Sehj Vage Daria Surjit Patar : Gurbhajan Gill

ਸਹਿਜ ਵਗੇ ਦਰਿਆ - ਸੁਰਜੀਤ ਪਾਤਰ : ਗੁਰਭਜਨ ਗਿੱਲ

ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋਣਾਂ ਤਾਂ ਸੁਰਜੀਤ ਪਾਤਰ ਦਾ ਵਰਤੋਂ ਵਿਹਾਰ, ਤੌਰ ਤਰੀਕਾ, ਵਿਚਰਨ ਅੰਦਾਜ਼ ਸਹਿਜ ਸੁਭਾਅ ਵਰਗੇ ਦਰਿਆ ਵਾਂਗ ਜਾਪਦਾ ਹੈ। ਨਿਰੰਤਰ ਵਹਿੰਦਾ, ਨਾ ਤੁਰਿਆ ਨੀ, ਨਾ ਕੰਢੇ ਤੋੜਣਾਂ। ਆਪਣੀ ਸੀਮਾ ਤੇ ਸਮਰੱਥਾ ਨੂੰ ਜਾਨਣਹਾਰ ਜੇ ਕੋਈ ਸਮਕਾਲੀ ਸ਼ਾਇਰ ਹੈ ਤਾਂ ਉਹ ਸਿਰਫ਼ ਸੁਰਜੀਤ ਪਾਤਰ ਹੈ। ਉਸ ਦੀ ਸ਼ਾਇਰੀ ਨਾਲ ਉਣਸ ਦਾ ਮੇਰਾ ਇਹ ਪੰਜਾਹਵਾਂ ਸਾਲ ਹੈ। ਜੇ ਸੁਰਜੀਤ ਪਾਤਰ ਆਪਣੇ ਕਿਸੇ ਗੋਲਡਨ ਜੁਬਲੀ ਪਾਠਕ ਨੂੰ ਸਨਮਾਨਣਾ ਚਾਹੇ, ਤਾਂ ਮੈਂ ਹਾਜ਼ਰ ਹਾਂ। ਮੇਰੇ ਵਰਗੇ ਸੁਭਾਗੇ ਹੋਰ ਕਿੰਨੇ ਕੁ ਹੋਣਗੇ ਜਿਹਨਾਂ ਨੇ ਪਾਠਕ ਹੋਣ ਦੀ ਬਰਕਰਾਰੀ ਤੇ ਬੇਕਰਾਰੀ ਹੁਣ ਤੀਕ ਕਾਇਮ ਰੱਖੀ ਹੈ।

ਗੱਲ ਫਿਰ ਤੁਰ ਕੇ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ (ਗੁਰਦਾਸਪੁਰ) ਵਿੱਚ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸ਼ਤਾਬਦੀ ਨੂੰ ਸਮਰਪਿਤ 1970 ’ਚ ਹੋਏ ਕਵੀ-ਦਰਬਾਰ ਤੇ ਜਾ ਖਲੋਤੀ, ਜਿਸ ਵਿਚ ਮੈਂ ਪਹਿਲੀ ਵਾਰ ਸੁਰਜੀਤ ਪਾਤਰ ਨੂੰ ਸੁਣਿਆ ਸੀ। ਗੀਤ ਨੁਮਾ ਸੁਰੀਲੀ ਗਜ਼ਲ ਦੇ ਬੋਲ ਸਨ-

ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ਼ ਵਾਲੀ ਹਾਅ ਬਣ ਕੇ।
ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਤੂੰ ਤੇ ਲੰਘ ਜਾਂਨੈ, ਪਾਣੀ ਕਦੇ ਵਾਅ ਬਣ ਕੇ।
ਪਿਆ ਅੰਬਾਂ ਉੱਤੇ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆ ਬਾਨ ਦੀ ਗਵਾਹ ਬਣ ਕੇ।
ਜਦੋਂ ਮਿਲਿਆ ਤਾਂ ਹਾਣ ਦਾ ਸੀ ਸਾਂਵਰਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ।

ਇੱਕ ਹੋਰ ਗਜ਼ਲ ਦੇ ਬੋਲ ਸਨ-

ਪੀਲੇ ਪੱਤਿਆਂ ਤੇ ਪੱਬ ਧਰਕੇ ਹਲਕੇ ਹਲਕੇ,
ਹਰ ਸ਼ਾਮ ਅਸੀਂ ਭਟਕੇ ਪੌਣਾਂ ਵਿੱਚ ਰਲਕੇ।
ਸੂਰਜ ਤਾਂ ਸਿਰਫ ਛਿਪਦਾ ਹੈ, ਨਾ ਡੁੱਬਦਾ ਹੈ,
ਮਤ ਸੋਚ ਕਿ ਮੁੱਕ ਜਾਵੇਂਗਾ, ਸਿਵੇ ’ਚ ਬਲਕੇ।
ਇਹ ਜੋ ਉੱਡ ਰਹੇ ਅੱਜ ਹੰਸਾਂ ਦੇ ਜੋੜੇ,
ਇਹਨਾਂ ਦੀ ਵੀ ਰਾਖ ਉੱਡੇਗੀ ਭਲਕੇ।
ਇੱਕ ਕੈਦ ’ਚੋਂ ਨਿਕਲ ਕੇ, ਦੂਜੀ ’ਚ ਪਹੁੰਚ ਗਈ ਏਂ,
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲਕੇ।

ਇਸ ਕਵੀ ਦਰਬਾਰ ’ਚ ਹੀ ਪਤਾ ਲੱਗਾ ਕਿ ਕਵਿਤਾ ਕੋਲ ਸਮਰੱਥਾਵਾਨ ਕਵੀ ਨੇ ਦਸਤਕ ਦੇ ਦਿੱਤੀ ਹੈ। ਇੱਥੇ ਹੀ ਦੂਸਰਾ ਕਵੀ ਕਸ਼ਮੀਰ ਕਾਦਰ ਸੁਣਿਆ। ਉਹ ਫਗਵਾੜਾ ਤੋਂ ਸੂਰਜਮੁਖੀ ਮੈਗਜ਼ੀਨ ਵੀ ਪ੍ਰਕਾਸ਼ਤ ਕਰਦਾ ਸੀ। ਉਸਦਾ ਗੀਤ ਸੀ-

ਤੈਨੂੰ ਹਾਸਿਆਂ ’ਚੋਂ ਜ਼ਖਮ ਦਿਖਾਵਾਂ,
ਜੇ ਸਾਡੀ ਗਲੀ ਆਵੇਂ ਮਿੱਤਰਾ।
ਹੋਇਆ ਕੀ ਜੇ ਕਵੀ ਏਂ ਤੂੰ ਸਾਰਾ ਜੱਗ ਜਾਣਦਾ,
ਸਾਡਾ ਵੀ ਮੁਹੱਲਾ ਤੇਰੀ ਕਵਿਤਾ ਦੇ ਹਾਣ ਦਾ।
ਜਿੰਨੇ ਚੁੱਕ ਲਵੇਂ ਗੀਤ ਚੁਕਾਵਾਂ..।

ਪਰ ਕਾਦਰ ਨੂੰ ਪੰਜਾਬੀ ਫਿਲਮਾਂ ਦਾ ਮੋਹ ਬੰਬਈ ਲੈ ਗਿਆ। ਪਰਤਿਆ ਤਾਂ ਅਦਬੀ ਮੌਸਮ ਬਦਲ ਚੁੱਕਾ ਸੀ। ਸੁਰਜੀਤ ਪਾਤਰ ਨੇ ਆਪਣੀ ਲਗਾਤਾਰਤਾ ਬਰਕਰਾਰ ਰੱਖੀ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਆਪਣੀ ਕਾਵਿ-ਬੁਲੰਦੀ ਸਦਕਾ ਉਹ ਸਿਰਮੌਰਤਾ ਦੀ ਕਲਗੀ ਸਜਾਈ ਬੈਠਾ ਹੈ।

ਸੁਰਜੀਤ ਪਾਤਰ ਪੰਜਾਬੀ ਯੂਨੀਵਰਸਿਟੀ ਪਟਿਾਆਲਾ ’ਚ ਉਦੋਂ ਰੀਸਰਚ ਪੈਲੋ ਸੀ। ਮਗਰੋਂ ਬਾਬਾ ਬੁੱਢਾ ਕਾਲਜ ਬੀੜ ਸਾਹਿਬ (ਅੰਮ੍ਰਿਤਸਰ) ’ਚ ਪੜ੍ਹਾਉਣ ਲੱਗ ਪਏ। 1971 ’ਚ ਮੈਂ ਲੁਧਿਆਣੇ ਜੀ.ਜੀ.ਐੱਨ. ਕਾਲਸਾ ਕਾਲਜ ’ਚ ਪੜ੍ਹਨ ’ਚ ਆ ਗਿਆ। ਏਥੇ ਸ਼ਮਸ਼ੇਰ ਸਿੰਘ ਸੰਧੂ ਤੇ ਕੁੱਝ ਹੋਰ ਦੋਸਤਾਂ ਨਾਲ ਰਲ ਕੇ ਅਸੀਂ ‘ਸੰਕਲਪ’ ਨਾਂ ਦਾ ਅਕਾਲਿਕ ਲੜੀਵਾਰ ਮੈਗਜ਼ੀਨ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਮੈਟਰ ਇਕੱਠਾ ਕਰਨ ਲਈ ਯੋਜਨਾਕਾਰੀ ਕਰਦਿਆਂ ਮੈਂ ਸੁਰਜੀਤ ਪਾਤਰ ਤੇ ਕਸ਼ਮੀਰ ਕਾਦਰ ਦੀਆਂ ਕਵਿਤਾਵਾਂ ਮੰਗਵਾਉਣ ਲਈ ਜ਼ਿੰਮੇਵਾਰੀ ਲੈ ਲਈ। ਪੋਸਟ ਕਾਰਡ ਲਿਖਿਆ ਬੀੜ ਸਾਹਿਬ ਦੇ ਸਿਰਨਾਵੇਂ ਤੇ। ਜਵਾਬੀ ਖ਼ਤ ਆ ਗਿਆ ਕਿ ਅਗਲੇ ਮਹੀਨੇ ਲੁਧਿਆਣੇ ਹੀ ਨੌਕਰੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ਪ੍ਰੋਫੈਸਰ ਮੋਹਨ ਸਿੰਘ ਜੀ ਕੋਲ ਆ ਰਿਹਾਂ। ਆ ਕੇ ਕਵਿਤਾਵਾਂ ਦੇ ਦਿਆਂਗਾ। ਮੈਂ ਪਾਵਟੇ ਹਾਊਸ ’ਚ ਕਵੀ ਤੇ ਚਿੱਤਰਕਾਰ ਦੇਵ ਕੋਲ ਟਿਕਾਂਗਾ, ਪਹਿਲੇ ਕੁੱਝ ਦਿਨ। ਮਿਲ ਲੈਣਾ। ਦੇਵ ਉਹਨੀਂ ਦਿਨੀਂ ਪੰਜਾਬ ਐਗਰੀਕਲਟਰਲ ਯੂਨੀਵਰਸਿਟੀ ਵਿੱਚ ਉਸਰ ਰਹੇ ਪੇਂਡੂ ਵਸਤਾਂ ਦੇ ਅਜਾਇਬ ਘਰ ਵਿੱਚ ਇੱਕ ਦੀਵਾਰ ਤੇ ਮਿਉਰਲ ਪੇਂਟ ਕਰ ਰਿਹਾ ਸੀ। ਡਾ. ਮ.ਸ. ਰੰਧਾਵਾ ਜੀ ਨੇ ਕਲਾਤਮਕ ਮਾਹੌਲ ਸਿਖਰਾਂ ’ਤੇ ਪਹੁੰਚਾ ਦਿੱਤਾ ਸੀ। ਉਹ ਵਾਈਸ ਚਾਂਸਲਰ ਸਨ ਤੇ ਓਹੀ ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਲੁਧਿਆਣੇ ਲੈ ਕੇ ਆਏ ਸਨ। ਕਹਾਣੀਕਾਰ ਕੁਲਵੰਤ ਸਿੰਘ ਵਿਰਕ, ਅਜਾਇਬ ਚਿੱਤਰਕਾਰ ਤੇ ਉਰਦੂ ਕਵੀ ਕ੍ਰਿਸ਼ਨ ਅਦੀਬ ਪਹਿਲਾਂ ਹੀ ਯੂਨੀਵਰਸਿਟੀ ਸੇਵਾ ’ਚ ਸਨ। ਡਾ. ਸ. ਨ..ਸੇਵਕ, ਡਾ. ਦਲੀਪ ਸਿੰਘ ਦੀਪ, ਡਾ. ਵਿਦਿਆ ਭਾਸਕਰ ਅਰੁਣ, ਡਾ. ਸਾਧੂ ਸਿੰਘ ਤੇ ਕਈ ਹੋਰ ਸਿਰਜਕ ਤੇ ਖੋਜੀ ਵਿਦਵਾਨ ਇਸ ਯੂਨੀਵਰਸਿਟੀ ਦੀ ਸੇਵਾ ’ਚ ਸਨ।

ਸੁਰਜੀਤ ਪਾਤਰ ਦੇ ਨਾਲ ਹੀ ਪੰਜਾਬੀ ਕਵੀ ਮੋਹਨਜੀਤ ਨੇ ਵੀ ਪ੍ਰੋਫੈਸਰ ਮੋਹਨ ਸਿੰਘ ਨਾਲ ਖੋਜ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੋਹਨਜੀਤ ਦਾ ਟਿਕਾਣਾ ਪ੍ਰਿੰਸ ਹੋਸਟਲ ’ਚ ਹੁੰਦਾ ਸੀ। ਤੁਰਦੇ ਫਿਰਦੇ ਮਸਖਰੇ ਵਾਲੇ ਬਹੁਤੇ ਰੇਖਾ ਚਿਤਰ ਉਹਨਾਂ ਏਥੇ ਰਹਿੰਦਿਆਂ ਹੀ ਲਿਖੇ। ਅੰਮਿ੍ਰਤ ਲਾਲ ਨਾਗਰ ਦੇ ਨਾਵਲ ‘ਬੂੰਦ ਤੇ ਸਮੁੰਦਰ’ ਦਾ ਅਨੁਵਾਦ ਵੀ ਉਹਨਾਂ ਏਥੇ ਹੀ ਕੀਤਾ।

ਖੈਰ ਪਾਤਰ ਨੂੰ ਮਿਲਣ ਲਈ ਮੈਂ ਤੇ ਸ਼ਮਸ਼ੇਰ ਸਾਈਕਲ ਸਵਾਰ ਹੋ ਕੇ ਯੂਨੀਵਰਸਿਟੀ ਦੇ ਪਾਵਟੇ ਹਾਊਸ ’ਚ ਜਾ ਦਸਤਕ ਦਿੱਤੀ। ਸਵੇਰ ਦਾ ਪਹਿਰ ਸੀ। ਨੰਗੇ ਸਿਰ ਇੱਕ ਚਿਹਰਾ ਸਾਡੇ ਸਨਮੁੱਖ ਸੀ। ਅਸਾਂ ਕਿਹਾ,‘ਪਾਤਰ ਸਾਹਬ ਨੂੰ ਮਿਲਣਾ ਹੈ।’ ਉਹ ਬੋਲਿਆ,‘ਦੱਸੋ, ਮੈਂ ਹੀ ਪਾਤਰ ਹਾਂ।’
ਸਮਸ਼ੇਰ ਨੇ ਮੋੜਵਾਂ ਜਵਾਬ ਦਿੱਤਾ, ‘ ਯਾਰ, ਮਖੌਲ ਨਾ ਕਰ, ਅਸਾਂ ਪਾਤਰ ਸਾਹਬ ਨੂੰ ਮਿਲਣਾ ਹੈ, ਜੋ ਕਵੀ ਨੇ।’
ਏਨੇ ਚਿਰ ਨੂੰ ਮਗਰੋਂ ਦੇਵ ਵੀ ਆ ਗਿਆ। ਹੱਸ ਕੇ ਬੱਲਿਆ,‘ ਆ ਜਾਓ ਮੁੰਡਿਓ! ਇਹੀ ਸੁਰਜੀਤ ਪਾਤਰ ਹੈ।’
ਸਾਨੂੰ ਧਰਤੀ ਵਿਹਲ ਨਾ ਦੇਵੇ।

ਮੇਰੀ ਮੁਸੀਬਤ ਇਹ ਸੀ ਕਿ ਮੈਂ ਪਾਤਰ ਸਾਹਿਬ ਨੂੰ ਸਿਰਫ ਕਾਲਾ ਅਫਗਾਨਾ ’ਚ ਇੱਕੋ ਵਾਰ ਵੇਖਿਆ ਸੀ, ਸ਼ਮਸ਼ੇਰ ਪਹਿਲੀ ਵਾਰ ਮਿਲਿਆ ਸੀ।
ਹੌਲੀ-ਹੌਲੀ ਗੱਲਾਂ ਖੁੱਲ੍ਹ ਗਈਆਂ ਕਿ ਅਸੀਂ ਖ਼ਤ ਵਾਲੇ ਮੁੰਡੇ ਹਾਂ, ਜੋ ‘ਸੰਕਲਪ’ ਲਈ ਕਵਿਤਾ ਮੰਗਦੇ ਸਨ। ਪਾਤਰ ਨੇ ਕਵਿਤਾ ਦੀ ਕਾਪੀ ਸਾਨੂੰ ਸੌਂਪੀ ਤੇ ਕਿਹਾ, ਮਿਲਦੇ ਗਿਲਦੇ ਰਹਾਂਗੇ। ਇੱਕ ਕਵਿਤਾ ਦੇਵ ਨੇ ਵੀ ਦੇ ਦਿੱਤੀ ਜੋ ਅਸਾਂ ਸੰਕਲਪ ਦੇ ਅਗਲੇ ਅੰਕ ਵਿੱਚ ਪ੍ਰਕਾਸ਼ਿਤ ਕਰ ਦਿੱਤੀ। ਚਾਰੇ ਬੰਨੇ ਬੱਲੇ ਬੱਲੇ ਹੋ ਗਈ। ਚੰਗੇ ਮੈਟਰ ਸਦਕਾ ਸਦਕਾ ਸੰਕਲਪ ਪੂਰੇ ਪੰਜਾਬ ’ਚ ਸਾਡੀ ਪਛਾਣ ਚਿੰਨ੍ਹ ਬਣ ਗਿਆ।

ਹੌਲੀ-ਹੌਲੀ ਸਾਨੂੰ ਪ੍ਰੋ. ਮੋਹਨ ਸਿੰਘ, ਪ੍ਰਿੰਸੀਪਲ ਤਖਤ ਸਿੰਘ, ਸ. ਸ. ਮੀਸ਼ਾ, ਪਾਸ਼, ਅਮਿਤੋਜ ਤੇ ਭੂਸ਼ਨ ਧਿਆਨਪੁਰੀ ਨੂੰ ਵੀ ਛਾਪਣ ਦਾ ਮਾਣ ਮਿਲਿਆ।
ਪਾਤਰ ਦੀ ਇੱਕ ਕਵਿਤਾ ਤਾਂ ਸੱਤਯਮ ਦੇ ਨਾਂ ਹੇਠ ਵੀ ਛਪੀ, ਜੋ ਕਿਸੇ ਵਿਅਕਤੀ ਵਿਸ਼ੇਸ਼ ਦੇ ਵਤੀਰੇ ਦਾ ਪ੍ਰਤੀਕਰਮ ਸੀ।
ਕੁੱਝ ਸਮੇਂ ਬਾਦ ਪਾਤਰ ਨੇ ਡਾ. ਅਰਜਨ ਸਿੰਘ ਜੋਸਨ ਦੇ ਗਵਾਂਢ ’ਚ ਚੁਬਾਰਾ ਕਿਰਾਏ ’ਤੇ ਲੈ ਲਿਆ। ਇਹ ਮੇਰੇ ਘਰ ਦੇ ਬਹੁਤ ਨੇੜੇ ਸੀ। ਡਾ. ਸੁਧਾ ਰੋਡ ’ਤੇ।

ਸ਼ਾਮ ਸਵੇਰੇ, ਲੰਘਦੇ ਵੜਦੇ ਮੁਲਾਕਾਤਾਂ ਹੋਣ ਲੱਗੀਆਂ। ਸੁਰਜੀਤ ਪਾਤਰ ਸਾਡਾ ਰੋਲ ਮਾਡਲ ਬਣ ਗਿਆ। ਇਸ ਸੜਕ ਦੀ ਟੱਕਰ ’ਤੇ ਘੁਮਾਰ ਮੰਡੀ ਵੱਲ ਜਾਂਦਿਆਂ ਚਿਤਰਕਾਰ ਦੇਵ ਦਾ ਘਰ ਸੀ। ਉਸ ਦੀਆਂ ਪੇਂਟਿੰਗਜ਼ ਵੇਖਣ ਦਾ ਲਾਲਚ ਸਾਨੂੰ ਅਕਸਰ ਰਹਿੰਦਾ।

ਉਦੋਂ ਸੱਭ ਦਾ ਵਤੀਰਾ ਦਰਿਆਵਾਂ ਵਰਗਾ ਸੀ, ਡੱਬਾ ਬੰਦੀ ਨਹੀਂ ਸੀ। ਕਾਫਲੇ ਬੰਨ੍ਹ ਕੇ ਲਿਖਾਰੀ ਦੋਸਤ ਇੱਕ ਦੂਸਰੇ ਦੇ ਘਰੀਂ ਅਕਸਰ ਜਾਂਦੇ। ਜੀ.ਜੀ.ਐੱਨ ਖਾਲਸਾ ਕਾਲਜ ਵਿੱਚ ਡਾ. ਐੱਸ.ਪੀ.ਸਿੰਘ ਸਾਡੇ ਅਧਿਆਪਕ ਸਨ। ਸਾਹਿਤਿਕ ਸਰਗਰਮੀਆਂ ਦੇ ਕੇਂਦਰ ਬਿੰਦੂ। ਰੋਜ਼ ਜਲੰਧਰੋਂ ਟਰੇਨ ਤੇ ਉਹ ਅਤੇ ਡਾ. ਸਾਧੂ ਸਿੰਘ ਇੱਥੇ ਆਉਂਦੇ। ਕਾਲਿਜ ਵਿੱਚ ਨਵੇਂ ਪੁਰਾਣੇ ਲਿਖਾਰੀਆਂ ਦੀ ਸਾਹਿਤ ਸਿਰਜਣ ਪ੍ਰਕਿਰਿਆ ਜਾਨਣ ਲਈ ਇੱਕ ਲੜੀ ਚੱਲਦੀ ਸੀ। ਇੱਕ ਪੁਰਾਣਾ ਲਿਖਾਰੀ ਤੇ ਇੱਕ ਅਸਲੋਂ ਸੱਜਰਾ। ਸਮਸ਼ੇਰ ਤੇ ਮੈਂ ਰਲ ਕੇ ਡਾ. ਐੱਸ.ਪੀ.ਸਿੰਘ ਜੀ ਨੂੰ ਮਨਾ ਲਿਆ ਕਿ ਅਗਲੇ ਮਹੀਨੇ ਦੇ ਪ੍ਰੋਗਰਾਮ ਤੇ ਪ੍ਰਿੰਸੀਪਲ ਤਖ਼ਤ ਸਿੰਘ ਤੇ ਸੁਰਜੀਤ ਪਾਤਰ ਨੂੰ ਬੁਲਾਇਆ ਜਾਵੇ। ਉਹਨਾਂ ਹਾਮੀ ਭਰ ਦਿੱਤੀ। ਜਗਾਰਉਂ ਜਾ ਕੇ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੂੰ ਸੱਦਾ ਪੱਤਰ ਦੇ ਆਏ। ਸੰਕਲਪ ਲਈ ਉਹਨਾਂ ਦੀਆਂ ਦੋ ਰੁਬਾਈਆਂ ਵੀ ਲੈ ਕੇ ਆਏ।
ਇੱਕ ਰੁਬਾਈ ਅੱਜ ਵੀ ਚੇਤੇ ਹੈ-

ਲੜੇਂ ਕੱਖਾਂ ਹਨੇਰੀ ਨਾਲ ਕਾਹਨੂੰ,
ਨਾ ਐਵੇਂ ਮਾਰ ਤਲਵਾਰਾਂ ਹਵਾ ਨੂੰ।
ਸੀ ਊਂ ਤਾਂ ਕਹਿਣ ਨੂੰ ਫੁੱਲਾਂ ਦੀ ਵਗਰੀ,
ਤੁਰੇ ਜਿੱਧਰ ਵੀ, ਵੱਜੇ ਰੋੜ ਸਾਨੂੰ।

ਸੁਰਜੀਤ ਪਾਤਰ ਦੀ ਉਦੋਂ ਤੀਕ ਅਜੇ ਕੋਈ ਕਿਤਾਬ ਨਹੀਂ ਸੀ ਛਪੀ। ਪਰਮਿੰਦਰਜੀਤ ਤੇ ਜੋਗਿੰਦਰ ਕੈਰੋਂ ਨਾਲ ਸੰਮਿਲਤ ਪਹਿਲੀ ਪੁਸਤਕ ‘ਕੋਲਾਜ’ ਕਿਤਾਬ ਵੀ ਮਗਰੋਂ ਛਪੀ। ਟੁੱਟਵੀਆਂ ਕਵਿਤਾਵਾਂ ਤੇ ਗਜ਼ਲਾਂ ਇਕੱਠੀਆਂ ਕਰਕੇ ਜਾਣ ਪਛਾਣ ਲਈ ਅਸਾਂ ਮਸਾਲਾ ਇਕੱਠਾ ਕੀਤਾ।

ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਮੋਹਨ ਸਿੰਘ ਜੀ ਨੇ ਕੀਤੀ ਸੀ। ਸਰੋਤਿਆਂ ’ਚ ਗੁਰੂਸਰ ਸਧਾਰ ’ਚ ਪੜ੍ਹਾਉਂਦੇ ਨੌਜਵਾਨ ਕਵੀ ਇਕਬਾਲ ਰਾਮੂਵਾਲੀਆ ਤੇ ਸੁਰਿੰਦਰਜੀਤ (ਕਰਤਾ ਸਫੈਦਿਆਂ ਦਾ ਜੰਗਲ) ਵੀ ਬੈਠੇ ਸਨ। ਪਾਸ਼ ਵੀ, ਅਮਰਜੀਤ ਗਰੇਵਾਲ ਵੀ, ਸੁਖਚੈਨ ਤੇ ਗੁਰਸ਼ਰਨ ਰੰਧਾਵਾ ਵੀ। ਭਰਵਾਂ ਸਮਾਗਮ ਸੀ। ਸੁਰਜੀਤ ਪਾਤਰ ਨੇ ਨਵੀਆਂ ਕਵਿਤਾਵਾਂ ਸੁਣਾਈਆਂ ਬੁੱਢੀ ਜਾਦੂਗਰਨੀ ਆਖਦੀ ਹੈ, ਘਰਰ ਘਰਰ, ਪੱਛੋਂ ਤੇ ਪੁਰਵੱਈਆ, ਮਕਤੂਲ ਸੱਜਣ ਨੋਟ ਕਰਨ ਪਹਿਲੀ ਵਾਰ ਸੁਣੀਆਂ। ਇੱਕ ਕਵਿਤਾ ਦਾ ਕੁੱਝ ਹਿੱਸਾ ਹੁਣ ਤੀਕ ਚੇਤੇ ਹੈ-

ਮੇਰੀ ਧੁੱਪ ਬਿਮਾਰ ਪਈ ਹੈ।
ਮੇਰੇ ਸੂਰਜ ਨੂੰ ਘੜੀਆਂ ਨੇ ਟੁੱਕ ਦਿੱਤਾ ਹੈ।
ਦਫ਼ਤਰ ਦੇ ਦਰਵਾਜਿਓਂ ਬਾਹਰ
ਮੇਰੀ ਨਜ਼ਮ ਉਡੀਕਦੀ ਮੈਨੂੰ ਬੁੱਢੀ ਹੋ ਗਈ,
ਓਸ ਵਿਚਾਰੀ ਦੇ ਤਾਂ ਲੰਮੜੇ ਵਾਲ ਸੁਹਾਣੇ,
ਬਿਨਾਂ ਪਲੋਸਣ ਚਿੱਟੇ ਹੋ ਗਏ।
ਮੈਂ ਕੁਰਸੀ ਵਿੱਚ ਚਿਣ ਹੋਇਆ ਹਾਂ
ਕੁਰਸੀ ਵਿੱਚ ਚਿਣਿਆਂ ਪੁੱਤਰਾਂ ਨੂੰ,
ਸਾਹਿਬਜ਼ਾਦੇ ਕੌਣ ਕਹੇਗਾ
ਸਰਕਸ ਵਾਲਾ ਬੁੱਢਾ ਸ਼ੇਰ ਹੁਣ ਆਵੇਗਾ
ਪਲ ਵਿੱਚ ਮੇਰੇ ਸਾਰੇ ਸੁਪਨੇ ਭਸਮ ਕਰੇਗਾ
ਮੈਂ ਕਵਿਤਾ, ਮੈਂ ਭੀੜ ਦਾ ਪੁਰਜ਼ਾ
ਗੁੱਛੂ ਮੁੱਛੂ ਹੋ ਕੇ ਇੱਕ ਦਰਾਜ਼ ਦੇ ਅੰਦਰ ਬਹਿ ਜਾਵਾਂਗਾ।

ਕਵਿਤਾ ਦੇ ਕੁੱਝ ਸ਼ਬਦ ਏਧਰ ਓਧਰ ਹੋ ਸਕਦੇ ਹਨ, ਕਿਉਂਕਿ ਜ਼ੁਬਾਨੀ ਅਕਸਰ ਇਹ ਗੜਬੜ ਹੋ ਜਾਂਦੀ ਹੈ।
ਉਸ ਦੀ ਕਵਿਤਾ ‘ਪੁਲ’ ਬੇਅੰਤ ਮੁੱਲਵਾਨ ਕਿਰਤ ਹੈ। ਇਸ ਨੂੰ ਪਾਤਰ ਦੇ ਮੂੰਹੋਂ ਸੁਣਨ ਦਾ ਆਪਣਾ ਹੀ ਸੁਭਾਗ ਸੀ। ਇਸ ਕਵਿਤਾ ਵਿਚਲਾ ਦਰਦ ਸ਼ਬਦਾਂ ਤੋਂ ਬਹਰ ਵੀ ਫੈਲਰਵਾਂ ਹੈ। ਮੈਂ ਇਸ ਨੂੰ ਅੱਜ ਵੀ ਬਹੁਤ ਬਲਵਾਨ ਕਵਿਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹਾਂ।

ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣ ਗਿਆ ਸਾਂ
ਜਦ ਉਹ ਮੇਰੇ ਉੱਪਰ ਦੀ ਲੰਘ ਰਹੇ ਸਨ
ਸ਼ਾਇਦ ਕਹਿ ਰਹੇ ਸਨ
ਕਿੱਥੇ ਰਹਿ ਗਿਆ ਉਹ ਚੁੱਪ ਜਿਹਾ ਬੰਦਾ
ਸ਼ਾਇਦ ਪਿੱਛੇ ਮੁੜ ਗਿਆ ਹੈ
ਸਾਨੂੰ ਪਹਿਲਾਂ ਹੀ ਪਤਾ ਸੀ
ਉਸ ਵਿੱਚ ਦਮ ਨਹੀਂ ਹੈ।

ਲੁਧਿਆਣਾ ਵਿੱਚ ਸੁਰਜੀਤ ਪਾਤਰ ਦੀ ਆਮਦ ਨਾਲ ਏਥੇ ਕਵਿਤਾ ਪੱਕੇ ਪੈਰੀਂ ਹੋ ਜਾਂਦੀ ਹੈ। ਪਹਿਲਾਂ ਭਾਵੇਂ ਪ੍ਰੋ. ਮੋਹਨ ਸਿੰਘ ਤੇ ਅਜਾਇਬ ਚਿੱਤਰਕਾਰ ਵਰਗੇ ਕਵੀ ਹਾਜ਼ਰ ਸਨ, ਪਰ ਪਾਤਰ ਦੇ ਆਉਣ ਨਾਲ ਸਰਗਰਮੀ ਵਧੀ। ਯੂਨੀਵਰਸਿਟੀ ’ਚ ਡਾ. ਸ. ਨ. ਸੇਵਕ ਦੀ ਹਿੰਮਤ ਸਦਕਾ ਯੰਗ ਰਾਈਟਰਜ਼ ਐਸੋਸੀਏਸ਼ਨ ਚੰਗਾ ਫੋਰਮ ਬਣ ਚੱੁਕਾ ਸੀ। ਇਸੇ ਫੋਰਮ ਨੇ ਹੀ ਡਾ. ਫਕੀਰ ਚੰਦ ਸ਼ੁਕਲਾ, ਅਮਰਜੀਤ ਗਰੇਵਾਲ, ਡਾ. ਸੁਖਚੈਨ ਮਿਸਤਰੀ, ਡਾ. ਗੁਰਸ਼ਰਨ ਰੰਧਾਵਾ, ਸ਼ਰਨਜੀਤ ਮਣਕੂ, ਜਨਮੇਜਾ ਜੌਹਲ, ਸੁਖਪਾਲ ਤੇ ਕਈਆਂ ਹੋਰਨਾਂ ਨੂੰ ਵਿਸ਼ੇਸ਼ ਪਛਾਣ ਦਿਵਾਈ।

ਕੁੱਝ ਸਮੇਂ ਬਾਦ ਸੁਰਜੀਤ ਪਾਤਰ ਨੂੰ ਪਰੋਫੈਸਰ ਮੋਹਨ ਸਿੰਘ ਆਪਣੇ ਗੁਆਂਢ ’ਚ ਮਹਾਰਾਜ ਨਗਰ ’ਚ ਲੈ ਆਏ। ਸਵੇਰ ਸ਼ਾਮ ਦੀ ਸਾਂਝ ਨੇ ਸਿਰਜਣਾਤਮਕ ਪ੍ਰਕਿਰਿਆ ਤੇਜ਼ ਕੀਤੀ। ਇੱਥੇ ਹੀ ਇੰਦਰਜੀਤ ਬਿੱਟੂ ਤੇ ਦਰਸ਼ਨ ਜੈਨ ਨਾਲ ਮੁਲਾਕਾਤਾਂ ਹੋਈਆਂ। ਦੋਵੇਂ ਪਾਤਰ ਦੇ ਪੰਜਾਬੀ ਯੂਨੀਵਰਸਿਟੀ ਵੇਲੇ ਦੇ ਸਨੇਹੀ ਸਨ।

ਪਾਤਰ ਦਾ ਕਮਰਾ ਕਿਸੇ ਸਰਾਂ ਤੋਂ ਘੱਟ ਨਹੀਂ ਸੀ। ਪੰਜ ਆਉਂਦੇ, ਚਾਰ ਪਰਤਦੇ, ਰੋਜ਼ ਦਾ ਨਿੱਤਨੇਮ ਸੀ। ਡਾ. ਤੇਜਵੰਤ ਸਿੰਘ ਗਿੱਲ ਪੌੜੀਆਂ ਚੜ੍ਹ ਰਿਹਾ ਹੁੰਦਾ, ਪਰੋ. ਮੋਹਨ ਸਿੰਘ ਉਤਰ ਰਹੇ ਹੁੰਦੇ। ਫਰੀਦਕੋਟ ਵਾਲੇ ਪ੍ਰੋ. ਕਰਮਜੀਤ ਸਿੰਘ ਪਾਤਰ ਨੂੰ ਭਵਿੱਖ ਦੀ ਬਹੁਤ ਵੱਡੀ ਆਸ ਕਹਿੰਦੇ ਸਨ। ਇਹੀ ਆਸ ਪੂਰੀ ਹੋਈ ਹੈ।
ਕਦੇ ਕਦੇ ਅਮਿਤੋਜ ਵੀ ਫੇਰਾ ਮਾਰਦਾ। ਪਰਮਿੰਦਰਜੀਤ ਤਾਂ ਲਗਪਗ ਦੋ ਸਾਲ ਪਾਤਰ ਕੋਲ ਪੱਕਾ ਹੀ ਰਿਹਾ।

ਅਸਲ ਗੱਲ ਇਹ ਸੀ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਮ. ਸ. ਰੰਧਾਵਾ ਦੇ ਨਾਲ ਜਨਰਲ ਸਕੱਤਰ ਪ੍ਰੋ. ਮੋਹਨ ਸਿੰਘ ਸਨ। ਉਨ੍ਹਾਂ ਅਕਾਦਮੀ ਦੀ ਪਿ੍ਰਟਿੰਗ ਪ੍ਰੈਸ ਵੇਚਣ ਦਾ ਫੈਸਲਾ ਕਰ ਲਿਆ।

ਲੁਧਿਆਣਾ ਦੇ ਲਿਖਾਰੀਆਂ ਦਾ ਇਸ ਛਾਪੇਖਾਨੇ ਨਾਲ ਭਾਵੁਕ ਰਿਸ਼ਤਾ ਸੀ। ਡਾ. ਸ. ਨ. ਸੇਵਕ ਨੇ ਸੁਰਜੀਤ ਪਾਤਰ, ਮਹਿੰਦਰਦੀਪ ਗਰੇਵਾਲ, ਮਹਿੰਦਰ ਦੁਸਾਂਝ, ਪ੍ਰਿੰਸੀਪਲ ਤਖ਼ਤ ਸਿੰਘ, ਬਲਵੰਤ ਸਿੰਘ ਸਰਹਾਲ( ਮਗਰੋਂ ਬੰਗਾ ਤੋਂ ਵਿਧਾਇਕ ਬਣੇ) ਤੇ ਜੋਗਿੰਦਰ ਕੈਰੋਂ ਵਰਗੇ ਤੇਰਾਂ ਦੋਸਤ ਇਕੱਠੇ ਕਰਕੇ ਤੇਰਾਂ ਹਜ਼ਾਰ ਰੁਪਏ ’ਚ ਅਕਾਦਮੀ ਪ੍ਰੈੱਸ ਖਰੀਦ ਲਈ। ਰਾਈਟਰਜ਼ ਪ੍ਰੈੱਸ ਨਾਮ ਹੇਠ ਰਜਿਸਟ੍ਰੇਸ਼ਨ ਕਰਵਾ ਲਈ। ਕਿਰਪਾਲ ਸਿੰਘ ਮਸ਼ੀਨਮੈਨ ਤੇ ਕੰਪੋਜ਼ੀਟਰ ਸੁਰਿੰਦਰ ਸਿੰਘ ਵੀ ਹਿੱਸੇਦਾਰ ਬਣਾ ਲਏ। ਮੈਨੇਜਰ ਵਜੋਂ ਪਰਮਿੰਦਰਜੀਤ ਨੂੰ ਨਿਯੁਕਤ ਕਰ ਲਿਆ। ਸ਼ਾਇਰ ਜਲਦੀ ਪੰਜਾਲੀ ਤੁੜਵਾ ਗਿਆ। ਦੋ ਕੁ ਮਹੀਨੇ ਮੈਂ ਵੀ ਪਾਰਟ ਟਾਈਮ ਇਸ ਪ੍ਰੈੱਸ ਦਾ ਡੇਢ ਕੁ ਸੌ ਰੁਪਏ ਮਹੀਨੇ ਤੇ ਮੈਨੇਜਰ ਰਿਹਾ। ਬਖਸ਼ਿੰਦਰ ਪਹਿਲੀ ਵਾਰ ਮੈਨੂੰ ਇਸੇ ਪ੍ਰੈੱਸ ਤੇ ਮਿਲਿਆ ਸੀ। ਉਹ ‘ ਪੋਲਟਰੀ ਗਾਈਡ’ ਮੈਗਜ਼ੀਨ ’ਚ ਨੌਕਰੀ ਕਰਦਾ ਸੀ। ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪੁਸਤਕ ‘ਮੇਰੀ ਗਜ਼ਲ ਯਾਤਰਾ’ ਇਸੇ ਪ੍ਰੈੱਸ ਨੇ ਹੀ ਛਾਪੀ। ‘ਸੰਚਾਰ’ ਨਾਮ ਹੇਠ ਮੈਗਜ਼ੀਨ ਵੀ ਆਰੰਭਿਆ ਪਰ ਲਿਖਾਰੀਆਂ ਦੇ ਸੁਪਨੇ ਦਾ ਤਿੰਨ ਸਾਲਾਂ ਮਗਰੋਂ ਹੀ ਭੋਗ ਪੈ ਗਿਆ।

ਸੁਰਜੀਤ ਪਾਤਰ ਦੇ ਕਮਰੇ ’ਚ ਪਏ ਗਰਾਮਾਫੋਨ ਰੀਕਾਰਡ ਪਲੇਅਰ ਤੇ ਅਸੀਂ ਅਕਸਰ ਹੀ ਬੇਗ਼ਮ ਅਖ਼ਤਰ ਸੁਣਦੇ, ਕਦੇ ਮਹਿਦੀ ਹਸਨ। ਕੁਲਦੀਪ ਮਾਣਕ ਦੀਆਂ ਕਲੀਆਂ ਵੀ ਇਸੇ ਮਸ਼ੀਨ ’ਤੇ ਸੁਣੀਆਂ। ਲਿਖਣ ਵਾਲੇ ਹਰਦੇਵ ਦਿਲਗੀਰ ਨੂੰ ਮਿਲਣ ਲਈ ਸੁਰਜੀਤ ਪਾਤਰ ਜੀ ਨਾਲ ਏਥੋਂ ਹੀ ਥਰੀਕੇ ਪਿੰਡ ਗਏ ਸਾਂ। ਦੇਵ ਤਾਂ ਨਾ ਮਿਲਿਆ, ਪਰ ਉਸਦੀ ਜੀਵਨ ਸਾਥਣ ਪ੍ਰੀਤਮ ਕੌਰ (ਪੀਤੋ) ਨੇ ਦੇਵ ਦੇ ਰੀਕਾਰਡ ਪੇਟੀ ’ਚੋਂ ਕੱਢ ਕੇ ਸਾਨੂੰ ਵਿਖਾਏ। ਮੈਨੂੰ ਸਕੂਟਰ ਦਾ ਨੰਬਰ ਵੀ ਚੇਤੇ ਹੈ। ਪੀ. ਯੂ. ਐੱਲ. 4130 ਸੀ। ਇਸ ਅੰਦਾਜ਼ ਨਾਲ ਅੱਖਰ ਲਿਖੇ ਹੁੰਦੇ ਸਨ ਕਿ ਮਗਰੋਂ ਪੜ੍ਹਨ ਵਾਲੇ ਨੂੰ ਪਾਤਰ ਲਿਖਿਆ ਲੱਗਦਾ ਸੀ।

ਸੁਰਜੀਤ ਪਾਤਰ ਨਾਲ ਸਬੰਧਤ ਯਾਦਾਂ ਦਾ ਲੰਮਾਂ ਸਲੰਮਾਂ ਕਾਫਲਾ ਹੈ। ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਨੌਕਰੀ ਆਰੰਭੀ ਤਾਂ ਲਗਪਗ ਪੰਜ ਕਵੀ ਦਰਬਾਰਾਂ ’ਚ ਪਾਤਰ ਨੇ ਸ਼ਮੂਲੀਅਤ ਕੀਤੀ। ਮੈਨੂੰ ਵਾਪਸ ਲੁਧਿਆਣੇ ਵਿੱਚ ਲਿਆਉਣ ਲਈ ਸੁਰਜੀਤ ਪਾਤਰ ਦੇ ਇੱਕ ਫਿਕਰੇ ਦਾ ਬੜਾ ਵੱਡਾ ਯੋਗਦਾਨ ਹੈ। ਨਿੱਕੇ ਸ਼ਹਿਰ ’ਚ ਨਿੱਕੀ ਹਸਤੀ ਦੀ ਹਊਮੈ ਨੂੰ ਲੋੜੋਂ ਬਹੁਤਾ ਚਾਰਾ ਮਿਲ ਜਾਂਦਾ ਹੈ। ਮੈਂ ਬੇਹੋਦ ਪ੍ਰਸੰਨ ਸਾਂ ਜਗਰਾਉਂ। ਘਰੋਂ ਕਾਲਿਜ ਬਹੁਤੀ ਵਾਰ ਪੈਦਲ ਤੇ ਜਾਂ ਸਾਈਕਲ ਤੇ ਜਾਣਾ ਬਹੁਤ ਹੀ ਸੁਖਦਾਈ ਅਨੁਭਵ ਸੀ। ਰਾਹ ’ਚ ਸਲਾਮਾਂ ਹੀ ਸਲਾਮਾਂ। ਕਾਲਿਜ ’ਚ ਵੀ ਮਾਹੌਲ ਸੁਖਾਵਾਂ ਸੀ, ਇੱਕ ਦੋ ਫਿਰਕੂ ਜ਼ਹਿਰੀਲੇ ਕੀੜਿਆਂ ਨੂੰ ਛੱਡ ਕੇ। ਉਨ੍ਹਾਂ ਨੂੰ ਪੱਗ ਤੇ ਬੱਧੀ ਦਾੜ੍ਹੀ ’ਚੋਂ ਹੀ ਖਾਲਿਸਤਾਨ ਦਾ ਨਕਸ਼ਾ ਦਿਸੀ ਜਾਂਦਾ ਸੀ। ਇਹ ਕੀੜੇ ਆਪਣੀ ਮੌਤ ਆਪ ਹੀ ਮਰ ਗਏ ਬੇਅਦਬ ਹੋ ਕੇ। ਅਸੀਂ ਜਿਉਂਦੇ ਅਸੀਂ ਜਾਗਦੇ।

ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਸੰਪਾਦਕ (ਪੰਜਾਬੀ) ਦੀ ਨੌਕਰੀ ਖਾਲੀ ਹੋਈ ਤਾਂ ਮੇਰੇ ਮਿੱਤਰ ਪਿ੍ਰਤਪਾਲ ਸਿੰਘ ਸਟੈਨੋ ਨੇ ਅਰਜ਼ੀ ਫਾਰਮ ਲਿਆ ਦਿੱਤਾ। ਭਰ ਲਿਆ। ਮੇਰੀ ਮੈਰਿਟ ਠੀਕ ਠਾਕ ਸੀ, ਲਿਖਣ ਪੜ੍ਹਨ ਦਾ ਰਿਕਾਰਡ ਵੀ ਚੰਗਾ ਸੀ। ‘ਸ਼ੀਸ਼ਾ ਝੂਠ ਬੋਲਦਾ ਹੈ’ ਪੁਸਤਕ ਵੀ ਛਪ ਚੱੁਕੀ ਸੀ। ‘ਇੰਟਰਵਿਊ’ ’ਚ ਚੋਣਕਾਰਾਂ ਨੂੰ ਜਚ ਗਿਆ ਮੈਂ, ਤੇ ਚੁਣਿਆ ਗਿਆ।
ਨੌਕਰੀ ’ਤੇ ਹਾਜਰੀ ਭਰਨ ਲਈ ਚਿੱਠੀ ਆ ਗਈ। ਮੇਰੀ ਜੀਵਨ ਸਾਥਣ ਪ੍ਰੋ. ਨਿਰਪਜੀਤ ਕੌਰ ਦੋਚਿੱਤੀ ’ਚ ਪੈ ਗਈ। ਉਹ ਰਾਏਕੋਟ ਕਾਲਿਜ ’ਚ ਪੜ੍ਹਾਉਂਦੀ ਸੀ। ਬੇਟਾ ਪੁਨੀਤ ਨਿੱਕਾ ਸੀ। ਉਹ ਕਹੇ ਕਿ ਨਿੱਕੇ ਸ਼ਹਿਰ ’ਚ ਮਸੀਂ ਪਛਾਣ ਬਣੀ ਹੈ, ਲੁਧਿਆਣਾ ਸਮੁੰਦਰ ਹੈ, ਰੁਲ਼ ਜਾਵਾਂਗੇ। ਮੇਰੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਵੀ ਉਸਦੀ ਹਾਮੀ ਭਰੀ। ਮੈਂ ਸੋਚਿਆ ਕਿ ਬੇਟੇ ਲਈ ਪੜ੍ਹਨ ਲਈ ਜਗਰਾਉਂ ’ਚ ਯੋਗ ਪ੍ਰਬੰਧ ਨਹੀਂ ਹੈ, ਲੁਧਿਆਣਾ ਫਿਰ ਵੀ ਵੱਡਾ ਹੈ।

ਇਨ੍ਹਾਂ ਦਿਨਾਂ ’ਚ ਹੀ ਪ੍ਰਿੰਸੀਪਲ ਬਜਾਜ ਜੀ ਨੇ ਆਪਣਾ ਅਗਰ ਨਗਰ ਵਾਲਾ ਪਲਾਟ ਵੇਖਣ ਜਾਣਾ ਸੀ। ਅਸੀਂ ਦੋਵੇਂ ਜਗਰਾਉਂ ਤੋਂ ਲੁਧਿਆਣੇ ਆ ਉੱਤਰੇ। ਸਬੱਬ ਨਾਲ ਪਾਤਰ ਨਾਲ ਮੁਲਾਕਾਤ ਹੋ ਗਈ। ਉਸ ਵਧਾਈ ਦਿੱਤੀ ਚੋਣ ਦੀ। ਪੁੱਛਿਆ ਕਿ ਕਦੋਂ ਹਾਜਰ ਹੋ ਰਿਹੈਂ?
ਬਜਾਜ ਸਾਹਬ ਬੋਲੇ, ਪਾਤਰ ਜੀ, ਤੁਸੀਂ ਹੀ ਸਮਝਾਓ! ਟੀਚਿੰਗ ਦੀ ਨੌਕਰੀ ਛੱਡ ਕੇ ਨੌਂ ਤੋਂ ਪੰਜ ਵਜੇ ਵਾਲੀ ਨਾਨ ਟੀਚਿੰਗ ਪੋਸਟ ’ਤੇ ਆਉਣ ਨੂੰ ਫਿਰਦੈ ਇਹ।

ਪਾਤਰ ਬੋਲਿਆ, ਬਜਾਜ ਸਾਹਬ! ਉਸੇ ਭਾਈ ਵੀਰ ਸਿੰਘ ਦੀ ਕਵਿਤਾ ਦੇ ਹਰ ਸਾਲ ਉਹੀ ਅਰਥ ਕਰੀ ਜਾਣ ਨੂੰ ਤੁਸੀਂ ਟੀਚਿੰਗ ਕਹਿੰਦੇ ਹੋਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਾਲੀ ਨੌਕਰੀ ਵੀ ਟੀਚਿੰਗ ਦੀ ਹੀ ਹੈ। ਬਜਾਜ ਸਾਹਬ ਨੇ ਪਾਤਰ ਦੇ ਫਿਕਰੇ ਅੱਗੇ ਹਥਿਆਰ ਸੁੱਟ ਦਿੱਤੇ। ਅਗਲੇ ਦਿਨ ਮੈਂ ਜਗਰਾਉਂ ਕਾਲਿਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਕੁੱਝ ਦਿਨਾਂ ਬਾਦ ਏਥੇ ਆ ਗਿਆ।
ਮੇਰਾ ਪੁੱਤਰ ਪੁਨੀਤ ਤੇ ਸੁਰਜੀਤ ਪਾਤਰ ਦਾ ਬੇਟਾ ਅੰਕੁਰ ਪਾਤਰ ਪਹਿਲੀ ਕੱਚੀ ਜਮਾਤ ਤੋਂ ਦਸਵੀਂ ਜਮਾਤ ਤੀਕ ਇਕੱਠੇ ਪੜ੍ਹੇ ਹਨ। ਹੁਣ ਤੀਕ ਇੱਕ ਜਿੰਦ ਜਾਨ ਹਨ। ਮੇਰੇ ਤੇ ਸੁਰਜੀਤ ਪਾਤਰ ਦੇ ਰਿਸ਼ਤਿਆਂ ਦੇ ਮੌਸਮ ਬਦਲਦੇ ਰਹਿੰਦੇ ਨੇ ਪਰ ਸੇਧ ਨਹੀਂ ਬਦਲਦੀ। ਮੈਂ ਜੋ ਕੁੱਝ ਵੀ ਹਾਂ, ਉਸ ਵਿੱਚੋਂ ਅੱਧਿਓਂ ਬਹੁਤਾ ਸੁਰਜੀਤ ਪਾਤਰ ਦਾ ਸਮਕਾਲੀ ਹੋਣ ਸਦਕਾ ਹਾਂ।

2002 ਦੀਆਂ ਪੇਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ’ਚ ਅਸੀਂ ਅਲੱਗ-ਅਲੱਗ ਕੈਂਪ ਸਾਂ। ਡਾ. ਪ੍ਰਮਿੰਦਰ ਸਿੰਘ, ਡਾ. ਸ. ਸ. ਜੌਹਲ ਤੇ ਅਮਰੀਕ ਸਿੰਘ ਪੂਨੀ ਨੇ ਸ. ਕਰਤਾਰ ਸਿੰਘ ਦੁੱਗਲ ਨੂੰ ਪ੍ਰਧਾਨਗੀ ਲਈ ਮਨਾ ਲਿਆ। ਉਨ੍ਹਾਂ ਮੇਰੀ ਸਹਿਮਤੀ ਲੈ ਲਈ। ਸੁਤਿੰਦਰ ਸਿੰਘ ਨੂਰ, ਸੁਰਜੀਤ ਪਾਤਰ ਤੇ ਬਾਕੀ ਦੋਸਤਾਂ ਨੂੰ ਇਹ ਜ਼ਿਆਦਤੀ ਜਾਪੀ ਕਿ ਥੋੜ੍ਹੇ ਜਿਹੇ ਸਿਰ ਜੋੜ ਕੇ ਅਜਿਹਾ ਫੈਸਲਾ ਨਹੀਂ ਹੋਣਾ ਚਾਹੀਦਾ। ਸੁਰਜੀਤ ਪਾਤਰ ਪ੍ਰਧਾਨਗੀ ਮੈਦਾਨ ’ਚ ਆ ਗਏ। ਕਰਤਾਰ ਸਿੰਘ ਦੁੱਗਲ ਨੇ ਪਹਿਲਾਂ ਹੀ ਕਹਿ ਰੱਖਿਆ ਸੀ ਕਿ ਮੈਂ ਸਿਰਫ ਸਰਬਸੰਮਤੀ ਪ੍ਰਵਾਨ ਕਰਾਂਗਾ, ਚੋਣ ਨਹੀਂ। ਇੱਕ ਹੋਰ ਪ੍ਰਧਾਨਗੀ ਉਮੀਦਵਾਰ ਡਾ. ਦੀਪਕ ਮਨਮੋਹਨ ਸਨ। ਮੈਂ ਸੀਨ. ਮੀਤ ਪ੍ਰਧਾਨਗੀ ਦੀ ਚੋਣ ਲੜਨੀ ਸੀ। ਪ੍ਰੋ. ਰਵੰਦਰ ਭੱਠਲ ਨੇ ਜਨਰਲ ਸਕੱਤਰ ਦੀ।
ਸਾਡੇ ਗੁੱਟ ਨੇ ਡਾ. ਦੀਪਕ ਮਨਮੋਹਨ ਨੂੰ ਅਪਣਾ ਲਿਆ। ਦੋਹੀਂ ਦਲੀਂ ਮੁਕਾਬਲਾ ਖੂਬ ਭਖਿਆ। ਸੱਜਣਾ ਪਿਆਰਿਆਂ ਨੇ ਨਾ ਪਾਤਰ ਨੂੰ ਹਾਰਨ ਦਿੱਤਾ ਨਾ ਮੈਨੂੰ। ਪਾਤਰ ਨੇ ਦੀਪਕ ਹਰਾ ਦਿੱਤਾ ਤੇ ਮੈਂ ਜਗਜੀਤ ਸਿੰਘ ਅਨੰਦ ਸਾਬਕਾ ਐੱਮ.ਪੀ.। ਅਗਲੀ ਵਾਰ ਫਿਰ ਸਿੰਗ ਫਸ ਗਏ। ਡਾ. ਸੁਤਿੰਦਰ ਸਿੰਘ ਨੂਰ ਪ੍ਰਧਾਨਗੀ ਚੋਣ ’ਚ ਆ ਗਏ। ਅਮਰਜੀਤ ਗਰੇਵਾਲ, ਜਸਵੰਤ ਜ਼ਫਰ, ਸਵਰਨਜੀਤ ਸਵੀ ਤੇ ਅਨੇਕ ਮਿੱਤਰ ਨੂਰ ਸਾਹਬ ਨਾਲ ਸਨ। ਸੁਰਜੀਤ ਪਾਤਰ ਦੇ ਪੈਨਲ ’ਚ ਮੇਰੇ ਮੁਕਾਬਲੇ ’ਚ ਡਾ. ਬਿਕਰਮ ਸਿੰਘ ਘੁਮਣ ਆ ਗਏ। ਫਿਰ ਉਹੀ ਕੰਮ ਹੋਇਆ। ਨਾ ਮੈਂ ਹਾਰਿਆ ਤੇ ਨਾ ਸੁਰਜੀਤ ਪਾਤਰ। ਚਰਚਾ ਤੇਜ਼ ਹੋਈ ਕਿ ਇਹ ਦੋਵੇਂ ਅੰਦਰੋਂ ਰਲੇ ਹੋਏ ਹਨ।

ਗੱਲ ਗਲਤ ਵੀ ਨਹੀਂ ਸੀ, ਚੋਣਾਂ ਤੋਂ ਬਾਦ ਅਸੀਂ ਫੇਰ ਘਿਓ ਖਿਚੜੀ ਹੋ ਜਾਂਦੇ ਸਾਂ। ਇੱਕ ਵਾਰ ਚੰਡੀਗੜ੍ਹ ਕੌਫੀ ਹਾਊਸ ਵਿੱਚ ਮੋਹਨ ਭੰਡਾਰੀ ਤੇ ਸ. ਜਸਵੀਰ ਸਿੰਘ ਸੰਗਰੂਰ ਸਾਬਕਾ ਮੰਤਰੀ ਨੂੰ ਮੇਰਾ ਪੁੱਤਰ ਪੁਨੀਤ ਮਿਲ ਪਿਆ। ਉਹ ਉਦੋਂ ਟ੍ਰਿਬਿਊਨ ਅਖਬਾਰ ’ਚ ਟ੍ਰੇਨਿੰਗ ਕਰਦਾ ਸੀ। ਉਸ ਨਾਲ ਸੁਰਜੀਤ ਪਾਤਰ ਦਾ ਬੇਟਾ ਅੰਕੁਰ ਵੀ ਸੀ। ਪੁਨੀਤ ਨੇ ਮੋਹਨ ਭੰਡਾਰੀ ਨਾਲ ਅੰਕੁਰ ਨੂੰ ਮਿਲਾਇਆ ਕਿ ਹਿ ਸੁਰਜੀਤ ਪਾਤਰ ਸਾਹਬ ਦਾ ਬੇਟਾ ਅੰਕੁਰ ਹੈ।

ਭੰਡਾਰੀ ਬੋਲਿਆ! ਓਇ ਮੁਡਿੰਓ! ਆਪਣੇ ਆਪਣੇ ਪਿਓ ਨੂੰ ਸਮਝਾਓ! ਉਹ ਦੋ ਸਾਲੀਂ ਸਿੰਗ ਫਸਾ ਲੈਂਦੇ ਨੇ ਤੇ ਤੁਸੀਂ ਇਕੱਠੇ ਤੁਰੇ ਫਿਰਦੇ ਹੋ। ਮੇਰੀ ਅਰਦਾਸ ਹੈ! ਇਹ ਧੜੇਬੰਦੀ ਦਾ ਜ਼ਹਿਰ ਸਾਡੇ ਟੱਬਰਾਂ ਨੂੰ ਮਹੁਰੀ ਵਾਂਗ ਨਾ ਲੱਗੇ।

ਸੁਰਜੀਤ ਪਾਤਰ ਵੱਡਾ ਵੀਰ ਹੈ। ਉਸ ਨਾਲ ਤਲਖ ਹੋ ਕੇ ਵੀ ਰਿਸ਼ਤਾ ਫਿੱਕਾ ਨਹੀਂ ਪੈਂਦਾ। ਮੌਸਮਾਂ ਨਾਲ ਰਿਸ਼ਤੇ ਬਦਲਣ ਵਾਲੀ ਨਸਲ ’ਚੋਂ ਨਹੀਂ ਹਾਂ ਅਸੀਂ। ਨਰਾਜ਼ਗੀ ਦਾ ਅਰਥ ਬੇਗਾਨਗੀ ਕਦੇ ਨਹੀਂ ਬਣ ਸਕਿਆ।

ਪਿੱਛੋਂ ਸੁਝਿਆ : ਮੇਰੇ ਬਾਪੂ ਜੀ ਤੇ ਚਾਚਾ ਜੀ ਕਿਸੇ ਗੱਲੋਂ ਰੁੱਸ ਗਏ। ਦੋ ਤਿੰਨ ਸਾਲ ਨਾ ਬੋਲੇ। ਪਰ ਬਾਪੂ ਜੀ ਨੇ ਸਾਨੂੰ ਭੈਣ ਭਰਾਵਾਂ ਨੂੰ ਕਦੇ ਵੀ ਚਾਚਾ ਜੀ ਦੇ ਘਰ ਜਾਣੋ ਨਾ ਵਰਜਿਆ। ਸ਼ਰੀਕੇ ’ਚ ਕਿਸੇ ਬੰਦੇ ਨੇ ਚਾਚਾ ਜੀ ਨੂੰ ਧਮਕੀ ਦਿੱਤੀ, ‘ ਅੱਜ ਖੂਹ ’ਤੇ ਜਾ ਕੇ ਵਿਖਾਈਂ, ਲੱਤਾਂ ਤੋੜ ਕੇ ਘਰ ਘੱਲਾਂਗੇ।’ ਬਾਪੂ ਜੀ ਨੂੰ ਪਤਾ ਲੱਗ ਗਿਆ। ਉਹ ਆਪਣਾ ਟਕੂਆ ਲੈ ਕੇ ਪਹਿਲਾਂ ਹੀ ਖੂਹ ’ਤੇ ਜਾ ਪਹੁੰਚੇ। ਧਮਕੀ ਦੇਣ ਵਾਲੇ ਨੂੰ ਬੋਲੇ,‘ ਸੋਚ ਕੇ ਹੱਥ ਪਾਇਓ। ਧਿਆਨ ਸਿੰਘ ਇਕੱਲਾ ਨਾ ਸਮਝਿਓ। ਪਹਿਲਾਂ ਮੇਰੇ ’ਤੇ ਵਾਰ ਕਰਿਓ। ਮਗਰੋਂ ਧਿਆਨ ’ਤੇ।’ ਪਾਤਰ ਨਾਲ ਮੇਰਾ ਵੀ ਕੁੱਝ ਐਸਾ ਹੀ ਰਿਸ਼ਤਾ ਹੈ। ਪਰ ਮੈਂ ਨਿੱਕਾ ਵੀਰ ਹਾਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ