Salok : Guru Ram Das Ji

ਸਲੋਕ : ਗੁਰੂ ਰਾਮ ਦਾਸ ਜੀ

1. ਜਿਸ ਦੈ ਅੰਦਰਿ ਸਚੁ ਹੈ

ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥
ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥
ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥2॥140॥

(ਮੁਖਿ=ਮੂੰਹੋਂ, ਅਲਾਏ=ਬੋਲਦਾ ਹੈ, ਮਾਰਗਿ=ਰਸਤੇ ਉੱਤੇ, ਤੀਰਥੁ=ਖੁਲ੍ਹੇ
ਸਾਫ਼ ਪਾਣੀ ਦਾ ਸੋਮਾ, ਛਪੜਿ=ਛੱਪੜ ਵਿਚ, ਸਗਵੀ=ਸਗੋਂ ਹੋਰ,
ਅਨਦਿਨੁ=ਹਰ ਰੋਜ਼,ਹਰ ਵੇਲੇ)

2. ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ

ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥
ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥
ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥
ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥2॥141॥

(ਪਰਹਰਿ=ਤਿਆਗ ਕੇ, ਤਜਿ=ਛੱਡ ਕੇ, ਕਾਮਿਨੀ=ਇਸਤ੍ਰੀ,
ਅੰਜਨ=ਕਾਲਖ, ਨਿਰੰਜਨੁ=ਉਹ ਪ੍ਰਭੂ ਜਿਸ ਉਤੇ ਮਾਇਆ ਦਾ
ਅਸਰ ਨਹੀਂ ਪੈ ਸਕਦਾ, ਸੁਤ=ਪੁਤ੍ਰ, ਦਾਰਾ=ਇਸਤ੍ਰੀ,ਵਹੁਟੀ,
ਪਿਆਸ=ਤ੍ਰਿਸ਼ਨਾ)

3. ਸਤਿਗੁਰੁ ਪੁਰਖੁ ਦਇਆਲੁ ਹੈ

ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥
ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥
ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥1॥300॥

(ਸਮਤੁ=ਇਕੋ ਜਿਹਾ, ਦ੍ਰਿਸ਼ਟਿ=ਨਜ਼ਰ, ਭਾਵਨੀ=ਸ਼ਰਧਾ,
ਸਿਧਿ=ਸਫਲਤਾ, ਹਰਿ ਪਦੁ=ਹਰੀ ਨਾਲ ਮਿਲਾਪ)

4. ਹਉਮੈ ਮਾਇਆ ਸਭ ਬਿਖੁ ਹੈ

ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥
ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥
ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥2॥300॥

(ਬਿਖੁ=ਜ਼ਹਿਰ, ਉਰ=ਹਿਰਦਾ, ਸਿਧਿ=ਸਿਧ ਸਫਲ,
ਸਿਰਜਣਹਾਰਿ=ਸਿਰਜਣਹਾਰਿ ਨੇ)

5. ਵਿਣੁ ਨਾਵੈ ਹੋਰੁ ਸਲਾਹਣਾ

ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥1॥301॥

(ਸਾਦੁ=ਸੁਆਦ,ਚਸਕਾ, ਫਿਕਾ ਸਾਦੁ=ਵਿਅਰਥ ਚਸਕਾ,
ਸਲਾਹਦੇ=ਚੰਗਾ ਸਮਝਦੇ ਹਨ, ਮਮਤਾ=ਅਪਣੱਤ, ਵਾਦੁ=
ਝਗੜਾ,ਝੰਬੇਲਾ,ਲੰਮੀਆਂ ਗੱਲਾਂ, ਅਪਵਾਦੁ=ਝਗੜਾ,ਕੋਝਾ
ਝਗੜਾ, ਪਰਮਾਨਾਦੁ=ਪਰਮ-ਅਨੰਦ ਹਰੀ)

6. ਸਤਿਗੁਰ ਹਰਿ ਪ੍ਰਭੁ ਦਸਿ

ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥2॥301॥

(ਧਿਆਈ=ਮੈਂ ਧਿਆਵਾਂ, ਮਨਿ=ਮਨ ਵਿਚ, ਮੁਖਿ=ਮੂੰਹੋਂ,
ਪਰਹਰੀ=ਮੈਂ ਦੂਰ ਕਰਾਂ)

7. ਮਨ ਅੰਤਰਿ ਹਉਮੈ ਰੋਗੁ ਹੈ

ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥1॥301॥

(ਹਉਮੈ=ਹੰਕਾਰ, ਦੁਰਜਨਾ=ਬੁਰੇ ਮਨੁੱਖ)

8. ਮਨੁ ਤਨੁ ਰਤਾ ਰੰਗ ਸਿਉ

ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥2॥301॥

(ਰੰਗ ਸਿਉ=ਪ੍ਰੇਮ ਨਾਲ, ਗੁਣਤਾਸੁ=ਗੁਣਾਂ ਦਾ ਖ਼ਜ਼ਾਨਾ
ਹਰੀ, ਗੁਰ ਸਾਬਾਸਿ= ਗੁਰੂ ਦੀ ਥਾਪਣਾ )

9. ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ

ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥1॥301॥

(ਮੈ ਮਨਿ=ਮੇਰੇ ਮਨ ਵਿਚ, ਧਾਰਿ=ਧਾਰੀ ਹੈ)

10. ਜਿਨ ਅੰਦਰਿ ਪ੍ਰੀਤਿ ਪਿਰੰਮ ਕੀ

ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥2॥301॥

(ਸੋਹੰਨਿ=ਸੋਭਦੇ ਹਨ, ਪਿਰੰਮ ਕੀ=ਪਿਆਰੇ ਦੀ, ਜਿਨਿ=
ਜਿਸ ਨੇ, ਪਿਰੰਨਿ=ਖ਼ਸਮ ਨੇ, ਜਿਨਿ ਪਿਰੰਨਿ=ਜਿਸ ਪਿਰ ਨੇ)

11. ਸੁਣਿ ਸਾਜਨ ਪ੍ਰੇਮ ਸੰਦੇਸਰਾ

ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥1॥302॥

(ਅਖੀ=ਅੱਖਾਂ, ਗੁਰਿ=ਗੁਰੂ ਨੇ, ਸਵੰਨਿ=ਸਉਂਦੇ ਹਨ,
ਲੀਨ ਰਹਿੰਦੇ ਹਨ)

12. ਸਤਿਗੁਰੁ ਦਾਤਾ ਦਇਆਲੁ ਹੈ

ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥2॥302॥

(ਤਿਸਟਿਆ=ਟਿਕਿਆ,ਸ਼ਾਂਤ-ਚਿੱਤ ਹੋਇਆ, ਗੁਝਾ=ਲੁਕਿਆ)

13. ਹਰਿ ਸਤਿ ਨਿਰੰਜਨ ਅਮਰੁ ਹੈ

ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥1॥302॥

(ਨਿਰੰਜਨੁ=ਨਿਰ-ਅੰਜਨ, ਅੰਜਨ=ਕਾਲਖ,ਮਾਇਆ ਦਾ ਪ੍ਰਭਾਵ,
ਨਿਰਭਉ=ਜਿਸ ਨੂੰ ਕੋਈ ਡਰ ਨਹੀਂ, ਨਿਰੰਕਾਰੁ=ਜਿਸ ਦਾ ਕੋਈ
ਖ਼ਾਸ ਸਰੀਰ ਨਹੀਂ, ਇਕ ਮਨਿ=ਇਕ ਮਨ ਦੀ ਰਾਹੀਂ,ਮਨ ਲਾ ਕੇ,
ਗੁਰਮੁਖਿ=ਗੁਰੂ ਵਲ ਮੂੰਹ ਕਰ ਕੇ, ਜੈਕਾਰੁ=ਵਡਿਆਈ, ਫਿਟੁ ਫਿਟੁ
ਕਹੈ=ਫਿਟਕਾਰਾਂ ਪਾਂਦਾ ਹੈ, ਵਰਤਦਾ=ਮੌਜੂਦ ਹੈ, ਧੰਨੁ=ਮੁਬਾਰਿਕ,
ਵਾਰਿਆ=ਸਦਕੇ)

14. ਆਪੇ ਧਰਤੀ ਸਾਜੀਅਨੁ

ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥2॥302॥

(ਸਾਜੀਅਨੁ=ਸਾਜੀ ਉਸ ਨੇ, ਉਪਾਇਅਨੁ=ਉਪਾਏ ਉਸ ਨੇ,
ਗਿਰਾਸੁ=ਗਰਾਹੀ,ਖ਼ੁਰਾਕ, ਸਭੁ=ਹਰ ਥਾਂ, ਗੁਣਤਾਸੁ=ਗੁਣਾਂ ਦਾ
ਖ਼ਜ਼ਾਨਾ, ਸਭਿ=ਸਾਰੇ, ਕਿਲਵਿਖ=ਪਾਪ, ਤਾਸੁ=ਉਸ ਦੇ)

15. ਸਤਿਗੁਰੁ ਧਰਤੀ ਧਰਮ ਹੈ

ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥
ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥1॥302॥

(ਗੁਰਸਿਖੀ=ਗੁਰੂ ਦੇ ਸਿੱਖਾਂ ਨੇ, ਹਲਤਿ=ਇਸ ਲੋਕ ਵਿਚ, ਪਲਤਿ=ਪਰਲੋਕ
ਵਿਚ, ਪੈਨਾਏ=ਮੰਨੇ ਜਾਂਦੇ ਹਨ,ਆਦਰ ਦਿੱਤਾ ਜਾਂਦਾ ਹੈ, ਓਇ=ਉਹ,
ਸੁਆਵਗੀਰ=ਸੁਆਰਥ ਨੂੰ ਫੜਨ ਵਾਲੇ, ਦਯੁ=ਖਸਮ, ਦਯਿ=ਖਸਮ ਨੇ,
ਵਜਾਏ=ਪਰਗਟ ਕੀਤੇ, ਸਿਰੀ=ਸਿਰੀਂ,ਪਾਸੀਂ, ਚਲਤ=ਕੌਤਕ, ਸਬਾਏ=ਸਾਰੇ)

16. ਇਕੁ ਮਨੁ ਇਕੁ ਵਰਤਦਾ

ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥
ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥
ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥
ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥
ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥2॥303॥

(ਜਿਤੁ=ਜਿਥੇ, ਥਾਇ ਪਾਇ=ਹਾਸਲ ਕਰ ਲੈਂਦਾ ਹੈ, ਵਥੁ=ਚੀਜ਼,
ਘਰਿ ਘਰਿ=ਹਰੇਕ ਘਰ ਵਿਚ, ਗੁਝੀ=ਲੁਕੀ, ਮੁਲੰਮਾ ਪਾਜੁ=ਵਿਖਾਵਾ,
ਪਾਰਸਿ=ਪਾਰਸ ਨਾਲ, ਸੁਵਰਨੁ=ਸੋਨਾ, ਧਣੀ=ਮਾਲਕ)

17. ਸਤਿਗੁਰ ਵਿਚਿ ਵਡੀ ਵਡਿਆਈ

ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥
ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥1॥303॥

(ਵਡਿਆਈ=ਗੁਣ, ਅਨਦਿਨੁ=ਹਰ ਰੋਜ਼, ਰਮਤ=ਸਿਮਰਨਾ, ਤਾਣੁ=ਬਲ,
ਦੀਬਾਣੁ=ਆਸਰਾ, ਰਖ=ਰੱਖਿਆ, ਗੁਰ ਮੂਰਤਿ=ਗੁਰੂ ਦਾ ਇਹ ਸਰੂਪ,
ਮਾਰ=ਸਜ਼ਾ, ਤਸਕਰੁ=ਚੋਰ, ਗਲਾਵੈ=ਗਲ ਦੀ ਰੱਸੀ)

18. ਪੂਰੇ ਗੁਰ ਕਾ ਹੁਕਮੁ ਨ ਮੰਨੈ

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥
ਓਹੁ ਘਰਿ ਘਰਿ ਹੰਢੈ ਜਿਉ ਰੰਨ ਦੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥2॥303॥

(ਬਿਖੁ=ਜ਼ਹਿਰ, ਅਣਹੋਦੇ=ਜਿਨ੍ਹਾਂ ਦੀ ਕੋਈ ਹੋਂਦ ਨਹੀਂ,ਨਿਕੰਮੇ, ਦਯੁ=ਖਸਮ,
ਦਯਿ=ਖਸਮ ਨੇ, ਗਲਿ=ਗਲ ਵਿਚ, ਗਲ ਫਰੋਸੀ=ਗੱਲਾਂ ਵੇਚਣੀਆਂ,ਗੱਲਾਂ ਦੀ
ਖੱਟੀ ਖਾਣੀ, ਲਛਣੁ=ਕਲੰਕ, ਅਲਿਪਤੋ=ਵੱਖਰਾ,ਨਿਰਾਲਾ, ਪਾਸੁ=ਪਾਸਾ,ਸਾਥ,
ਗੋਪੇ=ਨਿੰਦਾ ਕਰਦਾ ਹੈ, ਓਨਿ=ਉਸ ਨੇ, ਲਾਹਾ=ਖੱਟੀ, ਆਗਮੁ=ਸ਼ਾਸਤ੍ਰ,
ਨਿਗਮੁ=ਵੇਦ, ਉਪਰਿ ਆਇਆ=ਪ੍ਰਮਾਣਿਕ ਹੈ, ਹਥਿ ਨ ਆਵੈ=
ਨਹੀਂ ਮਿਲਦਾ)

19. ਹਰਿ ਪ੍ਰਭ ਕਾ ਸਭੁ ਖੇਤੁ ਹੈ

ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥1॥304॥

(ਕਿਰਸਾਣੀ=ਵਾਹੀ, ਬਖਸਿ=ਬਖ਼ਸ਼ ਕੇ,ਮਿਹਰ ਕਰ ਕੇ, ਜਮਾਈਅਨੁ=
ਉਗਾ ਦਿੱਤੀ ਹੈ ਉਸ ਨੇ, ਸਭੁ ਕੋ=ਹਰੇਕ ਜੀਵ, ਭਾਵੈ=ਚੰਗਾ ਲੱਗੇ,
ਕਿਰਸ=ਫ਼ਸਲ,ਖੇਤੀ, ਕੁਰਕਦਾ=ਟੁੱਕਦਾ,ਕੁਤਰਦਾ, ਕਿਰਸਾਣੀ=ਫ਼ਸਲ,
ਭਾਉ ਕਰਿ=ਪ੍ਰੇਮ ਕਰ ਕੇ,ਫੱਬ ਕੇ)

20. ਸਾਰਾ ਦਿਨੁ ਲਾਲਚਿ ਅਟਿਆ

ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥
ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥2॥304॥

(ਲਾਲਚਿ=ਲਾਲਚ ਵਿਚ, ਅਟਿਆ=ਅੱਟਿਆ,ਲਿਬੜਿਆ
ਹੋਇਆ, ਊਘੈ=ਨੀਂਦਰ ਵਿਚ, ਸੋਤ=ਇੰਦਰੇ, ਸਿਰਿ=ਸਿਰ
ਉਤੇ, ਜੋਰਾ=ਇਸਤ੍ਰੀਆਂ, ਅਮਰੁ=ਹੁਕਮ, ਭਲਾ=ਚੰਗੀਆਂ
ਚੀਜ਼ਾਂ, ਅਮੇਧ=ਮਤਿ-ਹੀਨ, ਖਲ=ਮੂਰਖ, ਕੁਸੁਧ=ਖੋਟੇ,
ਆਖਿਐ=ਆਖੇ ਅਨੁਸਾਰ, ਭਲ ਭਲਾ=ਭਲਿਆਂ ਤੋਂ ਭਲਾ,
ਉਪਾਇਅਨੁ=ਉਪਾਏ ਉਸ ਨੇ, ਸਭਿ ਖੇਲ=ਸਾਰੇ ਕੌਤਕ,
ਖਿਲਾ=ਖੇਡੇ ਹਨ)

21. ਸਤਿਗੁਰ ਕੀ ਸੇਵਾ ਨਿਰਮਲੀ

ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥1॥305॥

(ਸਤਿਗੁਰ ਕੀ ਸੇਵਾ=ਗੁਰੂ ਦਾ ਦੱਸਿਆ ਹੋਇਆ ਰਸਤਾ, ਜਜਮਾਲੇ=ਜਜ਼ਾਮੀ,ਕੋੜ੍ਹੇ,
ਸਚਿਆਰ=ਸੱਚ ਦੇ ਵਪਾਰੀ, ਭਲੇਰੇ=ਮੰਦੇ,ਭਰਿਸ਼ਟੇ ਹੋਏ, ਦਯਿ=ਖਸਮ ਵਲੋਂ,
ਵੇਰਾਈਅਨਿ=ਵਿਰਚਾਏ ਜਾ ਸਕਦੇ ਹਨ, ਬੇਤਾਲ=ਬੇਥਵ੍ਹੇ,ਭੂਤ, ਥਾਇ=ਥਾਂ ਸਿਰ,
ਵਥੁ=ਚੀਜ਼, ਨਾਲੇ=ਅਤੇ, ਇਕਿ=ਕਈ ਜੀਵ, ਠਗਵਾਲੇ=ਠੱਗੀ ਕਰਨ ਵਾਲੇ)

22. ਜਿਨਾ ਅੰਦਰਿ ਨਾਮੁ ਨਿਧਾਨੁ

ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥
ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥2॥305॥

(ਨਿਧਾਨੁ=ਖ਼ਜ਼ਾਨਾ, ਦਯਿ=ਖ਼ਸਮ ਨੇ, ਰਾਸਿ ਆਦੇ=ਸਿਰੇ ਚਾੜ੍ਹ ਦਿੱਤੇ,
ਅੰਗੁ ਕਰਿ=ਪੱਖ ਕਰ ਕੇ, ਰਹਰਾਸਿ=ਬੇਨਤੀ,ਅਰਦਾਸ, ਗੁਰਿ ਪੂਰੈ=
ਪੂਰੇ ਗੁਰੂ ਦੀ ਰਾਹੀਂ, ਨਿਹਚਲੁ=ਅਟੱਲ,ਨਾ ਮੁੱਕਣ ਵਾਲਾ, ਚੜੈ
ਸਵਾਇਆ=ਵਧਦਾ ਜਾਂਦਾ ਹੈ, ਦੇਖਿ ਨ ਸਕੈ=ਵੇਖ ਕੇ ਸਹਾਰ ਨਹੀਂ
ਸਕਦਾ, ਕਰਤੈ=ਕਰਤਾਰ ਨੇ, ਪਚਾਇਆ=ਸਾੜਿਆ ਹੈ)

23. ਅਗੋ ਦੇ ਸਤ ਭਾਉ ਨ ਦਿਚੈ

ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥1॥305॥

(ਅਗੋ ਦੇ=ਪਹਿਲਾਂ, ਸਤ ਭਾਉ=ਆਦਰ,ਨੇਕ-ਭਾਵ, ਅਧ ਵਿਚਿ=
ਦੁਚਿੱਤਾ-ਪਨ ਵਿਚ, ਕੂੜੀ=ਝੂਠ ਮੂਠ ਹੀ,ਲੋਕਾਚਾਰੀ ਹੀ, ਦਿਚੈ=
ਦਿੱਤਾ ਜਾਏ, ਪਿਛੋਦੇ=ਸਮਾ ਵਿਹਾ ਜਾਣ ਤੇ,ਅਪਿਉ=ਅੰਮ੍ਰਿਤ,
ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਕੇਰਾ=ਦਾ, ਭਰਮੁ=
ਭਟਕਣਾ, ਅਨੰਦਿ=ਅਨੰਦ ਵਿਚ)

24. ਗੁਰ ਸਤਿਗੁਰ ਕਾ ਜੋ ਸਿਖੁ ਅਖਾਏ

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥306॥

(ਭਲਕੇ=ਨਿੱਤ ਸਵੇਰੇ, ਅੰਮ੍ਰਿਤਸਰਿ=ਨਾਮ-ਰੂਪ ਅੰਮ੍ਰਿਤ ਦੇ ਸਰੋਵਰ ਵਿਚ,
ਉਪਦੇਸਿ=ਉਪਦੇਸ਼ ਦੀ ਰਾਹੀਂ, ਕਿਲਵਿਖ=ਪਾਪ, ਸਾਸਿ=ਸਾਹ ਦੇ ਨਾਲ,
ਗਿਰਾਸਿ=ਗਿਰਾਹੀ ਦੇ ਨਾਲ, ਸਾਸਿ ਗਿਰਾਸਿ=ਹਰ ਦਮ, ਅਵਰਹ=ਹੋਰਨਾਂ ਨੂੰ)

25. ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ

ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀਂ ਫਿਰਿ ਆਣਿ ਘਰਿ ਪਾਇਆ ॥
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥1॥306॥

(ਖਿਧੋਲੜਾ=ਜੁੱਲਾ, ਗੂਹ=ਗੰਦ, ਸਗਵੀ=ਸਗੋਂ ਵਧੇਰੀ, ਤੜ=
ਤੜੱਕ,ਤੁਰਤ, ਸਭਤੁ=ਸਭ ਥਾਂ, ਸਣੈ=ਸਮੇਤ, ਨਫਰ=ਨੌਕਰ,
ਪਉਲੀ ਪਉਦੀ=ਜੁੱਤੀਆਂ ਪੈਂਦਿਆਂ, ਫਾਵਾ=ਬਉਰਾ,ਪਾਗਲ,
ਭਤੀਜੀਂ=ਭਤੀਜਿਆਂ ਨੇ, ਆਣਿ=ਲਿਆ ਕੇ, ਬਹਿ=ਬੈਠ ਕੇ,
ਗੁਹ ਨਾਲ, ਪਚਾਇਆ=ਖ਼ੁਆਰ ਕੀਤਾ, ਅਖਰੁ=ਬਚਨ,ਨਿਆਂ
ਦਾ ਬਚਨ, ਤਿਨਿ=ਉਸ ਪ੍ਰਭੂ ਨੇ)

26. ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ

ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥2॥306॥

(ਨੰਗਾ ਭੁਖਾ=ਕੰਗਾਲ, ਵਥੁ=ਚੀਜ਼, ਹਥਿ ਆਵੈ=ਹੱਥ ਵਿਚ ਆਉਂਦੀ ਹੈ,ਮਿਲਦੀ ਹੈ)

27. ਅੰਤਰਿ ਹਰਿ ਗੁਰੂ ਧਿਆਇਦਾ

ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲ?ਕਾਈ ॥
ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥
ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥1॥307॥

(ਤੁਸਿ=ਤ੍ਰੁੱਠ ਕੇ, ਪੂਰੈ=ਪੂਰੇ ਪ੍ਰਭੂ ਨੇ, ਝਖਿ ਝਖਿ=ਖਪ ਖਪ ਕੇ,
ਲੁਕਾਈ=ਸ੍ਰਿਸ਼ਟੀ, ਕਰਤੈ=ਕਰਤੇ ਨੇ, ਚੜੈ ਸਵਾਈ=ਵਧਦੀ ਹੈ,
ਤਿਨਿ=ਉਸ ਪ੍ਰਭੂ ਨੇ, ਆਣਿ=ਲਿਆ ਕੇ, ਸਭ=ਸਾਰੀ ਲੁਕਾਈ)

28. ਸਤਿਗੁਰ ਸੇਤੀ ਗਣਤ ਜਿ ਰਖੈ

ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥2॥307॥

(ਗਣਤ=ਕਿੜ,ਵੈਰ, ਝਹੀਆ ਪਾਏ=ਕਚੀਚੀਆਂ ਵੱਟਦਾ ਹੈ, ਝਗੂ ਸੁਟੇ=
ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ, ਉਪਾਵ=ਵਿਓਂਤਾਂ, ਕਾਰਣਿ=ਵਾਸਤੇ,
ਸਹਸਾ=ਤੌਖ਼ਲਾ, ਸਿਰਿ=ਸਿਰ ਤੇ, ਅਗੈ ਪਿਛੈ=ਪਰਲੋਕ ਵਿਚ ਤੇ ਇਸ
ਲੋਕ ਵਿਚ, ਮੁਹਿ=ਮੂੰਹ ਵਿਚ, ਅੰਬੁ=ਮਿਠਾਸ, ਖੇਹੂ ਸੇਤੀ=ਸੁਆਹ ਨਾਲ)

29. ਧੁਰਿ ਮਾਰੇ ਪੂਰੈ ਸਤਿਗੁਰੂ

ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥1॥307॥

(ਧੁਰਿ=ਧੁਰ ਤੋਂ, ਸਤਿਗੁਰਿ=ਗੁਰੂ ਨੇ, ਜੰਦਾਰ=ਅਵੈੜਾ, ਫਿਟਕੇ=
ਫਿਟਕਾਰ ਪਾਈ, ਸੇ ਫਿਟੇ=ਉਹ ਫਿੱਟੇ ਹੋਏ ਅੰਹਕਾਰੀ, ਸਭਿ=ਸਾਰੇ,
ਖੜਿ=ਖੜ ਕੇ,ਲੈ ਜਾ ਕੇ, ਉਰ=ਹਿਰਦਾ, ਲਿਲਾਰੇ=ਮੱਥੇ ਤੇ)

30. ਜਿਨ ਕਉ ਆਪਿ ਦੇਇ ਵਡਿਆਈ

ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥
ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥2॥308॥

(ਆਪਣੈ ਜੋਰਿ=ਆਪਣੇ ਬਲ ਨਾਲ, ਮੁਹ ਕਾਲੇ ਕਰਾਏ=ਸ਼ਰਮਿੰਦਗੀ ਦੇਂਦਾ ਹੈ,
ਚੜੈ ਸਵਾਈ=ਵਧਦੀ ਹੈ, ਕੀਰਤਿ=ਸੋਭਾ,ਵਡਿਆਈ, ਭਗਤਿ=ਬੰਦਗੀ, ਸੰਸਾਰਿ=
ਸੰਸਾਰ ਵਿਚ, ਸਭਤੁ=ਹਰ ਥਾਂ, ਪੈਜ=ਲਾਜ)

31. ਜਿਸੁ ਅੰਦਰਿ ਤਾਤਿ ਪਰਾਈ ਹੋਵੈ

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥
ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥
ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥
ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥1॥308॥

(ਤਾਤਿ=ਈਰਖਾ, ਵਜੈ=ਵੱਜੈ,ਮਸ਼ਹੂਰ ਹੋ ਜਾਂਦਾ ਹੈ, ਅਣਹੋਦੀ=ਝੂਠੀ,
ਜਿਸ ਦੀ ਅਸਲੀਅਤ ਨਹੀਂ ਹੈ, ਤਪਾਵਸੁ=ਨਿਆਂ,ਨਿਬੇੜਾ, ਵਿਸੁ=ਜ਼ਹਿਰ)

32. ਹੋਦੈ ਪਰਤਖਿ ਗੁਰੂ ਜੋ ਵਿਛੁੜੇ

ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥
ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥
ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥
ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥
ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥
ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥
ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥
ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥
ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥
ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥2॥308॥

(ਹੋਦੈ=ਹੁੰਦਿਆਂ, ਦਰਿ=ਪ੍ਰਭੂ ਦੇ ਦਰ ਤੇ, ਢੋਈ=ਆਸਰਾ, ਫਿਕੇ=
ਭਰਿਸ਼ਟੇ ਹੋਏ, ਸਤਿਗੁਰਿ=ਗੁਰੂ ਵਲੋਂ, ਫਿਟਕੇ=ਫਿਟਕਾਰੇ ਹੋਏ,
ਵਿਛੜੇ ਹੋਏ, ਭੰਭਲਭੂਸੇ=ਡੱਕੋ-ਡੋਲੇ, ਗੋਪਿਆ=ਨਿੰਦਾ ਕੀਤੀ ਹੈ,
ਢਹਾ=ਢਾਹਾਂ, ਭੁਖ=ਤ੍ਰਿਸ਼ਨਾ, ਹਉਲਿ=ਹਉਲ ਵਿਚ,ਧੁੜਕੂ ਵਿਚ,
ਹਉਲੇ=ਹਉਲ ਵਿਚ ਹੀ, ਅਗੈ=ਅੱਗੇ, ਪਰਲੋਕ ਵਿਚ, ਸਤਿਗੁਰਿ=
ਗੁਰੂ ਵਲੋਂ, ਪਤਿ=ਇੱਜ਼ਤ, ਫਿਟਕੇ=ਫਿਟਕਾਰੇ ਹੋਏ, ਜਿ=ਜੇਹੜਾ
ਮਨੁੱਖ, ਉਠਾਹੀ=ਚਮੋੜ ਦੇਂਦੇ ਹਨ)

33. ਜਿ ਹੋਂਦੈ ਗੁਰੂ ਬਹਿ ਟਿਕਿਆ

ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥
ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥
ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥
ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥3॥309॥

34. ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥1॥309॥

(ਢੋਇਆ=ਪਾਇਆ ਗਿਆ, ਓਨਿ=ਉਸ ਨੇ, ਹਲਤੁ=ਇਹ ਲੋਕ,
ਪਲਤੁ=ਪਰਲੋਕ, ਖੋਇਆ=ਗਵਾ ਲਿਆ, ਪ੍ਰਭਿ=ਪ੍ਰਭੂ ਨੇ, ਸੰਦਾ=
ਦਾ,ਤਿਦੂ=ਤਿਸ ਪ੍ਰਭੂ ਤੋਂ)

35. ਵਡਭਾਗੀਆ ਸੋਹਾਗਣੀ

ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥
ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥2॥309॥

(ਅੰਤਰ=ਅੰਦਰਲੀ, ਨਾਮਿ=ਨਾਮ ਵਿਚ)

36. ਸਭਿ ਰਸ ਤਿਨ ਕੈ ਰਿਦੈ ਹਹਿ

ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥
ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥1॥310॥

(ਸਰੇਵਿਆ=ਸਿਮਰਿਆ, ਧੁਰਿ=ਮੁਢ ਤੋਂ, ਆਹਿ=ਹੈ, ਪੈਨਾਈਅਹਿ=
ਮੰਨੇ ਜਾਂਦੇ ਹਨ,ਉਹਨਾਂ ਨੂੰ ਸਿਰੋਪਾ ਦਿੱਤਾ ਜਾਂਦਾ ਹੈ, ਵੁਠਾ=ਵੁੱਠਾ,
ਵੱਸਿਆ, ਤਿਨ ਪਿਛੈ=ਉਹਨਾਂ ਦੇ ਪੂਰਨਿਆਂ ਤੇ)

37. ਸਾ ਧਰਤੀ ਭਈ ਹਰੀਆਵਲੀ

ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥2॥310॥

(ਧੰਨ=ਮੁਬਾਰਿਕ,ਭਾਗਾਂ ਵਾਲਾ, ਜਨਨੀ=ਮਾਂ, ਮਾਇ=ਹੇ ਮਾਂ, ਪਾਇ=ਪੈਰ)

38. ਕਰਿ ਕਿਰਪਾ ਸਤਿਗੁਰੁ ਮੇਲਿਓਨੁ

ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥1॥310॥

(ਮੇਲਿਓਨੁ=ਮਿਲਾਇਆ ਹੈ ਉਸ ਪ੍ਰਭੂ ਨੇ, ਮੁਖਿ=ਮੂੰਹ ਨਾਲ, ਘਰੀ=
ਹਿਰਦੇ ਵਿਚ, ਹਲਤਿ=ਇਸ ਲੋਕ ਵਿਚ, ਪਲਤਿ=ਪਰਲੋਕ ਵਿਚ)

39. ਗੁਰਸਿਖਾ ਕੈ ਮਨਿ ਭਾਵਦੀ

ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥2॥310॥

(ਤਾਣੁ=ਤਾਕਤ, ਦੀਬਾਣੁ=ਆਸਰਾ, ਤਿਨਿ=ਉਸ ਪ੍ਰਭੂ ਨੇ, ਆਣਿ=
ਲਿਆ ਕੇ, ਧੂੜਿ ਤਿਨ=ਉਹਨਾਂ ਦੇ ਚਰਨਾਂ ਦੀ ਧੂੜ)

40. ਜਿਨਾ ਅੰਦਰਿ ਉਮਰਥਲ

ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥
ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥
ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥
ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥
ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥
ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥1॥311॥

(ਉਮਰਥਲ=ਗੱਦਹੁਧਾਣਾ,ਅੰਦਰ ਦਾ ਫੋੜਾ, ਸੂਲੀ=ਤ੍ਰਿੱਖੀ ਪੀੜ,
ਬਿਰਹੁ=ਵਿਛੋੜੇ ਤੋਂ ਉਪਜਿਆ ਪਿਆਰ, ਤਲ=ਚਰਨਾਂ ਦੇ ਹੇਠ,
ਚਲੂਲਾ=ਗੂੜ੍ਹਾ, ਰੰਗਿ ਚਲੂਲੈ=ਗੂੜ੍ਹੇ ਰੰਗ ਵਿਚ, ਭਿਨੀ=ਭਿੱਜੀ ਹੋਈ)

41. ਅਉਗਣੀ ਭਰਿਆ ਸਰੀਰੁ ਹੈ

ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥
ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥
ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥
ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥2॥311॥

(ਵੇਹਾਝੀਅਹਿ=ਖਰੀਦੀਐ, ਵਣੰਜਿਆ=ਵਣਜਦੇ ਹਨ)

42. ਸਤਸੰਗਤਿ ਮਹਿ ਹਰਿ ਉਸਤਤਿ ਹੈ

ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥
ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥
ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥
ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥
ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥2॥311॥

43. ਸਾਕਤ ਜਾਇ ਨਿਵਹਿ ਗੁਰ ਆਗੈ

ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥
ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥
ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥
ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥
ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥
ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥1॥312॥

(ਸਾਕਤ=ਰੱਬ ਨਾਲੋਂ ਟੁਟੇ ਹੋਏ ਬੰਦੇ, ਲਧੋਵਾਰੇ=ਲਾਧ-ਪਰਖ ਦੇ ਵੇਲੇ,
ਜਦੋਂ ਪਰਖ ਕੀਤੀ ਜਾਂਦੀ ਹੈ)

44. ਸਤਿਗੁਰੁ ਪੁਰਖੁ ਅਗੰਮੁ ਹੈ

ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥
ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥
ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥
ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥2॥312॥

(ਅਗੰਮੁ=ਪਹੁੰਚ ਤੋਂ ਪਰੇ,ਖੜਗੁ=ਤਲਵਾਰ, ਸੰਜੋਉ=ਜ਼ਿਰਹ-ਬਕਤਰ,
ਜੰਗ ਵਿਚ ਸਰੀਰ ਦੀ ਰਾਖੀ ਵਾਸਤੇ ਪਾਈ ਹੋਈ ਲੋਹੇ ਦੀ ਪੁਸ਼ਾਕ)

45. ਕਿਆ ਸਵਣਾ ਕਿਆ ਜਾਗਣਾ

ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥1॥313॥

(ਵਾਹੁ ਵਾਹੁ=ਸਿਫ਼ਤਿ-ਸਾਲਾਹ, ਉਠਿ=ਉੱਠ ਕੇ,ਸੁਚੇਤ ਹੋ ਕੇ)

46. ਸਤਿਗੁਰੁ ਸੇਵੀਐ ਆਪਣਾ

ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥2॥313॥

47. ਮਨਮੁਖੁ ਪ੍ਰਾਣੀ ਮੁਗਧੁ ਹੈ

ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥
ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥1॥313॥

(ਮੁਗਧੁ=ਮੂਰਖ, ਮਨੂਆ=ਹੋਛਾ ਮਨ, ਜਨਮ ਮਰਣ ਦੁਖੁ=
ਜਨਮ ਤੋਂ ਮਰਨ ਤੱਕ ਦਾ ਦੁੱਖ,ਸਾਰੀ ਉਮਰ ਦਾ ਦੁਖ)

48. ਗੁਰੁ ਸਾਲਾਹੀ ਆਪਣਾ

ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥
ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥2॥313॥

(ਬਹੁ ਬਿਧਿ=ਕਈ ਤਰ੍ਹਾਂ, ਰੰਗਿ=ਪਿਆਰ ਵਿਚ, ਸੁਭਾਇ=
ਸੁਭਾਉ ਵਿਚ, ਸੇਤੀ=ਨਾਲ)

49. ਮੈ ਮਨੁ ਤਨੁ ਖੋਜਿ ਖੋਜੇਦਿਆ

ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥1॥313॥

(ਵਿਸਟੁ=ਵਿਚੋਲਾ, ਜਿਨਿ=ਜਿਸ ਗੁਰੂ ਨੇ)

50. ਇਹੁ ਮਨੂਆ ਦ੍ਰਿੜੁ ਕਰਿ ਰਖੀਐ

ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥
ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥1॥314॥

(ਦ੍ਰਿੜੁ=ਪੱਕਾ, ਗੁਰਮੁਖਿ=ਗੁਰੂ ਦੇ ਸਨਮੁਖ ਹੋ ਕੇ,ਮਰਣ
ਜੀਵਣ ਕੀ ਚਿੰਤਾ=ਸਾਰੀ ਉਮਰ ਦੀ ਚਿੰਤਾ)

51. ਤਪਾ ਨ ਹੋਵੈ ਅੰਦ੍ਰਹੁ ਲੋਭੀ

ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥
ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥
ਅੰਦਰਿ ਬਹੈ ਤਪਾ ਪਾਪ ਕਮਾਏ ॥
ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥
ਸੋ ਬੂਝੈ ਜੁ ਦਯਿ ਸਵਾਰਿਆ ॥1॥315॥

(ਜਜਮਾਲਿਆ=ਕੋਹੜੀ, ਅਗੋਦੇ=ਪਹਿਲਾਂ, ਸਤੈ ਦੀ=ਆਦਰ ਦੀ,
ਆਣਿ=ਲਿਆ ਕੇ, ਲੋਭਿ=ਲੋਭ ਵਿਚ, ਏਤੁ ਦੋਖੈ=ਇਸ ਐਬ ਦੇ
ਕਾਰਨ, ਦਯਿ=ਖਸਮ ਨੇ,ਕੰਕਰ=ਕਿੰਕਰ,ਦਾਸ,ਦੂਤ, ਖੜਿ=
ਲੈ ਜਾ ਕੇ)

52. ਹਰਿ ਭਗਤਾਂ ਹਰਿ ਆਰਾਧਿਆ

ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥2॥316॥

(ਬਖਸੀਅਨੁ=ਬਖ਼ਸ਼ੀ ਹੈ ਉਸ ਪ੍ਰਭੂ ਨੇ, ਬਹਾਲਿਅਨੁ=ਬਹਾਲੇ ਹਨ
ਉਸ ਪ੍ਰਭੂ ਨੇ, ਜੀਇ=ਹਿਰਦੇ ਵਿਚ, ਸਰਪਰ=ਜ਼ਰੂਰ)

53. ਮਨਮੁਖ ਮੂਲਹੁ ਭੁਲਿਆ

ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਯਾਰੁ ॥
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥1॥316॥

(ਮੂਲਹੁ=ਮੁੱਢ ਪਰਮਾਤਮਾ ਤੋਂ, ਸੁਧਿ=ਹੋਸ਼, ਹਿਰਿ ਲਈ=ਖੋਹ ਲਈ,
ਨ ਸੰਤੋਖੀਅਹਿ=ਰੱਜਦੇ ਨਹੀਂ, ਤਿਸਨਾ=ਲਾਲਚ, ਅੰਧਯਾਰੁ=ਹਨੇਰਾ)

54. ਜਿਨਾ ਅੰਦਰਿ ਦੂਜਾ ਭਾਉ ਹੈ

ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥
ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥2॥316॥

(ਧਾਤੁ=ਮਾਇਆ, ਲਿਵ=ਪ੍ਰਭੂ ਦਾ ਪਿਆਰ, ਪੋਤੈ=ਖ਼ਜ਼ਾਨੇ ਵਿਚ)

55. ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ

ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥
ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥
ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥
ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥2॥317॥

(ਸਾਰ=ਭੇਤ, ਨ ਜਾਪੈ=ਸਮਝਿਆ ਨਹੀਂ ਜਾ ਸਕਦਾ, ਥਾਇ ਪਾਵੈ=
ਕਬੂਲ ਕਰਦਾ ਹੈ, ਬ੍ਰਹਮੁ ਬੀਚਾਰੁ=ਰੱਬੀ ਵਿਚਾਰ)

56. ਅੰਧੇ ਚਾਨਣੁ ਤਾ ਥੀਐ

ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥
ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥
ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥
ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥2॥551॥

(ਥੀਐ=ਹੁੰਦਾ ਹੈ, ਰਜਾਇ=ਪ੍ਰਭੂ ਦੀ ਰਜ਼ਾ ਅਨੁਸਾਰ,
ਸਚਿ=ਸੱਚ ਵਿਚ)

57. ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ

ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥1॥552॥

(ਜੇਤੇ=ਜਿਤਨੇ ਭੀ, ਠਵਰ=ਆਸਰਾ, ਨਾ ਪਾਵਹੀ=ਨਹੀਂ ਲੱਭ ਸਕਦੇ)

  • ਮੁੱਖ ਪੰਨਾ : ਬਾਣੀ, ਗੁਰੂ ਰਾਮ ਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ