Sarsabz Patjharan Sukhpal : Vir Singh Hasrat

ਸਰਸਬਜ਼ ਪਤਝੜਾਂ : ਸੁਖਪਾਲ ਵੀਰ ਸਿੰਘ ਹਸਰਤ

1. ਮੈਂ ਫੁੱਲ ਤੇਰਾ

ਤੂੰ ਗੀਤ-ਅਨੂਪ, ਸਰੂਪ-ਜਿਗਰ,
ਤੂੰ ਇਸ਼ਕ-ਲਹਿਰ ਦਾ ਸਾਜ਼-ਹਿਜਰ,
ਸਤਿ-ਜੋਤ-ਅਖੰਡ-ਬ੍ਰਹਿਮੰਡਾਂ ਵਿਚ
ਆਕਾਸ਼, ਪਾਤਾਲ ਨਿਵਾਸ ਤੇਰਾ।
ਧਰਤੀ ਤੇ 'ਕੁੱਦਰਤ' ਅੱਕਸ ਤੇਰਾ,
ਹਰ ਜ਼ੱਰੇ ਵਿਚ ਸਾਕਾਰ ਹੈਂ ਤੂੰ,
ਜੀ-ਦਾਨ-ਦਵੱਯਾ, ਅਚਲ, ਅਟਲ,
ਹਰ ਆਤਮਾਂ ਵਿਚ ਪਰਕਾਸ਼ ਤੇਰਾ।
ਹਰ ਸੁੰਦਰਤਾ ਦੀ ਸੋਹਜ-ਤੜੱਪ-
ਮੈਂ ਭੇਤ ਤੇਰਾ, ਤੂੰ ਨੂਰ ਮੇਰਾ।

ਮਜ਼ਲੂਮ, ਮਸੂਮ, ਅਨਾਥ, ਅਧਨ,
ਹਨ ਰੂਪ ਤੇਰੇ, ਦਿਲ-ਤਾਨ ਮੇਰੀ।
ਮਜ਼ਦੂਰ, ਕਿਸਾਨ, ਇਮਾਨ-ਜਹਾਂ,
ਸਭ ਕਿਰਣ ਤੇਰੀ, ਰਸ ਬੂੰਦ ਮੇਰੀ।
ਹੈ ਕਵਿਤਾ, ਨਿਰਤ ਕਿ ਚਿੱਤ੍ਰ ਕੋਈ
ਮੂਰਤ ਜਾਂ ਨਾਦ ਜਾਂ ਵੇਦ-ਰਿਚਾ,
ਸਭ ਸੱਗਲ-ਪੱਸਾਰ-ਅਕਾਰ ਤੇਰਾ
ਇਕ ਬੂੰਦ ਹੈ ਉਸ ਚੋਂ ਜਾਨ ਮੇਰੀ।
ਦਿਲ ਨਿਰਾਧਾਰ-ਨਿਰਵੈਰ ਤੇਰਾ,
ਮੈਂ ਫੁੱਲ ਤੇਰਾ, ਤੂੰ ਬਾਸ ਮੇਰੀ।

2. ਅਖੀਓ ਤੁਸੀਂ ਰੋਵੋ ਨਾ

ਸੀ ਰਾਤ ਅਮਾਵਸ ਦੀ,
ਤੁਸੀਂ ਚੰਨ ਚਮਕਦੇ ਸੀ।
ਜੀਵਨ ਦੀਆਂ ਪੀਘਾਂ ਹੋ
ਹੁਸਨਾਂ ਦਾ ਅਮਰਿਤ ਹੋ,
ਅੰਬਰਾਂ ਦੀ ਨੀਲੱਤਨ-ਕੁਲ
ਲੁੱਕੀ ਹੈ ਤੁਹਾਡੇ ਵਿਚ।
ਅਰਸ਼ਾਂ ਦੀ ਚਿੰਗਾਰੀ ਹੋ
ਚਾਨਣ ਤੁਸੀਂ ਧਰਤੀ ਦਾ
ਇਕ ਸਹਜ-ਅਨੰਤੀ ਹੋ,
ਆਧਾਰ ਹੋ ਲੀਲ੍ਹਾ ਦਾ
ਜਾਂ ਪ੍ਰੇਮ-ਤਰੰਗਾਂ ਹੋ
ਜਾਂ ਦਿੱਵ-ਸਨੇਹੇ ਹੋ
ਜਾਂ ਮੱਦ-ਕਟੋਰੇ ਹੋ
ਜਾਂ ਮੰਤਰ ਫੁਰਦੇ ਹੋ
ਚਾਵਾਂ ਦਾ ਜੋਬਨ ਹੋ
ਜ਼ੁਲਫ਼ਾਂ ਦੀ ਸ਼ੱਕਤੀ ਹੋ
ਕਾਬੂ ਕੋਈ ਪਾਵੇ ਕਿਉਂ
ਤਾਸੀਰ ਤੁਹਾਡੀ ਤੇ
ਤੂਸੀਨ ਮਾਖਿਓਂ ਮਿੱਠਾ ਹੋ
ਬੇਫ਼ਾਇਦਾ ਚੋਵੋ ਨਾ,
ਅਖੀਓ ਤੁਸੀਂ ਰੋਵੋ ਨਾ।

ਇਕ ਐਟਮ ਧਰਤੀ ਤੇ
ਪਰਲੋ ਦਾ ਮਾਲਿਕ ਹੈ
ਤੁਸੀਂ ਲੱਖਾਂ ਐਟਮ ਹੋ
ਧਰਤੀ ਨੂੰ ਫੂਕੋ ਤਾਂ-
ਇਕ ਨਜ਼ਰ-ਅਪੁੱਠੀ ਤੋਂ,
ਜੋ ਸਾਗਰ-ਜੁਆਲਾ ਹੈ।
ਜਾਂ ਬਿਰਹਾ-ਧਾਰਾਂ ਹੋ,
ਜਾਂ ਅਚਲ-ਬਹਾਰਾਂ ਹੋ
ਸੱਰਗਮ ਦੀਆਂ ਤਾਰਾਂ ਹੋ,
ਜਾਂ ਤੱਤੀਆਂ ਲੂਆਂ ਹੋ
ਕਾਂਗਾਂ ਬਣ ਜਾਵੋ ਤਾਂ
ਛਾਵੋ ਦਿਲ-ਜਿਗਰਾਂ ਤੇ
ਰੂਹਾਂ ਦਿਆਂ ਖੇਤਾਂ ਤੇ
ਪਾਵੋ ਕੋਈ ਭੜਥੂ ਚਾ,
ਇੱਕ ਜਿੰਦ-ਨਿਮਾਣੀ ਦੀ
ਜੇ ਲੁੱਟ ਕੇ ਹਸਤੀ ਨੂੰ
ਸਨਤੁੱਠ ਨਾ ਹੋਈਆਂ ਤਾਂ
ਬਸ ਤੇਜ਼ ਕਟਾਰਾਂ ਹੋ।
ਜੇ ਦੇਣ ਹੋ ਦਾਤੇ ਦੀ
ਅਣਡਿਠ-ਵਿਧਾਤੇ ਦੀ
ਤਾਂ ਭੌ ਨੂੰ ਵਿਸਾਰੋ ਨਾ
ਖਲਕਤ ਤਾਈਂ ਕੋਹੋ ਨਾ,
ਅਖੀਓ ਤੁਸੀਂ ਰੋਵੋ ਨਾ।

ਹਾਂ, ਜੋਤ-ਅਖੰਡਿਤ ਹੋ
ਜੀਵਨ-ਉਜਿਆਰਾ ਹੋ
ਬਿਰਹਾ ਦਾ ਜਾਦੂ ਹੋ
ਦਾਰੂ ਹੋ ਤਪੱਸਿਆ ਦਾ,
ਜੇ ਹਸਤ ਨਾ ਹੋਵੋ ਤਾਂ
ਹਰ ਹੁਸਨ ਹਨੇਰਾ ਹੈ
ਹਰ ਇਸ਼ਕ ਨਿਕੰਮਾਂ ਹੈ।
ਕੋਈ ਵਣਜਾਰਾ ਜੇ
ਕਦਰਾਂ ਤੋਂ ਖ਼ਾਲੀ ਹੋ
ਮੁੱਲ ਆਪਦਾ ਪਾਵੇ ਨਾ
ਤਾਂ ਝੱਟ ਹੀ ਰੋਵੋ ਨਾ।

ਤਾਂਘਾਂ ਵਿਚ ਜੀਵਨ ਹੈ
ਤਾਂਘਾਂ ਵਿਚ ਸ਼ੱਕਤੀ ਹੈ
ਲੁੱਕੀ ਤੇ ਦਿੱਸਦੀ ਇਕ
ਜੀਵਨ ਦੀ ਘੱਟਨਾਂ ਦਾ
ਪਰਤੱਖ ਇਸ਼ਾਰਾ ਹੋ
ਜੋ ਸਾਹਮਣੇਂ ਆਵੇਗਾ।
ਹਾਂ, ਫੁੱਲ ਗੁਲਾਬੀ ਹੋ
ਸ਼ਰਮਾਂਦੀਆਂ ਕੱਲੀਆਂ ਹੋ,
ਧੜਕਣ ਤੇ ਕੰਬਣ ਹੋ
ਪਿਆਰਾਂ ਦੀ ਤੱਕਣੀਂ ਹੋ
ਜੀਵਨ ਦੀ ਸ਼ਕਤੀ ਹੋ
ਜੀਵਨ ਦੀ ਜਵਾਲਾ ਹੋ
ਤਾਂ ਖਿੱਚ ਵਿਗੋਵੋ ਨਾ,
ਅਖੀਓ ਤੁਸੀਂ ਰੋਵੋ ਨਾ।

3. ਨਵਾਂ ਸਵੇਰਾ

ਹਰ ਰੰਗ ਮਸਤ, ਹਰ ਰਾਗ ਮਸਤ।
ਜੀਵਨ ਦੇ ਅਨੁਪਮ ਸਾਜ਼ ਮਸਤ।
ਅੱਜ ਵਿਸ਼ਵ-ਢਾਹ-ਤਲਵਾਰ ਮਸਤ।
ਮੱਦਮਸਤ-ਖ਼ੂਨ-ਜ਼ਰਦਾਰ ਮਸਤ।
ਆਕਾਸ਼-ਚੀਰ-ਲਿਸ਼ਕਾਰ ਮਸਤ।
ਜੋਬਨ ਵਿਚ ਜਿਵੇਂ ਖ਼ੁਮਾਰ ਮਸਤ।
ਅੱਜ ਹਿਕੜੀ ਉਤੇ ਉਭਾਰ ਮਸਤ,
ਜਿਉਂ ਸੂਹੇ-ਰਸ-ਅਨਾਰ ਮਸਤ।
ਹਰ ਗੁੱਲ ਮਸਤ, ਗੁਲਜ਼ਾਰ ਮਸਤ।
ਹੈ ਕਲੀਆਂ-ਖਿੜੀ ਬਹਾਰ ਮਸਤ।
ਸਦ ਰੰਗ ਅਦਾਵਾਂ ਨਖ਼ਰੇ ਨੇ,
ਹੁਸਨਾਂ ਦੇ ਤਾਬੇਦਾਰ ਮਸਤ।
ਔਹ ਵੇਖੋ ! ਜ਼ਰਦ-ਨੀਲੱਤਣ ਵਿਚ,
ਬਾਹਾਂ ਦਾ ਗਲ ਵਿਚ ਹਾਰ ਮਸਤ।
ਹਨ ਮਿਲਦੇ ਧਰਤ-ਅਕਾਸ਼ ਜਿਵੇਂ,
ਹੁਸਨ-ਇਸ਼ਕ ਦਾ ਮੇਲ ਇਵੇਂ;
ਹੈ ਗਗਨ ਧਰਤ ਨੂੰ ਇਉਂ ਛੋਂਹਦਾ,
ਜਿਉਂ ਬੁਲ੍ਹੀਆਂ ਤੇ ਚੁੰਮਕਾਰ ਮਸਤ।
ਕੇਹੜਾ ਆਸ਼ਿਕ ? ਮਾਸ਼ੂਕ ਕਿਹੜਾ?
ਨਹੀਂ ਲੋੜ ਧਰਤ ਤੇ ਜਾਨਣ ਦੀ,
ਜੋ ਰਾਜ਼ ਏਸ ਨੂੰ ਜਾਣ ਰਹੀ
ਉਹ ਸਰਬ-ਜੋਤ-ਸਰਕਾਰ ਮਸਤ।
ਕੋਈ ਕਹਿੰਦੈ ਰੱਬ ਦੀ ਨਾਰ ਮਸਤ।
ਕੋਈ ਕਹਿੰਦੈ ਹਨ ਜੁਗ-ਚਾਰ ਮਸਤ।
ਕੋਂਈ ਕਹਿੰਦੈ ਲੱਖ-ਹਜ਼ਾਰ ਮਸਤ।
ਮੇਰੇ ਦਿਲ ਦੀ ਇਕ-ਇਕ ਤਾਰ ਮਸਤ।
ਮੈਂ ਕੀ ਦੱਸਾਂ ਕੋਈ ਨਾਰ ਮਸਤ?
ਹੈ ਇਕ ਮਸਤ ਜਾਂ ਚਾਰ ਮਸਤ?
ਮੇਰਾ ਮਹਿਕੇ ਸਰਬ-ਪਿਆਰ ਮਸਤ।
ਹਰ ਰਬ ਦਾ ਹਰ ਸੰਸਾਰ ਮਸਤ।
ਸਭ ਵਿਸ਼ਵ-ਜ਼ੰਜੀਰਾਂ ਤਿੜਕ ਰਹੀਆਂ।
ਸਭ ਕਾਣੀਆਂ-ਵੰਡਾਂ ਤਿੜਕ ਰਹੀਆਂ।
ਸਭ ਜ਼ਾਤਾਂ-ਨੱਸਲਾਂ ਤਿੜਕ ਰਹੀਆਂ।
ਦੇਸ਼ਾਂ ਦੀਆਂ ਸੀਮਾਂ ਥਿੜਕ ਰਹੀਆਂ।
ਇਸ ਵਾਸਤੇ ਨਵ-ਸੰਸਾਰ ਅੰਦਰ,
ਨਵ-ਜੋਬਨ ਦੇ ਸਰਦਾਰ ਮਸਤ।
ਕੋਈ ਮੌਤ ਦੇ ਸੋਹਿਲੇ ਗਾਂਦਾ ਨਹੀਂ,
ਕੋਈ 'ਖ਼ੂਨ ਦੇ ਸੋਹਿਲੇ' ਗਾਂਦਾ ਨਹੀਂ,
ਜੰਗਾਂ ਦੇ ਨਗ਼ਮੇਂ ਦੂਰ ਹੋਏ,
ਯੁਧਾਂ ਦੇ ਗੀਤ ਕਾਫ਼ੂਰ ਹੋਏ,
ਅੱਜ ਪਿਆਰ-ਮਹਿਕ ਦੇ ਵਿਚ ਮਹਿਕੀ,
ਵਾਹ ! ਫੁੱਲਾਂ ਦੀ ਮਹਿਕਾਰ ਮਸਤ।
ਹਰ ਗੀਤ ਮਸਤ, ਗੁੰਜਾਰ ਮਸਤ,
ਹਰ ਜੀਵਨ ਦਾ ਤੱਕਰਾਰ ਮਸਤ।
ਇਸਰਾਰ ਮਸਤ, ਇਕਰਾਰ ਮਸਤ,
ਹਾਂ, ਭਾਗਾਂ ਭਰੀ ਬਹਾਰ ਮਸਤ।
'ਸੋਹਣੀ' ਨਾ ਝਨਾਂ ਨੂੰ ਤੱਰ ਥਕੀ,
ਨਾ 'ਭਗਤ ਸਿੰਘ' ਜੇਹੇ ਹੁੱਟੇ,
ਪਰ ਅੱਜ ਦੀ ਮਹਫ਼ਿਲ ਵਿਚ ਵੇਖੋ,
ਸਤਲੁਜ ਤੇ ਨਾਲ ਚਨਾਬ ਮਸਤ।
ਹੁਣ ਨਵੇਂ-ਸਵੇਰੇ ਟਹਿਕ ਪਏ,
ਨਵ-ਆਸ਼ਾ, ਤਾਜ਼ਾ-ਉਮੰਗਾਂ ਦੇ,
ਨਵ-ਜਿੰਦ-ਕਿਰਨ ਦੀ ਧੜਕਣ 'ਚੋਂ,
ਧੱੜਕੇ ਪਿਆ ਨਵਾਂ-ਸ਼ਬਾਬ ਮਸਤ।
ਓਹ ਵੇਖੋ! ਪਹੁ-ਫੁਟਾਲੇ 'ਚੋਂ,
ਕੋਈ ਚਾਨਣਾਂ ਤਾਜ਼ਾ ਉੱਗਮ ਪਿਆ,
ਸਦੀਆਂ ਤੋਂ ਰੁਲਦੇ ਜੀਵਨ ਦੀ,
'ਹਸਰਤ' ਦਾ ਦਾਹਵੇਦਾਰ ਮਸਤ।
ਸਭ ਨਵੇਂ ਤਰੰਗਾਂ ਵਿਚ ਗਾਵਣ-
ਹਰ ਰੰਗ ਮਸਤ ਹਰ ਰਾਗ ਮਸਤ।
ਜੀਵਨ ਦੀ ਹਰ ਇਕ ਕਾਰ ਮਸਤ।
ਅਜ ਵਿਸ਼ਵ-ਤਾਰ-ਤਲਵਾਰ ਮਸਤ।

4. ਗੁਰੂ ਗੋਬਿੰਦ ਸਿੰਘ

ਈਮਾਨ ਮੇਰਾ, ਭਗਵਾਨ ਮੇਰਾ,
ਰੂਹਾਂ ਦਾ ਕੁਤਬ, ਇਸ਼ਕਾਂ ਦਾ ਵਲੀ,
ਸਾਗਰ ਦੀ ਛਲ੍ਹਕ, ਅਰਸ਼ਾਂ ਦੀ ਲਿਸ਼ਕ,
ਗੋਤਮ, ਦਾ ਜਿੱਗਰ, ਈਸਾ ਦਾ ਬੱਦਨ,
ਵਿਸ਼ਨੂੰ ਦਾ ਜਲੌ, ਬ੍ਰਹਮਾਂ ਦਾ ਸ਼ਬਦ,
ਸ਼ਿਵ-ਦਿਲ ਦੀ ਉਪਜ, ਬਲ ਰੂਪ ਕਰਣ,
ਮਨ-ਰਾਮ-ਧਨੁਸ਼, ਰੱਥ-ਕ੍ਰਿਸ਼ਨ ਉੱਦਮ,
ਸ਼ਾਹ-ਜਿਗਰ-ਹਵਾ ਮਸਤੀ ਦੀ ਸਦਾ
ਇਕ ਰਾਗ-ਅੱਮਰ ਗੋਬਿੰਦ-ਗੁਰੂ।

'ਕੁਦਰਤ' ਦਾ ਕੰਵਲ, ਨਿਰਤਾਂ ਦੀ ਦੱਮ੍ਹਕ,
ਚਿਤ੍ਰਾਂ ਦਾ ਚਿੱਤਰ, ਬੁੱਤਾਂ ਦਾ ਸਬਰ,
ਰੱਬ-ਰੂਪ-ਕਵੀ, ਸਾਹਿੱਤ ਸਿਖਰ,
'ਸੋਹਣੀ' ਦੀ ਝਨਾਂ, ਰਾਂਝੇ ਦਾ ਜਹਾਂ,
ਇਕ ਇਸ਼ਕ-ਲਹਿਰ, ਇਕ ਇਸ਼ਕ-ਤੱਪਸ਼,
ਬੀਰਾਂ ਦੀ ਚਿਣਗ, ਤੀਰਾਂ ਚੀ ਚੱਲਨ,
ਤੇਗ਼ਾਂ ਦੀ ਸੁਰਤਿ, ਸਤਿ-ਰੂਪ-ਰੱਵੀ,
ਗਰਦਸ਼ ਦਾ ਕਵੀ, ਜੱਲ-ਚਾਲ-ਤਰੱਲ।
ਕੰਸਾਂ ਦੀ ਅੱਜ਼ਲ, ਕੱਪਲਾਂ ਦੀ ਅੱਕਲ,
ਤੈਮੂਰ ਲਈ, ਕਾਲੀ ਦਾ ਅੱਕਸ;
ਪੰਜਾਬ ਦੀ ਹੈਂ ਰਗ-ਰਗ ਅੰਦਰ
ਸ਼ਾਹੇ-ਸ਼ਾਹਾਂ ਗੋਬਿੰਦ ਗੁਰੂ।

ਰਣ ਦਾ ਜੇਤੂ, ਸ਼ੱਕਤੀ ਦਾ ਪੱਤੀ,
ਪਰਚੰਡ-ਅਗਨ, ਜੀਵਨ ਦਾ ਹੱਵਨ,
ਦੇਵੀ ਦਾ ਖ਼ੁਦਾ, ਕਾਰੂੰ ਦੀ ਕਜ਼ਾ,
ਮਨਸੂਰੇ-ਰੱਵਸ਼, ਰੈਲਫ਼ ਦੀ ਝੱਲਕ,
ਚੰਨਾਂ ਦਾ ਚੰਨ, ਵਿਸ਼ਵ ਉਸਦੀ ਸ਼ਰਨ,
ਦਾਤਾਂ-ਦਾਤ, ਮਜ਼ਲੂਮ-ਪਨਾਹ,
ਅਭਿਮਾਨ-ਰਹਿਤ, ਸ੍ਵੈਮਾਨ-ਅਥਾਹ,
ਇਕ ਮਰਦ ਅਟੱਲ, ਅਵਿਨਾਸ਼-ਅਚੱਲ,
ਇਕ ਜੋਤ-ਅਛੁਹ, ਆਭਾ ਦੀ ਲੱਟਕ-
ਰੱਸ-ਰੂਪ-ਅਟਿੱਕ ਗੋਬਿੰਦ ਗੁਰੂ।

ਸੁਤ-ਦਾਨ ਦਿਤਾ, ਸੂਲ ਅਪਣਾਏ,
ਮਾਂ-ਗੋਦ ਤੱਜੀ, ਪਿਤਾ ਵਾਰ ਦਿਤਾ।
ਜੀਵਨ ਦੀ ਸਿਖਰ-ਸਿੱਖੀ ਦਾ ਅਸਰ,
ਇਕ ਕੌਮ ਬਣੀ, ਇਕ ਜੋਤ ਜਗੀ।
ਇਹ 'ਪੰਥ' ਅੱਮਰ, ਇਹ ਸ਼ਕਤ-ਅਖੁਟ।
ਇਕ ਅਮ੍ਰਿਤਸਰ, ਗੋਬਿੰਦ ਦਾ ਦਰ।
ਰੂਹਾਂ ਦੀ ਕੱਸ਼ਿਸ਼, ਅੰਗਾਂ ਦੀ ਤੜੱਪ,
ਜੰਗਾਂ ਦੀ ਗਰਜ; ਰਾਗਾਂ ਦਾ ਸਵਰ,
ਏਕਤ-ਮਰਮ, ਸਹਿਯੋਗ-ਧਰਮ,
ਉਹ ਕੋਮਲਤਾ, ਉਹ ਹੁਸਨ-ਤੱੜਪ-
'ਹਸਰਤ' ਦਾ ਖ਼ੁਦਾ, ਗੋਬਿੰਦ ਗੁਰੂ।

(ਰੈਲਫ਼=ਵਿਸ਼ਵ-ਪ੍ਰੀਤੀ ਤੋਂ ਜਾਨ ਵਾਰਨ ਵਾਲੇ
ਮਸ਼ਹੂਰ ਸ਼ਹੀਦ ਰੈਲਫ਼ ਫੌਕਸ ਤੋਂ ਮੁਰਾਦ ਹੈ।)

5. ਸਰਸੱਬਜ਼ ਪਤਝੜਾਂ

ਨਿਸ਼ਾ ਦੀ ਤਲਖ਼ੀਆਂ ਚੋਂ ਫੁੱਟਦੀ ਹੈ ਸ੍ਵੇਰ ਖ਼ੁਸ਼ੀਆਂ ਦੀ;
ਮੁਹੱਬਤ ਹੀ ਫ਼ਸਾਨਾਂ ਏ, ਕਿ ਨਫ਼ਰਤ ਹੀ ਕਹਾਣੀ ਏਂ?
ਹੈ ਕੁਦਰਤ ਵਿਚ ਕਾਦਰ, ਜਾਂ ਹੈ ਮਾਨਵਤਾ ਹੀ ਰੱਬ ਮੇਰਾ?
ਬੁਢੇਪਾ 'ਉਮਰ-ਲੰਮੀਂ' ਏ, ਜਾਂ ਖ਼ੁਸ਼-ਕਿਸਮਤ ਜਵਾਨੀ ਏਂ?
'ਹੁਸਨ' ਦੇ ਰੰਗ ਬਦਲੇ ਨੇ ਜਿਹੜੇ ਮਾਰੂ-ਸਿਆਹੀ ਨੇ,
'ਇਹ ਦੌਲਤ' ਹੀ ਅਮੀਰੀ ਏ ਕਿ ਐਵੇਂ ਦਿਲ-ਲੁਭਾਣੀ ਏਂ,
ਖ਼ੁਦਾ ਹੈ ਰੂਹ 'ਹੱਸਤੀ' ਦੀ ਤਾਂ ਪਿਆਰਾਂ ਦਾ ਖ਼ੁਦਾ ਕਿਹੜਾ?
ਹੈ 'ਕੁਦਰਤ' ਰਾਜ਼ ਜੀਵਨ ਦਾ ਕਿ ਧਰਤੀ ਹੀ ਸੁਹਾਣੀ ਏਂ?
ਹੈ 'ਪੀੜਾਂ' ਵਿਚ ਪੱਸਤੀ ਜਾਂ ਹੈ ਗ਼ੁਰਬਤ-ਰੂਹ ਕੰਡਿਆਲੀ?
'ਇਹੀ ਰੰਗ' ਅਮਨ-ਗੰਗਾ ਏ, ਕਿ ਜੰਗਾਂ ਦੀ ਨਿਸ਼ਾਨੀ ਏਂ?
ਕੋਈ ਵਿਗਿਆਨ-ਰੇਖਾ ਧਰਮ ਲਈ ਜੇ ਸਾਂਝ ਚਾਨਣ ਏਂ,
ਪੱਵਨ ਅਕਲਾਂ ਦੀ ਇਸ਼ਕਾਂ ਲਈ 'ਤੱੜਪ' ਹੈ ਜਾਂ ਵੈਰਾਨੀ ਏਂ?
ਹੈ ਜੀਵਨ ਰਾਗ ਮੇਰਾ ਜਾਂ ਕਿ ਮੈਂ ਹਾਂ ਰਾਗ 'ਹਸਤੀ' ਦਾ,'
ਪਿਲਾਂਦੀ ਹੈ ਜੋ ਸਤਿ-ਅਮ੍ਰਿਤ, ਅੱਮਰ 'ਹਸਰਤ' ਦੀ ਕਾਨੀ ਏਂ।

6. ਗੁਰੂ ਨਾਨਕ

ਗ਼ੁਬਾਰਾਂ 'ਚੋਂ ਕਿਰਣ ਜ਼ਿੰਦਗੀ ਦੀ-
ਬਣਕੇ ਨੂਰ ਵੱਸਿਆ ਸੀ,
ਪੰਜਾਬੀ-ਕਹਿਕਸ਼ਾਂ ਅੰਦਰ;
ਹੁਸਨ ਦਾ ਤੂਰ ਘਿਰ ਆਇਆ।
ਚੰਦੇ ਦੀ ਰੌਸ਼ਨੀਂ ਗ਼ੁਰਬਤ-
ਦੇ ਸ਼ੀਸ਼ੇ ਵਿਚ ਜਦੋਂ ਲਿਸ਼ਕੀ,
ਝਨਾਂ ਵਿਚ ਜ਼ਿੰਦਗੀ ਰੁਮਕੀ;
ਮਾਸੂਮਾਂ ਲਈ ਖ਼ੁਦਾ ਆਇਆ।

ਲਹੂ-ਧਾਰਾਂ ਦੇ ਸਾਗਰ ਵਿਚ-
ਜਬਰ ਨੇ ਰਾਗ ਜਦ ਗਾਇਆ,
ਅਲਾਹੀ-ਰਾਗ-ਸੋਮੇਂ ਚੋਂ;
ਪਿਆਰਾਂ ਦਾ ਕਵੀ ਜੰਮਿਆਂ,
ਜਿਦ੍ਹੇ ਦਿਲ-ਤਾਨ-ਜਾਦੂ ਨੇ,
ਵਿਸ਼ਵ ਦੇ ਰੋਮ-ਨੱਕਸ਼ਾਂ ਵਿਚ;
ਕੋਈ ਸਾਂਝਾਂ ਦਾ ਜਿਗਰ ਪਾਇਆ।

'ਗ਼ੁਲਾਮੀ' ਤੇ 'ਹਕੂਮਤ' ਜਿਹੇ
ਪੁਰਾਣੇ ਮੌਤ-ਕੋਝਾਂ ਨੂੰ,
ਇਸ ਵੈਦਿਕ-ਭੂਮੀਆਂ ਦੀ ਜੋਤ-
ਦੇ ਚਾਨਣ ਨੇ ਤੜਪਾਇਆ।
'ਸਿਮਰਤੀ' ਦੇ ਗਿਆਨਾਂ ਨੇ,
ਜੋ ਹਿੰਦ ਦੀ ਰੂਹ ਸਤਾਈ ਸੀ,
ਉਹਦੀ ਤ੍ਰਿਪਤੀ ਲਈ ਛਾਇਆ;
ਝਨਾਂ ਦੀ ਤਾਬ ਦਾ ਸਾਇਆ।

ਦੁਨੀਆਂ ਦੇ ਪੈਗੰਬਰਾਂ ਦੀ ਸਿਖਰ-
ਦਾ ਇਹ ਖ਼ੁਦਾ ਆਇਆ,
ਜਿਦ੍ਹੇ ਰਾਹਾਂ ਦੀ ਮਸਤੀ ਨੇ
ਕਈ ਸੌ ਸਾਲ ਦੇ ਪਿਛੋਂ-
ਲੈਨਿਨ ਤੇ ਸਟਾਲਿਨ ਦੀ 'ਜਵਾਨੀ'-
ਨੂੰ ਵੀ ਨੱਸ਼ਿਆਇਆ।

ਉਹ ਰਾਹੀ ਪ੍ਰੀਤ-ਮਾਰਗ ਦਾ,
ਵਿਸ਼ਵ-ਰਾਹਾਂ ਨੂੰ ਗਰਮਾਇਆ,
ਜਿਦ੍ਹੇ ਸੁਰ-ਤਾਲ-ਸਾਜ਼ਾਂ ਨੇ-
ਸੀ ਕੁਦਰਤ ਨੂੰ ਵੀ ਨੂਰਾਇਆ।
ਅੱਮਰ-ਆਸ਼ਕ, ਧਰਤ-ਦਿਲ ਦਾ-
ਸੀ "ਤਲਵੰਡੀ" ਜਿਦ੍ਹਾ ਕਾਬਾ,
ਉਹਦੇ ਉਸ ਦਿਲ ਸਰਵਤੱਮ ਨੂੰ,
ਬਿਗਾਨੇ ਨੇ ਵੀ ਅਪਣਾਇਆ।

7. ਦੋ ਨਿੱਕੀਆਂ-ਨਿੱਕੀਆ ਰੂਹਾਂ

ਕਿਸੇ ਨੂਰ-ਅਛੋਹ-ਸਾਗਰ ਦੀ,
ਛੱਲ ਵਿਚੋਂ ਉਪਜੇ ਮੋਤੀ,
ਇਕ ਰਵੀ-ਰੂਪ-ਉਜਿਆਰਾ,
ਇਕ ਚੰਦ-ਸਰੂਪ ਸਿਤਾਰਾ।
ਪੰਜਾਬ-ਅਣਖ ਦੇ ਰਾਖੇ-
ਉਹ ਐਟਮ ਛੋਟੇ-ਛੋਟੇ।
ਕੋਈ ਭੰਨ-ਤਰੋੜ ਨਾ ਸੱਕੇ,
ਉਹ ਅਗਨ-ਕੁੰਡ ਦੇ ਮਣਕੇ
ਦਿਲ, ਦਿਲ ਵਿਚ ਧੱਸੀਆਂ ਸੂਹਾਂ,
ਸੰਸਾਰ-ਆਜ਼ਾਦ-ਹੁਸਨ ਲਈ,
ਸਰਹੰਦ ਤੋਂ ਨੂਰ ਖਿੰਡਾਇਆ,
ਦੋ ਨਿੱਕੀਆਂ-ਨਿੱਕੀਆ ਰੂਹਾਂ।

'ਦੋ ਜਿਗਰ', ਅਡੋਲ-ਇਸ਼ਕ ਵਿਚ,
ਬਣ ਮੰਬਾ ਮੌਤ-ਕਹਿਰ ਦਾ,
ਛੱਡ ਕਿਰਣਾਂ ਅੱਜਲ-ਅਰਸ਼ ਤੋਂ,
ਜ਼ੁਲਮਾਂ ਦੀ ਗਰਦਸ਼ ਪੀ ਗਏ,
ਦਿਨ ਚਾਰ ਨੂਰਾਨੀਂ ਜੀ ਗਏ।
ਉਹ ਸੋਹਲ-ਮਲੂਕ-ਕੱਰਵਟਾਂ-
ਉਹ ਜਜ਼ਬੇ ਸਗਨ-ਸਹਿਰ ਦੇ,
ਲੱਖ ਫ਼ਟ-ਸੰਧੂਰੀ ਸੀ ਗਏ।
ਸਰਸੱਬਜ਼ ਹੋਈਆਂ ਉਹ ਜੂਹਾਂ,
ਜ਼ਿੰਦਗੀ ਦੇ ਬੰਧਨ ਕੱਟ ਗਏ,
ਚਮਕੌਰ-ਤੜਪ ਤ੍ਰਿਪਤਾਈ-
ਦੋ ਨਿੱਕੀਆਂ-ਨਿੱਕੀਆ ਰੂਹਾਂ।

8. ਪੰਜਾਬੀ

ਇਸ ਪੰਜਾਬ ਰਾਂਝੇ ਦੀ, ਹੈ ਇਕੋ ਹੀਰ ਪੰਜਾਬੀ।
ਇਹਦਾ ਹਰ ਬੋਲ ਪੰਜਾਬੀ, ਉਹਦੀ ਤਾਸੀਰ ਪੰਜਾਬੀ।
ਰੂਹ ਹੁਸਨਾਂ ਦੀ ਜ਼ਿੰਦਾ ਹੈ, ਪਿਆਰਾਂ ਦੇ ਤਸੱਵਰ ਵਿਚ,
ਇਹਦੀ ਹਰ ਪਿਆਰ-ਗਾਥਾ ਦੀ ਲੱਖ਼ਸ਼-ਨਕਸ਼ੀਰ ਪੰਜਾਬੀ।
ਸੱਚ ਹੈ ਮੌਤ ਬੋਲੀ ਦੀ, ਹੁੰਦੀ ਹੈ ਮੌਤ ਕੌਮਾਂ ਦੀ,
ਹੈ ਤਾਹੀਉਂ ਹੀ ਝਨਾਂ-ਲਹਿਰਾਂ ਲਈ, ਨੱਵ-ਨੀਰ ਪੰਜਾਬੀ।
ਸਦੀਆਂ ਤੋਂ ਨੇ ਅਫ਼ਸਾਨੇ ਇਹਦੇ ਗਾਏ ਲੋਕਾਈ ਨੇ,
ਅਝੁੱਕ ਇਹ ਲੋਕ-ਸ਼ਕਤੀ-ਰਣ-ਪਲੀ-ਸ਼ਮਸ਼ੀਰ ਪੰਜਾਬੀ।
ਸਾਹਿੱਤ-ਕਾਨਾਂ, ਸ਼ਾਹੀ-ਸ਼ਾਨਾਂ ਤੋਂ ਭਾਵੇਂ ਹੈ ਰਹੀ ਵਾਂਝੀ,
ਗੁਰੂ ਨਾਨਕ ਜਿਹੇ ਇਹਦੇ ਨੇ ਫਿਰ ਵੀ ਪੀਰ ਪੰਜਾਬੀ।
ਇਹਦਾ 'ਵਾਰਸ' ਸਹੀ ਵਾਰਸ ਹੈ ਬਾਰਾਂ ਤੇ ਝਨਾਵਾਂ ਦਾ,
ਇਸੇ ਦੀਆਂ ਧੜਕਣਾਂ ਗਿਣਦਾ ਮੋਇਆ ਹਰ ਬੀਰ ਪੰਜਾਬੀ।
ਕੋਈ ਮਿਰਜ਼ਾ ਕੋਈ ਸਾਹਿਬਾਂ ਹਜ਼ਾਰਾਂ ਵੇਰ ਜੰਮ ਜੰਮਕੇ,
ਬਣੇਂ ਹੁਸਨਾਂ ਦੀ ਅੱਖ-ਝਮਕਣ ਜਿਗਰ ਲਈ ਤੀਰ ਪੰਜਾਬੀ।
ਇਹਦੇ ਬੇਲੇ ਅਤੇ ਜੂਹਾਂ, ਤੇ ਲਿਸ਼ਕਣ ਰੇਤ-ਨੈਣਾਂ ਦੀ,
ਝੱਰੇ ਨਵ-ਝਰਨਿਆਂ ਬੰਨੇਂ ਨਵੀਂ ਤਕਦੀਰ ਪੰਜਾਬੀ।
ਕੋਈ 'ਹਾਸ਼ਮ' ਕੋਈ 'ਕਾਦਰ' ਕਮਾਲਾਂ ਦੀ ਕਹਾਣੀ ਸਨ,
ਨਵੇਂ ਅਜ ਦਿਲ-ਨਿਗਾਰਾਂ ਲਈ ਨਵੇਂ ਪੰਧਚੀਰ ਪੰਜਾਬੀ।
ਨਵੇਂ-ਜੀਵਨ ਦੇ ਨਵ-ਹੁਸਨਾਂ 'ਚ, ਨਵ-ਜੀਵਨ-ਸ਼ਰਾਰੇ ਨੇ,
ਨਵਾਂ ਕੋਈ ਗੀਤ ਗਾ 'ਹਸਰਤ' ਬਣੇਂ ਨਵ-ਹੀਰ ਪੰਜਾਬੀ।

9. ਰੁੱਤ-ਬਹਾਰ

ਨਿਮ੍ਹੀਂ ਨਿਮ੍ਹੀਂ ਖ਼ੁਸ਼ਬੋਅ ਦੇ ਵਿਚ ਗੁੱਝੀ,
ਪਈ ਚਾਨਣੀਂ ਮਹਿਕ ਖਿਲਾਰਦੀ ਏ।
ਫੁੱਲ ਹੱਸ-ਹੱਸ ਟਹਿਕਦੇ ਉਸ ਵੰਨੇ,
ਜਦ ਰਿਸ਼ਮ ਕੋਈ ਸੈਨਤਾਂ ਮਾਰਦੀ ਏ।
ਜੀਵਨ-ਰਾਗ-ਝੱਰਨਾਹਟ ਦੇ ਸੋਮਿਆਂ ਚੋਂ,
ਕਿਤੇ-ਕਿਤੇ ਕੋਈ ਬੁੱਲਬੁਲ ਗੁੰਜਾਰਦੀ ਏ।
ਲਹਿ-ਲਹਿ ਕਰਦੀਆਂ ਸ਼ੋਖ਼-ਹਰਿਆਵਲਾਂ ਵਿਚ,
ਪੌਣ ਸ਼ੂਕਦੀ ਸੀਟੀਆਂ ਮਾਰਦੀ ਏ।
ਕਿਧਰੇ ਰਾਤ ਦੀ ਰਾਣੀਂ ਕਨੇਰ ਕਿਧਰੇ,
ਖਿੜ-ਖਿੜ ਕੇ ਮਹਿਕ ਖਿਲਾਰਦੀ ਏ।
ਏਹੋ ਜੱਹੇ ਮਾਹੌਲ ਵਿਚ ਧੁਨਿ ਜਦ ਕੋਈ,
ਸਿਧਾ ਤੀਰ ਕਲੇਜੇ 'ਚ ਮਾਰਦੀ ਏ;
ਰਾਗ-ਚੇਤੂਆਂ ਨੂੰ ਚੇਤੇ ਆ ਜਾਂਦੀ,
ਰੁੱਤਾਂ ਵਿਚ ਜੋ ਰੁੱਤ ਬਹਾਰ ਦੀ ਏ।

ਕਿਧਰੇ ਖਿੜੀ ਗੁਲਜ਼ਾਰ, ਫੁਹਾਰ ਕਿਧਰੇ,
ਹਰੇ ਘਾਹ ਤੇ ਮੋਤੀ ਮੁੱਸਕਾ ਰਹੇ ਨੇ।
ਜੀਵਨ-ਜੋਗੜੇ ਜ਼ਿੰਦਗੀ ਦੀ ਆਸ ਲੈਕੇ,
ਕੋਮਲ-ਪੱਤੀਆਂ ਨਾਲ ਲਹਿਰਾ ਰਹੇ ਨੇ।
ਪਏ ਝੂੰਮਦੇ ਕੱਣਕਾਂ ਦੇ ਖੇਤ ਕਿਧਰੇ,
ਜੀਵਨ-ਤੱੜਪ ਵਿਚ ਜ਼ਿੰਦਗੀ ਪਾ ਰਹੇ ਨੇ।
ਵੇਖ-ਵੇਖ ਕਿਸਾਨ ਨੇ ਖ਼ੁਸ਼ ਹੁੰਦੇ,
ਵਿਚ ਹੁਸਨ ਦੇ ਜੱਲੀਆਂ ਪਾ ਰਹੇ ਨੇ।
ਮੇਲੇ ਹੋਲੇ-ਮਹੱਲੇ, ਵਿਸਾਖੀਆਂ ਦੇ,
ਕੱਲਪਤ-ਰੂਪ ਵਿਚ ਸਾਹਮਣੇ ਆ ਰਹੇ ਨੇ।
ਗਾਉਂਦਾ, ਸ਼ਾਦ-ਆਬਾਦ ਪੰਜਾਬ ਦਿਸਦੈ,
ਕਿਤੇ ਮੁੰਡੇ ਪਤੰਗ ਚੜ੍ਹਾ ਰਹੇ ਨੇ।

ਇਹਨਾਂ-ਲਹਿਰਾਂ, ਉਮੰਗਾਂ ਤੇ ਸ਼ਾਦੀਆਂ ਵਿਚ,
ਸ਼ਾਇਦ ਜੋਬਨ ਪੰਜਾਬ ਦਾ ਨਿਖਰਦਾ ਏ।
ਹੁਸਨ. ਇਸ਼ਕ, ਸ਼ਬਾਬ ਜਵਾਨੀਆਂ ਦਾ,
ਇਹਨੀਂ ਦਿਨੀਂ ਪੰਜਾਬ ਵਿਚ ਬਿਖਰਦਾ ਏ।

ਇਹ ਨੇ ਦਿਨ ਜਦ ਧਰਤ ਤੇ ਖ਼ੱਲਕ ਵੀ ਇਹ,
ਨਵੇਂ ਜੋਬਨਾਂ ਵਿਚ ਡੱਲ੍ਹਕਾਂ ਮਾਰਦੀ ਏ;
ਏਸ ਰੁੱਤ ਵਿਚ ਹੈ 'ਕੁਦਰਤ' ਆਪ ਵੱਸਦੀ,
ਰੁੱਤਾਂ ਵਿਚ ਜੋ ਰੁੱਤ-ਬਹਾਰ ਦੀ ਏ।
ਕਿਧਰੇ ਕੁੜੀਆਂ ਪੰਜਾਬ ਦੀਆਂ ਵਿਚ ਮਸਤੀ,
ਗਿੱਧਾ ਪਾਉਂਦੀਆਂ ਧੱਰਤ ਹਿਲਾਉਂਦੀਆਂ ਨੇ।
ਵਿਚ ਤ੍ਰਿੰਞਣਾ' ਦੇ ਘੂਕਰ ਚੱਰਖ਼ਿਆਂ ਦੀ,
ਕਿਧਰੇ ਗੀਤ ਉਹ ਹਿਜਰਾਂ ਦੇ ਗਾਉਦੀਆਂ ਨੇ।
ਸ਼ੋਖ਼ੀ ਉਹਨਾ ਦੇ ਨੈਣਾਂ ਚੋਂ ਝੱਲਕਦੀ ਏ,
ਜਦੋਂ ਖੁਲ੍ਹਕੇ ਜ਼ਰਾ ਮੂਸਕਾਉਂਦੀਆਂ ਨੇ।
ਸ਼ਾਇਦ ਕਿੰਨੇ ਕੁ ਚਿੱਤ੍ਰ ਪੰਜਾਬ ਦੇ ਉਹ,
ਓਦੋਂ ਢਾਉਂਦੀਆਂ ਅਤੇ ਬਣਾਉਂਦੀਆਂ ਨੇ।

ਇਹਨਾਂ ਦਿਨਾਂ ਦੇ ਵਿਚ ਕਿਸਾਨ ਦੀਆਂ,
ਆਸਾਂ ਡੱਕੀਆ ਖ਼ੇਤਾਂ 'ਚ ਰਹਿੰਦੀਆਂ ਨੇ।
ਕਿਸਮਤ, ਨਾਲ ਹੀ ਦੇਸ਼ ਦੀ ਹੈ ਬਣਦੀ,
ਰੇਖਾ ਢਹਿੰਦੀਆਂ-ਉਕਰਦੀਆਂ ਰਹਿੰਦੀਆਂ ਨੇ।

ਮੁਰਦਾ ਮਨਾਂ ਦੇ ਵਿਚ ਹੈ ਰੌ ਤੁਰਦੀ,
ਜਦ ਕੋਈ ਵੱਜਦੀ ਲੈਅ ਸਿਤਾਰ ਦੀ ਏ।
ਰੁੜ੍ਹ ਗਏ ਹੁਸਨ ਨੂੰ ਹੈ ਸੁਰਜੀਤ ਕਰਦੀ,
ਰੁੱਤਾਂ ਵਿਚ ਜੋ ਰੁੱਤ ਬਹਾਰ ਦੀ ਏ।

10. ਸ਼ਾਂਤੀ-ਅਵਤਾਰ

(ਗੁਰੂ ਅਰਜਨ ਦੇਵ ਜੀ)

ਆਹਾਂ ਨਿਕਲੀਆਂ ਇਹੀਆਂ ਬ੍ਰਹਿਮੰਡ ਵਿਚੋਂ,
ਭਾਂਬੜ ਬੱਲ ਉੱਠੇ ਕਿਰਨਾਂ ਦੇ ਤੇਜ ਵਿਚੋਂ।
ਇਹੀਆਂ ਨਿਕਲੀਆਂ ਆਹਾਂ ਇਸ ਪ੍ਰਿਥਵੀ ਚੋਂ,
ਚੰਨ ਡੁਬ ਗਏ ਬਣ-ਬਣ ਪੰਜੇਬ ਵਿਚੋਂ।
ਚਿਣਗਾਂ ਨਿਕਲੀਆਂ, ਪਰਬਤੀਂ ਪਾੜ ਪੈ ਗਏ,
ਸਾਗਰ ਉਛਲ ਪਏ ਵਿਸ਼ਨੂੰ ਦੀ ਸੇਜ ਵਿਚੋਂ।
ਉਸ ਦਿਨ ਹੂਰਾਂ ਵੀ ਮੂੰਹ ਛੁਪਾ ਲਏ ਸਨ,
ਲਿਸ਼ਕਾਂ ਪਈਆਂ ਨਾ ਕਿਸੇ ਜਹੇਜ਼ ਵਿਚੋਂ।
ਕਿਉੱਕਿ ਜੋਤ-ਅਰਸ਼ੀ, ਮਾਲਿਕ ਅਰਸ਼ ਦਾ ਉਹ,
ਅੱਜ ਫ਼ਰਸ਼ਾਂ ਨੂੰ ਅਰਸ਼ ਬਣਾ ਰਿਹਾ ਸੀ।
ਲਗੇ ਸਦੀਆਂ ਦੇ ਦਾਗ ਜੋ ਹਿੰਦ ਉਤੇ,
ਪੁੱਠ ਖ਼ੂਨ ਦੀ ਦੇ ਕੇ ਲਾਹ ਰਿਹਾ ਸੀ।

ਰੱਬ ਲਗਦਾ ਸੀ ਸੋਹਣਾ ਖੇਡਦਾ ਅੱਜ,
ਤੱਤੀ ਰੇਤ ਦੇ ਲਿਸ਼ਕਦੇ ਕਿਣਕਿਆਂ ਚਿ।
ਤਾਰੇ ਅੱਰਸ਼ ਤੇ ਚੜ੍ਹਦੇ ਤੇ ਡੁੱਬ ਜਾਂਦੇ,
ਅੱਜ ਚੜ੍ਹੇ ਵੇਖੇ ਇਹਨਾਂ ਕਿਣਕਿਆਂ ਚਿ।
ਅੱਜ ਹੁਸਨ ਸੀ ਇਸ਼ਕ ਦੇ ਦਰ ਉਤੇ,
ਜਾਮ ਛੱਲ੍ਹਕ ਰਹੇ ਸਨ ਇਹਨਾਂ ਕਿਣਕਿਆਂ ਚਿ।
ਖ਼ਬਰੇ ਕਿੰਨੇ ਕੁ ਭੁਖਿਆਂ-ਨੰਗਿਆਂ ਦੀ,
ਪਿਆਸ ਬੁਝ ਰਹੀ ਸੀ ਇਹਨਾਂ ਕਿਣਕਿਆਂ ਚਿ।
ਉਸ ਵਕਤ ਇਕ 'ਮੀਰ' ਨੇ ਆਣ ਕਿਹਾ,
ਰੱਬਾ ਕਿਉਂ ਪਿਆ ਰੱਬਤਾ ਨੂੰ ਮਾਰਨਾ ਏਂ।
ਇਹਨਾਂ ਖ਼ਾਕੀਆਂ ਦੀ ਅੱੜਦਲ ਵਿਚ ਬਹਿਕੇ,
ਖ਼ਾਕ ਸਾਰੀਆਂ ਤਾਈਂ ਉਭਾਰਨਾਂ ਏਂ।

ਅਗੋਂ ਨਿਮਰਤਾ ਨਾਲ ਹਜ਼ੂਰ ਕਿਹਾ,
'ਮੀਰਾ' ਏਨਾਂ ਵੀ ਤੈਸ਼ ਵਿਚ ਆਈਦਾ ਨਹੀਂ।
ਹੱਥੀਂ ਸਾਜੀ ਹੋਈ ਚੀਜ਼ ਨੂੰ ਕਦੀ ਐਵੇਂ;
ਖ਼ਾਕੀ ਆਖ ਕੇ ਮੁਲ ਘਟਾਈਦਾ ਨਹੀਂ।
ਮੇਰੀ ਆਪਣੀ ਰੂਹ ਹੈ ਜੱਗ ਅੰਦਰ,
ਆਪਣੀ ਰੂਹ ਨੂੰ ਕਦੀ ਦੁਖਾਈਦਾ ਨਹੀਂ।
ਜਿਹੜੀ ਹੋਏ ਨਿਰਬਲ, ਉਸ ਚੀਜ਼ ਤਾਈਂ,
ਐਵੇਂ ਜ਼ੋਰ-ਫ਼ਜ਼ੂਲ ਵਿਖਾਈਦਾ ਨਹੀਂ।
ਜੇ ਕੋਈ ਹੋਏ ਕਮਜ਼ੋਰ ਕੁਰਾਹ ਉਤੇ,
ਉਹਨੂੰ ਰਾਹ-ਸਿਧੇ ਏਦਾਂ ਪਾ ਦਈਏ.
ਜਿਹੜੀ ਝੱਲਣੀਂ ਹੋਏ ਤਕਲੀਫ਼ ਉਸਨੇ,
ਉਹਨੂੰ ਆਪਣੇ ਉਤੇ ਉਠਾ ਲਈਏ।

ਅਗੋਂ ਮੀਰ ਨੇ ਕਿਹਾ ਦਾਤਾਰ ਮੇਰੇ,
ਇਹ ਮੈਂ ਜਾਨਣਾਂ ਰੱਬੀ-ਤਦਬੀਰ ਹੈ ਇਹ।
ਪਰ ਇਹ ਬੋਝ ਅਜੋਖਿਆ ਭਾਸਦਾ ਏ,
ਏਸ ਜੱਗਤ ਤੇ ਕੋਈ ਤੱਕਦੀਰ ਹੈ ਇਹ।
ਇਹਨਾਂ ਲੋਭੀਆਂ ਨੂੰ ਚੱਸਕਾ ਪਾ ਚੱਲਿਐਂ,
ਯਾਦ ਰੱਖ ਸਦੀਵੀ ਜੰਜ਼ੀਰ ਹੈ ਇਹ।
ਤੰਗ ਕਰਸਣ ਦਰਵੇਸ਼ਾਂ ਨੂੰ ਦਿਨੇ-ਰਾਤੀਂ,
ਚਿੱਤ੍ਰੀ ਅੱਜ ਤੂੰ ਖ਼ੂਨੀਂ ਤੱਸਵੀਰ ਹੈ ਇਹ।
ਜੇਕਰ ਜ਼ੁਲਮ ਦਾ ਸੀ ਸੁਧਾਰ ਕਰਣਾਂ,
ਕੋਂਈ ਹੋਰ ਉੱਪਾ ਬੱਣਾ ਲੈਂਦੋਂ।
ਤੱਤੀਆਂ-ਤਵੀਆਂ ਤੇ ਆਪ ਨਾ ਕੱਦੀ ਬਹਿੰਦੋਂ,
ਮੇਰੇ ਜਿਹੇ ਸ਼ਹੀਦ ਕੱਰਵਾ ਲੈਂਦੋਂ।

ਤੱਤੀ-ਤੱਵੀ ਤੋਂ ਹੱਸਦੇ ਦਾਤਾਰ ਬੋਲੇ,
ਮੀਰਾ ਸਾਰੇ ਹੀ ਕੋਝ ਮਿਟਾ ਚੱਲਿਆਂ।
ਇਨਸਾਨੀਅਤ ਜੋ ਜੱਕੜੀ ਪਰੰਪਰਾ ਤੋਂ,
ਵਿਚ ਪੱਲਾਂ ਆਜ਼ਾਦ ਕਰਵਾ ਚੱਲਿਆਂ।
ਦਾਗ਼ ਸੱਦੀਂਆਂ ਦੇ ਸਨ ਇਤਿਹਾਸ ਉਤੇ,
ਅੱਜ ਸਾਰੇ ਹੀ ਧੋ ਕੇ ਲਾਹ ਚੱਲਿਆਂ।
ਭਾਰ ਸੱਦੀਆਂ ਦੇ ਸੱਦੀਆਂ ਨੇ ਢੋਵਨੇ ਸਨ,
ਤੇਰੇ ਵੇਂਹਦਿਆਂ ਸਾਰੇ ਚੁਕਾ ਚੱਲਿਆਂ।
ਲੱਗੇ ਦਾਗ਼ ਜੇ ਹਿੰਦ ਦੀ ਅਣਖ ਉਤੇ,
ਧੋਣ ਲਈ ਤਰੀਕਾ ਸਮਝਾ ਚੱਲਿਆਂ।
ਆਪਣੇ ਪਿਆਰਿਆਂ ਦੇ ਲਾਏ ਧੱਬਿਆਂ ਨੂੰ,
ਪੁੱਠ ਪਿਆਰ ਦੀ ਦੇ ਕੇ ਲਾਹ ਚੱਲਿਆਂ।
ਏਨੀਂ ਆਖ ਕੇ ਜਦ ਦਾਤਾਰ ਮੇਰੇ,
ਅੱਖਾਂ ਚੁੱਕ ਕੇ ਮੀਰ ਵੱਲ ਤੱਕਿਆ ਸੀ,
ਓਥੇ ਹੋਰ 'ਸੁਖਪਾਲ' ਨਹੀਂ ਤੱਕ ਸੱਕਿਆ,
ਰੂਪ ਇਕ ਹੀ ਦੋਹਾਂ ਵਿਚ ਤੱਕਿਆ ਸੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਖਪਾਲ ਵੀਰ ਸਿੰਘ ਹਸਰਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ