Samyan Ton Paar : Piara Singh Kuddowal

ਸਮਿਆਂ ਤੋਂ ਪਾਰ : ਪਿਆਰਾ ਸਿੰਘ ਕੁੱਦੋਵਾਲ

1. ਸਮਿਆਂ ਤੋਂ ਪਾਰ

ਘਰ ਬਸਤੀ ਰਾਖ਼, ਸ਼ਹਿਰ ਰਾਖਸ਼ ਨਾਲ ਭਿੜ ਰਿਹੈ।
ਜਿੰਦਾ ਰਹੀ ਮੇਰੀ ਆਸ ਇਰਾਦਾ ਵੀ ਦ੍ਰਿੜ ਰਿਹੈ।

ਬਾਬਰ ਔਰੰਗ ਹਿਟਲਰ, ਮੁੜ ਮੁੜ ਆਉਂਦੇ ਜਾਪਦੇ
ਸ਼ਹਿਰ ਮੇਰਾ ਪਾਣੀ ਕਦੇ ਅੱਗ ਵਿਚ ਇਉਂ ਘਿਰ ਰਿਹੈ।

ਸੁਣਿਐ ਪਾਪੀ ਮਾਰਨ ਲਈ, ਪਾਪ ਹੁੰਦਾ ਮਹਾਂਬਲੀ
ਕੀ ਹੋਵੇਗਾ ਪਾਪ ਦਾ ਅੰਤ, ਸਦੀਆਂ ਤੋਂ ਜੋ ਫ਼ਿਰ ਰਿਹੈ।

ਮੌਤ ਤਾਂ ਪਹਿਲਾਂ ਵੀ ਆਈ ਕਈ ਵਾਰ ਸ਼ਹਿਰ ਵਿਚ
ਹਰ ਵਾਰ ਕੋਈ ਮਸੀਹਾ ਦਿੰਦਾ ਆਪਣਾ ਸਿਰ ਰਿਹੈ।

ਉਂਞ ਤਾਂ ਇਸ ਸ਼ਹਿਰ ਦਾ ਹਰ ਸ਼ਖਸ਼ ਕੰਡਾ ਬਣ ਚੁੱਕੈ
ਕੌਣ ਹੈ ਜੋ ਬਣ ਕੇ ਖੁਸ਼ਬੂ ਵਿਚ ਹਵਾ ਦੇ ਬਿਖ਼ਰ ਰਿਹੈ।

ਬੇਸ਼ਕ ਅੱਗ ਬਹੁਰੰਗੀ, ਲੱਗੀ ਹੈ ਹਰ ਘਰ ਅੰਦਰ
ਹਰ ਘਰ ਅੰਦਰ ਖ਼ੁਸ਼ਬੂ ਦਿੰਦਾ, ਫੁੱਲ ਵੀ ਹੈ ਖਿੜ ਰਿਹੈ।

ਚੰਨ ਤੇ ਕਦੇ ਮੰਗਲ 'ਤੇ ਜਾਵਾਂ, ਤੈਨੂੰ ਭੁੱਲਾਉਣ ਲਈ
ਕੌਣ ਹੈ, ਫ਼ਿਰ ਸੁਰਤੀ ਵਿਚ, ਜੋ ਤੈਨੂੰ ਸਿਮਰ ਰਿਹੈ।

ਬਸਤੀ ਛੱਡ ਕੇ ਕੁੱਦੋਵਾਲ, ਟੁਰ ਗਿਆ ਹੈ ਬਹੁਤ ਦੂਰ
ਉਹੀ ਹੈ ਜੋ ਸ਼ਹਿਰ ਦੀ, ਕੈਨਵਸ ਤੇ ਯਾਦਾਂ ਚਿਤਰ ਰਿਹੈ।

ਕੁੱਦੋਵਾਲ ਕੀ ਉਹਦਾ ਜੀਣਾ, ਜੋ ਮਰ ਮਰ ਕੇ ਜੀਵਿਆ
ਉਹ ਸਮਿਆਂ ਤੋਂ ਪਾਰ ਗਿਆ, ਜੋ ਖੜਾ ਸਥਿਰ ਰਿਹੈ।

2. ਦੁੱਖ ਸੁੱਖ

ਫੁੱਲ ਦੁੱਖ ਸੁੱਖ ਦੇ, ਖਿੜਦੇ ਤੇ ਝੜ ਜਾਂਦੇ ਨੇ।
ਜ਼ਖਮ ਡੂੰਘੇ ਵੀ ਹੋਵਣ, ਇੱਕ ਦਿਨ ਭਰ ਜਾਂਦੇ ਨੇ।

ਖੜ੍ਹ ਜਾਵੇ ਨਿੱਤ ਉਲਝਣ ਮੇਰੀ ਰਾਹ ਵਿਚ ਮੇਰੇ
ਉਂਜ ਤਾਂ ਸਾਰੇ ਰਸਤੇ ਹੀ ਤੇਰੇ ਘਰ ਜਾਂਦੇ ਨੇ।

ਰੋਜ਼ ਰਾਤ ਨੂੰ ਸੁਫ਼ਨੇ ਮੇਰੇ ਤੇਰੇ ਘਰ ਜਾਵਣ
ਤੇਰੀਆਂ ਕੰਧਾਂ ਨਾਲ ਜੂਝ ਕੇ ਮਰ ਜਾਂਦੇ ਨੇ।

ਸਮੇਂ ਦਾ ਗੇੜ ਹੈ ਜਾਂ ਸੋਚ ਦਾ ਫੇਰ ਅੱਜ ਕੱਲ
ਬੋਲੀ ਬਦਲਦੇ ਸਾਥੀ ਤੇ ਰਾਹ ਬਿਖਰ ਜਾਂਦੇ ਨੇ।

ਰੋਸ਼ਨ ਮੁਨਾਰਾ ਵੀ ਹੋਵੇ ਤੇ ਦਿਲ ਨੂੰ ਪਿਆਰਾ ਵੀ
ਉਹ ਸੂਰਜ ਨੇ ਕਿਥੇ ਜੋ ਦੂਰ ਹਨੇਰਾ ਕਰ ਜਾਂਦੇ ਨੇ।

ਤੇਰੇ ਘਰ ਦਾ ਬੂਹਾ ਬੰਦ ਮੇਰੇ ਦਿਲ ਦੀ ਧੜਕਣ
ਲੋਕੋ ਮੁਹੱਬਤ ਦੇ ਵਣਜਾਰੇ ਹੋ ਬੇਘਰ ਜਾਂਦੇ ਨੇ।

ਜਿਸ ਸ਼ਹਿਰ ਵਿਚ ਲੋਕ ਵਸੀਂਦੇ ਕੁੱਦੋਵਾਲ ਨਹੀਂ
ਉਸ ਸ਼ਹਿਰ ਦੇ ਰਾਹ ਵੀ ਅਕਸਰ ਵਿਸਰ ਜਾਂਦੇ ਨੇ।

3. ਦਾਗ਼

ਕਿਉਂ ਬਿਨ ਮਤਲਬ ਲੋਕੀ, ਰੋਂਦੇ ਰਹਿੰਦੇ ਨੇ।
ਸਭ ਕੁੱਝ ਤੇ ਨਹੀਂ ਮਿਲਦਾ, ਸਿਆਣੇ ਕਹਿੰਦੇ ਨੇ।

ਦੇਖ ਕੇ ਤੇਰੇ, ਆਪਣੇ ਦਰਦ ਵੀ ਜਾਗ ਪਏ
ਦਾਗ਼ ਜ਼ਖ਼ਮ ਦੇ, ਆਪ ਕਹਾਣੀ ਕਹਿੰਦੇ ਨੇ।

ਅੱਤ ਜਨੂੰਨੀ, ਕੱਟਰਪੰਥੀ, ਦਹਿਸ਼ਤਗਰਦ
ਦੁਸ਼ਮਣ ਮਾਨਵਤਾ ਦੇ, ਕਿਤੇ ਵੀ ਰਹਿੰਦੇ ਨੇ।

ਰੋਜ਼ ਰਾਤ ਨੂੰ, ਪਿੰਡ ਵੀ ਜੰਗਲ ਬਣ ਜਾਂਦਾ
ਤ੍ਰਿਆਸੀ ਤੋਂ ਤਿਰਾਨਵੇਂ, ਤੀਕਰ ਕਹਿੰਦੇ ਨੇ।

ਜੇਲ੍ਹਾਂ, ਤਿਹਾੜ, ਸਾਇਬੇਰੀਆ, ਅਬੂਗ਼ਰੀਬ, ਦੀਆਂ
ਮਾਰਾਂ ਇਕੋ ਜਿਹੀਆਂ, ਚੜ੍ਹਦੇ ਲਹਿੰਦੇ ਨੇ।

ਰਹਿਬਰ ਅੱਜ ਕੱਲ, ਭੁੱਲ ਬੈਠੇ ਨੇ ਰਾਹਬਰੀ
ਬੰਦਿਆਂ ਅੰਦਰ ਬੈਠੇ, ਝੋਟੇ ਖਹਿੰਦੇ ਨੇ।

ਦਿਲ ਦਰਵਾਜ਼ੇ ਬੰਦ, ਦਿਮਾਗੀ ਜੰਦਰੇ
ਕੁੱਦੋਵਾਲ ਹੁਣ ਨੇਤਾ, ਸੁੱਖ ਨਾਲ ਰਹਿੰਦੇ ਨੇ।

4. ਚਿਰਾਗ਼

ਜਗਦਾ ਜਦੋਂ ਵੀ, ਕਿਸੇ ਘਰ ਦਾ ਚਿਰਾਗ਼।
ਹਨੇਰਾ ਦੂਰ ਤੱਕ ਢੋਂਹਦਾ, ਉਸਦਾ ਸੁਰਾਗ।

ਕੁੜਤੀ ਮਲਮਲ ਦੀ, ਨਹੀਂ ਕੱਲੀ ਗੁਨਾਹਗਾਰ
ਚਿੱਟੇ ਚੋਲੇ ਵੀ ਹੁੰਦੇ ਨੇ, ਅਕਸਰ ਦਾਗੋਦਾਗ।

ਤੂੰ ਸੰਭਲ ਤੇ ਸੰਭਾਲ, ਆਪਣੀ ਤਲਵਾਰ
ਸਿਰ ਦੇਣਾ ਹੈ ਮੈਂ, ਇਹ ਹੈ ਮੇਰਾ ਸੁਭਾਗ।

ਸਿਰਫ ਜੀਣਾ ਨਹੀਂ, ਮਰਨਾ ਵੀ ਹੈ ਇੱਕ ਅਦਾ
ਜ਼ਿੰਦਗੀ ਉਹ ਹੈ, ਜੋ ਮੌਤ ਪਿਛੋਂ ਵੀ ਰਹੇ ਬੇਦਾਗ।

ਸਿਰ ਤਲੀ ਤੇ ਰੱਖਣਾ, ਮਕਤਲ ਵੱਲ ਤੁਰਨਾ
ਗਾਉਣਾ ਸਦੀਆਂ ਨੇ, ਐਸੇ ਹੀ ਪਲਾਂ ਦਾ ਰਾਗ।

ਰਸ਼ਕ ਹੁੰਦੈ ਤੱਕ ਕੇ, ਕਈ ਬੁੰਗੇ ਸ਼ਹੀਦਾਂ ਦੇ
ਕਸ਼ਟ ਹੁੰਦੈ ਤੱਕ ਕੇ, ਬੁਝੇ ਘਰਾਂ ਦੇ ਚਿਰਾਗ।

ਨ ਮਿਟਣਗੇ ਕਦੇ, ਸਦਾ ਹੀ ਰਹਿਣਗੇ ਨਿਖ਼ਰੇ
ਸੂਹੇ ਚਿੱਤਰ ਨੇ ਕੰਧਾਂ ਤੇ, ਸਾਡੇ ਖੂਨ ਦੇ ਦਾਗ।

ਮਿਟਾਉ ਬੇਸ਼ਕ, ਫੈਲ ਜਾਣਾ ਇਤਿਹਾਸ ਵਿਚ
ਬਣ ਕੇ ਕਥਾ, ਦਿੱਤੀਆਂ ਕੁਰਬਾਨੀਆਂ ਦੀ ਯਾਦ।

ਹਨੇਰੀ ਝੁੱਲਦੀ, ਤਾਂ ਫੁੱਲਾਂ ਦੀ ਰਾਖੀ ਕੌਣ ਬਹਿੰਦੈ
ਐਸੇ ਮੌਸਮਾਂ ਵਿਚ, ਤਾਂ ਉਜੜ ਜਾਂਦੇ ਨੇ ਬਾਗ।

5. ਢਾਣੀ

ਇੱਕ ਢਾਣੀ, ਆਪਣੇ ਹੀ, ਸ਼ਹਿਰ ਚਲੀ ਦੋਸਤੋ।
ਅੱਗ ਅੱਗ ਖੇਡਦੀ, ਗਲੀ ਗਲੀ ਦੋਸਤੋ।

ਖਿੜ ਰਹੀ, ਰਾਤ ਦੀ ਰਾਣੀ, ਸੀ ਬੇਖਬਰ
ਰੁੱਤ ਐਸੀ, ਮਸਲ ਦਿੱਤੀ, ਹਰ ਕਲੀ ਦੋਸਤੋ।

ਜੰਮ ਨ ਦਏ ਕਿਤੇ, ਲੋਕਾਂ ਦਾ ਵਾਰਸ
ਪੇਟ ਤੋਂ ਸੀ, ਜੋ ਵੀ ਔਰਤ, ਦਲੀ ਦੋਸਤੋ।

ਵਕਤ ਦਾ ਕਾਨੂੰਨ, ਖੜ੍ਹਾ ਹੱਸਦਾ ਰਿਹਾ
ਅੱਗ ਮੰਗਦੀ ਰਹੀ, ਬੰਦੇ ਦੀ ਬਲੀ ਦੋਸਤੋ।

ਰੁੱਖ ਬੜਾ ਜਦ ਵੀ ਗਿਰੇ, ਆਲ੍ਹਣੇ ਵੀ ਟੁੱਟਦੇ
ਬੇਖ਼ਬਰ ਪੰਛੀ, ਅੱਗ ਮਹਾਂ-ਛਲੀ ਦੋਸਤੋ।

ਕੁੱਦੋਵਾਲ ਦੀ ਵੀ, ਕਿਸੇ ਨਾ ਲਈ ਖ਼ਬਰ
ਘਰ ਅੰਦਰ ਲਾਸ਼ ਤੱਕ, ਭਾਵੇਂ ਜਲੀ ਦੋਸਤੋ।

6. ਸੂਰਜ

ਮੇਰੇ ਮਨ ਵਿਚ ਚੜ੍ਹ ਗਿਆ ਸੂਰਜ।
ਨ੍ਹੇਰੇ ਮੂਹਰੇ ਅੜ੍ਹ ਗਿਆ ਸੂਰਜ।

ਮੇਰੇ ਦਿਲ ਨੂੰ ਰੋਸ਼ਨ ਕਰਕੇ
ਵਿਚ ਅਕਾਸ਼ੀਂ ਖੜ੍ਹ ਗਿਆ ਸੂਰਜ।

ਇੱਕ ਸਵੇਰ ਨਾ ਦੇਣੀ ਮੰਨਿਆ
ਵੇਖੋ ਕਿਵੇਂ ਤੜ੍ਹ ਗਿਆ ਸੂਰਜ।

ਪੱਛਮ ਵੱਲ ਨੂੰ ਢੋਈ ਜਾਂਦਾ
ਪੂਰਬ ਵਿਚ ਜੁ ਪੜ੍ਹ ਗਿਆ ਸੂਰਜ।

ਜਜ਼ਬਾਤ ਦੀ ਕਦਰ ਨਾ ਪਾਵੇ
ਤਕਰੀਰਾਂ ਵਿਚ ਹੜ੍ਹ ਗਿਆ ਸੂਰਜ।

ਨਜ਼ਰ ਮੇਰੀ 'ਚੋਂ ਡਿੱਗਿਆ ਏਦਾਂ
ਲੋਕੀਂ ਸਮਝਣ ਮਰ ਗਿਆ ਸੂਰਜ।

ਕਿਰਨਾਂ ਮੈਨੂੰ ਚਿਪਕਣ ਛੁਹਵਣ
ਦੇਖੋ ਕਿਵੇਂ ਸੜ੍ਹ ਗਿਆ ਸੂਰਜ।

ਆਪਣੀ ਰੋਸ਼ਨ ਕਲਾ ਦੇ ਸਦਕੇ
ਕੁੱਦੋਵਾਲ ਕਈ ਘੜ੍ਹ ਗਿਆ ਸੂਰਜ।

7. ਚੰਨ

ਤਪਦਾ ਰੇਤਾ, ਕੱਲਾ ਰੁੱਖ, ਰੋਵੇ ਚੰਨ।
ਤੋਪਾਂ ਚੱਲਣ, ਰੀਝਾਂ ਟੁੱਟਣ, ਸੋਵੇ ਚੰਨ।

ਖੁਸ਼ੀ ਗਮੀ ਦਾ ਸੰਗ, ਤੇਰੇ ਸੰਗ ਵਰਗਾ
ਦਰਦ ਆਪਣਾ, ਹੰਝੂਆਂ ਵਿਚ ਡੁਬੋਵੇ ਚੰਨ।

ਪਹਿਲਾਂ ਪਹਿਲਾਂ, ਝਾਤ ਜਹੀ ਪਾ ਛੁਪ ਜਾਵੇ
ਅੱਧਾ ਪੌਣਾ ਚੰਨ, ਵੀ ਲੱਗੇ ਪੂਰਾ ਚੰਨ।

ਤੇਰਾ ਗ਼ਮ, ਇਨਕਲਾਬ ਦਾ ਰਾਹ ਬਣਿਆ
ਮੋਢਿਆਂ ਉਤੇ, ਦੁੱਖ ਲੋਕਾਂ ਦੇ ਢੋਵੇ ਚੰਨ।

ਹੁਣ ਆਜ਼ਾਦੀ, ਜਾਂ ਸ਼ਹਾਦਤ ਪਾਉਣੀ ਹੈ
ਹਿੱਕ ਤਾਣ ਕੇ, ਉਚੀ ਨਜ਼ਰ ਖਲੋਵੇ ਚੰਨ।

ਮੇਰੀ ਬਸਤੀ, ਬਾਰਸ਼ ਕਦੇ ਉਡੀਕੇ ਨਾ
ਰਾਤ ਚਾਨਣੀ, ਛੱਤਾਂ ਥਾਣੀ ਚੋਵੇ ਚੰਨ।

ਸਰੱਹਦਾਂ ਬੰਨੇ, ਤੋੜ ਕੇ ਮੈਂ ਇੱਕ ਕਰਾਂ
ਅੰਬਰਸਰ-ਲਾਹੌਰ 'ਤੇ, ਜਦ ਖਲੋਵੇ ਚੰਨ।

ਕੁੱਦੋਵਾਲ ਤਾਂ, ਬਿਖੜੇ ਰਾਹੀਂ ਤੁਰਦਾ ਹੈ
ਭਾਵੇਂ ਹੋਵੇ ਨਾਲ, ਜਾਂ ਨਾ ਹੋਵੇ ਚੰਨ।

8. ਸਮੁੰਦਰ

ਸਮੁੰਦਰ ਚੀਰ, ਪਰਬਤਾਂ ਤੇ ਚੜ੍ਹ ਜਾਵਾਂਗਾ।
ਮੇਰਾ ਵਿਸ਼ਵਾਸ ਹੈ, ਮੈਂ ਤੇਰੇ ਘਰ ਆਵਾਂਗਾ।

ਹਨੇਰੀ ਚੜ੍ਹ ਕੇ ਆਵੇਗੀ, ਉਠਣਗੇ ਬੇਸ਼ਕ ਤੂਫ਼ਾਨ
ਮੇਰਾ ਯਕੀਨ ਹੈ, ਇਤਿਹਾਸ ਮੈਂ ਨਵਾਂ ਘੜ੍ਹ ਜਾਵਾਂਗਾ।

ਕਿਨਾਰਾ ਤੋੜਨਾ, ਕੋਸ਼ਿਸ਼ ਰਹੀ ਲਗਾਤਾਰ ਲਹਿਰਾਂ ਦੀ
ਸੀਨਾ ਤਾਣ ਕੇ ਆਪਣਾ, ਮੈਂ ਸਾਹਵੇਂ ਖੜ੍ਹ ਜਾਵਾਂਗਾ।

ਸਰਮਦ ਨਹੀਂ, ਮਨਸੂਰ ਤੇ ਈਸਾ ਵੀ ਨਹੀਂ ਹਾਂ
ਲੋਕ ਹੱਕਾਂ ਦੀ ਖਾਤਰ, ਪਰ ਸੂਲੀ ਚੜ੍ਹ ਜਾਵਾਂਗਾ।

ਮੇਰੇ ਕਦਮ ਨ ਡੋਲਣਗੇ, ਖੁਦ ਚੱਲ ਕੇ ਆਵਣਗੇ
ਸਿਰ ਤਲੀ 'ਤੇ ਰੱਖ ਆਪਣਾ, ਚੌਕ 'ਚ ਖੜ ਜਾਵਾਂਗਾ।

ਰੋਸ਼ਨ ਰਹੇਗੀ ਸਦਾ, ਨਾ ਬੁੱਝ ਜਾਣ ਦੀ ਕਦੇ ਸ਼ੰਕਾ
ਸ਼ਮਾਂ ਮਾਨਵੀ ਮੁੱਲਾਂ ਦੀ, ਮੈਂ ਜਿਸ ਤੇ ਸੜ ਜਾਵਾਂਗਾ।

ਬੇਸ਼ਕ ਵਿਸ਼ਾਲ ਹੈ ਸਾਗਰ, ਤੇ ਬੜਾ ਗਹਿਰਾ ਵੀ
ਉਸਦੀ ਵੀ ਹੈ ਸੀਮਾ, ਮੈਂ ਜਿਸਨੂੰ ਫੜ ਜਾਵਾਂਗਾ।

9. ਸ਼ਹਾਦਤ

ਸੂਰਜ ਛਿਪ ਗਿਐ, ਕਾਇਨਾਤ ਬਦਲ ਰਹੀ ਹੈ।
ਹਨੇਰੇ ਦੀ ਸ਼ਹਿ 'ਚ, ਦਹਿਸ਼ਤ ਮਚਲ ਰਹੀ ਹੈ।

ਜੋ ਕੱਲ ਤੱਕ, ਤੇਰੇ ਸ਼ਹਿਰ ਦੇ ਚੌਕਾਂ 'ਚ ਡੁੱਲ੍ਹਾ
ਉਸ ਲਹੂ ਦੀ ਰੰਗਤ, ਅੱਜ ਕੰਧਾਂ ਤੇ ਚੜ੍ਹ ਰਹੀ ਹੈ।

ਗਲ ਮੇਰੇ ਵਿਚ ਟਾਇਰ ਪਾ, ਮੈਨੂੰ ਜਲਾ ਰਹੇ ਓ
ਸ਼ਹਾਦਤ ਦੇ ਪਰਵਾਨਿਆਂ ਲਈ, ਲਾਟ ਬਲ ਰਹੀ ਹੈ।

ਨੀਤੀ ਚਲਾ ਕੇ ਹਾਰੇ, ਤੋਪਾਂ ਚਲਾ ਕੇ ਹਾਰੇ
ਪਰ ਕੌਮ ਮੇਰੀ, ਕੁਰਬਾਨੀ ਦੀ, ਨਸਲ ਰਹੀ ਹੈ।

'ਹਾਂ ਜੀ ਹਾਂ ਜੀ' ਕਹਿਣਾ, ਤੇ ਖ਼ਾਮੋਸ਼ ਰਹਿਣਾ
ਬੱਸ ਇਹੋ ਸਮਝਦਾਰੀ ਮੈਨੂੰ, ਖ਼ਲ ਰਹੀ ਹੈ।

ਕਦੇ ਤਾਂ ਮਰਦ, ਔਰਤ ਦੀ ਕਰੇਗਾ ਕਦਰ
ਆਸ ਇਹੀ, ਦਿਲ ਵਿਚ ਮਿਰੇ, ਪਲ ਰਹੀ ਹੈ।

ਜਿਨ੍ਹਾਂ ਦੇ ਚੁੱਲ੍ਹਿਆਂ 'ਚ, ਕਦੇ ਕਦੇ ਬਲਦੀ ਸੀ ਅੱਗ
ਕੱਲ੍ਹ ਰਾਤ ਤੋਂ ਉਹ ਬਸਤੀ, ਸਾਰੀ ਹੀ ਜਲ ਰਹੀ ਹੈ।

ਬੰਨ ਕੱਫਣ ਸਿਰ ਆਪਣੇ, ਟਿਕਾ ਸਿਰ ਤਲੀ ਆਪਣੀ
ਜਿੱਤ ਜਾਣਾ ਜਾਂ ਮਰ ਜਾਣਾ, ਸੂਰਮਿਆਂ ਦੀ ਗੱਲ ਰਹੀ ਹੈ।

10. ਬੇਨਾਮ ਸ਼ਹੀਦਾਂ ਦੇ ਨਾਂ

ਜੋ ਛੱਡ ਗਏ ਵਿਚ ਹਵਾਵਾਂ ਦੇ, ਗੱਲ ਹੋਈ ਮਸ਼ਹੂਰ ਨਹੀਂ।
ਹਰ ਘਰ 'ਚ ਪਹੁੰਚਾਵਾਂਗੇ, ਅਸੀਂ ਭਾਵੇਂ ਅੱਜ ਮਜਬੂਰ ਸਹੀ।

ਅਸੀ ਤੇਰੀਆਂ ਰਾਹਵਾਂ ਤੇ, ਨਿੱਤ ਪਹਿਰਾ ਦੇਵਾਂਗੇ ਸਾਥੀ
ਨਜ਼ਰਾਂ ਤੋਂ ਓਝਲ ਹੋਇਓਂ ਤੂੰ, ਪਰ ਦਿਲ ਤੋਂ ਦੂਰ ਨਹੀਂ।

ਨ ਅਟਕਾਂਗੇ ਨਾ ਭਟਕਾਂਗੇ, ਹਰ ਔਕੜ ਪਹਿਲਾਂ ਝਟਕਾਂਗੇ
ਜੋ ਰਾਹ ਦੇ ਵਿਚ ਭਰਮਾ ਲਵੇ, ਐਸੀ ਕੋਈ ਹੂਰ ਨਹੀਂ।

ਫੱਟ ਖਾ ਖਾ ਜਵਾਨ ਹੋਏ, ਸਾਨੂੰ ਮਿਲਦੀ ਤਾਕਤ ਸੱਟਾਂ ਤੋਂ
ਦਰਦ ਦਵਾ ਹੈ ਸਾਡੇ ਲਈ, ਇਹ ਸ਼ੌਕ ਹੈ ਨਾਸੂਰ ਨਹੀਂ।

ਜਖ਼ਮ ਨਹੀਂ ਇਤਿਹਾਸ ਹੈ, ਬਾਬਰ ਤੋਂ ਅੱਜ ਦੇ ਅੰਤ ਤੱਕ
ਰਿਸਦੇ ਅਜ਼ਾਦੀ ਤੱਕ ਰਖਣੇ ਸੁੱਕ ਜਾਣ ਕਦੇ ਮਨਜ਼ੂਰ ਨਹੀਂ।

ਸ਼ਮਾਂ ਜੋ ਤੁਸੀਂ ਜਗਾਈ ਸੀ, ਵਿਚ ਖੂਨ ਜਵਾਨੀ ਪਾਉਂਦੀ ਰਹੂ
ਜਦ ਕੌਮ ਅਜ਼ਾਦ ਕਹਾਏਗੀ, ਉਹ ਦਿਨ ਜ਼ਿਆਦਾ ਦੂਰ ਨਹੀਂ।

ਹਰ ਸ਼ਖ਼ਸ਼ ਅਜ਼ਾਦੀ ਮਾਣੇ ਸਾਥੀ ਤੇਰੀਆਂ ਵੱਡੀਆਂ ਰੀਝਾਂ ਸਨ
ਬੇਸ਼ਕ ਵੱਢੇ, ਜ਼ਿੰਦਾ ਸਾੜੇ ਗਏ ਪਰ ਜਜ਼ਬੇ ਚਕਨਾਚੂਰ ਨਹੀਂ।

ਕਦੇ ਪਿੱਛੇ ਝਾਤੀ ਮਾਰ, ਅਸੀਂ ਕਿਸ ਮੰਜ਼ਲ ਤੇ ਅਟਕੇ ਹਾਂ
ਲੈ ਕੁੱਦੋਵਾਲ ਦੀ ਸਾਰ ਕਦੇ, ਤੂੰ ਐਨਾ ਵੀ ਮਗ਼ਰੂਰ ਨਹੀਂ।

11. ਯਾਦ

ਦਿਲ ਵਿਚ ਆਉਂਦੀ ਰਹਿੰਦੀ, ਯਾਦ ਕਿਸੇ ਦੀ।
ਹੰਝੂ ਨਿੱਤ ਵਗ਼ਾਉਂਦੀ ਰਹਿੰਦੀ, ਯਾਦ ਕਿਸੇ ਦੀ।

ਕਲੀਆਂ ਬਣ ਕੇ, ਮਹਿਕਾਂ ਵੰਡੀ ਜਾਂਦੀ ਹੈ
ਸੀਨੇ ਵਿਚ, ਦਰਦ ਲੁਕਾਉਂਦੀ ਯਾਦ ਕਿਸੇ ਦੀ।

ਅੱਖਰ ਧ੍ਵਨੀ ਸ਼ਬਦ, ਆਲਾਪ ਰਾਗ ਬਣੇ
ਕੰਨਾਂ ਦੇ ਵਿਚ, ਹਰਦਮ ਗਾਉਂਦੀ ਯਾਦ ਕਿਸੇ ਦੀ।

ਵੇਖ ਲਹੂ ਦਾ ਰੰਗ, ਦੇਸ਼ ਦੇ ਝੰਡੇ ਵਿਚ
ਜ਼ੁਲਮ ਦੇ ਕਿੱਸੇ, ਖੋਹਲ ਵਿਖਾਉਂਦੀ ਯਾਦ ਕਿਸੇ ਦੀ।

ਵਾਂਗ ਪਤੰਗੇ ਉਡ ਕੇ, ਸ਼ਮਾਂ 'ਤੇ ਸੜ੍ਹ ਜਾਂਦੇ
ਆਜ਼ਾਦੀ ਦੀ ਤੜਪ, ਜਗਾਉਂਦੀ ਯਾਦ ਕਿਸੇ ਦੀ।

ਕਥਾ ਤੇਰੀ ਨਿੱਤ ਚਲਦੀ, ਸੱਥਾਂ ਚੌਕਾਂ ਵਿਚ
ਕੁਰਬਾਨੀ ਦਾ, ਰਾਹ ਦਿਖਾਉਂਦੀ ਯਾਦ ਕਿਸੇ ਦੀ।

ਕੁੱਦੋਵਾਲ ਵੀ, ਇਨਕਲਾਬ ਦੇ ਰਾਹ ਤੁਰਿਆ
ਸੂਰਜ ਵਾਂਗੂੰ, ਚੜ੍ਹ ਕੇ ਆਉਂਦੀ ਯਾਦ ਕਿਸੇ ਦੀ।

12. ਨਵੇਂ ਪੁਰਾਣੇ ਵਕਤ

ਨਵੇਂ ਪੁਰਾਣੇ ਵਕਤਾਂ ਵਿਚ ਬਹੁਤਾ ਫ਼ਰਕ ਨਹੀਂ।
ਉਦੋਂ ਵੀ ਲੋਕ ਗਰੀਬ ਸਨ ਅੱਜ ਵੀ ਗਰੀਬ ਨੇ।

ਬੇਸ਼ਕ ਲੰਬੀ ਬਹੁਤ ਹੈ, ਇਤਿਹਾਸ ਦੀ ਟੇਢੀ ਸੜਕ
ਉਦੋਂ ਵੀ ਲੋਕ ਅਜੀਬ ਸਨ, ਅੱਜ ਵੀ ਅਜੀਬ ਨੇ।

ਆਮ ਲੋਕਾਂ ਨੂੰ ਕਦੇ, ਪੁੱਛਿਆ ਹੀ ਨਹੀਂ ਕਿਸੇ
ਉਦੋਂ ਵੀ ਉਹ ਨਾਚੀਜ਼ ਸਨ, ਅੱਜ ਵੀ ਨਾਚੀਜ਼ ਨੇ।

ਦਰੋਪਦੀਆਂ ਦਾ ਚੀਰ ਹਰਣ ਜੋ ਕਰਦੇ ਰਹੇ
ਉਦੋਂ ਵੀ ਉਹ ਸ਼ਰੀਫ਼ ਸਨ ਅੱਜ ਵੀ ਸ਼ਰੀਫ਼ ਨੇ।

ਸੀਤਾ ਵਰਗੀਆਂ ਮਾਵਾਂ ਦਿੰਦੀਆਂ ਅਗਨ ਪ੍ਰੀਖਿਆ
ਅੱਜ ਵੀ ਸੜ੍ਹਦੀਆਂ ਮਰਦੀਆਂ ਕੈਸੇ ਨਸੀਬ ਨੇ।

ਔਰਤ ਹੋਣ ਦੀ ਸਜ਼ਾ ਹੋਈ ਕਦੇ ਵੀ ਘੱਟ ਨਾ
ਉਦੋਂ ਸ਼ਰੇਆਮ ਸੀ ਅੱਜ ਕੁੜੀਮਾਰ ਸ਼ਰੀਫ਼ ਨੇ।

ਵਤਨਪ੍ਰਸਤਾਂ ਦੀ ਸਜ਼ਾ ਮੌਤ ਹੀ ਰਹੀ ਸਦਾ
ਉਦੋਂ ਵੀ ਹੁੰਦੇ ਸ਼ਹੀਦ ਸਨ ਅੱਜ ਵੀ ਸ਼ਹੀਦ ਨੇ।

ਕੁੱਦੋਵਾਲ ਇੱਕ ਪਿੰਡ ਸੀ ਅੱਜ ਵੀ ਪਿੰਡ ਹੈ
ਨਾਮ ਲੈਂਦਾ ਤਾਂ ਯਾਦ ਆਵਣ ਨਾਨਕ ਫਰੀਦ ਨੇ।

13. ਯਾਰ ਦੀ ਗਲੀ

ਇਸ ਤਰ੍ਹਾਂ ਅੱਜ ਕੱਲ੍ਹ, ਕਿਉਂ ਮੇਰਾ ਹਾਲ ਹੈ।
ਜਿਸਦਾ ਹੱਲ ਢੂੰਢਦਾਂ, ਅਜੀਬ ਸਵਾਲ ਹੈ।

ਜੀਉਂਦਾ ਸਾਂ, ਤਾਂ ਤਿੱਥਾਂ ਵਾਰ ਸਨ ਬੜੇ
ਅੱਜ ਮੋਏ, ਕੱਲ੍ਹ ਦੂਜਾ ਦਿਨ, ਕੀ ਚਾਲ ਹੈ।

ਘਰੋਂ ਤੁਰਿਆ ਸਾਂ, ਤਾਂ ਭੀੜ ਸੀ ਬੜੀ
ਮੰਜ਼ਲ ਤੇ ਦੇਖਾਂਗੇ, ਕਿਹੜਾ ਨਾਲ ਹੈ।

ਫਸਿਐਂ ਜਿਸ ਵਿੱਚ, ਤੇ ਹੋਇਐਂ ਮਜਬੂਰ
ਆਪ ਵਿਛਾਇਆ ਹੋਇਆ, ਤੇਰਾ ਜਾਲ ਹੈ।

ਮੁਹੱਬਤ ਉਸਦੇ ਨਾਲ, ਹੈ ਜਾਂ ਆਪਣੇ
ਐ ਦਿਲਾ ਤੂੰ ਹੀ ਦੱਸ, ਕੀ ਖ਼ਿਆਲ ਹੈ।

ਕਰਕੇ ਦਾਨ ਪੁੰਨ, ਕੁਝ ਦਾਗ਼ ਧੋ ਲਏ
ਧੋਵੇਂਗਾ ਕਿਸ ਤਰ੍ਹਾਂ, ਜੋ ਮਨ ਦੇ ਨਾਲ ਹੈ।

ਹਰ ਮੋੜ ਤੇ ਟਕੂਏ, ਸੰਗੀਨਾਂ ਦੇਣਗੇ ਪਹਿਰਾ
ਪਹੁੰਚੇਗਾ ਯਾਰ ਦੀ ਗਲੀ, ਉਹ ਕੁੱਦੋਵਾਲ ਹੈ।

14. ਹਿਸਾਬ

ਕਾਹਦੀ ਸੋਚ, ਕਿਸਦਾ ਗ਼ਮ, ਜੋ ਹੋਣਾ ਸੋ ਹੋਣਾ ਹੈ।
ਮਿਲਿਆ ਜੋ ਮਿੱਟੀ ਹੋਇਆ, ਜੋ ਗੁੰਮਿਆ ਸੋ ਸੋਨਾ ਹੈ।

ਸੋਚ ਕੇ ਪੈਰ ਜ਼ਮੀਨ ਤੇ ਰੱਖੀਂ, ਸਭ ਦਾ ਹਿਸਾਬ ਹੈ ਹੋਣਾ
ਕਰਮਾਂ ਦੀ ਖੇਤੀ ਸੱਜਣਾ, ਉਹ ਵੱਢਣਾ ਜੋ ਬੋਣਾ ਹੈ।

ਹੱਸ ਲੈ ਨੱਚ ਲੈ ਮੌਜਾਂ ਕਰ ਲੈ, ਹੁਸਨ ਜਵਾਨੀ ਚਾਰ ਦਿਹਾੜੇ
ਇਸ਼ਕ ਜਦੋਂ ਸਿਰ ਚੜ੍ਹ ਬੋਲੇ ਕਿਸ ਜਗਣਾ ਕਿਸ ਸੌਣਾ ਹੈ।

ਤੇਰੀਆਂ ਅੱਖਾਂ ਰਾਹੀਂ ਤੱਕਾਂ ਤੇਰੇ ਬੋਲਾਂ ਰਾਹੀਂ ਬੋਲਾਂ
ਰੂਹ ਮੇਰੀ ਵਿਚ ਸੱਜਣ ਵੱਸੇ, ਗੀਤ ਸੱਜਣ ਦਾ ਗਾਉਣਾ ਹੈ।

ਮੇਰੀ ਬਸਤੀ ਖਵਾਬ ਦੇਖਦੀ, ਬਿਜਲੀ ਪਾਣੀ ਛੱਤਾਂ ਦਾ
ਮੰਤਰੀ ਫੋਕੇ ਵਾਅਦੇ ਕੀਤੇ ਮੁੜ ਬਸਤੀ ਕਿਸ ਆਉਣਾ ਹੈ।

ਹਰ ਬਸਤੀ ਹਰ ਸ਼ਹਿਰ ਵਿਚ, ਧਾਂਕਾਂ ਨੇ ਬਾਰੂਦ ਦੀਆਂ
ਕਰੋਧ ਪਲੀਤਾ ਲਾ ਕੇ ਨੇਤਾ, ਸ਼ਾਂਤੀ ਸ਼ਾਂਤੀ ਗਾਉਣਾ ਹੈ।

ਕੁੱਦੋਵਾਲ ਦੀ ਰੂਹ ਹੁਣ ਯਾਰੋ, ਹੱਦਾਂ ਬੰਨੇ ਪਾਰ ਹੋਈ
ਮਾਨਵ ਇੱਕ ਬਰਾਬਰ ਹੋਵੇ, ਇੱਕੋ ਨਾਅਰਾ ਲਾਉਣਾ ਹੈ।

15. ਦਹਿਸ਼ਤ

ਜੰਗਲ ਜੰਗਲ ਬਸਤੀ ਬਸਤੀ, ਗਾਹ ਗਈ ਦਹਿਸ਼ਤ।
ਭਾਸ਼ਾ ਧਰਮ ਰੰਗ ਨਸਲ ਤੇ, ਛਾ ਗਈ ਦਹਿਸ਼ਤ।

ਹਿੰਦੂ ਮੁਸਲਿਮ ਸਿੱਖ ਈਸਾਈ, ਵੱਖਰੇ ਨਾ
ਬਿਨਾਂ ਵਿਤਕਰੇ ਮਾਰ, ਆਪਣੇ ਰਾਹ ਗਈ ਦਹਿਸ਼ਤ।

ਧਰਮ ਈਮਾਨ ਦੇ ਨਾਂ ਤੇ, ਕਤਲ ਜ਼ਮੀਰ ਕਰੇ
ਜ਼ਿੰਦਾ ਲਾਸ਼ਾਂ, ਮਾਨਵ ਬੰਬ, ਬਣਾ ਗਈ ਦਹਿਸ਼ਤ।

ਬੰਬ ਗੋਲੀਆਂ ਖਾਵੇ, ਉੱਗਲੇ ਅੱਗ ਜ਼ਹਿਰੀ
ਪੈਟਰੋਲ ਕਦੇ ਬਾਰੂਦ ਵਿੱਚ, ਨਹਾ ਗਈ ਦਹਿਸ਼ਤ।

ਅੱਗਾਂ, ਲੁੱਟਾਂ, ਖੋਹਾਂ, ਕਰੇ ਬਲਾਤਕਾਰ
ਸੀਨਾ ਜ਼ੋਰੀ ਦੁਨੀਆਂ ਵਿੱਚ, ਸਿਖਾ ਗਈ ਦਹਿਸ਼ਤ।

ਅਫ਼ਸਰ, ਨੇਤਾ, ਗੁੰਡੇ, ਲੁੱਟਦੇ ਜਨਤਾ ਨੂੰ
ਧੱਕੇਸ਼ਾਹੀ ਕਰਕੇ, ਬੇਪਰਵਾਹ ਗਈ ਦਹਿਸ਼ਤ।

ਪੁਲਿਸ, ਵਕੀਲ, ਦਲੀਲ, ਨਿਆਂ, ਦਾ ਬੌਣਾ ਕੱਦ
ਬੱਸਾਂ ਗੱਡੀਆਂ ਹੋਟਲਾਂ ਵਿੱਚ ਵੀ, ਛਾ ਗਈ ਦਹਿਸ਼ਤ।

ਵਤਨ ਛੱਡ ਬੇ-ਵਤਨੇ ਹੋਏ, ਵਾਸੀ ਤੋਂ ਪਰਵਾਸੀ
ਪਰਵਾਸ ਵਿੱਚ ਵੀ, ਨਫ਼ਰਤ ਦੀ ਅੱਗ, ਲਾ ਗਈ ਦਹਿਸ਼ਤ।

16. ਕੁੜੀਆਂ

ਗੱਲਾਂ ਤੇਰੇ, ਸਬਰ ਸਿਦਕ ਦੀਆਂ ਤੁਰੀਆਂ ਨੇ।
ਇਹ ਗੱਲਾਂ ਵੀ, ਚੰਗੀਆਂ ਨਹੀਂ, ਬੁਰੀਆਂ ਨੇ।

ਇਹ ਜੁ ਮੇਰੇ, ਘਰ ਦੀਆਂ ਕੰਧਾਂ ਭੁਰੀਆਂ ਨੇ
ਮੈਨੂੰ ਲਗਦੈ, ਘਰ ਦੀਆਂ ਕੁੜੀਆਂ ਤੁਰੀਆਂ ਨੇ।

ਅੱਖਾਂ ਦੇ ਵਿਚ, ਸ਼ਰਮ ਹਯਾ ਤੇ ਸਾਦਗੀ
ਇਹ ਮੇਰੇ, ਪੰਜਾਬ ਦੀਆਂ, ਹੀ ਕੁੜੀਆਂ ਨੇ।

ਵਿਦੇਸ਼ੀ ਬੁੱਲ੍ਹਾਂ ਉਤੇ, ਸੁਰਖ਼ੀ ਮੁਸਕਾਨਾਂ
ਪਰਸਾਂ ਦੇ ਵਿਚ, ਪਿਸਟਲ ਖ਼ੰਜਰ ਛੁਰੀਆਂ ਨੇ।

ਮੁੜ ਕੇ ਕਦ ਮਿਲ ਬੈਠਣ, ਇਹ ਤੇ ਰੱਬ ਜਾਣੇ
ਅੱਜ ਜੋ ਬੈਠ, ਤ੍ਰਿੰਝਣ ਦੇ ਵਿਚ ਜੁੜੀਆਂ ਨੇ।

ਜਿਨ੍ਹਾਂ ਮੁੱਖ ਨਾ, ਸੱਜਣ ਵੱਲ ਨੂੰ ਅੱਜ ਕੀਤੇ
ਜ਼ਿੰਦਗੀ ਭਰ ਉਹ ਰੋਵਣ, ਮੁੜ ਮੁੜ ਝੁਰੀਆਂ ਨੇ।

ਸੱਜਣ ਜਿਨ੍ਹਾਂ ਦੇ ਦੂਰ, ਕੋਲ ਵਸੇਂਦੇ ਨਾ
ਸਭ ਗੁਣ ਹੋਵਣ ਪੱਲੇ, ਫਿਰ ਵੀ ਬੁਰੀਆਂ ਨੇ।

17. ਹੌਸਲਾ

ਮੇਰੇ ਹੌਸਲੇ ਦਾ, ਇਹ ਵੀ ਕੱਦ ਸੀ।
ਹਰ ਕਦਮ ਤੇ, ਮੰਜ਼ਲ ਦੀ ਹੱਦ ਸੀ।

ਉਮਰ ਭਰ ਜਿਸਨੂੰ, ਲੱਭਦਾ ਰਿਹਾ
ਉਸਨੂੰ ਮਿਰੀ ਤਲਾਸ਼, ਮੈਥੋਂ ਵੱਧ ਸੀ।

ਜਿਸਨੂੰ ਸੁਣਦਿਆਂ, ਡੌਲੇ ਸਨ ਫ਼ਰਕਦੇ
ਉਹ ਮਿਰਜ਼ੇ ਯਾਰ ਦੀ, ਹੀ ਸੱਦ ਸੀ।

ਜਿਨ੍ਹਾਂ 'ਤੇ ਮਾਣ ਸੀ, ਆਪਣੇ ਹੋਣ ਦਾ
ਭੀੜ ਪਈ, ਤਾਂ ਗਏ ਉਹ ਲੱਦ ਸੀ।

ਸੁਪਨਾ ਇੱਕ ਸੀ, ਪੂਰਾ ਕਰ ਲਿਆ
ਟੁੱਟੀਆਂ ਹਸਰਤਾਂ ਦਾ, ਦੁੱਖ ਵੱਧ ਸੀ।

ਪਿਆਰ ਨਹੀਂ ਸੀ ਤੈਨੂੰ, ਨਾ ਸਹੀ
ਤੇਰੀ ਨਫ਼ਰਤ ਵੀ, ਫੁੱਲਾਂ ਦੀ ਗੱਡ ਸੀ।

ਰੀਝਾਂ ਦਾ ਨਹੀਂ, ਕੋਈ ਵੀ ਕਸੂਰ
ਇਹ ਤਾਂ ਬਸ, ਬੇਵਫ਼ਾ ਸਰਹੱਦ ਸੀ।

ਸ਼ਖਸੀ ਆਜ਼ਾਦੀ ਦਾ, ਹਰ ਰਾਹੀ
ਮਨਸੂਰ ਸੀ, ਜਾਂ ਸਰਮੱਦ ਸੀ।

ਚੌਕਾਂ ਸੱਥਾਂ 'ਚ, ਜੋ ਭਰਦਾ ਗਵਾਹੀ
ਸ਼ਹਾਦਤ ਉਸਦੀ, ਜ਼ੁਲਮ ਦਾ ਬੱਧ ਸੀ।

ਤੁਰ ਕੇ ਖ਼ੁਦ, ਕਤਲਗ਼ਾਹ 'ਚ ਆਇਆ
ਬਾਦਸ਼ਾਹਾਂ ਤੋਂ ਉਚਾ, ਉਹਦਾ ਕੱਦ ਸੀ।

ਕੁੱਦੋਵਾਲ ਜ਼ਿੰਦਗੀ, ਜੀਣ ਦਾ ਆਸ਼ਕ
ਹੱਦ ਤੋਂ ਵੀ ਅੱਗੇ, ਉਹਦੀ ਹੱਦ ਸੀ।

18. ਗ਼ਮ ਤੇ ਕਬਜ਼ਾ

ਪਹਿਲਾਂ ਆਪਾਂ ਦੋਨੋਂ, ਵਕਤ ਚੁਰਾ ਲੈਂਦੇ ਸਾਂ।
ਹੁਣ ਬੱਸ ਲਾਰੇ ਲਾ ਲਾ, ਵਕਤ ਟਪਾ ਲੈਂਦੇ ਹਾਂ।

ਜੇ ਮੁਹੱਬਤ ਹੋਵੇ, ਗ਼ਮ ਵੀ ਨਾਲ ਹੀ ਰਹਿੰਦਾ
'ਹਾਏ ਗ਼ਮ' 'ਹਾਏ ਗ਼ਮ' ਦਾ, ਰੌਲਾ ਪਾ ਲੈਂਦੇ ਹਾਂ।

ਦੁਨੀਆਂ ਵਿੱਚ ਹਰ ਵਸਤ, ਵਿਕਾਊ ਹੈ ਯਾਰੋ
ਸਦਾਚਾਰ ਦਾ ਗੀਤ, ਕੁਝ ਚਿਰ ਗਾ ਲੈਂਦੇ ਹਾਂ।

ਕਬਜ਼ਾ ਕਰਨਾ ਧੁਰ ਤੋਂ, ਆਦਤ ਬੰਦੇ ਦੀ
ਕਬਜ਼ਾ ਕਰਕੇ ਰਿਸ਼ਤੇ ਕਈ ਗੰਵਾ ਲੈਂਦੇ ਹਾਂ।

ਇਕ ਦੂਜੇ ਨੂੰ ਵੱਸ ਵਿੱਚ, ਕਰਨਾ ਬੰਦ ਕਰੋ
ਵੱਸ ਵਿੱਚ ਕਰਦੇ, ਆਪਣਾ ਆਪ ਨਿਵਾ ਲੈਂਦੇ ਹਾਂ।

ਮਹਿਬੂਬ ਤੂੰ, ਦੋਸਤ ਵੀ, ਤੇ ਮੋਹ ਮਮਤਾ ਵੀ
ਹਰ ਰਿਸ਼ਤੇ ਦਾ ਨਿੱਘ, ਘਰ ਵਿੱਚ ਪਾ ਲੈਂਦੇ ਹਾਂ।

ਕੁੱਦੋਵਾਲ ਨੇ ਡੁੱਬਦੇ ਵੇਖੇ, ਦੋ ਦੋ ਬੇੜੀਆਂ ਵਾਲੇ
ਇਕ ਬੇੜੀ, ਮੰਝਧਾਰ ਤੋਂ, ਪਾਰ ਲਗਾ ਲੈਂਦੇ ਹਾਂ।

19. ਰੂਹ ਦੀ ਮੰਜ਼ਲ

ਤੈਨੂੰ ਮਿਲਣਾ ਬਾਕੀ, ਤੂੰਹੀਓਂ ਰੂਹ ਦੀ ਮੰਜ਼ਲ।
ਤੂੰਹੀਓਂ ਸੰਗੀ ਸਾਥੀ, ਤੂੰਹੀਓਂ ਰੂਹ ਦੀ ਮੰਜ਼ਲ।

ਹੁਣ ਤੱਕ ਯਾਦ ਹੈ ਮੈਨੂੰ, ਤੇਰੀ ਇੱਕ ਇੱਕ ਗੱਲ
ਤੈਨੂੰ ਲੱਭਦਾ ਫਿਰਿਆ, ਤੂੰਹੀਓਂ ਰੂਹ ਦੀ ਮੰਜ਼ਲ।

ਤੇਰੇ ਨਾਲ ਮੁਹੱਬਤਾਂ, ਸ਼ਿਕਵਾ ਤੇਰੇ ਨਾਲ
ਤੇਰਾ ਸੰਗ ਨਾ ਛੱਡਣਾ, ਤੂੰਹੀਓਂ ਰੂਹ ਦੀ ਮੰਜ਼ਲ।

ਤੂੰ ਤਾਂ ਵਾਅਦੇ ਭੁੱਲ, ਟੁਰ ਗਿਆ ਦੂਰ ਦੇਸ਼
ਮੈਂ ਤੇ ਮੇਰੀ ਇਕੱਲਤਾ, ਤੂੰਹੀਓਂ ਰੂਹ ਦੀ ਮੰਜ਼ਲ।

ਝੱਖੜ ਝੁੱਲੇ ਨ੍ਹੇਰੀ ਝੁੱਲੇ, ਝੁੱਲੇ ਕਈ ਤੂਫ਼ਾਨ
ਗਲੀ ਯਾਰ ਦੀ ਕਾਅਬਾ, ਤੂੰਹੀਓਂ ਰੂਹ ਦੀ ਮੰਜ਼ਲ।

ਕੁੱਦੋਵਾਲ ਹੁਣ ਤੇਰਾ ਹੋਇਆ, ਤੇਰਾ ਹੈ ਰਹਿਣਾ
ਤੂੰ ਹੈਂ ਤਾਂ ਸਭ ਹੈ, ਤੂੰਹੀਓਂ ਰੂਹ ਦੀ ਮੰਜ਼ਲ।

20. ਤੇਰਾ ਘਰ

ਤੇਰੇ ਘਰ ਤੋਂ ਦੂਰ, ਜਦੋਂ ਦਾ ਹੋਇਆ ਹੈ।
ਲੋਕਾਂ ਲਈ ਹੈ ਜ਼ਿੰਦਾ, ਐਪਰ ਮੋਇਆ ਹੈ।

ਤੁੰ ਸੂਰਜ ਤਾਂ, ਰੋਸ਼ਨ ਚਾਰ ਚੌਫ਼ੇਰਾ ਸੀ
ਬਿਨ ਤੇਰੇ ਤਾਂ, ਬੱਸ ਹਨ੍ਹੇਰਾ ਢੋਇਆ ਹੈ।

ਤੇਰੇ ਨਾਲ ਤਾਂ, ਦੁੱਖ ਵੀ ਸੀ ਫੁੱਲ ਵਰਗਾ
ਬਿਨ ਤੇਰੇ ਤਾਂ, ਸੁੱਖ ਵੀ ਤਪਦਾ ਲੋਹਿਆ ਹੈ।

ਦਿਨ ਨੂੰ ਸੁਪਨੇ ਰਾਤੀਂ ਜੁਗਨੂੰ ਅੱਖਾਂ ਵਿੱਚ
ਇਕ ਅੱਗ ਨੂੰ ਜਿਸ ਦਿਨ ਦਾ ਛੋਹਿਆ ਹੈ।

ਸਹਿਮ, ਹੌਂਸਲਾ, ਹਾਸਾ, ਹੰਝੂ, ਉਦਾਸੀ
ਇਸ਼ਕ ਦਾ ਸਰਮਾਇਆ, 'ਕੱਠਾ ਹੋਇਆ ਹੈ।

ਸਾਗਰ ਵਾਂਗੂੰ ਕੁੱਦੋਵਾਲ, ਵੀ ਸ਼ਾਂਤ ਰਹੇ
ਵਾਂਗ ਸੁਨਾਮੀ, ਕਦੇ ਹੀ ਪ੍ਰਗਟ ਹੋਇਆ ਹੈ।

21. ਬਹਾਨਾ

ਬਹਾਨਾ ਲੱਭ ਹੀ ਲੈਂਦੇ ਹਾਂ, ਕੋਈ ਰੋਣ ਦਾ।
ਬੜਾ ਸ਼ੌਕ ਹੈ ਸਾਨੂੰ, ਇਹ ਅੱਖਾਂ ਧੋਣ ਦਾ।

ਪਾਉਣਾ ਅੱਖੀਆਂ 'ਚ ਸੁਰਮਾ ਹੀ ਕਾਫੀ ਨਹੀਂ
ਹੁਨਰ ਵੀ ਚਾਹੀਦੈ ਯਾਰੋ, ਜ਼ਰਾ ਮਟਕਾਉਣ ਦਾ।

ਜ਼ਿੰਦਗੀ ਮੇਰੀ ਵੀ, ਅਜੀਬ ਬਣਦੀ ਜਾ ਰਹੀ
ਖੁਸ਼ੀ ਪਾਉਣ ਦੀ ਰਹੀ, ਨਾ ਸਮਾਂ ਰੋਣ ਦਾ।

ਤੇਰਾ ਅੱਜ ਕੱਲ੍ਹ, ਨਿੱਤ ਸੁਪਨਿਆਂ ਵਿਚ ਜੀਣਾ
ਸਮਾਂ ਆ ਗਿਆ ਲਗਦੈ, ਦਰਦ ਕੋਈ ਢੋਣ ਦਾ।

ਹਾਰਿਆ ਹੈ ਨਾ ਕੁੱਦੋਵਾਲ, ਨਾ ਹਾਰੇਗਾ ਕਦੀ
ਜ਼ਿੰਦਗੀ ਨਾਮ ਹੈ, ਰਾਗ ਕੋਈ ਨਵਾਂ ਗਾਉਣ ਦਾ।

22. ਕਲਮ-ਦਵਾਤ

ਕਾਲਾ ਅੰਬਰ, ਕਾਲੀ ਰਾਤ।
ਭਿੱਜਾ ਦਿਨ ਤੇ ਸਿੱਲ੍ਹੀ ਰਾਤ।

ਕਿਸੇ ਦੇ ਕੋਠੇ, ਚੋ ਚੋ ਪੈਂਦੇ
ਕਿਸੇ ਦੇ ਬਣ, ਆਈ ਸੌਗਾਤ।

ਮੁੱਖ ‘ਤੇ ਚਮਕਣ, ਤੇਰੇ ਤਾਰੇ
ਚਾਨਣ ਚਾਨਣ, ਹੋ ਗਈ ਰਾਤ।

ਦਿਨ, ਮਹੀਨੇ, ਸਾਲ ਬੀਤ ਗਏ
ਕਦ ਹੋਵੇਗੀ? ਇਕ ਮੁਲਾਕਾਤ।

ਸਾਥੋਂ ਪੁੱਛ ਪੁੱਛ, ਅੱਗੇ ਲੰਘੇ
ਯਾਰਾਂ ਸਾਨੂੰ, ਪਾਈ ਮਾਤ।

ਇਸ਼ਕ...ਬੰਦਗੀ ਤੇ ਖ਼ਸ਼ਬੂ
ਪੁੱਛਣ ਨਾਹੀਂ, ਰੰਗ ‘ਤੇ ਜਾਤ।

ਦਿਨ ਢਲਿਆ, ਰਾਤ ਵੀ ਲੰਘਜੂ
ਮੁੜ ਆਊ, ਨਵੀਂ ਪਰਭਾਤ।

‘ਕੁੱਦੋਵਾਲ’ ਦੇ, ਲਿਖ ਦੇ ਲੇਖ
ਆ ਫੜ ਰੱਬਾ! ਕਲਮ ਦਵਾਤ।

23. ਸਵੇਰ ਹੋਣ ਤੱਕ

ਜਗਣਾ ਹੈ ਸਾਰੀ ਰਾਤ, ਖਾਧੀ ਦੀਵੇ ਨੇ ਕਸਮ ।
ਜੰਗ ਹਨ੍ਹੇਰੇ ਨਾਲ਼ ਲੜਨੀ, ਸਵੇਰ ਹੋਣ ਤੱਕ ।

ਕਦੇ ਕੁਦਰਤ, ਕਦੇ ਬੰਦੇ ਦਾ ਜ਼ੁਲਮ ਜਾਰੀ
ਮੈਂ ਸਫ਼ਰ ਤੋਂ ਨਾ ਮੁੜਾਂਗਾ, ਸਵੇਰ ਹੋਣ ਤੱਕ ।

ਹਨੇਰਿਆਂ ਦਾ ਮੌਸਮ, ਜੰਗਲ ਵਰਗੀ ਚੁੱਪ
ਚੁੱਪ ਦੀ ਤੂੰ ਚੀਖ ਸੁਣ, ਸਵੇਰ ਹੋਣ ਤੱਕ ।

ਸੋਹਲ ਜਹੀ ਜਿੰਦ, ਬੁਲਬੁਲ ਗੁਟਾਰ ਦੀ
ਮਸਲ ਹੁੰਦੀ ਰਹੀ ਬੇਵੱਸ, ਸਵੇਰ ਹੋਣ ਤੱਕ ।

ਮਾਸੂਮ ਘੁੱਗੀ ਨੇ ਕਦੋਂ, ਚਾਹੀ ਸੀ ਐਸੀ ਮੌਤ
ਪੱਖੇ ਤੋਂ ਲਟਕਦੀ ਰਹੀ, ਜੋ ਸਵੇਰ ਹੋਣ ਤੱਕ ।

ਦੂਰ ਤੱਕ ਜੰਗਲ, ਇੱਕ ਇਕੱਲੀ ਮੇਰੀ ਜਿੰਦ
ਤੂੰਹੇਂ ਜੁਗਨੂੰ ਜਗਦਾ ਰਹੀਂ, ਸਵੇਰ ਹੋਣ ਤੱਕ ।

ਰੇਤ ਜੰਗਲ ਘੁੱਪ ਹਨੇਰਾ, ਮੇਰੀ ਮੰਜਲ ਦੇ ਰਾਹ
ਕੁੱਦੋਵਾਲ ਹੈ ਪਹੁੰਚਣਾ, ਯਾਰੋ ਸਵੇਰ ਹੋਣ ਤੱਕ ।

24. ਸੂਹੇ ਬੋਲ

ਬੋਲ ਸੂਹੇ ਤੇ ਕੰਮ, ਤੇਰੇ ਯਾਦ ਰਹਿਣਗੇ।
ਝੱਖੜ ਆਣ ਭਾਵੇਂ ਕਿੰਨੇ, ਆਬਾਦ ਰਹਿਣਗੇ।

ਮਹਿਲ ਰੇਤ ਦੇ ਤੇਰੇ, ਤਾਂ ਮਿਟ ਜਾਣਗੇ
ਬੁੰਗੇ ਸਾਡੇ ਸ਼ਹੀਦਾਂ ਦੇ, ਸਦਾ ਰਹਿਣਗੇ।

ਤੇਰਾ ਅੱਜ ਚੱਲੇ ਜ਼ੋਰ, ਮਾਰੋ ਮਾਰ ਕਰ ਲੈ
ਜੋ ਮਰਨਗੇ ਅੱਜ, ਜ਼ਿੰਦਾਬਾਦ ਰਹਿਣਗੇ।

ਸਿਰ ਦੇ ਕੇ ਜੋ ਕੱਟਦੇ, ਜ਼ੁਲਮਾਂ ਦੀ ਫਾਹੀ
ਨਾਮ ਸਮਿਆਂ ਤੋਂ ਪਾਰ, ਉਹ ਸਦਾ ਰਹਿਣਗੇ।

ਜੋ ਸਮੇਂ ਦੇ ਖਿਡਾਰੀ, ਉਹ ਸਮੇਂ ਤੋਂ ਅਗਾੜੀ
ਦੇਸ਼ ਕਾਲ ਦੀ ਹੱਦ ਤੋਂ, ਆਜ਼ਾਦ ਰਹਿਣਗੇ।

25. ਚਿਹਰਾ

ਰੋਕੇ ਕਦੇ ਨਾ ਰੁਕਦਾ, ਮਨ ਦਾ ਖ਼ਵਾਬ ਹੈ।
ਚਿਹਰਾ ਸਵਾਲ ਹੈ, ਚਿਹਰਾ ਜਵਾਬ ਹੈ।

ਰੇਤ ਤੇ ਸਾਗਰ ਤੇ, ਘਰ ਅਕਾਸ਼ 'ਚ
ਮੌਸਮ ਨੇ ਰੰਗ ਬਦਲੇ, ਵੱਜਦੀ ਰਬਾਬ ਹੈ।

ਜੋ ਸ਼ਖ਼ਸ਼ ਮੌਤ ਤੋਂ ਵੀ, ਡਰਿਆ ਨਾ ਕਦੇ
ਸ਼ਬਦ ਸੁਣਕੇ ਡਿੱਗਾ, ਕੈਸਾ ਇਹ ਰਾਜ਼ ਹੈ।

ਬਰੇਤੇ ਤੇ ਲਿਖਿਆ, ਕੀ ਲਹਿਰ ਪੜ੍ਹ ਗਈ
ਸਾਗਰ ਵੀ ਰੋਂ ਪਿਆ, ਦਿਲ ਵੀ ਬੇਤਾਬ ਹੈ।

ਜੰਗਲ ਦੀ ਹੈ ਦੋਸਤੀ, ਹਨ੍ਹੇਰੇ ਦੇ ਨਾਲ
ਚਾਨਣ ਤੋਂ ਡਰਦਾ ਫਿਰਦਾ, ਅੱਜ ਕੱਲ੍ਹ ਜਨਾਬ ਹੈ।

ਹਵਾ ਮਿੱਟੀ ਪਾਣੀ, ਅੰਬਰ ਵੀ ਹੈ ਨਾਲ
ਪਰ ਅੱਗ ਦਾ ਇਹ ਮੌਸਮ, ਚੜ੍ਹਿਆ ਜੁ ਸਾਲ ਹੈ।

ਹੌਕਿਆਂ ਦੀ ਕੰਨਸੋਅ, ਹਵਾ ਤਾਂ ਲੈ ਗਈ
ਕੋਂਈ ਨਾ ਪੜ੍ਹ ਸਕਿਆ, ਦਿਲ ਦੀ ਕਿਤਾਬ ਹੈ।

(ਇਹ ਰਚਨਾ ਅਧੂਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਿਆਰਾ ਸਿੰਘ ਕੁੱਦੋਵਾਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ