Salok : Guru Teg Bahadur Ji

ਸਲੋਕ : ਗੁਰੂ ਤੇਗ ਬਹਾਦੁਰ ਜੀ

1

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥1॥

(ਗੁਨ ਗੋਬਿੰਦ=ਗੋਬਿੰਦ ਦੇ ਗੁਣ, ਅਕਾਰਥ=ਵਿਅਰਥ,
ਕੀਨੁ=ਬਣਾ ਲਿਆ, ਜਿਹ ਬਿਧਿ=ਜਿਸ ਤਰੀਕੇ ਨਾਲ,
ਜਲ ਕਉ=ਪਾਣੀ ਨੂੰ, ਮੀਨੁ=ਮੱਛੀ)

2

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥2॥

(ਬਿਖਿਅਨ ਸਿਉ=ਵਿਸ਼ਿਆਂ ਨਾਲ, ਨਿਮਖ=ਅੱਖ ਝਮਕਣ
ਜਿੰਨੇ ਸਮੇ ਲਈ, ਨ ਹੋਹਿ=ਤੂੰ ਨਹੀਂ ਹੁੰਦਾ, ਉਦਾਸੁ=ਉਪਰਾਮ,
ਪਰੈ ਨ=ਨਹੀਂ ਪੈਂਦੀ, ਫਾਸ=ਫਾਹੀ)

3

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥3॥

(ਤਰਨਾਪੋ=ਜੁਆਨੀ, ਜਰਾ=ਬੁਢੇਪਾ, ਜੀਤਿ ਲੀਓ=ਜਿੱਤ
ਲਿਆ, ਅਉਧ=ਉਮਰ, ਜਾਤ ਹੈ ਬੀਤਿ=ਲੰਘਦੀ ਜਾ ਰਹੀ ਹੈ)

4

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥4॥

(ਬਿਰਧਿ=ਬੁੱਢਾ, ਸੂਝੈ ਨਹੀ=ਸਮਝ ਨਹੀਂ ਪੈਂਦੀ,
ਨਰ ਬਾਵਰੇ=ਝੱਲੇ ਮਨੁੱਖ, ਨ ਭਜਹਿ=ਤੂੰ ਨਹੀਂ ਜਪਦਾ)

5

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥5॥

(ਦਾਰਾ=ਇਸਤ੍ਰੀ, ਸੰਪਤਿ ਸਗਲ=ਸਾਰੀ ਜਾਇਦਾਦ,
ਇਨ ਮਹਿ=ਇਹਨਾਂ ਸਾਰਿਆਂ ਵਿਚੋਂ, ਸੰਗੀ=ਸਾਥੀ)

6

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥6॥

(ਪਤਿਤ ਉਧਾਰਨ=ਵਿਕਾਰੀਆਂ ਨੂੰ ਵਿਕਾਰਾਂ ਤੋਂ
ਬਚਾਣ ਵਾਲੇ, ਭੈ ਹਰਨ=ਸਾਰੇ ਡਰ ਦੂਰ ਕਰਨ
ਵਾਲੇ, ਅਨਾਥ ਕੇ ਨਾਥ=ਨਿਖਸਮਿਆਂ ਦੇ ਖਸਮ,
ਤਿਹ=ਉਸ ਨੂੰ, ਸਾਥਿ=ਨਾਲ)

7

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥7॥

(ਨੇਹੁ=ਪਿਆਰ, ਨਰ ਬਾਵਰੇ=ਝੱਲੇ ਮਨੁੱਖ, ਦੀਨ=ਆਤੁਰ)

8

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥8॥

(ਸੰਪੈ=ਧਨ, ਅਰੁ=ਅਤੇ, ਨੀਕੇ=ਸੋਹਣੇ, ਧਾਮ=ਘਰ)

9

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥9॥

(ਨਾਹਿਨ=ਨਹੀਂ, ਤਿਹ=ਉਸ ਰਾਮ ਨੂੰ, ਸਿਮਰਤ=ਸਿਮਰਦਿਆਂ ,
ਗਤਿ=ਉੱਚੀ ਆਤਮਕ ਅਵਸਥਾ)

10

ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥10॥

(ਅਉਧ=ਉਮਰ, ਨੀਤ=ਨਿੱਤ)

11

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥11॥

(ਪਾਂਚ ਤਤ=ਮਿੱਟੀ,ਹਵਾ,ਪਾਣੀ,ਅੱਗ,ਆਕਾਸ਼, ਕੋ=ਦਾ,
ਸੁਜਾਨ=ਸਿਆਣਾ ਮਨੁੱਖ, ਜਿਹ ਤੇ=ਜਿਨ੍ਹਾਂ ਤੱਤਾਂ ਤੋਂ,
ਤਾਹਿ ਮੈ=ਉਹਨਾਂ ਵਿਚ, ਮਾਨਿ=ਮੰਨ ਲੈ)

12

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥12॥

(ਘਟ ਘਟ ਮੈ=ਹਰੇਕ ਸਰੀਰ ਵਿਚ, ਜੂ=ਜੀ, ਭਉਨਿਧਿ=
ਸੰਸਾਰ-ਸਮੁੰਦਰ, ਉਤਰਹਿ= ਤੂੰ ਲੰਘ ਜਾਏਂਗਾ)

13

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥13॥

(ਪਰਸੈ=ਛੁੰਹਦਾ, ਅਭਿਮਾਨੁ=ਅਹੰਕਾਰ, ਮੂਰਤਿ=ਸਰੂਪ)

14

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥14॥

(ਉਸਤਤਿ=ਵਡਿਆਈ, ਕੰਚਨ=ਸੋਨਾ, ਲੋਹ=ਲੋਹਾ,
ਸਮਾਨਿ=ਇਕੋ ਜਿਹਾ, ਮੁਕਤਿ=ਮੋਹ ਤੋਂ ਖ਼ਲਾਸੀ,
ਤਾਹਿ=ਉਸ ਨੂੰ, ਤੈ=ਤੂੰ, ਜਾਨਿ=ਸਮਝ ਲੈ)

15

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥15॥

(ਹਰਖੁ=ਖ਼ੁਸ਼ੀ, ਸੋਗੁ=ਚਿੰਤਾ,ਗ਼ਮ, ਸਮਾਨਿ=ਇਕੋ ਜਿਹੇ)

16

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥

(ਆਨ=ਹੋਰਨਾਂ ਦੇ, ਗਿਆਨੀ=ਆਤਮਕ ਜੀਵਨ ਦੀ
ਸੂਝ ਵਾਲਾ ਮਨੁੱਖ, ਤਾਹਿ=ਉਸ ਨੂੰ, ਬਖਾਨਿ=ਆਖ)

17

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥
ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥17॥

(ਜਿਹਿ=ਜਿਸ ਨੇ, ਬਿਖਿਆ=ਮਾਇਆ, ਸਗਲੀ=
ਸਾਰੀ, ਤਿਹ ਨਰ ਮਾਥੈ=ਉਸ ਮਨੁੱਖ ਦੇ ਮੱਥੇ ਉੱਤੇ)

18

ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥18॥

(ਮਮਤਾ=ਅਪਣੱਤ, ਤੇ=ਤੋਂ, ਉਦਾਸੁ=ਉਪਰਾਮ, ਤਿਹ ਘਟਿ=
ਉਸ ਮਨੁੱਖ ਦੇ ਦਿਲ ਵਿਚ)

19

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥19॥

(ਜਿਹਿ ਪ੍ਰਾਨੀ=ਜਿਸ ਪ੍ਰਾਣੀ ਨੇ, ਪਛਾਨਿ=ਪਛਾਣ ਕੇ,
ਵਹੁ ਨਰੁ=ਉਹ ਮਨੁੱਖ, ਮੁਕਤ=ਵਿਕਾਰਾਂ ਤੋਂ ਬਚਿਆ)

20

ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥
ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥20॥

(ਹਰਨ=ਦੂਰ ਕਰਨ ਵਾਲਾ, ਦੁਰਮਤਿ=ਖੋਟੀ ਮਤਿ,
ਕਲਿ ਮਹਿ=ਕਲੇਸ਼ਾਂ-ਭਰੇ ਸੰਸਾਰ ਵਿਚ, ਨਿਸਿ=ਰਾਤ
ਭਜੈ=ਜਪਦਾ ਹੈ, ਹੋਹਿ=ਹੋ ਜਾਂਦੇ ਹਨ, ਤਿਹ=ਉਸ ਦੇ)

21

ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥
ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥21॥

(ਜਿਹਬਾ=ਜੀਭ ਨਾਲ, ਕਰਨ=ਕੰਨਾਂ ਨਾਲ, ਪਰਹਿ ਨ=
ਨਹੀਂ ਪੈਂਦੇ, ਜਮ ਕੈ ਧਾਮ=ਜਮ ਦੇ ਵੱਸ ਵਿਚ)

22

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥22॥

(ਮਮਤਾ=ਮੋਹ, ਤਜੈ=ਛੱਡਦਾ ਹੈ, ਤਰੈ=ਪਾਰ ਲੰਘ
ਜਾਂਦਾ ਹੈ, ਅਉਰਨ=ਹੋਰਨਾਂ ਨੂੰ, ਲੇਤ ਉਧਾਰ=
ਬਚਾ ਲੈਂਦਾ ਹੈ)

23

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥23॥

(ਪੇਖਨਾ=ਵੇਖਣਾ, ਅਰੁ=ਅਤੇ, ਕਉ=ਨੂੰ, ਜਾਨਿ=
ਸਮਝ ਲੈ, ਕਛੁ=ਕੋਈ ਭੀ, ਸਾਚੋ=ਸਦਾ ਕਾਇਮ
ਰਹਿਣ ਵਾਲਾ)

24

ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥24॥

(ਨਿਸਿ=ਰਾਤ, ਕਾਰਨੇ=ਦੀ ਖ਼ਾਤਰ, ਡੋਲਤ=ਭਟਕਦਾ
ਫਿਰਦਾ ਹੈ, ਨੀਤ=ਸਦਾ, ਕੋਟਨ ਮੈ=ਕ੍ਰੋੜਾਂ ਵਿਚ, ਕੋਊ=
ਕੋਈ ਵਿਰਲਾ)

25

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥25॥

(ਬੁਦਬੁਦਾ=ਬੁਲਬੁਲਾ, ਰਚੀ=ਬਣਾਈ, ਮੀਤ= ਮਿੱਤਰ)

26

ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥
ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥26॥

(ਨ ਚੇਤਈ=ਨਹੀਂ ਚੇਤੇ ਕਰਦਾ, ਮਦਿ ਮਾਇਆ ਕੈ=
ਮਾਇਆ ਦੇ ਨਸ਼ੇ ਵਿਚ, ਅੰਧੁ=ਅੰਨ੍ਹਾ, ਪਰਤ=ਪੈਂਦੇ ਹਨ,
ਫੰਧ=ਫਾਹੀਆਂ)

27

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥27॥

(ਲੇਹ=ਪਿਆ ਰਹੇ, ਦੇਹ=ਸਰੀਰ)

28

ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥28॥

(ਧਾਵਹੀ=ਧਾਵਹਿ,ਦੌੜੇ ਫਿਰਦੇ ਹਨ, ਅਜਾਨ=ਬੇ-ਸਮਝ,
ਸਿਰਾਨ=ਗੁਜ਼ਰ ਜਾਂਦਾ ਹੈ)

29

ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥29॥

(ਨਿਸਿ=ਰਾਤ, ਭਜੈ=ਜਪਦਾ ਹੈ, ਜਾਨੁ=ਸਮਝੋ, ਅੰਤਰੁ=
ਫ਼ਰਕ,ਵਿੱਥ, ਹਰਿ ਜਨ=ਪਰਮਾਤਮਾ ਦਾ ਭਗਤ)

30

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥
ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥30॥

(ਫਧਿ ਰਹਿਓ=ਫਸਿਆ ਰਹਿੰਦਾ ਹੈ, ਕਉਨੇ ਕਾਮ=ਕਿਸ ਕੰਮ)

31

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥
ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥31॥

(ਨ ਚੇਤਈ=ਨਹੀਂ ਚੇਤੇ ਕਰਦਾ, ਮਦਿ=ਨਸ਼ੇ ਵਿਚ, ਪਰਤ=
ਪਏ ਰਹਿੰਦੇ ਹਨ, ਤਾਹਿ=ਉਸ ਨੂੰ, ਜਮ ਫੰਧ=ਜਮਾਂ ਦੇ ਫਾਹੇ)

32

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥32॥

(ਸੰਗੀ=ਸਾਥੀ, ਅੰਤਿ=ਅਖ਼ੀਰ ਵੇਲੇ, ਸਹਾਈ=ਮਦਦਗਾਰ)

33

ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥
ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥33॥

(ਜਨਮ ਜਨਮ=ਅਨੇਕਾਂ ਜਨਮਾਂ ਵਿਚ, ਤ੍ਰਾਸੁ=ਡਰ,
ਨਿਰਭੈ=ਨਿਡਰ ਅਵਸਥਾ ਵਿਚ, ਪਾਵਹਿ=ਪ੍ਰਾਪਤ ਕਰ ਲਏਂਗਾ)

34

ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥
ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥34॥

(ਮਾਨ=ਅਹੰਕਾਰ, ਦੁਰਮਤਿ=ਖੋਟੀ ਮਤਿ, ਫਧਿਓ=ਫਸਿਆ ਰਹਿੰਦਾ ਹੈ)

35

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥35॥

(ਅਰੁ=ਅਤੇ, ਫੁਨਿ=ਫਿਰ, ਜਾਨਿ=ਜਾਣ, ਮਾਨ=ਮੰਨ)

36

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥
ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥36॥

(ਕਰਣੋ ਹੁਤੋ=ਜੋ ਕੁਝ ਕਰਨਾ ਸੀ, ਸੁ=ਉਹ, ਕੈ ਫੰਧ=
ਦੇ ਫਾਹੇ ਵਿਚ, ਸਮਿਓ=ਸਮਾਂ, ਰਮਿ ਗਇਓ=ਗੁਜ਼ਰ ਗਿਆ)

37

ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥37॥

(ਰਮਿ ਰਹਿਓ=ਫਸਿਆ ਹੋਇਆ ਹੈ, ਨਾਹਿਨ=ਨਹੀਂ, ਮੂਰਤਿ=
ਤਸਵੀਰ, ਭੀਤਿ=ਕੰਧ)

38

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥38॥

(ਅਉਰੈ ਕੀ ਅਉਰੈ=ਹੋਰ ਦੀ ਹੋਰ, ਚਿਤਵਤ ਰਹਿਓ=
ਤੂੰ ਸੋਚਦਾ ਰਿਹਾ, ਠਗਉਰ=ਠੱਗੀਆਂ, ਗਲਿ=ਗਲ ਵਿਚ, ਪਰੀ=ਪੈ ਗਈ)

39

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥
ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥39॥

(ਹਰਿ ਭਾਵੈ=ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ)

40

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥
ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥40॥

(ਭਿਖਾਰੀ=ਮੰਗਤਾ, ਤਿਹ=ਉਸ ਨੂੰ, ਹੋਵਹਿ=ਹੋ ਜਾਣਗੇ)

41

ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥
ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥41॥

(ਝੂਠੈ=ਨਾਸਵੰਤ ਸੰਸਾਰ ਦਾ, ਕਹਾ ਕਰੇ=ਕਿਉਂ
ਕਰਦਾ ਹੈਂ, ਜਿਉ=ਵਰਗਾ, ਇਨ ਮੈ=ਇਹਨਾਂ
ਦੁਨੀਆਵੀ ਪਦਾਰਥਾਂ ਵਿਚ, ਬਖਾਨਿ=ਸਮਝਾ ਕੇ)

42

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥
ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥42॥

(ਗਰਬੁ=ਅਹੰਕਾਰ, ਦੇਹ ਕੋ=ਸਰੀਰ ਦਾ, ਬਿਨਸੈ=ਨਾਸ
ਹੋ ਜਾਂਦਾ ਹੈ, ਜਸੁ=ਵਡਿਆਈ, ਤਿਹਿ=ਉਸ ਨੇ)

43

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥
ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥43॥

(ਜਿਹ ਘਟਿ=ਜਿਸ ਦੇ ਹਿਰਦੇ ਵਿਚ, ਮੁਕਤਾ=ਵਿਕਾਰਾਂ ਤੋਂ
ਬਚਿਆ ਹੋਇਆ, ਅਮਤਰੁ=ਫ਼ਰਕ, ਸਾਚੀ ਮਾਨੁ=ਠੀਕ ਮੰਨ)

44

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥44॥

(ਜਿਹ ਪ੍ਰਾਨੀ ਕੈ ਮਨਿ=ਜਿਸ ਪ੍ਰਾਣੀ ਦੇ ਮਨ ਵਿਚ,
ਸੂਕਰ= ਸੂਰ, ਤਨੁ=ਸਰੀਰ, ਸੁਆਨ ਤਨੁ=ਕੁੱਤੇ ਦਾ
ਸਰੀਰ, ਤਾਹਿ=ਉਸ ਦਾ)

45

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥45॥

(ਗ੍ਰਿਹੁ=ਘਰ, ਤਜਤ ਨਹੀ=ਨਹੀਂ ਛੱਡਦਾ, ਇਹ ਬਿਧਿ=
ਇਸ ਤਰੀਕੇ ਨਾਲ, ਭਜਉ=ਭਜਨ ਕਰੋ, ਇਕ
ਮਨਿ ਹੁਇ=ਇਕਾਗਰ ਹੋ ਕੇ, ਇਕ ਚਿਤਿ ਹੁਇ=ਇਕ-ਚਿੱਤ ਹੋ ਕੇ)

46

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥46॥

(ਕਰਿ=ਕਰ ਕੇ, ਗੁਮਾਨੁ=ਮਾਣ, ਨਿਹਫਲ=ਵਿਅਰਥ, ਕੁੰਚਰ=ਹਾਥੀ)

47

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥
ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥47॥

(ਕੰਪਿਓ=ਕੰਬ ਰਿਹਾ ਹੈ, ਪਗ=ਪੈਰ, ਡਗਮਗੇ=ਥਿੜਕ ਰਹੇ ਹਨ,
ਤੇ=ਤੋਂ, ਨੈਨ=ਅੱਖਾਂ, ਜੋਤਿ=ਰੌਸ਼ਨੀ, ਇਹ ਬਿਧਿ=ਇਹ ਹਾਲਤ,
ਤਊ=ਫਿਰ ਭੀ, ਹਰਿ ਰਸ ਲੀਨ=ਹਰਿ-ਨਾਮ ਦੇ ਰਸ ਵਿਚ ਮਗਨ)

48

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥48॥

(ਨਿਜ ਕਰਿ=ਆਪਣਾ ਸਮਝ ਕੇ, ਕਾਹੂ ਕੋ=ਕਿਸੇ ਦਾ ਭੀ,
ਥਿਰੁ=ਸਦਾ ਕਾਇਮ ਰਹਿਣ ਵਾਲੀ)

49

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥49॥

(ਝੂਠ=ਨਾਸਵੰਤ, ਬਾਲੂ=ਰੇਤ, ਭੀਤਿ=ਕੰਧ)

50

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥

(ਗਇਓ=ਚਲਾ ਗਿਆ, ਜਾ ਕਉ=ਜਿਸ ਦਾ, ਬਹੁ ਪਰਵਾਰੁ=
ਵੱਡਾ ਪਰਿਵਾਰ)

51

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥51॥

(ਤਾ ਕੀ=ਉਸ ਗੱਲ ਦੀ, ਕੀਜੀਐ=ਕਰਨੀ ਚਾਹੀਦੀ ਹੈ,
ਅਨਹੋਨੀ=ਅਸੰਭਵ, ਸੰਸਾਰ ਕੋ ਮਾਰਗੁ=ਸੰਸਾਰ ਦਾ ਰਾਹ)

52

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥52॥

(ਬਿਨਸਿ ਹੈ=ਨਾਸ ਹੋ ਜਾਇਗਾ, ਪਰੋ=ਨਾਸ ਹੋ ਜਾਣ ਵਾਲਾ,
ਕੈ=ਜਾਂ, ਕਾਲਿ=ਭਲਕੇ, ਛਾਡਿ=ਛੱਡ ਕੇ, ਜੰਜਾਲ=ਮਾਇਆ
ਦੇ ਮੋਹ ਦੀਆਂ ਫਾਹੀਆਂ)

53 ਦੋਹਰਾ

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥53॥

(ਬਲੁ=ਤਾਕਤ, ਬੰਧਨ= =ਫਾਹੀਆਂ, ਪਰੇ=ਪੈ ਗਏ, ਉਪਾਇ=
ਹੀਲਾ, ਓਟ=ਆਸਰਾ, ਗਜ=ਹਾਥੀ, ਸਹਾਇ=ਮਦਦਗਾਰ)

54

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥54॥

(ਛੁਟੇ=ਟੁੱਟ ਜਾਂਦੇ ਹਨ, ਸਭੁ ਕਿਛੁ ਉਪਾਇ=ਹਰੇਕ ਉੱਦਮ,
ਹੋਤ=ਹੋ ਸਕਦਾ ਹੈ)

55

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥55॥

(ਸੰਗ=ਸੰਗੀ, ਤਜਿ ਗਏ=ਛੱਡ ਗਏ, ਬਿਪਤਿ ਮੈ=ਮੁਸੀਬਤ
ਵਿਚ, ਰਘੁਨਾਥ=ਪਰਮਾਤਮਾ, ਟੇਕ=ਆਸਰਾ)

56

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥56॥

(ਰਹਿਓ=ਰਹਿੰਦਾ ਹੈ, ਸਾਧੂ=ਗੁਰੂ, ਗੁਰੁ ਗੋਬਿੰਦ=
ਅਕਾਲ ਪੁਰਖ, ਕਿਨ=ਜਿਸ ਕਿਸੇ ਨੇ, ਗੁਰਮੰਤੁ=ਗੁਰ-ਉਪਦੇਸ਼)

57

ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥57॥1॥

(ਉਰ ਮਹਿ=ਹਿਰਦੇ ਵਿਚ, ਗਹਿਓ=ਫੜ ਲਿਆ, ਜਾ ਕੈ ਸਮ=
ਜਿਸ ਦੇ ਬਰਾਬਰ, ਜਿਹ ਸਿਮਰਤ=ਜਿਸ ਨੂੰ ਸਿਮਰਦਿਆਂ,
ਸੰਕਟ=ਦੁੱਖ-ਕਲੇਸ਼)

  • ਮੁੱਖ ਪੰਨਾ : ਸੰਪੂਰਣ ਬਾਣੀ; ਗੁਰੂ ਤੇਗ ਬਹਾਦੁਰ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ