Shaheedi Bhai Bota Singh Ji : Barkat Singh Anand

ਸ਼ਹੀਦੀ ਭਾਈ ਬੋਤਾ ਸਿੰਘ ਜੀ : ਬਰਕਤ ਸਿੰਘ 'ਅਨੰਦ'ਦੁਵੱਯਾ ਛੰਦ-

ਤਰਨ ਤਾਰਨ ਨਜ਼ਦੀਕ ਜੰਗਲਵਿਚ, ਦੋ ਸਿਖ ਹੈਸਨ ਰਹਿੰਦੇ। ਬੋਤਾ ਸਿੰਘ ਤੇ ਬੂਟਾ ਸਿੰਘ ਜੀ, ਨਾਮ ਦੁਹਾਂ ਦਾ ਕਹਿੰਦੇ। ਸਨ ਜੰਗੀ ਅਣਖੀਲੇ ਦੋਵੇਂ, ਲੁਕ ਕੇ ਕਰਨ ਗੁਜ਼ਾਰਾ। ਰਾਤੀਂ ਸੇਵਾ ਹਰਿਮੰਦਰ ਦੀ, ਕਰਕੇ ਲਾਹਵਣ ਭਾਰਾ। ਸਿੰਘਾਂ ਉਤੇ ਦਿਨ ਸਖਤੀ ਦੇ, ਹੈਸਨ ਡਾਢੇ ਆਏ। ਪਿੰਡ ਪਿੰਡ ਮੁਖਬਰ ਖਾਨ ਬਹਾਦਰ, ਸੂਬੇ ਨੇ ਬਿਠਲਾਏ। ਸਿੰਘਾਂ ਨੂੰ ਪਕੜਾਵੇ ਜੇਹੜਾ, ਦਵੇ ਇਨਾਮ ਜਗੀਰਾਂ। ਸਿੱਖਾਂ ਪਿਛੇ ਕੁਤਿਆਂ ਵਾਂਗੂੰ, ਚੜੀਆਂ ਫਿਰਨ ਵਹੀਰਾਂ। 'ਦੱਸ ਪਾਵੇ ਜੋ ਦਸ ਰੁਪਈਏ, ਪਕੜ ਲਿਆਵੇ ਚਾਲੀ। ਸੀਸ ਲਿਆਵੇ ਅੱਸੀ ਪਾਵੇ, ਹੁਕਮ ਚਲੀ ਪਰਨਾਲੀ'। ਜੰਗਲ ਬੇਲੇ ਫੂਕੇ ਸਾਰੇ, ਸਿਰ ਨਾ ਕਿਤੇ ਲੁਕਾਵਨ। ਕੁਟਨ ਨੰਬਰਦਾਰਾਂ ਨੂੰ ਫੜ, ਜੋ ਸਿੰਘ ਨਾ ਪਕੜਾਵਨ। ਛਡ ਪੰਜਾਬ ਪਹਾੜਾਂ ਅੰਦਰ; ਲੁਕ ਗਏ ਸਿੰਘ ਸੀ ਜਾਕੇ। ਕਿਰਤੀ, ਔਰਤਾਂ, ਬਚੇ ਮੁਖ਼ਬਰ, ਲੈਣ ਇਨਾਮ ਫੜਾ ਕੇ। ਵਢ ਕੁੜੀਆਂ ਦੇ ਸੀਸ ਲਿਜਾਵਨ, ਪੁਤ ਸਿੰਘਾਂ ਦੇ ਦੱਸਣ। ਚਿੜੀਆਂ ਮੌਤ ਗੁਵਾਰਾਂ ਹਾਸਾ, ਵਾਰ ਮੋਇਆਂ ਤੇ ਕੱਸਣ। ਪਰ ਅਫਰੀਨ ਸਿੰਘਾਂ ਦੇ ਕੰਮ ਤੋਂ, ਪਾ ਦਿਖਲਾਵਨ ਬੰਨੀ। ਸ਼ੁਕਰ ਸ਼ੁਕਰ ਕਰ ਮੰਨਿਆਂ ਭਾਣਾ, ਈਨ ਕਿਸੇ ਨਾਂ ਮੰਨੀ। ਮਾਰਦੇ ਮਰਦੇ ਦੁਖੜੇ ਜਰਦੇ, ਰਹੇ ਕਲਾ ਵਿਚ ਚੜ੍ਹਦੀ। ਤੁਲੇ ਸਿਦਕ ਦੇ ਬੰਨ ਕੇ ਤੁਰ ਗਏ, ਛਲ ਉਸ ਮਾਰੂ ਹੜਦੀ। ਸਾਗ ਪਾਤ ਜੰਗਲ ਦੇ ਖਾ ਕੇ, ਪੜ੍ਹਨ ਗੁਰਾਂ ਦੀ ਬਾਣੀ। ਖਿੜ ਖਿੜ ਹਸਣ ਵੇਖ ਮੁਸੀਬਤ, ਕੁਦਰਤ ਜਾਨ ਰਬਾਣੀ। ਡਰਨ ਮੁਸੀਬਤ ਕੋਲੋਂ ਜੇਹੜੇ, ਚੜੇ ਮੁਸੀਬਤ ਕੰਧੀ। ਕਰਨ ਮੁਸੀਬਤ ਨੂੰ ਜੇ ਠੱਠਾ, ਹੋਏ ਅੱਖਾਂ ਤੋਂ ਅੰਧੀ। ਏਦਾਂ ਏਹ ਸਿਰਲੱਥ ਬਹਾਦਰ, ਬਨ ਵਿਚ ਵਕਤ ਗੁਜ਼ਾਰਨ। ਗਾਜਰ, ਮੂਲੀ, ਪੇਂਜੂ ਖਾ ਖਾ, ਰਬ ਦਾ ਸ਼ੁਕਰ ਗੁਜ਼ਾਰਨ। ਇਕ ਦਿਨ ਕਰਨਾ ਰੱਬ ਦਾ ਹੋਇਆ, ਰਾਹੀ ਸੀ ਕੁਛ ਜਾਂਦੇ। ਨਜ਼ਰ ਉਨ੍ਹਾਂ ਦੀ ਪੈ ਗਏ ਦੋਵੇਂ, ਏਦਾਂ ਗਲ ਹਲਾਂਦੇ। ਇਕ ਕਹੇ ਏਹ ਸਿੰਘ ਜਾਪਦੇ, ਵੇਖੇ ਕਦੇ ਕਦਾਈਂ। ਸਿੰਘ ਨਹੀਂ ਏਹ ਹੈਨ ਧਾੜਵੀ, ਕਹੇ ਦੂਜਾ ਉਸ ਤਾਈਂ। ਤੀਜਾ ਕਹਿੰਦਾ ਨਹੀਂ ਏਹ ਗਿਦੜ, ਲੁਕਦੇ ਫਿਰਨ ਵਿਚਾਰੇ। ਸਿੰਘ ਹੁੰਦੇ ਤਾਂ ਏਦਾਂ ਕਾਹਨੂੰ, ਛਪਦੇ ਡਰਦੇ ਮਾਰੇ। ਏਦਾਂ ਕਰ ਉਹ ਕਾਰਾ ਰਾਹੀ, ਲੰਘ ਗਏ ਕੁਝ ਅਗੇ। ਬੋਤਾ ਸਿੰਘ ਜੀ ਸਾਥੀ ਤਾਈਂ, ਇੰਜ ਸੁਨਾਵਨ ਲਗੇ। ਵੀਰਾ ਸੁਣਿਆਂ ਈ ਜਗ ਸਾਨੂੰ, ਕੀਕੂੰ ਬੋਲੀਆਂ ਮਾਰੇ। ਸਿੰਘਾਂ ਤਾਈਂ ਨਹੀਂ ਸੋਭਦੇ, ਏਦਾਂ ਦੇ ਵਰਤਾਰੇ। ਲੋਕੀ ਆਖਣ ਸਿੰਘ ਮੁਕ ਗਏ, ਸਾਨੂੰ ਕਾਇਰ ਕਹਿੰਦੇ। ਸਿੰਘ ਹੋਣ ਜੋ ਅੰਮ੍ਰਿਤਧਾਰੀ, ਲੁਕ ਛਿਪ ਕੇ ਨਹੀਂ ਰਹਿੰਦੇ। ਉਠ ਹੁਣ ਸੀਸ ਤਲੀ ਤੇ ਧਰ ਲੈ, ਰਹੀਏ ਨਾਹੀਂ ਸੁਤੇ। ਉਚੀ ਸ਼ਾਨ ਗੁਰੂ ਦੇ ਸਿੰਘ ਦੀ, ਕਰੀਏ ਦੁਨੀਆਂ ਉਤੇ। ਕਾਇਰਤਾ ਦਾ ਦਾਗ਼ ਸਿੰਘਾਂ ਦੇ, ਮਥੇ ਤੇ ਜੋ ਲਗਾ। ਧੋ ਕੇ ਕਲਗੀਧਰ ਦੇ ਸਿੰਘ ਦਾ, ਉਜਲ ਕਰੀਏ ਅਗਾ। ਜਿਸ ਮੌਤੋਂ ਹਾਂ ਡਰਦੇ ਫਿਰਦੇ, ਸਰਪਰ ਉਸਨੇ ਖਾਣਾ। ਮੌਤ ਸਿਖ ਦਾ ਹੈ 'ਨਵ ਜੀਵਨ', ਲਾਹੁਣਾ ਭੇਸ ਪੁਰਾਣਾ। ਸੂਰਜ, ਚੰਨ ਤੇ ਤਾਰੇ, ਚੜ੍ਹਕੇ, ਦੁਨੀਆਂ ਤੋਂ ਛਪ ਜਾਂਦੇ। ਬਰਕਤ ਸਿੰਘਾ ਸਿੰਘ ਕਦੇ ਨਾਂ, ਆਪਣਾ ਆਪ ਲੁਕਾਂਦੇ।

ਸਿੰਘਾਂ ਨੇ ਲਾਹੌਰ ਜਾਣ ਵਾਲੀ ਸੜਕ ਮਲ ਲੈਣੀ

ਹੈਸੀ ਇਕ ਸਰਾਂ ਬਨਾਈ, ਨੂਰ ਦੀਨ ਹਤਿਆਰੇ। ਧਰਮਸਾਲਾ ਤੇ ਮੰਦਰ ਢਾਹ ਢਾਹ, ਜੋਰ ਜ਼ੁਲਮ ਕਰ ਭਾਰੇ, ਪਾਸ ਉਸ ਦੇ ਆਣ ਦੁੰਹਾਂ ਨੇ, ਡੇਰੇ ਖੂਬ ਜਮਾਏ। ਲੰਘਣ ਵਾਲੇ ਲੋਕਾਂ ਉਤੇ; ਟੈਕਸ ਉਹਨਾਂ ਨੇ ਲਾਏ। ਟਕਾ ਗਧੇ, ਘੋੜੇ, ਤੋਂ ਲੈਂਦੇ, ਗਡੇ ਕੋਲੋਂ ਆਨਾਂ। ਮਾਰ ਮਾਰ ਹਡ ਭੰਨਣ ਉਸਦੇ, ਜੋ ਨਾਂ ਦੇ ਜੁਰਮਾਨਾ। ਜ਼ੋਰ ਤੇਗ਼ ਦੇ ਲੁਟ ਲਿਜਾਂਦੇ, ਲੰਘੇ ਸ਼ਾਹੀ ਖ਼ਜ਼ਾਨਾ। ਕੰਮਣ ਲਗਾ ਏਹਨਾਂ ਕੋਲੋਂ ਥਰ ਥਰ ਕੁਲ ਜ਼ਮਾਨਾ। ਖਾਨ ਬਹਾਦਰ ਸੂਬੇ ਦੀ, ਇਕ ਹੈਸੀ ਭੈਣ ਪਿਆਰੀ। ਖਾਨੋ ਬੀਬੀ ਨਾਮ ਉਸਦਾ, ਹੈਸੀ ਅਜੇ ਕੁਵਾਰੀ। ਨਾਮ ਉਸਦੇ ਲਿਖ ਕੇ ਚਿਠੀ, ਬੋਤਾ ਸਿੰਘ ਨੇ ਪਾਈ। 'ਬੋਤਾ ਸਿੰਘ' ਉਡੀਕੇ ਤੈਨੂੰ, ਆ ਖਾਨੋ ਭਰਜਾਈ। ਆਨਾ ਲਾਇਆ ਗਡੇ ਨੂੰ ਮੈਂ, ਟਕਾ ਲਗਾਇਆ ਖੋਤਾ। ਤੇਗਾਂ ਤੋਪਾਂ ਕੋਲ ਨਾਂ ਮੇਰੇ, ਡੰਡਾ ਪਕੜ ਖਲੋਤਾ। ਚਿਠੀ ਖਾਨ ਬਹਾਦਰ ਤਾਂਈ, ਜਦੋਂ ਮਿਲੀ ਏਹ ਜਾਕੇ। ਪੜਕੇ ਲੋਹੇ ਵਾਂਗਰ ਤਪਿਆ, ਏਦਾਂ ਕਹੇ ਸੁਣਾ ਕੇ। ਤਰਨ ਤਾਰਨ ਦੇ ਕੋਲ ਨੇ ਕਿਧਰੇ, ਦੋ ਸਿੰਘ ਨਿਕਲ ਆਏ। ਖਾਧਾ ਲੁਟ ਇਲਾਕਾ ਉਹਨਾਂ, ਲੋਕ ਬੜੇ ਘਬਰਾਏ। ਕੀਤਾ ਬੰਦ ਰਸਤਾ ਉਹਨਾਂ, ਟੈਕਸ ਸਭ ਤੋਂ ਲੈਂਦੇ। ਜਾਨ ਬੁਝਕੇ ਮੂਰਖ ਭੰਬਟ, ਨਾਲ ਭਾਂਬੜਾਂ ਖੈਂਦੇ। ਮਾਰ ਬੇੜੀਆਂ ਪਕੜ ਜੀਂਵਦੇ, ਜੋ ਉਹਨਾਂ ਲੈ ਆਵੇ। ਦਿਆਂ ਇਨਾਮ, ਜਗੀਰਾਂ; ਖਿਲਤਾਂ, ਮੂੰਹ ਮੰਗੇ ਫਲ ਪਾਵੇ। ਬੋਤਾ ਸਿੰਘ ਦੀ ਸੁਣ ਸੁਣ ਕਰਨੀ, ਸਭ ਨੇ ਨੀਵੀਂ ਪਾਈ। ਜਾਪੇ ਅਗੋਂ ਮੌਤ ਖਾਨ ਲਈ, ਅਡਕੇ ਖਾਖਾਂ ਆਈ। ਓੜਕ ਉਠ 'ਜਲਾਲ ਦੀਨ' ਨੇ, ਤੇਗ਼ ਮੈਦਾਨੋਂ ਚਾਈ। ਮੈਂ ਜਾਂਦਾ ਹਾਂ ਦੇਵੋ ਮੈਨੂੰ, ਚੁਣਵਾ ਸੌ ਸਪਾਹੀ। ਸਿੰਘ ਕੀਹੈ ਹੈ ਮੌਤ ਤਾਂਈ ਮੈਂ, ਨਥਾਂ ਮਾਰ ਲਿਆਵਾਂ। ਜਦ ਅਖ ਮੇਰੀ ਵਿਚ ਰੋਹ ਆਵੇ, ਪਰਬਤ ਝੂੂਮ ਹਲਾਵਾਂ। ਨਾਲ ਸਪਾਹੀ ਚੁਣਵੇ, ਉਸਨੂੰ, ਦਿਤੇ ਖਾਨ ਬਹਾਦਰ। ਚੜੇ ਲਾਹੌਰੋਂ ਧੂੜ ਧੁਮਾਂਦੇ, ਅਕੜ ਖਾਨ ਬਹਾਦਰ। ਏਧਰ ਦੋ ਤੇ ਓਧਰ ਸੌ ਨੇ, ਦੇਖੋ ਅਜਬ ਨਜ਼ਾਰਾ। ਕਰਕੇ ਪੰਧ ਲਾਹੌਰੋਂ ਪੁਜਾ, ਜਾ ਟਿਡੀ ਦਲ ਸਾਰਾ। ਕਹੇ ਜਲਾਲ ਦੀਨ ਸੁਣ ਸਿੰਘਾ, ਘੋੜਾ ਜ਼ਰਾ ਵਧਾਕੇ। ਕੀਹ ਲੈਣਾ ਈ ਲੜ ਕੇ ਭਾਈ, ਤੁਰ ਜਾ ਜਿੰਦ ਬਚਾਕੇ। ਕਸਮ ਖੁਦਾ ਦੀ ਕੁਝ ਨਾਂ ਆਖਾਂ, ਤਰਸ ਤੇਰੇ ਪੁਰ ਆਵੇ। ਮੌਤੋਂ ਕੀਹ ਏ ਤੁਸਾਂ ਨੂੰ ਮਿਲਦਾ, ਖੌਫ ਨਹੀਂ ਦਿਲ ਖਾਵੇ।

ਜੁਆਬ ਭਾਈ ਬੋਤਾ ਸਿੰਘ ਜੀ

ਜਿਦਾ ਨਿਮਕ ਖਾਈਏ ਮੰਨੀਏ ਹੁਕਮ ਉਹਦਾ, ⁠ਬਣੀਏ ਕਦੇ ਨਾਂ ਨਿਮਕ ਹਰਾਮ ਖਾਨਾਂ। ਕੰਮ ਸੂਰਮੇਂ ਦਾ ਡਰਨਾ ਮੌਤ ਤੋਂ ਨਾ, ⁠ਮੈਨੂੰ ਲਗੋਂ ਕੀ ਦੇਣ ਪੈਗ਼ਾਮ ਖਾਨਾਂ। ਕੀਤਾ ਸ਼ੁਕਰ ਅਜ ਹੋਈ ਮੁਰਾਦ ਪੂਰੀ, ⁠ਮੈਂ ਉਡੀਕਦਾ ਸਾਂ ਸੁਭਾ ਸ਼ਾਮ ਖਾਨਾਂ। ਗਿਦੜ ਲੁਕ ਕੇ ਵਕਤ ਗੁਜ਼ਾਰਦੇ ਨੇ, ⁠ਰਣ ਵਿਚ ਗਜਦੇ ਮਰਦ ਵਰਿਆਮ ਖਾਨਾਂ। ⁠ਆਵੇ ਸ਼ਰਮ ਨਾਂ ਮੁਗਲ ਦੀ ਬਿੰਦ ਹੋ ਕੇ, ⁠ਕੰਮ ਬਾਣੀਆਂ ਵਾਲੇ ਬਤਾਣ ਲਗੋਂ। ⁠ਅਸੀਂ ਔਂਸੀਆਂ ਉਸਦੀਆਂ ਪਾਂਵਦੇ ਹਾਂ, ⁠ਜੇਹੜੀ ਮੌਤ ਤੋਂ ਸਾਨੂੰ ਡਰਾਣ ਲਗੋਂ।

ਜਲਾਲ ਦੀਨ

ਦੂਜੀ ਵਾਰ ਸਿੰਘਾ ਤੈਨੂੰ ਆਖਦਾ ਹਾਂ, ⁠ਵੇਲਾ ਬੀਤਿਆ ਹੱਥ ਨਾਂ ਆਵਨਾਂ ਈਂ। ਅਸੀਂ ਸੌ ਤੇ ਤੁਸੀਂ ਹੋ ਦੋਏ ਜਿੰਦਾਂ, ⁠ਜੰਗ ਕਿੰਨਾਂ ਕੁ ਸਮਾਂ ਮਚਾਵਨਾਂ ਈਂ। ਕੜੀਆਂ ਮਾਰ ਤੇ ਜਕੜ ਵਿਚ ਬੇੜੀਆਂ ਦੇ, ⁠ਜੀਂਦਾ ਬੰਨ ਲਾਹੌਰ ਲਜਾਵਣਾਂ ਈਂ। ਸੂਬੇ ਖਾਨ ਬਹਾਦਰ ਨੂੰ ਜਾਣਦਾ ਨਹੀਂ, ⁠ਪੁਠਾ ਚੰਮ ਤੇਰਾ ਉਸ ਲੁਹਾਵਣਾ ਈਂ। ਤੁਰ ਜਾ ਵਲ ਪਹਾੜਾਂ ਦੇ ਜਾਨ ਲੈ ਕੇ, ⁠ਸੁਤੇ ਸ਼ੇਰਾਂ ਨੂੰ ਐਵੇਂ ਜਗਾਈਦਾ ਨਹੀਂ। ਲੈਣਾ ਚੁੰਗੀਆਂ ਕੰਮ ਹੈ ਬਾਦਸ਼ਾਹ ਦਾ, ⁠ਐਵੇਂ ਚੰਮ ਦਾ ਦੰਮ ਚਲਾਈਦਾ ਨਹੀਂ।

ਜਵਾਬ ਭਾਈ ਬੋਤਾ ਸਿੰਘ ਜੀ

ਭਜ ਕੌਮ ਨੂੰ ਦਾਗ਼ ਲੁਵਾਵਾਂ ਕਾਹਨੂੰ, ⁠ਮਰਨਾ ਵਿਚ ਮੈਦਾਨ ਦੇ ਭਾਂਵਦਾ ਉਏ। ਹੋਂਦੀ ਰੀਝ ਪਹਾੜਾਂ ਵਿਚ ਫਿਰਨ ਦੀ ਜੇ, ⁠ਕਾਹਨੂੰ ਚਿਠੀਆਂ ਘਲ ਮੰਗਾਂਵਦਾ ਉਏ। ਸਿੰਘ ਨਹੀਂ ਉਹ ਕਾਇਰ ਦੀ ਬਿੰਦ ਹੁੰਦਾ, ⁠ਭੀੜ ਬਣੀ ਵੇਲੇ ਘਬਰਾਂਵਦਾ ਉਏ। ਮੌਤ ਬਣੀ ਚੁਗੱਤਿਆਂ ਕੁਪੱਤਿਆਂ ਲਈ, ⁠ਮਰਕੇ ਕਲਾ ਚੜ੍ਹਦੀ ਸਿੰਘ ਪਾਂਵਦਾ ਉਏ। ਏਸ ਦੇਹੀ ਨੂੰ ਮੌਤ ਦਾ ਭੈ ਹੈ ਨਹੀਂ, ⁠ਮਰਕੇ ਤੀਰਾਂ ਤਲਵਾਰਾਂ ਤੇ ਤੁਲਨਾ ਈਂ। ਲਥੂ ਖਲ ਤਾਂ ਬਣੂ 'ਨਿਸ਼ਾਨ ਪੀਲਾ', ⁠ਜਿਨੇ ਵਿਚ ਖੈਬਰਾਂ ਦੇ ਝੁਲਣਾ ਈਂ।

ਤਥਾ-

ਦੇਵੇ ਭੈ ਜੋ ਸਾਨੂੰ ਬਹੁਤਿਆਂ ਦਾ, ⁠'ਸਵਾ ਲੱਖ' ਨੂੰ ਕਲੇ ਭਜਾਣ ਵਾਲੇ। ਹਰਨਾਂ, ਭੇਡੂਆਂ ਦੇ ਸਦਾ ਹੋਣ ਇੱਜੜ, ⁠ਸ਼ੇਰ, ਬਾਘ, ਕਲੇ ਪਾੜ ਖਾਣ ਵਾਲੇ। ਪੰਜ ਪੰਜ ਸਾਡੇ ਨਾਲ ਲਾ ਕੇ ਵੇਖ, ⁠ਬਹੁਤੇ ਜ਼ੋਰ ਵਾਲੇ ਬਹੁਤੇ ਮਾਣ ਵਾਲੇ। ਆਹਮੋ ਸਾਹਮਣੇ ਤੇਗ਼ਾਂ ਦੇ ਜੰਗ ਮਚਣ, ⁠ਹਥ ਪਰਖ ਲੈ ਜ਼ਰਾ ਕਿਰਪਾਨ ਵਾਲੇ। ਕਰਦਾ ਸੂਰਮਾ ਈਂ ਕਦਰ ਸੂਰਮੇ ਦੀ, ⁠ਹਲਾ ਵੇਖ ਲੈ ਬੀਰ ਅਕਾਲੀਆਂ ਦਾ। ਸੁਕੇ ਸੜੇ ਸਰੀਰ ਨੇ ਨਾਲ ਭੁਖਾਂ, ⁠ਹੜ ਵਗਦਾ ਤੁਸਾਂ ਤੇ ਲਾਲੀਆਂ ਦਾ।

ਜਲਾਲ ਦੀਨ

ਹੋਇਆ ਖੁਸ਼ ਜਲਾਲ ਦੀਨ ਗਲ ਸੁਣਕੇ, ⁠ਹਛਾ ਦੇਖ ਲੌ ਹਥ ਤਲਵਾਰ ਵਾਲੇ। ਦਸ ਸੂਰਮੇਂ ਸਾਹਮਣੇ ਕਢ ਦਿਤੇ, ⁠ਹਿੰਮਤ ਵਾਲੇ ਮੈਦਾਨ ਦੀ ਸਾਰ ਵਾਲੇ। ਪਿੜ ਬਝ ਗਿਆ ਜਰਵਾਣਿਆਂ ਦਾ, ⁠ਘੋਲ ਹੋਣ ਲਗੇ ਮਾਰੋ ਮਾਰ ਵਾਲੇ। ਗਤਕੇ ਬਾਜ਼ ਜਵਾਨਾਂ ਨੇ ਜੋੜ ਪਿਠਾਂ, ⁠ਦਸੇ ਜੌਹਰ ਵਾਹ ਖੰਡੇ ਦੀ ਧਾਰ ਵਾਲੇ। ਬਿਜਲੀ ਵਾਂਗ ਮੈਦਾਨ ਦੇ ਵਿਚ ਫਿਰਦੇ, ⁠ਨੇੜੇ ਵਾਰ ਨਾਂ ਕਿਸੇ ਦਾ ਔਣ ਦਿਤਾ। ਸੁਟੇ ਕਪ ਕੇ ਦਸੇ ਰਣ ਖੇਤ ਅੰਦਰ, ⁠ਕੰਡਾਂ ਵਲ ਨਾ ਮੂੰਹ ਪਰਤੌਨ ਦਿਤਾ।

ਤਥਾ-

ਤਤੇ ਤਾ ਸਾਹ ਜ਼ਰਾ ਨਾ ਲੈਣ ਦਿਤਾ, ⁠ਦਸ ਹੋਰ ਸਾਂਹਵੇਂ ਖਲਿਹਾਰ ਦਿਤੇ। ਪਰਖਣ ਲਗੇ ਬਹਾਦਰੀ ਖਾਲਸੇ ਦੀ, ⁠ਪਹਿਲਵਾਨ ਨੇ ਦਾਉ ਖਲਹਾਰ ਦਿਤੇ। ਮੁਗ਼ਲ ਖਾਣ ਕਚੀਚੀਆਂ ਮਨਾ ਅੰਦਰ, ⁠ਲੋਹੜੇ ਦੋਹਾਂ ਵੇਖੋ ਕੇਡੇ ਮਾਰ ਦਿਤੇ। ਮਰਦੇ ਪੁਤ ਬਗਾਨੇ ਦੇ ਪੀੜ ਕਾਹਦਾ, ⁠ਕੰਡੀਂ ਥਾਪੜੇ ਦੇ ਲਲਕਾਰ ਦਿਤੇ। ਲੇਖੇ ਲਗ ਗਏ ਜਾਂਦਿਆਂ ਦਸ ਏਹ ਵੀ, ⁠ਲਹੂ ਨਾਲ ਧਰਤੀ ਲਾਲੋ ਲਾਲ ਹੋਈ। ਬਰਕਤ ਸਿੰਘ ਜਲਾਲ ਦੀਨ ਆਖਦਾ ਏ, ⁠ਅਜ ਬਹਾਦਰੀ ਵਾਲੀ ਕਮਾਲ ਹੋਈ।

ਤੀਸਰੀ ਵਾਰ

ਤੀਜੀ ਵਾਰ ਜਵਾਨ ਸਿਰ ਕਢ ਚੁਣਕੇ, ⁠ਦੋਹਾਂ ਜੋਧਿਆਂ ਨਾਲ ਲਗਾਏ ਭਾਈ। ਜਾਪਣ ਖੜੇ ਫਰਿਸ਼ਤੇ ਪਿੜ ਅੰਦਰ, ⁠ਸਾਹਵੇਂ ਅਖ ਨਾ ਕੋਈ ਉਠਾਏ ਭਾਈ। ਬੰਨ ਪੈਂਤੜੇ ਬੁਕਦੇ ਸ਼ੇਰ ਬੱਬਰ, ⁠ਕਰਨ ਵਾਰ ਤੇ ਵਾਰ ਬਚਾਏ ਭਾਈ। ਚੜੇ ਜੰਗ ਜਵਾਨਾਂ ਨੂੰ ਡਗਾ ਵਜੇ; ⁠ਤੇਗ਼ਾਂ ਵਾਂਗ ਬਿਜਲੀ ਦਿਖਲਾਏ ਭਾਈ। ⁠ਗਿੜ ਗਿੜਾਇਕੇ ਹਾਥੀਆਂ ਵਾਂਗ ਡਿਗੇ, ⁠ਬੋਲੀ ਗਜ ਸਤ ਸ੍ਰੀ ਅਕਾਲ ਸਿੰਘਾਂ। ⁠ਬਰਕਤ ਸਿੰਘ ਧੋਣੇ ਧੋਤੇ ਜਗ ਉਤੋਂ, ⁠ਮਾਂਰ ਮਾਰ ਤੇਗ਼ਾਂ ਗੁਸੇ ਨਾਲ ਸਿੰਘਾਂ।

ਸਾਰਿਆਂ ਨੇ ਹੱਲਾ ਕਰਨਾ

ਦੁਵੱਯਾ ਛੰਦ- ਏਦਾਂ ਤੀਹ ਜਾਂ ਟੋਟੇ ਹੋਕੇ, ਲੇਟ ਗਏ ਰਣ ਅੰਦਰ। ਫੌਜਦਾਰ ਹੁਣ ਕਰੇ ਵਿਚਾਰਾਂ, ਖਾ ਗੁਸਾ ਮਨ ਅੰਦਰ। ਏਦਾਂ ਕੁਲ ਮਰਵਾਕੇ ਸਾਥੀ, ਨਹੀਂ ਮੈਂ ਵੀ ਬਚ ਸਕਦਾ। ਸਿੰਘ ਡਰਾਉਣੇ ਦੇਣ ਦਿਖਾਈ, ਸਾਹਵੇਂ ਕੋਈ ਨਾ ਤਕਦਾ। ਦੇਵੇ ਸੂਬਾ ਫਿਟਕਾਂ ਸਾਨੂੰ, ਰੰਡੀਆਂ ਹੋਵਣ ਨਾਰਾਂ। ਸੰਡਿਆਂ ਵਰਗੇ ਜੋਧੇ ਢਾਹ ਲਏ, ਦੋ ਸੁਕੜੇ ਸਰਦਾਰਾਂ। ਮਾਰੂ ਢੋਲ ਵਜਾਇਆ ਇਕ ਦੰਮ, ਫੇਰ ਮੁਗਲ ਨੇ ਪਲਾ। ਇਕੋ ਵਾਰੀ ਹੀ ਗਲ ਪੈ ਗਏ, ਕਰਕੇ ਸਾਰੇ ਹਲਾ। ਢਾਲਾਂ ਉਤੇ ਮਾਰਨ ਲਗੇ, ਇਉਂ ਜੋਧੇ ਤਲਵਾਰਾਂ। ਲੋਹੇ ਜਿਵੇਂ ਅਹਿਰਨਾਂ ਉਤੇ, ਰਖੇ ਹੋਣ ਲੁਹਾਰਾਂ। ਇਉਂ ਰਣ ਦੇ ਵਿਚ ਢਠੇ ਮੁਰਦੇ, ਵਢਣ ਜਟ ਜਵਾਰਾਂ। ਟੁਟੀਆਂ ਤੇਗ਼ਾਂ ਹੋਏ ਨਿਤਾਣੇ, ਮਾਰ ਮਾਰਕੇ ਮਾਰਾਂ। ਛਨਨੀ ਛਨਨੀ ਹੋਏ ਜੁਸੇ, ਲਗੇ ਫਟ ਹਜ਼ਾਰਾਂ। ਹੋ ਟੋਟੇ ਰਣ ਅੰਦਰ ਡਿਗੇ, ਸਾਥ ਛਡੇ ਹਥਿਆਰਾਂ। ਨੇਜ਼ਿਆਂ ਤੇ ਟੰਗ ਸੀਸ ਦੁਹਾਂ ਦੇ, ਮੁਗ਼ਲ ਪੰਜਾਹ ਮਰਵਾਕੇ। ਵੜੇ ਲਾਹੌਰ ਆ ਬਰਕਤ ਸਿੰਘਾ, ਕਿਰਤੀ ਵਢ ਵਢਾਕੇ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ