Shaheedi Baba Deep Singh Ji : Barkat Singh Anand

ਸ਼ਹੀਦੀ ਬਾਬਾ ਦੀਪ ਸਿੰਘ ਜੀ : ਬਰਕਤ ਸਿੰਘ 'ਅਨੰਦ'


ਵਾਰ-

ਸੀ ਨਾਦਰ ਦੰਦ ਭਨਾਇਕੇ, ਜਦ ਮੁੜਿਆ ਖਾਲੀ। ਤਾਂ ਉਸਦੇ ਪਿਛੋਂ ਫੌਜ ਲੇ, ਚੜ੍ਹਿਆ ਅਬਦਾਲੀ। ਉਹਨੇ ਕੀਤੀ ਮਾਰੋ ਮਾਰ ਆ, ਤਕ ਮੋਏ ਮਾਲੀ। ਨਾ ਇਜ਼ਤ ਆਪਣੀ ਹਿੰਦ ਤੋਂ, ਤਦ ਰਹੀ ਸੰਭਾਲੀ। ਸਭ ਸੌਂ ਗਏ ਗੋਰਖੇ ਰਾਜਪੂਤ, ਪੀ ਭੰਗ ਪਿਆਲੀ। ਸਿੰਘਾਂ ਬਾਝੋਂ ਦੇਸ਼ ਦਾ, ਕੋਈ ਰਿਹਾ ਨਾ ਵਾਲੀ। ਕਰਦੇ ਹਿੰਦ ਵਿਚ ਜ਼ੁਲਮ ਉਹ, ਆਕੇ ਮੰਨ ਮੰਨੇ। ਸਿੰਘਾਂ ਬਾਝੋਂ ਉਹਨਾਂ ਦੇ, ਦੰਦ ਕੋਈ ਨਾ ਭੰਨੇ। ਭੂਤੇ ਫਿਰਨ ਪਠਾਨ ਕੁਲ, ਡਰ ਰਿਹਾ ਨਾ ਖਲੇ। ਢਾਹ ਮੰਦਰ ਪਥਰ ਕੀਮਤੀ, ਗਜ਼ਨੀ ਨੂੰ ਘਲੇ। ਉਹ ਸੋਨਾਂ,ਚਾਂਦੀ, ਪਿਤਲ ਆਦਿ ਧਨ ਤਾਂਬਾ ਨਾਰੀ। ਲੁਟ ਲੁਟ ਕੇ ਲਈ ਜਾਂਵਦੇ,ਕੀਹ ਵਿਆਹੀ ਕੁਵਾਰੀ। ਕਖ ਸੁਕੇ ਹਿੰਦੂ ਜਾਣਕੇ, ਬਣ ਸ਼ੋਹਲਾ ਭੜਕਨ। ਪਰ ਵਿਚ ਉਨ੍ਹਾਂ ਦੀ ਅਖ ਦੇ, ਸਿੰਘ ਕੁਕਰਾ ਰੜਕਨ। ਉਹ ਕਹਿਣ ਮਿਟਾਣਾ ਪੰਥ,ਦੇਸ਼ ਵਿਚੋਂ 'ਸਤਨਾਜਾ'। ਫੇਰ ਅਸਾਡੇ ਵਾਸਤੇ, ਹਿੰਦੂ ਨੇ ਖਾਜਾ। ਆ ਡੇਰੇ ਲਾਏ ਲਾਹੌਰ ਵਿਚ, ਜ਼ਾਲਮ ਅਬਦਾਲੀ। ਉਹ ਪੁਛੇ ਸੂਬੇ ਖਾਨ ਨੂੰ, ਕੁਲ ਹਿੰਦ ਦੀ ਚਾਲੀ। ਕੇਹੜੀ ਕੌਮ ਏ ਹਿੰਦ ਵਿਚ, ਤਕੜੀ ਜਾਂ ਮਾੜੀ। ਅੜਦੀ ਕੇਹੜੀ ਕੌਮ ਏ, ਉਠ ਮੁਗ਼ਲ ਅਗਾੜੀ। 'ਖਾਨ ਬਹਾਦਰ' ਆਖਦਾ, ਸੁਣ ਸ਼ਾਹ ਜਰਵਾਣੇ। ਸਿੰਘਾਂ ਬਾਝੋਂ ਹੋਰ ਲੋਕ ਸਭ ਸਮਝ ਮਖਾਣੇ। ਜਦ ਦਾ ਬੈਠਾ ਹਾਂ ਤਖਤ ਤੇ, ਲਾ ਥੱਕਾ ਚਾਰਾ। ਸਿੰਘ ਇਹ ਮੁਕੇ ਨਾ ਝੁਕੇ, ਦੁਖ ਦਿਤਾ ਭਾਰਾ। ਜਿਉਂ ਜਿਉਂ ਮੈਂ ਹਾਂ ਮਾਰਦਾ, ਏਹ ਵਧਦੇ ਜਾਂਦੇ। ਗਾਜਰ, ਮੂਲੀ, ਸਾਗ, ਪੱਤਰ ਖਾ ਸ਼ੁਕਰ ਮਨਾਂਦੇ। ਲੁਟਨ ਡਾਕੂ ਕਾਬਲੋਂ, ਹਿੰਦ ਨੂੰ ਜੋ ਆਵਨ। ਐਸਾ ਦੇਣ ਇਨਾਮ ਸਿੰਘ, ਹਥ ਕੰਨੀ ਲਾਵਨ। ਦਿਨ ਕਿਤੇ ਰਾਤੀਂ ਕਿਤੇ, ਥੌਹ ਪਤਾ ਨਾਂ ਲਗੇ। ਲੜਨ ਜਦੋਂ ਮੈਦਾਨ ਵਿਚ, ਹੜ ਲਹੂਆਂ ਵਗੇ। ਫਿਰ ਅਬਦਾਲੀ ਪੁਛਦਾ, ਦਸ ਢੰਗ ਪਿਆਰੇ। ਮੁਕਣ ਕਿਵੇਂ ਜਹਾਨ ਚੋਂ, ਏਹ ਬਾਗ਼ੀ ਸਾਰੇ। ਹੋਵੇ ਸਾਫ ਮੈਦਾਨ ਫੇਰ, ਸਿੰਘ ਜਾਵਨ ਮਾਰੇ। ਲੁਟੀਏ ਹਿੰਦੁਸਤਾਨ ਨੂੰ, ਲਾ ਚੋਟ ਨਗਾਰੇ।

ਲਖੂ ਇਮਨਾ ਬਾਦੀਏ ਦੀ ਵਿਉਂਤ

ਲਖੂ ਇਮਨਾਬਾਦੀਆ, ਹਿੰਦੂ ਹਤਿਆਰਾ। ਸਿੰਘਾਂ ਨੂੰ ਮਰਵੌਨ ਦਾ ਸੀ ਮੁਖਬਰ ਭਾਰਾ। ਕਹਿੰਦਾ ਸੁਣ ਲੌ ਖਾਨ ਜੀ, ਇਕ ਢੰਗ ਨਿਆਰਾ। ਮੁਕਨ ਸਿੰਘ ਜਹਾਨ ਚੋਂ, ਕਰ ਦੇਖੋ ਚਾਰਾ ਅੰਮ੍ਰਿਤਸਰ ਹੈ ਇਹਨਾਂ ਦਾ, ਇਕ ਤੀਰਥ ਭਾਰਾ। ਤੇ ਮੰਦਰ ਹੈ ਇਕ ਉਸ ਵਿਚ, ਜਿਉਂ ਅਰਸ਼ੀ ਤਾਰਾ। ਟੁਬੇ ਉਸ ਵਿਚ ਆਣਕੇ, ਜਦ ਕਾਇਰ ਲਾਵਨ। ਗੱਜਨ ਬੱਬਰ ਸ਼ੇਰ ਬਣ, ਰਣ ਧੁੰਮਾਂ ਪਾਵਣ। ਲਗੇ ਵਾਂਗਰ ਪੇਂਦ ਦੇ, ਏਹਨਾਂ ਨੂੰ ਪਾਣੀ। ਉਸ ਤੀਰਥ ਵਿਚ ਪਾਤਸ਼ਾਹ, ਕੋਈ ਕਲਾ ਰੁਬਾਣੀ। ਕੋਹੜੇ ਨਹਾ ਨਹਾ ਉਸ ਵਿੱਚ, ਹੋ ਕੁੰਦਨ ਜਾਂਦੇ। ਕਾਂ ਕਾਲੇ ਹੋਂਦੇ ਹੰਸ ਨੇ, ਮੂੰਹ ਪਾਣੀ ਪਾਂਦੇ। ਮੂੰਹ ਵਿੱਚ ਪਾ ਕੇ ਚਲੇ ਜਾਂ, ਸੁਣਦੇ ਵਡਿਆਈ। ਜਨਮ ਮਰਨ ਦਾ ਇਹਨਾਂ ਨੂੰ, ਡਰ ਰਹੇ ਨਾ ਕਾਈ। ਜੇ ਉਹ ਮੰਦਰ ਢਾਹ ਦਿਓ, ਚੁਕ ਮਲਬਾ ਸਾਰਾ। ਤੀਰਥ ਪਧਰਾ ਕਰ ਦਿਓ, ਪਾ ਇਟਾਂ ਗਾਰਾ। ਮੁਕਨ ਸਿੰਘ ਜਹਾਨ ਚੋਂ, ਫਿਰ ਮਾਰੋ ਮਾਰਾ। ਇਉਂ ਸਿੰਘਾਂ ਦੀਆਂ, ਖੁੰਢੀਆਂ, ਹੋਵਣ ਤਲਵਾਰਾਂ।

ਫੌਜਾਂ ਦੀ ਚੜ੍ਹਾਈ

ਆਈ ਲਖੂ ਦੀ ਰੱਲ ਪਸੰਦ ਸ਼ਾਹ ਨੂੰ, ⁠ਫੌਜਾਂ ਦਿਤੀਆਂ ਤੁਰਤ ਚੜਾ ਭਾਈ। ਗਸ਼ਤੀ ਦਲ ਸਾਰੇ ਪਿੰਡ ਵਿਚ ਫੇਰੇ, ⁠ਜੰਗਲ ਪੁਟ ਕੇ ਦਿਤੇ ਜਲਾ ਭਾਈ। ਸਰ ਬੁਲੰਦ ਖਾਂ ਨੂੰ ਭਾਰੀ ਫੌਜ ਦੇ ਕੇ, ⁠ਅੰਮ੍ਰਿਤਸਰ ਵਲ ਦਿਤਾ ਭਜਾ ਭਾਈ। ਮੰਦਰ ਢਾਹ ਕੇ ਪੂਰ ਤਲਾ ਦੇਵੋ, ⁠ਗੱਲਾਂ ਦਿਤੀਆਂ ਕੁਲ ਸਮਝਾ ਭਾਈ। ਡੇਰਾ ਲਾਇਕੇ ਆਪ ਲਾਹੌਰ ਬੈਠਾ, ⁠ਖਰਚ ਖਾਨ ਕੋਲੋਂ ਲੈਕੇ ਖਾਨ ਲਗਾ। ਅਲੇ ਜ਼ਖਮਾਂ ਤੇ ਚੰਦਰਾ ਬਰਕਤ ਸਿੰਘਾ, ⁠ਪੀਸ ਪੀਸ ਕਰਕੇ ਲੂਣ ਪਾਣ ਲਗਾ।

ਤਥਾ

ਨੱਚਣ ਕੰਜਰੀਆਂ ਪੀਣ ਸ਼ਰਾਬ ਹੁੱਕੇ, ⁠ਕੀਰਤਨ ਹੋਏ ਜਿਥੇ ਦਿਨ ਰਾਤ ਪਿਆਰੇ। ਖੁਰਾ ਖੋਜ ਤੀਰਥ ਦਾ ਮਟਾਣ ਲੱਗੀ, ⁠ਮਿੱਟੀ ਸੁਟ ਪਠਾਨ ਦੀ ਜ਼ਾਤ ਪਿਆਰੇ। ਸਿੰਘ ਜੰਗਲਾਂ ਵਿਚ ਗੁਜ਼ਰਾਨ ਕਰਦ, ⁠ਉਹ ਵੀ ਵਢ ਫੂਕੇ ਖਾਤਰ ਘਾਤ ਪਿਆਰੇ। ਝਖੜ ਝੁਲਿਆ ਪੰਥ ਤੇ ਕਹਿਰ ਵਾਲਾ, ⁠ਪਿਛਲੇ ਜ਼ੁਲਮ ਹੋਏ ਸਭ ਮਾਤ ਪਿਆਰੇ। ਸਰ ਬੁਲੰਦ ਖਾਂ ਮੁਛਾਂ ਤੇ ਹਥ ਫੇਰੇ, ⁠ਕੇਹੜਾ ਆਖਦਾ ਸਿੰਘ ਨਾ ਮੁਕਦੇ ਨੇ। ਗਹਿਰੀ ਅੱਖ 'ਅਨੰਦ' ਜੇ ਹੋਏ ਮੇਰੀ, ⁠ਸਾਹ ਫਰਿਸ਼ਤਿਆਂ ਦੇ ਉਦੋਂ ਸੁਕਦੇ ਨੇ।

ਬਾਬਾ ਦੀਪ ਸਿੰਘ ਜੀ ਨੂੰ ਖਬਰ ਹੋਣੀ

ਰਹਿੰਦਾ ਦਮਦਮੇ ਸਾਹਿਬ ਬਾਬਾ ਦੀਪ ਸਿੰਘ ਸੀ, ⁠ਗੁਰਬਾਣੀ ਦਾ ਕਰਦਾ ਪਰਚਾਰ ਵੀਰੋ। ਚੌਹਾਂ ਤਖਤਾਂ ਦੇ ਵਿਚ ਪਰਕਾਸ਼ੀਆਂ ਉਸ, ⁠ਹਥੀਂ ਲਿਖ ਸੁੰਦਰ ਬੀੜਾਂ ਚਾਰ ਵੀਰੋ। ਕਲਗੀਧਰ ਨੇ ਹਥੀਂ ਛਕਾ ਅੰਮ੍ਰਿਤ, ⁠ਉਹਨੂੰ ਬਲ ਦਿਤਾ ਬੇਸ਼ੁਮਾਰ ਵੀਰੋ। ਦਸਿਆ ਕਿਸੇ ਨੇ ਉਸ ਦੇ ਜਥੇ ਨੂੰ ਜਾ, ⁠ਹੋਇਆ ਅਸਾਂ ਤੇ ਆਖਰੀ ਵਾਰ ਵੀਰੋ। ਹਰਮੰਦਰ, ਸਰੋਵਰ ਨੂੰ ਸ਼ਾਹ ਐਹਮਦ, ⁠ਢਾਹ ਪੂਰ ਕੇ ਖੋਜ ਮਟਾਈ ਜਾਵੇ। ਸਿੰਘ ਕਿਤੇ 'ਅਨੰਦ' ਨਾਂ ਲੁਕ ਸਕਣ ⁠ਜੰਗਲ ਵਢ ਵਢ ਕੇ ਸੜਵਾਈ ਜਾਵੇ।

ਚੜ੍ਹਾਏ

ਇਕ ਹਜ਼ਾਰ ਅਕਾਲੀ ਲੈਕੇ, ਦੀਪ ਸਿੰਘ ਗਜ ਚੜ੍ਹਿਆ। ਲੰਘ ਹਰੀਕੇ ਪਤਨੋ ਬਿਆਸੀ, ਤਰਨ ਤਾਰਨ ਆ ਵੜਿਆ। ਉਠਨ ਵਿੱਚ ਜੁਸੇ ਦੇ ਚਿਨਗਾਂ, ਲੂੰ ਲੂੰ ਭਾਂਬੜ ਬਲਿਆ। ਆਖੇ ਜੇ ਨਾਂ ਅਬਦਾਲੀ ਨੂੰ, ਵਾਂਗ ਮਛੀ ਮੈਂ ਤਲਿਆ। ਦੀਪਸਿੰਘ ਨਹੀਂ ਕਿਸੇਆਖਣਾ, ਅੰਨਖਾਣਾ ਮਾਂ ਦਾ ਜਾਇਆ। ਮੇਰੇ ਜੀਂਦੇ ਹੋ ਨਹੀਂ ਸਕਦਾ, ਸਾਨੂੰ ਜਾਏ ਮਿਟਾਇਆ। ਹਰਮੰਦਰ ਦੀ ਇਜ਼ਤ ਤਾਈਂ, ਜੋ ਪਾਪੀ ਹਥ ਪਾਵੇ। ਮੇਰੇ ਕਹਿਰੋਂ ਜਾਨ ਬਚਾਕੇ, ਘਰ ਕਿਉਂ ਵਾਪਸ ਜਾਵੇ। ਧਰਮ ਜੁਧ ਲਈ ਕੁਲ ਬਹਾਦਰ, ਅਣਖੀ ਹੋ ਗਏ ਕਠੇ। ਸਦਾ ਮੌਤ ਦੇ ਤਾਈਂ ਕਰਦੇ, ਜੇਹੜੇ ਹਾਸੇ ਠਠੇ। ਕਢ ਦੇਈਏ ਅਖ ਉਸਦੀ ਫੜਕੇ, ਅਖ ਕਰੇ ਜੋ ਕਾਣੀ। ਇਉਂ ਰੋਹ ਅੰਦਰ ਖੂਨ ਖੌਲਦਾ, ਦੇਗ ਅੰਦਰ ਜਿਉਂ ਪਾਣੀ। 'ਕੜਾਹ ਪ੍ਰਸ਼ਾਦ' ਦੀ ਦੇਗ ਚੜਾਕੇ, ਰਲ ਅਰਦਾਸਾ ਕਰਦੇ। ਗੁਰੂ ਅਰਜਨ ਤੇਰੀ ਓਟ ਨੇ ਲੇਂਦੇ, ਸੇਵਕ ਤੇਰੇ ਘਰਦੇ। ਤੇਰੇ ਦਰ ਦੀ ਇਜ਼ਤ ਖਾਤਰ, ਲਗੇ ਕਰਨ ਚੜ੍ਹਾਈ। ਹਥ ਤੇਰੇ ਹੈ ਇਜ਼ਤ ਸਾਡੀ, ਹੋਵੀਂ ਸੰਗ ਸਹਾਈ। ਦੀਪ ਸਿੰਘ ਅਰਦਾਸੇ ਅੰਦਰ, ਏਹ ਪਰਤੱਗਿਆ ਕੀਤੀ। ਸੀਸ ਦਿਆਂ ਪਰਕਰਮਾਂ ਵਿਚ ਜਾ, ਧੋਵਾਂ ਕੁਲ ਕੁਰੀਤੀ। ਛਕ ਪਰਸ਼ਾਦ ਤੇ ਟਪ ਲਕੀਰਾਂ, ਇਉਂ ਤੁਰਿਆ ਦਲ ਸਾਰਾ। ਘਟ ਜਿਵੇਂ ਟਿਲੇ ਦੀ ਚੜਕੇ, ਪਾਵੇ ਧੁੰਦੂਕਾਰਾ। ਲਗੀ ਚੋਟ ਨਗਾਰਿਆਂ ਉਤੇ, ਚੜ੍ਹ ਪਏ ਸ਼ੇਰ ਅਕਾਲੀ। ਬੀਰ ਰਸ ਵਿਚ ਮਤੇ ਤੁਰਦੇ, ਪਾਂਦੇ ਜਾਣ ਧੁਮਾਲੀ। ਨਾਦਰ ਸ਼ਾਹ ਦੇ ਪਿਛੋਂ ਆਇਆ, ਚੜ੍ਹ ਸਾਲਾ ਅਬਦਾਲੀ। ਕਰੀਏ ਇਸਦੇ ਡੱਕਰੇ ਫੜਕੇ, ਟੋਕਾ ਜਿਵੇਂ ਪਰਾਲੀ। ਤਰਨ ਤਾਰਨ ਦੇ ਤਲਕੇ ਅੰਦਰ, ਥਾਂ ਥਾਂ ਧੁੰਮਾਂ ਪਈਆਂ। ਹਰਮੰਦਰ ਦੀ ਸ਼ਾਨ ਬਚਾਵਣ, ਸਿਖ ਫੌਜਾਂ ਅਜ ਗਈਆਂ। ਨਸ਼ਟਕਰੀਂ ਇਹ ਦੁਸ਼ਟ ਚੌਂਕੜੀ,ਇਉਂ ਕਹਿੰਦੇ ਨਰਨਾਰੀ। ਆਪਣੀ ਇਜ਼ਤ ਆਪ ਬਚਾਵੀਂ, 'ਸ਼ਾਂਤ ਪੁੰਜ' ਗਿਰਧਾਰੀ। 'ਗੋਹਲਵਾੜ' ਨੇੜੇ ਜਦ ਅਪੜੇ, ਜੋਧੇ ਧੂੜ ਧੁਮ ਦੇ। ਉਥੇ ਅਗੇ ਦੁਸ਼ਟ ਦੁਰਾਨੀ, ਪਏ ਸਨ ਲੁਟ ਮਚਾਂਦੇ। ਖਾਲਸਿਆਂ ਨੂੰ ਡਕਿਆ ਅਗੋਂ, ਸਰ ਬੁਲੰਦ ਖਾਂ ਆਕੇ। ਅੰਮ੍ਰਿਤਸਰ ਦੇ ਚਾਰ ਚੁਫੇਰਿਓਂ, ਰੋਕ ਰਖੇ ਸਨ ਨਾਕੇ।

ਲੜਾਈ ਸ਼ੁਰੂ

ਪਉੜੀ- ਦੋਂਹ ਦਾਂਵਾਂ ਤੋਂ ਸੂਰਮੇਂ, ਲਾ ਚੋਟ ਨਗਾਰੇ। ਹਥੀਂ ਤੇਗ਼ਾਂ ਸੂਤਕੇ, ਰਣ ਜੁਟੇ ਸਾਰੇ। ਕਿਧਰੇ ਗੋਲੀ ਚਲ ਪਈ, ਕਿਧਰੇ ਅਣੀਆਲੇ। ਕਿਧਰੇ ਜੁਟੇ ਸੂਰਮੇਂ, ਫੜ ਨੇਜ਼ੇ ਭਾਲੇ। ਮਾਰੋ ਮਾਰ ਮੈਦਾਨ ਵਿਚ, ਮਚੀ ਪਲ ਅੰਦਰ। ਵਿਚ ਲਹੂਆਂ ਲੇਟਣ ਸੂਰਮੇ, ਮਛੀਆਂ ਜਲ ਅੰਦਰ। ਬੁਕਣ ਸਿੰਘ ਮੈਦਾਨ ਵਿਚ, ਧੂਹ ਕੇ ਤਲਵਾਰਾਂ। ਲਾਵਣ ਅਗੇ ਸ਼ੇਰ ਜਿਉਂ, ਹਰਨਾਂ ਦੀਆਂ ਡਾਰਾਂ। ਲੜਦੇ ਬੰਨ ਬੰਨ ਪੈਂਤੜੇ, ਦਲ ਹੋਏ ਲੜਾਕੇ। ਸਿੰਘ ਲੜਦੇ ਖਾਤਰ ਧਰਮ ਦੀ, ਉਹ ਖਾਤਰ ਡਾਕੇ। ਸਿੰਘ ਕਹਿੰਦੇ ਜਾਨਾਂ ਦੇਣੀਆਂ, ਘਰ ਗੁਰ ਦੇ ਆਕੇ। ਪਰ ਲੜਨ ਦੁਰਾਨੀ ਸੂਰਮੇਂ, ਕੁਝ ਬਚ ਬਚਾਕੇ। ਉਹ ਚਾਹੁਣ ਘਰਾਂ ਨੂੰ ਪਰਤਣਾ, ਪਾ ਲੁਟਾਂ ਧਾੜੇ। ਇਹ ਚਾਹੁਣ ਬਚਾਣਾ ਘਰਾਂ ਨੂੰ, ਬੰਦ ਹੋਣ ਉਜਾੜੇ। ਢੇਰ ਲੋਥਾਂ ਦੇ ਲਗ ਗਏ, ਕੋਹਾਂ ਦੇ ਅੰਦਰ। ਜੇ ਜਾਨ ਜਾਏ ਕੁਝ ਫਿਕਰ ਨਾ, ਬਚ ਰਹੇ ਹਰਿਮੰਦਰ। ਸਭ ਧਰਤੀ ਰੰਗੀ ਖੂਨ ਨਾਲ, ਰਤ ਵਹਿੰਦੀ ਭਾਰੀ। ਜਿਉਂ ਸਾਲੂ ਰੰਗ ਕੇ ਸੁਕਣੇ ਪਾ ਦਵੇ ਲੀਲਾਰੀ। ਉਖੜੇ ਪੈਰ ਦੁਰਾਨੀਆਂ, ਡਾਢੇ ਘਬਰਾਏ। ਅਲਾ ਕਾਬੂ ਸਿੰਘ ਦੇ, ਨਾ ਦੁਸ਼ਮਨ ਆਏ। ਸਰ ਬੁਲੰਦ ਖਾਂ ਵੇਖਕੇ, ਦੇ ਹਲਾ ਸ਼ੇਰੀ। ਕਾਬਲ, ਗਿਲਜਿਓ ਦੂਰ ਹੈ ਕੁਝ ਕਰੋ ਦਲੇਰੀ। ਨਠਿਆਂ ਕਰਨੀ ਖਾਲਸੇ, ਨਾ ਕਦੇ ਖਲਾਸੀ। ਮਰੋ ਜਵਾਨਾਂ ਵਾਂਗਰਾਂ, ਛਡ ਦਿਉ ਉਦਾਸੀ। ਵਧਿਆ ਸਰ ਬੁਲੰਦ ਖਾਂ, ਜਦ ਵਾਂਗ ਹਨੇਰੀ। ਬਿਜਲੀ ਵਾਂਗਰ ਦੀਪ ਸਿੰਘ, ਰਣ ਚੰਡੀ ਫੇਰੀ। ਸਰ ਬੁਲੰਦ ਨੂੰ ਸੁਟਿਆ, ਕਰ ਟੋਟੇ ਟੋਟੇ। ਢੇਰੀ ਢਾਹੀ ਗਿਲਜਿਆਂ, ਰੋਏ ਵਡੇ ਛੋਟ। ਮੋਇਆ ਆਗੂ ਦਲਾਂ ਦਾ, ਲਕ ਸਭ ਦੇ ਟੁਟੇ। ਤੰਬੂ ਆਸ ਉਮੈਦ ਦੇ, ਹੁਣ ਕੁਲ ਨੇ ਪੁਟੇ।

ਯਾਕੂਬ ਖਾਂ ਦੀ ਦਲੇਰੀ

ਫੌਜਦਾਰ ਜਾਂ ਡਿਗ ਪਿਆ, ਵਧਿਆ ਖਾਨ ਯਾਕੂਬ। ਐਲੀ ਅਕਬਰ ਬੋਲਕੇ ਹਲਾ ਕੀਤਾ ਖੂਬ। ਇਧਰੋਂ ਜੋਧਾ ਦੀਪ ਸਿੰਘ, ਕਹਿ ਸਤਿ ਸ੍ਰੀ ਅਕਾਲ। ਲੈਕੇ ਚੰਡੀ ਜੁਟਿਆ, ਖਾਂ ਯਾਕੂਬ ਦੇ ਨਾਲ। ਆਗੂ ਦੋਹਾਂ ਦਲਾਂ ਦੇ, ਲੜਦੇ ਰਣ ਵਿਚਕਾਰ। ਦੁਹਾਂ ਉਤੇ ਦੋਹਾਂ ਦੇ, ਚਲ ਗਏ ਸਾਂਝੇ ਵਾਰ। ਦੋਏ ਬਹਾਦਰ ਸੌਂ ਗਏ, ਰਣ ਵਿਚ ਕਢ ਬੁਖਾਰ। ਦੋਂਹ ਦਾਵਾਂ ਤੋਂ ਖੜਕਦਾ, ਮਾਰੂ ਮਾਰੋ ਮਾਰ। ਧਰਮ ਸਿੰਘ ਜਥੇਦਾਰ ਨੇ, ਪਾਸ ਸਿੰਘ ਦੇ ਆਣ। ਕਿਹਾ ਬੋਲ ਨੂੰ ਹਾਰਨਾ, ਨਹੀਂ ਸਿੰਘ ਦੀ ਸ਼ਾਨ। ਕੀਤੀ ਤੂੰ ਅਰਦਾਸ ਸੀ, ਬਾਬਾ ਤੁਰਦੀ ਵਾਰ। ਸੀਸ ਆਪਣਾ ਦਿਆਂਗਾ, ਜਾਕੇ ਵਿਚ ਦਰਬਾਰ। ਲਾ ਲਏ ਅਜ ਬਹਾਦਰਾਂ, ਡੇਰੇ ਅੱਧ ਵਿਚਕਾਰ। ਕਿਸ ਮੂਜ਼ੀ ਦਰਬਾਰ ਚੋਂ, ਕਢਣੇ ਜਾਕੇ ਬਾਹਰ। 'ਸੰਤ-ਸਪਾਹੀ' ਸੁਣਦਿਆਂ, ਜਥੇਦਾਰ ਦੀ ਤਾਨ। ਬੁਕਿਆ ਵਾਂਗਰ ਸ਼ੇਰ ਉਠ, ਕੰਬ ਗਿਆ ਮੈਦਾਨ। ਖਬੇ ਹਥ ਤੇ ਬੀਰ ਨੇ, ਧਰ ਲਿਆ ਸੀਸ ਅਡੋਲ। ਮਾਰੂ ਹਲਾ ਦਲਾਂ ਨੇ, ਦਿਤਾ ਜੋਧੇ ਬੋਲ। ਸਫ ਵੈਰੀ ਦੀ ਇਸਤਰਾਂ, ਸੁਟੀ ਬਾਬੇ ਪਾੜ। ਭੇਡਾਂ ਅੰਦਰ ਆ ਵੜੇ, ਜਿਉਂ ਭੁਖਾ ਬਘਿਆੜ। ਟੁਟੇ ਦਿਲ ਰੁਹੇਲਿਆਂ, ਆਗੂ ਦੋ ਮਰਵਾ। ਕਰ ਕੇ ਮੂੰਹ ਲਾਹੌਰ ਨੂੰ, ਭਜੇ ਵਾਹੋ ਦਾ। ਪਿਛੇ ਚੜ੍ਹਕੇ ਖਾਲਸੇ, ਲਾਹੇ ਖੂਬ ਸਥਾਰ। ਕਹਿੰਦੇ ਕਦੇ ਨਾਂ ਆਵੀਏ, ਬਖਸ਼ੇਂ ਜੇ ਇਸ ਵਾਰ। ਕਰ ਮਜ਼ਦੂਰੀ ਆਪਣਾ, ਕੁਨਬਾ ਲੈਂਦੇ ਪਾਲ। ਇਸ 'ਅਬਦਾਲੀ *ਸਗ' ਨੇ, ਕੀਤਾ ਮੰਦਾ ਹਾਲ | ਜੇਹੜੇ ਬਚੇ ਲਾਹੌਰ ਪੁਜੇ, ਰੋ ਰੋ ਕਰਨ ਬਿਆਨ। ਮਦਦ ਕਰਦੇ ਸਿੰਘਾਂ ਦੀ, ਕੁਲ ਫਰਿਸ਼ਤੇ ਆਨ। ਜਿਸਨੂੰ ਸੁਟੀਏ ਮਾਰਕੇ, ਬਸ ਕਰੇ ਨਾ ਮੂਲ। ਸੀਸ ਤਲੀ ਤੇ ਚੁਕ ਕੇ, ਪਾਂਦਾ ਫਿਰੇ ਫਤੂਲ। ਜੇ ਆ ਵੜੇ ਲਾਹੌਰ ਉਹ, ਸਭ ਦਾ ਖੋਜ ਮਿਟਾਨ। ਪਰਤੋ ਵਾਪਸ ਘਰਾਂ ਨੂੰ, ਹੋ ਸਕਦਾ ਲੈ ਜਾਨ। ਜਦ ਅਬਦਾਲੀ ਸੁਣ ਲਈ; ਇਉਂ ਸਿੰਘਾਂ ਦੀ ਕਾਰ। ਸਣੇ ਆਗੂਆਂ ਮਰ ਗਏ ਗਿਲਜੇ ਬੀਸ ਹਜ਼ਾਰ। ਕਾਬਲ ਨੂੰ ਉਠ ਨਠਿਆ, ਢੇਰੀ ਢਾਹ ਸ਼ਤਾਨ। ਖਾਲਸਿਆਂ ਦੀ ਜਿੱਤ ਇਉਂ ਹੋਈ ਵਿੱਚ ਮੈਦਾਨ। *ਕੁਤੇ।

ਦੀਪ ਸਿੰਘ ਨੇ ਪਰਕਰਮਾਂ ਵਿਚ ਪੁਜਣਾ

ਮਾਰੋ ਮਾਰ ਕਰਦਾ ਦੀਪ ਸਿੰਘ ਜੋਧਾ, ⁠ਪਹੁੰਚ ਵਿਚ ਪਰਕਰਮਾਂ ਦੇ ਜਾਂਵਦਾ ਏ। ਨਿਮਸ਼ਕਾਰ ਕਰਕੇ ਮਹਾਰਾਜ ਤਾਈਂ, ⁠ਹੇਠਾਂ ਅਪਣਾ ਸੀਸ ਟਕਾਂਵਦਾ ਏ। ਫਤਹਿ ਹੋਈ ਮੈਦਾਨ ਸਫ਼ਾ ਹੋਇਆ, ⁠ਬਚਨ ਬੋਲਿਆ ਸ਼ੇਰ ਨਿਭਾਂਵਦਾ ਏ। ਨਾਲ ਖੂਨ ਦੇ ਗੁਰੂ ਦਰਬਾਰ ਵਿਚੋਂ ⁠ਜੋਧਾ ਪਾਪਾਂ ਦੀ ਮੈਲ ਉਡਾਂਵਦਾ ਏ। ਸਿੰਘ ਸਿਦਕੀਆਂ ਕਰ ਸਸਕਾਰ ਉਥੇ, ⁠ਯਾਦਗਾਰ ਲਈ ਥੜਾ ਬਨਾਇਆ ਏ। ਸੇਵਾ ਕੀਤੀ ਮੁਰੰਮਤ ਤਲਾਬ ਹੋਇਆ, ⁠ਮਲਬਾ ਸੁਟਿਆ ਕੁਲ ਕਢਾਇਆ ਏ।

ਵਾਕ ਕਵੀ-

ਮਰਦੇ ਕਦੇ ਨਹੀਂ ਮਰਨਾ ਜੋ ਜਾਣਦੇ ਨੇ, ⁠ਮਰਦੇ ਸਦਾ ਨੇ ਮੌਤ ਤੋਂ ਡਰਨ ਵਾਲੇ। ਤਾਕਤ ਸਿੰਘਾਂ ਨੂੰ ਕੇਹੜੀ ਮਿਟਾ ਸਕੇ, ⁠ਹਸ ਹਸ ਮੁਸੀਬਤਾਂ ਜਰਨ ਵਾਲੇ। ਸੇਹਰੇ ਸਿਦਕ ਦੇ ਲਾਇਕੇ ਸੀਸ ਉਤੇ, ⁠ਚਾਉ ਨਾਲ ਲਾੜੀ ਮੌਤ ਵਰਨ ਵਾਲੇ। ਚੜਦੀ ਕਲਾ ਵਿੱਚ ਸਿੰਘ 'ਅਨੰਦ' ਖੇਡਣ, ⁠ਮਿਟ ਗਏ ਇਨ੍ਹਾਂ ਉਤੇ ਜ਼ੁਲਮ ਕਰਨ ਵਾਲੇ। ⁠ਠੋਕਰ ਨਾਲ ਰਬਾਬ ਦੀ ਤਾਰ ਬੋਲੇ, ⁠ਗੇਂਦ ਨਾਲ ਸਖਤੀ ਉਤਾਂਹ ਜਾਂਵਦੀ ਏ। ⁠ਸਿਰ ਸਦਕਾ ਕੁਰਬਾਨੀਆਂ ਕਰਨੀਆਂ ਦੇ ⁠ਅਣਖੀ ਕੌਮ ਸਰਦਾਰੀ ਹੰਡਾਂਵਦੀ ਏ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ