ਸਤਰੰਗੀ ਪੀਂਘ ਵਰਗੀ ਹੈ ਬਾਬੂ ਰਜਬ ਅਲੀ ਦੀ ਕਵੀਸ਼ਰੀ : ਗੁਰਭਜਨ ਸਿੰਘ ਗਿੱਲ (ਪ੍ਰੋਃ)

ਮਾਲਵਾ ਦੇਸ਼ ਸ਼ਬਦ ਤੁਹਾਨੂੰ ਭਾਵੇਂ ਓਪਰਾ ਲੱਗੇ, ਪਰ ਇਸ ਖਿੱਤੇ ਦੀ ਨਿਵੇਕਲੀ ਕਾਵਿ ਪਰੰਪਰਾ ਦੇ ਇਤਿਹਾਸ ਵਿੱਚ ਇਸ ਧਰਤੀ ਨੂੰ ਦੇਸ਼ ਦਾ ਨਾਮ ਹੀ ਪੁਰਖਿਆ ਨੇ ਦਿੱਤਾ ਹੈ। ‘ਜੰਗਲ ਦੇਸ਼ ਨਾ ਵਿਆਹੀਂ ਮੇਰੀ ਮਾਂ' ਵਾਲਾ ਰੁਦਨ ਕਰਨ ਵਾਲੀ ਧੀ ਅਤੇ ਉਸ ਧੀ ਦੇ ਵੀਰਾਂ, ਬਾਬੁਲਾਂ ਦੀ ਵੇਦਨਾ ਨੂੰ ਇਥੋਂ ਦੀ ਲੋਕ ਕਾਵਿ ਪਰੰਪਰਾ ਵਿੱਚੋਂ ਸਭ ਤੋਂ ਖੂਬਸੂਰਤ ਢੰਗ ਨਾਲ ਕਵੀਸ਼ਰੀ ਨੇ ਸੰਭਾਲਿਆ ਹੈ। ਮਾਲਵੇ ਦੀ ਕਵੀਸ਼ਰੀ ਪਰੰਪਰਾ ਬਾਰੇ ਜਾਣਕਾਰੀ ਗ੍ਰਹਿਣ ਕਰਦਿਆਂ ਮੈਨੂੰ ਹਰ ਵਾਰ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਮੈਂ ਬੱਦਲ ਵਰ੍ਹਨ ਮਗਰੋਂ ਅੰਬਰੀਂ ਪਈ ਸਤਰੰਗੀ ਪੀਂਘ ਨੂੰ ਨਿਹਾਰ ਰਿਹਾ ਹੋਵਾਂ। ਕਵੀਸ਼ਰੀ ਚਾਹੇ ਮਹਿਰਾਜ਼ ਵਾਲੇ ਭਾਈ ਭਗਵਾਨ ਸਿੰਘ ਦੀ ਹੋਵੇ ਜਾਂ ਕਰਨੈਲ ਸਿੰਘ ਪਾਰਸ ਰਾਮੂਵਾਲੀਏ ਦੀ, ਕਿਸ਼ੋਰ ਚੰਦ ਬੱਦੋਵਾਲੀਏ ਦੀ ਕਿੱਸਾਕਾਰੀ ਦੇ ਸਮਾਨ-ਅੰਤਰ ਤੁਰਦੀ ਬਾਬੂ ਰਜਬ ਅਲੀ ਦੀ ਕਵੀਸ਼ਰੀ, ਮੈਨੂੰ ਹਮੇਸ਼ਾ ਮੰਤਰ ਮੁਗਧ ਕਰਦੀ ਰਹੀ ਹੈ।

ਬਾਬੂ ਰਜਬ ਅਲੀ ਦੀ ਸ਼ਾਇਰੀ ਤੋਂ ਮੈਂ ੧੯੭੩ ਵਿੱਚ ਪਹਿਲੀ ਵਾਰ ਵਾਕਿਫ ਹੋਇਆ ਸਾਂ। ਲੁਧਿਆਣੇ ਰਹਿੰਦੇ ਵਿਦਵਾਨ ਡਾ. ਆਤਮ ਹਮਰਾਹੀ ਅਤੇ ਕੋਟ ਕਪੂਰੇ ਵਾਲੇ ਵੀਰ ਡਾ. ਰੁਲੀਆ ਸਿੰਘ ਸਿੱਧੂ ਦੇ ਸਾਂਝੇ ਯਤਨਾਂ ਸਦਕਾ ਗੁਰਦੇਵ ਸਿੰਘ ਸਾਹੋਕੇ ਵਾਲਿਆਂ ਦੇ ਕਵੀਸ਼ਰੀ ਜਥੇ ਪਾਸੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਬਾਬੂ ਰਜਬ ਅਲੀ ਦੀ ਲਿਖੀ ਕਵੀਸ਼ਰੀ ਨੇ ਵੰਨ-ਸੁਵੰਨੇ ਰੰਗ ਪੇਸ਼ ਕੀਤੇ। ਪੰਜਾਬ ਦੇ ਮੁੱਖ ਮੰਤਰੀ ਵਜੋਂ ਗਿਆਨੀ ਜ਼ੈਲ ਸਿੰਘ ਅਤੇ ਉਘੇ ਵਿਦਵਾਨ ਡਾ. ਅਤਰ ਸਿੰਘ ੧੯੭੫ ਵਿੱਚ ਪਾਕਿਸਤਾਨ ਫੇਰੀ ਦੌਰਾਨ ਬਾਬੂ ਰਜਬ ਅਲੀ ਨੂੰ ਮਿਲੇ। ਕੁਝ ਮਹੀਨਿਆਂ ਬਾਅਦ ਰਜਬ ਅਲੀ ਸਾਨੂੰ ਅਲਵਿਦਾ ਕਹਿ ਗਏ।

‘ਕੋਈ ਦੇਸ਼ ਪੰਜਾਬੋਂ ਸੋਹਣਾ ਨਾ' ਲਿਖਣ ਵਾਲਾ ਬਾਬੂ ਰਜਬ ਅਲੀ ਆਪਣੇ ਪੰਜਾਬ ਦੀ ਹੱਦ ਮਾਲਵਾ ਦੇਸ਼ ਨੂੰ ਹੀ ਮੰਨਦਾ ਹੈ, ਕਿਉਂਕਿ ਨਹਿਰੀ ਮਹਿਕਮੇ ਦੀ ਮੁਲਾਜ਼ਮਤ ਕਰਦਿਆਂ ਉਹ ਇਸ ਧਰਤੀ ਦੇ ਚੱਪੇ-ਚੱਪੇ ਦਾ ਜਾਣੂੰ ਹੋ ਗਿਆ ਸੀ। ਇਥੋਂ ਦੀ ਸਮਾਜਿਕ, ਆਰਥਿਕ, ਧਾਰਮਿਕ ਅਤੇ ਭਾਈਚਾਰਕ ਮਰਿਆਦਾ ਬਾਰੇ ਉਸ ਦੀਆਂ ਬਾਰੀਕ-ਬੀਨੀ ਵਾਲੀਆਂ ਟਿੱਪਣੀਆਂ ਉਸ ਦੇ ਕਲਾਮ ਵਿੱਚੋ ਲੱਭੀਆਂ ਜਾ ਸਕਦੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਬਾਬੂ ਰਜਬ ਅਲੀ ਦਾ ਚੋਣਵਾਂ ਕਲਾਮ ਛਾਪਿਆ ਹੈ ਅਤੇ ਡਾ. ਆਤਮ ਹਮਰਾਹੀ ਨੇ ਵੀ ਬਾਬੂ ਰਜਬ ਅਲੀ ਦੇ ਕਲਾਮ ਨੂੰ ਸੰਪਾਦਤ ਕੀਤਾ ਹੈ। ਹੁਣ ਪਿਛਲੇ ਕੁਝ ਸਾਲਾਂ ਤੋਂ ਪੱਕਾ ਕਲਾਂ ਦੇ ਵਸਨੀਕ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੇ ਬਾਬੂ ਰਜਬ ਅਲੀ ਦੇ ਕਲਾਮ ਨੂੰ ਸੰਪਾਦਤ ਕਰਨ ਦਾ ਬੀੜਾ ਚੁੱਕਿਆ ਹੈ। ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਹੁਣ ਤੀਕ ਉਹ ਰੰਗੀਲਾ ਰਜਬ ਅਲੀ, ਬਾਬੂ ਰਜਬ ਅਲੀ ਦੇ ਕਿੱਸੇ, ਦਸਮੇਸ਼ ਮਹਿਮਾ, ਅਣਖੀਲਾ ਰਜਬ ਅਲੀ, ਅਨਮੋਲ ਰਜਬ ਅਲੀ, ਅਨੋਖਾ ਰਜਬ ਅਲੀ, ਅਨੂਠਾ ਰਜਬ ਅਲੀ ਅਤੇ ਅਲਬੇਲਾ ਰਜਬ ਅਲੀ ਨਾਂ ਦੀਆਂ ਕਿਤਾਬਾਂ ਸੰਪਾਦਿਤ ਕਰ ਚੁੱਕਾ ਹੈ।

ਰਜਬ ਅਲੀ ਦੇ ਕਲਾਮ ਦਾ ਇਕ ਹੋਰ ਸੰਗ੍ਰਹਿ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੇ ਤਿਆਰ ਕੀਤਾ ਹੈ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਕਿੱਸਾ ਜੰਗ ਮਹਾਂਭਾਰਤ, ਬਹਾਦਰੀ ਕਿੱਸਾ ਬੀਬੀ ਹਰਨਾਮ ਕੌਰ, ਕਿੱਸਾ ਹਰਫੂਲ ਸਿੰਘ ਸੂਰਮਾ, ਕਿੱਸਾ ਕਲੀਆਂ ਵਾਲੀ ਹੀਰ ਸ਼ਾਮਲ ਹਨ। ਬਾਬੂ ਰਜਬ ਅਲੀ ਇਨ੍ਹਾਂ ਪ੍ਰਸੰਗਾਂ ਨੂੰ ਪੇਸ਼ ਕਰਨ ਲੱਗਾ ਲੋਕ ਧਾਰਾ ਦਾ ਪੱਲਾ ਨਹੀਂ ਛੱਡਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪ੍ਰਸੰਗ ਲਿਖਣ ਲੱਗਿਆਂ ਉਹ ਲੋਕ ਧਾਰਾਈ ਹਵਾਲਿਆਂ ਨੂੰ ਮਾਹੌਲ ਉਸਾਰਨ ਵਿੱਚ ਖੂਬ ਵਰਤਦਾ ਹੈ। ਦੂਸਰੇ ਹੀ ਬੰਦ ਵਿੱਚ ਉਸ ਦਾ ਅੰਦਾਜ਼ ਵੇਖੋ :

ਚੰਦੂ ਮਗਰ ਹਕੂਮਤ ਤੇ ਅਫਰੇਵਾਂ ਧਨ ਦਾ ਹੈ।
ਗੁਰ ਨੂੰ ਦੱਸਦਾ ਮੋਰੀ ਆਪ ਚੁਬਾਰਾ ਬਣਦਾ ਹੈ।
ਛੱਡ ਕੇ ਮੰਗ ਫਰਜ਼ੰਦ ਦੀ ਬਹੁਤੀ ਕਰੀ ਦਲੇਰੀ ਗਏ।
ਤਪਦੀ ਤਵੀ ਤੇ ਗੁਰੂ ਅਰਜਨ ਬਹਿ ਕੇ ਮਾਲਾ ਫੇਰੀ ਗਏ।

ਕੇਸੀਂ ਗਰਮ ਬਰੇਤੀ ਗੇਰਨ ਸਿਖ਼ਰ ਦੁਪੈਰਿਆਂ ਨੂੰ।
ਦਿਲ ਠਰਦਾ ਹਿੱਕ ਤਪਦੀ ਲੱਗਦਾ ਸੇਕ ਮੁਛੈਰਿਆਂ ਨੂੰ।
ਬਲਿਹਾਰੇ ਹਿੱਕ ਕੱਢ ਕੇ ਰੋਕੀ ਜ਼ੁਲਮ ਹਨੇਰੀ ਗਏ।
ਤਪਦੀ ਤਵੀ ਤੇ ਗੁਰ ਅਰਜਨ ਬਹਿ ਮਾਲਾ ਫੇਰੀ ਗਏ।

ਬਾਬੂ ਰਜਬ ਅਲੀ ਇਹ ਲਿਖਦਿਆਂ ਭੁੱਲ ਭੁਲਾ ਜਾਂਦਾ ਹੈ ਕਿ ਉਹ ਇਸਲਾਮੀ ਘਰ ਵਿੱਚ ਜੰਮਿਆ ਜਾਇਆ ਹੈ। ਅਸਲ ਵਿੱਚ ਇਸਲਾਮ ਜਾਂ ਧਰਮ ਦੀ ਗਰਮੀ ਦਾ ਉਦੋਂ ਅਜੇ ਬਹੁਤਾ ਬੁਖਾਰ ਹੀ ਨਹੀਂ ਸੀ ਹੁੰਦਾ, ਜਿਨ੍ਹਾਂ ਵਕਤਾਂ ਵਿੱਚ ਇਤਿਹਾਸ ਦੇ ਰੂ-ਬਰੂ ਖਲੋ ਕੇ ਬਾਬੂ ਰਜਬ ਅਲੀ ਨੇ ਇਹ ਕਿੱਸਾ ਲਿਖਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਹਿੰਦੂ, ਮੁਸਲਿਮ, ਸਿੱਖ ਈਸਾਈ ਲਈ ਤੀਸਰੀ ਜਾਤ ਗੋਰਾ ਫਰੰਗੀ ਸੀ। ਉਹ ਹੀ ਦੁਸ਼ਮਣ ਸੀ ਅਤੇ ਉਸ ਦੇ ਖਿਲਾਫ ਲੜਦੇ ਸੂਰਮਿਆਂ ਸ਼ਹੀਦ ਭਗਤ ਸਿੰਘ ਵਰਗਿਆਂ ਦੀਆਂ ਸ਼ਹੀਦੀਆਂ ਦੇ ਪ੍ਰਸੰਗ ਬਾਬੂ ਰਜਬ ਅਲੀ ਦੀ ਕਲਮ ਨੇ ਲਿਖੇ। ਆਪਣੇ ਸਮਕਾਲੀ ਦੇਸ਼ ਭਗਤੀ ਵਾਲੇ ਮਾਹੌਲ ਦੇ ਪੜੁੱਲ ਤੇ ਖਲੋ ਕੇ ਉਹ ਇਤਿਹਾਸ ਵੱਲ ਦੇਖਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਸ ਨੂੰ ਇਹ ਪ੍ਰਰੇਨਾ ਦਿੰਦੀ ਕਿ ਉਹ ਇਸ ਨੂੰ ਆਪਣੀ ਲਿਖਤ ਦਾ ਆਧਾਰ ਬਣਾਵੇ। ਛੰਦਾਬੰਦੀ ਦੇ ਵੰਨ-ਸੁਵੰਨੇ ਪ੍ਰਬੰਧ ਦੀ ਸਿਖਰਲੀ ਲਿਆਕਤ ਦਾ ਸਵਾਮੀ ਹੋਣ ਸਦਕਾ ਵੰਨ ਸੁਵੰਨਤਾ ਅਤੇ ਅਨੁਭਵ ਪ੍ਰਗਟਾਵਾ ਉਸ ਦੀ ਸ਼ਾਇਰੀ ਨੂੰ ਚਾਰ ਚੰਨ ਲਾਉਂਦੇ ਹਨ। ਇਹੀ ਕਾਰਨ ਹੈ ਕਿ ਮਾਲਵਾ ਦੇਸ਼ ਵਿੱਚ ਅੱਜ ਵੀ ਬਾਬੂ ਰਜਬ ਅਲੀ ਦਾ ਕਲਾਮ ਗਾਉਣ ਵਾਲੇ ਕਵੀਸ਼ਰਾਂ ਦੀ ਗਿਣਤੀ ੨੦੦ ਤੋਂ ਵੱਧ ਹੋਵੇਗੀ। ਬਾਬੂ ਰਜਬ ਅਲੀ ਦੇ ਗੀਤਾਂ ਨੂੰ ਮੁਹੰਮਦ ਸਦੀਕ ਵਰਗੇ ਪਰਪੱਕ ਗਵੱਈਆਂ ਨੇ ਵੀ ਗਾਇਆ ਅਤੇ ਸਤਿੰਦਰ ਸਰਤਾਜ ਵਰਗੇ ਅਸਲੋਂ ਨਵੇਂ ਸੁਰੀਲੇ ਪੁੱਤਰਾਂ ਨੇ ਵੀ। ਸਿਰਜਣਾ ਦੀ ਇਕ ਸਦੀ ਮੁਕੰਮਲ ਹੋਣ ਤੋਂ ਬਾਅਦ ਵੀ ਜੇ ਅੱਜ ਬਾਬੂ ਰਜਬ ਅਲੀ ਦੀ ਲਿਖਤ ਦੇ ਹਜ਼ਾਰਾਂ ਪਾਠਕ ਉਨ੍ਹਾਂ ਨੂੰ ਹਿੱਕ ਨਾਲ ਲਾਈ ਬੈਠੇ ਹਨ ਤਾਂ ਇਹ ਸ਼ਬਦ ਸ਼ਕਤੀ ਦਾ ਹੀ ਪ੍ਰਮਾਣ ਕਿਹਾ ਜਾ ਸਕਦਾ ਹੈ।

ਕਿੱਸਾ ਜੰਗ ਮਹਾਂਭਾਰਤ ਦਾ ਲਿਖਣ ਵੇਲੇ ਵੀ ਬਾਬੂ ਰਜਬ ਅਲੀ ਸਾਨੂੰ ਪੰਜਾਬ ਦੀ ਮਿੱਟੀ ਦੇ ਕਣ ਕਣ ਨਾਲ ਵਾਕਿਫ ਕਰਵਾਉਂਦਾ ਹੈ। ਇਤਿਹਾਸ ਦੇ ਪੁਰਾਤਨ ਪੱਤਰੇ ਫੋਲਦਿਆਂ ਉਹ ਸਾਨੂੰ ਇੰਝ ਵਾਰਤਾ ਸੁਣਾਉਂਦਾ ਹੈ, ਜਿਵੇਂ ਸਾਰਾ ਕੁਝ ਸਾਡੇ ਸਾਹਮਣੇ ਵਾਪਰਦਾ ਹੋਵੇ ਜਾਂ ਮਹਾਂਭਾਰਤ ਦੀ ਜੰਗ ਵੇਲੇ ਬਾਬੂ ਰਜਬ ਅਲੀ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਖੁਦ ਹਾਜ਼ਰ ਹੋਵੇ। ਹਵਾਲੇ ਵਜੋਂ ਇਹ ਸਤਰਾਂ ਵੇਖੋ :

ਕਹਿਣ ਲੱਗੇ ਮਾਪਿਆਂ ਨੂੰ ਵਿਆਹ ਕੇ ਡੋਬਤੀ।
ਪਾਂਡੋ ਬਲੀ ਲੈਗੇ ਜਿੱਤ ਕੇ ਦਰੋਪਤੀ।
ਭੀਸ਼ਮ ਪਿਤਾਮਾ ਨੇ ਮੰਗਾ ਕੇ ਪੋਤਿਆਂ ਨੂੰ।
ਮੇਵੇ ਵੰਡੇ ਰੋੜਾਂ ਤੋਂ ਉਠਾ ਕੇ ਤੋਤਿਆਂ ਨੂੰ।
ਅੱਧ ਰਾਜ ਵੰਡਤਾ ਧਰਿੱਤ ਤਾਏ ਜੀ।
ਦੁੱਖ-ਸੁੱਖ ਕਰਦੇ ਭਰਾ ਦੇ ਜਾਏ ਜੀ।
ਅਜੇ ਖੜ੍ਹੀ ਪਾਂਡੋ ਦੀ ਨਿਸ਼ਾਨੀ ਠੀਕ ਹੈ।
ਇੰਦਰ ਪ੍ਰਸਤ ਦਿੱਲੀ ਦੇ ਨਜ਼ੀਕ ਹੈ।

ਕੰਧ ਨਾਲ ਵੱਜਿਆ ਤੜੱਕ ਮੱਥਾ ਜੀ।
ਪੱਕੀ ਕੰਧ ਮੱਥੇ 'ਚੋਂ ਚਟਾਕ ਲੱਥਾ ਜੀ।
ਆਖਦੀ ਦਰੋਪਤੀ ਕਰੇ ਕੀ ਅੰਧਾ ਜੀ।
ਕੰਧੀਂ ਮਾਰੇ ਟੱਕਰਾਂ ਸਦਾਈ ਬੰਦਾ ਜੀ।

ਬਾਬੂ ਰਜਬ ਅਲੀ ਕੋਲ ਸ਼ਬਦ ਸ਼ਕਤੀ ਦਾ ਅਥਾਹ ਭੰਡਾਰ ਹੈ। ਇਸ ਨੂੰ ਉਸ ਨੇ ਕਿਤਾਬਾਂ ਵਿੱਚੋਂ ਗ੍ਰਹਿਣ ਨਹੀਂ ਕੀਤਾ, ਸਗੋਂ ਲੋਕ ਵੇਦ ਵਿੱਚੋਂ ਪੜ੍ਹਿਆ ਹੈ। ਇਸੇ ਕਰ ਕੇ ਸ਼ਬਦ ਉਸ ਦੀ ਅਰਦਲ ਵਿੱਚ ਅਰਜ਼ਮੰਦਾਂ ਵਾਂਗ ਆਣ ਖੜੋਦੇ ਹਨ। ਉਹ ਸਥਾਨਿਕ ਨਾਇਕਾਂ ਬੀਬੀ ਹਰਨਾਮ ਕੌਰ ਦੀ ਬਹਾਦਰੀ ਅਤੇ ਹਰਫੂਲ ਸਿੰਘ ਸੂਰਮੇ ਦੀ ਵਾਰਤਾ ਲਿਖਣ ਵੇਲੇ ਵੀ ਲੋਕ ਵੇਦ ਦੇ ਹਵਾਲਿਆਂ ਤੋਂ ਮੁਕਤ ਨਹੀਂ ਹੁੰਦਾ। ਹਰਨਾਮ ਕੌਰ ਦੀ ਵੀਰਤਾ ਦੀ ਕਹਾਣੀ ਬਾਬੂ ਰਜਬ ਅਲੀ ਦੀ ਜ਼ੁਬਾਨੀ ਸੁਣੋ :

ਸੁਣੀਂਦਾ ਪੰਜਾਬ 'ਚੋਂ ਲੜਾਕਾ ਮਾਲਵਾ
ਏਥੇ ਮਾਵਾਂ ਲੈਣ ਬੱਚਿਆਂ ਨੂੰ ਪਾਲ ਵਾਹ
ਕਾਕੀ ਹਰਨਾਮੀ ਜੰਮੀਂ ਇਨ੍ਹਾਂ ਝਾੜਾਂ ਦੀ
ਮਰਨੋਂ ਡਰੇਂ ਨਾ ਵੰਸ਼ਜ ਬਰਾੜਾਂ ਦੀ

ਇਸ ਧਰਤੀ ਦੀਆਂ ਧੀਆਂ ਦੀ ਵੀਰਤਾ ਨੂੰ ਵਰਨਣ ਕਰਨ ਲੱਗਾ ਉਹ ਇਸ ਗੱਲ ਨੂੰ ਕਦੀ ਨਹੀਂ ਵਿਸਾਰਦਾ ਕਿ ਉਹ ਵੀਰਤਾ ਦੀ ਗਾਥਾ ਕਹਿ ਰਿਹਾ ਹੈ, ਕਿਸੇ ਔਰਤ ਦੀ ਕਹਾਣੀ ਨਹੀਂ ਬਿਆਨ ਰਿਹਾ। ਸ਼ਾਇਦ ਇਸੇ ਕਰਕੇ ਡਾਕੂ ਲੁਟੇਰਿਆਂ ਦੀ ਨਫਰਤ ਅਤੇ ਦਲੇਰ ਧੀ ਲਈ ਆਦਰ ਮਾਣ ਦਾ ਮਾਹੌਲ ਉਸਾਰਦਾ ਹੈ। ਜੰਗਲ ਦੇਸ਼ ਮਾਲਵੇ ਦੀ ਬਹਾਦਰੀ ਦਾ ਇਹ ਕਿਣਕਾ ਸਾਡੇ ਸਾਹਮਣੇ ਔਰਤ ਨੂੰ ਬਲਵਾਨ ਹਿੱਸੇ ਵਜੋਂ ਪੇਸ਼ ਕਰਦਾ ਹੈ। ਇਹ ਉਹੀ ਧਰਤੀ ਹੈ, ਜਿਥੇ ਕਦੀ ਮਾਈ ਭਾਗੋ ਨੇ ਆਪਣੇ ਭਰਾਵਾਂ ਤੇ ਪੁੱਤਰਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡਣ ਤੇ ਵੰਗਾਰਿਆ ਸੀ। ਹਰਫੂਲ ਸੂਰਮੇ ਦੀ ਵਾਰਤਾ ਕਹਿਣ ਲੱਗਾ ਵੀ ਉਹ ਲੋਕ ਮੁਹਾਵਰੇ ਨੂੰ ਇਸ ਤਰ੍ਹਾਂ ਵਰਤਦਾ ਹੈ, ਜਿਵੇਂ ਵਿਰਸੇ ਦੀਆਂ ਅਨਮੋਲ ਸ਼ਬਦ ਲੜੀਆਂ ਉਸ ਦੀ ਲਿਖਤ ਨੂੰ ਉਡੀਕ ਰਹੀਆਂ ਹੋਣ। ਵੱਖ-ਵੱਖ ਛੰਦ ਘਟਨਾਵਾਂ ਮੁਤਾਬਕ ਤਬਦੀਲ ਹੁੰਦੇ ਹਨ। ਮਨੋਹਰ ਭਵਾਨੀ ਛੰਦ ਮੇਰੀ ਚੇਤਨਾ ਵਿੱਚ ਪਹਿਲਾਂ ਕਦੇ ਨਹੀਂ ਸੀ ਆਇਆ। ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਬਾਬੂ ਰਜਬ ਅਲੀ ਤੋਂ ਬਿਨਾਂ ਕਿਸੇ ਵੀ ਹੋਰ ਨੇ ਇਸ ਛੰਦ ਦੀ ਏਨੀ ਭਰਵੀਂ ਵਰਤੋਂ ਨਹੀਂ ਕੀਤੀ :

ਪੀਲ਼ੀ ਹਲਦੀ ਤੋਂ ਕੀਤੀ, ਦੁੱਖ ਦਰਜੀ ਨੇ ਸੀਤੀ, ਰੱਤ ਹਉਕਿਆਂ ਨੇ ਪੀਤੀ,
ਸੰਨਸਿਆਂ ਨੇ ਮਾਰਤੀ। ਘੜੀ-ਘੜੀ ਸੌ-ਸੌ ਸਾਲ ਦੀ ਗੁਜ਼ਾਰਤੀ।
ਦਿਲੀ ਮੁੱਦਤਾਂ ਤੋਂ ਤਾਂਘਾਂ, ਉਚੀ-ਉਚੀ ਮਾਰੇ ਚਾਂਗਾਂ, ਵੱਜੀਆਂ ਵੈਰਾਗ ਸਾਂਗਾਂ,
ਕੋਮਲ ਸਰੀਰ ਦੇ । ਤੇਜੋ ਗਲ੍ਹ ਚਿੰਬੜੀ ਡਡਿਆਕੇ ਵੀਰ ਦੇ।

ਏਨਾ ਸੁੱਚਾ ਸੁਥਰਾ ਤੇ ਸੰਜਮੀ ਅਨੁਭਵ ਪ੍ਰਗਟਾਅ ਵਿਰਲੇ ਸ਼ਾਇਰਾਂ ਨੂੰ ਨਸੀਬ ਹੁੰਦਾ ਹੈ। ਬਾਬੂ ਰਜਬ ਅਲੀ ਸ਼ਬਦਾਂ ਨੂੰ ਰੰਗਾਂ ਵਾਂਗ ਵਰਤਦਾ ਹੈ। ਵੱਖ-ਵੱਖ ਰੰਗਾਂ ਵਿੱਚੋਂ ਚਿਹਰੇ ਉਘਾੜਦਾ ਹੈ। ਰੰਗਾਂ ਨੂੰ ਬੋਲਣ ਅਤੇ ਜੀਵੰਤ ਅੰਦਾਜ਼ ਵਿੱਚ ਵਿਚਰਨ ਵਿਧੀ ਸਿਖਾਉਂਦਾ ਹੈ। ਇਹ ਸ਼ਕਤੀ ਵਿਰਲੇ ਸਿਰਜਕਾਂ ਦੇ ਹਿੱਸੇ ਆਉਂਦੀ ਹੈ ਕਿ ਉਨ੍ਹਾਂ ਦੇ ਲਿਖੇ ਬੋਲ ਮਨ-ਇੱਛਤ ਨਤੀਜੇ ਮੁਤਾਬਕ ਅੱਗੇ ਤੁਰਨ। ਸਾਨੂੰ ਬਾਬੂ ਰਜਬ ਅਲੀ ਦੀ ਲਿਖਤ ਵਿੱਚੋਂ ਸਮਾਜ ਸ਼ਾਸਤਰੀ ਅਧਿਐਨ ਦੀਆਂ ਸੰਭਾਵਨਾਵਾਂ ਨੂੰ ਵੀ ਵੇਖਣਾ ਪਰਖਣਾ ਚਾਹੀਦਾ ਹੈ।

ਬਾਬੂ ਰਜਬ ਅਲੀ ਦੀ ਲਿਖਤ ਵਿੱਚ ਧਰਤੀ ਬੋਲਦੀ ਆਪਣੇ ਦੁੱਖ ਸੁੱਖ ਸੁਣਾਉਂਦੀ ਆਪਣੇ ਪੁੱਤਰਾਂ ਦੇ ਗੁਣਾਂ ਔਗੁਣਾਂ ਨੂੰ ਪੇਸ਼ ਕਰਦੀ ਹੈ। ਪੂਰੀ ਬੇਲਿਹਾਜ਼ ਹੈ ਬਾਬੂ ਰਜਬ ਅਲੀ ਦੀ ਕਵਿਤਾ। ਸਾਡੀਆਂ ਨਾਲਾਇਕੀਆਂ ਤੇ ਪਰਦਾ ਨਹੀਂ ਪਾਉਂਦੀ। ਸਾਡੀਆਂ ਕਮੀਨਗੀਆਂ ਨੂੰ ਸਾਡੇ ਸਾਹਮਣੇ ਸਿੱਧਾ ਖੜਾ ਕਰ ਦਿੰਦੀ ਹੈ। ਸਬਕ ਦਿੰਦੀ ਹੈ, ਸਦੀਵ ਕਾਲੀ ਪ੍ਰੇਰਨਾ ਵਰਗਾ, ਜਿਸ ਦੀ ਰੌਸ਼ਨੀ ਵਿੱਚ ਮਨੁੱਖ ਕਦੇ ਵੀ ਖੁਦ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਦੀ ਦਾਦ ਦੇਣੀ ਬਣਦੀ ਹੈ, ਜਿਸ ਨੇ ਹਿੰਮਤ ਕਰ ਕੇ ਬਾਬੂ ਰਜਬ ਅਲੀ ਦੀ ਇਸ ਅੱਠਵੀਂ ਲਿਖਤ ਨੂੰ ਸੰਪਾਦਿਤ ਕਰਕੇ ਪੰਜਾਬੀ ਪਿਆਰਿਆਂ ਸਨਮੁੱਖ ਪੇਸ਼ ਕੀਤਾ ਹੈ। ਮੈਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਮੂਹ ਪਰਿਵਾਰ ਵੱਲੋਂ ਕਵੀਸ਼ਰ ਸੁਤੰਤਰ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ। ਇਸ ਪੁਸਤਕ ਤੋਂ ਬਾਅਦ ਬਾਕੀ ਰਹਿੰਦਾ ਕਲਾਮ ਵੀ ਉਹ ਇਸੇ ਸ਼ਕਤੀ ਨਾਲ ਸਾਡੇ ਸਾਹਮਣੇ ਲਿਆਉਣਗੇ, ਇਹ ਮੇਰਾ ਵਿਸ਼ਵਾਸ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਦੇ ਸੰਚਾਲਕ ਵੀ ਇਸ ਚੰਗੇ ਕਾਰਜ ਲਈ ਮੁਬਾਰਕਬਾਦ ਦੇ ਹੱਕਦਾਰ ਹਨ।

ਵਿਰਸੇ ਦੀਆਂ ਅਨਮੋਲ ਕਣੀਆਂ ਦੇ ਰੂ-ਬ-ਰੂ ਕਰਨ ਲਈ ਸੰਪਾਦਕ ਅਤੇ ਪ੍ਰਕਾਸ਼ਕ ਵੀਰਾਂ ਦਾ ਜਿੰਨਾ ਸ਼ੁਕਰੀਆ ਕੀਤਾ ਜਾਵੇ, ਥੋੜ੍ਹਾ ਹੈ।

- ਗੁਰਭਜਨ ਸਿੰਘ ਗਿੱਲ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ