Sada Parivar Ate Meri Kavita : Surjit Patar

ਸਾਡਾ ਪਰਿਵਾਰ ਅਤੇ ਮੇਰੀ ਕਵਿਤਾ : ਸੁਰਜੀਤ ਪਾਤਰ

ਸਾਡੇ ਪਰਿਵਾਰ ਵਿਚ ਅੱਖਰਾਂ ਦਾ ਪ੍ਰਵੇਸ਼ ਮੇਰੇ ਪਿਤਾ ਜੀ ਗਿਆਨੀ ਹਰਭਜਨ ਸਿੰਘ ਹੋਰਾਂ ਨਾਲ ਹੋਇਆ ।ਇਹ ਅੱਖਰ ਸਿੱਖੀ ਦੇ ਰੰਗ ਵਿਚ ਗੂੜ੍ਹੇ ਰੰਗੇ ਹੋਏ ਸਨ ,ਗੁਰਬਾਣੀ ਪਾਠ ,ਕੀਰਤਨ ਤੇ ਸਿੱਖ ਇਤਿਹਾਸ ਤੋ ਲੈਦੇ ਹੋਏ ।ਮੇਰੇ ਚਾਚਾ ਜੀ ਦਾ ਬੇਟਾ ਦੀਦਾਰ ਸਿੰਘ ਪਰਦੇਸੀ ਕਹਿੰਦਾ ਹੁੰਦਾ :ਤਾਇਆ ਜੀ ਦੀ ਆਵਾਜ਼ ਭਾਰੀ ਸੀ , ਸਹਿਗਲ ਵਰਗੀ ।ਪਿਤਾ ਜੀ ਉਤੇ ਸਿੰਘ ਸਭਾ ਲਹਿਰ ਦਾ ਗੂੜ੍ਹਾ ਪ੍ਰਭਾਵ ਸੀ ।ਉਨ੍ਹਾਂ ਨੇ ਧੀਆਂ ਨੂੰ ਕਦੀ ਨੱਕ ਕੰਨ ਨਾ ਵਿੰਨ੍ਹਾਉਣ ਦਿਤੇ ,ਨਾ ਹੀ ਵੰਙਾਂ ਪਾਉਣ ਦਿੱਤੀਆਂ ।ਸਾਡੇ ਘਰ ਵਿਚ ਸਿਰਫ਼ ਧਾਰਮਿਕ ਕਿਤਾਬਾਂ ਹੀ ਸਨ ।ਮੈ ਛੋਟਾ ਜਿਹਾ ਸਾਂ ।ਰਾਤ ਦੇ ਰੋਟੀ ਟੁੱਕ ਤੋ ਹੋ ਕੇ ਸਾਰਾ ਟੱਬਰ ਦਲਾਨ ਵਿਚ ਬੈਠਾ ਸੀ ।ਚੱਕੀ ਦੇ ਕੋਲ ਪੀੜ੍ਹੀ ਉਤੇ ਪਿਤਾ ਜੀ ਬੈਠੇ ਸਨ ।ਮੈ ਜੀ ਨੂੰ ਕਿਹਾ :ਮੈਨੂੰ ਗੀਤ ਸੁਣਾਓ ,ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ।ਪਿਤਾ ਜੀ ਹੱਸ ਪਏ ਤੇ ਨੁਣ ਨੁਣ ਕਰਕੇ ਗੀਤ ਦੀ ਤਰਜ਼ ਗੁਣਗੁਣਾਉਦੇ ਰਹੇ ਪਰ ਗੀਤ ਦੇ ਬੋਲ ਉਨ੍ਹਾਂ ਨੇ ਲਬਾਂ ਤੇ ਨਾ ਲਿਆਂਦੇ ।

ਭੀੜੀ ਜਿਹੀ ਗਲੀ ਦੇ ਸਿਰੇ ਤੇ ਸਾਡਾ ਘਰ ਸੀ ਜਿੱਥੇ ਦੋ ਪਰਵਾਰ ਰਹਿੰਦੇ ਸਨ ਇਕ ਮੇਰੇ ਚਾਚੇ ਮੱਘਰ ਸਿੰਘ ਦਾ ਤੇ ਇਕ ਮੇਰੇ ਪਿਤਾ ਦਾ ।ਮੇਰਾ ਤੇ ਮੇਰੇ ਚਾਚਾ ਜੀ ਦਾ ਪੁੱਤਰ ਦੀਦਾਰ ਸਿੰਘ ਪਰਦੇਸੀ ਦਾ ਜਨਮ ਇਕ ਹੀ ਛੱਤ ਹੇਠ ਹੋਇਆ ।ਘਰਾਂ ਤੋ ਸਾਡੀ ਹਵੇਲੀ ਸੀ ਜਿੱਥੇ ਮੇਰੇ ਤਾਇਆ ਜੀ ਮੂਲ ਸਿੰਘ ਸੇਪੀ ਕਰਦੇ ਸਨ ।ਹਲ ਪੰਜਾਲੀਆਂ ਠੀਕ ਕਰਵਾਉਣ ਆਏ ਜੱਟ ਉਨ੍ਹਾਂ ਕੋਲ ਬੈਠੇ ਰਹਿੰਦੇ ।ਮੈ ਦੀਆਂ ਗੱਲਾਂ ਸੁਣਨ ਦਾ ਮਾਰਾ ਓਥੇ ਬੈਠਾ ਰਹਿੰਦਾ ।ਤਾਇਆ ਮੂਲ ਸਿੰਘ ਦੀ ਆਵਾਜ਼ ਇਹੋ ਜਿਹੀ ਸੀ ਜਿਵੇ ਸਖ਼ਤ ਲੱਕੜੀ ਵਾਲਾ ਰੁੱਖ ਬੋਲਦਾ ਹੋਵੇ ।

ਓਸੇ ਹਵੇਲੀ ਵਿਚ ਨਾਲ ਦੇ ਬਰਾਂਡੇ ਵਿਚ ਮੇਰੇ ਪਿਤਾ ਜੀ ਕੁਰਸੀਆਂ ਬਣਾਉਦੇ ।ਇਸੇ ਮਾਹੌਲ ਦੀ ਯਾਦ ਵਿਚੋ ਬੜੇ ਸਾਲਾਂ ਬਾਅਦ ਮੇਰੀ ਇਸ ਕਵਿਤਾ ਨੇ ਜਨਮ ਲਿਆ ।ਇਹ ਕਵਿਤਾ ਹੈ ਤਾਂ ਕੁਦਰਤ ਨੂੰ ਸਭਿਆਚਾਰ ਵਿਚ ਬਦਲਦੀ ਮਾਨਵਤਾ ਬਾਰੇ ,ਪਰ ਇਸ ਵਿਚ ਪ੍ਰਤੀਕ ਤਰਖਾਣ ਦਾ ਹੈ :

ਮੈ ਪੁੱਤਰ ਇਕ ਤਰਖਾਣ ਦਾ
ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣ ਜਾਣਦਾ

ਬੂਹੇ ਗੱਡ ਗਡੀਹਰੇ ਚਰਖੇ ਚਰਖੀਆਂ
ਰੱਥ ਡੋਲੀਆਂ ਗੁੱਟ ਮਧਾਣੀਆਂ ਤਖ਼ਤੀਆਂ

ਹਲ਼ ਪੰਜਾਲ਼ੀ ਚਊ ਸੁਹਾਗੇ ਪਟੜੀਆਂ
ਪਲੰਘ ਪੰਘੂੜੇ ਪੀੜ੍ਹੇ ਪੀੜ੍ਹੀਆਂ ਅਰਥੀਆਂ

ਕੁਰਸੀਆਂ ਤਖ਼ਤ ਤਪਾਈਆਂ ਮੰਜੇ ਮੰਜੀਆਂ
ਕਦੀ ਕਦੀ ਖੜਤਾਲਾਂ ਤੇ ਸਾਰੰਗੀਆਂ

ਹੁਣ ਇਹ ਕਰਦਾ ਕਰਦਾ ਬੁੱਢੜਾ ਹੋ ਗਿਆਂ
ਨਦੀ ਕਿਨਾਰੇ ਆਪ ਹੀ ਰੁੱਖੜਾ ਹੋ ਗਿਆਂ

ਹੁਣ ਮੇਰੇ ਖ਼ਾਬਾਂ ਵਿਚ ਆਉਦੇ ਰੁੱਖ ਨੇ
ਮੈਨੂੰ ਆਣ ਸੁਣਾਉਦੇ ਅਪਣੇ ਦੁੱਖ ਨੇ

ਇਹ ਕਰਵਤ ਫ਼ਰਨਾਹੀਆਂ ਆਰੇ ਆਰੀਆਂ
ਆਉਦੀਆਂ ਮੇਰੇ ਵੱਲ ਨੂੰ ਸ਼ੈਆਂ ਸਾਰੀਆਂ

ਹੁਣ ਇਕ ਦਿਨ ਮੈ ਆਖ਼ਰ ਸੂਲੀ ਘੜਾਂਗਾ
ਉਸ ਦੇ ਉਤੇ ਆਪ ਮਰਨ ਲਈ ਚੜ੍ਹਾਂਗਾ

ਰੁੱਖ ਆਖਣਗੇ ਨਾ ਮਾਰੋ ਇਸ ਦੀਨ ਨੂੰ
ਇਸ ਨੇ ਸਭ ਕੁਝ ਕੀਤਾ ਆਪਣੇ ਜੀਣ ਨੂੰ

ਕੋਈ ਹਰੀਆਂ ਥਾਂਵਾਂ ਦੇਖ ਲਿਟਾ ਦਿਓ
ਇਸ ਨੂੰ ਸਾਡੀਆਂ ਛਾਂਵਾਂ ਹੇਠ ਲਿਟਾ ਦਿਓ

ਪਿਤਾ ਜੀ ਹਵੇਲੀ ਵਿਚ ਪਿੰਡ ਦੀਆਂ ਬੱਚੀਆਂ ਨੂੰ ਗੁਰਮੁਖੀ ਵੀ ਪੜ੍ਹਾਂਉਦੇ ਸਨ ।ਮੈਨੂੰ ਕਈ ਵਾਰ ਐਸੀਆਂ ਸੁਆਣੀਆਂ ਮਿਲਦੀਆਂ ਹਨ ਜੋ ਮੈਨੂੰ ਦੱਸਦੀਆਂ ਕਿ ਅਸੀਂ ਗਿਆਨੀ ਜੀ ਕੋਲੋਂ ਪੰਜ ਗ੍ਰੰਥੀ ਦਾ ਪਾਠ ਕਰਨਾ ਸਿੱਖਿਆ, ਚਿੱਠੀ ਲਿਖਣੀ ਸਿੱਖੀ ।ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਮੈਂ ਵੀ ਕਦੀ ਕਦੀ ਪੜ੍ਹਨ ਆਈਆਂ ਕੁੜੀਆਂ ਦੀ ਕਤਾਰ ਵਿਚ ਜਾ ਬੈਠਦਾ ।ਪਿਤਾ ਜੀ ਬਹੁਤ ਸਖ਼ਤ ਸੁਭਾਅ ਦੇ ਅਧਿਆਪਕ ਸਨ।ਉਹ ਉਚਾਰਣ ਜਾਂ ਸ਼ਬਦ ਜੋੜਾਂ ਦੀ ਅਸ਼ੁੱਧਤਾ ਨੂੰ ਬਿਲਕੁਲ ਸਹਿਨ ਨਹੀਂ ਕਰਦੇ ਸਨ ।ਉਨ੍ਹਾਂ ਨੇ ਪਿੰਡ ਸੁਧਾਰ ਨਾਮ ਦਾ ਇਕ ਕਿਤਾਬਚਾ ਵੀ ਲਿਖਿਆ ਤੇ ਇਕ ਕਿੱਸਾ ਵੀ ਛਪਵਾਇਆ ਜਿਸ ਵਿਚ ਇਕ ਸਚਿਆਰੀ ਨੂੰਹ ਆਪਣੀ ਸੱਸ ਤੋਂ ਨਸਵਾਰ ਛੁਡਾਉਦੀ ਤੇ ਉਸ ਨੂੰ ਗੁਰਮੁਖੀ ਸਿਖਾਉਦੀ ਹੈ ।ਗੁਰਪੁਰਬਾਂ ਦੇ ਮੌਕੇ ਤੇ ਪਿਤਾ ਜੀ ਬਹੁਤ ਉਮਾਹ ਵਿਚ ਹੁੰਦੇ ।ਉਹ ਗੁਰਪੁਰਬਾਂ ਦੇ ਮੌਕੇ ਪੜ੍ਹਨ ਲਈ ਬੱਚਿਆਂ ਨੂੰ ਕਵਿਤਾਵਾਂ ਲੱਭ ਕੇ ਦਿੰਦੇ ਜਾਂ ਆਪ ਲਿਖ ਦਿੰਦੇ ।

ਪਰ ਅਜੇ ਮੈਂ ਦੂਜੀ ਵਿਚ ਹੀ ਪੜ੍ਹਦਾ ਸਾਂ ਕਿ ਉਹ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੀ ਪਹਿਲੀ ਮੁਸਾਫ਼ਰੀ ਤੇ ਜੰਜੀਬਾਰ (ਅਫ਼ਰੀਕਾ) ਚਲੇ ਗਏ ।ਓਥੋਂ ਉਹ ਸਾਨੂੰ ਉਹ ਬਹੁਤ ਸੁਹਣੇ ਤੇ ਬਰੀਕ ਅੱਖਰਾਂ ਵਾਲੀਆਂ ,ਗੁਰਬਾਣੀ ਦੇ ਮਹਾਵਾਕਾਂ ਨਾਲ ਜੜੀਆਂ ਚਿੱਠੀਆਂ ਲਿਖਦੇ ।ਕਦੀ ਕਦੀ ਉਨ੍ਹਾਂ ਚਿੱਠੀਆਂ ਵਿਚ ਉਨ੍ਹਾਂ ਦੀਆਂ ਆਪਣੀਆਂ ਲਿਖੀਆਂ ਕਾਵਿ ਸਤਰਾਂ ਵੀ ਹੁੰਦੀਆਂ ।ਮੈਨੂੰ ਉਨ੍ਹਾਂ ਦੀਆਂ ਇਹ ਦੋ ਸਤਰਾਂ ਅਜੇ ਵੀ ਯਾਦ ਹਨ :

ਮਾਓ ਜੀ ਦਾ ਮਜ਼ਦੂਰ ਸਦਾ ਕੇ
ਰਹਿੰਦਾ ਹਾਂ ਹੁਣ ਪੇਬਾ ਚਾਕੇ

ਮਾਓ ਜੀ ਸ਼ਾਇਦ ਉਨ੍ਹਾਂ ਦੇ ਠੇਕੇਦਾਰ ਦਾ ਨਾਮ ਸੀ ਤੇ ਉਹ ਪੇਬਾ ਚਾਕੇ ਨਾਮ ਦੇ ਕਿਸੇ ਸ਼ਹਿਰ ਵਿਚ ਕੰਮ ਕਰਦੇ ਸਨ।ਉਦੋ ਅਫ਼ਰੀਕਾ ਵਿਚ ਰੇਲਵੇ ਲਾਈਨਾਂ ਵਿਛ ਰਹੀਆਂ ਸਨ।ਚੌਥੀ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਉਨ੍ਹਾਂ ਨੇ ਆਪਣੀ ਇਕ ਚਿੱਠੀ ਵਿਚ ਮੈਨੂੰ ਆਪਣੀ ਲਿਖੀ ਹੋਈ ਚਾਰ ਸਤਰਾਂ ਦੀ ਇਕ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ ਮੌਕੇ ਤੇ ਪੜ੍ਹਨ ਲਈ ਭੇਜੀ ਜੋ ਮੈਂ ਯਾਦ ਕਰ ਲਈ ।ਪ੍ਰਬੰਧਕਾਂ ਨੇ ਮੈਨੂੰ ਮੇਜ਼ ਤੇ ਖੜਾ ਕਰ ਦਿੱਤਾ ਤੇ ਮੈਂ ਜੈਕਾਰਿਆਂ ਦੀ ਗੂੰਜ ਵਿਚ ਉਹ ਕਵਿਤਾ ਸੁਣਾਈ :

ਧੰਨ ਗੁਰੂ ਨਾਨਕ ਤੇਰੀ ਸਾਧ ਸੰਗਤ
ਕਲਾ ਚੜ੍ਹਦੀ ਤੇ ਦੂਣ ਸਵਾਈ ਹੋਵੇ

ਮੇਰੇ ਤਾਇਆ ਜੀ ਸ ਮੂਲ ਸਿੰਘ ਦੇ ਪੁੱਤਰ ਸੁਰੈਣ ਸਿਘ ਸੋਫ਼ੀ ਬਹੁਤ ਪ੍ਰਤਿਭਾਸ਼ੀਲ ਵਿਅਕਤੀ ਸਨ ।ਉਹ ਹਵੇਲੀ ਕੁਰਸੀਆਂ ਬਣਾਉਦੇ ਪਰ ਗੁਰਦੁਆਰੇ ਦੇ ਸਮਾਗਮਾਂ ਵਿਚ ਪੂਰੀ ਤਨਦੇਹੀ ਨਾਲ ਹਿੱਸਾ ਲੈਦੇ ।ਉਹ ਬਹੁਤ ਮਿੱਠਾ ਕੀਰਤਨ ਵੀ ਕਰਦੇ ਤੇ ਧਾਰਮਿਕ ਕਵਿਤਾਵਾਂ ਵੀ ਲਿਖਦੇ ਸਨ ।ਉਨ੍ਹੀਂ ਦਿਨੀਂ ਫਿਲਮੀ ਗੀਤਾਂ ਤੇ ਧਾਰਮਿਕ ਗੀਤ ਲਿਖਣ ਦਾ ਬਹੁਤ ਰਿਵਾਜ ਸੀ ਜਿਵੇਂ ਅਜੇ ਵੀ ਮਾਤਾ ਦੀਆਂ ਭੇਟਾਂ ਲਿਖੀਆਂ ਜਾਂਦੀਆਂ ਹਨ ।ਨਾਗਿਨ ਫਿਲਮ ਦੇ ਗੀਤ ਬਹੁਤ ਮਸ਼ਹੂਰ ਸਨ ,ਖ਼ਾਸ ਕਰਕੇ ਇਹ ਗੀਤ :

ਮਨ ਡੋਲੇ ਮੇਰਾ ਤਨ ਡੋਲੇ
ਮੇਰੇ ਦਿਲ ਕਾ ਗਇਆ ਕਰਾਰ ਰੇ
ਯੇ ਕੌਨ ਬਜਾਏ ਬਾਂਸੁਰੀਆ

ਭਾ ਜੀ ਸੁਰੈਣ ਸਿੰਘ ਸੋਫ਼ੀ ਹੋਰਾਂ ਨੇ ਇਸ ਤਰਜ਼ ਤੇ ਸ਼ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਬਹੁਤ ਵਧੀਆ ਗੀਤ ਲਿਖਿਆ :

ਧਰਤੀ ਡੋਲੇ ,ਅਸਮਾਂ ਡੋਲੇ
ਇਕ ਡੋਲੇ ਨ ਮੇਰੇ ਨਿਰੰਕਾਰ ਜੀ
ਬੈਠ ਕੇ ਤੱਤੀਆਂ ਤਵੀਆਂ ਤੇ

ਇਕ ਹੋਰ ਮਸ਼ਹੂਰ ਪੰਜਾਬੀ ਗੀਤ ਹੁੰਦਾ ਸੀ ਜਿਹੜਾ ਇਕ ਫਿਲਮੀ ਨਾਇਕ ਪਤੰਗ ਉਡਾਉਦਿਆਂ ਗਾਉਦਾ ਹੈ :

ਤੁਣਕਾ ਤੁਣਕਾ ਮਾਰ ਤੁਣਕਾ

ਮੇਰੀ ਪਤਲੀ ਪਤੰਗ
ਤੇਰਾ ਗੋਰਾ ਗੋਰਾ ਰੰਗ
ਡੋਲੇ ਹਵਾ ਸੰਗ ਅੰਗ ਅੰਗ ਗੁੱਡੀਏ ਨੀ
ਪੱਕੇ ਤੰਦਾਂ ਨੂੰ ਤੂੰ ਪਾ ਲਾ ਘੁੱਟ ਘੁੱਟ ਜੱਫੀਆਂ
ਨੀ ਆ ਜਾ ਨਾਲ ਬੱਦਲਾਂ ਦੇ ਉਡੀਏ
ਤੁਣਕਾ ਤੁਣਕਾ ਮਾਰ ਤੁਣਕਾ

ਕਮਾਲ ਦੀ ਮੁਹਾਰਤ ਨਾਲ ਭਾ ਜੀ ਨੇ ਇਸ ਤਰਜ਼ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਗੀਤ ਲਿਖਿਆ :

ਚੁਣ ਕੇ ਚੁਣ ਕੇ ਮਾਰ ਚੁਣ ਕੇ

ਪੁਤ ਆਪਣਾ ਪਿਆਸਾ
ਉਹਨੂੰ ਮੋੜ ਦਏ ਨਿਰਾਸਾ
ਐਡਾ ਹੌਸਲਾ ਏ ਮੇਰੇ ਕਰਤਾਰ ਦਾ
ਲਾੜੀ ਮੌਤ ਨੂੰ ਤੂੰ ਪਾ ਲਾ ਘੁੱਟ ਘੁੱਟ ਜੱਫੀਆਂ
ਨਾਲੇ ਮੁੱਖੜਾ ਤੂੰ ਚੁੰਮ ਲੈ ਜੁਝਾਰ ਦਾ

ਉਨ੍ਹਾਂ ਦੀ ਰੀਸੇ ਮੈਂ ਵੀ ਸਕੂਲ ਵਿਚ ਪੜ੍ਹਦਿਆਂ ਇਕ ਪੰਜਾਬੀ ਗੀਤ ਦੀ ਤਰਜ਼ ਤੇ ਗੀਤ ਦਾ ਇਕ ਮੁਖੜਾ ਲਿਖਿਆ ਸੀ।ਗੀਤ ਸੀ :

ਛਣ ਛਣ ਕਰਦੀ ਗਲੀ ਚੋਂ ਲੰਘਦੀ
ਜੀ ਮੇਰੇ ਸੱਜਣਾਂ ਦੀ ਡਾਚੀ ਬਦਾਮੀ ਰੰਗ ਦੀ

ਮੈਂ ਲਿਖਿਆ :

ਝਮ ਝਮ ਕਰਦਾ ਪਾਣੀ ਨੂੰ ਰੰਗਦਾ
ਜੀ ਮੇਰੇ ਸਤਿਗੁਰ ਦਾ ਮੰਦਰ ਸੁਨਹਿਰੀ ਰੰਗ ਦਾ

ਮੇਰੇ ਚਾਚਾ ਜੀ ਦਾ ਪੁੱਤਰ ਦੀਦਾਰ ਸੱਤਵੀ ਅੱਠਵੀ ਤੱਕ ਪਰਦੇਸੀ ਨਹੀਂ ਸੀ ਹੋਇਆ ।ਮੈਂ ਉਹਨੂੰ ਵੀ ਬਚਪਨ ਵਿਚ ਗਾਉਦਿਆਂ ਸੁਣਿਆ ।ਕੁਝ ਸਾਲਾਂ ਬਾਅਦ ਤਾਂ ਖ਼ੈਰ ਉਹ ਬਹੁਤ ਮਸ਼ਹੂਰ ਗਾਇਕ ਬਣ ਗਿਆ ਤੇ ਉਸ ਨੂੰ ਲੋਕ ਅਫ਼ਰੀਕਾ ਦਾ ਮੁਹੰਮਦ ਰਫ਼ੀ ਕਹਿਣ ਲੱਗੇ ।ਦੀਦਾਰ ਦਾ ਵੱਡਾ ਭਰਾ ਲਸ਼ਕਰ ਸਿੰਘ ਬੰਸਰੀ ਵਜਾਉਦਾ ਹੁੰਦਾ ਸੀ ਤੇ ਮੈਨੂੰ ਖੁਸ਼ੀ ਭਰੀ ਹੈਰਾਨੀ ਹੋਈ ਜਦੋਂ ਮੈਂ ਇਹ ਜਾਣਿਆ ਕਿ ਦੀਦਾਰ ਦਾ ਗਾਇਆ ਹੋਇਆ ਗੀਤ :

ਗੋਰੀਏ ਨੀ ਲੈ ਜਾ ਦਰਦ ਵੰਡਾ ਕੇ
ਕਿਹੜੇ ਹਨ੍ਹੇਰੇ ਵਿਚ ਛੁਪ ਗਈਓਂ ਨੀ
ਸਾਨੂੰ ਛਹੁ ਜਿਹਾ ਪਾ ਕੇ

ਸੋ ਸੰਗੀਤ ਤੇ ਕਵਿਤਾ ਵਰਗੀ ਰਹਿਮਤ ਕਿਸੇ ਨਾ ਕਿਸੇ ਰੂਪ ਵਿਚ ਮੈਥੋਂ ਪਹਿਲਾਂ ਵੀ ਮੇਰੇ ਪਰਵਾਰ ਉਤੇ ਮੌਜੂਦ ਸੀ ਜਿਸ ਨੇ ਮੇਰੇ ਕਵੀ ਬਣਨ ਵਿਚ ਹਿੱਸਾ ਪਾਇਆ ।

ਮੇਰੇ ਬੀ ਜੀ ਜਿਨ੍ਹਾਂ ਦੇ ਪੇਕਿਆਂ ਦਾ ਨਾਂ ਹਰ ਕੌਰ ਸੀ ਤੇ ਸਹੁਰਿਆਂ ਦਾ ਗੁਰਬਖ਼ਸ਼ ਕੌਰ ,ਉਨ੍ਹਾਂ ਨੂੰ ਮੈਂ ਕਦੀ ਕੋਈ ਗੀਤ ਗਾਉਦਿਆਂ ਨਹੀਂ ਸੀ ਸੁਣਿਆ ਪਰ ਉਨ੍ਹਾਂ ਦਾ ਚਿਹਰਾ ,ਉਨ੍ਹਾਂ ਦਾ ਵਜੂਦ ,ਉਨ੍ਹਾਂ ਦੀ ਉਦਾਸੀ ,ਉਨ੍ਹਾਂ ਦੀ ਸਹਿਨਸ਼ੀਲਤਾ ਮੇਰੇ ਲਈ ਕਵਿਤਾ ਸੀ।ਸੋ ਮੇਰੀ ਕਵਿਤਾ ਤੇ ਮੇਰੇ ਪਰਵਾਰ ਦਾ ਦੂਜਾ ਰਿਸ਼ਤਾ ਇਹ ਹੈ ਕਿ ਮੇਰੀ ਕਵਿਤਾ ਦੇ ਤਾਣੇ ਬਾਣੇ ਵਿਚ ਮੇਰੀਆ ਪਰਿਵਾਰਕ ਯਾਦਾਂ ਬੁਣੀਆਂ ਹੋਈਆਂ ਹਨ ।ਪਰਵਾਰ ਦੇ ਸਾਰੇ ਜੀਆਂ ਦੇ ਝਉਲੇ ਹਨ ।ਮਾਤਾ ਪਿਤਾ ਭੈਣ ਭਰਾ ਪਤਨੀ ,ਸੰਤਾਨ ।ਇਹ ਠੀਕ ਹੈ ਕਿ ਮੇਰੀ ਕਵਿਤਾ ਵਿਚ ਹਰ ਥਾਂ ਮੇਰੀ ਮਾਂ ਮੇਰੀ ਮਾਂ ਨਹੀਂ ਹੈ ਪਰ ਫਿਰ ਵੀ ਬਹੁਤ ਕੁਝ ਹੈ ਜੋ ਅਸਲੀ ਵੇਰਵਿਆਂ ਨਾਲ ਹੂਬਹੂ ਨਹੀਂ ਤਾਂ ਕਾਫ਼ੀ ਹੱਦ ਤੱਕ ਮਿਲਦਾ ਹੈ ।ਜਦੋਂ ਆਪਣੇ ਬੀ ਜੀ ਬਾਰੇ ਸੋਚਦਾ ਹਾਂ ਤਾਂ ਮਮਤਾ ਤੇ ਕਰੁਣਾ ਨਾਲ ਭਰ ਜਾਂਦਾ ਹਾਂ ।ਚਾਰ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਸੀ ਉਹ ਜਦੋਂ ਪਿਤਾ ਜੀ ਪਰਦੇਸੀ ਹੋਏ ।ਦੋ ਧੀਆਂ ਵਿਆਹੀਆਂ ਤੇ ਦੋ ਕੁਆਰੀਆਂ ਸਨ ।ਪੁੱਤਰ ਅਜੇ ਛੋਟੇ ਛੋਟੇ ਸਨ ।ਮੈਂ ਅੱਠ ਸਾਲ ਦਾ ਸਾਂ ਤੇ ਉਪਕਾਰ ਚਾਰ ਸਾਲ ਦਾ ।ਮੈਂ ਪਿਤਾ ਜੀ ਨੂੰ ਵਿਦਾ ਹੁੰਦਿਆਂ ਦੇਖਿਆ ।ਆਪਣੀ ਮਾਂ ਦੀਆਂ ਸਿੱਲ੍ਹੀਆਂ ਅੱਖਾਂ ਦੇਖੀਆਂ।ਬਹੁਤ ਸਾਲਾਂ ਬਾਅਦ ਮੈ ਇਸ ਵਿਦਾ ਬਾਰੇ ਗੀਤ ਲਿਖਿਆ ਸੀ :

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ

ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ ਖੁਸ਼ੀਆਂ ਨੂੰ ਵੈਰ ਏ

ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
ਕੰਧਾਂ ਨਾਲੋਂ ਉਚੀਆਂ ਧਰੇਕਾਂ ਹੋਈਆਂ ਤੇਰੀਆਂ
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ

ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ

ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ

ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ਚ ਤਰੰਗਾ ਗਿਆ ਗੱਡਿਆ

ਝੁੱਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ

ਓਦੋਂ ਪਰਦੇਸ ਕੁਝ ਜ਼ਿਆਦਾ ਹੀ ਪਰਦੇਸ ਹੁੰਦਾ ਸੀ ।ਪਿਤਾ ਜੀ ਸਮੁੰਦਰੀ ਜਹਾਜ਼ ਤੇ ਜਾਂਦੇ ।ਲਗਭਗ ਦੋ ਹਫ਼ਤੇ ਸਮੁੰਦਰ ਵਿਚ ਹੀ ਲੱਗ ਜਾਂਦੇ ।ਕਈ ਦਿਨਾਂ ਬਾਅਦ ਪਹੁੰਚਣ ਦੀ ਚਿੱਠੀ ਆਉਦੀ ।

ਪਿਤਾ ਜੀ ਤਿੰਨ ਮੁਸਾਫ਼ਰੀਆਂ ਲਾ ਚੁੱਕੇ ਸਨ ।ਮੈਂ ਐਮ ਏ ਦੇ ਪਹਿਲੇ ਸਾਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਸਾਂ ।ਬੀ ਜੀ ਬਹੁਤ ਬੀਮਾਰ ਹੋ ਗਏ ।ਬਹੁਤ ਸਾਲ ਪਹਿਲਾਂ ਮੇਰੇ ਮਾਮਾ ਜੀ ਦੇ ਦੇਹਾਂਤ ਤੇ ਬੀ ਜੀ ਨੂੰ ਅਰਧੰਗ ਦਾ ਦੌਰਾ ਪਿਆ ਸੀ ।ਉਹ ਕਾਫ਼ੀ ਠੀਕ ਹੋ ਗਏ ਸਨ ਪਰ ਪੂਰੀ ਤਰਾਂ ਨਹੀਂ । ਇਸ ਵਾਰ ਉਨ੍ਹਾਂ ਦੀ ਬੀਮਾਰੀ ਆ ਕੇ ਗਈ ਹੀ ਨਹੀਂ।ਉਹ ਪਿਆਰੀ ਮਿੱਠਬੋਲੜੀ ਜਾਨ ,ਪਤੀ ਦੀ ਗੈਰਹਾਜ਼ਰੀ ਵਿਚ ਮਾਸੂਮ ਧੀਆਂ ਪੁੱਤਰਾਂ ਨੂੰ ਪਾਲਣ ਵਾਲੀ ,ਨੀਲੇ ਰੰਗ ਦੇ ਲਫ਼ਾਫ਼ਿਆਂ ਦੇ ਆਸਰੇ ਜੀਊੰਦੀ ,ਮੇਰੀ ਉਦਾਸ ਮਾਂ ਸਾਡੇ ਤੋਂ ਸਦਾ ਲਈ ਵਿਛੜ ਗਈ ।ਉਸਦਾ ਪਰਦੇਸੀ ਪਤੀ ਉਸ ਪਲ ਉਸ ਤੋਂ ਕੋਹਾਂ ਦੂਰ ਸਮੁੰਦਰੋਂ ਪਾਰ ਸੀ ।ਉਸ ਨੂੰ ਤਾਂ ਖ਼ਬਰ ਵੀ ਸੱਤ ਦਿਨਾਂ ਬਾਅਦ ਮਿਲੀ ਜਦੋਂ ਉਸ ਨੇ ਪਤਾ ਨਹੀਂ ਕੀ ਸੋਚਦਿਆਂ ਲਫਾਫ਼ਾ ਖੋਲ੍ਹਿਆ ਹੋਵੇਗਾ । ਉਸ ਨੂੰ ਕੀ ਪਤਾ ਸੀ ਇਸ ਚਿੱਠੀ ਵਿਚ ਕੀ ਹੈ ?ਤਦ ਤੱਕ ਤਾਂ ਫੁੱਲ ਵੀ ਪਏ ਜਾ ਚੁੱਕੇ ਸਨ ।

ਪਿਤਾ ਜੀ ਤੇ ਦੀਦਾਰ ਜਦੋਂ ਇਸ ਤੋਂ ਬਾਅਦ ਜਦੋਂ ਪਿੰਡ ਆਏ ਤਾਂ ਦੀਦਾਰ ਨੇ ਦੱਸਿਆ ਪਿੰਡ ਵੜਦਿਆਂ ਚਾਚਾ ਦੀ ਭੁੱਬ ਨਿਕਲ ਗਈ ।ਕਹਿਣ ਲੱਗੇ :ਉਸ ਦੇਵੀਆਂ ਜਿਹੀ ਔਰਤ ਨੂੰ ਕਿੰਨੇ ਦੁੱਖ ਦੇਖਣੇ ਪਏ ।ਮੈਂ ਉਹਦੀਆਂ ਆਖ਼ਰੀ ਘੜੀਆਂ ਵਿਚ ਉਹਦੇ ਕੋਲ ਨਹੀਂ ਸਾਂ ।

ਸ਼ਾਇਦ ਰੂਪ ਬਦਲ ਕੇ ਏਹੀ ਭਾਵ ਕਈ ਸਾਲਾਂ ਬਾਅਦ ਮੇਰੇ ਇਸ ਸ਼ੇਅਰ ਵਿਚ ਆਇਆ :

ਜੋ ਬਦੇਸਾਂ ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਅਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਦਸਵੀਂ ’ਚ ਪੜ੍ਹਦਿਆਂ ਮੇਰੀ ਮੰਗਣੀ ਹੋ ਗਈ ਸੀ ।ਐਮ ਏ ਕਰਦਿਆਂ ਮੈਂ ਵਿਆਹ ਤੋਂ ਇਨਕਾਰ ਕਰ ਦਿੱਤਾ ।ਮੇਰੇ ਪਿਤਾ ਜੀ ਮੈਨੂੰ ਪਟਿਆਲੇ ਮਨਾਉਣ ਆਏ ।ਉਹ ਮੈਨੂੰ ਕਹਿਣ ਲੱਗੇ :ਆਪਾਂ ਬਚਨ ਦਿੱਤਾ ਹੋਇਆ ਹੈ ,ਆਪਾਂ ਕਿਵੇਂ ਇਨਕਾਰ ਕਰ ਸਕਦੇ ਹਾਂ ? ਤੂੰ ਇਸ ਵੇਲੇ ਨਿਰਮੋਹੀ ਧਰਤੀ ਚੋਂ ਲੰਘ ਰਿਹਾ ਹੈਂ,ਜਿੱਥੇ ਸਰਵਣ ਨੇ ਆਪਣੇ ਮੋਢੇ ਤੋਂ ਵਹਿੰਗੀ ਲਾਹ ਦਿੱਤੀ ਸੀ ।ਮੈ ਪਿਤਾ ਜੀ ਦੇ ਮੂੰਹ ਤੇ ਨਾਂਹ ਨਹੀਂ ਕਰ ਸਕਦਾ ਸੀ ।ਮੈਂ ਹਾਂ ਕਹਿ ਦਿੱਤੀ ।ਉਹ ਚਲੇ ਗਏ ਤਾਂ ਆਪਣੇ ਇਨਕਾਰ ਦੀ ਲੰਮੀ ਚਿੱਠੀ ਲਿਖ ਕੇ ਪਿੰਡ ਪੋਸਟ ਕਰ ਦਿੱਤੀ ਤੇ ਫ਼ਰੀਦਕੋਟ ਪ੍ਰੋ ਪ੍ਰੇਮ ਪਾਲੀ ਕੋਲ ਚਲਾ ਗਿਆ ।ਉਹ ਪਲ ਮੇਰੇ ਲਈ ਮੁਕਤੀ ਦੇ ਵੀ ਸਨ ,ਗਹਿਰੇ ਦੁੱਖ ਦੇ ਵੀ ,ਗਹਿਰੇ ਗੁਨਾਹ ਦੇ ਅਹਿਸਾਸ ਦੇ ਵੀ ।ਜਿਸ ਰਾਤ ਮੈ ਜੀ ਨੂੰ ਇਨਕਾਰ ਦਾ ਖ਼ਤ ਲਿਖਿਆ ,ਉਸ ਰਾਤ ਹੀ ਮੈਂ ਇਹ ਕਵਿਤਾ ਲਿਖੀ ,ਜਿਸ ਦਾ ਨਾਮ ਸੀ ਨਹੀ । ਉਹ ਕਵਿਤਾ ਇਸ ਤਰਾਂ ਸੀ :

ਟਿਕੀ ਰਾਤ ਵਿਚ ਉਸ ਨੇ ਨਹੀਂ ਇਸ ਤਰਾਂ ਕਿਹਾ
ਕਿ ਕਬਰਾਂ ਤੇ ਸਿਵਿਆਂ ਚੋਂ
ਸਹਿਸਰਾਂ ਪਿਤਰ ਚਿੰਘਾੜ ਉਠੇ

ਪਤਵੰਤੇ ਪਿਤਾ ਦਾ ਸਿਰ ਕੰਬਿਆ
ਤੇ ਪਲਾਂ ਵਿਚ ਕਾਲੇ ਕੇਸ ਚਿੱਟੇ ਹੋ ਗਏ

ਪਾਵਨ ਕਿਤਾਬਾਂ ਦੇ ਅੱਖਰਾਂ ਹੇਠ ਫੁੱਲ ਦਿਸੇ
ਜਲ ਤੇ ਤਰਦੇ

ਮੋਈ ਮਾਂ ਤ੍ਰਭਕੀ

ਟਿਕੀ ਰਾਤ ਵਿਚ ਉਸ ਨੇ ਨਹੀਂ ਇਸਤਰਾਂ ਕਿਹਾ
ਕਿ ਤਾਰੇ
ਕਿੰਨੇ ਹੀ ਪਲ ਝਾਂਜਰਾਂ ਵਾਂਗ ਛਣਕਦੇ ਰਹੇ

ਮਿੱਟੀ ਚੋਂ ਸੂਹਾ ਗੁਲਾਬ ਉਗਿਆ

ਅਹੱਲਿਆ ਜਾਗ ਕੇ ਨ੍ਰਿਤ ਕਰਨ ਲੱਗੀ

ਰੁੱਖਾਂ ਤੋਂ ਸੈਆਂ ਪੱਤੇ ਝੜੇ
ਸਹਿਸਰਾਂ ਨਵੇਂ ਫੁੱਟੇ

ਬਹੁਤ ਕੁਝ ਟੁੱਟਣ ਦੀ ਆਵਾਜ਼ ਆਈ
ਬੇੜੀਆਂ, ਹੱਥਕੜੀਆਂ, ਜੇਲ੍ਹ ਦੀਆਂ ਕੰਧਾਂ
ਤੇ ਜ਼ੰਜੀਰਾਂ

ਕਿਸੇ ਦੀ ਭਿਆਨਕ ਚੀਕ ਸੁਣੀ
ਸ਼ਾਇਦ ਉਹ ਅੰਧਕਾਰ ਮਰ ਰਿਹਾ ਸੀ
ਜੋ ਸਦੀਆਂ ਤੋਂ ਬੀਮਾਰ ਸੀ

ਟਿਕੀ ਹੋਈ ਰਾਤ ਵਿਚ ਉਸ ਨੇ
ਨਹੀਂ ਇਸਤਰਾਂ ਕਿਹਾ
ਕਿ ਲੋਹੇ ਦੇ ਗੇਟ ਵਿਚੋਂ

ਹਜ਼ਾਰਾਂ ਬੱਚੇ ਹੱਸਦੇ ,ਸ਼ੋਰ ਮਚਾਉਦੇ ਬਾਹਰ ਆਏ

ਤੇ ਉਹ ਪੱਥਰ ਦੇ ਬਣੇ ਮਗਰਮੱਛ ਦੇ ਮੂੰਹ ਵਾਂਗ

ਖੁੱਲ੍ਹਾ ਰਹਿ ਗਿਆ

ਇਹ ਬੜਾ ਦੁਖਦਾਈ ਅਨੁਭਵ ਸੀ । ਘਰ ਦਿਆਂ ਤੋਂ ਰੂਪੋਸ਼ ਹੋਣ ਲਈ ਜਿਸ ਗੱਡੀ ਵਿਚ ਬੈਠ ਕੇ ਪਟਿਆਲਾ ਛੱਡਿਆ ਗੱਡੀ ਦੀ ਚੀਕ ਮੈਨੂੰ ਆਪਣੇ ਕਾਲਜੇ ਵਿਚੋ ਨਿਕਲਦੀ ਮਹਿਸੂਸ ਹੋਈ ।ਉਦੋਂ ਮਾਂ ਤਾਂ ਪਰਲੋਕ ਸਿਧਾਰ ਚੁੱਕੀ ਸੀ ।ਪਿਤਾ ਫਿਰ ਪਰਦੇਸ ਨੂੰ ਚਲੇ ਗਏ ।ਉਨ੍ਹਾਂ ਪਲਾਂ ਵਿਚ ਪਿਤਾ ਜੀ ਦੇ ਦਿਲ ਦਾ ਦੁੱਖ ਯਾਦ ਕਰ ਕੇ ਅਜੇ ਵੀ ਅੱਖਾਂ ਨਮ ਹੋ ਜਾਂਦੀਆਂ ਹਨ :

ਹਰ ਵਾਰੀ ਅਪਣੇ ਹੀ ਅੱਥਰੂ ਅੱਖੀਆਂ ਵਿਚ ਨਹੀਂ ਆਉਦੇ
ਕਦੀ ਕਦੀ ਸਾਡੇ ਪਿਤਰ ਰੋਦੇ ਸਾਡੀਆਂ ਅੱਖੀਆਂ ਥਾਂਣੀਂ

ਤੇ ਜੀ ਕਰਦਾ ਹੈ ਕਿ ਉਹ ਦਿਨ ਜੇ ਹੁਣ ਕਿਤੇ ਮਿਲੇ ,ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖ਼ਮੀ ਪਿੰਡੇ ਤੇ ਮਲ੍ਹਮ ਲਾ ਦੇਵਾਂ ਪਰ ਦਿਨ ਕੋਈ ਘਰੋ ਕੇ ਗਿਆ ਜੀਅ ਤਾਂ ਨਹੀ ਕਿ ਜਿਸ ਦੀ ਕਦੇ ਕਿਤੇ ਦੱਸ ਪਵੇ ,ਕਦੀ ਕਿਤੇ ਤੇ ਫਿਰ ਕਿਸੇ ਸ਼ਾਮ ਉਹ ਫਟੇ ਹਾਲ ਘਰ ਆ ਜਾਵੇ ਜਾਂ ਕਿਸੇ ਸਟੇਸ਼ਨ ਤੇ ਗੱਡੀ ਉਡੀਕਦਾ ਮਿਲ ਜਾਵੇ ।ਦਿਨ ਤਾਂ ਸਾਡੇ ਹੱਥੋਂ ਮੋਇਆਂ ਦੇ ਕਰਾਹੁੰਦੇ ਪ੍ਰੇਤ ਹਨ ਜਿਨ੍ਹਾਂ ਦੇ ਜ਼ਖ਼ਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ ।

ਮਾਤ ਪਿਤਾ ਨੂੰ ਸੀਨੇ ਲਾ ਕੇ ਠੰਢ ਪਾਵਣ ਦਾ ਜਿਸ ਦਿਨ ਆਇਆ ਚੇਤਾ
ਉਸ ਦਿਨ ਤੱਕ ਉਹ ਬਣ ਚੁੱਕੇ ਸਨ ,ਅਗਨੀ ਪਾਣੀ ਪੌਣ ਤੇ ਰੇਤਾ

ਐਮ ਐਸ ਸੀ ਕਰਕੇ ਮੇਰਾ ਛੋਟਾ ਵੀਰ ਉਪਕਾਰ ਵੀ ਪਿਤਾ ਜੀ ਕੋਲ ਅਫ਼ਰੀਕਾ ਚਲਾ ਗਿਆ ਤੇ ਕਨਿਆਟਾ ਯੂਨੀਵਰਸਿਟੀ ਵਿਚ ਫਿਜ਼ਿਕਸ ਪੜ੍ਹਾਉਣ ਲੱਗ ਪਿਆ ।ਪਿਤਾ ਜੀ ਇਕਿਆਸੀ ਸਾਲ ਦੀ ਉਮਰ ਵਿਚ ਮੇਰੇ ਕੋਲ ਲੁਧਿਆਣੇ ਆ ਗਏ ਤੇ ਆਪਣੀ ਉਮਰ ਦੇ ਆਖ਼ਰੀ ਦਸ ਸਾਲ ਏਥੇ ਗੁਜ਼ਾਰੇ ।ਉਨ੍ਹਾਂ ਨੂੰ ਜ਼ਿੰਦਗੀ ਭਰ ਗੁਰਮਤਿ ਤੋਂ ਸਿਵਾਇ ਕਿਸੇ ਹੋਰ ਸਾਹਿਤ ਵਿਚ ਦਿਲਚਸਪੀ ਨਹੀਂ ਰਹੀ ਸੀ ।ਹੁਣ ਤਾਂ ਉਹ ਹੋਰ ਵੀ ਨਿਰਲੇਪ ਹੋ ਗਏ ਸਨ ।ਹਰ ਵੇਲੇ ਹੌਲੀ ਹੌਲੀ ਪਾਠ ਕਰਦੇ ਰਹਿੰਦੇ ।ਕਦੀ ਕੋਈ ਉਨ੍ਹਾਂ ਕੋਲ ਮੇਰੀ ਕਵਿਤਾ ਦੀ ਗੱਲ ਕਰਦਾ ਤਾਂ ਉਹ ਹੱਥ ਜੋੜ ਕੇ ਕਹਿੰਦੇ :ਵਾਹਿਗੁਰੂ ਦੀ ਮਿਹਰ ।ਮੈਂ ਵੀ ਚਾਹੁੰਦਾ ਸਾਂ ਮੇਰੀ ਕਵਿਤਾ ਦੀ ਗੱਲ ਬੱਸ ਏਨੀ ਕੁ ਹੀ ਹੋਵੇ ।ਮੈਂ ਇਹ ਸੋਚ ਕੇ ਡਰ ਜਾਂਦਾ ਸਾਂ ਕਿ ਇਹੋ ਜਿਹੀ ਆਤਮਾ ਨੂੰ ਮੇਰੀ ਮਨਮੁਖ ਕਵਿਤਾ ਕਿਹੋ ਜਿਹੀ ਲੱਗੇਗੀ ।ਪਿਤਾ ਜੀ ਨੱਬੇ ਸਾਲ ਦੇ ਸਨ ਜਦੋਂ ñùùñ ਵਿਚ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ ।ਬੀ ਜੀ ਉਨ੍ਹਾਂ ਤੋ ਚੌਵੀ ਸਾਲ ਪਹਿਲਾਂ ñùö÷ ਵਿਚ ਗੁਜ਼ਰ ਗਏ ਸਨ ।ਉਹ ਕਦੀ ਕਦੀ ਕਹਿੰਦੇ ਰੱਬ ਨੇ ਮੈਨੂੰ ਏਨੀ ਲੰਮੀ ਉਮਰ ਦੇ ਦਿੱਤੀ ਤੇ ਤੁਹਾਡੀ ਬੀ ਜੀ ਨੂੰ ਏਨੀ ਥੋੜ੍ਹੀ ।ਇਕ ਵਾਰੀ ਇੰਗਲੈਡ ਤੋਂ ਦੀਦਾਰ ਭਾ ਜੀ ਆਏ ਤੇ ਪਿਤਾ ਜੀ ਨੂੰ ਪੁੱਛਣ ਲੱਗੇ :ਤਾਇਆ ਜੀ ਤੁਹਾਡਾ ਪਿੰਡ ਜਾਣ ਨੂੰ ਜੀ ਕਰਦਾ ?

ਉਹ ਕਹਿਣ ਲੱਗੇ : ਨਹੀਂ ਦੀਦਾਰ ,ਹੁਣ ਤਾਂ ਬੱਸ ਅਕਾਲ ਪੁਰਖ ਦੇ ਚਰਨਾਂ ਵਿਚ ਹੀ ਜਾਣ ਨੂੰ ਹੀ ਜੀ ਕਰਦਾ।ਉਨ੍ਹਾਂ ਦੇ ਇਸ ਅਹਿਸਾਸ ਤੋਂ ਹੀ ਪ੍ਰੇਰਿਤ ਸੀ ਮੇਰਾ ਗੀਤ -ਪਿਤਾ ਦੀ ਅਰਦਾਸ :

ਪ੍ਰਭੂ ਜੀ ,ਉਹ ਕਦ ਖੁੱਲ੍ਹਣਾਂ ਏ ਦੁਆਰਾ
ਜਿੱਥੇ ਸਾਜ਼ ਆਪੇ ਹਰ ਬੂਟਾ
ਆਪੇ ਵਾਵਨਹਾਰਾ

ਹੁਣ ਨਾ ਹੱਥਾਂ ਪਲੰਘ ਬਣਾਉਣੇ
ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ਤੇ ਪਾਉਣੇ
ਬਾਲਾਂ ਪਹਿਲੇ ਊੜੇ

ਹੁਣ ਤਾਂ ਅਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ

ਖੋਲ੍ਹ ਸਮੁੰਦਰ ਪੌਣ ਦੇ
ਮੇਰੇ ਸਾਹਾਂ ਦੇ ਲਈ ਬੂਹੇ
ਬੇਹੀ ਦੇਹੀ ਖ਼ਾਕ ਚ ਰਲ ਕੇ
ਫੁੱਲ ਖਿੜੇ ਬਣ ਸੂਹੇ

ਮੈਲਾ ਪਾਣੀ ਬਲ ਕੇ ਹੋਵੇ
ਕਣੀਆਂ ਵਾਂਗ ਕੁਆਰਾ

ਇਕ ਜੰਗਲ ਹੈ ਜਿਸ ਦੇ ਹਰ ਇਕ
ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ
ਇਕ ਬੂਟਾ ਜੀ ਪਰਤੀ

ਉਸ ਜੰਗਲ ਵਿਚ ਚਲਦਾ ਰਹਿੰਦਾ
ਸਾਰੀ ਰਾਤ ਕੁਹਾੜਾ

ਮੇਰਾ ਵਿਆਹ ਨੂੰ ਸਾਲ ਹੋ ਗਿਆ ਸੀ ਪਰ ਸਾਡੇ ਘਰ ਕੋਈ ਬੱਚਾ ਨਹੀਂ ਸੀ ।ਉਸ ਉਡੀਕ ਵਿਚ ਰਲੀ ਥੋੜ੍ਹੀ ਜਿਹੀ ਉਦਾਸੀ ਵਿਚੋਂ ਮੈਂ ਇਹ ਗੀਤ ਲਿਖਿਆ ਜੋ ਆਪਣੀ ਜੀਵਨ - ਸਾਥਣ ਭੁਪਿੰਦਰ ਨੂੰ ਸੰਬੋਧਿਤ ਹੈ :

ਕਦੋਂ ਗੁਲਾਬ ਖਿੜੇਗਾ ਅੜੀਏ ਟਹਿਣੀਏ
ਕਦ ਤੁਰਸੀ ਬ੍ਰਹਿਮੰਡ ਨੀ ਖੜੀਏ ਟਹਿਣੀਏ

ਨੀਰ ਗਏ ਪਥਰਾ ਨੀ ਚੁਪ ਚੁਪ ਰਹਿਣੀਏ
ਟੁੱਟਣਾ ਕਦੋਂ ਸਰਾਪ ਨੀ ਦੁਖੜੇ ਸਹਿਣੀਏ

ਪਿਤਰਾਂ ਕੋਲੇ ਜਾਹ ਵੇ ਮੇਰਿਆ ਰਾਜਿਆ
ਜਾ ਕੇ ਸੀਸ ਨਿਵਾ ਵੇ ਮੇਰਿਆ ਹਾਕਮਾ

ਚੰਨ ਤੋ ਡਿਗੇ ਗੁਲਾਬ ਸਮੁੰਦਰ ਆ ਟਿਕੇ
ਤਰਦਾ ਤਰਦਾ ਆਣ ਵੇ ਲੱਗੇ ਕੰਢੜੇ

ਫਿਰ ਲੂਆਂ ਵਿਚਕਾਰ ਤਰਦੀਆਂ ਪੱਤੀਆਂ
ਲੱਗਣ ਕੁੱਖ ਦੇ ਨਾਲ ਵੇ ਮਮਤਾ-ਮੱਤੀਆਂ

ਕੌਣ ਦਏ ਸਰਨਾਵਾਂ ਓਸ ਗੁਲਾਬ ਨੂੰ
ਕੌਣ ਲਭਾਵੇ ਥਾਂਵਾਂ ਵਿਚ ਹਨ੍ਹੇਰਿਆਂ

ਇਕ ਵਾਰੀ ਅਸੀਂ ਰੁੱਸੇ ਹੋਏ ਸਾਂ ।ਇਹ ਰੋ ਕੇ ਸੌਂ ਗਈ ਸੀ ਤੇ ਮੈਂ ਇਹਦੇ ਵੱਲ ਦੇਖ ਕੇ ਕਵਿਤਾ ਲਿਖ ਰਿਹਾ ਸਾਂ :

ਕਿਤੇ ਏਹੀ ਗੱਲ ਨ ਹੋਵੇ ਕਿਤੇ ਇਸਤਰਾਂ ਨ ਹੋਵੇ
ਤੇਰੇ ਚਿਹਰੇ ਉਤਲਾ ਨ੍ਹੇਰਾ ਮੇਰੀ ਛਾਂ ਨ ਹੋਵੇ

ਉਹ ਜੋ ਸੌਂ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ
ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁਥਾਂ ਨ ਹੋਵੇ

ਇਕ ਵਾਰ ਮੈਂ ਲਿਖਿਆ :

ਉਹ ਬਣਾਉਦੀ ਹੈ
ਕਿੰਨੀ ਰੀਝ ਨਾਲ
ਦਾਲਾਂ
ਸਬਜ਼ੀਆਂ
ਰੋਟੀਆਂ
ਰੋਜ਼ ਓਸੇ ਰੀਝ ਨਾਲ
ਜੂਠ ਨਾ ਛੱਡਿਓ
ਬੱਚਿਆਂ ਨੂੰ ਕਹਿੰਦੀ ਹੈ
ਥਾਲੀ ਸਾਫ਼ ਕਰ ਦਿਓ
ਕੁਝ ਨਾ ਬਚੇ ਥਾਲੀ ਵਿਚ

ਮੈਂ ਲਿਖਦਾ ਹਾਂ
ਕਵਿਤਾਵਾਂ
ਗੀਤ
ਗ਼ਜ਼ਲਾਂ
ਨਿਤ ਨਵੀਆਂ
ਸਾਂਭਦਾ ਹਾਂ
ਉਨ੍ਹਾਂ ਤੇ ਆਪਣਾ ਨਾਮ ਲਿਖਦਾ ਹਾਂ
ਯੁਗਾਂ ਯੁਗਾਂ ਤੱਕ ਬਚੀਆਂ ਰਹਿਣ
ਚਾਹੁੰਦਾ ਹਾਂ

ਉਹ ਬਣਾਉਂਦੀ ਹੈ ਨਾਸ਼ਵਾਨ ਚੀਜ਼ਾਂ
ਮੈਂ ਅਵਿਨਾਸ਼ੀ

ਮੈਂ ਕਿੰਨਾ ਹਉਮੈ ਗ੍ਰਸਿਆ ਹਾਂ
ਉਹ ਕਿੰਨੀ ਹਉਮੈ-ਹੀਣ

ਸਾਡੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਭੁਪਿੰਦਰ ਦੀ ਭੈਣ ਨੇ ਮੈਨੂੰ ਭੁਪਿੰਦਰ ਦੇ ਗਾਏ ਹੋਏ ਇਕ ਸ਼ਬਦ ਦੀ ਰਿਕਾਰਡਿੰਗ ਭੇਜੀ : ਮਿਹਰਬਾਨ ਮਿਹਰਬਾਨ ,ਸਾਹਿਬ ਮੇਰੇ ਮਿਹਰਬਾਨ ।ਮੈਨੂੰ ਭੁਪਿੰਦਰ ਦੀ ਆਵਾਜ਼ ਦਾ ਚਿਹਰਾ ਸੁਹਣਾ ਲੱਗਾ ।ਭੁਪਿੰਦਰ ਨੂੰ ਗਾਉਣ ਦਾ ਬਹੁਤ ਸ਼ੌਕ ਹੈ ।ਬਹੁਤ ਵਾਰ ਰਸੋਈ ਚ ਕੰਮ ਕਰਦਿਆਂ ਵੀ ਕੁਝ ਨਾ ਕੁਝ ਗਾਉਦੀ ਰਹਿੰਦੀ ਹੈ ।ਮੈਂ ਇਕ ਵਾਰ ਲਿਖਿਆ ਸੀ :

ਆਉਦੀ ਰਹੇ ਰਸੋਈ ਚੋਂ ਜੇ ਗਾਉਣ ਦੀ ਆਵਾਜ਼
ਤਾਂ ਸਮਝ ਲੈ ਕਿ ਸੁਰ ਹੈ ਤੇਰੀ ਜ਼ਿੰਦਗੀ ਦਾ ਸਾਜ਼

ਉਹ ਹੁਣ ਮੇਰੀਆਂ ਗ਼ਜ਼ਲਾਂ ਮੇਰੇ ਨਾਲੋਂ ਵੀ ਸੁਹਣੀ ਤਰਾਂ ਗਾਉਂਦੀ ਹੈ ।

ਛੋਟਾ ਹੁੰਦਾ ਅੰਕੁਰ ਇਕ ਵਾਰ ਬਹੁਤ ਬੀਮਾਰ ਹੋ ਗਿਆ।ਮੇਰੀ ਕਵਿਤਾ ਖ਼ੁਦਾ ਉਨ੍ਹਾਂ ਦਿਨਾਂ ਬਾਰੇ ਹੈ :

ਅਜੀਬ ਰਾਤ ਡਰਾਉਣੀ ਸੀ ਬੂਹੇ ਕੋਲ ਖੜੀ
ਝੁਕੀ ਹੋਈ ਸੀ ਮੇਰੇ ਘਰ ਦੇ ਚਿਰਾਗ਼ ਦੇ ਮੁਖ ਤੇ
ਅਨੰਤ ਰਾਤ ਦੀ ਛਾਇਆ
ਜਿਵੇਂ ਅਖ਼ੀਰ ਘੜੀ

ਤੇ ਓੜ੍ਹ ਪੋੜ੍ਹ ਤੋਂ ਲੈ ਕੇ ਸਿਰੰਜ ਦੇ ਨੱਕੇ ਤੱਕ
ਸਰਿੰਜ ਦੇ ਨੱਕੇ ਤੋਂ ਲੈ ਕੇ ਅਖ਼ੀਰ ਮੱਕੇ ਤੱਕ
ਅਖ਼ੀਰ ਮੱਕਓਂ ਪਰ੍ਹੇ ਵੀ ਕਿਤੇ ਉਜਾੜਾਂ ਵਿਚ
ਨਜ਼ਰ ਉਦਾਸ ਮੇਰੀ ਥਾਂ ਕੁ ਥਾਂ ਭਟਕਦੀ ਸੀ

ਇਕ ਦਿਨ ਅੱਠਵੀਂ ਵਿਚ ਪੜ੍ਹਦੇ ਬੇਟੇ ਨੇ ਆਪਣੀ ਕਲਾਸ ਨਾਲ ਕੁਝ ਦਿਨਾਂ ਲਈ ਟੂਰ ਤੇ ਜਾਣਾ ਸੀ ,ਭੁਪਿੰਦਰ ਉਹਨੂੰ ਗੇਟ ਤੱਕ ਤੋਰਨ ਗਈ ।ਉਹ ਨੂੰ ਬੱਸ ਤੇ ਚੜ੍ਹਨ ਲੱਗਾ ਕਾਹਲ ਵਿਚ ਬਾਈ ਬਾਈ ਨਾ ਕਰ ਸਕਿਆ ।ਭੁਪਿੰਦਰ ਗੇਟ ਤੋਂ ਵਾਪਸ ਆਈ ਤਾਂ ਇਹਦੀਆਂ ਅੱਖਾਂ ਨਮ ਸਨ ।ਇਹ ਕਹਿਣ ਲੱਗੀ : ਬੇਟੇ ਮਾਂਵਾਂ ਦੇ ਦਿਲਾਂ ਨੂੰ ਨਹੀਂ ਸਮਝਦੇ ।ਮੈਂ ਕਿਹਾ :ਜਦੋਂ ਇਹ ਆਪ ਮਾਪੇ ਬਣਨਗੇ ਓਦੋਂ ਸਮਝ ਜਾਣਗੇ ।ਪਿਆਰ ਦਾ ਵਹਿਣ ਅਗਾਂਹ ਵੱਲ ਨੂੰ ਹੀ ਜਾਂਦਾ ਹੈ ,ਪਿਛਾਂਹ ਵੱਲ ਨੂੰ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੀ ਮੁੜਦਾ ਹੈ ।ਧੀਆਂ ਪੁੱਤਰਾਂ ਨੂੰ ਪਿਆਰ ਦੇ ਕੇ ਉਸ ਦੇ ਬਦਲੇ ਉਨ੍ਹਾ ਕੋਲੋਂ ਓਨਾ ਪਿਆਰ ਨਹੀਂ ਮੰਗੀਦਾ ।ਇਹ ਪਿਆਰ ਉਨ੍ਹਾਂ ਅੱਗੇ ਆਪਣੇ ਪੁੱਤਰਾਂ ਧੀਆਂ ਨੂੰ ਦੇਣਾ ਹੁੰਦਾ ਹੈ :

ਇਹ ਮੇਰਾ ਪਿਆਰ ਦਈਂ ਆਪਣੇ ਜਾਇਆਂ ਨੂੰ ਪੁੱਤਰਾ
ਇਹ ਮੇਰਾ ਕਰਜ਼ ਤੂੰ ਮੈਨੂੰ ਕਦੇ ਅਦਾ ਨਾ ਕਰੀਂ
ਇਹ ਪਿਆਰ ਮਿਲਿਆ ਸੀ ਮੈਨੂੰ ਵੀ ਮੁਫ਼ਤ ਪਿੱਛਿਓਂ ਹੀ
ਜੇ ਮੈਨੂੰ ਮੋੜ ਨ ਸਕਿਆ ਤਾਂ ਦਿਲ ਬੁਰਾ ਨ ਕਰੀਂ

ਮੇਰੀ ਕਵਿਤਾ ਦਾ ਮੇਰੇ ਪਰਵਾਰ ਨਾਲ ਤੀਜਾ ਰਿਸ਼ਤਾ ਸੰਚਾਰ ਦਾ ਹੈ ਕਿ ਮੇਰਾ ਪਰਵਾਰ ਮੇਰੀ ਕਵਿਤਾ ਨੂੰ ਕਿਸਤਰਾਂ ਸਮਝਦਾ ਹੈ ।ਉਹ ਕਵਿਤਾ ਜਿਸ ਵਿਚ ਮੈਂ ਲਿਖਦਾ ਹਾਂ :

ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨ ਆਈ ਭਾਂਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ

ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ

ਪਰ ਇਸ ਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ

ਨੀਝ ਲਗਾ ਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ

ਮੇਰੀ ਮਾਂ ਨੇ ਕਾਗਜ਼ ਚੁਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ

ਇਸ ਕਵਿਤਾ ਵਿਚਲੀ ਮਾਂ ਸ਼ਾਇਦ ਹਰ ਕਵੀ ਦੀ ਮਾਂ ਹੈ ,ਸਿਰਫ਼ ਮੇਰੀ ਮਾਂ ਨਹੀਂ ।ਮੇਰੀਆਂ ਭੈਣਾਂ ਮੇਰੀ ਮਾਂ ਤੋਂ ਬਹੁਤੀਆਂ ਵੱਖਰੀਆਂ ਨਹੀਂ।ਉਨ੍ਹਾਂ ਨੂੰ ਸ਼ਾਇਦ ਮੇਰੀ ਸੁੰਨੇ ਸੁੰਨੇ ਰਾਹਾਂ ਵਾਲੀ ਕਵਿਤਾ ਸਮਝ ਆਉਦੀ ਹੋਵੇ ਜਾਂ ਕੁਝ ਕੁਝ ਪੰਜਾਬ ਸੰਕਟ ਵਾਲੀਆਂ ਨਜ਼ਮਾਂ ।ਮੇਰੀਆਂ ਕਵਿਤਾਵਾਂ ਨੂੰ ਮੇਰੇ ਪਰਵਾਰ ਵਿਚ ਇਹ ਤਿੰਨ ਜੀਅ ਸਭ ਤੋਂ ਵੱਧ ਸਮਝਦੇ ਹਨ ,ਮੇਰਾ ਛੋਟਾ ਵੀਰ ਉਪਕਾਰ ,ਵੱਡਾ ਵੀਰ ਦੀਦਾਰ ਪਰਦੇਸੀ ਤੇ ਮੇਰੀ ਪਤਨੀ ਭੁਪਿੰਦਰ ।ਅਸਲ ਵਿਚ ਇਹ ਤਿੰਨੇ ਮੇਰੀਆਂ ਰਚਨਾਵਾਂ ਦੇ ਗਾਇਨ ਨਾਲ ਜੁੜੇ ਹੋਏ ਹਨ ।ਦੀਦਾਰ ਹੋਰਾਂ ਨੇ ਕੋਈ ਡਾਲੀਆਂ ਚੋਂ,ਬਲਦਾ ਬਿਰਖ ਹਾਂ ,ਅੱਜਕਲ ਇਉਂ ਨਹੀਂ ਕਰਦੇ ਲੋਕ ,ਚੱਲ ਪਾਤਰ ਹੁਣ ,ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ,ਹੁੰਦਾ ਸੀ ਏਥੇ ਸ਼ਖ਼ਸ ਆਦਿ ਗ਼ਜ਼ਲਾਂ ਬਹੁਤ ਖ਼ੂਬਸੂਰਤੀ ਨਾਲ ਗਾਈਆਂ ।

ਸਾਡੇ ਪਰਵਾਰ ਵਿਚੋਂ ਮੇਰੀ ਸ਼ਾਇਰੀ ਦੇ ਸਭ ਤੋਂ ਕਰੀਬ ਮੇਰਾ ਛੋਟਾ ਵੀਰ ਉਪਕਾਰ ਹੈ ।ਜਿਸ ਸ਼ਿੱਦਤ ਅਤੇ ਰੂਹਦਾਰੀ ਨਾਲ ਉਪਕਾਰ ਨੇ ਬਿਰਖ ਅਰਜ਼ ਕਰੇ ਦੀ ਨਜ਼ਮ ਰਾਤ ਗਾਈ ਹੈ ਤੇ ਜਿਹੋ ਜਿਹੀਆਂ ਧੁਨਾਂ ਉਸਨੇ ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ ,ਇਕ ਲਫ਼ਜ਼ ਵਿਦਾ ਲਿਖਣਾ ,ਸ਼ਾਇਰ ਬਣ ਜਾ ਬਿਹਬਲ ਹੋ ਜਾ , ਖ਼ੂਬ ਨੇ ਇਹ ਝਾਂਜਰਾਂ ,ਦੂਰ ਜੇਕਰ ਅਜੇ ਸਵੇਰਾ ਹੈ , ਨਾ ਇਲਮ ਨੂੰ ਯਾਦ ਹੈ ਕੁਝ ਤੇ ਹੋਰ ਅਨੇਕਾਂ ਰਚਨਾਵਾਂ ਨੂੰ ਦਿੱਤੀਆਂ ,ਉਹ ਉਸ ਦੀ ਸਮਝ ਸੰਵੇਦਨਾ ਕਲਾ ਅਤੇ ਮੇਰੇ ਅਤੇ ਮੇਰੀ ਸ਼ਾਇਰੀ ਨਾਲ ਉਸਦੇ ਗਹਿਰੇ ਪਿਆਰ ਦਾ ਰਾਗਮਈ ਰਸ ਭਿੰਨਾ ਪਾਵਨ ਪ੍ਰਗਟਾਉ ਹੈ ।ਕਈ ਗ਼ਜ਼ਲਾਂ ਜਿਨ੍ਹਾਂ ਨੂੰ ਮੈਂ ਮੁਸ਼ਕਲ ਸਮਝ ਕੇ ਮੰਚ ਤੇ ਪੇਸ਼ ਕਰਨ ਤੋਂ ਗੁਰੇਜ਼ ਕਰ ਜਾਂਦਾ ਹਾਂ ,ਉਹ ਉਨ੍ਹਾਂ ਨੂੰ ਵੀ ਕੁਝ ਇਸਤਰਾਂ ਪੇਸ਼ ਕਰ ਦਿੰਦਾ ਹੈ ਕਿ ਮੈਂ ਹੈਰਾਨ ਰਹਿ ਜਾਂਦਾ ਤੇ ਉਸਦੇ ਬਲਿਹਾਰ ਜਾਂਦਾ ਹਾਂ । ਜਗਮੋਹਨ ਸਿੰਘ ਦੀ ਸਜਾਈ ਇਕ ਮਹਿਫ਼ਲ ਵਿਚ ਉਪਕਾਰ ਨੇ

ਮੈ ਸੁਣਾਂ ਜੇ ਰਾਤ ਖ਼ਾਮੋਸ਼ ਨੂੰ
ਮੇਰੇ ਦਿਲ ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਹ ਦਰਖ਼ਤ ਹੋਣ ਹਰੇ ਭਰੇ

ਗਾ ਕੇ ਤੇ ਇਸ ਦਾ ਲਫ਼ਜ਼ ਲਫ਼ਜ਼ ਸਰੋਤਿਆਂ ਤੱਕ ਪਹੁੰਚਾ ਕੇ ਮੇਰੇ ਲਈ ਮਾਨੋ ਇਕ ਮੁਅਜਜ਼ਾ ਹੀ ਕਰ ਦਿੱਤਾ।

ਮੇਰੇ ਤਾਇਆ ਜੀ ਦਾ ਪੋਤਾ ਹਰਜਿੰਦਰ ਤੇ ਪੜਪੋਤਾ ਮੋਹਨਪ੍ਰੀਤ ਮੇਰੀ ਸ਼ਾਇਰੀ ਦੇ ਕਿੰਨੇ ਮਹਿਰਮ ਹਨ ,ਇਸ ਗੱਲ ਦਾ ਪਤਾ ਮੈਨੂੰ ਕਈ ਸਾਲਾਂ ਬਾਅਦ ਉਨ੍ਹਾਂ ਨੂੰ ਮੌਨਟ੍ਰੀਅਲ ਮਿਲ ਕੇ ਲੱਗਾ ।ਉਹ ਖ਼ੁਦ ਬਹੁਤ ਸੁਹਣੀਆਂ ਕਵਿਤਾਵਾਂ ਲਿਖਦੇ ਹਨ।ਆਪਣੇ ਪਿੰਡ ਦਾ ਸੁਰਜੀਤ ਸਾਜਨ ਮੈਨੂੰ ਆਪਣੇ ਪਰਵਾਰ ਦਾ ਜੀਅ ਹੀ ਲਗਦਾ ਹੈ ।ਉਹ ਬਹੁਤ ਵਧੀਆ ਗ਼ਜ਼ਲਗੋ ਤੇ ਗੀਤਕਾਰ ਹੈ

ਅੰਕੁਰ ,ਮਨਰੀਤ ,ਸਵਰਾਜ ,ਸੋਨਲ ,ਪੁਨੀਤ ਤੇ ਮਨਰਾਜ ਲਈ ਬਹੁਤੀਆਂ ਕਵਿਤਾਵਾਂ ਦਾ ਅਨੁਭਵ ਅਜੇ ਉਨ੍ਹਾਂ ਦੀ ਉਮਰ ਤੋਂ ਅਗੇਰਾ ਹੈ ।ਉਜ ਉਹ ਇਨ੍ਹਾਂ ਕਵਿਤਾਵਾਂ ਵਿਚੋ ਆਪਣੇ ਆਪਣੇ ਅਰਥ ਜ਼ਰੂਰ ਕੱਢਦੇ ਹਨ ।ਇਕ ਵਾਰ ਅੰਕੁਰ ਨੇ ਮੋਬਾਈਲ ਲੈਣਾ ਸੀ ।ਜਿਹੜਾ ਮੋਬਾਈਲ ਉਹਨੂੰ ਪਸੰਦ ਸੀ ਉਹ ਮਹਿੰਗਾ ਸੀ ।ਉਹ ਕਹਿਣ ਲੱਗਾ :ਮੇਰਾ ਵੀ ਪਾਪਾ ਦੀ ਗ਼ਜ਼ਲ ਵਾਲਾ ਹਾਲ ਹੈ :

ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ

ਮਨਰਾਜ ਨੇ ਆਪਣੇ ਸਕੂਲ ਦੇ ਦਿਨਾਂ ਵਿਚ ਕੱਚ ਦਾ ਗਲਾਸ ਤੇ ਬਚ ਕੇ ਮੋੜ ਤੋਂ ਗੀਤ ਖ਼ੂਬ ਗਾਏ ।

ਮੇਰੀ ਮਾਂ ਤੇ ਮੇਰੀ ਕਵਿਤਾ ਵਾਲੀ ਗੱਲ ਬਹੁਤ ਸਾਰੇ ਰਿਸ਼ਤਿਆਂ ਤੇ ਲਾਗੂ ਹੁੰਦੀ ਹੈ ।ਮੇਰਾ ਜੀ ਕਰਦਾ ਹੁੰਦਾ ਹੈ ਕਿ ਮੇਰੀਆਂ ਕੁਝ ਕਵਿਤਾਵਾਂ ਉਹ ਲੋਕ ਨਾ ਹੀ ਪੜ੍ਹਨ ਤਾਂ ਠੀਕ ਹੈ ,ਜਿਹੜੇ ਸਾਦਾ ਦਿਲ ਮਾਸੂਮ ਲੋਕ ਹਨ ਤਦੇ ਮੈਂ ਕਿਹਾ ਸੀ:

ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣ ਕੇ ਰੋਵੇ ਮੈਂ ਕਿਸ ਜਹਾਨ ਚ ਹਾਂ ।
……
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ
ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਰਜੀਤ ਪਾਤਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ