Savai Di Tasdeek : Pali Khadim
ਸਵੈ ਦੀ ਤਸਦੀਕ : ਪਾਲੀ ਖ਼ਾਦਿਮ
1. ਉਫ਼ਕ ਦੇ ਰੰਗ, ਅਣਛੋਹ ਤ੍ਰੇਲ, ਕਲੀਆਂ ਦੀ ਹਯਾ ਦੇ ਦੇ
ਉਫ਼ਕ ਦੇ ਰੰਗ, ਅਣਛੋਹ ਤ੍ਰੇਲ, ਕਲੀਆਂ ਦੀ ਹਯਾ ਦੇ ਦੇ।
ਮੇਰੇ ਹਰ ਖ਼ਿਆਲ ਨੂੰ ਤੂੰ ਧੁੱਪ ਜਿਹਾ ਇੱਕ ਫ਼ਲਸਫ਼ਾ ਦੇ ਦੇ।
ਮੈਂ ਤਿੜਕੇ ਰਿਸ਼ਤਿਆਂ ਦੇ ਰੂਹ ਤੋਂ ਲੰਗਾਰ ਲਾਹ ਸੁੱਟਾਂ,
ਮੇਰੇ ਸੂਖਮ ਜਿਹੇ ਅਹਿਸਾਸ ਨੂੰ ਵਕਤੀ ਸ਼ੁਦਾ ਦੇ ਦੇ।
ਨਿਆਮਤ ਦੇਣ ਨੂੰ ਆਇਐ ਤਾਂ ਇੰਨੀ ਇਲਤਿਜਾ ਮੇਰੀ,
ਤੂੰ ਜੀਵਨ ਨੂੰ ਸਲੀਕਾ, ਸੁਹਜ ਤੇ ਸੰਵੇਦਨਾ ਦੇ ਦੇ।
ਇਹ ਜੀਵਨ ਜੀਣ ਦੀ ਮੈਨੂੰ ਸੁਚੱਜੀ ਜਾਚ ਦਿੰਦਾ ਹੈ,
ਮੇਰੀ ਤੂੰ ਜ਼ਿੰਦਗੀ ਨੂੰ ਫ਼ਿਰ ਤੋਂ ਕੋਈ ਹਾਦਸਾ ਦੇ ਦੇ।
ਦਿਲਾਂ ਦੇ ਸ਼ੀਸ਼ਿਆਂ ਤੋਂ ਦੁਸ਼ਮਣੀ ਦੀ ਗਰਦ ਲਾਹ ਦੇਵਾ,
ਸਫ਼ਰ ਅੰਦਰ ਪੜਾਅ ਦੇ ਦੇ, ਕੋਈ ਐਸਾ ਟਿਕਾ ਦੇ ਦੇ।
ਮੇਰੇ ਜੀਵਨ ਨੂੰ ਦੇ ਦੇ ਤਲਖ਼ੀਆਂ ਲੱਖਾਂ, ਮਗਰ ਮੈਨੂੰ,
ਗ਼ਜ਼ਲ ਦੀ ਪੈੜ ਦੇ ਵਿੱਚ ਪੈੜ ਰੱਖਣ ਦੀ ਅਦਾ ਦੇ ਦੇ।
2. ਜਿਸ ਤੋਂ ਸੀ ਵਫ਼ਾ ਚਾਹੀ, ਉਸ ਤੋਂ ਹੀ ਦਗ਼ਾ ਮਿਲਿਆ
ਜਿਸ ਤੋਂ ਸੀ ਵਫ਼ਾ ਚਾਹੀ, ਉਸ ਤੋਂ ਹੀ ਦਗ਼ਾ ਮਿਲਿਆ।
ਸਾਨੂੰ ਇਹ ਮੁਹੱਬਤ ਦਾ, ਕੈਸਾ ਹੈ ਸਿਲਾ ਮਿਲਿਆ।
ਝਾਂਜਰ ਦੇ ਮਗਰ ਤੁਰ ਕੇ, ਕਿਸ ਮੋੜ 'ਤੇ ਆ ਪਹੁੰਚੇ,
ਨਿਕਲੇ ਸੀ ਬਹਾਰਾਂ ਲਈ, ਪੱਤਝੜ ਦਾ ਪਤਾ ਮਿਲਿਆ।
ਆਏ ਨੇ ਸਦੀ ਪਿੱਛੋਂ, ਉਹ ਜ਼ਖ਼ਮ ਨਵੇਂ ਦੇਵਣ,
ਹੈਰਾਨ ਬੜੇ ਹੋਏ, ਹਰ ਜ਼ਖ਼ਮ ਹਰਾ ਮਿਲਿਆ।
ਬਾਹਰ ਜੋ ਗਿਆ ਲੱਭਣ, ਉਹ ਖ਼ੁਦ ਸੀ ਹਨੇਰੇ ਵਿਚ,
ਜਦ ਨੀਝ ਲਗਾ ਤੱਕਿਆ, ਅੰਦਰ ਹੀ ਖ਼ੁਦਾ ਮਿਲਿਆ।
ਪੈਰਾਂ 'ਚ ਜ਼ੰਜ਼ੀਰਾਂ ਨੇ ਤੇ ਖੰਭ ਕੁਤਰ ਦਿੱਤੇ,
ਪੰਛੀ ਨੂੰ ਉੱਡਾਰੀ ਦਾ ਕੈਸਾ ਇਹ ਸਿਲਾ ਮਿਲਿਆ।
ਲਿਖਿਆ ਸੀ ਦਿਲੋਂ ਨਗ਼ਮਾ 'ਖ਼ਾਦਿਮ' ਨੇ ਜਿਦ੍ਹੇ ਉੱਤੇ,
ਮੈਨੂੰ ਉਹ ਖ਼ਲਾਅ ਅੰਦਰ ਅੱਜ ਬਲਦਾ ਸਫ਼ਾ ਮਿਲਿਆ।
3. ਮੈਂ ਯਾਰ-ਯਾਰ ਜਿਸਨੂੰ ਦਿਲੋਂ ਸੀ ਪੁਕਾਰਿਆ
ਮੈਂ ਯਾਰ-ਯਾਰ ਜਿਸਨੂੰ ਦਿਲੋਂ ਸੀ ਪੁਕਾਰਿਆ।
ਮੈਨੂੰ ਸਦਾ ਹੀ ਓਸਨੇ ਦਿਲ 'ਚੋਂ ਵਿਸਾਰਿਆ।
ਇੱਕ ਪਲ ਵਿਖਾ ਕੇ ਝਲਕ ਤੂੰ ਤੇ ਹੋ ਵਿਦਾ ਗਿਓਂ,
ਮੈਨੂੰ ਤੂੰ ਪੁੱਛ ਵਕਤ ਕਿਵੇਂ ਮੈਂ ਗੁਜਾਰਿਆ।
ਕੁੰਦਨ ਦੇ ਵਾਂਗ ਲਿਸ਼ਕ ਰਿਹੈ ਹੁਣ ਮੇਰਾ ਵਜ਼ੂਦ,
ਮੈਂ ਹਾਦਸੇ ਦੀ ਗਰਦ ਨੂੰ ਦਿਲ ਤੋਂ ਉਤਾਰਿਆ।
ਮੈਂ ਹਰਫ਼-ਹਰਫ਼ ਵਿੱਚ ਤੇਰਾ ਹੁਸਨ ਢਾਲ਼ ਕੇ,
'ਮਤਲਾ' ਹਰੇਕ ਸ਼ਿਅਰ ਤੇ 'ਮਕਤਾ' ਸ਼ਿੰਗਾਰਿਆ।
ਜੀਵਨ ਦਾ ਸਾਜ਼ ਬੇ-ਸੁਰਾ 'ਖ਼ਾਦਿਮ' ਤੇਰੇ ਬਿਨ੍ਹਾਂ,
ਇਸਦਾ ਵੀ ਕਰ ਖ਼ਿਆਲ ਤੂੰ ਮੇਰੇ ਪਿਆਰਿਆ।
4. ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ ਤਾਂ ਚੰਗਾ ਸੀ
ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ ਤਾਂ ਚੰਗਾ ਸੀ।
ਹੋਰਾਂ ਵਾਂਗੂੰ ਤੈਨੂੰ ਵੀ ਅਜ਼ਮਾ ਲੈਂਦੇ ਤਾਂ ਚੰਗਾ ਸੀ।
ਇਸ਼ਕ ਦੇ ਭਰ ਵਗਦੇ ਦਰਿਆ ਦੇ ਕੰਢੇ-ਕੰਢੇ ਘੁੰਮਦੇ ਰਹੇ,
ਜਾਨ ਤਲੀ 'ਤੇ ਧਰ ਕੇ ਟੁੱਭੀ ਲਾ ਲੈਂਦੇ ਤਾਂ ਚੰਗਾ ਸੀ।
ਝੱਲਿਆਂ ਵਾਂਗੂੰ ਅੰਦਰੋਂ-ਅੰਦਰੋਂ ਹੁਬਕੀਂ-ਹੁਬਕੀਂ ਰੋਂਦੇ ਰਹੇ,
ਤੇਰੇ ਵਾਂਗੂੰ ਦਿਲ ਅਪਣਾ ਸਮਝਾ ਲੈਂਦੇ ਤਾਂ ਚੰਗਾ ਸੀ।
ਬੇਦਾਵਾ ਲਿਖ ਮਿਲੀਆਂ ਵੰਗਾਂ ਲਾਹਨਤ ਤੇ ਫਿਟਕਾਰਾਂ ਵੀ,
ਇਹਦੇ ਨਾਲੋਂ ਹੱਸ ਕੇ ਸਿਰ ਕਟਵਾ ਲੈਂਦੇ ਤਾਂ ਚੰਗਾ ਸੀ।
ਸ਼ਾਇਦ ਕੋਈ ਜੀਣ ਦਾ ਮਕਸਦ ਮਿਲ ਜਾਂਦਾ ਇਉਂ ਸਾਨੂੰ ਵੀ,
'ਖ਼ਾਦਿਮ' ਵਾਂਗੂੰ ਜੇ ਕੋਈ ਖ਼ਾਬ ਸਜਾ ਲੈਂਦੇ ਤਾਂ ਚੰਗਾ ਸੀ।
5. ਹਾਰ ਕੇ ਜੋ ਟੁੱਟਿਆ ਨਾ ਤੜਪਿਆ ਨਾ ਵਿਲਕਿਆ
ਹਾਰ ਕੇ ਜੋ ਟੁੱਟਿਆ ਨਾ ਤੜਪਿਆ ਨਾ ਵਿਲਕਿਆ,
ਮੰਜ਼ਿਲਾਂ ਨੇ ਓਸਦੇ ਪੈਰਾਂ ਨੂੰ ਨਿਵ ਕੇ ਚੁੰਮਿਆ।
ਅੱਗ ਵਿੱਚ ਸੋਨਾ ਜਿਵੇਂ ਹੈ ਨਿਖਰਦਾ ਮੈਂ ਨਿਖਰਿਆ।
ਹੌਂਸਲਾ ਮੇਰਾ, ਮੁਸੀਬਤ ਨੇ ਜਦੋਂ ਵੀ ਪਰਖਿਆ।
ਜ਼ਿੰਦਗੀ ਦਾ ਫ਼ਲਸਫ਼ਾ ਜਿਸ ਸ਼ਖ਼ਸ ਨੇ ਹੈ ਸਮਝਿਆ।
ਵੇਦਨਾ ਨੂੰ ਓਸਨੇ ਸੰਵੇਦਨਾ ਵਿੱਚ ਬਦਲਿਆ।
ਆਫ਼ਤਾਬੀ ਮੁੱਖ ਉਸਦਾ ਇੱਕ ਨਜ਼ਰ ਕੀ ਵੇਖਿਆ।
ਤਾਰਿਆਂ ਦੇ ਵਾਂਗ ਸਾਰੀ ਰਾਤ ਹੀ ਮੈਂ ਜਾਗਿਆ।
ਤੂੰ ਜਦੋਂ ਸੀ ਕੋਲ ਤਾਂ ਗੱਲ ਹੋਰ ਸੀ, ਹੁਣ ਹੋਰ ਹੈ,
ਦਿਲ ਮੇਰਾ ਪਹਿਲਾਂ ਦੇ ਵਾਂਗੂੰ ਹੁਣ ਕਦੀ ਨਾ ਧੜਕਿਆ।
ਆਜ਼ਮਾ ਕੇ ਵੇਖ ਲੈ ਦਰਿਆਦਿਲੀ ਤਾਂ ਹੈ ਅਜੇ,
ਹਾਂ ਇਹ ਵੱਖਰੀ ਗੱਲ ਕਿ ਗ਼ੁਰਬਤ ਨੇ ਮੈਨੂੰ ਘੇਰਿਆ।
ਮੂਕ ਵੇਦਨ ਬਾਂਸ ਦੇ ਜੰਗਲ ਦੀ ਗੂੰਜੀ ਅੰਬਰੀਂ,
ਧਰਤ ਨੇ ਜਦ ਬੰਸਰੀ 'ਚੋ ਆਪਣਾ ਸਾਹ ਫੂਕਿਆ।
6. ਓਹੀ ਯਥਾਰਥ ਸਿਰਜਦਾਂ ਜੋ, ਅੱਖ ਮੇਰੀ ਤੱਕਦੀ
ਓਹੀ ਯਥਾਰਥ ਸਿਰਜਦਾਂ ਜੋ, ਅੱਖ ਮੇਰੀ ਤੱਕਦੀ।
ਹੱਡੀਂ ਹੰਡਾਇਆ ਸੱਚ ਹੈ ਮੇਰੀ ਗ਼ਜ਼ਲ ਜੋ ਆਖਦੀ।
ਤੁਰਦੇ ਰਹੋ, ਤੁਰਦੇ ਰਹੋ ਮੰਜ਼ਿਲ ਮਿਲੂ ਹਰ ਹਾਲ ਵਿੱਚ,
ਦਰਿਆ ਵਗੇਂਦਾ ਜਿਸ ਤਰ੍ਹਾਂ, ਜੀਕੂੰ ਵਗੇਂਦੀ ਹੈ ਨਦੀ।
ਇਤਰੀਂ ਮਿਲਾਕੇ ਜ਼ਹਿਰ ਅੱਜ, ਪੌਣਾਂ 'ਚ ਕਿਸਨੇ ਘੋਲਿਆ,
ਮੁਰਝਾ ਰਿਹਾ ਹਰ ਫੁੱਲ ਹੀ, ਤਿਤਲੀ ਫਿਰੇ ਹੁਣ ਤੜਫ਼ਦੀ।
ਆਖਣ ਸਦੀ ਹੁਣ ਉਹ ਨਹੀਂ ਹੁਣ ਤਾਂ ਜ਼ਮਾਨਾ ਹੋਰ ਹੈ,
ਪਰ ਵੇਖਦਾਂ ਔਰਤ ਨੂੰ ਮੈਂ ਓਸੇ ਤਰ੍ਹਾਂ ਹੀ ਸੁਲਗਦੀ।
ਅਸਤਿਤਵ ਬਾਝੋਂ ਦੋਸਤੋ! ਇਸ ਜ਼ਿੰਦਗੀ ਨੇ ਭਟਕਣਾ,
ਰੂਹ ਸਿਰਜਣਾ ਦੇ ਦਰ ਖੜ੍ਹੀ ਨਿਸਦਿਨ ਮਿਲੇਗੀ ਤੜਪਦੀ।
ਗੁੜ੍ਹਤੀ ਮਿਲੀ ਤਲਵਾਰ 'ਚੋ, ਉਸ ਕੌਮ ਦਾ ਵਾਰਿਸ ਹਾਂ ਮੈਂ,
ਜੋ ਨੱਚਦੀ ਹੈ ਤੇਗ਼ 'ਤੇ ਜੋ ਆਰਿਆਂ ਨੂੰ ਪਰਖਦੀ।
ਪਿੱਪਲ ਖ਼ੁਦਾ, ਪੱਥਰ ਖ਼ੁਦਾ, ਇੱਟਾਂ ਖ਼ੁਦਾ, ਥਾਂ-ਥਾਂ ਖ਼ੁਦਾ,
ਇਨਸਾਨੀਅਤ ਮਰਦੀ ਪਈ ਹੈ ਖੇਡ ਕੇਹੀ ਵਕਤ ਦੀ।
7. ਉਹ ਕਹੇ ਪੈਰੀਂ ਮੇਰੇ ਦਸਤਾਰ ਰੱਖ
ਉਹ ਕਹੇ ਪੈਰੀਂ ਮੇਰੇ ਦਸਤਾਰ ਰੱਖ।
ਮੈਂ ਕਿਹਾ ਤੂੰ ਧੌਣ 'ਤੇ ਤਲਵਾਰ ਰੱਖ।
ਹੋਂਦ ਅਪਣੀ ਜੇ ਬਚਾਉਂਣੀ ਲੋਚਦੈਂ,
ਤੂੰ ਬਰਾਬਰ ਵਕਤ ਦੇ ਰਫ਼ਤਾਰ ਰੱਖ।
ਦੋਸਤੀ ਜਾਂ ਦੁਸ਼ਮਣੀ ਕਰ ਫ਼ੈਸਲਾ,
ਤੂੰ ਅਸਾਨੂੰ ਆਰ ਜਾਂ ਉਸ ਪਾਰ ਰੱਖ।
ਲੋੜ ਵੇਲ਼ੇ ਇੱਕ ਵੀ ਦਿਸਣਾ ਨਹੀਂ,
ਲੱਖ ਭਾਵਂੇ ਆਪਣੇ ਤੂੰ ਯਾਰ ਰੱਖ।
ਇਹ ਮਿਟਾਵੇਗੀ ਮਨਾਂ 'ਚੋਂ ਦੂਰੀਆਂ,
ਤੂੰ ਮੁਹੱਬਤ 'ਤੇ ਜ਼ਰਾ ਇਤਬਾਰ ਰੱਖ।
ਪਹੁੰਚ ਸਕਦੈ ਦਰ ਤੇਰੇ ਬਾਜ਼ਾਰ ਹੁਣ,
ਆਬਰੂ ਆਪਣੀ 'ਤੇ ਪਹਿਰੇਦਾਰ ਰੱਖ।
ਜੰਗ ਜੇ ਲੜਨੀ ਹੈ ਜ਼ੁਲਮਾਂ ਦੇ ਖਿਲਾਫ਼,
ਤੂੰ ਕਲਮ ਦੀ ਤੇਗ਼ ਵਰਗੀ ਧਾਰ ਰੱਖ।
8. ਤੂੰ ਚੇਤੇ ਕਰ, ਨਾ ਕਰ ਭਾਵੇਂ ਮੈਂ ਤੈਨੂੰ ਯਾਦ ਕਰਦਾ ਹਾਂ
ਤੂੰ ਚੇਤੇ ਕਰ, ਨਾ ਕਰ ਭਾਵੇਂ ਮੈਂ ਤੈਨੂੰ ਯਾਦ ਕਰਦਾ ਹਾਂ।
ਤੂੰ ਸੱਚ ਜਾਣੀ ਤੇਰੀ ਖਾਤਿਰ ਸਦਾ ਫਰਿਆਦ ਕਰਦਾ ਹਾਂ।
ਮੇਰੇ ਸੁਪਨੇ 'ਚ ਆ ਕੇ ਜਦ ਕਦੀ ਸਾਰੰਗੀਆਂ ਰੋਵਣ,
ਮੈਂ ਕੋਰੇ ਕਾਗਜ਼ਾਂ 'ਤੇ ਚੁੱਪ ਦਾ ਅਨੁਵਾਦ ਕਰਦਾ ਹਾਂ।
ਉਦਾਸੇ ਮੌਸਮਾਂ ਨੇ ਜਦ ਕਦੀ ਵੀ ਘੱਤਿਆ ਘੇਰਾ,
ਮੈਂ ਦੇਹੀ ਨਾਦ ਕਰਦਾ ਹਾਂ ਤੇ ਮਨ ਵਿਸਮਾਦ ਕਰਦਾ ਹਾਂ।
ਜੇ ਤੈਨੂੰ ਜਾਪਦੈ ਮੇਰੀ ਮੁਹੱਬਤ ਜਾਲ ਵਾਂਗੂੰ ਹੈ,
ਤੇ ਜਾਹ! ਮੈਂ ਅੱਜ ਤੈਨੂੰ ਏਸ 'ਚੋ ਆਜ਼ਾਦ ਕਰਦਾ ਹਾਂ।
ਬੜਾ ਹੈਰਾਨ ਹੁੰਦਾ ਹੈ ਇਹ ਸ਼ੀਸ਼ਾ ਵੇਖ ਕੇ ਮੈਨੂੰ,
ਮੈਂ ਅਕਸਰ ਖ਼ੁਦ ਹੀ ਖ਼ੁਦ ਦੇ ਨਾਲ਼ ਜਦ ਸੰਵਾਦ ਕਰਦਾ ਹਾਂ।
ਮੇਰੀ ਇਸ ਜ਼ਿੰਦਗੀ ਅੰਦਰ ਤੇਰਾ ਕੀ ਥਾਂ, ਤੂੰ ਕੀ ਜਾਣੇ,
ਮੈਂ ਰੱਬ ਨੂੰ ਯਾਦ ਕਰਦਾ ਹਾਂ, ਤੇਰੇ ਤੋਂ ਬਾਅਦ ਕਰਦਾ ਹਾਂ।
9. ਉਹ ਕਹਿੰਦੇ ਮਸਜਿਦਾਂ, ਗੁਰਘਰ ਅਤੇ ਮੰਦਰ ਬਣਾਵਾਂਗੇ
ਉਹ ਕਹਿੰਦੇ ਮਸਜਿਦਾਂ, ਗੁਰਘਰ ਅਤੇ ਮੰਦਰ ਬਣਾਵਾਂਗੇ।
ਕਦੀ ਨਹੀਂ ਆਖਦੇ ਕਿ ਬੇ-ਘਰਾਂ ਲਈ ਘਰ ਬਣਾਵਾਂਗੇ।
ਵਤਨ ਦੋ ਫਾੜ ਕਰਕੇ ਅਹਿਦ ਹੋਇਆ ਇਉਂ ਹਕੂਮਤ ਲਈ,
ਤੁਸੀਂ ਓਧਰ ਬਣਾ ਲੈਣਾ, ਅਸੀਂ ਇੱਧਰ ਬਣਾਵਾਂਗੇ।
ਗ਼ਜ਼ਲ ਅੰਦਰ ਅਜੇ ਤਾਂ ਸ਼ਾਇਰਾਂ ਨੇ ਫੁੱਲ ਸਜਾਏ ਹਨ,
ਪਈ ਜੇ ਲੋੜ ਕਹਿੰਦੇ ਹਰਫ਼ ਹੀ ਖ਼ੰਜਰ ਬਣਾਵਾਂਗੇ।
ਉਨ੍ਹਾਂ ਬੈਠਕ ਬੁਲਾਈ ਸੀ ਤੇ ਬਹੁਮਤ ਮਿਲ ਗਿਆ ਭਾਰੀ,
ਮਤਾ ਇਹ ਪਾਸ ਹੋਇਆ ਹੈ ਵਤਨ ਖੰਡਰ ਬਣਾਵਾਂਗੇ।
ਵਤਨ ਦੀ ਪੌਣ ਦੇ ਪੈਰੀਂ, ਗ਼ਮਾਂ ਦੀ ਸੁਣ ਰਹੀ ਛਣਕਾਰ,
ਅਸੀਂ ਚਾਵਾਂ ਦੇ ਲਾ ਘੁੰਗਰੂ ਨਵੀਂ ਝਾਂਜਰ ਬਣਾਵਾਂਗੇ।
ਹੈ ਅੰਬਰ ਨੂੰ ਇਹੋ ਹੰਕਾਰ ਕਿ ਮੈਂ ਬਹੁਤ ਉੱਚਾ ਹਾਂ,
ਇਦ੍ਹੇ ਤੋਂ ਪਾਰ ਲੈ ਜਾਵਣ, ਅਸੀਂ ਉਹ ਪਰ ਬਣਾਵਾਂਗੇ।
ਰਿਹਾ ਜੇ ਹਾਕਮਾਂ ਤੇਰਾ ਇਵੇਂ ਹੀ ਹਾਲ ਤਾਂ ਵੇਖੀਂ,
ਜੋ 'ਖ਼ਾਦਿਮ' ਨੇ, ਉਹਨਾਂ ਨੂੰ ਵੀ, ਅਸੀਂ ਨਾਬਰ ਬਣਾਵਾਂਗੇ।
10. ਵਫ਼ਾ ਦੀ ਬਾਤ ਦਾ ਤੈਥੋਂ ਹੁੰਗਾਰਾ ਭਰ ਨਹੀਂ ਹੋਣਾ
ਵਫ਼ਾ ਦੀ ਬਾਤ ਦਾ ਤੈਥੋਂ ਹੁੰਗਾਰਾ ਭਰ ਨਹੀਂ ਹੋਣਾ।
ਪਤੈ ਮੈਨੂੰ ਤਲੀ 'ਤੇ ਸੀਸ ਤੈਥੋਂ ਧਰ ਨਹੀਂ ਹੋਣਾ।
ਮਖੌਟਾ ਪਹਿਨ ਕੇ ਮੈਨੂੰ ਮਿਲਣ ਆਵੀਂ ਨਾ ਤੂੰ ਹਰਗਿਜ਼,
ਬਨੌਟੀ ਹਾਸਿਆਂ ਅੰਦਰ ਤੂੰ ਮੈਥੋਂ ਜਰ ਨਹੀਂ ਹੋਣਾ।
ਮੁਹੱਬਤ ਫੱਟ ਉਹ ਦਿੰਦੀ, ਜਿਨ੍ਹਾਂ ਦੀ ਪੀੜ ਸਹਿ-ਸਹਿ ਕੇ,
ਅਸਾਂ ਤੋਂ ਜੀਅ ਨਹੀਂ ਹੋਣਾ, ਤੁਸਾਂ ਤੋਂ ਮਰ ਨਹੀਂ ਹੋਣਾ।
ਜੋ ਜਾਪਣ ਵਾਂਗ ਕੱਚਿਆਂ ਦੇ, ਉਨਾਂ ਨੇ ਕੀ ਨਿਭਾਉਣੀ ਏ?
ਝਨਾਂ ਵਿੱਚ ਡੁੱਬ ਜਾਵਣਗੇ, ਉਨ੍ਹਾਂ ਤੋਂ ਤਰ ਨਹੀਂ ਹੋਣਾ।
ਜ਼ਮਾਨੇ ਦਾ ਰਿਹਾ ਡਰ ਜੇ, ਤੇਰੇ ਮਨ ਵਿੱਚ ਤਾਂ ਸੱਚ ਜਾਣੀਂ,
ਕਿਲ੍ਹਾ ਤੈਥੋਂ ਮੁਹੱਬਤ ਦਾ, ਕਦੀ ਵੀ ਸਰ ਨਹੀਂ ਹੋਣਾ।
11. ਦੀਵਾ ਉਮੀਦ ਵਾਲ਼ਾ, ਦਿਲ ਵਿੱਚ ਜਗਾ ਕੇ ਰੱਖੀਂ
ਦੀਵਾ ਉਮੀਦ ਵਾਲ਼ਾ, ਦਿਲ ਵਿੱਚ ਜਗਾ ਕੇ ਰੱਖੀਂ।
ਗ਼ਮ ਦੀ ਹਵਾ ਤੋਂ ਇਸਨੂੰ, ਹਰਦਮ ਬਚਾ ਕੇ ਰੱਖੀਂ।
ਆਉਂਦੇ ਨੇ ਘਰ ਜੋ ਤੇਰੇ, ਬੁੱਕਲ ਛੁਪਾ ਕੇ ਖ਼ੰਜਰ,
ਉਹ ਆਪਣੇ ਨੇ ਤੇਰੇ, ਖ਼ੁਦ ਨੂੰ ਬਚਾ ਕੇ ਰੱਖੀਂ।
ਝੁਰਮੁਟ ਹੀ ਮੁੜ ਨਾ ਜਾਵੇ, ਦਰ ਤੋਂ ਇਹ ਤਿਤਲੀਆਂ ਦਾ,
ਫੁੱਲਾਂ ਦੇ ਬੂਟਿਆਂ ਨੂੰ, ਘਰ ਵਿੱਚ ਲਗਾ ਕੇ ਰੱਖੀਂ।
ਜਦ ਬਾਂਸ ਖਹਿਣ ਲੱਗੇ, ਸੜ ਕੇ ਹੀ ਰਾਖ਼ ਹੋਣੇ,
ਤੂੰ ਬੰਸਰੀ ਨੂੰ ਅਪਣੇ, ਸੀਨੇ ਲਗਾ ਕੇ ਰੱਖੀਂ।
ਸੱਚ ਦਾ ਲਿਬਾਸ ਪਾ ਕੇ, ਮਿਲਣੀ ਸਲੀਬ ਤੈਨੂੰ,
ਮਕਤਲ 'ਚ ਪੁੱਜ ਕੇ ਵੀ, ਜਜ਼ਬਾ ਜਗਾ ਕੇ ਰੱਖੀਂ।
ਰਾਹਾਂ 'ਚ ਕੰਡਿਆਂ ਨੇ, ਹਿੱਕ ਤਾਣ ਕੇ ਹੈ ਖੜ੍ਹਨਾ,
ਮੰਜ਼ਿਲ ਦਾ ਖ਼ਾਬ ਅੇਪਰ, ਨੈਣੀਂ ਸਜਾ ਕੇ ਰੱਖੀਂ।
ਇਹ ਪੰਧ ਜ਼ਿੰਦਗੀ ਦਾ, ਔਖਾ ਬੜੈ ਮਗਰ ਤੂੰ,
ਹਿੰਮਤ ਦੇ ਨਾਲ਼ ਅਪਣੀ, ਯਾਰੀ ਲਗਾ ਕੇ ਰੱਖੀਂ।
ਲੋਕਾਂ ਨੇ ਬੁੱਝ ਲੈਣੀ, ਨੈਣਾਂ 'ਚੋ ਰਮਜ਼ ਹਰ ਇਕ,
'ਖ਼ਾਦਿਮ' ਦਿਸੇ ਨਾ 'ਪਾਲੀ', ਐਨਕ ਲਗਾ ਕੇ ਰੱਖੀਂ।
12. ਸੱਚ ਵੱਲ ਜਾਂਦੇ ਜੋ ਰਸਤੇ, ਰਸਤਿਆਂ ਨੂੰ ਬੋਲ ਨਾ ਕੁਝ
ਸੱਚ ਵੱਲ ਜਾਂਦੇ ਜੋ ਰਸਤੇ, ਰਸਤਿਆਂ ਨੂੰ ਬੋਲ ਨਾ ਕੁਝ।
ਇਹ ਯਥਾਰਥ ਸਿਰਜਦੇ ਸ਼ੀਸ਼ਾਗਰਾਂ ਨੂੰ ਬੋਲ ਨਾ ਕੁਝ।
ਔੜ ਉੱਪਰ ਗਰਜਦੇ ਪਰ ਵਰਸਦੇ ਨੇ ਇਹ ਨਦੀ 'ਤੇ,
ਤੂੰ ਅਮੀਰਾਂ ਦੇ ਬਣੇ ਪੈਗੰਬਰਾਂ ਨੂੰ ਬੋਲ ਨਾ ਕੁਝ।
ਜ਼ਿੰਦਗੀ ਹੈ, ਤਾਂ ਮੁਸੀਬਤ ਵੀ ਮਿਲੇਗੀ ਰਸਤਿਆਂ ਵਿੱਚ,
ਔਕੜਾਂ ਦਾ ਸਾਹਮਣਾ ਕਰ ਔਕੜਾਂ ਨੂੰ ਬੋਲ ਨਾ ਕੁਝ।
ਤੂੰ ਸਵੈ ਪੜਚੋਲ ਕਰ ਹੰਘਾਲ ਕੇ ਤੂੰ ਵੇਖ ਆਪਾ,
ਕਾਫ਼ਰਾਂ ਤੋਂ ਕੀ ਤੂੰ ਲੈਣਾ? ਕਾਫ਼ਰਾਂ ਨੂੰ ਬੋਲ ਨਾ ਕੁਝ।
ਉਹ ਵਜਾਵਣ ਬੰਸਰੀ ਤੇ ਸ਼ਹਿਰ ਬਲ਼ਦਾ ਅੱਗ ਅੰਦਰ,
ਇਹ ਉਨ੍ਹਾਂ ਦੀ ਰਹਿਬਰੀ ਹੈ, ਰਹਿਬਰਾਂ ਨੂੰ ਬੋਲ ਨਾ ਕੁਝ।
ਇਹ ਗ਼ੁਬਾਰੇ ਵੇਚ ਕੇ ਹੀ ਪਾਲ਼ਦੈ ਪਰਿਵਾਰ ਆਪਣਾ,
ਸਸਤਿਆਂ ਲਈ ਚੁੱਪ ਨਾ ਰਹਿ, ਮਹਿੰਗਿਆਂ ਨੂੰ ਬੋਲ ਨਾ ਕੁਝ।
13. ਹਵਾ ਜਦ ਵੀ ਨਗਰ ਦੀ ਬੇ-ਵਫ਼ਾ ਹੋਈ
ਹਵਾ ਜਦ ਵੀ ਨਗਰ ਦੀ ਬੇ-ਵਫ਼ਾ ਹੋਈ।
ਚਿਰਾਗ਼ਾਂ ਵਾਸਤੇ ਹਰ ਥਾਂ ਦੁਆ ਹੋਈ।
ਖ਼ਿਜ਼ਾਂ ਅੰਦਰ ਵੀ ਦਿਲ ਦਾ ਬਾਗ਼ ਮਹਿਕੇਗਾ,
ਮੇਰੇ ਦਿਲਬਰ ਜਦੋਂ ਤੇਰੀ ਨਿਗ੍ਹਾ ਹੋਈ।
ਸਦਾਚਾਰੀ ਅਤੇ ਤਹਿਜ਼ੀਬ ਜੀਵਨ 'ਚੋ,
ਨਾ ਜਾਣੇ ਕਦ, ਕਿਵੇਂ ਤੇ ਕਿਉਂ ਹਵਾ ਹੋਈ।
ਨਿਹੱਥਾ, ਦਿਨ-ਦਿਹਾੜੇ ਕਤਲ ਮੈਂ ਹੋਇਆ,
ਮੇਰੇ ਦਿਲਬਰ ਤੇਰੀ ਕਾਤਿਲ਼ ਅਦਾ ਹੋਈ।
ਹਰਿਕ ਗੂੰਗਾ ਹੀ ਚੀਕੇ ਬਹਰਿਆਂ ਅੱਗੇ,
ਮੇਰੇ ਹੁਣ ਸ਼ਹਿਰ ਦੀ ਕੈਸੀ ਹਵਾ ਹੋਈ।
ਕਲੀ ਨੂੰ ਟਹਿਕਣੇ ਦੀ ਆਗਿਆ ਵੀ ਨਾ,
ਇਹ ਕੈਸਾ ਦੌਰ ਕਿੱਦਾਂ ਦੀ ਸਜ਼ਾ ਹੋਈ।
ਉਹਨੇ ਪੁੱਛਿਆ "ਕਿਵੇਂ ਤੂੰ ਜੀਅ ਰਿਹੈ ਅੱਜ-ਕੱਲ?"
ਮੇਰੀ ਅੱਖ ਤੋਂ ਕਹਾਣੀ ਨਾ ਛੁਪਾ ਹੋਈ।
ਨਾ ਉਹ ਜਾਣੇ ਨਾ ਮੈਂ ਜਾਣਾ, ਅਸੀਂ ਰੁੱਸੇ,
ਨਾ ਉਹ ਬੋਲੀ, ਨਾ ਮੈਥੋਂ ਉਹ, ਬੁਲਾ ਹੋਈ।
14. ਸ਼ਹਿਰ ਅੰਦਰ ਗੂੰਜਦਾ ਇਹ ਕਿਸ ਤਰ੍ਹਾਂ ਦਾ ਸ਼ੋਰ ਹੈ
ਸ਼ਹਿਰ ਅੰਦਰ ਗੂੰਜਦਾ ਇਹ ਕਿਸ ਤਰ੍ਹਾਂ ਦਾ ਸ਼ੋਰ ਹੈ।
ਵਾਦਕਾਂ ਦੇ ਪੋਟਿਆਂ 'ਚੋ ਗੁੰਮ ਹੋਈ ਲੋਰ ਹੈ।
ਮੁੱਖ ਤੇਰਾ 'ਮਤਲਾ' ਜਿਵੇਂ, ਤੇ 'ਕਾਫ਼ੀਆ' ਤੇਰੀ ਅਦਾ,
ਜਾਪਦੀ ਮੈਨੂੰ 'ਗ਼ਜ਼ਲ' ਦੇ ਵਾਂਗ ਤੇਰੀ ਤੋਰ ਹੈ।
ਅਰਥ ਦੀ ਤਹਿ ਤੀਕ ਪੁੱਜੀਂ, ਸ਼ਬਦ ਛੂਹ ਕੇ ਨਾ ਮੁੜੀਂ,
ਇਹ ਨਾ ਆਖੀਂ ਦੋਸਤਾ, ਮੇਰੀ ਕਹਾਣੀ ਹੋਰ ਹੈ।
ਉਮਰ ਭਰ ਇੱਕ ਦਰਦ ਮੇਰੇ ਨਾਲ਼ ਹੀ ਤੁਰਦਾ ਰਿਹਾ,
ਮੈਂ ਕਦੇ ਨਾ ਆਖਿਆ ਕਿ ਦਿਲ ਮੇਰਾ ਕਮਜ਼ੋਰ ਹੈ।
ਰਾਤ ਦੀ ਬੁੱਕਲ 'ਚ ਲੁੱਕੀਆਂ ਕਿੱਥੇ ਜਾ ਕੇ ਤਿਤਲੀਆਂ,
ਮਾਸ ਦੇ ਖ਼ੰਜਰ ਉਡੀਕਣ, ਸੋਚ ਆਦਮਖੋਰ ਹੈ।
ਸਹਿਮਦਾ ਹੈ ਦਿਲ ਮੇਰਾ ਬੱਦਲ ਜਦੋਂ ਵੀ ਗਰਜਦਾ,
ਕੰਧ 'ਤੇ ਅਹਿਸਾਸ ਦੀ ਮਿੱਟੀ ਦਾ ਬਣਿਆ ਮੋਰ ਹੈ।
15. ਤਾਰਿਆਂ ਨੂੰ ਬਾਤ ਪਾਈ ਬਾਤ ਪਾ ਕੇ ਸੌਂ ਗਿਆ
ਤਾਰਿਆਂ ਨੂੰ ਬਾਤ ਪਾਈ ਬਾਤ ਪਾ ਕੇ ਸੌਂ ਗਿਆ।
ਮੈਂ ਤੇਰੀ ਫ਼ਿਰ ਯਾਦ ਨੂੰ ਸੀਨੇ ਲਗਾ ਕੇ ਸੌਂ ਗਿਆ।
ਬੱਚਿਆਂ ਨੂੰ ਰੋਟੀਆਂ ਦੇ ਖ਼ਾਬ ਦੇ ਕੇ ਆਪ ਉਹ,
ਪੀੜ, ਮਜਬੂਰੀ, ਗ਼ਮੀ ਦਿਲ ਵਿੱਚ ਦਬਾ ਕੇ ਸੌਂ ਗਿਆ।
ਸੁਪਨਿਆਂ ਵਿੱਚ 'ਸ਼ਿਅਰ' ਤੜਪਣ, ਕੂਕਦਾ 'ਮਕਤਾ' ਫਿਰੇ,
ਮੈਂ ਗ਼ਜ਼ਲ ਦਾ ਜਦ ਕਿਤੇ 'ਮਤਲਾ' ਬਣਾ ਕੇ ਸੌਂ ਗਿਆ।
ਉਹ ਜ੍ਹਿਨੂੰ ਸੀ ਮਖ਼ਮਲੀ ਸੇਜਾਂ ਹੰਢਾਵਣ ਦੀ ਲਲਕ,
ਉਹ ਵੀ ਆਖ਼ਿਰ ਮੁਰਦਿਆਂ ਦੇ ਨਾਲ਼ ਜਾ ਕੇ ਸੌਂ ਗਿਆ।
ਕੋਸਿਆਂ ਸਾਹਾਂ ਤੋਂ ਮੇਰੀ ਰੂਹ ਨਾ ਗਰਮਾਈ ਗਈ,
ਉਹ ਬਦਨ ਦੀ ਅੱਗ ਨੂੰ ਪਲ ਵਿੱਚ ਬੁਝਾ ਕੇ ਸੌਂ ਗਿਆ।
ਉਹ ਬੁਲੰਦੀ ਕਿੰਝ ਹਾਸਿਲ ਕਰ ਸਕੇਗਾ, ਸ਼ਖ਼ਸ ਜੋ,
ਨੀਂਦਰਾਂ ਦੇ ਨਾਲ਼ ਹੀ ਯਾਰੀ ਲਗਾ ਕੇ ਸੌਂ ਗਿਆ।
ਪੱਥਰਾਂ 'ਤੇ ਨਾਮ ਖ਼ੁਦਵਾਏ ਉਨ੍ਹਾਂ ਸਭਨਾਂ, ਮਗਰ
ਨੇਕੀਆਂ 'ਖ਼ਾਦਿਮ' ਨੇ ਕਰੀਆਂ, ਭੁਲ-ਭੁਲਾ ਕੇ ਸੌਂ ਗਿਆ।
16. ਨਿਗ੍ਹਾ ਅਸਮਾਨ ਵੱਲ ਤੇ ਖੂਨ ਉਬਲੇ ਆਂਦਰਾਂ ਅੰਦਰ
ਨਿਗ੍ਹਾ ਅਸਮਾਨ ਵੱਲ ਤੇ ਖੂਨ ਉਬਲੇ ਆਂਦਰਾਂ ਅੰਦਰ।
ਮੈਂ ਵੇਖੀ ਤੜਫ਼ਦੀ ਪਰਵਾਜ਼ ਪੰਛੀ ਦੇ ਪਰਾਂ ਅੰਦਰ।
ਨਿਰਾਦਰ ਕੰਜਕਾਂ ਦਾ ਰੋਜ਼ ਹੁੰਦਾ ਏ ਗਰਾਂ ਅੰਦਰ।
ਮੁਰਾਰੀ ਬੰਸਰੀ ਫੜ ਮੁਸਕੁਰਾਵੇ ਮੰਦਰਾਂ ਅੰਦਰ।
ਉਦਾਸੀ ਛਾਉਣੀਆਂ ਪਾ ਬਹਿ ਗਈ ਸਾਡੇ ਘਰਾਂ ਅੰਦਰ।
ਕਿਸੇ ਨੇ ਜ਼ਹਿਰ ਘੋਲੀ ਹੈ, ਪਵਿੱਤਰ ਸਰਵਰਾਂ ਅੰਦਰ।
ਸਦੀ ਬਦਲੀ, ਜ਼ਮਾਨਾ ਬਦਲਿਆ, ਤਾਂ ਇਹ ਅਸਰ ਹੋਇਆ,
ਰਹੀ ਇਨਸਾਨੀਅਤ ਨਾ ਹੁਣ ਮਨੁੱਖੀ ਪਿੰਜਰਾਂ ਅੰਦਰ।
ਕਿਨਾਰੇ ਬੈਠ ਕੇ ਤੂੰ ਸੋਚਦਾਂ ਏ ਮੋਤੀਆਂ ਬਾਰੇ,
ਇਹ ਮੋਤੀ ਓਸਨੂੰ ਮਿਲਦੇ ਜੋ ਲੱਥਣ ਸਾਗਰਾਂ ਅੰਦਰ।
ਅਸਾਡੀ ਹੋਂਦ ਨੂੰ ਤਸਦੀਕ ਉਹਨਾਂ ਇਸ ਤਰ੍ਹਾਂ ਕੀਤਾ,
ਕਿ ਗੂੰਗੀ ਚੀਖ਼ ਵਾਂਗੂੰ ਭਟਕਦੇ ਹਾਂ ਖੰਡਰਾਂ ਅੰਦਰ।
ਤੁਹਾਨੂੰ ਸੁਣ ਰਹੀ ਛਣਕਾਰ, ਮੈਂ ਕੁਝ ਹੋਰ ਸੁਣਦਾ ਹਾਂ,
ਇਹ ਹੈ ਅਨੁਵਾਦ ਪੀੜਾਂ ਦਾ ਸੁਣੇ ਜੋ ਝਾਂਜਰਾਂ ਅੰਦਰ।
ਸੁਖ਼ਦ ਦਸਤਕ ਜਿਹੇ ਅਹਿਸਾਸ ਤੇ ਚਾਹਤ ਜਿਹੇ ਜਜ਼ਬੇ,
ਤੁਹਾਨੂੰ ਮਿਲਣਗੇ ਸੰਗੀਤ ਅੰਦਰ ਅੱਖਰਾਂ ਅੰਦਰ।
17. ਬਾਂਸ ਦੀ ਪੋਰੀ ਨਿਗੂਣੀ, ਕੀਮਤੀ ਮੈਂ ਹੋ ਗਈ
ਬਾਂਸ ਦੀ ਪੋਰੀ ਨਿਗੂਣੀ, ਕੀਮਤੀ ਮੈਂ ਹੋ ਗਈ।
ਤੂੰ ਜਦੋਂ ਹੋਂਠੀ ਸਜਾਇਆ ਬੰਸਰੀ ਮੈਂ ਹੋ ਗਈ।
ਵੇਦਨਾ ਤੋਂ ਚੱਲ ਕੇ ਸੰਵੇਦਨਾ ਤੱਕ ਪਹੁੰਚ ਕੇ,
ਓਸ ਦੀ ਦਹਿਲੀਜ਼ ਆ ਕੇ ਜ਼ਿੰਦਗੀ ਮੈਂ ਹੋ ਗਈ।
ਉਹ ਸਮੁੰਦਰ, ਓਸ ਨੂੰ ਮਿਲਣੇ ਲਈ ਬਸ ਵੇਖ ਲਓ,
ਇਸ਼ਕ ਦੀ ਜੋ ਭਰ ਵਗੇ ਪਿਆਸੀ ਨਦੀ ਮੈਂ ਹੋ ਗਈ।
ਝੀਲ ਵਰਗਾ ਜਿਸਮ ਮੇਰਾ ਤੂੰ ਕਦੀ ਜਦ ਛੂਹ ਲਿਆ,
ਕੁਝ ਤਰੰਗਾਂ ਉੱਠੀਆਂ ਫ਼ਿਰ ਬਾਵਰੀ ਮੈਂ ਹੋ ਗਈ।
ਖੂਨ ਅੰਦਰ ਸ਼ਬਦ ਮਚਲੇ ਜਦ ਕਦੀ 'ਖ਼ਾਦਿਮ' ਤੇਰੇ,
ਇਸ ਤਰ੍ਹਾਂ ਅਹਿਸਾਸ, ਤੇਰੀ ਸ਼ਾਇਰੀ, ਮੈਂ ਹੋ ਗਈ।
18. ਫ਼ਾਸਲਾ ਰੱਖੇ ਜੋ ਦਿਲ ਵਿੱਚ, ਗ਼ੈਰ ਹੈ ਅਪਣਾ ਨਹੀਂ
ਫ਼ਾਸਲਾ ਰੱਖੇ ਜੋ ਦਿਲ ਵਿੱਚ, ਗ਼ੈਰ ਹੈ ਅਪਣਾ ਨਹੀਂ।
ਇਹ ਛਲਾਵਾ ਹੋ ਤਾਂ ਸਕਦੈ ਪਰ ਕੋਈ ਰਿਸ਼ਤਾ ਨਹੀਂ।
ਬੰਸਰੀ 'ਤੇ ਪੋਟਿਆਂ ਨੂੰ ਉਹ ਟਿਕਾ ਕੇ ਕੀ ਕਰੂ?
ਓਸਦੇ ਬੁੱਲਾਂ ਨੇ ਜੇਕਰ ਏਸ ਨੂੰ ਛੂਹਣਾ ਨਹੀਂ।
ਕੈਨਵਸ 'ਤੇ ਤਿਤਲੀਆਂ ਨੂੰ ਚਿਤਰਦਾਂ ਹਰ ਰੰਗ ਵਿੱਚ,
ਹਾਸ਼ੀਆ ਪਿੱਛੋਂ ਕੋਈ ਵੀ ਏਸ 'ਤੇ ਖਿੱਚਦਾ ਨਹੀਂ।
ਸੰਦਲੀ ਸੁਪਨੇ ਮੇਰੇ ਨੋਚੇ ਜਿਨ੍ਹਾਂ ਨੇ, ਵੇਖਿਓ,
ਲਾ ਨਿਸ਼ਾਨੇ ਫੁੰਡਣੇ ਉਹ, ਇੱਕ ਵੀ ਛੱਡਣਾ ਨਹੀਂ।
ਰਾਤ ਦੇ ਇੱਕ ਪਹਿਰ ਅੰਦਰ ਨੂਰ ਦੀ ਕਾਤਰ ਮਿਲੀ,
ਸ਼ਹਿਰ ਵਿੱਚ ਹੁਣ ਖਲਬਲੀ ਹੈ ਨੇਰਿਆਂ ਬਚਣਾ ਨਹੀਂ।
ਗੀਤ ਨਈਂ ਇਹ ਮਰਸੀਆ ਹੈ ਰੋਂਦੀਆਂ ਸਾਰੰਗੀਆਂ,
ਵਾਦਕਾਂ ਦੇ ਪੋਟਿਆਂ 'ਚੋ ਖੂਨ ਵੀ ਰੁਕਿਆ ਨਹੀਂ।
ਝੀਲ ਵਿਚ ਉੱਠੀਆਂ ਤਰੰਗਾਂ ਛੂਹ ਲਿਆ ਜਦ ਤੂੰ ਬਦਨ,
ਇਕ ਖ਼ਲਾਅ ਖ਼ਾਮੋਸ਼, ਤੂੰ ਤੇ ਮੈਂ ਕੋਈ ਤੀਜਾ ਨਹੀਂ।
ਸ਼ਹਿਰ ਅੰਦਰ ਚੁੱਪ ਦਾ ਪਹਿਰਾ ਦਿਸੇ ਜਾਂ ਸੂਲ਼ੀਆਂ,
ਸ਼ਬਦ ਲੈ ਕੇ ਆ ਗਿਐ 'ਖ਼ਾਦਿਮ' ਵੀ ਹੁਣ ਬਚਦਾ ਨਹੀਂ।
19. ਇਹ ਸਭ ਨੂੰ ਝੂਠ ਬੋਲਣ ਦਾ ਹੁਨਰ ਆਪੇ ਸਿਖਾ ਦੇਵੇ
ਇਹ ਸਭ ਨੂੰ ਝੂਠ ਬੋਲਣ ਦਾ ਹੁਨਰ ਆਪੇ ਸਿਖਾ ਦੇਵੇ।
ਸਿਆਸਤ ਚੀਜ਼ ਹੈ ਐਸੀ ਹਵਾ ਵਿੱਚ ਮਹਿਲ ਪਾ ਦੇਵੇ।
ਹਕੂਮਤ ਆਪ ਲਾਈ ਅੱਗ ਨੂੰ ਪਹਿਲਾਂ ਹਵਾ ਦੇਵੇ।
ਤੇ ਮਗਰੋਂ ਚੁੱਪ ਦਾ ਪਹਿਰਾ ਨਗਰ ਉੱਪਰ ਬਿਠਾ ਦੇਵੇ।
ਉਹ ਮੇਰੀ ਪਿਆਸ ਨੂੰ ਤਪਦੇ ਥਲਾਂ ਦੀ ਭਟਕਣਾ ਦੇਵੇ।
ਮੇਰਾ ਦਿਲ ਫੇਰ ਵੀ ਉਸਨੂੰ ਦਿਲੋਂ ਪਲ-ਪਲ ਦੁਆ ਦੇਵੇ।
ਹਵਾਵਾਂ ਵਿੱਚ ਘੋਲੇ ਮਹਿਕ ਤੇ ਭਟਕਣ ਮੁਕਾ ਦੇਵੇ।
ਮੇਰਾ ਮਹਿਬੂਬ ਮੈਨੂੰ ਇਸ ਤਰ੍ਹਾਂ ਆਪਣਾ ਪਤਾ ਦੇਵੇ।
ਅਸਾਂ ਉਹ ਰਾਗ ਕੀ ਕਰਨੇ ਜੋ ਬੱਤੀ ਗੁੱਲ ਕਰ ਦੇਵਣ,
ਅਸਲ ਵਿੱਚ ਰਾਗ ਓਹੀ ਜੋ ਬੁੱਝੇ ਦੀਵੇ ਜਗਾ ਦੇਵੇ।
ਮੈਂ ਤੇਰੇ ਦਾਇਰਿਆਂ ਨੂੰ ਤੋੜ ਸੁੱਟਾਂਗਾ, ਸਫ਼ਰ ਹਾਂ ਮੈਂ,
ਸਫ਼ਰ ਨੂੰ ਬੇੜੀਆਂ ਦਾ ਡਰ, ਨਹੀਂ ਇਹ ਡਰ ਮਜ਼ਾ ਦੇਵੇ।
ਇਨ੍ਹਾਂ ਦੇ ਚਿਹਰਿਆਂ ਦਾ ਰੰਗ ਵੀ ਬੇਰੰਗ ਹੋਵੇਗਾ,
ਕੋਈ ਜੇਕਰ ਇਨ੍ਹਾਂ ਨੂੰ ਤਿੜਕਿਆ ਸ਼ੀਸ਼ਾ ਵਿਖਾ ਦੇਵੇ।
ਦਿਨੇ ਇਹ ਸ਼ਬਦ ਮੈਨੂੰ ਕੈਦ ਰੱਖਦੇ, ਨਾਲ਼ ਤੁਰਦੇ ਨੇ,
ਤੇ ਰਾਤੀਂ ਖ਼ਾਬ ਵਿੱਚ ਅਹਿਸਾਸ ਸੁੱਤੇ ਨੂੰ ਜਗਾ ਦੇਵੇ।
ਮੇਰੀ ਤੌਫ਼ੀਕ ਦਾ ਦਾਇਰਾ ਬੜਾ ਛੋਟਾ ਮਗਰ ਫ਼ਿਰ ਵੀ,
ਗ਼ਜ਼ਲ ਮੈਨੂੰ ਮੇਰੀ ਔਕਾਤ ਤੋਂ ਵੱਡਾ ਬਣਾ ਦੇਵੇ।
ਮੈਂ ਪਲ-ਪਲ ਮਾਣੀਆਂ ਖੁਸ਼ੀਆਂ, ਗ਼ਮਾਂ ਵਿੱਚ ਮੁਸਕੁਰਾਇਆ ਹਾਂ,
ਹਵਾ ਹੁਣ ਜ਼ਿੰਦਗੀ ਦਾ ਦੀਪ ਜਦ ਚਾਹੇ ਬੁਝਾ ਦੇਵੇ।
20. ਧਰਤ ਉੱਪਰ ਨੇਰ੍ਹਿਆਂ ਕੈਸਾ ਵਿਛਾਇਆ ਜਾਲ ਹੈ
ਧਰਤ ਉੱਪਰ ਨੇਰ੍ਹਿਆਂ ਕੈਸਾ ਵਿਛਾਇਆ ਜਾਲ ਹੈ।
ਆਦਮੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਦਾ ਕਾਲ ਹੈ।
ਰੌਸ਼ਨੀ ਦੀ ਭਾਲ਼ ਵਿੱਚ ਜਦ ਮੈਂ ਤੁਰਾਂ, ਤਾਂ ਜਾਪਦਾ,
ਨਾਲ਼ ਮੇਰੇ ਤੁਰ ਰਿਹਾ ਇੱਕ ਤਾਰਿਆਂ ਦਾ ਥਾਲ ਹੈ।
ਝਾਂਜਰਾਂ ਛਣਕਾ ਕੇ ਉਹ ਜੋ ਮਹਿਕ ਬਣ ਕੇ ਉੱਡ ਗਈ,
ਮੁੱਦਤਾਂ ਤੋਂ ਓਸ ਦੀ ਹੀ ਚੱਲ ਰਹੀ ਬਸ ਭਾਲ ਹੈ।
ਜ਼ਿੰਦਗੀ ਦਾ ਫ਼ਲਸਫ਼ਾ ਜਿਸਨੂੰ ਸਮਝ ਹੈ ਆ ਗਿਆ,
ਔਕੜਾਂ ਵਿੱਚ ਮੁਸਕਰਾਉਂਦੈ, ਮਸਤ ਰਹਿੰਦੀ ਚਾਲ ਹੈ।
ਜ਼ਿੰਦਗੀ ਦਾ ਸਾਜ਼ ਛੂਹ ਕੇ ਤੁਰ ਗਿਆ ਵਾਦਕ ਮੇਰਾ!,
ਸੁਰ ਅਸਾਥੋਂ ਨਾ ਸੰਭਲਦੇ ਤਾਲ ਵੀ ਬੇਤਾਲ ਹੈ।
ਖ਼ਾਬ ਦੀ ਅਰਥੀ ਉਠਾਈ ਬੇਕਸਾਂ ਦੇ ਵਾਂਗ ਮੈਂ,
ਗ਼ੈਰ ਕੋਲੇ ਖੜ੍ਹ ਕੇ ਪੁੱਛੇ ਹੁਣ ਤੇਰਾ ਕੀ ਹਾਲ ਹੈ?
ਹਾਂ ਤੇਰੀ ਵਿੱਚ ਹਾਂ ਭਲਾਂ ਦੱਸ ਉਹ ਮਿਲਾ ਸਕਦੈ ਕਿਵੇਂ?
ਜੋ ਕਦੋਂ ਦਾ ਕਰ ਰਿਹਾ ਸੰਵਾਦ ਖ਼ੁਦ ਦੇ ਨਾਲ ਹੈ।
ਜੂਨ ਇਕਲਾਪੇ ਦੀ ਮੈਂ ਮੁੱਢੋਂ ਹੰਢਾਉਂਦਾ ਆ ਰਿਹਾਂ,
ਅੱਥਰੇ ਚਾਵਾਂ ਬਿਨ੍ਹਾਂ ਸਾਹਾਂ ਦੀ ਸੁੰਨੀ ਡਾਲ ਹੈ।
ਇਹ ਗ਼ਮਾਂ ਦਾ ਕਾਫ਼ਲਾ ਜੋ ਦਰ ਮੇਰੇ ਤੋਂ ਗੁਜਰਿਆ,
ਕਾਫ਼ਲੇ ਦੀ ਚਾਲ ਵਿੱਚ ਵੀ ਆਪਣਿਆਂ ਦੀ ਚਾਲ ਹੈ।
21. ਪੀੜ, ਬੇਚੈਨੀ, ਤਣਾਅ, ਆਵਾਰਗੀ ਕਿਉਂ? ਪਤਾ ਕਰੋ
ਪੀੜ, ਬੇਚੈਨੀ, ਤਣਾਅ, ਆਵਾਰਗੀ ਕਿਉਂ? ਪਤਾ ਕਰੋ।
ਚੁੱਪ ਦੀ ਹਰ ਤਹਿ ਦੇ ਅੰਦਰ ਖਲਬਲੀ ਕਿਉਂ? ਪਤਾ ਕਰੋ।
ਦਰਦ, ਮਾਤਮ, ਰੁਦਨ, ਬਿਰਹਾ, ਤੇ ਉਦਾਸੀ ਸੁਰਾਂ 'ਚ ਹੈ,
ਕੂਕਦੀ ਹੈ ਇਸ ਤਰ੍ਹਾਂ ਇਹ ਬੰਸਰੀ ਕਿਉਂ? ਪਤਾ ਕਰੋ।
ਚੰਨ, ਸੂਰਜ, ਦੀਪ, ਜੁਗਨੂੰ, ਤੇ ਸਿਤਾਰੇ ਤਮਾਮ, ਪਰ
ਲਾਪਤਾ ਹੈ ਜ਼ਿੰਦਗੀ 'ਚੋਂ ਰੌਸ਼ਨੀ ਕਿਉਂ? ਪਤਾ ਕਰੋ।
ਸਾਫ਼ਗੋਈ, ਸਾਦਗੀ, ਸੰਵੇਦਨਾ, ਸੁਹਜ, ਸ਼ੋਖੀਆਂ,
ਇਹ ਨਗ਼ੀਨੇ ਨਾ ਰਹੇ ਹੁਣ ਕੀਮਤੀ ਕਿਉਂ? ਪਤਾ ਕਰੋ।
ਝੀਲ, ਬੱਦਲ, ਨਹਿਰ, ਦਰਿਆ ਤੇ ਨਦੀ ਨਾ ਮਿਟਾ ਸਕੀ,
ਓਸ ਦੇ ਹੋਠਾਂ ਤੇ ਤੜਫ਼ੇ ਤਿਸ਼ਨਗੀ ਕਿਉਂ? ਪਤਾ ਕਰੋ।
ਹਮਸਫ਼ਰ, ਹਮਰਾਜ਼, ਹਮਦਮ, ਸਬਜ਼ ਜੂਹ ਵਿੱਚ ਗੁੰਮਿਆ,
ਉਹ ਵਫ਼ਾ ਦਾ ਅਹਿਦ, ਭੁੱਲਿਆ ਦਿਲਬਰੀ ਕਿਉਂ? ਪਤਾ ਕਰੋ।
ਗੀਤ, ਕਵਿਤਾ, ਨਜ਼ਮ, ਚੌਬਰਗਾ, ਤੇ ਜਦ ਉਹ ਗ਼ਜ਼ਲ ਕਹੇ,
ਸ਼ਬਦ ਅੰਦਰ ਓਸਦੀ ਰੂਹ ਤੜਫ਼ਦੀ ਕਿਉਂ? ਪਤਾ ਕਰੋ।
22. ਮੇਰੀ ਪਰਵਾਜ਼ ਤੋਂ ਅੱਗੇ ਵੀ ਇੱਕ ਸੰਸਾਰ ਵਸਦੈ ਜੋ
ਮੁਸਤਜ਼ਾਦ
ਮੇਰੀ ਪਰਵਾਜ਼ ਤੋਂ ਅੱਗੇ ਵੀ ਇੱਕ ਸੰਸਾਰ ਵਸਦੈ ਜੋ,
ਕਿਵੇਂ ਦੱਸਾਂ ਕਿਵੇਂ ਦਾ ਹੈ।
ਉਹ ਮੇਰੇ ਸੁਪਨਿਆਂ ਦਿਸਹੱਦਿਆਂ ਤੋਂ ਪਾਰ ਵਸਦੈ ਜੋ,
ਕਿਵੇਂ ਦੱਸਾਂ ਕਿਵੇਂ ਦਾ ਹੈ।
ਮੇਰੇ ਸੁੱਖ-ਦੁੱਖ 'ਚ ਵੀ ਜਿਹੜਾ ਹਮੇਸ਼ਾ ਨਾਲ਼ ਰਹਿੰਦਾ ਹੈ,
ਰਦੀਫ਼ਾਂ, ਕਾਫ਼ੀਏ ਬਣ ਕੇ,
ਮੇਰੇ ਅੰਤਰ 'ਚ ਇੱਕ ਪਰਿਵਾਰ ਵਸਦੈ ਜੋ,
ਕਿਵੇਂ ਦੱਸਾਂ ਕਿਵੇਂ ਦਾ ਹੈ।
ਕਦੀ ਕਿਣਕਾ, ਕਦੀ ਪਰਬਤ, ਪਲਾਂ ਵਿੱਚ ਬਦਲਦਾ ਰਹਿੰਦੈ,
ਇਹ ਮੈਨੂੰ ਸੌਣ ਨਈਂ ਦਿੰਦਾ,
ਮੇਰੇ ਮਨ ਵਿੱਚ ਮੇਰੇ ਅਹਿਸਾਸ ਦਾ ਆਕਾਰ ਵਸਦੈ ਜੋ,
ਕਿਵੇਂ ਦੱਸਾਂ ਕਿਵੇਂ ਦਾ ਹੈ।
ਮੇਰੇ ਵਿੱਚ ਮੈਂ ਨਹੀਂ ਕੇਵਲ ਮੇਰੇ ਵਿੱਚ ਹੋਰ ਹੈ ਬੰਦਾ
ਜੋ ਗ਼ਮ ਵਿੱਚ ਮੁਸਕੁਰਾ ਦੇਵੇ,
ਮੇਰੇ ਦਿਲ ਦੇ ਕਿਸੇ ਕੋਨੇ 'ਚ ਇੱਕ ਗ਼ਮਖਾਰ ਵਸਦੈ ਜੋ,
ਕਿਵੇਂ ਦੱਸਾਂ ਕਿਵੇਂ ਦਾ ਹੈ।
ਜੇ ਚਾਹੁੰਨੈ ਪਰਖਣਾ ਤਾਂ ਪਰਖ ਲੈ ਮੈਨੂੰ ਤੂੰ ਇੱਕੋ ਵਾਰ,
ਮੇਰੇ ਯਾਰ ਕਰ ਇਤਬਾਰ,
ਉਜਾਗਰ ਕਰ ਦਿਆਂ ਕਿੱਦਾਂ ਮੇਰੀ ਰੂਹ ਪਿਆਰ ਵਸਦੈ ਜੋ,
ਕਿਵੇਂ ਦੱਸਾਂ ਕਿਵੇਂ ਦਾ ਹੈ।
23. ਕੁਫ਼ਰ ਨੂੰ ਕਿਵੇਂ ਦੱਸ ਕਰਾਂ ਮੈਂ ਸਲਾਮ
ਕੁਫ਼ਰ ਨੂੰ ਕਿਵੇਂ ਦੱਸ ਕਰਾਂ ਮੈਂ ਸਲਾਮ।
ਮੇਰੀ ਤੋਰ ਵੱਖਰੀ ਹੈ ਵੱਖਰਾ ਮੁਕਾਮ।
ਤੂੰ ਹੱਕਾਂ ਨੂੰ ਰੋਂਦਾ ਹੀ ਰਹਿੰਨੈ ਜਵਾਨ!,
ਨਜ਼ਰ ਫ਼ਰਜ ਤੈਨੂੰ ਨਾ ਆਉਂਦੇ ਤਮਾਮ।
ਫਿਰੇ ਜੋ ਬਗਲ ਵਿੱਚ ਛੁਰੀ ਨੂੰ ਛਿਪਾ ਕੇ,
ਉਹ ਅਕਸਰ ਹੀ ਮੁੱਖ ਤੋਂ ਜਪੇ ਰਾਮ-ਰਾਮ।
ਲਿਖਾਰੀ ਨਾ ਹੋਵਣ ਜੋ ਅਪਣੀ ਕਲਮ ਦੀ,
ਹਕੂਮਤ ਦੇ ਹੱਥਾਂ 'ਚ ਦੇਵਣ ਲਗਾਮ।
ਉਡਾਰੀ ਜੋ ਨਿੱਜ ਤੋਂ ਸਮੂਹ ਵੱਲ ਭਰਦੇ,
ਜਹਾਂ 'ਤੇ ਉਨ੍ਹਾਂ ਦਾ ਹੀ ਰਹਿੰਦਾ ਹੈ ਨਾਮ।
ਕਿਸੇ ਲਈ ਇਹ ਅਗਨੀ, ਕਿਸੇ ਲਈ ਗ਼ੁਲਾਬ,
ਮੇਰੀ ਧੁਨ ਹੈ ਆਪਣੀ ਹੈ ਅਪਣਾ ਕਲਾਮ।
ਮੈਂ 'ਖ਼ਾਦਿਮ' ਹਾਂ ਖ਼ਿਦਮਤ ਕਰਾਂ ਜਾਨ ਨਾਲ਼,
ਕਦੀ ਲੂਣ ਖਾ ਕੇ ਨਾ ਕੀਤਾ ਹਰਾਮ।
24. ਹਾਲ ਦੱਸਾਂ ਕੀ ਤੁਹਾਨੂੰ, ਹਾਲ ਹੁਣ ਬੇ-ਹਾਲ ਹੈ
ਆਦਿ ਕਾਫ਼ੀਆ ਗ਼ਜ਼ਲ
ਹਾਲ ਦੱਸਾਂ ਕੀ ਤੁਹਾਨੂੰ, ਹਾਲ ਹੁਣ ਬੇ-ਹਾਲ ਹੈ।
ਤਾਲ ਸਾਡੀ ਬਿਨ ਤੁਹਾਡੇ ਹੋ ਗਈ ਬੇ-ਤਾਲ ਹੈ।
ਢਾਲ਼ ਕੇ ਸੋਨੇ ਨੂੰ ਤੂੰ ਤਲਵਾਰ ਵਰਤੇਂ ਵਾਰ ਲਈ,
ਮੂਰਖਾਂ ਈਮਾਨ, ਸਾਡੀ ਬਣ ਖੜੋਤਾ ਢਾਲ ਹੈ।
ਨਾਲ ਮੇਰੇ ਜਦ ਤੁਰੇ ਉਹ, ਜਾਪਦੈ ਅੰਬਰ ਤੁਰੇ,
ਹੁਣ ਬਹਾਰਾਂ ਹੀ ਬਹਾਰਾਂ ਹੁਣ ਉਹ ਮੇਰੇ ਨਾਲ ਹੈ।
ਲਾਲ ਰੰਗਾਂ ਦੇ ਉਹਨਾਂ ਨੂੰ ਫੁੱਲ ਕੀਤੇ ਭੇਂਟ ਪਰ,
ਨਾ ਕਬੂਲੇ, ਏਸ ਕਰਕੇ ਦਿਸ ਰਹੀ ਅੱਖ ਲਾਲ ਹੈ।
ਕਾਲ ਫੋਲੋ, ਓਸ ਵਰਗਾ ਨਾ ਮਿਲੇਗਾ ਸੁਖ਼ਨਵਰ,
ਜਿਸ ਦਾ ਲਿਖਿਆ ਜ਼ਫ਼ਰਨਾਮਾ ਜ਼ਾਲਮਾਂ ਲਈ ਕਾਲ ਹੈ।
ਚਾਲ ਮੇਰੀ ਵੇਖ ਆਖੇਂ, ਮਿਰਗ ਭੁੱਲੇ ਚਾਲ ਨੂੰ,
ਸਿਫ਼ਤ 'ਖ਼ਾਦਿਮ' ਕਰ ਰਿਹੈਂ ਜਾਂ ਇਸ 'ਚ ਤੇਰੀ ਚਾਲ ਹੈ?
25. ਮੈਂ ਪੰਛੀ ਵਾਂਗ ਪਿੰਜਰੇ ਵਿੱਚ ਭਾਵੇਂ ਫੜਫੜਾਉਂਦਾ ਹਾਂ
ਮੈਂ ਪੰਛੀ ਵਾਂਗ ਪਿੰਜਰੇ ਵਿੱਚ ਭਾਵੇਂ ਫੜਫੜਾਉਂਦਾ ਹਾਂ।
ਮਗਰ ਹਰ ਹਾਲ ਖ਼ੁਦ ਨੂੰ ਨਿੱਤ ਨਵੇਂ ਅੰਬਰ ਵਿਖਾਉਂਦਾ ਹਾਂ।
ਮੈਂ ਸ਼ਾਇਰ ਹਾਂ ਮੇਰੀ ਰੂਹ ਵਿੱਚ ਗ਼ਜ਼ਲ, ਕਵਿਤਾ ਵੀ ਵਸਦੀ ਹੈ,
ਗ਼ਮਾਂ ਦੀ ਰਾਤ ਦੇ ਅੰਦਰ ਰੁਬਾਈਆਂ ਗੁਨਗੁਨਾਉਂਦਾ ਹਾਂ।
ਰਹੀ ਸੁੱਧ-ਬੁੱਧ ਨਾ ਤਸਬੀ ਦੀ ਤੇਰੇ ਦੀਦਾਰ ਦੇ ਮਗਰੋਂ,
ਕਿਵੇਂ ਆਖਾਂ ਕਿ ਕਿਸ ਮਸਤੀ 'ਚ ਮੁੜ-ਮੁੜ ਸਿਰ ਝੁਕਾਉਂਦਾ ਹਾਂ।
ਕਦੇ ਮਾਲੀ ਨੂੰ ਕੋਸਾਂ ਮੈਂ, ਕਦੇ ਸੱਯਾਦ ਨੂੰ ਕੋਸਾਂ,
ਤਲੀ ਆਪਣੀ 'ਤੇ ਜਦ ਮਸਲੀ ਹੋਈ ਤਿਤਲੀ ਟਿਕਾਉਂਦਾ ਹਾਂ।
ਇਹ ਸੱਚ ਹੈ ਨਫ਼ਰਤਾਂ ਦੀ ਅੱਗ ਨੇ ਸਭ ਕੁਝ ਜਲਾ ਦਿੱਤਾ,
ਮੈਂ ਪਾਣੀ ਪਾ ਮੁਹੱਬਤ ਦਾ ਸ਼ਜ਼ਰ ਹਰ ਥਾਂ ਲਗਾਉਂਦਾ ਹਾਂ।
ਗ਼ਜ਼ਲ 'ਤੇ ਹੁਸਨ ਐਵੇ ਹੀ ਕਦੋਂ ਆਉਂਦਾ ਹੈ ਐ 'ਖ਼ਾਦਿਮ'!,
ਸਵੇਰੇ ਸ਼ਾਮ ਇਸ ਵਿੱਚ ਦਿਲ ਜਿਗਰ ਦਾ ਖੂਨ ਪਾਉਂਦਾ ਹਾਂ।
26. ਭਲੇ ਹੀ ਜ਼ਿੰਦਗੀ ਅੰਦਰ ਸਦਾ ਦੁਸ਼ਵਾਰੀਆਂ ਰਹੀਆਂ
ਭਲੇ ਹੀ ਜ਼ਿੰਦਗੀ ਅੰਦਰ ਸਦਾ ਦੁਸ਼ਵਾਰੀਆਂ ਰਹੀਆਂ।
ਅਸਾਡੀ ਸੋਚ ਵਿੱਚ ਫ਼ਿਰ ਵੀ ਸਲੀਕੇਦਾਰੀਆਂ ਰਹੀਆਂ।
ਮੇਰੇ ਮਹਿਬੂਬ! ਓ ਦਿਲਬਰ ! ਤੇਰੀ ਰਗ-ਰਗ ਤੋਂ ਵਾਕਿਫ਼ ਹਾਂ,
ਮਗਰ ਆਖਾਂ ਕਿਵੇਂ ਦਿਲ ਵਿੱਚ ਤੇਰੇ ਬਦਕਾਰੀਆਂ ਰਹੀਆਂ।
ਤੇਰੇ ਇੱਕ ਹੁਸਨ ਦੇ ਜਲਵੇ ਨੇ ਮੇਰੀ ਬੰਦਗੀ ਤੋੜੀ,
ਤੇਰੀ ਹੀ ਜ਼ੁਲਫ਼ ਦੇ ਵਿੱਚ ਉਲਝੀਆਂ ਫਨਕਾਰੀਆਂ ਰਹੀਆਂ।
ਜਿੰਨ੍ਹਾਂ ਨੇ ਬੁਜ਼ਦਿਲੀ ਨੂੰ ਵੀ ਸਦਾ ਜ਼ਿੰਦਾਦਿਲੀ ਬਖ਼ਸ਼ੀ,
ਸਦਾ ਉਹਨਾਂ ਦੀਆਂ ਹੀ ਜੱਗ 'ਤੇ ਸਰਦਾਰੀਆਂ ਰਹੀਆਂ।
ਤੁਹਾਡੇ ਹੱਥ ਹੈ ਤਲਵਾਰ ਜ਼ੁਲਮਾਂ ਦੀ ਹਮੈਤਣ ਜੋ,
ਮਗਰ ਕਿਰਪਾਨ ਦੇ ਸੰਗ ਸਾਡੀਆਂ ਤਾਂ ਯਾਰੀਆਂ ਰਹੀਆਂ।
ਸੁਰੀਲੀ ਬੰਸਰੀ ਦਾ ਸ਼ੁਕਰੀਆ ਕਰ ਤਹਿ ਦਿਲੋਂ 'ਖ਼ਾਦਿਮ',
ਇਦ੍ਹੇ ਕਰਕੇ ਹੀ ਤੈਥੋਂ ਦੂਰ ਸਭ ਬਦਕਾਰੀਆਂ ਰਹੀਆਂ।
27. ਕਿਣਕੇ ਤੋਂ ਕਰ ਦੇਵੇਂ ਪਰਬਤ
ਕਿਣਕੇ ਤੋਂ ਕਰ ਦੇਵੇਂ ਪਰਬਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਤੈਨੂੰ ਕਿੰਝ ਕਰਾਂ ਪਰਭਾਸ਼ਿਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਤਾਜ ਸੁਖੱਲੇ, ਰਾਜ ਸੁਖੱਲੇ,
ਜਿਸਨੂੰ ਤੂੰ ਚਾਹੇਂ ਦੇ ਸਕਦੈਂ,
ਸ਼ਾਹਾਂ ਨੂੰ ਦੇ ਸਕਦੈਂ ਗ਼ੁਰਬਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਅਕਲਾਂ ਵਾਲ਼ੇ ਪਲ ਦੋ ਪਲ ਵਿੱਚ,
ਅਕਲ ਵਿਹੂਣੇ, ਤੂੰ ਕਰ ਸਕਦੈਂ,
ਬੇ-ਅਕਲੇ ਦੀ ਪਾਵੇਂ ਕੀਮਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਜੇ ਤੂੰ ਚਾਹੇ ਦੋ ਰੂਹਾਂ ਨੂੰ
ਦਰਦ ਵਿਛੋੜੇ ਦਾ ਦੇ ਸਕਦੈਂ,
ਹੋਵੇ ਚਾਹੇ ਪਾਕ-ਮੁਹੱਬਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਤੂੰ ਵਸਦਾ ਏ ਨੇਕ ਦਿਲਾਂ ਵਿੱਚ,
ਸੱਚੇ ਸੁੱਚੇ ਕਰਮਾਂ ਦੇ ਵਿੱਚ,
ਮਿਲ ਸਕਦੈਂ ਬਿਨ ਹੱਜ ਇਬਾਦਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਹਰ ਬੰਦਾ ਇਹ ਵੇਖ ਕੇ ਆਖੇ,
ਵਾਹ! ਬਈ ਵਾਹ! ਇਹ ਤੇਰੀ ਰਹਿਮਤ,
ਜਦ ਨਿਰਬਲ ਨੂੰ ਬਖਸ਼ੇਂ ਹਿੰਮਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
ਫਰਸ਼ੋ ਅਰਸ਼ ਬਿਠਾ ਦਿੱਤਾ ਹੈ
ਤੇਰੇ ਦਿਲ ਨੂੰ ਭਾਇਆ ਲੱਗਦੈ,
'ਖ਼ਾਦਿਮ' 'ਤੇ ਹੈ ਤੇਰੀ ਰਹਿਮਤ,
ਤੇਰੀਆਂ ਰਮਜ਼ਾਂ ਤੂੰਈਓਂ ਜਾਣੇ।
28. ਸ਼ਬਦਾਂ ਅੰਦਰ ਤੜਫ਼ ਹੈ, ਮਨ ਅੰਦਰ ਵਿਸਮਾਦ
ਸ਼ਬਦਾਂ ਅੰਦਰ ਤੜਫ਼ ਹੈ, ਮਨ ਅੰਦਰ ਵਿਸਮਾਦ।
ਸਫ਼ਿਆਂ ਉੱਪਰ ਮੈਂ ਕਰਾਂ, ਤੇਹਾਂ ਦਾ ਅਨੁਵਾਦ।
ਰੁੱਖਾਂ ਨੇ ਦਹਿਲੀਜ਼ 'ਤੇ, ਆਣ ਕਰੀ ਫਰਿਆਦ।
ਕਾਲੇ ਹਰਫ਼ਾਂ ਨਾਲ਼ ਨਾ, ਪੰਨੇ ਕਰ ਬਰਬਾਦ।
ਕੋਈ ਝਾਂਜਰ ਛਣਕਦੀ ਜਾਂ ਫ਼ਿਰ ਕੋਈ ਵੰਗ,
ਮਨ ਦਾ ਪੰਛੀ ਤੜਫ਼ਦਾ, ਤੈਨੂੰ ਕਰ-ਕਰ ਯਾਦ।
ਤੇਰੇ ਸੀਨੇ ਲੱਗ ਕੇ ਦਿਲ ਨੂੰ ਮਿਲੇ ਸਕੂਨ,
ਮੁੱਕੇ ਰੂਹ ਦੀ ਭਟਕਣਾ, ਭੁੱਲਾਂ ਵਾਦ-ਵਿਵਾਦ।
ਚਿਹਰੇ ਉੱਪਰ ਦਾਗ਼ ਹੈ, ਉਹ ਨਾ ਮੰਨੇ ਸੱਚ,
ਸ਼ੀਸ਼ੇ ਸੰਗ ਰਚਾ ਰਿਹੈ, ਮੁੜ-ਮੁੜ ਕੇ ਸੰਵਾਦ।
ਪਿੰਗਲ ਅਤੇ ਅਰੂਜ਼ ਵਿਚ, ਲਿਖ ਕੇ ਗ਼ਜ਼ਲਾਂ ਚਾਰ,
'ਖ਼ਾਦਿਮ' ਖ਼ੁਦ ਨੂੰ ਸਮਝਦੈ, ਗ਼ਜ਼ਲਾਂ ਦਾ ਉਸਤਾਦ।
29. ਜੋ ਭਰਮ ਪਾਲ਼ ਰਿਹੈ ਓਸਨੂੰ ਮੈਂ ਦੂਰ ਕਰੂੰ
ਜੋ ਭਰਮ ਪਾਲ਼ ਰਿਹੈ ਓਸਨੂੰ ਮੈਂ ਦੂਰ ਕਰੂੰ।
ਉਦ੍ਹਾ ਗ਼ਰੂਰ ਸ਼ਰੇਆਮ ਚੂਰ-ਚੂਰ ਕਰੂੰ।
ਕਦਮ-ਕਦਮ ਤੇ ਮੁਸੀਬਤ ਰਹੀ ਉਡੀਕ ਬੇਸ਼ੱਕ,
ਮੇਰਾ ਯਕੀਨ ਕਿ ਮੰਜਿਲ ਮੈਂ ਸਰ ਜ਼ਰੂਰ ਕਰੂੰ।
ਜੋ ਮੇਰੇ ਦਿਲ 'ਚ ਹੈ ਓਹੀ ਹੈ ਜੀ ਹਜ਼ੂਰ ਮੇਰਾ,
ਕਿਸੇ ਵੀ ਹੋਰ ਨੂੰ ਸਜਦਾ ਕਿਵੇਂ ਹਜ਼ੂਰ ਕਰੂੰ।
ਮੈਂ ਜ਼ਿੰਦਗੀ 'ਚ ਤੇਰੇ, ਰੌਸ਼ਨੀ ਖਿਲਾਰ ਦਿਆਂ,
ਜਲਾ ਕੇ ਖ਼ੁਦ ਨੂੰ ਹਰਿਕ ਰਾਹ ਤੇਰੇ ਮੈਂ ਨੂਰ ਕਰੂੰ।
ਤੇਰੇ ਨਗਰ 'ਚ ਮੁਹੱਬਤ ਹੈ ਜੇ ਗੁਨਾਹ, ਦਿਲਾ,
ਸਜ਼ਾ ਕੋਈ ਵੀ ਮਿਲੇ, ਇਹ ਗੁਨਾਹ ਜ਼ਰੂਰ ਕਰੂੰ।
30. ਬੜੇ ਉਦਾਸ ਜਿਹੇ ਮੌਸਮਾਂ 'ਚ ਘਿਰਿਆ ਹਾਂ
ਬੜੇ ਉਦਾਸ ਜਿਹੇ ਮੌਸਮਾਂ 'ਚ ਘਿਰਿਆ ਹਾਂ।
ਜਿਵੇਂ ਕਿ ਦੂਰ ਕਿਤੇ ਖੰਡਰਾਂ 'ਚ ਘਿਰਿਆ ਹਾਂ।
ਬੜੇ ਹੀ ਰੰਗ ਮਿਲੇ ਜ਼ਿੰਦਗੀ 'ਚ ਥਾਂ-ਥਾਂ 'ਤੇ,
ਕਦੀ ਬਹਾਰ ਕਦੀ ਪਤਝੜਾਂ 'ਚ ਘਿਰਿਆ ਹਾਂ।
ਤੜਪ, ਸਰੂਰ, ਅਤੇ ਜੋਸ਼ ਬਿਨ ਜਦੋਂ ਤੁਰਿਆ,
ਉਦੋਂ ਤੂਫ਼ਾਨ ਅਤੇ ਔਕੜਾਂ 'ਚ ਘਿਰਿਆ ਹਾਂ।
ਅਤੀਤ, ਚੀਖ਼, ਘੁਟਨ, ਬੇਵਸੀ, ਤਪਸ਼, ਮਾਤਮ,
ਤਰ੍ਹਾਂ-ਤਰ੍ਹਾਂ ਦੇ ਮੈਂ ਤਾਂ ਮੰਜ਼ਰਾਂ 'ਚ ਘਿਰਿਆ ਹਾਂ।
ਮੇਰਾ ਅਤੀਤ ਮੇਰੀ ਹੋਂਦ ਨਾਲ਼ ਜਦ ਤੁਰਿਆ,
ਮੈਂ ਖੌਫ਼ਨਾਕ ਜਿਹੇ ਰਸਤਿਆਂ 'ਚ ਘਿਰਿਆ ਹਾਂ।
ਕਿਸੇ ਤਲਾਬ, ਕਿਸੇ ਝੀਲ ਜਾਂ ਨਦੀ ਅੰਦਰ,
ਮੈਂ ਪਾਣੀਆਂ ਦੀ ਤਰ੍ਹਾਂ ਹੀ ਥਲਾਂ 'ਚ ਘਿਰਿਆ ਹਾਂ।
ਰਹਾਂ ਅਡੋਲ ਕਿਵੇਂ? ਜ਼ੁਲਮ ਸਹਿਣ ਹੋਣਾ ਨਾ,
ਗ਼ਜ਼ਲ 'ਚ ਖੂਨ ਭਰੂੰ, ਬਾਬਰਾਂ 'ਚ ਘਿਰਿਆ ਹਾਂ।
ਬੜੀ ਉਡਾਨ ਮੇਰੇ ਵੀ ਪਰਾਂ 'ਚ ਤੜਫ਼ੇ, ਪਰ,
ਘਰਾਂ ਦੀਆਂ ਹੀ ਅਜੇ ਸਰਦਲਾਂ 'ਚ ਘਿਰਿਆ ਹਾਂ।
31. ਤੇਹ ਮੈਂ ਅਪਣੀ ਜਦ ਵੀ ਕੀਤੀ ਪਾਣੀਆਂ ਦੇ ਰੂਬਰੂ
ਤੇਹ ਮੈਂ ਅਪਣੀ ਜਦ ਵੀ ਕੀਤੀ ਪਾਣੀਆਂ ਦੇ ਰੂਬਰੂ।
ਸੁਲਗਦੇ ਅਹਿਸਾਸ ਹੋਏ ਪੰਨਿਆਂ ਦੇ ਰੂਬਰੂ।
ਬਿਰਖ ਦੀ ਛਾਂ ਬਹੁਤ ਤੜਪੀ ਬਿਰਖ ਦੇ ਗਲ ਲੱਗ ਕੇ,
ਪੌਣ ਜਦ ਪਤਝੜ 'ਚ ਹੋਈ ਪੱਤਿਆਂ ਦੇ ਰੂਬਰੂ।
ਉਹ ਬਨੌਟੀ ਚਿਹਰਿਆਂ ਦੇ ਨਾਲ਼ ਵਿਚਰੇ ਸ਼ਹਿਰ ਵਿੱਚ,
ਕੀ ਕਰੂ ਹੋਣਾ ਪਿਆ ਜਦ ਸ਼ੀਸ਼ਿਆਂ ਦੇ ਰੂਬਰੂ।
ਕੌਮ ਇਹ ਸਿਰਲੱਥ ਹੈ, ਹੁੰਦੀ ਰਹੀ ਹੈ ਇਹ ਸਦਾ,
ਚਰਖੀਆਂ ਦੇ ਰੂਬਰੂ ਜਾਂ ਆਰਿਆਂ ਦੇ ਰੂਬਰੂ।
ਰਿਸ਼ਤਿਆਂ ਵਿੱਚ ਰਿਸ਼ਤਿਆਂ ਵਰਗੀ ਰਹੀ ਅਪਣੱਤ ਨਾ,
ਗ਼ੈਰ ਵਾਂਗੂੰ ਹੋਂਵਦੇ ਸਭ, ਅਪਣਿਆਂ ਦੇ ਰੂਬਰੂ।
ਕੁਰਸੀਆਂ ਦੇ ਇਕ ਇਸ਼ਾਰੇ 'ਤੇ ਹਮੇਸ਼ਾ ਦੋਸਤੋ,
ਸ਼ਹਿਰ ਅੰਦਰ ਅੱਗ ਹੋਵੇ ਬਸਤੀਆਂ ਦੇ ਰੂਬਰੂ।
32. ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ?
ਜਿਸਦੇ ਮੱਥੇ 'ਚ ਸੂਰਜ ਰਹੇ ਚਮਕਦਾ।
ਮੰਜ਼ਿਲਾਂ ਪੈਰ ਚੁੰਮਣ ਸਦਾ ਓਸਦੇ,
ਜੋ ਮੁਸੀਬਤ 'ਚ ਨਾ ਥਿਰਕਦਾ ਡੋਲਦਾ।
ਜਦ ਕਦੀ ਇਸ ਹਵਾ ਨੇ ਹੈ ਸਾਜਿਸ਼ ਰਚੀ,
ਪੱਤੀਆਂ ਫੁੱਲ ਤੋਂ ਉਹ ਜੁਦਾ ਕਰ ਗਈ,
ਕੁਝ ਸਮਾਂ ਬੀਤਿਆ ਫ਼ਿਰ ਉਸੇ ਸ਼ਾਖ 'ਤੇ,
ਵੇਖਿਆ ਸੀ ਮੈਂ ਫੁੱਲ ਇੱਕ ਨਵਾਂ ਟਹਿਕਦਾ।
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ?
ਜਿਸਦੇ ਮੱਥੇ 'ਚ ਸੂਰਜ ਰਹੇ ਚਮਕਦਾ।
ਪੰਛੀਆਂ ਦੇ ਪਰਾਂ ਨੂੰ ਤੂੰ ਪਰਵਾਜ਼ ਦੇ,
ਜ਼ਿੰਦਗੀ ਨੂੰ ਤੂੰ ਸੁਰ, ਰਾਗ, ਤੇ ਸਾਜ਼ ਦੇ,
ਹਿੰਮਤਾਂ ਨੂੰ ਬੁਲੰਦੀ ਖ਼ੁਦਾ ਬਖ਼ਸ਼ ਦੇ,
ਬੇੜੀਆਂ ਹੋਣ ਪੈਰੀਂ ਰਹਾਂ ਨੱਚਦਾ।
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ?
ਜਿਸਦੇ ਮੱਥੇ 'ਚ ਸੂਰਜ ਰਹੇ ਚਮਕਦਾ।
ਸਾਫ਼ਗੋਈ, ਸਲੀਕਾ, ਸੁਹਜ, ਸਾਦਗੀ,
ਸ਼ੋਖੀਆਂ ਦੇ ਬਿਨ੍ਹਾਂ ਕੀ ਹੈ ਇਹ ਜ਼ਿੰਦਗੀ?
ਤੂੰ ਏ ਮੇਰਾ ਖ਼ੁਦਾ, ਤੂੰ ਮੇਰੀ ਬੰਦਗੀ,
ਉਮਰ ਭਰ ਹੀ ਮੈਂ ਤੈਨੂੰ ਰਹੂ ਪੂਜਦਾ।
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ?
ਜਿਸਦੇ ਮੱਥੇ 'ਚ ਸੂਰਜ ਰਹੇ ਚਮਕਦਾ।
ਮੈਨੂੰ ਬਾਗੀਂ ਦਿਸਣ ਤਿਤਲੀਆਂ ਰੋਂਦੀਆਂ,
ਮਹਿਕ, ਛਾਂ ਤੇ ਹਵਾ ਪੈਰ ਹਨ ਬੇੜੀਆਂ,
ਬੀਜ ਬਾਗ਼ੀਂ ਬਗ਼ਾਵਤ ਦਾ ਜਦ ਉੱਗਿਆ,
ਫੁੱਲ ਤਲਵਾਰ ਸਾਹਵੇਂ ਖੜ੍ਹਾ ਮਹਿਕਦਾ।
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ?
ਜਿਸਦੇ ਮੱਥੇ 'ਚ ਸੂਰਜ ਰਹੇ ਚਮਕਦਾ।
ਧੜ ਹੀ ਧੜ ਦਿਸ ਰਹੇ, ਸਿਰ ਕੋਈ ਨਾ ਦਿਸੇ,
ਕਾਫ਼ਲਾ ਇਹ ਭਲਾਂ ਕਿੰਝ ਜਿੱਤ ਕੇ ਮੁੜੇ?
ਜੰਗਲਾਂ ਦਾ ਹੈ ਸਾਇਆ ਹਰਿਕ ਸੋਚ ਵਿਚ,
ਸ਼ਖ਼ਸ ਹਰ ਇੱਕ ਤਦੇ ਫਿਰ ਰਿਹੈ ਭਟਕਦਾ।
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ?
ਜਿਸਦੇ ਮੱਥੇ 'ਚ ਸੂਰਜ ਰਹੇ ਚਮਕਦਾ।
33. ਜ਼ਮੀਰਾਂ ਦੇ ਨਾ ਕਰ ਸੌਦੇ, ਪਰਾਂ ਸੌਦਾਗਰੀ ਲੈ ਜਾ
ਜ਼ਮੀਰਾਂ ਦੇ ਨਾ ਕਰ ਸੌਦੇ, ਪਰਾਂ ਸੌਦਾਗਰੀ ਲੈ ਜਾ।
ਤੂੰ ਮੰਗੇਂ ਸੁਰ ਅਸਾਥੋਂ ਬੰਸਰੀ ਤੂੰ ਆਪਣੀ ਲੈ ਜਾ।
ਨਦੀ ਸੀ ਸਮਝਿਆ ਜਿਸਨੂੰ, ਬੁਲਾ ਕੇ ਕੋਲ ਓਸੇ ਨੇ,
ਨਾ ਜਾਣੇ ਕਿਉਂ ਕਿਹਾ ਮੈਨੂੰ ਤੂੰ ਆਪਣੀ ਤਿਸ਼ਨਗੀ ਲੈ ਜਾ।
ਗ਼ਮਾਂ ਦੀ ਰਾਤ ਵਿੱਚ ਭਟਕਣ ਤੇਰੀ ਇਸ ਬੇ-ਰੁਖ਼ੀ ਕਰਕੇ,
ਅਸਾਡੇ ਰਾਸ ਨਾ ਆਈ ਤੂੰ ਆਪਣੀ ਦੋਸਤੀ ਲੈ ਜਾ।
ਇਹ ਹਿੰਦੂ, ਸਿੱਖ ਤੇ ਮੁਸਲਮ ਲੜਾਵੇਂ ਐ ਖ਼ੁਦਾ! ਮੇਰੇ,
ਤੇਰੀ ਸੌਗ਼ਾਤ ਇਹ ਫਿਰਕਾਪ੍ਰਸਤੀ ਰਹਿਬਰੀ ਲੈ ਜਾ,
ਬਣਾਵੀਂ ਦੀਪ ਸ਼ਬਦਾਂ ਦੇ, ਕਰੀਂ ਰੌਸ਼ਨ ਚੁਫ਼ੇਰੇ ਨੂੰ,
ਕਵੀ ਨੂੰ ਕਹਿ ਰਹੇ ਜੁਗਨੂੰ, ਅਸਾਥੋਂ ਰੌਸ਼ਨੀ ਲੈ ਜਾ।
ਖ਼ੁਦਾ ਵੀ ਹਾਰਿਆ ਮਾਂ ਦੀ ਦੁਆ ਦੇ ਸਾਹਮਣੇ ਇੱਕ ਦਿਨ,
ਅਸਾਨੂੰ ਮੌਤ ਸੀ ਮਿਲਣੀ ਤੇ ਕਹਿੰਦਾ ਜ਼ਿੰਦਗੀ ਲੈ ਜਾ।
ਪਵੇਗੀ ਲੋੜ ਤੈਨੂੰ ਸੱਚ ਦੇ ਰਾਹ 'ਤੇ ਤੁਰੇਂਗਾ ਜਦ,
ਕਫ਼ਨ ਮੋਢੇ 'ਤੇ ਅਰਥੀ ਵਾਸਤੇ ਕੁਝ ਆਦਮੀ ਲੈ ਜਾ।
ਖ਼ੁਦਾ ਨੇ ਆਖਿਆ,"ਖ਼ਾਦਿਮ! ਤੇਰਾ ਦਿਲ ਬਹੁਤ ਵੱਡਾ ਹੈ",
ਅਮੀਰੀ ਛੱਡ ਜਾ ਏਥੇ ਕਿਸੇ ਦੀ ਮੁਫ਼ਲਿਸੀ ਲੈ ਜਾ।
34. ਸੂਲਾਂ 'ਤੇ ਪੈਰ ਧਰ ਕੇ, ਉਹ ਮੁਸਕੁਰਾ ਰਿਹਾ ਹੈ
ਸੂਲਾਂ 'ਤੇ ਪੈਰ ਧਰ ਕੇ, ਉਹ ਮੁਸਕੁਰਾ ਰਿਹਾ ਹੈ।
ਮੋਢੇ ਟਿਕਾ ਕੇ ਸੂਲ਼ੀ, ਮਨਸੂਰ ਆ ਰਿਹਾ ਹੈ।
ਜ਼ਾਲਮ ਵੀ ਵੇਖ ਕੰਬੇ, ਆਖਰ ਕਿਵੇਂ ਇਹ ਯੋਧਾ?
ਆਰੇ ਦੇ ਦੰਦਿਆਂ ਨੂੰ, ਦੰਦੀਆਂ ਚਿੜਾ ਰਿਹਾ ਹੈ।
ਨੇਰ੍ਹਾ ਇਹ ਸੋਚਦਾ ਹੈ, ਉਸਨੂੰ ਕਿਵੇਂ ਹਰਾਵਾਂ?
ਪਾ ਕੇ ਲਹੂ ਜੋ ਅਪਣਾ, ਦੀਵੇ ਜਗਾ ਰਿਹਾ ਹੈ।
ਸੁਪਨੇ ਨਵੇਂ ਸਜਾ ਕੇ, ਪਰ ਵੀ ਨਵੇਂ ਲਗਾ ਕੇ,
ਉਹ ਨਾਸਮਝ ਪੁਰਾਣੇ, ਰਸਤੇ ਹੀ ਜਾ ਰਿਹਾ ਹੈ।
ਉਸਦੇ ਲਹੂ ਦੇ ਕਤਰੇ, ਡੁੱਲ੍ਹੇ ਨੇ ਸਰਜ਼ਮੀਂ 'ਤੇ
ਤਾਂਹੀ ਇਹ ਮੁਲਕ ਮੇਰਾ, ਅੱਜ ਝਿਲਮਿਲਾ ਰਿਹਾ ਹੈ।
ਤੂੰ ਸੋਚਦਾ ਸੈਂ 'ਖ਼ਾਦਿਮ' ਡਰ ਕੇ ਹੀ ਦੌੜ ਜਾਊ,
ਔਹ ਵੇਖ! ਸਿਰ ਉਠਾ ਕੇ ਮਕਤਲ 'ਚ, ਆ ਰਿਹਾ ਹੈ।
35. ਕਰੇਂ ਹਿੰਮਤ, ਡਰੇਂ ਨਾ ਤੂੰ ਤਾਂ ਕਿਸਮਤ ਵੀ ਬਦਲ ਜਾਵੇ
ਕਰੇਂ ਹਿੰਮਤ, ਡਰੇਂ ਨਾ ਤੂੰ ਤਾਂ ਕਿਸਮਤ ਵੀ ਬਦਲ ਜਾਵੇ।
ਡਰਾਵੇਂ ਜੇ ਮੁਸੀਬਤ ਨੂੰ ਤਾਂ ਉਹ ਹਰ ਵਾਰ ਟਲ ਜਾਵੇ।
ਖ਼ੁਦਾ ਮੇਰੇ ਸਦਾ ਰੱਖੀਂ ਤੂੰ ਮੈਨੂੰ ਨੀਵਿਆਂ ਅੰਦਰ,
ਕਿ ਉੱਚੇ ਰੁੱਖ ਦੀ ਛਾਂ, ਸਿਰ ਤੋਂ ਐਵੇਂ ਹੀ ਨਿਕਲ ਜਾਵੇ।
ਤੇਰੇ ਹੀ ਸ਼ਹਿਰ ਅੰਦਰ ਵਗਦੀਆਂ ਨੇ ਭੁੱਖੀਆਂ 'ਵਾਵਾਂ,
ਕਦੀ ਇਹ ਹੋ ਨਹੀਂ ਸਕਦਾ ਕਿ ਦੀਵਾ ਲੋਅ ਨਿਗਲ ਜਾਵੇ।
ਜਗਾਵੀਂ ਹਰ ਗਲੀ, ਹਰ ਮੋੜ ਉੱਪਰ ਸੱਚ ਦਾ ਦੀਵਾ,
ਹਨੇਰਾ ਨ੍ਹੇਰ ਪਾਵਣ ਵਿੱਚ ਕਿਤੇ ਨਾ ਹੋ ਸਫ਼ਲ ਜਾਵੇ।
ਜੋ ਸੱਚਾ ਹੈ, ਉਹ ਸੱਚਾ ਹੈ, ਸਦਾ ਹੀ ਪਾਕ ਰਹਿੰਦਾ ਹੈ,
ਜਿਵੇਂ ਚਿੱਕੜ 'ਚ ਉੱਗ ਕੇ ਵੀ ਅਛੂਤਾ ਰਹਿ ਕਮਲ ਜਾਵੇ।
ਬਿਨ੍ਹਾਂ 'ਖ਼ਾਦਿਮ' ਅਸਾਡੀ ਰੂਹ ਨਹੀਂ ਲੱਗਦੀ ਕਿਸੇ ਹੀਲੇ,
ਜਦੋਂ ਉਹ ਸਾਹਮਣੇ ਆਵੇ ਤਬੀਅਤ ਹੀ ਬਦਲ ਜਾਵੇ।
36. "ਜਿੰਨ੍ਹਾਂ ਨੂੰ ਸਿਰ ਝੁਕਾਵੇਂਗਾ ਉਨ੍ਹਾਂ ਸਭ ਨੇ ਖ਼ੁਦਾ ਬਣਨਾ
"ਜਿੰਨ੍ਹਾਂ ਨੂੰ ਸਿਰ ਝੁਕਾਵੇਂਗਾ ਉਨ੍ਹਾਂ ਸਭ ਨੇ ਖ਼ੁਦਾ ਬਣਨਾ।
ਕਰੀ ਜਾ ਤੂੰ ਵਫ਼ਾ ਚਾਹੇ ਉਨ੍ਹਾਂ ਨੇ ਬੇ-ਵਫ਼ਾ ਬਣਨਾ।"
ਲਿਖੇਂ ਤੂੰ ਪਿਆਰ ਦੇ ਅੱਖਰ, ਲਿਖੇਂ ਇਕਰਾਰ ਦੇ ਅੱਖਰ,
ਮੈਂ ਤੇਰੀ ਹਰ ਗ਼ਜ਼ਲ ਖ਼ਾਤਰ, ਸਦਾ ਹੀ ਇੱਕ ਸਫ਼ਾ ਬਣਨਾ।
ਜਿੰਨ੍ਹਾਂ ਦੇ ਘਰ 'ਚ ਮਾਵਾਂ ਨੇ , ਉਨ੍ਹਾਂ ਦੇ ਘਰ 'ਚ ਛਾਵਾਂ ਨੇ,
ਜੇ ਝਿੜਕੇ ਮਾਂ ਤਾਂ ਝਿੜਕਾ ਨੇ ਹਮੇਸ਼ਾ ਹੀ ਦੁਆ ਬਣਨਾ।
ਜਦੋਂ ਖ਼ਾਮੋਸ਼ ਸੁਰ ਵਾਲ਼ੇ, ਬਗ਼ਾਵਤ ਸੁਰ 'ਚ ਗਾਵਣਗੇ,
ਉਦੋਂ ਪੈੜਾਂ ਨੇ ਪੈੜਾਂ ਸੰਗ ਮਿਲ ਕੇ ਕਾਫ਼ਲਾ ਬਣਨਾ।
ਨਾ ਮੈਂ ਮਿਰਜਾ, ਨਾ ਮੈਂ ਰਾਂਝਾ, ਨਾ ਹੀ ਫਰਹਾਦ ਬਣਨਾ ਮੈਂ,
ਮੈਂ ਅਪਣੀ ਪਿਆਸ ਤੇਰੇ ਹੋਂਠ ਵਿਚਲਾ ਫ਼ਾਸਲਾ ਬਣਨਾ।
ਤੁਸੀਂ ਹੁਣ ਤਖ਼ਤ ਨੂੰ ਬਦਲੋ, ਤੁਸੀਂ ਹੁਣ ਤਾਜ ਨੂੰ ਬਦਲੋ,
ਤਦੇ ਹੀ ਮੁਲਕ ਵਿੱਚ ਯਾਰੋ ਨਵਾਂ ਇੱਕ ਸਿਲਸਿਲਾ ਬਣਨਾ।
ਨਾ ਮੇਰੇ ਕੋਲ ਜਾਦੂ ਹੈ, ਸਮੇਂ ਦੇ ਨਾਲ਼ ਸਿਖਿਆ ਹਾਂ,
ਕਦੀ ਪਰਬਤ, ਕਦੀ ਸਹਿਰਾ, ਕਦੀ ਪਾਣੀ, ਹਵਾ ਬਣਨਾ।
37. ਪੌਣ ਫਿਰੇ ਨਸ਼ਿਆਈ, ਮੇਰੇ ਵਿਹੜੇ ਵਿੱਚ
ਪੌਣ ਫਿਰੇ ਨਸ਼ਿਆਈ, ਮੇਰੇ ਵਿਹੜੇ ਵਿੱਚ।
ਤੂੰ ਜਦ ਫੇਰੀ ਪਾਈ, ਮੇਰੇ ਵਿਹੜੇ ਵਿੱਚ।
ਦਰਵਾਜੇ ਵਿੱਚ ਹਾਲੇ ਕਦਮ ਟਿਕਾਇਆ ਸੀ,
ਮਹਿਕਾਂ ਛਹਿਬਰ ਲਾਈ, ਮੇਰੇ ਵਿਹੜੇ ਵਿੱਚ।
ਫੁੱਲਾਂ ਲੱਦੀ ਡਾਲੀ ਸਾਹਵੇਂ ਆਣ ਖੜੀ,
ਖੇੜਾ ਵੀ ਲੈ ਆਈ, ਮੇਰੇ ਵਿਹੜੇ ਵਿੱਚ।
ਸੱਧਰਾਂ, ਰੀਝਾਂ, ਚਾਵਾਂ ਦੇ ਵਿੱਚ ਜਾਨ ਪਈ,
ਝਾਂਜਰ ਤੂੰ ਛਣਕਾਈ, ਮੇਰੇ ਵਿਹੜੇ ਵਿੱਚ।
ਨੀਮ ਗ਼ੁਲਾਬੀ ਬੁੱਲ੍ਹਾਂ ਵਿੱਚ ਮੁਸਕਾਅ ਕੇ ਤੂੰ,
ਕੈਸੀ ਅੱਗ ਭੜਕਾਈ, ਮੇਰੇ ਵਿਹੜੇ ਵਿੱਚ।
ਤੇਰੀ ਜ਼ੁਲਫ਼ 'ਚ ਤਾਣੇ-ਬਾਣੇ ਉਲਝ ਗਏ,
ਤੈਂ ਵੀ ਹੋਸ਼ ਗਵਾਈ, ਮੇਰੇ ਵਿਹੜੇ ਵਿੱਚ।
ਸਾਹਾਂ ਵਾਲ਼ੀ ਸੁੰਨੀ-ਸੁੰਨੀ ਡਾਲੀ 'ਤੇ,
ਪ੍ਰੀਤ ਕਲੀ ਮਹਿਕਾਈ, ਮੇਰੇ ਵਿਹੜੇ ਵਿੱਚ।
ਅੱਲੜ ਸ਼ੋਖ ਅਦਾਵਾਂ ਮੈਨੂੰ ਚਾਵਾਂ ਨਾਲ਼,
ਧਾਹ ਗਲਵੱਕੜੀ ਪਾਈ, ਮੇਰੇ ਵਿਹੜੇ ਵਿੱਚ।
ਐ 'ਖ਼ਾਦਿਮ'! ਤੂੰ 'ਕੱਲਾ ਨਈਂ ਹੁਣ 'ਪਾਲੀ' ਵੀ,
ਫਿਰਦਾ ਵਾਂਗ ਸ਼ੁਦਾਈ, ਮੇਰੇ ਵਿਹੜੇ ਵਿੱਚ।
38. ਪਾਕ ਮੁਹੱਬਤ ਖਾਤਰ ਸੱਜਣਾਂ ਸੀਸ ਤਲੀ 'ਤੇ ਧਰ ਜਾਵਾਂ
ਤਜ਼ਮੀਨ
ਪਾਲੀ ਖ਼ਾਦਿਮ
ਅਮਰ ਸੂਫ਼ੀ
ਪਾਕ ਮੁਹੱਬਤ ਖਾਤਰ ਸੱਜਣਾਂ ਸੀਸ ਤਲੀ 'ਤੇ ਧਰ ਜਾਵਾਂ।
ਬਿਨ ਖੰਭਾਂ ਤੋਂ ਵਿੱਚ ਅਸਮਾਨੀ ਦੂਰ ਉਡਾਰੀ ਭਰ ਜਾਵਾਂ।
ਇਸ਼ਕ ਹੁਸਨ ਦਾ ਮਾਰੂ ਸਾਗਰ ਨੇਰ੍ਹੇ ਦੇ ਵਿੱਚ ਤਰ ਜਾਵਾਂ।
ਐਪਰ ਸ਼ਾਂਤ ਨਦੀ ਦੇ ਕੋਲੋਂ ਚਾਨਣ ਵੇਲੇ ਡਰ ਜਾਵਾਂ।
ਇਸ਼ਕ ਦੀ ਖਾਤਿਰ ਕਈਆਂ ਨੇ ਤਾਂ ਜਾਨ ਦੀ ਬਾਜੀ ਲਾਈ ਹੈ,
ਪੱਟ ਚਿਰਵਾਏ ਕਈਆਂ ਨੇ, ਤੇ ਕਈਆਂ ਅਲਖ ਜਗਾਈ ਹੈ,
ਜੀਵਨ ਘੋਲ 'ਚ ਜਿੱਤ ਬਥੇਰੀ ਆਪਣੇ ਹਿੱਸੇ ਆਈ ਹੈ,
ਆਖਰ ਵੇਲ਼ੇ ਦਿਲ ਕਰਦਾ ਹੈ ਤੇਰੇ ਹੱਥੋਂ ਹਰ ਜਾਵਾਂ।
ਪਲ ਵਿੱਚ ਕਿੱਥੇ ਸੱਚੀ-ਸੁੱਚੀ ਸੱਜਣਾਂ ਤੇਰੀ ਪ੍ਰੀਤ ਗਈ,
ਸੱਚੀ ਮੇਰੀ ਨੀਤ ਨਾ ਬਦਲੀ ਹੋ ਤੇਰੀ ਬਦ-ਨੀਤ ਗਈ,
ਤੇਰੇ ਰਾਹਾਂ ਦੇ ਵਿੱਚ ਰੁਲ਼ਦੇ ਸਾਰੀ ਉਮਰਾ ਬੀਤ ਗਈ,
ਸੋਚਾਂ! ਇੱਥੇ ਕੀ ਹੈ? ਐਪਰ ਵਾਪਿਸ ਕਿਹੜੇ ਘਰ ਜਾਵਾਂ।
ਚਾਵਾਂ, ਸੱਧਰਾਂ, ਰੀਝਾਂ ਵਿੱਚ ਸੀ ਬਹੁਤ ਚਿਰਾਂ ਤੋਂ ਖ਼ਾਮੋਸ਼ੀ,
ਤੇਰੀਆਂ ਜ਼ੁਲਫਾਂ 'ਖ਼ਾਦਿਮ' ਪੱਲੇ ਪਾ ਦੇਣੀ ਫ਼ਿਰ ਮਦਹੋਸ਼ੀ,
ਸ਼ਹਿਰ ਤੇਰੇ ਦੇ ਵੱਲੋਂ ਆਈ ਖ਼ੁਸ਼ਬੂ ਕੀਤੀ ਸਰਗੋਸ਼ੀ,
'ਸੂਫ਼ੀ' ਆਉਣੈ ਏਸੇ ਚਾਅ ਵਿੱਚ ਮੈਂ ਕਿਧਰੇ ਨਾ ਮਰ ਜਾਵਾਂ।
39. ਬਾਗ਼ ਦਾ ਹਰ ਫੁੱਲ ਹੀ ਅੱਜ ਮੁਸਕੁਰਾਵੇ ਵੇਖ ਕੇ
ਬਾਗ਼ ਦਾ ਹਰ ਫੁੱਲ ਹੀ ਅੱਜ ਮੁਸਕੁਰਾਵੇ ਵੇਖ ਕੇ।
ਵਾਹ! ਤੇਰੀ ਮੋਹਿਕ ਅਦਾ ਦਿਲ ਡੋਲ ਜਾਵੇ ਵੇਖ ਕੇ।
ਤੂੰ ਨਾ ਦਿਸਿਓ ਜਦ ਕਦੀ ਤਾਂ ਬਾਗ਼ ਉੱਜੜੇ ਰੀਝ ਦਾ,
ਮੇਰਿਆਂ ਸਾਹਾਂ ਦੀ ਪੱਤਝੜ, ਮਹਿਕ ਜਾਵੇ ਵੇਖ ਕੇ।
ਸ਼ੀਸ਼ਿਆਂ ਦੀ ਲੋੜ ਕੀ ਹੈ? ਓਸਨੂੰ ਦੱਸੋ ਭਲਾ,
ਜੋ ਖ਼ੁਦੀ 'ਚੋ ਆਪਣਾ ਆਪਾ ਸਜਾਵੇ ਵੇਖ ਕੇ।
ਅੱਖ ਵਿੱਚ ਉਹ ਅੱਖ ਪਾ ਕੇ ਆਖਦਾ ਸੀ ਬਹਿਣ ਨੂੰ,
ਹੁਣ ਜਦੋਂ ਵੀ ਮਿਲ ਪਵੇ ਤਾਂ ਅੱਖ ਚੁਰਾਵੇ ਵੇਖ ਕੇ।
ਬੀਤ ਚੁੱਕੇ ਪੰਧ ਉੱਪਰ ਪੈੜ ਤੇਰੀ ਮਹਿਰਮਾ,
ਕੈਦ ਪੰਛੀ ਵਾਂਗ 'ਖ਼ਾਦਿਮ' ਫੜਫੜਾਵੇ ਵੇਖ ਕੇ।
40. ਮੇਰੇ ਦਿਲਬਰ ਮੇਰੇ ਮਹਿਰਮ ਕਿਵੇਂ ਦਾ ਵਾਸਤਾ ਰੱਖੇਂ
ਮੇਰੇ ਦਿਲਬਰ ਮੇਰੇ ਮਹਿਰਮ ਕਿਵੇਂ ਦਾ ਵਾਸਤਾ ਰੱਖੇਂ।
ਅਸਾਡੀ ਜਾਨ ਹਾਜ਼ਰ ਹੈ, ਮਗਰ ਤੂੰ ਫ਼ਾਸਲਾ ਰੱਖੇਂ।
ਮੁਹੱਬਤ ਵਿੱਚ ਕਿਵੇਂ ਸੰਭਵ ਹੈ? ਐ ਦਿਲ! ਇਸ ਤਰ੍ਹਾਂ ਹੋਣਾ,
ਮੈਂ ਚਕਨਾ ਚੂਰ ਹੋ ਜਾਵਾਂ ਤੂੰ ਖ਼ੁਦ ਨੂੰ ਸਾਬਤਾ ਰੱਖੇਂ।
ਤੇਰੇ ਬੁੱਲਾਂ ਦੀ ਛੋਹ ਪਾ ਕੇ ਮੈਂ ਬਿਫ਼ਰੀ ਪੌਣ ਹੋ ਜਾਵਾਂ,
ਨਾ ਜਾਣੇ ਕਿਉਂ ਤੂੰ ਬਦਲੇ ਵਿੱਚ ਮੇਰਾ ਦਿਲ ਤੜਫ਼ਦਾ ਰੱਖੇਂ।
ਮੇਰੀ ਝਾਂਜਰ ਦੀ ਛਣ-ਛਣ ਨਾਲ਼ ਪੱਥਰ ਮੋਮ ਹੋ ਜਾਂਦੇ,
ਤੇਰੇ ਸਾਹਵਂੇ ਪਿਘਲ ਜਾਵਾਂ ਬਦਨ ਤੂੰ ਸੁਲਗਦਾ ਰੱਖੇਂ।
ਤੇਰੇ ਮਨ ਵਿੱਚ ਗ਼ਮਾਂ ਦਾ ਇੱਕ ਸਮੁੰਦਰ ਵਗ ਰਿਹੈ 'ਖ਼ਾਦਿਮ',
ਤਦੇ ਪਾਣੀ ਤੂੰ ਸ਼ਬਦਾਂ ਦਾ ਸਦਾ ਹੀ ਖੌਲਦਾ ਰੱਖੇਂ।
41. ਜਿਸ ਆਦਮੀ ਨੇ ਹੌਂਸਲਾ ਦਿਲ ਵਿੱਚ ਵਸਾ ਲਿਆ
ਜਿਸ ਆਦਮੀ ਨੇ ਹੌਂਸਲਾ ਦਿਲ ਵਿੱਚ ਵਸਾ ਲਿਆ।
ਉਂਗਲੀ 'ਤੇ ਸਮਝੋ ਓਸ ਨੇ ਪਰਬਤ ਟਿਕਾ ਲਿਆ।
ਹੋਇਆ ਹਨੇਰੇ ਨਾਲ਼ ਜਦੋਂ ਰਾਹੀ ਦਾ ਸਾਹਮਣਾ,
ਰਾਹੀ ਨੇ ਆਪਣੇ ਹੱਥ 'ਤੇ ਦੀਵਾ ਜਗਾ ਲਿਆ।
ਮੈਂ ਚੁੱਪ ਸਾਂ ਤੇ ਗ਼ਲਤਫਹਿਮੀ ਹੋਰ ਵੱਧ ਗਈ,
ਮੈਥੋਂ ਮੇਰੀ ਇਸ ਚੁੱਪ ਨੇ ਇਹ ਕੀ ਕਰਾ ਲਿਆ।
ਅੱਜ ਵੇਖਿਆ ਨਾ ਓਸ ਨੇ ਇੱਕ ਵਾਰ ਪਰਤ ਕੇ,
ਲੱਗਦੈ ਮੇਰਾ ਚੇਤਾ ਦਿਲੋਂ ਉਸਨੇ ਭੁਲਾ ਲਿਆ।
ਪੋਟੇ ਟਿਕਾਵਣ ਦੀ ਰਹੀ ਨਾ ਲੋੜ ਹੁਣ ਕੋਈ,
ਮੈਂ ਬੰਸਰੀ ਦੇ ਰਾਗ ਨੂੰ ਸਾਹੀਂ ਵਸਾ ਲਿਆ।
ਬੱਦਲ ਗ਼ਮਾਂ ਦੇ ਹੋ ਗਏ ਇਕ-ਦਮ ਨਜ਼ਰ ਤੋਂ ਦੂਰ,
ਜਿਉਂ ਹੀ ਅਸਾਨੂੰ ਯਾਰ ਨੇ ਹੱਸ ਕੇ ਬੁਲਾ ਲਿਆ।
'ਖ਼ਾਦਿਮ' ਕਿਵੇਂ ਸਿਰਜੇ ਗ਼ਜ਼ਲ ਤੇਰਾ ਸੁਚੇਤ ਮਨ?
ਅਹਿਸਾਸ ਉੱਪਰ ਭਾਰ ਜੇ ਬਹਿਰਾਂ ਦਾ ਪਾ ਲਿਆ।
42. ਕਦੋਂ ਮੈਂ ਆਖਿਐ ਸਾਡੇ 'ਚ ਕੋਈ ਤੀਸਰਾ ਆਇਆ
ਕਦੋਂ ਮੈਂ ਆਖਿਐ ਸਾਡੇ 'ਚ ਕੋਈ ਤੀਸਰਾ ਆਇਆ।
ਮੁਹੱਬਤ ਹੈ ਤਾਂ ਕਿਉਂ ਲਗਦੈ ਦਿਲਾਂ ਵਿੱਚ ਫ਼ਾਸਲਾ ਆਇਆ।
ਸਭੇ ਸਨਮਾਨ ਸਨ ਕੁਰਬਾਨ ਜੀਹਦੀ ਕਲਮ ਦੇ ਉੱਤੋਂ,
ਪਤਾ ਨਈਂ ਕਿਉਂ ਉਹ ਅੱਜ ਸਰਕਾਰ ਅੱਗੇ ਸਿਰ ਝੁਕਾ ਆਇਆ।
ਉਹ ਕੈਸਾ ਸ਼ਖ਼ਸ ਹੈ ਯਾਰਾ ਤੇ ਉਸ ਦੀ ਦੁਸ਼ਮਣੀ ਕੈਸੀ,
ਕਿ ਦੁਸ਼ਮਣ ਦੇ ਦਰਾਂ 'ਤੇ ਵੀ ਬੁਝੇ ਦੀਵੇ ਜਗਾ ਆਇਆ।
ਤੇਰੇ ਹੱਥ ਸੜ ਗਏ ਕਾਹਤੋਂ? ਤੇ ਚਿਹਰਾ ਮੁਸਕੁਰਾਵੇਂ ਕਿਓ?
ਤੂੰ ਲੱਗਦੈ ਦੋਸਤਾ! ਦਿਲਬਰ ਦੇ ਸਾਰੇ ਖ਼ਤ ਜਲਾ ਆਇਆ।
ਉਹਦੇ ਸੀਨੇ 'ਚ ਦਿਲ ਦੀ ਥਾਂ ਕੋਈ ਪੱਥਰ ਹੀ ਹੋਵੇਗਾ,
ਚੁਨਿੰਦਾ ਫੁੱਲ ਜੋ ਪੱਥਰ ਲਈ ਭੇਟਾ ਚੜ੍ਹਾ ਆਇਆ।
ਸਿਲਾਲੇਖਾਂ 'ਤੇ ਨਾਂਵਾਂ ਵਿੱਚ ਤੇਰਾ ਵੀ ਨਾਮ ਹੈ 'ਖ਼ਾਦਿਮ',
ਦਿਆਲੂ ਹੋ ਗਿਐ ਹਾਕਮ ਗ਼ਜ਼ਲ ਕਿਹੜੀ ਸੁਣਾ ਆਇਆ।
43. ਕਰਾਂ ਤੇ ਕੀ ਕਰਾਂ ਮੈਂ ਇਸ ਦੁਚਿੱਤੀ ਨੂੰ ਮਿਟਾਵਣ ਲਈ
ਕਰਾਂ ਤੇ ਕੀ ਕਰਾਂ ਮੈਂ ਇਸ ਦੁਚਿੱਤੀ ਨੂੰ ਮਿਟਾਵਣ ਲਈ।
ਦਰਾਂ 'ਤੇ ਅੱਗ ਆਈ ਹੈ, ਗਲੇ ਮੈਨੂੰ ਲਗਾਵਣ ਲਈ।
ਮੈਂ ਜੋ ਵੀ ਲਿਖ ਰਿਹਾਂ, ਮੈਂ ਲਿਖ ਰਿਹਾਂ ਖ਼ਲਕਤ ਜਗਾਵਣ ਲਈ।
ਕੋਈ ਸਿਰ ਦੂਸਰਾ ਲੱਭੋ ਤੁਸੀਂ ਕਲਗੀ ਸਜਾਵਣ ਲਈ।
ਜੋ ਖ਼ੁਦ ਨੂੰ ਆਖਦਾ ਸੀ ਰੱਬ, ਜਦੋਂ ਮਰਿਆ ਤੇ ਹੋਇਆ ਇਹ,
ਜੁੜੇ ਨਾ ਚਾਰ ਬੰਦੇ ਓਸ ਦੀ ਅਰਥੀ ਉਠਾਵਣ ਲਈ।
ਇਹ ਜੰਗਲ ਸੜ ਰਿਹਾ ਹੈ ਆਪਣੀ ਹੀ ਅੱਗ ਦੇ ਅੰਦਰ,
ਹਵਾ ਬਣਕੇ ਨਾ ਆਵੀਂ ਤੂੰ, ਬਣੀ ਪਾਣੀ ਬੁਝਾਵਣ ਲਈ।
ਪਰਾਂ ਰੱਖੋ ਇਹ ਨੇਜ਼ੇ, ਤੇਗ਼ ਤੇ ਤ੍ਰਿਸ਼ੂਲ ਸਾਡੇ ਤੋਂ,
ਤੁਸੀਂ ਹਰ ਵਾਰ ਆਉਂਦੇ ਹੋ ਭਰਾਵਾਂ ਨੂੰ ਲੜਾਵਣ ਲਈ।
ਗ਼ਜ਼ਲ ਜਦ ਵੀ ਅਧੂਰੀ ਛੱਡ ਕੇ ਹੈ ਤੁਰ ਗਿਆ 'ਖ਼ਾਦਿਮ'
ਸਫ਼ੇ ਤੇ ਤੜਫ਼ਦੇ ਅੱਖਰ ਕਿਸੇ ਜੂਨੀ 'ਚ ਆਵਣ ਲਈ।
44. ਜ਼ਾਲਮਾਂ! ਨਾ ਤੋੜ ਨਾ ਤੂੰ ਬੰਸਰੀ
ਜ਼ਾਲਮਾਂ! ਨਾ ਤੋੜ ਨਾ ਤੂੰ ਬੰਸਰੀ।
ਇਹ ਬੁਝਾਵੇ ਦਿਲ ਮੇਰੇ ਦੀ ਤਿਸ਼ਨਗੀ।
ਜੇ ਉਹ ਠੋਕਰ ਖਾ ਰਿਹਾ ਹੈ, ਇਸ ਤਰ੍ਹਾਂ,
ਵੇਖ ਲੈਣਾ ਪਾ ਲਵੇਗਾ ਜ਼ਿੰਦਗੀ।
ਕਿਉ ਝੁਕਾਵਾਂ ਸਿਰ, ਮੈਂ ਪੱਥਰ ਸਾਹਮਣੇ,
ਮਘ ਰਹੀ ਮੱਥੇ 'ਚ ਮੇਰੇ ਰੌਸ਼ਨੀ।
ਗ਼ਮ ਮੁਸੀਬਤ ਕੀ ਵਿਗਾੜਨਗੇ ਮੇਰਾ,
ਹੈ ਮੇਰੀ ਜ਼ਿੰਦਾਦਿਲੀ ਸੰਗ ਦੋਸਤੀ।
ਮਾਨ ਜਾਂ ਸਨਮਾਨ ਦੀ ਕੋਈ ਲੋੜ ਨਈਂ,
ਸ਼ਬਦ ਜੜਨੇ ਹੈ ਅਸਾਡੀ ਬੰਦਗੀ।
45. ਤੇਰੇ ਨਗਰ 'ਚ ਵਿਕਦਾ, ਈਮਾਨ ਵੇਖਦਾ ਹਾਂ
ਤੇਰੇ ਨਗਰ 'ਚ ਵਿਕਦਾ, ਈਮਾਨ ਵੇਖਦਾ ਹਾਂ।
ਹਰ ਆਦਮੀ 'ਚ ਅੱਜ-ਕੱਲ, ਸ਼ੈਤਾਨ ਵੇਖਦਾ ਹਾਂ।
ਤੁਰ ਨਾ ਲਿਬਾਸ ਪਾ ਕੇ, ਚਾਨਣ ਦਾ ਸ਼ਹਿਰ ਅੰਦਰ,
ਉੱਠਦਾ ਮੈਂ ਸ਼ਹਿਰ ਅੰਦਰ, ਤੂਫ਼ਾਨ ਵੇਖਦਾ ਹਾਂ।
ਕੀਹਨੇ, ਕਦੋਂ ਤੇ ਕਿੱਥੇ, ਮੇਰੇ ਲਈ ਸੀ ਕੀਤੇ,
ਦਿਲ ਦੀ ਕਿਤਾਬ ਵਿੱਚੋਂ, ਅਹਿਸਾਨ ਵੇਖਦਾ ਹਾਂ।
ਆਹ ਸਿੱਖ, ਆਹ ਇਸਾਈ, ਆਹ ਮੁਸਲਮਾਨ ਵੇਖੋ,
ਪਰ ਮੈਂ ਤਾਂ ਸਭ ਤੋਂ ਪਹਿਲਾਂ, ਇਨਸਾਨ ਵੇਖਦਾ ਹਾਂ।
ਇਸ ਨ੍ਹੇਰ ਸ਼ਹਿਰ ਅੰਦਰ, ਸੱਚ ਦੀ ਹੈ ਲਾਸ਼ ਰੁਲਦੀ,
ਕਾਤਲ਼ ਦਾ ਹੋ ਰਿਹਾ ਮੈਂ, ਸਨਮਾਨ ਵੇਖਦਾ ਹਾਂ।
ਕਲਮਾਂ ਨੂੰ ਕੈਦ ਕਰ ਲਓ, ਖ਼ਲਕਤ ਨਾ ਜਾਗ ਜਾਵੇ,
ਹਾਕਮ ਨੇ ਲਿਖ ਕੇ ਦਿੱਤਾ, ਫ਼ੁਰਮਾਨ ਵੇਖਦਾ ਹਾਂ।
46. ਵਿੱਚ ਚੁਰਾਹੇ ਵੇਖੋ ਦੀਨ ਇਮਾਨ ਵਿਕੇ
ਵਿੱਚ ਚੁਰਾਹੇ ਵੇਖੋ ਦੀਨ ਇਮਾਨ ਵਿਕੇ।
ਆਗੂ ਵੇਚਣ ਆਏ ਹਿੰਦੁਸਤਾਨ ਵਿਕੇ।
ਮੂਰਤੀਆਂ ਦੀ ਇੱਕ ਦੁਕਾਨ ਮੈਂ ਕੀਤੀ ਸੀ,
ਵਾਧੇ-ਘਾਟੇ ਦੇ ਵਿੱਚ ਕਈ ਭਗਵਾਨ ਵਿਕੇ।
ਇੱਕ ਤਰ੍ਹਾਂ ਦਾ ਸੌਦਾ ਇੱਥੇ ਵਿਕਦਾ ਨਾ,
ਝੂਠ, ਮੁਲੰਮਾ, ਪੁੰਨ ਮਿਲੇ ਤੇ ਦਾਨ ਵਿਕੇ।
ਐਸੀ ਦੁਨੀਆਦਾਰੀ 'ਤੇ ਫਿੱਟ ਲਾਹਨਤ ਹੈ,
ਜਿੱਥੇ ਰਾਮ, ਰਹੀਮ, ਪੁਰਾਣ, ਕੁਰਾਨ ਵਿਕੇ।
ਦੁਨੀਆ ਹੈ ਇੱਕ ਮੰਡੀ ਸਭ ਕੁਝ ਵਿਕਦਾ ਹੈ,
ਸੱਚ ਕਚਹਿਰੀ ਵਿਕਿਆ ਸਭ ਦਰਬਾਨ ਵਿਕੇ।
ਫੱਕਰ ਸੀ ਤੇ ਕੁੱਲੀ ਦੇ ਵਿੱਚ ਸੌਂਦਾ ਸੀ,
ਕਿੰਨਾ ਮਹਿੰਗਾ ਅੱਜ ਉਸਦਾ ਸਾਮਾਨ ਵਿਕੇ।
ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ,
ਲਾਲ ਪਰੀ ਦੀ ਖੁਸ਼ਬੂ 'ਤੇ ਈਮਾਨ ਵਿਕੇ।
ਹਾਸਾ ਆਉਂਦਾ ਵੇਖ ਕੇ ਅੱਜ ਇਸ ਮਹਿਫ਼ਲ ਨੂੰ,
ਚਾਹ ਦੀ ਇੱਕ ਪਿਆਲੀ 'ਤੇ ਮਹਿਮਾਨ ਵਿਕੇ।
47. ਕਿਉਂ ਪੌਣ ਹੈ ਡਰੀ-ਡਰੀ? ਮੈਂ ਸੋਚਦਾਂ ਵਿਚਾਰਦਾਂ
ਕਿਉਂ ਪੌਣ ਹੈ ਡਰੀ-ਡਰੀ? ਮੈਂ ਸੋਚਦਾਂ ਵਿਚਾਰਦਾਂ।
ਕਿਉਂ ਪਾਣੀਆਂ 'ਚ ਖਲਬਲੀ? ਮੈਂ ਸੋਚਦਾਂ ਵਿਚਾਰਦਾਂ।
ਮੈਨੂੰ ਬੁਲਾ ਕੇ ਕੋਲ ਤੇ ਹੋਂਠੀ ਸਜਾ ਕੇ ਪਿਆਸ ਨੂੰ,
ਕਿੱਧਰ ਭਲਾ ਗਈ ਨਦੀ? ਮੈਂ ਸੋਚਦਾਂ ਵਿਚਾਰਦਾਂ।
ਛਲਦਾ ਰਿਹਾ ਹੈ ਆਦਮੀ ਨੂੰ ਆਦਮੀ ਘੜੀ-ਮੁੜੀ,
ਬਦਨਾਮ ਕਿਓ ਹੈ ਦੋਸਤੀ? ਮੈਂ ਸੋਚਦਾਂ ਵਿਚਾਰਦਾਂ।
ਜ਼ਿੰਦਾਦਿਲੀ ਹੈ ਓਸਦੀ ਹਾਰੀ ਕਿਵੇਂ ਹਾਲਾਤ ਤੋਂ?
ਕਿਉ ਕਰ ਗਿਆ ਹੈ ਖ਼ੁਦਕੁਸ਼ੀ? ਮੈਂ ਸੋਚਦਾਂ ਵਿਚਾਰਦਾਂ।
ਮੈਂ ਵੇਖਿਆ ਫਰੋਲ ਕੇ, ਅੰਦਰ ਹਨੇਰ ਵਧ ਗਿਆ,
ਕਾਹਤੋਂ ਦਿਸੇ ਨਾ ਰੌਸ਼ਨੀ? ਮੈਂ ਸੋਚਦਾਂ ਵਿਚਾਰਦਾਂ।
ਉਹ ਕਿਸ ਤਰ੍ਹਾਂ ਦਾ ਸ਼ਖ਼ਸ ਹੈ, ਤਲਵਾਰ ਇੱਕ ਹੱਥ ਹੈ,
ਤੇ ਦੂਸਰੇ 'ਚ ਬੰਸਰੀ, ਮੈਂ ਸੋਚਦਾਂ ਵਿਚਾਰਦਾਂ।
48. ਆਓ ਹੁਣ ਸਰਹੱਦ ਮਿਟਾਈਏ, ਸਾਂਝਾ ਹੋਵੇ ਦਿੱਲੀ ਲਾਹੌਰ
ਆਓ ਹੁਣ ਸਰਹੱਦ ਮਿਟਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਰਲ-ਮਿਲ ਗੀਤ ਅਮਨ ਦੇ ਗਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਇਸ ਪੰਜਾਬ 'ਚ ਦੀਵਾ ਬਾਲ਼ਾਂ, ਉਸ ਪੰਜਾਬ 'ਚ ਚਾਨਣ ਹੋਵੇ,
ਇੱਧਰ-ਓਧਰ ਦੀਪ ਜਗਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਤੇਰੀ ਮਿੱਟੀ, ਮੇਰੀ ਮਿੱਟੀ, ਮੇਰੀ ਖੁਸ਼ਬੂ ਤੇਰੀ ਖੁਸ਼ਬੂ,
ਤੇਰੀ ਮੇਰੀ ਸਭ ਭੁੱਲ ਜਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਨੇਜ਼ੇ, ਬਰਛੇ, ਤੇਗ਼ਾਂ, ਖ਼ੰਜਰ, ਸੋਚ ਅਸਾਡੀ ਕੀਤੀ ਬੰਜ਼ਰ,
ਧਰਤ ਮੁਹੱਬਤ ਫ਼ਿਰ ਮਹਿਕਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਨਫ਼ਤਰ ਦੇ ਸਭ ਪਰਚਮ ਲਾਹ ਕੇ, ਫ਼ਿਰ ਤੋਂ ਪਾਕ ਮੁਹੱਬਤ ਪਾਈਏ,
ਐਸਾ ਇੱਕ ਪਰਚਮ ਲਹਿਰਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਸੋਨ ਸੁਨਹਿਰੀ ਹੋਏ ਸਵੇਰਾ, ਲੀਕਾਂ, ਤਾਰਾਂ, ਰੋਕਾਂ ਮੁੱਕਣ,
ਪੰਛੀਆਂ ਵਾਂਗੂੰ ਉੱਡਦੇ ਆਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਦੂਰ ਬੜੇ ਹਾਂ ਪਰ ਇਹ ਸੱਚ ਹੈ ਤੂੰ ਵੀ ਚਾਹੇਂ ਮੈਂ ਵੀ ਚਾਹਾਂ,
ਫ਼ਿਰ ਤੋਂ ਦੋਵੇਂ ਇੱਕ ਹੋ ਜਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
ਤੇਰੀ ਬੋਲੀ ਮੇਰੇ ਵਰਗੀ, ਮੇਰੀ ਬੋਲੀ ਤੇਰੇ ਵਰਗੇ,
ਬੋਲੀ ਹਾਕਮ ਨੂੰ ਸਮਝਾਈਏ, ਸਾਂਝਾ ਹੋਵੇ ਦਿੱਲੀ ਲਾਹੌਰ।
49. ਦੌਰ ਸੀ ਖੂਨੀ ਬੜਾ ਉਹ, ਓਸ ਵਿੱਚ ਜ਼ਖ਼ਮੀ ਵਤਨ
ਦੌਰ ਸੀ ਖੂਨੀ ਬੜਾ ਉਹ, ਓਸ ਵਿੱਚ ਜ਼ਖ਼ਮੀ ਵਤਨ।
ਢੇਰ ਲਾਸ਼ਾਂ ਦੇ ਸੀ ਐਨੇ, ਮੁੱਕ ਗਏ ਹਰ ਥਾਂ ਕਫ਼ਨ।
ਸਿੱਖ, ਹਿੰਦੂ, ਮੁਸਲਮਾਨਾਂ ਮਾਰਿਆ ਇਨਸਾਨ ਜਦ,
ਧਰਤ ਭੁੱਬਾਂ ਮਾਰ ਰੋਈ, ਰੋ ਪਿਆ ਸਾਰਾ ਗਗਨ।
ਆਬਰੂ ਨੂੰ ਪਾਕ ਰੱਖਣ ਵਾਸਤੇ ਸੁਣਿਆ ਉਦੋਂ,
ਮਾਲੀਆਂ ਨੇ ਤਿਤਲੀਆਂ ਦਾ ਚੀਰ ਦਿੱਤਾ ਸੀ ਬਦਨ।
ਦਿਸ ਰਿਹਾ ਸ਼ੈਤਾਨ ਸੀ ਤੇ ਗੁੰਮਿਆ ਭਗਵਾਨ ਸੀ,
ਤੇਗ਼ ਤੇ ਤ੍ਰਿਸ਼ੂਲ ਦਾ ਸੀ ਹੋ ਰਿਹਾ ਥਾਂ-ਥਾਂ ਭਜਨ।
ਤਾਰਿਆਂ ਦੀ ਅੱਖ ਰੋਵੇ ਪੌਣ ਵੀ ਵਿਲਕੇ ਬੜਾ,
ਦੰਗਿਆਂ ਦੇ ਜਦ ਕਦੀ ਵੀ ਧਰਤ 'ਤੇ ਗੂੰਜੇ ਸੁਖ਼ਨ।
ਦੋ ਦਿਲਾਂ ਵਿੱਚ ਲੀਕ ਮਾਰੀ, ਚੌਧਰਾਂ ਦੇ ਵਾਸਤੇ,
ਇਸ ਚਮਨ ਦੇ ਮਾਲੀਆਂ ਕੀਤਾ ਬੜਾ ਇਹ ਬਦ-ਸ਼ਗਨ।
50. ਉਦਾਸੇ ਫੁੱਲ ਨੇ ਤੇ ਬਾਗ਼ ਵਿੱਚੋਂ ਤਿਤਲੀਆਂ ਗਾਇਬ
ਉਦਾਸੇ ਫੁੱਲ ਨੇ ਤੇ ਬਾਗ਼ ਵਿੱਚੋਂ ਤਿਤਲੀਆਂ ਗਾਇਬ।
ਇਹ ਕੈਸਾ ਦੌਰ ਹੈ ਕੇ ਕੁੱਖ ਵਿੱਚੋਂ ਬੱਚੀਆਂ ਗਾਇਬ।
ਜ਼ਮਾਨਾ ਹੋਰ ਹੁੰਦਾ ਸੀ, ਜਦੋਂ ਮਨ ਤਾਂਘ ਰਹਿੰਦੀ ਸੀ,
ਤਰੰਗਾਂ ਪਾਉਣ ਬਾਤਾਂ ਹੁਣ, ਤੇ ਹੋਈਆਂ ਚਿੱਠੀਆਂ ਗਾਇਬ।
ਅਸਾਡੇ ਸ਼ਹਿਰ ਅੰਦਰ ਅੱਗ ਆਈ ਜੰਗਲੋਂ ਰਾਤੀਂ,
ਕਿਸੇ ਨੇ ਫੂਕ ਲਾ ਦਿੱਤੀ ਤੇ ਹੋਈਆਂ ਬਸਤੀਆਂ ਗਾਇਬ।
ਬਗਾਨੇ ਦੇਸ਼ ਬੈਠਾ ਕਹਿ ਰਿਹਾ ਉਹ ਯਾਰ ਆਪਣੇ ਨੂੰ,
ਤੂੰ ਇੱਥੇ ਆ, ਪਤਾ ਲੱਗੇ ਕਿਵੇਂ ਸਰਦਾਰੀਆਂ ਗਾਇਬ।
ਜ਼ਮਾਨਾ ਬਦਲਿਆ ਐਨਾ ਰਿਹਾ ਨਾ ਡਰ ਬਜ਼ੁਰਗਾਂ ਦਾ,
ਤਰੱਕੀ ਹੋ ਗਈ ਐਨੀ ਸਿਰਾਂ ਤੋਂ ਚੁੰਨੀਆਂ ਗਾਇਬ।
ਬੜੀ ਜਾਬਰ ਹਕੂਮਤ ਹੈ ਕਿ ਰਾਤੋ-ਰਾਤ ਹੀ ਵੇਖੋ,
ਜੋ ਉੱਠੀਆਂ ਸਨ ਹਕੂਮਤ 'ਤੇ ਉਹ ਹੋਈਆਂ ਉਂਗਲੀਆਂ ਗਾਇਬ।
51. ਰਾਤ ਦੀ ਡੂੰਘੀ ਖਾਮੋਸ਼ੀ ਨੂੰ ਇੱਕੋ ਪਲ ਵਿੱਚ ਚੀਰ ਦਵੇ
ਬੱਯਕ ਕਾਫ਼ੀਆ ਗ਼ਜ਼ਲ
ਰਾਤ ਦੀ ਡੂੰਘੀ ਖਾਮੋਸ਼ੀ ਨੂੰ ਇੱਕੋ ਪਲ ਵਿੱਚ ਚੀਰ ਦਵੇ।
ਉਸਦੀ ਜਦ ਵੀ ਛਣ-ਛਣ ਕਰਕੇ ਝਾਂਜਰ ਕਿੱਧਰੇ ਛਣਕ ਪਵੇ।
ਸ਼ਹਿਨਾਈ ਦੀ ਹਰ ਇੱਕ ਸੁਰ 'ਚੋ, ਮੈਂ ਸੁਣਦਾ ਹਾਂ ਚੁੱਪ ਦੀ ਚੀਕ,
ਤੇਰੇ ਸ਼ਹਿਰੋਂ ਜੰਗਲ ਵਰਗਾ, ਅੱਜ-ਕੱਲ ਕੰਨੀਂ ਸ਼ੋਰ ਪਵੇ।
ਆਰੀ, ਰੰਬੀ, ਸੂਲੀ, ਚਰਖੀ ਤੀਰ ਮਿਲਣ ਜਦ ਹਾਕਮ ਤੋਂ,
ਕੌਮ ਦੇ ਬੂਟੇ ਨੂੰ ਇਸ ਕਰਕੇ ਹਰ ਯੁੱਗ ਦੇ ਵਿੱਚ ਬੂਰ ਪਵੇ।
ਪੱਥਰ ਦੇ ਇਸ ਸ਼ਹਿਰ 'ਚ ਯਾਰੋ, ਮੈਂ ਤਾਂ ਜਦ ਵੀ ਪੈਰ ਧਰਾਂ,
ਸ਼ੀਸ਼ਾ ਹਾਂ ਪਰ ਫ਼ਿਰ ਵੀ ਵੇਖੋ ਪੱਥਰ ਦੇ ਦਿਲ ਹੌਲ ਪਵੇ।
ਪੌਣਾਂ ਨੱਚਣ, ਭੌਰੇ ਗਾਵਣ, ਚਾਵਾਂ ਵਾਲ਼ੇ ਫੁੱਲ ਖਿੜਨ,
ਮੇਰੇ ਸਾਹਾਂ ਦੀ ਹਰ ਡਾਲੀ, ਤੂੰ ਆਵੇਂ ਤੇ ਮਹਿਕ ਪਵੇ।
ਸ਼ਬਦ ਦਿਲਾਂ ਦੇ ਮੇਚ ਆ ਜਾਵਣ, ਹੋਵੇ ਗੱਲ ਬਹਾਰਾਂ ਦੀ,
'ਖ਼ਾਦਿਮ' ਐਸਾ ਨਗ਼ਮਾ ਲਿਖਣਾ ਸੁੱਤੀ ਖ਼ਲਕਤ ਜਾਗ ਪਵੇ।
52. ਹਨੇਰੇ ਦੀ ਰਿਆਸਤ ਤੋਂ ਅਗਰ ਜੁਗਨੂੰ ਡਰੇ ਹੁੰਦੇ
ਹਨੇਰੇ ਦੀ ਰਿਆਸਤ ਤੋਂ ਅਗਰ ਜੁਗਨੂੰ ਡਰੇ ਹੁੰਦੇ।
ਨਾ ਬਣਦੇ ਰਾਹ ਦਸੇਰੇ ਘੁਰਨਿਆਂ ਅੰਦਰ ਠਰੇ ਹੁੰਦੇ।
ਉਹ ਮੇਰੀ ਜਾਤ ਪੁੱਛਣ, ਤੇ ਕਤਾਰੋਂ ਬਾਹਰ ਕਰ ਦੇਵਣ,
ਤੇਰੇ ਘਰ ਵਿੱਚ ਐ ਭਗਵਾਨ! ਕਿੰਨੇ ਵਿਤਕਰੇ ਹੁੰਦੇ।
ਜੋ ਖ਼ੁਦ ਨੂੰ ਸਮਝਦੈ ਦਰਿਆ ਉਦ੍ਹਾ ਹੰਕਾਰ ਟੁੱਟ ਜਾਂਦਾ,
ਕਿਤੇ ਜੇ ਪਿਆਸ ਮੇਰੀ ਨਾਲ਼ ਉਹਦੇ ਟਾਕਰੇ ਹੁੰਦੇ।
ਵਿਆਹ ਪਿੱਛੋਂ ਅਮੀਰੀ ਘੁੰਮਦੀ 'ਸ਼ਿਮਲਾ' ਕਦੀ 'ਗੋਆ',
ਗਰੀਬੀ ਦੇ ਸਿਰਾਂ 'ਤੇ ਤੀਸਰੇ ਦਿਨ ਟੋਕਰੇ ਹੁੰਦੇ।
ਯਤਨ ਆਪੇ ਸਕਾਰਥ ਹੋਣਗੇ ਕੇਰਾਂ ਕਦਮ ਪੁੱਟੀਂ,
ਉਹਨਾਂ ਨੂੰ ਮਰਹਲੇ ਮਿਲਦੇ, ਸਿਦਕ ਦੇ ਜੋ ਭਰੇ ਹੁੰਦੇ।
ਉਨ੍ਹਾਂ ਹਰ ਹਾਲ ਸਚਮੁੱਚ ਭਟਕਣਾ ਤੋਂ ਮੁਕਤ ਰਹਿਣਾ ਸੀ,
ਜੇ ਮਨ ਮਸਤਕ 'ਚ ਦੀਵੇ ਬਾਲ ਸ਼ਬਦਾਂ ਦੇ ਧਰੇ ਹੁੰਦੇ।
ਜੇ ਹੁੰਦੀ ਸਾਂਝ ਰੂਹਾਂ ਦੀ, ਤਾਂ 'ਖ਼ਾਦਿਮ' ਆਪਣਾ ਹੁੰਦਾ,
ਤੇਰੇ ਕਹਿਣੇ ਮੁਤਾਬਕ, ਨਾ ਅਸੀਂ ਫ਼ਿਰ ਦੂਸਰੇ ਹੁੰਦੇ।
53. ਕਾਤਲਾਂ ਜਿਗਰਾ ਅਸਾਡਾ ਪਰਖਣਾ
ਕਾਤਲਾਂ ਜਿਗਰਾ ਅਸਾਡਾ ਪਰਖਣਾ।
ਪਰ ਅਸਾਂ ਨੇ ਤੇਗ਼ ਉੱਤੇ ਨੱਚਣਾ।
ਕੈਂਚੀਆਂ ਜਿੰਨਾ ਡਰਾਉਂਣਾ, ਰੋਕਣਾ।
ਪੰਛੀਆਂ ਨੇ ਹੋਰ ਉੱਚਾ ਉੱਡਣਾ।
ਜ਼ੁਲਮ ਵਾਲ਼ਾ ਦੂਰ ਨ੍ਹੇਰਾ ਹੋਵਣਾ,
ਹੱਥ ਜਦ ਸ਼ਮਸ਼ੀਰ ਨੇ ਹੈ ਲਿਸ਼ਕਣਾ।
ਲਾਪਤਾ ਹੈ ਆਦਮੀ 'ਚੋਂ ਆਦਮੀ,
ਜ਼ਿੰਦਗੀ ਦੇ ਬਾਗ਼ ਨੇ ਕੀ ਮਹਿਕਣਾ।
ਜ਼ਿੰਦਗੀ ਦਾ ਬਾਗ਼ ਮਹਿਕੂ ਕਿਸ ਤਰ੍ਹਾਂ?
ਜੇ ਨਵਾਂ ਕੁਝ ਵੀ ਨਹੀਂ ਤੂੰ ਸਿਰਜਣਾ।
ਸੱਚ ਦੀ ਜਦ ਰੌਸ਼ਨੀ ਮੱਥੇ ਜਗੀ,
ਛੱਡ ਦੇਵੇਂਗਾ ਤੂੰ ਪੱਥਰ ਪੂਜਣਾ।
54. ਕਿਸ ਦੇ ਘੁਲੇ ਹੰਝੂ? ਕਿੱਦਾਂ ਭਲਾ ਪੜ੍ਹੀਏ
ਕਿਸ ਦੇ ਘੁਲੇ ਹੰਝੂ? ਕਿੱਦਾਂ ਭਲਾ ਪੜ੍ਹੀਏ?
ਆਓ ਹਵਾਵਾਂ ਦਾ ਅੱਜ ਤਰਜ਼ਮਾ ਕਰੀਏ।
ਆਵੇਂ ਜਦੋਂ ਵੀ ਤੂੰ, ਆਵਣ ਬਹਾਰਾਂ ਤਦ,
ਮਾਰੂਥਲਾਂ ਉੱਪਰ, ਤੂੰ ਕਿਣਮਿਣੀ ਅੜੀਏ।
ਬਚਪਨ ਮਿਲੇ ਮੁੜ ਕੇ ਬੱਚੇ ਬਣਾ ਰੱਬਾ,
ਦਿਲ ਕਰ ਰਿਹਾ ਫ਼ਿਰ ਤੋਂ, ਜੁਗਨੂੰ ਅਸੀਂ ਫੜੀਏ।
ਇਹ ਤਾਂ ਹਨੇਰੇ ਵਿਚ, ਭਟਕਣ ਮੁਕਾ ਦਿੰਦੈ,
ਦੀਵਾ ਚੁਰਾਹੇ ਜੇ ਇੱਕ ਬਾਲ ਕੇ ਧਰੀਏ।
ਕਾਤਿਲ਼ ਅਦਾਵਾਂ ਨੇ ਕੀਤਾ ਇਹ ਕੀ ਕੀਤਾ?
ਸਾਹਾਂ 'ਚ ਸਾਹ ਭਰੀਏ, ਮਰੀਏ ਜੇ ਨਾ ਭਰੀਏ।
ਮਤਲਾ ਬਣਾ ਰੱਖਿਆ, ਉਸਦੇ ਬਦਨ ਵਰਗਾ,
ਸ਼ੇਅਰਾਂ ਤੋਂ ਮਕਤੇ ਤੱਕ, ਚਲ ਹੁਣ ਅਦਾ ਘੜੀਏ।
55. ਖ਼ਾਬ ਟੁੱਟਣੇ, ਖ਼ਾਬ ਵਿਚ ਸ਼ਾਮਿਲ ਨਾ ਹੋ
ਖ਼ਾਬ ਟੁੱਟਣੇ, ਖ਼ਾਬ ਵਿਚ ਸ਼ਾਮਿਲ ਨਾ ਹੋ।
ਐ ਦਿਲਾ! ਤੂੰ ਓਸ ਲਈ ਪਾਗਲ ਨਾ ਹੋ।
ਹੁਣ ਹਵਾਵਾਂ ਹੱਥ ਵੀ ਪੱਥਰ ਫੜੇ,
ਸ਼ੀਸ਼ਿਆ! ਤੂੰ ਸ਼ਹਿਰ ਵਿਚ ਦਾਖ਼ਿਲ ਨਾ ਹੋ।
ਪੰਛੀਆਂ ਪਰਦੇਸੀਆਂ ਦਾ ਕੀ ਯਕੀਨ,
ਅੱਜ ਹਾਂ ਤੇ ਕੱਲ ਨਹੀਂ, ਬਿਹਬਲ ਨਾ ਹੋ।
ਫੁੱਲ ਵਾਂਗੂੰ ਲਹਿਰ 'ਤੇ ਤਰ ਤਾਂ ਸਹੀ,
ਐ ਮੇਰੇ ਅਹਿਸਾਸ, ਤੂੰ ਬੋਝਲ ਨਾ ਹੋ।
ਬੀਜ ਹਾਂ ਮੈਂ ਉੱਗਣਾ ਚਾਹਾਂ, ਤੂੰ ਪਰ,
ਗੱਲ-ਗੱਲ ਤੇ ਔੜ ਭਰਿਆ ਥਲ ਨਾ ਹੋ।
ਪਾਣੀਆਂ ਦੇ ਵਾਂਗ ਤੁਰਦਾ ਰਹਿ ਸਦਾ,
ਜ਼ਿੰਦਗੀ ਭਰ, ਘਰ ਦੀ ਤੂੰ ਸਰਦਲ ਨਾ ਹੋ।
ਜ਼ਿੰਦਗੀ ਵਿਚ ਧਾਰ ਲੈ ਜ਼ਿੰਦਾਦਿਲੀ,
ਮੁਸ਼ਕਿਲਾਂ ਦੇ ਨਾਲ਼ ਖਹਿ, ਬੁਜ਼ਦਿਲ ਨਾ ਹੋ।
56. ਓਸ ਨੇ ਜਦ ਇੱਕ ਨਜ਼ਰ ਸੀ ਵੇਖਿਆ
ਓਸ ਨੇ ਜਦ ਇੱਕ ਨਜ਼ਰ ਸੀ ਵੇਖਿਆ।
ਤਿੜਕਿਆ ਸ਼ੀਸ਼ਾ ਵਿਚਾਰਾ ਤਿੜਕਿਆ।
ਨਾਮ ਤੇਰਾ ਕੀ ਗ਼ਜ਼ਲ ਵਿੱਚ ਲਿਖ ਲਿਆ,
ਫੁੱਲ ਵਾਂਗੂੰ ਸ਼ਬਦ ਹਰ ਇੱਕ ਮਹਿਕਿਆ।
ਸਿਰ ਗਿਆ ਸਾਡਾ ਜ਼ਮੀਰਾਂ ਵਾਸਤੇ,
ਬੇ-ਜ਼ਮੀਰਾਂ ਬੇਸਿਰਾਂ ਦਾ ਸਰ ਗਿਆ।
ਜੰਗਲਾਂ ਦੀ ਚੀਕ ਸੁਣ ਸਾਇਆ ਮੇਰਾ,
ਅੱਜ ਡਰ ਕੇ ਫੇਰ ਮੈਨੂੰ ਲਿਪਟਿਆ।
ਸ਼ਹਿਰ ਵਿੱਚ ਧੂੰਆਂ ਹੀ ਧੂੰਆਂ ਦਿਸ ਰਿਹੈ,
ਜੁਗਨੂੰਆਂ ਦਾ ਕਾਫ਼ਲਾ ਕਿੱਧਰ ਗਿਆ?
ਗੀਤ-ਗ਼ਜ਼ਲਾਂ ਦੇ ਮਿਲੇ ਮੋਤੀ ਹਜ਼ਾਰ,
ਸ਼ਬਦ-ਸਾਗਰ ਮੈਂ ਜਦੋਂ ਹੰਘਾਲਿਆ।
ਸੁਲਝਿਆ ਇਨਸਾਨ ਸੀ, ਪਰ ਵੇਖ ਲੈ,
ਤੇਰੀਆਂ ਜ਼ੁਲਫ਼ਾਂ 'ਚ 'ਖ਼ਾਦਿਮ' ਉਲਝਿਆ।
57. ਲੱਗਦੈ ਤੇਰਾ ਸੁਪਨਾ ਮੋਇਆ, ਸੱਚ ਦੱਸੀਂ
ਲੱਗਦੈ ਤੇਰਾ ਸੁਪਨਾ ਮੋਇਆ, ਸੱਚ ਦੱਸੀਂ।
ਕਿਸ ਮਹਿਬੂਬ ਲਈ ਤੂੰ ਰੋਇਆ, ਸੱਚ ਦੱਸੀਂ।
ਵਿਛੜਨ ਪਿੱਛੋਂ ਸੇਕ ਗ਼ਮਾਂ ਦਾ ਹੱਡ ਸਾੜੇ,
ਕੀ ਤੇਰਾ ਵੀ ਹਾਲ ਇਹ ਹੋਇਆ? ਸੱਚ ਦੱਸੀਂ।
ਧਰਤੀ ਪੈਰ ਨਾ ਲੱਗਣ ਉੱਡਿਆ ਫਿਰਦਾ ਏ,
ਫਿਰਦੈਂ ਕਿਸ ਦੀ ਯਾਦ 'ਚ ਖੋਇਆ? ਸੱਚ ਦੱਸੀਂ।
ਉਸ ਦਿਨ ਤੇਰੇ ਦਰ ਅੱਗੋਂ ਜਦ ਲੰਘਿਆ ਮੈਂ,
ਕਾਹਤੋਂ ਵੇਖ ਕੇ ਬੂਹਾ ਢੋਇਆ? ਸੱਚ ਦੱਸੀਂ।
ਬਿਰਖ ਨੇ ਪੁੱਛਿਆ ਛਾਂ ਵਿੱਚ ਬੈਠੇ ਰਾਹੀ ਤੋਂ,
ਕਿੱਥੇ-ਕਿੱਥੇ ਬੀਜ ਤੂੰ ਬੋਇਆ? ਸੱਚ ਦੱਸੀਂ।
"ਖ਼ਾਦਿਮ" ਹਰ ਆਸ਼ਕ ਨੂੰ ਪਾਗਲ ਆਖ ਰਿਹੈਂ,
ਕੀ ਤੈਨੂੰ ਕਦੀ ਇਸ਼ਕ ਨੀ ਹੋਇਆ? ਸੱਚ ਦੱਸੀਂ।
58. ਮੈਂ ਮੁਹੱਬਤ ਕਰ ਕੇ ਕਿੰਨਾ ਉਜੜਿਆ ਹਾਂ ਵੇਖ ਲੈ
ਮੈਂ ਮੁਹੱਬਤ ਕਰ ਕੇ ਕਿੰਨਾ ਉਜੜਿਆ ਹਾਂ ਵੇਖ ਲੈ।
ਪੱਤਿਆਂ ਦੇ ਵਾਂਗ ਥਾਂ-ਥਾਂ ਬਿਖਰਿਆ ਹਾਂ ਵੇਖ ਲੈ।
ਉਹ ਮੁਹੱਬਤ ਜਿਸ ਨੇ ਲੁੱਟਿਆ ਦਰ ਖੜੀ ਹੈ ਫ਼ਿਰ ਮੇਰੇ,
ਹੁਣ ਨਹੀਂ ਬਸ, ਮੈਂ ਮਸਾਂ ਤਾਂ ਸੰਭਲ਼ਿਆ ਹਾਂ ਵੇਖ ਲੈ।
ਆਖਦੈਂ ਸ਼ਾਇਰ ਤੂੰ ਮੈਨੂੰ ਭਰਮ ਤੇਰਾ ਦੋਸਤਾ,
ਸਿਰਫ਼ ਬਿੰਦੂ ਵਿੱਚ ਮੈਂ ਤਾਂ ਸਿਮਟਿਆ ਹਾਂ ਵੇਖ ਲੈ।
ਹਉਂਕਿਆਂ ਦੀ ਧਰਤ ਉੱਤੇ ਬਿਨ ਤੇਰੇ ਦਿਲਬਰ ਮੇਰੇ,
ਮੈਂ ਅਧੂਰਾ ਖ਼ਾਬ ਬਣ ਕੇ ਤੜਫ਼ਿਆ ਹਾਂ ਵੇਖ ਲੈ।
ਜਦ ਸਵਾਲਾਂ ਵਾਂਗ ਮੈਨੂੰ ਜ਼ਿੰਦਗੀ ਉਲਝਾ ਗਈ,
ਬਸ ਤੇਰਾ ਅਹਿਸਾਸ ਹੋਇਆ, ਸੁਲਝਿਆ ਹਾਂ ਵੇਖ ਲੈ।
ਕੱਟ ਕੇ ਉਹ ਖੰਭ ਆਖੇ "ਜਾਹ ਤੂੰ ਆਜ਼ਾਦ ਏ",
ਓਸਦੀ ਮਾਸੂਮੀਅਤ ਹੁਣ ਸਮਝਿਆ ਹਾਂ ਵੇਖ ਲੈ।
ਖੰਡਰਾਂ ਦੀ ਚੀਖ ਸਾਹਵੇਂ ਪਲ-ਦੋ-ਪਲ ਕੀ ਖੜ੍ਹ ਗਿਆ,
ਕੱਚ ਦਾ ਮੇਰਾ ਬਦਨ ਸੀ ਤਿੜਕਿਆ ਹਾਂ ਵੇਖ ਲੈ।
ਸੋਚਿਆ ਤੇਰੀ ਅਦਾ ਨੂੰ ਇੱਕ ਗ਼ਜ਼ਲ ਵਿੱਚ ਜੜ੍ਹ ਦਿਆਂ,
ਪਰ ਮੈਂ ਮਤਲੇ ਵਿੱਚ ਚਿਰ ਤੋਂ ਉਲਝਿਆ ਹਾਂ ਵੇਖ ਲੈ।
59. ਮਸ਼ਾਲੀਂ ਤੇਲ ਦੀ ਥਾਂ ਖੂਨ ਪਾ ਕੇ ਚੱਲਣਾ ਸਾਥੀ
ਮਸ਼ਾਲੀਂ ਤੇਲ ਦੀ ਥਾਂ ਖੂਨ ਪਾ ਕੇ ਚੱਲਣਾ ਸਾਥੀ।
ਹਰਾ ਕੇ ਨ੍ਹੇਰਿਆਂ ਨੂੰ ਮੰਜ਼ਿਲਾਂ 'ਤੇ ਪੁੱਜਣਾ ਸਾਥੀ।
ਤੁਰੀਂ ਤੂੰ ਵਾਂਗ ਜੁਗਨੂੰ ਦੇ, ਕਰੀਂ ਰੌਸ਼ਨ ਚੁਫ਼ੇਰੇ ਨੂੰ,
ਤੇਰੇ ਇਸ ਹੌਂਸਲੇ ਦੇ ਨਾਲ਼ ਨ੍ਹੇਰਾ ਭੱਜਣਾ ਸਾਥੀ।
ਜਦੋਂ ਦੁਸ਼ਮਣ ਖੜ੍ਹੇ ਸਾਹਵੇਂ ਉਦੋਂ ਵੰਗਾਰ ਕੇ ਤੇ ਫ਼ਿਰ,
ਤਲੀ 'ਤੇ ਸਿਰ ਟਿਕਾ ਕੇ ਤੇਗ਼ ਉੱਪਰ ਨੱਚਣਾ ਸਾਥੀ।
ਮਧੋਲੀਂ ਹੇਠ ਪੈਰਾਂ ਦੇ, ਜੋ ਸੂਲਾਂ ਰਾਹ 'ਚ ਨੇ ਉੱਗੀਆਂ,
ਰਹੇ ਵਗਦਾ ਜਿਵੇਂ ਪਾਣੀ, ਉਵੇਂ ਤੂੰ ਚੱਲਣਾ ਸਾਥੀ।
ਜਦੋਂ ਕਿਰਪਾਨ ਲਹਿਰਾਈ ਤੇਰੇ ਹੱਥਾਂ 'ਚ ਫ਼ਿਰ ਵੇਖੀਂ,
ਕਿ ਵੈਰੀ ਦੀ ਤਸ਼ੱਦਦ ਨੇ ਉਸੇ ਪਲ ਮੁੱਕਣਾ ਸਾਥੀ।
ਅਪੀਲਾਂ ਤੇ ਦਲੀਲਾਂ ਨੂੰ ਜਦੋਂ ਕੋਈ ਨਹੀਂ ਸੁਣਦਾ,
ਅਸਾਡਾ ਧਰਮ ਹੈ, ਹਥਿਆਰ ਓਦੋਂ ਚੁੱਕਣਾ ਸਾਥੀ।
ਜੋ ਕਾਤਲ ਨੇ, ਉਨ੍ਹਾਂ ਨੇ ਤਾਂ, ਹਮੇਸ਼ਾ ਕਤਲ਼ ਹੀ ਕਰਨੇ,
ਜੋ ਹੋਵਣ ਬੀਜ ਸੱਚ ਵਾਲ਼ੇ, ਉਨ੍ਹਾਂ ਤਾਂ ਫੁੱਟਣਾ ਸਾਥੀ।
ਕਿਤੇ ਸੂਲ਼ੀ, ਕਿਤੇ ਰੰਬੀ, ਕਿਤੇ ਚਰਖੀ, ਕਿਤੇ ਆਰੀ,
ਡਰਾਉਂਣੈ ਜ਼ਾਲਮਾਂ ਸਾਨੂੰ, ਅਸੀਂ ਪਰ ਗੱਜਣਾ ਸਾਥੀ।
ਫਿਰੇ ਅੱਜ ਡਾਰ ਕਾਵਾਂ ਦੀ, ਫਿਰੇ ਜੋ ਬਾਜ ਘੇਰਨ ਨੂੰ,
ਕਿਤੇ ਜਦ ਟਾਕਰਾ ਹੋਇਆ, ਇਨ੍ਹਾਂ ਨੇ ਭੱਜਣਾ ਸਾਥੀ।
60. ਉਹ ਸਤਾਉਂਦਾ ਰਿਹਾ, ਮੁਸਕਰਾਉਂਦਾ ਰਿਹਾ
ਤ੍ਰੈ ਕਾਫ਼ੀਆ ਗ਼ਜ਼ਲ
ਉਹ ਸਤਾਉਂਦਾ ਰਿਹਾ, ਮੁਸਕਰਾਉਂਦਾ ਰਿਹਾ,
ਲਾਰਿਆਂ ਦੀ ਉਹ ਸੂਲ਼ੀ ਚੜ੍ਹਾਉਂਦਾ ਰਿਹਾ।
ਖ਼ੁਦ ਬੁਲਾਉਂਦਾ ਰਿਹਾ, ਖ਼ੁਦ ਭੁਲਾਉਂਦਾ ਰਿਹਾ,
ਪਿਆਸ ਹੋਰਾਂ ਦੀ ਹੀ ਉਹ ਬੁਝਾਉਂਦਾ ਰਿਹਾ।
ਵਾਰ ਉਸਨੇ ਸਦਾ ਪਿੱਠ 'ਤੇ ਹੀ ਕਰੇ,
ਫ਼ਿਰ ਵੀ ਉਸਦਾ ਸਦਾ ਹੀ ਭਲਾ ਮੰਗਿਐ,
ਖ਼ੁਦ ਸਤਾਉਂਦਾ ਰਿਹਾ, ਕਹਿਰ ਢਾਉਂਦਾ ਰਿਹਾ,
ਬੇ-ਵਫ਼ਾਈ ਦਾ ਉਹ ਦੋਸ਼ ਲਾਉਂਦਾ ਰਿਹਾ।
ਭਾਲ਼ਦਾ ਸਾਂ ਵਫ਼ਾ, ਪਰ ਜਫ਼ਾ ਕਰ ਗਿਐ,
ਪਿਆਰ ਦੀ ਉਹ ਤਲੀ 'ਤੇ ਗ਼ਮੀ ਧਰ ਗਿਐ,
ਦਿਲ ਨੂੰ ਭਾਉਂਦਾ ਰਿਹਾ, ਮੈਂ ਨਿਭਾਉਂਦਾ ਰਿਹਾ,
ਹਰ ਖੁਸ਼ੀ ਝੋਲ ਉਸਦੀ ਮੈਂ ਪਾਉਂਦਾ ਰਿਹਾ।
ਸਾਜ਼ ਜੀਵਨ ਦਾ ਬੇ-ਸੁਰ ਤੇ ਬੇ-ਤਾਲ ਹੈ,
ਛੂਹ ਉਦ੍ਹੇ ਪੋਟਿਆਂ ਦੀ ਹੀ ਮਿਲ ਨਾ ਸਕੀ
ਸੁਰ ਜਗਾਉਂਦਾ ਰਿਹਾ, ਗੁਨਗੁਨਾਉਂਦਾ ਰਿਹਾ,
ਉਹ ਮੁਹੱਬਤ 'ਚ ਦਿਲ ਆਜ਼ਮਾਉਂਦਾ ਰਿਹਾ।
ਹੁਣ ਉਦ੍ਹੀ ਦਿਲਲਗੀ, ਬਣ ਗਈ ਬੇਬਸੀ,
ਰਾਸ ਆਈ ਨਾ ਦਿਲ ਨੂੰ ਉਦ੍ਹੀ ਦੋਸਤੀ,
ਨਾਲ਼ ਆਉਂਦਾ ਰਿਹਾ, ਅੱਖ ਬਚਾਉਂਦਾ ਰਿਹਾ,
ਇਸ਼ਕ ਦੇ ਪੰਧ 'ਤੇ ਡਗਮਗਾਉਂਦਾ ਰਿਹਾ।
ਜੇ ਉਦ੍ਹੇ ਕੋਲ ਤੇਰੇ ਨਾ ਹਿੱਸੇ ਦੀ ਛਾਂ,
ਛੱਡ 'ਖ਼ਾਦਿਮ' ਗਿਰਾਂ, ਛੱਡ ਲੈਣਾ ਤੂੰ ਨਾਂ,
ਤੂੰ ਬਣਾਉਂਦਾ ਰਿਹਾ ਤੇ ਸਜਾਉਂਦਾ ਰਿਹਾ,
ਮਹਿਲ ਖ਼ਾਬਾਂ ਦੇ ਉਹ ਤਾਂ ਗਿਰਾਉਂਦਾ ਰਿਹਾ।
61. ਗ਼ਜ਼ਲ ਦਾ ਰੰਗ ਮਹਿਫ਼ਲ ਵਿਚ ਹਰਿਕ ਉੱਪਰ ਚੜ੍ਹਾ ਦਿਆਂ
ਗ਼ਜ਼ਲ ਦਾ ਰੰਗ ਮਹਿਫ਼ਲ ਵਿਚ ਹਰਿਕ ਉੱਪਰ ਚੜ੍ਹਾ ਦਿਆਂ?
ਤੁਸੀਂ ਆਖੋਂ ਤਾਂ ਮੈਂ ਵੀ ਦੋ ਕੁ ਮਿਸਰੇ ਹੁਣ ਸੁਣਾ ਦਿਆਂ?
ਜਦੋਂ ਵੀ ਰੰਗ ਬਿਖਰੇ ਤਾਂ ਤੇਰੇ ਹੀ ਨਕਸ਼ ਉੱਭਰੇ,
ਤੇਰੀ ਤਸਵੀਰ ਦਿਲ ਦੀ ਕੈਨਵਸ ਉੱਪਰ, ਵਿਖਾ ਦਿਆਂ?
ਜੋ ਲਿੱਪੀ ਹੰਝੂਆਂ ਦੀ ਵਿਚ ਪਰੋਏ ਸ਼ਬਦ, ਅੱਥਰੇ
ਮੈਂ ਕੋਰੇ ਕਾਗਜ਼ਾਂ ਦੀ ਹਿੱਕ ਉੱਪਰ ਸਭ ਵਿਛਾ ਦਿਆਂ?
ਰੁਬਾਈ, ਗੀਤ, ਕਵਿਤਾ ਜਾਂ ਲਿਖਾਂ ਨਜ਼ਮਾਂ ਤੁਸੀਂ ਦੱਸੋ?
ਮੈਂ ਅਪਣਾ ਖੂਨ ਹੀ ਪਾਉਂਣਾ ਕਹੋਂ ਗ਼ਜ਼ਲਾਂ 'ਚ ਪਾ ਦਿਆਂ?
ਮੇਰੀ ਹਰ ਤਹਿ ਨੂੰ ਛੂਹ ਕੇ ਤੂੰ ਮਚਾ ਕੇ ਖਲਬਲੀ ਪੁੱਛੇਂ,
ਮੇਰੇ ਮਨ ਵਿੱਚ ਜੋ ਸ਼ੈਤਾਨ ਸੁੱਤਾ ਹੈ, ਜਗਾ ਦਿਆਂ?
ਹਵਾ ਨੇ ਘੁੱਟ ਕੇ ਸੀਨੇ ਲਗਾ ਕੇ ਪੁੱਛਿਆ ਤੂੰ ਦੱਸ,
ਤੇਰੇ ਮਹਿਬੂਬ ਕੋਲੇ ਹਾਲ ਤੇਰਾ ਮੈਂ ਪੁਚਾ ਦਿਆਂ?
ਤੂੰ ਜਦ ਵੀ ਝੂੰਮ ਕੇ ਲੰਘੇਂ ਮੇਰਾ ਦਿਲ ਡੋਲਦੈ ਬਹੁਤ,
ਤੇਰੀ ਜੇ ਆਗਿਆ ਹੋਵੇ 'ਸਰਾਪਾ' ਇੱਕ ਬਣਾ ਦਿਆਂ?
62. ਲੱਖਾਂ ਆਏ ਆ ਕੇ ਤੁਰ ਗਏ, ਜੀਭਾਂ ਠਾਕਣ ਵਾਲ਼ੇ ਲੋਕ
ਲੱਖਾਂ ਆਏ ਆ ਕੇ ਤੁਰ ਗਏ, ਜੀਭਾਂ ਠਾਕਣ ਵਾਲ਼ੇ ਲੋਕ।
ਲੋਕ ਮਨਾਂ ਵਿੱਚ ਵਸ ਜਾਂਦੇ ਨੇ, ਸੱਚ 'ਤੇ ਚੱਲਣ ਵਾਲ਼ੇ ਲੋਕ।
ਤੇਰੇ ਪੈਰੀਂ ਕੰਡਾ ਚੁੰਭਿਆ ਸੀ-ਸੀ ਕਰਦਾ ਫਿਰਦਾ ਏ,
ਪਿੱਛੇ ਮੁੜ ਜਾ ਹੋਰ ਹੁੰਦੇ ਨੇ, ਤੇਗ਼ 'ਤੇ ਨੱਚਣ ਵਾਲ਼ੇ ਲੋਕ।
ਘੜਾ ਖਰੀਦਣ ਤੋਂ ਪਹਿਲਾਂ ਹੀ ਠੋਕ ਵਜਾ ਕੇ ਵੇਖ ਲਵੀਂ,
ਮੂਰਖ ਹੁੰਦੇ ਘਰੇ ਲਿਜਾ ਕੇ ਮੁੜ-ਮੁੜ ਪਰਖਣ ਵਾਲ਼ੇ ਲੋਕ।
ਠੇਲ੍ਹਣ ਵਾਲ਼ੇ ਠੇਲ੍ਹ ਹੀ ਲੈਂਦੇ ਬੇੜੀ ਤੇਜ਼ ਹਵਾਵਾਂ ਵਿੱਚ,
ਬੈਠੇ ਰਹਿਣ ਕਿਨਾਰੇ ਉੱਪਰ ਬਹੁਤਾ ਸੋਚਣ ਵਾਲ਼ੇ ਲੋਕ।
ਤਖ਼ਤ 'ਤੇ ਬੈਠਾ ਹਾਕਮ ਕੰਬੇ, ਐਪਰ ਉਹ ਤੇ ਹੱਸਦੇ ਨੇ,
ਤਖ਼ਤੇ ਚੜ੍ਹ ਕੇ ਯੁੱਗ ਪਲਟਾਉਂਦੇ, ਹਿੰਮਤ ਪਾਲ਼ਣ ਵਾਲ਼ੇ ਲੋਕ।
ਤਿੱਖੀ ਆਰੀ ਵੱਲ ਇਸ਼ਾਰੇ ਕਰ-ਕਰ ਹਾਕਮ ਹੱਸਦੈ, ਪਰ,
ਮੌਤ ਦੇ ਕੋਲੋਂ ਕਦ ਡਰਦੇ ਨੇ, ਦੰਦੇ ਪਰਖਣ ਵਾਲ਼ੇ ਲੋਕ।
63. ਲੱਖ ਲੁਕਾਅ ਤੂੰ ਪਿਆਰ ਓ ਬੀਬਾ
ਲੱਖ ਲੁਕਾਅ ਤੂੰ ਪਿਆਰ ਓ ਬੀਬਾ।
ਖੰਭੋਂ ਬਣਦੀ ਡਾਰ ਓ ਬੀਬਾ।
ਮੱਛੀ ਪੱਥਰ ਚੱਟ ਕੇ ਮੁੜਦੀ,
ਕਰ ਲੈ ਤੂੰ ਇਤਬਾਰ ਓ ਬੀਬਾ।
ਚੁੱਪ ਭਲੀ ਇਹ ਦੁਨੀਆ ਸੱਚੀਂ,
ਦੋ ਧਾਰੀ ਤਲਵਾਰ ਓ ਬੀਬਾ।
ਉਸਤਰਿਆਂ ਦੀ ਮਾਲਾ ਪਾਉਂਣੀ,
ਇਸ਼ਕ ਨਾ ਸੌਖੀ ਕਾਰ ਓ ਬੀਬਾ।
ਲਾਡ ਲਡਾਏ, ਪੁੱਤ ਵੰਝਾਏ,
ਫੁੱਲ ਬਣਨ ਫ਼ਿਰ ਖਾਰ ਓ ਬੀਬਾ।
ਜੋ ਵੱਟਿਆ ਸੋ ਖੱਟਿਆ, ਇਹ ਹੈ
ਖੁਸ਼ੀਆਂ ਦਾ ਬਾਜ਼ਾਰ ਓ ਬੀਬਾ।
ਅੱਜ ਦਾ ਕੰਮ ਨਾ ਕੱਲ ਤੇ ਛੱਡੀਂ,
ਇਹ ਗੁਣ ਮਨ ਵਿੱਚ ਧਾਰ ਓ ਬੀਬਾ।
ਆਪ ਵਲੱਲੀ ਵਿਹੜਾ ਡਿੰਗਾ,
ਕੁਝ ਤੇ ਸੋਚ ਵਿਚਾਰ ਓ ਬੀਬਾ।
ਸਸਤਾ ਰੋਵੇ ਵਾਰੋ-ਵਾਰੀ,
ਮਹਿੰਗਾ ਇੱਕੋ ਵਾਰ ਓ ਬੀਬਾ।
ਅੱਗ ਲੱਗਿਆਂ ਤੇ ਖੂਹ ਨੂੰ ਪੁੱਟੇਂ,
ਹੱਥ ਅਕਲ ਨੂੰ ਮਾਰ ਓ ਬੀਬਾ।
ਪੰਡਿਤ ਜੀ ਦਾ ਮਿੱਤਰ ਸੋਗੀ,
ਵੈਦ ਦਾ ਰੋਗੀ ਯਾਰ ਓ ਬੀਬਾ।
ਜੇਹੀ ਨੀਤ ਮੁਰਾਦ ਵੀ ਤੇਹੀ,
ਛੱਡ ਦੇ ਹੁਣ ਹੰਕਾਰ ਓ ਬੀਬਾ।
64. ਮੰਜ਼ਿਲਾਂ 'ਤੇ ਪੁੱਜਣਾ ਤਾਂ, ਮੀਲ ਪੱਥਰ ਵੇਖ ਨਾ
ਮੰਜ਼ਿਲਾਂ 'ਤੇ ਪੁੱਜਣਾ ਤਾਂ, ਮੀਲ ਪੱਥਰ ਵੇਖ ਨਾ।
ਵੇਖ ਨਾ ਤੂਫ਼ਾਨ ਲਹਿਰਾਂ, ਤੂੰ ਸਮੁੰਦਰ ਵੇਖ ਨਾ।
ਵੰਡ ਚਾਨਣ ਹਰ ਜਗ੍ਹਾ ਤੂੰ ਰਾਤ ਕਾਲ਼ੀ ਵੇਖ ਕੇ,
ਤੂੰ ਏ ਜੁਗਨੂੰ ਰੌਸ਼ਨੀ ਕਰ, ਗ਼ੈਰ ਮਿੱਤਰ ਵੇਖ ਨਾ।
ਹੌਂਸਲਾ ਹੀ ਲੋਚਦੇ ਨੇ, ਖੰਭ ਤੇਰੇ ਪੰਛੀਆ,
ਭਰ ਉਡਾਰਾਂ ਉੱਚੀਆਂ ਤੂੰ, ਦੂਰ ਅੰਬਰ ਵੇਖ ਨਾ।
ਹੌਂਸਲੇ ਵਿਚ ਪੁਖ਼ਤਗੀ ਤੇ ਰੱਖ ਇਰਾਦਾ ਠੋਸ ਤੂੰ,
ਤੁੰਬ ਜਾਵੇ ਜਿਸਮ ਭਾਵੇਂ, ਝੂਠ ਦਾ ਦਰ ਵੇਖ ਨਾ।
ਬੀਜ ਦੇ ਤੂੰ ਬੀਜ ਨੂੰ ਸੀਨਾ ਧਰਤ ਦਾ ਚੀਰ ਕੇ,
ਸਿੰਜ ਧਰਤੀ ਮੁੜ੍ਹਕਿਆਂ ਦੇ ਨਾਲ਼, ਬੰਜਰ ਵੇਖ ਨਾ।
ਜ਼ਿੰਦਗੀ ਤੈਨੂੰ ਮਿਲੀ ਨਾ ਆਪਣੇ ਲਈ ਜੀਣ ਨੂੰ,
ਹਰ ਡਗਰ ਤੂੰ ਰੰਗ ਭਰ ਦੇ, ਸ਼ਹਿਰ ਖੰਡਰ ਵੇਖ ਨਾ।
ਯਾਰ 'ਖ਼ਾਦਿਮ' ਮੁਸ਼ਕਿਲਾਂ ਤੋਂ ਡਰ ਕੇ ਜੀਣਾ ਬੁਜ਼ਦਿਲੀ,
ਵਿਛ ਰਹੇ ਜੋ ਰਾਹ 'ਚ ਤੇਰੇ, ਖਾਰ ਖ਼ੰਜਰ ਵੇਖ ਨਾ।
65. ਖ਼ਲਕਤ ਰੋਏ ਤੇ ਕੁਰਲਾਏ, ਕਿੱਦਾਂ ਆਖਾਂ ਸਾਲ ਮੁਬਾਰਕ
ਖ਼ਲਕਤ ਰੋਏ ਤੇ ਕੁਰਲਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਸੰਸਦ ਕਾਵਾਂ-ਰੌਲ਼ੀ ਪਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਜੰਗਲ ਰਾਜ ਹੈ ਚਾਰੇ-ਪਾਸੇ, ਚੁੱਪ ਦੀ ਚੀਖ਼ ਚੁਫ਼ੇਰੇ ਗੂੰਜੇ,
ਕਲਮਾਂ ਉੱਪਰ ਪਹਿਰੇ ਲਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਬਾਂਦਰ ਵਾਲ਼ਾ ਖੇਡ ਤਮਾਸ਼ਾ ਲੈ ਕੇ ਫੇਰ ਮਦਾਰੀ ਆਇਆ,
ਫੇਰ ਉਹੀ ਡੱਮਰੂ ਖੜਕਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਉੱਚੇ ਘਰ ਤੇ ਬੌਣੇ ਬੰਦੇ, ਕਿੱਦਾਂ ਦੇ ਕਿਰਦਾਰ ਹੋਏ ਨੇ?
ਬੰਦਾ ਹੀ ਬੰਦੇ ਨੂੰ ਖਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਫੁੱਲਾਂ ਦੇ ਮਹਿਕਣ 'ਤੇ ਪਹਿਰਾ, ਸੋਚ ਉਦ੍ਹੀ ਕਿਉਂ ਪੱਥਰ ਹੋਈ?
ਮਾਲੀ ਕਲੀਆਂ ਕਤਲ ਕਰਾਏ, ਕਿੱਦਾਂ ਆਖਾਂ ਸਾਲ ਮੁਬਾਰਕ।
'ਚਿੱਟਾ-ਧੂੰਆਂ' ਹੱਡੀਂ ਰਚਿਆ, ਸਿਵਿਆਂ ਅੰਦਰ ਮਾਵਾਂ ਵਿਲਕਣ,
ਦਿਲ 'ਤੇ ਗ਼ਮ ਦੇ ਬੱਦਲ ਛਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਅਸੀਂ ਕਲੰਡਰ ਬਦਲ ਰਹੇ ਹਾਂ, ਪਰ ਸਾਡੇ ਹਾਲਾਤ ਉਹੀ ਨੇ,
ਸੋਚਾਂ ਵਿੱਚ ਜੰਗਲ ਦੇ ਸਾਏ, ਕਿੱਦਾਂ ਆਖਾਂ ਸਾਲ ਮੁਬਾਰਕ।
ਬੀਤ ਗਏ ਨੂੰ ਭੁੱਲ ਕੇ 'ਖ਼ਾਦਿਮ' ਚੰਗੇ ਲਈ ਅਰਦਾਸ ਕਰੀਂ ਤੂੰ,
ਏਦਾਂ ਕਦੀ ਨਾ ਕਹਿ ਤੂੰ ਹਾਏ! ਕਿੱਦਾਂ ਆਖਾਂ ਸਾਲ ਮੁਬਾਰਕ।
66. ਮਿਲੇਂ ਤੂੰ, ਆਰਜ਼ੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ
ਮਿਲੇਂ ਤੂੰ, ਆਰਜ਼ੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ।
ਸਵੈ ਸੰਗ ਗੁਫ਼ਤਗੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ।
ਢਲੇ ਜਦ ਤਾਂਘ ਦਾ ਸੂਰਜ, ਮੈਂ ਦੀਵਾ ਆਸ ਦਾ ਬਾਲਾਂ,
ਸਹੀ ਜੀਣਾ ਸ਼ੁਰੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ।
ਜਿਵੇਂ ਜਿੱਦਾਂ ਵੀ ਹੋਵੇ ਆਪ ਅੰਗੀਕਾਰ ਹੋ ਜਾਵਾਂ,
ਇਹੋ ਇਕ ਜੁਸਤਜ਼ੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ।
ਮੇਰੇ ਵਾਂਗੂੰ ਜੋ ਤਾਰਾ ਰਾਤ ਨੂੰ ਹੈ ਜਾਗਦਾ, ਉਸ ਨਾਲ਼,
ਮੈਂ ਬਹਿ ਕੇ ਗੁਫ਼ਤਗੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ।
ਜਿਵੇਂ ਕੋਇਲ ਕਿਸੇ ਦੇ ਇਸ਼ਕ ਵਿਚ ਰੱਤੀ ਰਹੇ ਨਿਸਦਿਨ,
ਮੈਂ ਖ਼ੁਦ ਨੂੰ ਹੂ-ਬ-ਹੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ।
ਖਰੇ ਸ਼ਬਦਾਂ 'ਚ 'ਖ਼ਾਦਿਮ' ਢਾਲ ਦੇਵੇ ਇਸ ਲਈ ਸਭ ਦੁੱਖ,
ਉਦ੍ਹੇ ਮੈਂ ਰੂਬਰੂ ਕਰਦਾਂ ਤੇਰਾ ਚੇਤਾ ਜਦੋਂ ਆਉਂਦੈ।
67. ਖੰਡਰ ਅੰਦਰ ਪੱਥਰ ਦੱਬ ਕੇ, ਚਿਰ ਪਿੱਛੋਂ ਚੱਟਾਨ ਬਣੇ
ਚਹੁੰ ਕਾਫ਼ੀਆ ਗ਼ਜ਼ਲ
ਖੰਡਰ ਅੰਦਰ ਪੱਥਰ ਦੱਬ ਕੇ, ਚਿਰ ਪਿੱਛੋਂ ਚੱਟਾਨ ਬਣੇ।
ਕਾਫ਼ਰ ਅੰਦਰ ਰਹਿਬਰ ਐਪਰ ਪਲ-ਛਿਣ ਵਿੱਚ ਸੈਤਾਨ ਬਣੇ।
ਜ਼ੁਲਮ ਨੂੰ ਸਹਿਣਾ, ਚੁੱਪ ਹੀ ਰਹਿਣਾ, ਜਦ ਵੀ ਆਦਤ ਬਣਦੀ ਹੈ,
ਨਾਦਰ, ਬਾਬਰ, ਹਿਟਲਰ ਵਰਗਾ ਫੇਰ ਉਦੋਂ ਬਲਵਾਨ ਬਣੇ।
ਮਕਤਲ, ਖੰਜ਼ਰ, ਕਾਤਲ ਤੋਂ ਇਹ ਕਦ ਡਰਦੇ ਨੇ? ਐ ਹਾਕਮ!
ਨਾਬਰ, ਸ਼ਾਇਰ, ਹਾਜ਼ਰ ਹੁੰਦੇ, ਸੂਲ਼ੀ ਤਦ ਸਨਮਾਨ ਬਣੇ।
ਸਾਰਾ ਜੀਵਨ ਮੂਰਤ ਘਾੜਾ ਵਿੱਚ ਗ਼ੁਰਬਤ ਦੇ ਕੱਢਦਾ ਹੈ,
ਮੰਦਰ ਅੰਦਰ ਪੱਥਰ ਉਸਨੇ ਜੋ ਖੜਿਆ ਭਗਵਾਨ ਬਣੇ।
ਪਾਣੀਆਂ ਅੰਦਰ ਲੀਕ ਸੀ ਖਿੱਚੀ, ਆਬ ਹਵਾ ਸਭ ਵੰਡੇ ਜਦ,
ਅੰਬਰ, ਸਾਗਰ ਥਰ-ਥਰ ਕੰਬੇ ਥਾਂ-ਥਾਂ ਕਬਰਸਤਾਨ ਬਣੇ।
ਦਿੱਲੀ ਦੂਰ ਨਹੀਂ ਐ 'ਖ਼ਾਦਿਮ', ਹੱਕਾਂ ਖ਼ਾਤਿਰ ਲੜਨਾ ਸਿੱਖ,
'ਜੰਤਰ-ਮੰਤਰ' ਉਪੱਰ ਬਹਿ ਕੇ ਆਮ ਜਿਹੇ, ਪ੍ਰਧਾਨ ਬਣੇ।
68. ਵਿਖਾਵੇ ਵਾਸਤੇ ਹੱਸ ਕੇ ਅਡੰਬਰ ਕਰ ਨਹੀਂ ਹੁੰਦੇ
ਵਿਖਾਵੇ ਵਾਸਤੇ ਹੱਸ ਕੇ ਅਡੰਬਰ ਕਰ ਨਹੀਂ ਹੁੰਦੇ।
ਗ਼ਮਾਂ ਦੀ ਬਾਤ ਦੇ ਮੈਥੋਂ ਹੁੰਗਾਰੇ ਭਰ ਨਹੀਂ ਹੁੰਦੇ।
ਪਰਿੰਦਾ ਘੁੰਮ ਕੇ ਅਸਮਾਨ, ਧਰਤੀ 'ਤੇ ਮੁੜੇ ਵਾਪਿਸ,
ਪਤੈ ਉਸਨੂੰ ਕਿ ਅੰਬਰ 'ਤੇ ਗੁਜਾਰੇ ਕਰ ਨਹੀਂ ਹੁੰਦੇ।
ਮੈਂ ਵੇਖੇ ਘੁੰਮ ਕੇ ਸਾਰੇ, ਨਤੀਜਾ ਕੱਢਿਆ ਆਖ਼ਿਰ,
ਮਨਾਂ ਨਾਲੋਂ ਪਵਿੱਤਰ ਤਾਂ ਕਿਤੇ ਸਰਵਰ ਨਹੀਂ ਹੁੰਦੇ।
ਚਲੋ ਮੰਨਿਆ ਕਿ ਢਾਰੇ ਹੀ ਨੇ ਸਾਡੇ ਸਿਰ ਢਕਾ ਖ਼ਾਤਿਰ,
ਮਗਰ ਢਾਰੇ ਵੀ ਸਾਡੇ ਕਿਉਂ ਕਿਸੇ ਤੋਂ ਜਰ ਨਹੀਂ ਹੁੰਦੇ।
ਬਜ਼ੁਰਗਾਂ ਨੂੰ ਨਿਕਾਲ਼ਾ ਤੇ, ਜਨੋਰਾਂ ਨੂੰ ਪਨਾਹ ਦੇਵਣ,
ਤੂੰ ਸੱਚ ਪੁੱਛੇਂ, ਤਾਂ ਐਸੇ ਘਰ ਕਦੀ ਵੀ ਘਰ ਨਹੀਂ ਹੁੰਦੇ।
ਵਿਖਾ ਕੇ ਚੋਗ ਭੋਲ਼ੇ ਪੰਛੀਆਂ ਨੂੰ, ਸਹੁੰ ਤੇਰੀ 'ਖ਼ਾਦਿਮ',
ਅਸਾਡੇ ਤੋਂ ਸ਼ਿਕਾਰੀ ਨੂੰ ਇਸ਼ਾਰੇ ਕਰ ਨਹੀਂ ਹੁੰਦੇ।
69. ਬੇ-ਵਫ਼ਾਈ ਦੇ ਨਜ਼ਾਰੇ ਵੇਖਦਾਂ
ਬੇ-ਵਫ਼ਾਈ ਦੇ ਨਜ਼ਾਰੇ ਵੇਖਦਾਂ।
ਅੰਬਰੋਂ ਟੁੱਟਦੇ ਮੈਂ ਤਾਰੇ ਵੇਖਦਾਂ।
ਉਹ ਵਕਾਲਤ ਕਰਨ ਤੁਰਿਆ ਸੱਚ ਦੀ,
ਕਾਨੀ ਤੁਰਦੇ ਨਾਲ਼ ਚਾਰੇ ਵੇਖਦਾਂ।
ਬੋਲਦਾ ਸੀ ਸੱਚ ਟੰਗਿਆ ਚੌਂਕ ਵਿੱਚ,
ਕੌਣ ਪੱਥਰ, ਫੁੱਲ ਮਾਰੇ ਵੇਖਦਾਂ।
ਕੌਣ ਰੋਵੇ ਕਿਸਮਤਾਂ ਨੂੰ ਬੈਠ ਕੇ,
ਕੌਣ ਕਿਸਮਤ ਨੂੰ ਸੰਵਾਰੇ ਵੇਖਦਾਂ।
ਕਹਿਰ ਦੇ ਬੱਦਲ ਜਦੋਂ ਵੀ ਗਰਜਦੇ,
ਖਿਸਕਦੇ ਮੈਂ ਯਾਰ ਪਿਆਰੇ ਵੇਖਦਾਂ।
ਅਜਨਬੀ ਹੈ ਸ਼ਹਿਰ ਜਿੱਥੋਂ ਗੁਜਰਨਾ,
ਕੌਣ ਹੁਣ ਮੈਨੂੰ ਪੁਕਾਰੇ, ਵੇਖਦਾਂ।
70. ਸੱਜਣਾਂ ਤੂੰ ਮੇਰਾ ਪਰਛਾਵਾਂ, ਤੁਧ ਬਿਨ ਕਿੰਝ ਗੁਜਾਰ ਕਰਾਂ
ਸੱਜਣਾਂ ਤੂੰ ਮੇਰਾ ਪਰਛਾਵਾਂ, ਤੁਧ ਬਿਨ ਕਿੰਝ ਗੁਜਾਰ ਕਰਾਂ?
ਪਲ ਵੀ ਤੈਥੋਂ ਦੂਰ ਨਾ ਜਾਵਾਂ, ਚੇਤੇ ਸੌ-ਸੌ ਵਾਰ ਕਰਾਂ।
ਤੇਰੇ ਦਿਲ ਦੀ ਤੂੰ ਹੀ ਜਾਣੇ, ਭੁੱਲ ਕੇ ਦੁਨੀਆਦਾਰੀ ਬਸ,
ਮੈਂ ਤਾਂ ਦਿਲਬਰ ਤੈਨੂੰ ਚਾਹਵਾਂ, ਤੈਨੂੰ ਹੀ ਮੈਂ ਪਿਆਰ ਕਰਾਂ।
ਦਿਲ ਦੇ ਸੁੱਤੇ ਜਜ਼ਬੇ ਜਾਗਣ, ਜਦ ਮਹਿਕਾਵੇਂ ਸਾਹਾਂ ਨੂੰ,
ਦਿਲਬਰ ਤੇਰੀਆਂ ਵੇਖ ਅਦਾਵਾਂ, ਖ਼ੁਦ ਨੂੰ ਮੈਂ ਸਰਸ਼ਾਰ ਕਰਾਂ।
ਦਿਲ 'ਤੇ ਤੇਰਾ ਨਾਂ ਲਿਖਵਾ ਕੇ, ਇਸ਼ਕ ਹੁਸਨ ਦੇ ਖੰਜ਼ਰ ਨਾਲ਼,
ਤੈਨੂੰ ਲਫ਼ਜ਼ੀਂ ਦੀਦ ਕਰਾਵਾਂ, ਖ਼ੁਦ ਨੂੰ ਯਾਰ ਸ਼ੁਮਾਰ ਕਰਾਂ।
ਜਿਸਮ ਤਿਜ਼ਾਰਤ ਦੀ ਧੁਨ ਛੱਡ ਕੇ, ਰਾਗ ਅਲਾਪਾਂ ਇਸ਼ਕੇ ਦਾ,
ਪਾਕ ਪਵਿੱਤਰ ਨਗ਼ਮਾ ਗਾਵਾਂ, ਇਕ ਸੱਚਾ ਇਕਰਾਰ ਕਰਾਂ।
71. ਰੱਖੇ ਕਿਤਾਬ ਅੰਦਰ,ਦਿੱਤੇ ਗ਼ੁਲਾਬ ਤੇਰੇ
ਰੱਖੇ ਕਿਤਾਬ ਅੰਦਰ, ਦਿੱਤੇ ਗ਼ੁਲਾਬ ਤੇਰੇ।
ਪੰਨੇ ਵੀ ਬੋਲਦੇ ਨੇ, ਸਦਕੇ ਜਨਾਬ ਤੇਰੇ।
ਰੌਸ਼ਨ ਮੇਰਾ ਚੁਫ਼ੇਰਾ, ਉਸ ਪਲ ਹੀ ਹੋ ਗਿਆ ਸੀ,
ਉੱਠਿਆ ਜਦੋਂ ਸੀ ਦਿਲਬਰ, ਮੁੱਖ ਤੋਂ ਨਕਾਬ ਤੇਰੇ
ਮੰਗਂੇ ਨਾ ਹੋਰ ਕੁਝ ਵੀ, ਹਰ ਵਾਰ ਜਾਨ ਮੰਗੇਂ,
ਮੈਂ ਜਾਨ ਵਾਰ ਦੇਵਾਂ, ਸਦਕੇ ਸ਼ਬਾਬ ਤੇਰੇ।
ਮੈਂ ਤਾਲ ਦਾ ਹਾਂ ਪੱਕਾ, ਮੈਨੂੰ ਤੂੰ ਆਜ਼ਮਾ ਲੈ,
ਪੈਰਾਂ 'ਚ ਕੱਚ ਮੇਰੇ, ਮੋਢੇ ਰਬਾਬ ਤੇਰੇ।
ਫੁੱਲਾਂ ਦੇ ਹੱਥ ਘੱਲੇ, ਮੈਂ ਪਿਆਰ ਦੇ ਸੁਨੇਹੇ,
ਕੰਡਿਆਂ ਦੇ ਹੱਥ ਆਏ, ਤਿੱਖੇ ਜਵਾਬ ਤੇਰੇ।
ਇਹ ਦਿਲ ਮੇਰੇ ਦਾ ਅੰਬਰ, ਘੁੱਗੀ ਦੇ ਵਾਸਤੇ ਹੈ,
ਤੇਰੀ ਉਡਾਨ ਉੱਚੀ, ਹੱਥ ਵਿੱਚ ਉਕਾਬ ਤੇਰੇ।
ਹੈ ਸੌ ਤਰ੍ਹਾਂ ਦੀ ਤੇਰੇ ਘਰ ਵਿੱਚ ਸ਼ਰਾਬ ਐਪਰ,
ਘਰ ਵਿੱਚ ਨਾ ਮੈਨੂੰ ਦਿਸਦੀ, ਇੱਕ ਵੀ ਕਿਤਾਬ ਤੇਰੇ।।