਕਰ, ਰਾਵੀ ਪਰਬਤ ਨੂੰ ਭਾਵੇਂ ਮੁਹਾਰ ਬਦਲੇ। ਬਦਲ ਜਾਣ ਜ਼ਮਾਨੇ ਦੇ ਤੌਰ ਸਾਰੇ, ਭਾਵੇਂ ਰਬ ਵੀ ਆਪਣੀ ਕਾਰ ਬਦਲੇ। ਪਰ 'ਅਨੰਦ' ਏਹ ਕਦੇ ਨਹੀਂ ਹੋ ਸਕਦਾ, ਸਿੰਘ ਗੁਰੂ ਦਾ ਆਪਣਾ ਆਚਾਰ ਬਦਲੇ।

ਸੂਬਾ

ਮੈਨੂੰ ਮਾਣ ਸੀ ਬੜਾ ਸੁਬੇਗ ਸਿੰਘਾ, ਤੁਸੀਂ ਹਠ ਏਨਾ ਵਡਾ ਕਰੋਗੇ ਨਹੀਂ। ਸੋਹਲ 'ਫੁਲ' ਹੋ ਤੁਸੀਂ ਗੁਲਾਬ ਵਰਗੇ, ਕਦੇ ਮਾਰ ਡਾਂਗਾਂ ਵਾਲੀ ਜਰੋਗੇ ਨਹੀਂ। ਹੈਸੀ ਮਾਣ ਕਿ ਕੀਮਤੀ ਮੋਤੀਆਂ ਨੂੰ, ਕਦੇ ਪਥਰਾਂ ਦੇ ਰਹਿਮ ਤੇ ਧਰੋਗੇ ਨਹੀਂ। ਸਮਝਦਾਰ ਹੋ ਜਾਨ ਬਚਾ ਲਉਗੇ, ਮੌਤ ਕੁਤਿਆ' ਦੀ ਕਦੇ ਮਰੋਗੇ ਨਹੀਂ। ਕਲਮਾਂ ਪੜ੍ਹੋ ਔਹੁਦੇ ਜੇਹੜੇ ਕਹੋ ਦੇਵਾਂ, ਡੋਲੇ ਲਵੋ ਨਾਲੇ ਬੇਗ਼ਮ ਜ਼ਾਦੀਆਂ ਦੇ। 'ਭਠ ਪਵੇ ਸੋਨਾ ਜੇਹੜਾ ਕੰਨ ਤੋੜੇ', ਸਿਖੀ ਸੁਖ ਨਹੀਂ ਪਰਬਤ ਬਰਬਾਦੀਆਂ ਦੇ।

ਜਵਾਬ ਭਾਈ ਸੁਬੇਗ ਸਿੰਘ ਜੀ

ਪੁਤਰ ਅਸੀ ਵੀ ਸੂਬਿਆ ਸਿੰਘ ਦੇ ਹਾਂ, ਪੈਂਦ ਸਾਨੂੰ ਵੀ ਖੰਡੇ ਦੀ ਚੜ੍ਹੀ ਹੋਈ ਏ, ਜੰਮਿਆਂ ਸਾਨੂੰ ਵੀ ਸਿੰਘ ਸੁਆਣੀਆਂ ਨੇ। ਪੈਂਦ ਸਾਨੂੰ ਵੀ ਖੰਡੇ ਦੀ ਚੜ੍ਹੀ ਹੋਈ ਏ, ਛਾਵਾਂ ਤੀਰਾਂ ਤਲਵਾਰਾਂ ਦੀਆਂ ਮਾਣੀਆਂ ਨੇ। ਹਸ ਹਸ ਪੀਤੇ ਨੇ ਜਾਮ ਸ਼ਹਾਦਤਾਂ ਦੇ, ਸਾਥੋਂ ਵਡਿਆਂ, ਛੋਟਿਆਂ ਹਾਣੀਆਂ ਨੇ। ਫਿਰ ਏਹ ਆ ਗਿਆ ਤੈਨੂੰ ਖਿਆਲ ਕਿਥੋਂ, ਇਹ ਮਾਲੂਕ ਜਿੰਦਾਂ ਡੋਲ ਜਾਣੀਆਂ ਨੇ। ਸਬਜ਼ ਬਾਗ ਦੇ ਸਾਨੂੰ ਭਰਮਾ ਨਾਹੀਂ, 'ਵਸਣਾ' ਸਿਖਿਆ ਅਸਾਂ ਉਜਾੜਿਆਂ ਚੋਂ। 'ਸਿਖੀ' 'ਸਿਖੀ' ਦੀ ਵਾਜ 'ਅਨੰਦ' ਔਸੀ, ਸਾਡੀ ਮੜੀ ਦੇ ਉਡਦੇ ਚੰਗਿਆੜਿਆਂ ਚੋਂ।

ਜਲਾਦਾਂ ਨੂੰ ਹੁਕਮ ਦੇਣਾ

ਉਸੇ ਵਕਤ ਜਲਾਦਾਂ ਨੂੰ ਹੁਕਮ ਦਿਤਾ, ਪਕੜ ਲਵੋ ਏਹ ਕੁਫ਼ਰ ਦੀ ਜੜ੍ਹ ਦੋਵੇਂ। ਲੁਟਦੇ ਰਹੇ ਏ ਸ਼ਾਹੀ ਖਜ਼ਾਨਿਆਂ ਨੂੰ, ਮੇਰੇ ਪਿਤਾ ਦੇ ਦਿਲ ਤੇ ਚੜ੍ਹ ਦੋਵੇਂ। ਲੇਫੜ ਰੂੰਈਂ ਦੇ ਵਾਂਗਰਾਂ ਚਰਖੜੀ ਤੇ, ਪਿੰਜ ਪਿੰਜ ਕੇ ਕਰ ਦਿਓ ਧੜ ਦੋਵੇਂ। ਆਉਣਾ ਲੈ 'ਅਨੰਦ' ਦਰਬਾਰ ਅੰਦਰ, ਕਲਮਾਂ ਨਬੀ ਦਾ ਲੈਣ ਜੋ ਪੜ੍ਹ ਦੋਵੇਂ। ਅਰਸ਼ ਫਰਸ਼ ਦੇ ਪੜੰਗਨੇ ਪਾੜਦੇ ਨੇ, ਮਾਰਨ ਵਡਿਆਂ ਤੋਂ ਵਡੀ ਤੜ ਦੋਵੇਂ। ਮੈਂ ਹਾਂ ਸਿਰ ਦੀਆਂ ਬਬਰੀਆਂ ਭੰਨ ਥਕਾ, ਪੜ੍ਹੇ ਲਿਖੇ ਨੇ ਨਹੀਂ ਕੋਈ ਅਨਪੜ੍ਹ ਦੋਵੇਂ।

ਸ਼ਹਿਰ ਦੇ ਲੋਕਾਂ ਦੀ ਦੁਹਾਈ

ਕਈ ਹਜ਼ਾਰਾਂ ਸ਼ਹਿਰ ਦੇ, ਹਿੰਦੂ ਮੁਸਲਿਮ ਆਨ। ਬਿਜੈ ਖਾਨ ਚੰਡਾਲ ਨੂੰ, ਰੋ ਲਗੇ ਸਮਝਾਨ। ਤੈਨੂੰ ਦੇਵੇ ਨੇਕੀਆਂ, ਅਲਾ ਪਾਕ ਰਸੂਲ। ਐਸੇ ਚੰਗੇ ਸੁਲਾਹ ਕੁਲ, ਪੁਰਸ਼ ਨਾ ਮਾਰੀਂ ਮੂਲ। ਜੇ ਇਹਨਾਂ ਨੂੰ ਸੂਬਿਆ, ਅਜ ਤੂੰ ਦਿਤਾ ਮਾਰ। ਸਿੰਘਾਂ ਬੰਦ ਲਾਹੌਰ ਦਾ, ਦੰਮ ਕਰਨਾ ਇਕ ਵਾਰ। ਏਹ ਨੇ ਸਾਂਝੇ ਆਦਮੀ, ਦੁਹਾਂ ਧਿਰਾਂ ਵਿਚਕਾਰ। ਏਹਨਾਂ ਮਸਲੇ ਰਾਜਸੀ, ਹਲ ਕੀਤੇ ਕਈ ਵਾਰ। ਏਹਨਾਂ ਪਿਛੇ ਵਸਦਾ, ਸੁਖਾਂ ਨਾਲ ਲਾਹੌਰ। ਜਿਸ ਕੰਮ ਨੂੰ ਫੜ ਲੈਣ ਏਹ, ਜਾਂਦਾ ਈ ਉਹ ਸੌਰ। ਮਰਜ਼ੀ ਤੇਰੀ ਆਪਣੀ, ਰਖ ਜਾਂ ਨਾ ਰਖ ਪਾਸ। ਜਾਨੋਂ ਛਡਦੇ ਇਹਨਾਂ ਨੂੰ, ਏਹ ਸਾਡੀ ਦਰਖਾਸ। ਜਦ ਸਿੰਘਾਂ ਨੇ ਸੁਣ ਲਿਆ, ਉਠਣਾ ਬੜਾ ਫਤੂਰ। ਹਾੜੇ ਰਬ ਦੇ ਸੂਬਿਆ, ਕਰ ਦੋ ਮਾਫ ਕਸੂਰ।

ਸੂਬਾ

ਮੇਰੇ ਕੰਮ ਵਿਚ ਦਖਲ ਨਾ, ਦੇਵੋ ਸ਼ਹਿਰੀ ਲੋਕ। ਸਿੰਘਾਂ ਦੇ ਤੁਫਾਨ ਨੂੰ, ਮੈਂ ਸਕਦਾ ਹਾਂ ਰੋਕ। ਆਵਨ ਚੜ੍ਹ ਲਾਹੌਰ ਤੇ, ਕੀਹ ਸਿੰਘਾਂ ਦੀ ਤੱਕ। ਸੂਰਜ ਚੜ੍ਹਦਿਓਂ ਚੜ੍ਹਨ ਥੀ, ਮੈਂ ਸਕਦਾ ਹਾਂ ਡੱਕ। ਸ਼ਾਹੀ ਖਜ਼ਾਨੇ ਇਹਨਾਂ ਨੇ, ਖਾਧੇ ਸਾਡੇ ਲੁਟ। ਰਾਕਸ਼ ਮੇਰੀ ਕੈਦ ਚੋਂ, ਹੁਣ ਨਹੀਂ ਸਕਦੇ ਛੁਟ। ਲੂਣ ਅਸਾਡਾ ਖਾਇਕੇ, ਕੀਤਾ ਇਹਨਾਂ ਹਰਾਮ। ਬਹਿਸ ਕਰਨ ਉਸਤਾਦ ਨਾਲ, ਕਰ ਕਰ ਗਲਾਂ ਖਾਮ। ਜੇ ਆਵਣ ਵਿਚ ਦੀਨ ਦੇ, ਤੁਸੀਂ ਕੀ ਲੌ ਸਮਝਾ। ਕਰਾਂ ਰਿਹਾਈ ਏਹਨਾਂ ਦੀ, ਮੁਨਸਬ ਦਿਆਂ ਵਧਾ। ਕਲਮੇ ਬਾਜੋਂ ਨਹੀਂ ਕੋ, ਦੁਜਾ ਹੋਰ ਉਪਾ। ਕਾਫਰ ਰਖੇ ਘਰ ਤੁਸਾਂ, ਤਾਹਨ ਕਰਨ ਉਲਮਾ। ਮਰਨ ਨਾ ਐਸੇ ਆਦਮੀ, ਚਾਹਵਾਂ ਕਸਮ ਖੁਦਾ। ਪਰ ਇਹ ਰਹੇ ਨੇ ਆਪਣੀ, ਆਪੇ ਮੌਤ ਬੁਲਾ। ਮੈਂ ਤਾਂ ਆਪਣੀ ਇਹਨਾਂ ਨਾਲ, ਲਾ ਬੈਠਾ ਹਾਂ ਵਾਹ। ਮੰਨੀ ਮੇਰੀ ਇਕ ਵੀ, ਇਹਨਾਂ ਨਹੀਂ ਸਲਾਹ। ਮੈਂ ਲਖਾਂ ਈ ਇਹਨਾਂ ਨੂੰ, ਬੈਠਾਂ ਮਨ ਮਨੌਤ। ਹਥ ਇਹਨਾਂ ਦੇ ਆਪਣੇ, ਹੈ ਜ਼ਿੰਦਗੀ ਤੇ ਮੌਤ। ਮਾਨੇਂ ਬਾਤੋਂ ਸੇ ਨਹੀਂ, ਯੇ ਲਾਤੋਂ ਕੇ ਭੂਤ। ਜਾਉ ਤੁਮ 'ਅਨੰਦ' ਸਭ, ਅਭੀ ਹੋਏਂਗੇ ਸੂਤ।

ਚਰਖੀ ਤੇ ਪਿੰਜਣਾਂ
ਤਰਜ਼-ਮਿਰਜ਼ਾ

ਫੜ ਦੁਹਾਂ ਨੂੰ ਜਲਾਦ ਤਦ, ਲੈ ਆਏ ਚਰਖੀਆਂ ਕੋਲ। ਲਾਹ ਸ਼ਸਤਰ ਏਦਾਂ ਡਟ ਗਏ, ਜਿਉਂ ਹੋਏ ਅਖਾੜੇ ਘੋਲ। ਉਹ ਬਹਿ ਗਏ ਲਾ ਲਾ ਚੌਂਕੜੇ, ਫੜ ਸਿਦਕ ਦੇ ਥੰਮ ਅਡੋਲ। ਖਾ ਚੱਕਰ ਚਰਖੀ ਚਲ ਪਈ, ਟਿਲ ਦਿਤਾ ਘੂੰ ਘੂੰ ਬੋਲ। ਵਿਚ ਸ਼ਹਿਰ ਦੇ ਪੈ ਗਏ ਪਿਟਣੇ, ਵਜ ਗਏ ਖਤਰੇ ਦੇ ਢੋਲ। ਚਰਖੀ ਨੇ ਲਾਹ ਲਾਹ ਲੀਹਦਰਾਂ, ਇਉਂ ਦਿਤੇ ਤਨ ਝੰਜੋਲ। ਜਿਉਂ ਤੰਦੀ ਰੂੰ ਨੂੰ ਪਿੰਜਦੀ, ਦੇ ਤੂੰਬੇ ਉਹਦੇ ਰੋਲ। ਇਉਂ ਖੂਨ ਫੁਹਾਰੇ ਚਲਦੇ, ਜਿਉਂ ਗੁਵਾਲੇ ਖੇਡਨ ਹੋਲ। ਇਉਂ ਹੋਠ ਰਤੇ ਵਿਚ ਖੂਨ ਦੇ, ਜਿਉਂ ਸ਼ਹਿਰੀਏ ਖਾਣ ਤੰਬੋਲ। ਲਹੂ ਨਾਲ ਰੰਗ ਹਥ ਇਸ ਤਰ੍ਹਾਂ, ਜਿਉਂ ਲਾੜੇ ਵੇਦੀ ਕੋਲ। ਵਿਚ ਰਤੂ ਰਤੀ ਭੌਂ ਕੁਲ; ਇੰਜ ਆਵੇ ਨਜ਼ਰ ਅਮੋਲ। ਦਿਨ ਡੁਬੇ ਸੂਰਜ ਅਰਸ਼ ਨੂੰ, ਰੰਗ ਦੇ ਸੋਡਾ ਘੋਲ। ਪਿਉ ਪੁਤਰ ਦੋਵੇਂ ਚਰਖੀਆਂ, ਲਾਹ ਦਿਤੇ ਸਾਹਵੇਂ ਤੋਲ, ਸੀ ਹਾਏ ਕੀਤੀ ਕਿਸੇ ਨਾਂ, ਰਹੋ 'ਭਾਣਾ ਮਿਠਾ' ਬੋਲ।

ਸੂਬੇ ਨੇ ਪੁਤਰ ਨੂੰ ਪਿਉ ਨਾਲੋਂ ਵਖ ਕਰਕੇ ਕਹਿਣਾ
ਪਉੜੀ-

ਫਿਰ ਸੂਬਾ ਸ਼ਾਹਬਾਜ਼ ਨੂੰ, ਆ ਏਦਾਂ ਕਹਿੰਦਾ। ਪਿਉ ਤੇਰੇ ਖਟ ਖਾ ਲਿਆ, ਦੁਖ ਤੂੰ ਕਿਉਂ ਸਹਿੰਦਾ। ਏਹ ਮਹਿਲ ਅਮੁਲਾ ਜਿੰਦ ਦਾ, ਜੋ ਜਾਂਦਾ ਢਹਿੰਦਾ। ਕਿਉਂ ਨਹੀਂ ਜਰਵਾਣੀ ਮੌਤ ਤੋਂ ਇਸਨੂੰ ਰਖ ਲੇਂਦਾ। ਤੂੰ ਸਿਖੀ ਵਾਲੇ ਭਠਵਿਚ,ਕਿਉਂ ਭਜ ਭਜ ਡਹਿੰਦਾ। ਤੂੰ ਪਿਛਲੀ ਗਲ ਨੂੰ ਭੁਲ ਜਾ, ਰਖ ਵੇਲਾ ਰਹਿੰਦਾ। ਤੈਨੂੰ ਦਿਆਂ ਡੋਲਾ ਉਸ ਹੂਰ ਦਾ, ਜਿਸਦਾ ਤੂੰ ਕਹਿੰਦਾ। ਬੇਰੀ ਦੇ ਸੰਗ ਕੇਲਿਆ, ਤੂੰ ਕਾਹਨੂੰ ਖਹਿੰਦਾ। ਤੈਨੂੰ ਨੇਵੇਂ ਕੁਲ ਪਹਾੜ ਹੀ, ਤੈਨੂੰ ਮੰਨੇ ਲਹਿੰਦਾ। ਕਿਉਂ ਨਹੀਂ ਦੌਲਤ ਦੇ ਗੰਜ ਲੈ, ਕੁਰਸੀ ਤੇ ਬਹਿੰਦਾ।

ਜਵਾਬ ਸ਼ਾਹਬਾਜ਼ ਸਿੰਘ

ਜੇ ਕਲ ਵੀ ਛਡਣੀ ਸੂਬਿਆ, ਏਹ ਦੁਨੀਆਂ ਕੂੜੀ। ਜੇ ਕਲ ਵੀ ਖਾਣੀ ਮੌਤ ਨੇ, ਇਸ ਤਨ ਦੀ ਪੂੜੀ। ਜੇ ਪਿੰਜਰਾ ਭਜਣਾ ਕਲ ਨੂੰ, ਫਿਰ ਵਾਂਗਰ ਚੂੜੀ। ਤਾਂ ਫਿਰ ਮੈਂ ਵੇਚਾਂ ਧਰਮ ਨੂੰ, ਕਿਉਂ ਵਾਂਗਰ ਤੂੜੀ। ਤੇਰੇ ਵਡੇ ਕੀਕੁਣ ਚਲੇ ਗਏ, ਚੁਕ ਚੁਕ ਕੇ ਫੂੜੀ। ਤੂੰ ਰੱਬ ਭੁਲਾਇਆ ਸੀਸ ਤੋਂ, ਸੌਂ ਨੀਂਦਰ ਗੂੜ੍ਹੀ। ਏਥੋਂ ਫਿਰਾਊਨ, ਨਮਰੂਦ, ਜਹੇ ਉਡ ਗਏ ਬਣ ਧੂੜੀ। ਕਿਉਂ ਪਾ ਕੇ ਸੰਗਲ ਸ਼ਰ੍ਹਾ ਦੇ, ਤੂੰ ਪਰਜਾ ਨੂੜੀ। ਵਰਨੀ ਕੁਰਬਾਨੀ 'ਕੁੜੀ' ਮੈਂ, ਝੁਲ ਮੌਤ 'ਪੰਘੂੜੀ'। ਮੈਂ ਗੰਜ ਦੌਲਤ ਦੇ ਜਾਣਦਾ, ਚਿਕੜ ਦੀ ਰੂੜੀ।

ਬੈਂਤ ਮਰਵਾਣੇ

ਤਾਂ ਸੂਬਾ ਕਹੇ ਜਲਾਦ ਨੂੰ, ਫੜ ਲਵੋ ਭਰਾਉ। ਏਹਨੂੰ ਨਾਲ ਥੰਮ ਦੇ ਬੰਨਕੇ, ਹਣ ਬੈਂਤ ਲਗਾਉ। ਜੋ ਰਹਿੰਦਾ ਚੰਮ ਸਰੀਰ ਤੇ, ਭੌਰ ਵਾਂਗ ਉਡਾਉ। ਏਹਨੂੰ ਟਲੇ 'ਖੇਨੂੰ' ਵਾਂਗਰਾਂ, ਟਿਲ ਲਾ ਲਾ ਲਾਉ। ਇਹਨੂੰ ਚਸਕਾ 'ਧਰਮ' ਤੇ 'ਬਹਿਸ' ਦਾ,ਰੱਜ ਖੂਬ ਖਵਾਉ। ਹੋ ਤਕੜੇ ਦਸ ਦਿਓ ਏਸਨੂੰ; ਸਭ ਮੌਤ ਦਾ ਭਾਉ। ਇਸ ਕਾਫਰ ਨੂੰ ਬਿਨ ਲੂਣ ਤੋਂ, ਖਾ ਕੱਚਾ ਜਾਉ। ਫਲ ਦੇਵੇ ਅੱਲਾ 'ਹੱਜ' ਦਾ, ਜੋ ਈਨ ਮਨਾਉ। ਬੰਨ ਤੋੜੋ ਏਹਦੇ ਸਿਦਕ ਦਾ, ਵਹਿੰਦਾ ਦਰੀਆਉ। ਤੇ ਲਾੜੀ ਮੌਤ ਵਿਆਹੁਣ ਦਾ ਏਦਾਂ ਲਾਹ ਦਿਓਚਾਉ। ਤਦ ਬੈਂਤ ਲਿਆਂਦਾ ਅੰਦਰੋਂ, ਝਟ ਕਢ ਹਤਿਆਰੇ। ਫਿਰ ਬੰਨ ਲਿਆ ਸਿਦਕੀਸ਼ੇਰ ਨੂੰ,ਇਕ ਥੰਮ ਸਹਾਰੇ। ਚੁਕ ਅਡੀਆਂ ਪਬਾਂ ਭਾਰ ਹੋ, ਵਟ ਏਦਾਂ ਮਾਰੇ। ਅਹਿਰਨ ਤੇ ਸਟ ਵਦਾਨ ਦੀ, ਸੁਟਨ ਠਠਿਆਰੇ। ਤੋੜ ਦਿਤੇ ਫਟ ਬੈਂਤ ਨੇ ਇਓਂ ਅਲੇ ਸਾਰੇ। ਛੌਡੇ ਲੱਕੜ ਤੋਂ ਜਿਵੇਂ, ਤਰਖਾਨ ਉਤਾਰੇ। ਰਤ ਉਡੇ ਏਦਾਂ ਪਿੰਡਿਓਂ, ਜਿਉਂ ਵਹਿਣ ਫੁਹਾਰੇ। ਤੇਰਾ ਭਾਣਾ ਮਿਠਾ ਲਗਦਾ, ਪਿਆ ਸਿੰਘ ਉਚਾਰੇ।

ਤਥਾ-

ਹੋਈ ਪਾਸ ਉਤੇ ਘਸਵਟੀਆਂ, ਇਹ ਟੁਕੜੀ ਸੁਚੀ। ਨਹੀਂ ਕਦੇ ਨਿਵਾਂਇਆਂ ਨੇਂਵਨੀ, ਸਿੰਘਾਂ ਦੀ ਰੁਚੀ। ਹੋ ਗੁਲਾਬ ਜਾਂਦੀ ਮੌਤ ਤੇ, ਏਹ ਕੌਮ ਸਮੁਚੀ। ਏਹਨੂੰ ਜਿਉਂ ਜਿਉਂ ਮਾਰੋ ਜ਼ਾਲਮੋ, ਉਠਦੀ ਹੋ ਸੁਚੀ। ਏਹ ਖਾਂਦੀ 'ਮੌਤ ਦੀ ਫੌਜ' ਨੂੰ ਕਹਿ ਪੂੜੀ ਲੁਚੀ। ਏਦਾ ਕੀਕੁਣ ਕਰੇ ਮੁਕਾਬਲਾ, ਕੋਈ ਲੰਡੀ ਬੁਚੀ।

ਸੀਖਾਂ ਫੇਰਨੀਆਂ
ਤਰਜ਼-ਮਿਰਜ਼ਾ

ਜਦ ਬੈਂਤਾਂ ਵਾਲੀ ਹਦ ਵੀ,ਸਿੰਘ ਲੰਘ ਗਿਆ ਕੁਲ ਲਤਾੜ। ਭਖ ਰੋਹ ਵਿਚ ਦੂਣਾ ਉਠਿਆ,ਉਹ ਫਿਰ ਖੂਨੀ ਬਘਿਆੜ। ਹਥ ਪਹਿਲੇ ਇਸਤੇ ਤਾਕਤਾਂ,ਅਜ ਲੈਣੀਆਂ ਮੈਂ ਸਭ ਹਾੜ। ਮੇਰੇ ਗਜ਼ਬੋਂ ਡਰਨ ਫਰਿਸ਼ਤੇ, ਜਦ ਲੈਣ ਤੀਊੜੀਆਂ ਤਾੜ। ਉਹਨੇ ਵਿਚ ਕੋਲਿਆਂ ਰਖਕੇ, ਕੁਝ ਸੀਖਾਂ ਲਈਆਂ ਸਾੜ। ਫਿਰ ਫੇਰ ਫੇਰ ਕੇ ਜਿਸਮ ਤੇ, ਫਟ ਦਿਤੇ ਇੰਜ ਉਘਾੜ। ਜਿਉਂ ਸੋਗੜ ਕਾਂ ਮੰਹ ਅਡਦੇ, ਧੁਪ ਲਗੀ ਜੇਠ ਤੇ ਹਾੜ। ਉਹਨੇ ਫੜ ਨਾੜਾਂ ਇਉਂ ਸਾੜੀਆਂ, ਜਿਉਂ ਅੱਗ ਵਿਚ ਸੜਦਾ ਨਾੜ। ਸਿੰਘ ਇਉਂ ਹਰਕਤ ਵਿਚ ਆ ਗਿਆ, ਜਿਉਂ ਪੀਤੀ ਹੋਏ 'ਅਧਵਾੜ'। ਮੈਂ ਕਲਮਾਂ ਪੜ੍ਹ ਲਾਂ ਖਾਨ ਜੀ, ਮੈਨੂੰ ਸੀਖਾਂ ਫੇਰ ਨਾਂ ਸਾੜ। (ਹਥ ਪਹਿਲੇ=ਖਾਨ ਬਹਾਦਰ ਦੇ ਪਿਛੋ, ਤਖਤ ਤੇ ਬਹਿੰਦੇ ਸਾਰ ਸਭ ਤੋਂ ਪਹਿਲੇ ਬਿਜੈਖਾਨ ਨੇ ਏਹਨਾਂ ਨੂੰ ਹੀ ਕਤਲ ਕੀਤਾ ਸੀ।)

ਸੂਬੇ ਨੇ ਸੁਬੇਗ ਸਿੰਘ ਨੂੰ ਦਸਣਾ
ਤਥਾ-

ਤਦ ਸੂਬਾ ਫੇਰ ਜਲਾਦ ਨੂੰ, ਦੇ ਖੁਸ਼ੀਆਂ ਨਾਲ ਸੁਣਾ। ਮੈਂ ਪਰਬਤ ਕੁਸ਼ਤਾ ਕਰ ਦਿਆਂ, ਇਹ ਸਿਖ ਕੀ ਹੋਏ ਬਲਾ। ਹੁਣ ਇਸਦੇ ਬਾਪ ਸੁਬੇਗ ਨੂੰ, ਲਿਆ ਕੋਲ ਲਵਾਂ ਸਮਝਾ। ਅਜ ਹਜ ਮਕੇ ਦਾ ਹੋਗਿਆ, ਗਿਆ ਈਨ ਅੰਦਰ ਸਿਖ ਆ। ਹੁਣ ਤੋਂ ਪਖੇ ਵਿਚ ਆਬ ਦੇ, ਏਹਨੂੰ ਝਲੋ ਠੰਢੀ ਵਾ। ਏਹਦੇ ਮੂੰਹ ਵਿਚ ਸੰਦਲ ਕੇਵੜੇ, ਲੈ ਜਲਦੀ ਜਲਦੀ ਪਾ। ਅਜ ਵੇਲ ਵਧੀ ਇਸਲਾਮ ਦੀ, ਖੁਦ ਕੀਤਾ ਫਜ਼ਲ ਖੁਦਾ। ਇੰਜ ਕਹਿਕੇ ਫੇਰ 'ਸਬੇਗ' ਕੋਲ, ਹਤਿਆਰਾ ਬੈਠਾ ਜਾ। ਪੁਤ ਤੇਰੇ ਕਲਮਾਂ ਪੜ ਲਿਆ, ਕੁਝ ਤੂੰ ਵੀ ਹੋਸ਼ ਵਿਚ ਆ। ਇਉਂ ਡੋਲੀ ਕੋਲ 'ਸ਼ਾਹਬਾਜ਼' ਦੇ, ਉਹਦੀ ਲੈ ਆਂਦੀ ਚੁਕਵਾ। ਉਹਨੂੰ ਸਟ ਪਈ ਇਉਂ ਕਾਲਜੇ, ਕਿਸੇ ਭਾਂਬੜ ਦਿਤੇ ਲਾ। ਹੁਣ ਦੁਖ ਚਰਖੀ ਦਾ ਰੜਕਿਆ, ਏਹ ਸੁਣਦੇ ਭੇੜੀ ਵਾ। ਹਬ ਬੰਨਕੇ ਦੂਲੇ ਪੁਤ ਨੂੰ, ਉਹਨੇ ਆਖਿਆ ਤਰਲਾ ਪਾ। ਕਿਸ ਗਲ ਤੋਂ ਡੁਲੋਂ ਸਿਦਕਆ, ਕੁਲ ਪੰਧ ਤਾਂ ਲਿਆ ਮੁਕਾ। ਤੂੰ ਦੇਸ਼ ਕੌਮ ਦੇ ਨਾਮ ਨੂੰ, ਨਾ ਧਭਾ ਇੰਜ ਲਗਾ। ਤੂੰ ਕਲਗੀਧਰ ਮਹਾਰਾਜ ਨੂੰ, ਮੂੰਹ ਦਸਣਾ ਕੇਹੜਾ ਜਾ।

ਜਵਾਬ ਸ਼ਾਹਬਾਜ਼ ਸਿੰਘ
ਦੋਹਰਾ-

ਬਾਪੂ ਤਾਈਂ ਆਖਦਾ, ਇਉਂ ਪੁਤਰ ਹਥ ਜੋੜ। ਮੈਨੂੰ ਕੁਝ ਸਮਝਾਣ ਦੀ, ਨਹੀਂ ਜਾਪਦੀ ਲੋੜ। ਵਿਚ ਬੇਹੋਸ਼ੀ ਪਤਾ ਨਹੀਂ, ਕੀ ਕੁਝ ਦਿਤਾ ਬੋਲ। ਮੈਂ ਹਾਂ ਚੜਦੀ ਕਲਾ ਵਿਚ, ਮੇਰਾ ਸਿਦਕ ਅਡੋਲ। ਗ਼ੈਰਤ ਮੇਰਾ ਪਿੰਜਰਾ, ਸਿਖੀ ਮੇਰਾ ਸਾਸ। ਲਥ ਕਦੇ ਨਹੀਂ ਸਕਦਾ, ਨੌਹਾਂ ਨਾਲੋਂ ਮਾਸ। ਰਬ ਵੀ ਮੈਨੂੰ ਆਣ ਜੇ, ਦੇਵੇ ਲੋਭ ਹਜ਼ਾਰ। ਕਲਮਾਂ ਪੜਨੋਂ ਪਿਤਾ ਜੀ, ਕਰ ਦੇਵਾਂ ਇਨਕਾਰ। ਮੈਨੂੰ ਵੀ ਹੈ ਚੜੀ ਹੋਈ, ਬੀਰਤਾ ਵਾਲੀ ਪੇਂਦ। ਜਿਉਂ ਜਿਉਂ ਟਲੇ ਵਜਦੇ, ਉਠਾਂ ਵਾਂਗਰ ਗੇਂਦ। ਲਾੜਾ ਬਣਕੇ ਚਲਿਆਂ, ਆਇਆਂ ਸਾਂ ਬਣ ਬਾਲ। ਏਦੋਂ ਵਧ 'ਅਨੰਦ' ਕੀਹ, ਖਟਣਾ ਮੈਂ ਇਕਬਾਲ।

ਕਤਲ ਕਰ ਦੇਣਾ

ਜਲਾਦਾਂ ਨੂੰ ਆਖਦਾ, ਏਦਾਂ ਸੂਬਾ ਫੇਰ। ਸਾਰੀ ਖਪ ਮੁਕਾ ਦਿਓ, ਧੂਹਕੇ ਹੁਣ ਸ਼ਮਸ਼ੇਰ। ਸੋਆਂ ਸੁਣਕੇ ਸਿੰਘ ਨਾਂ, ਆਵਣ ਘਤ ਵਹੀਰ। ਦੋਵੇਂ ਦੁੰਬੇ ਵਾਂਗਰਾਂ, ਕੋਹ ਦਿਓ ਫੜ ਸ਼ਮਸ਼ੀਰ। ਟੋਟੇ ਕਰ ਕਰ ਮਾਰ ਦੇ, ਦਿਉ ਕੁਤਿਆਂ ਨੂੰ ਪਾ। ਸਿਰ ਬੰਨੇ ਦਰਵਾਜ਼ਿਓ, ਦੇਵੋ ਫਿਰ ਲਟਕਾ। ਹੁਕਮ ਜਲਾਦਾਂ ਲੈਂਦਿਆਂ, ਲੀਤੇ ਦੋਵੇਂ ਢਾਹ। ਬਕਰੇ ਵਾਂਗ ਸਰੀਰ ਦੇ, ਚੜਵੇ ਦਿਤੇ ਲਾਹ। ਸਾਰੇ ਸ਼ਹਿਰੀ ਪਿਟਦੇ, ਰੋਂਦੇ ਢਾਹਾਂ ਮਾਰ। ਕਰ ਦੇ ਜ਼ੁਲਮੀ ਰਾਜ ਨੂੰ, ਗ਼ਰਕ ਹੈ ਪਰਵਦਗਾਰ। ਵਢ ਵਢ ਅਗੇ ਕੁਤਿਆਂ, ਸੁਟੇ ਦੁਸ਼ਟਾਂ ਅੰਗ। ਸਿਰ ਦਿਲੀ ਦਰਵਾਜ਼ਿਓ, ਬੰਨੇ ਦਿਤੇ ਟੰਗ। ਜਾ ਬੈਠੇ ਗੁਰ ਗੋਦ ਵਿਚ, ਅਣਖੀਲੇ ਸਰਦਾਰ। ਭਾਂਡਾ ਕਚਾ ਭੰਨ ਗਏ, ਮੁਗਲਾਂ ਬੂਹੇ ਮਾਰ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ