ਸਮਕਾਲੀ ਪ੍ਰਸੰਗਿਕਤਾ ਦਾ ਕਵੀ-ਗੁਰਭਜਨ ਗਿੱਲ : ਡਾ. ਸੈਮੂਅਲ ਗਿੱਲ

ਕਵਿਤਾ ਸਾਡੇ ਜੀਵਨ ਨੂੰ ਸੁਹਿਰਦਤਾ ਅਤੇ ਸੰਵੇਦਨਸ਼ੀਲਤਾ ਪ੍ਰਦਾਨ ਕਰਦੀ ਹੈ । ਕਵੀ ਸਮਾਜ ਵਿੱਚ ਰਹਿੰਦਿਆਂ ਸਮਾਜਿਕ ਚੇਤਨਾ ਦਾ ਹਿੱਸਾ ਵੀ ਹੈ ਤੇ ਆਪਣੀ ਵੱਖਰੀ ਹੋਂਦ ਦਾ ਮਾਲਕ ਵੀ । ਉਸ ਵਿੱਚ ਨਿੱਜ ਤੇ ਲੋਕਾਈ ਦੋਵੇਂ ਰੂਪ ਹੁੰਦੇ ਹਨ । ਸਮਾਜਕ ਵਰਤਾਰਾ ਵਿਅਕਤੀ ਉਪਰ ਨਿਰੰਤਰ ਆਪਣਾ ਪ੍ਰਭਾਵ ਪਾ ਰਿਹਾ ਹੁੰਦਾ ਹੈ । ਸਮਾਜ ਵਿੱਚ ਵਾਪਰਦੀ ਹਰ ਸੂਖਮ ਤੋਂ ਸੂਖਮ ਘਟਨਾ ਕਵੀ ਨੂੰ ਟੁੰਬਦੀ, ਹਲੂਣਦੀ ਤੇ ਪ੍ਰੇਰਿਤ ਵੀ ਕਰਦੀ ਹੈ । ਗੁਰਭਜਨ ਗਿੱਲ ਆਪਣਾ ਜੀਵਨ ਪੰਧ ਨਿੱਕੇ ਜਿਹੇ ਪਿੰਡ ਬਸੰਤਕੋਟ(ਗੁਰਦਾਸਪੁਰ)ਤੋਂ ਸ਼ੁਰੂ ਕਰਕੇ ਜਿਸ ਮੁਕਾਮ ਤੱਕ ਪਹੁੰਚਦਾ ਹੈ ਉਸ ਵਿਚ ਉਸ ਦੀ ਮਿਹਨਤ, ਲਗਨ ਤੇ ਵਿਸ਼ਾਲ ਜੀਵਨ ਅਨੁਭਵ ਹੈ । ਇਸ ਅਨੁਭਵ ਵਿਚ ਜਿਥੇ ਉਹ ਸਮਾਜਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ ਉਥੇ ਸਮਕਾਲੀ ਪ੍ਰਸੰਗਿਕਤਾ ਉਸ ਦੀ ਕਵਿਤਾ ਦਾ ਆਧਾਰ ਹੀ ਬਣ ਗਈ ਹੈ । ਉਸ ਦੀ ਕਵਿਤਾ ਦੀਆਂ ਪਰਤਾਂ ਬਹੁਤੀਆਂ ਗੁੰਝਲਦਾਰ ਨਹੀਂ ਸਗੋਂ ਜਿਵੇਂ-ਜਿਵੇਂ ਅਸੀਂ ਉਸ ਦੀ ਕਵਿਤਾ ਦੀ ਗਹਿਰਾਈ ਵੱਲ ਜਾਂਦੇ ਹਾਂ ਉਸ ਵਿੱਚ ਇਕ ਸੁਹਿਰਦ ਤੇ ਲੋਕਾਈ ਦਾ ਦਰਦ ਰੱਖਣ ਵਾਲਾ ਤੇ ਮਾਨਵਤਾ ਦੇ ਭਲੇ ਦਾ ਕੰਮ ਕਰਨ ਵਾਲਾ ਇਨਸਾਨ ਪੈਦਾ ਹੁੰਦਾ ਹੈ । ਉਹ ਸਮਾਜ ਦੇ ਪ੍ਰਾਪਤ ਯਥਾਰਥ ਨੂੰ ਆਪਣੀ ਬਾਰੀਕ ਨਜ਼ਰ ਨਾਲ ਪਰਖਦਾ ਹੈ ਤੇ ਸੰਭਾਵਤ ਯਥਾਰਥ ਨਹੀਂ ਤਲਾਸ਼ਦਾ ਸਗੋਂ ਨਿਜ਼ਾਮ ਨੂੰ ਖੋਰਾ ਲਾ ਰਹੀਆਂ ਧਿਰਾਂ ਨੂੰ ਨੰਗਿਆਂ ਕਰ ਲੋਕਾਂ ਦੀ ਕਚਹਿਰੀ ਵਿਚ ਲਿਆ ਖੜ੍ਹਾ ਕਰਦਾ ਹੈ ਉਹ ਅਸਤਿਤਵ ਸੰਕਟ ਦਾ ਸ਼ਿਕਾਰ ਨਹੀਂ ਸਗੋਂ ਪੂਰਵਜਾਂ ਤੋਂ ਮਿਲੀ ਅਣਖ਼ ਦਲੇਰੀ ਤੇ ਨਿਡਰਤਾ ਨਾਲ ਆਪਣੀ ਗੱਲ ਮੰਨਵਾਉਣ ਲਈ ਆਪਣਾ ਵਜ਼ਨ ਵਧਾ ਲੈਂਦਾ ਹੈ । ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਸਲ ਸ਼ੌਦਾਈ ਹੈ ਜਿਹੜਾ ਇਸ ਪੂੰਜੀਵਾਦੀ ਨਿਜ਼ਾਮ ਵਿਚ ਕਦਰਾਂ ਕੀਮਤਾਂ ਤੇ ਜੀਵਨ ਮੁੱਲਾਂ ਦੇ ਗੁਆਚ ਜਾਣ ਦਾ ਅਫ਼ਸੋਸ ਵੀ ਪ੍ਰਗਟ ਕਰਦਾ ਹੈ ਪਰ ਜ਼ਾਲਮ ਧਿਰਾਂ ਨੂੰ ਸਬਕ ਵੀ ਸਿਖਾਉਣਾ ਚਾਹੁੰਦਾ ਹੈ । ਉਹ ਜੀਵਨ ਤਬਦੀਲੀ ਵਿਚ ਆਏ ਸੁਆਰਥ, ਖ਼ੁਦਗ਼ਰਜ਼ੀ, ਵਿਅਕਤੀਵਾਦ, ਰਿਸ਼ਤਿਆਂ ਵਿੱਚ ਭਰਿਸ਼ਟਤਾ ਤੇ ਮਿਆਰ ਦੇ ਡਿੱਗ ਜਾਣ ਪ੍ਰਤੀ ਚਿੰਤਤ ਹੈ।

ਆਪਣੀ ਪੁਸਤਕ 'ਅਗਨ ਕਥਾ' ਵਿੱਚ ਲੰਮੀ ਤੇ ਖੂਬਸੂਰਤ ਕਵਿਤਾ 'ਅਗਨ ਕਥਾ' ਵਿਚ ਸਮਾਜਕ ਕੁਰੀਤੀਆਂ ਅਤੇ ਨਿਜ਼ਾਮ ਵਿਚ ਦਿਨ ਪ੍ਰਤੀ ਦਿਨ ਆ ਰਹੇ ਨਿਘਾਰ ਖਿਲਾਫ਼ ਜ਼ੋਰਦਾਰ ਲੜਾਈ ਲੜਨ ਦੀ ਗੱਲ ਕਰਦਾ ਹੈ । ਜਿਹੜੀ ਲੜਾਈ ਸਮਾਜਕ ਚੌਗਿਰਦੇ ਦੇ ਹਰ ਖੇਤਰ ਵਿਚ ਹਰ ਕਿਸੇ ਵੱਲੋਂ ਲੜੀ ਜਾਣੀ ਜ਼ਰੂਰੀ ਹੈ।ਇਸ ਲੜਾਈ ਬਾਰੇ ਪ੍ਰੋ: ਸੁਰਿੰਦਰ ਸਿੰਘ ਨਰੂਲਾ ਲਿਖਦੇ ਹਨ,

"ਅਗਨ ਕਥਾ" ਕਵਿਤਾ ਇਕ ਢੰਗ ਨਾਲ ਲੇਖਕ ਦਾ ਐਲਾਨਨਾਮਾ ਹੈ ਕਿ ਉਸ ਨੇ ਪਰੰਪਰਾਗਤ ਨੈਤਿਕ ਕਦਰਾਂ ਕੀਮਤਾਂ ਲਈ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਨਿਰੰਤਰ ਲੜਨਾ ਹੈ ਅਤੇ ਅਜਿਹਾ ਕਰਦਿਆਂ ਉਸ ਨੇ ਸਮਾਜ ਜਾਂ ਸੱਤਾ ਦੁਆਰਾ ਵਿਅਕਤੀ ਦੇ ਸ਼ੋਸ਼ਣ ਨੂੰ ਸਮਾਪਤ ਕਰਨਾ ਹੈ ਇਹ ਸਮਝਾਉਣੀ ਉਹ ਨਾਅਰੇਬਾਜ਼ੀ ਜਾਂ ਖੜਕਵੇਂ ਪਿੰਗਲ ਵਰਤ ਕੇ ਨਹੀਂ ਦਿੰਦਾ ਸਗੋਂ ਸਹਿਜ ਭਾਵੀ ਢੰਗ ਨਾਲ ਲੋਕਾਇਣ ਵਿਚੋਂ ਅਜਿਹੇ ਬਿੰਬ ਜਾਂ ਪ੍ਰਤੀਕ ਚੁਣ ਕੇ ਦੇਂਦਾ ਹੈ ਜਿਹੜੇ ਕਿ ਹਰ ਪੰਜਾਬੀ ਦੇ ਚੇਤੇ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਉਸ ਦੀ ਇਹ ਲਿਖਤ ਸਮਕਾਲੀ ਸਦੀਵਤਾ ਦੀ ਹਾਣੀ ਹੋ ਨਿਬੜਦੀ ਹੈ ।" (1)

ਗੁਰਭਜਨ ਗਿੱਲ ਦੀ ਸਾਰੀ ਕਵਿਤਾ ਪੰਜਾਬ ਤੇ ਪੰਜਾਬੀ ਸਰੋਕਾਰਾਂ ਨਾਲ ਜੁੜੀ ਹੋਈ ਹੈ । ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਸਰੋਕਾਰ ਉਸ ਦੀ ਕਵਿਤਾ ਵਿਚ ਵੇਖੇ ਜਾ ਸਕਦੇ ਹਨ । ਫਰਾਂਸ ਦਾ ਪ੍ਰਸਿੱਧ ਵਿਦਵਾਨ ਮਿਸ਼ੇਲ ਫੂਕੋ ਆਖਦਾ ਹੈ ਕਿ ਜਿਸ ਨੂੰ ਅਸੀਂ ਗਿਆਨ ਕਹਿੰਦੇ ਹਾਂ ਅਸਲ ਵਿੱਚ ਉਹ ਪ੍ਰਵਚਨ ਹੈ, ਸਾਡੀ ਵਿਵਸਥਾ ਵਿਚ ਪ੍ਰਵਚਨ ਨੂੰ ਮਹਾਂਪੁਰਖਾਂ ਜਾਂ ਧਾਰਮਿਕ ਵਿਅਕਤੀਆਂ ਦੇ ਮੂੰਹੋਂ ਨਿਕਲੇ ਬਚਨਾਂ ਨੂੰ ਕਹਿੰਦੇ ਹਨ ਅਸਲ ਵਿੱਚ ਇਹ ਗਿਆਨ ਹੀ ਹੈ ਕਿ ਗੁਰਭਜਨ ਗਿੱਲ ਦੀਆਂ ਆਪਣੀ ਭੂਮੀ ਪ੍ਰਤੀ ਚਿੰਤਾਵਾਂ ਵਿਚੋਂ ਉਪਜੀ ਸ਼ਬਦਾਵਲੀ ਤੇ ਵਿਚਾਰ ਅੰਤਰੀਵ ਤੇ ਬਾਹਰੀ ਕ੍ਰਿਆਵਾਂ ਦਾ ਪ੍ਰਗਟਾਵਾ ਕਰਦੇ ਹਨ । ਫੂਕੋ ਅਨੁਸਾਰ, "ਪਲੈਟੋ ਦੇ ਸਮੇਂ ਤੋਂ ਪ੍ਰਵਚਨ ਸਤਿ ਪ੍ਰਤੀ ਇੱਛਾ (Will of Truth) ਕਰਨ ਵਾਸਤੇ ਯਤਨਸ਼ੀਲ ਹੋ ਕੇ ਚਲਦੇ ਆਏ ਹਨ ਇਹ ਸਤਿ ਦਾ ਸਰੂਪ ਤਾਂ ਨਹੀਂ ਹੁੰਦਾ । ਸਤਿ ਸਰੂਪ ਧਾਰਨ ਕਰਨ ਖਾਤਰ ਪ੍ਰਕ੍ਰਿਆਵੀ ਗਿਆਨ ਦੇ ਰੂਪ ਵਿਚ ਉਸ ਦਾ ਅੰਗ ਹੁੰਦਾ ਹੈ।" (2)

ਵੈਸੇ ਤਾਂ ਫੂਕੋ ਅਨੁਸਾਰ ਸਤਿ ਨੂੰ ਪੇਸ਼ ਕਰਨ ਦੇ ਨਿਯਮ ਹੁੰਦੇ ਹਨ ਇਸ ਨੂੰ ਛਾਂਟੀ ਦੇ ਨਿਯਮ ਕਿਹਾ ਜਾਂਦਾ ਹੈ ਕਿਥੇ ਕੀ ਕਹਿਣਾ ਤੇ ਕੀ ਬੋਲਣਾ ਸਹੀ ਤੇ ਕੀ ਗਲਤ ਹੈ ਪਰ ਸਤਿ ਨੂੰ ਪੇਸ਼ ਕਰਨ ਵਾਲਾ ਵਿਅਕਤੀ ਸਹੀ ਅਰਥਾਂ ਵਿਚ ਖ਼ੁਦ ਵੀ ਅਮਨ ਪਸੰਦ ਹੁੰਦਾ ਹੈ ਤੇ ਦੁਨੀਆਂ ਵਿੱਚ ਅਮਨ ਵੀ ਚਾਹੁੰਦਾ ਹੈ। ਉਸ ਨੂੰ ਆਪਣੇ ਤੀਸਰੇ ਨੇਤਰ ਰਾਹੀਂ ਭਵਿੱਖ ਦੀ ਤਸਵੀਰ ਵੀ ਨਜ਼ਰ ਆ ਜਾਂਦੀ ਹੈ ਗੁਰਭਜਨ ਗਿੱਲ 'ਬੋਲ ਮਿੱਟੀ ਦਿਆ ਬਾਵਿਆ' ਪੁਸਤਕ ਵਿੱਚ ਕਵਿਤਾ 'ਕਾਲੀ ਬਾਰਿਸ਼' ਵਿੱਚ ਲਿਖਦਾ ਹੈ :-

ਹੇ ਦੁਨੀਆ ਦੇ ਅਮਨ ਪਸੰਦੋ ਇਕ ਥਾਂ ਹੋਵੋ।
ਜੇ ਨਹੀਂ ਰੁਕਦੇ ਪਾਗਲ ਕੁੱਤੇ,
ਰਲ ਕੇ ਰੋਵੋ।
ਕਾਲੀ ਰੁੱਤ ਦਾ ਕਾਲਾ ਮੀਂਹ ਜੇ
ਕੁਲ ਆਲਮ ਤੇ ਐਨਾ ਵਰਿਆ
ਲਭਣਾ ਨਹੀਂ ਫਿਰ ਘਰਾਂ ਵਾਲਿਓ,
ਇਸ ਬਨੇਰੇ ਦੀਵਾ ਧਰਿਆ।(ਪੰਨਾ ਨੰ: 22)

ਉੱਤਰ ਆਧੁਨਿਕਤਾਵਾਦ ਅਨੁਸਾਰ ਹੁਣ ਅਜੋਕੇ ਸਮੇਂ ਵਿੱਚ ਸਮਾਜਕ ਆਰਥਿਕ ਪਰੰਪਰਾਗਤ ਸਥਿਤੀਆਂ ਨੂੰ ਵਿਚਾਰਨ ਦੀ ਥਾਂ ਸਭਿਆਚਾਰਕ ਦ੍ਰਿਸ਼ਟੀ ਤੋਂ ਵਿਚਾਰਨ ਦੀ ਗੱਲ ਕਹੀ ਗਈ ਹੈ । ਉੱਤਰ ਆਧੁਨਿਕਤਾਵਾਦ ਵਿਚ ਬਹੁਸਭਿਆਚਾਰਕ ਅਨੇਕਤਾਵਾਂ ਦਾ ਸੰਕਲਪ ਵੀ ਮਿਲਦਾ ਹੈ ਪਰ ਇਸ ਵਿਚੋਂ ਮੂਲ ਧੁਨੀ ਤਾਂ ਮੂਲ ਸਭਿਆਚਾਰ ਦੀ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ ਹਰ ਵਿਅਕਤੀ ਨੂੰ ਵਿਅਕਤੀਗਤ ਜੀਵਨ ਜਿਉਣ ਦਾ ਅਧਿਕਾਰ ਹੈ ਉਹ ਆਪਣਾ ਸਮਾਜਕ ਪ੍ਰਬੰਧ ਖ਼ੁਦ ਉਸਾਰ ਸਕਦਾ ਹੈ ਉਂਝ ਵਿਸ਼ੇਸ਼ ਧਾਰਾ ਦਾ ਪ੍ਰਤਿਬੱਧ ਨਾ ਹੋਵੇ ਸਗੋਂ ਸਾਫ਼ਗੋਈ ਤੇ ਸਪਸ਼ਟਤਾ ਨਾਲ ਆਪਣੀ ਗੱਲ ਕਹਿ ਜਾਵੇ। ਅਜੋਕਾ ਬਹੁਸਭਿਆਚਾਰਕ ਸਿਸਟਮ, ਪੇਂਡੂ ਤੇ ਸ਼ਹਿਰੀ ਜੀਵਨ ਸ਼ੈਲੀ ਬਦਲ ਰਿਹਾ ਨਿਜ਼ਾਮ ਬਹੁਭਾਸ਼ਾਈ ਵਰਤਾਰਾ ਪਲ ਪਲ ਬਦਲਦਾ ਚੋਗਿਰਦਾ, ਜੀਵਨ ਸ਼ੈਲੀ ਤੇ ਵਿਅਕਤੀਆਂ ਦਾ ਸੁਭਾਅ ਤੇ ਰਿਸ਼ਤੇ ਗੁਰਭਜਨ ਨੂੰ ਅਚਨਚੇਤ ਹੀ ਟੁੰਬ ਜਾਂਦੇ ਹਨ, ਉਸ ਨੂੰ ਬੇਬਾਕੀ ਨਾਲ ਕਹਿਣਾ ਪੈਂਦਾ ਹੈ :-

ਤੁਸੀਂ ਚਾਹੇ
ਆਪਣੇ ਪਿੰਡ ਬਸੰਤ ਕੋਟ ਹੋਵੋ
ਦਿੱਲੀ ਸ਼ਿਮਲੇ ਜਾਂ ਕਸ਼ਮੀਰ,
ਯੋਰਪ ਜਾਂ ਅਮਰੀਕਾ ਦੇ ਕਿਸੇ ਸ਼ਹਿਰ,
ਸੁਪਨਿਆਂ ਦੀ ਗਹਿਰ
ਤੁਹਾਡੇ ਅੰਗ ਸੰਗ ਰਹਿੰਦੀ ਹੈ।
(ਬੋਲ ਮਿੱਟੀ ਦਿਆ ਬਾਵਿਆ ਪੰਨਾ ਨੰ: 26)

ਵਿਖੰਡਨਾਵਾਦੀ ਚਿੰਤਕ ਯੱਕ ਦੇਰਿਦਾ ਕਹਿੰਦਾ ਹੈ ਕਿ ਆਪਣਾ ਜੀਵਨ ਦੂਸਰਿਆਂ ਲਈ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਕਿਉਂਕਿ ਸਭਿਆਚਾਰ ਹਮੇਸ਼ਾ ਬਸਤੀਵਾਦੀ ਹੁੰਦਾ ਹੈ ਅਤੇ ਆਪਣੀ ਤਾਕਤ ਨਾਲ ਹੀ ਵਿਸ਼ਵ ਉਪਰ ਮੋਹਰ ਲਗਵਾ ਸਕਦਾ ਹੈ । ਗੁਰਭਜਨ ਗਿੱਲ ਜਦੋਂ ਜੱਦੀ ਪਿੰਡ ਬਸੰਤ ਕੋਟ ਦੀ ਗੱਲ ਕਰਦਾ ਹੈ ਤਾਂ ਉਹ ਸ਼ਹਿਰਾਂ ਦੀ ਭੱਜ ਨੱਠ ਤੇ ਉੱਥਲ- ਪੁੱਥਲ ਜ਼ਿੰਦਗੀ ਵਿੱਚੋਂ ਜਿਹਨੀ ਸਕੂਨ ਭਾਲ ਰਿਹਾ ਹੁੰਦਾ ਹੈ । ਅਸਲ ਵਿੱਚ ਜੀਵਨ ਪ੍ਰਕ੍ਰਿਆ ਬੜੀ ਸਰਲ ਹੈ ਕੋਈ ਵਿਸ਼ਾ ਕੇਵਲ ਭੂਤ ਦਾ ਅੰਗ ਹੀ ਨਹੀਂ ਬਣਦਾ ਸਗੋਂ ਸਾਰੀ ਉਮਰ ਦੁਹਰਾਉ ਰੂਪ ਵਿਚ ਸਾਹਮਣੇ ਆ ਹੀ ਜਾਂਦਾ ਹੈ । ਠੀਕ ਉਵੇਂ ਹੀ ਜਿਵੇਂ ਗੁਰਭਜਨ ਗਿੱਲ ਨੂੰ ਆਪਣੇ ਪਿੰਡ ਦੀ ਚਿੰਤਾ ਸਤਾਉਂਦੀ ਹੈ :

ਸਰਹਦ ਤੋਂ
ਪੰਜ ਮੀਲ ਉਰਾਂ ਵੱਸਦਾ,
ਮੇਰਾ ਪਿੰਡ ਬਸੰਤਕੋਟ

ਪ੍ਰਸਿੱਧ ਵਿਦਵਾਨ ਡੀਕਾਰਟੇ ਆਖਦਾ ਹੈ ਕਿ ਜੋ ਵਿਅਕਤੀ ਕਿਸੇ ਵਿਸ਼ੇ ਪ੍ਰਤੀ ਕਿੰਤੂ ਕਰ ਸਕਦਾ ਹੈ ਅਸਲ ਵਿੱਚ ਉਹ ਹੀ ਜਿਉਣ ਦੇ ਸਮਰਥ ਹੁੰਦਾ ਹੈ । ਗੁਰਭਜਨ ਗਿੱਲ ਨੇ ਸਮਕਾਲੀਨ ਵਿਸ਼ਿਆਂ ਨੂੰ ਆਪਣੀ ਲਿਖਤ ਦਾ ਆਧਾਰ ਬਣਾਇਆ ਹੈ ਉਸ ਵਲੋਂ ਨਵੇਂ ਮੀਡੀਆ ਅਪਣਾ ਕੇ ਵਟਸਐਪ ਦੇ ਸਮੂਹਾਂ ਰਾਹੀਂ ਹਰ ਦਿਨ ਤਿਉਹਾਰ, ਵਿਅਕਤੀ ਵਿਸ਼ੇਸ, ਮੇਲਾ ਤਿਉਹਾਰ ਆਦਿ ਨੂੰ ਆਪਣੀ ਲੇਖਣੀ ਦਾ ਹਿੱਸਾ ਬਣਾ ਕੇ ਸਮਕਾਲੀਨਤਾ ਦੇ ਮੇਚ ਦਾ ਕਰ ਲਿਆ ਹੈ।

ਅਸਲ ਵਿਚ ਸਮਕਾਲੀ ਸਮੱਸਿਆਵਾਂ ਪਿਛੇ ਪ੍ਰਭੂਸੱਤਾ ਹਾਵੀ ਹੁੰਦੀ ਹੈ। ਸਭਿਆਚਾਰ ਦੇ ਸਾਰੇ ਪ੍ਰਵਚਨ ਉਸ ਅਨੁਸਾਰ ਹੀ ਜਨਮ ਲੈਂਦੇ ਹਨ। ਸਾਡਾ ਇਤਿਹਾਸਕ ਪਿਛੋਕੜ ਧਾਰਮਿਕ ਤੇ ਸਭਿਆਚਾਰਕ ਜਦੋ-ਜ਼ਹਿਦ ਦਾ ਰਿਹਾ ਹੈ ਅਨੇਕਾਂ ਸੰਕਟਾਂ ਵਿਚੋਂ ਉਭਰ ਕੇ ਹੀ ਸਮਕਾਲੀਨ ਸਭਿਆਚਾਰਕ ਤਸਵੀਰ ਬਣੀ ਹੈ ,ਕਵੀ ਉਨ੍ਹਾਂ ਪੂਰਵਜਾਂ ਨੂੰ ਨਮਸਕਾਰ ਕਰਦਾ ਹੈ :

ਅਸਾਡੇ ਪੁਰਖਿਆਂ ਨੂੰ ਫਾਸੀਆਂ ਤੇ ਸੂਲੀਆਂ ਮਿਲੀਆਂ,
ਤੇਰੀ ਝੋਲੀ 'ਚ ਦੱਸੀ ਹੋਰ ਕੀ ਖੈਰਾਤ ਬਾਕੀ ਹੈ ।
(ਮੋਰ ਪੰਖ ਪੰਨਾ ਨੰ: 36)

ਫੂਕੋ ਨੇ ਆਪਣੀ ਪੁਸਤਕ ਡਿਸੀਪਲਨ ਐਂਡ ਪਨਿਸ਼ (1975) ਵਿਚ ਇਹ ਦੱਸਿਆ ਹੈ ਕਿ ਜਿਹੜੇ ਲੋਕ ਸਮਾਜ ਦੇ ਬਣਾਏ ਪ੍ਰਤੀਮਾਨਾਂ ਦਾ ਖੰਡਨ ਕਰਦੇ ਹਨ ਉਹ ਸਜ਼ਾ ਪਾਉਂਦੇ ਹਨ ਖਾਸ ਕਰ ਕੇ ਉਦੋਂ ਜਦੋਂ ਸੰਸਥਾਈ ਹਕੂਮਤ ਦੀ ਪ੍ਰਭੂਤਾ ਨੂੰ ਵੰਗਾਰਨ ਦੀ ਜੁਅਰਤ ਕੀਤੀ ਗਈ ਹੋਵੇ । ਸਜ਼ਾ ਲੈਣ ਸਮੇਂ ਜਿਹੜੇ ਅਪਰਾਧੀ ਦਲੇਰੀ ਨਾਲ ਸਜ਼ਾ ਦਾ ਸਾਹਮਣਾ ਕਰਦੇ ਹਨ ਉਹ ਨਾਇਕ ਬਣ ਜਾਂਦੇ ਹਨ। ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ਨੂੰ ਤਲਾਸ਼ਦੀਆਂ ਹਨ ਅਤੇ ਉਹ ਹੀ ਅਮਰ ਹੋ ਜਾਂਦੇ ਹਨ ਇਸ ਗੱਲ ਦੀ ਪੁਸ਼ਟੀ ਗੁਰਭਜਨ ਆਪਣੀ ਪੁਸਤਕ ਗੁਲਨਾਰ ਦੇ ਇਸ ਸ਼ਿਅਰ ਵਿੱਚ ਕਰਦਾ ਹੈ।

ਹਕੂਮਤ ਜ਼ਬਰ ਕਰ ਕੇ ਸਾਬਰਾਂ ਦੀ ਸਿਰਜਣਾ ਕਰਦੀ,
ਕਦੇ ਵੀ ਸੂਰਮੇ ਸਿਰ ਮੁੱਲ ਦਾ ਸਿਹਰਾ ਨਹੀਂ ਹੁੰਦਾ।
(ਪੰਨਾ ਨੰ: 32)

ਜਾਂ

ਜਦ ਤੱਕ ਜ਼ੁਲਮ ਜੀਂਦਾ,
ਹੈ ਸਾਡੀ ਰੱਤ ਪੀਂਦਾ ।
ਤੱਦ ਤੀਕਰ ਲੜਨਾ ਹੈ
ਜ਼ਾਲਮ ਤਲਵਾਰਾਂ ਨੂੰ
ਵੀਣੀ ਤੋਂ ਫੜਨਾ ਹੈ।
(ਪਾਰਦਰਸ਼ੀ ਪੰਨਾ ਨੰ: 54)

ਇਸ ਤਰ੍ਹਾਂ ਗੁਰਭਜਨ ਗਿੱਲ ਕਾਵਿ ਵਿਅਕਤੀ ਅੰਦਰ ਇਕ ਜਨੂੰਨ ਭਰਦਾ ਹੋਇਆ ਹਾਲਾਤ ਦਾ ਸਾਹਮਣਾ ਕਰਨ ਦੀ ਹਿੰਮਤ ਪੈਦਾ ਕਰਦਾ ਹੈ ।

ਉਹ ਸਰਦ ਹੋ ਚੁੱਕੀ ਚੇਤਨਾ ਨੂੰ ਜੋਸ਼ੀਲਾ ਬਣਾਉਂਦਾ ਹੈ। ਕ੍ਰਾਂਤੀਕਾਰੀ ਜ਼ਜ਼ਬਿਆਂ ਨੂੰ ਪ੍ਰਚੰਡ ਕਰਦਾ ਹੈ ਪਾਰਦਰਸ਼ੀ ਪੁਸਤਕ ਦੀ ਕਵਿਤਾ 'ਅਜਗਰ' ਵਿਚ ਲਿਖਦਾ ਹੈ :-

ਅਥਰੇ ਘੋੜੇ ਦੀ ਹੁਣ,
ਕਿਹੜਾ ਵਾਗ ਫੜੇ ?
ਮਾਰ ਪਲਾਕੀ ਜੋ ਹੁਣ,
ਇਹਦੀ ਕੰਡ ਚੜ੍ਹੇ ।
ਸਾਡੀਆਂ ਫਸਲਾਂ,
ਜਿਹੜਾ ਫਿਰੇ ਉਜਾੜਦਾ ਹੈ।
ਅਗਨ ਦਰਿੰਦਾ
ਜੰਗਲ ਵਿੱਚ ਦਹਾੜਦਾ ਹੈ।

ਸਮਾਜਿਕ ਪ੍ਰਸੰਗਿਕਤਾ ਅਜਿਹਾ ਮਾਪ ਦੰਡ ਹੈ ਜਿਸ ਵਿੱਚ ਲੇਖਕ ਦੀ ਕਵਿਤਾ ਜਾਂ ਪ੍ਰਵਚਨ ਅਜੋਕੇ ਸਮਾਜ ਨੂੰ ਕੀ ਦਿਸ਼ਾ ਨਿਰਦੇਸ਼ ਦੇ ਸਕਦੇ ਹਨ ਕਵਿਤਾ ਕਿਉਂਕਿ ਭਾਵਨਾਵਾਂ ਦਾ ਪ੍ਰਗਟਾ ਹੁੰਦੀ ਹੋਈ ਦਿਲ ਦੀ ਬੋਲੀ ਬਣ ਜਾਂਦੀ ਹੈ ਇਸ ਲਈ ਉਸ ਦੀ ਸਮਾਜ ਪ੍ਰਤੀ ਜਿੰਮੇਵਾਰੀ ਜਾਂ ਪ੍ਰਸੰਗਿਕਤਾ ਇਕ ਪਾਸੇ ਰਹਿ ਜਾਂਦੀ ਹੈ । ਸਮਾਜਕ ਸੱਚ ਨੂੰ ਪੇਸ਼ ਕਰਨਾ ਜਾਂ ਤਸਵੀਰਕਸ਼ੀ ਕਰਨਾ ਹੋਰ ਹੈ। ਅਵਾਮ ਉਸ ਲਿਖਤ ਜਾਂ ਪ੍ਰਵਚਨ ਤੋਂ ਕੀ ਗ੍ਰਹਿਣ ਕਰਦਾ ਹੈ ਇਹ ਅਹਿਮ ਮੁੱਦਾ ਹੈ ਇਸ ਬਾਰੇ ਥੋੜਾ ਸੰਕੇਤ ਕਰਦਿਆਂ ਡਾ. ਗੁਰਇਕਬਾਲ ਸਿੰਘ ਲਿਖਦੇ ਹਨ :-
"ਇਸ ਸਮਾਜਕ ਸੱਚ ਦੀ ਨਿਰੰਕੁਸ਼ ਦ੍ਰਿਸ਼ਟੀ ਤ੍ਰਾਸਦਿਕ ਸੁਭਾਅ ਪ੍ਰਤੀ ਗਿੱਲ ਦੀ ਕਾਵਿਕ ਚੇਤਨਾ ਸਭਿਆਚਾਰਕ ਸੰਤੁਲਨ ਵਿੱਚ ਅਭਿਵਿਅਕਤੀ ਗ੍ਰਹਿਣ ਕਰਦੀ ਹੈ । ਤ੍ਰਾਸਦਿਕ ਪੱਖਾਂ ਬਾਰੇ ਸਾਂਸਕ੍ਰਿਤਕ ਸੰਤੁਲਨ ਦਾ ਇਹ ਮੂਲ-ਵਿਧਾਨ ਸੰਸਕ੍ਰਿਤੀ ਦਾ ਮੂਲ ਪ੍ਰੇਰਨਾ ਸ੍ਰੋਤ ਬਣਦਾ ਹੈ ਇਸ ਸੰਤੁਲਨ ਦਾ ਆਧਾਰ ਨਿਰੰਕੁਸ਼ ਸੱਚ ਤੋਂ ਉਪਜੇ ਮਾਨਵੀ ਅਨੁਭਵ ਦੀ ਉਪਜ ਹੈ। ਇਸ ਸੰਤੁਲਨ ਦੇ ਅੰਤਰਗਤ ਹੀ ਲੋਕ ਚੇਤਨਾ ਸਾਂਸਕ੍ਰਿਤਕ ਭਾਈਚਾਰਕ ਰਿਸ਼ਤਿਆਂ ਦੀ ਸਾਂਝ ਕਾਵਿ ਸੰਵੇਦਨਾ ਦਾ ਵਾਹਕ ਬਣਦੀ ਹੈ।" (3)

ਗੁਰਭਜਨ ਗਿੱਲ ਦੀ ਪੂਰੀ ਕੋਸ਼ਿਸ ਹੈ ਕਿ ਸਭਿਆਚਾਰਕ ਤੇ ਹੋਰ ਦਵੰਦਾਂ ਦਾ ਸ਼ਿਕਾਰ ਵਿਅਕਤੀ ਇਸ ਵਿਚੋਂ ਬਾਹਰ ਆ ਜਾਵੇ। ਆਪਣੇ ਵਿਕਾਸ ਤੇ ਕਲਿਆਣ ਦੇ ਰਾਹ ਨੂੰ ਤਲਾਸ਼ ਕਰੇ ਪਰ ਆਪਣਾ ਧਰਮ ਅਣਖ ਤੇ ਗ਼ੈਰਤ ਹਮੇਸ਼ਾਂ ਕਾਇਮ ਰੱਖੇ। ਸਵੈ ਮਾਣ ਤੇ ਸਵੈ ਸਨਮਾਨ ਨਾਲ ਜਿਉਣਾ ਹੀ ਪੰਜਾਬੀਆਂ ਦੀ ਨਿਸ਼ਾਨੀ ਹੈ। ਮੋਰ ਪੰਖ ਵਿੱਚ ਕਵੀ ਲਿਖਦਾ ਹੈ :-

ਇਸ ਜੰਗਲ ਦਾ 'ਨ੍ਹੇਰਾ ਮੇਟਣ ਤੋਂ ਨਾ ਮੈਨੂੰ ਰੋਕੋ ਹੁਣ,
ਬਾਂਸ ਲੁਕਾਈ ਬੈਠੇ ਅਗਨੀ, ਇਨ੍ਹਾਂ ਦੇ ਸੰਗ ਖਹਿਣ ਦਿਉ ।

ਦਰਿਆ ਵਾਂਗੂੰ ਸਫ਼ਰ ਨਿਰੰਤਰ, ਜੀਵਨ ਵਿਚ ਰਫ਼ਤਾਰ ਭਰੋ,
ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿੱਧਰ ਵਹਿੰਦੈ ਵਹਿਣ ਦਿਉ ।
(ਮੋਰ ਪੰਖ ਨੰ: 22)

ਸਮਕਾਲੀਨ ਪ੍ਰਸੰਗਕਤਾ ਦੀ ਇਹ ਹਕੀਕਤ ਹੈ ਕਿ ਜ਼ਿੰਦਗੀ ਦੇ ਝਮੇਲਿਆਂ ਤੋਂ ਨਿਗੂਣਾ ਵਿਅਕਤੀ ਕੁਦਰਤ ਨਾਲ ਸੰਵਾਦ ਰਚਾਉਂਦਾ ਹੈ।ਕੁਦਰਤ ਤੇ ਕਾਦਰ ਨੂੰ ਯਾਦ ਕਰਦਾ ਹੈ ਕਰੇ ਵੀ ਕਿਉਂ ਨਾ ਆਖਰਕਾਰ ਸੱਚ ਦੀ ਤਲਾਸ਼ ਤੇ ਬੰਦੇ ਦੀ ਭਟਕਣਾ ਪ੍ਰਮਾਤਮਾ ਰੂਪੀ ਅੰਤਮ ਸੱਚ ਤੇ ਹੀ ਆ ਟਿਕਦੀ ਹੈ ਅਤੇ ਪ੍ਰਮਾਤਮਾ ਦਾ ਪਸਾਰ ਇਸ ਕੁਦਰਤ ਵਿੱਚ ਹੀ ਤਾਂ ਹੈ ਇਸ ਲਈ ਜਿਵੇਂ ਅਰਸਤੂ ਅਨੁਕਰਣ ਦਾ ਸਿਧਾਂਤ ਦਿੰਦਿਆਂ ਕਹਿੰਦਾ ਹੈ ਕਿ ਪਹਿਲਾ ਸੱਚ ਪ੍ਰਮਾਤਮਾ ਤੇ ਉਸ ਦਾ ਅਨੁਕਰਣ ਕੁਦਰਤ ਤੇ ਬਾਕੀ ਸਾਰਾ ਕੁਝ ਉਸੇ ਦਾ ਹੀ ਅਨੁਕਰਣ ਹੈ। ਅੱਜ ਦਾ ਮਨੁੱਖ ਕੁਦਰਤ ਨਾਲ ਇਸ ਤਰ੍ਹਾਂ ਤਾਂ ਵਿਵਹਾਰ ਕਰ ਰਿਹਾ ਹੈ ਉਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਜਰੂਰ ਬਣਾ ਲੈਂਦਾ ਹੈ ।
‘ਬੋਲ ਮਿੱਟੀ ਦਿਆ ਬਾਵਿਆ' ਦੀ ਕਵਿਤਾ 'ਇਸ ਦਰਿਆ' ਵਿੱਚ ਗੁਰਭਜਨ ਗਿੱਲ ਲਿਖਦਾ ਹੈ :-

ਇਸ ਦਰਿਆ ਦਾ ਨਿਰਮਲ ਪਾਣੀ
ਕਦ ਪਰਤੇਗਾ ?
ਖ਼ੂਨ ਦੀ ਥਾਂ ਜ਼ਿੰਦਗੀ ਦਾ ਹਾਣੀ
ਕਦ ਪਰਤੇਗਾ ?
(ਪੰਨਾ ਨੰ: 37)

ਜਾਂ

ਪਾਣੀ ਮੰਗਦੀ ਜ਼ਮੀਨ ਸਾਡੇ ਖੇਤ ਨੇ ਪਿਆਸੇ ।
ਸੁੱਕੇ ਬੁੱਲਾਂ ਉੱਤੇ ਮੋੜ ਦੇਵੀਂ ਖੁਸ਼ੀਆਂ ਤੇ ਹਾਸੇ।
ਬਣ ਰਹਿਮਤਾ ਦਾ ਮੇਘਲਾ ਤੂੰ ਸਿਰ ਤੇ ਵਰ੍ਹੀਂ।
(ਪੰਨਾ 56)

ਗਿੱਲ ਕਾਵਿ ਨਾਲ ਪ੍ਰਕਿਰਤੀ ਸੰਵਾਦ ਅੱਗੇ ਤੁਰਦਾ ਹੈ। ਪ੍ਰਕਿਰਤੀ ਨੂੰ ਨਵੇਂ ਅਰਥਾਂ ਵਿੱਚ ਰੂਪਾਂਤਰਿਤ ਕਰ ਕੇ ਕਵੀ ਕੁਦਰਤ ਨਾਲ ਆਪਣੀ ਨੇੜਤਾ ਕਰਦਾ ਤੇ ਕਰਵਾਉਣ ਲਈ ਪ੍ਰੇਰਦਾ ਹੈ ਉਹ ਲਿਖਦਾ ਹੈ -

ਸੂਰਜ ਦੇ ਵਿਯੋਗ ਵਿਚ
ਰਾਤ ਦੇ ਅੱਥਰੂਆਂ ਨੂੰ ਤੂੰ
ਤਰੇਲ ਨਾ ਆਖ
ਮੇਰੀ ਚੁੱਪ ਨੂੰ
ਇਨ੍ਹਾਂ ਮੋਤੀਆਂ ਵਿਚੋਂ ਨਾ ਫ਼ੋਲ
ਇਹ ਮੇਰੇ ਗਵਾਹ ਨੇ।

ਕਾਵਿ ਸੰਗ੍ਰਹਿ “ਅਗਨ ਕਥਾ” ਵਿਚਲੀ ਕਵਿਤਾ 'ਕਿਸ ਮੌਸਮ ਵਿਚ ਫੁੱਲ ਖਿੜੇ ਨੇ' ਵਿਚ ਕਵੀ ਕਹਿੰਦਾ ਹੈ:-

ਕਿਸ ਮੌਸਮ ਵਿੱਚ ਫੁੱਲ ਖਿੜੇ ਨੇ।
ਇਸ ਬਾਗ ਵਿੱਚ ਕੌਣ ਭਿੜੇ ਨੇ?
ਮਿੱਧ ਸੁੱਟੀਆਂ ਜਿਨ੍ਹਾਂ ਕੋਮਲ ਕਲੀਆਂ।
ਖੂਨ ਦੀ ਮਹਿੰਦੀ ਜ਼ਖਮੀ ਤਲੀਆਂ।
ਬੇਮੌਸਮ ਕਿਉਂ ਫੁੱਲ ਖਿੜੇ ਨੇ।

ਵੀਹਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿੱਚ ਬਾਜ਼ਾਰ ਨੇ ਕਿਸ ਤਰ੍ਹਾਂ ਮਾਨਵੀ ਸੋਚ ਵਿਚ ਪ੍ਰਵੇਸ਼ ਕੀਤਾ ਇਸ ਲਈ ਮਾਨਸਿਕ ਪ੍ਰਗਟਾਉ ਦੀ ਵਿਧੀ ਲੋਂੜੀਦੀ ਸੀ । ਮੰਡੀ ਨੇ ਵਿਸ਼ਵੀਕਰਣ ਦੀ ਬਜ਼ਾਰੂ ਸੋਚ ਨੂੰ ਉਭਾਰਿਆ ਤੇ ਹਰ ਵਸਤ ਵਰਤਾਰਾ ਪ੍ਰਭਾਵਿਤ ਹੋਇਆ ਹੈ । ਜਿਵੇਂ-ਜਿਵੇਂ ਮੰਡੀ ਮਾਨਵੀ ਬੋਧਿਕਤਾ ਨੂੰ ਪ੍ਰਭਾਵਿਤ ਕਰਦੀ ਹੈ ਤਿਵੇਂ ਤਿਵੇਂ ਕਵਿਤਾ ਆਪਣਾ ਰੂਪ ਮੁਹਾਂਦਰਾ ਅਤੇ ਵਿਸ਼ਾ ਤਬਦੀਲ ਕਰਦੀ ਜਾਂਦੀ ਹੈ। ਤਕਨਾਲੋਜੀ ਦੇ ਪ੍ਰਭਾਵ ਨੇ ਕਵਿਤਾ ਦਾ ਘੇਰਾ ਵਿਸ਼ਾਲ ਕਰ ਦਿੱਤਾ ਹੈ । ਇਥੇ ਵਿਗਿਆਨ ਦੀਆਂ ਖੋਜਾਂ ਮਨੁੱਖ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਉਥੇ ਵਿਅਕਤੀ ਇਨ੍ਹਾਂ ਤਕਨੀਕਾਂ ਸਾਹਮਣੇ ਬੌਣਾ ਬਣ ਕੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ । ਗੁਰਭਜਨ ਗਿੱਲ ਦੀ ਕਵਿਤਾ ਪਰੰਪਰਾ ਤੋਂ ਲੈ ਕੇ ਨਵੀਂ ਤਕਨਾਲੋਜੀ ਤੇ ਸਮਕਾਲੀਨ ਪ੍ਰਸੰਗਿਕਤਾ ਤੱਕ ਫ਼ੈਲਾਉ ਕਰਦੀ ਹੈ। ਇਥੇ ਪੰਜਾਬ ਦੇ ਪੁਰਾਣੇ ਸਭਿਆਚਾਰ ਤੇ ਕਦਰਾਂ ਕੀਮਤਾਂ ਦੀ ਗੱਲ ਹੈ ਉਥੇ ਵਿਸ਼ਵੀ ਪੱਧਰ ਤੇ ਵਾਪਰ ਰਿਹਾ ਵਰਤਾਰਾ ਵੀ ਉਸ ਨੂੰ ਪ੍ਰਭਾਵਤ ਕਰ ਰਿਹਾ ਹੈ । ਅੰਤਰ ਰਾਸ਼ਟਰੀ ਪੱਧਰ ਤੇ ਕੀ ਹੋ ਰਿਹਾ ਹੈ ਤੇ ਉਸ ਦਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਗੁਰਭਜਨ ਗਿੱਲ ਸੁਚੇਤ ਹੈ।
ਉਹ ਲਿਖਦਾ ਹੈ :-

ਐਟਮਾਂ ਦਾ ਵਣਜ ਕਰਦੇ, ਘੁਗੀਆਂ ਉਡਾ ਰਹੇ ਨੇ
ਮਕਤਲ ਚੋਂ ਗੀਤ ਗਾਉਂਦੇ, ਇਹ ਕੌਣ ਜਾ ਰਹੇ ਨੇ ।

ਗੁਲਨਾਰ ਦੀ ਇੱਕ ਗ਼ਜ਼ਲ ਵਿੱਚ ਕਵੀ ਲਿਖਦਾ ਹੈ :

ਅਮਰੀਕਾ ਤੋਂ ਦਿੱਲੀ ਥਾਣੀ ਮਾਲ ਪਲਾਜੇ ਆ ਗਏ ਨੇ,
ਬੁਰਕੀ-ਬੁਰਕੀ ਕਰਕੇ ਖਾ ਗਏ ਨਿੱਕੀਆਂ-ਨਿੱਕੀਆਂ ਮੰਡੀਆਂ ਨੂੰ।

ਇਸ ਵਰਤਾਰੇ ਸੰਬੰਧੀ ਇਕ ਹੋਰ ਗ਼ਜ਼ਲ ਦੇਖਦੇ ਹਾਂ :

ਅਬਦਾਲੀ ਹੁਣ ਸੱਦਿਆ ਆਇਆ,
ਵਣਜ ਵਪਾਰੀ ਨਾਲ ਲਿਆਇਆ,
ਫਿਰ ਕਿਉਂ ਪੁੱਛੇਂ ਸਾਡੇ ਘਰ ਵਿੱਚ
ਓਪਰਿਆਂ ਦੀ ਮੇਰ ਕਿਉਂ ਬਈ।

ਗੁਰਭਜਨ ਗਿੱਲ ਦੀ ਕਵਿਤਾ ਮੌਜੂਦਾ ਸਥਾਪਤੀ ਦੇ ਨਿਜ਼ਾਮ ਉੱਪਰ ਤਿੱਖਾ ਵਿਅੰਗ ਕਰਦੀ ਹੈ। ਅਨੇਕਾਂ ਭ੍ਰਾਂਤੀਆਂ ਨੂੰ ਤੋੜਦੀ ਅੱਗੇ ਲੰਘਦੀ ਹੈ । ਉਹ ਜਾਣ ਗਿਆ ਹੈ ਕਿ ਇਸ ਵਰਤਾਰੇ ਵਿਚ ਹਾਕਮ ਨੂੰ, ਸਰਮਾਏਦਾਰ ਤੇ ਧਰਮ ਦੇ ਠੇਕੇਦਾਰ ਮਿਲੇ ਹੋਏ ਹਨ ਜਿਸ ਨਾਲ ਆਮ ਬੰਦੇ ਦੀ ਹਾਲਤ ਬਦਤਰ ਹੋ ਰਹੀ ਹੈ। ਆਰਥਿਕ ਪਾੜਾ ਬਹੁਤ ਵਧ ਗਿਆ ਹੈ ਜਿਸ ਨੂੰ ਮੇਟਣ ਲਈ ਨਵਾਂ ਨਿਜ਼ਾਮ ਉਸਾਰਨਾ ਪਵੇਗਾ। ਤਾਂ ਹੀ ਉਸ ਦੀ ਸੁਰ ਤਿੱਖੀ ਤੇ ਵਾਰ ਕਰਨ ਵਾਲੀ ਬਣਦੀ ਹੈ ਉਹ ਲਿਖਦਾ ਹੈ :

ਅੰਨੀ ਤਾਕਤ ਅਕਸਰ ਅੰਨ੍ਹਾ ਕਰ ਦਿੰਦੀ ਹੈ।
ਮਨ ਦਾ ਵਿਹੜਾ ਨਾਲ ਹਨ੍ਹੇਰੇ ਭਰ ਦਿੰਦੀ ਹੈ।

ਜਾਂ

ਅੰਨੇ ਗੂੰਗੇ ਬੋਲ਼ੇ ਹੋ ਗਏ ਕੁਰਸੀਆਂ ਵਾਲੇ,
ਸੁਣਦੇ ਨਾ ਫਰਿਆਦ ਭਲਾ ਜੀ ਕਿਸ ਨੂੰ ਕਹੀਏ।

ਸੰਗਿਕਤਾ ਦੀ ਗੱਲ ਕਰਦਿਆਂ ਅਸੀਂ ਕਹਿ ਸਕਦੇ ਹਾਂ ਕਿ ਕਵੀ ਦੀ ਰਚਨਾਤਮਕ ਪ੍ਰਕ੍ਰਿਆ ਅਤੇ ਮਾਨਸਿਕ ਸਮਕਾਲੀ ਪ੍ਰਕ੍ਰਿਆ ਚੌਗਿਰਦੇ ਦੀਆਂ ਘਟਨਾਵਾਂ ਨੂੰ ਤਿੱਖੀ ਨਜ਼ਰ ਨਾਲ ਵੇਖਣ ਤੇ ਵਾਚਣ ਦੇ ਸਮਰੱਥ ਹੁੰਦੀ ਹੈ । ਗੁਰਭਜਨ ਗਿੱਲ ਜਿਥੇ ਸਭਿਆਚਾਰ ਨੂੰ ਖ਼ੋਰਾ, ਮਾਤ ਭਾਸ਼ਾ ਤੋਂ ਬੇਮੁਖਤਾ, ਰਾਜਨੇਤਾਵਾਂ ਦੀਆਂ ਕੋਝੀਆਂ ਚਾਲਾਂ ਵਿਸ਼ਵੀਕਰਣ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਉਥੇ ਪੰਜਾਬ ਦੀ ਧਰਤੀ ਤੇ ਰੁੱਖਾਂ ਦਾ ਅੰਨ੍ਹੇਵਾਹ ਕੱਟੇ ਜਾਣ ਜਿਸ ਨਾਲ ਵਾਤਾਵਰਣ ਤੇ ਪੈਂਦਾ ਬੁਰਾ ਪ੍ਰਭਾਵ ਤੇ ਕੁੱਖਾਂ ਵਿੱਚ ਧੀਆਂ ਦਾ ਮਾਰੇ ਜਾਣਾ ਵਰਗੀਆਂ ਘਿਣਾਉਣੀਆਂ ਘਟਨਾਵਾਂ ਨੂੰ ਕਵਿਤਾ ਰਾਹੀਂ ਵੇਦਨਾ ਬਣਾ ਕੇ ਪੇਸ਼ ਕਰਦਾ ਹੈ :

ਧਰਮ ਗਰੰਥਾਂ ਦੇ ਵਿੱਚ ਮੰਨਦੇ ਪੀਰ ਦਰਖ਼ਤਾਂ ਨੂੰ ।
ਕਾਹਨੂੰ ਚੀਰੀ ਜਾਵੇਂ ਅੱਜ ਤੂੰ ਵੀਰ ਦਰਖ਼ਤਾਂ ਨੂੰ ।

ਪਾਰਦਰਸ਼ੀ ਪੁਸਤਕ ਵਿਚ, 'ਧੀਆਂ ਅਤੇ ਧਰੇਕਾਂ' ਨਾਮੀ ਕਵਿਤਾ ਵਿਚ ਗੁਰਭਜਨ ਗਿੱਲ ਆਖਦਾ ਹੈ :

ਧਰਤ ਬੇਗਾਨੀ ਫਿਰ ਕੀ ਹੋਇਆ
ਆਪਣੀ ਸੋਚ ਸਲਾਮਤ ਰਖਿਓ,
ਪੀਂਘ ਹੁਲਾਰੇ ਵਰਗੀ ਸੋਹਣੀ
ਜੀਵਨ ਸੋਚ ਸਲਾਮਤ ਰਖਿਓ।

ਧੀਆਂ ਧਰਤੀ ਅਤੇ ਧਰੇਕਾਂ
ਖ਼ਤਰੇ ਵਿੱਚ ਧੁਪਾਂ ਤੇ ਛਾਵਾਂ
ਸਦੀਆਂ ਦੀ ਪੂੰਜੀ ਨਾ ਗੁੰਮੇ,
ਰੂਹ ਵਿੱਚ ਸਾਂਭ ਅਮਾਨਤ ਰਖਿਓ।

ਗੁਰਭਜਨ ਗਿੱਲ ਸਮਕਾਲ ਦੇ ਹਰ ਮਸਲੇ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਅਤੇ ਉਸਦਾ ਚਿੰਤਨ ਮੰਥਨ ਕਰਦਾ ਹੈ ਝੁੱਗੀਆਂ ਝੌਂਪੜੀਆਂ 'ਚ ਰਹਿ ਰਹੇ ਬੱਚਿਆਂ ਬਾਰੇ ਉਸ ਦੀ ਕਵਿਤਾ :

ਸਾਨੂੰ ਨਹੀਂ ਪਤਾ
ਘਰ ਕਿਹੋ ਜਿਹਾ ਹੁੰਦਾ
ਸੁਪਨੇ ਵੀ ਹਨ੍ਹੇਰੀ ਚ,
ਉੱਡਦੀ ਪੱਲੀ ਦੇ ਹੀ ਆਉਂਦੇ ਨੇ।
ਤਰਪਾਲ ਵਾਲੇ ਖ਼ੁਦ ਨੂੰ
ਬਾਦਸ਼ਾਹ ਦੱਸਦੇ ਨੇ ।
ਮੀਂਹ ਕਣੀ 'ਚ ਵੀ ਬੇਫ਼ਿਕਰ ਸੌਂਦੇ।

ਇਓਂ ਅਸੀਂ ਵੇਖਦੇ ਹਾਂ ਕਿ ਗੁਰਭਜਨ ਗਿੱਲ ਦਾ ਕਾਵਿ ਪੰਜਾਬ ਦੇ ਸਭਿਆਚਾਰਕ ਤਰਕ ਦੀ ਤਲਾਸ਼ ਕਰਦਾ ਜ਼ਿੰਦਗੀ ਯਥਾਰਥ ਦੇ ਸਰੋਕਾਰਾਂ ਅਤੇ ਵਿਹਾਰਾਂ ਨੂੰ ਕਾਵਿਕ ਪੱਧਰ ਤੇ ਉਲੀਕਦਾ ਹੈ। ਕਵੀ ਸਮਕਾਲੀ ਸੰਵੇਦਨਾ ਨੂੰ ਵਿਸ਼ਵੀ ਵਰਤਾਰੇ ਵਿਚ ਆਈ ਤਬਦੀਲੀ ਨੂੰ ਸਹਿਜ ਰੂਪ ਵਿਚ ਕਾਵਿਕ ਭਾਸ਼ਾ ਰਾਹੀਂ ਰੂਪਮਾਨ ਕਰਦਾ ਮਨੁੱਖੀ ਚੇਤਨਾ ਨੂੰ ਜੋਸ਼ੀਲਾ ਬਣਾਉਂਦਾ ਹੈ । ਗੁਰਭਜਨ ਗਿੱਲ ਕਾਵਿ ਮਨੁੱਖੀ ਚੇਤਨਾ ਦੇ ਅਨੇਕਾਂ ਪ੍ਰਸਾਰਾਂ ਤੇ ਪਰਤਾਂ ਨੂੰ ਜਦੋਂ ਉਘਾੜਦਾ ਹੈ ਤਾਂ ਪਾਠਕ ਦਾ ਧਿਆਨ ਖਿੱਚ ਕੇ ਉਸ ਨੂੰ ਹੁੰਗਾਰੇ ਲਈ ਪ੍ਰੇਰਿਤ ਕਰਦਾ ਹੈ ।

ਉਸ ਦੀ ਸਿਰਜਣਾਤਮਕਤਾ ਦਾ ਘੇਰਾ ਵਿਸ਼ਾਲ ਹੈ। ਜਿੰਦਗੀ ਦੇ ਯਥਾਰਥ ਨੂੰ ਸਮਕਾਲੀਨਤਾ ਦੇ ਮੇਚ ਦਾ ਕਰ ਕੇ ਹਰ ਜਨ ਦੀ ਨਬਜ਼ ਪਛਾਨਣਾ ਤੇ ਉਸ ਦੇ ਦੁੱਖ ਦਰਦ ਨੂੰ ਬਿਆਨ ਕਰਨ ਦੀ ਕਲਾ ਹੀ ਕਿਸੇ ਕਵੀ ਨੂੰ ਮਹਾਨ ਬਣਾਉਂਦੀ ਹੈ । ਸਮਕਾਲੀ ਸੱਚ ਨੂੰ ਪੇਸ਼ ਕਰਨ ਦੀ ਜ਼ੁਰਅਤ ਗੁਰਭਜਨ ਗਿੱਲ ਦੇ ਹਿੱਸੇ ਹੀ ਆਈ ਹੈ। ਉਹ ਜਾਣ ਗਿਆ ਹੈ ਕਿ ਮੌਜੂਦਾ ਆਰਥਿਕ ਰਾਜਨੀਤਕ ਤੇ ਸਮਾਜਿਕ ਵਿਵਸਥਾ ਦੀ ਕਰੂਰ ਕਾਰਜਸ਼ੀਲਤਾ ਵਿਚ ਮਾਨਵੀ ਕਦਰਾਂ ਕੀਮਤਾਂ ਦਾ ਨਿਘਾਰ ਹੋ ਰਿਹਾ ਹੈ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਘਾਤਕ ਸਿੱਧ ਹੋਵੇਗਾ । ਉਹ ਆਪਣੀਆਂ ਕਲਾਤਮਕ ਜੁਗਤਾਂ ਰਾਹੀਂ ਮੁਸ਼ਕਲ ਵਰਤਾਰਿਆਂ ਨੂੰ ਸਹਿਜਤਾ ਨਾਲ ਬਿਆਨ ਕਰ ਜਾਂਦਾ ਹੈ । ਕਿਸੇ ਵਾਦ ਦਾ ਸ਼ਿਕਾਰ ਨਾ ਹੋ ਕੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਲੋਕ ਧੁਨੀ ਉਜਾਗਰ ਕਰਨਾ ਹੀ ਗੁਰਭਜਨ ਗਿੱਲ ਕਾਵਿ ਦੀ ਖ਼ਾਸੀਅਤ ਕਹੀ ਜਾ ਸਕਦੀ ਹੈ।

***

ਹਵਾਲੇ ਤੇ ਟਿੱਪਣੀਆਂ

1. ਗੁਰਭਜਨ ਗਿੱਲ, ਅਗਨ ਕਥਾ, ਪੰਨਾ ਨੰ: 15.
2. ਡਾ. ਕੁਲਵੰਤ ਸਿੰਘ, ਨਵ ਅਲੋਚਨਾ ਬਦਲਦੇ ਪਰਿਪੇਖ, ਪੰਨਾ: ਨੰ: 213.
3. ਡਾ. ਗੁਰਇਕਬਾਲ ਸਿੰਘ, ਪੰਜਾਬੀ ਕਵਿਤਾ ਨਵੇਂ ਪਰਿਪੇਖ ਤੇ ਪਾਸਾਰ, ਪੰਨਾ ਨੰ: 152

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ