Sangrand : Davinder Rauke
ਸੰਗਰਾਂਦ : ਦਵਿੰਦਰ ਰਾਊਕੇ
ਮੈਂ, ਪਿੰਡ ਅਤੇ ਕਵਿਤਾ
ਪਿੰਡ ਦਾ ਕੋਈ ਕੋਈ ਮੋੜ ਉਦਾਸ ਟੱਪੇ ਵਰਗਾ ਹੁੰਦਾ ਹੈ। ਕਿਧਰੇ ਬੀਹੀ ਖੁੱਲ੍ਹੀ ਕਵਿਤਾ ਵਾਂਗ ਵਹਿੰਦੀ ਤੁਰੀ ਜਾਂਦੀ ਤੇ ਸਾਡੇ ਪੈਰ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਅਸੀਂ ਝਨਾ ’ਚ ਕਿਸ਼ਤੀ ਠੱਲ ਲਈ ਹੋਵੇ।
ਇਹਦਾ ਤੜਕਾ ਜਿਵੇਂ ਸਾਬ ਸਿਰ ਜਿਹੇ ਦੀ ਕਿਤਾਬ ਉਤੇ ਸਮਰਪਿਤ ਵਾਲੀ ਲਾਈਨ ਹੁੰਦੀ ਹੈ। ਦੁਪਹਿਰਾ ਜਿਵੇਂ ਕੋਈ ਲੋਕ ਬੋਲੀ। ਆਥਣ ਜਿਵੇਂ ਇਨਕਲਾਬੀ ਕਵੀ ਦੀ ਮੁਹੱਬਤ ਨੂੰ ਥੱਕੀ ਜਿਹੀ ਪੁਕਾਰ ਤੇ ਰਾਤ ਕੋਈ ਰਹੱਸਵਾਦੀ ਕਵਿਤਾ ਜੀਹਦੇ ਅੰਦਰ ਦੂਰੋਂ ਕੁੱਤਿਆਂ, ਬੰਦਿਆਂ ਦੀਆਂ ਅਵਾਜ਼ਾਂ ਘੁਲ਼ ਮਿਲ ਕੇ ਹਵਾ ਦੇ ਬੁੱਲਿਆਂ ’ਚ ਉੱਡਦੀਆਂ ਰਹਿੰਦੀਆਂ ਤੇ ਕਦੇ ਕਦੇ ਸਮਝ ਵੀ ਆ ਜਾਂਦੀਆਂ।
ਕਵਿਤਾਵਾਂ ਸਕੂਲੋਂ ਟਲ਼ ਕੇ ਛੱਪੜ ’ਚ ਰੋੜੇ ਮਾਰਦੀਆਂ, ਕੰਧਾਂ ’ਤੇ ਲੀਕਾਂ ਵਾਹੁੰਦੀਆਂ ਜਾਂਦੀਆਂ। ਰਾਤੀਂ ਮਹਾਂ ਕਾਵਿ ਦੇ ਪੂਰਾ ਹੋਣ ਦਾ ਹੋਕਾ ਆਉਂਦਾ ਤੇ ਪਾਠਕ ਲਾਇਬਰੇਰੀ ਵਰਗੇ ਸ਼ਮਸ਼ਾਨਘਾਟ ਤੋਂ ਮੁੜਦੇ ਇਸ ਉੱਪਰ ਵਿਚਾਰ ਚਰਚਾ ਕਰਦੇ।
ਕਵਿਤਾ ਦੇ ਕਲਾਵੇ ’ਚ ਹਰ ਪੇਂਡੂ ਮੁੰਡਾ ਕੁੜੀ ਜੰਮਦੇ ਈ ਆ ਜਾਂਦੇ ਨੇ। ਇਹ ਕਲਾਵਾ ਸਾਨੂੰ ਨਹੀਂ ਛੱਡਦਾ, ਅਸੀਂ ਇਹਦੇ ਤੋਂ ਭੱਜ ਬਹਿੰਨੇ ਆਂ ਅਤੇ ਜਦ ਇਹਦੇ ਤੋਂ ਭੱਜਦੇ ਹਾਂ ਤਾਂ ਜ਼ਿੰਦਗੀ ਖਸਤਾ ਜਿਹੀ ਉਦਾਸ ਗ਼ਜ਼ਲ ਤੋਂ ਵਧ ਕੇ ਕੁਝ ਹੋਰ ਨਹੀਂ ਰਹਿੰਦੀ। ਜੇ ਕੋਈ ਪੁੱਛੇ ਕਵਿਤਾ ਕੀ ਹੁੰਦੀ ਹੈ, ਆਖਾਂਗਾ ਓਹ ਮਿੱਟੀ ਜਿਸ ਨਾਲ ਦਿਲ ਬਣਾਏ ਜਾਂਦੇ ਨੇ। ਸੋਹਣੀਆਂ ਗੱਲਾਂ ਕਰਨ ਦਾ ਸਭ ਤੋਂ ਸੋਹਣਾ ਤਰੀਕਾ। ਅੱਖਰਾਂ ਨਾਲ ਕਾਗਜਾਂ ਉੱਪਰ ਪਾਏ ਮੋਰ ਬੂਟੀਆਂ। ਕਵਿਤਾ ਦੇਹੀ ਦੇ ਪਾਣੀਆਂ ਉੱਤੇ ਤੈਰਦਾ ਚੰਨ ਹੈ ਪੁੰਨਿਆ ਦਾ।
ਦੁਨੀਆਂ ਭਰ ਦੀਆਂ ਜਿੰਨੀਆਂ ਵੀ ਸੋਹਣੀਆਂ ਕਵਿਤਾਵਾਂ ਪੜ੍ਹੀਆਂ ਉਹਨਾਂ ਅੰਦਰ ਸਾਡੇ ਬਜੁਰਗਾਂ ਵਾਂਗ ਸਿਰ ਪਲੋਸਣ ਵਰਗਾ ਕੁਛ ਸੀ। ਕੋਈ ਕਵਿਤਾ ਨਵੀਂ ਫਸਲ ਦੇ ਘਰ ਆਉਣ ਵਰਗਾ ਖੇੜਾ ਦਿੰਦੀ, ਕਿਸੇ ਦਾ ਚਾਅ ਸੱਜਰ ਸੂਏ ਪਸ਼ੂ ਵਰਗਾ।
ਮੈਂ ਰੂਹ ਦੀਆਂ ਲਗਰਾਂ ’ਤੇ ਕਰੂੰਬਲ਼ ਵਾਂਗ ਫੁੱਟਦੀ ਕਵਿਤਾ ਦਾ ਆਸ਼ਕ ਹਾਂ।ਇਹ ਜੋ ਗੀਤ ਕਵਿਤਾ ਗਜ਼ਲ ਵਰਗਾ ਜੋ ਕੁਝ ਵੀ ਮੈਂ ਲਿਖਿਆ ਹੈ ਇਹਦੀ ਛਾਂ ਮੇਰੇ ਅੰਦਰ ਮੇਰੇ ਪਿੰਡ ਦਿਆਂ ਬਿਰਖਾਂ ਨੇ ਉਤਾਰੀ ਹੈ। ਇਹਦੀ ਧੁੱਪ ਮੇਰੀ ਮਾਂ ਦੇ ਮੁਖ ਵਰਗੀ ਹੈ। ਇਹਦਾ ਪ੍ਰਵਾਹ ਪਿੰਡ ਦੇ ਸੂਇਆਂ ਕੱਸੀਆਂ ਵਰਗਾ ਹੈ। ਇਹਦੀ ਖੁਸ਼ਬੂ ਜਿਵੇਂ ਜੇਠ ਚ ਪਹਿਲੇ ਮੀਂਹ ਨਾਲ ਮਿੱਟੀ ਮੁਸ਼ਕ ਉੱਠਦੀ ਹੈ।
ਇਹ ਸਾਰੇ ਦਾ ਸਾਰਾ ਆਰਟ ਬਸ ਇਸ ਤਰਾਂ ਹੀ ਹੈ ਜਿਵੇਂ ਕਿਸੇ ਨੇ ਦਰਿਆ ਕੰਢੇ ਬੈਠ ਰੇਤੇ ਤੇ ਉਂਗਲ ਨਾਲ ਆਪਣੇ ਪਿਆਰੇ ਦਾ ਨਾਂ ਵਾਹਿਆ ਹੋਏ। ਇਹਦੇ ਵਿਚਲੇ ਕੁਛ ਗੀਤ ਸਾਉਣ ਮਹੀਨੇ ਭੈਣਾਂ ਘਰ ਵੀਰਾਂ ਦੇ ਆਉਣ ਵਰਗੇ ਨੇ। ਕੁਛ ਗੀਤ ਕਹਿਰ ਦੀ ਰਾਤ ਨੂੰ ਜਾਗਦੀ ਅੱਖ ਵਰਗੇ ਨੇ। ਤੇ ਕੁਛ ਗੀਤ ਸ਼ੁਕਰਾਨੇ ’ਚ ਜੁੜੇ ਹੱਥਾਂ ਵਰਗੇ। ਹੋ ਸਕਦਾ ਬਹੁਤ ਕੁਝ ਬੇਹਾ ਜਿਹਾ ਜਾਪੇ ਪਰ ਕੋਈ ਕੋਈ ਤੁਕ ਐਸੀ ਵੀ ਹੈ ਜਿਸਦੀ ਮਹਿਕ ਗੁਰੂ ਘਰ ਦੀ ਦੇਗ ਵਾਂਗ ਉੱਠਦੀ ਹੈ ਤੇ ਏਹ ਮਹਿਕ ਹੀ ਮੇਰੇ ਅੰਦਰ ਦੀ ਸੰਗਰਾਂਦ ਹੈ। ਇਹਨੂੰ ਕਵਿਤਾ ਨਾ ਸਹੀ ਕਵਿਤਾ ਦਾ ਪਰਛਾਵਾਂ ਹੀ ਸਮਝ ਕੇ ਪੜ੍ਹ ਲਿਆ ਜਾਵੇ। ਜੇ ਕੋਈ ਵੱਡਾ ਵਿਦਵਾਨ ਪੜ੍ਹਨ ਦੀ ਖੇਚਲ ਕਰੇ ਤਾਂ ਇਹ ਧਾਰ ਕੇ ਪੜ੍ਹੇ ਕਿ ਇਹ ਕਿਸੇ ਪਿੰਡ ਦੇ ਬਾਰਵੀਂ ਪਾਸ ਮੁੰਡੇ ਦੀ ਸਮਝ ਹੈ।
ਚੇਤਰ
ਚੇਤਰ ਗੀਤ ਪਿਆਰ ਦਾ ਕੋਈ ਫੁੱਲ ਰਿਹਾ ਹੈ ਗਾ ਕੋਈ ਨਵੀਂ ਕਰੂੰਬਲ਼ ਸੁਣ ਰਹੀ ਕਿਤੇ ਨੱਚ ਰਿਹਾ ਨਵਾਂ ਘਾਹ ਪਈ ਕੁਦਰਤ ਮੋਤੀ ਵਾਰਦੀ ਇੱਕ ਤ੍ਰੇਲ ਦਾ ਹੈ ਦਰਿਆ ਚਿੱਤ ਤਾਜ਼ਾ ਗੁੜ ਦੇ ਵਾਂਗਰਾਂ ਰਿਹਾ ਸੱਜਰੀ ਧੁੱਪ ਨੂੰ ਖਾ ਜਿੰਦ ਹੋਵੇ ਮਹਿਕ ਗੁਲਾਬ ਦੀ ਤੇ ਵਿਛ ਜਾਈਏ ਤੇਰੇ ਰਾਹ ਸਾਨੂੰ ਰੁੱਤ ਨਵੀਂ ਦਾ ਸੋਹਣਿਆ ਤੈਨੂੰ ਵੇਖਣ ਵਰਗਾ ਚਾਅ
ਸਤਿਗੁਰ
ਲੱਖ ਜਹਿਰਾਂ ਹੋਵਣ ਮਿੱਠੀਆਂ ਤੇਰਾ ਤੁਪਕਾ ਘੁਲ਼ੇ ਪਿਆਰ ਤੇਰੀ ਸੁਹਬਤ ਅੰਦਰ ਮਹਿਰਮਾ ਸੱਪ ਸੁਰਤਾਂ ਨੇ ਛਾਂਦਾਰ ਜੋ ਛਿਣ ਹੈ ਤੇਰੀ ਯਾਦ ਦਾ ਬਸ ਓਹੀ ਨਿਰੀ ਬਹਾਰ ਤੂੰ ਅੱਖਰ ਅੱਖਰ ਬਰਸਦਾ ਸਾਡਾ ਹਰਾ ਰਹੇ ਸੰਸਾਰ ਤੇਰੇ ਨੈਣੋਂ ਸ਼ੀਸ਼ਾ ਵੇਂਹਦਿਆਂ ਸਭ ਇਲਮਾਂ ਕਰੇ ਸ਼ਿੰਗਾਰ ਤੂੰ ਕੁੱਲ ਫਿਕਰਾਂ ਦੀ ਟੇਕ ਹੈਂ ਤੂੰ ਕੁੱਲ ਅੱਗਾਂ ਦਾ ਠਾਰ ਤੂੰ ਪੂਰਨ ਪੂਰਨ ਸੋਹਣਿਆਂ ਸਭ ਨੂਰਾਂ ਦਾ ਸਰਦਾਰ
ਚਾਨਣ
ਪਿੰਡ ਤਲਵੰਡੀ ਸਖੀਓ ਅੱਜ ਹੜ੍ਹ ਚਾਨਣਾਂ ਦਾ ਆਇਆ ਇੱਕ ਚੰਨ ਅੰਬਰਾਂ ਦਾ ਦੂਜਾ ਮਾਂ ਤ੍ਰਿਪਤਾ ਦਾ ਜਾਇਆ ਰੁੱਤਾਂ ਜੀਅ ਉੱਠੀਆਂ ਵੇਲ਼ਾ ਖਿੜ ਉੱਠਿਆ ਕੁਮਲਾਇਆ ਰੱਬ ਦੀਆਂ ਪੈੜਾਂ ਦਾ ਰੇਤਾ ਚੁੱਕ ਕੇ ਹਵਾ ਨੇ ਮੱਥੇ ਲਾਇਆ ਅੱਖ ਦਰਿਆਵਾਂ ਦੀ ਅੱਜ ਅੱਥਰੂ ਖੁਸ਼ੀ ਦਾ ਆਇਆ ਵਣ ਵਿੱਚ ਚੰਦਨਾਂ ਨੇ ਗੀਤ ਸੁੱਚੜੇ ਮੁਸ਼ਕ ਦਾ ਗਾਇਆ ਤਾਰੇ ਅੰਬਰਾਂ ਦੇ ਓਹ ਧਰਤ ਉਗਾਵਣ ਆਇਆ ਵੀਰ ਬੀਬੀ ਨਾਨਕੀ ਦਾ ਜੀਹਨੂੰ ਸਰਪ ਕਰੇਂਦੇ ਛਾਇਆ ਭਾਗ ਮਾਂ ਤ੍ਰਿਪਤਾ ਦੇ ਜੀਹਨੇ ਰੱਬ ਨੂੰ ਗੋਦ ਖਿਡਾਇਆ ਖੁਸ਼ਬੂ ਉਹਦੀ ਧਰਮ ਹੈ ਧਰਮ ਉਹਦੀ ਧੁੱਪ ਛਾਂ ਜੋ ਸਭ ਤੋਂ ਉੱਚਾ ਧਾਮ ਹੈ ਹੈ ਸੋਹਣਾ ਉਸਦਾ ਨਾਂ ਹੈ ਸਦਾ ਸਦਾ ਲਈ ਸੱਜਰੀ ਉਹਦੇ ਸਾਹ ਨੂੰ ਚੁੰਮ ਜੁਬਾਂ ਅੱਜ ਵੇਹੜੇ ਮਾਂ ਧਰਤ ਦੇ ਫੁੱਲ ਖਿੜਿਆ ਗੁਰੂ ਨਾਨਕ ਅੱਜ ਚਸ਼ਮੇ ਫੁੱਟੇ ਕਾਵਿ ਦੇ ਪਏ ਦਿਲ ਚੋਂ ਵਗਦੇ ਗੀਤ ਅੱਜ ਨਾਨਕ ਨਾਨਕ ਆਖਕੇ ਹੋਈ ਸਦੀਆਂ ਦੀ ਹਿੱਕ ਸ਼ੀਤ ਅੱਜ ਕੁੱਲ ਅੰਬਰ ਦੇ ਜੇਡ ਹੈ ਏਹ ਤਿੰਨ ਅੱਖਰਾਂ ਦੀ ਥਾਂ ਅੱਜ ਵੇਹੜੇ ਮਾਂ ਧਰਤ ਦੇ ਫੁੱਲ ਖਿੜਿਆ ਗੁਰੂ ਨਾਨਕ
ਮਹਿਰਮ
ਗੱਲ ਟਿਕੀ ਹੈ ਸਾਰੀ ਧਿਆਨ ਉੱਤੇ ਪੈਰ ਭੋਇੰ ਤੇ ਸਿਰ ਅਸਮਾਨ ਉੱਤੇ ਤੈਨੂੰ ਵੇਂਹਦਿਆਂ ਸਫਰ ਦੇ ਭਾਰ ਲੱਥੇ ਮੀਂਹ ਪੈ ਗਿਆ ਧੂੜ ਪਹਿਚਾਣ ਉੱਤੇ ਵੇ ਫੁੱਲ ਖਿੜੇ ਨੇ ਸੂਹੇ ਅੱਖਰਾਂ ਦੇ ਗੀਤ ਵਾਰ ਦਿਆਂ ਤੇਰੀ ਸ਼ਾਨ ਉੱਤੇ ਜਦੋਂ ਜਦੋਂ ਵੀ ਬੋਲਿਆ ਨਾਂ ਤੇਰਾ ਰਸ ਡੁੱਲ੍ਹੇ ਨੇ ਸਾਡੀ ਜੁਬਾਨ ਉੱਤੇ ਸੁੱਚਾ ਮੋਹ ਤੇ ਦੂਸਰੀ ਮਹਿਕ ਇਹਦੀ ਬਾਝਹੋਂ ਰੱਬ ਕੀ ਏਸ ਜਹਾਨ ਉੱਤੇ!
ਮੱਥਾ
ਫੁੱਲਾਂ ਵਾਂਗੂੰ ਸੀਸ ਚੜ੍ਹਾਏ ਸਿੰਘਾਂ ਨੇ ਐਨੇ ਸੌਖੇ ਕਿੱਥੇ ਸੀ ਦੀਦਾਰ ਭਲਾਂ ! ਹਰਿਮੰਦਰ ਹੈ ਧੁਰਾ ਅਸਾਂ ਦੀ ਧਰਤੀ ਦਾ ਸੁੱਚੇ ਚਾਨਣ ਬਾਝਹੋਂ ਕੀ ਸੰਸਾਰ ਭਲਾਂ ? ਸਾਡੇ ਕੋਲ਼ੇ ਕੀ ਹੈ ਕੱਲੇ ਅਦਬ ਬਿਨਾ ਬੇਅਦਬਾਂ ਦਾ ਕਿੰਝ ਲੱਥੇਗਾ ਭਾਰ ਭਲਾਂ ਮੱਥਾ ਟੇਕਣ ਵਰਗਾ ਹੀ ਕੁਝ ਹੁੰਦਾ ਹੈ ਜੇ ਤੂੰ ਪੁੱਛੇਂ ਕੀ ਹੁੰਦਾ ਹੈ ਪਿਆਰ ਭਲਾਂ ।
ਦਰਬਾਰ ਸਾਹਿਬ
ਇੱਕ ਛਿਣ ਅੰਬਰ ਜਿੰਦੜੀ ਦੂਜੇ ਛਿਣ ਦਰਿਆ ਗੁਰਾਂ ਦੇ ਵੇਹੜੇ ਖੇਡਦੀ ਮੈਂ ਸਾਂਭ ਨਾ ਹੋਵਣ ਚਾਅ ਏਥੇ ਚਾਨਣ ਦੀ ਗਲਵੱਕੜੀ ਇੱਕ ਮੱਥੇ ਦੇ ਭਾਅ ਲੱਖ ਫੁੱਲਾਂ ਨੂੰ ਚੁੰਮਦੇ ਏਸ ਹਵਾ ਮੇਰੇ ਸਾਹ ਏਥੇ ਕਵਿਤਾ ਟੁੱਭੀਆਂ ਮਾਰਦੀ ਏਥੇ ਨ੍ਹਾਵਣ ਗੀਤ ਅਥਾਹ ਏਥੋਂ ਨਿੱਤ ਜੁਬਾਨਾਂ ਰਸਦੀਆਂ ਨਿੱਤ ਸੱਜਰੀ ਹੋਏ ਨਿਗ੍ਹਾ ਆ ਗੁਰਾਂ ਦੀ ਪਿਆਰੀ ਨਗਰੀ ਮੇਰੀ ਰੂਹ ਜਾਂਦੀ ਨਸ਼ਿਆ ਇੱਕ ਛਿਣ ਅੰਬਰ ਜਿੰਦੜੀ ਦੂਜੇ ਛਿਣ ਦਰਿਆ
ਚੰਨ ਚੜ੍ਹਿਆ
ਚੰਨ ਚੜ੍ਹਿਆ ਤੇਰੀ ਯਾਦ ਦਾ ਸਭ ਭਿੱਜ ਗਏ ਦਰਿਆ ਸਾਡੇ ਸਿਰ ’ਤੇ ਤਾਰੇ ਨੱਚਦੇ ਤੇ ਪੈਰੀਂ ਗਾਉਂਦਾ ਘਾਹ ਤੇਰੇ ਹਿਜ਼ਰ ’ਚ ਥੋਹਰਾਂ ਚੁੰਮੀਆਂ ਹੈ ਥਲ ਦਾ ਰੇਤ ਗਵਾਹ ਤੇਰੇ ਨਾਂ ਦੀ ਮਾਲ਼ਾ ਫੇਰਦੇ ਸਾਡੇ ਭਾਗ ਭਰੇ ਵੇ ਸਾਹ ਤੇਰੇ ਨੈਣਾਂ ਵਰਗੇ ਹੋ ਗਏ ਸਾਡੇ ਦਿਲ ਦੇ ਸਾਰੇ ਰਾਹ ਦਿਲ ਦੀਵੇ ਵਾਂਗੂੰ ਜਗ ਰਿਹਾ ਤੇਰੇ ਹੋਣ ਦਾ ਸੂਹਾ ਚਾਅ ਤੈਨੂੰ ਗੀਤ ਦਾ ਮੱਥਾ ਟੇਕਦਾਂ ਇਹਨੂੰ ਹੋਠਾਂ ਨਾਲ ਛੁਹਾ ਸਿਰ ਢਕ ਕੇ ਤੈਨੂੰ ਪੁੱਛਦਾਂ ਹੇ ਕਵਿਤਾ ਦੀ ਖ਼ਾਨਗਾਹ ਜੋ ਚੰਨ ਚੜ੍ਹਿਆ ਤੇਰੀ ਯਾਦ ਦਾ ਲਵਾਂ ਵਾਂਗ ਪਤਾਸੇ ਖਾ ਇਹਦੇ ਚਾਨਣ ਦਾ ਦੁੱਧ ਚੋ ਦਵੇਂ ਸਭ ਦੇਵਾਂ ਦਰਦ ਨੁਹਾ ਖਿੜ ਜਾਏ ਪੁੰਨਿਆ ਇਸ਼ਕ ਦੀ ਫਿਰ ਕੀ ਮੱਸਿਆ ਦਾ ਭਾਅ ਤੈਨੂੰ ਚੇਤੇ ਕਰ ਕੇ ਸੋਹਣਿਆ ਮੈਂ ਹੋਜਾਂ ਬੇਪਰਵਾਹ ਚੰਨ ਚੜ੍ਹਿਆ ਤੇਰੀ ਯਾਦ ਦਾ ਸਭ ਭਿੱਜ ਗਏ ਦਰਿਆ
ਮੈਂ ਦੀਵਾਨਗੀ
ਤੈਨੂੰ ਜਾਣਦੀ ਜਾਣਦੀ ਜਾਣਦੀ ਵੇ ਜਿੰਦ ਹੋਈ ਅੰਬਰ ਹਾਣਦੀ ਤਾਰਿਆਂ ਦਾ ਜੁੱਟ ਵੀ ਮੈਂ ਹੀ ਹਾਂ ਮਿੱਠੀ ਜਿਹੀ ਧੁੱਪ ਵੀ ਮੈਂ ਹੀ ਹਾਂ ਆਉਂਦੀ ਜਾਂਦੀ ਰੁੱਤ ਵੀ ਮੈਂ ਹੀ ਹਾਂ ਮੈਂ ਤਾਂ ਕਥਾ ਹਾਂ ਤੇਰੀ ਸ਼ਾਨ ਦੀ ਬੱਦਲਾਂ ਦੇ ਸੋਹਣੇ ਫੁੱਟ ਵੀ ਮੈਂ ਕਣੀਆਂ ਦੀ ਠੰਡੀ ਘੁੱਟ ਵੀ ਮੈਂ ਮੀਂਹ ਭਿੱਜ ਭਿੱਜ ਜਾਂਦੇ ਰੁੱਖ ਵੀ ਮੈਂ ਮੈਂ ਦੀਵਾਨਗੀ, ਮੈਂ ਹੈਰਾਨਗੀ ਵੇ ਰੂਹਾਂ ਨੂੰ ਕਾਹਦੇ ਸੀਰ ਨੇ ਸਾਡੇ ਵਿੱਚ ਹਵਾ ਅਖੀਰ ਨੇ ਫੁੱਲ ਮਹਿਕਣਾ ਤਕਦੀਰ ਨੇ ਕਾਨੀ ਹੋ ਹੋ ਤੇਰੇ ਕਮਾਨ ਦੀ ਤੈਨੂੰ ਜਾਣਦੀ ਜਾਣਦੀ ਜਾਣਦੀ ਵੇ ਜਿੰਦ ਹੋਈ ਅੰਬਰ ਹਾਣਦੀ
ਸ਼ੀਸ਼ਾ
ਵੇ ਮੈਂ ਜਦ ਵੀ ਸ਼ੀਸ਼ਾ ਦੇਖਦੀ ਵਿੱਚ ਦੀਂਹਦਾ ਤੇਰਾ ਖਿਆਲ ਮੈਨੂੰ ਸੁਰਖੀ ਲਾਲੀ ਭੁੱਲ ਜਾਏ ਹਾਏ ਸ਼ਰਮਾਂ ਦੇ ਰੰਗ ਲਾਲ ਮੇਰੇ ਹੱਥ ’ਚੋਂ ਕੰਘੀ ਛੁੱਟ ਜੇ ਮੇਰੇ ਖੁੱਲ੍ਹ ਖੁੱਲ੍ਹ ਜਾਵਣ ਵਾਲ਼ ਵੇ ਮੈਂ ਸੁਰਮਾ ਨੈਣੀਂ ਕੀ ਪਾਵਾਂ ਨੈਣੀਂ ਵਹਿੰਦੀ ਇਸ਼ਕ ਘਰਾਲ਼ ਹਾਏ ਮੈਂ ਵੰਗਾਂ ਚੁੱਪ ਕਰਾਂਵਦੀ ਮਿੱਠੀ ਚੁੱਪ ਦੀ ਲੈ ਤੇ ਤਾਲ ਵੇ ਪੱਬ ਬੋਚ ਬੋਚ ਕੇ ਰੱਖਦੀ ਤਾਂ ਵੀ ਝਾਂਜਰ ਪਾਏ ਧਮਾਲ ਭਲਾਂ ਦੱਸਖਾਂ ਝੁਮਕਾ ਸੱਚ ਕਹੇ ਨੀ ਤੇਰਾ ਹੀਰੇ ਰੂਪ ਕਮਾਲ ਮੇਰੀ ਸੇਲੀ ਉੱਤੇ ਟਿਕ ਜਾਏ ਵੇ ਨਿੱਤ ਚੰਨਾ ਏਹੋ ਸਵਾਲ ਕਿਸ ਵੇਲ਼ੇ ਬੂਹਾ ਖੜਕਣਾ ਤੂੰ ਪੁੱਛਣਾ ਈ ਦਿਲ ਦਾ ਹਾਲ ਤੇਰੀ ਖਾਤਰ ਚੋਰੀ ਜੱਗ ਤੋਂ ਹੱਥੀਂ ਕੱਢਿਆ ਇੱਕ ਰੁਮਾਲ ਉਹਦੇ ਉੱਤੇ ਨੇ ਫੁੱਲ ਮਹਿਕਦੇ ਇੱਕ ਮਹਿਕੇ ਤਿਤਲੀ ਨਾਲ ਵੇ ਇੱਕ ਪਾਸੇ ਕੂਕੇ ਮੋਰਨੀ ਤੇ ਮਹਿਕਣ ਲਾਏ ਤਿਕਾਲ ਇੱਕ ਚੁੰਗੀਆਂ ਭਰੇ ਹਰਨੋਟੜਾ ਉਹਦੀ ਤੇਜ ਨਜ਼ਰ ਤੋਂ ਚਾਲ ਉੱਤੇ ਨਾਂ ਲਿਸ਼ਕੇ ਤੇਰਾ ਗੁਰਮੁਖੀ ਉਹਦੀ ਝੱਲੀ ਨਾ ਜਾਏ ਝਾਲ ਤੇਰੇ ਪੈਰ ਛੋਹਣ ਨੂੰ ਰਾਂਝਿਆ ਵੇ ਜਿੰਦ ਹੋਈ ਪਈ ਰਵਾਲ ਤੇਰਾ ਹਿਜਰ ਵੀ ਸੋਹਣਾ ਨੱਢੜਾ ਚਿੱਤ ਹੋਇਆ ਰਹੇ ਨਿਹਾਲ ਮੇਰੀ ਸੇਲੀ ਉੱਤੇ ਟਿਕ ਜਾਏ ਵੇ ਨਿੱਤ ਚੰਨਾ ਏਹੋ ਸਵਾਲ ਕਿਸ ਵੇਲ਼ੇ ਬੂਹਾ ਖੜਕਣਾ ਤੂੰ ਪੁੱਛਣਾ ਦਿਲ ਦਾ ਹਾਲ ਤੈਨੂੰ ਯਾਦ ਕਰਾਂ ਇਹ ਦੇਖਕੇ ਵਿਹੜੇ ਬੇਰੀ ਕੇਰਦੀ ਬੇਰ ਵੇ ਮੈਂ ਸੁੱਚੇ ਹੱਥੀਂ ਚੁਗ ਲਵਾਂ ਤੇਰੀ ਖਾਤਰ ਭਰੀ ਚੰਗੇਰ ਹਾਏ ਰੰਗ ਸੂਹੇ ਸੂਹੇ ਜਗ ਰਹੇ ਜਿਓਂ ਜਗਦੀ ਅੱਗ ਭਠੇਰ ਵੇ ਰੀਝ ਸੁੱਕ ਕੇ ਮੇਵਾ ਹੋ ਗਈ ਹੁਣ ਲਾ ਨਾ ਬਹੁਤੀ ਦੇਰ ਸਾਡੀ ਆਸ ਦੇ ਪਿਛਲੇ ਪਹਿਰ ਨੂੰ ਦੇ ਦੀਦ ਦੀ ਸੁਰਖ ਸਵੇਰ ਤੂੰ ਆਵੇਂ ਝੋਲੀ ਪਾ ਦੇਵਾਂ ਮੈਂ ਜਿੰਦ ਆਪਣੀ ਦੀ ਖੈਰ ਵੇ ਤੂੰ ਆਵੇਂ ਕੌਲ਼ੀਂ ਚੋ ਦੇਵਾਂ ਭਰ ਅੱਥਰੂਆਂ ਦੇ ਥਾਲ ਮੇਰੀ ਸੇਲੀ ਉੱਤੇ ਟਿਕ ਜਾਏ ਵੇ ਨਿੱਤ ਚੰਨਾ ਏਹੋ ਸਵਾਲ ਕਿਸ ਵੇਲ਼ੇ ਬੂਹਾ ਖੜਕਣਾ ਤੂੰ ਪੁੱਛਣਾ ਈ ਦਿਲ ਦਾ ਹਾਲ ਵੇ ਸਾਡਾ ਪਿੰਡ ਰੁੱਤਾਂ ਦੀ ਸੇਜ ਇਹਦੀ ਰੋਹੀ ਵੀ ਰਮਣੀਕ ਏਥੇ ਪਾਣੀ ਭਰਦੀਆਂ ਬੋਲੀਆਂ ਹਾਏ ਬਲਦ ਜੋਤਦੇ ਗੀਤ ਏਥੇ ਰਲ਼ ਮਿਲ਼ ਹੇਕਾਂ ਲਾਂਵਦੇ ਨਿੱਤ ਮੰਦਰ ਅਤੇ ਮਸੀਤ ਵੇ ਜਦ ਬੋਲ ਬਾਬੇ ਕੇ ਗੂੰਜਦੇ ਹੋਣ ਕਾਫਰ ਉੱਡ ਸ਼ਰੀਕ ਏਥੇ ਹੁਸਨ ਦੀ ਰਾਖੀ ਰੱਖਦਾ ਮੱਥੇ ਟਿੱਕਾ ਡੌਲ਼ੇ ਤਵੀਤ ਏਥੇ ਲੋਕ ਨੇ ਸਿੱਧੇ ਸਾਦੜੇ ਗਮ ਪੀ ਜਾਂਦੇ ਲਾ ਡੀਕ ਤੇਰਾ ਰਾਹ ਵੇਂਹਦੀ ਨੇ ਸੋਹਣਿਆ ਮਾਰੀ ਵੇਲ ਨੇ ਕੰਧ ’ਤੋਂ ਛਾਲ ਮੇਰੀ ਸੇਲੀ ਉੱਤੇ ਟਿਕ ਜਾਏ ਵੇ ਨਿੱਤ ਚੰਨਾ ਏਹੋ ਸਵਾਲ ਕਿਸ ਵੇਲ਼ੇ ਬੂਹਾ ਖੜਕਣਾ ਤੂੰ ਪੁੱਛਣਾ ਈ ਦਿਲ ਦਾ ਹਾਲ ਵੇ ਇੱਕ ਟਿੱਬੇ ਦਾ ਦਿਲ ਧੜਕਣਾ ਜਦ ਨੇੜ ਦੀ ਲੰਘੀ ਪੌਣ ਗਿੱਧਾ ਪਾਉਣਾ ਪਿੱਪਲਾਂ ਟਾਹਲੀਆਂ ਤੇਰਾ ਦਰਸ ਮਹੀਨਾ ਸੌਣ ਵੀਹਣੀ ਫੜ ਲੈ ਸ਼ਮਲੇ ਵਾਲਿਆ ਸਾਡੀ ਗਿੱਠ ਉੱਚੀ ਹੋਏ ਧੌਣ ਸਾਨੂੰ ਕਮਲੀ ਕਮਲੀ ਆਖਦੇ ਇਹ ਲੋਕ ਸਿਆਣੇ ਕੌਣ ਵੇ ਸਾਨੂੰ ਐਸੀਆਂ ਨੀਦਾਂ ਰੰਗ ਦੇ ਨਿੱਤ ਸੁਪਨੇ ਤੇਰੇ ਔਣ ਸਾਡੇ ਗੀਤ ਵੀ ਆਸ਼ਕ ਜੋਗੀਆ ਬਸ ਤੂੰ ਹੀ ਤੂੰ ਹੀ ਰੋਣ ਵੇ ਲਿਖ ਖਤ ਮੁਹੱਬਤ ਭਿੱਜੜਾ ਡੁੱਲ੍ਹ ਡੁੱਲ੍ਹ ਪਏ ਮਖਿਆਲ ਮੇਰੀ ਸੇਲੀ ਉੱਤੇ ਟਿਕ ਜਾਏ ਵੇ ਨਿੱਤ ਚੰਨਾ ਏਹੋ ਸਵਾਲ ਕਿਸ ਵੇਲ਼ੇ ਬੂਹਾ ਖੜਕਣਾ ਤੂੰ ਪੁੱਛਣਾ ਈ ਦਿਲ ਦਾ ਹਾਲ
ਚੇਤਰ ਤੈਰਦਾ
ਵੇ ਪੰਜ ਆਬੀਂ ਚੇਤਰ ਤੈਰਦਾ ਚਿੱਤ ਕਿੰਝ ਪਰਦੇਸੀਂ ਠਹਿਰਦਾ ! ਫੁੱਲਾਂ ਦੇ ਪਿੰਡੇ ਮਹਿਕਦੇ ਹੱਥੀਂ ਨਹਾਏ ਤਰੇਲ ਲੱਗੀਆਂ ਛਬੀਲਾਂ ਰਸ ਦੀਆਂ ਭੌਰਾਂ ਦੇ ਉੱਤਰਨ ਮੇਲ ਧਰਤੀ ਦਾ ਟੋਟਾ ਲੈ ਰਿਹਾ ਮੇਚਾ ਹਰਿਆਵਲਾਂ ਦੇ ਪੈਰ ਦਾ ਵੇ ਪੰਜ ਆਬੀਂ ਚੇਤਰ ਤੈਰਦਾ ਚਿੱਤ ਕਿੰਝ ਪਰਦੇਸੀਂ ਠਹਿਰਦਾ ! ਮਿੱਠੀ ਅਵਾਜ ਕੋਇਲ ਦੀ ਸੁਣ ਅੰਬੀਂ ਪਿਆ ਬੂਰ ਵੇ ਆਪਾਂ ਵੀ ਇੰਝ ਪੁਕਾਰੀਏ ਰੱਬ ਐਥੇ ਈ ਨਾਂਹੀ ਦੂਰ ਵੇ ਸਹਿਜੇ ਸਹਿਜੇ ਪੀ ਲਈਏ ਸੁਆਦ ਡੂਮਣਾ ਹਰ ਪਹਿਰ ਦਾ ਵੇ ਪੰਜ ਆਬੀਂ ਚੇਤਰ ਤੈਰਦਾ ਚਿੱਤ ਕਿੰਝ ਪਰਦੇਸੀਂ ਠਹਿਰਦਾ ! ਕਣਕਾਂ ਜੁਆਨ ਹੋ ਗਈਆਂ ਸਰੋਂਆਂ ਰਕਾਨ ਹੋ ਗਈਆਂ ਏਸ ਰੁੱਤੇ ਸਾਡੇ ਜਿਓਣ ’ਤੇ ਸੱਭੇ ਖੈਰਾਂ ਹੈਰਾਨ ਹੋ ਗਈਆਂ ਦੇਹੀ ਦੇ ਸੁੱਚੇ ਪਾਣੀਆਂ ’ਚ ਤੌਂਕਾ ਘੁਲ਼ ਗਿਆ ਕਿਸ ਜਹਿਰ ਦਾ ਵੇ ਪੰਜ ਆਬੀਂ ਚੇਤਰ ਤੈਰਦਾ ਚਿੱਤ ਕਿੰਝ ਪਰਦੇਸੀਂ ਠਹਿਰਦਾ !
ਮਾਂ
ਕੋਈ ਮੇਰੀਆਂ ਅੱਖਾਂ ਪੜ ਲੈਂਦਾ ਹੈ ਕੋਈ ਮੇਰੀ ਜੁਬਾਨ ਕੋਈ ਹੱਥਾਂ ਦੀਆਂ ਲਕੀਰਾਂ ਤੇ ਕੋਈ ਮੱਥਾ ਭਾਫ ਲੈਂਦਾ ਹੈ ਪਰ ਕੋਹਾਂ ਦੂਰ ਬੈਠ ਮੈਨੂੰ ਹਵਾਵਾਂ ਚੋਂ ਪੜ ਲੈਣ ਦੀ ਤਾਕਤ ਸਿਰਫ ਤੇ ਸਿਰਫ ਮੇਰੀ ਮਾਂ ਕੋਲ ਹੈ --- ਰੱਬ ਨੇ ਇੱਕ ਰੱਬ ਘੜਿਆ ਤੇ ਨਾਂ ਰੱਖ ਦਿੱਤਾ ਮਾਂ ਤਾਰਿਆਂ ਲੱਦੀ ਅੱਸੂ ਵਰਗੀ ਜਿਸਦੀ ਮਿੱਠੀ ਛਾਂ ਲੋਰੀਆਂ ਅੰਦਰ ਘੋਲ਼ ਪਿਆਏ ਮਿੱਠਾ ਦੁੱਧ ਜੁਬਾਂ ਹੱਲਾਸ਼ੇਰੀ ਕਿਵੇਂ ਸਿਖਾਇਆ ਉੱਡਣਾ ਬਾਝ ਪਰਾਂ ਮਾਵਾਂ ਤੋਂ ਸੱਖਣੇ ਘਰ ਹੁੰਦੇ ਬੂਟੇ ਬਾਝ ਜੜਾਂ ਹਰ ਕੋਈ ਏਥੇ ਲੱਭਦਾ ਰਹਿੰਦਾ ਬੁੱਕਲ ਵਰਗੀ ਥਾਂ
ਮਿੱਠੀ ਚੀਸ
ਕੈਸੀ ਦੁੱਧ ’ਚ ਪਿਆਈ ਹੈ ਅਸੀਸ ਨੀ ਮਾਏਂ ਮੇਰੇ ਗੀਤਾਂ ਵਿਚੋਂ ਜਾਂਦੀ ਨਹੀਓਂ ਚੀਸ ਨੀ ਮਾਏਂ ਮਿੱਟੀਆਂ ਦੇ ਪਾਣੀਆਂ ਦੇ ਗਮ ਧੀਆਂ ਰਾਣੀਆਂ ਦੇ ਲਿਖਾਂ ਮੈਂ ਨੈਣਾਂ ਚੋਂ ਡੁੱਲ੍ਹੇ ਨੀਰ ਨੀ ਕੰਭਦੇ ਜਿਹੇ ਬੋਲਾਂ ਨਾਲ ਗਾਵਾਂ ਕਦੇ ਗੀਤ ਜਿਹੜਾ ਨਹਿਰਾਂ ਚ ਗੁਆਚੇ ਲੱਭੇ ਵੀਰ ਨੀ ਕਦੇ ਚਿੱਤ ਕਰੇ ਕੋਈ ਗਰੀਬੀਆਂ ਦਾ ਦੁੱਖ ਲਿਖਾਂ ਲਿਖਾਂ ਕਿਹੜੇ ਹਾਲ ਮਜਦੂਰ ਨੀ ਫਿਕਰਾਂ ਨੇ ਚੱਟ ਲਏ ਜੁਆਨੀਆਂ ਦੇ ਚਾਅ ਸਾਰੇ ਚੂਸ ਲਏ ਨਸ਼ੇ ਨੇ ਮੂੰਹੋਂ ਨੂਰ ਨੀ ਕੋਈ ਗੀਤ ਲਿਖਾਂ ਕਿਰਸਾਨ ਦੀਆਂ ਆਸਾਂ ਜਿਹਾ ਲਿਖਾਂ ਪੂਰੇ ਮਿਹਨਤਾਂ ਦੇ ਮੁੱਲ ਨੀ ਕਾਸ਼ ਸਾਡੇ ਹੱਥ ਵੱਸ ਹੁੰਦਾ ਕੁਝ ਲਿਖ ਦਿੰਦੇ ਹਰ ਵੇਹੜੇ ਖੁਸ਼ੀਆਂ ਦੇ ਫੁੱਲ ਨੀ ਏਥੇ ਮਰਿਆਂ ਦਾ ਪਿੱਛਾ ਵੀ ਨਹੀ ਛੱਡਦੇ ਕਰਜ਼ ਬੈਂਕ ਮਾਰਦੇ ਆ ਰੂਹਾਂ ਨੂੰ ਘੜੀਸ ਨੀ ਮਾਏਂ ਮੇਰੇ ਗੀਤਾਂ ਵਿਚੋਂ ਜਾਂਦੀ ਨਹੀਓਂ ਚੀਸ ਨੀ ਮਾਏਂ
ਮਾਂ ਬੋਲੀ
ਅਸੀਂ ਝਨਾਂ ਇਸ਼ਕ ਦਾ ਤਰਦੇ ਵਿੱਚ ਪੰਜਾਬੀ ਦੇ ਅਸੀਂ ਰੱਬ ਨਾਲ ਗੱਲਾਂ ਕਰਦੇ ਵਿੱਚ ਪੰਜਾਬੀ ਦੇ ਸਾਥੋਂ ਦੂਰ ਨਹੀਂ ਚੰਨ ਤਾਰੇ ਅੰਬਰ ਰੌਸ਼ਨੀਆਂ ਅਸੀਂ ਖਿਆਲ ਉਡਾਰੀ ਭਰਦੇ ਵਿੱਚ ਪੰਜਾਬੀ ਦੇ ਅਸੀਂ ਆਪਣੀ ’ਵਾਜ ਦੇ ਰਸ ਨੂੰ ਰੱਜ ਕੇ ਪੀਤਾ ਹੈ ਆਏ ਮੁੱਢ ਤੋਂ ਤਪਦੇ ਠਰਦੇ ਵਿੱਚ ਪੰਜਾਬੀ ਦੇ ਤੇ ਮਸਤ ਰਹੇ ਜੋ ਸਾਡੀਆਂ ਚੁੱਪਾਂ ਅੰਦਰ ਵੀ ਜੀ ਸਾਡੇ ਡੰਗਰ ਬੇਲੇ ਚਰਦੇ ਵਿੱਚ ਪੰਜਾਬੀ ਦੇ ਜਿੰਨਾ ਚਿਰ ਰੂਹਾਂ ਚੋਂ ਫੁੱਟਦੇ ਗੀਤ ਰਹੇ ਅਸੀਂ ਰਹਾਂਗੇ ਜਿਉਂਦੇ ਮਰਦੇ ਵਿੱਚ ਪੰਜਾਬੀ ਦੇ
ਮਹਾਂ ਕਾਵਿ ਪੰਜਾਬ
ਹਾਸੇ ਚਾਨਣੀਆਂ ਦਾ ਥਾਨ ਵੇ ਸਾਡੇ ਦਰਦ ਵੀ ਆਲੀਸ਼ਾਨ ਵੇ ਸਾਡੀ ਕੋਸੀ ਧੁੱਪ ਜੁਬਾਨ ਦਿਲ ਵਹਿੰਦਾ ਛੇਵਾਂ ਆਬ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ਇਹ ਜਿਓਣਾ ਕਿੰਨਾ ਸਹਿਜ ਵੇ ਜਿੱਥੇ ਲੱਖ ਗੈਰਾਂ ਲਈ ਹੇਜ ਵੇ ਜਿੱਥੇ ਮਨ ਸੋਹਣੇ ਜਰਖੇਜ ਤੇ ਉੱਗਣ ਗੁਰਾਂ ਦੇ ਖੁਆਬ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ਕੋਈ ਸੱਸੀ ਤੇ ਕੋਈ ਹੀਰ ਹੈ ਰੂਹ ਬਾਝ ਨਾ ਕੋਈ ਸਰੀਰ ਹੈ ਇੱਕ ਮਿੱਠੀ ਚੀਸ ਤਕਦੀਰ ਹੈ ਪੀੜ ਵੰਝਲ਼ੀ ਕਦੇ ਰਬਾਬ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ਕੋਈ ਹੱਦਾਂ ਈ ਆਵੇ ਭੰਨ ਵੇ ਅਸੀਂ ਜਾਈਏ ਜੰਗ ਜਿਓਂ ਜੰਨ ਵੇ ਜਿਵੇਂ ਰੋਹੀਆਂ ਅੰਦਰ ਚੰਨ ਵੇ ਸਾਡੀ ਹਾਜਰੀ ਫੁੱਲ ਗੁਲਾਬ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ਅਸੀਂ ਲਹੂ ਨਾ ਸਿੰਜੀਏ ਲੇਖ ਵੇ ਸਾਡੇ ਉੱਗਣ ਨੀਅਤਾਂ ਨੇਕ ਵੇ ਸਾਡੇ ਸਾਕਿਆਂ ਦੀ ਮਹਿਕ ਵੇ ਜਿਓਂ ਲਾਚੀਆਂ ਦਾ ਬਾਗ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ਸਾਡੇ ਦੇਸ ਦਾ ਬੂਹਾ ਖੁੱਲ੍ਹਾ ਹੈ ਸਾਡਾ ਦੇਸ ਤਾਂ ਸਾਂਝਾ ਚੁੱਲ੍ਹਾ ਹੈ ਸਾਡਾ ਦੇਸ ਸੁਭਾਅ ਦਾ ਦੁੱਲਾ ਹੈ ਨਹੀਂ ਇਹਦਾ ਕੋਈ ਜਵਾਬ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ ਇਹ ਸੋਹਿਲੇ ਗਾਏ ਅਪਾਰ ਦੇ ਦੁੱਖ ਹੀਰ,ਸੋਹਣੀ,ਸੱਸੀ ਨਾਰ ਦੇ ਕਿੱਸੇ ਵਾਰਿਸ,ਹਾਸ਼ਮ, ’ਯਾਰ ਦੇ ਇਹ ਧਰਤੀ ਦਾ ਮਹਾਂ ਕਾਵਿ ਵੇ ਸਾਡਾ ਸੋਹਣਾ ਦੇਸ ਪੰਜਾਬ ਵੇ
ਪਿੰਡ ਵੇ
ਤੇਰੇ ਡੇਕਾਂ ਕਿੱਕਰ ਟਾਹਲੀਆਂ ਤੇਰੇ ਜੰਡ ਪਿੱਪਲ ਤੇ ਬੋਹੜ ਸਭ ਚੇਤਿਆਂ ਦੇ ਵਿੱਚ ਘੁਲ਼ ਮਿਲੇ ਖੁੰਡ, ਸੱਥਾਂ, ਗਲੀਆਂ ਮੋੜ ਤੇਰੇ ਚੋਬਰ ਤੁਰਦੇ ਦਰਿਆ ਸਿਹੁੰ ਕੁੜੀਆਂ ਨਦੀਆਂ ਦਾ ਵੇਗ ਇਹਨਾ ਬੋਲ ਨਗਾਰਾ ਗੂੰਜਦਾ ਇਹਨਾ ਨੈਣੀ ਲਿਸ਼ਕੇ ਤੇਗ ਤੇਰੇ ਮੋਢਿਆਂ ’ਤੇ ਖੜ ਨੱਚਦੇ ਦੁੱਲੇ ਦਿੰਦੇ ਧੂੜ੍ਹਾਂ ’ਠਾਅ ਤੇਰੇ ਖੇਤ ਲਹੂ ਨਾਲ ਸਿੰਝਕੇ ਏਹ ਜਾਂਦੇ ਇਤਿਹਾਸ ਮਹਿਕਾਅ ਤੂੰ ਇੰਝ ਹੀ ਬੇਪਰਵਾਹ ਰਹੀਂ ਵੇ ਬਣਿਆ ਸਾਧ ਸੁਭਾਅ ਰਹੀਂ ਬੋਤੇ ਗਰਜੇ ਜੰਮਦਾ ਰਹੀਂ ਨਾਨਕ ਦਿਲੀਂ ਵਸਾ ਤੇਰੇ ਮੱਥੇ ਸੂਰਜ ਚੜ੍ਹੇ ਵੇ ਨਿੱਤ ਚੜ੍ਹਦੀ ਕਲਾ ’ਚ ਆ ਤੂੰ ਨਿੱਤ ਵੰਗਾਰੇਂ ਵੈਰੀਆਂ ਨਿੱਤ ਮੰਗੇ ਸਰਬਤ ਦਾ ਭਲਾ ਤੈਨੂੰ ਚੰਨ ਤਾਰੇ ਦੇਣ ਲੋਰੀਆਂ ਤੈਨੂੰ ਬਖਸ਼ਣ ਪੌਣਾਂ ਸਾਹ ਤੂੰ ਜੁਗ ਜੁਗ ਜੀਵੇਂ ਮਹਿਰਮਾ ਤੇਰੇ ਜੀਵਣ ਖੈਰ-ਖਵਾਹ
ਰਸ
ਵੇ ਜਿੰਦ ਸਾਡੀ ਗਹਿਣੇ ਰੱਖ ਲੈ ਗੂੜ੍ਹੀ ਨੀਂਦ ਅੱਖੀਆਂ ਝੋਲ਼ੀ ਪਾ ਦੇ ਜਿਓਂ ਫੁੱਲਾਂ ’ਤੇ ਤ੍ਰੇਲ ਟਿਕ ਜਾਏ ਚੁੱਪ ਬੁੱਲੀਆਂ ’ਤੇ ਏਕਣ ਸਜਾ ਦੇ ਚਿਰ ਹੋਇਆ ਖੁਆਬ ਦੇਖਿਆਂ ਕੁੜੀ ਰੋਜ਼ ਸੀ ਅੰਬਰ ਚੜ੍ਹ ਨੱਚਦੀ ਹਾਏ ਰੂਹ ਉਹਦੀ ਚੰਨ ਵਾਂਗਰਾਂ ਤੇਰੇ ਖੂਹਾਂ ਵਿੱਚ ਮਿੱਠਾ ਮਿੱਠਾ ਹੱਸਦੀ ਵੇ ਜਿੱਥੇ ਉਹਦਾ ਹਾਸਾ ਘੁਲ਼ਿਆ ਪਾਣੀ ਚੂਲ਼ੀਆਂ ’ਚ ਭਰਕੇ ਪਿਆ ਦੇ ਜਿਓਂ ਫੁੱਲਾਂ ’ਤੇ ਤ੍ਰੇਲ ਟਿਕ ਜਾਏ ਚੁੱਪ ਬੁੱਲੀਆਂ ’ਤੇ ਏਕਣ ਸਜਾ ਦੇ ਹਾਏ ਪੂਣੀ ਪੂਣੀ ਦਾਜ ਕੱਤਿਆ ਤੇਰੀ ਸੁਣੀ ਨਾ ਕਿਤੇ ਸ਼ਹਿਨਾਈ ਆ ਲਾਲੀਆਂ ਨੇ ਪਿੰਡ ਘੇਰਿਆ ਤੇਰੀ ਯਾਦ ਵੇ ਅੱਲ੍ਹੜ ਨੂੰ ਆਈ ਹਾਏ ਮੱਸਿਆ ਦੀ ਰਾਤ ਪੀਸ ਕੇ ਰੀਝ ਪੁੰਨਿਆ ਦੇ ਮੱਥੇ ਟਿੱਕਾ ਲਾ ਦੇ ਜਿਓਂ ਫੁੱਲਾਂ ’ਤੇ ਤ੍ਰੇਲ ਟਿਕ ਜਾਏ ਚੁੱਪ ਬੁੱਲੀਆਂ ’ਤੇ ਏਕਣ ਸਜਾ ਦੇ
ਪਿਆਰ
ਤੇਰੇ ਬਾਝ ਨੇ ਸਭੇ ਵਿਅਰਥ ਗੱਲਾਂ ਮੇਲੇ ਰੌਣਕਾਂ ਹਾਰ ਸ਼ਿੰਗਾਰ ਕਰਨੇ ਤੇਰੇ ਬਾਝ ਕੌਣ ਰੂਹਾਂ ਨੂੰ ਕਰੇ ਰਾਜ਼ੀ ਕੀਹਨੇ ਦਿਲਾਂ ਦੇ ਚਾਅ ਉਡਾਰ ਕਰਨੇ ਤੇਰੇ ਬਾਝ ਹੈ ਜਿਓਣਾ ਨੇਰ੍ਹ-ਢੋਹਣਾ ਦੀਦੇ ਗਾਲਣੇ, ਖੁਆਬ ਬਿਮਾਰ ਕਰਨੇ ਤੇਰੇ ਬਾਝ ਕੌਣ ਬੁੱਲਾਂ ਨੂੰ ਗੀਤ ਦੇਵੇ ਕੀਹਨੇ ਗੱਲ੍ਹਾਂ ਦੇ ਰੰਗ ਅਨਾਰ ਕਰਨੇ ਤੇਰੇ ਬਾਝ ਏਹ ਸੱਭੇ ਹੀ ਖੁਸ਼ਕ ਰੁੱਤਾਂ ਕਿਸੇ ਰੁੱਤ ਨਾ ਬੂੰਦ ਆਬਸ਼ਾਰ ਕਰਨੇ ਵੇ ਤੇਰੇ ਬਾਝ ਕੌਣ ਉਮਰ ਦੇ ਪੰਧ ਕੱਟੇ ਕੀਹਨੇ ਨੈਣ ਖਿਆਲ ਪੱਬਾਂ ਭਾਰ ਕਰਨੇ ਤੇਰੇ ਬਾਝ ਸਿਆਹੀ ਨਾ ਰੰਗ ਫੜਨਾ ਲਿਖ ਲਿਖ ਕੇ ਕਾਗਜ਼ ਖੁਆਰ ਕਰਨੇ ਤੇਰੇ ਬਾਝ ਕੌਣ ਦਿਲ ਦੀ ਗੱਲ ਤੋਰੇ ਕੀਹਨੇ ਬੁੱਤ ਸੋਹਣੇ ਰੂਹਦਾਰ ਕਰਨੇ ਤੇਰੇ ਬਾਝ ਨਾ ਸੱਸੀਆਂ ਹੋਣ ਰੀਝਾਂ ਤਪਦੇ ਥਲਾਂ ਦੇ ਕਦੇ ਨਾ ਲੇਖ ਠਰਨੇ ਤੇਰੀ ਨਜ਼ਰ ਹੈ ਬਖਸ਼ਦੀ ਹਿੰਮਤਾਂ ਵੇ ਮੰਦੇਹਾਲ ਵੀ ਇਹਨੇ ਤਿਓਹਾਰ ਕਰਨੇ ਵੇ ਤੇਰੇ ਬਾਝ ਕੌਣ ਤਲੀ ’ਤੇ ਸੀਸ ਰੱਖੇ ਕੀਹਨੇ ਸਿਰਾਂ ਦੇ ਮੁੱਲ ਸਿਰਦਾਰ ਕਰਨੇ ਤੇਰੇ ਬਾਝ ਕੌਣ ਲੋਕਾਂ ਤੋਂ ਪੁੱਤ ਵਾਰੇ ਕੀਹਨੇ ਸੋਨੇ ਦੇ ਤੀਰ ਤਿਆਰ ਕਰਨੇ ਵੱਡੀ ਗੱਲ ਹੈ ਪਿਆਰ ਦੀ ਗੱਲ ਕਰਨੀ ਧਰਮੀ ਗੱਲ ਸਰਬੱਤ ਨੂੰ ਪਿਆਰ ਕਰਨੇ
ਚੇਤ
ਸਾਡੇ ਲੋਕ ਹਿਜਰ ਪਏ ਬੀਜਦੇ ਚਿਰ ਤੋਂ ਵਸਲਾਂ ਦੇ ਖੇਤ ਵੇ ਜਿਓਂ ਹਿਜਰਾਂ ਥਾਈਂ ਚੋ ਰਿਹਾ ਕੋਈ ਵਸਲੋਂ ਮਿੱਠਾ ਸ਼ੈਹਤ ਵੇ ਸਾਡੇ ਸੀਨੇ ਅੰਦਰ ਚੁਭ ਰਿਹਾ ਇੱਕ ਮੱਠਾ ਮੱਠਾ ਸੇਕ ਵੇ ਜਿਓਂ ਹਰੇ ਕਚੂਰੀ ਰੁੱਖ ’ਤੇ ਕੋਈ ਕੁੱਟੀ ਜਾਵੇ ਮੇਖ ਵੇ ਸਾਡੇ ਹੱਥਾਂ ਉੱਤੇ ਤੜਫਦੀ ਹੁਣ ਤੇਰੇ ਮਿਲਣ ਦੀ ਰੇਖ ਵੇ ਜਿਓਂ ਝੱਖੜ ਤੇਜ ਹਨੇਰ ’ਚ ਇੱਕ ਪਤਲੀ ਨਾਜ਼ੁਕ ਡੇਕ ਵੇ ਲੱਖ ਸਰੋਆਂ ਨੇ ਫੁੱਲ ਕੇਰਨੇ ਤੇਰੀ ਸੁਣ ਜਾਏ ਕਿਧਰੋਂ ਹੇਕ ਵੇ ਚੜ੍ਹ ਗਿਆ ਮਹੀਨਾ ਚੇਤ ਵੇ ਕਦੇ ਸਾਡੇ ਵੱਲ ਵੀ ਵੇਖ ਵੇ ਅਸੀਂ ਹਰੇ ਹਰੇ ਪੱਤ ਦੁਖੜੇ ਲਏ ਮਹਿੰਦੀ ਅੰਦਰ ਪੀਸ ਵੇ ਸਾਡੇ ਹੱਥਾਂ ਉੱਤੇ ਮਘ ਰਹੀ ਇੱਕ ਸੂਹੀ ਸੂਹੀ ਚੀਸ ਵੇ ਸਾਡੀ ਚੁੱਪ ਨੂੰ ਕੰਙਣ ਪੁੱਛਦੇ ਤੇਰੇ ਦੀਦ ਦੀ ਕੈ ਤਰੀਕ ਵੇ ਤੇਰੇ ਬੋਲਾਂ ਦੇ ਲਈ ਤਰਸਦੇ ਸਾਡੇ ਮਿੱਠੇ ਮਿੱਠੇ ਗੀਤ ਵੇ ਜਿਓਂ ਜੇਠ ਹਾੜ ਦੀ ਰੁੱਤ ’ਚ ਕੋਈ ਘੁਲ਼ ਜਾਏ ਬੁੱਲ੍ਹਾ ਸ਼ੀਤ ਵੇ ਤੇਰਾ ਇੰਝ ਹੈ ਸਾਨੂੰ ਖਿਆਲ ਵੇ ਤੇਰੀ ਇੰਝ ਹੈ ਸਾਨੂੰ ਉਡੀਕ ਵੇ ਤੇਰੇ ਬਾਝੋਂ ਸੋਹਣਾ ਦੇਸ ਵੇ ਸਾਡੇ ਪੈਰਾਂ ਦੇ ਨਾ ਮੇਚ ਵੇ ਚੜ੍ਹ ਗਿਆ ਮਹੀਨਾ ਚੇਤ ਵੇ ਕਦੇ ਸਾਡੇ ਵੱਲ ਵੀ ਵੇਖ ਵੇ ਅਸੀਂ ਰੂਹ ਦਾ ਰੰਗ ਗੁਆ ਲਿਆ ਇਕ ਦੇਹੀ ਰਹੇ ਸ਼ਿੰਗਾਰ ਵੇ ਸਾਡੇ ਕੰਨੀ ਮੰਤਰ ਫੂਕ ਜਾ ਆ ਸਿਰ ਤੋਂ ਮਿਰਚਾਂ ਵਾਰ ਵੇ ਸਾਡਾ ਰੁੱਖ ਹੁੰਗਾਰਾ ਭਰਨ ਵੇ ਸਾਨੂੰ ਧੂੜ੍ਹਾਂ ਕਰਨ ਪਿਆਰ ਵੇ ਸਾਨੂੰ ਪੰਛੀ ਆਖਣ ਆਪਣਾ ਸਾਡੇ ਦਰਿਆ ਹੋਵਣ ਯਾਰ ਵੇ ਅਸੀਂ ਬੱਦਲ ਬਣ ਬਣ ਉੱਠੀਏ ਉਸ ਥਲ ਨੂੰ ਦੇਈਏ ਠਾਰ ਵੇ ਜਿੱਥੇ ਭੋਰ ਭੋਰ ਰੇਤ ਖਾ ਗਿਆ ਇੱਕ ਮਿਸ਼ਰੀ ਵਰਗੀ ਨਾਰ ਵੇ ਇਹ ਲੋਹਿਓਂ ਸਖ਼ਤ ਰਿਵਾਜੜੇ ਕਿਸੇ ਮੰਡੀ ਆਈਏ ਵੇਚ ਵੇ ਚੜ੍ਹ ਗਿਆ ਮਹੀਨਾ ਚੇਤ ਵੇ ਕਦੇ ਸਾਡੇ ਵੱਲ ਵੀ ਵੇਖ ਵੇ
ਰੂਹ ਰਾਣੀ
ਮੈਂ ਹੀਰ ਮਾਂ ਮੈਂ ਹੀਰ ਮਾਂ ਮੇਰੇ ਕੇਸੀਂ ਵਾਹ ਦੇ ਚੀਰ ਮਾਂ ਸਿਓਨੇ ਦੀ ਦੇ ਸੰਦੂਕੜੀ ਵਿੱਚ ਸਾਂਭਣੇ ਆ ਨੀਰ ਮਾਂ ਮੈਂ ਹੀਰ ਮਾਂ ਮੈਂ ਹੀਰ ਮਾਂ ਮੇਰਾ ਦਾਜ ਚਰਖਾ ਕੱਤ ਦੇ ਮੈਨੂੰ ਸਿਦਕ ਗੂੜੇ ਰੱਤ ਦੇ ਮੇਰੇ ਨੈਣੀਂ ਸੁਰਮਾ ਬਖਸ਼ ਦੇ ਮੈਨੂੰ ਬਖਸ਼ ਰਾਂਝਾ ਪੀਰ ਮਾਂ ਮੈਂ ਹੀਰ ਮਾਂ ਮੈਂ ਹੀਰ ਮਾਂ ਮੈਂ ਮੇਰੇ ਕੇਸੀਂ ਵਾਹ ਦੇ ਚੀਰ ਮਾਂ ਛੱਡ ਤੇ ਖਿਡੌਣੇ ਗੁੱਡੀਆਂ ਮੈਂ ਹੋਰ ਕਿਧਰੇ ਖੁੱਭੀ ਆਂ ਜੋ ਪੁੱਗੀਆਂ ਸੋ ਪੁੱਗੀਆਂ ਹੁਣ ਅਗਲੇ ਘਰ ਦਾ ਸੀਰ ਮਾਂ ਮੈਂ ਹੀਰ ਮਾਂ ਮੈਂ ਹੀਰ ਮਾਂ ਮੇਰੇ ਕੇਸੀਂ ਵਾਹ ਦੇ ਚੀਰ ਮਾਂ ਇਹ ਤਿਤਲੀਆਂ ਨੇ ਮਹਿੰਦੀਆਂ ਮੇਰੇ ਹੱਥੋਂ ਉੱਡਦੀਆਂ ਰਹਿੰਦੀਆਂ ਮੈਂ ਸੁਪਨਿਆਂ ਵਿੱਚ ਸਹਿੰਦੀ ਆਂ ਵੰਗਾਂ ਦੀ ਟੁੱਟਣ ਪੀੜ ਮਾਂ ਮੈਂ ਹੀਰ ਮਾਂ ਮੈਂ ਹੀਰ ਮਾਂ ਮੇਰੇ ਕੇਸੀਂ ਵਾਹ ਦੇ ਚੀਰ ਮਾਂ ਇਹ ਖੇਲ ਹੈ ਇਹ ਖੇਲ ਹੈ ਇਹ ਜੱਗ ਦਿਲਾਂ ਦਾ ਮੇਲ ਹੈ ਉਮਰ ਪੱਤਿਆਂ ’ਤੇ ਤ੍ਰੇਲ ਹੈ ਧੁੱਪਾਂ ਪੀਵਣਾ ਅਖੀਰ ਮਾਂ ਮੈਂ ਹੀਰ ਮਾਂ ਮੈਂ ਹੀਰ ਮਾਂ ਮੇਰੇ ਕੇਸੀਂ ਵਾਹ ਦੇ ਚੀਰ ਮਾਂ
ਮਹਿੰਦੀ ਬੂਟਾ
ਰੀਝਾਂ ਬੀਜੀ ਜਾਂਦੀ ਆ ਖਾਬ ਉਗਾਈ ਜਾਂਦੀ ਆ ਇਕ ਕੁੜੀ ਮਹਿੰਦੀ ਦੇ ਬੂਟੇ ਨੂੰ ਪਾਣੀ ਪਾਈ ਜਾਂਦੀ ਆ ਇਸ ਬੂਟੇ ਇਸ ਦੇਹੀ ਨੇ ਹਾਲੇ ਤਾਂ ਫਲਨਾ ਫੁੱਲਣਾ ਹੈ ਇਕ ਦਿਨ ਪੱਤੇ ਪੱਤੇ ’ਚੋਂ ਹੁਸਨ ਪਿਆਰਾ ਡੁੱਲ੍ਹਣਾ ਹੈ ਕਦੇ ਭਾਂਡੇ ਧੋਈ ਜਾਂਦੀ ਆ ਕਦੇ ਵੀਰ ਵਰਾਈ ਜਾਂਦੀ ਆ ਇਕ ਕੁੜੀ ਮਹਿੰਦੀ ਦੇ ਬੂਟੇ ਨੂੰ ਪਾਣੀ ਪਾਈ ਜਾਂਦੀ ਆ ਮਾਂ ਦਾ ਝਿੜਕਿਆ ਸਿਰ ਮੱਥੇ ਬਾਬਲ ਦੇ ਬੋਲ ਪੁਗਾ ਦਿੰਦੀ ਉਹ ਮਹਿੰਦੀ ਦਿਆਂ ਪੱਤਰਾਂ ਨੂੰ ਦਿਲ ਦਾ ਹਾਲ ਸੁਣਾ ਦਿੰਦੀ ਸੂਹੇ ਸੂਹੇ ਰੰਗਾਂ ਵਿੱਚ ਸੌ ਫਿਕਰ ਲੁਕਾਈ ਜਾਂਦੀ ਆ ਇਕ ਕੁੜੀ ਮਹਿੰਦੀ ਦੇ ਬੂਟੇ ਨੂੰ ਪਾਣੀ ਪਾਈ ਜਾਂਦੀ ਆ ਮਹਿੰਦੀ ਬੂਟਾ ਦਏ ਅਸੀਸਾਂ ਸਦਾ ਸੁਹਾਗਣ ਵਸਦੀ ਰਹਿ ਵਸਣ ਰਸਣ ਤੇਰੇ ਪੇਕੇ ਬੀਬੀ ਤੂੰ ਸਹੁਰੇ ਘਰ ਹੱਸਦੀ ਰਹਿ ਨਿੱਕੇ ਨਿੱਕੇ ਸਾਕਾਂ ਦੀ ਉਹ ਧਰਤ ਘੁੰਮਾਈ ਜਾਂਦੀ ਆ ਇਕ ਕੁੜੀ ਮਹਿੰਦੀ ਦੇ ਬੂਟੇ ਨੂੰ ਪਾਣੀ ਪਾਈ ਜਾਂਦੀ ਆ ਰਹਿਣ ਬਲਾਵਾਂ ਦੂਰ ਦੇਸ ਤੋਂ ਮੜਕਾਂ ਦੇ ਨਾਲ ਤੁਰੀਏ ਜਿਹੜੀ ਮਿੱਟੀ ਵਿੱਚੋਂ ਉੱਠੀਏ ਓਸੇ ਵਿੱਚ ਹੀ ਭੁਰੀਏ ਸੁਰਮਾ ਪਾਈ ਜਾਂਦੀ ਆ ਤੇ ਨੀਰ ਵਹਾਈ ਜਾਂਦੀ ਆ ਇਕ ਕੁੜੀ ਮਹਿੰਦੀ ਦੇ ਬੂਟੇ ਨੂੰ ਪਾਣੀ ਪਾਈ ਜਾਂਦੀ ਆ
ਬਾਬਾ ਤੇਰੇ ਪਿੰਡ ਦੀ ਕੁੜੀ
ਲਾਸ਼ ਜੋ ਨਹਿਰ ਵਿੱਚ ਰੁੜੀ ਆਉਂਦੀ ਏ ਬਾਬਾ ਤੇਰੇ ਪਿੰਡ ਦੀ ਕੁੜੀ ਆਉਂਦੀ ਏ ਖੁੱਲ੍ਹੇ ਕੇਸ ਨੰਗੜੀ ਫਕੀਰ ਵਰਗੀ ਥਾਨ ਨਾਲੋਂ ਲੱਥੀ ਵਾਧੂ ਲੀਰ ਵਰਗੀ ਕੱਲਰਾਂ ’ਚ ਕੇਸਰੀ ਕਰੀਰ ਵਰਗੀ ਕਰਮਾਂ ਦੇ ਵੱਲੋਂ ਉਹ ਥੁੜੀ ਆਉਂਦੀ ਏ ਬਾਬਾ ਤੇਰੇ ਪਿੰਡ ਦੀ ਕੁੜੀ ਆਉਂਦੀ ਏ ਬਾਬਲੇ ਦੇ ਵਿਹੜੇ ਵਾਂਗ ਰਾਣੀਆਂ ਪਲ਼ੀ ਚਾੜ੍ਹ ਦਿੱਤੀ ਜਾਪਦੀ ਹੈ ਦਾਜ ਦੀ ਬਲ਼ੀ ਪਾਣੀ ਉੱਤੇ ਤੈਰਦੀ ਮਲੂਕ ਜਿਹੀ ਕਲੀ ਡੋਲੀ ਜਿਓਂ ਕਹਾਰਾਂ ਬਾਝ ਮੁੜੀ ਆਉਂਦੀ ਏ ਬਾਬਾ ਤੇਰੇ ਪਿੰਡ ਦੀ ਕੁੜੀ ਆਉਂਦੀ ਏ ਧਰਤੀ ਦੀ ਹਿੱਕ ’ਚ ਧਿਆਨ ਜੋੜਿਆ ਮੂਧੇ ਮੂੰਹ ਹੈ ਦੁਨੀਆ ਤੋਂ ਮੁਖ ਮੋੜਿਆ ਸੁਪਨੇ ’ਚ ਸੋਹਣਾ ਵਰ ਹੋਣਾ ਲੋੜਿਆ ਖੌਰ੍ਹੇ ਕਿਸ ਖਿਆਲ ’ਚ ਜੁੜੀ ਆਉਂਦੀ ਏ ਬਾਬਾ ਤੇਰੇ ਪਿੰਡ ਦੀ ਕੁੜੀ ਆਉਂਦੀ ਏ ਜਦੋਂ ਤੇਰੇ ਚਾਅ ਨੀ ਕੁਆਰੇ ਮੋਏ ਹੋਣਗੇ ਦੁਨੀਆ ਨਾ ਰੋਈ ਚੰਨ ਤਾਰੇ ਰੋਏ ਹੋਣਗੇ ਦੇਖ ਰੁੱਖ ਨਹਿਰ ਦੇ ਕਿਨਾਰੇ ਰੋਏ ਹੋਣਗੇ ਹੌਕਿਆਂ ਦੀ ਦਿਲ ’ਤੇ ਛੁਰੀ ਆਉਂਦੀ ਏ ਬਾਬਾ ਤੇਰੇ ਪਿੰਡ ਦੀ ਕੁੜੀ ਆਉਂਦੀ ਏ ਕਾਹਦਾ ਬੀਬਾ ਰਾਣੀਆਂ ਜਿਓਣ ਆਉਂਦੀਆਂ ਸਾਹਾਂ ਦਾ ਕੋਈ ਕਰਜਾ ਹੀ ਲਾਹੁਣ ਆਉਂਦੀਆਂ ਦਿਲਾਂ ਪੱਥਰਾਂ ਨੂੰ ਮੋਮ ਬਣਾਉਣ ਆਉਂਦੀਆਂ ਬਸ ਇਹਨਾਂ ਸਿਰ ਦੁਨੀਆ ਤੁਰੀ ਆਉਂਦੀ ਏ ਬਾਬਾ ਤੇਰੇ ਪਿੰਡ ਦੀ ਕੁੜੀ ਆਉਂਦੀ ਏ
ਧੀਆਂ ਦਾ ਦੇਸ
ਧੀਆਂ ਦੀ ਵੀ ਆਪਣੀ ਧਰਤ ਹੁੰਦੀ ਹੈ ਧੀਆਂ ਦਾ ਵੀ ਆਪਣਾ ਅਕਾਸ਼ ਹੁੰਦਾ ਹੈ ਇੱਕ ਦੇਸ ਕੂੰਜਾਂ ਨੇ ਉਡਾਰ ਹੁੰਦੀਆਂ ਦੂਜੇ ਦੇਸ ਠਹਿਰ ਪਰਵਾਸ ਹੁੰਦਾ ਹੈ ਨਿੱਕੇ ਨਿੱਕੇ ਪੈਰਾਂ ਦੇ ਨਿਸ਼ਾਨ ਵਰਗੇ ਖਾਬ ਪਿਆਰੇ ਤੋਤਲੀ ਜੁਬਾਨ ਵਰਗੇ ਪੰਜੀ ਪੰਜੀ ਕਰ ਜੋੜੀ ਭਾਨ ਵਰਗੇ ਗੁਆਚ ਜਾਣ ਤਾਂ ਵੀ ਧਰਵਾਸ ਹੁੰਦਾ ਹੈ ਧੀਆਂ ਦੀ ਵੀ ਆਪਣੀ ਧਰਤ ਹੁੰਦੀ ਹੈ ਧੀਆਂ ਦਾ ਵੀ ਆਪਣਾ ਅਕਾਸ਼ ਹੁੰਦਾ ਹੈ ਮਾਂ ਲਈ ਕੋਈ ਵੱਖਰਾ ਹੀ ਜੱਗ ਹੁੰਦੀਆਂ ਬਾਬਲ ਤੇ ਵੀਰੇ ਦੀ ਇਹ ਪੱਗ ਹੁੰਦੀਆਂ ਨਵੇਂ ਸਾਕ ਜੋੜੇ ਸੁੱਚਾ ਤਗ ਹੁੰਦੀਆਂ ਦੂਜਿਆਂ ਲਈ ਹੋਣਾ ਹੀ ਵਿਲਾਸ ਹੁੰਦਾ ਹੈ ਧੀਆਂ ਦੀ ਵੀ ਆਪਣੀ ਧਰਤ ਹੁੰਦੀ ਹੈ ਧੀਆਂ ਦਾ ਵੀ ਆਪਣਾ ਅਕਾਸ਼ ਹੁੰਦਾ ਹੈ ਹੱਥਾਂ ਉੱਤੇ ਜਦੋਂ ਵੀ ਰੰਗਾਉਣ ਮਹਿੰਦੀਆਂ ਫੁੱਲ,ਤੋਤੇ,ਘੁੱਗੀਆਂ ਸਜਾਉਣ ਮਹਿੰਦੀਆਂ ਰੀਝਾਂ ਕਿਵੇਂ ਦਿਲ ’ਚ ਲੁਕਾਉਣ ਮਹਿੰਦੀਆਂ ਜਿਓਣਾ ਕੋਮਲ ਕਲਾ ਦਾ ਕੋਈ ਰਾਸ ਹੁੰਦਾ ਹੈ ਧੀਆਂ ਦੀ ਵੀ ਆਪਣੀ ਧਰਤ ਹੁੰਦੀ ਹੈ ਧੀਆਂ ਦਾ ਵੀ ਆਪਣਾ ਅਕਾਸ਼ ਹੁੰਦਾ ਹੈ ਇੱਕ ਥਾਏਂ ਰਹਿਣਾ,ਜਿਓਣਾ ਦੋ ਥਾਵਾਂ ’ਤੇ ਸਭਨਾ ਦੀ ਖੈਰ ਸੁੱਖ ਰਹਿਣੀ ਸਾਹਵਾਂ ’ਤੇ ਹੁੰਦੀਆਂ ਮਲੂਕ ਜਿਵੇਂ ਵੰਗਾਂ ਬਾਂਹਵਾਂ ’ਤੇ ਅਸੀਸ ਬਣੇ ਰਹਿਣਾ ਏਹੀ ਖਾਸ ਹੁੰਦਾ ਹੈ ਧੀਆਂ ਦੀ ਵੀ ਆਪਣੀ ਧਰਤ ਹੁੰਦੀ ਹੈ ਧੀਆਂ ਦਾ ਵੀ ਆਪਣਾ ਅਕਾਸ਼ ਹੁੰਦਾ ਹੈ ਧੰਨ ਧੰਨ ਡੱਡੀਆਂ ਬਿਠਾਈਏ ਦਿਲਾਂ ’ਚ ਧੀ ਪਿਆਰ ਚਸ਼ਮਾ ਵਗਾਈਏ ਦਿਲਾਂ ’ਚ ਫੁੱਲਾਂ ਵਾਂਗ ਪਾਲ਼ ਮਹਿਕਾਈਏ ਦਿਲਾਂ ’ਚ ਇਹਨਾਂ ਬਿਨਾ ਰੁੱਖਾ ਆਸ ਪਾਸ ਹੁੰਦਾ ਹੈ ਧੀਆਂ ਦੀ ਵੀ ਆਪਣੀ ਧਰਤ ਹੁੰਦੀ ਹੈ ਧੀਆਂ ਦਾ ਵੀ ਆਪਣਾ ਅਕਾਸ਼ ਹੁੰਦਾ ਹੈ
ਦਰਦ ਕਥਾ
ਕਿਹੜੀਆਂ ਟੂਮਾਂ ਕਿਹੜੇ ਚੂੜੇ ਸਾਰੀ ਉਮਰ ਨੌਹਾਂ ਵਿੱਚ ਕੂੜੇ ਰਹਿਣੇ ਰੁੱਖੜੇ ਉਲਝੇ ਜੂੜੇ ਏਹੀਓ ਜੂਨ ਨਿਮਾਣੀਆਂ ਦੀ ਸਾਡੀ ਦਰਦ ਕਥਾ ਵੇ ਬਾਬਲ ਕੌਣ ਸੁਣੇ ਲੋਕੀ ਪਾਉਂਦੇ ਬਾਤ ਜੀ ਰਾਜੇ ਰਾਣੀਆਂ ਦੀ ਕਾਹਦੀਆਂ ਤੀਆਂ ਕਾਹਦੇ ਸੰਧਾਰੇ ਨਾ ਹੀ ਚੁੰਨੀਆਂ ਨੂੰ ਫੁੱਲ ਤਾਰੇ ਐਵੇੰ ਈ ਮਰ ਜਾਣ ਚਾਅ ਕੁਆਰੇ ਕਿਹੜੇ ਗਿੱਧੇ ਬੋਲੀ ਹਾਣੀਆਂ ਦੀ ਸਾਡੀ ਦਰਦ ਕਥਾ ਵੇ ਬਾਬਲ ਕੌਣ ਸੁਣੇ ਲੋਕੀ ਪਾਉਂਦੇ ਬਾਤ ਜੀ ਰਾਜੇ ਰਾਣੀਆਂ ਦੀ ਬਾਬਲ ਵੀਰ ਭੈਣ ਸਭ ਸੀਰੀ ਸਾਡੀ ਸੀਰ ਰਲ਼ੇ ਹਰ ਪੀੜ੍ਹੀ ਘੁੰਮੀ ਜਾਣਾ ਵਾਂਗ ਭੰਬੀਰੀ ਤਾਂ ਵੀ ਪੂੰਜੀ ਸਿਫ਼ਰ ਧਿਆਣੀਆਂ ਦੀ ਸਾਡੀ ਦਰਦ ਕਥਾ ਵੇ ਬਾਬਲ ਕੌਣ ਸੁਣੇ ਲੋਕੀ ਪਾਉਂਦੇ ਬਾਤ ਜੀ ਰਾਜੇ ਰਾਣੀਆਂ ਦੀ ਸੁੱਕੜੇ ਅੰਗ ਨਾ ਲੈਣ ਅੰਗੜਾਈਆਂ ਨਾ ਅੱਖਾਂ ਸੁਰਮੇ ਪਾ ਮਟਕਾਈਆਂ ਪੈਰੀਂ ਪੱਕੀਆਂ ਰਹਿਣ ਬਿਆਈਆਂ ਕਿਉਂ ਉਮਰਾਂ ਤੋਂ ਸੁਲਝੇ ਨਾ ਤੰਦ ਤਾਣੀਆਂ ਦੀ ਸਾਡੀ ਦਰਦ ਕਥਾ ਵੇ ਬਾਬਲ ਕੌਣ ਸੁਣੇ ਲੋਕੀ ਪਾਉਂਦੇ ਬਾਤ ਜੀ ਰਾਜੇ ਰਾਣੀਆਂ ਦੀ ਪੱਲੇ ਸ਼ਬਦ ਗੁਰਾਂ ਦੇ ਪਾ ਲਓ ਜਾਤਾਂ-ਪਾਤਾਂ ਭੇਦ ਮਿਟਾ ਲਓ ਰਲ ਮਿਲ ਸੋਹਣੇ ਟੈਮ ਟਪਾ ਲਓ ਮਿੱਠਤ ਬਣੀਏ ਪੰਜਾਂ ਪਾਣੀਆਂ ਦੀ ਸਾਡੀ ਦਰਦ ਕਥਾ ਵੇ ਬਾਬਲ ਕੌਣ ਸੁਣੇ ਲੋਕੀ ਪਾਉਂਦੇ ਬਾਤ ਜੀ ਰਾਜੇ ਰਾਣੀਆਂ ਦੀ
ਵਿਸਾਖ
ਹਰੇ ਹਰੇ ਕੂਲ਼ੇ ਕੂਲ਼ੇ ਲਿਸ਼ ਲਿਸ਼ ਪੱਤਿਆਂ ਚੋਂ ਚੂਕਦੀਆਂ ਚਿੜੀਆਂ ਤੇ ਕੋਇਲਾਂ ਗਾਈ ਜਾਂਦੀਆਂ ਉੱਡਦੀਆਂ ਧੂੜਾਂ ਪਈਆਂ ਵਾਢੀਆਂ ਬਰੋਟੇ ਸੁੰਨੇ ਕੁੱਟ ਕੁੱਟ ਚੂਰੀਆਂ ਲੱਸੀ ਨਾ ਆਈ ਜਾਂਦੀਆਂ ਸੂਹੇ ਸੂਹੇ ਸੱਜਰੇ ਜਿਹੇ ਚਾਅ ਚੜ੍ਹੇ ਜੱਟੀਆਂ ਨੂੰ ਇੱਕ ਰੀਝ ਬੁਣਦੀਆਂ ਦੂਜੀ ਢਾਹੀ ਜਾਂਦੀਆਂ ਖੀਸਾ ਭਰੀ ਆਵੇ ਜੱਟ ਤੂਤੀਆਂ ਦੇ ਨਾਲ ਖੇਤੋਂ ਰਸ ਰਸੀ ਜਾਂਦੇ ਰੂਹਾਂ ਰੰਗ ਪਾਈ ਜਾਂਦੀਆਂ ਰੁੱਤ ਹੈ ਵਿਸਾਖ ਦੀ ਵੇ ਏਹੋ ਗੱਲ ਆਖ ਦੀ ਸਬਰਾਂ ਦੇ ਬਾਝ ਲੱਖਾਂ ਗਮ ਖਾਈ ਜਾਂਦੀਆਂ
ਮੇਰਾ ਬਾਬਲ
ਮੇਰਾ ਬਾਬਲ ਭਲਾ ਕਿਰਸਾਨ ਨੀ ਮੈਨੂੰ ਏਸੇ ਹੀ ਗੱਲ ਦਾ ਹੈ ਮਾਣ ਨੀ ਉਹਦੇ ਖੇਤਾਂ ’ਚ ਪੱਕਦਾ ਇਮਾਨ ਨੀ ਉਹਦਾ ਹਰਿਆ ਜਮੀਂ ਨੇ ਧਿਆਨ ਨੀ ਉਹ ਕਣਕਾਂ ਕਪਾਹਾਂ ਉਗਾਉਂਦਾ ਰਹੇ ਉਹ ਮੁੜਕੇ ’ਚ ਮਿੱਟੀ ਨੁਹਾਉਂਦਾ ਰਹੇ ਤੇ ਜਿਉਂਦਾ ਰਹੇ ਸਦਾ ਗਾਉਂਦਾ ਰਹੇ ਉਹਦੇ ਖੂਹਾਂ ’ਚ ਚੰਨ ਦਾ ਇਸ਼ਨਾਨ ਨੀ ਮੇਰਾ ਬਾਬਲ ਭਲਾ ਕਿਰਸਾਨ ਨੀ ਉਹਦੇ ਨੈਣਾਂ ’ਚ ਅੰਬਰ ਸਿਤਾਰੇ ਰਹੇ ਉਹਦੀ ਸੁਰਤੀ ’ਚ ਭੁੱਖਾਂ ਦੇ ਮਾਰੇ ਰਹੇ ਪੈਰ ਪਰ ਨਾ ਕਦੇ ਥੱਕੇ ਹਾਰੇ ਰਹੇ ਦਮ ਦਮ ਚੋਂ ਹੈ ਫੁੱਟਦਾ ਕੋਈ ਦਾਨ ਨੀ ਮੇਰਾ ਬਾਬਲ ਭਲਾ ਕਿਰਸਾਨ ਨੀ ਉਹ ਹਾਕਮ ਤੇ ਮੰਡੀਆਂ ਨੂੰ ਨਹੀਂ ਜਾਣਦਾ ਉਹ ਨੀਚਾਂ ਤੇ ਦੰਭੀਆਂ ਨੂੰ ਨਹੀਂ ਜਾਣਦਾ ਉਹ ਔਖਾਂ ਤੇ ਤੰਗੀਆਂ ਨੂੰ ਨਹੀਂ ਜਾਣਦਾ ਉਹ ਤਾਂ ਜਾਣੇ ਹੋਣਾ ਕੁਰਬਾਨ ਨੀ ਮੇਰਾ ਬਾਬਲ ਭਲਾ ਕਿਰਸਾਨ ਨੀ ਬਾਬਲ ਮੇਰੇ ਲਈ ਮੈਂ ਕੁੱਟਦੀ ਆਂ ਚੂਰੀ ਉਹਦਾ ਸਾਇਆ ਸਾਡੇ ਵਿਹੜੇ ਕਥੂਰੀ ਸਾਡੇ ਮੁਖੜੇ ਦੀ ਲਾਲੀ ਸਵੇਰਾ ਸੰਧੂਰੀ ਉਹ ਸਾਡੇ ਵੇਹੜੇ ਦਾ ਅਸਮਾਨ ਨੀ ਮੇਰਾ ਬਾਬਲ ਭਲਾ ਕਿਰਸਾਨ ਨੀ ਮੈਨੂੰ ਏਸੇ ਹੀ ਗੱਲ ਦਾ ਹੈ ਮਾਣ ਨੀ
ਵਿਸਾਖੀ
ਲਿਸ਼ਕਿਆ ਲਿਸ਼ਕਿਆ ਅੰਬਰ ਕਿਉਂ ਹੈ ਲਿਸ਼ਕਿਆ ਖਿੱਚ ਲਈ ਖਿੱਚ ਲਈ ਬਿਜਲੀ ਗੁਰਾਂ ਨੇ ਮਿਆਨ ਚੋਂ ਸੰਦਲੀ ਸੰਦਲੀ ਹੋਈ ਪੌਣ ਕਿਉਂ ਹੈ ਸੰਦਲੀ ਜਨਮਿਆ ਜਨਮਿਆ ਅੱਜ ਖਾਲਸਾ ਕਿਰਪਾਨ ਚੋਂ ਛਲਕਦੇ ਛਲਕਦੇ ਦਰਿਆ ਕਿਉਂ ਛਾਲ਼ਾਂ ਮਾਰਦੇ ਫੁੱਟ ਪਏ ਫੁੱਟ ਪਏ ਚਸ਼ਮੇ ਇਲਾਹੀ ਧਿਆਨ ਚੋਂ ਉੱਤਰੇ ਉੱਤਰੇ ਰੰਗ ਨੀਲ ਕਿਉਂ ਅਸਮਾਨ ਚੋਂ ਜਨਮਿਆ ਜਨਮਿਆ ਅੱਜ ਖਾਲਸਾ ਕਿਰਪਾਨ ਚੋਂ ਗਾ ਰਿਹਾ ਗਾ ਰਿਹਾ ਚਿੜੀਆਂ ਦਾ ਦਿਲ ਵੀ ਗਾ ਰਿਹਾ ਕੇਸਰੀ ਕੇਸਰੀ ਗੀਤ ਜਨਮਿਆ ਕਿਰਪਾਨ ਚੋਂ
ਅਵਾਜ
ਸੁੱਕੀ ਵੇਲ ਗਈ ਹਰਿਆ ਤੂੰ ਦਿਲ ਵਿੱਚ ਇੰਝ ਵਸਿਆ ਜਿਵੇਂ ਵਸਦੇ ਹਵਾਵਾਂ ਵਿੱਚ ਸਾਹ ਚੁੱਪ ਟੁੱਟ ਗਈ ਦੁਪਹਿਰਾਂ ਦੀ ਪਿੱਪਲਾਂ ਨੇ ਪਾਈਆਂ ਬੋਲੀਆਂ ਵੇ ਸੁਣੀ ’ਵਾਜ ਤੇਰੇ ਪੈਰਾਂ ਦੀ ਮਿੱਠਾ ਚਸ਼ਮਾ ਪਾਣੀ ਦਾ ਤੇਰਿਆਂ ਬੋਲਾਂ ਦਾ ਰਸ ਰੱਜ ਰੱਜ ਮਾਣੀ ਦਾ ਮੱਥਾ ਤਪਦਾ ਠਰ ਗਿਆ ਹੈ ਸੱਜਣ ਸਾਉਣ ਜਿਹਾ ਦਿਲ ਹਾੜ ’ਤੇ ਵਰ ਗਿਆ ਹੈ ਵੇ ਏਹ ਹੱਦਾਂ ਮੇਟ ਦੇਵਾਂ ਚਿੱਤ ਕਰੇ ਸਾਰੀ ਧਰਤੀ ਮੈਂ ਤੇਰੀ ਪੱਗ ’ਚ ਲਪੇਟ ਦੇਵਾਂ
ਜੇਠ
ਚੜ੍ਹ ਗਿਆ ਜੇਠ ਮਹੀਨਾ ਤਪਦਾ ਭੱਠੀ ਵਾਂਗੂੰ ਸੀਨਾ ਹੋਵੇ ਕੋਲ਼ੇ ਯਾਰ ਨਗੀਨਾ ਜੀਹਨੂੰ ਤੱਕਿਆਂ ਠਾਰ ਪਏ ਜੀਹਦੇ ਅੱਧ-ਸੁੱਤੇ ਜਿਹੇ ਨੈਣੀਂ ਗਾਵੇ ਗੀਤ ਕੋਈ ਤਿਰਵੈਣੀ ਮੱਥਾ ਜਿਓਂ ਪੂਰਾ ਚੰਨ ਰੈਣੀਂ ਰਿਸ਼ਮੋਂ ਨਦਰੀ ਧਾਰ ਪਏ ਜੀਹਦੇ ਬੋਲਾਂ ਦਾ ਘੁੱਟ ਭਰਕੇ ਜਿਓੰਦਾ ਹੋ ਜਾਵਾਂ ਮੈਂ ਮਰਕੇ ਹੌਲ਼ਾ ਹੋ ਜਾਵਾਂ ਗੱਲ ਕਰਕੇ ਦਿਲ ਤੇ ਜਦ ਵੀ ਭਾਰ ਪਏ ਜੀਹਦੀ ਨੀਂਦ ਦੇ ਓਹਲੇ ਓਹਲੇ ਰੱਖਦੀ ਪੈਰ ਹਵਾ ਵੀ ਪੋਲੇ ਵਣ ਵਿੱਚ ਐਸਾ ਪੰਛੀ ਬੋਲੇ ਸੁਰਤੀ ਅੰਬਰੋਂ ਤੋਂ ਪਾਰ ਪਏ ਹੋਵੇ ਐਸਾ ਯਾਰ ਨਗੀਨਾ ਜੀਹਨੂੰ ਤੱਕਿਆਂ ਠਾਰ ਪਏ
ਜੂਨ ਚੁਰਾਸੀ
ਧਿਆਨ ਧਰਾਂ ਹਰਿਮੰਦਰ ਦਾ ਤੇ ਉੱਡ ਜਾਏ ਦੂਰ ਉਦਾਸੀ ਸਿੱਖਾਂ ਨੇ ਦਿਲ ਉੱਤੇ ਲਿਖ ਲਈ ਪਹਿਲੀ ਜੂਨ ਚੁਰਾਸੀ ਸੁਰਖ ਸਰੋਵਰ ਅੰਦਰ ਸੋਚਾਂ ਕਰ ਆਈਆਂ ਇਸ਼ਨਾਨ ਅੰਬਰਸਰ ਦਾ ਅੰਬਰ ਗਾਵੇ ਸੂਰਮਿਆਂ ਦੀ ਸ਼ਾਨ ਗੋਦ ਗੁਰਾਂ ਦੀ ਸੌਂ ਗਏ ਯੋਧੇ ਰਹੂ ਜਾਗਦੀ ਸਾਖੀ ਸਿੱਖਾਂ ਨੇ ਦਿਲ ਉੱਤੇ ਲਿਖ ਲਈ ਪਹਿਲੀ ਜੂਨ ਚੁਰਾਸੀ ਸੁੱਚੀ ਪੀੜ ਦਾ ਸੁੱਚਾ ਮਣਕਾ ਸਾਹ-ਤਗ ਵਿੱਚ ਪਰੋਇਆ ਖੁੱਲਦੇ ਜਾਣ ਕਥੂਰੀ ਕੁੱਜੇ ਗੀਤ ਸ਼ਹੀਦੀ ਛੋਹਿਆ ਠੰਡਾ ਮਿੱਠਾ ਜਲ ਵਰਤਾਉਂਦੇ ਰੱਬ ਨੇ ਕੌਮ ਤਰਾਸ਼ੀ ਸਿੱਖਾਂ ਨੇ ਦਿਲ ਉੱਤੇ ਲਿਖ ਲਈ ਪਹਿਲੀ ਜੂਨ ਚੁਰਾਸੀ ਪਹਿਲੀ ਜੂਨ ਚੁਰਾਸੀ ਬੂਹਾ ਓਸ ਅੰਬਰ ਦਾ ਖੋਲ੍ਹੇ ਜਿੱਥੇ ਧਰਮੀ ਧੁੱਪਾਂ ਦੇ ਵਿੱਚ ਮਹਿਕ ਗੁਰਾਂ ਦੀ ਬੋਲੇ ਆਪਣੇ ਰਾਜ ਬਿਨਾ ਨਾ ਹੁੰਦੀ ਜਿਉਂਦੇ ਜੀਅ ਖ਼ਲਾਸੀ ਸਿੱਖਾਂ ਨੇ ਦਿਲ ਉੱਤੇ ਲਿਖ ਲਈ ਪਹਿਲੀ ਜੂਨ ਚੁਰਾਸੀ
ਨਾਬਰ
ਇਹਨਾਂ ਨੈਣਾਂ ਦੀ ਪਰਮ ਗੋਲਾਈ ਅੰਦਰ ਦਰਿਆ ਲਿਸ਼ਕਦੇ ਧਰਤ ਸਮਾਈ ਅੰਦਰ ਤੇਰੀ ਸਮਝ ਤੋਂ ਪਰੇ ਦੀ ਹੈ ਗੱਲ ਬੀਬਾ ਅੰਬਰ ਧੜਕਦਾ ਸਾਡੀ ਖੁਦਾਈ ਅੰਦਰ ਸਾਡੇ ਹਿਜਰ ’ਚ ਨਕਸ਼ ਪੰਜਾਬ ਦੇ ਇੰਝ ਜਿਓਂ ਚੰਨ ਤੈਰਦਾ ਪਾਕ ਤਲਾਈ ਅੰਦਰ ਤੇ ਲੱਖ ਤਾਰੇ ਛਲਾਂਗਾਂ ਮਾਰ ਆਉਂਦੇ ਕਰਾਮਾਤ ਹੈ ਐਸੀ ਅੰਗੜਾਈ ਅੰਦਰ ਆ ਸਾਨੂੰ ਚੜ੍ਹੇ ਸ਼ਹੀਦੀ ਦਾ ਨਸ਼ਾ ਏਦਾਂ ਨਸ਼ਾ ਹੁੰਦਾ ਜਿਓਂ ਨੇਕ ਕਮਾਈ ਅੰਦਰ ਸਾਡੀ ਨਾਬਰੀ ਦਾ ਜੋ ਪਾਏ ਨੂਰ ਫਿੱਕਾ ਦਮ ਹੈ ਨਹੀਂ ਕਿਸੇ ਬਾਦਸ਼ਾਹੀ ਅੰਦਰ
ਸੰਤ ਜੀ
ਤੈਨੂੰ ਪਾਣੀਆਂ ਦਾ ਥਾਪੜਾ,ਤੈਨੂੰ ਰੁੱਖਾਂ ਦੀ ਅਸੀਸ ਵੇ ਤੂੰ ਮੋਢਿਆਂ ’ਤੇ ਚੁੱਕੀ ਫਿਰੇਂ, ਮਿੱਟੀਆਂ ਦੀ ਚੀਸ ਵੇ ਬਾਦਸ਼ਾਹ ਕੋਈ ਤਾਜ ਵਿੱਚ ਤਾਰੇ ਜੜਵਾ ਲਵੇ ਤਾਜ ਨਾਂਵੇਂ ਚੱਪਾ ਚੱਪਾ ਦੁਨੀਆਂ ਲਿਖਾ ਲਵੇ ਤਾਂ ਵੀ ਤੇਰੀ ਪੱਗੜੀ ਦੀ ਨਹੀਓਂ ਚੰਨਾ ਰੀਸ ਵੇ ਤੂੰ ਮੋਢਿਆਂ ’ਤੇ ਚੁੱਕੀ ਫਿਰੇਂ, ਮਿੱਟੀਆਂ ਦੀ ਚੀਸ ਵੇ ਨੀਲੇ ਨੀਲੇ ਬਾਣਿਆਂ ’ਚ ਅੰਬਰੀ ਤਾਸੀਰਾਂ ਨੇ ਕਣੀਆਂ ਤੇ ਧੁੱਪਾਂ ਵਾਂਗ ਜਿਓਣਾ ਏਥੇ ਪੀਰਾਂ ਨੇ ਹਾਂ ਥੇਹਾਂ ਦੇ ਵੀ ਦਰਦਾਂ ’ਚ ਹੋਵਣਾ ਸ਼ਰੀਕ ਵੇ ਤੂੰ ਮੋਢਿਆਂ ’ਤੇ ਚੁੱਕੀ ਫਿਰੇਂ, ਮਿੱਟੀਆਂ ਦੀ ਚੀਸ ਵੇ ਤੈਨੂੰ ਪੂਰਾ ਪੂਰਾ ਕੋਈ ਤੇਰੇ ਜਿਹਾ ਬਿਆਨੇਗਾ ਜੋ ਅਕਲਾਂ ਦੇ ਘੇਰੇ ਤੋਂ ਅਗਾਂਹੀਂ ਗੱਲ ਜਾਨੇਗਾ ਤੇਰੀ ਗੱਲ ਵੱਡੀ ਸਾਡੇ ਨਿੱਕੇ ਨਿੱਕੇ ਗੀਤ ਵੇ ਤੂੰ ਮੋਢਿਆਂ ’ਤੇ ਚੁੱਕੀ ਫਿਰੇਂ, ਮਿੱਟੀਆਂ ਦੀ ਚੀਸ ਵੇ
ਸ਼ਹੀਦੀ
ਰੱਤੀ ਰੱਤੀ ਮਹਿੰਦੀ ਚੜ੍ਹੀ ਹੈ ਸੂਹੇ ਸੂਹੇ ਚੜ੍ਹੇ ਹੋਏ ਆ ਚਾਅ ਬੂਹੇ ’ਤੇ ਸ਼ਹੀਦੀ ਡੋਲੇ ਪਹੁੰਚ ਗਏ ਅੱਜ ਗੁਰਾਂ ਦੀ ਹੈ ਬੇਟੀ ਦਾ ਵਿਆਹ ਚੁੰਨੀਆਂ ਨੂੰ ਗੋਟੇ ਨੇ ਸਿਦਕ ਦੇ ਸਿਦਕਾਂ ਨੂੰ ਧੁੱਪਾਂ ਨੇ ਨਿਖਾਰਿਆ ਦੇਖ ਮੇਰੀ ਮਿੱਠੀ ਮੁਸਕਾਨ ਨੂੰ ਦੁੱਧ ਚੰਨ ਧਰਤੀ ਉਤਾਰਿਆ ਨੈਣਾਂ ਦੀ ਚਮਕ ਹੋਈ ਅੱਥਰੀ ਤਾਰਿਆਂ ਦੀ ਲੋ ਲਈ ਹੈ ਪਾ ਬੂਹੇ ’ਤੇ ਸ਼ਹੀਦੀ ਡੋਲੇ ਪਹੁੰਚ ਗਏ ਅੱਜ ਗੁਰਾਂ ਦੀ ਹੈ ਬੇਟੀ ਦਾ ਵਿਆਹ ਰੀਝਾਂ ਅੱਜ ਹੋਣੀਆਂ ਨੇ ਪੂਰੀਆਂ ਪੂਰੇ ਹੋਣੇ ਦਿਨ ਪੇਕੇ ਰਹਿਣ ਦੇ ਇਹਤੋਂ ਵੱਡਾ ਹੋਣਾ ਕੀ ਸਬਰ ਜੀ ਨਿਭ ਚੱਲੀ ਬਾਬਲ ਦੇ ਕਹਿਣ ’ਤੇ ਹਵਾ ਨੇ ਗੁਲਾਬ ਗੇਂਦੇ ਕੇਰਨੇ ਧਰਤੀ ਦੇ ਮਹਿਕਣੇ ਆ ਸਾਹ ਬੂਹੇ ’ਤੇ ਸ਼ਹੀਦੀ ਡੋਲੇ ਪਹੁੰਚ ਗਏ ਅੱਜ ਗੁਰਾਂ ਦੀ ਹੈ ਬੇਟੀ ਦਾ ਵਿਆਹ ਅੱਜ ਭੈਣਾਂ ਮੇਰੀਆਂ ਨੇ ਰਲ਼ ਕੇ ਸ਼ਗਨਾਂ ਦੇ ਹਰੇ ਗੀਤ ਗਾਉਣੇ ਆ ਧਰਮ ਨਿਭਾਉਣ ਧੀਆਂ ਚੱਲੀਆਂ ਮਾਵਾਂ ਨੇ ਬਨੇਰੇ ਦੀਵੇ ਲਾਉਣੇ ਆ ਜਗ ਮਗ ਜਗ ਮਗ ਕਰਦਾ ਜਾਂਦਾ ਜੋ ਮਾਹੀ ਦੇ ਪਿੰਡ ਰਾਹ ਬੂਹੇ ’ਤੇ ਸ਼ਹੀਦੀ ਡੋਲੇ ਪਹੁੰਚ ਗਏ ਅੱਜ ਗੁਰਾਂ ਦੀ ਹੈ ਬੇਟੀ ਦਾ ਵਿਆਹ
ਤੇਰੀ ਮਹਿਕ
ਤੇਰੀ ਮਹਿਕ ਸਾਡੇ ਪਿੰਡ ਵੇ ਗਈ ਖਿੰਡ ਵੇ ਗਈ ਖਿੰਡ ਵੇ ਨਾ ਖੰਘਿਆ ਨਾ ਕੁਝ ਮੰਗਿਆ ਚੁੱਪ ਚਾਪ ਬੂਹਿਓਂ ਲੰਘਿਆ ਸਾਡੇ ਮੰਜੇ ਡਾਹੇ ਰਹਿ ਗਏ ਤੂੰ ਠਹਿਰਿਆਂ ਨਾ ਬਿੰਦ ਵੇ ਤੇਰੀ ਮਹਿਕ ਸਾਡੇ ਪਿੰਡ ਵੇ ਗਈ ਖਿੰਡ ਵੇ ਗਈ ਖਿੰਡ ਵੇ ਪਿੱਪਲ ਦੇ ਪੱਤੇ ਗਾਉਣ ਵੇ ਤੇਰਾ ਆਉਣ ਵੇ ਤੇਰਾ ਆਉਣ ਵੇ ਇਹ ਦਰਦ ਤੇਰੇ ਜਾਣ ਦਾ ਰੋਹੀ ’ਚ ਗਾਉਂਦੇ ਰਿੰਡ ਵੇ ਤੇਰੀ ਮਹਿਕ ਸਾਡੇ ਪਿੰਡ ਵੇ ਗਈ ਖਿੰਡ ਵੇ ਗਈ ਖਿੰਡ ਵੇ ਇਸ਼ਕਾਂ ਦੇ ਦਰਿਆ ਚੜ੍ਹ ਗਏ ਦਿਲ ਹੜ ਗਏ ਦਿਲ ਹੜ ਗਏ ਰੂਹ ਚੰਨ ਦਾ ਚਾਨਣ ਹੋ ਗਈ ਹੋ ਗਈ ਆ ਅੰਬਰ ਜਿੰਦ ਵੇ ਤੇਰੀ ਮਹਿਕ ਸਾਡੇ ਪਿੰਡ ਵੇ ਗਈ ਖਿੰਡ ਵੇ ਗਈ ਖਿੰਡ ਵੇ ਹਾਏ ਵੰਡਾਂ ਪਤਾਸੇ ਗੁੜ ਭਲਾ ਵੇ ਤੂੰ ਮੁੜ ਭਲਾ ਤੂੰ ਮੁੜ ਭਲਾ ਬਿਰਹਾ ’ਚ ਮਿੱਠੜੇ ਮਿੱਠੜੇ ਹੋ ਗਏ ਆ ਖਾਰੇ ਹਿੰਜ ਵੇ ਤੇਰੀ ਮਹਿਕ ਸਾਡੇ ਪਿੰਡ ਵੇ ਗਈ ਖਿੰਡ ਵੇ ਗਈ ਖਿੰਡ ਵੇ
ਤਾਪ
ਤਪ ਰਿਹਾ ਧਰਤੀ ਦਾ ਸੀਨਾ ਠਾਰ ਵੇ ਤੂੰ ਮਾਰ ਗੇੜਾ ਮਾਰ ਗੇੜਾ ਮਾਰ ਵੇ ਅਸੀਂ ਵਿਹੜੇ ਲਾਈਆਂ ਅੰਬੀਆਂ ਜਾਪਣ ਕਿਉਂ ਹੰਭੀਆਂ ਹੰਭੀਆਂ ਇਹ ਛਾਵਾਂ ਠੰਡੀਆਂ ਠੰਡੀਆਂ ਤੇਰੇ ਦਰਸ ਦਾ ਬੁਖਾਰ ਵੇ ਤੂੰ ਮਾਰ ਗੇੜਾ ਮਾਰ ਗੇੜਾ ਮਾਰ ਵੇ ਗੀਤਾਂ ਦੇ ਚਸ਼ਮੇ ਸੁੱਕ ਰਹੇ ਬੁੱਲੀਆਂ ਤੋਂ ਹਾਸੇ ਮੁੱਕ ਰਹੇ ਤੈਨੂੰ ’ਡੀਕਦੇ ਫੁੱਲ ਰੁੱਖ ਪਏ ਤੂੰ ਜੋਗੀਆ ਆਬਸ਼ਾਰ ਵੇ ਤੂੰ ਮਾਰ ਗੇੜਾ ਮਾਰ ਗੇੜਾ ਮਾਰ ਵੇ ਅੱਜ ਕਿਸਮਤਾਂ ਦੇ ਖੇਤ ਵੇ ਧੁਖਦੀ ਪਈ ਤੱਤੀ ਰੇਤ ਵੇ ਸਾਡੇ ਮੁੜਕੋ ਮੁੜਕੀ ਲੇਖ ਵੇ ਝੱਲ ਦੋ ਕੁ ਪੱਖੀਆਂ ਪਿਆਰ ਵੇ ਤੂੰ ਮਾਰ ਗੇੜਾ ਮਾਰ ਗੇੜਾ ਮਾਰ ਵੇ ਅਸੀਂ ਪੰਛੀ ਹਾਂ ਦਰਵੇਸ਼ ਵੇ ਕੁੜੀਆਂ ਦਾ ਕਿਹੜਾ ਦੇਸ ਵੇ ਕੋਈ ਚੱਲਦੀ ਨਾਂਹੀ ਪੇਸ਼ ਵੇ ਚੋਗਾ ਚੁਗੀਏ ਆਬੋਂ ਪਾਰ ਵੇ ਤੂੰ ਮਾਰ ਗੇੜਾ ਮਾਰ ਗੇੜਾ ਮਾਰ ਵੇ
ਸੱਦ
ਸਿਰ ਅਮਰੀ ਰੰਗ ਧਿਆਨ ਚੜ੍ਹੇ ਜੀ ਹੱਥ ਨੇਜੇ ਤੀਰ ਕਮਾਨ ਫੜੇ ਅੰਬਰ ਨੂੰ ਸਿਰ ’ਤੇ ਤਾਣ ਖੜੇ ਕਦੇ ਲੱਭ ਤਾਂ ਸਹੀ ਥਿਆਜਾਂਗੇ ਤੂੰ ਸੱਦ ਤਾਂ ਸਹੀ ਅਸੀਂ ਆਜਾਂਗੇ ਅਸੀਂ ਪ੍ਰੀਤਮ ਆਪ ਉਗਾਏ ਹਾਂ ਅਸੀਂ ਰੱਬ ਦੀ ਫੌਜ ਸਦਾਏ ਹਾਂ ਅਸੀਂ ਜੀਹਦੇ ਦੀਦ ਤਿਹਾਏ ਹਾਂ ਓਹਦੇ ਦੀਦ ਦੀ ਘੁੱਟ ਪਿਆਜਾਂਗੇ ਤੂੰ ਸੱਦ ਤਾਂ ਸਹੀ ਅਸੀਂ ਆਜਾਂਗੇ ਜਦ ਪੈਰ ਅਸਾਂ ਨੇ ਪੁੱਟਣੇ ਆ ਜੀ ਏਥੇ ਨੀਲੇ ਤਾਰੇ ਟੁੱਟਣੇ ਆ ਅਰਸ਼ ਫਰਸ਼ ਕਰ ਸੁੱਟਣੇ ਆ ਹਾਂ ਧਰਤੀ ’ਤੇ ਚੰਨ ਦਿਖਾਜਾਂਗੇ ਤੂੰ ਸੱਦ ਤਾਂ ਸਹੀ ਅਸੀਂ ਆਜਾਂਗੇ ਅਸੀਂ ਆਜਾਂਗੇ ਦਰਿਆ ਬਣਕੇ ਏਸ ਮਰਦੇ ਸਮੇਂ ਦਾ ਸਾਹ ਬਣਕੇ ਕੁਦਰਤ ਦੇ ਭੈਣ ਭਰਾ ਬਣਕੇ ਏਥੇ ਨਵੇਂ ਹੀ ਨਕਸ਼ੇ ਵਾਹਜਾਂਗੇ ਤੂੰ ਸੱਦ ਤਾਂ ਸਹੀ ਅਸੀਂ ਆਜਾਂਗੇ
ਮੁਸਕਾਨ
ਪੁੰਨਿਆ ਦਾ ਚੰਨ ਚੁਫੇਰੇ ਘੁਲ਼ ਗਿਆ ਡੁੱਲ੍ਹ ਗਿਆ ਹਾਸਾ ਹੈ ਤੇਰਾ ਡੁੱਲ੍ਹ ਗਿਆ ਸਾਡੀਆਂ ਸੋਚਾਂ ਦਾ ਅੱਜ ਫਿਰ ਭਾਰ ਵੇ ਦੋ ਕੁ ਫੁੱਲ ਪੱਤੀਆਂ ਬਰੋਬਰ ਤੁਲ ਗਿਆ ਹੋ ਗਏ ਖਿਆਲਾਂ ਦੇ ਵਣ ਵੀ ਮਹਿਕਦੇ ਹੁੱਲ ਗਿਆ ਚੰਦਨ ਇਲਾਹੀ ਹੁੱਲ ਗਿਆ ਨਜ਼ਰ ਤੇਗਾਂ ਬਿਜਲੀ ਵਾਂਗਰ ਲਿਸ਼ਕੀਆਂ ਖੁੱਲ੍ਹ ਗਿਆ ਮੇਘੇ ਦਾ ਨੇਤਰ ਖੁੱਲ੍ਹ ਗਿਆ ਜਿੰਦਗੀ ਦਾ ਸ਼ੀਸ਼ਾ ਜਦ ਅਸੀਂ ਤੱਕਿਆ ਮੌਤ ਦਾ ਹਰ ਵਹਿਮ ਸਹਿਮ ਭੁੱਲ ਗਿਆ
ਹਾੜ੍ਹ
ਜਿਹੜੀ ਰੁੱਤੇ ਸੜ ਸੁੱਕ ਜਾਂਦੇ ਵਗਦੇ ਵਗਦੇ ਪਾਣੀ ਜਿਹੜੀ ਰੁੱਤੇ ਲੋਅ ਵਗਦੀ ਹੈ ਰੱਤ ਪੀਣੀ ਚਿੱਤ ਖਾਣੀ ਜਿਹੜੀ ਰੁੱਤੇ ਸੂਰਜ ਕਿਰਨਾਂ ਹੋ ਜਾਵਣ ਮੁਟਿਆਰ ਜਿਹੜੀ ਰੁੱਤੇ ਰਾਹੀਂ ਰੇਤਾ ਬਣ ਜਾਂਦਾ ਭਠਿਆਰ ਜਿਹੜੀ ਰੁੱਤੇ ਕੋਇਲਾਂ ਗਾਵਣ ਗਾਵਣ ਮਰ ਮਰ ਜਾਵਣ ਜਿਹੜੀ ਰੁੱਤੇ ਗੀਤ ਹਿਜਰ ਦੇ ਲੱਗਦੇ ਪਾਵਨ ਪਾਵਨ ਜਿਹੜੀ ਰੁੱਤੇ ਮਹਿਰਮ ਦਾ ਮੁਖ ਜਾਪਣ ਅੰਬੀਆਂ ਛਾਂਵਾਂ ਜਿਹੜੀ ਰੁੱਤੇ ਸੁੰਨੀਆ ਬੀਹਾਂ ਵਿੱਚ ਕੋਈ ਟਾਂਵਾਂ ਟਾਂਵਾਂ ਜਿਹੜੀ ਰੁੱਤੇ ਮੁਰਝਾ ਜਾਦੇਂ ਵਣ ਕਲੀਆਂ ਫੁੱਲ ਵੇਲਾਂ ਜਿਹੜੀ ਰੁੱਤੇ ਪੰਖੀ ਲੱਭਦੇ ਵਰਖਾ ਬੂੰਦ ਤਰੇਲਾਂ ਮੈਂ ਉਸ ਰੁੱਤ ਦੇ ਤਪਦੇ ਵਿਹੜੇ ਚੰਨ ਵਾਂਗਰਾਂ ਟਹਿਲਾਂ ਮੈਂ ਉਸ ਰੁੱਤ ਦੀ ਬੁੱਕਲ ਦੇ ਵਿੱਚ ਮਸਤ ਬਾਲੜਾ ਖੇਲਾਂ
ਗੁਰਮੁਖੀ ਜੋਤ
ਜੂੜਿਆਂ ਵਾਲੇ,ਕੜਿਆਂ ਵਾਲੇ ਅਸੀਂ ਹਾਂ ਗੁਰਾਂ ਦੇ ਬੀਬੇ ਲੋਕ ਨੀ ਭੈਣੇ ਸਾਡੀ ਹਿੱਕ ’ਚ ਗੁਰਮੁਖੀ ਜੋਤ ਬਲ਼ੇ ਨੀ ਸਾਡੀ ਹਿੱਕ ’ਚ ਗੁਰਮੁਖੀ ਜੋਤ ਸਾਨੂੰ ਤਾਂ ਗੁਰਾਂ ਨੇ ਓਹੁ ਦਿਲ ਦਾਨ ਦਿੱਤਾ ਜਿਹੜਾ ਪਿਆਰ ਦਾ ਹੈ ਠੰਢੜਾ ਤਲਾਅ ਨੀ ਸਾਡੀਆਂ ਤਾਂ ਜੀਬਾਂ ਪੱਲੇ ਪਈ ਦਰਵੇਸ਼ੀ ਜਿਹੜੀ ਮੰਗਦੀ ਹੈ ਸਭ ਦਾ ਭਲਾ ਨੀ ਸਾਡਿਆਂ ਨੈਣਾਂ ਦੇ ਹਿੱਸੇ ਆਇਆ ਪੂਰਾ ਦੇਖਣਾ ਤੇ ਕਰੀ ਜਾਣੀ ਨਦਰਾਂ ਦੀ ਸੋਟ ਨੀ ਭੈਣੇ ਸਾਡੀ ਹਿੱਕ ’ਚ ਗੁਰਮੁਖੀ ਜੋਤ ਸਾਨੂੰ ਸੱਚੇ ਪਾਤਸ਼ਾਹ ਜੀ ਮੀਰੀ ਐਸੀ ਦਿੱਤੀ ਸਭ ਰਾਜ ਭਾਗ ਜੀਹਦੇ ਅੱਗੇ ਨਿੱਕੇ ਨੇ ਸਾਡੇ ਹੱਥ ਫੜੇ ਹਥਿਆਰ ਵੀ ਅਸੀਸ ਦਿੰਦੇ ਤੀਰ ਕਾਹਦੇ, ਰਹਿਮਤਾਂ ਦੇ ਛਿੱਟੇ ਨੇ ਸਾਡਿਆਂ ਗੰਡਾਸਿਆਂ ਨੇ ਘੂਰਨਾ ਸਿਕੰਦਰਾਂ ਨੂੰ ਲਾਉਣੀ ਅਬਦਾਲੀਆਂ ’ਤੇ ਰੋਕ ਨੀ ਭੈਣੇ ਸਾਡੀ ਹਿੱਕ ’ਚ ਗੁਰਮੁਖੀ ਜੋਤ ਨਿੱਤ ਨਿੱਤ ਘੜਦਾ ਹਨੇਰਾ ਰਹੇ ਸਾਜਿਸ਼ਾਂ ਨੀ ਦਿਲਾਂ ਵਾਲੇ ਚਾਨਣ ਬੁਝਾਉਣ ਲਈ ਕਦੇ ਸੁੰਨੇ ਥਾਵਾਂ ਉੱਤੇ, ਗੋਲ਼ੀ ਦਾ ਨਿਸ਼ਾਨਾ ਦਿੰਦੇ ਕਦੇ ਗਲ਼ ਟਾਇਰ ਦਿੰਦੇ ਪਾਉਣ ਲਈ ਫੇਰ ਵੀ ਮੈਂ ਆਉਂਦੀ ਜਾਂਦੀ ਰੁੱਤ ਨੂੰ ਬੁਲਾਉਣਾ ਫਤਿਹ ਚੜ੍ਹਦੀ ਕਲਾ ਹੈ ਉਹਦੀ ਓਟ ਨੀ ਭੈਣੇ ਸਾਡੀ ਹਿੱਕ ’ਚ ਗੁਰਮੁਖੀ ਜੋਤ ਬਲ਼ੇ ਨੀ ਸਾਡੀ ਹਿੱਕ ’ਚ ਗੁਰਮੁਖੀ ਜੋਤ
ਹਵਾ ਨਗਰ ਦੀ
ਦਰਸ਼ਨੀ ਚੇਹਰਾ ਬਾਂਕਿਆ ਤੇਰਾ ਚੀਰਦਾ ਨੇਹਰਾ ਅੱਖਾਂ ਦਾ ਘੇਰਾ ਫੜਕੇ ਤੈਨੂੰ ਸੋਹਣਿਆ ਸ਼ੇਰਾ ਜਲਾਦਾਂ ਕਿੱਥੇ ਕੋਹਿਆ ਏ ਹਵਾ ਨਗਰ ਦੀ ਦੱਸਦੀ ਚੰਨ ਕਿਸੇ ਮਾਂ ਦਾ ਮੋਇਆ ਏ ਉੱਡਣੇ ਸੱਪ ਵਰਦੀਆਂ ਖ਼ਾਕੀ ਰੂਹੋਂ ਸੱਖਣੇ ਜਿਸਮ ਨੇ ਬਾਕੀ ਵੈਰੀ ਦੀਨ ਧਰਮ ਤੋਂ ਆਕੀ ਜੁਲਮ ਦਾ ਕਿੱਸਾ ਛੋਹਿਆ ਏ ਹਵਾ ਨੱਗਰ ਦੀ ਦੱਸਦੀ ਚੰਨ ਕਿਸੇ ਮਾਂ ਦਾ ਮੋਇਆ ਏ ਨਹਿਰਾਂ ਕੰਢੇ ਰਾਤਾਂ ਦੇ ਓਹਲੇ ਜਮੀਨਾਂ ਹੇਠਾਂ ਰੁੱਖਾਂ ਦੇ ਕੋਲ਼ੇ ਤੈਨੂੰ ਦੂਰ ਦੂਰ ਅੱਖ ਟੋਹਲੇ ਜਦੋਂ ਵੀ ਬੂਹਾ ਢੋਇਆ ਏ ਹਵਾ ਨੱਗਰ ਦੀ ਦੱਸਦੀ ਚੰਨ ਕਿਸੇ ਮਾਂ ਦਾ ਮੋਇਆ ਏ ਮੋਈਆਂ ਰੁੱਤਾਂ ਮੋਅ ਗਏ ਮੇਲੇ ਮੋਅ ਗਏ ਰੰਗ ਤਮਾਸ਼ੇ ਖੇਲੇ ਸੁੱਕ ਗਏ ਹਰੇ ਭਰੇ ਸਭ ਬੇਲੇ ਮੌਸਮ ਪਾਗ਼ਲ ਹੋਇਆ ਏ ਹਵਾ ਨੱਗਰ ਦੀ ਦੱਸਦੀ ਚੰਨ ਕਿਸੇ ਮਾਂ ਦਾ ਮੋਇਆ ਏ
ਬੁਰੀ ਨਜਰ
ਲਾਡਲਾ ਕਿਸੇ ਦਾ ਹਰਨੋਟੜਾ ਹੋ ਗਿਆ ਖਬਰ ਅਖਬਾਰ ਦੀ ਮੱਥੇ ਕਾਲ਼ਾ ਟਿੱਕਾ ਲਾ ਲਓ ਸੋਹਣਿਓ ਬੁਰੀ ਹੈ ਨਜਰ ਸਰਕਾਰ ਦੀ ਉਹਦੀਆਂ ਕਚਹਿਰੀਆਂ ਮੁਕੱਦਮੇ ਉਹਦੇ ਜੱਜ ਓਸੇ ਦੇ ਵਕੀਲ ਵੇ ਕੁੱਤਿਆਂ ਦੀ ਬੀਹੀ ਕਦੋਂ ਸੁਣੀਦੀ ਦੱਸ ਖਰਗੋਸ਼ਾਂ ਦੀ ਦਲੀਲ ਵੇ ਮਿਟਦੀ ਨੀ ਖਾ ਖਾ ਘਰਾਂ ਨੂੰ ਕੈਸੀ ਭੁੱਖ ਦਿੱਲੀ ਦਰਬਾਰ ਦੀ ਮੱਥੇ ਉੱਤੇ ਟਿੱਕਾ ਲਾ ਲਓ ਸੋਹਣਿਓ ਬੁਰੀ ਹੈ ਨਜਰ ਸਰਕਾਰ ਦੀ ਓਹੀ ਆ ਹੁਕਮ ਓਹੀ ਬਾਦਸ਼ਾਹ ਹਾਲੇ ਕਿਹੜਾ ਬਦਲੇ ਹਾਲਾਤ ਵੇ ਬੋਲਦੇ ਜੇ ਹੁੰਦੇ ਰੁੱਖ ਦੱਸਦੇ ਕਿਵੇਂ ਖਾਂਦੀ ਪੁੱਤਰਾਂ ਨੂੰ ਰਾਤ ਵੇ ਅੰਬਰਾਂ ਤੋਂ ਵੱਡਾ ਮਾਂ ਦਾ ਦੁੱਖੜਾ ਨਿੱਕੀ ਜਿਹੀ ਕਲਮ ਗੀਤਕਾਰ ਦੀ ਮੱਥੇ ਕਾਲ਼ਾ ਟਿੱਕਾ ਲਾ ਲਓ ਸੋਹਣਿਓ ਬੁਰੀ ਹੈ ਨਜਰ ਸਰਕਾਰ ਦੀ ਫਿਰਦੀ ਆ ਦਿੱਲੀ ਮੁੱਲ ਪਾਉਣ ਨੂੰ ਮਾਂ ਅਸੀਂ ਮਿੱਟੀ ਨੂੰ ਹਾਂ ਜਾਣਦੇ ਸਦਾ ਨਹੀਂਓ ਬੱਦਲਾਂ ਨੇ ਢਕਣੇ ਮੁੰਡੇ ਸਾਡੇ ਸੂਰਜਾਂ ਦੇ ਹਾਣ ਦੇ ਸਾਡੇ ਲਈ ਲੜਾਈ ਹੱਕ ਸੱਚ ਦੀ ਉਹਦੇ ਲਈ ਹੋਣੀ ਆ ਜਿੱਤ ਹਾਰ ਦੀ ਮੱਥੇ ਕਾਲ਼ਾ ਟਿੱਕਾ ਲਾ ਲਓ ਸੋਹਣਿਓ ਬੁਰੀ ਹੈ ਨਜਰ ਸਰਕਾਰ ਦੀ
ਓਹਨਾ ਦਿਨਾਂ ’ਚ
ਪਿੰਡਾ ਲੂਸਦੀ ਲਹੂ ਨੂੰ ਫਿਰੇ ਚੂਸਦੀ ਯਾਦਾਂ ਦੀ ਚੰਨਾ ਕਾਲੀ ਧੁੱਪ ਵੇ ਉਹਨਾ ਦਿਨਾ ’ਚ ਨੀ ਚੰਗਾ ਕੁਝ ਲੱਗਦਾ ਗਿਆ ਸੀ ਜਦੋਂ ਤੂੰ ਪੁੱਤ ਵੇ ਤੂੰ ਆਇਆ ਨੀ ਖਬਰ ਪਿੰਡ ਆ ਗਈ ਕਿ ਸਿੰਘ ਤਾਂ ਸ਼ਹੀਦ ਹੋ ਗਿਆ ਬੰਨੀ ਫਿਰਦਾ ਸੀ ਪੱਗ ਇਕ ਮੰਤਰੀ ਓਹ ਸੁਣਿਆ ਵਜੀਦ ਹੋ ਗਿਆ ਰੁੱਖ ਖੜੇ ਨੇ ਵਿਹੜੇ ’ਚੋਂ ਛਾਂ ਉੱਡਗੀ ਖੂਹਾਂ ਦੇ ਪਾਣੀ ਗਏ ਸੁੱਕ ਵੇ ਉਹਨਾ ਦਿਨਾ ’ਚ ਨੀ ਚੰਗਾ ਕੁਝ ਲੱਗਦਾ ਗਿਆ ਸੀ ਜਦੋਂ ਤੂੰ ਪੁੱਤ ਵੇ ਰੱਬ ਭੁੱਲਗੇ ਸਾਧਾਂ ਦੇ ਲਹੂ ਡੁੱਲ੍ਹਗੇ ਇਹ ਹਾਕਮਾਂ ਦਾ ਦੀਨ ਕੋਈ ਨਾ ਜਦੋਂ ਬਣਦੀ ਸਿਰਾਂ ’ਤੇ ਪਤਾ ਚੱਲਦਾ ਕਿ ਜਿੰਦਗੀ ਰੰਗੀਨ ਕੋਈ ਨਾ ਤੇਰਾ ਹੱਸੂੰ ਹੱਸੂੰ ਕਰਦੇ ਦਾ ਮੁੱਖੜਾ ਹੱਥਾਂ ’ਚੋਂ ਛੁੱਟ ਜਾਂਦੇ ਟੁੱਕ ਵੇ ਉਹਨਾ ਦਿਨਾ ’ਚ ਨੀ ਚੰਗਾ ਕੁਝ ਲੱਗਦਾ ਗਿਆ ਸੀ ਜਦੋਂ ਤੂੰ ਪੁੱਤ ਵੇ ਸਾਰੇ ਦੇਸ ਦੇ ਅੰਬਰ ਉਤੇ ਬਾਦਸ਼ਾਹ ਹੈ ਬਣਕੇ ਹਨੇਰ ਛਾ ਗਿਆ ਸਾਡੇ ਚਾਂਦੀ ਜਿਹੇ ਪਾਣੀਆਂ ਨੂੰ ਲੁੱਟਿਆ ਸਿਓਨੇ ਜਿਹੇ ਖੇਤ ਖਾ ਗਿਆ ਕੋਈ ਵਿਰਲਾ ਲੋਕਾਂ ਦੀ ’ਵਾਜ ਬਣਦਾ ਜਿਓਂਦੇ ਐਥੇ ਲੱਖਾਂ ਬੁੱਤ ਵੇ ਉਹਨਾ ਦਿਨਾ ’ਚ ਨੀ ਚੰਗਾ ਕੁਝ ਲੱਗਦਾ ਗਿਆ ਸੀ ਜਦੋਂ ਤੂੰ ਪੁੱਤ ਵੇ
ਸਟੇਟ ਵੱਲੋਂ ਕਤਲ ਕੀਤੀਆਂ ਧੀਆਂ ਦੇ ਨਾਂ
ਛੱਡ ਗਿਆ ਕੋਈ ਏਥੇ ਉਮਰਾਂ ਦੇ ਤਾਪ ਸਾਡੇ ਸਿਰਾਂ ਤੋਂ ਉਡਾਈ ਠੰਡੀ ਪੌਣ ਜਿਹੜੇ ਵਿਹੜੇ ਦਿਸਦੀ ਨੀ ਤੂੰ ਧੀਏ ਰਾਣੀਏ ਨੀ ਓਥੇ ਕਾਹਦੇ ਚੜ੍ਹਨੇ ਆ ਸਾਉਣ ਤੇਰੇ ਹਿੱਸੇ ਹੈਣੀ ਸੀ ਇਹ ਵੰਗਾਂ ਸਤਰੰਗੀਆਂ ਤੇ ਸੂਹੇ ਸੂਹੇ ਮਹਿੰਦੀਆਂ ਦੇ ਭਾਗ ਨੀ ਜਿੱਥੇ ਕਦੇ ਵਸਦੇ ਸੀ ਗੀਤ ਤੇਰੇ ਗਿੱਧਿਆਂ ਦੇ ਓਥੇ ਹੁਣ ਵਸਦੇ ਆ ਨਾਗ ਨੀ ਭੱਖੜੇ ਦੇ ਵਾਂਗੂੰ ਜਿੱਥੇ ਉੱਗੀਆਂ ਉਦਾਸੀਆਂ ਓਥੇ ਰੌਲ਼ਾ ਚਿੜੀਆਂ ਦਾ ਗਾਉਣ ਜਿਹੜੇ ਵਿਹੜੇ ਦਿਸਦੀ ਨੀ ਤੂੰ ਧੀਏ ਰਾਣੀਏ ਨੀ ਓਥੇ ਕਾਹਦੇ ਚੜ੍ਹਨੇ ਆ ਸਾਉਣ ਕਿਨ੍ਹਾਂ ਇਹ ਮਾਂਵਾਂ ਦੇ ਜਾਏ ਹਾਕਮ ਸਿਪਾਹੀ ਨਿੱਤ ਵੰਡਦੇ ਨੇ ਮੌਤ ਦੂਜਾ ਡਰ ਨੀ ਸ਼ੀਸ਼ਿਆਂ ’ਚ ਕਿਹੜਾ ਮੁਖ ਵੇਖਦੇ ਹੋਣੇ ਆ ਕਿਹੜੇ ਪੈਰਾਂ ਨਾਲ ਜਾਂਦੇ ਹੋਣੇ ਘਰ ਨੀ ਕਿੱਥੇ ਆ ਇਹਨਾਂ ਦਾ ਰੱਬ ਦੱਸੇ ਮੈਨੂੰ ਆ ਕੇ ਏਹੇ ਕਿੰਝ ਚੱਕੀ ਫਿਰਦੇ ਨੇ ਧੌਣ ਜਿਹੜੇ ਵਿਹੜੇ ਦਿਸਦੀ ਨੀ ਤੂੰ ਧੀਏ ਰਾਣੀਏ ਨੀ ਓਥੇ ਕਾਹਦੇ ਚੜ੍ਹਨੇ ਆ ਸਾਉਣ
ਸੁਪਰ ਕੌਪ
ਮੋਢਿਆਂ ’ਤੇ ਫੀਤੀਆਂ ਸਟਾਰ ਚੁੱਕੀ ਫਿਰਦੇ ਨੇ ਨਿੱਕੇ ਨਿੱਕੇ ਬੰਦੇ ਕਿੰਨਾ ਭਾਰ ਚੁੱਕੀ ਫਿਰਦੇ ਨੇ ਕਿਸੇ ਪਿਓ ਦੀ ਗੁੰਮ ਲਲਕਾਰ ਚੁੱਕੀ ਫਿਰਦੇ ਨੇ ਮਾਂਵਾਂ ਦਾ ਤਾਂ ਸਾਰਾ ਸੰਸਾਰ ਚੁੱਕੀ ਫਿਰਦੇ ਨੇ ਅੱਖਾਂ, ਮੂੰਹ, ਕੰਨ, ਹੱਥ ਦਾਨ ਕਰ ਆਏ ਨੇ ਇਹ ਬੇਜੁਬਾਨ ਰਾਜੇ ਨਾ ਜੁਬਾਨ ਕਰ ਆਏ ਨੇ ਵੈਅ ਫੀਤੀਆਂ ਦੇ ਵੱਟੇ ਦਿਲ ਜਾਨ ਕਰ ਆਏ ਨੇ ਦੇਹੀ ਕਾਹਦੀ ਨੀਅਤ ਖੁਆਰ ਚੁੱਕੀ ਫਿਰਦੇ ਨੇ ਨਿੱਕੇ ਨਿੱਕੇ ਬੰਦੇ ਕਿੰਨਾ ਭਾਰ ਚੁੱਕੀ ਫਿਰਦੇ ਨੇ ਆਉਂਦੀ ਹੋਣੀ ਨੀਂਦ ਤਾਂ ਖੁਆਬ ਵੇਂਹਦੇ ਹੋਣੇ ਆ ਇਹ ਸੂਹੇ ਸੂਹੇ ਵਗੇ ਪੰਜ ਆਬ ਵੇਂਹਦੇ ਹੋਣੇ ਆ ਓਸ ਕੁੜੀ ਹੱਥ ਸੁੱਕਿਆ ਗੁਲਾਬ ਵੇਂਹਦੇ ਹੋਣੇ ਆ ਜੀਹਦੀਆਂ ਪੰਜੇਬਾਂ ਛਣਕਾਰ ਚੁੱਕੀ ਫਿਰਦੇ ਨੇ ਨਿੱਕੇ ਨਿੱਕੇ ਬੰਦੇ ਕਿੰਨਾ ਭਾਰ ਚੁੱਕੀ ਫਿਰਦੇ ਨੇ
ਕਸੂਰ
ਮਿੱਟੀਆਂ ਦਾ ਮੋਹ ਦੂਜਾ ਪਾਣੀਆਂ ਦੇ ਗੀਤ ਸੀ ਤੀਜਾ ਸਾਡੇ ਦਿਲ ਵਿੱਚ ਪਾਤਸ਼ਾਹ ਹਜੂਰ ਸੀ ਜੇ ਕੋਈ ਪੁੱਛੇ ਦੱਸੀਂ ਮਾਏਂ ਕਿੰਨਾ ਕੁ ਕਸੂਰ ਸੀ ਸਿਰ ਉੱਤੇ ਪੱਗ ਸਾਡੇ ਮੁੱਖੜੇ ’ਤੇ ਨੂਰ ਸੀ । ਏਥੇ ਈ ਰਹਿ ਜਾਂਦੀਆਂ ਜੇ ਰੁਤਬੇ ਤੇ ਫੀਤੀਆਂ ਕਾਸਤੋਂ ਸੁਰਾਹੀਆਂ ਸਾਡੇ ਲਹੂ ਦੀਆਂ ਪੀਤੀਆਂ ਰਾਜ ਸੀ ਕਸਾਈਆਂ ਦਾ ਤੇ ਕੁੱਤੇ ਦਰਬਾਨ ਸੀ ਅੱਜ ਵਾਂਗ ਪੂਛਾਂ ਨੂੰ ਤਾਂ ਉਦੋਂ ਵੀ ਗਰੂਰ ਸੀ ਜੇ ਕੋਈ ਪੁੱਛੇ ਦੱਸੀਂ ਮਾਏਂ ਕਿੰਨਾ ਕੁ ਕਸੂਰ ਸੀ ਸਿਰ ਉੱਤੇ ਪੱਗ ਸਾਡੇ ਮੁੱਖੜੇ ’ਤੇ ਨੂਰ ਸੀ । ਤੈਨੂੰ ਹੋਣਾ ਜਾਪਦਾ ਜੁਦਾਈ ਡਾਹਢੀ ਹੋ ਗਈ ਆਖਦੇ ਆ ਬੇਲੀ ਕਿ ਕਮਾਈ ਡਾਹਢੀ ਹੋ ਗਈ ਇੱਕੋ ਸਾਨੂੰ ਵੈਲ ਸੀ ਅਣਖ ਵਾਲਾ ਮਾਏਂ ਨੀ ਨੇੜ ਨੇੜ ਰੱਬ ਸਾਡੇ ਦਿੱਲੀ ਬੜੀ ਦੂਰ ਸੀ ਜੇ ਕੋਈ ਪੁੱਛੇ ਦੱਸੀਂ ਮਾਂਏ ਕਿੰਨਾ ਕੁ ਕਸੂਰ ਸੀ ਸਿਰ ਉੱਤੇ ਪੱਗ ਸਾਡੇ ਮੁੱਖੜੇ ’ਤੇ ਨੂਰ ਸੀ । ਸਦਾ ਨਹੀਂ ਬੱਦਲਾਂ ’ਚ ਢਕੇ ਰਹਿਣਾ ਚੰਦ ਨੇ ਮਰਕੇ ਵੀ ਤੁਰੀ ਜਾਣਾ ਸਾਡੇ ਐਸੇ ਪੰਧ ਨੇ ਦਿਸ ਜਾਊਂ ਐਥੇ ਈ ਕਿਸੇ ਅੱਖ ਵਿੱਚੋਂ ਮਾਏਂ ਤੈਨੂੰ ਬੋਲ ਲੋਕਾਂ ਸਾਂਭ ਲਏ ਨੇ ਦੇਹੀ ਹੋਈ ਚੂਰ ਸੀ ਜੇ ਕੋਈ ਪੁੱਛੇ ਦੱਸੀਂ ਮਾਂਏ ਕਿੰਨਾ ਕੁ ਕਸੂਰ ਸੀ ਸਿਰ ਉੱਤੇ ਪੱਗ ਸਾਡੇ ਮੁੱਖੜੇ ’ਤੇ ਨੂਰ ਸੀ ।
ਗੁੰਮਸ਼ੁਦਾ
ਸ਼ਾਮ ਪਈ ਪੱਤਣਾਂ ’ਤੇ ਕਿਤੇ ਨਹੀਂ ਦਿਸਦਾ ਵੀਰ ਖਾਲੀ ਖਾਲੀ ਹਿੱਕੜੀ ਨੂੰ ਆਏ ਨੇ ਹਉਕੇ ਚੀਰ ਕਹਿ ਕੇ ਗਿਆ ਸੀ ਮੱਥਾ ਟੇਕਣ ਚੱਲਿਆਂ ਗੁਰ ਦਰਬਾਰ ਕਿੰਨੇ ਸਾਲ ਮਹੀਨੇ ਬੀਤੇ ਕਿੰਨੇ ਸਾਉਣ ਤਿਓਹਾਰ ਦੱਸਿਓ ਹਵਾਓ ਸੋਹਣੀ ਮਾਂ ਦੇ ਰੋਕਿਆਂ ਨਹੀਂ ਰੁਕਦੇ ਨੀਰ ਸ਼ਾਮ ਪਈ ਪੱਤਣਾਂ ’ਤੇ ਕਿਤੇ ਨਹੀਂ ਦਿਸਦਾ ਵੀਰ ਸੋਚ ਮੇਰੀ ਦੀ ਆਂਦਰ ਆਂਦਰ ਦਰਦਾਂ ਨਾਲ ਪਰੁੰਨੀ ਪਿਆਰੇ ਵੀਰ ਦੇ ਬਾਝੋਂ ਜਾਪੇ ਦਿਲ ਦੀ ਹਰ ਬੀਹ ਸੁੰਨੀ ਜਿੰਦਗੀ ਦੀ ਫੁਲਕਾਰੀ ਉਹਦੇ ਬਾਝੋਂ ਲੀਰੋ ਲੀਰ ਸ਼ਾਮ ਪਈ ਪੱਤਣਾਂ ’ਤੇ ਕਿਤੇ ਨਹੀਂ ਦਿਸਦਾ ਵੀਰ ਕੈਸੀ ਰੁੱਤ ਗਮਾਂ ਦੇ ਡੋਲੇ ਉੱਤਰਨ ਪਿੰਡੋਂ ਬਾਹਰ ਗੋਲੀ ਦੇ ਖੜਕੇ ਨਾਲ ਜਾਗੇ ਨਿੱਤ ਚਿੜੀਆਂ ਦੀ ਡਾਰ ਬਾਪ ਮੇਰੇ ਦੇ ਨੈਣੀਂ ਦਿੱਲੀ ਰੜਕੇ ਵਾਂਗ ਕਸੀਰ ਸ਼ਾਮ ਪਈ ਪੱਤਣਾਂ ਤੇ ਕਿਤੇ ਨਹੀਂ ਦਿਸਦਾ ਵੀਰ
ਝੜੀਆਂ
ਝੜੀਆਂ ਲੱਗੀਆਂ ਸਾਉਣ ਦੀਆਂ ਅੱਜ ਰੁੱਤਾਂ ਨੱਚਣ ਗਾਉਣ ਦੀਆਂ ਕਣੀਆਂ ਵਿੱਚ ਅਕਲਾਂ ਧੋਣ ਦੀਆਂ ਇਹ ਚੀਕਾਂ ਕੀਹਦੇ ਰੋਣ ਦੀਆਂ ? ਕੁਝ ਮਾਵਾਂ ਕਰਮਾਂ ਮਾਰੀਆਂ ਨੇ ਅਰਦਾਸਾਂ ਕਰ ਕਰ ਹਾਰੀਆਂ ਨੇ ਭਰ ਅੰਬਰ ਤਾਰੇ ਟੁੱਟ ਗਏ ਨੇ ਤੇ ਪੁੱਤ ਜਿੰਨਾ ਦੇ ਮੁੱਕ ਗਏ ਨੇ ਮੁੱਕੀਆਂ ਨਹੀਂ ਉਡੀਕਾਂ ਆਉਣ ਦੀਆਂ ਝੜੀਆਂ ਲੱਗੀਆਂ ਸਾਉਣ ਦੀਆਂ ਏਥੇ ਦਰਦ ਦਾ ਪੱਕਾ ਡੇਰਾ ਹੈ ਸਿਆਹ ਅੱਖ ਦਾ ਚਾਰ ਚੁਫੇਰਾ ਹੈ ਨਜ਼ਰੀਂ ਉਸ ਚੰਨ ਦਾ ਚੇਹਰਾ ਹੈ ਜੋ ਖਾ ਗਿਆ ਰੀਝਾਂ ਜਿਓਣ ਦੀਆਂ ਇਹ ਚੀਕਾਂ ਕੀਹਦੇ ਰੋਣ ਦੀਆਂ ? ਇਹ ਅੱਖਾਂ ਮੀਟ ਕੀ ਵੇਖਦੀਆਂ ਸੁਪਨਿਆਂ ਦੇ ਲਾਂਬੂ ਸੇਕਦੀਆਂ ਪੀੜ੍ਹਾਂ ਨੂੰ ਮੱਥਾ ਟੇਕਦੀਆਂ ਟੁੱਟੀਆਂ ਨੇ ਵੰਗਾਂ ਪੌਣ ਦੀਆਂ ਇਹ ਚੀਕਾਂ ਕੀਹਦੇ ਰੋਣ ਦੀਆਂ ? ਕਿੰਝ ਤਪਦੇ ਥਲ ਆਬਸ਼ਾਰ ਲਿਖਾਂ ਇਹਨਾਂ ਮਾਵਾਂ ਦੇ ਨਾਂ ਪਿਆਰ ਲਿਖਾਂ ਇੱਕ ਦੁਨੀਆ ਪਾਰ ਅਪਾਰ ਲਿਖਾਂ ਓਥੇ ਰੁੱਤਾਂ ਸਭ ਦੇ ਸੌਣ ਦੀਆਂ ਇਹ ਚੀਕਾਂ ਕੀਹਦੇ ਰੋਣ ਦੀਆਂ ?
ਸਾਉਣਾ ਸੋਹਣਿਆ
ਜੀਅ ਵੇ ਸਾਉਣਾ ਸੋਹਣਿਆ ਆਉਂਦਾ ਰਹੀਂ ਮੇਰੇ ਦੇਸ ਇਹਦੇ ਹਿੱਸੇ ਅੱਗਾਂ ਭਾਰੀਆਂ ਇਹਦੀ ਕੋਲ਼ੇ ਜਿਹੀ ਵਰੇਸ ਏਥੇ ਘੁੱਗੀ,ਮੋਰ,ਮਮੋਲੜੇ ਦੀ ਚੱਲਦੀ ਨਾ ਹੁਣ ਪੇਸ਼ ਇਹਦੇ ਖਾਬਾਂ ਪੈਰੀਂ ਵਿਛੀ ਹੈ ਇਸ ਭੱਠ ਸਮੇਂ ਦੀ ਰੇਤ ਤੂੰ ਆਵੀਂ ਸਾਉਣਾ ਸੋਹਣਿਆ ਇਹਦੇ ਹੱਥੀਂ ਲਿਖ ਜਾਈਂ ਲੇਖ ਇਹਨੂੰ ਬਖਸ਼ੀਂ ਬੀੜਾਂ ਝੰਗੀਆਂ ਇਹਨੂੰ ਦੇਵੀਂ ਖੂਹ ਦਰਵੇਸ਼ ਇਹਨੂੰ ਹੋਠ ਦੇਵੀਂ ਤੂੰ ਪੌਣ ਦੇ ਜੋ ਪੀਣ ਹਵਾ ਦਾ ਸੇਕ ਇਹਦੇ ਸੁਰਮੇ ਪੀਠੀਂ ਬਿਜਲੀਆਂ ਇਹਦੇ ਲਿਸ਼ਕਣ ਨੈਣ ਹਮੇਸ਼ ਇਹਨੂੰ ਦਵੀਂ ਦੁਆ ਤੂੰ ਜਿਓਣ ਦੀ ਇਹਦਾ ਖਿੜਿਆ ਰਹੇ ਚਿੱਤ ਚੇਤ ਰਹੇ ਭਿੱਜਦਾ ਮੀਂਹ ਦੇ ਤੀਰਥੀਂ ਇਹਦੇ ਕੁੱਲ ਨਬੀਆਂ ਦਾ ਭੇਤ ਕੋਈ ਗੀਤ ਇਲਾਹੀ ਇਸ਼ਕ ਦਾ ਰਹੇ ਉੱਗਦਾ ਇਹਦੇ ਖੇਤ ਜੀਅ ਵੇ ਸਾਉਣਾ ਸੋਹਣਿਆ ਆਉਂਦਾ ਰਹੀਂ ਮੇਰੇ ਦੇਸ
ਇੱਤਰ ਜੂਹਾਂ
ਫੁੱਲਾਂ ਨਾਲ ਮਹਿਕ ਰਹੀਆਂ ਨੇ ਪਹੀਆਂ ਪਗਡੰਡੀਆਂ ਵੇ ਪਾਸਾ ਵੱਟ ਲੰਘਦਾ ਏਂ ਤੂੰ ਗੱਲਾਂ ਨਾ ਚੰਗੀਆਂ ਵੇ ਸੁਣਿਆ ਮੈਂ ਉਮਰ ਜਵਾਨੀ ਪਾਣੀ ’ਤੇ ਲੀਹਾਂ ਵੇ ਸੁਣਿਆ ਮੈਂ ਇਸ਼ਕ ਇਕੱਲਾ ਦੁਨੀਆ ਦੀਆਂ ਨੀਹਾਂ ਵੇ ਆਖਰ ਵਿੱਚ ਕੀ ਬਚਦਾ ਏ ਕਰ ਕਰ ਕੇ ਵੰਡੀਆਂ ਵੇ ਪਾਸਾ ਵੱਟ ਲੰਘਦਾ ਏਂ ਤੂੰ ਗੱਲਾਂ ਨਾ ਚੰਗੀਆਂ ਵੇ ਲੱਗਦਾ ਕਦੇ ਸੁਣੇ ਨਹੀਂ ਤੂੰ ਕਣੀਆਂ ਨਾਲ ਸਾਉਣ ਸ਼ੂਕਦੇ ਲੱਗਦਾ ਕਦੇ ਸੁਣੇ ਨਹੀਂ ਤੂੰ ਸ਼ਾਮਾਂ ਨੂੰ ਮੋਰ ਕੂਕਦੇ ਭੋਰਾ ਵੀ ਖਬਰ ਨਾ ਤੈਨੂੰ ਕਿੰਨੇ ਵਾਰੀ ਖੰਘੀਆਂ ਵੇ ਪਾਸਾ ਵੱਟ ਲੰਘਦਾ ਏਂ ਤੂੰ ਗੱਲਾਂ ਨਾ ਚੰਗੀਆਂ ਵੇ ਇਕ ਦਿਨ ਨੂੰ ਫੇਰ ਗਿੜਨਗੇ ਖਾਲੀ ਪਏ ਖੂਹ ਮਿੱਤਰਾ ਜਿਹੜੇ ਦਿਨ ਟੱਪ ਆਇਆ ਤੂੰ ਇਸ਼ਕੇ ਦੀ ਜੂਹ ਮਿੱਤਰਾ ਆਪਾਂ ਤਾਂ ਭੁੱਲਗੇ ਰਸਣਾ ਭੁੱਲੀਆਂ ਨਾ ਅੰਬੀਆਂ ਵੇ ਪਾਸਾ ਵੱਟ ਲੰਘਦਾ ਏਂ ਤੂੰ ਗੱਲਾਂ ਨਾ ਚੰਗੀਆਂ ਵੇ ਚੰਨ ਦੀ ਇਹ ਰਾਤ ਕਾਸ਼ਨੀ ਚਿੱਤ ਨੂੰ ਪਏ ਖੋਹ ਅੜਿਆ ਨੀਂਦਾਂ ਤੋਂ ਜਿਆਦਾ ਤੇਰੇ ਦਰਸ਼ਨ ਦਾ ਮੋਹ ਅੜਿਆ ਵਾਲ਼ਾਂ ਦੇ ਛੱਲੇ ਬਣ ਗਏ ਛੁੱਟ ਗਈਆਂ ਕੰਘੀਆਂ ਵੇ ਪਾਸਾ ਵੱਟ ਲੰਘਦਾ ਏਂ ਤੂੰ ਗੱਲਾਂ ਨਾ ਚੰਗੀਆਂ ਵੇ
ਓਹ ਵੇਲ਼ਾ
ਜਿਥੇ ਬਾਤ ਸੀ ਸਾਕ ਸਹੇਲਿਆਂ ਦੀ ਖਿਚ ਯਾਰ ਦੀਦਾਰ ਤੇ ਮੇਲਿਆਂ ਦੀ ਘੱਟ ਈ ਲੋੜ ਸੀ ਪੈਸੇ ਧੇਲਿਆਂ ਦੀ ਫੜ ਵੀਹਣੀ ਸਦੀ ਦੇ ਪਾਰ ਲੈ ਜਾ ਸਾਨੂੰ ਓਸੇ ਸਮੇ ਵਿਚ ਯਾਰ ਲੈ ਜਾ ਹੋਏ ਸਵੇਰਾ ਜਦ ਕੁੱਕੜ ਦੀ ਬਾਂਗ ਲੱਗੇ ਚੱਲੀਏ ਖੇਤਾਂ ਨੂੰ ਕਿਰਤ ਦੀ ਤਾਂਘ ਲੱਗੇ ਹਰ ਮੱਥਾ ਹੀ ਤੜਕਸਾਰ ਵਾਂਗ ਲੱਗੇ ਸਾਡੀ ਮਿੱਟੀ ਜਿਹੇ ਸਾਨੂੰ ਕਿਰਦਾਰ ਦੇ ਜਾ ਸਾਨੂੰ ਓਸੇ ਸਮੇ ਵਿਚ ਯਾਰ ਲੈ ਜਾ ਮੱਕੀ ਜਵਾਰ ਬਾਜਰੇ ਨਾਲ ਲੱਦਿਆਂ ਨੂੰ ਦੇ ਕੇ ਥਾਪੜਾ ਬੌਲਦਾਂ ਕੱਬਿਆਂ ਨੂੰ ਹੱਕਾਂ ਚਾਲ ਮੱਠੀ ਮੱਠੀ ਗੱਡਿਆਂ ਨੂੰ ਕੱਚੇ ਵੇਲਿਆਂ ਦੀ ਪੱਕੀ ਠਾਹਰ ਦੇ ਜਾ ਸਾਨੂੰ ਓਸੇ ਸਮੇ ਵਿਚ ਯਾਰ ਲੈ ਜਾ ਮਾਰਾਂ ਫੂਕ ਦੀਵੇ ਨੂੰ ਤੇ ਰਾਤ ਪਾਵਾਂ ਹੋ ਸਕੇ ਤਾਂ ਆਸ਼ਕ ਦੀ ਜਾਤ ਪਾਵਾਂ ਚੰਨ ਤਾਰਿਆਂ ਨਾਲ ਉਹਦੀ ਬਾਤ ਪਾਵਾਂ ਲਿਖਾਂ ਖਤ ਚਾਰ ਸ਼ੇਅਰ ਉਧਾਰ ਦੇ ਜਾ ਸਾਨੂੰ ਓਸੇ ਸਮੇ ਵਿਚ ਯਾਰ ਲੈ ਜਾ ਚੁੰਗ ਬੂਰੀਆਂ ਦੁਧ ਦੇ ਤੋੜ ਨੱਕੇ ਚੋਬਰ ਜਾਣ ਨਾ ਵੈਰੀਆਂ ਤੋਂ ਡੱਕੇ ਸਿਦਕ ਹੌਸਲੇ ਇਸ਼ਕ ਦੇ ਹੋਣ ਪੱਕੇ ਇਹਨਾ ਅਣਖਾਂ ਨੂੰ ਨਵੀਂ ਨੁਹਾਰ ਦੇ ਜਾ ਸਾਨੂੰ ਓਸੇ ਸਮੇ ਵਿਚ ਯਾਰ ਲੈ ਜਾ ਜਿਨ੍ਹਾ ਹੁੰਦਿਆਂ ਸੱਥ ਮੇ ਠਹਿਰ ਰਹਿੰਦੀ ਗੱਲਾਂ ਬਾਤਾਂ ਚ ਗਜ਼ਲੀ ਬਹਿਰ ਰਹਿੰਦੀ ਨੱਗਰ ਖੇੜੇ ਦੀ ਪਿਆਰਿਆ ਖੈਰ ਰਹਿੰਦੀ ਉਹਨਾ ਪੁਰਖਿਆਂ ਦੀ ਸਰਕਾਰ ਦੇ ਜਾ ਸਾਨੂੰ ਓਸੇ ਸਮੇ ਵਿਚ ਯਾਰ ਲੈ ਜਾ
ਤੇਰੀ ਖਿੱਚ
ਵੇਹੜੇ ਦਿਲ ਦੇ ਨਿੱਤ ਹੀ ਪੈਲ ਪਾਉਂਦਾ ਤੇਰੇ ਇਸ਼ਕ ਦਾ ਰੰਗਲਾ ਮੋਰ ਹੀਰੇ ਜੀਹਨੇ ਬੰਨ ਬਿਠਾਏ ਏਸ ਧਰਤ ਉੱਤੇ ਤੇਰੀ ਖਿੱਚ ਹੈ ਨਹੀਂ ਕੁਝ ਹੋਰ ਹੀਰੇ ਹੋਰ ਚਾਹੀਦਾ ਕੀ ਦਿਲ ਹਾਰਿਆਂ ਨੂੰ ਮਿਲ ਬੈਠ ਕੇ ਤੱਕਣਾ ਤਾਰਿਆਂ ਨੂੰ ਸਾਡੇ ਨੈਣਾਂ ਚ ਵੱਸਦੀ ਤੂੰ ਏਦਾਂ ਜਿਵੇਂ ਵਿੱਚ ਪੰਜਾਬ ਲਾਹੌਰ ਹੀਰੇ ਜੀਹਨੇ ਬੰਨ ਬਿਠਾਏ ਏਸ ਧਰਤ ਉੱਤੇ ਤੇਰੀ ਖਿੱਚ ਹੈ ਨਹੀਂ ਕੁੱਝ ਹੋਰ ਹੀਰੇ ਫੁੱਲ ਖਿੜੇ ਨੇ ਸੁਰਖ ਦੰਦਾਸਿਆਂ ਦੇ ਮੋਤੀ ਚਮਕਦੇ ਤੇਰੇ ਹਾਸਿਆਂ ਦੇ ਸੋਹਣੇ ਇਸ਼ਕ ਦਾ ਏਹੋ ਕਰਮ ਸੋਹਣਾ ਬੰਦਾ ਹੋ ਜਾਏ ਹੋਰ ਦਾ ਹੋਰ ਹੀਰੇ ਜੀਹਨੇ ਬੰਨ ਬਿਠਾਏ ਏਸ ਧਰਤ ਉੱਤੇ ਤੇਰੀ ਖਿੱਚ ਹੈ ਨਹੀਂ ਕੁੱਝ ਹੋਰ ਹੀਰੇ ਮਿੱਠੀ ਸਾਦਗੀ ਦਾ ਰੰਗ ਚੜ੍ਹ ਜਾਵੇ ਸਾਨੂੰ ਗੀਤਾਂ ਜਿਹਾ ਕੁਛ ਲੜ ਜਾਵੇ ਜਦੋਂ ਜਦੋਂ ਵੀ ਵੇਖਿਆ ਮੁਖ ਤੇਰਾ ਚਿੱਤ ਹੋ ਗਏ ਨਵੇਂ ਨਕੋਰ ਹੀਰੇ ਜੀਹਨੇ ਬੰਨ ਬਿਠਾਏ ਏਸ ਧਰਤ ਉੱਤੇ ਤੇਰੀ ਖਿੱਚ ਹੈ ਨਹੀਂ ਕੁੱਝ ਹੋਰ ਹੀਰੇ
ਖਿਆਲ ਤੇਰਾ
ਵੇ ਖਤਾਂ ਵਿੱਚ ਕੀ ਲਿਖੀਏ ਗੱਲ ਸ਼ਬਦਾਂ ਤੋਂ ਬਾਹਰ ਹੋ ਗਈ ਤੇਰਿਆਂ ਖਿਆਲਾਂ ਵਿੱਚ ਵੇ ਕੁੜੀ ਅੰਬਰਾਂ ਦੇ ਪਾਰ ਹੋ ਗਈ ਹਾਏ ਬੱਦਲਾਂ ’ਚ ਮਹਿਲ ਪਾ ਲਏ ਗੀਟੇ ਖੇਡਦੀ ਤੋੜ ਕੇ ਤਾਰੇ ਤੇਰੀ ਵੇ ਉਨੀਂਦਾ ਤੱਕਣੀ ਦਿੰਦੀ ਮਿੱਠੇ ਮਿੱਠੇ ਜਿੰਦ ਨੂੰ ਹੁਲਾਰੇ ਹਾਏ ਕੰਧਾਂ ਉਹਨੂੰ ਕੀ ਡੱਕਣਾ ਜਿਹੜੀ ਹਵਾ ’ਤੇ ਸਵਾਰ ਹੋ ਗਈ ਤੇਰਿਆਂ ਖਿਆਲਾਂ ਵਿੱਚ ਵੇ ਕੁੜੀ ਅੰਬਰਾਂ ਦੇ ਪਾਰ ਹੋ ਗਈ ਹਾਏ ਓਹ ਸਾਡਾ ਪਿੰਡ ਸੱਜਣਾ ਜਿੱਥੇ ਸਿਰ ਨੇ ਇਸ਼ਕ ਦੀਆਂ ਫੀਸਾਂ ਵੇ ਇੱਕ ਨਾ ਟਕੋਰ ਕਰਦੇ ਦੂਜੇ ਹੱਥ ਨਾ ਵੰਡਣ ਲੋਕ ਚੀਸਾਂ ਵੇ ਅੱਧੀ ਕੁ ਤੂੰ ਸਾਂਭ ਮੁੰਡਿਆ ਅੱਧੀ ਸੋਚਾਂ ’ਚ ਖੁਆਰ ਹੋ ਗਈ ਤੇਰਿਆਂ ਖਿਆਲਾਂ ਵਿੱਚ ਵੇ ਕੁੜੀ ਅੰਬਰਾਂ ਦੇ ਪਾਰ ਹੋ ਗਈ ਧੁੱਪਾਂ ਆਉਣ ਗਲ਼ ਲਾ ਲਵਾਂ ਮੀਂਹ ਪਵੇ ਤਾਂ ਸਾਰੀ ਭਿੱਜ ਜਾਵਾਂ ਹਾਏ ਰੁੱਤਾਂ ਵਿੱਚ ਤੂੰ ਘੁਲ਼ਿਆ ਤੇਰਾ ਘੁਲ਼ਿਆ ਹਵਾ ਸਿਰਨਾਵਾਂ ਇਹ ਨੈਣਾਂ ਵਿੱਚ ਲਿਸ਼ਕ ਰਹੀ ਆਸ ਬਿਜਲੀ ਦੀ ਤਾਰ ਹੋ ਗਈ ਤੇਰਿਆਂ ਖਿਆਲਾਂ ਵਿੱਚ ਵੇ ਕੁੜੀ ਅੰਬਰਾਂ ਦੇ ਪਾਰ ਹੋ ਗਈ
ਸਾਵਣ
ਸਾਵਣ ਰੁੱਤ ਸੁਹੱਪਣ ਭਾਰਾ ਕਿਣ ਮਿਣ ਪਿਆਰ ਕਿਰੇ ਪੱਤ ਪੱਤ ਭਿੱਜਣ ਰੂਹਾਂ ਮੂੰਹਾਂ ਉੱਤੇ ਹੁਸਨ ਨਿਰੇ ਖੂਹਾਂ ਨੂੰ ਖੂਹਾਂ ਦਾ ਪਾਣੀ ਅੰਬਰੀਂ ਉੱਡ ਮਿਲੇ ਤੀਆਂ ਤ੍ਰਿੰਞਣ ਬੇਲੇ ਥੇਹਾਂ ਵਣ ਤਿਣ ਗੀਤ ਫਿਰੇ ਇੰਝ ਘਟਾਵਾਂ ਪਿੰਡ ਦੁਆਲੇ ਜਿਓਂ ਚੰਦਨ ਸਰਪ ਚੜੇ ਤੇਹ ਬੁਝਾਵੇ ਨਾਹਵੇ ਰੋਹੀ ਲੱਖ ਖੇਤੀਂ ਮੇਹਰ ਤਰੇ ਸਾਵਣ ਸਾਹ ਮੁਹੱਬਤ ਦਾ ਜਲ ਥਲ ਇਸ਼ਕ ਹਰੇ ਅਮਰੀ ਚਿਣਘਾਂ ਲਿਸ਼ਕਣ ਲੋਕੀ ਜਿਵ ਜਿਵ ਘਟਾ ਵਰੇ ਫੁੱਲਾਂ ਵਾਂਗੂੰ ਮਿੱਟੀ ਮਹਿਕੇ ਕੌਣ ਮਹਿਕਾਂ ਦਾਨ ਕਰੇ ਧੰਨ ਹੈ ਜੋ ਵਰਖੀਲੇ ਪੈਰੀਂ ਆਉਂਦਾ ਹਾੜ੍ਹ ਘਰੇ ਧੰਨ ਮੁਬਾਰਕ ਦਰਸ਼ਨ ਜਿਹੜਾ ਤਪਦੀ ਧਰਤ ਠਰੇ
ਕਵੀ
ਕੌਣ ਹਵਾ ਵਿਚ ਤੈਰਦੇ ਗੀਤਾਂ ਦੀ ਥਾਅ ਪਾਏ ? ਜੋ ਦਿਲ ਤੈਨੂੰ ਵੇਖਿਆਂ ਅਸਮਾਨ ਜਿਹਾ ਹੋ ਜਾਏ ਜਿਸਦੇ ਦੇਹੀ ਪਾਣੀਆਂ ਚੰਨ ਦੁਧੀਆ ਘੁਲ਼ ਜਾਏ ਜੋ ਬਿਰਹਾ ਦੇ ਅਰਕ ਰਹੁ ਰੂਹ ਦੇ ਹੋਠ ਛੁਹਾਏ ਤਾਰਾ ਤਾਰਾ ਸ਼ਬਦ ਜੋ ਸੁਰਤਾਂ ਖੇਤ ਉਗਾਏ ਜਿਸਦੀ ਨਜ਼ਰੋਂ ਗੁਜ਼ਰਦੀ ਕੋਈ ਆਥਣ ਕੁੰਜ ਵਟਾਏ ਜੋ ਦਿਲ ਤੈਨੂੰ ਵੇਖਿਆਂ ਤੜਕਸਾਰ ਹੋ ਜਾਏ ਉਹੀ ਹਵਾ ਵਿੱਚ ਤੈਰਦੇ ਗੀਤਾਂ ਦੀ ਥਾਅ ਪਾਏ
ਛਿਣ ਭਰ
ਭਿੱਜੇ ਭਿੱਜੇ ਨੈਣਾਂ ਵਾਲਾ ਭਿੱਜੇ ਭਿੱਜੇ ਬੋਲਾਂ ਵਾਲਾ ਗਾਈ ਜਾਂਦਾ ਖੁਸ਼ੀਆਂ ਦੇ ਗਾਉਣ ਕਾਲ਼ੇ ਕਾਲ਼ੇ ਬੱਦਲਾਂ ਦੀ ਲੋਈ ਨੂੰ ਲਪੇਟਕੇ ਨੀ ਪਹੁੰਚਿਆਂ ਫਕੀਰ ਪਿੰਡ ਕੌਣ ਵੀਹਣੀਆਂ ਚ ਵੰਗ ਦੱਸੇ ਪੱਤਿਆਂ ਦਾ ਰੰਗ ਦੱਸੇ ਦੱਸਦੀ ਹਵਾ ਹੈ ਨਾਂ ਸਾਉਣ ਸਾਉਣ ਰੁੱਤੇ ਭੰਨੇ ਅੰਗੜਾਈਆਂ ਛੰਭ ਛੱਪੜੀ ਸਾਉਣ ਰੁੱਤੇ ਟਿੱਬਿਆਂ ਦਾ ਨਾਹੁਣ ਸਾਉਣ ਰੁੱਤੇ ਪੱਕਦੇ ਪਿਆਰ ਵੀਰ ’ਡੀਕਦੀ ਹੈ ਕਰ ਕਰ ਉੱਚੀ ਭੈਣ ਧੌਣ ਸਾਉਣ ਰੁੱਤੇ ਮੇਲੇ ਹੁੰਦੇ ਵਿਆਹੀਆਂ ਤੇ ਕੁਆਰੀਆਂ ਦੇ ਬੋਲੀਆਂ ਦਿਲਾਂ ਚ ਚੁੱਭੀ ਲਾਉਣ ਬਹੁਤੀ ਏਥੇ ਲੰਘ ਜਾਂਦੀ ਰੋਸਿਆਂ ਤੇ ਸੋਕਿਆਂ ਚ ਚੰਦ ਕੁ ਛਿਣਾਂ ਦਾ ਧੀਏ ਜਿਓਣ
ਵੇਹਲ
ਕਿੱਥੇ ਤੂੰ ਵਸੇਨਾ ਏਂ ਅਕਲਾਂ ਦੇ ਆਜੜੀ ਕਿਹੜੀ ਹਵਾ ’ਚ ਤੇਰੇ ਮਹਿਲ ਵੇ ਤੈਨੂੰ ਚਿਰਾਂ ਤੋਂ ਉਡੀਕਦੀ ਆ ਸਾਡਿਆਂ ਦਿਲਾਂ ਦੀ ਚੰਨਾ ਵੇਹਲ ਵੇ ਤੈਨੂੰ ਚਿਰਾਂ ਤੋਂ ਉਡੀਕਦੀ ਆ ਤੇਰੀ ਯਾਦ ਖਿਣ ’ਚ ਉਡਾਰ ਹੋ ਜਾਨੀ ਆਂ ਸਮੇਂ ਦਿਆਂ ਚੱਕਰਾਂ ’ਚੋਂ ਬਾਹਰ ਜਾਨੀ ਆਂ ਉਦੋਂ ਹੁੰਨੀ ਆਂ ਖੁਦਾ ਦੇ ਬੜਾ ਗੈਲ ਵੇ ਤੈਨੂੰ ਚਿਰਾਂ ਤੋਂ ਉਡੀਕਦੀ ਆ ਸਾਡਿਆਂ ਦਿਲਾਂ ਦੀ ਚੰਨਾ ਵੇਹਲ ਖਾਬਾਂ ਵਿੱਚ ਜਦੋਂ ਤੇਰਾ ਆਸਣ ਸਜਾਉਨੀ ਆਂ ਸੁੱਤੀ ਪਈ ਪਈ ਵੇ ਮੈਂ ਅੱਥਰੂ ਵਹਾਉਨੀ ਆਂ ਰੂਹ ਪਾਉਂਦੀ ਐ ਉਜਾੜੀਂ ਨਿੱਤ ਪੈਲ ਵੇ ਤੈਨੂੰ ਚਿਰਾਂ ਤੋਂ ਉਡੀਕਦੀ ਆ ਸਾਡਿਆਂ ਦਿਲਾਂ ਦੀ ਚੰਨਾ ਵੇਹਲ ਮਹਿੰਦੀਆਂ ਦੇ ਸੂਹੇ ਸੂਹੇ ਰੰਗਾਂ ’ਚ ਲਪੇਟ ਲਵਾਂ ਰਾਂਝਿਆ ਵੇ ਨੈਣਾਂ ਦਿਆਂ ਖੰਭਾਂ ’ਚ ਲਪੇਟ ਲਵਾਂ ਨਵਾਂ ਰਚੀਏ ਮੁਹੱਬਤਾਂ ਦਾ ਖੇਲ ਵੇ ਤੈਨੂੰ ਚਿਰਾਂ ਤੋਂ ਉਡੀਕਦੀ ਆ ਸਾਡਿਆਂ ਦਿਲਾਂ ਦੀ ਚੰਨਾ ਵੇਹਲ
ਦਿਲ
ਮਿੱਠੀਆਂ ਛਾਵਾਂ ਦਾ ਝੂਟਾ ਵੇ ਦਿਲ ਤਾਂ ਅੰਬੀ ਦਾ ਬੂਟਾ ਕਦੇ ਏਹ ਨਦੀਆਂ ਦੀ ਛੱਲ ਹੈ ਕਦੇ ਬਸ ਥਲ ਹੀ ਥਲ ਹੈ ਕਦੇ ਦੋ ਅੱਖਰ ਵੀ ਹੁੰਦਾ ਵੇ ਦਿਲ ਤਾਂ ਪੱਥਰ ਵੀ ਹੁੰਦਾ ਕਦੇ ਦਿਲ ਪੰਛੀ ਹੈ ਉੱਡਦਾ ਕਦੇ ਇਹ ਸੂਰਜ ਹੈ ਡੁੱਬਦਾ ਦਿਲ ਤਾਂ ਅੱਲੜ੍ਹ ਦੀ ਵੰਗ ਹੈ ਦਿਲ ਤਾਂ ਪਾਣੀ ਦਾ ਰੰਗ ਹੈ ਵੇ ਦਿਲ ਹੈ ਰੂਹ ਦਾ ਅਗੂੰਠਾ ਵੇ ਦਿਲ ਤਾਂ ਅੰਬੀ ਦਾ ਬੂਟਾ
ਪਾਣੀ ਦਾ ਰੰਗ ਲਾਲ
ਡੁੱਬਦਾ ਸੂਰਜ ਵੇਖ ਰਿਹਾ ਹੈ ਦੇਸ ਪੰਜਾਬ ਦਾ ਹਾਲ ਪਾਣੀ ਦਾ ਰੰਗ ਲਾਲ ਨੀ ਮਾਏਂ ਪਾਣੀ ਦਾ ਰੰਗ ਲਾਲ ਇਕਨਾ ਦੇ ਸਿਰ ਸਿਹਰੇ ਬੱਝੇ ਇਕਨਾ ਦੇ ਸਿਰ ਕਾਲ ਇਕਨਾ ਦੇ ਲਈ ਗੀਤ ਅਜਾਦੀ ਇਕਨਾ ਦੇ ਲਈ ਗਾਲ ਪਾਣੀ ਦਾ ਰੰਗ ਲਾਲ ਨੀ ਮਾਏਂ ਪਾਣੀ ਦਾ ਰੰਗ ਲਾਲ ਆਪਣੇ ਆਪ ਨਾ ਗੱਲਾਂ ਕਰਦੇ ਬੀਤ ਗਏ ਕਈ ਸਾਲ ਇੱਕ ਹਉਕੇ ਦੀ ਉਮਰ ਭੋਗਦੇ ਤੁਰ ਗਏ ਹਉਕੇ ਨਾਲ ਪਾਣੀ ਦਾ ਰੰਗ ਲਾਲ ਨੀ ਮਾਏਂ ਪਾਣੀ ਦਾ ਰੰਗ ਲਾਲ ਦੋ ਦੇਸਾਂ ਵਿੱਚ ਦੇਸ ਅਸਾਡਾ ਜਿਓਂ ਮਛਲੀ ਵਿੱਚ ਜਾਲ ਪਰ ਕੰਡਿਆਲੀ ਚੀਰ ਨਾ ਸਕੀ ਸਾਡੇ ਸਿਦਕ ਖਿਆਲ ਪਾਣੀ ਦਾ ਰੰਗ ਲਾਲ ਨੀ ਮਾਏਂ ਪਾਣੀ ਦਾ ਰੰਗ ਲਾਲ
ਅਜਾਦੀ
ਵੇਂਹਦਾ ਆਇਆਂ ਸਾਰੇ ਰਾਹ ਅਜਾਦੀ ਨੂੰ ਮਾਰ ਰਹੀਆਂ ਸੀ ਲਾਸ਼ਾਂ ਧਾਹ ਅਜਾਦੀ ਨੂੰ ਹੱਕੇ ਗਏ ਹਾਂ ਐਥੋਂ ਓਥੋਂ ਪਸ਼ੂਆਂ ਵਾਂਗ ਹਾਲੇ ਤੱਕ ਨਹੀਂ ਮਿਲਿਆ ਸਾਹ ਅਜਾਦੀ ਨੂੰ ਸਾਡਾ ਘਰ ਤਕਸੀਮ ਕੀਤਾ ਰਲ਼ ਚੋਰਾਂ ਨੇ ਕਿਹੜੀ ਗੱਲੋਂ ਕਹੀਏ ਵਾਹ ਅਜਾਦੀ ਨੂੰ ਏਥੇ ਜੇ ਕੋਈ ਮਰਜੀ ਪੁੱਛੀ ਜਾਂਦੀ ਤਾਂ ਕੱਪੜੇ ਵਾਂਗੂੰ ਦਿੰਦੇ ਲਾਹ ਅਜਾਦੀ ਨੂੰ ਅਸੀਂ ਵੱਢੇ ਟੁੱਕੇ ਮਿੱਧੇ ਗਏ ਹਾਂ ਫੁੱਲਾਂ ਜਿਹੇ ਲੱਗਣੀ ਹੀ ਸੀ ਸਾਡੀ ਹਾਅ ਅਜਾਦੀ ਨੂੰ
ਕਈ ਜਨਮਾਂ ਦੀ ਪੀਰ
ਨੈਣਾਂ ਦੇ ਵਿੱਚ ਮੋਤੀ ਚਮਕਣ ਦਿਲ ਦਰਿਆ ਦੇ ਨੀਰ ਦੇਸ ਆਪਣਾ ਲੱਭਦੀ ਫਿਰਦੀ ਕਈ ਜਨਮਾਂ ਦੀ ਪੀਰ ਤੁਰਦੇ ਨੇ ਸੰਗ ਜੰਗਲ ਬੇਲੇ ਤੁਰਦੇ ਨੇ ਪੰਜ ਪਾਣੀ ਮਾਂ ਮਿੱਟੀ ਦੀ ਖੁਸ਼ਬੂ ਤੁਰਦੀ ਤੁਰਦੇ ਰੂਹ ਦੇ ਹਾਣੀ ਤੁਰਦੇ ਤੁਰਦੇ ਭੁੱਲ ਜਾਂਦਾ ਹੈ ਇੱਕ ਛਿਣ ਲਈ ਸਰੀਰ ਦੇਸ ਆਪਣਾ ਲੱਭਦੀ ਫਿਰਦੀ ਕਈ ਜਨਮਾਂ ਦੀ ਪੀਰ ਹਰ ਜਨਮ ਦਾ ਆਪਣਾ ਕਿੱਸਾ ਆਪਣੀ ਕਥਾ ਕਹਾਣੀ ਮੁੱਢ ਤੋਂ ਸਿਰਤੇ ਓਹੀ ਹਕੂਮਤ ਰੱਤ ਪੀਣੀ ਦਿਲ ਖਾਣੀ ਬੰਦਾ ਮੁੱਕਦਾ ਮੁੱਕ ਜਾਂਦਾ ਹੈ ਮੁੱਕਦੇ ਨਹੀਂ ਇਹ ਸੀਰ ਦੇਸ ਆਪਣਾ ਲੱਭਦੀ ਫਿਰਦੀ ਕਈ ਜਨਮਾਂ ਦੀ ਪੀਰ ਲੜਦੀ ਭਿੜਦੀ ਮਰ ਮਰ ਜੀਂਦੀ ਕਦੇ ਨਹੀਂ ਥੱਕਦੀ ਆਸ ਸਾਰੀ ਕੌਮ ਨੂੰ ਤੋਰੀ ਫਿਰਦੀ ਯੋਧਿਆਂ ਦੀ ਅਰਦਾਸ ਤੋਰੀ ਫਿਰਦੇ ਅਣਖਾਂ ਦੇ ਹੱਥ ਨੇਜੇ ਢਾਲੇ ਤੀਰ ਦੇਸ ਆਪਣਾ ਲੱਭਦੀ ਫਿਰਦੀ ਕਈ ਜਨਮਾਂ ਦੀ ਪੀਰ
ਭਾਦੋਂ
ਸਿਓਨੇ ਰੰਗੀ ਧੁੱਪ ਦੇ ਪੈਰੀਂ ਵਿਛਿਆ ਪਿਆ ਪੰਜਾਬ ਭਾਦੋਂ ਆਇਆ ਈ ਆਇਆ ਈ ਚੰਨ ਯਾਦ ਸਾਉਣ ਵੀ ਭਿੱਜੀ,ਭਾਦੋਂ ਭਿੱਜੀ ਭਿੱਜਦੀ ਰਹੀ ਕਈ ਝੜੀਆਂ ਮੱਕੀ ਵਾਂਗਰ ਭੁੱਜਕੇ ਖਿੜੀਆਂ ਰੀਝਾਂ ਸੁੱਕੀਆਂ ਸੜੀਆਂ ਤਪਦੀ ਰੁੱਤ ਵਿੱਚ ਠੰਡਾ ਬੁੱਲ੍ਹਾ ਇਹ ਬਿਰਹਾ ਦਾ ਰਾਗ ਭਾਦੋਂ ਆਇਆ ਈ ਆਇਆ ਈ ਚੰਨ ਯਾਦ ਕਿਉਂ ਪਿੰਡਾਂ ਦੇ ਪਿੰਡ ਤੁਰ ਚੱਲੇ ਛੱਡ ਬੀੜਾਂ ਹਰਿਆਈਆਂ ਵਗਦੇ ਚਸ਼ਮ ਇਲਾਹੀ ਦਿੱਸਣ ਕਿਉਂ ਕੂੰਜਾਂ ਤਿਰਹਾਈਆਂ ਰੱਬ ਰੋਂਦਾ ਜਦ ਰੋਟੀ ਕਾਰਨ ਹੋ ਜਾਂਦਾ ਕੋਈ ਸਾਧ ਭਾਦੋਂ ਆਇਆ ਈ ਆਇਆ ਈ ਚੰਨ ਯਾਦ ਤੇਰੇ ਮੱਥੇ ਰਹੇ ਲਿਸ਼ਕਦਾ ਮੁੜਕਾ ਚਾਂਦੀ ਰੰਗਾ ਤੂੰ ਇਸ਼ਕਾਂ ਦੇ ਲਾਂਬੂ ਅੰਦਰ ਹੋਇਆ ਰਹੇਂ ਪਤੰਗਾ ਸਾਨੂੰ ਤਾਂ ਬਸ ਤੋਰੀ ਫਿਰਦੀ ਆਸ ਉਡੀਕ ਤੇ ਯਾਦ ਭਾਦੋਂ ਆਇਆ ਈ ਆਇਆ ਈ ਚੰਨ ਯਾਦ
ਭਾਦੋਂ
ਭਾਦੋਂ ਭੁੱਲਿਆ ਆਵੇ ਯਾਦ ਸੋਹਣਾ ਯਾਦ ਆਵੇ ਤੇ ਹਰੀ ਕਚਾਰ ਹੋਵਾਂ ਜਿਹੜੇ ਚਿੱਤ ਨੂੰ ਤਾਪ ਚੁਮਾਸਿਆਂ ਦੇ ਉਹਤੋਂ ਬਾਹਰ ਹੋਵਾਂ ਠੰਡੀ ਠਾਰ ਹੋਵਾਂ ਕਿਧਰੇ ਦਿਸੇ ਕਪਾਹ ਦੇ ਫੁੱਲ ਵਰਗਾ ਉਹਨੂੰ ਵੇਂਹਦਿਆਂ ਕਲੀ ਕਚਨਾਰ ਹੋਵਾਂ ਵੱਡੇ ਤੜਕੇ ਚੰਨ ਜਿਓਂ ਪੁੰਨਿਆ ਦਾ ਥੋੜ੍ਹੀ ਆਰ ਹੋਵਾਂ ਬਹੁਤੀ ਪਾਰ ਹੋਵਾਂ ਕਾਵਿ ਦੇਸ ਦਾ ਡੱਸ ਜਾਏ ਨਾਗ ਕਾਲ਼ਾ ਹੌਲ਼ੀ ਸੁੱਕ ਕੇ ਗੀਤ ਦਾ ਭਾਰ ਹੋਵਾਂ
ਗੱਲਬਾਤ
ਚੰਨ ਤਾਰਿਆਂ ਦੇ ਦਰਸ਼ਨ ਲਈ ਜਿਵੇੰ ਰਾਤ ਜਰੂਰੀ ਹੁੰਦੀ ਹੈ ਇਸ਼ਕ ਦੇ ਖੰਡ ਹੋ ਜਾਵਣ ਲਈ ਗੱਲਬਾਤ ਜਰੂਰੀ ਹੁੰਦੀ ਹੈ ਮੰਨਿਆ ਕਿ ਬਹੁਤ ਜਰੂਰੀ ਹੈ ਏਥੇ ਪੈਸਾ ਬੜੀਆਂ ਚੀਜਾਂ ਲਈ ਪਰ ਦਿਲ ਦਾ ਹੋਣਾ ਲਾਜ਼ਮੀ ਹੈ ਅਹਿਸਾਸਾਂ ਲਈ ਤੇ ਰੀਝਾਂ ਲਈ ਇਹ ਲੰਮੇ ਪੰਧ ਮੁਕਾਵਣ ਲਈ ਕੋਈ ਆਸ ਜਰੂਰੀ ਹੁੰਦੀ ਹੈ ਇਸ਼ਕ ਦੇ ਖੰਡ ਹੋ ਜਾਵਣ ਲਈ ਵੇ ਗੱਲਬਾਤ ਜਰੂਰੀ ਹੁੰਦੀ ਹੈ ਰਿਸ਼ਤਿਆਂ ਦੇ ਬੂਟੇ ਨੂੰ ਪਾਣੀ ਇਹ ਫੋਨ ਤੇ ਖਤ ਜਰੂਰੀ ਐ ਜੋ ਮਰਨ ਨਾ ਦੇਵੇ ਰੂਹਾਂ ਨੂੰ ਕਹਿਣਾ ਐਸਾ ਸੱਚ ਜਰੂਰੀ ਐ ਖੂਹ ਨੌਹਾਂ ਦੇ ਨਾਲ ਪੁੱਟਣ ਲਈ ਡਾਹਢੀ ਪਿਆਸ ਜਰੂਰੀ ਹੁੰਦੀ ਹੈ ਇਸ਼ਕ ਦੇ ਖੰਡ ਹੋ ਜਾਵਣ ਲਈ ਵੇ ਗੱਲਬਾਤ ਜਰੂਰੀ ਹੁੰਦੀ ਹੈ ਇਹ ਦੁਨੀਆ ਭੱਜੀ ਫਿਰਦੀ ਹੈ ਕਿਤੇ ਮਿਲਦਾ ਨਹੀਂ ਸਕੂਨ ਜਿਹਾ ਫਾਇਦਾ ਕੀ ਮੂੰਹ ਦੇ ਮਿੱਠੇ ਦਾ ਜੇ ਅੰਦਰ ਰਿੱਝਦਾ ਲੂਣ ਜਿਹਾ ਜਿਵੇਂ ਬੇਸੁਰਿਆਂ ਦੇ ਗਾਵਣ ਲਈ ਇੱਕ ਮਿਠਾਸ ਜਰੂਰੀ ਹੁੰਦੀ ਹੈ ਇਸ਼ਕ ਦੇ ਖੰਡ ਹੋ ਜਾਵਣ ਲਈ ਵੇ ਗੱਲਬਾਤ ਜਰੂਰੀ ਹੁੰਦੀ ਹੈ
ਸਕੂਨ
ਤੇਰੀ ਯਾਦ ਸਾਡੀ ਰੂਹ ਦਾ ਗਰਾਂ ਵੇ ਦਿਲ ਨੂੰ ਸਕੂਨ ਮਿਲਦਾ ਅੱਖਾਂ ਮੀਚ ਮੈਂ ਪੁਕਾਰਾਂ ਤੇਰਾ ਨਾਂ ਤੇਰੀਆਂ ਅਮੀਰੀਆਂ ਫਕੀਰੀਆਂ ਦੇ ਮੇਚ ਵੇ ਫੇਰ ਕਦੋਂ ਆਊ ਸਾਡਾ ਆਬਾਂ ਵਾਲਾ ਦੇਸ ਵੇ ਜੇ ਤੂੰ ਆਵੇਂ ਬਲ਼ੇ ਦੀਵਾ ਇਹ ਸਰਾਂ ਵੇ ਦਿਲ ਨੂੰ ਸਕੂਨ ਮਿਲਦਾ ਅੱਖਾਂ ਮੀਚ ਮੈਂ ਪੁਕਾਰਾਂ ਤੇਰਾ ਨਾਂ ਲੱਥ ਜੇ ਥਕੇਵਾਂ ਤੇਰੇ ਖਿਆਲਾਂ ਛਾਂਵੇਂ ਪੈ ਜਾਵਾਂ ਸੁੱਚੇ ਸੁੱਚੇ ਹੰਝੂਆਂ ’ਚ ਫੁੱਲਾਂ ਵਾਂਗੂੰ ਵਹਿ ਜਾਵਾਂ ਤੇਰੇ ਦੀਦ ਦੀ ਪਿਆਸੜੀ ਰਹਾਂ ਵੇ ਦਿਲ ਨੂੰ ਸਕੂਨ ਮਿਲਦਾ ਅੱਖਾਂ ਮੀਚ ਮੈਂ ਪੁਕਾਰਾਂ ਤੇਰਾ ਨਾਂ ਜਦੋਂ ਕਦੇ ਨੀਦਰਾਂ ’ਚ ਖਾਬ ਤੇਰਾ ਵੇਖਦੀ ਤਪਦੇ ਥਲਾਂ ’ਤੇ ਉਦੋਂ ਚਾਨਣੀ ਆ ਬੈਠਦੀ ਸਾਡੀ ਮਿੱਠੜੀ ਹੋ ਜਾਂਦੀ ਏ ਜੁਬਾਂ ਵੇ ਦਿਲ ਨੂੰ ਸਕੂਨ ਮਿਲਦਾ ਅੱਖਾਂ ਮੀਚ ਮੈਂ ਪੁਕਾਰਾਂ ਤੇਰਾ ਨਾਂ
ਮਹਿਬੂਬ
ਤੇਰੀ ਸੁਰਖੀ ਜਿਹੀ ਸਵੇਰ ਲਿਖਾਂ ਤੇਰੇ ਸੁਰਮੇ ਵਰਗੀ ਸ਼ਾਮ ਲਿਖਾਂ ਤੇਰੇ ਨੈਣਾਂ ਵਰਗਾ ਗੀਤ ਕੋਈ ਮੈਂ ਪੰਜ ਆਬਾਂ ਦੇ ਨਾਮ ਲਿਖਾਂ ਗੱਲ ਤੋਰ ਕੇ ਤੇਰੀਆਂ ਵੰਗਾਂ ਦੀ ਮੈਂ ਸਿਫ਼ਤ ਕਰਾਂ ਇਹਦੇ ਰੰਗਾਂ ਦੀ ਇਹਦੇ ਬੇਪਰਵਾਹ ਜਿਹੇ ਖੰਭਾਂ ਦੀ ਇਹਦੇ ਸਾਊਪੁਣੇ ਤੇ ਸੰਗਾਂ ਦੀ ਇਹਦੇ ਅੱਗੇ ਚਮਕ ਵਿਦੇਸ਼ਾਂ ਦੀ ਬੜੀ ਫਿੱਕੀ ਤੇ ਮੈਂ ਆਮ ਲਿਖਾਂ ਤੇਰੇ ਨੈਣਾਂ ਵਰਗਾ ਗੀਤ ਕੋਈ ਮੈਂ ਪੰਜ ਆਬਾਂ ਦੇ ਨਾਮ ਲਿਖਾਂ ਤੇਰੇ ਕੋਕੇ ਦੀ ਲਿਸ਼ਕੋਰ ਜਿਹਾ ਨਦੀਆਂ ਤੇ ਚੰਨ ਦੀ ਤੋਰ ਜਿਹਾ ਕੋਈ ਗੀਤ ਲਿਖਾਂ ਮੈਂ ਇਹਦੇ ਲਈ ਕਣੀਆਂ ਵਿੱਚ ਨੱਚਦੇ ਮੋਰ ਜਿਹਾ ਮੇਰੇ ਲਿਖਦੇ ਦੇ ਸਾਹ ਰੁਕ ਜਾਵਣ ਇਹਦੇ ਹੁਸਨਾਂ ਦਾ ਜੇ ਦਾਮ ਲਿਖਾਂ ਤੇਰੇ ਨੈਣਾਂ ਵਰਗਾ ਗੀਤ ਕੋਈ ਮੈਂ ਪੰਜ ਆਬਾਂ ਦੇ ਨਾਮ ਲਿਖਾਂ ਜਿੰਨਾ ਚਿਰ ਰੱਜ ਕੇ ਤੱਕਦਾ ਨਹੀਂ ਭੁੱਖ ਲਹਿੰਦੀ ਨਹੀਂ ਨਿਗਾਹਾਂ ਦੀ ਮੈਂ ਰਾਂਝਾ ਇਹਦੇ ਬੇਲਿਆਂ ਦਾ ਮੈਂ ਖੁਸ਼ਬੂ ਇਹਦੇ ਸਾਹਾਂ ਦੀ ਇਹਦੀ ਸ਼ੱਕਰ ਵਰਗੀ ਮਿੱਟੀ ਨੂੰ ਤੇਰੇ ਰੰਗ ਦੇ ਜਿਹੀ ਬਦਾਮ ਲਿਖਾਂ ਤੇਰੇ ਨੈਣਾਂ ਵਰਗਾ ਗੀਤ ਕੋਈ ਮੈਂ ਪੰਜ ਆਬਾਂ ਦੇ ਨਾਮ ਲਿਖਾਂ ਤੇਰੀ ਝਾਂਜਰ ਦਾ ਛਣਕਾਰ ਜਿਵੇਂ ਲਾਹ ਦਿੰਦਾ ਦਿਲ ਤੋਂ ਭਾਰ ਜਿਵੇਂ ਇਹਦੇ ਬੋਹੜਾਂ ਦੀ ਛਾਂ ਮਾਣ ਲਵਾਂ ਮੇਰੇ ਸੀਨੇ ਪੈ ਜਾਏ ਠਾਰ ਜਿਵੇਂ ਕੋਈ ਫੱਗਣ ਦੀ ਧੁੱਪ ਵਰਗਾ ਨੀ ਮੈਂ ਤੇਰੇ ਲਈ ਪੈਗ਼ਾਮ ਲਿਖਾਂ ਤੇਰੇ ਨੈਣਾਂ ਵਰਗਾ ਗੀਤ ਕੋਈ ਮੈਂ ਪੰਜ ਆਬਾਂ ਦੇ ਨਾਮ ਲਿਖਾਂ
ਤਰਕ ਦੇਸ
ਮਹਿਕ ਵਿਹੂਣੇ ਫੁੱਲ ਲੱਗਦੇ ਕਿਉਂ ਲੋਕੀ ਬਹੁਤ ਪੜ੍ਹੇ ਬੁਝੇ ਬੁਝੇ ਜਿਹੇ ਨੂਰ ਦਿਲਾਂ ਦੇ ਕੀ ਕੋਈ ਨਾਗ ਲੜੇ ? ਤਰਕ ਦਾ ਚੁੱਲ੍ਹਾ ਬਲਦਾ ਵਿੱਚ ਪਈ ਜਿੰਦ ਸੜੇ ਸੁਰਤ ਦੇ ਠੰਢੇ ਮਿੱਠੇ ਸੋਮੇ ਸੁੱਕ ਜਾਣ ਖੜ੍ਹੇ ਖੜ੍ਹੇ ਹੱਦਾਂ ਦੇ ਵਿੱਚ ਬੰਨ੍ਹ ਰੱਖੇ ਨੇ ਐਸੇ ਗਿਆਨ ਘੜੇ ਨਾ ਕੋਈ ਪੀੜ ਅੰਬਰ ਤੋਂ ਉੱਚੀ ਤੇ ਨਾ ਕੋਈ ਤਾਂਘ ਹੜ੍ਹੇ ਤਰਕ ਅਗਨ ਦੀ ਲੂਹੀ ਦੇਹੀ ਪੱਤਰ ਰਹਿਣ ਝੜੇ ਨਾ ਕੋਈ ਓਥੇ ਸਾਵਣ ਉੱਤਰੇ ਨਾ ਕੋਈ ਚੇਤ ਚੜ੍ਹੇ
ਗੀਤ
ਹੈਰਾਨੀਆਂ ’ਚ ਜਾਵਾਂ ਬੀਤ ਯਾਦ ਆਉਂਦਾ ਹੈ ਦੇਖਾਂ ਜੇ ਤੈਨੂੰ ਕੋਈ ਮਿੱਠਾ ਗੀਤ ਯਾਦ ਆਉਂਦਾ ਹੈ ਅੱਖੀਆਂ ਚ ਫੋਟੋ ਤੇਰੀ ਚੰਦ ਜਿਵੇਂ ਰਾਤਾਂ ’ਚ ਦਿਲ ਦਾ ਸਕੂਨ ਕਿੱਥੇ? ਤੇਰੀਆਂ ਹੀ ਬਾਤਾਂ ਚ ਨਦੀਆਂ ਦੇ ਪਾਣੀ ਦਾ ਸੰਗੀਤ ਯਾਦ ਆਉਂਦਾ ਹੈ ਦੇਖਾਂ ਜੇ ਤੈਨੂੰ ਕੋਈ ਮਿੱਠਾ ਗੀਤ ਯਾਦ ਆਉਂਦਾ ਹੈ ਉੱਠਦੀ ਹੈ ਜਦੋਂ ਕਦੇ ਤਾਂਘ ਮੁਲਾਕਾਤ ਨੂੰ ਯਾਦ ਆਵੇ ਰੇਤ ਕਿਵੇਂ ਚਾਹੇ ਬਰਸਾਤ ਨੂੰ ਮੀਂਹ ਭਿੱਜਾ ਬੁੱਲ੍ਹਾ ਕੋਈ ਸ਼ੀਤ ਯਾਦ ਆਉਂਦਾ ਹੈ ਦੇਖਾਂ ਜੇ ਤੈਨੂੰ ਕੋਈ ਮਿੱਠਾ ਗੀਤ ਯਾਦ ਆਉਂਦਾ ਹੈ ਖੜ ਜਾਵੇ ਸਮਾਂ ਚੇਤੇ ਕਰਾਂ ਤੇਰੇ ਹਾਸੇ ਨੂੰ ਜਿਵੇਂ ਠੰਡੇ ਪਾਣੀ ਦਾ ਖਿਆਲ ਹੈ ਪਿਆਸੇ ਨੂੰ ਤੇਰੇ ਗਲ ਹੋਵਾਂ ਮੈਂ ਤਵੀਤ ਯਾਦ ਆਉਂਦਾ ਹੈ ਦੇਖਾਂ ਜੇ ਤੈਨੂੰ ਕੋਈ ਮਿੱਠਾ ਗੀਤ ਯਾਦ ਆਉਂਦਾ ਹੈ
ਚੰਨ ਨੂੰ ਮੱਥਾ
ਯਾਦਾਂ ਦੇ ਤਪਣ ਤੰਦੂਰ ਵੇ ਜਦ ਢਲ਼ ਜਾਂਦੀ ਹੈ ਸ਼ਾਮ ਅਸੀਂ ਚੰਨ ਨੂੰ ਮੱਥਾ ਟੇਕਿਆ ਲੈ ਕੇ ਤੇਰਾ ਨਾਮ ਤੂੰ ਦੂਰ ਗਿਆਂ ਮਜਬੂਰ ਗਿਆਂ ਵੰਗਾਂ ਨੂੰ ਕਰਕੇ ਚੂਰ ਗਿਆਂ ਸਾਨੂੰ ਸਾਰੀ ਉਮਰ ਦਾ ਐਬ ਵੇ ਤੇਰੇ ਦੋ ਨੈਣਾਂ ਦਾ ਜਾਮ ਅਸੀਂ ਚੰਨ ਨੂੰ ਮੱਥਾ ਟੇਕਿਆ ਲੈ ਕੇ ਤੇਰਾ ਨਾਮ ਜਦ ਕਾਲੀਆਂ ਚੜ੍ਹਨ ਘਟਾਵਾਂ ਵੇ ਤਸਵੀਰ ਤੇਰੀ ਗਲ਼ ਲਾਵਾਂ ਵੇ ਬੱਦਲਾਂ ਦੇ ਹੱਥੀਂ ਭੇਜਦੇ ਕੋਈ ਕਣੀਆਂ ਜਿਹਾ ਪੈਗ਼ਾਮ ਅਸੀਂ ਚੰਨ ਨੂੰ ਮੱਥਾ ਟੇਕਿਆ ਲੈ ਕੇ ਤੇਰਾ ਨਾਮ ਸੱਪ ਡੰਗਦਾ ਨਿੱਤ ਜੁਦਾਈਆਂ ਦਾ ਸਾਨੂੰ ਕੀ ਭਾਅ ਕਮਾਈਆਂ ਦਾ ਇੱਕ ਤੂੰ ਹੀ ਜੱਗ ਤੇ ਖਾਸ ਵੇ ਬਾਕੀ ਸਾਰੀਆਂ ਗੱਲਾਂ ਆਮ ਅਸੀਂ ਚੰਨ ਨੂੰ ਮੱਥਾ ਟੇਕਿਆ ਲੈ ਕੇ ਤੇਰਾ ਨਾਮ
ਕੈਸਾ ਰੰਗ ਸੀ
ਕੋਈ ਸਾਬਤ ਹਉਕਾ ਦੇ ਜਾਂਦਾ ਅਸੀਂ ਲੈਂਦੇ ਥੋੜਾ ਰੋ ਮਿੱਤਰਾ ਕੈਸਾ ਰੰਗ ਸੀ ਤੇਰੀ ਮੁਹੱਬਤ ਦਾ ਜਿਹੜਾ ਫਿੱਟ ਗਿਆ ਪਹਿਲੇ ਈ ਧੋ ਮਿੱਤਰਾ ਕੁਝ ਜਿੱਤ ਦੀਆਂ ਕੁਝ ਹਾਰ ਦੀਆਂ ਗੱਲਾਂ ਸੀ ਜਨਮੋ ਪਾਰ ਦੀਆਂ ਗੱਲਾਂ ਸੀ ਇੱਕ ਹੋ ਜਾਣ ਦੀਆਂ ਪਰ ਰਹਿ ਗਏ ਦੋ ਦੇ ਦੋ ਮਿੱਤਰਾ ਕੈਸਾ ਰੰਗ ਸੀ ਤੇਰੀ ਮੁਹੱਬਤ ਦਾ ਜਿਹੜਾ ਫਿੱਟ ਗਿਆ ਪਹਿਲੇ ਈ ਧੋ ਮਿੱਤਰਾ ਏਥੇ ਇਸ਼ਕ ਨੇ ਸੌਦੇ ਸ਼ਕਲਾਂ ਦੇ ਕੁਝ ਪੈਸੇ ਦੇ, ਕੁਝ ਅਕਲਾਂ ਦੇ ਦੁਨੀਆ ਨੂੰ ਨਫਰਤ ਖਾ ਜਾਂਦੀ ਸਾਨੂੰ ਖਾ ਗਿਆ ਤੇਰਾ ਮੋਹ ਮਿੱਤਰਾ ਕੈਸਾ ਰੰਗ ਸੀ ਤੇਰੀ ਮੁਹੱਬਤ ਦਾ ਜਿਹੜਾ ਫਿੱਟ ਗਿਆ ਪਹਿਲੇ ਈ ਧੋ ਮਿੱਤਰਾ ਓਹੀ ਚੰਨ ਚੜ੍ਹੇ ਓਹੀ ਧੁੱਪਾਂ ਨੇ ਸਾਨੂੰ ਖਬਰ ਨਹੀਂ ਕੀ ਰੁੱਤਾਂ ਨੇ ਕੁਝ ਤਪਦੇ ਤਪਦੇ ਖੁਆਬਾਂ ਦੀ ਦਿਲ ਸੇਕੀ ਜਾਂਦਾ ਲੋਅ ਮਿੱਤਰਾ ਕੈਸਾ ਰੰਗ ਸੀ ਤੇਰੀ ਮੁਹੱਬਤ ਦਾ ਜਿਹੜਾ ਫਿੱਟ ਗਿਆ ਪਹਿਲੇ ਈ ਧੋ ਮਿੱਤਰਾ
ਮੁੱਠੀ ’ਚ ਤਾਰੇ
ਸਖੀਏ ਜਿਓਂਦੀ ਜਾਨ ਨੂੰ ਮੁੱਠੀ ਦੇ ਵਿੱਚ ਤਾਰੇ ਨੀ ਇਹ ਬੁੱਤ ਮਿੱਟੀ ਦਾ ਲਏ ਸੁਪਨੇ ਰੂਪ ਸ਼ਿੰਗਾਰੇ ਨੀ ਚਾਅ ਵਿੱਚ ਉੱਡੀ ਫਿਰਦੀ ਪਤਾ ਨਹੀਂ ਕਿਹੜੇ ਘਰ ਜਾਣਾ ਹਾਏ ਖੇਡਾ ਬੜਾ ਪਿਆਰਾ ਭਾਂਵੇ ਸਭ ਕੁਝ ਹਰ ਜਾਣਾ ਇੱਕੋ ਸਾਹ ਨੇ ਸਾਜ ਲਏ ਕਿੰਨੇ ਰੰਗ ਤਮਾਸ਼ੇ ਨੀ ਝੂਠ ਤਾਂ ਜਾਪੇ ਰੋਣਾ, ਨਾ ਸੱਚ ਜਾਪਣ ਹਾਸੇ ਨੀ ਕਹਿੰਦੇ ਵਹਿਮ ਜਿਓਣਾ ਹੈ ਸੱਚ ਐਥੇ ਮਰ ਜਾਣਾ ਹਾਏ ਖੇਡਾ ਬੜਾ ਪਿਆਰਾ ਭਾਂਵੇ ਸਭ ਕੁਝ ਹਰ ਜਾਣਾ ਕੀ ਕੋਈ ਆਸ਼ਕ ਪੰਛੀ ਦਰਦ ਪਛਾਣੇ ਹੀਰਾਂ ਦੇ ਕੀ ਕੋਈ ਰੁੱਖ ਵੀ ਜਾਣਦਾ ਰੌਲ਼ੇ ਬਰਛੇ ਤੀਰਾਂ ਦੇ ਜਿਸ ਦਿਨ ਭੇਤ ਖੁੱਲ੍ਹ ਗਏ ਇਸ ਦੁਨੀਆ ਨੇ ਤਰ ਜਾਣਾ ਖੇਡਾ ਬੜਾ ਪਿਆਰਾ ਭਾਂਵੇ ਸਭ ਕੁਝ ਹਰ ਜਾਣਾ ਇਹ ਹੱਥ ਮਿਲੇ ਅਸਾਂ ਨੂੰ ਕਿਹੜਾ ਪੀਰ ਧਿਆਵਣ ਨੂੰ ਮਿਲਦੇ ਪੈਰ ਪਤਾ ਨਹੀਂ ਕਿਹੜੇ ਰਸਤੇ ਜਾਵਣ ਨੂੰ ਇਹ ਵੀ ਵਹਿਮ ਮਨਾਂ ਨੂੰ ਮੈਂ ਜੱਗ ਸੁੰਨਾ ਕਰ ਜਾਣਾ ਖੇਡਾ ਬੜਾ ਪਿਆਰਾ ਭਾਂਵੇ ਸਭ ਕੁਝ ਹਰ ਜਾਣਾ ਰੂਹ ਤੋਂ ਰਾਜੀ ਰਾਜਾ, ਰੂਹ ਬਿਨ ਜੂਨ ਗਰੀਬਾਂ ਦੀ ਰੂਹ ਤੋਂ ਪਰਖ ਅਮੀਰੀ, ਹੁੰਦੀ ਪਰਖ ਨਸੀਬਾਂ ਦੀ ਰੂਹ ਨਾਲ ਨਿੱਘ ਜਿਹਾ ਬਿਨ ਰੂਹ ਦੇ ਦੇਹੀ ਠਰ ਜਾਣਾ ਹਾਏ ਖੇਡਾ ਬੜਾ ਪਿਆਰਾ ਭਾਂਵੇ ਸਭ ਕੁਝ ਹਰ ਜਾਣਾ
ਸੱਜਣ ਬੁਲਾਉਣ ਹੱਸ ਕੇ
ਰੂਹ ਮਾਰੂਥਲ ਵਾਂਗੂੰ ਹੋਵੇ ਤਪਦੀ ਚੰਨ ਬਣਕੇ ਝਨਾਬ ਆ ਜਾਵੇ ਸੱਜਣ ਬੁਲਾਉਣ ਹੱਸ ਕੇ ਸੱਚੀਂ ਜਿਓਣ ਦਾ ਸਵਾਦ ਆ ਜਾਵੇ ਐਨੇ ਖੋਟਿਆਂ ’ਚ ਖਰੇ ਹੋਣਾ ਸੌਖਾ ਨਹੀਂ ਜੜ੍ਹੋਂ ਉੱਖੜੇ ਤੇ ਹਰੇ ਹੋਣਾ ਸੌਖਾ ਨਹੀਂ ਐਵੇਂ ਭੱਜਣਾ ਨਾ ਪਵੇ ਸਾਨੂੰ ਬਾਹਰ ਨੂੰ ਕੰਮ ਲੋਟ ਜੇ ਪੰਜਾਬ ਆ ਜਾਵੇ ਸੱਜਣ ਬੁਲਾਉਣ ਹੱਸ ਕੇ ਸੱਚੀਂ ਜਿਓਣ ਦਾ ਸਵਾਦ ਆ ਜਾਵੇ ਰਹੇ ਮੋਹ ਪਿਆਰ ਬਣਿਆ ਸ਼ਰੀਕਾਂ ’ਚ ਕੁਝ ਰੱਖਿਆ ਨੀ ਕੇਸਾਂ ਤੇ ਤਰੀਕਾਂ ’ਚ ਬੰਦਾ ਬੰਦੇ ਨੂੰ ਮਿਲੇ ਜੀ ਰੱਬ ਜਾਣ ਕੇ ਜੇ ਐਬਾਂ ਆਦਤਾਂ ਤੋਂ ਬਾਜ ਆ ਜਾਵੇ ਸੱਜਣ ਬੁਲਾਉਣ ਹੱਸ ਕੇ ਸੱਚੀਂ ਜਿਓਣ ਦਾ ਸਵਾਦ ਆ ਜਾਵੇ ਕੋਠੀ, ਬੰਗਲੇ ਨਾ ਸਹੀ, ਪਰ ਅੱਖਾਂ ’ਚ ਜਗ੍ਹਾ ਮਿਲ ਜਾਏ ਦਿਲ ਦੀਆਂ ਸੱਥਾਂ ’ਚ ਆੜੀ ਨਾਲ ਮਰਦਾਨੇ ਗੁਰ ਬਾਬੇ ਦੀ ਦੇਖ ਚਿੱਤ ’ਚ ਵੈਰਾਗ ਆ ਜਾਵੇ ਸੱਜਣ ਬੁਲਾਉਣ ਹੱਸ ਕੇ ਸੱਚੀਂ ਜਿਓਣ ਦਾ ਸਵਾਦ ਆ ਜਾਵੇ
ਅੱਸੂ
ਅੱਸੂ ਦੇ ਮਹੀਨੇ ਅੱਖਾਂ ਖੋਲ੍ਹੀਆਂ ਸੁਗੰਧੀਆਂ ਨੇ ਜਾਗੀਆਂ ਨੇ ਸਧਰਾਂ ਕੁਆਰੀਆਂ ਪੀਲ਼ੇ ਪੀਲ਼ੇ ਫੁੱਲਾਂ ਦੀਆਂ ਚੁੰਨੀਆਂ ਸਿਰਾਂ ਤੇ ਅੱਜ ਕਿੱਕਰਾਂ ਨੇ ਮੂਰਤਾਂ ਸੁਆਰੀਆਂ ਬਾਜਰੇ ਦੇ ਸਿੱਟਿਆਂ ਤੇ ਲਾਲ ਲਾਲ ਠੁੰਗਾਂ ਮਾਰ ਤੋਤਿਆਂ ਨੇ ਭਰੀਆਂ ਉਡਾਰੀਆਂ ਬੇਰੀਆਂ ਨੂੰ ਬੂਰ ਪਿਆ ਨਿੱਕੇ ਨਿੱਕੇ ਤਾਰਿਆਂ ਦਾ ਸਰਕੜੇ ਨੂੰ ਚੜ੍ਹੀਆਂ ਖ਼ੁਮਾਰੀਆਂ ਠੰਡੀਆਂ ਹਵਾਵਾਂ ਛਾਂਵਾਂ ਪਾਣੀ ਠੰਡੇ ਠਾਰ ਜਿੱਥੇ ਸੁਰਤਾਂ ਝਨਾਂ ਚ ਲਾਉਣ ਤਾਰੀਆਂ ਸਜਦੀ ਹੈ ਰਾਤ ਪਰੀ ਸੱਜਰੀ ਵਿਆਹੀ ਵਾਂਗੂੰ ਖਿੱਤੀਆਂ ਨੇ ਰੋਹੀਆਂ ਵੀ ਸ਼ਿੰਗਾਰੀਆਂ ਭਾਂਵੇ ਲੱਖ ਦਾਤਾਂ ਨਾ’ ਨਿਵਾਜ਼ਿਆ ਹੈ ਮਾਲਕ ਨੇ ਚੋਭਾਂ ਨੇ ਗੁਲਾਮੀ ਦੀਆਂ ਭਾਰੀਆਂ ਧੰਨ ਨੇ ਓਹ ਮੁੰਡੇ ਜਿਹੜੇ ਐਸਿਆਂ ਨਜ਼ਾਰਿਆਂ ਤੋਂ ਵਾਰ ਦਿੰਦੇ ਉਮਰਾਂ ਪਿਆਰੀਆਂ
ਦੇਸ ਪੰਜਾਬ ਦਿਆ
ਬਖਸ਼ੇ ਹੁਸਨ ਖੁਦਾ ਨੇ ਤੈਨੂੰ ਸੋਹਣਿਆ ਅੰਤਾਂ ਦੇ ਚਿੱਤ ਵਿੱਚ ਖਿੜਦੇ ਕੀਤੇ ਸੱਭੋ ਰੰਗ ਬਸੰਤਾਂ ਦੇ ਕੁੱਲ ਜਨੌਰ ਕੀਲਦੀ ਵੰਝਲੀ ਤੇਰੇ ਇਸ਼ਕੇ ਦੀ ਵੰਡੀ ਸਦਾ ਰੌਸ਼ਨੀ ਤੇਰੇ ਹੱਥ ਕਿਰਪਾਨਾਂ ਨੇ ਦੇਸ ਪੰਜਾਬ ਦਿਆ ਵੇ ਬੱਚਿਆ ਸੱਚਿਆ ਸੂਰਮਿਆ ਤੇਰੀਆਂ ਵਿੱਚ ਜਹਾਨਾਂ ਸ਼ਾਨਾਂ ਸ਼ਾਨਾਂ ਸ਼ਾਨਾਂ ਨੇ ਪੰਜ ਦਰਿਆ ਪਾਣੀ ਦੇ ਛੇਵਾਂ ਹੈ ਰੂਹਦਾਰਾਂ ਦਾ ਸੋਹਣੇ ਦਗਦੇ ਮੁਖੜੇ ਜੀਕੂੰ ਫੁੱਲ ਅਨਾਰਾਂ ਦਾ ਤੇਰੀ ਚੁੱਪ ਦੇ ਅੰਦਰ ਨੀਂਦਾਂ ਪੰਛੀ ਲਾਹੁੰਦੇ ਵੇ ਜਾਦੂ ਬੋਲੀ ਦਾ ਅੰਬ ਰਸੀਆਂ ਖੂਬ ਜੁਬਾਨਾਂ ਨੇ ਦੇਸ ਪੰਜਾਬ ਦਿਆ ਵੇ ਬੱਚਿਆ ਸੱਚਿਆ ਸੂਰਮਿਆ ਤੇਰੀਆਂ ਵਿੱਚ ਜਹਾਨਾਂ ਸ਼ਾਨਾਂ ਸ਼ਾਨਾਂ ਸ਼ਾਨਾਂ ਨੇ ਜੀਕਣ ਚੰਨ ਚੜਦਾ ਤੇ ਸੂਰਜ ਧੁੱਪਾਂ ਕਰਦਾ ਹੈ ਆਪ ਮੁਹਾਰੇ ਯੋਧਾ ਲੋਕਾਂ ਲਈ ਲੜ ਮਰਦਾ ਹੈ ਅੰਬਰ ਸੁਣੇ ਜੈਕਾਰੇ ਬੋਲਣ ਲੋਕੀ ਧਰਤੀ ਤੇ ਗੱਲ ਸ਼ਹੀਦਾਂ ਦੀ ਜਦ ਕੀਤੀ ਭਰੇ ਦੀਵਾਨਾਂ ਨੇ ਦੇਸ ਪੰਜਾਬ ਦਿਆ ਵੇ ਬੱਚਿਆ ਸੱਚਿਆ ਸੂਰਮਿਆ ਤੇਰੀਆਂ ਵਿੱਚ ਜਹਾਨਾਂ ਸ਼ਾਨਾਂ ਸ਼ਾਨਾਂ ਸ਼ਾਨਾਂ ਨੇ ਤੇਰੇ ਹਿੱਸੇ ਆਈਆਂ ਅੱਗਾਂ ਦੀ ਕੋਈ ਗਿਣਤੀ ਨੀ ਫਿਰ ਵੀ ਖਿੜੇ ਕਪਾਹੀ ਹਾਸੇ ਦੀ ਕੋਈ ਮਿਣਤੀ ਨੀ ਸਾਰੇ ਜੱਗ ਦੇ ਦੁੱਖਾਂ ਦਾ ਜੋ ਬਣਦਾ ਦਰਦੀ ਰਹੇ ਕੁੱਲ ਦਾ ਭਲਾ ਹੈ ਮੰਗਿਆ ਸਦਾ ਹੀ ਕਿਰਸਾਨਾ ਨੇ ਦੇਸ ਪੰਜਾਬ ਦਿਆ ਵੇ ਬੱਚਿਆ ਸੱਚਿਆ ਸੂਰਮਿਆ ਤੇਰੀਆਂ ਵਿੱਚ ਜਹਾਨਾਂ ਸ਼ਾਨਾਂ ਸ਼ਾਨਾਂ ਸ਼ਾਨਾਂ ਨੇ
ਪੰਜਾਬ ਦਾ ਵਾਰਿਸ
ਉਂਗਲਾਂ ਚੋਂ ਵਹਿ ਤੁਰੇ ਦਰਿਆ ਕੋਈ ਲਿਖਦਿਆਂ ਤੇਰੇ ਹੋਣ ਦਾ ਮੈਂ ਚਾਅ ਕੋਈ ਆਉਣਾ ਤੇਰਾ ਇਸ ਤਰਾਂ ਹੈ ਜਾਪਦਾ ਪਰਤਿਆ ਜਿਓਂ ਦੇਰ ਪਿੱਛੋਂ ਸਾਹ ਕੋਈ ਪੁੰਨਿਆ ਨੂੰ ਮੱਸਿਆ ਪਿਆ ਆਖਦਾ ਮੀਡੀਆ ਨੂੰ ਹੋ ਗਿਆ ਹਲਕਾਅ ਕੋਈ ਦਿਲ ਦੇ ਖੋਟਿਆਂ ਦੀ ਕੀ ਔਕਾਤ ਹੈ ਤੇਰੀਆਂ ਨੀਅਤਾਂ ਦਾ ਲਾਵਣ ਭਾਅ ਕੋਈ ਹਰ ਕਿਸੇ ਦੇ ਵੱਸ ਨਹੀਂ ਹੈ ਚੱਲਣਾ ਮੱਥਿਆਂ ਚੋਂ ਪਾਟਦਾ ਹੈ ਰਾਹ ਕੋਈ
ਬੰਦੀ ਸਿੰਘ
ਜੇਲ੍ਹਾਂ ਦੇ ਨਾਲ ਯਾਰੀ ਸਾਡੀ ਬੜੀ ਪੁਰਾਣੀ ਹੈ ਅਸੀਂ ਬਾਬੇ ਦੇ ਪੁੱਤ ਹਾਂ,ਉਹ ਬਾਬਰ ਦਾ ਹਾਣੀ ਹੈ ਆਰੇ,ਚਰਖੜੀਆਂ ਤੇ ਸੁਣਿਆ ਫੰਦੇ ਸਾਂਭੀ ਬੈਠਾ ਹੈ ਭਾਈ ਤਾਰੂ ਲਈ ਖਾਨ ਜਕਰੀਆ ਰੰਬੇ ਸਾਂਭੀ ਬੈਠਾ ਹੈ ਪਰ ਬੰਦਾ ਸਿੰਘ ਤੋਂ ਮਾਨੋਚਾਹਲ ਗੱਲਬਾਤ ਲਾਸਾਨੀ ਐ ਜੇਲ੍ਹਾਂ ਦੇ ਨਾਲ ਯਾਰੀ ਸਾਡੀ ਬੜੀ ਪੁਰਾਣੀ ਹੈ ਸਿੰਘ ਉਮਰ ਨੂੰ ਕੀ ਜਾਣੇ ? ਛਿਣ ਭਰ ਦੀ ਲਿਸ਼ਕ ਜਿਹੀ ਤੀਰਾਂ ਤੇ ਤਲਵਾਰਾਂ ਛਾਂਵੇਂ ਪਲ਼ਦੇ ਇਸ਼ਕ ਜਿਹੀ ਓਹ ਨਾ ਸਮਝੇ, ਭਾਈ ਉਹਦੀ ਮੱਤ ਨਿਆਣੀ ਹੈ ਜੇਲ੍ਹਾਂ ਦੇ ਨਾਲ ਯਾਰੀ ਸਾਡੀ ਬੜੀ ਪੁਰਾਣੀ ਹੈ ਅਸੀਂ ਆਪਣੀ ਧਰਤ ਲਈ ਇੱਕ ਸੂਰਜ ਘੜਦੇ ਫਿਰਦੇ ਹਾਂ ਆਪਣੇ ਹਿੱਸੇ ਦੇ ਅੰਬਰ ’ਤੇ ਤਾਰੇ ਜੜਦੇ ਫਿਰਦੇ ਹਾਂ ਉਹਦਾ ਕਾਨੂੰਨ ਕਿਤਾਬੀ ਸਾਡਾ ਮੂੰਹ ਜੁਬਾਨੀ ਹੈ ਜੇਲ੍ਹਾਂ ਦੇ ਨਾਲ ਯਾਰੀ ਸਾਡੀ ਬੜੀ ਪੁਰਾਣੀ ਹੈ ਅਸੀਂ ਬਾਬੇ ਦੇ ਪੁੱਤ ਹਾਂ, ਉਹ ਬਾਬਰ ਦਾ ਹਾਣੀ ਹੈ
ਮਰਗ
ਜਦ ਕਦੇ ਬਲ਼ਦੇ ਸ਼ਿਵੇ ਤੋਂ ਰੋ ਮੁੜਾਂ ਰੱਬ ਵਰਗੀ ਵਾਸ਼ਨਾ ਮੈਂ ਛੋਹ ਮੁੜਾਂ ਮੌਤ ਵੀ ਕੋਈ ਪਰਮ ਪੂਰਨ ਧਾਮ ਹੈ ਪੱਤਾ ਪੱਤਾ ਬਿਰਖ ਰੂਹ ਦਾ ਧੋ ਮੁੜਾਂ ਮੈਂ ਇਹ ਨਹੀਂ ਜੋ ਸ਼ੀਸ਼ਾ ਦੱਸੇ ਕੱਚਦਾ ਮਰਗ ਤੋਂ ਹਰ ਵਾਰ ਜਿਉਂਦਾ ਹੋ ਮੁੜਾਂ ਕੱਲਾ ਨਹੀਂ ਲਾਂਬੂ ਤੇ ਮੁਰਦਾ ਮੱਚਦਾ ਹੌਲ਼ਾ ਫੁੱਲ ਹੋ ਦੇਹੀ ਮੈਂ ਖੁਸ਼ਬੋ ਮੁੜਾਂ ਯਾਦਾਂ ਦਾ ਧੂੰਆਂ ਉੱਡਦਾ ਹੈ ਨਾਲ ਹੀ ਗੁੱਸੇ ਗਿਲੇæ ਹੰਕਾਰ ਓਥੇ ਖੋ ਮੁੜਾਂ
ਕੱਤਕ
ਖਿੜੀਆਂ ਕਪਾਹਾਂ ਚੰਨਾ ਚਿੱਤ ਖਿੜੀ ਜਾਂਦੇ ਨੇ ਕੱਤੇ ਵਿੱਚ ਵਸਲਾਂ ਦੇ ਗੀਤ ਛਿੜੀ ਜਾਂਦੇ ਨੇ ਉੱਡ ਆਈਆਂ ਕੂੰਜਾਂ ਦੂਰੋਂ ਡੇਰੇ ਲਾਏ ਢਾਬ ਤੇ ਢਾਬ ਦਿਆਂ ਸ਼ੀਸ਼ਿਆਂ ਚ ਤਾਰੇ ਰਿੜ੍ਹੀ ਜਾਂਦੇ ਨੇ ਰੂਹਾਂ ਦੇ ਬਨੇਰਿਆਂ ਤੇ ਦੀਵੇ ਜਗੀ ਜਾਂਦੇ ਆ ਦੀਵਿਆਂ ਦੇ ਚਾਨਣਾਂ ’ਚ ਚਾਅ ਭਿੜੀ ਜਾਂਦੇ ਨੇ ਪੱਤਾ ਪੱਤਾ ਉਮਰਾਂ ਦੇ ਸਾਲ ਝੜੀ ਜਾਂਦੇ ਆ ਦੇਸੋਂ ਦੂਰ ਧਾਗਾ ਧਾਗਾ ਦਿਲ ਦਿੜ੍ਹੀ ਜਾਂਦੇ ਨੇ ਕੱਤੇ ਦੇ ਮਹੀਨੇ ਮਾਹੀਆ ਦੂਰ ਨਹੀਓਂ ਜਾਈਦਾ ਦੂਰ ਬੈਠੇ ਅੱਖੀਆਂ ਦੇ ਖੂਹ ਗਿੜੀ ਜਾਂਦੇ ਨੇ
ਦੋ ਜੀਅ
ਮੁਖ ਵੇਖ ਵੇਖ ਇੱਕ ਦੂਜੇ ਦਾ ਦੋਵੇਂ ਵਾਂਗ ਅਨਾਰਾਂ ਰਸਦੇ ਹਾਂ ਵੇਹੜੇ ਵਿੱਚ ਚਾਨਣ ਹੋ ਜਾਂਦਾ ਜਦ ਮੈਂ ਤੇ ਮਾਹੀ ਹੱਸਦੇ ਹਾਂ ਸਾਡੇ ਨਿੱਕੇ ਨਿੱਕੇ ਸੁਪਨੇ ਆ ਮਿਹਨਤ ਨਾਲ ਪੂਰੇ ਕੀਤੇ ਨੇ ਅਸੀਂ ਫ਼ਿਕਰ ਦੋਵਾਂ ਇੱਕ ਦੂਜੇ ਦੇ ਮਿੱਠੇ ਪਾਣੀ ਵਾਂਗੂੰ ਪੀਤੇ ਨੇ ਲੇਖਾਂ ਦੀਆਂ ਢਿੱਲੀਆਂ ਦੌਣਾਂ ਨੂੰ ਪਏ ਹੌਲ਼ੀ ਹੌਲ਼ੀ ਕਸਦੇ ਹਾਂ ਵੇਹੜੇ ਵਿੱਚ ਚਾਨਣ ਹੋ ਜਾਂਦਾ ਜਦ ਮੈਂ ਤੇ ਮਾਹੀ ਹੱਸਦੇ ਹਾਂ ਓਹ ਸ਼ਹਿਰ ਰਿਜ਼ਕ ਲਈ ਜਾਂਦਾ ਤੇ ਮੈਨੂੰ ਘਰ ਹੀ ਪੈਂਡੇ ਕੋਹਾਂ ਦੇ ਅਸੀਂ ਦਿਲ ਦੇ ਵਿੱਚ ਉਗਾਏ ਨੇ ਫੁੱਲ ਕਦਰਾਂ ਦੇ ਫੁੱਲ ਮੋਹਾਂ ਦੇ ਅਸੀਂ ਇੱਕ ਦੂਜੇ ਦੀ ਜਿੰਦਗੀ ਵਿੱਚ ਬਣ ਮੋਰ ਕਲਹਿਰੀ ਨੱਚਦੇ ਹਾਂ ਵੇਹੜੇ ਵਿੱਚ ਚਾਨਣ ਹੋ ਜਾਂਦਾ ਜਦ ਮੈਂ ਤੇ ਮਾਹੀ ਹੱਸਦੇ ਹਾਂ ਸਾਨੂੰ ਲਿਖਣਾ ਗਾਉਣਾ ਨਹੀਂ ਆਉਂਦਾ ਅਸੀਂ ਖ਼ੁਦ ਹੀ ਗੀਤ ਜਿਹੇ ਜੋ ਹਾਲੇ ਤੱਕ ਕਹਿ ਹੋਈ ਨਾ ਅਸੀਂ ਐਸੀ ਪ੍ਰੀਤ ਜਿਹੇ ਏਥੇ ਪਿਆਰ ਬਿਨਾ ਕੁਝ ਹੋਰ ਨਹੀਂ ਬੱਚਿਆਂ ਨੂੰ ਦੱਸਦੇ ਹਾਂ ਵੇਹੜੇ ਵਿੱਚ ਚਾਨਣ ਹੋ ਜਾਂਦਾ ਜਦ ਮੈਂ ਤੇ ਮਾਹੀ ਹੱਸਦੇ ਹਾਂ
ਧੀ ਰਾਣੀ
ਪਹਿਲੇ ਪਾਣੀਆਂ ਕਿਵੇਂ ਹੈ ਅੱਖ ਖੋਲੀ ਤਾਰਾ ਕਿੱਡਾ ਕੁ ਹੋਊ ਇੱਕ ਰਾਤ ਦਾ ਵੇ ਤੈਨੂੰ ਵੇਖ ਕੇ ਸਾਨੂੰ ਮਾਲੂਮ ਹੁੰਦਾ ਕੈਸਾ ਆਦਿ ਸੀ ਕੁੱਲ ਕਾਇਨਾਤ ਦਾ ਵੇ ਕੈਸੀ ਉਮਰ ਹੁੰਦੀ ਓਹ ਫੁੱਲ ਜੇਹੀ ਜਦੋਂ ਪਤਾ ਨਹੀਂ ਰੰਗ ਜਾਤ ਦਾ ਵੇ ਜਦੋਂ ਲੱਖ ਸਿਆਣਪਾਂ ਤੋਂ ਉੱਪਰ ਵਿਸ਼ਾ ਜਾਪਦਾ ਤੋਤਲੀ ਬਾਤ ਦਾ ਵੇ ਜਦੋਂ ਮੁਖ ਤੋਂ ਝਾਤੀਆਂ ਮਾਰਦਾ ਹੈ ਸੁੱਚਾ ਚੌਂਕੜਾ ਕੋਈ ਪ੍ਰਭਾਤ ਦਾ ਵੇ ਚਿੱਤ ਕਰੇ ਇਹ ਜੱਗ ਤੇ ਰਾਜ ਹੋਵੇ ਸਾਡੀ ਆਹਲੀ ਭੋਲ਼ੀ ਸ਼ੁਰੂਆਤ ਦਾ ਵੇ
ਬਚਪਨ
ਪਹਿਲਾ ਪਹਿਰ ਉਮਰ ਦਾ ਤੱਕ ਲੈ ਚਾਰੇ ਖੂਬ ਨਜਾਰੇ ਚਮਕਣ ਤਾਰੇ ਚੰਨ ਵੀ ਤੇਰੇ ਨਾ’ ਮੁਸਕਾਂਦਾ ਸੂਰਜ ਤੈਥੋਂ ਕਿਰਨਾਂ ਵਾਰੇ ਹਵਾ ਹੁਲਾਰੇ ਲੱਖ ਬਿਗਾਨਾ ਲੰਘਿਆ ਜਾਂਦਾ ਖੜ ਜਾਏ ਗੱਲਾਂ ਮਾਰੇ ਤੈਨੂੰ ਪਿਆਰੇ ਤੇਰਾ ਕੋਮਲ ਚੇਹਰਾ ਵੇਂਹਦੀ ਅੰਬੀ ਪੱਤ ਸੁਆਰੇ ਛਾਂ ਪਈ ਠਾਰੇ ਕਿੱਕਰ ਉੱਤੇ ਕਾਟੋ ਵਸਦੀ ਤੁਰਦੀ ਕਰੇ ਇਸ਼ਾਰੇ ਗੱਲਾਂ ਮਾਰੇ ਸਾਡੇ ਹਿੱਸੇ ਦਾ ਵੀ ਜਿਓਂਦੀ ਇੱਕ ਕੋਇਲ ਦੇ ਕੂਕਣ ’ਤੇ ਜੋ ਛੱਡ ਦਿੰਦੀ ਕੰਮ ਸਾਰੇ ਨਿੱਕੇ ਭਾਰੇ
ਲਾਣਾ
ਮੇਰੇ ਪਿੰਡ ਦੇ ਮੁੰਡੇ ਕੁੜੀਓ ਕਵਿਤਾ ਜਿਹੇ ਹੋ ਜਾਵੋ ਸਭ ਦੇ ਦਿਲ ਵਿੱਚ ਵੇਈਂ ਹੁੰਦੀ ਡੁੱਬ ਡੁੱਬ ਖੂਬ ਨਹਾਵੋ ਮੇਰੇ ਪਿੰਡ ਦੇ ਮੁੰਡੇ ਕੁੜੀਓ ਬੇਪਰਵਾਹੀਆਂ ਚੰਗੀਆਂ ਰੂਹ ਦੇ ਰੱਜਿਓ,ਘੋਲ ਕੇ ਪੀ ਜਾਓ ਹਾਸਿਆਂ ਅੰਦਰ ਤੰਗੀਆਂ ਮੇਰੇ ਪਿੰਡ ਦੇ ਮੁੰਡੇ ਕੁੜੀਓ ਦਰਿਆਵਾਂ ਦੇ ਜਾਇਓ ਮਾਂ ਮਿੱਟੀ ਦੇ ਹੋਠੀਂ ਸਿੱਕਰੀ ਆਇਓ ਡੰਝ ਮਿਟਾਇਓ ਮੇਰੇ ਪਿੰਡ ਦੇ ਮੁੰਡੇ ਕੁੜੀਓ ਉਮਰ ਹੋ ਜਾਏ ਤਾਰਾ ਜਾਂ ਫਿਰ ਫੁੱਲ,ਰੁੱਖ ਜਾਂ ਪੰਛੀ ਜਾਂ ਕੋਈ ਪਾਵਣ ਧਾਰਾ ਮੇਰੇ ਪਿੰਡ ਦੇ ਮੁੰਡੇ ਕੁੜੀਓ ਚੇਤੇ ਰੱਖਿਓ ਲਾਣਾ ਡੱਡੀਓ ਅੰਬਰਸਰ ਨਾ ਭੁੱਲਿਓ ਨਾ ਭੁੱਲਿਓ ਨਨਕਾਣਾ
ਮੱਘਰ
ਠੰਡੀ ਠੰਡੀ ਵਗਦੀ ਹਵਾ ਵੇ ਕੋਸੀ ਕੋਸੀ ਯਾਦ ਤੇਰੀ ਸੌ ਦਰਦਾਂ ਦੀ ਇੱਕੋ ਹੀ ਦਵਾ ਮਿੱਠੀ ਮਿੱਠੀ ਯਾਦ ਤੇਰੀ ਜਾਗੇ ਮੱਥੇ ਵਿੱਚੋਂ ਨੂਰ ਦੀ ਗਵਾਹ ਸੂਹੀ ਸੂਹੀ ਯਾਦ ਤੇਰੀ ਆਉਂਦੀ ਦਿਲ ਦੇ ਸਰੋਵਰ ਚ ਨਾਹ ਭਿੱਜੀ ਭਿੱਜੀ ਯਾਦ ਤੇਰੀ ਨੀਲੇ ਅੰਬਰਾਂ ਚ ਉੱਡਦੀ ਦੁਆ ਕਣੀ ਕਣੀ ਯਾਦ ਤੇਰੀ ਲਵਾਂ ਕੇਸਾਂ ਵਿੱਚ ਸੋਹਣਿਆ ਗੁੰਦਾ ਤਾਰਾ ਤਾਰਾ ਯਾਦ ਤੇਰੀ ਇਨ੍ਹਾਂ ਅੱਖੀਆਂ ਨੂੰ ਲਵਾਂ ਮੈਂ ਛੁਹਾ ਵੇ ਹੰਝੂ ਹੰਝੂ ਯਾਦ ਤੇਰੀ
ਸੁਹੱਪਣ
ਸਾਡੇ ਬੋਲਾਂ ਦੀ ਮਹਿਕ ਹੈਂ ਤਾਜ਼ਗੀ ਤੂੰ ਤੇਰੀ ਬੰਦਗੀ ਸੁਰਤ ਧਿਆਨ ਸੋਹਣੇ ਤੇਰੀ ਹਾਜਰੀ ਹੈ ਸਾਡੀ ਧਰਤ ਸੋਹਣੀ ਸਾਡੇ ਚੰਨ ਤਾਰੇ ਅਸਮਾਨ ਸੋਹਣੇ ਭਿੱਜੇ ਪਏ ਜੋ ਤੇਰੀ ਖੁਦਾਈ ਅੰਦਰ ਇਹ ਤੀਰ ਸੋਹਣੇ ਕਿਰਪਾਨ ਸੋਹਣੇ ਰੁੱਤਾਂ ਜਦੋਂ ਵੀ ਧਾਰ ਕੇ ਜੋਗ ਆਈਆਂ ਦਿੱਤੇ ਸੋਹਣਿਆਂ ਸਿਰਾਂ ਦੇ ਦਾਨ ਸੋਹਣੇ ਤੇਰੀ ਮਿਹਰ ਹੈ ਸਾਡੀ ਚੁੱਪ ਸੋਹਣੀ ਸਾਡੀ ਗੱਲ ਸੋਹਣੀ ਸਾਡੇ ਗਾਣ ਸੋਹਣੇ ਧੁੱਪ ਧਰਮ ਦੀ ਉੱਤਰੇ ਮਨਾਂ ਅੰਦਰ ਤੇਰੇ ਝੂਲਦੇ ਰਹਿਣ ਨਿਸ਼ਾਨ ਸੋਹਣੇ
ਸਿੰਘਾਂ ਦਾ ਦੇਸ਼
ਖੀਸਿਆਂ ’ਚ ਦਾਣੇ, ਮੋਢੇ ਖੇਸ ਹੁੰਦਾ ਹੈ ਸਿੰਘਾਂ ਦਾ ਹਵਾ ਦੇ ਵਿੱਚ ਦੇਸ਼ ਹੁੰਦਾ ਹੈ ਖੰਡੇ ਕਿਰਪਾਨਾਂ ਗੱਲ ਖਾਸ ਖਾਲਸਾ ਘੋੜੇ ਕਾਠੀ ਮੁਹਿੰਮ ਦਿਨ ਰਾਤ ਖਾਲਸਾ ਜੀ ਦੋ ਪੈਰ ਧਰਤੀ ਨਿਵਾਸ ਖਾਲਸਾ ਚਿੱਤ ਪਿਆਰਾ ਗੁਰੂ ਦਸਮੇਸ਼ ਹੁੰਦਾ ਹੈ ਸਿੰਘਾਂ ਦਾ ਹਵਾ ਦੇ ਵਿੱਚ ਦੇਸ਼ ਹੁੰਦਾ ਹੈ ਤਾਰਿਆਂ ਦੀ ਮਾਣੀ ਜੀਹਨੇ ਛਾਂ ਹੁੰਦੀ ਹੈ ਸਾਰੀ ਧਰਤੀ ਹੀ ਉਹਦੀ ਮਾਂ ਹੁੰਦੀ ਹੈ ਜਾਤੋਂ-ਪਾਤੋਂ ਸੋਚ ਜੀ ਉਤਾਂਹ ਹੁੰਦੀ ਹੈ ਧੁੱਪਾਂ ਜਿਹਾ ਦਿਲ ਦਰਵੇਸ਼ ਹੁੰਦਾ ਹੈ ਸਿੰਘਾਂ ਦਾ ਹਵਾ ਦੇ ਵਿੱਚ ਦੇਸ਼ ਹੁੰਦਾ ਹੈ ਕਾਹਨੂੰਵਾਨ ਛੰਭ ਕੁਤਬੇ ਦੀ ਢਾਬ ’ਚੋਂ ਡੁੱਲ੍ਹ ਡੁੱਲ੍ਹ ਪੈਂਦਾ ਖਾਲਸਾ ਪੰਜਾਬ ’ਚੋਂ ਮਹਿਕਦੀ ਹੈ ਜਿੰਦਗੀ ਗੁਰੂ ਕੇ ਖ਼ਾਬ ’ਚੋਂ ਖ਼ਾਬਾਂ ਦਾ ਵੀ ਆਪਣਾ ਹੀ ਸੇਕ ਹੁੰਦਾ ਹੈ ਸਿੰਘਾਂ ਦਾ ਹਵਾ ਦੇ ਵਿੱਚ ਦੇਸ਼ ਹੁੰਦਾ ਹੈ
ਪੋਹ
ਪੋਹ ਰਿਹਾ ਹੈ ਮੋਹ ਤੇਰੇ ਰਾਹਾਂ ਨੂੰ ਮੱਥਾ ਟੇਕਦਾਂ ਤੇਰੇ ਨਾਂ ਦੀ ਧੁੱਪ ਦਾ ਸਾਹਾਂ ਨੂੰ ਮੱਥਾ ਟੇਕਦਾਂ ਇਹ ਨੇਤਰਾਂ ਦੇ ਕੁੰਡ ਚੋਂ ਚਮਕੇ ਜੋ ਮੋਤੀ ਨੀਰ ਦਾ ਅੱਜ ਬਰਫ ਲੱਦੇ ਪਰਬਤੀਂ ਤੇਰਾ ਗੀਤ ਉੱਡਦਾ ਵੇਖਦਾਂ ਇਹ ਖਿਆਲ ਤੇਰੇ ਦੀਦ ਦਾ ਚੰਦਨ ਜਿਵੇਂ ਹੈ ਬਲ਼ ਰਿਹਾ ਮੈਂ ਤੇਰੇ ਸੁੱਚੇ ਇਸ਼ਕ ਦੀ ਸੁਰਤਾਂ ’ਚ ਧੂਣੀ ਸੇਕਦਾਂ ਦੇਹੀ ਦੇ ਪਾਣੀ ਘੁਲ਼ ਗਿਆ ਤੁਪਕਾ ਕੋਈ ਤੇਰੇ ਨੂਰ ਦਾ ਸੰਗਰਾਂਦ ਵਰਗੇ ਸੱਜਰੇ ਚਾਅਵਾਂ ਦਾ ਮੱਥਾ ਟੇਕਦਾਂ ਮੈਂ ਸੁਖ਼ਨ ਦਾ ਕੋਈ ਰੁੱਖ ਹਾਂ ਗੀਤ ਪੱਤਾ ਪੱਤਾ ਝਾੜ ਕੇ ਅੱਜ ਖਾਲੀ ਖਾਲੀ ਹਿੱਕ ਚੋਂ ਹਾਅਵਾਂ ਦਾ ਮੱਥਾ ਟੇਕਦਾਂ
ਹੋਣੀ
ਗੱਲ ਸੁਣ ਵਜ਼ੀਰ ਖਾਂ ਸੂਬਿਆ ਰਿਹਾਂ ਡਾਹਢੇ ਪਾਪ ਕਮਾ ਤੈਨੂੰ ਅੰਨਾ ਕਰਿਆ ਰਾਜ ਨੇ ਤੇਰੀ ਮੱਤ ਗਈ ਲੰਗੜਾ ਮਿਣੇ ਕੁੱਜਿਆਂ ਦੇ ਨਾਲ ਜਾਲਮਾ ਅੱਜ ਸਿੱਖੀ ਦੇ ਦਰਿਆ ਇਹ ਨੂਰ ਨਹੀਂ ਮਿਟਣੇ ਜੱਗ ਤੋਂ ਰਿਹਾਂ ਨੀਹਾਂ ਵਿੱਚ ਚਿਣਾ ਇੱਕ ਉੱਠੂ ਨੇਹਰੀ ਦੱਖਣੋ ਤੇਰੀ ਦੇਊਗੀ ਅਲਖ ਮੁਕਾ ਸਿੰਘ ਸ਼ੇਰ ਗੁਰਾਂ ਦੇ ਲਾਡਲੇ ਤੈਨੂੰ ਜਾਣਗੇ ਕੱਚਾ ਖਾ ਤੇਰੇ ਮਹਿਲ ਮੁਨਾਰੇ ਕਿੰਗਰੇ ਦੇਣੇ ਕੋਹਾਂ ਤੀਕ ਖਿੰਡਾਅ ਇਹ ਆਕੜ ਤੇਰੇ ਰਾਜ ਦੀ ਦੇਣੀ ਖੋਤਿਆਂ ਦੇ ਨਾਲ ਵਾਹ ਤੇਰੀ ਕੁੱਲ ਦੇ ਹੋਣੇ ਡੱਕਰੇ ਤੇਰੇ ਵਿਹੜੇ ਉੱਗਣਾ ਘਾਹ ਏਥੇ ਪੋਹ ਮਹੀਨੇ ਸੂਬਿਆ ਵਰਤਣਗੇ ਦੇਗ ਕੜਾਹ ਫੁੱਲ ਖਿੜੇ ਰਹਿਣੇ ਦਸਮੇਸ਼ ਦੇ ਜਿੰਨਾਂ ਧੁਰੋਂ ਸ਼ਹੀਦੀ ਚਾਅ ਇਹ ਨੂਰ ਨਹੀਂ ਮਿਟਣੇ ਜੱਗ ਤੋਂ ਰਿਹਾਂ ਨੀਹਾਂ ਵਿੱਚ ਚਿਣਾ
ਮੋਤੀ ਰਾਮ ਮਹਿਰਾ
ਜੀਹਦੇ ਦਿਲ ਵਿੱਚ ਰੱਬ ਜੀ ਦਾ ਡੇਰਾ ਤੱਤੇ ਤੱਤੇ ਦੁੱਧ ਦੇ ਛੰਨੇ ਨਿੱਕੇ ਲਾਲਾਂ ਨੂੰ ਪਿਓਂਦਾ ਮੋਤੀ ਮਹਿਰਾ ਮਿੱਠੇ ਮਿੱਠੇ ਦੁੱਧ ਦੇ ਛੰਨੇ ਦਾਦੀ ਤੋਂ ਦੁਆਵਾਂ ਨਿਰਾ ਮੋਹ ਖੱਟੀ ਜਾਂਦਾ ਏ ਸਿੱਖੀ ਦਿਆਂ ਸੂਰਜਾਂ ਤੋਂ ਲੋਅ ਖੱਟੀ ਜਾਂਦਾ ਏ ਠੰਡੇ ਬੁਰਜ ਚ ਨਿੱਘ ਦਾ ਵਸੇਰਾ ਤੱਤੇ ਤੱਤੇ ਦੁੱਧ ਦੇ ਛੰਨੇ ਨਿੱਕੇ ਲਾਲਾਂ ਨੂੰ ਪਿਓਂਦਾ ਮੋਤੀ ਮਹਿਰਾ ਮਿੱਠੇ ਮਿੱਠੇ ਦੁੱਧ ਦੇ ਛੰਨੇ ਉਹਨਾਂ ਨੂੰ ਕੀ ਜਾਲਮਾਂ ਦੇ ਪੋਹ ਨੇ ਦੱਸ ਠਾਰਨਾ ਮਿੱਥ ਲਿਆ ਜਿਨ੍ਹਾਂ ਨੇ ਗੁਰਾਂ ਤੋਂ ਸੀਸ ਵਾਰਨਾ ਕਿਹੜਾ ਕੋਹਲੂ ਹੁਣ ਪੀੜੂ ਉਹਦਾ ਜੇਰਾ ਤੱਤੇ ਤੱਤੇ ਦੁੱਧ ਦੇ ਛੰਨੇ ਨਿੱਕੇ ਲਾਲਾਂ ਨੂੰ ਪਿਓਂਦਾ ਮੋਤੀ ਮਹਿਰਾ ਮਿੱਠੇ ਮਿੱਠੇ ਦੁੱਧ ਦੇ ਛੰਨੇ
ਫਕੀਰ ਪਾਤਸ਼ਾਹ
ਵਾਹੀ ਆਉਂਦਾ ਵੱਖਰੀ ਲਕੀਰ ਪਾਤਸ਼ਾਹ ਕੰਡਿਆਂ ’ਤੇ ਸੁੱਤਾ ਹੈ ਫਕੀਰ ਪਾਤਸ਼ਾਹ ਜਿੰਦਗੀ ਦੇ ਕੇਸਾਂ ਵਿੱਚ ਤੇਲ ਝੱਸ ਕੇ ਲਾਹ ਦੇਣੀ ਖੁਸ਼ਕੀ ਮਿੱਠਾ ਜਿਹਾ ਹੱਸ ਕੇ ਖੋਲ੍ਹਣੇ ਖਿਆਲ ਜਿਹੜੇ ਬੰਨ੍ਹੇ ਕਸ ਕੇ ਹੁਣ ਕੱਢਣੇ ਸਮੇਂ ਦੇ ਵਲ਼ ਟੀਰ ਪਾਤਸ਼ਾਹ ਕੰਡਿਆਂ ’ਤੇ ਸੁੱਤਾ ਹੈ ਫਕੀਰ ਪਾਤਸ਼ਾਹ ਅਕਲਾਂ ਦੇ ਗੁੰਬਦ ਘੁੰਮਾਉਣ ਵਾਲੜਾ ਤੱਤੀ ਤਵੀ ਆਸਣ ਸਜਾਉਣ ਵਾਲੜਾ ਦਿੱਲੀ ਜਾਏ ਸੀਸ ਕਟਵਾਉਣ ਵਾਲੜਾ ਜੀ ਇੱਕੋ ਜੋਤ ਦਸ ਹੈ ਸਰੀਰ ਪਾਤਸ਼ਾਹ ਕੰਡਿਆਂ ’ਤੇ ਸੁੱਤਾ ਹੈ ਫਕੀਰ ਪਾਤਸ਼ਾਹ ਚੱਕਤੀ ਗਰੀਬੀ ਐਸੀ ਸ਼ਾਨ ਦਿੱਤੀ ਹੈ ਸ਼ੂਦਰਾਂ ਦੇ ਹੱਥ ਕਿਰਪਾਨ ਦਿੱਤੀ ਹੈ ਆਮ ਬੰਦੇ ਖਾਸ ਪਹਿਚਾਣ ਦਿੱਤੀ ਹੈ ਖਾਲਸਾ ਸਜਾਇਆ ਮੀਰ ਪੀਰ ਪਾਤਸ਼ਾਹ ਕੰਡਿਆਂ ’ਤੇ ਸੁੱਤਾ ਹੈ ਫਕੀਰ ਪਾਤਸ਼ਾਹ ਕੇਸ ਦਾਹੜੇ ਝੰਡੇ ਦਸਤਾਰ ਗੁਰੂ ਦੇ ਚੇਤਿਆਂ ’ਚ ਸ਼ਬਦ ਸ਼ਿੰਗਾਰ ਗੁਰੂ ਦੇ ਜਿੱਥੇ ਗਏ, ਲੈ ਗਏ ਪਿਆਰ ਗੁਰੂ ਦੇ ਵੱਡੀ ਦਾਤ ਦਿੱਤੀ ਹੈ ਜਮੀਰ ਪਾਤਸ਼ਾਹ ਕੰਡਿਆਂ ’ਤੇ ਸੁੱਤਾ ਹੈ ਫਕੀਰ ਪਾਤਸ਼ਾਹ
ਪੰਜਾਬ ਵੱਲ ਨੂੰ
ਪੁੱਤ ਪੋਤੇ ਪਤੀ ਜਿਹੜੀ ਵਾਰੇ ਜੱਗ ਤੋਂ ਕਿਤੇ ਗੁਜਰੀ ਜਿਹੀ ਮਾਂ ਕੋਈ ਨਾ ਮੁੜੋ ਮੁੜੋ ਸੋਹਣਿਓ ਪੰਜਾਬ ਵੱਲ ਨੂੰ ਐਸੀ ਦੁਨੀਆ ਤੇ ਥਾਂ ਕੋਈ ਨਾ ਸੋਨੇ ਜਿਹੀ ਮਿੱਟੀ ਖੇਤ ਪਾਉਂਦੇ ਬੋਲੀਆਂ ਮਿੱਠੇ ਮਿੱਠੇ ਪਾਣੀ ਜਿਵੇਂ ਖੰਡਾਂ ਘੋਲੀਆਂ ਰੱਬ ਨਾ ਪੰਜਾਬੀ ਵਿੱਚ ਗੱਲਾਂ ਖੋਲ੍ਹੀਆਂ ਮਿੱਠੀ ਇਹਦੇ ਜਿਹੀ ਜੁਬਾਂ ਕੋਈ ਨਾਂ ਮੁੜੋ ਮੁੜੋ ਸੋਹਣਿਓ ਪੰਜਾਬ ਵੱਲ ਨੂੰ ਐਸੀ ਦੁਨੀਆ ਤੇ ਥਾਂ ਕੋਈ ਨਾ ਵੱਢੇ ਟੁੱਕੇ ਕਹਿੰਦੇ ਹਾਂ ਜਿਓਨੇ ਆਂ ਬਾਈ ਥੱਕੇ ਟੁੱਟੇ ਕਹਿਣ ਚੱਲ ਆਉਨੇ ਆਂ ਬਾਈ ਚੜਦੀ ਕਲਾ ਦੇ ਗੀਤ ਗਾਉਨੇ ਆਂ ਬਾਈ ਹੁੰਦੀ ਮਿੱਤਰਾਂ ਨੂੰ ਨਾਂਹ ਕੋਈ ਨਾ ਮੁੜੋ ਮੁੜੋ ਸੋਹਣਿਓ ਪੰਜਾਬ ਵੱਲ ਨੂੰ ਐਸੀ ਦੁਨੀਆ ਤੇ ਥਾਂ ਕੋਈ ਨਾ ਲੋਕੀ ਸਾਨੂੰ ਜਾਣਦੇ ਆ ਹਾਸਿਆਂ ਲਈ ਖੂਹਾਂ ਜਿਹੇ ਦਿਲ ਨੇ ਪਿਆਸਿਆਂ ਲਈ ਵੈਰੀ ਸਾਨੂੰ ਜਾਣਦੇ ਗੰਡਾਸਿਆਂ ਲਈ ਸਾਡੇ ਤੀਰਾਂ ਜਿਹੀ ਛਾਂ ਕੋਈ ਨਾ ਮੁੜੋ ਮੁੜੋ ਸੋਹਣਿਓ ਪੰਜਾਬ ਵੱਲ ਨੂੰ ਐਸੀ ਦੁਨੀਆਂ ਤੇ ਥਾਂ ਕੋਈ ਨਾ ਜੰਡ ਬੋਹੜ ਪਿੱਪਲਾਂ ਤੇ ਟਾਹਲੀਆਂ ਦੇ ਨਾਂ ਆਥਣ ਸਵੇਰ ਦੀਆਂ ਲਾਲੀਆਂ ਦੇ ਨਾਂ ਧਰਨੇ ਨੂੰ ਜਾਂਦੀਆਂ ਟਰਾਲੀਆਂ ਦੇ ਨਾਂ ਕਿਤੇ ਪਿੰਡ ਜਿਹੀ ਸਰਾਂ ਕੋਈ ਨਾ ਮੁੜੋ ਮੁੜੋ ਸੋਹਣਿਓ ਪੰਜਾਬ ਵੱਲ ਨੂੰ ਐਸੀ ਦੁਨੀਆਂ ਤੇ ਥਾਂ ਕੋਈ ਨਾ
ਦਰਵੇਸ਼
( ਪੋਹ ਦਾ ਮੀਂਹ ਦਿੱਲੀ ਮੋਰਚਾ ) ਤੇਰੇ ਨੰਗ ਨੂੰ ਕੱਜਿਆ ਹੈ ਜਿੰਨ੍ਹਾਂ ਨਾਲ ਕਪਾਹਾਂ ਦੇ ਤੇਰੇ ਸਿਰਤੋਂ ਵਾਰੇ ਆ ਕਿੰਨੇ ਮੋਤੀ ਸਾਹਾਂ ਦੇ ਭੁੱਖ ਤੇਰੀ ਨੂੰ ਪੂਰਨ ਲਈ ਮਿੱਟੀ ਨਾਲ ਲਹੂ ਦੇ ਸਿੱਜਦੇ ਰਹੇ ਸ਼ਹਿਰ ਤੇਰੇ ਦਰਵੇਸ਼ ਖੜੇ ਓਹ ਪੋਹ ਦੇ ਮੀਂਹ ਵਿੱਚ ਭਿੱਜਦੇ ਰਹੇ ਭਿੱਜ ਗਏ ਸਾਡੇ ਦਿਲ ਵੀ ਸਾਡਾ ਦੇਸ ਨਹੀਂ ਦਿਸਦਾ ਫੱਟ ਨਵਾਂ ਕਦ ਭਰਨਾ ਹਾਲੇ ਪਿਛਲਾ ਹੀ ਰਿਸਦਾ ਤਿਲਕ ਤੇਰੇ ਦੀ ਰਾਖੀ ਲਈ ਜੀਹਦੇ ਪੁਰਖੇ ਦੇਗੀਂ ਰਿੱਝਦੇ ਰਹੇ ਸ਼ਹਿਰ ਤੇਰੇ ਦਰਵੇਸ਼ ਖੜੇ ਓਹ ਪੋਹ ਦੇ ਮੀਂਹ ਵਿੱਚ ਭਿੱਜਦੇ ਰਹੇ ਮੰਨਿਆ ਤੈਨੂੰ ਕੁਰਸੀ ਨੇ ਹੰਕਾਰ ਨਾ ਭਰਿਆ ਏ ਇਕ ਹੌਲ਼ੇ ਜਿਹੇ ਬੰਦੇ ਨੂੰ ਕਿੰਨਾ ਭਾਰਾ ਕਰਿਆ ਏ ਲੋਕ ਭਲੇ ਲਈ ਰਾਜ ਹੁੰਦੇ ਤੇਰੇ ਤਾਂ ਮਸਲੇ ਨਿੱਜ ਦੇ ਰਹੇ ਸ਼ਹਿਰ ਤੇਰੇ ਦਰਵੇਸ਼ ਖੜੇ ਓਹ ਪੋਹ ਦੇ ਮੀਂਹ ਵਿੱਚ ਭਿੱਜਦੇ ਰਹੇ ਸੁਣਦਾ ਨਹੀਂ ਤੂੰ ਜਿਹੜੀ ਗੱਲ ਓਹ ਵੱਡੀ ਹੋਜੂਗੀ ਪੰਜ ਆਬਾਂ ਦੀ ਲਹਿਰ ਕੋਈ ਤੇਰੇ ਤਖਤ ਨੂੰ ਧੋਜੂਗੀ ਪੁੱਤ ਜਿੰਨ੍ਹਾਂ ਦੇ ਹੱਦਾਂ ’ਤੇ ਤੇਰੀ ਖਾਤਰ ਗੋਲ਼ੇ ਮਿੱਧਦੇ ਰਹੇ ਸ਼ਹਿਰ ਤੇਰੇ ਦਰਵੇਸ਼ ਖੜੇ ਓਹ ਪੋਹ ਦੇ ਮੀਂਹ ਵਿੱਚ ਭਿੱਜਦੇ ਰਹੇ
ਕਿਸਾਨ ਮੋਰਚਾ ੨੦੨੦
ਪਿੰਡਾਂ ਵਿੱਚੋਂ ਉੱਠ ਕੇ ਆਈਆਂ ਮਾਤਾ ਸਾਹਿਬ ਕੌਰ ਦੀਆਂ ਜਾਈਆਂ ਚੜਦੀ ਕਲਾ ਹੈ ਤੇਰਾ ਨੂਰ ਪਾਤਸ਼ਾਹ ਸੰਗਤਾਂ ਚ ਹਾਜਰ ਹਜੂਰ ਪਾਤਸ਼ਾਹ ਤੈਨੂੰ ਜਚਦੇ ਖੂਬ ਜਵਾਨਾਂ ਉੱਡਣੇ ਘੋੜੇ ਲਾਟ ਕਿਰਪਾਨਾਂ ਸਿੰਘਾਂ ਨੂੰ ਮੁਹਿੰਮ ਦਾ ਸਰੂਰ ਪਾਤਸ਼ਾਹ ਸੰਗਤਾਂ ਚ ਹਾਜਰ ਹਜੂਰ ਪਾਤਸ਼ਾਹ ਹੁੰਦੇ ਦੁੱਖ ਦਰਦ ਤਾਂ ਵਕਤੀ ਰਹਿਣੀ ਦੇਗ ਤੇਗ ਦੀ ਸ਼ਕਤੀ ਝੂਠੇ ਤਖਤਾਂ ਦੇ ਭੰਨਣੇ ਗਰੂਰ ਪਾਤਸ਼ਾਹ ਸੰਗਤਾਂ ਚ ਹਾਜਰ ਹਜੂਰ ਪਾਤਸ਼ਾਹ ਰੱਖਿਓ ਧਰਮ ਬਣਾ ਕੇ ਗਹਿਣਾ ਇੱਕ ਦਿਨ ਰਾਜ ਅਸਾਂ ਨੇ ਲੈਣਾ ਪਾਉਣਗੇ ਸ਼ਹੀਦੀਆਂ ਨੂੰ ਬੂਰ ਪਾਤਸ਼ਾਹ ਸੰਗਤਾਂ ਚ ਹਾਜਰ ਹਜੂਰ ਪਾਤਸ਼ਾਹ ਮਹਿਕੇ ਫੁੱਲਾਂ ਵਾਂਗ ਪਿਆਰਾ ਤੇਰਾ ਪੰਥ ਸਮੇਂ ਤੋਂ ਬਾਹਰਾ ਹੱਸ ਹੱਸ ਭਾਣੇ ਮਨਜੂਰ ਪਾਤਸ਼ਾਹ ਸੰਗਤਾਂ ਚ ਹਾਜਰ ਹਜੂਰ ਪਾਤਸ਼ਾਹ
ਜੱਗੀ ਬਾਬਾ
ਸਿੱਖ ਵੀਰਿਆ ਤੇਰਿਆਂ ਹਾਸਿਆਂ ’ਤੇ ਅੱਜ ਪੁੰਨਿਆ ਦਾ ਆਣ ਚੰਦ ਬੈਠਾ ਛਿੱਟੇ ਲਹੂ ਦੇ ਸਬਰ ਬਿਆਨਦੇ ਨੇ ਸਦੀ ਠਾਰਵੀਂ ਦਾ ਕੋਈ ਪੰਧ ਬੈਠਾ ਓਹਨੂੰ ਮਹਿਲਾਂ ਵਿੱਚ ਵੀ ਤੜਫਣਾ ਹੈ ਸਾਡੇ ਕੁੱਲੀਆਂ ਵਿੱਚ ਆਨੰਦ ਬੈਠਾ ਰਣ ਵਿੱਚ ਜੋ ਦਿਸੇ ਜੀ ਖੜਾ ਕੱਲਾ ਕਿੱਥੇ ਜਾਣਦੇ ਜੋੜੀ ਓਹ ਤੰਦ ਬੈਠਾ ਬੰਦਾ ਸਿੰਘ ਹੈ ਕੌਮ ਦੀ ਸੁਰਤ ਅੰਦਰ ਹਾਕਮ ਹੋਇਆ ਜੇ ਸੂਬਾ ਸਰਹੰਦ ਬੈਠਾ
ਬਾਈ ਦੀਪ
ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ ਤੇਰੀ ਕਰਦੇ ਨੇ ਗੱਲ ਰੋ ਰੋ ਕੇ ਲੋਕਾਂ ਨੂੰ ਕਿਹੜੇ ਰੰਗੀ ਰੰਗ ਗਿਆ ਰੋਂਦੇ ਦਰਿਆ ਬੇਲੇ ਬੀੜਾਂ ਰੋਈ ਜਾਂਦੀਆਂ ਸੂਰਮੇ ਨੂੰ ਕੌਮ ਦੀਆਂ ਪੀੜਾਂ ਰੋਈ ਜਾਂਦੀਆਂ ਸੁੰਨਾ ਸੁੰਨਾ ਲੱਗੇ ਤਖ਼ਤ ਹਜ਼ਾਰਾ ਰਾਂਝਾ ਕੋਈ ਜਿਵੇਂ ਤੁਰ ਝੰਗ ਗਿਆ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ ਤੇਰੇ ਬਿਨਾ ਹੋਰ ਗੂੜ੍ਹੀ ਹੋਈ ਕਾਲੀ ਰਾਤ ਵੇ ਕੌਣ ਸੁਣੂ ਝੱਲਿਆਂ ਦੀ ਝੱਲੀ ਝੱਲੀ ਬਾਤ ਵੇ ਤੈਨੂੰ ਕਰਨਾ ਗੰਡਾਸਿਆਂ ਨੇ ਯਾਦ ਵੇ ਜਿਓਂ ਬੂਹੇ ਅੱਗੋਂ ਵੈਰੀ ਖੰਘ ਗਿਆ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ ਵਗਦੇ ਪਾਣੀ ਚੋਂ ਤੇਰੀ ਤੋਰ ਵੇਖ ਲੈਨੇ ਆਂ ਚੜਦੇ ਦੀ ਲਾਲੀ ਤੇਰਾ ਦੀਦ ਸੇਕ ਲੈਨੇ ਆਂ ਏਥੇ ਸਾਦਗੀ ਦੀ ਖਿੱਲਰੀ ਆ ਵਾਸ਼ਨਾ ਰੁੱਤਾਂ ਨੂੰ ਤੇਰਾ ਗੀਤ ਡੰਗ ਗਿਆ ਮਿੱਠੇ ਬੋਲ ਵੇ ਤੇਰੇ ਪਿੱਛੇ ਰਹਿ ਗਏ ਤੂੰ ਆਪ ਚੰਨਾ ਅੱਗੇ ਲੰਘ ਗਿਆ
ਦੁੱਲਾ
ਬਾਗੀ ਲਹੂ ਮਾਰਦਾ ਛੱਲਾਂ ਹੁੰਦੀਆਂ ਪਿੰਡੀ ਦੇ ਵਿੱਚ ਗੱਲਾਂ ਪੁੱਤ ਤੋਂ ਫਿਰੇ ਲਕੋਂਦੀ ਪੀੜਾਂ ਮਾਂ ਲੱਧੀ ਕਿੰਨੀ ਦੇਰ ਦੀਆਂ ਡੌਲ਼ੇ ਫਰਕਣ ਲਾਉਂਦੀਆਂ ਬਾਤਾਂ ਦੁੱਲੇ ਸ਼ੇਰ ਦੀਆਂ ਕਾਤਲ ਪਿਓ ਦਾਦੇ ਦਾ ਟੱਕਰੇ ਹੱਥ ਵਿੱਚ ਤੀਰ ਬਲਾਉਂਦੇ ਬੱਕਰੇ ਕਹਿੰਦਾ ਬੱਕੀ ਹੇਠਾਂ ਮਸਲੂੰ ਮੁਗਲ ਨੇ ਗਿੜਕਾਂ ਬੇਰ ਦੀਆਂ ਡੌਲ਼ੇ ਫਰਕਣ ਲਾਉਂਦੀਆਂ ਬਾਤਾਂ ਦੁੱਲੇ ਸ਼ੇਰ ਦੀਆਂ ਜੁੱਸਾ ਜਿਓਂ ਰਾਵੀ ਚੜ ਆਇਆ ਓਹਨੇ ਵਖਤ ਮਹਿਲ ਨੂੰ ਪਾਇਆ ਹੋਈਆਂ ਵਿੱਚ ਲਾਹੌਰ ਦੇ ਕੱਠੀਆਂ ਗਿਰਝਾਂ ਦਿੱਲੀ ਸ਼ਹਿਰ ਦੀਆਂ ਡੌਲ਼ੇ ਫਰਕਣ ਲਾਉਂਦੀਆਂ ਬਾਤਾਂ ਦੁੱਲੇ ਸ਼ੇਰ ਦੀਆਂ ਧੋਖੇ ਨਾਲ ਪਕੜ ਕੇ ਸੂਰਾ ਸੋਚਦੇ ਹੋਜੂ ਫਾਹੇ ਲਾ ਪੂਰਾ ਪਰ ਅੱਗਾਂ ਕਿੱਥੇ ਬੁਝੀਆਂ ਬਾਦਸ਼ਾਹ ਏਸ ਭਠੇਰ ਦੀਆਂ ਡੌਲ਼ੇ ਫਰਕਣ ਲਾਉਂਦੀਆਂ ਬਾਤਾਂ ਦੁੱਲੇ ਸ਼ੇਰ ਦੀਆਂ ਜਦ ਵੀ ਫੱਟ ਕੌਮ ਦੇ ਰਿਸਦੇ ਦੁੱਲੇ ਫੇਰ ਸਮੇਂ ਨੂੰ ਦਿਸਦੇ ਫਾਂਸੀ ਚੁੰਮਦੇ ਸੁੱਖਾ ਜਿੰਦਾ ਖੱਲਾਂ ਚੀਰ ਹਨੇਰ ਦੀਆਂ ਡੌਲ਼ੇ ਫਰਕਣ ਲਾਉਂਦੀਆਂ ਬਾਤਾਂ ਦੁੱਲੇ ਸ਼ੇਰ ਦੀਆਂ
ਮਾਘ
ਬੈਠ ਮੇਰੇ ਸਾਹਵੇਂ ਮੇਰੇ ਮਹਿਰਮਾ ਤੇਰੇ ਨੈਣੀਂ ਇਸ਼ਨਾਨ ਕਰਾਂ ਅਲਸੀ ਦੇ ਫੁੱਲ ਜਿਹੀ ਜਿੰਦੜੀ ਤੇਰੇ ਨਾਂ ਤੋਂ ਕੁਰਬਾਨ ਕਰਾਂ ਨਾਂ ਤੇਰਾ ਹੌਲ਼ੀ ਹੌਲ਼ੀ ਬੋਲਦੀ ਨਿੱਤ ਮਿੱਠੜੀ ਜੁਬਾਨ ਕਰਾਂ ਕੋਸੀ ਕੋਸੀ ਧੁੱਪ ਤੇਰੇ ਦੀਦ ਦੀ ਪੀ ਜਾਵਾਂ ਸਾਹਾਂ ਦੀ ਤਰਾਂ ਸਰੋਂਆਂ ਦੇ ਫੁੱਲ ਖਿੜੇ ਦੱਸਦੇ ਆਇਆ ਚੰਨ ਫੇਰ ਤੋਂ ਗਰਾਂ ਰੱਸ ਗਈ ਸੁਰਤ ਬੋਲ ਸੁਣਕੇ ਕੁੜੀ ਉੱਡਦੀ ਹੈ ਬਾਝ ਪਰਾਂ
ਮਟਕਾ
( ਬਾਬੇ ਪੋਹਲੇ ਨੂੰ ਯਾਦ ਕਰਦਿਆਂ ) ਮਟਕਾ ਭਰਿਆ ਪਿਆਰ ਦਾ ਛੱਲ ਛੱਲ ਛਲਕ ਰਿਹਾ ਰੱਬ ਹੈ ਜਿਸਨੂੰ ਆਖਦੇ ਉਹਦੇ ਨੈਣੋਂ ਝਲਕ ਰਿਹਾ ਸਾਡੀ ਬੀਹ ਵਿੱਚ ਵੱਸਦਾ ਸੀ ਨੇਕੀ ਦਾ ਦਰਿਆ ਨਿੰਮ੍ਹ ਦੀ ਮਿੱਠੀ ਛਾਂ ਜਿਹਾ ਉਹਦੇ ਮੱਥੇ ਦਾ ਠਹਿਰਾਅ ਖ਼ੁਸ਼ਬੋਈਆਂ ਦੀ ਪੋਟਲੀ ਓਹਦਾ ਚੇਤਾ ਖੋਲ ਗਿਆ ਸੌ ਫਿਕਰਾਂ ਦੀ ਹਿੱਕੜੀ ਕੋਈ ਚੰਬਾ ਮੌਲ ਗਿਆ ਰਾਤ ਝਾੜ ਦੇ ਝੁਰਮਟੀਂ ਚੰਨ ਤਿੱਤਰ ਬੋਲ ਰਿਹਾ ਸਾਹਾਂ ਅੰਦਰ ਨਾਂ ਓਹਦਾ ਕੋਈ ਸੁੱਚਮ ਘੋਲ ਰਿਹਾ ਚਿੱਟੀ ਚਿੱਟੀ ਪਗੜੀ ਚਿੱਟੇ ਉਸਦੇ ਕੇਸ ਯਾਦਾਂ ਦੇ ਸਿਰ ਚਮਕਦਾ ਓਹ ਤਾਰਾ ਤਾਰਾ ਦੇਸ
ਗਰਾਂ
ਕੋਇਲਾਂ ਦੀ ਕੂ ਕੂ ਤੇ ਅੰਬਾਂ ਦੀ ਛਾਂ ਹੈ ਆਬਾਂ ਦੀ ਧਰਤੀ ’ਤੇ ਸਾਡਾ ਗਰਾਂ ਹੈ ਤੂੰ ਜੇ ਮਿਲੇ ਤਾਂ ਹਰ ਰੁੱਤ ਨਵੀਂ ਹੈ ਤੇਰੀ ਕਮੀ ਹੈ ਤੇਰੀ ਕਮੀ ਹੈ ਜਿੰਦਗੀ ਚ ਮਹਿਰਮ ਤੇਰੀ ਕਮੀ ਹੈ ਖੇਤਾਂ ਚ ਤੇਰੇ ਲਈ ਬੀਜੇ ਨੇ ਗੰਨੇ ਦੇਵਾਂਗੇ ਦੁੱਧ ਤੇ ਘਿਓ ਦੇ ਵੇ ਛੰਨੇ ਤੇਰੀਆਂ ਤਾਂ ਰੀਝਾਂ ਕੁ ਜੋਗੀ ਜਮੀਂ ਹੈ ਤੇਰੀ ਕਮੀ ਹੈ ਬਸ ਤੇਰੀ ਕਮੀ ਹੈ ਸਾਡੇ ਤੂੰ ਪਿੰਡ ਦੀ ਪਹੁ ਫੁੱਟਦੀ ਜੇ ਵੇਖੇਂ ਰੁੱਖਾਂ ਦੀ ਨੀਂਦਰ ਤੂੰ ਟੁੱਟਦੀ ਜੇ ਵੇਖੇਂ ਪੰਛੀ ਨੇ ਗਾਉਂਦੇ ਉੱਡਦੀ ਗਮੀ ਹੈ ਤੇਰੀ ਕਮੀ ਹੈ ਬਸ ਤੇਰੀ ਕਮੀ ਹੈ ਤੈਨੂੰ ਵੇ ਤੱਕਣਾ ਖੁਆਬਾਂ ਦੇ ਅੰਦਰ ਤਿਤਲੀ ਦਾ ਉੱਡਣਾ ਗੁਲਾਬਾਂ ਦੇ ਅੰਦਰ ਖਿਆਲਾਂ ਦੇ ਸਿਰਤੇ ਧਰਤੀ ਥਮੀ ਹੈ ਜਿੰਦਗੀ ਚ ਮਹਿਰਮ ਤੇਰੀ ਕਮੀ ਹੈ
ਰੀਝਾਂ
ਤੈਨੂੰ ਸੂਰਜ ਤੋਂ ਕੋਕਾ ਘੜਾ ਦੇਵਾਂ ਮੱਥੇ ਟਿੱਕਾ ਮੈਂ ਚੰਨ ਦਾ ਕਰਾ ਦੇਵਾਂ ਜਿਵੇਂ ਧਰਤੀ ਨੂੰ ਫੁੱਲਾਂ ਨਾ ਚੇਤ ਢਕਦਾ ਤੈਨੂੰ ਰੰਗਾਂ ਨਾ ਸੱਜਣੀ ਸਜਾ ਦੇਵਾਂ ਇੱਕ ਮਹਿਲ ਪਾਵਾਂਗੇ ਉਸ ਬੇਲੇ ਦੇ ਕੋਲ ਜਿੱਥੇ ਵਗਦੇ ਸੁਣੀਦੇ ਮਿੱਠੇ ਪਾਣੀ ਦੇ ਬੋਲ ਤੈਨੂੰ ਲਾਚੀਆਂ ਚੋਂ ਲੰਘਦੀ ਹਵਾ ਦੇਵਾਂ ਤੈਨੂੰ ਰੰਗਾਂ ਨਾ ਸੱਜਣੀ ਸਜਾ ਦੇਵਾਂ ਫੁੱਲ ਚੰਬਾ ਚਮੇਲੀ ਗੇਂਦੇ ਕੇਸਰ ਫਲਾਹੀਆਂ ਤੇਰੇ ਰਾਹਾਂ ’ਚ ਨਰਗਸ ਕਨੇਰਾਂ ਉਗਾਈਆਂ ਗੋਰੇ ਪੈਰਾਂ ’ਚ ਖ਼ੁਸ਼ਬੂ ਵਿਛਾ ਦੇਵਾਂ ਤੈਨੂੰ ਰੰਗਾਂ ਨਾ ਸੱਜਣੀ ਸਜਾ ਦੇਵਾਂ ਜਿਵੇਂ ਕੰਢਾ ਨਦੀ ਦਾ ਜਿਵੇਂ ਤੂਤਾਂ ਦੀ ਛਾਂ ਕੁਝ ਗੀਤ ਹੋਣੇ ਆ ਚੰਨਾ ਤੇਰੇ ਹੀ ਨਾਂ ਤੇਰੇ ਵਾਲ਼ਾਂ ਚ ਮੱਸਿਆ ਗਵਾ ਦੇਵਾਂ ਤੈਨੂੰ ਰੰਗਾਂ ਨਾ ਸੱਜਣੀ ਸਜਾ ਦੇਵਾਂ ਤੈਨੂੰ ਹੱਸਣ ਦੀ ਪਲ ਪਲ ਵਜ੍ਹਾ ਦੇਵਾਂ ਤੈਨੂੰ ਰੰਗਾਂ ਨਾ ਸੱਜਣੀ ਸਜਾ ਦੇਵਾਂ
ਬਸੰਤੁ
ਤੇਰੇ ਦੀਦ ਨਾ ਰਸੀ ਹਾਂ ਗੰਦਲਾਂ ਜਿਹੀ ਤੇਰੇ ਹਿਜਰ ’ਚ ਕੱਖ ਵਾਂਗੂੰ ਸੜੀ ਆਂ ਮੈਂ ਤੇਰਾ ਮਿਲਣਾ ਰੁੱਤ ਬਸੰਤ ਵੇ ਤੈਥੋਂ ਦੂਰ ਪੱਤ ਪੱਤ ਝੜੀ ਆਂ ਮੈਂ ਜਾਓ ਚਲੇ ਜਾਵੋ ਉਹਦੇ ਨਾਲ ਆਇਓ ਇਹਨਾਂ ਮੌਸਮਾਂ ਨਾਲ ਨਿੱਤ ਲੜੀ ਆਂ ਮੈਂ ਮੈਨੂੰ ਪਤਾ ਨਹੀਂ ਕਾਸਤੇ ਖੜੀ ਧਰਤੀ ਤੇਰੀ ਆਸ ਦੇ ਆਸਰੇ ਖੜੀ ਆਂ ਮੈਂ ਤੇਰਾ ਮਿਲਣਾ ਰੁੱਤ ਬਸੰਤ ਵੇ ਤੈਥੋਂ ਦੂਰ ਪੱਤ ਪੱਤ ਝੜੀ ਆਂ ਮੈਂ ਕਦੇ ਖਿਆਲਾਂ ਦੇ ਖੰਭ ਉਡਾਰ ਕੀਤੀ ਕਦੇ ਸੋਚਾਂ ਦੇ ਵਹਿਣ ਵਿੱਚ ਹੜੀ ਆਂ ਮੈਂ ਸਾਡੇ ਸਮਿਆਂ ਦੇ ਸੱਭੇ ਹੀ ਇਲਮ ਥੋਥੇ ਤੇਰੇ ਇਸ਼ਕ ਨੇ ਸੋਹਣਿਆ ਘੜੀ ਆਂ ਮੈਂ ਤੇਰਾ ਮਿਲਣਾ ਰੁੱਤ ਬਸੰਤ ਵੇ ਤੈਥੋਂ ਦੂਰ ਪੱਤ ਪੱਤ ਝੜੀ ਆਂ ਮੈਂ ਤੇਰੇ ਹੱਥਾਂ ’ਚ ਰੂਹ ਦੀਆਂ ਸਾਂਭ ਡੋਰਾਂ ਗੁੱਡੀ ਵਾਂਗ ਅਸਮਾਨ ’ਤੇ ਚੜੀ ਆਂ ਮੈਂ ਇੱਕ ਖੁਆਬ ਕੁਆਰਾ ਰਸਮਿਸਾ ਜੀਹਨੂੰ ਜੀਂਦਿਆਂ ਜੀਂਦਿਆਂ ਹਰੀ ਆਂ ਮੈਂ ਤੇਰਾ ਮਿਲਣਾ ਰੁੱਤ ਬਸੰਤ ਵੇ ਤੈਥੋਂ ਦੂਰ ਪੱਤ ਪੱਤ ਝੜੀ ਆਂ ਮੈਂ
ਫੱਗਣ
ਫੱਗਣ ਮਹੀਨੇ ਚੰਨਾ ਉੱਡਦੀ ਤੇਰੇ ਪਿੰਡੋਂ ਮਿੱਠੀ ਮਿੱਠੀ ਵਾਸ਼ਨਾ ਸਿਰ ’ਤੇ ਬਸੰਤੀ ਚੁੰਨੀ ਕੱਜ ਲਈ ਮਿੱਟੀ ਕਰੇ ਕਿਸਦੀ ਉਪਾਸ਼ਨਾ ਡਾਲੀਆਂ ਤੇ ਬੈਠੇ ਫੁੱਲ ਪੱਤੀਆਂ ਜਾਪੇ ਅੱਜ ਰੋਹੀ ਵੀ ਉਦਾਸ ਨਾ ਸਿਖਰ ਦੁਪਹਿਰੇ ਕੋਇਲ ਕੂਕਦੀ ਸੁਣ ਸੁਣ ਬੁਝਦੀ ਪਿਆਸ ਨਾ ਜਾਈਂ ਨਾ ਦਿਲਾਂ ਤੋਂ ਦੂਰ ਹਾਣੀਆ ਤੇਰੇ ਬਿਨ ਕੋਈ ਵੀ ਰੁੱਤ ਖਾਸ ਨਾ ਫੱਗਣ ਮਹੀਨੇ ਚੰਨਾ ਉੱਡਦੀ ਤੇਰੇ ਪਿੰਡੋਂ ਮਿੱਠੀ ਮਿੱਠੀ ਵਾਸ਼ਨਾ
ਦੇਸ ਮਾਲਵਾ
ਟਿੱਬੇ ਟੋਭੇ ਝਿੜੀਆਂ ਬੀੜਾਂ ਜੰਡ ਕਰੀਰਾਂ ਦਾ ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ ਔਰੰਗਜੇਬ ਨੂੰ ਚਿੱਠੀ ਸਤਿਗੁਰ ਲਿਖਦੇ ਦੀਨੇ ਤੋਂ ਚਾਲੀ ਰੂਹਾਂ ਮੁਕਤ ਕੀਤੀਆਂ ਮੁਕਤਸਰ ਸੀਨੇ ਤੋਂ ਬਾਬੇ ਦੀਪ ਸਿਹਾਂ ਨੇ ਜਦ ਖੰਡਾ ਖੜਕਾਇਆ ਸੀ ਨਾਲ ਤੁਰ ਪਿਆ ਏਥੋਂ ਟੋਲਾ ਸਿਰਲੱਥ ਬੀਰਾਂ ਦਾ ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ ਪਿੰਡ ਸਾਹੋਕੇ ਰਜਬ ਅਲੀ ਹੈ ਸਿਖਰ ਕਵੀਸ਼ਰੀ ਦਾ ਰਾਮੂਵਾਲੀਏ ਪਾਰਸ ਦੇ ਬੰਦ ਡਲਾ ਜਿਓਂ ਮਿਸ਼ਰੀ ਦਾ ਮੋਹਨ ਸਿੰਘ ਪਿੰਡ ਰੋਡੇ ਮਾਘੀ ਸਿੰਘ ਹੈ ਗਿੱਲਾਂ ਤੋਂ ਬੁਰਜਾਂ ਤੋਂ ਅਲਬੇਲਾ ਢਾਡੀ ਸੀ ਅਖੀਰਾਂ ਦਾ ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ ਵੱਡੇ ਮੇਲੇ ਜਰਗ, ਛਪਾਰ ਤੇ ਮੁਕਤਸਰ ਮਾਘੀ ਦਾ ਰੌਸ਼ਨੀਆਂ ਦਾ ਮੇਲਾ ਸ਼ਹਿਰ ਜਗਰਾਵਾਂ ਜਾਗੀ ਦਾ ਕਿਧਰੇ ਮੱਸਿਆ ਨਾਹੁਣ ਤੇ ਮੇਲੇ ਕਿਤੇ ਜਠੇਰਿਆਂ ਦੇ ਸਿੱਧ ਭੋਇ ਦਾ ਮੇਲਾ ਲੰਗਰ ਪੂੜੇ ਖੀਰਾਂ ਦਾ ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ ਲਾਲ ਕਿਲ੍ਹੇ ਤੇ ਖਾਲਸਿਆਂ ਝੰਡਾ ਲਹਿਰਾਇਆ ਸੀ ਜੱਥੇਦਾਰ ਬਘੇਲ ਸਿੰਘ ਰਾਊਕਿਆਂ ਦਾ ਜਾਇਆ ਸੀ ਬੀਬੀ ਸਦਾ ਕੌਰ ਦਾ ਪੇਕਾ ਪਿੰਡ ਵੀ ਏਹੋ ਹੈ ਸਿੱਖ ਰਾਜ ਵਿਚ ਲੇਖਾ ਉਹਦੇ ਸਾਹ ਦਿਆ ਸੀਰਾਂ ਦਾ ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ ਏਸ ਹਵਾ ਵਿੱਚ ਘੁਲ਼ੀਆਂ ਬਾਤਾਂ ਜਿਓਣੇ ਮੌੜ ਦੀਆਂ ਵਿੱਚ ਲਹੂ ਦੇ ਅਣਖਾਂ ਸੁੱਚੇ ਵਾਂਗੂੰ ਦੌੜ ਦੀਆਂ ਲੰਮੀ ਲਿਸਟ ੮੪ ਵਾਲੇ ਸਿੰਘ ਜੁਝਾਰੂਆਂ ਦੀ ਪਿੰਡ ਪਿੰਡ ਏਥੇ ਆਸ਼ਕ ਹੈ ਸੰਤਾਂ ਦਿਆਂ ਤੀਰਾਂ ਦਾ ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ
ਰੀਝ
ਮੈਂ ਤੈਨੂੰ ਗੀਤ ਇਸ਼ਕਾਂ ਦੇ ਪੰਜਾਬ ਵੇ ਗਾਉਂਦਿਆਂ ਵੇਖਾਂ ਮੇਰੀ ਹੈ ਰੀਝ ਮਰ ਕੇ ਵੀ ਮੈਂ ਤੈਨੂੰ ਜਿਓਂਦਿਆਂ ਵੇਖਾਂ ਮੈਨੂੰ ਹੈ ਮਾਣ ਤੇਰੇ ’ਤੇ ਤੂੰ ਸਭਦਾ ਪਿਆਰ ਹੋ ਸਕਦਾਂ ਤੂੰ ਧੁੱਪਾਂ ਵਾਂਗ ਖਿੜ ਸਕਦਾਂ ਤੂੰ ਕਣੀਆਂ ਵਾਂਗ ਰੋ ਸਕਦਾਂ ਮੈਂ ਤੈਨੂੰ ਚੰਨ ਦੇ ਵਾਂਗਰ ਹਨੇਰਾ ਧੋਂਦਿਆਂ ਵੇਖਾਂ ਮੇਰੀ ਹੈ ਰੀਝ ਮਰ ਕੇ ਵੀ ਮੈਂ ਤੈਨੂੰ ਜਿਓਂਦਿਆਂ ਵੇਖਾਂ ਤੂੰ ਪੋਰਸ ਹੈਂ, ਤੂੰ ਦੁੱਲਾ ਹੈਂ ਤੂੰ ਹੀ ਜਰਨੈਲ ਹੈਂ ਪਿਆਰੇ ਤੂੰ ਮਾਂ ਦੀ ਤਲੀ ਦੇ ਉੱਤੇ ਅਨੋਖਾ ਖੇਲ ਹੈਂ ਪਿਆਰੇ ਮੈਂ ਤੈਨੂੰ ਤਾਰਿਆਂ ਉੱਤੇ ਵੇ ਓਟਾਂ ਵਾਹੁੰਦਿਆਂ ਵੇਖਾਂ ਮੇਰੀ ਹੈ ਰੀਝ ਮਰ ਕੇ ਵੀ ਮੈਂ ਤੈਨੂੰ ਜਿਓਂਦਿਆਂ ਵੇਖਾਂ ਮੈਂ ਵੇਖਾਂ ਬੀੜ ਬੇਲਿਆਂ ਨੂੰ ਤੇਰੇ ਇਸ਼ਕੇ ਦਾ ਜਸ ਗਾਉਂਦੇ ਤੇਰੀ ਜੁਰਤ ਦੇ ਅੱਗੇ ਫੇਰ ਪਰਬਤ ਸੀਸ ਵੇ ਨਿਓਂਦੇ ਜੋ ਉੱਡ ਗਏ ਦੂਰ ਨੇ ਪੰਛੀ ਘਰਾਂ ਨੂੰ ਆਉਂਦਿਆਂ ਵੇਖਾਂ ਮੇਰੀ ਹੈ ਰੀਝ ਮਰ ਕੇ ਵੀ ਮੈਂ ਤੈਨੂੰ ਜਿਓਂਦਿਆਂ ਵੇਖਾਂ
ਇਕੋਤਰ ਸੋ’ ਰਚਨਾਵਾਂ ਨਾਲ ਸਜੀ ’ਸੰਗਰਾਂਦ’
ਹਥਲੀ ਕਿਤਾਬ ਬਾਰੇ ਤੇ ਕਿਤਾਬ ਦੇ ਲੇਖਕ ਬਾਰੇ ਥੋੜ੍ਹੇ ਸ਼ਬਦਾਂ ’ਚ ਲਿਖਣ ਦਾ ਜੁੰਮਾ ਲੱਗਿਆ। ਸੋ ਸਭ ਤੋ ਘੱਟ ਸ਼ਬਦਾਂ ’ਚ ਤਾਂ ਮੇਰੀ ਲਿਖਤ ਇਹ ਹੈ ਕਿ “ਮੈਂ ਨਹੀਂ ਲਿਖ ਸਕਦਾ, ਕਿਸੇ ਹੋਰ ਤੋ ਲਿਖਵਾ ਲਵੋ!”
ਕਿਉਂਕਿ ਮੈਂ ਇਸ ਇਨਸਾਨ ਬਾਰੇ ਤੇ ਇਸ ਦੀਆਂ ਲਿਖਤਾਂ ਬਾਰੇ ਏਨਾ ਕੁਝ ਜਾਣਦਾ ਹਾਂ ਕਿ ਉਸ ’ਤੇ ਇਕ ਕਿਤਾਬ ਲਿਖਣੀ ਮੇਰੇ ਖੱਬੇ ਹੱਥ ਦਾ ਕੰਮ ਹੈ ਅਤੇ ਸੰਖੇਪ ’ਚ ਲਿਖਣਾ ਖ਼ਾਸਾ ਔਖਾ ਕੰਮ ਆ। ਪਰ ਚਲੋ ਕੋਈ ਨਾ ਔਖੇ ਕੰਮ ਵੀ ਬੰਦੇ ਹੀ ਕਰਦੇ ਆਏ ਆ, ਸੋ ਕੋਸ਼ਿਸ਼ ਕਰਦਾ ਹਾਂ।
ਮੋਗੇ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਦੇ ਧਾਲੀਵਾਲ ਪਰਿਵਾਰ ਦਾ ਜੰਮ ਪਲ਼ ਦਵਿੰਦਰ ਸਿੰਘ ਚੜ੍ਹਦੀ ਉਮਰੇ ੨੦੦੯ ’ਚ ਵੱਡੇ ਸੁਪਨੇ ਲੈ ਆਸਟ੍ਰੇਲੀਆ ਪੜ੍ਹਨ ਆ ਗਿਆ ਸੀ। ਅੰਤਾਂ ਦਾ ਲਾਪਰਵਾਹ ਤੇ ਸਿਰੇ ਦਾ ਬੇਪ੍ਰਵਾਹ ਹੈ ਦਵਿੰਦਰ। ਬੇਪਰਵਾਹੀ ਦੀ ਇਸੇ ਫ਼ਿਤਰਤ ਨੇ ਪ੍ਰਵਾਸ ਦੇ ਸ਼ੁਰੂਆਤੀ ਦੌਰ ’ਚ ਹੀ ਦਵਿੰਦਰ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਸੀ। ਹਰ ਇਕ ਦੇ ਧਿਜਣ ਦੀ ਫ਼ਿਤਰਤ ਨੂੰ ਕੁਝ ਕੁ ਗੈਰ ਸਮਾਜੀ ਲੋਕਾਂ ਨੇ ਭੁਨਾ ਲਿਆ। ਪਰ ਇਹ ਤਾਂ ਸ਼ੁਕਰ ਹੈ ਆਸਟ੍ਰੇਲੀਆ ਦੇ ਚੰਗੇ ਕਾਨੂੰਨ ਦਾ ਜਿਸ ਨੇ ਅਣਭੋਲ ਦਵਿੰਦਰ ਨੂੰ ਫੁੱਲ ਦੀ ਨਹੀਂ ਲੱਗਣ ਦਿੱਤੀ। ਪਰ ਇਹਨਾਂ ਵਰਿ੍ਹਆਂ ਦੌਰਾਨ ਉਸ ਦੀ ਪੜਾਈ ਪ੍ਰਭਾਵਿਤ ਹੋਈ ਤੇ ਉਹ ਆਪਣੇ ਨਾਲ ਦਿਆਂ ਨਾਲੋਂ ਪਛੜ ਗਿਆ।
ਮੇਰਾ ਮੇਲ ਦਵਿੰਦਰ ਨਾਲ਼ ਉਸ ਮੌਕੇ ਹੋਇਆ ਜਦੋਂ ਮੈਂ ਇਕ ਕਾਲਜ ਵਿਖੇ ਹੋਏ ਪੰਜਾਬੀ ਸਮਾਗਮ ’ਚੋ ਬਾਹਰ ਨਿਕਲ ਰਿਹਾ ਸੀ ਤਾਂ ਇਕ ਨੌਜਵਾਨ ਕੋਲ ਦੀ ਲੰਘਿਆ ਤੇ ਮੂੰਹ ’ਤੇ ਇਹ ਕਹਿ ਕੇ ਤੁਰਦਾ ਬਣਿਆ ਕਿ “ਰੱਬ ਨੇ ਕਲਮ ਵੀ ਦਿੱਤੀ ਆ ਤਾਂ ਕਿਹੋ ਜਿਹੇ ਬੰਦਿਆਂ ਨੂੰ!” ਇਕ ਬਾਰ ਤਾਂ ਉਸ ਨੌਜਵਾਨ ਦਾ ਇਹ ਤਾਨ੍ਹਾ ਸੀਨੇ ਵੱਜਿਆ, ਪਰ ਕੁਝ ਕੁ ਦਿਨਾਂ ’ਚ ਹੀ ਉਹ ਮੇਰਾ ਤੇ ਮੈਂ ਉਸ ਦਾ ਚਹੇਤਾ ਬਣ ਗਏ। ਕਦੇ ਉਹ ਮੈਨੂੰ ਛੋਟਾ ਵੀਰ ਮਹਿਸੂਸ ਹੁੰਦਾ, ਕਦੇ ਲਾਡਲਾ ਪੁੱਤ ਤੇ ਕਦੇ-ਕਦੇ ਅੜਬ ਬਾਪੂ। ਵਕਤ ਨਾਲ ਉਹ ਮੇਰੀ ਸੱਜੀ ਬਾਂਹ ਬਣ ਬੈਠਿਆ। ਉਹ ਫ਼ੱਕਰ ਇਨਸਾਨ ਹੈ। ਕਦੇ-ਕਦੇ ਇਕੱਲਾ ਬੈਠਾ ਜੁਆਕਾਂ ਵਾਂਗ ਹੱਸੀ ਜਾਂਦਾ। ਕਦੇ ਲੱਖ ਬੇਗਾਨੇ ਦੀ ਹਰਕਤ ਤੋ ਵੀ ਸ਼ਰਮ ਮੰਨ ਜਾਂਦਾ। ਕਿਸੇ ਕੰਮ ਨੂੰ ਸਿਰੇ ਨਹੀਂ ਲਾਉਂਦਾ, ਆਖੂ! “ਵਾਹਿਗੁਰੂ ਜੀ ਭਲੀ ਕਰਨਗੇ।“
ਉਹ ਭਾਵੇਂ ਕਿੱਡੀ ਮਹਿਫ਼ਲ ’ਚ ਬੈਠਾ ਹੋਵੇ ਪਰ ਅਸਲ ’ਚ ਉਹ ਉੱਥੇ ਨਹੀਂ ਹੁੰਦਾ। ਉਹ ਸੋਚਾਂ ਦੇ ਘੋੜਿਆਂ ਤੇ ਚੜ ਕੇ ਸਦਾ ਸਫ਼ਰ ਤੇ ਰਹਿੰਦਾ। ਲਿਖਣ ਲੱਗਿਆ ਲਿਹਾਜ਼ ਨਹੀਂ ਕਰਦਾ। ਅੰਦਰੋਂ ਪਿਆਰ ਨਾਲ ਲਬਾਲਬ ਹੈ ਪਰ ਕਦੇ-ਕਦੇ ਕੱਬਾ ਵੀ ਲਿਖ ਜਾਂਦਾ। ਮੇਰਾ ਉਸ ਵਿਚ ਅੰਨ੍ਹਾ ਵਿਸ਼ਵਾਸ ਹੈ। ਕਈ ਬਾਰ ਉਹ ਮੈਨੂੰ ਕਹਿ ਵੀ ਦਿੰਦਾ ਬਾਈ ਤੈਨੂੰ ਡਰ ਨਹੀਂ ਲੱਗਦਾ ਮੇਰੇ ਨਾਲ ਆਪਣੇ ਸਾਰੇ ਰਾਜ ਸਾਂਝੇ ਕਰਨ ਤੋਂ? ਫੇਰ ਆਪ ਹੀ ਹੱਸ ਕੇ ਕਹਿ ਦਿੰਦਾ ਕੋਈ ਨਾ ਬਾਈ ਮੈਂ ਤੇਰੇ ਮਗਰੋਂ ਤੇਰੇ ਤੇ ਕਿਤਾਬ ਲਿਖੂੰ । ਏਨਾ ਕਹਿ ਕੇ ਉੱਚੀ-ਉੱਚੀ ਹੱਸਣ ਲੱਗ ਜਾਂਦਾ ।
ਇਸ ਜਵਾਨੀ ਦੀ ਉਮਰ ’ਚ ਬਹੁਤ ਘੱਟ ਨੌਜਵਾਨ ਮਿਲਣਗੇ ਜਿਨ੍ਹਾਂ ਨੂੰ ਕੁੜੀਆਂ ’ਚੋ ਧੀ ਜਾਂ ਭੈਣ ਦਾ ਅਕਸ ਦਿਸਦਾ ਹੋਵੇ। ਪਰ ਦਵਿੰਦਰ ਨੂੰ ਦਿਸਦਾ, ਸੱਚੀ ਉਹ ਇਹੋ ਜਿਹਾ ਹੀ ਹੈ।
ਲਿਖ ਲੈਂਦਾ, ਸਾਂਭਦਾ ਨਹੀਂ ਸੀ। ਦਲੀਲ ਦਿੰਦਾ “ਬਾਈ ਇਹ ਤਾਂ ਐਵੇਂ ਕਮਲ ਜਾ ਘੋਟਿਆ ਜਦੋਂ ਚੰਗਾ ਲਿਖਿਆ ਗਿਆ ਜ਼ਰੂਰ ਸਾਂਭ ਲਵਾਂਗਾ।“ ਮੇਰੇ ਜਿਹੇ ਚਾਰ ਅੱਖਰ ਝਰੀਟ ਕੇ ਆਪਣੇ ਆਪ ਨੂੰ ਲਿਖਾਰੀ ਸਮਝੀ ਜਾਂਦੇ ਹਨ ਪਰ ਮੈਂ ਦੇਖਿਆ ਕਿ ਉਹ ਮੇਰੇ ਵਰਗਿਆਂ ਤੋ ਕਈ ਗੁਣਾ ਚੰਗਾ ਲਿਖ ਕੇ ਵੀ ਕਹਿੰਦਾ ਬਾਈ ਹਾਲੇ ਗੱਲ ਨਹੀਂ ਬਣੀ।
ਪਰ ਸ਼ੁਕਰ ਹੈ ਹੁਣ ਦਵਿੰਦਰ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇਣ ਲੱਗਿਆ ਹੈ। ਸ਼ੁਰੂ ਤੋ ਦਵਿੰਦਰ ਦੀ ਕਲਮ ਵੱਲੋਂ ਪੁੱਟੇ ਗਏ ਹਰ ਕਦਮ ਦਾ ਮੈਂ ਗਵਾਹ ਰਿਹਾ ਹਾਂ। ਉਸ ਦੀ ਲਿਖਤ ਦਾ ਆਗਾਜ਼ ਵੀ ਆਮ ਲੇਖਕਾਂ ਵਾਂਗ ਦੁਨਿਆਵੀ ਲੋਕਾਂ ਦੀ ਉਸਤਤ ਵਾਲੀ ਗ਼ਲਤੀ ਕਰਦਿਆਂ ਹੀ ਹੋਇਆ। ਪਰ ਛੇਤੀ ਉਸ ਨੂੰ ਦੋਹਰੇ ਕਿਰਦਾਰ ਦੀ ਇਸ ਦੁਨੀਆ ਦੇ ਅੰਦਰਲੇ ਸੱਚ ਦਾ ਅਹਿਸਾਸ ਹੋ ਗਿਆ ਤੇ ਉਸ ਤੋ ਬਾਅਦ ਉਸ ਦੀ ਹਰ ਰਚਨਾ ’ਚੋ ਸਿਰਫ਼ ਤੇ ਸਿਰਫ਼ ਅਕਾਲ ਦੀ ਉਸਤਤ ਹੀ ਝਲਕਦੀ ਰਹੀ ਹੈ।
ਮੈਨੂੰ ਇਸ ਗੱਲ ਦਾ ਸਦਾ ਮਾਣ ਰਹੇਗਾ ਕਿ ਮੈਂ ਉਸ ਦਾ ਪਹਿਲਾ ਪਾਠਕ ਰਿਹਾ ਹਾਂ ਤੇ ਪਹਿਲਾ ਐਡੀਟਰ ਵੀ, ਮੈਨੂੰ ਉਸ ਦੀਆਂ ਸੁੱਚੀਆਂ ਰਚਨਾਵਾਂ ਦਾ ਮੱਥਾ ਚੁੰਮਣ ਦਾ ਮੌਕਾ ਮਿਲਦਾ ਰਿਹਾ ਹੈ। ਉਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਮੈਂ ਉਸ ਦੇ ਨੇੜੇ ਸਾਂ, ਦੂਜਾ ਉਸ ਨੂੰ ਦਿਲੋਂ ਸੁਣ ਲੈਂਦਾ ਸੀ ਤੇ ਤੀਜਾ ਉਸ ਦਾ ਸੰਗਾਊ ਸੁਭਾਅ। ਕਿਉਂਕਿ ਉਹ ਕਿਸੇ ਨੂੰ ਵੀ ਆਪਣੀ ਰਚਨਾ ਦਿਖਾਉਣ ਤੋ ਝਿਜਕ ਮਹਿਸੂਸ ਕਰਦਾ ਸੀ।
ਉਹ ਅਕਸਰ ਸੋਸ਼ਲ ਮੀਡੀਆ ’ਤੇ ਲੋਕਾਂ ਨਾਲ ਸਿੰਗ ਫਸਾ ਕੇ ਉਹਨਾਂ ਨੂੰ ਬੜੇ ਅਜੀਬ ਜਿਹੇ ਨਾਵਾਂ ਨਾਲ ਨਿਵਾਜ ਦਿੰਦਾ ਹੈ। ਇਕ ਦਿਨ ਦਾ ਕਿੱਸਾ ਸੁਣੋ ਉਹ ਕਿਸੇ ਨੂੰ ਬਾਰ-ਬਾਰ ਵਲੂੰਧਰਾ ਸਾਹਬ ਕਹਿ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਇਹ ਕਿਉਂ ਕਹਿ ਰਿਹਾ? ਇਸ ਦਾ ਕੀ ਮਤਲਬ ਹੈ। ਕਹਿੰਦਾ ਬਾਈ ਇਸ ਬੰਦੇ ਦਾ ਬਿਨਾਂ ਕਿਸੇ ਗੱਲ ਤੋਂ ਹਿਰਦਾ ਵਲੂੰਧਰਿਆ ਜਾਂਦਾ। ਸੋ ਆਪਾਂ ਏਸ ਨੂੰ ਇਸ ਨਾਮ ਨਾਲ ਹੀ ਨਿਵਾਜ ਦਿੱਤਾ।
ਸ਼ੁਰੂ ਦੇ ਦਿਨਾਂ ’ਚ ਉਹ ਪਿਆਰ ਮੁਹੱਬਤ ਦੀ ਕਵਿਤਾ ਨੂੰ ਵੀ ਬਕਵਾਸ ਕਹਿ ਦਿੰਦਾ ਸੀ। ਪਰ ਹੌਲੀ ਹੌਲੀ ਉਸ ਦੀ ਕਵਿਤਾ ’ਚੋਂ ਕਾਦਰ ਤੇ ਉਸ ਦੀ ਕੁਦਰਤ, ਉਸ ਦੇ ਰੰਗ, ਉਸ ਦੀਆਂ ਸਾਜੀਆਂ ਰੁੱਤਾਂ, ਉਸ ਵੱਲੋਂ ਬਖ਼ਸ਼ੀ ਅਨਮੋਲ ਮੁਹੱਬਤ ਦੀ ਉਸਤਤ ਨਿਕਲਣ ਲੱਗੀ। ਰਿਸ਼ਤਿਆਂ ਦਾ ਨਿੱਘ ਮਹਿਸੂਸ ਹੋਣ ਲੱਗਿਆ। ਗ਼ਰੀਬ, ਲਾਚਾਰ, ਬੇਬਸ ਅਤੇ ਕਿਰਤੀ ਲਈ ਹਾਅ ਦਾ ਨਾਅਰਾ ਵੱਜਣ ਲੱਗਿਆ। ਸੂਰਬੀਰ ਯੋਧਿਆਂ, ਸ਼ਹੀਦਾਂ, ਸੂਰਮਿਆਂ ਦਾ ਸਤਿਕਾਰ ਝਲਕਣ ਲੱਗਿਆ। ਹਾਕਮਾਂ, ਤਾਕਤਾਂ ਅਤੇ ਜ਼ਿਆਦਤੀਆਂ ਖ਼ਿਲਾਫ਼ ਲਲਕਾਰ ਗੂੰਜਣ ਲੱਗੀ।
ਹੁਣ ਉਹ ਆਪਣੀਆਂ ਅਣਗਿਣਤ ਰਚਨਾਵਾਂ ਵਿਚੋਂ “ਇਕੋਤਰ ਸੌ” ਰਚਨਾਵਾਂ ’ਸੰਗਰਾਂਦ’ ਰੂਪੀ ਕਿਤਾਬ ’ਚ ਪਰੋ ਕੇ ਪਾਠਕਾਂ ਦੀ ਕਚਹਿਰੀ ’ਚ ਹਾਜ਼ਰੀ ਲਗਵਾ ਰਿਹਾ ਹੈ। ਮੇਰਾ ਤਾਂ ਉਸ ਨਾਲ ਦਿਲੀ ਲਗਾਊ ਹੈ ਸੋ ਮੈਨੂੰ ਤਾਂ ਉਸ ਵੱਲੋਂ ਲਿਖਿਆ ਹਰ ਸ਼ਬਦ ਚੰਗਾ ਲਗਦਾ ਹੀ ਹੈ ਪਰ ਇਹ ਕਿਤਾਬ ਉਸ ਦਾ ਸਾਹਿਤਿਕ ਕੱਦ ਤਹਿ ਕਰੇਗੀ। ਇਸ ਕਿਤਾਬ ਦੀ ਸੰਪਾਦਨਾ ਇਸ ਹਿਸਾਬ ਨਾਲ ਕੀਤੀ ਗਈ ਹੈ ਕਿ ਇਹ ਤੁਹਾਨੂੰ ਚੇਤਰ ਦੀ ਸੰਗਰਾਂਦ ਤੋਂ ਉਂਗਲ ਫੜ ਕੇ ਫੱਗਣ ਦੀ ਸੰਗਰਾਂਦ ਤੱਕ ਲੈ ਤੁਰੇਗੀ। ਜਿਸ ਦੌਰਾਨ ਰੁੱਤਾਂ ਸਮਿਆਂ ਮੁਤਾਬਕ ਸਾਰੇ ਰਸ ਤੁਹਾਨੂੰ ਕਦੇ ਮਾਣਮੱਤੇ ਅਤੀਤ ’ਚ ਲੈ ਜਾਣਗੇ ਕਦੇ ਵਿਰਸੇ ਰੂਪੀ ਖੇਸੀ ’ਚ ਲਪੇਟ ਲੈਣਗੇ ਤੇ ਕਦੇ ਧਰਮ ਨਾਲ ਲਬਰੇਜ਼ ਕਰ ਦੇਣਗੇ।
ਸ਼ਰਤ ਹੈ ਕਿ ਤੁਹਾਨੂੰ ਇਹ ਲਿਖਤਾਂ ਦਵਿੰਦਰ ਦੇ ਹਾਣ ਦਾ ਹੋ ਕੇ ਪੜ੍ਹਨੀਆਂ ਤੇ ਸਮਝਣੀਆਂ ਪੈਣਗੀਆਂ। ਮਤਲਬ ਉੱਚੇ ਨੀਵਾਂ ਹੋ ਕੇ ਅਤੇ ਨੀਵੇਂ ਉੱਚਾ ਉੱਠ ਕੇ। ਫੇਰ ਤੁਹਾਨੂੰ ਉਸ ਦੀਆਂ ਰਚਨਾਵਾਂ ਚੋਂ ਕਦੇ ਪਿੰਡ ਦਾ ਇਕ ਅਣਭੋਲ ਕਿਰਤੀ ਮੁੰਡਾ ਖਾਲ਼ਾਂ ਦੀਆਂ ਵੱਟਾਂ ਤੇ ਬੈਠਾ ਲਿਖਦਾ ਜਾਪੇਗਾ ਕਦੇ ਪ੍ਰਦੇਸ ’ਚ ਰਾਤ-ਰਾਤ ਭਰ ਉਨੀਂਦਰਾ, ਟੈਕਸੀ ਦੀ ਸੀਟ ਤੇ ਬੈਠਾ ਸਵਾਰੀ ਨੂੰ ਉਡੀਕਦਾ ਆਪਣੇ ਭਵਿੱਖ ਨਾਲੋਂ ਵੱਧ ਆਪਣੇ ਧਰਮ, ਵਿਰਸੇ ਅਤੇ ਇਤਿਹਾਸ ਪ੍ਰਤੀ ਚਿੰਤਤ ਗੱਭਰੂ ਜਾਪੇਗਾ।
ਬਹੁਤ ਪਹਿਲਾਂ ਇਕ ਸਮਾਗਮ ’ਚ ਮੈਂ ਦਵਿੰਦਰ ਬਾਰੇ ਬੋਲਦਿਆਂ ਇਹ ਦਾਅਵਾ ਕੀਤਾ ਸੀ ਕਿ ਮੇਰੇ ਇਹ ਬੋਲ ਚੇਤੇ ਰੱਖਿਓ, ਜਦੋਂ ਕਦੇ ਸਾਲਾਂ ਬਾਅਦ ਆਸਟ੍ਰੇਲੀਆ ’ਚ ਮਾਂ ਬੋਲੀ ਦੇ ਲੇਖਕਾਂ ਦਾ ਲੇਖਾ-ਜੋਖਾ ਹੋਵੇਗਾ ਤਾਂ ਇਹ ਤਾਰਾ ਅੰਬਰਾਂ ਦੇ ਸਿਰ ਚੜ੍ਹ ਕੇ ਬੋਲੇਗਾ। ਸੋ ਹੁਣ ਜਦੋਂ ਦਵਿੰਦਰ ਦੀ ਕਲਮ ’ਚੋ ਨਿਕਲੀਆਂ ਰਚਨਾਵਾਂ ਪੰਜਾਬੀ ਫ਼ਿਲਮਾਂ ਦਾ ਅਤੇ ਯੂ ਟਿਊਬ ਦਾ ਸ਼ਿੰਗਾਰ ਬਣਦੀਆਂ ਹਨ ਤਾਂ ਬੜੀ ਖ਼ੁਸ਼ੀ ਮਹਿਸੂਸ ਹੁੰਦੀ ਹੈ।
ਉਹ! ਮੈਂ ਤਾਂ ਸੰਖੇਪ ’ਚ ਲਿਖਣ ਲੱਗਿਆ ਸੀ! ਮਾਫ਼ੀ ਚਾਹੁੰਦਾ! ਬਹਿਣ ’ਚ ਬਹਿ ਗਿਆ ਸੀ! ਗੱਲ ਲਪੇਟ ਦੇ ਹਾਂ। ਆਸਟ੍ਰੇਲੀਆ ਦਸ ਕੁ ਵਰ੍ਹੇ ਪਰਵਾਸ ਹੰਢਾ ਕੋਵਿਡ ਕਾਲ ਦੌਰਾਨ ਉਹ ਆਪਣੇ ਪਿੰਡ ਰਾਊਕੇ ਕਲਾਂ ਮੁੜ ਗਿਆ ਸੀ ਤੇ ਅੱਜ ਕੱਲ੍ਹ ਉੱਥੇ ਹੀ ਰਹਿੰਦਾ। ਪਰ ਮੈਂ ਉਸ ਦੇ ਉਹ ਬੋਲ ਆਸਟ੍ਰੇਲੀਆ ਵੱਸਦਾ ਮਹਿਸੂਸ ਕਰਦਾ ਰਹਿੰਦਾ ਹਾਂ ਜੋ ਅਕਸਰ ਮੈਨੂੰ ਐਡੀਲੇਡ ਰਹਿੰਦਾ ਫ਼ੋਨ ਤੇ ਕਹਿੰਦਾ ਹੁੰਦਾ ਸੀ ਵੱਡੇ ਬਾਈ ਕਿੱਥੇ ਆ ਤੂੰ ? ਆ ਜਾ ਘਰੇ, ਚਾਹ ਪੀਂਦੇ ਹਾਂ ।
ਮਿੰਟੂ ਬਰਾੜ
੧੬/ ੧੦/ ੨੦੨੨