Shaheedi Baba Banda Singh Bahadur : Barkat Singh Anand

ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ : ਬਰਕਤ ਸਿੰਘ 'ਅਨੰਦ'ਵਾਰ-

ਉਹ ਬੰਦਾ ਜਿਸ ਤੋਂ ਕਾਲ ਵੀ, ਖਾਂਦਾ ਸੀ ਕਾਂਬਾ। ਉਹ ਬੰਦਾ, ਘੂਰੀ ਜਿਸਦੀ, ਲਾਂਦੀ ਸੀ ਲਾਂਬਾ। ਉਹ ਰੋਹ ਅੰਦਰ ਜਦ ਭੱਖ ਕੇ, ਹੁੰਦਾ ਸੀ ਤਾਂਬਾ। ਉਹਦੀ ਜੁਤੀ ਸੀ ਸਿਰ ਰਖਦਾ 'ਕੁਲੂ' ਤੇ 'ਸਾਂਬਾ'। ਉਹ ਬੰਦਾ, ਜਿਸ ਨੇ ਲਾ ਦਿਡਾ, ਦਿਲੀ ਨੂੰ ਝਾਂਬਾ। ਉਹ ਬੰਦਾ, ਜਿਸ ਕੰਧਾਰ ਨੂੰ, ਪਾ ਦਿਤੀ ਥਾਂਬਾ। ਉਹ ਬੰਦਾ, ਸਿਖ ਦੇ ਸਿਰੋਂ ਜਿਸ, ਲਾਹ ਲਿਆ ਉਲਾਂਭਾ। ਅਜ ਫੁਟ ਡੈਣ ਨੇ ਘੇਰਿਆ, ਉਹਦਾ ਟੁਟਾ ਹਾਂਬਾ। ਭੁਖ, ਫੁਟ, ਦੁਹਾਂ ਰਲ ਉਸਦਾ, ਕਢ ਦਿਤਾ ਦਵਾਲਾ। ਉਹ ਫੜਿਆ ਗਿਆ ਗੁਰਦਾਸਪੁਰ, ਧੁਮ ਪਾਵਨ ਵਾਲਾ। ਜੇ ਮੌਤ ਟਲੇ ਤਾਂ ਟਲ ਜਾਏ, ਉਹ ਕਰੇ ਨਾ ਟਾਲਾ। ਅਜ ਸਿਖਾਂ ਦੀ ਤਕਦੀਰ ਨੂੰ, ਪੈ ਗਿਆ ਉਧਾਲਾ। ਬੁਲ੍ਹ ਦੋਵੇਂ ਉਸਦੇ ਪਾੜਕੇ, ਲਾ ਦਿਤਾ ਤਾਲਾ। ਉਹਨੂੰ ਜਕੜ ਲਿਆ ਵਿਚ ਬੇੜੀਆਂ, ਪਰ ਫਿਰ ਵੀ ਪਾਲਾ। ਗਲ ਹੱਡ ਪਾਏ ਚਾ ਉਸਦੇ, ਮੂੰਹ ਕੀਤਾ ਕਾਲਾ। ਉਹਦਾ ਮੋਮਨਾਂ ਤਾਈਂ ਦਸਿਆ, ਕਢ ਇੰਜ ਵਖਾਲਾ। ਫਿਰ ਏਦਾਂ ਕਢ ਜਲੂਸ ਉਹ, ਦਿਲੀ ਨੂੰ ਧਾਏ। ਸੌ ਊਠ ਉਹਨਾਂ ਨੇ ਫੌਜ ਦੇ, ਫੜ ਅਗੇ ਲਾਏ। ਇਕ ਇਕ ਤੇ ਦੋ ਦੋ ਸਿਖ ਬੰਨ, ਏਦਾਂ ਪਲਮਾਏ। ਜਿਉਂ ਲਦ ਕੋਲੇ ਦੀਆਂ ਬੋਰੀਆਂ, ਟੇਸ਼ਨ ਤੋਂ ਆਏ। ਵਸ ਬੰਦੇ ਦੇ ਬੀਰ ਨੇ, ਸਨ ਵਹਿਮ ਸਮਾਏ। ਉਹਦਾ ਧਰਮ ਭਰਿਸ਼ਟਨ ਵਾਸਤੇ, ਹਡ ਨਾਲ ਲਦਾਏ। ਮੂੰਹ ਕਾਲੇ ਕਰ ਕਰ ਸਭ ਦੇ, ਗਲ ਛਿਤਰ ਪਾਏ। ਐਹ ਵੈਰੀ ਨੇ ਇਸਲਾਮ ਦੇ, ਜਿਨ੍ਹਾਂ ਗਦਰ ਮਚਾਏ। ਉਹਨਾਂ ਹਥੀ ਨੇਜ਼ੇ ਰੰਗਲੇ, ਇਸ ਤਰ੍ਹਾਂ ਉਠਾਏ। ਸਿਰ ਸਿੰਘਾਂ ਦੇ ਵਢਕੇ, ਉਤੇ ਲਟਕਾਏ। ਉਹਨਾਂ ਨਾਲ ਰੁਖਾਂ ਦੇ ਵਢ ਵਢ, ਸੀ ਸਿੰਘ ਟੰਗਾਏ। ਕੋਈ ਸਿੰਘਾਂ ਕੋਲੋਂ ਡਰੇ ਨਾਂ, ਗਏ ਰੋਹਬ ਵਿਖਾਏ। ਅਜ ਦਿਲੀ ਮਾਰਨ ਵਾਲੜੇ, ਅਸਾਂ ਮਾਰ ਮੁਕਾਏ। ਤਾਂ ਘਿਉ ਦੇ ਦੀਵੇ ਮੋਮਨਾਂ, ਹੋ ਖੁਸ਼ੀ ਜਗਾਏ।

ਦਿਲੀ ਪੁਜਣਾ

ਹੋਲੀ ਖੂਨ ਦੀ ਖੇਡਦੇ ਮੁਗਲ ਸਾਰੇ, ਏਸੇ ਤਰ੍ਹਾਂ ਦਿਲੀ ਵਿਚ ਆਂਵਦੇ ਨੇ। ਡਰ ਮੋਮਨਾਂ ਦਾ ਦੂਰ ਕਰਨ ਖਾਤਰ, ਸਾਰੇ ਸ਼ਹਿਰ ਵਿਚ ਉਠ ਫਰਾਂਵਦੇ ਨੇ। ਹਥੀਂ ਹਥਕੜੀਆਂ ਪੈਰੀਂ ਬੇੜੀਆਂ ਪਾ; ਆਖਰ ਜੇਹਲ ਖਾਨੇ ਆਣ ਪਾਂਵਦੇ ਨੇ। ਵਡਾ ਵੈਰੀ ਇਸਲਾਮ ਦਾ ਹਥ ਆਇਆ; ਖੁਸ਼ੀ ਵਿਚ ਫੁਲੇ ਨਾਂ ਸਮਾਂਵਦੇ ਨੇ। ਚਾਉ ਚਾਈ ਕੁਰਬਾਨੀਆਂ ਦੇਣ ਲਗੇ, ਗਾਨੇ ਬੰਨ੍ਹ ਮਹਿੰਦੀ ਹਥੀਂ ਲਾਂਵਦੇ ਨੇ। 'ਫਰਖ਼ਸੀਅਰ' ਦੇ ਤਾਈ 'ਅਨੰਦ' ਸਾਰੇ, ਆਣ ਆਣ ਵਧਾਈਆਂ ਸੁਨਾਂਵਦੇ ਨੇ।

ਕਤਲ ਕਰਨਾ

ਬੰਦੇ ਬੀਰ ਦੇ ਸਾਹਮਣੇ ਦਿਨ ਦੂਜੇ, ਕਢ ਸਿੰਘਾਂ ਤਾਈਂ ਫਟਕਾਣ ਲਗੇ। ਚੀਰ ਚੀਰ ਚੜ੍ਹਦੇ ਵਾਂਗ ਲੇਲਿਆਂ ਦੇ, ਕਾਵਾਂ ਕੁਤਿਆਂ ਤਾਈਂ ਖੁਵਾਨ ਲਗੇ। ਡਰ ਮੌਤ ਕੋਲੋਂ ਕਲਮਾਂ ਪੜ੍ਹੇ ਕੋਈ, ਭਾਂਤ ਭਾਂਤ ਦੇ ਦੁਖ ਪੁਚਾਣ ਲਗੇ। ਆਫ਼ਰੀਨ ਪਰ ਗੁਰੂ ਦੇ ਖਾਲਸੇ ਦੇ, ਸਾਰੇ ਹਸਦੇ ਹਸਦੇ ਜਾਨ ਲਗੇ। ਕੋਈ ਡੋਲਿਆ ਨਾ, ਹਾਏ ਬੋਲਿਆ ਨਾ, ਹੀਰਾ ਧਰਮ ਮਿਟੀ ਵਿਚ ਰੋਲਿਆ ਨਾ। ਸਾਹਿਬ ਦੇਵਾਂ ਦੇ ਦੁਧ ਵਿਚ ਬਰਕਤ ਸਿੰਘਾ, ਕਿਸੇ ਇਕ ਨੇ ਵੀ ਜ਼ਹਿਰ ਘੋਲਿਆ ਨਾ।

ਤਥਾ-

ਏਹ ਕੌਮ ਸਿਰਲੱਥ ਪਰਵਾਨਿਆਂ ਦੀ, ਜਾਨ ਜਾਏ ਪਰ ਆਨ ਨਹੀਂ ਜਾਣ ਦੇਂਦੇ। ਟੁਟ ਮੌਤ ਦੇ ਜਾਨ ਹਥਿਆਰ ਸਾਰੇ, ਲਥਨ ਏਹ ਨਹੀਂ ਆਪਣੀ ਪਾਣ ਦੇਂਦੇ। ਸ਼ਾਨਾਂ ਜਗ ਦੀਆਂ ਚੁੰਮਣ ਚਰਨ ਆ ਕੇ, ਘਟਣ ਕਦੇ ਨਹੀਂ ਗੁਰੂ ਦੀ ਸ਼ਾਨ ਦੇਂਦੇ। ਠੁਡੇ ਮਾਰਦੇ ਸਦਾ ਨਵਾਬੀਆਂ ਨੂੰ, ਕਦੇ ਡੋਲਦੇ ਨਹੀਂ ਇਮਤਿਹਾਨ ਦੇਂਦੇ। ਕੋਈ ਚੜ ਕੇ ਸੂਲੀ ਦੀ ਸੂਲ ਉਤੇ, ਝੰਡਾ ਪੰਥ ਦਾ ਅਰਸ਼ੀ ਝੁਲਾ ਗਿਆ। ਚੜ ਚਰਖੜੀ ਤੇ ਕੋਈ ਬਰਕਤ ਸਿੰਘ, ਸਿਖ ਕੌਮ ਲਈ ਪੂਰਨੇ ਪਾ ਗਿਆ।

ਕਹਿਣਾ ਬੰਦਾ ਸਿੰਘ ਨੂੰ

ਬੰਦਾ ਸਿੰਘ ਦੇ ਸਾਥੀ ਜਾਂ ਗਏ ਮਾਰੇ, ਉਹਦੇ ਪਿੰਜਰੇ ਕੋਲ ਫਿਰ ਆਵਦੇ ਨੇ। ਤੇਰੇ ਨਾਲ ਦੇ ਜਿਸ ਤਰਾਂ ਕੋਹ ਦਿਤੇ, ਕੋਹਣਾ ਤੈਨੂੰ ਵੀ ਇੰਜ ਸੁਣਾਂਵਦੇ ਨੇ। ਖਬਰੇ ਸਿਖ ਨੂੰ ਸਿੱਖੀਓਂ ਲੱਭਦਾ ਕੀਹ, ਜਿਦੇ ਵਾਸਤੇ ਜਾਨ ਗੁਵਾਂਵਦੇ ਨੇ। ਹਸ ਹਸ ਕੇ ਮੌਤ ਨੂੰ ਦੇਣ ਸੱਦਾ, ਦੁਖ ਪਾ ਨਾ ਦਿਲੋਂ ਘਬਰਾਂਵਦੇ ਨੇ। ਪੜ ਪਾਕ ਕਲਮਾਂ ਮੁਸਲਮਾਨ ਹੋ ਜਾ, ਹਥੀਂ ਕਰੇ ਛਾਵਾਂ ਬਾਦਸ਼ਾਹ ਤੈਨੂੰ। ਬਰਕਤ ਸਿੰਘਾ ਸੋਈ ਪੂਰੀ ਹੁਣੇ ਕਰੀਏ, ਜੇਹੜੀ ਗੱਲ ਦੀ ਦਿਲ ਵਿੱਚ ਚਾਹ ਤੈਨੂੰ।

ਜਵਾਬ ਬਾਬਾ ਬੰਦਾ ਸਿੰਘ

ਕਢ ਲਾਲ ਅੱਖਾਂ ਬੰਦਾ ਕਹਿਣ ਲੱਗਾ, ਮੇਰੇ ਕੋਲ ਕਿਉਂ ਕਰੇਂ ਬਕਵਾਸ ਕਾਜ਼ੀ। ਚੜਦੀ ਕਲਾ ਵਿਚ ਮਨ ਅਡੋਲ ਮੇਰਾ, ਮੈਨੂੰ ਦੁਖ ਦਾ ਨਹੀਂ ਅਹਿਸਾਬ ਕਾਜ਼ੀ। ਟੋਟੇ ਟੋਟੇ ਮੈਂ ਕਰ ਦਿਆਂ ਜੀਭ ਤੇਰੀ, ਹੋਵੇ ਤੇਗ਼ ਜੇਕਰ ਮੇਰੇ ਪਾਸ਼ ਕਾਜ਼ੀ। ਸਿਖੀ ਸਿਦਕ ਦੇਵੇ ਮੈਨੂੰ ਗੁਰੂ ਸਚਾ, ਏਹ ਹੈ ਦਿਲੋਂ ਮੇਰੀ ਅਰਦਾਸ ਕਾਜ਼ੀ। ਹੁੰਦਾ ਅਜ ਮੈਂ ਪਿੰਜਰਿਓਂ ਬਾਹਰ ਜੇਕਰ, ਐਸੇ ਜ਼ੁਲਮ ਕਰਦਾ ਦੁਰਾਚਾਰੀ ਕਾਹਨੂੰ। ਸੁਰਗ ਨਰਕ ਦੋਵੇਂ ਅਸਾਂ ਰਦ ਛਡੇ, ਦੀਨਦਾਰ ਬਣਾਂ ਛਡ ਸਰਦਾਰੀ ਕਾਹਨੂੰ।

ਕਹਿਣਾ ਕਾਜ਼ੀ ਦਾ

ਛਡ ਹਠ ਹੰਕਾਰ ਨੂੰ ਬੰਦਿਆ ਤੂੰ, ਕਲਮਾਂ ਪੜ ਛੇਤੀ ਮੁਸਲਮਾਨ ਹੋ ਜਾ। ਤੇਰੀ ਵਿਚ ਕਮਾਨ ਪਠਾਣ ਚਲਣ, ਆਗੂ ਦੀਨ ਦਾ ਵਿਚ ਜਹਾਨ ਹੋ ਜਾ। ਹੂਰਾਂ ਮਿਲਣ ਬਹਿਸ਼ਤਾਂ ਦੇ ਵਿਚ ਤੈਨੂੰ, ਦੋਜ਼ਖ਼ ਵਲ ਨਾ ਕਾਫਰ ਰਵਾਨ ਹੋ ਜਾ। ਬਾਦਸ਼ਾਹ ਦਾ ਖਾਸ ਵਜ਼ੀਰ ਬਣ ਜਾ, ਉਮਤ ਨਬੀ ਦੀ ਵਿਚ ਪਰਧਾਨ ਹੋ ਜਾ। ਜੋ ਜੋ ਜ਼ੁਲਮ ਤੂੰ ਕੀਤੇ ਨੇ ਮੋਮਨਾਂ ਤੇ, ਹਸ਼ਰ ਤੀਕ ਉਹ ਬਖਸ਼ੇ ਨਹੀਂ ਜਾ ਸਕਦੇ। ਜ਼ਾਮਨ ਹੋਵੇਗਾ ਪਾਕ ਰਸੂਲ ਤੇਰਾ, ਗੁਰੂ ਪੀਰ ਨਹੀਂ ਤੈਨੂੰ ਛੁਡਾ ਸਕਦੇ।

ਜਵਾਬ ਬਾਬਾ ਬੰਦਾ ਸਿੰਘ

ਘੜੀ ਘੜੀ ਨਾ ਦਿਲ ਦੁਖਾ ਮੇਰਾ, ਨਸ਼ਤਰ ਵਾਂਗਰਾਂ ਫੇਰ ਜ਼ਬਾਨ ਕਾਜ਼ੀ। ਜੀਕੁਨ ਤੈਨੂੰ ਪਿਆਰਾ ਈਮਾਨ ਤੇਰਾ, ਤਿਵੇਂ ਧਰਮ ਮੇਰਾ ਮੇਰੀ ਜਾਨ ਕਾਜ਼ੀ। ਜਿਸ ਮੌਤ ਕੋਲੋਂ ਡਰ ਧਰਮ ਛਡਾਂ, ਬਰਸਰ ਮਾਰਨਾ ਉਸਨੇ ਆਨ ਕਾਜ਼ੀ। ਵਲੀ ਪੀਰ ਫਕੀਰ ਨਾ ਕੋਈ ਛਡੇ, ਮੌਤ ਸਭ ਨਾਲੋਂ ਬਲਵਾਨ ਕਾਜ਼ੀ। ਤਿਰੀਆਂ ਹੂਰਾਂ, ਨਵਾਬੀਆਂ, ਪੀਰੀਆਂ ਤੇ, ਸਿਖ ਗੁਰੂ ਦਾ ਕਦੇ ਨਹੀਂ ਭੁੱਲ ਸਕਦਾ। ਤੇਰੇ ਕੋਲ ਹਥਿਆਰ ਜੋ ਵਰਤ ਛੇਤੀ, ਮੈਂ ਹਾਂ ਮੌਤ ਨੂੰ ਲੈ ਮਹਿੰਗੇ ਮੁੱਲ ਸਕਦਾ ।

ਕਾਜ਼ੀ

ਤੇਰੀ ਹਿੰਮਤ ਜੁਵਾਨੀ ਨੂੰ ਜਦੋਂ ਵੇਖਾਂ, ਹਾਂ ਮੈਂ ਸੋਚਦਾ ਦੀਨ ਵਿਚ ਲਿਆਇਆ ਜਾਵੇ। ਨਹੀਂ ਤਾਂ ਜਿਵੇਂ ਬਰਬਾਦੀਆਂ ਕੀਤੀਆਂ ਤੂੰ, ਤੈਨੂੰ ਕੁਤਿਆਂ ਕੋਲੋਂ ਤੁੜਵਾਇਆ ਜਾਵੇ। ਜਿਵੇਂ, ਅਬਲਾ, ਯਤੀਮ, ਬੇਘਰ ਹੋਵਣ, ਤਿਵੇਂ ਤੈਨੂੰ ਭੀ ਮਜ਼ਾ ਚਖਾਇਆ ਜਾਵੇ। ਹੈ ਇਸਲਾਮ ਨੂੰ ਲੋੜ ਬਹਾਦਰਾਂ ਦੀ, ਬਾਰ ਬਾਰ ਤੈਨੂੰ ਤਾਂ ਦੁਹਰਾਇਆ ਜਾਵੇ। ਹੁਣ ਉਹ ਸ਼ੋਖੀਆਂ ਧਮਕੀਆਂ ਛਡ ਦੇ ਤੂੰ, ਅਪਣੀ ਕੀਮਤੀ ਜਾਨ ਬਚਾ ਬੰਦੇ। ਸਾਡੀ ਫੌਜ ਦਾ ਸਿਪਾਹ ਸਾਲਾਰ ਬਣਕੇ, ਚੰਗਾ ਖਾ ਤੇ ਚੰਗਾ ਹੰਡਾ ਬੰਦੇ।

ਜਵਾਬ ਬਾਬਾ ਬੰਦਾ ਸਿੰਘ

ਬਾਰ ਬਾਰ ਕੁਝ ਕਹਿਣ ਦੀ ਲੋੜ ਈ ਨਹੀਂ ਮੈਨੂੰ ਸਾਥੀਆਂ ਕੋਲ ਪੁਚਾ ਦੇ ਝਟ। ਚਾਹੜ ਚਰਖ ਤੇ ਪਿੰਜਦੇ ਵਾਂਗ ਰੂੰ ਦੇ, ਸੂਲੀ ਚਾਹੜ ਜਾਂ ਫਾਂਸੀ ਲਗਾ ਦੇ ਝਟ। ਅਮਰ ਆਤਮਾ ਕਦੇ ਨਹੀਂ ਮਰ ਸਕਦਾ, ਚੋਲਾ ਏਹ ਪੁਰਾਣਾ ਬਦਲਾ ਦੇ ਝਟ। ਧਰਮ ਛੱਡ ਕੇ ਕਦੇ ਨਾਂ ਪੜਾਂ ਕਲਮਾਂ, ਬੇਸ਼ਕ ਕੁਤਿਆਂ ਕੋਲੋਂ ਤੁੜਵਾ ਦੇ ਝਟ। ਜੋ ਕੁਝ ਗੁਰੂ ਮੇਰੇ ਮੈਨੂੰ ਹੁਕਮ ਕੀਤਾ, ਸੋਈ ਕੀਤਾ ਏ ਉਹਦੀ ਰਜ਼ਾ ਦੇ ਵਿਚ। ਸਜ਼ਾ ਯੋਗ ਦਿਤੀ ਏ ਮੈਂ ਜ਼ਾਲਮਾਂ ਨੂੰ, ਅੰਨੇ ਹੋਏ ਜੋ ਰਾਜ ਦੇ ਚਾ ਦੇ ਵਿਚ ।

ਕਾਜ਼ੀ-

ਤੈਨੂੰ ਅੰਤ ਦੀ ਵਾਰ ਮੈਂ ਆਖਦਾ ਹਾਂ, ਵੇਲਾ ਬੀਤਿਆ ਹਥ ਨਾ ਆਵਣਾ ਈਂ। ਹੁਕਮ ਹੋ ਗਿਆ ਜਦੋਂ ਜਲਾਦ ਫੜ ਕੇ, ਤੇਰਾ ਮਾਸ ਕੱਚਾ ਉਹਨੇ ਖਾਵਣਾ ਈਂ। ਬਣ ਜਾ ਪੀਰ ਇਸਲਾਮ ਦਾ ਪਾ ਚੋਲਾ, ਤੈਨੂੰ ਕੁਲ ਨੇ ਸੀਸ ਨਵਾਵਣਾ ਈਂ। ਭਠ ਪਵੇ ਸੋਨਾ ਜੇਹੜਾ ਕੰਨ ਤੋੜੇ, ਸੁਖ ਸਿਖੀ ਦੇ ਵਿੱਚ ਕੀਹ ਪਾਵਣਾ ਈਂ। ਲੈ ਕੇ ਮਰਤਬੇ ਕੁਰਸੀ ਨਸ਼ੀਨ ਬਣ ਜਾ, ਕਰ ਅਦਾਲਤਾਂ ਤੇ ਐਸ਼ਾਂ ਲੁਟ ਬੰਦੇ। ਜ਼ਿੰਦਗੀ, ਮੌਤ, 'ਅਨੰਦ' ਹੈ ਹੱਥ ਤੇਰੇ, ਗਲਾ ਆਪਣਾ ਆਪ ਨਾ ਘੁਟ ਬੰਦੇ।

ਬਾਬਾ ਬੰਦਾ ਸਿੰਘ

ਕੰਬਿਆ ਪਿੰਜਰਾ ਸ਼ੇਰ ਦਾ ਜੋਸ਼ ਅੰਦਰ, ਜਦੋਂ ਗੱਜ ਕੇ ਮਰਦ ਮੈਦਾਨ ਆਖੇ। ਹਾਂ ਮੈਂ ਅੱਜ ਨਿਹੱਥਾ ਤੇ ਪਿੰਜਰੇ ਵਿਚ, ਭਲਾ ਇੰਜ ਕਿਉਂ ਤੇਰੀ ਜ਼ਬਾਨ ਆਖੇ। ਬੇਸ਼ਕ ਕੀਮੀਆਂ ਕਰ ਵਜੂਦ ਮੇਰਾ, ਜਿਵੇਂ ਤੈਨੂੰ ਹਦੀਸ ਕੁਰਾਨ ਆਖੇ। ਪਰਖੂ ਐਬ ਸੁਵਾਬ ਨੂੰ ਰੱਬ ਆਪੇ, ਕਰਦਾ ਚਲ ਤੂੰ ਜਿਵੇਂ ਜਹਾਨ ਆਖੇ। ਦਿਤਾ ਪਾਪੀ ਨੂੰ ਪਾਪ ਦਾ ਫਲ ਮੈਂ ਤੇ, ਕਿਸੇ ਬੇਗੁਨਾਹੇ ਨੂੰ ਮਾਰਿਆ ਨਹੀਂ। ਦੇਵੇਂ ਮੌਤ ਦਾ ਖੌਫ 'ਅਨੰਦ' ਨੂੰ ਕੀਹ, ਅਸਾਂ ਦਿਲ ਅੰਦਰ ਕਦੇ ਧਾਰਿਆ ਨਹੀਂ।

ਕਾਜ਼ੀ-

ਫ਼ਰਖ਼ਸੀਅਰ ਦੇ ਨਾਲ ਸਲਾਹ ਕਰਕੇ, ਕਾਜ਼ੀ ਫੋਲ ਕਿਤਾਬ ਸੁਨਾਂਵਦਾ ਏ। ਖਿਚੋ ਬੋਟੀਆਂ ਗਰਮ ਜ਼ੰਬੂਰ ਪਾ ਕੇ, ਕਾਫ਼ਰ, ਅਜੇ ਵੀ ਰੋਹਬ ਦਖਾਂਵਦਾ ਏ। ਕਮਚਾਂ ਮਾਰ ਉਤਾਰ ਲੌ ਪੋਸ਼ ਇਹਦਾ, ਹਾਲੇ ਭੁਲਾਂ ਤੇ ਨਹੀਂ ਪਛਤਾਂਵਦਾ ਏ। ਕੀਤੀ ਜਾਨ ਬਖਸ਼ੀ ਖਾਤਰ ਰਹਿਮ ਸੀ ਮੈਂ, ਫੈਦਾ ਉਸ ਤੋਂ ਨਹੀਂ ਉਠਾਂਵਦਾ ਏ। ਪਿਟੇ ਮੌਤ ਵੀ ਮਾਰ ਦੁਹੱਥੜਾਂ ਨੂੰ, ਸਭੇ ਸਖਤੀਆਂ ਅਜ ਅਜ਼ਮਾਉ ਇਸਤੇ। ਕਲਮਾਂ ਪੜੇ ਤੇ ਛਡਣਾ ਬਰਕਤ ਸਿੰਘਾ; ਜ਼ੋਰ ਆਪਣਾ ਸਾਰਾ ਲਗਾਉ ਇਸਤੇ।

ਕਤਲਗਾਹ ਵਿਚ

ਕਤਲਗਾਹ ਵਿਚ ਫੜ ਬੰਦੇ ਨੂੰ, ਲੈ ਗਏ ਫਿਰ ਹਤਿਆਰੇ। ਸ਼ੇਰ ਪਿੰਜਰੇ ਦੇ ਵਿਚ ਬੱਧਾ, ਡਰ ਤਾਂ ਵੀ ਪਿਆ ਮਾਰੇ। ਕੀਤਾ ਸੀ ਬੇਸ਼ਕਲ ਸ਼ਕਲ ਤੋਂ, ਪੁਠੀਆਂ ਕੜੀਆਂ ਲਾਈਆਂ। ਧਰਮਭਰਿਸ਼ਟ ਕਰਨ ਨੂੰ ਹਡੀਆਂ, ਮਾਲਾ ਵਾਂਗਰ ਪਾਈਆਂ। ਬੀਰ ਆਸਨ ਲਾ ਬੀਰ ਬਹਾਦਰ, ਬੈਠ ਫਟੇ ਤੇ ਜਾਏ। ਸਾਸ ਰੋਕ ਕੇ ਮਹਾਂ ਤਪੀ ਨੇ, ਦਸਮ ਦਵਾਰ ਚੜਾਏ। ਹੋ ਬੇਦੇਹ ਜਨਕ ਦੇ ਵਾਂਗੂੰ, ਬੈਠਾ ਸੰਤ ਸਿਪਾਹੀ। ਮਨ ਭਾਂਡੇ ਤੋਂ ਮੈਲ ਜਗਤ ਦੀਆਂ, ਖਾਹਸ਼ਾਂ ਸੰਦੀ ਲਾਹੀ। ਕਰ ਤੱਤੇ ਜ਼ੰਬੂਰ ਅਗਨ ਵਿਚ ਲੋਹੇ ਵਾਂਗੂੰ ਸੜਦੇ। ਇਉਂ ਬੰਦੇ ਦੇ ਪਿੰਡੇ ਉਤੋਂ, ਮਾਸ ਕਸਾਈ ਫੜਦੇ। ਕੁਤਾ ਜੀਕੁਨ ਕੁਰੰਗ ਮਿਰਤ ਦਾ, ਨਾਲ ਦੰਦਾਂ ਦੇ ਤੋੜੋ। ਮਾਸ ਹਡੀਆਂ ਦੇ ਵਿਚ ਪਾਵਣ, ਗਰਮ ਜੰਬੂਰ ਵਛੋੜੇ। ਏਦਾਂ ਕੀਤੀ ਸਖਤੀ ਦੁਸ਼ਟਾਂ, ਇਸਤੇ ਤਿੰਨ ਦਿਹਾੜੇ। ਚੂਹੇ ਦੀ ਰੁਡ ਵਾਂਗ ਜੰਬੂਰਾਂ, ਅੰਗ ਸ਼ੇਰ ਦੇ ਪਾੜੇ। ਹਾਏ ਸੀ ਨਾਂ ਕੀਤੀ ਮੂੰਹ ਤੋਂ, ਨਾਂ ਚੇਹਰਾ ਕੁਮਲਾਇਆ। ਆਖਣ ਲੋਕ ਜਾਨ ਨੂੰ ਖਬਰੇ, ਕੇਹੜੀ ਜਗਾ ਛਪਾਇਆ। ਨਾਲ ਲਹੂ ਦੇ ਰੰਗੀ ਧਰਤੀ, ਬੋਟੀਆਂ ਇਲਾਂ ਖਾਵਨ। ਵੇਖ ਹੌਸਲਾ ਕੰਨਾਂ ਉਤੇ, ਸਾਰੇ ਹਥ ਲਗਾਵਨ। ਮਾਸ ਟੁਟਾ ਤੇ ਹਡ ਪਿੰਜਰ ਦੇ, ਬਾਕੀ ਰਹਿ ਗਏ ਸਾਰੇ। ਬੈਠਾ ਏਦਾਂ ਬੀਰ ਬਹਾਦਰ, ਜੀਕੁਨ ਨੀਂਗਰ ਖਾਰੇ। ਫਰਕਣ ਬੁਲ ਤੇ ਧੰਨ ਵਾਹਿਗੁਰੂ, ਵਾਜਾ ਮੁਖ ਤੋਂ ਆਵੇ। ਆਖੇ ਸ਼ਾਹ ਕਾਜ਼ੀ ਨੂੰ ਜਾਨੋਂ, ਮਾਰਿਆ ਕੀਕੁਣ ਜਾਵੇ। ਰਿਹਾ ਜੀਊਂਦਾ ਜੇਕਰ ਕਾਫਰ, ਫਿਰ ਤਗੜਾ ਹੋ ਜਾਵੇ। ਬਦਲੇ ਵਾਲੀ ਅਗ ਦੁਨੀਆਂ ਤੇ, ਜ਼ੋਰਾਂ ਦੀ ਭੜਕਾਵੇ। ਕਿਧਰੇ ਸੁਣ ਨਾ ਤਤ ਖਾਲਸਾ, ਇਸਨੂੰ ਆਨ ਛੁਡਾਏ। ਹਾਲੇ ਫੁਟ ਸਿੰਘਾਂ ਦੀ ਸਾਡੇ, ਸੁਤੇ ਭਾਗ ਜਗਾਏ।

ਹਾਥੀ ਦੇ ਪੈਰਾਂ ਨਾਲ ਬੰਨਣਾ

ਹਾਥੀ ਇਕ ਮੰਗਾ ਕੇ ਕਾਜ਼ੀ, ਰਜ ਸ਼ਰਾਬ ਪਲਾਈ। ਦੇਹ ਬੰਦੇ ਦੀ ਸੰਗਲ ਪਾ ਕੇ, ਪੈਰਾਂ ਨਾਲ ਬੰਧਾਈ। ਸਾਰੇ ਸ਼ਹਿਰ 'ਚ ਫੇਰੋ ਇਸਨੂੰ, ਟੁਟ ਹਡੀਆਂ ਜਾਵਣ। ਸੁਟ ਬਰੇਤੀ ਵਿਚ ਫਿਰ ਔਣਾ, ਇਲਾਂ ਕੁਤੇ ਖਾਵਣ। ਤੁਰ ਪਿਆ ਲੈਕੇ ਫੀਲ ਮਹਾਵਤ, ਫੇਰੇ ਵਿਚ ਬਜ਼ਾਰਾਂ। ਵੇਖਣ ਲਈ ਤਮਾਸ਼ਾਂ ਪਿਛੇ, ਲਗੇ ਲੋਗ ਹਜ਼ਾਰਾਂ। ਮਾਰੇ ਚੀਕਾਂ ਟਪੇ ਹਾਥੀ, ਧੂਹ ਧੂਹ ਹਡੀਆਂ ਭੰਨੇ। ਏਦਾਂਸ਼ਹਿਰ ਦਿਲੀ ਵਿਚ ਫਿਰਦਾ,ਨਿਕਲਗਿਆ ਫਿਰ ਬੰਨੇ। ਜਮਨਾਂ ਦੇ ਕੰਡੇ ਤੇ ਵਸਦਾ, ਹੈ ਏਹ ਸ਼ਹਿਰ ਸੁਹਾਣਾ। 'ਮਹਾਰਾਜੇ ਦਲੀਪ' ਬਨਾਇਆ, ਵਾਹ ਨਕਸ਼ਾ ਮਨ ਭਾਣਾ। ਸੁਟ ਪਿੰਜਰਾ ਵਿਚ ਬਰੇਤੀ, ਪਰਤ ਮਹਾਵਤ ਆਇਆ। ਜਾਣੇ ਰਬ ਬੰਦੇ ਤੇ ਉਥੇ, ਵਰਤੀ ਕੀ ਕੁਝ ਮਾਇਆ। ਧਰਮ ਨਾ ਛਡਿਆ ਮਹਾਂਬਲੀ ਨੇ, ਲਖਾਂ ਕਸ਼ਟ ਉਠਾਏ। ਧੋਣੇ ਸਿਖ ਪੰਥ ਦੇ ਸਾਰੇ, ਧੋਕੇ ਜਿਨ੍ਹੇ ਦਿਖਾਏ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ