Shaheedi Bhai Mani Singh Ji : Barkat Singh Anand

ਸ਼ਹੀਦੀ ਭਾਈ ਮਨੀ ਸਿੰਘ ਜੀ : ਬਰਕਤ ਸਿੰਘ 'ਅਨੰਦ'ਦੁਵੱਯਾ ਛੰਦ

ਮਨੀ ਸਿੰਘ ਨੂੰ ਹਥੀਂ ਅੰਮ੍ਰਿਤ, ਦਸਮੇਂ ਗੁਰਾਂ ਛਕਾਯਾ। ਅਰਥਾਂ ਸਹਿਤ ਗੁਰਬਾਣੀ ਦਾ, ਨਾਲੇ ਬੋਧ ਚਹਾਯਾ। ਵਡਾ ਤਿਆਗੀ, ਵਡਾ ਬਬੇਕੀ, ਵਡਾ ‘ਸੰਤ ਸਪਾਹੀ’। ਵਡਾ ਲਿਖਾਰੀ ਗੁਰਬਾਣੀ ਦਾ, ਵਡੀ ਟਹਿਲ ਨਿਬਾਹੀ। ਨਾਲ ਗੁਰਾਂ ਦੇ ਰਹਿਕੇ ਇਸਨੇ,ਕੁਲ ਰਸਮਾਂ ਸਨ ਸਿਖੀਆਂ। ਹਥੀਂ ਬੀੜਾਂ ਗੁਰਬਾਣੀ ਦੀਆਂ,ਸਾਫ ਸ਼ੁਧ ਸਨ ਲਿਖੀਆ। ਬਾਦ ਗੁਰਾਂ ਤੋਂ ਹਰਿਮੰਦਰ ਵਿਚ, ਸਿੰਘਾਂ ਗ੍ਰੰਥੀ ਲਾਯਾ। ‘ਤਤ ਖਾਲਸੇ’ ‘ਬੰਦਈਆਂ’ ਦਾ, ਝਗੜਾ ਇਸ ਸੁਲਝਾਯਾ। ਸੋਚ ਸਮਝਕੇ ਰੰਗ ਸਮੇਂ ਦੇ, ਵਰਤੀ ਇਸਨੇ ਨੀਤੀ। ਬੀੜ ਖੋਲਕੇ ਕਰਮ ਵਾਰ, ਇਸ ਬਾਣੀ ਸਾਰੀ ਕੀਤੀ। ਖਾਲਸਿਆਂ ਨੂੰ ਇਹ ਸਿਆਣਪ, ਲਗੀ ਮੂਲ ਨਾ ਚੰਗੀ। ਬੰਦ ਬੰਦ ਕੀਤੇ ਵਖ ਗੁਰਾਂ ਦੇ, ਕੀਤੀ ਗੱਲ ਕੁਢੰਗੀ। ਅੰਗ ਅੰਗ ਜਿਉਂ ਵਖ ਗੁਰਾਂ ਦੇ, ਕੀਤੇ ਨੇ ਤੂੰ ਸਾਰੇ। ਅੰਗ ਅੰਗ ਤੇਰਾ ਕਟਿਆ ਜਾਵੇ, ਹੋਏ ਸਰਾਪ ਏਹ ਭਾਰ। ਇੰਜ ਸੇਵਾ ਫਿਰ ‘ਹਰਿਮੰਦਰ’ ਵਿਚ ਕਰਦਿਆਂ ਹੋ ਗਈ ਦੇਰੀ। ਖਾਲਸਿਆਂ ਦੇ ਸਿਰ ਦੇ ਉਤੇ, ਝੁਲੀ ਆਨ ਹਨੇਰੀ। ਸਿੰਘਾਂ ਤਾਈਂ ਮਾਰਨ ਖਾਤਰ, ਆਨ ਚੁਗੱਤੇ ਤੁਲੇ। ਖਿੰਡ ਪੁੰਡ ਗਏ, ਸਿੰਘ ਜੰਗਲੀਂ, ਵਗੇ ਐਸੇ ਬੁਲੇ। ਭੇਸ ਵਟਾਕੇ ਭਾਈ ਸਾਹਿਬ ਜੀ, ‘ਹਰਮੰਦਰ’ ਵਿਚ ਰਹਿੰਦੇ। ਫਕਰ ਸਮਝਕੇ ਮੁਗ਼ਲ ਇਨ੍ਹਾਂ ਨੂੰ, ਨਾ ਹੈਸੀ ਕੁਝ ਕਹਿੰਦੇ। ਅੰਮ੍ਰਿਤਸਰ ਜੀ ਪਹਿਰੇ ਲਗੇ, ਜੋ ਕਾਬੂ ਸਿੰਘ ਆਵੇ। ਭਾਰੇ ਦੁਖ ਤਸੀਹੇ ਦੇ ਦੇ, ਜਾਨੋਂ ਮਾਰਿਆ ਜਾਵੇ।

ਭਾਈ ਮਨੀ ਸਿੰਘ ਜੀ ਨੇ ਦੀਪ ਮਾਲਾ ਦਾ ਮੇਲਾ ਮਨਾਣਾ
ਮਿਰਜ਼ਾ-

ਸਤਾਰਾਂ ਸੌ ਪਚਾਨਵੇਂ, ਚੜ੍ਹਿਆ ਜਦ ਬਿਕ੍ਰਮੀ ਸਾਲ। ਮਨੀ ਸਿੰਘ ਨੇ ਬੈਠਿਆਂ, ਕੀਤਾ ਸੀ ਤੇ ਇੰਜ ਖਿਆਲ। ਵਿਚ ਦਿਲ ਦੇ ਤਾਂਘ ਦੀਦਾਰ ਦੀ, ਜਿਨੇ ਮਾਰਿਆ ਆਣ ਉਛਾਲ। ਉਹਦੀ ਬੀਰਤਾ ਅੰਦਰ ਬਾਜ਼ੂਆਂ, ਇਉਂ ਲਗੀ ਖਾਣ ਉਬਾਲ। ਯਗ ਕਰਨੇ ਅਤੇ ਕਰਾਵਨੇ, ਏਹ ਗੁਰ ਸਿੰਘਾਂ ਦੀ ਚਾਲ। ਕੋਈ ਜੋੜ ਮੇਲ ਕਰਵਾ ਦੇਈਏ, ਸਿੰਘ ਸੁਤੇ ਦੇਈਏ ਉਠਾਲ। ਸਿੰਘ ਵੇਖਣ ਆ ਗੁਰਧਾਮ ਦਾ, ਸਭ ਆਪਣੀ ਅਖੀਂ ਹਲ। ਗੁਰਦਵਾਰੇ ਢਾਹ ਢਾਹ ਚੰਦਰੇ, ਹਨ ਪੂਰੀ ਜਾਂਦੇ ਤਾਲ। ਸਿੰਘ ਹਰਿਮੰਦਰ ਨੂੰ ਛਡ ਗਏ, ਖਾ ਤੁਰਕ ਦਾ ਖ਼ੌਫ਼ ਵਸ਼ਾਲ। ਹੈ ਤੇਜ ਸ਼ਰ੍ਹਾ ਦਾ ਹੋ ਗਿਆ, ਹੋ ਸਿਖੀ ਗਈ ਨਿਢਾਲ। ਉਦੋਂ ਕਾਜ਼ੀ ‘ਅਬਦੁਲਰਜ਼ਾਕ’ ਸੀ, ਲਗਾ ਅੰਮ੍ਰਿਤਸਰ ਕੁਤਵਾਲ। ਇਉਂ ਕੀਤਾ ਸਾਦਾ ਮਸ਼ਵਰਾ, ਮਨੀ ਸਿੰਘ ਨੇ ਉਸਦੇ ਨਾਲ। ਏਥੇ ਕਿਰਤੀ ਸਿਖ ਹੀ ਔਣਗੇ, ਨਾ ਬਾਗ਼ੀ ਵੜੂ ਮਜਾਲ। ਜਟ ਪੇਂਡੂ ਰਈਅਤ ਤੁਸਾਂ ਦੀ, ਰਹੇ ਢਿਡ ਖਲਕਤ ਦਾ ਪਾਲ। ਉਹਨਾਂ ਕੋਲੋਂ ਖਤਰਾ ਕੁਝ ਨਹੀਂ, ਸਭ ਸਾਊ ਲੋਕ ਕੰਗਾਲ। ‘ਅਨੰਦ’ ਕਾਜ਼ੀ ਨੇ ਖੁਸ਼ੀ ਹੋ, ਮੰਨ ਸਿੰਘ ਦਾ ਲਿਆ ਸਵਾਲ।

ਕਾਜ਼ੀ ਨੇ ਲਾਹੌਰੋਂ ਪਤਾ ਮੰਗਾਣਾ
ਬੈਂਤ-

ਕਾਜ਼ੀ ਫੇਰ ਲਾਹੌਰ ਨੂੰ ਹੁਕਮ ਲਿਖਿਆ, ਮਨੀ ਸਿੰਘ ਹੈ ਮੇਲਾ ਲੁਵਾਣਾ ਚਾਹੁੰਦਾ। ਕਠੇ ਕਰ ‘ਪੇਂਡੂ’ ‘ਕਿਰਤੀ’ ‘ਜਟ’ ਸਾਧੂ, ਫਕਰ ਲੋਕ ਹੈ ਜਗ ਕਰਵਾਣਾ ਚਾਹੁੰਦਾ। ਅਗੋਂ ਲਿਖਿਆ ਸੂਬੇ ਨੇ ਪਰਤ ਏਦਾਂ, ਉਹਨੂੰ ਕਹੋ ਜੇ ਰੌਣਕ ਵਧਾਣਾ ਚਾਹੁੰਦਾ। ਦੇਵੇ ਪੰਜ ਹਜ਼ਾਰ ਮਸੂਲ ਸਾਨੂੰ, ਕੋਈ ਫਿਕਰ ਨਹੀਂ ਮੇਲਾ ਜੇ ਲਾਣਾ ਚਾਹੁੰਦਾ। ਦਸਿਆ ਕਾਜ਼ੀ ਨੇ ਸਿੰਘ ਨੂੰ ਹੁਕਮ ਸਦਕੇ, ਕਿਹਾ ਸਿੰਘ ਨੇ ਭਲਾ ਚੁਕਾ ਦਿਆਂਗੇ। ਚੜਤ ਲੱਖਾਂ ਰੁਪਿਆਂ ਦੀ ਆਵਣੀ ਏਂ, ਉਹਦੇ ਵਿਚੋਂ ਈ ਲੇਖਾ ਮੁਕਾ ਦਿਆਂਗੇ।

ਚਿਠੀਆਂ ਲਿਖਣੀਆਂ

ਪਾਈਆਂ ਲਿਖ ਲਿਖ ਚਿਠੀਆਂ, ਸਭ ਸਿੰਘਾਂ ਦੇ ਨਾਮ। ਆਵੋ ਹਲੇ ਮਾਰਕੇ, ਸਣ ਪਰਵਾਰ ਤਮਾਮ। ਹੁਕਮ ਲਿਆ ਸਰਕਾਰ ਤੋਂ, ਹੋ ਗਏ ਕੌਲ ਕਰਾਰ। ਫਿਕਰ ਨ ਕਰਨਾ ਕੁਛ ਵੀ; ਖੁਲੇ ਕਰੋ ਦੀਦਾਰ। ਰਜ ਰਜ ਟੁਭੇ ਲਾ ਲਵੋ, ਕਰ ਲੌ ਸੁਫਲਾ ਜਨਮ। ਕਰ ਸਤ ਸੰਗਤ ਮਨਾਂ ਚੋਂ, ਕਢ ਲਵੋ ਸਭ ਭਰਮ। ਜੰਗੀ ਸਿੰਘ ਨਹੀਂ ਆਵਣੇ, ਨਾ ਹੋਣਾ ਤਕਰਾਰ। ਕਿਰਤੀਆਂ ਤਾਈਂ ਰੋਕ, ਨਾ ਕੁਝ ਕਰੂ ਸਰਕਾਰ। ਚਿਰ ਪਿਛੋਂ ਮਿਲਿਆ ਸਮਾਂ, ਭਾਈਓ ਭਾਗਾਂ ਨਾਲ। ਪਰਸ ਧੂੜ ਸਚਖੰਡ ਦੀ, ਹੋਵੋ ਖੂਬ ਨਿਹਾਲ।

ਸਿੰਘਾਂ ਦੀਆਂ ਤਿਆਰੀਆਂ
ਦੁਵੱਯਾ ਛੰਦ॥

ਪੜ ਪੜ ਚਿਠੀਆਂ ਪੇਡੂ ਕਿਰਤੀ, ਕਰਦੇ ਕੁਲ ਤਿਆਰੀ। ਲੈ ਦਸਵੰਧ ਤੁਰੇ ਦਰਸ਼ਨ ਨੂੰ ਹੁਮ ਹੁਮਾ ਨਰ ਨਾਰੀ। ਸਚ ਖੰਡ ਦੀ ਧੂੜ ਪਰਸੀਏ, ਤਾਲ ਚਿ ਟੁਬੇ ਲਾਈਏ। ਚਿਰ ਦੀਆਂ ਮੰਨਤਾਂ ਮੰਨੀਆਂ ਹੋਈਆਂ, ਹਥੀਂ ਚਲ ਚੜਾਈਏ। ਰੌਣਕ ਹੋਣ ਲਗੀ ਜਿਸ ਵੇਲੇ, ਚਲੀ ਚਾਲ ਸ਼ੈਤਾਨਾਂ। ਗਸ਼ਤੀ ਫੌਜ ਦਿਤੀ ਘਲ ਉਤੋਂ, ਹਾਕਮ ਬੇਈਮਾਨਾਂ। ‘ਲਖੂ ਇਮਨਾ ਬਾਦੀਏ’ ਮੁਖ਼ਬਰ ਸੂਬੇ ਤਾਈਂ ਸਖਾਇਆ। ਘੇਰਾ ਪਾ ਸਿੰਘਾਂ ਕਾਬੂ ਕਰ ਲੌ, ਰਬ ਨੇ ਵਕਤ ਬਨਾਇਆ। ਬਚੇ, ਬੁਢੇ, ਪਕੜ ਔਰਤਾਂ, ਕਰ ਦਿਉ ਖਤਮ ਪਨੀਰੀ। ਢਾਹ ‘ਹਰਿਮੰਦਰ’ ਸਾਫ ਕਰ ਦਿਉ, ਸਾਰਾ ਠਾਠ ਅਮੀਰੀ। ਫੌਜ ਚੜੀ ਜਦ ਧੂੜਾਂ ਧੁੰਮੀਆਂ, ਜਗ ਤੇ ਪਈ ਦੁਹਾਈ। ਨਸ ਭਜ ਗਈ ਜਾਨ ਬਚਾ ਕੇ, ਜੋ ਸੰਗਤ ਸੀ ਆਈ। ਮਨੀ ਸਿੰਘ ਨੇ ਕੀਤੀਆਂ ਖਬਰਾਂ, ਸਿੰਘਾਂ ਤਾਈਂ ਸਾਰੇ। ਸਿੰਘੋ, ਨਾ ਅੰਮ੍ਰਿਤਸਰ ਔਣਾ, ਫਿਰ ਗਏ ਦੇ ਹਤਿਆਰੇ। ਬੀਤ ਗਏ ਜਾਂ ਦਿਨ ਕੁਝ ਮੁੜਕੇ, ਹੁਕਮ ਲਾਹੌਰੋਂ ਆਇਆ। ਮੇਲੇ ਦਾ ਮਾਸੂਲ ਤਮਾਮੀ, ਜਾਵੇ ਤੁਰਤ ਪਚਾਇਆ। ਜੇ ਨਾਂ ਦੇ ਮਸੂਲ ਮਨੀ ਸਿੰਘ, ਕਰੇ ਸ਼ੇਖੀਆਂ ਅੜੀਆਂ। ਘਲ ਦਿਉ ਲਾਹੌਰ ਉਸ ਨੂੰ, ਮਾਰ ਪੁਠੀਆਂ ਕੁੜੀਆਂ। ਆ ਕਾਜ਼ੀ ਨੇ ਮਨੀ ਸਿੰਘ ਨੂੰ, ਆਖਿਆ ਸਿੰਘ ਸਰਦਾਰਾ। ਪੰਜ ਹਜ਼ਾਰ ਮਾਸੂਲ ਜੋ ਕੀਤਾ, ਜਲਦੀ ਭਰ ਦੇ ਸਾਰਾ। ਨਹੀਂ ਤਾਂ ਲਾ ਹਥਕੜੀਆਂ ਤੈਨੂੰ, ਜਾਊ ਲਾਹੌਰ ਪੁਚਾਇਆ। ਆਪੇ ਸੂਬਾ ਕਰੂ ਫੈਸਲਾ, ਜੋ ਉਹਦੇ ਦਿਲ ਆਇਆ। ਕਿਹਾ ਸਿੰਘ ਨੇ ਕਾਜ਼ੀ ਸਾਹਿਬ, ਆਈ ਨਾਂ ਇਕ ਪਾਈ। ਤੋੜਕੇ ਵਹਿਦੇ ਆਪ ਤੁਸਾਂ ਨੇ, ਖਲਕਤ ਕੁਲ ਡਰਾਈ। ਮੇਲਾ ਲਗਦਾ ਤਾਂ ਦੇ ਦੇਂਦਾ, ਚੁਕੀਆਂ ਪੁਠੀਆਂ ਕਾਰਾਂ। ਪੰਜ ਰੁਪਈਏ ਕੋਲ ਨਾਂ ਮੇਰੇ, ਰਕਮ ਕਿਥੋਂ ਇਹ ਤਾਰਾਂ। ਉਸੇ ਵੇਲੇ ਫੜ ਕਾਜ਼ੀ ਨੇ, ਕੜੀਆਂ ਸਿੰਘ ਨੂੰ ਲਾਈਆਂ। ਦਿਤਾ ਤੋਰ ਲਾਹੌਰ ਵਲ ਨੂੰ, ਜਕੜਕੇ ਨਾਲ ਸਪਾਹੀਆਂ। ਸੀ ਏਦਾਂ ਦੀ ਬੁਰਛਾ ਗਰਦੀ, ਮੁਗ਼ਲ ਹਕੂਮਤ ਵੇਲੇ। ਭਾਲ ਬਹਾਨੇ ਨਾਲ ਸਿੰਘਾਂ ਦੇ, ਜਾਨ ਬਾਜ਼ੀਆਂ ਖੇਲੇ। (ਲਖੂ=ਲਖਪਤ ਰਾਏ ਹਿੰਦੂ ਏਮਨਾ ਬਾਦ ਦੇ ਰਹਿਣ ਵਾਲਾ ਸਿੰਘਾਂ ਦੇ ਵੈਰ ਪਿਆ ਹੋਇਆ ਸੀ, ਮੁਗਲਾਂ ਦਾ ਝੋਲੀ ਚੁਕ ਸੀ।)

ਬੈਂਤ-

ਉਡ ਗਿਆ ਇਨਸਾਫ ਜਹਾਨ ਵਿਚੋਂ, ਰਾਜੇ ਲੁਟ ਰਿਆਇਆ ਨੂੰ ਖਾਂਵਦੇ ਨੇ। ਵਹਿਦੇ ਆਪਣੇ ਛਡਕੇ ਆਪ ਸਾਰ, ਉਲਟਾ ਸਾਧਾਂ ਨੂੰ ਚੋਰ ਬਣਾਂਵਦੇ ਨੇ। ਬੰਨ੍ਹ ਸਾਧ ਬੇਦੋਸ ਨੂੰ ਮਾਰ ਕੜੀਆਂ, ਏਦਾਂ ਵੱਲ ਲਹੌਰ ਲਿਆਂਵਦੇ ਨੇ। ਵੈਰ ਸਿੰਘਾਂ, ਦੇ ਪਿਆ ਜਹਾਨ ਸਾਰਾ, ਤੇਲ ਹਿੰਦੂ ਵੀ ਬਲਦੀ ਤੇ ਪਾਂਵਦੇ ਨੇ। ਔਂਦੇ ਸਾਰ ਕਚਹਿਰੀ ਵਿਚ ਮਨੀ ਸਿੰਘ ਨੇ, ਉਚੀ ਗੱਜ ਕੇ ਫਤੇ ਬੁਲਾ ਦਿਤੀ। ਧੁਖਦੀ ਧੂਣੀ ‘ਅਨੰਦ’ ਜੋ ਸ਼ਰ੍ਹਾ ਦੀ ਸੀ, ਫੂਕ ਮਾਰਕੇ ਅੱਗ ਮਚਾ ਦਿੱਤੀ।

ਸੂਬਾ

ਹੋਕੇ ਸੂਬੇ ਨੇ ਲਾਲ ਅੰਗਿਆਰ ਵਾਂਗੂੰ, ਮਨੀ ਸਿੰਘ ਨੂੰ ਇੰਜ ਪੁਕਾਰਿਆ ਏ। ਘਰ ਮੁਗ਼ਲਾਂ ਦਾ ਏਹ ਸਲਾਮ ਦਾ ਥਾਂ, ਏਥੇ ਫਤੇ ਨੂੰ ਕਿਉਂ ਉਚਾਰਿਆ ਏ। ਤੈਨੂੰ ਆਪਣੀ ਜਾਨ ਦੀ ਲੋੜ ਨਹੀਂ ਸੀ, ਸੁਤੇ ਕਾਲ ਨੂੰ ਕਿਉਂ ਵੰਗਾਰਿਆ ਏ। ਆਇਆ ਸਿੰਘਾਂ ਦਾ ਅੰਤ ਖੁਦਾ ਵਲੋਂ, ਪੁਠੀ ਮਤ ਨੂੰ ਤੁਸਾਂ ਨੇ ਧਾਰਿਆ ਏ। ਨਾਲੇ ਦੱਸ ਖਾਂ ਤੂੰ ‘ਮਾਸੂਲ ਸ਼ਾਹੀਂ’, ਮੇਲਾ ਲੁਟ ਕੇ ਕਿਉਂ ਨਾਂ ਤਾਰਿਆ ਏ। ਖਤਰੇ ਵਿਚ ‘ਅਨੰਦ’ ਤੂੰ ਜਾਨ ਪਾਈ, ਲਾਲਚ ਮਾਇਆ ਦੇ ਨੇ ਤੈਨੂੰ ਮਾਰਿਆ ਏ।

ਜਵਾਬ ਭਾਈ ਮਨੀ ਸਿੰਘ ਜੀ

ਮਨੀ ਸਿੰਘ ਨੇ ਆਖਿਆ ਦੇਖ ਸੂਬੇ, ਅਸੀਂ ਗੁਰੂ ਦੇ ਸਿੰਘ ਸਦਾਂਵਦੇ ਹਾਂ। ਨਹੀਂ ਕਿਸੇ ਨੂੰ ਕਦੇ ਸਲਾਮ ਕਰਦੇ, ਹਰ ਇਕ ਨੂੰ ਫਤੇ ਬੁਲਾਂਵਦੇ ਹਾਂ। ਡਰ ਕਿਸੇ ਦਾ ਕਦੇ ਨਾਂ ਮੰਨਦੇ ਹਾਂ, ਨਾ ਹੀ ਕਿਸੇ ਦੇ ਤਾਈਂ ਡਰਾਂਵਦੇ ਹਾਂ। ਚੜ੍ਹਦੀ ਕਲਾ ਵਿਚ ਸਿੰਘ ਹਮੇਸ਼ ਰਹਿੰਦੇ, ਇਕੋ ਦੁਖ ਤੇ ਸੁਖ ਤਕਾਂਵਦੇ ਹਾਂ। ਮੇਲਾ ਘੱਲ ਕੇ ਫੌਜ ਬਰਬਾਦ ਕੀਤਾ, ਚੜਤਲ ਔਣੀ ਸੀ ਵਿਚ ਦਰਬਾਰ ਕਿਥੋਂ। ਮੇਰੇ ਕੋਲ ‘ਅਨੰਦ’ ਨਹੀਂ ਪੰਜ ਕੌਡਾਂ, ਦਸ ਤਾਰਾਂ ਮੈਂ ‘ਪੰਜ ਹਜ਼ਾਰ’ ਕਿਥੋਂ।

ਸੂਬਾ

ਖਾਤਰ ਪੈਸੇ ਦੇ ਜਾਨ ਗੁਵਾ ਲੈਣੀ, ਏਹੋ ਜਹੀ ਨਹੀਂ ਚੰਗੀ ਦਨਾਈ ਸਿਖਾ। ਲੋੜੇਂ ਖੈਰ ਮਸੂਲ ਅਦਾ ਕਰਦੇ, ਕਰ ਦੇਵਾਂਗਾ ਤੇਰੀ ਰਿਹਾਈ ਸਿਖਾ। ਮੰਨਾਂ ਕਿਵੇਂ ‘ਹਰਿਮੰਦਰ’ ਦਾ ਸਾਧ ਹੈਂ ਤੂੰ, ਤੇਰੇ ਕੋਲ ਨਹੀਂ ਇਕ ਪਾਈ ਸਿਖਾ। ਭੌਣ ਵਰਸਦੇ ਮਾਇਆ ਦੇ ਸਦਾ ਓਥੇ, ਮੰਨਤਾਂ ਮੰਨਦੀ ਉਥੇ ਖ਼ੁਦਾਈ ਸਿਖਾ। ਏਹਦੇ ਬਾਦ ਇਕ ਹੋਰ ਹੈ ਭਲੇ ਦੀ ਗਲ, ਤੇਰੀ ਹੋਵੇਗੀ ਬੜੀ ਵਡਿਆਈ ਸਿਖਾ। ਕਲਮਾ ਪੜ੍ਹ ‘ਅਨੰਦ’ ਰਸੂਲ ਦਾ ਤੂੰ; ਹੋਊ ਵਿਚ ਦਰਗਾਹ ਸਹਾਈ ਸਿਖਾ।

ਜਵਾਬ ਭਾਈ ਮਨੀ ਸਿੰਘ ਜੀ

‘ਕੰਚਨ’ ‘ਕਚ’ ਨੂੰ ਜਾਣਦਾ ਇਕ ਜੈਸਾ, ਸਿੰਘ ਮਾਇਆ ਨੂੰ ਕਦੇ ਪਿਆਰਦਾ ਨਹੀਂ। ਦਰਬਾਰ ਸਾਹਿਬ ਨੂੰ ਤੁਸਾਂ ਬਰਬਾਦ ਕੀਤਾ, ਦਸਵੰਧ ਆਕੇ ਉਥੇ ਕੋਈ ਤਾਰਦਾ ਨਹੀਂ। ਮੇਲਾ ਲਗਦਾ ਫਿਰ ਇਨਕਾਰ ਕੀਹ ਸੀ, ਪੈਸੇ ਲਈ ਮੈਂ ਧਰਮ ਨੂੰ ਹਾਰਦਾ ਨਹੀਂ। ਤੁਸੀਂ ਆਪਣਾ ਛੱਡ ਈਮਾਨ ਦਿਤਾ, ਔਗਣ ਆਪਣਾ ਪੁਰਸ਼ ਵਿਚਾਰਦਾ ਨਹੀਂ। ਸਾਨੂੰ ਗੁਰਾਂ ਸਰਦਾਰੀਆਂ ਬਖਸ਼ੀਆਂ ਨੇ, ਸੌ ਛਿਤਰ ਵਡਿਆਈ ਸਿਰ ਮਾਰਦਾ ਨਹੀਂ। ਧਰਮ ਆਪਣੇ ਤਾਈਂ ‘ਅਨੰਦ’ ਛਡਕੇ, ਤੇਰੇ ਕਲਮੇ ਨੂੰ ਕਦੇ ਸਤਕਾਰਦਾ ਨਹੀਂ।

ਸੂਬਾ

ਤੈਨੂੰ ਅੰਤ ਦੀ ਵਾਰ ਮੈਂ ਆਖਦਾ ਹਾਂ, ਜ਼ਿਦ ਛਡ ਤੇਰਾ ਨੁਕਸਾਨ ਹੋਈ। ਤੈਨੂੰ ਦਿਆਂ ਨਵਾਬੀਆਂ, ਨਾਲ ਡੋਲੇ, ਤੇਰਾ ਦੀਨ ਅੰਦਰ ਬੜਾ ਮਾਨ ਹੋਸੀ। ਆਲਮ ਬਣੇਂਗਾ ਕੁਲ ਇਸਲਾਮ ਦਾ ਤੂੰ, ਤੇਰੇ ਹਥ ਵਿਚ ਜਦੋਂ ਕੁਰਾਨ ਹੋਸੀ। ਤੇਨੂੰ ਮਿਲੇ ਬਹਿਸ਼ਤ ਦੀ ਬਾਦਸ਼ਾਹੀ, ਜ਼ਾਮਨ ਆਪ ਰਸੂਲ ਰਹਿਮਾਨ ਹੋਸੀ। ਹਠ ਹੌਂਸਲਾ ਜੇਹੜਾ ਤੂੰ ਲਈ ਫਿਰਦਾ, ਮੇਰੇ ਗੁਸੇ ਦੀ ਲਹਿਰ ਸਭ ਰੋੜ੍ਹ ਦੇਸੀ। ਫਤਵਾ ਜਾਣੇਂ ‘ਅਨੰਦ’ ਹਦੀਸ ਦਾ ਨਾਂ, ਬੰਦ ਬੰਦ ਚਰਖੀ ਫੜ ਕੇ ਤੋੜ ਦੇਸੀ।

ਜਵਾਬ ਭਾਈ ਮਨੀ ਸਿੰਘ ਜੀ

ਨਹੀਂ ਮਾਨ ਦੀ ਅਸਾਂ ਨੂੰ ਲੋੜ ਸੂਬੇ, ਗੁਰਾਂ ਬੜਾ ਬਨਾਯਾ ਏ ਸ਼ਾਨ ਸਾਡਾ। ਬਾਦਸ਼ਾਹੀ ਬਹਿਸ਼ਤ ਦੀ ਚੀਜ਼ ਕੀਹ ਏ, ਗੁਰੂ ਗੋਦ ਦਾ ਉਚਾ ਏ ਮਾਨ ਮਾਡਾ। ਤੇਰੇ ਡੋਲੇ ਨਹੀਂ ਸਾਨੂੰ ਭੁਲਾ ਸਕਦੇ, ਤੇਰੇ ਫਤਵੇ ਕੀ ਕਰਨਾ ਨੁਕਸਾਨ ਸਾਡਾ। ਮੈਨੂੰ ਪਾਸ ਮੇਰੀ ਗ਼ੈਰਤ ਕਰਨ ਵਾਲੀ, ਲਵੇ ਮੌਤ ਬੇਸ਼ੱਕ ਇਮਤਿਹਾਨ ਸਾਡਾ। ਵਰਤ ਵੇਖ ਜੋ ਕੋਲ ਹਥਿਆਰ ਤੇਰੇ, ਸਿੰਘ ਆਪਣੀ ਕਦੇ ਨ ਚਾਲ ਬਦਲੇ। ਸੂਰਜ, ਚੰਦ, ਵੀ ਬਦਲ ‘ਅਨੰਦ’ ਜਾਵਨ, ਅਰਸ਼, ਫਰਸ਼, ਤੇ ਭਾਵੇਂ ਪਤਾਲ ਬਦਲੇ।

ਫਤਵਾ ਲਾਣਾ
ਪਉੜੀ-

ਰੋਹ ਅੰਦਰ ਕਾਜ਼ੀ ਨੂੰ ਤਦੋਂ, ਇਉਂ ਗਿਆ ਸੁਨਾਇਆ। ਦਸੋ ਬਾਗੀ ਦੀਨ ਦਾ, ਕਿਵੇਂ ਜਾਇ ਮਰਵਾਇਆ। ਤਦ ਕਾਜ਼ੀ ਫੋਲ ਹਦੀਸ ਨੂੰ, ਵਰਕਾ ਉਲਟਾਇਆ। ਹਥ ਦਾਹੜੀ ਤੇ ਫੇਰ ਕੇ, ਉਸ ਨੇ ਫੁਰਮਾਇਆ। ਜੋ ਕਾਫਰ ਕਲਮਾਂ ਪੜ੍ਹ ਲਵੇ, ਜਾਏ ਸ਼ਾਨ ਵਧਾਇਆ। ਨਹੀਂ ਤੇ ਬੰਦ ਬੰਦ ਖੰਜਰ ਮਾਰਕੇ, ਜਾਏ ਕਟਵਾਇਆ। ਸਦ ਸੂਬੇ ਤਦੋਂ ਜਲਾਦ ਨੂੰ, ਸਿੰਘ ਤਾਂਈ ਫੜਾਇਆ। ਉਹ ਕਤਲ ਗ਼ਾਹ ਵਿਚ ਸਿੰਘ ਨੂੰ, ਲਾ ਅਗੇ ਆਇਆ। ਕਰ ਦਰਸ਼ਨ ਸਿੰਘ ਦਾ ਸ਼ਹਿਰੀਆਂ, ਇਉ ਮਤਾ ਪਕਾਇਆ। ‘ਪੰਜ ਹਜ਼ਾਰ ਮਸੂਲ’ ਦੇ, ਸਿੰਘ ਜਾਏ ਛੁਡਾਇਆ। ਉਹਨਾਂ ਪਾਸ ਜਲਾਦਾਂ ਆਨਕੇ, ਏਦਾਂ ਫੁਰਮਾਇਆ। ਸਾਡੇ ਆਉਂਦੇ ਤਕ ਨਾ ਸਿੰਘ ਤੇ, ਜਾਏ ਵਾਰ ਚਲਾਇਆ। ਜੋ ਜੇਜ਼ੀਆ ਸੂਬੇ ਏਸਤੇ, ਮੇਲੇ ਦਾ ਲਾਇਆ। ਹਾਂ ਤਾਰਨ ਖਾਤਰ ਲੈ ਚਲੇ, ਅਸੀਂ ਗਿਣਕੇ ਮਾਇਆ।

ਭਾਈ ਮਨੀ ਸਿੰਘ ਜੀ

ਤਦ ਮਨੀ ਸਿੰਘ ਨੇ ਆਖਿਆ, ਗਲ ਸੁਣੋਂ ਭਰਾਉ। ਜੇ ਮਾਇਆ ਹੁੰਦੀ ਮੌਤ ਦੇ, ਰਾਹ ਵਿਚ ਉਪਾਉ। ਤਦ ਮਰਦੇ ‘ਕਾਰੂੰ’ ਹੋਣ ਨਾ, ਵਡੇ ਧਨੀਆਉ। ਤੁਸੀਂ ਭਾਣਾ ਸ੍ਰੀ ਅਕਾਲ ਦਾ, ਕੀਕਣ ਪਰਤਾਉ। ਤੁਸੀਂ ਅਜ ਜਿਸ ਖੂੰਨਣ ਡੈਣ ਤੋਂ,ਭਰ ਡੰਡ ਛੁਡਾਉ। ਤੇ ਕਲ ਨੂੰ ਉਸੇ ਮੌਤ ਦਾ, ਫਿਰ ਪਵੇ ਦਬਾਉ। ਜੋ ਭਾਂਡਾ ਘੜਿਆ ਭਜਣਾ, ਪਏ ਲਖ ਬਚਾਉ। ਮੈਨੂੰ ਜਾਣ ਦਿਓ ਗੁਰ ਗੋਦ ਵਿਚ, ਨਾ ਚਾਰੇ ਲਾਉ। ਨਾਂ ਕੰਧ ਵਿਛੋੜੇ ਵਾਲੜੀ, ਰਾਹ ਵਿਚ ਬਣਾਉ। ਮੈਨੂੰ ਪਰਖਣ ਲਗੇ ਜੌਹਰੀ, ਦੇ ਦੇ ਕੇ ਤਾਉ। ਤੁਸੀਂ ਜਾਵੋ ਥਾਂ ਥਾਂ ਘਰਾਂ ਨੂੰ, ਨਾ ਕੰਮ ਅਟਕਾਉ। ਅਜਪੁਛਣ ਦਿਓ ‘ਅਨੰਦ’ ਨੂੰ ਤੁਸੀਂ ਮੌਤ ਦਾ ਭਾਉ।

ਸਿੰਘਾਂ ਨੇ ਚਲੇ ਜਾਣਾ
ਦੋਹਿਰਾ-

ਰੋ ਰੋ ਕੇ ਸਿੰਘ ਚਲੇ ਗਏ, ਹੋਕੇ ਇੰਜ ਉਦਾਸ। ਤਕ ਤਕ ਸਿੰਘ ਦਾ ਹੌਂਸਲਾ, ਕਹਿੰਦੇ ਨੇ ਸ਼ਾਬਾਸ। ਦੇਂਦੇ ਧੀਰਜ ਸਭ ਨੂੰ, ਰੋਣਾ ਨਹੀਂ ਹੈ ਠੀਕ। ਦੇਵੇ ਸਿਖੀ ਸਿਦਕ ਦੀ, ਸਭ ਨੂੰ ਗੁਰੂ ਤੌਫੀਕ। ਕਹਿੰਦਾ ਸਿੰਘ ਜਲਾਦ ਨੂੰ, ਬੈਠ ਚੌਂਕੜਾ ਮਾਰ। ਜਿਉਂ ਸੂਬੇ ਦਾ ਹੁਕਮ ਹੈ, ਕਰ ਹੁਣ ਆਪਣੀ ਕਾਰ। ਲੱਗਾ ਕੱਟਣ ਅਰਕ ਜਾਂ, ਜ਼ਾਲਮ ਚੁਕ ਕਟਾਰ। ਮਨੀ ਸਿੰਘ ਨੇ ਆਖਿਆ, ਆਪਣਾ ਫਰਜ਼ ਵਿਚਾਰ। ਤੈਨੂੰ ਸੂਬੇ ਆਖਿਆ, ਕਟੀਂਂ ਅੰਗ ਤਮਾਮ। ਕੱਟ ਤੂੰ ਪਹਿਲੋਂ ਉਂਗਲਾਂ, ਨਾ ਹੋ ਨਿਮਕ ਹਰਾਮ। ਕਹਿਣਾ ਉਸਦਾ ਮੰਨੀਏ, ਜਿਸਦਾ ਖਾਈਏ ਲੂਣ। ਏਦਾਂ ਆਪਣੇ ਧਰਮ ਦਾ, ਨਾ ਕਰ ਭਾਈ ਖੂੰਨ। ਕੱਟ ਐਹ ਪਹਿਲੇ ਉਂਗਲਾਂ, ਪਿਛੋਂ ਕੱਟੀ ਜੋੜ। ਏਦਾਂ ਕੱਟੀਂ ਅੰਗ ਅੰਗ, ਸਾਰੇ ਪੈਰਾਂ ਤੋੜ।

ਜਲਾਦ ਦੀ ਹੈਰਾਨੀ
ਮਿਰਜ਼ਾ-

ਗੱਲ ਸੁਣ ਕੇ ਹਥ ਜਲਾਦ ਨੇ, ਲਏ ਕੰਨਾਂ ਕੋਲ ਟਿਕਾ। ਕਿਸ ਮਿਟੀਓਂ ਅਲਾ ਮੇਰਿਆ, ਤੂੰ ਦਿਤੇ ਸਿੰਘ ਬਣਾ। ਜਿਸ ਮੌਤ ਨੂੰ ਸਾਹਵੇਂ ਵੇਖਕੇ, ਗਿਆ ਮੂਸਾ ਵੀ ਘਬਰਾ। ਕਰ ਮੌਲਾ ਮੈਥੋਂ ਦੂਰ ਏਹ, ਉਹਨੇ ਕੀਤੇ ਲਖ ਉਪਾ। ਜਿਸ ਮੌਤ ਦਾ ਪਿਆਲਾ ਵੇਖਕੇ, ਗਿਆ ਈਸਾ ਮੰਗ ਦੁਵਾ। ਜਿਸ ਮੌਤ ਨੂੰ ਪੀਰ ਪੈਗੰਬਰਾਂ, ਝੁਕ ਦਿਤੇ ਸੀਸ ਨਵਾ। ਉਹ ਆਵੇ ਸਿੰਘ ਦੇ ਸਾਹਮਣੇ, ਚੜ੍ਹ ਜਾਂਦਾ ਇਸ ਨੂੰ ਚਾ। ਨਾਂ ਭੌਣ ‘ਲੋਹੇ ਦੀ ਲਠ’ ਏਹ, ਵਿਚ ਭਠੀਆਂ ਦੇਈਏ ਤਾ। ਤੂੰ ਸਭ ਤੋਂ ਮੌਲਾ ਪਿਆਰਿਆ, ਦਿਤੀ ਗ਼ਾਜ਼ਬ ਮੌਤ ਬਨਾ। ਏਹ ਮਾਰ ਕੇ ਧਕੇ ਉਸਨੂੰ ਸ਼ਰਮਿੰਦੀ ਦੇਣ ਕਰਾ। ਤਦ ਗੈਂਬੋਂ ਆਈ ਵਾਜ ਏਹ, ਸੁਣੀ ਪਾਪੀਆ ਕੰਨ ਲਗਾ। ‘ਜੇਹੜੀ ਵਧੀੲ ਮਿਟੀ ਮੌਤ ਤੋਂ, ਉਹ ਸਿੰਘ ਨੂੰ ਦਿਤੀ ਲਾ’।

ਅੰਗ ਅੰਗ ਕੱਟਣੇ
ਪਉੜੀ-

ਫਿਰ ਹੁਕਮ ਦੇ ਬਧੇ ਨੀਚ ਨੇ, ਕਸ ਲਏ ਲੰਗੋਟੇ। ਉਹਨੇ ਵਢੇ ਖੰਜਰ ਮਾਰ ਕੇ, ਉਂਗਲਾਂ ਤੇ ਪੋਟੇ। ਫਿਰ ਗੁਟ ਤੇ ਅਰਕਾਂ ਚੰਦਰੇ, ਕਰ ਧਰੀਆਂ ਟੋਟੇ। ਫਿਰ ਵਢੀਆਂ ਬਾਹਾਂ ਮੋਢਿਓਂ, ਫੜ ਵਾਂਗਰ ਸੋਟੇ। ਫਿਰ ਗੋਡੇ ਗਿਟੇ ਧਰ ਦਿਤੇ, ਕਰ ਛੋਟੇ ਛੋਟੇ। ਫਿਰ ਪਿਛੋਂ ਵਢੀ ਪੌਣ ਚਾ, ਲਾ ਦੋਵੇਂ ਘੋਟੇ। ਸਿੰਘ ਬੈਠਾ ਪਰਬਤ ਵਾਂਗ ਹੋ, ਸਤਿਗੁਰ ਦੀ ਓਟੇ। ਜ਼ਬਰ, ਸਬਰ, ਦੇ ਘੋਲ ਨੇ, ਵਾਹ ਹੋਏ ਮੋਟੇ। ਕੰਡ ਲਾਈ ‘ਸਬਰ’ ਨੇ ਜ਼ਬਰ ਨੂੰ, ਪਹਿਲੀ ਹੀ ਚੋਟੇ।

ਸਿੰਘਾਂ ਦਾ ਹੱਲਾ

ਕਰ ਟੁਕੜੇ ਕਠੇ ਸ਼ਹਿਰੀਆਂ, ਸਿੰਘ ਦੇ ਸਸਕਾਰੇ। ਤੇ ਰੁੰਨੇ ਢਾਹੀਂ ਮਾਰ ਮਾਰ, ਚੰਨ, ਸੂਰਜ, ਤਾਰੇ। ਸਭ ਰੋਂਦੇ ਹਿੰਦੂ ਮੁਸਲਮਾਨ, ਤਕ ਜ਼ੁਲਮ ਏਹ ਭਾਰੇ। ਕਰ ਦੇ ਸ਼ਾਹਲਾ ਗਰਕ ਏਹ, ਮੂਜ਼ੀ ਹਤਿਆਰੇ। ਜਦ ਸੁਣੇ ਏਹ ਵਿਚ ਜੰਗੀਆਂ, ਸੂਬੇ ਦੇ ਕਾਰੇ। ਉਹ ਗੁਸੇ ਅੰਦਰ ਭਖ ਕੇ, ਹੋ ਗਏ ਅੰਗਿਆਰੇ। ਉਹ ਅੰਮਰਤਸਰ ਤੇ ਟੁਟ ਪਏ, ਲਾ ਚੋਟ ਨਗਾਰੇ। ਉਹਨਾਂ ਸਾਰੇ ਜ਼ਾਲਮ ਸ਼ਹਿਰ ਚੋਂ,ਚੁਣ ਚੁਣ ਕੇ ਮਾਰੇ। ਫ਼ੜ ਵੈਰੀ ਸਾਰੇ ਪੰਥ ਦੇ, ਲਹੂਆਂ ਤੇ ਤਾਰੇ। ਵਢ ਕਾਜ਼ੀ ਕੀਤਾ ਡੱਕਰੇ, ਵਸ ਹੱਥ ਕਰਾਰੇ। ਉਹਨਾਂ ਬਚੇ ਪਕੜ ‘ਰਜ਼ਾਕ’ ਦੇ, ਤਰਸਾ ਕੇ ਮਾਰੇ। ਉਹਨਾਂ ‘ਹਰਮੰਦਰ’ ਦੇ ਰਜਕੇ, ਕਰ ਲਏ ਦੀਦਾਰੇ। ਵਿਚ ਲਾ ਲਾ ਟੁਬੇ ‘ਸੁਧਾਸਰ’ ਦਿਲ ਸੜਦੇ ਠਾਰੇ। ਉਹਨਾਂ ਬਹਿਕੇ ਤਖਤ ਅਕਾਲ ਤੇ, ਕਈ ਮਤੇ ਵਿਚਾਰੇ।

ਲਾਹੌਰ ਤੇ ਹੱਲਾ

ਇਉਂ ਕੀਤਾ ਫੇਰ ਲਾਹੌਰ ਤੇ, ਸਿੰਘਾਂ ਨੇ ਹੱਲਾ। ਉਹਨਾਂ ਸੂਬੇ ਨੂੰ ਵਢ ਦੇਣ ਲਈ, ਪਾਇਆ ਤਰਥੱਲਾ। ਉਹ ਕੈਂਹਦੇ ਵੈਰੀ ਮਾਰ ਲੌ, ਫੜ ਕੱਲਾ ਕੱਲਾ। ਅਸਾਂ ਮੁੜਨਾਂ ਧੌਣਾਂ ਧੋਇਕੇ, ਹੁਣ ਨਾਲ ਤਸੱਲਾ। ਉਹਨਾਂ ਕੋਹਿਆ ਜੋਜੋ ਲਭਿਆ, ਕਿਤੋਂ ਦੀਨੀ ਵੱਲਾ। ਉਹਨਾਂ ਘਰ ਤੁਰਕਾਂ ਦੇ ਪਾ ਦਿਤਾ, ਥਾਂ ਥਾਂ ਤੇ ਪੱਲਾ। ਉਹਨਾਂ ਕੀਤਾ ਸੂਬਾ ਫੜਨ ਲਈ, ਹਲੇ ਤੇ ਹੱਲਾ। ਪਰ ਨਾਲ ਵਧੀ ਦੇ ਬਚ ਗਿਆ, ਹਤਿਆਰਾ ਦੱਲਾ। ਇਉਂ ਗੁਸੇ ਵਾਲਾ ਹੋਗਿਆ, ਕੁਝ ਮੁਲ ਸੁਵੱਲਾ। ਤੇ ਕੁਝ ਦਿਹਾੜੇ ਪੈ ਗਿਆ, ਜ਼ੁਲਮਾਂ ਨੂੰ ਠੱਲਾ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ