Prof. Deedar Singh Di Rachna Shaheed Bhagat Singh : Dr. Karamjit Singh Kurukshetra

ਪ੍ਰੋ. ਦੀਦਾਰ ਸਿੰਘ ਦੀ ਰਚਨਾ ਸ਼ਹੀਦ ਭਗਤ ਸਿੰਘ : ਡਾਃ ਕਰਮਜੀਤ ਸਿੰਘ ਕੁਰੂਕਸ਼ੇਤਰਾ

ਪ੍ਰੋ. ਦੀਦਾਰ ਸਿੰਘ ਦੀ ਰਚਨਾ ‘ਸ਼ਹੀਦ ਭਗਤ ਸਿੰਘ’ ਪਹਿਲਾਂ ਪਹਿਲ ‘ਨਵਾਂ ਜ਼ਮਾਨਾ’ ਵਿਚ ਛਪਦੀ ਰਹੀ ਤੇ ਬਾਦ ਵਿਚ ਕਿੱਸੇ ਦੇ ਰੂਪ ਵਿਚ ਕਾਫ਼ੀ ਮਾਤਰਾ ਵਿਚ ਛਪੀ ਵੀ ਤੇ ਵਿਕੀ ਵੀ, ਪਰ ਇਨ੍ਹਾਂ ਦੋਨਾਂ ਹਾਲਤਾਂ ਵਿਚ ਪੋ੍ਰ. ਦੀਦਾਰ ਸਿੰਘ ਦਾ ਨਾਮ ਇਸ ਉਪਰ ਅੰਕਿਤ ਨਹੀਂ ਸੀ। ਹੁਣ ਦੁਬਾਰਾ ਛਪੀ ਰਚਨਾ ਨੂੰ ਕਾਵਿ-ਪ੍ਰਮਾਣ ਤੇ ਮਹਾਂਕਾਵਿ ਵੀ ਕਿਹਾ ਗਿਆ ਹੈ, ਜਿਸ ਕਾਰਣ ਇਕ ਵੱਖਰਾ ਵਿਵਾਦ ਛਿੜਨ ਦੀ ਸੰਭਾਵਨਾ ਵੀ ਮੌਜੂਦ ਹੈ, ਪਰ ਅਸੀਂ ਇਸ ਕਿਸਮ ਦੇ ਵਿਵਾਦ ਵਿਚ ਨਹੀਂ ਉਲਝਾਂਗੇ ਸਗੋਂ ਆਪਣਾ ਧਿਆਨ ਰਚਨਾ ਰਾਹੀਂ ਪੇਸ਼ ਹੋਈ ਭਗਤ ਸਿੰਘ ਦੀ ਸਖ਼ਸੀਅਤ ਵਿਚਾਰਧਾਰਾ ਅਤੇ ਰਚਨਾ ਦੀ ਸਾਹਿਤਕਤਾ ਉਪਰ ਕੇਂਦ੍ਰਿਤ ਕਰਾਂਗੇ। ਇਹ ਤੱਥ ਧਿਆਨ ਦੀ ਮੰਗ ਕਰਦਾ ਹੈ ਕਿ ਪੋ੍ਰ. ਦੀਦਾਰ ਸਿੰਘ ਦੀਆਂ ਰਚਨਾਵਾਂ ਜਿਵੇਂ ਸੁਮੇਲ, ਮਹਾਂਪੰਡਤ ਚਾਰਵਾਕ ਆਦਿ ਦਾ ਆਪਣਾ ਮਹੱਤਵ ਹੋਣ ਦੇ ਬਾਵਜੂਦ, ਉਸਨੇ ਹਮੇਸ਼ਾ ਆਪਣੀ ਰਚਨਾ ਸ਼ਹੀਦ ਭਗਤ ਸਿੰਘ ਉਪਰ ਹੀ ਫ਼ਖ਼ਰ ਕੀਤਾ। ਕਾਰਣ ਸਪਸ਼ਟ ਹਨ। ਪ੍ਰਗਤੀਵਾਦੀ ਲੇਖਕ ਹੋਣ ਨਾਤੇ ਪ੍ਰੋ. ਦੀਦਾਰ ਸਿੰਘ ਭਗਤ ਸਿੰਘ ਨੂੰ ਭਾਵੁਕਤਾ ਦੀ ਹੱਦ ਤੱਕ ਪਿਆਰ ਕਰਦਾ ਸੀ। ਸ਼ਹੀਦ ਭਗਤ ਸਿੰਘ ਲਿਖਣ ਲਈ ਦੀਦਾਰ ਸਿੰਘ ਨੇ ਸੁਣੀਆਂ ਸੁਣਾਈਆਂ ਨੂੰ ਆਧਾਰ ਨਹੀਂ ਬਣਾਇਆ ਸਗੋਂ ਉਸਨੇ ਭਗਤ ਸਿੰਘ ਦੇ ਪਰਿਵਾਰ ਦੇ ਜੀਆਂ ਨੂੰ ਅਨੇਕਾਂ ਬਾਰ ਮਿਲ ਕੇ ਉਸਦੇ ਬਚਪਨ ਤੋਂ ਲੈ ਕੇ ਫ਼ਾਂਸੀ ਦੇ ਤਖ਼ਤੇ ਉਪਰ ਜਾਣ ਤੱਕ ਦੇ ਵਿਹਾਰ ਦੀ ਜਾਣਕਾਰੀ ਹਾਸਲ ਕੀਤੀ। ਦੀਦਾਰ ਸਿੰਘ ਨੇ ਉਨ੍ਹਾਂ ਸਾਰੀਆਂ ਦੰਤ-ਕਥਾਵਾਂ ਦੀ ਪੜਚੋਲ ਕੀਤੀ ਜੋ ਭਗਤ ਸਿੰਘ ਦੇ ਨਾਮ ਨਾਲ ਜੁੜੀਆਂ ਹੋਈਆਂ ਹਨ। ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਲਿਖਤ ਬਾਰੇ ਜਿੱਥੇ ਵੀ ਦੱਸ ਪਈ ਉਸਨੂੰ ਪ੍ਰਾਪਤ ਕਰਕੇ ਉਸ ਦਾ ਅਧਿਐਨ ਕਰਨ ਉਪਰੰਤ ਭਾਵੁਕ ਪੱਧਰ ਤੇ ਹੰਢਾ ਕੇ ਦੀਦਾਰ ਸਿੰਘ ਨੇ ਭਗਤ ਸਿੰਘ ਦੀ ਨਿਵੇਕਲੀ ਸ਼ਖ਼ਸੀਅਤ ਦੀ ਸਿਰਜਣਾ ਕੀਤੀ। ਸ਼ਹੀਦ ਭਗਤ ਸਿੰਘ ਦੇ ਹੁਣ ਵਾਲੇ ਰੂਪ ਨੂੰ ਪ੍ਰੋ. ਦੀਦਾਰ ਸਿੰਘ ਨੇ ਆਖਰੀ ਸਮੇਂ ਅਹਿਮ ਰੂਪ ਦਿੱਤਾ। ਕਿਉਂਕਿ ਪੁਸਤਕ ਪ੍ਰੋ. ਦੀਦਾਰ ਸਿੰਘ ਦੇ ਨਾਮ ਹੇਠ ਸੋਧੇ ਹੋਏ ਰੂਪ ਵਿਚ ਦੁਬਾਰਾ ਛਪੀ ਹੈ ਇਸ ਲਈ ਇਸਨੂੰ ਰਿਲੀਜ਼ ਕਰਨ ਦੀ ਆਪਣੀ ਮਹੱਤਤਾ ਹੈ। ਦੀਦਾਰ ਸਿੰਘ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਉਸਨੇ ਸ਼ਹੀਦ ਦੀ ਵਿਸ਼ਵ-ਆਕਾਰੀ ਸ਼ਖ਼ਸੀਅਤ ਨੂੰ ਹਰ ਪੱਖੋਂ ਵਾਚ ਕੇ ਆਪਣੇ ਆਪ ਨੂੰ ਭਾਵੁਕ ਤੇ ਬੌਧਿਕ ਪੱਧਰ ਤੇ ਉਸ ਨਾਲ ਜੋੜ ਕੇ, ਉਸਦੀ ਸੰਪੂਰਣ ਸ਼ਖ਼ਸੀਅਤ ਨੂੰ ਸਮਝਣਯੋਗ ਪ੍ਰੇਰਣਾਦਾਇਕ ਅਤੇ ਲੋਕ-ਪੱਧਰ ਦੀ ਰਚਨਾ ਵਿਚ ਢਾਲਿਆ। ਅਜਿਹੇ ਗੁਣਾਂ ਦੀ ਧਾਰਣੀ ਰਚਨਾ ਉਪਰ ਜੇ ਕਵੀ ਸਭ ਤੋਂ ਵਧੇਰੇ ਮਾਣ ਕਰਦਾ ਹੈ ਤਾਂ ਗੱਲ ਸਪਸ਼ਟ ਹੈ।

ਜਦੋਂ ਇਹ ਕਿਹਾ ਜਾਂਦਾ ਹੈ ਕਿ ਪ੍ਰੋ. ਦੀਦਾਰ ਸਿੰਘ ਨੇ ਸ਼ਹੀਦ ਭਗਤ ਸਿੰਘ ਬਾਰੇ ਕਿੱਸਾ ਰਚਨਾ ਲਈ ਦਸਤਾਵੇਜ਼ਾਂ ਨੂੰ ਆਧਾਰ ਬਣਾਇਆ ਹੈ ਤਾਂ ਇਸਦਾ ਇਹ ਅਰਥ ਬਿਲਕੁਲ ਨਹੀਂ ਕਿ ਉਸਨੇ ਵਾਰਤਕ ਵਿਚ ਲਿਖੀ ਦਸਤਾਵੇਜ਼ ਨੂੰ ‘ਤੁਕਬੰਦ’ ਕਰਕੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ, ਸਗੋਂ ਸੱਚ ਇਹ ਹੈ ਕਿ ਕਵੀ ਇਨ੍ਹਾਂ ਦਸਤਾਵੇਜ਼ਾਂ ਨੂੰ ਆਪਣੇ ਆਪ ਵਿਚ ਰਚਾ ਕੇ ਕਾਵਿ-ਅਨੁਭਵ ਰਾਹੀਂ ਇਉਂ ਪੇਸ਼ ਕਰਦਾ ਹੈ ਕਿ ਪਾਠਕ ਨੂੰ ਕਿਤੇ ਵੀ ਦਸਤਾਵੇਜ਼ ਪੜ੍ਹਨ ਦਾ ਅਹਿਸਾਸ ਨਹੀਂ ਹੁੰਦਾ। ਉਦਾਹਰਣ ਲਈ 8 ਅਪ੍ਰੈਲ 1929 ਨੂੰ ਬਟਕੇਸ਼ਵਰ ਦੱਤ ਤੇ ਭਗਤ ਸਿੰਘ ਵਲੋਂ ਅਸੈਂਬਲੀ ਵਿਚ ਬੰਬ ਸੁੱਟੇ ਜਾਣ ਉਪਰੰਤ ਜਿਹੜਾ ਇਸ਼ਤਿਹਾਰ ਸੁੱਟਿਆ ਗਿਆ ਉਸਦੀਆਂ ਮੁਢਲੀਆਂ ਸਤਰਾਂ ਇਹ ਹਨ, ‘ਬੋਲੇ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਪੈਂਦੀ ਹੈ। ਫਰਾਂਸ ਦੇ ਅਰਾਜਕਤਾ ਵਾਦੀ ਸ਼ਹੀਦ ਵੇਲਾਂ ਵਲੋਂ ਇਹੋ ਜਿਹੇ ਮੌਕੇ ਉਤੇ ਕਹੇ ਇਨ੍ਹਾਂ ਅਮਰ ਸ਼ਬਦਾਂ ਨਾਲ ਅਸੀਂ ਆਪਣੇ ਇਸ ਕਰਮ ਨੂੰ ਠੀਕ ਸਿੱਧ ਕਰਦੇ ਹਾਂ।’ ਕਵੀ ਇਨ੍ਹਾਂ ਪੰਗਤੀਆਂ ਨੂੰ ਹੇਠ ਲਿਖੇ ਬੈਂਤ ਵਿਚ ਕਾਵਿ-ਬੋਧ ਕਰਦਾ ਹੈ;

“ਗੂੰਜ ਗ਼ਦਰ ਦੀ ਲੋੜ ਹੈ ਬੋਲਿਆਂ ਨੂੰ”
ਅਮਰ ਸ਼ਬਦ ਇਹ ਕਿਸੇ ਸ਼ਹੀਦ ਦੇ ਨੇ।
ਕਿਤੇ ਇਹੋ ਜਿਹੇ ਹੀ ਮੌਕੇ ਕਹੇ ਗਏ ਸਨ,
ਹੁਣ ਤਾਂ ਸ਼ਬਦ ਇਹ ਉਹਦੇ ਸਰੀਰ ਦੇ ਨੇ।
ਆਪਣੇ ਕੰਮ ਦੀ ਪ੍ਰੋੜਤਾ ਵਿਚ ਕਹੀਏ,
ਪਾਕ ਅਰਥ ਪਰ ਉਸੇ ਸ਼ਹੀਦ ਦੇ ਕੇ।
ਇਹ ਨੇ ਸ਼ਬਦ ਬਹਾਦਰਾਂ ਦੇ ਬੋਲੇ,
ਕਿਸੇ ਭਗਤ ਦੇ ਨਾ ਹੀ ਫ਼ਰੀਦ ਦੇ ਨੇ।
ਉੱਤਰ ਇੱਟ ਦਾ ਪੱਥਰਾਂ ਨਾਲ ਦੇਂਦੇ,
ਮੰਨਣ ਵਾਲੜੇ ਅਜਬ ਤੌਹੀਦ ਦੇ ਨੇ।
ਮੰਨਣ ਹੱਕ ਨਾ ਕਿਸੇ ਦਾ ਤਖ਼ਤ ਉਤੇ
ਆਸ਼ਕ ਅਜਬ ਹੀ ਸਾਂਝੜੀ ਈਦ ਦੇ ਨੇ।
ਸੰਭਵ ਸਮਝ ਦੇ ਸੁਪਨਿਆਂ ਭਰੀ ਦੁਨੀਆਂ,
ਪੁੱਤਰ ਜਾਪਦੇ ਮਾਤਾ ‘ਉਮੀਦ’ ਦੇ ਨੇ।
ਸੇਵਾਦਾਰ ਇਹ ਆਓ ਨਿਸ਼ਕਾਮ ਸਾਰੇ,
ਆਸ਼ਕ ਸੁਪਨਿਆਂ ਭਰੀ ਦੀਦ ਦੇ ਨੇ।

ਦਸਤਾਵੇਜ਼ੀ ਸ਼ਬਦਾਂ ਦਾ ਕਾਵਿ-ਵਿਸਤਾਰ ਇਉਂ ਹੁੰਦਾ ਹੈ ਕਿ ਸੁਭਾਵਕ ਹੀ ਧਿਆਨ ਕਵੀ ਵਲੋਂ ਪ੍ਰਗਟਾਏ ਹੋਰ ਵਿਚਾਰਪਸਾਰਾਂ ਵਲ ਚਲਾ ਜਾਂਦਾ ਹੈ। ਜਿੱਥੇ ਵੀ ਮੌਕਾ ਮਿਲੇ ਦੀਦਾਰ ਸਿੰਘ ਧਾਰਮਿਕ ਸਿਧਾਂਤਾਂ ਨੂੰ ਵਿਅੰਗ ਦਾ ਸ਼ਿਕਾਰ ਹੀ ਨਹੀਂ ਬਣਾਉਂਦਾ ਸਗੋਂ ਕਈ ਥਾਈਂ ਸਿੱਧਾ ਹਮਲਾ ਕਰਨ ਲਈ ਵੀ ਤਿਆਰ ਰਹਿੰਦਾ ਹੈ। ਉਪਰੋਕਤ ਉਦਾਹਰਣ ਵਿਚ ਕਵੀ ਨੇ ਬਹਾਦਰਾਂ ਤੇ ਭਗਤਾਂ ਦੀ ਵਿਚਾਰਧਾਰਾ ਨੂੰ ਸਮਾਨਤਰ ਰੱਖ ਕੇ ਬਹਾਦਰਾਂ ਦੀ ਵਿਚਾਰਧਾਰਾ ਨੂੰ ਉਚੇਰਾ ਸਥਾਨ ਦਿੱਤਾ ਹੈ। ਇਨਕਲਾਬੀ ਵਿਚਾਰਧਾਰਾ ਤੋਂ ਇਲਾਵਾ ਦੀਦਾਰ ਸਿੰਘ ਦੂਸਰੀਆਂ ਵਿਚਾਰਧਾਰਾਵਾਂ ਨੂੰ ਵਿਸ਼ਲੇਸ਼ਣੀ ਦ੍ਰਿਸ਼ਟੀ ਤੋਂ ਠੋਕ ਵਜਾ ਕੇ ਵੇਖਦਾ ਤੇ ਰੱਦ ਕਰਦਾ ਹੈ। ਹੇਠ ਲਿਖੀਆਂ ਪੰਗਤੀਆਂ ਗੱਲ ਨੂੰ ਹੋਰ ਸਪੱਸ਼ਟ ਕਰ ਦੇਣਗੀਆਂ।

ਰੰਗ ਰਾਜਿਆਂ ਨੂੰ ਇਕੋ ਅੱਖ ਵੇਖਦੇ।
ਸਾਰਿਆਂ ਦੇ ਸਾਡੇ ਨਿਰਪੱਖ ਵੇਖਦੇ।
ਇਕੋ ਅੱਖੇ ਕੋਖ ਅਤੇ ਲੱਖ ਵੇਖਦੇ।
ਲੋਟੂਆਂ ਦੀ ਕਿਧਰੇ ਨਾ ਝੱਖ ਵੇਖਦੇ।
ਲੁੱਟ ਨੂੰ ਕਦੇ ਨਾ ਭੰਡਦੇ ਮਹਾਤਮਾ।
ਭੁੱਖਿਆਂ ਨੂੰ ਭੋਏ ਵੰਡੇ ਮਹਾਤਮਾ।
ਇਨਕਲਾਬੀਆਂ ਨੂੰ ਵੰਡਦੇ ਮਹਾਤਮਾ।
ਚੇਲਿਆਂ ਨੂੰ ਰਹਿਣ ਚੰਡਦੇ ਮਹਾਤਮਾ।
ਸੇਵਾ ਸੰਘ ਪੈ ਕੇ ਖੇਲਦੇ ਮਹਾਤਮਾ।
ਮੁਫ਼ਤ ਨੇ ਦਵਾਈਆਂ ਘੋਲਦੇ ਮਹਾਤਮਾ
ਦਾਨ ਦੱਖਣਾ ਘਚੋਲ ਦੇ ਮਹਾਤਮਾ।
ਜੜ੍ਹ ਭੁੱਖੀ ਦੀ ਨਾ ਫੋਲਦੇ ਮਹਾਤਮਾ।

ਕਿਸੇ ਰਚਨਾ ਦੀ ਰਚਨਾਤਮਕ ਤਾਂ ਹੀ ਸਮੇਂ ਦੀ ਸੀਮਾ ਨੂੰ ਉਲੰਘਣ ਦੀ ਸਮਰੱਥਾ ਰੱਖਦੀ ਹੈ, ਜੇ ਕਰ ਇਸ ਦੀ ਸਮੁੱਚੀ ਪ੍ਰੇਰਣਾ ਭਵਿੱਖ ਮੁਖੀ ਹੋਵੇ। ਸ਼ਹੀਦਾਂ ਦੀਆਂ ਇਨਕਲਾਬੀ ਲਿਖਤਾਂ ਸਮਕਾਲੀ ਸਮਾਜਿਕ, ਰਾਜਨੀਤਕ ਤੇ ਆਰਥਿਕ ਯਥਾਰਥ ਨੂੰ ਪ੍ਰਗਤਾਵਾਦੀਆਂ ਹੀ ਹਨ, ਦੀਦਾਰ ਸਿੰਘ ਨੇ ਕੁਝ ਵਾਧਾ ਕਰਕੇ ਇਨ੍ਹਾਂ ਨੂੰ ਹੁਣ ਦੀਆਂ ਹਾਲਤਾਂ ਉਪਰ ਵੀ ਢੁਕਾਇਆ ਤੇ ਅਨੇਕਾਂ ਅਜੋਕੇ ਮਹੱਤਵ ਦੇ ਪੱਖਾਂ ਉਪਰ ਵਧੇਰੇ ਬਲ ਦਿੱਤਾ ਹੈ। ਜਿਵੇਂ,

ਬਣ ਪਰਬੰਧਕ ਬੈਠਦੇ ਨੇ-ਕਲੰਕ ਨਿਰਪੱਖ।
ਕਾਇਮ ਰੱਖਣ ਅਦਾਲਤੀ ਮੁਣਸਫ ਵਾਲੀ ਕੱਖ।
ਸਹੁੰ ਖਾ ਖਾ ਅੰਜਾਲ ਦੀ ਪੂਰਾ ਪੂਰਾ ਤੋਲ।
ਧਰਮੀ ਤੇ ਸਾਮਰਾਜੀਏ ਬੈਠਣ ਕੋਲੋਂ ਕੋਲ।

ਹਫੜਾ ਦਡੜੀ ਮੱਚਦੀ ਲੋਕੀ ਜਾਨੋਂ ਜਾਣ।
ਚੋਰ ਉੱਚ ਕੇ ਚੌਧਰੀ ਬਣ ਬੈਠੇ ਪਰਧਾਨ।
ਕੌਮਾ ਦੀ ਲੁੱਟ ਕੁਦਰਤੀ ਸਮਝਣ ਲੋਕ ਅੰਜਾਣ।
ਲੁੱਟਾਂ ਕਾਇਮ ਰੱਖਦੇ ਰਾਜੇ ਖੂਨ ਵਹਾਣ।

ਕਿੱਸੇ ਵਿਚ ਭਗਤ ਸਿੰਘ ਦੇ ਵਿਅਕਤੀਤਵ ਨੂੰ ਯੁੱਗ ਦੀ ਪੈਦਾਵਾਰ ਮੰਨਿਆ ਗਿਆ ਹੈ ਜੋ ਪਰਤਵੇਂ ਰੂਪ ਵਿਚ ਯੁੱਗ ਨੂੰ ਪ੍ਰਭਾਵਿਤ ਵੀ ਕਰਦਾ ਹੈ। ਭਗਤ ਸਿੰਘ ਪੰਜਾਬ ਦੇ ਪ੍ਰਾਕਿ੍ਰਤਕ ਮਾਹੌਲ ਵਿਚ ਪਲ ਕੇ ਬੀਰ-ਭਾਵੀ ਪਰਿਵਾਰਕ ਪਰੰਪਰਾ ਤੋਂ ਪ੍ਰੇਰਣਾ ਲੈ ਕੇ ਸਾਥੀਆਂ ਨਾਲ ਵਿਚਾਰਕ-ਦਵੰਦ ਵਿਚ ਪੈ ਕੇ ਜਦੋਂ ਸਪਸ਼ਟ ਹੋ ਕੇ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਸਦਾ ਕੱਦ ਉਸਦੇ ਦੂਸਰੇ ਸਾਰੇ ਸਾਥੀਆਂ ਤੋਂ ਉਚੇਰਾ ਵਿਖਾਈ ਦੇਣ ਲੱਗ ਪੈਂਦਾ ਹੈ। ਕਿੱਸਾ ਦੇ ਅਖੀਰ ਤੇ ਭਗਤ ਸਿੰਘ ਮਾਨਵ-ਹਿਤੈਸ਼ੀ, ਪਦਾਰਥਵਾਦੀ, ਅਗਲੇ ਪਿਛਲੇ ਜਨਮਾਂ ਤੋਂ ਇਨਕਾਰੀ, ਬੇਇਜ਼ ਜ਼ਿੰਦਗੀ ਜੀਊਣ ਤੋਂ ਆਕੀ ਤੇ ਮਾਨਵੀ- ਗੁਣਾ ਨਾਲ ਭਰਪੂਰ ਵਿਅਕਤੀ ਵਜੋਂ ਉਘੜਦਾ ਹੈ। ਦੀਦਾਰ ਸਿੰਘ ਭਾਵੇਂ ਭਗਤ ਸਿੰਘ ਦੇ ਪਰਿਵਾਰਕ ਪਿਛੋਕੜ ਨੂੰ ਬਿਆਨ ਰਿਹਾ ਹੋਵੇ ਜਾਂ ਸਮਕਾਲੀ ਸਮਾਜਿਕ ਇਤਿਹਾਸਕ ਵਾਤਾਵਰਣ ਨੂੰ ਚਿੱਤਰ ਰਿਹਾ ਹੋਵੇ ਉਸਦੀ ਸੋਚਣੀ ਹਮੇਸ਼ਾ ਇਤਿਹਾਸਕ ਭੌਤਿਕਵਾਦ ਤੋਂ ਸੇਧ ਲੈਂਦੀ ਹੈ। ਲੁਟੇਰਿਆਂ ਨੂੰ ਕਿਤੇ ਵੀ ਬਖਸ਼ਿਆ ਨਹੀਂ ਗਿਆ। ਲੁਟੇਰਾ ਭਾਵੇਂ ਸਿਕੰਦਰ ਹੋਵੇ ਤੇ ਭਾਵੇਂ ਅੰਗ੍ਰੇਜ਼ੀ ਸਾਮਰਾਜਵਾਦ। ਲੁਟੇਰੇ ਦੀ ਭੂਮਿਕਾ ਵਿਚ ਉਹ ਧਾਰਮਿਕ ਕੱਟੜਵਾਦ ਨੂੰ ਮੁਆਫ਼ ਨਹੀਂ ਕਰਦਾ ਕਿਉਂਕਿ ਉਸ ਮੁਤਾਬਿਕ ਇਹ ਮਨੁੱਖ ਨੂੰ ਮਾਨਸਿਕ ਤੌਰ ਤੇ ਜੜ੍ਹ ਬਣਾਉਂਦਾ ਹੈ ਅਤੇ ਸਾਂਸਕਿ੍ਰਤਕ ਪੱਖੋਂ ਸਮਾਜ ਨੂੰ ਇਕਪਾਸੜ ਤੇ ਅਪਾਹਜ ਬਣਾ ਦਿੰਦਾ ਹੈ। ਭਗਤ ਸਿੰਘ ਦੇ ਜੀਵਨ ਨੂੰ ਚਿਤਰਦਿਆਂ ਹੋਇਆਂ ਦੀਦਾਰ ਸਿੰਘ ਨੇ ਮਸੁੱਦੇ ਭਾਰਤੀ ਇਨਕਲਾਬੀ ਵਿਰਸਾ ਹੈ ਜਿਸਨੂੰ ਲੋਕ-ਵਿਰੋਧੀ ਸ਼ਕਤੀਆਂ ਜਾਂ ਤਾ ਪੇਸ਼ ਹੀ ਨਹੀਂ ਕਰਦੀਆਂ ਜਾਂ ਫਿਰ ਇਸ ਨੂੰ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਇਸ ਵਿਚੋਂ ਇਨਕਲਾਬੀ ਤੱਤ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਗਾਰਗੀ ਚਾਰਵਾਦ ਦੀਆਂ ਜੀਵਨ ਘਟਨਾਵਾਂ ਤੋਂ ਲੈ ਕੇ ਬਜਬਜ ਘਾਟ ਦੀ ਇਤਿਹਾਸਕ ਘਟਨਾ ਨੂੰ, ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨੂੰ ਚੋਰਾਂ ਚੋਰੀ ਦੇ ਕਾਂਡ ਨੂੰ ਤੇ ਅਕਾਲੀ ਮੋਰਚੇ ਨੂੰ ਦੀਦਾਰ ਸਿੰਘ ਨੇ ਸਾਮਰਾਜ ਦੇ ਵਿਰੋਧ ਵਜੋਂ ਪੇਸ਼ ਕੀਤਾ ਹੈ। ਇਹੀ ਇਨ੍ਹਾਂ ਘਟਨਾਵਾਂ ਦਾ ਮੂਲ ਤੱਤ ਹੈ।

ਕਈ ਵਾਰੀ ਭਗਤ ਸਿੰਘ ਨੂੰ ਅਤਿਵਾਦੀ ਜਾਂ ਯਰਕਾਊਵਾਦ ਹਾਮੀ ਮੰਨ ਲਿਆ ਜਾਂਦਾ ਹੈ ਤੇ ਇਸੇ ਪੱਖ ਨੂੰ ਹੀ ਉਭਾਰਿਆ ਜਾਂਦਾ ਹੈ। ਭਗਤ ਸਿੰਘ ਦੀਆਂ ਅੰਤਿਮ ਸਮੇਂ ਦੀਆਂ ਲਿਖਤਾਂ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਮਾਰਕਸਵਾਦ ਦੇ ਡੂੰਘੇ ਅਧਿਐਨ ਤੋਂ ਬਾਦ ਭਗਤ ਸਿੰਘ ਲੋਕਾਂ ਵਿਚ ਕੰਮ ਕਰਨ ਨੂੰ ਤੇ ਉਨ੍ਹਾਂ ਨੂੰ ਲਾਮਬੰਦ ਕਰਨ ਉਪਰ ਬਾਰ ਬਾਰ ਬਲ ਦਿੰਦਾ ਹੈ। ਦੀਦਾਰ ਸਿੰਘ ਨੇ ਭਗਤ ਸਿੰਘ ਦੇ ਇਸ ਵਿਚਾਰਧਾਰਕ ਪੱਖ ਨੂੰ ਵਧੇਰੇ ਉਭਾਰ ਕੇ ਪੇਸ਼ ਕੀਤਾ ਹੈ। ਉਸਨੇ ਆਤੰਕਵਾਦ ਦੀਆਂ ਜੜ੍ਹਾਂ ਨੂੰ ਵੀ ਭਗਤ ਸਿੰਘ ਦੇ ਸਮਕਾਲੀ ਸਮਾਜ ਵਿਚ ਖੋਜਿਆ ਹੈ। ਉਹ ਲਿਖਦਾ ਹੈ,

ਸੂਝ ਕਰਾਂਤਰ ਕੌਮ ਦੀ ਹਾਲੀ ਸੀ ਅਣਜਾਣ।
ਗਾਂਧੀ ਬਾਬੇ ਚਾਰਿਆ, ਭਾਰਤ ਦਾ ਕਿਰਸਾਣ।
ਸੌ ਸੁਨਿਆਰੇ ਪਰਖ ਲੈ, ਚੁੱਕ ਲੁਹਾਰ ਵਦਾਣ।
ਵਿਅਕਤੀਗਤ ਯਰਕਾਣ ਵਲ, ਵਧਿਆ ਹਿੰਦੁਸਤਾਨ।

ਇਸੇ ਦਿਸ਼ਾ ਵਿਚ ਕਿੱਸੇ ਦੇ ਅੰਤ ਉਪਰ ਭਗਤ ਸਿੰਘ ਦੀ ਸਖ਼ਸੀਅਤ ਅਜਿਹੇ ਇਨਕਲਾਬੀ ਦੀ ਸ਼ਖ਼ਸੀਅਤ ਉਭਰਦੀ ਹੈ ਜੋ ਇਕ ਪਾਸੇ ਸਾਮਰਾਜਵਾਦ ਦਾ ਖਾਤਮਾ ਕਰਨਾ ਚਾਹੁੰਦਾ ਹੈ।

ਪੰਜਾਬੀ ਵਿਚ ਬਹੁਤ ਸਾਰਾ ਅਜਿਹਾ ਪ੍ਰਗਤੀਵਾਦੀ ਸਾਹਿਤ ਵੀ ਉਪਲੱਭਦ ਹੈ ਜੋ ਲੋਕ-ਮਨ ਨੂੰ ਦ੍ਰਵੀਭੂਤ ਕਰਨ ਲਈ ਕਰੁਣਾ ਦੀ ਟੇਕ ਲੈਂਦਾ ਹੈ। ਕਰੁਣਾ-ਆਧਾਰਿਤ ਅਜਿਹਾ ਸਾਹਿਤ ਕੁਝ ਚਿਰ ਲਈ ਤਾਂ ਭਾਵਨਾਵਾਂ ਵਿਚ ਉਬਾਲ ਲੈ ਆਉਂਦਾ ਹੈ, ਪਰ ਪਰਕਾਲਾਂ ਉਥੇ ਦਾ ਉਥੇ ਹੀ ਰਹਿੰਦਾ ਹੈ। ਦੀਦਾਰ ਸਿੰਘ ਦੀ ਅਜਿਹੇ ਵਿਰੇਚਕ ਸਾਹਿਤ ਨਾਲ ਕਦੇ ਵੀ ਸਹਿਮਤੀ ਨਹੀਂ ਰਹੀ। ਉਹ ਤਾਂ ਮਾਨਵੀ ਬੌਧਿਕਾ ਨੂੰ ਇਨਕਲਾਬੀ ਵਿਚਾਰਾਂ ਦੀ ਸਾਣ ਚਾੜ੍ਹ ਕੇ ਪੂਰਣ ਸਨੱਬਬੱਧ ਰੂਪ ਵਿਚ ਇਉਂ ਸਮਾਜਵਾਦੀ ਨਿਸ਼ਾਨੇ ਵਲ ਤੋਰਨਾ ਚਾਹੁੰਦਾ ਹੈ ਕਿ ਉਹ ਕਿਤੇ ਵੀ ਅਤੇ ਵਿਚ ਢਲਮੁਲਪੁਣੇ ਦਾ ਸ਼ਿਕਾਰ ਨਾ ਹੋਵੇ। ਇਸ ਪ੍ਰਸੰਗ ਵਿਚ ਅਸੀਂ ਭਗਤ ਸਿੰਘ ਦੀ ਉਸਦੇ ਪਰਿਵਾਰਕ ਨਾਲ ਮੁਲਾਕਾਤ ਨੂੰ ਵਿਚਾਰ ਸਕਦੇ ਹਾਂ। ਇਸ ਮੁਲਾਕਾਤ ਸਮੇਂ ਕਰੁਣਾ ਦੇ ਅੰਸ਼ ਆ ਜਾਣ ਦੀ ਪੂਰਣ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮੁਲਾਕਾਤ ਵਿਚ ਪੁੱਤਰ-ਪਿਆਰ ਵਿਚ ਮੋਹ-ਕਿੰਨੇ ਬਿਹਬਲ ਵਾਰਤਾਲਾਪ ਤਾਂ ਹੈ ਜਿਸਨੂੰ ਭਗਤ ਸਿੰਘ ਦੇ ਸੰਤੁਲਿਤ ਤੇ ਗੰਭੀਰ ਵਾਰਤਾਲਾਪ ਕਰੁਣਾ ਦੀ ਸਥਿਤੀ ਵਿਚ ਜਾਣ ਤੋਂ ਰੋਕੀ ਰੱਖਦੇ ਹਨ। ਦੀਦਾਰ ਸਿੰਘ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਫਾਂਸੀ ਚੜ੍ਹਨ ਸਮੇਂ ਦੇ ਅਨੇਕਾਂ ਤੱਥ ਇਕੱਠੇ ਕੀਤੇ ਸਨ ਤਾਂ ਕਿ ਉਨ੍ਹਾਂ ਨੂੰ ਕਾਵਿ-ਰੂਪ ਵਿਚ ਢਾਲਿਆ ਜਾ ਸਕੇ। ਪਰ ਇਉਂ ਪ੍ਰਤੀਕ ਹੁੰਦਾ ਹੈ ਕਿ ਕਿਸੇ ਨੂੰ ਵਿਰੇਚਕ ਬਣਨ ਤੋਂ ਬਚਾਉਣ ਲਈ ਅਜਿਹਾ ਨਹੀਂ ਕੀਤਾ ਗਿਆ।

ਕਿੱਸਾ ਸ਼ਹੀਦ ਭਗਤ ਸਿੰਘ ਦਸਤਾਵੇਜ਼ਾਂ ਉਪਰ ਆਧਾਰਿਤ ਹੈ ਪਰੰਤੂ ਜਿਵੇਂ ਅਸੀਂ ਆਰੰਭ ਵਿਚ ਹੀ ਵੇਖਿਆ ਹੈ ਕਿ ਦੀਦਾਰ ਸਿੰਘ ਦਸਤਾਵੇਜ਼ੀ ਸੀਮਾ ਨੂੰ ਪਾਰ ਵੀ ਕਰਦਾ ਹੈ। ਉਸਨੂੰ ਜੇ ਕਿਤੇ ਥੋੜ੍ਹੀ ਜਿਹੀ ਵੀ ਖੁਲ੍ਹ ਮਿਲੀ ਹੈ, ਤਾਂ ਇਕ ਖ਼ਾਸ ਵਿਚਾਰਕ ਚੌਖਟੇ ਵਿਚ ਰਹਿੰਦਾ ਹੋਇਆ ਵੀ ਕਾਲਪਣਿਕ ਉਡਾਰੀਆਂ ਮਾਰਦਾ ਕਾਵਿ-ਸੁਹਜ ਦੀਆਂ ਸੱਤ-ਰੰਗੀਆਂ ਪੀਂਘਾਂ ਬਣਾਉਣ ਵਲ ਰੁਚਿਤ ਹੋ ਜਾਂਦਾ ਹੈ। ਭਗਤ ਸਿੰਘ ਦੀ ਆਖਰੀ ਰਾਤ ਦੇ ਸੁਪਨਿਆਂ ਦਾ ਬਿਆਨ ਕਵੀ ਨੂੰ ਪੂਰਣ ਖੁੱਲ੍ਹ ਦਿੰਦਾ ਹੈ ਕਿ ਉਹ ਆਪਣੇ ਮਨ-ਭਾਉਂਦੇ ਵਿਸ਼ਿਆਂ ਦਾ ਖੁਲਾ ਬਿਆਨ ਕਰ ਸਕੇ। ਦੀਦਾਰ ਸਿੰਘ ਇਥੇ ਪ੍ਰਤੀਕਾਂ ਰਾਹੀਂ ਵਿਰੋਧੀ-ਵਿਕਾਸੀ ਦਰਸ਼ਨ ਨੂੰ ਵੀ ਉਜਾਗਰ ਕਰਦਾ ਹੈ; ਮਾਰਕਸਵਾਦੀ ਤੇ ਗਾਂਧੀਵਾਦੀ ਵਿਚਾਰਾਂ ਦਾ ਟਕਰਾ ਪੇਸ਼ ਕਰਦਾ ਹੈ ਅਤੇ ਬੌਧਿਕ, ਮਾਨਸਿਕ ਸ਼ਕਤੀਆਂ ਦਾ ਉਹੋ ਜਿਹਾ ਹੀ ਪ੍ਰਤੀਕਾਤਰਕ ਨਾਚ ਰਚਾਉਂਦਾ ਹੈ, ਜਿਹੋ ਜਿਹਾ ਉਸਨੇ ਆਪਣੇ ਨਾਟਕ ਸੁਮੇਲ ਵਿਚ ਰਚਾਇਆ ਹੈ।

ਅੱਗੜ ਪਿੱਛੜ ਨੱਚੀਆਂ ਨੈਣਾ ਰੈਣਾਂ ਫੇਰ।
ਇਕ ਹੱਥ ਛੋਡਣ ਚਾਨਣੇ, ਦੂਜਾ ਫੜਨ ਹਨੇਰਾ।
ਮਾਰਨ ਤਾੜੀ ਗਜ਼ਬ ਦੀ, ਬਾਲਣ ਚਾਰ ਚੁਫੇਰ।
ਤਲੀਉਂ ਮਹਿੰਦੀ ਡੁਲ੍ਹਦੀ, ਲਿਸਕਣ ਸੰਝ ਉਸੇਰ।
ਨੱਚ ਨੱਚ ਸਦਾ ਬਹਾਰ ਨੇ, ਸੱਚੀਆਂ ਪਰੀਆਂ ਹੋਰ।
ਸਵੈਦਾਰ ਮਮਤਾ, ਕਾਮਦੀ ਤੁਰੀਆ ਸਾਵੀਂ ਤੌਰ।
ਐਬ ਡੁੱਬੀਆ ਅੱਧ ਨੰਗੀਆਂ, ਜਲਪਰੀਆਂ ਦੀ ਡਾਰ।
ਉੱਡਣ ਸਾਗਰ ਛੱਲਾ ਤੇ, ਦੋ ਤਿੰਨ, ਦੋ ਤਿੰਨ ਚਾਰ।

ਕਿੱਸੇ ਦੇ ਆਰੰਭ ਵਿਚ ਹੀ ਦੀਦਾਰ ਸਿੰਘ ਨੇ ਆਪਣੇ ਆਪ ਨੂੰ ਪਰੰਪਰਾਗਤ ਕਿੱਸਾ ਸਾਹਿਤ ਤੋਂ ਕਈ ਪੱਖਾਂ ਵਿਚ ਨਿਖੇੜ ਲਿਆ ਹੈ। ਉਸਨੇ ਪਰੰਪਰਾਵਾਦੀ ਕਵੀਆਂ ਵਾਂਗ ਕਿਸੇ ਧਾਰਮਿਕ ਇਸ਼ਟ ਜਾਂ ਕਾਵਿ-ਇਸ਼ਟ ਦੀ ਅਰਾਧਨਾ ਨਹੀਂ ਕੀਤੀ ਸਗੋਂ ਸ਼ਹੀਦ ਦਾ ਤੇ ਇਨਕਲਾਬ ਦਾ ਨਾਮ ਲੈ ਕੇ ਕਿੱਸੇ ਦਾ ਆਦਿ ਆਰੰਭ ਕੀਤਾ ਹੈ।

ਇਨਕਲਾਬੀ ਨੂੰ ਧਿਆਇ ਕੇ ਮੈਂ ਕਿੱਸਾ ਸ਼ੁਰੂ ਕਰਾਂ।
ਇਨਕਲਾਬ ਹੁੰਦਾ ਰਹੇ, ਮੈਂ ਚਾਹੇ ਮਰ ਜਾਂ।

ਦੀਦਾਰ ਸਿੰਘ ਲੁੱਟ ਤੇ ਆਧਾਰਿਤ ਸੰਸਥਾ-ਸਾਮਰਾਜਵਾਦ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹੋੲਆ ਇਸ ਪੱਖ ਤੋਂ ਸੁਚੇਤ ਹੈ ਕਿ ਹਾਰੀ ਸਾਰੀ ਇਸ ਚੁਣੌਤੀ ਨੂੰ ਸਵੀਕਾਰ ਨਹੀਂ ਕਰ ਸਕਦਾ। ਜੋ ਲੇਖਕ ਅਜਿਹਾ ਕਰਨ ਦਾ ਹੌਂਸਲਾ ਕਰਦਾ ਹੈ ਉਹ ਸੱਚਮੁੱਚ ਹੀ ਸੂਰਮਾ ਲੇਖਕ ਹੈ। ਇਸੇ ਲਈ ਦੀਦਾਰ ਸਿੰਘ ਲਈ ਕਾਵਿ-ਸਿਰਜਣਾ ਸੂਰਮਾਤਾਈ ਹੈ।

ਕਿੱਸੇ ਦੇ ਆਰੰਭਲੇ ਕਾਡਾਂ ਵਿਚ ਦੀਦਾਰ ਸਿੰਘ ਨੇ ਲੋਕਯਾਨਿਕ ਸਾਮਗ੍ਰੀ ਦਾ ਪ੍ਰਯੋਗ ਵੀ ਕੀਤਾ ਹੈ। ਇਹ ਪ੍ਰਯੋਗ ਜਿੱਥੇ ਰਚਨਾ ਨੂੰ ਲੋਕ ਸੰਸਕਿ੍ਰਤੀ ਦੇ ਨੇੜੇ ਰੱਖਦਾ ਹੈ ਤੇ ਭਗਤ ਸਿੰਘ ਦੀ ਭਵਿੱਚ ਤੱਕ ਫੈਲੀ ਵਿਕਾਸਮਾਨ ਸ਼ਖਸੀਅਤ ਦੇ ਕਈ ਪੱਖਾਂ ਨੂੰ ਉਜਾਗਰ ਕਰਦਾ ਹੈ। ਉਥੇ ਪਾਠਕਾਂ ਨੂੰ ਭਗਤ ਸਿੰਘ ਦੀ ਸ਼ਖਸੀਅਤ ਤੇ ਵਿਚਾਰਾਂ ਨੂੰ ਸੁਖਨਤਾ ਨਾਲ ਸਮਝਣ ਵਿਚ ਵੀ ਸਹਾਈ ਹੁੰਦਾ ਹੈ। ਕੁਕਨੂਸ ਦੀ ਦੰਤ-ਕਥਾ ਭਗਤ ਸਿੰਘ ਦੇ ਦੂਸਰੇ ਨੌਜਵਾਨਾਂ ਉਪਰ ਪਏ ਲਭਾਣਾਂ ਦੀ ਗਵਾਹੀ ਭਰਦੀ ਹੈ। ਇਹ ਦੰਤ-ਕਥਾਵਾਂ ਮਾਨਵੀ ਆਸਾ ਦਾ ਪ੍ਰਤੀਕ ਵੀ ਹੈ।

ਕੁਕਨੂਸਾਂ ਦੀ ਡਾਰ ਦਾ ਮੋਹਰੀ ਅਗਨੀ ਵਰਗੀ ਪੌਣ।
ਫੇਰ ਵੀ ਉਸਦੀ ਅਗਵਾਈ ਵਿਚ ਕੁਕਨੂੰ ਜਾਂਦੇ ਨਹਾਉਣ।

ਬਾਬੇ ਨੂੰ ਭਗਤ ਸਿੰਘ ਦੀ ਕੁਕਨੂਸੀ ਸ਼ਖਸੀਅਤ ਦੇਣ-ਮਾਲਾ (ਬ੍ਰਹਮਾ, ਟਿਸ਼ਨ, ਮਹੇਸ਼) ਦੇ ਦੇਵਤਿਆਂ ਦਾ ਵਰ ਜਾਂ ਸਰਾਪ ਜਾਪਦੀ ਹੈ। ਦੀਦਾਰ ਸਿੰਘ ਵਲੋਂ ਪੇਸ਼ ਬਿਰਤਾਂਤ ਅਚਾਨਕ ਹੀ ਸਾਡਾ ਧਿਆਨ ‘ਲੱਕ ਟੁਣੂੰ-ਟੁਣੂੰ’ ਦੀ ਉਸ ਲੋਕ-ਕਥਾ ਵੱਲ ਖਿੱਚ ਲੈਂਦਾ ਹੈ, ਜਿਸ ਵਿਚ ਤੋਤੀ ਆਪਣੇ ਤੋਤੇ ਨੂੰ ਬਾਹਰੋਂ ਖੁਰਾਕ ਲਿਆਉਣ ਤੋਂ ਵਰਜਦੀ ਹੈ। ਤੋਤੀ ਦੇ ਇਸੇ ਲਹਿਜੇ ਵਿਚ ਬਾਬਾ ਭਗਤ ਸਿੰਘ ਨੂੰ ਅਗਨੀ ਪ੍ਰੀਖਿਆ ਦੇ ਖੇਤਰ ਵਿਚ ਜਾਣ ਤੋਂ ਹੋੜਦਾ ਹੈ।

ਬਾਬਾ ਆਖੇ ਪੋਤਰਿਆ ਵੇ ਉਸ ਪਿੰਡ ਨਾ ਜਾ ਵੇ।
ਉਸ ਪਿੰਡ ਦੇ ਹਾਕਮ ਜਾਲਮ ਲੈਂਦੇ ਫਾਹੀਆਂ ਪਾ ਵੇ।

ਪੁਰਾਤਨ ਦੰਤ-ਕਥਾਵਾਂ ਕਿੱਸੇ ਦੇ ਨਾਇਕ ਨਾਇਕਾਵਾਂ ਦੀ ਥਾਂ ਤੇ ਨਵੀਨ-ਸੋਚ ਨਾਲ ਬੱਝੇ ਨਾਇਕ ਨਾਇਕਾਵਾਂ ਦੀ ਸਿਰਜਣਾ ਕੀਤੀ ਗਈ ਹੈ।

ਕਈ ਸ਼ੀਰੀਆਂ ਕਈ ਫਰਿਹਾਦ ਉੱਠੇ,
ਨਵੇਂ ਤੇਸਿਆਂ ਦੀ ਨਵੀਂ ਮਾਰ ਸਾਥੀ।
ਨਵੀਆਂ ਸੁਹਣੀਆਂ ਸੱਸੀਆਂ ਲੈਲੀਆਂ ਨੇ,
ਨਵੀਆਂ ਅੱਖੀਆਂ ਨਵਾਂ ਖ਼ੁਮਾਰ ਸਾਥੀ।
ਨਵੀਆਂ ਸਹਿਤੀਆਂ ਨਵੀਆਂ ਸਲੇਟੀਆਂ ਨੇ,
ਨਵੇਂ ਕੈਦੋਆਂ ਦੀ ਨਵੇਂ ਹੀ ਖਾਰ ਸਾਥੀ।
ਨਵੇਂ ਜੋਗੀਆਂ ਨਵੇਂ ਹੀ ਭੇਸ ਧਾਰੇ,
ਨਵੇਂ ਇਸ਼ਕ ਦੀ ਨਵੀਂ ਹੀ ਸਾਰ ਸਾਥੀ।
ਨਵੇਂ ਸਹੁਰੇ ਤੇ ਨਵੇਂ ਹੀ ਪੇਕੜੇ ਨੇ,
ਨਵੀ ਰੂਹ ਦਾ ਨਵਾਂ ਸ਼ਿੰਗਾਰ ਸਾਥੀ।
ਸਾਡਾ ਇਸ਼ਕ ਆਜ਼ਾਦੀ ਤੇ ਹੀ ਖ਼ਲਕਤ,
ਬੇਲਾ ਪਸਰਿਆ ਵਿਚ ਸੰਸਾਰ ਸਾਥੀ।

ਦਸਤਾਵੇਜ਼ਾਂ ਦਾ ਪ੍ਰਯੋਗ ਕਰਦਿਆਂ ਦੀਦਾਰ ਸਿੰਘ ਨੇ ਕਿਉਂਕਿ ਕੁਝ ਪੱਖਾਂ ਉਪਰ ਵਧੇਰੇ ਬਲ ਦਿੱਤਾ ਹੈ, ਇਸ ਲਈ ਉਸਨੇ ਅਜਿਹੀ ਖਰਵੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਜਿਸ ਤੋਂ ਵਿਰੋਧੀਆਂ ਲਈ ਘਿਰਣਾ ਸਪਸ਼ਟ ਹੁੰਦੀ ਹੈ ਤੇ ਦੋ ਧਿਰਾਂ ਦੀ ਟੋਕਰ ਦਾ ਤਿਖੇਰਾ ਰੂਪ ਸਾਹਮਣੇ ਆਉਂਦਾ ਹੈ। ਅੰਗ੍ਰੇਜ਼ਾਂ ਪ੍ਰਤੀ ਘਿ੍ਰਣਾ ਤੇ ਗਾਂਧੀ ਦਾ ਵਿਰੋਧ ਇਨ੍ਹਾਂ ਸ਼ਬਦਾਂ ਤੋਂ ਸਪਸ਼ਟ ਹੈ। ‘ਪਿੱਠ ਲੱਗ ਦਾ ਬਾਪ’, ‘ਆਜ਼ਾਦੀ’ ਦੀ ਥਾਂ ਵਿਆਹੁਣਗੇ ਆਜ਼ਾਦੀ ਦੀ ਰੰਡ, ਸਤਿਆਗ੍ਰਹਿ ਨੂੰ ਜਾਂਵਦੀ ਸੌਦੇਬਾਜ਼ੀ ਮਾਰ, ਅਤੇ ‘ਡੰਡੇ ਨਾਲ ਨਿਕਲਸੀ ਗੋਰੇ ਦਾ ਵੀ ਬਾਪ।’

ਭਗਤ ਸਿੰਘ ਦੀ ਸਮਾਜਿਕ ਤੇ ਪ੍ਰਾਕਿ੍ਰਤਕ ਸੁੰਦਰਤਾ ਨੂੰ ਮਾਨਣ ਦੀ ਲਾਲਸਾ ਨੂੰ ਬਿਆਨਦਿਆਂ ਹੋਇਆਂ ਦੀਦਾਰ ਸਿੰਘ ਨੇ ਪੂਰੀ ਦੀ ਪੂਰੀ ਪੇਂਡੂ ਸੰਸਕਿ੍ਰਤੀ ਨੂੰ ਹੀ ਅੱਖਾਂ ਸਾਹਮਣੇ ਲਿਆ ਖਲਾਰਿਆ ਹੈ। ਭਗਤ ਸਿੰਘ ਨਾ ਵੈਰਾਗੀ ਹੈ ਨਾਂ ਤਿਆਗੀ ਉਹ ਤਾਂ ਦੁਨੀਆਂ ਦੇ ਜਲੌ ਨੂੰ ਲੋਕਤਾ ਖਾਤਰ ਤਿਆਗਣ ਲਈ ਤਿਆਰ ਹੁੰਦਾ ਹੈ। ਭਗਤ ਸਿੰਘ ਵਲੋਂ ਬੇਬੇ ਨੂੰ ਸੰਬੋਧਿਤ ਕੁਝ ਪੰਗਤੀਆਂ ਵਾਚਣਯੋਗ ਹਨ,

ਭਾਂਦੇ ਕਿਹਨੂੰ ਨਾ ਫੁੱਲ ਬਗੀਚਿਆਂ ਦੇ,
ਬਾਗੀ ਅੰਙਣੀ ਨੱਚਦੇ ਮੋਰ ਬੇਬੇ।
ਭਾਂਦੇ ਕਿਹਨੂੰ ਨਹੀਂ ਹੋਣਦੇ ਵਿਆਹ ਸਾਕੀ।
ਟੁਰਦੇ ਛੁਹਰ ਮਤਵਾਲੜੀ ਟੋਰ ਬੇਬੇ।
ਭਾਂਦੇ ਕਿਹਨੂੰ ਨਹੀਂ ਗੀਤ ਤਿ੍ਰੰਜਣਾ ਦੇ,
ਝੂਠਲ ਝਗੜਦੇ ਭਾਬੀਆਂ ਦਿਉਰ ਬੇਬੇ।
ਭਾਂਦੇ ਕਿਹਨੂੰ ਨਹੀਂ ਅੰਙਣੀ ਨਾਚ ਗਿੱਧੇ।
ਹੁੰਦੇ ਹੁਸਨ ਹੱਸ ਹੱਸ ਲਿਟਬੌਰ ਬੇਬੇ।
ਭਾਂਦੇ ਕਿਹਨੂੰ ਨਾ ਮੇਲੇ ਮਸਾਧੜੇ ਨੀ,
ਸ਼ਹਿਰ ਦਿੱਲੀਆਂ ਅਤੇ ਲਹੌਰ ਬੇਬੇ।
ਪਰ ਮੈਂ ਸਭ ਕੁਝ ਵੇਖ ਅਣਡਿੱਠ ਕੀਤਾ,
ਹਿਰਦਾ ਹੋ ਗਿਆ ਹੋਰ ਦਾ ਹੋਰ ਬੇਬੇ।

ਦੀਦਾਰ ਸਿੰਘ ਦੇ ਸਾਰੇ ਕਿੱਸੇ ਵਿਚ ਅਣਗਿਣਤ ਅਜਿਹੀਆਂ ਉਕਤੀਆਂ ਹਨ ਜਿਨ੍ਹਾਂ ਨੂੰ ਅਸੀਂ ਇਨਕਲਾਬੀ ਵਿਰਸੇ ਵਿਚ ਜੁੜੇ ਸਮਰਿੱਧ ਅਖਾਣ-ਕੌਸ਼ ਦਾ ਨਾਮ ਦੇ ਰਹੇ ਹਾਂ। ਇਨ੍ਹਾਂ ਇਨਕਲਾਬੀ ਉਕਤੀਆਂ ਨੂੰ ਪਰਚਾਰਨਾ ਪਰਸਾਰਨਾ ਪ੍ਰਗਤੀਵਾਦੀ ਲਹਿਰ ਦਾ ਵਿਸ਼ੇਸ਼ ਕਾਰਜ ਹੈ। ਲੰਬੀ ਸੂਚੀ ਵਿਚੋਂ ਕੁਝ ਕੁ ਉਕਤੀਆਂ ਇਥੇ ਦਿੱਤੀਆਂ ਜਾ ਰਹੀਆਂ ਹਨ।

1. ਸਾਹਿਤ ਰਚਨਾ ਸੂਰਮਤਾਈ ਸੂਰਮਿਆਂ ਦਾ ਕੰਮ।
2. ਹਰ ਇਕ ਸਾਦਾ ਇਨਸਾਨ ਵੀ ਸਮਝ ਲੈਂਦਾ,
ਬੋਲੀ ਅੱਕ ਕੇ ਧੜਕਦੇ ਖੰਡਿਆਂ ਦੀ
3. ਬਿਨਾਂ ਡੰਡਿਉਂ ਕਿੰਜ ਮੋੜੀਏ, ਲੋਟੂ-ਕੁੱਤੇ-ਗ਼ੈਰ
4. ਵਾਦ ਤਕਾਜ਼ੇ ਵਕਤ ਦੇ, ਸਿਰਜੇ ਸਮਾਂ ਖਿਆਲ
5. ਪਿਆਰੀ ਸਾਨੂੰ ਜਾਨ ਵੀ, ਜਾਨੋਂ ਵੱਧ ਜ਼ਮੀਰ
6. ਢਾਂਚਾ ਸਾਰਾ ਬਦਲਿਆਂ ਹੀ ਬਣਨੀ ਹੈ ਬਾਦ
7. ਸਾਮਵਾਦ ਬਿਨ ਚੜ੍ਹੇ ਨਾ ਸਾਰਾ ਦੀ ਪਰਭਾਤ
8. ਟਾਹਰਾ ‘ਅਨੱਲ ਹੱਕ’ ਦੀਆਂ ਜਾਂ ਤੂੰ ਤੂੰ ਦਾ ਰਾਗ,
ਜਾਪਣ ਦੋਵੇਂ ਹਾਲਤਾਂ ਸਾਡੇ ਮੰਦੇ ਭਾਗ
9. ਇਨਕਲਾਬੀ ਹੈ ਸਾਥੀਉ ਧਰਮਾਂ ਤੋਂ ਵੀ ਪਾਕ
10. ਨੀਤੀਆਂ ਤੋਂ ਵੱਧ ਨਾ ਪਿਆਰੀ ਜ਼ਿੰਦਗੀ,
ਮੌਤ ਤਾਂ ਕਦੇ ਵੀ ਨਾ ਹਾਰੀ ਜ਼ਿੰਦਗੀ
11. ਲੋਕ-ਸਾਂਝਦਾ ਡੰਡਕਾ ਹੱਥ ਨਾਹੀਂ,
ਜਾਲਮ ਕੁੱਤਿਆਂ ਤਾਈਂ ਜਗਾਵਣਾ ਕੀ ?
12. ਮਾਲਕ ਏਸ ਜਗਨ ਦਾ ਆਦਮੀ ਹੈ,
ਭਗਤਾਂ ਵਾਂਗਰਾਂ ਕੋਈ ਮਹਿਮਾਨ ਨਾ ਹੀਂ।
13. ਸੌਣਾ ਸਦਾ ਦੀ ਨੀਂਦਰੇ ਪਏ ਭਾਵੇਂ,
14. ਜਾਬਰ ਅੱਗੇ ਨਾ ਜਾਣਦਾ ਝੁਕ ਸਾਥੀ।
15. ਪੂਜਣਾ ਹੀ ਨਾਸਤਕ ਦੀ ਮੌਤ ਹੈ,
ਪੂਜਿਆ ਆਦਰਸ਼ ਤਾਂ ਬੱਸ ਫੌਤ ਹੈ
16. ਰਾਵੀ ਦਰਿਆ ਨਹੀਂ ਬਗ਼ਾਵਤ ਹੈ।

ਅੰਤ ਉਪਰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਦੀਦਾਰ ਸਿੰਘ ਦੁਆਰਾ ਰਚਿਤ ਇਹ ਕਿੱਸਾ ਲੋਕ-ਬੋਲੀ ਤੇ ਲੋਕਮੁਹਾਵਰੇ ਵਿਚ ਲੋਕਾਂ ਲਈ ਹੀ ਲਿਖਿਆ ਗਿਆ ਹੈ। ਸਾਡਾ ਸਭ ਤੋਂ ਪਹਿਲਾ ਫਰਜ਼ ਇਹ ਹੈ ਕਿ ਅਸੀਂ ਇਸਨੂੰ ਲੋਕਾਂ ਤੱਕ ਪੁਚਾਈਏ, ਤਾਂ ਹੀ ਦੀਦਾਰ ਸਿੰਘ ਦੇ ਕਿੱਸਾ ਲਿਖਣ ਦਾ ਅਸਲੀ ਮੰਤਵ ਪੂਰਾ ਹੋਵੇਗਾ।

(ਸ਼ਹੀਦ ਭਗਤ ਸਿੰਘ ਰੀਸਰਚ ਕਮੇਟੀ ਵਲੋਂ : 16 ਦਸੰਬਰ 1984 ਨੂੰ ਕਰਵਾਏ ਗਏ ਦੀਦਾਰ ਸਿੰਘ ਰਚਨਾ ਸੈਮੀਨਾਰ ਉਪਰ ਪੜ੍ਹਿਆ ਗਿਆ ਪੇਪਰ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਃ ਦੀਦਾਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ