Samundar Nu Puchhe Nadi : Sandeep Jaswal

ਸਮੁੰਦਰ ਨੂੰ ਪੁੱਛੇ ਨਦੀ : ਸੰਦੀਪ ਜਸਵਾਲ


ਛਲੇਡਾ

ਤੁਹਾਡੇ ਲਈ ਪਿਆਰ ਹੁੰਦਾ ਹੋਏਗਾ ਚੀਨਾ ਕਬੂਤਰ, ਸਮਝਦਾ ਹੋਏਗਾ ਤੁਹਾਡੇ ਇਸ਼ਾਰੇ ਉਤਰ ਆਉਂਦਾ ਹੋਏਗਾ ਤੁਹਾਡੇ ਦਿਲ ਦੀ ਛੱਤਰੀ 'ਤੇ ਤਰਕਾਲਾਂ ਪੈਣ ਤੋਂ ਪਹਿਲਾਂ-ਪਹਿਲਾਂ ਚਾਰੇ ਪਾਸੇ ਘੁੰਮ-ਘੁੰਮਾਂ ਕੇ .., ਸਾਨੂੰ ਤਾਂ ਪਿਆਰ ਵੀ ਛਲੇਡਾ ਬਣ ਟਕਰਿਆਂ ਹੈ, ਜਦੋਂ ਵੀ ਛੂਹਣ ਦੀ ਕੋਸ਼ਿਸ਼ ਕਰਦੇ ਹਾਂ ਰੂਪ ਵਟਾ ਲੈਂਦੇ ਪ੍ਰੇਮੀ ਪਤੀ ਬਣ ਜਾਂਦੈ ਪਤੀ ਪ੍ਰਮੇਸ਼ਵਰ -1 ਭਲਾ ਪ੍ਰਮੇਸ਼ਵਰ ਤੋਂ ਵੱਡਾ ਛਲ ਕੀ ਤੇ ਛਲੇਡਾ ਕੌਣ ।

ਰੈਨੋਵੇਸ਼ਨ

ਘਰ ਦੀ ਰੈਨੋਵੇਸ਼ਨ ਕਰਦਿਆਂ ਢਾਹ ਦਿੱਤੀ ਦਲਾਨ ਵਿਚਲੀ ‘ਕਾਨਸ’ ਗੁੱਛਾ-ਮੁੱਛਾ ਕਰ ਸੁੱਟਿਆ ਮਾਂ ਦੇ ਹੱਥਾਂ ਦਾ ਕੱਢਿਆ ਤੋਤਿਆਂ ਦੇ ਨਮੂਨੇ ਵਾਲਾ ਕਾਨਸ ਉਤਲਾ ਕੱਪੜਾ, ਜਿਸ ਥੱਲੇ ਰੱਖੀਆਂ ਹੁੰਦੀਆਂ ਸੀ- ਉਧਾਰ-ਸੁਧਾਰ ਵਾਲੀਆਂ ਪਰਚੀਆਂ ਟੁੱਟੇ ਪੈਸੇ ਵਰ੍ਹੇ-ਛਿਮਾਹੀ ਫ਼ੌਜ ’ਚ ਆਉਂਦੀਆਂ ਚਿੱਠੀਆਂ ਕੱਪੜੇ 'ਤੇ ਧਾਗਾ ਪਾ ਟੰਗੀ ਹੋਈ ਕੰਧੂਈ-ਸੂਈ ਇੱਕ ਪਾਸੇ ਪਿਤਾ ਦੀ ਪੱਗ ਦੇ ਪਿੰਨ ਕਾਨਸ ਉੱਤੇ ਪਈਆਂ ਫੋਟੋਆਂ ਪਸ਼ਮ ਨਾਲ ਬੁਣਿਆਂ ਘੁੱਗੀਆਂ ਦਾ ਜੌੜਾ ਕੱਲੀ ਕਾਨਸ ਹੀ ਨਹੀਂ ਕਿੰਨਾ ਕੁਝ ਢਹਿ ਗਿਆ ਕਾਨਸ ਦੇ ਢਹਿਣ ਨਾਲ।

ਦਰਿਆ

ਅਸੀਂ ਪਿਆਰ ਦੇ ਦਰਿਆ ਵਿੱਚ ਡੁੱਬਣਾ ਚਾਹੁੰਦੇ ਸਾਂ ਤੁਸੀਂ ਤੈਰਨਾ ... ਇੱਕ ਉਹ ਵੀ ਸਨ ਜੋ ਸਿਰਫ ਭਿੱਜਣਾ ਚਾਹੁੰਦੇ ਸੀ।

ਤੂੰ ਤੇ ਮੈਂ

ਪਹਿਲਾਂ ਤਾਂ ਤੂੰ ਤੇ ਮੈਂ ਹੀ ਸਾਂ ਬੱਸ ਆਪਾਂ ਦੋਵੇਂ ਓਹੀ- ਵਰਜਿਤ ਫ਼ਲ ਖਾਧਾ ਸੀ ਜਿਹਨਾਂ, ਧੱਕੇ ਗਏ ਸਾਂ ਜੰਨਤ 'ਚ ਜਦੋਂ ਉਦੋਂ ਰਸਤੇ ਵਿੱਚ ਕੋਈ ‘ਮਨੂੰ’ ਮਿਲਿਆ ਸੀ ਬੱਸ ਉਸ ਤੋਂ ਮਗਰੋਂ ਤੂੰ ਤੇ ਮੈਂ ਇਕੱਲੇ ਕਦੇ ਨਹੀ ਮਿਲੇ ‘ਮਨੂੰ’ ਹੁੰਦਾ ਹੈ ਵਿਚਕਾਰ ਹਮੇਸ਼ਾ ।

ਗੰਡੋਏ

ਬੱਚੇ ਗੰਡੋਇਆਂ ਨੂੰ ਸੱਪ ਸਮਝ ਡਰਦੇ ਮਾਰੇ ਪੱਬ ਚੁੱਕ-ਚੁੱਕ ਤੁਰਦੇ। ਵੱਡੇ ਹੋਏ ਪਤਾ ਲੱਗਾ ਇਹਨਾਂ ਵਿੱਚ ਜ਼ਹਿਰ ਨਹੀ ਹੁੰਦੀ ਤਾਂ ਅਕਸਰ ਮਿੱਧ ਕੇ ਲੰਘ ਜਾਂਦੇ। ਕਾਸ਼ ! ਬੱਚਾ ਹੀ ਰਹਿੰਦਾ ਬੰਦਾ ਸਾਰੀ ਉਮਰ, ਬਚੇ ਰਹਿੰਦੇ ਗੰਡੋਏ ਤੇ ਹੋਰ ਬਹੁਤ ਕੁਝ

ਗੁਲਾਬੀ-ਚੁੰਨੀ

ਟਰੰਕ 'ਚ ਪਏ ਚਿਰਾਂ ਦੇ ਸਾਂਭੇ ਹੋਏ ਕੱਪੜੇ ਫਰੋਲਦਿਆਂ ਮਾਂ ਦੀਆਂ ਅੱਖਾਂ ਚਮਕ ਪੈਂਦੀਆਂ ਨੇ ਹੁਣ ਵੀ ਜਦੋਂ— ਗੁਲਾਬੀ ਚੁੰਨੀ ਨੂੰ ਉਹ ਅਪਣੇ ਪੋਟਿਆਂ ਨਾਲ ਸਹਿਜੇ ਜਿਹੇ ਛੂਹਦੀ ਹੈ। ਕਈ ਵਾਰ ਪੁੱਛਿਆ ਉਸਨੂੰ ਮੈਂ “ਇਹ ਬਾਪੂ ਨੇ ਦਿੱਤੀ ਸੀ ” ਹੂੰਅਅ ਕਰ ਚੁੱਪ ਹੋ ਜਾਂਦੀ। ਉਸਦੇ ਰਮਜ਼ੀ ਹੁੰਗਾਰੇ ਤੋਂ ਮੈਂ ਕੁਝ ਸਮਝ ਨਾ ਸਕਦੀ ਫਿਰ- ਕੱਲ੍ਹ ਪੋਟਿਆਂ ਨਾਲ ਗੁਲਾਬੀ ਚੁੰਨੀ ਨੂੰ ਪਲੋਸਦੀ ਮਾਂ ਤੇ ਮੇਰਾ ਉਹੀ ਸਵਾਲ- ਕੀ ਇਹ ਬਾਪੂ ਨੇ ਦਿੱਤੀ ਸੀ, ਅਚਾਨਕ ਖੁਸ਼ਕ ਬੁੱਲ੍ਹਾਂ ਤੇ ਚਿੰਬੜੇ ਹਰਫ ਹਵਾ ਵਿੱਚ ਖਿਲਰੇ ਮੈਂ ਸੁਣੀਆਂ ਜਦੋ ਉਸਨੇ ਅਪਣੇ ਮਤੇ ਆਖਿਆ ਬਾਪੂ ਤੇਰੇ ਨੂੰ ਤਾਂ ਲਾਲ-ਰੰਗ ਪਸੰਦ ਸੀ ਗੁਲਾਬੀ-ਰੰਗ ਤਾਂ ਉਸਨੂੰ ਉੱਕਾ ਨਹੀਂ ਸੀ ਭਾਉਂਦਾ । ਸੰਨਾਟਾ ਪਸਰ ਗਿਆ ਫਿਜ਼ਾ ਵਿੱਚ ਸਾਰੇ ਉਹੀ ਸੰਨਾਟਾ ਜਿਹੜਾ ਹੁਣ ਤੱਕ ਗੁਲਾਬੀ ਚੁੰਨੀ ਦੀਆਂ ਤੈਹਾਂ ਵਿੱਚ ਦਫ਼ਨ ਸੀ।

ਗੌਤਮ

ਰਾਤ ਦੇ ਹਨ੍ਹੇਰੇ ਵਿੱਚ ਮੇਰੇ ਮਨ-ਮਸਤਕ ਵਿਚਲਾ -ਗੌਤਮ ਨਿਕਲ ਤੁਰਦਾ ਹੈ –ਗਯਾ ਵੱਲ। ਵੇਖਦਾ- ਗਯਾ ਦੇ ਸਾਰੇ ਬਿਰਖ ਸੁੱਤੇ ਪਏ ਨੇ ਅਪਣੇ ਪੱਤਰਾਂ ਨੂੰ ਗਲ ਲਾ ਕੇ, ਬੋਧ ਬਿਰਖ ਵੀ ਸੌਂ ਰਿਹਾ ਜੀਅ ਰਿਹਾ ਹੈ ਆਪਦਿਆ ਸੰਗ। ਅਪਣੀ ਮਿੱਟੀ ਛੱਡ ਭੱਜਦਾ ਨਹੀਂ ਹੈ ਨਿਰਵਾਣ ਵੱਲ, ਸੋਚਦਿਆਂ-ਸੋਚਦਿਆਂ – ਅਚਾਨਕ ਯਸ਼ੋਧਰਾ ਦਾ ਖ਼ਿਆਲ ਆ ਜਾਂਦੈ- ਕੀ ਹੋਏਗਾ ਜੇ ਉਹ ਵੀ ਆ ਗਈ ਮੁਕਤੀ ਲਈ ਮੇਰੇ ਮਗਰ ਕੀ ਕਰੇਗਾ ਕੀ ਕਹੇਗਾ ਰਾਹੁਲ ਫੇਰ ਕਦੇ ਮੁਕਤ ਨਹੀ ਕਰੇਗਾ ਸਾਨੂੰ ਮੁਕਤੀ ਦੇ ਇਲਜ਼ਾਮ ਤੋਂ। ਕਾਹਲ਼ੇ ਕਦਮੀ ਪਰਤ ਜਾਂਦਾ ਹਾਂ ਮਹਿਲਾਂ ’ਚ ਜਦ- ਤਾਂ ਸ਼ੁਕਰ ਕਰਦਾ ਹਾਂ ਵੇਖ ਕਿ “ਯਸ਼ੋਧਰਾ ਅਜੇ ਜਾਗੀ ਨਹੀਂ ਹੈ"

ਝੋਰਾ

ਜਿਸ ਦਿਨ ਦੀ ਪੁੱਤ ਨੂੰ ਵਿਦੇਸ਼ ਤੋਰਨ ਲਈ ਜ਼ਮੀਨ ਵੇਚੀ ਉਸ ਦਿਨ ਦਾ ਅੱਧਾ ਰਹਿ ਗਿਆ ਹੈ ਉਹ। ਏਅਰਪੋਰਟ ਵੱਲ ਰਵਾਨਾ ਹੋਣ ਲੱਗਿਆਂ ਪੁੱਤ ਨੇ ਉਸਦੇ ਮੋਢੇ 'ਤੇ ਹੱਥ ਰੱਖਿਆ ਤੇ ਬੋਲਿਆ – ਝੋਰਾ ਨਾ ਕਰ ਬਾਪੂ ਇੱਕ ਸਾਲ ਦੇ ਵਿੱਚ ਫਿਰ ਜ਼ਮੀਨ ਖ਼ਰੀਦ ਲਵਾਂਗੇ ਆਪਾਂ, ਉਹ ਧਰਤੀ 'ਤੇ ਨਜ਼ਰ ਗੱਡੀਂ ਖੜ੍ਹਾ ਬੋਲਿਆ ਜ਼ਮੀਨ ਦਾ ਤਾਂ ਜੋ ਦੁੱਖ ਹੈ ਸੋ ਹੈ ਪਰ ਝੋਰਾ ਤਾਂ ਏਸ ਗੱਲ ਦਾ ਹੈ ਕਿ ਮੇਰੇ ਦਾਦੇ-ਪੜਦਾਦੇ ਦਾ ਨਾਂ ਗੈਰਾਂ ਦੇ ਨਾਂ ਪਿੱਛੇ ਬੋਲੇਗਾ ਫ਼ਰਦਾਂ ਵਿੱਚ । ਸੁਣਦਿਆਂ ਹੀ ਪੁੱਤ ਦਾ ਹੱਥ ਬਾਪ ਦੇ ਮੋਢੇ ਤੋਂ ਤਿਲਕ ਜਾਂਦਾ ਹੈ ਤੇ ਬਾਪ ਦੀ ਨਜ਼ਰ ਪੁੱਤ ਦੇ ਹੱਥਾਂ ’ਤੇ ਆ ਟਿਕਦੀ ਹੈ।

ਲੀਲਾ

ਕ੍ਰਿਸ਼ਨ ਦੇ ਪੈਰਾਂ ਥੱਲੇ ਸ਼ੇਸ਼ਨਾਗ ਦੀ ਸਿਰੀ ਸਿਰ 'ਤੇ ਮੋਰ-ਖੰਭ ਬੁੱਲ੍ਹਾਂ ਤੇ ਬੰਸਰੀ ਹੈ; ਗੋਕੁਲ ਦੀਆਂ ਗਲੀਆਂ ਵਿੱਚ ਪ੍ਰੇਮ ਨਾਦ ਲਰਜ਼ਦਾ ਪੰਛੀ ਗਾਉਂਦੇ ਫਲ-ਫੁੱਲ ਮਹਿਕਦੇ ਲਹਿਰ ਨਾਲ ਲਹਿਰ ਖਹਿੰਦੀ ਰਾਧਾ ਰਾਸ ਕਰਦੀ ਕ੍ਰਿਸ਼ਨ ਰੱਬ ਹੈ । ਫਿਰ ਵਿਧੀ ਦਾ ਵਿਧਾਨ ਵਾਪਰਦਾ ਕ੍ਰਿਸ਼ਨ ਦੇ ਪੈਰਾਂ ਥੱਲੇ ਤਖ਼ਤ ਸਿਰ ’ਤੇ ਤਾਜ ਉਂਗਲ ਤੇ ਸੁਦਰਸ਼ਨ ਚੱਕਰ ਰਾਹੇ-ਰਾਹੇ ਤੁਰਿਆ ਆਉਂਦਾ ਸੁਦਾਮਾ ਖੁਸ਼ਹਾਲ ਦੁਆਰਕਾ ਦਾ ਸਿੰਘਾਸਨ ਨਾਲ ਬੈਠੀ ਰੁਕਮਣੀ ਹੁਣ ਰੱਬ ਰਾਜਾ ਹੈ। ਅਚਾਨਕ ਸ਼ਕੁਨੀ ਜ਼ਹਿਰ ਲਿਬੜੇ ਤੀਰ ਦੁਰਯੋਧਨ ਦੇ ਭੱਥੇ ਵਿੱਚ ਰੱਖ ਦਿੰਦਾ ਹੈ ਦਰੋਪਤੀ ਕੇਸ ਬੰਨਣ ਲਈ ਹਾਥੀ ਦੰਦ ਦਾ ਕੰਘਾ ਮੰਗਵਾ ਲੈਂਦੀ ਹੈ ਭੀਸ਼ਮ ਲਈ ਤੀਰਾਂ ਦੀ ਸੇਜ ਤਿਆਰ ਹੈ ਬੀਦੁਰ ਕਹਾਣੀ ਅਰੰਭਦਾ ਹੈ ਰੱਬ ਰੂਪ ਬਦਲਦਾ ਹੈ - ਹੁਣ ਉਸਦੇ ਪੈਰਾਂ ਥੱਲੇ ਰੱਥ ਸਿਰ ਤੇ ਮੁਕਟ ਹੱਥਾਂ ਵਿੱਚ ਘੋੜੇ ਦੀ ਲਗਾਮ ਬੁੱਲਾਂ ’ਤੇ ਗੀਤਾ-ਸੰਦੇਸ਼ ਕੁਰੂਕਸ਼ੇਤਰ ਦਾ ਸੋਨੇ ਰੰਗਾ ਮੈਦਾਨ ਨਾਲ ਬੈਠਾ ਅਰਜੁਨ ਹੁਣ ਰੱਬ ਰਥਵਾਨ ਹੈ । ਕੁਝ ਹੀ ਪਲਾਂ ਵਿੱਚ ਕੁਰੂਕਸ਼ੇਤਰ ਦੀ ਮਿੱਟੀ ਗੇਰੂਏ ਰੰਗੀਂ ਹੋ ਜਾਏਗੀ ਗੀਤਾ-ਸੰਦੇਸ਼ ਗੂੰਜੇਗਾ ਸਤਯ ਦੀ ਜਿੱਤ ਹੋਏਗੀ ਰੱਬ ਨਾਲ ਹੈ, “ਉਸ ਕੋਲ ਯੁੱਧ ਜਿੱਤਣ ਦੀ ਤਰਕੀਬ ਹੈ ਬੱਸ ਯੁੱਧ ਰੋਕਣ ਦੀ ਜੁਗਤ ਨਹੀਂ" ਸਾਰਾ ਕੁਝ ਤਾਂ ਕਿੱਥੇ ਹੁੰਦੈ ਰੱਬ ਕੋਲ ਵੀ ॥

ਫ਼ਰੀ-ਸਾਇਜ

ਫ਼ਰੀ-ਸਾਇਜ ਹੁੰਦੇ ਨੇ ਛੱਲੇ ਮੁਹਬੱਤ ਦੇ ਜਿਹੜੇ - ਹਰ ਉਂਗਲ ਦੇ ਨਾਪ ਆ ਜਾਂਦੇ ਨੇ ਤੇ ਕਿਸੇ ਵੀ ਉਂਗਲ ਵਿਚੋਂ ਤਿਲਕ ਜਾਂਦੇ ਨੇ ॥

ਸਲੀਬ

ਤੁਸੀਂ ਸਲੀਬ ਤੇ ਚੜ੍ਹੇ ਰੱਬ ਨੂੰ ਜਾਣਦੇ ਹੋ ਪਰ ਮੈਂ ਉਸ ਬੰਦੇ ਨੂੰ ਜਾਣਦੀ ਹਾਂ- ਜਿਹੜਾ ਸਲੀਬ ’ਤੇ ਚੜ੍ਹ ਕੇ ਰੱਬ ਹੋ ਗਿਆ ਸੀ । ਉਦੋਂ ਤੋਂ ਹੀ ਰੱਬ ਤੁਹਾਡੀਆਂ ਗਰਦਨਾਂ ਨਾਲ ਸਲੀਬ ਬਣ ਲਟਕ ਗਿਆ ਹੈ । ਸੱਚਮੁੱਚ ਰੱਬ ਬਣਨਾ ਬਹੁਤ ਔਖੈ ਬੰਦੇ ਨੂੰ ਸੂਲਾਂ ਦਾ ਤਾਜ ਪਹਿਨਾ ਸਲੀਬ ਤੇ ਵਿੰਨਿਆਂ ਜਾਂਦੈ- ਤਾਂ ਕਿਤੇ ਜਾ ਕੇ ਬੰਦਾ ਰੱਬ ਬਣਦੈ -॥

ਸੰਨਾਟਾ

ਮੋਰ ਪਪੀਹੇ ਅਤੇ ਬੰਬੀਹੇ ਹੁਣ ਨਾ ਬੋਲਣ ਬਾਗਾਂ ਵਿੱਚ, ਬਾਗ ਦੀ ਹਰ-ਇੱਕ ਸਰਗਮ ਬੀਂਡੇ ਦੀ ਗੂੰਜ ਹੋ ਗਈ ਹੈ ।

ਹੀਰ ਬਨਾਮ ਵਾਰਿਸ

ਮੈਂ ਹੀਰ ਬਣ ਜਨਮੀ ਪਿਓ ਚੂਚਕ ਨੇ ਮੇਰੇ ਹੱਥੋਂ ਚੂਰੀ ਖੋਹੀ ਤੇ ਸੈਦੇ ਦਾ ਲੜ ਫੜਾ ਦਿੱਤਾ। ਮੈਂ ਤਖ਼ਤ ਹਜ਼ਾਰੇ ਵੱਸਣਾ ਸੀ ਪਰ ਰੰਗਪੁਰ ਜਾ ਕੇ ਉੱਜੜ ਗਈ। ਸਿਆਲਾਂ ਤੋਂ ਰੰਗਪੁਰ ਜਾਂਦੇ ਰਾਹ ਵਿੱਚ ਮੈਨੂੰ ਕਿਤੇ ਵਾਰਿਸ ਨਹੀਂ ਮਿਲਿਆ ... ਸ਼ਾਇਦ ਤਾਂ ਹੀ ਤੁਸੀਂ ਮੈਨੂੰ ਨਹੀ ਜਾਣਦੇ ਕੋਈ ਵੀ ਨਹੀਂ ਜਾਣਦਾ ... ਕਿਉਂਕਿ ਜਿਹਨਾ ਹੀਰਾਂ ਦੇ ਭਾਗਾਂ ਵਿੱਚ ਰਾਂਝੇ ਤੇ ਸੈਦੇ ਹੀ ਹੁੰਦੇ ਨੇ ਵਾਰਿਸ ਨਹੀਂ ਹੁੰਦੇ ਉਹਨਾਂ ਨੂੰ ਕੋਈ ਨਹੀਂ ਜਾਣਦਾ ॥

ਮੈਂ ਤੇ ਮਾਂ

ਮੈਂ ਕਈ ਵਾਰ ਮਾਂ ਨੂੰ ਲੀੜੇ ਸਾਂਭਣ ਬਹਾਨੇ ਸੰਦੂਕ ਵਿੱਚ ਮੂੰਹ ਦੇ ਕੇ ਰੋਂਦਿਆਂ ਤੱਕਿਆ। ਕਿੰਨਾ ਬਦਲ ਗਿਆ ਹੈ ਸਮਾਂ ਮੇਰੇ ਕੋਲ ਸੰਦੂਕ ਦੀ ਜਗ੍ਹਾ ਕਮਰੇ ਦੀ ਛੱਤ ਜਿੰਨੀ ਉੱਚੀ ਅਲਮਾਰੀ ਹੈ ਹੁਣ।

ਬੁਲਬੁਲੇ

ਆਪਾਂ ਦੋਵੇ ਪਿਆਰ ਤਾਂ ਬਹੁਤ ਕਰਦੇ ਹਾਂ ਇਕ-ਦੂਜੇ ਨੂੰ ਪਰ ਕਾਲੇ ਲੇਖੀ ਬੁਲਬੁਲੇ ਦੀ ਜੂਨੇ ਆਏ ਦੂਰੋਂ-ਦੂਰੋਂ ਤੱਕਦੇ ਰਹਿਣਾ ਮਿਆਦ ਹੈ ਆਪਣੀ ਇਕ ਦੂਜੇ ਛੂਹ ਲਿਆ ਜੇਕਰ ਤਾਂ ਥਾਂਏ ਖ਼ਤਮ ਹੋ ਜਾਵਾਂਗੇ ।

ਪਰਵਾਸ

ਪੱਖੀਆਂ ਨੂੰ ਝਾਲਰਾਂ ਲਾਉਂਦੀ, ਸੰਧੂਰੀ ਕਰਦੀ ਰਹੀ ਉਹ ਕੁੜੀ ਦਾਜ ਤਿਆਰ ਪਤਾ ਨਹੀਂ ਕਦੋਂ ਸਰਾਣੀਆ ਤੇ ਕੱਢੇ ਤਿੱਤਰ-ਮੋਰ ਉੱਡ ਗਏ ਜਹਾਜ਼ ਦੀ ਉਡਾਣ ਨਾਲ

ਮੁਆਵਜ਼ਾ

ਫੈਕਟਰੀ ਵਿੱਚ ਨਵੀਂ ਮਸ਼ੀਨ ਲਿਆਂਦੀ ਮਜ਼ਦੂਰ ਖੁਸ਼ ਨੇ ਲੱਡੂ ਵੰਡੇ ਚਲਾਉਣ ਤੋਂ ਪਹਿਲਾ- ਅਗਲੇ ਹੀ ਦਿਨ ਕਿਸੇ ਮਜ਼ਦੂਰ ਦਾ ਹੱਥ ਮਸ਼ੀਨ ਵਿੱਚ ਆ ਕੇ ਵੱਢਿਆ ਜਾਂਦਾ ਹੈ- ਮਸ਼ੀਨ ਬੰਦ ਕਰਵਾ ਦਿੱਤੀ ਜਾਂਦੀ ਹੜਤਾਲ ਹੁੰਦੀ ਹੈ ਮੁਆਵਜ਼ੇ ਦੀ ਮੰਗ ਨੂੰ ਲੈ ਕੇ-। ਅਖੀਰ ਮਾਲਕ ਮੰਨ ਜਾਂਦਾ ਪੀੜਤ ਦੇ ਨਾਬਾਲਗ ਪੁੱਤ ਨੂੰ ਉਸਦੀ ਥਾਂ ਤੇ ਨੌਕਰੀ ਦੇਣ ਲਈ-। ਹੜ੍ਹਤਾਲ ਖ਼ਤਮ ਹੋ ਜਾਂਦੀ ਹੈ ਤੇ ਮਸ਼ੀਨ ਫਿਰ ਤੋਂ ਚੱਲ ਪੈਂਦੀ ਹੈ।

ਜਾਲ

ਬਹੁਤ ਛਟਪਟਾਉਂਦੀਆ ਤੜਫਦੀਆਂ ਨੇ ਜਾਲ ਵਿੱਚ ਫਸੀਆਂ ਮੱਛੀਆਂ ਕੋਈ-ਕੋਈ ਮੱਛਲੀ ਤਿਲਕ ਕੇ ਬਾਹਰ ਡਿੱਗ ਜਾਂਦੀ ਹੈ ਤੇ ਸੱਭ ਤੋਂ ਪਹਿਲਾ ਵੱਢ ਦਿੱਤੀ ਜਾਂਦੀ ਕਿੰਨੇ ਕਾਰੀਗਰ ਨੇ ਜਾਲ ਬੁਣਨ ਵਾਲੇ ਜਿਹੜੇ ਜੀਊਣ ਦਾ ਮੌਕਾ ਤਾਂ ਦਿੰਦੇ ਨੇ ਪਰ ਜੀਊਣ ਨਹੀ ਦਿੰਦੇ ..

ਅਟੈਚੀ

ਪਿਤਾ ਪ੍ਰਦੇਸ ਚਲਿਆ ਹੈ ਮਾਂ ਦੋ ਅਟੈਚੀ ਕੱਢ ਲਿਆਉਂਦੀ ਹੈ ਇੱਕ ਵਿੱਚ ਪਿਤਾ ਦੇ ਕੱਪੜੇ ਤੈਹਾਂ ਲਾ ਕੇ ਪਾ ਦੇਂਦੀ ਦੂਜੇ ਵਿੱਚ ਸਾਂਭ ਕੇ ਰੱਖ ਦੇਂਦੀ ਹੈ ਅਪਣੇ ਗੂੜ੍ਹੇ ਰੰਗ ਦੇ ਸੂਟ ਤੇ ਗੋਟੇ ਵਾਲੀਆਂ ਚੁੰਨੀਆਂ। ‘ਬਾਹਰ’ ਹੀ ਨਹੀਂ ਧੁਰ-ਅੰਦਰ ਤੱਕ ਫੈਲੇ ਹੁੰਦੇ ਨੇ ਪ੍ਰਦੇਸ ਦੇ ਅਰਥ ।

ਦਿੱਲੀ ਦੂਰ ਨਹੀਂ ਹੈ !

ਮੇਰਾ ਬਾਪੂ ਮਿੱਟੀ ਨਾਲ ਮਿੱਟੀ ਹੁੰਦਾ ਖੇਤਾਂ ਨੂੰ ਕਰਮ ਭੂਮੀ ਮੰਨਦਾ ਤੇ ਕਿਰਤ ਨੂੰ ਧਰਮ ਹਰ ਸਿਆਲ -ਮੈਂ ਉਸਨੂੰ ਪੈਰਾਂ ਦੀਆਂ ਪਾਟੀਆਂ ਬਿਆਈਆਂ ਵਿੱਚ ਮੋਮ ਭਰਦਿਆਂ ਤੱਕਿਆ, ਭਾਦੋਂ ਵਿੱਚ ਮੱਕੀ ਗੁੱਡਦਿਆਂ ਉਸਦਾ ਕਣਕ-ਵੰਨਾਂ ਰੰਗ ਲੋਹੇ ਵਰਗਾ ਹੋ ਜਾਂਦਾ, ਅੰਤਾਂ ਦਾ ਰਿਜ਼ਕ ਕਮਾ ਵੀ ਨਾ ਉਸਨੇ ਕਦੇ – ਮਨ-ਭਾਉਂਦਾ ਖਾ ਕੇ ਵੇਖਿਆ ਤੇ ਨਾ ਜੱਗ-ਭਾਉਂਦਾ ਪਹਿਨ ਕੇ | ਡੋਬੇ ਸੋਕੇ ਸਮੇਂ ਉਹ ਫ਼ਸਲ ਦੇ ਨਾਲ ਹੀ ਡੁੱਬਦਾ ਤੇ ਸੁੱਕਦਾ ਰਿਹਾ । ਟਿਕੀ ਹੋਈ ਰਾਤ ਵਿੱਚ ਜਦੋਂ ਕਦੇ ਉਹ “ਟਾਹਲੀ ਮੇਰੇ ਬਚੜੇ ਲੱਕ ਟੁਣੂ-ਟੁਣੂ " ਗਾਉਂਦਾ ਤਾਂ ਘਰ ਦਾ ਸਾਰਾ ਜੀਆਂ ਜੰਤ ਉਸਦੀ ਹੂਕ ਨਾਲ ਵਿੰਨ੍ਹਿਆ ਜਾਂਦਾ। ਬਿਜਾਈ ਸਮੇਂ ਜਦੋਂ ਉਸਦੇ ਬਲਦ ਬੈਸਕ ਜਾਂਦੇ ਤੇ ਸਿੰਜਾਈ ਸਮੇਂ ਮੋਟਰ ਹਵਾ ਲੈ ਜਾਂਦੀ ਤਾਂ ਉਹ ਨੋਟ ਗਿਣਦੇ ਆੜ੍ਹਤੀਏ ਮੂਹਰੇ ਬੈਠਾ ਕਿੰਨਾ ਕਿੰਨਾ ਚਿਰ ਆਪਣੇ ਅੰਗੂਠੇ ਉਤਲਾ ਨੀਲਾ ਰੰਗ ਵੇਖਦਾ ਰਹਿੰਦਾ । ਕੱਚੇ ਕੋਠੇ ਤੇ ਪੱਕਾ ਚੁਬਾਰਾ ਪਾਉਣ ਦੀ ਰੀਝ ਉਹ ਨਾਲ ਹੀ ਲੈ ਕੇ ਤੁਰ ਗਿਆ। ਢਿੱਡ ਨੂੰ ਗੱਠਾ ਦੇ ਪਾਲੀ ਫ਼ਸਲ ਮੰਡੀ ਲੈ ਜਾਂਦਾ ਤੇ ਹੱਥ ਝਾੜ ਜਦੋ ਵਾਪਸ ਮੁੜਦਾ ਤਾਂ ਉਸਦੇ ਭਖਦੇ ਹੋਏ ਚਿਹਰੇ ਤੋਂ ਬਲਦੇ ਸ਼ਬਦ ਝੜਦੇ- ਜੀਅ ਕਰਦੈ ਸਰਕਾਰ ਦੇ ਢਿੱਡ ਵਿੱਚ ਟੱਕਰ ਮਾਰਾਂ ਦਿੱਲੀ ਜਾ ਕੇ ਪਰ ਨੇੜੇ-ਤੇੜੇ ਥੋੜੀ ਹੈ ਬਹੁਤ ਦੂਰ ਹੈ ਦਿੱਲੀ । ਅੱਜ ਦਿੱਲੀ ਜਾਂਦੇ ਸਾਰੇ ਰਾਹਾਂ 'ਤੇ ਮੈਨੂੰ ਮੇਰਾ ਬਾਪੂ ਖੜਾ ਦਿਸਦੈ ਵੇਖਿਆ ਹੁਣ ਦਿੱਲੀ ਦੂਰ ਨਹੀਂ ਰਹੀ, ਬਾਪੂ ਹੁਣ ਦਿੱਲੀ ਦੂਰ ਨਹੀ ਹੈ ॥

ਚੋਗ

ਘਰ ਦੇ ਵਿਹੜੇ ਵਿੱਚ ਮੈਂ ਪੰਛੀਆਂ ਲਈ ਦਾਣੇ ਖਿਲਾਰਦੀ ਉਹ ਚੋਗਾ ਚੁਗ ਵਾਪਸ ਅਪਣੇ ਆਲ੍ਹਣੀਆ ਵੱਲ ਉੱਡ ਜਾਂਦੇ ਨੇ। ਮੈਂ ਘਰ ਦੇ ਅੰਦਰ ਵੇਖਦੀ ਸੋਚਦੀ ਹਾਂ- ਉਹਨਾਂ ਪੰਛੀਆਂ ਬਾਰੇ, ਜਿਹੜੇ ਸੱਤ-ਸਮੁੰਦਰੋਂ ਪਾਰ ਚੋਗਾਂ ਚੁਗਣ ਗਏ ਪਰਤੇ ਨਹੀ ਹੁਣ ਤੱਕ ਚੁਗਦੇ-ਚੁਗਦੇ ਉੱਥੇ ਹੀ ਆਲ੍ਹਣੇ ਬਣਾ ਬੈਠੇ ਨੇ। ਸਿਆਣੇ ਲੱਗਦੇ ਨੇ ਮੈਨੂੰ ਪੰਛੀ ਜਿਹੜੇ ਚੋਗੇ ਵਾਲੀ ਥਾਂ ਘਰ ਨਹੀ ਬਣਾਉਂਦੇ ਜਾਣਦੇ ਨੇ ਕਿਸ ਬਹਾਨੇ ਉਡੱਣਗੇ ਫੇਰ। ਨਾ-ਸਮਝ ਹੁੰਦੇ ਨੇ ਬੰਦੇ ਜਿੱਥੇ ਚੋਗਾ ਚੁਗਣ ਉੱਥੇ ਹੀ ਘਰ ਬਣਾ ਬਹਿੰਦੇ ਤੇ ਉੱਡਣਾ ਭੁੱਲ ਜਾਂਦੇ ਨੇ।

ਰਮਜ਼

ਤਾਰੇ ਤੋੜ ਕੇ ਮਹਿਬੂਬ ਦੇ ਵਾਲਾਂ ਵਿੱਚ ਗੁੰਦ ਦੇਣਾ ਰਮਜ਼ ਹੈ ਇਹ ਇਸ਼ਕ ਦੀ ਇਸਨੂੰ ਤਰਕ ਦੀ ਸਜ਼ਾ ਨਾ ਦੇ ਗੁਰੂ ਦਖਸ਼ਣਾ ਹੇ ! ਵੇਲੇ ਦੇ ਗੁਰੂਦੇਵ ਏਸ ਵਾਰ ਗੁਰੂ-ਦਖਸ਼ਣਾ ਵਿੱਚ ਅੰਗੂਠਾ ਨਾ ਮੰਗਿਓ ਸਿਰ ਮੰਗ ਲਿਓ, ਨਹੀ ਤਾਂ ਅਸੀ ਸਿਰ ਧੜ ਦੀ ਬਾਜ਼ੀ ਲਗਾ ਦਵਾਂਗੇ ਅੰਗੂਠਾ ਬਚਾਉਣ ਲਈ।

ਸਿਆਹੀ

ਉਹਨਾਂ ਮੇਰੀ ਡਿਊਟੀ ਦਿਹਾੜੀਦਾਰਾਂ ਨੂੰ ਮਜ਼ਦੂਰੀ ਦੇਣ ਦੀ ਲਗਾਈ, ਮੈਂ ਇੱਕ ਮਜ਼ਦੂਰ ਨੂੰ ਪੈਸੇ ਦਿੱਤੇ ਰਜਿਸਟਰ ਅੱਗੇ ਕੀਤਾ ਨਿੱਬ ਵਾਲਾ ਪੈੱਨ ਫੜਾਇਆ ਦਸਤਖ਼ਤ ਕਰਨ ਲਈ। ਉਸਨੇ ਪੈਸੇ ਜੇਬ ਵਿੱਚ ਪਾਏ ਪੈੱਨ ਦੀ ਨਿੱਬ ਨੂੰ ਅੰਗੂਠੇ ਤੇ ਘਸਾਇਆ ਅੰਗੂਠਾ ਰਜਿਸਟਰ ਤੇ ਰੱਖ ਦਿੱਤਾ। ਪੈੱਨ ਦੀ ਸਿਆਹੀ ਉਦਾਸ ਹੈ ਉਸਦੀ ਸਹੀ ਵਰਤੋਂ ਨਹੀਂ ਹੋਈ।

ਤਕਦੀਰ

ਤਕਦੀਰ ਹੁੰਦੀ ਹੈ ਦਾਣਿਆਂ ਦੀ ਵੀ ਆਪੋ-ਆਪਣੀ, ਕੁਝ ਵੱਡੇ ਮਾਲ੍ਹਾਂ ਦੇ ਏ.ਸੀ. ਸਿਨੇਮਾ ਘਰਾਂ ਵਿੱਚ ਪੋਪਕੌਰਨ ਬਣ ਮਹਿੰਗੇ ਭਾਅ ਵਿਕ ਜਾਂਦੇ ਨੇ ਤੇ ਕੁਝ ਸਹੀ ਮੁੱਲ ਨੂੰ ਉਡੀਕਦਿਆਂ ਮੰਡੀਆਂ ਵਿੱਚ ਪਏ ਗਲ੍ਹ ਜਾਂਦੇ ਨੇ ॥

ਔੜ

ਜਦ ਕਦੇ ਔੜ ਲਗਦੀ ਗੁੱਡੀਆਂ-ਪਟੋਲਿਆਂ ਨਾਲ ਖੇਡਦੀ ਨੂੰ ਪਿਤਾ ਅਵਾਜ਼ ਮਾਰਦਾ ਮੀਂਹ ਵਾਸਤੇ ਗੁੱਡੀ ਫੂਕਣ ਨੂੰ ਆਖਦਾ। ਸਹੇਲੀਆਂ ਨੂੰ ਨਾਲ ਲੈ ਮੈਂ ਸਿਖਰ ਦੁਪਹਿਰੇ ਤੱਪੜਾਂ ਵਿੱਚ ਗੁੱਡੀ ਫੂਕ ਆਉਂਦੀ ਮਾਯੂਸ ਹੋਈ ਬੈਠੀ ਨੂੰ ਵੇਖ ਮਾਂ ਰੰਗ-ਬਰੰਗੀਆਂ ਲੀਰਾਂ ਦੀ ਨਵੀਂ ਗੁੱਡੀ ਬਣਾ ਦੇਦੀ। ਉਸ ਨਾਲ ਖੇਡਦਿਆਂ ਮੈਂ ਡਰਦੀ ਰਹਿੰਦੀ ਕਿ ਜੇ ਕਿਧਰੇ ਅਗਲੇ ਵਰ੍ਹੇ ਫੇਰ ਮੀਂਹ ਨਾ ਪਿਆ ਤਾਂ ...।

ਧੂਣੀ ਦੀ ਅੱਗ

ਨਹੀਂ ਮੈਂ ਤੈਨੂੰ ਦਾਨ ਵਿੱਚ ਕੁਝ ਨਹੀ ਦੇਵਾਂਗੀ ਇਸ ਤੇ ਕੋਈ ਹੱਕ ਨਹੀ ਹੈ ਤੇਰਾ। ਕਾਣੀ-ਵੰਡ ਨਹੀ ਕਰਾਂਗੀ ਭਾਵੇਂ ਕੀਤੀ ਹੋਵੇ ਤੇਰੇ ਰੱਬ ਨੇ ਨਾਲ ਮੇਰੇ। ਕਿਉਂਕਿ ਰੱਬ ਨਹੀਂ ਹਾਂ ਮੈਂ ਨਾ ਹੀ ਪਹੁੰਚ ਹੈ ਮੇਰੀ ਉਸ ਤੱਕ, ਹੋ ਸਕਦੀ ਸੀ ਪਹੁੰਚ ਤਾਂ ਜੇ ਕਿਧਰੇ ਟਿੱਲੇ ਤੇ ਧੂਣੀ ਲਾ ਬਹਿੰਦੀ ਪਿੰਡੇ ‘ਤੇ ਮਲ ਕੇ ਸੁਆਹ ਅਲੱਖ ਜਗਾ ਲੈਦੀ। ਪਰ ਗੱਲ ਹੈ ਅਹਿਮੀਅਤ ਦੀ ਸਾਰੀ ਮੇਰੇ ਲਈ ਧੂਣੀ ਬਾਲਣ ਤੋਂ ਅਹਿਮ ਸੀ ਘਰ ਦੇ ਚੁੱਲੇ ਵਿੱਚ ਬਾਲਣਾ ਅੱਗ । ਕੰਨਾਂ ਵਿੱਚ ਕਿਵੇਂ ਪਾ ਸਕਦੀ ਸਾਂ ਕੱਚ ਦੀਆਂ ਮੁੰਦਰਾਂ ਕੰਨ ਤਾਂ ਬਚਪਨ ਵਿੱਚ ਹੀ ਵਿੰਨ ਦਿੱਤੇ ਸਨ ਨਾਲ ਸੂਲ਼ਾਂ ਦੇ । ਸੂਲ਼ਾਂ ਵਿੰਨੇਂ ਜਿਸਮ ਨੂੰ ਲੈ ਕੇ ਦਰ-ਦਰ ਕਿਵੇਂ ਭਟਕਦੀ ਅਲੱਖ ਨਿਰੰਜਨ ਕਹਿੰਦੀ । ਸਿਰ ‘ਤੇ ਵੀ ਬਹੁਤ ਭਾਰ ਸੀ ਸਦਾਚਾਰ ਦਾ ਟਿੱਕਿਆਂ ਹੋਈਆ ਸੀ ਟੋਕਰਾ । ਰੋਡ-ਭੋਡ ਹੋ ਕੇ ਜਦੋ ਤੂੰ ਦਰਾਂ ਤੇ ਖੜ੍ਹਾ ਹੁੰਦੈ ਖ਼ੈਰਾਤ ਲਈ ਤਾਂ ਜੀਅ ਕਰਦੈ ਸਿਰ ‘ਤੇ ਲਈ ਓੜਨੀ ਨੂੰ ਤੇਰੇ ਮੂੰਹ ਤੇ ਵਗਾਹ ਮਾਰਾਂ ਹੱਥੀ ਪਕਾਇਆ ਮੰਨਅ ਦੇਣ ਤੋਂ ਕੋਰੀ ਨਾਂਹ ਕਰ ਦੇਵਾ। ਬਣਿਆ ਏ ਮਹਾਤਮਾ ਜਦੋਂ ਦਾ ਭੁੱਲ ਹੀ ਗਿਐ ਉਦੋਂ ਦਾ ਕਿ ਮੇਰੇ ਅੰਦਰ ਵੀ ਇੱਕ ਗੋਤਮ ਸੀ ਜਿਸ ਨੂੰ ਆਪਣੇ ਹੱਥੀਂ ਮਾਰਿਐ ਮੈਂ ਤੇਰੇ ਅੰਸ਼ ਨੂੰ ਅਪਣੀ ਕੁੱਖ ਵਿੱਚ ਜੀਵਤ ਰੱਖਣ ਲਈ । ਤੂੰ ਸਿਰਫ਼ ਜਨਮ-ਮਰਨ ਤੋਂ ਮੁਕਤੀ ਚਾਹੁੰਦੈ ਮੇਰਾ ਸਫ਼ਰ ਤੇਰੇ ਜਨਮ ਤੋਂ ਨੌਂ ਮਹੀਨੇ ਪਹਿਲਾਂ ਸ਼ੁਰੂ ਹੁੰਦੈ। ਤੇਰੇ ਮਨ ਵਿੱਚ ਹੋਏਗੀ ਸਵਰਗ ਦੀ ਲਾਲਸਾ ਤੇ ਮੁਕਤੀ ਲਈ ਭਟਕਣਾ ਮੇਰੇ ਤਨ ਵਿੱਚ ਸਿਰਫ ਕੁੱਖ ਹੈ। ਜੇ ਨਾ ਹੁੰਦੀ ਕੁੱਖ ਤਾਂ ਮੈਂ ਵੀ ਤਾਂਡਵ ਕਰ ਸਕਦੀ ਸੀ ਹਿਮਾਲਿਆ ਦੀ ਕਿਸੇ ਚੋਟੀ ਤੇ ਜਾ ਕੇ ਤੇ ਤ੍ਰੀਦੇਵ ਬਣ ਸਕਦੀ ਸੀ। ਕੁਝ ਵੀ ਕਰ ਤੂੰ ਮੇਰੇ ਤੋ ਮੁਕਤ ਨਹੀਂ ਹੋ ਸਕਦਾ ਕਿਉਂਕਿ ਤੇਰੇ ਅੰਦਰ ਬੈਠੀ ਹਾਂ ਮੈਂ ਛੁਪ ਕੇ ਕਿਧਰੇ ਤੇਰੇ ਅੰਡਕੋਸ਼ ਵਿੱਚ । ਇੱਕ ਗੱਲ ਤਾਂ ਦੱਸ ਧੂਣੀ ਬਾਲ ਕੇ ਤੂੰ ਲੋਕਾਂ ਨੂੰ ਪੁੱਤਰਾਂ ਦੇ ਵਰ ਕਿਵੇਂ ਦੇ ਦਿੰਨੈ ਕੀ ਤੈਨੂੰ ਨਹੀ ਪਤਾ ਧੂਣੀ ਦੀ ਅੱਗ ਪੁੱਤਰਾਂ ਦੇ ਵਰ ਹੀ ਦੇ ਸਕਦੀ ਹੈ ਪੁੱਤਰ ਤਾਂ ਹੀ ਮਿਲਦੇ ਨੇ ਜੇ ਘਰਾਂ ਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਹੇ । ਮੰਨਿਆ ਪਿੰਡੇ ਤੇ ਰਾਖ ਮਲਣ ਦਾ ਗੁਰ ਹੈ ਤੈਨੂੰ ਪਰ ਭੁੱਬਲ ਵਿੱਚ ਅੱਗ ਦੱਬਣ ਦਾ ਹੁਨਰ ਤੈਨੂੰ ਕਦੇ ਨਹੀਂ ਆਉਣਾ ਇਹ ਸਿਰਫ਼ ਮੇਰੇ ਕੋਲ ਹੈ ॥

ਇੱਟਾਂ

ਇੱਕ ਹੀ ਮਿੱਟੀ ਤੋਂ ਬਣੀਆਂ ਇੱਕ ਹੀ ਆਵੇ ‘ਤੇ ਪੱਕੀਆਂ ਇੱਟਾਂ ਸਾਂ ਆਪਾਂ ਤੂੰ ਘਰ ਦਾ ਬਨੇਰਾ ਬਣ ਸਜੀ ਤੇ ਮੈਂ ਨੀਂਹ । ਪਤਾ ਹੈ ਮੈਨੂੰ ਹਰ ਆਉਣ ਵਾਲੇ ਦੇ ਨਜ਼ਰੀ ਪੈਂਦੀ ਤਿੱਥੀ-ਤਿਉਹਾਰੀ ਸਜਾਈ ਜਾਂਦੀ ਸੋਹਣੀ ਲੱਗਦੀ ਹੋਏਗੀ ਪਰ ਜਾਣਦੀ ਤਾਂ ਹੋਏਗੀ ਨਾ ਕਿ ਕਿਸਦੇ ਸਹਾਰੇ ਖੜ੍ਹੀ ਹੈ ਤੂੰ

ਦਾਜ

ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹੋ ਗਈਆਂ ਸੁੰਡੀ ਦਾ ਸ਼ਿਕਾਰ ਚਰਖੇ 'ਤੇ ਕੱਸੀ ਰਹਿ ਗਈ ਮਾਲ੍ਹ, ਲਗਦੈ ਏਸ ਵਰ੍ਹੇ ਵੀ ਨਹੀ ਹੁੰਦੀਆਂ ਛਿੰਦੋ ਦੇ ਦਾਜ ਲਈ ਦਰੀਆਂ ਤਿਆਰ

ਰੇਪ

ਜਦੋਂ ਸੁਣਦੇ ਕਿਸੇ ਬਾਲਗ ਨਬਾਲਗ ਨਾਲ ਹੋਏ ਰੇਪ ਬਾਰੇ ਤਾਂ ਡਰ ਜਾਂਦੇ ਆਪਣੀਆਂ ਧੀਆਂ-ਭੈਣਾਂ ਨੂੰ ਸਿਰਫ਼ ਸਮਝਾਉਂਦੇ ਹੀ ਨਹੀਂ ਲਗਭਗ ਡਰਾਉਂਦੇ, ਦਿੰਦੇ ਹਦਾਇਤਾਂ ਬਾਹਰ-ਅੰਦਰ ਆਉਣ-ਜਾਣ ਬਾਰੇ ਪਹਿਰਾਵਾ ਪਾਉਣ ਬਾਰੇ ਉਦੋਂ ਕੋਲ ਹੀ ਖੜ੍ਹੇ ਹੁੰਦੇ ਨੇ ਸਾਡੇ ਪੁੱਤ ਜਿਹਨਾਂ ਨੂੰ ਅਸੀ ਕੁੱਝ ਨਹੀਂ ਸਮਝਾਉਂਦੇ ਫਿਰ ਸਾਡੀਆਂ ਡਰੀਆਂ ਤੇ ਸਹਿਮੀਆਂ ਧੀਆਂ-ਭੈਣਾਂ ਨੂੰ ਕਿਤੇ ਨਾ ਕਿਤੇ ਉਹ ਮਿਲ ਹੀ ਜਾਂਦੇ ਨੇ ਜਿਹਨਾਂ ਨੂੰ ਬਿਨਾਂ ਕੁਝ ਸਮਝਾਇਆ ਛੱਡ ਆਏ ਹੁੰਦੇ ਹਾਂ -ਅਸੀਂ।

ਚੁਬਾਰੇ ਦੀ ਖਿੜਕੀ

ਗਲੀ ਉੱਚੀ ਹੋ ਜਾਣ ਕਾਰਨ ਡੂੰਘੀ ਹੋਈ ਬੈਠਕ ਦੀ ਖਿੜਕੀ ਵਿਚੋਂ ਵੇਖ ਕੇ ਡੁੱਬਦਾ ਸੂਰਜ ਅਕਸਰ ਆਖਦਾ ਬਾਪੂ ਚੁਬਾਰਾ ਪਾਉਣਾ ਹੈ ਆਪਾਂ ਖਿੜਕੀ ਰੱਖਣੀ ਹੈ ਚੜਦੇ ਵੱਲ ਤੱਕਣਾ ਹੈ ਚੜਦੇ ਸੂਰਜ ਨੂੰ ਇੱਕ ਵਾਰ ਚੁਬਾਰੇ ਦੀ ਖਿੜਕੀ ਵਿੱਚੋਂ। ਪੁੱਤਰਾ ਜਿਹੜਾ ਹੱਥ ਰੱਖਿਆ ਹੈ ਸਿਰ ‘ਤੇ ਤੇਰੇ ਜਿਸ ਨਾਲ ਥਾਪੜਿਆ ਹੈ ਮੋਢਾ ਤੇਰਾ ਇੱਕ ਵਾਰ ਉਹੀ ਹੱਥ ਗੁਰਬਤ ਦੀਆਂ ਜਾੜ੍ਹਾਂ ਤੇ ਮਾਰਨਾ ਹੈ ਕੱਸ ਕੇ। ਪੈਰਾਂ ਦੀਆਂ ਬਿਆਈਆਂ ਵਿੱਚ ਮੋਮ ਨਹੀ ਭਰਨਾ ਗੁਰਗਾਬੀ ਲੈ ਹੀ ਲੈਣੀ ਹੈ ਐਤਕੀਂ। ਕੈਲੋ ਦੇ ਪ੍ਰਾਹੁਣੇ ਨੂੰ ਵੀ ਦੇ ਹੀ ਦੇਣਾ ਹੈ ਸਕੂਟਰ, ਐਵੇਂ ਕਿਤੇ ਇਹ ਨਾ ਆਖਦਾ ਹੋਵੇ ਕੁੜੀ ਨੂੰ ਕਿ ਨੰਗਾਂ ਨਾਲ ਵਾਹ ਪੈ ਗਿਆ ਉਸਦਾ। ਤੇਰਾ ਸਾਕ ਵੀ ਕਰ ਲੈਣਾ ਹੈ ਹੁਣ ਨੀ ਮੋੜਨਾ ਪਾਲਾ ਵਿਚੋਲਾ ਚੜ੍ਹਦੀ ਜਾਂਦੀ ਹੈ ਉਮਰ ਤੇਰੀ ਡਰ ਜਾਂਦਾ ਹਾਂ ਸੋਚ ਕੇ ਕਹਿੰਦੇ ਨੇ “ਪੁੱਤ ਸ਼ਾਹੂਕਾਰ ਦਾ ਵੀ ਰਹਿ ਜਾਂਦੈ"। ਸਾਰੇ ਕੰਮ ਕਰ ਲੈਣੇ ਨੇ ਲੋਟ ਬੱਸ ਖਿੜਕੀ ਖੁਲਦੀ ਹੋਜੇ ਇੱਕ ਵਾਰ ਚੜ੍ਹਦੇ ਵੱਲ ।

ਪੰਜ-ਤੱਤ

ਉਹ ਮੇਰੀ ਹੋਂਦ ਨੂੰ ਦੇਹ ਨਾਲ ਜੋੜਦਾ ਤੇ ਮੈਂ ਉਸਦੇ ਸਰੀਰ ਨੂੰ ਪੰਜ-ਤੱਤਾਂ ਨਾਲ ਬੱਸ ਇਸੇ ਇੱਕ ਧਾਰਨਾ ਨਾਲ ਉਸ ਲਈ ਮੈਂ ਕੇਵਲ ਦੇਹ ਰਹਿ ਜਾਂਦੀ ਹਾਂ ਤੇ ਉਹ ਮੇਰੇ ਲਈ ਸਮੁੱਚਾ ਬ੍ਰਹਿਮੰਡ ਹੋ ਜਾਂਦਾ ਹੈ

ਬਿਰਖ਼ ਤੇ ਸਾਜ਼

* ਸਾਜ਼ ਬਣਕੇ ਬਿਰਖ਼ ਨੂੰ ਵੀ ਜੀਭ ਲੱਗ ਜਾਏਗੀ ਬੋਲਣ ਲਈ ਓਸ ਨੂੰ ਪਰ ਛਾਂ ਗਵਾਉਣੀ ਪਏਗੀ। * ਜੜ੍ਹ ਨਾਲੋ ਟੁੱਟਦਾ ਜਦੋਂ ਬਿਰਖ਼ ਕੋਈ ਤਾਂ ਕੁਰਲਾ ਉਠਦਾ ਹੈ ਮੈਂ ਸੁਣਿਆਂ ਸਾਰੰਗੀ ਨੂੰ ਰੁਦਨ ਕਰਦਿਆਂ। * ਨਾ ਫੂਕ ਵਿੱਚ ਨਾ ਬਿਰਖ਼ ਵਿੱਚ ਨਾ ਬੰਸਰੀ ਦੇ ਛੇਕ ਵਿੱਚ, ਰਾਗ ਹੈ ਜੇ ਕੋਈ ਤਾਂ ਤਿੰਨਾਂ ਦੇ ਮਿਲਣ ਵਿੱਚ ਹੈ।

ਚੈਲੰਜ

ਉਸਨੇ ਚੈਲੰਜ ਕੀਤਾ ਮੈਨੂੰ ਪੂਰੀ ਦੁਨੀਆ ਨੂੰ ਕਲਾਵੇ ਵਿੱਚ ਲੈ ਕੇ ਵਿਖਾ ਮੈਂ ਚੁੱਪ-ਚਾਪ ਜੱਫੀ ਪਾ ਲਈ ਉਸਨੂੰ

ਕਿਸਾਨ

ਤੁਸੀਂ ਕਰੋ ਤਖ਼ਤ ਪਲਟਣ ਦੀਆਂ ਗੱਲਾਂ ਤੁਹਾਡੀ ਸੋਚ ਵਿੱਚ ਸੁਲਗਦਾ ਹੋਏਗਾ ਕੱਲ ਨੂੰ ਲਿਖਿਆ ਜਾਣ ਵਾਲਾ ਅੱਜ ਦਾ ਇਤਿਹਾਸ, ਸਿੱਧ ਕਰਨਾ ਹੋਏਗਾ ਤੁਸੀਂ ਨਾਇਕ ਤੇ ਖਲਨਾਇਕ ਦਾ ਰੁਤਬਾ। ਸਾਡੀ ਤੇ ਤੁਹਾਡੀ ਤਾਂ ਕੋਈ ਤੁਲਨਾ ਹੀ ਨਹੀਂ ਹੈ। ਤਖ਼ਤੋ ਤਾਜ ਦੇ ਦਾਅਵੇਦਾਰ ਤੁਸੀਂ ਤੇ ਅਸੀ ਉਹ - ਜਿਹਨਾਂ ਅੰਨ ਬੀਜਿਆ ਵਾਹਿਆ ਗਾਹਿਆ ਪਰ ਰੱਜ ਕੇ ਖਾਇਆ ਨਹੀਂ। ਮਰ ਵੀ ਜਾਂਦੇ ਹਾਂ ਜੇ ਅਸੀਂ ਵਕਤ ਸਿਰ ਚੜ੍ਹ ਕੇ ਤਾਂ ਵੀ ਕਾਇਰ ਹੀ ਕਹਾਉਂਦੇ ਹਾਂ। ਇੱਕ ਲੱਖ ਚੁਰਾਸੀ ਹਜ਼ਾਰ ਭੋਗ ਕੇ ਮਿਲੀ ‘ਜੂਨ ਐਨੀ ਸਸਤੀ ਹੈ ਕਿ- ਮਰ ਕੇ ਕਰਜ਼ੇ ਦੀ ਇੱਕ ਕਿਸ਼ਤ ਨਹੀ ਘਟਦੀ, ਸਾਥੋਂ ਤਾਂ ਚਿਤਰਗੁਪਤ ਅੱਗੇ ਵੀ ਲੇਖਾ ਨਹੀਂ ਦੇ ਹੋਣਾ ਕਿਉਂਕਿ ਬੋਲ ਤਾਂ ਸਾਡੇ ਕੋਲ ਹੈ ਹੀ ਨਹੀਂ ਬੋਲਣ ਜੋਗੇ ਕੇਵਲ ਹੁੰਗਾਰਾ ਹੈ - ਉੜਾਂ-ਥੁੜਾਂ ਅੱਗੇ ਭਰਨ ਲਈ। ਭਲਿਓ ਮਾਨਸੋ ! ਉਹੀ ਹਾਂ ਅਸੀਂ-ਅੰਨ ਉਗਾਉਣ ਵਾਲੇ ਉਹ ਅੰਨ ਜਿਸਨੂੰ ਤੁਸੀਂ ਅੰਨ-ਪਰਮੇਸ਼ਵਰ ਆਖਦੇ ਹੋ। ਉਹੀ ਹਾਂ ਅਸੀਂ - ਸਬਰ ਸੰਤੋਖ ਦੀ ਰੁੱਖੀ-ਮਿੱਸੀ ਖਾਣ ਵਾਲੇ । ਮਿੱਟੀ ਸੰਗ ਮਿੱਟੀ ਹੋਣ ਵਾਲੇ । ਹਰੀ-ਕ੍ਰਾਂਤੀ ਦਾ ਬਾਹਵਾਂ ਖੋਲ੍ਹ ਸਵਾਗਤ ਕਰਨ ਵਾਲੇ ਕੁਦਰਤ ਦੀ ਹਰ ਮਾਰ ਨੂੰ ਜਰਨ ਵਾਲੇ। ਆੜ੍ਹਤਾਂ ਦੀ ਹੁੰਮ ਨਾਲ ਲੜਨ ਵਾਲੇ। ਪਾਟੀਆਂ ਬਿਆਈਆਂ ‘ਚ ਮੋਮ ਭਰਨ ਵਾਲੇ । ਪੱਕੀ ਫ਼ਸਲ ਨੂੰ ਡਰਨੇ ਸਹਾਰੇ ਛੱਡਣ ਵਾਲੇ । ਚਾਅ ਪੂਰਨ ਲਈ ਹਾੜ੍ਹੀ ਸਾਉਣੀ ਦੇ ਤਰਲੇ ਕੱਢਣ ਵਾਲੇ। ਹੁਣ ਐਨੇ ਨਿਹੱਥੇ ਹੋ ਗਏ ਹਾਂ ਕਿ ਬੈਂਕਾਂ ਦੇ ਮਕੜ-ਜਾਲ ਵਿਚੋਂ ਹੀ ਨਿਕਲ ਨਹੀਂ ਪਾਉਂਦੇ। ਹੁਣ ਐਨੇ ਨਿਭਾਗੇ ਹੋ ਗਏ ਹਾਂ ਕਿ ਖੇਤਾਂ ਵਿੱਚ ਅੰਨ ਬੀਜਦੇ ਹਾਂ ਤਾਂ ਖ਼ੁਦਕੁਸ਼ੀਆਂ ਉੱਗ ਆਉਂਦੀਆਂ ਨੇ। ਅਜਿਹੇ ਸਮਿਆਂ 'ਚ ਜਦੋਂ ਸਾਡੀ ਬਾਂਹ ਕੋਈ ਨਹੀਂ ਫੜਦਾ ਤਾਂ ਕੰਮ ਆਉਂਦੇ ਨੇ ਸਾਡੇ ਹੀ ਸਿਰਾਂ ਦੇ ਸਾਫੇ ਹੱਥੀਂ ਵੱਟੇ ਵਾਣ ਦੇ ਰੱਸੇ ਤੇ ਸਲਫ਼ਾਸ ਦੀਆਂ ਅੱਧੀਆਂ-ਪੌਣੀਆਂ ਸ਼ੀਸ਼ੀਆਂ। ਪਰ ਮਰ ਕੇ ਵੀ ਕਦੇ ਇਤਿਹਾਸ ਨਹੀਂ ਬਣ ਪਾਉਂਦੇ ਅਖਬਾਰ ਦੀ ਖ਼ਬਰ ਹੀ ਬਣਦੇ ਹਾਂ ਬੱਸ। ਹਾਰੇ ਪਏ ਹਾਂ ਹਾਲਾਤਾਂ ਅੱਗੇ ਪਰ ਅਣਜਾਣ ਨਹੀਂ ਹਾਂ ਜਾਣਦੇ ਹਾਂ ਐਨਾ ਕੁ ਤਾਂ–ਕਿ “ਜੇਤੂਆਂ ਦੇ ਦਰਬਾਰ ਵਿੱਚ ਬੈਠ ਕੇ ਲਿਖੇ ਜਾਂਦੇ ਨੇ ਇਤਿਹਾਸ" ਤੇ ਜੇਤੂਆਂ ਦੀ ਕਤਾਰ ਵਿੱਚ ਕਿੱਥੇ ਖੜੋਣ ਦਿੰਦੇ ਨੇ ਸਾਨੂੰ ਸਾਡੇ ਲੇਖ।

ਪਰਿੰਦੇ

ਲਬੇੜ ਕੇ ਬਿੱਠਾਂ ਨਾਲ ਪੱਤੇ ਅਪਣੇ ਵਿਹੜੇ ਦਿਆਂ ਬਿਰਖਾਂ ਦੇ, ਆਲ੍ਹਣੇ ਪਾਉਣ ਉੱਡ ਗਏ ਨੇ ਉਹ ਸਮੁੰਦਰੋਂ ਪਾਰ ਬਿਰਖਾਂ 'ਤੇ ...

ਅਗਨ-ਪ੍ਰੀਖਿਆ

ਹੇ ! ਸੀਤਾ ਮਾਤਾ ਜਦੋਂ ਤੂੰ ਤੁਰੀ ਮੈਂ ਰਾਮ ਪਿੱਛੇ ਬਨਵਾਸ ਨੂੰ ਤੁਰ ਪਿਆ ਹੋਵੇਗਾ ਨਾਲ ਪਿਆਰ ਤੇ ਵਿਸ਼ਵਾਸ ਵੀ। ਕੱਟਦੀ ਹੋਏਗੀ ਫਾਕੇ ਵਣਾਂ ਵਿੱਚ ਕੱਢਦੀ ਹੋਏਗੀ ਕੰਡੇ ਪੈਰਾਂ ਚੋਂ ਤ੍ਰਭਕ ਜਾਂਦੀ ਹੋਏਗੀ ਟਿਕੀ ਰਾਤ ਵਿੱਚ। ਸਹਿਮ ਜਾਂਦੀ ਹੋਏਗੀ ਜੰਗਲੀ ਜੀਵਾਂ ਤੋਂ ਜਾਂ ਫੇਰ- ਵਿਸ਼ਵਾਸ ਹੀ ਸੀ ਏਨਾ, ਕਿ ਤੂੰ ਅਡੋਲ ਸੀ ਨਿਡਰ ਸੀ ਨਿਰਭੈ ਸੀ ਉਦੋਂ। ਤਿੜਕੀ ਤਾਂ ਹੋਏਗੀ ਪਰ ਤੂੰ ਬਾਅਦ ਵਿੱਚ ਅਗਨ-ਪ੍ਰੀਖਿਆ ਮੰਗੀ ਸੀ ਜਦੋਂ ਤੇਰੇ ਰਾਮ ਨੇ । ਸੋਚਿਆ ਤਾਂ ਹੋਵੇਗਾ ਤੂੰ ਜ਼ਰੂਰ ਕਿਸ ਲਈ ਛੱਡੀ ਸੀ ਅਯੁਧਿਆ ਕਿਸ ਲਈ ਕੱਟੇ ਸਨ ਫਾਕੇ ਔਂਕੜਾਂ, ਕਿਸ ਲਈ ਲੰਕਾਂ 'ਚ ਕੈਦੀ ਬਣ ਗਈ ਸੈਂ। ਇਹ ਉਹ ਰਾਮ ਤਾਂ ਨਹੀਂ ਲੱਗਿਆ ਹੋਏਗਾ ਜਿਸ ਨੂੰ ਰੱਬ ਮੰਨ ਤੁਰ ਪਈ ਸੀ ਤੂੰ ਕਦੇ ਕਹਿੰਦੇ ਸਹਿਮੀ ਨਹੀਂ ਸੀ ਤੂੰ ਅਗਨ ਤੋਂ ਨਿਕਲ ਗਈ ਮੈਂ ਉਸਦਾ ਸੀਨਾ ਚੀਰ ਕੇ ਸੇਕ ਤਕ ਲੱਗਿਆ ਨਹੀਂ -ਤੇਰੇ ਤਨ ਨੂੰ ਹੋ ਗਈ ਮੈਂ ਪਾਰ -ਉਸ ਇਲਜ਼ਾਮ ਤੋਂ ਕਿੰਝ ਮੇਲੀਆਂ ਸਨ ਅੱਖਾਂ ਫਿਰ ਤੇਰੇ ਰਾਮ ਨੇ ਕਿੰਝ ਤੱਕਿਆ ਸੀ ਤੇਰੇ ਸਨਮਾਨ ਵੱਲ । ਤੂੰ ਤਾਂ ਰਿਸ਼ੀਆਂ ਦਾ ਲਹੂ ਸੀ ਕਹਿੰਦੇ-ਜਨਮੀ ਸੀ ਬਿਨਾਂ ਕੁੱਖ ਤੋਂ, ਬਹੁਤ ਹੋਵੇਗਾ ਬਲ ਤੇਰੀ ਦੇਹ ਵਿੱਚ ਅੱਗ ਨੇ ਵੀ ਜਿਸਨੂੰ ਨਹੀ ਸੀ ਸਾੜਿਆ । ਪਰ ਮੈਂ ਕਿਵੇਂ ਬਚਾਵਾ ਖੁਦ ਨੂੰ ਇਸ ਅਗਨ ਤੋਂ ਕੁੱਖ ਦੇ ਰਸਤੇ ਆਈ ਮੈਂ ਆਦਮ ਦੀ ਧੀ । ਮੈਨੂੰ ਨਹੀਂ ਪਹਿਚਾਣੇਗੀ ਇਹ ਅਗਨ ਮੈਂ ਜਾਣਦੀ ਹਾਂ ਸੜ ਜਾਵਾਂਗੀ ਜੇ ਇਸ ਵਿੱਚ ਪੈਰ ਪਾਵਾਂਗੀ ਸੜ ਜਾਵੇਗਾ ਨਾਲ ਮੇਰਾ ਸਨਮਾਨ ਵੀ । ਤੱਕਦੀ ਹਾਂ ਤੇਰੇ ਰਾਮ ਵੱਲ- ਜੋ ਹੁਣ ਵੀ ਖਾਮੋਸ਼ ਏ ਮੇਰਾ ਰਾਮ ਉਡੀਕ ਰਿਹਾ ਏ ਅਗਨੀ ਤੋਂ ਪਾਰ । ਹੇ ! ਮਾਤਾ ਕਿੰਝ ਮੇਟਾਂ ਮੱਥੇ ਲੱਗੇ ਇਲਜ਼ਾਮ ਨੂੰ ਕਿੰਝ ਕਰਾਂ ਹੁਣ ਮੈਂ ਇਸ ਅਗਨੀ ਨੂੰ ਪਾਰ ਕਿਸ ਨੂੰ ਧਿਆਵਾਂ ਮੈਂ ਕਿ- ਸੰਕਟ ਟਲ ਜਾਵੇ । ਕਿਸ ਰਾਮ ਕੋਲੋ ਮੰਗਾਂ ਮੈਂ ਅਸ਼ੀਰਵਾਦ ॥

ਮਿਲਣ

ਅਜ਼ਾਦੀ ਤੋਂ ਲੈ ਕੇ ਹੁਣ ਤੱਕ ਉਹ ਸੱਜਿਓ ਖੱਬੇ ਨੂੰ ਲਿਖਦਾ ਰਿਹਾ ਤੇ ਮੈਂ ਖੱਬਿਓ ਸੱਜੇ । ਜਿੱਥੇ ਮੈਂ ਰੁਕਦੀ ਉੱਥੋਂ ਉਹ ਤੁਰਨਾ ਸ਼ੁਰੂ ਕਰਦਾ ਜਿੱਥੋ ਮੈਂ ਤੁਰਦੀ ਉੱਥੇ ਆ ਕੇ ਉਹ ਰੁਕ ਜਾਂਦਾ। ਉਂਝ ਲਿਖਦੇ-ਲਿਖਦੇ ਅੱਧ ਵਿਚਕਾਰ ਕਈ ਵਾਰ ਮਿਲੇ ਹਾਂ ਅਸੀਂ।

ਗਰਦ

ਮਿੱਟੀ ਹਾਂ ਭਾਵੇਂ ਮੈਂ ਪਰ ਐਨੀ ਵੀ ਨਾ ਦਰੜ ਗਰਦ ਬਣ ਕੇ ਧੁੰਦਲੀ ਕਰ ਦੇਵਾਂ ਤੇਰੇ ਤਾਜ ਦੀ ਚਮਕ ਨੂੰ। ਵਿਪਰੀਤ ਰੁੱਖ ਅੱਗ ਹਵਾ ਤੇ ਪਾਣੀ ਬਦਨੀਤੇ ਨਹੀਂ ਹੁੰਦੇ ਕਦੇ, ਤਾਂ ਹੀ ਤਾਂ ਰੁੱਖ ਵੱਢ ਦਿੱਤੇ ਜਾਂਦੇ ਨੇ ਅੱਗ ਬੁਝਾ ਦਿੱਤੀ ਜਾਂਦੀ ਹੈ ਹਵਾ ਨੂੰ ਤਲਵਾਰਾਂ ਮਾਰੀਆਂ ਜਾਂਦੀਆਂ ਨੇ ਪਾਣੀ ਡੀਕ ਲਏ ਜਾਂਦੇ ਨੇ। ਬੰਦਾ ਕਿੱਥੇ ਸਹਾਰ ਸਕਦੈ ਕਿਸੇ ਨੂੰ ਉਸਦੇ ਸੁਭਾਅ ਦੇ ਵਿਪਰੀਤ।

ਹੰਝੂ

ਉਹ ਮੈਨੂੰ ਹੰਝੂ ਬਣ ਕੇ ਮਿਲਿਆ ਬੜਾ ਰੋਕਿਆ ਪਰ ਨਜ਼ਰਾਂ ‘ਚੋਂ ਗਿਰ ਹੀ ਗਿਆ

ਮੁਰਾਰੀ ਦੀ ਤਰਜ਼ ’ਤੇ

ਮੈਂ ਤਾਂ ਤੇਰੇ ਲਈ ਜਨਮੀ ਸਾਂ ਰਾਧਾ ਬਣਕੇ ਪਰ ਮੈਨੂੰ ਤੂੰ ਰੁਕਮਣੀ ਬਣਾ ਕੇ ਹੀ ਸਵੀਕਾਰਿਆ ਉਸ ਤੋਂ ਵੀ ਪਰੇ ਅਸ਼ੀਰਵਾਦ ਸਿਰਫ ਮੀਰਾਬਾਈ ਬਣਾ ਕੇ ਦਿੱਤਾ। ਮੈਂ ਤੈਨੂੰ ਸਾਰੇ ਦਾ ਸਾਰਾ ਪਾਉਣਾ ਚਾਹੁੰਦੀ ਸਾਂ ਤਾਂਹੀਓ ਰੂਪ ਬਦਲ ਆਉਂਦੀ ਰਹੀ। ਉਂਝ ਸੁਣਿਆ ਤਾਂ ਤੁਸੀਂ ਵੀ ਇਹੋ ਹੋਵੇਗਾ ਕਿ ਪਰਮੇਸ਼ਵਰ ਰੂਪ ਬਦਲ ਸਕਦੈ- ਬਦਲਦਾ ਹੋਵੇਗਾ ਰੂਪ ਵੀ ਜ਼ਰੂਰ ਰਣਭੂਮੀ ਵਿੱਚ ਬਣਦਾ ਰਿਹੈ ਰਥਵਾਨ ਵੀ, ਸਤਿਐ-ਬਚਨ ਦਾ ਦਿੰਦਾ ਸੀ ਸੰਦੇਸ਼ ਜੋ ਸੱਚ ਨੂੰ ਜਿਤਾਉਣ ਲਈ ਕਿੰਨੀ ਵਾਰੀ ਝੂਠ ਵੀ ਬੋਲਿਆ ਹੈ ਉਹ ਵਰਨਾ ਲੋੜ ਕੀ ਸੀ ਹਾਥੀ ਨੂੰ ਅਸ਼ੋਥਾਮਾ ਕਹਿਣ ਦੀ। ਪੂਰਾ ਯਕੀਨ ਹੈ ਮੈਨੂੰ ਤੂੰ ਹੀ ਕਿਹਾ ਹੋਵੇਗਾ ਇਹ ਵੀ- ਕਿ “ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੁੰਦੈ " ਪਰ ਇਹ ਵੀ ਅੱਧਾ ਸੱਚ ਹੈ ਮੇਰੇ ਲਈ ਤਾਂ ਪਿਆਰ ਵੀ ਨਜ਼ਾਇਜ ਹੈ ਤੇਰੇ ਲਈ ਹੁੰਦੀ ਹੋਏਗੀ ਜੰਗ ਜਾਇਜ਼ ॥

ਟਿੱਡੀ-ਦਲ

ਟਿੱਡੀ ਹਾਂ - ਤੇਰੇ ਸਾਹਵੇਂ ਨਿਗੂਣੀ ਹੈ ਹੋਂਦ ਮੇਰੀ ਤਬਾਹੀ ਮਚਾ ਦੇਵਾਂਗੀ ਜੇ ਦਲ ਵਿੱਚ ਸ਼ਾਮਿਲ ਹੋ ਗਈ ।

ਬ'ਣੋਟੀ

ਤੇਰਾ ਰਿਸ਼ਤਾ ਸੋਨੇ ਦੀ ਝਾਲ ਫਿਰੇ ਉਹਨਾਂ ਗਹਿਣਿਆ ਵਰਗਾ, ਜਿਹੜੇ ਨਾ ਕਿਧਰੇ ਧਰ-ਧਰਾ ਕੇ ਔਖੇ ਵੇਲੇ ਕੰਮ ਆਏ, ਨਾ ਹੀ ਝਾਲ ਉਤਰ ਜਾਣ ਦੇ ਡਰੋਂ ਹੰਢਾਏ ਗਏ ।

ਰਿਸ਼ੀ ਹਾਂ ਮੈਂ

ਦੱਸਣਾ ਚਾਹੁੰਦਾ ਕਿ- ਰਿਸ਼ੀ ਹਾਂ ਮੈਂ ਵੀ ਭਾਵੇਂ ਮੇਰਾ ਤਪੋਬਣ ਨਹੀਂ ਹੈ ਨਾ ਹੀ ਭੋਰਾ ਹੈ ਕੋਈ ਤਪੱਸਿਆ ਲਈ ਨਾ ਹੀ ਚੋਟੀ ਕੋਈ ਕੈਲਾਸ਼ ਦੀ ਮੇਰੇ ਹਿੱਸੇ ਦਾ ਬੋਹੜ੍ਹ ਵੀ ਕਿਸੇ ਨੇ ਗਮਲੇ ਵਿੱਚ ਉਗਾ ਲਿਆ ਹੈ- ਜਿਸ ਹੇਠ ਬੈਠ ਮੈਂ ਨਿਰਵਾਣ ਪ੍ਰਾਪਤ ਕਰਨਾ ਸੀ। ਹੁਣ ਮੈਂ ਤਪੱਸਿਆ ਕਰਦਾ ਹਾਂ ਅਪਣੇ ਕ-ਮੰਡਲ ਨੂੰ ਚਾਰ ਛਿੱਲੜਾਂ ਨਾਲ ਭਰਨ ਲਈ, ਭਟਕਦਾ ਹਾਂ ਜਿੰਮੇਵਾਰੀਆਂ ਦੇ ਵਣ ਅੰਦਰ ਮੁਕਤ ਹੋ ਜਾਣ ਲਈ। ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਜਦੋਂ ਤਾਂ ਧਿਆਨ ਕੇਂਦਰ ਵਿੱਚ ਹਾਕਰ ਦੀ ਪੈੜ-ਚਾਲ ਆ ਵੜਦੀ ਹੈ, ਜਾਣਦਿਆਂ ਹੋਇਆ ਵੀ ਕਿ ਅਖ਼ਬਾਰ ਦੇ ਮੱਥੇ ’ਤੇ ਸਿਰਫ਼ ਦਿਨ ਤੇ ਤਾਰੀਖ ਬਦਲੀ ਹੋਏਗੀ ਉਡੀਕਦਾ ਹਾਂ ਹਰ ਰੋਜ਼ ਦਫ਼ਤਰ ਦੀਆਂ ਪੌੜੀਆਂ ਚੜ੍ਹਦਿਆਂ ਸ਼ਾਹ ਤੇਜ਼ ਹੋ ਜਾਂਦੇ ਨੇ ਮਸਾਂ ਕੁਰਸੀ ਤੱਕ ਪਹੁੰਚਦਾ ਸਾਹ ਸੂਤ ਕਰਨ ਦੀ ਕੋਸ਼ਿਸ਼ ਕਰਦਾਂ ਪਰ ਘਬਰਾ ਜਾਂਦਾ ਹਾਂ ਜਦੋਂ ਮੈਨੂੰ ਦਫ਼ਤਰ ਦੀ ਕੁਰਸੀ ਵਿੱਚੋਂ – ਪਿੰਡ ਵਾਲੀ ਟਾਹਲੀ ਦੀ ਗੰਧ ਆਉਂਦੀ । ਬਾਹਰ ਵੱਲ ਭੱਜਣ ਦੀ ਕੋਸ਼ਿਸ਼ ਕਰਦਾ ਹਾਂ ਪਰ ਫਿਰ ਤਣ ਜਾਂਦਾ ਕੁਰਸੀ 'ਤੇ ਜਿਵੇਂ ਤਣੇ ਬੈਠੇ ਹੁੰਦੇ ਨੇ -ਤਪੱਸਵੀ ਬੁੜਬੁੜਾਉਂਦਾ ਹਾਂ - ਰਿਸ਼ੀ ਹਾਂ ਮੈਂ ਮੈਂ ਵੀ ਰਿਸ਼ੀ ਹਾਂ -1

ਮੇਰੀ ਖੁਸ਼ੀ

ਮੈਨੂੰ ਉਹ ਅਪਣੇ ਆਪ ਵਿੱਚੋਂ ਮਨਫ਼ੀ ਕਰ ਖੁਸ਼ ਹੁੰਦੈ, ਮੈਂ ਖੁਸ਼ ਹੁੰਦੀ ਹਾਂ ਕਿ ਮੈਨੂੰ ਮਨਫ਼ੀ ਕਰਨ ਬਹਾਨੇ ਉਹ ਅਪਣਾ ਅਕਾਰ ਵਧਾ ਰਿਹੈ |

ਪਛਤਾਵਾ

ਸੋਚਿਆ ਸੀ ਤਾਪ ਪਿੰਡੇ ਦਾ ਸਹਿ ਜਾਵੇਗਾ ਬੁੱਤ ਮੋਮ ਦਾ ਸਾਹਾਂ ਨਾਲ ਹੀ ਪਿਘਲ ਗਿਆ ਪਰ

ਸਮੁੰਦਰ ਨੂੰ ਪੁੱਛੇ ਨਦੀ

ਤੁਰੀ ਹੋਈ ਤਾਂ ਮੈਂ ਹਾਂ ਤੇਰੇ ਵੱਲ, ਤੂੰ ਖੜ੍ਹਾ-ਖਲੋਤਾ ਹੀ ਬੇਚੈਨ ਕਿਉਂ ਰਹਿੰਦੈ । ਕਿਉਂ ਉੱਠ ਪੈਂਦੇ ਬਣ ਕੇ ਸਾਰੇ ਦਾ ਸਾਰਾ- ਜਵਾਰਭਾਟਾ ਇੰਝ ਦਿਨ-ਰਾਤ ਕਿਉਂ ਉਛਲਦਾ ਰਹਿੰਦੈ । ਕਿਉਂ ਕੋਈ ਸਮਝਦਾ ਨਹੀਂ ਦਰਦ ਤੇਰਾ ਤੇਰੀ ਵਿਸ਼ਾਲਤਾ ਨੂੰ ਦੇਖ ਹਰ ਕੋਈ ਭਰਮ ਚ' ਰਹਿੰਦੈ । ਸੀਨੇ ਵਿੱਚ ਸਾਂਭੇ ਜੁਗਾਂ-ਜੁਗਾਂ ਦੇ ਰਾਜ ਪਲ ਵਿੱਚ ਕਿਨਾਰਿਆਂ ਤੇ ਕਿਉਂ ਸੁੱਟ ਆਉਂਦੈ। ਸਾਜ਼ਿਸ਼ ਸਮਝ ਕਿਉਂ ਨਹੀਂ ਲੈਂਦਾ ਚੰਨ, ਸੂਰਜ ਤੇ ਧਰਤੀ ਦੀ ਇਹਨਾਂ ਤੋਂ ਮੇਰੀਆਂ ਸੂਹਾਂ ਐਵੇਂ ਪੁੱਛਦਾ ਰਹਿੰਦੈ । ਆਪਾਂ ਇੱਕ ਹਾਂ ਇੱਕ ਹੈ ਨੀਰ ਅਪਣਾ ਮੇਰਾ ਅਸਤਿਤਵ ਮਿਟਾਉਣ ਲਈ ਤੂੰ ਕਿਉਂ ਤਤਪਰ ਰਹਿੰਦੈ।

ਅਸਭਿਅਕ

ਮੈਂ ਤਾਂ ਮਾਂ ਹਾਂ ਸ਼ੁਰੂ ਤੋਂ -ਜਨਨੀ ਪਰ ਤੂੰ ਪਿਉ ਸੀ ਬਾਪ ਨਹੀਂ ਸੀ ਉਦੋਂ। ਬੱਚਿਆਂ ਨੂੰ ਪਾਲਣ ਲਈ ਮੈਂ ਘਰ ਬਣਾਇਆ ਤੂੰ ਘਰ ਦਾ ਬੂਹਾ ਬਣ ਬੈਠਾ ਬਾਹਰੋਂ ਲੰਘਦਾ ਵਕਤ ਤੇਰੀ ਮਰਜ਼ੀ ਚ' ਰਲ ਗਿਆ। ਆਖ਼ਰ ਵਕਤ ਨੇ ਧੱਕਾ ਕੀਤਾ ਮੈਨੂੰ ਤੇਰੀ ਹਊਮੈ ਸੰਗ ਪਰਨਾ ਦਿੱਤਾ। ਬੱਚੇ ਮੇਰੇ ਤੇਰੇ ਵਾਰਸ ਬਣ ਗਏ ਤੂੰ ਇਹਨਾਂ ਦਾ ਬਾਪ। ਬੱਚਿਆਂ ਦੀ ਮਾਂ ਤਾਂ ਮੈਂ ਰਹੀ ਕਦੇ ਮਾਂ ਕਹਾਈ ਨਹੀਂ ਪਰ ਤੂੰ ਕਈ ਥਾਂ 'ਤੇ ਪਿਓ ਨਾ ਹੁੰਦਾ ਹੋਇਆ ਵੀ - “ਬਾਪ” ਹੀ ਕਹਾਉਂਦੈ।

ਜੋਗੀ

ਸਿਰ ’ਤੇ ਲੈ ਜ਼ਿੰਮੇਵਾਰੀਆਂ ਦੀਆਂ ਜਟਾਵਾਂ ਪੈਰੀ ਪਾ ਰਿਸ਼ਤਿਆਂ ਦੀਆਂ ਖੜਾਵਾਂ। ਮੈਂ ਹਾਂ ਜੋਗੀ ਜੋਗ ਕਮਾਉਂਦਾ ਘਰ ਦੇ ਅੰਦਰਵਾਰ- ਖੜ੍ਹਾ ਹਾਂ ॥

ਚਾਈਨਾ-ਡੋਰ

ਕੱਚ ਨਾਲੋਂ ਤਿੱਖੀ ਡੋਰ ਪਤੰਗ ਦੀ ਖੰਭਾਂ ਨੂੰ ਵੱਢ ਕੇ ਧਰ ਗਈ ਹੈ, ਬੜੇ ਮਾਣ ਨਾਲ ਇੱਕ ਪਰਿੰਦਾ ਅੰਬਰ ਛੂਹ ਕੇ ਪਰਤ ਰਿਹਾ ਸੀ ।

ਪਿਤਾ

ਪਿਤਾ ਨੌਂ ਭਰਾਵਾਂ ਚ ਸਭ ਤੋਂ ਛੋਟਾ ਅਪਣੇ ਆਪ ਨੂੰ ਪੇਟ-ਘਰੋੜੀ ਦਾ ਆਖ ਦੁਖੀ ਹੋ ਜਾਂਦਾ ਬੇਬੇ-ਬਾਪੂ ਦੇ ਥੋੜੇ ਸਮੇਂ ਲਈ ਮਿਲੇ ਪਿਆਰ ਨੂੰ ਯਾਦ ਕਰ ਅੱਖਾਂ ਭਰ ਆਉਂਦਾ ਉਹ ਬਚਪਨ ਵਿੱਚ ਪਿੰਡ ਦਾ ਸੱਭ ਤੋਂ ਸ਼ਰਾਰਤੀ ਬਾਲ ਜਵਾਨੀ ਸਮੇਂ ਅਨੁਸਾਸ਼ਨ ਵਿੱਚ ਬੱਝਾ ਫ਼ੌਜੀ ਗਭਲੀ ਉਮਰੇ ਕਿਰਤੀ ਕਿਸਾਨ ਤੇ ਪਰਵਾਸ ਭੋਗਦਾ ਪਰਵਾਸੀ ਦਸਾਂ ਨੌਹਾਂ ਦੀ ਕਿਰਤ ਦੇ ਮਹਾਤਮ ਨੂੰ ਸਮਝਦਾ ਤੇ ਸਮਝਾਉਂਦਾ ਹੁਣ ਅਪਣੇ ਆਪ ਨੂੰ ਪੱਕਿਆਂ ਹੋਇਆ ਫ਼ਲ ਆਖਦਾ ਹੈ ਮੋਢਿਆਂ ਤੇ ਮੇਲੇ ਛਿੰਝਾਂ ਦਿਖਾਉਣ ਵਾਲੇ ਦੇ ਮੋਰ ਸੁੰਗੜ ਗਏ ਨੇ ਇਤਿਹਾਸ ਮਿਥਿਹਾਸ ਤੋਂ ਜਾਣੂ ਸਾਰੀ ਸਾਰੀ ਰਾਤ ਬਾਤਾਂ ਸੁਣਾਉਣ ਵਾਲੇ ਪਿਤਾ ਦੀ ਜ਼ੁਬਾਨ ਹਾਂ ਹੂੰ ਕਰਦਿਆਂ ਵੀ ਥਥਲਾਉਂਦੀ ਹੈ । ਉਂਗਲ ਫੜ ਤੁਰਨਾ ਸਿਖਾਉਣ ਵਾਲੇ ਦੇ ਹੱਥ ਕੰਬਦੇ ਨੇ ਦਗ-ਦਗ ਕਰਦਾ ਚਿਹਰਾ ਪੀਲਾ ਭੂਕ ਹੋ ਗਿਆ ਹੈ ਝੁਰੜੀਆਂ ਪਿੱਛੇ ਛੁੱਪ ਗਿਆ ਹੈ ਚਿਹਰੇ ਦਾ ਜਲੋਅ । ਬੀਤੇ ਦੀਆਂ ਬਹੁਤੀਆਂ ਗੱਲਾਂ ਭੁੱਲ ਗਿਆ ਹੈ ਪਿਤਾ ਪਰ ਹੁਣ ਵੀ ਪਹਿਲਾਂ ਵਾਂਗ ਦੁੱਖ-ਸੁੱਖ ਕਰਦਾ ਅੱਖਾਂ ਭਰ ਆਉਂਦਾ ਹੈ ਨਿੱਕੇ-ਮੋਟੇ ਕੰਮਾਂ ਬਦਲੇ ਸ਼ਾਬਾਸ਼ ਕਹਿਣਾ ਨਹੀ ਭੁਲਦਾ ਮੱਥਾ ਟੇਕਣ ਜਾਂਦਾ ਤਾਂ ਬਚਾ ਲਿਆਉਂਦਾ ਹੈ ਸਾਡੇ ਲਈ “ਪ੍ਰਸ਼ਾਦ ” । ਪਿਤਾ ਹੋਣ ਦਾ ਧਰਮ ਨਹੀਂ ਭੁੱਲਿਆ ਹੈ –ਪਿਤਾ।

ਕਮਫਰਟੇਬਲ ਜੁੱਤੀ

ਜਿਹੜੀ ਜੁੱਤੀ ਬਹੁਤੀ ਕਮਫਰਟੇਬਲ ਹੋਵੇ ਜ਼ਿਆਦਾ ਹੰਢਾਈ ਜਾਣ ਕਾਰਨ ਜਲਦੀ ਹੀ ਟੁੱਟ ਜਾਂਦੀ ਹੈ, ਕਮਫਰਟੇਬਲ ਹੋਣਾ ਵੀ ਮਾਰ ਹੀ ਜਾਂਦਾ ਹੈ ਕਿਸੇ ਕਿਸੇ ਨੂੰ ...।

ਪਿਆਸ

ਪਿਆਸ ਹੀ ਐਨੀ ਜ਼ਿਆਦਾ ਸੀ ਕਿ— ਮੁਹਲੇਧਾਰ ਵਰਖਾ ਮੰਗ ਲਈ ਘਰ ਦੇ ਬਨੇਰੇ ਖੁਰ ਜਾਣਗੇ ਇਸ ਦਾ ਮੈਨੂੰ ਇਲਮ ਨਾ ਸੀ।

ਟੂਣਾ

ਤੇਰਾ ਪਿਆਰ ‘ਬਾਰ ਵਿੱਚ ਕਿਸੇ ਸ਼ਰੀਕਣ ਦੇ ਕੀਤੇ ਟੂਣੇ ਵਰਗਾ ਜਿਸ ਨੂੰ ਉਲੰਘ ਕੇ ਨਾ ਮੈਂ ਬਾਹਰ ਜਾ ਸਕੀ ਤੇ ਨਾ ਹੀ ਤੈਥੋਂ ਟੱਪ ਕੇ ਅੰਦਰ ਆ ਹੋਇਆ।

ਦਰਾਂ ਦੇ ਬਾਹਰ

ਅਪਣੀ ਮੁਕਤੀ ਲਈ ਅਸੀਂ— ਕਿਹੜੇ ਦਰ 'ਤੇ ਪੇਸ਼ ਹੋਈਏ ਪੈਰਾਂ ਵਿਚੋਂ ਉਤਾਰੀਆਂ ਜੁੱਤੀਆਂ ਬਾਹਰ ਪਈਆਂ ਸੋਚ ਰਹੀਆਂ ਨੇ।

ਮੁਕੱਰਰ ਸਿਲੇਬਸ

ਜੇ ਕਿਧਰੇ ਮੁਹੱਬਤ ਤੇ ਜਿੰਦਗੀ ਲਈ ਕੋਈ ਸਿਲੇਬਸ ਮੁਕੱਰਰ ਹੁੰਦਾ ਤਾਂ ਰੱਟਾ ਲਾਉਣ ਦੇ ਆਦੀ ਪਹਿਲੇ ਦਰਜ਼ੇ ਵਿੱਚ ਪਾਸ ਹੁੰਦੇ ॥

ਧੁਖ਼ਦੀਆਂ ਅਗਰਬੱਤੀਆਂ

ਮੂਰਤੀਆਂ ਅੱਗੇ ਆਲੂ ਵਿੱਚ ਗੱਡੀਆਂ ਧੁਖ਼ਦੀਆਂ ਅਗਰਬੱਤੀਆਂ ਨੇ ਕਮਰਾ ਮਹਿਕਾਇਆ ਪਿਆ ਹੈ ਸਾਰਾ। ਮੱਥਾ ਟੇਕਣ ਤੋਂ ਪਹਿਲਾਂ ਜਦੋ ਮੇਰੀ ਨਜ਼ਰ ਆਲੂ 'ਤੇ ਪਈ ਮਨ ਵਿਚਲਿਤ ਹੋ ਗਿਆ। ਫਿਰ ਮੈਂ ਮੱਥਾ ਟੇਕਿਆ ਤੇ ਅੱਖਾਂ ਬੰਦ ਕਰ ਲਈਆਂ। ਹੁਣ ਸ਼ਰਧਾ 'ਚ ਹਾਂ ਮੈਨੂੰ ਆਲੂ ਦੀ ਪੀੜ ਦਿਖਾਈ ਨਹੀਂ ਦੇ ਰਹੀ ...।

ਵਾਦੜੀਆਂ-ਸਜਾਦੜੀਆਂ

ਉਹ ਗਲਤ ਲਿਖਦਾ ਰਿਹਾ ਮੈਂ ਰਬੜ ਬਣ ਮੇਟਦੀ ਰਹੀ ਇੱਕ ਦਿਨ ਦੋਵੇਂ ਖ਼ਤਮ ਹੋ ਗਏ ਲਿਖਦੇ ਮਿਟਾਉਂਦੇ ।

ਚਾਪਲੂਸੀ

ਤਾਰੀਫ਼ਾਂ ਦੇ ਪੁਲ਼ ਉੱਤੋਂ ਤਾਂ ਰੋਜ਼ ਹੀ ਲੰਘ ਆਉਂਦਾ ਸੀ ਸ਼ਕਲ ਦਿਖਾਉਣੀ ਛੱਡ ਗਿਆ ਜਦੋਂ ਦੀ- ਮੈਂ ਚੁੱਪ ਹੋ ਗਈ।

ਅਸਮਾਨ ਦਾ ਵਿਹੜਾ

ਬੱਦਲਾਂ ਦੇ ਅਕਾਰਾਂ ਨੂੰ ਫੜ੍ਹਿਆ ਨਹੀਂ ਜਾ ਸਕਦਾ ਨਾ ਹੀ ਸਤਰੰਗੀ ਪੀਂਘ 'ਤੇ ਝੂਟਿਆ ਜਾਂਦੈ, ਤਾਰੇ ਤੋੜਨਾ ਗੱਲਾਂ ਹੀ ਨੇ ਬੱਸ, ਚੰਨ ਦੀ ਚਾਨਣੀ ਨਾਲ ਨਾਤ੍ਹਾ ਨਹੀ ਜਾਂਦਾ ਨਾ ਹੀ ਤੱਕਿਆ ਜਾਂਦੈ ਸੂਰਜ ਨੂੰ ਨਜ਼ਰ ਭਰ ਕੇ, ਉੱਪਰ ਵਾਲਾ ਭਾਵੇਂ ਆਗਿਆ ਵੀ ਦੇ ਦੇਵੇ ਤਾਂ ਵੀ ਅਸਮਾਨ ਦੇ ਵਿਹੜੇ ਵਿੱਚ ਕਿੱਥੇ ਨੱਚਿਆ ਜਾਂਦੈ।

ਨਿੱਕੇ-ਨਿੱਕੇ ਬੋਟ

ਉੱਡ ਰਹੀ ਸਾਂ ਖੁੱਲ੍ਹੀ ਫ਼ਿਜ਼ਾ ਵਿੱਚ ਮੀਂਹ ਵਰਨ ਲੱਗਾ ਤੇ ਖੰਭ ਭਿੱਜ ਗਏ । ਖੰਭ ਸੁਕਾਉਣ ਲਈ ਘਰ ਦੀ ਛੱਤ ਥੱਲੇ ਆ ਖਲੋਤੀ, ਘਰ ਵਿੱਚ ਬਲਦਾ ਚੁੱਲ੍ਹਾ ਤੱਕਿਆ ਚੁੱਲ੍ਹੇ ਦੇ ਸੇਕ ਤੇ ਛੱਤ ਦੀ ਓਟ ਨੇ ਜਲਦੀ ਹੀ ਖੰਭ ਸੁਕਾ ਦਿੱਤੇ। ਫਿਰ ਜਦੋਂ ਉੱਡਣ ਲਈ ਖੰਭ ਖੋਲ੍ਹੇ ਤਾਂ ਮੈਂ ਸਹਿਮ ਗਈ ਮੇਰੇ ਖੰਭਾਂ ਥੱਲੇ ਨਿੱਕੇ-ਨਿੱਕੇ ਬੋਟ ਸਨ ਬੱਸ ਉਸ ਤੋਂ ਮਗਰੋਂ ਉੱਡਣ ਨੂੰ ਕਦੇ ਜੀਅ ਨਹੀਂ ਕੀਤਾ।

ਲਿਵ-ਇਨ ਰਿਲੇਸ਼ਨਸ਼ਿਪ

ਢਾਈ ਸਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਮਗਰੋਂ ਆਪੋ ਆਪਣੇ ਘਰ ਪਰਤ ਆਏ ਨੇ ਉਹ ਦੋਵੇਂ ਮੁੰਡਾ ਸਾਬਤ-ਕਦਮੀਂ ਤੁਰ ਪਿਆ ਹੈ ਪੁਰਾਣੇ ਰਾਹ 'ਤੇ ਨਵੇਂ ਸਾਥੀ ਨਾਲ ਕੁੜੀ ਤੋਂ ਤੁਰਿਆ ਨਹੀਂ ਜਾ ਰਿਹਾ ‘ਪੈਰ ਭਾਰੀ’ ਨੇ ਉਸਦੇ। ਉੱਚੀ ਅੱਡੀ ਵਾਲੀ ਜਿਹੜੀ ਸੈਂਡਲ ਉਹ ਘਰੋਂ ਪਾ ਕੇ ਗਈ ਸੀ ਫਿਲਹਾਲ ਉਸ ਦੇ ਕੰਮ ਦੀ ਨਹੀਂ ਰਹੀ।

ਸ਼ੀਸ਼ੇ ਦੀ ਕੈਦ

ਸ਼ੀਸ਼ੇ 'ਤੇ ਠੂੰਗਾਂ ਮਾਰਦੀਆਂ ਚਿੜੀਆਂ ਅੱਕੀਆਂ ਪਈਆਂ ਨੇ ਆਪਣੇ ਆਪ ਤੋਂ ਇੱਕ ਹੀ ਲਿਬਾਸ ਤੋਂ ਆਪਣੇ ਆਪ ਤੋਂ ਡਰਦੀਆਂ ਸ਼ੀਸ਼ੇ ਨਾਲ ਲੜਦੀਆਂ ਉੱਡ ਜਾਣਾ ਲੋਚਦੀਆਂ ਸ਼ੀਸ਼ੇ ਦੀ ਕੈਦ 'ਚੋਂ ਕਿੱਥੇ ਜਾਣਦੀਆ ਨੇ ਭੋਲੀਆ ਚਿੜੀਆਂ ਤੋੜੀਦੀ ਨਹੀਂ ਬਸ ਛੱਡ ਦਈਦੀ ਹੈ ਸ਼ੀਸ਼ੇ ਦੀ ਕੈਦ।

ਪਿਆਰ ਦੀ ਮਾਲਾ

ਮਣਕਾ-ਮਣਕਾ ਕਰ ਪਰੋਈ ਪਿਆਰ ਦੀ ਮਾਲਾ ਉਸਦੇ ਗਲ ਵਿੱਚ ਪਾਈ ਕਿੰਨੀ ਸੋਂਹਦੀ ਸੀ ਉਤਾਰਨ ਲੱਗਾ ਜਦੋਂ ਪੱਗ ਦੇ ਸ਼ਮਲੇ ਵਿੱਚ ਫਸ ਕੇ ਖਿੱਲਰ ਗਈ ਹੈ

ਪਰਵਾਸੀ

ਬਦਲੇਗਾ ਜਦ ਕਦੇ ਮੌਸਮ ਪਰਿੰਦੇ ਪਰਤ ਆਵਣਗੇ ਆਲ੍ਹਣੇ ਸਾਂਭ ਕੇ ਰੱਖਿਓ ਬਿਰਖ਼ ਨੇ ਕੀਤੀ ਅਰਜੋਈ

ਕਾਰਬਨ ਕਾਪੀ

ਬਹੁਤ ਫ਼ਰਕ ਹੈ ਪਿਆਰ ਦੇ ਅੰਦਾਜ਼ ਤੇ ਸੋਚ ਦੀ ਰਫ਼ਤਾਰ ਦਾ ਜਿੰਨੀ ਦੇਰ ਵਿੱਚ ਮੈਂ ਇਜ਼ਹਾਰ ਕਰਨ ਬਾਰੇ ਸੋਚਦੀ ਹਾਂ ਓਨੀ ਦੇਰ ਵਿੱਚ ਉਹ ਪਿਆਰ ਦੀ ਕਾਰਬਨ ਕਾਪੀ ਤਿਆਰ ਕਰ ਦਿੰਦੈ।

ਸੁਦਾਮਾ

ਹੇ! ਮਿੱਤਰ ਮੈਂ ਤੇਰਾ ਸਖਾ ਸੁਦਾਮਾ ਘਰ ਵਿੱਚੋਂ ਨਿੱਕ –ਸੁੱਕ ਹੂੰਝ ਤੈਨੂੰ ਮਿਲਣ ਤੇਰੇ ਦਰ 'ਤੇ ਨਹੀਂ ਆਵਾਂਗਾ, ਏਸ ਵਾਰ ਤੇਰੀ ਵਾਰੀ ਹੈ ਪੈਦਲ ਨਹੀਂ ਤਾਂ ਰੱਥ ’ਤੇ ਸਵਾਰ ਹੋ ਕੇ ਖਾਲੀ ਹੱਥ ਹੀ ਸਹੀ, ਮੇਰੀ ਝੁੱਗੀ ਤੱਕ ਤੈਨੂੰ ਆਉਣਾ ਪਏਗਾ ਯੁੱਗ ਪਲਟ ਚੁੱਕਾ ਹੈ ਮਿੱਤਰ ਰੀਤ ਵੀ ਬਦਲ ਜਾਣੀ ਚਾਹੀਦੀ ਹੈ।

ਰੇਤ ਦੇ ਘਰ

ਬਚਪਨ ਵਿੱਚ ਰੇਤ ਦੇ ਘਰ ਬਣਾਉਂਦੀ ਕਿੰਨਾ-ਕਿੰਨਾ ਚਿਰ ਅਡੋਲ ਬੈਠੀ ਪੈਰ ’ਤੇ ਰੇਤ ਨੂੰ ਥਾਪੜਦੀ ਰਹਿੰਦੀ ਜਦੋਂ ਹੀ ਰੇਤ ਥੱਲਿਓਂ ਪੈਰ ਬਾਹਰ ਕੱਢਦੀ ਤਾਂ ਪਲ ਵਿੱਚ ਘਰ ਢਹਿ ਜਾਂਦਾ। ਹੁਣ ਵੀ ਬਿਨਾ ਪੈਰ ਬਾਹਰ ਕੱਢਿਆਂ ਥਾਪੜਦੀ ਰਹਿੰਦੀ ਹਾਂ ਪੈਰ 'ਤੇ ਟਿਕੀ ਘਰ ਦੀ ਛੱਤ ਨੂੰ। ਬਚਪਨ ਦੇ ਸਹਿਮ ਨੇ ਪਿੱਛਾ ਨਹੀਂ ਛੱਡਿਆ ਅਜੇ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸੰਦੀਪ ਜਸਵਾਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ