ਸੰਗੀਤ ਮਾਰਤੰਡ ਸ੍ਰ. ਜਸਵੰਤ ਭੰਵਰਾ ਜੀ ਨੂੰ ਯਾਦ ਕਰਦਿਆਂ : ਗੁਰਭਜਨ ਗਿੱਲ

ਪੰਜਾਬੀ ਲੋਕ ਸੰਗੀਤ ਦੇ ਗੂੜ੍ਹ ਗਿਆਨੀ, ਗੁਰਮਤਿ ਸੰਗੀਤ ਦੇ ਸਿੱਧ ਹਸਤ ਉਸਤਾਦ ਤੇ ਮੰਚ ਪੇਸ਼ਕਾਰੀਆਂ ਦੇ ਬਾਰੀਕਬੀਨ ਗਿਆਤਾ ਸੰਗੀਤ ਮਾਰਤੰਡ ਉਸਤਾਦ ਜਸਵੰਤ ਸਿੰਘ ਭੰਵਰਾ ਨਾ ਹੁੰਦੇ ਤਾਂ ਵੀਹਵੀਂ ਸਦੀ ਦੇ ਦੂਸਰੇ ਅੱਧ ਦਾ ਸੰਗੀਤ ਏਨਾ ਰਸਵੰਤਾ, ਸੁਹਜ ਤੇ ਸਹਿਜਵੰਤੀ ਨਹੀਂ ਸੀ ਹੋਣਾ।

ਜਿੱਥੇ ਕਿਤੇ ਉਸਤਾਦ ਜਸਵੰਤ ਭੰਵਰਾ ਜੀ ਦੇ ਸੰਗੀਤਕ ਪੋਟੇ ਲੱਗੇ ਹਨ, ਉਹ ਸਪਸ਼ਟ ਤਿਸਦੇ ਹਨ। ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੇ ਗਾਏ ਕਿੰਨੇ ਗੀਤ ਅਜਿਹੇ ਹਨ ਜਿਸ ਵਿੱਚੋਂ ਭੰਵਰਾ ਜੀ ਬੋਲਦੇ ਹਨ। ਉਹ ਕਦੇ ਵੀ ਸਾਜ਼ਾਂ ਹੱਥੋਂ ਸ਼ਬਦ ਨੂੰ ਮਰਨ ਨਹੀਂ ਸਨ ਦਿੰਦੇ।

ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਬਾਬੂ ਸਿੰਘ ਮਾਨ ਤੋਂ ਇਲਾਵਾ ਮੇਰੇ ਵਰਗੇ ਕਿੰਨੇ ਲੋਕ ਹਨ ਜਿੰਨ੍ਹਾਂ ਨੂੰ ਭੰਵਰਾ ਸਾਹਿਬ ਨੇ ਰਿਕਾਰਡਜ਼,ਫਿਲਮ ਸੰਗੀਤ ਤੇ ਦੂਰਦਰਸ਼ਨ ਪ੍ਰੋਗਰਾਮਜ਼ ਵਈ ਰੀਕਾਰਡ ਕੀਤਾ।

ਉਹ ਸ਼ਹਿਦ ਦੀ ਮੱਖੀ ਵਾਂਗ ਥਾਂ ਥਾਂ ਉੱਗੇ ਫੁੱਲਾਂ ਤੋਂ ਸ਼ਹਿਦ ਇਕੱਤਰ ਕਰਦੇ ਸਨ। ਕਈ ਵਾਰ ਜੰਗਲੀ ਤੇ ਵਾਧੂ ਘਾਟੂ ਸਮਝੇ ਜਾਣ ਵਾਲੇ ਫੁੱਲਾਂ ਤੋਂ ਵੀ ਸ਼ਹਿਦ ਮੰਗ ਲੈਂਦੇ ਸਨ।

ਹਮੇਸ਼ਾਂ ਕਹਿੰਦੇ, ਮੈਂ ਸੰਗੀਤਕਾਰ ਨਹੀਂ ਹਾਂ, ਭੰਵਰਾ ਹਾਂ। ਹਰ ਫੁੱਲ ਨੂੰ ਪਛਾਨਣਾ, ਸੁੰਘਣਾ ਤੇ ਆਪਣੀ ਸਾਂਝ ਪਾਉਣਾ ਤੇ ਪੁਗਾਉਣਾ ਮੇਰੀ ਫਿਤਰਤ ਹੈ।

ਸ. ਬਾਬੂ ਸਿੰਘ ਮਾਨ ਅਕਸਰ ਹਰ ਮੁਲਾਕਾਤ ਵਿੱਚ ਇਹ ਗੱਲ ਸੁਣਾਉਂਦੇ ਹਨ। ਕਾਲਿਜ ਪੜ੍ਹਦਿਆਂ ਹੀ ਮੇਰੇ ਗੀਤਾਂ ਦੀ ਪਹਿਲੀ ਕਿਤਾਬ “ਗੀਤਾਂ ਦਾ ਵਣਜਾਰਾ” ਛਪੀ ਤਾਂ ਇਸ ਨੂੰ ਪੜ੍ਹ ਕੇ ਉਸਤਾਦ ਜਸਵੰਤ ਸਿੰਘ ਭੰਵਰਾ ਮੇਰਾ ਪਿੰਡ ਪੁੱਛ ਪੁੱਛਾ ਕੇ ਮਰਾੜ੍ਹ (ਫ਼ਰੀਦਕੋਟ) ਆ ਗਏ। ਅਸਲ ਵਿੱਚ ਉਨ੍ਹਾਂ ਫ਼ਰੀਦਕੋਟ ਇਲਾਕੇ ਦੇ ਲੋਕ ਗਾਇਕ ਹਰਨੇਕ ਸਿੰਘ ਰਾਣਾ ਤੋਂ ਪਿੰਡ ਦਾ ਅਤਾ ਪਤਾ ਪੁੱਛਿਆ ਸੀ। ਕਾਲ਼ੀ ਅੰਬੈਸਡਰ ਕਾਰ ਤੇ ਸਵਾਰ ਹੋ ਕੇ ਭੰਵਰਾ ਸਾਹਿਬ ਲੋਕ ਗਾਇਕ ਹਰਚਰਨ ਗਰੇਵਾਲ ਤੇ ਸੁਰੀਲੀ ਲੋਕ ਗਾਇਕਾ ਰਾਜਿੰਦਰ ਰਾਜਨ ਸਮੇਤ ਉਨ੍ਹਾਂ ਦੇ ਘਰ ਪਹੁੰਚ ਗਏ।

ਸੇਵਾ ਪਾਣੀ ਕਰਦਿਆਂ ਕਰਾਉਂਦਿਆਂ ਉਹ ਬਾਬੂ ਸਿੰਘ ਮਾਨ ਦੀ ਜ਼ਬਾਨਦਾਨੀ ਦੀਆਂ ਸਿਫ਼ਤਾਂ ਕਰੀ ਗਏ।

ਮਾਨ ਸਾਹਿਬ ਦੀ ਪਹਿਲੀ ਕਿਤਾਬ ਵਿੱਚ ਸਿਰਫ਼ ਸੋਲੋ ਗੀਤ ਸਨ। ਭੰਵਰਾ ਸਾਹਿਬ ਨੇ ਕਿਹਾ ਕਿ ਸਾਨੂੰ ਕੋਈ ਦੋਗਾਣਾ ਲਿਖ ਕੇ ਦੇ, ਜੋ ਮਰਦ ਤੇ ਔਰਤ ਗਾਇਕਾਂ ਸਵਾਲ ਜਵਾਬ ਦੇ ਰੂਪ ਵਿੱਚ ਗਾ ਸਕਣ।

ਉਨ੍ਹਾਂ ਦੇ ਬੈਠਿਆਂ ਬੈਠਿਆਂ ਹੀ ਗੀਤ ਲਿਖ ਦਿੱਤਾ।

ਇਹ ਗੀਤ ਉਸੇ ਦਿਨ ਹੀ ਕਾਗਜ਼ ਤੋਂ ਪੜ੍ਹ ਕੇ ਹਰਚਰਨ ਗਰੇਵਾਲ ਤੇ ਰਾਜਿੰਦਰ ਰਾਜਨ ਤੋਂ ਗੰਵਾਇਆ। ਇਹ ਇਤਿਹਾਸਕ ਗੀਤ ਪਤਾ ਜੇ ਕਿਹੜਾ ਸੀ?

ਇਹ ਗੀਤ ਸੀ

ਆ ਗਿਆ ਵਣਜਾਰਾ ਨੀ ਚੜ੍ਹਾਂ ਲੈ ਭਾਬੀ ਚੂੜੀਆਂ।

ਪੰਜਾਬੀ ਕਹਾਣੀ, ਪਾਪੂਲਰ ਗੀਤਕਾਰੀ ਤੇ ਵਾਰਤਕ ਦੇ ਨਿਵੇਕਲੇ ਸਿਰਜਕ ਸ਼ਮਸ਼ੇਰ ਸਿੰਘ ਸੰਧੂ ਨੇ ਚੰਡੀਗੜ੍ਹ ਪੰਜਾਬੀ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਜੀ ਬਹੁਤ ਘੱਟ ਵੇਖੀ ਤਸਵੀਰ ਘੱਲੀ ਹੈ। ਕਮਾਲ ਹੈ। 1971 ਤੋਂ ਭੰਵਰਾ ਜੀ ਦੇ ਸਭ ਸਰੂਪ ਵੇਖੇ ਪਰ ਇਹ ਪਹਿਲੀ ਵਾਰ ਦਰਸ਼ਨ ਕੀਤੇ ਨੇ।

ਪੰਜਾਬੀ ਲੋਕ ਸੰਗੀਤ ਦੇ ਉਹ ਸਰਬ ਗਿਆਤਾ ਸਨ। ਧਰਤੀ ਦੇ ਅਸਲ ਸੰਗੀਤ ਦੇ ਪੇਸ਼ਕਾਰ । ਗੁਰਬਾਣੀ ਸੰਗੀਤ ਸੰਭਾਲ ਵਿੱਚ ਉਨ੍ਹਾ ਨੇ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਨੂੰ ਸਹਿਯੋਗ ਦੇ ਕੇ ਏਨਾ ਵੱਡਾ ਕਾਰਜ ਕੀਤਾ ਕਿ ਹੁਣ ਤੀਕ ਦੀ ਸਭ ਤੋਂ ਵੱਡੀ ਤੇ ਟਕਸਾਲੀ ਛਾਲ ਹੈ। ਗੁਣੀ ਜਨ ਸੰਗੀਤ ਵਾਦਕ, ਗਾਇਕ ਤੇ ਸੁਰ ਸ਼ਬਦ ਦੇ ਅੰਤਰ ਭੇਤੀ ਉਨ੍ਹਾਂ ਦੇ ਉਮਰ ਭਰ ਤੋਂ ਸੰਗੀ ਸਨ।

ਲੁਧਿਆਣਾ ਦੇ ਘੰਟਾ ਘਰ ਚੌਂਕ ਵਿੱਚ ਅਹਿਮਕ ਗੜ੍ਹ ਮੰਡੀ ਵਾਲੇ ਸਰਦਾਰਾਂ ਦੀ ਖ਼ਾਲਸਾ ਟ੍ਰੇਡਿੰਗ ਕੰਪਨੀ ਦੇ ਉਪਰ ਦੋ ਕਮਰਿਆਂ ਵਿੱਚ ਉਨ੍ਹਾਂ ਦਾ ਨੈਸ਼ਨਲ ਮਿਊਜ਼ਿਕ ਕਾਲਿਜ ਹੁੰਦਾ ਸੀ ਜਿੱਥੇ ਉਨ੍ਹਾਂ ਲਗਪਗ ਪੰਜਾਹ ਸਾਲ ਪੰਜਾਬ ਦੇ ਸਿਰਕੱਢ ਬਣੇ ਲੋਕ ਗਾਇਕਾਂ ਨੂੰ ਸੰਗੀਤ ਵਿੱਦਿਆ ਦਿੱਤੀ।

ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੇ ਪੰਨਾ ਲਾਲ, ਆਸਾ ਸਿੰਘ ਮਸਤਾਨਾ ਵਰਗੇ ਕਲਾਕਾਰ ਜਦ ਵੀ ਦਿੱਲੀਓ ਪੰਜਾਬ ਦੌਰੇ ਤੇ ਆਉਂਦੇ ਤਾਂ ਇਕ ਰਾਤ ਲਾਜ਼ਮੀ ਭੰਵਰਾ ਜੀ ਦੇ ਟਿਕਾਣੇ ਤੇ ਕੱਟਦੇ।

“ਮੇਲੇ ਮਿੱਤਰਾਂ ਦੇ “ਫਿਲਮ ਦਾ ਸੰਗੀਤ ਵੀ ਜਸਵੰਤ ਭੰਵਰਾ ਜੀ ਨੇ ਹੀ ਦਿੱਤਾ। ਉਹ ਗੀਤ ਅਜੇ ਵੀ ਰੇਝੀਉ ਸਟੇਸ਼ਨਜ਼ ਦੀ ਸ਼ਾਨ ਬਣੇ ਹੋਏ ਹਨ। ਗੁਰਦਾਸ ਮਾਨ ਦੇ ਸਭ ਤੋਂ ਪਹਿਲੇ ਰੀਕਾਰਡ ਦਾ ਸੰਗੀਤ ਵੀ ਉਸਤਾਦ ਜਸਵੰਤ ਭੰਵਰਾ ਜੀ ਨੇ ਹੀ ਦਿੱਤਾ ਸੀ।

ਮੈਨੂੰ ਮਾਣ ਹਾਸਲ ਹੈ ਕਿ ਮੇਰੇ ਕੁਝ ਗੀਤਾਂ ਦੀਆਂ ਬੰਦਸ਼ਾਂ ਉਨ੍ਹਾਂ ਨੇ ਹੀ ਤਿਆਰ ਕੀਤੀਆਂ, ਜਿਨ੍ਹਾਂ 'ਚੋਂ ਦੂਰਦਰਸ਼ਨ ਦੀ ਦਸਤਾਵੇਜ਼ੀ ਫਿਲਮ “ਫੁਲਕਾਰੀ” ਲਈ ਉਨ੍ਹਾਂ ਸੰਗੀਤ ਦਿੱਤਾ। ਕੋਕੇ ਵਾਲੀ ਸਰਬਜੀਤ ਦੀ ਆਵਾਜ਼ ਵਿੱਚ ਇਹ ਗੀਤ ਪਹਿਲੀ ਵਾਰ ਦੂਰਦਰਸ਼ਨ ਸਟੁਡੀਉ ਨਿੱਚ ਰੀਕਾਰਡ ਹੋਇਆ।

ਮਗਰੋਂ ਇਹੀ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿੱਚ

ਵੀਰ ਮੇਰੇ ਨੇ ਕੁੜਤੀ ਦਿੱਤੀ,
ਭਾਬੋ ਨੇ ਫੁਲਕਾਰੀ ਹਿਜ਼ ਮਾਸਟਰਜ਼ ਵਾਇਸ ਵਿੱਚ ਕੇਸਰ ਸਿੰਘ ਨਰੂਲਾ ਜੀ ਨੇ ਰੀਕਾਰਡ ਕੀਤਾ।

ਪਹਿਲਾਂ ਜਸਵੰਤ ਭੰਵਰਾ ਜੀ ਨੇ ਸਰੁਪ ਬੱਲ ਦੀ ਆਵਾਜ਼ ਵਿੱਚ ਮੇਰਾ ਇਹ ਗੀਤ ਤਿਆਰ ਕੀਤਾ ਜਿਸਨੂੰ ਮਗਰੋਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਰੀਕਾਰਡ ਕੀਤਾ ਗਿਆ।

ਗੀਤ ਇਹ ਸੀ।

ਸੁਣ ਪਰਦੇਸੀ ਢੋਲਾ ਵੇ
ਵਾਗਾਂ ਵਤਨਾਂ ਨੂੰ ਮੋੜ।

ਕਿਸੇ ਵੇਲੇ ਐਚ.ਐਮ. ਵੀ ਰੀਕਾਰਡਿੰਗ ਕੰਪਨੀ ਉਨ੍ਹਾਂ ਦੇ ਨੈਸ਼ਨਲ ਮਿਊਜ਼ਿਕ ਕਾਲਿਜ ਵੱਚ ਹੀ ਪੰਜਾਬੀ ਲੋਕ ਸੰਗੀਤ ਦੀ ਆਡੀਸ਼ਨ ਕਰਦੀ ਹੁੰਦੀ ਸੀ। ਸੈਂਕੜੇ ਗਾਇਕ ਇੱਥੋਂ ਸੰਗੀਤ ਸਿੱਖ ਕੇ ਪਰਵਾਨ ਚੜ੍ਹੇ।

ਹਰਚਰਨ ਗਰੇਵਾਲ, ਰਾਜਿੰਦਰ ਰਾਜਨ, ਰਮੇਸ਼ ਰੰਗੀਲਾ, ਸੁਦੇਸ਼ ਕਪੂਰ, ਮੁਹੰਮਦ ਸਦੀਕ, ਕੇ. ਦੀਪ, ਜਗਮੋਹਨ ਕੌਰ, ਸੁਰਿੰਦਰ ਸ਼ਿੰਦਾ, ਸੁਰਜੀਤ ਮਾਧੋਪੁਰੀ, ਕਰਨੈਲ ਗਿੱਲ, ਕਰਮਜੀਤ ਗਰੇਵਾਲ, ਹੰਸ ਰਾਜ ਹੰਸ, ਲਾਭ ਜੰਜੂਆ, ਸੱਯਦਾ ਬਾਨੋ, ਅਸ਼ੋਕ ਚੰਚਲ, ਮਹਿੰਦਰ ਸਿੰਘ ਸੇਠੀ, ਭਗਵੰਤ ਸਿੰਘ ਕਾਲਾ, ਸਰਦੂਲ ਸਿਕੰਦਰ, ਗ਼ਮਦੂਰ ਸਿੰਘ ਅਮਨ, ਦਲਜੀਤ ਕੈਸ, ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਭਰਾ, ਰੁਪਿੰਦਰ ਰੂਪੀ, ਡਾ. ਸੁਖਨੈਨ, ਰਾਜਿੰਦਰ ਮਲਹਾਰ, ਰਵਿੰਦਰ ਛਾਬੜਾ, ਸਰੂਪ ਬੱਲ, ਮੰਨਾ ਢਿੱਲੋਂ ਸਮੇਤ ਕਈ ਹੋਰ ਗਾਇਕ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਤੋਂ ਸਿੱਖਦੇ ਰਹੇ। ਨੈਸ਼ਨਲ ਮਿਊਜ਼ਿਕ ਕਾਲਿਜ ਬੰਦ ਕਰਕੇ ਉਹ ਲੰਮਾ ਸਮਾਂ ਸਰਾਭਾ ਨਗਰ ਲੁਧਿਆਣਾ ਵਾਲੇ ਘਰ ਵਿੱਚ ਵੀ ਸ਼ਾਗਿਰਦਾਂ ਨੂੰ ਸੰਗੀਤ ਸਬਕ ਦਿੰਦੇ ਰਹੇ। 1984 ਵਿੱਚ ਮੈਂ ਉਨ੍ਹਾ ਨੂੰ ਪ੍ਰਿੰਸੀਪਲ ਹਰਮੀਤ ਕੌਰ ਜੀ ਦੇ ਕਹਿਣ ਤੇ ਰਾਮਗੜੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਦਾ ਵਿੱਚ ਸੰਗੀਤ ਅਗਵਾਈ ਲਈ ਬੇਨਤੀ ਕਰਕੇ ਲੈ ਗਿਆ। ਇੱਥੇ ਉਨ੍ਹਾਂ ਦੇ ਹੀ ਪ੍ਰਤਾਪ ਸਦਕਾ ਹੁਣ ਵੀ ਸੰਗੀਤ ਸਿਖ਼ਰਾਂ ਕਾਇਮ ਹਨ। ਗੁਰਬਾਣੀ ਸੰਗੀਤ ਵਿੱਚ ਵੀ ਭਾਈ ਨਿਰਮਲ ਸਿੰਘ ਖਾਲਸਾ, ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ, ਮਨਜੀਤ ਸਿੰਘ ਬੰਬਈ ਵਾਲੇ, ਰਵਿੰਦਰ ਸਿੰਘ ਵਿੰਕਲ, ਸੰਤ ਨਿਰੰਜਨ ਸਿੰਘ ਜਵੱਦੀ, ਬਾਬਾ ਜ਼ੋਰਾ ਸਿੰਘ ਧਰਮਕੋਟ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੇ ਅਨੇਕਾਂ ਹੋਰ ਸੱਜਣ ਉਨ੍ਹਾਂ ਦੇ ਸ਼ਾਗਿਰਦ ਰਹੇ। ਪ੍ਰਸਿੱਧ ਹੋਟਲ ਕਾਰੋਬਾਰੀ ਤੇ ਵਾਇਲਨ ਵਾਦਕ ਸ. ਨ. ਸ. ਨੰਦਾ ਨੇ ਇਕ ਵਾਰ ਦੱਸਿਆ ਸੀ ਕਿ ਮੈਂ , ਸੁਚਿੰਦਰ ਸਿੰਘ ਭੋਗਲ, ਰਾਜਿੰਦਰ ਸਿੰਘ ਬਾਵਾ ਤੇ ਗ਼ਜ਼ਲ ਗਾਇਕ ਜਗਜੀਤ ਸਿੰਘ ਵੀ ਨੈਸ਼ਨਲ ਮਿਊਜ਼ਿਕ ਕਾਲਿਜ 'ਚ ਸੰਗੀਤ ਵਾਦਨ ਤੇ ਗਾਇਨ ਸਿੱਖਦੇ ਰਹੇ ਹਾਂ।

ਉਸਤਾਦ ਲਾਲ ਚੰਦ ਯਮਲਾ ਜੱਟ, ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ, ਦਲੀਪ ਸਿੰਘ ਜੀ ਤਬਲਾ ਵਾਦਕ, ਪ੍ਰੋ. ਕਰਤਾਰ ਸਿੰਘ, ਅਮਰ ਨੂਰੀ ਦੇ ਪਿਤਾ ਜੀ ਰੌਸ਼ਨ ਸਾਗਰ, ਸਰਦੂਲ ਸਿਕੰਦਰ ਦੇ ਪਿਤਾ ਜੀ ਸਾਗਰ ਮਸਤਾਨਾ, ਪ੍ਰਿੰਸੀਪਲ ਹਰਚੰਦ ਸਿੰਘ ਰਾਗੀ, ਪੂਰਨ ਸ਼ਾਹਕੋਟੀ ਸਭ ਉਨ੍ਹਾਂ ਦੇ ਵੱਡੇ ਛੋਟੇ ਭਰਾਵਾਂ ਵਰਗੇ ਹਨ।

ਭੰਵਰਾ ਜੀ ਦੇ ਰੰਗ ਬਰੰਗੇ ਜਲਵਿਆਂ ਵਿੱਚੋਂ ਬਹੁਤ ਕੁਝ ਮੈਂ ਖ਼ੁਦ ਵੀ ਅੱਖੀਂ ਵੇਖਿਆ ਹੈ ਕਿਉਂਕਿ ਭੰਵਰਾ ਜੀ ਦੀ ਜੀਵਨ ਸਾਥਣ ਬੀਬੀ ਸੁਰਜੀਤ ਕੌਰ ਨੂਰ ਕਾਰਨ ਪੰਜਾਬੀ ਸਾਹਿਤ ਸਭਾ ਲੁਧਿਆਣਾ ਦੀਆਂ ਮਾਸਿਕ ਇਕੱਤਰਤਾਵਾਂ 1971 ਤੋਂ 1975 ਤੀਕ ਨੈਸ਼ਨਲ ਮਿਊਜ਼ਿਕ ਕਾਲਿਜ ਵਿੱਚ ਹੀ ਹੁੰਦੀਆਂ ਸਨ । ਉਦੋਂ ਪੰਜਾਬੀ ਭਵਨ ਅਜੇ ਪੂਰਾ ਉਸਰਿਆ ਨਹੀਂ ਸੀ।

1986 'ਚ ਰਾਮਗੜ੍ਹੀਆ ਕਾਲਿਜ ਵਿੱਚ ਪੰਜਾਬ ਯੂਨੀਵਰਸਿਟੀ ਯੂਥ ਫੈਸਟੀਵਲ ਚੱਲ ਰਿਹਾ ਸੀ । ਕਾਲਿਜ ਦੇ ਲਾਅਨ ਵਿੱਚ ਭੁੰਜੇ ਬਹਿ ਕੇ ਅਸੀਂ ਕੁਝ ਦੋਸਤ ਭੰਵਰਾ ਸਾਹਿਬ, ਪਦਮ ਸ਼੍ਰੀ ਪ੍ਰੋ. ਕਰਤਾਰ ਸਿੰਘ ਤੇ ਡਾ. ਆਤਮਜੀਤ ਨਾਟਕਕਾਰ ਦੀ ਸੰਗਤ ਮਾਣ ਰਹੇ ਸਾਂ।

ਗੌਰਮਿੰਟ ਕਾਲਿਜ ਵਾਲੇ ਪ੍ਰੋ. ਮ ਸ ਚੀਮਾ ਵੀ ਸਾਡੇ 'ਚ ਆਣ ਬੈਠੇ ਤੇ ਭੰਵਰਾ ਜੀ ਨੂੰ ਸੰਬੋਧਿਤ ਹੋ ਕੇ ਬੋਲੇ, ਭਮਰਾ!

ਤੁਸੀਂ ਮਿਸਤਰੀਆਂ ਨੇ ਸੰਗੀਤ ਦੇ ਖੇਤਰ 'ਚ ਕਮਾਲਾਂ ਕੀਤੀਆਂ ਨੇ। ਉਨ੍ਹਾਂ ਰਾਮਗੜੀਆ ਭਾਈਚਾਰੇ ਦੇ ਕੁਝ ਸਿਰਕੱਢ ਗਾਇਕਾਂ ਤੇ ਸੰਗੀਤਕਾਰਾਂ ਦੇ ਨਾਮ ਗਿਣਾਏ। ਇਹ ਸੁਣ ਕੇ ਭੰਵਰਾ ਜੀ ਬੋਲੇ,

ਚੀਮਾ ਜੀ ,ਤੁਹਾਡੇ ਬਾਰੇ ਆਮ ਧਾਰਨਾ ਹੈ ਕਿ ਤੁਸੀਂ ਤਾਂ ਬੰਦੇ ਦੀ ਤੋਰ ਵੇਖ ਕੇ ਹੀ ਪਿੰਡ, ਭਾਈਚਾਰਾ ਤੇ ਨਾਨਕੇ ਦਾਦਕੇ ਦੱਸ ਦੇਂਦੇ ਓ, ਪਰ ਅੱਜ ਭੁਲੇਖਾ ਖਾ ਗਏ। ਮੈਂ ਸੰਗੀਤ ਸਾਧਕ ਜ਼ਰੂਰ ਹਾਂ, ਜਾਤ ਗੋਤ ਤੋਂ ਪਰੇਡੇ , ਪਰ ਜਨਮ ਜਾਤ ਮੈਂ ਖ਼ਾਨਦਾਨੀ ਮਾਨ ਜੱਟ ਹਾਂ, ਖਮਾਣੋਂ (ਚੰਡੀਗੜ੍ਹ ਰੋਡ) ਤੋਂ। ਏਸੇ ਕਰਕੇ ਹੀ ਮੈਂ ਕਦੇ ਕਦੇ ਵਿਗੜ ਜਾਂਦਾ ਹਾਂ ਤੇ ਨਫ਼ੇ ਨੁਕਸਾਨ ਦੀ ਵੀ ਪ੍ਰਵਾਹ ਨਹੀਂ ਕਰਦਾ। ਮੇਰਾ ਸੰਗੀਤ ਉਸਤਾਦ ਗਿਆਨੀ ਸੰਪੂਰਨ ਸਿੰਘ ਜੀ ਸਨ ਤਲਵੰਡੀ ਘਰਾਣੇ 'ਚੋਂ।

ਚੀਮਾ ਸਾਹਿਬ ਪਹਿਲੀ ਵਾਰ ਸਾਡੇ ਸਾਹਮਣੇ ਧੋਖਾ ਖਾ ਗਏ ਸਨ ।

1991 ਵਿੱਚ ਮੇਰੀ ਜੀਵਨ ਸਾਥਣ ਪ੍ਰੋ. ਨਿਰਪਜੀਤ ਕੌਰ ਨੂੰ ਕੈਂਸਰ ਦੀ ਨਾ ਮੁਰਾਦ ਬੀਮਾਰੀ ਨੇ ਘੇਰ ਲਿਆ। ਉਸਤਾਦ ਜਸਵੰਤ ਭੰਵਰਾ ਜੀ ਉਹਨੀਂ ਦਿਨੀਂ ਸੰਤ ਬਾਬਾ ਸੁੱਚਾ ਸਿੰਘ ਅਤੇ ਬੀਬੀ ਜਸਬੀਰ ਕੌਰ ਖਾਲਸਾ ਦੇ ਬੁਲਾਵੇ ਤੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ(ਲੁਧਿਆਣਾ) ਵਿੱਚ ਪਹਿਲੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਤਿਆਰੀ ਕਰਵਾ ਰਹੇ ਸਨ।

ਭੰਵਰਾ ਸਾਹਿਬ ਕਈ ਵਾਰ ਸ਼ਾਮ ਨੂੰ ਬੀਮਾਰ ਪੁਰਸੀ ਲਈ ਸੰਤ ਬਾਬਾ ਸੁੱਚਾ ਸਿੰਘ ਜੀ ਨਾਲ ਆਉਂਦੇ। ਗੁਰਬਾਣੀ ਪਾਠ ਕਰਕੇ ਪਰਿਵਾਰ ਨੂੰ ਢਾਰਸ ਦਿੰਦੇ। ਨਿਰਪਜੀਤ ਰਾਮਗੜ੍ਹੀਆ ਗਰਲਜ਼ ਕਾਲਿਜ ਦੀ ਅਧਿਆਪਕਾ ਤੇ ਸੱਭਿਆਚਾਰਕ ਸਰਗਰਮੀਆਂ ਦੀ ਇੰਚਾਰਜ ਹੋਣ ਕਾਰਨ ਬਹੁਤ ਸਤਿਕਾਰ ਕਰਦੇ ਸਨ।

ਪਹਿਲੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਵੱਦੀ ਕਲਾਂ ਵਿੱਚ ਭੰਵਰਾ ਸਾਹਿਬ ਮੁੱਖ ਸੂਤਰਧਾਰ ਸਨ। ਇਸ ਸਮਾਗਮ ਵਿੱਚ ਗਾਇਨ ਕੀਤੇ 31 ਰਾਗਾਂ ਦੀਆਂ ਕੈਸਿਟਸ ਦੇ ਸੈੱਟ ਬਣੇ ਤਾਂ ਉਸ ਵਿੱਚ ਰਾਗਾਂ ਦੀ ਬੁਨਿਆਦੀ ਜਾਣਕਾਰੀ ਵੀ ਜਸਵੰਤ ਭੰਵਰਾ ਜੀ ਨੇ ਰੀਕਾਰਡ ਕਰਵਾਈ। ਇਸ ਨੂੰ ਅੱਜ ਵੀ ਯੂ ਟਿਉਬ ਤੋਂ ਸੁਣਿਆ ਜਾ ਸਕਦਾ ਹੈ। ਇਹ 16 ਕੈਸਿਟਸ ਦਾ ਪਹਿਲਾ ਸੈੱਟ ਸੰਤ ਬਾਬਾ ਸੁੱਚਾ ਸਿੰਘ, ਜਸਵੰਤ ਭੰਵਰਾ ਜੀ ਦੇ ਸੰਗ ਸਾਥ ਅਸੀਂ ਹਰਿਮੰਦਰ ਸਾਹਿਬ ਜਾ ਕੇ ਭੇਂਟ ਕਰਕੇ ਆਏ। ਮੇਰੇ ਲਈ ਨਿੱਜੀ ਤੌਰ ਤੇ ਇਹ ਵਡਭਾਗੀ ਮੌਕਾ ਸੀ।

ਇਸੇ ਸਮੇਂ ਦੌਰਾਨ ਹੀ ਟੈਕਸਲਾ ਸਟੁਡੀਉ ਵਿੱਚ ਸੰਤ ਨਿਰੰਜਨ ਸਿੰਘ ਤੇ ਭਾਈ ਕੁਲਦੀਪ ਸਿੰਘ ਰਾਗੀ ਦੀ ਆਵਾਜ਼ ਵਿੱਚ ਗੁਰਬਾਣੀ ਸ਼ਬਦਾਂ ਦੀ ਪਹਿਲੀ ਕੈਸਿਟ "ਗੁਰ ਪਰਮੇਸ਼ਰ ਪੂਜੀਏ" ਜਸਵੰਤ ਭੰਵਰਾ ਜੀ ਨੇ ਆਪਣੇ ਸੰਗੀਤ ਵਿੱਚ ਰੀਕਾਰਡ ਕੀਤੀ।

ਉਸਤਾਦ ਜਸਵੰਤ ਭੰਵਰਾ ਜੀ ਦੇ ਸ਼ਾਗਿਰਦਾਂ ਸੁਰਿੰਦਰ ਸ਼ਿੰਦਾ ਤੇ ਸਾਥੀਆਂ ਵੱਲੋਂ ਪੰਜਾਬੀ ਭਵਨ ਲੁਧਿਆਣਾ ਦੇ ਬਾਹਰ ਲੱਗੇ ਬੁੱਤ ਕੋਲੋਂ ਜਦ ਵੀ ਲੰਘਦਾ ਹਾਂ ਉਨ੍ਹਾਂ ਦੀ ਮੁਸਕਾਨ ਮੇਰੇ ਸਾਹਾਂ ਵਿੱਚ ਵਿਸਮਾਦ ਘੋਲ਼ ਜਾਂਦੀ ਹੈ।

ਭੰਵਰਾ ਸਾਹਿਬ ਨਾਲ ਸਬੰਧਤ ਯਾਦਾਂ ਦਾ ਅਨੰਤ ਭੰਡਾਰ ਹੈ ਮੇਰੇ ਕੋਲ। ਬਾਕੀ ਕਿਤੇ ਫਿਰ ਸਹੀ।

-ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ