Shabad : Guru Teg Bahadur Ji

ਸ਼ਬਦ : ਗੁਰੂ ਤੇਗ ਬਹਾਦੁਰ ਜੀ

ਰਾਗੁ ਗਉੜੀ

1. ਸਾਧੋ ਮਨ ਕਾ ਮਾਨੁ ਤਿਆਗਉ

ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥1॥ ਰਹਾਉ ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥1॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥2॥1॥219॥

(ਤਾ ਤੇ=ਉਸ ਤੋਂ, ਅਹਿ=ਦਿਨ, ਨਿਸਿ=ਰਾਤ, ਸਮ=ਬਰਾਬਰ,
ਅਉਰੁ=ਅਤੇ, ਹਰਖ=ਖ਼ੁਸ਼ੀ, ਅਤੀਤਾ=ਨਿਰਲੇਪ, ਤਿਨਿ=
ਉਸ ਨੇ, ਤਤੁ=ਅਸਲੀਅਤ, ਉਸਤਤਿ=ਖ਼ੁਸ਼ਾਮਦ, ਪਦੁ=
ਆਤਮਕ ਅਵਸਥਾ, ਨਿਰਬਾਨਾ=ਵਾਸਨਾ-ਰਹਿਤ,
ਕਿਨ ਹੂ=ਕਿਸੇ ਵਿਰਲੇ ਨੇ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ)

2. ਸਾਧੋ ਰਚਨਾ ਰਾਮ ਬਨਾਈ

ਸਾਧੋ ਰਚਨਾ ਰਾਮ ਬਨਾਈ ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥1॥ ਰਹਾਉ ॥
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥1॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥2॥2॥219।

(ਇਕਿ=ਕੋਈ ਮਨੁੱਖ, ਬਿਨਸੈ=ਮਰਦਾ ਹੈ, ਅਸਥਿਰੁ=
ਸਦਾ ਕਾਇਮ ਰਹਿਣ ਵਾਲਾ, ਮਾਨ=ਮੰਨਦਾ ਹੈ,
ਲਖਿਓ ਨ ਜਾਈ=ਬਿਆਨ ਨਹੀਂ ਕੀਤਾ ਜਾ ਸਕਦਾ,
ਹਰਿ ਮੂਰਤਿ=ਪਰਮਾਤਮਾ ਦੀ ਹਸਤੀ, ਝੂਠਾ=
ਨਾਸਵੰਤ, ਸਾਚਾ=ਸਦਾ-ਥਿਰ ਰਹਿਣ ਵਾਲਾ,
ਰੈਨਾਈ=ਰਾਤ ਦਾ, ਜਾਨਿਓ=ਜਾਣਿਆ ਹੈ,
ਮਿਥਿਆ=ਨਾਸਵੰਤ, ਰਹਿਓ=ਟਿਕਿਆ ਰਹਿੰਦਾ ਹੈ)

3. ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ

ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥1॥ ਰਹਾਉ ॥
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥1॥
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥2॥3॥219।

(ਕਉ=ਨੂੰ, ਅਹਿ=ਦਿਨ, ਨਿਸਿ=ਰਾਤ, ਮੈ=ਵਿਚ,
ਕਹੁ=ਦੱਸ, ਮਮਤਾ=ਅਪਣੱਤ, ਸਿਉ=ਨਾਲ, ਬਿਧਿ=
ਤਰੀਕਾ, ਮ੍ਰਿਗ=ਹਿਰਨ, ਤ੍ਰਿਸਨਾ=ਤ੍ਰੇਹ, ਮ੍ਰਿਗ ਤ੍ਰਿਸਨਾ=
ਠਗਨੀਰਾ, ਚਮਕਦੀ ਰੇਤ ਹਰਨ ਨੂੰ ਪਾਣੀ ਜਾਪਦੀ ਹੈ,
ਤਾਸਿ=ਉਸ ਵਲ, ਭੁਗਤਿ=ਦੁਨੀਆ ਦੇ ਭੋਗ ਤੇ ਸੁਖ,
ਮੁਕਤਿ=ਮੋਖ, ਮੂੜ=ਮੂਰਖ, ਕੋਟਨ ਮੈ=ਕ੍ਰੋੜਾਂ ਵਿਚ)

4. ਸਾਧੋ ਇਹੁ ਮਨੁ ਗਹਿਓ ਨ ਜਾਈ

ਸਾਧੋ ਇਹੁ ਮਨੁ ਗਹਿਓ ਨ ਜਾਈ ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥1॥ ਰਹਾਉ ॥
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥1॥
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥2॥4॥219॥

(ਗਹਿਓ ਨ ਜਾਈ=ਫੜਿਆ ਨਹੀਂ ਜਾਂਦਾ, ਯਾ ਤੇ=ਇਸ ਕਾਰਨ,
ਥਿਰੁ=ਸਦਾ-ਟਿਕਵਾਂ, ਘਟ=ਹਿਰਦਾ, ਜਿਹ=ਜਿਸ ਨੇ, ਸੁਧਿ=ਸੂਝ,
ਹਿਰਿ ਲੀਨਾ=ਚੁਰਾ ਲਿਆ ਹੈ, ਬਸਾਈ=ਵੱਸ,ਜ਼ੋਰ, ਸਿਉ=ਨਾਲ,
ਹਾਰੇ=ਥੱਕ ਗਏ, ਸਭ ਬਿਧਿ ਬਨਿ ਆਈ=ਹਰੇਕ ਢੋ ਢੁੱਕ ਪਿਆ)

5. ਸਾਧੋ ਗੋਬਿੰਦ ਕੇ ਗੁਨ ਗਾਵਉ

ਸਾਧੋ ਗੋਬਿੰਦ ਕੇ ਗੁਨ ਗਾਵਉ ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥1॥ ਰਹਾਉ ॥
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥1॥
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥2॥5॥219॥

(ਕਾਹਿ=ਕਿਉਂ, ਗਵਾਵਉ=ਗਵਾਂਦੇ ਹੋ, ਪਤਿਤ=ਵਿਕਾਰਾਂ ਵਿਚ
ਡਿੱਗੇ ਹੋਏ, ਦੀਨ=ਗਰੀਬ, ਬੰਧੁ=ਸਨਬੰਧੀ, ਤਾਹਿ=ਉਸ ਦੀ,
ਗਜ=ਹਾਥੀ (ਭਾਗਵਤ ਦੀ ਕਥਾ ਹੈ ਕਿ ਇਕ ਗੰਧਰਵ ਕਿਸੇ
ਸ੍ਰਾਪ ਦੇ ਕਾਰਨ ਹਾਥੀ ਬਣ ਗਿਆ । ਨਦੀ ਤੋਂ ਪਾਣੀ ਪੀਣ
ਗਏ ਨੂੰ ਪਾਣੀ ਵਿਚੋਂ ਇਕ ਤੰਦੂਏ ਨੇ ਫੜ ਲਿਆ । ਉਸ ਨੇ
ਰਾਮ ਨਾਮ ਦਾ ਚੇਤਾ ਕੀਤਾ ਤਾਂ ਉਸ ਦੀ ਖ਼ਲਾਸੀ ਹੋ ਗਈ),
ਤ੍ਰਾਸੁ=ਡਰ, ਬਿਸਰਾਉ=ਭੁਲਾ ਰਹੇ ਹੋ, ਤਜਿ=ਛੱਡ ਕੇ, ਫੁਨਿ=
ਮੁੜ, ਮੁਕਤਿ=ਵਿਕਾਰਾਂ ਤੋਂ ਖ਼ਲਾਸੀ, ਪੰਥੁ=ਰਸਤਾ,)

6. ਕੋਊ ਮਾਈ ਭੂਲਿਓ ਮਨੁ ਸਮਝਾਵੈ

ਕੋਊ ਮਾਈ ਭੂਲਿਓ ਮਨੁ ਸਮਝਾਵੈ ॥
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥1॥ ਰਹਾਉ ॥
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥1॥
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥2॥6॥220॥

(ਮਾਈ=ਹੇ ਮਾਂ! ਭੂਲਿa ਮਨੁ=ਰਸਤੇ ਤੋਂ ਖੁੰਝੇ ਹੋਏ ਮਨ ਨੂੰ,
ਸਾਧ ਮਗ=ਸੰਤ ਜਨਾਂ ਦੇ ਰਸਤੇ, ਨਿਮਖ=ਅੱਖ ਝਮਕਣ
ਜਿਤਨਾ ਸਮਾਂ, ਦੇਹ=ਸਰੀਰ, ਪਾਇ=ਪਾ ਕੇ, ਬਿਰਥਾ=
ਵਿਅਰਥ, ਸਿਰਾਵੈ=ਗੁਜ਼ਾਰਦਾ ਹੈ, ਸੰਕਟ=ਨਕਾ-ਨਕ
ਭਰੇ ਹੋਏ, ਬਨ=ਜੰਗਲ, ਰੁਚ=ਪਿਆਰ, ਉਪਜਾਵੈ=
ਪੈਦਾ ਕਰਦਾ ਹੈ, ਤਾਹਿ=ਉਸ ਨੂੰ ਹੀ, ਮਾਨਹੁ=ਸਮਝੋ,
ਜਿਹ ਘਟਿ=ਜਿਸ ਦੇ ਹਿਰਦੇ ਵਿਚ)

7. ਸਾਧੋ ਰਾਮ ਸਰਨਿ ਬਿਸਰਾਮਾ

ਸਾਧੋ ਰਾਮ ਸਰਨਿ ਬਿਸਰਾਮਾ ॥
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥1॥ ਰਹਾਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥1॥
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥2॥
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥3॥7॥220॥

(ਬਿਸਰਾਮਾ=ਸ਼ਾਂਤੀ, ਕੋ=ਦਾ, ਗੁਨ=ਲਾਭ, ਮਮਤਾ=ਅਪਣੱਤ,
ਫੁਨਿ=ਭੀ, ਅਉ=ਅਤੇ, ਬਿਖਿਅਨ ਕੀ ਸੇਵਾ=ਵਿਸ਼ਿਆਂ ਦਾ
ਸੇਵਨ, ਹਰਖੁ=ਖ਼ੁਸ਼ੀ, ਸੋਗੁ=ਗ਼ਮੀ, ਜਿਹ=ਜਿਸ ਨੂੰ, ਨਾਹਨਿ=
ਨਹੀਂ, ਦੇਵਾ=ਭਗਵਾਨ, ਬਿਖੁ=ਜ਼ਹਰ, ਸਮ=ਇਕੋ ਜਿਹਾ, ਤਿਉ=
ਉਸੇ ਤਰ੍ਹਾਂ, ਅਰੁ=ਅਤੇ, ਪੈਸਾ=ਤਾਂਬਾ, ਕੰਚਨ=ਸੋਨਾ, ਜਾ ਕੈ=
ਜਿਸ ਦੇ ਹਿਰਦੇ ਵਿਚ, ਏ=ਇਹ, ਬਾਧੇ=ਬੰਨ੍ਹਦੇ, ਤਿਹ=ਉਸ ਨੂੰ,
ਗਿਆਨੀ=ਪਰਮਾਤਮਾ ਨੂੰ ਜਾਨਣਵਾਲਾ, ਮਾਨਹੁ=ਸਮਝੋ,
ਇਹ ਬਿਧਿ ਕੋ=ਇਸ ਕਿਸਮ ਦਾ, ਜੋ=ਜੇਹੜਾ)

8. ਮਨ ਰੇ ਕਹਾ ਭਇਓ ਤੈ ਬਉਰਾ

ਮਨ ਰੇ ਕਹਾ ਭਇਓ ਤੈ ਬਉਰਾ ॥
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥1॥ ਰਹਾਉ ॥
ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥1॥
ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥
ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥2॥
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥3॥8॥220॥

(ਕਹਾ=ਕਿਥੇ? ਬਉਰਾ=ਕਮਲਾ,ਝੱਲਾ, ਅਹਿ=ਦਿਨ, ਨਿਸਿ=
ਰਾਤ, ਅਉਧ=ਉਮਰ, ਜਾਨੈ=ਜਾਣਦਾ, ਲੋਭ ਸੰਗਿ=ਲੋਭ ਵਿਚ
ਫਸ ਕੇ, ਹਉਰਾ=ਕਮਜ਼ੋਰ ਆਤਮਕ ਜੀਵਨ ਵਾਲਾ, ਤੈ=ਤੂੰ,
ਅਪਨੋ ਕਰਿ=ਆਪਣਾ ਕਰ ਕੇ, ਗ੍ਰਿਹ ਨਾਰੀ=ਘਰ ਦੀ
ਇਸਤ੍ਰੀ, ਇਨ ਮੈਂ=ਇਹਨਾਂ ਵਿਚ, ਸੋਚਿ=ਸੋਚ ਕੇ, ਬਿਚਾਰੀ=
ਵਿਚਾਰ ਕੇ, ਗਤਿ=ਹਾਲਤ, ਸਿਉ=ਨਾਲ, ਸਿਰਾਨੀ=ਗੁਜ਼ਾਰ
ਦਿੱਤੀ, ਅਉਰ=ਹੋਰ, ਸਗਲ=ਸਾਰਾ, ਨਿਰਭੈ ਪਦੁ=ਉਹ
ਆਤਮਕ ਅਵਸਥਾ ਜਿਥੇ ਕੋਈ ਡਰ ਨਹੀਂ ਪੋਹ ਸਕਦਾ)

9. ਨਰ ਅਚੇਤ ਪਾਪ ਤੇ ਡਰੁ ਰੇ

ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥1॥ ਰਹਾਉ ॥
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥1॥
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥2॥9॥220॥

(ਨਰ ਅਚੇਤ=ਹੇ ਗ਼ਾਫ਼ਲ ਮਨੁੱਖ, ਸਗਲ=ਸਾਰੇ, ਭੈ ਭੰਜਨ=ਡਰਾਂ ਦੇ
ਨਾਸ ਕਰਨ ਵਾਲਾ, ਪਰੁ=ਪਉ, ਤਾਹਿ=ਉਸ ਦੀ, ਜਾਸ=ਜਿਸ ਦੇ,
ਤਾ ਕੋ=ਉਸ ਦਾ, ਹੀਐ ਮੋ=ਹਿਰਦੇ ਵਿਚ, ਪਾਵਨ=ਪਵਿੱਤ੍ਰ ਕਰਨ
ਵਾਲਾ, ਕਸਮਲ=ਪਾਪ, ਹਰੁ=ਦੂਰ ਕਰ, ਬਹੁਰਿ=ਫਿਰ ਕਦੇ, ਨਹਿ
ਪਾਵੈ=ਤੂੰ ਪਰਾਪਤ ਨਹੀਂ ਕਰੇਂਗਾ, ਉਪਾa=ਇਲਾਜ, ਮੁਕਤਿ=
ਖ਼ਲਾਸੀ, ਕਰੁਨਾਮੈ=ਤਰਸ-ਭਰਪੂਰ, ਭਵ ਸਾਗਰ=ਸੰਸਾਰ-ਸਮੁੰਦਰ,
ਕੈ ਪਾਰਿ=ਤੋਂ ਪਾਰ, ਉਤਰੁ=ਲੰਘ)

ਰਾਗੁ ਆਸਾ

10. ਬਿਰਥਾ ਕਹਉ ਕਉਨ ਸਿਉ ਮਨ ਕੀ

ਬਿਰਥਾ ਕਹਉ ਕਉਨ ਸਿਉ ਮਨ ਕੀ ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥1॥ ਰਹਾਉ ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥1॥
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥2॥1॥411॥

(ਬਿਰਥਾ=ਦੁੱਖ, ਕਹਉ=ਮੈਂ ਦੱਸਾਂ, ਕਉਨ ਸਿਉ=ਕਿਸ ਨੂੰ, ਗ੍ਰਸਿਓ=
ਫਸਿਆ ਹੋਇਆ, ਦਿਸ=ਪਾਸੇ, ਆਸਾ=ਤਾਂਘ, ਹੇਤਿ=ਵਾਸਤੇ, ਸੇਵ=
ਸੇਵਾ,ਖ਼ੁਸ਼ਾਮਦ, ਜਨ ਜਨ ਕੀ=ਹਰੇਕ ਦੀ, ਦੁਆਰਹਿ ਦੁਆਰਿ=ਹਰੇਕ
ਦਰਵਾਜ਼ੇ ਉਤੇ, ਸੁਆਨ=ਕੁੱਤਾ, ਅਕਾਰਥ=ਵਿਅਰਥ, ਖੋਵਤ=ਗਵਾਂਦਾ ਹੈ,
ਹਸਨ ਕੀ=ਹਾਸੇ-ਮਖੌਲ ਦੀ, ਕੁਮਤਿ=ਖੋਟੀ ਮਤਿ)

ਰਾਗੁ ਦੇਵਗੰਧਾਰੀ

11. ਯਹ ਮਨੁ ਨੈਕ ਨ ਕਹਿਓ ਕਰੈ

ਯਹ ਮਨੁ ਨੈਕ ਨ ਕਹਿਓ ਕਰੈ ॥
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥1॥ ਰਹਾਉ ॥
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥1॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥2॥1॥536॥

(ਯਹ ਮਨੁ=ਇਹ ਮਨ, ਨੈਕ=ਰਤਾ ਭਰ ਭੀ, ਕਹਿਓ=ਕਿਹਾ
ਹੋਇਆ ਉਪਦੇਸ਼, ਸੀਖ=ਸਿੱਖਿਆ, ਰਹਿਓ=ਮੈਂ ਥੱਕ ਗਿਆ
ਹਾਂ, ਅਪਨੀ ਸੀ=ਆਪਣੇ ਵਲੋਂ, ਤੇ=ਤੋਂ, ਟਰੈ=ਟਲਦਾ, ਮਦਿ=
ਨਸ਼ੇ ਵਿਚ, ਬਾਵਰੋ=ਝੱਲਾ, ਉਚਰੈ=ਉਚਾਰਦਾ, ਪਰਪੰਚੁ=ਵਿਖਾਵਾ,
ਠੱਗੀ, ਕਉ=ਨੂੰ, ਡਹਕੈ=ਠੱਗਦਾ ਹੈ, ਉਦਰੁ=ਪੇਟ, ਸੁਆਨ=ਕੁੱਤਾ,
ਜਿਉ=ਵਾਂਗ, ਸੂਧੋ=ਸਿੱਧਾ,ਸੁੱਚਾ, ਨ ਕਾਨ ਧਰੈ=ਧਿਆਨ ਨਾਲ ਨਹੀਂ
ਸੁਣਦਾ, ਭਜੁ=ਭਜਨ ਕਰ, ਜਾ ਤੇ=ਜਿਸ ਨਾਲ, ਕਾਜੁ=ਕੰਮ,ਸਰੈ=
ਸਿਰੇ ਚੜ੍ਹ ਜਾਏ)

12. ਸਭ ਕਿਛੁ ਜੀਵਤ ਕੋ ਬਿਵਹਾਰ

ਸਭ ਕਿਛੁ ਜੀਵਤ ਕੋ ਬਿਵਹਾਰ ॥
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥1॥ ਰਹਾਉ ॥
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥1॥
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥2॥2॥536॥

(ਬਿਵਹਾਰ=ਵਰਤਣ,ਵਿਹਾਰ, ਜੀਵਤ ਕੋ=ਜਿਊਂਦਿਆਂ ਦਾ,
ਸੁਤ=ਪੁੱਤਰ, ਬੰਧਪ=ਰਿਸ਼ਤੇਦਾਰ, ਅਰੁ=ਅਤੇ, ਫੁਨਿ=ਮੁੜ,
ਗ੍ਰਿਹ ਕੀ ਨਾਰਿ=ਘਰ ਦੀ ਇਸਤ੍ਰੀ, ਟੇਰਤ=ਆਖਦੇ ਹਨ,
ਪ੍ਰੇਤ=ਗੁਜ਼ਰ ਚੁੱਕਾ,ਨਿੱਖਿਧ ਸਮਝੀ ਜਾਂਦੀ ਜੂਨੀ, ਕੋਊ=ਕੋਈ,
ਨਿਕਾਰਿ=ਨਿਕਾਲ, ਮ੍ਰਿਗਤ੍ਰਿਸਨਾ=ਠਗ—ਨੀਰਾ (ਚਮਕਦੀ
ਰੇਤ ਵਿੱਚ ਪਾਣੀ ਜਾਪਣਾ), ਰਚਨਾ=ਖੇਡ, ਰਿਦੈ=ਹਿਰਦੇ ਵਿਚ,
ਬਿਚਾਰਿ=ਵਿਚਾਰ ਕੇ, ਜਾ ਤੇ=ਜਿਸ ਨਾਲ, ਉਧਾਰ=ਪਾਰ-ਉਤਾਰਾ)

13. ਜਗਤ ਮੈ ਝੂਠੀ ਦੇਖੀ ਪ੍ਰੀਤਿ

ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥1॥ ਰਹਾਉ ॥
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥1॥
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥2॥3॥536॥

(ਮਹਿ=ਵਿਚ, ਦਾਰਾ=ਇਸਤ੍ਰੀ, ਮੇਰਉ=ਮੇਰਾ, ਹਿਤ=
ਮੋਹ, ਬਾਧਿਓ=ਬੱਝਾ ਹੋਇਆ, ਰੀਤਿ=ਮਰਯਾਦਾ,
ਅਜਹੂ=ਅਜੇ ਭੀ, ਸਿਖ=ਸਿੱਖਿਆ, ਨੀਤ=ਨਿੱਤ,
ਭਉਜਲੁ=ਸੰਸਾਰ-ਸਮੁੰਦਰ, ਜਉ=ਜਦੋਂ)

ਰਾਗੁ ਬਿਹਾਗੜਾ

14. ਹਰਿ ਕੀ ਗਤਿ ਨਹਿ ਕੋਊ ਜਾਨੈ

ਹਰਿ ਕੀ ਗਤਿ ਨਹਿ ਕੋਊ ਜਾਨੈ ॥
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥1॥ ਰਹਾਉ ॥
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥1॥
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥2॥
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥3॥1॥537॥

(ਗਤਿ=ਉੱਚੀ ਆਤਮਕ ਅਵਸਥਾ, ਕੋਊ=ਕੋਈ ਭੀ, ਪਚਿ=ਖਪ
ਖਪ ਕੇ, ਹਾਰੇ=ਥੱਕ ਗਏ ਹਨ, ਅਰੁ=ਅਤੇ, ਰਾਉ=ਰਾਜਾ, ਰੰਕ
ਕਉ=ਕੰਗਾਲ ਨੂੰ, ਕਰਈ=ਬਣਾ ਦੇਂਦਾ ਹੈ, ਬਿਵਹਾਰੇ=ਨਿੱਤ ਦਾ
ਕੰਮ, ਪਸਾਰੀ=ਖਿਲਾਰੀ ਹੋਈ, ਦੇਖਨਹਾਰਾ=ਸੰਭਾਲ ਕਰਨ ਵਾਲਾ,
ਨਾਨਾ=ਕਈ ਤਰ੍ਹਾਂ ਦੇ, ਧਰੇ=ਬਣਾ ਲੈਂਦਾ ਹੈ, ਬਹੁ ਰੰਗੀ=ਅਨੇਕਾਂ
ਰੰਗਾਂ ਦਾ ਮਾਲਕ, ਤੇ=ਤੋਂ, ਨਿਆਰਾ=ਵੱਖਰਾ ਹੈ)

ਰਾਗੁ ਸੋਰਠਿ

15. ਰੇ ਮਨ ਰਾਮ ਸਿਉ ਕਰਿ ਪ੍ਰੀਤਿ

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥1॥ ਰਹਾਉ ॥
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥1॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥2॥1॥631।

(ਸ੍ਰਵਨ=ਕੰਨਾਂ ਨਾਲ, ਗੋਬਿੰਦ ਗੁਨ=ਗੋਬਿੰਦ ਦੇ ਗੁਣ, ਰਸਨਾ=
ਜੀਭ ਨਾਲ, ਮਾਧੋ=ਮਾਧਵ,ਮਾਇਆ ਦਾ ਪਤੀ, ਹੋਹਿ=ਹੋ ਜਾਂਦੇ
ਹਨ, ਪਤਿਤ=ਵਿਕਾਰੀ ਬੰਦੇ, ਪੁਨੀਤ=ਪਵਿੱਤ੍ਰ, ਬਿਆਲ=ਸੱਪ,
ਜਿਉ=ਵਾਂਗ, ਪਰਿਓ ਡੋਲੈ=ਫਿਰ ਰਿਹਾ ਹੈ, ਪਸਾਰੇ=ਖਿਲਾਰ ਕੇ,
ਮੀਤ=ਹੇ ਮਿੱਤਰ, ਆਜੁ ਕਾਲਿ=ਅੱਜ ਭਲਕ, ਫੁਨਿ ਤੋਹਿ=ਤੈਨੂੰ ਭੀ
ਗ੍ਰਸਿ ਹੈ=ਹੜੱਪ ਕਰ ਲਏਗਾ, ਚੀਤਿ=ਚਿੱਤ ਵਿਚ, ਅਉਸਰੁ=
ਜ਼ਿੰਦਗੀ ਦਾ ਸਮਾਂ)

16. ਮਨ ਕੀ ਮਨ ਹੀ ਮਾਹਿ ਰਹੀ

ਮਨ ਕੀ ਮਨ ਹੀ ਮਾਹਿ ਰਹੀ ॥
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥1॥ਰਹਾਉ॥
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥1॥
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥2॥2॥631॥

(ਮਾਹਿ=ਵਿਚ, ਤੀਰਥ=ਸੰਤ ਜਨ, ਸੇਵੇ=ਸੇਵਾ ਕੀਤੀ,
ਚੋਟੀ=ਬੋਦੀ, ਗਹੀ=ਫੜ ਲਈ, ਦਾਰਾ=ਇਸਤ੍ਰੀ, ਰਥ=
ਗੱਡੀਆਂ, ਸੰਪਤਿ=ਮਾਲ-ਅਸਬਾਬ, ਸਭ ਮਹੀ=ਸਾਰੀ
ਧਰਤੀ, ਅਵਰ=ਹੋਰ, ਸਗਲ=ਸਾਰਾ, ਮਿਥਿਆ=ਨਾਸਵੰਤ,
ਜਾਨਹੁ=ਸਮਝੋ, ਕੋ=ਦਾ, ਹਾਰਿਓ=ਥੱਕ ਗਿਆ, ਲਹੀ=ਲੱਭਾ,
ਬਰੀਆ=ਵਾਰੀ, ਕਹਾ ਨਹੀ=ਕਿਉਂ ਨਹੀਂ)

17. ਮਨ ਰੇ ਕਉਨੁ ਕੁਮਤਿ ਤੈ ਲੀਨੀ

ਮਨ ਰੇ ਕਉਨੁ ਕੁਮਤਿ ਤੈ ਲੀਨੀ ॥
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥1॥ ਰਹਾਉ ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥1॥
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥2॥
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥3॥3॥631॥

( ਕੁਮਤਿ=ਭੈੜੀ ਮਤਿ, ਦਾਰਾ=ਇਸਤ੍ਰੀ, ਰਾਸਿ=ਰਸ ਵਿਚ,
ਰਚਿਓ=ਮਸਤ ਹੈ, ਮੁਕਤਿ ਪੰਥੁ= ਖ਼ਲਾਸੀ ਦਾ ਰਾਹ, ਨਾਹਨਿ=
ਨਹੀਂ, ਧਾਇਆ=ਦੌੜਿਆ ਫਿਰਦਾ ਹੈ, ਕਾਹੂ=ਕਿਸੇ ਨੇ ਭੀ,ਬਿਰਥਾ=
ਵਿਅਰਥ ਹੀ, ਗਿਆਨਾ=ਆਤਮਕ ਜੀਵਨ ਦੀ ਸੂਝ, ਘਟ=ਹਿਰਦਾ,
ਤੇਰੈ ਘਟ ਹੀ ਮਾਹਿ=ਤੇਰੇ ਹਿਰਦੇ ਵਿਚ ਹੀ, ਉਦਿਆਨਾ=ਜੰਗਲ,
ਤੈ ਹਾਰਿਓ=ਤੂੰ ਹਾਰ ਲਈ ਹੈ, ਅਸਥਿਰ=ਅਡੋਲਤਾ ਵਿਚ ਰੱਖਣ
ਵਾਲੀ, ਮਾਨਸ ਦੇਹ ਪਦ=ਮਨੁੱਖਾ ਸਰੀਰ ਦਾ ਦਰਜਾ, ਪਾਇ=
ਹਾਸਲ ਕਰ ਕੇ)

18. ਮਨ ਰੇ ਪ੍ਰਭ ਕੀ ਸਰਨਿ ਬਿਚਾਰੋ

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥1॥ ਰਹਾਉ ॥
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥1॥
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥
ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥2॥
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥3॥4॥632॥

(ਬਿਚਾਰੋ= ਧਿਆਨ ਕਰ, ਜਿਹ ਸਿਮਰਤ=ਜਿਸ ਨੂੰ ਸਿਮਰਦਿਆਂ,
ਗਨਕਾ=ਵੇਸਵਾ (ਕਿਸੇ ਸੰਤ ਨੇ ਇਸ ਨੂੰ ਇਕ ਤੋਤਾ ਦਿੱਤਾ ਸੀ ਜੋ
'ਰਾਮ ਰਾਮ' ਉਚਾਰਦਾ ਸੀ, ਉਸ ਤੋਂ ਰਾਮ-ਨਾਮ ਸਿਮਰਨ ਦੀ ਲਗਨ
ਇਸ ਵੇਸਵਾ ਨੂੰ ਭੀ ਲੱਗ ਗਈ ਸੀ), ਉਰ=ਹਿਰਦੇ ਵਿਚ, ਧ੍ਰੂਅ=ਧਰੁਵ
(ਰਾਜਾ ਉੱਤਾਨਪਾਦ ਦਾ ਪੁੱਤਰ, ਮਤੇਈ ਮਾਂ ਦੇ ਨਿਰਾਦਰ ਤੋਂ ਉਪਰਾਮ
ਹੋ ਕੇ ਜੰਗਲ ਵਿਚ ਭਗਤੀ ਕਰਨ ਜਾ ਲੱਗਾ, ਤੇ ਸਦਾ ਲਈ ਅਟੱਲ ਸੋਭਾ
ਖੱਟ ਗਿਆ), ਨਿਰਭੈ ਪਦੁ=ਨਿਰਭੈਤਾ ਦਾ ਆਤਮਕ ਦਰਜਾ, ਇਹ ਬਿਧਿ
ਕੋ=ਇਸ ਤਰ੍ਹਾਂ ਦਾ, ਹਰਤਾ=ਦੂਰ ਕਰਨ ਵਾਲਾ, ਕਾਹੇ=ਕਿਉਂ, ਗਹੀ=ਫੜੀ,
ਗਜ=ਹਾਥੀ, ਅਜਾਮਲੁ=ਕਨੌਜ ਦਾ ਇਕ ਵੇਸਵਾ-ਗਾਮੀ ਬ੍ਰਾਹਮਣ (ਕਿਸੇ
ਮਹਾਤਮਾ ਦੇ ਕਹਿਣ ਤੇ ਇਸ ਨੇ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ'
ਰੱਖਿਆ। ਉਥੋਂ ਹੀ 'ਨਾਰਾਇਣ' ਦਾ ਸਿਮਰਨ ਕਰਨ ਦੀ ਲਗਣ ਲੱਗ ਗਈ,
ਤੇ, ਵਿਕਾਰਾਂ ਵਿਚੋਂ ਬਚ ਨਿਕਲਿਆ), ਚੇਤ=ਸਿਮਰ, ਚਿੰਤਾਮਨਿ=ਉਹ ਮਣੀ
ਜੋ ਹਰੇਕ ਚਿਤਵਨੀ ਪੂਰੀ ਕਰਦੀ ਹੈ, ਪਰਮਾਤਮਾ)

19. ਪ੍ਰਾਨੀ ਕਉਨੁ ਉਪਾਉ ਕਰੈ

ਪ੍ਰਾਨੀ ਕਉਨੁ ਉਪਾਉ ਕਰੈ ॥
ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥1॥ ਰਹਾਉ ॥
ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥
ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥1॥
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥
ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥2॥
ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥
ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥3॥5॥632॥

(ਤ੍ਰਾਸੁ=ਡਰ, ਹਰੈ=ਦੂਰ ਕਰ ਲਏ, ਕਉਨੁ ਨਾਮ ਗੁਰ=ਗੁਰੂ
ਦਾ ਕੇਹੜਾ ਨਾਮ, ਕਉ=ਨੂੰ, ਤਰਈ=ਪਾਰ ਲੰਘ ਜਾਏ,
ਕਲ ਮਹ=ਕਲਜੁਗ ਵਿਚ, ਕਿਰਪਾ ਨਿਧਿ ਨਾਮੁ=ਕਿਰਪਾ
ਦੇ ਖ਼ਜ਼ਾਨੇ ਪ੍ਰਭੂ ਦਾ ਨਾਮ, ਜਾਹਿ=ਜਿਸ ਨੂੰ, ਗਤਿ=ਉੱਚੀ
ਆਤਮਕ ਅਵਸਥਾ, ਸਮ=ਬਰਾਬਰ, ਬਿਧਿ=ਜੁਗਤਿ)

20. ਮਾਈ ਮੈ ਕਿਹਿ ਬਿਧਿ ਲਖਉ ਗੁਸਾਈ

ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥
ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥1॥ ਰਹਾਉ ॥
ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥
ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥1॥
ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥
ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥2॥6॥632॥

(ਲਖਉ=ਮੈਂ ਪਛਾਣਾਂ, ਤਿਮਰਿ=ਹਨੇਰੇ ਵਿਚ, ਅਸਥਿਰੁ=
ਅਡੋਲ ਰਹਿਣ ਵਾਲੀ, ਬਿਖਿਆਸਕਤ=ਮਾਇਆ ਵਿਚ
ਲੰਪਟ,ਨਿਸ=ਰਾਤ, ਬਾਸੁਰ=ਦਿਨ, ਅਧਮਾਈ=ਨੀਚਤਾ,
ਕੀਰਤਿ=ਸਿਫ਼ਤ-ਸਾਲਾਹ)

21. ਮਾਈ ਮਨੁ ਮੇਰੋ ਬਸਿ ਨਾਹਿ

ਮਾਈ ਮਨੁ ਮੇਰੋ ਬਸਿ ਨਾਹਿ ॥
ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥1॥ ਰਹਾਉ ॥
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥
ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥1॥
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥
ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥2॥
ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥3॥7॥632॥

(ਬਸਿ=ਵੱਸ ਵਿਚ, ਨਿਸ=ਰਾਤ, ਬਾਸੁਰ=ਦਿਨ, ਬਿਖਿਅਨ ਕਉ=
ਵਿਸ਼ਿਆਂ ਦੀ ਖ਼ਾਤਰ, ਧਾਵਤ=ਦੌੜਦਾ ਹੈ, ਤਾਹਿ=ਉਸ ਨੂੰ,
ਕੇ=ਦਾ, ਮਤ=ਉਪਦੇਸ਼, ਨਿਮਖ=ਅੱਖ ਝਮਕਣ ਜਿੰਨਾ ਸਮਾਂ,
ਹੀਏ=ਹਿਰਦੇ ਵਿਚ, ਦਾਰਾ=ਇਸਤ੍ਰੀ, ਸਿਰਾਵੈ=ਗੁਜ਼ਾਰਦਾ ਹੈ,
ਮਦਿ=ਨਸ਼ੇ ਵਿਚ, ਬਾਵਰੋ=ਕਮਲਾ, ਗਿਆਨਾ=ਆਤਮਕ ਜੀਵਨ
ਦੀ ਸਮਝ, ਮਰਮੁ=ਭੇਦ, ਸਾਧ=ਸੱਚਾ ਗੁਰੂ, ਦੁਰਮਤਿ=ਭੈੜੀ ਮਤਿ,
ਸਗਲ=ਸਾਰੀ, ਚਿੰਤਾਮਨਿ=ਚਿਤਵਨੀ ਪੂਰੀ ਕਰਨ ਵਾਲੀ ਮਣੀ,
ਪਰਮਾਤਮਾ, ਫਾਸੀ=ਫਾਹੀ)

22. ਰੇ ਨਰ ਇਹ ਸਾਚੀ ਜੀਅ ਧਾਰਿ

ਰੇ ਨਰ ਇਹ ਸਾਚੀ ਜੀਅ ਧਾਰਿ ॥
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥1॥ ਰਹਾਉ ॥
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥1॥
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥2॥8॥633॥

(ਸਾਚੀ=ਅਟੱਲ, ਸਦਾ ਕਾਇਮ ਰਹਿਣ ਵਾਲੀ, ਧਾਰਿ=ਟਿਕਾ ਲੈ,
ਸਗਲ=ਸਾਰਾ, ਬਿਨਸਤ=ਨਾਸ ਹੁੰਦਿਆਂ, ਬਾਰ=ਚਿਰ,ਦੇਰ, ਬਾਰੂ=
ਰੇਤ, ਭੀਤਿ=ਕੰਧ, ਰਚਿ=ਉਸਾਰ ਕੇ, ਪਚਿ=ਪੋਚ ਕੇ, ਉਰਝਿਓ=
ਮਸਤ ਹੋਇਆ, ਕਹਾ=ਕਿਉਂ, ਗਵਾਰ=ਹੇ ਮੂਰਖ, ਨਾਹਿਨਿ=ਨਹੀਂ,
ਮੁਰਾਰਿ=(ਮੁਰ-ਅਰਿ),ਪਰਮਾਤਮਾ, ਨਿਜ=ਆਪਣਾ, ਮਤੁ=ਖ਼ਿਆਲ)

23. ਇਹ ਜਗਿ ਮੀਤੁ ਨ ਦੇਖਿਓ ਕੋਈ

ਇਹ ਜਗਿ ਮੀਤੁ ਨ ਦੇਖਿਓ ਕੋਈ ॥
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥1॥ ਰਹਾਉ ॥
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥1॥
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥2॥
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥3॥9॥633॥

(ਦਾਰਾ=ਇਸਤ੍ਰੀ, ਸਗਰੇ=ਸਾਰੇ, ਨਿਰਧਨ=ਕੰਗਾਲ, ਯਿਆ ਮਨ ਕਉ=
ਇਸ ਮਨ ਨੂੰ, ਦੀਨਾ ਨਾਥ=ਗਰੀਬਾਂ ਦਾ ਖਸਮ, ਸਕਲ=ਸਾਰੇ, ਭੈ ਭੰਜਨ=
ਡਰਾਂ ਦਾ ਨਾਸ ਕਰਨ ਵਾਲਾ, ਸੁਆਨ ਪੂਛ=ਕੁੱਤੇ ਦੀ ਪੂਛ, ਸੂਧਉ=ਸਿੱਧੀ,
ਬਿਰਦ=ਮੁੱਢ-ਕਦੀਮ ਦਾ ਸੁਭਾਉ, ਲੀਨਉ=ਮੈਂ ਲੈ ਸਕਦਾ ਹਾਂ)

24. ਮਨ ਰੇ ਗਹਿਓ ਨ ਗੁਰ ਉਪਦੇਸੁ

ਮਨ ਰੇ ਗਹਿਓ ਨ ਗੁਰ ਉਪਦੇਸੁ ॥
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥1॥ ਰਹਾਉ ॥
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥1॥
ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥2॥
ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥3॥10॥633॥

(ਗਹਿਓ=ਫੜਿਆ, ਕਹਾ ਭਇਓ=ਕੀਹ ਹੋਇਆ, ਮੂਡੁ=ਸਿਰ,
ਭੇਸੁ=ਭੇਖ, ਸਾਚ=ਸਦਾ-ਥਿਰ ਹਰਿ-ਨਾਮ, ਅਕਾਰਥੁ=ਵਿਅਰਥ,
ਪਰਪੰਚ=ਪਖੰਡ, ਉਦਰ ਨਿਜ=ਆਪਣਾ ਪੇਟ, ਪੋਖਿਓ=ਪਾਲਿਆ,
ਪਸੁ ਕੀ ਨਿਆਈ=ਪਸ਼ੂਆਂ ਵਾਂਗ, ਗਤਿ=ਜੁਗਤਿ, ਉਰਝਿ ਰਹਿਓ=
ਮਗਨ ਰਿਹਾ, ਬਿਖਿਅਨ ਸੰਗਿ=ਮਾਇਕ ਪਦਾਰਥਾਂ ਨਾਲ, ਅਚੇਤੁ=
ਅਵੇਸਲਾ, ਅਉਧ=ਉਮਰ, ਸਿਰਾਨੀ=ਗੁਜ਼ਾਰ ਦਿੱਤੀ, ਬਿਰਦੁ=
ਮੁੱਢ-ਕਦੀਮ ਦਾ ਸੁਭਾਉ, ਪਰਾਨੀ=ਜੀਵ)

25. ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥1॥ ਰਹਾਉ ॥
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥1॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥2॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥3॥11॥633॥

(ਨਹੀ ਮਾਨੈ=ਨਹੀਂ ਪ੍ਰਤੀਤ ਕਰਦਾ, ਕੰਚਨ=ਸੋਨਾ, ਨਿੰਦਿਆ=ਚੁਗ਼ਲੀ,
ਬੁਰਾਈ, ਉਸਤਤਿ=ਖ਼ੁਸ਼ਾਮਦ, ਹਰਖ ਸੋਗ ਤੇ=ਖ਼ੁਸ਼ੀ ਗ਼ਮੀ ਤੋਂ, ਮਾਨ=
ਆਦਰ, ਅਪਮਾਨਾ=ਨਿਰਾਦਰੀ, ਮਨਸਾ=ਮਨੋਕਾਮਨਾ, ਪਰਸੈ=ਛੁੰਹਦਾ,
ਤਿਹ ਘਟਿ=ਉਸ ਦੇ ਹਿਰਦੇ ਵਿਚ, ਬ੍ਰਹਮੁ ਨਿਵਾਸਾ=ਪਰਮਾਤਮਾ ਦਾ
ਨਿਵਾਸ, ਜਿਹ ਨਰ ਕਉ=ਜਿਸ ਮਨੁੱਖ ਉਤੇ, ਤਿਹ=ਉਸ ਨੇ)

26. ਪ੍ਰੀਤਮ ਜਾਨਿ ਲੇਹੁ ਮਨ ਮਾਹੀ

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥1॥ ਰਹਾਉ ॥
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥1॥
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥2॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥3॥12॥139॥634॥

(ਮਾਹੀ=ਵਿਚ, ਫਾਂਧਿਓ=ਬੱਝਾ ਹੋਇਆ ਹੈ, ਕਾਹੂ ਕੋ=ਕਿਸੇ ਦਾ,
ਆਨਿ=ਆ ਕੇ, ਰਹਤ ਘੇਰੈ=ਘੇਰੀ ਰੱਖਦੇ ਹਨ, ਕੋਊ=ਕੋਈ ਭੀ,
ਨਾਰਿ=ਇਸਤ੍ਰੀ, ਹਿਤੁ=ਪਿਆਰ, ਹੰਸ=ਜੀਵਾਤਮਾ, ਕਾਂਇਆ=ਸਰੀਰ,
ਪ੍ਰੇਤ= ਮਰ ਚੁਕਾ, ਕਰਿ=ਆਖ ਕੇ, ਇਹ ਬਿਧਿ ਕੋ=ਇਸ ਤਰ੍ਹਾਂ ਦਾ,
ਬਿਉਹਾਰੁ=ਵਰਤਾਰਾ, ਕਾਮਿ=ਕੰਮ ਵਿਚ)

ਰਾਗੁ ਧਨਾਸਰੀ

27. ਕਾਹੇ ਰੇ ਬਨ ਖੋਜਨ ਜਾਈ

ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥1॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥1॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥2॥1॥684॥

(ਕਾਹੇ=ਕਾਹਦੇ ਵਾਸਤੇ, ਅਲੇਪਾ=ਨਿਰਲੇਪ,ਮਾਇਆ ਦੇ ਪ੍ਰਭਾਵ
ਤੋਂ ਸੁਤੰਤਰ, ਤੋਹੀ ਸੰਗਿ=ਤੇਰੇ ਨਾਲ ਹੀ, ਪੁਹਪ=ਫੁੱਲ, ਮਧਿ=ਵਿਚ,
ਬਾਸੁ=ਸੁਗੰਧੀ, ਮੁਕਰ=ਸ਼ੀਸ਼ਾ, ਛਾਈ=ਛਾਇਆ,ਅਕਸ, ਨਿਰੰਤਰਿ=
ਬਿਨਾ ਵਿੱਥ ਦੇ,ਹਰ ਥਾਂ, ਘਟ ਹੀ=ਹਿਰਦੇ ਵਿਚ, ਬਿਨੁ ਚੀਨੈ=ਪਰਖਣ
ਤੋਂ ਬਿਨਾ, ਭ੍ਰਮ=ਭਟਕਣਾ, ਕਾਈ=ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ
ਜਾਂਦਾ ਹੈ ਜਿੱਥੇ ਪਾਣੀ ਕਾਫ਼ੀ ਚਿਰ ਖਲੋਤਾ ਰਹੇ। ਇਸ ਜਾਲੇ ਦੇ ਕਾਰਨ
ਪਾਣੀ ਜ਼ਮੀਨ ਵਿਚ ਰਚ ਨਹੀਂ ਸਕਦਾ)

28. ਸਾਧੋ ਇਹੁ ਜਗੁ ਭਰਮ ਭੁਲਾਨਾ

ਸਾਧੋ ਇਹੁ ਜਗੁ ਭਰਮ ਭੁਲਾਨਾ ॥
ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥1॥ ਰਹਾਉ ॥
ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥1॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥2॥2॥684॥

(ਭੁਲਾਨਾ=ਕੁਰਾਹੇ ਪਿਆ ਹੋਇਆ ਹੈ, ਬਿਕਾਨਾ=ਵਿਕਿਆ ਹੋਇਆ ਹੈ,
ਸੁਤ=ਪੁੱਤਰ, ਬਨਿਤਾ=ਇਸਤ੍ਰੀ, ਤਾ ਕੈ ਰਸਿ=ਉਹਨਾਂ ਦੇ ਮੋਹ ਵਿਚ,
ਲਪਟਾਨਾ=ਫਸਿਆ ਰਹਿੰਦਾ ਹੈ, ਜੋਬਨੁ=ਜਵਾਨੀ, ਪ੍ਰਭਤਾ=ਤਾਕਤ,ਹੁਕੂਮਤ,
ਮਦ=ਨਸ਼ਾ, ਅਹਿ=ਦਿਨ, ਨਿਸਿ=ਰਾਤ, ਦਿਵਾਨਾ=ਪਾਗਲ,ਝੱਲਾ, ਦੁਖ ਭੰਜਨ=
ਦੁੱਖਾਂ ਦਾ ਨਾਸ ਕਰਨ ਵਾਲਾ, ਕੋਟਨ ਮੈ=ਕ੍ਰੋੜਾਂ ਵਿਚ, ਕਿਨਹੂ=ਕਿਸੇ ਵਿਰਲੇ ਨੇ,
ਗੁਰਮੁਖਿ ਹੋਇ=ਗੁਰੂ ਦੀ ਸਰਨ ਪੈ ਕੇ)

29. ਤਿਹ ਜੋਗੀ ਕਉ ਜੁਗਤਿ ਨ ਜਾਨਉ

ਤਿਹ ਜੋਗੀ ਕਉ ਜੁਗਤਿ ਨ ਜਾਨਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥1॥ ਰਹਾਉ ॥
ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥1॥
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥2॥3॥685॥

(ਤਿਹ ਜੋਗੀ ਕਉ=ਉਸ ਜੋਗੀ ਨੂੰ, ਜੁਗਤਿ=ਸਹੀ ਜੀਵਨ-ਜਾਚ,
ਜਾਨਉ=ਮੈਂ ਸਮਝਦਾ ਹਾਂ, ਫੁਨਿ=ਫਿਰ, ਜਿਹ ਘਟ ਮਾਹਿ=ਜਿਸ
ਦੇ ਹਿਰਦੇ ਵਿਚ, ਕੰਚਨੁ=ਸੋਨਾ, ਲੋਹ=ਲੋਹਾ, ਸਮਾਨੋ=ਇਕੋ ਜਿਹਾ,
ਹਰਖ=ਖ਼ੁਸ਼ੀ, ਅਤੀਤਾ=ਵਿਰਕਤ, ਤਾਹਿ=ਉਸ ਨੂੰ ਹੀ, ਬਖਾਨੋ=ਆਖੋ,
ਚੰਚਲ=ਭਟਕਣ ਵਾਲਾ, ਦਹ=ਦਸ, ਦਿਸਿ=ਪਾਸਾ, ਅਚਲੁ=ਅਡੋਲ,
ਇਹ ਬਿਧਿ ਕੋ=ਇਸ ਕਿਸਮ ਦਾ, ਮੁਕਤਿ=ਵਿਕਾਰਾਂ ਤੋਂ ਖ਼ਲਾਸੀ, ਮਾਨੋ=
ਸਮਝ)

30. ਅਬ ਮੈ ਕਉਨੁ ਉਪਾਉ ਕਰਉ

ਅਬ ਮੈ ਕਉਨੁ ਉਪਾਉ ਕਰਉ ॥
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥1॥ ਰਹਾਉ ॥
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥1॥
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥2॥4॥685॥

(ਜਿਹ ਬਿਧਿ=ਜਿਸ ਤਰੀਕੇ ਨਾਲ, ਸੰਸਾ=ਸਹਮ, ਭਉ ਨਿਧਿ=
ਸੰਸਾਰ-ਸਮੁੰਦਰ, ਪਰਉ=ਲੰਘ ਜਾਵਾਂ, ਬਚਿ=ਬਚਨ ਦੀ ਰਾਹੀਂ,
ਕ੍ਰਮ=ਕਰਮ ਦੀ ਰਾਹੀਂ, ਉਦਰੁ=ਢਿੱਡ, ਹਉ=ਮੈਂ, ਪਤਿਤ=
ਵਿਕਾਰਾਂ ਵਿਚ ਡਿੱਗਾ ਹੋਇਆ, ਤਰਉ=ਮੈਂ ਤਰ ਜਾਵਾਂ)

ਰਾਗੁ ਜੈਤਸਰੀ

31. ਭੂਲਿਓ ਮਨੁ ਮਾਇਆ ਉਰਝਾਇਓ

ਭੂਲਿਓ ਮਨੁ ਮਾਇਆ ਉਰਝਾਇਓ ॥
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥1॥ ਰਹਾਉ ॥
ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥
ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥1॥
ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥2॥1॥702॥

(ਭੂਲਿਓ=ਭੁੱਲ ਚੁਕਾ ਹੈ, ਉਰਝਾਇਓ=ਫਸ ਰਿਹਾ ਹੈ, ਬੰਧਾਇਓ=
ਬਨ੍ਹਾ ਰਿਹਾ ਹੈ, ਬਿਖੈ ਰਸ=ਵਿਸ਼ਿਆਂ ਦੇ ਸੁਆਦ ਵਿਚ, ਜਸੁ=
ਸਿਫ਼ਤ-ਸਾਲਾਹ, ਧਾਇਓ=ਦੌੜਦਾ ਹੈ, ਬਿਰਥਾ=ਵਿਅਰਥ)

32. ਹਰਿ ਜੂ ਰਾਖਿ ਲੇਹੁ ਪਤਿ ਮੇਰੀ

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥1॥ ਰਹਾਉ ॥
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥1॥
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥2॥
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥3॥2॥703॥

(ਜਮ ਕੋ ਤ੍ਰਾਸ=ਮੌਤ ਦਾ ਡਰ, ਉਰ=ਹਿਰਦਾ, ਗਹੀ=ਫੜੀ,
ਕਿਰਪਾ ਨਿਧਿ=ਹੇ ਕਿਰਪਾ ਦੇ ਖ਼ਜ਼ਾਨੇ, ਪਤਿਤ=ਵਿਕਾਰਾਂ
ਵਿਚ ਡਿੱਗਾ ਹੋਇਆ,ਪਾਪੀ, ਮੁਗਧ=ਮੂਰਖ, ਫੁਨਿ=ਫਿਰ,
ਜਾਰਾ=ਸਾੜ ਦਿੱਤਾ ਹੈ, ਉਪਾਵ=ਹੀਲੇ, ਮੁਕਤਿ=ਖ਼ਲਾਸੀ,
ਕੇ ਕਾਰਨਿ=ਦੇ ਵਾਸਤੇ, ਦਹ ਦਿਸਿ=ਦਸੀਂ ਪਾਸੀਂ, ਉਠਿ=
ਉੱਠ ਕੇ, ਨਿਰੰਜਨੁ=(ਨਿਰ+ਅੰਜਨੁ) ਮਾਇਆ ਦੀ ਕਾਲਖ
ਤੋਂ ਰਹਿਤ, ਮਰਮੁ=ਭੇਦ, ਸਰਨਾਗਤਿ=ਸਰਨ ਆਇਆ ਹਾਂ,
ਅਭੈ ਦਾਨੁ=ਮੌਤ ਦੇ ਡਰ ਤੋਂ ਛੁਟਕਾਰੇ ਦਾ ਦਾਨ)

33. ਮਨ ਰੇ ਸਾਚਾ ਗਹੋ ਬਿਚਾਰਾ

ਮਨ ਰੇ ਸਾਚਾ ਗਹੋ ਬਿਚਾਰਾ ॥
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥1॥ ਰਹਾਉ ॥
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥1॥
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥
ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥2॥3॥703॥

(ਗਹੋ=ਫੜ, ਮਿਥਿਆ=ਨਾਸਵੰਤ, ਮਾਨੋ=ਜਾਣੋ, ਸਗਰੋ=
ਸਾਰਾ, ਤਿਹ ਪਾਰਾ=ਉਸ ਦਾ ਅੰਤ, ਰੇਖ=ਚਿਹਨ, ਪਾਵਨ=
ਪਵਿਤ੍ਰ ਕਰਨ ਵਾਲਾ, ਸੰਭਾਰਾ=ਸਾਂਭਿਆ, ਜਗ ਬੰਦਨ=
ਜਗਤ ਦੇ ਨਮਸਕਾਰ-ਜੋਗ, ਬਿਰਦੁ=ਮੁੱਢ-ਕਦੀਮ ਦਾ ਸੁਭਾਉ)

ਰਾਗੁ ਟੋਡੀ

34. ਕਹਉ ਕਹਾ ਅਪਨੀ ਅਧਮਾਈ

ਕਹਉ ਕਹਾ ਅਪਨੀ ਅਧਮਾਈ ॥
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥1॥ ਰਹਾਉ ॥
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥1॥
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥2॥1॥31॥718॥

(ਅਧਮਾਈ=ਨੀਚਤਾ, ਉਰਝਿਓ=ਫਸਿਆ ਹੋਇਆ ਹੈ, ਕਨਕ=
ਸੋਨਾ, ਕਾਮਨੀ=ਇਸਤ੍ਰੀ, ਰਸ=ਸੁਆਦਾਂ ਵਿਚ, ਕੀਰਤਿ=ਸਿਫ਼ਤ,
ਰੁਚਿ=ਲਗਨ, ਦੀਨ ਬੰਧੁ=ਨਿਮਾਣਿਆਂ ਦਾ ਰਿਸ਼ਤੇਦਾਰ, ਨਿਸਿ=
ਰਾਤ, ਕਾਈ=ਪਾਣੀ ਦਾ ਜਾਲਾ, ਅਨਤ=ਕਿਸੇ ਹੋਰ ਥਾਂ, ਗਤਿ=
ਉੱਚੀ ਆਤਮਕ ਅਵਸਥਾ)

ਰਾਗੁ ਤਿਲੰਗ

35. ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥1॥ ਰਹਾਉ ॥
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥1॥
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥2॥1॥726॥

(ਨਿਸ ਦਿਨ ਮਹਿ=ਰਾਤ ਦਿਨ ਵਿਚ, ਅਉਧ=ਉਮਰ,
ਬਿਹਾਤੁ ਹੈ=ਬੀਤਦੀ ਜਾ ਰਹੀ ਹੈ, ਫੂਟੈ ਘਟ=ਫੁੱਟੇ
ਹੋਏ ਘੜੇ ਵਿਚੋ, ਨਿਰਭੈ ਪਦੁ=ਉਹ ਆਤਮਕ ਦਰਜਾ
ਜਿਥੇ ਕੋਈ ਡਰ ਪੋਹ ਨਹੀਂ ਸਕਦਾ)

36. ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥1॥ ਰਹਾਉ ॥
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥1॥
ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥2॥2॥726॥

(ਗਾਫਲ=ਬੇ-ਫ਼ਿਕਰ, ਸੁਤ=ਪੁੱਤਰ, ਬੰਧ ਜਨ=ਰਿਸ਼ਤੇਦਾਰ,
ਹਿਤੁ=ਪਿਆਰ, ਛੂਟਿਓ=ਨਿਕਲ ਜਾਂਦੀ ਹੈ, ਡਾਰਿ ਦੀਨਾ=
ਸੁੱਟ ਦਿੱਤਾ, ਜੀਵਤ ਲਉ=ਜ਼ਿੰਦਗੀ ਤਕ, ਬਿਉਹਾਰੁ=ਵਿਹਾਰ,
ਸਮਾਨਉ=ਸਮਾਨ,ਵਰਗਾ)

37. ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ

ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥1॥ ਰਹਾਉ ॥
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥1॥
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥2॥
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥3॥3॥727॥

(ਅਉਸਰੁ=ਸਮਾਂ, ਸੰਪਤਿ=ਧਨ-ਪਦਾਰਥ, ਪਰੀ=
ਪੈਂਦੀ ਹੈ, ਪਰਾਇਓ=ਬਿਗਾਨੀ, ਬਾਵਰੇ=ਝੱਲੇ,
ਸੁਕਚਿਓ=ਸੰਗਦਾ, ਗਰਬੁ=ਅਹੰਕਾਰ, ਨਿਵਾਰਿਓ=
ਦੂਰ ਕੀਤਾ, ਜਿਹ ਬਿਧਿ=ਜਿਸ ਤਰੀਕੇ ਨਾਲ,
ਗਹੁ=ਫੜ, ਪ੍ਰਭ ਸਰਨਾਈ=ਪ੍ਰਭੂ ਦੀ ਸਰਨ)

ਰਾਗੁ ਬਿਲਾਵਲੁ

38. ਦੁਖ ਹਰਤਾ ਹਰਿ ਨਾਮੁ ਪਛਾਨੋ

ਦੁਖ ਹਰਤਾ ਹਰਿ ਨਾਮੁ ਪਛਾਨੋ ॥
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥1॥ ਰਹਾਉ ॥
ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥1॥
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥
ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥2॥1॥830॥

(ਪਛਾਨੋ=ਪਛਾਣ, ਹਰਤਾ=ਨਾਸ ਕਰਨ ਵਾਲਾ, ਜੀਅ ਜਾਨੋ=
ਜਿੰਦ ਨਾਲ ਜਾਣ, ਅਜਾਮਲੁ=ਇਕ ਵੇਸਵਾ-ਗਾਮੀ ਬ੍ਰਾਹਮਣ,
ਗਨਿਕਾ=ਇਕ ਵੇਸਵਾ, ਗਜ=ਹਾਥੀ, ਤ੍ਰਾਸ=ਡਰ, ਬਖਾਨੋ=
ਉਚਾਰਿਆ, ਕਹਤ=ਉਪਦੇਸ਼ ਕਰਦਾ ਸੀ, ਲਪਟਾਨੋ=
ਮਸਤ ਹੋ ਗਿਆ, ਅਚਲ=ਅਟੱਲ, ਅਮਰ=ਕਦੇ ਨਾਹ
ਮੁੱਕਣ ਵਾਲਾ, ਨਿਰਭੈ ਪਦੁ=ਉਹ ਆਤਮਕ ਦਰਜਾ ਜਿਥੇ
ਕੋਈ ਡਰ ਨਹੀਂ, ਜਾਹਿ=ਜਿਸ ਨਾਲ, ਰਛਕ=ਰੱਖਿਆ
ਕਰਨ ਵਾਲਾ, ਮਾਨੋ=ਮੰਨੋ)

39. ਹਰਿ ਕੇ ਨਾਮ ਬਿਨਾ ਦੁਖੁ ਪਾਵੈ

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥1॥ ਰਹਾਉ ॥
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥1॥
ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥2॥2॥830॥

(ਸਹਸਾ=ਸਹਿਮ, ਭੇਦੁ=ਡੂੰਘੀ ਗੱਲ, ਨਿਹਫਲ=ਵਿਅਰਥ,
ਮਾਨ=ਅਹੰਕਾਰ, ਪਰਹਰਿ=ਤਿਆਗ ਕੇ, ਇਹ ਬਿਧਿ ਕੋ=
ਇਸ ਕਿਸਮ ਦਾ, ਪ੍ਰਾਨੀ=ਮਨੁੱਖ, ਜੀਵਨ ਮੁਕਤਿ=ਜੀਊਂਦਾ
ਹੀ ਵਿਕਾਰਾਂ ਤੋਂ ਆਜ਼ਾਦ)

40. ਜਾ ਮੈ ਭਜਨੁ ਰਾਮ ਕੋ ਨਾਹੀ

ਜਾ ਮੈ ਭਜਨੁ ਰਾਮ ਕੋ ਨਾਹੀ ॥
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥1॥ ਰਹਾਉ ॥
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥1॥
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥2॥
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥3॥3॥831॥

(ਤਿਹ ਨਰ=ਉਸ ਮਨੁੱਖ ਨੇ, ਅਕਾਰਥੁ=ਵਿਅਰਥ,
ਰਾਖਹੁ ਮਨ ਮਾਹੀ=ਪੱਕੀ ਚੇਤੇ ਰੱਖੋ, ਫੁਨਿ=ਭੀ,
ਬਸਿ=ਵੱਸ ਵਿਚ, ਜਾ ਕੋ ਮਨੂਆ=ਜਿਸ ਦਾ ਮਨ,
ਤਾਹਿ=ਉਸ ਦਾ, ਯਾ ਕਉ=ਉਸ ਨੂੰ, ਪਾਹਨੁ=ਪੱਥਰ,
ਭੇਦੈ=ਵਿੰਨ੍ਹਦਾ, ਤਿਹ=ਉਸ ਨੂੰ, ਕਲਿ ਮਹਿ=ਸੰਸਾਰ
ਵਿਚ, ਮੁਕਤਿ=ਵਿਕਾਰਾਂ ਤੋਂ ਖ਼ਲਾਸੀ, ਗਰੂਆ=ਭਾਰਾ)

ਰਾਗੁ ਰਾਮਕਲੀ

41. ਰੇ ਮਨ ਓਟ ਲੇਹੁ ਹਰਿ ਨਾਮਾ

ਰੇ ਮਨ ਓਟ ਲੇਹੁ ਹਰਿ ਨਾਮਾ ॥
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥1॥ ਰਹਾਉ ॥
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥1॥
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥2॥
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥3॥1॥901॥

(ਦੁਰਮਤਿ=ਬੁਰੀ ਮੱਤ, ਤਿਹ ਜਨ ਕਉ=ਉਸ ਮਨੁੱਖ ਨੂੰ,
ਖੋਇ ਕੈ=ਨਾਸ ਕਰ ਕੇ, ਫੁਨਿ=ਮੁੜ, ਸਿਧਾਵੈ=ਜਾ
ਪਹੁੰਚਦਾ ਹੈ, ਕਾਲ=ਸਮਾਂ, ਨਾਰਾਇਨ ਸੁਧਿ=
ਪਰਮਾਤਮਾ ਦੀ ਸੂਝ, ਗਤਿ=ਉੱਚੀ ਆਤਮਕ
ਅਵਸਥਾ, ਜੋਗੀਸੁਰ=ਵੱਡੇ ਵੱਡੇ ਜੋਗੀ, ਨਾਹਿਨ=
ਨਹੀਂ, ਗਜਿ=ਗਜ ਨੇ, ਅਭੈ ਦਾਨੁ=ਨਿਰਭੈਤਾ
ਦੀ ਬਖ਼ਸ਼ਸ਼, ਤਿਹ=ਉਸ ਨੂੰ)

42. ਸਾਧੋ ਕਉਨ ਜੁਗਤਿ ਅਬ ਕੀਜੈ

ਸਾਧੋ ਕਉਨ ਜੁਗਤਿ ਅਬ ਕੀਜੈ ॥
ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥1॥ ਰਹਾਉ ॥
ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥
ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥1॥
ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥2॥
ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥
ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥3॥2॥902॥

(ਦੁਰਮਤਿ ਸਗਲ=ਸਾਰੀ ਖੋਟੀ ਮਤਿ, ਭੀਜੈ=ਭਿੱਜ ਜਾਏ,
ਉਰਝਿ ਰਹਿਓ ਹੈ=ਫਸਿਆ ਹੋਇਆ ਹੈ, ਪਦੁ ਨਿਰਬਾਨਾ=
ਵਾਸਨਾ-ਰਹਿਤ ਦਰਜਾ, ਨਿਸਿ=ਰਾਤ, ਬਾਸਰੁ=ਦਿਨ,
ਨਿਮਖ=ਅੱਖ ਝਮਕਣ ਜਿੰਨਾ ਸਮਾਂ, ਉਰਿ ਧਾਰੈ=
ਹਿਰਦੇ ਵਿਚ ਟਿਕਾਂਦਾ ਹੈ, ਤ੍ਰਾਸੁ=ਡਰ, ਸਵਾਰੈ=
ਸਫਲ ਕਰ ਲੈਂਦਾ ਹੈ)

43. ਪ੍ਰਾਨੀ ਨਾਰਾਇਨ ਸੁਧਿ ਲੇਹਿ

ਪ੍ਰਾਨੀ ਨਾਰਾਇਨ ਸੁਧਿ ਲੇਹਿ ॥
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥1॥ ਰਹਾਉ ॥
ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥1॥
ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥2॥
ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥
ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥3॥3॥81॥902॥

(ਨਾਰਾਇਨ ਸੁਧਿ=ਪਰਮਾਤਮਾ ਦੀ ਯਾਦ, ਅਉਧ=
ਉਮਰ, ਨਿਸਿ=ਰਾਤ, ਬਾਸੁਰ=ਦਿਨ, ਤਰਨਾਪੋ=ਜਵਾਨੀ,
ਬਿਖਿਅਨ ਸਿਉ=ਵਿਸ਼ਿਆਂ ਨਾਲ, ਕਉਨ ਕੁਮਤਿ=ਕਿਹੜੀ
ਖੋਟੀ ਮਤਿ ਵਿਚ, ਉਰਝਾਨਾ=ਉਲਝਿਆ ਪਿਆ ਹੈਂ, ਮਦੁ=
ਨਸ਼ਾ, ਚਿੰਤਾਮਨਿ=ਪਰਮਾਤਮਾ, (ਉਹ ਮਣੀ ਜੋ ਹਰੇਕ
ਚਿਤਵਨੀ ਪੂਰੀ ਕਰ ਦੇਂਦੀ ਹੈ), ਸਹਾਈ=ਮਦਦਗਾਰ)

ਰਾਗੁ ਮਾਰੂ

44. ਹਰਿ ਕੋ ਨਾਮੁ ਸਦਾ ਸੁਖਦਾਈ

ਹਰਿ ਕੋ ਨਾਮੁ ਸਦਾ ਸੁਖਦਾਈ ॥
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥1॥ ਰਹਾਉ ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥1॥
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥2॥1॥1008॥

(ਸੁਖਦਾਈ=ਆਤਮਕ ਆਨੰਦ ਦੇਣ ਵਾਲਾ ਹੈ, ਉਧਰਿਓ=
ਵਿਕਾਰਾਂ ਤੋਂ ਬਚ ਗਿਆ, ਗਨਿਕਾ=ਵੇਸਵਾ, ਗਤਿ=
ਉੱਚੀ ਆਤਮਕ ਅਵਸਥਾ, ਪੰਚਾਲੀ=ਪੰਚਾਲ ਦੇਸ
ਦੀ ਰਾਜ-ਕੁਮਾਰੀ,ਦ੍ਰੋਪਦੀ, ਸੁਧਿ=ਸੂਝ, ਹਰਿਓ=
ਦੂਰ ਕੀਤਾ, ਕਰੁਣਾਮੈ=ਤਰਸ-ਸਰੂਪ ਪਰਮਾਤਮਾ,
ਪੈਜ=ਇੱਜ਼ਤ, ਕਿਰਪਾ ਨਿਧਿ ਜਸੁ=ਕਿਰਪਾ ਦੇ
ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ, ਗਹੀ=ਫੜੀ,
ਆਨਿ=ਆ ਕੇ)

45. ਅਬ ਮੈ ਕਹਾ ਕਰਉ ਰੀ ਮਾਈ

ਅਬ ਮੈ ਕਹਾ ਕਰਉ ਰੀ ਮਾਈ ॥
ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹ੍ਹਾਈ ॥1॥ ਰਹਾਉ ॥
ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥
ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥1॥
ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥
ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥2॥2॥1008॥

(ਬਿਖਿਅਨ ਸਿਉ=ਵਿਸ਼ੇ-ਵਿਕਾਰਾਂ ਨਾਲ, ਕਨ੍ਹਾਈ=ਕਨ੍ਹਈਆ,
ਪਰਮਾਤਮਾ, ਫਾਸ=ਫਾਹੀ, ਗਰ ਮਹਿ=ਗਲ ਵਿਚ, ਮੇਲੀ=
ਪਾ ਦਿੱਤੀ, ਸੁਧਿ=ਹੋਸ਼, ਬਿਸਰਾਈ=ਭੁਲਾ ਦਿੱਤੀ, ਯਾ
ਸੰਕਟ ਮਹਿ=ਇਸ ਬਿਪਤਾ ਵਿਚ, ਪਰਾਈ=ਬਿਗਾਨੀ,
ਸੋਚ=ਪਛੁਤਾਵਾ)

46. ਮਾਈ ਮੈ ਮਨ ਕੋ ਮਾਨੁ ਨ ਤਿਆਗਿਓ

ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥
ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥1॥ ਰਹਾਉ ॥
ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥
ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥1॥
ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥
ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥2॥3॥1008॥

(ਮਦਿ=ਨਸ਼ੇ ਵਿਚ, ਸਿਰਾਇਓ=ਗੁਜ਼ਾਰਿਆ, ਪਰਿਓ=ਪਿਆ,
ਸੋਵਤ ਤੇ=ਸੁੱਤੇ ਰਹਿਣ ਤੋਂ, ਕਹਾ ਹੋਤ=ਕੀਹ ਹੋ ਸਕਦਾ ਹੈ,
ਛੂਟਤ ਨਾਹਿਨ ਭਾਗਿਓ=ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ,
ਘਟ ਮਹਿ=ਹਿਰਦੇ ਵਿਚ, ਅਨੁਰਾਗਿਓ=ਪਿਆਰ ਪਾਇਆ,
ਪ੍ਰਭ ਜਸ ਮਹਿ=ਪ੍ਰਭੂ ਦੇ ਜਸ ਵਿਚ, ਪਾਗਿਓ=ਪਿਆ)

ਰਾਗੁ ਬਸੰਤ ਹਿੰਡੋਲ

47. ਸਾਧੋ ਇਹੁ ਤਨੁ ਮਿਥਿਆ ਜਾਨਉ

ਸਾਧੋ ਇਹੁ ਤਨੁ ਮਿਥਿਆ ਜਾਨਉ ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥1॥ ਰਹਾਉ ॥
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥
ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥1॥
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥2॥1॥1186॥

(ਮਿਥਿਆ=ਨਾਸਵੰਤ, ਯਾ ਭੀਤਰਿ=ਇਸ ਵਿਚ, ਸਾਚੋ=
ਸਦਾ ਕਾਇਮ ਰਹਿਣ ਵਾਲਾ, ਤਾਹਿ=ਉਸ ਨੂੰ, ਸੰਪਤਿ=
ਧਨ, ਐਡਾਨੋ=ਆਕੜਦਾ ਹੈਂ, ਸੰਗਿ ਤਿਹਾਰੈ=ਤੇਰੇ ਨਾਲ,
ਲਪਟਾਨੋ=ਚੰਬੜਿਆ ਹੋਇਆ ਹੈਂ, ਉਸਤਤਿ=ਖ਼ੁਸ਼ਾਮਦ,
ਪਰਹਰਿ=ਦੂਰ ਕਰ,ਛੱਡ ਦੇ, ਕੀਰਤਿ=ਸਿਫ਼ਤ-ਸਾਲਾਹ,
ਉਰਿ=ਹਿਰਦੇ ਵਿਚ, ਆਨੋ=ਲਿਆਓ, ਪੂਰਨੁ=ਵਿਆਪਕ)

48. ਪਾਪੀ ਹੀਐ ਮੈ ਕਾਮੁ ਬਸਾਇ

ਪਾਪੀ ਹੀਐ ਮੈ ਕਾਮੁ ਬਸਾਇ ॥
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥1॥ ਰਹਾਉ ॥
ਜੋਗੀ ਜੰਗਮ ਅਰੁ ਸੰਨਿਆਸ ॥
ਸਭ ਹੀ ਪਰਿ ਡਾਰੀ ਇਹ ਫਾਸ ॥1॥
ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥
ਤੇ ਭਵ ਸਾਗਰ ਉਤਰੇ ਪਾਰਿ ॥2॥
ਜਨ ਨਾਨਕ ਹਰਿ ਕੀ ਸਰਨਾਇ ॥
ਦੀਜੈ ਨਾਮੁ ਰਹੈ ਗੁਨ ਗਾਇ ॥3॥2॥1186॥

(ਹੀਐ ਮੈ=ਹਿਰਦੇ ਵਿਚ, ਬਸਾਇ=ਟਿਕਿਆ
ਰਹਿੰਦਾ ਹੈ, ਗਹਿਓ ਨ ਜਾਇ=ਫੜਿਆ ਨਹੀਂ
ਜਾ ਸਕਦਾ, ਜੰਗਮ=ਸ਼ਿਵ-ਉਪਾਸਕ ਸਾਧੂ ਜੋ
ਆਪਣੇ ਸਿਰ ਉਤੇ ਮੋਰ ਦੇ ਖੰਭ ਬੰਨ੍ਹ ਕੇ ਟੱਲੀਆਂ
ਵਜਾਂਦੇ ਹੱਟੀ ਹੱਟੀ ਮੰਗਦੇ ਫਿਰਦੇ ਹਨ, ਅਰੁ=ਅਤੇ,
ਪਰਿ=ਉਤੇ, ਡਾਰੀ=ਸੁੱਟੀ ਹੋਈ ਹੈ, ਫਾਸ=ਫਾਹੀ,
ਜਿਹਿ ਜਿਹਿ=ਜਿਸ ਜਿਸ ਨੇ, ਸਮ੍ਹਾਰਿ=ਸੰਭਾਲਿਆ ਹੈ,
ਦੀਜੈ=ਦੇਹ, ਰਹੈ ਗਾਇ=ਗਾਂਦਾ ਰਹੇ)

49. ਮਾਈ ਮੈ ਧਨੁ ਪਾਇਓ ਹਰਿ ਨਾਮੁ

ਮਾਈ ਮੈ ਧਨੁ ਪਾਇਓ ਹਰਿ ਨਾਮੁ ॥
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥1॥ ਰਹਾਉ ॥
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥1॥
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥2॥
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥3॥3॥1186॥

(ਧਾਵਨ ਤੇ=ਦੌੜ-ਭੱਜ ਕਰਨ ਤੋਂ, ਛੂਟਿਓ=ਬਚ ਗਿਆ ਹੈ,
ਬਿਸਰਾਮੁ=ਟਿਕਾਣਾ, ਮਾਇਆ ਮਮਤਾ=ਮਾਇਆ ਜੋੜਨ
ਦੀ ਲਾਲਸਾ, ਨਿਰਮਲ ਗਿਆਨੁ=ਨਿਰਮਲ ਪ੍ਰਭੂ ਦਾ ਗਿਆਨ,
ਪਰਸਿ ਨ ਸਾਕੈ=ਛੁਹ ਨਹੀਂ ਸਕਦੇ, ਗਹੀ=ਫੜੀ, ਸੰਸਾ=ਸਹਿਮ,
ਨਿਜ=ਆਪਣਾ, ਕਿਰਪਾ ਨਿਧਿ=ਕਿਰਪਾ ਦਾ ਖ਼ਜ਼ਾਨਾ ਪ੍ਰਭੂ, ਸੋ=ਉਹ,
ਇਹ ਬਿਧਿ ਕੀ ਸੰਪੈ=ਇਸ ਤਰ੍ਹਾਂ ਦਾ ਧਨ, ਕੋਊ=ਕੋਈ ਵਿਰਲਾ ਹੀ)

50. ਮਨ ਕਹਾ ਬਿਸਾਰਿਓ ਰਾਮ ਨਾਮੁ

ਮਨ ਕਹਾ ਬਿਸਾਰਿਓ ਰਾਮ ਨਾਮੁ ॥
ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥1॥ ਰਹਾਉ ॥
ਇਹੁ ਜਗੁ ਧੂਏ ਕਾ ਪਹਾਰ ॥
ਤੈ ਸਾਚਾ ਮਾਨਿਆ ਕਿਹ ਬਿਚਾਰਿ ॥1॥
ਧਨੁ ਦਾਰਾ ਸੰਪਤਿ ਗ੍ਰੇਹ ॥
ਕਛੁ ਸੰਗਿ ਨ ਚਾਲੈ ਸਮਝ ਲੇਹ ॥2॥
ਇਕ ਭਗਤਿ ਨਾਰਾਇਨ ਹੋਇ ਸੰਗਿ ॥
ਕਹੁ ਨਾਨਕ ਭਜੁ ਤਿਹ ਏਕ ਰੰਗਿ ॥3॥4॥1186॥

(ਬਿਨਸੈ=ਨਾਸ ਹੁੰਦਾ ਹੈ, ਜਮ ਸਿਉ=ਜਮਾਂ ਨਾਲ,
ਕਾਮੁ=ਕੰਮ, ਪਰੇ=ਪੈਂਦਾ ਹੈ, ਪਹਾਰ=ਪਹਾੜ, ਕਿਹ
ਬਿਚਾਰਿ=ਕੀਹ ਵਿਚਾਰ ਕੇ, ਦਾਰਾ=ਇਸਤ੍ਰੀ, ਗ੍ਰੇਹ=
ਘਰ, ਏਕ ਰੰਗਿ=ਇੱਕ ਦੇ ਪਿਆਰ ਵਿਚ)

51. ਕਹਾ ਭੂਲਿਓ ਰੇ ਝੂਠੇ ਲੋਭ ਲਾਗ

ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥
ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥1॥ ਰਹਾਉ ॥
ਸਮ ਸੁਪਨੈ ਕੈ ਇਹੁ ਜਗੁ ਜਾਨੁ ॥
ਬਿਨਸੈ ਛਿਨ ਮੈ ਸਾਚੀ ਮਾਨੁ ॥1॥
ਸੰਗਿ ਤੇਰੈ ਹਰਿ ਬਸਤ ਨੀਤ ॥
ਨਿਸ ਬਾਸੁਰ ਭਜੁ ਤਾਹਿ ਮੀਤ ॥2॥
ਬਾਰ ਅੰਤ ਕੀ ਹੋਇ ਸਹਾਇ ॥
ਕਹੁ ਨਾਨਕ ਗੁਨ ਤਾ ਕੇ ਗਾਇ ॥3॥5॥1187॥

(ਜਾਗੁ=ਸੁਚੇਤ ਹੋ, ਨਿਸਿ=ਰਾਤ, ਬਾਸੁਰ=ਦਿਨ,
ਭਜੁ ਤਾਹਿ=ਉਸ ਦਾ ਭਜਨ ਕਰਿਆ ਕਰ, ਮੀਤ=
ਮਿੱਤਰ, ਬਾਰ ਅੰਤ ਕੀ=ਅੰਤ ਦੇ ਸਮੇਂ, ਸਹਾਇ=
ਸਹਾਈ, ਤਾ ਕੇ=ਉਸ ਪ੍ਰਭੂ ਦੇ)

ਰਾਗੁ ਸਾਰੰਗ

52. ਹਰਿ ਬਿਨੁ ਤੇਰੋ ਕੋ ਨ ਸਹਾਈ

ਹਰਿ ਬਿਨੁ ਤੇਰੋ ਕੋ ਨ ਸਹਾਈ ॥
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥1॥ ਰਹਾਉ ॥
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥1॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥2॥1॥1231॥

(ਕਾਂ ਕੀ=ਕਿਸ ਦੀ, ਸੁਤ=ਪੁੱਤਰ, ਬਨਿਤਾ=ਇਸਤ੍ਰੀ, ਕਾਹੂ ਕੋ=
ਕਿਸੇ ਦਾ, ਧਰਨੀ=ਧਰਤੀ, ਸੰਪਤਿ=ਪਦਾਰਥ, ਸਗਰੀ=ਸਾਰੀ,
ਅਪਨਾਈ=ਆਪਣਾ, ਛੁਟੈ=ਖੁੱਸ ਜਾਂਦਾ ਹੈ, ਦੀਨ=ਗਰੀਬ, ਦੁਖ
ਭੰਜਨ=ਦੁੱਖਾਂ ਦਾ ਨਾਸ ਕਰਨ ਵਾਲਾ, ਰੁਚਿ=ਪਿਆਰ, ਨ ਬਢਾਈ=
ਨਹੀਂ ਵਧਾਂਦਾ, ਮਿਥਿਆ=ਨਾਸਵੰਤ, ਰੈਨਾਈ=ਰਾਤ ਦਾ)

53. ਕਹਾ ਮਨ ਬਿਖਿਆ ਸਿਉ ਲਪਟਾਹੀ

ਕਹਾ ਮਨ ਬਿਖਿਆ ਸਿਉ ਲਪਟਾਹੀ ॥
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥1॥ ਰਹਾਉ ॥
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥1॥
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥2॥2॥1231॥

(ਬਿਖਿਆ=ਮਾਇਆ, ਲਪਟਾਹੀ=ਚੰਬੜਿਆ ਹੋਇਆ ਹੈਂ,
ਯਾ ਜਗ ਮਹਿ=ਇਸ ਜਗਤ ਵਿਚ, ਆਵਹਿ=ਆਉਂਦੇ ਹਨ,
ਜਾਹੀ=ਜਾਂਦੇ ਹਨ, ਕਾਂ ਕੋ=ਕਿਸ ਦਾ, ਸੰਪਤਿ=ਮਾਇਆ, ਨੇਹੁ=
ਪਿਆਰ, ਬਿਨਾਸੈ=ਨਾਸ ਹੋ ਜਾਣ ਵਾਲਾ ਹੈ, ਬਾਦਰ=ਬੱਦਲ,
ਛਾਹੀ=ਛਾਂ, ਤਜਿ=ਛੱਡ, ਗਹੁ=ਫੜ)

54. ਕਹਾ ਨਰ ਅਪਨੋ ਜਨਮੁ ਗਵਾਵੈ

ਕਹਾ ਨਰ ਅਪਨੋ ਜਨਮੁ ਗਵਾਵੈ ॥
ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥1॥ ਰਹਾਉ ॥
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥1॥
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥2॥3॥1231॥

(ਮਦਿ=ਨਸ਼ੇ ਵਿਚ, ਬਿਖਿਆ ਰਸਿ=ਮਾਇਆ ਦੇ ਰਸ ਵਿਚ,
ਰਚਿਓ=ਰੁੱਝਾ ਰਹਿੰਦਾ ਹੈ, ਬਿਨਾਸੈ=ਨਾਸ ਹੋ ਜਾਂਦਾ ਹੈ, ਕੋਊ=
ਕੋਈ ਭੀ ਜੀਵ, ਰਹਨੁ ਨ ਪਾਵੈ=ਸਦਾ ਲਈ ਟਿਕ ਨਹੀਂ ਸਕਦਾ,
ਮਿਥਿਆ=ਨਾਸਵੰਤ, ਸਾਚੋ=ਸਦਾ ਕਾਇਮ ਰਹਿਣ ਵਾਲਾ, ਕਰਿ=
ਕਰ ਕੇ, ਇਹ ਬਿਧਿ=ਇਸ ਤਰ੍ਹਾਂ, ਬੰਧਾਵੈ=ਫਸਾਂਦਾ ਹੈ, ਸੋਊ ਜਨੁ=
ਉਹੀ ਮਨੁੱਖ, ਮੁਕਤਾ=ਮੋਹ ਦੇ ਬੰਧਨਾਂ ਤੋਂ ਸੁਤੰਤਰ, ਚਿਤੁ ਲਾਵੈ=
ਚਿੱਤ ਜੋੜਦਾ ਹੈ)

55. ਮਨ ਕਰਿ ਕਬਹੂ ਨ ਹਰਿ ਗੁਨ ਗਾਇਓ

ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥1॥ਰਹਾਉ॥
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥
ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥1॥
ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥2॥4॥1232॥

(ਮਨ ਕਰਿ=ਮਨ ਲਾ ਕੇ, ਬਿਖਿਆਸਕਤ=ਮਾਇਆ ਨਾਲ
ਲਿਪਟਿਆ ਹੋਇਆ, ਨਿਸਿ=ਰਾਤ, ਬਾਸੁਰ=ਦਿਨ, ਭਾਇਓ=
ਮਨ ਮਰਜੀ ਦਾ, ਪਰ ਦਾਰਾ=ਪਰਾਈ ਇਸਤ੍ਰੀ, ਧਾਵਤ=
ਭੱਜ-ਨੱਠ ਕਰਨਾ, ਕਰਨੀ=ਕਰਮ,ਆਚਰਨ)

ਰਾਗੁ ਜੈਜਾਵੰਤੀ

56. ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥1॥ ਰਹਾਉ ॥
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥1॥
ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥2॥1॥1352॥

(ਤੇਰੈ ਕਾਜਿ=ਤੇਰੇ ਕੰਮ ਵਿਚ ਆਉਣ ਵਾਲਾ, ਮਾਨੁ=ਮੰਨ,
ਮਿਥਿਆ=ਨਾਸਵੰਤ, ਸਾਜੁ=ਜਗਤ-ਪਸਾਰਾ, ਕਾਹੇ ਪਰਿ=
ਕਾਹਦੇ ਉੱਤੇ, ਬਾਰੂ=ਰੇਤ, ਭੀਤਿ=ਕੰਧ, ਬਸੁਧਾ=ਧਰਤੀ,
ਬਿਨਸਿ ਜੈ ਹੈ=ਨਾਸ ਹੋ ਜਾਇਗਾ, ਗਾਤੁ=ਸਰੀਰ, ਕਾਲੁ=ਕੱਲ੍ਹ)

57. ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ

ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥1॥ ਰਹਾਉ ॥
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥1॥
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥2॥2॥1352॥

(ਸਿਰਾਤੁ ਹੈ=ਬੀਤਦਾ ਜਾ ਰਿਹਾ ਹੈ, ਗਵਾਰ=ਮੂਰਖ,
ਬਿਨਸਤ=ਨਾਸ ਹੁੰਦਿਆਂ, ਬਾਰ=ਚਿਰ, ਓਰੇ ਸਮ=
ਗੜੇ ਵਰਗਾ, ਗਾਤੁ=ਸਰੀਰ, ਡਾਰਿ ਦੇਹਿ=ਛੱਡ ਦੇਹ,
ਲੇਹਿ=ਜਪਿਆ ਕਰ, ਬਿਖਿਆ=ਮਾਇਆ, ਬਿਸਾਰਿ=
ਭੁਲਾ ਦੇਹ, ਹੀਏ=ਹਿਰਦੇ ਵਿਚ, ਧਾਰਿ=ਵਸਾਈ ਰੱਖ,
ਅਉਸਰੁ=ਮੌਕਾ,ਸਮਾਂ)

58. ਰੇ ਮਨ ਕਉਨ ਗਤਿ ਹੋਇ ਹੈ ਤੇਰੀ

ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥
ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥
ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥1॥ ਰਹਾਉ ॥
ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥
ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥1॥
ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥
ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥2॥3॥1352॥

(ਗਤਿ=ਹਾਲਤ, ਤਉ=ਤਾਂ, ਕਾਨਿ=ਕੰਨ ਨਾਲ, ਬਿਖਿਅਨ ਸਿਉ=
ਵਿਸ਼ਿਆਂ ਨਾਲ, ਅਤਿ=ਬਹੁਤ, ਲੁਭਾਨਿ=ਗ੍ਰਸਿਆ ਹੋਇਆ, ਫੇਰੀ=
ਪਰਤਾਈ, ਲੀਨੁ=ਲਿਆ, ਨਿਮਖ=ਅੱਖ ਝਮਕਣ ਜਿੰਨਾ ਸਮਾਂ, ਕੀਨੁ=
ਕੀਤਾ, ਦਾਰਾ=ਇਸਤ੍ਰੀ, ਦੀਨੁ=ਅਧੀਰ,ਅਧੀਨ, ਪਗਹੁ=ਪੈਰਾਂ ਵਿਚ,
ਪਰੀ=ਪਈ ਹੋਈ ਹੈ, ਬੇਰੀ=ਬੇੜੀ, ਜਗ ਪਸਾਰੁ=ਜਗਤ ਦਾ ਖਿਲਾਰਾ,
ਮੁਰਾਰਿ=(ਮੁਰ+ਅਰਿ) ਪਰਮਾਤਮਾ, ਚੇਰੀ=ਦਾਸੀ)

59. ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥1॥ ਰਹਾਉ ॥
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥1॥
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥2॥4॥1352॥

(ਬੀਤ ਜੈਹੈ=ਗੁਜ਼ਰ ਜਾਇਗਾ, ਅਕਾਜੁ=ਅਸਫਲ,
ਨਿਸਿ=ਰਾਤ, ਆਨਿ=ਆ ਕੇ, ਭਾਜਿ=ਭੱਜ ਕੇ,
ਕਹਾ=ਕਿੱਥੇ, ਅਸਥਿਰੁ=ਸਦਾ ਕਾਇਮ ਰਹਿਣ
ਵਾਲਾ, ਜੋ ਦੇਹ=ਜਿਹੜਾ ਸਰੀਰ, ਮਾਨਿਓ=ਤੂੰ
ਮੰਨੀ ਬੈਠਾ ਹੈਂ, ਖੇਹਿ=ਮਿੱਟੀ, ਕਿਉ ਨ ਲੇਹਿ=
ਤੂੰ ਕਿਉਂ ਨਹੀ ਜਪਦਾ, ਨਿਲਾਜ=ਬੇ-ਸ਼ਰਮ, ਹੀਏ=
ਹਿਰਦੇ ਵਿਚ, ਆਨਿ=ਲਿਆ ਰੱਖ, ਬਖਾਨਿ=ਆਖਦਾ
ਹੈ, ਬਿਰਾਜੁ=ਰੌਸ਼ਨ ਹੋ,ਚੰਗਾ ਜੀਵਨ ਜਿਉਂ)

  • ਮੁੱਖ ਪੰਨਾ : ਸੰਪੂਰਣ ਬਾਣੀ; ਗੁਰੂ ਤੇਗ ਬਹਾਦੁਰ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ