Shaheedi Bhai Mehtab Singh Ji : Barkat Singh Anand

ਸ਼ਹੀਦੀ ਭਾਈ ਮਹਿਤਾਬ ਸਿੰਘ ਜੀ : ਬਰਕਤ ਸਿੰਘ 'ਅਨੰਦ'


ਅਬਦਾਲੀ ਦੇ ਪਿਛੋਂ ਉਠਿਆ, ਫਿਰ ਮਸਾ ਹਤਿਆਰਾ। ਲਖੂ ਦੇ ਲਗ ਆਖੇ ਉਸਨੇ, ਫ਼ੜਿਆ ਓਹੀ ਕਾਰਾ। 'ਸੁਧਾ ਸਰ' ਨੂੰ ਪੂਰਨ ਲੱਗਾ, ਮਿਟੀ ਸੁਟ ਨਕਾਰਾ। ਕੰਜਰੀਆਂ ਦਾ ਮੁਜਰਾ ਲੱਗਾ, 'ਹਰਿਮੰਦਰ' ਵਿਚ ਭਾਰਾ। ਭੇਸ ਵਟਾ ਮਹਿਤਾਬ ਸਿੰਘ, ਤੇ ਸੁਖਾ ਸਿੰਘ ਦੋ ਭਾਈ। ਵਢ ਕੇ ਸਿਰ ਮਸੇ ਦਾ ਲੈ ਗਏ, ਹੋ ਗਈ ਫੇਰ ਸਫਾਈ। ਹਰਿਮੰਦਰ ਦੀ ਇਜ਼ਤ ਸਿੰਘਾਂ, ਜਾਨਾਂ ਹੂਲ ਬਚਾਈ। ਘਰ ਮਸੇ ਦੇ ਪਿਆ ਪਿਟਣਾ, ਜਿਸਨੇ ਅਤ ਉਠਾਈ। ਆਂਦੀ ਲੋਥ ਲਾਹੌਰ ਮਸੇ ਦੀ, ਪੁਤਾਂ ਅਤੇ ਸਵਾਣੀ। ਪਿਟ ਪਿਟ ਕੇ ਦੰਦਨ ਪੈਂਦੀ, ਪਾਵਨ ਮੂੰਹ ਵਿਚ ਪਾਣੀ। ਖਾਨ ਬਹਾਦਰ ਦੇ ਘਰ ਅੰਦਰ, ਲੱਗਾ ਹੋਣ ਸਿਆਪਾ। ਭੈੜੀ ਕਾਰੇ ਲਾ ਮਰਵਾਇਆ, ਮੇਰਾ ਖੌਂਦ ਕਲਾਪਾ। ਤੇਰੇ ਬੂਹੇ ਤੇ ਮਰ ਜਾਵਾਂ, ਪਾੜ ਮਥਾ ਹਤਿਆਰੇ। ਕਿਥੋਂ ਆਏ ਜੁਵਾਈ ਤੇਰੇ, ਜਿਨ੍ਹਾਂ ਕਹਿਰ ਗੁਜ਼ਾਰੇ। ਤੂੰ ਕਹਿੰਦਾ ਸਾਏਂ ਦੁਨੀਆਂ ਉਤੇ, ਸਿੰਘ ਰਿਹਾ ਨਾ ਕੋਈ। ਮੌਤ ਲੜੀ ਅਸਮਾਨੋਂ ਉਤਰ, ਹਦ ‘ਹਦ’ ਦੀ ਹੋਈ। ਤਲਵਾਰਾਂ ਦੀਆਂ ਧਾਰਾਂ ਉਤੋਂ, ਲੰਘ ਗਏ ਉਡ ਡਾਕੂ। ਦੂਹਰੇ ਤੀਹਰੇ ਪਹਿਰੇ ਲਗੇ, ਕਰ ਗਏ ਕਾਰ ਹਲਾਕੂ। ਕਾਤਲ ਹਥ ਪਕੜਾ ਤੂੰ ਮੇਰੇ, ਮਾਸ ਕੱਚਾ ਵਢ ਖਾਵਾਂ। ਨਹੀਂ ਤਾਂ ਤੇਰੇ ਬੂਹੇ ਉਤੇ, ਪਿਟ ਪਿਟ ਕੇ ਮਰ ਜਾਵਾਂ। ਦੇ ਕੇ ਧੀਰਜ ਖਾਨ ਬਹਾਦਰ, ਉਸਨੂੰ ਚੁੱਪ ਕਰਾਇਆ। ਨੰਬਰਦਾਰਾਂ ਮੁਖਬਰਾਂ ਤਾਈਂ, 'ਸੰਮਨ' ਘਲ ਮੰਗਾਇਆ। ਪਾ ਪਾ ਲੰਮੇ ਨਾਲ ਜੁਤੀਆਂ, ਕੀਤੇ ਤਤੇ ਤਾਲੂ। ਨਿਮਕ ਹਰਾਮੀ ਕੁਤੇ ਨਿਕਲੇ, ਖਾ ਹਲਵੇ ਢਿਡ ਪਾਲੂ। ਮੈਨੂੰ ਆਖੋ ਦੁਨੀਆਂ ਵਿਚੋਂ, ਮੁਕ ਗਏ ਵੈਰੀ ਸਾਡੇ। ਮਾਰ ਗਏ ਮਸੇ ਨੂੰ ਕਿਥੋਂ ਆ 'ਮਹਿਮਾਨ' ਤੁਹਾਡੇ। ਖੋਜ ਕਢੋ ਕਾਤਲ ਦਾ ਜਲਦੀ, ਯਾਦ ਰਖੋ ਸਮਝਾਵਾਂ। ਨਹੀਂ ਤਾਂ ਬਾਲ ਬੱਚਾ ਘਤ ਕੋਹਲੂ, ਸਭਨਾ ਦਾ ਪੜਵਾਵਾਂ। ਕਰਕੇ ਕਾਰੇ ਮੰਗ ਮੁਆਫੀ, ਤਲਕਿਆਂ ਅੰਦਰ ਆਏ। ਬਰਕਤ ਸਿੰਘਾ, ਵੇਖ ਵਾਹਿਗੁਰੂ ਕੀ ਹੁਣ ਖੇਡ ਬਨਾਏ।

ਹਰਭਗਤ ਨਰਿੰਜਨੀ ਜੰਡਿਆਲੀਆ

ਸੱਚ ਆਖਦੇ ਵੀਰਾਂ ਦੇ ਵੀਰ ਵੈਰੀ, ⁠ਹਰ ਇਕ ਕੌਮ ਵਿੱਚ ਹੋਣ ਗ਼ਦਾਰ ਬੇਲੀ। ਰੰਗ ਹੱਥ ਭਰਾਵਾਂ ਦੇ ਲਹੂ ਅੰਦਰ, ⁠ਸਨਦਾਂ, ਤਕਮੇ, ਲੈਣ ਹਜ਼ਾਰ ਬੇਲੀ। ਪੈ ਕੇ ਖੂਨੀ ਕੁਹਾੜੇ ਦੇ ਵਿੱਚ ਲੱਕੜ, ⁠ਕਰੇ ਆਪਣੀ ਜੜ ਤੇ ਵਾਰ ਬੇਲੀ। ਗਰਜ਼ ਪਿਛੇ ਹਕੂਮਤ ਦੇ ਬੂਟ ਚੱਟਨ, ⁠ਭਲੇ ਬੁਰੇ ਦੀ ਛਡ ਵਿਚਾਰ ਬੇਲੀ। 'ਹਰਭਗਤ ਨਰਿੰਜਨੀ' ਖਤਰੀ ਇਕ, ⁠ਮੁਖਬਰ ਹੈਸੀ ਵਿਚ ਸ਼ਾਹੀ ਦਰਬਾਰ ਬੇਲੀ। 'ਲਖੂ ਲਾਹਨਤੀ' ਨਾਲ ਪਿਆਰ ਉਹਦਾ, ⁠ਪਕੜੀ ਸਿੰਘ ਮਰਵਾਉਨ ਦੀ ਕ ਰ ਬੇਲੀ। ਇਕ ਰੋਜ਼ ਸੂਬੇ ਤਾਈਂ ਜਾ ਕਰਕੇ, ⁠ਕਹਿੰਦਾ ਚੰਦਰਾ ਇੰਜ ਪੁਕਾਰ ਬੇਲੀ। 'ਮੀਰਾਂ ਕੋਟੀਆ ਭੰਗੂ ਮਹਿਤਾਬ ਸਿੰਘ', ⁠ਡਾਕੂ ਬਾਗ਼ੀਆਂ ਦਾ ਸਰਦਾਰ ਬੇਲੀ। ਮਸੇ ਰੰਘੜ ਦਾ ਵਢਿਆ ਸੀਸ ਉਸਨੇ, ⁠ਧੁਮੀ ਗੱਲ ਏਹ ਵਿੱਚ ਸੰਸਾਰ ਬੇਲੀ। ਮੰਨ ਮੇਰਾ ਵੀ ਮੰਨਦਾ ਬਰਕਤ ਸਿੰਘਾ, ⁠ਉਹਨੂੰ ਪਕੜਕੇ ਲਵੋ ਨਿਤਾਰ ਬੇਲੀ।

ਗਸ਼ਤੀ ਫੌਜ ਦਾ ਦਸਤਾ ਭੇਜਣਾ

ਠੀਕ ਕਹਿਨ ਹੁੰਦੇ ਕੰਨ ਬਾਦਸ਼ਾਹ ਦੇ, ⁠ਕਰਦੇ ਕੰਮ ਨਹੀਂ ਕਦੇ ਵਿਚਾਰ ਵਾਲਾ। ਦਸਣ ਮੀਰ ਵਜ਼ੀਰ ਸਲਾਹ ਜੋ ਵੀ, ⁠ਚਾਲਾ ਫੜਨ ਉਸੇ ਰਫਤਾਰ ਵਾਲਾ। ਗਸ਼ਤੀ ਪੁਲਸ ਸਿੰਘ ਦੇ ਫੜਨ ਲਈ ਘਲੀ, ⁠ਮੁਖ਼ਬਰ ਚਲਿਆ ਨਾਲ ਬਦਕਾਰ ਵਾਲਾ। 'ਮੀਰਾਂ ਕੋਟ ਪੁਜੇ ਮਾਰੋ ਮਾਰ ਕਰਦੇ, ⁠ਤੇਜ਼ ਹਥ ਹੋਇਆ ਤਲਵਾਰ ਵਾਲਾ। ਨਥੇ ਚੌਧਰੀ ਨੂੰ ਸੱਦ ਆਖਿਓ ਨੇ, ⁠ਮਸੇ ਰੰਗੜ ਦਾ ਕਾਤਲ ਪਕੜਾਓ ਜਲਦੀ। ਲਗਦਾ ਖੂਨ ਇਹ ਜ਼ਿਮੇਂ ਮਹਿਤਾਬ ਸਿੰਘ ਦੇ, ⁠ਜਿਥੇ ਹੈ ਓਹ ਸੱਦ ਲਿਆਓ ਜਲਦੀ।

ਚੌਧਰੀ

ਨਥਾ ਚੌਧਰੀ ਜੋੜ ਕੇ ਹਥ ਕਹਿੰਦਾ, ⁠ਨਹੀਂ ਅਸਾਂ ਨੇ ਸੁਣਿਆ ਸੁਣਾਇਆ ਏ। ਥੌਹ ਪਤਾ ਨਾਂ ਉਸਦਾ ਕੋਈ ਸਾਨੂੰ, ⁠ਨਾਂ ਓਹ ਪਿੰਡ ਅੰਦਰ ਕਦੇ ਆਇਆ ਏ। ਨਾਂ ਹੀ ਬਾਗੀਆਂ ਨਾਲ ਵਿਹਾਰ ਸਾਡਾ, ⁠ਲਾਲਚ ਕਿਰਤ ਦਾ ਇਕ ਰਖਾਇਆ ਏ। ਏਹ ਵੀ ਪਤਾ ਨਹੀਂ ਜੀਂਦਾ ਕਿ ਮਰ ਗਿਆ, ⁠ਮੁਦਤ ਗੁਜ਼ਰ ਗਈ ਫੇਰਾ ਨਾ ਪਾਇਆ ਏ। ⁠ਕਿਹਾ ਫੇਰ ਨਰਿੰਜਨੀ ਆਪ ਜੇ ਨਹੀਂ, ⁠ਓਹਦੇ ਪੁਤ ਨੂੰ ਘਰੋਂ ਲਿਆ ਛੇਤੀ। ⁠ਬਰਕਤ ਸਿੰਘ ਆਵੇ ਜਦੋਂ ਖਬਰ ਸੁਣ ਕੇ, ⁠ਦੇਵੀਂ ਖ਼ਬਰ ਲਾਹੌਰ ਪੁਚਾ ਛੇਤੀ।

ਨਥਾ

'ਰਾਏ ਸਿੰਘ' ਨੂੰ ਲੈਣ ਜਾਂ ਗਿਆ 'ਨਥਾ', ⁠ਤਰਸ ਮਨ ਉਹਦੇ ਅੰਦਰ ਆਇਆ ਏ। ਜਿਸ ਮਾਸੂਮ ਨੂੰ ਮੈਂ ਪਕੜਾਣ ਲਗਾ, ⁠ਕੀਹ ਕਿਸੇ ਦਾ ਏਹਨੇ ਚੁਰਾਇਆ ਏ। ਟਪ ਕੰਧ ਲੈਕੇ ਨਾਲ ਨਸ ਗਿਆ, ⁠ਬਚਾ ਮੋਢਿਆਂ ਉਤੇ ਉਠਾਇਆ ਏ। ਨਿਕਲ ਗਿਆ ਨਥਾ ਲੈਕੇ 'ਰਾਏ ਸਿੰਘ' ਨੂੰ, ⁠ਜਾ ਪੁਲਸ ਨੂੰ ਕਿਸੇ ਭੜਕਾਇਆ ਏ। ਨਸੀ ਪੁਲਸ ਸਿਰਪਟ ਦੁੜਾ ਘੋੜੇ, ⁠ਨਸੇ ਜਾਂਵਦੇ ਨੂੰ ਦਾਬਾ ਮਾਰਿਆ ਏ। ਝਾੜੀ ਵਿਚ ਲੁਕਾਇਕੇ ਰਾਏ ਸਿੰਘ ਨੂੰ, ⁠ਤੇਗ਼ ਸੂਤ ਸਾਂਹਵੇਂ ਭਬਕਾਰਿਆ ਏ। ਪਰਉਪਕਾਰ ਖਾਤਰ ਲੈਕੇ ਮੁਲ ਖਤਰਾ, ⁠ਨੇਕ ਪੁਰਸ਼ ਨੇ ਵਾਹੀ ਤਲਵਾਰ ਭਾਈ। ਟੋਟੇ ਹੋਇਕੇ ਵਿਚ ਮੈਦਾਨ ਡਿਗਾ, ⁠ਦੌਂਹ ਚੌਹ ਤਾਈਂ ਨਾਲ ਮਾਰ ਭਾਈ। ਨਥੇ ਤਾਈਂ ਡਿਗਾ ਵੇਖ ਰਾਏ ਸਿੰਘ ਦੀ, ⁠ਇਕ ਦਮ ਨਿਕਲੀ ਕਿਲਕਾਰ ਭਾਈ। ਨਿਕਲ ਬਾਹਚ ਝਾੜੀ ਵਿਚੋਂ ਉਠ ਭਜਾ, ⁠ਕੀਤਾ ਭਜ ਸਿਪਾਹੀ ਨੇ ਵਾਰ ਭਾਈ। ਮੁਰਦਾ ਹੋ ਜ਼ਮੀਨ ਤੇ ਡਿਗ ਪਿਆ, ⁠ਦੜ ਵਟ ਗਿਆ ਹੋਣਹਾਰ ਭਾਈ। ਚਲੇ ਗਏ ਸਾਰੇ ਉਹਨੂੰ ਸਮਝ ਮੋਇਆ, ⁠ਪਿਆ ਵਿਚ ਜੰਗਲ ਬਰਖੁਰਦਾਰ ਭਾਈ। ਲੰਘੀ ਇਕ 'ਕਮੋਆਂ' ਦੀ ਮਾਈ ਇਥੋਂ, ⁠ਲੈ ਗਈ ਚੁਕ ਜੀਂਦਾ ਕਰ ਵਿਚਾਰ ਭਾਈ। ਬਰਕਤ ਸਿੰਘ ਉਹਨੂੰ ਕਰੇ ਦੇ ਖਤਮ[1] ਕਿਹੜਾ, ⁠ਜਿਸਨੂੰ ਖਤਮ ਨਾ ਕਹੇ ਕਰਤਾਰ ਭਾਈ। 1 ਰਾਏ ਸਿੰਘ ਦੀ ਬੰਸ ਵੀ 'ਭੜੀ' ਪਿੰਡ ਵਿਚ ਵਸਦੀ ਹੈ।

ਪੁਲਸ ਨੇ ਲਾਹੌਰ ਆ ਜਾਣ

ਏਦਾਂ ਕੁਲ ਇਲਾਕੇ ਦੀ ਗਸ਼ਤ ਕਰਕੇ, ⁠ਕਿਰਤੀ ਤੇਗ਼ ਘਾਟ ਉਤਾਰ ਕਰਕੇ। ਬੁਢੇ ਔਰਤਾਂ ਨਾਲ ਮਾਸੂਮ ਕੇਈ, ⁠ਲੈ ਆਏ ਲਾਹੌਰ ਗ੍ਰਿਫਤਾਰ ਕਰਕੇ। ਨੰਬਰਦਾਰਾਂ, ਪੰਚੈਤਾਂ ਤੇ ਮੁਖਬਰਾਂ ਨੂੰ, ⁠ਕਾਤਲ ਫੜਨ ਖਾਤਰ ਖ਼ਬਰਦਾਰ ਕਰਕੇ। ਧੰਨ ਮਾਲ, ਸੋਨਾ, ਚਾਂਦੀ ਲਦ ਘੋੜੇ, ⁠ਆਂਦੇ ਹਿੰਦੂਆਂ ਘਰੋਂ ਲੁਟ ਮਾਰ ਕਰਕੇ ਰਾਖਾ ਸਿੰਘਾਂ ਦਾ ਕੋਈ ਨਾ ਰਬ ਬਾਝੋਂ, ⁠ਉਹ ਵੀ ਪਰਖਦਾ ਪਿਆ ਨਿਮਾਣਿਆਂ ਨੂੰ। ਗੁਜ਼ਰੇ ਸਾਲ ਵੇਖੇ, ਰੋਟੀ ਬਾਲ ਬਚਾ, ⁠ਮੰਨਣ ਜੰਗਲਾਂ ਦੇ ਅੰਦਰ ਭਾਣਿਆਂ ਨੂੰ।

ਭਾਈ ਮਹਿਤਾਬ ਸਿੰਘ ਜੀ ਨੇ ਗ੍ਰਿਫਤਾਰ ਹੋ ਜਾਣਾ

ਕੁਝ ਚਿਰ ਮਗਰੋਂ ਸਿੰਘ ਬਹਾਦਰ,ਮਿਲਣਘਰਾਂਨੂੰ ਆਇਆ। ਦਿਨ ਜ਼ਿੰਦਗੀ ਦੇ ਹੋ ਗਏ ਪਰ ਕੁਦਰਤ ਢੰਗ ਬਣਾਇਆ। ਰਾਤੋ ਰਾਤੀ ਜਾ ਮੁਖ਼ਬਰ ਨੇ, ਖ਼ਬਰ ਲਾਹੌਰ ਪੁਚਾਈ। ਮੋਮਨ ਖਾਂ ਲੈ ਫੌਜ ਦੌੜਿਆ, ਪਕੜ ਲਿਆ ਕਰ ਧਾਈ। ਵਿਚ ਬੇੜੀਆਂ ਜਕੜ ਸ਼ੇਰ ਨੂੰ, ਵਿਚ ਲਾਹੌਰ ਆਏ। ਫਤਹਿ ਵਾਹਿਗੁਰੂ ਗਜ ਬਹਾਦਰ, ਸੂਬੇ ਤਾਈਂ ਬੁਲਾਏ। ਅਗੇ ਹੀ ਰੋਹ ਅੰਦਰ ਸੂਬਾ, ਹੋਇਆ ਸੀ ਸੜ ਕੋਲੇ। ਅਖਾਂ ਚੋਂ ਚੰਗਿਆੜੇ ਡਿਗਣ, ਕੜਕ ਕਸਾਈ ਬੋਲੇ। ਓ ਮਸੇ ਦੇ ਕਾਤਲ ਕਾਫਰ, ਬਾਗੀ ਦਲ ਦੇ ਦਾਤੇ। ਧੁਖਦੀ ਅਗ ਦੇ ਫੂਕ ਮਾਰਕੇ, ਦਿਤੇ ਬਾਲ ਮੁਵਾਤੇ। ਜਿਵੇਂ ਬਹਾਦਰ ਮਸੇ ਦੀ ਤੂੰ, ਜਿੰਦ ਸਿਖੜਿਆ ਕੁਠੀ। ਓਵੇਂ ਮੈਂ ਹੁਣ ਫੜਕੇ ਤੇਰੀ, ਖਲੜੀ ਲਾਹਵਾਂ ਪੁਠੀ। ਪਾਵਾਂ ਵਸ ਜਲਾਦਾਂ ਤੈਨੂੰ, ਚਾ ਸਿਖੀ ਦਾ ਲਥੇ। ਠੋਕਾਂ ਤੇਰੇ ਸੀਨੇ ਅੰਦਰ, ਤਾ ਮੇਖਾਂ ਦੇ ਦਥੇ। ਕਚਾ ਮਾਸ ਤੋੜਕੇ ਤੇਰਾ, ਖਾਵਣ ਨਾਲ ਜ਼ੰਬੂਰਾਂ। ਕਾਲਾ ਮੂੰਹ ਕਰ ਸ਼ਹਿਰ 'ਚ ਤੈਨੂੰ, ਫੇਰਾਂ ਵਾਂਗ ਲੰਗੂਰਾਂ। ਤੇਰੀ ਵੇਖ ਜਵਾਨੀ ਹਿੰਮਤ, ਤਰਸ ਆਂਵਦਾ ਮੈਨੂੰ। ਪੜ ਲੈ ਪਾਕ ਨਬੀ ਦਾ ਕਲਮਾ, ਜਿੰਦ ਦੀ ਲੋੜ ਜੇ ਤੈਨੂੰ। ਪਿੰਜ ਦਿਆਂ ਰੂੰ ਵਾਗਰ ਹੁਣ ਹੀ, ਹੁਣੇ ਹੀ ਚਰਖ ਚੜ੍ਹਾਕੇ। ਬਚ ਨਹੀਂ ਸਕਦਾ ਬਰਕਤ ਸਿੰਘਾ, ਮਾਰ ਇਸ ਤਰ੍ਹਾਂ ਡਾਕੇ।

ਜਵਾਬ ਭਾਈ ਮਹਿਤਾਬ ਸਿੰਘ ਜੀ

ਕਿਸਨੂੰ ਖਾਨ ਬਹਾਦਰਾ, ਤੂੰ ਬੁਕ ਡਰਾਵੇਂ। ਨਾਲ ਫੁਲਾਦੀ ਕਿਲੇ ਦੇ, ਕਿਉਂ ਟਕਰ ਲਾਵੇਂ। ਗੰਦੇ ਲਾਲਚ ਲੋਭ ਪਾ, ਕਿਸਨੂੰ ਭਰਮਾਵੇਂ। ਕਰ ਜੋ ਕਰਨੀ ਕਾਰ ਤੂੰ, ਕੀਹ ਡੋਰੇ ਪਾਵੇਂ। ਨਾਲ ਮਸੇ ਦੇ ਵੈਰ ਕੀਹ, ਸਾਡਾ ਸੀ ਖਾਨਾਂ। ਪਾਪ ਮਸੇ ਦੀ ਮੌਤ ਦਾ, ਬਣ ਗਏ ਬਹਾਨਾ। ਗਲ ਜੋ ਕੂੜੇ ਦੀਨ ਦੀ, ਦਸ ਰਿਹੋਂ ਸ਼ੈਤਾਨਾ। ਕਲਮਾਂ ਕਦੇ ਨਾ ਪੜਾਂ ਮੈਂ, ਛਡ ਧਰਮ ਸ਼ਾਹਾਨਾ। ਭਾਂਡਾ ਇਹ ਹੈ ਖਾਕ ਦਾ, ਕੁਦਰਤ ਨੇ ਘੜਿਆ। ਰਖਾਂ ਇਸਨੂੰ ਅਜ ਜੇ, ਭਜਣਾ ਕਲ ਅੜਿਆ। ਏਹ ਤਨ ਚੂੜਾ ਕਚ ਦਾ, ਹਥ ਦੁਨੀਆਂ ਚੜਿਆ। ਟੁਟਣਾ ਏਸ ਜ਼ਰੂਰ ਹੈ, ਪਾਟੇ ਜੋ ਮੜਿਆ। ਦੌਲਤ ਵਾਲੇ ਲੋਭ ਜੋ, ਮੈਨੂੰ ਤੂੰ ਦੇਵੇਂ। ਬੱਦਲ ਧੂੰਏਂ ਵਾਲੜੇ, ਉਡ ਜਾਣੇਂ ਏਵੇਂ। ਜ਼ੁਲਮ ਰਿਅਇਆ ਤੇ ਕਰੇਂ, ਫੜ ਕੂੜ ਰੁਝੇਵੇਂ। ਜਿਸ ਰੱਬ ਬਖਸ਼ੀ ਸ਼ਾਨ ਏਹ, ਨਾ ਉਸਨੂੰ ਨੇਵੇਂ।

ਤਥਾ-

ਨਾ ਕਰ ਤਰਸ ਰਤੀ ਭਰ ਜ਼ਾਲਮ, ਕਰ ਲੈ ਜੋ ਈ ਮਰਜ਼ੀ। ਲੀਰਾਂ ਲੀਰਾਂ ਬੇਸ਼ਕ ਮੈਨੂੰ, ਕਰ ਦੇ ਵਾਂਗਰ ਦਰਜ਼ੀ। ਜ਼ੁਲਮ ਦੇ ਘੋੜੇ ਚੜਿਓਂ ਜ਼ਾਲਮ, ਵਾਗ ਰਹੀ ਨਾ ਵਰਜੀ। ਸੁਪਨੇ ਵਾਂਗ ਤਿਆਰ ਉੱਡਣ ਨੂੰ, ਏਹ ਸੁਖ ਤੇਰੇ ਫਰਜ਼ੀ। ਬੇਸ਼ਕ ਨਾਲ ਜੰਬੂਰਾਂ ਮੇਰਾ, ਗੋਸ਼ਤ ਕਟ ਲੈ ਫੜ ਕੇ। ਬੇਸ਼ਕ ਪਿੰਜ ਦੇ ਰੂੰ ਵਾਂਗੂੰ, ਪਾਸ ਚਰਖੜੀ ਖੜ ਕੇ। ਬੇਸ਼ਕ ਲਾਹ ਦੇ ਛੌਡੇ ਮੇਰੇ, ਵਾਂਗ ਮੋਛਿਆਂ ਘੜ ਕੇ। ਖ਼ੈਬਰ ਦੀ ਠੇਰੀ ਤੇ ਝੁਲੂ, 'ਖਲ' ਦਾ ਝੰਡਾ ਚੜ ਕੇ। 'ਦੀਨਦਾਰ' ਵੜ ਦੀਨ 'ਚ ਹੋਵਾਂ, ਛਡ ਘਰ ਦੀ ਸਰਦਾਰੀ। ਬੇਸ਼ਕ ਫਟ ਚੀਰ ਦੇ ਮੇਰੇ, ਰਖ ਸੀਸ ਤੇ ਆਰੀ। ਹੂੰਝਾਂ ਮੈਂ ਕੁਲ ਜ਼ੁਲਮ ਦਾ ਕੂੜਾ, ਸਬਰ ਦੀ ਫੇਰ ਬੁਹਾਰੀ। ਬਰਕਤ ਸਿੰਘਾ ਮੁਲ ਦੇ ਸਿਰ ਦਾ, ਚਲਿਆ ਖਟ ਵਪਾਰੀ। ਜਿਨ੍ਹਾਂ ਖਾਤਰ ਪਾਪ ਪਾਪੀਆ, ਦੁਨੀਆਂ ਉਤੇ ਕਰ ਏਂ। ਨਾਲ ਨਾ ਜਾਵਨ ਜਿਨਾਂ ਬਦਲੇ, ਜੋੜ ਜੋੜ ਪਿਆ ਧਰਨਾਏਂ। ਤੇਰਾ ਪਲੜਾ ਪੀਰ ਪੈਗ਼ੰਬਰ, ਅਗੇ ਕਿਸੇ ਨਾ ਭਰਨਾ ਏਂ। ਬਰਕਤ ਸਿੰਘ ਕਰ ਲੈ ਨੇਕੀ, ਅਜ ਕਲ ਤੂੰ ਵੀ ਮਾਰਨਾ ਏਂ। ਵੇਖ ਕਿਥੇ ਉਹ ਵਡੇ ਤੇਰੇ, ਜਿਨਾਂ ਕਿਲੇ ਬਨਾਏ ਨੇ। ਵਿੱਚ ਹਵਾ ਦੇ ਅਰਸ਼ਾਂ ਉਤੇ, ਜਿਨਾਂ ਤਖਤ ਉਡਾਏ ਨੇ। ਫਿਰਾਊਨ, ਨਮਰੂਦ, ਸਕੰਦਰ, ਕਾਰੂੰ ਜਹੇ ਕੁਰਲਾਏ ਨੇ। ਖਾਲੀ ਆਏ ਬਰਕਤ ਸਿੰਘਾ, ਖਾਲੀ ਉਠ ਸਿਧਾਏ ਨੇ। ਨਾ ਕਰ ਜ਼ਾਲਮ ਮੇਰੀ ਮੇਰੀ, ਨਾ ਕਰ ਜ਼ੋਰ ਧਿੰਗਾਣਾ ਤੂੰ। ਰੱਬ ਦੇ ਅਗੇ ਜਾਕਰ ਆਪਣਾ, ਅੰਤ ਹਿਸਾਬ ਦਿਖਾਣਾ ਤੂੰ। ਜਸੇ ਬੀਜੇ ਜ਼ਹਿਰ ਦੇ ਬੂਟੇ, ਫਲ ਵੈਸਾ ਹੀ ਪਾਣਾ ਤੂੰ। ਬਰਕਤ ਸਿੰਘਾ ਨਰਕਾਂ ਅੰਦਰ, ਸੜ ਸੜ ਕੇ ਪਛਤਾਣਾ ਤੂੰ। ਪੁਤ ਬੇਦੋਸ ਜਿਨਾਂ ਦੇ ਮਾਰੇ, ਤੈਨੂੰ ਉਹ ਕੁਰਲਾਣਗੀਆਂ। ਸਤ ਜਿਨਾਂ ਰੰਡੀਆਂ ਦੇ ਤੋੜੇ, ਤੈਨੂੰ ਫਿਟਕਾਂ ਪਾਣਗੀਆਂ। ਵੀਰ ਜਿਨਾਂ ਦੇ ਕੋਹ ਦਿਤੇ ਨੀ, ਤੈਨੂੰ ਕੱਚਾ ਖਾਣਗੀਆਂ। ਰੋ ਰੋ ਝੂਰੇਂ ਬਰਕਤ ਸਿੰਘਾ, ਘੜੀਆਂ ਜਦ ਲੰਘ ਜਾਨਗੀਆਂ। ਸੰਭਲ ਵੇਲਾ ਹੁਣ ਹਥ ਤੇਰੇ, ਤੀਰ ਖੁਦਾ ਨੂੰ ਮਾਰ ਨਹੀਂ। ਪੈ ਗਈ ਬੇੜੀ ਜਦ ਕਪਰਾਂ ਵਿੱਚ, ਲੰਘਣਾ ਉਸਨੇ ਪਾਰ ਨਹੀਂ। ਚਦਰ ਤੇਰੀ ਛੋਟੀ ਮੂਰਖ, ਲੰਬੇ ਪੈਰ ਪਸਾਰ ਨਹੀਂ। ਖੁੰਝ ਗਿਓ ਜੇ ਬਰਕਤ ਸਿੰਘਾ, ਫਿਰ ਹੋਣਾ ਇਤਬਾਰ ਨਹੀਂ। ਏਸ ਤਖਤ ਤੇ ਲਖਾਂ ਬਹਿ ਗਏ, ਜਿਸਤੇ ਬਹਿਕੇ ਭੁਲ ਗਿਓਂ। ਇਕ ਘੜੀ ਦਾ ਜੋਬਨ ਤੇਰਾ; ਫੁਲ ਵਾਂਗਰਾਂ ਫੁਲ ਗਿਓਂ। ਹੈ ਸੈਂ ਤੂੰ ਅਨਮੁਲੜਾ ਹੀਰਾ, ਪਰ ਘੱਟੇ ਵਿੱਚ ਰੁਲ ਗਿਓਂ। 'ਸੁਵਾਂਤ ਬੂੰਦ' ਸੈਂ ਬਰਕਤਸਿੰਘਾ, ਪਰਮੌਹਰੇ ਵਿਚ ਘੁਲ ਗਿਓਂ। ਹਥ ਕਲਮ ਮਨ ਮੰਨੀ ਕਰ ਲੈ, ਕਰ ਲੈ ਖੁਸ਼ੀ ਬਖੀਲਾਂ ਨੂੰ। ਮਾਸ ਖਵਾ ਦੇ ਭਾਵੇਂ ਮੇਰਾ, ਕਾਵਾਂ ਕੁਤਿਆਂ ਚੀਲਾਂ ਨੂੰ। ਥੰਮ ਸਿਦਕ ਦਾ ਪੁਟ ਨਹੀਂ ਸਕਦੇ, ਸਦ ਲੈ ਜ਼ਿਬਰਾਈਲਾਂ ਨੂੰ। ਪਾਸ ਖੁਦਾ ਦੇ ਬਰਕਤ ਸਿੰਘਾ, ਸੁਣਿਆ ਜਾਊ ਅਪੀਲਾਂ ਨੂੰ। ਉਥੇ ਗੱਲ ਨਾ ਹੋਣੀ ਤੈਥੋਂ, ਲੈ ਚਲ ਨਾਲ ਵਕੀਲਾਂ ਨੂੰ। ਕੇਸ ਬੜਾ ਮਜ਼ਬੂਤ ਅਸਾਡਾ, ਕਰੂ ਕੌਣ ਦਲੀਲਾਂ ਨੂੰ। ਤੇਗ਼ ਜ਼ਬਰ ਦੀ ਫੜ ਕੇ ਹਥੀਂ, ਕੋਹਵੇਂ ਨਿਤ ਅਸੀਲਾਂ ਨੂੰ। ਰੁਕਣੀ ਗਡੀ ਬਰਕਤ ਸਿੰਘਾ, ਲੰਘ ਜ਼ਿੰਦਗੀ ਦੇ ਮੀਲਾਂ ਨੂੰ।

ਸੂਬਾ ਹੁਕਮ ਦੇਂਦਾ ਹੈ

ਆਗੂ ਖੂਨੀਆਂ, ਲੀਡਰ ਲੁਟੇਰਿਆਂ ਦਾ, ⁠ਏਥੇ ਆਣ ਨਸੀਹਤਾਂ ਕਰਨ ਲੱਗਾ। ਬੁਢੇ ਵਾਰੇ ਠਾਕਰ ਦਵਾਰੇ ਠੱਗ ਬੈਠਾ, ⁠ਮੱਤਾਂ ਲੋਕਾਂ ਨੂੰ ਦੇਂਵਦਾ ਮਰਨ ਲੱਗਾ। ਪਿੰਜੋ ਰੂਈ ਵਾਂਗਰ ਏਹਨੂੰ ਚਾਹੜ ਚਰਖੀ, ⁠ਵੇਖਾਂ ਕਿਵੇਂ ਮੈਂ ਦੁਖ ਏਹ ਜਰਨ ਲੱਗਾ। ਮੇਰੇ ਜ਼ਬਰ ਦੀ ਵਗਦੀ ਨਦੀ ਮਾਰੂ, ⁠ਬੇੜੀ ਸਿਦਕ ਦੀ ਬੈਠ ਨਹੀਂ ਤਰਨ ਲੱਗਾ। ਭੰਨ ਹੱਡ ਗੋਡੇ, ਤੇਜ਼ ਕਰ ਖੰਭੇ, ⁠ਵਾਂਗੂੰ ਦਾਣਿਆਂ ਮਾਸ ਤਰੋੜ ਦੇਣਾ। ਪੀੜੇ ਵੇਲਣਾ ਜਿਵੇਂ ਕਮਾਦ ਤਾਈਂ, ⁠ਰੱਤ ਮਿਝ ਤਮਾਮ ਨਚੋੜ ਦੇਣਾ।

ਤਥਾ-

ਉਸੇ ਵਕਤ ਹੀ ਜਕੜ ਜਲਾਦ ਸਿੰਘ ਨੂੰ, ⁠ਕਤਲਗਾਹ ਵਿਚ ਆਣ ਖਲਹਾਰਦੇ ਨੇ। ਮੁਸ਼ਕਾਂ ਬੰਨ੍ਹ ਕੇ ਕੋਲ ਚਰਖੜੀ ਦੇ, ⁠ਤੇਜ਼ ਕਰ ਖੰਬੇ ਗੇੜਾ ਮਾਰਦੇ ਨੇ। ਉੱਡਣ ਲੱਗਾ ਸਰੀਰ ਦਾ ਬੂਰ ਏਦਾਂ, ⁠ਜਿਉਂ ਆਰੇ ਚੀਰਦੇ ਗਟੂ ਬਿਆਰ ਦੇ ਨੇ। ਲਾ ਕੇ ਚੌਂਕੜਾ ਬਲੀ ਅਡੋਲ ਬੈਠਾ, ⁠ਭਾਣਾ ਲਗਦਾ ਮਿਠਾ ਉਚਾਰਦੇ ਨੇ। ਸਿਦਕ ਵੇਖਕੇ ਕਰਨ ਚਲਾਦ ਤੋਬਾ, ⁠ਬਣੇ ਸਿੰਘ ਏਹ ਕੋਈ ਅਫਾਤ ਅੱਲਾ। ਕੇਹੜੇ ਲੋਹੇ ਦਾ ਏਹਨਾਂ ਦਾ ਦਿਲ ਘੜਿਆ, ⁠ਕੀਹ ਪਿਆਲੀ ਆ ਏਹਨਾਂ ਨੂੰ ਦਾਤ ਅੱਲਾ।

ਤਥਾ-

ਲਖਾਂ ਤੁੰਬ ਦਿਤੇ ਅਸਾਂ ਵਾਂਗ ਰੂੰ ਦੇ, ⁠ਵਟ ਮਥੇ ਤੇ ਇਕ ਵੀ ਪਾਂਵਦੇ ਨਾ। ਸੀਖਾਂ ਤੱਤੀਆਂ ਲਾ ਭੁੰਨੇ ਵਾਂਗ ਕੀਮੇ, ⁠ਹਾਏ ਮੁਖ ਤੋਂ ਤਾਂ ਵੀ ਸੁਣਾਂਵਦੇ ਨਾ। ਸੂਬੇ ਰਖੀਆਂ ਸਾਹਵੇਂ ਨਵਾਬੀਆਂ ਜੇ, ⁠ਤਾਂ ਵੀ ਝਾਸਿਆਂ ਦੇ ਅੰਦਰ ਆਂਵਦੇ ਨਾ। ਸਿੱਖੀ ਸੂਲੀ ਤੇ ਕੂਕਦੇ ਬਰਕਤ ਸਿੰਘਾ, ⁠ਕਲਮਾ ਨਬੀ ਦਾ ਭੁਲ ਵੀ ਗਾਂਵਦੇ ਨਾ। ਕੰਬਣਾ ਅੰਗ ਸਾਡੇ ਜਿਉਂ ਜਿਉਂ ਅੰਗ ਟੁਟਨ, ⁠ਕੰਬੇ ਜਾਨ ਨਾ 'ਜਾਨ ਜਗਾਰਿਆਂ' ਦੀ। ਦੁਨੀਆਂ ਜੁਗਾਂ ਤੀਕਰ 'ਮੜੀ' ਪੂਜਦੀ ਰਹੂ, ⁠ਏਹਨਾਂ ਅਣਖੀਆਂ 'ਚਾਨਣ ਮੁਨਾਰਿਆਂ' ਦੀ। ਖੂਨੀ ਚਰਖ ਦੇ ਖੂਨੀਆਂ ਮਾਰ ਗੇੜੇ, ⁠ਕੁਲ ਚੁਰਾਸੀਆਂ ਦੇ ਗੇੜੇ ਕਟ ਦਿਤੇ। ਮਾਸ ਪਾ ਦਿਤਾ ਕਾਵਾਂ ਕੁਤਿਆਂ ਨੂੰ, ⁠ਹਡ ਖੂਹ ਅੰਦਰ ਫੜ ਕੇ ਸਟ ਦਿਤੇ। ਫਖਰ ਨਾਲ ਲੋਕੀਂ ਵਾਰਾਂ ਗਾਂਵਦੇ ਨੇ, ⁠'ਸੋਹਣੀ' ਲਈ 'ਸੋਹਣੇ' ਚੀਰ ਪਟ ਦਿਤੇ। ਏਥੇ ਗੰਜ ਸ਼ਹੀਦਾਂ ਦੇ ਲਗੇ ਹੋਏ ਨੇ, ⁠ਜਿਨ੍ਹਾਂ ਸਿਰਾਂ ਦੇ ਝਟਨੇ ਝਟ ਦਿਤੇ। ⁠ਦਰਜਾ ਦੇਸ਼ ਦਾ ਕਰਨ 'ਸ਼ਹੀਦ' ਉੱਚਾ, ⁠ਕਾਇਆਂ ਕੌਮਾਂ ਦੀ ਹੈਨ ਪਲਟਾ ਦੇਂਦੇ। ⁠ਲਹੂ ਨਾਲ 'ਅਨੰਦ' ਉਲੀਕ ਨਕਸ਼ੇ, ⁠ਜ਼ੱਰੇ ਜ਼ੱਰੇ ਨੂੰ ਸੂਰਜ ਬਣਾ ਦੇਂਦੇ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ