Savai-Kathan : Pali Khadim

ਸਵੈ-ਕਥਨ : ਪਾਲੀ ਖ਼ਾਦਿਮ

ਜਿਹਨਾਂ ਗ਼ਜ਼ਲਾਂ ਨੇ ਆਪਣਾ ਰੂਪ ਲੈ ਲਿਆ ਕੇਵਲ ਓਨੀਆਂ ਗ਼ਜ਼ਲਾਂ ਹੀ ਮੈਂ ਨਹੀਂ ਕਹੀਆਂ ਮੇਰੇ ਅੰਦਰ ਹਰ ਰੋਜ਼ ਸੈਆਂ ਗ਼ਜ਼ਲਾਂ ਆਉਂਦੀਆਂ ਤੇ ਗੁੰਮ ਜਾਂਦੀਆਂ। ਜਿਸ ਤਰ੍ਹਾਂ ਪੈਰਾਂ ਨੂੰ ਆਪਣੇ ਸਫ਼ਰ ਦਾ ਅੰਦਾਜ਼ਾ ਨਹੀਂ, ਜਿਸ ਤਰ੍ਹਾਂ ਸਾਹਾਂ ਦੀ ਕੋਈ ਗਿਣਤੀ ਨਹੀਂ ਹੁੰਦੀ, ਜਿਸ ਤਰ੍ਹਾਂ ਅੰਬਰ ਦੀਆਂ ਕੰਨੀਆਂ ਦਾ ਭੇਤ ਨਹੀਂ, ਉਸੇ ਤਰ੍ਹਾਂ ਮੈਨੂੰ ਆਪਣੇ ਸ਼ਿਅਰਾਂ ਤੇ ਗ਼ਜ਼ਲਾਂ ਦੀ ਗਿਣਤੀ ਬਾਰੇ ਕੋਈ ਅੰਦਾਜ਼ਾ ਨਹੀਂ।
ਜਿਸ ਤਰ੍ਹਾਂ ਰੋਸ਼ਨੀ ਹਰ ਮਨੁੱਖ ਲਈ ਸਾਂਝੀ ਹੁੰਦੀ ਹੈ ਉਸੇ ਤਰ੍ਹਾਂ ਖ਼ਿਆਲਾਂ ਦੀ ਰੋਸ਼ਨੀ ਹਰ ਮਨੁੱਖ ਦੇ ਅੰਦਰ ਹੁੰਦੀ ਹੈ, ਪਰ ਉਸਨੂੰ ਮਹਿਸੂਸ ਕਰਨ ਦੀ ਸਮਰੱਥਾ ਹਰ ਕਿਸੇ ਦੀ ਨਹੀਂ ਹੁੰਦੀ।
ਰੌਸ਼ਨ ਮਸਤਕ ਚੋਂ ਹੀ ਰੌਸ਼ਨ ਵਿਚਾਰ ਪੈਦਾ ਹੁੰਦੇ ਹਨ।
ਖ਼ਿਆਲ ਰੋਸ਼ਨੀ ਵਾਂਗ ਹਰ ਬੂਹੇ 'ਤੇ ਦਸਤਕ ਦਿੰਦੇ ਹਨ। ਇਹ ਰੋਸ਼ਨੀ ਤੇਰੇ ਵਿਹੜੇ ਵਿੱਚ ਵੀ ਪੈਰ ਪਸਾਰਦੀ ਹੈ ਤੇ ਮੇਰੇ ਰੋਸ਼ਨਦਾਨ ਥਾਂਈ ਵੀ ਲੰਘ ਆਉਂਦੀ ਹੈ, ਪਰ ਰੋਸ਼ਨੀ ਨਾਲ਼ ਬਾਤਾਂ ਪਾਉਣ ਦੀ ਕਲਾ ਹਰ ਕਿਸੇ ਕੋਲ ਨਹੀਂ ਹੁੰਦੀ।
ਸ਼ਬਦ ਮਹਿਕ ਭਰੀ ਵਾਦੀ ਦੀ ਤਰ੍ਹਾਂ ਹੁੰਦੇ ਹਨ। ਹਰ ਸ਼ਬਦ ਦੀ ਆਪਣੀ ਮਹਿਕ ਹੈ।

ਜੰਗਲ ਵਿੱਚ ਕਈ ਤਰ੍ਹਾਂ ਦੇ ਦਰੱਖ਼ਤ ਹੁੰਦੇ ਨੇ ਪਰ ਚੰਦਨ ਦੀ ਆਪਣੀ ਹੀ ਮਹਿਕ ਹੈ। ਆਪਣੀ ਪਹਿਚਾਣ ਹੈ। ਹਾਂ ਇਹ ਵੀ ਜ਼ਰੂਰੀ ਨਹੀਂ ਕਿ ਚੰਦਨ ਦਾ ਦਰੱਖ਼ਤ ਸਾਡੇ ਸਾਹਮਣੇ ਹੋਵੇ ਤੇ ਅਸੀਂ ਉਦੋਂ ਹੀ ਮਹਿਕ ਨਾਲ ਭਰੇ-ਭਰੇ ਮਹਿਸੂਸ ਕਰੀਏ। ਚੰਦਨ ਦਾ ਨਿੱਕਾ ਜਿਹਾ ਸੱਕ ਵੀ ਸਾਡੇ ਸਾਹਾਂ ਨੂੰ ਮਹਿਕਾ ਸਕਦਾ ਹੈ।
ਭਾਵੇਂ ਕਿ ਮੇਰੇ ਸ਼ੇਅਰ ਅਜੇ ਉਸ ਸੱਕ ਜਿਹੇ ਤੇ ਨਹੀਂ ਪਰ ਹਾਂ ਮਹਿਕ ਦਾ ਅਨੁਭਵ ਜ਼ਰੂਰ ਕਰਵਾਉਣਗੇ। ਉਹ ਮਹਿਕ ਤੁਸੀਂ ਖ਼ੁਦ ਭਾਲਣੀ ਹੈ।
ਗ਼ਜ਼ਲ ਕਹਿਣ ਵਾਸਤੇ ਮਨ ਦਾ ਟਿਕਾਅ ਤੇ ਇਕਾਂਤ ਲਾਜ਼ਮੀ ਨਹੀਂ। ਹਲਚਲ ਦੀ ਅਵਸਥਾ ਵਿੱਚ ਵਿਕਾਸ ਦੇ ਅੰਸ਼ ਮੌਜ਼ੂਦ ਹੁੰਦੇ ਹਨ। ਹਲਚਲ ਦੌਰਾਨ ਵੀ ਅਹਿਸਾਸ ਜਾਂ ਖ਼ਿਆਲ ਪੈਂਦਾ ਹੋ ਸਕਦੇ ਹਨ। ਇਸਦਾ ਇਹ ਵੀ ਮਤਲਬ ਨਹੀਂ ਕਿ ਮੇਰਾ ਮਨ ਟਿਕਾਅ ਰਹਿਤ ਹੈ, ਮੈਨੂੰ ਟਿਕਾਅ ਦੀ ਜ਼ਰੂਰਤ ਹੀ ਨਹੀਂ, ਕਈ ਵਾਰ ਟਿਕਾਅ ਵਿੱਚ ਵੀ ਮਨ ਟੱਕਰਾਂ ਹੀ ਮਾਰਦਾ ਰਹਿ ਜਾਂਦਾ ਹੈ ਪੱਲੇ ਕੁਝ ਵੀ ਨਹੀਂ ਪੈਂਦਾ।
ਝੀਲ ਵਿਚ ਲਹਿਰਾਂ ਦੀ ਕੋਈ ਹੋਂਦ ਨਹੀਂ ਹੁੰਦੀ ਹੈ, ਪਰ ਤਰੰਗਾਂ ਜ਼ਰੂਰ ਪੈਦਾ ਕੀਤੀਆਂ ਜਾ ਸਕਦੀਆਂ ਹਨ।
ਜਿਸ ਤਰ੍ਹਾਂ ਜੰਗਲੀ ਮਹਿੰਦੀ ਦੀਆਂ ਚਿੱਟੀਆਂ ਕਲੀਆਂ ਵਿੱਚ ਵੀ ਖੁਸ਼ਬੂ ਹੁੰਦੀ ਹੈ ਉਸੇ ਤਰ੍ਹਾਂ ਹਰ ਖ਼ਿਆਲ ਦੀ ਆਪਣੀ ਮਹਿਕ ਹੁੰਦੀ ਹੈ। ਜਿਸ ਦਾ ਪਿੱਛਾ ਕਰਦੇ-ਕਰਦੇ ਮੈਂ ਕਈ ਵਾਰ ਅਜਿਹੀ ਅਵਸਥਾ ਨੂੰ ਵੀ ਮਹਿਸੂਸ ਕੀਤਾ ਹੈ ਜਿਸਨੂੰ ਅਧਿਆਤਮਿਕਵਾਦੀ 'ਵਿਸਮਾਦ' ਆਖਦੇ ਹਨ।
ਮੈਂ ਮੰਨਦਾ ਹਾਂ ਕਿ ਮੈਂ ਕੋਈ ਵਿਸ਼ਾਲ ਰੁੱਖ ਨਹੀਂ ਹਾਂ ਅਜੇ ਇੱਕ ਪੌਦ ਮਾਤਰ ਹੀ ਹਾਂ।ਧੁੱਪ ਵਾਂਗ ਧਰਤੀ 'ਤੇ ਫੈਲਿਆ ਚਾਨਣ ਨਹੀਂ ਬਲਕਿ ਚਾਨਣ ਦੀ ਛਿੱਟ ਕੁ ਮਾਤਰ ਹੀ ਹਾਂ। ਪਰ ਮੇਰਾ ਮੰਤਵ ਵਿਸ਼ਾਲ ਰੁੱਖ ਹੋਣਾ ਤੇ ਧੁੱਪ ਵਾਂਗ ਧਰਤੀ 'ਤੇ ਫੈਲ ਜਾਣਾ ਹੀ ਹੈ। ਮੇਰਾ ਮੰਤਵ ਪਾਕ-ਪਵਿੱਤਰ ਹੈ। ਮੇਰੇ ਮੰਤਵ ਵਿੱਚ ਨਕਲੀ ਫੁੱਲਾਂ ਨੂੰ ਪਾਣੀ ਦੇਣ ਜਿਹਾ ਕੁਝ ਵੀ ਨਹੀਂ। ਹਵਾ ਜਦ ਵੀ ਮਿਲਣ ਆਉਂਦੀ ਤੇ ਮੇਰੀ ਕਨੂਲੀ ਇੱਕ ਮਿਸਰਾ ਪਾ ਜਾਂਦੀ। ਉਹ ਮਿਸਰਾ ਮੇਰੇ ਖੂਨ 'ਚ ਘੁੱਲ ਜਾਂਦਾ। ਇੰਝ ਮੇਰਾ ਅੰਗ-ਅੰਗ ਮੈਨੂੰ ਗ਼ਜ਼ਲ ਵਾਂਗ ਪ੍ਰਤੀਤ ਹੁੰਦਾ।
ਗ਼ਜ਼ਲ ਕਹਿਣ ਵੇਲ਼ੇ ਬਹੁਤ ਕੁਝ ਮੇਰਾ ਆਪਣਾ ਨਹੀਂ ਹੁੰਦਾ। ਮੇਰਾ ਕੋਈ ਅਹਿਸਾਸ ਆਪਣਾ ਨਹੀਂ। ਮੇਰੇ ਤੋਂ ਪਹਿਲਾਂ ਮੇਰਾ ਅਹਿਸਾਸ ਜਿਸ ਖ਼ਲਾਅ ਵਿਚੋਂ ਆਇਆ ਹੁੰਦਾ ਹੈ ਓਥੋਂ ਦੀ ਧੁਨੀ, ਓਥੋਂ ਦੇ ਰਾਗ, ਓਥੋਂ ਦੇ ਛੰਦ, ਓਥੋਂ ਦੇ ਸਾਜ਼ ਤੇ ਸਾਜਿੰਦੇ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਇਸ ਨੂੰ ਜੀਅ ਰਹੇ ਹੋਣ। ਮੈਂ ਆਪਣੇ ਅਹਿਸਾਸ ਨੂੰ ਕੇਵਲ ਭਾਸ਼ਾ ਹੀ ਦੇ ਸਕਦਾ ਹਾਂ। ਉਹ ਵੀ ਮੇਰੀ ਅਪਣੀ ਨਹੀਂ। ਮੇਰਾ ਆਪਣਾ ਕੁਝ ਵੀ ਨਹੀਂ ਪਰ ਫ਼ਿਰ ਵੀ ਮੇਰਾ ਮੰਤਵ ਵਿਸ਼ਾਲ ਰੁੱਖ ਹੋਣਾ ਤੇ ਧੁੱਪ ਵਾਂਗ ਧਰਤੀ 'ਤੇ ਫੈਲ ਜਾਣਾ ਹੀ ਹੈ।
ਮੇਰਾ ਮੰਤਵ ਪਾਕ-ਪਵਿੱਤਰ ਹੈ। ਬਿਨ੍ਹਾਂ ਮੰਤਵ ਦੇ ਜ਼ਿੰਦਗੀ ਇਓ ਹੁੰਦੀ ਹੈ ਜਿਵੇਂ ਬਿਨ੍ਹਾਂ ਚਿਲਾ ਚੜ੍ਹਾਏ ਕਮਾਨ ਦੀ ਹਿੱਕ ਨਾਲ ਚੁੰਬੜਿਆ ਤੀਰ।
ਲਿਖਣ ਨਾਲ਼ ਮੈਂ ਜ਼ਿੰਦਗੀ ਦੇ ਗਹਿਰੇ ਭੇਦਾਂ ਤੋਂ ਵਾਕਿਫ਼ ਹੋ ਰਿਹਾ ਹਾਂ। ਸਤਰੰਗੀ ਪੀਂਘ ਚੋਂ ਰੰਗ ਚੋਰੀ ਕਰਨ ਦੀ ਜੁਗਤ ਸਿੱਖ ਰਿਹਾ ਹਾਂ। ਮਹਿਕ ਵਾਂਗ ਫੈਲ ਜਾਣ ਦਾ ਹੁਨਰ ਸਿੱਖ ਰਿਹਾ ਹਾਂ।
ਆਪਣੀ ਆਤਮਾ ਦੀ ਛਾਪ ਆਪਣੀ ਗ਼ਜ਼ਲ ਦੇ ਹਰ ਮਿਸਰੇ ਵਿੱਚੋਂ ਵੇਖਣ ਦੀ ਕੋਸ਼ਿਸ਼ ਵਿੱਚ ਹਾਂ।
ਗ਼ਜ਼ਲ ਮਹਿਜ਼ ਧਰਤੀ ਦੀ ਤਾਰਿਆਂ ਨਾਲ਼ ਕੀਤੀ ਗਈ ਗੱਲ-ਬਾਤ ਹੀ ਨਹੀਂ ਸਗੋਂ ਹਵਾ ਦੀ ਆਵਾਜ਼ ਦਾ ਸ਼ਬਦੀ ਅਨੁਵਾਦ ਵੀ ਹੈ।
ਸੋਨੇ ਦੇ ਬਣੇ ਗਹਿਣੇ ਦੀ ਚਮਕ ਵੇਖ ਕੇ ਪ੍ਰਭਾਵਿਤ ਹੋਣਾ ਲਾਜ਼ਮੀ ਹੁੰਦਾ ਹੈ। ਸੋਨੇ ਦੀ ਚਮਕ ਉਪਰ ਪਏ ਅੱਗ ਦੇ ਸੇਕ ਦਾ ਅਹਿਸਾਸ ਹਰ ਕਿਸੇ ਨੂੰ ਨਹੀਂ ਹੁੰਦਾ।
ਜੇਕਰ ਤੁਹਾਨੂੰ ਕੋਇਲ ਦੀ ਆਵਾਜ਼ ਪਸੰਦ ਨਹੀਂ ਤਾਂ ਤੁਹਾਨੂੰ ਕਦੀ ਕੋਈ ਗ਼ਜ਼ਲ ਵੀ ਪ੍ਰਭਾਵਿਤ ਨਹੀਂ ਕਰ ਸਕਦੀ।
ਜੇਕਰ ਮਹਿਬੂਬਾ ਦੀਆਂ ਅੱਖਾਂ ਤੁਹਾਡੇ ਅੰਦਰ ਦੀ ਬੰਦਗੀ ਭੰਗ ਕਰਦੀਆਂ ਹਨ ਤਾਂ ਗ਼ਜ਼ਲ ਤੁਹਾਨੂੰ ਪ੍ਰਭਾਵਿਤ ਕਰੇਗੀ।
ਜੇਕਰ ਤੁਹਾਨੂੰ ਸਰੋਦ ਦੀ ਧੁਨ ਉਂਗਲ ਫੜ੍ਹ ਕੇ ਆਪਣੇ ਨਾਲ਼ ਨਹੀਂ ਤੋਰਦੀ ਤਾਂ ਗ਼ਜ਼ਲ ਦਾ ਪ੍ਰਭਾਵ ਤੁਹਾਡੇ 'ਤੇ ਕਦੀ ਵੀ ਨਹੀਂ ਪਵੇਗਾ।
ਜੇ ਤੁਸੀਂ ਆਪਣੇ ਮਨ ਦੀ ਅਵਸਥਾ ਨਾਲ਼ ਇੱਕ-ਮਿਕ ਹੋਏ ਹੋਵੋਗੇ ਤਾਂ ਗ਼ਜ਼ਲ ਤੁਹਾਨੂੰ ਪ੍ਰਭਾਵਿਤ ਕਰੇਗੀ।
ਮੇਰੀ ਵਾਦੀ 'ਚੋ ਜੋ ਵੀ ਪ੍ਰਭਾਵ ਮਹਿਸੂਸ ਹੋਇਆ। ਜ਼ਰੂਰ ਦੱਸਿਓ। ਮੈਨੂੰ ਉਡੀਕ ਰਹੇਗੀ !!!

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਾਲੀ ਖ਼ਾਦਿਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ