Shaheedi Bhai Mati Das Ji : Barkat Singh Anand

ਸ਼ਹੀਦੀ ਭਾਈ ਮਤੀ ਦਾਸ ਜੀ : ਬਰਕਤ ਸਿੰਘ 'ਅਨੰਦ'

ਅਰਦਾਸ

ਤੂੰ ਹੈਂ ਦਾਤਾ ਮੈਂ ਭਿਖਾਰੀ,
ਉਜਲ ਬੁਧ ਕਰੀਂ ਤੂੰ ਮੇਰੀ ।
ਅਧ ਖਿੜੇ ਈ ਫੁਲ ਸੱਧਰਾਂ ਦੇ,
ਲੈ ਲੈ ਭੇਟਾ ਕਰਦਾਂ ਤੇਰੀ ।
ਚਾਰੇ ਪਲੇ ਖਾਲੀ ਮੇਰੇ,
ਭਰ ਝੋਲੀ ਨਾ ਲਾਈਂ ਦੇਰੀ ।
ਚਮਕੇ 'ਬੀਰ ਰਸ’ ਜੁਸੇ ਅੰਦਰ,
ਐਸੀ ਕਵਿਤਾ ਬਣੇ ਚੰਗੇਰੀ ।
ਮੈਂ ਕੁਝ ਨਹੀਂ, ਜੋ ਕੁਝ ਹਾਂ ਹਾਜ਼ਰ,
ਜਿੰਦ ਨਿਕੀ 'ਦਲ' ਫਿਕਰਾਂ ਘੇਰੀ ।
ਮਿਲੇ 'ਅਨੰਦ' ਮੌਤ ਮੁਲ ਜਿਸ ਥਾਂ,
ਉਸ 'ਮੰਡੀ' ਮੈਂ ਪਾਣੀ ਏਂ ਫੇਰੀ ।

ਭਾਈ ਮਤੀ ਦਾਸ ਜੀ

..............
..............
ਭਾਂਬੜ ਦਿਲ ਵਿਚ ਮਚਿਆ ।
ਉਹ ਫਿਰ ਆਇਆ ਕੋਲ ਗੁਰਾਂ ਦੇ,
ਹਥ ਜੋੜ ਕੇ ਕਹਿੰਦਾ ।
ਸਤਿਗੁਰ ਜੀ ਏਹ ਸਦਮਾ ਏਨਾ,
ਦਿਲ ਮੇਰਾ ਨਹੀਂ ਸਹਿੰਦਾ ।
ਹੁਕਮ ਦਿਓ ਤਾਂ ਦੁਨੀਆਂ ਉਤੇ;
ਪਰਲੋ ਅਜ ਲਿਆਵਾਂ ।
'ਦਿਲੀ ਅਤੇ ਲਾਹੌਰ' ਦੀ ਫੜਕੇ,
ਇਟ ਨਾਲ ਇਟ ਵਜਾਵਾਂ ।
ਅਖਾਂ ਵਿਚੋਂ ਸੁਟ ਅੰਗਿਆਰੇ,
ਭਾਂਬੜ ਅਜਿਹੇ ਮਚਾਵਾਂ ।
ਪਰਬਤ ਸਭ ਕਰ ਸੁਟਾਂ ਕੋਲੇ,
ਜ਼ਾਲਮ ਸਭ ਜਲਾਵਾਂ ।
ਹੁਕਮ ਦਿਓ ਤਾਂ ਅੰਬਰ ਉਤੋਂ,
ਸੂਰਜ ਸੁਟਾਂ ਲਾਹਕੇ ।
ਸ਼ਾਹੀ ਮਹਿਲ ਤੇ ਸ਼ਾਹੀ ਫੌਜਾਂ,
ਧਰ ਦਿਆਂ ਖਾਕ ਬਨਾਕੇ ।
ਜੇਕਰ ਕਹੋ ਔਰੰਗੇ ਤਾਈਂ,
ਉਲੂ ਪਕੜ ਬਨਾਵਾਂ ।
ਮੂੰਹ ਦੇ ਰਸਤੇ ਮੈਲਾ ਕਢੇ,
ਮਾਰਨ ਚਿੜੀਆਂ ਕਾਵਾਂ ।
ਅੱਖਾਂ ਤੋਂ ਕਰ ਅੰਨਾਂ ਦੇਵਾਂ,
ਬਿਟ ਬਿਟ ਪਿਆ ਤਕੇ ।
ਜੇ ਆਖੋ ਖਿਚ ਜੀਭ ਮੈਂ ਦੇਵਾਂ,
ਪਾਪੀ ਬੋਲ ਨ ਸਕੇ ।

ਗੁਰੂ ਜੀ

ਹਸ ਗੁਰੂ ਜੀ ਆਖਦੇ, ਸੁਨਹੋਂ ਬੀਰ ਦੀਵਾਨ ।
ਏਨੀ ਸ਼ਕਤੀ ਕਿਸ ਤਰ੍ਹਾਂ, ਦੇ ਦਿਤੀ ਭਗਵਾਨ ।
ਅਗੇ ਆਖੀ ਕਦੇ ਨਾ, ਤੂੰ ਸਾਨੂੰ ਇਹ ਗਲ ।
ਅਜ ਥੰਮ ਤੇਰੇ ਸਿਦਕ ਦਾ, ਗਿਆ ਕਿਸ ਤਰਾਂ ਹਲ ।
ਮਤੀ ਦਾਸ ਨੇ ਆਖਿਆ ਸੁਣੋ ਗਰੀਬ ਨਿਵਾਜ ।
'ਛਿਲੜ ਜੂਠੇ ਆਪਦੇ, ਚੂਪੇ ਥੇ ਦੋ ਆਜ ।
ਲਖਾਂ ਹਾਥੀਆਂ ਦਾ ਹੋਇਆ, ਮਨ ਮੇਰੇ ਮੇਂ ਜ਼ੋਰ ।
ਤਰਲੋਕੀ ਭੀ ਦਿਸਦੀ, ਆਜ ਮੈਨੂੰ ਹੈ ਹੋਰ ।'
ਤਾਂ ਫਿਰ ਗੁਰੂ ਜੀ ਆਖਦੇ, ਸੁਣੋ ਦੀਵਾਨ ਜਵਾਬ ।
ਜਿਸਨੇ ਗੰਨਾਂ ਚੂਪਿਆ, ਉਸਕਾ ਕਰੋ ਹਸਾਬ ।
ਆਹ ਤਕ ਮੇਰੀ ਮੁਠ ਵਿਚ, ਪਕੜੇ ਤੀਨੋ ਲੋਕ ।
ਜੇ ਮੈਂ ਚਾਹਵਾਂ ਅਗ ਵਿਚ ਹੁਣ ਈ ਦੇਵਾਂ ਝੋਕ ।
ਪਰ ਮੈਂ ਪਾਣੇ ਪੂਰਨੇ, ਅਪਨੇ ਸਿਖਾਂ ਹੇਤ ।
ਚੰਗਾ ਉਹੋ ਲਗਦਾ, ਜੋ ਹੈ ਕਰਦੀ 'ਨੇਤ' ।
ਪਹਿਲੇ ਹੋਣਾ ਸਿਖਦੇ, ਜੋ ਲੋਕੀ ਬਰਬਾਦ ।
ਇਕ ਦਿਨ ਉਹੋ ਦੀਵਾਨ ਜੀ, ਹੁੰਦੇ ਨੇ 'ਅਜ਼ਾਦ' ।
ਹੋਣ ਉਹ ਕੌਮਾਂ ਉਚੀਆਂ, ਮਰਨ ਜੋ ਚਾ ਦੇ ਨਾਲ ।
ਜੋ ਡਰਦੇ ਨੇ ਮਰਨ ਤੋਂ, ਡਿਗਨ ਵਿਚ ਪਤਾਲ ।

ਕਾਜ਼ੀ ਨੇ ਔਰੰਗਜ਼ੇਬ ਨੂੰ ਦਸਣਾ

ਸੁਣਦਾ ਗਲਾਂ ਸੀ ਕਿਤੇ ਸ਼ੈਤਾਨ ਕਾਜ਼ੀ,
ਹੋਈਆਂ ਕਿਲੇ ਦੇ ਵਿਚ ਅਲੋਕਾਰੀਆਂ ਜੀ ।
ਹੋ ਕੇ ਅੱਗ ਬਗੋਲਾ ਜਾ ਕੋਲ ਸ਼ਾਹ ਦੇ,
ਲਾ ਲਾ ਹੋਰ ਮਰਚਾਂ ਦਸੀਆਂ ਸਾਰੀਆਂ ਜੀ ।
ਮਤੀ ਦਾਸ ਦੀਵਾਨ ਨੇ ਗੁਰਾਂ ਅਗੇ,
ਤੜਾਂ ਇਸਤਰਾਂ ਨਾਲ ਅਜ ਮਾਰੀਆਂ ਜੀ ।
ਅਰਸ਼, ਫਰਸ਼ ਦੇ ਤਾਈਂ ਉਡਾ ਦਿਆਂ ਮੈਂ,
ਮੇਰੇ ਵਿਚ ਨੇ ਬਰਕਤਾਂ ਭਾਰੀਆਂ ਜੀ ।
ਵਾਧਾ ਹੋਰ ਵੀ ਕਰੇਗਾ ਬਣ ਪੁਰਜਾ,
ਉਹ 'ਬਗਾਵਤ' ਦੀ ਮਾਰੂ ਮਸ਼ੀਨ ਅੰਦਰ ।
ਐਸਾ ਕਾਫਰ ਨਹੀਂ ਰਹਿਨਾਂ 'ਅਜ਼ਾਦ' ਚੰਗਾ,
ਕਰੋ ਕਤਲ ਲਿਆਉ ਜਾਂ ਦੀਨ ਅੰਦਰ ।

(ਮਤੀ ਦਾਸ ਦੀਵਾਨ=ਮਤੀ ਦਾਸ ਜ਼ਿਲਾ
ਜੇਹਲਮ, ਪਿੰਡ ਕਰਿਆਲੇ ਦਾ ਛਤਰੀ
ਅੰਸ ਵਿਚੋਂ ਸੀ ਤੇ ਗੁਰੂ ਜੀ ਦੇ ਨਾਲ ਹੀ ਕੈਦ ਸੀ)

ਔਰੰਗਜ਼ੇਬ ਨੇ ਹੁਕਮ ਦੇਣਾ

ਉਸੇ ਵਕਤ ਔਰੰਗੇ ਨੇ ਸਿਖ ਤਾਈਂ,
ਫੜਨ ਘਲੇ ਸਪਾਹੀ ਸਮਝਾ ਕੇ ਤੇ।
ਮਾਰ ਲਈਆਂ ਨੇ ਪੁਠੀਆਂ ਹਥਕੜੀਆਂ,
ਵਿਚ ਕਿਲੇ ਦੇ ਸਿਖ ਨੂੰ ਜਾ ਕੇ ਤੇ ।
ਬਧੇ ਕੈਦੀਆਂ ਵਾਂਗ ਦੀਵਾਨ ਸਾਹਿਬ,
ਹਾਜ਼ਰ ਹੋਏ ਦਰਬਾਰ ਵਿੱਚ ਆ ਕੇ ਤੇ ।
ਵਿਸ ਸੱਪ ਦੇ ਵਾਂਗ ਪਿਆ ਘੋਲਦਾ ਸੀ,
ਪਾਪੀ ਵਟ ਵਿੱਚ ਗੁਸੇ ਦੇ ਖਾਕੇ ਤੇ ।
ਕੈਦੀ ਵੇਖ ਬਣਿਆ ਮਤੀ ਦਾਸ ਤਾਈਂ,
ਜ਼ਾਰੋ ਜ਼ਾਰ ਹਿੰਦੂ ਸਾਰੇ ਰੋਣ ਲਗੇ ।
ਨਾਲੇ ਕਹਿਣ ਹੌਲੀ ਹੌਲੀ ਦੇਸ਼ ਵਿਚੋਂ,
ਖਤਮ ਕਰਨੀਆਂ ਵਾਲੇ ਜੇ ਹੋਣ ਲਗੇ ।

ਔਰੰਗਜ਼ੇਬ ਦਾ ਕਹਿਣਾ

ਕਿਹਾ ਕੜਕ ਔਰੰਗੇ ਨੇ ਮਤੀ ਦਾਸਾ,
ਮੂੰਹ ਤੋਂ ਚੁਪ ਦਾ ਜੰਦਰਾ ਖੋਲ ਖਾਂ ਫਿਰ ।
ਕਲ ਪੀਰ ਦੇ ਸਾਂਹਵੇਂ ਜੋ ਆਖਦਾ ਸੈਂ,
ਮੇਰੇ ਕੋਲ ਵੀ ਉਹੋ ਕੁਝ ਬੋਲ ਖਾਂ ਫਿਰ।
ਧਰ ਕੇ ਜੀਭ ਦੇ ਕੰਡੇ ਤੇ ਉਸ ਤਰਾਂ ਈ,
ਓਵੇਂ ਕੁਫ਼ਰ ਵਾਲਾ ਸੌਦਾ ਤੋਲ ਖਾਂ ਫਿਰ ।
ਤਖਤ ਪਲਟ ਕੇ 'ਦਿੱਲੀ-ਲਾਹੌਰ' ਵਾਲੇ,
ਸ਼ਾਨ ਮੁਗਲਾਂ ਦੀ ਮਿਟੀ 'ਚ ਰੋਲ ਖਾਂ ਫਿਰ ।
ਨੂਰ ਨਦੀ ਵਗਾ ਕੇ ਅੱਖੀਆਂ ਚੋਂ,
ਪਰਲੋ ਜੱਗ ਦੇ ਵਿੱਚ ਲਿਆ ਤਾਂ ਸਹੀ ।
ਗੋਲਾ ਅੱਗ ਦਾ ਸੁਟ ਕੇ ਅਰਸ਼ ਉਤੋਂ,
ਅੱਗ ਸ਼ਾਹੀ ਮਹੱਲਾਂ ਨੂੰ ਲਾ ਤਾਂ ਸਹੀ ।

ਭਾਈ ਮਤੀ ਦਾਸ ਜੀ ਦਾ ਜੁਵਾਬ

ਹੋਵੇ ਕੀਲਿਆ ਸਪ ਸਪਾਦਿਆਂ ਜੇ,
ਉਹ ਨਹੀਂ ਅਪਣਾ ਡੰਗ ਚਲਾ ਸਕਦਾ ।
ਪੁਤਲੀ ਅਪਣਾ ਓਵੇਂ ਹੀ ਨਾਚ ਕਰਦੀ,
ਪੁਤਲੀਗਰ ਹੈ ਜਿਵੇਂ ਨਚਾ ਸਕਦਾ ।
ਮੈਂ ਹਾਂ ਕਿਸੇ ਦੇ ਹੁਕਮ ਦੇ ਵਿੱਚ ਬੱਧਾ,
ਏਸ ਵਾਸਤੇ ਲਾਂਭੇ ਨਹੀਂ ਜਾ ਸਕਦਾ।
ਨਹੀਂ ਤਾਂ ਇਸ ਗੱਲ ਵਿੱਚ ਅਜੀਬ ਕੀਹ ਏ,
ਜੋ ਮੈਂ ਚਾਹਵਾਂ ਕਰਕੇ ਹਾਂ ਦਖਾ ਸਕਦਾ ।

ਸੁਰਜ, ਚੰਦ, ਤਾਰੇ ਮਿਰੀਆਂ ਸੈਨਤਾਂ ਨੇ,
ਤੇ ਖੁਦਾ ਈ ਮੇਰੇ ਪੋਟੇ ਤਗੜਿਆਂ ਵਿੱਚ ।
ਪੀਹਕੇ ਸੁਰਮਾਂ 'ਹਿਮਾਲਾ' ਨੂੰ ਕਰਦਿਆਂ ਮੈਂ,
ਫੜਕੇ ਤਲੀਆਂ ਦੇ ਦੁੰਹਾਂ ਈ ਰਗੜਿਆਂ ਵਿੱਚ ।

ਔਰੰਗਜ਼ੇਬ

ਔਰੰਗਜ਼ੇਬ ਨੇ ਕਿਹਾ ਫਿਰ ਮਤੀ ਦਾਸਾ,
ਅੱਲਾ ਮੀਆਂ ਹੀ ਸਭ ਕੁਝ ਬਣਾ ਸਕਦੇ।
ਜੇਕਰ ਹੁੰਦੀ ਕੁਫਾਰਾਂ ਦੇ ਵਿੱਚ ਸ਼ਕਤੀ,
'ਫਿਰਾਊਨ' ਨਹੀਂ ਸਨ ਮਾਰੇ ਜਾ ਸਕਦੇ ।
ਰਾਵਨ, ਅਤੇ ਹਰਨਾਕਸ਼, ਜਹੇ ਖ਼ੁਦੀ ਮਾਰੇ,
ਨਹੀਂ ਸਨ ਮਰਦੇ ਜੋ ਕਾਲ ਨਚਾ ਸਕਦੇ ।
ਜੇਕਰ ਲਵਾਂ ਮੈਂ ਕੰਮ ਇਨਸਾਫ ਕੋਲੋਂ;
ਤੇਰੇ ਐਬ ਏਹ ਬਖਸ਼ੇ ਨਹੀਂ ਜਾ ਸਕਦੇ ।

ਕਲਮਾਂ ਪੜ੍ਹ ਤੇ ਅਗੋਂ ਲਈ ਕਰ ਤੋਬਾ,
ਬਖਸ਼ ਲਵੇਗਾ ਅਲਾ ਰਸੂਲ ਤੈਨੂੰ ।
ਜਾਂ ਫਿਰ ਮਰਨ ਦੇ ਲਈ ਤਿਆਰ ਹੋਜਾ,
ਜੇ 'ਅਨੰਦ' ਨਹੀਂ ਦੀਨ ਕਬੂਲ ਤੈਨੂੰ।

ਜੁਵਾਬ ਭਾਈ ਮਤੀਦਾਸ ਜੀ

ਬੜੀ ਖੁਸ਼ੀ ਹੈ ਮਰਨ ਦੀ ਨਹੀਂ ਚਿੰਤਾ,
ਮਰਨਾ, ਜੀਵਨਾ, ਪੁਰਸ਼ ਦਾ ਕੰਮੜਾ ਏ ।
ਧਰਮ ਵੇਚਕੇ ਰਖਣਾਂ ਅਜ ਕਾਹਨੂੰ,
ਜੇਹੜਾ ਕਲ ਨੂੰ ਟੁਟਨਾ ਥੰਮੜਾ ਏ ।
ਜਿਸ ਨੇ ਕਬਰਾਂ ਚੋਂ ਮੁਰਦੇ ਉਠਾਲਨੇ ਨੇ,
ਜੰਮ ਪਿਆ ਉਹ ਪੁਰਖ ਅਗੰਮੜਾ ਏ ।
ਸਿਖੀ ਮਹਿਲ ਤੇ ਝੰਡਾ ਜੋ ਝੂਲਨਾ ਏਂ,
ਚੜ੍ਹਨਾਂ ਉਸ ਤੇ ਮੇਰਾ ਈ ਚੰਮੜਾ ਏ ।
ਜੇਹੜਾ ਬੇੜਾ ਤੁਫਾਨਾਂ ਵਿਚ ਡੋਬਨਾ ਸੀ,
ਹੁਣ ਉਹ ਲਹੂ ਵਿਚ ਰੋੜ੍ਹਿਆ ਜਾਵਨਾ ਏ ।
ਕਲਮਾਂ ਤੇਰਾ ਮੁਬਾਰਕ ਜਲਾਦ ਤੈਨੂੰ,
ਮੈਨੂੰ ਧਰਮ ਮੇਰੇ ਬੰਨੇ ਲਾਵਨਾ ਏ ।

ਔਰੰਗਜ਼ੇਬ ਦਾ ਕਾਜ਼ੀਆਂ ਨੂੰ ਪੁਛਣਾ

ਪੁਛਿਆ ਫੇਰ ਉਰੰਗੇ ਨੇ ਕਾਜ਼ੀਆਂ ਨੂੰ,
ਛੇਤੀ ਕਰੋ ਤੇ ਖੋਹਲ ਕਿਤਾਬ ਆਖੋ ।
ਜੇੜਾ ਕੁਫਰ ਤੋਲੇ 'ਫਿਰਾਊਨ' ਬਨਕੇ,
ਓਹਦੇ ਮਾਰਨ ਲਈ ਕੀਹ ਹੈ ਅਜ਼ਾਬ ਆਖੋ।
ਕਰੀਏ ਪੱਥਰਾਂ ਨਾਲ ਸੰਗਸਾਰ ਏਹਨੂੰ,
ਭੁੰਨੀਏਂ ਸੀਖਾਂ ਤੇ ਏਹਦਾ ਕਬਾਬ ਆਖੋ ।
ਜੇਹੜਾ ਨਬੀ ਦੇ ਦੀਨ ਤੋਂ ਹੋਏ ਬਾਗ਼ੀ,
ਉਹਦੇ ਮਾਰਨ ਦਾ ਕੀਹ ਏ ਸੁਵਾਬ ਆਖੋ ।
ਆਖੋ, ਅਲ੍ਹਾ ਕਲਾਮ ਜੋ ਆਖਦੀ ਏ,
ਵਡਾ ਕਾਫਰ ਏ ਉਸ ਤੋਂ ਕੁਫਾਰ ਵਡਾ ।
ਵਡੇ ਆਦਮੀ ਨੂੰ ਮਾਰਨ ਵਾਸਤੇ ਵੀ,
ਹੈ 'ਅਨੰਦ' ਚਾਹੀਦਾ ਕੀ ਹਥਿਆਰ ਵਡਾ।

ਕਹਿਣਾ ਕਾਜ਼ੀ ਦਾ

(ਪਉੜੀ)

ਤਦ ਕਾਜ਼ੀ ਖੋਹਲ ਕਿਤਾਬ ਨੂੰ, ਕੁਝ ਫੋਲ ਉਚਾਰੇ ।
ਏਹ ਬਣੇ ਸ਼ਰੀਕ ਅਲਾਹ ਦਾ, ਜੋ ਜੰਮੇ ਮਾਰੇ ।
ਏਹਨੇ 'ਫਿਰਾਊਨ' 'ਨਮਰੂਦ' ਜਹੇ, ਕੀਤੇ ਹਨ ਕਾਰੇ ।
ਏਹਨੇ ਬੋਲੇ ਬੋਲ ਤਕੱਬਰੀ, ਕੁਫਰਾਂ ਦੇ ਭਾਰੇ ।
ਹੈ ਫਤਵਾ ਜੋ ਇਸਲਾਮ ਦਾ ਸੋ ਸੁਣੋ ਪਿਆਰੇ ।
ਏਹਨੀ ਜੀਭਾ ਚਾਹੀਏ ਚੀਰਨੀ, ਜੋ ਕਹਿਰ ਗੁਜ਼ਾਰੇ ।
ਏਹਦੇ ਫਟ ਪਾਉ ਸ਼ਤੀਰ ਵਾਂਗ ਕਰ ਤਿਖੇ ਆਰੇ ।
ਤੇ ਸੌ ਹਜ ਮਕੇ ਦਾ ਮਿਲੇ, ਇਕ ਕਾਫਰ ਮਾਰੇ।

ਔਰੰਗਜ਼ੇਬ ਨੇ ਹੁਕਮ ਦੇਣਾ

ਫਿਰ ਸ਼ਾਹ ਨੇ ਜਦ ਜਲਾਦ ਨੂੰ, ਇਉਂ ਹੁਕਮ ਸੁਣਾਇਆ ।
ਏਹਦੇ ਸਿਰ ਤੇ ਆਰਾ ਰਖਕੇ, ਜਾਏ ਮੋਛਾ ਪਾਇਆ ।
ਏਹਦੇ ਜੀਭ ਵੀ ਵਿਚੇ ਚੀਰਨੀ, ਜਿਸ ਕਹਿਰ ਕਮਾਇਆ ।
ਏਹਨੂੰ ਇਕ ਤੋਂ ਦੋ ਕਰ ਦਿਓ, ਚਿਰ ਜਾਏ ਨਾ ਲਾਇਆ ।
ਏਹ ਸਦਮਾਂ ਏਹਦੇ ਪੀਰ ਨੂੰ, ਸਭ ਜਾਏ ਵਿਖਾਇਆ ।
ਉਹਦੇ ਸਾਂਹਵੇਂ ਇਕ ਇਕ ਸਿਖ ਦਾ, ਕਰ ਦਿਓ ਸਫਾਇਆ ।
ਫੜ ਵਿਚ ਕਿਲ੍ਹੇ ਚੰਡਾਲ ਤਦ, ਸਿਖ ਤਾਈਂ ਲਿਆਇਆ।
ਤੇ ਰੋਤੀ ਉਤੇ ਫੇਰਕੇ, ਆਰਾ ਚਮਕਾਇਆ ।

ਤਥਾ

ਜਦ ਅਡਾ ਠੀਕ ਜਲਾਦ ਨੇ, ਕਰ ਲੀਤਾ ਸਾਰਾ ।
ਕਰ ਮੁਖ ਗੁਰਾਂ ਵਲ ਡਾਹ ਲਿਆ, ਸ਼ਗਨਾਂ ਦਾ ਖਾਰਾ ।
ਸਿਖ ਆਪ ਸਿਰੋਪਾ ਮੌਤ ਦਾ, ਸਿਰ ਧਰ ਲਿਆ ਆਰਾ।
ਉਹਨੇ ਨੱਕ ਦੇ ਸਾਹਵੇਂ ਚੀਰ ਵਾਂਗ, ਕਰਵਾ ਲਈ ਧਾਰਾ ।
ਰਖ ਸ਼ੀਸ਼ਾ ਕੰਘੀ ਵਾਹੇ ਜਿਉਂ, ਜੋਬਨ ਮੁਟਿਆਰਾ ।
ਇਉਂ ਇਕ ਦੂਜੇ ਵਾਲ ਤਕਦੇ, ਅਗੇ ਕਰ ਬਾਰਾ ।
ਜਿਉਂ ਵਿਚ ਖਬਲੀ ਘਾਹ ਖੇਤ ਦੇ, ਹੋਵੇ ਘਸਿਆਰਾ।
ਇਉਂ ਵਹਿਣ ਲਹੂ ਦਾ ਵਗਦਾ, ਪਿਆ ਦਏ ਨਜ਼ਾਰਾ ।
ਜਿਉਂ ਵਗੇ ਸ਼ਿਵ ਦੀਆਂ ਜਟਾਂ ਚੋਂ, ਗੰਗਾ ਦੀ ਧਾਰਾ ।
ਰੂਹ ਬੈਠਾ ਹੈਸੀ ਬੁਤ ਤੋਂ, ਕਰ ਇੰਜ ਕਿਨਾਰਾ ।
ਸਪ ਬਹਿੰਦਾ ਜੀਕੁਨ 'ਕੁੰਜ' ਦਾ, ਮੋਹ ਤੋੜ ਪਿਆਰਾ ।
ਇਉਂ ਬੈਠਾ ਪਰਬਤ ਸਿਦਕ ਦਾ, ਦੁਖ ਜਰਕੇ ਸਾਰਾ ।
ਜਿਉਂ ਗਟੂ ਹੋਵੇ ਚੀਰ ਦਾ, ਕੋਈ ਲਕੜ ਹਾਰਾ ।
ਦੋ ਟੁਕੜੇ ਹੋਕੇ ਡਿਗ ਪਿਆ, ਭਾਰਤ ਦਾ ਤਾਰਾ ।
ਭਾਰਤ ਦੇ ਢਠਦੇ ਮਹਿਲ ਦਾ, ਬਣ ਗਿਆ ਮੁਨਾਰਾ ।
ਤੇਰਾ ਭਾਣਾ ਮੈਨੂੰ ਲੱਗਦਾ, ਮਿਠਾ ਤੇ ਪਿਆਰਾ ।
ਇਉਂ ਕਹਿੰਦਾ ਹੰਸ 'ਅਨੰਦ' ਜੀ ਲਾ ਗਿਆ ਉਡਾਰਾ।

('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ