ਸਮਾਜਿਕ ਸਰੋਕਾਰਾਂ ਵਾਲਾ ਸੁਗੰਧ ਕਾਵਿ : ਫੁੱਲਾਂ ਦੀ ਝਾਂਜਰ-ਆਤਮਜੀਤ ਸਿੰਘ (ਡਾ.)
ਗੁਰਭਜਨ ਗਿੱਲ ਪੰਜਾਬੀ ਦੇ ਚਰਚਿਤ ਕਵੀਆਂ ਵਿੱਚੋਂ ਇੱਕ ਹੈ। ਉਸਦੀ ਨਜ਼ਮ, ਗੀਤ, ਗ਼ਜ਼ਲ ਜਾਂ ਕਵਿਤਾ ਦੀ ਹਰ ਉਹ ਸਿਨਫ਼ ਜਿਸਨੂੰ ਉਹ ਆਪਣੇ ਪ੍ਰਗਟਾਉ ਲਈ ਅਪਣਾਉਂਦਾ ਹੈ, ਜਦੋਂ ਵੀ ਕਿਤੇ ਛਪਦੀ ਹੈ, ਆਪਣਾ ਨਿਸਚਿਤ ਪ੍ਰਭਾਵ ਬਣਾਉਂਦੀ ਹੈ। ਉਸ ਦੀ ਨਿਜੀ ਹੋਂਦ ਵਾਂਗ ਹੀ ਉਸਦੀ ਕਾਵਿ ਰਚਨਾ ਦੀ ਹੋਂਦ ਵੀ ਆਪਣੀ ਪਛਾਣ ਬਣਾਉਂਦੀ ਹੈ। ਉਸਦੀ ਨਿਜੀ ਹੋਂਦ ਦੇ ਵਿਰੁੱਧ ਕਾਵਿਕ ਹੋਂਦ ਸੂਖ਼ਮ ਅਤੇ ਸਾਰਥਕ ਹੈ।
‘ਫੁੱਲਾਂ ਦੀ ਝਾਂਜਰ' ਉਸਦਾ ਪਹਿਲਾ ਗੀਤ ਸੰਗ੍ਰਹਿ ਹੈ। 'ਹਰ ਧੁਖਦਾ ਪਿੰਡ ਮੇਰਾ ਹੈ’ ‘ਮਨ ਦੇ ਬੂਹੇ ਬਾਰੀਆਂ’ ਅਤੇ ‘ਮੋਰ ਪੰਖ’ ਉਸਦੇ ਗ਼ਜ਼ਲ ਸੰਗ੍ਰਹਿ ਹਨ ਜਦ ਕਿ ‘ਸ਼ੀਸ਼ਾ ਬੋਲਦਾ ਹੈ’, ‘ਬੋਲ ਮਿੱਟੀ ਦਿਆ ਬਾਵਿਆ’, ‘ਅਗਨ ਕਥਾ', ‘ਖ਼ੈਰ ਪੰਜਾਂ ਪਾਣੀਆਂ ਦੀ’ ਅਤੇ ‘ਧਰਤੀ ਨਾਦ' ਅਤੇ ‘ਪਾਰਦਰਸ਼ੀ' ਉਸਦੇ ਕਾਵਿ ਸੰਗ੍ਰਹਿ ਹਨ। ਚਿੰਤਾ ਦੀ ਗੱਲ ਹੈ ਕਿ ਅੱਜਕਲ੍ਹ ਪੰਜਾਬੀ ਦੇ ਗੀਤਾਂ ਦਾ ਸੰਗ੍ਰਹਿ ਛਾਪਣਾ ਜਾਂ ਪੁਸਤਕ ਦੇ ਰੂਪ ਵਿੱਚ ਗੀਤ ਨੂੰ ਪ੍ਰਕਾਸ਼ਿਤ ਕਰਨਾ ਬਹੁਤ ਵੱਡੇ ਜੋਖ਼ਮ ਦਾ ਕਾਰਜ ਬਣ ਗਿਆ ਲੱਗਦਾ ਹੈ। ਇਸੇ ਲਈ ਇੱਕ ਅਰਸੇ ਤੋਂ ਗੀਤਕਾਰੀ ਦਾ ਤੂਫ਼ਾਨ ਆਇਆ ਹੋਣ ਦੇ ਬਾਵਜੂਦ ਗੀਤ ਦੇ ਪ੍ਰਕਾਸ਼ਨ ਦਾ ਕੋਈ ਮਹੱਤਵਪੂਰਨ ਰਿਵਾਜ਼ ਨਹੀਂ ਹੈ। ਇਉਂ ਲੱਗਣ ਲੱਗ ਪਿਆ ਹੈ ਜਿਵੇਂ ਗੀਤ ਸਾਹਿਤ ਦਾ ਹਿੱਸਾ ਨਹੀਂ ਰਹੇ। ਪਰ ਸੱਚ ਇਹ ਵੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਗੀਤਕਾਰੀ ਦੀ ਬਹੁਤ ਅਮੀਰ ਰਵਾਇਤ ਅਤੇ ਇਸ ਦਾ ਬਹੁਤ ਉੱਚਾ ਕੱਦ ਹੈ। ਅੱਜ ਵੀ ਵਧੀਆ ਗੀਤ ਲਿਖਣ ਵਾਲੀਆਂ ਕਲਮਾਂ ਮੌਜੂਦ ਹਨ। ਮੇਰਾ ਵਿਸ਼ਵਾਸ ਹੈ ਕਿ ਬਹੁਤ ਸਾਰੇ ਚੰਗੇ ਗੀਤ ਲਿਖੇ ਵੀ ਜਾ ਰਹੇ ਹਨ ਪਰ ਸਾਹਿਤਕ ਮੁੱਲ ਵਾਲੇ ਗੀਤਾਂ ਦੀ ਥਾਂ ਰਿਕਾਰਡਡ ਗੀਤਾਂ ਦੇ ਸ਼ੋਰ ਵਿੱਚ ਸੂਖਮ ਅਤੇ ਸਾਰਥਕ ਗੀਤ ਲੁਕਿਆ ਹੋਇਆ ਜਾਪਦਾ ਹੈ। ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ‘ਫ਼ੁੱਲਾਂ ਦੀ ਝਾਂਜਰ ਸਾਹਿਤ ਵਿੱਚ ਗੀਤ ਦੀ ਇਸ ਲੁਕੀ ਹੋਂਦ ਨੂੰ ਬਹੁਤ ਚੰਗੇ ਤਰੀਕੇ ਅਤੇ ਸਲੀਕੇ ਨਾਲ ਉਜਾਗਰ ਕਰਦਾ ਹੈ।
‘ਫੁੱਲਾਂ ਦੀ ਝਾਂਜਰ' ਸੰਗ੍ਰਹਿ ਵਿੱਚ ਇਸ ਨਾਂ ਦਾ ਕੋਈ ਗੀਤ ਨਹੀਂ। ਇਸੇ ਲਈ ਇਸ ਪੁਸਤਕ ਦੇ ਨਾਂ ਦਾ ਵੱਧ ਮਹੱਤਵ ਹੈ। ਗੁਰਭਜਨ ਗਿੱਲ ਦੀ ਕਾਵਿਕਤਾ ਅਤੇ ਪ੍ਰਗੀਤਕਤਾ ਨੂੰ ਇਸ ਨਾਂ ਥਾਣੀਂ ਵੀ ਪਛਾਣਿਆਂ ਜਾ ਸਕਦਾ ਹੈ। ਫ਼ੁੱਲ ਅੱਖ ਅਤੇ ਨੱਕ ਦੀ ਸੁਹਜ ਤ੍ਰਿਸ਼ਨਾ ਦੀ ਤ੍ਰਿਪਤੀ ਕਰਦੇ ਹਨ ਜਦੋਂ ਕਿ ਝਾਂਜਰ ਕੰਨ ਵਾਸਤੇ ਅਜਿਹਾ ਰਸ ਪੈਦਾ ਕਰਦੀ ਹੈ ਜੋ ਸਾਨੂੰ ਨੱਚਣ ਲਾ ਦਿੰਦਾ ਹੈ। ਝਾਂਜਰ ਦੀ ਖ਼ੁਸ਼ਬੂ ਨਹੀਂ ਹੋ ਸਕਦੀ ਅਤੇ ਫ਼ੁੱਲਾਂ ਦੀ ਆਵਾਜ਼ ਨਹੀਂ ਹੁੰਦੀ। ਜਦੋਂ ਫੁੱਲਾਂ ਦੀ ਝਾਂਜਰ ਦੇ ਬੋਰ ਵੱਜਦੇ ਹਨ ਤਾਂ ਅੱਖ, ਕੰਨ ਅਤੇ ਨੱਕ ਉਸ ਵਿੱਚ ਗ੍ਰੱਸੇ ਜਾਂਦੇ ਹਨ ਅਤੇ ਇਨ੍ਹਾਂ ਤਿੰਨਾਂ ਦੇ ਸੁਮੇਲ ਨਾਲ ਤਨ ਅਤੇ ਮਨ ਦੀ ਤ੍ਰਿਪਤੀ ਦਾ ਰਾਹ ਖੁੱਲ੍ਹਦਾ ਹੈ। ‘ਫੁੱਲਾਂ ਦੀ ਝਾਂਜਰ' ਸੰਗ੍ਰਹਿ ਦੇ ਅਜਿਹੇ ਨਾਮਕਰਣ ਨਾਲ ਗੁਰਭਜਨ ਗਿੱਲ ਆਪਣੇ ਗੀਤਾਂ ਦੇ ਕਾਵਿ ਸ਼ਾਸਤਰ ਦਾ ਐਲਾਨ ਕਰਦਾ ਜਾਪਦਾ ਹੈ।
ਇਸ ਸੰਗ੍ਰਹਿ ਦਾ ਦੂਸਰਾ ਗੀਤ ਹੈ ‘ਕਿੱਥੇ ਗਈਆਂ ਕੂੰਜਾਂ' ।ਉਹ ਪੰਜਾਬ ਦੇ ਅਜੋਕੇ ਜਨ ਜੀਵਨ ਨੂੰ ‘ਮਨ ਦੇ ਜ਼ੋਰ' ਦੀ ਸੰਗਿਆ ਦੇਂਦਾ ਹੈ ਜਿੱਥੇ ਫ਼ਸਲਾਂ ਸਿਰ ਸੁੱਟੀ ਖੜ੍ਹੀਆਂ ਨੇ, ਆਡਾਂ ਤ੍ਰਿਹਾਈਆਂ ਹਨ ਅਤੇ ਪੁੱਤਰਾਂ ਦੇ ਹੱਥਾਂ ਵਿੱਚ ਦਾਰੂ ਦੀਆਂ ਗਲਾਸੀਆਂ ਹਨ। ਇਹ ਉਹ ਪੰਜਾਬ ਹੈ ਜਿੱਥੇ ਹੁਣ ਚਾਟੀ ਅਤੇ ਮਧਾਣੀ ਦਾ ਰਿਸ਼ਤਾ ਨਹੀਂ ਰਿਹਾ ਅਤੇ ਝਾਂਜਰਾਂ ਦੇ ਬੋਰ ਵਰ੍ਹਿਆਂ ਤੋਂ ਗੁਆਚੇ ਹੋਏ ਹਨ। ਕਵੀ ਪਰੰਪਰਾਗਤ ਝਾਜਰਾਂ ਦੇ ਬੋਰ ਦੀ ਤੁਲਨਾ ਅੱਜ ਦੇ ਮਾਨਸਿਕ ਸ਼ੋਰ ਨਾਲ ਕਰ ਕੇ ਪੰਜਾਬ ਦੇ ਪ੍ਰਸੰਗ ਵਿੱਚ ਦੋ ਯੁੱਗਾਂ ਦਰਮਿਆਨ ਫ਼ਾਸਲੇ ਨੂੰ ਮਾਪ ਰਿਹਾ ਹੈ। ਉਹ ਗੀਤ ਵਿੱਚੋਂ ਸ਼ੋਰ ਨੂੰ ਖਾਰਜ ਕਰਕੇ ਝਾਂਜਰ ਦੇ ਬੋਰ ਵਾਲੀ ਸੂਖ਼ਮ ਆਵਾਜ਼ ਦੀ ਪੁਨਰ-ਸਿਰਜਣਾ ਦਾ ਇੱਛੁਕ ਹੈ। ਨਾਦ ਦੀ ਇਸ ਸੂਖ਼ਮਤਾ ਦਾ ਉਹ ਆਪਣੇ ਸਾਰੇ ਸੰਗ੍ਰਹਿ ਵਿੱਚ ਵਾਰ ਵਾਰ ਖੁਲਾਸਾ ਕਰਦਾ ਹੈ। ਇਹ ਕਾਰਜ ਉਹ ‘ਕਿੱਥੇ ਗਈਆਂ ਕੂੰਜਾਂ' ਤੋਂ ਹੀ ਆਰੰਭ ਕਰ ਦੇਂਦਾ ਹੈ। ਉਸਦੀ ਨਜ਼ਰ ਵਿੱਚ ਖ਼ੁਸ਼ਬੂ ਸਾਡੀ ਸੱਚੀ ਸੁੱਚੀ ਸੰਸਕ੍ਰਿਤੀ ਹੈ ਜਿਹੜੀ ਦਿਨ ਬ ਦਿਨ ਦਮ ਤੋੜ ਰਹੀ ਹੈ ਅਤੇ ਜਿਸ ਦੀ ਬਹਾਲੀ ਵਾਸਤੇ ਉਹ ਤਰਲੇ ਮਾਰਦਾ ਹੈ:
ਨਹੀਉਂ ਅਸੀਂ ਭੁੱਲੇ ਹਾਲੇ ਰਾਵੀ ਤੇ ਚਨਾਬ ਨੂੰ।
ਕਰੋ ਨਾ ਖੁਆਰ ਹੋਰ ਜ਼ਖ਼ਮੀ ਪੰਜਾਬ ਨੂੰ।
ਖ਼ੁਸ਼ਬੂ ਨੂੰ ਤਰਸੇਂਗੀ, ਪੁੱਟੀਂ ਨਾ ਗ਼ੁਲਾਬ ਨੂੰ।
ਅਸਲ ਵਿੱਚ ਉਸਨੂੰ ਆਪਣੀ ਸਕਾਫ਼ਤ ਦੀ ਖ਼ੁਸ਼ਬੂ ਦੇ ਖੋਹੇ ਜਾਣ ਦਾ ਇੱਕ ਵੱਡਾ ਭੈਅ ਹੈ ਜਿਸਨੂੰ ਉਸਦੇ ਗੀਤ ‘ਕੋਈ ਖੋਹ ਨਾ ਲਵੇ ਖ਼ੁਸ਼ਬੋਈ' ਵਿੱਚੋਂ ਦੇਖਿਆ ਜਾ ਸਕਦਾ ਹੈ। ਇਸ ਗੀਤ ਵਿੱਚ ਉਸਨੇ ਭਾਈਚਾਰਕ ਸਾਂਝ, ਪਰਿਵਾਰਕ ਸਾਂਝ ਅਤੇ ਅਜਿਹੇ ਹੀ ਹੋਰ ਰਿਸ਼ਤਿਆਂ ਦੀ ਨਿੱਤ ਢਿੱਲੀ ਹੋ ਰਹੀ ਪਕੜ ਦਾ ਪ੍ਰਸ਼ਨ ਉਭਾਰਿਆ ਹੈ ਅਤੇ ਇਸੇ ਪਰੰਪਰਕ ਸਾਂਝ ਨੂੰ ਖ਼ੁਸ਼ਬੂ ਦੀ ਸੰਗਿਆ ਦੇਂਦਿਆਂ ਇਹ ਪੁਕਾਰ ਕੀਤੀ ਹੈ :
ਕੋਈ ਖੋਹ ਨਾ ਲਵੇ ਖ਼ੁਸ਼ਬੋਈ ਓਇ ਕੁਝ ਕਰੋ ਵੀਰਿਓ।
ਇਕ ਸ਼ਾਇਰ ਕਰੇ ਅਰਜ਼ੋਈ ਓਇ ਕੁਝ ਕਰੋ ਵੀਰਿਓ।
ਨਿਜੀ ਜ਼ਿੰਦਗੀ ਤੋਂ ਲੈ ਕੇ ਸਮਾਜੀ ਵਿਵਸਥਾ ਤੱਕ ਜੀਵਨ ਦੀ ਹਰ ਦਾਤ ਨੂੰ ਗੁਰਭਜਨ ਗਿੱਲ ਨੇ ਇੱਕ ਮਹਿਕ ਦੇ ਰੂਪ ਵਿੱਚ ਦੇਖਿਆ ਹੈ। ਪਰਦੇਸ ਗਏ ਮਾਹੀਏ ਦੇ ਪਰਤ ਆਉਣ ਦਾ ਖ਼ਿਆਲ ਹੀ ਕਈ ਪੱਧਰਾਂ ਤੇ ਜੀਵਨ ਨੂੰ ਸੁਗੰਧਿਤ ਕਰ ਦੇਂਦਾ ਹੈ:
ਇਤਰਾਂ ਭਿੱਜੀਆਂ ਵਗਣ ਹਵਾਵਾਂ,
ਡਰਦੀ ਮਾਰੀ ਕੋਲ ਨਾ ਜਾਵਾਂ।
ਰੱਬ ਕਰੇ ਨਾ ਸੁਪਨਾ ਹੋਵੇ,
ਜਿਸਨੇ ਮਹਿਕ ਭਰੀ ਵਿੱਚ ਸਾਹਵਾਂ।
ਨੀ ਇੱਕ ਫ਼ੁੱਲ ਮਰੂਏ ਦਾ,
ਖਿੜ ਪਿਆ ਰਾਤ ਹਨੇਰੀ।
ਧਰਮ ਨਾਲ ਹੋਸ਼ ਗੁਆਚੀ ਮੇਰੀ,
ਨੀ ਇਕ ਫੁੱਲ ਮਰੂਦੇ ਦਾ।
ਇਵੇਂ ਹੀ ਗੁਰਭਜਨ ਪਿਆਰ, ਪ੍ਰੇਰਨਾ, ਪਰਵਾਜ਼, ਪ੍ਰਸੰਨਤਾ, ਪ੍ਰਵੀਨਤਾ ਅਤੇ ਪਵਿੱਤਰਤਾ ਸਭ ਕੁਝ ਨੂੰ ਇੱਕ ਸੁਗੰਧ ਦੇ ਰੂਪ ਵਿੱਚ ਚਿਤਰਦਾ ਹੈ। ਭਾਵ ਜੇਕਰ ਕਵੀ ਲਈ ਖ਼ੁਸ਼ੀ ਅਤੇ ਤਸੱਲੀ ਜੇ ਇੱਕ ‘ਵਾਸ਼ਨਾ’ ਵੀ ਹੈ ਤਾਂ ਉਸ ਵਾਸ਼ਨਾ ਦਾ ਸੰਬੰਧ ਮਨ ਨਾਲ ਪ੍ਰਥਮ ਹੈ (ਨੀ ਮੈਂ ਉੱਡਣੇ ਪਰਿੰਦਿਆਂ ਦੇ ਨਾਂ) ਅਤੇ ਤਨ ਨਾਲ ਦੁਜੈਲਾ । ਸੁਗੰਧ ਦੀ ਯਾਦ ਨੂੰ ‘ਵਿਛੋੜਾ' ਕਿਹਾ ਗਿਆ ਹੈ (ਮਿੱਠਾ ਜਿਹਾ ਗੀਤ ਕੋਈ ਸੁਣਾ) ਗੁਰਭਜਨ ਲਈ ਖ਼ੁਸ਼ਬੂ ਹਰ ਰਿਸ਼ਤੇ ਦੀ ਜੜ੍ਹ ਹੈ। ਸੁਗੰਧ ਦੀ ਗੈਰਹਾਜ਼ਰੀ ਵਿੱਚ ਬੰਦਾ ਤਾਂ ਕੀ, ਸੁਹਾਗਣ ਧਰਤ ਵੀ ਵਿਧਵਾ ਦੇ ਸਮਾਨ ਹੈ:
ਟਾਹਣੀ ਪੱਤੇ ਵਿੱਚ ਖ਼ੁਸ਼ਬੋਈ।
ਪਿਆ ਵਿਛੋੜਾ ਖ਼ੁਸ਼ਬੂ ਮੋਈ।
ਧਰਤ ਸੁਹਾਗਣ ਵਿਧਵਾ ਹੋਈ।
ਪਲਕਾਂ ਵਿੱਚ ਹਟਕੋਰੇ ਕੰਬਦੇ,
ਅੱਖੀਉਂ ਕਿਰ ਗਏ ਅੱਥਰ।
ਉਮਰ ਗੁਆਚ ਗਈ।
ਉਸਦੇ ਗੀਤ ਨਾ ਸਿਰਫ਼ ਪੁਰਾਣੇ ਅਤੇ ਨਵੇਂ ਪੰਜਾਬ ਦੇ ਦਰਮਿਆਨ ਮਰ ਰਹੀ ਇਸੇ ਖ਼ੁਸ਼ਬੋਈ ਦਾ ਰੁਦਨ ਕਰਦੇ ਹਨ ਬਲਕਿ ਸਭਿਆਚਾਰ ਅਤੇ ਸਮਾਜ ਦੀ ਸੁਗੰਧ ਦੇ ਚੋਰਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਨ ਦਾ ਵੀ ਬਲਵਾਨ ਯਤਨ ਹਨ। ਪੰਜਾਬ ਦੇ ਦਰਿਆਵਾਂ ਨੂੰ ‘ਨੱਥ ਪਾਉਣ ਵਾਲੇ' ਰਾਜਸੀ ਆਗੂਆਂ, ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਤਾਜਰਾਂ, ਅਤੇ ਸਾਡੀ ਰਾਖੀ ਕਰਨ ਵਾਲੀ ਅਜੋਕੀ ਸਮੁੱਚੀ ਵਿਵਸਥਾ ਨੂੰ ਉਹ ਦੋਸ਼ੀ ਮੰਨਦਾ ਹੈ, ਇਸੇ ਲਈ ਕਹਿੰਦਾ ਹੈ ਕਿ
ਸੁਣ ਲਓ ਲੋਕੋ ਅਜਬ ਕਹਾਣੀ,
ਇਕੋ ਭਾਂਡੇ ਅੱਗ ਤੇ ਪਾਣੀ,
“ਕਲਯੁਗ ਦਾ ਵਰਤਾਰਾ ਦੇਖੋ,
ਸੱਪ ਖੇਡਦੇ ਮੋਰਾਂ ਨਾਲ।
ਕਿੱਥੇ ਜਾ ਕੇ ਰੋਈਏ ਰੱਬਾ,
ਕੁੱਤੀ ਰਲ ਗਈ ਚੋਰਾਂ ਨਾਲ।”
ਇਸ ਤੋਂ ਇਲਾਵਾ ਗੁਰਭਜਨ ਪੰਜਾਬੀਆਂ ਦੀਆਂ ਉਨ੍ਹਾਂ ਇੱਛਾਵਾਂ ਨੂੰ ਵੀ ਉਸ ਸਥਿਤੀ ਲਈ ਜ਼ਿੰਮੇਵਾਰ ਕਹਿੰਦਾ ਹੈ ਜਿਨ੍ਹਾਂ ਪਿੱਛੇ ਉਨ੍ਹਾਂ ਕੋਲ ਕੋਈ ਤਾਰਕਿਕ ਆਧਾਰ ਨਹੀਂ ਹੈ। ਗੁਰਭਜਨ ਦੇ ਗੀਤ ਰਿਕਾਰਡਿੰਗ ਇੰਡਸਟਰੀ ਵਿੱਚ ਪੰਜਾਬੀਆਂ ਦੀ ਹਊਮੈ ਨੂੰ ਹਵਾ ਦੇਣ ਵਾਲੇ ਗੀਤਾਂ ਦੇ ਵਿਰੁੱਧ ਪੰਜਾਬੀਆਂ ਨੂੰ ਹਿੰਮਤ ਨਾਲ ਸੁਚੇਤ ਕਰਨ ਦੇ ਔਖੇ ਮਾਰਗ ਉੱਤੇ ਤੁਰ ਰਹੇ ਹਨ:
ਕਰਜ਼ੇ ਚੁੱਕ ਚੁੱਕ ਜਾਏਂ ਉਸਾਰੀ ਫ਼ੋਕੇ ਮਹਿਲ ਮੁਨਾਰੇ।
ਵੇਖਾ ਵੇਖੀ ਢਾਹੀ ਜਾਵੇਂ, ਆਪਣੇ ਕੁੱਲੀਆਂ ਢਾਰੇ।
ਲਾਈ ਲੱਗ ਬਣਕੇ, ਕਰੀ ਜਾਨੈਂ ਬੁਰਾ ਹਾਲ ਓਇ।
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਇ।
ਫ਼ੋਕੀ ਸ਼ਾਨ ਤੇ ਭਰਮ ਭੁਲੇਖੇ।
ਕਰਿਆ ਕਰ ਤੂੰ ਇਹ ਵੀ ਲੇਖੇ।
ਮਨ ਦੇ ਸੱਖਣੇ ਭਾਂਡੇ ਅੰਦਰ,
ਤੇਰੇ ਤੋਂ ਬਿਨ ਕਿਹੜਾ ਵੇਖੇ?
ਕਿਉਂ ਚੱਲਿਐਂ ਪਰਦੇਸ ਵੇ ਸੱਜਣਾ, ਕਿਉਂ ਚੱਲਿਐਂ ਪਰਦੇਸ।
ਪਹਿਲਾਂ ਤੇਰੀ ਬੋਲੀ ਬਦਲੂ ਨਾਲ ਬਦਲ ਜੂ ਭੇਸ।
ਧਰਤ ਪਰਾਈ ਚਿੱਟੀ ਚਮੜੀ।
ਤੇਰਾ ਉੱਥੇ ਮੁੱਲ ਨਾ ਦਮੜੀ।
ਹਾਉਕੇ ਭਰਦੀ ਮਰ ਜੂ ਅੰਮੜੀ।
ਪੌਂਡਾਂ ਦੀ ਛਣਕਾਰ ਦੇ ਬਦਲੇ,
ਕਿਉਂ ਛੱਡ ਚੱਲਿਆ ਦੇਸ?
ਆਪ ਤਾਂ ਤੂੰ ਬੈਠ ਗਿਆ, ਜਾ ਕੇ ਪਰਦੇਸ ਵੇ।
ਕਦੇ ਨਾ ਵਿਛਾਏ ਜੋ ਉਣਾਏ ਮਾਂ ਨੇ ਖੇਸ ਵੇ
ਚਾਂਦੀ ਦੀਆਂ ਤਾਰਾਂ ਬਣ ਚੱਲੇ ਕਾਲੇ ਕੇਸ ਵੇ।
ਟੁੱਟ ਜੇ ਨਾ ਉਮਰਾਂ ਦੀ ਕੈਦ ਨਾਲੇ ਜੇਲ੍ਹਖਾਨਾ,
ਕਰ ਲੈ ਅਖ਼ੀਰੀ ਮੁਲਾਕਾਤ ਵੇ।
ਦੀਵਾ ਬਲੇ ਸਾਰੀ ਰਾਤ।
ਹਾੜ੍ਹੀ ਸਾਉਣੀ ਤੇਰੀ ਸਿੱਧੀ, ਠੇਕੇ ਤੇ ਠਾਣੇ ਜਾਵੇ।
ਉਮਰ ਸਿਆਣੀ ਧੌਲਾ ਝਾਟਾ, ਕਿਹੜਾ ਬਹਿ ਸਮਝਾਵੇ।
ਦਾਰੂ ਪੀ ਕੇ ਰਾਤੀਂ ਮੁੜਦੈਂ, ਸੁਬ੍ਹਾ ਦਏਂ ਉਪਦੇਸ਼ ਵੇ।
ਅਣਹੋਣੀਆਂ ਗੱਲਾਂ ਕਰਦੈਂ ਮੇਰੀ ਨਾ ਜਾਂਦੀ ਪੇਸ਼ ਵੇ।
ਧੀ ਦੇ ਦੁੱਖ ਦਰਦ ਦੀ ਕਹਾਣੀ ਜਿੰਨੀ ਸ਼ਿੱਦਤ ਨਾਲ ਗੁਰਭਜਨ ਨੇ ਉਭਾਰਿਆ ਹੈ ਉਹ ਤਾਕਤ ਸ਼ਾਇਦ ਕਿਸੇ ਵੀ ਹੋਰ ਆਧੁਨਿਕ ਮਰਦ ਪੰਜਾਬੀ ਕਵੀ ਦੇ ਹਿੱਸੇ ਨਹੀਂ ਆਈ। ਆਪਣੀ ਪ੍ਰਸਿੱਧ ਰਚਨਾ ‘ਲੋਰੀ’ ਤੋਂ ਬਾਦ ਉਹ ਮੂਕ ਦਰਸ਼ਕ ਨਹੀਂ ਬਣਿਆ। ਉਸਨੇ ਪ੍ਰਸਥਿਤੀਆਂ ਨੂੰ ਲਗਾਤਾਰ ਵੇਖਿਆ, ਉਨ੍ਹਾਂ ਪਿੱਛੇ ਕੰਮ ਕਰ ਰਹੀਆਂ ਮਾਨਸਿਕਤਾਵਾਂ ਨੂੰ ਘੋਖਿਆ ਅਤੇ ਦਲੇਰੀ ਨਾਲ ਲਿਖਿਆ ਕਿ:
ਇਹ ਕੇਹੀ ਰੁੱਤ ਆਈ ਨੀ ਮਾਂ, ਇਹ ਕੇਹੀ ਰੁੱਤ ਆਈ?
ਘਿਰ ਗਈ ਮੇਰੀ ਜਾਨ ਇਕੱਲੀ, ਬਾਬਲ ਬਣੇ ਕਸਾਈ ਨੀ ਮਾਂ।
ਧਰਮੀ ਬਾਬਲਾ ਕਹਿਰ ਕਮਾਵੇਂ, ਜੰਮਣੋਂ ਪਹਿਲਾਂ ਮਾਰ ਮੁਕਾਵੇਂ।
ਨਿੱਕੇ ਵੀਰ ਨੂੰ ਭੈਣ ਦੇ ਬਾਝੋਂ ਕੌਣ ਸੁਣਾਊ ਬਾਤ?
ਨੀ ਬੰਬੀਹਾ ਬੋਲੇ।
ਬੋਲੇ ਤੇ ਬੋਲੇ, ਦਿਨ ਪਹਿ ਰਾਤ,
ਨੀ ਬੰਬੀਹਾ ਬੋਲੇ।
ਉਹ ਬਾਬਲ ਤੋਂ ਬਾਅਦ ਮਾਂ, ਦਾਦੀ, ਨਾਨੀ ਅਤੇ ਸਮੁੱਚੀ ਪਰੰਪਰਾ ਨੂੰ ਵੀ ਕਟਹਿਰੇ ਵਿੱਚ ਖੜਾ ਕਰਦਾ ਹੈ:
ਦਾਦੀ ਨਾਨੀ ਮਾਂਵਾਂ ਬੋਲੋ।
ਪੈ ਗਈ ਜਿਹੜੀ ਦੰਦਲ ਖੋਲੇ।
ਧਰਮ ਗ੍ਰੰਥੋਂ ਵਰਕੇ ਫ਼ੋਲੋ
ਕੁੱਖ ਨੂੰ ਨਿਰੀ ਮਸ਼ੀਨ ਨਾ ਸਮਝੋ,
ਰੋਕੋ ਹੋਰ ਤਬਾਹੀ ਨੀ ਮਾਂ।
ਫ਼ੁੱਲਾਂ ਦੀ ਝਾਂਜਰ ਦਾ ਸੁਨੇਹਾ ਘੜਨ ਵਾਲਾ ਕਵੀ ਗੁਰਭਜਨ ਗਿੱਲ ਆਪਣੇ ਕਾਰਜ ਨੂੰ ਸ਼ੋਰ ਅਤੇ ਬਦਬੂ ਦੀ ਆਲੋਚਨਾ ਤੱਕ ਸੀਮਿਤ ਨਹੀਂ ਕਰ ਲੈਂਦਾ । ਬਲਕਿ ਉਹ ਸ਼ੋਰ ਨੂੰ ਸੁਰ ਅਤੇ ਬਦਬੂ ਨੂੰ ਖ਼ੁਸ਼ਬੂ ਵਿੱਚ ਬਦਲਣ ਦੇ ਮਾਰਗ ਦੀ ਖੋਜ ਵੀ ਕਰਦਾ ਹੈ। ਉਹ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਉਣ ਦੀ ਨੀਤੀ ਦਾ ਪਰਦਾ ਚੁੱਕ ਕੇ ਸੰਵਾਦ ਦੀ ਮੰਗ ਕਰਦਾ ਹੈ। ਇਹ ਸੰਵਾਦ ਮੁਲਕਾਂ ਵਿਚਕਾਰ ਵੀ ਹੋਣਾ ਚਾਹੀਦਾ ਹੈ, ਮਨੁੱਖਾਂ ਦਰਮਿਆਨ ਵੀ ਅਤੇ ਇੱਕ ਹੀ ਮਨ ਅੰਦਰ ਵੱਸਦੀਆਂ ਦੋ ਵਿਰੋਧੀ ਇੱਛਾਵਾਂ ਵਿਚਾਲੇ ਵੀ :
ਕਲਮਾਂ, ਬੁਰਸ਼ਾਂ, ਸਾਜ਼ਾਂ ਵਾਲਿਓ!
ਆਓ ਰਲ ਕੇ ਇੱਕ ਥਾਂ ਬਹੀਏ।
ਪੰਜ ਦਰਿਆਵਾਂ ਦੀ ਗੁੜ੍ਹਤੀ ਹੈ,
ਸਭ ਦੀ ਸੁਣੀਏ ਸਭ ਨੂੰ ਕਹੀਏ।
ਨਾਨਕ, ਸ਼ੇਖ ਫ਼ਰੀਦ ਤੇ ਬੁੱਲ੍ਹਾ,
ਜਦ ਤੱਕ ਦੋਹਾਂ ਦੇ ਸੰਗ ਹੈ।
ਸਾਡੀ ਤੁਹਾਡੀ ਕਾਹਦੀ ਜੰਗ ਹੈ?
ਉਸ ਅਨੁਸਾਰ ਜਦ ਤੱਕ ਦੋਹਾਂ ਹੀ ਮੁਲਕਾਂ ਵਿੱਚ ਭੁੱਖ ਅਤੇ ਨੰਗ ਹੈ ਉਦੋਂ ਤੱਕ ‘ਸਾਡੀ ਤੁਹਾਡੀ ਕਾਹਦੀ ਜੰਗ ਹੈ?' ਅਸਲ ਵਿੱਚ ਮੁਹੱਬਤ ਦਾ ਜਗਦਾ ਦੀਵਾ ਦੇਖ ਕੇ 'ਕਾਂ' ਦਾ ਉਸ ਵਿੱਚੋਂ ਤੇਲ ਪੀਣ ਨੂੰ ਚਿੱਤ ਕਰਦਾ ਹੈ। ਸਾਨੂੰ ਅਜਿਹੇ ਕਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਗੁਰਭਜਨ ਅਨੁਸਾਰ ਸਮੇਂ ਦੀ ਰਾਜਨੀਤੀ ਵਿੱਚ ਅਜਿਹੇ ਕਾਵਾਂ ਦਾ ਸ਼ੋਰ ਅਤੇ ਜ਼ੋਰ ਵਧੇਰੇ ਹੈ। ਸੰਵਾਦ ਤੋਂ ਬਾਅਦ ਗੁਰਭਜਨ ਦੀ ਦੂਸਰੀ ਆਸ ਕਵੀ ਅਤੇ ਕਲਾਕਾਰ ਉੱਤੇ ਹੈ। ਪਰ ਜਿਵੇਂ ਕਿਸੇ ਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉਹ ਹੀ ਸਰਕਾਰ ਹੈ। ਇਵੇਂ ਹੀ ਕੋਈ ਇਸ ਹੰਕਾਰ ਵਿੱਚ ਵੀ ਨਾ ਜੀਵੇ ਕਿ ਉਹ ਹੀ ਕਲਾਕਾਰ ਹੈ; ਬਲਕਿ ਆਪਣੀ ਕਲਾ ਦਾ ਫ਼ਰਜ਼ ਨਿਭਾਵੇ:
ਅੱਖਰਾਂ ਦੀ ਅੱਗ ਨਾ ਤੂੰ ਬਾਲ ਵੇ ਸੋਹਣਿਆਂ,
ਅੱਖਰਾਂ ਦੀ ਅੱਗ ਨਾ ਤੂੰ ਬਾਲ।
ਅੱਖਰਾਂ ਦੇ ਸਿਵਿਆਂ ਨੂੰ ਸੇਕਣਾ ਤਾਂ ਇੱਕ ਪਾਸੇ,
ਅਰਥੀ ਨੂੰ ਚੁੱਕਣਾ ਮੁਹਾਲ ਵੇ ਹੀਰਿਆ।
ਅੱਖਰਾਂ ਦੀ ਅੱਗ ਨਾ ਤੂੰ ਬਾਲ
ਫ਼ੁੱਲਾਂ ਦਾ ਸੁਨੇਹਾ ਸੁਣੋਂ, ਅੱਗੇ ਵੀ ਸੁਣਾ ਦਿਓ।
ਧਰਤੀ ਨੂੰ ਸਾਰੀ ਜਿਊਣ ਜੋਗੜੀ ਬਣਾ ਦਿਉ।
ਰੂਹਾਂ ਦਾ ਵੀ ਰਾਂਗਲਾ ਸ਼ਿੰਗਾਰ ਕਰੋ ਬੇਲੀਓ।
ਰੰਗਾਂ ਤੇ ਸੁਗੰਧਾਂ ਦਾ ਵਿਹਾਰ ਕਰੋ ਬੇਲੀਓ।
‘ਵਿਚਾਰ ਅਤੇ ‘ਕਲਾਕਾਰ ਤੋਂ ਪਿੱਛੋਂ ਉਹ ‘ਕਰਤਾਰ ਦੀ ਟੇਕ ਵੀ ਲੈਂਦਾ ਹੈ:
ਅੱਥਰੂ ਅੱਥਰੂ ਦਿਲ ਦਾ ਵਿਹੜਾ, ਦੋਹਾਂ ਨੂੰ ਸਮਝਾਵੇ ਕਿਹੜਾ?
ਸਾਡੇ ਪੱਲੇ ਪਾਈ ਜਾਂਦੇ ਹਾਉਕੇ ਹੰਝੂ ਹਾਵੇ।
ਅੱਜ ਅਰਦਾਸ ਕਰੋ, ਸੰਤਾਲੀ ਫ਼ੇਰ ਨਾ ਆਵੇ।
ਗੀਤ ‘ਰੱਬ ਹੁਣ ਮਿਹਰ ਕਰੇ' ਨੂੰ ਕਵੀ ਗੁਰਭਜਨ ਗਿੱਲ ਦੇ ‘ਆਦਰਸ਼' ਵਜੋਂ ਸਵੀਕਾਰ ਕਰ ਲੈਣਾ ਚਾਹੀਦਾ ਹੈ ਜਿਸ ਵਿੱਚੋਂ ਉਸਦੇ ਕਵੀ ਮਨ, ਪੰਜਾਬੀ ਮਾਨਸਿਕਤਾ ਅਤੇ ਮਾਨਵੀ ਮੁਹੱਬਤ ਦੇ ਅਚੁੱਕ ਦੀਦਾਰ ਵੀ ਕੀਤੇ ਜਾ ਸਕਦੇ ਹਨ ਅਤੇ ਰੱਬ ਦੀ ਮਿਹਰ ਵਿੱਚ ਵਿਸ਼ਵਾਸ ਵੀ ਦੇਖਿਆ ਜਾ ਸਕਦਾ ਹੈ:
ਨਵੇਂ ਮੌਸਮੀਂ ਇਸ ਧਰਤੀ ‘ਤੇ ਰੱਬ ਹੁਣ ਮਿਹਰ ਕਰੇ।
ਵਣੁ ਤ੍ਰਿਣ ਮੌਲਣ ਮਹਿਕਣ ਟਹਿਕਣ, ਪੱਲ੍ਹਰਣ ਬਿਰਖ ਹਰੇ।
ਅਗਨ ਖੇਡ ਦੀ ਦਾਨਵ ਟੋਲੀ, ਤੁਰ ਜਾਏ ਦੂਰ ਪਰੇ।
ਘਰ ਦੀਆਂ ਨੁੱਕਰਾਂ ਰੋਸ਼ਨ ਹੋਵਣ, ਜਗਣ ਚਿਰਾਗ ਧਰੇ।
ਤਪਦੀ ਧਰਤੀ ਮੀਂਹ ਮੰਗਦੀ ਹੈ, ਰੱਜ ਰੱਜ ਮੇਘ ਵਰ੍ਹੇ।
ਦੁਸ਼ਮਣ ਦੀ ਵੀ ਅੱਖ ਵਿੱਚ ਅੱਥਰੂ ਹੁਣ ਨਾ ਜਾਣ ਜਰੇ।
ਸਮਾਜਿਕਤਾ ਗੁਰਭਜਨ ਗਿੱਲ ਦੀ ਗੀਤਕਾਰੀ ਦਾ ਮੁੱਖ ਖੇਤਰ ਹੈ। ਪਰ ਉਸਦੀ ਕਲਪਨਾ ਅਤੇ ਪਰਵਾਜ਼ ਸਮਾਜਿਕਤਾ ਦੇ ਉਰਾਰ ਦੀ ਰੋਮਾਂਸਿਕਤਾ ਅਤੇ ਪਾਰ ਦੀ ਅਧਿਆਤਮਕਤਾ ਨੂੰ ਵੀ ਆਪਣੇ ਗੀਤਾਂ ਵਿੱਚ ਸ਼ਾਮਿਲ ਕਰਦੀ ਹੈ। ਜਿੱਥੇ ‘ਪਹਿਲੀ ਅਤੇ ਅਖ਼ੀਰੀ ਮੁਲਾਕਾਤ, ‘ਪਰਦੇਸੀ ਮਾਹੀਆ’ ਅਤੇ ‘ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ ਜਿਹੀਆਂ ਰਚਨਾਵਾਂ ਉਸਦੇ ਰੋਮਾਂਸ ਦੇ ਸੰਸਾਰ ਦੀ ਬਾਤ ਪਾਉਂਦੀਆਂ ਹਨ ਉੱਥੇ ਉਹਦਾ ‘ਚੁੱਪ ਦਾ ਗੀਤ ਸਮਾਜਿਕ ਅਤੇ ਅਧਿਆਤਮਕ ਦੋਹਾਂ ਹੀ ਦ੍ਰਿਸ਼ਟੀਆਂ ਤੋਂ ਸਾਰਥਕ ਹੈ:
ਜਿਵੇਂ ਮਿਰਗਣੀ ਨੂੰ ਬਲ ਦੇਵੇ, ਹਰ ਪਲ ਰੇਤ ਛਲਾਵਾ।
ਮੈਨੂੰ ਵੀ ਇਹ ਚੁੱਪ ਦੀ ਪੋਥੀ, ਦੇਵੇ ਨਿੱਤ ਬੁਲਾਵਾ।
ਮਨ ਦੀ ਪਿਆਸ ਭਟਕਦੀ ਵੇਖੋ, ਬਿਨ ਪਾਣੀ ਬੁਝ ਜਾਏ।
ਮੈਥੋਂ ਚੁੱਪ ਪੜ੍ਹੀ ਨਾ ਜਾਏ।
ਗੁਰਭਜਨ ਗੀਤ ਕਾਵਿ ਦੀ ਖੂਬਸੂਰਤੀ ਇਹ ਵੀ ਹੈ ਕਿ ਉਹ ਆਪਣੇ ਉਪਰੋਕਤ ਮੂਲ ਫ਼ਿਕਰਾਂ ਦਾ ਪੱਲਾ ਕਦੇ ਵੀ ਨਹੀਂ ਛੱਡਦਾ ਅਤੇ ਸੰਵਾਦ ਜਾਂ ਵਿਚਾਰ ਵਿੱਚੋਂ ਹੀ ਜੀਵਨ ਦੀ ਹਰ ਸਮੱਸਿਆ ਦਾ ਹੱਲ ਤਲਾਸ਼ਦਾ ਹੈ। ਜੇ ਫ਼ੁੱਲਾਂ ਦੀ ਝਾਂਜਰ ਇਸ ਹੁੰਗਾਰੇ ਨੂੰ ਨਹੀਂ ਸ਼ਿੰਗਾਰੇਗੀ ਤਾਂ ਇਹ ਕੰਮ ਹੋਰ ਕੌਣ ਕਰੇਗਾ?
ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ,
ਚੁੱਪ ਵਾਲੀ ਮਾਰ ਨਾ ਤੂੰ ਮਾਰ।
ਜ਼ਿੰਦਗੀ ਨੂੰ ਤੋਰਦੇ ਨੇ ਗੱਲ ਤੇ ਹੁੰਗਾਰਾ ਦੋਵੇਂ,
ਤੋੜ ਨਾ ਮੁਹੱਬਤਾਂ ਦੀ ਤਾਰ ਵੇ ਪਿਆਰਿਆ।
ਚੁੱਪ ਵਾਲੀ ਮਾਰ ਨਾ ਤੂੰ ਮਾਰ
ਆਪਣੀ ਗੱਲ ਨੂੰ ਖ਼ਤਮ ਕਰਨ ਤੋਂ ਪਹਿਲਾਂ ਗੁਰਭਜਨ ਗਿੱਲ ਦੇ ਗੀਤ- ਮੁਹਾਵਰੇ ਦਾ ਵੀ ਜ਼ਿਕਰ ਜ਼ਰੂਰੀ ਹੈ। ਲੋਕ ਧਾਰਾ ਉਸਦੀ ਮਾਨਸਿਕਤਾ ਦੇ ਧੁਰ ਅੰਦਰ ਤੱਕ ਵੱਸੀ ਹੋਣ ਕਾਰਨ ਉਹ ਪ੍ਰਚਲਿਤ ਗੀਤਾਂ ਰਾਹੀਂ ਵੀ ਆਪਣੀ ਗੀਤਕਾਰੀ ਦੀ ਬੁਣਤੀ ਬੁਣਦਾ ਹੈ ਅਤੇ ਸੱਜਰੀ ਸਿਰਜਣਾਤਮਕਤਾ ਨਾਲ ਵੀ। 'ਛੱਡ ਕੇ ਮੈਦਾਨ ਭੱਜ ਗਏ, ‘ਬੋਲੇ ਨੀ ਬੰਬੀਹਾ ਬੋਲੇ, ‘ਪਗੜੀ ਸੰਭਾਲ ਜੱਟਾ, ਦੀਵਾ ਬਲੇ ਸਾਰੀ ਰਾਤ, ਸ਼ਾਵਾ ਨੀ ਇੱਕ ਫ਼ੁੱਲ ਮਰੂਏ ਦਾ, ‘ਅੱਧੀ ਆਂ ਗਰੀਬ ਜੱਟ ਦੀ, ‘ਟੱਪੇ ਵਰਤਮਾਨ ਦੇ ‘ਕੱਚ ਦੀਆਂ ਮੁੰਦਰਾਂ', ‘ਤੇਰੇ ਚੋਂ ਦਾਰੂ ਬੋਲਦੀ, ਅੰਬਰ ਧਰਤੀ ਦੋਵੇਂ ਚੁੱਪ ਨੇ ਆਦਿਕ ਗੀਤਾਂ ਵਿੱਚ ਪ੍ਰਚਲਿਤ ਗੀਤਾਂ ਦੀ ਧੁਨੀ ਰਲੀ ਮਿਲੀ ਦਿਸਦੀ ਹੈ; ਪਰੰਤੂ ਗੁਰਭਜਨ ਨੇ ਆਪਣੇ ਗੀਤਾਂ ਲਈ ਇੱਕ ਅੱਡਰਾ ਕਾਵਿ-ਮੁਹਾਵਰਾ ਤਿਆਰ ਕੀਤਾ ਹੈ।
ਹਾਲ ਦੀ ਘੜੀ ਇਹੋ ਕਿਹਾ ਜਾ ਸਕਦਾ ਹੈ ਕਿ ਜਦੋਂ ‘ਝਾਂਜਰ ਫ਼ੁੱਲਾਂ ਦੀ ਹੋਵੇ ਅਤੇ ਜਦੋਂ ‘ਤਾਰੇ ਹਨੇਰੇ ਨੂੰ ਮਾਰਨ ਵਾਸਤੇ ਜਾਗਦੇ ਰਹਿਣ ਤਾਂ ਗੁਰਭਜਨ ਕਾਵਿ ਦਾ ਆਪਣਾ ਮੁਹਾਵਰਾ ਪ੍ਰਗਟ ਹੁੰਦਾ ਹੈ। ਜਦੋਂ ‘ਮਿਜ਼ਾਈਲਾਂ ਨੂੰ ਕੋਇਲਾਂ ਉੱਤੇ ਦਾਗ਼ਣ ਦਾ ਡਰ ਹੋਵੇ ਜਾਂ ‘ਚੰਨ ਤੋਂ ਅਗਾਂਹ ਗਈ ਪਤੰਗ ਧਰਤ ਉੱਤੇ ਇਸ ਵਾਸਤੇ ਉੱਤਰਨਾ ਚਾਹੇ ਕਿ ਆਪਣੀ ਤੋਰ ਨਾ ਭੁੱਲ ਜਾਏ ਤਾਂ ਗੀਤਾਂ ਦੇ ਮੁਹਾਵਰੇ ਵਿੱਚ ਸਮਾਜਕ ਫ਼ਿਕਰਾਂ ਨੂੰ ਸੰਭਾਲਣ ਦੀ ਸੂਝ ਦਾ ਬਿੰਬ ਉੱਸਰਦਾ ਹੈ। ਜਵਾਨੀ ਦਾ ਵਿਛੋੜਾ ਭਲਾ ਇਸ ਤੋਂ ਵੱਧ ਕਿਸ ਲੋਕ-ਮੁਹਾਵਰੇ ਦੀ ਤਲਾਸ਼ ਕਰੇਗਾ ਕਿ “ਪੱਕੀ ਗੰਦਲ ਵਾਂਗ ਜ਼ਾਲਮਾਂ, ਖੜੀ ਖੜੀ ਮੈਂ ਨਿੱਸਰ ਗਈ ਆਂ”?
ਸਮਾਜੀ ਫ਼ਿਕਰਾਂ ਨਾਲ ਭਰੇ ਹੋਏ ਇਹ ਗੀਤ ਫ਼ੁੱਲਾਂ ਜੇਹੇ ਸੁਹਣੇ ਅਤੇ ਖ਼ੁਸ਼ਬੂਦਾਰ ਵੀ ਹਨ ਅਤੇ ਝਾਂਜਰਾਂ ਦੇ ਬੋਰਾਂ ਵਾਂਗ ਮਿੱਠੀਆਂ ਧੁਨੀਆਂ ਦੇ ਸਿਰਜਕ ਵੀ। ਇਸੇ ਲਈ ਅਸੀਂ ਇਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਵਾਲਾ ਸੁਗੰਧ ਕਾਵਿ ਕਿਹਾ ਹੈ। ਇਹ ਗੀਤ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਧੁਨੀ ਝਾਂਜਰ ਰਾਹੀਂ ਉਪਜਾਈ ਹੁੰਦੀ ਹੈ ਪਰ ਉਸਦਾ ਸਿਰਜਕ ਨਰਤਕ ਹੈ। ਉਸਦੇ ਗੀਤ ਸਵਾਲ ਵੀ ਪੈਦਾ ਕਰਦੇ ਹਨ, ਅਤੇ ਉੱਤਰਾਂ ਦਾ ਇਹਸਾਸ ਵੀ ਕਰਾਉਂਦੇ ਹਨ। ਉਹਨਾਂ ਦੀ ਕਲਪਨਾ ਅਕਾਸ਼ੀ ਚੜਾਉਂਦੀ ਹੈ ਅਤੇ ਯਥਾਰਥਕਤਾ ਧਰਤੀ 'ਤੇ ਲਾਹੁੰਦੀ ਹੈ। ਇਸ ਸੰਗ੍ਰਹਿ ਦੇ ਅੰਤ ਵਿਚ ਦੁੱਲੇ ਭੱਟੀ ਦੀ ਬੀਰਤਾ ਬਾਰੇ ਲਿਖੇ ਗੀਤਾਂ ਸੰਬੰਧੀ ਪ੍ਰੋ. ਰਵਿੰਦਰ ਭੱਠਲ ਦੀ ਟਿਪਣੀ ਮੁੱਲਵਾਨ ਹੈ, ਗੁਰਭਜਨ ਗਿੱਲ ਦੇ ਗੀਤ ਸੰਗ੍ਰਹਿ ‘ਫੁੱਲਾਂ ਦੀ ਝਾਂਜਰ ਵਿੱਚ' ਇਹ ਸਮਰਥਾ ਹੈ ਕਿ ਉਹ ਚੁੱਪ ਕਰ ਰਹੀ ਪੰਜਾਬੀ ਗੀਤਕਾਰੀ ਨੂੰ ਇੱਕ ਸਾਰਥਕ ਹਲੂਣਾ ਦੇ ਸਕੇ ਅਤੇ ਸ਼ੋਰੀਲੀ ਪੰਜਾਬੀ ਗਾਇਕੀ ਨੂੰ ਸੇਧ ਦੇ ਸਕੇ।
-ਆਤਮਜੀਤ ਸਿੰਘ (ਡਾ.)
47/ਸੈਕਟਰ 70
ਮੋਹਾਲੀ