Shaheedi Bhai Diala Ji : Barkat Singh Anand

ਸ਼ਹੀਦੀ ਭਾਈ ਦਿਯਾਲਾ ਜੀ : ਬਰਕਤ ਸਿੰਘ 'ਅਨੰਦ'ਦੁਵੱਯਾ ਛੰਦ

(ਭਾਈ ਦਿਆਲਾ ਜੀ ਭੀ ਗੁਰੂ ਜੀ ਦੇ ਨਾਲ ਈ ਕੈਦ ਸੀ।) ਮਤੀ ਦਾਸ ਨੂੰ ਜਦੋਂ ਚੀਰਿਆ, ਧਰ ਦੁਸ਼ਟਾਂ ਸਿਰ ਆਰਾ। ਭਾਈ ਦਿਆਲੇ ਨਾਲ ਗੁਸੇ ਦੇ, ਮਾਰਿਆ ਹਾ ਦਾ ਨਾਹਰਾ। ਮਤੀ ਦਾਸ ਨਹੀਂ ਆਰੇ ਦੇ ਸੰਗ, ਚੀਰਿਆ ਤੁਸਾਂ ਹੈਵਾਨੋ। ਜੜ ਮੁਗਲੀਆ ਰਾਜ ਦੀ ਵਢੀ, ਤੁਸਾਂ ਨੇ ਐਸ ਜਹਾਨੋ। ਹੁਣ ਖੁਦਾ ਦਾ ਕਹਿਰ ਕੁਦਰਤੋਂ, ਟੁਟ ਤੁਸਾਂ ਤੇ ਪੈਣਾਂ। ਬੇੜਾ ਗਰਕ ਤੁਸਾਂ ਦਾ ਹੋਣਾ, ਨਾਮ ਨਿਸ਼ਾਨ ਨ ਰਹਿਣਾ। ਐਸੀ ਕਰਨੀ ਵਾਲੇ ਸਿਖ ਨੂੰ, ਤੁਸਾਂ ਬਾਦਸ਼ਾਹ ਕੋਹਿਆ। ਆਪੇ ਅਪਣੀ ਜੀਭ ਨਾਲ ਲੈ, ਚਟਿਆ ਸੜਦਾ ਲੋਹਿਆ। ਚਲੇਗੀ ਹੁਣ ਤੇਗ ਤੁਸਾਂ ਤੇ, ਦਿਲੀ ਹੋਵੇ ਢਿਲੀ। ਵਿਚ ਪੰਜਾਬ ਦੇ ਸਿਖ ਗੁਰਾਂ ਦੇ, ਖੂਬ ਮਚਾਵਨ ਖਿਲੀ। ਜਿਸ ਥਾਂ ਚੋਈਆਂ ਮਤੀ ਦਾਸ ਨੇ, ਅਣਖੀ ਲਹੂ ਦੀਆਂ ਧਾਰਾਂ। ਉਥੋਂ ਲਖਾਂ ਬੀਰ ਉਠਣਗੇ, ਧੂਹ ਧੂਹ ਕੇ ਤਲਵਾਰਾਂ। ਭੰਨ ਗਿਆ ਸਿਰ ਨਾਲ ਤੁਹਾਡੇ, ਕੱਚਾ ਠੀਕਰ ਖੀਵਾ। ਮਾਨੋਂ ਬੁਝ ਗਿਆ ਹੈ ਜਗ ਤੋਂ, ਮੁਗਲ ਰਾਜ ਦਾ ਦੀਵਾ। ਮੋਏ ਨਹੀਂ ਜੋ ਸੀਸ ਤਲੀ ਧਰ, ਲਹੂ ਦੀ ਹੋਲੀ ਖੇਲੇ। ਮੜੀਆਂ ਦੀ ਜਗ ਕਰੇ ਜ਼ਿਆਰਤ, ਰਹਿਣ ਲਗਦੇ ਮੇਲੇ।

ਔਰੰਗੇ ਦਾ ਹੁਕਮ
(ਪਉੜੀ)

ਸੁਣ ਰੋਹ ਵਿਚ ਜ਼ਾਲਮ ਕੰਬਿਆ, ਖਾਵੇ ਹਿਚਕੋਲੇ। ਉਹ ਸਿਰ ਤੋਂ ਹੋਇਆ ਪੈਰ ਤਕ, ਸੜ ਕੋਲੇ ਕੋਲੇ। ਇਉਂ ਗਜ਼ਬ ਅੰਦਰੋਂ ਨਿਕਲਿਆ, ਜਿਉਂ ਚੜ੍ਹਨ ਵਰੋਲੇ। ਕੁਫਰ ਉਸ ਦੇ ਵਾਂਗਰਾਂ, ਕਿਵੇਂ ਇਹ ਵੀ ਤੋਲੇ। ਫੜੋ ਜਲਾਦੋ ਇਸਨੂੰ, ਫਿਰ ਏਦਾਂ ਬੋਲੇ। ਏਹਨੂੰ ਕਾਹੜੋ ਏਦਾਂ ਦੇਗ ਵਿਚ, ਜਿਓਂ ਉਬਲਣ ਛੋਲੇ। ਜੇ ਪੜ ਲੈ ਕਲਮਾਂ ਨਬੀ ਦਾ, ਦਿਉ ਅਹੁਦੇ ਡੋਲੇ। ਤੇ ਨਾਲ ਦੌਲਤਾਂ ਏਸਦੇ ਭਰ ਦੇਵੋ ਝੋਲੇ। ਏਹ ਪੀਰ ਬਣੇ ਇਸਲਾਮ ਦਾ, ਅਸੀਂ ਬਣੀਏ ਗੋਲੇ। ਕੋਈ ਮਾਂ ਨੇ ਪਤਾ ਨਹੀਂ ਜੰਮਿਆ, ਜਦ ਮੇਰੀ ਰੋਲੇ।

ਜਵਾਬ ਭਾਈ ਦਿਯਾਲਾ ਜੀ

ਤਦ ਭਾਈ ਦਿਆਲਾ ਬੋਲਿਆ, ਓ ਮੂਜ਼ੀ ਹੰਕਾਰੀ। ਤੂੰ ਕਾਹੜ ਦੇ ਮੈਨੂੰ ਦੇਗ਼ ਵਿਚ, ਫੜ ਲਖ ਲਖ ਵਾਰੀ। ਜ਼ਿੰਦਗੀ ਨਾਲੋਂ ਵਧ ਹੈ, ਮੈਨੂੰ ਮੌਤ ਪਿਆਰੀ। ਮੈਂ ਤਰ ਜਾਂ ਜਮਨਾਂ ਅਗ ਦੀ, ਲਾ ਇਕੋ ਤਾਰੀ। ਮੇਰੇ ਮਨ ਵਿਚ ਠੰਢ ‘ਸੁਖਮਣੀ’ ਨੇ, ਭਰ ਦਿਤੀ ਸਾਰੀ। ਮੇਰੇ ਮੋਛੇ ਪਾ ਨਿਸ਼ੰਗ ਤੂੰ, ਧਰ ਸਿਰ ਤੇ ਆਰੀ। ਮੈਂ ਗੰਜ ਮਾਇਆ ਦਾ ਸਮਝਦਾ, ਮਿਟੀ ਦੀ ਖਾਰੀ। ‘ਦੇਹ’ ਕੂੜਾ ਕਲ ਨੂੰ ਹੂੰਝਣਾ, ਜੇ ਮੌਤ ਬੁਹਾਰੀ। ਕਿਉਂ ਫੇਰ ਵਟਾਵਾਂ ਧਰਮ ਤੋਂ, ਏਹ ਦੇਹੀ ਨਕਾਰੀ। ਜੇ ਕਲ ਨੂੰ ਵੀ ਢਠ ਜਾਵਣੀ, ਜ਼ਿੰਦਗੀ ਦੀ ਢਾਰੀ ਤਾਂ ਫਿਰ ਕਿਉਂ ਇਸਦੇ ਵਾਸਤੇ, ਟਿਲ ਲਾਈਏ ਭਾਰੀ। ਮੈਂ ਬੈਠਾਂ ਸਿਰ ਨੂੰ ਤਲੀ ਰਖ, ਚੜ ਸਿਦਕ ਅਟਾਰੀ। ਮੈਂ ਸੌਦੇ ਕਰਦਾ ਮੌਤ ਦੇ, ਸਿਰ ਲਥ ਬਪਾਰੀ। ਮੇਰੇ ਤਨ ਵਿਚ ਸ਼ਕਤੀ ਭੀਮ, ਤੇ ਅਰਜਨ ਦੀ ਸਾਰੀ। ਮੈਂ ਗਾਹੇ ਚੌਦਾਂ ਤਬਕ ਨੇ, ਲਾ ਬਾਜ ਉਡਾਰੀ। ਲਹੂ ਪੀ ਕੇ ਮੇਰਾ ਫਲੇਗੀ, ਸਿਖੀ ਦੀ ਕਿਆਰੀ। ਮੇਰੇ ਝੰਡੇ ਅਰਸ਼ੀ ਝੂਲਨੇ, ਧਰ ਪਰਜਾ ਸਾਰੀ । ਤੇ ਝਸੇ ਤਲੀਆਂ ਮੇਰੀਆਂ, ਆ ਆ ਸਰਦਾਰੀ। ਢਲ ਗਈ ਜਵਾਨੀ ਤੁਸਾਂ ਦੀ, ਹੁਣ ਮੇਰੀ ਵਾਰੀ। ਹੁਣ ਭਰਨਗੇ ਮੇਰੇ ਜੇਜ਼ੀਏ, ਸਾਰੇ ਕੰਧਾਰੀ। ‘ਜੇ ਗੁੰਡੀ ਢਾਣੀ ਕਾਬਲੀ,’ ਨਾਂ ਡਕ ਖਲਿਹਾਰੀ। ਤਾਂ ਜੰਮਿਆਂ ਨਹੀਂ ਏਂ ਸਿਖ ਨੂੰ, ਮੇਰੀ ਅਣਖ ਪਿਆਰੀ।

ਦੇਗ ਵਿਚ ਪਾਣਾ

ਸੁਣ ਹੁਕਮ ਜਲਾਦਾਂ ਆਖਰੀ, ਦਿਆਲੇ ਨੂੰ ਖੜਿਆ। ਜਿਥੇ ਭੱਠੀ ਮਘਦੀ ਅੱਗ ਦੀ, ਉਤੇ ਦੇਗ਼ਾ ਚੜਿਆ। ਉਹਦਾ ਪਾਣੀ ਅਗ ਦੇ ਵਾਂਗਰਾਂ, ਜਦ ਬਲਿਆ ਸੜਿਆ। ਵਿਚ ਟੁਬੀ ਉਸਦੇ ਲਾਂਦਿਆਂ, ਮੂੰਹੋਂ ਸ਼ੁਕਰ ਈ ਪੜਿਆ। ਵਿਚ ਸ਼ੈਹਰ ਦੇ ਪੈਗਿਆ ਪਿਟਣਾ, ਜਗ ਸਹਿਮਿਆ ਦੜਿਆ। ਮੈਂ ਭੰਨਦਾ ਮਥੇ ਮੁਗ਼ਲ ਦੇ, ਏਹ ਠੂਠਾ ਘੜਿਆ।

ਫੇਰ

ਏਦਾਂ ਗੁਜ਼ਰੇ ਪਹਿਰ ਦੋ, ਆਇਆ ਪਾਪੀ ਪਾਸ। ਜਿਉਂ ਟੋਭਾ ਖੂਹ ਵਿਗੜਿਆ, ਕਰਦਾ ਹੋਵੇ ਰਾਸ। ਬੈਠਾ ਏਦਾਂ ਮਸਤ ਬੀਰ, ਸੀ ਕਰਦਾ ਅਰਦਾਸ। ਤੇਰੇ ਭਾਣੇ ਵਿਚ ਹੈ, ਜਗ ਦੀ ਕੁਲ ਮਿਠਾਸ। ਕਿਹਾ ਉਰੰਗੇ ਦੇਗ਼ ਚੋਂ, ਕਢ ਲਵੋ ਹੁਣ ਬਾਹਰ। ਬਧੇ ਪਾਣੀ ਅਗ ਇਸ, ਮੰਤਰ ਕੋਈ ਮਾਰ। ਇਕ ਕੜਾਹਾ ਤੇਲ ਦਾ ਤਾ ਕੇ ਕਰੋ ਤਿਆਰ। ਬੰਨਕੇ ਮੁਸ਼ਕਾਂ ਏਹਦੀਆਂ, ਸੁਟ ਦਿਉ ਵਿਚਕਾਰ। ਹੁਕਮ ਹੋਣ ਦੀ ਦੇਰ ਸੀ, ਓਦਾਂ ਹੋਈ ਗਲ। ਦੇਗ਼ਾ ਚੁਕ ਕੜਾਹ ਤੇਲ ਦਾ, ਧਰਿਆ ਉਸੇ ਪਲ। ਤੁਪਕੇ ਅਗ ਦੇ ਵਾਂਗਰਾਂ, ਜਾਂ ਫਿਰ ਹੋਇਆ ਤੇਲ। ਇੰਜ ਕੜਾਹਾ, ਸ਼ੂਕਦਾ, ਜੀਕੁਨ ਬੰਬੇ ਮੇਲ। ਮੁਸ਼ਕਾਂ ਬੰਨ੍ਹਕੇ ਉਹਦੀਆਂ, ਫੜਕੇ ਬੰਦੇ ਚਾਰ। ਵਾਂਗ ਮੱਛੀ ਦੇ ‘ਬੀਰ’ ਨੂੰ, ਰਖ ਦੇਂਦੇ ਵਿਚਕਾਰ। ਗੁਰ ਚਰਨਾਂ ਵਿਚ ਸੂਰਮੇ, ਲੀਤੀ ਬਿਰਤੀ ਗੱਡ। ਪਲ ਵਿਚ ਚਮੜਾ ਸਾੜਕੇ, ਕੁਸ਼ਤਾ ਕੀਤੇ ਹੱਡ। ਫਰਕੇ ਬੁਲ੍ਹ ਮਹਾਂ ਬੀਰ ਦੇ, ਆਇਆ ਜਦੋਂ ਉਬਾਲ। ‘ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ।’ ਸਾੜ ਜਗਤ ਦਾ ਲੈ ਗਿਆ, ਚੁਣਕੇ ਨਾਲ ਪਰੀਤ। ਭਾਰਤ ਤਾਈਂ ਦੇ ਗਿਆ, ਤਪ, ਤੇਜ, ਅਰ ਸੀਤ। ਹਾਏ, ਹਾਏ, ਹੋਈ ਜਗਤ ਵਿਚ ਆਈ ਹਨੇਰੀ ਲਾਲ। ਕਹਿੰਦੇ ਲੋਕੀਂ ਮੁਗ਼ਲ ਦਾ, ਆਇਆ ਹੈ ਅਜ ਕਾਲ। ਉਹ ਲੋਕੀਂ ਨੇ ਵਸਦੇ, ਹੁੰਦੇ ਜੋ ਬਰਬਾਦ। ਮਰਿਆਂ ਬਾਜੋਂ ਕਦੇ ਨਹੀਂ, ਹੁੰਦੇ ਦੇਸ਼ ‘ਆਜ਼ਾਦ’। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ