Shabad : Guru Ram Das Ji

ਸ਼ਬਦ : ਗੁਰੂ ਰਾਮ ਦਾਸ ਜੀ

1. ਦਿਨਸੁ ਚੜੈ ਫਿਰਿ ਆਥਵੈ

ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥
ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ਰਹਾਉ ॥
ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥
ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥
ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥
ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥
ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥
ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥
ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥੪੧॥

(ਆਥਵੈ=ਡੁੱਬ ਜਾਂਦਾ ਹੈ, ਰੈਣਿ=ਰਾਤ, ਸਬਾਈ=ਸਾਰੀ,
ਆਵ=ਉਮਰ, ਨਰੁ=ਮਨੁੱਖ, ਨਿਤਿ=ਸਦਾ, ਮੂਸਾ=ਚੂਹਾ,
ਲਾਜੁ=ਰੱਸੀ, ਪਸਰਿਆ=ਖਿਲਰਿਆ ਹੋਇਆ ਹੈ, ਪਚੈ
ਪਚਾਇ=ਖ਼ੁਆਰ ਹੁੰਦਾ ਹੈ, ਮੈ=ਮੇਰੇ ਵਾਸਤੇ,ਮੇਰਾ, ਸਖਾ=
ਸਾਥੀ,ਮਿੱਤਰ, ਕਲਤੁ=ਇਸਤ੍ਰੀ,ਵਹੁਟੀ, ਬਿਖੁ=ਜ਼ਹਰ,
ਉਬਰੇ=ਬਚ ਜਾਂਦੇ ਹਨ, ਅਲਿਪਤੁ=ਨਿਰਲੇਪ, ਓਨੀ=
ਉਹਨਾਂ ਨੇ, ਨਿਹਾਲਿਆ=ਵੇਖ ਲਿਆ ਹੈ, ਪਤਿ=ਇੱਜ਼ਤ,
ਮੰਨੀਅਹਿ=ਮੰਨੇ ਜਾਂਦੇ ਹਨ, ਗਲਿ=ਗਲ ਨਾਲ, ਪੰਥੁ=
ਰਸਤਾ, ਪਰਗਟਾ=ਸਾਫ਼, ਦਰਿ=ਦਰ ਤੇ, ਠਾਕ=ਰੁਕਾਵਟ,
ਸਲਾਹਨਿ=ਸਲਾਹੁੰਦੇ ਹਨ, ਨਾਮੁ=ਨਾਮ ਵਿਚ, ਅਨਹਦ
ਧੁਨੀ=ਇਕ-ਰਸ ਸੁਰ ਨਾਲ ਵੱਜਣ ਵਾਲੇ, ਅਨਹਦ=
ਬਿਨਾ ਵਜਾਏ ਵੱਜਣ ਵਾਲੇ, ਦਰਿ=ਦਰ ਤੇ, ਕਹੈ
ਸਾਬਾਸਿ=ਵਡਿਆਉਂਦਾ ਹੈ, ਜਾਚਕਿ=ਮੰਗਤਾ,
ਪਰਗਾਸਿ=ਚਾਨਣ ਕਰਦਾ ਹੈ)

2. ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ

ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥
ਜਹ ਜਹ ਦੇਖਾ ਤਹ ਤਹ ਸੁਆਮੀ ॥
ਤੂ ਘਟਿ ਘਟਿ ਰਵਿਆ ਅੰਤਰਜਾਮੀ ॥
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥੯੬॥

(ਤਿਸ ਕੈ=ਉਸ ਤੋਂ, ਹਉ=ਮੈਂ, ਵਾਰੀਆ=ਸਦਕੇ ਹਾਂ,
ਵਿਟਹੁ=ਤੋਂ, ਘੁਮਾਈਆ=ਕੁਰਬਾਨ ਹਾਂ, ਜਹ ਜਹ=
ਜਿਥੇ ਜਿਥੇ, ਤਹ ਤਹ=ਉਥੇ ਉਥੇ, ਦੇਖਾ=ਦੇਖਾਂ,
ਘਟਿ ਘਟਿ=ਹਰੇਕ ਘਟ ਵਿਚ, ਅੰਤਰਜਾਮੀ=ਹੇ
ਸਭ ਦੇ ਦਿਲ ਦੀ ਜਾਣਨ ਵਾਲੇ, ਸਦ=ਸਦਾ,
ਵਾਰਿਆ=ਕੁਰਬਾਨ, ਪਵਣੁ=ਹਵਾ,ਸੁਆਸ,
ਮਾਟੀ=ਮਿੱਟੀ ਤੱਤ,ਸਰੀਰ, ਸਬਾਈਆ=ਸਾਰੀ,
ਵਰਤੈ=ਮੌਜੂਦ ਹੈ, ਭਿਨਿ ਭਿਨਿ=ਵੱਖ ਵੱਖ ਸਰੀਰ
ਵਿਚ, ਨ ਰਲਈ=ਨ ਰਲੈ, ਵਤਾਇਆ=ਕੁਰਬਾਨ,
ਜਨੁ=ਦਾਸ, ਅੰਮ੍ਰਿਤ=ਆਤਮਕ ਜੀਵਨ ਦੇਣ ਵਾਲੀ,
ਕੈ ਮਨਿ=ਦੇ ਮਨ ਵਿਚ, ਭਾਣੀ=ਪਸੰਦ ਹੈ,
ਪਰਉਪਕਾਰੀ=ਹੋਰਨਾਂ ਦਾ ਭਲਾ ਕਰਨ ਵਾਲਾ)

3. ਮਾਤਾ ਪ੍ਰੀਤਿ ਕਰੇ ਪੁਤੁ ਖਾਇ

ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
ਮੀਨੇ ਪ੍ਰੀਤਿ ਭਈ ਜਲਿ ਨਾਇ ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ਰਹਾਉ ॥
ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥੧੬੪॥

(ਪ੍ਰੀਤਿ ਕਰੇ=ਖ਼ੁਸ਼ੀ ਮਨਾਂਦੀ ਹੈ, ਮੀਨੇ=ਮੱਛੀ ਨੂੰ,
ਨਾਇ=ਨ੍ਹਾ ਕੇ, ਮੁਖਿ=ਮੂੰਹ ਵਿਚ, ਹਮ=ਮੈਨੂੰ,
ਬਛਰੇ=ਵੱਛੇ ਨੂੰ, ਕਾਮਨਿ=ਇਸਤ੍ਰੀ, ਪਿਰੁ=ਪਤੀ,
ਸਾਰਿੰਗ=ਪਪੀਹੇ ਨੂੰ, ਜਲ ਧਾਰਾ=ਪਾਣੀ ਦੀ ਧਾਰ,
ਵਰਖਾ, ਨਰਪਤਿ=ਰਾਜਾ, ਦੇਖਿ=ਵੇਖ ਕੇ, ਨਰ
ਪ੍ਰਾਣੀ=ਹਰੇਕ ਮਨੁੱਖ ਨੂੰ, ਗੁਰਸਿਖ=ਗੁਰੂ ਦੇ ਸਿੱਖ
ਨੂੰ, ਗਲਾਟੇ=ਗਲ ਲਾ ਕੇ, ਚਾਟੇ=ਚੁੰਮਣ ਨਾਲ)

4. ਜਿਉ ਜਨਨੀ ਸੁਤੁ ਜਣਿ ਪਾਲਤੀ

ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥
ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ਰਹਾਉ ॥
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥
ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥
ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥੧੬੮॥

(ਜਨਨੀ=ਮਾਂ, ਜਣਿ=ਜੰਮ ਕੇ, ਨਦਰਿ ਮਝਾਰਿ=ਨਜ਼ਰ ਹੇਠ, ਮੁਖਿ=
ਮੂੰਹ ਵਿਚ, ਦੇ=ਦੇਂਦੀ ਹੈ, ਗਿਰਾਸੁ=ਗਿਰਾਹੀ, ਪੋਚਾਰਿ=ਪੁਚਕਾਰ ਕੇ,
ਸਿਖ ਰਾਖਤਾ=ਸਿੱਖਾਂ ਨੂੰ ਰੱਖਦਾ ਹੈ, ਪਾਧਾ=ਪਾਂਧਾ,ਪੜ੍ਹਾਣ ਵਾਲਾ,
ਜਿਨਿ=ਜਿਸ ਨੇ, ਦੇ=ਦੇ ਕੇ, ਬਾਗੇ=ਬੱਗੇ,ਚਿੱਟੇ, ਕਪਰੇ ਵਾਲੀ=
ਕੱਪੜਿਆਂ ਵਾਲੀ,ਖੰਭਾਂ ਵਾਲੀ, ਬਿਚਿ=ਵਿਚ, ਬਚਰੇ=ਨਿੱਕੇ ਨਿੱਕੇ
ਬੱਚੇ, ਸਾਰਿ=ਸਾਂਭ ਕੇ, ਜੀਅ ਨਾਲੀ=ਜਿੰਦ ਨਾਲ, ਕਾਤੀ ਤੀਸ
ਬਤੀਸ=ਤੀਹਾਂ ਬੱਤੀਆਂ ਦੰਦਾਂ ਦੀ ਕੈਂਚੀ, ਰਸਨਾ=ਜੀਭ, ਰਤੁ=
ਲਹੂ, ਕੇਰੀ=ਦੀ, ਵਸਗਤਿ=ਇਖ਼ਤਿਆਰ ਵਿਚ, ਪੈਜ=ਇੱਜ਼ਤ,
ਹਾਥਿ=ਹੱਥ ਵਿਚ, ਜਰਾ=ਬੁਢੇਪਾ, ਮਰਾ=ਮੌਤ, ਤਾਪੁ ਸਾਪੁ=ਤਾਪ
ਸ੍ਰਾਪ, ਸਿਰਤਿ=ਸਿਰ-ਪੀੜ, ਚਿਤਿ=ਚਿੱਤ ਵਿਚ, ਅੰਤੀ ਅਉਸਰਿ=
ਅਖ਼ੀਰਲੇ ਸਮੇਂ)

5. ਕਾਮਿ ਕਰੋਧਿ ਨਗਰੁ ਬਹੁ ਭਰਿਆ

ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥
ਕਰਿ ਡੰਡਉਤ ਪੁਨੁ ਵਡਾ ਹੇ ॥੧॥ਰਹਾਉ ॥
ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥੧੭੧॥

(ਕਾਮਿ=ਕਾਮ ਨਾਲ, ਨਗਰੁ=ਸਰੀਰ-ਨਗਰ, ਸਾਧੂ=ਗੁਰੂ, ਖੰਡਲ=
ਟੋਟੇ,ਅੰਸ਼, ਖੰਡਾ=ਨਾਸ ਕਰ ਦਿੱਤਾ, ਪੂਰਬਿ=ਪੂਰਬਲੇ ਜਨਮ ਵਿਚ,
ਮੰਡਲ=ਰੌਸ਼ਨੀ ਦੇ ਚੱਕਰ, ਮੰਡਾ=ਸਜਾਇਆ, ਅੰਜੁਲੀ=ਬੁੱਕ,ਹੱਥ
ਜੋੜ ਕੇ ਅਰਦਾਸ, ਪੁੰਨੁ=ਭਲਾਈ, ਭਲਾ ਕੰਮ, ਡੰਡਉਤ=ਡੰਡੇ ਵਾਂਗ
ਸਿੱਧੇ ਲੇਟ ਕੇ ਪਰਨਾਣ, ਸਾਕਤ=ਰੱਬ ਨਾਲੋਂ ਟੁੱਟੇ ਹੋਏ, ਚਲਹਿ=
ਚਲਦੇ ਹਨ, ਜਮਕਾਲੁ=ਮੌਤ, ਭਵ=ਸੰਸਾਰ-ਸਮੁੰਦਰ, ਸੋਭ=ਸੋਭਾ,
ਖੰਡ=ਹਿੱਸਾ, ਮਸਕੀਨ=ਆਜਿਜ਼, ਆਧਾਰੁ=ਆਸਰਾ, ਮੰਡਾ=
ਮਿਲਦਾ)

6. ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ

ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥
ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥
ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥
ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥
ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥
ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥੧੭੪॥

(ਚੋਜੀ=ਮੌਜੀ, ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ, ਕਾਨ੍ਹੁ=ਕ੍ਰਿਸ਼ਨ, ਗੋਪੀ=ਗਵਾਲਣ,
ਖੋਜੀ=ਲੱਭਣ ਵਾਲੀ, ਸਭ ਘਟ=ਸਾਰੇ ਸਰੀਰ, ਰਸੀਆ=ਮਾਇਕ ਪਦਾਰਥਾਂ ਦੇ ਰਸ ਲੈਣ
ਵਾਲਾ, ਭੋਗੀ=ਪਦਾਰਥਾਂ ਨੂੰ ਭੋਗਣ ਵਾਲਾ, ਸੁਜਾਣੁ=ਬਹੁਤ ਸਿਆਣਾ, ਜੋਗੀ=ਭੋਗਾਂ ਤੋਂ
ਵਿਰਕਤ, ਬਹੁ ਰੰਗੀ=ਅਨੇਕਾਂ ਰੰਗਾਂ ਵਿਚ, ਫਿਰਹਿ=ਫਿਰਦੇ ਹਨ, ਸਭ ਮੰਗੀ=ਸਾਰੀ
ਲੁਕਾਈ ਮੰਗਦੀ ਹੈ, ਆਧਾਰੁ=ਆਸਰਾ, ਮੰਗਹਿ=ਮੰਗਦੇ ਹਨ, ਲੋਚ=ਤਾਂਘ, ਰਵਿ
ਰਹਿਆ=ਰਮਿ ਰਹਿਆ,ਵਿਆਪਕ, ਆਤਮ ਰਾਮੁ=ਸਰਬ-ਵਿਆਪਕ ਆਤਮਾ,
ਹਦੂਰੀ=ਹਾਜ਼ਰ-ਨਾਜ਼ਰ ਹੋ ਕੇ, ਪਉਣੁ=ਹਵਾ,ਪ੍ਰਾਣ, ਵਾਜੇ=ਵੱਜਦਾ ਹੈ, ਨਿਧਾਨੁ=
ਖ਼ਜ਼ਾਨਾ, ਗਾਜੈ=ਪਰਗਟ ਹੁੰਦਾ ਹੈ, ਰਾਖੁ ਲਾਜੈ=ਲਾਜ ਦਾ ਰਾਖਾ, ਸਿਧਿ=ਸਿੱਧੀ,
ਸਫਲਤਾ, ਸਿਧਿ ਕਾਜੈ=ਕਾਜ ਦੀ ਸਿੱਧੀ, ਮਨੁੱਖਾ ਜਨਮ ਦੇ ਮਨੋਰਥ ਦੀ ਕਾਮਯਾਬੀ)

7. ਤੂੰ ਕਰਤਾ ਸਚਿਆਰੁ ਮੈਡਾ ਸਾਂਈ

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ਰਹਾਉ ॥
ਸਭ ਤੇਰੀ ਤੂੰ ਸਭਨੀ ਧਿਆਇਆ ॥
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
ਤੂੰ ਦਰੀਆਉ ਸਭ ਤੁਝ ਹੀ ਮਾਹਿ ॥
ਤੁਝ ਬਿਨੁ ਦੂਜਾ ਕੋਈ ਨਾਹਿ ॥
ਜੀਅ ਜੰਤ ਸਭਿ ਤੇਰਾ ਖੇਲੁ ॥
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
ਹਰਿ ਗੁਣ ਸਦ ਹੀ ਆਖਿ ਵਖਾਣੈ ॥
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
ਸਹਜੇ ਹੀ ਹਰਿ ਨਾਮਿ ਸਮਾਇਆ ॥੩॥
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥੩੬੫॥

(ਸਚਿਆਰੁ=ਸਦਾ ਕਾਇਮ ਰਹਿਣ ਵਾਲਾ,
ਮੈਡਾ=ਮੇਰਾ, ਸਾਂਈ=ਖਸਮ, ਤਉ=ਤੈਨੂੰ,
ਥੀਸੀ=ਹੋਵੇਗਾ, ਹਉ=ਮੈਂ, ਪਾਈ=ਪਾਈਂ,
ਪ੍ਰਾਪਤ ਕਰਦਾ ਹਾਂ, ਸਭ=ਸਾਰੀ ਲੁਕਾਈ,
ਤਿਨਿ=ਉਸ ਨੇ, ਲਾਧਾ=ਲੱਭਾ, ਮਨਮੁਖਿ=
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ,
ਤੁਧੁ=ਤੂੰ, ਮਾਹਿ=ਵਿਚ, ਸਭਿ=ਸਾਰੇ, ਵਿਜੋਗਿ=
ਵਿਜੋਗ ਦੇ ਕਾਰਨ, ਮਿਲਿ=ਮਿਲ ਕੇ ਭੀ,
ਸੰਜੋਗੀ=ਧੁਰ ਦੇ ਸੰਜੋਗ ਦੇ ਕਾਰਨ,
ਜਾਣਾਇਹਿ=ਤੂੰ ਸਮਝ ਬਖ਼ਸ਼ਦਾ ਹੈਂ,
ਸਦ ਹੀ=ਸਦਾ ਹੀ, ਸਹਜੇ=ਆਤਮਕ
ਅਡੋਲਤਾ ਵਿਚ, ਵੇਖਹਿ=ਤੂੰ ਵੇਖਦਾ ਹੈਂ,
ਜਾਣਹਿ=ਤੂੰ ਜਾਣਦਾ ਹੈਂ, ਗੁਰਮੁਖਿ=ਗੁਰੂ ਦੇ
ਸਨਮੁਖ ਰਹਿਣ ਵਾਲਾ ਮਨੁੱਖ)

8. ਕਬ ਕੋ ਭਾਲੈ ਘੁੰਘਰੂ ਤਾਲਾ

ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥
ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥
ਮੇਰੈ ਮਨਿ ਐਸੀ ਭਗਤਿ ਬਨਿ ਆਈ ॥
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ਰਹਾਉ ॥
ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥
ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥
ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥
ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹ੍ਹਾਰੈ ॥੩॥
ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥੩੬੮॥

(ਕਬ=ਕਦੋਂ,ਕਿਉਂ, ਕੋ=ਕੋਈ, ਭਾਲੈ=ਲੱਭੇ, ਆਵਤ ਜਾਤ=
ਆਉਂਦਿਆਂ ਜਾਂਦਿਆਂ, ਬਾਰ=ਚਿਰ, ਖਿਨੁ=ਘੜੀ ਪਲ,
ਹਉ=ਮੈਂ, ਤਬ ਲਗੁ=ਉਤਨਾ ਚਿਰ, ਸਮਾਰਉ=ਮੈਂ ਸੰਭਾਲਦਾ
ਹਾਂ, ਮੈਂ ਯਾਦ ਕਰਦਾ ਹਾਂ, ਮੀਨੁ=ਮੱਛ,ਮੱਛੀ, ਪੰਚ=ਪੰਜ
ਤਾਰਾਂ, ਸਤ=ਸੱਤ ਸੁਰਾਂ, ਚਸਾ=ਥੋੜਾ ਕੁ ਸਮਾਂ, ਪਾਵ=ਪੈਰ,
ਪਸਾਰੈ=ਖਿਲਾਰੇ, ਬਿਲਮੁ=ਦੇਰ, ਸਮ੍ਹਾਰੈ=ਸੰਭਾਲਦਾ ਹੈ,
ਕਉ=ਨੂੰ, ਪਤੀਆਵੈ=ਯਕੀਨ ਦਿਵਾਏ, ਲੋਕਿ ਪਤੀਣੈ=
ਜੇ ਜਗਤ ਪਤੀਜ ਭੀ ਜਾਏ, ਪਤਿ=ਇੱਜ਼ਤ, ਜੈ ਜੈ=
ਆਦਰ-ਸਤਕਾਰ, ਸਭੁ ਕੋਇ=ਹਰੇਕ ਜੀਵ)

9. ਅਬ ਹਮ ਚਲੀ ਠਾਕੁਰ ਪਹਿ ਹਾਰਿ

ਅਬ ਹਮ ਚਲੀ ਠਾਕੁਰ ਪਹਿ ਹਾਰਿ ॥
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥੫੨੭॥

(ਅਬ=ਹੁਣ, ਪਹਿ=ਕੋਲ, ਹਾਰਿ=ਥੱਕ ਕੇ, ਜਬ=ਹੁਣ ਜਦੋਂ,
ਪ੍ਰ੍ਰਭੂ ਕੀ ਸਰਣਿ=ਹੇ ਪ੍ਰਭੂ ਤੇਰੀ ਸਰਨ, ਰਾਖੁ=ਬਚਾ ਲੈ,
ਲੋਕਨ ਕੀ=ਲੋਕਾਂ ਵਾਲੀ, ਉਪਮਾ=ਵਡਿਆਈ, ਤੇ=ਉਹ
ਸਾਰੀਆਂ, ਬੈਸੰਤਰਿ=ਅੱਗ ਵਿਚ, ਜਾਰਿ=ਸਾੜ ਦਿੱਤੀ ਹੈ,
ਕਹਉ=ਬੇਸ਼ੱਕ ਆਖੇ, ਢਾਰਿ ਦੀਓ=ਢਾਲ ਦਿੱਤਾ ਹੈ,ਭੇਟਾ
ਕਰ ਦਿੱਤਾ ਹੈ, ਦੇਹ=ਅੱਧਿਆਸ ਦੂਰ ਕਰ ਦਿੱਤਾ ਹੈ,
ਸਰੀਰਕ ਮੋਹ ਛੱਡ ਦਿੱਤਾ ਹੈ, ਰਾਖਹੁ=ਤੂੰ ਰੱਖਦਾ ਹੈਂ,
ਧਾਰਿ=ਧਾਰ ਕੇ, ਮੁਰਾਰਿ=ਹੇ ਮੁਰਾਰੀ)

10. ਆਪੇ ਆਪਿ ਵਰਤਦਾ ਪਿਆਰਾ

ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥
ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥
ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥
ਜਪਿ ਮਨ ਹਰਿ ਹਰਿ ਨਾਮੁ ਸਲਾਹ ॥
ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ਰਹਾਉ ॥
ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥
ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥
ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥
ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥
ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥
ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥
ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥
ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥੬੦੪॥

(ਆਪੇ=ਆਪ ਹੀ, ਵਰਤਦਾ=ਹਰ ਥਾਂ ਮੌਜੂਦ ਹੈ, ਅਪਾਹੁ=
ਪਾਹ ਤੋਂ ਰਹਿਤ,ਨਿਰਲੇਪ, ਸਾਚਾ=ਸਦਾ ਕਾਇਮ ਰਹਿਣ ਵਾਲਾ,
ਸਾਹੁ=ਸ਼ਾਹੂਕਾਰ, ਵੇਸਾਹੁ=ਰਾਸਿ-ਪੂੰਜੀ,ਸਰਮਾਇਆ, ਸਲਾਹ=
ਸਿਫ਼ਤਿ-ਸਾਲਾਹ, ਤੇ=ਤੋਂ, ਅੰਮ੍ਰਿਤੁ=ਆਤਮਕ ਜੀਵਨ ਦੇਣ ਵਾਲਾ,
ਅਗਮ=ਅਪਹੁੰਚ, ਅਥਾਹ=ਜਿਸ ਦੀ ਹੋਂਦ ਦੀ ਡੂੰਘਾਈ ਨਹੀਂ ਲੱਭੀ
ਜਾ ਸਕਦੀ, ਵੇਖਦਾ=ਸੰਭਾਲ ਕਰਦਾ ਹੈ, ਮੁਖਿ=ਮੂੰਹ ਤੋਂ, ਮੁਹਾਹੁ=
ਮੋਹ ਲੈਣ ਵਾਲਾ ਬੋਲ, ਉਝੜਿ=ਗ਼ਲਤ ਰਸਤੇ ਤੇ, ਸਿਰਿ=ਹਰੇਕ ਦੇ
ਸਿਰ ਉਤੇ, ਧੰਧੜੈ=ਧੰਧੇ ਵਿਚ, ਲਾਹੁ=ਲਾਂਦਾ ਹੈ, ਸਾਖਤੀ=ਬਣਤਰ,
ਰਚਨਾ, ਮਰਿ ਜਾਹੁ=ਮਰ ਜਾਂਦਾ ਹੈ, ਪਾਤਣੀ=ਪੱਤਣ ਦਾ ਮਲਾਹ,
ਬੋਹਿਥਾ=ਜਹਾਜ਼, ਖੇਵਟੁ=ਮਲਾਹ, ਚੜਿ=ਚੜ੍ਹ ਕੇ, ਚੋਜ=ਕੌਤਕ-ਤਮਾਸ਼ੇ,
ਕਰਿ=ਕਰ ਕੇ, ਬਖਸਿ=ਬਖ਼ਸ਼ਸ਼ ਕਰ ਕੇ)

11. ਆਪੇ ਕੰਡਾ ਆਪਿ ਤਰਾਜੀ

ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ਰਹਾਉ ॥
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥
ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥
ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥
ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥
ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥੬੦੫-੬੦੬॥

(ਕੰਡਾ=ਤਰਾਜ਼ੂ ਦੀ ਉਪਰਲੀ ਵਿਚਕਾਰਲੀ ਸੂਈ, ਤਰਾਜੀ=ਤਰਾਜ਼ੂ,
ਤੱਕੜੀ, ਪ੍ਰਭਿ=ਪ੍ਰਭੂ ਨੇ, ਤੋਲਿ=ਤੋਲ ਨਾਲ,ਵੱਟੇ ਨਾਲ, ਸਾਹੁ=ਸ਼ਾਹ,
ਸਾਜੀਅਨੁ=ਉਸ ਨੇ ਸਾਜੀ ਹੈ, ਪਿਆਰੈ=ਪਿਆਰੇ ਨੇ, ਪਿਛੈ=ਤਕੜੀ
ਦੇ ਪਿਛਲੇ ਛਾਬੇ ਵਿਚ, ਟੰਕੁ=ਚਾਰ ਮਾਸੇ ਦਾ ਵੱਟਾ, ਨਿਧਾਨੁ=ਖ਼ਜ਼ਾਨਾ,
ਗੁਰਿ ਪੂਰੈ=ਪੂਰੇ ਗੁਰੂ ਨੇ, ਵਰਤਦਾ=ਮੌਜੂਦ ਹੈ, ਬੰਧਿ=ਬੰਨ੍ਹ ਕੇ, ਭਉ=
ਡਰ, ਬੰਨਿ=ਬੰਨ੍ਹ ਕੇ, ਸੀਹੁ=ਸ਼ੇਰ ਨੂੰ, ਹਢਾਇਆ=ਫਿਰਾ ਰਿਹਾ ਹੈ,
ਕਾਸਟ=ਕਾਠ,ਲੱਕੜ, ਭੈ=ਡਰ ਦੇ ਕਾਰਨ, ਤਾਣੁ=ਤਾਕਤ, ਦੀਬਾਣੁ=
ਦਰਬਾਰ ਲਾਣ ਵਾਲਾ,ਹਾਕਮ, ਕਾਰੈ=ਕਾਰ ਵਿਚ, ਚਲੀਐ=ਚੱਲ ਸਕੀਦਾ
ਹੈ, ਪ੍ਰਭ ਭਾਇਆ=ਪ੍ਰਭੂ ਨੂੰ ਚੰਗਾ ਲੱਗਦਾ ਹੈ, ਜੰਤੀ=ਵਾਜਾ ਵਜਾਣ ਵਾਲਾ,
ਜੰਤੁ=ਵਾਜਾ, ਵਜਹਿ=ਵੱਜਦੇ ਹਨ)

12. ਆਪੇ ਸ੍ਰਿਸਟਿ ਉਪਾਇਦਾ ਪਿਆਰਾ

ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥
ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥
ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥
ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥
ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ਰਹਾਉ ॥
ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥
ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥
ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥
ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥
ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥
ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥
ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥
ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥੬੦੬॥

(ਕਰਿ=ਬਣਾ ਕੇ, ਚਾਨਾਣੁ=ਚਨਾਣ, ਤਾਣੁ=ਸਹਾਰਾ, ਸੁਘੜੁ=
ਸੁਚੱਜੀ ਆਤਮਕ ਘਾੜਤ ਵਾਲਾ, ਸੁਜਾਣੁ=ਸਿਆਣਾ, ਸਭ ਦੇ
ਦਿਲ ਦੀ ਜਾਣਨ ਵਾਲਾ, ਨੀਸਾਣੁ=ਜੀਵਨ=ਸਫ਼ਰ ਵਿਚ ਰਾਹਦਾਰੀ,
ਵਰਤਦਾ=ਵੰਡਦਾ, ਪਰਵਾਣੁ=ਕਬੂਲ ਕਰਦਾ ਹੈ, ਬਖਸ=ਬਖ਼ਸ਼ਸ਼,
ਨੀਸਾਣੁ=ਨਿਸ਼ਾਨ,ਝੰਡਾ,ਚਾਨਣ-ਮੁਨਾਰਾ, ਹੁਕਮਿ=ਹੁਕਮ ਅਨੁਸਾਰ,
ਫੁਰਮਾਣੁ=ਹੁਕਮ, ਭੰਡਾਰ=ਖ਼ਜ਼ਾਨੇ, ਦਾਣੁ=ਦਾਨ,ਬਖ਼ਸ਼ੀਸ਼, ਮਾਣੁ=
ਆਦਰ, ਤਾੜੀ=ਸਮਾਧੀ, ਗੁਣੀ ਨਿਧਾਨੁ=ਗੁਣਾਂ ਦਾ ਖ਼ਜ਼ਾਨਾ,
ਪਰਧਾਣੁ=ਮੰਨਿਆ-ਪ੍ਰਮੰਨਿਆ, ਤੁਲੁ=ਤਰਾਜ਼ੂ, ਪਰਵਾਣੁ=ਵੱਟਾ)

13. ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
ਮੈ ਹਰਿ ਹਰਿ ਨਾਮੁ ਧਰ ਸੋਈ ॥
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ਰਹਾਉ ॥
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥
ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥
ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥੭੩੫॥

(ਕਵਨ ਕਵਨ=ਕੇਹੜੇ ਕੇਹੜੇ, ਕਹਿ ਕਹਿ=ਆਖ ਆਖ ਕੇ, ਸਾਹਿਬ=ਮਾਲਕ,
ਗੁਣੀ ਨਿਧਾਨਾ=ਗੁਣਾਂ ਦਾ ਖ਼ਜ਼ਾਨਾ, ਮਹਿਮਾ=ਵਡਿਆਈ, ਬਰਨਿ ਨ ਸਾਕਉ=
ਮੈਂ ਬਿਆਨ ਨਹੀਂ ਕਰ ਸਕਦਾ, ਧਰ=ਆਸਰਾ, ਅਵਰੁ=ਹੋਰ, ਤਾਣੁ=ਬਲ,
ਦੀਬਾਣੁ=ਸਹਾਰਾ, ਪਹਿ=ਪਾਸ, ਕਰਉ=ਕਰਉਂ,ਮੈਂ ਕਰਾਂ, ਵਿਚੇ=ਵਿਚ ਹੀ,
ਕਾਸਟ=ਕਾਠ,ਲੱਕੜੀ, ਧਰੀਜੈ=ਧਰੀ ਹੋਈ ਹੈ, ਸਿੰਘੁ=ਸ਼ੇਰ, ਇਕ ਤੈ ਥਾਇ=
ਇਕੋ ਹੀ ਥਾਂ ਵਿਚ, ਚਰਣ ਤਲੇ ਤੇ=ਪੈਰਾਂ ਹੇਠੋਂ, ਆਣਿ=ਲਿਆ ਕੇ)

14. ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥
ਦਰਸਨੁ ਹਰਿ ਦੇਖਣ ਕੈ ਤਾਈ ॥
ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ਰਹਾਉ ॥
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥
ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥
ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥
ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥
ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥
ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥
ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥
ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥
ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥
ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥
ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥
ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥
ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥
ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥
ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥
ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥
ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥
ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥
ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥
ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥
ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥
ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥
ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥
ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥
ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥੭੫੭॥

(ਆਣਿ=ਲਿਆ ਕੇ, ਹਉ=ਮੈਂ, ਪਹਿ=ਪਾਸ,ਅੱਗੇ, ਆਪੁ=ਆਪਣਾ ਆਪ,
ਕੈ ਤਾਈ=ਵਾਸਤੇ, ਕਰਹਿ=ਜੇ ਤੂੰ ਕਰੇਂ, ਮੇਲਹਿ=ਤੂੰ ਮਿਲਾ ਦੇਵੇਂ, ਧਿਆਈ=
ਧਿਆਈਂ, ਤ=ਤਾਂ, ਅਰਾਧੀ=ਅਰਾਧੀਂ, ਇਤ ਹੀ=ਇਸ ਭੁਖ ਵਿਚ ਹੀ,
ਰਾਜਾ=ਮੈਂ ਰੱਜਿਆ ਰਹਾਂ, ਮਨਾਈ=ਮਨਾਈਂ, ਅਰਪੀ=ਮੈਂ ਭੇਟਾ ਕਰ ਦਿਆਂ,
ਫੇਰੀ=ਫੇਰੀਂ, ਢੋਵਾ=ਢੋਵਾਂ, ਦੇਵਹਿ=ਤੂੰ ਦੇਵੇਂਗਾ, ਖਾਈ=ਖਾਈਂ, ਵਡਿਆਈ=
ਉਪਕਾਰ, ਅਖੀ=ਅੱਖੀਂ, ਧਰੀ=ਮੈਂ ਧਰ ਦਿਆਂ, ਤਲਿ=ਹੇਠ, ਫਿਰਿ=ਫਿਰਾਂ,
ਮਤ ਪਾਈ=ਮਤ ਪਾਈਂ,ਸ਼ਾਇਦ ਲੱਭ ਲਵਾਂ, ਲੋਕੁ=ਜਗਤ, ਸਲਾਹੇ=ਉਪਮਾ ਕਰੇ,
ਤੁਧੁ ਵਲਿ ਰਹੈ=ਤੇਰੇ ਪਾਸੇ ਪ੍ਰੀਤਿ ਬਣੀ ਰਹੇ, ਕਿਹੁ ਆਖਉ=ਬੇਸ਼ੱਕ ਕੋਈ ਕੁਝ
ਪਿਆ ਆਖੇ, ਮਰਿ ਜਾਇ=ਮੈਂ ਆਤਮਕ ਮੌਤ ਮਰ ਜਾਵਾਂਗਾ, ਦਿਵਾਨਾ=ਕਮਲਾ,
ਤਉ=ਤੇਰੇ, ਕੈ ਤਾਈ=ਦੇ ਵਾਸਤੇ, ਝਖੜੁ=ਤੇਜ਼ ਹਨੇਰੀ, ਝਾਗੀ=ਝਾਗੀਂ,ਮੈਂ ਝੱਲਾਂ,
ਜਾਈ=ਜਾਂਦਾ ਹੈ, ਜਿਉ=ਜਿਵੇਂ, ਸੋਭ ਕਰੇ=ਸੋਹਣੀ ਦਿੱਸਣ ਲੱਗ ਪੈਂਦੀ ਹੈ, ਬਰਸੈ=
ਵਰ੍ਹਦਾ ਹੈ, ਬਿਗਸਾਈ=ਖਿੜ ਪੈਂਦਾ ਹੈ,ਖ਼ੁਸ਼ ਹੁੰਦਾ ਹੈ, ਹੋਇ=ਬਣ ਕੇ, ਵਰਤਾ=
ਵਰਤਾਂ,ਮੈਂ ਕਾਰ ਕਰਾਂ, ਗੁਰ ਸੁਖੁ=ਵੱਡਾ ਸੁਖ,ਮਹਾ ਆਨੰਦ, ਪਾਈ=ਪ੍ਰਾਪਤ ਕਰਾਂ,
ਆਪੇ=ਆਪ ਹੀ, ਗੁਰ ਵਿਚੁ ਦੇ=ਗੁਰੂ ਦੀ ਰਾਹੀਂ, ਤੁਧੁ=ਤੈਨੂੰ, ਤੂ ਹੈ=ਤੂੰ ਹੀ,
ਹੋਵਹਿ=ਹੋ ਜਾਂਦੇ ਹਨ, ਪੈਜ=ਇੱਜ਼ਤ, ਭੰਡਾਰ=ਖ਼ਜ਼ਾਨੇ, ਭਾਵੈ=ਤੇਰੀ ਰਜ਼ਾ ਹੁੰਦੀ ਹੈ,
ਨਿਹਫਲ=ਵਿਅਰਥ, ਚਤੁਰਾਈ=ਸਿਆਣਪ, ਸੋਇਆ=ਸੁੱਤਾ ਹੋਇਆ, ਜਾਗਾਈ=
ਜਾਗਾਈਂ,ਮੈਂ ਜਾਗਾਂਦਾ ਹਾਂ, ਦਾਸਨਿ ਦਾਸੁ=ਦਾਸਾਂ ਦਾ ਦਾਸ, ਕਰਾਈ=ਬਣਾ ਦੇ,
ਵਡਿਆਈ=ਉਪਕਾਰ, ਥਾਇ ਪਾਏ=ਪਰਵਾਨ ਕਰਦਾ ਹੈ, ਮਨਮੁਖਿ=ਆਪਣੇ
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਰੈਣਿ=ਰਾਤ, ਦੇਖਉ=ਮੈਂ ਵੇਖਾਂ, ਧਰਾਈ=
ਵਸਾਈ ਰੱਖਾਂ, ਸਾਈ=ਹੇ ਸਾਈਂ, ਜੀਉ=ਜਿੰਦ, ਪਿੰਡੁ=ਸਰੀਰ, ਤ੍ਰਿਪਤਿ=
ਤ੍ਰਿਪਤੀ ਹੋ ਜਾਂਦੀ ਹੈ, ਅਘਾਈ=ਅਘਾਈਂ,ਮੈਂ ਰੱਜ ਜਾਂਦਾ ਹਾਂ, ਪੂਰਿ ਰਹਿਓ
ਹੈ=ਵਿਆਪਕ ਹੈ, ਜਤ=ਜਿੱਥੇ, ਕਤ=ਕਿੱਥੇ, ਤਤ=ਉੱਥੇ, ਜਤ ਕਤ ਤਤ=ਹਰ ਥਾਂ)

15. ਉਦਮ ਮਤਿ ਪ੍ਰਭ ਅੰਤਰਜਾਮੀ

ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥
ਜਪਿ ਮਨ ਰਾਮ ਨਾਮੁ ਰਸਨਾ ॥
ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥੧॥ਰਹਾਉ ॥
ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥
ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥੨॥
ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥
ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥
ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥
ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥੭੯੮॥

(ਅੰਤਰਜਾਮੀ=ਸਭ ਦੇ ਦਿਲ ਦੀ ਜਾਣਨ ਵਾਲਾ, ਪ੍ਰੇਰੇ=ਪ੍ਰੇਰਨਾ ਕਰਦਾ ਹੈ,
ਨਟੂਆ=ਨਾਟਕ ਕਰਨ ਵਾਲਾ, ਤੰਤੀ=ਵੀਣਾ, ਤੰਤੁ=ਤਾਰ, ਤੰਤੀ ਤੰਤੁ=
ਵੀਣਾ ਦੀ ਤਾਰ, ਜੰਤ=ਵਾਜੇ, ਵਾਜਹਿ=ਵੱਜਦੇ ਹਨ, ਜਨਾ=ਜੀਵ,
ਰਸਨਾ=ਜੀਭ ਨਾਲ, ਮਸਤਕਿ=ਮੱਥੇ ਉਤੇ, ਗਿਰਸਤਿ=ਗ੍ਰਸਿਆ ਹੋਇਆ,
ਜਕੜਿਆ ਹੋਇਆ, ਪ੍ਰਾਨੀ=ਜੀਵ, ਜਨੁ=ਦਾਸ, ਹਰਣਾਖਸਿ=ਹਰਣਾਖਸ ਨੇ,
ਗ੍ਰਸਿਓ=ਗ੍ਰਸਿਆ,ਆਪਣੇ ਕਾਬੂ ਵਿਚ ਕੀਤਾ, ਗਤਿ ਮਿਤਿ=ਹਾਲਤ, ਪਤਿਤ=
ਵਿਕਾਰੀ, ਪਵੰਨਾ=ਪਵਿੱਤਰ, ਢੋਰ=ਮੋਏ ਹੋਏ ਪਸ਼ੂ, ਹਾਥਿ=ਹੱਥ ਵਿਚ, ਚਮਰੇ
ਹਾਥਿ=ਚਮਾਰ ਦੇ ਹੱਥ ਵਿਚ, ਉਧਰਿਓ=ਪਾਰ ਲੰਘਾ ਦਿੱਤਾ, ਦੀਨ=ਗਰੀਬ,
ਕੰਗਾਲ, ਦਇਆਲ=ਦਇਆ ਦਾ ਘਰ, ਭਵ=ਸੰਸਾਰ-ਸਮੁੰਦਰ, ਭਵ ਤਾਰਨ=
ਹੇ ਸੰਸਾਰ=ਸਮੁੰਦਰ ਤੋਂ ਪਾਰ ਲੰਘਾਣ ਵਾਲੇ, ਪਪਨਾ=ਪਾਪਾਂ ਤੋਂ, ਦਾਸ ਦਾਸੰਨਾ=
ਦਾਸਾਂ ਦਾ ਦਾਸ)

16. ਅੰਤਰਿ ਪਿਆਸ ਉਠੀ ਪ੍ਰਭ ਕੇਰੀ

ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥
ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥
ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ਰਹਾਉ ॥
ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥
ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥
ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥
ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥
ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥
ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥
ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥
ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥
ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥
ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥
ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥
ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥
ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥੮੩੫॥

(ਅੰਤਰਿ=ਅੰਦਰ, ਪਿਆਸ=ਤਾਂਘ, ਕੇਰੀ=ਦੀ, ਬਿਰਹਾ=ਪੀੜਾ, ਜਾਣੈ=
ਜਾਣਦਾ ਹੈ, ਅਵਰੁ ਕੋ=ਕੋਈ ਹੋਰ, ਕਿ=ਕੀਹ, ਪਰਈਆ=ਪਰਾਈ, ਹਉ=
ਹਉਂ,ਮੈਂ, ਆਕਲ ਬਿਕਲ=ਘਬਰਾਈ ਹੋਈ, ਲੋਟ ਪੋਟ=ਕਾਬੂ ਤੋਂ ਬਾਹਰ,
ਨਿਰਖਤ ਫਿਰਉ=ਮੈਂ ਭਾਲਦੀ ਫਿਰਦੀ ਹਾਂ, ਦਿਸੰਤਰ=ਦੇਸ-ਅੰਤਰ,ਹੋਰ ਹੋਰ
ਦੇਸ, ਕੋ=ਦਾ, ਚਈਆ=ਚਾਉ, ਦੇਉ=ਦੇਉਂ,ਮੈਂ ਦੇਂਦੀ ਹਾਂ, ਜਿਨਿ=ਜਿਸ ਨੇ,
ਮਾਰਗੁ=ਰਸਤਾ, ਪੰਥੁ=ਰਸਤਾ, ਦਿਖਈਆ=ਵਿਖਾ ਦਿੱਤਾ ਹੈ, ਆਣਿ ਸਦੇਸਾ=
ਸੁਨੇਹਾ ਲਿਆ ਕੇ, ਦੇਇ=ਦੇਂਦਾ ਹੈ, ਕੇਰਾ=ਦਾ, ਰਿਦ ਅੰਤਰਿ=ਹਿਰਦੇ ਵਿਚ,
ਲਗਈਆ=ਲੱਗਦਾ ਹੈ, ਤਲਿ=ਹੇਠ, ਚਲੁ=ਆ ਤੁਰ, ਪ੍ਰਭੁ ਪਰਬੋਧਹ=ਅਸੀਂ
ਪ੍ਰਭੂ ਦੇ ਪਿਆਰ ਨੂੰ ਜਗਾਈਏ, ਕਾਮਣ=ਟੂਣੇ,ਉਹ ਗੀਤ ਜੋ ਜੰਞ ਦੇ ਢੁਕਾ
ਵੇਲੇ ਕੁੜੀਆਂ ਨਵੇਂ ਲਾੜੇ ਨੂੰ ਵੱਸ ਵਿਚ ਕਰਨ ਵਾਸਤੇ ਗਾਂਦੀਆਂ ਹਨ, ਕਰਿ=
ਕਰ ਕੇ, ਲਹੀਆ=ਲੱਭ ਲਈਏ, ਭਗਤਿ ਵਛਲੁ=ਭਗਤੀ ਨਾਲ ਪਿਆਰ ਕਰਨ
ਵਾਲਾ, ਕਹੀਅਤੁ=ਕਿਹਾ ਜਾਂਦਾ ਹੈ, ਉਆ ਕੋ=ਉਸ ਦਾ, ਖਿਮਾ=ਕਿਸੇ ਦੀ
ਵਧੀਕੀ ਨੂੰ ਸਹਾਰਨ ਦਾ ਸੁਭਾਉ, ਸੀਗਾਰ=ਸਿੰਗਾਰ, ਬਲਈਆ=ਬਾਲਦੀ ਹੈ,
ਰਸਿ ਰਸਿ=ਬੜੇ ਸੁਆਦ ਨਾਲ, ਭੋਗ ਕਰੇ=ਮਿਲਾਪ ਮਾਣਦਾ ਹੈ, ਜੀਉ=ਜਿੰਦ,
ਕੰਠਿ=ਗਲ ਵਿਚ, ਮੋਤੀਚੂਰੁ=ਸਿਰ ਦਾ ਇਕ ਗਹਿਣਾ, ਗਹਨ=ਗਹਿਣੇ,
ਭਈਆ=ਪਿਆਰਾ ਲੱਗਦਾ ਹੈ, ਕੀਜੈ=ਕਰਦੇ ਰਹੀਏ, ਫੋਕਟ=ਫੋਕਾ,
ਮਿਲਣ ਕੈ ਤਾਈ=ਮਿਲਣ ਵਾਸਤੇ, ਲੀਓ ਸੁਹਾਗਨਿ=ਸੁਹਾਗਣ ਨੂੰ
ਆਪਣੀ ਬਣਾ ਲਿਆ, ਮੁਖਿ=ਮੂੰਹ ਉੱਤੇ, ਚੇਰੀ=ਚੇਰੀਆਂ,ਦਾਸੀਆਂ,
ਅਗਮ=ਅਪਹੁੰਚ, ਗੁਸਾਈ=ਧਰਤੀ ਦਾ ਖਸਮ, ਕਿਆ ਹਮ ਕਰਹ=
ਅਸੀ ਕੀਹ ਕਰ ਸਕਦੀਆਂ ਹਾਂ)

17. ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ

ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥
ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ਰਹਾਉ ॥
ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥
ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥
ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ਛਕਾ ੧॥੮੬੧॥

(ਕਉ=ਨੂੰ,ਵਾਸਤੇ, ਤਪਤੈ=ਤਪ ਰਿਹਾ ਹੈ, ਤੜਫ ਰਿਹਾ ਹੈ, ਤ੍ਰਿਖਾਵੰਤੁ=
ਤਿਹਾਇਆ ਮਨੁੱਖ, ਨੀਰ=ਪਾਣੀ, ਬੇਦਨ=ਪੀੜਾ, ਅੰਤਰ ਕੀ=ਅੰਦਰ ਦੀ,
ਪੀਰ=ਪੀੜ, ਬੀਰ=ਵੀਰ, ਕਹੁ=ਦੱਸ,ਸੁਣ, ਲੇ=ਲੈ ਕੇ, ਧੀਰ=ਕੋਮਲਤਾ
ਪੈਦਾ ਕਰਨ ਵਾਲੀ,ਸ਼ਾਂਤੀ ਦੇਣ ਵਾਲੀ, ਪੁਜਾਵਹੁ=ਪੂਰੀ ਕਰੋ, ਸਾਂਤਿ ਸਰੀਰ=
ਸਰੀਰ ਨੂੰ ਸ਼ਾਂਤੀ)

18. ਜਿਉ ਪਸਰੀ ਸੂਰਜ ਕਿਰਣਿ ਜੋਤਿ

ਜਿਉ ਪਸਰੀ ਸੂਰਜ ਕਿਰਣਿ ਜੋਤਿ ॥
ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥
ਏਕੋ ਹਰਿ ਰਵਿਆ ਸ੍ਰਬ ਥਾਇ ॥
ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ਰਹਾਉ ॥
ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥
ਏਕੋ ਏਕੁ ਰਹਿਆ ਭਰਪੂਰਿ ॥
ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥
ਏਕੋ ਏਕੁ ਵਰਤੈ ਹਰਿ ਲੋਇ ॥
ਨਾਨਕ ਹਰਿ ਏਕ? ਕਰੇ ਸੁ ਹੋਇ ॥੪॥੧॥੧੧੭੭॥

(ਪਸਰੀ=ਖਿਲਰੀ ਹੋਈ, ਜੋਤਿ=ਚਾਨਣ,
ਘਟਿ ਘਟਿ=ਹਰੇਕ ਸਰੀਰ ਵਿਚ, ਰਮਈਆ=
ਸੋਹਣਾ ਰਾਮ, ਓਤਿ ਪੋਤਿ=ਤਾਣੇ ਪੇਟੇ ਵਾਂਗ,
ਰਵਿਆ=ਮੌਜੂਦ ਹੈ, ਸ੍ਰਬ ਥਾਇ=ਸਾਰੇ ਥਾਂ
ਵਿਚ, ਸਬਦੀ=ਸ਼ਬਦ ਦੀ ਰਾਹੀਂ, ਮਿਲੀਐ=
ਮਿਲਿਆ ਜਾ ਸਕਦਾ ਹੈ, ਘਟਿ ਘਟਿ ਅੰਤਰਿ=
ਹਰੇਕ ਸਰੀਰ ਦੇ ਅੰਦਰ, ਏਕੋ=ਇਕ ਆਪ ਹੀ,
ਗੁਰਿ ਮਿਲਿਐ=ਜੇ ਗੁਰੂ ਮਿਲ ਪਏ, ਪ੍ਰਗਟੁ
ਹੋਇ=ਪਰਤੱਖ ਦਿੱਸ ਪੈਂਦਾ ਹੈ, ਸਾਕਤ=
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ, ਜਾਣਹਿ=
ਜਾਣਦੇ ਹਨ, ਲੋਇ=ਜਗਤ ਵਿਚ, ਸੁ=ਉਹ ਕੁਝ)

19. ਰੈਣਿ ਦਿਨਸੁ ਦੁਇ ਸਦੇ ਪਏ

ਰੈਣਿ ਦਿਨਸੁ ਦੁਇ ਸਦੇ ਪਏ ॥
ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥
ਹਰਿ ਹਰਿ ਚੇਤਿ ਸਦਾ ਮਨ ਮੇਰੇ ॥
ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ਰਹਾਉ ॥
ਮਨਮੁਖ ਫਿਰਿ ਫਿਰਿ ਹਉਮੈ ਮੁਏ ॥
ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥
ਜਨਮ ਮਰਣ ਦੋਊ ਦੁਖ ਭਾਗੇ ॥੩॥
ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥
ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥੧੧੭੭॥

(ਰੈਣਿ=ਰਾਤ, ਦੁਇ=ਦੋਵੇਂ, ਸਦੇ ਪਏ=
ਸੱਦੇ ਪਏ,ਮੌਤ ਦੇ ਸੁਨੇਹੇ ਮਿਲ ਰਹੇ ਹਨ,
ਰਖਿ ਲੀਏ=ਰੱਖਿਆ ਕਰਦਾ ਹੈ, ਚੇਤਿ=
ਚੇਤੇ ਕਰ, ਭੰਜਿ=ਨਾਸ ਕਰ ਕੇ, ਕਾਲਿ=
ਕਾਲ ਨੇ, ਸੰਘਾਰੇ=ਮਾਰ ਦਿੱਤੇ, ਲਿਵ=
ਲਗਨ, ਭਾਗੇ=ਦੂਰ ਹੋ ਜਾਂਦੇ ਹਨ, ਕਉ=ਨੂੰ,
ਤੁਠਾ=ਦਇਆਵਾਨ ਹੋਇਆ, ਬਨਵਾਰੀ=
ਪਰਮਾਤਮਾ)

20. ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ

ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥
ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥
ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥
ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ਰਹਾਉ ॥
ਜਨ ਕੇ ਸਾਸ ਸਾਸ ਹੈ ਜੇਤੇ ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥
ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥੨॥
ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ ॥
ਜਨਮ ਜਨਮ ਕੀ ਹਉਮੈ ਮਲੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥
ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮ੍ਹ੍ਹ ਪੈਜ ਰਖਹੁ ਅਪਨੀਧੇ ॥
ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ ॥੪॥੩॥੫॥੧੧੭੮॥

(ਮਨੂਆ=ਅੰਞਾਣਾ ਮਨ, ਰਹਿ ਨ ਸਕੈ=ਧੀਰਜ ਨਹੀਂ ਕਰ
ਸਕਦਾ, ਨਾਮ ਰਸਿ=ਨਾਮ ਦੇ ਸੁਆਦ ਵਿਚ, ਗੀਧੇ=ਗਿੱਝ
ਗਿਆ ਹੈ, ਬਾਰਿਕੁ=ਛੋਟਾ ਬਾਲ, ਰਸਕਿ=ਸੁਆਦ ਨਾਲ,
ਥਨਿ ਮਾਤਾ=ਮਾਂ ਦੇ ਥਣ ਉੱਤੇ, ਬਿਲਲ ਬਿਲੀਧੇ=ਵਿਲਕਣ
ਲੱਗ ਪੈਂਦਾ ਹੈ, ਬੀਧੇ=ਵਿੱਝ ਗਏ ਹਨ, ਸੀਧੇ=ਸਿੱਧ ਹੋ ਗਿਆ
ਹੈ,ਲੱਭ ਪਿਆ ਹੈ, ਜੇਤੇ=ਜਿਤਨੇ ਭੀ, ਹੈ=ਹੈਂ, ਸਾਸ ਸਾਸ=
ਸਾਰੇ ਸਾਹ, ਬਿਰਹਿ=ਪਿਆਰ-ਭਰੇ ਵਿਛੋੜੇ ਵਿਚ, ਸੁਕਲੀਧੇ=
ਸੁੱਕ ਜਾਂਦਾ ਹੈ, ਨਿਰੰਜਨੁ={ਨਿਰ+ਅੰਜਨੁ) ਕਾਲਖ ਰਹਿਤ,
ਪਵਿੱਤਰ, ਨਰਹਰਿ=ਪਰਮਾਤਮਾ, ਉਪਦੇਸਿ ਗੁਰੂ=ਗੁਰੂ ਨੇ
ਆਪਣੇ ਉਪਦੇਸ਼ ਨਾਲ, ਪ੍ਰੀਧੇ=ਪ੍ਰੋਸ ਰੱਖਿਆ, ਸਾਹਮਣੇ ਵਿਖਾ
ਦਿੱਤਾ, ਨਿਕਸੀ=ਨਿਕਲ ਗਈ, ਅੰਮ੍ਰਿਤਿ ਜਲਿ=ਆਤਮਕ
ਜੀਵਨ ਦੇਣ ਵਾਲੇ ਨਾਮ-ਜਲ ਨਾਲ, ਨੀਧੇ=ਨ੍ਹਾਤੇ, ਬਿਚਰਹੁ=
ਵਿਚਾਰੋ, ਪੈਜ=ਇੱਜ਼ਤ, ਅਪਨੀਧੇ=ਆਪਣੇ ਦਾਸ ਦੀ, ਭਾਵੈ=
ਜੇ ਤੈਨੂੰ ਚੰਗਾ ਲੱਗੇ, ਬਿਨਉ=ਬੇਨਤੀ, ਪਵੀਧੇ=ਪਿਆ ਹੈ)

21. ਕਾਹੇ ਪੂਤ ਝਗਰਤ ਹਉ ਸੰਗਿ ਬਾਪ

ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ਰਹਾਉ ॥
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥੧੨੦੦॥

(ਪੂਤ=ਹੇ ਪੁੱਤਰ, ਕਾਹੇ ਝਗਰਤ ਹਉ=ਕਿਉਂ ਝਗੜਾ ਕਰਦੇ ਹੋ,
ਸੰਗਿ ਬਾਪ=ਪਿਤਾ ਨਾਲ, ਜਣੇ=ਜੰਮੇ ਹੋਏ, ਬਡੀਰੇ=ਵੱਡੇ ਕੀਤੇ
ਹੋਏ,ਪਾਲੇ ਹੋਏ, ਸਿਉ=ਨਾਲ, ਗਰਬੁ=ਮਾਣ, ਕਿਸਹਿ ਨ ਆਪ=
ਕਿਸੇ ਦਾ ਭੀ ਆਪਣਾ ਨਹੀਂ, ਮਹਿ=ਵਿਚ, ਜਾਇ=ਜਾਂਦਾ ਹੈ,
ਬਿਖਿਆ=ਮਾਇਆ, ਰਸੁ=ਸੁਆਦ, ਤਉ=ਤਦੋਂ, ਪਛੁਤਾਪ=
ਪਛਤਾਵਾ, ਜਾਪਹੁ=ਜਾਪ ਜਪਦੇ ਰਹੋ, ਜਨ=ਪਰਮਾਤਮਾ ਦੇ
ਸੇਵਕ, ਤੁਮ ਕਉ=ਤੁਹਾਨੂੰ, ਜਉ=ਜੇ, ਤਉ=ਤਾਂ, ਜਾਇ=ਦੂਰ
ਹੋ ਜਾਇਗਾ, ਸੰਤਾਪ=ਮਾਨਸਕ ਦੁੱਖ-ਕਲੇਸ਼)

22. ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥
ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ਰਹਾਉ ॥
ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥
ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥
ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥
ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥
ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥
ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥
ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥
ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥
ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥
ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥
ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥
ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥
ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥
ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥੧੩੦੮॥

(ਜਪਿ=ਜਪਿਆ ਕਰ, ਪਾਵੈਗੋ=ਪਾਵੈ,ਪਾਂਦਾ ਹੈ, ਜਪੈ=ਜਪਦਾ ਹੈ,
ਸੇਵਿ=ਸੇਵਾ ਕਰ ਕੇ, ਸਮਾਵੈਗੋ=ਲੀਨ ਰਹਿੰਦਾ ਹੈ, ਖਿਨੁ ਖਿਨੁ=
ਹਰ ਵੇਲੇ, ਲੋਚਾ=ਤਾਂਘ, ਜਪਤ=ਜਪਦਿਆਂ, ਅਨ ਰਸ ਸਾਦ=
ਹੋਰ ਰਸਾਂ ਦੇ ਸੁਆਦ, ਨੀਕਰਿ ਗਏ=ਨਿਕਲ ਗਏ, ਲਾਵੈਗੋ=ਲਾਂਦਾ
ਹੈ, ਦ੍ਰਵਿਆ=ਨਰਮ ਹੋ ਗਿਆ ਹੈ, ਭੀਨਾ=ਭਿੱਜ ਗਿਆ ਹੈ, ਨਿਜ
ਘਰਿ=ਆਪਣੇ ਘਰ ਵਿਚ, ਤਹ=ਉਸ ਵਿਚ, ਅਨਹਤ=ਇਕ-ਰਸ,
ਲਗਾਤਾਰ, ਧੁਨੀ=ਸੁਰ, ਬਾਜਹਿ=ਵੱਜਦੇ ਰਹਿੰਦੇ ਹਨ, ਨੀਝਰ=ਚਸ਼ਮਾ,
ਚੁਆਵੈਗੋ=ਚੋਂਦੀ ਰਹਿੰਦੀ ਹੈ, ਤਿਲ ਤਿਲ=ਹਰ ਵੇਲੇ, ਗਾਵੈ=ਗਾਂਦਾ
ਰਹਿੰਦਾ ਹੈ, ਤ੍ਰਿਪਤਾਵੈਗੋ=ਤ੍ਰਿਪਤ ਰਹਿੰਦਾ ਹੈ, ਕਨਿਕ=ਸੋਨਾ, ਕਾਪਰੁ=
ਕਪੜਾ, ਭਾਂਤਿ=ਕਈ ਕਿਸਮਾਂ ਦਾ, ਬਨਾਵੈਗੋ=ਬਣਾਂਦਾ ਹੈ, ਸਭਿ=ਸਾਰੇ,
ਫੀਕ ਫਿਕਾਨੈ=ਬਹੁਤ ਹੀ ਫਿੱਕੇ, ਜਨਮਿ=ਜੰਮ ਕੇ, ਪਟਲ=ਪਰਦਾ,
ਘੂਮਨਿ ਘੇਰਿ=ਘੁੰਮਣਘੇਰੀ, ਘੁਲਾਵੈਗੋ=ਘੁਲਦਾ ਹੈ, ਮਨੂਰ=ਸੜਿਆ
ਹੋਇਆ ਲੋਹਾ, ਬਿਖੁ=ਜ਼ਹਰ, ਦੁਤਰੁ=ਜਿਸ ਤੋਂ ਪਾਰ ਲੰਘਣਾ ਔਖਾ
ਹੁੰਦਾ ਹੈ, ਭਉ=ਡਰ,ਅਦਬ, ਬੈਰਾਗੁ=ਪਿਆਰ, ਬੋਹਿਥੁ=ਜਹਾਜ਼,
ਖੇਵਟੁ=ਮਲਾਹ, ਸਬਦਿ=ਸ਼ਬਦ ਦੀ ਰਾਹੀਂ, ਤਰਾਵੈਗੋ=ਪਾਰ ਲੰਘਾ
ਦੇਂਦਾ ਹੈ, ਭੇਟੀਐ=ਮਿਲ ਸਕੀਦਾ ਹੈ, ਰਾਮੈ ਨਾਮਿ=ਪਰਮਾਤਮਾ ਦੇ
ਨਾਮ ਵਿਚ, ਲਾਇ=ਜੋੜ ਕੇ, ਗੁਰ ਗਿਆਨੈ=ਗੁਰੂ ਦੇ ਦੱਸੇ ਗਿਆਨ
ਵਿਚ, ਭਾਣੈ=ਰਜ਼ਾ ਵਿਚ, ਭਾਵੈ=ਚੰਗਾ ਲੱਗਦਾ ਹੈ)

23. ਪ੍ਰਭ ਕੀਜੈ ਕ੍ਰਿਪਾ ਨਿਧਾਨ

ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ਰਹਾਉ ॥
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥
ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥
ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥
ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥
ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥
ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ਛਕਾ ੧ ॥੧੩੨੧॥

(ਕ੍ਰਿਪਾ ਨਿਧਾਨ=ਹੇ ਕ੍ਰਿਪਾ ਦੇ ਖ਼ਜ਼ਾਨੇ, ਹਮ=ਅਸੀਂ ਜੀਵ,
ਗੁਨ ਗਾਵਹਗੇ=ਗੁਣ ਗਾਂਦੇ ਰਹੀਏ, ਹਉ=ਹਉਂ,ਮੈਂ, ਕਰਉ=
ਮੈਂ ਕਰਦਾ ਹਾਂ, ਮੋਹਿ=ਮੈਨੂੰ, ਗਲਿ=ਗਲ ਨਾਲ, ਲਾਵਹਿਗੇ=
ਲਾਣਗੇ, ਬਾਰਿਕ=ਬਾਲਕ, ਮੁਗਧ=ਮੂਰਖ, ਇਆਨ=ਅੰਞਾਣੇ,
ਸੁਤੁ=ਪੁੱਤਰ, ਭੂਲਿ=ਭੁੱਲਦਾ ਹੈ, ਬਿਗਾਰਿ=ਵਿਗਾੜਦਾ ਹੈ,
ਭਾਵਹਿਗੇ=ਪਿਆਰੇ ਲੱਗਦੇ ਹਨ, ਮੋਹਿ=ਮੈਨੂੰ, ਠਉਰ=ਥਾਂ,
ਆਸਰਾ, ਪਹਿ=ਪਾਸ,ਕੋਲ, ਤਿਨਾ=ਉਹਨਾਂ ਨੂੰ, ਹਰਿ ਭਾਵਹਿਗੇ=
ਪ੍ਰਭੂ ਜੀ ਪਿਆਰੇ ਲੱਗਦੇ ਹਨ, ਜੋਤੀ=ਪ੍ਰਭੂ ਦੀ ਜੋਤਿ ਵਿਚ, ਜੋਤਿ=
ਜਿੰਦ, ਮਿਲਾਇ=ਮਿਲਾ ਕੇ, ਰਲਿ ਜਾਵਹਗੇ=ਰਲ ਜਾਂਦੇ ਹਨ, ਲਿਵ
ਲਾਵਹਿਗੇ=ਲਗਨ ਪੈਦਾ ਕਰਦੇ ਹਨ, ਦੁਆਰਿ=ਦਰ ਤੇ)

  • ਮੁੱਖ ਪੰਨਾ : ਬਾਣੀ, ਗੁਰੂ ਰਾਮ ਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ