ਸਮਕਾਲ ਨੂੰ ਮੁਖ਼ਾਤਿਬ ਸ਼ਾਇਰੀ - ਗੁਲਨਾਰ : ਸ਼ਮਸ਼ੇਰ ਮੋਹੀ (ਡਾ.)

ਗ਼ਜ਼ਲ ਕਵਿਤਾ ਦਾ ਅਜਿਹਾ ਰੂਪਾਕਾਰ ਹੈ, ਜਿਸ ਦੇ ਕਾਵਿ-ਸ਼ਾਸਤਰ ਦੇ ਸੁਭਾਅ ਅਨੁਸਾਰ ਕਹੀ ਜਾਣ ਵਾਲ਼ੀ ਗੱਲ ਨੂੰ ਤਗੱਜ਼ੁਲ ਦੇ ਰੰਗ ਵਿਚ ਰੰਗ ਕੇ ਪ੍ਰਰਸਤੁਤ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਪੇਸ਼ ਕੀਤਾ ਵਿਚਾਰ/ਭਾਵ ਸਰਬਕਾਲਿਕ ਤੇ ਸਰਬਭੌਮਿਕ ਅਰਥਾਂ ਦਾ ਧਾਰਨੀ ਹੋ ਜਾਂਦਾ ਹੈ। ਅਜਿਹਾ ਕਰਦਿਆਂ ਕਈ ਵਾਰ ਗ਼ਜ਼ਲ ਵਿਚ ਸਮਕਾਲ ਦੀ ਤਸਵੀਰ ਸਪੱਸ਼ਟ ਨਜ਼ਰ ਨਹੀਂ ਆਉਂਦੀ ।ਗ਼ਜ਼ਲ ’ਤੇ ਆਮ ਤੌਰ ’ਤੇ ਇਹ ਦੋਸ਼ ਵੀ ਲਗਦਾ ਹੈ ਕਿ ਇਹ ਸਮਕਾਲ ਦੇ ਬਾਹਰਮੁਖੀ ਯਥਾਰਥ ਨੂੰ ਫੜਨ ਤੋਂ ਖੁੰਝ ਜਾਂਦੀ ਹੈ।ਬਿਨਾਂ ਸ਼ੱਕ ਬਹੁਤ ਸਾਰੀ ਗ਼ਜ਼ਲ ਇਸ ਕਿਸਮ ਦੀ ਵੀ ਲਿਖੀ ਜਾ ਰਹੀ ਹੈ।ਪਰ ਗ਼ਜ਼ਲ ਵਿਚ ਸਮਕਾਲ ਨੂੰ ਉਸਦੀ ਸਮੁੱਚਤਾ ਵਿਚ ਪ੍ਰਰਸਤੁਤ ਕਰਨ ਵਾਲ਼ੇ ਸ਼ਾਇਰਾਂ ਦੀ ਗਿਣਤੀ ਵੀ ਤਸੱਲੀਬਖ਼ਸ਼ ਹੈ।ਪੰਜਾਬੀ ਵਿਚ ਲਿਖੀ ਜਾ ਰਹੀ ਗ਼ਜ਼ਲ ਦੇ ਸਮਕਾਲੀ ਦ੍ਰਿਸ਼ ’ਤੇ ਝਾਤ ਮਾਰਨ ’ਤੇ ਜਿਹੜੇ ਅਜਿਹੇ ਗ਼ਜ਼ਲਗੋ ਸਾਡੇ ਸਾਹਮਣੇ ਆਉਂਦੇ ਹਨ, ਜਿਹਨਾਂ ਨੇ ਸਮਕਾਲੀ ਯਥਾਰਥ ਨੂੰ ਬਹੁਤ ਸ਼ਿੱਦਤ ਨਾਲ ਪੇਸ਼ ਕੀਤਾ ਹੈ, ਉਹਨਾਂ ਵਿਚ ਗੁਰਭਜਨ ਗਿੱਲ ਦਾ ਨਾਂ ਪ੍ਰਰਮੁੱਖ ਹੈ। ਗੁਰਭਜਨ ਗਿੱਲ ਦੀ ਨਵ-ਪ੍ਰਰਕਾਸ਼ਿਤ ਪੁਸਤਕ ‘ਗੁਲਨਾਰ’ ਇਸ ਪ੍ਰਰਸੰਗ ਵਿਚ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ।ਗੁਰਭਜਨ ਗਿੱਲ ਦੀ ਇਹ ਬਾਰ੍ਹਵੀ ਮੌਲਿਕ ਪੁਸਤਕ ਹੈ। ਉਹ ਕਵਿਤਾ ਦੇ ਵਿਭਿੰਨ ਰੂਪਾਂ ਗ਼ਜ਼ਲ, ਗੀਤ, ਨਜ਼ਮ ਆਦਿ ਵਿਚ ਬਰਾਬਰ ਦੀ ਕਾਵਿ-ਮੁਹਾਰਤ ਰਖਦਾ ਹੈ। ਇਹਨਾਂ ਬਾਰਾਂ ਪੁਸਤਕਾਂ ’ਚੋਂ ਤਿੰਨ ਉਸਦੇ ਨਿਰੋਲ ਗ਼ਜ਼ਲ-ਸੰਗ੍ਰਹਿ ਹਨ। ਇਸ ਤਰ੍ਹਾਂ ਚਰਚਾ ਅਧੀਨ ਗ਼ਜ਼ਲ-ਸੰਗ੍ਰਹਿ ‘ਗੁਲਨਾਰ’ ਉਸਦਾ ਤੀਜਾ ਨਿਰੋਲ ਗ਼ਜ਼ਲ-ਸੰਗ੍ਰਹਿ ਹੈ।

‘ਗੁਲਨਾਰ’ ਵਿਚ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਝਲਕ ਵੀ ਪੇਸ਼ ਕੀਤੀ ਗਈ ਹੈ ਤੇ ਸਮਕਾਲ ਵਿਚ ਪੰਜਾਬ ਨੂੰ ਹਰ ਪਾਸਿਓਂ ਪੈ ਰਹੀ ਮਾਰ ਦੀ ਵੀ ਚਿੰਤਨ ਭਰਪੂਰ ਕਾਵਿ-ਪ੍ਰਰਸਤੁਤੀ ਕੀਤੀ ਗਈ ਹੈ। ਮੌਜੂਦਾ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਪੰਜਾਬ ਅੱਗੇ ਮੂੰਹ ਅੱਡੀ ਖੜੀਆਂ ਹਨ। ਇਹਨਾਂ ਸਮੱਸਿਆਵਾਂ ਦੇ ਹੱਲ ਹੋਣ ਦੀ ਤਾਂ ਕੀ ਘਟਣ ਦੀ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ ਕਿਉਂਕਿ ਇਸ ਸੰਬੰਧ ਵਿਚ ਜੋ ਉਪਰਾਲੇ ਹੋਣੇ ਚਾਹੀਦੇ ਹਨ, ਉਹ ਹੋ ਨਹੀਂ ਰਹੇ।ਗੁਰਭਜਨ ਗਿੱਲ ਪੰਜਾਬ ਦੇ ਦਰਦ ਦੀ ਦ੍ਰਿਸ਼ਕਾਰੀ ਕਰਨ ਦੇ ਨਾਲ਼-ਨਾਲ਼ ਭਾਰਤੀ ਰਾਜਨੀਤੀ ਦੇ ਰੰਗਾਂ-ਢੰਗਾਂ ਅਤੇ ਸ਼ੋਸ਼ਣ ਦਾ ਸ਼ਿਕਾਰ ਜਨਤਾ ਦੇ ਦਰਦ ਨੂੰ ਵੀ ਜ਼ੁਬਾਨ ਦਿੰਦਾ ਹੈ।ਅਸਲ ਵਿਚ ਸਾਇਰ ਗੁਰਭਜਨ ਗਿੱਲ ਪੀੜਤ ਲੋਕਾਈ ਦੇ ਨਾਲ਼ ਖੜਾ ਹੈ, ਉਹ ਲੋਕਾਈ ਚਾਹੇ ਪੰਜਾਬ ਦੀ ਹੈ ਜਾਂ ਭਾਰਤ ਦੇ ਕਿਸੇ ਹੋਰ ਹੋਰ ਹਿੱਸੇ ਦੀ।ਉਸਨੂੰ ਪੇਸ਼ਾਵਰ (ਪਾਕਿਸਤਾਨ) ਦੇ ਇਕ ਸਕੂਲ ਵਿਚ ਵਾਪਰੇ ਦਹਿਸ਼ਤਗਰਦ ਹਮਲੇ ਦੀ ਵੀ ਪੀੜ ਵੀ ਓਨੀ ਹੀ ਸ਼ਿੱਦਤ ਨਾਲ਼ ਵਿੰਨਦੀ ਹੈ, ਜਿੰਨੀ ਸ਼ਿੱਦਤ ਨਾਲ਼ ਏਧਰਲੀ ਧਰਤੀ ’ਤੇ ਵਾਪਰਦੀਆਂ ਘਟਨਾਵਾਂ ਦੀ ਪੀੜ ਵਿੰਨਦੀ ਹੈ।ਇਕ ਸੱਚਾ-ਸੁੱਚਾ ਪੰਜਾਬੀ ਹੋਣ ਦੇ ਨਾਤੇ ਉਹ ਪੰਜਾਬ ਦੇ ਦਰਦ ਦਾ ਚਿਤਰਨ ਕਰਨ ਵਿਚ ਵਧੇਰੇ ਸਮਰੱਥ ਨਜ਼ਰ ਆਉਂਦਾ ਹੈ।

ਅਤੀਤ ਵਿਚ ਪੰਜਾਬ ਦੀ ਸਥਾਨਕਤਾ ਦੀ ਵਿਸ਼ੇਸ਼ ਤੇ ਮਾਣਯੋਗ ਪਛਾਣ ਰਹੀ ਹੈ।ਪੰਜਾਬੀਆਂ ਦੀ ਅਤੀਤ ਵਿਚ ਪਛਾਣ ਮਿਹਨਤੀ, ਦਲੇਰ, ਤਾਕਤਵਰ, ਹੱਕ ਸੱਚ ਲਈ ਲੜਨ ਵਾਲੇ, ਗੁਰੂਆਂ/ਮਹਾਂਪੁਰਸ਼ਾਂ ਦੇ ਦੱਸੇ ਰਾਹ ’ਤੇ ਤੁਰਨ ਵਾਲ਼ੇ, ਪਾਕਿ-ਇਸ਼ਕ ਵਿਚ ਵਿਸ਼ਵਾਸ ਰੱਖਣ ਵਾਲੇ ਅਤੇ ਸ਼ੁੱਧ ਗੀਤ-ਸੰਗੀਤ ਨਾਲੇ ਜੁੜੇ ਹੋਏ ਲੋਕਾਂ ਦੀ ਰਹੀ ਹੈ। ਇਹ ਪਛਾਣ ਹੁਣ ਧੁੰਦਲੀ ਪੈ ਗਈ ਹੈ।ਦਰਅਸਲ ਪੰਜਾਾਬੀਆਂ ਦਾ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲੋਂ ਟੁੱਟਿਆ ਨਾਤਾ ਕਈ ਸਮੱਸਿਆਵਾਂ ਦਾ ਕਾਰਨ ਬਣਿਆ ਹੈ।ਵਿਸ਼ਵੀਕਰਨ ਦੀ ਮੰਡੀ ਵਿਚ ਸੱਭਿਆਚਾਰ ਦਾ ਉਦਯੋਗ ਬਣ ਜਾਣ ਨਾਲ਼ ਇਸਦਾ ਸੱਭਿਆਚਾਰਕ ਮੁੱਲਾਂ ਨਾਲੋਂ ਟੁੱਟਣਾ ਤੇ ਰਸਾਤਲ ਵੱਲ ਜਾਣਾ ਕੋਈ ਹੈਰਾਨੀਜਨਕ ਵਰਤਾਰਾ ਤਾਂ ਭਾਵੇਂ ਨਹੀਂ, ਤ੍ਰਾਸਦਿਕ ਵਰਤਾਰਾ ਜ਼ਰੂਰ ਹੈ।ਗੁਰਭਜਨ ਗਿੱਲ ਪੁਰਾਣੇ ਪੰਜਾਬ ਨੂੰ ਯਾਦ ਕਰਦਾ ਹੋਇਆ ਉਸ ਮਜ਼ਬੂਤ ਪਛਾਣ ਦੇ ਗੁਆਚ ਜਾਣ ਦੀ ਪੀੜ ਨੂੰ ਮਹਿਸੂਸ ਕਰਦਾ ਹੋਇਆ ਕਹਿੰਦਾ ਹੈ-

ਸੀ ਰੱਬਾਬ ਕਿਤਾਬ ਦਾ ਮਾਲਕ ਉਹ ਪੰਜਾਬ ਹੈ ਕਿੱਥੇ
ਸ਼ਬਦ ਗੁਰੁ ਨੂੰ ਭੁੱਲ ਗਏ ਸਾਧੋ, ਧਰਮ ਤਰਾਜ਼ੂ ਸਾਰੇ ।

ਕਿੱਧਰ ਗਏ ਸੰਗੀਤ ਘਰਾਣੇ, ਆਲਮ ਮੀਰ ਨਿਤਾਣੇ
ਮਰਦਾਨੇ ਦੀ ਅੱਖ ਵਿਚ ਅੱਥਰੂ ਡਲ੍ਹਕਣ ਮਣ ਮਣ ਭਾਰੇ।

ਪੰਜਾਬ ਦੇ ਕਾਲ਼ੇ ਦਿਨ ਨਾ ਮੁੱਕਣ ਦਾ ਦਰਦ ਇਸ ਪੁਸਤਕ ਦੇ ਆਰ-ਪਾਰ ਫੈਲਿਆ ਹੋਇਆ ਹੈ। ਪਹਿਲਾਂ ਵੰਡ ਨੇ ਦੋਨਾਂ ਪਾਸਿਆਂ ਦੇ ਪੰਜਾਬੀਆਂ ਦਾ ਘਾਣ ਕੀਤਾ। ਹੁਣ ਵੀ ਹਾਕਮਾਂ ਦੀਆਂ ਕੁਰਸੀਆਂ ਦੀ ਸਲਾਮਤੀ ਲਈ ਆਏ ਦਿਨ ਪੰਜਾਬੀ ਨੌਜਵਾਨ ਸਰਹੱਦਾਂ ’ਤੇ ਢੇਰੀ ਹੋ ਰਹੇ ਹਨ। ਫੇਰ ਏਧਰਲੇ ਪੰਜਾਬ ਵਿਚ ਮੰਡੀ ਦੀਆਂ ਲੋੜਾਂ ਦੀ ਪੂਰਤੀ ਲਈ ਲਿਆਂਦੇ ਗਏ ਅਖੌਤੀ ਹਰੇ ਇਨਕਲਾਬ ਨੇ ਪੰਜਾਬ ਦੀ ਜ਼ਮੀਨ ਦੇ ਜੈਵਿਕ ਪਦਾਰਥਾਂ ਅਤੇ ਖੁਰਾਕੀ ਤੱਤਾਂ ਨੂੰ ਪ੍ਰਰਵਾਵਿਤ ਕੀਤਾ, ਪਾਣੀ ਦੇ ਪ੍ਰਰਦੂਸ਼ਣ ਵਿਚ ਵਾਧਾ ਕਰਨ ਦੇ ਨਾਲ਼ ਨਾਲ਼ ਇਸਦਾ ਪੱਧਰ ਡੇਗ ਕੇ ਪੰਜਾਬ ਨੂੰ ਮਾਰੂਥਲ ਬਣਨ ਦੇ ਰਾਹ ਤੋਰਿਆ। ਅੱਜ ਪੰਜਾਬ ਦੇ ਕੁਝ ਹਿੱਸਿਆਂ ਦੀ ਜ਼ਮੀਨ ਵਿਚ ਕਿਤੇ ਨਾਈਟ੍ਰੋਜਨ ਦੀ ਘਾਟ ਹੈ, ਕਿਤੇ ਫਾਸਫੋਰਸ ਦੀ ਘਾਟ ਹੈ ਤੇ ਕਿਤੇ ਪੋਟਾਸ਼ੀਅਮ ਦੀ ਘਾਟ ਹੈ। ਪਾਣੀ ਦਾ ਪ੍ਰਰਦੂਸ਼ਣ ਖ਼ਤਰਨਾਕ ਹੱਦ ਤੱਕ ਵਧ ਚੁੱਕਾ ਹੈ। ਮਾਲਵਾ ਖੇਤਰ ਵਿਚ ਪਾਣੀ ਵਿਚ ਯੂਰੇਨੀਅਮ ਅਤੇ ਆਰਸੈਨਿਕ ਦੀ ਵਧੇਰੇ ਮਾਤਰਾ ਨਾਲ ਮਾਰੂ ਬੀਮਾਰੀਆਂ ਫੈਲ ਚੁੱਕੀਆਂ ਹਨ। ਅੱਸੀਵਿਆਂ ਵਿਚ ਸ਼ੁਰੂ ਹੋਏ ਹਿੰਸਕ ਦੌਰ ਦੇ ਡਰ ਅਤੇ ਸਹਿਮ ਨੇ ਵੀ ਪੰਜਾਬ ਨੂੰ ਮੌਲਣੋਂ- ਵਿਗਸਣੋ ਹੋੜ ਦਿੱਤਾ ਤੇ ਹੁਣ ਵਿਸ਼ਵੀਕਰਨ ਦੀ ਹਨੇਰੀ ਨੇ ਪੰਜਾਬ ਦੇ ਸਾਹ ਸੂਤੇ ਹੋਏ ਹਨ। ਪੰਜਾਬ ਦਾ ਨੌਜਵਾਨ ਇਸ ਵਕਤ ਗਿਆਨ, ਸਭਿਆਚਾਰ ਅਤੇ ਕਿਰਤ ਤੋਂ ਟੁੱਟ ਚੁੱਕਾ ਹੈ। ਪੰਜਾਬ ਦੇ ਇਸ ਲੰਮੇਰੇ ਦਰਦ ਨੂੰ ਚਿਤਰਨ ਵਾਲੇ ਗ਼ਜ਼ਲਗੋਆਂ ਵਿਚ ਗੁਰਭਜਨ ਗਿੱਲ ਦਾ ਮੋਹਰੀ ਨਾਂ ਹੈ-

ਆਪਣੇ ਘਰ ਪਰਦੇਸੀਆਂ ਵਾਗੂੰ, ਪਰਤਣ ਦਾ ਅਹਿਸਾਸ ਕਿਉਂ ਹੈ?
ਮੈਂ ਸੰਤਾਲੀ ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ ?

ਇੱਕੋ ਫਾਂਸੀ, ਇੱਕੋ ਗੋਲ਼ੀ, ਰਹਿਮਤ ਅਲੀ, ਸਰਾਭਾ, ਬਿਸਮਿਲ,
ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖੋ ਇਤਿਹਾਸ ਕਿਉਂ ਹੈ?

ਪਹਿਲਾਂ ਗੋਲ਼ੀਆਂ ਦਾ ਕਹਿਰ, ਹੁਣ ਪੁੜੀਆਂ ਚ ਜ਼ਹਿਰ,
ਕਿੱਦਾਂ ਮਰ ਮੁੱਕ ਚੱਲੇ, ਸਾਡੇ ਘਰੀਂ ਜਾਏ ਛਿੰਦੇ ।

ਮੈਂ ਮਿੱਸੀ ਖਾਣ ਵਾਲ਼ਾ ਆਦਮੀ ਸਾਂ,
ਮੇਰੀ ਥਾਲ਼ੀ ’ਚ ਬਰਗਰ ਆ ਗਿਆ ਹੈ।

ਅਜੋਕੇ ਦੌਰ ਵਿਚ ਵਿਸ਼ਵੀਕਰਨ ਦੀ ਸਿਆਸਤ ਨੇ ਮਨੁੱਖ ਨੂੰ ਬਾਜ਼ਾਰ ਦਾ ਗ਼ੁਲਾਮ ਬਣਾ ਧਰਿਆ ਹੈ।ਇਸ ਸਾਰੇ ਮਾਹੌਲ ਦੇ ਪਿਛੋਕੜ ਵਿਚ ਸਾਮਰਾਜੀ ਸ਼ਕਤੀਆਂ ਹਨ। ਸਾਮਰਾਜੀ ਸ਼ਕਤੀਆਂ ਨੇ ਭਾਰਤ ਨੂੰ ਮੰਡੀ ਵਿਚ ਤਬਦੀਲ ਕਰਕੇ ਇਸਦਾ ਹੁਲੀਆ ਹੀ ਵਿਗਾੜ ਦਿੱਤਾ ਹੈ।ਪੰਜਾਬ ਭਾਰਤ ਦੇ ਉਹਨਾਂ ਸੂਬਿਆਂ ਵਿਚ ਸੁਮਾਰ ਹੈ, ਜਿਹੜੇ ਬੜੀ ਛੇਤੀ ਸੰਸਾਰ ਮੰਡੀ ਦੀ ਗ੍ਰਿਫ਼ਤ ਵਿਚ ਆ ਗਏ ਹਨ। ਬਹੁਕੌਮੀ ਕਾਰਪੋਰੇਸ਼ਨਾਂ ਨੇ ਪੰਜਾਬ ਸਮੇਤ ਭਾਰਤ ਦੀ ਸਥਾਨਕਤਾ ਨੂੰ ਵੱਡੇ ਪੱਧਰ ’ਤੇ ਖੋਰਨ ਦਾ ਕੰਮ ਕੀਤਾ ਹੈ।ਪੰਜਾਬ ਦਾ ਖਾਣ ਪੀਣ, ਪਹਿਰਾਵਾ, ਵਾਤਾਵਰਣ, ਮਨੋਰੰਜਨ, ਸੁਹਜ ਸੁਆਦ ਆਦਿ ਸਭ ਕੁਝ ਪ੍ਰਰਭਾਵਿਤ ਹੋ ਗਿਆ ਹੈ। ਸ਼ੁੱਧ ਦੇਸੀ ਖੁਰਾਕਾਂ ਦੀ ਥਾਂ ਪੀਜ਼ੇ, ਬਰਗਰ ਆ ਗਏ ਹਨ। ਜੋ ਗੀਤ-ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਸੀ, ਪੰਜਾਬੀਆਂ ਦੀ ਜੀਵਨ-ਜਾਂਚ ਦਾ ਹਿੱਸਾ ਸੀ, ਅੱਜ ਮੰਡੀ ਦੀ ਵਸਤੂ ਬਣ ਗਿਆ ਹੈ।ਪੰਜਾਬੀ ਬੰਦਾ ਇਸ ਗੀਤ-ਸੰਗੀਤ ਦਾ ਖਪਤਕਾਰ ਬਣ ਕੇ ਰਹਿ ਗਿਆ ਹੈ।ਰੂਹ ਨੂੰ ਸਕੂਨ ਦੇਣ ਵਾਲੇ ਗੀਤ-ਸੰਗੀਤ ਦੀ ਥਾਂ ਪੱਛਮੀ ਰੰਗ ਵਿਚ ਰੰਗਿਆ ਸ਼ੋਰ ਭਰਪੂਰ ਸੰਗੀਤ ਆ ਗਿਆ ਹੈ, ਜੋ ਅਸ਼ਲੀਲਤਾ, ਉਪਭੋਗਤਾਵਾਦ ਤੇ ਹੈਂਕੜ ਨੂੰ ਉਤਸ਼ਾਹਿਤ ਕਰਦਾ ਹੈ। ਪੰਜਾਬੀ ਬੰਦਾ ਨਸ਼ੇ ਅਤੇ ਹਥਿਆਰਾਂ ਦੇ ਗਲੈਮਰ ਦਾ ਮੁਰੀਦ ਬਣ ਗਿਆ ਹੈ।ਗੁਰਭਜਨ ਗਿੱਲ ਵਿਸ਼ਵੀਕਰਨ ਦੀ ਸਿਆਸਤ ਦੇ ਮਨੁੱਖ ਵਿਰੋਧੀ ਰੁਝਾਨਾਂ ਪ੍ਰਰਤੀ ਅਸਵੀਕ੍ਰਿਤੀ ਅਤੇ ਵਿਰੋਧ ਦਾ ਰੁਖ਼ ਅਪਣਾਉਂਦਾ ਹੋਇਆ ਕਹਿੰਦਾ ਹੈ-

ਅਮਰੀਕਾ ਤੋਂ ਦਿੱਲੀ ਥਾਣੀਂ ਮਾਲ ਪਲਾਜ਼ੇ ਆ ਗਏ ਨੇ,
ਬੁਰਕੀ ਬੁਰਕੀ ਕਰਕੇ ਖਾ ਗਏ ਨਿੱਕੀਆਂ ਨਿੱਕੀਆਂ ਮੰਡੀਆਂ ਨੂੰ ।

ਸਾਡੀ ਧਰਤੀ ਪਲੀਤ, ਸਾਡੇ ਪਾਣੀਆਂ ’ਚ ਮੌਤ,
ਪੈਂਦੇ ਘਰ ਘਰ ਵੈਣ, ਵਗੇ ਜ਼ਹਿਰ ਭਿੱਜੀ ਪੌਣ।

ਪੰਜਾਬੀ ਗ਼ੈਰਤਮੰਦ ਲੋਕ ਮੰਨੇ ਜਾਂਦੇ ਸਨ, ਜਿਹਨਾਂ ਦਾ ਖ਼ਾਸਾ ਜ਼ਾਲਮ ਨਾਲ਼ ਟੱਕਰ ਲੈਣਾ ਤੇ ਮਜ਼ਲੂਮਾਂ ਦੀ ਰੱਖਿਆ ਕਰਨਾ ਰਿਹਾ ਹੈ।ਅੱਜ ਪੰਜਾਬੀ ਆਪਣੀ ਇਹ ਪਛਾਣ ਗੁਆ ਚੁੱਕੇ ਹਨ ।ਉਹਨਾਂ ਨੂੰ ਦੁਸ਼ਮਣ ਦੀ ਪਹਿਚਾਣ ਭੁੱਲ ਗਈ ਹੈ। ਲੜਾਕੂ ਸੁਭਾਅ ਤਾਂ ਉਹਨਾਂ ਦਾ ਹੁਣ ਵੀ ਹੈ, ਪਰ ਉਹ ਜ਼ਿਆਦਾਤਰ ਭਰਾ ਮਾਰੂ ਜੰਗ ਲੜ ਕੇ ਹੀ ਆਪਣੀ ਤਾਕਤ ਜ਼ਾਇਆ ਕਰ ਰਹੇ ਹਨ। ਗੁਰਭਜਨ ਗਿੱਲ ਆਪਣੀ ਹੱਥਲੀ ਪੁਸਤਕ ਵਿਚ ਪੰਜਾਬੀਆਂ ਦੇ ਇਸ ਸੁਭਾਅ ਨੂੰ ਚਿਤਰਦਾ ਵੀ ਹੈ ਤੇ ਤਰਕ ਅਤੇ ਪਿਆਰ ਨਾਲ ਉਹਨਾਂ ਨੂੰ ਸਮਝਾਉਂਦਾ ਵੀ ਹੈ-

ਮਾਂ ਦੀ ਚੁੰਨੀ, ਧੀ ਦੀ ਅਜ਼ਮਤ, ਜਿਹੜੇ ਭੁੱਲੀ ਬੈਠੇ ਨੇ,
ਕੱਪੜਾ ਬੰਨ੍ਹੀ ਫਿਰਦੇ ਸਿਰ ’ਤੇ ਇਹ ਲੜ ਸਾਡੀ ਪੱਗ ਦੇ ਨਹੀਂ।

ਤੇਰਾ ਕਿਸੇ ਨਾਲ਼ ਹੋਣਾ ਕੀ ਵਿਰੋਧ ਤੂੰ ਗੰਡੋਇਆ,
ਸਾਡੇ ਤਾਂ ਹੀ ਬਹੁਤੇ ਵੈਰੀ ਸਾਡੀ ਗਿੱਠ ਲੰਮੀ ਧੌਣ।

ਮੁੜ ਜਾ ਚਿੜੀਏ ਸ਼ੀਸ਼ੇ ਅੱਗਿਓਂ, ਆਲ੍ਹਣਿਆਂ ਵਿਚ ਬੋਟ ਉਡੀਕਣ,
ਆਪਣੇ ਨਾਲ਼ ਲੜਨ ਦੀ ਜੰਗ ਦਾ, ਕਦੇ ਮੋਰਚਾ ਸਰ ਨਹੀਂ ਹੁੰਦਾ।

ਹਾਕਮਾਂ ਦੀਆਂ ਦੋਸ਼ਪੂਰਨ ਨੀਤੀਆਂ ਕਾਰਨ ਪੈਦਾ ਹੋਈਆਂ ਤਮਾਮ ਸਮੱਸਿਆਵਾਂ ਦੇ ਫ਼ਲਸਰੂਪ ਪੰਜਾਬ ਦਿਨ ਪ੍ਰਰਤੀ ਦਿਨ ਨਿਘਾਰ ਵੱਲ ਵਧਦਾ ਜਾ ਹੈ । ਗੁਰਭਜਨ ਗਿੱਲ ਉਹਨਾਂ ਵਿਭਿੰਨ ਸਮੱਸਿਆਵਾਂ ਨੂੰ ਆਪਣੀ ਸ਼ਾਇਰੀ ਦਾ ਅੰਗ ਬਣਾਉਂਦਾ ਹੈ।ਕਿਸਾਨੀ ਦਾ ਸੰਕਟ, ਧਰਤੀ ਹੇਠਲੇ ਪਾਣੀ ਦਾ ਨਿੱਤ ਦਿਨ ਡਿੱਗਦਾ ਪੱਧਰ, ਹਵਾ ਅਤੇ ਪਾਣੀ ਦਾ ਖ਼ਤਰਨਾਕ ਹੱਦ ਤੱਕ ਪ੍ਰਰਦੂਸ਼ਿਤ ਹੋਣਾ, ਬੇਰੁਜ਼ਗਾਰੀ ਦਾ ਵਧਦੇ ਜਾਣਾ, ਨਸ਼ਿਆਂ ਦਾ ਵਧਦਾ ਸੇਵਨ/ਵਪਾਰ , ਸੱਭਿਆਚਾਰਕ ਪ੍ਰਰਦੂਸ਼ਣ, ਮਾਂ-ਬੋਲੀ ਪ੍ਰਰਤੀ ਅਵੇਸਲਾਪਨ, ਵਧ ਰਿਹਾ ਅਪਰਾਧੀਕਰਨ, ਧਰਮ ਦੇ ਸ਼ੋਸ਼ਣਿਕ ਅਤੇ ਅਡੰਬਰੀ ਰੂਪ ਦਾ ਅਗਰਭੂਮੀ ’ਤੇ ਆਉਣਾ ਅਤੇ ਪੰਜਾਬ ਦਾ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਆਉਣਾ ਆਦਿ ਵਿਭਿੰਨ ਸਮੱਸਿਆਵਾਂ ਉਸਦੀ ਸ਼ਾਇਰੀ ਵਿਚ ਪੇਸ਼ ਪੇਸ਼ ਹਨ-

ਪੱਕੀ ਫ਼ਸਲ ’ਤੇ ਬਿਜਲੀ ਪੈ ਗਈ ਸਰਸਵਤੀ ’ਤੇ ਲੱਛਮੀ ਬਹਿ ਗਈ,
ਗਿਆਨ ਪੰਘੂੜੇ ਵਾਲ਼ੇ ਘਰ ਵਿਚ ਰੁਲ਼ ਗਈ ਕਲਮ ਦਵਾਤ ਕਿਉਂ ਹੈ।

ਸ਼ਹਿਰ ਮਿਲ਼ੇ ਨਾ ਦਿਹਾੜੀ ਪਿੰਡੋਂ ਸੁੰਗੜੇ ਸਿਆੜ,
ਤੀਜਾ ਕਰਜ਼ੇ ਦੇ ਹੇਠ ਹੋਇਆ ਆਮ ਆਦਮੀ ।

ਆਪੋ-ਧਾਪੀ ਦੇ ਇਸ ਦੌਰ ’ਚ ਗਿਆਨ ਪੋਥੀਆਂ ਕਿਹੜਾ ਵਾਚੇ
ਉਡਦੀ ਧੂੜ ’ਚ ਸ਼ਬਦ ਵਿਚਾਰਾ, ਏਸ ਤਰ੍ਹਾਂ ਹੀ ਰੁਲ਼ ਜਾਣਾ ਹੈ।

ਪੰਜਾਬ ਜਾਂ ਭਾਰਤ ਦੀਆਂ ਸਮੱਸਿਆਵਾਂ ਦਾ ਆਜ਼ਾਦੀ ਦੇ 68 ਵਰ੍ਹਿਆਂ ਬਾਅਦ ਵੀ ਜੇ ਹੱਲ ਨਹੀਂ ਹੋਇਆ ਤਾਂ ਇਸ ਲਈ ਨਿਰਸੰਦੇਹ ਇੱਥੋਂ ਦੀ ਸ਼ੋਸ਼ਣਕਾਰੀ ਵਿਵਸਥਾ ਜ਼ਿਮੇਵਾਰ ਹੈ। ਪ੍ਰਰਚਾਰ ਦੇ ਪੱਧਰ ’ਤੇ ਭਾਵੇਂ ਸਾਡੇ ਹਾਕਮਾਂ ਦੁਆਰਾ ਇਹ ਪ੍ਰਰਵਚਨ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਨੇ ਬਹੁਤ ਵਿਕਾਸ ਕਰ ਲਿਆ ਹੈ, ਪਰ ਗੁਰਭਜਨ ਗਿੱਲ ਇਸ ਝੂਠ ਤੋਂ ਪਰਦਾ ਉਠਾਉਂਦਾ ਹੋਇਆ ਕਹਿੰਦਾ ਹੈ ਕਿ ਸਿਰਫ਼ ਮੁੱਠੀਭਰ ਲੋਕਾਂ (ਦਸ-ਪੰਦਰਾਂ ਫ਼ੀਸਦੀ) ਦਾ ਹੀ ਵਿਕਾਸ ਹੋਇਆ ਹੈ। ਗੁਰਭਜਨ ਗਿੱਲ ਇਸ ਅਮਾਨਵੀ ਸੱਤਾ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੋਇਆ ਬੜੇ ਮਾਰਮਿਕ ਸ਼ਿਅਰ ਕਹਿੰਦਾ ਹੈ-

ਖ਼ੌਰੇ ਕੈਸਾ ਹੈ ਵਿਕਾਸ, ਜਿੱਥੇ ਨੱਬੇ ਨੇ ਉਦਾਸ,
ਆਖ ਘੜੀ ਮੁੜੀ ਸਾਨੂੰ ਕੂੜਾ ਗੀਤ ਨਾ ਸੁਣਾਉਣ।

ਲ਼ੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ,
ਅਕਲਾਂ ਵਾਲ਼ੇ ਹਾਉਕੇ ਭਰਦੇ ਰਹਿ ਗਏ ਨੇ।

ਇਸ ਧਰਤੀ ਦੇ ਮਾਲ ਖ਼ਜ਼ਾਨੇ, ਕੁਰਸੀ ਵਾਲੇ ਚੁੰਘੀ ਜਾਂਦੇ,
ਸਾਡੇ ਹਿੱਸੇ ਹਰ ਵਾਰੀ ਹੀ, ਭਾਗਾਂ ਦੀ ਧਰਵਾਸ ਕਿਉਂ ਹੈ?

ਪੰਜਾਬ ਕਿਸੇ ਸਮੇਂ ਸਭ ਤੋਂ ਵੱਧ ਪ੍ਰਰਤੀ ਵਿਅਕਤੀ ਆਮਦਨ ਵਾਲ਼ਾ ਸੂਬਾ ਰਿਹਾ ਹੈ। ਪਰ ਏਸ ਸਮੇਂ ਇਹ ਆਰਥਿਕ ਦੀਵਾਲ਼ੀਏਪਨ ਦੀ ਕਗਾਰ ’ਤੇ ਪਹੁੰਚ ਗਿਆ ਹੈ।ਨਵੀਂ ਭਰਤੀ ਤਕਰੀਬਨ ਬੰਦ ਹੈ, ਜੇ ਹੁੰਦੀ ਹੈ ਤਾਂ ਠੇਕੇ ’ਤੇ ਹੁੰਦੀ ਹੈ। ਹਰ ਵਿਭਾਗ ਵਿਚ ਹਜ਼ਾਰਾਂ ਪੋਸਟਾਂ ਖ਼ਾਲੀ ਹਨ। ਪਹਿਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਕਈ ਵਾਰ ਕਈ ਕਈ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ। ਹੁਣ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਲਈ ਵੀ ਧਰਨੇ ਲਾਉਣੇ ਪੈਂਦੇ ਹਨ ।ਟੈਕਸਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।ਹੁਣ ਤਾਂ ਹਰ ਪੰਜਾਬੀ ਨੌਜਵਾਨ ਆਪਣਾ ਭਵਿੱਖ ਵਿਦੇਸ਼ੀ ਧਰਤੀਆਂ ’ਤੇ ਜਾ ਕੇ ਸੰਵਾਰਨ ਦਾ ਸੁਪਨਾ ਲੈਣ ਲੱਗਾ ਹੈ।ਅੱਜ ਸਿੱਖਿਆ ਵੀ ਵਿਦੇਸ਼ਾਂ ਵਿਚ ਜਾ ਕੇ ਸੈੱਟਲ ਹੋਣ ਵਿਚ ਮਦਦ ਕਰਨ ਵਾਲੀ ਜਾਂ ਕਾਰਪੋਰੇਸ਼ਨਾਂ ਲਈ ਕਾਮੇ ਤਿਆਰ ਕਰਨ ਵਾਲ਼ੀ ਦਿੱਤੀ ਜਾ ਰਹੀ ਹੈ।ਰਾਜ ਕਰਦੇ ਲੋਕਾਂ ਦੀ ‘ਸੂਝ ਬੂਝ’ ਅਤੇ ਨੀਅਤ ਦਾ ਪਤਾ ਇਸ ਤੱਥ ਤੋਂ ਹੀ ਲੱਗ ਜਾਂਦਾ ਹੈ ਕਿ ਹੁਣ ਸਿੱਖਿਆ ਅਤੇ ਸੱਭਿਆਚਾਰ ਵਰਗੇ ਖੇਤਰ ਸ਼ਰਾਬ ਤੋਂ ਹੋਣ ਵਾਲੀ ਕਮਾਈ ਦੇ ਮੁਥਾਜ ਹੋ ਗਏ ਹਨ। ਗੁਰਭਜਨ ਗਿੱਲ ਹਾਕਮਾਂ ਦੀ ਇਸ ਬਦਨੀਤੀ ਤੇ ਗ਼ੈਰ-ਸੰਜੀਦਗੀ ਨੂੰ ਬੜੀ ਬੇਬਾਕੀ ਨਾਲ਼ ਪੇਸ਼ ਕਰਦਾ ਹੈ-

ਓਸ ਧਰਤੀ ਨੂੰ ਹੋਰ ਕਿਵੇਂ ਖਾਵੇਗੀ ਸਿਉਂਕ,
ਜਿੱਥੇ ਗਿਆਨ ਦੀ ਕਿਆਰੀ ਸਿੰਜੇ ਠੇਕੇ ਦੀ ਸ਼ਰਾਬ।

ਰਾਜਨੀਤੀ ਅੱਜ ਲੁੱਟ ਅਤੇ ਮੁਨਾਫ਼ੇ ਦਾ ਦਾ ਧੰਦਾ ਬਣ ਚੁੱਕੀ ਹੈ।ਲੋਕਾਂ ਦੀਆਂ ਸਮੱਸਿਆਵਾਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਬੇਆਸ ਹੋਏ ਲੋਕਾਂ, ਖ਼ਾਸ ਕਰ ਕਿਸਾਨਾਂ ਨੇ ਖ਼ੁਦਕਸ਼ੀ ਨੂੰ ਹੀ ਆਪਣੀ ਮੁਕਤੀ ਦਾ ਰਾਹ ਸਮਝ ਲਿਆ ਹੈ।ਅਜੋਕੇ ਸੰਵੇਦਨਾਹੀਣ ਹਾਕਮ ਜਿਹਨਾਂ ਦੀਆਂ ਅਮਾਨਵੀ ਨੀਤੀਆਂ ਕਾਰਨ ਜਨਤਾ ਦੇ ਦੁੱਖਾਂ-ਦਰਦਾਂ ਦਾ ਕੋਈ ਅੰਤ ਹੋਣ ਵਿਚ ਨਹੀਂ ਆ ਰਿਹਾ, ਉਹਨਾਂ ਨੂੰ ਗੁਰਭਜਨ ਗਿੱਲ ਔਰੰਗਜੇਬ ਤੋਂ ਵੀ ਮਾੜੇ ਕਹਿੰਦਾ ਹੈ-

ਔਰੰਗਜ਼ੇਬ ਉਦਾਸ ਕਬਰ ਵਿਚ , ਅੱਜ ਕੱਲ੍ਹ ਏਦਾਂ ਸੋਚ ਰਿਹਾ ਹੈ,
ਅੱਜ ਦੇ ਹਾਕਮ ਵਰਗਾ ਬਣਦਾ, ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ।

ਇਸ ਸਾਰੇ ਵਰਤਾਰੇ ਵਿਰੁੱਧ ਗੁਰਭਜਨ ਗਿੱਲ ਪੰਜਾਬੀਆਂ ਨੂੰ ਚੌਕਸ ਕਰਦਾ ਹੈ।ਇਸ ਤਰ੍ਹਾਂ ਉਹ ਇਕ ਸੁਚੇਤ ਰਚਨਾਕਾਰ ਵਜੋਂ ਪਾਠਕ ਨੂੰ ਮੁਖ਼ਾਤਿਬ ਹੁੰਦਾ ਹੈ।ਉਸਦੀ ਸ਼ਾਇਰੀ ਸਮਾਜਿਕ ਚੇਤਨਾ ਦਾ ਇਕ ਖ਼ਾਸ ਪ੍ਰਰਯੋਜਨ ਲੈ ਕੇ ਸਾਹਮਣੇ ਆਉਂਦੀ ਹੈ। ਇਹ ਪ੍ਰਰਯੋਜਨ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਇਹ ਸ਼ਾਇਰੀ ਸੰਚਾਰ ਯੁਕਤ ਹੋਵੇ। ਆਪਣੀ ਸ਼ਾਇਰੀ ਨੂੰ ਸੰਚਾਰ ਯੁਕਤ ਬਣਾਉਣ ਲਈ ਉਹ ਇਸਨੂੰ ਸਰਲਤਾ ਅਤੇ ਸਹਿਜਤਾ ਜਿਹੀਆਂ ਖ਼ੂਬੀਆਂ ਦੀ ਧਾਰਨੀ ਬਣਾਉਂਦਾ ਹੈ। ਉਹ ਵੱਧ ਤੋਂ ਵੱਧ ਬਹਿਰਾਂ ਨਿਭਾਉਣ ਜਾਂ ਬਹਿਰਾਂ ਦੇ ਤਜਰਬੇ ਕਰਨ ਨਾਲੋਂ ਪੇਸ਼ ਕੀਤੇ ਜਾਣ ਵਾਲ਼ੇ ਯਥਾਰਥ ਵੱਲ ਜ਼ਿਆਦਾ ਬਲ ਦਿੰਦਾ ਹੈ। ਉਸਨੇ ਬਹਿਰਾਂ ਵੀ ਜ਼ਿਆਦਾਤਰ ਉਹੀ ਲਈਆਂ ਹਨ, ਜਿਹਨਾਂ ਦੀ ਲੈਅ ਪੰਜਾਬੀਆਂ ਲਈ ਜਾਣੀ ਪਹਿਚਾਣੀ ਹੈ, ਉਹਨਾਂ ਦੀ ਰੂਹ ਵਿਚ ਸਮਾਈ ਹੋਈ ਹੈ। ਉਸਨੇ ਦੇਸੀ ਛੰਦਾਂ ਦਵੱਈਆ, ਪ੍ਰਰਮੋਦਕ, ਕਬਿੱਤ ਤੇ ਕੋਰੜਾ ਆਦਿ ਵਿਚ ਵੀ ਗ਼ਜ਼ਲਾਂ ਦੀ ਸਿਰਜਣਾ ਕਰਕੇ ਗ਼ਜ਼ਲ ਨੂੰ ਠੇਠ ਪੰਜਾਬੀ ਰੰਗ ਪ੍ਰਰਦਾਨ ਕੀਤਾ ਹੈ।ਉਸਦੀ ਸ਼ਬਦਾਵਲੀ ਠੇਠ ਪੰਜਾਬੀ ਰੰਗ ਢੰਗ ਨਾਲ਼ ਓਤ ਪੋਤ ਹੈ। ਉਸ ਦੁਆਰਾ ਸ਼ਾਇਰੀ ਵਿਚ ਰਚਾਏ ਸੰਵਾਦ ਵਿਚ ਇਕ ਖ਼ਾਸ ਤਰ੍ਹਾਂ ਦੀ ਅਪਣੱਤ ਤੇ ਮਿਠਾਸ ਹੈ। ਇਸ ਅਪਣੱਤ ਅਤੇ ਮਿਠਾਸ ਦਾ ਜਾਦੂ ਪਾਠਕਾਂ/ਸਰੋਤਿਆਂ ਦੇ ਸਿਰ ਚੜ੍ਹ ਬੋਲਦਾ ਹੈ।ਅਜਿਹੀ ਜਟਿਲਤਾ ਰਹਿਤ ਲੋਕ ਪੱਖੀ ਸ਼ਾਇਰੀ ਹੀ ਹਰ ਦੌਰ ਵਿਚ ਪ੍ਰਰਵਾਨ ਚੜ੍ਹਦੀ ਆਈ ਹੈ।ਗੁਰਭਜਨ ਗਿੱਲ ਦੀ ਪੰਜਾਬ ਅਤੇ ਭਾਰਤ ਦੇ ਦਰਦ ਨੂੰ ਦਿਲਕਸ਼ ਅੰਦਾਜ਼ ਵਿਚ ਪ੍ਰਰਸਤੁਤ ਕਰਦੀ ਅਜਿਹੀ ਸ਼ਾਇਰੀ ਦਾ ਜ਼ੋਰਦਾਰ ਸਵਾਗਤ ਕਰਨਾ ਬਣਦਾ ਹੈ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ