Shabad : Baba Sheikh Farid Ji

ਸ਼ਬਦ : ਬਾਬਾ ਸ਼ੇਖ ਫ਼ਰੀਦ ਜੀ

੧. ਆਸਾ ਸੇਖ ਫਰੀਦ ਜੀਉ ਕੀ ਬਾਣੀ
ੴ ਸਤਿਗੁਰ ਪ੍ਰਸਾਦਿ

ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ਰਹਾਉ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ।
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥੪੮੮॥

(ਜਿਨ੍ਹ=ਜਿਨ੍ਹਾਂ, ਸਚਿਆ=ਸੱਚੇ ਆਸ਼ਕ, ਸੇਈ=
ਉਹੀ ਬੰਦੇ, ਜਿਨ੍ਹ ਮਨਿ=ਜਿਨ੍ਹਾਂ ਦੇ ਮਨ ਵਿਚ,
ਕਾਂਢੇ=ਕਹੇ ਜਾਂਦੇ ਹਨ, ਕਚਿਆ=ਕੱਚੀ ਪ੍ਰੀਤ
ਵਾਲੇ, ਰਤੇ=ਰੰਗੇ ਹੋਏ, ਭੁਇ=ਧਰਤੀ ਉੱਤੇ,
ਥੀਏ=ਹੋ ਗਏ ਹਨ, ਲੜਿ=ਪੱਲੇ ਨਾਲ, ਸੇ=ਉਹੀ
ਬੰਦੇ, ਜਣੇਦੀ=ਜੰਮਣ ਵਾਲੀ, ਪਰਵਦਗਾਰ=
ਪਾਲਣਹਾਰ, ਅਗਮ=ਅਪਹੁੰਚ, ਤੂ=ਤੈਨੂੰ,
ਸਚੁ=ਸਦਾ-ਥਿਰ ਰਹਿਣ ਵਾਲੇ ਨੂੰ, ਮੂੰ=ਮੈਂ,
ਪਨਹ=ਪਨਾਹ,ਓਟ, ਬਖਸੰਦਗੀ=ਬਖ਼ਸ਼ਣ ਵਾਲਾ,
ਫਰੀਦੈ=ਫ਼ਰੀਦ ਨੂੰ)

੨. ਆਸਾ

ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥
ਆਜੁ ਮਿਲਾਵਾ ਸੇਖ ਫਰੀਦ
ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ॥
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥੪੮੮॥

(ਬੋਲੈ=ਆਖਦਾ ਹੈ, ਅਲਹ ਲਗੇ=ਅੱਲਹ ਨਾਲ ਲੱਗ, ਹੋਸੀ=
ਹੋ ਜਾਇਗਾ, ਗੋਰ=ਕਬਰ,ਆਜੁ=ਅੱਜ,ਇਸ ਜਨਮ ਵਿਚ ਹੀ,
ਟਾਕਿਮ=ਕਾਬੂ ਕਰ, ਕੂੰਜੜੀਆ=ਇੰਦ੍ਰੀਆਂ ਨੂੰ,
ਮਨਹੁ=ਮਚਿੰਦੜੀਆ=ਮਨ ਨੂੰ ਮਚਾਉਣ ਵਾਲੀਆਂ ਨੂੰ,
ਜੇ ਜਾਣਾ=ਜਦੋਂ ਇਹ ਪਤਾ ਹੈ, ਘੁਮਿ=ਮੁੜ ਕੇ,ਫਿਰ,
ਲਗਿ=ਲੱਗ ਕੇ, ਨ ਵਞਾਈਐ=ਖ਼ੁਆਰ ਨਹੀਂ ਕਰਨਾ
ਚਾਹੀਦਾ ਵਾਟ=ਰਸਤਾ, ਮੁਰੀਦਾ=ਮੁਰੀਦ ਬਣ ਕੇ,
ਜੋਲੀਐ=ਤੁਰਨਾ ਚਾਹੀਦਾ ਹੈ,ਛੈਲ=ਬਾਂਕੇ ਜੁਆਨ,
ਸੰਤ ਜਨ, ਗੋਰੀ ਮਨੁ=ਇਸਤ੍ਰੀ ਦਾ ਮਨ, ਧੀਰਿਆ=
ਹੌਸਲਾ ਫੜਦਾ ਹੈ, ਕੰਚਨ ਵੰਨੇ ਪਾਸੇ=ਜੋ ਧਨ
ਪਦਾਰਥ ਵਲ ਲੱਗ ਪਏ, ਕਲਵਤਿ=ਆਰੇ ਨਾਲ, ਸੇਖ=
ਸ਼ੇਖ਼, ਹੈਯਾਤੀ=ਉਮਰ, ਥਿਰੁ=ਸਦਾ ਕਾਇਮ,
ਆਸਣਿ=ਥਾਂ ਤੇ, ਕੇਤੇ=ਕਈ, ਬੈਸਿ ਗਇਆ=
ਬਹਿ ਕੇ ਚਲੇ ਗਏ ਹਨ,ਚੇਤਿ=ਚੇਤਰ ਵਿਚ, ਡਉ=
ਜੰਗਲ ਦੀ ਅੱਗ, ਸਾਵਣਿ=ਸਾਵਣ ਦੇ ਮਹੀਨੇ ,
ਪਿਰ ਗਲਿ=ਪਤੀ ਦੇ ਗਲ ਵਿਚ ਬਾਹੜੀਆਂ=ਸੋਹਣੀਆਂ
ਬਾਹਾਂ, ਚਲਣਹਾਰ=ਨਾਸਵੰਤ ਜੀਵ, ਛਿਅ ਮਾਹ=
ਛੇ ਮਹੀਨੇ, ਹਿਕੁ ਖਿਨੋ=ਇਕ ਪਲ, ਖੇਵਟ=ਮੱਲਾਹ,
ਵੱਡੇ ਆਗੂ, ਕਿੰਨਿ=ਕਿੰਨੇ, ਜਾਲਣ=ਦੁੱਖ
ਸਹਾਰਨੇ, ਗੋਰਾਂ ਨਾਲਿ=ਕਬਰਾਂ ਨਾਲ, ਜੀਅ=ਜੀਵ)

੩. ੴ ਸਤਿਗੁਰ ਪ੍ਰਸਾਦਿ
ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
ਬਾਵਲਿ ਹੋਈ ਸੋ ਸਹੁ ਲੋਰਉ ॥
ਤੈ ਸਹਿ ਮਨ ਮਹਿ ਕੀਆ ਰੋਸੁ ॥
ਮੁਝੁ ਅਵਗਨ ਸਹ ਨਾਹੀ ਦੋਸੁ ॥੧॥
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ॥
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
ਵਿਧਣ ਖੂਹੀ ਮੁੰਧ ਇਕੇਲੀ ॥
ਨਾ ਕੋ ਸਾਥੀ ਨਾ ਕੋ ਬੇਲੀ ॥
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
ਵਾਟ ਹਮਾਰੀ ਖਰੀ ਉਡੀਣੀ ॥
ਖੰਨਿਅਹੁ ਤਿਖੀ ਬਹੁਤੁ ਪਿਈਣੀ ॥
ਉਸੁ ਊਪਰਿ ਹੈ ਮਾਰਗੁ ਮੇਰਾ ॥
ਸੇਖ ਫਰੀਦਾ ਪੰਥੁ ਸਮਾਰ੍ਹਿ ਸਵੇਰਾ ॥੪॥੧॥੭੯੪॥

(ਤਪਿ ਤਪਿ=ਦੁਖੀ ਹੋ ਹੋ ਕੇ, ਲੁਹਿ ਲੁਹਿ=ਤੜਪ
ਤੜਪ ਕੇ, ਮਰੋਰਉ=ਮਲਦੀ ਹਾਂ, ਬਾਵਲਿ=ਝੱਲੀ,
ਲੋਰਉ=ਮੈਂ ਲੱਭਦੀ ਹਾਂ, ਸਹਿ=ਖਸਮ ਨੇ,ਸਾਰ=
ਕਦਰ,ਕਿਤ ਗੁਨ=ਕਿਨ੍ਹਾਂ ਗੁਣਾਂ ਦੇ ਕਾਰਨ,
ਹਉ=ਮੈਂ, ਬਿਰਹੈ=ਵਿਛੋੜੇ ਵਿਚ, ਜਾਲੀ=ਸਾੜੀ,
ਵਿਧਣ=ਡਰਾਉਣ ਵਾਲੀ,ਭਿਆਨਕ, ਮੁੰਧ=ਇਸਤ੍ਰੀ,
ਪ੍ਰਭਿ=ਪ੍ਰਭੂ ਨੇ, ਬੇਲੀ=ਮਦਦਗਾਰ,ਦੋਸਤ, ਵਾਟ=
ਸਫ਼ਰ, ਉਡੀਣੀ=ਦੁਖਦਾਈ, ਖੰਨਿਅਹੁ=ਖੰਡੇ
ਨਾਲੋਂ, ਪਿਈਣੀ=ਤੇਜ਼ ਧਾਰ ਵਾਲੀ,ਪਤਲੀ, ਸਮ੍ਹ੍ਹਾਰਿ
=ਸੰਭਾਲ)

੪. ਸੂਹੀ ਲਲਿਤ

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ॥
ਇਕ ਆਪੀਨ੍ਹੈ ਪਤਲੀ ਸਹ ਕੇਰੇ ਬੋਲਾ ॥
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥੭੯੪॥

(ਬੇੜਾ=ਸਿਮਰਨ ਰੂਪ ਬੇੜਾ, ਬੰਧਿ ਨ ਸਕਿਓ=ਤਿਆਰ
ਨਾਹ ਕਰ ਸਕਿਆ, ਬੰਧਨ ਕੀ ਵੇਲਾ=ਤਿਆਰ ਕਰਨ ਦੀ
ਉਮਰੇ, ਭਰਿ=ਭਰ ਕੇ, ਦੁਹੇਲਾ=ਔਖਾ,ਢੋਲਾ=
ਮਿੱਤਰ, ਜਲਿ ਜਾਸੀ=ਸੜ ਜਾਇਗਾ,ਕਸੁੰਭੇ ਦਾ ਰੰਗ
ਥੋੜ੍ਹ ਚਿਰਾ ਹੁੰਦਾ ਹੈ, ਹਥੁ ਨ ਲਾਇ ਕਸੁੰਭੜੈ=
ਭੈੜੇ ਕਸੁੰਭੇ (ਮਾਇਆ) ਨੂੰ ਹੱਥ ਨ ਲਾ, ਇਕ=
ਕਈ ਜੀਵ-ਇਸਤ੍ਰੀਆਂ, ਆਪੀਨ੍ਹ੍ਹੈ=ਆਪਣੇ ਆਪ
ਵਿਚ, ਪਤਲੀ=ਕਮਜ਼ੋਰ ਆਤਮਕ ਜੀਵਨ, ਰੇ ਬੋਲਾ=ਨਿਰਾਦਰੀ
ਦੇ ਬਚਨ, ਦੁਧਾਥਣੀ=ਉਹ ਅਵਸਥਾ ਜਦੋਂ ਇਸਤ੍ਰੀ ਦੇ
ਥਣਾਂ ਵਿਚ ਦੁੱਧ ਆਉਂਦਾ ਹੈ, ਫਿਰਿ=ਇਹ ਵੇਲਾ
ਖੁੰਝਣ ਤੇ, ਸਹੁ=ਖਸਮ,ਪ੍ਰਭੂ, ਅਲਾਏਸੀ=ਸੱਦੇਗਾ,
ਹੰਸੁ=ਜੀਵ-ਆਤਮਾ, ਡੁੰਮਣਾ=(ਡੁ+ਮਣਾ) ਦੁਚਿੱਤਾ,
ਅਹਿ ਤਨੁ=ਇਹ ਸਰੀਰ, ਥੀਸੀ=ਹੋ ਜਾਇਗਾ)

  • ਮੁੱਖ ਪੰਨਾ : ਬਾਣੀ/ਕਲਾਮ, ਬਾਬਾ ਸ਼ੇਖ ਫ਼ਰੀਦ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ